ਤਾਜਾ ਖ਼ਬਰਾਂ


ਦਿੱਲੀ ਦੇ ਬਵਾਨਾ 'ਚ ਫ਼ੈਕਟਰੀ ਚ ਲੱਗੀ ਅੱਗ ਵਿਚ 9 ਦੀ ਮੌਤ
. . .  26 minutes ago
ਖੇਮਕਰਨ : ਬੀ ਐੱਸ ਐਫ ਨੇ ਢਾਈ ਕਰੋੜ ਦੀ ਹੈਰੋਇਨ ਕੀਤੀ ਬਰਾਮਦ
. . .  50 minutes ago
ਚੀਫ਼ ਜਸਟਿਸ ਖ਼ੁਦ ਕਰਨਗੇ ਲੋਧਾ ਕੇਸ ਦੀ ਸੁਣਵਾਈ
. . .  about 1 hour ago
ਨਵੀਂ ਦਿੱਲੀ, 20 ਜਨਵਰੀ - ਜਸਟਿਸ ਲੋਧਾ ਕੇਸ ਦੀ ਸੁਣਵਾਈ ਹੁਣ ਸੁਪਰੀਮ ਕੋਰਟ ਦੇ ਪੀਠ ਜਸਟਿਸ ਦੀਪਕ ਮਿਸ਼ਰਾ ਖ਼ੁਦ ਕਰਨਗੇ।
ਸੀ.ਬੀ.ਆਈ.ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ 'ਤੇ 22 ਕੇਸ ਦਰਜ
. . .  about 3 hours ago
ਭੋਪਾਲ, 20 ਜਨਵਰੀ- ਸੀ.ਬੀ.ਆਈ.ਵੱਲੋਂ ਮੱਧ ਪ੍ਰਦੇਸ਼ ਤੇ ਉਜੈਨ 'ਚ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ 'ਤੇ 22 ਕੇਸ ਦਰਜ ਕੀਤੇ ਗਏ ਹਨ । ਇਨ੍ਹਾਂ 'ਚ 4 ਬਰਾਂਚਾਂ ਦੇ ਚੀਫ਼ ਵੀ...
ਸਾਰਜਾਹ : ਨੇਤਰਹੀਣ ਕ੍ਰਿਕਟ ਵਰਲਡ ਕੱਪ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
. . .  about 3 hours ago
ਅੱਤਵਾਦੀਆਂ ਨੇ ਪੁਲਿਸ ਸਟੇਸ਼ਨ 'ਤੇ ਸੁੱਟਿਆ ਗ੍ਰਨੇਡ
. . .  about 3 hours ago
ਸ਼ੋਪੀਆ, 20 ਜਨਵਰੀ- ਜੰਮੂ-ਕਸ਼ਮੀਰ ਦੇ ਸ਼ੋਪੀਆ 'ਚ ਅੱਤਵਾਦੀਆਂ ਨੇ ਇੱਕ ਪੁਲਿਸ ਸਟੇਸ਼ਨ 'ਤੇ ਗ੍ਰਨੇਡ ਹਮਲਾ ਕਰ ਦਿੱਤਾ। ਰਾਹਤ ਦੀ ਗੱਲ ਰਹੀ ਕਿ ਇਹ ਗ੍ਰਨੇਡ ਪੁਲਿਸ ਸਟੇਸ਼ਨ ਦੇ ਬਾਹਰ ਹੀ ਡਿਗ ਗਿਆ ਤੇ ਕਿਸੇ...
ਸਕੂਲ ਸਮੇਂ ਦੌਰਾਨ ਅਧਿਆਪਕਾਂ ਦੇ ਮੋਬਾਈਲ ਫ਼ੋਨ ਦੀ ਵਰਤੋਂ 'ਤੇ ਪਾਬੰਦੀ
. . .  about 3 hours ago
ਗੜ੍ਹਸ਼ੰਕਰ, 20 ਜਨਵਰੀ (ਧਾਲੀਵਾਲ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਸਮੇਂ ਦੌਰਾਨ ਅਧਿਆਪਕਾਂ 'ਤੇ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਸਬੰਧੀ ਮੁੜ ਤੋਂ ਹਦਾਇਤ ਜਾਰੀ ਕੀਤੀ ਗਈ ਹੈ। ਵਿਭਾਗ ਦੇ ਸਕੱਤਰ ਵੱਲੋਂ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ
'ਸੈਨਾ ਜਲ' ਕਰੇਗਾ ਸੈਨਿਕਾਂ ਦਾ ਭਲਾ
. . .  about 4 hours ago
ਨਵੀਂ ਦਿੱਲੀ, 20 ਜਨਵਰੀ- ਫ਼ੌਜੀ ਜਵਾਨਾਂ ਦੀਆਂ ਪਤਨੀਆਂ ਵੱਲੋਂ ਸ਼ੁਰੂ ਕੀਤੇ ਸੰਗਠਨ ਨੇ ਸੈਨਾ ਜਲ ਦੀ ਸ਼ੁਰੂਆਤ ਕੀਤੀ ਹੈ। ਇਸ ਜਲ ਦੀ ਬੋਤਲ 6 ਰੁਪਏ 'ਚ ਮਿਲੇਗੀ ਤੇ ਇਸ ਤੋਂ ਹੋਣ ਵਾਲੀ ਕਮਾਈ ਫ਼ੌਜੀਆਂ ਤੇ ਸ਼ਹੀਦਾਂ ਦੀਆਂ ਪਤਨੀਆਂ ਦੀ ਭਲਾਈ...
ਗੁਜਰਾਤ ਦੇ ਮਹਿਸਾਨਾ ਵਿਖੇ ਸਰਕਾਰ ਦੀਆਂ 2 ਬੱਸਾਂ ਨੂੰ ਲਗਾਈ ਅੱਗ
. . .  about 4 hours ago
ਓ.ਐਨ.ਜੀ.ਸੀ.ਨੇ 36,915 ਕਰੋੜ 'ਚ ਖ਼ਰੀਦੇ ਐੱਚ.ਪੀ.ਸੀ.ਐਲ.ਦੇ ਸ਼ੇਅਰ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 8 ਚੇਤ ਸੰਮਤ 549
ਵਿਚਾਰ ਪ੍ਰਵਾਹ: ਫ਼ਿਰਕੂ ਰਾਜਨੀਤੀ ਮਨੁੱਖੀ ਸਬੰਧਾਂ ਵਿਚ ਹਿੰਸਾ ਦੀ ਜ਼ਹਿਰ ਭਰਦੀ ਹੈ। -ਜੈਨੇਂਦਰ ਕੁਮਾਰ
  •     Confirm Target Language  

ਕਿਤਾਬਾਂ

18/03/2017

 ਚੋਣ ਨਿਸ਼ਾਨ ਅਤੇ ਹੋਰ ਨਾਟਕ
ਲੇਖਕ : ਡਾ: ਸਤੀਸ਼ ਸੋਨੀ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ ਕਾਲਾਂਵਾਲੀ, (ਸਿਰਸਾ)
ਮੁੱਲ : 150 ਰੁਪਏ, ਸਫ਼ੇ : 80

\ਪੰਜਾਬੀ ਸ਼ਾਇਰ ਅਤੇ ਨਾਵਲਕਾਰ ਵਜੋਂ ਸੋਨੀ ਦੀਆਂ ਲਿਖਤਾਂ ਪਾਠਕਾਂ ਤੱਕ ਪਹੁੰਚਦੀਆਂ ਹੀ ਰਹਿੰਦੀਆਂ ਹਨ ਅਤੇ ਆਪਣੇ ਪਹਿਲੇ ਨਾਟ ਸੰਗ੍ਰਿਹ 'ਜ਼ਹਿਰਦਾਦਰਿਆ' ਤੋਂ ਬਾਅਦ ਸਤੀਸ਼ ਸੋਨੀ ਨੇ ਇਸ ਨਾਟਕ ਸੰਗ੍ਰਿਹ ਰਾਹੀਂ ਤਿੰਨ ਨਾਟਕ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਦਿੱਤੇ ਹਨ ,'ਚੋਣ ਨਿਸ਼ਾਨ', 'ਧੀਆਂ 'ਤੇ ਜ਼ੁਲਮ ਕਮਾਉ ਨਾ' ਅਤੇ 'ਮੈਂ ਕੈਨੇਡਾ ਜਾਣਾ'। ਇਹ ਤਿੰਨੇ ਨਾਟਕ ਸਮਾਜ ਦੇ ਵੱਖ-ਵੱਖ ਸਰੋਕਾਰਾਂ ਨਾਲ ਜੁੜੇ ਹਨ । ਨਾਟਕ 'ਚੋਣ ਨਿਸ਼ਾਨ' ਆਮ ਲੋਕਾਂ ਨੂੰ ਰਾਜਨੀਤਕ ਚੇਤਨਾ ਦੇ ਰਾਹ ਤੋਰਨ ਦਾ ਉਪਰਾਲਾ ਕਰਦਾ ਹੋਇਆ ਹੋਕਾ ਦਿੰਦਾ ਹੈ, ਜਿਸ ਵਿਚ ਦੇਸ਼ ਨੂੰ ਤਰਸਯੋਗ ਹਾਲਤ ਵਿਚ ਪੇਸ਼ ਕਰਦਿਆਂ ਨਾਟਕਕਾਰ ਦੇਸ਼ ਦੀ ਵਰਤਮਾਨ ਸਥਿਤੀ ਨੂੰ ਸਪੱਟਸ਼ਤਾ ਨਾਲ ਪੇਸ਼ ਕਰਦਾ ਹੈ।
ਮੰਚ ਤੋਂ ਭਿਖਾਰੀ ਵਰਗੇ ਪਾਤਰ ਦੇ ਰੂਪ ਵਿਚ ਦੇਸ਼ ਖ਼ੁਦ ਵਾਰਤਾਲਾਪ ਕਰਦਿਆਂ ਆਪਣੀ ਦਿਨੋ-ਦਿਨ ਨਿੱਘਰ ਰਹੀ ਸਥਿਤੀ ਤੋਂ ਜਾਣੂ ਕਰਵਾਉਂਦਾ ਹੋਇਆ ਆਮ ਨਾਗਰਿਕ ਨੂੰ ਹਲੂਣਾ ਮਾਰਦਾ ਹੈ ਕਿ ਆਮ ਲੋਕ ਆਪਣੇ ਅਤੇ ਮੁਲਕ ਦੀ ਬਿਹਤਰੀ ਲਈ ਸੋਚ-ਸਮਝ ਕੇ ਕਦਮ ਪੁੱਟਣ। ਪੁਸਤਕ ਦਾ ਦੂਸਰਾ ਨਾਟਕ 'ਧੀਆਂ ਤੇ ਜ਼ੁਲਮ ਕਮਾਉ ਨਾ' ਵਿਸ਼ੇਸ਼ ਨਾਟਕੀ ਯੁਗਤ ਦਾ ਨਾਟਕ ਹੈ। ਅਸਲ ਵਿਚ ਦੋ ਮਾਵਾਂ ਜਾਂ ਦੋ ਕੁੱਖਾਂ ਦੀ ਦਲੀਲੀ ਟੱਕਰ 'ਚੋਂ ਉਪਜਦਾ ਇਹ ਨਾਟਕ ਭਰੂਣ ਹੱਤਿਆ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਪੇਸ਼ ਵੀ ਕਰਦਾ ਹੈ ਤੇ ਨਕਾਰਦਾ ਵੀ ਹੈ। ਇਸੇ ਤਰ੍ਹਾਂ ਤੀਸਰੇ ਨਾਟਕ 'ਮੈਂ ਕੈਨੇਡਾ ਜਾਣਾ' ਰਾਹੀਂ ਜ਼ਮੀਨੀ ਹਕੀਕਤਾਂ 'ਤੇ ਭਾਰੂ ਹੋਈ ਵਿਦੇਸ਼ ਜਾਣ ਦੀ ਇੱਛਾ ਨੂੰ ਨਾਟਕਕਾਰ ਨਾਟਕੀਅਤ ਰਾਹੀਂ ਉਜਾਗਰ ਕਰਦਾ ਹੈ। ਇਨ੍ਹਾਂ ਨਾਟਕਾਂ ਵਿਚੋਂ ਸੋਨੀ ਇਕ ਸ਼ਾਇਰ ਅਤੇ ਨਾਵਲਕਾਰ ਦੇ ਰੂਪ ਵਿਚ ਵੀ ਝਲਕਦਾ ਹੈ। ਪਾਤਰੀ ਵਾਰਤਾਲਾਪ ਵਿਚੋਂ ਕਾਵਿ ਸੁਰ ਵੀ ਉੱਭਰਦੀ ਹੈ, ਬਹੁਤ ਸਾਰੇ ਡਾਇਲਾਗ ਕਵਿਤਾ ਵਰਗੀ ਕੋਮਲਤਾ ਅਤੇ ਰਵਾਨੀ ਵਾਂਗ ਪੜ੍ਹੇ-ਸੁਣੇ ਜਾ ਸਕਦੇ ਹਨ। ਇਸੇ ਤਰ੍ਹਾਂ ਕਿਤੇ-ਕਿਤੇ ਦ੍ਰਿਸ਼ ਜਾਂ ਸਥਿਤੀ ਖੁੱਲ੍ਹ ਕੇ ਪੇਸ਼ ਕਰਨਾ ਲੇਖਕ ਦਾ ਇਕ ਨਾਵਲੀ ਗੁਣ ਹੈ। ਨਾਟਕਕਾਰ ਦੇ ਇਨ੍ਹਾਂ ਦੋਵਾਂ ਗੁਣਾਂ ਕਰਕੇ ਇਹ ਨਾਟਕ ਵਧੇਰੇ ਦਿਲਚਸਪ ਅਤੇ ਸਮਝਣਯੋਗ ਬਣਦੇ ਹਨ।
ਮੂਲ ਰੂਪ ਵਿਚ ਇਸ ਪੁਸਤਕ ਵਿਚਲੇ ਤਿੰਨੇ ਨਾਟਕ ਸਮਾਜ ਦੀਆਂ ਚਰਚਿਤ ਅਤੇ ਚਰਚਾ ਮੰਗਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੇ ਹੋਏ ਮਨੁੱਖੀ ਮਨ ਨੂੰ ਹਲੂਣਦੇ ਹਨ, ਜਿਸ ਨਾਲ ਇਕ ਲੇਖਕ ਆਪਣਾ ਫ਼ਰਜ਼ ਪੂਰਾ ਕਰਦਾ ਹੈ। ਪੰਜਾਬੀ ਨਾਟਕ ਅਤੇ ਰੰਗਮੰਚ ਦੇ ਵਿਹੜੇ ਇਸ ਨਾਟਕ ਸੰਗ੍ਰਿਹ ਦਾ ਸਵਾਗਤ ਹੈ।

-ਡਾ: ਨਿਰਮਲ ਜੌੜਾ
ਮੋ: 98140 78799

c c c

ਬਦਲੇ ਤੌਰ-ਤਰੀਕੇ
ਲੇਖਕ : ਨੈਣਪਾਲ ਸਿੰਘ ਮਾਨ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 84
ਸੰਪਰਕ : 94633-84266.

'ਬਦਲੇ ਤੌਰ-ਤਰੀਕੇ' ਨੈਣਪਾਲ ਸਿੰਘ ਮਾਨ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਵਿਚੋਂ 50-60 ਸਾਲ ਪਹਿਲਾਂ ਦੇ ਪੁਰਾਣੇ ਪੰਜਾਬ ਦੀ ਝਲਕ ਸਾਫ਼ ਨਜ਼ਰੀਂ ਪੈਂਦੀ ਹੈ। ਬਦਲ ਰਿਹਾ ਪੇਂਡੂ ਜੀਵਨ, ਜਨ-ਸਾਧਾਰਨ ਦੀ ਰਹਿਣੀ-ਬਹਿਣੀ, ਕਾਰ-ਵਿਹਾਰ, ਸਮਾਜਿਕ ਰਿਸ਼ਤੇ-ਨਾਤਿਆਂ 'ਚ ਪੈਂਦੀਆਂ ਤਰੇੜਾਂ, ਸਦਾਚਾਰਕ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਜੀਵਨ ਵਿਚ ਆਏ ਬਦਲਾਵਾਂ ਨੂੰ ਵੀ ਉਸ ਨੇ ਆਪਣੀ ਕਵਿਤਾ ਦਾ ਵਿਸ਼ਾ-ਵਸਤੂ ਬਣਾਇਆ ਹੈ।
ਅਜੋਕੇ ਸਮਾਜ ਵਿਚ ਆਏ ਨਿਘਾਰਾਂ, ਵਿਸੰਗਤੀਆਂ ਅਤੇ ਸਮਾਜਿਕ ਜੀਵਨ ਨਾਲ ਸਬੰਧਤ ਨਾਂਹ-ਪੱਖੀ ਸਰੋਕਾਰਾਂ ਬਾਰੇ ਵੀ ਉਹ ਸੁਚੇਤ ਹੋ ਕੇ ਪਾਠਕ ਨੂੰ ਜਾਗਰੂਕ ਕਰਦਾ ਹੈ ਅਤੇ ਲੋਕ ਹਿਤੈਸ਼ੀ ਜੀਵਨ ਜਿਊਣ ਲਈ ਪ੍ਰੇਰਿਤ ਹੈ। ਮੇਰਾ ਵਸਦਾ ਰਹੇ ਪੰਜਾਬ, ਬੰਦਿਆ ਤੁਰ ਜਾਣਾ, ਘੁੱਗੂ ਖ਼ਤਰੇ ਦਾ, ਬਦਲੇ ਤੌਰ-ਤਰੀਕੇ, ਪਾਪ-ਪੁੰਨ ਦੀ ਤਾਣੀ, ਠੱਗਾਂ ਦੇ ਕਿਹੜਾ ਹਲ ਚਲਦੇ, ਆ ਗਿਆ ਬੁਰਾ ਜ਼ਮਾਨਾ, ਮੁੰਡਿਓਂ ਸੁਣੋ ਸਟੋਰੀ, ਕੁੜੀਓ ਕੀਤਾ ਕੰਮ ਬਥੇਰਾ, ਜਵਾਨੀ ਗੁਜ਼ਰ ਗਈ, ਸਾਨੂੰ ਗਿੱਧੇ 'ਚ ਵਾਜ਼ ਨਾ ਮਾਰੀ ਅਤੇ ਕੀ ਡਿਗ ਗਿਆ ਬਜ਼ੁਰਗਾ ਤੇਰਾ ਆਦਿ ਇਸ ਸੰਗ੍ਰਹਿ ਦੀਆਂ ਦਿਲਚਸਪ ਪੜ੍ਹਨਯੋਗ ਕਵਿਤਾਵਾਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਮਾਨਸਿਕ ਅਨੰਦ ਪ੍ਰਾਪਤ ਕਰਨਗੇ।

-ਸੁਖਦੇਵ ਮਾਦਪੁਰੀ
ਮੋ: 94630-34472.

c c c

ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਮੀਡੀਆ : ਅੰਤਰ ਸੰਵਾਦ
ਸੰਪਾਦਕ : ਡਾ: ਪਲਵਿੰਦਰ ਕੌਰ, ਪ੍ਰੋ: ਰਮਨਪ੍ਰੀਤ ਕੌਰ ਚੌਹਾਨ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200, ਸਫ਼ੇ : 127
ਸੰਪਰਕ : 93563-21426.

ਇਸ ਪੁਸਤਕ ਵਿਚ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੁਆਰਾ ਪ੍ਰਾਯੋਜਿਤ ਸੈਮੀਨਾਰ ਦੌਰਾਨ ਪੜ੍ਹੇ ਗਏ ਸ਼ੋਧ-ਪੱਤਰਾਂ ਅਤੇ ਬਹਿਸ ਨੂੰ ਪੁਸਤਕ ਰੂਪ 'ਚ ਛਾਪਣ ਦਾ ਉਪਰਾਲਾ ਕੀਤਾ ਗਿਆ ਹੈ।
ਸਿਰਕੱਢ ਪੰਜਾਬੀ ਦੇ ਕੁਝ ਵਿਦਵਾਨਾਂ ਦੇ ਸੰਖੇਪ ਭਾਸ਼ਣਾਂ ਤੋਂ ਇਲਾਵਾ ਇਸ ਕਿਤਾਬ ਵਿਚ 24 ਆਲੋਚਕਾਂ ਦੇ ਖੋਜ-ਪੱਤਰ ਸ਼ਾਮਿਲ ਹਨ। ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਮੀਡੀਆ ਬਾਰੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅੱਛੇ ਖੋਜ ਪੱਤਰ ਲਿਖੇ ਗਏ ਹਨ, ਜਿਵੇਂ ਰੇਡੀਓ ਪ੍ਰਸਾਰਨ ਵਿਚ ਪੰਜਾਬੀ ਮਾਨਵੀ ਵਿਕਾਸ ਅਤੇ ਸੰਚਾਰ ਦਾ ਆਪਸੀ ਰਿਸ਼ਤਾ : ਮੀਡੀਆ, ਇਲੈਕਟ੍ਰਾਨਿਕ ਮੀਡੀਏ ਦਾ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਨੌਜਵਾਨਾਂ 'ਤੇ ਪ੍ਰਭਾਵ, ਸੱਭਿਆਚਾਰ ਅਤੇ ਮੀਡੀਏ ਦੇ ਪ੍ਰਸੰਗ ਵਿਚ ਪੰਜਾਬੀ ਭਾਸ਼ਾ ਵਿਚ ਸਮ-ਅਰਥ ਅਤੇ ਸਮਤੁੱਲ ਸ਼ਬਦਾਵਲੀ ਦੀ ਘਾਟ, ਪੰਜਾਬੀ ਸੱਭਿਆਚਾਰ ਅਤੇ ਮੀਡੀਆ : ਵਰਤਮਾਨ ਪਰਿਪੇਖ, ਜੀਵਨ ਦੇ ਵਿਕਾਸ ਵਿਚ ਮੀਡੀਆ ਦੀ ਭੂਮਿਕਾ, ਪੰਜਾਬੀ ਭਾਸ਼ਾ ਅਤੇ ਮੀਡੀਆ, ਪੰਜਾਬੀ ਨਾਟਕ, ਰੰਗਮੰਚ ਤੇ ਮੀਡੀਆ : ਅੰਤਰ ਸੰਵਾਦ, ਖਪਤਕਾਰੀ ਦੌਰ ਵਿਚ ਸੱਭਿਆਚਾਰ ਧੁੰਦਲਕਾ, ਵਿਸ਼ਵੀਕਰਨ : ਪੰਜਾਬੀ ਸੱਭਿਆਚਾਰ ਅਤੇ ਮੀਡੀਆ, ਪੰਜਾਬੀ ਜਨ-ਜੀਵਨ ਵਿਚ ਮੀਡੀਆ ਦੀ ਸਾਰਥਕ ਭੂਮਿਕਾ, ਭਾਸ਼ਾ ਦੇ ਤਕਨੀਕੀਕਰਨ ਵਿਚ ਕੰਪਿਊਟਰ ਦਾ ਯੋਗਦਾਨ, ਅੰਤਰ ਸੱਭਿਆਚਾਰ ਸੰਚਾਰ ਅਤੇ ਸੱਭਿਆਚਾਰ ਸੂਖ਼ਮ ਅੰਤਰ ਭੇਦ।
ਸਾਰੇ ਖੋਜ ਪੱਤਰ ਢੁਕਵੀਂ ਤੇ ਸਰਲ ਸ਼ਬਦਾਵਲੀ 'ਚ ਲਿਖੇ ਗਏ ਹਨ। ਵਿਸ਼ਿਆਂ 'ਚ ਦੁਹਰਾਓ ਹੈ। ਸਾਰੇ ਖੋਜ ਪੱਤਰਾਂ ਦਾ ਮੂਲ ਮਕਸਦ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵਿਚ ਆਏ ਚੰਗੇ-ਮਾੜੇ ਬਦਲਾਵਾਂ ਨੂੰ ਸੰਭਾਵੀ ਤਬਦੀਲੀਆਂ ਦੇ ਪ੍ਰਯੋਗ/ਪ੍ਰਸੰਗ ਵਿਚ ਵਾਚਣਾ ਹੈ। ਮੀਡੀਆ ਨਾਲ ਵਾਬਸਤਾ ਪਾਠਕ, ਆਲੋਚਕਾਂ ਲਈ ਪੁਸਤਕ ਇਕ ਹੋਰ ਵਾਧਾ ਕਰਦੀ ਹੈ।

-ਪ੍ਰੋ: ਸਤਪਾਲ ਸਿੰਘ
ਮੋ: 98725-21515.

c c c

ਮੈਂ ਕਿਤਾਬ ਅਣਮੁੱਲੀ ਹਾਂ
ਲੇਖਕ : ਜਸਮੀਤ ਸਿੰਘ ਬਹਿਣੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 98726-26531.

ਇਸ ਪੁਸਤਕ 'ਚ ਬਾਲਾਂ ਲਈ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਦੇ 12 ਭਾਗ ਹਨ ਅਤੇ ਹਰੇਕ ਭਾਗ 'ਚ 5 ਤੋਂ ਵੱਧ ਕਵਿਤਾਵਾਂ ਦਰਜ ਹਨ। ਇਨ੍ਹਾਂ ਦੇ ਵਿਸ਼ੇ ਵੰਨ-ਸੁਵੰਨੇ ਹਨ, ਜਿਵੇਂ : ਸਕੂਲ, ਸੁੂਰਜ, ਧਰਤੀ, ਹਵਾ, ਪਾਣੀ, ਕਿਤਾਬ, ਸੇਵਾਦਾਰ, ਖੇਤ, ਖਾਲ਼, ਦਾਦੀ, ਬਲਦ, ਪਿੱਪਲ, ਬੋਹੜ, ਜ਼ਿੰਦਗੀ, ਪੰਜਾਬ, ਸੁਪਨੇ, ਛੁੱਟੀਆਂ, ਟਾਹਲੀ, ਬਾਪੂ, ਨਸ਼ੇ ਆਦਿ। ਗੱਲ ਕੀ ਹਰ ਕਵਿਤਾ 'ਚ ਕੁਝ ਨਾ ਕੁਝ ਨਵਾਂ ਸਿਖਾਉਣ ਅਤੇ ਸਮਝਾਉਣ ਦਾ ਸਾਰਥਕ ਯਤਨ ਕੀਤਾ ਗਿਆ ਹੈ। ਭਾਗ ਦੂਜਾ 'ਚ ਕਿਤਾਬਾਂ ਅਤੇ ਲਾਇਬ੍ਰੇਰੀ ਦੀ ਅਹਿਮੀਅਤ 'ਤੇ ਚਾਨਣਾ ਪਾਇਆ ਗਿਆ ਹੈ। ਮਿਸਾਲ ਵਜੋਂ :
* ਕਿਤਾਬਾਂ ਵਿਚਲੀਆਂ ਸਾਰੀਆਂ ਗੱਲਾਂ ਮੈਂ ਸੱਤ ਕਰਕੇ ਮੰਨਾ,
ਮਿੱਠੀਆਂ ਨੇ ਸਿਖਿਆਵਾਂ, ਜਿਵੇਂ ਹੁੰਦਾ ਰਸਭਰਿਆ ਗੰਨਾ।
* ਜਦੋਂ ਵੀ ਕਦੇ ਮੇਰੀ ਇਹ ਕਿਤਾਬ ਬੋਲੂਗੀ,
ਉਦੋਂ ਦੁਨੀਆ ਦੇ ਕਈ ਗੁੱਝੇ ਭੇਦ ਖੋਲੂਗੀ।
ਕਵਿਤਾਵਾਂ ਸੇਵਾਦਾਰ ਬਿਨਾਂ ਸਕੂਲ, ਅਸੀਂ ਦੋ ਸਹੇਲੀਆਂ, ਇਕ ਸਕੂਲ ਹੈ, ਕਿਤਾਬ ਘਰ, ਛੁੱਟੀਆਂ ਵਾਲੇ ਦਿਨ, ਮੇਰੇ ਬਾਪੂ ਵਰਗਾ, ਸੁਪਨਾ ਵੇ ਬਾਬਲਾ, ਆਓ ਬੱਚਿਓ ਅਤੇ ਹੋਰਾਂ ਨੂੰ ਵਾਰ-ਵਾਰ ਪੜ੍ਹਨ ਲਈ ਦਿਲ ਕਰਦਾ ਹੈ। ਇਨ੍ਹਾਂ 'ਚ ਜੀਵਨ ਦੇ ਅਤੀਤ, ਵਰਤਮਾਨ ਅਤੇ ਭਵਿੱਖ ਤਿੰਨਾਂ ਨੂੰ ਹੀ ਆਧਾਰ ਬਣਾਇਆ ਗਿਆ ਹੈ।

-ਮੋਹਰ ਗਿੱਲ ਸਿਰਸੜੀ
ਮੋ: 98156-59110

c c c

ਆਤਮ ਖੋਜ
ਲੇਖਕ : ਡਾ: ਹਰਦੀਪ ਸਿੰਘ
ਪ੍ਰਕਾਸ਼ਕ : ਲੇਖਕ ਆਪ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 94171-46113.

ਡਾ: ਹਰਦੀਪ ਸਿੰਘ ਆਪਣੀ ਪਲੇਠੀ ਪੁਸਤਕ 'ਆਤਮ ਖੋਜ' ਰਾਹੀਂ ਪਾਠਕਾਂ ਦੇ ਰੂਬਰੂ ਹੋਏ ਹਨ। ਲੇਖਕ ਅਨੁਸਾਰ ਕੁਦਰਤ ਉਹ ਨਹੀਂ ਹੈ, ਜਿਸ ਨੂੰ ਅਸੀਂ ਆਲੇ-ਦੁਆਲੇ ਵੇਖਦੇ ਹਾਂ, ਸਗੋਂ ਕੁਦਰਤ ਉਹ ਹੈ ਜੋ ਅਸੀਂ ਵੇਖ ਸਕਦੇ ਹਾਂ ਅਤੇ ਉਹ ਵੀ ਹੈ ਜੋ ਅਸੀਂ ਨਹੀਂ ਵੇਖ ਸਕਦੇ। ਸਾਰੀ ਕਾਇਨਾਤ ਮਿਲ ਕੇ ਕੁਦਰਤ ਬਣਦੀ ਹੈ। 'ਕੁਦਰਤਿ ਕੇ ਸਭ ਬੰਦੇ' ਤੁਕ ਬਾਰੇ ਲੇਖਕ ਕਹਿੰਦਾ ਹੈ ਕਿ ਅਸੀਂ ਸਮਝਦੇ ਹਾਂ ਕਿ ਬੰਦੇ ਭਾਵ ਇਨਸਾਨ ਪਰ ਇਥੇ ਬੰਦੇ ਉਹ ਹਨ ਜੋ ਉਸ ਦੀ ਬੰਦਗੀ ਵਿਚ ਖੜ੍ਹੇ ਹਨ। ਉਸ ਦੀ ਬੰਦਗੀ ਵਿਚ ਆਦਮੀ, ਔਰਤਾਂ, ਬੱਚੇ, ਬੁੱਢੇ, ਜਾਨਵਰ, ਬਨਸਪਤੀ, ਪਾਣੀ, ਪਹਾੜ, ਹਵਾ, ਆਕਾਸ਼, ਸੂਰਜ, ਤਾਰੇ ਸਭ ਧਰਤੀਆਂ ਜਿੰਨਾ ਵੀ ਜੀਵਨ ਹੈ, ਉਸ ਦੇ ਹੁਕਮ ਵਿਚ ਚਲ ਰਹੇ ਹਨ। ਇਸ ਤੋਂ ਅੱਗੇ ਲੇਖਕ 'ਏਕ ਨੂਰ ਤੇ ਸਭੁ ਜਗੁ ਉਪਜਿਆ ਕਾਉਨ ਭਰੇ ਕੋ ਮੰਦੇ॥' ਦਾ ਅਰਥ ਬਾਰੇ ਸਪੱਸ਼ਟ ਕਰਦਾ ਹੈ। ਉਸ ਇਕ ਪਰਮਾਤਮਾ ਦੇ ਨੂਰ ਭਾਵ ਰੌਸ਼ਨੀ ਤੋਂ ਸਾਰੇ ਜਗਤ ਉਤਪੰਨ ਹੋਏ ਹਨ, ਤਾਂ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਹੈ? ਪਰ ਉਹ ਹਰ ਕੰਮ ਜਿਸ ਨਾਲ ਦੂਸਰੇ ਨੂੰ ਦੁੱਖ ਪਹੁੰਚੇ ਉਹ ਕੰਮ ਮੰਦੇ ਹਨ। ਲੇਖਕ ਨੇ ਇਸ ਪੁਸਤਕ ਰਾਹੀਂ ਅੰਧ-ਵਿਸ਼ਵਾਸਾਂ ਦੀ ਗੱਲ ਕੀਤੀ ਹੈ ਕਿ ਕਿਤੇ ਭੋਲੇ-ਭਾਲੇ ਤੇ ਡਰੇ ਹੋਏ ਲੋਕ ਮਾਨਸਿਕ ਰੋਗਾਂ ਦਾ ਇਲਾਜ ਕਰਾਉਣ ਦੀ ਥਾਂ ਪਖੰਡੀ ਸਾਧੂ ਸੰਤਾਂ ਦਾ ਸਹਾਰਾ ਲੈਂਦੇ ਹਨ, ਜੋ ਉਨ੍ਹਾਂ ਨੂੰ ਵਹਿਮਾਂ ਭਰਮਾਂ ਵਿਚ ਫਸਾ ਕੇ ਪੈਸਾ ਕਮਾਉਂਦੇ ਤੇ ਉਨ੍ਹਾਂ ਦੀ ਇੱਜ਼ਤ ਨਾਲ ਖੇਡਦੇ ਹਨ। ਇਹ ਪੁਸਤਕ ਵਹਿਮਾਂ-ਭਰਮਾਂ ਤੇ ਪਖੰਡਾਂ ਦਾ ਪਰਦਾਫਾਸ਼ ਕਰਕੇ ਲੋਕਾਂ ਨੂੰ ਜਾਗ੍ਰਿਤ ਤੇ ਸੁਚੇਤ ਕਰਦੀ ਹੈ।

-ਡਾ: ਰਜਵਿੰਦਰ ਕੌਰ ਨਾਗਰਾ
ਮੋ: 96460-01807.

c c c

ਗੋਆ-ਮੁੰਬਈ ਵਾਇਆ ਯੂ.ਕੇ.
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 110
ਸੰਪਰਕ : 98147-83069.

ਪੰਜਾਬੀ ਗਲਪਕਾਰੀ ਅਤੇ ਨਾਟਕਕਾਰੀ ਦੇ ਖੇਤਰਾਂ ਵਿਚ ਸਤਿਕਾਰਿਤ-ਸਨਮਾਨਿਤ ਲੇਖਕ ਸ: ਬਲਦੇਵ ਸਿੰਘ (ਸੜਕਨਾਮਾ) ਮਨੁੱਖੀ ਜੀਵਨ ਅਤੇ ਜਗਤ ਨੂੰ ਡੂੰਘੀ ਨੀਝ ਨਾਲ ਵੇਖਣ ਅਤੇ ਚਿਤ੍ਰਣ ਵਾਲਾ ਪ੍ਰਤਗੀਸ਼ੀਲ ਲੇਖਕ ਹੈ। 'ਗੋਆ-ਮੁੰਬਈ ਵਾਇਆ ਯੂ.ਕੇ.' ਕਿਸੇ ਇਕ ਸਫ਼ਰਨਾਮੇ ਦਾ ਨਾਂਅ ਨਹੀਂ ਹੈ ਬਲਕਿ ਇਸ ਵਿਚ ਯੂ.ਕੇ. (ਇੰਗਲੈਂਡ) ਅਤੇ ਗੋਆ-ਮੁੰਬਈ ਦੀਆਂ ਯਾਤਰਾਵਾਂ ਨਾਲ ਸਬੰਧਤ ਦੋ ਸਫ਼ਰਨਾਮੇ ਅੰਕਿਤ ਹੋਏ ਹਨ। ਉਸ ਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਦੋ ਸਫ਼ਰਨਾਮਿਆਂ 'ਮੋਗਾ-ਸਿੰਘਾਪੁਰ ਵਾਇਆ ਚੀਨ' ਅਤੇ 'ਰੋਹਤਾਂਗ-ਮਾਊਂਟ ਆਬੂ ਵਾਇਆ ਲਾਹੌਰ' ਦੀ ਰਚਨਾ ਕੀਤੀ ਸੀ। ਯੂ.ਕੇ. ਦੀ ਯਾਤਰਾ ਉਸ ਨੇ 2012 ਈ: ਵਿਚ ਕੀਤੀ, ਜਦੋਂ ਉਹ ਜੂਨ-ਜੁਲਾਈ ਦੇ ਮਹੀਨਿਆਂ ਵਿਚ ਕਵੈਂਟਰੀ ਅਤੇ ਸਾਊਥਹਾਲ ਵਿਖੇ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਸਿਲਸਿਲੇ ਵਿਚ ਉਥੇ ਗਿਆ ਸੀ। ਲੇਖਕ ਨੇ 19 ਜੂਨ ਨੂੰ ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਏ ਅੱਡੇ ਤੋਂ ਫਲਾਈਟ ਪਕੜੀ ਅਤੇ 20 ਜੂਨ ਨੂੰ ਸਾਢੇ ਦਸ ਵਜੇ (ਇੰਗਲੈਂਡ ਦਾ ਸਮਾਂ) ਲੰਡਨ ਪਹੁੰਚ ਗਿਆ। ਇੰਗਲੈਂਡ ਵਿਚ ਉਹ ਆਪਣੇ ਮਿੱਤਰ ਮਹਿੰਦਰ ਪਾਲ ਪਾਸ ਠਹਿਰਿਆ। ਇਨ੍ਹਾਂ ਥੋੜ੍ਹੇ ਜਿਹੇ ਦਿਨਾਂ ਵਿਚ ਉਹ ਇੰਗਲੈਂਡ ਦੇ ਬਹੁਤ ਸਾਰੇ ਪੰਜਾਬੀ ਲੇਖਕਾਂ ਨੂੰ ਮਿਲਿਆ, ਰੇਡੀਉ ਉੱਪਰ ਆਪਣੀਆਂ ਮੁਲਾਕਾਤਾਂ ਪ੍ਰਸਾਰਿਤ ਕਰਵਾਈਆਂ ਅਤੇ ਸਾਊਥਹਾਲ ਦੀਆਂ ਗਲੀਆਂ ਵਿਚ ਖੂਬ ਘੁੰਮਿਆ-ਫਿਰਿਆ। ਮਹਿੰਦਰ ਪਾਲ ਨੇ ਉਸ ਦੀ ਬਹੁਤ ਚੰਗੀ ਸੇਵਾ ਅਤੇ ਮਹਿਮਾਨ-ਨਿਵਾਜ਼ੀ ਕੀਤੀ। ਇਸ ਸਫ਼ਰਨਾਮੇ ਦੇ ਇਕ ਅਧਿਆਇ ਵਿਚ ਉਸ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਅਤੇ ਸਾਊਥਹਾਲ ਦੇ ਗੁਰਦੁਆਰਿਆਂ ਬਾਰੇ ਬੜੀ ਵਿਸਤ੍ਰਿਤ ਚਰਚਾ ਕੀਤੀ ਹੈ।
ਗੋਆ-ਮੁੰਬਈ ਦੀ ਯਾਤਰਾ ਦਾ ਵਿਵਰਣ 15-16 ਪੰਨਿਆਂ ਵਿਚ ਹੀ ਮੁਕਾ ਦਿੱਤਾ ਗਿਆ ਹੈ। ਇਹ ਯਾਤਰਾ ਬਲਦੇਵ ਸਿੰਘ ਅਤੇ ਉਸ ਦੇ ਤਿੰਨ ਹੋਰ ਮਿੱਤਰਾਂ (ਕੈਪਟਨ ਸ਼ਰਮਾ, ਗੁਰਮੇਲ ਸਿੰਘ ਅਤੇ ਬਲਵਿੰਦਰ ਭੁੱਲਰ) ਨੇ ਮਿਲ ਕੇ ਕੁਚੀਵੇਲੀ ਐਕਸਪ੍ਰੈੱਸ ਟ੍ਰੇਨ (ਅੰਮ੍ਰਿਤਸਰ-ਗੋਆ) ਦੁਆਰਾ ਕੀਤੀ ਸੀ। ਵਾਪਸੀ 'ਤੇ ਉਹ ਮੁੰਬਆ ਦਾ ਵੀ ਇਕ ਚੱਕਰ ਮਾਰ ਆਏ ਸਨ। ਕੁੱਲ ਤਿੰਨ-ਚਾਰ ਦਿਨ ਗੋਆ ਅਤੇ ਮੁੰਬਈ ਵਿਚ ਬਿਤਾ ਕੇ ਇਹ ਚਾਰੇ ਮਿੱਤਰ ਅੰਤ ਮੋਗੇ ਪਰਤ ਆਏ। ਇਹ ਦੋਵੇਂ ਸਫ਼ਰਨਾਮੇ ਕਾਫੀ ਰੌਚਿਕ ਹਨ। ਬਲਦੇਵ ਸਿੰਘ ਇਕ ਜਿੰਦਾਦਿਲ ਅਤੇ ਹਸਮੁੱਖ ਵਿਅਕਤੀ ਹੈ। ਉਸ ਦੀ ਜ਼ਿੰਦਾਦਿਲੀ ਦੇ ਪ੍ਰਸੰਗ ਸਫ਼ਰਨਾਮਿਆਂ ਵਿਚ ਥਾਂ-ਪੁਰ-ਥਾਂ ਝਲਕਦੇ ਹਨ, ਜਿਨ੍ਹਾਂ ਕਾਰਨ ਉਸ ਦੀ ਇਹ ਪੁਸਤਕ ਇਕ ਪੜ੍ਹਨ ਤੇ ਮਾਣਨਯੋਗ ਰਚਨਾ ਬਣ ਗਈ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਨੂਰ ਦੇ ਗੀਤ
ਲੇਖਕ : ਅਵਤਾਰ ਸਿੰਘ ਸੰਧੂ
ਪ੍ਰਕਾਸ਼ਕ : ਦੋਆਬਾ ਸਾਹਿਤ ਸਭਾ (ਰਜਿ.), ਗੜ੍ਹਸ਼ੰਕਰ-ਹੁਸ਼ਿਆਰਪੁਰ
ਮੁੱਲ : 40 ਰੁਪਏ, ਸਫ਼ੇ : 32
ਸੰਪਰਕ : 99151-82971.

ਇਹ ਪੁਸਤਕ ਵਿਸ਼ੇਸ਼ ਤੌਰ 'ਤੇ ਪੰਜ ਤੋਂ ਅੱਠ ਸਾਲਾਂ ਦੇ ਉਮਰ-ਗੁੱਟ ਦੇ ਬਾਲ ਪਾਠਕਾਂ ਨੂੰ ਕੇਂਦਰ ਵਿਚ ਰੱਖ ਕੇ ਲਿਖੀ ਗਈ ਹੈ। ਕਵੀ ਨੇ ਬਾਲ ਸਾਹਿਤ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਸਮਾਜਿਕ ਰਿਸ਼ਤੇ ਨਾਤਿਆਂ ਨਾਲ ਵਾਕਫ਼ੀਅਤ ਕਰਵਾਉਣ ਦਾ ਪ੍ਰਯਤਨ ਕੀਤਾ ਹੈ। ਇਹ ਸਾਰੇ ਗੀਤ ਛੋਟੀ ਜਿਹੀ ਬਾਲੜੀ ਨੂਰ ਵੱਲੋਂ ਆਪਣੇ ਵੰਨ-ਸੁਵੰਨੇ ਰਿਸ਼ਤੇਦਾਰਾਂ ਦੇ ਕਾਵਿਮਈ ਰੇਖਾ ਚਿੱਤਰ ਹਨ। ਇਨ੍ਹਾਂ ਵਿਚ ਉਹ ਕਦੇ ਨਾਨੀ ਜੀ, ਕਦੇ ਨਾਨਾ ਜੀ, ਕਦੇ ਮੰਮੀ, ਕਦੇ ਪਾਪਾ, ਕਦੇ ਮਾਸੀ ਅਤੇ ਕਦੇ ਦਾਦਾ ਜੀ ਦੀ ਸ਼ਖ਼ਸੀਅਤ ਬਾਰੇ ਆਪਣੀਆਂ ਮਾਸੂਮ ਅਤੇ ਕੋਮਲ ਭਾਵਨਾਵਾਂ ਨੂੰ ਵਿਅਕਤ ਕਰਦੀ ਹੈ। ਇਨ੍ਹਾਂ ਗੀਤਾਂ ਵਿਚ ਹਰ ਰਿਸ਼ਤੇ ਦੇ ਸੁਭਾਅ ਨੂੰ ਉਕਰਦਿਆਂ ਉਨ੍ਹਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਇਨ੍ਹਾਂ ਵਿਚ ਨੈਤਿਕ ਕਦਰਾਂ-ਕੀਮਤਾਂ ਬਾਰੇ ਵੀ ਸੋਝੀ ਪ੍ਰਦਾਨ ਕੀਤੀ ਗਈ ਹੈ। ਇਸ ਪ੍ਰਸੰਗ ਵਿਚ 'ਦਾਦਾ ਜੀ' ਗੀਤ ਦੀ ਮਿਸਾਲ ਦਿਤੀ ਜਾ ਸਕਦੀ ਹੈ :
ਦਾਦਾ ਜੀ ਕੱਲ੍ਹ ਗਏ ਬਾਜ਼ਾਰ। ਲੈ ਕੇ ਆਏ ਚੀਕੂ ਚਾਰ।
ਛੋਟਾ ਡੈਡੀ ਨੂੰ ਫੜਾਇਆ। ਵੱਡਾ ਮੇਰੇ ਹਿੱਸੇ ਆਇਆ।
ਬਾਟੀ ਦੇ ਵਿਚ ਪਾਣੀ ਪਾਇਆ। ਚੀਕੂ ਧੋ ਕੇ ਮੈਨੂੰ ਫੜਾਇਆ।
ਪੁੱਤਰ ਜੀ! ਫ਼ਲ ਕੱਚੇ ਨਾ ਖਾਓ। ਜਦ ਵੀ ਖਾਓ, ਧੋ ਕੇ ਖਾਓ। (ਪੰਨਾ 19)
ਇਸ ਪੁਸਤਕ ਵਿਚ ਬਾਲੜੀ ਨੂਰ ਆਪਣੇ ਭਾਂਤ-ਭਾਂਤ ਦੇ ਖਿਡੌਣਿਆਂ ਬਾਰੇ ਵੀ ਚਾਨਣਾ ਪਾਉਂਦੀ ਹੈ ਅਤੇ ਵੱਡੀ ਹੋ ਕੇ ਸਕੂਲੇ ਜਾਣ ਦੇ ਸੁਪਨੇ ਸਾਂਝੀ ਕਰਦੀ ਹੈ। ਇਉਂ ਇਹ ਬਾਲ ਪੁਸਤਕ ਬਾਲ ਮਨ ਦੀ ਕਲਪਨਾ ਅਤੇ ਉਸ ਦੇ ਸੁਪਨਮਈ ਸੰਸਾਰ ਦੀ ਸਿਰਜਣਾ ਦੇ ਨਾਲ-ਨਾਲ ਉਸ ਦੀ ਵਿਕਸਤ ਹੁੰਦੀ ਜਾ ਰਹੀ ਚੇਤਨਾ ਦੀ ਲਖਾਇਕ ਹੈ। ਪੁਸਤਕ ਵਿਚ ਕੁਲਵਿੰਦਰ ਕੌਰ ਰੂਹਾਨੀ ਨੇ ਢੁਕਵੇਂ ਅਤੇ ਸਜੀਵ ਚਿੱਤਰ ਬਣਾਏ ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703

11/03/2017

 ਉਹ ਵੀ ਕੋਈ ਦੇਸ ਹੈ ਮਹਾਰਾਜ
ਮੂਲ ਲੇਖਕ : ਅਨਿਲ ਯਾਦਵ
ਅਨੁ: ਖੁਸ਼ਵੰਤ ਬਰਗਾੜੀ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ
ਮੁੱਲ : 150 ਰੁਪਏ, ਸਫ਼ੇ : 176
ਸੰਪਰਕ : 98729-89313

ਅਨਿਲ ਯਾਦਵ ਤਿੱਖੀ ਨੀਝ, ਸੰਤੁਲਿਤ ਉਸਾਰੂ ਸੋਚ, ਵਿਸ਼ਾਲ ਅਨੁਭਵ/ਅਧਿਐਨ, ਨਿਡਰ ਬੇਬਾਕ ਲੇਖਣ ਵਾਲਾ ਅਜਿਹਾ ਕਲਮਕਾਰ ਹੈ ਜੋ ਆਪਣੇ ਵਿਚਾਰਾਂ ਤੇ ਪੇਸ਼ਕਾਰੀ ਦੇ ਵਿਲੱਖਣ ਅੰਦਾਜ਼ ਨਾਲ ਪਾਠਕ ਨੂੰ ਕੀਲ ਲੈਂਦਾ ਹੈ। ਖੁਸ਼ਵੰਤ ਬਰਗਾੜੀ ਦੁਆਰਾ ਅਨੁਵਾਦਿਤ ਉਸ ਦੀ ਇਹ ਪੁਸਤਕ ਪਾਠਕ ਪੜ੍ਹਨੀ ਸ਼ੁਰੂ ਕਰੇ ਤਾਂ ਸ਼ਾਇਦ ਸਮਾਪਤ ਕਰਨ ਤੱਕ ਉਹ ਚਾਹ ਰੋਟੀ ਵੀ ਭੁੱਲ ਜਾਏ ਅਤੇ ਯਾਦਵ ਅਜੇ ਵੀ ਕਹਿੰਦਾ ਹੈ ਮੈਂ ਕੋਈ ਲੇਖਕ ਨਹੀਂ। ਦੇਸ਼ ਦੇ ਉੱਤਰ-ਪੂਰਬੀ ਕਿਸੇ ਦਾ ਸਫ਼ਰਨਾਮਾ ਉਹ ਇਸ ਕਿਤਾਬ ਵਿਚ ਪੇਸ਼ ਕਰਦਾ ਹੈ, ਉਸ ਬਾਰੇ ਉਹ/ਉਹਦਾ ਇਕ ਪਾਤਰ ਕਹਿੰਦਾ ਹੈ : ਉਹ ਵੀ ਕੋਈ ਦੇਸ ਹੈ ਮਹਾਰਾਜ।
ਆਸਾਮ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ, ਅਰੁਣਾਚਲ ਤੇ ਮਨੀਪੁਰ ਦੇ ਇਸੇ ਦੇਸ਼ ਦੀ ਯਾਤਰਾ ਦੇ ਅਨੁਭਵ ਇਸ ਪੁਸਤਕ ਵਿਚ ਅੰਕਿਤ ਹਨ। ਨੀਰਸ ਦਸਤਾਵੇਜ਼ੀ ਜਾਣਕਾਰੀ ਜਾਂ ਸਵੈ-ਪ੍ਰਸੰਸਾ ਦੀ ਇਕ ਜੁਗਤ ਵਜੋਂ ਨਹੀਂ, ਕਠੋਰ ਯਥਾਰਥ ਦੇ ਰੌਚਕ ਬਿਰਤਾਂਤ ਦੇ ਰੂਪ ਵਿਚ। ਹਰ ਪੰਨੇ ਉੱਤੇ ਕੁਝ ਨਵਾਂ ਪੜ੍ਹਨ ਨੂੰ ਮਿਲਦਾ ਹੈ। ਮਸਲਿਨ ਸਾਰੇ ਨਾਗੇ ਇਕੋ ਕੌਮ/ਕਬੀਲਾ ਨਹੀਂ। ਇਨ੍ਹਾਂ ਦੇ ਕਈ ਕਬੀਲੇ/ਭਾਸ਼ਾਵਾਂ ਹਨ। ਇਹ ਆਪਸ ਵਿਚ ਵੀ ਸਿਰ-ਵੱਢਵਾਂ ਵੈਰ ਰੱਖਦੇ ਹਨ। ਇਹ ਆਜ਼ਾਦੀ ਲਈ ਲੜਦੇ-ਮਰਦੇ ਹਨ ਪਰ ਹਨ ਇਹ ਦਿਸ਼ਾਹੀਣ। ਉੱਤਰ-ਪੂਰਬੀ ਰਾਜਾਂ ਵਿਚ ਨਾਗਾ ਲੋਕਾਂ ਦੀ ਹਿੰਸਾ ਅਤੇ ਸਰਕਾਰੀ/ਸੈਨਿਕ ਕਾਰਵਾਈਆਂ ਨਾਲ ਹਿੰਸਾ ਲੋਕਾਂ ਦੀ ਮਾਨਸਿਕਤਾ ਦਾ ਅੰਗ ਬਣ ਕੇ ਉਸ ਨੂੰ ਵਿਕ੍ਰਿਤ ਕਰ ਚੁੱਕੀ ਹੈ। ਗਣਤੰਤਰ/ਆਜ਼ਾਦੀ ਦਿਵਸ ਦੇ ਸਮਾਰੋਹ ਰਸਮ ਮਾਤਰ ਬਣ ਚੁੱਕੇ ਹਨ। ਕਾਗਜ਼ੀ ਕਾਰਵਾਈ ਵਾਂਗ ਬੰਦ ਕਮਰੇ ਦੀ ਗੁਪਤ/ਸੀਮਤ ਰਸਮ। ਸਰਮਾਏਦਾਰ ਤਾਂ ਮਜ਼ਦੂਰ ਦਾ ਸ਼ੋਸ਼ਣ ਕਰਦੇ ਹੀ ਹਨ, ਮਜ਼ਦੂਰ ਆਗੂ ਵੀ ਸਮਾਂ ਪਾ ਕੇ ਸਰਮਾਏਦਾਰਾਂ ਵਾਂਗ ਚਾਹ ਬਾਗਾਂ ਦੇ ਮਾਲਕ ਬਣ ਕੇ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਿਚ ਘੱਟ ਨਹੀਂ ਗੁਜ਼ਾਰਦੇ। ਅੱਤਵਾਦ, ਅੱਤਵਾਦ ਦਾ ਦਮਨ, ਆਤਮ-ਸਮਰਪਣ, ਹਥਿਆਰਬੰਦ ਵਿਦਰੋਹ, ਸ਼ਾਂਤੀ ਸਭ ਕੁਝ ਇਸ ਇਲਾਕੇ ਵਿਚ ਧੰਦੇ ਤੇ ਗੰਧਲੀ ਸਿਆਸਤ ਦਾ ਹਿੱਸਾ ਬਣ ਚੁੱਕਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਲੋਹ-ਪੁਰਸ਼ : ਜਥੇਦਾਰ ਜਗਦੇਵ ਸਿੰਘ ਤਲਵੰਡੀ
ਲੇਖਕ : ਪ੍ਰੀਤ ਸੰਘਰੇੜੀ
ਪ੍ਰਕਾਸ਼ਕ : ਘੁਮਾਣ ਪਬਲੀਕੇਸ਼ਨ, ਸੰਘਰੇੜੀ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 111
ਸੰਪਰਕ : 98151-69864.

ਇਹ ਪੁਸਤਕ ਜਥੇਦਾਰ ਜਗਦੇਵ ਸਿੰਘ ਤਲਵੰਡੀ ਬਾਰੇ ਬਹੁਤ ਹੀ ਸੰਖੇਪ ਜਿਹੀ ਜਾਣਕਾਰੀ ਦਿੰਦੀ ਹੈ। ਤਲਵੰਡੀ ਦੀ ਮੌਤ ਤੋਂ ਬਾਅਦ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਦਿੱਤੇ ਗਏ ਭਾਸ਼ਣਾਂ, ਸ਼ੋਕ ਮਤਿਆਂ ਆਦਿ ਦੇ ਰਾਹੀਂ ਇਸ ਪੁਸਤਕ ਦੀ ਸਿਰਜਣਾ ਕੀਤੀ ਹੈ।
ਜਥੇਦਾਰ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਰਾਜ ਸਭਾ ਦੇ ਮੈਂਬਰ, ਕਈ ਦਹਾਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਦੇ ਅਹੁਦਿਆਂ ਉੱਪਰ ਰਹੇ। ਅਜਿਹੇ ਰਾਜਸੀ ਆਗੂ ਬਾਰੇ ਬੜੇ ਵਿਸਥਾਰ ਨਾਲ ਖੋਜ-ਪੜਤਾਲ ਕਰਕੇ ਪਾਠਕਾਂ ਅਤੇ ਰਾਜਸੀ ਕਾਰਕੁੰਨਾਂ ਨੂੰ ਮਹੱਤਵਪੂਰਪਨ ਜਾਣਕਾਰੀ ਦੇਣ ਦੀ ਜ਼ਰੂਰਤ ਹੁੰਦੀ ਹੈ। ਅਜੋਕੇ ਸਮੇਂ ਜਦੋਂ ਰਾਜਸੀ ਖੇਤਰ ਵਿਚ ਵਿਚਰ ਰਹੇ ਲੋਕਾਂ ਵਿਚ ਅਸੂਲ ਪ੍ਰਸਲੀ ਅਤੇ ਲੋਕ ਸੇਵਾ ਦੀ ਭਾਵਨਾ ਦੀ ਥਾਂ ਭ੍ਰਿਸ਼ਟਾਚਾਰ ਹਾਵੀ ਹੋ ਰਿਹਾ ਹੈ। ਪਿਛਲੇ ਕੁਝ ਦਹਾਕਿਆਂ ਤੋਂ ਟਕਸਾਲੀ ਆਗੂਆਂ ਤੇ ਵਰਕਰਾਂ ਦੀ ਥਾਂ ਇਕ ਸਿਆਸੀ ਜੁਗਾੜਬੰਦੀਆਂ ਦੇ ਮਾਹਰ ਲੋਕ ਸਿਆਸਤ 'ਤੇ ਭਾਰੂ ਹੋ ਗਏ ਹਨ। ਇਸ ਸਮੇਂ ਸੇਵਾ ਦੇ ਪ੍ਰਸੰਗ ਹੀ ਬਦਲ ਗਏ ਹਨ। ਇਸੇ ਕਾਰਨ ਹੀ ਅਕਸਰ ਲੋਕ ਸੰਤ ਲੌਂਗੋਵਾਲ ਅਤੇ ਜਥੇਦਾਰ ਟੌਹੜਾ ਵਰਗੇ ਟਕਸਾਲੀ ਆਗੂਆਂ ਨੂੰ ਯਾਦ ਕਰਦੇ ਹਨ। ਲੋੜ ਸੀ ਕਿ ਲੇਖਕ ਜਥੇਦਾਰ ਜਗਦੇਵ ਸਿੰਘ ਤਲਵੰਡੀ ਬਾਰੇ ਵਿਸਥਾਰ ਨਾਲ ਜਾਣਕਾਰੀ ਦੀ ਖੋਜ ਪੜਤਾਲ ਕਰਦਾ ਅਤੇ ਨਿੱਠ ਕੇ ਇਸ ਪੁਸਤਕ ਦੀ ਸਿਰਜਣਾ ਕਰਦਾ।

: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.
ਫ ਫ ਫ

ਮੱਧਕਾਲੀ ਪੰਜਾਬੀ ਸਾਹਿਤ ਸਮੀਖਿਆ
(ਗੁਰਮਤਿ ਵਿਚਾਰਧਾਰਾ ਦੇ ਪ੍ਰਸੰਗ 'ਚ)
ਲੇਖਕ : ਡਾ: ਬਲਵਿੰਦਰ ਸਿੰਘ ਥਿੰਦ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 143
ਸੰਪਰਕ : 94176-06572.

ਮੱਧਕਾਲੀ ਪੰਜਾਬੀ ਸਾਹਿਤ ਵਿਚ ਗੁਰਮਤਿ ਸਾਹਿਤ ਪੰਜਾਬੀ ਸਾਹਿਤ ਦੀ ਗੌਰਵਮਈ ਵਿਰਾਸਤ ਹੈ। ਗੁਰਮਤਿ ਵਿਚਾਰਧਾਰਾ ਦੀ ਵਡਿਆਈ ਇਹ ਹੈ ਕਿ ਇਕ ਪਾਸੇ ਇਹ ਪਰਮਾਤਮਾ ਨਾਲ ਜੁੜੀ ਵਿਚਾਰਧਾਰਾ ਹੈ ਅਤੇ ਦੂਜੇ ਪਾਸੇ ਇਸ ਸਾਹਿਤ ਵਿਚੋਂ ਸਾਨੂੰ ਸਮਾਜਿਕ ਸਰੋਕਾਰਾਂ ਬਾਰੇ ਵੀ ਗਿਆਨ ਉਪਲਬਧ ਹੁੰਦਾ ਹੈ।
ਮੱਧਕਾਲੀ ਸਾਹਿਤ ਵਿਚ ਗੁਰਮਤਿ ਕਾਵਿਧਾਰਾ ਦੇ ਅੰਤਰਗਤ ਸਾਨੂੰ ਲੌਕਿਕਤਾ ਤੇ ਪਾਰਲੌਕਿਕਤਾ ਦੇ ਦਰਸ਼ਨ ਹੁੰਦੇ ਹਨ। ਇਸੇ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ ਡਾ: ਬਲਵਿੰਦਰ ਸਿੰਘ ਥਿੰਦ ਨੇ ਇਹ ਹਥਲੀ ਪੁਸਤਕ ਪੰਜਾਬੀ ਪਾਠਕਾਂ ਸਨਮੁਖ ਪੇਸ਼ ਕੀਤੀ ਹੈ। ਇਸ ਪੁਸਤਕ ਵਿਚ ਮੱਧਕਾਲੀ ਪੰਜਾਬੀ ਸਾਹਿਤ ਦਾ ਪਿਛੋਕੜ ਅਤੇ ਰਚਨਾ ਪ੍ਰਕਿਰਿਆ, ਸ਼ਾਸਤਰ ਤੋਂ ਸ਼ਸਤਰ ਦਾ ਸਫ਼ਰ ਅਤੇ ਸ਼ਹਾਦਤ ਤੋਂ ਖ਼ਾਲਸਾ ਪੰਥ ਦੀ ਸਾਜਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਹਾਗਣ ਦਾ ਸੰਕਲਪ, ਮਾਝ ਕੀ ਵਾਰ ਦਾ ਵਿਚਾਰਧਾਰਕ ਅਧਿਐਨ, 'ਚੰਡੀ ਦੀ ਵਾਰ' ਦਾ ਮਿਥਿਹਾਸਕ ਅਧਿਐਨ, ਦਸਵੰਧ, ਸੇਵਾ ਤੇ ਸਿਮਰਨ ਦੇ ਸਮਾਜਿਕ ਸਰੋਕਾਰ ਅਤੇ ਗੁਰਮਤਿ ਪਰਿਪੇਖ ਵਿਚ ਸੰਤ ਦਾ ਸੰਕਲਪ ਨਾਮੀ ਲੇਖ ਮਿਲਦੇ ਹਨ।
ਡਾ: ਥਿੰਦ ਨੇ ਇਹ ਪੁਸਤਕ ਲਿਖ ਕੇ ਗੁਰਮਤਿ ਸਾਹਿਤ ਵਿਚ ਗੁਣਾਤਮਕ ਵਾਧਾ ਕੀਤਾ ਹੈ। ਡਾ: ਥਿੰਦ ਨੇ ਹਰ ਵਿਸ਼ੇ ਨੂੰ ਬੜੀ ਪ੍ਰਬੀਨਤਾ ਸਹਿਤ ਨਿਭਾਇਆ ਹੈ। ਮੱਧਕਾਲ ਦੇ ਪੰਜਾਬੀ ਸਾਹਿਤ ਦੀ ਉਸ ਨੂੰ ਡੂੰਘੀ ਸਮਝ, ਇਹ ਪੁਸਤਕ ਹੈ। ਗੁਰਬਾਣੀ ਵਿਚੋਂ ਡਾ: ਥਿੰਦ ਨਿਵੇਕਲੇ ਵਿਸ਼ੈ ਲੇ ਕੇ ਨਿਵੇਕਲੇ ਢੰਗ ਨਾਲ ਨਿਭਾਉਣ ਵਿਚ ਸਫਲ ਹੋਇਆ ਹੈ। ਬਹੁਤ ਸਰਲ ਭਾਸ਼ਾ ਤੇ ਢੁਕਵੀਆਂ ਉਦਾਹਰਨਾਂ ਸਹਿਤ ਡਾ: ਥਿੰਦ ਉਸਾਰੂ ਖੋਜ ਸਿੱਟੇ ਕੱਢਣ ਵਿਚ ਕਾਮਯਾਬ ਹੋਇਆ ਹੈ। ਜਿਸ ਨਿਸ਼ਠਾ ਨਾਲ ਡਾ: ਥਿੰਦ ਨੇ ਇਹ ਪੁਸਤਕ ਲਿਖੀ ਹੈ, ਉਸ ਤੋਂ ਇਹ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦੀ ਵਿਚਾਰਯੋਗਤਾ ਸਲਾਹੁਣਯੋਗ ਹੈ। ਪੁਸਤਕ ਨੂੰ ਜੀ ਆਇਆਂ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.
ਫ ਫ ਫ

ਇਨਸਾਨੀਅਤ ਦਾ ਹੋਕਾ
ਸ਼ਾਇਰ : ਤੇਜਾ ਸਿੰਘ ਮਾਨਾਂ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 88
ਸੰਪਰਕ : 98277-84355.

ਪੰਜਾਬ ਗੀਤਾਂ ਵਿਚ ਵਸਦਾ ਹੈ ਪਰ ਪੰਜਾਬੀ ਦੇ ਗੰਭੀਰ ਸਰੋਤਿਆਂ ਤੇ ਪਾਠਕਾਂ ਵੱਲੋਂ ਚੰਗੇ ਗੀਤਾਂ ਦੀ ਕਮੀ ਮਹਿਸੂਸ ਕੀਤੀ ਜਾਂਦੀ ਰਹੀ ਹੈ। ਚੰਗੀ ਗੱਲ ਹੈ ਕਿ ਤੇਜਾ ਸਿੰਘ ਮਾਨਾਂ ਵਰਗੇ ਗੀਤਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਗੀਤਾਂ ਵਿਚ ਢਾਲ ਰਹੇ ਹਨ। 'ਇਨਸਾਨੀਅਤ ਦਾ ਹੋਕਾ' ਉਸ ਦਾ ਪਹਿਲਾ ਗੀਤ ਸੰਗ੍ਰਹਿ ਹੈ, ਜਿਸ ਵਿਚ ਉਸ ਦੇ ਕੁੱਲ ਪਚਵੰਜਾ ਗੀਤ ਸ਼ਾਮਿਲ ਹਨ। ਇਨ੍ਹਾਂ ਗੀਤਾਂ ਵਿਚ ਉਸ ਨੇ ਧਾਰਮਿਕ ਅਕੀਦਤਾ ਵੀ ਨਿਭਾਈ ਹੈ ਤੇ ਸਮਾਜ ਦੀਆਂ ਕੁਰੀਤੀਆਂ ਵੱਲ ਵੀ ਧਿਆਨ ਖਿੱਚਿਆ ਹੈ। ਉਹ ਕੁਦਰਤ ਦੀ ਵਿਸ਼ਾਲਤਾ ਵਿਚ ਦੀ ਗੁਜ਼ਰਦਾ ਹੋਇਆ ਗੁਰੂ ਰਵਿਦਾਸ ਜੀ ਦੇ ਸੰਕਲਪ 'ਐਸਾ ਚਾਹੂੰ ਰਾਜ ਮੈਂ' ਤੱਕ ਪਹੁੰਚ ਜਾਂਦਾ ਹੈ। ਵਹਿਮਾਂ-ਭਰਮਾਂ ਵਿਚ ਫਸੇ ਲੋਕਾਂ ਨੂੰ ਉਹ ਜਾਗਣ ਲਈ ਆਖਦਾ ਹੈ ਤੇ ਉਸ ਦੇ ਗੀਤ ਸ਼ਹੀਦਾਂ ਦੀਆਂ ਕੁਰਬਾਨੀਆਂ ਨਹੀਂ ਭੁੱਲਦੇ। ਉਸ ਮੁਤਾਬਿਕ ਦੁਨੀਆ ਵਿਚ ਦੋ ਤਰ੍ਹਾਂ ਦੇ ਮਨੁੱਖ ਹਨ, ਇਕ ਲੁੱਟਣ ਵਾਲੇ ਤੇ ਦੂਜੇ ਲੁੱਟ ਹੋਣ ਵਾਲੇ। ਲੁੱਟ ਹੋਣ ਵਾਲਿਆਂ ਨੂੰ ਗੀਤਕਾਰ ਸੁਚੇਤ ਕਰਦਾ ਹੈ ਤੇ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦਾ ਹੈ। ਤੇਜਾ ਸਿੰਘ ਮਾਨਾਂ ਪਾਕਿ ਪਵਿੱਤਰ ਸੋਚ ਰੱਖਣ 'ਤੇ ਜ਼ੋਰ ਦਿੰਦਾ ਹੈ ਤੇ ਸਭ ਨੂੰ ਆਪਣੇ ਫ਼ਰਜ਼ ਨਾ ਭੁੱਲਣ ਦੀ ਤਾਕੀਦ ਕਰਦਾ ਹੈ। 'ਇਨਸਾਨੀਅਤ ਦਾ ਹੋਕਾ' ਸੰਗ੍ਰਹਿ ਦੇ ਗੀਤ ਚੁਲਬੁਲੇ ਗੀਤਾਂ ਦਾ ਬਦਲ ਬਣਨ ਦੇ ਸਮਰੱਥ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਰੇਸ਼ਮੀ ਕੁੜੀ
ਲੇਖਿਕਾ : ਸੁਰਜੀਤ ਬੈਂਸ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ :150, ਸਫ਼ੇ : 98
ਸੰਪਰਕ : 01722211972

ਰੇਸ਼ਮੀ ਕੁੜੀ ਕਹਾਣੀ ਸੰਗ੍ਰਹਿ ਵਿਚ ਸੁਰਜੀਤ ਕੌਰ ਬੈਂਸ ਨੇ 22 ਕਹਾਣੀਆਂ ਦੀ ਪੇਸ਼ਕਾਰੀ ਕੀਤੀ ਹੈ, ਜਿਨ੍ਹਾਂ ਵਿਚ ਉਸ ਨੇ ਸਮਾਜ ਵਿਚ ਵਾਪਰ ਰਹੇ ਸੱਚ ਨੂੰ ਆਪਣੇ ਅਨੁਭਵ ਨਾਲ ਪੇਸ਼ ਕੀਤਾ ਹੈ। ਪਹਿਲੀ ਕਹਾਣੀਂ'ਟਕਾ, ਆਨਾ, ਦੁਆਨੀ' ਵਿਚ ਕਹਾਣੀਕਾਰਾਂ ਨੇ ਫੋਕੇ ਪਾਖੰਡਾਂ ਤੇ ਪੰਡਤਾਂ ਦੀ ਗੱਲ ਕੀਤੀ ਹੈ ਕਿ ਇਹ ਸਭ ਝੂਠੇ ਅਡੰਬਰ ਹਨ। ਅਗਲੀਆਂ ਕਹਾਣੀਆਂਂ'ਲੋਰੇਨ' ਤੇ 'ਭੇਡਾਂ ਬੱਕਰੀਆਂ' ਵਿਚ ਜੋ ਸਮਾਜ ਵਿਚ ਨਾਜਾਇਜ਼ ਰਿਸ਼ਤਿਆਂ ਦੀ ਗੱਲ ਹੋ ਰਹੀ ਹੈ, ਉਸ ਬਾਰੇ ਹੈ। ਲੇਖਿਕਾ ਨੇ ਆਪਣੀਆਂ ਸਾਰੀਆਂ ਕਹਾਣੀਆਂ ਵਿਚ ਜਿਵੇਂ 'ਕੁੜੀ ਦਾ ਪੁੱਤਰ', 'ਵੱਡੇ ਮਾਂ ਜੀ', 'ਹੀਰੋ ਤਾਰੋ', 'ਮਾਸੀ ਭਾਗ', 'ਰੇਸ਼ਮੀ ਕੁੜੀ', 'ਭਾਗਭਰੀ', 'ਮੈਂ ਤੇ ਜੰਗਲ', 'ਅੰਬਾਂ ਦਾ ਬਾਗ' ਅਤੇ 'ਜੈਨਾ ਟਪਰੀ ਵਾਲੀ' ਵਿਚ ਜੀਵਨ ਦਾ ਸੱਚ ਬਿਆਨ ਕੀਤਾ ਹੈ। ਕਹਾਣੀਕਾਰਾ ਨੇ ਆਪਣੀਆਂ ਸਾਰੀਆਂ ਕਹਾਣੀਆਂ ਵਿਚ ਆਪਣੀ ਜ਼ਿੰਦਗੀ ਦੇ ਬਚਪਨ ਅਤੇ ਅਨੁਭਵ ਦੀ ਪੇਸ਼ਕਾਰੀ ਕੀਤੀ ਹੈ। ਜਿਵੇਂ 'ਵੱਡੀ ਮਾਂ ਜੀ' ਕਹਾਣੀ ਵਿਚ ਮਾਂ-ਪਿਓ ਨੂੰ ਕੁਝ ਨਾ ਸਮਝਣ ਵਾਲੇ ਨੂੰਹਾਂ-ਪੁੱਤਾਂ ਦੀ ਗੱਲ ਕੀਤੀ ਹੈ ਕਿ ਜਦੋਂ ਮਾਂ ਆਪਣੀ ਜ਼ਮੀਨ ਦਾ ਹਿੱਸਾ ਲੈ ਕੇ ਅੱਡ ਰਹਿਣ ਲੱਗ ਜਾਂਦੀ ਹੈ ਤਾਂ ਅਜਿਹੇ ਨੂੰਹਾਂ-ਪੁੱਤਾਂ ਦੀ ਸੁਰਤ ਟਿਕਾਣੇ ਆ ਜਾਂਦੀ ਹੈ। 'ਮੇਰਾ ਗੋਬਿੰਦਾ' ਕਹਾਣੀ ਵਿਚ ਧੱਕੇ ਨਾਲ ਅੰਮ੍ਰਿਤ ਛਕਾਉਣ ਬਾਰੇ ਦੱਸਿਆ ਹੈ। ਇਸੇ ਤਰ੍ਹਾਂ 'ਮੁਹੱਬਤ ਤੇ ਹਕੀਕਤ' ਕਹਾਣੀ ਵਿਚ ਅਜੋਕੇ ਸਮੇਂ ਦੀ ਹਕੀਕਤ ਨੂੰ ਬਿਆਨ ਕੀਤਾ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 098553-95161
ਫ ਫ ਫ

ਬ੍ਰਹਿਮੰਡ ਵਿਚ ਜੀਵਨ
(ਖੋਜ ਤੇ ਸੰਭਾਵਨਾ)
ਲੇਖਕ : ਰਣਧੀਰ ਗਿੱਲਪੱਤੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ,
ਮੁੱਲ : 70 ਰੁਪਏ, ਸਫ਼ੇ : 112
ਸੰਪਰਕ : 98556-56156

ਹਰ ਮਨੁੱਖ ਅੰਦਰ ਧਰਤੀ, ਬ੍ਰਹਿਮੰਡ, ਪਤਾਲ ਬਾਰੇ ਜਾਣਨ ਦੀ ਮੱਸ ਹੈ। ਰੌਸ਼ਨ ਦਿਮਾਗ਼ ਲੋਕ ਇਹ ਜਾਣਕਾਰੀਆਂ ਹਾਸਲ ਕਰਨ ਲਈ ਵਿਗਿਆਨ ਦੀਆਂ ਨਵੀਂਆਂ ਖੋਜਾਂ ਨਾਲ ਜੁੜਦੇ ਹਨ। ਨਵੀਆਂ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਵਿਚ ਜੁਟੇ ਰਹਿੰਦੇ ਹਨ। 'ਬ੍ਰਹਿਮੰਡ ਵਿੱਚ ਜੀਵਨ' ਅਜਿਹੀ ਪੁਸਤਕ ਹੈ ਜੋ ਜਾਣਕਾਰੀ ਦਾ ਭੰਡਾਰ ਹੈ। ਬਹੁਮੁੱਲੀ ਜਾਣਕਾਰੀ ਦਾ ਸੋਮਾ ਇਸ ਪੁਸਤਕ ਵਿੱਚ ਛੋਟੇ-ਛੋਟੇ ਲੇਖ ਦਰਜ ਹਨ ਜੋ ਹਰ ਕਿਸੇ ਦੇ ਪੜ੍ਹਨ ਲਾਇਕ ਹਨ। ਖ਼ਾਸ ਕਰ ਇਹ ਪੁਸਤਕ ਵਿਦਿਆਰਥੀ ਵਰਗ ਲਈ ਤਾਂ ਬੇਹੱਦ ਲਾਹੇਵੰਦ ਹੈ।
'ਵਿਸ਼ਵ ਵਿੱਚ ਹੁਣ ਤੱਕ 118 ਤੱਤਾਂ ਦੀ ਖੋਜ ਹੋ ਚੁੱਕੀ ਹੈ ਜੋ ਬ੍ਰਹਿਮੰਡ ਦੇ ਸਮੁੱਚੇ ਨਿਰਜੀਵ ਤੇ ਸਜੀਵ ਪਸਾਰੇ ਦਾ ਆਧਾਰ ਮੰਨੇ ਗਏ ਹਨ...ਪਾਣੀ ਤੇ ਖੁਸ਼ਕੀ ਦੋਵਾਂ ਥਾਵਾਂ 'ਤੇ ਰਹਿਣ ਵਾਲੇ ਜੀਵ ਕਰੀਬ 90 ਕਰੋੜ ਵਰ੍ਹੇ ਪਹਿਲਾਂ ਹੋਂਦ ਵਿਚ ਆਏ...36 ਤੋਂ 40 ਕਰੋੜ ਸਾਲ ਪਹਿਲਾਂ ਬੀਜਾਂ ਵਾਲੇ ਪਹਿਲੇ ਪੌਦੇ ਹੋਂਦ ਵਿਚ ਆਏ...ਵਰਤਮਾਨ ਵਿਚ 20 ਤੋਂ 50 ਸਾਲ ਦੀ ਉਮਰ ਦੇ ਤੰਦਰੁਸਤ ਮਰਦ ਦੇ ਦਿਮਾਗ਼ ਦਾ ਭਾਰ 1424 ਗ੍ਰਾਮ ਦੇ ਔਰਤ ਦਾ 1265 ਗ੍ਰਾਮ ਹੈ...ਉਲਕਾ ਪਿੰਡ ਨੇ ਧਰਤੀ 'ਤੇ 16 ਕਰੋੜ ਵਰ੍ਹੇ ਤੱਕ ਦਨਦਨਾਉਂਦੇ ਡਾਇਨਾਸੋਰਾਂ ਦਾ ਅੰਤ ਕੀਤਾ...ਚੰਦਰਮਾ ਤੋਂ ਧਰਤੀ ਦੀ ਔਸਤ ਦੂਰੀ 3,84,300 ਕਿਲੋਮੀਟਰ ਹੈ...ਚੰਦਰਮਾ ਦਾ ਵਿਆਸ ਧਰਤੀ ਮੁਕਾਬਲੇ 27 ਫ਼ੀਸਦੀ ਤੇ ਮਾਦੇ ਦੀ ਘਣਤਾ 60 ਫ਼ੀਸਦੀ ਹੈ...ਸੂਰਜ ਤੋਂ 4 ਅਰਬ 50 ਕਰੋੜ ਕਿਲੋਮੀਟਰ ਦੀ ਔਸਤ ਦੂਰੀ 'ਤੇ ਰਹਿ ਕੇ ਪਰਕਰਮਾ ਕਰਨ ਵਾਲਾ ਨੈਪਚੂਨ ਸੂਰਜ ਮੰਡਲ ਦਾ ਅੱਠਵਾਂ ਤੇ ਫਾਡੀ ਗ੍ਰਹਿ ਹੈ, ਇਹੋ ਜਹੀਆਂ ਬੇਸ਼ਕੀਮਤੀ ਜਾਣਕਾਰੀਆਂ ਨਾਲ ਭਰਪੂਰ ਹੈ ਇਹ ਪੁਸਤਕ।
ਇਹ ਪੁਸਤਕ ਉਨ੍ਹਾਂ ਪਾਂਡਿਆਂ ਵੱਲੋਂ ਕਾਇਮ ਕੀਤੀਆਂ ਮਿੱਥਾਂ ਨੂੰ ਵੀ ਤੋੜਦੀ ਹੈ ਕਿ ਗ੍ਰਹਿ ਕਿਸੇ ਇਨਸਾਨ ਲਈ ਮਾੜਾ ਹੋ ਸਕਦਾ ਹੈ ਜਾਂ ਗ੍ਰਹਿਆਂ ਦੀ ਚਾਲ ਸਹੀ ਕਰਨ ਲਈ ਚੜ੍ਹਾਵੇ ਦੀ ਲੋੜ ਹੈ। ਪੁਸਤਕ ਤਰਕ ਦੀ ਗੱਲ ਕਰਦੀ ਹੈ। ਇਨਸਾਨ ਅੰਦਰ ਗਿਆਨ ਦੀ ਜੋਤ ਬਾਲ਼ਦੀ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਵੰਡਨਾਮਾ
ਕਵੀ : ਹਰਵਿੰਦਰ ਸਿੰਘ ਭੱਟੀ
ਪ੍ਰਕਾਸ਼ਕ : ਅਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 83
ਸੰਪਰਕ : 98152-49886.

1947 ਦੀ ਦੇਸ਼ ਵੰਡ ਨੇ ਇਨਸਾਨੀਅਤ ਨੂੰ ਅਜਿਹੇ ਜ਼ਖ਼ਮ ਦਿੱਤੇ ਜਿਨ੍ਹਾਂ ਦੀ ਟੀਸ ਅੱਜ ਵੀ ਓਨੀ ਹੀ ਹੈ ਜਿੰਨੀ ਕਿ ਤਤਕਾਲੀ ਸਮੇਂ ਵਿਚ ਸੀ। ਇਸ ਵੰਡ ਨੇ ਜਿਥੇ ਹਿੰਦੁਸਤਾਨ ਨੂੰ ਦੋ ਟੋਟਿਆਂ ਵਿਚ ਵੰਡਿਆ, ਉਥੇ ਪੰਜਾਬੀਆਂ ਨੇ ਵਿਸ਼ੇਸ਼ ਕਰਕੇ ਇਸ ਵੰਡ ਦੇ ਦੁਖਾਂਤ ਨੂੰ ਭੋਗਿਆ। ਉਜਾੜੇ ਨੂੰ ਝੱਲਣ ਵਾਲੇ ਭਾਵੇਂ ਹੁਣ ਵਿਰਲੇ ਟਾਵੇਂ ਹੀ ਰਹਿ ਗਏ ਹਨ ਪਰ ਉਨ੍ਹਾਂ ਦੀਆਂ ਪੀੜ੍ਹੀਆਂ ਅਜੇ ਵੀ ਇਸ ਸੰਤਾਪ ਨੂੰ ਆਪਣੇ ਹਿਰਦੇ ਵਿਚ ਵੈਰਾਗਮਈ ਹੂਕ ਬਣਾ ਕੇ ਸਾਂਭੀ ਬੈਠੀਆਂ ਹਨ। ਤਤਕਾਲੀ ਸਮੇਂ ਵਿਚ ਹੋਈ ਕਤਲੋਗਾਰਤ ਨੂੰ ਬਹੁਤ ਸਾਰੇ ਸਾਹਿਤਕਾਰਾਂ ਨੇ ਕਲਮਬੱਧ ਕੀਤਾ ਪਰ ਡਾ: ਹਰਵਿੰਦਰ ਸਿੰਘ ਭੱਟੀ ਨੇ ਇਸ ਦਾਸਤਾਨ ਨੂੰ 'ਬਿੰਦਰ ਸਿੰਹੁ' ਦੇ ਰੂਪ ਵਿਚ ਬਾਖੂਬੀ ਬਿਆਨ ਕੀਤਾ ਹੈ। ਇਸ ਲੰਮੀ ਬਿਰਤਾਂਤਕ ਕਾਵਿ-ਰਚਨਾ ਵਿਚ ਕਵੀ ਬਿਆਨ ਕਰਦਾ ਹੈ। ਉਸ ਨੇ ਇਹ ਕਿੱਸਾ ਕਿਸੇ ਬਜ਼ੁਰਗ ਦੇ ਕਹਿਣ 'ਤੇ ਲਿਖਣ ਦਾ ਬੀੜਾ ਉਠਾਇਆ ਤਾਂ ਕਿ ਇਸ ਵੰਡ ਸਮੇਂ ਜਾਨਾਂ ਤੋਂ ਹੱਥ ਧੋ ਬੈਠੇ ਪਰਿਵਾਰ ਉਜਾੜ ਬੈਠੇ ਲੋਕਾਂ ਨਾਲ ਦਿਲੀ ਹਮਦਰਦੀ ਕੀਤੀ ਜਾ ਸਕੇ ਅਤੇ ਇਸ ਦੁਖਾਂਤ ਤੋਂ ਸਬਕ ਲਿਆ ਜਾਵੇ ਤਾਂ ਕਿ ਫਿਰ ਕਦੇ ਵੀ ਅਜਿਹਾ ਦੁਖਾਂਤ ਨਾ ਵਾਪਰੇ। ਅੰਗਰੇਜ਼ਾਂ ਨੇ ਅਜਿਹਾ ਫੁੱਟ ਦਾ ਬੀਜ ਸੁੱਟਿਆ ਕਿ ਸਾਡੇ ਰਾਜਨੀਤਕ ਆਗੂ ਆਪਣੀ ਕੁਰਸੀ ਦੀ ਖਾਤਰ ਅਤੇ ਮਜ਼੍ਹਬੀ ਜਨੂੰਨ ਕਰਕੇ ਲੋਕਾਂ ਨੂੰ ਇਸ ਅੱਗ ਦੀ ਭੱਠੀ ਵਿਚ ਝੋਕਣ ਲਈ ਤਿਆਰ ਹੋ ਗਏ। ਕਵੀ ਵੱਲੋਂ ਜਿਥੇ ਇਸ ਵਾਸਤੇ 'ਥੋਆ ਖਾਲਸਾ' ਪਿੰਡ ਦੀ ਉਦਾਹਰਨ ਵੀ ਦਿੱਤੀ ਹੈ, ਉਥੇ ਮਹਿੰਦਰ ਸਿੰਘ ਰੰਧਾਵਾ ਵਰਗੇ ਵਿਅਕਤੀਆਂ ਦਾ ਜ਼ਿਕਰ ਵੀ ਕੀਤਾ ਹੈ, ਜਿਨ੍ਹਾਂ ਨੇ ਵੰਡ ਦੇ ਸ਼ਿਕਾਰ ਲੋਕਾਂ ਵਿਸ਼ੇਸ਼ ਕਰਕੇ ਔਰਤਾਂ ਦੇ ਮੁੜ ਵਸੇਬੇ ਲਈ ਬਹੁਤ ਯਤਨ ਕੀਤੇ। ਕਵੀ ਨੇ ਬੈਂਤ ਛੰਦ ਦੀ ਵਰਤੋਂ ਕਰਦਿਆਂ ਲੋਕਾਂ ਦੀ ਭਾਸ਼ਾ ਵਿਚ ਇਸ ਕਰੁਣਾਮਈ ਦਾਸਤਾਨ ਨੂੰ ਬਿਆਨ ਕੀਤਾ ਹੈ। ਪਰੰਪਰਕ ਸ਼ੈਲੀ ਵਿਚ ਮੰਗਲਾਚਰਨ ਨਾਲ ਸ਼ੁਰੂ ਕਰਕੇ ਇਸ ਗੱਲ ਨੂੰ ਪਰਪੱਕ ਕੀਤਾ ਹੈ ਕਿ ਹਮੇਸ਼ਾ ਇਨਸਾਨ ਏਕਤਾ ਦੇ ਸੂਤਰ ਵਿਚ ਬੱਝਾ ਰਹੇ ਤਾਂ ਕਿ ਅਜਿਹਾ ਦੁਖਾਂਤ ਦੁਬਾਰਾ ਨਾ ਵਾਪਰੇ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

4/03/2017

 ਬਹਿਸ ਤੋਂ ਬੇਖ਼ਬਰ
ਲੇਖਕ : ਲਖਵਿੰਦਰ ਜੌਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 79
ਸੰਪਰਕ : 94171-94812.

ਲਖਵਿੰਦਰ ਜੌਹਲ ਪੰਜਾਬੀ ਕਾਵਿ-ਜਗਤ ਦਾ ਸਮਰੱਥ ਹਸਤਾਖ਼ਰ ਹੈ। 'ਬਹਿਸ ਤੋਂ ਬੇਖ਼ਬਰ' ਕਾਵਿ-ਸੰਗ੍ਰਹਿ ਉਸ ਦਾ ਅੱਠਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਨੇ 'ਬਹੁਤ ਦੇਰ ਹੋਈ' (1990), 'ਮਨੋਵੇਗ' (2000), 'ਸਾਹਾਂ ਦੀ ਸਰਗਮ' (2003), 'ਇਕ ਸੁਪਨਾ ਇਕ ਸੰਵਾਦ' (ਲੰਮੀ ਕਵਿਤਾ) 2006, 'ਬਲੈਕ ਹੋਲ' (ਲੰਮੀ ਕਵਿਤਾ) 2009, 'ਸ਼ਬਦਾਂ ਦੀ ਸੰਸਦ' (2014), 'ਅਣਲਿਖੇ ਵਰਕੇ' (ਕਾਵਿ-ਨਿਬੰਧ) 2016 ਆਦਿ ਕਾਵਿ-ਪੁਸਤਕਾਂ ਪੰਜਾਬੀ ਕਾਵਿ-ਜਗਤ ਦੀ ਝੋਲੀ ਪਾਈਆਂ ਹਨ। ਇਹ ਪੁਸਤਕ ਉਸ ਨੇ ਪੰਜਾਬੀ ਮਾਂ-ਬੋਲੀ ਦੇ ਅਲੰਬਰਦਾਰ ਅਤੇ ਚਿੰਤਕ ਡਾ: ਬਰਜਿੰਦਰ ਸਿੰਘ 'ਹਮਦਰਦ' ਨੂੰ ਸਮਰਪਿਤ ਕੀਤੀ ਹੈ, ਜਿਸ ਨੂੰ ਉਹ ਆਪਣੇ ਪ੍ਰੇਰਨਾ-ਸ੍ਰੋਤ ਅਤੇ ਰਾਹਨੁਮਾ ਤਸਲੀਮ ਕਰਦੇ ਹਨ। ਉਨ੍ਹਾਂ ਦੀ ਕਵਿਤਾ ਸਮੇਂ ਦੇ ਅਨੁਸਾਰ ਤੁਰਦੀ-ਤੁਰਦੀ ਵੀ ਆਪਣੇ ਸਮਕਾਲ ਨਾਲੋਂ ਵਿੱਥ ਸਿਰਜਣ ਵਿਚ ਹਮੇਸ਼ਾ ਹੀ ਯਤਨਸ਼ੀਲ ਰਹੀ ਹੈ। ਜਦੋਂ ਦਾ ਵਿਸ਼ਵੀਕਰਨ ਦੇ ਨਾਂਅ ਹੇਠ ਉਪਭੋਗਤਾਵਾਦ ਦਾ ਨਾਅਰਾ ਬੁਲੰਦ ਹੋਇਆ ਹੈ, ਉਦੋਂ ਤੋਂ ਹੀ ਚਿੰਤਕਾਂ ਅਤੇ ਵਿਚਾਰਵਾਨਾਂ ਵੱਲੋਂ ਇਸ ਦੀ ਤਿੱਖੀ ਆਲੋਚਨਾ ਵੀ ਹੁੰਦੀ ਆ ਰਹੀ ਹੈ। ਵਿਗਿਆਨਕ ਲੱਭਤਾਂ 'ਚ ਨਿੱਤ-ਦਿਨ ਹੁੰਦੀ ਤਬਦੀਲੀ ਨੇ ਵੀ ਮਨੁੱਖੀ ਸੋਚ ਅਤੇ ਚਿੰਤਨ ਵਿਚ ਢੇਰ ਸਾਰੀ ਤਬਦੀਲੀ ਲੈ ਆਂਦੀ ਹੈ। ਜੀਵਨ ਦਾ ਵਰਤਾਰਾ ਪਹਿਲੇ ਸਵਾਲਾਂ ਦੀ ਤਲਾਸ਼ 'ਚ ਹੁੰਦਾ ਹੈ ਜਦੋਂ ਕਿ ਨਵੇਂ ਪ੍ਰਸ਼ਨ ਹੋਰ ਉਘੜਵੇਂ ਰੂਪ ਵਿਚ ਪ੍ਰਕਾਸ਼ਮਾਨ ਹੋ ਜਾਂਦੇ ਹਨ। ਮਨੁੱਖੀ ਵੇਦਨਾ, ਸੰਵੇਦਨਾ ਲਗਾਤਾਰ ਦੁਬਿਧਾ ਅਤੇ ਉਲਝਣ ਦੀ ਸਥਿਤੀ ਵਿਚ ਹੈ। 'ਜੌਹਲ' ਨੇ ਇਸ ਵਰਤਾਰੇ ਨੂੰ 'ਰੁਦਨ' ਤੋਂ ਬਾਅਦ 'ਜਸ਼ਨ' ਦੀ ਵਿੱਥ ਦਾ ਨਾਂਅ ਦਿੰਦਿਆਂ ਪੰਜਾਬੀ ਕਵਿਤਾ ਦੀ ਨਵੀਂ ਹੱਦਬੰਦੀ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਕਿ ਇਸ ਨਵੇਂ ਦੌਰ 'ਚ ਕਵਿਤਾ ਦੀ ਜੀਵਨ ਵਿਚ ਕੀ ਭੂਮਿਕਾ ਹੋ ਸਕਦੀ ਹੈ। ਪੁਰਖਿਆਂ ਅਤੇ ਹਮਸਾਇਆ ਨਾਲ ਸੰਵਾਦ ਰਚਾਉਣਾ ਅਤੇ ਉਨ੍ਹਾਂ ਨੂੰ ਸਾਖ਼ਸ਼ਾਤ ਜ਼ਿਹਨ 'ਚ ਉਤਾਰਨਾ ਅਤੇ ਫਿਰ ਕਵਿਤਾ ਦੀ ਪੇਸ਼ਕਾਰੀ, ਇਸ ਕਾਵਿ-ਸੰਗ੍ਰਹਿ ਦੇ ਪ੍ਰਮੁੱਖ ਸਰੋਕਾਰ ਨੇ :
ਚੰਗਾ ਲੱਗੇ/ਕਵਿਤਾ ਦੇ
ਕੋਲ ਕੋਲ ਰਹਿਣਾ/ਸ਼ਬਦਾਂ ਨਾਲ
ਸੰਵਾਦ ਰਚਾਉਣਾ/ਤੇ
ਜ਼ਿੰਦਗੀ ਨੂੰ
ਕਵਿਤਾ ਬਣਾਉਣਾ..../ਚੰਗਾ ਲੱਗੇ
ਉਕਤ ਵਿਚਾਰਾਂ ਦਾ ਪ੍ਰਗਟਾਅ 'ਕਿਸ ਤਰ੍ਹਾਂ ਦੀ ਲਿਖਾਂ ਕਵਿਤਾ', 'ਕਵਿਤਾ ਵਿਚਾਰੀ', 'ਸ਼ਬਦ', 'ਚੰਗਾ ਲੱਗੇ', 'ਕੀ ਜਾਣਾ ਮੈਂ ਕੌਣ', 'ਚੰਗਾ ਲੱਗੇ' ਆਦਿ ਕਵਿਤਾਵਾਂ 'ਚ ਵੀ ਦੇਖਿਆ ਜਾ ਸਕਦਾ ਹੈ। ਜੀਵਨ ਦੀ ਗਤੀਸ਼ੀਲਤਾ, ਸਮਾਜੀ ਰਿਸ਼ਤਿਆਂ ਦੀਆਂ ਬਦਲਦੀਆਂ ਪਰਿਭਾਸ਼ਾਵਾਂ ਅਤੇ ਹੋਰ ਨਿੱਕ-ਸੁੱਕ ਇਨ੍ਹਾਂ ਕਵਿਤਾਵਾਂ 'ਚੋਂ ਦੇਖਿਆ ਜਾ ਸਕਦਾ ਹੈ। ਇਹ ਕਵਿਤਾਵਾਂ ਇਕ ਨਵੀਂ ਬਹਿਸ ਨੂੰ ਜਨਮ ਵੀ ਦੇ ਸਕਦੀਆਂ ਹਨ, ਇਸੇ ਲਈ ਕਵੀ ਨੇ 'ਬਹਿਸ ਤੋਂ ਬੇਖ਼ਬਰ' ਪੁਸਤਕ ਦਾ ਸਿਰਲੇਖ ਦਿੱਤਾ ਹੈ, ਜੋ ਢੁਕਵਾਂ ਵੀ ਅਤੇ ਆਕਰਸ਼ਿਤ ਵੀ ਕਰਦਾ ਹੈ। ਭਾਸ਼ਾ ਵੀ ਭਾਵਾਂ ਦੇ ਅਨੁਕੂਲ ਹੈ। ਲਖਵਿੰਦਰ ਜੌਹਲ ਹਮੇਸ਼ਾ ਹੀ ਗੰਭੀਰ ਪ੍ਰਸਥਿਤੀਆਂ ਨਾਲ ਜੂਝਣ ਦਾ ਹੌਸਲਾ ਕਰਦੇ ਹਨ। ਮੈਨੂੰ ਆਸ ਹੈ ਕਿ ਇਹ ਕਾਵਿ-ਪੁਸਤਕ, ਕਵਿਤਾ 'ਚ ਵਾਪਰਦੇ ਨਵੇਂ ਵਰਤਾਰਿਆਂ ਪ੍ਰਤੀ ਚਿੰਤਨਸ਼ੀਲ ਵਰਗ ਨੂੰ ਆਕਰਸ਼ਿਤ ਕਰੇਗੀ। ਆਮੀਨ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 98786-14096
ਫ ਫ ਫ

ਲੋਕ ਗੀਤਾਂ ਦਾ ਵਗਦਾ ਦਰਿਆ
ਡਾ: ਮਹਿੰਦਰ ਸਿੰਘ ਰੰਧਾਵਾ
ਲੇਖਿਕਾ : ਡਾ: ਭੂਪਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 195
ਸੰਪਰਕ : 98780-07893.

ਇਸ ਖੋਜ ਕਾਰਜ ਦੇ ਮੁੱਖ ਤੌਰ 'ਤੇ ਚਾਰ ਅਧਿਆਇ ਹਨ। ਪਹਿਲੇ ਵਿਚ ਡਾ: ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਤੇ ਵਿਅਕਤੀਤਵ ਨੂੰ ਪੇਸ਼ ਕੀਤਾ ਹੈ, ਜੋ ਉਨ੍ਹਾਂ ਦੀ ਸਵੈ-ਜੀਵਨੀ 'ਤੇ ਆਧਾਰਿਤ ਹੈ, ਜਿਸ ਵਿਚ ਮੁਢਲੇ ਜੀਵਨ ਤੋਂ ਲੈ ਕੇ ਲੰਮੇਰੇ ਸਫ਼ਰ ਤੱਕ ਦੀ ਦਾਸਤਾਂ, ਘਰੇਲੂ ਜੀਵਨ, ਸਾਹਿਤਕ ਸਫ਼ਰ ਤੇ ਵਿੱਦਿਅਕ ਸਫ਼ਰ ਆਦਿ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਹੈ। ਦੂਸਰੇ ਅਧਿਆਇ ਵਿਚ ਡਾ: ਰੰਧਾਵਾ ਦੀ ਸਮੁੱਚੀ ਸਾਹਿਤਕ (ਲੋਕ ਗੀਤ) ਦੇਣ ਨੂੰ ਉਜਾਗਰ ਕੀਤਾ ਹੈ ਤੇ ਆਲੋਚਨਾ ਦੀ ਦ੍ਰਿਸ਼ਟੀ ਤੋਂ ਨਿਰਖਿਆ-ਪਰਖਿਆ ਹੈ ਅਤੇ ਬਹੁਪੱਖੀ ਦੇਣ ਨੂੰ ਸਥਾਪਿਤ ਕੀਤਾ ਹੈ।
ਡਾ: ਮਹਿੰਦਰ ਸਿੰਘ ਰੰਧਾਵਾ ਦੀ ਲੋਕ ਗੀਤਾਂ ਦੇ ਖੇਤਰ ਵਿਚ ਜੋ ਵਿਲੱਖਣ ਦੇਣ ਤੇ ਸਥਾਨ ਹੈ, ਬਾਰੇ ਸਮੁੱਚੀਆਂ ਵਿਸ਼ੇਸ਼ਤਾਵਾਂ ਨੂੰ ਉਘਾੜ ਕੇ ਡਾ: ਭੂਪਿੰਦਰ ਕੌਰ ਨੇ ਉਨ੍ਹਾਂ ਦੇ ਲੋਕ ਗੀਤਾਂ ਦੇ ਸੰਗ੍ਰਹਿ ਤੇ ਪੰਜਾਬ ਦੇ ਲੋਕ ਗੀਤ ਵਿਚ ਰਿਸ਼ਤਾ ਦਰਸਾ ਕੇ ਡਾ: ਰੰਧਾਵਾ ਦੀ ਲੋਕ ਗੀਤਾਂ ਦੀ ਸਾਂਭ-ਸੰਭਾਲ ਨੂੰ ਬਾਖੂਬੀ ਉਜਾਗਰ ਕੀਤਾ ਹੈ, ਜੋ ਸਾਡਾ ਸਭ ਤੋਂ ਅਮੀਰ ਵਿਰਸਾ ਹੈ ਤੇ ਅਜੋਕੀ ਪੀੜ੍ਹੀ ਜਿਸ ਤੋਂ ਬੇਮੁੱਖ ਹੁੰਦੀ ਜਾ ਰਹੀ ਹੈ।
ਚੌਥੇ ਅਧਿਆਇ ਵਿਚ ਡਾ: ਮਹਿੰਦਰ ਸਿੰਘ ਰੰਧਾਵਾ ਦੇ ਲੋਕ ਗੀਤਾਂ ਦੇ ਸੰਗ੍ਰਹਿਆਂ ਦੇ ਵਿਸ਼ੇ ਤੇ ਸੰਦਰਭ ਨੂੰ ਆਲੋਚਨਾ ਦਾ ਆਧਾਰ ਬਣਾਇਆ ਹੈ ਅਤੇ ਲੋਕ ਗੀਤਾਂ ਦੀ ਸਮਾਜਿਕ ਸਾਰਥਿਕਤਾ ਦਾ ਮੁਲਾਂਕਣ ਕਰਕੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਹਨ। ਇਸ ਭਾਗ ਨੂੰ ਅੱਗੋਂ ਮੈਦਾਨੀ ਲੋਕ ਗੀਤ ਤੇ ਪਹਾੜੀ ਲੋਕ ਗੀਤ ਦੋ ਹਿੱਸਿਆਂ ਵਿਚ ਪੇਸ਼ ਕੀਤਾ ਹੈ। ਮੈਦਾਨੀ ਲੋਕ ਗੀਤਾਂ ਵਿਚ ਪੰਜਾਬ ਤੇ ਹਰਿਆਣੇ ਦੇ ਲੋਕ ਗੀਤ ਆ ਜਾਂਦੇ ਹਨ ਅਤੇ ਪਹਾੜੀ ਲੋਕ ਗੀਤਾਂ ਵਿਚ ਕਾਂਗੜੇ ਤੇ ਕੁੱਲੂ ਦੇ ਲੋਕ ਗੀਤ। ਇਨ੍ਹਾਂ ਸਾਰਿਆਂ ਦਾ ਵਿਸ਼ੇ ਤੇ ਸੰਦਰਭ ਦੇ ਪੱਖ ਤੋਂ ਡੂੰਘਾ ਅਧਿਐਨ ਕਰਕੇ ਸੁਚੱਜੀ ਵਿਚਾਰਧਾਰਾ ਸਥਾਪਿਤ ਕੀਤੀ ਹੈ।

ਂਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.
ਫ ਫ ਫ

ਵਿਸਰ ਰਹੇ ਪੰਜਾਬੀ ਅਖਾਣ
ਲੇਖਕ : ਪ੍ਰਿੰ: ਸੇਵਾ ਸਿੰਘ ਕੌੜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 228
ਸੰਪਰਕ : 98150-66035.

ਵਿਚਾਰ ਅਧੀਨ ਪੁਸਤਕ ਪ੍ਰਿੰ: ਕੌੜਾ ਦੀ ਪੰਜਾਬੀ ਅਖਾਣਾਂ ਬਾਰੇ ਨਿਵੇਕਲੀ ਖੋਜ ਵਿਧੀ ਰਾਹੀਂ ਤਿਆਰ ਕੀਤੀ ਪੁਸਤਕ ਹੈ। ਅਖਾਣ ਜਿਨ੍ਹਾਂ ਨੂੰ ਅਖੌਤਾਂ ਅਤੇ ਲੋਕੋਕਤੀਆਂ ਜਾਂ ਲੋਕ ਸਿਆਣਪਾਂ ਵੀ ਕਿਹਾ ਜਾਂਦਾ ਹੈ, ਪੰਜਾਬੀ ਲੋਕ ਸਾਹਿਤ ਦਾ ਇਕ ਵਿਸ਼ੇਸ਼ ਰੂਪ ਹਨ, ਜੋ ਲੋਕਾਂ ਦੇ ਸਦੀਆਂ ੇਦੇ ਕਮਾਏ ਤਜਰਬੇ ਅਤੇ ਜੀਵਨ ਦੀਆਂ ਅਟੱਲ ਸਚਾਈਆਂ ਨੂੰ ਲੋਕਾਂ ਅੱਗੇ ਉਘਾੜ ਕੇ ਪੇਸ਼ ਕਰਦੇ ਹਨ। ਇਹ ਉਹ ਬੇਸ਼ਕੀਮਤੀ ਹੀਰੇ ਮੋਤੀਆਂ ਦੀਆਂ ਲੜੀਆਂ ਹਨ, ਜਿਨ੍ਹਾਂ ਵਿਚ ਜੀਵਨ ਤੱਤ ਪਰੋਏ ਹੁੰਦੇ ਹਨ। ਲੋਕ ਗੀਤਾਂ ਵਾਂਗ ਅਖਾਣ ਵੀ ਕਿਸੇ ਵਿਸੇਸ਼ ਵਿਅਕਤੀ ਦੀ ਰਚਨਾ ਨਹੀਂ ਹੁੰਦੇ, ਬਲਕਿ ਇਹ ਸਮੁੱਚੀ ਕੌਮ/ਜਾਤੀ ਦੇ ਸਦੀਆਂ ਦੇ ਕਮਾਏ ਹੋਏ ਅਨੁਭਵ ਨੂੰ ਸਮੇਂ ਦੀ ਕੁਠਾਲੀ ਵਿਚ ਸੋਧ ਕੇ ਜੀਵਨ ਪ੍ਰਵਾਹ ਵਿਚ ਰਲ ਜਾਂਦੇ ਹਨ। ਇਹ ਹਜ਼ਾਰਾਂ ਦੀ ਗਿਣਤੀ ਵਿਚ ਉਪਲਬਧ ਹਨ, ਜਿਨ੍ਹਾਂ ਵਿਚ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਵਿਦਮਾਨ ਹੈ।
ਲੇਖਕ ਨੇ ਆਪ ਪ੍ਰਚਲਤ ਅਖਾਣਾਂ ਵਿਚੋਂ ਅਜਿਹੇ 500 ਦੇ ਕਰੀਬ ਅਖਾਣ ਚੁਣੇ ਹਨ, ਜਿਨ੍ਹਾਂ ਵਿਚ ਉਰਦੂ, ਫਾਰਸੀ, ਅਰਬੀ ਅਤੇ ਸੰਸਕ੍ਰਿਤ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਅਜੋਕੀ ਪੀੜ੍ਹੀ ਸਮਝ ਨਹੀਂ ਸਕਦੀ। ਵਿਦਵਾਨ ਲੇਖਕ ਨੇ ਗੁਰਮੁਖੀ ਵਰਣਮਾਲਾ ਦੇ ਅੱਖਰਾਂ ਦੇ ਕ੍ਰਮ ਅਨੁਸਾਰ ਅਖਾਣਾਂ ਨੂੰ ਤਰਤੀਬ ਦੇ ਕੇ ਅਖਾਣਾਂ ਵਿਚ ਆਏ ਔਖੇ ਸ਼ਬਦਾਂ ਦੇ ਅਰਥ, ਅਖਾਣ ਦੇ ਭਾਵਅਰਥ ਤੋਂ ਇਲਾਵਾ ਇਹ ਵੀ ਵਿਸਥਾਰਪੂਰਵਕ ਸਮਝਿਆ ਹੈ ਕਿ ਸਬੰਧਤ ਅਖਾਣ ਦੀ ਵਰਤੋਂ ਕਦੋਂ ਤੇ ਕਿਸ ਸਥਿਤੀ ਵਿਚ ਕੀਤੀ ਜਾਂਦੀ ਹੈ। ਇਹ ਬਹੁਤ ਹੀ ਲਗਨ ਅਤੇ ਸਿਰੜ ਵਾਲਾ ਖੋਜ-ਭਰਪੂਰ ਕਾਰਜ ਹੈ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਉਪਭੋਗਤਾ ਕਾਨੂੰਨ ਅਤੇ ਅਧਿਕਾਰ
ਲੇਖਕ : ਐਡਵੋਕੇਟ ਰਾਜੀਵ ਲੋਹਟਬੱਦੀ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 94172-45123.

ਐਡਵੋਕੇਟ ਰਾਜੀਵ ਲੋਹਟਬੱਦੀ ਨੇ ਹਰੇਕ ਪੱਖ ਤੋਂ ਸਮਾਜ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ। ਲੇਖਕ ਦਾ ਮੁੱਖ ਮੰਤਵ ਆਮ ਖਪਤਕਾਰਾਂ ਦਾ ਆਪਣੇ ਅਧਿਕਾਰਾਂ ਪ੍ਰਤੀ ਅਨਜਾਣ ਹੋਣਾ ਅਤੇ ਇਸ ਦੀ ਆੜ ਹੇਠ ਸਰਮਾਏਦਾਰ ਜੁੰਡਲੀ ਵੱਲੋਂ ਉਨ੍ਹਾਂ ਦੀ ਹੁੰਦੀ ਖੁੱਲ੍ਹੀ ਲੁੱਟ ਦੀ ਪੋਲ ਖੋਲ੍ਹ ਕੇ ਖਪਤਕਾਰਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਕਰਨਾ ਹੈ।
ਪੁਸਤਕ ਵਿਚ ਉਪਭੋਗਤਾ ਸੁਰੱਖਿਆ ਤੇ ਕਾਨੂੰਨ, ਅਦਾਲਤਾਂ, ਗੁਮਰਾਹਕੁੰਨ ਇਸ਼ਤਿਹਾਰਬਾਜ਼ੀ, ਬੀਮਾ ਕਾਰੋਬਾਰ, ਮਹੱਤਵਪੂਰਨ ਫਾਰਮਾਂ, ਜਾਇਦਾਦ ਦੀ ਖਰੀਦ ਨਾਲ ਜੁੜੇ ਰੀਅਲ ਅਸਟੇਟ ਐਕਟਾਂ ਅਤੇ ਲੋਕਪਾਲ ਤੇ ਲੋਕ ਆਯੁਕਤ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਹੈ। ਨਾਲ-ਨਾਲ ਬੈਂਕਿੰਗ, ਇਲਾਜ ਪ੍ਰਣਾਲੀ ਬਾਰੇ ਵੀ ਲੋੜੀਂਦੀ ਜਾਣਕਾਰੀ ਫਰਾਹਮ ਕਰਨ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਕਿਸੇ ਸ਼ਿਕਾਇਤ ਦੀ ਸੂਰਤ ਵਿਚ ਰਿਪੋਰਟ ਦਰਜ ਕਰਾਉਣ ਸਬੰਧੀ ਕਿਹੜੇ ਫਾਰਮ ਕਿਵੇਂ ਭਰਨੇ ਹਨ, ਇਸ ਬਾਰੇ ਪੰਨਾ 120 ਤੋਂ ਲੈ ਕੇ ਪੰਨਾ 132 ਤੱਕ ਦਿੱਤੇ ਖਾਕੇ ਬੜੇ ਮੁਫ਼ੀਦ ਹੋ ਸਕਦੇ ਹਨ।
ਪੁਸਤਕ ਵਿਚ ਕਈ ਉਪਭੋਗਤਾ ਕੇਸਾਂ ਦੇ ਨਿਪਟਾਰਿਆਂ ਦਾ ਵੀ ਜ਼ਿਕਰ ਹੈ ਜਿਵੇਂ ਸੱਤੂ ਦੀ ਪ੍ਰੇਸ਼ਾਨੀ ਘੱਟ ਨਾ ਹੋਈ। ਉਸ ਨੂੰ ਉਪਭੋਗਤਾ ਅਦਾਲਤ ਜਾਣਾ ਪਿਆ, ਜਿਥੇ ਉਸ ਨੂੰ ਰਾਹਤ ਮਿਲੀ। (ਪੰਨਾ 110)।
ਆਈ.ਐਸ.ਆਈ. ਸਟੈਂਡਰਡ ਬਿਊਰੋ, ਐਗਮਾਰਕ, ਬੀ.ਈ.ਈ., ਖੁਰਾਕੀ ਵਸਤਾਂ ਵਿਚ ਮਿਲਾਵਟ ਦੇ ਕੇਸਾਂ ਬਾਰੇ ਕਾਨੂੰਨੀ ਮਦਦ ਸਬੰਧੀ ਪੰਨਾ 84 ਤੋਂ ਲੈ ਕੇ 95 ਤੱਕ ਦਿੱਤੀ ਜਾਣਕਾਰੀ ਤੋਂ ਹਰ ਖਪਤਕਾਰ ਲਾਹਾ ਪ੍ਰਾਪਤ ਕਰ ਸਕਦਾ ਹੈ। ਕੁਝ ਅਦਾਲਤੀ ਫ਼ੈਸਲਿਆਂ ਦਾ ਤਜ਼ਕਰਾ, ਸ਼ਹਿਰੀ ਤੇ ਪੇਂਡੂ ਮੰਡੀਕਰਨ ਬਾਰੇ ਯਾਨੀ ਕਿ ਉਪਭੋਗਤਾ ਕਾਨੂੰਨਾਂ ਅਤੇ ਖਪਤਕਾਰਾਂ ਦੇ ਹੱਕ ਹਕੂਕ ਬਾਰੇ ਤਮਾਮ ਜਾਣਕਾਰੀ ਇਸ ਪੁਸਤਕ ਵਿਚ ਦਿੱਤੀ ਗਈ ਹੈ।

ਂਤੀਰਥ ਸਿੰਘ ਢਿੱਲੋਂ
ਵਜਗ਼ਵੀਤਜਅਪੀਦੀਜ;;ਰਅ੦੪0ਪਠ਼ਜ;.ਫਰਠ
ਫ ਫ ਫ

ਪੰਥ ਰਤਨ
ਗਿਆਨੀ ਦਿੱਤ ਸਿੰਘ
ਸੰਪਾਦਕ : ਗੁਰਪ੍ਰੀਤ ਸਿੰਘ ਤਲਵੰਡੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 101
ਸੰਪਰਕ : 98144-51414.

'ਪੰਥ ਰਤਨ ਗਿਆਨ ਦਿੱਤ ਸਿੰਘ' ਗੁਰਪ੍ਰੀਤ ਸਿੰਘ ਤਲਵੰਡੀ ਦੁਆਰਾ ਸੰਪਾਦਿਤ ਕੀਤੀ ਅਜਿਹੀ ਪੁਸਤਕ ਹੈ, ਜਿਸ ਵਿਚ ਸੰਪਾਦਕ ਸਹਿਤ ਦੋ ਹੋਰ ਵਿਦਵਾਨਾਂ ਡਾ: ਸੰਦੀਪ ਕੌਰ ਸੇਖੋਂ ਅਤੇ ਸਰਪੰਚ ਕਰਤਿੰਦਰਪਾਲ ਸਿੰਘ ਸਿੰਘਪੁਰਾ ਦੇ ਗਿਆਨੀ ਦਿੱਤ ਸਿੰਘ ਦੀ ਸਮਾਜ ਅਤੇ ਸਿੱਖ ਕੌਮ ਨੂੰ ਦਿੱਤੀ ਦੇਣ ਅਤੇ ਘਾਲੀ ਘਾਲਣਾ ਨੂੰ ਪੇਸ਼ ਕਰਦੇ ਖੋਜ-ਪੱਤਰਾਂ ਦਾ ਸੰਕਲਨ ਕੀਤਾ ਗਿਆ ਹੈ।
ਇਹ ਖੋਜ-ਪੱਤਰ 2004 ਈ: ਤੋਂ ਲੈ ਕੇ 2015 ਤੱਕ ਗਿਆਨੀ ਦਿੱਤ ਸਿੰਘ ਦੀ ਯਾਦ ਵਿਚ ਹੋਏ ਵੱਖ-ਵੱਖ ਸਮਾਗਮਾਂ ਵਿਚ ਪੇਸ਼ ਕੀਤੇ ਗਏ ਹਨ। ਪੁਸਤਕ ਵਿਚ ਸ਼ਾਮਿਲ ਖੋਜ-ਪੱਤਰਾਂ ਵਿਚ ਗਿਆਨੀ ਦਿੱਤ ਸਿੰਘ ਦੇ ਜੀਵਨ ਬਿਓਰੇ, ਕੁਝ ਮੌਲਿਕ ਰਚਨਾਵਾਂ ਅਤੇ ਖੋਜ-ਪੱਤਰਾਂ ਸਮੇਤ ਗੁਰਪ੍ਰੀਤ ਸਿੰਘ ਤਲਵੰਡੀ ਦੇ 5 ਖੋਜ-ਪੱਤਰ, ਸਰਪੰਚ ਕਰਤਿੰਦਰਪਾਲ ਸਿੰਘ ਦੇ 2 ਖੋਜ-ਪੱਤਰ ਅਤੇ ਡਾ: ਸੰਦੀਪ ਕੌਰ ਸੇਖੋਂ ਦੇ 12 ਖੋਜ-ਪੱਤਰ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ 19 ਖੋਜ-ਪੱਤਰਾਂ ਵਿਚ ਗਿਆਨੀ ਦਿੱਤ ਦੁਆਰਾ ਸਿੰਘ ਸਭਾ ਲਹਿਰ ਵਿਚ ਪਾਏ ਯੋਗਦਾਨ ਅਤੇ ਸਿੱਖ ਧਰਮ ਨੂੰ ਜਿਥੇ ਬਾਹਰੀ ਤਾਕਤਾਂ ਤੋਂ ਮੁਕਤ ਕਰਵਾਉਣ ਲਈ ਕੀਤੀ ਘਾਲ ਕਮਾਈ ਦਾ ਜ਼ਿਕਰ ਹੈ, ਉਥੇ ਖਾਲਸਾ ਕਾਲਜ ਵਰਗੀ ਅਮੀਰ ਵਿਦਿਅਕ ਸੰਸਥਾ ਦੀ ਸਥਾਪਤੀ ਦਾ ਬਿਰਤਾਂਤ ਵੀ ਇਸ ਪੁਸਤਕ ਵਿਚਲੇ ਖੋਜ-ਪੱਤਰਾਂ ਵਿਚ ਪੇਸ਼ ਹੈ। ਗਿਆਨੀ ਦਿੱਤ ਸਿੰਘ 'ਖਾਲਸਾ ਅਖ਼ਬਾਰ' ਦੇ 14 ਸਾਲ ਸੰਪਾਦਕ ਰਹੇ।
ਉਨ੍ਹਾਂ ਨੇ ਆਪਣੇ ਪ੍ਰਤੀ ਸੁਚੇਤ ਕਰਨ ਲਈ ਸੰਪਾਦਕੀ ਲੇਖ ਲਿਖੇ, ਜਿਨ੍ਹਾਂ ਲੇਖਾਂ ਵਿਚ ਸਿੱਖਾਂ ਨੂੰ ਆਪਣੇ ਧਰਮ ਵਿਚ ਆ ਰਹੀਆਂ ਕੁਰੀਤੀਆਂ ਅਤੇ ਗਿਰਾਵਟਾਂ ਨੂੰ ਦੂਰ ਕਰਨ ਲਈ ਅਪੀਲਾਂ ਕੀਤੀਆਂ। ਇਸ ਪੁਸਤਕ ਵਿਚ ਗਿਆਨੀ ਜੀ ਦੀਆਂ ਸਵਾਮੀ ਦਯਾਨੰਦ ਜੀ ਨਾਲ ਤਿੰਨ ਦਿਲਚਸਪ ਬਹਿਸਾਂ ਵੀ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿਚ ਅਧਿਆਤਮਿਕਤਾ ਦੇ ਪ੍ਰਸੰਗ ਵਿਚ ਭਰਪੂਰ ਚਰਚਾ ਹੋਈ ਮਿਲਦੀ ਹੈ। ਤਕਰੀਬਨ ਇਸ ਪੁਸਤਕ ਵਿਚਲਾ ਹਰੇਕ ਖੋਜ-ਪੱਤਰ ਗਿਆਨੀ ਜੀ ਦੀ ਸ਼ਖ਼ਸੀਅਤ ਦੇ ਕਿਸੇ ਨਾ ਕਿਸੇ ਪੱਖ ਨੂੰ ਉੱਭਰਵੇਂ ਰੂਪ ਵਿਚ ਪੇਸ਼ ਕਰਦਿਆਂ ਉਨ੍ਹਾਂ ਦੀ ਸਮੁੱਚੀ ਦੇਣ ਨੂੰ ਬਾਖੂਬੀ ਪੇਸ਼ ਕਰਦਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਗਾਂਧੀ ਜੀ ਦੀਆਂ ਸਿਮਰਤੀਆਂ
ਲੇਖਕ : ਗਿਆਨੀ ਹੀਰਾ ਸਿੰਘ ਦਰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 46
ਸੰਪਰਕ : 0172-4608699.

ਗਿਆਨੀ ਹੀਰਾ ਸਿੰਘ ਦਰਦ ਉੱਘੇ ਸਾਹਿਤਕਾਰ ਦੇ ਨਾਲ-ਨਾਲ ਸੱਚੇ-ਸੁੱਚੇ ਦੇਸ਼ ਭਗਤ ਵੀ ਸਨ, ਜਿਨ੍ਹਾਂ ਨੇ ਸਾਹਿਤਕਾਰੀ ਦੇ ਨਾਲ-ਨਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੀ ਵੱਡਾ ਯੋਗਦਾਨ ਪਾਇਆ। ਇਸ ਪੁਸਤਕ ਵਿਚ ਉਨ੍ਹਾਂ ਨੇ ਗਾਂਧੀ ਜੀ ਨਾਲ ਹੋਈਆਂ ਮੁਲਾਕਾਤਾਂ ਦੇ ਆਧਾਰ 'ਤੇ ਗਾਂਧੀਵਾਦ ਬਾਰੇ ਕੁਝ ਤਰਕ ਤੇ ਨਿਰਣੇ ਕੱਢੇ ਹਨ, ਜੋ ਉਨ੍ਹਾਂ ਦੀ ਤਰਕਵਾਦੀ ਪ੍ਰਵਿਰਤੀ ਦੇ ਸੂਚਕ ਹਨ।
ਉਨ੍ਹਾਂ ਦਾ ਗਾਂਧੀ ਜੀ ਨਾਲ ਪਹਿਲਾ ਰਿਸ਼ਤਾ ਸ਼ਰਧਾ ਅਤੇ ਪਿਆਰ ਦਾ ਹੈ। ਉਹ ਗਾਂਧੀ ਜੀ ਜਿਹੇ ਮਨੁੱਖ ਨੂੰ ਆਪਣਾ ਆਦਰਸ਼ ਮੰਨਦੇ ਹਨ। ਗਾਂਧੀ ਜੀ ਦੇ ਵਿਅਕਤਿਤਵ ਬਾਰੇ ਉਹ ਖ਼ੁਦ ਲਿਖਦੇ ਹਨ, 'ਗਾਂਧੀ ਜੀ ਦੀ ਆਵਾਜ਼ ਨਿਰੀ ਆਵਾਜ਼ ਹੀ ਨਹੀਂ ਸੀ, ਉਸ ਵਿਚ ਅਮਲ ਦੀ ਸ਼ਕਤੀ ਗੂੰਜਦੀ ਸੀ। ਅਮਲ ਦੀ ਸ਼ਕਤੀ ਵਾਲੀ ਆਵਾਜ਼ ਭਾਵੇਂ ਮੱਧਮ ਹੋਵੇ ਪਰ ਉਸ ਵਿਚ ਬੜਾ ਬਲ ਹੁੰਦਾ ਹੈ।' ਇਸ ਤਰ੍ਹਾਂ ਉਹ ਗਾਂਧੀ ਜੀ ਦੀ ਮਿਕਨਾਤੀਸੀ ਸ਼ਖ਼ਸੀਅਤ ਦੇ ਬਹੁਤ ਵੱਡੇ ਮੱਦਾਹ ਸਨ। ਉਹ ਗਾਂਧੀ ਜੀ ਦੇ ਅਨੁਸ਼ਾਸਨ, ਸਾਦੀ ਰਹਿਣੀ-ਬਹਿਣੀ ਤੇ ਸਮੇਂ ਦੇ ਪਾਬੰਦ ਹੋਣ ਜਿਹੇ ਗੁਣਾਂ ਕਰਕੇ ਉਨ੍ਹਾਂ ਦੇ ਕਾਇਲ ਸਨ। ਪਰ ਅਹਿੰਸਾ, ਸੱਤਵਾਦ ਤੇ ਭੁੱਖ ਹੜਤਾਲ ਰਾਹੀਂ ਹੀ ਇਨਕਲਾਬ ਆਵੇ, ਇਹ ਜ਼ਰੂਰੀ ਨਹੀਂ ਸੀ।
ਹੌਲੀ-ਹੌਲੀ ਗਾਂਧੀ ਜੀ ਦੇ ਸੰਪਰਕ ਵਿਚ ਆਉਣ 'ਤੇ ਲੇਖਕ ਉਨ੍ਹਾਂ ਦੇ ਧਾਰਮਿਕ ਤੇ ਮਜ਼੍ਹਬੀ ਆਸ਼ਿਆਂ ਨਾਲ ਤਰਕ ਦੇ ਕਸਵੱਟੀ 'ਤੇ ਮਤਭੇਦ ਵੀ ਜ਼ਾਹਰ ਕਰਨ ਲੱਗ ਪਿਆ ਸੀ। ਉਹ ਗਾਂਧੀਵਾਦ ਨੂੰ ਮਜ਼੍ਹਬੀ ਤੇ ਸੁਧਾਰਵਾਦੀ ਲਹਿਰ ਸਮਝਦਾ ਸੀ, ਜਿਸ 'ਤੇ ਅਮਲ ਕਰਦਿਆਂ ਗਾਂਧੀ ਜੀ ਰਾਜਸੀ ਨੇਤਾ ਬਣਨ ਲਈ ਵੀ ਯਤਨ ਕਰਦੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਗਾਂਧੀ ਜੀ ਮਹਾਂਪੁਰਖ ਜ਼ਰੂਰ ਹਨ ਪਰ ਉਹ ਅਭੁੱਲ ਨਹੀਂ ਹੋ ਸਕਦੇ। ਉਹ ਵੀ ਭੁੱਲਾਂ ਕਰ ਸਕਦੇ ਹਨ। ਇਸੇ ਲਈ ਇਸ ਪੈਂਫਲਿਟ ਦੇ ਅੰਤ ਵਿਚ ਉਨ੍ਹਾਂ ਗਾਂਧੀਇਜ਼ਮ ਦੇ ਤੱਥਾਂ ਅਤੇ ਕੱਥਾਂ ਬਾਰੇ ਆਪਣੇ ਸ਼ੰਕੇ ਵੀ ਪ੍ਰਗਟ ਕੀਤੇ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

25/02/2017

 ਗਿ: ਦਿੱਤ ਸਿੰਘ ਰਚਨਾਵਲੀ ਧਰਮ ਅਤੇ ਫ਼ਲਸਫ਼ਾ
ਸੰਪਾਦਕ : ਡਾ: ਇੰਦਰਜੀਤ ਸਿੰਘ ਗੋਗੋਆਣੀ
ਪ੍ਰਕਾਸ਼ਕ : ਭਾ: ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 264
ਸੰਪਰਕ : 0183-5011003.

ਆਰੀਆ ਸਮਾਜ, ਗੁਲਾਬ ਦਾਸੀ ਪਰੰਪਰਾ ਤੇ ਸਨਾਤਨੀ ਗ੍ਰੰਥਾਂ ਦੇ ਸੰਗ ਸਾਥ ਵਿਚ ਨਿਰੰਤਰ ਧਰਮ ਤੇ ਗਿਆਨ ਦੇ ਮਾਰਗ 'ਤੇ ਅੱਗੇ ਵਧਦੇ ਹੋਏ ਗਿ: ਦਿੱਤ ਸਿੰਘ ਸਿੱਖ ਸਿਧਾਂਤਾਂ ਦੇ ਪ੍ਰਮਾਣਿਕ ਤੇ ਸ਼ਕਤੀਸ਼ਾਲੀ ਵਿਆਖਿਆਕਾਰ ਵਜੋਂ ਪ੍ਰਵਾਨ ਹੋਇਆ। ਵਾਦ-ਵਿਵਾਦ, ਸ਼ਾਸਤਰਾਰਥ ਤੇ ਮਜ਼੍ਹਬੀ ਭੇੜ ਦੇ 19ਵੀਂ ਸਦੀ ਦੇ ਅੰਤਲੇ ਤੇ 20ਵੀਂ ਸਦੀ ਦੇ ਆਰੰਭਿਕ ਵਰ੍ਹਿਆਂ ਵਿਚ ਉਸ ਨੇ ਗੁਰੂਆਂ ਦੁਆਰਾ ਦ੍ਰਿੜ੍ਹਾਏ ਸਮਝਾਏ ਸਿੱਖ ਸਿਧਾਂਤਾਂ ਤੋਂ ਭਟਕੇ ਭਟਕਾਏ ਪੰਜਾਬੀਆਂ ਨੂੰ ਸੁਚੇਤ ਕਰਕੇ ਸਹੀ ਰਸਤੇ 'ਤੇ ਤੋਰਿਆ। ਸਿੱਖੀ ਸਿਧਾਂਤ ਤੇ ਵਿਹਾਰ ਵਿਚ ਆ ਰਹੀਆਂ ਕੁਰੀਤੀਆਂ ਨੂੰ ਗੁਰਬਾਣੀ ਦੇ ਪ੍ਰਮਾਣਾਂ ਨਾਲ ਰੱਦ ਕੀਤਾ। ਸਿੱਖੀ ਦੇ ਨਿਆਰੇਪਣ ਨੂੰ ਨਿਖਾਰ ਕੇ ਪੇਸ਼ ਕੀਤਾ। ਸਿੱਖ ਧਰਮ ਤੇ ਫ਼ਲਸਫ਼ੇ ਬਾਰੇ ਉਸ ਨੇ ਕਵਿਤਾ ਤੇ ਵਾਰਤਕ ਵਿਚ ਕਿੰਨੀਆਂ ਹੀ ਪੁਸਤਕਾਂ ਤੇ ਪੈਂਫਲਿਟ ਲਿਖੇ। ਉਨ੍ਹਾਂ ਵਿਚੋਂ ਚਾਰ ਦਾ ਮੂਲ ਪਾਠ ਸੰਪਾਦਿਤ ਕਰਕੇ ਇਸ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ।
ਦੋ ਗੱਲਾਂ ਕਾਰਨ ਇਸ ਯਤਨ ਦੀ ਵਿਸ਼ੇਸ਼ ਸਾਰਥਿਕਤਾ ਹੈ। ਪਹਿਲੀ ਇਹ ਕਿ ਲਗਪਗ ਇਕ ਸਦੀ ਜਾਂ ਇਸ ਤੋਂ ਵੀ ਪਹਿਲਾਂ ਲਿਖੀਆਂ ਛਪੀਆਂ ਇਹ ਪੁਸਤਕਾਂ ਹੁਣ ਕੇਵਲ ਲਾਇਬ੍ਰੇਰੀਆਂ ਵਿਚ ਹੀ ਵਿਰਲੀਆਂ ਟਾਵੀਆਂ ਪ੍ਰਾਪਤ ਹਨ। ਦੂਜੀ ਇਹ ਕਿ ਸਿੱਖੀ ਦਾ ਨਿਆਰਾ ਤੇ ਸਰਲ ਮਾਰਗ ਧਰਮ ਦੇ ਨਾਂਅ 'ਤੇ ਧੰਦਾ ਤੇ ਦੁਕਾਨਦਾਰੀ ਕਰਨ ਵਾਲਿਆਂ ਨੂੰ ਚੁੱਭਦਾ ਹੈ। ਉਹ ਨਿਰੰਤਰ ਇਸ ਨੂੰ ਵਿਕ੍ਰਿਤ ਕਰਨ ਵਿਚ ਲੱਗੇ ਰਹਿੰਦੇ ਹਨ। ਕਰਮਕਾਂਡ, ਜਾਤ-ਪਾਤ, ਅਨਿਆਂ ਤੇ ਵਿਤਕਰਿਆਂ ਵਿਰੁੱਧ ਬਗਾਵਤ ਦੀ ਇਸ ਦੀ ਆਵਾਜ਼ ਕਰਮਕਾਂਡ, ਜਾਤ-ਪਾਤ, ਮੂਰਤੀ ਪੂਜਾ ਤੇ ਅਨਿਆਂ ਉੱਤੇ ਖੜ੍ਹੇ, ਭਾਰਤ ਦੇ ਬਹੁਗਿਣਤੀ ਵਰਗ ਨੂੰ ਅੱਜ ਵੀ ਓਨੀ ਹੀ ਚੁੱਭਦੀ ਹੈ, ਜਿੰਨੀ ਰਣਜੀਤ ਨਗਾਰੇ ਦੀ ਗੂੰਜ ਪਹਾੜੀ ਰਾਜਿਆਂ ਅਤੇ ਦਿੱਲੀ ਦੇ ਤਖ਼ਤ ਨੂੰ ਚੁੱਭਦੀ ਸੀ। ਨਕਲੀ ਸਿੱਖ ਪ੍ਰਬੰਧ, ਗੁਰਮਤਿ ਆਰਤੀ ਪ੍ਰਬੋਧ, ਧਰਮ ਦਰਪਨ, ਡਰਪੋਕ ਸਿੰਘ ਤੇ ਦਲੇਰ ਸਿੰਘ ਨਾਂਅ ਦੀਆਂ ਚਾਰ ਪੁਸਤਕਾਂ ਇਸ ਗ੍ਰੰਥ ਵਿਚ ਪ੍ਰਾਪਤ ਹਨ। ਨਾਟਕੀ ਮਾਹੌਲ ਵਾਲਾ ਵਾਰਤਾਲਾਪ ਸਿਰਜ ਕੇ ਇਨ੍ਹਾਂ ਵਿਚ ਲੇਖਕ ਨੇ ਆਪਣੀ ਗੱਲ ਸਫਲਤਾ ਨਾਲ ਪ੍ਰਭਾਵਸ਼ਾਲੀ ਰੂਪ ਵਿਚ ਕਹੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਮਿੱਤਰ ਪਿਆਰੇ ਨੂੰ
ਸ਼ਾਇਰਾ : ਸੁਰਿੰਦਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 95010-73600.

ਜਦੋਂ ਕੋਈ ਆਪਣਾ ਪਿਆਰਾ ਦੂਰ ਚਲਾ ਜਾਏ ਤਾਂ ਦਿਲ ਦਾ ਦਰਦ ਜ਼ਮੀਨ ਅਸਮਾਨ ਹੋ ਜਾਂਦਾ ਹੈ ਤੇ ਇਸੇ ਦਰਦ ਨੂੰ ਜ਼ਬਾਨ ਦੇ ਰਹੀ ਪੁਸਤਕ ਹੈ ਸੁਰਿੰਦਰ ਸੈਣੀ ਦੀ ਤੀਸਰੀ ਕਾਵਿ ਪੁਸਤਕ 'ਮਿੱਤਰ ਪਿਆਰੇ ਨੂੰ'।
ਆਪਣੇ ਦਰਦ ਨੂੰ ਸ਼ਬਦਾਂ ਵਿਚ ਢਾਲਣ ਲਈ ਸ਼ਾਇਰਾ ਨੇ ਕੋਈ ਚੌਖਟਾ ਨਿਰਧਾਰਤ ਨਹੀਂ ਕੀਤਾ ਅਰਥਾਤ ਕਿਸੇ ਵਿਧਾ ਦਾ ਪ੍ਰਗਟਾਵਾ ਨਹੀਂ ਕੀਤਾ। ਫਿਰ ਵੀ ਸ਼ਬਦਾਂ ਦੀ ਤਰਤੀਬ ਤੇ ਉਸ ਦੀਆਂ ਕੋਸ਼ਿਸ਼ਾਂ ਦੇ ਆਧਾਰ 'ਤੇ ਇਨ੍ਹਾਂ ਰਚਨਾਵਾਂ ਨੂੰ ਗ਼ਜ਼ਲਾਂ ਦੇ ਕਰੀਬ ਮੰਨਿਆ ਜਾ ਸਕਦਾ ਹੈ। ਸੈਣੀ ਵਿਛੋੜੇ ਦੀ ਅੱਗ ਵਿਚ ਭਸਮ ਹੈ ਤੇ ਇਸ ਦੀ ਰਾਖ਼ ਦੀ ਸਿਆਹੀ ਉਸ ਦੇ ਦਰਦ ਨੂੰ ਕਵਿਤਾ ਦੇ ਰੂਪ ਵਿਚ ਕਾਗਜ਼ਾਂ 'ਤੇ ਹੋਰ ਗੂੜ੍ਹਾ ਕਰਦੀ ਹੈ। ਉਂਝ ਸ਼ਾਇਰਾ ਨੇ ਹਾਲਾਤ ਨਾਲ ਜੂਝਣਾ ਸਿੱਖ ਲਿਆ ਹੈ ਤੇ ਇਨ੍ਹਾਂ ਕਵਿਤਾਵਾਂ ਵਿਚ ਉਹ ਸਿਰਫ ਪ੍ਰਸਥਿਤੀਆਂ ਨੂੰ ਆਪਣੇ ਢੰਗ ਨਾਲ ਮਾਣਨਾ ਲੋਚਦੀ ਹੈ।
ਆਪਣੀ ਕਵਿਤਾ 'ਮਿੱਠਾ ਹੁਲਾਰਾ' ਵਿਚ ਉਹ ਆਪਣੇ ਦਿਲ ਦਾ ਚਿਰਾਗ਼ ਜਗਾਉਂਦੀ ਹੈ ਤੇ ਸੁਹਾਵਣੇ ਪਲਾਂ ਦੇ ਮਿੱਠੇ-ਮਿੱਠੇ ਹੁਲਾਰੇ ਮਾਣਦੀ ਹੈ। 'ਰੂਹ ਦੇ ਲਾਡ' ਵਿਚ ਉਹ ਉਮਰਾਂ ਦੇ ਵਿਛੋੜੇ ਦੇ ਆਪੇ ਹੀ ਕੱਟ ਜਾਣ ਦੀ ਗੱਲ ਕਰਕੇ ਖ਼ੁਦ ਨੂੰ ਧਰਵਾਸ ਦਿੰਦੀ ਹੈ ਤੇ ਜ਼ਖ਼ਮਾਂ ਤੋਂ ਬੇਪ੍ਰਵਾਹੀ ਦਿਖਾਉਂਦੀ ਹੈ। ਇੰਜ ਇਸ ਪੁਸਤਕ ਦੀ ਸਮੁੱਚੀ ਸ਼ਾਇਰੀ ਬਿਰਹਨ ਦੀ ਵੇਦਨਾ 'ਤੇ ਆਧਾਰਿਤ ਹੈ। ਚੰਗਾ ਹੋਵੇ ਜੇ ਸੁਰਿੰਦਰ ਸੈਣੀ ਆਪਣੇ ਸਮਾਜ ਨੂੰ ਵੀ ਆਪਣੀ ਸ਼ਾਇਰੀ ਵਿਚ ਸ਼ਾਮਿਲ ਕਰਨ ਦਾ ਉੱਦਮ ਕਰੇ, ਕਿਉਂਕਿ ਆਪਣਾ ਦੁੱਖ ਵੱਡਾ ਤਾਂ ਹੈ ਪਰ ਸਮਾਜ ਦੇ ਕਈ ਹਿੱਸਿਆਂ ਦੇ ਦੁੱਖ ਕੋਹਾਂ-ਕੋਹਾਂ ਲੰਬੇ ਹਨ ਤੇ ਅਜਿਹੇ ਦੁੱਖਾਂ ਨੂੰ ਕਲਾ ਰਾਹੀਂ ਜ਼ਬਾਨ ਦੇਣ ਦੀ ਬਹੁਤ ਜ਼ਰੂਰਤ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਜਥੇ: ਜੀਵਨ ਸਿੰਘ ਉਮਰਾਨੰਗਲ
ਜੀਵਨ ਤੇ ਯਾਦਾਂ
ਸੰਪਾਦਕ : ਨਿੰਦਰ ਘੁਗਿਆਣਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਕ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 143+18
ਸੰਪਰਕ : 94174-21700.

ਨਿੰਦਰ ਘੁਗਿਆਣਵੀ ਪੂਰੀ ਨਿਰੰਤਰਤਾ ਨਾਲ ਸਾਹਿਤ ਸਿਰਜਣਾ ਨਾਲ ਜੁੜਿਆ ਹੋਇਆ ਸਾਹਿਤਕਾਰ ਹੈ। ਉਸ ਦੁਆਰਾ ਸੰਪਾਦਿਤ ਕੀਤੀ ਨਵੀਂ ਪੁਸਤਕ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਜੀਵਨ ਤੇ ਯਾਦਾਂ ਇਕ ਅਜਿਹੀ ਪੁਸਤਕ ਹੈ, ਜੋ ਜਿਥੇ ਜਥੇਦਾਰ ਜੀਵਨ ਸਿੰਘ ਦੇ ਨਿੱਜੀ ਜੀਵਨ ਨਾਲ ਜੁੜੀਆਂ ਹੋਈਆਂ ਯਾਦਾਂ ਅਤੇ ਘਟਨਾਵਾਂ ਬਾਰੇ ਗਿਆਨ ਪ੍ਰਾਪਤ ਕਰਵਾਉਂਦੀ ਹੈ, ਉਥੇ ਇਹ ਪੁਸਤਕ ਸਮਕਾਲੀ ਅਤੇ ਤਤਕਾਲੀ ਸਮੇਂ ਦੀ ਧਾਰਮਿਕ ਅਤੇ ਰਾਜਨੀਤਕ ਵਿਵਸਥਾ ਬਾਰੇ ਵਿਸ਼ੇਸ਼ ਕਰਕੇ ਸਿੱਖ ਰਾਜਨੀਤੀ ਬਾਰੇ ਵੀ ਚਾਨਣਾ ਪਾਉਂਦੀ ਹੈ। ਜਥੇਦਾਰ ਜੀਵਨ ਸਿੰਘ ਉਮਰਾਨੰਗਲ ਬਾਰੇ ਸੰਪਾਦਿਤ ਇਸ ਪੁਸਤਕ ਵਿਚ ਜਿਥੇ ਉਸ ਦੇ ਪਰਿਵਾਰਕ ਮੈਂਬਰਾਂ ਸ: ਅਵਤਾਰ ਸਿੰਘ ਉਮਰਾਨੰਗਲ, ਸ: ਪਰਮਰਾਜ ਸਿੰਘ ਉਮਰਾਨੰਗਲ ਦੇ ਵਿਚਾਰ ਦਰਜ ਕੀਤੇ ਹਨ, ਜਿਨ੍ਹਾਂ ਮੁਤਾਬਿਕ ਜਥੇਦਾਰ ਉਮਰਾਨੰਗਲ ਜਿਥੇ ਸਚਾਈ ਲਈ ਲੜਨ, ਖੜ੍ਹਨ ਵਾਲੇ ਦਲੇਰ ਵਿਅਕਤੀ ਸਨ, ਉਥੇ ਪੱਕੇ ਨਿੱਤਨੇਮੀ ਵੀ ਸਨ। ਉਨ੍ਹਾਂ ਨੇ ਖਾੜਕੂਵਾਦ ਦੇ ਦੌਰਾਨ ਬਹੁਤ ਸਾਰੇ ਹਿਜਰਤ ਕਰ ਗਏ ਹਿੰਦੂ ਪਰਿਵਾਰਾਂ ਨੂੰ ਮੁੜ ਪੰਜਾਬ ਵਿਚ ਲਿਆ ਕੇ ਵਸਾਇਆ ਅਤੇ ਆਪਣੀ ਵਿਵੇਕ ਬੁੱਧੀ ਸਦਕਾ ਸਮਕਾਲੀ ਲੀਡਰਾਂ ਨੂੰ ਪ੍ਰਭਾਵਿਤ ਵੀ ਕੀਤਾ। ਉਨ੍ਹਾਂ ਬਾਰੇ ਇਸ ਪੁਸਤਕ ਵਿਚ ਵਿਚਾਰ ਪੇਸ਼ ਕਰਨ ਵਾਲੇ ਰਾਜਨੀਤਕ, ਪ੍ਰਸ਼ਾਸਨਿਕ ਸਾਹਿਤਕਾਰ ਵਿਅਕਤੀਆਂ ਵਿਚ ਭਾਰਤ ਦੇ ਰਾਸ਼ਟਰਪਤੀ ਆਰ. ਵੈਂਕਟਾਰਮਨ, ਐਸ.ਐਸ. ਰੇਅ, ਡਾ: ਮਦਨ ਗੋਪਾਲ ਅਚਾਰੀਆ, ਸੰਤੋਖ ਸਿੰਘ ਧੀਰ, ਹਰਭਜਨ ਹੁੰਦਲ, ਜਤਿੰਦਰ ਪੰਨੂ, ਬ੍ਰਹਮਜਗਦੀਸ਼ ਸਿੰਘ, ਸੁਰਜੀਤ ਸਿੰਘ ਮਿਨਹਾਸ, ਜਸਦੇਵ ਸਿੰਘ ਜੱਸੋਵਾਲ, ਪ੍ਰੋ: ਕਿਰਪਾਲ ਸਿੰਘ ਬਡੂੰਗਰ, ਕੁਲਬੀਰ ਸਿੰਘ ਸਿੱਧੂ, ਮੰਗਤ ਰਾਮ ਪਾਸਲਾ, ਮਲਕੀਤ ਸਿੰਘ ਦਾਖਾ, ਦਰਸ਼ਨ ਸਿੰਘ ਬਰਾੜ ਅਤੇ ਹਰਿੰਦਰ ਸਿੰਘ ਚਹਿਲ ਦੇ ਵਿਚਾਰਾਂ ਤੋਂ ਇਲਾਵਾ ਕੁਝ ਵਿਅਕਤੀਆਂ ਦੀਆਂ ਜਥੇਦਾਰ ਸਾਹਿਬ ਨਾਲ ਨਿੱਜੀ ਯਾਦਾਂ ਸਾਂਝੀਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਵਿਚਾਰ ਵੀ ਪੁਸਤਕ ਦੇ ਟਾਈਟਲ 'ਤੇ ਦਰਜ ਹਨ। ਜਥੇਦਾਰ ਉਮਰਾਨੰਗਲ ਨੇ ਤਿੰਨ ਪਿੰਡਾਂ ਦੀ ਸਰਪੰਚੀ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਸਿੱਖ ਰਾਜਨੀਤੀ ਵਿਚ ਆਪਣਾ ਵੱਡਾ ਰੁਤਬਾ ਅਤੇ ਮੁਕਾਮ ਹਾਸਲ ਕੀਤਾ, ਉਸ ਬਾਰੇ ਫੋਟੋਆਂ ਅਤੇ ਇਹ ਪੁਸਤਕ ਭਰਪੂਰ ਵਿਚ ਚਾਨਣਾ ਪਾਉਂਦੀ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਬੂਹੇ ਵਿਚਲੀ ਚੁੱਪ
ਲੇਖਕ : ਇੰਦਰੇਸ਼ਮੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 96
ਸੰਪਰਕ : 98159-76688.

ਇੰਦਰੇਸ਼ਮੀਤ ਦਾ ਤੀਸਰਾ ਕਾਵਿ ਸੰਗ੍ਰਹਿ 'ਬੂਹੇ ਵਿਚਲੀ ਚੁੱਪ' ਮਨ ਦੇ ਆਪੇ ਦੀ ਪਰਕਰਮਾ ਹੈ। ਇਸ ਕਾਵਿ ਸੰਗ੍ਰਹਿ ਵਿਚ ਸ਼ਾਮਿਲ ਨਜ਼ਮਾਂ ਮਨੁੱਖੀ ਮਨ ਦੀ ਇਕੱਲਤਾ, ਨਿਰਾਸ਼ਾ ਅਤੇ ਉਦਾਸੀ ਦਾ ਪ੍ਰਗਟਾਵਾ ਕਰਦੀਆਂ ਹਨ। ਕਵੀ ਨਿਰਾਸ਼ਾ ਵਿਚ ਵੀ ਇਕ ਆਸ ਜਗਾਉਂਦਾ ਹੈ, ਕਵੀ ਆਪਣਾ ਸਵੈ-ਪ੍ਰਗਟਾਵਾ ਬੜਾ ਖੁੱਲ੍ਹ ਕੇ ਕਰਦਾ ਹੈ।
ਕਵੀ ਦਾ ਕਾਵਿ ਪਾਤਰ ਕਦੇ-ਕਦੇ ਆਪਣੇ ਦੁਆਲੇ ਸਿਰਜੇ ਹੋਏ ਭੁਲੇਖਿਆਂ ਦੇ ਸੰਸਾਰ ਤੋਂ ਅੱਭੜਵਾਹੇ ਉੱਠਦਾ ਹੈ ਤੇ ਆਪਣੇ ਨਾਲ ਹੋਈ ਅਣਹੋਣੀ 'ਤੇ ਹੈਰਾਨੀ ਪ੍ਰਗਟ ਕਰਦਾ ਹੈ।
ਭਰੋਸਿਆਂ ਦਾ ਤਿੜਕ ਜਾਣਾ/ਕਿੰਨਾ ਭਿਆਨਕ ਹੈ
ਉਸ ਨੂੰ ਪੁੱਛੋ, ਜਿਸ ਨੇ ਸਾਰੀ ਉਮਰ ਗੁਆ ਲਈ
ਇੰਤਜ਼ਾਰ ਦੇ ਹਨ੍ਹੇਰੇ ਵਿਚ..........।
ਰੁਮਾਂਚਿਕ ਭਾਵਾਂ ਵਿਚ ਵੀ ਕਵੀ ਕਈ ਅਜਿਹੀਆਂ ਸਥਿਤੀਆਂ ਸਿਰਜਦਾ ਹੈ, ਜਿਥੇ ਉਸ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਪ੍ਰੀਤ ਨਾਇਕਾ ਉਸ ਦੇ ਭਾਵਾਂ ਨੂੰ ਸਮਝ ਨਹੀਂ ਸਕੀ।
ਕਾਸ਼! ਤੂੰ ਮੇਰੀ ਕਵਿਤਾ ਦਾ/ਦਰਦ ਸਮਝ ਸਕਦੀ
ਸਭ ਕੁਝ ਕਹਿ ਲੈਣ ਤੋਂ ਬਾਅਦ/ਕੁਝ ਇਹੋ ਜਿਹਾ ਰਹਿ ਜਾਂਦਾ ਏ
ਜਿਸ ਨੂੰ ਆਵਾਜ਼ ਨਹੀਂ ਦਿੱਤੀ ਜਾਂਦੀ........।
ਅਣਲਿਖੀ ਭਾਸ਼ਾ ਕਵਿਤਾ ਕਵੀ ਦੇ ਲੋਕ ਵਿਸ਼ਵਾਸ ਨੂੰ ਪੱਕਾ ਕਰਦੀ ਹੈ ਕਿ ਅਧੂਰੀਆਂ ਇੱਛਾਵਾਂ ਰਹਿ ਜਾਣ ਨਾਲ ਮਨੁੱਖ ਪੁਨਰ ਜਨਮ ਲੈਂਦਾ ਹੈ। ਕਵੀ 'ਬੱਚਿਓ' ਕਵਿਤਾ ਰਾਹੀਂ ਨਵੀਂ ਪੀੜ੍ਹੀ ਨੂੰ ਮੁਖਾਤਿਬ ਹੋ ਕੇ ਬਹੁਤ ਕੁਝ ਨਵਾਂ ਕਰਨ ਲਈ ਪ੍ਰੇਰਦਾ ਹੈ ਤੇ ਪੁਰਾਣੀ ਪੀੜ੍ਹੀ ਤੋਂ ਉਮੀਦ ਕਰਦਾ ਹੈ ਕਿ ਉਹ ਨਵੀਂ ਪੀੜ੍ਹੀ ਨੂੰ ਸੋਚਣ-ਸਮਝਣ ਦੀ, ਫ਼ੈਸਲੇ ਲੈਣ ਦੀ ਆਜ਼ਾਦੀ ਦੇਵੇ। ਕਵੀ ਨੇ ਇਨਕਲਾਬੀ ਵਿਚਾਰਾਂ ਨੂੰ ਵੀ ਕਾਵਿਕ ਜਾਮਾ ਪਹਿਨਾਇਆ ਹੈਂ
ਇਤਿਹਾਸ ਮੌਨ ਰਹਿ ਸਕਦਾ ਹੈ
ਚਿੱਠੀਆਂ ਜੇਬਾਂ 'ਚ ਪਏ ਕਾਲੇ ਸੂਰਜਾਂ ਬਾਰੇ
ਲੜਾਈਆਂ ਚੁੱਪ ਨਹੀਂ ਰਹਿੰਦੀਆਂ
ਜੋ ਅਜੇ ਲੜੀਆਂ ਜਾਣੀਆਂ ਨੇ/ਜੋ ਲੜੀਆਂ ਜਾ ਰਹੀਆਂ ਨੇ!
'ਬੇਤਰਤੀਬ ਪਲ' ਕਵੀ ਦੇ ਅੰਤਰਮਨ ਦੀ ਉਦਾਸੀ ਅਤੇ ਬਦਲਦੇ ਜੀਵਨ ਸਮੀਕਰਨ ਕਾਰਨ ਬੇਚੈਨੀ ਦੇ ਪਲਾਂ ਦਾ ਵਰਨਣ ਹਨ। ਇਸ ਸਮੁੱਚੇ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਕਵੀ ਦੀ ਸੰਵੇਦਨਾ ਅਤੇ ਭਾਵਨਾਵਾਂ ਦਾ ਤਾਣਾ-ਬਾਣਾ ਹੈ। ਸਮਾਂ, ਉਦਾਸੀ, ਮੈਂ ਤੇ ਸਮੁੰਦਰ, ਅਧੂਰਾਪਣ, ਗ਼ਲਤੀਆਂ, ਰਸਮ ਤੇ ਰਿਵਾਜ, ਜੰਨਤ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਾਵਿ ਸੰਗ੍ਰਹਿ ਦੀ ਭੂਮਿਕਾ ਵਿਚ ਮੋਹਨਜੀਤ ਜੀ ਨੇ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਸਵੈ ਦੀ ਤਲਾਸ਼ ਦੀਆਂ ਕਵਿਤਾਵਾਂ ਆਖਿਆ ਹੈ।

ਂਪ੍ਰੋ: ਕੁਲਜੀਤ ਕੌਰ ਅਠਵਾਲ।
ਫ ਫ ਫ

ਖੂਹ ਵਿਚ ਲਮਕਦੀ ਤਿੜ੍ਹ
ਲੇਖਕ : ਹਰਿੰਦਰ ਸੰਧੂ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 125, ਸਫ਼ੇ : 80
ਸੰਪਰਕ : 8146800590

ਇਹ ਨਾਵਲ ਹਰਿੰਦਰ ਸੰਧੂ ਦਾ ਪਲੇਠਾ ਨਾਵਲ ਹੈ। ਇਸ ਵਿਚ ਬਾਹਰ ਜਾਣ ਵਾਲੇ ਲੋਕਾਂ ਦੀ ਹੁੰਦੀ ਦੁਰਦਸ਼ਾ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਵਿਦੇਸ਼ ਵਿਚ ਜਾ ਕੇ ਉਨ੍ਹਾਂ ਦੇ ਧੀਆਂ ਪੁੱਤ ਏਨੇ ਨਿਰਮੋਹੇ ਹੋ ਜਾਂਦੇ ਹਨ, ਜਿਨ੍ਹਾਂ ਮਾਂ -ਬਾਪ ਨੇ ਆਪਣੇ ਬੱਚਿਆਂ ਨੂੰ ਚਾਵਾਂ-ਲਾਡਾਂ ਨਾਲ ਪਾਲਿਆ-ਪੋਸਿਆ ਹੁੰਦਾ ਹੈ। ਨਾਵਲਕਾਰ ਨੇ ਆਪਣੇ ਨਾਵਲ ਵਿਚ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਬੇਬਾਕੀ ਨਾਲ ਕੀਤੀ ਹੈ ਜਿਵੇਂ ਪਿੰਡਾਂ ਵਿਚ ਸੱਥ ਵਿਚ ਬੈਠੇ ਬੰਦਿਆਂ ਦੀਆਂ ਗੱਲਾਂ, ਸਰਪੰਚ ਦੇ ਘਰ ਦਾ ਬਿਆਨ, ਸਰਪੰਚ ਦੇ ਮੁੰਡੇ ਦੇ ਵਿਦੇਸ਼ ਜਾਣ 'ਤੇ ਪਿੱਛੋਂ ਸਰਪੰਚ ਤੇ ਸਰਪੰਚਣੀ ਦੀ ਤ੍ਰਾਸਦਿਕ ਹਾਲਤ ਨੂੰ ਪਿੰਡ ਦੇ ਮੋਹਰੀ ਬੰਦੇ ਦੱਸਦੇ ਹਨ ਪਰ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਂਦੀ, ਸਿਰਫ ਗੱਲਾਂ ਸੁਣਨ ਜੋਗੇ ਹੀ ਰਹਿ ਜਾਂਦੇ ਹਨ।
ਹਰਿੰਦਰ ਸੰਧੂ ਨੂੰ ਆਪ ਨੂੰ ਵੀ ਆਪਣੇ ਪਿੰਡ ਨਾਲ ਅੰਤਾਂ ਦਾ ਮੋਹ ਹੈ ਪਰ ਉਹ ਵੀ ਮਜਬੂਰ ਹੈ, ਪਰ ਵਿਦੇਸ਼ ਜਾ ਕੇ ਰਾਜ਼ੀ ਨਹੀਂ ਹੈ। ਇਸ ਤਰ੍ਹਾਂ ਜਦੋਂ ਉਹ ਸਰਪੰਚ ਦੇ ਜੀਵਨ ਨੂੰ ਬਿਆਨਦਾ ਹੈ ਕਿ ਸਰਪੰਚ ਦਾ ਸਾਰਾ ਜੀਵਨ ਹੀ ਆਪਣੇ ਪੁੱਤਰ ਦੇ ਬਾਹਰ ਜਾਣ ਕਾਰਨ ਖਰਾਬ ਹੋ ਜਾਂਦਾ ਹੈ। ਅਖੀਰ ਵਿੱਚ ਵਿਚਾਰਾ ਸਰਪੰਚ ਪਿੰਡ ਆ ਕੇ ਮਰਨਾ ਚਾਹੁੰਦਾ ਹੈ ਪਰ ਉਦੋਂ ਤੱਕ ਕੋਈ ਵੀ ਉਸ ਨੂੰ ਪਿਆਰ ਕਰਨ ਵਾਲਾ ਨਹੀਂ ਰਹਿੰਦਾ ਤੇ ਨਾ ਕੋਈ ਹਮਦਰਦ ਰਹਿੰਦਾ ਹੈ, ਵੇਲਾ ਵਿਹਾਅ ਚੁੱਕਿਆ ਹੁੰਦਾ ਹੈ ਤੇ ਪਿੰਡ ਤੋਂ ਥੋੜ੍ਹੀ ਦੂਰ ਆਪਣੇ ਪ੍ਰਾਣ ਤਿਆਗ ਦਿੰਦਾ ਹੈ।
ਸਮੁੱਚੇ ਨਾਵਲ ਵਿਚ ਨਿਰਮੋਹੇ ਹੋਏ ਧੀਆਂ-ਪੁੱਤਾਂ ਅਤੇ ਵਿਦੇਸ਼ੀ ਜੀਵਨ ਦੇ ਖੋਖਲੇਪਣ ਨੂੰ ਪੇਸ਼ ਕੀਤਾ ਗਿਆ ਹੈ, ਭੂ-ਹੇਰਵੇ ਬਾਰੇ ਦੱਸਿਆ ਹੈ ਤੇ ਪੰਜਾਬੀ ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਲਾਲਸਾ, ਉਨ੍ਹਾਂ ਦੇ ਮਾਪਿਆਂ ਦੀ ਆਪਣੀ ਜਨਮ-ਭੂਮੀ, ਆਪਣੀਆਂ ਜੜ੍ਹਾਂ, ਆਪਣੀ ਵਿਰਾਸਤ, ਆਪਣੇ ਸੱਭਿਆਚਾਰ, ਆਪਣੇ ਭਾਈਚਾਰੇ ਤੇ ਆਪਣੇ ਪਿੰਡ ਤੋਂ ਵਿਛੜਨ ਦੀ ਸੰਕਟਮਈ ਸਥਿਤੀ ਨੂੰ ਪੇਸ਼ ਕੀਤਾ ਹੈ, ਜੋ ਅਜੋਕੇ ਸਮੇਂ ਵਿਚ ਵੀ ਇਸੇ ਤਰ੍ਹਾਂ ਵਾਪਰ ਰਿਹਾ ਹੈ। ਨਾਵਲਕਾਰ ਨੇ ਗਲਪੀ ਬਿਰਤਾਂਤ ਰਾਹੀਂ ਨਾਵਲ ਦੀਆਂ ਘਟਨਾਵਾਂ ਦੀ ਪੇਸ਼ਕਾਰੀ ਕੀਤੀ ਹੈ, ਪਰ ਉਸ ਨੂੰ ਨਾਵਲ ਦੇ ਵਿਧੀ-ਵਿਧਾਨ ਵੱਲ ਧਿਆਨ ਦੇਣ ਦੀ ਲੋੜ ਹੈ, ਇਸ ਪਾਸਿਓਂ ਨਾਵਲ ਸੱਖਣਾ ਪ੍ਰਤੀਤ ਹੁੰਦਾ ਹੈ।

ਂਗੁਰਬਿੰਦਰ ਕੌਰ ਬਰਾੜ
ਮੋ: 09855395161
ਫ ਫ ਫ

ਤਹਿਰੀਕ
ਲੇਖਕ : ਚਹਿਲ ਜਗਪਾਲ
ਪ੍ਰਕਾਸ਼ਨ : ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ
ਪੰਨੇ 85 ਮੁੱਲ : 100 ਰੁਪਏ, ਸਫ਼ੇ : 85.
ਸੰਪਰਕ : 99150-32062.

ਚਹਿਲ ਜਗਪਾਲ ਨਵੀਂ ਪੀੜ੍ਹੀ ਦੇ ਕਵੀਆਂ ਵਿਚੋਂ ਇਕ ਹੈ, ਜਿਸ ਨੇ ਆਪਣੇ ਕਾਵਿ-ਸੰਗ੍ਰਹਿ 'ਤਹਿਰੀਕ' ਵਿਚ ਸੁੱਤੀ ਪਈ ਮਾਨਵੀ ਚੇਤਨਾ ਨੂੰ ਹਲੂਣਾ ਦੇਣ ਦਾ ਪ੍ਰਯਤਨ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚੋਂ ਉਸ ਦੀ ਬਾਗ਼ੀਆਨਾ ਸੋਚ ਉੱਭਰ ਕੇ ਸਾਹਮਣੇ ਆਉਂਦੀ ਹੈ। ਕਵੀ ਆਮ ਉੱਭਰਦੇ ਕਵੀਆਂ ਵਾਂਗ ਪਿਆਰ ਮੁਹੱਬਤ ਜਾਂ ਰੁਮਾਂਸਵਾਦੀ ਚੌਗਿਰਦੇ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਆਪਣੀ ਸ਼ਾਇਰੀ ਦੇ ਮਾਧਿਅਮ ਦੁਆਰਾ ਉਨ੍ਹਾਂ ਪਖੰਡੀ ਬਾਬਿਆਂ ਅਤੇ ਲੋਟੂ ਸਰਮਾਏਦਾਰਾਂ ਨੂੰ ਬੜੀ ਨਿੱਡਰਤਾ ਨਾਲ ਵੰਗਾਰਦਾ ਹੈ, ਜਿਨ੍ਹਾਂ ਨੇ ਭੋਲੀ ਭਾਲੀ ਜਨਤਾ ਦੇ ਹੱਕਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਉਸ ਨੂੰ ਬੁਨਿਆਦੀ ਜ਼ਰੂਰਤਾਂ ਤੋਂ ਵੀ ਮਹਿਰੂਮ ਕੀਤਾ ਹੋਇਆ ਹੈ।
ਚਹਿਲ ਦੀਆਂ ਕਵਿਤਾਵਾਂ ਵਿਚੋਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਨਾਬਰਾਬਰੀ ਪ੍ਰਤੀ ਵਿਦਰੋਹ ਵਿਖਾਈ ਦਿੰਦਾ ਹੈ ਅਤੇ ਚੇਤਨਾ ਦੇ ਫੈਲਾਓ ਦਾ ਬਾਖੂਬੀ ਸੰਚਾਰ ਹੁੰਦਾ ਹੈ। ਕਵੀ ਦੀਆਂ ਪ੍ਰਗਤੀਵਾਦੀ ਅਤੇ ਸੰਘਰਸ਼ਸੀਲ ਸੁਨੇਹੇ ਦੇਣ ਵਾਲੀਆਂ ਕਵਿਤਾਵਾਂ ਵਿਚੋਂ 'ਮੇਰੀ ਕਵਿਤਾ', 'ਮੇਰਾ ਨਾਨਕ', 'ਮਾਨਸਿਕਤਾ', 'ਐਲਾਨ ਨਾਮਾ', 'ਬੇਦਾਵਾ', 'ਚਿਤਾਵਨੀ', 'ਦਿਲ ਕਰਦੈ', 'ਜਾਗਰੂਕਤਾ', 'ਕੁਝ ਸੁਆਲ', 'ਮੈਂ ਉਦਾਸ ਨਹੀਂ', 'ਰੈਲੀ', 'ਮੈਂ ਇਹ ਤਾਂ ਨਹੀਂ ਕਿਹਾ', 'ਪੰਜਾਬੀਆਂ ਦੇ ਨਾਂ' ਅਤੇ 'ਕਦੋਂ ਤੱਕ?' ਜ਼ਿਕਰਯੋਗ ਹਨ, ਜਿਨ੍ਹਾਂ ਵਿਚ ਤਰਕਮਈ ਅਤੇ ਵਿਗਿਆਨਕ ਸੋਚ ਸਮੋਈ ਹੋਈ ਹੈ। ਉਹ ਆਪਣੀ ਗੱਲ ਕਹਿਣ ਲਈ ਗੁੰਝਲਦਾਰ ਜਾਂ ਜਟਿਲ ਕਿਸਮ ਦੇ ਔਖੇ ਭਾਰੇ ਅਲੰਕਾਰਾਂ ਜਾਂ ਪ੍ਰਤੀਕਾਂ ਦਾ ਸਹਾਰਾ ਨਹੀਂ ਲੈਂਦਾ। ਕਵੀ ਦੀਆਂ ਗ਼ਜ਼ਲਾਂ ਭਾਵੇਂ ਵਿਚਾਰਧਾਰਕ ਪੱਧਰ 'ਤੇ ਇਨਸਾਫ਼ ਦੀ ਪ੍ਰਾਪਤੀ ਅਤੇ ਜਬਰ-ਜ਼ੁਲਮ ਦਾ ਟਾਕਰਾ ਕਰਨ ਦਾ ਵਰਨਣ ਕਰਦੀਆਂ ਹਨ ਪਰੰਤੂ ਤੋਲ-ਤੁਕਾਂਤ ਦੀ ਦ੍ਰਿਸ਼ਟੀ ਤੋਂ ਕਿਤੇ-ਕਿਤੇ ਕੁਝ ਇਕ ਗ਼ਜ਼ਲਾਂ ਹਲਕੀਆਂ ਹਨ। ਫਿਰ ਵੀ ਇਸ ਪੁਸਤਕ ਦੇ ਆਧਾਰ 'ਤੇ ਇਹ ਧਾਰਨਾ ਪੁਸ਼ਟ ਹੁੰਦੀ ਹੈ ਕਿ ਚਹਿਲ ਦੀ ਸ਼ਾਇਰੀ ਭਵਿੱਖ ਵਿਚ ਪੁਖ਼ਤਗੀ ਹਾਸਲ ਕਰੇਗੀ ਹੈ।

ਂਦਰਸ਼ਨ ਸਿੰਘ 'ਆਸ਼ਟ' (ਡਾ:)
ਫ ਫ ਫ

18/02/2017

 ਸੱਤ ਰੰਗਾਂ ਦੇ ਸੁਪਨੇ
ਮੂਲ ਅੰਗਰੇਜ਼ੀ : ਰਸ਼ਮੀ ਬਾਂਸਲ
ਪੰਜਾਬੀ ਰੂਪ : ਕਰਮਿੰਦਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 334
ਸੰਪਰਕ : 0172-4608699.

ਪਰੰਪਰਾਗਤ ਸੋਚ ਵਾਲੇ ਸਾਡੇ ਆਮ ਦੇਸ਼ ਵਾਸੀ ਕਿਸੇ ਨਾ ਕਿਸੇ ਤਰ੍ਹਾਂ ਰੋਜ਼ੀ-ਰੋਟੀ ਲਈ ਨੌਕਰੀ ਨੂੰ ਜ਼ਿੰਦਗੀ ਦਾ ਸਭ ਤੋਂ ਪਹਿਲਾ ਤੇ ਅੰਤਿਮ ਉਦੇਸ਼ ਮੰਨਦੇ ਹਨ। ਸਰਕਾਰੀ ਨੌਕਰੀ ਹੋਵੇ ਤੇ ਹੋਵੇ ਵੀ ਪੱਕੀ। ਬਸ ਫਿਰ ਚੁੱਪ ਕਰਕੇ ਉਮਰ ਭਰ ਦੀ ਰੋਟੀ ਦਾ ਮਸਲਾ ਹੱਲ। ਇਸ ਪਿੱਛੋਂ ਸ਼ਾਦੀ, ਬੱਚੇ, ਬੱਚਿਆਂ ਨੂੰ ਉਸ ਕਿਸਮ ਦੀ ਸਿੱਖਿਆ ਤੇ ਟਰੇਨਿੰਗ ਜਿਸ ਨਾਲ ਹਰ ਮਹੀਨੇ ਬੱਝੀ ਤਨਖਾਹ ਮਿਲੇ। ਦਫ਼ਤਰੀ ਕਿਸਮ ਦੀਆਂ ਨੌਕਰੀਆਂ ਦੀ ਘਾਟ, ਬਦਲ ਰਹੀ ਆਰਥਿਕ ਤਸਵੀਰ, ਕੰਪਿਊਟਰੀਕਰਨ, ਗਲੋਬਲਾਈਜ਼ੇਸ਼ਨ ਵਿੱਦਿਆ ਦਾ ਤੇਜ਼ ਪ੍ਰਸਾਰ ਵਧੇਰੀ ਜਨਸੰਖਿਆ ਤੇ ਮੁਕਾਬਲੇਬਾਜ਼ੀ ਨੇ ਨੌਕਰੀਆਂ ਦੇ ਖੇਤਰ ਵਿਚ ਵੱਡਾ ਸੰਕਟ ਪੈਦਾ ਕੀਤਾ ਹੈ। ਇਸ ਸਥਿਤੀ ਨੇ ਲੋਕਾਂ ਨੂੰ ਆਪ ਉੱਦਮ ਕਰਕੇ ਸਵੈ-ਰੁਜ਼ਗਾਰ ਵਾਸਤੇ ਸੋਚਣ ਲਾਇਆ ਹੈ।
ਨਿੱਜੀ ਉੱਦਮ ਤੇ ਸਵੈ-ਰੁਜ਼ਗਾਰ ਵਾਸਤੇ ਮੌਲਿਕ ਸੋਚ, ਉੱਦਮ, ਹਿੰਮਤ, ਯੋਜਨਾਬੰਦੀ, ਸਿਰੜ, ਪ੍ਰਬੰਧਕੀ ਕੁਸ਼ਲਤਾ ਤੇ ਲੋਕਾਂ ਨੂੰ ਸਮਝ ਕੇ ਨਾਲ ਤੋਰਨ ਜਿਹੇ ਕਈ ਗੁਣਾਂ ਦੀ ਲੋੜ ਹੈ। ਇਸ ਖੇਤਰ ਵਿਚ ਕਦਮ ਰੱਖ ਕੇ ਸਫਲਤਾ ਦੀਆਂ ਸਿਖਰਾਂ ਛੂਹਣ ਵਾਲੇ ਉਦਮੀ ਮਰਦ ਔਰਤਾਂ ਦੇ ਸੰਘਰਸ਼ ਤੇ ਪ੍ਰਾਪਤੀ ਦੇ ਬਿਰਤਾਂਤ ਨਵੇਂ ਉਦਮੀਆਂ ਨੂੰ ਉਤਸ਼ਾਹ ਤੇ ਪ੍ਰੇਰਨਾ ਦੇ ਸਕਦੇ ਹਨ। ਇਹ ਬਿਰਤਾਂਤ ਕਲਪਿਤ ਨਾ ਹੋਣ ਸਗੋਂ ਤੱਥਾਂ/ਤਿੱਥਾਂ, ਨਾਵਾਂ/ਥਾਵਾਂ, ਅੰਕੜਿਆਂ ਉਤੇ ਆਧਾਰਿਤ ਵਾਸਤਵਿਕ ਹੋਣ ਤਾਂ ਹੋਰ ਪ੍ਰਭਾਵਸ਼ਾਲੀ ਹੋ ਸਕਦੇ ਹਨ। ਰਸ਼ਮੀ ਬਾਂਸਲ ਦੀ ਇਸ ਪੁਸਤਕ ਵਿਚ ਉਨ੍ਹਾਂ ਪੰਝੀ ਉਦਮੀ ਔਰਤਾਂ ਦੇ ਬਿਰਤਾਂਤ ਹਨ, ਜਿਨ੍ਹਾਂ ਸੀਮਤ ਆਰਥਿਕ ਸਾਧਨਾਂ ਨਾਲ ਬੜੇ ਸਾਧਾਰਨ ਪਿਛੋਕੜ ਵਿਚੋਂ ਉੱਠ ਕੇ ਨਿੱਕੇ ਜਿਹੇ ਪੱਧਰ ਤੋਂ ਕੰਮ ਸ਼ੁਰੂ ਕਰਕੇ ਸੈਂਕੜੇ ਕਰੋੜ ਰੁਪਏ ਦੀਆਂ ਕੰਪਨੀਆਂ ਖੜ੍ਹੀਆਂ ਕੀਤੀਆਂ। ਕਿਸੇ ਟਾਟੇ/ਬਿਰਲੇ/ਅਡਾਨੀ ਦੀਆਂ ਨੂੰਹਾਂ ਧੀਆਂ ਨਹੀਂ ਹਨ ਉਹ।
ਇਸ ਪੁਸਤਕ ਵਿਚ ਪੇਸ਼ ਸਫਲ ਉਦਮੀ ਔਰਤਾਂ ਸਾਡੇ ਵਰਗੇ ਸਾਧਾਰਨ ਪਰਿਵਾਰਾਂ ਦੀਆਂ ਹਨ। ਉਨ੍ਹਾਂ ਚੈਲੰਜ ਸਵੀਕਾਰੇ, ਪਰਿਵਾਰ ਵੀ ਪਾਲੇ ਅਤੇ ਵਪਾਰ/ਰੁਜ਼ਗਾਰ ਵੀ ਚਲਾਇਆ। ਕਦੇ ਹਾਰ ਨਾ ਮੰਨੀ ਤੇ ਅੱਗੇ ਹੀ ਅੱਗੇ ਵਧੀਆਂ। ਇਹ ਬਿਰਤਾਂਤ ਪੰਜਾਬੀ ਮੁਟਿਆਰਾਂ ਲਈ ਨਿਸਚੇ ਹੀ ਪ੍ਰੇਰਨਾ ਦੇਣ ਦੇ ਸਮਰੱਥ ਹਨ।

ਂਡਾ: ਕੁਲਦੀਪ ਸਿੰਘ ਧੀਰ।
ਮੋ: 98722-60550
ਫ ਫ ਫ

ਭਗਤ ਸਧਨਾ ਜੀ ਜੀਵਨ ਅਤੇ ਬਾਣੀ
ਲੇਖਕ : ਡਾ: ਬਲਦੇਵ ਸਿੰਘ 'ਬੱਦਨ' ਅਤੇ ਡਾ: ਧਰਮਪਾਲ ਸਿੰਗਲ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼ ਜਲੰਧਰ
ਮੁੱਲ : 195 ਰੁਪਏ, ਸਫ਼ੇ : 80.

ਹਥਲੀ ਪੁਸਤਕ ਗੁਰਮਤਿ ਧਾਰਾ ਅਤੇ ਭਗਤੀ ਲਹਿਰ ਦੇ ਗੰਭੀਰ ਖੋਜੀ ਡਾ: ਬਲਦੇਵ ਸਿੰਘ 'ਬੱਦਨ' ਅਤੇ ਡਾ: ਧਰਮਪਾਲ ਸਿੰਗਲ ਦੁਆਰਾ ਰਚਿਤ ਹੈ, ਜਿਸ ਵਿਚ ਭਗਤ ਸਧਨਾ ਜੀ ਦੀ ਬਾਣੀ ਅਤੇ ਉਨ੍ਹਾਂ ਦੀ ਜੀਵਨੀ ਸਬੰਧੀ ਦੁਰਲੱਭ ਜਾਣਕਾਰੀ ਪਾਠਕਾਂ ਦੇ ਸਨਮੁੱਖ ਕੀਤੀ ਗਈ ਹੈ। ਭਗਤ ਸਧਨਾ ਜੀ ਦੁਆਰਾ ਰਚਿਤ ਕੇਵਲ ਇਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਬਾਣੀ ਸਦਨੇ ਕੀ ਰਾਗ ਬਿਲਾਵਲ' ਦੇ ਸਿਰਲੇਖ ਦੇ ਅੰਤਰਗਤ ਦਰਜ ਹੈ, ਜਿਸ ਦਾ ਸੰਦੇਸ਼ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਬਚਣ ਹਿਤ ਮਨੁੱਖ ਨੂੰ ਪ੍ਰਭੂ ਦੀ ਸ਼ਰਨ ਵਿਚ ਜਾ ਕੇ ਪ੍ਰਭੂ ਸਿਮਰਨ ਵਿਚ ਲੀਨ ਹੋਣ ਦੀ ਪ੍ਰੇਰਨਾ ਵੀ ਹੈ ਅਤੇ ਉਸ ਆਕਾਲ ਪੁਰਖ ਦੀ ਰਜ਼ਾ ਵਿਚ ਰਹਿ ਕੇ ਉਸ ਦਾ ਹਰ ਭਾਣਾ ਮੰਨਣ ਦੀ ਵੀ ਸਿੱਖਿਆ ਹੈ। ਇਨ੍ਹਾਂ ਦੋਵਾਂ ਵਿਦਵਾਨਾਂ ਨੇ ਭਗਤ ਸਧਨਾ ਜੀ ਦੇ ਜੀਵਨ ਬਿਰਤਾਂਤ ਅਤੇ ਉਨ੍ਹਾਂ ਦੀ ਮਾਨਵ ਪ੍ਰਤੀ ਹੋਰ ਘੋਲ-ਕਮਾਈ ਨੂੰ ਇਤਿਹਾਸਕ, ਸਾਹਿਤਕ ਅਤੇ ਵਿਭਿੰਨ ਇਲਾਕਾਈ ਸਰੋਤ-ਸੰਦਰਭਾਂ ਦੇ ਡੂੰਘੇ ਅਧਿਐਨ ਅਤੇ ਸਿੱਟਿਆਂ ਦੀ ਪ੍ਰਾਪਤੀ ਖਾਤਰ ਵੱਖ-ਵੱਖ ਸਥਾਨਾਂ ਦੀ ਯਾਤਰਾ ਪੱਧਤੀ ਜ਼ਰੀਏ ਵੀ ਪਰਖਿਆ ਹੈ। ਖੋਜੀ ਵਿਦਵਾਨਾਂ ਨੇ ਭਗਤ ਸਧਨਾ ਜੀ ਦਾ ਜਨਮ 12ਵੀਂ, 13ਵੀਂ ਸਦੀ ਮੰਨਿਆ ਜਾਂਦਾ ਦਰਸਾਇਆ ਹੈ ਜੋ ਬਹੁਤੇ ਭਗਤ ਕਵੀਆਂ ਤੋਂ ਪਹਿਲਾਂ ਦਾ ਹੈ। ਪੁਸਤਕ ਵਿਚ ਦਰਜ ਜਾਣਕਾਰੀ ਚਾਹੇ ਉਹ ਸਧਨਾ ਜੀ ਦੇ ਜਨਮ-ਪਿਛੋਕੜ ਨਾਲ, ਕਿੱਤਾ ਕਮਾਈ ਨਾਲ, ਸਾਲਗ੍ਰਾਮ ਦੇ ਵੱਟੇ ਨਾਲ, ਨੀਹਾਂ ਵਿਚ ਚਿਣੇ ਜਾਣ ਨਾਲ ਜਾਂ ਜਗਨ ਨਾਥ ਦੀ ਯਾਤਰਾ ਇਤਿਆਦਿ ਪ੍ਰਸੰਗ ਸਥਿਤੀਆਂ ਨਾਲ ਸਬੰਧਤ ਹੈ ਜਾਂ ਭਗਤੀ ਸਾਧਨਾ ਜ਼ਰੀਏ ਆਤਮ-ਸ਼ੁੱਧੀ ਦੇ ਸਰੋਕਾਰਾਂ ਨਾਲ, ਸਭਨਾਂ ਪ੍ਰਸੰਗਾਂ ਵਿਚ ਭਗਤ ਜੀ ਨਿਵੇਕਲੀ ਧਾਰਮਿਕ ਨਿਰਛਲਤਾ ਵਾਲੀ ਹਸਤੀ ਵਜੋਂ ਉੱਭਰਦੇ ਹਨ। ਦੋਵਾਂ ਵਿਦਵਾਨਾਂ ਦੀ ਪ੍ਰਾਪਤੀ ਹੈ ਕਿ ਉਨ੍ਹਾਂ ਨੇ ਭਗਤ ਸਧਨਾ ਜੀ ਬਾਬਤ ਅੱਜ ਤੱਕ ਦੇ ਮਿਲਦੇ ਖੋਜ-ਸਰੋਤਾਂ ਨੂੰ ਬਾ-ਦਸਤਾਵੇਜ਼ੀ ਸਰੂਪ 'ਚ ਪ੍ਰਗਟ ਕਰਕੇ ਪਾਠਕਾਂ ਦੇ ਸਨਮੁਖ ਕੀਤਾ ਹੈ। ਪੁਸਤਕ ਦੇ ਅੰਤਿਮ ਪੰਜ ਕਾਂਡ ਭਗਤ ਸਧਨਾ ਜੀ ਬਾਬਤ ਦੁਰਲੱਭ ਜਾਣਕਾਰੀ ਦੇ ਖੋਜਪਰਕ ਸਰੋਤ-ਬਿੰਦੂ ਹਨ। ਨਿਰਸੰਦੇਹ, ਇਹ ਪੁਸਤਕ ਖੋਜਾਰਥੀਆਂ ਅਤੇ ਆਮ ਪਾਠਕਾਂ ਲਈ ਹਵਾਲਾ ਪੁਸਤਕ ਵਜੋਂ ਸਮਝੀ ਅਤੇ ਵਰਤੀ ਜਾਣ ਦੇ ਸਮਰੱਥ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਸੂਰਜ ਡੁੱਬਦਾ ਨਹੀਂ
ਲੇਖਿਕਾ : ਦਵਿੰਦਰ ਪ੍ਰੀਤ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98765-42765.

'ਸੂਰਜ ਡੁੱਬਦਾ ਨਹੀਂ' ਦਵਿੰਦਰ ਪ੍ਰੀਤ ਦੀ ਨੌਵੀਂ ਪੁਸਤਕ ਹੈ, ਪ੍ਰੰਤੂ ਨਜ਼ਮਾਂ ਦੀ ਪਹਿਲੀ ਪੁਸਤਕ ਹੈ। ਲੇਖਿਕਾ ਬਹੁਵਿਧਾਈ ਲੇਖਣ ਕਾਰਜ ਨਾਲ ਜੁੜੀ ਹੋਣ ਕਰਕੇ ਚਿੰਤਨ ਨਾਲ ਸ਼ਿੱਦਤ ਨਾਲ ਜੁੜੀ ਹੋਈ ਹੈ। ਇਸੇ ਕਰਕੇ ਹੀ ਉਹ ਮਰਦ ਅਤੇ ਔਰਤ ਦੇ ਰਿਸ਼ਤੇ ਨੂੰ ਵਿਰੋਧ 'ਚ ਨਹੀਂ, ਸਗੋਂ ਪੂਰਕਤਾ ਦੇ ਤੌਰ 'ਤੇ ਸੰਪਾਦਕ-ਵਿਧੀ ਰਾਹੀਂ ਵਿਸ਼ਲੇਸ਼ਿਤ ਕਰਨ ਦੇ ਯਤਨ ਵਿਚ ਹੈ। 'ਸੂਰਜ ਡੁੱਬਦਾ ਨਹੀਂ' ਨਜ਼ਮ 'ਚ ਸੂਰਜ ਇਕ ਥੀਮਿਕ ਮੈਟਾਫ਼ਰ ਹੈ, ਜੋ ਇਸ ਪੁਸਤਕ ਵਿਚ ਥਾਂ ਪੁਰ ਥਾਂ ਵਿਚਾਰਧਾਰਕ ਪੱਧਰ 'ਤੇ ਆਪਣੀ ਛਾਪ ਛੱਡ ਰਿਹਾ ਹੈ। ਜਿਵੇਂ ਜ਼ਿੰਦਗੀ ਕਦੇ ਰੁਕਦੀ ਨਹੀਂ, ਪਿਆਰ ਕਦੇ ਖ਼ਤਮ ਨਹੀਂ ਹੁੰਦਾ ਅਤੇ ਅਨੇਕਾਂ ਹੋਰ ਵੀ ਮਸਲੇ : ਸੰਘਰਸ਼ ਕਦੇ ਵੀ ਖ਼ਤਮ ਨਹੀਂ ਹੁੰਦਾ। ਹੱਕਾਂ ਲਈ ਜੂਝਦੇ ਕਾਫ਼ਲੇ ਕਦੇ ਵੀ ਰੁਕਦੇ ਨਹੀਂ। ਸਗੋਂ ਇਹ ਇਕ ਅਨੰਤ ਯਾਤਰਾ ਦਾ ਸਫ਼ਰ ਹੈ, ਜੋ ਮੰਜ਼ਿਲ 'ਤੇ ਪਹੁੰਚਣ 'ਤੇ ਹੀ ਖ਼ਤਮ ਹੋ ਸਕਦਾ ਹੈ। ਸ: ਭਗਤ ਸਿੰਘ ਵੱਲੋਂ ਫਾਂਸੀ ਲੱਗਣ ਤੋਂ ਪਹਿਲਾਂ ਲਿਖੀ ਚਿੱਠੀ 'ਚ ਦਰਜ ਸਤਰਾਂ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ, ਉਦੋਂ ਤੱਕ ਸਾਡੀ ਜੰਗ ਜਾਰੀ ਰਹੇਗੀ। ਅੱਜ ਵੀ ਸਾਰਥਕ ਹੈ। ਪਿਆਰ ਹਮੇਸ਼ਾ ਦੋ ਪਰਤਾ ਰਿਹਾ ਹੈ ਅੰਦਰੂਨੀ ਤੇ ਬਾਹਰੀ ਵੀ। ਜਦੋਂ ਕੋਈ ਵਿਅਕਤੀਗਤ ਪਿਆਰ 'ਚ ਹੈ ਤਾਂ ਉਹ ਨਿੱਜੀ ਹੈ, ਪ੍ਰੰਤੂ ਜਦੋਂ ਇਹ ਹੱਕਾਂ ਲਈ ਜੂਝਦੇ ਲੋਕਾਂ ਦੇ ਕਾਫ਼ਲਿਆਂ ਨਾਲ ਜੁੜਦਾ ਹੈ ਤਾਂ ਇਹ ਸਮੁੱਚੀ ਲੋਕਾਈ ਪ੍ਰਤੀ ਸਨੇਹ, ਹਮਦਰਦੀ ਅਤੇ ਸਥਿਤੀਆਂ ਬਦਲਣ ਦੇ ਰਾਹ ਤੁਰਦਾ ਹੈ ਤਾਂ ਇਹ ਫਿਰ 'ਨਿੱਜ' ਤੋਂ 'ਪਰ' ਦੀ ਜੱਦ 'ਚ ਆ ਜਾਂਦਾ ਹੈ। ਇਹ ਰਿਸ਼ਤਾ ਫਿਰ ਦੁਵੱਲਾ ਸਬੰਧ ਸਮੁੱਚੀ ਲੋਕਾਈ ਅਤੇ ਕਾਇਨਾਤ ਨਾਲ ਸਿਰਜਦਾ ਹੈ!
ਸੂਰਜ ਡੁੱਬਦਾ ਨਹੀਂ ਕਦੇ,
ਨਾ ਕਦੇ ਚੜ੍ਹਦਾ ਹੈ,
ਕੇਵਲ ਤੇ ਕੇਵਲ,
ਬਦਲਦਾ ਹੈ ਦਿਸ਼ਾ, ਕਦੇ ਪੂਰਬ,
ਕਦੇ ਪੱਛਮ।
ਇਸ ਪੁਸਤਕ 'ਚ ਦਰਜ 47 ਨਜ਼ਮਾਂ ਹਨ, ਪ੍ਰੰਤੂ ਇੰਜ ਲਗਦਾ ਹੈ ਜਿਵੇਂ ਇਹ ਸਾਰੀਆਂ ਕਵਿਤਾਵਾਂ ਇਕ ਹੀ ਪ੍ਰਤੀਨਿਧ ਕਵਿਤਾ 'ਸੂਰਜ ਡੁੱਬਦਾ ਨਹੀਂ' ਦਾ ਸੰਬਾਦਕ ਵਿਸਥਾਰ ਹਨ। ਔਰਤ ਦੀ ਸ਼ਕਤੀ, ਉਸ ਦੇ ਆਪਣੇ ਅਸਤਿੱਤਵ ਨੂੰ ਸਮਝਣ ਅਤੇ ਜਗਾਉਣ 'ਚ ਹੀ ਹੈ, ਉਹ ਅਬਲਾ ਨਹੀਂ ਹੈ। (ਅਡੋਲ ਬਿਰਤ) ਦਵਿੰਦਰ ਪ੍ਰੀਤ ਦੀ ਹਰ ਨਜ਼ਮ ਸੰਵੇਦਨਾ ਭਰਪੂਰ ਹੈ ਅਤੇ ਇਸੇ ਲਈ ਉਸ ਦੀ ਬੋਲੀ, ਸ਼ੈਲੀ, ਸੰਵੇਦਨਸ਼ੀਲ ਸ਼ਬਦਾਂ ਦੀ ਸੁਚੱਜੀ ਚੋਣ ਕਰਕੇ ਨਗੀਨਿਆਂ ਵਾਂਗ ਜੜੀ ਹੋਈ ਹੈ। ਡਾ: ਬਲਵਿੰਦਰ ਦਾ ਚਿੰਤਨਸ਼ੀਲ ਨਿਬੰਧ ਵੀ ਇਸ ਪੁਸਤਕ ਦਾ ਅਹਿਮ ਅੰਗ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਜੇਤੂ ਰਵੱਈਆ
ਲੇਖਕ : ਜੌਹਨ ਮੈਕਸਵੈਲ
ਅਨੁਵਾਦਕ : ਸੰਗੀਤਪਾਲ ਸਿੰਘ ਅਤੇ ਮਨਿੰਦਰ ਕੌਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 168
ਸੰਪਰਕ : 98140-54954.

ਜੌਹਨ ਮੈਕਸਵੈਲ ਜੋ ਕਿ ਕਾਫੀ ਲੰਮਾ ਅਰਸਾ ਸਕਾਈਲਾਈਨ ਵੈਸਲੇਯਾਨ ਚਰਚ ਸੇਨ ਡਿਏਗੋ ਕੈਲੀਫੋਰਨੀਆ ਵਿਖੇ ਉੱਚ ਪਾਦਰੀ ਦੀ ਪਦਵੀ 'ਤੇ ਸੁਸ਼ੋਭਿਤ ਰਿਹਾ ਹੈ, ਅਮਰੀਕਾ ਦੀ ਚਰਚਿਤ ਸ਼ਖ਼ਸੀਅਤ ਹੈ। ਉਹ ਅਮਰੀਕਾ ਅਤੇ ਕੈਨੇਡਾ ਦੇ ਹਰ ਪੱਧਰ ਦੇ ਪਾਦਰੀਆਂ ਅਤੇ ਆਮ ਲੋਕਾਂ ਨੂੰ ਅਗਵਾਈ ਸਬੰਧਾਂ, ਚਰਚ ਵਿਕਾਸ ਅਤੇ ਮਨੁੱਖੀ ਰਵੱਈਏ ਵਰਗੇ ਅਹਿਮ ਵਿਸ਼ਿਆਂ 'ਤੇ ਕੇਵਲ ਭਾਸ਼ਣ ਹੀ ਨਹੀਂ ਦਿੰਦਾ ਰਿਹਾ, ਬਲਕਿ ਇਨ੍ਹਾਂ ਵਿਸ਼ਿਆਂ 'ਤੇ ਸੈਮੀਨਾਰ ਆਯੋਜਿਤ ਕਰਕੇ ਅਗਵਾਈ ਵੀ ਪ੍ਰਦਾਨ ਕਰਦਾ ਰਿਹਾ ਹੈ। ਉਹ ਜੀਵਨ ਅਗਵਾਈ ਦੇਣ ਵਾਲੀਆਂ ਕਈ ਪੁਸਤਕਾਂ ਦਾ ਲੇਖਕ ਵੀ ਹੈ। ਅਜੋਕੇ ਸਮੇਂ ਵਿਚ ਵੀ ਉਹ ਯੂਨਾਈਟਿਡ ਸਟੇਟਸ ਵਿਚ ਵਪਾਰ ਮੀਟਿੰਗਾਂ ਅਤੇ ਕਾਨਫ਼ਰੰਸਾਂ ਵਿਚ ਸ਼ਾਮਿਲ ਹੋ ਕੇ ਅਗਵਾਈ ਦੇ ਵਿਸ਼ੇ 'ਤੇ ਸੰਬੋਧਿਤ ਹੁੰਦਾ ਹੈ।
ਵਿਚਾਰ ਅਧੀਨ ਪੁਸਤਕ ਉਸ ਦੇ ਜੀਵਨ ਤਜਰਬਿਆਂ 'ਤੇ ਆਧਾਰਿਤ ਪੁਸਤਕ ਹੈ। ਇਸ ਪੁਸਤਕ ਵਿਚ ਉਸ ਨੇ ਆਪਣੇ ਜੀਵਨ ਅਨੁਭਵਾਂ ਅਤੇ ਤਜਰਬਿਆਂ ਦੀ ਖੋਜ ਦੇ ਆਧਾਰ 'ਤੇ ਸਿੱਧ ਕੀਤਾ ਹੈ ਕਿ ਕਿਵੇਂ ਜੇਤੂ ਰਵੱਈਆ ਸਾਡੇ ਕਾਰੋਬਾਰ ਅਤੇ ਜੀਵਨ-ਸ਼ੈਲੀ ਨੂੰ ਪ੍ਰਭਾਵਿਤ ਕਰਦਾ ਹੈ। ਅਜੋਕੇ ਦੌਰ ਵਿਚ ਲੀਹ ਤੋਂ ਲੱਥੀ ਜ਼ਿੰਦਗੀ ਦੀ ਗੱਡੀ ਨੂੰ ਲੀਹ 'ਤੇ ਪਾਉਣ ਲਈ ਅਸਫਲਤਾਵਾਂ ਨੂੰ ਸਫਲਤਾਵਾਂ ਵਿਚ ਤਬਦੀਲ ਕਰਨ, ਨਿੱਜੀ ਤੇ ਸਮਾਜਿਕ ਸਮੱਸਿਆਵਾਂ ਤੇ ਦੁਸ਼ਵਾਰੀਆਂ 'ਤੇ ਅਬੂਰ ਹਾਸਲ ਕਰਨ ਵਿਚ ਜੇਤੂ ਰਵੱਈਏ ਦੀ ਅਹਿਮ ਭੂਮਿਕਾ ਹੈ। ਪੁਸਤਕ ਦੇ ਚਾਰ ਭਾਗ ਹਨ, ਜਿਨ੍ਹਾਂ ਵਿਚ ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ ਕਿ ਕਿਵੇਂ ਜ਼ਿੰਦਗੀ ਦੀਆਂ ਮੁਸ਼ਕਿਲਾਂ ਦੇ ਹੱਲ ਲਈ, ਲੋਕਾਂ ਦੇ ਦਿਲ ਜਿੱਤਣ ਲਈ ਅਤੇ ਸਮੱਸਿਆਵਾਂ ਨੂੰ ਅਵਸਰਾਂ ਵਿਚ ਤਬਦੀਲ ਕਰਨ ਲਈ ਜੇਤੂ ਰਵੱਈਏ ਦੀ ਸ਼ਨਾਖ਼ਤ ਅਤੇ ਪ੍ਰਾਪਤੀ ਕੀਤੀ ਜਾਵੇ। ਨਕਾਰਾਤਮਕ ਨਜ਼ਰੀਏ ਨੂੰ ਸਕਾਰਾਤਮਕ ਨਜ਼ਰੀਏ ਵਿਚ ਕਿਵੇਂ ਤਬਦੀਲ ਕੀਤਾ ਜਾਏ ਤਾਂ ਜੋ ਸਾਡੀ ਜੀਵਨ ਗੱਡੀ ਲੀਹ 'ਤੇ ਪੈ ਜਾਵੇ। ਇਸ ਬਾਰੇ ਲੇਖਕ ਨੇ ਉਦਾਹਰਨਾਂ ਸਹਿਤ ਚਰਚਾ ਕੀਤੀ ਹੈ। ਇਸ ਪੁਸਤਕ ਵਿਚ ਜੀਵਨ ਨੂੰ ਸਫਲ ਬਣਾਉਣ ਲਈ ਗਿਆਨਵਰਧਕ ਵਿਚਾਰ ਪੇਸ਼ ਕੀਤੇ ਗਏ ਹਨ।

ਂਸੁਖਦੇਵ ਮਾਦਪੁਰੀ
ਮੋ: 94630-34472.
ਫ ਫ ਫ

ਕੰਨਾ ਮੰਨਾ ਕੁਰਰ
ਲੇਖਿਕਾ : ਡਾ. ਤੇਜਿੰਦਰ ਹਰਜੀਤ
ਪ੍ਰਕਾਸ਼ਕ : ਐਸ.ਪੀ. ਬੁਕਸ, ਜਲੰਧਰ
ਪੰਨੇ : 52 ਮੁੱਲ : 125 ਰੁਪਏ
ਸੰਪਰਕ : 98760-71010.

ਬਚਪਨ ਦੀ ਅਵਸਥਾ ਵਿਚ ਗੀਤ ਅਤੇ ਕਵਿਤਾਵਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਡਾ: ਤੇਜਿੰਦਰ ਹਰਜੀਤ ਨੇ ਆਪਣੀ ਨਵ-ਪ੍ਰਕਾਸ਼ਿਤ ਬਾਲ ਪੁਸਤਕ 'ਕੰਨਾ ਮੰਨਾ ਕੁਰਰ' ਵਿਚ ਬਾਲ ਮਨਾਂ ਦੇ ਕੁਝ ਅਜਿਹੇ ਹੀ ਜਜ਼ਬਿਆਂ, ਵਸਤਾਂ, ਸੁਪਨਿਆਂ ਅਤੇ ਸਰੋਕਾਰਾਂ ਨੂੰ ਸ਼ਾਬਦਿਕ ਰੂਪ ਦਿੱਤਾ ਹੈ ਜਿਨ੍ਹਾਂ ਨਾਲ ਉਨ੍ਹਾਂ ਦਾ ਬਹੁਤ ਨੇੜੇ ਦਾ ਸਬੰਧ ਹੈ। ਇਸ ਪੁਸਤਕ ਵਿਚ ਕੁੱਲ 29 ਕਵਿਤਾਵਾਂ ਅੰਕਿਤ ਹਨ, ਜਿਨ੍ਹਾਂ ਦਾ ਤਾਅਲੁਕ ਜੀਵ-ਜੰਤੂਆਂ, ਪ੍ਰਕਿਰਤੀ, ਹਾਸੇ-ਠੱਠੇ, ਸਕੂਲੀ ਸਿੱਖਿਆ, ਬਾਲ ਖੇਡਾਂ, ਦਿਨ-ਤਿਹਾਰ ਅਤੇ ਪੰਜਾਬ ਦੀ ਰਹਿਣੀ-ਬਹਿਣੀ ਆਦਿ ਵਿਸ਼ਿਆਂ ਨਾਲ ਹੈ। ਇਨ੍ਹਾਂ ਕਵਿਤਾਵਾਂ ਵਿਚੋਂ 'ਬਲੂੰਗੜੇ','ਬਿੱਲੀ ਤੇ ਚੂਚੇ', 'ਤੋਤਾ ਤੇ ਡੱਡੂ', 'ਮੇਰਾ ਹਾਥੀ', 'ਤੋਤਿਆ ਮਨਮੋਤਿਆ', 'ਗੜੈਂ ਗੜੈਂ', 'ਘੂੰ ਘੂੰ ਘੁੱਗੀਏ', 'ਅੱਪ ਤੇ ਗੜੱਪ' ਕਵਿਤਾਵਾਂ ਦੇ ਜ਼ਰੀਏ ਵੱਖ-ਵੱਖ ਨਿੱਕੇ-ਵੱਡੇ ਪੰਛੀ ਤੇ ਜਨੌਰ ਇਕ-ਦੂਜੇ ਨਾਲ ਮਨੁੱਖ ਵਾਂਗ ਆਪਣੀਆਂ ਗੱਲਾਂ, ਇੱਛਾਵਾਂ, ਸ਼ਿਕਵੇ-ਸ਼ਿਕਾਇਤਾਂ ਸਾਂਝੀਆਂ ਕਰਦੇ ਹਨ। ਇਹ ਕਦੇ ਆਪਸ ਵਿਚ ਬੱਚਿਆਂ ਵਾਂਗ ਲੜਦੇ ਹਨ, ਇਕ-ਦੂਜੇ ਨੂੰ ਤੰਗ ਕਰਦੇ ਹਨ ਪਰੰਤੂ ਅਗਲੇ ਹੀ ਪਲ ਇਕ-ਦੂਜੇ ਨਾਲ ਇਕਮਿਕ ਹੋ ਜਾਂਦੇ ਹਨ। 'ਤੋਤਾ ਤੇ ਡੱਡੂ' ਕਵਿਤਾ ਸ਼ਰਾਰਤ ਸ਼ਰਾਰਤ ਵਿਚ ਹੀ ਬਾਲ ਪਾਠਕਾਂ ਨੂੰ ਹਸਾ ਦਿੰਦੀ ਹੈ :
ਤੋਤੇ ਨੂੰ ਇੱਕ ਡੱਡੂ ਕਹਿੰਦਾ, ਦੇ ਦੇ ਆਪਣੇ ਖੰਭ।
ਮੈਂ ਵੀ ਤੇਰੇ ਵਾਂਗੂੰ ਉਡ ਕੇ, ਟੁੱਕ ਟੁੱਕ ਖਾਵਾਂ ਅੰਬ।
ਤੋਤੇ ਨੇ ਇਕ ਮਾਰ ਕੇ ਪੌਂਹਚਾ, ਸੁੱਟਿਆ ਅੰਬ ਧੜੈਂ।
ਉੱਪਰ ਅੰਬ ਤੇ ਹੇਠਾਂ ਡੱਡੂ, ਕਰਦਾ ਗੜੈਂ ਗੜੈਂ।
(ਪੰਨਾ 10)
ਇਸ ਸੰਗ੍ਰਹਿ ਵਿਚ 'ਅੱਲੀਆਂ ਪਟੱਲੀਆਂ', 'ਕੂੜੇਦਾਨ', 'ਸਾਡਾ ਘਰ', 'ਮਾਂ ਦੀ ਗੋਦੀ', 'ਕੱਟੇ ਦਾ ਰੱਟਾ', 'ਨਿੱਕਾ ਤਾਰਾ', 'ਮੈਂ ਕੀ ਬਣਾਂਗਾਂ ?', 'ਦੇਸੀ ਮਹੀਨੇ' ਕਵਿਤਾਵਾਂ ਵੀ ਬਾਲ-ਭਾਵਨਾਵਾਂ ਦੀ ਤਰਜ਼ਮਾਨੀ ਕਰਦੀਆਂ ਹਨ। ਇਹ ਕਵਿਤਾਵਾਂ ਏਨੇ ਸਹਿਜ ਸੁਭਾਵਿਕ ਅਤੇ ਸਾਧਾਰਨ ਸ਼ੈਲੀ ਵਿਚ ਲਿਖੀਆਂ ਗਈਆਂ ਹਨ ਕਿ ਬੱਚਿਆਂ ਵਿਚ ਪੜ੍ਹਨ ਰੁਚੀਆਂ ਪ੍ਰਤੀ ਉਤਸ਼ਾਹ ਪੈਦਾ ਕਰਦੀਆਂ ਹਨ। ਲੈਅ ਅਤੇ ਸੰਗੀਤ ਵਿਚ ਪ੍ਰੋਈਆਂ ਇਹ ਕਵਿਤਾਵਾਂ ਬਾਲ-ਮੂੰਹਾਂ 'ਤੇ ਚੜ੍ਹ ਜਾਣ ਦੀ ਸਮਰੱਥਾ ਰੱਖਦੀਆਂ ਹਨ। ਪੁਸਤਕ ਦੀ ਛਪਾਈ ਅਤੇ ਸਮੁੱਚੀ ਗੈੱਟਅਪ ਖਿੱਚ ਪਾਉਂਦੀ ਹੈ। ਇਸ ਪੁਸਤਕ ਵਿਚਲੀਆਂ ਸਮੁੱਚੀਆਂ ਕਵਿਤਾਵਾਂ ਨਾਲ ਰੰਗਦਾਰ ਚਿੱਤਰ ਬਣਾਏ ਗਏ ਹਨ।

ਂਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703
ਫ ਫ ਫ

ਪੇਪਰ ਮੈਰਿਜ
ਲੇਖਕ : ਨਛੱਤਰ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 98722-51675.

ਨਾਵਲ 'ਪੇਪਰ ਮੈਰਿਜ' ਉਨ੍ਹਾਂ ਪੰਜਾਬੀਆਂ ਦੇ ਵੇਰਵੇ ਪੇਸ਼ ਕਰਦਾ ਹੈ ਜੋ ਕੈਨੇਡਾ ਜਾਣ ਦੀ ਲਲਕ ਵਿਚ ਕਾਨੂੰਨੀ, ਗ਼ੈਰ-ਕਾਨੂੰਨੀ, ਨੈਤਿਕ-ਅਨੈਤਿਕ ਹਰ ਹਰਬਾ ਵਰਤਣ ਲਈ ਤਿਆਰ ਰਹਿੰਦੇ ਹਨ। ਕਈ ਤਾਂ ਆਪਣੀਆਂ ਸਕੀਆਂ ਭੈਣਾਂ ਨਾਲ ਵੀ ਵਿਆਹ ਕਰਵਾ ਕੇ ਕੈਨੇਡਾ ਅੱਪੜਣ ਵਿਚ ਕਾਮਯਾਬ ਹੋ ਜਾਂਦੇ ਹਨ। ਡਾਲਰ ਦੀ ਭੁੱਖ ਨੇ ਸਾਡੇ ਲੋਕਾਂ ਨੂੰ ਅੰਨ੍ਹਿਆਂ ਕਰ ਦਿੱਤਾ ਹੈ। 'ਪੇਪਰ ਮੈਰਿਜ' ਵੀ ਇਕ ਅਜਿਹਾ ਹੀ ਵਰਤਾਰਾ ਹੈ, ਜਿਸ ਰਾਹੀਂ ਮੁੰਡੇ-ਕੁੜੀ ਸੌਦੇ ਦੀ ਨਕਲੀ ਮੈਰਿਜ ਕਰਵਾ ਕੇ ਕੈਨੇਡਾ ਪਹੁੰਚ ਜਾਂਦੇ ਹਨ। ਆਪਣੀ ਨਕਲੀ ਬੀਵੀ ਨੂੰ ਤਲਾਕ ਦੇ ਕੇ ਇਧਰੋਂ ਦੁਬਾਰਾ ਅਸਲੀ ਵਿਆਹ ਕਰਵਾ ਕੇ ਕੁੜੀਆਂ ਮੁੰਡਿਆਂ ਨੂੰ ਕੈਨੇਡਾ ਪਹੁੰਚਦਾ ਕਰਦੇ ਹਨ। ਇਸ 'ਡੀਲ' ਵਿਚ ਹਜ਼ਾਰਾਂ ਡਾਲਰਾਂ ਦੇ ਸੌਦੇ ਤਜਰਬੇਕਾਰ ਏਜੰਟਾਂ ਰਾਹੀਂ ਤੈਅ ਹੁੰਦੇ ਹਨ ਜੋ ਆਪਣਾ ਕਮਿਸ਼ਨ ਲੈ ਕੇ ਇਸ ਧੰਦੇ ਵਿਚ ਲੱਗੇ ਮੁੰਡੇ ਕੁੜੀਆਂ ਦਾ ਬੇੜਾ ਪਾਰ ਕਰਦੇ ਹਨ।
ਇਸ ਨਾਵਲ ਦੀ ਮੁੱਖ ਪਾਤਰ ਮਾਨੀ ਅਸਲੀ ਵਿਆਹ ਵਿਚ ਤ੍ਰਾਸਦੀ ਦਾ ਸ਼ਿਕਾਰ ਹੋ ਕੇ ਆਪਣੇ ਸ਼ਰਾਬੀ ਕਬਾਬੀ ਤੇ ਆਚਰਣਹੀਣ ਪਤੀ ਹੈਰੀ ਵੱਲੋਂ ਪ੍ਰਤਾੜਿਤ ਹੁੰਦੀ ਹੈ। ਕਿਸੇ ਆਦਰਸ਼ ਧਾਲੀਵਾਲ ਪਰਿਵਾਰ ਦੀ ਸਹਾਇਤਾ ਨਾਲ ਉਹ ਇਸ ਨਰਕ ਵਿਚੋਂ ਨਿਕਲਣ ਵਿਚ ਸਫਲ ਹੋ ਜਾਂਦੀ ਹੈ। ਕੁੰਦੀ ਜਿਹੀ ਚਾਲੂ ਕੁੜੀ ਦੇ ਸੰਪਰਕ 'ਚ ਆਉਣ 'ਤੇ ਉਹ ਪੇਪਰ ਮੈਰਿਜ ਜਿਹਾ ਅਨੈਤਿਕ ਧੰਦਾ ਅਪਣਾ ਲੈਂਦੀ ਹੈ। ਸੀਰੇ ਨਾਲ ਪੇਪਰ ਮੈਰਿਜ ਕਰਵਾਉਣ ਤੋਂ ਬਾਅਦ ਉਸ ਦੀ ਸੋਚ ਪਲਟਾ ਖਾਂਦੀ ਹੈ ਤੇ ਉਹ ਸੀਰੇ ਨਾਲ ਪੱਕੇ ਤੌਰ 'ਤੇ ਰਹਿਣ ਦਾ ਨਿਸਚਾ ਕਰ ਲੈਂਦੀ ਹੈ। ਇਥੇ ਨਾਵਲਕਾਰ ਦੀ ਹਾਂ-ਪੱਖੀ ਸੋਚ ਕੰਮ ਕਰਦੀ ਹੈ। ਮਾਨੀ ਪੈਸੇ ਧੇਲੇ ਦਾ ਮੋਹ ਛੱਡ ਕੇ ਸ਼ਾਂਤ ਅਤੇ ਸੁਹਾਵਣਾ ਜੀਵਨ ਬਿਤਾਉਣ ਦੇ ਰਾਹ ਪੈ ਜਾਂਦੀ ਹੈ ਤੇ ਨਾਵਲ ਦਾ ਅੰਤ ਤ੍ਰਾਸਦੀ ਦੀ ਥਾਂ ਕਾਮੇਡੀ ਵਿਚ ਨਿਕਲਦਾ ਹੈ।
ਨਾਵਲ ਦੀ ਵਿਉਂਤਬੰਦੀ ਤੇ ਉਤਸੁਕਤਾ ਅੰਤ ਸਮੇਂ ਤੱਕ ਬਣੀ ਰਹਿੰਦੀ ਹੈ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

11/02/2017

 ਪਰਿੰਦੇ ਫੇਰ ਪਰਤਣਗੇ
ਆਉਂਦੇ ਦਿਨੀਂ
ਸ਼ਾਇਰ : ਸੁਰਜੀਤ ਜੱਜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਸੰਪਰਕ : 94173-04446.

'ਪਰਿੰਦੇ ਫੇਰ ਪਰਤਣਗੇ' (ਮੁੱਲ : 125 ਰੁਪਏ, ਸਫ਼ੇ : 120) ਪੰਜਾਬੀ ਦੇ ਪ੍ਰਸਿੱਧ ਪ੍ਰਗਤੀਸ਼ੀਲ ਕਵੀ ਸੁਰਜੀਤ ਜੱਜ ਦਾ ਪ੍ਰਥਮ ਗ਼ਜ਼ਲ ਸੰਗ੍ਰਹਿ ਹੈ ਜੋ ਪਹਿਲੀ ਵਾਰ 1990 ਵਿਚ ਪ੍ਰਕਾਸ਼ਿਤ ਹੋਇਆ ਸੀ ਅਤੇ ਹਥਲਾ ਸੰਗ੍ਰਹਿ 'ਪਰਿੰਦੇ ਫੇਰ ਪਰਤਣਗੇ' ਦਾ ਨਵਾਂ ਸੰਸਕਰਣ ਹੈ। ਸੁਰਜੀਤ ਜੱਜ ਨੇ ਗ਼ਜ਼ਲ ਰੂਪਾਕਾਰ ਨੂੰ ਪਿਛਲੇ 25-30 ਵਰ੍ਹਿਆਂ ਤੋਂ ਆਪਣੇ ਭਾਵਾਂ ਦਾ ਵਾਹਕ ਬਣਾਇਆ ਹੋਇਆ ਹੈ, ਇਸ ਤੱਥ ਤੋਂ ਉਸ ਦੀ ਇਸ ਰੂਪਾਕਾਰ ਵੱਲ ਵਚਨਬੱਧਤਾ ਸਿੱਧ ਹੋ ਜਾਂਦੀ ਹੈ। ਸੁਰਜੀਤ ਜੱਜ ਦੀ ਸ਼ਖ਼ਸੀਅਤ ਵਿਚ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਦਾ ਸੰਤੁਲਨ ਹੈ। ਇਸ ਵਜ੍ਹਾ ਨਾਲ ਉਸ ਦੀਆਂ ਗ਼ਜ਼ਲਾਂ ਵਿਚ ਵਸਤੂ-ਸਮੱਗਰੀ ਦੀ ਪ੍ਰਮਾਣਿਕਤਾ ਦੇ ਨਾਲ-ਨਾਲ ਭਾਵਾਂ ਦੀ ਸ਼ਿੱਦਤ ਵੀ ਬਰਕਰਾਰ ਰਹਿੰਦੀ ਹੈ। ਆਪਣੀਆਂ ਗ਼ਜ਼ਲਾਂ ਦੇ ਮਾਧਿਅਮ ਦੁਆਰਾ ਉਹ ਆਪਣੇ-ਆਪ ਨਾਲ ਇਹ ਅਹਿਦ ਵੀ ਕਰਦਾ ਹੈ ਕਿ ਉਹ 'ਵਿਲਕਦੇ ਮਾਸੂਮ ਬੋਲਾਂ, ਚੁੱਪ ਬੂਹਿਆਂ, ਸੜਦੇ ਬੋਟਾਂ ਅਤੇ ਪਿੰਡਾਂ-ਸ਼ਹਿਰਾਂ ਦੀ ਆਤਮ-ਕਥਾ' ਬਾਰੇ ਚਰਚਾ ਕਰਦਾ ਰਹੇਗਾ। ਦੇਖੋ : ਕਿਸ ਤਰ੍ਹਾਂ ਜੰਗਲੀ ਹਵਾ ਇਸ ਸ਼ਹਿਰ ਵਿਚ ਪੁੱਜੀ ਲਿਖੀਂ, ਹਰ ਤਰਫ਼ ਬੁਝਦੇ ਚਿਰਾਗ਼ਾਂ ਦਾ ਕਿਤੇ ਚਰਚਾ ਕਰੀਂ। ਜ਼ਿਕਰ ਕਰ ਦੀਂ ਸ਼ਹਿਰ ਦੇ ਪਿੰਡੇ 'ਤੇ ਉੱਗੀ ਪੀੜ ਦਾ, ਨਾ ਕਦੇ ਭਰਨੇ ਜੁ ਜ਼ਖ਼ਮਾਂ ਦਾ ਕਿਤੇ ਚਰਚਾ ਕਰੀਂ। (ਕਾਵਿ ਮੈਨੀਫੈਸਟੋ, ਪੰਨਾ 15)
ਇਸ ਸੰਗ੍ਰਹਿ ਵਿਚ ਕਵੀ ਨੇ ਵੱਖ-ਵੱਖ ਤਰ੍ਹਾਂ ਦੇ ਬਹਿਰ ਬੜੀ ਨਿਪੁੰਨਤਾ ਨਾਲ ਨਿਭਾਏ ਹਨ। ਲੰਬੇ ਬਹਿਰਾਂ ਦੇ ਨਾਲ-ਨਾਲ ਉਸ ਨੇ ਛੋਟੇ ਬਹਿਰ ਵਾਲੀਆਂ ਗ਼ਜ਼ਲਾਂ ਵਿਚ ਵੀ ਖਿਆਲਾਂ ਦੀ ਮੌਲਿਕਤਾ ਅਤੇ ਪ੍ਰਸੰਗਿਕਤਾ ਨੂੰ ਖੁਰਨ ਨਹੀਂ ਦਿੱਤਾ। ਕੁਝ ਅਸ਼ਆਰ ਦੇਖੋ :
ਕਿਸ ਤਰ੍ਹਾਂ ਦੀ ਬੇਵੱਸੀ
ਤੂੰ ਹੰਢਾਈ ਜ਼ਿੰਦਗੀ?
ਹਰ ਘੜੀ ਹਰ ਮੋੜ ਤੇ
ਰੀਝ ਕਰਦੀ ਖ਼ੁਦਕੁਸ਼ੀ!
ਸ਼ਹਿਰ ਵਿਚ ਰੜਕੀ ਸਦਾ
ਉਸ ਨੂੰ ਮਿਰੀ ਮੌਜੂਦਗੀ। (ਪੰਨਾ 100)
ਇਹ ਗ਼ਜ਼ਲ ਸੰਗ੍ਰਹਿ ਕਵੀ ਦੀ ਚੜ੍ਹਦੀ ਕਲਾ ਅਤੇ ਅਟੁੱਟ ਆਸ਼ਾਵਾਦਿਤਾ ਦਾ ਪ੍ਰਤੀਕ ਹੈ। ਇਸ ਵਿਚ ਸੰਕਲਿਤ ਗ਼ਜ਼ਲਾਂ ਦੀ ਸਿਰਜਣਾ ਸਮੇਂ ਉਹ ਅੱਲ੍ਹੜ ਜਵਾਨੀ ਵਿਚੋਂ ਗੁਜ਼ਰ ਰਿਹਾ ਸੀ ਅਤੇ ਉਸ ਨੂੰ ਅਵਾਮ ਦੀ ਸੰਗਠਿਤ ਲੋਕ-ਸ਼ਕਤੀ ਵਿਚ ਪੂਰਨ ਵਿਸ਼ਵਾਸ ਸੀ। ਪਰ ਕੁਝ ਵਰ੍ਹਿਆਂ ਦੇ ਅੰਤਰਾਲ ਤੋਂ ਬਾਅਦ ਇਹ ਵਿਸ਼ਵਾਸ ਕੁਝ ਮੱਧਮ ਪੈਣ ਲਗਦਾ ਹੈ।
ਇਹੀ ਕਾਰਨ ਹੈ ਕਿ 1993 ਈ: ਵਿਚ ਪ੍ਰਕਾਸ਼ਿਤ ਆਪਣੇ ਅਗਲੇ ਗ਼ਜ਼ਲ ਸੰਗ੍ਰਹਿ 'ਆਉਂਦੇ ਦਿਨੀਂ' (ਮੁੱਲ : 125 ਰੁਪਏ, ਸਫ਼ੇ : 104) ਵਿਚ ਉਹ ਵਧੇਰੇ ਸੰਤੁਲਿਤ ਅਤੇ ਸਹਿਜ ਅੰਦਾਜ਼ ਅਖ਼ਤਿਆਰ ਕਰਦਾ ਨਜ਼ਰ ਆਉਂਦਾ ਹੈ। ਆਪਣੇ ਇਸ ਬਦਲੇ ਅੰਦਾਜ਼ ਦੇ ਔਚਿਤਯ ਦਾ ਸਪੱਸ਼ਟੀਕਰਨ ਦਿੰਦਾ ਹੋਇਆ ਉਹ ਲਿਖਦਾ ਹੈ, 'ਮੇਰੇ ਕੋਲ ਇਲਹਾਮੀ-ਉਚਾਈਆਂ 'ਤੇ ਪੁੱਜੇ ਸ਼ਾਇਰਾਂ ਵਰਗਾ ਕੁਝ ਨਹੀਂ ਹੈ' ਮੈਂ ਤੁਹਾਡੇ ਵਿਚੋਂ, ਤੁਹਾਡੇ ਵਰਗਾ ਆਮ ਜਿਹਾ ਮਨੁੱਖ ਹਾਂ।' 'ਪੰਨਾ 10) ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਵਿਚ ਕਵੀ ਨੂੰ ਇਸ ਤੱਥ ਦਾ ਗਿਲਾ ਹੈ ਕਿ ਸਹਿਜੇ-ਸਹਿਜੇ ਸਾਰੇ ਲੋਕ ਯਥਾਸਥਿਤੀਵਾਦੀ ਹੁੰਦੇ ਜਾ ਰਹੇ ਹਨ। ਵਿਦਰੋਹ ਅਤੇ ਨਾਬਰੀ ਦੀਆਂ ਚਿਣਗਾਂ ਬੁਝਦੀਆਂ ਜਾ ਰਹੀਆਂ ਹਨ! ਸੱਤਾ ਦਿਨ-ਪ੍ਰਤੀਦਿਨ ਵਧੇਰੇ ਨਿਰੰਕੁਸ਼ ਅਤੇ ਹਿੰਸਕ ਹੁੰਦੀ ਜਾ ਰਹੀ ਹੈ। ਕਵੀ ਦੇ ਕੁਝ ਅਸ਼ਆਰ ਦੇਖੋ : ਜਿਨ੍ਹਾਂ ਨੂੰ ਸਿਰਜਿਆ ਸੀ ਨਿਰਲੱਜ ਸਾਜ਼ਿਸ਼ਾਂ ਨੇ, ਰਾਹੀਆਂ ਨੂੰ ਮੋਹ ਲਿਆ ਏ ਓਹਨਾਂ ਹੀ ਮੰਜ਼ਿਲਾਂ ਨੇ। ਕੈਸਾ ਹੈ ਇਹ ਸਲੀਕਾ ਸਵੀਕਾਰ ਕਰ ਲਿਆ ਏ, ਬਿੱਲੀ ਦੀ ਰਹਿਬਰੀ ਨੂੰ ਗੋਲੇ ਕਬੂਤਰਾਂ ਨੇ! (ਪੰਨਾ 14)
ਕਈ ਨੂੰ ਜਨਮਾਨਸ ਵਿਚ ਆ ਰਹੀ ਅਜਿਹੀ ਤਬਦੀਲੀ ਦਾ ਬੜਾ ਦੁਖਦ ਅਹਿਸਾਸ ਹੈ। ਆਮ ਆਦਮੀ ਦੇ ਸੰਤਾਪ ਉੱਪਰ ਨਜ਼ਰਸਾਨੀ ਕਰਦਾ ਹੋਇਆ ਉਹ ਲਿਖਦਾ ਹੈ :
ਊਣਾ ਊਣਾ ਭੁਰਿਆ ਭੁਰਿਆ।
ਹਰ ਬੰਦਾ ਏ ਥੁੜਿਆ ਥੁੜਿਆ।
ਢਕ ਲੈਂਦਾ ਏ ਰੋਜ਼ ਤਰੇੜਾਂ,
ਜਾਪਣ ਦੇ ਲਈ ਜੁੜਿਆ ਜੁੜਿਆ।
ਸਾਡੇ ਹਿੱਸੇ ਹਰ ਰੰਗ ਆਇਆ,
ਫਿੱਕਾ ਫਿੱਕਾ ਖੁਰਿਆ ਖੁਰਿਆ। (ਪੰਨਾ 53)
ਪਿਛਲੇ ਵਰ੍ਹਿਆਂ ਵਿਚ ਸੁਰਜੀਤ ਜੱਜ ਦੀ ਗ਼ਜ਼ਲ ਨੇ ਬਹੁਤ ਵਿਕਾਸ ਕਰ ਲਿਆ ਹੈ। ਉਹ ਪੰਜਾਬੀ ਗ਼ਜ਼ਲ ਦੇ ਰੌਸ਼ਨ ਮੁਸਤਕਬਿਲ ਦਾ ਸੂਚਕ-ਸ਼ਾਇਰ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਕਾਵਿ ਸ਼ਾਸਤਰ-ਅੰਕ 6
ਸੰਪਾਦਕੀ ਮੰਡਲ : ਡਾ: ਅਮਰਜੀਤ ਸਿੰਘ, ਰਾਜ ਸੰਧੂ, ਸਾਬੀ ਈਸਪੁਰੀ
ਪ੍ਰਕਾਸ਼ਕ : ਬਸੰਤ-ਸੁਹੇਲ ਪ੍ਰਕਾਸ਼ਨ, ਫਗਵਾੜਾ
ਮੁੱਲ : 100 ਰੁਪਏ, ਸਫ਼ੇ : 208
ਸੰਪਰਕ : 98721-20620.

ਕਾਵਿ-ਸ਼ਾਸਤਰ ਪੁਸਤਕ ਲੜੀ 6 ਵਿਸ਼ਵ ਅਤੇ ਪੰਜਾਬੀ ਸਾਹਿਤ ਬਾਰੇ ਬਹੁ-ਦਿਸ਼ਾਵੀ, ਬਹੁ-ਪਰਤੀ, ਬਹੁ-ਦ੍ਰਿਸ਼ਟੀ ਅਤੇ ਬਹੁ-ਮੁੱਲੀ ਕਾਵਿ-ਸ਼ਾਸਤਰੀ ਨਿਬੰਧਾਂ ਅਤੇ ਵਿਵਹਾਰਕ ਆਲੋਚਨਾ ਨਾਲ ਗਰਭਿਤ ਅੰਕ ਹੈ। ਇਸ ਪੁਸਤਕ ਲੜੀ ਦੀ ਰੂਪ-ਰੇਖਾ ਦੀ ਡਿਊਢੀ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਵਿਚ ਜੋ ਖੋਜ ਭਰਪੂਰ ਨਿਬੰਧ ਸ਼ਾਮਿਲ ਕੀਤੇ ਗਏ ਹਨ, ਉਹ ਸਾਰੇ ਹੀ ਆਪੋ-ਆਪਣੇ ਖੇਤਰ ਦੇ ਵਿਸ਼ੇਸ਼ਗਾਂ ਵੱਲੋਂ ਮੂਲ ਰੂਪ ਵਿਚ ਜਾਂ ਅਨੁਵਾਦਤ ਰੂਪ ਵਿਚ ਹੋਂਦ ਗ੍ਰਹਿਣ ਕਰਦੇ ਹਨ। ਇਨ੍ਹਾਂ ਨਿਬੰਧਾਂ ਦਾ ਮਨੋਰਥ ਅਜੋਕੇ ਸਮੇਂ ਗਿਆਨ ਅਤੇ ਸੁਹਜ ਰੂਪ ਦਰਮਿਆਨ ਵਧ ਰਹੇ ਪਾੜੇ ਨੂੰ ਨਵੇਂ ਕਾਵਿ-ਸ਼ਾਸਤਰੀ ਪਰਿਪੇਖ ਦੀ ਤਲਾਸ਼ ਕਰਦਿਆਂ ਨਿਰੰਤਰ ਪੂਰਦੇ ਰਹਿਣ ਵਿਚ ਨਿਹਿਤ ਹੈ। ਇਸ ਅੰਕ ਵਿਚ ਉੱਤਰਆਧੁਨਿਕਤਾ, ਉੱਤਰ ਬਸਤੀਵਾਦੀ, ਨਵ-ਮਾਰਕਸਵਾਦੀ, ਵਿਸਮਾਦੀ ਪੂੰਜੀ, ਪੰਜਾਬੀ ਭਾਸ਼ਾ ਸਬੰਧੀ ਸੰਵਾਦੀ ਪ੍ਰਤੀਕਰਮ, ਸਾਹਿਤ ਆਲੋਚਨਾ-ਸਮੱਸਿਆ ਤੇ ਵੰਗਾਰ, ਵਿਚਾਰਧਾਰਾਈ ਪਰਿਪੇਖ, ਪੰਜਾਬੀ ਸੱਭਿਆਚਾਰ, ਪੰਜਾਬੀ ਸਾਹਿਤਕਾਰੀ, ਅਨੁਵਾਦ ਚਿੰਤਨ, ਮੀਡੀਆ-ਭਾਸ਼ਾ ਤੇ ਸੱਭਿਆਚਾਰ, ਭਾਸ਼ਾਈ ਲੋਕਤੰਤਰ, ਨਵ-ਚਿੰਤਨ ਚੇਤਨਾ ਅਤੇ ਹੋਰ ਅਨੇਕਾਂ ਪੱਖਾਂ ਦਾ ਨਿਕਟ ਅਤੇ ਮੈਗਾ ਦ੍ਰਿਸ਼ਟੀ ਤੋਂ ਵਿਵੇਚਨ ਕੀਤਾ ਗਿਆ ਹੈ। ਇਸ ਤੋਂ ਬਿਨਾਂ ਡਾ: ਕੇਸਰ ਸਿੰਘ ਕੇਸਰ ਦਾ ਸਾਹਿਤ ਚਿੰਤਨ, ਗੁਰਦਿਆਲ ਸਿੰਘ ਦੀ ਸਿਰਜਣਾਤਮਕ ਅਸੀਮਤਾ, ਦੇਵਿੰਦਰ ਦਿਲਰੂਪ ਦੀ ਸਿਰਜਣਾ, ਏਜਾਜ਼ ਅਹਿਮਦ ਅਤੇ ਅਜੀਤ ਕੌਰ ਨਾਲ ਮੁਲਾਕਾਤ, ਮਹਾਨ ਸ਼ਖ਼ਸੀਅਤਾਂ ਦਾ ਅੰਤਮ ਸਮਾਂ, ਨਿੱਕੀ ਕਹਾਣੀ ਬਾਰੇ ਵਿਚਾਰ-ਚਰਚਾ, ਕੁਝ ਕਵਿਤਾਵਾਂ ਅਤੇ ਕਹਾਣੀਆਂ ਨਾਲ ਵੀ ਪਾਠਕਾਂ ਦੀ ਸਾਂਝ ਪੁਆਈ ਗਈ ਹੈ।
ਸੰਪਾਦਕੀ ਮੰਡਲ ਵੱਲੋਂ ਹਰ ਨਿਬੰਧ ਦੇ ਆਰੰਭ ਵਿਚ ਕੀਤੀਆਂ ਗਈਆਂ ਸਾਰੰਸ਼ ਰੂਪੀ ਟਿੱਪਣੀਆਂ ਸਾਧਾਰਨ ਪਾਠਕਾਂ ਦੀ ਸਮਝ ਲਈ ਜਿਗਿਆਸਾ ਅਤੇ ਸੌਖ ਪੈਦਾ ਕਰਨ ਵਿਚ ਸਹਾਈ ਹੁੰਦੀਆਂ ਹਨ। 208 ਪੰਨਿਆਂ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਲਈ ਸਾਹਿਤਕ ਕਿਤਾਬਾਂ/ਲੇਖਕਾਂ ਬਾਰੇ ਫੁਟਕਲ ਟੁਕੜੀਆਂ ਦੇ ਕੇ ਖਾਲੀ ਸਥਾਨ ਦਾ ਲਾਭ ਉਠਾਇਆ ਗਿਆ ਹੈ। ਇਸੇ ਜੁਗਤ ਦੀ ਵਰਤੋਂ ਕਰਦਿਆਂ ਨਿਬੰਧ ਲੇਖਕਾਂ/ਅਨੁਵਾਦਕਾਂ ਨਾਲ ਜਾਣ-ਪਚਾਣ ਕਰਵਾਉਣ ਦਾ ਹੁਨਰ ਵੀ ਵਰਤਿਆ ਗਿਆ ਹੈ। ਇੰਜ ਇਨ੍ਹਾਂ ਨਿਬੰਧਾਂ ਰਾਹੀਂ ਨਵ-ਚਿੰਤਨ ਚੇਤਨਾ ਦਾ ਜਾਗ ਲਾਇਆ ਗਿਆ ਹੈ।
ਇਸ ਕਾਵਿ-ਸ਼ਾਸਤਰੀ ਪੁਸਤਕ ਦੇ ਨਿਬੰਧਾਂ ਦੀ ਸਮਝ ਲਈ ਨਵੇਂ ਰਿਸਰਚ ਸਕਾਲਰਾਂ ਅਤੇ ਪੰਜਾਬੀ ਪਾਠਕਾਂ ਨੂੰ ਇਨ੍ਹਾਂ ਦਾ ਹਾਣੀ ਬਣਨ ਦੀ ਜ਼ਰੂਰਤ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਹਰਭਜਨ ਸਿੰਘ ਗੁਲਾਟੀ ਦੀ ਕਹਾਣੀ ਕਲਾ
'ਖੰਡ ਦੇ ਖਿਡੌਣੇ' ਕਹਾਣੀ-ਸੰਗ੍ਰਹਿ ਦੇ ਸੰਦਰਭ ਵਿਚ
ਸੰਪਾਦਿਕਾ : ਰੂਪਾ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98145-17643.

ਇਸ ਸੰਪਾਦਿਤ ਪੁਸਤਕ ਵਿਚ 21 ਆਲੋਚਕਾਂ ਦੇ ਖੋਜ ਪੱਤਰ ਹਨ। ਸਾਰੇ ਖੋਜ ਪੱਤਰ ਉਪਰੋਕਤ ਪੁਸਤਕ ਦੇ ਸੰਦਰਭ 'ਚ ਲਿਖੇ ਗਏ ਹਨ। ਸਾਰੇ ਖੋਜ ਪੱਤਰ ਇਸਤਰੀ ਆਲੋਚਕਾਂ ਦੇ ਹਨ। ਇਨ੍ਹਾਂ 21 ਆਲੋਚਕਾਂ ਨੇ ਹਰਭਜਨ ਸਿੰਘ ਗੁਲਾਟੀ ਦੀ ਕਹਾਣੀ ਕਲਾ ਤੇ ਇਸ ਪੁਸਤਕ ਵਿਚਲੀਆਂ ਕਹਾਣੀਆਂ ਵਿਚ ਮਿਲਦੇ ਵੱਖ-ਵੱਖ ਵਿਸ਼ਿਆਂ ਨੂੰ ਆਪਣੀ ਆਲੋਚਨਾ ਦਾ ਆਧਾਰ ਬਣਾਇਆ ਹੈ। ਇਸ ਪੁਸਤਕ ਦੀਆਂ ਕਹਾਣੀਆਂ ਘਰ, ਦਫ਼ਤਰਾਂ ਵਿਚਲੇ ਵਪਾਰਕ ਗੋਰਖਧੰਦੇ ਦੀ ਗੱਲ ਕਰਦੀਆਂ ਹਨ। ਕੁਝ ਕਹਾਣੀਆਂ ਅਖੌਤੀ ਅਮੀਰੀ ਦੀ ਅੱਯਾਸ਼ੀ ਦੀ ਮਾਰ ਹੇਠ ਮਰ-ਖਪ ਰਹੇ ਇਖਲਾਕ ਤੇ ਆਤਮ ਗੌਰਵ ਦੀ ਮੌਤ 'ਤੇ ਰੁਦਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਟੁੱਟਦੇ ਰਿਸ਼ਤਿਆਂ ਵਿਚਲੀ ਬੇਗਾਨਗੀ, ਪਰਵਾਸੀ ਪੁੱਤਰਾਂ ਲਈ ਤਰਸੇਵਾਂ ਤੇ ਉਕਰੇਵਾਂ, ਆਰਥਿਕ ਸਮਾਜਿਕ ਸਥਿਤੀਆਂ ਤੇ ਉਨ੍ਹਾਂ ਵਿਚਲਾ ਤਣਾਅ, ਰਿਸ਼ਤਿਆਂ ਦੀ ਅਰਥਹੀਣਤਾ ਬਾਰੇ ਵੀ ਆਲੋਚਕਾਂ ਨੇ ਆਪਣੇ ਵਿਚਾਰ ਵਿਅਕਤ ਕੀਤੇ ਹਨ। ਡਾ: ਰੂਪਾ ਕੌਰ ਨੇ ਮਿਹਨਤ ਨਾਲ ਇਹ ਪੁਸਤਕ ਸੰਪਾਦਤ ਕੀਤੀ ਹੈ। ਆਸ ਹੈ ਅੱਗੇ ਵੀ ਇਹ ਇਸਤਰੀ ਪ੍ਰਾਅਧਿਆਪਕਾ (ਆਲੋਚਕ) ਇਸੇ ਤਰ੍ਹਾਂ ਇਸ ਖੇਤਰ 'ਚ ਲਗਨ ਨਾਲ ਕੰਮ ਕਰਦੀ ਰਹੇਗੀ।

-ਪ੍ਰੋ: ਸਤਪਾਲ ਸੰਘ
ਮੋ: 98725-21515.

c c c

ਅੰਬਰਾਂ ਦਾ ਵਣਜਾਰਾ
ਸ਼ਾਇਰ : ਤੈਸ਼ ਪੋਠਵਾਰੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 96
ਸੰਪਰਕ : 070117-39080

ਤੈਸ਼ ਪੋਠਵਾਰੀ ਦੀ ਕਾਵਿ ਪੁਸਤਕ 'ਅੰਬਰਾਂ ਦਾ ਵਣਜਾਰਾ' ਆਮ ਪੁਸਤਕਾਂ ਨਾਲੋਂ ਇਸ ਲਈ ਵੱਖਰੀ ਹੈ ਕਿ ਇਸ ਵਿਚ ਕਵਿਤਾਵਾਂ ਨੂੰ ਗੁਰਮੁਖੀ ਦੇ ਨਾਲ ਨਾਲ ਹਿੰਦੀ ਵਿਚ ਵੀ ਛਾਪਿਆ ਗਿਆ ਹੈ। ਚੁਤਾਲੀ ਕਵਿਤਾਵਾਂ ਵਾਲੇ ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਨੂੰ ਛੱਡ ਕੇ ਬਹੁਤੀਆਂ ਪਿਆਰ ਆਧਾਰਿਤ ਹਨ। ਇਨ੍ਹਾਂ ਵਿਚ ਸ਼ਾਇਰ ਦੀ ਮਾਯੂਸੀ, ਤਨਹਾਈ, ਵਿਛੋੜਾ ਅਤੇ ਸੁਪਨਈ ਕਲਪਨਾ ਦੇਖੀ ਜਾ ਸਕਦੀ ਹੈ। ਕੁਝ ਕਵਿਤਾਵਾਂ ਗੀਤਨੁਮਾ ਹਨ ਤੇ ਕਈਆਂ ਵਿਚ ਲੈਅ ਤਾਂ ਹੈ ਪਰ ਛੰਦ ਬੰਦਤਾ ਨਹੀਂ ਹੈ। ਸ਼ਾਇਰ ਅੰਦਰ ਆਪਣੇ ਪਿਆਰੇ ਤੋਂ ਵਿਛੜਨ ਦੀ ਪੀੜ ਹੈ ਤੇ ਉਹ ਕਿਸੇ ਵੀ ਹਾਲਤ ਵਿਚ ਵਸਲ ਲੋਚਦਾ ਹੈ। ਉਹ ਰੰਗ ਬਰੰਗੇ ਸੁਪਨੇ ਤਾਂ ਬੁਣਦਾ ਹੈ ਪਰ ਉਸ ਨੂੰ ਇਨ੍ਹਾਂ ਦੇ ਕਾਲ਼ੇ ਚਿੱਟੇ ਵਜੂਦ ਦਾ ਅਹਿਸਾਸ ਹੈ। ਉਹ ਸਾਥ ਵਿਚ ਗਾਹੀਆਂ ਸੈਰਗਾਹਾਂ ਨੂੰ ਯਾਦ ਕਰਦਾ ਹੈ ਤੇ ਦੁਬਾਰਾ ਉਨ੍ਹਾਂ ਸੁਪਨਿਆਂ ਵਿਚ ਗੁੰਮ ਹੋ ਜਾਣਾ ਲੋਚਦਾ ਹੈ। 'ਧੀਆਂ' ਕਵਿਤਾ ਵਿਚ ਧੀਆਂ ਦੀ ਜ਼ਿੰਦਗੀ ਦਾ ਪ੍ਰਭਾਵੀ ਸ਼ਬਦਾਂ ਨਾਲ ਚਿਤਰਨ ਕੀਤਾ ਗਿਆ ਹੈ। ਸ਼ਾਇਰ ਨੂੰ ਆਪਣਾ ਦਰਦ ਅੰਬਰੋਂ ਵੱਡਾ ਲਗਦਾ ਹੈ ਤੇ ਉਸ ਨੂੰ ਆਪਣੇ ਹਾਸੇ ਓਪਰੇ ਲੱਗਦੇ ਹਨ। ਬਿਹਤਰ ਹੁੰਦਾ ਜੇ ਤੈਸ਼ ਪੋਠਵਾਰੀ ਆਪਣੇ ਦਰਦ ਵਿਚ ਲੋਕਾਂ ਦਾ ਦਰਦ ਵੀ ਮਿਲਾ ਲੈਂਦਾ ਕਿਉਂਕਿ ਸ਼ਾਇਰ ਲੋਕ ਦਰਦ ਦਾ ਵੀ ਚਿਤੇਰਾ ਹੁੰਦਾ ਹੈ ਤੇ ਸਮਾਜ ਨੂੰ ਉਸ ਦੀ ਅਗਵਾਈ ਦੀ ਲੋੜ ਹੁੰਦੀ ਹੈ।

-ਗੁਰਦਿਆਲ ਰੌਸ਼ਨ
ਮੋ: 9988444002

c c c

ਮਹਾਨ ਵਿਚਾਰ ਕੋਸ਼
ਲੇਖਕ : ਹਰਮਿੰਦਰ ਸਿੰਘ ਹਾਂਸ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 132
ਸੰਪਰਕ : 01676-238166.

ਹਰਮਿੰਦਰ ਸਿੰਘ ਹਾਸ ਦੀ ਵਿਚਾਰ-ਗੋਚਰੀ ਪੁਸਤਕ ਦੁਨੀਆ ਭਰ ਦੇ ਮਹਾਨ ਵਿਦਵਾਨਾਂ, ਚਿੰਤਕਾਂ, ਦਾਨਿਸ਼ਵਰਾਂ ਦੇ ਵਿਚਾਰਾਂ ਦਾ ਸੰਗ੍ਰਹਿ ਹੈ। ਉਨ੍ਹਾਂ ਬੜੇ ਸੁੰਦਰ ਤਰੀਕੇ ਨਾਲ ਇਨ੍ਹਾਂ ਅਨਮੋਲ ਤੇ ਗਿਆਨ/ਵਿਦਵਤਾ ਭਰਪੂਰ ਮਹਾਂਬੋਲਾਂ ਨੂੰ ਮਾਲਾ ਦੇ ਮਣਕਿਆਂ ਵਾਂਗ ਇਕ ਲੜੀ ਵਿਚ ਪਰੋ ਕੇ ਪ੍ਰਸੰਸਾ ਭਰਪੂਰ ਕਾਰਜ ਕੀਤਾ ਹੈ। ਇਨ੍ਹਾਂ ਮਹਾਨ ਵਿਚਾਰਾਂ ਤੋਂ ਕੋਈ ਵੀ ਨਰੋਈ ਸੇਧ ਲੈ ਕੇ ਸਾਰਥਕ ਤੇ ਸਕਾਰਥ ਜੀਵਨ ਜਿਊ ਸਕਦਾ ਹੈ।
ਪੁਸਤਕ ਦੇ ਇਕ ਭਾਗ ਵਿਚ ਸੰਤ ਬਾਣੀ ਸਮੇਤ 47 ਮਹਾਨ ਵਿਚਾਰਵਾਨਾਂ ਦੇ ਸੁੱਚੇ ਬੋਲ/ਕਥਨ ਦਰਜ ਹਨ। ਆਰੰਭ ਚਾਣਕਿਆਂ ਦੇ ਵਿਚਾਰਾਂ ਨਾਲ ਕੀਤਾ ਗਿਐ। 24 ਵਿਚਾਰਾਂ 'ਚੋਂ ਵੰਨਗੀ ਮਾਤਰ ਇਹ ਵਿਚਾਰ ਪੇਸ਼ ਹਨ-'ਅਗਿਆਨਤਾ ਤੋਂ ਵੱਡਾ ਹੋਰ ਕੋਈ ਵੈਰੀ ਨਹੀਂ'-ਮਹਾਤਮਾ ਗਾਂਧੀ, 'ਦੁੱਖਾਂ ਦੀ ਸਿਖਰ ਹੀ ਸੁੱਖਾਂ ਦੀ ਸ਼ੁਰੂਆਤ ਹੈ'-ਰਾਬਿੰਦਰ ਨਾਥ ਟੈਗੋਰ 'ਕਿਰਿਆਸ਼ੀਲ ਰਹਿਣਾ ਹੀ ਜ਼ਿੰਦਗੀ ਹੈ।' 'ਸ਼ਰਨ ਖੁਸ਼ੀ ਦਾ ਮੂਲ ਹੈ-ਮਹਾਤਮਾ ਬੁੱਧ, ਆਪਣੇ ਆਪ ਨਾਲ ਸੱਚੇ ਰਹੋ-ਸ਼ੈਕਸਪੀਅਰ, 'ਬੁਰਾਈਆਂ ਦਾ ਮੁੱਖ ਇਲਾਜ ਇਨਸਾਨ ਦਾ ਚੰਗਾ ਗਿਆਨ ਹੈ'-ਮੁਨਸ਼ੀ ਪ੍ਰੇਮ ਚੰਦ। ਇਸੇ ਤਰ੍ਹਾਂ ਸਵਾਮੀ ਵਿਵੇਕਾਨੰਦ, ਆਚਾਰੀਆ ਵਿਨੋਬਾ ਭਾਵੇ, ਸ਼ੇਖ ਸਾਅਦੀ, ਐਮਰਸਨ, ਗੇਟੇ, ਅਬਰਾਹਮ ਲਿੰਕਨ, ਚੈਖੋਵ, ਖ਼ਲੀਲ ਜਿਬਰਾਨ, ਸੁਕਰਾਤ, ਅਰਸਤੂ, ਕਾਰਲ ਮਾਰਕਸ, ਪਲੈਟੋ, ਮਿਲਟਨ ਸਮੇਤ ਵਿਸ਼ਵ ਦੇ ਨਾਮਵਰ ਵਿਦਵਾਨਾਂ ਦੇ ਅਨੇਕ ਵਿਚਾਰ ਦਿੱਤੇ ਗਏ ਹਨ। ਫੁਟਕਲ ਸਿਆਸੀ ਸਮਾਜਿਕ, ਨੈਤਿਕ, ਵਿਹਾਰਕ, ਸਿੱਖਿਆ ਭਰਪੂਰ, ਜੀਵਨ ਨੂੰ ਸੇਧ ਦੇਣ ਵਾਲੇ ਆਚਾਰੀਆ ਰਜਨੀਸ਼ ਦੇ ਵਿਚਾਰ ਤੇ ਫੁਟਕਲ ਖਿਆਲ ਵੀ ਪੁਸਤਕ ਦੀ ਜ਼ੀਨਤ ਹਨ। ਭਗਤ ਕਬੀਰ, ਆਚਾਰੀਆ ਰਾਮਾਨੁਜ, ਸ਼ੇਖ਼ ਹਾਰੂਨ, ਸੰਤ ਤੁਕਾ ਰਾਮ ਸਮੇਤ ਅਨੇਕਾਂ ਅਗਿਆਤ ਵਿਚਾਰਾਂ ਨੂੰ ਵੀ ਥਾਂ ਦਿੱਤੀ ਗਈ ਹੈ। ਪੁਸਤਕ ਦੀ ਇਕ ਹੋਰ ਖੂਬੀ ਹੈ-ਲੋਕ ਕਹਾਵਤਾਂ/ਅਖਾਣਾਂ ਨੂੰ ਵਿਚਾਰਾਂ ਦੇ ਤੌਰ 'ਤੇ ਪਾਠਕਾਂ ਦੇ ਸਨਮੁੱਖ ਕਰਨਾ, ਜਿਵੇਂ ਆਪਣੇ-ਆਪ ਨੂੰ ਵੇਖਣਾ ਹੋਵੇ ਤਾਂ ਆਪਣੇ ਦੋਸਤ ਦੀ ਨਜ਼ਰ ਤੋਂ ਦੇਖੋ। ਮਨੁੱਖੀ ਮਨ ਅੰਦਰ ਉਪਜਿਆ ਕ੍ਰੋਧ, ਅਕਲ ਤੇ ਸਿਆਣਪ ਨੂੰ ਬਾਹਰ ਕੱਢ ਦਿੰਦਾ ਹੈ। ਲੋਭੀ ਬੰਦੇ ਨੂੰ ਹੋਰ ਔਗਣਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਲੋਭ ਸਭ ਔਗਣਾਂ ਦਾ ਮੂਲ ਹੈ। ਪੰਨਾ (123)। ਇਹ ਪੁਸਤਕ ਗਿਆਨ ਰੂਪੀ ਖਜ਼ਾਨਾ ਹੈ।

-ਤੀਰਥ ਸਿੰਘ ਢਿੱਲੋਂ
tirathsinghdhillon04@gmail.com

c c c

ਨਵੇਂ ਬਿੰਬ
ਕਵੀ : ਭੁਪਿੰਦਰ ਸ਼ਾਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫੇ : 118
ਸੰਪਰਕ : 98142-53605.

ਭੁਪਿੰਦਰ ਸ਼ਾਹੀ ਦੀ ਹਥਲੀ ਪੁਸਤਕ 59 ਖੁੱਲ੍ਹੀਆਂ ਜਾਂ ਵਾਰਤਕ ਕਵਿਤਾਵਾਂ ਦਾ ਸੰਗ੍ਰਹਿ ਹੈ। ਇਨ੍ਹਾਂ ਕਵਿਤਾਵਾਂ ਦਾ ਰੰਗ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਹੋਰ ਅਜਿਹੇ ਮਸਲਿਆਂ ਦਾ ਹੈ, ਜੋ ਕਿ ਵਿਕਰਾਲ ਰੂਪ ਧਾਰਨ ਕਰਦੇ ਜਾ ਰਹੇ ਹਨ। ਕਵੀ ਭੁਪਿੰਦਰ ਸ਼ਾਹੀ ਨੇ ਆਪਣੀਆਂ ਕਵਿਤਾਵਾਂ ਵਿਚ ਇਤਿਹਾਸ ਅਤੇ ਮਿਥਿਹਾਸ ਨੂੰ ਆਪਣੇ ਵਿਚਾਰ ਪ੍ਰਗਟਾਉਣ ਲਈ ਇਕ ਸਹਾਇਕ ਤੱਤ ਵਾਂਗ ਸਫ਼ਲਤਾ ਸਹਿਤ ਵਰਤੋਂ ਕੀਤੀ ਹੈ : 'ਹੁਣ ਸਾਡੇ ਘਰਾਂ ਵਿਚ/ਸਰਵਣ ਪੁੱਤਰ ਨਹੀਂ/ਜੰਮਦੇ/ਰਿਸ਼ਤਿਆਂ ਦੀ ਪੰਡ/ਤੂੜੀ ਵਾਂਗ ਖਿੱਲਰ ਗਈ/ਤਲਾਬ ਅੰਦਰ'... 'ਕੁਟਿਲ ਚਾਲਾਂ ਨੂੰ/ਅੰਜਾਮ ਦੇਣ ਵਾਲੇ/ਕੌਰਵ ਹਥਿਆਰ ਸੰਭਾਲੀਂ/ਬੈਠੇ ਹਨ/ਦ੍ਰੋਣ ਵਰਗੇ ਗੁਰੂਆਂ ਦਾ/ਸ਼ਿਕਾਰ ਹੋਣਾ ਪਵੇਗਾ ਜੋ/ਸ਼ਿਸ਼ ਆਪਣੇ ਤੋਂ ਮੰਗ ਕੇ/ਗੁਰੂ ਦੱਖਣਾ/ਕਰ ਦੇਣਗੇ ਨਿਹੱਥਾ ਤੇ/ਘੇਰ ਕੇ ਮਾਰ ਦੇਣਗੇ...।'
ਕਵੀ ਮੌਜੂਦਾ ਵਿਵਸਥਾਈ ਪ੍ਰਬੰਧਨ ਬਾਰੇ ਚੇਤਨਾ ਸਹਿਤ ਵਾਰ ਕਰਦਾ ਹੈ। ਅਜੋਕੀ ਰਾਜਨੀਤੀ ਦੀਆਂ ਹੋਰ ਵਧ ਰਹੀਆਂ ਨੀਵਾਣਾਂ ਨੂੰ ਕਵੀ ਨੇ ਵਿਵੇਕ ਸਹਿਤ ਪੇਸ਼ ਕੀਤਾ ਹੈ। ਜੜ੍ਹਾਂ, ਮਾਯੂਸੀ ਦੇ ਪਲ, ਹਲਫ਼ਨਾਮਾ, ਸੰਧੂਰ ਤੇ ਬਾਰੂਦ, ਭਾਰਤੀ ਸੰਸਕ੍ਰਿਤੀ ਅਤੇ ਸਿਪਾਹ ਸਲਾਰ ਆਦਿ ਅਜਿਹੀਆਂ ਕਵਿਤਾਵਾਂ ਹਨ, ਜਿਨ੍ਹਾਂ ਵਿਚੋਂ ਕਵੀ ਦੀ ਵਿਵੇਕਤਾ ਅਤੇ ਕਾਵਿਕ ਸੰਵੇਦਨਾ ਦੇ ਦਰਸ਼ਨ ਹੁੰਦੇ ਹਨ। ਲੋਕਤੰਤਰ ਦੇ ਸਰੂਪ ਤੇ ਵਿਰੋਧ ਨੂੰ ਪੇਸ਼ ਕਰਦੀਆਂ ਸਤਰਾਂ ਵੇਖੋ : 'ਲੋਕਤੰਤਰ 'ਚ/ਰੋਜ਼ ਦੇਖਦੇ ਹਾਂ/ਗ਼ੈਰ-ਸਮਾਜੀ/ਅਨਸਰਾਂ ਦੇ ਪੁਤਲੇ/ਚੌਰਾਹੇ 'ਚ ਸੜਦਿਆਂ/.... ਸਮੇਂ ਦੇ ਬਦਲਣ ਨਾਲ/ਰਾਵਣਾਂ ਦੇ ਪੁਤਲੇ ਫਿਰ ਵੀ/ਸਾੜੇ ਜਾਂਦੇ ਨੇ/ਪਹਿਲਾਂ ਵਾਲੇ ਹੀ/ਸਿਰਫ ਬੰਦੇ ਬਦਲ/ਜਾਂਦੇ ਨੇ/ਉਹੀ ਹੁੰਦੀਆਂ ਨੇ ਥਾਵਾਂ/ਓਹੀ ਰਾਵਣ ਤੇ ਰਾਵਣਾਂ ਦਾ ਪ੍ਰਛਾਵਾਂ....'। ਕਵੀ ਨੇ ਪੁਸਤਕ ਵਿਚ ਧੀਆਂ ਦੇ ਸਤਿਕਾਰ, ਧਾਰਮਿਕ ਕੱਟੜਤਾ, ਆਰਥਿਕ ਨਾਬਰਾਬਰੀ ਅਤੇ ਸੱਭਿਆਚਾਰਕ ਉਲਟ ਪ੍ਰਵਿਰਤੀਆਂ ਆਦਿ ਨੂੰ ਕਾਵਿ ਵਿਸ਼ੇ ਬਣਾਇਆ ਹੈ।

-ਸੁਲੱਖਣ ਸਰਹੱਦੀ
ਮੋ: 94174-84337.

4/02/2017

 ਗਿੱਲ ਮੋਰਾਂਵਾਲੀ
ਰਚਨਾ ਅਤੇ ਸਮਾਜਕ ਸਾਪੇਖਤਾ
ਸੰਪਾਦਕ : ਡਾ: ਭਗਵੰਤ ਸਿੰਘ, ਡਾ: ਰਮਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 580
ਸੰਪਰਕ : 98148-51500.

ਇਹ ਅਭਿਨੰਦਨ ਗ੍ਰੰਥ ਲੰਮੇ ਸਮੇਂ ਤੋਂ ਪ੍ਰਦੇਸੀਂ ਵਸਦੇ ਸ਼ਾਇਰ ਗਿੱਲ ਮੋਰਾਂਵਾਲੀ ਨੂੰ ਸਮਰਪਿਤ ਹੈ। ਇਸ ਪੁਸਤਕ ਵਿਚ ਸੱਠ ਕੁ ਵਿਦਵਾਨਾਂ ਨੇ ਗਿੱਲ ਮੋਰਾਂਵਾਲੀ ਦੀਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਅੰਕਿਤ ਕੀਤੇ ਹਨ। ਕਵੀ ਨੇ ਕਵਿਤਾਵਾਂ, ਗ਼ਜ਼ਲਾਂ, ਗੀਤਾਂ, ਦੋਹਿਆਂ ਆਦਿ ਨਾਲ ਸਾਹਿਤ ਦੀ ਝੋਲੀ ਭਰਪੂਰ ਕੀਤੀ ਹੈ। ਵਰ੍ਹਿਆਂ ਤੋਂ ਉਸ ਦੀ ਨਿਰੰਤਰ ਚਲਦੀ ਕਲਮ ਨੂੰ ਸਿਜਦਾ ਕਰਦਿਆਂ ਕਿਸੇ ਨੇ ਉਸ ਨੂੰ ਮਾਖਿਓਂ ਮਿੱਠਾ ਸ਼ਾਇਰ, ਕਿਸੇ ਨੇ ਯੁੱਗ ਲੇਖਕ, ਕਿਸੇ ਨੇ ਸਮਾਜ ਦਾ ਗੋਤਾਖੋਰ, ਕਿਸੇ ਨੇ ਨਵੀਆਂ ਪੁਲਾਂਘਾਂ ਦਾ ਰਾਹੀ, ਕਿਸੇ ਨੇ ਔਰਤ ਦੇ ਹੱਕਾਂ ਦੀ ਆਵਾਜ਼, ਕਿਸੇ ਨੇ ਮਾਨਵਵਾਦੀ ਸ਼ਾਇਰ, ਕਿਸੇ ਨੇ ਪੰਜਾਬੀ ਜਗਤ ਦਾ ਚਮਕਦਾ ਸਿਤਾਰਾ ਅਤੇ ਕਿਸੇ ਨੇ ਨਿੱਕੀਆਂ ਸਤਰਾਂ ਦਾ ਵੱਡਾ ਕਵੀ ਕਹਿ ਕੇ ਨਿਵਾਜਿਆ ਹੈ। ਆਓ, ਆਪਾਂ ਵੀ ਉਸ ਦੀ ਸ਼ਾਇਰੀ ਦੀਆਂ ਕੁਝ ਝਲਕਾਂ ਮਾਣੀਏ-
-ਸੇਵਾ, ਸਾਂਝੀ ਦੋਸਤੀ,
ਭੁੱਲ ਮਾਇਆ ਇਨਸਾਨ।
ਪਰਦੇਸਾਂ ਵਿਚ ਹਰ ਜਗਾਹ,
ਮਤਲਬ ਹੈ ਪ੍ਰਧਾਨ।
-ਪੁੱਤਰਾਂ ਧੀਆਂ ਨੂੰ ਸਦਾ,
ਇਕ ਪੱਲੜੇ ਤੇ ਤੋਲ
ਪੁੱਤਰਾਂ ਖਾਤਰ ਧੀ ਕਦੇ,
ਪੈਰਾਂ ਹੇਠ ਨਾ ਰੋਲ।
-ਜਿਸ ਦੇ ਪੇਟੋਂ ਜਨਮ ਕੇ,
ਸਭ ਕੁਝ ਦਿੱਤਾ ਵਾਰ।
ਉਹ ਹੀ ਬੰਦਾ ਨਾ ਕਰੇ,
ਔਰਤ ਦਾ ਸਤਿਕਾਰ।
-ਛੋਟਾ ਵੱਡਾ ਕੁਝ ਨਹੀਂ,
ਛੋਟੀ ਵੱਡੀ ਸੋਚ।
ਮਾੜਾ ਮਾੜਾ ਛੱਡ ਕੇ,
ਚੰਗਾ-ਚੰਗਾ ਲੋਚ।
-ਨਾ ਰਹਿਣੀ ਇਹ ਜ਼ਿੰਦਗੀ,
ਨਾ ਝਗੜੇ ਨਾ ਰੋਸ।
ਇਕ ਦਿਨ ਮਰਨਾ ਸੱਚ ਹੈ,
ਨਾ ਕਰਮਾਂ ਨੂੰ ਕੋਸ।
ਪੁਸਤਕ ਦੇ ਅੰਤ ਵਿਚ ਗਿੱਲ ਮੋਰਾਂਵਾਲੀ ਦੀਆਂ ਰਚਨਾਵਾਂ ਉੱਤੇ ਛਪੇ ਰੀਵਿਊ ਵੀ ਸ਼ਾਮਿਲ ਕੀਤੇ ਗਏ ਹਨ। ਉਸ ਦਾ ਜੀਵਨ ਬਿਉਰਾ, ਸਨਮਾਨਾਂ ਦਾ ਵੇਰਵਾ ਅਤੇ ਕੁਝ ਤਸਵੀਰਾਂ ਵੀ ਪਾਠਕਾਂ ਦੀ ਨਜ਼ਰ ਕੀਤੀਆਂ ਹਨ। ਸੰਪਾਦਕਾਂ ਦਾ ਉੱਦਮ ਸ਼ਲਾਘਾਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਕੇ.ਐਲ. ਗਰਗ ਦੇ ਨਾਵਲੀ ਸਰੋਕਾਰ ਅਤੇ ਪ੍ਰਵਚਨ
ਸੰਪਾਦਕ : ਡਾ: ਸੁਰਜੀਤ ਬਰਾੜ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 375 ਰੁਪਏ, ਸਫ਼ੇ : 192
ਸੰਪਰਕ : 98553-71313.

ਡਾ: ਸੁਰਜੀਤ ਬਰਾੜ ਦੁਆਰਾ ਸੰਪਾਦਿਤ ਇਸ ਪੁਸਤਕ ਵਿਚ ਕੇ.ਐਲ. ਗਰਗ ਦੇ 7 ਨਾਵਲਾਂ (ਦਰਅਸਲ, ਤਲਾਸ਼, ਹੁੰਮਸ, ਧਾਰਾਂ ਵਾਲਾ ਪੁਲ, ਆਖਰੀ ਪੱਤਾ, ਤਮਾਸ਼ਾ, ਹਿੱਲਦੇ ਦੰਦ) ਸਬੰਧੀ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖੇ ਗਏ ਲਗਪਗ ਦੋ ਦਰਜਨ ਖੋਜ ਨਿਬੰਧ ਸ਼ਾਮਿਲ ਕੀਤੇ ਗਏ ਹਨ। ਨਿਬੰਧਾਂ ਤੋਂ ਬਿਨਾਂ ਸਵੈ-ਸੰਵਾਦ, ਇਕ ਰੂਬਰੂ, ਕੁਝ ਰੀਵਿਊ ਅਤੇ ਲੇਖਕ ਦਾ ਜੀਵਨ ਬਿਉਰਾ ਵੀ ਉਪਲਬਧ ਹੈ। ਖੋਜ ਨਿਬੰਧਕਾਰਾਂ ਵਿਚ ਸੁਰਜੀਤ ਗਿੱਲ (ਦਰਅਸਲ), ਡਾ: ਵਿਨੋਦ (ਤਲਾਸ਼), 'ਹੁੰਮਸ' (ਡਾ: ਵਿਨੋਦ, ਡਾ: ਹਰਿਭਜਨ ਸਿੰਘ), ਧਾਰਾਂ ਵਾਲਾ ਪੁਲ (ਡਾ: ਦਵੇਸ਼ਵਰ, ਡਾ: ਸੁਖਦੇਵ ਖਾਹਰਾ, ਪ੍ਰੋ: ਤਰਸੇਮ ਅਮਰ), ਆਖਰੀ ਪੱਤਾ (ਡਾ: ਰਜਨੀਸ਼, ਡਾ: ਗੁਰਜੰਟ ਸਿੰਘ, ਬਾਲ ਆਨੰਦ, ਹਰਿੰਦਰ ਸਿੰਘ ਬਰਾੜ), ਤਮਾਸ਼ਾ (ਸੁਰਜੀਤ ਗਿੱਲ, ਡਾ: ਸੁਰਜੀਤ ਬਰਾੜ, ਡਾ: ਨਿਰਾਲਾ, ਪ੍ਰੋ: ਬ੍ਰਹਮਜਗਦੀਸ਼, ਡਾ: ਗੁਰਮੇਲ, ਡਾ: ਸ਼ਰਨਜੀਤ ਕੌਰ, ਡਾ: ਦਵਿੰਦਰ ਬੋਹਾ), ਹਿੱਲਦੇ ਦੰਦ (ਡਾ: ਸੁਰਜੀਤ ਬਰਾੜ, ਪ੍ਰੋ: ਜੇ.ਬੀ. ਸੇਖੋਂ, ਡਾ: ਸੀਮਾ ਭਾਟੀਆ, ਪ੍ਰੋ: ਰਮਨਪ੍ਰੀਤ ਕੌਰ, ਡਾ: ਗੁਰਜੀਤ ਸੰਧੂ) ਆਦਿ ਸ਼ਾਮਿਲ ਹਨ।
ਇਸ ਪੁਸਤਕ ਦਾ ਅਧਿਐਨ ਕਰਦਿਆਂ ਕੇ. ਐਲ. ਗਰਗ ਦੇ ਨਾਵਲੀ ਸਰੋਕਾਰਾਂ ਬਾਰੇ ਕੁਝ ਪ੍ਰਮੁੱਖ ਨੁਕਤੇ ਪੱਲੇ ਪੈਂਦੇ ਹਨ ਜਿਵੇਂ ਕਿ ਸਮਾਜ ਦੀਆਂ ਕੋਝੀਆਂ ਹਰਕਤਾਂ 'ਤੇ ਵਿਅੰਗ, ਸਮਾਜਿਕ ਤ੍ਰਾਸਦੀਆਂ ਹੰਢਾਉਂਦੇ ਪਾਤਰ, ਆਧੁਨਿਕ ਅਪ੍ਰਮਾਣਿਕ ਮਨੁੱਖ, ਧਰਮ ਅਤੇ ਸਿਆਸਤ ਦੀ ਖੇਡ, ਇਸਤਰੀ ਦਾ ਨਾਰੀਵਾਦੀ ਸੰਘਰਸ਼, ਦੁਖਦਾਈ ਰਿਸ਼ਤਿਆਂ ਤੋਂ ਛੁਟਕਾਰਾ, ਔਰਤ-ਮਰਦ ਦੀ ਇਕ-ਦੂਜੇ ਨਾਲ ਪੂਰਨਤਾ, ਸੱਭਿਆਚਾਰਕ ਸੰਵੇਦਨਸ਼ੀਲਤਾ ਦਾ ਭੰਜਨ, ਮਜ਼ਦੂਰ-ਯੂਨੀਅਨਾਂ ਦੇ ਸਥਾਪਨਾ-ਪੂਜ ਪੈਂਤੜੇ, ਜਵਾਨੀ ਵਿਚ ਹੀ ਬੁਢਾਪੇ ਪ੍ਰਤੀ ਜਾਗਰੂਕਤਾ ਆਦਿ ਅਜਿਹੇ ਹੀ ਸਰੋਕਾਰਾਂ ਦੀ ਮਾਲਾ ਦੇ ਮਣਕੇ ਵਿਅੰਗ ਦੀ ਡੋਰ ਵਿਚ ਪਰੁੱਚੇ ਵੇਖੇ ਜਾ ਸਕਦੇ ਹਨ।
ਨਾਵਲਕਾਰ ਦੀ ਸਿਰਜਣ ਪ੍ਰਕਿਰਿਆ ਦੀਆਂ ਵਿਲੱਖਣਤਾਵਾਂ ਦੀ ਵੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਗਰਗ ਕਿਸੇ ਵੀ ਨਾਵਲ ਦੀ ਪਹਿਲਾਂ ਰੂਪ-ਰੇਖਾ ਤਿਆਰ ਨਹੀਂ ਕਰਦਾ। ਇਕ ਨੁਕਤੇ ਅਤੇ ਇਕ ਪਾਤਰ ਤੋਂ ਆਪਣੀ ਗੱਲ ਸ਼ੁਰੂ ਕਰਦਾ ਹੈ। ਬਾਕੀ ਕਥਾਨਕੀ ਅੰਸ਼ ਅਤੇ ਪਾਤਰ ਆਪਣੇ ਆਪ ਹੀ ਰੂਪ ਧਾਰਦੇ, ਸ਼ਮੂਲੀਅਤ ਕਰਦੇ ਚਲੇ ਜਾਂਦੇ ਹਨ। ਇੰਜ ਉਹ ਕਠਪੁਤਲੀ ਪਾਤਰ ਨਹੀਂ ਸਿਰਜਦਾ। ਉਹ ਵਡ-ਆਕਾਰੀ ਨਾਵਲ ਨਹੀਂ ਸਿਰਜਦਾ। ਸ਼ਹਿਰ ਜਾਂ ਪਿੰਡ ਨਾਲੋਂ ਕਸਬੇ 'ਚੋਂ ਹੀ ਨਾਵਲ ਦੀ ਫੇਬੁਲਾ ਚੁਣਦਾ ਹੈ। ਵਿਚਾਰਧਾਰਾ ਦੀ ਪ੍ਰਸਤੁਤੀ ਲੇਖਕ ਬੋਲ ਕੇ ਨਹੀਂ ਕਰਦਾ, ਸਗੋਂ ਨਾਵਲੀ ਘਟਨਾਵਾਂ ਖ਼ੁਦ ਇਹ ਕਾਰਜ ਕਰਦੀਆਂ ਹਨ। ਉਸ ਦੇ ਨਾਵਲਾਂ ਦਾ ਮਾਡਲ ਹਮੇਸ਼ਾ ਹੀ ਮੌਲਿਕ ਹੁੰਦਾ ਹੈ।
ਸੰਪਾਦਕ ਨੇ ਸਾਰੇ ਨਾਵਲਾਂ ਦੇ ਖੋਜ ਪੱਤਰਾਂ ਨੂੰ ਢੁਕਵੀਂ ਤਰਤੀਬ ਪ੍ਰਦਾਨ ਕੀਤੀ ਹੈ ਤਾਂ ਜੋ ਪਾਠਕ ਮਨ 'ਤੇ ਲੇਖਕ ਦੇ ਨਾਵਲੀ ਸਰੋਕਾਰਾਂ ਅਤੇ ਪ੍ਰਵਚਨ ਦਾ ਬੱਝਵਾਂ ਪ੍ਰਭਾਵ ਪੈ ਸਕੇ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c


ਬਨਵਾਸ

ਲੇਖਕ : ਦਮਜੀਤ ਦਰਸ਼ਨ
ਪ੍ਰਕਾਸ਼ਨ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 72
ਸੰਪਰਕ : 94641-30906.

ਦਮਜੀਤ ਦਰਸ਼ਨ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ 'ਬਨਵਾਸ' ਬਹੁਪੱਖੀ ਸਮਾਜਿਕ ਵਿਸ਼ਿਆਂ ਨੂੰ ਆਪਣੇ ਕਲੇਵਰ ਵਿਚ ਲੈਂਦੀ ਹੈ। ਕਵੀ ਦੀਆਂ ਕਵਿਤਾਵਾਂ ਮਨੁੱਖ ਨੂੰ ਦਰਪੇਸ਼ ਸੰਕਟਾਂ, ਸਮੱਸਿਆਵਾਂ ਅਤੇ ਚਿੰਤਾਵਾਂ ਦੀ ਨਿਸ਼ਾਨਦੇਹੀ ਕਰਦੀਆਂ ਹੋਈਆਂ ਇਨ੍ਹਾਂ ਦੇ ਸਮਾਧਾਨ ਦੀ ਤਲਾਸ਼ ਕਰਨ ਦੀ ਪ੍ਰੇਰਣਾ ਦਿੰਦੀਆਂ ਹਨ। ਇਸ ਸੰਗ੍ਰਹਿ ਵਿਚਲੀਆਂ ਬਹੁਗਿਣਤੀ ਕਵਿਤਾਵਾਂ ਪ੍ਰਬੰਧ ਦੀਆਂ ਗ਼ਲਤ ਨੀਤੀਆਂ ਦੀ ਮੁਖ਼ਾਲਫ਼ਤ ਕਰਦੀਆਂ ਹਨ। ਜੋ ਘਟੀਆ ਵਰਤਾਰੇ ਚੌਗਿਰਦੇ ਵਿਚ ਸ਼ਰੇਆਮ ਵਾਪਰ ਰਹੇ ਹਨ, ਕਵੀ ਉਨ੍ਹਾਂ ਨੂੰ ਬੜੀ ਬੇਬਾਕੀ ਨਾਲ ਨਿੰਦਦਾ ਹੀ ਨਹੀਂ, ਸਗੋਂ ਜ਼ਿੰਮੇਵਾਰ ਵਿਅਕਤੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਕੇ ਢੁਕਵੀਂ ਸਜ਼ਾ ਦੇਣ ਦੀ ਤਾਈਦ ਵੀ ਕਰਦਾ ਹੈ। ਕਵੀ ਦੀ ਕਵਿਤਾ 'ਝੀਥਾਂ ਦਾ ਚਾਨਣ' ਦੀਆਂ ਇਹ ਸਤਰਾਂ ਵਿਸ਼ੇਸ਼ ਤੌਰ 'ਤੇ ਉਲੇਖਯੋਗ ਹਨ, ਜਿਹੜੀਆਂ ਪ੍ਰਤੀਕਾਤਮਕ ਸ਼ੈਲੀ ਵਿਚ ਆਪਣੇ ਅਰਥਾਂ ਦਾ ਸੰਚਾਰ ਕਰਦੀਆਂ ਹਨ :
ਕਾਲੀ ਇਸ ਰਾਤ ਦੇ ਰਾਜਿਓ!
ਚੌਕੀਦਾਰੋ!! ਸਿਪਾਹ-ਸਿਲਾਰੋ!!!
ਆਵਾਮ ਨੂੰ ਚੈਨ ਨਾਲ ਸੌਣ ਦਿਉ
ਕੁਆਰੀ ਨੀਂਦ ਨੂੰ ਹੋਰ ਜ਼ਖ਼ਮੀ ਨਾ ਕਰੋ
ਸੂਰਜ ਨੂੰ ਮੁੱਠੀ 'ਚ ਬੰਦ ਕਰਨ ਦੇ
ਸੁਪਨੇ ਨਾ ਲਵੋ
ਹੱਥ ਬਾਹਾਂ ਸਣੇ ਸੜ ਜਾਣਗੇ। (ਪੰਨਾ 50)
ਕੁਝ ਹੋਰ ਅਜਿਹੀਆਂ ਸੁਰ-ਪ੍ਰਧਾਨ ਕਵਿਤਾਵਾਂ ਵਿਚੋਂ 'ਖ਼ੁਦਕੁਸ਼ੀ', 'ਧੂਣੀ', 'ਖ਼ਬਰਾਂ', 'ਘਾਣ', 'ਗਰਮ ਹਵਾ', 'ਸਪੈਸ਼ਲ ਵਾਰਡ', 'ਕਤਲਗਾਹ', 'ਲਹੂ ਦੀ ਕਸਮ' ਅਤੇ 'ਕਾਣੀ ਵੰਡ' ਆਦਿ ਦੇ ਨਾਂਅ ਲਏ ਜਾ ਸਕਦੇ ਹਨ। ਕਵਿਤਾ 'ਤਿੜਕਿਆ ਮਹਿਲ' ਕੇਵਲ ਸ਼ਿਕਾਗੋ ਵਿਚ ਮਜ਼ਦੂਰਾਂ 'ਤੇ ਹੋਏ ਅਸਹਿ ਜ਼ੁਲਮਾਂ ਦੀ ਗਾਥਾ ਦਾ ਹੀ ਬਿਆਨ ਨਹੀਂ, ਸਗੋਂ ਇਹ ਪੂਰੀ ਦੁਨੀਆ ਦੀ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਦੀ ਹੈ। ਇਹ ਕਵਿਤਾਵਾਂ ਬੇਰੁਜ਼ਗਾਰੀ, ਔਰਤ ਦੀ ਨਿਰਾਦਰੀ, ਭ੍ਰਿਸ਼ਟਾਚਾਰ, ਆਪੋਧਾਪੀ, ਕਿਰਤ ਦੀ ਲੁੱਟ-ਖਸੁੱਟ, ਇਨਸਾਨੀਅਤ ਦੀ ਦੁਰਦਸ਼ਾ ਅਤੇ ਧੀਆਂ-ਧਿਆਣੀਆਂ ਨਾਲ ਹੋ ਰਹੇ ਜ਼ਾਲਮਾਨਾ ਵਿਵਹਾਰ ਉੱਪਰ ਹੰਝੂ ਕੇਰਦੀਆਂ ਪ੍ਰਤੀਤ ਹੁੰਦੀਆਂ ਹਨ। ਕਵੀ ਆਪਣੀ ਸ਼ਾਇਰੀ ਰਾਹੀਂ ਇਕ ਅਜਿਹੇ ਸਮਾਜ ਦੀ ਉਸਾਰੀ ਦਾ ਸੁਪਨਾ ਲੋਚਦਾ ਹੈ, ਜਿੱਥੇ ਹਰ ਇਕ ਨੂੰ ਬਰਾਬਰ ਹਕੂਕ ਮਿਲ ਸਕਣ। ਕਵੀ ਨੇ ਖ਼ੂਬਸੂਰਤ ਬਿੰਬ, ਤਸ਼ਬੀਹਾਂ ਅਤੇ ਅਲੰਕਾਰਾਂ ਦੀ ਵਰਤੋਂ ਕਰਕੇ ਇਸ ਕਾਵਿ ਸੰਗ੍ਰਹਿ ਨੂੰ ਮਾਣਨਯੋਗ ਅਤੇ ਸਾਂਭਣਯੋਗ ਬਣਾ ਦਿੱਤਾ ਹੈ। ਪੁਸਤਕ ਦਾ ਟਾਈਟਲ ਬਹੁਤ ਕੁਝ ਅਣਕਿਹਾ ਵੀ ਕਹਿ ਰਿਹਾ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703.

c c c

ਤਰਕਸ਼ੀਲ ਵਿਚਾਰ ਸੰਚਾਰ
ਸੰਪਾ : ਮੱਖਣ ਸਿੰਘ ਜੌਹਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 160
ਸੰਪਰਕ : 78377-18723.

ਹੱਥਲੇ ਲੇਖ-ਸੰਗ੍ਰਹਿ ਵਿਚ ਮੱਖਣ ਸਿੰਘ ਜੌਹਲ ਨੇ 39 ਵੱਖ-ਵੱਖ ਵਿਦਵਾਨਾਂ ਦੁਆਰਾ ਲਿਖੇ ਲੇਖਾਂ ਨੂੰ ਇਕੱਠੇ ਕਰਕੇ ਸੰਪਾਦਤ ਕੀਤਾ ਹੈ, ਜਿਸ ਵਿਚ ਲੋਕਾਂ ਦੇ ਮਨਾਂ ਅੰਦਰ ਬਹੁਤ ਸਾਰੀਆਂ ਸ਼ੰਕਾਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਅਜੋਕੇ ਸਮੇਂ ਦੇ ਬਾਬਾ-ਨੁਮਾ ਸੱਭਿਆਚਾਰ ਨੂੰ ਠੱਲ੍ਹ ਪਾਉਣ ਲਈ ਉਨ੍ਹਾਂ ਦੀ ਇਹ ਕਿਤਾਬ ਅਜੋਕੇ ਸਮੇਂ ਦੇ ਹਾਣ ਦੀ ਹੈ। ਸਾਰੇ ਲੇਖਾਂ ਵਿਚ ਵਹਿਮਾਂ-ਭਰਮਾਂ ਦਾ ਹੀ ਖੰਡਨ ਕੀਤਾ ਗਿਆ ਹੈ, ਜਿਵੇਂ-'ਕਿਸਮਤ ਨੂੰ ਭੁੱਲ ਜਾਵੋ ਅੱਗੇ ਵਧੋ', 'ਧਰਮ ਦੀ ਨਿਰਦਈ ਪਰੰਪਰਾ ਇਸਤਰੀਆਂ ਦੀ ਸੁੰਨਤ', 'ਮਨੁੱਖ ਅਤੇ ਮੰਤਵ', 'ਭਗਵਾਨ ਦਾ ਨਹੀਂ ਵਾਸ਼ਨਾ ਦਾ ਪੁਜਾਰੀ', 'ਨੈਤਿਕਤਾ ਅਤੇ ਨਾਸਿਕਤਾ', 'ਮਿੱਥਾਂ', 'ਰਾਸ਼ੀਆਂ ਦਾ ਸੱਚ', 'ਰੱਬ ਨਾ ਗੁੰਝਲ ਨਾ ਬੁਝਾਰਤ', 'ਅਸੀਂ, ਧਰਮ ਅਤੇ ਰੱਬ', 'ਤਰਕ ਦੇ ਅੰਗ-ਸੰਗ', 'ਦਾਨ ਕਦੋਂ ਅਤੇ ਕਿੱਥੇ ਕਰੀਏ', 'ਨਸ਼ਾ ਅਤੇ ਵਿਵੇਕ' ਸਾਰੇ ਲੇਖਾਂ ਵਿਚ ਹੀ ਤਰਕ ਨੂੰ ਮਜ਼ਬੂਤ ਦਰਸਾਇਆ ਗਿਆ ਹੈ। ਸਾਰੇ ਲੇਖ ਹੀ ਤਰਕਸ਼ੀਲ ਮੈਗਜ਼ੀਨਾਂ ਵਿਚ ਛਪੇ ਗਏ ਹਨ ਤੇ ਲੇਖਕ ਨੇ ਇਕ ਪੁਸਤਕ ਵਿਚ ਇਨ੍ਹਾਂ ਵੱਖ-ਵੱਖ ਲੇਖਕਾਂ ਦੇ ਲੇਖਾਂ ਨੂੰ ਸੰਪਾਦਿਤ ਕਰਕੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਤਰ੍ਹਾਂ 'ਕੁਦਰਤ ਅੰਨ੍ਹੀ ਅਤੇ ਬੋਲੀ ਹੈ, ਇਸ ਨਾਲ ਛੇੜ-ਛਾੜ ਬਹੁਤ ਹੀ ਖ਼ਤਰਨਾਕ' ਅਮਰਜੀਤ ਢਿੱਲੋਂ ਦਾ ਲੇਖ ਵੀ ਗੌਲਣਯੋਗ ਹੈ ਅਤੇ ਭਾਰਤ ਭੂਸ਼ਨ, ਡਾ: ਅਜਮੇਰ ਸਿੰਘ ਅਤੇ ਡਾ: ਸ਼ਿਆਮ ਸੁੰਦਰ ਦੀਪਤੀ ਸਾਰੇ ਲੇਖਕਾਂ ਨੇ ਹੀ ਤਰਕ ਦੇ ਆਧਾਰ 'ਤੇ ਅਸਲੀਅਤ ਨੂੰ ਸਾਹਮਣੇ ਲੈ ਆਂਦਾ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161

c c c

ਪਰਵਾਸੀ ਪੰਜਾਬੀ ਕਾਵਿ
ਮੂਲ ਸਰੋਕਾਰ
ਲੇਖਿਕਾ : ਡਾ: ਹਰਮੀਤ ਕੌਰ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਕਾਲਾਂਵਾਲੀ (ਸਿਰਸਾ)
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 094164-91250.

ਪਰਵਾਸ ਅਜੀਬ ਵਰਤਾਰਾ ਹੈ। ਇਕ ਸਦੀ ਪਹਿਲਾਂ ਪੰਜਾਬੀ ਬੰਦਾ ਮਜਬੂਰੀਵੱਸ ਦੁੱਖ-ਤਕਲੀਫ਼ਾਂ ਸਹਿੰਦਾ ਪਰਵਾਸ ਹੰਢਾਉਂਦਾ ਸੀ ਜਾਂ ਪਰਵਾਸ ਭੋਗਣ ਦੀ ਮਜਬੂਰੀ ਸੀ। ਪਰ ਅਜੋਕਾ ਮਨੁੱਖ ਚੰਗੇ ਤੇ ਬਿਹਤਰ ਜੀਵਨ ਕਾਰਨ ਪਰਵਾਸੀ ਹੋ ਰਿਹਾ ਹੈ। ਇਸ ਸਭ ਕੁਝ ਦੇ ਬਾਵਜੂਦ ਆਪਣੀ ਵੱਖਰਤਾ ਜਾਂ ਹੋਂਦ ਬਣਾਈ ਰੱਖਣਾ ਇਕ ਚੁਣੌਤੀ ਭਰਪੂਰ ਕਾਰਜ ਹੈ। ਮੁਢਲੇ ਪਰਵਾਸੀਆਂ ਨੇ ਕਈ ਪੀੜਾਂ ਹੰਢਾਈਆਂ ਹਨ। 'ਗ਼ਦਰ ਲਹਿਰ' ਵਰਗੀਆਂ ਸਥਿਤੀਆਂ ਦਾ ਵਾਪਰਨਾ ਇਸ ਸਥਿਤੀ ਦਾ ਉੱਤਮ ਨਮੂਨਾ ਹੈ। ਹਥਲੀ ਪੁਸਤਕ ਪਰਵਾਸੀ ਪੰਜਾਬੀ ਕਵਿਤਾ ਦਾ ਅਧਿਐਨ ਕਰਦੀ ਹੋਈ ਇਕ ਵਿਲੱਖਣ ਪਿਛੋਕੜ ਦੀ ਧਾਰਨੀ ਬਣਦੀ ਹੈ। ਇਸ ਕਵਿਤਾ ਦਾ ਆਪਣਾ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਤੇ ਭੂਗੋਲਿਕ ਆਧਾਰ ਹੈ। ਪਰਵਾਸੀ ਭਾਈਚਾਰੇ ਨੂੰ ਪਰਵਾਸ ਦੌਰਾਨ ਕਈ ਸਮੱਸਿਆਵਾਂ ਸੰਗ ਵਿਚਰਨਾ ਪਿਆ ਹੈ, ਜਿਸ ਦਾ ਅਹਿਸਾਸ ਉਨ੍ਹਾਂ ਦੀਆਂ ਰਚਨਾਵਾਂ ਵਿਚ ਪੇਸ਼ ਹੋਇਆ ਹੈ। ਲੇਖਿਕਾ ਨੇ ਪਰਵਾਸੀ ਪੰਜਾਬੀ ਕਵਿਤਾ ਦੇ ਪਿਛੋਕੜ, ਮੂਲ ਸਰੋਕਾਰਾਂ ਅਤੇ ਇਸ ਕਵਿਤਾ ਵਿਚ ਪੇਸ਼ ਆਧੁਨਿਕ ਚੇਤਨਾ ਨੂੰ ਬਾਖੂਬੀ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਇੰਗਲੈਂਡ ਦੇ ਤਿੰਨ ਕਵੀ, ਜਿਨ੍ਹਾਂ ਵਿਚੋਂ ਦੋ ਵੱਡੇ ਸਥਾਪਤ ਨਾਂਅ ਹਨ-ਨਿਰੰਜਨ ਸਿੰਘ ਨੂਰ, ਜਗਤਾਰ ਢਾਅ ਦੀ ਸਮੁੱਚੀ ਰਚਨਾ ਦੇ ਵਿਚਾਰਾਧਾਰਾਈ ਅਧਿਐਨ ਅਤੇ ਵਿਸ਼ੇਗਤ ਵਿਸ਼ਲੇਸ਼ਣ ਰਾਹੀਂ ਪ੍ਰਸਤੁਤ ਕੀਤਾ ਹੈ। ਨੂਰ ਪਰਵਾਸੀ ਕਵਿਤਾ ਵਿਚ ਪ੍ਰਗਤੀਵਾਦੀ ਸੁਰ ਵਾਲਾ ਚਰਚਿਤ ਨਾਂਅ ਹੈ। ਉਹ ਸੁਹਿਰਦ ਕਵੀ ਹੈ, ਜਿਸ ਦੀ ਕਵਿਤਾ ਮਨੁੱਖ ਨੂੰ ਚੰਗੇਰੇ ਭਵਿੱਖ ਲਈ ਸੱਚ ਦੀ ਸਿਰਜਣਾ ਕਰਨ ਦੇ ਨਾਲ-ਨਾਲ ਸਮਾਜਿਕ ਕਲਿਆਣ ਦਾ ਸੰਦੇਸ਼ ਦਿੰਦੀ ਹੈ। ਜਗਤਾਰ ਢਾਅ ਪਰਵਾਸੀ ਸਰੋਕਾਰਾਂ ਨੂੰ ਬਾਖੂਬੀ ਚਿਤਰਦਾ ਹੈ। ਤੀਸਰਾ ਕਵੀ ਮੁਹਿੰਦਰ ਗਿੱਲ ਕਵਿਤਾ ਦੇ ਖੇਤਰ ਵਿਚ ਪਰਵਾਸੀ ਜੀਵਨ ਦੀਆਂ ਚੁਣੌਤੀਆਂ ਦੀ ਪੇਸ਼ਕਾਰੀ ਕਰਦਾ ਹੈ। ਇਸ ਤਰ੍ਹਾਂ ਇਹ ਪੁਸਤਕ ਪਰਵਾਸੀ ਮਨੁੱਖ ਦੀਆਂ ਸੰਵੇਦਨਾਵਾਂ ਦਾ ਪ੍ਰਗਟਾਵਾ ਕਰਦੀ ਹੋਈ ਪੰਜਾਬੀ ਸਾਹਿਤ ਦੇ ਵਿਕਾਸ ਵਿਚ ਵਾਧਾ ਕਰਦੀ ਹੈ। ਇਸ ਸਾਹਿਤ ਦੀ ਸਿਰਜਣਾ ਪਰਵਾਸੀ ਜੀਵਨ ਦੀਆਂ ਠੋਸ ਤੇ ਤਲਖ਼ ਹਕੀਕਤਾਂ ਦੇ ਸੰਘਰਸ਼ ਭਰੇ ਅਮਲਾਂ ਵਿਚੋਂ ਹੁੰਦੀ ਹੈ। ਇਸ ਕਾਰਜ ਦਾ ਸਵਾਗਤ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

c c c

ਨਿਰਮਲ ਸੱਧਰਾਂ
ਸ਼ਾਇਰ : ਨਿਰਮਲ ਸਿੰਘ ਨਿਰਮਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 124
ਸੰਪਰਕ : 01881-222824.

ਕਿਸੇ ਵੇਲੇ ਪੰਜਾਬੀ ਵਿਚ ਸਟੇਜੀ ਕਵਿਤਾ ਦੀ ਚੜ੍ਹਤ ਸੀ ਪਰ ਅਜੋਕੇ ਦੌਰ ਵਿਚ ਇਸ ਨਾਲ ਸਬੰਧਤ ਸ਼ਾਇਰਾਂ ਦੀ ਗਿਣਤੀ ਸਿਮਟ ਗਈ ਹੈ। ਸ਼ਾਇਰ ਨਿਰਮਲ ਸਿੰਘ ਨਿਰਮਲ ਵਰਗੇ ਇਸ ਵਿਧਾ ਨੂੰ ਅੱਜ ਵੀ ਅੱਗੇ ਤੋਰ ਰਹੇ ਹਨ। ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਸ਼ਾਇਰ ਦੀਆਂ ਇਸ ਪੁਸਤਕ ਵਿਚ 65 ਰਚਨਾਵਾਂ ਸ਼ਾਮਿਲ ਹਨ।
ਇਨ੍ਹਾਂ ਵਿਚ ਉਸ ਦੀਆਂ ਕੁਝ ਗ਼ਜ਼ਲਾਂ ਤੇ ਰੁਬਾਈਆਂ ਵੀ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਬਹੁਤਾ ਕਰਕੇ ਧਾਰਮਿਕ ਤੇ ਸਮਾਜਿਕ ਹਨ ਪਰ ਕੁਝ ਕਵਿਤਾਵਾਂ ਵਿਚ ਉਸ ਨੇ ਵਹਿਮਾਂ-ਭਰਮਾਂ 'ਤੇ ਵੀ ਭਰਪੂਰ ਵਿਅੰਗ ਕੀਤਾ ਹੈ। ਨਿਰਮਲ ਸਿੰਘ ਨਿਰਮਲ ਨੇ ਕੁਝ ਕਵਿਤਾਵਾਂ ਵਿਚ ਬਾਬਿਆਂ ਦੇ ਜਲਵੇ ਵੀ ਦਿਖਾਏ ਹਨ ਤੇ ਰਾਜਨੀਤੀਵਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਸ ਪੁਸਤਕ ਦੀਆਂ ਕਈ ਕਵਿਤਾਵਾਂ ਨਸੀਹਤਾਂ 'ਤੇ ਆਧਾਰਤ ਹਨ ਤੇ ਦੇਸ਼ ਪਿਆਰ ਨਾਲ ਸਬੰਧਤ ਕਵਿਤਾਵਾਂ ਵੀ ਚੋਖੀ ਗਿਣਤੀ ਵਿਚ ਛਪੀਆਂ ਮਿਲਦੀਆਂ ਹਨ।
ਤਿਉਹਾਰਾਂ ਨਾਲ ਤੇ ਕਿਸਾਨੀ ਰੁਝੇਵਿਆਂ ਨਾਲ ਜੁੜੀਆਂ ਕੁਝ ਰਚਨਾਵਾਂ ਵੀ ਟੁੰਬਦੀਆਂ ਹਨ। ਨਿਰਮਲ ਨੂੰ ਜ਼ਿੰਦਗੀ ਦੀਆਂ ਕੌੜੀਆਂ ਸਚਾਈਆਂ ਦਾ ਚੋਖਾ ਅਨੁਭਵ ਹੈ ਤੇ ਸਟੇਜੀ ਕਵਿਤਾ ਦਾ ਉਹ ਮਾਹਿਰ ਹੈ। ਇਸੇ ਕਾਰਨ ਉਸ ਦੀ ਕਾਵਿ ਵਿਧੀ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ। ਇਹ ਕਵਿਤਾਵਾਂ ਇਕ ਖ਼ਾਸ ਰੰਗ ਦੀਆਂ ਹੋਣ ਕਾਰਨ ਸਿੱਧੀਆਂ ਸਪਾਟ ਹਨ ਤੇ ਇਨ੍ਹਾਂ ਦੇ ਮਕਸਦ ਤੱਕ ਪਹੁੰਚਣ ਲਈ ਪੜ੍ਹਨ ਵਾਲੇ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਂਦੀ। ਪਰੰਪਰਾ ਨੂੰ ਸੰਭਾਲੀ ਬੈਠੀਆਂ ਇਨ੍ਹਾਂ ਕਵਿਤਾਵਾਂ ਦਾ ਆਪਣਾ ਰੰਗ ਰੂਪ ਹੈ।

-ਗੁਰਦਿਆਲ ਰੌਸ਼ਨ
ਮੋ: 9988444002

28/01/2017

 ਅਲੋਪ ਹੋ ਰਹੇ ਪਸ਼ੂ-ਪੰਛੀ
ਕੋਸ਼ਕਾਰ : ਹਰਕੇਸ਼ ਸਿੰਘ ਕਹਿਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 450 ਰੁਪਏ, ਸਫ਼ੇ : 294
ਸੰਪਰਕ : 0172-4608699.

ਹਥਲੀ ਪੁਸਤਕ ਵਿਚ ਹਰਕੇਸ਼ ਸਿੰਘ ਕਹਿਲ ਨੇ 88 ਅਜਿਹੀਆਂ ਪ੍ਰਜਾਤੀਆਂ ਦਾ ਜ਼ਿਕਰ ਕੀਤਾ ਹੈ, ਜੋ ਵਧ ਰਹੀ ਆਬਾਦੀ ਅਤੇ ਪ੍ਰਦੂਸ਼ਣ ਦੇ ਕਾਰਨ ਖ਼ਤਰੇ ਦੇ ਨਿਸ਼ਾਨ ਹੇਠ ਆ ਗਈਆਂ ਹਨ ਅਤੇ ਲੋਪ ਹੋਣ ਦੀ ਕਗਾਰ 'ਤੇ ਹਨ। ਅਜਿਹੇ ਪਸ਼ੂ-ਪੰਛੀਆਂ ਵਿਚ ਲੂੰਬੜ, ਲਗੜ, ਮੈਨਾ, ਚੁਗ਼ਲ, ਬਿਜੜਾ, ਬਿੱਜੂ, ਪਿੱਦਾ, ਚੱਕੀਰਾਹਾ, ਤਿਲੀਅਰ, ਘੋਗੜ, ਅਬਾਬੀਲ ਅਤੇ ਸਾਰਸ ਆਦਿਕ ਕੁਝ ਅਜਿਹੇ ਜੀਵ ਹਨ, ਜਿਨ੍ਹਾਂ ਦਾ ਜ਼ਿਕਰ ਸਾਡੇ ਲੋਕਯਾਨ ਅਤੇ ਮੁਢਲੇ ਸਾਹਿਤ ਵਿਚ ਅਕਸਰ ਹੁੰਦਾ ਰਹਿੰਦਾ ਹੈ, ਪਰ ਨਵੀਂ ਪੀੜ੍ਹੀ ਇਨ੍ਹਾਂ ਪਸ਼ੂ-ਪੰਛੀਆਂ ਦੀ ਸ਼ਕਲ-ਸੂਰਤ ਤੋਂ ਬਿਲਕੁਲ ਅਣਜਾਣ ਅਤੇ ਅਪਰਿਚਿਤ ਹੋ ਚੁੱਕੀ ਹੈ। ਹਥਲੇ ਕੋਸ਼ ਦੇ ਅਧਿਐਨ ਦੁਆਰਾ ਇਹ ਆਪਣੇ ਲੋਕਯਾਨਿਕ ਵਿਰਸੇ ਅਤੇ ਵਣ-ਤ੍ਰਿਣ ਨੂੰ ਭਲੀ ਭਾਂਤ ਸਮਝ ਸਕੇਗੀ।
ਸ: ਕਹਿਲ ਨੇ ਹਰ ਇੰਦਰਾਜ ਦੇ ਆਰੰਭ ਵਿਚ ਸਬੰਧਤ ਪਸ਼ੂ-ਪੰਛੀ ਦਾ ਇਕ ਰੇਖਾ-ਚਿੱਤਰ (ਤਸਵੀਰ) ਦਿੱਤਾ ਹੈ। ਬਾਅਦ ਵਿਚ ਡੇਢ ਜਾਂ ਦੋ ਪੰਨਿਆਂ ਦੀਆਂ ਟਿੱਪਣੀਆਂ ਦੁਆਰਾ ਉਸ ਪਸ਼ੂ/ਪੰਛੀ ਦੀਆਂ ਆਦਤਾਂ ਅਤੇ ਖਾਧ-ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਸ਼ੂ-ਪੰਛੀਆਂ ਬਾਰੇ ਮਿਲਦੀਆਂ ਲੋਕ-ਕਹਾਣੀਆਂ ਅਤੇ ਲੋਕ ਗੀਤਾਂ ਦੇ ਪ੍ਰਮਾਣ ਵੀ ਦਿੱਤੇ ਗਏ ਹਨ। ਉਦਾਹਰਨ ਵਜੋਂ 'ਚੁਗ਼ਲ' ਪੰਛੀ ਬਾਰੇ ਵਿਵਰਣ ਪੇਸ਼ ਕਰਦਾ ਹੋਇਆ ਉਹ ਲਿਖਦਾ ਹੈ, 'ਚੁਗ਼ਲ ਇਕ ਅਜਿਹਾ ਪੰਛੀ ਹੈ, ਜਿਹੜਾ ਰਾਤ ਨੂੰ ਆਪਣਾ ਸ਼ਿਕਾਰ ਕਰਦਾ ਹੈ। ਇਸ ਦਾ ਰੰਗ-ਰੂਪ ਅਤੇ ਆਦਤਾਂ ਉੱਲੂ ਵਰਗੀਆਂ ਹਨ। ਦਿਨ ਦਾ ਚਾਨਣ ਇਸ ਨੂੰ ਚੰਗਾ ਨਹੀਂ ਲਗਦਾ। ਕਈ ਇਲਾਕਿਆਂ ਵਿਚ ਇਸ ਨੂੰ ਬਿੱਲ-ਬਤੌਰੀ ਵੀ ਕਹਿੰਦੇ ਹਨ। ਇਹ ਪਹਿਲਾਂ ਚਿਰਰ-ਚਿਰਰ ਦੀ ਆਵਾਜ਼ ਕੱਢਦਾ ਹੈ, ਫਿਰ ਚੀਵਕ-ਚੀਵਕ ਦੀ। .... ਚੁਗ਼ਲ-ਅੱਖੇ ਦਿਉਰ ਨੂੰ ਭਰਜਾਈ ਇਕ ਲੋਕ ਗੀਤ ਰਾਹੀਂ ਤਾੜਨਾ ਕਰਦੀ ਹੈ।' ਦੇਖੋ :
ਅੱਖ ਤਾਂ ਤੇਰੀ ਚੁਗ਼ਲ ਵੇ ਦਿਉਰਾ
ਸੇਲ੍ਹੀ ਹੈ ਮਸਤਾਨੀ।
ਘਰ 'ਚੋਂ ਕੱਢ ਦੇਊਂਗੀ,
ਰਖਦੈਂ ਝਾਕ ਬੇਗਾਨੀ। (ਪੰਨਾ 148)
ਸ: ਹਰਕੇਸ਼ ਸਿੰਘ ਕਹਿਲ ਨੇ ਆਪਣੀਆਂ ਹੋਰ ਪੁਸਤਕਾਂ ਵਾਂਗ 'ਅਲੋਪ ਹੋ ਰਹੇ ਪਸ਼ੂ ਪੰਛੀ' ਵਿਰਸਾ-ਕੋਸ਼ ਉੱਪਰ ਵੀ ਖ਼ੂਬ ਮਿਹਨਤ ਕੀਤੀ ਹੈ। ਇਹ ਪੁਸਤਕ ਹਰ ਘਰ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਨਿੱਤ ਨੇਮ ਅਤੇ ਹੋਰ ਬਾਣੀਆਂ
ਕਵਿੱਤਰੀ : ਡਾ: ਕੁਲਦੀਪ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਪ੍ਰਾਈਵੇਟ ਲਿਮਟਿਡ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 211
ਸੰਪਰਕ : 0172-4608699.

ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ। ਹਰ ਗੁਰਸਿੱਖ ਨੂੰ ਘੱਟ ਤੋਂ ਘੱਟ ਹਰ ਰੋਜ਼ ਸੱਤ ਬਾਣੀਆਂ ਦਾ ਪਾਠ ਕਰਨ ਦਾ ਹੁਕਮ ਹੈ। ਇਨ੍ਹਾਂ ਬਾਣੀਆਂ ਨੂੰ ਨਿੱਤਨੇਮ ਦੀਆਂ ਬਾਣੀਆਂ ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਸ੍ਰੀ ਜਪੁਜੀ ਸਾਹਿਬ ਜੀ, ਸ੍ਰੀ ਜਪੁ ਸਾਹਿਬ ਜੀ, ਸ੍ਰੀ ਸਵੱਈਏ ਸਾਹਿਬ ਜੀ, ਸ੍ਰੀ ਚੌਪਈ ਸਾਹਿਬ ਜੀ ਅਤੇ ਸ੍ਰੀ ਆਨੰਦ ਸਾਹਿਬ ਜੀ ਦੀਆਂ ਇਲਾਹੀ ਬਾਣੀਆਂ ਦਾ ਪਾਠ ਸਵੇਰ ਵੇਲੇ ਕਰਨ ਦੀ ਤਾਕੀਦ ਹੈ। ਸਾਰੇ ਦਿਨ ਦੇ ਪਏ ਸੰਸਾਰਕ ਗਰਦੋ-ਗੁਬਾਰ ਨੂੰ ਲਾਹੁਣ ਅਤੇ ਤਰੋਤਾਜ਼ਾ ਹੋਣ ਲਈ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਲਾਜ਼ਮੀ ਹੈ। ਸੌਣ ਵੇਲੇ ਸ਼ੁਕਰਾਨੇ ਵਜੋਂ ਪਰਮਾਤਮਾ ਦੀ ਗੋਦ ਦਾ ਆਸਰਾ ਲੈ ਕੇ ਸ੍ਰੀ ਕੀਰਤਨ ਸੋਹਿਲੇ ਸਾਹਿਬ ਜੀ ਦਾ ਪਾਠ ਕਰਨ ਦਾ ਆਦੇਸ਼ ਹੈ।
ਇਹ ਸੱਤ ਬਾਣੀਆਂ ਸਾਡੀ ਰੂਹ ਦੀ ਖੁਰਾਕ ਹਨ। ਸੂਝਵਾਨ ਲੇਖਿਕਾ ਨੇ ਸ਼ਰਧਾ, ਪਿਆਰ ਅਤੇ ਸਤਿਕਾਰ ਵਿਚ ਭਿੱਜ ਕੇ ਇਨ੍ਹਾਂ ਅਨਮੋਲ ਬਾਣੀਆਂ ਦੇ ਕਵਿਤਾਰਥ ਜਾਂ ਸਰਲ ਕਾਵਿ ਵਿਆਖਿਆ ਕਰਨ ਦਾ ਉਪਰਾਲਾ ਕੀਤਾ ਹੈ। ਭਾਵੇਂ ਬਾਣੀ ਅਗਾਧ ਬੋਧ ਹੈ ਅਤੇ ਇਹ ਅੱਖਰਾਂ ਤੋਂ ਪਾਰ ਦੀ ਗੱਲ ਹੈ ਪਰ ਗੁਰਬਾਣੀ ਦੇ ਪ੍ਰੇਮ ਵਿਚ ਭਿੱਜ ਕੇ ਗਾਏ ਹੋਏ ਗੀਤ ਪ੍ਰਭੂ ਦਾਰ ਤੇ ਪ੍ਰਵਾਨ ਹੁੰਦੇ ਹਨ। ਆਓ ਆਪਾਂ ਕਵਿੱਤਰੀ ਵੱਲੋਂ ਕੀਤੇ ਗਏ ਯਤਨਾਂ ਦੀਆਂ ਕੁਝ ਝਲਕਾਂ ਮਾਣੀਏ, ਜੋ ਵੱਖ-ਵੱਖ ਬਾਣੀਆਂ ਦੀ ਵਿਆਖਿਆ ਹਨ-
1. ਪਉਣ ਗੁਰੂ ਹੈ ਸਭ ਜੀਵਾਂ ਲਈ, ਪਾਣੀ ਹੈ ਉਨ ਪਿਤਾ ਸਮਾਨ।
ਸਭ ਜੀਵਾਂ ਦੀ ਮਾਤਾ ਕਹੀਏ, ਮਾਤਾ ਧਰਤ ਜੋ ਅਤਿ ਮਹਾਨ।
2. ਗਿਆਨ ਰੂਪ ਸਰੂਪ ਹੈ ਤੇਰਾ, ਨਾਸ਼ ਕਦੇ ਨਾ ਤੇਰਾ ਹੋਵੇ।
ਧੀਰਜਵਾਨ ਧਰਤ ਦਾ ਵਾਲੀ, ਆਸਣ ਤੁਧ ਜਿਹਾ ਕਿਸੇ ਹੋਰ ਨਾ ਹੋਵੇ।
3. ਤੁਸਾਂ ਬਿਨਾਂ ਕਿਸੇ ਹੋਰ ਦਾ ਪ੍ਰਭ ਜੀ! ਨਾਮ ਨਾ ਕਦੇ ਧਿਆਵਾਂ ਮੈਂ
ਜੋ ਵਰ ਲੈਣ ਦੀ ਤਾਂਘ ਹੋਏ ਮੈਨੂੰ, ਤੇਰੇ ਤੋਂ ਸਦ ਪਾਵਾਂ ਮੈਂ।
4. ਪ੍ਰਭ ਜੀ ਪਿਆਰੇ ਅਤਿ ਅਮੋਲਕ, ਮੁੱਲ ਉਨ੍ਹਾਂ ਦਾ ਜਾਏ ਨਾ ਪਾਇਆ।
ਸਾਧਕ ਯਤਨ ਅਨੇਕਾਂ ਕਰਦੇ, ਪਦ ਨਾ ਉਨ੍ਹਾਂ ਦਾ ਕਿਸੇ ਲਖਾਇਆ।
5. ਉਹ ਦਰ ਘਰ ਹੈ ਬਹੁਤ ਅਨੋਖਾ, ਜਿਸ ਵਿਚ ਬਹਿ ਕੇ ਉਹ ਨਿਰੰਕਾਰ।
ਆਪਣੇ ਸਿਰਜੇ ਜੀਵਾਂ ਦੀ ਸੰਭਾਲ ਕਰੇ ਨਿੱਤ ਸਿਰਜਣਹਾਰ।
6. ਆਕਾਸ਼ ਹੀ ਪ੍ਰਭ ਨੇ ਥਾਲ ਬਣਾਇਆ।
ਚੰਨ ਸੂਰਜ ਉਸ ਵਿਚ ਸਜਾ ਕੇ, ਦੀਵਿਆਂ ਦਾ ਉਨ ਰੂਪ ਦਿਵਾਇਆ।
ਗੁਰਬਾਣੀ ਦੇ ਦੀਦਾਰ ਕਰਵਾਉਣ ਵਾਲੀ ਇਸ ਪੁਸਤਕ ਦਾ ਹਾਰਦਿਕ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਰਸਤੇ ਚਲਦੀ ਜ਼ਿੰਦਗੀ
ਨਾਵਲਕਾਰ : ਬੰਤ ਸਿੰਘ ਚੱਠਾ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 270 ਰੁਪਏ, ਸਫ਼ੇ : 216
ਸੰਪਰਕ : 98789-60602.

'ਰਸਤੇ ਚਲਦੀ ਜ਼ਿੰਦਗੀ' ਬੰਤ ਸਿੰਘ ਚੱਠਾ ਦਾ ਨਵਾਂ ਨਾਵਲ ਹੈ, ਜਿਸ ਵਿਚ ਨਾਵਲਕਾਰ ਨੇ ਜਿਥੇ ਇਸ ਜ਼ਿੰਦਗੀ ਦੀ ਚਲਦੀ ਤੋਰ ਅਤੇ ਆਉਂਦੇ ਉਤਰਾਵਾਂ ਚੜ੍ਹਾਵਾਂ ਨੂੰ ਪੇਸ਼ ਕੀਤਾ ਹੈ, ਉੱਥੇ ਮੁਹੱਬਤੀ ਸਾਂਝਾਂ ਨਾਲ ਜ਼ਿੰਦਗੀ ਦੇ ਮਹਿਕਣ ਅਤੇ ਸਾਂਝਾਂ ਦੇ ਟੁੱਟਣ ਨਾਲ ਜ਼ਿੰਦਗੀ ਵਿਚ ਪੈਦਾ ਹੋਈ ਵੀਰਾਨਗੀ ਨੂੰ ਚਿਤਰਿਤ ਕੀਤਾ ਹੈ। ਨਾਵਲ ਦੇ ਮੁਢਲੇ ਕਾਂਡਾਂ ਵਿਚ ਪੇਂਡੂ ਜ਼ਿੰਦਗੀ ਦੇ ਅਤੇ ਪੇਂਡੂ ਬਚਪਨ ਦੇ ਬਹੁਤ ਹੀ ਭਾਵਪੂਰਤ ਚਿਤਰ ਪੇਸ਼ ਕੀਤੇ ਗਏ ਹਨ ਕਿ ਬਚਪਨ ਵਿਚ ਕੋਈ ਤੇਰ ਮੇਰ ਤੇ ਵੈਰ ਵਿਰੋਧ ਨਹੀਂ ਹੁੰਦਾ। ਮੀਤਾ, ਸਲੋਚਨਾ, ਜੱਗਾ, ਨਾਥਾ ਸਾਰੇ ਹੀ ਇਕੱਠੇ ਖੇਡਦੇ ਤੇ ਪੜ੍ਹਦੇ ਹਨ ਪਰ ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਹੀ ਹਰੇਕ ਦੇ ਆਪਣੇ-ਆਪਣੇ ਰਸਤੇ ਬਣ ਜਾਂਦੇ ਹਨ। ਮੀਤੇ ਨੂੰ ਔਰੰਗਾਬਾਦ ਜਾ ਕੇ ਲਾਲਿਆਂ ਦੀ ਕੰਟੀਨ 'ਤੇ ਕੰਮ ਕਰਨਾ ਪੈਂਦਾ ਹੈ ਪਰ ਵਾਪਸ ਆ ਕੇ ਫਿਰ ਆਪਣੀ ਮਿਹਨਤ ਦੇ ਬਲਬੂਤੇ ਉਹ ਸਕੂਲ ਮਾਸਟਰ ਦੀ ਨੌਕਰੀ ਪ੍ਰਾਪਤ ਕਰ ਲੈਂਦਾ ਹੈ। ਉਸ ਦੀ ਘਰ ਗ੍ਰਹਿਸਥੀ ਭਾਵੇਂ ਵਧੀਆ ਚਲਦੀ ਹੈ ਪਰ ਔਰੰਗਾਬਾਦ ਵਿਚ ਜਵੇਦਾ ਨਾਂਅ ਦੀ ਲੜਕੀ ਨਾਲ ਹੋਈ ਮੁਹੱਬਤੀ ਸਾਂਝ ਉਸ ਨੂੰ ਤੜਪਾਉਂਦੀ ਰਹਿੰਦੀ ਹੈ। ਸਮਕਾਲੀ ਸਮੇਂ ਵਿਚ ਵਾਪਰੀਆਂ ਘਟਨਾਵਾਂ ਸਾਕਾ ਨੀਲਾ ਤਾਰਾ ਅਤੇ ਬਾਬਰੀ ਮਸਜਿਦ ਦੇ ਡੇਗਣ ਦੀ ਘਟਨਾ ਵੀ ਨਾਵਲ ਵਿਚ ਪਾਤਰਾਂ ਦੀ ਆਪਸੀ ਹਮਦਰਦੀ ਦਾ ਕਾਰਨ ਬਣਦੀ ਦਿਖਾ ਕੇ ਨਾਵਲਕਾਰ ਨੇ ਨਾਵਲੀ ਬਿਰਤਾਂਤ ਵਿਚ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੇਂਡੂ ਭਾਈਚਾਰੇ, ਆਪਸੀ ਪਿਆਰ ਅਤੇ ਇਨਸਾਨੀ ਰਿਸ਼ਤਿਆਂ ਵਿਚਲੀ ਪਾਕਿ-ਮੁਹੱਬਤ ਦੀ ਬਾਤ ਪਾਉਂਦਾ ਇਹ ਨਾਵਲ ਜ਼ਿੰਦਗੀ ਦੇ ਉਸ ਸੱਚ ਨੂੰ ਪੇਸ਼ ਕਰਦਾ ਹੈ, ਜਿਥੇ ਜ਼ਿੰਦਗੀ ਸਾਵੀ ਪੱਧਰੀ ਨਹੀਂ, ਸਗੋਂ ਉਬੜ-ਖਾਬੜ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਮੈਂ ਇਥੇ ਕਿਤੇ
ਕਵਿੱਤਰੀ : ਨੀਤੂ ਅਰੋੜਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 128
ਸੰਪਰਕ : 98152-98459.

'ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ/ਉਥੇ ਲੋਕ/ਅਸਮਾਨ ਤੋਂ ਤਾਰੇ ਤੋੜਨਾ ਛੱਡ ਦਿੰਦੇ ਨੇ/ਚੰਦ ਮਾਸਾ ਨਹੀਂ ਰਹਿੰਦਾ/ਤੇ ਬੱਚੇ/ਸੂਰਜ ਨੂੰ ਫੁੱਟਬਾਲ ਬਣਾ/ਤਪਦੀਆਂ ਗਲੀਆਂ ਵਿਚ ਨਹੀਂ ਖੇਡਦੇ... ਉਥੇ ਹਾਕਿਮ ਬੇਖੌਫ਼ ਹੋ ਜਾਂਦਾ ਹੈ/... ਤੇ ਲੋਕ ਦਰਵਾਜ਼ੇ ਹੀ ਨਹੀਂ/ਮੂੰਹ ਵੀ ਬੰਦ ਰੱਖਦੇ ਹਨ...।' ਹਥਲੀ ਪੁਸਤਕ ਦੀ ਪਹਿਲੀ ਕਵਿਤਾ ਵਿਚੋਂ ਮੈਂ ਉਕਤ ਸਤਰਾਂ ਪਾਠਕਾਂ ਦੀ ਨਜ਼ਰ ਕਰਕੇ ਦੱਸਣਾ ਚਾਹੁੰਦਾ ਹਾਂ ਕਿ ਨੀਤੂ ਅਰੋੜਾ ਦੀ ਕਵਿਤਾ ਸੰਵੇਦਨਾ ਅਤੇ ਨਵ-ਭਾਵਬੋਧ ਦੀ ਅਜਿਹੀ ਕਵਿਤਾ ਹੈ, ਜਿਸ ਉੱਤੇ ਮਾਣ ਕੀਤਾ ਜਾ ਸਕਦਾ ਹੈ। ਸਵਾ ਕੁ ਸਫੇ ਵਿਚ ਫੈਲੀਆਂ ਨਿੱਕੀਆਂ ਦਰਮਿਆਨੀਆਂ ਅਤੇ ਕੁਝ ਇਕ ਲੰਮੇਰੀਆਂ ਕਵਿਤਾਵਾਂ-ਵਾਰਤਕ ਕਵਿਤਾ ਦੀ ਵੰਨਗੀ ਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਆਧੁਨਿਕ ਮਨੁੱਖ ਦੀਆਂ ਅਕਾਂਕਸ਼ਾਵਾਂ, ਪ੍ਰਾਪਤੀਆਂ, ਅਪ੍ਰਾਪਤੀਆਂ, ਅੰਦਰੂਨੀ ਟੁੱਟ-ਭੱਜ, ਸਮਾਜਿਕ ਵਿਡੰਬਨਾਵਾਂ ਵਿਚ ਘਿਰੀ ਸੰਵੇਦਨਾ, ਸਵੈ-ਤਸਦੀਕ ਦੀ ਯਾਤਨਾ ਅਤੇ ਮਾਨਵ ਦੇ ਦਿਲ ਵਿਚ ਫੈਲ ਰਹੀ ਯੱਖਤਾ ਵਿਚ ਜਲ ਰਿਹਾ ਮਨ ਮਸਤਕ ਵਰਗਾ ਡੂੰਘੇਰਾ ਅਹਿਸਾਸ ਹੈ। ਨੀਤੂ ਜੇਕਰ ਗੁਲਾਬ ਦੀ ਕਵਿਤਾ ਕਰਦੀ ਹੈ ਤਾਂ ਕੇਵਲ ਮਹਿਕ ਅਤੇ ਫੁੱਲ ਪੱਤੀਆਂ ਦੇ ਧਰਤੀ ਉੱਤੇ ਡਿੱਗਣ ਦਾ ਖੜਾਕ ਹੀ ਸੁਣਦਾ ਹੈ। ਸ਼ਬਦਾਂ ਦੀ ਪ੍ਰਤੀਤੀ ਭਾਵਾਂ ਦੀ ਪ੍ਰਤੀਤੀ ਦਾ ਸਰੂਪ ਹੈ। ਇਨ੍ਹਾਂ ਭਾਵਪੂਰਤ ਕਵਿਤਾਵਾਂ ਦਾ ਪਠਿਨ ਸੁਚੇਤਨਾ ਦੀ ਮੰਗ ਕਰਦਾ ਹੈ। ਕੁਝ ਇਕ ਅਜਿਹੇ ਬਿੰਦੂ ਸਾਡੇ ਸਾਹਮਣੇ ਸ਼ਬਦ ਅਕਾਰਾਂ ਵਿਚ ਪ੍ਰਗਟ ਹੁੰਦੇ ਹਨ, ਜਿਨ੍ਹਾਂ ਦਾ ਆਕਾਰ ਬ੍ਰਹਿਮੰਡਕ ਹੋ ਨਿਬੜਦਾ ਹੈ। ਮਿਸਾਲ ਲਈ ਇਹ ਤਿੰਨਾਂ ਵਾਕਾਂ ਦੀ ਕਵਿਤਾ ਦਾ ਬਿੰਦੂਤਵ ਅਤੇ ਬ੍ਰਹਿਮੰਡਕ ਵਰਤਾਰਾ ਵੇਖੋ : 'ਵਰ੍ਹਿਆਂ ਤੋਂ ਕੋਸ਼ਿਸ਼ ਕਰਦੀ ਹਾਂ/ਮੇਰੇ ਅੰਦਰਲਾ ਚਾਕੂ ਖੁੰਢਾ ਨਹੀਂ ਹੁੰਦਾ/ਮੈਂ ਆਪਣੀ ਕਿਸਮ ਦੀ ਮਾਸਾਹਾਰੀ ਹਾਂ' ਇਕ ਨਿੱਕੀ ਜਿਹੀ ਕਵਿਤਾ ਦੇ ਅਰਥ ਆਪਣੇ ਆਪੇ ਤੋਂ ਵਿਕਲੋਤਰੇ ਦਿਸਹੱਦਿਆਂ ਦੇ ਲਖਾਇਕ ਹਨ। ਇਹ ਕਵਿਤਾ ਹਵਾ ਵਾਂਗ ਬੇਰੰਗ ਪੇਸ਼ ਹੁੰਦੀ ਹੈ ਤੇ ਹਵਾ ਵਾਂਗ ਹੀ ਆਪਣੀ ਠੰਢ ਜਾਂ ਗਰਮਾਇਸ਼ ਦਾ ਅਹਿਸਾਸ ਕਰਵਾਉਂਦੀ ਹੈ : 'ਮੈਂ ਉਸ ਨੂੰ ਆਵਾਜ਼ ਦਿੰਦੀ ਹਾਂ/ਉਹ/ਆਪਣੇ ਹੀ ਅੰਦਰੋਂ/ਦੌੜਦਾ ਹਫਦਾ ਆਉਂਦਾ/ਸਾਹੋ ਸਾਹ/ਹੁੰਗਾਰਾ ਭਰਦਾ/ਹੁੰਗਾਰਾ/ਸੁਣਨ ਤੋਂ ਪਹਿਲਾਂ/ਮੈਂ/ਆਪਣੇ ਹੀ ਅੰਦਰ/ਕਿਤੇ ਦੂਰ ਨਿਕਲ ਚੁੱਕੀ ਹਾਂ/ਅੱਜ ਕੱਲ੍ਹ ਅਸੀਂ ਇਸ ਤਰ੍ਹਾਂ ਸੰਵੇਦ ਕਰਦੇ ਹਾਂ' ਪੰਜਾਬੀ ਵਿਚ ਇਹ ਨਵ-ਵਿਵੇਕ, ਨਵ-ਸੰਵਾਦ ਅਤੇ ਨਵ-ਵੇਦਨਾ ਦੀ ਕਵਿਤਾ ਆਪਣਾ ਵੱਖਰਾ ਕਾਵਿ-ਮੁਹਾਵਰਾ ਲੈ ਕੇ ਹਾਜ਼ਰ ਹੈ।

-ਸੁਲੱਖਣ ਸਰਹੱਦੀ
ਮੋ: 94174-84337.

c c c

ਪੰਜਾਬੀ ਲੋਕ ਗੀਤ ਅਤੇ ਲੋਕ ਪ੍ਰਚਲਿਤ ਗੀਤ : ਤੁਲਨਾਤਮਕ ਅਧਿਐਨ
ਲੇਖਕ : ਜਗਤਾਰ ਸਿੰਘ ਵਿਰਕ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਸ੍ਰੀ ਮੁਕਤਸਰ ਸਾਹਿਬ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 94630-88272.

ਇਸ ਪੁਸਤਕ ਦਾ ਆਗਾਜ਼ ਤੁਲਨਾਤਮਕ ਸਾਹਿਤ ਅਧਿਐਨ ਦੇ ਸਿਧਾਂਤਕ ਪਰਿਪੇਖ ਦੀ ਉਸਾਰੀ ਕਰਦਿਆਂ ਲੇਖਕ ਨੇ ਇਸ ਖੇਤਰ ਦੇ ਪੂਰਵ-ਵਰਤੀ ਪੱਛਮੀ, ਭਾਰਤੀ ਅਤੇ ਪੰਜਾਬੀ ਵਿਦਵਾਨਾਂ; ਵਿਭਿੰਨ ਸ਼ਬਦ-ਕੋਸ਼ਾਂ ਨੂੰ ਉਦਰਿਤ ਕਰਦਿਆਂ ਕੀਤਾ ਹੈ। ਲੇਖਕ ਦਾ ਮੱਤ ਹੈ ਕਿ ਲੋਕ ਗੀਤਾਂ ਨੂੰ ਲੋਕ ਪ੍ਰਚਲਿਤ ਗੀਤਾਂ ਦਾ ਸਮਾਨਾਰਥੀ ਸਮਝਣਾ ਭੁੱਲ ਹੈ। ਸਮਾਨਤਾਵਾਂ ਘੱਟ ਅਤੇ ਅਸਮਾਨਤਾਵਾਂ ਵਧੇਰੇ ਹਨ। ਲੋਕ ਗੀਤਾਂ ਦੇ ਪ੍ਰਮੁੱਖ ਲੱਛਣਾਂ ਵਿਚ ਮੌਖਿਕਤਾ, ਸਮੂਹਿਕਤਾ, ਪਰੰਪਰਾ, ਪਰਿਵਰਤਨਸ਼ੀਲਤਾ, ਪੁਨਰ ਸਿਰਜਣ ਦਾ ਗੁਣ, ਪ੍ਰਕਾਰਜਮੁੱਖਤਾ, ਗਾਇਣ-ਯੋਗਤਾ, ਉਪ ਭਾਸ਼ਾ ਦੀ ਪ੍ਰਧਾਨਤਾ, ਪ੍ਰਗੀਤਕਤਾ, ਰੂਪਕ ਵੰਨ-ਸੁਵੰਨਤਾ, ਲੈਅ ਤਾਲ, ਨਿਭਾਓ ਸੰਦਰਭ ਅਤੇ ਦੁਹਰਾਓਪਣ ਨੂੰ ਨਿਸਚਤ ਕੀਤੇ ਗਏ ਹਨ। ਇਵੇਂ ਹੀ ਪ੍ਰਚਲਿਤ ਗੀਤਾਂ ਦੇ ਲੱਛਣਾਂ ਵਿਚ ਗਾਇਮ ਯੋਗਤਾ, ਪ੍ਰਯੋਜਨਮੁੱਖਤਾ, ਕਾਵਿਕਤਾ, ਪਰੰਪਰਾ ਅਤੇ ਤਬਦੀਲੀ, ਇਕੋ-ਭਾਵ, ਦੁਹਰਾਓ, ਲੈਅ ਤਾਲ ਆਦਿ ਦਾ ਵਿਸ਼ਲੇਸ਼ਣ ਕੀਤਾ ਹੈ। ਵੈਦਿਕ ਕਾਲ ਅਤੇ ਪੱਛਮੀ ਪਰੰਪਰਾ ਤੋਂ ਲੈ ਕੇ ਉੱਤਰ-ਆਧੁਨਿਕ ਕਾਲ ਤੱਕ ਗੀਤ ਪਰੰਪਰਾ ਦੇ ਵਿਕਾਸ ਵਿਚ ਆਏ ਪਰਿਵਰਤਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ।
ਲੋਕ ਗੀਤਾਂ ਅਤੇ ਲੋਕ ਪ੍ਰਚਲਿਤ ਗੀਤਾਂ ਦਾ ਉਦਾਹਰਨਾਂ ਸਮੇਤ ਤੁਲਨਾਤਮਿਕ ਅਧਿਐਨ ਕਰਦਿਆਂ ਬੜੀ ਬਾਰੀਕੀ ਅਤੇ ਗਹਿਨ ਦ੍ਰਿਸ਼ਟੀ ਨਾਲ ਵਿਸ਼ਲੇਸ਼ਣ ਕੀਤਾ ਹੈ। ਲੋਕ ਗੀਤਾਂ ਵਿਚ ਸਦੀਵੀ ਅਤੇ ਸਰਬਕਾਲੀ ਮਨੋਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ, ਜਦੋਂ ਕਿ ਲੋਕ ਪ੍ਰਚਲਿਤ ਗੀਤਾਂ (ਵਸ਼ਿਸ਼ਟ ਗੀਤਾਂ) ਦਾ ਥੁੜ-ਚਿਰੀ ਘਟਨਾਵਾਂ ਨਾਲ ਸਬੰਧ ਹੁੰਦਾ ਹੈ। ਲੋਕ ਗੀਤਾਂ ਵਿਚ ਸਮਾਜਿਕ ਮਰਯਾਦਾ ਕਾਇਮ ਰਹਿੰਦੀ ਹੈ, ਜਦੋਂ ਕਿ ਵਸ਼ਿਸ਼ਟ ਗੀਤ ਮਰਯਾਦਾ ਭੰਜਨ ਕਰਦੇ ਸੁਣੇ ਜਾ ਸਕਦੇ ਹਨ। ਲੋਕ ਗੀਤਾਂ ਦੇ ਉਚਾਰ ਵਿਚ ਉਪ-ਭਾਸ਼ਾਈ ਅੰਸ਼ ਦਾ ਬੋਲਬਾਲਾ ਹੁੰਦਾ ਹੈ, ਜਦ ਕਿ ਵਸ਼ਿਸ਼ਟ ਗੀਤਾਂ ਵਿਚ ਟਕਸਾਲੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ। ਲੋਕ ਪ੍ਰਚਲਿਤ ਗੀਤ ਵੱਖ-ਵੱਖ ਤਰਜ਼ਾਂ ਵਿਚ ਗਾਏ ਜਾ ਸਕਦੇ ਹਨ, ਜਦੋਂ ਕਿ ਲੋਕ ਗੀਤਾਂ ਵਿਚ ਅਜਿਹੀ ਖੁੱਲ੍ਹ ਸੰਭਵ ਨਹੀਂ ਹੁੰਦੀ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਤੇਰੇ ਜਾਣ ਤੋਂ ਬਾਅਦ
ਲੇਖਕ : ਰਘਬੀਰ ਸਿੰਘ ਮਹਿਮੀ
ਪ੍ਰਕਾਸ਼ਕ : ਪੰਜਾਬੀ ਸਾਹਿਤ ਪਬਲੀਕੇਸ਼ਨਜ਼, ਸੰਗਰੂਰ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 9646024321.

ਰਘਬੀਰ ਸਿੰਘ ਮਹਿਮੀ ਨੇ ਇਸ ਕਹਾਣੀ ਸੰਗ੍ਰਹਿ ਵਿਚ 28 ਕਹਾਣੀਆਂ ਨੂੰ ਅੰਕਿਤ ਕੀਤਾ ਹੈ। ਉਸ ਦੀਆਂ ਕਹਾਣੀਆਂ ਦਾ ਖੇਤਰ ਪੇਂਡੂ, ਸ਼ਹਿਰੀ ਮੱਧ ਵਰਗ ਅਤੇ ਨਿਮਨ ਵਰਗ ਦੀਆਂ ਸਮੱਸਿਆਵਾਂ ਦਾ ਯਥਾਰਥੀ ਚਿਤਰਣ ਹੈ। ਉਸ ਨੇ ਸਾਰੀਆਂ ਕਹਾਣੀਆਂ ਵਿਚ ਹੀ ਪੇਂਡੂ ਜੀਵਨ ਦਾ ਬੇਬਾਕੀ ਨਾਲ ਚਿਤਰਣ ਕੀਤਾ ਹੈ ਜਿਵੇਂ-'ਜ਼ਹਿਰ ਦੀ ਗੋਲੀ', 'ਜਾਦੂਗਰਨੀ', 'ਦੇਵਤਾ', 'ਮਜਬੂਰੀ', 'ਚੱਕਰਵਿਊ', 'ਸਿਆਸਤ', 'ਕਿਸ਼ਤੀ, ਰਾਜ਼', 'ਉਸ ਦੀ ਯਾਦ ਵਿਚ', 'ਪੜ੍ਹਿਆ-ਲਿਖਿਆ ਅਨਪੜ੍ਹ', 'ਤੇਰੇ ਜਾਣ ਤੋਂ ਬਾਅਦ' ਅਤੇ 'ਖਿਡਾਰੀ' ਹਨ, ਜਿਨ੍ਹਾਂ ਵਿਚ ਉਸ ਨੇ ਸਮਾਜ ਵਿਚ ਵਿਚਰਦੇ ਲੋਕਾਂ ਦੀ ਤਰਜਮਾਨੀ ਕੀਤੀ ਹੈ। ਰਘਬੀਰ ਸਿੰਘ ਮਹਿਮੀ ਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਇਹ ਨਿੱਕੀ ਕਹਾਣੀ ਦੀ ਪੁਸਤਕ ਪਾਠਕਾਂ ਦੇ ਸਨਮੁੱਖ ਕੀਤੀ ਹੈ, ਜਿਸ ਵਿਚ ਉਸ ਨੇ ਸਮਾਜਿਕ ਕੁਰਹਿਤੀਆਂ ਦੀ ਗੱਲ ਕੀਤੀ ਹੈ। 'ਰਸਮਾਂ' ਕਹਾਣੀ ਵਿਚ ਉਸ ਨੇ ਬਦਲੇ ਦੀ ਭਾਵਨਾ ਨੂੰ ਬਿਆਨ ਕੀਤਾ ਹੈ। 'ਇੱਜ਼ਤ ਦਾ ਸਵਾਲ' ਕਹਾਣੀ ਵਿਚ ਈਰਖਾ ਦੀ ਭਾਵਨਾ ਜੋ ਕਿ ਦੋ ਸਾਂਢੂਆਂ ਵਿਚ ਵਾਪਰਦੀ ਹੈ, 'ਤੇਰੇ ਰੰਗ ਨਿਆਰੇ' ਕਹਾਣੀ ਵਿਚ ਪਰਮਾਤਮਾ ਦੀ ਸਿਫ਼ਤ ਕੀਤੀ ਗਈ ਹੈ। 'ਪਹੁੰਚੇ ਹੋਏ ਬਾਬੇ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਜਿਸ ਬਾਬੇ 'ਤੇ ਸ਼ਰਧਾਲੂਆਂ ਨੂੰ ਅੰਨ੍ਹਾ ਵਿਸ਼ਵਾਸ ਹੁੰਦਾ ਹੈ ਉਹ ਕੁੜੀ ਨੂੰ ਲੈ ਕੇ ਭੱਜ ਜਾਂਦਾ ਹੈ, ਜੋ ਕਿ ਅਜੋਕੇ ਸਮੇਂ ਦੇ ਹਾਣ ਦੀ ਕਹਾਣੀ ਹੈ। 'ਚੱਕਰਵਿਊ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਜਿਸ ਨੂੰ ਆਪਣੇ ਆਪ 'ਤੇ ਦ੍ਰਿੜ੍ਹ ਵਿਸ਼ਵਾਸ ਹੁੰਦਾ ਹੈ, ਉਹ ਮੁਸ਼ਕਿਲ ਵਿਚ ਵੀ ਨਹੀਂ ਘਬਰਾਉਂਦੇ। 'ਰਾਜ਼' ਕਹਾਣੀ ਇਕ ਪੱਤਰ ਦੀ ਤਰ੍ਹਾਂ ਲਿਖੀ ਗਈ ਕਹਾਣੀ ਹੈ, ਜਿਸ ਵਿਚ ਕਤਲ ਕਰਨ ਦਾ ਰਾਜ਼ ਛੁਪਾਇਆ ਗਿਆ ਹੈ। ਇਸ ਪ੍ਰਕਾਰ ਮਹਿਮੀ ਨੇ ਸਾਰੀਆਂ ਕਹਾਣੀਆਂ ਵਿਚ ਹੀ ਗਲਪੀ ਬਿਰਤਾਂਤ ਸਿਰਜ ਕੇ ਸਮਾਜਿਕ ਤਾਣੇ-ਬਾਣੇ ਨੂੰ ਉਭਾਰਿਆ ਹੈ।

-ਗੁਰਬਿੰਦਰ ਕੌਰ ਬਰਾੜ
ਮੋ: 09855395161.

15/01/2017

 ਸਿੱਖ ਕੌਮ : ਹਸਤੀ ਤੇ ਹੋਣੀ
ਸੰਪਾਦਕ : ਅਮੋਲਕ ਸਿੰਘ, ਗੁਰਦਿਆਲ ਸਿੰਘ ਬੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 520
ਸੰਪਰਕ : 0161-2413613.


ਇਹ ਪੁਸਤਕ ਪੰਜਾਬ ਨਾਲ ਸਬੰਧਤ ਦੋ ਵਿਦਵਾਨ ਸੰਪਾਦਕਾਂ ਸ: ਅਮੋਲਕ ਸਿੰਘ ਅਤੇ ਸ: ਗੁਰਦਿਆਲ ਸਿੰਘ ਬੱਲ ਦੁਆਰਾ ਸੰਪਾਦਿਤ, ਸਿੱਖ ਕੌਮ ਦੀ ਹਸਤੀ ਅਤੇ ਹੋਣੀ ਨਾਲ ਸਬੰਧਤ ਹੈ। ਵਿਦਵਾਨ ਸੰਪਾਦਕ ਇੱਕਵੀਂ ਸਦੀ ਦੇ ਉੱਤਰ-ਆਧੁਨਿਕਤਾਵਾਦੀ ਦੌਰ ਵਿਚ ਸਿੱਖ ਕੌਮ ਦੀ ਵਿਲੱਖਣ ਹਸਤੀ ਦੇ ਵਿਭਿੰਨ ਪਹਿਲੂਆਂ ਬਾਰੇ ਗੰਭੀਰ ਸੰਵਾਦ ਰਚਾਈ ਬੈਠੇ ਹਨ। ਇਸ ਪੁਸਤਕ ਵਿਚ ਸੰਕਲਿਤ 50 ਲੇਖ ਇਸੇ ਸੰਵਾਦ ਦੇ ਵਿਭਿੰਨ ਪਹਿਲੂਆਂ ਅਤੇ ਆਯਾਮਾਂ ਨੂੰ ਨਜਿੱਠਦੇ ਦਿਖਾਈ ਦਿੰਦੇ ਹਨ।
'ਖ਼ਾਲਸਾ ਮਹਿਮਾ' ਵਿਚ ਦਸਮੇਸ਼ ਸਤਿਗੁਰੂ ਸ੍ਰੀ ਗੋਬਿੰਦ ਸਿੰਘ ਜੀ ਨੇ ਖਾਲਸੇ ਦੇ ਨਿਆਰੇਪਣ ਨੂੰ ਰੇਖਾਂਕਿਤ ਕਰਦਿਆਂ ਹੋਇਆਂ ਫੁਰਮਾਇਆ ਸੀ ਕਿ ਜਦੋਂ ਤੱਕ ਇਹ ਨਿਆਰਾ ਰਹੇਗਾ (ਰਹਿ ਸਕੇਗਾ), ਤਦ ਤੱਕ ਮੈਂ ਇਸ ਨੂੰ ਤੇਜ ਪ੍ਰਦਾਨ ਕਰਦਾ ਰਹਾਂਗਾ ਪਰ ਜਦੋਂ ਇਹ ਧਰਮ ਨੂੰ ਬ੍ਰਾਹਮਣਾਂ ਅਤੇ ਕਰਮ-ਕਾਂਡੀਆਂ (ਪਰੀਸਟਲੀ ਕਲਾਸ) ਦੇ ਹਵਾਲੇ ਕਰ ਦੇਵੇਗਾ ਤਾਂ ਮੈਂ ਇਸ ਦੀ ਪੁੱਛ-ਪ੍ਰਤੀਤ ਨਹੀਂ ਕਰਾਂਗਾ। ਗੁਰੂ ਜੀ ਇਕ ਮਹਾਨ ਦਾਰਸ਼ਨਿਕ, ਅਦੁੱਤੀ ਜਰਨੈਲ ਅਤੇ ਵਿਲੱਖਣ ਕਵੀ ਹੋਣ ਦੇ ਨਾਲ-ਨਾਲ ਇਕ ਪ੍ਰਮਾਣਿਕ ਸੱਭਿਆਚਾਰ-ਸ਼ਾਸਤਰੀ ਵੀ ਸਨ। ਉਹ ਜਾਣਦੇ ਸਨ ਕਿ 'ਨਿਆਰਾ ਰਹਿ ਸਕਣਾ' ਹੀ ਕਿਸੇ ਵਿਅਕਤੀ ਦੀ ਆਨ, ਸ਼ਾਨ ਅਤੇ ਦ੍ਰਿੜ੍ਹਤਾ ਦਾ ਪ੍ਰਤੀਕ (ਕਸੌਟੀ) ਹੁੰਦਾ ਹੈ। ਪੂੰਜੀਵਾਦੀ ਦੌਰ ਵਿਚ ਇਹ ਨਿਆਰਾਪਣ ਸੰਕਟ ਵਿਚ ਆ ਗਿਆ ਹੈ, ਜੋ ਸਾਡੇ ਸਭ (ਸਿੱਖਾਂ, ਮੁਸਲਮਾਨਾਂ ਅਤੇ ਯਹੂਦੀਆਂ ਆਦਿ) ਲਈ ਇਕ ਚਿਤਾਵਨੀ ਦਾ ਦੌਰ ਹੈ।
ਇਸ ਪ੍ਰਸੰਗ ਵਿਚ ਪ੍ਰੋ: ਅਜਮੇਰ ਸਿੰਘ ਰਚਿਤ ਤਿੰਨ ਪੁਸਤਕਾਂ (ਸਿੱਖ ਰਾਜਨੀਤੀਂ2003, ਕਿਸ ਬਿਧੀ ਰੁਲੀ ਪਾਤਸ਼ਾਹੀਂ2007 ਅਤੇ 1984 : ਅਣਚਿਤਵਿਆ ਕਹਿਰਂ2010) ਵਿਚਾਰ-ਚਰਚਾ ਲਈ ਇਕ ਉਚਿਤ ਮੰਚ ਮੁਹੱਈਆ ਕਰਦੀਆਂ ਹਨ। ਪ੍ਰੋ: ਬਲਕਾਰ ਸਿੰਘ, ਪ੍ਰੋ: ਹਰਕੀਰਤ ਸਿੰਘ, ਅਮਰਜੀਤ ਸਿੰਘ ਗਰੇਵਾਲ, ਪ੍ਰਭਜੋਤ ਸਿੰਘ, ਪ੍ਰਿੰ: ਅਮਰਜੀਤ ਸਿੰਘ ਪਰਾਗ, ਕਰਮ ਬਰਸਟ, ਹਰਪਾਲ ਸਿੰਘ ਪੰਨੂ, ਪ੍ਰਭਸ਼ਰਨਦੀਪ ਸਿੰਘ, ਅਭੈ ਸਿੰਘ, ਗੋਬਿੰਦਰ ਸਿੰਘ, ਗੁਰਦਿਆਲ ਸਿੰਘ ਬੱਲ, ਅਨਮੋਲ ਸਿੰਘ, ਡਾ: ਗੁਰਨਾਮ ਕੌਰ, ਡਾ: ਭੂਪਿੰਦਰ ਸਿੰਘ ਅਤੇ ਕੁਝ ਹੋਰ ਵਿਦਵਾਨਾਂ ਦੁਆਰਾ ਲਿਖੇ ਲੇਖ ਇੱਕੀਵੀਂ ਸਦੀ ਵਿਚ ਸਿੱਖ ਸ਼ਨਾਖ਼ਤ (ਹੋਂਦ ਅਤੇ ਹੋਣੀ) ਦੇ ਸਮੱਸਿਆਕਾਰਾਂ ਬਾਰੇ ਨਿਹਾਇਤ ਗਹਿਰ-ਗੰਭੀਰ ਸੰਵਾਦ ਰਚਾਉਂਦੇ ਹਨ। ਅਜੋਕੇ ਦੌਰ ਵਿਚ ਗੁਰਬਾਣੀ, ਗੁਰ-ਇਤਿਹਾਸ ਅਤੇ ਗੁਰਮਤਿ ਮਰਯਾਦਾ ਬਾਰੇ ਇਹੋ ਜਿਹੀਆਂ ਮਹੱਤਵਪੂਰਨ ਪੁਸਤਕਾਂ ਦੀ ਬਹੁਤ ਜ਼ਰੂਰਤ ਹੈ।


ਂਬ੍ਰਹਮਜਗਦੀਸ਼ ਸਿੰਘ
ਮੋ: 98760-52136ਦੁਸਾਂਝ ਕਲਾਂ
ਦਾ ਮਾਣਮੱਤਾ ਇਤਿਹਾਸ

ਲੇਖਕ : ਪ੍ਰਿੰ: ਗਿਆਨ ਸਿੰਘ ਦੁਸਾਂਝ, ਪ੍ਰਿੰ: ਚਰਨਜੀਤ ਕੌਰ ਦੁਸਾਂਝ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 500 ਰੁਪਏ, ਸਫ਼ੇ : 365
ਸੰਪਰਕ : 98140-87063.


ਦੁਆਬੇ ਦੇ ਮਹੱਤਵਪੂਰਨ ਪੁਰਾਣੇ ਪਿੰਡਾਂ ਵਿਚੋਂ ਇਕ ਪਿੰਡ ਦੁਸਾਂਝ ਕਲਾਂ ਹੈ। ਇਸ ਦੇ ਗੁਆਂਢ ਵਿਚ ਚਾਰ ਸ਼ਹਿਰ ਫਗਵਾੜਾ, ਗੁਰਾਇਆ, ਫਿਲੌਰ ਤੇ ਬੰਗਾ ਹਨ। ਦੋ ਸੌ ਛਿਹੱਤਰ ਸਾਲਾਂ ਦਾ ਵਿਲੱਖਣ ਇਤਿਹਾਸ ਆਪਣੀ ਬੁੱਕਲ ਵਿਚ ਸਮੇਟੀ ਬੈਠਾ ਇਹ ਪਿੰਡ ਪੰਜਾਬ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਆਪਣੇ ਬਸ਼ਿੰਦਿਆਂ ਕਾਰਨ ਜਾਣਿਆ ਜਾਂਦਾ ਹੈ। ਇਸ ਪਿੰਡ ਦੇ ਵਾਸੀਆਂ ਨੇ ਹਰ ਖੇਤਰ ਵਿਚ ਹੀ ਨਾਮਣਾ ਖੱਟਿਆ ਹੈ। ਸਮੇਂ-ਸਮੇਂ ਚੱਲੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਲਹਿਰਾਂ ਵਿਚ ਇਹ ਪਿੰਡ ਚਰਚਿਤ ਰਿਹਾ ਹੈ। ਅਕਾਲੀ ਮੋਰਚਿਆਂ, ਗੁਰਦੁਆਰਾ ਸੁਧਾਰ ਲਹਿਰ ਵਿਚ ਇਸ ਪਿੰਡ ਦੇ ਵਾਸੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ। ਸਿਆਸੀ ਲਹਿਰਾਂ ਅਤੇ ਪਾਰਟੀਆਂ ਦਾ ਇਹ ਪਿੰਡ ਗੜ੍ਹ ਹੈ। ਖੱਬੇ ਪੱਖੀ ਰਾਜਨੀਤੀ ਦਾ ਵੀ ਇਹ ਪਿੰਡ ਕੇਂਦਰ ਰਿਹਾ ਹੈ। ਡਾਕਟਰੀ ਪੇਸ਼ੇ, ਖੇਡਾਂ, ਵਕਾਲਤ, ਆਧੁਨਿਕ ਖੇਤੀ, ਧਾਰਮਿਕ ਤੇ ਰਾਜਸੀ ਖੇਤਰ, ਸੁਰੱਖਿਆ ਬਲ, ਸਮਾਜ ਸੁਧਾਰ, ਗੀਤ ਸੰਗੀਤ ਆਦਿ ਖੇਤਰਾਂ ਵਿਚ ਇਹ ਪਿੰਡ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ। ਬਹੁਤ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ ਵਿਦੇਸ਼ਾਂ ਵਿਚ ਗਏ ਹਨ।
ਸਾਹਿਤ ਦੇ ਖੇਤਰ ਵਿਚ ਇਸ ਪਿੰਡ ਦਾ ਮਹੱਤਵਪੂਰਨ ਥਾਂ ਹੈ। ਸ: ਮਹਿੰਦਰ ਸਿੰਘ ਦੁਸਾਂਝ (ਪ੍ਰਸਿੱਧ ਖੇਤੀ ਮਾਹਰ ਤੇ ਸਾਹਿਤਕਾਰ), ਸੰਤੋਖ ਸਿੰਘ ਸੰਤੋਖ, ਡਾ: ਐਸ.ਐਸ. ਦੁਸਾਂਝ, ਸਟੇਜੀ ਕਵੀ ਨਾਜਰ ਸਿੰਘ ਤਰਸ ਅਤੇ ਹੋਣਹਾਰ ਲੇਖਕ ਅਤੇ ਸੰਪਾਦਕ ਸੁਸ਼ੀਲ ਦੁਸਾਂਝ ਇਸ ਪਿੰਡ ਦੇ ਵਾਸੀ ਹਨ, ਜਿਨ੍ਹਾਂ ਨੇ ਆਪੋ-ਆਪਣੇ ਖੇਤਰਾਂ ਵਿਚ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਮਹਿੰਦਰ ਸਿੰਘ ਦੁਸਾਂਝ ਖੇਤੀ ਮਾਹਰ ਹੋਣ ਦੇ ਨਾਲ-ਨਾਲ ਸਾਹਿਤਕ ਖੇਤਰ ਵਿਚ ਵੀ ਕਾਰਜਸ਼ੀਲ ਰਹੇ, ਸੰਤੋਖ ਸਿੰਘ ਸੰਤੋਖ ਪਰਵਾਸੀ ਪੰਜਾਬੀ ਸਾਹਿਤ ਵਿਚ ਪ੍ਰਗਤੀਵਾਦੀ ਸ਼ਾਇਰ ਵਜੋਂ ਵਿਸ਼ੇਸ਼ ਸਥਾਨ ਰੱਖਦੇ ਹਨ। ਸੁਸ਼ੀਲ ਦੁਸਾਂਝ ਅੱਜਕਲ੍ਹ ਸਾਹਿਤ ਜਗਤ ਵਿਚ 'ਹੁਣ' ਮੈਗਜ਼ੀਨ ਦੇ ਸੰਪਾਦਕ ਵਜੋਂ ਅਤੇ ਯੂਰਪ ਤੇ ਅਮਰੀਕਾ ਦੇ ਕਈ ਰੇਡੀਓ ਸਟੇਸ਼ਨਾਂ ਉੱਪਰ ਰੋਜ਼ਾਨਾ ਟਿੱਪਣੀਆਂ ਕਰਨ ਨਾਲ ਮਕਬੂਲ ਹਨ। ਪਿੰਡ ਬਾਰੇ ਏਨੀ ਵੱਡੀ ਪੱਧਰ 'ਤੇ ਖੋਜ-ਪੜਤਾਲ ਕਰ ਕੇ ਕਿਤਾਬ ਲਿਖਣੀ ਬੜਾ ਵੱਡਾ ਕਾਰਜ ਹੈ।


ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.ਟਹਿਕਦੇ ਬੋਲ

ਕਵੀ : ਹਰਿੰਦਰ ਸਿੰਘ ਰੰਧਾਵਾ
ਪ੍ਰਕਾਸ਼ਨ : ਪ੍ਰੇਰਨਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98880-15334.


ਚਾਰ ਕਾਵਿ-ਵੰਨਗੀਆਂਂਰੁਬਾਈ, ਕਵਿਤਾ, ਗੀਤ ਅਤੇ ਗ਼ਜ਼ਲ 'ਤੇ ਆਧਾਰਿਤ ਸੰਗ੍ਰਹਿ 'ਟਹਿਕਦੇ ਬੋਲ' ਵਿੱਚ ਕਵੀ ਹਰਿੰਦਰ ਸਿੰਘ ਰੰਧਾਵਾ ਸਮਾਜ ਵਿਚ ਪਸਰੇ ਧੁੰਦੂਕਾਰੇ ਨੂੰ ਦੂਰ ਕਰਨ ਲਈ ਪੈਗ਼ਾਮ ਦਿੰਦਾ ਪ੍ਰਤੀਤ ਹੁੰਦਾ ਹੈ। ਉਸ ਦੀ ਧਾਰਨਾ ਹੈ ਕਿ ਕਾਵਿ-ਖੇਤਰ ਵਿਚ ਰੁਮਾਂਸਵਾਦੀ ਜਾਂ ਮੁਹੱਬਤੀ ਭਾਵਨਾਵਾਂ ਦਾ ਆਪਣਾ ਸਥਾਨ ਹੈ ਪ੍ਰੰਤੂ ਵਰਤਮਾਨ ਸੰਕਟਕਾਲੀਨ ਦੌਰ ਵਿਚ ਜਦੋਂ ਮਨੁੱਖ ਆਪੇ ਨਾਲੋਂ ਟੁੱਟਦਾ ਜਾ ਰਿਹਾ ਹੈ, ਸਮਾਜਕ ਚੇਤਨਾ ਵਾਲੀਆਂ ਕਵਿਤਾਵਾਂ ਵਧੇਰੇ ਮਹੱਤਵ ਰੱਖਦੀਆਂ ਹਨ। ਉਸ ਦੀ ਕਵਿਤਾ 'ਅਰਥੀ', 'ਕਵਿਤਾ', 'ਦੀਵਾ', 'ਪਿਆਰ', 'ਨਾਕਾਮ ਮੁਹੱਬਤ', 'ਆ ਚੱਲੀਏ', 'ਅਧੂਰੀ ਦੁਨੀਆ', 'ਮੈਂ ਪੰਜਾਬ' ਕਵਿਤਾਵਾਂ ਤੋਂ ਇਲਾਵਾ ਗੀਤਾਂ ਵਿਚਲੀ ਮੁੱਖ ਸੁਰ ਰੁਮਾਂਸਵਾਦੀ ਪ੍ਰਵਿਰਤੀ ਉਪਰ ਆਧਾਰਿਤ ਹੈ। ਗ਼ਜ਼ਲਾਂ ਵਿੱਚ ਵੀ ਰਿੰਦ, ਜਾਮ, ਸੁਰਾਹੀ, ਬਿਰਹੋਂ-ਵਸਲ ਅਤੇ ਗ਼ਮ ਦਾ ਜ਼ਿਕਰ ਆਉਂਦਾ ਹੈ ਜਦੋਂ ਕਿ 'ਮਜ਼ਦੂਰ ਵੱਲੋਂ', 'ਪੁਕਾਰ', 'ਸ਼ਹੀਦ', 'ਮਾਂ', 'ਸੱਚਾਈ', 'ਮੈਂ ਭਾਰਤ', 'ਪਥੇਰੇ' ਕਵਿਤਾਵਾਂ ਗੁਰਬਤ, ਗ਼ੁਲਾਮੀ ਅਤੇ ਜ਼ਿੱਲਤ ਦੀ ਜੂਨ ਹੰਢਾ ਰਹੀ ਅਜੋਕੀ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ ਦੀ ਤਰਜ਼ਮਾਨੀ ਕਰਦੀਆਂ ਹਨ। ਕਵੀ ਸਮਾਜ ਨੂੰ ਸੰਬੋਧਨ ਹੁੰਦਾ ਹੋਇਆ ਕਈ ਸਵਾਲ ਕਰਦਾ ਹੈ। ਕਿਤੇ-ਕਿਤੇ ਕਵੀ ਆਪਣੀ ਗੱਲ ਨੂੰ ਬਿਨੋਦੀ ਜਾਂ ਵਿਅੰਗਮਈ ਅੰਦਾਜ਼ ਵਿਚ ਕਹਿਣ ਲਈ ਡੰਗ ਤੇ ਚੋਭਾਂ ਦਾ ਸਹਾਰਾ ਲੈਂਦਾ ਹੈ ਜਾਂ ਟਕੋਰਾਂ ਲਗਾਉਂਦਾ ਹੈ। ਇਸ ਸਬੰਧੀ ਉਸ ਦੀਆਂ ਕੁਝ ਖ਼ਾਸ ਨਜ਼ਮਾਂ ਵਿੱਚ 'ਕਵਿਤਾ','ਚਮਚਾਗਿਰੀ', 'ਹਾਸ-ਰਸ' ਆਦਿ ਦੇ ਨਾਂਅ ਲਏ ਜਾ ਸਕਦੇ ਹਨ। ਕਵੀ ਕੋਲ ਭਿੰਨ-ਭਿੰਨ ਭਾਸ਼ਾਵਾਂ ਖ਼ਾਸ ਕਰਕੇ ਉਰਦੂ ਜ਼ੁਬਾਨ ਦਾ ਇਲਮ ਹੈ, ਜਿਸ ਕਰਕੇ ਉਸ ਦੀਆਂ ਕਵਿਤਾਵਾਂ ਵਿਚ ਨਸਾਰ, ਸ਼ਬਾਬ, ਮਜ਼ਾਰ, ਆਬ, ਅਸ਼ਕ ਵਰਗੇ ਸ਼ਬਦ ਆਮ ਮਿਲਦੇ ਹਨ।ਮੈਖ਼ਾਨਾ
ਸ਼ਾਇਰ : ਡਾ: ਬਚਨ ਝਨੇੜ੍ਹੀ
ਪ੍ਰਕਾਸ਼ਨ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 94170-04551.


ਮਹਾਂ-ਕਾਵਿ 'ਮੈਖ਼ਾਨਾ' ਡਾ: ਬਚਨ ਝਨੇੜ੍ਹੀ ਦੀ ਨਵ-ਛਪੀ ਕ੍ਰਿਤ ਹੈ। ਭਾਵੇਂ ਬਾਹਰੀ ਨਜ਼ਰ ਤੋਂ ਪੁਸਤਕ ਦਾ ਸਿਰਲੇਖ 'ਮੈਖ਼ਾਨਾ' ਅਤੇ ਇਸ ਨਾਲ ਜੁੜੇ ਜਾਮ, ਸੁਰਾਹੀ, ਸਾਕੀ, ਮਹਿਬੂਬ-ਮਹਿਬੂਬਾ ਦੇ ਵਸਲ-ਵਿਛੋੜੇ ਆਦਿ ਵੱਲ ਸੰਕੇਤ ਕਰਦਾ ਪ੍ਰਤੀਤ ਹੁੰਦਾ ਹੈ ਪ੍ਰੰਤੂ ਕਵੀ ਨੇ ਇਸ ਮਹਾਂ-ਕਾਵਿ ਦੇ ਮਾਧਿਅਮ ਦੁਆਰਾ ਇਕ ਅਜਿਹੇ ਅਨੋਖੇ ਮੈਖ਼ਾਨੇ ਦੀ ਕਲਪਨਾ ਕੀਤੀ ਹੈ, ਜਿਸ ਨਾਲ ਆਪਣੀ ਸਾਂਝ ਵਧਾ ਕੇ ਕੋਈ ਵੀ ਸ਼ਖ਼ਸ ਜੀਵਨ ਨੂੰ ਸਫਲ ਬਣਾ ਸਕਦਾ ਹੈ ਕਿਉਂਕਿ ਕਿਰਤ ਕਰਨਾ, ਚੰਗੇ ਅਮਲਾਂ ਉਪਰ ਪਹਿਰਾ ਦੇਣਾ, ਸਮਾਜਿਕ-ਕਲਿਆਣ ਵਿੱਚ ਹੱਥ ਵਟਾਉਣਾ, ਨਸ਼ਾਖੋਰੀ ਤੋਂ ਦੂਰ ਰਹਿਣਾ ਹੀ ਅਸਲ ਮੈਖ਼ਾਨਾ ਹੈ। ਡਾ: ਬਚਨ ਝਨੇੜ੍ਹੀ ਨੇ ਆਪਣੀ ਇਸ ਪੁਸਤਕ ਨੂੰ ਕੁੱਲ ਦਸ ਸਰਗਾਂ ਵਿਚ ਵੰਡਿਆ ਹੈ ਜਿਨ੍ਹਾਂ ਵਿਚ ਅੱਗੋਂ ਲੰਮੀ ਬਹਿਰ ਵਿੱਚ ਸਿਰਜੀਆਂ ਰੁਬਾਈਆਂ ਸ਼ਾਮਿਲ ਕੀਤੀਆਂ ਗਈਆਂ ਹਨ। ਨਿਮਨ-ਲਿਖਤ ਰੁਬਾਈ ਮਨੁੱਖ ਅਤੇ ਉਸ ਦੀ ਘਰ ਗ੍ਰਹਿਸਥੀ ਉਪਰ ਪੈਣ ਵਾਲੇ ਭਿੰਨ-ਭਿੰਨ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਵੱਲ ਸੰਕੇਤ ਕਰਦੀ ਹੈ :
ਸੱਤ ਪੀੜ੍ਹੀਆਂ ਪੱਟ ਸੁੱਟੇ
ਸਾਕੀ ਸੁਰਾਂ ਦਾ ਪੈਮਾਨਾ।
ਭੰਗ ਇਕ ਕੁਲ ਨੂੰ ਕਰੇ ਪਾਗਲ
ਤੰਬਾਕੂ ਸੌ ਦਾ ਵਿਨਾਸ਼ ਖ਼ਾਨਾ।
ਖੇਤ ਘਰੋਂ ਵਿਹਲਾ ਕਰਕੇ
ਅਮਲੀ ਮੰਗਤਾ ਇਹ ਬਣਾਏ
ਰਾਜੋਂ ਸੜਕ 'ਤੇ ਲਿਆ ਪਟਕੇ
'ਬਚਨ' ਰੋਜ਼ਮੱਰਾ ਦਾ ਮੈਖ਼ਾਨਾ।
ਇਉਂ ਲੇਖਕ ਨੇ ਇਨ੍ਹਾਂ ਰੁਬਾਈਆਂ ਰਾਹੀਂ ਦੁਨਿਆਵੀ ਨਸ਼ਿਆਂ ਨੂੰ ਤਿਲਾਂਜਲੀ ਦੇਣ ਦੀ ਪ੍ਰੇਰਣਾ ਦਿੰਦਿਆਂ ਨਾਮ-ਖੁਮਾਰੀ, ਕਿਰਤ, ਉਪਕਾਰ ਅਤੇ ਕਲਿਆਣਕਾਰੀ-ਪ੍ਰਵਿਰਤੀ ਦੇ ਨਸ਼ਿਆਂ ਨੂੰ ਗ੍ਰਹਿਣ ਕਰਕੇ ਜੀਵਨ ਸਫ਼ਲ ਬਣਾਉਣ ਦਾ ਸੁਨੇਹਾ ਦਿੱਤਾ ਹੈ। ਕਿਤੇ ਕਿਤੇ ਇਸ਼ਕ ਮਜਾਜ਼ੀ ਵਾਲਾ ਰੰਗ ਵੀ ਪੇਸ਼ ਹੋਇਆ ਹੈ। ਕਵੀ ਨੇ ਇਨ੍ਹਾਂ ਰੁਬਾਈਆਂ ਵਿਚ ਅਰਬੀ-ਫ਼ਾਰਸੀ ਅਤੇ ਉਰਦੂ ਦੀ ਸ਼ਬਦਾਵਲੀ ਦਾ ਵੀ ਇਸਤੇਮਾਲ ਕੀਤਾ ਹੈ ਅਤੇ ਲੋੜੀਂਦੇ ਸ਼ਬਦਾਂ ਦੇ ਅਰਥ ਵੀ ਦਿੱਤੇ ਹਨ ਪਰੰਤੂ ਕਿਤੇ ਕਿਤੇ ਅਰਥ-ਸੰਚਾਰ ਦੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਕਿਤੇ-ਕਿਤੇ ਸ਼ਬਦਾਂ ਦੀਆਂ ਗ਼ਲਤੀਆਂ ਜ਼ਰੂਰ ਰੜਕਦੀਆਂ ਹਨ।


ਂਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703
ਮੋਹ ਦੀਆਂ ਤੰਦਾਂ
ਅਵਤਾਰ ਰੋਡੇ ਦੇ ਕਹਾਣੀ ਸੰਗ੍ਰਹਿ 'ਸਾਡੇ ਧੀਆਂ ਪੁੱਤਰ' ਦੇ ਸੰਦਰਭ ਵਿਚ

ਸੰਪਾਦਕਾ : ਪ੍ਰੋ: ਇੰਦਰਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98786-03236.


ਅਵਤਾਰ ਰੋਡੇ ਇਕ ਗੌਲਿਆ ਪਰਵਾਸੀ ਲੇਖਕ ਹੈ। ਇਸ ਲੇਖਕ ਦੇ ਇਕ ਕਹਾਣੀ-ਸੰਗ੍ਰਹਿ 'ਸਾਡੇ ਧੀਆਂ ਪੁੱਤਰ' ਦੇ ਸੰਦਰਭ ਵਿਚ 18 ਇਸਤਰੀ-ਆਲੋਚਕਾਂ ਨੇ ਆਪਣੇ ਖੋਜ ਪੱਤਰ ਲਿਖੇ ਹਨ।
ਡਾ: ਸਰੋਜ ਰਾਣੀ, ਡਾ: ਰੁਪਿੰਦਰਜੀਤ ਗਿੱਲ, ਡਾ: ਪਲਵਿੰਦਰ ਕੌਰ, ਡਾ: ਮਨਦੀਪ ਕੌਰ, ਡਾ: ਬਲਵਿੰਦਰ ਕੌਰ, ਡਾ: ਵੀਨਾ ਕੁਮਾਰੀ, ਡਾ: ਸਿਮਰਜੀਤ ਗਿੱਲ, ਡਾ: ਕਿਰਨਪਾਲ ਕੌਰ, ਡਾ: ਸੁਖਵਿੰਦਰ ਕੌਰ, ਡਾ: ਰਾਜਪ੍ਰੀਤ ਕੌਰ ਬੈਨੀਪਾਲ, ਪ੍ਰੋ: ਰਮਨਪ੍ਰੀਤ ਕੌਰ ਚੌਹਾਨ, ਪ੍ਰੋ: ਸਨਦੀਪ ਕੌਰ ਚੀਮਾ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਜਤਿੰਦਰ ਕੌਰ, ਰਾਜਵੀਰ, ਪਰਮਜੀਤ, ਪੁਨੀਤ ਤੇ ਪ੍ਰੋ: ਅਮਨਦੀਪ ਕੌਰ ਨੇ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ ਇਸ ਪੁਸਤਕ ਵਿਚਲੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਕੀਤਾ ਹੈ।
ਉਪਰੋਕਤ ਆਲੋਚਕਾਂ ਦੇ ਖੋਜ ਪੱਤਰਾਂ 'ਚ ਰਿਸ਼ਤਿਆਂ ਦੀਆਂ ਬਦਲ ਰਹੀਆਂ ਸਮੀਕਰਨਾਂ, ਪੀੜ੍ਹੀ ਪਾੜਾ, ਸਮਾਜਿਕ ਸਰੋਕਾਰ, ਸੱਭਿਆਚਾਰਕ ਤਣਾਅ, ਪਰਵਾਸੀ ਪੰਜਾਬੀ ਲੋਕਾਂ ਦੀਆਂ ਸੰਵੇਦਨਾਵਾਂ, ਸੋਚਾਂ, ਸਮੱਸਿਆਵਾਂ, ਲੋੜਾਂ, ਰੀਝਾਂ, ਉਦਰੇਵਾਂ ਬਾਰੇ ਵਰਨਣ ਮਿਲਦਾ ਹੈ। ਕੁਝ ਖੋਜ ਪੱਤਰਾਂ 'ਚ ਅਵਤਾਰ ਰੋਡੇ ਦੀ ਕਹਾਣੀ ਕਲਾ ਬਾਰੇ ਜ਼ਿਕਰ ਕੀਤਾ ਹੈ। ਸਾਰੀਆਂ ਇਸਤਰੀ ਆਲੋਚਕਾਂ ਨੇ ਆਪਣੇ-ਆਪਣੇ ਵਿਸ਼ੇ ਨੂੰ ਮਿਹਨਤ ਨਾਲ ਨਿਭਾਇਆ ਹੈ। ਆਸ ਹੈ ਇਹ ਆਲੋਚਕ ਭਵਿੱਖ 'ਚ ਇਸੇ ਤਰ੍ਹਾਂ ਲਗਨ ਨਾਲ ਪੰਜਾਬੀ-ਆਲੋਚਨਾ ਖੇਤਰ 'ਚ ਆਪਣਾ ਨਾਂਅ ਹੋਰ ਚਮਕਾਉਣਗੇ।


ਂਪ੍ਰੋ: ਸਤਪਾਲ ਸਿੰਘ
ਮੋ: 98725-21515.ਚੱਕਰਵਿਊ
ਨਾਵਲਕਾਰ : ਦਰਸ਼ਨ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 208
ਸੰਪਰਕ : 099102-20294.


ਇਹ ਇਕ ਸਿਆਸੀ ਨਾਵਲ ਹੈ ਜੋ ਕਲਪਨਾ 'ਤੇ ਆਧਾਰਿਤ ਹੈ। ਭਾਵੇਂ ਨਾਵਲ ਦਾ ਸਥਾਨ, ਘਟਨਾਵਾਂ, ਪਾਤਰ ਅਤੇ ਬ੍ਰਿਤਾਂਤ ਫਰਜ਼ੀ ਹਨ ਪਰ ਜੋ ਕੁਝ ਵੀ ਇਸ ਵਿਚ ਚਿਤਰਿਆ ਗਿਆ ਹੈ, ਉਹ ਅਸਲੀ ਲਗਦਾ ਹੈ। ਨਾਵਲ ਦਾ ਵਿਸ਼ਾ ਰਾਜਨੀਤਕ ਭ੍ਰਿਸ਼ਟਾਚਾਰ ਹੈ। ਇਸ ਦਾ ਇਕ ਪਾਤਰ ਜੋ ਇਕ ਭ੍ਰਿਸ਼ਟ ਮੁੱਖ ਮੰਤਰੀ ਹੁੰਦਾ ਸੀ, ਮਰ ਚੁੱਕਿਆ ਹੈ। ਉਹ ਆਪਣੇ ਮੁੰਡੇ ਨੂੰ ਰਾਜਨੀਤਕ ਦਾਅ ਪੇਚ ਸਿਖਾ ਜਾਂਦਾ ਹੈ। ਵਿਸ਼ਾਲਾਂਚਲ ਦਾ ਇਹ ਮੁੱਖ ਮੰਤਰੀ ਭਾਵੇਂ ਰੱਜ ਕੇ ਭ੍ਰਿਸ਼ਟ ਸੀ ਪਰ ਉਹ ਲੋਕਾਂ ਅਤੇ ਹਾਈ ਕਮਾਨ ਦਾ ਚਹੇਤਾ ਸੀ। ਮਰਨ ਉਪਰੰਤ ਉਸ ਦੀ ਗੱਦੀ ਖਾਲੀ ਹੋ ਜਾਂਦੀ ਹੈ। ਉਸ ਦਾ ਜ਼ਿੱਦੀ, ਗੁਸੈਲ, ਘੱਟ ਉਮਰਾ ਪੁੱਤਰ ਇਸ ਗੱਦੀ 'ਤੇ ਹੱਕ ਜਮਾਉਣਾ ਚਾਹੁੰਦਾ ਹੈ। ਉਸ ਦੀ ਨਾਕਾਬਲੀਅਤ ਕਰਕੇ ਹਾਈ ਕਮਾਨ ਉਸ ਨੂੰ ਵਰਜ ਦਿੰਦੀ ਹੈ। ਮੁੰਡੇ ਦਾ ਲਹੂ ਖ਼ੌਲ ਪੈਂਦਾ ਹੈ। ਉਹ ਨਾਤਜਰਬੇਕਾਰ ਹੁੰਦਾ ਹੋਇਆ ਵੀ ਹਾਈ ਕਮਾਨ ਨਾਲ ਉਲਝ ਪੈਂਦਾ ਹੈ। ਉਸ ਉੱਪਰ ਭ੍ਰਿਸ਼ਟਾਚਾਰ ਦੇ ਕਈ ਕੇਸ ਚੱਲ ਪੈਂਦੇ ਹਨ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਉਥੋਂ ਉਹ ਬਿਮਾਰੀ ਦਾ ਬਹਾਨਾ ਬਣਾ ਕੇ ਬਾਹਰ ਆ ਜਾਂਦਾ ਹੈ ਅਤੇ ਆਪਣੇ ਪਿਤਾ ਦੇ ਸਹਿਯੋਗੀਆਂ ਨਾਲ ਰਲ ਕੇ ਹਾਈ ਕਮਾਨ ਦੇ ਨੱਕ ਵਿਚ ਦਮ ਕਰ ਦਿੰਦਾ ਹੈ। ਦੋਵਾਂ ਪਾਸਿਆਂ ਤੋਂ ਦੁਵੱਲੀ ਟੱਕਰ ਹੁੰਦੀ ਹੈ। ਰਾਜਨੀਤਕ ਖੇਡਾਂ ਖੇਡੀਆਂ ਜਾਂਦੀਆਂ ਹਨ ਅਤੇ ਅੰਤ ਹਾਈ ਕਮਾਨ ਵੱਲੋਂ ਇਸ ਨੂੰ ਸਭ ਤੋਂ ਘੱਟ ਉਮਰ ਦਾ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਹੁੰਦਾ ਹੈ।
ਇਸ ਨਾਵਲ ਵਿਚ ਬੜੀ ਬਰੀਕੀ ਨਾਲ ਰਾਜਨੀਤਕ ਅਤੇ ਸਮਾਜਿਕ ਬੁਰਾਈਆਂ ਦਾ ਵਰਨਣ ਕੀਤਾ ਗਿਆ ਹੈ। ਇਸ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਸਿਆਸੀ ਲੋਕ ਕਿਵੇਂ ਭੋਲੇ-ਭਾਲੇ ਲੋਕਾਂ ਦੀ ਲੁੱਟ-ਖਸੁੱਟ ਕਰਕੇ ਆਪਣੀਆਂ ਝੋਲੀਆਂ ਭਰਦੇ ਹਨ ਅਤੇ ਕਾਲਾ ਧਨ ਕਿਹੜੀਆਂ ਗੁਫ਼ਾਵਾਂ ਵਿਚ ਲੁਕੋ ਕੇ ਰੱਖਦੇ ਹਨ। ਨਾਵਲ ਵਿਚ ਰੌਚਕਤਾ ਅਤੇ ਸਾਹਿਤਕਤਾ ਹੈ। ਠੁੱਕ ਵਾਲੀ ਸਰਲ ਕੇਂਦਰੀ ਪੰਜਾਬੀ ਬੋਲੀ ਵਰਤੀ ਗਈ ਹੈ। ਇਹ ਨਾਵਲ ਲੋਕਾਂ ਨੂੰ ਸੁਚੇਤ ਕਰਦਾ ਹੈ ਕਿ ਸਾਡੇ ਦੇਸ਼ ਦੀ ਸਿਆਸਤ ਭ੍ਰਿਸ਼ਟਾਚਾਰ ਨਾਲ ਗੜੁੱਚ ਹੈ। ਇਸ ਨਾਵਲ ਦਾ ਸਵਾਗਤ ਹੈ।


ਖ਼ਲੀਲ ਜ਼ਿਬਰਾਨ
ਦੀਆਂ ਚਰਚਿਤ ਕਹਾਣੀਆਂ

ਅਨੁਵਾਦਕ : ਕਮਲਜੀਤ
ਸੰਪਾਦਕ : ਅਮਿਤ ਮਿੱਤਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਕੱਚਾ ਕਾਲਜ ਰੋਡ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 166
ਸੰਪਰਕ : 78377-18723.


ਖ਼ਲੀਲ ਜ਼ਿਬਰਾਨ ਇਕ ਸੰਸਾਰ ਪ੍ਰਸਿੱਧ ਲੇਖਕ, ਕਵੀ ਅਤੇ ਚਿੱਤਰਕਾਰ ਸੀ। ਉਹ ਇਕ ਉੱਘਾ ਦਾਰਸ਼ਨਿਕ ਵੀ ਸੀ। ਭਾਵੇਂ ਉਹ ਇਕ ਈਸਾਈ ਪਰਿਵਾਰ ਵਿਚ ਪੈਦਾ ਹੋਇਆ ਪਰ ਉਸ 'ਤੇ ਇਸਲਾਮ ਦਾ ਕਾਫ਼ੀ ਅਸਰ ਸੀ। ਸੂਫ਼ੀਆਨਾ ਖ਼ਿਆਲਾਂ ਦਾ ਹੋਣ ਕਰਕੇ ਉਹ ਧਰਮਾਂ ਦੀ ਬੁਨਿਆਦੀ ਏਕਤਾ ਅਤੇ ਪਿਆਰ ਵਿਚ ਵਿਸ਼ਵਾਸ ਰੱਖਦਾ ਸੀ। ਉਸ ਦੀ ਆਤਮ-ਕਥਾ ਅਰਬ ਦੀ ਸਭ ਤੋਂ ਪ੍ਰਸਿੱਧ ਰਚਨਾ ਹੈ। ਉਸ ਦੀ 'ਦਿ ਪ੍ਰੋਫੈਟ' ਨਾਮੀ ਕਿਤਾਬ ਸੰਸਾਰ ਪ੍ਰਸਿੱਧ ਰਚਨਾ ਹੈ ਜੋ 40 ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ। ਹਥਲੀ ਪੁਸਤਕ ਵਿਚ ਉਸ ਦੀਆਂ ਕੁਝ ਪ੍ਰਸਿੱਧ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਵਿਚੋਂ ਜੀਵਨ ਦੇ ਡੂੰਘੇ ਗਿਆਨ, ਸੰਵੇਦਨਸ਼ੀਲਤਾ, ਭਾਵਨਾਤਮਕਤਾ ਅਤੇ ਅਗਾਂਹਵਧੂ ਸੋਚ ਦੇ ਦਰਸ਼ਨ ਹੁੰਦੇ ਹਨ। ਇਨ੍ਹਾਂ ਵਿਚ ਲੇਖਕ ਦੀ ਵਿਰੋਧੀ ਅਤੇ ਵਿਦਰੋਹੀ ਛਾਪ ਵੀ ਝਲਕਦੀ ਹੈ ਜੋ ਉਸ ਨੇ ਜ਼ੁਲਮ, ਸ਼ੋਸ਼ਣ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਪ੍ਰਗਟ ਕੀਤੀ ਹੈ। ਇਨ੍ਹਾਂ ਕਹਾਣੀਆਂ ਰਾਹੀਂ ਲੇਖਕ ਨੇ ਸਮਾਜ, ਵਿਅਕਤੀ, ਪਾਖੰਡ, ਸੰਘਰਸ਼, ਨਿਆਂ, ਕਲਾ, ਪਿਆਰ ਆਦਿ ਬਾਰੇ ਆਪਣੀਆਂ ਭਾਵਨਾਵਾਂ ਉਜਾਗਰ ਕੀਤੀਆਂ ਹਨ। ਰੁੱਤਾਂ, ਕੁਦਰਤੀ ਨਜ਼ਾਰਿਆਂ ਅਤੇ ਹਰਿਆਵਲਾਂ ਦਾ ਵਰਣਨ ਬਹੁਤ ਸੁੰਦਰ ਢੰਗ ਨਾਲ ਕੀਤਾ ਗਿਆ ਹੈ। ਕੁਝ ਖੂਬਸੂਰਤ ਪੰਕਤੀਆਂ ਦੇ ਦਰਸ਼ਨ ਕਰਦੇ ਹਾਂਂ
-'ਸੇਬ ਅਤੇ ਬਦਾਮ ਦੇ ਰੁੱਖਾਂ ਨੇ ਖੁਸ਼ਬੂ ਭਰੇ ਸਫ਼ੈਦ ਕੱਪੜਿਆਂ ਦੀ ਪੌਸ਼ਾਕ ਪਾਈ ਹੋਈ ਹੈ। ਇਮਾਰਤਾਂ ਵਿਚਕਾਰ ਖੜ੍ਹੇ ਚਿੱਟੇ ਚੋਲੇ ਧਾਰਨ ਕੀਤੇ ਹੋਏ ਇਨ੍ਹਾਂ ਰੁੱਖਾਂ ਨੂੰ ਕੁਦਰਤ ਦੇਵੀ ਨੇ ਜਿਵੇਂ ਕਵੀ ਅਤੇ ਸਾਹਿਤਕਾਂ ਵਰਗੇ ਰਸੀਆਂ ਲਈ ਨਵੀਂ ਵਿਆਹੀ ਦੇ ਸ਼ਿੰਗਾਰ ਨਾਲ ਲੱਦੀਆਂ ਅਪਸਰਾਵਾਂ ਨੂੰ ਭੇਜਿਆ ਹੋਵੇ...'।
-ਸੁੰਦਰਤਾ ਜੀਵਨ ਦੀ ਇਕ ਧੜਕਣ ਹੈ, ਜਿਸ ਨੂੰ ਪਾ ਕੇ ਆਤਮਾ ਨੂੰ ਸੁੱਖ ਦਾ ਅਹਿਸਾਸ ਹੁੰਦਾ ਹੈ।
-ਬੁੱਢੇ ਲੋਕਾਂ ਦੀਆਂ ਗੱਲ੍ਹਾਂ 'ਤੇ ਚਮਕਣ ਵਾਲੇ ਸਿੱਧੇ ਸਾਦੇ ਹੰਝੂ ਨੌਜਵਾਨ ਦੇ ਖ਼ੂਨ ਦੇ ਹੰਝੂਆਂ ਨਾਲੋਂ ਆਤਮਾ ਉੱਪਰ ਵੱਧ ਪ੍ਰਭਾਵਸ਼ਾਲੀ ਹੁੰਦੇ ਹਨ।
ਅਨੁਵਾਦਕ ਨੇ ਇਹ ਸ੍ਰੇਸ਼ਟ ਕਹਾਣੀਆਂ ਪਾਠਕਾਂ ਦੇ ਰੂਬਰੂ ਕਰਕੇ ਸ਼ਲਾਘਾਯੋਗ ਉੱਦਮ ਕੀਤਾ ਹੈ।


ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.ਘਾਲਣਾ ਗੁਰ-ਸਿੱਖਾਂ ਦੀਆਂਂਸ਼ੁਹਰਤਾਂ ਗ਼ੈਰ-ਸਿੱਖਾਂ ਦੀਆਂ
ਲੇਖਕ : ਗੁਰਬਖਸ਼ ਸਿੰਘ ਸੈਣੀ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 098880-24143.


ਗੁਰਬਖਸ਼ ਸਿੰਘ ਸੈਣੀ ਬਹੁਵਿਧਾਈ ਕਲਮਕਾਰ ਹਨ, ਜਿਨ੍ਹਾਂ ਨੇ ਇਸ ਪੁਸਤਕ ਤੋਂ ਪਹਿਲਾਂ 9 ਪੁਸਤਕਾਂ ਦੀ ਰਚਨਾ ਕੀਤੀ ਹੈ। ਵਿਚਾਰ-ਗੋਚਰੀ ਪੁਸਤਕ ਇਕ ਨਵੇਂ-ਨਕੋਰ ਵਿਸ਼ੇ ਨੂੰ ਲੈ ਕੇ ਲਿਖੀ ਗਈ ਹੈ ਕਿ ਸਿੱਖ ਹਰ ਖੇਤਰ ਵਿਚ ਮਾਣਮੱਤੀਆਂ ਪ੍ਰਾਪਤ ਕਰਨ ਦੇ ਬਾਵਜੂਦ ਉਹ ਵਿਸ਼ਵ ਪੱਧਰੀ ਅਸਥਾਨ, ਮੁਕਾਮ ਹਾਸਲ ਨਹੀਂ ਕਰ ਸਕੇ, ਜਿਸ ਦੇ ਉਹ ਪੂਰੀ ਤਰ੍ਹਾਂ ਹੱਕਦਾਰ ਹਨ। ਇਸ ਪੁਸਤਕ ਦੇ 19 ਅਧਿਆਇ ਹਨ। ਪ੍ਰਥਮ ਅਧਿਆਇ ਹੈਂ'ਸਿੱਖੀ, ਮਨੁੱਖੀ ਕਲਿਆਣ ਦਾ ਸਰੋਤ।' ਲੇਖਕ ਦਾ ਵਿਚਾਰ ਹੈ ਕਿ ਸਿੱਖ ਧਰਮ, ਸਿਰਫ ਮਨੁੱਖੀ ਕਲਿਆਣ ਨੂੰ ਹੀ ਮੰਤਵ ਬਣਾ ਕੇ ਵਧਿਆ-ਫੁਲਿਆ ਅਤੇ ਸੁਲਾਹਿਆ ਜਾਂਦਾ ਹੈ। (ਪੰਨਾ 15) 'ਰੈੱਡ ਕਰਾਸ ਦਾ ਮੁੱਢ' ਅਧਿਆਇ ਅਨੁਸਾਰ ਰੈੱਡ ਕਰਾਸ ਦੇ ਮੋਢੀ ਭਾਈ ਘਨੱਈਆ ਜੀ ਹਨ। ਹਰ ਅਧਿਆਇ ਔਰਤ ਜਾਤੀ ਦਾ ਸਨਮਾਨ, ਨਸ਼ੇ-ਉੱਚਾ ਆਚਰਣ, ਜਾਤ-ਪਾਤ ਤੇ ਛੂਤਛਾਤ, ਅੰਧਵਿਸ਼ਵਾਸ, ਬ੍ਰਹਿਮੰਡ ਦਾ ਭੇਦ, ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਤੇ ਬਾਗ, ਸਾਂਝੀਵਾਲਤਾ ਤੇ ਕਮਿਊਨਿਜ਼ਮ, ਲੋਕਤੰਤਰ ਸਿੱਖ ਧਰਮ ਦੀ ਉਪਜ, ਮਨੁੱਖੀ ਅਰੋਗਤਾ ਵਿਚ ਕੇਸਾਂ ਦਾ ਯੋਗਦਾਨ, ਸਿੱਖੀ ਭਗਤੀ ਸ਼ਕਤੀ ਦਾ ਸੋਮਾ ਤੇ ਅਰਦਾਸ ਆਦਿ ਸਿਰਲੇਖਾਂ ਹੇਠ ਹਨ। 'ਘਾਲਣਾ ਗੁਰ ਸਿੱਖਾਂ ਦੀਆਂਂਸ਼ੁਹਰਤਾਂ ਗ਼ੈਰ ਸਿੱਖਾਂ ਦੀਆਂ' ਅਧਿਆਇ ਵਿਚ ਲੇਖਕ ਵਿਚਾਰ ਪੇਸ਼ ਕਰਦਾ ਹੈਂ'ਜਿਸ ਤਰ੍ਹਾਂ ਸਿੱਖ ਗੁਰੂਆਂ ਅਤੇ ਸਿੱਖਾਂ ਨੇ ਮਾਨਵਤਾ ਲਈ ਪਹਿਲ ਕੀਤੀ, ਉਸ ਨੂੰ ਸਿੱਖ ਵਿਸ਼ਵ ਪੱਧਰ 'ਤੇ ਓਨਾ ਉਜਾਗਰ ਨਾ ਕਰ ਸਕੇ। ਘਾਲਣਾ ਗੁਰਸਿੱਖਾਂ ਦੀਆਂ, ਸ਼ੁਹਰਤਾਂ ਗ਼ੈਰ ਸਿੱਖਾਂ ਦੀਆਂ ਹੀ ਜਾਣੀਆਂ ਗਈਆਂ।' (ਪੰਨਾ 92) ਅਹਿਮ ਅਧਿਆਇ ਨੰਬਰ 18 ਰਾਹੀਂ ਸੱਤਾਧਾਰੀਆਂ ਵੱਲੋਂ ਸ਼ਤਰੰਜੀ ਚਾਲਾਂ ਰਾਹੀਂ ਸਿੱਖੀ ਸਿਧਾਂਤਾਂ ਦੀ ਉਲੰਘਣਾ ਦੀ ਪੋਲ ਖੋਲ੍ਹੀ ਗਈ ਹੈ। ਅੰਤਲੇ ਅਧਿਆਇ ਰਾਹੀਂ ਸਿੱਖ ਧਰਮ ਦੇ ਮਹਾਨ ਫਲਸਫ਼ੇ ਦੇ ਪ੍ਰਚਾਰ-ਪ੍ਰਸਾਰ ਦੀ ਲੋੜ ਨੂੰ 'ਸਮੇਂ ਦੀ ਲੋੜ' ਵਜੋਂ ਉਜਾਗਰ ਕੀਤਾ ਗਿਆ ਹੈ। ਵਿਚਾਰਾਂ ਦੀ ਪ੍ਰੋੜ੍ਹਤਾ ਲਈ ਗੁਰਬਾਣੀ ਦੇ ਅਨੇਕ ਢੁਕਵੇਂ ਪ੍ਰਮਾਣਾਂ ਦੇ ਨਾਲ-ਨਾਲ ਅਲਾਮਾ ਇਕਬਾਲ, ਸਵਾਮੀ ਵਿਵੇਕਾਨੰਦ, ਜਨਮ ਸਾਖੀ ਭਾਈ ਬਾਲਾ ਜੀ, ਅਕਾਲ ਉਸਤਤ, ਰਹਿਤਨਾਮਾ ਭਾਈ ਦਇਆ ਸਿੰਘ ਜੀ ਤੇ ਆਪਣੀਆਂ ਨਜ਼ਮਾਂ ਦੇ ਹਵਾਲੇ ਪੁਸਤਕ ਵਿਚਲੇ ਵਿਚਾਰਾਂ ਦੀ ਹੋਰ ਸੂਖਮਭਾਵੀ ਢੰਗ ਨਾਲ ਤਰਜਮਾਨੀ ਕਰਦੇ ਹਨ।


ਂਤੀਰਥ ਸਿੰਘ ਢਿੱਲੋਂ
E. mail : tirathsinghdhillon04@gmail.comਨੀਤੀ ਸਾਰ
ਅਨੁਵਾਦ ਤੇ ਸੰਪਾਦਨ : ਡਾ: ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98555-84298.


ਜੀਵਨ ਵਿਚ ਮਾਨਵੀ ਮੁੱਲਾਂ ਅਤੇ ਮਾਨਵੀ ਹੋਂਦ ਨੂੰ ਪ੍ਰਮੁੱਖਤਾ ਦਿੰਦਿਆਂ ਸਮਾਜ ਨੂੰ ਸਾਰਥਕ ਸੇਧਾਂ ਅਤੇ ਸੁਨੇਹੇ ਦੇਣ ਵਾਲੀ ਇਸ ਪੁਸਤਕ ਵਿਚ ਸਮਾਜ ਵਿਚ ਵਿਚਰਦਿਆਂ, ਆਪਣੇ ਸਮਾਜਿਕ ਕਰਮ ਨਿਭਾਉਂਦਿਆਂ ਸੇਧ ਦੇਣ ਵਾਲੇ ਨਿਯਮ, ਧਰਮ, ਪਰਿਵਾਰ ਅਤੇ ਆਦਰਸ਼ਕ ਜੀਵਨ ਨਾਲ ਸਬੰਧਤ ਸੰਸਕ੍ਰਿਤ ਦੇ ਸ਼ਲੋਕਾਂ ਦਾ ਅਨੁਵਾਦ ਅਤੇ ਵਿਆਖਿਆ ਕੀਤੀ ਗਈ ਹੈ, ਜਿਨ੍ਹਾਂ ਸਦਕਾ ਜੀਵਨ ਨੂੰ ਜਾਣਿਆ ਅਤੇ ਮਾਣਿਆ ਜਾ ਸਕਦਾ ਹੈ। ਲੇਖਿਕਾ ਅਨੁਸਾਰ ਇਸ ਪੁਸਤਕ ਦੇ ਸਰੋਤ ਨੀਤੀ ਸਾਰ, ਨੀਤੀ ਸ਼ਤਕ, ਹਿਤੋਉਪਦੇਸ਼, ਮਹਾਕਾਵਯ, ਸ਼ਾਸਤਰ, ਹੋਰ ਪੁਸਤਕਾਂ ਅਤੇ ਅਗਿਆਤ ਲੇਖਕ ਹਨ, ਜਿਨ੍ਹਾਂ ਦੇ ਸਲੋਕਾਂ ਦਾ ਮੁੱਖ ਉਪਦੇਸ਼ ਮਾਨਵ ਨੂੰ ਸਾਰਥਕ ਗਿਆਨ ਪ੍ਰਦਾਨ ਕਰਨਾ ਹੈ ਤਾਂ ਜੋ ਇਕ ਐਸੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ, ਜਿਸ ਵਿਚ ਬਹੁਪੱਖੀ ਸ਼ਖ਼ਸੀ ਵਿਕਾਸ ਹੋ ਸਕੇ ਅਤੇ ਸ਼ਾਂਤੀ ਅਤੇ ਸਦਭਾਵਨਾ ਕਾਇਮ ਰਹੇ। ਪੁਸਤਕ ਵਿਚ ਸਿਆਸਤ, ਨੈਤਿਕਤਾ, ਧਰਮ, ਬੁੱਧੀਮਤਾ, ਉਚੇਰੀ ਜੀਵਨ-ਜਾਚ ਦੇ ਨਾਲ ਗਿਆਨ ਪ੍ਰਾਪਤੀ, ਪ੍ਰਕਿਰਤੀ ਅਤੇ ਵਾਤਾਵਰਨ ਦੀ ਮਹਾਨਤਾ, ਪਰਿਵਾਰਕ ਖੁਸ਼ਹਾਲੀ, ਜੀਵਨ ਜੁਗਤਾਂ, ਕਰਮ ਸਿਧਾਂਤ, ਪਤੀ-ਪਤਨੀ ਧਰਮ ਤੋਂ ਇਲਾਵਾ ਪੜ੍ਹਨ, ਸੋਚਣ ਅਤੇ ਵਿਚਾਰਨ ਦੀ ਆਦਤ ਬਾਰੇ ਸਲੋਕਾਂ ਦੀ ਵਿਆਖਿਆ ਵੀ ਕੀਤੀ ਗਈ ਹੈ। ਵਿਦਿਆਰਥੀ ਜੀਵਨ, ਮਾਤਾ-ਪਿਤਾ ਅਤੇ ਬੱਚਿਆਂ ਦੇ ਫਰਜ਼, ਅਨੁਸ਼ਾਸਨ ਦਾ ਮਹੱਤਵ ਦਰਸਾਉਂਦੇ ਸਲੋਕਾਂ ਵਿਚ ਇਹ ਦਰਸਾਇਆ ਗਿਆ ਹੈ ਕਿ ਇਨ੍ਹਾਂ ਤੋਂ ਬਿਨਾਂ ਜੀਵਨ ਵਿਕਾਸ ਸੰਭਵ ਨਹੀ। ਪਰਮਾਤਮਾ ਅਤੇ ਪ੍ਰਕਿਰਤੀ ਦੇ ਸਬੰਧ, ਗੁਰੂ ਦਾ ਆਦਰ ਸਨਮਾਨ, ਬੁਰਾਈ ਤੋਂ ਬਚਾਅ, ਅਡੰਬਰ ਰਹਿਤ ਜੀਵਨ ਜਿਊਂਦਿਆਂ ਸਿਖਲਾਈ ਹਾਸਲ ਕਰਨਾ ਆਦਿ ਉਪਦੇਸ਼ਾਤਮਕ ਸਲੋਕਾਂ ਵਿਚ ਮਾਰਗ-ਦਰਸ਼ਨ ਦੇ ਨਾਲ-ਨਾਲ ਸਮੇਂ ਦੇ ਸੱਚ ਨੂੰ ਜਾਣਨ, ਪਰਖਣ ਅਤੇ ਸਮਝਣ ਦੀ ਸਿੱਖਿਆ ਮਿਲਦੀ ਹੈ। ਜੀਵਨ ਨੀਤੀ ਦੇ ਇਨ੍ਹਾਂ ਸਲੋਕਾਂ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਦੀ ਸਾਰਥਕਤਾ ਅਜੋਕੇ ਸਮੇਂ ਵਿਚ ਵੀ ਉਹੀ ਹੈ ਜੋ ਉਸ ਸਮੇਂ ਸੀ ਜਦੋਂ ਇਨ੍ਹਾਂ ਦੀ ਰਚਨਾ ਕੀਤੀ ਗਈ ਸੀ। ਪਦਾਰਥਵਾਦ ਦੇ ਵਧ ਰਹੇ ਬੋਲਬਾਲੇ ਵਿਚ ਪ੍ਰਾਚੀਨ ਸਾਹਿਤ ਦੇ ਗੌਰਵ ਦੇ ਨਾਲ-ਨਾਲ ਮਾਨਵੀ ਮੁੱਲਾਂ ਨੂੰ ਸਰਲ ਭਾਸ਼ਾ ਵਿਚ ਪੇਸ਼ ਕਰਦੀ ਇਹ ਪੁਸਤਕ ਮਾਣਨਯੋਗ ਹੈ।


ਂਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099ਰੰਗਾਂ ਦੀ ਗਾਗਰ

(ਜੀਵਨ ਝਲਕਾਂ)
ਲੇਖਕ : ਸਰਦਾਰਾ ਸਿੰਘ ਜੌਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 342
ਸੰਪਰਕ : 0161-2409306.


ਡਾ: ਸਰਦਾਰਾ ਸਿੰਘ ਜੌਹਲ ਕਿਸੇ ਵੀ ਰਸਮੀ ਜਾਣ-ਪਚਾਣ ਦਾ ਮੁਥਾਜ ਨਹੀਂ। ਸਰਦਾਰਾ ਸਿੰਘ ਜੌਹਲ ਨੇ ਆਪਣੀ ਇਸ ਸਵੈ-ਜੀਵਨੀ ਰੂਪੀ ਪੁਸਤਕ 'ਰੰਗਾਂ ਦੀ ਗਾਗਰ' ਵਿਚ ਜੀਵਨ ਯਥਾਰਥ ਦੇ ਬਹੁਤ ਸਾਰੇ ਰੰਗਾਂ ਦਾ ਸਮਾਵੇਸ਼ ਕੀਤਾ ਹੈ। ਇਸ ਪੁਸਤਕ ਵਿਚ ਕਿਧਰੇ ਉਸ ਦੀ ਬਚਪਨ ਦੀ ਬੇਪਰਵਾਹੀ ਜ਼ਿੰਦਗੀ ਦਾ ਰੰਗ ਹੈ, ਕਿਧਰੇ ਦੇਸ਼ ਵੰਡ ਦੇ ਦਰਦ ਦਾ ਰੰਗ ਹੈ, ਕਿਧਰੇ ਜੀਵਨ ਸੰਘਰਸ਼ ਦੀ ਦਾਸਤਾਨ ਹੈ, ਕਿਧਰੇ ਭ੍ਰਿਸ਼ਟਾਚਾਰੀ ਤੰਤਰ ਨੂੰ ਬੇਪਰਦਾ ਕਰਨ ਦਾ ਰੰਗ, ਕਿਧਰੇ ਅਹੁਦਿਆਂ ਦੀ ਜ਼ਿੰਮੇਵਾਰੀ ਦਾ ਰੰਗ ਹੈ, ਕਿਧਰੇ ਅੰਤਰਰਾਸ਼ਟਰੀ ਪੱਧਰ 'ਤੇ ਕੀਤੀਆਂ ਪ੍ਰਾਪਤੀਆਂ ਦੇ ਜ਼ਿਕਰ ਨਾਲ-ਨਾਲ ਪਾਕਿਸਤਾਨ ਵਿਚਲੇ ਬਚਪਨ ਤੋਂ ਲੈ ਕੇ ਪ੍ਰਧਾਨ ਮੰਤਰੀਆਂ ਦੀ ਸੰਗਤ ਮਾਣਨ ਦੇ ਵਿਭਿੰਨ ਵੇਰਵੇ ਦਰਜ ਕੀਤੇ ਹਨ। ਜਦੋਂ ਅਸੀਂ ਇਸ ਪੁਸਤਕ ਵਿਚਲੀਆਂ ਸਰਦਾਰਾ ਸਿੰਘ ਜੌਹਲ ਦੀਆਂ ਜੀਵਨ ਝਲਕਾਂ ਨੂੰ ਮਾਣਦੇ ਹਾਂ ਤਾਂ ਸਰਦਾਰਾ ਸਿੰਘ ਜੌਹਲ ਦੀ ਇਕ ਬਹੁਤ ਹੀ ਸਿਰੜੀ ਅਤੇ ਸੰਤੁਲਨਮਈ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ, ਜੋ ਵੱਡੀ ਤੋਂ ਵੱਡੀ ਰੁਕਾਵਟ ਨੂੰ ਵੀ ਸਹਿਜਤਾ ਅਤੇ ਸੰਜੀਦਗੀ ਨਾਲ ਹੱਲ ਕਰਨ ਦੇ ਯੋਗ ਹੈ। ਭਾਵੇਂ ਹਿਮਾਚਲ ਵਿਚ ਕਾਰ ਖਰਾਬ ਹੋਣ ਸਮੇਂ ਪਹਾੜੀ ਵਿਅਕਤੀ ਦੁਆਰਾ ਬੋਲੇ ਬੋਲ-ਕੁਬੋਲ ਹੋਣ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਤਣਾਅ ਭਰਿਆ ਮਾਹੌਲ ਹੋਵੇ, ਜੌਹਲ ਸਾਹਿਬ ਨੇ ਪੂਰੇ ਤੁਹੱਮਲ ਨਾਲ ਇਸ ਤਰ੍ਹਾਂ ਦੇ ਮਸਲਿਆਂ ਨੂੰ ਨਜਿੱਠਿਆ। ਸਿੱਖਿਆ ਸੰਸਥਾਵਾਂ ਵਿਸ਼ੇਸ਼ ਕਰਕੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਿਚ ਸਾਹ ਘੁੱਟਵੇਂ ਵਾਤਾਵਰਨ ਦੀ ਵਿਅੰਗਾਤਮਕ ਸ਼ੈਲੀ ਵਿਚ ਪੇਸ਼ਕਾਰੀ ਕਰਦਿਆਂ, ਸਰਕਾਰੀ ਅਧਿਕਾਰੀਆਂ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਦੀਆਂ ਵੀ ਥਾਂ ਪਰ ਝਲਕਾਂ ਮਿਲਦੀਆਂ ਹਨ। ਡਾ: ਜੌਹਲ ਰਿਸ਼ਤਿਆਂ ਨੂੰ ਭਾਵੁਕ ਤੌਰ 'ਤੇ ਨਿਭਾਉਣ ਵਾਲਾ ਵਿਅਕਤੀ ਹੈ। ਉਜਾੜੇ ਤੋਂ ਬਾਅਦ ਉਸ ਦੇ ਦੋਸਤ ਜਾਵੇਦ ਦਾ ਵਾਸ਼ਿੰਗਟਨ ਵਿਚ ਉਸ ਨੂੰ ਮਿਲਣਾ ਭਾਵੁਕ ਵਾਤਾਵਰਨ ਸਿਰਜਦਾ ਹੈ। ਸਰਦਾਰਾ ਸਿੰਘ ਜੌਹਲ ਨੇ ਇਸ ਸਵੈ-ਜੀਵਨੀ ਵਿਚ ਇਹ ਗੱਲ ਪਰਪੱਕ ਕੀਤੀ ਹੈ ਕਿ ਨਿੱਜੀ ਲਾਭਾਂ ਲਈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਮਾਰਨਾ ਕੋਈ ਚੰਗੀ ਗੱਲ ਨਹੀਂ, ਸਗੋਂ ਘਾਤਕ ਹੈ।


ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.ਜ਼ਖ਼ਮੀ ਰੂਹ
ਕਵਿੱਤਰੀ : ਡਾ: ਸਤਿੰਦਰਜੀਤ ਕੌਰ ਬੁੱਟਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 80
ਸੰਪਰਕ : 81958-05111.


ਹਥਲੀ ਪੁਸਤਕ ਵਿਚ 57 ਕਵਿਤਾਵਾਂ ਹਨ, ਜੋ ਭਾਵਪੂਰਤ ਅਤੇ ਸਮਾਜਿਕ ਸਰੋਕਾਰਾਂ ਦੀ ਹਾਮੀ ਭਰਦੀਆਂ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਇਹ ਸਾਰੀਆਂ ਹੀ ਕਵਿਤਾਵਾਂ ਕਿਸੇ ਨਿਰਧਾਰਤ ਛੰਦ ਅਥਵਾ ਬਹਿਰ ਵਿਚ ਹਨ। ਛੰਦ-ਬਹਿਰ ਕਾਵਿ-ਮਾਨਤਾਵਾਂ ਦੀ ਇਕ ਸਨਕ ਹੁੰਦੀ ਹੈ। ਭਾਵੇਂ ਮੈਨੂੰ ਖੁੱਲ੍ਹੀ ਕਵਿਤਾ ਵੀ ਸਮਾਜਿਕ ਸਰੋਕਾਰਾਂ ਦੀ ਅਲੰਬਰਦਾਰੀ ਲੱਗਦੀ ਹੈ ਪਰ ਸੰਗੀਤਕ ਅਤੇ ਲੈਅ ਭਰਪੂਰ ਕਵਿਤਾ ਪਾਠਕ/ਸਰੋਤੇ ਦੇ ਦਿਲ 'ਚੋਂ ਹੀ ਹੁੰਦੀ ਹੋਈ ਮਾਨਸਿਕ ਧਰਾਤਲ ਉੱਤੇ ਸਹਿਜ ਨਾਲ ਪ੍ਰਵੇਸ਼ ਕਰ ਜਾਂਦੀ ਹੈ। ਸਤਿੰਦਰਜੀਤ ਇਕ ਪੜ੍ਹੀ ਲਿਖੀ ਅਤੇ ਸਮਾਜਿਕ ਬੁਰਾਈਆਂ ਨੂੰ ਨਫ਼ਰਤ ਕਰਨ ਵਾਲੀ ਕਵਿੱਤਰੀ ਹੈ, ਉਥੇ ਅਧਿਆਪਨ ਕਿੱਤੇ ਨਾਲ ਵੀ ਪੂਰਾ ਇਨਸਾਫ਼ ਕਰਦੀ ਨਾਰੀ ਹੈ। ਅਜਿਹੀਆਂ ਨਾਰੀਆਂ ਹੀ ਧੀਆਂ ਦੇ ਕਤਲ ਰੋਕ ਸਕਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਕਵਿੱਤਰੀ ਨੇ ਹੋਰ ਕਈ ਪੰਜਾਬੀ ਕਵਿਤਰੀਆਂ ਵਾਂਗ ਦੇਹਵਾਦੀ ਆਜ਼ਾਦੀ ਦੇ ਰੋਣੇ ਨਹੀਂ ਰੋਏ, ਸਗੋਂ ਸਮਾਜਿਕ ਸਰੋਕਾਰਾਂ ਅਤੇ ਸਮਾਜਿਕ ਨੈਤਿਕਤਾਵਾਂ ਨੂੰ ਆਪਣੇ ਕਾਵਿ-ਵਿਸ਼ੇ ਬਣਾਏ ਹਨ। ਮਿਹਨਤ-ਕਸ਼ਾਂ, ਕਿਰਤੀਆਂ ਅਤੇ ਲੁੱਟੀ ਜਾ ਰਹੀ ਧਿਰ ਨਾਲ ਅਜੋਕੇ ਕਾਵਿ-ਸੰਦਰਭ ਵਿਚ ਖਲੋਣਾ ਵੱਡੀ ਦਲੇਰੀ ਦਾ ਕਾਰਜ ਹੈ ਜੋ ਕਿ ਕਵਿੱਤਰੀ ਸਤਿੰਦਰਜੀਤ ਬੁੱਟਰ ਦੇ ਹਿੱਸੇ ਆਇਆ ਹੈ। ਕਵਿੱਤਰੀ ਬੱਚੀਆਂ ਨੂੰ ਸਿੱਖਿਆ ਦਿੰਦੀ ਕਵਿਤਾ ਕਹਿੰਦੀ ਹੈ :
ਰਾਖਸ਼ਾਂ ਦਰਿੰਦਿਆਂ ਦਾ ਟਾਕਰਾ ਕਰਨ ਲਈ ਬੱਚੀਓ
ਤਿਆਰ ਹੋ ਜਾਉ ਤੁਸੀਂ ਖ਼ਬਰਦਾਰ ਹੋ ਜਾਉ ਬੱਚੀਓ
ਆਪਣੀ ਰੱਖਿਆ ਤੁਸੀਂ ਆਪ ਹੈ ਕਰਨੀ
ਭਾਵੇਂ ਸਿੱਖੋ ਕਰਾਟੇ ਤੁਸੀਂ ਭਾਵੇਂ ਤਲਵਾਰ ਸਿੱਖੋ।
ਬਹੁਤ ਸਾਰੀਆਂ ਅਜਿਹੀਆਂ ਕਵਿਤਾਵਾਂ ਹਨ, ਜੋ ਪਾਠਕ ਮਨ ਨੂੰ ਮੋਹ ਲੈਂਦੀਆਂ ਹਨ ਅਤੇ ਨਵੀਂ ਆਸ ਜਗਾਉਂਦੀਆਂ ਹਨ। ਅੱਜ ਪੰਜਾਬ ਦੀ ਕਿਸਾਨੀ ਤੰਗੀਆਂ-ਤੁਰਸ਼ੀਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਦੇ ਰਾਹ ਪੈ ਗਈ ਹੈ। ਇਕ ਧੀ ਆਪਣੇ ਬਾਪ ਨੂੰ ਦਲੇਰ ਹੋਣ ਲਈ ਕਹਿੰਦੀ ਹੈ :
ਮਰਨਾ ਨਹੀਂ ਬਾਬਲਾ ਹੁਣ ਸਾਹਮਣਾ ਕਰਨਾ ਈਂ
ਹਿੱਕ ਤਾਣ ਕੇ ਜਬਰ ਦੇ ਅੱਗੇ ਖੜ੍ਹਨਾ ਈਂ
ਖ਼ੁਦਕੁਸ਼ੀ ਨਹੀਂ ਕਰਨੀ ਅਸਾਂ ਹੁਣ ਲੜਨਾ ਈਂ...।
ਕਵਿੱਤਰੀ ਡਾ: ਸਤਵਿੰਦਰਜੀਤ ਕੌਰ ਬੁੱਟਰ ਨੇ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਵਿਸ਼ੇ ਵੀ ਬਾਖ਼ੂਬੀ ਨਿਭਾਉਂਦੇ ਹਨ ਪਰ ਧੀਆਂ ਦੇ ਮੌਜੂਦਾ ਮਸਲਿਆਂ ਨੂੰ ਉਸ ਨੇ ਕਈ ਕੋਣਾਂ ਤੋਂ ਕਾਵਿਕ ਕੀਤਾ ਹੈ।


ਂਸੁਲੱਖਣ ਸਰਹੱਦੀ
ਮੋ: 94174-84337.ਵਲਵਲੇ
ਲੇਖਕ : ਉਂਕਾਰ ਸਿੰਘ
ਪ੍ਰਕਾਸ਼ਕ : ਅਨਾਹਦ ਪਬਲੀਕੇਸ਼ਨ, ਹੁਸ਼ਿਆਰਪੁਰ
ਮੁੱਲ : 150 ਰੁਪਏ, ਸਫ਼ੇ : 127
ਸੰਪਰਕ : 9988294199.


'ਵਲਵਲੇ' ਉਂਕਾਰ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਵਿਲੱਖਣ ਬਿੰਬਾਂ ਅਤੇ ਪ੍ਰਤੀਕਾਂ ਰਾਹੀਂ ਕਵੀ ਨੇ ਕਈ ਸਮਾਜਿਕ ਸਰੋਕਾਰਾਂ ਨੂੰ ਆਪਣਾ ਵਿਸ਼ਾ ਬਣਾਇਆ ਹੈ। ਕਵੀ ਨੇ ਅਜਿਹੇ ਕਾਵਿਕ ਦ੍ਰਿਸ਼ ਉਸਾਰੇ ਹਨ ਜੋ ਪਾਠਕ ਦੀ ਚੇਤਨਾ ਅਤੇ ਸੰਵੇਦਨਾ ਨੂੰ ਝੰਜੋੜਦੇ ਹਨ। ਕਵੀ ਚਿੰਤਨਸ਼ੀਲ ਦ੍ਰਿਸ਼ਟੀ ਰਾਹੀਂ ਅੰਧ-ਵਿਸ਼ਵਾਸਾਂ ਦਾ ਖੰਡਨ ਕਰਦਾ ਹੈ। ਉਹ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਵੀ ਸੁਚੇਤ ਹੈ। ਇਸੇ ਲਈ ਉਹ ਦਰਿਆ ਦਾ ਪਾਣੀ, ਬਜ਼ੁਰਗ ਤੇ ਰੁੱਖ ਆਦਿ ਕਵਿਤਾਵਾਂ ਰਾਹੀਂ ਮਨੁੱਖ ਦੀ ਚੇਤਨਾ ਨੂੰ ਝੰਜੋੜਦਾ ਹੈ। ਕਿਸਾਨੀ ਜੀਵਨ ਦੇ ਯਥਾਰਥ ਪ੍ਰਤੀ ਕਵੀ ਦੀ ਕਲਮ ਬਹੁਤ ਸੁਚੇਤ ਹੈ। ਪੰਜਾਬ ਦਾ ਕਿਸਾਨ ਕਿਵੇਂ ਕੁਦਰਤ ਦੀ ਕਰੋਪੀ ਅਤੇ ਰਾਜਨੀਤਕ ਢਾਂਚੇ ਵੱਲੋਂ ਦੁਖੀ ਹੈ, ਇਸ ਦਾ ਜ਼ਿਕਰ 'ਦਰਦ ਕਿਸਾਨ ਦਾ' ਕਵਿਤਾ ਵਿਚ ਵੇਖਿਆ ਜਾ ਸਕਦਾ ਹੈ।
ਸਮਾਜ ਨੂੰ ਅੰਦਰ-ਅੰਦਰ ਖੋਰਾ ਲਾਉਂਦੀਆਂ ਬੁਰਾਈਆਂ 'ਨਸ਼ਾ' ਆਦਿ ਵੀ ਕਵੀ ਦੀ ਕਲਮ ਰਾਹੀਂ ਪ੍ਰਗਟ ਹੋਈਆਂ ਹਨ। 'ਪੰਜ ਵਿਕਾਰ' ਦੀ ਪੁਨਰ ਵਿਆਖਿਆ ਕਵੀ ਦੀ ਵਿਸ਼ੇਸ਼ ਪ੍ਰਾਪਤੀ ਹੈ। 'ਧੀ ਦੀ ਪੁਕਾਰੀ' ਨਾਰੀ ਮਨ ਦੇ ਵਲਵਲੇ ਦਾ ਬਿਆਨ ਕਰਦੀ ਹੈ। 'ਸ਼ਤਰੰਜ' ਕਵਿਤਾ ਭਾਰਤੀ ਸਿਆਸਤ ਦੇ ਬਦਲਦੇ ਸਮੀਕਰਨਾਂ ਦੀ ਵਿਆਖਿਆ ਕਰਦੀ ਨਜ਼ਰ ਆਉਂਦੀ ਹੈ। ਬਚਪਨ ਦੇ ਰੰਗਲੇ ਦਿਨ, ਬਦਲਦਾ ਪੰਜਾਬੀ ਸੱਭਿਆਚਾਰ 'ਟ੍ਰੈਫਿਕ' ਦੀ ਸਮੱਸਿਆ ਵੀ ਕਵੀ ਨੇ ਕਵਿਤਾਵਾਂ ਰਾਹੀਂ ਜ਼ਾਹਰ ਕੀਤੇ ਹਨ। ਬਿਨਾਂ ਕਿਸੇ ਵਾਦ ਜਾਂ ਫਲਸਫ਼ੇ ਦੀ ਕੈਦ ਵਿਚ ਬੱਝਿਆਂ ਉਂਕਾਰ ਸਿੰਘ ਨੇ ਸਮਾਜਿਕ ਵਿਸ਼ਿਆਂ ਨੂੰ ਆਪਣੀ ਕਲਮ ਰਾਹੀਂ ਪ੍ਰਗਟਾਇਆ ਹੈ। ਕਵੀ ਦੇ ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਉਸ ਦੀ ਜੀਵਨ ਸਾਥਨ ਜਸਕਿਰਨ ਨੇ ਵੀ ਲਿਖੀਆਂ ਹਨ। ਟੋਂਹਦੀ ਜਿੰਦੜੀ ਤੇ ਬੰਜਰ। ਭੈਣ-ਭਰਾ ਦੇ ਪਿਆਰ, ਬਚਪਨ ਦੀਆਂ ਖੇਡਾਂ ਆਦਿ ਬਾਰੇ ਵੀ ਕਵੀ ਨੇ ਬੜੀ ਭਾਵੁਕਤਾ ਨਾਲ ਪ੍ਰਗਟਾਅ ਕੀਤਾ ਹੈ। ਕਵੀ ਨੇ ਇਤਿਹਾਸਕ ਘਟਨਾਵਾਂ ਅਤੇ ਸਮਾਜ ਵਿਚ ਹੁੰਦੇ ਦੰਗੇ ਫਸਾਦਾਂ ਬਾਰੇ ਵੀ ਕਾਵਿ ਰਚਨਾ ਕੀਤੀ ਹੈ। ਇਸ ਸੰਗ੍ਰਹਿ ਵਿਚ ਸ਼ਾਮਿਲ 27 ਰਚਨਾਵਾਂ ਕਵੀ ਦੇ ਅਲੱਗ-ਅਲੱਗ ਵਿਸ਼ਿਆਂ ਦਾ ਪ੍ਰਗਟਾਵਾ ਹੈ। ਭਵਿੱਖ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਨੇ ਕਵੀ ਦੀ ਕਾਵਿ ਭਾਸ਼ਾ ਦੇ ਹੋਰ ਪ੍ਰੋੜ੍ਹ ਹੋਣ ਦੀ ਉਮੀਦ ਲੈ ਕੇ ਇਸ ਕਾਵਿ ਸੰਗ੍ਰਹਿ ਲਈ ਕਵੀ ਨੂੰ ਵਧਾਈ ਦਿੰਦੀ ਹਾਂ।


ਂਪ੍ਰੋ: ਕੁਲਜੀਤ ਕੌਰ ਅਠਵਾਲ।ਸੱਚ ਦੀ ਲੋਅ
ਲੇਖਕ : ਸ਼ਾਇਰ ਸੋਹੀ
ਪ੍ਰਕਾਸ਼ਕ : ਘੁਮਾਣ ਪਬਲੀਕੇਸ਼ਨਜ਼ ਸੰਘਰੇੜੀ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 64
ਸੰਪਰਕ : 98883-25070.


'ਸੱਚ ਦੀ ਲੋਅ' ਕਵਿਤਾ ਤੇ ਵਾਰਤਕ ਸੰਗ੍ਰਹਿ ਸ਼ਾਇਰ ਸੋਹੀ ਦੀ ਪਲੇਠੀ ਪੁਸਤਕ ਹੈ। ਇਹ ਪੁਸਤਕ ਉਸ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਰਦਿਆਂ ਇਸ ਵਿਚਾਰ ਦੀ ਤਸਦੀਕ ਕੀਤੀ ਹੈ ਕਿ ਅਜੋਕੇ ਯੁੱਗ 'ਚ ਪੰਜਾਬੀ ਮਾਂ-ਬੋਲੀ ਨਾਲ ਜੁੜਨ ਦੀ ਉਸ ਦੇ ਪੁੱਤਰਾਂ ਨੂੰ ਡਾਢੀ ਲੋੜ ਹੈ। ਇਸ ਪੁਸਤਕ ਵਿਚ 42 ਕਵਿਤਾਵਾਂ ਅਤੇ ਪੰਜ ਲਘੂ ਸਾਹਿਤਕ ਨਿਬੰਧ ਸ਼ਾਮਿਲ ਕੀਤੇ ਹਨ। ਛੋਟੀ ਉਮਰੇ ਉਸ ਦੀ ਪਹਿਲੀ ਪੁੱਟੀ ਪੁਲਾਂਘ ਪੁਖ਼ਤਗੀ ਦਾ ਸਬੂਤ ਦਿੰਦੀ ਹੈ। ਕਵਿਤਾ 'ਚ ਲੈਅ ਅਤੇ ਰਵਾਨਗੀ ਹੈ। ਵਿਸ਼ਿਆਂ ਦੇ ਅਨੁਕੂਲ ਭਾਵਪੂਰਤ ਸ਼ਬਦਾਵਲੀ ਇਕੋ ਸਾਹੇ ਸਾਰੀ ਪੁਸਤਕ ਪੜ੍ਹਨ ਲਈ ਪਾਠਕ ਨੂੰ ਉਤੇਜਿਤ ਕਰਦੀ ਜਾਂਦੀ ਹੈ। ਪੰਜਾਬੀ ਅਖ਼ਬਾਰਾਂ ਦੇ ਸੰਪਾਦਕ ਸ: ਵਰਿੰਦਰ ਵਾਲੀਆ ਅਨੁਸਾਰ ਸ਼ਾਇਰ ਸੋਹੀ ਦੀਆਂ ਨਜ਼ਮਾਂ ਵਿਚ ਮੌਲਿਕਤਾ ਪੰਜੇਬਾਂ ਬਣ ਕੇ ਛਣਕਦੀ ਹੈ। ...ਉਹ ਬਾਣੀ ਦੀ ਲੋਅ ਵਿਚ ਅੱਖਰਾਂ/ਸ਼ਬਦਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਆਪਣੀਆਂ ਨਜ਼ਮਾਂ ਵਿਚ ਨਗਾਂ ਵਾਂਗ ਜੜਦਾ ਹੈ। ਕਿਸੇ ਜਗਿਆਸੂ ਦੀ ਭਾਂਤੀ ਉਹ ਬਾਬੇ ਨਾਨਕ ਦੀਆਂ ਸੰਦਲੀ ਪੈੜਾਂ ਨੂੰ ਲੱਭਦਾ ਹੋਇਆ ਕਈ ਸਦੀਆਂ ਪਿੱਛੇ ਚਲਾ ਜਾਂਦਾ ਹੈ। ਦੁੱਖ-ਸੁੱਖ, ਪਿਆਰ-ਨਫ਼ਰਤ, ਲਾਲਸਾ, ਲੁੱਟ ਅਤੇ ਅਨੇਕਾਂ ਹੋਰ ਮਸਲਿਆਂ ਪ੍ਰਤੀ ਜੇ ਬਾਬਾ ਨਾਨਕ 'ਰਾਜੇ ਸ਼ੀਂਹ ਮੁਕੱਦਮ ਕੁੱਤੇ' ਕਹਿ ਦੁਤਕਾਰਦਾ ਹੈ ਤਾਂ ਅਜੋਕਾ ਸ਼ਾਇਰ ਸੋਹੀ ਵੀ ਇਸੇ ਤਰ੍ਹਾਂ ਅਜੋਕੀ ਵਿਵਸਥਾ 'ਤੇ ਵਿਅੰਗ ਕਰਦਾ ਹੈ :
ਰਾਜੇ ਹੁਣ ਕੁੱਤੇ ਬਣ ਗਏ ਨੇ
ਬੋਟੀ ਪਾ ਮੂੰਹ ਵਿਚ ਖੜ੍ਹ ਗਏ ਨੇ।
ਗੁਰੂਆਂ-ਪੀਰਾਂ, ਫ਼ਕੀਰਾਂ, ਸਾਧੂਆਂ, ਸੰਤਾਂ ਦੀ ਇਸ ਧਰਤੀ 'ਤੇ ਜਿਸ ਨੂੰ ਕਦੇ ਪੰਜ ਦਰਿਆਵਾਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਸੀ, ਉਥੇ ਹੁਣ ਨਸ਼ਿਆਂ ਦਾ ਛੇਵਾਂ ਦਰਿਆ ਵੀ ਵਗ ਰਿਹਾ ਹੈ। ਉਹ ਪੰਜਾਬ ਨੂੰ ਪਿਆਰ ਕਰਨ ਵਾਲਾ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਈ ਥਾਈਂ ਲੋਕ ਗੀਤਾਂ ਵਰਗੀ ਝਲਕ ਵੀ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕਰ ਜਾਂਦਾ ਹੈ। ਸਰਵਰਕ 'ਤੇ ਜਗਦੇ ਦੀਵੇ ਦੀ ਲੋਅ ਸਮੁੱਚੀ ਧਰਤੀ 'ਤੇ ਵਸਦੀ ਮਾਨਵਤਾ 'ਚ ਜਾਗਰੂਕਤਾ ਦੀ ਚਿਣਗ ਦਾ ਪ੍ਰਤੀਕ ਬਣਦੀ ਹੋਈ ਪੁਸਤਕ ਦੇ ਨਾਂਅ ਨੂੰ ਵੀ ਸਾਰਥਕ ਬਣਾ ਦਿੰਦੀ ਹੈ। ਕੁਝ ਕੁ ਕਾਵਿਕ ਉਕਾਈਆਂ ਅਤੇ ਪੁਸਤਕ ਦੀ ਕੀਮਤ ਜ਼ਿਆਦਾ ਹੋਣ ਦੇ ਬਾਵਜੂਦ ਵੀ ਮੈਂ ਇਸ ਸ਼ਾਇਰ ਦੀ ਸ਼ਾਇਰੀ ਨੂੰ ਖੁਸ਼ਆਮਦੀਦ ਕਹਿੰਦਿਆਂ ਆਸ ਕਰਦਾ ਹਾਂ ਕਿ ਸ਼ਾਇਰ ਸੋਹੀ ਆਉਣ ਵਾਲੇ ਸਮੇਂ 'ਚ ਸਾਮਿਅਕ ਵਿਸ਼ਿਆਂ ਦੀਆਂ ਜਟਿਲਤਾਵਾਂ ਨੂੰ ਵਿਚਾਰਧਾਰਕ ਪਰਿਪੇਖ 'ਚ ਰੱਖਦਿਆਂ ਹੋਰ ਵੀ ਸੰਜੀਦਗੀ ਅਤੇ ਪੁਖ਼ਤਗੀ ਨਾਲ ਆਪਣੀਆਂ ਰਚਨਾਵਾਂ ਪੇਸ਼ ਕਰੇਗਾ।


ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

8/1/2017

 ਕੁਝ ਹੋਰ ਬਾਤਾਂ
ਗਿਆਨੀ ਸੰਤੋਖ ਦੀਆਂ
ਸੰਪਾਦਕ : ਪ੍ਰੋ: ਮੋਹਣ ਸਿੰਘ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 0183-2292513.


ਇਸ ਪੁਸਤਕ ਵਿਚ ਆਸਟਰੇਲੀਆ ਵਸਦੇ ਗਿਆਨੀ ਸੰਤੋਖ ਸਿੰਘ ਦੀ ਅਨੋਖੀ, ਬਹੁਪੱਖੀ ਸ਼ਖ਼ਸੀਅਤ ਬਾਰੇ ਬਹੁਤ ਸਾਰੇ ਲੇਖਕਾਂ ਦੇ ਵਿਚਾਰ ਦਰਜ ਕੀਤੇ ਗਏ ਹਨ। ਕਿਸੇ ਨੇ ਉਸ ਨੂੰ ਗੋਦੜੀ ਵਿਚ ਛੁਪਿਆ ਲਾਲ, ਕਿਸੇ ਨੇ ਸਾਹਿਤਕ ਫੁੱਲਾਂ ਦਾ ਗੁਲਦਸਤਾ, ਕਿਸੇ ਨੇ ਗਿਆਨਵਾਨ ਲੋਕ ਲਿਖਾਰੀ, ਕਿਸੇ ਨੇ ਸਿਰੜੀ ਮਨੁੱਖ, ਕਿਸੇ ਨੇ ਰੌਚਿਕ ਤਜਰਬਿਆਂ ਦਾ ਪੇਸ਼ਕਾਰ, ਕਿਸੇ ਨੇ ਸਾਦਕੀ ਅਤੇ ਗੁਣਾਂ ਭਰਪੂਰ ਸ਼ਖ਼ਸੀਅਤ, ਕਿਸੇ ਨੇ ਸੁਹਿਰਦ ਮਨੁੱਖ ਅਤੇ ਕਿਸੇ ਨੇ ਘੀਚਮ ਚੋਲਾ ਸ਼ਖ਼ਸੀਅਤ ਕਹਿ ਕੇ ਯਾਦ ਕੀਤਾ ਹੈ। ਗਿਆਨੀ ਜੀ ਵੱਲੋਂ ਰਚੀਆਂ ਗਈਆਂ ਪੁਸਤਕਾਂ ਬਾਰੇ ਕੁਝ ਰੀਵਿਊ ਵੀ ਦਿੱਤੇ ਗਏ ਹਨ। ਗਿਆਨੀ ਜੀ ਨੇ ਇਤਿਹਾਸ, ਧਰਮ ਅਤੇ ਮਨੁੱਖਤਾ ਨੂੰ ਆਪਣਾ ਜੀਵਨ ਸਮਰਪਣ ਕੀਤਾ ਹੋਇਆ ਹੈ। ਉਹ ਅੱਧੀ ਸਦੀ ਤੋਂ ਇਕ ਕੀਰਤਨੀਏ, ਪ੍ਰਚਾਰਕ, ਲੇਖਕ, ਸਾਹਿਤਕਾਰ ਅਤੇ ਯਾਤਰੂ ਦੇ ਰੂਪ ਵਿਚ ਦੁਨੀਆ ਵਿਚ ਵਿਚਰ ਰਿਹਾ ਹੈ। ਆਪਣੇ ਸਾਦਗੀ ਭਰੇ, ਮਿੱਠਬੋਲੜੇ ਸੁਭਾਅ ਸਦਕਾ ਉਹ ਹਰਮਨ-ਪਿਆਰਾ ਸ਼ਖ਼ਸ ਹੈ। ਉਸ ਦੀਆਂ ਲਿਖਤਾਂ ਧਾਰਮਿਕ, ਸਦਾਚਾਰਕ ਅਤੇ ਰਾਜਨੀਤਕ ਹਨ, ਜਿਨ੍ਹਾਂ ਨੂੰ ਹਾਸਰਸ ਦੀ ਪਾਹ ਦੇ ਕੇ ਹਲਕਾ-ਫੁਲਕਾ ਰੱਖਿਆ ਗਿਆ ਹੈ। ਉਸ ਦੀਆਂ ਧਾਰਮਿਕ, ਸਮਾਜਿਕ, ਸਾਹਿਤਕ, ਵਿੱਦਿਅਕ, ਕੌਮੀ ਖੇਤਰਾਂ ਵਿਚ ਕੀਤੀਆਂ ਸੇਵਾਵਾਂ ਦਾ ਮਾਣ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਪੰਜਾਬੀ ਸੰਗੀਤ ਸੈਂਟਰ ਆਸਟਰੇਲੀਆ, ਪੰਜਾਬੀ ਸੱਥ ਲਾਂਬੜਾ, ਯੂਰਪੀਅਨ ਸੱਥ ਬਰਮਿੰਘਮ, ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਯੂ.ਕੇ., ਖਾਲਸਾ ਦੀਵਾਨ ਹਾਂਗਕਾਂਗ, ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਅਤੇ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਵਰਗੀਆਂ ਕਈ ਸੰਸਥਾਵਾਂ ਨੇ ਮਾਨਤਾ ਦਿੱਤੀ ਹੈ। ਉਸ ਦੀ ਜੀਵਨ ਕਹਾਣੀ ਸਾਧਾਰਨ ਬੰਦੇ ਦੀ ਅਸਾਧਾਰਨ ਕਥਾ ਹੈ। ਉਸ ਦੀਆਂ ਲਿਖਤਾਂ ਵਿਚ ਸਾਹਿਤਕ ਰਸ ਵੀ ਹੈ। ਸਾਰਥਿਕ ਸੇਧ ਵੀ ਹੈ ਅਤੇ ਵਿਸ਼ੇ ਨਿੱਜੀ ਜੀਵਨ ਤੋਂ ਲੈ ਕੇ ਵਿਸ਼ਵ ਵਿਆਪੀ ਸਮੱਸਿਆਵਾਂ ਤੱਕ ਫੈਲੇ ਹੋਏ ਹਨ। 'ਸਿੱਖ ਸਮਾਚਾਰ' ਨਾਂਅ ਦਾ ਆਸਟਰੇਲੀਆ ਦਾ ਪਹਿਲਾ ਪੰਜਾਬੀ ਅਖ਼ਬਾਰ ਕੱਢ ਕੇ ਉਸ ਨੇ ਧਰਤੀ ਦੇ ਦੱਖਣੀ ਅਰਧ ਗੋਲੇ ਉੱਪਰ ਪੰਜਾਬੀ ਮੀਡੀਏ ਦਾ ਪਹੁ-ਫੁਟਾਲਾ ਕੀਤਾ। ਕਈ ਸਦੀਆਂ ਦਾ ਇਤਿਹਾਸ ਆਪਣੀ ਯਾਦ ਵਿਚ ਸਾਂਭੀ ਬੈਠਾ ਇਹ ਅਨਮੋਲ ਹੀਰਾ ਮਾਣ ਕਰਨਯੋਗ ਹੈ। ਪੁਸਤਕ ਦੇ ਅਖੀਰ ਵਿਚ ਹਰਮਨ ਰੇਡੀਓ ਆਸਟਰੇਲੀਆ ਦੇ ਐਂਕਰ ਅਮਨਦੀਪ ਸਿੰਘ ਸਿੱਧੂ ਨਾਲ ਗਿਆਨੀ ਜੀ ਦੀ ਇੰਟਰਵਿਊ ਵੀ ਪੇਸ਼ ਕੀਤੀ ਗਈ ਹੈ। ਇਸ ਪੁਸਤਕ ਦਾ ਭਰਪੂਰ ਸਵਾਗਤ ਹੈ।


ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.ਨਕਸ਼-ਨੁਹਾਰ

(ਯਾਦਾਂ ਦੀ ਪਟਾਰੀ)
ਲੇਖਕ : ਗੁਰਦਿਆਲ ਦਲਾਲ
ਪ੍ਰਕਾਸ਼ਕ : ਪਬਲਿਸ਼ਰਜ਼, ਦਿੱਲੀ
ਮੁੱਲ : 225 ਰੁਪਏ, ਸਫ਼ੇ : 120
ਸੰਪਰਕ : 98141-85363.


ਗੁਰਦਿਆਲ ਦਲਾਲ ਇਕ ਸਥਾਪਤ ਲੇਖਕ ਹੈ। ਸਾਹਿਤ ਦੇ ਕਈ ਰੂਪਾਂ ਉੱਪਰ ਉਸ ਨੇ ਕਲਮ ਅਜ਼ਮਾਈ ਹੈ। ਇਸ ਪੁਸਤਕ ਰਾਹੀਂ ਜੀਵਨ-ਯਾਦਾਂ ਉੱਪਰ ਨਿੱਕੇ-ਨਿੱਕੇ 16 ਦੇ ਕਰੀਬ ਲੇਖ ਕਥਾ ਵੰਨਗੀ ਰਾਹੀਂ ਪੇਸ਼ ਕੀਤੇ ਹਨ। ਇਹ ਸਵੈ-ਜੀਵਨੀ ਮੂਲਕ ਲੇਖ ਕਿਤੇ-ਕਿਤੇ ਕਹਾਣੀ ਦਾ ਭੁਲੇਖਾ ਪਾਉਂਦੇ ਹਨ। ਲੇਖਕ ਕਿਉਂਕਿ ਕਥਾਕਾਰ ਵੀ ਹੈ, ਉਸ ਕੋਲ ਕਹਾਣੀ ਬਣਾਉਣ ਦੀ ਵਿਧੀ ਹੈ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਹੋਰ ਸਾਂਝ ਦੇ ਲੋਕਾਂ ਨਾਲ ਹੋਈਆਂ ਬੀਤੀਆਂ ਨੂੰ ਗਲਪ ਦੀ ਵਿਧੀ ਰਾਹੀਂ ਬਿਆਨ ਕੀਤਾ ਹੈ। ਇਹ ਪਾਤਰ ਆਪਣੇ ਕਾਰਜਾਂ ਪ੍ਰਤੀ ਬੜੀ ਇਮਾਨਦਾਰੀ ਨਾਲ ਵਿਚਰਦੇ ਹਨ। ਇਨ੍ਹਾਂ ਲੇਖਾਂ ਵਿਚਲਾ ਪਾਤਰ 'ਮਾਮਾ' ਸਖ਼ਤ ਸੁਭਾਅ ਦਾ ਹੋਣ ਕਰਕੇ ਮਿਹਨਤੀ ਅਤੇ ਅਸੂਲਾਂ ਉੱਪਰ ਪਹਿਰਾ ਦੇਣ ਵਾਲਾ ਹੈ। ਇਹ ਯਾਦਾਂ ਦਿਲਚਸਪ ਅਤੇ ਰੌਚਿਕ ਹਨ। ਬੜੀ ਸਰਲ ਤੇ ਸਾਦੀ ਭਾਸ਼ਾ ਰਾਹੀਂ ਪ੍ਰਗਟਾਵਾ ਕੀਤਾ ਗਿਆ ਹੈ। ਲੇਖਕ ਘਟਨਾ ਨੂੰ ਬਿਆਨ ਕਰਨ ਸਮੇਂ ਕੁਝ ਵੀ ਲੁਕਾਉਂਦਾ ਨਹੀਂ ਸਗੋਂ ਬੜੀ ਸਾਫ਼ਗੋਈ ਨਾਲ ਹੋਈ-ਬੀਤੀ ਘਟਨਾ ਨੂੰ ਪ੍ਰਗਟਾਅ ਦਿੰਦਾ ਹੈ। ਉਹ ਆਪਣੇ ਜੀਵਨ, ਰਹਿਣੀ-ਬਹਿਣੀ ਅਤੇ ਮਾਹੌਲ ਨੂੰ ਸਿਰਜਦਾ ਹੈ। ਘਟਨਾ ਨੂੰ ਪੇਸ਼ ਕਰਨ ਦੀ ਵਿਧੀ ਦੀ ਸਫਲ ਵਰਤੋਂ ਕਰਦਾ ਹੈ। ਕਿਸੇ ਪ੍ਰਕਾਰ ਦੀ ਕੋਈ ਬਨਾਵਟ ਇਨ੍ਹਾਂ ਰਚਨਾਵਾਂ ਵਿਚ ਨਹੀਂ ਹੈ। ਲੇਖਕ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਜੀਵਨ-ਯਾਦਾਂ ਨੂੰ ਵਿਸਥਾਰ ਤੇ ਵਿਧੀਗਤ ਢੰਗ ਨਾਲ ਲਿਖੇ। ਜੀਵਨ ਦੇ ਮੁਢਲੇ ਦੌਰ ਵਿਚ ਪੇਸ਼ ਮੁਸ਼ਕਿਲਾਂ ਹੀ ਮਨੁੱਖ ਦੀ ਸ਼ਖ਼ਸੀਅਤ ਦੀ ਉਸਾਰੀ ਕਰਦੀਆਂ ਹਨ। ਪਾਠਕ ਇਸ ਪੁਸਤਕ ਨੂੰ ਪਸੰਦ ਕਰਨਗੇ।


ਂਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.ਦੋ ਗੀਤ ਸੰਗ੍ਰਹਿ
ਕਵੀ : ਸੁਰਜੀਤ ਜੱਜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਸੰਪਰਕ : 94173-04446.


'ਘਰੀਂ ਮੁੜਦੀਆਂ ਪੈੜਾਂ' (ਪੰਨੇ 120, ਮੁੱਲ 125 ਰੁਪਏ) ਪੰਜਾਬੀ ਦੇ ਪ੍ਰਬੁੱਧ ਅਤੇ ਸੰਵੇਦਨਸ਼ੀਲ ਪ੍ਰਗੀਤਕਾਰ ਸ੍ਰੀ ਸੁਰਜੀਤ ਜੱਜ ਦਾ ਸੱਜਰਾ ਪ੍ਰਕਾਸ਼ਿਤ ਗੀਤ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀ ਭੂਮਿਕਾ ਵਿਚ ਕਵੀ ਬੜੀ ਦ੍ਰਿੜ੍ਹਤਾਪੂਰਬਕ ਇਸ ਤੱਥ ਨੂੰ ਸਵੀਕਾਰ ਕਰਦਾ ਹੈ ਕਿ ਸ਼ਾਇਰੀ ਉਸ ਲਈ ਜ਼ਿੰਦਗੀ ਦਾ ਦੂਜਾ ਨਾਂਅ ਹੈ। ਆਪਣੇ ਗੀਤਾਂ ਦੇ ਮਿਜਾਜ਼ ਦਾ ਤਆਰੁਫ਼ ਕਰਵਾਉਂਦਾ ਹੋਇਆ ਉਹ ਇਹ ਲਿਖਣ ਤੋਂ ਝਿਜਕਦਾ ਨਹੀਂ ਕਿ ਉਹ ਸਾਮਿਅਕ ਘਟਨਾ-ਚੱਕਰ ਦੀ ਸਪਾਟ ਬਿਆਨੀ, ਇਸ ਸਬੰਧੀ ਵਕਤੀ ਪ੍ਰਤੀਕਰਮ ਤੇ ਰੁਦਨਮਈ ਸੁਰਾਂ ਅਲਾਪਣ ਦੀ ਥਾਂ, ਘਟਨਾ-ਚੱਕਰ ਦੀਆਂ ਪਰਤਾਂ ਹੇਠ ਕਾਰਜਸ਼ੀਲ ਸ਼ਕਤੀਆਂ ਤੇ ਸੰਤਾਪ-ਗ੍ਰਸਤ ਧਿਰ ਦੇ ਇੱਟ-ਖੜਿੱਕੇ ਨੂੰ ਜ਼ਿੰਦਗੀ ਦੇ ਸਦੀਵੀ ਵਿਰੋਧਾਂ ਦੇ ਸੰਦਰਭ ਵਿਚ ਗ੍ਰਹਿਣ ਕਰਨ ਤੇ ਸਹਿਜ ਰੂਪ ਵਿਚ ਅਭੀਵਿਅਕਤੀ ਪ੍ਰਦਾਨ ਕਰਨ ਦਾ ਯਤਨ ਕਰਦਾ ਹੈ। ਸੁਰਜੀਤ ਜੱਜ ਆਪਣੀ ਗੀਤਾਂਜਲੀ ਨੂੰ ਉਸ ਪੜਾਅ ਤੋਂ ਸ਼ੁਰੂ ਕਰਦਾ ਹੈ, ਜਿਥੋਂ ਤੱਕ ਤਾਰਾ ਸਿੰਘ ਅਤੇ ਬਾਵਾ ਬਲਵੰਤ ਵਰਗੇ ਸਮਰੱਥ ਕਵੀ ਇਸ ਸਿਨਫ਼ ਨੂੰ ਲੈ ਆਏ ਸਨ। ਉਹ 'ਸਥਾਈ-ਅੰਤਰੇ' ਵਾਲੇ ਉਪਭਾਵੁਕ ਅਤੇ ਮੰਤਵਹੀਣ ਗੀਤਾਂ ਦੀ ਸਿਰਜਣਾ ਨਹੀਂ ਕਰਦਾ ਬਲਕਿ ਉਸ ਦਾ ਹਰ ਗੀਤ ਇਕ ਵਿਚਾਰਧਾਰਕ ਸੰਦਰਭ ਵਿਚੋਂ ਉਪਜਦਾ ਹੈ। ਗੀਤਾਂ ਦੇ ਮਾਧਿਅਮ ਦੁਆਰਾ ਉਹ ਆਪਣੇ ਸਮਕਾਲੀ ਲੋਕਾਂ ਨੂੰ ਕੁਝ 'ਕਰਨ' ਅਤੇ ਕੁਝ 'ਬਦਲਣ' ਦਾ ਸੁਨੇਹਾ ਦਿੰਦਾ ਹੈ। ਕਦੇ ਉਹ ਪੱਛੇ ਹੋਏ ਮੌਸਮਾਂ ਦੇ ਪਿੰਡਿਆਂ ਤੋਂ ਦਾਗ਼ ਲੱਭਦਾ ਹੈ ਅਤੇ ਕਦੇ ਕਾਲਖ਼ਾਂ ਦੇ ਰੂਬਰੂ ਚਿਰਾਗ਼ ਬਾਲਣ ਦਾ ਸੰਦੇਸ਼ ਦਿੰਦਾ ਹੈ। ਖੜੋਤ ਦੇ ਗਿੱਝੇ, ਸਮਝੌਤਾਵਾਦੀ ਸਮਕਾਲੀਆਂ ਦੇ ਸਨਮੁਖ ਆਪਣੇ ਉਦੇਸ਼ ਨੂੰ ਸਪੱਸ਼ਟ ਕਰਦਾ ਹੋਇਆ ਉਹ ਲਿਖਦਾ ਹੈ :
ਮੈਂ ਚਾਹੁੰਦਾ ਹਾਂ ਪੰਛੀ ਦੀ ਪਰਵਾਜ਼ ਬਣਾਂ,
ਜੋ ਰਹੇ ਅਬੋਲੇ, ਬੁੱਲ੍ਹਾਂ ਦੀ ਆਵਾਜ਼ ਬਣਾਂ।
ਮੈਂ ਲੋੜਾਂ ਫੈਲਣ ਖ਼ਾਤਰ ਹਿੱਕ ਸਮੁੰਦਰ ਦੀ,
ਪੈਰੀਂ ਅੜਨ ਕਿਨਾਰੇ ਜਿਹੜੇ ਖੁਰਨ ਦਿਉ।
ਮੈਂ ਚਾਹਵਾਂ ਸਫ਼ਰ ਮੁਕਾਉਣਾ ਮੈਨੂੰ ਤੁਰਨ ਦਿਉ।
(ਮੈਨੂੰ ਤੁਰਨ ਦਿਉ)
ਮੰਜ਼ਿਲ ਵੱਲ ਅੱਗੇ ਵਧੀ ਜਾਣਾ ਉਸ ਦੇ ਇਨ੍ਹਾਂ ਗੀਤਾਂ ਦਾ ਕੇਂਦਰੀ ਪੈਰਾਡਾਈਮ ਹੈ। ਉਹ ਜ਼ਿੰਦਗੀ ਦੇ ਤਾਰੀਕ ਰਾਹਾਂ ਨੂੰ ਵੇਖ ਕੇ ਡੋਲਣ-ਥਿੜਕਣ ਵਾਲਾ ਪ੍ਰਾਣੀ ਨਹੀਂ ਬਲਕਿ ਇਕ ਆਸ਼ਾਵਾਦੀ ਵਿਅਕਤੀ ਹੈ, ਜੋ ਹਰ ਸਮੇਂ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਅੱਜ ਦੇ ਸੋਗੀ, ਨਿਰਾਸ਼ ਅਤੇ ਸੰਤਪਤ ਮਾਹੌਲ ਵਿਚ ਉਸ ਦੁਆਰਾ ਲਿਖੀ ਇਹ ਗੀਤਮਾਲਾ ਯੁਵਾ ਵਰਗ 'ਚ ਜਿਊਣ ਦੀ ਇਕ ਨਵੀਂ ਉਮੰਗ ਪ੍ਰਦਾਨ ਕਰਦੀ ਹੈ।
'ਵਕਤ ਉਡੀਕੇ ਵਾਰਸਾਂ' (ਪੰਨੇ 96, ਮੁੱਲ 125 ਰੁਪਏ) ਕਵੀ ਦਾ ਇਕ ਹੋਰ ਗੀਤ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਸੰਕਲਿਤ ਗੀਤਾਂ ਦਾ ਮਿਜਾਜ਼ ਅਤੇ ਅੰਦਾਜ਼ ਪਹਿਲੇ ਗੀਤ ਸੰਗ੍ਰਹਿ ਨਾਲੋਂ ਕੁਝ ਵੱਖਰਾ ਹੈ। 'ਘਰੀਂ ਮੁੜਦੀਆਂ ਪੈੜਾਂ' ਵਰਗਾ ਮੁਖ਼ਾਤਿਬੀ ਲਹਿਜਾ ਇਸ ਵਿਚ ਘੱਟ ਹੀ ਨਜ਼ਰ ਆਉਂਦਾ ਹੈ। ਇਥੇ ਗੀਤਕਾਰ ਆਪਣੇ ਸਮਕਾਲੀ ਜੀਵਨ ਦੇ ਵਿਭਿੰਨ ਪ੍ਰਸੰਗਾਂ ਅਤੇ ਪ੍ਰਸਥਿਤੀਆਂ ਦੀ ਨਿਸ਼ਾਨਦੇਹੀ ਕਰਨ ਵਿਚ ਵਧੇਰੇ ਰੁਚੀ ਲੈ ਰਿਹਾ ਹੈ। ਦੇਖੋ:
ਮਿੱਟੀ ਦਾ ਕੀ ਕਰਜ਼ ਮੇਰੇ ਸਿਰ
ਇਕ ਇਕ ਹਾਸਲ ਜੋੜਨ ਦੇ।
ਮੈਨੂੰ ਭੋਰਾ ਭੋਰਾ ਮੋੜਨ ਦੇ।
(ਪੰਨਾ 72)
ਇਸ ਗੀਤ ਸੰਗ੍ਰਹਿ ਵਿਚ ਕਵੀ ਦਾ ਅੰਦਾਜ਼ ਵਧੇਰੇ ਧੀਮਾ ਅਤੇ ਸਹਿਜ ਹੈ। ਉਹ ਆਪਣੇ ਸਮਕਾਲੀ ਸਮਾਜ ਨਾਲ ਸੰਵਾਦ ਵੀ ਰਚਾਉਂਦਾ ਹੈ ਪਰ ਵਧੇਰੇ ਕਰਕੇ ਉਹ ਆਪਣੇ ਸਵੈ ਨਾਲ ਗੁਫ਼ਤਗੂ ਕਰਦਾ ਹੈ। ਉਹ ਪਰੰਪਰਾ ਨੂੰ ਹੋਰ ਵਿਸਤਾਰਨ-ਨਿਖਾਰਨ ਦਾ ਪ੍ਰਯਤਨ ਕਰ ਰਿਹਾ ਹੈ। ਇਸੇ ਕਾਰਨ ਉਸ ਦੇ ਗੀਤਾਂ ਦੀ ਸ਼ਬਦਾਵਲੀ ਉੱਪਰ ਪੰਜਾਬੀ ਸੱਭਿਆਚਾਰ ਦੀ ਛਾਪ ਲੱਗੀ ਨਜ਼ਰ ਆਉਂਦੀ ਹੈ। ਦੇਖੋ : ਬੰਜਰ ਨੈਣੀਂ ਕਿੰਝ ਤੇਰੀਆਂ ਯਾਦਾਂ ਰਹਿਣਗੀਆਂ। ਸੁੱਕੀਆਂ ਝੀਲਾਂ ਵਿਚ ਨਹੀਂ ਮੁਰਗਾਬੀਆਂ ਬਹਿਣਗੀਆਂ। (ਪੰਨਾ 59)
ਸੁਰਜੀਤ ਜੱਜ ਦੇ ਦੋਵੇਂ ਕਾਵਿ ਸੰਗ੍ਰਹਿ ਆਧੁਨਿਕ ਪੰਜਾਬੀ ਪ੍ਰਗੀਤ ਕਾਵਿ ਦਾ ਇਕ ਹਾਸਲ ਹਨ। ਜਥੇਬੰਦਕ ਕਾਰਜਾਂ ਨੂੰ ਸਰੰਜਾਮ ਦਿੰਦਾ ਹੋਇਆ ਅਤੇ ਆਪਣੀਆਂ ਅਕਾਦਮਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆ ਉਹ ਕਿਵੇਂ ਪ੍ਰਗੀਤ (ਗੀਤ, ਗ਼ਜ਼ਲ) ਰਚ ਲੈਂਦਾ ਹੈ, ਹੈਰਾਨੀ ਹੁੰਦੀ ਹੈ। ਉਸ ਪਾਸ ਇਕ ਬਹੁਤ ਹੀ ਸੰਵੇਦਨਸ਼ੀਲ ਦਿਲ ਹੈ। ਮੇਰੀ ਦੁਆ ਹੈ ਕਿ ਇਹ ਇੰਜ ਹੀ ਬਣਿਆ ਰਹੇ; ਜ਼ਮਾਨੇ ਦੀਆਂ ਬੇਰਹਿਮ ਠੋਕਰਾਂ ਨਾਲ ਟਕਰਾ ਕੇ ਕਿਤੇ ਇਸ ਵਿਚ ਤ੍ਰੇੜ ਨਾ ਪੈ ਜਾਵੇ!


ਂਬ੍ਰਹਮਜਗਦੀਸ਼ ਸਿੰਘ
ਮੋ: 98760-52136ਮਾਂ ਚਲੀ ਗਈ
ਲੇਖਿਕਾ : ਦੇਵਿੰਦਰ ਮਹਿੰਦਰੂ
ਪ੍ਰਕਾਸ਼ਕ : ਕੁੰਭ ਪਬਲੀਕੇਸ਼ਨਜ਼, ਜੀਰਕਪੁਰ
ਮੁੱਲ : 180 ਰੁਪਏ, ਸਫ਼ੇ : 120
ਸੰਪਰਕ : 98555-91762.


'ਮਾਂ ਚਲੀ ਗਈ' ਬੇਸ਼ੱਕ ਕਵਿੱਤਰੀ ਦੇਵਿੰਦਰ ਮਹਿੰਦਰੂ ਦਾ ਪਹਿਲਾ ਕਾਵਿ ਸੰਗ੍ਰਹਿ ਹੈ ਪਰ ਕਵਿਤਾ ਦੀ ਪਰਪੱਕਤਾ ਦੱਸਦੀ ਹੈ ਕਿ ਕਵਿਤਾ ਉਨ੍ਹਾਂ ਲਈ ਨਵੀਂ ਨਹੀਂ ਸਗੋਂ ਉਸ ਨੇ ਲਗਾਤਾਰ ਕਵਿਤਾ ਹੰਢਾਈ ਹੈ। ਨਜ਼ਮ ਦੀ ਇਹ ਸਿਨਫ਼ ਮਨੁੱਖੀ ਸੰਵੇਦਨਾ ਨਾਲ ਜੁੜੀ ਹੋਈ ਹੈ। ਆਮ ਸਮਾਜ ਵਿਚੋਂ ਸੰਵੇਦਨਾ ਖ਼ਤਮ ਹੋ ਰਹੀ ਹੈ ਪਰ ਕਵਿੱਤਰੀ ਦਾ ਸੰਵੇਦਨਸ਼ੀਲ ਮਨ ਸੂਖਮ ਅਤੇ ਸਹਿਜ ਵਰਤਾਰਿਆਂ ਨੂੰ ਆਪਣੇ ਅਹਿਸਾਸਾਂ ਦੀ ਛੋਹ ਦਿੰਦਾ ਹੈ।
ਫ਼ਾਸਲੇ ਪਾਰ ਕਰਨ 'ਤੇ ਘਟਨਾਵਾਂ ਦੇ
ਪਾਰ ਕਰਨ 'ਚ ਫ਼ਰਕ ਹੁੰਦਾ ਹੈ।
ਕਈ ਵਾਰ ਫ਼ਾਸਲੇ ਪਾਰ ਕਰਦਾ ਕਰਦਾ ਆਦਮੀ
ਇਕ ਘਟਨਾ ਨੂੰ ਪਾਰ ਨਹੀਂ ਕਰ ਸਕਦਾ (ਇਕ ਹਾਦਸਾ)।
'ਕੀਮਤ' ਕਵਿਤਾ 'ਚ ਕਵਿੱਤਰੀ ਦੱਸਦੀ ਹੈ ਕਿ ਅੱਜ ਦੇ ਆਧੁਨਿਕ ਸਮਾਜ ਵਿਚ ਸਮਾਜਿਕ ਕਦਰਾਂ-ਕੀਮਤਾਂ ਅਤੇ ਸਦਾਚਾਰਕਤਾ ਅੰਨ੍ਹੇ ਲੋਭ ਅਤੇ ਹਵਸ ਅੱਗੇ ਬੇਮਾਅਨੇ ਹੋ ਗਏ ਹਨ।
'ਅੱਜ ਸ਼ਾਮ ਮੇਰੀ ਕੋਠੀ
ਤਸਰੀਫ਼ ਲਿਆਉਣਾ
ਤੇ ਕੱਲ੍ਹ ਨੂੰ
'ਅਪੁਆਇੰਟਮੈਂਟ ਲੈਟਰ'
ਤੁਹਾਡੇ ਕੋਲ ਹੋਵੇਗਾ।'
ਦੇਵਿੰਦਰ ਮਹਿੰਦਰੂ ਦੀ ਕਾਵਿ ਜੁਗਤ ਦੀ ਖੂਬਸੂਰਤੀ ਹੈ ਕਿ ਕਵਿਤਾ ਰਚਨਾ ਸਮੇਂ ਉਹ ਖ਼ੁਦ ਗ਼ੈਰ-ਹਾਜ਼ਰ ਹੁੰਦੀ ਹੈ। ਸੰਬੋਧਨੀ ਸੁਰ ਜਾਂ ਬਿਆਨੀਆਂ ਲਹਿਜੇ 'ਚ ਉਹ ਵਾਪਰੀ-ਅਣਵਾਪਰੀ ਘਟਨਾ ਜਾਂ ਵਰਤਾਰੇ ਦੁਆਲੇ ਬਹੁਤ ਉਮਦਾ ਕਵਿਤਾ ਦੀ ਰਚਨਾ ਕਰਦੀ ਹੈ। ਹਥਲੀ ਪੁਸਤਕ ਵਿਚ ਜਿਸ ਤਰ੍ਹਾਂ ਦੀ ਪ੍ਰੋੜ੍ਹਤਾ ਨਜ਼ਰ ਆਉਂਦੀ ਹੈ, ਪਹਿਲੀ ਪੁਸਤਕ ਵਿਚ ਅਕਸਰ ਬਹੁਤ ਘੱਟ ਕਵੀਆਂ 'ਚ ਇਹ ਗੁਣ ਵੇਖਣ ਨੂੰ ਮਿਲਦਾ ਹੈ।


ਂਜਤਿੰਦਰ ਸਿੰਘ ਔਲਖ
ਮੋ: 98155-34653.


ਸੱਸੀ ਹਾਸ਼ਮ
'ਬਿਰਹਾ ਚਿਤਰਨ'
ਲੇਖਕ : ਭੂਪਿੰਦਰ ਸ਼ਾਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 98142-53605.


ਇਸ ਖੋਜ ਪੁਸਤਕ ਵਿਚ ਸੱਸੀ ਹਾਸ਼ਮ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਲੇਖਕ ਨੇ ਇਸ ਉੱਪਰ ਵਿਭਿੰਨ ਪਹਿਲੂਆਂ ਤੋਂ ਦਸ ਕਾਂਡਾਂ ਵਿਚ ਵਿਚਾਰ-ਚਰਚਾ ਕੀਤੀ ਹੈ ਜਿਵੇਂ ਕਿ ਹਾਸ਼ਮ ਦਾ ਜੀਵਨ ਤੇ ਰਚਨਾ, ਸੱਸੀ-ਪੁੰਨੂੰ ਕਥਾ ਦਾ ਪਿਛੋਕੜ, ਦੁਖਾਂਤ ਦਾ ਸਰੂਪ, ਕਿੱਸਾ-ਕਾਵਿ ਪਰੰਪਰਾ ਵਿਚ ਸੱਸੀ ਹਾਸ਼ਮ ਦਾ ਸਥਾਨ, ਕਾਵਿ-ਕਲਾ ਦੀਆਂ ਵਿਸ਼ੇਸ਼ਤਾਵਾਂ, ਕਿੱਸੇ ਵਿਚ ਯੁੱਗ ਚਿਤਰਨ, ਇਸ਼ਕ ਦਾ ਸਰੂਪ, ਲੋਕ-ਗੀਤਾਂ ਵਿਚ ਸੱਸੀ-ਪੁੰਨੂੰ ਆਦਿ ਪਰ ਇਸ ਕਿੱਸੇ ਵਿਚ ਨਿਰੂਪਤ ਬਿਰਹਾ ਚਿਤਰਨ ਦਾ ਬੜੀ ਡੂੰਘਾਈ ਵਿਚ ਵਿਸ਼ਲੇਸ਼ਣ ਕੀਤਾ ਹੈ। ਦੁਨਿਆਵੀ ਕਵੀਆਂ, ਕਿੱਸਾ ਕਵੀਆਂ, ਸੂਫ਼ੀ ਕਵੀਆਂ, ਗੁਰਮਤਿ ਕਾਵਿ ਅਤੇ ਰੋਮਾਂਟਿਕ ਕਵੀਆਂ ਦੀਆਂ ਟੂਕਾਂ/ਕਾਵਿ ਟੁਕੜੀਆਂ ਦੇ ਕੇ ਇਹ ਲੋਕ ਤੋਂ ਪਰਲੋਕ ਤੱਕ ਬਿਰਹਾ ਨੂੰ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਵਿਚ ਰੂਪਾਂਤਰਿਤ ਹੁੰਦਿਆਂ ਵਿਖਾਉਣਾ ਲੇਖਕ ਦੀ ਅਧਿਐਨ ਜੁਗਤ ਹੈ। ਸਿਧਾਂਤਕ ਦ੍ਰਿਸ਼ਟੀ ਤੋਂ ਬਿਰਹਾ ਨੂੰ ਸ਼ਿੰਗਾਰ ਰਸ ਦਾ ਵਾਹਨ ਪ੍ਰਸਤੁਤ ਕੀਤਾ ਗਿਆ ਹੈ। ਹਾਸ਼ਮ ਵੱਲੋਂ ਇਸ ਕਿੱਸੇ ਵਿਚ ਬਿਰਹਾ ਨੂੰ ਪ੍ਰਮੁੱਖ ਸਥਾਨ ਦੇਣ ਦੇ ਕਾਰਨਾਂ ਵਿਚ ਕਵੀ ਦਾ ਸੂਫ਼ੀ ਝੁਕਾਅ, ਖ਼ੁਦ ਅਸਫਲ ਪ੍ਰੇਮੀ ਹੋਣਾ ਅਤੇ ਉਸ ਉੱਪਰ ਆਦਰਸ਼ ਪ੍ਰੇਮ ਦਾ ਹਾਵੀ ਹੋਣਾ ਆਦਿ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਵਿਯੋਗ-ਸ਼ਿੰਗਾਰ ਦੇ ਵਿਭਿੰਨ ਚਾਰ ਰੂਪਾਂ (ਪੂਰਵ ਅਨੁਰਾਗ, ਮਾਨ, ਪ੍ਰਵਾਸ ਅਤੇ ਕਰੁਣਾ ਵਿਪ੍ਰਲੰਬ) ਵਿਚੋਂ 'ਮਾਨ' ਨੂੰ ਛੱਡ ਕੇ (ਜਿਸ ਵਿਚ ਪ੍ਰੇਮੀਆਂ ਵਿਚਕਾਰ ਸ਼ੰਕਾ ਅਤੇ ਨਾਰਾਜ਼ਗੀ ਰਹਿੰਦੀ ਹੈ) ਬਾਕੀ ਤਿੰਨਾਂ ਭੇਦਾਂ ਦੀ ਸੱਸੀ ਹਾਸ਼ਮ ਵਿਚ ਅਭੀਵਿਅਕਤੀ ਹੋਣੀ ਦਰਸਾਈ ਗਈ ਹੈ। ਲੇਖਕ ਅਨੁਸਾਰ ਹਾਸ਼ਮ ਦੀ ਬਿਰਹਾ ਅਭਿਵਿਅਕਤੀ ਹੋਰਨਾਂ ਕਿੱਸਾ ਕਵੀਆਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੈ। ਕਿੱਸਾਕਾਰੀ, ਮੂਰਤੀਕਾਰੀ ਅਤੇ ਨਾਟਕਕਾਰੀ ਵਜੋਂ ਇਹ ਕਿਰਤ ਲਾਸਾਨੀ ਹੈ। ਸੰਖੇਪ ਇਹ ਕਿ ਇਸ਼ਕ ਦੀ ਪ੍ਰਚੰਡਤਾ ਅਤੇ ਗਤੀਸ਼ੀਲਤਾ ਲਈ ਬਿਰਹਾ ਦੀ ਅਗਨੀ ਦਾ ਸੇਕ ਸੱਸੀ-ਹਾਸ਼ਮ ਦਾ ਕੇਂਦਰੀ ਸਰੋਕਾਰ ਹੋ ਨਿੱਬੜਿਆ ਹੈ।


ਂਡਾ: ਧਰਮ ਚੰਦ ਵਾਤਿਸ਼
ਮੋ: 98144-46007.ਮੇਰਾ ਆਸਟਰੇਲੀਆ ਸਫ਼ਰਨਾਮਾ
ਲੇਖਕ : ਯਸ਼ਪਾਲ ਗੁਲਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 215
ਸੰਪਰਕ : 98726-48140.


ਆਮ ਯਾਤਰੀਆਂ ਵਾਂਗ ਲੇਖਕ ਇਸ ਸਫ਼ਰਨਾਮੇ ਵਿਚ ਪਾਠਕਾਂ ਨੂੰ ਆਸਟਰੇਲੀਆ ਦੇ ਇਤਿਹਾਸ ਅਤੇ ਜੁਗਰਾਫੀਏ ਦੀ ਜਾਣਕਾਰੀ ਦਿੰਦਾ ਹੈ। ਉਸ ਦੀ ਨਜ਼ਰ ਪ੍ਰਸੰਨਾਮਈ ਹੈ। ਉਹ ਇਥੋਂ ਦੇ ਲੋਕਾਂ ਦੀ ਨਸਾਫ਼ਤ ਅਤੇ ਸਫ਼ਾਈ ਦੀ ਤਾਰੀਫ਼ ਕਰਦਾ ਹੈ। ਲੋਕਾਂ ਦਾ ਜੀਵਨ ਪੱਧਰ ਉੱਚਾ ਤੇ ਸੌਖਾ ਹੈ। ਇਥੋਂ ਦੀਆਂ ਰੇਲਾਂ, ਸੜਕਾਂ, ਆਵਾਜਾਈ, ਕਾਨੂੰਨ, ਧਾਰਮਿਕ ਥਾਵਾਂ, ਪਾਰਕ, ਖੇਤੀ ਫਾਰਮ, ਟਰਾਮਾਂ ਬੱਸਾਂ ਆਦਿ ਦੇ ਵੇਰਵੇ ਇਸ ਸਫ਼ਰਨਾਮੇ ਵਿਚ ਦਰਜ ਕੀਤੇ ਗਏ ਹਨ। ਇਥੇ ਕੋਈ ਮੰਗਤੇ ਨਹੀਂ ਹਨ, ਕੋਈ ਉੱਚੀ ਹਾਰਨ ਨਹੀਂ ਮਾਰਦਾ, ਪੁਲਿਸ ਰਿਸ਼ਵਤ ਨਹੀਂ ਲੈਂਦੀ, ਸਗੋਂ ਨਾਗਰਿਕਾਂ ਦੀ ਹਰ ਤਰ੍ਹਾਂ ਸਹਾਇਤਾ ਕਰਦੀ ਦਿਖਾਈ ਪੈਂਦੀ ਹੈ। ਦਫ਼ਤਰਾਂ ਵਿਚ ਕੋਈ ਰਿਸ਼ਵਤਖੋਰੀ ਨਹੀਂ, ਧੂੜ, ਪ੍ਰਦੂਸ਼ਣ, ਮਿੱਟੀ-ਘੱਟੇ ਦਾ ਨਾਮੋ-ਨਿਸ਼ਾਨ ਨਹੀਂ ਹੈ। ਕਰਮਚਾਰੀਆਂ ਦਾ ਵਿਹਾਰ ਮਿਲਾਪੜਾ ਹੈ, ਪਸ਼ੂ ਪੰਛੀਆਂ ਪ੍ਰਤੀ ਕੋਈ ਕਰੂਰਤਾ ਨਹੀਂ। ਕਾਨੂੰਨ ਸਖ਼ਤ ਹਨ। ਪਰ ਬੇਲੋੜੀਆਂ ਕਾਨੂੰਨੀ ਅੜਚਨਾਂ ਬਿਲਕੁਲ ਨਹੀਂ ਹਨ। ਮੌਸਮ ਖੁਸ਼ਗਵਾਰ ਹੈ। ਜਿਊਣ ਦਾ ਇਕ ਸਲੀਕਾ ਹੈ ਲੋਕਾਂ ਨੂੰ। ਸਾਡੇ ਪੰਜਾਬੀ ਬਹੁਤ ਮਿਹਨਤ ਕਰਦੇ ਹਨ। ਵਿਦਿਆਰਥੀ ਸਟੂਡੈਂਟ ਵੀਜ਼ੇ 'ਤੇ ਉਥੇ ਜਾ ਕੇ ਆਪਣੇ ਭਵਿੱਖ ਲਈ ਆਸਵੰਦ ਹਨ। ਪਸ਼ੂ-ਪੰਛੀਆਂ ਪ੍ਰਤੀ ਰਹਿਮਦਿਲੀ ਥਾਂ ਪੁਰ ਥਾਂ ਨਜ਼ਰ ਆਉਂਦੀ ਹੈ। ਉਹ ਇਥੋਂ ਦੀਆਂ ਪ੍ਰਸਿੱਧ ਦੇਖਣ ਯੋਗ ਥਾਵਾਂ ਦੇ ਵੇਰਵੇ ਵੀ ਆਪਣੀ ਇਸ ਪੁਸਤਕ ਵਿਚ ਦਿੰਦਾ ਹੈ। ਲੇਖਕ ਨੂੰ ਆਸਟਰੇਲੀਆ ਆਪਣੇ ਗੁਣਾਂ ਤੇ ਆਬੋ-ਹਵਾ ਤੇ ਸਲੀਕੇ ਕਾਰਨ ਧਰਤੀ 'ਤੇ ਸਵਰਗ ਵਾਂਗ ਦਿਸਦਾ ਹੈ। ਉਹ ਇਸ ਦੀ ਸੁੰਦਰਤਾ ਦੇਖ ਅਸ਼-ਅਸ਼ ਕਰ ਉੱਠਿਆ ਹੈ। ਸਾਦ-ਮੁਰਾਦੀ ਭਾਸ਼ਾ ਤੇ ਸਾਫ਼ਗੋਈ ਇਸ ਸਫ਼ਨਰਾਮੇ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹਨ। ਇਹ ਸਫ਼ਰਨਾਮਾ ਲਿਖ ਕੇ ਪੱਤਰਕਾਰ ਯਸ਼ ਗੁਲਾਟੀ ਸਾਹਿਤਕਾਰਾਂ ਦੀ ਪਾਲ ਵਿਚ ਸਹਿਜੇ ਹੀ ਆ ਖਲ੍ਹੋਤਾ ਹੈ।


ਂਕੇ. ਐਲ. ਗਰਗ
ਮੋ: 94635-37050ਡਾ: ਕੁਲਦੀਪ ਸਿੰਘ ਦੀਪ ਦੀਆਂ ਚਾਰ ਨਾਟ ਪੁਸਤਕਾਂ
ਪ੍ਰਕਾਸ਼ਨ : ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ
ਸੰਪਰਕ : 98552-55956.


ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਨਿਰੰਤਰ ਕਾਰਜਸ਼ੀਲ ਕੁਲਦੀਪ ਸਿੰਘ ਦੀਪ ਚੌਥੀ ਪੀੜ੍ਹੀ ਦਾ ਸਫਲ ਨਾਟਕਕਾਰ ਹੈ, ਜਿਸ ਦੀਆਂ ਨਾਟ ਕ੍ਰਿਤਾਂ ਲੋਕ ਮਨਾਂ 'ਤੇ ਛਾਪ ਛੱਡਦੀਆਂ ਹਨ। ਲੰਘੇ ਸਾਲ ਦੀਪ ਨੇ ਨਾਟਕ ਦੀਆਂ ਚਾਰ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।
'ਖੁਦਕੁਸ਼ੀ ਦੇ ਮੋੜ 'ਤੇ' (ਮੁੱਲ : 100 ਰੁਪਏ, ਸਫ਼ੇ : 80) ਮਿੱਟੀ ਨਾਲ ਮਿੱਟੀ ਹੁੰਦੇ ਮਿਹਨਤਕਸ਼ਾਂ ਦੀ ਮਿਹਨਤ, ਕਮਾਈ, ਸਮਾਜਿਕ ਰੁਤਬੇ ਨਾਲ ਸਰਕਾਰੀ ਫ਼ੈਸਲੇ, ਨੀਤੀਆਂ ਅਤੇ ਸਮਾਜਿਕ ਵਰਤਾਰੇ ਦੀ ਟੱਕਰ ਦਾ ਨਾਟਕ ਹੈ। ਨਾਟਕਕਾਰ ਦਾ ਮੰਨਣਾ ਹੈ ਕਿ ਇਹ ਨਾਟਕ ਉਸ ਦੀ ਜ਼ਿੰਦਗੀ ਦਾ ਉਹ ਹਿੱਸਾ ਹੈ ਜੋ ਉਸ ਨੇ ਆਪਣੇ ਤਨ ਮਨ 'ਤੇ ਹੰਢਾਇਆ ਜਾਂ ਆਲੇ-ਦੁਆਲੇ ਵਿਚ ਵਾਪਰਦੇ ਵੇਖਿਆ।
'ਭੁੱਬਲ ਦੀ ਅੱਗ' (ਮੁੱਲ : 100 ਰੁਪਏ, ਸਫ਼ੇ : 100) ਨਾਟਕ ਸਮਾਜਿਕ ਅਤੇ ਆਰਥਿਕ ਵਰਤਾਰੇ ਰਾਹੀਂ ਕਿਰਤੀ ਵਰਗ ਦੇ ਮਸਲਿਆਂ ਦੀ ਨਿਸ਼ਾਨਦੇਹੀ ਕਰਦਾ ਹੋਇਆ ਇਕ ਜਮਾਤ ਦੇ ਮਸਲੇ ਉਜਾਗਰ ਕਰਦਾ ਹੈ। ਸਮਾਜਿਕ ਸਰੋਕਾਰਾਂ ਅਤੇ ਹੋ ਰਹੀ ਲੁੱਟ-ਖਸੁੱਟ ਦੇ ਸੰਦਰਭ ਵਿਚ ਇਹ ਨਾਟਕ ਇਕੋ ਜਾਤ ਦੇ ਆਪਸੀ ਟਕਰਾਅ ਜਾਂ ਫ਼ਰਕ ਨੂੰ ਵੀ ਉਜਾਗਰ ਕਰਦਾ ਹੈ ਅਤੇ ਵੱਖ-ਵੱਖ ਜਾਤਾਂ ਦੇ ਸਾਂਝੇ ਦੁੱਖਾਂ-ਤਕਲੀਫ਼ਾਂ ਅਤੇ ਲੋੜਾਂ ਦੇ ਆਧਾਰ 'ਤੇ ਇਕ ਜਮਾਤ ਵੀ ਸਿਰਜਦਾ ਹੈ।
ਅਜੋਕੇ ਦੌਰ ਵਿਚ ਬਦਲ ਰਹੀਆਂ ਪਰਿਵਾਰਕ ਕਦਰਾਂ-ਕੀਮਤਾਂ ਦੇ ਭਿਆਨਕ ਅਤੇ ਮਨੁੱਖੀ-ਮਨ ਦੇ ਵਿਰੋਧੀ ਨਤੀਜਿਆਂ ਨੂੰ ਦਰਸਾਉਂਦਾ ਹੈ ਕੁਲਦੀਪ ਦੀਪ ਦੀ ਤੀਸਰੀ ਪੁਸਤਕ ਦਾ ਨਾਟਕ 'ਤੂੰ ਮੇਰਾ ਕੀ ਲੱਗਦੈਂ' (ਮੁੱਲ : 100 ਰੁਪਏ, ਸਫ਼ੇ : 76) । ਨਾਟਕਕਾਰ ਦਾ ਮੰਨਣਾ ਹੈ ਕਿ ਸੰਯੁਕਤ ਪਰਿਵਾਰਾਂ ਦੇ ਮਿਲਵਰਤਣ ਤੋਂ ਨਿੱਜੀ ਰਹਿਣ-ਸਹਿਣ ਵਿਚ ਤਬਦੀਲ ਹੋਈ ਇਸ ਨਵੀਂ ਜ਼ਿੰਦਗੀ ਨੇ ਮਨੁੱਖੀ ਸੋਚਾਂ ਅਤੇ ਵਿਚਾਰਾਂ ਦਾ ਜੋ ਨਵੀਨੀਕਰਨ ਕੀਤਾ ਹੈ, ਉਹ ਘਾਤਕ ਹੈ।
'ਇਹ ਜੰਗ ਕੌਣ ਲੜੇ' (ਮੁੱਲ : 100 ਰੁਪਏ, ਸਫ਼ੇ : 86) ਕੁਲਦੀਪ ਦੀਪ ਦਾ ਉਪੇਰਾ ਸੰਗ੍ਰਿਹ ਹੈ, ਜਿਸ ਵਿਚ ਤਿੰਨ ਉਪੇਰੇ ਸ਼ਾਮਿਲ ਹਨ, 'ਇਹ ਜੰਗ ਕੌਣ ਲੜੇ', 'ਰਿਸ਼ਮਾ ਦਾ ਕਾਤਿਲ' ਅਤੇ 'ਤਿੜਕਦੇ ਸੁਪਨੇ' । ਪੁਸਤਕ ਦੇ ਸ਼ੁਰੂ ਵਿਚ ਉਪੇਰਾਕਾਰ ਪਾਠਕ ਨੂੰ ਲਿਬਰੈਟੋ ਬਾਰੇ ਗਿਆਨ ਦਿੰਦਾ ਹੈ ਤਾਂ ਕਿ ਉਪੇਰੇ ਦੀ ਵਧੇਰੇ ਸਮਝ ਆ ਸਕੇ। ਲਿਬਰੈਟੋ ਅਸਲ ਵਿਚ ਸੰਗੀਤ, ਨ੍ਰਿਤ ਅਤੇ ਮੰਚ ਅਦਾਕਾਰੀ ਦੀ ਸਮਝ ਹੈ, ਜਿਸ ਦੇ ਆਧਾਰ 'ਤੇ ਇਹ ਤਿੰਨੋਂ ਉਪੇਰੇ ਸਿਰਜੇ ਅਤੇ ਪੇਸ਼ ਕੀਤੇ ਗਏ ਹਨ।
ਇਨ੍ਹਾਂ ਚਾਰਾਂ ਪੁਸਤਕਾਂ ਵਿਚਲੇ ਨਾਟਕ ਅਤੇ ਉਪੇਰੇ ਪੰਜਾਬ, ਹਰਿਆਣਾ, ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਫਲਤਾਪੂਰਵਕ ਮੰਚਤ ਹੋ ਚੁੱਕੇ ਹਨ।ઠ


ਂਡਾ: ਨਿਰਮਲ ਜੌੜਾઠ
ਮੋ: 98140-78799ਪਹਿਲੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਪ੍ਰਸ਼ਨੋਤਰੀ

ਲੇਖਕ : ਬਲਵਿੰਦਰ ਸਿੰਘ ਕੋਟਕਪੂਰਾ
ਪ੍ਰਕਾਸ਼ਕ : ਤਿਰਲੋਕੀ ਪ੍ਰਿੰਟਿੰਗ ਪ੍ਰੈੱਸ, ਕੋਟਕਪੂਰਾ
ਮੁੱਲ : 30 ਰੁਪਏ, ਸਫ਼ੇ : 40
ਸੰਪਰਕ : 94171-85565.


ਬਲਵਿੰਦਰ ਸਿੰਘ ਕੋਟਕਪੂਰਾ ਦੀ ਇਹ ਪੰਜਵੀਂ ਪੁਸਤਕ ਹੈ। ਬਾਬਾ ਜੀ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਇਹ ਪੁਸਤਿਕਾ ਸਵਾਲਾਂ-ਜਵਾਬਾਂ ਦੀ ਸ਼ਕਲ ਵਿਚ ਹੈ। ਇਸ ਵਿਲੱਖਣ ਢੰਗ ਨਾਲ ਸਿੱਖ ਪੰਥ ਦੇ ਮਹਾਂਨਾਇਕ ਬਾਰੇ ਬਹੁਤ ਕੁਝ ਜਾਣਨ ਨੂੰ ਮਿਲਦਾ ਹੈ। ਬਾਬਾ ਜੀ ਦੇ ਆਰੰਭਕ ਜੀਵਨ ਤੋਂ ਲੈ ਕੇ ਜੰਗਾਂ ਯੁੱਧਾਂ, ਖਾਲਸਾ ਰਾਜ ਦੀ ਸਿਰਜਣਾ ਅਤੇ ਅਜ਼ੀਮ ਸ਼ਹਾਦਤ ਨੂੰ ਪ੍ਰਸ਼ਨਾਂ-ਉੱਤਰਾਂ ਦੇ ਸੁਖਾਲੇ ਢੰਗ ਨਾਲ ਬਿਆਨ ਕਰਨ ਨਾਲ ਹਰ ਵਰਗ ਦਾ ਪਾਠਕ ਲਾਹਾ ਲੈ ਸਕਦਾ ਹੈ। ਕੁੱਲ 300 ਸਵਾਲਾਂ ਦੇ ਉੱਤਰਾਂ ਰਾਹੀਂ ਵਰਨਣ ਮਿਲਦਾ ਹੈ। ਪੁਸਤਿਕਾ ਦਾ ਪ੍ਰਥਮ ਸਵਾਲ ਹੈ : 'ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖਾਂ ਦੀ ਰਾਜਸੀ ਅਗਵਾਈ ਕਿਸ ਦੇ ਹੱਥਾਂ ਵਿਚ ਆ ਗਈ ਸੀ?' ਉੱਤਰਂ'ਬਾਬਾ ਬੰਦਾ ਸਿੰਘ ਬਹਾਦਰ।' ਪ੍ਰਸ਼ਨ ਨੰ: 40ਂ'ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਕਿਹੜੇ ਉਪਦੇਸ਼ ਦਿੱਤੇ ਸਨ?' ਉੱਤਰਂਜਤ ਰੱਖਣਾ, ਖ਼ਾਲਸੇ ਦੇ ਅਨੁਸਾਰੀ ਹੋ ਕੇ ਰਹਿਣਾ, ਆਪ ਨੂੰ ਗੁਰੂ ਨਾ ਮੰਨਣਾ, ਵਰਤਾਅ ਕੇ ਛਕਣਾ, ਅਨਾਥਾਂ ਦੀ ਮਦਦ ਕਰਨੀ ਆਦਿ।' (ਪੰਨਾ 11) ਪ੍ਰਸ਼ਨ 135ਂਬਾਬਾ ਬੰਦਾ ਸਿੰਘ ਬਹਾਦਰ ਨੇ ਕਿਹੜੀ ਲਾਅਨਤ ਨੂੰ ਖ਼ਤਮ ਕੀਤਾ? ਉੱਤਰਂਜ਼ਿਮੀਂਦਾਰੀ ਦੀ ਲਾਅਨਤ ਨੂੰ। (ਪੰਨਾ 20) ਪੁਸਤਕ ਵਿਚ ਕੁਝ ਇਤਿਹਾਸਕ ਤਸਵੀਰਾਂ, ਅੰਤਿਕਾ ਦੇ ਤੌਰ 'ਤੇ ਬਾਬਾ ਜੀ ਦੇ ਜੀਵਨ ਨਾਲ ਸਬੰਧਤ ਕੁਝ ਗੁਰਦੁਆਰੇ ਅਤੇ ਬਾਬਾ ਜੀ ਬਾਰੇ ਮਹਾਨ ਸਕਾਲਰਾਂ ਦੀ ਰਾਏ ਦਰਜ ਹੈ।


ਂਤੀਰਥ ਸਿੰਘ ਢਿੱਲੋਂ
E. mail : tirathsinghdhillon04@gmail.comਧਰੂ ਤਾਰੇ
ਲੇਖਕ : ਗੁਰਮੇਲ ਸਿੰਘ ਬੌਡੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 248
ਸੰਪਰਕ : 01636-282513.


'ਧਰੂ ਤਾਰੇ' ਗੁਰਮੇਲ ਸਿੰਘ ਬੌਡੇ ਦੀ ਅਜਿਹੀ ਪੁਸਤਕ ਹੈ ਜੋ ਮਨੁੱਖ ਨੂੰ ਮੁਸੀਬਤਾਂ ਵਿਚ ਵਿਚਰਦਿਆਂ ਵੀ ਚੜ੍ਹਦੀ ਕਲਾ ਵਿਚ ਰਹਿਣ ਦੀ ਪ੍ਰੇਰਨਾ ਪ੍ਰਦਾਨ ਕਰਦੀ ਹੈ। ਇਸ ਪੁਸਤਕ ਵਿਚ ਲੇਖਕ ਨੇ ਉਨ੍ਹਾਂ ਵਿਅਕਤੀਆਂ ਦੀਆਂ ਜੀਵਨੀਆਂ ਪੇਸ਼ ਕੀਤੀਆਂ ਹਨ, ਜੋ ਕਿਸੇ ਕੁਦਰਤੀ ਕਾਰਨ ਜਾਂ ਕਿਸੇ ਹਾਦਸੇ ਵਿਚ ਆਪਣੇ ਸਰੀਰ ਦਾ ਕੋਈ ਨਾ ਕੋਈ ਗਵਾ ਕੇ ਅਪਾਹਜ ਹੋ ਗਏ ਪਰ ਉਨ੍ਹਾਂ ਨੇ ਇਸ ਅਪਾਹਜਤਾ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਸਗੋਂ ਆਪਣੇ ਸਾਹਸੀ ਸੁਭਾਅ ਨਾਲ ਇਸ ਅਪਾਹਜਤਾ 'ਤੇ ਵੀ ਜਿੱਤ ਪ੍ਰਾਪਤ ਕੀਤੀ ਅਤੇ ਦੁਨੀਆ ਲਈ ਵੀ ਚਾਨਣ ਮੁਨਾਰੇ ਬਣੇ। ਇਸ ਪੁਸਤਕ ਵਿਚ ਕੁੱਲ 66 ਵਿਅਕਤੀਆਂ ਦੀਆਂ ਜੀਵਨੀਆਂ ਦਰਜ ਹਨ, ਜਿਨ੍ਹਾਂ ਵਿਚ 24 ਵਿਅਕਤੀ ਭਾਰਤੀ ਨਹੀਂ, ਸਗੋਂ ਵਿਦੇਸ਼ੀ ਹਨ। ਬਾਕੀਆਂ ਵਿਚ ਭਾਰਤੀ ਅਤੇ ਪੰਜਾਬੀ ਵਿਅਕਤੀਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਅੰਗਹੀਣ ਹੋਣ ਦੇ ਬਾਵਜੂਦ ਵੱਡੇ ਖਿਤਾਬ ਵੀ ਜਿੱਤੇ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਵੀ ਖੱਟੀ। ਇਥੋਂ ਤੱਕ ਕਿ ਫਰੈਂਕਲਿਨ ਡੀ. ਰੂਜ਼ਵੈਲਟ ਵਰਗੇ ਵਿਅਕਤੀ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਤੱਕ ਵੀ ਪਹੁੰਚੇ। ਲੇਖਕ ਨੇ ਪੁਸਤਕ ਵਿਚ ਜਿੰਨੇ ਵੀ ਵਿਅਕਤੀਆਂ ਦਾ ਜੀਵਨ ਬਿਉਰਾ ਤੇ ਪ੍ਰਾਪਤੀਆਂ ਦਰਜ ਕੀਤੀਆਂ ਹਨ, ਇਹ ਸਾਧਾਰਨ ਵਿਅਕਤੀ ਹੀ ਸਨ, ਜਿਨ੍ਹਾਂ ਨੇ ਅਸਾਧਾਰਨ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਤਕਰੀਬਨ ਹਰੇਕ ਜੀਵਨੀ ਵਿਚ ਲੇਖਕ ਨੇ ਤਥਾਤਮਕ ਵਿਧੀ ਅਪਣਾਈ ਹੈ। ਇਨ੍ਹਾਂ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹਦਾ ਪਾਠਕ ਅੱਕਦਾ-ਥੱਕਦਾ ਨਹੀਂ, ਸਗੋਂ ਉਸ ਦੀ ਮਾਨਸਿਕ ਅਵਸਥਾ ਵੀ ਚੰਗੇ ਕੰਮਾਂ ਲਈ ਪਕਿਆਈ ਫੜਦੀ ਹੈ। ਪੁਸਤਕ ਵਿਚ ਦਰਜ ਜੀਵਨੀਆਂ ਵਿਚ ਭਾਵੇਂ ਜ਼ਿਆਦਾਤਰ ਮਰਦਾਂ ਦੇ ਜੀਵਨ ਨਾਲ ਸਬੰਧਤ ਹਨ ਪਰ ਲੇਖਕ ਨੇ ਉਨ੍ਹਾਂ ਔਰਤਾਂ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਆਪਣੇ ਬੁਲੰਦ ਹੌਸਲੇ ਨਾਲ ਐਵਰੈਸਟ ਵਰਗੀ ਚੋਟੀ ਨੂੰ ਵੀ ਫ਼ਤਹਿ ਕਰ ਵਿਖਾਇਆ। ਕਿਸੇ-ਕਿਸੇ ਜੀਵਨੀ ਵਿਚ ਲੇਖਕ ਨੇ ਨਾਟਕੀ ਜੀਵਨ-ਸ਼ੈਲੀ ਦਾ ਪ੍ਰਯੋਗ ਕਰਨ ਦੇ ਨਾਲ-ਨਾਲ ਉੱਤਮ ਪੁਰਖੀ ਸ਼ੈਲੀ ਦੀ ਵਰਤੋਂ ਵੀ ਕੀਤੀ ਹੈ ਭਾਵ ਜਿਸ ਦੀ ਜੀਵਨੀ ਬਿਆਨ ਕੀਤੀ ਜਾ ਰਹੀ ਹੈ, ਉਹ ਵਿਅਕਤੀ ਖ਼ੁਦ ਆਪਣੇ ਜੀਵਨ ਸਵੈ-ਜੀਵਨੀ ਮੂਲਕ ਵੇਰਵੇ ਦਾ ਰੂਪ ਵਿਚ ਪ੍ਰਸਤੁਤ ਕਰਦਾ ਹੈ। ਇਸ ਪੁਸਤਕ ਦੇ ਸ਼ੁਰੂ ਵਿਚ ਅੰਗਹੀਣ ਵਿਅਕਤੀਆਂ ਨੂੰ ਬਰਾਬਰਤਾ ਅਤੇ ਸਮਾਨਤਾ ਦੇਣ ਲਈ ਸਰਕਾਰੀ ਐਕਟਾਂ ਅਤੇ ਕਾਨੂੰਨਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਆਤਮ-ਵਿਸ਼ਵਾਸ ਪਕੇਰਾ ਕਰਨ ਵਾਲੀ ਪੁਸਤਕ ਪੜ੍ਹਨਯੋਗ ਹੈ।


ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.ਕਸ਼ਮੀਰ ਸਿੰਘ ਧੰਜੂ ਦੇ ਕਾਵਿਕ ਸਰੋਕਾਰ
'ਯਾਦਾਂ ਤੇ ਜੁਦਾਈਆਂ' ਦੇ ਆਧਾਰ 'ਤੇ
ਸੰਪਾਦਕ : ਪ੍ਰੋ: ਜਗਰੂਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 81460-00719.


ਕਸ਼ਮੀਰ ਸਿੰਘ ਧੰਜੂ ਆਸ਼ਾਵਾਦੀ ਤੇ ਯਥਾਰਥਵਾਦੀ ਸੋਚ ਦਾ ਧਾਰਨੀ ਪ੍ਰਵਾਸੀ ਕਵੀ ਹੈ। ਕਸ਼ਮੀਰ ਸਿੰਘ ਧੰਜੂ ਅਮਰੀਕਾ 'ਚ ਰਹਿੰਦੇ ਹੋਏ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਹੈ। ਸਮੁੱਚੀਆਂ ਕਵਿਤਾਵਾਂ ਉਸ ਦੇ ਜੀਵਨ ਤਜਰਬਿਆਂ ਦੀ ਨਿਸ਼ਾਨਦੇਹੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਕਸ਼ਮੀਰ ਸਿੰਘ ਧੰਜੂ ਦੇ ਹਥਲੇ ਕਾਵਿ ਸੰਗ੍ਰਹਿ ਬਾਰੇ 16 ਆਲੋਚਕਾਂ ਨੇ ਆਪਣੇ ਖੋਜ ਪੱਤਰ ਪ੍ਰਸਤੁਤ ਕੀਤੇ ਹਨ। ਇਨ੍ਹਾਂ ਸਾਰੇ ਖੋਜ ਪੱਤਰਾਂ ਵਿਚ ਉਸ ਦੀਆਂ ਕਵਿਤਾਵਾਂ ਬਾਰੇ ਆਲੋਚਕਾਂ ਨੇ ਆਪਣੇ ਵਿਚਾਰ ਵਿਅਕਤ ਕਰਦਿਆਂ ਆਖਿਆ ਹੈ ਕਿ ਉਸ ਦੀਆਂ ਕਵਿਤਾਵਾਂ ਮਾਨਵਵਾਦੀ ਤੇ ਧਾਰਮਿਕ ਪ੍ਰਵਿਰਤੀ ਵਾਲੀਆਂ, ਪ੍ਰੇਰਨਾਮਈ ਅਨੁਭਵੀ, ਜਜ਼ਬਾਤਾਂ ਦੀ ਤਰਜ਼ਮਾਨੀ ਕਰਨ ਵਾਲੀਆਂ ਤੇ ਜ਼ਿੰਦਗੀ ਦੀ ਯਥਾਰਥਕਤਾ ਨੂੰ ਦਰਸਾਉਣ ਵਾਲੀਆਂ ਹਨ। ਉਪਰੋਕਤ ਵਿਦਵਾਨਾਂ ਨੇ ਆਪੋ-ਆਪਣੇ ਖੋਜ ਪੱਤਰਾਂ ਲਈ ਗੰਭੀਰ ਅਧਿਐਨ ਕੀਤਾ ਹੈ। ਸਾਰੇ ਖੋਜ ਪੱਤਰ ਇਸ ਗੱਲ ਦੀ ਗਵਾਹੀ ਭਰਦੇ ਹਨ ਤੇ ਕਸ਼ਮੀਰ ਸਿੰਘ ਧੰਜੂ ਦਾ ਇਹ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਗੁਣਾਤਮਕ ਤੇ ਗਿਣਾਤਮਕ ਪੱਖੋਂ ਅਮੀਰ ਕਰੇਗਾ।


ਂਪ੍ਰੋ: ਸਤਪਾਲ ਸਿੰਘ
ਮੋ: 98725-21515.ਸੁਨਹਿਰੀ ਵਿਰਸਾ

ਲੇਖਕ : ਬਲਿਹਾਰ ਸਿੰਘ ਗੋਬਿੰਦਗੜ੍ਹੀਆ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ: 9878520903.


ਸੁਨਹਿਰੀ ਵਿਰਸਾ ਪੁਸਤਕ ਇਕ ਭਾਵਪੂਰਤ ਕਾਵਿ/ਗੀਤ ਸੰਗ੍ਰਹਿ ਹੈ। ਇਸ ਕਾਵਿ ਗੁਲਦਸਤੇ ਵਿਚ ਵਿਰਸੇ ਦੀਆਂ ਉਨ੍ਹਾਂ ਪੰਖੜੀਆਂ ਨੂੰ ਪਰੋਇਆ ਗਿਆ ਹੈ ਜੋ ਸੁਨਹਿਰੀ ਇਤਿਹਾਸ ਨਾਲ ਓਤਪੋਤ ਹੈ।
ਕਵੀ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੇ ਜਿਥੇ ਇਸ ਪੁਸਤਕ ਵਿਚਲੀਆਂ ਬਹੁਤ ਸਾਰੀਆਂ ਕਵਿਤਾਵਾਂ ਰਾਹੀਂ ਸਿੱਖੀ ਸਿਦਕ ਦੀ ਪਰਖ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਹੈ ਕਿ ਸੂਰਬੀਰ ਲਾਲਚ, ਡਰਾਵਿਆਂ ਨੂੰ ਤੁੱਛ ਸਮਝਦੇ ਹੋਏ ਆਪਣੀਆਂ ਜਾਨਾਂ 'ਤੇ ਖੇਡ ਕੇ ਆਪਣੇ ਧਰਮ 'ਤੇ ਪਰਪੱਕ ਰਹੇ। ਉਥੇ ਭਾਈ ਜੈ ਸਿੰਘ ਵਰਗੇ ਅਣਖੀ ਯੋਧਿਆਂ ਨੇ ਨਸ਼ੇ ਦੀ ਗਠੜੀ ਨੂੰ ਚੁੱਕਣ ਤੋਂ ਇਨਕਾਰ ਕਰਕੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਦਾਅ 'ਤੇ ਲਾਉਣ ਵਾਲੀ ਗਾਥਾ ਪੇਸ਼ ਕਰਕੇ ਚੰਦ ਛਿੱਲੜਾਂ ਦੀ ਖਾਤਰ ਬਣੇ ਨਸ਼ੇ ਦੇ ਸੁਦਾਗਰਾਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰਨ ਦੀ ਜੁਰਅੱਤ ਵੀ ਕੀਤੀ ਹੈ।
ਸਮਾਜ ਵਿਚ ਹਰ ਪੱਖੋਂ ਆ ਰਹੀ ਗਿਰਾਵਟ ਨੂੰ 'ਹੁਣ ਰੱਬ ਰਾਖਾ ਏ' ਕਵਿਤਾ ਰਾਹੀਂ ਬਾਖੂਬੀ ਤੇ ਭਾਵਪੂਰਤ ਸ਼ਬਦਾਂ ਰਾਹੀ ਚਿਤਰਿਆ ਹੈ :
ਹੁਣ ਸਾਧਾਂ ਦਾ ਬਾਣਾ ਪਾ ਲਿਆ ਚੋਰਾਂ ਨੇ,
ਸੱਪ ਵਾਗੂੰ ਡੰਗਣਾ ਸਿੱਖ ਲਿਆ ਮੋਰਾਂ ਨੇ।
ਡਰਨੇ 'ਤੇ ਕਾਂ ਬਹਿ ਗਿਆ ਜਿਵੇਂ ਤਮਾਸ਼ਾ ਏ,
ਚੋਰ-ਸਿਪਾਹੀ ਰਲਗੇ ਤਾਂ ਰੱਬ ਰਾਖਾ ਏ।
ਪੂੰਜੀਪਤੀ, ਸਰਮਾਏਦਾਰੀ, ਵਹਿਮ-ਭਰਮ, ਲੁੱਟ-ਖਸੁੱਟ ਨੂੰ ਰੋਕਣ ਲਈ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਵਰਗੇ ਦੇਸ਼ ਭਗਤ ਦੇ ਸਿਰਜੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਨੂੰ ਵੀ ਵੰਗਾਰਿਆ ਹੈ। ਇਸ ਤਰ੍ਹਾਂ ਇਹ ਕਵੀ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਆਪਣੀ ਇਸ ਪੁਸਤਕ 'ਸੁਨਹਿਰੀ ਵਿਰਸਾ' ਵਿਚ ਇਤਿਹਾਸ ਦੇ ਅਣਖੀ ਪੱਖ ਨੂੰ ਪੇਸ਼ ਕਰਨ ਦੇ ਨਾਲ-ਨਾਲ ਸਮਾਜ ਸੁਧਾਰ ਲਈ ਸਮਾਜਿਕ ਕੁਰੀਤੀਆਂ ਜਿਵੇ ਨਸ਼ਾ, ਭਰੂਣ ਹੱਤਿਆ, ਨੰਗੇਜ਼ਵਾਦ, ਸ਼ੋਸ਼ੇਬਾਜ਼ੀਆਂ, ਝੂਠੇ ਵਿਖਾਵੇ ਆਦਿ ਵਿਰੁੱਧ ਡਟਣ ਲਈ ਹੋਕਾ ਦੇਣ ਵਿਚ ਵੀ ਸਫਲ ਰਿਹਾ ਹੈ।


ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858ਕਲਮਾਂ ਦੀ ਲੋਅ
ਸੰਪਾਦਕ : ਸ਼ੇਲਿੰਦਰਜੀਤ ਸਿੰਘ ਰਾਜਨ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98157-69164


'ਕਲਮਾਂ ਦੀ ਲੋਅ' ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਵੱਲੋਂ ਛਾਪੀ ਗਈ ਸਾਂਝੀ ਕਾਵਿ ਪੁਸਤਕ ਹੈ। ਪਹਿਲਾਂ ਵੀ ਇਸ ਸਭਾ ਵੱਲੋਂ ਕਾਫ਼ੀ ਸਾਂਝੀਆਂ ਕਿਤਾਬਾਂ ਛਾਪੀਆਂ ਗਈਆਂ ਹਨ। ਅਜਿਹੀਆਂ ਕਿਤਾਬਾਂ ਪ੍ਰਕਾਸ਼ਿਤ ਕਰਨ ਦਾ ਜ਼ਿਆਦਾ ਲਾਭ ਉਨ੍ਹਾਂ ਕਲਮਕਾਰਾਂ ਨੂੰ ਹੁੰਦਾ ਹੈ ਜੋ ਆਪਣੀ ਕਿਤਾਬ ਛਪਵਾਉਣ ਦੀ ਸਥਿਤੀ ਵਿਚ ਨਹੀਂ ਹੁੰਦੇ। 'ਕਲਮਾਂ ਦੀ ਲੋਅ' ਵਿਚ ਸੰਤੋਖ ਸਿੰਘ ਭੁੱਲਰ, ਸਰਬਜੀਤ ਸੋਹੀ, ਸ਼ੰਕਰ ਸਿੰਘ ਪ੍ਰਵਾਨਾ, ਰਘਬੀਰ ਸਿੰਘ ਸੋਹਲ, ਰਾਜਨ, ਸੰਤੋਖ ਸਿੰਘ ਗੁਰਾਇਆ, ਮੱਖਣ ਸਿੰਘ ਭੈਣੀਵਾਲਾ, ਧਰਮ ਸਿੰਘ ਧਿਆਨਪੁਰੀ, ਮਨਜੀਤ ਸਿੰਘ ਵੱਸੀ, ਲਾਲੀ ਕਰਤਾਰਪੁਰੀ, ਨਵਦੀਪ ਸਿੰਘ ਬਦੇਸ਼ਾ, ਮੁਖਤਾਰ ਗਿੱਲ, ਦਰਸ਼ਨ ਨੰਦਰਾ, ਬਲਦੇਵ ਕ੍ਰਿਸ਼ਨ ਸ਼ਰਮਾ, ਅਵਤਾਰ ਸਿੰਘ ਭੰਡਾਲ, ਕੁਲਜੀਤ ਕੌਰ ਮੰਡ, ਕੁਲਦੀਪ ਸਿੰਘ ਦਰਾਜਕੇ, ਦਲਜੀਤ ਸਿੰਘ ਮਹਿਤਾ, ਸੁੱਖਾ ਸਿੰਘ ਭੁੱਲਰ, ਦੀਪਕ ਮੱਤੇਵਾਲ, ਦੁੱਖਭੰਜਨ ਸਿੰਘ ਰੰਧਾਵਾ, ਸਤਰਾਜ ਜਲਾਲਾਬਾਦੀ, ਸੁਖਰਾਜ ਸਿੰਘ ਭੁੱਲਰ, ਤਰਸੇਮ ਸਿੰਘ ਕਾਲੇਕੇ, ਮਨਜਿੰਦਰ ਸਿੰਘ ਕਾਲਾ, ਮਨਦੀਪ ਰਾਜਨ, ਦਿਲਰਾਜ ਸਿੰਘ ਦਰਦੀ, ਰਿੱਕੀ ਬਾਬਾ ਬਕਾਲਾ, ਗੁਰਪ੍ਰੀਤ ਧੰਜਲ, ਬਲਦੇਵ ਭੱਟੀ, ਅਜੀਤ ਸਠਿਆਲਵੀ, ਜਸਪ੍ਰੀਤ ਜੱਸ, ਸੁਖਵੰਤ ਕੌਰ ਵੱਸੀ, ਦਿਲਪ੍ਰੀਤ ਸੰਧੂ, ਜਸਵੰਤ ਜੱਸ, ਬਿਕਰਮਜੀਤ ਸਿੰਘ ਅਤੇ ਸਕੰਦਰ ਸਿੰਘ ਦੀਆਂ ਗੀਤ ਗ਼ਜ਼ਲਾਂ ਤੇ ਕਵਿਤਾਵਾਂ ਸ਼ਾਮਿਲ ਹਨ। ਉਪਰੋਕਤ ਨਾਵਾਂ ਵਿਚ ਕਈ ਜਾਣੇ-ਪਹਿਚਾਣੇ ਹਸਤਾਖ਼ਰ ਹਨ ਤੇ ਕਈ ਭਵਿੱਖ ਦੇ ਚਿਹਰੇ ਹਨ। ਰੰਗ-ਬਰੰਗੇ ਵਿਸ਼ਿਆਂ ਤੇ ਵੰਨ-ਸੁਵੰਨਤਾ ਵਾਲੀਆਂ ਰਚਨਾਵਾਂ ਸਬੰਧੀ ਆਲੋਚਨਾਤਮਕ ਦ੍ਰਿਸ਼ਟੀ ਤੋਂ ਇਕ ਰਾਇ ਨਹੀਂ ਬਣਾਈ ਜਾ ਸਕਦੀ। ਇਹ ਯਤਨ ਜਾਰੀ ਰਹਿਣੇ ਚਾਹੀਦੇ ਹਨ, ਕਿਉਂਕਿ ਅਜਿਹੀਆਂ ਪੁਸਤਕਾਂ ਕਈ ਵਾਰ ਭਵਿੱਖ ਦੇ ਨਾਇਕ ਪੈਦਾ ਕਰਦੀਆਂ ਹਨ।


ਂਗੁਰਦਿਆਲ ਰੌਸ਼ਨ
ਮੋ: 9988444002

 

01-01-2017

 ਗੁਰ-ਸ਼ਬਦ ਪ੍ਰਕਾਸ਼
ਲੇਖਕ : ਭਾਈ ਕ੍ਰਿਸ਼ਨ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 98152-67184.

ਗੁਰੂ-ਸ਼ਬਦ ਗੁਰਬਾਣੀ ਹੈ ਅਤੇ ਗੁਰਬਾਣੀ ਸਾਰੇ ਜਗਤ ਲਈ ਚਾਨਣ ਦੇਣ ਵਾਲੀ ਬਖਸ਼ਿਸ਼ ਹੈ। ਗੁਰੂ ਹਨੇਰੇ ਨੂੰ ਖ਼ਤਮ ਕਰਕੇ ਚਾਨਣ ਕਰਦਾ ਹੈ। ਭਾਈ ਕ੍ਰਿਸ਼ਨ ਸਿੰਘ ਦੀ ਇਸ ਪੁਸਤਕ ਦੇ 12 ਨਿਬੰਧਾਂ ਵਿਚ ਗੁਰੂ ਤੇ ਗੁਰਬਾਣੀ ਦੇ ਇਸ ਚਾਨਣ ਨੂੰ ਪਾਠਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਹ ਚਾਨਣ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ, ਇਸ ਵਾਸਤੇ ਪੁਸਤਕ ਦੀ ਭਾਸ਼ਾ ਅਤਿ ਸਰਲ ਤੇ ਸ਼ੈਲੀ ਸੰਬੋਧਾਤਮਕ ਰੱਖੀ ਗਈ ਹੈ। ਇਸ ਵਿਆਖਿਆਮਈ ਸ਼ੈਲੀ ਵਿਚ ਲਿਖੀ ਲਿਖਤ ਨੂੰ ਪੜ੍ਹਦੇ-ਸੁਣਦੇ ਸਮੇਂ ਕਿਸੇ ਕਥਾਕਾਰ ਦੇ ਪ੍ਰਵਚਨ ਦਾ ਅਹਿਸਾਸ ਹੁੰਦਾ ਹੈ। ਇਥੇ ਇਹ ਦੱਸਣਾ ਉੱਚਿਤ ਲਗਦਾ ਹੈ ਕਿ ਭਾਈ ਕ੍ਰਿਸ਼ਨ ਸਿੰਘ ਗੁਰਬਾਣੀ ਤੇ ਗੁਰਮਤਿ ਦੇ ਜਾਣੇ-ਪਛਾਣੇ ਕਥਾਕਾਰ ਹਨ। ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਤੇ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਉਨ੍ਹਾਂ ਦੀ ਗੁਰ-ਸ਼ਬਦ ਦੀ ਕਥਾ ਬਹੁਤ ਲੋਕਾਂ ਨੇ ਸੁਣੀ ਹੋਵੇਗੀ।
ਇਸ ਪੁਸਤਕ ਦੇ 12 ਨਿਬੰਧਾਂ ਦਾ ਆਰੰਭ ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਵੱਲੋਂ ਸ਼ਬਦ ਚਿਰਾਗ ਦੀ ਰੌਸ਼ਨੀ ਦੇ ਸੰਕਲਪ ਦੀ ਵਿਆਖਿਆ ਨਾਲ ਕੀਤਾ ਗਿਆ ਹੈ। ਆਪ ਹਰਿ ਤੇ ਉਸ ਦੀ ਜੋਤਿ ਗੁਰੂ ਨਾਨਕ ਦੁਆਰਾ ਰੌਸ਼ਨ ਕੀਤਾ ਇਹ ਚਿਰਾਗ਼ ਜ਼ੁਲਮ-ਜਬਰ ਦੀ ਕਿਸੇ ਵੀ ਹਨੇਰੇ ਨਾਲ ਬੁਝਣ ਵਾਲਾ ਨਹੀਂ। ਇਸੇ ਸ਼ਬਦ ਦਾ ਪ੍ਰਕਾਸ਼ ਸਿੱਧਾਂ ਦੀ ਮੰਡਲੀ ਨੂੰ ਕਰਾਮਾਤੀ ਹਨੇਰ ਢੋਣ ਤੋਂ ਬਚਾਉਂਦਾ ਹੈ। ਸੱਜਣ ਠੱਗ ਤੇ ਕੌਡੇ ਰਾਕਸ਼ ਨੂੰ ਰੌਸ਼ਨੀ ਦਿੰਦਾ ਹੈ। ਉਦਾਸੇ-ਹਰਾਸੇ ਗੁਲਾਮੀ ਦਾ ਭਾਰ ਢੋਂਦੇ ਭਾਰਤੀਆਂ ਨੂੰ ਰਾਹ ਦਿਖਾਉਂਦਾ ਹੈ। ਚਾਨਣਾਂ ਦਾ ਮਹਾਚਾਨਵ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਨੂੰ ਬਖਸ਼ਿਆ।
ਗੁਰੂ ਗ੍ਰੰਥ ਸਾਹਿਬ ਵਿਚ ਸੁਭਾਇਮਾਨ ਛੱਤੀ ਬਾਣੀਕਾਰਾਂ, ਇਸ ਬਾਣੀ ਦੇ ਵਿਭਿੰਨ ਗੁਣਾਂ, ਇਸ ਦੇ ਨੌਂ ਰਸਾਂ, ਇਸ ਬਾਣੀ ਦੇ ਅਦਬ, ਇਸ ਰਾਹੀਂ ਜਗਿਆਸੂ ਨੂੰ ਕੀਤੀ ਆਗਿਆ, ਇਸ ਦੀ ਕਿਰਪਾ ਤੇ ਰੌਸ਼ਨੀ ਦੀ ਪ੍ਰਕਿਰਤੀ ਦੀ ਵਿਆਖਿਆ ਇਨ੍ਹਾਂ ਨਿਬੰਧਾਂ ਵਿਚ ਭਾਈ ਸਾਹਿਬ ਨੇ ਕੀਤੀ ਹੈ। ਨਿਬੰਧ ਨਿੱਕੇ ਤੇ ਸਰਲ/ਪੁਰਾਣਾਂ/ਕਥਾ ਕਹਾਣੀਆਂ ਆਸਰੇ ਨਾ ਕਰਕੇ ਗੁਰਬਾਣੀ ਦੀਆਂ ਟੂਕਾਂ ਨਾਲ ਹੀ ਕੀਤੀ ਗਈ ਹੈ ਤਾਂ ਕਿ ਪਾਠਕ ਨਿਰੰਤਰ ਗੁਰਬਾਣੀ ਨਾਲ ਜੁੜਿਆ ਰਹੇ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਦਾਸਤਾਨ-ਇ-ਦਸਤਾਰ
ਲੇਖਕ : ਡਾ: ਆਸਾ ਸਿੰਘ ਘੁੰਮਣ
ਪ੍ਰਕਾਸ਼ਕ : ਸੰਮਿਟ ਰੇਤਾਇਲਕਾ, ਨਡਾਲਾ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98152-53245.

ਡਾ: ਆਸਾ ਸਿੰਘ ਘੁੰਮਣ ਅੰਗਰੇਜ਼ੀ ਸਾਹਿਤ ਦਾ ਵਿਦਵਾਨ ਪ੍ਰੋਫੈਸਰ ਅਤੇ ਪੰਜਾਬੀ ਸੱਭਿਆਚਾਰ ਦਾ ਸੁਹਿਰਦ ਪਾਠਕ ਹੈ। ਉਸ ਨੇ ਪੰਜਾਬੀ ਸੱਭਿਆਚਾਰ ਅਤੇ ਲੋਕ-ਸਾਹਿਤ ਦੇ ਖੇਤਰ ਵਿਚ ਵਡਮੁੱਲਾ ਕਾਰਜ ਕੀਤਾ ਹੈ। ਸਿੰਘਾਂ ਦੀ ਵੇਸ਼-ਭੂਸ਼ਾ ਦੇ ਇਕ ਅਭਿੰਨ ਅੰਗ 'ਦਸਤਾਰ' ਨੂੰ ਦੇਖ ਕੇ ਉਸ ਦੇ ਮਨ ਵਿਚ ਇਸ ਦੇ ਬਾਰੇ ਖੋਜ-ਪੜਤਾਲ ਕਰਨ ਦਾ ਸੰਕਲਪ ਪੈਦਾ ਹੋਇਆ। ਹਥਲੀ ਪੁਸਤਕ ਉਸ ਦੇ ਇਸੇ ਸੰਕਲਪ ਵਿਚੋਂ ਰੂਪਮਾਨ ਹੋਈ ਹੈ। ਵਿਦਵਾਨ ਲੇਖਕ ਨੇ ਆਪਣੇ ਇਸ ਖੋਜ-ਨਿਬੰਧ ਦੇ ਕਈ ਉਪਭਾਗ ਬਣਾਏ ਹਨ ਜਿਵੇਂ : ਪੰਜਾਬੀ ਲਿਬਾਸ ਦਾ ਇਤਿਹਾਸਕ ਪਿਛੋਕੜ, ਦਸਤਾਰ ਦਾ ਇਤਿਹਾਸਕ ਪਿਛੋਕੜ, ਦਸਤਾਰ ਦਾ ਰੂਪ-ਸਰੂਪ ਅਤੇ ਬੰਨ੍ਹਣ ਦੀਆਂ ਸ਼ੈਲੀਆਂ, ਦਸਤਾਰ ਅਤੇ ਸਿੱਖ ਧਰਮ, ਦਸਤਾਰ ਨੂੰ ਅੰਤਰਰਾਸ਼ਟਰੀ ਪੱਧਰ ਉੱਪਰ ਦੁਸ਼ਵਾਰੀਆਂ। ਲੇਖਕ ਆਪਣੇ ਪਿਛਲੇ ਪਿੰਡ ਬਾਰੇ ਚਰਚਾ ਕਰਦਾ ਹੋਇਆ ਲਿਖਦਾ ਹੈ ਕਿ 1960 ਈ: ਵਿਚ ਉਸ ਦੇ ਪਿੰਡ ਵਿਚ ਰਹਿਣ ਵਾਲੇ ਸਿੱਖ ਅਤੇ ਹਿੰਦੂ, ਬ੍ਰਾਹਮਣ ਅਤੇ ਹੋਰ ਜਾਤੀਆਂ ਦੇ ਲੋਕ ਸਭ ਪਗੜੀ ਬੰਨ੍ਹਦੇ ਸਨ। ਹਿੰਦੂ-ਸਿੱਖਾਂ ਦੇ ਨਾਲ-ਨਾਲ ਮੁਸਲਮਾਨ ਲੋਕ ਵੀ ਪਗੜੀ ਬੰਨ੍ਹਦੇ ਸਨ ਪਰ ਬਾਅਦ ਵਿਚ ਪਗੜੀ ਕੇਵਲ ਇਕ ਸੱਭਿਆਚਾਰਕ ਪ੍ਰਤੀਕ ਨਾ ਰਹੀ ਬਲਕਿ ਧਾਰਮਿਕ ਪ੍ਰਤੀਕ ਬਣ ਗਈ ਹੈ। (ਪੰਨਾ 15)
ਮਨੁੱਖੀ ਲਿਬਾਸ ਦੇ ਇਤਿਹਾਸਕ ਪਿਛੋਕੜ ਦਾ ਵਰਣਨ ਕਰਦਾ ਹੋਇਆ ਡਾ: ਘੁੰਮਣ ਲਿਖਦਾ ਹੈ ਕਿ ਆਰੰਭ ਵਿਚ ਸਾਰੇ ਮਨੁੱਖ ਪਸ਼ੂ-ਪੰਛੀਆਂ ਵਾਂਗ ਨੰਗੇ ਹੀ ਵਿਚਰਦੇ ਸਨ। ਪਰ ਹੌਲੀ-ਹੌਲੀ ਸਜ-ਧਜ ਦਾ ਸੰਕਲਪ ਪੈਦਾ ਹੋਇਆ ਅਤੇ ਸਿਰ ਨੂੰ ਸਜਾਉਣ ਦੇ ਇਰਾਦੇ ਨਾਲ ਪਗੜੀ ਬੰਨ੍ਹਣ ਦੀ ਪਰੰਪਰਾ ਸ਼ੁਰੂ ਹੋਈ। (ਪੰਨੇ 22-23) ਪੰਜਾਬ ਵਿਚ ਪਹਿਰਾਵੇ ਦੇ ਇਤਿਹਾਸ ਦਾ ਅਧਿਐਨ ਕਰਦਾ ਹੋਇਆ ਉਹ ਇਸ ਸਿੱਟੇ ਉਪਰ ਪਹੁੰਚਦਾ ਹੈ ਕਿ ਪੰਜਾਬੀ ਪਹਿਰਾਵੇ ਦੀ ਅਸਲ ਵਿਲੱਖਣਤਾ ਪੱਗ ਵਿਚ ਹੀ ਹੈ। ਵਿਦੇਸ਼ਾਂ ਵਿਚ ਵੀ ਪਗੜੀ ਬੰਨ੍ਹਣ ਦਾ ਰਿਵਾਜ ਰਿਹਾ ਹੈ। ਹਜ਼ਰਤ ਮੁਹੰਮਦ (ਸਲ.) ਖ਼ੁਦ ਦਸਤਾਰ ਬੰਨ੍ਹਦੇ ਸਨ। ਅੰਤ ਵਿਚ ਲੇਖਕ ਇਹ ਸਿੱਟਾ ਕੱਢਦਾ ਹੈ ਕਿ ਪਗੜੀ ਵਡੱਪਣ ਅਤੇ ਵਿਲੱਖਣਤਾ ਦੀ ਪ੍ਰਤੀਕ ਹੈ। ਲੇਖਕ ਨੇ ਪੰਜਾਬੀ ਲੋਕ ਸਾਹਿਤ ਵਿਚ ਮਿਲਦੇ ਪੱਗ ਦੇ ਹਵਾਲਿਆਂ ਨੂੰ ਵੀ ਇਕੱਤਰ ਕਰ ਲਿਆ ਹੈ। ਇਕ ਨਮੂਨਾ ਦੇਖੋ : 'ਚੁੰਨੀ ਰੰਗ ਦੇ ਲਲਾਰੀਆ ਮੇਰੀ, ਸੱਜਣਾ ਦੀ ਪੱਗ ਵਰਗੀ'। ਡਾ: ਘੁੰਮਣ ਦੁਆਰਾ ਲਿਖੀ ਇਸ ਪੁਸਤਕ ਦੇ ਤਿੰਨ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਥੋਂ ਪਤਾ ਲਗਦਾ ਹੈ ਕਿ ਪੰਜਾਬੀਆਂ ਲਈ ਇਹ ਪੁਸਤਕ ਅਤਿਅੰਤ ਪ੍ਰਾਸੰਗਿਕ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਚੰਡੀ ਦੀ ਵਾਰ
ਬਿਰਤਾਂਤ ਸ਼ਾਸਤਰੀ ਅਤੇ ਵਿਚਾਰਧਾਰਕ ਪਰਿਪੇਖ
ਲੇਖਕ : ਪ੍ਰੋ: ਕਰਨੈਲ ਸਿੰਘ
ਪ੍ਰਕਾਸ਼ਕ : ਮਾਤਾ ਭਗਵੰਤੀ ਸਾਹਿਤ ਸੇਵਾ ਸੰਮਤੀ, ਮਾਲੇਰਕੋਟਲਾ
ਮੁੱਲ : 170 ਰੁਪਏ, ਸਫ਼ੇ : 128
ਸੰਪਰਕ : 97812-01469.

ਇਹ ਪੁਸਤਕ ਪ੍ਰੋ: ਕਰਨੈਲ ਸਿੰਘ ਦਾ ਉਪਾਧੀ ਨਿਰਪੇਖ ਕਾਰਜ ਹੈ। 'ਚੰਡੀ ਦੀ ਵਾਰ' ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬੀਰ-ਰਸੀ ਸ਼ਾਹਕਾਰ ਹੈ। ਵਿਦਵਾਨ ਆਲੋਚਕ ਨੇ ਇਸ ਰਚਨਾ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ ਇਸ ਦਾ ਬਿਰਤਾਂਤ-ਸ਼ਾਸਤਰੀ ਅਤੇ ਵਿਚਾਰਧਾਰਾਈ ਦ੍ਰਿਸ਼ਟੀ ਤੋਂ ਮੁਲਾਂਕਣ ਕੀਤਾ ਹੈ।
ਮਾਰਕੰਡੇ ਰਿਸ਼ੀ ਦੀ ਰਚਨਾ 'ਦੁਰਗਾ ਸ਼ਪਤਸ਼ਤੀ' ਚੰਡੀ ਦੀ ਵਾਰ ਦਾ ਆਧਾਰ ਸ੍ਰੋਤ ਹੈ। ਗੁਰੂ ਸਾਹਿਬ ਨੇ ਆਧਾਰ-ਸ੍ਰੋਤ ਦੇ ਪ੍ਰਸੰਗਾਂ ਵਿਚ ਯੁੱਗ-ਅਨੁਕੂਲ ਅਤੇ ਭਾਵ-ਅਨੁਕੂਲ ਲੋੜੀਂਦੀ ਕਾਂਟ-ਛਾਂਟ ਕਰਕੇ ਇਸ ਦਾ ਪੁਨਰ-ਸਿਰਜਣ ਕੀਤਾ ਹੈ। ਲੇਖਕ ਨੇ ਬੜੀ ਸੂਖ਼ਮ ਦ੍ਰਿਸ਼ਟੀ ਨਾਲ ਕਾਂਟ-ਛਾਂਟ ਵਾਲੇ ਪ੍ਰਸੰਗਾਂ ਦੀ ਜਾਣਕਾਰੀ ਪ੍ਰਸਤੁਤ ਕੀਤੀ ਹੈ। ਪੱਛਮ ਵਿਚ ਵਿਕਸਤ ਹੋਇਆ ਭਾਸ਼ਾ-ਵਿਗਿਆਨ ਆਧਾਰਿਤ ਬਿਰਤਾਂਤ ਸ਼ਾਸਤਰੀ ਮਾਡਲ ਇਸ ਅਧਿਐਨ ਲਈ ਬੜਾ ਸਾਰਥਕ ਸਿੱਧ ਹੋਇਆ ਹੈ।
ਇਹ ਅਧਿਐਨ ਰਚਨਾਵਾਂ ਵਿਚੋਂ ਰਚਨਾਵਾਂ ਅਤੇ ਪੁਸਤਕਾਂ ਵਿਚੋਂ ਪੁਸਤਕਾਂ ਜਨਮ ਲੈਂਦੀਆਂ ਹਨ, ਦੇ ਸਿਧਾਂਤ ਦਾ ਅਨੁਸਾਰੀ ਹੋ ਨਿਬੜਿਆ ਹੈ। ਬਿਰਤਾਂਤ ਸ਼ਾਸਤਰੀ ਮੀਕ ਬਲ ਨੇ ਇਸੇ ਨੂੰ ਹਵਾਲਾ ਚੌਖਟਾ (ਫਰੇਮ ਆਫ ਰੈਫਰੈਂਸ) ਅਨੁਸਾਰ ਸਮਝਾਇਆ ਹੈ।
ਇੰਜ ਇਹ ਰਚਨਾ ਪਰੰਪਰਾ ਅਤੇ ਨਿੱਜੀ ਬੁੱਧੀ ਦਾ ਸੁਮੇਲ ਹੋ ਨਿੱਬੜੀ ਹੈ। ਇਸ ਅਧਿਐਨ ਵਿਚ ਲੇਖਕ ਨੇ ਬਿਰਤਾਂਤਕ ਪਾਠ ਦਾ ਮਿੱਥਕ, ਚਿੰਨ੍ਹਾਤਮਕ, ਬਿਰਤਾਂਤਕ ਰੂਪਾਂਤਰਣ ਵਿਖਾ ਕੇ ਨਵੀਨ ਅਰਥਗਤ ਅਤੇ ਵਿਚਾਰਧਾਰਕ ਸਰੋਕਾਰਾਂ ਦੀ ਬੜੀ ਡੂੰਘਾਈ ਵਿਚ ਜਾ ਕੇ ਨਿਸ਼ਾਨਦੇਹੀ ਕੀਤੀ ਹੈ, ਜੋ ਇਸ ਤੋਂ ਪਹਿਲਾਂ ਹੋਈ ਖੋਜ ਵਿਚ ਘੱਟ ਹੀ ਉਪਲਬਧ ਹੈ। ਇੰਜ ਇਸ ਅਧਿਐਨ ਜੁਗਤ ਵਿਚ ਸੰਰਚਨਾਵੀ, ਰਚਨਾਵੀ, ਚੇਤਨਾਵੀ; ਬਹੁ-ਚਿੰਤਨੀ, ਬਹੁ-ਪਾਸਾਰੀ, ਬਹੁ-ਪੱਖੀ; ਬਿਰਤਾਂਤਕ, ਚਿੰਨ੍ਹਾਤਮਕ, ਵਿਸਫੋਟਕ ਦ੍ਰਿਸ਼ਟੀ; ਮਾਨਵ-ਹਿਤਕਾਰੀ ਜੀਵਨ ਕੀਮਤਾਂ, ਰੂਹਾਨੀ ਚੇਤਨਾ, ਸੱਭਿਆਚਾਰਕ ਪਰਿਪੇਖ; ਆਦਿ ਨੁਕਤਿਆਂ ਨੂੰ ਚੰਡੀ ਦੀ ਵਾਰ ਵਿਚ ਗੁਰੂ ਸਾਹਿਬ ਨੂੰ ਪਰਖਦੇ, ਤਲਾਸ਼ਦੇ ਅਤੇ ਸੰਚਾਰਦੇ ਸਿੱਧ ਕਰਨ ਵਿਚ ਖੋਜ-ਕਰਤਾ ਨੇ ਬੜੀ ਮਿਹਨਤ ਕੀਤੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਤਾਰੇ ਵੀ ਬੋਲਦੇ ਨੇ
ਲੇਖਕ : ਹਰਵਿੰਦਰ ਭਖੜਿਆਲ
ਪ੍ਰਕਾਸ਼ਕ : ਘੁਮਾਣ ਪਬਲੀਕੇਸ਼ਨ ਸੰਘਰੇੜੀ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 64
ਸੰਪਰਕ : 95923-90021.

'ਤਾਰੇ ਵੀ ਬੋਲਦੇ ਨੇ' ਹਰਵਿੰਦਰ ਭਖੜਿਆਲ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ 44 ਕੁ ਗੀਤ-ਨਜ਼ਮਾਂ ਨੂੰ ਸ਼ਾਮਿਲ ਕੀਤਾ ਹੈ ਅਤੇ ਇਹ ਕਾਵਿ-ਸੰਗ੍ਰਹਿ ਉਸ ਨੇ ਆਪਣੀ ਮਾਂ-ਬੋਲੀ ਨੂੰ ਸਮਰਪਿਤ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਉਸ ਨੂੰ ਆਪਣੇ ਪਿਆਰੇ ਪੁਰਾਤਨ ਪੰਜਾਬ ਦੀ ਰਹਿਤਲ-ਬਹਿਤਲ ਨਾਲ ਅੰਤਾਂ ਦਾ ਮੋਹ ਹੈ। ਉਸ ਨੂੰ ਅਜੇ ਵੀ ਪਿੰਡਾਂ ਦੀ ਸਾਦਗੀ, ਸਪੱਸ਼ਟਤਾ ਅਤੇ ਸਰਲਤਾ ਮੋਂਹਦੀ ਹੈ। ਅਜੇ ਵੀ ਪਿੰਡਾਂ 'ਚ ਸਾਂਝੀਵਾਲਤਾ ਅਤੇ ਭਾਈਚਾਰਾ ਕਾਇਮ ਹੈ ਅਤੇ ਪਿੰਡ ਦੀਆਂ ਕੁੜੀਆਂ ਅਜੇ ਸਿਰ ਕੱਜ ਕੇ ਰੱਖਦੀਆਂ ਹਨ। ਪੰਜਾਬ ਇਸ ਸਮੇਂ ਭ੍ਰਿਸ਼ਟ ਅਤੇ ਖ਼ੁਦਗਰਜ਼ ਨੇਤਾਵਾਂ ਦੀਆਂ ਲੂੰਬੜਚਾਲਾਂ ਕਰਕੇ ਪੰਜਾਂ ਪਾਣੀਆਂ ਦਾ ਮਾਲਕ ਹੋ ਕੇ ਵੀ ਪਾਣੀਆਂ ਲਈ ਤਰਸ ਰਿਹਾ ਹੈ। ਜਵਾਨੀ ਨਸ਼ਿਆਂ 'ਚ ਗਲਤਾਨ ਹੈ। ਰੁਜ਼ਗਾਰ ਨੌਜਵਾਨਾਂ ਤੋਂ ਕੋਹਾਂ ਦੂਰ ਹੈ। ਜੀਵਨ ਜਿਊਣ ਦੀਆਂ ਹਾਲਤਾਂ ਦਾ ਨਿਘਾਰ ਲਗਾਤਾਰ ਜਾਰੀ ਹੈ। ਜੋ ਕੁਝ ਅੱਜਕੱਲ੍ਹ ਵਾਪਰ ਰਿਹਾ ਹੈ, ਉਸ ਤੋਂ ਆਮ ਲੋਕਾਈ ਪ੍ਰੇਸ਼ਾਨ ਹੈ :
ਨਾ ਬਖ਼ਸ਼ੇ ਗੁਰਦੁਆਰੇ, ਨਾ ਮਸਜਿਦ ਮੰਦਰ ਨੂੰ
ਕੀ ਚਾਹੁੰਦੀ ਐ ਸਰਕਾਰੇ, ਕਿਵੇਂ ਸਮਝੀਏ ਤੇਰੇ ਅੰਦਰ ਨੂੰ
ਸੱਚ ਤੇਰੇ ਹਜ਼ਮ ਨਹੀਂ, ਤੂੰ ਮਰਵਾ ਦੇਣਾ ਹਰਿੰਵਦਰ ਨੂੰ
ਪਰ ਕਲਮ ਮੇਰੀ ਦਾ ਖੰਡਾ ਖੜਕਦਾ ਸੀ ਤੇ ਖੜਕ ਰਿਹੈ
ਪੰਜ ਦਰਿਆਵਾਂ ਦਾ ਮਾਲਕ, ਪਾਣੀ ਨੂੰ ਤਰਸ ਰਿਹੈ...।
ਕਵੀ ਨੂੰ ਅਹਿਸਾਸ ਹੈ ਕਿ ਲੋਕਾਈ ਦੀ ਆਵਾਜ਼ ਨੂੰ ਵਕਤੀ ਤੌਰ 'ਤੇ ਦਬਾਇਆ ਤਾਂ ਜਾ ਸਕਦਾ ਹੈ ਪ੍ਰੰਤੂ ਮਿਟਾਇਆ ਨਹੀਂ ਜਾ ਸਕਦਾ। ਉਸ ਦੀਆਂ ਕਵਿਤਾਵਾਂ ਵਿਚ ਅੰਤਾਂ ਦਾ ਜੋਸ਼ ਅਤੇ ਵਲਵਲਾ ਹੈ ਪ੍ਰੰਤੂ ਇਨ੍ਹਾਂ ਵਰਤਾਰਿਆਂ ਦੇ ਪਿੱਛੇ ਕਾਰਜਸ਼ੀਲ ਵਿਚਾਰਧਾਰਕ ਵਰਤਾਰਿਆਂ ਨੂੰ ਜਾਣਨ ਲਈ ਸੂਖਮ ਸੂਝ ਵੀ ਅਤਿਅੰਤ ਜ਼ਰੂਰੀ ਹੈ, ਇਸ ਲਈ ਉਸ ਨੂੰ ਚੰਗੇਰੇ ਸਾਹਿਤਕਾਰਾਂ ਦੀਆਂ ਰਚਨਾਵਾਂ ਦਾ ਅਧਿਐਨ ਨਿੱਠ ਕੇ ਕਰਨਾ ਚਾਹੀਦਾ ਹੈ। ਗੀਤ-ਕਵਿਤਾਵਾਂ ਦੀ ਭਾਸ਼ਾ ਜੋਸ਼ ਭਰਪੂਰ ਹੈ। ਸਮਾਜਿਕ ਪ੍ਰਸੰਗਾਂ ਅਤੇ ਵਰਤਾਰਿਆਂ ਦੇ ਅਨੁਕੂਲ ਹੀ ਅਖਾਣਾਂ-ਮੁਹਾਵਰਿਆਂ ਦੀ ਭਰਪੂਰ ਵਰਤੋਂ ਵੀ ਕੀਤੀ ਗਈ ਹੈ। ਸਰਵਰਕ 'ਤੇ ਬੁੱਲ੍ਹਾਂ 'ਤੇ ਰੱਖੀ ਉਂਗਲ ਚਿੰਤਨ 'ਤੇ ਰੋਕ ਦਾ ਸੰਕੇਤ ਇਹ ਦਰਸਾਉਂਦੀ ਹੈ ਕਿ ਲੋਕ ਵੀ ਸੋਚਦੇ ਨੇ, ਉਨ੍ਹਾਂ ਦੀ ਆਵਾਜ਼ ਵੀ ਸੁਣਨੀ ਚਾਹੀਦੀ ਹੈ। ਇਸ ਲਈ ਕਿਤਾਬ ਦਾ ਸਿਰਲੇਖ ਢੁਕਵਾਂ ਅਤੇ ਫੱਬਵਾ ਹੈ। ਆਮੀਨ!

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.

c c c

ਸਫਲ ਜ਼ਿੰਦਗੀ
ਲੇਖਕ : ਨਿਰਮਲ ਸਿੰਘ ਲਾਲੀ
ਪ੍ਰਕਾਸ਼ਕ : ਬਲਵੰਤ ਪ੍ਰਕਾਸ਼ਨ, ਜਲੰਧਰ
ਮੁੱਲ : 125 ਰੁਪਏ, ਸਫ਼ੇ : 78
ਸੰਪਰਕ : 0181-2623184.

ਇਹ ਪੁਸਤਕ ਇਕ ਲੇਖ ਸੰਗ੍ਰਹਿ ਹੈ, ਜਿਸ ਵਿਚ ਲੇਖਕ ਨੇ ਸਫਲ ਜ਼ਿੰਦਗੀ ਜਿਊਣ ਦੇ ਨੁਕਤੇ ਦੱਸੇ ਹਨ। ਇਨ੍ਹਾਂ ਵਿਚੋਂ ਕਈ ਨੁਕਤੇ ਬਹੁਤ ਮਹੱਤਵਪੂਰਨ ਹਨ ਜਿਵੇਂ-ਆਪਣੇ-ਆਪ ਨੂੰ ਜਾਣਨਾ ਚਾਹੀਦਾ ਹੈ। ਹਮਦਰਦੀ, ਦਇਆ, ਪਿਆਰ, ਸਤਿਕਾਰ, ਸਬਰ, ਸੰਤੋਖ, ਨਿਮਰਤਾ, ਸਹਿਣਸ਼ੀਲਤਾ ਦੇ ਧਾਰਨੀ ਬਣ ਕੇ ਸ਼ੁੱਭ ਕਰਮ ਕਰਨੇ ਚਾਹੀਦੇ ਹਨ। ਗੁਰਬਾਣੀ ਦੇ ਉਪਦੇਸ਼ ਕਮਾ ਕੇ ਸਾਡਾ ਜੀਵਨ ਸੁਖਮਣੀ, ਸ਼ਾਂਤ, ਸੰਤੁਸ਼ਟ ਅਤੇ ਸਫਲ ਹੋ ਸਕਦਾ ਹੈ। ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਮਿਹਨਤ, ਲਗਨ ਅਤੇ ਉੱਦਮ, ਉਤਸ਼ਾਹ ਜ਼ਰੂਰੀ ਹਨ। ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ, ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ, ਕਿਸੇ 'ਤੇ ਜ਼ੁਲਮ ਨਹੀਂ ਕਰਨਾ ਚਾਹੀਦਾ। ਪਰਾਇਆ ਹੱਕ ਨਹੀਂ ਖਾਣਾ ਚਾਹੀਦਾ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਮੋਹ ਅਤੇ ਈਰਖਾ ਦਾ ਤਿਆਗ ਕਰਨਾ ਚਾਹੀਦਾ ਹੈ। ਮਾੜੀਆਂ ਪ੍ਰਵਿਰਤੀਆਂ ਕਾਰਨ ਹੀ ਅੱਜ ਸਮਾਜ ਵਿਚ ਲੜਾਈਆਂ-ਝਗੜੇ, ਬਲਾਤਕਾਰ, ਕਤਲੋਗਾਰਤ ਅਤੇ ਲੁੱਟਾਂ-ਖੋਹਾਂ ਚੱਲ ਰਹੀਆਂ ਹਨ। ਪੁਰਾਣੇ ਸਮੇਂ ਵਿਚ ਪਿਆਰ ਅਤੇ ਭਾਈਚਾਰਕ ਸਾਂਝ ਸਾਡੇ ਸੱਭਿਆਚਾਰ ਦੀ ਪਛਾਣ ਸੀ। ਇਨਸਾਨੀਅਤ, ਰੂਹਾਨੀਅਤ ਅਤੇ ਵਿਗਿਆਨਕ ਸੂਝਬੂਝ ਅੱਜ ਸਮੇਂ ਦੀ ਲੋੜ ਹੈ। ਨਾਮ ਜਪਣ ਅਤੇ ਸਿਮਰਨ ਕਰਨ ਨਾਲ ਮਨ ਸ਼ੁੱਧ ਹੁੰਦਾ ਹੈ ਅਤੇ ਮਨੁੱਖ ਨੂੰ ਵਿਵੇਕ ਬੁੱਧੀ ਪ੍ਰਾਪਤ ਹੁੰਦੀ ਹੈ। ਸਾਨੂੰ ਨੈਤਿਕ ਅਤੇ ਸਦਾਚਾਰਕ ਹੋਣਾ ਚਾਹੀਦਾ ਹੈ।
ਲੇਖਕ ਨੇ ਥਾਂ-ਥਾਂ 'ਤੇ ਗੁਰਬਾਣੀ ਦੇ ਹਵਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਦੀ ਚਰਚਾ ਕੀਤੀ ਹੈ। ਉਸ ਨੇ ਆਪਣੀਆਂ ਲਿਖਤਾਂ ਨੂੰ ਕਾਵਿ ਟੂਕਾਂ ਅਤੇ ਮੁਹਾਵਰਿਆਂ ਨਾਲ ਸ਼ਿੰਗਾਰਿਆ ਹੈ। ਲੇਖਾਂ ਵਿਚ ਉਸ ਨੇ ਕਈ ਕਵਿਤਾਵਾਂ ਵੀ ਦਰਜ ਕੀਤੀਆਂ ਹਨ। ਇਕ ਥਾਂ ਉਹ ਲਿਖਦਾ ਹੈ-
ਐ ਬੰਦੇ! ਤੂੰ ਦੁਸ਼ਟ, ਕਪਟੀ, ਖ਼ੁਦਗਰਜ਼,
ਭ੍ਰਿਸ਼ਟ ਤੇ ਅਕ੍ਰਿਤਘਣ ਤਾਂ ਬਣ ਬੈਠਾ
ਪਰ ਜੇ ਤੂੰ ਦਿਆਲੂ, ਸਾਊ, ਨੇਕ ਦਿਲ,
ਇਮਾਨਦਾਰ ਤੇ ਨਿਰਸੁਆਰਥੀ ਬਣੇ ਤਾਂ
ਤੈਨੂੰ ਤਾਂ ਜਾਣਾਂ।
ਉਸ ਨੇ ਇਸਤਰੀ ਦੀ ਵਕਾਲਤ ਕੀਤੀ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਸੁੰਦਰਤਾ, ਸ਼ਰਮ, ਵਫ਼ਾ, ਪਿਆਰ ਅਤੇ ਕੋਮਲਤਾ ਇਸਤਰੀ ਦੇ ਗਹਿਣੇ ਹਨ। ਸਾਨੂੰ ਸਰੀਰਕ, ਮਾਨਸਿਕ, ਆਰਥਿਕ ਵਿੱਦਿਅਕ ਪੱਖੋਂ ਆਪਣੇ-ਆਪ ਨੂੰ ਬਲਵਾਨ ਬਣਾ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ। ਸੁੰਦਰ ਵਿਚਾਰਾਂ ਅਤੇ ਸ਼ੁੱਭ ਵਿਆਖਿਆਵਾਂ ਨਾਲ ਸਜੀ ਇਹ ਪੁਸਤਕ ਪੜ੍ਹਨਯੋਗ ਹੈ।

c c c

ਬਦਲਦੇ ਰੂਪਾਂ ਦਾ ਅਹਿਸਾਸ
ਲੇਖਕ : ਭੁਪਿੰਦਰ ਸਿੰਘ ਚੌਂਕੀਮਾਨ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 136
ਸੰਪਰਕ : 99145-49724.

ਇਸ ਲੇਖ ਸੰਗ੍ਰਹਿ ਵਿਚ 15 ਕੁ ਲੇਖ ਸ਼ਾਮਿਲ ਹਨ, ਜੋ ਜ਼ਰੂਰੀ ਸਮੱਸਿਆਵਾਂ ਨਾਲ ਨਜਿੱਠਣ ਦੀ ਜਾਚ ਦੱਸਦੇ ਹਨ। ਸਾਂਝਾ ਸੱਭਿਆਚਾਰਕ ਵਿਰਸਾ ਅਤੇ ਇਤਿਹਾਸ ਬਹੁਤ ਸ਼ਾਨਾਮੱਤਾ ਰਿਹਾ ਹੈ। ਸਦੀਆਂ ਤੋਂ ਵਿਦੇਸ਼ੀ ਲੋਕ ਭਾਰਤ ਵੱਲ ਖਿੱਚੇ ਚਲੇ ਆਉਂਦੇ ਰਹੇ। ਪਰ ਹੁਣ ਅਸੀਂ ਆਪਣੀਆਂ ਕਦਰਾਂ-ਕੀਮਤਾਂ ਨੂੰ ਇਸ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਹੈ ਕਿ ਬਿਗਾਨੇ ਦੇਸ਼ਾਂ ਵੱਲ ਵਹੀਰਾਂ ਘੱਤ ਲਈਆਂ ਹਨ। ਸਾਡੇ ਵਡੇਰਿਆਂ ਦੀ ਸਿੱਖਿਆ, ਕੁਰਬਾਨੀਆਂ ਅਤੇ ਸਦਾਚਾਰਕ ਮੁੱਲਾਂ ਨੂੰ ਅਪਣਾਉਣ ਦੀ ਥਾਂ ਅਸੀਂ ਅਵੇਸਲੇਪਣ, ਅਧੀਨਗੀ ਵਾਲੀ ਸੋਚ ਅਤੇ ਢਹਿੰਦੀ ਕਲਾ ਦੇ ਸ਼ਿਕਾਰ ਹੋ ਗਏ ਹਾਂ। ਇਸੇ ਚਿੰਤਾ ਨੂੰ ਮੁੱਖ ਰੱਖ ਕੇ ਸੂਝਵਾਨ ਲਿਖਾਰੀ ਨੇ ਪਰੰਪਰਾ ਤੇ ਆਧੁਨਿਕਤਾ, ਲੋਕ ਜਾਗ੍ਰਿਤੀ ਅਤੇ ਜ਼ਿੰਮੇਵਾਰੀਆਂ, ਅਸੰਤੁਸ਼ਟੀ ਅਤੇ ਅਸਹਿਣਸ਼ੀਲਤਾ, ਆਤਮ ਹੱਤਿਆ ਦੇ ਰੁਝਾਨ, ਨਸ਼ੇ, ਆਤੰਕਵਾਦ, ਰਾਜਨੀਤੀ ਅਤੇ ਭ੍ਰਿਸ਼ਟਾਚਾਰ ਆਦਿ ਦੇ ਮੁੱਦੇ ਉਠਾ ਕੇ ਸਾਨੂੰ ਸੁਚੇਤ ਕੀਤਾ ਹੈ। ਲੇਖਕ ਵਾਰ-ਵਾਰ ਹੋਕਾ ਦੇ ਰਿਹਾ ਹੈ ਕਿ ਜੇ ਅਸੀਂ ਆਪਣੇ ਗ੍ਰੰਥਾਂ, ਵੇਦਾਂ, ਪੁਰਾਣਾਂ ਅਤੇ ਇਤਿਹਾਸ ਤੋਂ ਸੇਧ ਲੈ ਕੇ ਸਹੀ ਸੋਚ ਅਪਣਾਈ ਹੁੰਦੀ ਤਾਂ ਅੱਜ ਅਸੀਂ ਏਨੇ ਉਪਰਾਮ ਅਤੇ ਬੇਚੈਨ ਨਾ ਹੁੰਦੇ। ਨਵੇਂ ਇਤਿਹਾਸ ਨੂੰ ਰਚਣ ਵਾਸਤੇ ਪੁਰਾਤਨ ਇਤਿਹਾਸ ਦਾ ਗਿਆਨ ਜ਼ਰੂਰੀ ਹੁੰਦਾ ਹੈ। ਅਸੀਂ ਸਮੇਂ ਅਨੁਸਾਰ ਚੱਲਣਾ ਨਹੀਂ ਸਿੱਖਿਆ। ਜੇ ਅਸੀਂ ਆਪਣੇ ਬੀਤੇ ਤੋਂ ਸਬਕ ਸਿੱਖਿਆ ਹੁੰਦਾ ਤਾਂ ਅਸੀਂ ਕਮਜ਼ੋਰ ਸੋਚ ਅਤੇ ਡਾਵਾਂਡੋਲਤਾ ਤੋਂ ਸੁਰਖਰੂ ਹੋ ਜਾਣਾ ਸੀ। ਸਾਡੀ ਜਵਾਨ ਊਰਜਾ ਅੱਜ ਨਸ਼ਿਆਂ ਅਤੇ ਵਿਸ਼ਿਆਂ ਵਿਚ ਰੁੜ੍ਹੀ ਜਾ ਰਹੀ ਹੈ। ਲੋੜ ਹੈ ਕਿ ਅਸੀਂ ਆਪਣਾ ਮੂਲ ਪਛਾਣੀਏ, ਮਨੁੱਖੀ ਜੀਵਨ ਦੀ ਕਦਰ ਪਾਈਏ ਅਤੇ ਜ਼ਿੰਦਗੀ ਨੂੰ ਜਿਊਣ ਜੋਗਾ ਬਣਾਈਏ। ਲੇਖਕ ਨੇ ਇਨ੍ਹਾਂ ਪ੍ਰੇਰਨਾਦਾਇਕ ਲੇਖਾਂ ਦੁਆਰਾ ਸਮੇਂ ਦੇ ਸੱਚ ਨੂੰ ਪ੍ਰਗਟ ਕੀਤਾ ਹੈ। ਇਹ ਪੁਸਤਕ ਪੜ੍ਹਨਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

\c c c

ਬਾਬਾ ਸਾਹਿਬ
ਡਾ: ਅੰਬੇਡਕਰ
ਲੇਖਕ : ਸੋਹਣ ਸਹਿਜਲ
ਪ੍ਰਕਾਸ਼ਕ : ਪਰਮਿੰਦਰਾ ਆਰਟ ਪ੍ਰੈੱਸ, ਫਗਵਾੜਾ
ਮੁੱਲ : 60 ਰੁਪਏ, ਸਫ਼ੇ : 132
ਸੰਪਰਕ : 9501477278.

'ਬਾਬਾ ਸਾਹਿਬ ਡਾ: ਅੰਬੇਡਕਰ' ਸੋਹਣ ਸਹਿਜਲ ਦੀ ਅਜਿਹੀ ਪੁਸਤਕ ਹੈ, ਜਿਸ ਦਾ ਪ੍ਰਕਾਸ਼ਨ ਤੀਜੀ ਵਾਰ ਹੋਇਆ ਹੈ। ਡਾ: ਅੰਬੇਡਕਰ ਨੇ ਆਪਣਾ ਸਾਰਾ ਜੀਵਨ ਦੇਸ਼ ਲਈ, ਲੋਕ ਕਲਿਆਣ ਲਈ ਹੀ ਨਿਸ਼ਾਵਰ ਕਰ ਦਿੱਤਾ। ਸਿੱਖਿਅਤ ਹੋ ਕੇ ਸੰਘਰਸ਼ ਕਰਨ ਦੇ ਸਿਧਾਂਤ ਨੂੰ ਅਪਣਾ ਕੇ ਸੰਵਿਧਾਨ ਵਿਚ ਵੀ ਕਈ ਸੋਧਾਂ ਡਾ: ਸਾਹਿਬ ਨੇ ਕਰਵਾਈਆਂ ਅਤੇ ਵੋਟ ਦਾ ਅਧਿਕਾਰ ਵੀ ਹਾਸਲ ਕੀਤਾ ਹੈ। ਡਾ: ਅੰਬੇਡਕਰ ਦਲਿਤ ਵਰਗ ਨਾਲ ਹਮੇਸ਼ਾ ਪ੍ਰਤੀਬੱਧ ਰਹੇ ਤੇ ਉਨ੍ਹਾਂ ਦੀ ਭਲਾਈ ਲਈ ਉਸ ਨੂੰ ਆਪਣੀ ਜ਼ਿੰਦਗੀ ਵਿਚ ਕਈ ਕੌੜੇ-ਮਿੱਠੇ ਤਜਰਬੇ ਹਾਸਲ ਹੋਏ, ਜਿਨ੍ਹਾਂ ਬਾਰੇ ਲੇਖਕ ਸੋਹਣ ਸਹਿਜਲ ਨੇ ਬੜੀ ਹੀ ਬੇਬਾਕੀ ਨਾਲ ਖੂਬਸੂਰਤ ਅੰਦਾਜ਼ ਵਿਚ ਤੁਕਾਂ ਲਿਖ ਕੇ ਇਸ ਪੁਸਤਕ ਨੂੰ ਚਾਰ-ਚੰਨ ਲਗਾ ਦਿੱਤੇ ਹਨ। ਜਿਵੇਂ-
'ਮੈਂ ਬੇਇਨਸਾਫੀ ਸ਼ੋਸ਼ਣ ਨੂੰ, ਬਰਦਾਸ਼ਤ ਨਹੀਂ ਕਰਦਾ।
ਉਹ ਕਾਹਦਾ ਬੰਦਾ ਜੋ ਕਦੇ ਬਗਾਵਤ ਨਹੀਂ ਕਰਦਾ'।
ਲੇਖਕ ਨੇ ਡਾ: ਸਾਹਿਬ ਬਾਰੇ ਲਿਖਿਆ ਹੈ ਕਿ ਉਹ ਹਰ ਇਨਸਾਨ ਨੂੰ ਸਿੱਖਿਅਤ ਕਰਨਾ ਚਾਹੁੰਦੇ ਸੀ ਅਤੇ ਸੰਘਰਸ਼ ਕਰਕੇ ਇਕਮੁੱਠ ਹੋ ਕੇ ਜਿਊਣ ਦਾ ਹੀਲਾ ਦੱਸਦੇ ਸੀ, ਬੰਦਿਆਂ ਵਿਚ ਵਿਸ਼ਵਾਸ ਜਗਾਉਂਦੇ ਸੀ ਤੇ ਕਦੇ ਨਿਰਾਸ਼ ਨਾ ਹੋਣ ਦਾ ਨਾਅਰਾ ਲਾਉਂਦੇ ਸੀ ਤੇ ਵੱਧ ਬੁੱਧੀਮਾਨ ਹੋ ਕੇ ਤਾਕਤ ਜਾਗਦੀ ਹੈ ਬਾਰੇ ਦੱਸਦੇ ਸੀ। ਜਿਵੇਂ-
'ਜਿਹੜਾ ਹੋਵੇ ਸੁੱਤਾ, ਉਹਨੂੰ ਜਗਾਇਆ ਜਾ ਸਕਦਾ।
ਸੌਣ ਦਾ ਕਰੇ ਬਹਾਨਾ ਨਹੀਂ ਉਠਾਇਆ ਜਾ ਸਕਦਾ'।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਕ ਦਾ ਡਾ: ਸਾਹਿਬ ਦੇ ਜੀਵਨ ਤੋਂ ਜਾਣੂ ਕਰਵਾ ਕੇ ਪਾਠਕ ਵਰਗ ਨੂੰ ਸੁਚੇਤ ਕਰਨਾ ਤੇ ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਆਪਣੀ ਕਲਾ ਨੂੰ ਉਭਾਰਨਾ ਇਕ ਉਸਾਰੂ ਕੰਮ ਹੈ। ਲੇਖਕ ਨੂੰ ਮੁਬਾਰਕਬਾਦ!

-ਗੁਰਬਿੰਦਰ ਕੌਰ ਬਰਾੜ
ਮੋ: 09855395161

c c c

ਬਾਰੀਂ ਬਰਸੀ....
(ਲੋਕ ਬੋਲੀਆਂ)
ਸੰਪਾਦਕ : ਗੁਰਪ੍ਰੀਤ ਬਾਵਾ
ਪ੍ਰਕਾਸ਼ਕ : ਘੁਮਾਣ ਪਬਲੀਕੇਸ਼ਨ, ਸੰਘਰੇੜੀ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 88
ਸੰਪਰਕ : 94640-50572.

ਲੋਕ ਸਾਹਿਤ ਦਾ ਖੇਤਰ ਬਹੁਤ ਵਿਸ਼ਾਲ ਹੈ। ਇਹ ਅਜਿਹਾ ਸਮੁੰਦਰ ਹੈ, ਜਿਸ ਦੀ ਗਹਿਰਾਈ ਦਾ ਅੰਤ ਨਹੀਂ ਪਾਇਆ ਜਾ ਸਕਦਾ। ਸਾਦ-ਮੁਰਾਦੇ ਲੋਕ ਮਨਾਂ ਵਿਚੋਂ ਨਿਕਲੇ ਲੋਕ ਸਾਹਿਤ ਦਾ ਹੀ ਇਕ ਹਿੱਸਾ ਹੈ ਲੋਕ ਬੋਲੀਆਂ। ਮਨ ਦੇ ਆਪਮੁਹਾਰੇ ਵਲਵਲਿਆਂ, ਇੱਛਾਵਾਂ, ਤਜਰਬਿਆਂ ਨੂੰ ਪੇਸ਼ ਕਰਦੀਆਂ ਲੋਕ ਬੋਲੀਆਂ ਸਮੇਂ ਦੇ ਅਨੇਕਾਂ ਰੰਗਾਂ ਨਾਲ ਸਾਂਝ ਪਵਾਉਂਦੀਆਂ ਹਨ। ਉਪਰੋਕਤ ਪੁਸਤਕ ਵੀ ਲੋਕ ਬੋਲੀਆਂ ਦਾ ਇਕ ਛੋਟਾ ਸੰਗ੍ਰਹਿ ਹੈ, ਜਿਸ ਵਿਚ ਸੰਪਾਦਕ ਨੇ ਆਪਣੇ ਸ਼ੌਕ ਨਾਲ ਜੁੜਦਿਆਂ ਇਨ੍ਹਾਂ ਲੋਕ ਬੋਲੀਆਂ ਨੂੰ ਇਕੱਠਾ ਕਰਦਿਆਂ ਪੁਸਤਕ ਰੂਪ ਵਿਚ ਸੰਭਾਲਣ ਦਾ ਯਤਨ ਕੀਤਾ ਹੈ। ਪੁਸਤਕ ਵਿਚ ਸਾਦਗੀ, ਨਿਰਛਲਤਾ ਅਤੇ ਬੇਪਰਵਾਹੀ ਵਾਲੀਆਂ ਬੋਲੀਆਂ ਹਨ, ਜੋ ਮਲਵਈ ਗਿੱਧੇ ਦਾ ਸ਼ਿੰਗਾਰ ਬਣਦੀਆਂ ਹਨ। ਪੁਸਤਕ ਦੀ ਸ਼ੁਰੂਆਤ ਵਿਚ ਮੰਗਲਾਚਰਨ ਹੈ, ਜਿਸ ਵਿਚ ਪਰਮਾਤਮਾ ਦੀ ਉਸਤਤ ਤੋਂ ਬਾਅਦ ਭਗਤਾਂ ਸਾਧਾਂ ਦੀ ਵਡਿਆਈ ਕੀਤੀ ਗਈ ਹੈ। ਇਨ੍ਹਾਂ ਬੋਲੀਆਂ ਦੇ ਵਿਸ਼ਿਆਂ ਵਿਚ ਰਿਸ਼ਤਿਆਂ ਦੀ ਖੂਬਸੂਰਤੀ, ਨੱਚਣ ਦਾ ਸ਼ੌਕ ਅਤੇ ਚਾਅ ਹੁਲਾਸ, ਛੜਿਆਂ ਦੀ ਜ਼ਿੰਦਗੀ ਦੇ ਰੰਗ, ਖੱਟਣ ਕਮਾਉਣ ਵਾਲਿਆਂ ਦੇ ਪਰਦੇਸ ਜਾਣ ਬਾਰੇ, ਪਤੀ ਪਤਨੀ ਦੇ ਰਿਸ਼ਤੇ ਵਿਚਲੇ ਗਿਲੇ-ਸ਼ਿਕਵੇ, ਰੋਸੇ, ਨਿਹੋਰੇ, ਹੀਰ ਰਾਂਝੇ ਦੇ ਨਾਲ ਸਬੰਧਤ ਲੰਬੀਆਂ ਬੋਲੀਆਂ ਸ਼ਾਮਿਲ ਹਨ। ਬਦਲਦੇ ਸਮੇਂ ਦੇ ਨਾਲ ਬਦਲਦੇ ਜੀਵਨ ਢੰਗ ਨੂੰ ਵੀ ਬੋਲੀਆਂ ਵਿਚ ਪੇਸ਼ ਕੀਤਾ ਗਿਆ ਹੈ :
ਮੁੰਡੇ ਬਣੇ ਨੇ ਭਈਏ ਫਿਰਦੇ
ਪੱਗ ਚੀਰੇ ਵਾਲੀ ਸਿਰ ਤੋਂ ਲਹਿ ਗਈ
ਕੁੜੀ ਬਾਰੇ ਕੀ ਦੱਸਾਂ ਬੋਲ ਕੇ,
ਇਹ ਵੀ ਫੈਸ਼ਨ ਜੋਗੀ ਰਹਿ ਗਈ
ਗੁੱਤ ਕਾਲੀ ਨਾਗ ਵਰਗੀ
ਕੱਲ੍ਹ ਨਾਈ ਦੀ ਦੁਕਾਨ 'ਤੇ ਰਹਿ ਗਈ
ਨੌਜਵਾਨਾਂ ਦੀ ਪਰਦੇਸ ਜਾਣ ਦੀ ਰੁਚੀ ਨੂੰ ਪ੍ਰਗਟਾਉਂਦੀਆਂ ਬੋਲੀਆਂ ਵੀ ਪੁਸਤਕ ਵਿਚ ਸ਼ਾਮਿਲ ਹਨ ਜੋ ਸਮੇਂ ਦੇ ਸੱਚ ਨੂੰ ਪੇਸ਼ ਕਰਦੀਆਂ ਹਨ। ਵਕਤ ਦੇ ਨਾਲ ਗੁਆਚ ਰਹੇ ਲੋਕ ਸਾਹਿਤ ਨੂੰ ਸੰਭਾਲਣ ਦਾ ਸੰਪਾਦਕ ਦਾ ਇਹ ਯਤਨ ਸ਼ਲਾਘਾਯੋਗ ਹੈ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099

c c c

ਇਕ ਯੋਧੇ ਦੀ ਦਾਸਤਾਨ
ਸ਼ਹੀਦ ਊਧਮ ਸਿੰਘ
ਲੇਖਕ : ਪ੍ਰਿੰਸੀਪਲ ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 132
ਸੰਪਰਕ : 98146-19342.

ਹਥਲੀ ਪੁਸਤਕ ਸ਼ਹੀਦ ਊਧਮ ਸਿੰਘ ਦੀ ਜੀਵਨੀ 'ਤੇ ਆਧਾਰਿਤ ਅਜਿਹਾ ਇਤਿਹਾਸਕ ਨਾਵਲ ਹੈ, ਜਿਸ ਨੂੰ ਸ਼ਹੀਦ ਊਧਮ ਸਿੰਘ ਆਪਣੀ ਜੀਵਨ ਕਥਾ ਨੂੰ ਖ਼ੁਦ ਬਿਆਨ ਕਰ ਰਿਹਾ ਹੈ। ਲੇਖਕ ਨੇ ਇਸ ਇਤਿਹਾਸਕ ਨਾਵਲ ਨੂੰ ਦਸ ਕਾਂਡਾਂ ਵਿਚ ਪੇਸ਼ ਕੀਤਾ ਹੈ। ਲੇਖਕ ਨੇ ਹਰ ਕਾਂਡ ਵਿਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨੂੰ ਪਾਠਕਾਂ ਦੇ ਸਨਮੁੱਖ ਕਰਦਿਆਂ, ਅੰਗਰੇਜ਼ੀ ਹਕੂਮਤ ਵੱਲੋਂ ਭਾਰਤੀਆਂ ਉੱਪਰ ਡੰਡੇ ਦਾ ਰਾਜ ਕਰਨ ਦੀ ਗਾਥਾ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਤਿੰਨ ਲੱਖ ਅੰਗਰੇਜ਼ ਪੈਂਤੀ ਕਰੋੜ ਭਾਰਤੀਆਂ ਉੱਪਰ ਜਬਰ-ਜ਼ੁਲਮ ਕਰ ਰਹੇ ਸਨ। ਹਜ਼ਾਰਾਂ ਵਰ੍ਹੇ ਗੁਲਾਮੀ ਦੇ ਤਸੀਹੇ ਝਲਦਿਆਂ ਦੇਸ਼ ਵਾਸੀਆਂ ਦੀ ਜਮੀਰ ਅਧਮੋਈ ਹੋ ਚੁੱਕੀ ਸੀ। ਸ: ਊਧਮ ਸਿੰਘ ਮੁਤਾਬਿਕ ਅਪ੍ਰੈਲ 1919 ਦੇ ਜਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਪਿੱਛੋਂ ਹਕੂਮਤ ਦੀ ਪੁਲਿਸ ਉਸ ਦੀਆਂ ਸਰਗਰਮੀਆਂ ਨੂੰ ਬਹੁਤ ਨੇੜਿਓਂ ਵੇਖ ਰਹੀ ਸੀ। ਇਸੇ ਕਰਕੇ ਮੈਨੂੰ ਨੈਰੋਬੀ ਜਾਣਾ ਪਿਆ। ਮਹਾਤਮਾ ਗਾਂਧੀ ਦੇ ਵਿਚਾਰ ਨਿਰੋਲ ਸੁਧਾਰਵਾਦੀ ਸਨ, ਮੇਰੇ ਅਤੇ ਮੇਰੇ ਵਰਗੇ ਹੋਰ ਨੌਜਵਾਨਾਂ ਦਾ ਵਿਚਾਰ ਸੀ, ਇਸ ਨਾਲ ਆਜ਼ਾਦੀ ਦੀ ਲਹਿਰ ਕਮਜ਼ੋਰ ਹੋ ਰਹੀ ਹੈ। ਇਸੇ ਕਰਕੇ ਮੈਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਸੰਪਰਕ ਵਿਚ ਆ ਗਿਆ। ਨਾਵਲ ਦੇ ਇਕ ਕਾਂਡ ਵਿਚ ਸ਼ਹੀਦ ਊਧਮ ਸਿੰਘ ਵੱਲੋਂ ਲਿਖੇ ਚਿੱਠੀ ਪੱਤਰਾਂ ਨੂੰ ਵੀ ਸ਼ਾਮਿਲ ਕਰਕੇ, ਉਸ ਦੀ ਵਿਚਾਰਧਾਰਾ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਗਿਆ।
ਲੇਖਕ ਪੁਸਤਕ ਦੇ ਇਕ ਕਾਂਡ ਵਿਚ ਬਿਆਨ ਕਰਦਾ ਹੈ ਕਿ ਆਜ਼ਾਦੀ ਹਮੇਸ਼ਾ ਖੂਨ ਮੰਗਦੀ ਹੈ। ਖਾਲੀ ਤਕਰੀਰਾਂ ਨਾਲ ਕੁਝ ਨਹੀਂ ਬਣਦਾ। ਪੁਸਤਕ ਦੇ ਆਖਰੀ ਕਾਂਡ ਵਿਚ ਸ: ਊਧਮ ਸਿੰਘ ਦੀ ਜ਼ਬਾਨੀ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ, ਜਿਸ ਕਿਸਮ ਦੀਆਂ ਸਿਆਸੀ ਪਾਰਟੀਆਂ ਹਿੰਦੁਸਤਾਨ ਵਿਚ ਆਜ਼ਾਦੀ ਲਈ ਸਰਗਰਮ ਹਨ, ਜੇ ਮੁਲਕ ਦੀ ਹਕੂਮਤ ਇਨ੍ਹਾਂ ਸਿਆਸੀ ਦਲਾਂ ਦੇ ਹੱਥ ਆ ਗਈ ਤਾਂ ਇਹ ਮੁਲਕ ਲਈ ਸ਼ੁੱਭ ਸ਼ਗਨ ਨਹੀਂ ਹੋਵੇਗਾ।

-ਭਗਵਾਨ ਸਿੰਘ ਜੌਹਲ
ਮੋ: 98143-24040.

c c c

ਹੱਸਣਾ ਜ਼ਿੰਦਗੀ ਹੈ
ਲੇਖਕ : ਜੇ.ਪੀ.ਐਸ. ਜੌਲੀ
ਅਨੁਵਾਦ ਤੇ ਸੰਪਾਦਨ :
ਡਾ: ਅਕਵਿੰਦਰ ਕੌਰ ਤਨਵੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 138
ਸੰਪਰਕ : 0172-4608699.

ਅਜੋਕੇ ਤੇਜ਼-ਤਰਾਰ ਤੇ ਪਦਾਰਥਵਾਦੀ ਯੁੱਗ 'ਚ ਹਰ ਕੋਈ ਵਿਅਕਤੀ ਵਧੇਰੇ ਰੁੱਝਿਆ ਹੋਇਆ ਪ੍ਰਤੀਤ ਹੋ ਰਿਹਾ ਹੈ। ਕਿਸੇ ਕੋਲ ਵਿਹਲ ਨਹੀਂ ਹੈ। ਅਸੀਂ ਵੱਧ ਤੋਂ ਵੱਧ ਪੈਸਾ ਅਤੇ ਪਦਾਰਥਕ ਵਸਤਾਂ ਇਕੱਠੀ ਕਰਨ ਦੀ ਅੰਨ੍ਹੀ ਦੌੜ 'ਚ ਪੈ ਗਏ ਹਾਂ। ਇਹੀ ਸਾਡੀਆਂ ਪ੍ਰੇਸ਼ਾਨੀ ਦਾ ਪ੍ਰਮੁੱਖ ਕਾਰਨ ਹੈ।
ਮਾਨਸਿਕ ਬੇਚੈਨੀ ਦੇ ਆਲਮ 'ਚ ਹਾਸੇ-ਖੇੜੇ ਸਾਡੇ ਚਿਹਰਿਆਂ ਤੋਂ ਅਲੋਪ ਹੁੰਦੇ ਜਾ ਰਹੇ ਹਨ। ਅਸੀਂ ਐਨੀ ਕੁ ਗੰਭੀਰਤਾ ਵਾਲਾ ਜੀਵਨ ਬਸਰ ਕਰਨ ਲੱਗ ਪਏ ਹਾਂ ਕਿ ਕਈ ਵਾਰ ਤਾਂ ਸਾਨੂੰ ਹਾਸੇ ਵਾਲੀ ਗੱਲ 'ਤੇ ਰਤਾ ਵੀ ਹਾਸਾ ਨਹੀਂ ਆਉਂਦਾ। ਪਰ ਅਸਲ ਜ਼ਿੰਦਗੀ ਦੀ ਖ਼ੂਬਸੂਰਤੀ ਹਾਸਿਆਂ 'ਚ ਛੁਪੀ ਹੋਈ ਹੈ। ਹੱਸਣਾ ਅਤੇ ਹਸਾਉਣਾ ਦੋਵੇਂ ਹੀ ਮਾਨਸਿਕ ਸਿਹਤ ਲਈ ਗੁਣਕਾਰੀ ਹਨ। 'ਹੱਸਦਿਆਂ ਦੇ ਘਰ ਵੱਸਦੇ'। ਕਿਸੇ ਨੂੰ ਹਸਾਉਣਾ ਕਲਾ ਹੈ। ਸਿਹਤ ਮਾਹਰ ਕਹਿੰਦੇ ਹਨ ਕਿ ਖੁੱਲ੍ਹ ਕੇ ਹੱਸਣ ਨਾਲ ਉਮਰ ਵਧਦੀ ਅਤੇ ਸਰੀਰਕ ਤੰਦਰੁਸਤੀ ਰਹਿੰਦੀ ਹੈ। ਇਸ ਕਰਕੇ ਹਾਸੇ ਨੂੰ ਜ਼ਿੰਦਗੀ ਦਾ ਇਕ ਜ਼ਰੂਰੀ ਅੰਗ ਬਣਾਉਣਾ ਚਾਹੀਦਾ ਹੈ।
ਸਾਰੇ ਦਿਨ 'ਚ ਥੋੜ੍ਹਾ ਬਹੁਤਾ ਜ਼ਰੂਰ ਹੱਸ ਲੈਣਾ ਚਾਹੀਦਾ ਹੈ। ਇਸ ਪੁਸਤਕ ਦਾ ਨਾਂਅ ਬੜਾ ਖ਼ੂਬਸੂਰਤ : 'ਹੱਸਣਾ ਜ਼ਿੰਦਗੀ ਹੈ'। ਚਰਚਾ ਅਧੀਨ ਇਸ ਪੁਸਤਕ 'ਚ ਜੇ.ਪੀ.ਐਸ. ਜੌਲ੍ਹੀ ਦੇ ਲਿਖੇ ਹੋਏ 750 ਚੁਟਕਲੇ ਹਨ, ਜਿਨ੍ਹਾਂ ਦਾ ਅਨੁਵਾਦ ਤੇ ਸੰਪਾਦਨ ਦਾ ਜਿੰਮਾ ਲੈ ਕੇ ਲੇਖਿਕਾ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਪੁਸਤਕ 'ਚ ਪਤੀ-ਪਤਨੀ, ਅਧਿਆਪਕ-ਵਿਦਿਆਰਥੀ, ਪਿਤਾ-ਪੁੱਤਰ, ਮੰਗਤਾ, ਵਕੀਲ, ਸ਼ਰਾਬੀ, ਕੰਜੂਸ ਦੀ ਵਾਰਤਾਲਾਪ 'ਚੋਂ ਹਾਸਾ-ਮਜ਼ਾਕ ਉਪਜਦਾ ਹੈ। ਜਦੋਂ ਵੀ ਕੰਮ ਕਰਦਿਆਂ ਅਕੇਵਾਂ, ਥਕਾਵਟ ਮਹਿਸੂਸ ਹੋਵੇ ਜਾਂ ਉਦਾਸੀ ਦਾ ਆਲਮ ਹੋਵੇ ਤਾਂ ਇਹ ਚੁਟਕਲੇ ਮਨੋਰੰਜਨ ਦੇ ਨਾਲ-ਨਾਲ ਸਾਡੇ ਮਨਾਂ 'ਚ ਹਾਸਾ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ।

-ਮੋਹਰ ਗਿੱਲ ਸਿਰਸੜੀ
ਮੋ: 98156-59110

c c c


ਮੈਂ ਨਹੀਓਂ ਨੱਚਣਾ
ਲੇਖਕ : ਰਜਿੰਦਰ ਬਿੱਲਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 88
ਸੰਪਰਕ : 98550-20518.

ਇਸ ਨਾਟਕ ਸੰਗ੍ਰਹਿ ਵਿਚ ਕੁੱਲ 6 ਨਾਟਕਾਂ ਦੀ ਸਿਰਜਣਾ ਕੀਤੀ ਗਈ ਹੈ। ਇਹ ਨਾਟਕ ਹਨ-ਮੈਂ ਨਹੀਓਂ ਨੱਚਣਾ, ਅੱਬਾ ਜ਼ਰੂਰ ਆਏਗਾ, ਅੰਧੀ ਨਗਰੀ, ਬੇਬੇ ਦਾ ਟਰੰਕ, ਤਾਈ ਨਿਹਾਲੋ ਅਤੇ ਵਿਚਾਰੀ ਬੱਕਰੀ। ਨਾਟਕਕਾਰ ਰਜਿੰਦਰ ਬਿੱਲਾ ਇਕ ਤਜਰਬੇਕਾਰ ਰੰਗਕਰਮੀ, ਸੰਗੀਤਕਾਰ ਅਤੇ ਕਾਫੀ ਸਮੇਂ ਤੋਂ ਰੰਗਮੰਚ ਨਾਲ ਜੁੜਿਆ ਸੰਵੇਦਨਸ਼ੀਲ ਕਲਾਕਾਰ ਹੈ। ਲੇਖਕ ਆਪਣੀ ਰਚਨਾ ਰਾਹੀਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਤੰਦਰੁਸਤ ਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਦੀ ਲੋਚਾ ਰੱਖਦਾ ਹੈ। ਉਸ ਦੇ ਸਾਰੇ ਨਾਟਕ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਦੀ ਪੂਰਤੀ ਦਾ ਅਹਿਮ ਹਿੱਸਾ ਹਨ, ਕਿਉਂਕਿ ਇਹ ਨਾਟਕ ਜਿਥੇ ਚੰਗਾ ਸੁਨੇਹਾ ਦਿੰਦੇ ਹਨ, ਉਥੇ ਰੰਗਮੰਚ ਦੀ ਕਸਵੱਟੀ 'ਤੇ ਪੂਰੇ ਉਤਰਦੇ ਹਨ। ਨਾਟਕ 'ਮੈਂ ਨਹੀਓਂ ਨੱਚਣਾ' ਵੇਸਵਾਵਾਂ ਦੇ ਕਿੱਤੇ ਅਤੇ ਜ਼ਿੰਦਗੀ ਬਾਰੇ ਹੈ। ਇਸ ਨਾਟਕ ਵਿਚ ਵੇਸਵਾਵਾਂ ਦਾ ਦਿਨ ਧੰਦੇ ਵਿਚ ਆਉਣ ਸਬੰਧੀ ਮਜਬੂਰੀਪਨ, ਦਲਾਲੀ, ਪੁਲਿਸ ਦਾ ਕਮਿਸ਼ਨ ਅਤੇ ਧੰਦਾ ਚਲਾਉਣ ਵਾਲੀ ਮਾਈ ਦੇ ਗੋਰਖਧੰਦੇ ਦੇ ਨਾਲ-ਨਾਲ ਸਮਾਜ ਦੇ ਚਿਟਕੱਪੜੀਏ ਵਰਗ ਦਾ ਵੀ ਇਸ ਵਿਚ ਯੋਗਦਾਨ ਸਾਹਮਣੇ ਆਉਂਦਾ ਹੈ। 'ਅੱਬਾ ਜ਼ਰੂਰ ਆਏਗਾ' ਇਕ ਪਿੰਡ ਵਿਚ ਵਾਪਰਦੀ ਛੋਟੀ ਜਿਹੀ ਘਟਨਾ ਦੇ ਆਧਾਰ 'ਤੇ ਚੇਤਨਾ ਦਾ ਹੋਕਾ ਦਿੰਦਾ ਨਾਟਕ ਹੈ।
ਨਾਟਕ 'ਅੰਧੀ ਨਗਰੀ' ਸਮਾਜ ਰੂਪੀ ਮਹਾਂਨਗਰ ਵਿਚ ਫੈਲੇ ਅੰਧੇਰੇ ਦੀ ਗੱਲ ਕਰਦਾ ਹੈ। 'ਬੇਬੇ ਦਾ ਟਰੰਕ' ਨਾਟਕ ਮਮਤਾ ਅਤੇ ਰਿਸ਼ਤਿਆਂ ਦੇ ਰੰਗ-ਢੰਗ ਨੂੰ ਪੇਸ਼ ਕਰਦਾ ਹੈ। ਲੇਖਕ ਸਾਰੇ ਨਾਟਕਾਂ ਵਿਚ ਸਮਾਜ ਨੂੰ ਹਲੂਣਦਿਆਂ, ਵੱਖ-ਵੱਖ ਕੁਰੀਤੀਆਂ ਦਾ ਪਰਦਾਫਾਸ਼ ਕਰਦਾ ਅਤੇ ਉਨ੍ਹਾਂ ਦੇ ਹੱਲ ਵੀ ਸੁਝਾਉਂਦਾ ਹੈ। ਸਮੁੱਚੇ ਰੂਪ ਵਿਚ ਨਾਟਕਾਂ ਦੇ ਵਿਸ਼ੇ ਮਨੁੱਖੀ ਜੀਵਨ ਦੇ ਸਾਰੇ ਰੂਪਾਂ ਨੂੰ ਪੇਸ਼ ਕਰਦੇ ਹਨ। ਨਾਟਕਕਾਰ ਦੁਆਰਾ ਪਾਤਰਾਂ ਦੇ ਮੂੰਹੋਂ ਕਢਵਾਏ ਸ਼ਬਦ ਵੀ ਅੱਖਾਂ ਸਾਹਮਣੇ ਸਥਿਤੀ ਦਾ ਦ੍ਰਿਸ਼ ਲਿਆਉਂਦੇ ਹਨ। ਨਾਟਕਾਂ ਦੀ ਭਾਸ਼ਾ ਸਰਲ ਤੇ ਦਿਲਚਸਪ ਹੈ।

-ਡਾ: ਰਜਵਿੰਦਰ ਕੌਰ ਨਾਗਰਾ
ਮੋ: 96460-01807.

c c c

ਸਾਹਾਂ ਦੀ ਮਹਿਕ
ਕਵੀ : ਐਸ.ਐਸ. ਸਹੋਤਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 132
ਸੰਪਰਕ : 98884-04668.

ਕਵੀ ਐਸ.ਐਸ. ਸਹੋਤਾ ਤੇਜ਼ੀ ਨਾਲ ਕਾਵਿ ਸਿਰਜਣਾ ਕਰਨ ਵਾਲਾ ਕਵੀ ਹੈ। ਉਸ ਨੇ 2016 ਵਿਚ 10 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਹਨ। ਐਨੀ ਤੇਜ਼ੀ ਨਾਲ ਕਵਿਤਾ ਸਿਰਜਣਾ ਵਿਚ ਬਾਰੰਬਾਰਤਾ ਅਤੇ ਵਿਸ਼ਿਆਂ ਦਾ ਦੁਹਰਾਉ ਹੋਣ ਦਾ ਡਰ ਨਿਹਤ ਹੁੰਦਾ ਹੈ ਪਰ ਸਹੋਤਾ ਕਿਉਂਕਿ ਮੁੱਖ ਤੌਰ 'ਤੇ ਪਿਆਰ ਦਾ ਕਵੀ ਹੈ, ਇਸ ਲਈ ਉਸ ਦੀਆਂ ਕਵਿਤਾਵਾਂ ਵਿਚ ਇਹ ਦੋਸ਼ ਸਪਸ਼ਟਤਾ ਅਖ਼ਤਿਆਰ ਨਹੀਂ ਕਰਦਾ।
ਪੁਸਤਕ ਵਿਚ 66 ਦਰਮਿਆਨੇ ਆਕਾਰ ਦੀਆਂ ਕਵਿਤਾਵਾਂ ਹਨ। ਇਹ ਕਵਿਤਾਵਾਂ ਫੇਲੁਨੀ ਛੰਦਾਂ ਬਹਿਰਾਂ ਵਿਚ ਹਨ। ਕਵੀ ਆਪਣੀ ਪ੍ਰੇਮਿਕਾ ਦੇ ਵਸਲ-ਵਿਛੋੜੇ ਵਿਚ ਕਲਪਨਾ ਉਡਾਰੀਆਂ ਭਰਦਾ ਹੈ। ਕਦੇ ਉਹ ਖ਼ੁਦ ਇਕ ਇਸਤਰੀ ਪ੍ਰੇਮਿਕਾ ਦਾ ਸਰੂਪ ਧਾਰ ਕੇ ਆਪਣੇ ਪ੍ਰੇਮੀ ਨੂੰ ਯਾਦ ਕਰਦਾ ਹੈ। ਉਸ ਦੀ ਹਰ ਕਵਿਤਾ ਪ੍ਰੇਮ-ਅਕਾਂਕਸ਼ਾ ਤੋਂ ਸ਼ੁਰੂ ਹੁੰਦੀ ਹੈ ਤੇ ਇਥੇ ਹੀ ਖ਼ਤਮ ਹੁੰਦੀ ਹੈ। ਉਸ ਦੀ ਪਹਿਲੀ ਕਵਿਤਾ ਦੇ ਬੋਲ ਹਨ : 'ਛੱਡ ਕੇ ਨਾ ਜਾਵੀਂ ਮੈਨੂੰ/ਅਜੇ ਮੈਂ ਰੱਜ ਪਿਆਰ ਵੀ ਨਾ ਕੀਤਾ। ਦੂਰੋਂ ਹੀ ਦੇਖਿਆ ਸੀ ਤੈਨੂੰ/ਨੇੜੇ ਹੋ ਕੇ ਕਦੇ ਦੀਦਾਰ ਵੀ ਨਾ ਕੀਤਾ...' ਅਤੇ ਆਖਰੀ ਕਵਿਤਾ ਦਾ ਆਖਰੀ ਬੰਦ ਹੈ : 'ਤੂੰ ਦਿੱਤਾ ਨਾ ਐਸਾ ਮੌਕਾ/ਕਿ ਮੈਂ ਕੁਝ ਕਹਿ ਪਾਂਦੀ/ਇਹ ਨਹੀਂ ਸੀ ਮੇਰੀ ਫ਼ਿਤਰਤ/ਤੈਨੂੰ ਛੱਡ ਕਿਸੇ ਹੋਰ ਦੀ ਹੋ ਜਾਂਦੀ...'। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਵੀ ਅਤੇ ਸਿਰਲੇਖ ਵੀ ਮੁਹੱਬਤੀ ਹਨ ਜਿਵੇਂ : ਉਸ ਦੀ ਨਜ਼ਰ ਨਾਲ, ਸਾਹਾਂ ਦੀ ਮਹਿਕ, ਪਿਆਰ ਦਾ ਕਿੱਸਾ, ਮੌਜ ਬਹਾਰਾਂ, ਗਲੇ ਲਗਾਂਦਾ, ਜਾਨ ਨਿਸ਼ਾਵਰ, ਪਿਆਰ ਦਾ ਨਸ਼ਾ, ਤੇਰੀ ਮਰਜ਼ੀ, ਪਿਆਰ ਮਿਲਣ ਦੀਆਂ ਰੁੱਤਾਂ, ਕਾਗਜ਼ 'ਤੇ ਤੇਰਾ ਨਾਂ... ਆਦਿ। ਕਿਤੇ ਕਿਤੇ ਸਹੋਤਾ ਨੇ ਔਰਤ ਦੀ ਮਜਬੂਰੀ ਬਾਰੇ ਵੀ ਲਿਖਿਆ ਹੈ। ਪਰ ਉਸ ਦੀ ਔਰਤ ਦੀ ਮਜਬੂਰੀ ਪ੍ਰਤੀ ਹਮਦਰਦੀ ਵੀ ਆਖਰ ਪਿਆਰ ਵਿਚ ਹੀ ਬਦਲ ਜਾਂਦੀ ਹੈ। ਇਨ੍ਹਾਂ ਕਵਿਤਾਵਾਂ ਦਾ ਗੁਣ ਇਹ ਹੈ ਕਿ ਤੁਹਾਨੂੰ ਸਾਰੀਆਂ ਕਵਿਤਾਵਾਂ ਵਿਚੋਂ ਇਕ ਹੀ ਪਿਆਰ ਮੂਰਤ ਦਿਸਦੀ ਹੈ।

-ਸੁਲੱਖਣ ਸਰਹੱਦੀ
ਮੋ: 94174-84337.

25-12-2016

 ਆਧੁਨਿਕ ਪੰਜਾਬੀ ਨਾਟਕ ਦੇ ਬਦਲਦੇ ਪਰਿਪੇਖ
ਸੰਪਾਦਕਾ : ਸੀਮਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 395 ਰੁਪਏ, ਸਫ਼ੇ : 212
ਸੰਪਰਕ : 98552-52202.
 


ਇਸ ਪੁਸਤਕ ਵਿਚ ਸੰਪਾਦਕਾ ਨੇ ਆਪਣੇ ਵਿਦਵਤਾ ਭਰਪੂਰ ਤਿੰਨ ਖੋਜ ਨਿਬੰਧਾਂ ਵਿਚ ਮੁੱਲਵਾਨ ਜਾਣਕਾਰੀ ਉਪਲਬਧ ਕਰਵਾਈ ਹੈ। ਦਲਿਤ ਸਰੋਕਾਰਾਂ ਦੀ ਪ੍ਰਸਤੁਤੀ ਕਰਦੇ ਦੋ ਖੋਜ ਨਿਬੰਧ (ਸਤਨਾਮ ਕੌਰ ਰੰਧਾਵਾ ਅਤੇ ਅਨੀਤਾ ਰਾਣੀ, ਡਾ: ਕਿਰਨਦੀਪ ਸਿੰਘ ਸਾਂਝੇ ਤੌਰ 'ਤੇ ਲਿਖੇ) ਸ਼ਾਮਿਲ ਕੀਤੇ ਹਨ। ਇਸੇ ਤਰ੍ਹਾਂ ਪੰਜਾਬੀ ਬਾਲ ਨਾਟਕ, ਕਾਵਿ-ਨਾਟ ਪਰੰਪਰਾ, ਪਿੱਤਰੀ-ਸੱਤਾ ਬਨਾਮ ਔਰਤ ਦਾ ਬਦਲਦਾ ਪਰਿਪੇਖ ਬਾਰੇ ਕ੍ਰਮਵਾਰ ਡਾ: ਨਵਦੀਪ ਕੌਰ, ਹਰਪ੍ਰੀਤ ਸਿੰਘ, ਹਰਵਿੰਦਰ ਕੌਰ ਦੇ ਖੋਜ ਨਿਬੰਧਾਂ ਨੂੰ ਸਥਾਨ ਪ੍ਰਦਾਨ ਕੀਤਾ ਹੈ। ਇਸ ਉਪਰੰਤ ਸੰਪਾਦਕਾ ਨੇ ਪੰਜਾਬੀ ਦੇ ਪ੍ਰਸਿੱਧ ਨਾਟਕਕਾਰਾਂ ਦੇ ਵਿਸ਼ੇਸ਼ ਦ੍ਰਿਸ਼ਟੀਆਂ ਤੋਂ ਰਚੇ ਨਾਟਕਕਾਰਾਂ ਬਾਰੇ ਨਿਬੰਧ ਸੰਪਾਦਿਤ ਕੀਤੇ ਹਨ, ਜਿਨ੍ਹਾਂ ਵਿਚ ਸੰਤ ਸਿੰਘ ਸੇਖੋਂ (ਰਮਨਦੀਪ ਕੌਰ), ਅਮਰਜੀਤ ਗਰੇਵਾਲ (ਦਿਨੇਸ਼), ਆਤਮਜੀਤ (ਡਾ: ਸੋਮਪਾਲ ਹੀਰਾ), ਅਜਮੇਰ ਔਲਖ (ਬੀਰਦਵਿੰਦਰ ਕੌਰ), ਚਰਨਦਾਸ ਸਿੱਧੂ (ਵੀਰਪਾਲ ਕੌਰ), ਦੇਵਿੰਦਰ ਸਿੰਘ/ਸੁਮਨਦੀਪ ਸ਼ਰਮਾ), ਦਲਜੀਤ ਸਿੰਘ ਸੰਧੂ (ਅੰਜੂ ਬਾਲਾ), ਬਲਦੇਵ ਸਿੰਘ (ਸਿਮਰਜੀਤ ਕੌਰ), ਸਤੀਸ਼ ਕੁਮਾਰ ਵਰਮਾ (ਜਤਿੰਦਰ ਸਿੰਘ, ਡਾ: ਕਿਰਨਦੀਪ ਸਿੰਘ ਸਾਂਝਾ ਨਿਬੰਧ), ਸਵਰਾਜਬੀਰ (ਡਾ: ਬਲਦੇਵ ਸਿੰਘ), ਸੋਮਪਾਲ ਹੀਰਾ (ਪ੍ਰੋ: ਕੰਵਲਜੀਤ ਕੌਰ) ਆਦਿ। ਇਸ ਪੁਸਤਕ ਦਾ ਦੀਰਘ ਅਧਿਐਨ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਨਾਟਕ-ਵਿਧਾ ਦੇ ਲਗਪਗ ਸਾਰੇ ਹੀ ਖੋਜਾਰਥੀ ਨਵੇਂ ਹਨ।
ਕਾਵਿ ਨਾਟਕ ਦੀ ਪਰੰਪਰਾ ਵਿਚ ਰਵਿੰਦਰ ਰਵੀ, ਅਜਾਇਬ ਕਮਲ ਅਤੇ ਇਕਬਾਲ ਰਾਮੂਵਾਲੀਆ ਦਾ ਵਿਸ਼ੇਸ਼ ਯੋਗਦਾਨ ਹੈ। ਨੰਦਾ ਦਾ ਦੁਲਹਨ, ਗਾਰਗੀ ਦਾ ਕੇਸਰੋ, ਸਤੀਸ਼ ਵਰਮਾ ਦਾ ਦਾਇਰੇ, ਜਗਦੀਸ਼ ਸਚਦੇਵਾ ਦਾ ਸਾਵੀ ਆਦਿ ਨਾਰੀ ਸੰਵੇਦਨਾ ਦੀ ਪ੍ਰਸਤੁਤੀ ਵਾਲੇ ਨਾਟਕ ਹਨ। ਸੇਖੋਂ ਦੇ ਨਾਟਕ ਨਾਰਕੀ ਤੇ ਵੱਡਾ ਘੱਲੂਘਾਰਾ ਸਮਕਾਲੀ ਸਥਿਤੀਆਂ ਨੂੰ ਰੂਪਮਾਨ ਕਰਦੇ ਹਨ। ਅਮਰਜੀਤ ਗਰੇਵਾਲ ਆਪਣੇ ਨਾਟਕਾਂ ਵਿਚ ਮਨੁੱਖ ਦੀ ਜ਼ਮੀਰ ਨੂੰ ਹਲੂਣਦਾ ਆਪਣੇ ਅਸਤਿੱਤਵ ਦੀ ਹੋਂਦ ਪ੍ਰਤੀ ਜਾਗਰਿਤ ਕਰਦਾ ਹੈ। ਆਤਮਜੀਤ ਦੇ ਸਾਰੇ ਨਾਟਕ ਕਿਰਿਆਸ਼ੀਲਤਾ ਦਿਆਂ ਪਲਾਂ ਦੀ ਤਤਕਾਲੀਨਤਾ ਨੂੰ ਮਹੱਤਵ ਦਿੰਦੇ ਹਨ। ਅਜਮੇਰ ਔਲਖ ਪੰਜਾਬੀ ਸਮਾਜ ਦੀਆਂ ਕੁਰੀਤੀਆਂ ਨੂੰ ਸਮਾਪਤ ਕਰਨ ਦੀ ਪੇਸ਼ਕਾਰੀ ਕਰਦਾ ਹੈ। ਚਰਨਦਾਸ ਸਿੱਧੂ ਆਪਣੇ ਨਾਟਕਾਂ ਰਾਹੀਂ ਦਲਿਤਾਂ ਨੂੰ ਚੇਤਨਾ ਪ੍ਰਦਾਨ ਕਰਦਾ ਹੈ। ਦੇਵਿੰਦਰ ਸਿੰਘ ਆਪਣੇ ਨਾਟਕਾਂ ਵਿਚ ਪਾਤਰਾਂ ਨੂੰ ਜਾਣਬੁੱਝ ਕੇ ਰਾਜਨੀਤੀ ਦਾ ਸ਼ਿਕਾਰ ਹੁੰਦਾ ਵਿਖਾਉਂਦਾ ਹੈ। ਦਲਜੀਤ ਸਿੰਘ ਸੰਧੂ ਟੀ.ਵੀ. ਨਾਟਕਾਂ ਦੇ ਖੇਤਰ ਵਿਚ ਵਿਲੱਖਣ ਸਥਾਨ ਦਾ ਧਾਰਨੀ ਹੈ। ਬਲਦੇਵ ਸਿੰਘ ਨੇ ਨਾਵਲਾਂ ਤੇ ਕਹਾਣੀਆਂ ਦੇ ਨਾਟਕੀ ਰੂਪਾਂਤਰਣ ਕਰਨ ਦਾ ਪ੍ਰਯਤਨ ਕੀਤਾ ਹੈ। ਸਵਰਾਜਬੀਰ ਆਪਣੇ ਨਾਟਕਾਂ ਵਿਚ ਦਲਿਤਾਂ, ਔਰਤਾਂ ਦਾ ਸ਼ੋਸ਼ਣ ਅਤੇ ਪਾਤਰਾਂ ਵੱਲੋਂ 'ਮੁੰਡੇ' ਦੀ ਲਾਲਸਾ ਦਾ ਪ੍ਰਗਟਾਵਾ ਕਰਦਾ ਹੈ। ਸੋਮਪਾਲ ਹੀਰਾ ਦੀਆਂ ਇਸਤਰੀ ਪਾਤਰ ਸਥਾਪਤ ਰਹੁ-ਰੀਤਾਂ ਵਿਰੁੱਧ ਸੰਘਰਸ਼ ਕਰਦੀਆਂ ਵਿਖਾਈਆਂ ਗਈਆਂ ਹਨ।


ਂਡਾ: ਧਰਮ ਚੰਦ ਵਾਤਿਸ਼
ਮੋ: 98144-46007.

ਸਾਥ ਪਰਿੰਦਿਆਂ ਦਾ
ਨਾਵਲਕਾਰ : ਬੂਟਾ ਸਿੰਘ ਚੌਹਾਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98143-80749.


'ਸਾਥ ਪਰਿੰਦਿਆਂ ਦਾ' ਬੂਟਾ ਸਿੰਘ ਚੌਹਾਨ ਦਾ ਅਜਿਹਾ ਨਾਵਲ ਹੈ, ਜਿਸ ਵਿਚ ਉਸ ਨੇ ਕਿਰਤੀ ਵਿਅਕਤੀ ਜਸਵੰਤ ਦੀ ਮਿਹਨਤ, ਸਿਰੜ ਅਤੇ ਕਾਰੀਗਰੀ ਦੇ ਹੁਨਰ ਬਾਰੇ ਵਿਸਥਾਰ ਅਤੇ ਵਿਵੇਕ ਸਹਿਤ ਚਾਨਣਾ ਪਾਇਆ ਹੈ। ਜਸਵੰਤ ਸਿੰਘ ਦਰਜੀ ਦੇ ਕਿੱਤੇ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੇ ਕਿੱਤੇ ਦੀ ਮੁਹਾਰਤ ਪਿੱਛੇ ਉਸ ਦੀ ਸਮਰਪਣ ਭਾਵਨਾ ਵੀ ਜੁੜੀ ਹੋਈ ਨਜ਼ਰ ਆਉਂਦੀ ਹੈ। ਇਸ ਕਿੱਤੇ ਦੀ ਮੁਹਾਰਤ ਸਦਕਾ ਹੀ ਉਸ ਨੂੰ ਮਹਾਰਾਜਾ ਫ਼ਰੀਦਕੋਟ ਤੋਂ ਲੈ ਕੇ ਸਿਆਸਤ ਦੇ ਵੱਡੇ-ਵੱਡੇ ਲੀਡਰ ਜਾਣਦੇ ਵੀ ਹਨ ਅਤੇ ਉਸ ਦੀ ਕਦਰ ਵੀ ਕਰਦੇ ਹਨ। ਇਸ ਨਾਵਲ ਵਿਚ ਨਾਵਲਕਾਰ ਨੇ ਦਰਜੀ ਕਿੱਤੇ ਨਾਲ ਜੁੜੀਆਂ ਹੋਈਆਂ ਹੋਰ ਪੇਚੀਦਗੀਆਂ ਦੀ ਵੀ ਨਿਸ਼ਾਨਦੇਹੀ ਕੀਤੀ ਹੈ। ਮਿਸਾਲ ਵਜੋਂ ਇਕੋ ਜਿਹੇ ਕਿੱਤੇ ਵਾਲਿਆਂ ਦੀ ਆਪਸੀ ਖਿੱਚੋਤਾਣ, ਉਸਤਾਦੀ ਸ਼ਾਗਿਰਦੀ ਵਿਚ ਪੈਦਾ ਹੋ ਰਹੀ ਕਸ਼ਮਕਸ਼ ਅਤੇ ਇਸ ਕਿੱਤੇ ਨਾਲ ਜੁੜੇ ਹੋਏ ਲੋਕਾਂ ਨੂੰ ਕਾਨੂੰਨੀ ਅੜਚਨਾਂ ਨੂੰ ਵੀ ਸਹਿਣ ਕਰਨਾ ਪੈਂਦਾ ਹੈ। ਜਸਵੰਤ ਦੇ ਪਰਿਵਾਰ ਦਾ ਪਿਛੋਕੜ ਉਲੀਕਦਿਆਂ ਨਾਵਲਕਾਰ ਨੇ ਉਸ ਦੇ ਪਿਉ ਦੇ ਵਿਹਾਰ ਬਾਰੇ ਵੀ ਵੇਰਵੇ ਦਰਜ ਕੀਤੇ ਹਨ ਅਤੇ ਜਸਵੰਤ ਦੀ ਆਪਸੀ ਕਬੀਲਦਾਰੀ ਅਤੇ ਵਿਸ਼ੇਸ਼ ਕਰਕੇ ਉਸ ਦੀਆਂ ਲੜਕੀਆਂ ਦੇ ਗ੍ਰਿਹਸਥੀ ਜੀਵਨ ਬਾਰੇ ਵੀ ਵਰਨਣ ਕੀਤਾ ਹੈ। ਮਿਸਾਲ ਵਜੋਂ ਉਸ ਦੀ ਲੜਕੀ ਹਰਮਿੰਦਰ ਦੀਆਂ ਮੁਸੀਬਤਾਂ ਨੂੰ ਉਸ ਨੇ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਹੈ ਪਰ ਇਹ ਜ਼ਿੰਦਾਦਿਲ ਇਨਸਾਨ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਜੂਝਦਾ ਵੀ ਹੈ ਤੇ ਆਪਣੇ ਹੁਨਰ ਸਦਕਾ ਦੇਸ਼ਾਂ-ਵਿਦੇਸ਼ਾਂ ਦੀ ਸੈਰ ਵੀ ਕਰਦਾ ਹੈ। ਪਰ ਹੱਥ ਖਰਾਬ ਹੋਣ ਦੀ ਵਜ੍ਹਾ ਕਰਕੇ ਆਪਣੇ-ਆਪ ਨੂੰ ਵਿਯੋਗਿਆ ਵੀ ਮਹਿਸੂਸ ਕਰਦਾ ਹੈ। ਨਾਵਲ ਵਿਚ ਤਕਰੀਬਨ ਸਾਰਾ ਹੀ ਬਿਰਤਾਂਤ ਬਿਆਨੀਆ ਸ਼ੈਲੀ ਵਿਚ ਹੈ ਪਰ ਕਿਤੇ-ਕਿਤੇ ਨਾਟਕੀ ਢੰਗ ਵੀ ਵਰਤਿਆ ਹੈ। ਨਿਵੇਕਲੇ ਵਿਸ਼ੇ ਸਦਕਾ ਨਾਵਲ ਪ੍ਰਭਾਵਿਤ ਕਰਦਾ ਹੈ।


ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.

 

 

 

 

 

ਮੰਜ਼ਰੀ ਗ਼ਜ਼ਲਾਂ
ਗ਼ਜ਼ਲਗੋ : ਗੁਰਦਿਆਲ ਰੌਸ਼ਨ
ਮੁੱਲ : 180 ਰੁਪਏ, ਸਫ਼ੇ : 51
ਸੰਪਰਕ : 99884-44002.


ਗ਼ਜ਼ਲਾਂ ਦੀ ਇਹ ਪੁਸਤਕ ਨਿਵੇਕਲੀ ਹੈ, ਕਿਉਂਕਿ ਹਰ ਗ਼ਜ਼ਲ ਦੇ ਨਾਲ ਰਵੀਦੀ ਦੁਆਰਾ ਖਿੱਚੀਆਂ ਤਸਵੀਰਾਂ ਦਿੱਤੀਆਂ ਗਈਆਂ ਹਨ। ਹਰ ਇਕ ਗ਼ਜ਼ਲ ਦੇ ਛੇ ਸ਼ਿਅਰ ਹਨ ਅਤੇ ਗ਼ਜ਼ਲ ਦੇ ਭਾਵ ਨੂੰ ਦਰਸਾਉਂਦੀ ਕਲਾਤਮਕ ਤਸਵੀਰ ਹੈ। ਗ਼ਜ਼ਲਾਂ ਅਤੇ ਤਸਵੀਰਾਂ ਬਹੁਤ ਮਿਆਰੀ ਅਤੇ ਪ੍ਰਭਾਵਸ਼ਾਲੀ ਹਨ। ਇਹ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗਾਂ ਅਤੇ ਮਿਜਾਜ਼ਾਂ ਦੀ ਤਸਵੀਰ ਪੇਸ਼ ਕਰਦੀਆਂ ਹਨ। ਕੁਝ ਝਲਕਾਂ ਪੇਸ਼ ਹਨਂ
-ਕਿੰਨਾ ਚਿਰ ਹਨ ਠੋਕਰਾਂ ਕਿੰਨਾ ਚਿਰ ਅਪਮਾਨ
ਆਖਾਂ ਕਿਸ ਮੂੰਹ ਨਾਲ ਮੈਂ ਮੇਰਾ ਦੇਸ਼ ਮਹਾਨ।
-ਵਿਛੜਨਾ ਪੈਂਦਾ ਹੈ ਸਭ ਨੂੰ ਅੰਤ ਦੇ ਵਿਚ
ਏਹੀ ਕੁਝ ਖੜ ਖੜ 'ਚ ਪੱਤੇ ਬੋਲਦੇ ਨੇ।
-ਵਿਹਲੇ ਲੋਕੀਂ ਕਰਦੇ ਨੇ ਗਿਣਤੀ ਮਿਣਤੀ ਸਾਹਾਂ ਦੀ
ਮਿੱਟੀ ਛਾਣੀ ਜਾਂਦੇ ਹਾਂ ਕੱਚੇ ਪੱਕੇ ਰਾਹਾਂ ਦੀ।
-ਜ਼ਿੰਦਗੀ ਤੂੰ ਮੌਲਦੇ ਰੁੱਖਾਂ 'ਚ ਦੇਖ
ਏਸ ਨੂੰ ਨਾ ਮੇਰੀਆਂ ਅੱਖਾਂ 'ਚ ਦੇਖ।
-ਚਿਰ ਹੋਇਆ ਨਾ ਨਜ਼ਰੀਂ ਪਈਆਂ
ਚਿੜੀਆਂ ਆਖਰ ਕਿੱਥੇ ਗਈਆਂ?
-ਢਿੱਡ ਭਰਦੇ ਨਾ ਗੱਲਾਂ ਨਾਲ
ਗੱਲ ਬਣੇ ਸੰਘਰਸ਼ਾਂ ਨਾਲ।
-ਫੁਰਸਤ ਦੇ ਪਲ ਹੋਣ ਕਦੀ ਜੇ ਨੱਚ ਲਈਦਾ ਗਾ ਛੱਡੀਦਾ
ਦੁੱਖ ਤਾਂ ਆਪਣੀ ਕਿਸਮਤ ਵਿਚ ਨੇ ਇਨ੍ਹਾਂ 'ਤੇ ਮੁਸਕਾ ਛੱਡੀਦਾ।
-ਰੱਖੀ ਹੈ ਸੰਭਾਲ ਕੇ ਜਿਨ੍ਹਾਂ ਨੇ ਮੁਸਕਾਨ
ਚਾਹੀਦੈ ਇਸ ਦੌਰ ਵਿਚ ਉਨ੍ਹਾਂ ਦਾ ਸਨਮਾਨ।
ਬਹੁਰੰਗੀਆਂ, ਬਹੁਭਾਂਤੀਆਂ ਕਲਾਤਮਕ ਤਸਵੀਰਾਂ ਅਤੇ ਖੂਬਸੂਰਤ ਗ਼ਜ਼ਲਾਂ ਦਾ ਸਵਾਗਤ ਹੈ।
 


ਸ਼ਬਦਾਂ ਦੀ ਲੀਲ੍ਹਾ

ਸ਼ਾਇਰ : ਗੁਰਦਿਆਲ ਪੱਲ੍ਹਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 78
ਸੰਪਰਕ : 95924-46162.


ਦਿਲ ਦੇ ਵਲਵਲਿਆਂ ਅਤੇ ਮਨੋਭਾਵਾਂ ਨੂੰ ਪ੍ਰਗਟਾਉਣ ਲਈ ਕਵਿਤਾ ਇਕ ਪਿਆਰਾ ਮਾਧਿਅਮ ਹੈ। ਜਦੋਂ ਖੂਬਸੂਰਤ ਜਜ਼ਬੇ ਸ਼ਬਦਾਂ ਵਿਚ ਪ੍ਰੋਏ ਜਾਂਦੇ ਹਨ ਤਾਂ ਇਕ ਸੁਹਜ ਅਤੇ ਸੁਹੱਪਣ ਉਪਜਦਾ ਹੈ। ਕਵੀ ਵੀ ਇਹੋ ਕਹਿੰਦਾ ਹੈ ਕਿ ਕਵਿਤਾ ਸ਼ਬਦਾਂ ਦੀ ਲੀਲ੍ਹਾ ਹੈ, ਜਿਸ ਨਾਲ ਕੋਈ-ਕੋਈ ਖੇਡਦਾ ਹੈ। ਰੂਹ ਦੀ ਧੜਕਣ ਨਾਲ ਨਵੇਂ ਅੱਖਰ ਅਤੇ ਨਵੇਂ ਸ਼ਬਦ ਧੜਕਣ ਲਗਦੇ ਹਨ ਜੋ ਅੰਦਰ ਨੂੰ ਖੇੜਾ ਬਖਸ਼ਦੇ ਹਨ। ਇਨ੍ਹਾਂ ਕਵਿਤਾਵਾਂ ਵਿਚ ਕਵੀ ਨੇ ਨਿੱਕੇ-ਵੱਡੇ ਪਲਾਂ ਨੂੰ ਕੈਦ ਕੀਤਾ ਹੈ। ਆਓ ਕੁਝ ਝਲਕਾਂ ਦੇਖੀਏਂ
ਕਵਿਤਾ ਤਾਂ ਹੁੰਦੀ
ਖਿੜੇ ਹੋਏ ਫੁੱਲਾਂ ਵਰਗੀ
ਤੇ ਮਹਿਕ ਇਸ ਦੀ
ਕਦੇ ਨਾ ਮਰਦੀ।
-ਚੁੱਪ ਦੀ ਵੀ ਆਪਣੀ ਬੋਲੀ
ਤੇ ਆਵਾਜ਼ ਹੁੰਦੀ ਹੈ
ਦਫ਼ਨ ਹੋਈ ਰੂਹ ਦੀ ਧੜਕਣ
ਕਦੇ ਸੁਣ ਕੇ ਤਾਂ ਵੇਖ।
-ਭਾਈ ਘਨੱਈਆ ਤਾਂ
ਭਾਈ ਘਨੱਈਆ ਸੀ
ਨਾ ਉਹ ਸਿੰਘ ਸੀ
ਨਾ ਉਹ ਲਾਲ ਸੀ
ਉਹ ਤਾਂ ਗੁਰਾਂ ਦਾ
ਮਿਹਰਬਾਨ ਇਕ ਸਿੱਖ ਸੀ
ਹੱਕ ਸੱਚ ਕਮਾਈ ਦਾ
ਚਮਕਦਾ ਭਵਿੱਖ ਸੀ।
-ਸਿਰ ਤਾਂ ਲੱਖਾਂ ਹੋ ਸਕਦੇ ਹਨ
ਪਰ ਲੱਖਾਂ ਸਿਰਾਂ ਵਿਚੋਂ
ਸੀਸ ਤਾਂ ਵਿਰਲਾ ਹੀ ਹੁੰਦਾ ਹੈ।


ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.


ਵਿਆਹ ਦੇ ਗੀਤ
ਲੇਖਿਕਾ : ਪਰਮਜੀਤ 'ਪੰਮੀ'
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 104
ਮੋ: 98786-03236.


ਪੰਜਾਬੀ ਸੱਭਿਆਚਾਰ ਆਪਣੇ ਰੀਤੀ-ਰਿਵਾਜ ਅਤੇ ਰਸਮਾਂ ਕਰਕੇ ਬੜੇ ਵੱਡੇ ਅਰਥਾਂ ਵਾਲਾ ਸੱਭਿਆਚਾਰ ਹੈ। ਇਸ ਦਾ ਇਕ ਮਹੱਤਵਪੂਰਨ ਅੰਗ ਵਿਆਹ ਹੁੰਦਾ ਹੈ, ਜਿਸ ਦੇ ਸਮਾਗਮ ਕਈ ਦਿਨ ਤੱਕ ਚਲਦੇ ਹਨ। ਵਿਆਹ ਸਮੇਂ ਅਨੇਕਾਂ ਸ਼ਗਨ ਮਨਾਏ ਜਾਂਦੇ ਹਨ, ਜਿਵੇਂ ਕੁੜਮਾਈ ਜਾਂ ਮੰਗਣੀ, ਸੁਹਾਗ ਜਾਂ ਘੋੜੀਆਂ, ਵਟਣਾ, ਖਾਰਾ, ਲਾਵਾਂ, ਖੱਟ, ਡੋਲੀ, ਪਾਣੀ ਵਾਰਨਾ ਆਦਿ।
ਪਰਮਜੀਤ 'ਪੰਮੀ' ਵੱਲੋਂ ਰਚਿਤ ਪੁਸਤਕ 'ਵਿਆਹ ਦੇ ਗੀਤ' ਵਿਚ ਇਸ ਖੁਸ਼ੀਆਂ ਭਰਪੂਰ ਸਮੇਂ ਦੇ ਵੱਖ-ਵੱਖ ਮੌਕਿਆਂ 'ਤੇ ਗਾਏ ਜਾਣ ਵਾਲੇ ਸੁਹਾਗ, ਘੋੜੀਆਂ, ਗੀਤਾਂ, ਬੋਲੀਆਂ, ਸਿੱਠਣੀਆਂ, ਛੰਦ ਆਦਿ ਨੂੰ ਬਾ-ਤਰਤੀਬ ਦਰਜ ਕੀਤਾ ਗਿਆ ਹੈ। ਇਨ੍ਹਾਂ ਗੀਤਾਂ ਬੋਲੀਆਂ, ਸਿੱਠਣੀਆਂ ਆਦਿ ਰਾਹੀਂ ਸਾਡੇ ਰਿਸ਼ਤਿਆਂ ਵਿਚਲੇ ਨਿੱਘ, ਮੋਹ-ਪਿਆਰ, ਸਤਿਕਾਰ, ਰੰਗਲੇ ਸੁਭਾਅ ਤੇ ਹਾਸੇ-ਠੱਠੇ ਦੀ ਝਲਕ ਮਿਲਦੀ ਹੈ। ਜਿਵੇਂ ਸੁਹਾਗ ਰਾਹੀਂ ਲੜਕੀ ਦੀ ਪੇਕੇ ਘਰ ਨਾਲ ਅਪਣੱਤ, ਮਾਤਾ ਪਿਤਾ ਤੇ ਭੈਣਾਂ-ਭਰਾਵਾਂ ਨਾਲ ਮੋਹ ਦਾ ਪਤਾ ਲਗਦਾ ਹੈ। ਦਾਦਕੀਆਂ ਤੇ ਨਾਨਕੀਆਂ ਵੱਲੋਂ ਦਿੱਤੀਆਂ ਜਾਂਦੀਆਂ ਸਿੱਠਣੀਆਂ ਰਾਹੀਂ ਪੰਜਾਬੀਆਂ ਦੇ ਖੁੱਲ੍ਹੇ-ਡੁੱਲ੍ਹੇ ਤੇ ਹਾਸੇ-ਠੱਠੇ ਵਾਲੇ ਸੁਭਾਅ ਅਤੇ ਸਹਿਣਸ਼ੀਲਤਾ ਦਾ ਪਤਾ ਲਗਦਾ ਹੈ ਕਿਉਂਕਿ ਇਨ੍ਹਾਂ ਰਾਹੀਂ ਇਕ ਪੱਖ ਦੂਜੇ ਪੱਖ 'ਤੇ ਸਿੱਠਣੀਆਂ ਰਾਹੀਂ ਤਿੱਖੀਆਂ ਚੋਭਾਂ ਦਾ ਵਾਰ ਕਰਦਾ ਹੈ ਤੇ ਇਸੇ ਤਰ੍ਹਾਂ ਦੂਜਾ ਪੱਖ ਉਸ ਦਾ ਉਸੇ ਤਰਜ਼ 'ਤੇ ਜਵਾਬ ਦਿੰਦਾ ਹੈ। ਹੈ ਜਾਗੋ ਸਾਰੇ ਪਿੰਡ ਨੂੰ ਜਾਗਣ ਦਾ ਹੋਕਾ ਦਿੰਦੀ ਹੈ। ਛੰਦਾਂ ਰਾਹੀਂ ਵਿਆਂਹਦੜ ਮੁੰਡੇ ਦੇ ਬੌਧਿਕ ਪੱਧਰ ਦੀ ਪਰਖ ਕਰ ਲਈ ਜਾਂਦੀ ਹੈ।
ਇਹ ਸਭ ਕੁਝ ਬੜੇ ਸਲੀਕੇ ਤੇ ਨਿਯਮਬੱਧ ਢੰਗ ਨਾਲ ਨੇਪਰੇ ਚੜ੍ਹ ਜਾਂਦਾ ਹੈ ਤੇ ਸਾਰੇ ਰਿਸ਼ਤਿਆਂ ਨੂੰ ਇਕ ਮੋਹਭਰੀ ਤੰਦ ਵਿਚ ਪਰੋਏ ਹੋਣ ਦਾ ਅਹਿਸਾਸ ਹੁੰਦਾ ਹੈ। ਇਸ ਪੁਸਤਕ ਵਿਚ ਸੁਹਾਗ/ਘੋੜੀਆਂ ਤੋਂ ਸ਼ੁਰੂ ਹੋ ਕੇ ਡੋਲੀ ਘਰ ਪਹੁੰਚਣ ਤੱਕ ਦੀਆਂ ਪੰਜਾਬੀ ਵਿਰਸੇ ਦੀਆਂ ਸਾਰੀਆਂ ਰਸਮਾਂ ਨੂੰ ਜਿਨ੍ਹਾਂ ਗੀਤ, ਬੋਲੀਆਂ, ਸਿੱਠਣੀਆਂ ਆਦਿ ਰਾਹੀਂ ਨੇਪਰੇ ਚਾੜ੍ਹਿਆ ਜਾਂਦਾ ਹੈ, ਨੂੰ ਲੇਖਿਕਾ ਨੇ ਇਕੱਤਰ ਕਰਕੇ ਇਕ ਪੁਸਤਕ ਦੇ ਰੂਪ ਵਿਚ ਸਾਂਭਣ ਦਾ ਪ੍ਰਸੰਸਾਯੋਗ ਉਪਰਾਲਾ ਕੀਤਾ ਹੈ। ਅੱਜ ਦੇ ਹਥਿਆਰਾਂ ਤੇ ਅਸ਼ਲੀਲਤਾ ਭਰਪੂਰ ਗੀਤਾਂ ਨਾਲ ਗੰਧਲੇ ਹੋ ਰਹੇ ਪੰਜਾਬ ਦੇ ਸਮਾਜਿਕ ਵਾਤਾਵਰਨ ਦੇ ਦੌਰ ਵਿਚ ਇਸ ਪੁਸਤਕ ਦੀ ਸਾਰਥਿਕਤਾ ਹੋਰ ਵਧੇਰੇ ਹੋ ਜਾਂਦੀ ਹੈ। ਇਹ ਪੁਸਤਕ ਹਰ ਪੰਜਾਬੀ ਦੇ ਘਰ ਦਾ ਸ਼ਿੰਗਾਰ ਬਣਨ ਦੇ ਬਿਲਕੁਲ ਸਮਰੱਥ ਹੈ।


ਂਪਰਮਜੀਤ ਸਿੰਘ ਵਿਰਕ
ਮੋ: 98724-07744


 

 

 

 

ਮੀਡੀਆ ਅਤੇ ਵਿਚਾਰਧਾਰਾ
ਲੇਖਕ : ਦੀਪ ਨਿਰਮੋਹੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 81468-21400.


ਮੀਡੀਆ ਦੁਆਰਾ ਪੈਦਾ ਕੀਤਾ ਯਥਾਰਥ ਕਾਲਪਨਿਕ ਹੁੰਦਾ ਹੈ। ਉਤਰ-ਆਧੁਨਿਕ ਸ਼ਬਦਾਵਲੀ ਇਸ ਨੂੰ ਸਿਮੁਲੈਕਰਾਂ ਦੇ ਸੰਕੇਤ ਨਾਲ ਸਮਝਾਉਂਦੀ ਹੈ। ਮੀਡੀਆ ਯਥਾਰਥ ਬਾਰੇ ਸਾਡੀ ਸਮਝ ਨੂੰ ਵਿਚਾਰਧਾਰਕ ਦਖ਼ਲਅੰਦਾਜ਼ੀ ਨਾਲ ਮੋੜਦਾ ਤੋੜਦਾ ਹੈ, ਪਰ ਪਖੰਡ ਨਿਰਪੱਖਤਾ ਦਾ ਕਰਦਾ ਹੈ। ਉਂਜ ਇਹ ਆਮ ਕਰਕੇ ਸੱਤਾਧਾਰੀ ਧਿਰ ਦਾ ਹੱਥ ਠੋਕਾ ਬਣਦਾ ਹੈ। ਸ਼ਕਤੀਸ਼ਾਲੀ ਵਿਅਕਤੀਆਂ, ਸੰਸਥਾਵਾਂ ਦੇ ਹਿਤ ਪਾਲਦਾ ਹੈ। ਹਾਕਮਾਂ ਤੇ ਉਕਤ ਸੰਸਥਾਵਾਂ ਦੀ ਵਿਚਾਰਧਾਰਾ ਨੂੰ ਨੂੰ ਆਮ ਲੋਕਾਂ ਅੱਗੇ ਪੇਸ਼ ਕਰਦੇ ਹੋਏ ਯਥਾਰਥ ਦੀ ਭ੍ਰਮਿਕ/ਝੂਠੀ ਚੇਤਨਾ ਦੇ ਲੜ ਲਾਉਂਦਾ ਹੈ। ਵਸਤਾਂ/ਵਿਚਾਰਾਂ ਨੂੰ ਵੇਚਦਾ ਹੈ। ਦੀਪ ਨਿਰਮੋਹੀ ਨੇ ਇਸ ਨਿੱਕੀ ਜਿਹੀ ਪੁਸਤਕ ਵਿਚ ਪੰਜਾਬੀ ਪ੍ਰਿੰਟ ਮੀਡੀਆ ਦੀ ਚੀਰ-ਫਾੜ ਇਸੇ ਸੱਚ ਨੂੰ ਉਜਾਗਰ ਕਰਨ ਲਈ ਬੜੀ ਖੂਬਸੂਰਤੀ ਨਾਲ ਕੀਤੀ ਹੈ।
ਉਸ ਦੀ ਇਹ ਕਿਤਾਬ ਕਿਸੇ ਡਿਗਰੀ ਸਾਪੇਖ ਨਿਬੰਧ ਦਾ ਹਿੱਸਾ ਪ੍ਰਤੀਤ ਹੁੰਦੀ ਹੈ ਅਤੇ ਉਸ ਦਾ ਉਸਤਾਦ/ਨਿਗਰਾਨ ਡਾ: ਸੁਖਵਿੰਦਰ ਸਿੰਘ ਸੰਘਾ ਹੈ। ਉਹ ਇਸ ਵਿਸ਼ੇ ਦਾ ਮਾਹਰ ਭਾਸ਼ਾ ਵਿਗਿਆਨੀ ਅਤੇ ਵਿਚਾਰਧਾਰਕ ਪੱਖੋਂ ਸੁਚੇਤ ਅਧਿਆਪਕ ਹੈ। ਕੁਝ ਵੀ ਹੋਵੇ, ਨਿਰਮੋਹੀ ਅਨੁਸਾਰ ਵਿਅਕਤੀ ਨੂੰ ਕੁਦਰਤ ਪੈਦਾ ਕਰਦੀ ਹੈ ਅਤੇ ਸਬਜੈਕਟ ਨੂੰ ਸੱਭਿਆਚਾਰ। ਸਬਜੈਕਟ ਨੂੰ ਘੜਨ ਵਿਚ ਮੀਡੀਆ ਦੇ ਰੋਲ ਦੀ ਪਛਾਣ ਇਸ ਖੋਜ ਨਿਬੰਧ ਵਿਚ ਕੀਤੀ ਗਈ ਹੈ। ਲੇਖਕ ਇਹ ਚੇਤੇ ਕਰਵਾਉਂਦਾ ਹੈ ਕਿ ਜਨ-ਸਾਧਾਰਨ ਦੀ ਮਾਨਸਿਕਤਾ ਪ੍ਰਕਾਸ਼ਿਤ ਸੂਚਨਾ ਨੂੰ ਸੱਚ ਸਮਝਣ ਦੀ ਆਦੀ ਹੈ।
ਕਾਰਪੋਰੇਟ/ਮੰਡੀ ਦੇ ਯੁੱਗ ਵਿਚ ਵਸਤਾਂ ਦਾ ਉਤਪਾਦਨ ਉਨ੍ਹਾਂ ਦੀ ਮਨੁੱਖ ਲਈ ਉਪਯੋਗਤਾ/ਲੋੜ ਵਾਸਤੇ ਨਹੀਂ, ਮੁਨਾਫ਼ੇ ਲਈ ਕੀਤਾ ਜਾਂਦਾ ਹੈ। ਮੀਡੀਆ ਲੋਕਾਂ ਨੂੰ ਵੱਧ ਤੋਂ ਵੱਧ ਵਸਤਾਂ ਖ਼ਰੀਦਣ ਲਈ ਪ੍ਰੇਰਿਤ ਕਰਦਾ ਹੈ। ਸਬਜੈਕਟ ਨੂੰ ਉਪਭੋਗੀ ਬਣਾਉਂਦਾ ਹੈ। ਇਸ ਕਾਰਜ ਲਈ ਭਾਸ਼ਾ ਦੀ ਚੁਸਤ/ਜੁਗਤਮਈ ਵਰਤੋਂ ਕਰਦਾ ਹੈ, ਜਿਸ ਨੂੰ ਬੰਦਾ ਆਪਣੀ ਚੋਣ/ਪਸੰਦ ਸਮਝਦਾ ਹੈ, ਉਹ ਅਸਲ ਵਿਚ ਮੀਡੀਆ ਦੁਆਰਾ ਉਸ ਉੱਤੇ ਅਚੇਤ ਹੀ ਲੱਦੀ ਹੁੰਦੀ ਹੈ। ਪੰਜਾਬੀ ਅਖ਼ਬਾਰਾਂ ਵਿਚ ਖ਼ਬਰਾਂ, ਇਸ਼ਤਿਹਾਰਾਂ, ਸੰਪਾਦਕੀਆਂ ਦੇ ਆਧਾਰ ਉੱਤੇ ਲਿਖੀ ਗਈ ਹੈ ਇਹ ਕਿਤਾਬ।


ਵਿਸ਼ਵ ਕਵੀ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 490 ਰੁਪਏ, ਸਫ਼ੇ : 223
ਸੰਪਰਕ : 99150-42242.


ਹੁੰਦਲ ਦੀ ਵਿਸ਼ਵ ਕਵੀਆਂ ਬਾਰੇ ਇਹ ਦੂਜੀ ਕਿਤਾਬ ਹੈ। ਇਹ ਸਾਰੇ ਕਵੀ ਉਸਾਰੂ/ਮਾਨਵਵਾਦੀ/ਮਾਰਕਸਵਾਦੀ/ਕ੍ਰਾਂਤੀਕਾਰਾਂ ਸੋਚ ਵਾਲੇ ਹਨ। ਉਨ੍ਹਾਂ ਦੀ ਦ੍ਰਿਸ਼ਟੀ ਵਿਚ ਇਕੋ ਸੇਧ ਹੈ। ਤੀਬਰਤਾ ਜਾਂ ਤੀਖਣਤਾ ਵਿਚ ਅੰਤਰ ਹੋ ਸਕਦਾ ਹੈ। ਮਨੁੱਖ ਤੇ ਮਨੁੱਖ ਦੇ ਜੀਣ-ਥੀਣ ਵਾਸਤੇ ਸਮਾਜ ਨੂੰ ਜੀਣ ਦੇ ਕਾਬਲ ਬਣਾਉਣਾ ਇਨ੍ਹਾਂ ਸਾਰਿਆਂ ਦਾ ਸੁਪਨਾ ਹੈ। ਆਪੋ-ਆਪਣੇ ਦੇਸ਼/ਕਾਲ ਵਿਚ ਇਨ੍ਹਾਂ ਨੇ ਪ੍ਰਤੀਕੂਲ ਪ੍ਰਸਥਿਤੀਆਂ ਨਾਲ ਦਸਤਪੰਜਾ ਲਿਆ। ਕਰੜੇ ਸੰਘਰਸ਼ ਵੇਖੇ। ਬਹੁਤ ਕੁਝ ਵੇਖਿਆ-ਭੋਗਿਆ ਅਤੇ ਦੇਸ਼/ਕਾਲ ਦੀਆਂ ਸੀਮਾਵਾਂ ਪਾਰ ਕਰਕੇ ਜੀਣ ਵਾਲੀ ਕਾਵਿ ਰਚਨਾ ਕੀਤੀ।
ਵਧੀਆ ਸਾਹਿਤ ਦੀ ਪਛਾਣ ਤੇ ਮੁੱਲ ਪਾਉਣ ਵਾਸਤੇ ਵੀ ਵਧੀਆ ਸੋਚ ਚਾਹੀਦੀ ਹੈ। ਉੱਤਮ ਸਾਹਿਤ ਯੋਗਤਾ ਤੋਂ ਬਿਨਾਂ ਇਹ ਕਾਰਜ ਸੰਭਵ ਨਹੀਂ। ਹੁੰਦਲ ਹੰਢਿਆ ਹੋਇਆ ਵਧੀਆ ਪ੍ਰਤੀਬੱਧ ਕਵੀ ਹੈ। ਆਲੋਚਨਾ ਤੇ ਸਾਹਿਤ ਦੇ ਨਾਲ-ਨਾਲ ਸਮਾਜ ਦੀ ਡਾਇਲੈਕਟਿਕਸ ਦੀ ਵੀ ਉਸ ਨੂੰ ਖੂਬ ਸਮਝ ਹੈ। ਇਸ ਸਮਝ ਨਾਲ ਲੈਸ ਉਸ ਨੇ ਪੁਸ਼ਕਿਨ, ਪਾਸਤਰਨਾਕ, ਸ਼ੈਵਚੈਂਕੋ, ਓਸਤਰੋਵਸਕੀ, ਲੋਰਕਾ, ਹਬੀਬ ਜਾਲਿਬ, ਮਸੂਦ ਖੱਦਰਪੋਸ਼, ਗ੍ਰਾਮਸਕੀ, ਗ਼ਾਲਿਬ, ਅਵਤਾਰ ਜੰਡਿਆਲਵੀ, ਗੁਰਦੀਪ ਡੇਹਰਾਦੂਨ, ਅਖਮਾਤੋਵਾ ਤੇ ਤਸਵੀਤਾਈਵਾ ਦੇ ਜੀਵਨ ਤੇ ਕਾਵਿ ਬਾਰੇ ਪ੍ਰਭਾਵਸ਼ਾਲੀ ਗੱਲਾਂ ਕੀਤੀਆਂ ਹਨ। ਉਸ ਦੇ ਨਿਬੰਧਾਂ ਵਿਚ ਸਾਰਥਕ ਤੇ ਸਮਝ ਆਉਣ ਵਾਲੀਆਂ ਗੱਲਾਂ ਹਨ। ਇਸ ਦੇ ਬਾਵਜੂਦ ਉਹ ਮੌਲਿਕ ਤੇ ਰੌਚਕ ਹੈ।


ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550

 

 

 

 

 

ਨੱਥਿਆ ਖਿੱਚ ਤਿਆਰੀ
ਲੇਖਕ : ਸੱਤੀ ਛਾਜਲਾ
ਪ੍ਰਕਾਸ਼ਕ : ਘੁਮਾਣ ਪਬਲੀਕੇਸ਼ਨ, ਸੰਘਰੇੜੀ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 95308-21714.


ਸੱਤੀ ਛਾਜਲਾ ਨੇ 'ਨੱਥਿਆ ਖਿੱਚ ਤਿਆਰੀ' ਕਾਵਿ-ਸੰਗ੍ਰਹਿ ਰਾਹੀਂ ਪੰਜਾਬੀ ਕਾਵਿ-ਜਗਤ 'ਚ ਪਹਿਲੀ ਦਸਤਕ ਦਿੱਤੀ ਹੈ, ਜਿਸ ਵਿਚ ਉਸ ਨੇ 81 ਕੁ ਦੇ ਕਰੀਬ ਗੀਤ-ਗ਼ਜ਼ਲਾਂ ਅਤੇ ਛੰਦਬੱਧ ਨਜ਼ਮਾਂ ਨੂੰ ਥਾਂ ਦਿੱਤੀ ਹੈ। ਸੱਤੀ ਛਾਜਲਾ (ਸਤਨਾਮ ਸਿੰਘ) ਨੇ ਇਸ ਕਾਵਿ-ਸੰਗ੍ਰਹਿ 'ਚ ਪਿਆਰ-ਮੁਹੱਬਤ ਨਾਲ ਸਬੰਧਤ ਵਿਸ਼ਿਆਂ ਦੇ ਨਾਲ-ਨਾਲ ਅਜੋਕੇ ਸਮਾਜਿਕ ਵਰਤਾਰੇ 'ਚ ਵਾਪਰ ਰਹੇ ਵਾਤਾਵਰਨ 'ਚ ਸਮਾਜਿਕ ਕੁਰੀਤੀਆਂ ਨਸ਼ਾਸ਼ੋਰੀ, ਮਾਦਾ ਭਰੂਣ ਹੱਤਿਆ, ਧੀਆਂ ਦੀ ਬੇਕਦਰੀ, ਕਿਸਾਨਾਂ ਦੀ ਹੋ ਰਹੀ ਦੁਰਗਤੀ, ਕੁਪ੍ਰਬੰਧ ਆਦਿ ਵਿਸ਼ਿਆਂ ਨੂੰ ਆਪਣੇ ਗੀਤਾਂ 'ਚ ਸਮੇਟਿਆ ਹੈ। ਉਹ ਇਕ ਉੱਭਰਦਾ ਗੀਤਕਾਰ ਹੈ ਅਤੇ ਜਸਵਿੰਦਰ ਸਿੰਘ ਦੇ ਅਨੁਸਾਰ ਉਸ ਦਾ ਇਕ ਦੋਸਤ ਗੁਰਪ੍ਰੀਤ ਮਹਿਰੋਕ ਗਾਇਕ ਵਜੋਂ ਉੱਭਰ ਰਿਹਾ ਹੈ। ਸ਼ਾਇਦ ਇਹ ਜੋੜੀ ਆਉਣ ਵਾਲੇ ਸਮੇਂ 'ਚ ਗੀਤਕਾਰੀ ਅਤੇ ਗਾਇਕੀ ਵਿਚ ਕੋਈ ਵੱਖਰੀ ਪਿਰਤ ਪਾ ਸਕੇ। ਪਿੰਡ ਦੀ ਪਹੀ ਤੋਂ ਲੈ ਕੇ ਪ੍ਰਦੇਸ਼ਾਂ 'ਚ ਝੱਖ ਮਾਰਦੇ ਨੌਜਵਾਨਾਂ ਦੀਆਂ ਤਕਲੀਫ਼ਾਂ, ਦਰਦਾਂ ਦਾ ਸੰਖੇਪ, ਸਰਲ ਅਤੇ ਸਪੱਸ਼ਟ ਪ੍ਰਗਟਾਉ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਸ ਅੰਦਰ ਮਨੁੱਖਤਾ ਪ੍ਰਤੀ ਅਥਾਹ ਪ੍ਰੇਮ ਹੈ। ਉਹ ਦਰਦਭਰੀ ਸ਼ਬਦਾਵਲੀ ਵਿਚ ਆਪਣੇ ਸਹਿਜ ਭਾਵਾਂ ਦਾ ਪ੍ਰਗਟਾਉ ਕਰਦਾ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸ਼ਾਇਰੀ ਵਿਚ ਥਾਂ ਬਣਾਉਣ ਲਈ ਉਸ ਨੂੰ ਆਪਣਾ ਵੱਖਰਾ ਅੰਦਾਜ਼-ਏ-ਬਿਆਂ ਪੇਸ਼ ਕਰਨਾ ਪਵੇਗਾ :
ਤੂੰ ਕਲਮਾਂ ਵਿਚ ਸਮਿਆਂ ਦੀ ਆਵਾਜ਼ ਰੱਖੀਂ
ਆਪਣੀ ਸ਼ਾਇਰੀ ਦਾ ਵੱਖਰਾ ਕੋਈ ਅੰਦਾਜ਼ ਰੱਖੀਂ।
ਅਹਿਸਾਸ ਦੇ ਨਾਲ-ਨਾਲ ਸ਼ਿੱਦਤ ਦਾ ਹੋਣਾ ਵੀ ਬਹੁਤ ਲਾਜ਼ਮ ਹੈ। ਸ਼ਿੱਦਤ, ਡੂੰਘਿਆਈ ਅਤੇ ਵਿਚਾਰਧਾਰਕ ਪ੍ਰਪੱਕਤਾ ਹਾਸਲ ਕਰਨ ਲਈ ਅਧਿਐਨ ਅਤਿਅੰਤ ਜ਼ਰੂਰੀ ਹੈ। ਸ਼ਬਦ ਬਹੁਤ ਵੱਡਾ ਹਥਿਆਰ ਹੈ ਜੋ ਦੋ-ਧਾਰਾ ਵੀ ਹੈ। ਇਸ ਦੀ ਸੁਚੱਜੀ ਵਰਤੋਂ ਵਿਰੋਧੀ 'ਤੇ ਵਾਰ ਕਰਦੀ ਹੈ ਪ੍ਰੰਤੂ ਸ਼ਬਦ-ਸੂਝ ਦੀ ਕਚਿਆਈ ਕਈ ਵਾਰ ਮੋੜਵਾਂ ਵਾਰ ਵੀ ਕਰ ਜਾਂਦੀ ਹੈ। ਇਸ ਤੋਂ ਸੁਚੇਤ ਹੋਣਾ ਬਹੁਤ ਹੀ ਜ਼ਰੂਰੀ ਹੈ। ਸੱਤੀ ਛਾਜਲਾ ਉੱਭਰਦਾ ਗੀਤਕਾਰ ਹੋਣ ਦੇ ਨਾਤੇ ਮੈਂ ਉਸ ਦੀ ਪਲੇਠੀ ਕਾਵਿ-ਪੁਸਤਕ ਦਾ ਜਿਥੇ ਸਵਾਗਤ ਕਰਦਾ ਹਾਂ, ਉਥੇ ਹੀ ਉਸ ਨੂੰ ਹੋਰ ਅਧਿਐਨ ਕਰਨ ਦੀ ਸਲਾਹ ਵੀ ਦਿੰਦਾ ਹਾਂ। ਪੁਸਤਕ ਦਾ ਸਰਵਰਕ ਕਿਰਤੀ ਦੇ ਮੋਢੇ 'ਤੇ ਰੱਖੀ ਕਹੀ ਮਨੁੱਖ ਦੀ ਮਿਹਨਤ ਪ੍ਰਤੀ ਸਜੱਗ ਹੋਣ ਦਾ ਪ੍ਰਤੀਕ ਹੈ।


ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.


ਪੱਤਾ-ਪੱਤਾ ਸਿੰਘਾਂ ਦਾ ਵੈਰੀ

(ਢਾਡੀ ਪ੍ਰਸੰਗ)
ਲੇਖਕ : ਅਮਰਜੀਤ ਸਿੰਘ ਜੌਹਲ ਬਿਧੀਪੁਰੀਆ
ਪ੍ਰਕਾਸ਼ਕ : ਸ਼ਬਦ ਖਜ਼ਾਨਾ ਪ੍ਰਕਾਸ਼ਕ, ਜਲੰਧਰ
ਮੁੱਲ : 160 ਰੁਪਏ, ਸਫ਼ੇ : 128
ਸੰਪਰਕ : 99145-11057.


ਇਸ ਹਥਲੀ ਪੁਸਤਕ ਵਿਚ ਲਿਖੇ ਨੌਂ ਇਤਿਹਾਸਕ ਪ੍ਰਸੰਗ ਤੋਂ ਇਲਾਵਾ ਅਤੇ ਤਿੰਨ ਕਵਿਤਾਵਾਂ/ਗੀਤ 'ਗੁਰਬਾਣੀ', 'ਬੱਬਰ ਸ਼ੇਰ ਬਣਾਉਂਗਾ', 'ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ' ਲੇਖਕ ਰਾਹੀਂ ਪਾਠਕਾਂ ਦੇ ਰੂਬਰੂ ਹੋਇਆ ਹੈ।
ਪਹਿਲਾਂ ਪ੍ਰਸੰਗ ਜਗਤ-ਤਾਰਕ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਘਟਨਾ ਪਾਂਡੇ ਨੂੰ ਜਨੇਊ ਪਹਿਨਾਉਣ ਸਮੇਂ ਦਿੱਤੇ ਉਪਦੇਸ਼ ਨਾਲ ਇਨਕਲਾਬੀ ਵਿਚਾਰਾਂ ਦੀ ਲੜੀ ਵਿਚੋਂ 'ਸਿੱਖੀ ਪ੍ਰਗਟ ਹੋਈ', ਦੂਸਰਾ ਪ੍ਰਸੰਗ 'ਗ੍ਰਹਿਸਥ ਧਰਮ' ਗੁਰੂ ਸਾਹਿਬ ਨੇ ਬਿਪਰਵਾਦੀ ਸੋਚ ਨੂੰ ਨਕਾਰਨ ਦੀ ਵਿਚਾਰਧਾਰਾ ਨੂੰ ਪੇਸ਼ ਕਰਨ ਵਿਚ ਵੀ ਲੇਖਕ ਸਫਲ ਹੋਇਆ ਹੈ। ਤੀਸਰਾ ਪ੍ਰਸੰਗ 'ਮਾਰਿਆ' ਸਿੱਕਾ ਵੀ ਭੂਮੀਏ ਚੋਰ ਦੇ ਜੀਵਨ ਨਾਲ ਸਬੰਧਤ ਹੈ, ਜਿਸ ਦੀ ਹਰ ਪੰਗਤੀ ਪਾਠਕ ਨੂੰ ਝੂਠ ਤੇ ਫਰੇਬ ਨੂੰ ਛੱਡ ਕੇ ਸੱਚ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ।
ਇਸ ਤੋਂ ਅਗਲੇ ਪ੍ਰਸੰਗ 'ਖਾਲਸੇ ਦਾ ਬਾਪ' ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਨਾਲ ਸਬੰਧਤ, 'ਪਰਉਪਕਾਰ ਦਾ ਬੂਟਾ', 'ਸ਼ਹੀਦ ਗੁਰੂ ਤੇਗ ਬਹਾਦਰ ਜੀ', 'ਪ੍ਰਗਟਿਓ ਖਾਲਸਾ', 'ਖਾਲਸਾ ਪੰਥ ਦੀ ਸਿਰਜਣਾ', 'ਪੱਤਾ ਪੱਤਾ ਸਿੰਘਾਂ ਦਾ ਵੈਰੀ ਭਾਈ ਬਲਵੰਤ ਸਿੰਘ ਤੇ ਉਸ ਦੀ ਭੈਣ ਸੁੰਦਰੀ ਅਤੇ ਆਖਰੀ ਪ੍ਰਸੰਗ 'ਅਕ੍ਰਿਤਘਣਤਾ ਦੀ ਹੱਦ' ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜੂਨ, 1984 ਦੀ ਗਾਥਾ ਨੂੰ ਬਿਆਨ ਕਰਦੇ ਹਨ।
ਸਾਰੇ ਪ੍ਰਸੰਗਾਂ ਦੇ ਅਧਿਐਨ ਤੋਂ ਪਿੱਛੋਂ ਲੇਖਕ ਦੀ ਖੋਜ ਬਿਰਤੀ, ਲਗਨ ਤੇ ਸਖ਼ਤ ਘਾਲਣਾ ਸਦਕਾ ਇਹ ਪੁਸਤਕ ਸਿੱਖ ਇਤਿਹਾਸ ਦਾ ਇਕ ਹਿੱਸਾ ਬਣ ਗਈ ਹੈ। ਸਾਰੇ ਢਾਡੀ ਪ੍ਰਸੰਗਾਂ ਪਾਠਕਾਂ ਦੇ ਸਨਮੁੱਖ ਕਰਨ ਤੋਂ ਪਹਿਲਾਂ ਲੇਖਕ ਹਰ ਘਟਨਾ ਨੂੰ ਸੂਖਮ ਦ੍ਰਿਸ਼ਟੀ ਨਾਲ ਮਨ ਮੰਦਿਰ ਵਿਚ ਵਸਾਉਂਦਾ ਹੈ, ਇਸ ਬਾਅਦ ਕਲਮ ਦੀ ਨੋਕ ਨਾਲ ਅੱਖਰਾਂ ਦਾ ਰੂਪ ਦੇ ਕੇ ਸ਼ਿੰਗਾਰਦਾ ਹੈ। ਇਸ ਪੁਸਤਕ ਵਿਚ ਸਿੱਖੀ ਦੇ ਅਮੀਰ ਵਿਰਸੇ ਨੂੰ ਪੇਸ਼ ਕਰਕੇ ਢਾਡੀਆਂ, ਕਵੀਸ਼ਰਾਂ ਨੂੰ ਬਹੁਮੁੱਲੀ ਸੌਗਾਤ ਦਿੱਤੀ ਹੈ।


ਂਭਗਵਾਨ ਸਿੰਘ ਜੌਹਲ
ਮੋ: 98143-24040.


ਜ਼ਿੰਦਗੀ ਦਾ ਰੁਦਨ
ਸੰਪਾਦਕ : ਕੰਵਰਜੀਤ ਭੱਠਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 93165-16951.


ਕੰਵਰਜੀਤ ਭੱਠਲ ਸੰਪਾਦਨ ਕਲਾ ਦੀ ਡੂੰਘੀ ਸਮਝ ਰੱਖਣ ਵਾਲਾ ਇਕ ਕਰਮਯੋਗੀ ਸਾਹਿਤਕਾਰ ਤੇ ਪੱਤਰਕਾਰ ਹੈ। ਉਸ ਨੇ ਹੁਣ ਤੱਕ 15 ਕਹਾਣੀ ਸੰਗ੍ਰਹਿ ਸੰਪਾਦਿਤ ਕੀਤੇ ਹਨ ਅਤੇ ਹੱਥਲੀ ਪੁਸਤਕ 'ਜ਼ਿੰਦਗੀ ਦਾ ਰੁਦਨ' ਉਸ ਦਾ 16ਵਾਂ ਕਹਾਣੀ ਸੰਗ੍ਰਹਿ ਹੈ। ਇਸ ਪੁਸਤਕ ਵਿਚ 15 ਵੱਖ-ਵੱਖ ਲੇਖਕ ਵਿਦਵਾਨਾਂ ਦੀਆਂ ਕਹਾਣੀਆਂ ਅੰਕਿਤ ਕੀਤੀਆਂ ਗਈਆਂ ਹਨ। ਇਹ ਕਹਾਣੀਆਂ ਸਾਡੇ ਸਮੁੱਚੇ ਪੰਜਾਬੀ ਜਨਜੀਵਨ ਦਾ ਬਿਰਤਾਂਤ ਹਨ।
ਸਮਕਾਲੀ ਪੂੰਜੀਵਾਦੀ ਵਿਸ਼ਵੀਕਰਨ ਨੇ ਰਿਸ਼ਤਾ ਨਾਤਾ ਪ੍ਰਬੰਧ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਪਿਆਰ ਅਤੇ ਸਮੂਹਿਕਤਾ ਦੀ ਭਾਵਨਾ ਨਸ਼ਟ ਹੋ ਗਈ ਹੈ। ਅਜੋਕਾ ਮਨੁੱਖਾ ਉਪਭੋਗਤਾਵਾਦੀ, ਨਿੱਜਵਾਦੀ ਹੋ ਚੁੱਕਾ ਹੈ। ਪੈਸਾ ਅਤੇ ਸੰਪਤੀ ਉਸ ਲਈ ਮੁੱਖ ਰਿਸ਼ਤਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ਦਰਜ ਸਿਮਰਜੀਤ ਕੌਰ ਬਰਾੜ ਦੀ ਕਹਾਣੀ 'ਉਡੀਕ' ਅਜਿਹੇ ਹੀ ਰੁਝਾਨ ਦਾ ਯਥਾਰਥਕ ਚਿਤਰਨ ਕਰਦੀ ਹੈ। ਗੁਰਜੀਤ ਜ਼ਮੀਨ ਹਥਿਆਉਣ ਲਈ ਆਪਣੇ ਭਰਾ ਤੇ ਭਰਜਾਈ ਦਾ ਕਤਲ ਕਰ ਦਿੰਦਾ ਹੈ। ਉਸ ਲਈ ਰਿਸ਼ਤੇ ਕੋਈ ਅਹਿਮੀਅਤ ਨਹੀਂ ਰੱਖਦੇ। 'ਆਪਣੇ ਹਿੱਸੇ ਦਾ ਚਾਨਣ' ਕਹਾਣੀ ਯਥਾਰਥਵਾਦੀ ਘੱਟ ਤੇ ਆਦਰਸ਼ਵਾਦੀ ਵਧੇਰੇ ਹੈ। ਡਾ: ਰਵੀ ਸ਼ੇਰਗਿੱਲ ਦੀ ਕਥਾ 'ਇਕ ਘੁੱਗੀ ਹੋਰ' ਵਿਚ ਕੁੜੀ ਨੂੰ ਕੁੱਖ ਵਿਚ ਮਾਰਨ ਲਈ ਸੱਸ ਤਤਪਰ ਹੈ। ਵਾਸਤਵ ਵਿਚ ਇਸ ਸਮੇਂ ਸਮਾਜ ਵਿਚ ਔਰਤ ਦਾ ਰੁਤਬਾ ਸਨਮਾਨਯੋਗ ਨਹੀਂ ਰਿਹਾ। ਬਰਜਿੰਦਰ ਅੱਛਣਪੁਰੀਆ ਦੀ 'ਖਿੜੀ ਧੁੱਪ' ਕਥਾ ਪਰਵਾਸ ਦੀ ਜ਼ਿੰਦਗੀ ਦਾ ਕਰੂਰ ਯਥਾਰਥ ਪੇਸ਼ ਕਰਦੀ ਹੈ।
ਇਹ ਕਹਾਣੀਆਂ ਆਪਣੀ ਵਸਤ ਸਥਿਤੀ ਕਾਰਨ ਮੁੱਲਵਾਨ ਹਨ। ਵਿਸ਼ਵੀਕਰਨ ਦੇ ਕੁਝ ਅੰਸ਼ਾਂ ਅਤੇ ਜ਼ੁਜਾਂ ਨੂੰ ਪਕੜਨ, ਉਭਾਰਨ ਕਰਕੇ ਹੀ ਇਹ ਕਥਾਵਾਂ ਪੜ੍ਹਨਯੋਗ ਹਨ। ਇਹ ਕਹਾਣੀਆਂ ਸਾਡੇ ਜੀਵਨ ਦੇ ਕੁਝ ਹੋਰ ਮਸਲਿਆਂ ਨੂੰ ਵੀ ਸੰਬੋਧਿਤ ਹਨ। ਇਨ੍ਹਾਂ ਕੁਝ ਕਥਾਵਾਂ ਦਾ ਵਿਸ਼ਾ-ਵਸਤੂ ਪਿਆਰ ਮਸਲਾ ਬਣਿਆ ਹੈ। ਸਮੁੱਚੀਆਂ ਕਹਾਣੀਆਂ ਪੰਜਾਬੀ ਨਵੀਨਤਮ ਕਹਾਣੀ ਦੇ ਮੂੰਹ-ਮੁਹਾਂਦਰੇ ਦੇ ਦਰਸ਼ਨ ਕਰਵਾਉਂਦੀਆਂ ਹਨ। ਭੱਠਲ ਨੇ ਇਹ ਪੁਸਤਕ ਸੰਪਾਦਿਤ ਕਰਕੇ ਇਕ ਨਿਵੇਕਲਾ ਕਾਰਜ ਕੀਤਾ ਹੈ।


ਂਡਾ: ਰਜਵਿੰਦਰ ਕੌਰ ਨਾਗਰਾ
ਮੋ: 9646001807.


ਨਜ਼ਾਕਤਾਂ

ਲੇਖਿਕਾ : ਨਿਰਮਲ ਜਸਵਾਲ ਰਾਣਾ (ਡਾ:)
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 175, ਸਫ਼ੇ : 128
ਸੰਪਰਕ : 98554-81289.


ਹੱਥਲੇ ਕਹਾਣੀ-ਸੰਗ੍ਰਹਿ 'ਨਜ਼ਾਕਤਾਂ' ਵਿਚ ਸੋਲ੍ਹਾਂ ਕਹਾਣੀਆਂ ਦਰਜ ਹਨ। ਇਨ੍ਹਾਂ ਕਹਾਣੀਆਂ ਵਿਚ ਨਿਰਮਲ ਜਸਵਾਲ ਰਾਣਾ ਨੇ ਆਪਣੇ ਮਨ ਦੀ ਸੱਚੇ ਦਿਲੋਂ ਭੜਾਸ ਕੱਢੀ ਹੈ, ਜੋ ਇਨ੍ਹਾਂ ਕਹਾਣੀਆਂ ਵਿਚ ਅੰਕਿਤ ਹੈ। ਜਿਵੇਂ ਜ਼ਿਆਦਾ ਕਹਾਣੀਆਂ ਸਮਾਜ ਵਿਚਲੇ ਅਜਿਹੇ ਮਰਦ ਪਾਤਰ ਦੀਆਂ ਕਥਾਕਾਰਾ ਸਾਨੂੰ ਸੁਣਾਉਂਦੀ ਹੈ ਤੇ ਉਨ੍ਹਾਂ ਦਾ ਕਾਰਨ ਵੀ ਲੱਭਦੀ ਹੈ। ਸੱਚ ਦੀ ਪੇਸ਼ਕਾਰੀ ਕਰਨ ਲਈ ਕਹਾਣੀਕਾਰਾ ਨੇ ਮਰਦਾਂ ਤੇ ਔਰਤਾਂ ਪ੍ਰਤੀ ਗੱਲਾਂ ਦਾ, ਸ਼ਰਾਰਤਾਂ ਦਾ, ਨੇੜਿਉਂ ਹੋ ਕੇ ਚਿਤਰਨ ਬਹੁਤ ਹੀ ਬੇਬਾਕੀ ਨਾਲ ਕੀਤਾ ਹੈ। ਜਿਵੇਂ ਪਹਿਲੀ ਕਹਾਣੀ 'ਪਤੀ-ਪਤਨੀ ਅਜ਼ੀਜ਼ ਵੀ ਨਾ-ਪਸੰਦ ਵੀ' ਕਹਾਣੀ ਵਿਚ ਪਤੀ ਦਾ ਪਿਆਰ ਭਾਵੇਂ ਭੇੜੀਆ ਸਮਝਣ ਵਾਲਾ ਵੀ ਹੈ ਪਰ ਸਾਥ ਵੀ ਦਿੰਦਾ ਹੈ, 'ਸ਼ਿਕਾਰਣਾ' ਕਹਾਣੀ ਵਿਚ ਜੇ ਮਰਦ ਔਰਤ ਨੂੰ ਭੋਗਣਾ ਚਾਹੁੰਦਾ ਹੈ ਤਾਂ ਔਰਤਾਂ ਵੀ ਮਰਦਾਂ ਦਾ ਸ਼ਿਕਾਰ ਕਰਨਾ ਜਾਣਦੀਆਂ ਹਨ ਕਿ ਕਿਵੇਂ ਕਰਨਾ ਏ, ਉਨ੍ਹਾਂ ਦਾ ਹੌਸਲਾ ਬੁਲੰਦ ਹੈ, 'ਮੇਰੇ ਪਿਆਰ ਦੇ ਰੰਗ ਕਹਾਣੀ' ਵਿਚ ਕਈ ਵਾਰ ਜਾਨਵਰਾਂ ਨਾਲ ਕੀਤੇ ਪਿਆਰ ਵਿਚੋਂ ਵੀ ਆਪਣੇ ਦਿਸਦੇ ਹਨ। ਜਿਵੇਂ ਲੇਖਿਕਾ ਨੂੰ ਆਪਣੀ ਮਾਂ ਦੀ ਯਾਦ ਆਉਂਦੀ ਹੈ। ਅਗਲੀ ਕਹਾਣੀ 'ਔਰਤ ਦੀ ਕੋਈ ਜਾਤ ਨਹੀਂ' ਵਿਚ ਦੱਸਿਆ ਹੈ ਕਿ ਔਰਤ ਦੀ ਕੋਈ ਜਾਤ ਨਹੀਂ ਉਹ ਮਰਦ ਨਾਲ ਹੀ ਆਪਣਾ ਸਿਰਨਾਵਾਂ ਲਿਖਦੀ ਹੈ, ਪਰ ਸਮਾਜ ਫਿਰ ਵੀ ਉਸ ਨੂੰ ਉਧਾਲੇ ਦੀ ਹੀ ਦੱਸਦਾ ਹੈ। 'ਔਰਤ ਤੇ ਮਰਦ ਤੋਂ ਬਿਨਾਂ ਸੰਸਾਰ ਦੀ ਕੋਈ ਹੋਂਦ ਨਹੀਂ' ਕਹਾਣੀ ਵਿਚ ਦੱਸਿਆ ਹੈ ਕਿ ਔਰਤ ਤੇ ਮਰਦ ਸਮਾਜ ਦਾ ਧੁਰਾ ਹਨ ਤੇ ਇਨ੍ਹਾਂ ਤੋਂ ਬਿਨਾਂ ਸੰਸਾਰ ਨਹੀਂ ਚੱਲ ਸਕਦਾ। 'ਮੇਰੇ ਪਾਤਰ' ਕਹਾਣੀ ਵਿਚ ਕਥਾਕਾਰਾ ਦੇ ਪਾਤਰ ਵੇਖੇ-ਭਾਲੇ ਤੇ ਆਮ ਜ਼ਿੰਦਗੀ ਵਿੱਚੋਂ ਹੀ ਹੁੰਦੇ ਹਨ, ਜਿਨ੍ਹਾਂ ਦਾ ਲੇਖਿਕਾ ਜ਼ਿਕਰ ਕਰਕੇ ਅਵਚੇਤਨ ਸਿਰਜਦੀ ਹੈ। ਇਸੇ ਤਰ੍ਹਾਂ 'ਮੇਰੀ ਕਲਮ ਦੀ ਸਾਂਝ ਮੇਰਾ ਕਮਰਾ' ਕਹਾਣੀ ਵਿਚ ਲੇਖਿਕਾ ਨੂੰ ਕਿਸੇ ਉਚੇਚ ਖਾਸ ਥਾਂ ਦੀ ਲੋੜ ਨਹੀਂ। ਉਹ ਸ਼ੋਰ-ਸ਼ਰਾਬੇ ਵਿਚ ਵੀ ਪੜ੍ਹ-ਲਿਖ ਸਕਦੀ ਹੇ ਪਰ ਅੰਤਰ ਧਿਆਨ ਹੋ ਕੇ। 'ਮੈਂ ਤੇ ਮੇਰੀਆਂ ਕਹਾਣੀਆਂ' ਕਹਾਣੀ ਵਿਚ ਲੇਖਕ ਜਾਂ ਪਾਠਕ ਉਸ ਤੇ ਅਸ਼ਲੀਲਤਾ ਦਾ ਦੋਸ਼ ਲਗਾਉਂਦੇ ਹਨ ਪਰ ਕਥਾਕਾਰਾ ਸੋਚ ਦੀ ਪੇਸ਼ਕਾਰੀ ਕਰਦੀ ਹੈ, ਵਾਪਰ ਰਹੇ ਨੂੰ ਦੱਸਦੀ ਹੈ, ਬੇਬਾਕੀ ਨਾਲ ਲਿਖਦੀ ਹੈ। ਸਮੁੱਚੇ ਰੂਪ ਵਿਚ ਸਾਰੀਆਂ ਕਹਾਣੀਆਂ ਹੀ ਸਮਾਜ ਦੇ ਸੱਚ ਦੀ ਤਰਜਮਾਨੀ ਕਰਦੀਆਂ ਹਨ।


ਂਗੁਰਬਿੰਦਰ ਕੌਰ ਬਰਾੜ
ਮੋ: 098553-95161


 

 

ਡਾ: ਜਨਕ ਸਿੰਘ ਦਾ ਕਾਵਿ ਲੋਕ
'ਖਿਆਲਾਂ ਦੇ ਸੁਪਨੇ' ਦੇ ਸੰਦਰਭ ਵਿਚ

ਸੰਪਾਦਕ : ਡਾ: ਰੂਪਾ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 300
ਸੰਪਰਕ : 98145-17643.


ਹਥਲੀ ਪੁਸਤਕ ਇਸ ਪੁਸਤਕ ਦਾ ਸਮਾਲੋਚਕ ਅਧਿਐਨ ਹੈ, ਜੋ ਵੱਖ-ਵੱਖ ਵਿਦਵਾਨਾਂ ਦੇ ਲੇਖਾਂ ਨਾਲ ਸੁਸੱਜਿਤ ਹੈ। ਇਨ੍ਹਾਂ ਵਿਦਵਾਨ ਆਲੋਚਕਾਂ ਵਿਚ ਵੰਦਨਾ, ਪ੍ਰੋ: ਹਰਪ੍ਰੀਤ ਕੌਰ, ਅਮਰਜੀਤ ਘੁੰਮਣ, ਡਾ: ਹਰਦੀਪ ਸਿੰਘ, ਪ੍ਰੋ: ਹਰਜੀਤ ਕੌਰ ਕਲਸੀ, ਹਰਵਿੰਦਰ ਕੌਰ, ਡਾ: ਬਲਵਿੰਦਰ ਕੌਰ, ਜਗਰੂਪ ਕੌਰ ਆਦਿ 41 ਵਿਦਵਾਨਾਂ ਦੇ ਖੋਜ ਲੇਖ ਸ਼ਾਮਿਲ ਹਨ। ਇਹ ਸਾਰੇ ਲੇਖ ਡਾ: ਜਨਕ ਸਿੰਘ ਦੀ ਪੁਸਤਕ 'ਖਿਆਲਾਂ ਦੇ ਸੁਪਨੇ' ਦੀ ਪ੍ਰਤਿਭਾ ਦਰਸਾਉਂਦੇ ਅਤੇ ਉਸ ਦੇ ਗੁੱਝੇ ਅਰਥਾਂ ਨੂੰ ਦਰਸਾਉਂਦੇ ਹਨ। ਡਾ: ਰੂਪ ਕੌਰ ਦਾ ਕਥਨ ਹੈ ਕਿ ਡਾ: ਜਨਕ ਸਿੰਘ ਇਕ ਵਿਗਿਆਨਕ ਦ੍ਰਿਸ਼ਟੀ ਦਾ ਮਾਲਕ ਹੈ ਤੇ ਉਸ ਨੂੰ ਜ਼ਿੰਦਗੀ ਤੇ ਦੁਨੀਆ ਦਾ ਡੂੰਘਾ ਅਨੁਭਵ ਹੈ। ਡਾ: ਮਨਦੀਪ ਕੌਰ ਦਾ ਕਥਨ ਹੈ ਕਿ ਇਕ ਵਿਗਿਆਨੀ ਹੋਣ ਦੇ ਨਾਤੇ ਡਾ: ਜਨਕ ਸਿੰਘ ਨੇ ਕਈ ਕਵਿਤਾਵਾਂ ਵਿਗਿਆਨਕ ਸੱਚ ਨੂੰ ਉਜਾਗਰ ਕਰਨ ਵਾਲੀਆਂ ਵੀ ਲਿਖੀਆਂ ਹਨ। ਡਾ: ਪਲਵਿੰਦਰ ਕੌਰ ਦੀਆਂ ਨਜ਼ਰਾਂ ਵਿਚ 'ਖਿਆਲਾਂ ਦੇ ਸੁਪਨੇ' ਕਾਵਿ ਸੰਗ੍ਰਹਿ ਦੀ ਕਵਿਤਾ ਮਾਨਵਤਾ ਦੀ ਪਛਾਣ ਦੀ ਕਵਿਤਾ ਹੈ। ਡਾ: ਸੁਖਵਿੰਦਰ ਕੌਰ ਇਨ੍ਹਾਂ ਕਵਿਤਾਵਾਂ ਨੂੰ ਰੰਗ ਬਿਰੰਗੇ ਰੰਗਾਂ ਦੀ ਡੋਰ ਕਹਿੰਦੀ ਹੈ। ਪ੍ਰੋ: ਅਮਨਦੀਪ ਕੌਰ ਡਾ: ਜਨਕ ਸਿੰਘ ਦੀ ਕਵਿਤਾ ਨੂੰ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਮੰਨਦੀ ਹੈ। ਇਸੇ ਤਰ੍ਹਾਂ ਪ੍ਰੋ: ਇੰਦਰਜੀਤ ਕੌਰ ਅਨੁਸਾਰ ਡਾ: ਜਨਕ ਸਿੰਘ ਦੁਆਰਾ ਰਚਿਤ ਕਾਵਿ ਸੰਗ੍ਰਹਿ 'ਖਿਆਲਾਂ ਦੇ ਸੁਪਨੇ' ਅਜੋਕੇ ਮਨੁੱਖ ਦੀ ਆਂਤਰਿਕ ਹੋਣੀ ਦੇ ਵਿਡੰਬਨਾਤਮਿਕ ਪਸਾਰੇ ਦਾ ਪ੍ਰਗਟਾਅ ਹੈ। ਬਾਕੀ ਵਿਦਵਾਨ ਸਮਾਲੋਚਕਾਂ ਨੇ ਡਾ: ਜਨਕ ਦੀ ਕਵਿਤਾ ਵਿਚੋਂ ਕਾਵਿ-ਗੁਣ ਲੱਭਣ ਦੇ ਸਫ਼ਲ ਯਤਨ ਕੀਤੇ ਹਨ।
ਡਾ: ਜਨਕ ਦੀ ਕਵਿਤਾ ਦੇ ਕੁਝ ਅੰਸ਼ ਅਤੇ ਨਮੂਨੇ ਹਾਜ਼ਰ ਹਨ :
ੲ 'ਸਵੇਰ ਸ਼ਾਮ ਹਰ ਕੋਈ/ਧੰਦਿਆਂ ਵਿਚ ਹੈ ਰੁੱਝਿਆ/ਕਿਰਤ ਕੋਸ਼ਿਸ਼ਾਂ ਕਰ ਕਰ/ਅਕਸਰ ਮੰਜ਼ਿਲ 'ਤੇ ਪੁੱਜਿਆ...'
ੲ 'ਭਲੇ ਚੰਗੇ ਨਿਸ਼ਾਨੇ ਥਾਪਣੇ/ਬਣੇ ਮਕਸਦ ਹਰ ਸਵੇਰ ਸ਼ਾਮ/ਮਨੁੱਖੀ ਜੀਵਨ ਦਾ ਮੰਤਵ ਹੋਵੇ/ਪੂਰਾ ਨਾਲ ਸੇਵਾ ਨਿਸ਼ਕਾਮ....'
 


ਆਤਮਜੀਤ ਰਚਿਤ ਨਾਟਕ 'ਪੂਰਨ' : ਸ਼ੈਲੀ ਵਿਗਿਆਨ ਅਧਿਐਨ
ਲੇਖਕ : ਹਰਜਿੰਦਰ ਸਿੰਘ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 87
ਸੰਪਰਕ : 94630-66200.


ਪੂਰਨ ਨਾਟਕ ਵਿਚਲੀ ਸ਼ੈਲੀ ਦਾ ਅਧਿਐਨ ਕਰਦਿਆਂ ਵਿਦਵਾਨ ਸਮਾਲੋਚਕ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਾਟਕ ਵਿਚ ਕਿਸ ਕਲਾ ਨਾਲ ਸ਼ਬਦਾਂ ਦੀ ਜੜ੍ਹਤ ਕੀਤੀ ਗਈ ਹੈ, ਵਾਕਾਂ ਨੂੰ ਕਿਸ ਅੰਦਾਜ਼ ਵਿਚ ਪ੍ਰਯੋਗ ਕੀਤਾ ਗਿਆ ਹੈ। ਅਸਲ ਵਿਚ ਭਾਸ਼ਾ ਸ਼ੈਲੀ ਹੀ ਉਹ ਸੂਤਰ ਹੈ, ਜੋ ਰਚਨਾ ਤੋਂ ਰਚਨਾ ਦੀ ਮੁਹਾਂਦਰਾ-ਪਛਾਣ ਤੇ ਚਿਹਨਤ ਵਖਰੇਵਾਂ ਸਥਾਪਿਤ ਕਰਦਾ ਹੈ। ਅਜਿਹੇ ਅਧਿਐਨ ਪ੍ਰਸਿੱਧ ਸਾਹਿਤਕ ਰਚਨਾਵਾਂ ਦੀ ਕਲਾਤਮਕ ਤਹਿ ਤੱਕ ਪਹੁੰਚਣ ਅਤੇ ਭਵਿੱਖ ਵਿਚ ਸਿਰਜੀਆਂ ਜਾਣ ਵਾਲੀਆਂ ਅਜਿਹੀਆਂ ਰਚਨਾਵਾਂ ਲਈ ਸਿਧਾਂਤਕ ਪੱਧਰ ਉੱਤੇ ਵਿਗਿਆਨਕ ਸੂਝ-ਬੂਝ ਪੈਦਾ ਕੀਤੀ ਜਾਂਦੀ ਹੈ।
ਪੁਸਤਕ ਨੂੰ ਲੇਖਕ ਨੇ ਤਿੰਨ ਅਧਿਆਇਆਂ ਵਿਚ ਵੰਡ ਕੇ ਆਪਣੀ ਗੱਲ ਨੂੰ ਸਾਰਥਕ ਤੇ ਸਹਿਜ ਤੱਤ ਨਾਲ ਪੇਸ਼ ਕੀਤਾ ਹੈ। ਪਹਿਲੇ ਅਧਿਆਏ ਵਿਚ 'ਪੂਰਨ' ਨਾਟਕ ਦੇ ਲੇਖਕ ਆਤਮਜੀਤ ਦੇ ਜੀਵਨ ਅਤੇ ਉਨ੍ਹਾਂ ਦੀ ਰਚਨਾ ਉੱਤੇ ਚਾਨਣ ਪਾਇਆ ਗਿਆ ਹੈ। ਇਸ ਵਿਚ ਆਤਮਜੀਤ ਦੇ ਨਾਟਕਾਂ ਦੇ ਵਿਸ਼ੇ-ਵਸਤੂ, ਪੇਸ਼ਕਾਰੀ ਅਤੇ ਸਟੇਜ ਉੱਤੇ ਸਫਲ ਹੋਣ ਦੇ ਕਾਰਨਾਂ ਨੂੰ ਸਪੱਸ਼ਟ ਕੀਤਾ ਗਿਆ ਹੈ। ਪੁਸਤਕ ਦੇ ਦੂਜੇ ਅਧਿਆਏ ਵਿਚ ਪੁਸਤਕ ਦੇ ਅਸਲ ਵਿਸ਼ੇ ਨੂੰ ਪ੍ਰਗਟਾਇਆ ਗਿਆ ਹੈ ਅਤੇ ਇਸ ਵਿਚ ਸ਼ੈਲੀ ਵਿਗਿਆਨ ਦੀ ਪਰਿਭਾਸ਼ਾ ਅਤੇ ਵਿਸਤਾਰ ਨੂੰ ਦਰਸਾਇਆ ਗਿਆ ਹੈ। ਇਹ ਅਧਿਆਏ ਵੱਡੀ ਵਿਦਵਤਾ ਦਾ ਲਖਾਇਕ ਹੈ। ਤੀਜੇ ਅਤੇ ਆਖਰੀ ਅਧਿਆਏ ਵਿਚ ਨਾਟਕ ਪੂਰਨ ਦੀ ਸ਼ੈਲੀ ਬਾਰੇ ਵਿਚਾਰ ਕੀਤਾ ਗਿਆ ਹੈ ਅਤੇ ਸ਼ੈਲੀ ਵਿਗਿਆਨ ਨੂੰ ਇਸ ਨਾਟਕ ਵਿਚਲੀ ਸੁੰਦਰ ਸ਼ੈਲੀ ਉੱਤੇ ਢੁਕਾਉਂਦਿਆਂ ਦਰਸਾਇਆ ਗਿਆ ਹੈ ਕਿ ਕਿਹੜੀ ਸ਼ੈਲੀ ਵਿਗਿਆਨਤਾ ਨੇ ਇਸ ਨਾਟਕ ਨੂੰ ਵੱਖਰੀ ਪਛਾਣ ਦੁਆਈ। ਇਸ ਅਧਿਆਏ ਦੇ ਵੀ ਅਗਾਂਹ ਤਿੰਨ ਭਾਗ : ਸੁਮੇਲਤਾ, ਵਕਰੋਤਰੀ ਅਤੇ ਲੈਅ ਕਰਕੇ ਸਿਧਾਂਤਕ ਪੇਸ਼ਕਾਰੀ ਕੀਤੀ ਗਈ ਹੈ। ਅੰਤ ਵਿਚ ਪੁਸਤਕ ਦਾ ਸਾਰ ਦਿੱਤਾ ਗਿਆ ਹੈ।


ਂਸੁਲੱਖਣ ਸਰਹੱਦੀ
ਮੋ: 94174-84337

18-12-2016

 ਗੂੜ੍ਹੇ ਰਿਸ਼ਤਿਆਂ ਦੇ ਗੁੱਝੇ ਰਹੱਸ
ਲੇਖਕ : ਪ੍ਰੋ: ਹਰਿੰਦਰ ਸਿੰਘ ਮਹਿਬੂਬ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 180
ਸੰਪਰਕ : 99150-48005.

ਕਬਰ ਤਿਨਾਂ ਦੀ ਜੀਵੇ ਹੂ ਵਾਲਾ ਦਰਵੇਸ਼ ਸੀ ਹਰਿੰਦਰ ਸਿੰਘ ਮਹਿਬੂਬ। ਮੈਨੂੰ ਉਸ ਵਿਚ ਪ੍ਰੋ: ਪੂਰਨ ਸਿੰਘ ਦੀ ਅਲਬੇਲੀ ਰੂਹ ਦਿਸਦੀ ਸੀ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਉਸ ਜਿਹੇ ਵੱਡੇ ਬੰਦੇ ਨੂੰ ਵੇਖਿਆ ਹੀ ਨਹੀਂ, ਉਸ ਨਾਲ ਮਾੜਾ-ਮੋਟਾ ਬੋਲਿਆ ਵਰਤਿਆ ਹੈ। ਉਸ ਨਾਲ ਬਹਿ ਕੇ ਰੋਟੀ-ਪਾਣੀ ਖਾਧੀ ਹੈ। ਵਿਚਾਰ-ਵਟਾਂਦਰੇ ਕੀਤੇ ਹਨ। ਉਸ ਨੂੰ ਪੜ੍ਹਨ ਸਮਝਣ ਦਾ ਯਤਨ ਕੀਤਾ ਹੈ। ਯਤਨ ਇਸ ਲਈ ਕਿ ਉਹ ਸੌਖੇ ਕਿਤੇ ਕਿਸੇ ਦੀ ਪਕੜ ਵਿਚ ਨਹੀਂ ਆਉਂਦਾ। ਨਿਰਛਲ, ਮਾਸੂਮ ਮੁਹੱਬਤ ਤੇ ਵਿਦਵਤਾ। ਇਸਲਾਮ, ਬੁੱਧ ਦਰਸ਼ਨ, ਸੂਫ਼ੀ ਚਿੰਤਨ, ਯੂਨਾਨੀ ਦਰਸ਼ਨ, ਵੈਦਿਕ ਚਿੰਤਨ, ਗੁਰਬਾਣੀ, ਸਿੱਖ ਇਤਿਹਾਸ ਅਤੇ ਵਿਸ਼ਵ ਸਾਹਿਤ ਦੇ ਅਧਿਐਨ ਨੂੰ ਸਮਰਪਿਤ ਉਸ ਜਿਹੇ ਬੰਦੇ ਕਿੱਥੇ ਹਨ ਅੱਜਕਲ੍ਹ. ਉਹ ਤੇ ਕਾਫ਼ਲਾ ਹੀ ਗੁਜ਼ਰ ਗਿਆ। ਹਥਲੀ ਪੁਸਤਕ ਵਿਚ ਪ੍ਰੋ: ਮਹਿਬੂਬ ਦੇ ਆਪਣੇ ਸਭ ਤੋਂ ਕਰੀਬੀ ਮਿੱਤਰ ਡਾ: ਗੁਰਤਰਨ ਸਿੰਘ ਨੂੰ ਲਿਖੇ ਪੱਤਰ ਸੰਕਲਿਤ ਹਨ, ਜੋ ਸਾਹਿਤ, ਜੀਵਨ, ਦਰਸ਼ਨ, ਦੋਸਤੀ, ਸਮਾਜ, ਨਾਰੀ ਆਦਿ ਬਾਰੇ ਉਸ ਦੀ ਵਿਲੱਖਣ ਦ੍ਰਿਸ਼ਟੀ ਨੂੰ ਸਪੱਸ਼ਟ ਕਰਦੇ ਹਨ।
ਡਾ: ਗੁਰਤਰਨ ਸਿੰਘ ਪ੍ਰੋ: ਮਹਿਬੂਬ ਦਾ ਬਚਪਨ ਦਾ ਸਾਥੀ ਹੈ। ਉਸ ਦਾ ਪਿਆਰਾ ਤੇ ਉਸ ਦਾ ਪਿਆਰਨ ਵਾਲਾ। ਲਾਇਲਪੁਰ ਦੀਆਂ ਬਾਰਾਂ ਵਿਚ ਦੋਵੇਂ ਪਰਿਵਾਰਾਂ ਦਾ ਸਾਥ ਸੀ ਤੇ ਡਾ: ਗੁਰਤਰਨ ਸਿੰਘ ਦੇ ਪਿਤਾ ਨੂੰ ਬਾਰ ਦੀ ਮਿੱਟੀ ਲਈ ਕੁਰਬਾਨ ਹੁੰਦਾ ਮਹਿਬੂਬ ਨੇ ਵੇਖਿਆ ਹੈ। ਪੂਰਨ ਸਿੰਘ ਦੀਆਂ ਬਾਰਾਂ ਵਿਚ ਜੰਮੇ ਪਲੇ ਇਹ ਮਿੱਤਰ ਸੰਤਾਲੀ ਦੀ ਦੇਸ਼ ਵੰਡ ਸਮੇਂ ਇਧਰ ਇਕੋ ਪਿੰਡ ਝੂੰਦਾਂ (ਸੰਗਰੂਰ) ਵਿਚ ਆ ਵਸੇ ਤੇ ਸਾਰੀ ਉਮਰ ਇਕ-ਦੂਜੇ ਦੇ ਸਾਹੀਂ ਜੀਵੇ। ਇਨ੍ਹਾਂ ਪਾਤਰਾਂ ਵਿਚੋਂ ਪ੍ਰੋ: ਮਹਿਬੂਬ ਦਾ ਨਾਰੀ ਦੇ ਹੁਸਨ/ਇਸ਼ਕ/ਸਿਦਕ/ਸਿਰਜਣਾਤਮਕਾ ਦੀ ਸਮਿਆਂ ਦੇ ਮੋੜ ਬਦਲਣ ਵਾਲੀ ਰਹੱਸਮਈ ਸ਼ਕਤੀ ਦੇ ਸੰਕਲਪ ਦੀ ਝਲਕ ਹੈ। ਇਸਲਾਮ ਪ੍ਰਤੀ ਉਸ ਦੇ ਆਕਰਸ਼ਨ ਦੇ ਪ੍ਰਮਾਣ ਹਨ। ਪ੍ਰੋ: ਪੂਰਨ ਸਿੰਘ ਤੇ ਸਿੱਖ ਧਰਮ/ਦਰਸ਼ਨ ਪ੍ਰਤੀ ਉਸ ਦਾ ਡੂੰਘਾ ਮੋਹ ਹੈ। ਦੋਸਤਾਂ ਪ੍ਰਤੀ ਨਿਰਛਲ ਮੁਹੱਬਤ, ਦੁਸ਼ਮਣਾਂ ਵਿਰੋਧੀਆਂ ਨੂੰ ਮੁਆਫ਼ ਕਰਨ, ਬੰਦਿਆਂ ਨੂੰ ਪਛਾਣਨ ਸਮਝਣ ਦੀ ਸਮਰਥਾ ਦੇ ਦੀਦਾਰ ਹਨ।
ਉਹ ਵੇਖ ਕੇ ਅਣਡਿੱਠ ਕਰ ਸਕਦਾ ਸੀ। ਦੂਸਰੇ ਲਈ ਤਨ ਮਨ ਧਨ ਨਾਲ ਔਖਾ ਹੋ ਸਕਦਾ ਸੀ। ਰਿਸ਼ਤਿਆਂ ਦੀ ਪਾਕੀਜ਼ਗੀ ਉਸ ਤੋਂ ਕੋਈ ਸਿੱਖੇ। ਬੜਾ ਕੁਝ ਉਸ ਬਾਰੇ ਦੱਸਦੇ ਹਨ ਇਹ ਪੱਤਰ।

c c c

ਮੇਰਾ ਸਮੁੰਦਰੀ ਸਫ਼ਰਨਾਮਾ
ਲੇਖਕ : ਸੰਤੋਖ ਭੁੱਲਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 312
ਸੰਪਰਕ : 78377-18723.

ਮੇਰਾ ਸਮੁੰਦਰੀ ਸਫ਼ਰਨਾਮਾ ਸਮੁੰਦਰੀ ਜਹਾਜ਼ ਵਿਚ ਬਹਿ ਕੇ ਰੂਸ, ਸਵੀਡਨ, ਫਿਨਲੈਂਡ, ਜਰਮਨੀ ਤੇ ਡੈਨਮਾਰਕ ਦੇ ਮੁੱਖ ਸ਼ਹਿਰਾਂ, ਬੰਦਰਗਾਹਾਂ ਦੀ ਯਾਤਰਾ ਦਾ ਰੌਚਕ ਬਿਰਤਾਂਤ ਹੈ। ਬਿਰਤਾਂਤਕਾਰ ਬਾਬੇ ਬਕਾਲੇ ਤੋਂ ਇੰਗਲੈਂਡ ਜਾ ਵਸਿਆ ਸਾਹਿਤਕ ਰੁਚੀਆਂ ਵਾਲਾ ਸੰਤੋਖ ਭੁੱਲਰ ਹੈ। ਉਸ ਨੇ ਇਹ ਯਾਤਰਾ ਆਪਣੀ ਪਤਨੀ ਕਮਲਜੀਤ ਤੇ ਭਰਾਵਾਂ ਵਰਗੇ ਮਿੱਤਰ ਹਰਪਾਲ ਸੱਪਲ ਤੇ ਮਿਸਿਜ਼ ਸਪਲ ਨਾਲ ਰਲ ਕੇ ਆਰਕੇਡੀਆ ਨਾਂਅ ਦੇ ਸਮੁੰਦਰੀ ਜਹਾਜ਼ ਵਿਚ ਕੀਤੀ। ਗਿਆਰਾਂ ਮੰਜ਼ਲੇ ਇਸ ਜਹਾਜ਼ ਵਿਚ 2800 ਬੰਦੇ ਯਾਤਰਾ ਕਰਦੇ ਹਨ। ਬਾਰ੍ਹਾਂ ਸੌ ਬੰਦੇ ਇਨ੍ਹਾਂ ਦੀ ਸੇਵਾ ਸੰਭਾਲ ਲਈ ਲੱਗੇ ਰਹਿੰਦੇ ਹਨ। ਇਸ ਦੇ ਡਾਈਨਿੰਗ ਹਾਲ ਵਿਚ 1400 ਆਦਮੀ ਇਕੱਠੇ ਖਾਣਾ ਖਾ ਸਕਦੇ ਹਨ। ਜਹਾਜ਼ ਵਿਚ ਸਵੀਮਿੰਗ ਪੂਲ, ਬਾਜ਼ਾਰ, ਬਾਰ, ਕਾਮਨ ਰੂਮ, ਲਾਇਬ੍ਰੇਰੀ ਹਰ ਪ੍ਰਕਾਰ ਦੀ ਸੁਵਿਧਾ ਹੈ। ਲੇਖਕ ਜਹਾਜ਼ ਤੇ ਸਮੁੰਦਰੀ ਯਾਤਰਾ ਬਾਰੇ ਨਿੱਕੀਆਂ ਮੋਟੀਆਂ ਉਹ ਸਭ ਗੱਲਾਂ ਦੱਸਦਾ ਹੈ, ਜੋ ਪਹਿਲੀ ਵਾਰ ਅਜੋਕੀ ਯਾਤਰਾ ਉੱਤੇ ਨਿਕਲਣ ਵਾਲੇ ਬੰਦੇ ਲਈ ਜਾਣਨੀਆਂ ਜ਼ਰੂਰੀ ਹਨ।
ਸੰਤੋਖ ਭੁੱਲਰ ਜਿਸ ਵੀ ਸ਼ਹਿਰ/ਦੇਸ਼ ਜਾਂਦਾ ਹੈ, ਉਸ ਬਾਰੇ ਮੁਢਲੀ ਭੂਗੋਲਿਕ/ਇਤਿਹਾਸਕ ਜਾਣਕਾਰੀ ਦਿੰਦਾ ਹੈ। ਰੂਸ ਦਾ ਪੀਟਰਜ਼ਬਰਗ ਮਜ਼ਦੂਰਾਂ ਦੀਆਂ ਹੱਡੀਆਂ ਉੱਤੇ ਉਸਰਿਆ ਸ਼ਹਿਰ ਹੈ। ਜ਼ਾਰ ਦਾ ਸ਼ਹਿਰ ਜਿਸ ਦੀਆਂ ਗਲੀਆਂ ਵਿਚ ਸਾਡਾ ਸਹਿਜ਼ਾਦਾ ਦਲੀਪ ਸਿੰਘ ਜ਼ਾਰ ਨੂੰ ਮਿਲਣ ਲਈ ਭਟਕ-ਭਟਕ ਕੇ ਮੁੜ ਗਿਆ। ਫਿਨਲੈਂਡ ਦੇ ਹੈਲਸਿੰਕੀ ਦਾ ਮੌਸਮ ਪੀਟਰਜ਼ਬਰਗ ਵਰਗਾ ਹੀ ਹੈ। ਫਿਨਲੈਂਡ ਦਾ ਹੁਸਨ ਆਕਰਸ਼ਕ ਹੈ। ਹੈਲਸਿੰਕੀ ਦੇ ਆਸ-ਪਾਸ ਨਿੱਕੇ-ਵੱਡੇ 370 ਟਾਪੂ ਤੇ ਜਹਾਜ਼ ਦੀ ਬਾਲਕਾਨੀ ਵਿਚੋਂ ਦਿਸਦੇ ਨਜ਼ਾਰੇ, ਸਵੀਮਿੰਗ ਪੂਲਾਂ ਅਤੇ ਬੀਚਾਂ ਉੱਤੇ ਕਲੋਲ ਕਰਦੀਆਂ ਗੋਰੀਆਂ ਮੁਟਿਆਰਾਂ ਤੇ ਨੌਜਵਾਨ, ਬਜ਼ੁਰਗਾਂ/ਔਰਤਾਂ/ਵਿਕਲਾਂਗਾਂ ਦਾ ਵਿਸ਼ੇਸ਼ ਸਤਿਕਾਰ ਲੇਖਕ ਦਾ ਧਿਆਨ ਖਿੱਚਦੇ ਹਨ। ਬਾਲਟਕ ਸਾਗਰ ਦੇ ਥੱਲੇ ਉੱਚੇ ਪਹਾੜ ਹਨ।
ਪਰਿਵਾਰ ਦੰਪਤੀ ਸਬੰਧਾਂ ਤੇ ਫੈਸ਼ਨ ਬਾਰੇ ਪੱਛਮੀ ਮੁਲਕਾਂ ਦੀ ਸੋਚ ਸਾਡੇ ਤੋਂ ਵੱਖਰੀ ਹੈ। ਸਵੀਡਨ ਦੀਆਂ ਝੀਲਾਂ ਤੇ ਬੀਚਾਂ ਦਾ ਜ਼ਿਕਰ ਵੀ ਲੇਖਕ ਕਰਦਾ ਹੈ ਤੇ ਜਰਮਨੀ ਡੈਨਮਾਰਕ ਦੀਆਂ ਹੁਸੀਨ ਮੁਟਿਆਰਾਂ ਦਾ ਵੀ। ਨਾਵਲੀ ਬਿਰਤਾਂਤ ਵਰਗਾ ਹੈ ਇਹ ਸਫ਼ਰਨਾਮਾ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਨਦੀਆਂ ਦੇ ਵਹਿਣ
ਸ਼ਾਇਰ : ਡਾ: ਸਤੀਸ਼ ਠੁਕਰਾਲ 'ਸੋਨੀ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 94173-58393.

ਇਹ ਕਾਵਿ-ਸੰਗ੍ਰਹਿ ਕਵੀ ਦੇ ਜਜ਼ਬਿਆਂ ਅਤੇ ਵਲਵਲਿਆਂ ਦੀਆਂ ਤਰੰਗਾਂ ਨੂੰ ਪੇਸ਼ ਕਰਦਾ ਹੈ। ਇਨ੍ਹਾਂ ਨਜ਼ਮਾਂ ਵਿਚ ਉਸ ਦੀ ਆਪਣੀ ਪੀੜਾ ਵੀ ਹੈ ਅਤੇ ਜ਼ਮਾਨੇ ਭਰ ਦਾ ਦਰਦ ਵੀ ਸਮੋਇਆ ਹੋਇਆ ਹੈ। ਇਨ੍ਹਾਂ ਵਿਚ ਚੇਤਨਾ ਅਤੇ ਸੰਵੇਦਨਾ, ਦਿਲ ਅਤੇ ਦਿਮਾਗ ਦੋਵੇਂ ਹਾਜ਼ਰ ਹਨ। ਆਓ ਕੁਝ ਝਲਕਾਂ ਦੇਖੀਏ-
ਤੇਰੇ ਮਿਲਣੇ ਦਾ ਅਹਿਸਾਸ ਕੁਝ ਇੰਜ ਰਿਹਾ
ਜਿਵੇਂ ਤ੍ਰੇਲ ਭਿੱਜੇ ਘਾਹ ਤੇ ਤੁਰਨਾ
ਜਿਵੇਂ ਸ਼ਬਨਮ ਨਹਾਤੇ ਫੁੱਲਾਂ ਨੂੰ ਛੂਹਣਾ
ਜਿਵੇਂ ਸਾਉਣ ਦੇ ਮਹੀਨੇ ਪਹਿਲੇ ਮੀਂਹ ਦਾ ਵਰ੍ਹਨਾ।
-ਮਿੱਟੀ ਨੂੰ ਵਗ੍ਹਾ ਆਏ ਹਾਂ
ਰੰਗਾਂ ਨੂੰ ਵਹਾ ਆਏ ਹਾਂ
ਆਸਥਾ ਦੇ ਨਾਂਅ ਉੱਤੇ
ਪਾਣੀ ਵੀ ਭਰਮਾ ਆਏ ਹਾਂ
ਅੱਜ ਵੇਖੋ ਵੇਖੀ ਅਸੀਂ ਵੀ
ਤਿਉਹਾਰ ਮਨਾ ਆਏ ਹਾਂ।
ਉਸ ਨੇ ਇਰਾਕ-ਅਮਰੀਕਾ ਯੁੱਧ ਅਤੇ ਮਿਸਰ ਦੇ ਲੋਕਾਂ ਦੇ ਨਾਂਅ ਵੀ ਕਵਿਤਾਵਾਂ ਲਿਖੀਆਂ ਹਨ। ਇਹ ਖੁੱਲ੍ਹੀਆਂ ਕਵਿਤਾਵਾਂ ਹਨ ਪਰ ਇਨ੍ਹਾਂ ਵਿਚ ਇਕ ਅਰਥ-ਭਰਪੂਰ ਸੁਰ-ਤਾਲ ਹੈ। ਆਸ ਹੈ ਭਵਿੱਖ ਵਿਚ ਉਹ ਹੋਰ ਵੀ ਵਧੀਆ ਰਚਨਾਵਾਂ ਕਾਵਿ-ਜਗਤ ਦੀ ਝੋਲੀ ਵਿਚ ਪਾਏਗਾ।

 c c

ਹਿਕਮਤ ਦੇ ਮੋਤੀ
ਲੇਖਕ : ਪ੍ਰੋ: ਸੀ. ਕੇ. ਗੰਭੀਰ
ਪ੍ਰਕਾਸ਼ਕ : ਅਡਵਾਈਜ਼ਰ ਪਬਲੀਕੇਸ਼ਨਜ਼, ਜਲੰਧਰ
ਮੁੱਲ : 150 ਰੁਪਏ, ਸਫ਼ੇ : 115
ਸੰਪਰਕ : 0181-4631908.

ਇਸ ਪੁਸਤਕ ਵਿਚ ਬਹੁਤ ਸਾਰੀਆਂ ਬਿਮਾਰੀਆਂ ਸਬੰਧੀ ਕੁਦਰਤੀ ਘਰੇਲੂ ਇਲਾਜ ਦੱਸੇ ਗਏ ਹਨ। ਅੱਜਕਲ੍ਹ ਹਰ ਛੋਟੀ-ਮੋਟੀ ਬਿਮਾਰੀ ਲਈ ਅੰਗਰੇਜ਼ੀ ਦਵਾਈਆਂ ਖਾਧੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਕਈ ਨੁਕਸਾਨ ਹਨ। ਪੁਰਾਣੇ ਸਮੇਂ ਵਿਚ ਘਰ ਦੇ ਬਜ਼ੁਰਗ ਕੁਦਰਤੀ ਇਲਾਜ ਨਾਲ ਹੀ ਸਾਰੇ ਪਰਿਵਾਰ ਨੂੰ ਠੀਕ ਰੱਖਦੇ ਸਨ। ਸਾਡੇ ਆਲੇ-ਦੁਆਲੇ ਬਹੁਤ ਸਾਰੀਆਂ ਜੜ੍ਹੀਆਂ-ਬੂਟੀਆਂ ਉੱਗੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚ ਦਵਾਈਆਂ ਵਾਲੇ ਗੁਣ ਹੁੰਦੇ ਹਨ। ਇਸ ਪੁਸਤਕ ਵਿਚ ਬਹੁਤ ਸਾਰੇ ਰੋਗਾਂ ਦੇ ਸਰਲ ਉਪਾਅ ਦੱਸੇ ਗਏ ਹਨ, ਜਿਵੇਂ ਮੂੰਹ ਦੇ ਰੋਗ, ਦਿਮਾਗ ਦੀ ਕਮਜ਼ੋਰੀ, ਖੰਘ, ਜਿਗਰ ਦੀਆਂ ਬਿਮਾਰੀਆਂ, ਸਿਰ ਦੇ ਰੋਗ, ਅੱਖਾਂ ਅਤੇ ਦੰਦਾਂ ਦੇ ਰੋਗ, ਬਵਾਸੀਰ, ਦਮਾ, ਕਬਜ਼, ਗਠੀਆ, ਐਲਰਜੀ, ਰਕਤਚਾਪ, ਸ਼ੂਗਰ, ਦਿਲ ਦੇ ਰੋਗ, ਕੰਨ ਅਤੇ ਨੱਕ ਦੇ ਰੋਗ, ਮਿਹਦੇ ਅਤੇ ਗੁਰਦੇ ਦੇ ਰੋਗ ਆਦਿ। ਕਈ ਇਲਾਜ ਤਾਂ ਬਹੁਤ ਹੀ ਸੌਖੇ ਅਤੇ ਕਾਰਗਰ ਹਨ ਜਿਵੇਂ ਬਿੱਛੂ ਜਾਂ ਹੋਰ ਜ਼ਹਿਰੀਲੇ ਕੀੜੇ ਦੇ ਡੰਗ ਉੱਪਰ ਪੁਦੀਨਾ ਲਗਾਉਣ ਨਾਲ ਦਰਦ ਨਹੀਂ ਹੁੰਦਾ ਅਤੇ ਪੁਦੀਨੇ ਦਾ ਪਾਣੀ ਪਿਆਉਣ ਨਾਲ ਜ਼ਹਿਰ ਉੱਤਰ ਜਾਂਦਾ ਹੈ, ਹਰ ਰੋਜ਼ ਕੋਸੇ ਪਾਣੀ ਨਾਲ ਥੋੜ੍ਹੀ ਜਿਹੀ ਹਲਦੀ ਲਈ ਜਾਵੇ ਤਾਂ ਦਮਾ ਰੋਗ ਨਹੀਂ ਹੁੰਦਾ, ਖਾਲੀ ਪੇਟ ਲਸਣ ਦੀਆਂ ਦੋ-ਤਿੰਨ ਤੁਰੀਆਂ ਖਾਣ ਨਾਲ ਉੱਚ ਰਕਤਚਾਪ, ਸ਼ੂਗਰ, ਕੋਲੈਸਟਰੋਲ ਵਿਚ ਫਾਇਦਾ ਹੁੰਦਾ ਹੈ, ਫਟਕੜੀ ਦੇ ਸੇਵਨ ਨਾਲ ਦਸਤ, ਖਾਰਸ਼, ਬੁਖਾਰ, ਸਿਰਦਰਦ, ਚੰਬਲ, ਖੰਘ ਆਦਿ ਠੀਕ ਹੋ ਜਾਂਦੇ ਹਨ। ਘਰਾਂ ਵਿਚ ਆਮ ਵਰਤੇ ਜਾਣ ਵਾਲੇ ਮਸਾਲੇ, ਸੌਂਫ਼, ਜਵੈਨ, ਧਨੀਆ, ਜੀਰਾ, ਹਿੰਗ, ਕਾਲੀ ਮਿਰਚ, ਲੌਂਗ, ਇਲਾਇਚੀ, ਲਸਣ, ਪਿਆਜ਼, ਹਲਦੀ ਆਦਿ ਅਨੇਕਾਂ ਰੋਗਾਂ ਨੂੰ ਦੂਰ ਕਰਦੇ ਹਨ। ਸ਼ਹਿਦ, ਦਹੀਂ, ਤੁਲਸੀ, ਕੁਮਾਰ ਗੰਦਲ ਦੇ ਅਨੇਕਾਂ ਫਾਇਦੇ ਹਨ। ਇੰਜ ਇਸ ਨਿੱਕੀ ਜਿਹੀ ਪੁਸਤਕ ਵਿਚੋਂ ਬਹੁਤ ਹੀ ਲਾਭਦਾਇਕ ਜਾਣਕਾਰੀ ਮਿਲਦੀ ਹੈ। ਕੁਦਰਤੀ ਇਲਾਜ ਸਸਤੇ ਵੀ ਹਨ, ਅਸਰਦਾਰ ਵੀ ਹਨ ਅਤੇ ਕੋਈ ਨੁਕਸਾਨ ਵੀ ਨਹੀਂ ਕਰਦੇ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਸੁੱਚੇ ਮੋਤੀ
ਸੰਗ੍ਰਹਿ ਕਰਤਾ : ਸਿਮਰਨਜੀਤ ਕੌਰ
ਪ੍ਰਕਾਸ਼ਕ : ਅਡਵਾਈਜ਼ਰ ਪਬਲੀਕੇਸ਼ਨਜ਼, ਜਲੰਧਰ
ਮੁੱਲ : 100 ਰੁਪਏ, ਸਫ਼ੇ : 87
ਸੰਪਰਕ : 0181-4621185

ਮਨੁੱਖੀ ਜ਼ਿੰਦਗੀ ਦੀਆਂ ਅਟੱਲ ਸਚਾਈਆਂ ਅਤੇ ਬੇਹੱਦ ਕੀਮਤੀ ਵਿਚਾਰਾਂ ਨਾਲ ਲਬਰੇਜ਼ ਇਸ ਲੇਖਿਕਾ ਦੀ ਪਹਿਲਾਂ ਵੀ ਇਕ ਪੁਸਤਕ 'ਲੋਕ ਤੱਥ' ਸਿਰਲੇਖ ਹੇਠ ਆ ਚੁੱਕੀ ਹੈ। ਚਰਚਾ ਅਧੀਨ ਪੁਸਤਕ 'ਸੁੱਚੇ ਮੋਤੀ', ਇਸ ਦੀ ਚੰਗੇ ਵਿਚਾਰਾਂ ਦੀ ਸੰਗ੍ਰਹਿ ਕੀਤੀ ਹੋਈ ਦੂਜੀ ਪੁਸਤਕ ਹੈ। ਛੋਟੇ ਆਕਾਰ ਦੀ ਇਸ ਪੁਸਤਕ 'ਚ ਵੱਖ-ਵੱਖ ਥਾਵਾਂ ਤੋਂ ਇਕੱਤਰ ਕਰਕੇ ਕਿਤਾਬੀ ਰੂਪ ਦਿੱਤੇ ਗਏ ਇਕ ਹਜ਼ਾਰ ਵਿਚਾਰ ਹਨ। ਅਜਿਹੇ ਵਿਚਾਰ ਅੱਜਕਲ੍ਹ ਸੋਸ਼ਲ ਮੀਡੀਏ ਜਿਵੇਂ ਵੱਟਸਐਪ, ਫ਼ੇਸਬੁੱਕ ਵਗੈਰਾ 'ਤੇ ਆਮ ਪੜ੍ਹਨ-ਸੁਣਨ ਨੂੰ ਮਿਲ ਜਾਂਦੇ ਹਨ। ਇਹ ਵਿਚਾਰ ਉਹ ਸੁੱਚੇ ਮੋਤੀ ਹੁੰਦੇ ਹਨ, ਜਿਨ੍ਹਾਂ ਦੀ ਫ਼ਿਲਾਸਫ਼ੀ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਅਤੇ ਉਹ ਸਰਵਵਿਆਪਕ ਹੁੰਦੇ ਹਨ। ਹਾਂ, ਕੁਝ ਕੁ ਵਿਚਾਰਾਂ ਬਾਰੇ ਜ਼ਰੂਰ ਵੱਖ-ਵੱਖ ਰਾਵਾਂ ਹੋ ਸਕਦੀਆਂ ਹਨ। ਸੱਚ ਤਾਂ ਇਹ ਹੈ ਕਿ ਚੰਗੇ ਵਿਚਾਰਾਂ 'ਤੇ ਅਮਲ ਕਰਨ ਨਾਲ ਹੀ ਮਨੁੱਖ ਹੀ ਆਪਣੀ ਚੰਗੀ ਹੋਂਦ, ਸੋਚ, ਵਿਚਾਰਧਾਰਾ ਬਣਦੀ ਹੈ। ਇਹ ਵਿਚਾਰ ਸਦਾ ਗਹਿਣਾ ਹੁੰੰਦੇ ਹਨ। ਜੇਕਰ ਕਿਸੇ ਬੰਦੇ ਦੀ ਸ਼ਖ਼ਸੀਅਤ ਦਾ ਮਾਪ-ਤੋਲ ਕਰਨਾ ਹੋਵੇ ਤਾਂ ਇਹ ਉਸ ਦੀ ਨਿੱਜੀ ਜ਼ਿੰਦਗੀ ਅਤੇ ਚੰਗੇ ਵਿਚਾਰਾਂ ਤੋਂ ਹੀ ਕੀਤਾ ਜਾਂਦਾ ਹੈ। ਚੰਗੇ ਵਿਚਾਰਾਂ ਦੀ ਖ਼ਾਸ ਅਹਿਮੀਅਤ ਹੋਣ ਕਰਕੇ ਹਰ ਕੋਈ ਇਨ੍ਹਾਂ ਨੂੰ ਅੱਗੇ ਆਪਣੇ ਮਿੱਤਰਾਂ ਅਤੇ ਸਮਾਜ ਦੇ ਹੋਰਨਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ। ਮਹਾਨ ਵਿਦਵਾਨਾਂ, ਚਿੰਤਕਾਂ ਦੇ ਲਿਖੇ ਵਿਚਾਰਾਂ ਦੀ ਵਿਸ਼ੇਸ਼ ਮਹੱਤਤਾ ਹੋਣ ਕਰਕੇ ਹਰੇਕ ਭਾਸ਼ਾ 'ਚ ਛਪਣ ਵਾਲੇ ਚੰਗੇ ਅਖ਼ਬਾਰਾਂ ਨੇ ਵੀ ਰੋਜ਼ਾਨਾ ਇਕ ਵਿਚਾਰ ਛਾਪਣ ਦਾ ਫ਼ੈਸਲਾ ਕੀਤਾ ਹੈ।

-ਮੋਹਰ ਗਿੱਲ ਸਿਰਸੜੀ
ਮੋ: 98156-59110

c c c

ਓਹ ਤੇ ਮੈਂ
ਲੇਖਕ : ਭਵਰ ਲਾਲ ਜੈਨ
ਅਨੁ: ਪਰਮਜੀਤ ਸਿੰਘ ਸਾਸਨ,
ਪ੍ਰਕਾਸ਼ਕ : ਅਡਵਾਈਜ਼ਰ ਪਬਲੀਕੇਸ਼ਨਜ਼, ਜਲੰਧਰ
ਮੁੱਲ : 200 ਰੁਪਏ, ਸਫ਼ੇ : 194
ਸੰਪਰਕ : 0181-4621185.

ਇਹ ਪੁਸਤਕ ਮਰਾਠੀ ਭਾਸ਼ਾ ਵਿਚ ਲਿਖੀ ਭਵਰ ਲਾਲ ਜੈਨ ਦੀ ਰਚਨਾ 'ਤੀ ਆਣੀ ਮੀ' ਦਾ ਪੰਜਾਬੀ ਅਨੁਵਾਦ ਪਰਮਜੀਤ ਸਿੰਘ ਸਾਸਨ ਨੇ 'ਓਹ ਤੇ ਮੈਂ' ਸਿਰਲੇਖ ਅਧੀਨ ਬੜੀ ਸਰਲ ਪੰਜਾਬੀ ਵਿਚ ਕੀਤਾ ਹੈ। ਮੈਂ (ਲੇਖਕ) ਵੱਲੋਂ ਸਿਰਲੇਖ ਵਿਚ 'ਓਹ' ਨੂੰ ਪਹਿਲਾ ਸਥਾਨ ਦੇਣਾ ਜਿਥੇ ਆਪਣੀ ਪਤਨੀ ਨੂੰ ਜੋ ਸਵਰਗਵਾਸ ਹੋ ਚੁੱਕੀ ਹੈ, ਪ੍ਰਤੀ ਸ਼ਰਧਾਂਜਲੀ ਦਾ ਪ੍ਰਗਟਾਵਾ ਹੈ, ਉਥੇ ਪ੍ਰਤੀਕਾਤਮਕ ਤੌਰ 'ਤੇ ਲੇਖਕ ਵੱਲੋਂ ਇਸਤਰੀ ਜਾਤੀ ਪ੍ਰਤੀ ਸਤਿਕਾਰ ਦੀ ਭਾਵਨਾ ਦਾ ਬੋਧ ਵੀ ਹੁੰਦਾ ਹੈ। ਇਸ ਨਾਵਲ ਦੀਆਂ ਸਾਰੀਆਂ ਘਟਨਾਵਾਂ (ਪਤਾਕਾ ਅਤੇ ਪ੍ਰਕਰੀਆਂ ਸਮੇਤ) ਉੱਤਮ ਪੁਰਖੀ ਸ਼ੈਲੀ ਵਿਚ ਪ੍ਰਸਤੁਤ ਕੀਤੀਆਂ ਗਈਆਂ ਹਨ। ਨਾਇਕ ਅਤੇ ਨਾਇਕਾ 1961 ਤੋਂ 2005 ਤੱਕ ਲਗਪਗ 45 ਵਰ੍ਹੇ ਇਕ ਰੂਪ ਹੋ ਕੇ ਵਿਚਰਦੇ ਹਨ। ਅਜੋਕੇ ਸਮੇਂ ਜਦੋਂ ਕਿ ਪਰਿਵਾਰਕ ਟੁੱਟ-ਭੱਜ ਨੂੰ ਸਮਾਜ ਵਿਚ ਅਹਿਮ ਸਥਾਨ ਪ੍ਰਾਪਤ ਹੈ, ਵੱਡ-ਆਕਾਰੀ ਸੰਯੁਕਤ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣਾ ਖਾਲਾ ਜੀ ਦਾ ਵਾੜਾ ਨਹੀਂ, ਇਸ ਸਮੇਂ ਨਾਇਕਾ (ਕਾਂਤਾ ਬਾਈ) ਨੇ ਨਾ ਕੇਵਲ ਵੱਡੇ ਸੰਯੁਕਤ ਪਰਿਵਾਰ ਨੂੰ ਇਕ ਸੂਤਰ ਵਿਚ ਪਰੋ ਕੇ ਰੱਖਿਆ ਸਗੋਂ ਨਵੀਆਂ ਪੀੜ੍ਹੀਆਂ ਦਾ ਅਜਿਹਾ ਮਾਰਗ ਦਰਸ਼ਨ ਕੀਤਾ, ਅਜਿਹੇ ਨੇਕ ਅਤੇ ਪ੍ਰਗਤੀ ਦੇ ਜੀਵਨ ਦੇ ਸੰਸਕਾਰ ਦਿੱਤੇ, ਜਿਸ ਦੇ ਫਲਸਰੂਪ ਸਭ ਖੁਸ਼ਹਾਲੀ ਅਤੇ ਆਪਸੀ ਮਿਲਵਰਤਨ ਨਾਲ ਆਪਣਾ ਜੀਵਨ ਜੀਅ ਰਹੇ ਹਨ। ਵਿਭਿੰਨ ਪਾਤਰ ਆਪਣੀਆਂ ਯਾਦਾਂ ਰਾਹੀਂ ਕਾਂਤਾ ਬਾਈ ਦੀ ਮਾਨਵਵਾਦੀ ਪਹੁੰਚ, ਪ੍ਰਾਹੁਣਚਾਰੀ ਅਤੇ ਨਿੱਘੇ ਸਲੀਕੇ ਨੂੰ ਅਨੇਕਾਂ ਵਾਰ ਪ੍ਰਗਟ ਕਰਦੇ ਵਿਖਾਏ ਗਏ ਹਨ।
ਲੇਖਕ ਨੇ ਆਪਣੇ ਪਰਿਵਾਰ ਵਿਚ ਵਾਪਰੀਆਂ ਦੁਖ-ਸੁਖ ਦੀਆਂ ਘਟਨਾਵਾਂ ਨੂੰ ਬੜੀ ਯਥਾਰਥਕ ਦ੍ਰਿਸ਼ਟੀ ਨਾਲ ਪੇਸ਼ ਕੀਤਾ ਹੈ। ਲੇਖਕ ਨੇ ਅਨੇਕਾਂ ਥਾਵਾਂ 'ਤੇ ਬਿਰਤਾਂਤਕ ਗਤੀ ਨੂੰ ਧੀਮੀ ਕਰਦਿਆਂ ਜਾਂ ਰੋਕ ਕੇ, ਅਨੇਕਾਂ ਅਜਿਹੇ ਤਰਕਪੂਰਨ ਵਿਚਾਰਾਂ ਦਾ ਪ੍ਰਗਟਾਵਾ, ਗਲਪਕਾਰੋ-ਵਾਚ ਰਾਹੀਂ ਕੀਤਾ ਹੈ ਜੋ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੇ ਹਨ। ਇਸ ਦੇ ਨਾਲ ਹੀ ਪਾਠਕਾਂ ਨੂੰ ਬੇਸ਼ੁਮਾਰ ਸਵਾਲਾਂ ਦੇ ਸਨਮੁੱਖ ਖੜ੍ਹੇ ਕੀਤਾ ਹੈ। ਨਾਇਕਾ ਦੀ ਬਿਮਾਰੀ ਸਮੇਂ ਘਰ ਵਿਚ ਹੀ ਆਈ.ਸੀ.ਯੂ. ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਉਪਲਬਧ ਕਰਵਾਉਣਾ, ਪੁੱਤਰਾਂ ਦੇ ਮਾਂ ਪ੍ਰਤੀ ਸਨੇਹ ਦਾ ਅਨੋਖਾ ਪ੍ਰਗਟਾਵਾ ਹੈ। ਦੇਸ਼-ਵਿਦੇਸ਼ ਦੀਆਂ ਕੀਤੀਆਂ ਯਾਤਰਾਵਾਂ ਨਾਲ ਨਾਵਲ ਵਿਚ ਸਫ਼ਰਨਾਮੇ ਦਾ ਅੰਸ਼ ਵੀ ਸ਼ਾਮਿਲ ਹੋ ਜਾਂਦਾ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਸੁਣ ਲਓ ਬੱਚਿਓ ਗੱਲ ਮੇਰੀ
ਲੇਖਕ : ਨਵਦੀਪ ਸਿੰਘ ਭਾਟੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 64
ਸੰਪਰਕ : 98767-29056.

ਨਵਦੀਪ ਸਿੰਘ ਭਾਟੀਆ ਪੇਸ਼ੇ ਵਜੋਂ ਅਧਿਆਪਕ ਹਨ। ਬੱਚਿਆਂ ਦੀ ਮਾਨਸਿਕਤਾ ਨੂੰ ਉਹ ਨੇੜਿਓਂ ਸਮਝਦੇ ਹਨ। ਉਨ੍ਹਾਂ ਦੀ ਸਮਝ ਹੈ ਕਿ ਬੱਚਿਆਂ ਦੀ ਸਾਹਿਤ ਵਿਚ ਦਿਲਚਸਪੀ ਪੈਦਾ ਕਰਨ ਅਤੇ ਉਨ੍ਹਾਂ ਨੂੰ ਚੰਗੇ ਇਨਸਾਨ ਬਣਾਉਣ ਲਈ ਉਨ੍ਹਾਂ ਦੀ ਬੌਧਿਕਤਾ ਦੇ ਹਾਣ ਦਾ ਸਾਹਿਤ ਪੇਸ਼ ਕਰਨਾ ਚਾਹੀਦਾ ਹੈ।
ਇਸੇ ਸੋਚ ਤਹਿਤ ਉਨ੍ਹਾਂ 'ਸੁਣ ਲਓ ਬੱਚਿਓ ਗੱਲ ਮੇਰੀ' ਕਿਤਾਬ ਲਿਖੀ ਹੈ। ਇਸ ਕਿਤਾਬ ਵਿਚ ਬੱਚਿਆਂ ਦੇ ਗੀਤ ਹਨ। ਪੜ੍ਹਾਈ ਦੀ ਮਹੱਤਤਾ, ਦਾਦੀ ਦਾ ਪਿਆਰ, ਚੰਗੀਆਂ ਕਿਤਾਬਾਂ ਦੀ ਅਹਿਮੀਅਤ, ਦੀਵਾਲੀ ਦਾ ਚਾਅ, ਖਿਡੌਣਿਆਂ ਨਾਲ ਪ੍ਰੇਮ, ਕਲਾਸ ਰੂਮ ਦੀ ਮਹੱਤਤਾ ਸਮੇਤ ਹੋਰ ਛੋਟੇ-ਛੋਟੇ ਵਿਸ਼ਿਆਂ 'ਤੇ ਉਨ੍ਹਾਂ ਖੂਬਸੂਰਤ ਗੀਤ ਲਿਖੇ ਹਨ। ਗੀਤਾਂ ਦੀ ਭਾਸ਼ਾ ਸਰਲ ਹੈ, ਜੋ ਬੱਚਿਆਂ ਅੰਦਰ ਰੌਚਕਤਾ ਪੈਦਾ ਕਰਨ ਦੇ ਸਮਰੱਥ ਹੈ। ਹਰ ਗੀਤ ਨਾਲ ਇਕ ਸਕੈੱਚ ਬਣਾਇਆ ਗਿਆ ਹੈ, ਜੋ ਬਾਲ ਪਾਠਕਾਂ ਦਾ ਧਿਆਨ ਖਿੱਚਦਾ ਹੈ। ਇਸ ਸਕੈੱਚ ਤੋਂ ਦੂਹਰਾ ਕੰਮ ਇਸ ਵਿਚ ਰੰਗ ਭਰ ਕੇ ਲਿਆ ਜਾ ਸਕਦਾ ਹੈ।
ਲੇਖਕ ਬੱਚਿਆਂ ਨੂੰ ਸਮੇਂ ਦੀ ਕਦਰ ਕਰਨ ਲਈ ਪ੍ਰੇਰਿਤ ਕਰਦਿਆਂ ਲਿਖਦਾ ਹੈ :
ਘੜੀ ਕਰਦੀ ਟਿਕ ਟਿਕ
ਸਮੇਂ ਦੀ ਕਦਰ ਕਰਨੀ ਸਿੱਖ ਸਿੱਖ।
ਬੀਤ ਗਿਆ ਸਮਾਂ ਵਾਪਸ ਨਾ ਆਉਂਦਾ,
ਬਾਅਦ 'ਚ ਬੰਦਾ ਬੜਾ ਪਛਤਾਉਂਦਾ।
ਲੇਖਕ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਰੌਚਕਤਾ ਨਾਲ ਸਮਝਾਉਂਦਾ ਹੈ :
ਬੜੇ ਪਿਆਰੇ ਹੁੰਦੇ ਨੇ ਰੁੱਖ,
ਮਿਲਦਾ ਸਾਨੂੰ ਇਨ੍ਹਾਂ ਤੋਂ ਸੁੱਖ।
ਪਿਆਰੇ ਪਿਆਰੇ ਵਿਸ਼ਿਆਂ 'ਤੇ ਲਿਖੇ ਗਏ ਇਹ ਬਾਲ ਗੀਤ ਸਭ ਬੱਚਿਆਂ ਲਈ ਪੜ੍ਹਨਯੋਗ ਹਨ। ਇਹੋ ਜਿਹੀਆਂ ਕਿਤਾਬਾਂ ਨੂੰ ਸਕੂਲਾਂ ਦੀਆਂ ਲਾਇਬ੍ਰੇਰੀਆਂ 'ਚ ਵੱਧ ਤੋਂ ਵੱਧ ਜਗ੍ਹਾ ਮਿਲਣੀ ਚਾਹੀਦੀ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883.

c c c

ਸਾਵੇ ਹਰਫ਼ਾਂ ਦੀ ਸਰਗਮ
ਲੇਖਿਕਾ : ਡਾ: ਬਲਵਿੰਦਰ ਕੌਰ ਬਰਿਆਣਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾਈਵੇਟ (ਲਿਮ:) ਮੁਹਾਲੀ, ਚੰਡੀਗੜ੍ਹ
ਮੁੱਲ :295 (ਸਜਿਲਦ), ਸਫ਼ੇ : 178
ਸੰਪਰਕ : 98766-16699.

ਡਾ: ਬਲਵਿੰਦਰ ਕੌਰ ਬਰਿਆਣਾ ਦਾ ਪੰਜਾਬੀ ਕਾਵਿ-ਜਗਤ 'ਚ ਆਗਮਨ 'ਉਰਵੇਲਾ' (ਕਾਵਿ-ਸੰਗ੍ਰਹਿ) ਨਾਲ ਬਹੁਤ ਸਮਾਂ ਪਹਿਲਾਂ ਹੋਇਆ ਸੀ। ਲੰਮੀ ਚੁੱਪ ਤੋਂ ਬਾਅਦ 'ਸਾਵੇ ਹਰਫ਼ਾਂ ਦੀ ਸਰਗਮ' (ਕਾਵਿ-ਸੰਗ੍ਰਹਿ) ਰਾਹੀਂ ਉਸ ਨੇ ਫਿਰ ਪੰਜਾਬੀ ਕਾਵਿ-ਜਗਤ 'ਚ ਆਪਣੀ ਹਾਜ਼ਰੀ ਲਗਵਾਈ ਹੈ। ਕਮਾਲ ਦੀ ਗੱਲ ਹੈ ਕਿ ਇਹ ਕਾਵਿ-ਪੁਸਤਕ ਉਸ ਨੇ ਆਪਣੀ ਜ਼ਿੰਦਗੀ ਦੇ ਹਮਸਫ਼ਰ (ਜੀਵਨ ਸਾਥੀ) ਪਰਮਿੰਦਰ ਸਿੰਘ ਬਰਿਆਣਾ ਨੂੰ ਸਮਰਪਿਤ ਕੀਤੀ ਹੈ, ਜਿਸ ਨੂੰ ਇਹ ਆਪਣੇ ਪਤੀ ਹੋਣ ਦੇ ਨਾਲ-ਨਾਲ ਨਿੱਘਾ ਦੋਸਤ ਵੀ ਤਸਲੀਮ ਕਰਦੀ ਹੈ। ਉਸ ਦੀਆਂ ਕਵਿਤਾਵਾਂ ਸਹਿਜ ਭਾਅ ਹੀ ਮਨੁੱਖੀ ਜਜ਼ਬਿਆਂ ਦੀ ਨੁਮਾਇੰਦਗੀ ਕਰਦੀਆਂ ਹਨ। ਮਨੁੱਖੀ ਜੀਵਨ ਹੈ ਕੀ? ਇਸ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਦੁੱਖਾਂ ਅਤੇ ਸੁੱਖਾਂ ਦਾ ਸੁਮੇਲ ਹੈ। ਬਹੁਤ ਸਮਾਂ ਪਹਿਲਾਂ ਬਾਬਾ ਨਾਨਕ ਨੇ ਇਨ੍ਹਾਂ ਨੂੰ ਪਰਮਾਤਮਾ ਦੇ ਦਰ ਤੋਂ ਮਿਲੇ ਕੱਪੜਿਆਂ ਦਾ ਨਾਂਅ ਦਿੱਤਾ ਸੀ, ਜੋ ਮਨੁੱਖ ਨੇ ਇਥੇ ਆ ਕੇ ਪਹਿਨਣੇ ਹਨ। ਦੁੱਖਾਂ-ਸੁੱਖਾਂ ਦਾ ਇਹ ਸਿਲਸਿਲਾ ਅਨੰਤ ਕਾਲ ਤੋਂ ਲਗਾਤਾਰ ਜਾਰੀ ਹੈ ਅਤੇ ਇਸ ਦੇ ਵਿਰੁੱਧ ਸੰਘਰਸ਼ ਵੀ। ਉਹ ਵਕਤ ਗੁਜ਼ਾਰਨ ਨਾਲੋਂ ਵਕਤ ਨਾਲ ਸੰਘਰਸ਼ ਕਰਕੇ ਥੋੜ੍ਹਾ ਸਮਾਂ ਸੁਚੱਜੇ ਜੀਵਨ ਨੂੰ ਗੁਜ਼ਾਰਨ ਦੀ ਹਮਾਇਤੀ ਹੈ। ਇਨ੍ਹਾਂ ਕਵਿਤਾਵਾਂ ਦਾ ਸਮਾਂ ਦਹਾਕਿਆਂ 'ਚ ਹੈ। ਇਨ੍ਹਾਂ ਨੇ ਜੋ ਭਾਵਨਾਤਮਕ ਪੱਧਰ 'ਤੇ ਮਨੁੱਖ ਦੇ ਇਰਦ-ਗਿਰਦ ਪਰਕਰਮਾ ਕਰਦੇ ਨੇ। ਉਸ ਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਮੁਹੱਬਤ 'ਚ ਬਿਤਾਏ ਕੁਝ ਪਲ ਹੀ ਯੁੱਗਾਂ-ਯੁੱਗਾਂ ਦਾ ਸਫ਼ਰ ਤੈਅ ਕਰ ਜਾਂਦੇ ਨੇ :
ਲੋਕੀਂ ਕਿਹੜੀਆਂ ਉਮਰਾਂ ਦੀ
ਗੱਲ ਕਰਦੇ ਨੇ
ਜੀਅ ਲਏ ਪਲ ਵਿਚ ਤੇਰੇ ਨਾਲ
ਮੈਂ ਯੁੱਗ ਹਜ਼ਾਰ ਵੇ ਅੜਿਆ।
ਮੁਹੱਬਤ ਦੇ ਸਬੰਧ ਵਿਚ ਉਸ ਦਾ ਆਪਣਾ ਨਜ਼ਰੀਆ ਹੈ, ਜੋ ਅਹਿਸਾਸ ਤੋਂ ਸ਼ਬਦ ਦਾ ਰੂਪ ਵੀ ਧਾਰਦਾ ਹੈ ਅਤੇ ਚੁੱਪ ਦਾ ਵੀ। ਡਾ: ਸਾਹਿਬਾ ਦੀਆਂ ਕਵਿਤਾਵਾਂ ਦਾ ਪਾਠ ਕਰਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਗੰਭੀਰ ਮਸਲਿਆਂ ਨੂੰ ਵੀ ਭਾਵਨਾਤਮਕ ਪੱਧਰ 'ਤੇ ਗ੍ਰਹਿਣ ਕਰਦੇ ਹੋਏ ਚਿੰਤਨ ਦੀ ਦਿਸ਼ਾ ਵੱਲ ਮੋੜਾ ਕੱਟ ਜਾਂਦੇ ਹੋ। ਵਿਸ਼ਿਆਂ ਦੇ ਅਨੁਕੂਲ ਹੀ ਸ਼ਬਦਾਵਲੀ, ਬੇਰੋਕ ਭਾਵਨਾਵਾਂ ਨੂੰ ਪੇਸ਼ ਕਰਦੀ ਹੈ। ਸਾਵਾ ਦਾ ਅਰਥ ਬਰਾਬਰਤਾ ਦਾ ਵੀ ਅਤੇ ਹਰਿਆਲੀ ਦਾ ਵੀ ਹੈ। ਪ੍ਰੰਤੂ ਇਥੇ ਮੇਰੀ ਜਾਚੇ ਇਹ ਸ਼ਬਦ ਔਰਤ-ਮਰਦ ਦੇ ਬਰਾਬਰਤਾ ਦੇ ਦਰਜੇ ਦੀ ਸੂਚਕ ਹੋ ਮਨੁੱਖ ਬਣਨ ਵੱਲ ਪ੍ਰੇਰਿਤ ਹੋਣ ਕਰਕੇ ਪੁਸਤਕ ਦਾ ਨਾਂਅ ਢੁਕਵਾਂ ਜਾਪਦਾ ਹੈ ਅਤੇ ਉਸ ਨੂੰ ਅਖੌਤੀ ਨਾਰੀ-ਵਾਦੀ ਕਾਵਿ ਦੇ ਖੇਤਰ 'ਚੋਂ ਬਾਹਰ ਲਿਆ ਸਮੁੱਚੀ ਕਾਇਨਾਤ 'ਚ ਮਨੁੱਖ ਦੀ ਅਸਲੀ ਭੂਮਿਕਾ ਨਿਭਾਉਣ ਵੱਲ ਵਧ ਰਿਹਾ ਪ੍ਰਤੀਤ ਹੁੰਦਾ ਹੈ। ਮੈਂ ਇਨ੍ਹਾਂ ਕਵਿਤਾਵਾਂ ਦਾ ਭਰਪੂਰ ਅਨੰਦ ਮਾਣਿਆ ਹੈ। ਆਮੀਨ।

c c c

ਤੇਰੀ ਅਮਾਨਤ ਮੇਰੀ ਇਬਾਦਤ
ਲੇਖਿਕਾ : ਰਣਦੀਪ ਕੌਰ ਪੰਧੇਰ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾਈਵੇਟ (ਲਿਮ:), ਚੰਡੀਗੜ੍ਹ
ਮੁੱਲ : 195, ਸਫ਼ੇ : 79
ਸੰਪਰਕ : 95308-30788.

'ਤੇਰੀ ਅਮਾਨਤ ਮੇਰੀ ਇਬਾਦਤ' ਕਾਵਿ-ਸੰਗ੍ਰਹਿ ਰਣਦੀਪ ਕੌਰ ਪੰਧੇਰ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਰਾਹੀਂ ਉਸ ਨੇ ਪੰਜਾਬੀ ਕਾਵਿ ਜਗਤ 'ਚ ਹਾਜ਼ਰੀ ਲਗਵਾਈ ਹੈ। ਇਸ ਕਾਵਿ-ਸੰਗ੍ਰਹਿ 'ਚ 67 ਨਜ਼ਮਾਂ ਸ਼ਾਮਿਲ ਹਨ। ਇਸ ਦੇ ਨਾਲ ਹੀ ਪਰਮਜੀਤ ਕੌਰ ਸਰਹਿੰਦ ਅਨੁਸਾਰ ਉਹ ਹਰ ਸਾਹ ਨਾਲ ਕੀਤੀ ਇਬਾਦਤ ਦਾ ਪ੍ਰਗਟਾਵਾ ਇਨ੍ਹਾਂ ਕਵਿਤਾਵਾਂ ਵਿਚ ਹੋਣ ਦਾ ਪ੍ਰਮਾਣ ਪੇਸ਼ ਕਰਦੀ ਹੈ। ਆਰੰਭਿਕ ਸ਼ਬਦ ਅਰਵਿੰਦਰ ਢਿੱਲੋਂ ਦੁਆਰਾ ਲਿਖੇ ਗਏ ਹਨ। ਰਣਦੀਪ ਕੌਰ ਪੰਧੇਰ ਗੁਰਬਾਣੀ ਦੇ ਆਸ਼ੇ ਮੁਤਾਬਿਕ ਦੁਨੀਆ ਵਿਚ ਇਕ ਰੱਬ ਹੋਣ ਦੀ ਹਾਮੀ ਭਰਦਿਆਂ ਇਨਸਾਨੀਅਤ ਦੇ ਪੱਖ ਵਿਚ ਆਵਾਜ਼ ਬੁਲੰਦ ਕਰਦੀ ਹੈ। ਉਸ ਅਨੁਸਾਰ ਅਜੋਕੇ ਯੁੱਗ ਵਿਚ ਕੋਈ ਵੀ ਵਿਅਕਤੀ ਧਰਮ 'ਚ ਸੱਚਾ ਨਹੀਂ, ਕਿਉਂਕਿ ਉਹ ਇਕਪਾਸੜ ਸੋਚ ਦਾ ਧਾਰਨੀ ਹੋ ਬਾਕੀ ਧਰਮਾਂ ਨੂੰ ਨਿੰਦਦਾ ਹੈ :
ਅੱਜ ਕੋਈ ਵੀ ਧਰਮ ਦਾ ਸੱਚਾ ਨਹੀਂ
ਜੋ ਦੂਜੇ ਦੇ ਮਜ਼ਹਬ ਨੂੰ ਨਿੰਦਦਾ ਹੈ
ਉਹ ਆਪਣੇ ਧਰਮ ਦਾ ਪੱਕਾ ਨਹੀਂ
ਅੱਲਾ, ਵਾਹਿਗੁਰੂ, ਰਾਮ ਨਾ ਆਖੇ।
ਰਣਦੀਪ ਕੌਰ ਦੀਆਂ ਕਵਿਤਾਵਾਂ ਅਹਿਸਾਸ ਦੀਆਂ ਕਵਿਤਾਵਾਂ ਹਨ, ਜੋ ਸਵੈ ਨਾਲ ਸੰਵਾਦ ਰਚਾਉਂਦੀਆਂ ਹੋਈਆਂ ਨਿੱਜ ਤੋਂ ਹਟ ਸਰਬ ਸਾਂਝੀਵਾਲਤਾ ਅਤੇ ਸਮੁੱਚੀ ਲੋਕਾਈ ਦੇ ਦਰਦ ਦੀਆਂ ਬਾਤਾਂ ਪਾਉਂਦੀਆਂ ਹਨ। ਖ਼ਾਸ ਤੌਰ 'ਤੇ ਔਰਤ ਦੇ ਵਜੂਦ ਦਾ ਸਵਾਲ ਖੜ੍ਹਾ ਕਰਦੀ ਕਵਿਤਾ 'ਕੰਨਿਆ ਦਾਨ' ਵੇਖੀ ਜਾ ਸਕਦੀ ਹੈ। ਸਰਲਤਾ, ਸਪੱਸ਼ਟਤਾ ਅਤੇ ਸਹਿਜਤਾ ਉਸ ਦਾ ਵਿਸ਼ੇਸ਼ ਗੁਣ ਹੈ। ਇਸ ਸੰਗ੍ਰਹਿ ਵਿਚਲੀਆਂ ਕੁਝ ਕਵਿਤਾਵਾਂ 'ਕੁੱਖ ਤੋਂ ਕਬਰ ਤੱਕ', 'ਵਿਰਸੇ ਦੀ ਤੜਪ', 'ਬਦਲਾਅ', 'ਪੰਜਾਬ ਦਾ ਵਰਤਮਾਨ', ਵੱਖਰੀ ਕਿਸਮ ਦੀਆਂ ਕਵਿਤਾਵਾਂ ਹਨ। 'ਗ਼ਮ' ਅਤੇ 'ਰਿਸ਼ਤੇ' ਸਮਾਜੀ ਅਤੇ ਮਨ ਦੇ ਰਿਸ਼ਤਿਆਂ ਦੀ ਅਹਿਮੀਅਤ ਦਰਸਾਈ ਗਈ ਹੈ। ਸਮਾਜੀ ਰਿਸ਼ਤੇ ਨਿਭਾਉਣੇ ਪੈਂਦੇ ਹਨ, ਪ੍ਰੰਤੂ ਮਨ ਦੇ ਰਿਸ਼ਤਿਆਂ ਨੂੰ ਪੁਗਾਉਣਾ ਪੈਂਦਾ ਹੈ।
ਇਕ ਰਿਸ਼ਤਾ ਜੋ ਇਹ ਦਿਲ ਆਪ ਬਣਾਉਂਦਾ ਹੈ
ਉਹ ਰਿਸ਼ਤਾ ਜੋ ਦਿਲ ਵਿਚ ਹੀ ਮੁਸਕੁਰਾਉਂਦਾ ਹੈ।
ਪਲੇਠਾ ਕਾਵਿ-ਸੰਗ੍ਰਹਿ ਹੋਣ ਕਰਕੇ ਲੇਖਿਕਾ ਨੂੰ ਵਧਾਈ ਵੀ ਹੈ ਅਤੇ ਉਸ ਨੂੰ ਵਿਚਾਰਧਾਰਕ ਮਸਲਿਆਂ ਪ੍ਰਤੀ ਜਾਗਰੂਕਤਾ ਹਿਤ ਚੰਗੇ ਸਾਹਿਤ ਨੂੰ ਪੜ੍ਹਨ ਦੀ ਸਲਾਹ ਵੀ ਹੈ। ਆਮੀਨ।

-ਸੰਧੂ ਵਰਿਆਣਵੀ (ਪ੍ਰੋ:)
ਮੋ: 098786-14096..

\c c c

ਆਜ਼ਾਦ ਦੇਸ਼ ਦੇ ਗੁਲਾਮ
ਲੇਖਕ : ਬਲਵੰਤ ਸਿੰਘ ਮਾਨ
ਪ੍ਰਕਾਸ਼ਕ : ਸਾਹਿਬ ਦੀਪ ਪ੍ਰਕਾਸ਼ਨ ਭੀਖੀ (ਮਾਨਸਾ)
ਮੁੱਲ : 100 ਰੁਪਏ, ਸਫ਼ੇ : 108
ਪਰਕ : 094164-95951.

ਪੁਸਤਕ ਦੇ ਸਮਰਪਣ ਸ਼ਬਦਾਂ ਅਨੁਸਾਰ ਲੇਖਕ ਦਾ ਬਚਪਨ ਵੱਡੀ ਭੈਣ ਸਵਰਗੀ ਪ੍ਰਕਾਸ਼ ਕੌਰ ਤੋਂ ਕਹਾਣੀਆਂ ਸੁਣ ਕੇ ਬੀਤਿਆ। ਬਚਪਨ ਦਾ ਇਹ ਮਾਹੌਲ ਲੇਖਕ ਦੀ ਸਾਹਿਤ ਸਿਰਜਣਾ ਦਾ ਆਧਾਰ ਬਣਿਆ। ਹਥਲੀ ਪੁਸਤਕ ਵਿਚ 16 ਕਹਾਣੀਆਂ ਹਨ। ਕਹਾਣੀ ਆਜ਼ਾਦੀ ਵਿਚ ਦਲਿਤ ਨੌਜਵਾਨ ਨੂੰ ਸਾਧ ਦੇ ਡੇਰੇ ਵਿਚੋਂ ਕੁੱਟ ਕੇ ਕੱਢ ਦਿੱਤਾ ਜਾਂਦਾ ਹੈ। ਹਸਪਤਾਲ ਦਾਖਲ ਕਰਾਉਣਾ ਪੈਂਦਾ ਹੈ। ਮਾਪਿਆਂ ਨੂੰ ਉਸ ਤੋਂ ਵੱਡੀਆਂ ਆਸਾਂ ਹਨ। ਪੜ੍ਹਨ ਵਿਚ ਉਹ ਮਿਹਨਤੀ ਹੈ। ਪੜ੍ਹ ਕੇ ਨੌਕਰੀ ਨਹੀਂ ਮਿਲਦੀ। ਮਾਂ ਨੌਕਰੀ ਖਾਤਰ ਇਕ ਡੇਰੇ ਜਾਂਦੀ ਹੈ। ਉਥੇ ਇਹ ਘਟਨਾ ਵਾਪਰਦੀ ਹੈ। ਵਿਸ਼ਾ ਜਾਤੀ ਵਖਰੇਵਾਂ ਹੈ। ਕਹਾਣੀ ਆਜ਼ਾਦ ਦੇਸ਼ ਦੇ ਗੁਲਾਮ ਵਿਚ ਸਥਿਤੀ ਹੋਰ ਵੀ ਭੈੜੀ ਹੈ। ਅਮੀਰ ਸਰਦਾਰ ਦੇ ਘਰ ਇਕ ਗਰੀਬ ਬੰਦੇ ਨੂੰ ਸਾਰੀ ਉਮਰ ਚਾਕਰੀ ਕਰਨੀ ਪੈਂਦੀ ਹੈ, ਕਿਉਂਕਿ ਵੱਡੇ-ਵਡੇਰਿਆਂ ਨੇ ਕਰਜ਼ਾ ਲਿਆ ਸੀ। ਕਰਜ਼ਾ ਨਾ ਲਹਿਣ ਕਰਕੇ ਉਸ ਦੀ ਪਤਨੀ ਘਰ ਦਾ ਕੰਮ ਕਰਦੀ ਹੈ। ਫਿਰ ਪੁੱਤਰ ਵੱਡਾ ਹੋ ਕੇ ਇਸੇ ਘਰ ਦੀ ਗੁਲਾਮੀ ਭੋਗਦਾ ਹੈ। ਕਹਾਣੀ ਪੰਮਾ ਵਿਚ ਧੋਖੇਬਾਜ਼ ਏਜੰਟ ਇਕ ਪਾਤਰ ਨੂੰ ਕੈਨੇਡਾ ਦਾ ਕਹਿ ਕੇ ਈਰਾਨ, ਤਹਿਰਾਨ, ਜਾਰਡਨ, ਤੁਰਕੀ ਤੇ ਸੀਰੀਆ ਦੇ ਜੰਗਲਾਂ ਵੱਲ ਧੱਕ ਦਿੰਦਾ ਹੈ। ਜੇਲ੍ਹਾਂ ਕੱਟਦਾ ਹੈ। ਪੁਲਿਸ ਦੇ ਜ਼ੁਲਮ ਸਹਿੰਦਾ ਹੈ। ਅਖੀਰ ਪਾਕਿਸਤਾਨ ਦੀ ਜੇਲ੍ਹ ਵਿਚ ਕੈਦ ਹੋ ਜਾਂਦਾ ਹੈ। ਅਪੀਲ ਕਰਨ 'ਤੇ ਰਿਹਾਅ ਹੁੰਦਾ ਹੈ। ਪੰਜਾਬ ਆ ਕੇ ਕਹਿੰਦਾ ਹੈ, 'ਮੈਂ ਆਪਣੀ ਪ੍ਰੀਤੋ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ ਮੈਨੂੰ ਨਹੀਂ ਡਾਲਰਾਂ ਦੀ ਲੋੜ। ਪੁਸਤਕ ਦੀਆਂ ਕਹਾਣੀਆਂ ਦੇ ਪਾਤਰ ਇਸ ਕਿਸਮ ਦੀ ਤ੍ਰਾਸਦਿਕ ਜ਼ਿੰਦਗੀ ਜਿਊਂਦੇ ਹਨ। ਉਹ ਗ਼ਰੀਬੀ, ਬੇਰੁਜ਼ਗਾਰੀ, ਜਾਤੀ ਵਿਤਕਰੇ ਦਾ ਸ਼ਿਕਾਰ ਹਨ। ਕਹਾਣੀਆਂ ਉੱਚੇ ਮਹਿਲਾਂ ਵਾਲੇ ਲੋਕ, ਬੂਟ ਪਾਲਿਸ਼, ਦਰੋਪਤੀ, ਵਟਵਾਰਾ, ਧਰਮ ਪਿਤਾ, ਪਿਆਰ ਦੀ ਬੇੜੀ, ਭਵਸਾਗਰ ਦੇਸ਼ ਦੀਆਂ ਭਖਦੇ ਮਸਲਿਆਂ ਨੂੰ ਕਲਾਮਈ ਸ਼ੈਲੀ ਵਿਚ ਪੇਸ਼ ਕਰਦੀਆਂ ਹਨ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

c c c

ਅਪਰਾਧੀ ਕੌਣ?
ਕਹਾਣੀਕਾਰ : ਨਾਗਰ ਸਿੰਘ ਤੂਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 151
ਸੰਪਰਕ : 81465-20293.

ਕਹਾਣੀਕਾਰ ਨਾਗਰ ਸਿੰਘ ਤੂਰ ਦੇ ਇਸ ਪਲੇਠੇ ਕਹਾਣੀ-ਸੰਗ੍ਰਹਿ ਵਿਚ ਵੱਖ-ਵੱਖ ਭਾਵਪੂਰਤ ਵਿਸ਼ਿਆਂ ਨੂੰ ਉਭਾਰਦੀਆਂ ਕੁੱਲ 15 ਕਹਾਣੀਆਂ ਦਰਜ ਹਨ, ਜਿਨ੍ਹਾਂ ਵਿਚ ਸਮਾਜ ਵਿਚ ਪਾਈਆਂ ਜਾਣ ਵਾਲੀਆਂ ਮਾਰੂ ਸਮੱਸਿਆਵਾਂ ਨੂੰ ਕਹਾਣੀਕਾਰ ਨੇ ਆਪਣੇ ਖੱਬੇ ਪੱਖੀ ਸੋਚ ਵਾਲੇ ਦ੍ਰਿਸ਼ਟੀਕੋਣ ਨਾਲ ਪਾਤਰ ਉਸਾਰ ਕੇ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਕਹਾਣੀਆਂ ਵਿਚਲੀਆਂ ਸਮੱਸਿਆਵਾਂ ਅਤੇ ਹੋਣ ਵਾਲੇ ਅਪਰਾਧਾਂ ਪਿੱਛੇ ਕੰਮ ਕਰਨ ਵਾਲੇ ਕਾਰਨਾਂ ਅਤੇ ਦੋਸ਼ੀ ਲੋਕ ਕਿਉਂ ਦੋਸ਼ੀ ਹਨ? ਅਪਰਾਧ ਪਿੱਛੇ ਛੁਪਿਆ ਅਸਲ ਅਪਰਾਧੀ ਕੌਣ ਹੈ? ਦਾ ਕੇਂਦਰੀ ਪ੍ਰਸ਼ਨ ਹਰੇਕ ਕਹਾਣੀ ਪੜ੍ਹਨ ਤੋਂ ਬਾਅਦ ਉੱਭਰ ਕੇ ਸਾਹਮਣੇ ਆਉਂਦਾ ਹੈ। ਕਹਾਣੀਕਾਰ ਤੂਰ ਵੀ ਪੁਸਤਕ ਦੇ ਮੁੱਖ ਬੰਧ ਵਜੋਂ ਲਿਖੇ ਸ਼ਬਦਾਂ ਵਿਚ ਕਹਿੰਦਾ ਹੈ, 'ਅਪਰਾਧੀ ਕੌਣ' ਲੈ ਕੇ ਹਾਜ਼ਰ ਹਾਂ। ਇਹ ਪੁਸਤਕ ਨਹੀਂ ਸਗੋਂ ਸਮਾਜ ਦੇ ਦਰਪੇਸ਼ ਇਕ ਵੱਡਾ ਪ੍ਰਸ਼ਨ ਵੀ ਹੈ। ਉਸ ਨੇ ਹਰੇਕ ਕਹਾਣੀ ਇਸੇ ਮਕਸਦ ਦੀ ਪੂਰਤੀ ਲਈ ਰਚੀ ਜਾਪਦੀ ਹੈ। ਕਾਮਰੇਡ ਨਾਗਰ ਸਿੰਘ ਤੂਰ ਵੱਲੋਂ ਸਮਾਜ ਦੇ ਘੇਰਿਆਂ ਵਿਚ ਜਾਣੇ ਜਾਂਦੇ ਕਹਾਣੀਕਾਰ ਦਾ ਆਪਾ ਅਤੇ ਉਸ ਦੇ ਜੀਵਨ ਦਾ ਪੂਰਾ ਖਾਕਾ ਹਰੇਕ ਕਹਾਣੀ ਵਿਚ ਡੂੰਘਾ ਰਸਿਆ ਵਸਿਆ ਹੋਇਆ ਹੈ। ਪੰਜਾਬ ਦੇ ਪੁਆਧਾ ਖੇਤਰ ਦੇ ਜੰਮਪਲ ਕਹਾਣੀਕਾਰ ਦੇ ਪਾਤਰਾਂ ਦੀ ਬੋਲੀ ਠੇਠ ਪੁਆਧੀ ਰੰਗਣ ਵਾਲੀ ਹੈ।
ਜੇਕਰ ਕਹਾਣੀਆਂ ਦੇ ਤਕਨੀਕੀ ਪੱਖ ਨੂੰ ਅੱਖੋਂ ਪਰੋਖੇ ਕਰ ਦੇਈਏ ਤਾਂ ਨਾਗਰ ਸਿੰਘ ਤੂਰ ਨੇ ਪੂਰੀ ਸਫਲਤਾ ਨਾਲ ਅਤੇ ਪੂਰੀ ਤਰ੍ਹਾਂ ਭਿੱਜ ਕੇ ਕਹਾਣੀਕਾਰ ਵਜੋਂ ਕਲਮ ਚਲਾ ਕੇ ਪੰਜਾਬੀ ਕਹਾਣੀ ਦੇ ਭੰਡਾਰ ਵਿਚ ਜ਼ਿਕਰਯੋਗ ਵਾਧਾ ਕੀਤਾ ਹੈ। ਵਿਸ਼ੇਸ਼ ਕਰਕੇ ਪਹਿਲੀ ਕਹਾਣੀ 'ਵਹਿਸ਼ੀ ਮਨੁੱਖ', 'ਪਤਲਾ ਖੂਨ', 'ਕੋਠੇ ਦੀ ਕੁੜੀ', 'ਹਰੀ ਕੁੱਖ', 'ਹਵਸ', 'ਕਰਨੀ ਵਾਲਾ ਬੰਦਾ', 'ਗਰਭਪਾਤ', 'ਵਿਸ਼ਵਾਸਘਾਤ' ਆਪੋ-ਆਪਣੇ ਵਿਸ਼ੇ ਕਰਕੇ ਪਾਠਕਾਂ ਦੀ ਮਾਨਸਿਕਤਾ ਉੱਤੇ ਡੂੰਘਾ ਅਸਰ ਪਾਉਂਦੀਆਂ ਹਨ। ਪੰਜਾਬੀ ਕਹਾਣੀ ਦੇ ਵਿਹੜੇ ਵਿਚ ਸਭ ਨੂੰ ਸੀਨੀਅਰ ਸਿਟੀਜ਼ਨ ਦੀ ਉਮਰ 'ਚ ਪੁੱਜੇ ਕਹਾਣੀਕਾਰ ਨਾਗਰ ਸਿੰਘ ਤੂਰ ਦਾ ਨਿੱਘਾ ਸਵਾਗਤ ਕਰਨਾ ਚਾਹੀਦਾ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444.

c c c

ਕੜਵੇ ਬੋਲ
ਕਵੀ : ਸੋਹਣ ਆਦੋਆਣਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 49.
ਸੰਪਰਕ : 94787-40197.

'ਕੜਵੇ ਬੋਲ' ਨੌਜਵਾਨ ਕਵੀ ਸੋਹਣ ਆਦੋਆਣਾ ਦਾ ਦੂਜਾ ਕਾਵਿ ਸੰਗ੍ਰਹਿ ਹੈ। ਹਥਲੇ ਕਾਵਿ ਸੰਗ੍ਰਹਿ ਵਿਚ ਕੁੱਲ 45 ਕੁ ਦਰਮਿਆਨੇ ਆਕਾਰ ਦੀਆਂ ਭਾਵਪੂਰਤ ਕਵਿਤਾਵਾਂ ਹਨ। ਇਹ ਕਵਿਤਾਵਾਂ ਜ਼ਿਆਦਾਤਰ ਬਹਿਰਾਂ ਛੰਦਾਂ ਵਿਚ ਪਰਿਪੂਰਨ ਹਨ। ਇਨ੍ਹਾਂ ਕਵਿਤਾਵਾਂ ਦੇ ਕਵੀ ਨੇ ਭਾਵੇਂ ਭਾਗ ਨਹੀਂ ਦਰਸਾਏ ਪ੍ਰੰਤੂ ਇਨ੍ਹਾਂ ਵਿਚ ਕੁਝ ਜਜ਼ਬੇ-ਗੁੰਨ੍ਹੇ ਗੀਤ ਕੁਝ ਸੰਵੇਦਨਾ ਭਰਪੂਰ ਗ਼ਜ਼ਲਾਂ ਅਤੇ ਗੀਤ ਹਨ। ਕੁਝ ਇਕ ਵਾਰਤਕ ਕਵਿਤਾਵਾਂ ਵੀ ਹਨ। ਪਰ ਮੁੱਖ ਤੌਰ 'ਤੇ ਆਦੋਆਣਾ ਦੀਆਂ ਕਵਿਤਾਵਾਂ ਨਜ਼ਮ ਦੇ ਖੇਤਰ ਦੀਆਂ ਹਨ।
ਆਦੋਆਣਾ ਦੀਆਂ ਕਵਿਤਾਵਾਂ ਵਾਚਦਿਆਂ ਮੈਨੂੰ ਉਸ ਵਿਚੋਂ ਇਕ ਵੱਡੇ ਸ਼ਾਇਰ ਦੇ ਦਰਸ਼ਨ ਹੋਏ ਹਨ। ਅਸਲ ਵਿਚ ਆਦੋਆਣਾ ਇਕ ਵਧੀਆ ਗ਼ਜ਼ਲਕਾਰ ਹੈ। ਕੜਵੇ ਬੋਲ ਦੀਆਂ 49 ਕਾਵਿ ਸਿਰਜਣਾਵਾਂ ਵਿਚੋਂ 30 ਗ਼ਜ਼ਲਾਂ ਹੀ ਹਨ ਪਰ ਉਨ੍ਹਾਂ ਦਾ ਸਿਰਲੇਖ 'ਗ਼ਜ਼ਲ' ਕਰਕੇ ਨਹੀਂ ਦਿੱਤਾ ਗਿਆ। ਕਈਆਂ ਗ਼ਜ਼ਲਾਂ ਦੇ ਮਤਲੇ ਨਹੀਂ ਹਨ ਪਰ ਬਾਕੀ ਸਾਰੇ ਦਸਤੂਰ ਗ਼ਜ਼ਲਾਂ ਦੇ ਹਨ। ਉਸ ਦੇ ਬਹੁਤ ਸਾਰੇ ਸ਼ਿਅਰ ਬਿਲਕੁਲ ਅਛੂਤਾ ਖਿਆਲ ਦੇ ਧਾਰਨੀ ਹਨ :
-ਸੋਚ ਸਮਝ ਕੇ ਇੱਜ਼ਤ ਦਿਆ ਕਰ ਪੱਥਰਾਂ ਨੂੰ
ਇਹ ਪਾਲ ਭੁਲੇਖਾ ਆਪ ਖ਼ੁਦਾ ਬਣ ਬਹਿੰਦੇ ਨੇ
-ਇਨ੍ਹਾਂ ਵਗਦੇ ਸਾਹ ਵੀ ਤੈਥੋਂ ਖੋਹ ਲੈਣੇ
ਇਹ ਚੱਲਣ ਵਾਲੀ ਆਪ ਹਵਾ ਬਣ ਬਹਿੰਦੇ ਨੇ
-ਤੇਰੀ ਘੁੰਮਣਘੇਰੀ ਵਿਚ ਫਸਾ ਕੇ ਕਿਸ਼ਤੀ ਇਹ
ਪਤਵਾਰ ਤੇ ਚੱਪੂ ਆਪ ਮਲਾਹ ਬਣ ਬਹਿੰਦੇ ਨੇ।
ਗ਼ਜ਼ਲ ਵਿਚ ਭਾਵੇਂ ਆਦੋਆਣਾ ਪਰਬੀਨ ਵੱਲ ਅਜੇ ਵਧ ਰਿਹਾ ਹੈ ਪਰ ਉਸ ਦੇ ਕਾਵਿ ਦਿਸਹੱਦਿਆਂ ਵਿਚੋਂ ਮੈਨੂੰ ਗ਼ਜ਼ਲ-ਆਸ਼ਕੀ ਦੀ ਸੁਰਖ ਲੋਅ ਦਿਸ ਰਹੀ ਹੈ। ਉਹ ਲਿਖਦਾ ਹੈ :
-ਸੋਚ ਮੇਰੀ ਦੀ ਸ਼ਾਦੀ ਖਿਆਲ ਬਰਾਤੀ ਨੇ
ਗ਼ਜ਼ਲ ਹੈ ਮੇਰੀ ਦੁਲਹਨ ਹਰਫ਼ ਹਯਾਤੀ ਨੇ
-ਸ਼ਿਵ ਜਗਤਾਰ ਦੇ ਪਾਤਰ ਵਾਂਗ ਸੰਵੇਦਨ ਮਕਤਾ
ਮੁਕ ਨਾ ਜਾਣ ਵਿਚਾਰ ਜੋ ਕਲਮ ਦਵਾਤੀ ਨੇ।
ਅਸਲ ਵਿਚ ਜੇਕਰ ਆਦੋਆਣਾ ਕਾਹਲ ਤੋਂ ਬਚ ਕੇ ਇਸ ਪੁਰ ਅਹਿਸਾਸ ਕਾਵਿ ਸੰਗ੍ਰਹਿ ਨੂੰ ਗ਼ਜ਼ਲ ਸੰਗ੍ਰਹਿ ਵਿਚ ਪਰਵਰਤਿਤ ਕਰ ਲੈਂਦਾ ਤਾਂ ਨਵੇਂ ਗ਼ਜ਼ਲਕਾਰਾਂ ਦੀ ਪਹਿਲੀ ਕਤਾਰ ਵਿਚ ਆਣ ਖਲੋਂਦਾ।

 c c

ਕੱਚ ਦੇ ਸੱਚ
ਕਵੀ : ਦੀਪ ਜ਼ੀਰਵੀ
ਸੰਪਾਦਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 64
ਸੰਪਰਕ : 98155-24600.

ਦੀਪ ਜ਼ੀਰਵੀ ਦੀਆਂ 64 ਸਫ਼ਿਆਂ ਵਿਚ ਫੈਲੀਆਂ 108 ਕਵਿਤਾਵਾਂ ਹਨ, ਜੋ 6-6 ਸਤਰਾਂ ਦੀਆਂ ਹਨ। ਇਹ ਕਵਿਤਾਵਾਂ ਦਵੱਈਏ ਛੰਦ ਵਿਚ ਪਰਿਪੂਰਨ ਹੈ। ਅੱਜਕੱਲ੍ਹ ਤਕਰੀਬਨ ਸਾਰੇ ਹੀ ਅਖ਼ਬਾਰ ਆਪਣੇ ਨਜ਼ਰੀਏ ਮੁਤਾਬਿਕ ਕਾਵਿ ਟੁਕੜੀਆਂ ਛਾਪਦੇ ਹਨ। ਇਨ੍ਹਾਂ ਕਾਵਿ ਟੁਕੜੀਆਂ ਵਿਚ ਸੰਖੇਪਤਾ ਸਹਿਤ ਅਜੋਕੀ ਰਾਜਨੀਤੀ, ਧਾਰਮਿਕ ਨੀਤੀ ਅਤੇ ਸਮਾਜਿਕ ਵਿੰਡਬਨਾਵਾਂ ਨੂੰ ਪੇਸ਼ ਕੀਤਾ ਮਿਲਦਾ ਹੈ। ਕੁਝ ਇਸੇ ਤਰ੍ਹਾਂ ਦੀਆਂ ਹੀ ਕਾਵਿ ਟੁਕੜੀਆਂ ਇਸ ਪੁਸਤਕ ਵਿਚ ਵੀ ਹਨ।
ਇਨ੍ਹਾਂ ਕਾਵਿ ਟੁਕੜੀਆਂ ਦਾ ਨਾਮਕਰਨ ਨਹੀਂ ਕੀਤਾ ਗਿਆ। ਅਲਬੱਤਾ ਨੰਬਰ ਪਾਏ ਗਏ ਹਨ। ਇਨ੍ਹਾਂ ਸਾਰੀਆਂ ਹੀ ਕਾਵਿ ਟੁਕੜੀਆਂ ਵਿਚ ਰੂਪਕ ਇਕਸਾਰਤਾ ਨਿਭਾਉਣ ਦਾ ਯਤਨ ਤਾਂ ਕੀਤਾ ਗਿਆ ਹੈ ਪਰ ਬਹੁਤ ਸਾਰੀਆਂ ਟੁਕੜੀਆਂ ਆਪਣੇ-ਆਪ ਵਿਚ ਰੂਪਕ ਆਜ਼ਾਦੀ ਵਿਚ ਪ੍ਰਤੀਤ ਹੁੰਦੀਆਂ ਹਨ। ਕਈ ਤਾਂ 5 ਸਤਰਾਂ ਦੀਆਂ ਹਨ ਪਰ ਕਈ ਸੱਤ ਸਤਰਾਂ ਦੀਆਂ ਵੀ ਹਨ। ਆਮ ਕਰਕੇ ਪਹਿਲੀਆਂ ਚਾਰ ਸਤਰਾਂ ਦਾ ਕਾਫੀਆ ਮੇਲ ਖਾਂਦਾ ਹੈ ਅਤੇ ਅਗਲੀਆਂ ਦੋ ਸਤਰਾਂ ਦਾ ਕਾਫੀਆ ਬਦਲ ਜਾਂਦਾ ਹੈ। ਪਰ ਇਹ ਵੀ ਸਾਰੀਆਂ ਟੁਕੜੀਆਂ ਉੱਤੇ ਇਕਸਾਰਤਾ ਨਹੀਂ ਬਣਾ ਸਕਿਆ। ਹਰ ਕਾਵਿ ਟੁਕੜੀ ਦਾ ਆਪਣਾ ਆਜ਼ਾਦ ਵਿਸ਼ਾ ਹੈ ਜਿਵੇਂ :
ਸਾਗਰ ਦੇ ਵਿਚ ਜਨਮਦੀ ਪਲਦੀ,
ਚਲਦੀ ਤਰਦੀ ਮਰਦੀ ਮੱਛੀ।
ਸਾਗਰ ਨੂੰ ਛੱਡ ਮਾਰੂਥਲ ਵੱਲ,
ਕਦ ਸੁਣਿਆਂ ਮੂੰਹ ਕਰਦੀ ਮੱਚੀ।
ਮਰ ਕੇ ਬੇਸ਼ੱਕ ਧਾਰ ਦੇ ਵੱਲ ਨੂੰ,
ਲੋਥ ਹੋਈ ਬਸ ਤਰਦੀ ਮੱਛੀ।
ਜਦ ਤੱਕ ਗਲਫੜਿਆਂ ਵਿਚ ਤਾਕਤ,
ਧਾਰ ਦੇ ਉਲਟਾ ਤਰਦੀ ਮੱਛੀ।
ਮੱਛੀ ਫੜ ਕੇ ਛਿੱਲ ਤਲ ਕੇ,
ਪਾਣੀ ਪਾਣੀ ਕਰਦਾ ਬੰਦਾ।
ਅਕਸਰ ਏਦਾਂ ਵੀ ਹੁੰਦਾ ਏ
ਏਦਾਂ ਵੀ ਹੁੰਦਾ ਰਹਿੰਦਾ ਏ।
ਇਨ੍ਹਾਂ ਕਾਵਿ ਟੁਕੜੀਆਂ ਵਿਚ ਚਲੰਤ ਵਿਸ਼ੇ ਹਨ। ਇਨ੍ਹਾਂ ਵਿਚ ਸਮਾਜਿਕ ਕੁਰੀਤੀਆਂ ਅਤੇ ਟੁੱਟ ਰਹੀਆਂ ਨੈਤਿਕਤਾਵਾਂ ਪ੍ਰਤੀ ਜ਼ਿਕਰ ਹੈ। ਬਹੁਤ ਸਾਰੀਆਂ ਟੁਕੜੀਆਂ ਵਿਚ ਸਿੱਖਿਆ ਦਿੱਤੀ ਗਈ ਹੈ।

-ਸੁਲੱਖਣ ਸਰਹੱਦੀ
ਮੋ: 94174-84337.

11-12-2016

 ਗ਼ਜ਼ਲ ਕਲਾਕਾਰੀਆਂ
ਲੇਖਕ : ਹਰਜਿੰਦਰ ਸਿੰਘ ਗਿੱਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94630-66200
.

ਹਰਜਿੰਦਰ ਸਿੰਘ ਗਿੱਲ ਨੇ ਆਪਣੀ ਇਸ ਸਿਧਾਂਤਕ ਪੁਸਤਕ ਨੂੰ ਬੜੇ ਸੁਚੱਜੇ ਢੰਗ ਨਾਲ ਤਰਤੀਬ ਦਿੱਤੀ ਹੈ। ਅਰੰਭ ਵਿਚ ਗ਼ਜ਼ਲ ਕਾਵਿ ਨੂੰ ਪਰਿਭਾਸ਼ਤ ਕਰਨ ਉਪਰੰਤ ਗ਼ਜ਼ਲ-ਸ਼ਾਸਤਰ ਵਿਚ ਵਰਤੀ ਜਾਣ ਵਾਲੀ ਤਕਨੀਕੀ ਸ਼ਬਦਾਵਲੀ (ਪਿੰਗਲ, ਅਰੂਜ਼, ਰੁਕਨ, ਮਿਸਰਾ, ਮਤਲਾ, ਮਕਤਾ, ਸ਼ਿਅਰ ਅਤੇ ਕਾਫ਼ੀਏ ਆਦਿ) ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਪੁਸਤਕ ਦੇ ਅਗਲੇਰੇ ਖੰਡਾਂ ਨੂੰ ਪੜ੍ਹਨ ਦੌਰਾਨ ਪਾਠਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਤੀਜੇ ਅਧਿਆਇ ਵਿਚ 'ਗ਼ਜ਼ਲ ਕਲਾਕਾਰੀਆਂ' ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ। ਲੇਖਕ ਅਨੁਸਾਰ, 'ਉਸਤਾਦ ਸ਼ਾਇਰਾਂ ਨੇ ਸਧਾਰਨ ਗ਼ਜ਼ਲ ਤੋਂ ਅੱਗੇ ਵਧਦੇ ਹੋਏ ਗ਼ਜ਼ਲ ਵਿਚ ਸਿਰਫ ਰੂਪ ਅਤੇ ਆਕਾਰ ਜਾਂ ਬਹਿਰ ਪੱਖੋਂ ਹੀ ਨਹੀਂ, ਸਗੋਂ ਇਸ ਵਿਚ ਵਰਤੀਆਂ ਗਈਆਂ ਕਲਾ ਜੁਗਤਾਂ ਪੱਖੋਂ ਵੀ ਕਈ ਤਰ੍ਹਾਂ ਦੀਆਂ ਕਲਾਕਾਰੀਆਂ ਦਰਜ ਕੀਤੀਆਂ ਹਨ।' (ਪੰਨਾ 13)
ਇਸ ਪੁਸਤਕ ਵਿਚ ਸਿਧਾਂਤ ਅਤੇ ਵਿਹਾਰ ਦੋਵੇਂ ਨਾਲ-ਨਾਲ ਚਲਦੇ ਹਨ। ਕਿਸੇ ਕਲਾਕਾਰੀ ਵਿਸ਼ੇਸ਼ ਬਾਰੇ ਸਿਧਾਂਤਕ ਜਾਣਕਾਰੀ ਦੇਣ ਤੋਂ ਬਾਅਦ ਲੇਖਕ ਵਿਹਾਰਕ ਰੂਪ ਵਿਚ ਵਰਤੀਆਂ ਜਾ ਚੁੱਕੀਆਂ ਇਨ੍ਹਾਂ ਕਲਾਕਾਰੀਆਂ ਦੇ ਪ੍ਰਮਾਣ ਵੀ ਜੁਟਾਉਂਦਾ ਹੈ। ਕੁਝ ਇਕ ਕਲਾਕਾਰੀਆਂ ਦੇ ਨਾਂਅ ਇਸ ਪ੍ਰਕਾਰ ਹਨ : ਯਕ ਕਾਫ਼ੀਆਂ ਗ਼ਜ਼ਲ, ਜ਼ੂ ਕਾਫੀਆ ਗ਼ਜ਼ਲ, ਬਹੁਅਰਥਕ ਇਕੋ-ਕਾਫ਼ੀਆ ਗ਼ਜ਼ਲ, ਨਿਰਾਰਥਕ-ਕਾਫ਼ੀਆ ਗ਼ਜ਼ਲ, ਆਦਿ-ਸ਼ਬਦੀ ਕਾਫ਼ੀਆ ਗ਼ਜ਼ਲ, ਦੋ ਕਾਫ਼ੀਆਂ-ਡਿਉਢ ਗ਼ਜ਼ਲ, ਤਜ਼ਮੀਨ, ਪ੍ਰਸ਼ਨੋਤਰੀ ਗ਼ਜ਼ਲ, ਜਵਾਬੀ ਗ਼ਜ਼ਲ, ਚਰਣ-ਉਲਟਾਵੀਂ ਗ਼ਜ਼ਲ ਅਤੇ ਗ਼ਜ਼ਲ ਅਨੁਪ੍ਰਾਸ ਅਲੰਕਾਰ... ਇਤਿਆਦ। ਗ਼ਜ਼ਲ ਅਨੁਪ੍ਰਾਸ ਅਲੰਕਾਰ ਦੀ ਇਕ ਖੂਬਸੂਰਤ ਵੰਨਗੀ ਦੇਖੋ :
ਸੱਚਾ-ਸੱਜਣ ਸੁਰਗੀਂ ਸੌਣਾ।
ਚੜ੍ਹਦਾ ਚੰਦ ਚਮਕਦਾ ਚੌਣਾ।
ਮਾਵਾਂ-ਮੰਦਰ, ਮਮਤਾ-ਮਹਿਕਾਂ
ਪਾਕ-ਪਵਿਤਰ, ਪਾਰਸ-ਪੌਣਾ।
ਔਰਤ ਅੱਜ ਅਸਮਾਨੀ ਅਪੜੀ,
ਖ਼ਤਮ ਖੇਡਣਾ ਖਸਮ-ਖਿਡੌਣਾ। (ਭੂਪਿੰਦਰ ਸਿੰਘ ਬੋਪਾਰਾਇ)
ਗ਼ਜ਼ਲ ਦੇ ਸ਼ਿਅਰਾਂ ਦੀਆਂ ਵਿਭਿੰਨ ਕਲਾਕਾਰੀਆਂ (ਮੁਆਮਲਾ ਬੰਦੀ, ਮੁਸਾਵਾਤ, ਤਸ਼ਬੀਹ, ਮਾਅਕੂਸ, ਤਬਦੀਲ, ਤਲਮੀਹ, ਹਜ਼ਲ, ਰਜ਼ੂਅ, ਇਨਸ਼ਾ... ਆਦਿ 57 ਕਿਸਮ ਦੇ ਸ਼ਿਲਪਗਤ ਪ੍ਰਯੋਗ) ਦਾ ਵੀ ਵਿਸਤ੍ਰਿਤ ਵਰਨਣ ਹੋਇਆ ਹੈ। ਜੰਗ ਸਿੰਘ ਫੱਟੜ, ਅਮਰਜੀਤ ਸਿੰਘ ਸੰਧੂ, ਮਹਿੰਦਰ ਮਾਨਵ, ਦੀਪਕ ਜੈਤੋਈ ਅਤੇ ਸੁਲੱਖਣ ਸਰਹੱਦੀ ਵਰਗੇ ਸਥਾਪਤ ਕਵੀਆਂ ਦੇ ਕਲਾਮ ਦੇ ਹਵਾਲੇ ਦੇ ਕੇ ਸ਼ਿਅਰੀਅਤ ਦੇ ਗੁਣਾਂ-ਤੱਤਾਂ ਦਾ ਭਰਪੂਰ ਵਿਸ਼ਲੇਸ਼ਣ ਕੀਤਾ ਗਿਆ ਹੈ।

ਫ ਫ ਫ

ਆਧੁਨਿਕ ਪੰਜਾਬੀ ਕਹਾਣੀ
ਬਿਰਤਾਂਤ-ਸ਼ਾਸਤਰੀ ਅਧਿਐਨ
ਲੇਖਿਕਾ : ਡਾ: ਧਨਵੰਤ ਕੌਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 225 ਰੁਪਏ, ਸਫ਼ੇ : 208
ਸੰਪਰਕ : 94172-43245
.

ਬਿਰਤਾਂਤ-ਸ਼ਾਸਤਰ ਦੇ ਹਵਾਲੇ ਨਾਲ ਪੰਜਾਬੀ ਕਹਾਣੀ ਦੀ ਰੂਪ-ਰਚਨਾ ਨੂੰ ਸਮਝਾਉਣ ਵਾਲੇ ਆਲੋਚਕਾਂ ਵਿਚ ਡਾ: ਧਨਵੰਤ ਕੌਰ ਦਾ ਵਿਸ਼ੇਸ਼ ਮੁਕਾਮ ਬਣ ਗਿਆ ਹੈ। ਆਧੁਨਿਕ ਪੰਜਾਬੀ ਕਹਾਣੀ ਬਾਰੇ ਉਸ ਦੀ ਇਸ ਪੁਸਤਕ ਤੇ ਤਿੰਨ ਸੰਸਕਰਣ ਪ੍ਰਕਾਸ਼ਿਤ ਹੋ ਚੁੱਕੇ ਹਨ। ਇਹ ਗੱਲ ਸਾਡੇ ਸਭ ਲਈ ਮਾਣ ਵਾਲੀ ਹੈ। ਡਾ: ਧਨਵੰਤ ਕੌਰ ਦੀ ਇਸ ਪੁਸਤਕ ਦੇ ਤਿੰਨ ਭਾਗ ਹਨ। ਪਹਿਲੇ ਦੋ ਭਾਗ ਥਿਊਰੀ ਨਾਲ ਸਬੰਧਤ ਹਨ : 1. ਆਧੁਨਿਕ ਕਹਾਣੀ ਦਾ ਬਿਰਤਾਂਤ-ਸ਼ਾਸਤਰੀ ਪਰਿਪੇਖ ਅਤੇ 2. ਆਧੁਨਿਕ ਕਹਾਣੀ ਦੇ ਬਦਲਦੇ ਬਿਰਤਾਂਤ-ਸ਼ਾਸਤਰੀ ਪ੍ਰਤੀਮਾਨ। ਤੀਜਾ ਭਾਗ ਪੰਜਾਬੀ ਦੇ ਕੁਝ ਪ੍ਰਤੀਨਿਧ ਕਹਾਣੀਕਾਰਾਂ ਦੀਆਂ ਬਿਰਤਾਂਤ-ਜੁਗਤਾਂ ਦੇ ਅਧਿਐਨ ਵਿਸ਼ਲੇਸ਼ਣ ਨਾਲ ਸਬੰਧਤ ਹੈ। ਇਨ੍ਹਾਂ ਵਿਚ ਵਿਦਵਾਨ ਲੇਖਿਕਾ ਨੇ ਸ: ਕੁਲਵੰਤ ਸਿੰਘ ਵਿਰਕ, ਸ੍ਰੀਮਤੀ ਅਜੀਤ ਕੌਰ, ਸ੍ਰੀ ਪ੍ਰੇਮ ਪ੍ਰਕਾਸ਼, ਸ੍ਰੀ ਵਰਿਆਮ ਸੰਧੂ ਅਤੇ ਸ੍ਰੀ ਕਿਰਪਾਲ ਕਜ਼ਾਕ ਦੇ ਕਥਾ ਸੰਸਾਰ ਨੂੰ ਸ਼ਾਮਿਲ ਕੀਤਾ ਹੈ।
ਕੁਲਵੰਤ ਸਿੰਘ ਵਿਰਕ ਬਾਰੇ ਉਸ ਦੀ ਧਾਰਨਾ ਹੈ ਕਿ ਉਹ ਸੱਭਿਆਚਾਰਕ ਰੂਪਾਂਤਰਣ ਵਿਚੋਂ ਗੁਜ਼ਰਦੇ ਮਨੁੱਖ ਦੀ ਮਾਨਸਿਕ ਸੰਰਚਨਾ ਉੱਤੇ ਫੋਕਸ ਕਰਦਾ ਹੈ ਅਤੇ ਉਸ ਦੇ ਸੰਕਟਾਂ ਨੂੰ ਜੀਵਨ ਦੇ ਨਿਰੰਤਰ ਵੇਗ ਅਤੇ ਆਂਤਰਿਕ ਵਿਵੇਕ ਵਿਚ ਬਦਲਣ ਲਈ ਕਿਰਿਆਸ਼ੀਲ ਰਹਿੰਦਾ ਹੈ। (ਪੰਨਾ 97) ਅਜੀਤ ਕੌਰ ਬਾਰੇ ਉਹ ਲਿਖਦੀ ਹੈ ਕਿ ਲੇਖਿਕਾ ਦੀ ਸੁਹਜ-ਸੰਵੇਦਨਾ ਦਾ ਕੇਂਦਰੀ ਸਰੋਕਾਰ ਮਰਦ-ਔਰਤ ਦੇ ਜਿਨਸੀ ਸਬੰਧਾਂ ਦਾ ਆਂਤਰਿਕ ਵਿਵੇਕ ਸਿਰਜਣ ਨਾਲ ਹੈ। ਸਾਲਮ-ਸਬੂਤੇ ਮਰਦ ਨਾਲ ਸਾਵੇਂ ਤੁਲਣਾ ਉਸ ਦੀ ਔਰਤ ਸੰਵੇਦਨਾ ਦੀ ਮੂਲ ਚੂਲ ਹੈ। (ਪੰਨਾ 117) ਪ੍ਰੇਮ ਪ੍ਰਕਾਸ਼ ਬਾਰੇ ਉਸ ਦਾ ਨਿਰਣਾ ਹੈ ਕਿ ਉਹ ਆਧੁਨਿਕੀਕ੍ਰਿਤ ਅਤੇ ਸ਼ਹਿਰੀਕ੍ਰਿਤ ਸੰਵੇਦਨਾ ਦਾ ਇਕ ਸਮਰੱਥ ਕਲਾਕਾਰ ਹੋ ਨਿੱਬੜਦਾ ਹੈ। (ਪੰਨਾ 153) ਡਾ: ਧਨਵੰਤ ਕੌਰ ਅਨੁਸਾਰ ਵਰਿਆਮ ਸੰਧੂ ਰੂੜ੍ਹ, ਗੂੜ੍ਹ ਤੇ ਜਟਿਲ ਪ੍ਰਤੀਕਾਂ ਦੀ ਥਾਂ ਲੋਕਾਈ ਦੀ ਸਮਝ ਵਿਚ ਆਉਣ ਵਾਲੇ ਸਾਡੀ ਰਹਿਤਲ ਵਿਚਲੇ ਵੰਨ-ਸੁਵੰਨੇ ਪ੍ਰਤੀਕ ਸਿਰਜਦਾ ਹੈ। (ਪੰਨਾ 179) ... ਕਜ਼ਾਕ ਦੀ ਗਾਲਪਨਿਕ ਸ਼ੈਲੀ ਦਾ ਆਪਣਾ ਨਿਵੇਕਲਾ ਮੁਹਾਵਰਾ ਹੈ, ਜਿਹੜਾ ਸੱਭਿਆਚਾਰਕ ਜਗਤ ਵਿਚੋਂ ਲਏ ਮੌਲਿਕ ਚਿੰਨ੍ਹਾਂ ਅਤੇ ਅਨੁਭਵਾਂ ਨਾਲ ਸਿਰਜਿਆ ਗਿਆ ਹੈ। ਉਸ ਦੀ ਕਹਾਣੀ ਕਲਾ ਦੀ ਮੌਲਿਕਤਾ, ਵਿਲੱਖਣਤਾ ਅਤੇ ਪ੍ਰਬਲਤਾ ਦਾ ਇਹ ਰਾਜ਼ ਵੀ ਹੈ ਅਤੇ ਪ੍ਰਾਪਤੀ ਵੀ (ਪੰਨਾ 208)। ਇਸ ਪ੍ਰਕਾਰ ਧਨਵੰਤ ਕੌਰ ਨੇ ਹਰ ਕਹਾਣੀਕਾਰ ਦੀਆਂ ਬਿਰਤਾਂਤ-ਜੁਗਤਾਂ ਦੇ ਆਧਾਰ ਉੱਤੇ ਉਸ ਦੇ ਮਰਤਬੇ ਨੂੰ ਸੁਨਿਸਚਿਤ ਕਰ ਦਿੱਤਾ ਹੈ। ਇਹ ਪੁਸਤਕ ਉਪਾਧੀ-ਨਿਰਪੇਖ ਆਲੋਚਨਾ ਦਾ ਇਕ ਬੜਾ ਸੁਚੱਜਾ ਪ੍ਰਮਾਣ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸ਼ਹੀਦ ਭਗਤ ਸਿੰਘ
ਕ੍ਰਾਂਤੀ ਦਾ ਸਿਪਾਹੀ

ਅਨੁਵਾਦਕ ਤੇ ਸੰਪਾਦਕ : ਡਾ: ਸੁਰਜੀਤ ਬਰਾੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 224
ਸੰਪਰਕ : 98553-71313.

ਡਾ: ਸੁਰਜੀਤ ਬਰਾੜ ਮਾਰਕਸੀ ਦ੍ਰਿਸ਼ਟੀ ਨਾਲ ਪ੍ਰਤੀਬੱਧ ਅਧਿਆਪਕ ਤੇ ਸਮਾਜਿਕ ਕਾਰਜ ਕਰਤਾ ਹੈ। ਬੋਲ ਬਾਣੀ ਤੇ ਲਿਖਤ ਨਾਲ ਸਿਧਾਂਤਕ ਰੂਪ ਵਿਚ ਹੀ ਨਹੀਂ, ਸਮਾਜਿਕ, ਰਾਜਨੀਤਕ ਕਾਰਜ ਕਰਤਾ ਵਜੋਂ ਉਹ ਆਪਣੇ ਸੁਪਨਿਆਂ ਦੇ ਸਮਾਜ ਨੂੰ ਸਾਕਾਰ ਕਰਨ ਲਈ ਉੱਦਮਸ਼ੀਲ ਰਹਿੰਦਾ ਹੈ। ਸ਼ਹੀਦ ਭਗਤ ਸਿੰਘ ਉਸ ਲਈ ਮਾਰਗਦਰਸ਼ਕ ਨਾਇਕ ਹੈ। ਉਸ ਲਈ ਹੀ ਕਿਉਂ, ਸਾਡੀ ਨਵੀਂ ਪੀੜ੍ਹੀ ਲਈ ਹੀ। ਇਸੇ ਲਈ ਬਰਾੜ ਨੇ ਭਗਤ ਸਿੰਘ ਦੇ ਸਾਥੀਆਂ ਅਤੇ ਉਸ ਨੂੰ ਜਾਣਨ ਸਮਝਣ ਵਾਲੇ ਲੋਕਾਂ ਦੀਆਂ ਲਿਖਤਾਂ ਵਿਚੋਂ ਚੋਣਵੇਂ ਅੰਸ਼ ਲੈ ਕੇ ਪੰਜਾਬੀ ਪਾਠਕਾਂ ਲਈ ਅਨੁਵਾਦਿਤ ਤੇ ਸੰਪਾਦਿਤ ਕਰਕੇ ਇਸ ਪੁਸਤਕ ਵਿਚ ਸੰਕਲਿਤ ਕੀਤੇ ਹਨ। ਉਸ ਦਾ ਉਦੇਸ਼ ਕ੍ਰਾਂਤੀਕਾਰੀ ਭਗਤ ਸਿੰਘ ਬਾਰੇ ਨਵੇਂ ਤੇ ਮੁੱਲਵਾਨ ਤੱਥ ਪੇਸ਼ ਕਰਕੇ ਉਸ ਦੇ ਸੰਦੇਸ਼ ਵੱਲ ਵੱਧ ਤੋਂ ਵੱਧ ਪਾਠਕਾਂ ਦਾ ਧਿਆਨ ਆਕਰਸ਼ਿਤ ਕਰਨਾ ਹੈ।
ਕਵੀ, ਕਹਾਣੀਕਾਰ, ਨਿਬੰਧਕਾਰ, ਆਲੋਚਕ ਤੇ ਸੰਪਾਦਕ ਸੁਰਜੀਤ ਬਰਾੜ ਲਗਪਗ ਦੋ ਦਰਜਨ ਪੁਸਤਕਾਂ ਦਾ ਲੇਖਕ ਹੈ। ਇਸ ਕਿਤਾਬ ਵਿਚ ਭਗਤ ਸਿੰਘ ਦੀ ਸ਼ਖ਼ਸੀਅਤ ਉਭਾਰਨ ਲਈ ਸ਼ਹੀਦ ਦੇ ਨੇੜਲੇ ਸਾਥੀਆਂ, ਅਧਿਆਪਕਾਂ, ਸਮਕਾਲੀ ਲੇਖਕਾਂ/ਕ੍ਰਾਂਤੀਕਾਰੀਆਂ ਦੀਆਂ ਲਿਖਤਾਂ ਦੇ ਅਨੁਵਾਦਿਤ ਅੰਸ਼ਾਂ ਨੂੰ ਪੇਸ਼ ਕੀਤਾ ਗਿਆ ਹੈ। ਅਨੁਵਾਦ ਨੂੰ ਸ਼ਾਬਦਿਕ ਨਹੀਂ ਰੱਖਿਆ ਗਿਆ, ਵਿਚਾਰਾਂ ਨੂੰ ਪਾਠਕ ਤੱਕ ਸਰਲ ਸਮਝਣਯੋਗ ਸ਼ੈਲੀ ਵਿਚ ਅੰਕਿਤ ਕਰਨ ਨੂੰ ਪਹਿਲ ਦਿੱਤੀ ਗਈ ਹੈ। ਇਹੀ ਅਨੁਵਾਦ ਪ੍ਰਤੀ ਸਹੀ ਪਹੁੰਚ ਹੈ।
ਪੁਸਤਕ ਵਿਚ ਪੇਸ਼ ਸਮੱਗਰੀ ਵਿਚ ਭਗਤ ਸਿੰਘ ਨਾਲ ਸਬੰਧਤ ਯਾਦਾਂ ਇਸ ਨੂੰ ਨਿੱਜੀ ਛੋਹਾਂ ਦੇ ਕੇ ਪਾਠਕ ਨੂੰ ਦੂਰ ਅਤੀਤ ਵਿਚ ਲੈ ਜਾਂਦੀਆਂ ਹਨ। ਦੁਰਗਾ ਭਾਬੀ ਦੇ ਬੇਟੇ ਸ਼ਚੀ ਨਾਲ ਲਾਹੌਰੋਂ ਭੇਸ ਬਦਲ ਕੇ ਲਖਨਊ ਪਹੁੰਚਣ ਦਾ ਬਿਰਤਾਂਤ ਇਸ ਦੀ ਮਿਸਾਲ ਹੈ। ਬਟਕੇਸ਼ਵਰ ਦੱਤ, ਰਾਜਾ ਰਾਮ ਸ਼ਾਸਤਰੀ, ਜੈ ਦੇਵ ਕਪੂਰ, ਹੋਮਿਓਪੈਥ, ਡਾ: ਗਯਾ ਪ੍ਰਸਾਦ, ਸੁਖਦੇਵ, ਜੈ ਚੰਦਰ ਵਿਦਿਆ ਅਲੰਕਾਰ, ਵਿਜੇ ਕੁਮਾਰ ਸਿਨਹਾ, ਕਾਂਸ਼ੀ ਰਾਮ, ਰਾਜਿੰਦਰ ਪਾਲ ਸਿੰਘ ਵਾਰੀਅਰ, ਅਜੈ ਘੋਸ਼, ਯੋਗੇਸ਼ ਚੰਦਰ ਚੈਟਰਜੀ, ਪੰਡਿਤ ਕਿਸ਼ੋਰੀ ਲਾਲ, ਜਤਿੰਦਰ ਨਾਥ, ਸਾਨਿਆਲ, ਆਚਾਰੀਆ ਚਤੁਰ ਸੇਨ ਤੇ ਮਥਰਾ ਦਾਸ ਥਾਪਰ ਦੀਆਂ ਲਿਖਤਾਂ ਸਾਰੀਆਂ ਦੀ ਸਾਰੀਆਂ ਭਗਤ ਸਿੰਘ ਨਾਲ ਨਿੱਜੀ ਰੂਪ ਵਿਚ ਗੁਜ਼ਾਰੇ ਪਲਾਂ ਤੇ ਹੱਡੀਂ ਹੰਢਾਏ ਰੁਮਾਂਚਕ ਤੇ ਕ੍ਰਾਂਤੀਕਾਰੀ ਅਨੁਭਵਾਂ ਦੀ ਬਾਤ ਪਾਉਂਦੀਆਂ ਹਨ। ਪੁਸਤਕ ਵਿਚ ਕਹਾਣੀ ਵਰਗਾ ਰਸ ਹੈ।

ਫ ਫ ਫ

ਅਬਦਾਲੀ, ਸਿੱਖ ਤੇ ਵੱਡਾ ਘੱਲੂਘਾਰਾ
ਲੇਖਕ : ਸਵਰਨ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 367
ਸੰਪਰਕ : 99150-48005
.

85 ਸਾਲਾ ਕੈਪਟਨ ਸਵਰਨ ਸਿੰਘ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ-ਫ਼ਾਰਸੀ ਦਾ ਵਿਦਵਾਨ ਹੈ, ਜਿਸ ਨੇ ਦਿੱਲੀ, ਅਲੀਗੜ੍ਹ, ਪਟਨਾ ਆਦਿ ਦੂਰ-ਦਰਾਜ਼ ਥਾਵਾਂ ਦੀਆਂ ਲਾਇਬ੍ਰੇਰੀਆਂ ਤੇ ਕੁਤਬ ਫਰੋਸ਼ਾਂ ਤੋਂ 18ਵੀਂ ਸਦੀ ਦੇ ਲਹੂ-ਰੰਗੇ ਸਿੱਖ ਇਤਿਹਾਸ ਬਾਰੇ ਕਿਤਾਬਾਂ ਪੜ੍ਹੀਆਂ ਤੇ ਖ਼ਰੀਦੀਆਂ। ਆਪਣੀ ਦੀਰਘ ਖੋਜ ਤੇ ਸਮਰਪਿਤ ਸਿੱਖ ਭਾਵਨਾ ਨਾਲ ਉਸ ਨੇ ਉਕਤ ਸਿੱਖ ਇਤਿਹਾਸ ਦੇ ਨਾਦਰ/ਅਬਦਾਲੀ ਨਾਲ ਸਬੰਧਤ ਬਿਰਤਾਂਤ ਵੱਡੇ ਘੱਲੂਘਾਰੇ ਦੇ ਪਹਿਲਾਂ ਅਤੇ ਪਿੱਛੋਂ ਦੇ ਸਿੱਖ ਸੰਘਰਸ਼ ਦੇ ਪ੍ਰਸੰਗ ਵਿਚ ਇਸ ਮੁੱਲਵਾਨ ਕਿਤਾਬ ਵਿਚ ਪੇਸ਼ ਕੀਤੇ ਹਨ। ਅਹਿਮਦ ਸ਼ਾਹ ਅਬਦਾਲੀ 1722 ਵਿਚ ਅਫ਼ਗਾਨਿਸਤਾਨ ਵਿਚ ਜੰਮਿਆ। ਕੁਝ ਮਹੀਨੇ ਦਾ ਸੀ ਕਿ ਪਿਤਾ ਮਰ ਗਿਆ। ਅਹਿਮਦ ਤੇ ਉਸ ਦਾ ਭਰਾ ਜ਼ੁਲਫ਼ਕਾਰ ਰੁਲ-ਖੁਲ ਕੇ ਪਲੇ। 1732 ਵਿਚ ਦੋਵਾਂ ਭਰਾਵਾਂ ਨੂੰ ਕੰਧਾਰ ਦੇ ਹਾਕਮ ਨੇ ਕੈਦ ਕਰ ਦਿੱਤਾ। 1738 ਵਿਚ ਨਾਦਰਸ਼ਾਹ ਨੇ ਕੰਧਾਰ ਜਿੱਤਿਆ ਤੇ ਦੋਵੇਂ ਭਰਾ ਛੁੱਟੇ। ਅਹਿਮਦ ਨੂੰ ਨਾਦਰ ਨੇ ਆਪਣਾ ਅਰਦਲੀ ਰੱਖ ਲਿਆ। 1747 ਵਿਚ ਨਾਦਰ ਦੇ ਕਤਲ ਉਪਰੰਤ ਅਹਿਮਦ ਸ਼ਾਹ ਅਬਦਾਲੀ ਨੇ ਅਫ਼ਗਾਨਿਸਤਾਨ ਦੀ ਬਾਦਸ਼ਾਹਤ ਉੱਤੇ ਕਬਜ਼ਾ ਕਰ ਲਿਆ। ਅਗਲੇ ਹੀ ਸਾਲ 1748 ਵਿਚ ਉਸ ਨੇ ਭਾਰਤ ਵੱਲ ਮੂੰਹ ਕਰ ਲਿਆ। ਪੂਰੇ 12 ਹੱਲੇ ਉਸ ਨੇ ਭਾਰਤ ਉੱਤੇ ਕੀਤੇ। ਲੁੱਟਮਾਰ, ਖੂਨ-ਖਰਾਬਾ ਤੇ ਭਾਰਤੀ ਮੁਟਿਆਰਾਂ ਨੂੰ ਬੰਨ੍ਹ ਕੇ ਵਾਪਸ ਮੁੜਦੇ ਨੂੰ ਅਣਖੀ ਸਿੱਖ ਘੇਰ ਕੇ ਉਸ ਦਾ ਭਾਰ ਹੌਲਾ ਕਰਦੇ। ਹਿੰਦੁਸਤਾਨ ਦੀਆਂ ਬਹੂ-ਬੇਟੀਆਂ ਅੱਧੀ ਰਾਤੀਂ ਹੱਲੇ ਕਰਕੇ ਛੁਡਾਉਂਦੇ। ਬਾਰਾਂ ਵੱਜ ਗਏ ਓਏ ਸਿੱਖਾਂ ਦੇਂਅਫ਼ਗਾਨ ਸਫ਼ਾਂ ਵਿਚ ਰੌਲਾ ਪੈ ਜਾਂਦਾ। ਪ੍ਰੇਸ਼ਾਨ ਹੋਏ ਅਬਦਾਲੀ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਪੂਰਾ ਜ਼ੋਰ ਲਾ ਦਿੱਤਾ। ਇਸ ਦੇ ਸਿੱਟੇ ਵਜੋਂ 1762 ਦਾ ਕੁੱਪ ਰੋਹੀੜੇ ਦਾ ਵੱਡਾ ਘੱਲੂਘਾਰਾ ਵਾਪਰਿਆ, ਜਿਸ ਵਿਚ ਸਭ ਪਾਸਿਉਂ ਘਿਰੇ ਲਗਪਗ 30 ਹਜ਼ਾਰ ਸਿੱਖ ਇਕ-ਦੋ ਦਿਨਾਂ ਵਿਚ ਹੀ ਸ਼ਹੀਦ ਹੋ ਗਏ।
ਸਵਰਨ ਸਿੰਘ ਨੇ ਅਬਦਾਲੀ ਦੇ ਸ਼ਜਰਾ ਨਸਬ ਤੋਂ ਲੈ ਕੇ ਮੌਤ ਤੱਕ ਦੇ ਹਾਲ ਅਤੇ ਹਿੰਦੁਸਤਾਨ ਉੱਤੇ ਉਸ ਦੇ ਹੱਲਿਆਂ ਦਾ ਭਰੋਸੇਯੋਗ ਬਿਰਤਾਂਤ ਇਸ ਕਿਤਾਬ ਵਿਚ ਦਿੱਤਾ ਹੈ। ਅਪ੍ਰੈਲ 1762 ਵਿਚ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾਉਣ ਤੇ ਇਸ ਤੋਂ ਪਹਿਲਾਂ 1761 ਵਿਚ ਮਰਹੱਟਿਆਂ ਦਾ ਲਕ ਤੋੜਨ ਵਾਲਾ ਅਬਦਾਲੀ ਸਿੱਖਾਂ ਅੱਗੇ ਗੋਡੇ ਟੇਕਦਾ ਦਿਸਦਾ ਹੈ ਇਸ ਪੁਸਤਕ ਵਿਚ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਦੁੱਖ ਡਾਰੋਂ ਵਿਛੜੀ ਕੂੰਜ ਦਾ
ਲੇਖਕ : ਡਾ: ਕਾਬਲ ਸਿੰਘ ਸੰਧੂ
ਪ੍ਰਕਾਸ਼ਕ : ਸੰਭਾਵਨਾ ਪ੍ਰਕਾਸ਼ਨ, ਸ੍ਰੀ ਅੰਮ੍ਰਿਤਸਰ
ਮੁੱਲ : 180 ਰੁਪਏ, ਸਫ਼ੇ : 136
ਸੰਪਰਕ : 98786-48499.

ਇਹ ਪੁਸਤਕ 14 ਕਹਾਣੀਆਂ ਦਾ ਖੂਬਸੂਰਤ ਗੁਲਦਸਤਾ ਹੈ। ਮੁੱਖ ਤੌਰ 'ਤੇ ਕਹਾਣੀਆਂ ਦਾ ਵਿਸ਼ਾ ਮਨੁੱਖੀ ਮਨ ਦੀਆਂ ਗੁੰਝਲਾਂ ਅਤੇ ਦਵੰਦ 'ਤੇ ਆਧਾਰਿਤ ਹੈ। ਮਨ ਦੀ ਥਾਹ ਪਾਉਣਾ ਬਹੁਤ ਔਖਾ ਹੈ। ਦੁਚਿੱਤੀ, ਨਿਰਾਸ਼ਾ ਅਤੇ ਉਦਾਸੀ ਕਈ ਮਾਨਸਿਕ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਇਹ ਕਥਾਵਾਂ ਮਨੁੱਖੀ ਮਨ ਦੇ ਦੁਖਾਂਤ, ਬੇਬਸੀ, ਅਤ੍ਰਿਪਤੀ ਅਤੇ ਉਤਾਰ-ਚੜ੍ਹਾਅ ਨੂੰ ਉਜਾਗਰ ਕਰਦੀਆਂ ਹੋਈਆਂ ਡੂੰਘੀਆਂ ਪਰਤਾਂ ਫੋਲਦੀਆਂ ਹਨ। ਮਨ ਦੇ ਸ਼ੰਕੇ ਅਤੇ ਸ਼ੱਕ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ। ਅਜੋਕੀ ਜ਼ਿੰਦਗੀ ਵਿਚ ਕੋਈ ਵਿਰਲਾ-ਟਾਵਾਂ ਮਨ ਹੈ ਜੋ ਸ਼ਾਂਤ, ਤ੍ਰਿਪਤ ਅਤੇ ਸੰਤੁਸ਼ਟ ਹੋਵੇ। ਇਸ ਦਾ ਕਾਰਨ ਨਸ਼ੇ, ਜ਼ਿੰਦਗੀ ਵਿਚ ਸੱਚੇ ਪਿਆਰ ਦੀ ਘਾਟ, ਬੇਵਫ਼ਾਈ, ਪੈਸੇ ਦੀ ਅੰਨ੍ਹੇਵਾਹ ਦੌੜ, ਹਉਮੈ ਅਤੇ ਲਾਪਰਵਾਹੀ ਹੈ। ਹਰ ਕੋਈ ਦੂਜਿਆਂ ਨੂੰ ਨੀਵਾਂ ਦਿਖਾਉਣਾ ਚਾਹੁੰਦਾ ਹੈ। ਵਾਧੂ ਦਾ ਦਿਖਾਵਾ, ਫੈਸ਼ਨਪ੍ਰਸਤੀ, ਬੇਵਫ਼ਾਈ, ਕ੍ਰੋਧ ਅਤੇ ਕਾਹਲਾਪਣ ਮਨੁੱਖ ਨੂੰ ਇਨਸਾਨੀਅਤ ਤੋਂ ਡੇਗ ਦਿੰਦਾ ਹੈ। ਦਿਨ-ਬਦਿਨ ਅਸੀਂ ਆਪਣੇ ਸਦਾਚਾਰਕ ਮੁੱਲਾਂ, ਵਿਰਸੇ, ਕਦਰਾਂ-ਕੀਮਤਾਂ ਅਤੇ ਸਬਰ-ਸ਼ੁਕਰ ਵਾਲੇ ਜੀਵਨ ਤੋਂ ਦੂਰ ਹੁੰਦੇ ਜਾ ਰਹੇ ਹਾਂ। ਮਨ ਹੀ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਜੇ ਸਾਡਾ ਮਨ ਰੋਗੀ ਹੈ ਤਾਂ ਸਰੀਰ 'ਤੇ ਵੀ ਅਸਰ ਪਵੇਗਾ। ਉਲਾਰ ਮਨ ਵਾਲੇ ਮਨੁੱਖਾਂ ਦਾ ਪਰਿਵਾਰਕ ਅਤੇ ਸਮਾਜਿਕ ਜੀਵਨ ਨਰਕ ਬਣ ਜਾਂਦਾ ਹੈ। ਇਨ੍ਹਾਂ ਕਹਾਣੀਆਂ ਵਿਚੋਂ ਇਹ ਸੁਨੇਹਾ ਝਲਕਦਾ ਹੈ ਕਿ ਸਾਨੂੰ ਆਪਣੀ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਪਰਿਵਾਰਕ ਰਿਸ਼ਤਿਆਂ ਦੀਆਂ ਤ੍ਰੇੜਾਂ ਸਮਾਜਿਕ ਜੀਵਨ 'ਤੇ ਵੀ ਅਸਰ ਕਰਦੀਆਂ ਹਨ। ਦੁਰਲੱਭ ਅਤੇ ਖੂਬਸੂਰਤ ਮਨੁੱਖਾ ਜੀਵਨ ਮਾਣਨਾ ਚਾਹੀਦਾ ਹੈ। ਤਿਲ-ਤਿਲ ਕਰਕੇ ਮਰਨਾ ਕਿਧਰ ਦੀ ਸਿਆਣਪ ਹੈ। ਇਸ ਕਹਾਣੀ ਸੰਗ੍ਰਹਿ ਦਾ ਸਵਾਗਤ ਹੈ।

ਂਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.
ਫ ਫ ਫ

ਪਸੰਦੀਦਾ 25 ਕਹਾਣੀਆਂ
ਲੇਖਕ : ਅਮਰਜੀਤ ਸਿੰਘ ਹੇਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 100
ਸੰਪਰਕ : 94170-06625.

ਇਸ ਪੁਸਤਕ ਦੇ ਛਪਣ ਤੋਂ ਪਹਿਲਾਂ ਅਮਰਜੀਤ ਸਿੰਘ ਹੇਅਰ ਦੇ 25-25 ਕਹਾਣੀਆਂ ਦੇ ਦੋ ਸੰਗ੍ਰਹਿ (ਦੱਬੀ ਅੱਗ ਦਾ ਸੇਕ ਅਤੇ ਕੁੱਖ ਦੀ ਭੁੱਖ) ਪਾਠਕਾਂ ਤੱਕ ਪੁੱਜ ਚੁੱਕੇ ਹਨ। ਹਥਲੀ ਪੁਸਤਕ ਵਿਚ ਇਨ੍ਹਾਂ ਵਿਚੋਂ ਕ੍ਰਮਵਾਰ 8 ਅਤੇ 7 ਅਤੇ ਨਵੀਆਂ 10 ਕਹਾਣੀਆਂ ਸ਼ਾਮਿਲ ਕਰਕੇ 'ਪਸੰਦੀਦਾ 25 ਕਹਾਣੀਆਂ' ਦਾ ਸੰਗ੍ਰਹਿ ਤਿਆਰ ਕੀਤਾ ਹੈ। ਇਨ੍ਹਾਂ ਵਿਚੋਂ 7 ਕਹਾਣੀਆਂ (ਅਣਮੋਹ ਤੋਹਫ਼ਾ, ਬਹਾਦਰ ਸਿੰਘਣੀ, ਪੁੰਗਰਦਾ ਪਿਆਰ, ਮਾੜੇ ਚੰਗੇ ਦਿਨ, ਸੱਚਾ ਮੁਸਲਮਾਨ, ਮਾਸੂਮ ਬਚਪਨ ਅਤੇ ਭਾਗਾਂ ਵਾਲੀ ਥਾਂ) ਦਾ ਪਿਛੋਕੜ 1947 ਦੀ ਦੁਖਾਂਤ ਵੰਡ ਨਾਲ ਸਬੰਧਤ ਹੈ। ਹੋਰਨਾਂ ਕਹਾਣੀਆਂ ਦੇ ਵਿਸ਼ਾ-ਵਸਤੂ ਵਿਚ ਕੁਆਰੇਪਨ ਦਾ ਪੁਨਰ-ਮਿਲਾਪ (ਦੱਬੀ ਅੱਗ), ਪਤਨੀ ਬਨਾਮ ਪ੍ਰੇਮਿਕਾ (ਪ੍ਰੇਮਿਕਾ ਕਿ ਪਤਨੀ), ਕਿਤਾਬਾਂ ਦਾ ਮਹੱਤਵ (ਸੁੰਨਾ ਘਰ), ਵਿਰਸੇ ਦੀ ਕਦਰ (ਦੋ ਇਮਾਰਤਾਂ ਦਾ ਕਤਲ), ਪੀੜ੍ਹੀ-ਪਾੜਾ ਸੁਮੇਲ (ਦਾਦੀ ਪੋਤੀ), ਰੂਹ ਦਾ ਮਿਲਾਪ (ਸੱਚਾ ਪਿਆਰ), ਪਤੀ 'ਚ ਘਾਟ ਤੇ ਨਾਜਾਇਜ਼ ਰਿਸ਼ਤੇ ਦਾ ਲਾਭ (ਕੁੱਖ ਦੀ ਭੁੱਖ), ਵੇਸਵਾਵਾਂ ਬਾਰੇ ਬਦਲਦੀ ਸੋਚ (ਡਰ), ਸਕੂਲ ਖੋਲ੍ਹ ਕੇ ਸਮਾਜ ਸੇਵਾ (ਘਰ ਵਾਪਸੀ), ਮੀਂਹ ਦਾ ਅਨੰਦ (ਬਰਖਾ), ਵਿਧਵਾ ਜੀਵਨ ਬਨਾਮ ਲੋਕ ਸੇਵਾ (ਮੈਡਮ ਹਸਮੁਖ), ਲੜਕੀਆਂ ਦਾ ਸਮਾਜਿਕ ਯੋਗਦਾਨ (ਧੀ ਧਿਆਣੀ), ਪੰਚਾਇਤ ਦਾ ਯੋਗਦਾਨ (ਨਵੀਂ ਜ਼ਿੰਦਗੀ), ਕੁਆਰੇ ਪਿਆਰ ਦੀ ਯਾਦ (ਸੱਠ ਸਾਲ ਪਿੱਛੋਂ), ਪਿਆਰ ਦਾ ਨਿਸ਼ਕਾਮ ਰਿਸ਼ਤਾ (ਕੋਤਰ ਸੌਵਾਂ ਜਨਮ ਦਿਨ) ਬਜ਼ੁਰਗਾਂ ਦਾ ਅਪਮਾਨ (ਅਕ੍ਰਿਤਘਣ), ਸਹੀ ਪਛਾਣ (ਅਸਲੀ ਨਕਲੀ), ਮਨ ਦੀ ਸ਼ਾਂਤੀ (ਰੈਚਿਡ ਸੋਲ), ਫੇਬੁਲਾ ਵਜੋਂ ਕਾਰਜਸ਼ੀਲ ਹੈ।
ਇੰਜ ਇਹ ਕਹਾਣੀਆਂ 'ਰਾਈਟ ਏ ਸਟੋਰੀ ਵਿਦ ਦੀ ਮੌਰਲ' ਤਕਨੀਕ ਦੀ ਯਾਦ ਦਿਵਾਉਂਦੀਆਂ ਹਨ। ਹਰ ਕਹਾਣੀ ਅਪ੍ਰਤੀਬਿੰਬਤ ਚੇਤਨਾ ਨਾਲ ਅਰੰਭ ਹੁੰਦੀ ਹੈ ਅਤੇ ਅੰਤ ਪ੍ਰਤਿਬਿੰਬਤ ਚੇਤਨਾ ਨਾਲ ਹੁੰਦਾ ਹੈ। ਦਰਅਸਲ ਇਨ੍ਹਾਂ ਦੀ ਡੀਪ ਸਟਰਕਚਰ ਵਿਚ ਆਪਬੀਤੀ ਜਗਬੀਤੀ ਦਾ ਸੁਮੇਲ ਹੈ। ਲੇਖਕ ਨੂੰ ਪੁਰਾਣੇ ਸੱਭਿਆਚਾਰ ਨਾਲ ਮੋਹ ਹੈ ਜਦੋਂ ਪੰਜਾਬ ਵਿਚ ਅੱਜ ਵਰਗੀਆਂ ਸਹੂਲਤਾਂ ਪ੍ਰਾਪਤ ਨਹੀਂ ਸਨ। ਤਿੰਨ ਕਹਾਣੀਆਂ (ਮਾੜੇ ਦਿਨ ਚੰਗੇ ਦਿਨ, ਭਾਗਾਂ ਵਾਲੀ ਥਾਂ ਅਤੇ ਨਵੀਂ ਜ਼ਿੰਦਗੀ) ਵਿਚ ਨਿਆਣੇ ਸਮੇਤ ਔਰਤ ਦਾ ਨਹਿਰ ਵਿਚ ਛਾਲ ਮਾਰਨ ਦੀ ਘਟਨਾ ਦਾ ਦੁਹਰਾਅ ਆ ਗਿਆ ਹੈ। ਕੁੱਲ ਮਿਲਾ ਕੇ ਇਹ ਕਹਾਣੀ ਸੰਗ੍ਰਹਿ ਨਵੇਂ ਅਤੇ ਪੁਰਾਣੇ ਸੱਭਿਆਚਾਰ ਦਾ ਸੰਗਮ ਹੋ ਨਿੱਬੜਿਆ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007
ਫ ਫ ਫ

ਝਾਂਜਰ ਛਣਕ ਪਈ
ਲੇਖਕ : ਅਰਸ਼ੀ ਠੁਆਣੇ ਵਾਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 160
ਸੰਪਰਕ : 98150-40856

ਅਰਸ਼ੀ ਠੁਆਣੇ ਵਾਲਾ ਜਾਣਿਆ-ਪਛਾਣਿਆ ਗੀਤਕਾਰ ਹੈ। ਉਸ ਦੇ ਕਈ ਗੀਤ ਚਲੰਤ ਗੀਤਕਾਰੀ ਵਾਂਗ ਹਨ ਜਿਵੇਂ ਇਸ਼ਕ ਦੀ ਬਾਤ ਪਾਉਣ ਵਾਲੇ, ਵਿਛੋੜੇ ਦਾ ਦਰਦ ਪੇਸ਼ ਕਰਨ ਵਾਲੇ, ਪਰ ਕਈ ਗੀਤਾਂ ਵਿਚ ਉਹ ਸਮਾਜ ਦੀ ਗੱਲ ਕਰਦਾ ਹੈ, ਰਿਸ਼ਤਿਆਂ ਦੀ ਕਹਾਣੀ ਬਿਆਨ ਕਰਦਾ ਹੈ। ਉਸ ਦੇ ਇਨ੍ਹਾਂ ਗੀਤਾਂ ਦਾ ਮੁੱਲ ਵਪਾਰਕ ਲਹਿਜੇ ਵਾਲੇ ਗੀਤਾਂ ਨਾਲੋਂ ਵੱਧ ਜਾਪਦਾ ਹੈ।
ਵਿਚਾਰ ਅਧੀਨ ਪੁਸਤਕ 'ਝਾਂਜਰ ਛਣਕ ਪਈ' ਵਿਚ ਵੀ ਅਰਸ਼ੀ ਦੇ ਬਹੁਤੇ ਗੀਤ ਅੱਜਕੱਲ੍ਹ ਦੇ ਮਾਹੌਲ ਵਾਲੇ ਹਨ। ਕੁੜੀ ਨਾਲ ਪਿਆਰ ਹੋਣ, ਉਸ ਵੱਲੋਂ ਦਗ਼ਾ ਕਮਾਉਣ, ਹਿਜਰ ਦੀ ਪੀੜ ਸਹਾਰਨ ਵਾਲੇ। ਇਹ ਗੀਤ ਮੈਨੂੰ ਨਵੇਂ ਪੂਰ ਦੇ ਗਾਇਕਾਂ ਦੇ ਪਸੰਦ ਆਉਣ ਵਾਲੇ ਜਾਪਦੇ ਹਨ। ਕਈ ਗੀਤਾਂ ਵਿਚ ਅਰਸ਼ੀ ਨੇ ਰੂਹਦਾਰੀ ਵੀ ਕੀਤੀ ਹੈ। ਉਸ ਨੂੰ ਆਪਣੇ ਪਿੰਡ ਨਾਲ ਅੰਤਾਂ ਦਾ ਮੋਹ ਹੈ। ਪਿੰਡ ਉਸ ਦੀ ਸੋਚ ਵਿਚ ਵਸਦਾ ਹੈ। ਉਹ ਲਿਖਦਾ ਹੈ :
ਹੱਥ ਜੋੜ ਰਹਾਂ ਕਰਦਾ ਦੁਆਵਾਂ, ਪਿੰਡ ਮੇਰਾ ਵਸਦਾ ਰਹੇ,
ਰਹਿਣ ਵਗਦੀਆਂ ਠੰਢੀਆਂ ਹਵਾਵਾਂ, ਪਿੰਡ ਮੇਰਾ ਵਸਦਾ ਰਹੇ।
ਹੁਸਨ ਤੇ ਜਵਾਨੀ ਵਾਲੇ ਗੀਤਾਂ ਵਿਚ ਅਰਸ਼ੀ ਨੇ ਆਪਣੇ ਵੱਲੋਂ ਵੱਖਰੇ ਰੰਗ ਭਰਨ ਦੀ ਕੋਸ਼ਿਸ਼ ਕੀਤੀ ਹੈ। ਤ੍ਰਿੰਞਣਾਂ ਦੀ ਮਹੱਤਤਾ ਬਿਆਨ ਕਰਦਿਆਂ ਉਸ ਨੇ ਸੋਹਣਾ ਲਿਖਿਆ ਹੈ :
ਬੇੜੀ ਪੂਰ ਤ੍ਰਿੰਞਣ ਦੀਆਂ ਕੁੜੀਆਂ, ਫੇਰ ਨਾ ਬਹਿੰਦੀਆਂ ਜੁੜ ਕੇ,
ਰੰਗਲੀ ਰੁੱਤ ਜੁਆਨੀ ਦੀ ਹਾਣੀਓ, ਫੇਰ ਨਾ ਆਉਂਦੀ ਮੁੜ ਕੇ।
ਅਰਸ਼ੀ ਦਾ ਦੁਨੀਆਦਾਰੀ ਪ੍ਰਤੀ ਚੋਖਾ ਤਜਰਬਾ ਹੈ। ਉਹ ਹਰ ਗੱਲ ਨੂੰ ਬਰੀਕੀ ਨਾਲ ਵੇਖਦਾ ਹੈ। ਕੁਝ ਗੀਤ ਉਸ ਦੇ ਤਨ 'ਤੇ ਹੰਢਾਏ ਜਾਪਦੇ ਹਨ ਤੇ ਕੁਝ ਦੇਖੇ-ਪਰਖੇ 'ਤੇ ਆਧਾਰਿਤ। ਉਸ ਦੇ ਗੀਤਾਂ ਦੀ ਇਹ ਕਿਤਾਬ ਨਵੇਂ ਕਲਾਕਾਰਾਂ ਨੂੰ ਮਿਲ ਜਾਵੇ ਤਾਂ ਅੰਦਾਜ਼ਾ ਹੈ ਕਿ ਉਸ ਦੇ ਕੁਝ ਗੀਤ ਇਸ ਵਿਚੋਂ ਜ਼ਰੂਰ ਗਾਏ ਜਾਣਗੇ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਜੀਵਨ ਸੇਧਾਂ
ਕਵੀ : ਗਿਆਨੀ ਅਜੀਤ ਸਿੰਘ 'ਫ਼ਤਹਿਪੁਰੀ'
ਪ੍ਰਕਾਸ਼ਕ : ਖੜਗ ਪ੍ਰਕਾਸ਼ਨ, ਲੁਧਿਆਣਾ
ਮੁੱਲ : 130 ਰੁਪਏ, ਸਫ਼ੇ : 88
ਸੰਪਰਕ : 81466-33646.

ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ 35 ਕਵਿਤਾਵਾਂ ਵਿਚ ਉਨ੍ਹਾਂ ਭੈੜੀਆਂ ਸਮਾਜਿਕ ਕੁਰੀਤੀਆਂ ਦਾ ਪਰਦਾ-ਫਾਸ਼ ਕਰਨ ਦਾ ਯਤਨ ਕੀਤਾ ਹੈ। ਕਵੀ ਨੇ ਸਮਾਜ ਨੂੰ ਘੁਣ ਵਾਂਗ ਖਾ ਰਹੀਆਂ ਉਨ੍ਹਾਂ ਰਸਮਾਂ ਦਾ ਜ਼ਿਕਰ ਵੀ ਕੀਤਾ, ਜੋ ਪਰੰਪਰਾਵਾਦੀ ਲੋਕਾਂ ਨੇ ਸਦੀਆਂ ਤੋਂ ਸਮਾਜ ਦੇ ਭੋਲੇ-ਭਾਲੇ ਲੋਕਾਂ ਉੱਪਰ ਥੋਪੀਆਂ ਹੋਈਆਂ ਹਨ। ਕਵਿਤਾਵਾਂ 'ਅਣਜੰਮੀ ਧੀ ਨਾ ਮਾਰਾਂਗੇ', 'ਕੈਸ਼ ਦੇ ਦਿਓ ਕਹਿੰਦੇ ਨੇ', 'ਕਲੀ ਖਿੜਨ ਤੋਂ ਪਹਿਲਾਂ' ਵਿਚ ਧੀਆਂ ਦੀ ਤਰਸਯੋਗ ਦਸ਼ਾ ਨੂੰ ਬਿਆਨਿਆ ਗਿਆ ਹੈ। 'ਮਾਂ ਦੀ ਮਮਤਾ ਪਿਆਰ ਪਿਤਾ ਦਾ' ਅਤੇ ਮਿੱਠਾ ਮੇਵਾ ਇਸ ਦੁਨੀਆ 'ਤੇ ਕਵਿਤਾਵਾਂ ਵਿਚ ਪੁੱਤਰ ਦੇ ਜਨਮ ਸਮੇਂ ਹੋ ਰਹੇ ਜਸ਼ਨਾਂ ਦਾ ਜ਼ਿਕਰ ਹੈ। ਜਵਾਨ ਪੁੱਤਰਾਂ ਵੱਲੋਂ ਮਾਪਿਆਂ ਦੀ ਉਹ ਹੋ ਰਹੀ ਬੇਰੁਖੀ ਦਾ ਜ਼ਿਕਰ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਕਵਿਤਾ 'ਸ਼ੋਸ਼ਣ ਹੋਏ ਗ਼ਰੀਬਾਂ ਦਾ' ਵਿਚ ਗ਼ਰੀਬਾਂ ਦੀ ਹੋ ਰਹੀ ਦੁਰਦਸ਼ਾ, 'ਪੈਸੇ ਦੇ ਨਾਲ ਮੌਜਾਂ' ਵਿਚ ਅਮੀਰਾਂ ਦੀ ਐਸ਼ਪ੍ਰਸਤੀ, 'ਕੁਰਸੀ ਕਦੇ ਨਾ ਬਣੇ ਅਲਾਮਤ' ਕਵਿਤਾ ਵਿਚ ਅਜੋਕੇ ਰਾਜਨੀਤਕ ਹਾਲਾਤ, 'ਸ਼ਰਾਬੀ ਤੇ ਨਸ਼ੇੜੀਆਂ' ਅਤੇ 'ਜ਼ਹਿਰ ਤੋਂ ਡਰੀਏ' ਵਿਚ ਨਸ਼ਿਆਂ ਨਾਲ ਹੋ ਰਹੇ ਨੁਕਸਾਨ ਦਾ ਜ਼ਿਕਰ ਕੀਤਾ ਹੈ', 'ਜਲ ਸਮੇਂ ਦੀ ਸੰਭਾਲ' ਦੀ ਲੋੜ ਜੀਵਨ ਵਿਚ ਪਾਣੀ ਦੀ ਮਹੱਤਤਾ ਅਤੇ ਜੈਵਿਕ ਖੇਤੀ ਲਈ ਪ੍ਰੇਰਿਤ ਕੀਤਾ ਹੈ। ਕਵਿਤਾ 'ਕੱਸੀ ਫਿਰਨ ਲੰਗੋਟੀ' ਵਿਚ ਰਿਸ਼ਵਤਖੋਰੀ, 'ਆਪਣਾ ਪਿੰਡ ਚਮਕਾਵਾਂਗੇ' ਵਿਚ ਚੁਗਿਰਦੇ ਦੀ ਸਫ਼ਾਈ ਲਈ ਪ੍ਰੇਰਨਾ ਦਿੱਤੀ ਗਈ ਹੈ।
ਕਵਿਤਾ 'ਗਵਾਂਢੀ ਸੁਖੀ ਕਿਉਂ' ਵਿਚ ਸਾਡੀ ਪਿਛਾਂਹਖਿਚੂ ਮਾਨਸਿਕਤਾ, 'ਦਿਸਦੀ ਹੈ ਸਰਦਾਰੀ' ਵਿਚ ਪੰਜਾਬੀ ਸੱਭਿਆਚਾਰ ਅਤੇ ਅਜੋਕੇ ਦਿਖਾਵੇ ਦੇ ਸੱਭਿਆਚਾਰ ਦਾ ਜ਼ਿਕਰ ਮਿਲਦਾ ਹੈ। ਇਸ ਕਾਵਿ ਸੰਗ੍ਰਹਿ ਵਿਚ ਕਵੀ 'ਫ਼ਤਹਿਪੁਰੀ' ਵੱਲੋਂ ਕੀਤੀ ਸਖ਼ਤ ਘਾਲਣਾ ਅਤੇ ਮਨੁੱਖਤਾ ਪ੍ਰਤੀ ਸਮਰਪਿਤ ਹੋਣ ਦੀ ਭਾਵਨਾ ਦੀ ਦਾਦ ਦੇਣੀ ਬਣਦੀ ਹੈ। ਕਵੀ ਵੱਲੋਂ ਪੇਸ਼ ਕਵਿਤਾ ਦੀਆਂ ਕੁਝ ਕੁ ਵੰਨਗੀਆਂਂ
ਂਇਕੱਲੇ ਮਾਪੇ ਕਸ਼ਟ ਸਹਾਰ ਕੇ, ਕਈ ਪੁੱਤਰ ਪਾਲ ਲੈਂਦੇ,
ਪਰ, ਇਹ ਪੁੱਤ ਬੁਢਾਪੇ ਵੇਲੇ, ਉਨ੍ਹਾਂ ਦੀ ਸਾਰ ਨਾ ਲੈਂਦੇ।
-ਚਮੜੀ ਲਹਿ ਜਾਏ, ਦਮੜੀ ਰਹਿ ਜਾਏ,
ਲੋਭੀ-ਕੰਜੂਸ ਦਾ ਕਹਿਣਾ ਐ।
ਪਾਪਾਂ ਨਾਲ ਇਕੱਠਾ ਕੀਤਾ ਧਨ, ਧਰਿਆ ਇਥੇ ਰਹਿਣਾ ਐ।

ਫ ਫ ਫ

ਬਾਜ ਭਰਾਵਾਂ ਮਾਰਿਆ
(ਬਾਬਾ ਬੰਦਾ ਸਿੰਘ ਬਹਾਦਰ ਦੀ ਆਤਮਕਥਾ)
ਲੇਖਕ : ਪ੍ਰਿੰਸੀਪਲ ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 119
ਸੰਪਰਕ : 98146-19342.

ਹਥਲਾ ਨਾਵਲ ਸਿੱਖ ਇਤਿਹਾਸ ਦੀ ਅਹਿਮ ਸ਼ਖ਼ਸੀਅਤ ਬਾਬਾ ਬੰਦਾ ਸਿੰਘ ਬਹਾਦਰ ਦੀ ਆਤਮਕਥਾ ਹੈ। ਲੇਖਕ ਨੇ ਇਸ ਆਤਮਕਥਾ ਨੂੰ 16 ਕਾਂਡਾਂ ਵਿਚ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਹੈ। ਲੇਖਕ ਨੇ ਕੁਝ ਨਾਮਵਰ ਇਤਿਹਾਸਕਾਰਾਂ ਜਿਨ੍ਹਾਂ 20ਵੀਂ ਸਦੀ ਦੇ ਆਖਰੀ ਅਤੇ 21ਵੀਂ ਸਦੀ ਦੇ ਅਰੰਭਿਕ ਸਾਲਾਂ ਵਿਚ ਖੋਜੀ ਬਿਰਤੀ ਅਧੀਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਨ ਜਰਨੈਲ ਤੇ ਪਹਿਲੇ ਸਿੱਖ ਬਾਦਸ਼ਾਹ ਵਜੋਂ ਪੇਸ਼ ਕੀਤਾ ਹੈ, ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਇਸ ਆਤਮਕਥਾ ਨੂੰ ਨਿਰਪੱਖ ਹੋ ਕੇ ਸਮੁੱਚੇ ਸਿੱਖ ਇਤਿਹਾਸ ਤੋਂ ਸੇਧ ਲੈ ਕੇ ਸਫਲ ਯਤਨ ਕੀਤਾ ਹੈ।
ਸਮੁੱਚੇ ਨਾਵਲ ਨੂੰ ਵਾਚ ਕੇ ਇਹ ਗੱਲ ਸਪੱਸ਼ਟ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਗਰੀਬਾਂ ਤੇ ਮਜ਼ਲੂਮਾਂ ਦੇ ਮਸੀਹਾ ਸਨ। ਉਸ ਨੇ ਸਧਾਰਨ ਲੋਕਾਂ ਤੋਂ ਤਾਕਤ ਪ੍ਰਾਪਤ ਕਰਕੇ ਆਪਣੇ ਬਾਹੂ ਬਲ ਨਾਲ ਆਪਣੇ ਸੰਖੇਪ ਖ਼ਾਲਸਾ ਰਾਜ ਵਿਚ ਮੁਜ਼ਾਹਰਿਆਂ ਨੂੰ ਜ਼ਮੀਨ ਦੇ ਮਾਲਕ ਅਤੇ ਖੇਤ ਮਜ਼ਦੂਰਾਂ ਨੂੰ ਸਰਦਾਰੀਆਂ ਬਖਸ਼ਿਸ਼ ਕੀਤੀਆਂ। ਸਮੁੱਚੇ ਹਿੰਦੁਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਆਮ ਆਦਮੀ ਦੀ ਹਕੂਮਤ ਹੋਂਦ ਵਿਚ ਆਈ। ਇਸ ਤੋਂ ਪਹਿਲਾਂ ਰਾਜਿਆਂ-ਮਹਾਰਾਜਿਆਂ ਨੇ ਆਪਣੇ-ਆਪਣੇ ਇਲਾਕਿਆਂ ਵਿਚ ਆਪਣਾ ਰਾਜ-ਭਾਗ ਸਥਾਪਤ ਕਰਕੇ ਲੋਕਾਂ ਦੀ ਲੁੱਟ-ਖਸੁੱਟ ਕਰਕੇ ਜਨ-ਸਧਾਰਨ ਤੋਂ ਦੂਰੀ ਬਣਾਈ ਰੱਖੀ। ਨਾਵਲ ਦੇ ਰੂਪ ਵਿਚ ਲਿਖੀ ਇਹ ਆਤਮਕਥਾ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਦਲੇਰੀ, ਅਣਖ ਤੇ ਸਰਬੱਤ ਦੇ ਭਲੇ ਨੂੰ ਪੇਸ਼ ਕਰਨ ਵਿਚ ਨਿਵੇਕਲਾ ਯਤਨ ਹੈ, ਉਥੇ ਪਾਠਕਾਂ ਨੂੰ ਇਤਿਹਾਸ ਦਾ ਸੱਚ ਜਾਣਨ ਲਈ ਇਕ ਸਾਜ਼ਿਸ਼ੀ ਬੇਰੁਖੀ ਨੂੰ ਬੇਨਕਾਬ ਕਰਨ ਦਾ ਸਫਲ ਯਤਨ ਵੀ ਹੈ।

ਂਭਗਵਾਨ ਸਿੰਘ ਜੌਹਲ
ਮੋ: 98143-24040
ਫ ਫ ਫ

ਪ੍ਰਿੰ: ਬਹਾਦਰ ਸਿੰਘ ਗੋਸਲ ਰਚਿਤ
ਝਲਕ ਪੰਜਾਬੀ ਵਿਰਸੇ ਦੀ : ਸੱਭਿਆਚਾਰਕ ਪਰਿਪੇਖ

ਸੰਪਾਦਕ : ਮਨਦੀਪ ਕੌਰ ਬੁੱਟਰ (ਡਾ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 95928-88228.

ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਪੰਜਾਬੀ ਬਾਲ ਸਾਹਿਤ ਰਚੇਤਾ ਹੈ। ਵਿਰਸੇ ਦਾ ਬਦਲ ਰਿਹਾ ਮਿਆਰ ਲੇਖਕ ਨੂੰ ਝੰਜੋੜਦਾ ਹੈ। ਇਸ ਪੁਸਤਕ ਵਿਚ 14 ਆਲੋਚਕਾਂ ਦੇ ਖੋਜ-ਪੱਤਰਾਂ ਵਿਚ ਇਸ ਲੇਖ ਸੰਗ੍ਰਹਿ ਬਾਰੇ ਸੱਭਿਆਚਾਰਕ ਅੰਸ਼ ਤੇ ਲੋਕਧਾਰਾਈ ਵਰਤਾਰਿਆਂ ਨੂੰ ਪੇਸ਼ ਕੀਤਾ ਗਿਆ ਹੈ।
ਹਥਲੀ ਪੁਸਤਕ ਵਿਚ ਆਲੋਚਕਾਂ ਨੇ ਸੱਭਿਆਚਾਰਕ ਸੰਕਟ, ਭਾਈਚਾਰਾ, ਸਾਂਝਾਂ, ਰੀਤੀ-ਰਿਵਾਜ, ਖਾਣ-ਪੀਣ, ਪਹਿਨਣ ਆਦਿ ਵਿਚ ਆਈ ਤਬਦੀਲੀ ਬਾਰੇ ਆਪਣੇ ਵਿਚਾਰ ਪ੍ਰਗਟਾਏ ਹਨ। ਰਿਸ਼ਤੇ ਫ਼ਰਜ਼ੀ ਤੇ ਬਨਾਵਟੀ ਹੋ ਗਏ ਹਨ। ਪੰਜਾਬੀ ਸੱਭਿਆਚਾਰਕ ਮਾਪਦੰਡ ਤੇ ਇਨਸਾਨੀ ਕਦਰਾਂ-ਕੀਮਤਾਂ 'ਚ ਨਿਘਾਰ ਆ ਗਿਆ ਹੈ।
ਲੇਖਕ ਤੇ ਆਲੋਚਕਾਂ ਨੂੰ ਫ਼ਿਕਰ ਹੈ ਕਿ ਇਸ ਪੰਜਾਬੀ ਸੱਭਿਆਚਾਰ ਦੀ ਚਮਕ-ਦਮਕ ਤੇ ਅਮੀਰੀ ਨੂੰ ਬਰਕਰਾਰ ਰੱਖਣ ਲਈ ਸਾਂਝੇ ਯਤਨ ਕਰੀਏ। ਆਸ ਹੈ ਇਸ ਪੁਸਤਕ ਨੂੰ ਪਾਠਕ ਜੀ ਆਇਆਂ ਜ਼ਰੂਰ ਕਹਿਣਗੇ।

ਂਪ੍ਰੋ: ਸਤਪਾਲ ਸਿੰਘ
ਮੋ: 98725-21515.
ਫ ਫ ਫ

ਜ਼ਿੰਦਗੀ ਦਾ ਮਕਸਦ
ਲੇਖਕ : ਦਰਬਾਰਾ ਸਿੰਘ ਢੀਂਡਸਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 98725-91944.

ਦਰਬਾਰਾ ਸਿੰਘ ਢੀਂਡਸਾ ਨੇ ਕਵਿਤਾ ਤੇ ਵਾਰਤਕ ਲਿਖ ਕੇ ਆਪਣੀ ਸਾਹਿਤਕ ਦ੍ਰਿਸ਼ਟੀ ਨੂੰ ਉਜਾਗਰ ਕੀਤਾ ਹੈ। ਹਥਲੀ ਪੁਸਤਕ 40 ਨਿਬੰਧਾਂ ਦਾ ਸੰਗ੍ਰਹਿ ਹੈ। ਇਨ੍ਹਾਂ ਨਿਬੰਧਾਂ ਰਾਹੀਂ ਲੇਖਕ ਨੇ ਸਮਾਜ ਵਿਚ ਵਾਪਰ ਰਹੀਆਂ ਮਾੜੀਆਂ ਅਲਾਮਤਾਂ ਜਿਵੇਂ ਲੁੱਟ-ਖਸੁੱਟ, ਚੋਰ-ਬਾਜ਼ਾਰੀ, ਭ੍ਰਿਸ਼ਟਾਚਾਰੀ, ਨਸ਼ੇਖੋਰੀ, ਰਿਸ਼ਵਤਖੋਰੀ ਤੇ ਭਰੂਣ ਹੱਤਿਆ ਆਦਿ ਨੂੰ ਆਪਣੀ ਲੇਖਣੀ ਦਾ ਆਧਾਰ ਬਣਾਇਆ ਹੈ। ਉਹ ਨਸ਼ਾ-ਮੁਕਤ, ਤੰਦਰੁਸਤ ਅਤੇ ਉਸਾਰੂ ਸਮਾਜ ਦੀ ਸਿਰਜਣਾ ਕਰਨ ਦੀ ਲੋਚਾ ਰੱਖਦਾ ਹੈ। ਉਸ ਦੇ ਨਿਬੰਧ ਬੜੇ ਸਰਲ, ਰੌਚਿਕ ਤੇ ਮਾਰਗ ਦਰਸ਼ਨ ਕਰਨ ਵਾਲੇ ਹਨ। ਉਹ ਛੋਟੇ-ਛੋਟੇ ਵਾਕਾਂ ਰਾਹੀਂ ਵੱਡੀ ਗੱਲ ਕਰਦਾ ਹੈ।
ਲੇਖਕ ਨੇ ਰੋਜ਼ਮਰਾ ਦੀ ਜ਼ਿੰਦਗੀ ਵਿਚ ਆਉਂਦੇ ਕਾਰਜਾਂ ਅਤੇ ਸੰਕਲਪਾਂ ਬਾਰੇ ਨਿਬੰਧਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਹੈ। ਉਸ ਨੇ ਆਪਣੇ ਨਿਬੰਧਾਂ ਰਾਹੀਂ ਔਰਤ ਨੂੰ ਚੇਤੰਨ ਕਰਕੇ ਭਵਿੱਖ ਵਿਚ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਲਈ ਪ੍ਰੇਰਿਤ ਕੀਤਾ ਹੈ। ਇਹ ਨਿਬੰਧ ਪਾਠਕ ਨੂੰ ਬੀਤ ਚੁੱਕੇ ਸਮੇਂ ਅਤੇ ਚਲ ਰਹੇ ਸਮੇਂ ਦੇ ਸੁਮੇਲ ਦਾ ਅਹਿਸਾਸ ਕਰਾਉਣ ਦੇ ਸਮਰੱਥ ਹਨ। ਇਸ ਪੁਸਤਕ ਵਿਚ ਬਹੁਤ ਸਾਰੇ ਸੰਜੀਦਗੀ ਵਿਸ਼ਿਆਂ ਨੂੰ ਬੜੀ ਸ਼ਿੱਦਤ ਨਾਲ ਉਭਾਰਿਆ ਗਿਆ ਹੈ। ਸਮੇਂ ਦੀ ਕਦਰ, ਕੁਦਰਤੀ ਪ੍ਰਕਿਰਿਆ ਵਿਚ ਮਨੁੱਖੀ ਦਖ਼ਲ, ਬਾਬਾ ਬੰਦਾ ਸਿੰਘ ਬਹਾਦਰ ਇਕ ਕਰਾਮਾਤ, ਲੋਕ ਵਿਸ਼ਵਾਸ ਦੀ ਅਹਿਮੀਅਤ, ਇੱਛਾ, ਜੀਓ ਤੇ ਜਿਊਣ ਦਿਓ, ਆਸ ਮਨੁੱਖੀ ਤਰੱਕੀ ਦਾ ਸਰੋਤ ਅਤੇ ਅਰਦਾਸ ਆਦਿ ਨਿਬੰਧ ਮਨੁੱਖ ਦੀਆਂ ਅੰਦਰੂਨੀ ਕੁਦਰਤੀ ਸ਼ਕਤੀਆਂ ਨੂੰ ਉਜਾਗਰ ਕਰਕੇ ਮਨੁੱਖ ਨੂੰ ਆਤਮਿਕ ਤੌਰ 'ਤੇ ਬਲਵਾਨ ਕਰਦੇ ਅਤੇ ਮੁਸ਼ਕਿਲ ਦੇ ਸਮੇਂ ਵਿਚ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਨਾਲ ਟੱਕਰ ਲੈਣ ਦੀ ਕੁਦਰਤੀ ਊਰਜਾ ਭਰਦੇ ਹਨ।

ਂਡਾ: ਰਜਵਿੰਦਰ ਕੌਰ ਨਾਗਰਾ
ਮੋ: 96460-01807.
ਫ ਫ ਫ

ਕਿੰਝ ਮੋੜ ਲਿਆਵਾਂ ਯਾਦਾਂ ਨੂੰ
ਕਵੀ : ਐਸ.ਐਸ. ਸਹੋਤਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 104
ਸੰਪਰਕ : 98884-04668.

'ਕਿੰਝ ਮੋੜ ਲਿਆਵਾਂ ਯਾਦਾਂ ਨੂੰ' ਐਸ.ਐਸ. ਸਹੋਤਾ ਦਾ ਨਵਾਂ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਕਵੀ ਨੇ ਆਪਣੀਆਂ ਸਵੈਜੀਵਨੀਆਂ ਮੂਲਕ ਯਾਦਾਂ ਨੂੰ ਕਵਿਤਾ ਰੂਪ ਵਿਚ ਚਿਤਰਨ ਦਾ ਯਤਨ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਕਵੀ ਦੀਆਂ 104 ਕਵਿਤਾਵਾਂ ਦਰਜ ਹਨ ਅਤੇ ਹਰੇਕ ਕਵਿਤਾ ਵਿਚ ਹੀ ਕਵੀ ਨੇ ਆਪਣੇ ਜੀਵਨ ਵਿਚ ਆਏ ਆਪਣੇ ਪਿਆਰਿਆਂ ਦਾ ਜ਼ਿਕਰ ਬੜੇ ਸਤਿਕਾਰ ਨਾਲ ਕੀਤਾ ਹੈ। ਇਨ੍ਹਾਂ ਪਿਆਰਿਆਂ ਵਿਚ ਉਸ ਦੇ ਆਪਣੇ ਪਰਿਵਾਰਕ ਮੈਂਬਰ ਹਨ, ਮਿੱਤਰ ਸਨੇਹੀ ਵੀ ਹਨ, ਨਾਲ ਪੜ੍ਹਦੇ ਰਹੇ ਵਿਦਿਆਰਥੀ ਵੀ ਹਨ, ਜੋ ਚਾਹੇ ਬਚਪਨ ਵਿਚ ਸਨ ਜਾਂ ਉੱਚ ਵਿੱਦਿਆ ਗ੍ਰਹਿਣ ਕਰਨ ਸਮੇਂ ਸੰਪਰਕ ਵਿਚ ਆਏ। ਉਨ੍ਹਾਂ ਦੀਆਂ ਯਾਦਾਂ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਪੁਨਰ-ਸੁਰਜੀਤ ਕਰਨ ਦਾ ਕਵੀ ਨੇ ਉਪਰਾਲਾ ਕੀਤਾ ਹੈ। ਅੱਜ ਦੇ ਦੌਰ ਵਿਚ ਜਦੋਂ ਮਨੁੱਖ ਸਵੈ-ਕੇਂਦਰਿਤ ਹੋ ਕੇ ਆਪਣੇ ਨਿੱਜੀ ਮੁਫ਼ਾਦਾਂ ਵਿਚ ਘਿਰਿਆ ਹੋਇਆ ਹੈ, ਉਸ ਸਮੇਂ ਵਿਚ ਇਨ੍ਹਾਂ ਕਵਿਤਾਵਾਂ ਦੀ ਸਾਰਥਿਕਤਾ ਹੋਰ ਵੀ ਵਧ ਜਾਂਦੀ ਹੈ। ਕਵੀ ਨੇ ਉਨ੍ਹਾਂ ਥਾਵਾਂ ਦਾ ਜ਼ਿਕਰ ਅਤੇ ਉਸ ਥਾਂ ਨਾਲ ਜੁੜੀਆਂ ਯਾਦਾਂ ਦਾ ਜ਼ਿਕਰ ਵੀ ਕਾਵਿ-ਸੰਗ੍ਰਹਿ ਵਿਚ ਆਪਣੀਆਂ ਰਚਨਾਵਾਂ ਵਿਚ ਕੀਤਾ ਹੈ, ਜਿਥੇ ਉਹ ਆਪਣੇ ਜੀਵਨ-ਕਾਲ ਦੌਰਾਨ ਗਿਆ ਸੀ। ਤਕਰੀਬਨ ਸਾਰੀਆਂ ਹੀ ਕਵਿਤਾਵਾਂ ਵਿਚ ਪਹਿਲਾਂ ਕਿਸੇ ਵਿਅਕਤੀ, ਸਥਾਨ ਜਾਂ ਕਿਸੇ ਵਿਸ਼ੇਸ਼ ਵਾਪਰੀ ਘਟਨਾ ਦਾ ਜ਼ਿਕਰ ਹੈ ਅਤੇ ਅਖੀਰ 'ਤੇ ਉਸ ਪਲ ਦੀ ਤਾਂਘ ਤੇ ਤੜਫ਼ਨੀ ਦਾ ਜ਼ਿਕਰ ਹੈ, ਜੋ ਵਾਪਸ ਨਹੀਂ ਆ ਸਕਦਾ। ਬੀਤੀ ਜ਼ਿੰਦਗੀ ਵਿਚ ਮਾਣੀਆਂ ਖੁੱਲ੍ਹਾਂ, ਦੇਖੇ ਮੇਲਿਆਂ, ਬੇਫ਼ਿਕਰੀ ਵਿਚ ਭੋਗੀ ਜ਼ਿੰਦਗੀ, ਟੁੱਟਦੇ ਰਿਸ਼ਤੇ, ਪੈਸੇ ਦੀ ਦੌੜ ਵਿਚ ਸੁਖ-ਚੈਨ ਦਾ ਗਵਾਚ ਜਾਣਾ, ਭੂਆ, ਭੈਣਾਂ, ਭਰਾਵਾਂ, ਨਾਨਕਿਆਂ ਦੇ ਪਿੰਡ ਦੀਆਂ ਯਾਦਾਂ ਆਦਿ ਦਾ ਜ਼ਿਕਰ ਕਵੀ ਨੇ ਹੇਰਵੇ ਦੇ ਰੂਪ ਵਿਚ ਵਿਅਕਤ ਕੀਤਾ। ਕਿਤੇ-ਕਿਤੇ ਕਵਿਤਾ ਵਿਚ ਸ਼ਿਲਪਕਾਰੀ ਦੀ ਲੋੜ ਵੀ ਮਹਿਸੂਸ ਹੁੰਦੀ ਹੈ। ਪਾਠਕ ਦੇ ਮਨ ਵਿਚ ਯਾਦਾਂ ਦੀ ਪੁਨਰ-ਸੁਰਜੀਤੀ ਕਰਦਾ ਇਹ ਕਾਵਿ ਸੰਗ੍ਰਹਿ ਪੜ੍ਹਨਯੋਗ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਚਿੜੀਆਂ
ਲੇਖਕ : ਡਾ: ਪ੍ਰਦੀਪ ਕੌੜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੁਹਾਲੀ (ਚੰਡੀਗੜ੍ਹ)
ਮੁੱਲ : 175 ਰੁਪਏ, ਸਫ਼ੇ : 111
ਸੰਪਰਕ : 95011-15200.

ਚਰਚਾ ਅਧੀਨ ਪੁਸਤਕ ਮਿੰਨੀ ਕਹਾਣੀਆਂ ਦੀ ਹੈ। ਕੁੱਲ 67 ਰਚਨਾਵਾਂ ਹਨ। ਆਕਾਰ ਵੱਲੋਂ ਇਕ ਰਚਨਾ ਕਿਰਾਏਦਾਰ ਨੂੰ ਛੱਡ ਕੇ ਬਾਕੀ ਰਚਨਾਵਾਂ ਮਿੰਨੀ ਕਹਾਣੀ ਦੇ ਪ੍ਰਵਾਨਿਤ ਕੀਤੇ ਮਾਪਦੰਡਾਂ ਅਨੁਸਾਰ ਹਨ। ਮਿੰਨੀ ਕਹਾਣੀਆਂ ਦੇ ਵਿਸ਼ੇ ਜ਼ਿੰਦਗੀ ਦੇ ਵੱਖ-ਵੱਖ ਸਰੋਕਾਰਾਂ ਨਾਲ ਜੁੜੇ ਹੋਏ ਹਨ। ਆਰਥਿਕ ਮਸਲਿਆਂ 'ਤੇ ਲਿਖੀਆਂ ਕਹਾਣੀਆਂ ਵਧੇਰੇ ਰੌਚਿਕ ਤੇ ਪ੍ਰਭਾਵਸ਼ਾਲੀ ਹਨ। ਡਾ: ਸਤਨਾਮ ਸਿੰਘ ਜੱਸਲ ਨੇ ਕਹਾਣੀਆਾਂ ਬਾਰੇ ਵਿਸ਼ਾਗਤ ਚਰਚਾ ਕੀਤੀ ਹੈ। ਜਸਪਾਲ ਜੱਸੀ ਨੇ ਲੇਖਕ ਨੂੰ ਨਵੇਂ ਦੌਰ ਦਾ ਕਹਾਣੀਕਾਰ ਕਿਹਾ ਹੈ। ਪ੍ਰੋਫੈਸਰ ਵੀਰਪਾਲ ਕੌਰ ਨੇ 'ਚਿੜੀਆਂ' ਸਿਰਲੇਖ ਨੂੰ ਇਕ ਚਿੰਨ੍ਹ ਦੇ ਰੂਪ ਵਿਚ ਲਿਆ ਹੈ। ਸਿਰਲੇਖ ਵਾਲੀ ਰਚਨਾ ਵਿਚ ਕਾਵਾਂ ਤੇ ਚਿੜੀਆਂ ਵਿਚ ਤਕਰਾਰ ਹੈ। ਕਾਵਾਂ ਦੀ ਪਹੁੰਚ ਡਾਢੇ ਦਾ ਸੱਤੀਂ ਵੀਹੀਂ ਸੌ ਵਾਲੀ ਹੈ। ਅਖੇ ਤੁਸੀਂ ਕੱਲ੍ਹ ਮੀਟਿੰਗ ਵਿਚ ਨਹੀਂ ਆਈਆਂ। ਜੁਰਮਾਨਾ ਭਰੋ। ਸਮਾਜ ਦਾ ਇਹ ਦਸਤੂਰ ਜਾਰੀ ਹੈ। ਲੇਖਕ ਨੇ ਆਪਣੀ ਸਾਹਿਤਕ ਸਿਰਜਨਾ ਬਾਰੇ ਲੰਮੀ-ਚੌੜੀ ਗੱਲ ਕੀਤੀ ਹੈ। ਰਚਨਾ ਕਿਰਦਾਰ ਦੋਗਲੇ ਮਨੁੱਖ ਦੀ ਹੈ। ਪਰਿਵਾਰਕ ਟੁੱਟ-ਭੱਜ ਦੀ ਗੱਲ ਕਈ ਰਚਨਾਵਾਂ ਵਿਚ ਹੈ। ਰੁੱਤ ਵਿਚ ਅੱਲ਼੍ਹੜ ਉਮਰ ਦਾ ਸੁਪਨਾ ਹੈ। 'ਮਾਵਾਂ ਠੰਢੀਆਂ ਛਾਵਾਂ' ਵਿਚ ਬੁਢਾਪੇ ਦਾ ਦਰਦ ਹੈ। ਕੁਝ ਮਿੰਨੀ ਕਹਾਣੀਆਂ ਵਿਚ ਪੁੱਤਰਾਂ ਦੇ ਮਾਪੇ ਰੁਲਦੇ ਵਿਖਾਏ ਗਏ ਹਨ। ਭ੍ਰਿਸ਼ਟਾਚਾਰ ਵੀ ਕਹਾਣੀਆਂ ਦੀ ਮੁੱਖ ਸੁਰ ਬਣੀ ਹੈ। ਰਚਨਾ ਕ੍ਰਾਂਤੀ ਅਤੇ ਕੁਰਸੀ ਤੇ ਆਤਮਾ ਸੰਵਾਦ ਆਧਾਰਿਤ ਹਨ। ਚਿੰਨ੍ਹਾਂ ਤੇ ਪ੍ਰਤੀਕਾਂ ਨਾਲ ਰਚਨਾਵਾਂ ਦੀ ਸੁਰ ਦਾਰਸ਼ਨਿਕ ਹੋ ਜਾਂਦੀ ਹੈ।

ਂਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160
ਫ ਫ ਫ

4-12-2016

 ਧਰਤ ਪੰਜਾਬ
ਸੰਪਾਦਕ : ਮਨਜੀਤ ਕੌਰ, ਰਾਜਿੰਦਰ ਚੌਹਾਨ ਅਤੇ ਹੋਰ
ਪ੍ਰਕਾਸ਼ਕ : ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ
ਸਫ਼ੇ : 128.

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਡਾ: ਦਲਜੀਤ ਸਿੰਘ ਚੀਮਾ, ਸਿੱਖਿਆ ਮੰਤਰੀ ਪੰਜਾਬ ਅਤੇ ਚੇਅਰਪਰਸਨ ਡਾ: ਤੇਜਿੰਦਰ ਕੌਰ ਧਾਲੀਵਾਲ ਦੀ ਗਤੀਸ਼ੀਲ ਅਗਵਾਈ ਵਿਚ ਨਵੇਂ ਪੰਜਾਬ ਦੇ ਨਿਰਮਾਣ ਦੀ ਸਵਰਨ-ਜੈਅੰਤੀ ਦੇ ਸ਼ੁੱਭ ਅਵਸਰ ਉੱਪਰ 'ਧਰਤ ਪੰਜਾਬ' ਪੁਸਤਕ ਦਾ ਪ੍ਰਕਾਸ਼ਨ ਕਰਕੇ ਇਸ ਮਹੱਤਵਪੂਰਨ ਕਾਰਨਾਮੇ ਨੂੰ ਸਰੰਜਾਮ ਦਿੱਤਾ ਹੈ। ਇਕ ਨਵੰਬਰ, 1966 ਨੂੰ ਬੋਲੀ ਦੇ ਆਧਾਰ 'ਤੇ ਨਵ-ਨਿਰਮਿਤ ਪੰਜਾਬ ਹੋਂਦ ਵਿਚ ਆਇਆ। ਇਸ ਪ੍ਰਦੇਸ਼ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਸਨ, ਇਸ ਦੀ ਸਵਰਨ-ਜੈਅੰਤੀ ਦੇ ਸਮੇਂ ਇਹ ਸਮਾਗਮ ਡਾਢੇ ਉਤਸ਼ਾਹ, ਖੁਸ਼ੀਆਂ ਅਤੇ ਖੇੜਿਆਂ ਨਾਲ ਮਨਾਇਆ ਗਿਆ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਕੇਵਲ ਪਾਠਕ੍ਰਮ ਬਣਾਉਣ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਇਸ ਨੇ ਆਪਣੀ ਸਥਾਪਨਾ ਤੋਂ ਬਾਅਦ ਪੰਜਾਬੀ ਸੱਭਿਆਚਾਰ ਪ੍ਰਤੀ ਵਚਨਬੱਧਤਾ ਨੂੰ ਵੀ ਪੂਰੀ ਨਿਸ਼ਠਾ ਨਾਲ ਨਿਭਾਇਆ ਹੈ। ਪ੍ਰੋ: ਜੋਗਾ ਸਿੰਘ (ਪ੍ਰਸਿੱਧ ਕਵੀ), ਸ: ਮਨਮੋਹਨ ਸਿੰਘ ਦਾਊਂ, ਸੁਖਦੇਵ ਮਾਦਪੁਰੀ ਅਤੇ ਡਾ: ਗੁਰਦੇਵ ਸਿੰਘ ਸਿੱਧੂ ਵਰਗੇ ਵਿਦਵਾਨ ਲੇਖਕਾਂ ਨੇ ਇਸ ਅਦਾਰੇ ਦੀ ਸੱਭਿਆਚਾਰਕ ਸ਼ਨਾਖ਼ਤ ਨੂੰ ਬਰਕਰਾਰ ਰੱਖਣ ਲਈ ਮਹੱਤਵਪੂਰਨ ਕਾਰਜ ਕੀਤਾ ਹੈ। ਅਜੋਕੇ ਪ੍ਰਬੰਧਕ ਸ੍ਰੀਮਤੀ ਮਨਜੀਤ ਕੌਰ, ਰਾਜਿੰਦਰ ਚੌਹਾਨ, ਕੋਮਲ ਸਿੰਘ, ਡਾ: ਕਰਨੈਲ ਸਿੰਘ ਸੋਮਲ ਅਤੇ ਮਨਜੀਤ ਸਿੰਘ ਢਿੱਲੋਂ ਵੀ ਆਪਣੇ ਫ਼ਰਜ਼ਾਂ ਪ੍ਰਤੀ ਪੂਰਨ ਭਾਂਤ ਚੇਤੰਨ ਹਨ। ਇਹੀ ਕਾਰਨ ਹੈ ਕਿ 'ਧਰਤ ਪੰਜਾਬ' ਵਰਗੀ ਖੂਬਸੂਰਤ ਅਤੇ ਪ੍ਰਮਾਣਿਕ 'ਕਾਫ਼ੀ ਟੇਬਲ ਬੁੱਕ' ਪ੍ਰਕਾਸ਼ਿਤ ਹੋ ਸਕੀ ਹੈ। ਇਸ ਵਿਚ ਡਾ: ਪ੍ਰਿਥੀਪਾਲ ਸਿੰਘ ਕਪੂਰ, ਸ: ਹਰਵਿੰਦਰ ਸਿੰਘ ਖਾਲਸਾ, ਸ: ਨਰਿੰਜਨ ਸਿੰਘ ਸਾਥੀ, ਡਾ: ਰਣਜੀਤ ਸਿੰਘ, ਡਾ: ਜਗੀਰ ਸਿੰਘ ਨੂਰ, ਡਾ: ਦਰਸ਼ਨ ਸਿੰਘ ਤਾਤਲਾ, ਡਾ: ਬੂਟਾ ਸਿੰਘ ਬਰਾੜ, ਡਾ: ਜੋਗਾ ਸਿੰਘ ਅਤੇ ਕੁਝ ਹੋਰ ਵਿਸ਼ੇਸ਼ੱਗ ਲੇਖਕਾਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।
ਪੰਜਾਬ ਦੇ ਗੌਰਵਮਈ ਇਤਿਹਾਸ ਅਤੇ ਵਿਰਸੇ ਦੀ ਬਾਤ ਪਾਉਣ ਪਿੱਛੋਂ ਪੰਜਾਬੀ ਸੂਬੇ ਲਈ ਕੀਤੇ ਸੰਘਰਸ਼ ਦਾ ਇਤਿਹਾਸ ਬਿਆਨ ਕੀਤਾ ਗਿਆ ਹੈ। ਇਸ ਪ੍ਰਿਸ਼ਠਭੂਮੀ ਤੋਂ ਬਾਅਦ ਨਵੇਂ ਪੰਜਾਬ ਵਿਚ ਉੱਸਰੇ ਸੱਭਿਆਚਾਰ ਦੇ ਹਰ ਮਹੱਤਵਪੂਰਨ ਅਧਿਆਇ ਨੂੰ ਪੁਸਤਕ ਦਾ ਅੰਗ ਬਣਾਇਆ ਗਿਆ ਹੈ, ਜਿਵੇਂ : ਖੇਤੀਬਾੜੀ, ਖੇਡਾਂ, ਸਾਹਿਤ, ਭਾਸ਼ਾ, ਲਿਪੀ, ਪ੍ਰਮੁੱਖ ਸ਼ਖ਼ਸੀਅਤਾਂ, ਇਤਿਹਾਸਕ ਸ਼ਹਿਰ, ਯਾਦਗਾਰਾਂ, ਪਰਵਾਸੀ ਮਾਮਲੇ ਅਤੇ ਵਿੱਦਿਅਕ ਢਾਂਚੇ ਦਾ ਵਿਕਾਸ। ਇਸ ਪੁਸਤਕ ਨੂੰ ਪੜ੍ਹਨ ਦੌਰਾਨ ਮੈਨੂੰ ਭਾਸ਼ਾ ਵਿਭਾਗ ਵੱਲੋਂ 1960 ਈ: ਵਿਚ ਪ੍ਰਕਾਸ਼ਿਤ ਪੁਸਤਕ 'ਪੰਜਾਬ' ਦੀ ਯਾਦ ਵੀ ਬਰਾਬਰ ਆਉਂਦੀ ਰਹੀ ਹੈ। ਉਹ ਪੁਸਤਕ ਪੰਜਾਬੀ ਸੂਬੇ ਤੋਂ ਪਹਿਲਾਂ ਦਾ ਬਿਰਤਾਂਤ ਪੇਸ਼ ਕਰਦੀ ਸੀ, ਇਹ ਬਾਅਦ ਦਾ ਕਰਦੀ ਹੈ ਪਰ ਦੋਵਾਂ ਦੀ ਇਕ ਸਾਂਝੀ ਕੜੀ ਜ਼ਰੂਰ ਦਿਖਾਈ ਦੇ ਜਾਂਦੀ ਹੈ ਅਤੇ ਉਹ ਹੈ ਵਿਰਸੇ ਦਾ ਗੌਰਵ। ਮੈਂ ਇਸ ਪੁਸਤਕ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ।

c c c

ਸਵੇਰੇ-ਸਵੇਰੇ
ਲੇਖਕ : ਡਾ: ਧਰਮਿੰਦਰ ਸਿੰਘ ਉੱਭਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 175 ਰੁਪਏ, ਸਫ਼ੇ : 106
ਸੰਪਰਕ : 98557-11380.

ਡਾ: ਧਰਮਿੰਦਰ ਸਿੰਘ ਉੱਭਾ ਪੰਜਾਬ ਦੇ ਸਿੱਖਿਆ ਖੇਤਰ ਦਾ ਸੰਚਾਲਨ ਕਰਨ ਵਾਲਾ ਇਕ ਜ਼ਿੰਮੇਵਾਰ ਅਧਿਕਾਰੀ ਹੈ। ਯੁਵਾ-ਵਰਗ ਨਾਲ ਨਿਰੰਤਰ ਅੰਤਰ-ਕਿਰਿਆਵਾਂ ਰਚਾਉਂਦੇ ਰਹਿਣ ਕਾਰਨ ਉਹ ਜਾਣਦਾ ਹੈ ਕਿ ਇਸ ਵਰਗ ਨੂੰ ਸਕ੍ਰਿਆ ਅਤੇ ਆਸ਼ਾਵਾਦੀ ਬਣਾਏ ਰੱਖਣ ਲਈ ਕਿਸ ਪ੍ਰਕਾਰ ਦੇ ਸਾਹਿਤ ਦੀ ਜ਼ਰੂਰਤ ਹੈ। 'ਸਵੇਰੇ-ਸਵੇਰੇ' ਵਿਚ ਸੰਕਲਿਤ ਉਸ ਦੇ 110 ਲਘੂ-ਲੇਖ ਇਸ ਜ਼ਰੂਰਤ ਵਿਚੋਂ ਪੈਦਾ ਹੋਏ ਹਨ।
ਧਰਮਿੰਦਰ ਸਿੰਘ ਉੱਭਾ ਨਿਯਮਤ ਤੌਰ 'ਤੇ ਲਿਖਣ ਵਾਲਾ ਇਕ ਜ਼ਿੰਮੇਵਾਰ ਲੇਖਕ ਹੈ। ਰੋਜ਼ਮਰ੍ਹਾ ਦੀਆਂ ਸਾਧਾਰਨ ਅਤੇ ਕਿਸੇ ਦਿਨ-ਤਿਉਹਾਰ ਦੀਆਂ ਵਿਸ਼ੇਸ਼ ਘਟਨਾਵਾਂ ਬਾਰੇ ਉਸ ਦੇ ਮਨ ਅੰਦਰ ਜਿਹੋ-ਜਿਹੇ ਵਲਵਲੇ ਪੈਦਾ ਹੁੰਦੇ ਹਨ, ਉਨ੍ਹਾਂ ਨੂੰ ਉਹ ਕਾਗਜ਼ ਉੱਪਰ ਉਤਾਰਨ ਵਿਚ ਅਣਗਹਿਲੀ ਨਹੀਂ ਕਰਦਾ। ਹਰ ਸ਼ਖ਼ਸ ਨੂੰ ਉਸ ਤੋਂ ਪ੍ਰੇਰਨਾ ਲੈ ਕੇ ਇਸ ਪ੍ਰਕਾਰ ਦਾ ਉੱਦਮ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਬੰਦੇ ਦਾ ਜੀਵਨ ਪ੍ਰਤੀ ਉਤਸ਼ਾਹ ਵਧਦਾ ਹੈ। ਉਹ ਆਪਣੀਆਂ ਸੀਮਾਵਾਂ ਨੂੰ ਵੀ ਸੰਭਾਵਨਾਵਾਂ ਬਣਾ ਸਕਦਾ ਹੈ। ਪੁਸਤਕ ਦੇ ਪਹਿਲੇ ਲੇਖ 'ਆਓ ਜੇਤੂ ਬਣੀਏ' ਵਿਚ ਉਹ ਲਿਖਦਾ ਹੈ, 'ਜੇਤੂ ਜਨਮ ਨਹੀਂ ਲੈਂਦੇ, ਜੇਤੂ ਬਣਦੇ ਹਨ। ਜੇਤੂ ਬਣਨ ਲਈ ਉੱਚੇ-ਸੁੱਚੇ ਸੁਪਨੇ, ਸਹੀ ਸੋਚ, ਸੱਚੀ ਸ਼ਰਧਾ ਨਿਰੰਤਰ ਲਗਨ ਤੇ ਚੰਗੀ ਨੀਅਤ ਦੀ ਲੋੜ ਹੁੰਦੀ ਹੈ। ਫਿਰ ਜੇਤੂ ਹੋਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ।' ਉਸ ਦਾ ਹਰ ਲੇਖ ਯੁਵਾ ਪੀੜ੍ਹੀ (ਅਤੇ ਹੋਰ ਲੋਕਾਂ ਨੂੰ ਵੀ) ਨੂੰ ਸਵੱਸਥ ਅਤੇ ਕਲਿਆਣਕਾਰੀ ਸੋਚ ਅਪਣਾਉਣ ਉੱਪਰ ਜ਼ੋਰ ਦਿੰਦਾ ਹੈ।
ਡਾ: ਉੱਭਾ ਵੱਲੋਂ ਲਿਖੇ ਗਏ ਕੁਝ ਹੋਰ ਲੇਖਾਂ ਦੀ ਵਸਤੂ-ਸਮੱਗਰੀ ਦੇਖੋ : ਭਾਈਆਂ ਬਾਝ ਨਾ ਮਜਲਿਸਾਂ ਸੋਂਹਦੀਆਂ ਨੇ, ਭੈਣਾਂ ਵਰਗਾ ਸਾਕ ਨਾ ਕੋਈ, ਜ਼ਿੰਦਾਦਿਲੀ ਹੀ ਜ਼ਿੰਦਗੀ ਹੈ, ਪ੍ਰਸੰਸਾ ਵਿਚ ਕੰਜੂਸੀ ਕਿਉਂ? ਮਾਪੇ ਬਣੋ ਪਰ ਮਾਪਾਗਿਰੀ ਨਾ ਕਰੋ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਹਮੇਸ਼ਾ ਜੀਵਿਤ ਰੱਖੋ ਆਪਣੇ ਅੰਦਰਲਾ ਬੱਚਾ, ਕੁਦਰਤ ਨਾਲ ਖਿਲਵਾੜ ਜੀਵਨ ਨਾਲ ਖਿਲਵਾੜ, ਸਹੀ ਭੋਜਨ ਸਹੀ ਸਿਹਤ, ਸਾਡਾ ਪਰਿਵਾਰ ਸਾਡਾ ਸੰਚਾਰ, ਅਨੁਸ਼ਾਸਨ ਹੀ ਜੀਵਨ ਹੈ, ਚੰਗਿਆਈ ਦਾ ਸੰਦੇਸ਼ ਦੇਵੋ... ਇਤਿਆਦਿ। ਅੱਜ ਤੋਂ 5-6 ਦਹਾਕੇ ਪਹਿਲਾਂ ਸ: ਗੁਰਬਖਸ਼ ਸਿੰਖ ਪ੍ਰੀਤਲੜੀ ਇਹੋ ਜਿਹੇ ਪ੍ਰੇਰਨਾ ਭਰਪੂਰ ਲੇਖ ਲਿਖਿਆ ਕਰਦਾ ਸੀ। ਉਸ ਤੋਂ ਬਾਅਦ ਇਸ ਪ੍ਰਕਾਰ ਦੀ ਲੇਖ ਰਚਨਾ ਡਾ: ਧਰਮਿੰਦਰ ਸਿੰਘ ਉੱਭਾ ਕਰ ਰਿਹਾ ਹੈ। ਆਪਣੇ ਆਸ-ਪਾਸ ਫੈਲੇ ਜੀਵਨ ਬਾਰੇ ਉਸ ਦੀਆਂ ਟਿੱਪਣੀਆਂ ਬਹੁਤ ਸਾਰਥਕ ਅਤੇ ਵਿਸ਼ਵਾਸਯੋਗ ਪ੍ਰਤੀਤ ਹੁੰਦੀਆਂ ਹਨ। ਅਜੋਕੇ ਅਰਾਜਕ ਮਾਹੌਲ ਵਿਚ ਇਹੋ ਜਿਹੀਆਂ ਟਿੱਪਣੀਆਂ ਅਤਿਅੰਤ ਪ੍ਰਸੰਗਿਕ ਹਨ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਸਰਬੰਸ ਦਾਨੀ
ਗੁਰੂ ਗੋਬਿੰਦ ਸਿੰਘ
ਲੇਖਿਕਾ : ਡਾ: ਮਹਿੰਦਰ ਕੌਰ ਗਿੱਲ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 595 ਰੁਪਏ (ਪੇਪਰ ਬੈਕ-450), ਸਫ਼ੇ : 432
ਸੰਪਰਕ : 011-23280657.

2016 ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ 350ਵੇਂ ਜਨਮ ਵਰ੍ਹੇ ਵਜੋਂ ਦੇਸ਼-ਵਿਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਇਸ ਅਵਸਰ 'ਤੇ ਗੁਰੂ ਸਾਹਿਬ ਤੇ ਉਨ੍ਹਾਂ ਵੱਲੋਂ ਵਾਰੇ ਗਏ ਪਰਿਵਾਰ/ਸਰਬੰਸ ਬਾਰੇ ਸੰਗਠਿਤ ਤੇ ਭਰੋਸੇਯੋਗ ਜਾਣਕਾਰੀ ਇਕੋ ਪੁਸਤਕ ਵਿਚ ਪਾਠਕਾਂ ਅੱਗੇ ਪਰੋਸਣ ਦਾ ਉੱਦਮ ਗੁਰਬਾਣੀ/ਗੁਰਮਤਿ ਤੇ ਸਿੱਖ ਸਾਹਿਤ ਦੀ ਸਾਡੇ ਸਮੇਂ ਦੀ ਸ਼੍ਰੋਮਣੀ ਲੇਖਿਕਾ ਡਾ: ਮਹਿੰਦਰ ਕੌਰ ਗਿੱਲ ਨੇ ਇਹ ਪੁਸਤਕ ਸਿਰਜ ਕੇ ਕੀਤਾ ਹੈ। ਸੌ ਤੋਂ ਵੱਧ ਕਿਤਾਬਾਂ ਦੀ ਲੇਖਿਕਾ ਡਾ: ਗਿੱਲ ਨੇ ਇਸ ਪੁਸਤਕ ਵਿਚ ਗੁਰੂ ਪਾਤਸ਼ਾਹ ਦੇ ਪਿਤਾ, ਮਾਤਾ, ਮਹਿਲਾਂ ਤੇ ਚਾਰੇ ਸਾਹਿਬਜ਼ਾਦਿਆਂ ਬਾਰੇ ਵਿਸਤਾਰ ਨਾਲ ਗੱਲ ਕੀਤੀ ਹੈ। ਇਸ ਤੋਂ ਬਿਨਾਂ ਉਸ ਨੇ ਭਗਤੀ ਤੇ ਸ਼ਕਤੀ ਦੇ ਮਸੀਹਾ ਗੁਰੂ ਦਸਮੇਸ਼ ਦੇ ਬਚਪਨ, ਜਵਾਨੀ, ਜੰਗਾਂ, ਯੁੱਧਾਂ, ਕਾਵਿ-ਸਿਰਜਨਾ, ਖ਼ਾਲਸੇ ਦੀ ਸਿਰਜਣਾ, ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਸਦੀਵੀ ਗੁਰੂ ਥਾਪਣ, ਬੰਦਾ ਵੈਰਾਗੀ ਨੂੰ ਬੰਦਾ ਸਿੰਘ ਬਹਾਦਰ (ਗੁਰਬਖਸ਼ ਸਿੰਘ) ਬਣਾ ਕੇ ਜ਼ੁਲਮੀ ਸੱਤਾ ਨੂੰ ਖ਼ਤਮ ਕਰਨ ਲਈ ਤੋਰਨ ਦੇ ਬਿਰਤਾਂਤ ਪੁਰਾਤਨ/ਨਵੀਨ ਪ੍ਰਾਥਮਿਕ/ਦੁਜੈਲੇ ਸੋਮਿਆਂ ਦੇ ਆਧਾਰ 'ਤੇ ਸਿਰਜ ਕੇ ਪਾਠਕਾਂ ਨੂੰ ਲੋੜੀਂਦੀ ਜਾਣਕਾਰੀ ਲਈ ਇਧਰ-ਉਧਰ ਭਟਕਣ ਤੋਂ ਬਚਾਅ ਦਿੱਤਾ ਹੈ।
ਡਾ: ਗਿੱਲ ਗੁਰੂ ਪਾਤਸ਼ਾਹ, ਉਨ੍ਹਾਂ ਦੇ ਮਹਿਲਾਂ, ਦਸਮ ਪਾਤਸ਼ਾਹ ਦੀ ਬਾਣੀ ਬਾਰੇ ਸਮੇਂ-ਸਮੇਂ ਖੋਜ ਪੱਤਰ ਅਤੇ ਪੁਸਤਕਾਂ ਰਚਦੀ ਰਹੀ ਹੈ। ਉਨ੍ਹਾਂ ਵਿਚਲੀ ਸਾਮੱਗਰੀ ਵਿਚੋਂ ਉਸ ਨੇ ਕਾਫੀ ਕੁਝ ਇਸ ਕਾਰਜ ਵਿਚ ਵਰਤਿਆ ਹੈ। ਜਿਥੇ ਵੀ ਲੋੜ ਪਈ ਹੈ, ਇਸ ਨੂੰ ਇਕ ਸੰਗਠਿਤ ਤੇ ਸੰਪੂਰਨ ਪ੍ਰਾਜੈਕਟ ਦਾ ਰੂਪ ਦੇਣ ਲਈ ਉਸ ਨੇ ਨਵੇਂ ਤੇ ਵਿਸਤ੍ਰਿਤ ਅਧਿਆਇ ਲਿਖੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਜੀਵਨ ਬਿਰਤਾਂਤ ਦੇ ਲਗਪਗ ਦੋ ਸੌ ਪੰਨੇ ਸ਼ਾਇਦ ਪਹਿਲੀ ਵਾਰ ਇਸੇ ਪੁਸਤਕ ਦੇ ਜ਼ਰੀਏ ਪਾਠਕਾਂ ਸਾਹਮਣੇ ਆ ਰਹੇ ਹਨ।
ਮਾਤਾ ਸੁੰਦਰੀ ਜੀ ਦੇ ਪਾਲਿਤ ਪੁੱਤਰ, ਮਾਤਾ ਸਾਹਿਬਾਨ ਦੇ ਹੁਕਮਨਾਮਿਆਂ, ਗੁਰੂ ਪਾਤਸ਼ਾਹ ਦੇ ਦਰਬਾਰੀ ਕਵੀਆਂ, ਗੁਰੂ ਸਾਹਿਬ ਦੀ ਬਾਣੀ, ਦਸਮ ਗ੍ਰੰਥ ਵਿਚ ਸੰਕਲਿਤ ਸਮੱਗਰੀ, ਹਕਾਇਤਾਂ ਤੇ ਜ਼ਫ਼ਰਨਾਮੇ ਦੀ ਅਰਥਾਂ ਸਹਿਤ ਸੰਪੂਰਨ ਵਿਆਖਿਆ-ਸਾਰਾ ਕੁਝ ਇਕੋ ਪੁਸਤਕ ਵਿਚ ਪਾਠਕ ਨੂੰ ਦੇਣ ਦਾ ਉੱਦਮ ਪ੍ਰਸੰਸਾਯੋਗ ਹੈ। ਪ੍ਰਕਾਸ਼ਕ ਨੇ ਪੁਸਤਕ ਦੀ ਕੀਮਤ ਲੋੜੋਂ ਵੱਧ ਰੱਖ ਕੇ ਚੰਗਾ ਨਹੀਂ ਕੀਤਾ।

c c c

ਸੰਵਾਦ -4
ਮੁੱਖ ਸੰਪਾਦਕ : ਡਾ: ਮਹਿਲ ਸਿੰਘ
ਪ੍ਰਕਾਸ਼ਕ : ਖ਼ਾਲਸਾ ਕਾਲਜ, ਅੰਮ੍ਰਿਤਸਰ
ਮੁੱਲ : 125, ਸਫ਼ੇ : 220
ਸੰਪਰਕ : 85288-28200.

ਸੰਵਾਦ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਪੰਜਾਬੀ ਦਾ ਰੈਫ਼ਰੀਡ ਰਿਸਰਚ ਜਰਨਲ ਹੈ। ਛਿਮਾਹੀ ਖੋਜ ਰਿਸਾਲਾ। ਦੋ ਸਾਲ ਹੋ ਜਾਣਗੇ ਇਸ ਅੰਕ ਨਾਲ ਇਸ ਦੇ। ਪੰਜਾਬੀ ਵਿਚ ਅਧਿਐਨ, ਖੋਜ ਤੇ ਅਧਿਆਪਨ ਦੇ ਮੌਕੇ ਵਧਣ ਦੇ ਬਾਵਜੂਦ ਪਿਛਲੇ ਦੋ ਕੁ ਦਹਾਕਿਆਂ ਵਿਚ ਇਨ੍ਹਾਂ ਦਾ ਪੱਧਰ ਦਿਨੋ-ਦਿਨ ਨਿੱਘਰ ਰਿਹਾ ਸੀ। ਸੰਵਾਦ ਦੇ ਪਹਿਲੇ ਹੀ ਅੰਕ ਨੇ ਇਸ ਪੱਖੋਂ ਸਿਫ਼ਤੀ ਮੋੜ ਦੀ ਆਸ ਬੰਨ੍ਹਾਈ ਸੀ ਤੇ ਇਸ ਉਮੀਦ ਉੱਤੇ ਇਹ ਹੁਣ ਤੱਕ ਖਰਾ ਸਾਬਤ ਹੋ ਰਿਹਾ ਹੈ। ਉਹੀ ਪੈਟਰਨ ਹੈ ਇਸ ਦਾ।
ਨਵੇਂ ਤੇ ਪੁਰਾਣੇ ਅਧਿਆਪਕਾਂ ਦਾ ਸੰਵਾਦ। ਸੀਨੀਅਰ ਅਧਿਆਪਕ ਤੋਂ ਰਿਟਾਇਰ ਹੋ ਚੁੱਕੇ ਹਨ ਜਾਂ ਰਿਟਾਇਰਮੈਂਟ ਦੇ ਨੇੜੇ-ਤੇੜੇ ਹਨ-ਉਨ੍ਹਾਂ ਦੀਆਂ ਲਿਖਤਾਂ ਨਵੀਂ ਪੀੜ੍ਹੀ ਦੇ ਮਾਰਗ ਦਰਸ਼ਨ ਵਾਸਤੇ ਇਸ ਜਰਨਲ ਵਿਚ ਪ੍ਰਾਥਮਿਕ ਮਹੱਤਵ ਹਾਸਲ ਕਰ ਰਹੀਆਂ ਹਨ। ਇਨ੍ਹਾਂ ਦੇ ਨਾਲ ਹੀ ਉਨ੍ਹਾਂ ਤੋਂ ਅਗਲੀ ਤੇ ਫਿਰ ਅਸਲੋਂ ਨਵੀਂ ਪੀੜ੍ਹੀ ਦੀਆਂ ਲਿਖਤਾਂ ਸਮਕਾਲੀ ਪੰਜਾਬੀ ਅਕਾਦਮਿਕ ਜਗਤ ਦੀ ਸਥਿਤੀ ਪਾਠਕ ਨੂੰ ਸਪੱਸ਼ਟ ਕਰ ਰਹੀਆਂ ਹਨ।
ਇਸ ਚੌਥੇ ਅੰਕ ਵਿਚ ਸੁਰਜੀਤ ਭੱਟੀ ਦੀ ਜ਼ਫ਼ਰਨਾਮੇ ਬਾਰੇ ਖੋਜਪੂਰਨ ਲਿਖਤ ਤੇ ਸੁਖਦੇਵ ਸਿੰਘ ਸਿਰਸਾ ਦਾ ਪੰਜਾਬੀ ਸੂਫ਼ੀ ਕਾਵਿ ਬਾਰੇ ਖੋਜ ਪੱਤਰ ਪੁਰਾਣੀ ਪੀੜ੍ਹੀ ਦੀ ਪ੍ਰਤੀਨਿਧਤਾ ਕਰ ਰਹੇ ਹਨ। ਇਨ੍ਹਾਂ ਦੇ ਨਾਲ ਹੀ ਸੁਰਿੰਦਰ ਦਵੇਸ਼ਵਰ ਆਧੁਨਿਕ ਪੰਜਾਬੀ ਸਾਹਿਤ ਦੀ ਸਮਾਜਿਕ ਸਾਰਥਕਤਾ, ਬਲਦੇਵ ਧਾਲੀਵਾਲ 21ਵੀਂ ਸਦੀ ਦੀ ਪੰਜਾਬੀ ਕਹਾਣੀ, ਰਾਜਿੰਦਰਪਾਲ ਬਰਾੜ ਦਾ ਮੋਹਨਜੀਤ ਦੀ ਕਾਵਿ-ਪੁਸਤਕ ਕੋਣੇ ਦਾ ਸੂਰਜ ਦਾ ਵਿਸ਼ਲੇਸ਼ਣ, ਅਮਰਜੀਤ ਗਰੇਵਾਲ ਦਾ ਸਮਕਾਲੀ ਸਾਹਿਤ ਤੇ ਪੰਜਾਬੀ ਸੰਵੇਦਨਾ ਤੇ ਸੁਖਵਿੰਦਰ ਸੰਘਾ ਦਾ ਪੰਜਾਬੀ ਉਚਾਰਨ ਬਾਰੇ ਖੋਜ ਨਿਬੰਧ ਗੰਭੀਰ ਤੇ ਮਿਆਰੀ ਲਿਖਤਾਂ ਹਨ। ਅਗਲੇਰੀ ਪੀੜ੍ਹੀ ਵਿਚ ਸਰਬਜੀਤ ਸਿੰਘ, ਭੀਮ ਇੰਦਰ ਸਿੰਘ, ਡਾ: ਮਨਮੋਹਨ, ਯੋਗਰਾਜ ਹਨ। ਨਵੀਂ ਪੀੜ੍ਹੀ ਦੇ ਬਲਜਿੰਦਰ ਨਸਰਾਲੀ, ਰਮਿੰਦਰ/ਰਾਜਬੀਰ, ਸੁਖਪਾਲ ਥਿੰਦ, ਗੁਰਮੁਖ ਸਿੰਘ, ਰਵਿੰਦਰ ਸਿੰਘ, ਗੁਪਾਲ ਸਿੰਘ ਬੁੱਟਰ, ਕਮਲਜੀਤ ਸਿੰਘ, ਪਰਮਜੀਤ ਮੀਸ਼ਾ, ਯਾਦਵਿੰਦਰ ਸਿੰਘ ਤੇ ਜਗਜੀਵਨ ਸਿੰਘ ਹਨ।
ਸੰਵਾਦ ਦੀਆਂ ਲਿਖਤਾਂ ਦਾ ਘੇਰਾ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਦੇ ਸਿਧਾਂਤਕ ਤੇ ਵਿਹਾਰਕ ਦੋਵਾਂ ਖੇਤਰਾਂ ਤੱਕ ਫੈਲਿਆ ਹੋਇਆ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਦਰਵੇਸ਼ ਸਿਆਸਤਦਾਨ ਜਥੇਦਾਰ ਉਜਾਗਰ ਸਿੰਘ ਸੇਖਵਾਂ
ਲੇਖਕ : ਪ੍ਰੋ: ਹਰਭਜਨ ਸਿੰਘ ਸੇਖੋਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 148
ਸੰਪਰਕ : 81466-50460.

ਇਹ ਪੁਸਤਕ ਜਥੇਦਾਰ ਉਜਾਗਰ ਸਿੰਘ ਸੇਖਵਾਂ ਦੇ ਜੀਵਨ, ਕਾਰਜਸ਼ੈਲੀ ਅਤੇ ਸ਼ਖ਼ਸੀਅਤ 'ਤੇ ਚਾਨਣਾ ਪਾਉਂਦੀ ਹੈ। ਜਥੇਦਾਰ ਜੀ ਦਾ ਸੁਭਾਅ ਦਰਵੇਸ਼ੀ, ਸਾਦਗੀ, ਸਿਰੜ, ਅਣਥੱਕ ਮਿਹਨਤ ਅਤੇ ਲਗਨ ਦਾ ਸੁਮੇਲ ਸੀ। ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਤੋਂ ਲੈ ਕੇ ਐਕਟਿੰਗ ਪ੍ਰਧਾਨ, ਪੰਚਾਇਤ ਮੈਂਬਰ ਅਤੇ ਐਮ.ਐਲ.ਏ. ਬਣੇ। ਲੇਖਕ ਨੇ ਉਨ੍ਹਾਂ ਦੀ ਪ੍ਰਭਾਵਸ਼ਾਲੀ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਦੇਣ ਨੂੰ ਬਹੁਤ ਸੁਚੱਜੇ ਢੰਗ ਨਾਲ ਕਲਮਬੱਧ ਕੀਤਾ ਹੈ। ਸੀਮਤ ਸਾਧਨਾਂ ਅਤੇ ਮੁਸ਼ਕਿਲਾਂ ਦੇ ਹੁੰਦਿਆਂ ਵੀ ਜਥੇਦਾਰ ਜੀ ਨੇ ਚੜ੍ਹਦੀ ਕਲਾ ਵਿਚ ਰਹਿ ਕੇ ਗੁਰਬਾਣੀ ਤੋਂ ਸੇਧ ਲੈ ਕੇ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ 'ਤੇ ਚੱਲ ਕੇ ਜੀਵਨ ਦੇ ਸੰਘਰਸ਼ ਨੂੰ ਫ਼ਤਹਿ ਕੀਤਾ। ਉਨ੍ਹਾਂ ਨੇ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ, ਸਿੱਖ ਦਰਸ਼ਨ ਅਤੇ ਇਤਿਹਾਸ ਤੋਂ ਸੇਧ ਲੈ ਕੇ ਲੋਕ ਸੇਵਾ ਕੀਤੀ। ਉਨ੍ਹਾਂ ਦਾ ਜਨਮ ਇਕ ਗ਼ਰੀਬ ਕਿਸਾਨ ਪਰਿਵਾਰ ਵਿਚ ਹੋਇਆ। ਗ਼ਰੀਬੀ ਕਰਕੇ ਉਹ ਸਕੂਲੀ ਵਿੱਦਿਆ ਵੀ ਨਾ ਲੈ ਸਕੇ ਪਰ ਆਪਣੀ ਸ਼ਰਧਾ, ਹਿੰਮਤ ਅਤੇ ਸ਼ੌਕ ਕਾਰਨ ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਦੇ ਅੱਖਰ ਉਠਾਉਣੇ ਸਿੱਖ ਲਏ। ਘੱਟ ਅੱਖਰੀ ਗਿਆਨ ਹੋਣ ਦੇ ਬਾਵਜੂਦ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬਾਈਬਲ, ਗੀਤਾ ਅਤੇ ਕੁਰਾਨ ਨੂੰ ਪੜ੍ਹਿਆ ਅਤੇ ਏਨਾ ਗਿਆਨ ਵਧਾਇਆ ਕਿ ਰਸਮੀ ਪੜ੍ਹਿਆਂ-ਲਿਖਿਆਂ ਤੋਂ ਅੱਗੇ ਨਿਕਲ ਗਏ। ਗੁਰੂ ਸਾਹਿਬਾਨ ਜੀ ਦੇ ਮਹਾਨ ਪਰਉਪਕਾਰੀ ਜੀਵਨ ਤੋਂ ਸੇਧ ਲੈ ਕੇ ਉਨ੍ਹਾਂ ਨੇ ਸਮਾਜ ਦੀ ਬਹੁਤ ਸੇਵਾ ਕੀਤੀ ਅਤੇ ਉਮਰ ਭਰ ਵਿਚ ਸੇਵਾ ਨਿਭਾਈ।
ਉਹ ਗ਼ਰੀਬਾਂ ਅਤੇ ਕਮਜ਼ੋਰਾਂ ਦੇ ਸੱਚੇ ਹਮਦਰਦ ਸਨ। ਉਹ ਇਮਾਨਦਾਰੀ, ਦਿਆਨਤਦਾਰੀ ਅਤੇ ਸਚਾਈ ਦੇ ਮੁਜੱਸਮੇ ਸਨ। ਰਾਜਸੀ ਜੀਵਨ ਵਿਚ ਉਨ੍ਹਾਂ ਨੇ ਜੇਲ੍ਹਾਂ ਵੀ ਕੱਟੀਆਂ ਪਰ ਕਦੇ ਵੀ ਢਹਿੰਦੀ ਕਲਾ ਵਿਚ ਨਹੀਂ ਗਏ। ਨੀਲਾ ਤਾਰਾ ਘਟਨਾ ਤੋਂ ਬਾਅਦ ਦੇ ਪ੍ਰਤੀਕਰਮ ਬਾਰੇ ਪੁੱਛਣ 'ਤੇ ਇਨ੍ਹਾਂ ਨੇ ਕਿਹਾ ਕਿ ਸਿੱਖ ਭਾਵੇਂ ਜੰਮੇ ਜਾਂ ਮਰੇ, ਉਸ ਦੀ ਅਵਸਥਾ ਸਦਾ ਹੀ 'ਅਨੰਦ ਭਇਆ ਮੇਰੀ ਮਾਏ' ਵਾਲੀ ਹੀ ਰਹਿੰਦੀ ਹੈ। ਇਸ ਮਹਾਨ ਸ਼ਖ਼ਸੀਅਤ ਬਾਰੇ ਬੇਬਾਕੀ ਅਤੇ ਪੁਖ਼ਤਗੀ ਨਾਲ ਲਿਖਣਾ ਲੇਖਕ ਦੀ ਪ੍ਰਾਪਤੀ ਹੈ।
c c c

ਬੌਛਾਰ
ਕਹਾਣੀਕਾਰ : ਰਤਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 099111-46994.

ਇਹ ਪੁਸਤਕ 27 ਕਹਾਣੀਆਂ ਦੀ ਖੂਬਸੂਰਤ ਚੰਗੇਰ ਹੈ। ਇਹ ਕਹਾਣੀਆਂ ਲੇਖਕ ਨੇ ਜ਼ਿੰਦਗੀ ਦੇ ਲੰਮੇ ਤਜਰਬਿਆਂ ਵਿਚੋਂ ਕਸ਼ੀਦ ਕੀਤੀਆਂ ਹਨ। ਇਨ੍ਹਾਂ ਵਿਚ ਭਾਵਕਤਾ ਵੀ ਹੈ, ਬੌਧਿਕਤਾ ਵੀ ਹੈ, ਭੋਲਾਪਣ ਵੀ ਹੈ, ਸਿਆਣਪ ਵੀ ਹੈ, ਕੌੜੀਆਂ ਸਚਾਈਆਂ ਵੀ ਹਨ ਅਤੇ ਮਿੱਠੇ ਪਲ ਵੀ ਸਮਾਏ ਹੋਏ ਹਨ। ਬਹੁਤ ਸਾਰੀਆਂ ਕਹਾਣੀਆਂ ਮਨੋਵਿਗਿਆਨਕ ਹਨ ਅਤੇ ਡੂੰਘੀਆਂ ਤਹਿਆਂ ਫਰੋਲਦੀਆਂ ਹਨ। ਹਰ ਇਕ ਕਹਾਣੀ ਵਿਚ ਕੋਈ ਸਾਰਥਕ ਸੁਨੇਹਾ ਹੈ। ਇਹ ਪਰੀ ਦੇਸ਼ ਦੀਆਂ ਕਥਾਵਾਂ ਵੀ ਹਨ, ਰਾਜੇ-ਰਾਣਿਆਂ ਅਤੇ ਰਿਸ਼ੀਆਂ ਦੀਆਂ ਵੀ ਹਨ ਅਤੇ ਆਮ ਲੋਕਾਂ ਦੀਆਂ ਵੀ ਹਨ। ਵਾਰਿਸ ਸ਼ਾਹ ਨੂੰ ਪਿਆਰ ਦਾ ਪੈਗੰਬਰ ਕਹਿ ਕੇ ਉਸ ਦੀਆਂ ਅੱਖਾਂ ਵਿਚੋਂ ਹੰਝੂ ਵਗਾਏ ਗਏ ਹਨ, ਕਿਉਂਕਿ ਮੁਹੱਬਤ ਦਾ ਪੈਗ਼ਾਮ ਦੇਣ ਵਾਲੇ ਕਿੱਸਾਕਾਰ ਨੂੰ ਵੀ ਹਿੰਦੁਸਤਾਨ ਅਤੇ ਪਾਕਿਸਤਾਨ ਵੰਡਣਾ ਚਾਹੁੰਦਾ ਹੈ। ਕਹਾਣੀਆਂ ਵਿਚ ਰਸ, ਰੰਗ ਅਤੇ ਰਵਾਨੀ ਹੈ। ਕਿਤੇ-ਕਿਤੇ ਤਾਂ ਇਹ ਕਵਿਤਾ ਵਰਗੀਆਂ ਹੀ ਲਗਦੀਆਂ ਹਨ ਜਿਵੇਂ :
'ਮੇਰੀ ਜ਼ਿੰਦਗੀ ਦੀ ਸਵੇਰ ਦੁਪਹਿਰ ਵਿਚ ਬਦਲੀ, ਫਿਰ ਸ਼ਾਮ ਆ ਗਈ ਅਤੇ ਹੁਣ ਰਾਤ ਆਉਣ ਦੀ ਦਸਤਕ ਦੇ ਰਹੀ ਏ। ਜਿਸ ਹਨੇਰ ਵਿਚ ਪੈਦਾ ਹੋ ਕੇ ਮੈਂ ਵਕਤ ਦੇ ਵਹਿਣ ਵਿਚ ਸ਼ਾਮਿਲ ਹੋਇਆ ਸਾਂ, ਉਹੋ ਜਿਹੇ ਹਨੇਰੇ ਮੇਰੇ ਆਲੇ-ਦੁਆਲੇ ਮੰਡਰਾ ਰਹੇ ਹਨ..... ਸੂਰਜ ਆਪਣੇ-ਆਪ ਨੂੰ ਅੱਗ ਲਾ ਕੇ ਧੁੱਪ ਤੇ ਰੌਸ਼ਨੀ ਦੇ ਰਿਹਾ ਏ, ਚੰਨ, ਸੂਰਜ ਦੀ ਰੌਸ਼ਨੀ ਨੂੰ, ਚਾਂਦਨੀ ਵਿਚ ਬਦਲ ਕੇ ਰਾਤਾਂ ਨੂੰ ਸੋਹਣਾ ਬਣਾ ਰਿਹਾ ਏ, ਤਾਰੇ ਹਨੇਰੀਆਂ ਰਾਤਾਂ ਨੂੰ ਰੌਸ਼ਨ ਕਰਨ ਲਈ ਰਾਤ ਭਰ ਟਿਮਟਿਮਾਉਂਦੇ ਰਹਿੰਦੇ ਨੇ, ਸਾਗਰ, ਪਹਾੜ, ਹਵਾ, ਸਾਰੇ ਧਰਤੀ ਦੀ ਸੇਵਾ ਵਿਚ ਰੁੱਝੇ ਨੇ।'
ਕਹਾਣੀਆਂ ਵਿਚ ਤਲਖ਼ ਹਕੀਕਤਾਂ ਦੀ ਗੱਲ ਕੀਤੀ ਗਈ ਹੈ ਪਰ ਰੌਚਿਕਤਾ ਬਰਕਰਾਰ ਰੱਖੀ ਗਈ ਹੈ। ਇਹ ਸੱਚਮੁੱਚ ਤਪ ਰਹੇ ਤਨ ਮਨ ਲਈ ਸੀਤਲ ਬੌਛਾਰ ਦਾ ਕੰਮ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਦਾ ਭਰਪੂਰ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਗ਼ਦਰ ਦਾ ਸਿਰਨਾਵਾਂ
ਸ਼ਹੀਦ ਕਰਤਾਰ ਸਿੰਘ ਸਰਾਭਾ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 176
ਸੰਪਰਕ : 94178-55876.

ਦੇਸ਼ ਦੀ ਆਜ਼ਾਦੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਲਹਿਰ ਦੇ ਇਤਿਹਾਸ 'ਤੇ ਰੌਸ਼ਨੀ ਪਾਉਣ ਵਾਲੇ ਇਸ ਇਤਿਹਾਸਕ ਪਿੱਠਭੂਮੀ ਵਾਲੇ ਨਾਵਲ ਦਾ ਪਲਾਟ 45 ਕਾਡਾਂ ਵਿਚ ਫੈਲਿਆ ਹੋਇਆ ਹੈ। ਨਾਵਲਕਾਰ ਨੇ ਇਸ ਕਥਾ ਰਾਹੀਂ ਗ਼ਦਰ ਲਹਿਰ ਦੀ ਸ਼ੁਰੂਆਤ, ਉਸ ਦੇ ਏਜੰਡੇ ਅਤੇ ਹਿੰਦੁਸਤਾਨੀਆਂ ਤੱਕ ਗ਼ਦਰ ਅਖ਼ਬਾਰ ਅਤੇ ਗ਼ਦਰ ਲਹਿਰ ਦੀ ਪਹੁੰਚ ਨੂੰ ਵੀ ਬਾਖ਼ੂਬੀ ਦਰਸਾਇਆ ਹੈ। ਕਰਤਾਰ ਸਿੰਘ ਨੂੰ ਮੁੱਖ ਪਾਤਰ ਵਜੋਂ ਪੇਸ਼ ਕਰਨ ਦੇ ਨਾਲ ਨਾਲ ਗ਼ਦਰ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਦੇਸ਼ ਭਗਤਾਂ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਰਾਸ ਬਿਹਾਰੀ ਬੋਸ ਅਤੇ ਹੋਰ ਵੀ ਅਨੇਕਾਂ ਦੇਸ਼ ਭਗਤਾਂ, ਗ਼ਦਰੀਆਂ ਨੂੰ ਵੀ ਨਾਵਲ ਦੇ ਪਾਤਰਾਂ ਵਜੋਂ ਪੇਸ਼ ਕੀਤਾ ਹੈ। ਸਰਾਭੇ ਦਾ ਆਪਣੇ ਦਾਦੇ ਨਾਲ, ਪਰਿਵਾਰ ਨਾਲ ਪਿਆਰ, ਉਸ ਦਾ ਅਮਰੀਕਾ ਪੜ੍ਹਨ ਜਾਣਾ, ਆਜ਼ਾਦੀ ਦਾ ਸੁਪਨਾ ਦੇਖਣਾ, ਗ਼ਦਰ ਅਖ਼ਬਾਰ ਦੀ ਸ਼ੁਰੂਆਤ, ਜਥੇਬੰਦੀਆਂ ਤਿਆਰ ਕਰਨਾ, ਦੇਸ਼ ਵਿਚ ਗਦਰ ਦੀ ਤਿਆਰੀ ਲਈ ਯੋਜਨਾ ਬਣਾਉਣਾ, ਗ਼ਦਰ ਦਾ ਕੁਝ ਗੱਦਾਰਾਂ ਦੇ ਕਾਰਨ ਫੇਲ੍ਹ ਹੋਣਾ, ਸਰਾਭੇ ਨੂੰ ਫ਼ਾਂਸੀ ਹੋਣਾ ਆਦਿ ਇਤਿਹਾਸਕ ਘਟਨਾਵਾਂ ਨੂੰ ਨਾਵਲਕਾਰ ਨੇ ਬਾਖ਼ੂਬੀ ਨਾਵਲ ਵਿਚ ਪੇਸ਼ ਕੀਤਾ ਹੈ। 20 ਸਾਲ ਤੋਂ ਵੀ ਘੱਟ ਉਮਰ ਵਾਲੇ ਇਸ ਸਿਰੜੀ ਨੌਜਵਾਨ, ਜੋ ਗ਼ਦਰ ਲਹਿਰ ਦੀ ਰੂਹ ਸੀ, ਸਿਰੇ ਦਾ ਬੇਪਰਵਾਹ ਸੀ, ਬੇਖੌਫ਼ ਸੀ, ਜੋ ਆਪਣੀ ਸੂਰਮਗਤੀ, ਸਿਆਣਪ ਅਤੇ ਆਤਮ-ਵਿਸ਼ਵਾਸ ਸਦਕਾ ਸਾਰਿਆਂ ਦੇ ਦਿਲਾਂ 'ਤੇ ਰਾਜ ਕਰਦਾ ਸੀ, ਦੇ ਜੀਵਨ ਅਤੇ ਗ਼ਦਰ ਲਹਿਰ ਬਾਰੇ ਨਾਵਲਕਾਰ ਨੇ ਕਾਫ਼ੀ ਖ਼ੋਜ ਭਰਪੂਰ ਤੱਥ ਪੇਸ਼ ਕੀਤੇ ਹਨ। ਨਾਵਲ ਦਾ ਹਰ ਕਾਂਡ ਉਤਸੁਕਤਾ ਨੂੰ ਜਨਮ ਦਿੰਦਾ ਹੈ। ਠੋਸ ਇਤਿਹਾਸਕ ਵੇਰਵੇ, ਪਾਤਰਾਂ ਦਾ ਮਾਨਸਿਕ ਸੰਸਾਰ, ਗ਼ਦਰ ਅਤੇ ਦੇਸ਼ ਲਈ ਪ੍ਰੇਮ, ਆਜ਼ਾਦੀ ਲਈ ਤਤਪਰਤਾ ਦੀ ਸਰਲ ਭਾਸ਼ਾ ਅਤੇ ਰੌਚਕ ਵਾਰਤਾਲਾਪ ਕੀਤੀ ਪੇਸ਼ਕਾਰੀ ਨਾਵਲ ਨੂੰ ਕਿਤੇ ਵੀ ਨੀਰਸ ਨਹੀਂ ਹੋਣ ਦਿੰਦੀ। ਅਜੋਕੀ ਨੌਜਵਾਨ ਪੀੜ੍ਹੀ ਨੂੰ ਸਮਰਪਿਤ ਇਹ ਨਾਵਲ ਨੌਜਵਾਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ।

-ਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099

c c c

ਬੱਕਰੀਆਂ ਵਾਲੇ
ਲੇਖਕ : ਭਰਗਾ ਨੰਦ
ਪ੍ਰਕਾਸ਼ਕ : ਗੋਰਕੀ ਪਬਲਿਸ਼ਰਜ਼, ਲੁਧਿਆਣਾ
ਮੁੱਲ : 100, ਸਫੇ : 108
ਸੰਪਰਕ : 9878115515

ਹੱਥਲੇ ਕਹਾਣੀ ਸੰਗ੍ਰਹਿ ਵਿਚ ਲੇਖਕ ਨੇ ਸੋਲਾਂ ਕਹਾਣੀਆਂ ਦੀ ਕਥਾ-ਸਿਰਜਣਾ ਆਪਣੇ ਖੇਤਰ ਦੇ ਆਧਾਰ 'ਤੇ ਕੀਤੀ ਹੈ, ਜਿਨ੍ਹਾਂ ਵਿਚ ਸਮਾਜਿਕ ਸੱਭਿਆਚਾਰ ਤੇ ਸਾਡਾ ਵਿਰਸਾ ਝਲਕਦਾ ਨਜ਼ਰ ਆਉਂਦਾ ਹੈ। ਕਹਾਣੀਕਾਰ ਦਾ ਕਹਾਣੀਆਂ ਰਾਹੀਂ ਵਿਰਸਾ ਸੰਭਾਲਣ ਅਤੇ ਸੱਭਿਆਚਾਰ ਨਾਲ ਜੁੜਨ ਦਾ ਯਤਨ ਚੰਗਾ ਹੈ।
ਉਸ ਦੀਆਂ ਕਹਾਣੀਆਂ 'ਕਿਸ਼ਨ ਦੇਈ', 'ਬਾਪੂ', 'ਭਾਈਚਾਰਾ', 'ਘਰ ਵਾਪਸੀ', 'ਲੱਜਾ', 'ਕਾਲੂ ਦੀ ਸੋਹਣੀ', 'ਲੇਖੂ', 'ਕਾਇਆ ਪਲਟ', 'ਪ੍ਰਾਹੁਣਾ', 'ਮੇਰੀ ਬਾਲੋ', 'ਧਰਮੀ ਫ਼ੌਜੀ' ਅਤੇ 'ਬੱਕਰੀਆਂ ਵਾਲੇ' ਹਨ, ਜਿਨ੍ਹਾਂ ਵਿਚ ਕਹਾਣੀਕਾਰ ਨੇ ਮਾਲਵੇ ਦੇ ਪਿੰਡਾਂ ਦੀ ਆਂਚਲਿਕਤਾ ਨੂੰ ਪ੍ਰਗਟ ਕਰਦਾ ਹੋਇਆ ਸੱਭਿਆਚਾਰਕ ਬਿਰਤਾਂਤ ਸਿਰਜ ਕੇ ਕਹਾਣੀਆਂ ਵਿਚ ਪਾਤਰਾਂ ਦਾ ਦ੍ਰਿਸ਼ ਚਿਤਰਣ ਹੀ ਕਰਵਾ ਦਿੱਤਾ ਹੈ। ਜਿਵੇਂ 'ਪ੍ਰਾਹੁਣਾ' ਕਹਾਣੀ ਵਿਚ ਤੀਆਂ ਦੇ ਤਿਉਹਾਰ ਤੇ ਕੁੜੀਆਂ ਤੇ ਪਿੰਡਾਂ ਵਾਲੇ ਲੋਕਾਂ ਦੀ ਅਪਣੱਤ ਇਕ ਬਦਲ ਰਹੇ ਸੱਭਿਆਚਾਰ ਦੀ ਮਸਾਲ ਹੈ। ਇਸੇ ਤਰ੍ਹਾਂ 'ਕਾਲੂ ਦੀ ਸੋਹਣੀ' ਕਹਾਣੀ ਵਿਚ ਪਤੀ-ਪਤਨੀ ਦੇ ਆਪਣੇ ਨਿੱਜ, ਮੋਹ, ਗਰੀਬੀ ਤੇ ਇਕੱਠੇ ਮਰਨ-ਜਿਊਣ ਨੂੰ ਬਿਆਨ ਕੀਤਾ ਗਿਆ ਹੈ।
'ਬੱਕਰੀਆਂ ਵਾਲੇ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਗਰੀਬੀ ਦਾ ਅਹਿਸਾਸ ਗਰੀਬ ਨੂੰ ਹੀ ਹੁੰਦਾ ਹੈ ਜਿਵੇਂ ਕਿ ਲਾਲੇ ਦੀ ਸੇਠਾਣੀ ਨੂੰ। ਇਸ ਤਰ੍ਹਾਂ ਭਰਗਾ ਨੰਦ ਦੀਆਂ ਸਾਰੀਆਂ ਕਹਾਣੀਆਂ ਹੀ ਮਾਲਵੇ ਖੇਤਰ ਦੇ ਜੀਵਨ ਦੀ ਨਿਸ਼ਾਨਦੇਹੀ ਕਰਦੀਆਂ ਹਨ ਤੇ ਪੁਸਤਕ ਦੇ ਉੱਪਰ ਬਣੀ ਹੋਈ 'ਬੱਕਰੀਆਂ ਵਾਲਿਆਂ ਦੀ' ਤਸਵੀਰ ਅਤੇ 'ਚਾਹ ਦੀ ਪਤੀਲੀ' ਸੱਚ-ਮੁੱਚ ਹੀ ਦਿਲਕਸ਼ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਕ ਦੀਆਂ ਸਾਰੀਆਂ ਕਹਾਣੀਆਂ ਹੀ ਸਾਨੂੰ ਵਿਰਸੇ ਨਾਲ ਜੋੜਦੀਆਂ ਤੇ ਉਸ ਦੇ ਸੁਭਾਅ ਅਤੇ ਅਨੁਭਵ ਦੀ ਪੇਸ਼ਕਾਰੀ ਕਰਦੀਆਂ ਹਨ।

-ਗੁਰਬਿੰਦਰ ਕੌਰ ਬਰਾੜ
ਮੋ: 098553-95161

c c c

ਸਮਕਾਲੀ ਪੰਜਾਬੀ ਸਾਹਿਤ
ਲੇਖਕ : ਅਮਨਦੀਪ ਕੌਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 95921-22396.

ਯੁਵਾ ਚਿੰਤਕ ਅਮਨਦੀਪ ਕੌਰ ਦੀ ਇਸ ਆਲੋਚਨਾ ਪੁਸਤਕ ਵਿਚ 12 ਆਲੋਚਨਾਤਮਕ ਲੇਖ ਹਨ। ਸਾਰੇ ਖੋਜ-ਪੱਤਰ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨਾਲ ਸਬੰਧਤ ਹਨ।
ਪੁਸਤਕ ਵਿਚ ਦਲਵੀਰ ਕੌਰ ਦੇ ਕਲਾਤਮਕ ਸਰੋਕਾਰਾਂ ਬਾਰੇ, ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦਾ ਸੁਹਜ ਸ਼ਾਸਤਰ ਦਾ ਆਲੋਚਨਾਤਮਕ ਅਧਿਐਨ (ਡਾ: ਯੋਗਰਾਜ ਦੀ ਪੁਸਤਕ) ਬਾਰੇ, ਡਾ: ਜਸਵਿੰਦਰ ਸਿੰਘ ਦੇ ਨਾਵਲ 'ਮਾਤਲੋਕ' ਅਤੇ ਹਰਮਿੰਦਰ ਚਹਿਲ ਦੇ ਨਾਵਲ 'ਹੋਣੀ' ਦਾ ਤੁਲਨਾਤਮਕ ਅਧਿਐਨ ਬਾਰੇ, ਹਰਚਰਨ ਸਿੰਘ ਦੇ ਨਾਟਕੀ ਸਰੋਕਾਰਾਂ ਬਾਰੇ, ਹਰਜਿੰਦਰ ਪੰਧੇਰ ਦੀ ਕਹਾਣੀ 'ਕੱਚ ਦੀਆਂ ਤੰਦਾਂ' ਦੇ ਮੁੱਖ ਸਰੋਕਾਰਾਂ ਬਾਰੇ, ਮਨਜੀਤ ਕੌਰ ਸੇਖੋਂ ਦੇ ਨਾਵਲਿਟ 'ਘਰ ਪਰਤਦੇ ਰਿਸ਼ਤੇ' ਦਾ ਥੀਮਕ ਅਧਿਐਨ ਬਾਰੇ, ਅਮਰਜੀਤ ਚਹਿਲ ਦੇ ਕਹਾਣੀ ਸੰਗ੍ਰਹਿ 'ਬਾਹਰੋਂ ਆਇਆ ਆਦਮੀ' ਦਾ ਵਿਸ਼ੇਗਤ ਅਧਿਐਨ ਬਾਰੇ, ਡਾ: ਗੁਰਨਾਇਬ ਸਿੰਘ ਦੀ ਕਾਵਿ-ਪੁਸਤਕ 'ਛਬੀਲ' ਦੀ ਕਾਵਿ-ਸਰੋਕਾਰਾਂ ਬਾਰੇ, ਦਿਲ ਨਿੱਜਰ ਦੇ ਕਾਵਿ-ਸਰੋਕਾਰਾਂ ਬਾਰੇ, ਸ਼ਸ਼ੀਪਾਲ ਸਮੁੰਦਰਾਂ ਦੀ ਕਾਵਿ ਪੁਸਤਕ 'ਸੜਕ ਛਾਪ ਸ਼ਾਇਰੀ' ਦਾ ਆਲੋਚਨਾਤਮਕ ਅਧਿਐਨ ਬਾਰੇ, ਦਲਵੀਰ ਕੌਰ ਦੀ ਕਵਿਤਾ 'ਹਾਸਿਲ' ਦੇ ਵਿਸ਼ੇਸ਼ ਪ੍ਰਸੰਗ ਬਾਰੇ ਅਤੇ ਚਰਨਜੀਤ ਪੰਨੂ ਦਾ ਯਾਤਰਾ ਬਿਰਤਾਂਤ 'ਮੇਰੀ ਵਾਈਟ ਹਾਊਸ ਫੇਰੀ' ਸਫ਼ਰਨਾਮਾ ਬਾਰੇ ਆਲੋਚਕ ਨੇ ਬੜੀ ਲਗਨ ਤੇ ਮਿਹਨਤ ਨਾਲ ਖੋਜ-ਪੱਤਰ ਲਿਖੇ ਹਨ।
ਅਮਨਦੀਪ ਕੌਰ ਨੇ ਹਰ ਖੋਜ-ਪੱਤਰ ਨੂੰ ਵਿਦਵਤਾ ਸਹਿਤ ਢੁਕਵੇਂ ਪ੍ਰਸੰਗ ਤੇ ਸ਼ਬਦਾਵਲੀ ਵਿਚ ਨੇਪਰੇ ਚਾੜ੍ਹਿਆ ਹੈ। ਪੁਸਤਕ ਪੜ੍ਹ ਕੇ ਉਸ ਦੇ ਗਿਆਨ ਭੰਡਾਰ ਤੇ ਵਿਦਵਤਾ ਤੋਂ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਅਮਨਦੀਪ ਕੌਰ ਭਵਿੱਖ 'ਚ ਇਸ ਖੇਤਰ 'ਚ ਆਪਣੀ ਹੋਰ ਵੀ ਉਤਕ੍ਰਿਸ਼ਟ ਨਾਂਅ ਬਣਾਏਗੀ।

-ਪ੍ਰੋ: ਸਤਪਾਲ ਸਿੰਘ
ਮੋ: 98725-21515.

c c c

ਸੋਚ ਨੂੰ ਸਿਜਦਾ-2
ਲੇਖਕ : ਸੋਹਣ ਸਹਿਜਲ
ਪ੍ਰਕਾਸ਼ਕ : ਪਰਮਿੰਦਰਾ ਆਰਟ ਪ੍ਰੈੱਸ, ਫਗਵਾੜਾ
ਮੁੱਲ : 50 ਰੁਪਏ, ਸਫ਼ੇ : 128
ਸੰਪਰਕ : 95014-77278.

ਇਸ ਪੁਸਤਕ ਵਿਚ ਕਵੀ ਸਹਿਜਲ ਦੀਆਂ ਲਗਪਗ 6 ਦਰਜਨ ਤੋਂ ਉੱਪਰ ਕਵਿਤਾਵਾਂ ਹਨ, ਜਿਨ੍ਹਾਂ ਦਾ ਕੇਂਦਰੀ ਦਰਸ਼ਨ, ਡਾ: ਅੰਬੇਡਕਰ ਜੀ ਦੇ ਜੀਵਨ-ਮਿਸ਼ਨ ਨੂੰ ਲੋਕ-ਸਮਾਜ ਅੱਗੇ ਪੇਸ਼ ਕਰਨਾ ਹੈ। ਜਿਵੇਂ ਕਿ ਪੁਸਤਕ ਦੀਆਂ ਕਵਿਤਾਵਾਂ ਦੇ ਨਾਵਾਂ ਅਥਵਾ ਸਿਰਲੇਖਾਂ ਤੋਂ ਪਤਾ ਲਗਦਾ ਹੈ, ਇਹ ਕਾਵਿ ਦਾ ਉਦੇਸ਼ ਬਾਬਾ ਸਾਹਿਬ ਦੇ ਦਰਸ਼ਨ ਦਾ ਪ੍ਰਚਾਰ ਇਸ ਲਈ ਕਰਨਾ ਜ਼ਰੂਰੀ ਹੈ ਕਿ ਭਾਰਤ ਵਰਗੇ ਸਦੀਆਂ ਤੱਕ ਗੁਲਾਮ ਰਹੇ ਲੋਕ ਸਮਾਜ ਵਿਚ ਜੋ ਦਲਿਤ ਵਰਗ ਦੀ ਸਥਾਪਤੀ ਹੋਈ ਸੀ, ਉਸ ਦਾ ਅੱਜ ਤੱਕ ਸੰਪੂਰਨ ਰੂਪ ਵਿਚ ਖ਼ਾਤਮਾ ਹੋਇਆ ਹੈ, ਨਾ ਲੋਕ ਮਾਨਸ ਵਿਚੋਂ ਊਚ-ਨੀਚ ਦੀ ਕਰੋਪੀ ਦਾ ਅੰਤ ਹੋਇਆ, ਭਾਵੇਂ ਆਜ਼ਾਦ ਭਾਰਤ ਵਿਚ ਬਹੁਤ ਪਰਿਵਰਤਨ ਆਏ ਹਨ।
ਬਾਬਾ ਸਾਹਿਬ ਨੇ ਸੰਵਿਧਾਨ ਸੰਰਚਨਾ ਸਮੇਂ ਇਸ ਲਾਅਨਤ ਨੂੰ ਦੂਰ ਕਰਨ ਲਈ ਵਿਸ਼ੇਸ਼ ਕਾਨੂੰਨ ਘੜੇ ਸਨ। ਇਸ ਕਾਵਿ ਸੰਗ੍ਰਹਿ ਦੀਆਂ 'ਉਸਤਤੀ ਕਵਿਤਾਵਾਂ ਪੜ੍ਹਨ ਤੋਂ ਪਾਠਕ ਸਹਿਜੇ ਜਾਣ ਸਕਦੇ ਹਨ ਕਿ ਡਾ: ਅੰਬੇਡਕਰ ਨੇ ਆਪਣੇ ਜੀਵਨ-ਸੰਗਰਸ਼ ਨੂੰ ਚਹੁਮੁਖੀ ਦ੍ਰਿਸ਼ਟੀ ਤੋਂ ਚਾਲੂ ਰੱਖਦਿਆਂ ਦਲਿਤ ਸਮਾਜ ਦੇ ਉਥਾਨ ਲਈ ਕੀ-ਕੀ ਯਤਨ ਕੀਤੇ ਸਨ। ਆਪ ਦੇ ਰੌਸ਼ਨ ਖਿਆਲ ਅੱਜ ਵੀ ਦਲਿਤ ਲੋਕ-ਸਮਾਜ ਲਈ ਚਾਨਣ ਸਿਰਜ ਸਕਦੇ ਹਨ। ਕਵੀ ਕਦੇ ਆਪ ਦੀ ਸੋਚ ਨੂੰ ਸਿਜਦਾ ਕਰਦਾ ਹੈ, ਕਦੇ ਆਪ ਦੇ ਵੱਲੋਂ ਚਲਾਏ ਮਿਸ਼ਨ ਦਾ ਚੇਤਾ ਕਰਵਾਉਂਦਾ ਹੈ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਦੇ ਸੰਕਲਪਾਂ ਨੂੰ ਚੇਤੇ ਕਰਵਾਉਂਦਾ ਹੈ। ਇਹ ਸ਼ਖ਼ਸੀਅਤ ਕੇਂਦਰ ਕਾਵਿ ਜਿਸ ਲਕਸ਼ ਦੀ ਪ੍ਰਾਪਤੀ ਲਈ ਰਚਿਆ ਗਿਆ ਹੈ, ਉਹ ਕੇਵਲ ਦਲਿਤ ਸਮਾਜ ਪ੍ਰਤੀ ਸਥਾਪਿਤ ਹੋਈ ਮਾਨਸਿਕ ਭਾਵਨਾ ਨੂੰ ਬਦਲਣਾ ਹੈ।

-ਡਾ: ਅਮਰ ਕੋਮਲ
ਮੋ: 8437873565.

c c c

ਓਪਰੀ ਅੱਖ
ਕਹਾਣੀਕਾਰ : ਡਾ: ਅਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 080109-77815.

'ਓਪਰੀ ਅੱਖ' ਡਾ: ਅਜੀਤ ਸਿੰਘ ਦਾ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਨ੍ਹਾਂ ਦੀਆਂ 17 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਵਿਚ ਭ੍ਰਿਸ਼ਟਾਚਾਰੀ ਤੰਤਰ 'ਤੇ ਵਿਅੰਗ ਵੀ ਹੈ, ਰਿਸ਼ਤਿਆਂ ਵਿਚ ਪੈਦਾ ਹੋ ਰਿਹਾ ਦੋਗਲਾਪਣ ਵੀ ਹੈ, ਜਾਤ-ਪਾਤ ਦੇ ਕੋਹੜ ਨੂੰ ਖ਼ਤਮ ਕਰਨ ਦੀ ਗੱਲ ਵੀ ਹੈ, ਸੰਪਰਦਾਇਕਤਾ ਦਾ ਨਾਂਹਵਾਚੀ ਚਿੱਤਰ ਵੀ ਹੈ, ਮਰਦ ਹਊਮੈ ਦੀ ਨਿਸ਼ਾਨਦੇਹੀ ਵੀ ਹੈ ਅਤੇ ਆਧੁਨਿਕ ਯੁੱਗ ਵਿਚ ਵਹਿਮਾਂ-ਭਰਮਾਂ ਵਿਚ ਫਸੀ ਲੋਕਾਈ ਦੀ ਮਾਨਸਿਕਤਾ ਵੀ ਪੇਸ਼ ਹੋਈ ਹੈ। 'ਆਤਮਾ ਦਾ ਸੇਕ', 'ਤਾਈ ਕਿੱਸੋ ਦੀ ਯਾਦ' ਦੋਵੇਂ ਕਹਾਣੀਆਂ ਮਨੁੱਖਤਾ ਦੁਆਰਾ ਹੰਢਾਏ ਸੰਤਾਪ ਅਤੇ ਹਰੇਕ ਮਸਲੇ ਨੂੰ ਦਿੱਤੀ ਜਾ ਰਹੀ ਫ਼ਿਰਕੂ ਰੰਗਤ ਬਾਰੇ ਭਾਵਪੂਰਤ ਦ੍ਰਿਸ਼ ਪੇਸ਼ ਕਰਦੀਆਂ ਹਨ। ਇਸੇ ਤਰ੍ਹਾਂ 'ਲਾਲ ਥੈਲੀ', 'ਅੰਦਰਲਾ ਬਾਹਰਲਾ ਬੰਦਾ', 'ਬਾਕੀ ਸਭ ਝੂਠ ਹੈ' ਰਿਸ਼ਤਿਆਂ ਵਿਚ ਪੈਦਾ ਹੋ ਰਹੀ ਖਿੱਚੋਤਾਣ ਅਤੇ ਕਸ਼ਮਕਸ਼ ਨੂੰ ਵਿਵੇਕ ਸਹਿਤ ਸਿਰਜਣ ਵਾਲੀਆਂ ਕਹਾਣੀਆਂ ਹਨ। ਇਸ ਤਰ੍ਹਾਂ 'ਓਪਰੀ ਅੱਖ' ਕਹਾਣੀ ਵੀ ਰਿਸ਼ਤਿਆਂ ਦੀਆਂ ਤੰਦਾਂ ਵਿਚੋਂ ਮੋਹ ਦੇ ਖ਼ਤਮ ਹੋਣ ਅਤੇ ਹਊਮੈ ਦੇ ਪ੍ਰਵੇਸ਼ ਦੀ ਬਾਤ ਪਾਉਂਦੀ ਹੈ। 'ਬੈਨੀਫਿਟ ਆਫ ਡਾਊਟ' ਭ੍ਰਿਸ਼ਟਾਚਾਰੀ ਤੰਤਰ ਨੂੰ ਬੇਪਰਦ ਕਰਦੀ ਅਜਿਹੀ ਕਹਾਣੀ ਹੈ, ਜਿਸ ਦੁਆਰਾ ਸਫ਼ੈਦਪੋਸ਼ੀ ਦਾ ਚਿਹਰਾ ਬੇਨਕਾਬ ਕੀਤਾ ਹੈ ਤੇ ਗੁਨਾਹਾਂ ਨੂੰ ਪਰਦੇ ਹੇਠ ਕਰਨ ਦਾ ਢੰਗ ਵਿਅੰਗਾਤਮਿਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਗ਼ਰੀਬੀ ਅਨਪੜ੍ਹਤਾ ਦੇ ਰੰਗ ਨੂੰ ਪੇਸ਼ ਕਰਦੀਆਂ ਇਹ ਕਹਾਣੀਆਂ 'ਯਾਰਾਂ ਦੇ ਯਾਰ' ਕਹਾਣੀ ਦੇ ਰੂਪ ਵਿਚ ਸ਼ੈਤਾਨੀਅਤ ਦਾ ਚਿੱਠਾ ਵੀ ਖੋਲ੍ਹਦੀਆਂ ਹਨ। ਪੱਤਰ ਸ਼ੈਲੀ ਅਤੇ ਨਾਟਕੀ ਸ਼ੈਲੀ ਵਿਚ ਲਿਖੀਆਂ ਕਹਾਣੀਆਂ 'ਤਾਈ ਕਿੱਸੋ ਦੀ ਯਾਦ', 'ਨਹੀਂ ਤਾਂ', 'ਵਿਚਲੀ ਗੱਲ' ਵੀ ਪਾਠਕਾਂ ਦੇ ਸੁਹਜ ਸੁਆਦ ਵਿਚ ਵਾਧਾ ਕਰਨ ਵਾਲੀਆਂ ਕਹਾਣੀਆਂ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਵੀਨਾ ਵਰਮਾ ਦਾ ਕਥਾ-ਬੋਧ
ਲੇਖਕ : ਗੁਰਚਰਨ ਸਿੰਘ ਗਿੱਲ
ਪ੍ਰਕਾਸ਼ਕ : ਯੂਨੀਸਟਾਰ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 127
ਸੰਪਰਕ : 97802-86276.

ਵੀਨਾ ਵਰਮਾ ਪ੍ਰਵਾਸੀ ਪੰਜਾਬੀ ਕਹਾਣੀ ਵਿਚ ਬਹੁ-ਚਰਚਿਤ ਅਤੇ ਨਿਵੇਕਲਾ ਸਥਾਨ ਰੱਖਦੀ ਹੈ। ਵਿਚਾਰਾਧੀਨ ਪੁਸਤਕ ਦੇ ਲੇਖਕ ਨੇ ਉਸ ਦੇ ਤਿੰਨ ਕਹਾਣੀ ਸੰਗ੍ਰਹਿਆਂ (ਮੁੱਲ ਦੀ ਤੀਵੀਂ 1994, ਫਰੰਗੀਆਂ ਦੀ ਨੂੰਹ 2002, ਜੋਗੀਆਂ ਦੀ ਧੀ 2009) ਨੂੰ ਅਧਿਐਨ ਸਮੱਗਰੀ ਵਜੋਂ ਗ੍ਰਹਿਣ ਕਰਕੇ ਉਸ ਦੇ ਜੀਵਨ ਤੇ ਰਚਨਾ, ਕਹਾਣੀ ਦੇ ਸਰੋਕਾਰਾਂ ਅਤੇ ਬਿਰਤਾਂਤਕ ਜੁਗਤਾਂ ਦਾ ਨਿੱਠ ਕੇ ਵਿਸ਼ਲੇਸ਼ਣ ਕੀਤਾ ਹੈ। ਵੀਨਾ ਦੀਆਂ ਅਨੇਕਾਂ ਕਹਾਣੀਆਂ ਪੂਰਬ ਅਤੇ ਪੱਛਮ ਦੀ ਰਹਿਣੀ-ਬਹਿਣੀ ਅਤੇ ਸੱਭਿਆਚਾਰਾਂ ਦੀਆਂ ਵਿਭਿੰਨਤਾਵਾਂ ਦੇ ਟਕਰਾਉ ਵਿਚੋਂ ਆਪਣੀ ਤ੍ਰਾਸਦਕ ਹੋਂਦ ਗ੍ਰਹਿਣ ਕਰਦੀਆਂ ਹਨ। ਪੁਸਤਕਾਂ ਦੇ ਨਾਵਾਂ ਤੋਂ ਹੀ ਸਵੈ-ਸਿੱਧ ਹੈ ਕਿ ਇਨ੍ਹਾਂ ਵਿਚ ਸੰਮਿਲਤ ਕਹਾਣੀਆਂ ਤੀਵੀਂ, ਨੂੰਹ ਅਤੇ ਧੀ ਤਿੰਨਾਂ ਨੂੰ ਹੀ ਸਵੈ-ਹੋਂਦ ਦੀ ਤਲਾਸ਼ ਵਿਚ ਭਟਕਦੀਆਂ ਚਿੱਤਰਿਆ ਗਿਆ ਹੈ। ਪੂੰਜੀਵਾਦੀ ਮੁਲਕ ਵਿਚ ਵਿਚਰਦਿਆਂ ਭਾਵੇਂ ਉਨ੍ਹਾਂ ਵਿਚੋਂ ਬਹੁਤੀਆਂ ਨਾਇਕਾਵਾਂ ਆਰਥਿਕ ਪੱਖੋਂ ਤਾਂ ਆਪਣੇ ਪੈਰਾਂ 'ਤੇ ਖੜੋਤੀਆਂ ਹਨ ਪਰ ਉਨ੍ਹਾਂ ਦਾ ਅਸਤਿੱਤਵ ਅਨੇਕਾਂ ਮਾਨਸਿਕ ਅਤੇ ਜਟਿਲ ਸਮੱਸਿਆਵਾਂ ਦੀ ਤ੍ਰਾਸਦੀ ਭੁਗਤ ਰਿਹਾ ਹੈ। ਇਨ੍ਹਾਂ ਕਹਾਣੀਆਂ ਦੇ ਪਾਤਰਾਂ ਦੀ ਤ੍ਰਾਸਦੀ ਦਾ ਵੱਡਾ ਕਾਰਨ ਇਹ ਹੈ ਕਿ ਉਹ ਪਰਸਪਰ ਸਬੰਧਾਂ/ਰਿਸ਼ਤਿਆਂ ਪਾਸੋਂ ਉਹ ਕੁਝ ਲੋੜਦੇ ਹਨ, ਜਿਸ ਦੀ ਇਕ ਜਾਂ ਦੂਸਰੇ ਵਿਚ ਘਾਟ ਹੈ। ਹਵਸ ਦੀ ਪੂਰਤੀ ਤਾਂ ਆਮ ਵਰਤਾਰਾ ਹੈ ਪਰ ਸੱਚੇ ਪਿਆਰ ਦੀ ਅਣਹੋਂਦ ਹੈ। ਕੁਦਰਤੀ ਤੌਰ 'ਤੇ ਹਰ ਔਰਤ ਦੀ ਇਹ ਅਭਿਲਾਸ਼ਾ ਹੁੰਦੀ ਹੈ ਕਿ ਉਸ ਦਾ ਗ੍ਰਹਿਸਥ ਜੀਵਨ ਸਫਲ ਹੋਵੇ, ਉਸ ਦਾ ਆਪਣਾ ਘਰ ਹੋਵੇ, ਬੱਚੇ ਹੋਣ, ਦੇਹ-ਮਿਲਾਪ ਦੀ ਥਾਂ ਰੂਹ ਦਾ ਹਾਣ ਹੋਵੇ। ਇਸ ਸਭ ਕੁਝ ਉਥੋਂ ਦੇ ਪੂੰਜੀਵਾਦ ਸਵਾਰਥੀ ਸੱਭਿਆਚਾਰ ਵਿਚ ਨਾਮਾਤਰ ਹੈ। ਪਤੀਆਂ ਵੱਲੋਂ ਅਣਗੌਲੀਆਂ ਅਤੇ ਵਾਸ਼ਨਾ ਪੂਰਤੀ ਦੀ ਖੁੱਲ੍ਹ ਦੇ ਮਾਹੌਲ ਦੇ ਜਿਣਸੀ ਸਬੰਧਾਂ ਦਾ ਵਪਾਰੀਕਰਨ ਕਰ ਦਿੱਤਾ ਹੈ। ਲੇਖਕ ਨੇ ਆਪਣੇ ਗੰਭੀਰ ਅਧਿਐਨ ਦੁਆਰਾ ਅਣਜੋੜ ਵਿਆਹ, ਫੋਰਸਡ ਮੈਰਿਜ, ਬਜ਼ੁਰਗਾਂ ਦਾ ਨਿਰਾਦਰ, ਰਿਸ਼ਤਿਆਂ ਦੀ ਪਾਕੀਜ਼ਗੀ ਦਾ ਘਾਣ ਆਦਿ ਅਨੇਕਾਂ ਸਰੋਕਾਰਾਂ ਦੀ ਇਨ੍ਹਾਂ ਕਹਾਣੀਆਂ ਵਿਚੋਂ ਨਿਸ਼ਾਨਦੇਹੀ ਕੀਤੀ ਹੈ। ਸਵੈ-ਅਸਤਿੱਤਵ ਦੀ ਸਥਾਪਤੀ ਲਈ ਲਗਪਗ ਸਾਰੀਆਂ ਹੀ ਨਾਇਕਾਵਾਂ ਜੀਵਨ ਭਰ ਸੰਘਰਸ਼ ਕਰਦੀਆਂ ਹਨ। ਦੋਵੇਂ ਹੀ ਔਰਤ ਤੇ ਮਰਦ ਰਿਸ਼ਤੇ ਦੇ ਤਿੜਕਣ 'ਤੇ ਝੱਟ ਮੈਰਿਜ ਦਾ ਬਟਨ ਡੀਲੀਟ ਕਰਨ ਲਈ ਉਤਾਵਲੇ ਹੋ ਜਾਂਦੇ ਹਨ।
ਵੀਨਾ ਵਰਮਾ ਬਿਰਤਾਂਤ ਦੀਆਂ ਆਧੁਨਿਕ/ਉੱਤਰ ਆਧੁਨਿਕ ਸਾਰੀਆਂ ਹੀ ਜੁਗਤਾਂ ਦਾ ਪ੍ਰਯੋਗ ਕਰਨ ਵਿਚ ਸਿੱਧ-ਹਸਤ ਹੈ। ਆਮ ਹੀ ਸਮਝ ਵਿਚ ਆਉਣ ਵਾਲੀ ਅੰਗਰੇਜ਼ੀ ਸ਼ਬਦਾਵਲੀ ਦੀ ਭਰਮਾਰ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c

ਦੇਖ ਤਮਾਸ਼ਾ ਜਗਤ ਦਾ
ਲੇਖਕ : ਬੰਤ ਸਿੰਘ ਚੱਠਾ
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨ, ਮਾਨਸਾ
ਮੁੱਲ : 180 ਰੁਪਏ, ਸਫ਼ੇ : 120
ਸੰਪਰਕ : 98789-60602.

'ਦੇਖ ਤਮਾਸ਼ਾ ਜਗਤ ਦਾ' ਬੰਤ ਸਿੰਘ ਚੱਠਾ ਦਾ ਨਵਾਂ ਕਹਾਣੀ ਸੰਗ੍ਰਹਿ ਹੈ। ਹੱਥਲੇ ਕਹਾਣੀ ਸੰਗ੍ਰਹਿ ਵਿਚ 12 ਕਹਾਣੀਆਂ ਦਰਜ ਹਨ। ਲੇਖਕ ਦੀਆਂ ਕਹਾਣੀਆਂ ਲੋਕ ਹਿਤੈਸ਼ੀ ਅਹਿਸਾਸਾਂ ਦੀ ਪੁਸ਼ਟੀ ਕਰਦੀਆਂ ਹੋਈਆਂ ਆਪਣਾ ਕਥਾ ਜਗਤ ਸਿਰਜਦੀਆਂ ਹਨ। ਉਹ ਅਹਿਸਾਸਾਂ ਤੇ ਵਲਵਲਿਆਂ ਨੂੰ ਕਥਾ ਵਿਚ ਸਮੇਟ ਕੇ ਇਕ ਤਲਾਸ਼ਮਈ ਰਾਹਾਂ 'ਤੇ ਤੁਰਦਾ ਨਜ਼ਰ ਆਉਂਦਾ ਹੈ। ਉਸ ਦੀਆਂ ਇਹ ਕਹਾਣੀਆਂ ਗੰਧਲੇ ਹੋਏ ਰਾਜਨੀਤਕ ਢਾਂਚੇ ਤੋਂ ਲੈ ਕੇ ਸਮਾਜ ਵਿਚ ਹੋਰ ਕਿੰਨੀਆਂ ਹੀ ਅਲਾਮਤਾਂ ਦੀ ਚੀਰ-ਫਾੜ ਕਰਦੀਆਂ ਆਪਣੀ ਗੱਲ ਅਸਲੀ ਰੂਪ ਵਿਚ ਕਹਿਣ ਦੇ ਯੋਗ ਹਨ। ਮਿੱਟੀ ਦੇ ਮੋਹ ਨਾਲ ਜੁੜੀਆਂ ਇਹ ਕਹਾਣੀਆਂ, ਟੁੱਟ ਰਹੀ ਕਿਸਾਨੀ, ਭ੍ਰਿਸ਼ਟਾਚਾਰ, ਔਰਤ ਦੀ ਹੋ ਰਹੀ ਦੁਰਦਸ਼ਾ ਅਤੇ ਵਿਗੜੇ ਰਾਜਨੀਤੀ ਦਾ ਪਰਦਾਫਾਸ਼ ਕਰਦੀਆਂ ਹਨ। ਲੇਖਕ ਨੇ 'ਖ਼ਤ ਲਿਖਦਾ ਨਹੀਂ' 'ਦੇਖ ਤਮਾਸ਼ਾ ਜਗਤ ਦਾ' ਆਦਿ ਕਹਾਣੀਆਂ ਵਿਚ ਅਜੋਕੇ ਮਨੁੱਖ ਦੀ ਮਾਨਸਿਕ ਪੀੜਾ ਨੂੰ ਬਾਖੂਬੀ ਚਿਤਰਿਆ ਹੈ। ਲੇਖਕ ਦਾ ਇਹ ਯਤਨ ਬੜਾ ਸ਼ਲਾਘਾਯੋਗ ਹੈ। ਉਹ ਆਪਣੀਆਂ ਰਚਨਾਵਾਂ ਰਾਹੀਂ ਸੋਹਣੇ ਤੇ ਸੁਚੱਜੇ ਸਮਾਜ ਨੂੰ ਉਸਾਰਨਾ ਚਾਹੁੰਦਾ ਹੈ।

-ਰਾਜਵਿੰਦਰ ਕੌਰ ਨਾਗਰਾ
ਮੋ: 96460-01807.

27-11-2016

 ਵਲਾਦੀਮੀਰ ਮਾਇਕੋਵਸਕੀ
ਅਨੁਵਾਦਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 290 ਰੁਪਏ, ਸਫ਼ੇ : 128
ਸੰਪਰਕ : 99150-42242.


ਵਲਾਦੀਮੀਰ ਮਾਇਕੋਵਸਕੀ (1893-1930) ਰੂਸ ਦਾ ਪ੍ਰਸਿੱਧ ਕਵੀ ਸੀ। ਬੇਸ਼ੱਕ ਉਹ ਕੀਟਸ, ਸ਼ੈਲੇ ਅਤੇ ਸਾਡੇ ਸ਼ਿਵ ਕੁਮਾਰ ਵਾਂਗ ਛੋਟੀ ਉਮਰ ਵਿਚ ਹੀ ਚਲਾਣਾ ਕਰ ਗਿਆ ਸੀ ਪ੍ਰੰਤੂ ਉਸ ਨੇ ਵੀ ਬੇਹੱਦ ਪ੍ਰਸਿੱਧੀ ਅਰਜਿਤ ਕਰ ਲਈ ਸੀ। ਸ: ਹਰਭਜਨ ਸਿੰਘ ਹੁੰਦਲ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਮਾਇਕੋਵਸਕੀ ਨੇ ਇਕ ਔਰਤ ਨਾਲ ਪ੍ਰੇਮ ਤੋਂ ਪ੍ਰੇਸ਼ਾਨ ਹੋ ਕੇ ਆਤਮ-ਹੱਤਿਆ ਕੀਤੀ ਸੀ ਪਰ ਆਤਮ-ਹੱਤਿਆ ਦਾ ਕੋਈ ਇਕ ਕਾਰਨ ਨਹੀਂ ਹੁੰਦਾ। ਕਵੀ ਆਪਣੇ ਯੁੱਗ ਦੀ ਘੁਟਨ ਤੋਂ ਵੀ ਪ੍ਰੇਸ਼ਾਨ ਸੀ। ਉਸ ਨੂੰ ਸਟਾਲਿਨ ਦੀ ਲੋਹ-ਦੀਵਾਰ ਵੀ ਰਾਸ ਨਹੀਂ ਸੀ ਆਈ।
ਸ: ਹੁੰਦਲ ਬਹੁਤ ਮਿਹਨਤੀ ਅਤੇ ਸਿਰੜੀ ਵਿਅਕਤੀ ਹੈ। ਮਾਇਕੋਵਸਕੀ ਦਾ ਪੰਜਾਬੀ ਪਾਠਕਾਂ ਨੂੰ ਤੁਆਰਫ਼ ਕਰਵਾਉਣ ਲਈ ਉਸ ਨੇ ਕੇਵਲ ਕਵੀ ਦੀਆਂ 25 ਚੋਣਵੀਆਂ ਕਵਿਤਾਵਾਂ ਹੀ ਨਹੀਂ ਚੁੱਕੀਆਂ ਬਲਕਿ ਉਸ ਦਾ ਜੀਵਨ-ਬਿਰਤਾਂਤ, ਕਾਵਿ ਕਲਾ ਅਤੇ ਸਵੈ-ਜੀਵਨੀ ਦੇ ਕੁਝ ਅੰਸ਼ ਵੀ ਅਨੁਵਾਦ ਕਰ ਦਿੱਤੇ ਹਨ। ਇਸ ਸੂਰਤ ਵਿਚ ਇਹ ਪੁਸਤਕ ਮਾਇਕੋਵਸਕੀ ਵਿਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਦੀਆਂ ਸਾਰੀਆਂ ਜਗਿਆਸਾਵਾਂ ਦਾ ਸਮਾਧਾਨ ਕਰਨ ਲਈ ਕਾਫੀ ਹੈ।
ਲੇਖਕ ਅਨੁਸਾਰ ਮਾਇਕੋਵਸਕੀ ਵਿਸ਼ਵ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਕਵੀਆਂ ਵਿਚੋਂ ਇਕ ਸੀ। ਪਹਿਲੀ ਜਨਵਰੀ 1982 ਤੱਕ ਉਸ ਦੀਆਂ ਕਵਿਤਾਵਾਂ ਵਿਸ਼ਵ ਦੀਆਂ 27 ਭਾਸ਼ਾਵਾਂ ਅਤੇ ਰੂਸ ਦੀਆਂ 56 ਪ੍ਰਾਂਤਕ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਸਨ। ਉਸ ਦੀਆਂ ਕੁੱਲ ਕਵਿਤਾਵਾਂ ਦੇ 1176 ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਸਨ ਅਤੇ ਉਸ ਨੂੰ ਪੜ੍ਹਨ ਵਾਲੇ ਪਾਠਕਾਂ ਦੀ ਗਿਣਤੀ ਲਗਪਗ 14 ਕਰੋੜ ਤੱਕ ਪਹੁੰਚ ਚੁੱਕੀ ਹੈ। 'ਪ੍ਰੋਲੋਤਾਰੀ ਕਵੀਆਂ ਨੂੰ ਸੰਦੇਸ਼' ਦਿੰਦਾ ਹੋਇਆ ਆਪਣੀ ਇਕ ਕਵਿਤਾ ਵਿਚ ਉਹ ਲਿਖਦਾ ਹੈ, 'ਆਓ ਨਿੰਦਾ ਚੁਗਲੀ ਤੇ ਝਗੜਾ ਕਰਨਾ ਛੱਡ ਕੇ ਸੱਭਿਆ ਤਰੀਕੇ ਨਾਲ ਗੱਲਬਾਤ ਕਰੀਏ! ਮੇਰੀ ਇਕੋ ਹੀ ਤਮੰਨਾ ਹੈ ਕਿ ਬਹੁਤੇ ਕਵੀ ਵੰਨ-ਸੁਵੰਨਾ ਤੇ ਵਧੀਆ ਲਿਖਣ। ...ਕਵਿਤਾ ਪਰਖਣ ਲਈ ਕਮਿਊਨ ਹੀ ਮੇਰੀ ਕਸਵੱਟੀ ਹੈ। ਭਰਾਵੋ! ਬੁਨਿਆਦੀ ਤੌਰ 'ਤੇ ਮੈਂ ਇਕ ਮਜ਼ਦੂਰ ਹਾਂ। ਪਖੰਡੀ ਫਲਸਫ਼ਾ ਮੈਨੂੰ ਵੀ ਅਕਾ ਦਿੰਦਾ ਹੈ। ਆਓ ਮਿਹਨਤ ਕਰੀਏ ਤੇ ਆਪਣੀ ਸ਼ਕਤੀ ਦਾ ਸਰਫ਼ਾ ਨਾ ਕਰੀਏ! ਕਵਿਤਾ ਵਿਚ ਕੋਈ ਮਿੱਤਰ ਜਾਂ ਸਬੰਧੀ ਨਹੀਂ ਹੁੰਦਾ। ਸਰਪ੍ਰਸਤੀ ਨਾਲ ਤੁਸੀਂ ਕਵਿਤਾਵਾਂ ਨਹੀਂ ਉਣ ਸਕਦੇ।' (ਪੰਨੇ 74-76) ਵਿਸ਼ਵ ਦੇ ਪ੍ਰਮੁੱਖ ਕਵੀਆਂ ਬਾਰੇ ਲਿਖੇ ਸ: ਹੁੰਦਲ ਦੇ ਕੁਝ ਹੋਰ ਮੋਨੋਗ੍ਰਾਫ਼ਾਂ ਵਾਂਗ ਇਹ ਵੀ ਇਕ ਬਹੁਤ ਮਿਆਰੀ ਅਤੇ ਮਾਡਲ ਮੋਨੋਗ੍ਰਾਫ਼ ਹੈ।

c c c

ਕੱਚੇ ਪੱਕੇ ਨਕਸ਼ੇ
ਲੇਖਕ : ਜਿੰਦਰ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 275 ਰੁਪਏ, ਸਫ਼ੇ : 168
ਸੰਪਰਕ : 98148-03254.

ਜਿੰਦਰ ਇਕ ਪਰਿਪੱਕ ਅਤੇ ਪ੍ਰੋੜ੍ਹ ਕਥਾਕਾਰ ਹੈ। 'ਕੱਚੇ ਪੱਕੇ ਨਕਸ਼ੇ' ਵਿਚ ਉਸ ਨੇ ਔਰਤ ਅਤੇ ਮਰਦ ਵਿਚਲੇ ਜਟਿਲ ਰਿਸ਼ਤਿਆਂ ਦੀਆਂ ਕਹਾਣੀਆਂ ਲਿਖੀਆਂ ਹਨ।
ਜਿੰਦਰ ਦੀਆਂ ਕਹਾਣੀਆਂ ਵਿਚ ਔਰਤਾਂ ਆਪਣੇ ਸਵੈਤਵ ਦੀ ਤਲਾਸ਼ ਵਿਚ ਰੁੱਝੀਆਂ ਨਜ਼ਰ ਆਉਂਦੀਆਂ ਹਨ। ਇਸ ਤਲਾਸ਼ ਵਿਚ ਸੱਭਿਆਚਾਰਕ ਦਬਾਅ ਅਤੇ ਦੇਹੀ ਦੀ ਕਾਮਨਾ ਉਨ੍ਹਾਂ ਦੇ ਵਿਰੁੱਧ ਭੁਗਤਦੇ ਹਨ। ਉਹ ਵਾਰ-ਵਾਰ ਆਪਣੇ-ਆਪ ਨੂੰ ਇਹ ਸਵਾਲ ਪੁੱਛਦੀਆਂ ਰਹਿੰਦੀਆਂ ਹਨ ਕਿ ਪਾਪ ਕੀ ਹੈ ਅਤੇ ਪੁੰਨ ਦੀ ਹੱਦ ਕਿੱਥੇ ਜਾ ਕੇ ਖ਼ਤਮ ਹੋ ਜਾਂਦੀ ਹੈ? ਕਈ ਵਾਰ ਪਰਿਵਾਰਕ ਲੋੜਾਂ ਦੀ ਪੂਰਤੀ ਲਈ ਇਨ੍ਹਾਂ ਨਾਰੀਆਂ ਨੂੰ ਸਮਝੌਤੇ ਵੀ ਕਰਨੇ ਪੈਂਦੇ ਹਨ। ਜਿੰਦਰ ਦੇ ਕਥਾ-ਸੰਸਾਰ ਵਿਚ ਨਾਰੀ ਇਕੱਲੀ ਹੈ, ਜਦੋਂ ਕਿ ਪੁਰਸ਼ ਲੋਕ ਆਪਣੇ-ਆਪਣੇ ਜਥੇ ਬਣਾਈ ਫਿਰਦੇ ਹਨ।
ਜਿੰਦਰ ਸਿੱਧ-ਪੱਧਰੇ ਅਤੇ ਲਕੀਰੀ ਬਿਰਤਾਂਤਾਂ ਵਾਲੀਆਂ ਕਹਾਣੀਆਂ ਨਹੀਂ ਲਿਖਦਾ। ਇਸ ਕਾਰਨ ਪੰਜਾਬੀ ਦੇ ਬਹੁਤੇ ਪਾਠਕਾਂ ਨੂੰ ਉਸ ਦੀਆਂ ਕਹਾਣੀਆਂ ਸਮਝਣੀਆਂ ਔਖੀਆਂ ਹੋ ਜਾਂਦੀਆਂ ਹਨ। ਇਹੋ ਜਿਹਾ ਸਾਹਿਤ ਪੜ੍ਹਨਯੋਗ ਹੋਣ ਦੇ ਨਾਲ-ਨਾਲ ਲਿਖਣਯੋਗ ਰੁਚੀ ਦੀ ਮੰਗ ਵੀ ਕਰਦਾ ਹੈ। ਉਹ ਕਿਸੇ ਵੀ ਪਾਤਰ ਦੇ ਪ੍ਰਵੇਸ਼ ਸਮੇਂ ਕੋਈ ਲੰਮੀ-ਚੌੜੀ ਭੂਮਿਕਾ ਨਹੀਂ ਬੰਨ੍ਹਦਾ। ਬਲਕਿ ਉਸ ਦੇ ਕਰਮ ਅਤੇ ਸੋਚਾਂ ਹੀ ਉਸ ਦਾ ਕਿਰਦਾਰ ਬਣਾਉਂਦੇ ਹਨ। ਸੋਚਾਂ, ਚੇਤਨਾ-ਪ੍ਰਵਾਹ ਦੇ ਅਧੀਨ ਚਲਦੀਆਂ ਹਨ ਅਤੇ ਬਹੁਤੀ ਵਾਰ ਇਹ ਕਿਸੇ ਨਿਸਚਤ ਕ੍ਰਮ ਵਿਚ ਨਹੀਂ ਚਲਦੀਆਂ। ਇਸ ਕਾਰਨ ਰਵਾਇਤੀ ਪਾਠਕ ਨੂੰ ਪਾਠ ਦੇ ਦੌਰਾਨ ਝਟਕੇ ਵਜਦੇ ਰਹਿੰਦੇ ਹਨ। ਆਧੁਨਿਕ ਭਾਵਬੋਧ ਦੇ ਕਹਾਣੀਕਾਰ ਜਾਣਬੁੱਝ ਕੇ ਇਹੋ ਜਿਹੇ ਝਟਕੇ ਲਗਾਉਂਦੇ ਹਨ ਤਾਂ ਜੋ ਪਾਠਕ ਕਹਾਣੀ ਵਿਚ ਖੁੱਭਿਆ ਰਹੇ, ਸੁਕੇਂਦ੍ਰਿਤ ਰਹੇ।
ਜਿੰਦਰ ਦੀਆਂ ਕਹਾਣੀਆਂ ਦੇ ਅਰੰਭ ਨਾਟਕੀ ਹੁੰਦੇ ਹਨ। ਮੁੱਢ ਤੋਂ ਹੀ ਉਹ ਆਪਣੀ ਹਰ ਕਹਾਣੀ ਵਿਚ ਇਕ ਲਟਕਾਅ ਪੈਦਾ ਕਰ ਲੈਂਦਾ ਹੈ ਅਤੇ ਅੰਤ ਤੱਕ ਇਸ ਨੂੰ ਬਰਕਰਾਰ ਰੱਖਦਾ ਹੈ। ਉਸ ਦੀ ਹਰ ਕਹਾਣੀ ਖੁੱਲ੍ਹੇ ਅੰਤ ਵਾਲੀ ਹੁੰਦੀ ਹੈ, ਜਿਸ ਵਿਚ ਕੁਝ ਵੀ ਸੁਲਝਦਾ ਨਹੀਂ। ਇਸ ਪ੍ਰਕਾਰ ਦੀਆਂ ਜਟਿਲ ਪ੍ਰਬੰਧ ਵਾਲੀਆਂ ਕਹਾਣੀ ਲਿਖਣ ਲਈ ਉਹ ਸਾਡੀ ਪ੍ਰਸੰਸਾ ਦਾ ਪਾਤਰ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਔਰਤ ਦਾ ਆਜ਼ਾਦੀ ਸੰਗਰਾਮ
ਲੇਖਕ : ਡਾ: ਸੰਦੀਪ ਕੌਰ, ਨਿਰਵੈਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 134
ਸੰਪਰਕ : 0172-4608699.

ਨਾਰੀਵਾਦ ਔਰਤ ਜਾਤੀ ਦਾ ਸਮਾਜਿਕ ਜਾਗਰਣ ਹੈ। ਇਸ ਪੁਸਤਕ ਵਿਚ ਭਾਰਤੀ ਨਾਰੀ ਦਾ ਇਤਿਹਾਸ, ਸਮੱਸਿਆਵਾਂ ਅਤੇ ਚੇਤਨਾ ਦਾ ਵਰਨਣ ਕੀਤਾ ਗਿਆ ਹੈ। ਭਾਵੇਂ ਨਾਰੀ ਮਨੁੱਖੀ ਸਮਾਜ ਦੀ ਬੁਨਿਆਦ ਹੈ, ਫਿਰ ਵੀ ਇਸ ਨੂੰ ਬਰਾਬਰੀ ਦਾ ਦਰਜਾ ਨਹੀਂ ਮਿਲਿਆ। ਨਾਰੀਆਂ ਵਿਚ ਮਮਤਾ, ਪਿਆਰ, ਸ਼ਰਧਾ, ਕੁਰਬਾਨੀ, ਵਫ਼ਾਦਾਰੀ ਅਤੇ ਸਹਿਣਸ਼ੀਲਤਾ ਦੇ ਗੁਣ ਹੁੰਦੇ ਹਨ ਪਰ ਉਨ੍ਹਾਂ ਨੂੰ ਕਦੇ ਮਰਦਾਂ ਵਾਂਗ ਪ੍ਰਸਿੱਧੀ ਅਤੇ ਸਤਿਕਾਰ ਪ੍ਰਾਪਤ ਨਹੀਂ ਹੋਇਆ। ਸਿੰਧੂ ਘਾਟੀ ਦੀ ਸੱਭਿਅਤਾ ਅਤੇ ਵੈਦਿਕ ਕਾਲ ਵਿਚ ਨਾਰੀਆਂ ਨੂੰ ਸਨਮਾਨ ਪ੍ਰਾਪਤ ਸੀ, ਫਿਰ ਵੀ ਧੀਆਂ ਨਾਲੋਂ ਪੁੱਤਰਾਂ ਦੀ ਇੱਛਾ ਵਧੇਰੇ ਹੁੰਦੀ ਸੀ। ਜੈਨ ਅਤੇ ਬੁੱਧ ਕਾਲ ਵਿਚ ਮਾਵਾਂ ਨੂੰ ਆਦਰ ਦਿੱਤਾ ਗਿਆ ਪਰ ਕਿਹਾ ਗਿਆ ਕਿ ਇਨ੍ਹਾਂ ਨੂੰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਨਾਥਾਂ ਜੋਗੀਆਂ ਨੇ ਤਾਂ ਇਸਤਰੀ ਨੂੰ ਬਘਿਆੜਨ ਅਤੇ ਨਰਕ ਦੁਆਰੀ ਹੀ ਆਖ ਦਿੱਤਾ। ਇਸਲਾਮਿਕ ਕਾਲ ਵਿਚ ਨਾਰੀ ਨੂੰ ਬੁਰਕਾ ਪਹਿਨਣਾ ਜ਼ਰੂਰੀ ਸੀ। ਉਹ ਮਸਜਿਦ ਵਿਚ ਜਾ ਕੇ ਨਮਾਜ਼ ਵੀ ਨਹੀਂ ਸੀ ਪੜ੍ਹ ਸਕਦੀ। ਹਿੰਦੂ ਔਰਤਾਂ ਵਿਚ ਸਤੀ ਪ੍ਰਥਾ ਅਤੇ ਬਾਲ ਵਿਆਹ ਵਰਗੀਆਂ ਕੁਰੀਤੀਆਂ ਪ੍ਰਚਲਤ ਸਨ। ਮੁਗਲ ਬਾਦਸ਼ਾਹਾਂ ਵਿਚੋਂ ਸਿਰਫ ਅਕਬਰ ਨੇ ਹੀ ਔਰਤ ਦੀ ਸਤੀ ਪ੍ਰਥਾ ਤੇ ਦਾਜ ਪ੍ਰਥਾ ਨੂੰ ਖ਼ਤਮ ਕਰਨ ਦੇ ਯਤਨ ਕੀਤੇ। ਸਾਰੇ ਗੁਰੂ ਸਾਹਿਬਾਨ ਨੇ ਇਸਤਰੀ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਉਸ ਨੂੰ ਬਰਾਬਰ ਦੇ ਅਧਿਕਾਰ ਦਿਵਾਏ। ਅੰਗਰੇਜ਼ੀ ਰਾਜ ਵਿਚ ਔਰਤਾਂ ਲਈ ਚੰਗੇ ਕਾਨੂੰਨ ਬਣਾਏ ਗਏ। ਆਜ਼ਾਦੀ ਤੋਂ ਬਾਅਦ ਭਾਵੇਂ ਸਮਾਜ ਸੁਧਾਰਕਾਂ ਨੇ ਨਾਰੀ ਨੂੰ ਉੱਚਾ ਚੁੱਕਣ ਲਈ ਬਹੁਤ ਯਤਨ ਕੀਤੇ ਪਰ ਅੱਜ ਵੀ ਉਹ ਸੁਰੱਖਿਅਤ ਨਹੀਂ ਹੈ। 17ਵੀਂ ਸਦੀ ਤੋਂ ਲੈ ਕੇ ਅੱਜ ਤੱਕ ਬਹੁਤ ਸਾਰੇ ਲੇਖਕਾਂ ਅਤੇ ਚਿੰਤਕਾਂ ਨੇ ਨਾਰੀ ਦੇ ਹੱਕ ਵਿਚ ਆਵਾਜ਼ ਉਠਾਈ। ਇਸ ਪੁਸਤਕ ਵਿਚ ਉਨ੍ਹਾਂ ਦਾ ਵੇਰਵਾ ਦਿੱਤਾ ਗਿਆ ਹੈ ਜਿਵੇਂ ਜਾਨ ਸਟੂਅਰਟ ਮਿਲ, ਸੁਸਾਨ ਬੀ. ਐਂਥਨੀ, ਮਾਰਗਰੇਟ ਸੈਂਗਰ, ਸੀਮੋਨ-ਡੀ-ਬੂਵਆਰ, ਗੇਰਦਾ ਲੇਰਨੇਰ, ਬੈਟੀ ਫਰੀਡਨ, ਲੂਸ ਈਰੀਗੈਰੇ, ਕੇਟ ਮਿਲੇਟ, ਹੈਲਨੇ ਸਿਕਸੂ, ਜੂਲੀਅਟ ਮਿਸ਼ੈਲ, ਈਲੇਨ ਸ਼ਵੈਲਟਰ, ਜੂਲੀਆ ਕ੍ਰਿਸਤੀਵਾ, ਸੁਲਾਮਿਥ ਫਾਇਰਸਟੋਨ, ਤੋਰਿਲ ਮੋਇ ਅਤੇ ਜੁਡਿੱਥ ਬਟਲਰ। ਅੱਜ ਵਿਸ਼ਵ ਪੱਧਰ 'ਤੇ ਨਾਰੀ ਦੇ ਵਿਕਾਸ ਦੇ ਯਤਨ ਹੋ ਰਹੇ ਹਨ। ਪਰਮਾਤਮਾ ਵੱਲੋਂ ਸਾਰੇ ਮਨੁੱਖ ਬਰਾਬਰ ਬਣਾਏ ਗਏ ਹਨ। ਅੱਜ ਨਾਰੀ ਨੇ ਅਧਿਆਤਮਕ, ਵਿਗਿਆਨਕ, ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਅਤੇ ਸਾਹਿਤਕ ਖੇਤਰਾਂ ਵਿਚ ਸਿਖ਼ਰਾਂ ਨੂੰ ਛੂਹਿਆ ਹੈ।

c c c

ਰੁੱਖ ਅਤੇ ਮਨੁੱਖ
ਸ਼ਾਇਰ : ਜਸਬੀਰ ਸਿੰਘ 'ਘੁਲਾਲ'
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 167
ਸੰਪਰਕ : 95929-70008.

ਕਵਿਤਾ ਸਾਹਿਤ ਦਾ ਸਭ ਤੋਂ ਪ੍ਰਭਾਵਸ਼ਾਲੀ ਰੂਪ ਹੈ, ਜੋ ਸਿੱਧਾ ਦਿਲ ਵਿਚ ਉਤਰ ਕੇ ਅੰਦਰ ਹਿਲਾ ਜਾਂਦਾ ਹੈ। ਕਵੀ ਦੇ ਮੋਢਿਆਂ 'ਤੇ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਉਸ ਦਾ ਸੰਵੇਦਨਸ਼ੀਲ ਦਿਲ ਆਪਣੇ ਕਾਵਿ-ਪੋਟਿਆਂ ਨਾਲ ਦੁਖੀ ਮਨੁੱਖਤਾ ਦੇ ਕੰਡੇ ਕੱਢ ਕੇ ਉਸ ਦੀ ਪੀੜ ਹਰਦਾ ਹੈ। ਅੱਜ ਬਹੁਤੀ ਕਵਿਤਾ ਅਰਥਹੀਣ ਅਤੇ ਬਹੁਤੇ ਗੀਤ ਅਸ਼ਲੀਲ ਹੋ ਚੁੱਕੇ ਹਨ ਜੋ ਮਨੁੱਖਤਾ ਲਈ ਘਾਤਕ ਹਨ। ਅਜਿਹੇ ਸਮੇਂ ਵਿਚ ਪੁਸਤਕ ਵਰਗੀਆਂ ਰਚਨਾਵਾਂ ਜ਼ਖ਼ਮਾਂ 'ਤੇ ਲੇਪ ਲਾਉਣ ਦਾ ਕੰਮ ਕਰਦੀਆਂ ਹਨ। ਕਵੀ ਨੇ ਆਪਣੇ ਗੀਤਾਂ ਅਤੇ ਨਜ਼ਮਾਂ ਵਿਚ ਬਹੁਤ ਹੀ ਸਾਰਥਕ ਸੁਨੇਹੇ ਦਿੱਤੇ ਹਨ। ਇਸ ਵਿਚਲੇ 153 ਗੀਤ ਰੁੱਖਾਂ, ਮਨੁੱਖਾਂ, ਕਦਰ, ਕੁਦਰਤ, ਭਗਤੀ, ਸ਼ਕਤੀ, ਪਰਿੰਦਿਆਂ ਅਤੇ ਖੇਤਾਂ ਦੀਆਂ ਬਾਤਾਂ ਪਾਉਂਦੇ ਹਨ। ਇਨ੍ਹਾਂ ਵਿਚੋਂ ਮਾਵਾਂ, ਧੀਆਂ, ਫੁੱਲਾਂ, ਵਤਨਾਂ, ਦਰਵੇਸ਼ਾਂ ਅਤੇ ਰੁੱਤਾਂ ਪ੍ਰਤੀ ਮੋਹ-ਮੁਹੱਬਤ ਝਲਕਦੀ ਹੈ। ਆਓ ਆਪਾਂ ਵੀ ਇਨ੍ਹਾਂ ਨੂੰ ਮਾਣੀਏ-
ਦਾਤਾ ਤੇਰੀ ਰਹਿਮਤ ਸਭ ਤੇ,
ਹਰ ਪੰਛੀ ਭੌਰਾ ਗਾਵੇ
ਫੁੱਲਾਂ ਉੱਤੇ ਮੱਖੀਆਂ ਬੈਠਣ,
ਘਰ ਲਈ ਸ਼ਹਿਦ ਬਣਾਵੇ
ਮੱਖੀ ਫੁੱਲ ਦਾ ਰਿਸ਼ਤਾ ਗੂੜ੍ਹਾ,
ਕਿੰਨੀ ਸੋਹਣੀ ਬਾਤ
ਜਦ ਰੁਤ ਬਸੰਤੀ ਆਵੇ,
ਹੋਵੇ ਫੁੱਲਾਂ ਦੀ ਬਰਸਾਤ।
-ਧੀਆਂ ਰੌਸ਼ਨ ਕਰਨਗੀਆਂ,
ਉੱਚਾ ਨਾਮ ਸਮਾਜ ਦਾ
ਧੀਆਂ ਕੁੱਖ ਵਿਚ ਮਾਰੋ ਨਾ,
ਇਹ ਹੈ ਫੁੱਲ ਗੁਲਾਬ ਦਾ।
-ਇਨ੍ਹਾਂ ਰੁੱਖਾਂ ਦੀਆਂ ਅਨੇਕ ਅਦਾਵਾਂ,
ਰੁੱਖਾਂ ਵਿਚ ਰੱਬ ਵੱਸਦਾ
ਇਨ੍ਹਾਂ ਰੁੱਖਾਂ ਨੂੰ ਗਲ ਨਾਲ ਲਾਵਾਂ,
ਰੁੱਖਾਂ ਵਿਚ ਰੱਬ ਹੱਸਦਾ।
ਪੁਸਤਕ ਵਿਚ ਸ਼ਬਦ ਜੋੜਾਂ ਦੀਆਂ ਬਹੁਤ ਗ਼ਲਤੀਆਂ ਹਨ। ਰੂਪਕ ਪੱਖੋਂ ਵੀ ਕਈ ਊਣਤਾਈਆਂ ਹਨ। ਫਿਰ ਵੀ ਰੁੱਖਾਂ, ਮਨੁੱਖਾਂ ਅਤੇ ਸਭ ਦੀ ਖ਼ੈਰ ਮੰਗਦੀਆਂ ਇਹ ਰਚਨਾਵਾਂ ਮਾਸੂਮ ਹਿਰਦੇ ਵਿਚੋਂ ਉੱਠੀਆਂ ਜਾਪਦੀਆਂ ਹਨ। ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਹਰ ਪ੍ਰਾਣੀ ਨੂੰ ਆਪਣਾ ਅਤੇ ਸਰਬੱਤ ਦਾ ਭਲਾ ਲੋਚਣਾ ਚਾਹੀਦਾ ਹੈ। ਭਵਿੱਖ ਨੂੰ ਕਵੀ ਤੋਂ ਚੰਗੀਆਂ ਆਸਾਂ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਸਵੈ ਸੰਪੂਰਨਤਾ ਦਾ ਮਾਰਗ-ਦਰਸ਼ਨ
ਲੇਖਕ : ਗੁਰਦਾਸ ਸਿੰਘ ਨਿਰਮਾਣ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 196
ਸੰਪਰਕ : 98789-35123.

ਆਪਣੇ ਆਪੇ ਦੇ ਸੁਧਾਰ ਲਈ ਸੰਭਾਵਨਾ ਹਰੇਕ ਮਨੁੱਖ ਵਿਚ ਹਮੇਸ਼ਾ ਹੀ ਹੁੰਦੀ ਹੈ। ਇਸ ਨੁਕਤੇ ਬਾਰੇ ਅਸੀਂ ਪੰਜਾਬੀ ਬਹੁਤੇ ਸੁਚੇਤ ਨਹੀਂ। ਸੰਤੁਲਿਤ, ਸਾਵੀਂ, ਸੁਖਾਵੀਂ ਜ਼ਿੰਦਗੀ ਜੀਣ ਲਈ ਕਦੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪੰਜਾਬੀਆਂ ਦਾ ਮਾਰਗ ਦਰਸ਼ਨ ਕੀਤਾ ਸੀ। ਅਜੋਕੇ ਸਮੇਂ ਵਿਚ ਸਿੱਖਿਆ ਤੇ ਜਨਸੰਖਿਆ ਵਿਚ ਹੋਏ ਤੇਜ਼ ਵਾਧੇ, ਅਜੋਕੇ ਜੀਵਨ ਦੇ ਜਟਿਲ ਸਰੂਪ, ਵਿਸ਼ਵੀਕਰਨ ਦੀਆਂ ਵੰਗਾਰਾਂ, ਤੇਜ਼ੀ ਤੇ ਭਜ-ਨਸ ਵਾਲੀ ਜੀਵਨ-ਸ਼ੈਲੀ ਦੇ ਤਨਾਵਾਂ ਨੇ ਇਸ ਕਿਸਮ ਦੇ ਸਾਹਿਤ ਦੀ ਲੋੜ ਵਿਚ ਵਾਧਾ ਕੀਤਾ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਅਨੁਵਾਦਿਤ ਤੇ ਮੌਲਿਕ ਦੋਵੇਂ ਕਿਸਮ ਦਾ ਸਾਹਿਤ ਪੰਜਾਬੀ ਵਿਚ ਰਚੇ ਜਾਣ ਦੀ ਪ੍ਰਵਿਰਤੀ ਨੂੰ ਇਸ ਨਾਲ ਹੁਲਾਰਾ ਮਿਲਿਆ ਹੈ। ਗੁਰਦਾਸ ਸਿੰਘ ਨਿਰਮਾਣ ਦੀ ਇਹ ਕਿਤਾਬ ਇਸੇ ਉਦੇਸ਼ ਦੀ ਪੂਰਤੀ ਵੱਲ ਚੁੱਕਿਆ ਪ੍ਰਸੰਸਾਯੋਗ ਕਦਮ ਹੈ।
196 ਪੰਨਿਆਂ ਦੀ ਨਿਰਮਾਣ ਦੀ ਇਸ ਕਿਤਾਬ ਵਿਚ ਨਿੱਕੇ-ਵੱਡੇ 42 ਨਿਬੰਧ ਹਨ। ਬਹੁਤੇ ਨਿਬੰਧ ਦੋ ਤਿੰਨ ਜਾਂ ਚਾਰ ਪੰਨੇ ਦੇ ਹਨ ਪ੍ਰੰਤੂ ਕਈ ਖਾਸੇ ਵਿਸਤ੍ਰਿਤ ਹਨ। ਸੂਖਮ-ਸਥੂਲ ਤੱਤਾਂ ਦਾ ਸੁਮੇਲ ਮਨੁੱਖੀ ਜੀਵਨ (15 ਪੰਨੇ), ਗਿਆਨ ਇੰਦਰੇ ਤੇ ਕਰਮ (8 ਪੰਨੇ), ਕਰਮ ਇੰਦਰਿਆਂ ਦਾ ਕਰਮ ਧਰਮ (19 ਪੰਨੇ), ਸੁਮਤਿ ਗਿਆਨ ਧਿਆਨ (14 ਪੰਨੇ) ਅਤੇ ਰਜੋ ਤਮੋ ਤੇ ਸਤੋ ਗੁਣ (10 ਪੰਨੇ) ਵਾਲੇ ਨਿਬੰਧ ਇਸ ਦਾ ਪ੍ਰਮਾਣ ਹਨ। ਇਨ੍ਹਾਂ ਨਿਬੰਧਾਂ ਦੇ ਸਿਰਲੇਖ, ਸਮੱਗਰੀ ਅਤੇ ਵਿਸਤਾਰ ਲੇਖ ਦੀ ਭੌਤਿਕ ਦੇ ਨਾਲ-ਨਾਲ ਅਧਿਆਤਮਕ/ਅਧਿਭੌਤਿਕ ਜੀਵਨ ਦਰਸ਼ਨ ਨਾਲ ਗਹਿਰੀ ਪਛਾਣ ਤੇ ਦਿਲਚਸਪੀ ਦਾ ਪਤਾ ਦਿੰਦੇ ਹਨ। ਨਿਰਮਾਣ ਦਾ ਸਵੈ-ਸੰਪੂਰਨਤਾ ਦਾ ਦਰਸ਼ਨ ਭੌਤਿਕ ਤੇ ਅਧਿਭੌਤਿਕ, ਯਥਾਰਥ ਤੇ ਪਰਮਾਰਥ, ਵਿਅਕਤੀ ਤੇ ਸਮਾਜ, ਨਿਜ ਤੇ ਲੁਕਾਈ ਵਿਚ ਸੁਅਸਥ ਤਾਲਮੇਲ ਉੱਤੇ ਬਲ ਦਿੰਦਾ ਹੈ। ਸਵਾਰਥ, ਲਾਲਚ ਤੇ ਪੂੰਜੀ ਦੀ ਚਕਾਚੌਂਧ ਵਿਚ ਜੀਵਨ ਉਦੇਸ਼ ਨੂੰ ਭੁੱਲਣ ਦੇ ਖ਼ਤਰਿਆਂ ਤੋਂ ਅਗਾਹ ਕਰਦਾ ਹੋਇਆ, ਉਹ ਉਚੇਰੇ ਜੀਵਨ ਮੁੱਲਾਂ, ਨੈਤਿਕਤਾ, ਸੇਵਾ, ਪਰਉਪਕਾਰ, ਸੰਤੋਖ, ਸਹਿਜ ਨਾਲ ਜ਼ਿੰਦਗੀ ਵਿਚ ਪੈਦਾ ਹੋਣ ਵਾਲੀ ਖੁਸ਼ੀ ਤੇ ਸੰਪੂਰਨਤਾ ਵਾਲੇ ਪਾਸੇ ਤੋਰਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

c c c

ਦੀਜੈ ਬੁਧਿ ਬਿਬੇਕਾ
ਲੇਖਕ : ਡਾ: ਸਰਬਜਿੰਦਰ ਸਿੰਘ
ਪ੍ਰਕਾਸ਼ਕ : ਗਰੇਸ਼ੀਅਸ ਬੁਕਸ ਪਟਿਆਲਾ
ਸਫ਼ੇ : 72.

ਹਥਲੀ ਪੁਸਤਕ ਅਜਿਹਾ ਇਤਿਹਾਸਕ ਪ੍ਰਸੰਗ, ਇਤਿਹਾਸਕ ਕਥਾ ਅਤੇ ਇਤਿਹਾਸਕ ਦੁਖਾਂਤ-ਬੋਧ ਦਾ ਬਿਰਤਾਂਤ ਹੈ, ਜਿਸ ਵਿਚ ਜੀਵਨੀ, ਨਾਵਲ ਅਤੇ ਇਤਿਹਾਸਕ ਘਟਨਾਕ੍ਰਮ ਨੂੰ ਪ੍ਰਗਟ ਕਰਨ ਵਾਲੇ ਸਭਨਾਂ ਸਾਹਿਤ-ਰੂਪਾਂ ਦਾ ਸੁਮਿਸ਼ਰਣ ਆਖਿਆ ਜਾ ਸਕਦਾ ਹੈ। ਇਸ ਰਚਨਾ ਦੇ ਕਥਾਨਕ ਵਿਚ ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰੇ ਦੀਆਂ ਪੀੜ੍ਹੀ-ਦਰ-ਪੀੜ੍ਹੀ ਸਥਾਪਿਤ ਹੋ ਚੁੱਕੀਆਂ ਸਾਂਝਾਂ ਅਤੇ ਪਰੰਪਰਕ ਮਿਲਵਰਤਨ ਦੀਆਂ ਰਵਾਇਤਾਂ ਨੂੰ ਪ੍ਰਗਟ ਕਰਦਿਆਂ ਹੋਇਆਂ, ਜਦੋਂ ਜਨੂੰਨੀ, ਧਾਰਮਿਕ ਆਡੰਬਰੀ ਲੋਕਾਂ ਰਾਹੀਂ ਇਨ੍ਹਾਂ ਨੂੰ ਨਿੱਜੀ ਰਾਜਸੀ ਹਿਤਾਂ ਤਹਿਤ ਛਿਣਭੰਗਰ ਕਰਨ ਦਾ ਉਪਰਾਲਾ ਕੀਤਾ ਗਿਆ, ਉਸ ਸਭ ਕਾਸੇ ਦਾ ਵਰਨਣ ਇਹ ਪੁਸਤਕ ਅਣਵੰਡੇ ਪੰਜਾਬ ਦੇ ਪਿੰਡ ਧਰਾਬੀ ਦੇ ਵਸਨੀਕਾਂ ਨੂੰ ਮੂਲ ਕੇਂਦਰ-ਬਿੰਦੂ ਮੰਨ ਕੇ ਪੇਸ਼ ਕਰਦੀ ਹੈ। ਖਤਰੈਣ ਘਰਾਣੇ ਦੇ ਪਰਿਵਾਰ ਜਿਸ ਦੇ ਮੁਖੀ ਤੇਜਾ ਸਿੰਘ, ਹਰਨਾਮ ਸਿੰਘ ਅਤੇ ਪ੍ਰੀਤਮ ਸਿੰਘ ਹਨ, ਦੇ ਲੋਕ-ਸੇਵੀ, ਪਿਆਰ-ਮੁਹੱਬਤੀ, ਸੇਵਾ-ਦਾਨੀ, ਲੋੜਵੰਦਾਂ ਦੇ ਦਰਦੀ ਅਤੇ ਹਮਾਇਤੀ ਵਜੋਂ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੀ ਨਿਸ਼ਠਾ ਗੁਰੂ ਨਾਨਕ ਦੁਆਰਾ ਦਿੱਤੇ ਪੈਗ਼ਾਮ ਸਰਬੱਤ ਦੇ ਭਲੇ ਵਿਚ ਨਿਹਿਤ ਹੈ। ਡਾ: ਸਰਬਜਿੰਦਰ ਸਿੰਘ ਨੇ ਇਸ ਪੁਸਤਕ ਨੂੰ ਕਰੜੀ ਘਾਲਣਾ ਅਤੇ ਸਮਕਾਲੀਨ ਚਿੰਤਨਧਾਰਾ ਦੇ ਧਾਰਨੀ ਹੋ ਕੇ ਪਾਠਕਾਂ ਦੇ ਸਨਮੁਖ ਕੀਤਾ ਹੈ। ਇਸ ਵਿਚ ਭਾਰਤ ਦੀ 1947 ਦੀ ਵੰਡ ਅਤੇ ਉਸ ਤੋਂ ਬਾਅਦ ਉੱਜੜ-ਪੁੱਜੜ ਕੇ, ਇਧਰ ਜਾਂ ਉਧਰ ਪੰਜਾਬੀਆਂ ਦੇ ਲੋਕ ਜੀਵਨ ਦੇ ਘਾਣ ਦਾ ਜ਼ਿਕਰ ਹੈ। ਪੁਸਤਕ ਵਿਚ ਅੰਕਿਤ ਪ੍ਰੀਤਮ ਸਿੰਘ ਦੇ ਕੈਮਲਪੁਰੇ ਜਾਣ ਅਤੇ ਪਿੰਡ ਧਰਾਬੀ ਨਾਲ ਸਬੰਧਤ ਪ੍ਰਸੰਗ ਅਤਿ-ਕਰੁਣਾਮਈ ਭਾਵਾਂ ਦਾ ਬਿਰਤਾਂਤ ਪੇਸ਼ ਕਰਦੇ ਹਨ। ਕਥਾਨਕ ਵਿਚ ਮੋਹਣਾ ਅਤੇ ਚਿਰਾਗ ਅਜਿਹੇ ਪਾਤਰ ਹਨ ਜੋ ਪੁਸਤਕ ਦੇ ਬਿਰਤਾਂਤ ਦੀ ਚੂਲ ਆਖੇ ਜਾ ਸਕਦੇ ਹਨ। ਇਸੇ ਤਰ੍ਹਾਂ ਹਿੰਦੂ, ਸਿੱਖ ਅਤੇ ਮੁਸਲਿਮ ਏਕਤਾ ਤੇ ਸਾਂਝੀਵਾਲਤਾ ਦੇ ਮੁੱਖ ਪਾਤਰ ਰਹੀਮੋ ਚਾਚਾ ਦਾ ਕਿਰਦਾਰ ਹਮਦਰਦੀ ਦਾ ਸੂਚਕ ਬਣਦਾ ਹੈ। ਇਹ ਅਜਿਹੇ ਪਾਤਰ ਹਨ ਜੋ ਹਮਸਾਇਆਂ ਦੀ ਮੂੰਹੋਂ ਬੋਲਦੀ ਜ਼ਬਾਨ ਹਨ, ਪਰੰਤੂ ਸਿਆਸੀ ਤਾਕਤਾਂ ਵੰਡ-ਵੰਡਾਈਆਂ ਕਰਕੇ ਨਿਖੇੜ ਦੇਂਦੀਆਂ ਹੋਈਆਂ ਪੁਸਤਕ 'ਚ ਦਰਸਾਈਆਂ ਗਈਆਂ ਹਨ।

-ਡਾ: ਜਗੀਰ ਸਿੰਘ ਨੂਰ
ਮੋ: 9814209732

c c c

ਘੁੰਗਰੂਆਂ ਵਾਲੀਆਂ ਸੂਈਆਂ
ਲੇਖਿਕਾ : ਅਮਰਪਰੀਤ ਕੌਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ (ਪੇਪਰਬੈਕ), ਸਫ਼ੇ : 88
ਸੰਪਰਕ : 94638-94027.

ਸਕੂਲ ਸਿੱਖਿਆ ਵਿਭਾਗ ਵਿਚ ਪੰਜਾਬੀ ਲੈਕਚਰਾਰ ਦੇ ਤੌਰ 'ਤੇ ਕਾਰਜਸ਼ੀਲ ਲੇਖਿਕਾ ਦੀ ਇਹ ਪਸਤਕ 26 ਰਚਨਾਵਾਂ ਦੀ ਹੈ, ਜਿਸ ਵਿਚ ਪੰਦਰਾਂ ਕੁ ਰਚਨਾਵਾਂ ਮਿੰਨੀ ਕਹਾਣੀਆਂ ਤੇ ਬਾਕੀ ਕਹਾਣੀਆਂ ਹਨ। ਪਰ ਲੇਖਿਕਾ ਨੇ ਇਨ੍ਹਾਂ 'ਚ ਮਿੰਨੀ ਕਹਾਣੀ ਤੇ ਕਹਾਣੀ ਵਿਚਲਾ ਕੋਈ ਫ਼ਰਕ ਨਹੀਂ ਰੱਖਿਆ। ਇਕ ਰਚਨਾ ਹੈ-ਕਹਾਣੀ ਬਣ ਗਿਆ ਤਾਇਆ ਕਾਮਰੇਡ ਸੁਰਜੀਤ ਗਿੱਲ ਸ਼ਰਧਾਂਜਲੀਨੁਮਾ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਲੇਖਿਕਾ ਦਾ ਪਰਿਵਾਰਕ ਮਾਹੌਲ ਸਾਹਿਤਕ ਹੈ। ਰਚਨਾ ਵਿਚ ਸੰਵਾਦ, ਯਾਦਾਂ ਤੇ ਸਾਹਿਤ ਨਾਲ ਜੁੜਨ ਦੀ ਗੱਲ ਹੈ। ਮਿੰਨੀ ਕਹਾਣੀਆਂ ਵਿਚ ਬਰਾੜਾਂ ਦੀ ਧੀ, ਫ਼ੌਜੀ ਮਾਮਾ, ਦੀਵੇ ਹੇਠ ਹਨੇਰਾ, ਆਵਦੀ ਧੀ ਦਾ ਫ਼ਿਕਰ, ਗੁਰਮੁਖ ਪਰਿਵਾਰ, ਬਾਊਂਡਰੀ ਲਾਈਨ ਨਿੱਕੇ-ਨਿੱਕੇ ਪਲਾਂ ਦਾ ਸ਼ਬਦੀ ਰੂਪ ਹਨ। ਧੀਆਂ ਕਿਉਂ ਜੰਮੀਆਂ ਨੀ ਮਾਏ ਲੇਖਿਕਾ ਦੀ ਪੁਰਾਣੀ ਵਿਦਿਆਰਥਣ ਦੇ ਜ਼ਿੰਦਗੀ ਦੇ ਉਦਾਸੇ ਸਮੇਂ ਦੀ ਹੈ। ਸਿਰਲੇਖ ਵਾਲੀ ਰਚਨਾ ਵਿਚ ਸਕੂਲ ਅਧਿਆਪਕਾਵਾਂ ਦਾ ਘਰੇਲੂ ਸੰਵਾਦ ਦੀ ਹੈ, ਜਿਸ ਵਿਚ ਔਰਤਾਂ ਦੀ ਆਮ ਪਰਿਵਾਰਕ ਸਮੱਸਿਆਵਾਂ ਦੀ ਮੁੱਖ ਸੁਰ ਹੈ। ਕਹਾਣੀਆਂ ਦਾ ਬਿਰਤਾਂਤ ਘੱਟ ਪਰ ਸੰਖੇਪਤਾ ਮੁੱਖ ਹੈ। ਸਰਲ ਸ਼ਬਦਾਵਲੀ ਵਿਚ ਸਹਿਜ ਰਚਨਾਵਾਂ ਹਨ। ਕੋਈ ਉਚੇਚ ਨਹੀਂ ਹੈ। ਤੇ ਉਹ ਖਾੜਕੂ ਬਣ ਗਿਆ, ਪੰਜਾਬ ਦੇ ਕਾਲੇ ਦਿਨਾਂ ਦੀ ਹੈ। ਵਧੇਰੇ ਕਹਾਣੀਆਂ ਦੁੱਖਾਂ-ਦਰਦਾਂ ਤੇ ਉਦਾਸੀ ਦੀਆਂ ਹਨ। ਵਿਸ਼ੇਸ਼ਤਾ ਇਹ ਹੈ ਕਿ ਲੇਖਿਕਾ ਸੰਵਾਦ ਦੇ ਬਹਾਨੇ ਪ੍ਰਸਿੱਧ ਚਿੰਤਕਾਂ ਦੇ ਜ਼ਿੰਦਗੀ ਨਾਲ ਜੁੜੇ ਵਾਕ ਲਿਖ ਕੇ ਰਚਨਾ ਦੇ ਸਾਹਿਤਕ ਸੁਹਜ ਵਿਚ ਵਾਧਾ ਕਰਦੀ ਹੈ। ਲੇਖਿਕਾ ਕੋਲ ਕਹਾਣੀ ਕਹਿਣ ਦਾ ਹੁਨਰ ਹੈ ਪਰ ਹੁਣ ਦੀ ਕਹਾਣੀ ਬਹੁਤ ਅੱਗੇ ਚਲੀ ਗਈ ਹੈ। ਪ੍ਰਸਿੱਧ ਲੇਖਕ ਗੁਰਮੇਲ ਸਿੰਘ ਬੌਡੇ ਨੇ ਭੂਮਿਕਾ ਵਿਚ ਕਈ ਮਹਾਨ ਚਿੰਤਕਾਂ ਦੇ ਹਵਾਲੇ ਨਾਲ ਕਈ ਨਿੱਗਰ ਸੁਝਾਅ ਦਿੱਤੇ ਹਨ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

c c c

ਪੰਜਾਬੀ ਸਾਹਿਤ ਤੇ ਸਾਹਿਤ ਆਲੋਚਨਾ
ਲੇਖਕ : ਡਾ: ਸੁਰਿੰਦਰ ਕੁਮਾਰ ਦਵੇਸ਼ਵਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 295 ਰੁਪਏ, ਸਫ਼ੇ : 246
ਸੰਪਰਕ : 98550-59696.

ਪੰਜਾਬੀ ਸਾਹਿਤ ਦਾ ਇਤਿਹਾਸਕ ਸਰਵੇਖਣ ਕਰਦਿਆਂ ਡਾ: ਸੁਰਿੰਦਰ ਕੁਮਾਰ ਦਵੇਸ਼ਵਰ ਨੇ ਇਸ ਸਾਹਿਤ ਨੂੰ ਹਮੇਸ਼ਾ ਹੀ ਸਮਾਜਿਕ ਉਦੇਸ਼ ਨਾਲ ਲਬਰੇਜ਼ ਦਰਸਾਇਆ ਹੈ। ਸਾਹਿਤਕ ਸੰਵੇਦਨਾ ਦੇ ਪਹਿਲੂ ਤੋਂ ਇਸ ਸਾਹਿਤ ਨੂੰ ਨਿਵੇਕਲਾ ਸਥਾਨ ਪ੍ਰਾਪਤ ਹੈ। ਇਤਿਹਾਸਕ, ਭੌਤਿਕ ਤੇ ਵਿਚਾਰਧਾਰਾਈ ਧਰਾਤਲਾਂ ਦੇ ਨਾਲ-ਨਾਲ ਸਾਹਿਤ ਦੀ ਨਿਰਾਲੀ ਹੋਂਦ ਨੂੰ ਵੀ ਵਿਚਾਰਨਾ ਓਨਾ ਹੀ ਜ਼ਰੂਰੀ ਹੈ। ਵਿਵਹਾਰਕ ਪੱਧਰ 'ਤੇ ਮਾਰਕਸਵਾਦੀ ਆਲੋਚਨਾ ਨੂੰ ਮਕਾਨਕੀ ਢੰਗ ਨਾਲ ਲਾਗੂ ਕਰਨਾ ਉਚਿਤ ਨਹੀਂ ਹੁੰਦਾ। ਵਿਸ਼ਵੀਕਰਨ ਅਧੀਨ ਹੋਂਦ ਵਿਚ ਆਈਆਂ ਨਵੀਆਂ ਆਲੋਚਨਾ ਵਿਧੀਆਂ ਦਾ ਸਾਰਥਿਕ ਪ੍ਰਯੋਗ ਹੀ ਕਰਨਾ ਬਣਦਾ ਹੈ। ਮਾਰਕਸਵਾਦੀ ਸੁਹਜ ਸ਼ਾਸਤਰ ਕਲਾ ਨੂੰ ਵਿਚਾਰਧਾਰਾਈ ਦ੍ਰਿਸ਼ਟੀ ਤੋਂ ਸਮਝਣ ਲਈ ਕਾਰਗਰ ਹੁੰਦਾ ਹੈ। ਅਜੋਕੀ ਪ੍ਰਗਤੀਵਾਦੀ ਆਲੋਚਨਾ ਵਿਭਿੰਨ ਪਹਿਲੂਆਂ ਨਾਲ ਸੰਵਾਦ ਰਚਾਉਣ ਦੇ ਸਮਰੱਥ ਹੈ। ਫਿਰ ਵੀ ਅਜੋਕੇ ਸਮੇਂ ਬਹੁ-ਅਨੁਸ਼ਾਸਨੀ ਵਿਧੀ ਵਧੇਰੇ ਲਾਹੇਵੰਦ ਸਾਬਤ ਹੋ ਸਕਦੀ ਹੈ।
ਡਾ: ਦਵੇਸ਼ਵਰ ਨੇ ਅਜਿਹੇ ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਵਿਚਾਰਾਂ ਉਪਰੰਤ ਪੰਜਾਬੀ ਸਾਹਿਤ ਦੇ ਪ੍ਰਮੁੱਖ ਮਾਰਕਸਵਾਦੀ ਚਿੰਤਕਾਂ ਦੇ ਵਿਚਾਰਾਂ ਨਾਲ ਵੀ ਪਾਠਕਾਂ, ਖੋਜਾਰਥੀਆਂ ਅਤੇ ਵਿਦਵਾਨਾਂ ਦੀ ਸਾਂਝ ਪੁਆਈ ਹੈ। ਮਸਲਨ ਡਾ: ਅਤਰ ਸਿੰਘ ਨੂੰ ਪੰਜਾਬੀ ਆਲੋਚਨਾ ਵਿਚ ਆਧੁਨਿਕਤਾ ਦੇ ਸੰਕਲਪ ਦਾ ਮੋਢੀ ਸਵੀਕਾਰਿਆ ਹੈ। ਡਾ: ਰਵਿੰਦਰ ਸਿੰਘ ਰਵੀ ਵਾਦ-ਪ੍ਰਤੀਵਾਦ ਸੰਵਾਦ ਦੀ ਸਰਬ-ਪ੍ਰਵਾਨਿਤ ਵਿਧੀ ਨੂੰ ਅਪਣਾਉਂਦਾ ਹੈ। ਡਾ: ਟੀ.ਆਰ. ਵਿਨੋਦ ਨੂੰ ਇਸ ਗੱਲ ਦਾ ਦੁੱਖ ਹੈ ਕਿ ਨਾ ਤਾਂ ਮਾਰਕਸਵਾਦੀ ਚਿੰਤਕ ਅਜੇ ਤੱਕ ਪੰਜਾਬੀ ਸਮਾਜ ਦਾ ਇਸ ਦ੍ਰਿਸ਼ਟੀ ਤੋਂ ਕੋਈ ਸਮਾਜਿਕ ਇਤਿਹਾਸ ਹੀ ਲਿਖ ਸਕੇ ਹਨ ਅਤੇ ਨਾ ਹੀ ਇਸ ਦੇ ਸੁਹਜ ਸ਼ਾਸਤਰ ਦੀ ਸਿਰਜਨਾ ਹੀ ਕਰ ਸਕੇ ਹਨ। ਡਾ: ਕੇਸਰ ਸਾਹਿਤ ਦੇ ਅੰਦਰੂਨੀ ਪਾਠ ਵਿਚੋਂ ਇਸ ਦੀ ਕਲਾਤਮਿਕਤਾ ਅਤੇ ਸਮਾਜਿਕਤਾ ਦੀ ਪਕੜ ਕਰਨ ਵਾਲਾ ਵਿਦਵਾਨ ਹੈ। ਡਾ: ਹਰਭਜਨ ਸਿੰਘ ਭਾਟੀਆ ਦੀ ਵੱਡੀ ਦੇਣ ਮੈਟਾ-ਆਲੋਚਨਾ ਨੂੰ ਵਿਧੀਵਤ ਅਨੁਸ਼ਾਸਨੀ ਪ੍ਰਬੰਧ ਵਜੋਂ ਉਸਾਰਨ ਵਿਚ ਨਿਹਿਤ ਹੈ। ਡਾ: ਸੁਰਜੀਤ ਭੱਟੀ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਸਾਹਿਤ ਇਕ ਸਿਰਜਣਾਤਮਿਕ ਕਾਰਜ ਹੈ, ਜਿਸ ਦੀ ਸੁਤੰਤਰ ਤੇ ਵਿਲੱਖਣ ਹੋਂਦ ਵਿਧੀ ਹੈ। ਉਹ ਸਾਹਿਤ ਦੀ ਸਾਹਿਤਕਤਾ ਅਤੇ ਵਿਚਾਰਧਾਰਾ ਦੋਵਾਂ ਨੁਕਤਿਆਂ ਨੂੰ ਮਹੱਤਵ ਦਿੰਦਾ ਹੈ। ਡਾ: ਕਾਂਗ ਦਾ ਕੇਂਦਰ-ਬਿੰਦੂ ਮੱਧ-ਕਾਲੀਨ ਸਾਹਿਤ ਅਤੇ ਵਿਸ਼ੇਸ਼ ਕਰਕੇ ਕਿੱਸਾ ਕਾਵਿ ਰਿਹਾ ਹੈ।
ਡਾ: ਦਵੇਸ਼ਵਰ ਅਨੁਸਾਰ ਖੋਜਕਰਤਾ ਲਈ ਅੰਤਰ-ਅਨੁਸ਼ਾਸਨੀ ਸਮਝ ਅਤੇ ਸੂਝ ਰੱਖਣੀ ਪਰਮ-ਆਵੱਸ਼ਕ ਹੈ। ਇਸ ਪੁਸਤਕ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਪੰਜਾਬੀ ਆਲੋਚਕਾਂ ਦੀਆਂ ਪ੍ਰਾਪਤੀਆਂ, ਸੀਮਾਵਾਂ ਅਤੇ ਕਮਜ਼ੋਰੀਆਂ ਦੇ ਉਲੇਖ ਦੇ ਨਾਲ-ਨਾਲ ਸੰਭਾਵਨਾਵਾਂ ਨੂੰ ਵੀ ਬਾਹਰਮੁਖੀ, ਵਿਗਿਆਨਕ ਅਤੇ ਪਾਰਦਰਸ਼ੀ ਵਿਵੇਕ ਨਾਲ ਪ੍ਰਸਤੁਤ ਕੀਤਾ ਗਿਆ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.

c c c
ਚਾਨਣ ਰੰਗੇ ਬੋਲ
ਸ਼ਾਇਰ : ਸੁਖਵਿੰਦਰ ਸਨੇਹ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 94786-28611

ਸੁਖਵਿੰਦਰ ਸਨੇਹ ਦੇ ਕਾਵਿ ਸੰਗ੍ਰਹਿ 'ਚਾਨਣ ਰੰਗੇ ਬੋਲ' ਵਿਚ ਉਸ ਦੀਆਂ ਬਹੱਤਰ ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿਚ ਗੀਤ ਵੀ ਹਨ ਤੇ ਗ਼ਜ਼ਲਾਂ ਵੀ। ਸ਼ਾਇਰ ਨੇ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਦੇਖੇ ਹਨ ਤੇ ਆਪਣੇ ਤਨ ਮਨ 'ਤੇ ਬੜਾ ਕੁਝ ਨਾਂਹ ਵਾਚਕ ਹੰਢਾਇਆ ਹੈ। ਇਸੇ ਦੀ ਬਦੌਲਤ ਇਸ ਪੁਸਤਕ ਦੀਆਂ ਰਚਨਾਵਾਂ ਨਿਰੀ ਕਲਪਨਾ ਨਾ ਹੋ ਕੇ ਅਸਲੀਅਤ ਦੇ ਨੇੜੇ ਹਨ। 'ਚਾਨਣ ਰੰਗੇ ਬੋਲ' ਪਹਿਲਾ ਭਾਗ ਗ਼ਜ਼ਲਾਂ ਨਾਲ ਸਬੰਧਤ ਹੈ ਤੇ ਸ਼ਾਇਰ ਨੇ ਹਰ ਗ਼ਜ਼ਲ ਦਾ ਵੱਖਰਾ ਸਿਰਲੇਖ ਦਿੱਤਾ ਹੈ। ਇਹ ਗ਼ਜ਼ਲਾਂ ਭਾਵੇਂ ਸ਼ੁਰੂਆਤੀ ਦੌਰ ਦੀਆਂ ਹਨ ਪਰ ਇਨ੍ਹਾਂ ਦੇ ਵਿਸ਼ੇ ਮਨੁੱਖੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੇ ਭਟਕਣਾਂ ਦਾ ਬਾਖ਼ੂਬੀ ਚਿੱਤਰਨ ਕਰਦੀਆਂ ਹਨ। ਸਨੇਹ ਦੀਆਂ ਗ਼ਜ਼ਲਾਂ ਦੇ ਸ਼ਿਅਰ ਬੇਬਾਕ ਹਨ ਤੇ ਆਪਣੀ ਗੱਲ ਕਹਿਣ ਵਿਚ ਸ਼ਾਇਰ ਕੋਈ ਉਹਲਾ ਨਹੀਂ ਰਹਿਣ ਦਿੰਦਾ। ਇਨ੍ਹਾਂ ਦਾ ਇਕ ਵਧੀਆ ਪੱਖ ਇਹ ਵੀ ਹੈ ਕਿ ਇਹ ਗ਼ਜ਼ਲਾਂ ਵਧੇਰੇ ਕਰਕੇ ਲੋਕਾਂ ਦੀ ਗੱਲ ਕਰਦੀਆਂ ਹਨ। ਸੁਖਵਿੰਦਰ ਸਨੇਹ ਦੇ ਗੀਤਾਂ ਦੇ ਬਹੁਤੇ ਵਿਸ਼ੇ ਸਮਾਜਿਕ ਚੇਤਨਾ ਦੁਆਲੇ ਕੇਂਦਰਤ ਹਨ। ਉਸ ਨੂੰ ਨਸ਼ਿਆਂ ਵਿਚ ਗ਼ਲਤਾਨ ਜਵਾਨੀ ਦਾ ਫ਼ਿਕਰ ਹੈ ਤੇ ਸਿਆਸਤਦਾਨਾਂ ਵਲੋਂ ਲੋਕਾਂ ਨਾਲ ਕੀਤੇ ਜਾਂਦੇ ਫ਼ਰੇਬ ਦੀ ਤਕਲੀਫ਼ ਹੈ।
'ਚਾਨਣ ਰੰਗੇ ਬੋਲ' ਦੇ ਗੀਤਾਂ ਵਿਚ ਗ਼ਰੀਬੀ ਦਾ ਜ਼ਿਕਰ ਹੈ, ਖੇਤਾਂ ਦੇ ਗੰਨਿਆਂ ਦੀ ਮਿਠਾਸ ਹੈ, ਚੂੜੀਆਂ ਦੀ ਛਣਕਾਰ ਹੈ ਤੇ ਕਿੱਕਰਾਂ ਦੇ ਫੁੱਲਾਂ ਦੇ ਸਿਰਨਾਵੇਂ ਹਨ। ਇਹ ਪੁਸਤਕ ਨਿਸਚੇ ਹੀ ਸ਼ਾਇਰ ਨੂੰ ਹੋਰ ਅਗੇਰੇ ਵਧਣ ਲਈ ਹੌਸਲਾ ਦੇਵੇਗੀ। ਕਿਤਾਬ ਦੇ ਮੁਢਲੇ ਸਫ਼ਿਆਂ 'ਤੇ ਛਪਿਆ ਲੇਖ ਅਜੋਕੀ ਪੰਜਾਬੀ ਗ਼ਜ਼ਲ ਨੂੰ ਅਜੇ ਵੀ ਦਰਬਾਰੀ ਕਹੀ ਜਾ ਰਿਹਾ ਹੈ ਜਦੋਂ ਕਿ ਪੰਜਾਬੀ ਗ਼ਜਲ ਨੇ ਆਪਣੇ ਆਪ ਨੂੰ ਪੰਜਾਬੀ ਸੁਭਾਅ ਅਨੁਸਾਰ ਢਾਲ ਲਿਆ ਹੈ।

-ਗੁਰਦਿਆਲ ਰੌਸ਼ਨ
ਮੋ: 9988444002

c c c

ਕੀ ਸੁਆਰਥੀ ਹੋਣਾ ਪਾਪ ਹੈ?
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 135
ਸੰਪਰਕ : 94643-91902.

ਬਹੁ-ਪ੍ਰਤਿਭਾਸ਼ਾਲੀ ਸਾਹਿਤਕਾਰ ਰਾਮ ਨਾਥ ਸ਼ੁਕਲਾ ਦੀ ਵਾਰਤਕ ਰਚਨਾ ਦੀ ਇਹ 56ਵੀਂ ਪੁਸਤਕ ਉਨ੍ਹਾਂ ਦੀ ਨਿਵੇਕਲੀ ਵਾਰਤਕ ਦੇ ਘੇਰੇ ਨੂੰ ਹੋਰ ਵੀ ਵਿਸ਼ਾਲ ਅਤੇ ਮੋਕਲਾ ਕਰ ਗਈ ਹੈ। ਵਾਰਤਕ ਲਿਖਣ ਦੇ ਆਪਣੇ ਮਖ਼ਸੂਸ ਅੰਦਾਜ਼ ਵਿਚ ਉਨ੍ਹਾਂ ਨੇ ਮਨੁੱਖ ਵਿਚ ਵਸਦੀ ਸਵਾਰਥ ਦੀ ਭਾਵਨਾ ਨੂੰ ਆਪਣੇ ਲੇਖਾਂ ਦਾ ਵਿਸ਼ਾ ਬਣਾਇਆ ਹੈ। ਪੁਸਤਕ ਦੇ ਪਲੇਠੇ ਲੇਖ 'ਅਸੀਂ ਸਭੇ ਸੁਆਰਥੀ ਹਾਂ' ਵਿਚ ਉਹ ਪੁਸਤਕ ਲਿਖਣ ਦਾ ਮਨੋਰਥ ਬਿਆਨ ਕਰਦੇ ਹੋਏ ਲਿਖਦੇ ਹਨ, 'ਸੰਸਾਰ ਦਾ ਹਰ ਜੀਵ ਸੁਆਰਥੀ ਹੈ। ਸਾਧਾਰਨ ਮਨੁੱਖ ਵੀ ਬਾਕੀ ਜੀਵਾਂ ਵਾਂਗ ਹੀ ਵਿਹਾਰ ਕਰਦਾ ਹੈ। ਜਦੋਂ ਤੱਕ ਉਸ ਦੀ ਆਪਣੀ ਜਾਨ ਨੂੰ ਖ਼ਤਰਾ ਨਾ ਪੈਦਾ ਹੋ ਜਾਵੇ, ਉਹ ਓਨਾ ਚਿਰ ਹੀ ਕਿਸੇ ਦੀ ਭਲਾਈ ਬਾਰੇ ਸੋਚ ਸਕਦਾ ਹੈ।' ਇਸ ਤਰ੍ਹਾਂ ਪੁਸਤਕ ਦੇ ਹੋਰ ਲੇਖ 'ਪਰਸੁਆਰਥ ਨਾਂਅ ਦੀ ਕੋਈ ਭਾਵਨਾ ਨਹੀਂ ਹੈ', ਰੱਬ ਵੀ ਸੁਆਰਥ ਹੇਤ ਜੂਝਦੇ ਹਨ, ਸੁਆਰਥ ਨੇ ਸੰਸਾਰ ਨੂੰ ਬੰਨ੍ਹਿਆ ਹੋਇਆ ਹੈ, ਸੁਆਰਥ ਨਿੰਦਣਯੋਗ ਨਹੀਂ, ਸੁਆਰਥ ਇਕ ਪਵਿੱਤਰ ਸ਼ਬਦ ਹੈ, ਵਰਗੇ ਪੁਸਤਕ ਵਿਚ ਸ਼ਾਮਿਲ ਡੇਢ ਦਰਜਨ ਤੋਂ ਵੱਧ ਲੇਖ ਸੁਆਰਥ ਦੀ ਭਾਵਨਾ ਦੇ ਹਰੇਕ ਪੱਖ 'ਤੇ ਭਰਪੂਰ ਰੌਸ਼ਨੀ ਪਾਉਂਦੇ ਹਨ। ਭਾਵਪੂਰਤ ਸ਼ੈਲੀ ਅਤੇ ਸੌਖੇ ਸ਼ਬਦਾਂ ਵਿਚ ਲਿਖੇ ਇਹ ਲੇਖ ਪਾਠਕ ਦੀ ਚੇਤਨਾ ਉੱਤੇ ਡੂੰਘਾ ਅਸਰ ਪਾਉਂਦੇ ਹਨ। ਔਖੇ ਵਿਸ਼ੇ ਨੂੰ ਸਹਿਜਤਾ ਨਾਲ ਨਿਭਾਉਣਾ ਹੀ ਉਨ੍ਹਾਂ ਦੇ ਲਿਖਣ-ਫਨ ਦਾ ਆਲ੍ਹਾ ਕਮਾਲ ਹੈ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.

c c c

ਕਵਿਤਾਵਾਂ ਦਾ ਹਾਰ
ਕਵੀ : ਕੁਲਬੀਰ ਸਿੰਘ ਸਿੱਧੂ
ਪ੍ਰਕਾਸ਼ਕ : ਇੰਟਰਨੈਸ਼ਨਲ ਪਬਲਿਸ਼ਰਜ਼, ਜਲੰਧਰ
ਮੁੱਲ : 150 ਰੁਪਏ, ਸਫ਼ੇ : 160
ਸੰਪਰਕ : 0181-2239589.

ਇਨ੍ਹਾਂ ਕਵਿਤਾਵਾਂ ਵਿਚ ਕਵੀ ਦੀ ਜ਼ਿੰਦਗੀ ਦਾ ਲੰਮਾ ਤਜਰਬਾ ਬੋਲਦਾ ਹੈ। ਹਰ ਕਵਿਤਾ ਸਿਆਣਪ ਅਤੇ ਗੰਭੀਰਤਾ ਦੀ ਲਖਾਇਕ ਹੈ। ਮੁੱਖ ਤੌਰ 'ਤੇ ਕਵੀ ਜ਼ਿੰਦਗੀ ਪ੍ਰਤੀ ਹਾਂ-ਪੱਖੀ ਅਤੇ ਆਸ ਮੁਖੀ ਨਜ਼ਰੀਆ ਰੱਖਦਾ ਹੈ। ਪੁਰਾਣੀਆਂ ਰਸਮਾਂ-ਰੀਤਾਂ ਅਤੇ ਰੂੜ੍ਹੀਆਂ ਨੂੰ ਕਵੀ ਆਪਣੀਆਂ ਕਵਿਤਾਵਾਂ ਵਿਚ ਸਹਿਜਮੁਖਤਾ ਨਾਲ ਪੇਸ਼ ਕਰਦਾ ਹੈ। ਉਹ 'ਮੇਰਾ ਦੇਸ਼ ਮਹਾਨ' ਕਵਿਤਾ ਵਿਚ ਦੇਸ਼ ਉੱਤੇ ਕਟਾਖਸ਼ ਨਹੀਂ ਕਰਦਾ, ਸਗੋਂ ਮਾਣ ਕਰਦਾ ਹੈ : 'ਇਸ ਦੀ ਸ਼ਕਤੀ ਮਹਾਨ/ਦੁਨੀਆ ਦੀ ਤਰੱਕੀ ਲਈ/, ਹੋਵੇ ਪਰ ਹਿੰਦੀ ਕੁਰਬਾਨ/ਇਸ ਦੇ ਦੋਖੀ ਮੰਨ ਲੈਣ/ਇਸ ਦੀ ਸ਼ਕਤੀ ਮਹਾਨ। ਕਵੀ ਨੇ ਭਾਵੇਂ ਬਹੁਤ ਸਾਰੀਆਂ ਕਵਿਤਾਵਾਂ ਵਿਚ ਛੰਦ ਬਹਿਰ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਪਰ ਉਸ ਦੀਆਂ ਕਈ ਕਵਿਤਾਵਾਂ ਦਾ ਛੰਦ ਸਹਿਜ ਨਾਲ ਪੇਸ਼ ਹੋਇਆ ਹੈ :
ਜ਼ਿੰਦਗੀ ਤਲਖ ਰਹੀ ਤਾਂ ਵੀ ਰਾਸ ਰਹੀ
ਕੀ ਹੋਇਆ ਜੇ ਕੁਝ ਕੁਝ ਉਦਾਸ ਰਹੀ
ਉਦਾਸ ਹੋਣਾ ਉਸ ਦੀਆਂ ਸੋਚਾਂ ਦੁੱਖ ਭੁਲਾ ਦਿੰਦੀਆਂ
ਮੇਰੇ ਵਰਗੇ ਕਈਆਂ ਦਾ ਧਰਵਾਸ ਰਹੀ।
ਬਹੁਤ ਸਾਰੀਆਂ ਕਵਿਤਾਵਾਂ ਮੋਹਨ ਸਿੰਘ ਦੀ ਕਵਿਤਾ 'ਅੰਬੀ ਦਾ ਬੂਟਾ' ਦੀ ਤਰਜ਼ ਉੱਤੇ ਹਨ, ਜੋ ਸਾਗਰੀ ਲਹਿਰਾਂ ਵਾਂਗ ਇਕਸਾਰ ਤੇ ਸਹਿਜ ਸੰਗੀਤ ਦੀਆਂ ਸਰੂਪ ਹਨ :
ਨੈਣਾਂ ਨੂੰ ਬਿਆਨ ਕਰਾਂ
ਰੰਗਾਂ ਤੋਂ ਆਕਾਰਾਂ ਤੋਂ
ਮਦਹੋਸ਼ੀ ਤੋਂ ਖੁਮਾਰੀ ਤੋਂ
ਡੂੰਘਾਈ ਤੋਂ ਸ਼ਰਮਾਉਣ ਤੋਂ
ਸ਼ੋਖੀ ਤੋਂ ਸ਼ਰਾਰਤ ਤੋਂ....।
ਸ਼ਹੀਦੀ ਸਭ ਤੋਂ ਉੱਤਮ, ਸ਼ੁਕਰ ਹੋਇਆ ਕਿਤੇ ਮੀਂਹ ਵੱਸਿਆ, ਕਿੱਥੇ ਨੇ ਉਹ ਲੋਕ, ਕਾਲੇ ਕਾਨੂੰਨ, ਰੱਬ ਤੋਂ ਡਰ ਅਤੇ ਕਈ ਹੋਰ ਕਵਿਤਾਵਾਂ ਸਿੱਖਿਆਦਾਇਕ ਹਨ। ਕਵਿਤਾ ਸਰਲ ਤੇ ਆਮ ਲੋਕਾਂ ਦੀ ਸਮਝ ਵਿਚ ਆਉਣ ਵਾਲੀ ਹੈ।

-ਸੁਲੱਖਣ ਸਰਹੱਦੀ
ਮੋ: 94174-84337

c c c

ਜਿਊਣ ਦਾ ਸਲੀਕਾ
ਨਿਬੰਧਕਾਰ : ਸੁਰਿੰਦਰਪਾਲ ਸਿੰਘ ਮੰਡ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 94173-24543.

'ਜਿਊਣ ਦਾ ਸਲੀਕਾ' ਸੁਰਿੰਦਰਪਾਲ ਸਿੰਘ ਮੰਡ ਦੁਆਰਾ ਰਚਿਆ ਗਿਆ ਨਿਬੰਧ-ਸੰਗ੍ਰਹਿ ਹੈ, ਜਿਸ ਵਿਚ ਨਿਬੰਧਕਾਰ ਨੇ ਆਪਣੇ 27 ਨਿਬੰਧ ਸ਼ਾਮਿਲ ਕੀਤੇ ਹਨ। ਜਿਵੇਂ ਕਿ ਪੁਸਤਕ ਦੇ ਸਿਰਲੇਖ ਤੋਂ ਹੀ ਸਪੱਸ਼ਟ ਹੈ ਕਿ ਇਸ ਵਿਚ ਮਨੁੱਖੀ ਜ਼ਿੰਦਗੀ ਨੂੰ ਸੁਹਣਾ, ਸੁਹਜਮਈ ਅਤੇ ਹੁਨਰਮੰਦ ਬਣਾਉਣ ਦੀ ਗੱਲ ਕੀਤੀ ਗਈ ਹੈ ਤਾਂ ਕਿ ਮਨੁੱਖਤਾ ਹਮੇਸ਼ਾ ਚੜ੍ਹਦੀ ਕਲਾ ਸਲੀਕੇ ਵਾਲਾ ਜੀਵਨ ਬਤੀਤ ਕਰੇ।
ਲੇਖਕ ਨੇ ਆਪਣੇ ਇਨ੍ਹਾਂ ਨਿਬੰਧਾਂ ਵਿਚ ਤਾਗੀਦ ਕੀਤੀ ਹੈ ਕਿ ਪ੍ਰਸਥਿਤੀਆਂ ਦੀ ਕਰੂਰਤਾ ਸਾਹਮਣੇ ਗੋਡੇ ਟੇਕਣ ਜਾਂ ਉਨ੍ਹਾਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਨੂੰ ਆਪਣੇ ਅਨੁਸਾਰ ਢਾਲ ਕੇ ਜ਼ਿੰਦਗੀ ਦੇ ਜੇਤੂ ਬਣਿਆ ਜਾ ਸਕਦਾ ਹੈ। ਮਿਸਾਲ ਵਜੋਂ 'ਇਕੱਲਤਾ ਨੂੰ ਇਕਾਂਤ 'ਚ ਬਦਲੋ', ਭਰੋਸੇਯੋਗਤਾ ਦੀ ਤਾਕਤ, 'ਭੁੱਸ ਅਤੇ ਜਨੂੰਨ ਬੁਰਾ ਨਹੀਂ', 'ਇਕਾਗਰਤਾ ਹੈ ਸਫਲਤਾ ਦਾ ਰਾਜ਼' ਆਦਿ ਨਿਬੰਧ ਇਸੇ ਹੀ ਵਿਚਾਰਧਾਰਾ ਨੂੰ ਪੇਸ਼ ਕਰਦੇ ਹਨ। ਲੇਖਕ ਨੇ ਵੱਧ ਤੋਂ ਵੱਧ ਅਧਿਐਨ ਕਰਨ ਅਤੇ ਗਿਆਨ ਪ੍ਰਾਪਤੀ ਨੂੰ ਅਮਲੀ ਜਾਮਾ ਪਹਿਨਾਉਣ ਦੇ ਨਾਲ ਜ਼ਿੰਦਗੀ ਵਿਚ ਸਹਿਜ ਅਤੇ ਸੰਜਮ ਦੀ ਮਹਾਨਤਾ ਨੂੰ ਵੀ ਪੇਸ਼ ਕੀਤਾ ਹੈ, ਕਿਉਂਕਿ ਅਸੀਂ ਅਜਿਹੀ ਜ਼ਿੰਦਗੀ ਜਿਊਂਦਿਆਂ ਹੀ ਵੱਡੇ ਤੋਂ ਵੱਡੇ ਮਸਲੇ ਵੀ ਹੱਲ ਕਰ ਸਕਦੇ ਹਾਂ। ਜਿਥੇ ਲੇਖਕ ਨੇ ਅੱਜ ਮਨੁੱਖ ਦੁਆਰਾ ਕੁਦਰਤੀ ਵਾਤਾਵਰਨ ਤੋਂ ਅਵੇਸਲੇ ਹੋਣ ਬਾਰੇ ਅਤੇ ਨਵੀਨ ਕਾਢਾਂ ਦੀ ਤਹਿ ਥੱਲੇ ਛੁਪੀ ਬਰਬਾਦੀ ਦਾ ਜ਼ਿਕਰ 'ਡੁੱਬਣ ਵੱਲ ਕਿਉਂ ਤੁਰ ਪਈ ਧਰਤੀ', 'ਕੀ ਧਰਤੀ ਅਤੇ ਇਨਸਾਨ ਤਬਾਹ ਹੋਣੋਂ ਬਚ ਜਾਊ', ਨਿਬੰਧਾਂ ਵਿਚ ਕੀਤਾ ਹੈ, ਉਥੇ ਕੁਦਰਤੀ ਨਜ਼ਾਰਿਆਂ ਦੇ ਸੁਹਜ ਨੂੰ ਮਾਣਨ ਨੂੰ 'ਹਸੀਨ ਥਾਂ' ਨਿਬੰਧ ਵਿਚ ਤਲਵਾੜੇ ਦੇ ਕੁਦਰਤੀ ਵਾਤਾਵਰਨ ਨੂੰ ਵੀ ਬਾਖੂਬੀ ਪੇਸ਼ ਕੀਤਾ ਹੈ। ਇਨ੍ਹਾਂ ਨਿਬੰਧਾਂ ਵਿਚ ਲੇਖਕ ਦੀ ਸ਼ੈਲੀ ਸਰਲ, ਸਾਦੀ ਅਤੇ ਨਾਟਕੀ ਪ੍ਰਭਾਵ ਵਾਲੀ ਹੈ। 'ਮਨ ਅਤੇ ਬੁੱਧੀ' ਨੂੰ ਸਿਰਜਣਾ ਦੀ ਜਾਗ ਲਾਉਣ ਅਤੇ ਮਨੁੱਖੀ ਮਨ ਵਿਚ ਸੁਪਨੇ ਜਗਾਉਣ ਵਾਲੇ ਇਹ ਨਿਬੰਧ ਮਹੱਤਵਪੂਰਨ ਹਨ।
c c c

ਮੇਰੀ ਗਰੀਬੀ ਮੋੜ ਦੇ
ਲੇਖਕ : ਪ੍ਰਿੰਸੀਪਲ ਵਿਜੈ ਕੁਮਾਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 134
ਸੰਪਰਕ : 98726-27136.


ਪ੍ਰਿੰਸੀਪਲ ਵਿਜੈ ਕੁਮਾਰ ਪੂਰੀ ਸਰਗਰਮੀ ਅਤੇ ਨਿਰੰਤਰਤਾ ਨਾਲ ਅਧਿਐਨ ਤੇ ਅਧਿਆਪਨ ਨਾਲ ਜੁੜੀ ਹੋਈ ਸ਼ਖ਼ਸੀਅਤ ਹੈ। 'ਮੇਰੀ ਗ਼ਰੀਬੀ ਮੋੜ ਦੇ' ਪ੍ਰਿੰਸੀਪਲ ਵਿਜੈ ਕੁਮਾਰ ਦੀ ਨਵੀਂ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਦੇ 57 ਲੇਖ ਸ਼ਾਮਿਲ ਹਨ। ਇਸ ਲੇਖ-ਸੰਗ੍ਰਹਿ ਵਿਚ ਪ੍ਰਿੰਸੀਪਲ ਵਿਜੈ ਕੁਮਾਰ ਨੇ ਸਾਡੇ ਸਮਾਜ ਦੀਆਂ ਉਨ੍ਹਾਂ ਗੌਰਵਸ਼ਾਲੀ ਕਦਰਾਂ-ਕੀਮਤਾਂ ਨੂੰ ਸੁਰਜੀਤ ਕਰਨ ਦਾ ਯਤਨ ਕੀਤਾ ਹੈ, ਜਿਹੜੀਆਂ ਮਨੁੱਖ ਨੂੰ ਮਨੁੱਖ ਬਣਾਉਣ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਅਜੋਕੇ ਮਨੁੱਖ ਨੇ ਭਾਵੇਂ ਤਰੱਕੀ ਦੀਆਂ ਪੁਲਾਂਘਾਂ ਬਹੁਤ ਪੁੱਟੀਆਂ ਹਨ ਪਰ ਇਨ੍ਹਾਂ ਪੁਲਾਂਘਾਂ ਦੀ ਭੱਜਦੌੜ ਵਿਚ ਉਸ ਨੇ ਆਪਣੀ ਨਿਰਛਲ, ਨਿਰਸਵਾਰਥ, ਸਰੱਬਤ ਦੇ ਭਲੇ ਵਾਲੀ ਤਾਸੀਰ ਤੋਂ ਕਿਨਾਰਾ ਕਰ ਲਿਆ ਹੈ, ਇਹੀ ਇਸ ਲੇਖ-ਸੰਗ੍ਰਹਿ ਵਿਚਲੇ ਲੇਖਾਂ ਦਾ ਸਾਰ ਤੱਤ ਕਿਹਾ ਜਾ ਸਕਦਾ ਹੈ। ਲੇਖਕ ਆਪਣੀ ਗੱਲ ਨੂੰ ਇਨ੍ਹਾਂ ਸਾਰੇ ਨਿਬੰਧਾਂ ਵਿਚ ਸਾਧਾਰਨ ਜਾਣਕਾਰੀ ਨਾਲ ਸ਼ੁਰੂ ਕਰਦਾ ਹੈ, ਫਿਰ ਆਪਣੇ ਜੀਵਨ ਜਾਂ ਸਮਾਜ ਵਿਚ ਵਾਪਰੀ ਕਿਸੇ ਵਿਸ਼ੇਸ਼ ਘਟਨਾ ਦਾ ਹਵਾਲਾ ਦਿੰਦਾ ਹੈ ਜਾਂ ਫਿਰ ਕਿਸੇ ਵਿਸ਼ੇਸ਼ ਵਿਅਕਤੀ ਦੀ ਜ਼ਿੰਦਗੀ ਜਾਂ ਆਪਣੀ ਆਪਬੀਤੀ ਦਾ ਅਨੁਭਵ ਪ੍ਰਸਤੁਤ ਕਰਨ ਤੋਂ ਬਾਅਦ ਨਿਬੰਧ ਦੇ ਅਖੀਰ 'ਤੇ ਆਪਣੀ ਰਾਇ ਪੇਸ਼ ਕਰਦਾ ਹੈ ਕਿ ਇੰਜ ਨਹੀਂ ਹੋਣਾ ਚਾਹੀਦਾ ਜਾਂ ਹੋਣਾ ਚਾਹੀਦਾ ਹੈ ਜਾਂ ਕਿਸੇ ਮਸਲੇ ਦਾ ਹੱਲ ਕੀ ਹੋ ਸਕਦਾ ਹੈ। ਬਹੁਤ ਸਾਰੇ ਲੇਖ ਲੇਖਕ ਦੀ ਅਧਿਆਪਕੀ ਜ਼ਿੰਦਗੀ ਅਤੇ ਸਿੱਖਿਆ ਵਿਭਾਗ ਨਾਲ ਜੁੜੇ ਹੋਏ ਵਿਅਕਤੀਆਂ ਬਾਰੇ ਹਨ ਪਰ ਕੁਝ ਇਕ ਉਨ੍ਹਾਂ ਅਹਿਮ ਅਹਿਸਾਸਾਂ ਨਾਲ ਓਤਪੋਤ ਹਨ, ਜਿਨ੍ਹਾਂ ਨੇ ਲੇਖਕ ਦੀ ਜ਼ਿੰਦਗੀ ਨੂੰ ਨਵੇਂ ਮੋੜ ਦਿੱਤੇ। ਸਾਡੇ ਸਮਾਜ ਵਿਚ ਪੈਦਾ ਹੋਈ ਖਿੱਚੋਤਾਣ ਅਤੇ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਇਹ ਚੰਗੇ ਲੇਖ ਬਹੁਤ ਹੀ ਮਹੱਤਵਪੂਰਨ ਤੇ ਪੜ੍ਹਨਯੋਗ ਹਨ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

20-11-2016

 ਸਵਾਮੀ ਵਿਵੇਕਾਨੰਦ
(ਬਾਣੀ, ਚਾਰ ਯੋਗ, ਕਹਾਣੀਆਂ)
ਸੰਕਲਨ-ਅਨੁਵਾਦ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 275 ਰੁਪਏ, ਸਫ਼ੇ : 176
ਸੰਪਰਕ : 0181-2214196.

ਭਾਰਤ ਵਿਚ ਅੰਗਰੇਜ਼ਾਂ ਦੇ ਆਗਮਨ ਦੁਆਰਾ ਪੁਨਰ-ਜਾਗ੍ਰਿਤੀ ਅਤੇ ਵਿਰਸੇ ਦੇ ਗੌਰਵ ਸਬੰਧੀ ਜਿਹੜੀ ਲਹਿਰ ਪੈਦਾ ਹੋਈ, ਸਵਾਮੀ ਵਿਵੇਕਾਨੰਦ ਉਸ ਲਹਿਰ ਦੇ ਸੰਚਾਲਕਾਂ ਵਿਚੋਂ ਸਨ। ਆਪ ਨੇ ਵੇਦਾਂ ਅਤੇ ਉਪਨਿਸ਼ਦਾਂ ਵਿਚ ਸੰਕਲਿਤ ਗਿਆਨ ਦੀ ਭਾਰਤੀ ਪਰੰਪਰਾ ਨੂੰ ਤਤਕਾਲੀਨ ਵਿਸ਼ਵ ਦੇ ਹਵਾਲੇ ਨਾਲ ਇਸ ਪ੍ਰਕਾਰ ਪੇਸ਼ ਕੀਤਾ ਕਿ ਦੁਨੀਆ ਦੰਗ ਰਹਿ ਗਈ।
ਸਵਾਮੀ ਜੀ ਬੜੀ ਬੇਦਰੇਗ਼ੀ ਨਾਲ ਭਾਰਤੀ ਲੋਕਾਂ ਦੀ ਦੁਖਦੀ ਰਗ ਉੱਤੇ ਉਂਗਲ ਰੱਖ ਦਿੰਦੇ ਸਨ। ਆਪ ਜਾਣਦੇ ਸਨ ਕਿ ਅਸੀਂ ਲੋਕ ਤੋਤੇ ਵਾਂਗ ਰਟੀਆਂ-ਰਟਾਈਆਂ ਗੱਲਾਂ ਬੋਲ ਜਾਂਦੇ ਹਾਂ, ਉਨ੍ਹਾਂ ਵਿਚੋਂ ਕਿਸੇ ਇਕ ਗੱਲ ਨੂੰ ਵੀ ਅਮਲ ਵਿਚ ਨਹੀਂ ਲਿਆਉਂਦੇ। 19ਵੀਂ ਸਦੀ ਦੇ ਅੰਤ ਵਿਚ ਪੂਰੇ ਵਿਸ਼ਵ ਵਿਚ ਸਵੈਮਾਨ ਅਤੇ ਖ਼ੁਦੀ ਦਾ ਜੋ ਡਿਸਕੋਰਸ ਤੁਰਿਆ ਸੀ, ਆਪ ਉਸ ਡਿਸਕੋਰਸ ਦੇ ਮੋਢੀਆਂ ਵਿਚੋਂ ਸਨ। ਨਿਤਸ਼ੇ ਇਸ ਡਿਸਕੋਰਸ ਦਾ ਇਕ ਹੋਰ ਸੰਚਾਲਕ ਸੀ। ਸਵਾਮੀ ਵਿਵੇਕਾਨੰਦ ਵਿਅਕਤੀ ਨੂੰ ਬਲਵਾਨ ਬਣਨ ਦੀ ਪ੍ਰੇਰਨਾ ਦਿੰਦੇ ਹੋਏ ਲਿਖਦੇ ਹਨ, 'ਤਾਕਤ ਹੀ ਭੈਅ ਦੀ ਇਕ ਦਵਾ ਹੈ। ਅਮੀਰਾਂ ਰਾਹੀਂ ਪਿਸਦੇ ਗ਼ਰੀਬਾਂ ਕੋਲ ਤਾਕਤ ਹੀ ਇਕੋ-ਇਕ ਦਵਾਈ ਹੈ। ਸੋ ਤਾਕਤਵਰ ਬਣੋ!' (ਪੰਨਾ 90)
ਡਾ: ਬਲਦੇਵ ਸਿੰਘ ਬੱਦਨ ਨੇ ਇਸ ਪੁਸਤਕ ਵਿਚਲੀ ਸਮੱਗਰੀ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲਾ ਭਾਗ ਸ੍ਰੀ ਜਗਨ ਨਾਥ ਪ੍ਰਭਾਕਰ ਨੇ ਲਿਖਿਆ ਹੈ। ਇਸ ਵਿਚ ਸਵਾਮੀ ਜੀ ਵੱਲੋਂ ਆਪਣੇ ਭਾਸ਼ਣਾਂ ਦੌਰਾਨ ਸੁਣਾਈਆਂ ਜਾਂਦੀਆਂ 14 ਕਹਾਣੀਆਂ ਦਾ ਪੰਜਾਬੀ ਅਨੁਵਾਦ ਦਿੱਤਾ ਗਿਆ ਹੈ। ਦੂਜਾ ਭਾਗ ਫਰਾਂਸ ਦੇ ਪ੍ਰਸਿੱਧ ਲੇਖਕ ਰੋਮਾਂ ਰੋਲਾਂ ਦੀ ਰਚਨਾ ਹੈ। ਇਸ ਭਾਗ ਦੇ ਤਿੰਨ ਲੇਖਾਂ ਵਿਚ ਸਵਾਮੀ ਜੀ ਦੀ ਮਹਿਮਾ ਨਾਲ ਸਬੰਧਤ ਸਰੋਕਾਰਾਂ ਦਾ ਵਿਸ਼ਲੇਸ਼ਣ ਅੰਕਿਤ ਹੋਇਆ ਹੈ। ਸਵਾਮੀ ਜੀ ਆਪਣੇ ਭਾਸ਼ਣਾਂ ਵਿਚ ਚਾਰ ਯੋਗਾਂ ਬਾਰੇ ਜ਼ਿਕਰ ਕਰਦੇ ਰਹਿੰਦੇ ਸਨ : ਕਰਮ ਯੋਗ, ਭਗਤੀ ਯੋਗ, ਰਾਜ ਯੋਗ ਅਤੇ ਗਿਆਨ ਯੋਗ। ਨਿਸਚੈ ਹੀ ਸਵਾਮੀ ਜੀ ਗਿਆਨ ਯੋਗ ਨੂੰ ਸਭ ਤੋਂ ਉੱਚਤਮ ਮੰਨਦੇ ਸਨ। ਆਪ ਪ੍ਰੈਗਮੈਟਿਕ ਸੋਚ ਦੇ ਧਾਰਨੀ ਸਨ ਅਤੇ ਮੰਨਦੇ ਸਨ ਕਿ ਅਨੁਭਵ ਹੀ ਗਿਆਨ ਦਾ ਇਕ ਮਾਤਰ ਸਰੋਤ ਹੈ। ਇਹ ਪੁਸਤਕ ਇਕ ਵਿਚਾਰਯੋਗ ਰਚਨਾ ਹੈ।

c c c

ਗੋਰੀਆਂ ਰਿਸ਼ਮਾਂ ਦੀ ਛੋਹ
(ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦਾ ਲੰਡਨ)
ਲੇਖਕ : ਸੰਤੋਖ ਭੁੱਲਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 216
ਸੰਪਰਕ : 78377-18723.


'ਗੋਰੀਆਂ ਰਿਸ਼ਮਾਂ ਦੀ ਛੋਹ' ਸੰਤੋਖ ਭੁੱਲਰ ਦੁਆਰਾ 1977 ਦੇ ਇੰਗਲੈਂਡ ਦੀ ਯਾਤਰਾ ਦਾ ਬਿਰਤਾਂਤ ਪੇਸ਼ ਕਰਨ ਵਾਲੀ ਰਚਨਾ ਹੈ। ਲੇਖਕ ਉਸ ਵਰ੍ਹੇ ਵਿਜ਼ਿਟਰ ਵੀਜ਼ਾ ਉੱਪਰ ਇੰਗਲੈਂਡ ਰਵਾਨਾ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਇੰਗਲੈਂਡ ਵੀ, ਅੱਜ ਵਰਗਾ ਸੁਖ-ਸੁਵਿਧਾਵਾਂ ਵਰਗਾ ਮੁਲਕ ਨਹੀਂ ਸੀ।
ਸੰਤੋਖ ਭੁੱਲਰ ਨੂੰ ਬਿਰਤਾਂਤ ਪੇਸ਼ ਕਰਨ ਦੀ ਕਲਾ ਉੱਪਰ ਕਾਫੀ ਅਧਿਕਾਰ ਹੈ। ਉਸ ਨੇ ਆਪਣੀ ਪਹਿਲੀ ਯਾਤਰਾ ਸਮੇਂ ਦੀ ਝਿਜਕ, ਡਰ ਅਤੇ ਸੰਸੇ ਨੂੰ ਬੜੇ ਕਲਾਤਮਿਕ ਢੰਗ ਨਾਲ ਬਿਆਨ ਕੀਤਾ ਹੈ। ਕਈ ਵਾਰ ਉਹ ਕਿਸੇ ਕਾਮੁਕ ਪ੍ਰਸੰਗ ਜਾਂ ਪਰਾਕ੍ਰਮੀ ਘਟਨਾ ਨੂੰ ਬਿਆਨ ਕਰਨ ਲਗਦਾ ਹੈ ਤਾਂ ਉਸ ਘਟਨਾ ਨਾਲ ਜੁੜੇ ਇਕ-ਦੋ ਤੱਥ ਦੱਸ ਕੇ ਫਿਰ ਇਧਰ-ਉਧਰ ਦੀਆਂ ਕੁਝ ਹੋਰ ਗੱਲਾਂ ਛੋਹ ਲੈਂਦਾ ਹੈ ਤਾਂ ਜੋ ਪਾਠਕਾਂ ਦੀ ਜਗਿਆਸਾ ਵਧੇਰੇ ਤੀਬਰ ਹੋ ਜਾਵੇ। ਪੰਜਾਬੀ ਵਿਚ ਇਸ ਪ੍ਰਕਾਰ ਦੀ ਬਿਰਤਾਂਤ-ਕਲਾ ਬਹੁਤ ਘੱਟ ਨਜ਼ਰ ਆਉਂਦੀ ਹੈ। ਭੁੱਲਰ ਨੂੰ ਇਹ ਕਰੈਡਿਟ ਜਾਂਦਾ ਹੈ ਕਿ ਉਸ ਨੇ ਆਪਣੀ ਪਹਿਲੀ ਹੀ ਰਚਨਾ ਵਿਚ ਇਸ ਪ੍ਰਕਾਰ ਦੀ ਵਿਧੀ ਉੱਪਰ ਵੱਸੀਕਾਰ ਕਰ ਲਿਆ ਹੈ।
ਉਸ ਨੇ ਆਪਣਾ ਇਹ ਬਿਰਤਾਂਤ ਬੜੀ ਨਿਮਰਤਾ ਅਤੇ ਸਚਾਈ ਨਾਲ ਬਿਆਨ ਕੀਤਾ ਹੈ। ਕਿਧਰੇ ਵੀ ਆਪਣੇ-ਆਪ ਨੂੰ ਵੱਡਾ ਜਾਂ ਵਿਸ਼ੇਸ਼ ਦਿਖਾਉਣ ਦਾ ਯਤਨ ਨਹੀਂ ਕੀਤਾ। ਉਸ ਨੇ ਆਪਣੀ ਹਰ ਕਮਜ਼ੋਰੀ ਅਤੇ ਮਜਬੂਰੀ ਨੂੰ ਪਾਠਕਾਂ ਨਾਲ ਸਾਂਝਾ ਕਰਕੇ ਉਨ੍ਹਾਂ ਦਾ ਦਿਲ ਜਿੱਤ ਲਿਆ ਹੈ। ਉਸ ਦੀ ਸਿਮ੍ਰਤੀ ਬਹੁਤ ਬਲਵਾਨ ਹੈ। ਚਾਲ੍ਹੀ ਵਰ੍ਹੇ ਪਹਿਲਾਂ ਬੀਤੀਆਂ ਘਟਨਾਵਾਂ ਨੂੰ ਉਹ ਏਨੀ ਸ਼ਿੱਦਤ ਨਾਲ ਬਿਆਨ ਕਰ ਜਾਂਦਾ ਹੈ ਜਿਵੇਂ ਇਹ ਕੱਲ੍ਹ ਹੀ ਵਾਪਰੀਆਂ ਹੋਣ। ਉਸ ਨੇ ਮਹਿੰਦਰ ਸਿੰਘ ਦੇ ਸਮੁੱਚੇ ਪਰਿਵਾਰ, ਸੁਖ ਭਾਈ ਪਟੇਲ, ਸੁਲੇਖਾ, ਮੀਨਾ, ਨੀਲਮ, ਬਾਲੀ ਅਤੇ ਸ਼ੰਕਰ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਪੂਰੀ ਸੁਹਿਰਦਤਾ ਨਾਲ ਬਿਆਨ ਕੀਤਾ ਹੈ। ਮੈਨੂੰ ਉਸ ਦੀ ਇਹ ਰਚਨਾ ਬਹੁਤ ਪਸੰਦ ਆਈ ਹੈ। ਇੰਗਲੈਂਡ ਦੇ ਸੱਭਿਆਚਾਰ, ਪਰਵਾਸੀਆਂ ਦੀ ਜੀਵਨ-ਸ਼ੈਲੀ ਅਤੇ ਉਥੋਂ ਦੇ ਸਿਸਟਮ ਬਾਰੇ ਗੰਭੀਰ ਟਿੱਪਣੀਆਂ ਕਰਨ ਵਾਲੀ ਇਹ ਇਕ ਪੜ੍ਹਨਯੋਗ ਰਚਨਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋ: 98760-52136

c c c

ਰੁੱਖ, ਪੰਛੀ ਅਤੇ ਆਲ੍ਹਣੇ
ਕਵੀ : ਕਰਮ ਚੰਦ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 195 ਰੁਪਏ, ਸਫ਼ੇ : 71
ਸੰਪਰਕ : 98723-72504.

ਇਸ ਕਾਵਿ-ਸੰਗ੍ਰਹਿ ਵਿਚ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਸ਼ਾਮਿਲ ਹਨ। ਇਨ੍ਹਾਂ ਵਿਚ ਸਮਾਜਿਕ ਬੁਰਾਈਆਂ, ਊਚ-ਨੀਚ ਅਤੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾਈ ਗਈ ਹੈ। ਕਵੀ ਕੁਦਰਤ ਅਤੇ ਵਾਤਾਵਰਨ ਪ੍ਰਤੀ ਵੀ ਜਾਗਰੂਕ ਹੈ। ਉਸ ਨੂੰ ਖੁਰਦੇ ਜਾ ਰਹੇ ਸੱਭਿਆਚਾਰ ਅਤੇ ਸਦਾਚਾਰ ਦਾ ਦੁੱਖ ਹੈ। ਉਸ ਦੀਆਂ ਰਚਨਾਵਾਂ ਧਰਮ, ਸਮਾਜ ਅਤੇ ਜ਼ਿੰਦਗੀ ਜਿਊਣ ਦੀ ਜਾਚ ਦਾ ਹੋਕਾ ਦਿੰਦੀਆਂ ਹਨ। ਆਓ, ਕੁਝ ਝਲਕਾਂ ਦੇਖੀਏ-
ਜਦ ਝੁੰਡਾਂ ਵਿਚ ਚਿੜੀਆਂ ਚੀਂ ਚੀਂ ਕਰਦੀਆਂ ਸਨ
ਕਿਉਂ ਕਰੀਏ ਗੱਲ ਮਰੇ ਹੋਏ ਇਖ਼ਲਾਕਾਂ ਦੀ
ਹਵਾ, ਰੌਸ਼ਨੀ, ਪਾਣੀ ਹੁਣ ਸਭ ਗੰਧਲ ਗਏ
ਰਾਖੀ ਰਲ ਮਿਲ ਕਰ ਲਈਏ ਜੰਗਲਾਤਾਂ ਦੀ।
-ਕੀ ਜ਼ਿੰਦਗੀ ਦਾ ਜੀਵਣਾ ਡੇਂਗੂ ਜਿਹਾ ਬੁਖਾਰ
ਨੰਗੇ ਪਿੰਡੇ ਰਹਿਣ ਦਾ ਉਤਰ ਗਿਆ ਖ਼ੁਮਾਰ।
-ਧੀਆਂ-ਨੂੰਹਾਂ ਨਾਲ ਨੇ ਲੋਕੋ ਜੁੜਦੇ ਰਿਸ਼ਤੇ
ਬਿਨ ਧੀਆਂ ਤੋਂ ਜੱਗ ਵਿਚ ਦੇਖੇ ਰੁੜ੍ਹਦੇ ਰਿਸ਼ਤੇ।
-ਗਾਥਾ ਗਾਉਂਦੇ ਫਿਰਦੇ ਸਾਰੇ ਗੌਰਵ ਦੀ
ਕਰੋ ਸੁਰੱਖਿਆ ਕਹਿੰਦੇ ਸਾਰੇ ਔਰਤ ਦੀ।
ਕਵੀ ਨੇ ਬੜੇ ਦਰਦ ਅਤੇ ਸ਼ਿੱਦਤ ਨਾਲ ਆਪਣੇ ਮਨੋਭਾਵ ਬਿਆਨ ਕੀਤੇ ਹਨ। ਇਹ ਕਵਿਤਾਵਾਂ ਤੇ ਗੀਤ ਚੇਤਨਾ ਨੂੰ ਹਲੂਣਦੇ ਹਨ। ਇਨ੍ਹਾਂ ਵਿਚ ਚੰਗੇ ਸੁਨੇਹੇ ਦਿੱਤੇ ਗਏ ਹਨ। ਪਲੇਠੀ ਰਚਨਾ ਹੋਣ ਕਰਕੇ ਹਾਲੇ ਤੋਲ ਤੁਕਾਂਤ ਅਤੇ ਸ਼ਬਦ ਜੋੜ ਹੋਰ ਧਿਆਨ ਮੰਗਦੇ ਹਨ। ਇਹ ਸ਼ਾਇਰੀ ਖ਼ੁਦਕੁਸ਼ੀਆਂ, ਨਿਰਾਸ਼ਾ, ਗ਼ਰੀਬੀ ਅਤੇ ਨਸ਼ਿਆਂ ਪ੍ਰਤੀ ਸੁਚੇਤ ਕਰਦੀ ਹੈ। ਇਨ੍ਹਾਂ ਵਿਚ ਜ਼ਿੰਦਗੀ ਨੂੰ ਜਿਊਣ ਦਾ ਹੁਨਰ ਅਤੇ ਸਲੀਕਾ ਝਲਕਦਾ ਹੈ। ਇਨ੍ਹਾਂ ਵਿਚ ਗਿਆਨ ਵੀ ਹੈ, ਵਿਗਿਆਨ ਵੀ, ਧਰਮ ਵੀ ਹੈ ਅਤੇ ਤਰਕ ਵੀ, ਬੌਧਿਕਤਾ ਵੀ ਹੈ ਅਤੇ ਭਾਵੁਕਤਾ ਵੀ। ਸਮੁੱਚੇ ਤੌਰ 'ਤੇ ਇਹ ਇਕ ਵਧੀਆ ਕਿਰਤ ਹੈ।

c c c

ਪਿਆਰ ਹੀ ਜ਼ਿੰਦਗੀ ਹੈ
ਲੇਖਕ : ਅਜੀਤ ਸਿੰਘ ਚੰਦਨ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਬਾਜ਼ਾਰ ਮਾਈ ਸੇਵਾਂ, ਸ੍ਰੀ ਅੰਮ੍ਰਿਤਸਰ
ਮੁੱਲ : 225 ਰੁਪਏ, ਸਫ਼ੇ : 183
ਸੰਪਰਕ : 0161-2613360

ਇਸ ਪੁਸਤਕ ਵਿਚਲੇ ਨਿਬੰਧ ਚੰਗੀ ਜੀਵਨ ਜਾਚ ਦੀ ਪ੍ਰੇਰਨਾ ਦਿੰਦੇ ਹਨ। ਬਹੁਤੇ ਲੋਕੀਂ ਜ਼ਿੰਦਗੀ ਬਿਤਾਉਂਦੇ ਹਨ ਪਰ ਮਾਣਦੇ ਨਹੀਂ। ਏਨਾ ਅਮੋਲਕ ਜਨਮ ਅਤੇ ਦੁਰਲੱਭ ਸਮਾਂ ਅਜਾਈਂ ਹੀ ਗਵਾ ਕੇ ਚਲੇ ਜਾਂਦੇ ਹਨ। ਅੱਜ ਸਮਾਜ ਦੀ ਗੰਧਲੀ ਸੋਚ, ਸਵਾਰਥ ਅਤੇ ਨਿਰਾਸ਼ਾ ਨੇ ਜਿਊਣਾ ਦੁੱਭਰ ਕਰ ਦਿੱਤਾ ਹੈ। ਲੇਖਕਾਂ ਦਾ ਫ਼ਰਜ਼ ਹੁੰਦਾ ਹੈ ਕਿ ਉਹ ਆਪਣੀ ਕਲਮ ਦੀ ਸ਼ਕਤੀ ਨਾਲ ਬੁਝ ਰਹੇ ਜੀਵਨਾਂ ਨੂੰ ਮਘਦਾ ਰੱਖਣ, ਜ਼ਿੰਦਗੀ ਜਿਊਣ ਦਾ ਚਾਅ ਅਤੇ ਉਮਾਹ ਪੈਦਾ ਕਰਨ ਅਤੇ ਥਿੜਕ ਰਹੇ ਕਦਮਾਂ ਦਾ ਆਸਰਾ ਬਣਨ। ਇਸ ਪੱਖੋਂ ਇਹ ਪੁਸਤਕ ਸਾਰਥਕ ਹੈ ਕਿਉਂਕਿ ਇਸ ਵਿਚਲੇ ਲੇਖ ਜੀਵਨ ਵਿਚ ਚਾਨਣ, ਉਤਸ਼ਾਹ, ਖੁਸ਼ੀ ਅਤੇ ਹੌਸਲਾ ਭਰਦੇ ਹਨ। ਲੇਖਾਂ ਦੇ ਵਿਸ਼ੇ ਜ਼ਿੰਦਗੀ ਦੇ ਵੱਖੋ-ਵੱਖਰੇ ਰੰਗ-ਢੰਗ ਅਤੇ ਸੁਚੱਜ ਅਤੇ ਸੁਹਜ ਨਾਲ ਮਾਣਨ ਵਾਲੇ ਹਨ। ਨਰੋਈਆਂ ਕਦਰਾਂ-ਕੀਮਤਾਂ ਅਪਣਾ ਕੇ ਅਤੇ ਆਸ਼ਾਵਾਦੀ ਸੋਚ ਰੱਖ ਕੇ ਜ਼ਿੰਦਗੀ ਨੂੰ ਘੁੱਟ-ਘੁੱਟ ਕਰਕੇ ਪੀਣਾ ਚਾਹੀਦਾ ਹੈ। ਇਨਸਾਨ ਨੂੰ ਪਰਉਪਕਾਰੀ ਰੁੱਖਾਂ ਵਾਂਗ ਜਿਊਣਾ ਚਾਹੀਦਾ ਹੈ। ਉਸ ਦੀ ਜ਼ਿੰਦਗੀ ਵਿਚ ਸਲੀਕਾ, ਸਿਆਣਪ, ਸਾਦਗੀ, ਸੁਹੱਪਣ ਅਤੇ ਲਿਆਕਤ ਹੋਣੀ ਚਾਹੀਦੀ ਹੈ। ਜੀਵਨ ਭਾਵੇਂ ਛੋਟਾ ਹੋਵੇ ਪਰ ਫੁੱਲਾਂ ਵਾਂਗ ਹੱਸਦਾ, ਟਹਿਕਦਾ ਅਤੇ ਮਹਿਕਦਾ ਹੋਵੇ। ਪਿਆਰ ਬਹੁਤ ਵੱਡੀ ਸ਼ਕਤੀ ਹੈ। ਕਾਦਰ ਨਾਲ, ਕੁਦਰਤ ਨਾਲ, ਜੀਵਾਂ ਜੰਤੂਆਂ ਨਾਲ, ਰੁੱਖ ਬੂਟਿਆਂ ਨਾਲ, ਪਰਿਵਾਰ ਅਤੇ ਸਮਾਜ ਨਾਲ ਪਿਆਰ ਦਾ ਰਿਸ਼ਤਾ ਰੱਖਣਾ ਬਣਦਾ ਹੈ। ਗੁੱਸਾ, ਹਿਰਖ, ਨਫ਼ਰਤ, ਕਾਹਲਾਪਣ ਅਤੇ ਡਰ ਜ਼ਿੰਦਗੀ ਦੇ ਵੈਰੀ ਹਨ। ਸੁਹਜ, ਸੁੰਦਰਤਾ, ਮਿਹਨਤ, ਅਨੁਸ਼ਾਸਨ ਅਤੇ ਚੰਗੇ ਵਿਚਾਰ ਜੀਵਨ ਵਿਚ ਖੇੜਾ ਅਤੇ ਅਨੰਦ ਭਰਦੇ ਹਨ। ਵਿਹਲ, ਨਸ਼ੇ, ਤਣਾਅ, ਦੁਚਿੱਤੀ ਅਤੇ ਉਦਾਸੀ ਜੀਵਨ ਨੂੰ ਬੇਕਾਰ ਕਰ ਦਿੰਦੇ ਹਨ। ਸੱਚਾ ਪਿਆਰ, ਸੁੱਚੀਆਂ ਭਾਵਨਾਵਾਂ ਅਤੇ ਨਿਰਮਲ ਸੋਚਾਂ ਨਾਲ ਅਸੀਂ ਆਪਣੀ ਅਤੇ ਹੋਰਾਂ ਦੀ ਜ਼ਿੰਦਗੀ ਵਿਚ ਹੁਲਾਰਾ ਲਿਆ ਸਕਦੇ ਹਾਂ। ਗੁਰਬਾਣੀ ਦੀਆਂ ਮਹਾਨ ਤੁਕਾਂ ਅਤੇ ਕਵਿਤਾ ਦੀਆਂ ਟੂਕਾਂ ਦੇ ਕੇ ਲੇਖਕ ਨੇ ਆਪਣੇ ਨਿਬੰਧਾਂ ਵਿਚ ਰਸ ਭਰ ਦਿੱਤਾ ਹੈ। ਬੋਲੀ ਸਾਦੀ, ਸਪੱਸ਼ਟ ਅਤੇ ਪ੍ਰਭਾਵਸ਼ਾਲੀ ਹੈ। ਆਖਰੀ ਪੰਨੇ ਲੇਖਕ ਦੀ ਅਮਰੀਕਾ ਯਾਤਰਾ ਬਾਬਤ ਹਨ। ਸਮੁੱਚੇ ਤੌਰ 'ਤੇ ਇਹ ਇਕ ਵਧੀਆ ਪੁਸਤਕ ਹੈ।

c c c

ਨਾਰੀ ਵਿਸਮਾਦ
ਲੇਖਿਕਾ : ਡਾ: ਗੁਰਪ੍ਰੀਤ ਕੌਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਸ੍ਰੀ ਅੰਮ੍ਰਿਤਸਰ
ਮੁੱਲ : 240 ਰੁਪਏ, ਸਫ਼ੇ : 176
ਸੰਪਰਕ : 0183-2543965.

ਹਰਿੰਦਰ ਸਿੰਘ ਮਹਿਬੂਬ ਦੀਆਂ ਸੱਤ ਕਾਵਿ ਪੁਸਤਕਾਂ ਦਾ ਸੰਗ੍ਰਹਿ ਹੈ 'ਝਨਾਂ ਦੀ ਰਾਤ' ਜਿਸ ਦੇ ਆਧਾਰ 'ਤੇ ਲੇਖਿਕਾ ਨੇ ਇਹ ਖੋਜ ਪੁਸਤਕ ਲਿਖੀ ਹੈ। ਪੁਸਤਕ ਦੇ ਚਾਰ ਕਾਂਡ ਹਨ-ਝਨਾਂ ਦੀ ਰਾਤ ਵਿਚ ਨਾਰੀ ਚੇਤਨਾ ਦਾ ਖੇਤਰ ਅਤੇ ਸਿਧਾਂਤਕ ਪਰਿਪੇਖ, ਝਨਾਂ ਦੀ ਰਾਤ ਵਿਚ ਪੰਜਾਬ ਦੀ ਇਸਤਰੀ ਦੀ ਭਰਪੂਰ ਸ਼ਖ਼ਸੀਅਤ ਦੇ ਦ੍ਰਿਸ਼ਟ ਅਤੇ ਅਦ੍ਰਿਸ਼ਟ ਪੱਖ, ਝਨਾਂ ਦੀ ਰਾਤ ਵਿਚ ਇਸਤਰੀ ਸੁਹਜ ਦੇ ਪ੍ਰਗਟ ਹੋਣ ਦੇ ਭਿੰਨ-ਭਿੰਨ ਸੋਮੇ ਅਤੇ ਝਨਾਂ ਦੀ ਰਾਤ ਵਿਚ ਨਾਰੀ ਚੇਤਨਾ : ਸਿਦਕ ਅਤੇ ਪਰਵਾਜ਼। ਅੰਤ ਵਿਚ ਹਰਿੰਦਰ ਸਿੰਘ ਮਹਿਬੂਬ ਨਾਲ ਕੀਤੀ ਗਈ ਭੇਂਟ ਵਾਰਤਾ ਵੀ ਪੇਸ਼ ਕੀਤੀ ਗਈ ਹੈ।
ਮਹਿਬੂਬ ਦੇ ਕਾਵਿ ਵਿਚ ਰੂਹਾਨੀਅਤ ਅਤੇ ਇਨਸਾਨੀਅਤ ਸਮੋਈ ਹੋਈ ਹੈ। ਆਓ ਉਸ ਦੀਆਂ ਖ਼ੂਬਸੂਰਤ ਕਾਵਿ ਪੰਕਤੀਆਂ ਦੇ ਰੂਬਰੂ ਹੋਈਏ-
ਨਦਰ ਦੀ ਛਾਵੇਂ ਬੈਠ ਕੇ, ਕਾਲ ਨਾ ਹੱਥ ਫੜੇ
ਭਵਜਲ ਦੇ ਵਿਚ ਰਹਿਣਗੇ, ਲੱਖਾਂ ਸਾਸ ਹਰੇ
ਸਾਹ ਸੂਰਜ ਜਦ ਪੀਂਵਦੇ, ਜਿੰਦ ਵੈਰਾਗ ਕਰੇ
ਵਡ ਸਿਦਕਾਂ ਦੀਆਂ ਮਹਿੰਦੀਆਂ, ਲਾ ਕੇ ਵਾਗ ਫੜੇ।
-ਰਾਤ ਝਨਾਂ ਦੀ ਵੇਖਿਆ, ਲਹਿਰੀਂ ਡੁਬਦਾ ਨੂਰ
ਸੁਬਕ ਤਾਨ ਜਿਉਂ ਗੁੰਮਿਆ, ਬੁੱਤ ਹੀਰ ਦਾ ਦੂਰ।
-ਹੀਰ ਦੇ ਕੋਮਲ ਤਨ 'ਚੋਂ ਉੱਠਣ, ਰਮਜ਼ਾਂ ਵਾਂਗ ਉਕਾਬਾਂ
ਦੇਸ ਪੰਜਾਬ ਦੇ ਕੁੱਲ ਰੁੱਖਾਂ 'ਤੇ, ਦਮਕਣ ਮਿੱਠੀਆਂ ਜਾਗਾਂ।
-ਘੁਟ ਅਰਜ਼ ਨਿਮਾਣੀ ਸੀਨੇ ਦੀ
ਮੈਨੂੰ ਕਰ ਲੈ ਈਦ ਮਹੀਨੇ ਦੀ
ਮੰਗ ਸੁੱਖਾਂ ਨੂੰ, ਪੁੱਛ ਰੁੱਖਾਂ ਨੂੰ
ਮੈਂ 'ਵਾਜ ਕਿਸੇ ਦਰਿਆ ਦੀ ਹੋ
ਮੈਂ ਬਾਂਦੀ ਨਜ਼ਰ ਦੇ ਸ਼ਾਹ ਦੀ ਹੋ।
ਮਹਿਬੂਬ ਦੀ ਉੱਚ ਪਾਏ ਦੀ ਸ਼ਾਇਰੀ ਅੰਬਰੋਂ ਪਾਰ ਲੈ ਜਾਂਦੀ ਹੈ। ਲੇਖਿਕਾ ਨੇ ਉੱਦਮ ਕਰਕੇ ਇਸ ਸ਼ਾਇਰੀ ਨੂੰ ਹੱਥ ਪੁਆਇਆ ਹੈ। ਇਹ ਇਕ ਖੂਬਸੂਰਤ ਪੁਸਤਕ ਹੈ ਜੋ ਔਰਤ ਦੀ ਖੂਬਸੀਰਤੀ ਪੇਸ਼ ਕਰਦੀ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

c c c

ਵਕਤ ਬੋਲਦਾ ਹੈ
ਲੇਖਕ : ਐਸ. ਅਸ਼ੋਕ ਭੌਰਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ : 495 ਰੁਪਏ, ਸਫ਼ੇ : 306
ਸੰਪਰਕ : 0172-4608699.

'ਵਕਤ ਬੋਲਦਾ ਹੈ' ਬਾਰੇ ਲੇਖਕ ਖ਼ੁਦ ਆਪਣੀ ਸਿਰਜਣਾ ਦੇ ਮੰਤਵ ਨੂੰ ਪ੍ਰਗਟ ਕਰਦਿਆਂ ਲਿਖਦਾ ਹੈ : 'ਜਦੋਂ ਸਾਰੇ ਚੁੱਪ ਹੋਣ, ਜਦੋਂ ਸਾਰਿਆਂ ਨੇ ਕੰਨਾਂ ਵਿਚ ਉਂਗਲਾਂ ਦਿੱਤੀਆਂ ਹੋਣ, ਜਦੋਂ ਸੁਚੇਤ ਕਹਾਉਣ ਵਾਲੇ ਮਨੁੱਖ ਅੱਖਾਂ ਮੀਚ ਲੈਣ, ਜਦੋਂ ਦਿਮਾਗ ਸੁੰਨ ਹੋ ਗਿਆ ਹੋਵੇ, ਜਦੋਂ ਅਕਲ ਊੜਾ-ਐੜਾ ਪੜ੍ਹਨ ਲੱਗੀ ਹੋਵੇ, ਉਦੋਂ ਸਿਰਫ ਤੇ ਸਿਰਫ 'ਵਕਤ ਬੋਲਦਾ ਹੈ'।
ਪੁਸਤਕ ਦੇ ਮੁੱਢ ਵਿਚ ਕੁਝ ਲੇਖਕਾਂ ਨੇ ਭੌਰਾ ਦੇ ਕਲਮੀ ਚਿੱਤਰ ਉਘਾੜੇ ਹਨ, ਜਿਨ੍ਹਾਂ ਤੋਂ ਉਸ ਦੀ ਸ਼ਖ਼ਸੀਅਤ 'ਤੇ ਭਰਪੂਰ ਚਾਨਣਾ ਪੈਂਦਾ ਹੈ। ਭੌਰਾ ਚੰਗਾ ਗੀਤਕਾਰ, ਗ਼ਜ਼ਲਗੋਅ ਤੇ ਸ਼ਾਇਰ ਹੈ। ਉਹ ਪ੍ਰਸਿੱਧ ਕਾਲਮ-ਨਵੀਸ ਹੈ। ਉਸ ਨੇ ਢਾਡੀਆਂ ਬਾਰੇ ਲਗਾਤਾਰ ਲਿਖ ਕੇ ਇਸ ਕਲਾ ਨੂੰ ਮੁੜ ਉਜਾਗਰ ਕਰਨ ਦਾ ਯਤਨ ਕੀਤਾ ਹੈ।
ਭੌਰਾ ਨੇ ਵਕਤਨ ਸੁਵਕਤਨ ਲਿਖੇ ਲੇਖ/ਨਿਬੰਧ ਇਸ ਪੁਸਤਕ ਵਿਚ ਦਰਜ ਕੀਤੇ ਹਨ। ਇਹ ਨਿਬੰਧਨੁਮਾ ਕਹਾਣੀਆਂ ਹਨ ਜਾਂ ਕਹਾਣੀਨੁਮਾ ਨਿਬੰਧ ਹਨ, ਇਸ ਬਾਰੇ ਬਹਿਸ ਕੀਤੀ ਜਾ ਸਕਦੀ ਹੈ। ਲੇਖਕ ਦੇ ਆਰੰਭ ਵਿਚ ਉਹ ਗੰਭੀਰ, ਮੁਹਾਵਰੇਦਾਰ ਪ੍ਰਵਚਨ ਕਰਦਾ ਹੈ। ਇਸ ਪ੍ਰਵਚਨ ਵਿਚ ਉਹ ਕਿਸੇ ਇਕ ਸਮੱਸਿਆ ਦਾ ਸੂਤਰਧਾਰ ਬਣਦਾ ਹੈ। ਅਗਲੇ ਸਫ਼ਿਆਂ ਵਿਚ ਉਹ ਇਸ ਪ੍ਰਵਚਨ ਦੀ ਪੁਸ਼ਟੀ ਕਰਨ ਲਈ ਰੌਚਿਕ ਕਿੱਸੇ ਕਹਾਣੀਆਂ ਜੋੜਦਾ ਹੈ। ਵਾਮੁਹਾਵਰਾ ਭਾਸ਼ਾ ਵਿਚ ਆਪਣੇ ਪ੍ਰਵਚਨ ਦੇ ਸਿਖ਼ਰ ਤੱਕ ਅੱਪੜਦਾ ਹੈ।
ਇਨ੍ਹਾਂ ਨਿਬੰਧਾਂ ਵਿਚ ਉਹ ਖੋਖਲੇ ਹੋ ਰਹੇ ਸਮਾਜ ਖ਼ਾਸ ਕਰਕੇ ਪੇਂਡੂ ਰਹਿਤਲ ਦੇ ਜੀਵਨ ਬਾਰੇ ਫ਼ਿਕਰਮੰਦੀ ਜ਼ਾਹਰ ਕਰਦਾ ਹੈ। ਉਸ ਦੇ ਨਿਸ਼ਾਨੇ 'ਤੇ ਵਿਹਲੜ ਸਾਧ, ਪਾਖੰਡੀ ਪੂਪਨੇ, ਅੰਧ-ਵਿਸ਼ਵਾਸ 'ਚ ਜਕੜੀ ਲੋਕਾਈ, ਧੀਆਂ ਨਾਲ ਦਰੈਤੇ ਵਰਤਣ ਵਾਲੇ ਲੋਕ, ਮੋਹ ਭੰਗ ਹੋਏ ਪ੍ਰਦੇਸੀ, ਹੇਰਵੇ ਦੇ ਮਾਰੇ ਪ੍ਰਵਾਸੀ ਤੇ ਹੋਰ ਗਲ ਸੜ ਰਹੀਆਂ ਰਹੁ ਰੀਤਾਂ, ਬੋਸੀਦਾ ਹੋ ਚੁੱਕੇ ਰਿਵਾਜ ਹਨ। ਉਸ ਕੋਲ ਪਿੰਡਾਂ ਦਾ ਬੇਥਾਹ ਅਨੁਭਵ ਹੈ। ਢੁਕਵੀਂ ਬੋਲੀ, ਤੇਜ਼ ਤਰਾਰ ਸ਼ੈਲੀ, ਪੇਂਡੂ ਮੁਹਾਵਰੇ ਤੇ ਅਖਾਣਾਂ ਇਨ੍ਹਾਂ ਲੇਖਾਂ ਦੀ ਜਿੰਦਜਾਨ ਹਨ। ਨੀਤੀ ਕਹਾਣੀਆਂ, ਜਨੌਰ ਕਹਾਣੀਆਂ ਤੇ ਸਿੱਧੜ ਲੋਕਾਂ ਦੇ ਵਾਰਤਾਲਾਪ ਇਨ੍ਹਾਂ ਨਿਬੰਧਾਂ ਨੂੰ ਰੌਚਿਕ ਬਣਾਉਂਦੇ ਹਨ।

-ਕੇ. ਐਲ. ਗਰਗ
ਮੋ: 94635-37050

c c c

ਸ਼ੌਂਕ ਦੀ ਮੌਤ
ਲੇਖਕ : ਜਸਮੀਤ ਸਿੰਘ ਬਹਿਣੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 150, ਸਫ਼ੇ : 119
ਸੰਪਰਕ : 98726-26531.

ਇਸ ਕਥਾ ਪੁਸਤਕ ਵਿਚ 25 ਕਹਾਣੀਆਂ ਦੀ ਸਿਰਜਣਾ ਕਰਕੇ ਜਸਮੀਤ ਸਿੰਘ ਨੇ ਸਮਾਜ ਨੂੰ ਚੰਗੇ ਰਸਤੇ 'ਤੇ ਲਿਆਉਣ ਦੀਆਂ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕੀਤੀ ਹੈ। ਉਸ ਦੀ ਪਹਿਲੀ ਕਹਾਣੀ ਸ਼ੌਂਕ ਦੀ ਮੌਤ ਹੈ। ਜਿਸ ਵਿਚ ਦੱਸਿਆ ਹੈ ਕਿ ਜਦੋਂ ਵੀ ਕੋਈ ਵਿਅਕਤੀ ਦਿਲ ਲਗਾ ਕੇ ਕੰਮ ਕਰਦਾ ਹੈ ਅਤੇ ਦੂਜਿਆਂ ਪ੍ਰਤੀ ਆਪਣੇ ਆਪ ਨੂੰ ਸਮਰਪਤ ਕਰਦਾ ਹੈ। ਕੁਝ ਇਸ ਤਰ੍ਹਾਂ ਹੀ ਇਸ ਕਹਾਣੀ ਵਿਚ ਹੋਇਆ ਹੈ ਕਿ ਜਦੋਂ ਸ਼ੌਂਕੀ ਨੂੰ ਪਿੰਡ ਦਾ ਵਿਗੜਿਆ ਹੋਇਆ ਮੁੰਡਾ ਨੌਕਰੀ ਨਾ ਮਿਲਣ ਦਾ ਮਿਹਣਾ ਮਾਰਦਾ ਹੈ ਤਾਂ ਸ਼ੌਂਕੀ ਦੇ ਦਿਲ ਤੋਂ ਕੋਈ ਪੁੱੱਛ ਕੇ ਨਹੀਂ ਵੇਖਦਾ ਉਸ ਨਾਲ ਕੀ ਬੀਤਦੀ ਹੈ। ਇਸ ਪ੍ਰਕਾਰ ਅਗਲੀ ਕਹਾਣੀ ਸਾਂਝੀ ਵੱਟ ਉਪਰਲੀ ਟਾਹਲੀ ਵਿਚ ਦਾਦੇ ਪੋਤੇ ਦੀਆਂ ਗੱਲਾਂ ਦਾ ਬਿਰਤਾਂਤ ਸਿਰਜ ਕੇ ਕਹਾਣੀਕਾਰ ਨੇ ਦਾਦੇ ਨਾਲ; ਖੇਤ ਜਾ ਕੇ ਪੋਤਾ ਕਿੰਨੇ ਵਡਮੁੱਲੇ ਸੰਸਕਾਰ ਗ੍ਰਹਿਣ ਕਰਦਾ ਹੈ, ਉਸ ਦੀ ਪੇਸ਼ਕਾਰੀ ਕੀਤੀ ਗਈ ਹੈ। ਇਸ ਤਰ੍ਹਾਂ ਰਾਜ਼ੀਨਾਮਾ, ਪ੍ਰੇਮ ਵਿਆਹ, ਮਾਂ ਦਾ ਸਾਥ, ਮੈਂ, ਮੋਬਾਈਲ, ਇਕੱਲਾਪਣ, ਬਾਪੂ ਦਾ ਵਿਆਹ, ਸੱਖਣਾ ਵਿਹੜਾ, ਖੁਸ਼ੀ, ਕੁੁਝ ਗੱਲਾਂ ਅਤੇ ਲੱਕੜਾਂ ਕਹਾਣੀਆਂ ਵਿਚ ਵੀ ਸਮਾਜ ਨੂੰ ਸੇਧ ਦੇਣ ਦੀ ਗੱਲ ਕੀਤੀ ਗਈ ਹੈ। ਸਮੁੱਚੇ ਰੂਪ ਵਿਚ ਕਹਾਣੀਆਂ ਦੇ ਪਾਤਰ ਅਜਿਹੇ ਹਨ ਕਿ ਕਹਾਣੀਆਂ ਪੜ੍ਹਦਿਆਂ ਅੱਖਾਂ ਸਾਹਮਣੇ ਆ ਖਲ੍ਹੋਂਦੇ ਹਨ ਅਤੇ ਸਾਰੀਆਂ ਕਹਾਣੀਆਂ ਸਮਾਜ ਦੇ ਕੌੜੇ-ਮਿੱਠੇ ਯਥਾਰਥ ਨੂੰ ਪੇਸ਼ ਕਰਦੀਆਂ ਹਨ ਅਤੇ ਮਿਹਨਤ ਕਰਨ ਦਾ ਸੰਦੇਸ਼ਾ ਦਿੰਦੀਆਂ ਹੋਈਆਂ ਕਾਰਜਸ਼ੀਲ ਹੁੰਦੀਆਂ ਹਨ।
c c c

ਦਰਦ ਦੇ ਰੂਪ
ਲੇਖਕ : ਕੁਲਬੀਰ ਸਿੰਘ ਸਿੱਧੂ
ਪ੍ਰਕਾਸ਼ਕ : ਇੰਟਰਨੈਸ਼ਨਲ ਪਬਲਿਸ਼ਰਜ਼, ਜਲੰਧਰ
ਮੁੱਲ : 150, ਸਫ਼ੇ : 144
ਸੰਪਰਕ : 0181-2239589.

ਇਸ ਪੁਸਤਕ ਵਿਚ ਲੇਖਕ ਨੇ ਤੀਹ ਕਹਾਣੀਆਂ ਦੀ ਸਿਰਜਣਾ ਕੀਤੀ ਹੈ। ਸਾਰੀਆਂ ਕਹਾਣੀਆਂ ਹੀ ਆਦਰਸ਼ਾਤਮਿਕ ਹਨ। ਜਿਨ੍ਹਾਂ ਵਿਚ ਕਹਾਣੀਕਾਰ ਨੇ ਇਕ ਚੰਗਾ ਸੁਨੇਹਾ ਦੇਣਾ ਚਾਹਿਆ ਹੈ। ਨਿਸ਼ਾਨੀਆਂ ਦਾ ਤੋਹਫ਼ਾ ਕਹਾਣੀ ਵਿਚ ਉਸ ਨੇ ਇਕ ਪਾਕਿਸਤਾਨ ਮੁਸਲਿਮ ਵੀਰ ਦੀ ਆਪਣੇ ਪਿੰਡ ਪ੍ਰਤੀ ਅਪਣੱਤ ਦਿਖਾਈ ਹੈ ਤੇ ਸਿੱਖ ਭਾਈਚਾਰੇ ਨਾਲ ਉਸ ਦੇ ਪਰਿਵਾਰ ਦੇ ਸੰਸਕਾਰ ਵੀ ਜੁੜ ਜਾਂਦੇ ਹਨ। ਇਸ ਤਰ੍ਹਾਂ ਅਗਲੀ ਕਹਾਣੀ ਮੁਕਲਾਵਾ ਵਿਚ ਇਕ ਗਰੀਬ ਪਰਿਵਾਰ ਦੀ ਦਾਸਤਾਨ ਦਾ ਬਿਆਨ ਹੈ, ਸਾਲੀ ਸਾਹਿਬਾਂ ਕਹਾਣੀ ਵਿਚ ਸਾਲੀਆਂ ਦਾ ਜੀਜੇ ਨੂੰ ਟਿਚਰਾਂ ਕਰਨ ਅਤੇ ਅੰਤ ਵਿਚ ਜੀਜੇ ਨਾਲ ਹੀ ਪਿਆਰ ਪਾਉਣ ਦਾ ਬਹਾਨਾ ਮਿਲਣਾ ਵੀ ਇਕ ਅਪਣੱਤ ਭਰਿਆ ਕਾਰਜ ਹੈ। ਇਸ ਤਰ੍ਹਾਂ ਕਹਾਣੀਕਾਰ ਨੇ ਸਾਰੀਆਂ ਕਹਾਣੀਆਂ ਵਿਚ ਜਿਵੇਂ ਨਿਆਰੇ ਰਿਸ਼ਤੇ, ਪਿਆਰ ਦੇ ਸੁਪਨੇ ਵਿਚ ਆਦਰਸ਼ ਪਿਆਰ ਦਿਖਾ ਕੇ ਨੈਤਿਕ ਕਦਰਾਂ ਕੀਮਤਾਂ ਦੀ ਨਿਸ਼ਾਨਦੇਹੀ ਵੀ ਕੀਤੀ ਹੈ। ਉਸ ਦੀਆਂ ਸਾਰੀਆਂ ਕਹਾਣੀਆਂ ਹੀ ਜੀਵਨ ਦੇ ਕਿਸੇ ਚੰਗੇ ਪੱਖ ਅਤੇ ਸੱਚਾਈਆਂ ਦੇ ਯਥਾਰਥ ਦੀ ਪੇਸ਼ਕਾਰੀ ਕਰਦੀਆਂ ਨਜ਼ਰ ਆਉਂਦੀਆਂ ਹਨ। ਸਮੁੱਚੇ ਰੂਪ ਵਿਚ ਕਥਾਕਾਰ ਨੇ ਕਹਾਣੀਆਂ ਦੇ ਕਲਾ-ਪੱਖ ਵੱਲ ਘੱਟ ਧਿਆਨ ਦਿੱਤਾ ਹੈ ਪਰ ਕਹਾਣੀ ਰਸਮਈ ਹੈ। ਕਹਾਣੀਕਾਰ ਦੀਆਂ ਕਹਾਣੀਆਂ ਸੇਧ ਵਰਧਕ ਅਤੇ ਆਦਰਸ਼ਾਤਮਿਕ ਹਨ।

c c c

ਮੰਚ ਨੂੰ ਪ੍ਰਣਾਮ
ਲੇਖਕ : ਕੁਲਬੀਰ ਸਿੰਘ ਸਿੱਧੂ
ਪ੍ਰਕਾਸ਼ਕ : ਇੰਟਰਨੈਸ਼ਨਲ ਪਬਲਿਸ਼ਰਜ਼, ਜਲੰਧਰ
ਮੁੱਲ : 150, ਸਫ਼ੇ : 136
ਸੰਪਰਕ : 0181-2239589.

ਇਸ ਇਕਾਂਗੀ ਸੰਗ੍ਰਹਿ ਵਿਚ ਕੁੱਲ 9 ਇਕਾਂਗੀਆਂ ਦੀ ਰਚਨਾ ਕੀਤੀ ਹੈ। ਭਗਵਾਨ, ਨੇਤਾ ਗਿਰੀ, ਬੇਰੁਜ਼ਗਾਰਾਂ ਦੀ ਸਭਾ, ਕੰਗਾਲੀ, ਅੜਿੱਕਾ ਦਫ਼ਤਰ, ਬਿਮਾਰ ਪੁਰਸੀ, ਘਰ ਦਾ ਬਜਟ, ਰਿਸ਼ਵਤ ਰੋਗ, ਵਿਭਾਗ ਅਤੇ ਧਰਤੀ ਦਾ ਅੰਤ ਇਕਾਂਗੀ ਹਨ। ਇਨ੍ਹਾਂ ਸਾਰੀਆਂ ਇਕਾਂਗੀਆਂ ਦੇ ਵਿਸ਼ੇ ਰਾਜਨੀਤਕ ਨਿਘਾਰ ਦੀ ਪੇਸ਼ਕਾਰੀ ਕਰਦੇ ਹਨ।
ਭਗਵਾਨ ਇਕਾਂਗੀ ਵਿਚ ਉਸ ਨੇ ਪੱਤਰਕਾਰ ਯਮਦੂਤ ਪਾਤਰ ਲੈ ਕੇ ਸਾਮਜ ਦੇ ਕੋਹਜ ਨੂੰ ਬਾਖੁਬੀ ਨੰਗਾ ਕੀਤਾ ਹੈ, ਨੇਤਾਗਿਰੀ ਇਕਾਂਗੀ ਵਿਚ ਉਸ ਨੇ ਪਿੰਡ ਦੀ ਸੱਥ ਵਿਚ ਬੈਠੇ ਪਾਤਰਾਂ ਨੂੰ ਲੈ ਕੇ ਵੋਟਾਂ ਮੰਗਣ ਆਏ ਨੇਤਾਵਾਂ 'ਤੇ ਕਰਾਰੀ ਚੋਟ ਕੀਤੀ ਹੈ। ਅਗਲੀ ਇਕਾਂਗੀ ਬੇਰੁਜ਼ਗਾਰਾਂ ਦੀ ਸਭਾ ਵਿਚ ਵੱਖ-ਵੱਖ ਡਿਗਰੀਆਂ ਲਈ ਫਿਰਦੇ ਬੇਰੁਜ਼ਗਾਰਾਂ ਦੀ ਤ੍ਰਾਸਦੀ ਨੂੰ ਬਿਆਨ ਕੀਤਾ ਹੈ ਕਿ ਜਦੋਂ ਉੱਚ ਸਿੱਖਿਆ ਹਾਸਲ ਕਰਕੇ ਇਕ ਵਿਅਕਤੀ ਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਸਾਰੇ ਹੀ ਉਸ ਨੂੰ ਲੈ ਕੇ ਨਿਰਾਸ਼ ਹੋ ਜਾਂਦੇ ਹਨ ਜੋ ਅਜੋਕੇ ਸਮੇਂ ਦੇ ਹਾਣ ਦੀ ਇਕਾਂਗੀ ਹੈ।
ਇਸ ਤਰ੍ਹਾਂ ਕੰਗਾਲੀ, ਅੜਿੱਕਾ ਦਫ਼ਤਰ ਤੇ ਰਿਸ਼ਵਤ ਰੋਗ ੱਿਵਚ ਦੱਸਿਆ ਹੈ ਕਿ ਕੋਈ ਕੰਮ ਕਰਵਾਉਣ ਲਈ ਛੋਟੇ ਤੋਂ ਵੱਡੇ ਦਫ਼ਤਰਾਂ ਵਿਚ ਪੈਸੇ ਅਤੇ ਸਿਫ਼ਾਰਿਸ਼ਾਂ ਤੋਂ ਬਿਨਾਂ ਸੁਣਵਾਈ ਨਹੀਂ ਹੁੰਦੀ। ਇਸ ਤਰ੍ਹਾਂ ਅਗਲੀਆਂ ਇਕਾਂਗੀਆਂ ਘਰ ਦਾ ਬਜਟ ਵਿਚ ਮਹਿੰਗਾਈ ਦੀ ਗੱਲ ਕੀਤੀ ਹੈ ਅਤੇ ਧਰਤੀ ਦੇ ਅੰਤ ਵਿਚ ਸਮਾਜਿਕ ਬੁਰਾਈਆਂ ਨੂੰ ਉਭਾਰਿਆ ਗਿਆ ਹੈ। ਸਮੁੱਚੇ ਰੂਪ ਵਿਚ ਸਾਰੀਆਂ ਹੀ ਇਕਾਂਗੀਆਂ ਮੰਚ ਉੱਪਰ ਖੇਡੀਆਂ ਜਾ ਸਕਦੀਆਂ ਹਨ ਤੇ ਸਮਾਜ ਨੂੰ ਸੇਧ ਦਿੱਤੀ ਜਾ ਸਕਦੀ ਹੈ। ਸਮੁੱਚੇ ਰੂਪ ਵਿਚ ਇਕਾਂਗੀਆਂ ਦੇ ਵਿਸ਼ੇ ਮਨੁੱਖੀ ਜੀਵਨ ਦੇ ਸਾਰੇ ਰੂਪਾਂ ਨੂੰ ਪੇਸ਼ ਕਰਦੇ ਹਨ ਜਿਵੇਂ ਕਿ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ। ਇਕਾਂਗੀਕਾਰ ਨੇ ਪਾਤਰਾਂ ਦੇ ਮੂਹੋਂ ਕਢਵਾਏ ਸ਼ਬਦ ਵੀ ਅੱਖਾਂ ਸਾਹਮਣੇ ਸਥਿਤੀ ਦਾ ਦ੍ਰਿਸ਼ ਲਿਆਉਂਦੇ ਹਨ।

-ਗੁਰਬਿੰਦਰ ਕੌਰ ਬਰਾੜ
ਮੋ: 098553-95161

c c c

ਪੰਜਾਬ ਦੀ ਨਕਸਲਬਾੜੀ ਲਹਿਰ ਦਾ ਅਮਰ ਯੋਧਾ
ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ
ਸੰਪਾਦਕ : ਹਰਭਗਵਾਨ ਭੀਖੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ (ਬਰਨਾਲਾ)
ਮੁੱਲ : 150 ਰੁਪਏ, ਸਫ਼ੇ : 184
ਸੰਪਰਕ : 98768-96122.

ਪੁਸਤਕ ਨੂੰ ਦੋ ਭਾਗਾਂ ਵਿਚ ਇਸ ਕਰਕੇ ਵੰਡਿਆ ਗਿਆ ਹੈ ਕਿਉਂਕਿ ਇਸ ਸੱਜਰੇ ਐਡੀਸ਼ਨ ਵਿਚ ਸ਼ਹੀਦ ਬਾਰੇ ਪਹਿਲਾਂ ਛਪ ਚੁੱਕੀ ਪੁਸਤਕ 'ਨਕਸਲੀ ਯੋਧਾ' ਨੂੰ ਵੀ ਹੂ-ਬ-ਬੂ ਸ਼ਾਮਿਲ ਕੀਤਾ ਗਿਆ ਹੈ। ਇਸ ਨਾਲ ਸ਼ਹੀਦ ਕਾਮਰੇਡ ਬਾਰੇ ਜਾਣਕਾਰੀ ਦਾ ਘੇਰਾ ਮੋਕਲਾ ਹੋਇਆ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਵੱਖ-ਵੱਖ ਲੇਖਕਾਂ ਦੇ 11 ਨਾਯਾਬ ਲੇਖ ਸ਼ਾਮਿਲ ਹਨ, ਜਦ ਕਿ ਦੂਜੇ ਭਾਗ ਵਿਚ 20 ਲੇਖ ਅੰਕਿਤ ਹਨ।
ਇਨ੍ਹਾਂ ਵਿਚ ਨਾਵਲ 'ਰੁੱਤਾਂ ਲਹੂ ਲੁਹਾਣ' ਦੇ ਕੁਝ ਅੰਸ਼ ਅਤੇ ਸ਼ਹੀਦ ਕਾਮਰੇਡ ਅੱਚਰਵਾਲ ਦੀ ਅਜ਼ੀਮ ਸ਼ਹਾਦਤ ਬਾਰੇ ਰਚੇ ਗੀਤ/ਕਵੀਸ਼ਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ। ਪਹਿਲੇ ਭਾਗ ਵਿਚ ਸਵਪਨ ਮੁਖਰਜੀ, ਹਾਕਮ ਸਿੰਘ ਸਮਾਓਂ, ਰਛਪਾਲ ਸਿੰਘ ਤੇ ਸੁਖਦਰਸ਼ਨ ਨੱਤ ਸਮੇਤ ਹੋਰਨਾਂ ਲੇਖਕਾਂ ਦੇ ਲੇਖ ਹਨ ਜਦ ਕਿ ਦੂਜੇ ਭਾਗ ਵਿਚ ਦਰਸ਼ਨ ਖਟਕੜ, ਸ਼ਹੀਦ ਦੀਆਂ ਸਪੁੱਤਰੀਆਂ ਰਾਣੀ ਅੱਚਰਵਾਲ ਤੇ ਹਰਬੰਸ ਕੌਰ, ਸ਼ਹੀਦ ਦੀ ਨੂੰਹ ਪਰਮਜੀਤ ਕੌਰ, ਡਾ: ਗੁਰਦਰਸ਼ਨ ਸਿੰਘ ਬਿੜਿੰਗ, ਮਿੱਤਰ ਗੁਰਚਰਨ ਸਿੰਘ ਅੱਚਰਵਾਲ ਸਮੇਤ ਹੋਰਨਾਂ ਦੇ ਲੇਖਾਂ ਰਾਹੀਂ ਕਾਮਰੇਡ ਅਮਰ ਸਿੰਘ ਦੇ ਜੀਵਨ, ਸੂਰਮਗਤੀ, ਦ੍ਰਿੜ੍ਹਤਾ, ਸੰਘਰਸ਼ ਅਤੇ ਸ਼ਹਾਦਤ ਦੇ ਵੱਖ-ਵੱਖ ਪੱਖਾਂ ਨੂੰ ਵਿਸਥਾਰ ਨਾਲ ਰੂਪਮਾਨ ਕੀਤਾ ਗਿਆ ਹੈ। ਅਵਾਮ ਦੀਆਂ ਨਜ਼ਰਾਂ ਵਿਚ ਸ਼ਹੀਦ ਕਾਮਰੇਡ ਅੱਚਰਵਾਲ, ਅਨਿਆਂ ਵਿਰੁੱਧ ਲੜਨ ਵਾਲਾ ਯੋਧਾ, ਲੋਕ ਹਿਤੂ, ਨਿਡਰ ਤੇ ਪੱਕਾ ਅਸੂਲਪ੍ਰਸਤ ਅਤੇ ਦੱਬੇ-ਕੁਚਲੇ ਲੋਕਾਂ ਲਈ ਮਸੀਹਾ ਸੀ। ਅਜਿਹੇ ਲੋਕ ਹਿਤੂ ਤੇ ਪ੍ਰਤੀਬੱਧ ਸ਼ਹੀਦ ਸੂਰਮੇ ਨੂੰ ਇਹ ਪੁਸਤਕ ਸੱਚੀ ਅਕੀਅਦਤ ਪੇਸ਼ ਕਰਦੀ ਹੋਈ, ਲੋਕ ਚੇਤਨਾ ਪੈਦਾ ਕਰਦੀ ਹੈ।

c c c

ਭਗਤ ਸਿੰਘ ਨੂੰ ਫਾਂਸੀ ਅਦਾਲਤੀ ਫ਼ੈਸਲੇ
ਸੰਪਾਦਕ : ਮਲਵਿੰਦਰਜੀਤ ਸਿੰਘ ਵੜੈਚ/ਗੁਰਦੇਵ ਸਿੰਘ ਸਿੱਧੂ
ਅਨੁਵਾਦਕ : ਬਲਵਿੰਦਰ ਕੌਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 192
ਸੰਪਰਕ : 0172-2556314.

ਮੂਲ ਰੂਪ ਵਿਚ ਹਿੰਦੀ ਵਿਚ ਲਿਖੀ ਕਿਤਾਬ ਦਾ ਪੰਜਾਬੀ ਤਰਜਮਾ ਬਲਵਿੰਦਰ ਕੌਰ ਨੇ ਕੀਤਾ ਹੈ। ਇਸ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਦਾ ਉਨਵਾਨ ਹੈ 'ਅਸੰਬਲੀ ਬੰਬ ਕੇਸ'। ਇਸ ਵਿਚ ਦੋ ਲੇਖ ਹਨ-ਸੈਸ਼ਨ ਕੋਰਟ ਦਾ ਫ਼ੈਸਲਾ ਅਤੇ ਦੂਜਾ ਉੱਚ ਅਦਾਲਤ ਵਿਚ ਪਾਈ ਪਟੀਸ਼ਨ ਦਾ ਫ਼ੈਸਲਾ। ਪੁਸਤਕ ਦੇ ਆਰੰਭ ਵਿਚ 31 ਬਲੈਕ ਐਂਡ ਵਾਈਟ ਇਤਿਹਾਸਕ ਤਸਵੀਰਾਂ ਸਮੇਤ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਤਸਵੀਰ ਦੇ, ਦਰਜ ਕੀਤੀਆਂ ਗਈਆਂ ਹਨ। ਸੈਸ਼ਨ ਕੋਰਟ ਦੇ ਫ਼ੈਸਲੇ ਵਿਚ 1929 ਦੇ ਮੁਕੱਦਮਾ ਨੰਬਰ 9, ਰਾਜ ਬਨਾਮ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੋਸ਼ ਦਫ਼ਾ 307 ਹਿੰਦ ਦੰਡਾਵਲੀ ਦੀ ਤਫਸੀਲ ਹੈ। ਮੁਕੱਦਮੇ ਨਾਲ ਜੁੜੀਆਂ ਸਾਰੀਆਂ ਘਟਨਾਵਾਂ ਨੂੰ ਬਾਰੀਕਬੀਨੀ ਨਾਲ ਕਲਮਬੰਦ ਕੀਤਾ ਗਿਆ ਹੈ।
ਦੂਜਾ ਅਧਿਆਇ ਹੈ ਉੱਚ ਅਦਾਲਤ ਵਿਚ ਪਾਈ ਪਟੀਸ਼ਨ ਦਾ ਫ਼ੈਸਲਾ। ਇਹ ਫ਼ੈਸਲਾ ਫੋਰਡੇ ਤੇ ਐਡਿਸਨ ਜੱਜ ਸਾਹਿਬਾਨ ਵੱਲੋਂ ਸੁਣਾਇਆ ਗਿਆ ਸੀ। ਦੂਜੇ (ਅ) ਭਾਗ ਦੇ ਲੇਖ-ਲਾਹੌਰ ਸਾਜ਼ਿਸ਼ ਕੇਸ, ਵਿਸ਼ੇਸ਼ ਟ੍ਰਿਬਿਊਨਲ ਦਾ ਫ਼ੈਸਲਾ। ਫ਼ੈਸਲੇ ਰਾਹੀਂ ਭਗਤ ਸਿੰਘ ਸਮੇਤ 18 ਕ੍ਰਾਂਤੀਕਾਰੀਆਂ ਨੂੰ ਕਸੂਰਵਾਰ ਠਹਿਰਾਇਆ ਗਿਆ। ਸ਼ਨਾਖ਼ਤਾਂ ਕਰਨ ਵਾਲੇ 13 ਜੱਜਾਂ ਦੇ ਨਾਂਅ ਵੀ ਦਿੱਤੇ ਗਏ ਹਨ। ਕੇਸ ਨਾਲ ਜੁੜੀ ਹਰ ਛੋਟੀ ਵੱਡੀ ਘਟਨਾ ਦਾ ਵੇਰਵਾ ਤਰੀਕਵਾਰ ਦਿੱਤਾ ਗਿਆ ਹੈ। ਮੁਲਜ਼ਮ ਨੰਬਰ 11 ਭਗਤ ਸਿੰਘ ਸਮੇਤ ਅਦਾਲਤੀ ਕਾਰਵਾਈ ਦੌਰਾਨ ਸਾਰੇ ਕਥਿਤ ਮੁਲਜ਼ਮਾਂ ਦੇ ਬਿਆਨਾਤ ਵੀ ਵੇਰਵੇ ਸਹਿਤ ਦਰਜ ਹਨ। ਸੁਣਵਾਈ ਉਪਰੰਤ ਭਗਤ ਸਿੰਘ ਨੂੰ ਭਾਰਤੀ ਦੰਡਾਵਲੀ ਦੀ ਧਾਰਾ 121 ਅਤੇ 302, ਧਾਰਾ 4(6), ਧਾਰਾ 6 ਅਤੇ ਦਫ਼ਾ 120 ਤਹਿਤ ਸਜ਼ਾ ਸੁਣਾਈ ਗਈ। ਮੁਲਜ਼ਮਾਂ ਅਜੇ ਕੁਮਾਰ ਘੋਸ਼, ਸਤਿੰਦਰ ਲਾਲ ਸਾਨਿਆਲ ਤੇ ਦੇਸਰਾਜ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਗਿਆ। ਇਕਬਾਲੀਆ ਗਵਾਹ ਰਾਮ ਸਰਨ ਤਲਵਾੜ ਨੂੰ ਪਹਿਲਾਂ ਦਿੱਤੇ ਬਿਆਨਾਂ ਤੋਂ ਮੁਨਕਰ ਹੋਣ ਤੇ, 13 ਮਾਰਚ 1933 ਨੂੰ ਦਫ਼ਾ 193 ਤਹਿਤ, ਦੋ ਸਾਲ ਸਖ਼ਤ ਕੈਦ ਤੇ ਪੰਜ ਸੌ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਇਸ ਅਹਿਮ ਕੇਸ ਦੇ 457 ਸਰਕਾਰੀ ਪੱਖ ਦੇ ਗਵਾਹਾਂ ਦੇ ਨਾਵਾਂ ਦਾ ਇੰਦਰਾਜ 'ਅੰਤਿਕਾ' ਵਿਚ ਕੀਤਾ ਗਿਆ ਹੈ। ਇਹ ਪੁਸਤਕ ਬਹੁਤ ਖੋਜ ਨਾਲ ਲਿਖੀ ਗਈ ਹੈ, ਜਿਸ ਤੋਂ ਪਾਠਕਾਂ ਨੂੰ ਢੇਰ ਸਾਰੀ ਵਡਮੁੱਲੀ ਜਾਣਕਾਰੀ ਵੀ ਮਿਲੇਗੀ ਅਤੇ ਕਈ ਇਤਿਹਾਸਕ ਪੱਖ ਵੀ ਸਾਹਮਣੇ ਆਉਣਗੇ। ਪੁਸਤਕ ਦੇ ਰਚਣਹਾਰੇ ਇਸ ਬੇਸ਼ਕੀਮਤੀ ਤੇ ਇਤਿਹਾਸਕ ਦਸਤਾਵੇਜ਼ ਲਈ ਵਧਾਈ ਦੇ ਪਾਤਰ ਹਨ।

-ਤੀਰਥ ਸਿੰਘ ਢਿੱਲੋਂ

c c c

ਆਪਣੇ ਤੋਂ ਆਪਣੇ ਤੱਕ
ਸ਼ਾਇਰਾ : ਅਰਤਿੰਦਰ ਸੰਧੂ
ਪ੍ਰਕਾਸ਼ਕ : ਗ੍ਰੇਸੀਅਸ ਬੁਕਸ, ਪਟਿਆਲਾ।
ਮੁੱਲ : 150 ਰੁਪਏ, ਸਫ਼ੇ : 88.
ਸੰਪਰਕ-98153-02081.

'ਆਪਣੇ ਤੋਂ ਆਪਣੇ ਤੱਕ' ਪੁਸਤਕ ਵਿਚ ਉਸ ਦੀਆਂ 53 ਕਾਵਿ ਰਚਨਾਵਾਂ ਸ਼ਾਮਿਲ ਹਨ। ਪਹਿਲੀ ਕਵਿਤਾ 'ਉਸ ਦੇ ਖ਼ਿਆਲ' ਵਿਚ ਉਹ ਕਿਸੇ ਦੇ ਖ਼ਿਆਲ ਵਿਚ ਗੜੁੱਚ ਹੋਣਾ ਲੋਚਦੀ ਹੈ ਤੇ ਅੱਖਰ-ਅੱਖਰ ਜੁੜ ਕੇ ਗੁਲਾਬੀ ਗੀਤ ਬਣ ਜਾਣ ਦੀ ਤਾਂਘ ਰੱਖਦੀ ਹੈ। 'ਸ਼ੀਸ਼ਿਆਂ ਵਿਚ ਢਲ ਗਏ' ਨਜ਼ਮ ਵਿਚ ਉਸ ਨੂੰ ਚਿਹਰਿਆਂ ਨਾਲ ਨਿਭਾਉਣ 'ਤੇ ਆਪਣੇ ਆਪੇ ਦੇ ਖੁਰ ਜਾਣ ਦਾ ਮਲਾਲ ਹੈ।
'ਗੀਤ ਨੂੰ ਸਰਾਪ ਹੈ' ਵਿਚ ਉਹ ਉਦਾਸ ਪਲਾਂ ਨੂੰ ਪਰੋਂਦੀ ਹੈ ਤੇ ਸ਼ਬਦਾਂ ਨੂੰ ਧੋਂਦੀ ਹੈ ਸੰਵਾਰਦੀ ਹੈ। 'ਸਾਹਾਂ 'ਚੋਂ ਆਈ ਹਵਾ' ਵਿਚ ਉਹ ਆਪਣੇ ਮਨ ਦੇ ਤਪਦੇ ਅੰਬਰ 'ਤੇ ਮੀਂਹ ਦੀ ਬਾਤ ਸੁਣਨਾ ਚਾਹੁੰਦੀ ਹੈ ਤੇ ਧੁਰ ਅੰਦਰ ਦੀ ਪੱਤਝੜਾਂ ਦੀ ਰਾਖ ਦਾ ਜ਼ਿਕਰ ਕਰਦੀ ਹੈ। ਇੰਝ ਅਰਤਿੰਦਰ ਸੰਧੂ ਦੀ ਕਵਿਤਾ 'ਮੈਂ' ਦੁਆਲੇ ਕੇਂਦਰਿਤ ਹੈ ਤੇ ਇਸ ਵਿਚ 'ਪਰ' ਦਾ ਸੀਮਤ ਵਰਨਣ ਮਿਲਦਾ ਹੈ। ਉਹ ਆਪਣੇ ਆਪ ਨੂੰ ਘੁੰਮਣਘੇਰੀ ਵਿਚ ਘਿਰੀ ਪਾਉਂਦੀ ਹੈ ਤੇ ਤੇ ਉਸ ਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਦਿਸ ਰਿਹਾ। ਇਸ ਪੁਸਤਕ ਦੀਆਂ ਕੁਝ ਨਜ਼ਮਾਂ ਗੀਤ ਦੀ ਸ਼੍ਰੇਣੀ ਵਿਚ ਆਉਂਦੀਆਂ ਹਨ ਤੇ ਇਨ੍ਹਾਂ ਦੀਆਂ ਸਤਰਾਂ ਦੇ ਨਾਲ ਨਾਲ ਪਾਠਕ ਸਹਿਜੇ ਹੀ ਤੁਰਿਆ ਜਾਂਦਾ ਹੈ।
'ਤੁਰ ਪਏ ਹਾਂ' ਰਚਨਾ ਗ਼ਜ਼ਲ ਅਧਾਰਤ ਹੈ ਤੇ ਇਸ ਵਿਚ ਸੰਧੂ ਨੇ ਮੰਡੀਆਂ ਵਿਚ ਰੁਲ ਰਹੇ ਸੁਪਨਿਆਂ ਦਾ ਜ਼ਿਕਰ ਕੀਤਾ ਹੈ ਤੇ ਪਾਟੇ ਹੋਏ ਬੋਝਿਆਂ 'ਚੋਂ ਕਿਰ ਰਹੇ ਅਰਮਾਨਾਂ ਦਾ ਵਰਨਣ ਕੀਤਾ ਹੈ। 'ਸੁਪਨੇ ਓ ਸੁਪਨੇ' ਵਿਚ ਉਹ ਸੁਪਨਿਆਂ ਨੂੰ ਆ ਜਾਣ ਦਾ ਤਰਲਾ ਕਰਦੀ ਹੈ ਤੇ ਕਾਲੀਆਂ ਉਦਾਸੀਆਂ ਵਿਚ ਤਾਰੇ ਸਜਾਉਣ ਲਈ ਕਹਿੰਦੀ ਹੈ। ਸ਼ਾਇਰਾ ਦੀਆਂ ਰਚਨਾਵਾਂ ਵਿਚ ਛੰਦ ਬੰਦਤਾ ਹੈ ਤੇ ਕਿਤੇ ਕਿਤੇ ਉਸ ਨੇ ਗ਼ਜ਼ਲ ਰੂਪ ਨੂੰ ਵੀ ਸਿਰਲੇਖ ਦੇ ਕੇ ਨਜ਼ਮ ਦੀ ਦਿੱਖ ਦਿੱਤੀ ਹੈ।

c c c

ਕਰਮ ਭੂਮੀ
ਸ਼ਾਇਰ : ਗੁਰਮੁਖ ਸਿੰਘ ਪਰਾਗਪੁਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ-150 ਰੁਪਏ, ਸਫ਼ੇ : 80
ਸੰਪਰਕ : 98152-82676.

ਉਪਦੇਸ਼ਾਂ, ਨਸੀਹਤਾਂ ਤੇ ਦੇਸ਼ ਭਗਤੀ ਦੇ ਜਜ਼ਬਾਤ 'ਤੇ ਆਧਾਰਿਤ ਪੁਸਤਕ 'ਕਰਮਭੂਮੀ' ਸ਼ਾਇਰ ਗੁਰਮੁਖ ਸਿੰਘ ਪਰਾਗਪੁਰ ਦੀ ਦੂਸਰੀ ਪੁਸਤਕ ਹੈ ਜਿਸ ਵਿਚ ਉਸ ਦੀਆਂ 55 ਕਾਵਿ ਰਚਨਾਵਾਂ ਸ਼ਾਮਿਲ ਹਨ। ਸ਼ਾਇਰ ਪ੍ਰਮਾਤਮਾ ਕੋਲੋਂ ਹੱਕ ਤੇ ਸੱਚ ਲਈ ਕਲਮ ਚਲਾਉਣ ਦਾ ਵਰਦਾਨ ਮੰਗਦਾ ਹੈ। ਉਹ ਸੁੱਚੀ ਕਿਰਤ, ਸੰਘਰਸ਼, ਪ੍ਰਸਥਿਤੀਆਂ ਦਾ ਟਾਕਰਾ ਕਰਨ ਦੀ ਹਿੰਮਤ ਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਦੀ ਅਰਦਾਸ ਕਰਦਾ ਹੈ। 'ਕਰਨੀ ਸ਼ਹੀਦਾਂ ਦੀ' ਵਿਚ ਉਹ ਦੇਸ਼ ਲਈ ਕੁਰਬਾਨ ਹੋਣ ਵਾਲੇ ਜਵਾਨਾਂ ਨੂੰ ਨਮਨ ਕਰਦਾ ਹੈ ਤੇ ਆਜ਼ਾਦੀ ਦੇ ਦੀਪਕ ਦੇ ਹਮੇਸ਼ਾ ਬਲਦੇ ਰਹਿਣ ਦੀ ਦੁਆ ਕਰਦਾ ਹੈ। ਇਸ ਪੁਸਤਕ ਵਿਚ ਦੇਸ਼ ਪ੍ਰੇਮ ਨਾਲ ਸਬੰਧਤ ਕਈ ਰਚਨਾਵਾਂ ਹਨ ਪਰ ਉਸ ਨੂੰ ਦੇਸ਼ ਵਿਚ ਹੋ ਰਹੇ ਘੁਟਾਲੇ, ਰਿਸ਼ਵਤਖੋਰੀ ਤੇ ਬਦਅਮਨੀ ਪ੍ਰੇਸ਼ਾਨ ਕਰਦੇ ਹਨ। ਧਾਗੇ ਤਵੀਤਾਂ ਤੇ ਬਾਬਿਆਂ ਦੇ ਚੱਕਰ ਵਿਚ ਫਸੇ ਲੋਕਾਂ ਨੂੰ ਉਹ ਸੁਚੇਤ ਕਰਦਾ ਹੈ ਤੇ ਦੇਸ਼ ਦੀ ਸੁੱਖ ਮੰਗਣ ਵਾਲੇ ਹਰ ਪ੍ਰਾਣੀ ਨੂੰ ਉਹ ਸ਼ਾਬਾਸ਼ ਦਿੰਦਾ ਹੈ। 'ਗ਼ਰੀਬੀ' ਕਵਿਤਾ ਵਿਚ ਉਸ ਨੇ ਗ਼ਰੀਬੀ ਨੂੰ ਮੁੱਦਾ ਬਣਾਇਆ ਹੈ ਤੇ ਇਸ ਨੂੰ ਹਰ ਸਮੱਸਿਆ ਦੀ ਜੜ੍ਹ ਦੱਸਿਆ ਹੈ। 'ਪੀੜਤ' ਵਿਚ ਉਹ ਦਹਾਕਿਆਂ ਤੋਂ ਇਨਸਾਫ਼ ਦੀ ਆਸ ਵਿਚ ਭਟਕਦੇ ਲੋਕਾਂ ਨਾਲ ਹਮਦਰਦੀ ਪ੍ਰਗਟਾਉਂਦਾ ਹੈ ਤੇ ਉਸ ਨੂੰ ਜਾਪਦਾ ਹੈ ਕਿ ਦੇਰ ਨਾਲ ਮਿਲਿਆ ਇਨਸਾਫ਼ ਕਦੀ ਵੀ ਇਨਸਾਫ਼ ਨਹੀਂ ਹੋ ਸਕਦਾ। ਜ਼ਾਤ ਤੇ ਮਜ਼ਹਬ ਦੀ ਵੰਡ ਦੀ ਉਹ ਆਲੋਚਨਾ ਕਰਦਾ ਹੈ ਤੇ ਸ਼ਾਇਰ ਵਾਸਤੇ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਤੇ ਜਿਊਣ ਦਾ ਸਲੀਕਾ ਹੈ। ਇੰਝ ਇਸ ਪੁਸਤਕ ਦੀਆਂ ਕਵਿਤਾਵਾਂ ਮਨੁੱਖੀ ਜੀਵਨ ਵਿਚ ਫੈਲੀਆਂ ਬੁਰਾਈਆਂ ਦੇ ਖ਼ਿਲਾਫ਼ ਸੰਘਰਸ਼ ਕਰਦੀਆਂ ਮਹਿਸੂਸ ਹੁੰਦੀਆਂ ਹਨ।

-ਗੁਰਦਿਆਲ ਰੌਸ਼ਨ
ਮੋ: 9988444002

13-11-2016

 ਈਰਾਨ ਤੇ ਈਰਾਨੀ
ਲੇਖਕ : ਹਰਪਾਲ ਸਿੰਘ ਪੰਨੂ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 280 ਰੁਪਏ, ਸਫ਼ੇ : 304
ਸੰਪਰਕ : 94642-51454
.

ਡਾ: ਹਰਪਾਲ ਸਿੰਘ ਪੰਨੂ, ਆਧੁਨਿਕ ਸਵੈਕੇਂਦ੍ਰਿਤ ਵਿਵਸਥਾ ਨੂੰ ਵੰਗਾਰਨ-ਨਕਾਰਨ ਵਾਲਾ, ਇਕ ਦਰਵੇਸ਼ ਪ੍ਰੋਫੈਸਰ ਹੈ। ਲੇਖਕ ਨੇ ਈਰਾਨ ਬਾਰੇ ਆਪਣੀ ਸਮੁੱਚੀ ਜਾਣਕਾਰੀ ਨੂੰ ਗਿਆਰ੍ਹਾਂ ਲੇਖਾਂ ਦੁਆਰਾ ਰੂਪਮਾਨ ਕੀਤਾ ਹੈ। ਪਹਿਲੇ ਦੋ ਲੇਖ ਈਰਾਨ ਅਤੇ ਇਸ ਦੇ ਪੁਰਾਣੇ ਸੱਭਿਆਚਾਰ ਬਾਰੇ ਹਨ, ਅਗਲੇ ਦੋ ਲੇਖਾਂ ਵਿਚ ਈਰਾਨ ਦੇ ਅਜੋਕੇ ਸੱਭਿਆਚਾਰ ਅਤੇ ਕੁਝ ਜਾਗਰੂਕ ਵਿਅਕਤੀਆਂ ਬਾਰੇ ਟਿੱਪਣੀਆਂ ਕੀਤੀਆਂ ਹਨ। ਪਿਛਲੇ ਚਾਰ-ਪੰਜ ਲੇਖਾਂ ਵਿਚ ਫਲਸਤੀਨ ਬਨਾਮ ਇਜ਼ਰਾਈਲ ਦੇ ਟਕਰਾਉ ਨੂੰ ਆਧਾਰ ਬਣਾ ਕੇ ਗੋਲਡਾ ਮੀਅਰ ਦੀ ਅਗਵਾਈ ਵਿਚ ਇਕ ਨਵੇਂ ਦੇਸ਼ ਦੇ ਜਨਮ ਦੀ ਦਾਸਤਾਨ ਨੂੰ ਬਿਆਨ ਕੀਤਾ ਗਿਆ ਹੈ। ਲੇਖਕ ਅਨੁਸਾਰ 'ਪਾਰਸੀ ਧਰਮ' ਵਿਸ਼ਵ ਦੇ ਪੁਰਾਤਨ ਧਰਮਾਂ ਵਿਚੋਂ ਇਕ ਹੈ। ਇਸ ਧਰਮ ਨੂੰ ਮੰਨਣ ਵਾਲੇ ਲੋਕ ਅੱਜਕਲ੍ਹ ਈਰਾਨ ਅਤੇ ਭਾਰਤ ਵਿਚ ਰਹਿੰਦੇ ਹਨ। ਪਾਰਸੀਆਂ ਦੀ ਵਰਤਮਾਨ ਜਨਸੰਖਿਆ ਈਰਾਨ ਵਿਚ ਇਕ ਲੱਖ ਦੇ ਕਰੀਬ ਹੈ, ਜਦੋਂ ਕਿ ਭਾਰਤ ਵਿਚ ਇਨ੍ਹਾਂ ਦੀ ਗਿਣਤੀ ਦੋ-ਢਾਈ ਲੱਖ ਹੋਵੇਗੀ। (ਪੰਨਾ 32) ਪਾਰਸੀ ਧਰਮ ਦਾ ਮੋਢੀ ਜ਼ਰਤੁਸ਼ਤ ਸੀ। 'ਅਵੇਸਤਾ' ਵਿਚ ਇਸ ਧਰਮ ਬਾਰੇ ਜਾਣਕਾਰੀ ਮਿਲਦੀ ਹੈ।
ਫਲਸਤੀਨ ਅਤੇ ਇਜ਼ਰਾਈਲ ਵਿਚਲੀ ਦੁਸ਼ਮਣੀ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦਿਆਂ ਹੋਇਆਂ ਉਹ ਲਿਖਦਾ ਹੈ ਕਿ ਹਜ਼ਰਤ ਮੁਹੰਮਦ (ਸਲ.) ਦੇ ਸਮੇਂ ਅਰਬ ਉੱਪਰ ਕੁਰੈਸ਼ਾਂ ਦਾ ਰਾਜ ਸੀ ਅਤੇ ਉਨ੍ਹਾਂ ਨੇ ਇਸਲਾਮ ਦਾ ਡਟ ਕੇ ਵਿਰੋਧ ਕੀਤਾ। ਉਸ ਸਮੇਂ ਯਹੂਦੀਆਂ ਨੇ ਵੀ ਕੁਰੈਸ਼ਾਂ ਦਾ ਸਾਥ ਦਿੱਤਾ ਸੀ। ਇਸ ਪ੍ਰਕਾਰ ਇਸਲਾਮ ਅਤੇ ਯਹੂਦੀਆਂ ਦਰਮਿਆਨ ਦੁਸ਼ਮਣੀ ਦੇ ਬੀਜ ਪਿਛਲੇ ਡੇਢ ਹਜ਼ਾਰ ਸਾਲਾਂ ਤੋਂ ਪੁੰਗਰ ਅਤੇ ਵਧ-ਫੁੱਲ ਰਹੇ ਹਨ। ਤਾਰਿਕ ਫ਼ਤਹਿ ਇਸ ਪ੍ਰਸੰਗ ਵਿਚ ਤਤਸਾਰ ਕੱਢਦਾ ਹੈ ਕਿ ਮੁਸਲਮਾਨ ਮਾਪੇ, ਅਧਿਆਪਕ ਅਤੇ ਮੌਲਵੀ, ਬੱਚਿਆਂ ਨੂੰ ਯਹੂਦੀਆਂ ਵਿਰੁੱਧ ਨਫ਼ਰਤ ਕਰਨੀ ਸਿਖਾਉਂਦੇ ਹਨ।
ਈਰਾਨੀ ਸੱਭਿਆਚਾਰ ਦੇ ਅਜੋਕੇ ਸੰਦਰਭ ਨੂੰ ਬਿਆਨ ਕਰਦਾ ਹੋਇਆ ਡਾ: ਪੰਨੂ ਲਿਖਦਾ ਹੈ ਕਿ ਈਰਾਨ ਦੀ ਸਰਕਾਰ ਆਪਣੇ ਦੇਸ਼ ਨੂੰ ਸੈਰਗਾਹ ਬਣਾਉਣ ਵਾਸਤੇ ਤਿਆਰ ਨਹੀਂ ਹੈ। ਇਸ ਗੱਲ ਨੂੰ ਪਸੰਦ ਨਹੀਂ ਕੀਤਾ ਜਾਂਦਾ ਕਿ ਈਰਾਨੀ ਲੋਕ ਵਿਦੇਸ਼ੀਆਂ ਨਾਲ ਘੁਲਣ-ਮਿਲਣ। ਨਾਚ-ਗਾਣਿਆਂ ਉੱਪਰ ਪਾਬੰਦੀ ਹੈ ਅਤੇ ਔਰਤਾਂ ਲਈ ਬੁਰਕਾ ਪਹਿਨਣ ਦਾ ਸਖ਼ਤ ਹੁਕਮ ਹੈ। ਅੰਗਰੇਜ਼ਾਂ ਨੂੰ ਨਫ਼ਰਤ ਕਰਦੇ-ਕਰਦੇ ਇਹ ਲੋਕ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਤੋਂ ਵੀ ਬੇਮੁਖ ਹੋ ਗਏ ਅਤੇ ਸਿੱਟੇ ਵਜੋਂ ਪੂਰੇ ਗਲੋਬ ਨਾਲੋਂ ਕੱਟੇ ਗਏ ਹਨ। ਪਰ ਈਰਾਨ, ਪੁਰਾਤਨ ਸੱਭਿਆਤਾਵਾਂ ਦਾ ਪੰਘੂੜਾ ਰਿਹਾ ਹੈ। ਉਸ ਬਾਰੇ ਜਾਗਰੂਕ ਹੋਣਾ ਹਰ ਦਾਨਿਸ਼ਵਰ ਲਈ ਜ਼ਰੂਰੀ ਹੈ। ਡਾ: ਪੰਨੂ ਨੇ ਇਸ ਜ਼ਰੂਰਤ ਨੂੰ ਪੂਰਾ ਕੀਤਾ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਧੁਖਦੀ ਧੂਣੀ
ਲੇਖਕ : ਪੀ. ਐਨ. ਸ਼ਾਹੀ.
ਪ੍ਰਕਾਸ਼ਕ : ਜੋਹਰਾ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 154+ (16 ਸੁਚਿੱਤਰ)
ਸੰਪਰਕ : 78371-73125.

'ਧੁਖਦੀ ਧੂਣੀ' ਭਾਵੇਂ ਪਹਿਲੀ ਵਾਰ 1978 ਵਿਚ ਛਪਿਆ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਟੇਜ 'ਤੇ ਬਾਖੂਬੀ ਪੇਸ਼ ਕੀਤਾ ਗਿਆ, ਪਰੰਤੂ ਹੁਣ ਵਾਲਾ ਰੂਪ ਇਸ ਨਾਟਕ ਵਿਚ ਕੀਤੇ ਗਏ ਕਈ ਸੁਧਾਰਾਂ ਦਾ ਦਰਪਣ ਹੈ। ਵਰਤਮਾਨ ਕਾਲ-ਖੰਡ ਦੀਆਂ ਸਮਾਜਿਕ, ਆਰਥਿਕ, ਨੈਤਿਕ, ਰਾਜਨੀਤਕ ਅਤੇ ਖ਼ਾਸ ਕਰਕੇ ਸ਼ਾਸਕੀ-ਪ੍ਰਬੰਧਨ ਨਾਲ ਸਬੰਧਤ ਅਸੰਗਤੀਆਂ ਨੂੰ ਇਸ ਵਿਚ ਮਾਂ, ਪੁੱਤਰ, ਸੇਵਾਦਾਰ, ਬੱਚਾ, ਲਾਲਾ, ਇਕ ਰਿਟਾਇਰਡ ਅਫ਼ਸਰ, ਦੁਕਾਨਦਾਰ, ਬਾਬੂ, ਪਾਗਲ, ਕੁਝ ਕਰਮਚਾਰੀ ਆਦਿ ਪਾਤਰਾਂ ਦੇ ਆਪਸੀ ਸੰਵਾਦਾਂ ਜ਼ਰੀਏ ਵਿਅੰਗਾਤਮਕ ਸ਼ੈਲੀ ਵਿਚ ਪੇਸ਼ ਕੀਤਾ ਗਿਆ ਹੈ। ਨਾਟਕ ਵਿਚ ਇਕੋ ਥਾਵੇਂ ਸਟੇਜੀ-ਪੇਸ਼ਕਾਰੀ ਦੀਆਂ ਵਿਭਿੰਨ-ਜੁਗਤਾਂ ਜਿਵੇਂਂਐਬਸਰਡ., ਪ੍ਰਤੀਕਾਤਮਕ ਕਰੂਰ-ਯਥਾਰਥ ਆਦਿ ਦਾ ਬੋਧ ਤਾਂ ਹੁੰਦਾ ਹੀ ਹੈ, ਨਾਲ ਦੀ ਨਾਲ ਚੁਸਤ-ਦਰੁਸਤ ਵਾਰਤਾਲਾਪੀ ਸ਼ਬਦਾਵਲੀ ਵਿਚੋਂ ਭ੍ਰਿਸ਼ਟ ਸਰਬਾਂਗੀ ਵਰਤਾਰੇ ਉੱਤੇ ਚੋਭਾਂ ਵੀ ਲਾਈਆਂ ਗਈਆਂ ਹਨ। ਸਾਧਾਰਨ ਕਰਮਚਾਰੀਆਂ ਦੀਆਂ ਬੇਵੱਸੀਆਂ, ਉੱਚ-ਅਹੁਦੇਦਾਰਾਂ ਦੀਆਂ ਵਧੀਕੀਆਂ ਅਤੇ ਸ਼ਾਸਕਾਂ ਦੀਆਂ ਲੋਟੂ-ਚਾਲਾਂ ਸਬੰਧੀ ਇਹ ਨਾਟਕ ਖੂਬ ਚਾਨਣਾ ਪਾਉਂਦਾ ਹੈ। ਇਸ ਤੋਂ ਇਲਾਵਾ ਸਿੱਖਿਆ ਖੇਤਰ ਵਿਚ ਆਏ ਨਿਘਾਰ, ਸਾਧਾਰਨ ਪਰਿਵਾਰਾਂ 'ਚੋਂ ਚੰਗੇ ਪੜ੍ਹੇ-ਲਿਖੇ ਨੌਜਵਾਨਾਂ ਵਿਚ ਬੇਰੁਜ਼ਗਾਰੀ ਸਦਕਾ ਆਈ ਬੇਚੈਨੀ ਦਾ ਵੀ ਇਹ ਨਾਟਕ ਤਹਿ-ਦਰ-ਤਹਿ ਬੋਧ ਕਰਾਉਂਦਾ ਹੈ। ਛੇ ਝਾਕੀਆਂ ਵਿਚ ਪੇਸ਼ ਕੀਤੇ ਗਏ ਇਸ ਨਾਟਕ ਦਾ ਮੁੱਖ ਪਾਤਰ ਨੌਜਵਾਨ ਵਰਗ ਦੀ ਪ੍ਰਤੀਨਿਧਤਾ ਕਰਦਾ ਹੋਇਆ ਸਾਬਤ ਕਰਦਾ ਹੈ ਕਿ ਉਹ ਭਟਕਿਆ ਹੋਇਆ ਨਹੀਂ, ਸਗੋਂ ਨਿਜ਼ਾਮ ਨੇ ਉਸ ਨੂੰ ਬੇਵਸੀ ਵਿਚ ਧਕੇਲਿਆ ਹੋਇਆ ਹੈ। ਪੁਸਤਕ ਦਾ ਹਾਸਿਲ ਹੈ ਕਿ ਵੱਖ-ਵੱਖ ਵਿਦਵਾਨਾਂ ਵੱਲੋਂ ਸਮੇਂ-ਸਮੇਂ ਹੁਣ ਤੱਕ ਹੋਏ ਖੋਜ-ਕਾਰਜ, ਆਲੋਚਨਾਤਮਕ ਅਧਿਐਨ ਅਤੇ ਹੋਰ ਟਿੱਪਣੀਆਂ ਸਹਿਤ ਨਾਟਕ ਵਿਚਲੀ ਆਤਮਾ ਨੂੰ ਬਾਖੂਬੀ ਪੇਸ਼ ਕੀਤਾ ਹੈ। ਪੁਸਤਕ ਦੇ ਅੰਤ 'ਤੇ ਨਾਟਕ ਦੀ ਪ੍ਰੋਡਕਸ਼ਨ ਅਤੇ ਲੇਖਕ ਦੀਆਂ ਪ੍ਰਾਪਤੀਆਂ ਸਬੰਧੀ 16 ਪੰਨਿਆਂ ਤੇ ਤਸਵੀਰਾਂ ਵੀ ਅੰਕਿਤ ਹਨ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਮਕਤਾ ਹਾਜ਼ਰ ਹੈ
ਲੇਖਕ : ਸਤਨਾਮ ਸਿੰਘ ਦਰਦੀ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ ਲਾਂਬੜਾ, ਜਲੰਧਰ
ਮੁੱਲ : 200 ਰੁਪਏ, ਸਫ਼ੇ : 164
ਸੰਪਰਕ : 01821-248209.

'ਮਕਤਾ ਹਾਜ਼ਰ ਹੈ' ਮਰਹੂਮ ਸ਼ਾਇਰ ਸਤਨਾਮ ਸਿੰਘ ਦਰਦੀ ਦਾ ਗ਼ਜ਼ਲ ਸੰਗ੍ਰਹਿ ਹੈ, ਜਿਸ ਨੂੰ ਉਨ੍ਹਾਂ ਦੇ ਸਪੁੱਤਰ ਜਸਵੀਰ ਸਿੰਘ ਚਾਨੀਆ ਨੇ ਉੱਦਮ ਕਰਕੇ ਪੰਜਾਬੀ ਸੱਥ ਲਾਂਬੜਾ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕਰਵਾਇਆ ਹੈ। ਦਰਦੀ ਜੀ ਨੇ ਉਮਰ ਭਰ ਸਹਿਜ ਸੁਭਾਵੀ ਸਾਹਿਤ ਦੀ ਰਚਨਾ ਕੀਤੀ। ਮੌਤ ਤੋਂ ਕੁਝ ਦੇਰ ਪਹਿਲਾਂ 2015 ਵਿਚ ਉਨ੍ਹਾਂ ਨੇ ਹਥਲੀਆਂ ਗ਼ਜ਼ਲਾਂ ਤੇ ਗੀਤ ਲਿਖ ਲਏ ਹੋਏ ਸਨ ਪਰ ਅਚਾਨਕ ਹੀ ਉਹ ਅਣਪ੍ਰਕਾਸ਼ਿਤ ਰਚਨਾਵਾਂ ਛੱਡ ਗਏ। ਸ਼ੁਕਰ ਹੈ ਕਿ ਪੰਜਾਬੀ ਸੱਥ ਨੇ ਉੱਦਮ ਕਰਕੇ ਇਹ ਸ਼ਾਨਦਾਰ ਰਚਨਾਵਾਂ ਪਾਠਕਾਂ ਦੀ ਨਜ਼ਰ ਕੀਤੀਆਂ ਹਨ। ਦਰਦੀ ਜੀ ਦੀ ਭਾਸ਼ਾ ਬਹੁਤ ਅਮੀਰ ਹੈ ਅਤੇ ਉਨ੍ਹਾਂ ਦੀ ਸੋਚਣੀ ਲੋਕ ਪੱਖੀ ਹੈ। ਸ਼ਾਇਰ ਦਰਦੀ ਅਸਲ ਵਿਚ ਨੈਤਿਕਤਾ ਦਾ ਸ਼ਾਇਰ ਹੈ। ਉਹ ਜ਼ਮਾਨੇ ਵਿਚ ਹੋ ਰਹੀ ਲੁੱਟ-ਖੋਹ, ਆਪਾਧਾਪੀ ਅਤੇ ਵੱਢੀ ਖੋਰੀ ਨੂੰ ਨਫ਼ਰਤ ਕਰਦਾ ਹੈ। ਮੌਤ ਨੂੰ ਉਹ ਇਕ ਸਹਿਜ ਵਰਤਾਰਾ ਮੰਨਦਾ ਹੈ :
ਰੋਏ ਸਾਂ ਜਦ ਜਗ 'ਤੇ ਆਏ, ਜਾਵਾਂਗੇ ਪਰ ਹਸਦੇ ਹਸਦੇ
ਐਪਰ ਉਹ ਤਾਂ ਕਟਣੇ ਪੈਣੇ, ਜਿਹੜੇ ਦੁਖੜੇ ਆਪ ਸਹਾਰੇ
ਵਾਹਿਗੁਰੂ ਅੱਗੇ ਕਰ ਅਰਜੋਈ ਆਵਾਗੌਣ ਦੇ ਮੁੱਕਣ ਗੇੜੇ
ਹਰ ਸਾਹ ਹਰ ਪਲ ਘਟ ਰਹੀ ਦੂਰੀ ਆ ਰਹੀ ਮੰਜ਼ਲ ਨੇੜੇ ਨੇੜੇ।
ਉਸ ਨੂੰ ਮਹਿਸੂਸ ਹੁੰਦਾ ਹੈ ਕਿ ਮਨੁੱਖਤਾ ਵਿਚੋਂ ਮਨੁੱਖਤਾ ਘਟਦੀ ਜਾ ਰਹੀ ਹੈ :
ਆਦਮੀਅਤ ਆਦਮੀ 'ਚੋਂ ਹੋ ਗਈ ਮਨਫ਼ੀ ਜਿਵੇਂ
ਮਿਲੇ ਨੇ ਦੁਸ਼ਮਣ ਬੜੇ ਪਰ ਦੋਸਤਾਂ ਦੇ ਭੇਸ ਵਿਚ।
ਦਰਦੀ ਜੀ ਦੇ ਗੀਤ ਜਜ਼ਬਾਤ ਵਿਚ ਗੁੰਨ੍ਹੇ ਹੋਏ ਹਨ ਅਤੇ ਕਵਿਤਾਵਾਂ ਵਿਚ ਵੀ ਫਲਸਫਿਆਨਾ ਰੰਗ ਨੁਮਾਇਆ ਹੈ। ਪੰਜਾਬੀ ਸੱਥ ਲਾਂਬੜਾ ਵਾਲਿਆਂ ਦਾ ਧੰਨਵਾਦ ਬਣਦਾ ਹੈ, ਜਿਨ੍ਹਾਂ ਨੇ ਕਵੀ ਸਤਨਾਮ ਸਿੰਘ ਦਰਦੀ ਨੂੰ ਮਰਨ ਉਪਰੰਤ ਸਾਹਿਤਕ ਜ਼ਿੰਦਗੀ ਦਿੱਤੀ।

ਫ ਫ ਫ

ਐ ਮੇਰੇ ਭੋਲੇ ਮਨਾ
ਕਵੀ : ਜਸਵੀਰ ਸਿੰਘ ਸਿਹੋਤਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 134
ਸੰਪਰਕ : 98146-73236.

ਪੁਸਤਕ ਦੋਹੇ ਅਤੇ ਟੱਪਿਆਂ ਦੀ ਸਮਿੱਲਤ ਕਾਵਿਕਾਰੀ ਹੈ। ਹਰ ਸਫ਼ੇ ਉੱਤੇ ਦੋ ਦੋਹੇ ਹਨ ਅਤੇ ਮਾਹੀਏ ਦੇ ਟੱਪੇ ਵੀ ਏਸੇ ਤਰਜ਼ ਵਿਚ ਹਨ। ਪਹਿਲੇ 100 ਸਫ਼ੇ ਵਿਚ 200 ਉੱਚ ਪਾਏ ਦੇ ਦੋਹੇ ਹਨ।
ਪੰਜਾਬੀ ਗ਼ਜ਼ਲ ਤੋਂ ਬਾਅਦ ਪੰਜਾਬੀ ਸ਼ਾਇਰਾਂ ਨੇ ਦੋਹੇ ਨੂੰ ਵੱਡੀ ਦਿਲਚਸਪੀ ਨਾਲ ਅਪਣਾਇਆ ਹੈ। ਸਹੋਤਾ ਕੈਲਗਰੀ ਵਿਚ ਰਹਿੰਦਿਆਂ ਵੀ ਪੰਜਾਬੀ ਬੋਲੀ ਅਤੇ ਕਲਚਰ ਦਾ ਕਾਵਿ-ਮੁਦਈ ਹੈ। ਪੁਸਤਕ ਦੇ ਦੋਹਿਆਂ ਵਿਚ ਕਈ ਦੋਹਿਆਂ ਦੀ ਪਹਿਲੀ ਸਤਰ 'ਦੋਹੇ ਲਿਖ ਕਰ ਬੰਦਗੀ' ਤੋਂ ਸ਼ੁਰੂ ਹੁੰਦੇ ਹਨ, ਜੋ ਕਿ ਵਿਸ਼ੇਸ਼ ਪਠਕ ਰੁਚੀ ਬਣਾਉਂਦੇ ਹਨ। ਜਿਵੇਂ :
ਦੋਹੇ ਲਿਖ ਕਰ ਬੰਦਗੀ, ਕਰਦੀ ਕੀ ਸਰਕਾਰ।
ਅੱਗੋਂ ਭੜਕਾਉਣ ਲਈ, ਲਾਈ ਜਾਵਣ ਆਰ।
ਸਹੋਤਾ ਨੇ ਕੋਈ ਇਕ ਵਾਦ ਜਾਂ ਵਿਚਾਰ ਗਾਡੀ ਰਾਹ ਨਹੀਂ ਅਪਣਾਇਆ। ਕਿਤੇ ਤਾਂ ਉਹ ਜ਼ੁਲਮ ਖਿਲਾਫ਼ ਡਟਣ-ਜੂਝਣ ਦਾ ਆਹਵਾਨ ਕਰਦਾ ਹੈ ਪਰ ਕਿਤੇ ਘੇਸਲ ਮਾਰਨ ਵਾਸਤੇ ਕਹਿ ਜਾਂਦਾ ਹੈ :
ਦੋਹੇ ਲਿਖ ਕਰ ਬੰਦਗੀ, ਭਲੀ ਕਰੂ ਕਰਤਾਰ।
ਜੋ ਹੁੰਦਾ ਸੋ ਹੋਣ ਦੇ, ਡਰ ਦਾ ਭਾਰ ਉਤਾਰ।
ਮੇਰੇ ਖਿਆਲ ਵਿਚ ਆਧੁਨਿਕ ਕਾਵਿ-ਵਿਵੇਚਨ ਵਿਚ ਇਹ ਘੇਸਲ ਮਾਰਨ ਦੀ ਮੱਤ ਬਹੁਤੀ ਵਧੀਆ ਨਹੀਂ। ਪੁਸਤਕ ਦੇ ਅਖੀਰ ਵਿਚ 40 ਟੱਪੇ ਹਨ, ਇਹ ਵੀ ਵਿਸ਼ੇ ਪੱਖ ਤੋਂ ਰੰਗ-ਬਿਰੰਗੇ ਹਨ ਪਿਆਰ ਦੇ ਟੱਪੇ ਵੀ ਹਨ ਤੇ ਦਾਰਸ਼ਨਿਕ ਵੀ :
ਦੋ ਪਤਰ ਅਨਾਰਾਂ ਦੇ
ਹੱਥ ਵਿਚ ਹੱਥ ਪਾ ਕੇਂਰਾਹ ਤੁਰੀਏ ਪਿਆਰਾਂ ਦੇ।
ਪੁਸਤਕ ਕੈਨੇਡਾ ਨਿਵਾਸੀ ਪ੍ਰਸਿੱਧ ਸ਼ਾਇਰ ਗਿੱਲ ਮੋਰਾਂਵਾਲੀ ਨੂੰ ਸਮਰਪਿਤ ਕੀਤੀ ਗਈ ਹੋਈ ਹੈ।

ਂਸੁਲੱਖਣ ਸਰਹੱਦੀ
ਮੋ: 94174-84337
ਫ ਫ ਫ

ਕੌਮ ਦੇ ਹੀਰੇ
ਲੇਖਕ : ਅਮਰਜੀਤ ਸਿੰਘ ਜੌਹਲ (ਬਿਧੀਪੁਰੀਆ)
ਪ੍ਰਕਾਸ਼ਕ : ਸ਼ਬਦ ਖਜ਼ਾਨਾ ਪ੍ਰਕਾਸ਼ਨ (ਜਲੰਧਰ)
ਮੁੱਲ : 160 ਰੁਪਏ, ਸਫ਼ੇ : 128
ਸੰਪਰਕ : 98155-61057
.

ਇਹ ਪੁਸਤਕ ਕੌਮ ਲਈ ਆਪਾ ਵਾਰਨ ਵਾਲੇ ਮਹਾਨ ਅਣਖੀ ਯੋਧਿਆਂ ਨੂੰ ਸਮਰਪਿਤ ਹੈ। 'ਜੋਦੜੀ ਦੇ ਦੋ ਅੱਖਰ' ਸਮੇਤ ਪੁਸਤਕ ਦੇ 9 ਅਧਿਆਇ ਹਨ। ਹਰੇਕ ਭਾਗ ਰਾਹੀਂ ਅਣਖੀ ਸੂਰਮਿਆਂ ਦੇ ਕਾਰਨਾਮੇ ਮਹਾਨ ਘਾਲਵਾਣਾਂ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਪਹਿਲੇ ਦੋ ਅਧਿਆਇ ਪੰਥ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਹਨਂਸਰਹੰਦ ਫਤਹਿ ਅਤੇ ਪਿਉ ਪੁੱਤ ਲਾੜੇ ਸ਼ਹਾਦਤ। 'ਅਨੋਖਾ ਰਾਜ' ਰਾਹੀਂ ਬਾਬਾ ਗਰਜਾ ਸਿੰਘ ਬੋਤਾ ਸਿੰਘ ਦੀ ਵਿਲੱਖਣ ਕੁਰਬਾਨੀ ਨੂੰ ਰੂਪਮਾਨ ਕੀਤਾ ਗਿਆ ਹੈ। 'ਅਸ਼ਕੇ ਸ਼ੇਰ ਦੇ' ਮਹਾਰਾਜਾ ਰਣਜੀਤ ਸਿੰਘ ਦੀ ਇਕ ਅਨੋਖੀ ਬਹਾਦਰੀ ਦੀ ਦਾਸਤਾਨ ਹੈ ਜਦ ਕਿ ਇਸ ਤੋਂ ਅਗਲੇ ਦੋ ਅਧਿਆਇ ਕੌਮ ਦੇ ਸਿਰਮੌਰ ਜਰਨੈਲ, ਸ: ਹਰੀ ਸਿੰਘ ਨਲੂਆ ਨਾਲ ਸਬੰਧਤ ਹਨ। ਅੱਠਵੇਂ ਤੇ ਨੌਵੇਂ ਅਧਿਆਇ ਵਿਚ ਬੱਬਰ ਅਕਾਲੀ ਕਰਮ ਸਿੰਘ ਝਿੰਗੜ ਅਤੇ ਬੱਬਰ ਅਕਾਲੀਆਂ ਦੇ ਇਤਿਹਾਸ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ। ਲੇਖਕ ਦੀ ਕਲਮ ਵਿਚੋਂ ਰਵਾਨੀ ਠੁੱਕਦਾਰ ਸ਼ਬਦਾਵਲੀ, ਸਪੱਸ਼ਟਤਾ ਤੇ ਰੌਚਕਤਾ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਪੁਸਤਕ ਗਾਇਨ ਰਚਨਾਵਾਂ ਅਤੇ ਵਾਰਤਕ ਦਾ ਸੁੰਦਰ ਸੁਮੇਲ ਹੈ। ਉਸ ਨੇ ਬਹੁਵਿਧਾਈ ਰਚਨਾ ਕੀਤੀ ਹੈ, ਅਰਥਾਤ ਢਾਡੀ ਕਲਾ ਦੀ ਹਰੇਕ ਵੰਨਗੀ ਜਿਵੇਂ ਵਿਲਟਾ ਛੰਦ, ਕਲੀ, ਦਵੱਈਆ ਛੰਦ, ਮਿਰਜ਼ਾ, ਸਾਕਾ, ਵਾਰ, ਚਲੰਤ ਮਾਹੀਆ, ਸੱਸੀ, ਕਬਿੱਤ, ਝੋਕ, ਦੋਤਾਰਾ, ਬੈਂਤ, ਰਸਾਲੂ, ਕੁਹਾਰ ਡੋਲੀ ਛੰਦ, ਪਉੜੀ, ਕੋਰੜਾ, ਜੱਗਾ, ਅਰਧ ਦਵੱਈਆ ਛੰਦ, ਸਤਰੰਗੀ ਝੋਲ ਛੰਦ ਤੇ ਖੜਕ ਛੰਦ ਦੀ ਕਮਾਲ ਦੀ ਵਰਤੋਂ ਕੀਤੀ ਹੈ। ਕੁਝ ਸ਼ਿਅਰ ਤੇ ਗੀਤ ਵੀ ਦਰਜ ਹਨ। ਇਕ ਨਮੂਨਾ ਪੇਸ਼ ਹੈ :
ਆਪੇ ਠੋਕਰਾਂ ਮਾਰੇ ਮੌਜ ਮੰਦਰ, ਆਪੇ ਹਿੱਕ ਨਾਲ ਲਾ ਕੇ ਪਿਆਰਦਾ ਏ
ਜੌਹਲ ਉਸ ਦੇ ਚਰਨਾਂ 'ਤੇ ਧਰੋ ਮਸਤਕ, ਸਾਰਾ ਖੇਲ ਜਿਸ ਪਰਵਰ ਦਰਗਾਰ ਦਾ ਏ।
ਡੋਲੀ ਛੰਦ
ਜੇ ਤੂੰ ਵੈਸੇ ਪੁੱਛਿਆ ਏ, ਤੈਨੂੰ ਵੈਸੇ ਹੀ ਸਮਝਾਈਏ
ਅਸੀਂ ਬੱਬਰ ਅਕਾਲੀ ਹਾਂ, ਝੋਲੀ ਚੁੱਕਾਂ ਨੂੰ ਨੱਥ ਪਾਈਏ। (ਪੰਨਾ 98)
ਵਾਰਤਕ ਵੀ ਪਾਠਕ ਨੂੰ ਟੁੰਬਣ ਦੀ ਸਮਰੱਥ ਹੈ। ਸਮੁੱਚੇ ਤੌਰ 'ਤੇ ਇਹ ਪੁਸਤਕ ਸਿੱਖ ਸ਼ਹੀਦਾਂ ਦੀ ਉੱਤਮ ਬਿਰਤਾਂਤੀ ਦਾਸਤਾਨ ਹੈ।

ਫ ਫ ਫ

ਤੁਸੀਂ ਵੀ ਬਣ ਸਕਦੇ ਹੋ ਰਾਮ
ਲੇਖਕ : ਡਾ: ਵਿਜੈ ਅਗਰਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 184
ਸੰਪਰਕ : 78377-18723
.

ਇਹ ਪੁਸਤਕ ਆਮ ਪੁਸਤਕਾਂ ਤੋਂ ਕੁਝ ਹਟ ਕੇ ਇਕ ਵੱਖਰੇ ਜ਼ਾਵੀਏ ਤੋਂ ਲਿਖੀ ਗਈ ਹੈ, ਜਿਸ ਵਿਚ ਵਿਗਿਆਨਕ ਸੋਚ, ਤਰਕ ਅਤੇ ਠੋਸ ਹਕੀਕਤਾਂ ਪ੍ਰਧਾਨ ਹਨ। ਅਸਲ ਵਿਚ ਇਸ ਪੁਸਤਕ ਦੀ ਖ਼ੂਬੀ ਇਹ ਹੈ ਕਿ ਇਹ ਮਨੁੱਖ ਨੂੰ ਆਤਮ-ਬੋਧ ਦੇ ਰਾਹੇ ਤੋਰਦੀ ਹੈ, ਜਿਸ ਸਦਕਾ ਉਹ ਉਚੇਰੀ ਆਤਮਾ ਅਵਸਥਾ ਨੂੰ ਪ੍ਰਾਪਤ ਕਰਕੇ ਭਗਵਾਨ ਰਾਮ ਚੰਦਰ ਜੀ ਵਰਗੇ ਸ਼ੁਭ ਤੇ ਸਦਗੁਣ ਆਪਣੇ ਅੰਦਰ ਪੈਦਾ ਕਰ ਸਕਦਾ ਹੈ। ਸ੍ਰੀ ਰਾਮ ਵਰਗਾ ਬਣਨ ਲਈ ਕਿਸੇ ਕਰਮਕਾਂਡ, ਵਾਧੂ ਦੇ ਖਲਜਗਣ ਅਤੇ ਰੂੜ੍ਹੀਵਾਦੀ ਪਰੰਪਰਾਵਾਂ ਦੇ ਜੰਜਾਲ ਵਿਚ ਫਾਥੇ ਜਾਣ ਦੀ ਕੋਈ ਲੋੜ ਨਹੀਂ। ਲੇਖਕ ਨੇ ਸੁਖਾਲਾ, ਸਪੱਸ਼ਟ ਤੇ ਸਿੱਧਾ ਰਸਤਾ ਦਰਸਾ ਦਿੱਤਾ ਹੈ। ਭਗਵਾਨ ਰਾਮ ਦੇ ਵਿਭਿੰਨ ਪ੍ਰਕਾਰ ਦੇ ਰੂਪ, ਪਾਠਕ ਨੂੰ ਪਹਿਲੀ ਵਾਰ ਵੇਖਣ, ਪੜ੍ਹਨ ਤੇ ਵਿਚਾਰਨ ਲਈ ਮਿਲਦੇ ਹਨ। ਇਕ ਆਦਰਸ਼ ਪੁੱਤਰ, ਪਤੀ, ਭਰਾਤਾ, ਨਿਆਂਕਾਰੀ ਹੁਕਮਰਾਨ, ਦੇਵ-ਪੁਰਸ਼, ਮਰਿਯਾਦਾ ਪੁਰਸ਼ੋਤਮ, ਪਰਜਾ ਨੂੰ ਵੱਡਾ ਦਰਜਾ ਦੇਣ ਵਾਲਾ, ਸਰਬ-ਹਿਤਕਾਰੀ ਅਤੇ ਹੋਰ ਦੈਵੀ ਗੁਣਾਂ ਦਾ ਮੁਜੱਸਮਾ। ਪੁਸਤਕ ਦੇ 9 ਅਧਿਆਇ ਹਨ, ਜਿਨ੍ਹਾਂ ਦਾ ਤਤਸਾਰ ਇਹ ਹੈ ਕਿ ਰਾਮ, ਇਕ ਚੇਤਨਾ ਦੀ ਉਹ ਸਰਬੋਤਮ ਅਵਸਥਾ ਹੈ, ਜਿਸ ਨੂੰ ਪ੍ਰਾਪਤ ਕਰਕੇ ਕੋਈ ਵੀ ਰਾਮ (ਰਾਮ ਵਰਗਾ) ਬਣ ਸਕਦਾ ਹੈ। ਸੰਘਰਸ਼ ਨੂੰ ਸੱਦਾ ਪ੍ਰਥਮ ਅਧਿਆਇ ਹੈ ਅਤੇ ਤਿੰਨ ਪ੍ਰਸੰਗ ਤੇ ਰਾਮ ਅੰਤਲਾ ਭਾਗ। ਰਾਮ ਦੀ ਚੇਤਨਾ, ਭੋਗ ਖੇਤਰ ਬਨਾਮ ਕਰਮ ਖੇਤਰ, ਰਾਮ ਦੀ ਚੇਤਨਾ, ਰਾਮ ਦੀ ਸੰਗ, ਵਿਸ਼ਵਾਸ ਅਤੇ ਅਹਿਸਾਨਮੰਦੀ ਦਾ ਜੀਵਨ, ਚੇਤਨਾ ਦੀ ਸਭ ਤੋਂ ਸ਼ੁੱਧ ਸਥਿਤੀ ਤੇ ਘੱਟੋ-ਘੱਟ ਪ੍ਰਤੀਰੋਧ ਦਾ ਸਿਧਾਂਤ, ਪੁਸਤਕ ਦੇ ਹੋਰ ਅਹਿਮ ਭਾਗ ਹਨ। ਪਾਠਕ ਜਿਉਂ-ਜਿਉਂ ਪੁਸਤਕ ਨੂੰ ਪੜ੍ਹਦਾ ਜਾਵੇਗਾ, ਆਪਣੇ-ਆਪ ਨੂੰ ਰਾਮ ਦੇ ਨੇੜੇ-ਨੇੜੇ ਮਹਿਸੂਸ ਕਰਦਾ ਹੋਇਆ ਓੜਕ ਰਾਮ ਰੂਪ ਹੀ ਹੋ ਨਿਬੜੇਗਾ।

ਂਤੀਰਥ ਸਿੰਘ ਢਿੱਲੋਂ
ਫ ਫ ਫ

ਸਚਿੱਤਰ ਭਗਵਾਨ ਮਹਾਵੀਰ
ਲੇਖਕ : ਪੁਰਸ਼ੋਤਮ ਜੈਨ ਅਤੇ ਰਵਿੰਦਰ ਜੈਨ
ਪ੍ਰਕਾਸ਼ਕ : 26ਵੀਂ ਮਹਾਵੀਰ ਜਨਮ ਕਲਿਆਣਕ ਸ਼ਤਾਬਤੀ ਸੰਯੋਜਿਕਾ ਸੰਮਤੀ ਪੰਜਾਬ,
ਮਲੇਰਕੋਟਲਾ (ਸੰਗਰੂਰ)
ਸਫ਼ੇ : 152
ਸੰਪਰਕ : 90416-61800.

ਹਥਲੀ ਪੁਸਤਕ 'ਸਚਿਤਰ ਭਗਵਾਨ ਮਹਾਵੀਰ' ਦੇ ਇਸ ਤੀਜੇ ਐਡੀਸ਼ਨ ਨੂੰ ਵਿਸਥਾਰ ਦੇ ਕੇ ਖੂਬਸੂਰਤ ਤਸਵੀਰਾਂ ਨਾਲ ਸ਼ਿੰਗਾਰ ਕੇ ਪੇਸ਼ ਕੀਤਾ ਗਿਆ ਹੈ। ਜੈਨ ਧਰਮ ਭਾਰਤ ਦੇ ਸਭ ਤੋਂ ਪੁਰਾਣੇ ਧਰਮਾਂ ਵਿਚੋਂ ਇਕ ਹੈ। ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਰਾਹ ਦਸੇਰਾ ਹਨ। ਜੈਨ ਧਰਮ ਬਾਰੇ ਪੰਜਾਬੀ ਵਿਚ ਬਹੁਤ ਘੱਟ ਲਿਖਿਆ ਗਿਆ ਹੈ ਪਰ ਪਿਛਲੇ 20 ਸਾਲਾਂ ਤੋਂ ਪੁਰਸ਼ੋਤਮ ਜੈਨ ਅਤੇ ਰਵਿੰਦਰ ਜੈਨ ਗੁਰੂਣੀ ਵੱਲੋਂ ਜੈਨ ਧਰਮ ਬਾਰੇ ਲਿਖ ਕੇ ਇਸ ਧਰਮ ਦੀਆਂ ਸਿੱਖਿਆਵਾਂ ਨੂੰ ਦੂਰ-ਦੂਰ ਤੱਕ ਪਹੁੰਚਾਇਆ ਜਾ ਰਿਹਾ ਹੈ।
ਭਗਵਾਨ ਮਹਾਵੀਰ ਨੇ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਦੇ ਲੇਖੇ ਲਾਈ। ਮਹਾਵੀਰ ਜੀ ਕਰਾਂਤੀ ਪੁਰਸ਼ ਸਨ। ਉਨ੍ਹਾਂ ਦੀ ਕਰਾਂਤੀ ਸਰਬਪੱਖੀ ਵਿਕਾਸ ਲਈ ਸਹਿਜ ਪ੍ਰੇਰਨਾ ਸੀ। ਮਹਾਵੀਰ ਦੀ ਤੱਤ ਦ੍ਰਿਸ਼ਟੀ ਆਤਮਾ ਕੇਵਲ ਆਤਮਾ ਨਹੀਂ, ਸਗੋਂ ਪਰਮਾਤਮਾ ਹੈ।
ਜੈਨ ਧਰਮ ਦੇ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਦਾ ਬਚਪਨ ਦਾ ਨਾਂਅ ਵਰਧਮਾਨ ਸੀ। ਉਨ੍ਹਾਂ ਜਾਤ-ਪਾਤ, ਲਿੰਗ ਅਤੇ ਭਾਸ਼ਾ ਨੂੰ ਧਰਮ ਦਾ ਆਧਾਰ ਨਹੀਂ ਮੰਨਿਆ।
'ਸਚਿਤਰ ਭਗਵਾਨ ਮਹਾਵੀਰ' ਗ੍ਰੰਥ ਵਿਚ ਭਗਵਾਨ ਮਹਾਵੀਰ ਦੇ ਜਨਮ ਵੇਲੇ ਸਮਾਜ ਦੀ ਸਥਿਤੀ, ਉਸ ਦੇ ਜਨਮ, ਤਪੱਸਿਆ, ਸਿਖਿਆਵਾਂ, ਤੀਰਥੰਕਰ ਸਮੇਤ ਹੋਰ ਬਹੁਤ ਸਾਰੀ ਜਾਣਕਾਰੀ ਵਿਸਥਾਰ ਵਿਚ ਦਿੱਤੀ ਗਈ ਹੈ। ਪੁਸਤਕ ਨੂੰ ਭਾਗਾਂ ਵਿਚ ਵੰਡ ਕੇ ਪੇਸ਼ ਕੀਤਾ ਗਿਆ ਹੈ ਅਤੇ ਹਰ ਭਾਗ ਜੈਨ ਧਰਮ ਬਾਰੇ ਜਾਨਣ ਵਾਲਿਆਂ ਲਈ ਪ੍ਰੇਰਨਾ ਸਰੋਤ ਹੈ। ਲੇਖਕਾਂ ਨੇ ਦੱਸਿਆ ਹੈ ਕਿ ਕਈ ਇਤਿਹਾਸਕਾਰ ਬੁੱਧ ਧਰਮ ਅਤੇ ਜੈਨ ਧਰਮ ਨੂੰ ਇਕੋ ਸਮਝਦੇ ਹਨ ਪਰ ਵਿਚਾਰਕ ਦ੍ਰਿਸ਼ਟੀ ਤੋਂ ਇਹ ਗੱਲ ਸਹੀ ਨਹੀਂ ਹੈ, ਕਿਉਂਕਿ ਜੈਨ ਧਰ ਵਿਚ ਬੁੱਧ ਧਰਮ ਨਾਲੋਂ ਅਹਿੰਸਾ 'ਤੇ ਵੱਧ ਜ਼ੋਰ ਦਿੱਤਾ ਗਿਆ ਹੈ।
ਭਾਵੇਂ ਅਸੀਂ ਕਿਸੇ ਵੀ ਧਰਮ ਨਾਲ ਜੁੜੇ ਹੋਈਏ ਪਰ ਸਾਨੂੰ ਸਭ ਧਰਮਾਂ ਬਾਰੇ ਜਾਨਣ ਦੀ ਇੱਛਾ ਹੋਣੀ ਚਾਹੀਦੀ ਹੈ, ਜਿਨ੍ਹਾਂ ਦੇ ਮਨਾਂ ਵਿਚ ਭਗਵਾਨ ਮਹਾਵੀਰ ਦੇ ਜੀਵਨ ਨਾਲ ਅਤੇ ਸਮੁੱਚੇ ਜੈਨ ਧਰਮ ਬਾਰੇ ਜਾਨਣ ਦੀ ਇੱਛਾ ਹੈ, ਉਨ੍ਹਾਂ ਲਈ ਇਹ ਪੁਸਤਕ ਬੇਹੱਦ ਮਹੱਤਵਪੂਰਨ ਹੈ।

ਂਹਰਜਿੰਦਰ ਸਿੰਘ
ਫ ਫ ਫ

ਕਿੱਸਾ ਕੀਮਾ ਮਲਕੀ
ਕਵੀ : ਸ਼ੇਰ ਸਿੰਘ ਸ਼ੇਰਪੁਰੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94785-82534
.

ਮੱਧਕਾਲੀ ਸਾਹਿਤ ਵਿਚ ਪੰਜਾਬੀ ਕਿੱਸਾ ਕਾਵਿਧਾਰਾ ਦਾ ਮਹੱਤਵਪੂਰਨ ਅਤੇ ਵਿਲੱਖਣ ਯੋਗਦਾਨ ਰਿਹਾ ਹੈ। ਕਵੀ ਨੇ ਆਪਣਾ ਕਿੱਸਾ ਪਰੰਪਰਕ ਸ਼ੈਲੀ ਵਿਚ ਮੰਗਲਾਚਰਨ ਤੋਂ ਆਰੰਭ ਕਰਦਿਆਂ ਕਿੱਸੇ ਦੀ ਪ੍ਰਮਾਣਿਕਤਾ ਬਾਰੇ ਆਪਣੇ ਦੁਆਰਾ ਕੀਤੀ ਖੋਜ ਦਾ ਹਵਾਲਾ ਵੀ ਦਿੱਤਾ ਹੈ ਜਿਵੇਂ : 'ਸ਼ੇਰਪੁਰੀ ਨੇ ਨਿੱਠ ਕੇ ਖੋਜ ਕਰੀ ਐ।' ਕਥਨ ਇਸ ਗੱਲ ਦੀ ਗਵਾਹੀ ਭਰਦਾ ਹੈ। ਕਵੀ ਦੱਸਦਾ ਹੈ ਕਿ ਮਲਕੀ ਮੁਗਲਿਆਣੇ ਦੇ ਰਾਏ ਮੁਬਾਰਕ ਦੀ ਧੀ ਸੀ ਤੇ ਕੀਮੇ ਦਾ ਪਿਛੋਕੜ ਰਾਂਝੇ ਦੇ ਖਾਨਦਾਨ ਵਿਚੋਂ ਤਖ਼ਤ ਹਜ਼ਾਰੇ ਨਾਲ ਜੁੜਿਆ ਹੋਇਆ ਸੀ। ਮਲਕੀ ਦੀ ਮਾਂ ਗੋਂਦਲਾਂ ਅਤੇ ਕੀਮੇ ਦੀ ਮਾਂ ਲਾਲੋ ਦੋਵੇਂ ਚਚੇਰੀਆਂ ਭੈਣਾਂ ਸਨ ਅਤੇ ਇਨ੍ਹਾਂ ਦਾ ਆਪਸੀ ਪਿਆਰ ਸੀ। ਮਲਕੀ ਦੇ ਮਾਪਿਆਂ ਵੱਲੋਂ ਮਲਕੀ ਦੇ ਵਿਆਹ ਕਰਨ ਬਾਰੇ ਜਦੋਂ ਗੱਲ ਤੋਰੀ ਜਾਂਦੀ ਹੈ ਤਾਂ ਮਲਕੀ ਦਾ ਚਾਚਾ ਦਰੀਆ ਜੋ ਅਕਬਰ ਦੀ ਫ਼ੌਜ ਵਿਚ ਨੌਕਰੀ ਕਰਦਾ ਸੀ, ਉਹ ਆਪਣੀ ਤਰੱਕੀ ਲਈ ਮਲਕੀ ਦਾ ਰਿਸ਼ਤਾ ਬਜ਼ੁਰਗੀ ਅਵਸਥਾ ਹੰਢਾਅ ਰਹੇ ਅਕਬਰ ਨਾਲ ਕਰਨਾ ਚਾਹੁੰਦਾ ਹੈ। ਪਰ ਮੁਬਾਰਕ ਖਾਂ ਆਪਣੀ ਬੇਟੀ ਨੂੰ ਕੀਮੇ ਨਾਲ ਵਿਆਹ ਦਿੰਦਾ ਹੈ। ਦਰੀਆ ਆਪਣੀ ਹੇਠੀ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰਦਾ ਹੈ ਪਰ ਅਖੀਰ 'ਤੇ ਅਸਫ਼ਲ ਰਹਿੰਦਾ ਹੈ ਤੇ ਮਲਕੀ ਕੀਮੇ ਨੂੰ ਹੀ ਪ੍ਰਾਪਤ ਹੁੰਦੀ ਹੈ। ਕਵੀ ਨੇ ਬੇਸ਼ੱਕ ਇਸਲਾਮੀ ਸੱਭਿਆਚਾਰਕ ਰੰਗਣ ਕਿੱਸੇ ਨੂੰ ਪ੍ਰਦਾਨ ਕੀਤੀ ਹੈ ਪਰ ਆਧੁਨਿਕ ਪੰਜਾਬੀ ਦੇ ਸ਼ਬਦ ਜਿਵੇਂ ਪਾਰਟੀ, ਖ਼ਾਰੇ, ਸਲਾਦ, ਕੈਂਪ, ਗੈਸਟ, ਨਾਸ਼ਤਾ ਆਦਿ ਸਹਿਜ ਰੂਪ ਵਿਚ ਹੀ ਪ੍ਰਵੇਸ਼ ਕਰ ਜਾਂਦੇ ਹਨ। ਬੈਂਤ ਛੰਦ ਵਿਚ ਲਿਖਿਆ ਇਹ ਕਿੱਸਾ ਪਾਠਕਾਂ ਦੇ ਦਿਲਾਂ ਵਿਚ ਇਕ ਵਾਰ ਫਿਰ ਕਿੱਸਾ ਕਾਵਿ ਦੀ ਜਾਗ ਲਾਉਣ ਵਾਲਾ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਡਾਕੂ ਦੀ ਧੀ
ਲੇਖਕ : ਕ੍ਰਿਸ਼ਨ ਸਿੰਘ
ਪ੍ਰਕਾਸ਼ਕ : ਸਮਰਾਟ ਪਬਲੀਕੇਸ਼ਨ, ਮੋਗਾ
ਮੁੱਲ : 200 ਰੁਪਏ, ਸਫ਼ੇ : 192
ਸੰਪਰਕ : 094622-90937
.

ਪੁਸਤਕ ਮਨੁੱਖੀ ਰਿਸ਼ਤਿਆਂ ਅਤੇ ਅਹਿਸਾਸਾਂ ਨਾਲ ਜੁੜੀਆਂ ਖੂਬਸੂਰਤ ਕਹਾਣੀਆਂ ਦਾ ਸੰਗ੍ਰਹਿ ਹੈ। ਇਹ ਕਹਾਣੀਆਂ ਜਿੱਥੇ ਰਿਸ਼ਤਿਆਂ ਦੀ, ਸਾਂਝ ਦੀ ਪਿਆਰ ਦੀ ਗੱਲ ਕਰਦੀਆਂ ਪ੍ਰਤੀਤ ਹੁੰਦੀਆਂ ਹਨ, ਉੱਥੇ ਹੀ ਇਹ ਉਨ੍ਹਾਂ ਸਮਿਆਂ ਦੀ ਬਾਤ ਪਾਉਂਦੀਆਂ ਵੀ ਹਨ, ਜੋ ਸਾਡਾ ਅਤੀਤ ਸੀ ਅਤੇ ਸਾਡੇ ਵਰਤਮਾਨ ਦਾ ਮੁੱਢ ਵੀ। ਲੇਖਕ ਦੇ ਆਪਣੇ ਸ਼ਬਦਾਂ ਵਿਚ, ਉਸ ਦੀਆਂ ਇਹ ਕਹਾਣੀਆਂ ਉਸ ਦੇ ਅਚੇਤਨ ਵਿਚ ਵਸਦੇ ਪਾਤਰਾਂ ਦੇ ਨਾਲ, ਉਸ ਦੇ ਜੀਵਨ ਨਾਲ ਕਿਤੇ ਨਾ ਕਿਤੇ ਜੁੜੀਆਂ ਹੋਈਆਂ ਹਨ ਜਿਸ ਕਾਰਨ ਉਹ ਪਾਤਰ ਖ਼ੁਦ-ਬ-ਖ਼ੁਦ ਲੇਖਕ ਨੂੰ ਉਂਗਲ ਫੜ ਕੇ ਆਪਣੇ ਨਾਲ ਤੋਰਦੇ ਹਨ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਕਹਾਣੀਆਂ ਦਾ ਜਨਮ ਹੋਇਆ। ਇਨ੍ਹਾਂ ਕਹਾਣੀਆਂ ਵਿਚ ਦਿਲ ਦਰਿਆ ਸਮੁੰਦਰੋਂ ਡੂੰਘੇ, ਬੰਦ ਖਲਾਸੀ, ਰੰਗ ਕਰਤਾਰ ਦੇ, ਫੇਰੀ ਵਾਲਾ ਪੰਡਿਤ, ਅਜਿਹੀਆਂ ਕੁਝ ਕਹਾਣੀਆਂ ਹਨ, ਜਿਨ੍ਹਾਂ ਦੇ ਪਾਤਰ ਜ਼ਿੰਦਗੀ ਦੇ ਵਿਚ ਮਾਨਸਿਕ ਅਤੇ ਸਮਾਜਿਕ ਸੰਘਰਸ਼ ਤੋਂ ਬਾਅਦ ਜੀਵਨ ਦੀ ਇਕ ਨਵੀਂ ਉਮੀਦ ਨਾਲ ਨਵੀਂ ਸ਼ੁਰੂਆਤ ਕਰਦੇ ਹਨ। ਕਹਾਣੀ 'ਡਾਕੂ ਦੀ ਧੀ' ਵਿਚ ਦਰਸਾਇਆ ਗਿਆ ਹੈ ਕਿ ਅਤੀਤ ਦਾ ਪਰਛਾਵਾਂ ਕਿਸ ਤਰ੍ਹਾਂ ਕਈ ਵਾਰ ਵਰਤਮਾਨ ਨੂੰ ਵੀ ਹਨੇਰੇ ਵਿਚ ਡੋਬ ਦਿੰਦਾ ਹੈ ਪਰ ਫਿਰ ਵੀ ਭਵਿੱਖ ਦੇ ਸੂਰਜ ਨੂੰ ਚੜ੍ਹਨ ਤੋਂ ਕੋਈ ਵੀ ਰੋਕ ਨਹੀ ਸਕਦਾ। ਕਹਾਣੀ ਦੇ ਮੁੱਖ ਪਾਤਰ ਦੀ ਹੋਂਦ, ਉਸ ਦਾ ਆਪਣੇ ਪਰਿਵਾਰ ਨਾਲ ਮੇਲ, ਇਕ ਡਾਕੂ ਦੀ ਧੀ ਨੂੰ ਮੁੱਖ ਪਾਤਰ ਦੁਆਰਾ ਅਪਣਾਇਆ ਜਾਣਾ ਇਹ ਸਭ ਇਕ ਸੁਖਦ ਅੰਤ ਦਾ ਅਹਿਸਾਸ ਕਰਾਉਂਦੇ ਹਨ। 'ਆਪੋ ਆਪਣੀ ਤਪੱਸਿਆ' ਵਿਚ ਕਹਾਣੀ ਦੇ ਪਾਤਰ ਜੰਟਾ ਅਤੇ ਉਸ ਦੀ ਭਾਬੀ ਮਾਨਸਿਕ ਅਤੇ ਸਮਾਜਿਕ ਤੌਰ 'ਤੇ ਆਪਣੇ-ਆਪਣੇ ਹਿੱਸੇ ਦੀ ਤਪੱਸਿਆ ਕਰਦੇ ਹੋਏ ਜੀਵਨ ਬਸਰ ਕਰਦੇ ਹਨ ਪਰ ਅਚਾਨਕ ਇਕ ਮੋੜ 'ਤੇ ਮਿਲਣ ਤੋਂ ਬਾਅਦ ਆਪਣੀ ਭਾਬੀ ਦੁਆਰਾ ਮਰਿਆਦਾ ਭੰਜਕ ਬਣਨ ਦੇ ਡਰ ਤੋਂ ਜੰਟਾ ਮੌਤ ਨੂੰ ਆਪਣੇ ਗਲ ਲਾ ਕੇ ਆਪਣੀ ਤਪੱਸਿਆ ਸਫਲ ਕਰਦਾ ਪ੍ਰਤੀਤ ਹੁੰਦਾ ਹੈ। ਪੁਸਤਕ ਵਿਚਲੀਆਂ ਕੁਝ ਕਹਾਣੀਆਂ ਵਿਚ ਇੱਛਿਤ ਯਥਾਰਥ ਵੀ ਨਜ਼ਰ ਆਉਂਦਾ ਹੈ। ਸਾਧਾਰਨ ਘਟਨਾਵਾਂ ਨਾਲ ਜੁੜੀਆਂ, ਸਰਲ ਭਾਸ਼ਾ ਅਤੇ ਸਰਲ ਬਣਤਰ ਦੀਆਂ ਇਹ ਕਹਾਣੀਆਂ ਵੱਖਰੇ ਰੰਗ ਦੀਆਂ ਹਨ।

ਂਡਾ: ਸੁਖਪਾਲ ਕੌਰ ਸਮਰਾਲਾ
ਮੋ: 9888547099
ਫ ਫ ਫ

ਸੋਚਾਂ ਸਮੁੰਦਰੋਂ ਡੂੰਘੀਆਂ
ਲੇਖਕ : ਜਸਮੀਤ ਸਿੰਘ ਬਹਿਣੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ : 195 ਰੁਪਏ, ਸਫ਼ੇ : 98
ਸੰਪਰਕ : 98726-26531.

'ਸੋਚਾਂ ਸਮੁੰਦਰੋਂ ਡੂੰਘੀਆਂ' ਵਿਚਾਰ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ 1151 ਵੰਨ-ਸੁਵੰਨੇ ਵਿਚਾਰ ਦਰਜ ਕੀਤੇ ਹਨ।
ਮਹਾਂਪੁਰਖ ਜਾਂ ਪਹੁੰਚੇ ਹੋਏ ਮਨੁੱਖ ਜਦੋਂ ਆਪਣੀ ਜੀਭ ਰਾਹੀਂ ਕੁਝ ਉਚਾਰਦੇ ਹਨ ਤਾਂ ਉਹ ਵਾਕ ਨਾ ਹੋ ਕੇ ਮਹਾਂਵਾਕ ਬਣ ਜਾਂਦੇ ਹਨ। ਕਈ ਵਾਕ ਮੁਹਾਵਰੇ ਜਾਂ ਅਖਾਣਾਂ ਵੀ ਬਣ ਜਾਂਦੀਆਂ ਹਨ। ਮਨ ਨਾਲ ਕੀਤਾ ਗੰਭੀਰ ਸੰਵਾਦ ਵੀ ਪ੍ਰਬੁੱਧ ਵਿਚਾਰਾਂ ਨੂੰ ਜਨਮ ਦੇ ਸਕਦਾ ਹੈ। ਜੀਵਨ ਅਨੁਭਵ ਵੀ ਤੁਹਾਡੀ ਚੇਤਨਾ ਨਾਲ ਸੰਵਾਦ ਰਚਾ ਸਕਦਾ ਹੈ।
ਜਸਮੀਤ ਸਿੰਘ ਬਹਿਣੀਵਾਲ ਨੇ ਆਪਣੇ ਵਿਸ਼ਾਲ ਅਨੁਭਵ ਰਾਹੀਂ ਇਨ੍ਹਾਂ ਵਿਚਾਰਾਂ ਦੀ ਸਿਰਜਣਾ ਕੀਤੀ ਹੈ। ਸ਼ਬਦ ਵਿਚ ਅਰਥ ਸੰਚਾਰ ਦੀ ਸ਼ਕਤੀ ਹੁੰਦੀ ਹੈ। ਕਈ ਵਾਰ ਸਿੱਧੀ ਗੱਲ ਦੇ ਵੀ ਡੂੰਘੇ ਅਰਥ ਹੋ ਸਕਦੇ ਹਨ। ਸਿਆਣਪ ਨਾਲ ਆਖੇ ਸ਼ਬਦ ਬਹੁਅਰਥੀ ਤੇ ਬਹੁਪਰਤੀ ਵੀ ਹੁੰਦੇ ਹਨ।
ਇਸ ਪੁਸਤਕ ਵਿਚਲੇ ਵਿਚਾਰ ਕਈ ਰੰਗਾਂ ਦੇ ਹਨ। ਕਿਤੇ ਇਹ ਨੀਤੀ ਨਾਲ ਜੁੜੇ ਹਨ ਤੇ ਕਿਤੇ ਇਹ ਭਾਵਾਂ ਨਾਲ। ਕਿਤੇ ਇਨ੍ਹਾਂ ਵਿਚੋਂ ਸਿੱਖਿਆ ਮਿਲਦੀ ਹੈ ਤੇ ਕਿਤੇ ਇਨ੍ਹਾਂ ਵਿਚੋਂ ਦਰਸ਼ਨ ਝਲਕਦਾ ਹੈ। ਇਹ ਪੁਸਤਕ ਡੀ.ਪੀ.ਆਈ. ਵੱਲੋਂ ਸਕੂਲਾਂ ਲਈ ਪ੍ਰਵਾਨਿਤ ਕੀਤੀ ਹੈ। ਇਹ ਵਿਚਾਰ ਬੱਚਿਆਂ ਨੂੰ ਤਾਂ ਕੀ ਵੱਡਿਆਂ ਨੂੰ ਵੀ ਬੁੱਧੀਮਾਨ ਬਣਾਉਂਦੇ ਹਨ।

ਫ ਫ ਫ

ਮੋਹ ਮਿੱਤਰਾਂ ਦਾ
ਲੇਖਕ : ਸੰਤੋਖ ਸਿੰਘ ਸੰਤੋਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੋਹਾਲੀ
ਮੁੱਲ : 195 ਰੁਪਏ, ਸਫ਼ੇ : 70
ਸੰਪਰਕ : 0172-4608699.

ਸੰਤੋਖ ਸਿੰਘ ਸੰਤੋਖ ਖੱਬੇ ਪੱਖੀ ਸੋਚ ਨੂੰ ਪ੍ਰਣਾਇਆ ਸ਼ਾਇਰ ਸੀ, ਜੋ ਮਰਦੇ ਦਮ ਤੱਕ ਇਸੇ ਸਟੈਂਡ 'ਤੇ ਪਹਿਰਾ ਦਿੰਦਾ ਰਿਹਾ। 'ਮੋਹ ਮਿੱਤਰਾਂ ਦਾ' ਉਸ ਦੀ ਆਖਰੀ ਵਾਰਤਕ ਪੁਸਤਕ ਹੈ, ਜਿਸ ਵਿਚ ਉਸ ਨੇ ਆਪਣੇ ਕਈ ਮਿੱਤਰਾਂ ਦੇ ਸ਼ਬਦ-ਚਿੱਤਰ, ਯਾਦਾਂ, ਮਿਲਣੀਆਂ ਤੇ ਮੁਲਾਕਾਤਾਂ ਦਰਜ ਕੀਤੀਆਂ ਹਨ। ਕਈਆਂ ਨਾਲ ਮੁਖ਼ਤਸਰ ਮਿਲਣੀਆਂ ਹੀ ਲਿਖੀਆਂ ਹਨ। ਜਿਵੇਂ ਸ਼ਿਵ ਕੁਮਾਰ ਤੇ ਬਾਵਾ ਬਲਵੰਤ ਜਿਹੇ ਪ੍ਰਸਿੱਧ ਲੇਖਕਾਂ ਨਾਲ ਉਸ ਦੀ ਕੇਵਲ ਇਕ ਮੁਲਾਕਾਤ ਦੇ ਵੇਰਵੇ ਹੀ ਇਸ ਪੁਸਤਕ ਵਿਚ ਦਰਜ ਹਨ। ਨਕਸਲਵਾੜੀ ਲਹਿਰ ਵੇਲੇ ਬੰਗੇ ਹੋਏ ਕਵੀ ਦਰਬਾਰ ਦਾ ਅੱਖੀਂ ਡਿੱਠਾ ਹਾਲ ਬਿਆਨ ਕੀਤਾ ਗਿਆ ਹੈ। ਮੁੰਬਈ ਰਹਿੰਦੇ ਗੰਭੀਰ ਲੇਖਕ ਨਾਲ ਉਸ ਦੀਆਂ ਯਾਦਾਂ ਦੀਆਂ ਕਈ ਤਸਵੀਰਾਂ ਉੱਘੜਦੀਆਂ ਹਨ। ਨਰਿੰਦਰ ਦੁਸਾਂਝ ਨਾਲ ਇਕ ਲੰਮੀ ਮੁਲਾਕਾਤ ਪੇਸ਼ ਕੀਤੀ ਗਈ ਹੈ, ਜਿਸ ਵਿਚ ਉਸ ਦੇ ਇਨਕਲਾਬੀ ਨਾਟਕਾਂ ਦੇ ਖੇਤਰ ਵਿਚ ਕੀਤੇ ਕਾਰਜ ਦੀ ਉਸਤਤ ਕੀਤੀ ਗਈ ਹੈ। ਇੰਗਲੈਂਡ ਯਾਤਰਾ 'ਤੇ ਪਹੁੰਚੇ ਪਾਕਿਸਤਾਨੀ ਕਹਾਣੀਕਾਰ ਤੇ ਨਾਵਲਕਾਰ ਰੰਧਾਵਾ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਇਸ ਪੁਸਤਕ ਵਿਚ ਸਾਂਭੀਆਂ ਹੋਈਆਂ ਹਨ।
ਇਸ ਪੁਸਤਕ ਦੇ ਦੋ ਸ਼ਬਦ ਚਿੱਤਰ ਵਿਸ਼ੇਸ਼ ਧਿਆਨ ਖਿੱਚਦੇ ਹਨ। 'ਲਹੂ ਦਾ ਅੱਥਰੂ : ਜਗਤਾਰ' ਤੇ 'ਭੁੱਖ ਬਨਾਮ ਸਿਰਜਣਾ : ਸਾਥੀ ਲੁਧਿਆਣਵੀ'। ਇਨ੍ਹਾਂ ਦੋਵਾਂ ਲੇਖਕਾਂ ਨਾਲ ਸੰਤੋਖ ਦਾ ਬਹੁਤ ਗੂੜ੍ਹਾ ਸਬੰਧ ਰਿਹਾ ਹੈ, ਜਿਸ ਕਰਕੇ ਇਨ੍ਹਾਂ ਰੇਖਾ ਚਿੱਤਰਾਂ ਵਿਚ ਦੋਵਾਂ ਦੀ ਸ਼ਖ਼ਸੀਅਤ ਵਿਸ਼ੇਸ਼ ਰੰਗ ਵਿਚ ਉੱਘੜਦੀ ਹੈ। 'ਮਿੱਤਰ ਪਿਆਰੇ ਲਾਹੌਰ ਦੇ' ਲੇਖ ਵਿਚ ਉਸ ਦੀ ਪਾਕਿਸਤਾਨ ਯਾਤਰਾ ਦੇ ਵੇਰਵੇ ਦਰਜ ਹਨ। 'ਮੇਰੀਆਂ ਸਾਹਿਤਕ ਸਰਗਰਮੀਆਂ' ਉਸ ਦੇ ਭਾਰਤ ਭ੍ਰਮਣ ਦੀਆਂ ਯਾਦਾਂ ਹਨ।

ਂਕੇ. ਐਲ. ਗਰਗ
ਮੋ: 94635-37050
ਫ ਫ ਫ

ਪ੍ਰਾਬਲਮ ਮੈਨ
ਸ਼ਾਇਰ : ਰਮਨ
ਪ੍ਰਕਾਸ਼ਕ : ਨਵੀਂ ਦੁਨੀਆਂ ਪਬਲੀਕੇਸ਼ਨਜ਼, ਪਾਤੜਾਂ (ਪਟਿਆਲਾ)।
ਮੁੱਲ : 60 ਰੁਪਏ, ਸਫ਼ੇ : 71
ਸੰਪਰਕ : 98785-31166
.

'ਪ੍ਰਾਬਲਮ ਮੈਨ' ਪੁਸਤਕ ਵਿਚ ਰਮਨ ਦੀਆਂ ਚੌਦਾਂ ਗ਼ਜ਼ਲਾਂ, ਕੁਝ ਖੁਲ੍ਹੀਆਂ ਨਜ਼ਮਾਂ ਤੇ ਵੰਨਗੀ ਵਜੋਂ ਇਕ ਗੀਤ ਸ਼ਾਮਿਲ ਹੈ। ਸ਼ਾਇਰ ਸਮਾਜ ਦੀਆਂ ਬਾਰੀਕ ਤੰਦਾਂ ਤੇ ਅਜੋਕੇ ਮਨੁੱਖ ਦੀਆਂ ਜੀਵਨ ਨਾਲ ਸਬੰਧਤ ਗੁੰਝਲਾਂ ਦਾ ਚੋਖਾ ਗਿਆਨ ਰੱਖਦਾ ਹੈ ਤੇ ਇਨ੍ਹਾਂ ਨੂੰ ਆਪਣੀਆਂ ਰਚਨਾਵਾਂ ਵਿਚ ਵਧੇਰੇ ਕਰਕੇ ਤਨਜ਼ੀ ਲਹਿਜ਼ੇ ਵਿਚ ਪੇਸ਼ ਕਰਦਾ ਹੈ। ਸ਼ਾਇਰ ਦੀਆਂ ਗ਼ਜ਼ਲਾਂ ਦੇ ਸ਼ਿਅਰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਜੂਝ ਰਹੇ ਮਨੁੱਖ ਦੀ ਮਨੋਵਿਰਤੀ ਦਾ ਪਰਤੋਅ ਹਨ ਤੇ ਕਈ ਸ਼ਿਅਰ ਦਿਲਕਸ਼ ਹਨ। ਇਨ੍ਹਾਂ ਸ਼ਿਅਰਾਂ ਵਿਚ ਕਿਧਰੇ-ਕਿਧਰੇ ਸਥਾਪਤ ਰੂਪਕ ਮਿਥਾਂ ਨੂੰ ਅਣਗੌਲਿਆ ਵੀ ਕੀਤਾ ਗਿਆ ਹੈ। ਸ਼ਾਇਰ ਆਪਣੇ ਸ਼ਿਅਰਾਂ ਵਿਚ ਨਹੁੰ 'ਤੇ ਲੱਗੇ ਵੋਟ ਦੇ ਨਿਸ਼ਾਨ ਨੂੰ ਕਿਸੇ ਚੋਟ ਦੇ ਨਿਸ਼ਾਨ ਵਾਂਗ ਲੈਂਦਾ ਹੈ, ਭਾਵ ਉਹ ਅਜੋਕੀ ਰਾਜਨੀਤੀ ਤੋਂ ਉਪਰਾਮ ਹੈ। ਯਾਦਾਂ ਦੇ ਖੰਡਰ ਫਰੋਲਣ 'ਤੇ ਉਸ ਨੂੰ ਪਿੰਜਰਾਂ ਬਿਨਾਂ ਕੁਝ ਵੀ ਨਹੀਂ ਲੱਭਦਾ ਤੇ ਉਹ ਆਪਣੇ ਅਣਸੁਖਾਵੇਂ ਅਤੀਤ ਤੇ ਵਰਤਮਾਨ ਵਿਚ ਮਿਲ ਰਹੇ ਹਾਦਸਿਆਂ ਨੂੰ ਇਕ ਹੀ ਨਜ਼ਰ ਨਾਲ ਦੇਖਦਾ ਹੈ। ਨਜ਼ਮਾਂ 'ਪੁਤਲੇ' ਤੇ 'ਅੱਛੇ ਦਿਨ' ਵਿਚ ਉਹ ਸਿਆਸੀ ਲੋਕਾਂ ਵਲੋਂ ਦਿਖਾਏ ਗਏ ਖ਼ੂਬਸੂਰਤ ਵਾਅਦਿਆਂ 'ਤੇ ਚੋਟ ਕਰਦਾ ਹੈ। ਕੁਝ ਨਜ਼ਮਾਂ ਵਿਚ ਰਮਨ ਨੇ ਮਿਥਹਾਸ ਨੂੰ ਨਵੇਂ ਕੋਣ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਕੁਝ 'ਭੀਲਣੀ' ਤੇ 'ਕੋਈ ਵੀ ਪਿਤਾ' ਵਿਚ ਦੇਖਿਆ ਜਾ ਸਕਦਾ ਹੈ। 'ਘਰ ਵਾਪਸੀ' ਵਿਚ ਉਹ ਧਰਮ ਦੇ ਨਾਂਅ 'ਤੇ ਹੋ ਰਹੇ ਪਾਖੰਡ ਨੂੰ ਨੰਗਾ ਕਰਦਾ ਹੈ ਤੇ ਬਾਬੇ ਨਾਨਕ ਤੇ ਬੁੱਲੇ ਸ਼ਾਹ ਦੇ ਸੰਦੇਸ਼ਾਂ ਦੀ ਹੋ ਰਹੀ ਅਣਦੇਖੀ 'ਤੇ ਦੁੱਖ ਦਾ ਇਜ਼ਹਾਰ ਕਰਦਾ ਹੈ। ਪੁਸਤਕ ਦੇ ਆਖਿਰ ਵਿਚ ਰਮਨ ਦਾ ਇਕ ਖ਼ੂਬਸੂਰਤ ਗੀਤ ਛਾਪਿਆ ਗਿਆ ਹੈ ਜਿਸ ਵਿਚ ਉਹ ਭੁੱਲੇ ਭਟਕੇ ਲੋਕਾਂ ਨੂੰ ਨਫ਼ਰਤ ਦੀ ਖੇਤੀ ਕਰਨ ਤੋਂ ਵਰਜਦਾ ਹੈ। ਸ਼ਾਇਰ ਦੀ ਸਮੁੱਚੀ ਕਿਤਾਬ ਨੂੰ ਪੜ੍ਹ ਕੇ ਇਹ ਮਾਲੂਮ ਹੁੰਦਾ ਹੈ ਕਿ ਜੇ ਉਹ ਮਿਥ ਕੇ ਆਪਣੀ ਕਲਮ ਨੂੰ ਛੰਦ ਬੰਦ ਸ਼ਾਇਰੀ ਵਲ ਕੇਂਦਰਤ ਕਰੇ ਤਾਂ ਹੋਰ ਵੀ ਬਿਹਤਰ ਸਿੱਟੇ ਨਿਕਲ ਸਕਦੇ ਹਨ। 'ਪ੍ਰਾਬਲਮ ਮੈਨ' ਦੇ ਸ਼ੁਰੂਆਤੀ ਪੰਨਿਆਂ ਤੇ ਸ਼ਾਇਰ ਬਾਰੇ ਇਕ ਵਿਸਥਾਰਤ ਲੇਖ ਵੀ ਹੈ ਜਿਸ ਨੂੰ ਪੜ੍ਹ ਕੇ ਰਮਨ ਦੀ ਕਲਮ ਬਾਰੇ ਚੋਖੀ ਜਾਣਕਾਰੀ ਮਿਲਦੀ ਹੈ।

ਫ ਫ ਫ

ਪੰਜਾਬੀ ਰੁਬਾਈ
ਸ਼ਾਇਰ : ਕਿਰਪਾਲ ਸਿੰਘ 'ਪਰੇਸ਼ਾਨ'
ਪ੍ਰਕਾਸ਼ਕ : ਲੋਕ ਪਾਲ ਐਂਡ ਸੰਨਜ਼, ਭਾਦਸੋਂ।
ਮੁੱਲ : 180 ਰੁਪਏ, ਸਫ਼ੇ : 110
.

ਕਿਰਪਾਲ ਸਿੰਘ 'ਪਰੇਸ਼ਾਨ' ਦੀ ਇਸ ਪੁਸਤਕ ਦੀ ਮਹੱਤਤਾ ਇਸ ਲਈ ਵੀ ਵਧ ਜਾਂਦੀ ਹੈ ਕਿ ਇਸ ਦੇ ਸ਼ੁਰੂਆਤੀ ਪੰਨਿਆਂ 'ਤੇ ਜਨਾਬ ਦੀਪਕ ਜੈਤੋਈ ਜੀ ਦਾ ਰੁਬਾਈ ਸਬੰਧੀ ਇਕ ਜਾਣਕਾਰੀ ਭਰਪੂਰ ਲੇਖ ਵੀ ਛਾਪਿਆ ਗਿਆ ਹੈ। 'ਪੰਜਾਬੀ ਰੁਬਾਈ' ਕਿਤਾਬ ਵਿਚ ਰੁਬਾਈ ਦੇ ਵਜ਼ਨ ਤੇ ਬਹਿਰ ਦੇ ਅਨੁਸਾਰ ਹੀ ਵੰਡ ਕਰਕੇ ਰੁਬਾਈਆਂ ਛਾਪੀਆਂ ਗਈਆਂ ਹਨ। ਹਰ ਭਾਗ ਵਿਚ ਸਿਰਲੇਖ ਦੀ ਥਾਂ ਬਹਿਰ ਤੇ ਅਰਕਾਨ ਦਿੱਤੇ ਗਏ ਹਨ। ਇਨ੍ਹਾਂ ਰੁਬਾਈਆਂ ਦੇ ਵਿਸ਼ੇ ਮੁਹੱਬਤ ਤੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਦੇ ਇਰਦ ਗਿਰਦ ਹਨ। ਪਰੇਸ਼ਾਨ ਸਾਕੀ ਦੇ ਰੂਪ ਵਿਚ ਹਾਕਿਮ ਨੂੰ ਪੇਸ਼ ਕਰਦਾ ਹੈ ਤੇ ਉਸ ਦੀ ਚਲਾਕੀ, ਬੇਈਮਾਨੀ ਤੇ ਮੱਕਾਰੀ ਤੋਂ ਸੁਚੇਤ ਰਹਿਣ ਦਾ ਹੋਕਾ ਦਿੰਦਾ ਹੈ। ਸ਼ਾਇਰ ਆਪਣੀਆਂ ਰੁਬਾਈਆਂ ਵਿਚ ਕੁਦਰਤ ਤੋਂ ਬਲਿਹਾਰੇ ਜਾਂਦਾ ਹੈ ਪਰ ਅਜੋਕੇ ਮਨੁੱਖ ਦਾ ਚੱਜ ਆਚਾਰ ਉਸ ਲਈ ਤਕਲੀਫ਼ਦੇਹ ਹੈ। ਉਹ ਅਖ਼ਲਾਕ ਦੇ ਬਿਨਾਂ ਸ਼ੁਹਰਤ ਦੀ ਕੋਈ ਕੀਮਤ ਨਹੀਂ ਸਮਝਦਾ ਤੇ ਰਸਾਂ ਰੰਗਾਂ ਵਿਚ ਫਸੇ ਮਨੁੱਖ ਉਸ ਨੂੰ ਅਡੰਬਰੀ ਲਗਦੇ ਹਨ। ਸ਼ਾਇਰ ਨੇ ਪੰਜਾਬੀ ਜਨਜੀਵਨ ਨੂੰ ਵੀ ਛੋਹਿਆ ਹੈ ਤੇ ਇਸ ਸਬੰਧੀ ਕਈ ਰੁਬਾਈਆਂ ਵਿਚ ਜ਼ਿਕਰ ਕੀਤਾ ਹੈ। ਉਸ ਨੂੰ ਪੰਜਾਬੀ ਸੰਗੀਤ 'ਚੋਂ ਖ਼ਤਮ ਹੁੰਦੀ ਜਾ ਰਹੀ ਸੰਜੀਦਗੀ ਦਾ ਮਲਾਲ ਹੈ ਤੇ ਕਲਾ ਦੇ ਨਾਂਅ 'ਤੇ ਵੇਚੀ ਜਾ ਰਹੀ ਕਾਲਖ ਵੀ 'ਪਰੇਸ਼ਾਨ' ਨੂੰ ਪਰੇਸ਼ਾਨ ਕਰਦੀ ਹੈ। ਪੰਜਾਬ ਦੇ ਕਾਲ਼ੇ ਦਿਨਾਂ ਲਈ ਉਹ ਮੌਕੇ ਦੀਆਂ ਸਰਕਾਰਾਂ ਤੇ ਸਿਆਸਤਦਾਨਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਉਂਝ ਸ਼ਾਇਰ ਨੇ ਸਮਾਜ ਦੀ ਹਰ ਮੁਸ਼ਕਿਲ ਨੂੰ ਕਲਮਬਧ ਕੀਤਾ ਹੈ ਪਰ ਜੇ ਇਸ ਦਾ ਪ੍ਰਗਟਾਵਾ ਆਮ ਬੋਲਚਾਲ ਦੀ ਭਾਸ਼ਾ ਵਿਚ ਵਧੇਰੇ ਹੁੰਦਾ ਤਾਂ ਬਿਹਤਰ ਸੀ। ਇਹ ਪੁਸਤਕ ਹਲਕੀ ਦਿੱਖ ਦੇ ਬਾਵਜੂਦ ਬਿਹਤਰੀਨ ਪੁਸਤਕਾਂ ਦੀ ਸ਼੍ਰੇਣੀ ਵਿਚ ਰੱਖੇ ਜਾਣ ਦੇ ਯੋਗ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

6-11-2016

 ਗ਼ਦਰ ਪਾਰਟੀ ਦਾ ਸਾਹਿਤ
(ਬਗ਼ਾਵਤ ਦੀ ਚਿੰਗਿਆੜੀ)
ਲੇਖਕ : ਰਾਕੇਸ਼ ਕੁਮਾਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 352
ਸੰਪਰਕ : 97792-32276
.

ਸ੍ਰੀ ਰਾਕੇਸ਼ ਕੁਮਾਰ ਚੀਫ਼ ਰੇਲਵੇ ਇੰਜੀਨੀਅਰ ਵਜੋਂ ਸੇਵਾਮੁਕਤ ਹੋਇਆ, ਖੋਜੀ ਬਿਰਤੀ ਵਾਲਾ ਇਕ ਜਾਗਰੂਕ ਅਤੇ ਪ੍ਰਗਤੀਸ਼ੀਲ ਵਿਅਕਤੀ ਹੈ। ਹਥਲੀ ਪੁਸਤਕ ਵਿਚ ਉਸ ਨੇ ਗ਼ਦਰ ਪਾਰਟੀ ਦੇ ਸੰਗਠਨ, ਉਦੇਸ਼ਾਂ ਅਤੇ ਵਿਚਾਰਧਾਰਾ ਬਾਰੇ ਦਸਤਾਵੇਜ਼ੀ ਸੂਚਨਾਵਾਂ ਇਕੱਠੀਆਂ ਕਰਕੇ ਇਸ ਪਾਰਟੀ ਦੇ ਇਤਿਹਾਸ ਨਾਲ ਸਬੰਧਤ ਕਈ ਖੱਪਿਆਂ ਨੂੰ ਪੂਰਨ ਦਾ ਸੁਹਿਰਦ ਯਤਨ ਕੀਤਾ ਹੈ।
ਲੇਖਕ ਨੇ ਗ਼ਦਰ ਪਾਰਟੀ ਨਾਲ ਸਬੰਧਤ ਸਮੁੱਚੀ ਜਾਣਕਾਰੀ ਨੂੰ 10 ਖੰਡਾਂ ਵਿਚ ਪੇਸ਼ ਕੀਤਾ ਹੈ : 1. ਗ਼ਦਰ ਪਾਰਟੀ ਦਾ ਬੀੜਾ ਚੁੱਕਣਾ, 2. ਗ਼ਦਰ ਅਖ਼ਬਾਰ ਜਾਰੀ ਕਰਨਾ, 3. ਗ਼ਦਰੀ ਸਾਹਿਤ, 4. ਗ਼ਦਰ ਮਚਾਉਣ ਲਈ ਦੂਰ-ਦੁਰਾਡੇ ਰਹਿਣ ਵਾਲੇ ਲੋਕਾਂ ਨੂੰ ਤਿਆਰ ਕਰਨਾ, 5. ਗ਼ਦਰ ਅਖ਼ਬਾਰ ਵਿਚ ਛਪਣ ਵਾਲੇ ਲੇਖਾਂ ਦੀ ਰੂਪ ਰੇਖਾ, 6. ਗ਼ਦਰ ਪਾਰਟੀ ਵੱਲੋਂ ਵੰਡੇ ਗਏ ਕਿਤਾਬਚੇ ਅਤੇ ਪੈਂਫਲਟ, 7. ਗ਼ਦਰ ਦੀ ਗੂੰਜ, 8. ਗ਼ਦਰੀ ਲਹਿਰ ਬਾਰੇ ਗ਼ਦਰੀ ਬਾਬਿਆਂ ਦੇ ਵਿਚਾਰ, 9. ਗ਼ਦਰੀ ਯੋਧਿਆਂ ਵੱਲੋਂ ਕਾਮਾਗਾਟਾ ਮਾਰੂ ਜਹਾਜ਼ ਦੇ ਯਾਤਰੀ ਦੀ ਹਮਾਇਤ, ਅਤੇ 10. ਗ਼ਦਰੀ ਬਾਬਿਆਂ ਉੱਪਰ ਚੱਲੇ ਮੁਕੱਦਮਿਆਂ ਬਾਰੇ ਅੰਗਰੇਜ਼ ਜੱਜਾਂ ਦੇ ਫ਼ਤਵੇ। 243 ਪੰਨਿਆਂ ਵਿਚ ਫੈਲੀ ਇਸ ਜਾਣਕਾਰੀ ਦੇ ਨਾਲ ਲਗਪਗ 100 ਪੰਨਿਆਂ ਵਿਚ 14 ਅੰਤਿਕਾਵਾਂ ਵੀ ਜੋੜੀਆਂ ਗਈਆਂ ਹਨ। ਜਿਨ੍ਹਾਂ ਵਿਚ 'ਗ਼ਦਰ' ਅਖ਼ਬਾਰ ਦੇ ਕੁਝ ਸਰਵਰਕਾਂ ਦੇ ਚਿੱਤਰ, ਲਾਲਾ ਹਰਦਿਆਲ, ਰਾਮਚੰਦਰ (ਦੋਵੇਂ ਗ਼ਦਰ ਪੰਜਾਬੀ ਅਤੇ ਉਰਦੂ ਦੇ ਸੰਪਾਦਕ), ਮਾਈਕਲ ਓਡਵਾਇਰ ਅਤੇ ਗ਼ਦਰ ਲਹਿਰ, ਬੱਬਰਾਂ ਦੀਆਂ ਕਵਿਤਾਵਾਂ, ਊਧਮ ਸਿੰਘ ਪਾਸੋਂ ਪ੍ਰਾਪਤ ਹੋਇਆ ਗ਼ਦਰ ਪਾਰਟੀ ਦਾ ਸਾਹਿਤ, ਭਗਤ ਸਿੰਘ ਵੱਲੋਂ ਆਪਣੇ ਕਲਮੀ ਨਾਂਅ 'ਬਲਵੰਤ' ਦੇ ਨਾਂਅ ਹੇਠ ਲਿਖਿਆ ਸਰਾਭੇ ਦਾ ਕਲਮੀ ਚਿੱਤਰ ਅਤੇ ਗ਼ਦਰ ਪਾਰਟੀ ਦੇ ਯੋਧਿਆਂ ਦੀਆਂ ਕੁਰਬਾਨੀਆਂ ਆਦਿਕ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਸ੍ਰੀ ਰਾਕੇਸ਼ ਕੁਮਾਰ ਕੋਈ ਪੇਸ਼ਾਵਰ ਇਤਿਹਾਸਕਾਰ ਨਹੀਂ ਹੈ ਪਰ ਉਹ ਜਾਣਦਾ ਹੈ ਕਿ ਇਤਿਹਾਸਕਾਰੀ ਵਾਸਤੇ ਪ੍ਰਮਾਣਿਕ ਸੋਮਿਆਂ ਦੀ ਤਲਾਸ਼, ਵਸਤੂਮੁਖ ਲੇਖਣ, ਹਰ ਪ੍ਰਕਾਰ ਦੇ ਪੂਰਵਾਗ੍ਰਹਿ ਤੋਂ ਮੁਕਤੀ ਅਤੇ ਖਰੀ-ਖਰੀ ਗੱਲ ਕਹਿਣੀ ਲਾਜ਼ਮੀ ਸ਼ਰਤਾਂ ਹੁੰਦੀਆਂ ਹਨ। ਮੈਨੂੰ ਇਹ ਕਹਿਣ ਵਿਚ ਬੜੀ ਖੁਸ਼ੀ ਹੁੰਦੀ ਹੈ ਕਿ ਉਸ ਨੇ ਇਤਿਹਾਸਕਾਰੀ ਦੇ ਫ਼ਰਜ਼ ਨੂੰ ਬੜੀ ਨਿਸ਼ਠਾ ਅਤੇ ਸਿਦਕਦਿਲੀ ਨਾਲ ਸਰੰਜਾਮ ਦਿੱਤਾ ਹੈ। ਅਜੋਕੇ ਸੰਦਰਭ ਵਿਚ ਜਦੋਂ ਸੌੜੇ ਸਵਾਰਥਾਂ ਦੀ ਪੂਰਤੀ ਲਈ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਰਾਕੇਸ਼ ਕੁਮਾਰ ਦਾ ਯਤਨ ਕਿਸੇ ਸੂਰਮਗਤੀ ਤੋਂ ਘੱਟ ਨਹੀਂ ਹੈ।

ਫ ਫ ਫ

ਚੁੱਪ ਦੀ ਚੀਖ਼
ਲੇਖਕਾ : ਡਾ: ਹਰਸ਼ਿੰਦਰ ਕੌਰ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 336
ਸੰਪਰਕ : 98140-41345
.

ਡਾ: ਹਰਸ਼ਿੰਦਰ ਕੌਰ ਕਿੱਤੇ ਵੱਲੋਂ ਇਕ ਬਾਲ-ਚਕਿਤਸਕ (ਐਮ.ਡੀ. ਪੈਡੀਐਟਰਿਕਸ) ਹੈ। 'ਚੁੱਪ ਦੀ ਚੀਖ਼' ਵਿਚ ਡਾ: ਸਾਹਿਬਾ ਨੇ ਨਾਰੀ ਨਾਲ ਹੋ ਰਹੇ ਅਨਿਆਇ ਦੇ ਵਿਰੁੱਧ ਆਪਣਾ ਰੋਸ ਦਰਜ ਕਰਵਾਇਆ ਹੈ।
ਚਕਿਤਸਾ ਦੇ ਖੇਤਰ ਨਾਲ ਜੁੜੀ ਹੋਣ ਕਾਰਨ ਉਸ ਦਾ ਹਰ ਰੋਜ਼ ਅਜਿਹੀਆਂ ਬਾਲੜੀਆਂ ਅਤੇ ਮੁਟਿਆਰਾਂ ਨਾਲ ਵਾਹ ਪੈਂਦਾ ਹੈ, ਜਿਨ੍ਹਾਂ ਦੀ ਹੋਂਦ ਅਤੇ ਸ਼ਨਾਖ਼ਤ ਨੂੰ ਮਿਟਾ ਦੇਣ ਲਈ ਸਾਡਾ ਮਰਦ ਪ੍ਰਧਾਨ ਸਮਾਜ ਹਰ ਰੋਜ਼ ਪੱਬਾਂ ਭਾਰ ਹੋਇਆ ਰਹਿੰਦਾ ਹੈ। ਉਹ ਆਪਣੀ ਇਸ ਪੁਸਤਕ ਵਿਚ ਨਾਰੀ ਨਾਲ ਹੋ ਰਹੇ ਇਸ ਅਨਿਆਇ ਸਬੰਧੀ ਅਨੇਕ ਸਵਾਲ ਉਠਾਉਂਦੀ ਹੈ : ਮੈਂ (ਬਜ਼ੁਰਗ ਨਾਰੀ) ਆਪਣਾ ਢਿੱਡ ਕਿਵੇਂ ਭਰਾਂ? ਕੀ ਕੁੜੀਆਂ ਦਾ ਭਵਿੱਖ ਉੱਜਲ ਹੋਣ ਵਾਲਾ ਹੈ? ਕੀ ਔਰਤ ਹੀ ਔਰਤ ਦੀ ਦੁਸ਼ਮਣ ਹੈ? ਮੈਂ ਕਿੱਥੇ ਜਾਵਾਂ? ਕੀ ਹੁਣ ਬਲਾਤਕਾਰ ਕੋਈ ਜੁਰਮ ਨਹੀਂ ਰਿਹਾ? ਵੇਖਣਾ! ਕੋਈ ਧੀ-ਭੈਣ ਸਤਵੰਤੀ ਨਾ ਰਹਿ ਜਾਏ? ਕੀ ਔਰਤ ਨੂੰ ਕਦੇ ਇਨਸਾਨ ਕਹਾਏ ਜਾਣ ਦਾ ਹੱਕ ਹਾਸਲ ਹੋਏਗਾ? ...ਇਤਿਆਦਿ। ਲੇਖਕਾ ਇਨ੍ਹਾਂ ਸਾਰੇ ਸਵਾਲਾਂ ਨੂੰ ਉਠਾਉਂਦੀ ਹੋਈ ਇਕ ਚੁੱਭਣ, ਇਕ ਚੀਸ ਮਹਿਸੂਸ ਕਰਦੀ ਹੈ। ਇਸ ਕਾਰਨ ਪਾਠਕ ਨੂੰ ਸਵਾਲਾਂ ਦੇ ਨਾਲ-ਨਾਲ ਜਵਾਬ ਵੀ ਮਿਲੀ ਜਾਂਦੇ ਹਨ।
ਡਾ: ਹਰਸ਼ਿੰਦਰ ਦਾ ਵਿਚਾਰ ਹੈ ਕਿ ਔਰਤਾਂ ਉੱਪਰ ਏਨਾ ਵੀ ਜ਼ੁਲਮ ਢਾਹੁਣਾ ਠੀਕ ਨਹੀਂ, ਸ਼ੀਸ਼ਾ ਵੀ ਟੁੱਟਣ ਤੋਂ ਬਾਅਦ ਜਾਨਲੇਵਾ ਹਥਿਆਰ ਬਣ ਜਾਇਆ ਕਰਦਾ ਹੈ। (ਪੰਨਾ 13)
ਇਸ ਪੁਸਤਕ ਦੇ ਉਦੇਸ਼ ਨੂੰ ਬਿਆਨ ਕਰਦੀ ਹੋਈ ਡਾ: ਹਰਸ਼ਿੰਦਰ ਲਿਖਦੀ ਹੈ ਕਿ ਜਿਹੜੀਆਂ ਬੱਚੀਆਂ ਜਾ ਔਰਤਾਂ ਜ਼ੁਲਮ ਸਹਿ ਰਹੀਆਂ ਹਨ, ਉਨ੍ਹਾਂ ਵਿਚੋਂ ਗਿਣੀਆਂ-ਚੁਣੀਆਂ ਹੀ ਆਵਾਜ਼ ਚੁੱਕਣ ਦੀ ਹਿੰਮਤ ਰੱਖਦੀਆਂ ਹਨ, ਬਾਕੀ ਤਾਂ ਚੁੱਪ-ਚੁਪੀਤੇ ਸਭ ਕੁਝ ਸਹਿ ਕੇ ਇੰਜ ਹੀ ਦੁਨੀਆ ਨੂੰ ਅਲਵਿਦਾ ਕਹਿ ਜਾਂਦੀਆਂ ਹਨ। ਉਸੇ ਚੁੱਪ ਅੰਦਰ ਦਫ਼ਨ ਹੋਈ ਚੀਖ਼ ਨੂੰ ਮੈਂ ਕਲਮ ਰਾਹੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। (ਪੰਨਾ 16) ਮੈਂ ਲੇਖਕਾ ਨੂੰ ਉਸ ਦੀ ਦਲੇਰੀ ਅਤੇ ਦ੍ਰਿੜ੍ਹਤਾ ਉੱਪਰ ਮੁਬਾਰਕਬਾਦ ਦਿੰਦਾ ਹਾਂ ਅਤੇ ਚਾਹੁੰਦਾ ਹਾਂ ਕਿ ਜੇ ਸਾਡੇ ਸਮਾਜ ਦੀਆਂ ਪੜ੍ਹੀਆਂ-ਲਿਖੀਆਂ, ਅਨਪੜ੍ਹ ਅਤੇ ਕੰਮਕਾਜੀ ਮਹਿਲਾਵਾਂ ਘੱਟੋ-ਘੱਟ ਇਕ ਦਹਾਕੇ ਲਈ, ਹੋਰ ਸਭ ਮਨ ਪਰਚਾਵਿਆਂ ਅਤੇ ਦਬਾਵਾਂ ਤੋਂ ਮੂੰਹ ਮੋੜ ਕੇ ਨਾਰੀ-ਸੁਤੰਤਰਤਾ ਦਾ ਇਕ ਅੰਦੋਲਨ ਸ਼ੁਰੂ ਕਰੀ ਰੱਖਣ ਤਾਂ ਸਥਿਤੀ ਬਦਲ ਵੀ ਸਕਦੀ ਹੈ। ਬਦਲੀ ਹੋਈ ਸਥਿਤੀ ਪੂਰੀ ਮਾਨਵਤਾ ਲਈ ਕਲਿਆਣਕਾਰੀ ਸਿੱਧ ਹੋਵੇਗੀ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਮੁਹੱਬਤ ਨਾਮਾ
ਲੇਖਕ : ਆਸ਼ੀ ਈਸਪੁਰੀ
ਪ੍ਰਕਾਸ਼ਕ : ਚੱਕ ਸਤਾਰਾਂ ਪ੍ਰਕਾਸ਼ਨ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94172-79936

ਆਸ਼ੀ ਈਸਪੁਰੀ ਰਚਿਤ 'ਮੁਹੱਬਤ ਨਾਮਾ' ਦੇ ਤਿੰਨ ਖੰਡ ਹਨ, ਪਹਿਲਾ ਮੁਹੱਬਤ-ਨਾਮਾ (12 ਗੀਤ), ਦੂਜਾ ਦਰਦ-ਨਾਮਾ (29 ਗੀਤ), ਤੀਜਾ ਨਸੀਹਤ-ਨਾਮਾ (25 ਗੀਤ), ਇਨ੍ਹਾਂ ਤਿੰਨ ਖੰਡਾਂ ਦੀ ਵੰਡ ਗੀਤ ਦੀ ਪ੍ਰਕਿਰਤੀ ਅਥਵਾ ਵਿਸ਼ਾ-ਵਸਤੂ ਅਨੁਸਾਰ ਲਿਖੇ ਗੀਤਾਂ ਅਨੁਸਾਰ ਕੀਤੀ ਗਈ ਹੈ। ਵਸਲ ਦੇ ਗੀਤ, ਵਿਛੋੜੇ ਅਤੇ ਮਨ ਵਿਚ ਪੈਦਾ ਹੋਈ ਪੀੜਾ ਦੇ ਗੀਤ ਮਹਿਬੂਬ ਤੇ ਮਹਿਬੂਬਾ ਦੇ ਮਿਲਣ ਸਮੇਂ ਦੀ ਵਿਸ਼ਮਾਦੀ-ਅਵਸਥਾ : ਸਵਰਗੀ ਹੁਲਾਰੇ ਤੋਂ ਘੱਟ ਨਹੀਂ ਹੁੰਦੀ, ਜਿਵੇਂ ਵਸਲ-ਘੜੀਆਂ ਦਾ ਸ਼ਬਦੀ-ਚਿੱਤਰ ਪੇਸ਼ ਹੈ :
ਤੇਰੀ ਭਿੰਨੀ ਭਿੰਨੀ ਮਹਿਕ ਜਿਹੀ
ਮੇਰੇ ਮਨ ਨੂੰ ਕਰੇ ਸੁਗੰਧਿਤ ਨੀ।
ਤੇਥੋਂ ਦੂਰ ਨਾ ਹੋਣ ਨੂੰ ਚਿੱਤ ਕਰੇ
ਏਨਾ ਤੂੰ ਕਰੇਂ ਆਨੰਦਿਤ ਨੀ।
ਤੇਰੇ ਰੂਪ ਦੀਆਂ ਇਨ੍ਹਾਂ ਰਿਸ਼ਮਾਂ ਨੂੰ
ਜਿੰਦ ਆਪਣੀ ਦੇ ਨਾਲ ਸੀਅ ਜਾਵਾਂ।
ਜੀਅ ਕਰਦੈ ਤੇਰੇ ਨੈਣਾਂ ਦੀ
ਮੈਂ ਸਾਰੀ ਮਸਤੀ ਪੀ ਜਾਵਾਂ।
ਇਸੇ ਤਰ੍ਹਾਂ ਕਵੀ ਗੀਤਕਾਰ ਵਿਯੋਗ ਅਤੇ ਪੀੜਾ ਦੇ ਗੀਤ ਬਣਾ ਕੇ ਮਾਨਵੀ ਮਨ ਵਿਚ ਪੈਦਾ ਹੋਈ ਮੁਹੱਬਤ ਦੀ ਅਭਿਵਿਅਕਤੀ ਕਰਦਾ ਹੈ। ਇਹ ਗੀਤ ਸੁਰ ਅਤੇ ਸਾਜ਼ਾਂ ਨਾਲ ਗਾਏ ਜਾਣ ਦੀ ਯੋਗਤਾ ਉੱਪਰ ਪੂਰੇ ਉੱਤਰਦੇ ਹੋਏ, ਲੋਕ ਪਾਠਕਾਂ ਅਤੇ ਸਰੋਤਿਆਂ ਲਈ ਉਨ੍ਹਾਂ ਦੀ ਸੱਭਿਆਚਾਰਕ ਭੁੱਖ ਨੂੰ ਤ੍ਰਿਪਤ ਕਰਨ ਦੇ ਯੋਗ ਹਨ।
ਇਨ੍ਹਾਂ ਗੀਤਾਂ ਦਾ ਜਜ਼ਬਾਤੀ ਹੋਣਾ ਸਹਿਜ-ਸੁਭਾਵਿਕ ਕੁਦਰਤੀ ਹੈ। ਮੁਹੱਬਤ ਅਤੇ ਹੁਸਨ, ਇਕ ਦੂਜੇ ਦੇ ਪੂਰਵਕ, ਮਰਦ-ਔਰਤ ਦੇ ਰੂਪ ਵਿਚ ਜਦ ਸੰਯੋਗ ਵਿਯੋਗ ਤੇ ਵੇਦਨਾ ਦਾ ਅਹਿਸਾਸ ਕਰਦੇ ਹਨ, ਸੰਵੇਦਨਾਤਮਕ ਹੋ ਜਾਂਦੇ ਹਨ। ਮੁਹੱਬਤਨਾਮਾ ਦੇ ਵੱਖ-ਵੱਖ ਸੰਕਲਪ ਯੁੱਗਾਂ-ਯੁੱਗਾਂ ਤੋਂ ਮਾਨਵੀ ਭਾਵਨਾਵਾਂ ਦੇ ਅਟੁੱਟ ਨਰੋਏ ਅੰਗ ਹਨ। ਹਰ ਭਾਸ਼ਾ ਦੇ ਲੋਕ ਸਾਹਿਤ ਵਚ ਸਹਿਜ ਸੁਭਾਵਿਕ ਵਰਤੇ ਗਏ ਮਿਲਦੇ ਹਨ, ਜਿਵੇਂ 'ਤੇਰੀ-ਮੇਰੀ ਇਕ ਜਿੰਦੜੀ' ਐਵੇਂ ਦੋ ਕਲਬੂਤ ਬਣਾਏ', ਮੁਹੱਬਤ-ਨਾਮਾ ਦੀ ਵਧੀਆ ਪਰਿਭਾਸ਼ਾ ਹੈ।
ਪੰਜਾਬੀ ਵਿਚ ਮੁਹੱਬਤ ਦੇ ਗੀਤ ਇਹ ਮੁਹੱਬਤ-ਨਾਮਾ, ਆਸ਼ਾ ਹੈ ਪੰਜਾਬੀ ਪਾਠਕਾਂ ਅਤੇ ਸਰੋਤਿਆਂ ਦੀਆਂ ਰੂਹਾਂ ਨੂੰ ਸਰਸ਼ਾਰ ਕਰਦਾ ਰਹੇਗਾ।

ਫ ਫ ਫ

ਧੰਮ ਦੀ ਗਾਥਾ
ਲੇਖਕ : ਸੋਹਣ ਸਹਿਜਲ
ਪ੍ਰਕਾਸ਼ਕ : ਪੰਜਾਬ ਬੁੱਧਿਸਟ ਸੁਸਾਇਟੀ, ਯੂ. ਕੇ.
ਮੁੱਲ : ਪੇਪਰ ਬੈਕ : 100 ਰੁਪਏ, ਸਫ਼ੇ : 106
ਸੰਪਰਕ : 95014-77278
.

ਇਹ ਕਾਵਿ-ਸੰਗ੍ਰਹਿ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਵੱਲੋਂ ਲਿਖਿਆ 'ਦਾ ਬੁੱਧਾ ਐਂਡ ਹਿਜ਼ ਧੰਮਾ' ਗ੍ਰੰਥ ਵਿਚ ਪੇਸ਼ ਕੀਤੀਆਂ ਸਿੱਖਿਆਵਾਂ ਵਿਚੋਂ ਮਹੱਤਵਪੂਰਨ ਸਿੱਖਿਆਵਾਂ ਦਾ ਪੰਜਾਬੀ ਕਾਵਿ ਵਿਚ ਅਨੁਵਾਦ ਹੈ।
ਮੰਗਲਾਚਰਨ ਤੋਂ ਇਲਾਵਾ, ਪੁਸਤਕ ਵਿਚ ਲੰਮੀਆਂ ਛੋਟੀਆਂ ਕੁੱਲ 43 ਕਵਿਤਾਵਾਂ ਵੱਖ-ਵੱਖ ਸਿਰਲੇਖ ਦੇ ਕੇ ਸ਼ਾਮਿਲ ਕੀਤੀਆਂ ਗਈਆਂ ਹਨ। ਜਿਵੇਂ ਬੁੱਧਬਾਣੀ ਧੰਮਪਦ 'ਤੇ ਆਧਾਰਿਤ, ਧੰਮ ਦੀ ਗਾਥਾ ਆਦਿ ਲੰਮੀਆਂ ਕਵਿਤਾਵਾਂ ਵਿਚ ਬੁੱਧਮੱਤ ਦੇ ਮੁੱਖ ਨਿਯਮਾਂ ਅਤੇ ਸਿਧਾਂਤਕ ਵਿਚਾਰਾਂ ਦੀ ਕਾਵਿ ਵਿਆਖਿਆ ਹੈ। ਛੋਟੀਆਂ ਕਵਿਤਾਵਾਂ ਆਪਣੇ ਸਿਰਲੇਖਾਂ ਅਨੁਸਾਰ ਬੁੱਧਮੱਤ ਦੇ ਭਿੰਨ-ਭਿੰਨ, ਮੁੱਖ-ਅਸੂਲਾਂ ਦਾ ਵਿਸ਼ਲੇਸ਼ਣ ਹਨ, ਜਿਵੇਂ ਪੰਜਸ਼ੀਲ, ਜੀਣ ਦਾ ਮਾਰਗ, ਪੁਨਰ ਜਨਮ, ਧੰਮ-ਪਦ, ਧੰਮ ਦਾ ਦਾਨ, ਤ੍ਰੀ-ਰਤਨ, ਕਰੁਣਾ, ਦੀਕਸ਼ਾ-ਭੂਮੀ ਦੀ ਗੱਲ, ਸਹੁੰਆਂ ਆਦਿ। ਇਨ੍ਹਾਂ ਕਵਿਤਾਵਾਂ ਦੇ ਵਿਚ ਬਾਬਾ ਸਾਹਿਬ (ਡਾ: ਅੰਬੇਡਕਰ) ਦੀ ਸਿੱਖਿਆ ਨੂੰ ਵੀ ਕਵਿਤਆਇਆ ਗਿਆ ਹੈ। ਡਾ: ਅੰਬੇਡਕਰ ਦੀ ਲਿਖੀ ਪੁਸਤਕ 'ਭਗਵਾਨ ਬੁੱਧ ਤੇ ਉਨ੍ਹਾਂ ਦਾ ਧਰਮ' ਦੇ ਇਸ ਕਾਵਿ ਅਨੁਸਾਰ ਭਾਵੇਂ ਸੰਪੂਰਨ ਅਨੁਵਾਦ ਨਹੀਂ, ਫਿਰ ਵੀ ਕਵੀ ਸੋਹਣ ਸਹਿਜਲ ਦਾ ਮੁੱਖ ਪ੍ਰਯੋਜਨ ਭਗਵਾਨ ਬੁੱਧ ਦੇ ਮਹੱਤਵਪੂਰਨ ਅਸੂਲਾਂ ਨੂੰ ਕਵਿਤਾਕੇ, ਆਪਣੇ ਪੰਜਾਬੀ ਪਾਠਕਾਂ ਨੂੰ ਇਹ ਗਿਆਨ ਸੰਚਾਰਨਾ ਹੈ। ਕਿਸੇ ਹੱਦ ਤੱਕ ਉਹ ਇਸ ਕਾਰਜ ਵਿਚ ਸਫਲ ਵੀ ਹੋਇਆ ਹੈ। ਸੋਹਣ ਸਹਿਜਲ ਨੇ ਆਰੰਭ ਵਿਚ ਸ਼ਬਦ 'ਧਰਮ ਤੇ ਧੰਮ' ਦੇ ਅੰਤਰ ਅਰਥ ਕਰਕੇ ਇਹ ਸਪੱਸ਼ਟ ਕੀਤਾ ਹੈ ਕਿ 'ਧਰਮ' ਸੰਸਕ੍ਰਿਤ ਦਾ ਸ਼ਬਦ ਹੈ ਅਤੇ ਧੰਮ ਪਾਲੀ ਭਾਸ਼ਾ ਦਾ ਸ਼ਬਦ ਹੈ। ਧਰਮ ਵਿਚ ਰੱਬ, ਰੂਹ, ਕਰਮਕਾਂਡ ਮਿਥਿਹਾਸ ਸਭ ਕੁਝ ਰਲਗੱਡ ਹੈ, ਪਰ ਧੰਮ ਦਾ ੁਦੇਸ਼ ਇਸੇ ਧਰਤੀ 'ਤੇ ਇਸੇ ਜੀਵਨ ਵਿਚ ਮਨੁੱਖੀ ਜੀਵਨ ਨੂੰ ਸੁਖਮਈ ਬਣਾਉਣਾ ਅਤੇ ਸੰਸਾਰਿਕ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਹੈ।

ਂਡਾ: ਅਮਰ ਕੋਮਲ
ਮੋ: 84378-73565
ਫ ਫ ਫ

ਜੋ ਦਮ ਗ਼ਾਫ਼ਿਲ, ਸੋ ਦਮ ਕਾਫ਼ਿਰ
(ਪਾਲ ਕੌਰ ਹੋਣ ਦੀ ਯਾਤਰਾ)
ਸੰਪਾਦਕ : ਡਾ: ਹਰਕਮਲ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 180
ਸੰਪਰਕ : 98554-06458
.

ਪੰਜਾਬੀ ਸਾਹਿਤ ਸਿਰਜਣਾ ਅਤੇ ਇਸ ਦੇ ਦੀਰਘ ਅਧਿਐਨ ਖੇਤਰ ਵਿਚ ਨਾਰੀ ਲੇਖਿਕਾਵਾਂ ਨੇ ਖੂਬ ਭੂਮਿਕਾ ਨਿਭਾਈ ਹੈ, ਜਿਸ ਦੇਣ 'ਤੇ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਹੈ। ਇਸੇ ਪ੍ਰਸੰਗਿਕਤਾ 'ਚ ਪਾਲ ਕੌਰ ਦਾ ਨਾਮ ਵਿਸ਼ੇਸ਼ ਨਾਰੀ ਲੇਖਿਕਾਵਾਂ ਵਿਚ ਗੌਲਣਯੋਗ ਹੈ। ਹਥਲੀ ਪੁਸਤਕ ਵਿਚ ਡਾ: ਹਰਕਮਲ ਕੌਰ ਨੇ ਬੜੀ ਮਿਹਨਤ ਅਤੇ ਦੁਰਲੱਭ ਖੋਜ ਸੂਤਰਾਂ ਦੀ ਘਾਲਣਾ ਘਾਲਦਿਆਂ ਹੋਇਆਂ, ਪਾਲ ਕੌਰ ਦੀ ਸਾਹਿਤਕ ਦੇਣ ਦਾ ਮੁਜੱਸਮਾ ਪੇਸ਼ ਕੀਤਾ ਹੈ। ਵਿਧੀਵਤ ਰੂਪ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੁਸਤਕ ਨੂੰ ਛੇ ਭਾਗਾਂ ਜ਼ਰੀਏ ਪਾਠਕਾਂ ਸਾਹਮਣੇ ਲਿਆਂਦਾ ਹੈ। 'ਸੰਪਾਦਕੀ' ਸ਼ਬਦਾਂ 'ਚ ਹੀ ਡਾ: ਹਰਕਮਲ ਕੌਰ ਨੇ ਪਾਲ ਕੌਰ ਦੀ ਨਾਰੀ ਜਾਤੀ-ਜਾਤੀ ਪ੍ਰਤੀ ਦੇਣ ਅਤੇ ਪ੍ਰਾਪਤ ਹਰਮਨ ਪਿਆਰਤਾ ਨੂੰ ਵਿਅੱਕਤ ਕਰ ਦਿੱਤਾ ਹੈ। ਇਸ ਉਪਰੰਤ ਪਾਲ ਕੌਰ ਦੀ ਸਾਹਿਤਕ ਯਾਤਰਾ ਨੂੰ ਉਸ ਦੁਆਰਾ ਰਚਿਤ ਖੱਬਲ (ਸਵੈਜੀਵਨੀ) ਤੋਂ ਇਲਾਵਾ ਉਸ ਦੁਆਰਾ ਰਚਿਤ 'ਮੈਂ ਤੇ ਮੈਂ', 'ਸਵੈ-ਸੰਵਾਦ', 'ਸੂਲਾਂ ਜੰਮਦੀਆਂ', 'ਅਹਿਸਾਸ', 'ਇੰਜ ਨਾ ਮਿਲੀਂ' ਦੇ ਆਰ-ਪਾਰ 'ਕਵਿਤਾ ਨਾਲ' ਅਤੇ 'ਆਪਣੀ ਗੁਫ਼ਾ ਅੰਦਰ ਦਾ ਗੰਭੀਰ ਭਾਵ ਬੋਧ ਉਸੇ ਦੀ ਕਲਮੀ ਅੱਖਰਾਂ ਜ਼ਰੀਏ ਪੇਸ਼ ਕੀਤਾ ਹੈ। ਪਾਲ ਕੌਰ ਸਾਧਾਰਨਤਾ ਅਤੇ ਅਸਾਧਾਰਨਤਾ ਦਾ ਮਿਸ਼ਰਣ ਲੇਖਿਕਾ ਵਜੋਂ ਜਾਂਦੀ ਰਹੀ ਹੈ। 'ਆਪਣਿਆਂ ਦੀ ਨਜ਼ਰ ਵਿਚ' ਸਿਰਲੇਖ ਤਹਿਤ ਅੰਕਿਤ ਪੰਜ ਸੰਵਾਦ ਸੱਚਮੁੱਚ ਉਸ ਦੀ ਵਿਕੋਲਿੱਤਰੀ ਪ੍ਰਤਿਭਾ ਦੀ ਪਛਾਣ ਦੇ ਸੂਚਕ ਜਾਪੇ ਹਨ। ਇਸੇ ਤਰ੍ਹਾਂ ਪਾਲ ਕੌਰ ਦੀ ਦੇਣ ਨੂੰ ਸਮਕਾਲੀਆਂ ਦੀ ਕਲਮ ਤੋਂ ਵੱਖਰੀ ਪਛਾਣ ਦੀ ਧਾਰਕ ਹੋਣ ਦਾ ਜੋ ਬੋਧ ਅੰਕਿਤ ਕੀਤਾ ਗਿਆ ਹੈ, ਉਹ ਵੀ ਡਾ: ਹਰਕਮਲ ਕੌਰ ਦੀ ਨਿਸ਼ਠ-ਸਾਧਨਾ ਦਾ ਪ੍ਰਗਟਾਵਾ ਹੈ। 'ਪਾਲ ਕੌਰ ਨਾਲ ਕਲਮਾਂ ਦੇ ਸੰਵਾਦ' ਵਿਚ ਗੁਰਪ੍ਰੀਤ, ਪ੍ਰੇਮ ਗੋਰਖੀ, ਦੇਸ ਰਾਜ ਕਾਲੀ ਰਚਿਤ ਪ੍ਰਸ਼ਨੋਤਰੀ ਲੇਖਿਕਾ ਦੀ ਤਹਿ-ਦਰ-ਤਹਿ ਸਾਹਿਤਕ ਅਤੇ ਮਾਨਵੀ ਸੂਝ ਦੀ ਲਿਖਾਇਕ ਪ੍ਰਤੀਤ ਹੁੰਦੀ ਹੈ। ਪੁਸਤਕ ਦਾ ਅੰਤਮ ਅਤੇ ਛੇਵਾਂ ਭਾਗ ਪਾਲ ਕੌਰ ਦੀ ਸਾਹਿਤਕ ਸਿਰਜਣਾ ਦੀ ਬੇਬਾਕੀ, ਅਡੋਲਤਾ ਅਤੇ ਮਾਨਵੀ-ਮੁੱਲਾਂ ਦੀ ਹੋਂਦ-ਸਥਿਤੀ ਦਾ ਪ੍ਰਗਟਾਵਾ ਹੈ, ਜਿਸ ਨੂੰ ਉਘੇ ਚਿੰਤਨਸ਼ੀਲ ਬਾਰਾਂ ਕਵੀਆਂ ਨੇ ਅਲੰਕਾਰਿਕ ਅਤੇ ਦਾਰਸ਼ਨਿਕ ਦ੍ਰਿਸ਼ਟੀ ਤੋਂ ਪਾਲ ਕੌਰ ਦੀ ਨਿਵੇਕਲੀ ਹੋਂਦ ਨੂੰ ਕਵਿਤਾ ਰਾਹੀਂ ਪੇਸ਼ ਕੀਤਾ। ਨਿਰਸੰਦੇਹ, ਇਹ ਪੁਸਤਕ ਸੰਪਾਦਨ ਕਲਾ ਦੇ ਸਿਰਮੌਰ ਮਾਨਦੰਡਾਂ ਦਾ ਪ੍ਰਗਟਾਵਾ ਹੈ।

ਫ ਫ ਫ

ਵੰਨ ਸੁਵੰਨੇ ਰੰਗ
ਲੇਖਕ : ਡਾ: ਹਰਪ੍ਰੀਤ ਸਿੰਘ ਹੁੰਦਲ
ਪ੍ਰਕਾਸ਼ਕ : ਐਚ. ਕੇ. ਪ੍ਰਕਾਸ਼ਨ, ਦਿੱਲੀ
ਮੁੱਲ : 240 ਰੁਪਏ, ਸਫ਼ੇ : 96.
ਸੰਪਰਕ : 94636-84511
.

'ਵੰਨ ਸੁਵੰਨੇ ਰੰਗ' ਪੁਸਤਕ ਪੰਜਾਬੀ ਆਲੋਚਨਾ ਦੇ ਖੇਤਰ 'ਚ ਨਵ-ਸਥਾਪਿਤ ਹੋ ਚੁੱਕੇ ਆਲੋਚਕ ਡਾ: ਹਰਪ੍ਰੀਤ ਸਿੰਘ ਹੁੰਦਲ ਦੁਆਰਾ ਰਚਿਤ 14 ਖੋਜ-ਨਿਬੰਧਾਂ ਦਾ ਸੰਗ੍ਰਹਿ ਹੈ। ਡਾ: ਹੁੰਦਲ ਦੀ ਸਾਹਿਤ ਆਲੋਚਨਾਤਮਕ ਦ੍ਰਿਸ਼ਟੀ ਮਾਰਕਸਵਾਦੀ, ਸੁਹਜ-ਯਥਾਰਥਵਾਦੀ ਅਤੇ ਸਮਾਜ-ਸ਼ਾਸਤਰੀ ਦ੍ਰਿਸ਼ਟੀਕੋਣ ਦੀ ਧਾਰਕ ਹੈ। ਉਸ ਅਨੁਸਾਰ ਸਾਹਿਤ ਉਤਮ ਕਲਾ ਹੈ ਅਤੇ ਇਹ ਮਨੁੱਖ ਦੇ ਚੰਗੇ ਭਲੇ ਜੀਵਨ ਦੀ ਚਾਹਤ ਵਿਚ ਨਿਹਿਤ ਹੈ। ਸੁਹਜ ਸਿਰਜਣ ਪ੍ਰਕਿਰਿਆ ਦੇ ਸੰਦਰਭਾਂ ਅਤੇ ਮਾਨਵੀ ਵਿਗਿਆਨਕ, ਸਮਾਜਿਕ, ਆਰਥਿਕ, ਰਾਜਸੀ ਅਤੇ ਸੰਕਟ ਕਾਲੀਨ ਪ੍ਰਸਥਿਤੀਆਂ ਵਿਚੋਂ ਉਪਜੇ ਜੀਵਨ-ਵਰਤਾਰਿਆਂ ਦਾ ਬੋਧ ਵੀ ਇਸ ਆਲੋਚਕ ਨੂੰ ਤਹਿ-ਦਰ-ਤਹਿ ਹਾਸਲ ਹੈ। ਪੰਜਾਬ ਸੁਹਜ-ਸਿਰਜਣਾ ਦਾ ਮਸਲਾ ਹੋਵੇ, ਪੰਜਾਬ ਦੇ ਸੰਕਟ ਕਾਲ ਨਾਲ ਸਬੰਧਤ ਪੰਜਾਬੀ ਕਵਿਤਾ ਦੀ ਸਿਰਜਣਾ ਹੋ ਰਹੀ ਹੋਵੇ, ਸਭਨਾਂ ਸਰੋਕਾਰਾਂ, ਸਮਕਾਲੀਨ ਪ੍ਰਸਥਿਤੀਆਂ ਦੇ ਚਿਤਰਣ ਸੰਬੰਧੀ ਇਸ ਆਲੋਚਕ ਕੋਲ ਆਪਣਾ ਅਤੇ ਪਿਤਾ ਜੀ ਦਾ ਵਰਸੋਇਆ ਮੁੱਲ-ਵਿਧਾਨ ਜਿਊਂਦੀ ਹੋਂਦ 'ਚ ਹਾਸਲ ਹੈ। ਇਸੇ ਸੰਦਰਭ ਵਿਚ ਇਸ ਆਲੋਚਕ ਨੇ ਜਿਥੇ ਬਦੇਸ਼ੀ ਕਵਿਤਾ ਦੇ ਸਰੋਕਾਰਾਂ ਨੂੰ ਪਛਾਣਿਆ ਹੈ, ਉਥੇ ਗਦਰ ਲਹਿਰ ਨਾਲ ਸਬੰਧਤ ਕਵਿਤਾ ਵਿਚਲੇ ਲੁਪਤ ਧਿਆਨਯੋਗ ਪੱਖਾਂ ਨੂੰ ਵੀ ਪਾਠਕਾਂ ਦੇ ਸਨਮੁਖ ਕੀਤਾ। 'ਇੰਗਲੈਂਡ ਦੇ ਦੋ ਨਵੇਂ ਗਜ਼ਲਗੋ', 'ਸੁਰਿੰਦਰ ਗਿੱਲਂਇਕ ਅਧਿਐਨ', 'ਨਵੀਂ ਸਦੀ ਦੇ ਪਹਿਲੇ ਦਹਾਕੇ ਦੀ ਕਵਿਤਾ' ਆਦਿ ਅਜਿਹੇ ਖੋਜ-ਨਿਬੰਧ ਹਨ, ਜਿਨ੍ਹਾਂ 'ਚੋਂ ਸਬੰਧਤ ਰਚੇਤਿਆਂ ਦੀਆਂ ਰਚਨਾਤਮਕ ਜੁਗਤਾਂ ਦਾ ਗਿਆਨ ਬੋਧ ਹੋ ਸਕਣਾ ਸੰਭਵ ਹੈ। ਇਸੇ ਤਰ੍ਹਾਂ 'ਜਰਨੈਲ ਸਿੰਘ ਦੀ ਚਿਤਰਾਵਲੀ', 'ਦਰਸ਼ਨ ਸਿੰਘ ਦੇ ਨਾਵਲਾਂ ਦਾ ਸੰਖਿਪਤ ਅਧਿਐਨ' ਵੀ ਪੁਸਤਕ ਦਾ ਹਾਸਲ ਹੈ। ਉਕਤ ਵਿਸ਼ਲੇਸ਼ਣ ਤੋਂ ਇਲਾਵਾ ਲੇਖਕ ਦਾ ਆਲੋਚਨਾਤਮਕ ਦ੍ਰਿਸ਼ਟੀ ਅਤੇ ਸਮਰੱਥਾ ਦਾ ਬੋਧ ਗੁਰਮਤਿ ਧਾਰਾ ਦੇ ਦੀਰਘ ਅਧਿਐਨ ਤਹਿਤ ਪੁਸਤਕ 'ਚ ਅੰਕਿਤ ਖੋਜ-ਨਿਬੰਧਾਂ ' ਗੁਰੂ ਨਾਨਕ ਦੇਵਂਅਜੋਕੇ ਪ੍ਰਸੰਗ ਵਿਚ' ਅਤੇ 'ਆਦਿ ਗ੍ਰੰਥ ਦਾ ਅਦੁੱਤੀ ਸੰਪਾਦਨ ਕਾਰਜ' 'ਚ ਪ੍ਰਗਟਾਏ ਦੂਰ-ਅੰਦੇਸ਼ੀ ਵਿਚਾਰਾਂ ਤੋਂ ਵੀ ਪ੍ਰਗਟ ਹੁੰਦਾ ਹੈ। ਇਹੋ ਇਸ ਪੁਸਤਕ ਦੀ ਪ੍ਰਾਪਤੀ ਅਤੇ ਵਡਿਆਈ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਛੇਵਾਂ ਦਰਿਆ
ਲੇਖਕ : ਪਿਆਰਾ ਸਿੰਘ ਟਾਂਡਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 87
ਸੰਪਰਕ : 98880-79677.

ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਆਧਾਰ ਬਣਾ ਕੇ ਲਿਖੇ ਇਸ ਨਾਵਲ ਵਿਚ ਜਿੱਥੇ ਇਕ ਪਾਸੇ ਸੱਤਾ ਦੇ ਲਾਲਚ ਲਈ ਬੁਣੇ ਜਾਂਦੇ ਰਾਜਸੀ ਤਾਣੇ ਬਾਣੇ ਨੂੰ ਚਿਤਰਿਆ ਹੈ, ਉਥੇ ਹੀ ਦੂਸਰੇ ਪਾਸੇ ਨੌਜਵਾਨਾਂ ਵਿਚ ਵਧ ਰਹੀ ਲਾਲਸਾ, ਨਸ਼ਿਆਂ ਦੀ ਭਰਮਾਰ ਅਤੇ ਨੌਜਵਾਨ ਪੀੜ੍ਹੀ ਦਾ ਉਸ ਵਿਚ ਗ਼ਲਤਾਨ ਹੋਣਾ, ਮਾਪਿਆਂ ਦਾ ਰੁਦਨ, ਕੁਝ ਚੇਤੰਨ ਲੋਕਾਂ ਰਾਹੀਂ ਨਸ਼ਿਆਂ ਕਾਰਨ ਬਰਬਾਦ ਹੋ ਰਹੀ ਜਵਾਨੀ ਦੀ ਸੰਭਾਲ ਲਈ ਕੀਤੇ ਜਾ ਰਹੇ ਸੁਹਿਰਦ ਯਤਨਾਂ ਆਦਿ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਹੈ। ਨਾਵਲ ਦਾ ਕੇਂਦਰੀ ਥੀਮ ਪੰਜਾਬ ਵਿੱਚ ਅਮਰਵੇਲ ਵਾਂਗ ਵਧ ਰਹੀ ਨਸ਼ੇ ਦੀ ਸਮੱਸਿਆ ਅਤੇ ਉਸ ਵਿਚ ਰੁੜ੍ਹ ਰਹੀ ਪੰਜਾਬ ਦੀ ਜਵਾਨੀ ਹੈ। ਇਸ ਦੇ ਨਾਲ ਨਾਲ ਨਾਵਲ ਵਿਚ ਕੁਝ ਸਬ ਥੀਮ ਵੀ ਹਨ ਜੋ ਕਿ ਗੈਂਗ ਵਾਰ, ਔਰਤਾਂ ਦੇ ਮਾਨਸਕ ਅਤੇ ਜਿਸਮਾਨੀ ਸ਼ੋਸ਼ਣ ਦੀ ਗੱਲ, ਛੋਟੀ ਕਿਸਾਨੀ ਦੀਆਂ ਸਮੱਸਿਆਵਾਂ, ਸੱਤਾ ਹਥਿਆਉਣ ਲਈ ਵਰਤੀਆਂ ਜਾਂਦੀਆਂ ਚਾਲਾਂ ਨੂੰ ਦਰਸਾਉਂਦੇ ਹਨ। ਨਾਵਲ ਦੀ ਇਕ ਘਟਨਾ ਦੇ ਵੇਰਵੇ ਦੂਸਰੀ ਘਟਨਾ ਦਾ ਆਧਾਰ ਬਣਦੇ ਹਨ ਅਤੇ ਪਰਤ-ਦਰ-ਪਰਤ ਪਾਤਰਾਂ ਦੇ ਨਾਲ ਜੁੜੀਆਂ ਸਮੱਸਿਆਵਾਂ ਅਤੇ ਉਨ੍ਹਾਂ ਨਾਲ ਜੁੜੀਆਂ ਗੁੰਝਲਾਂ ਖੁੱਲ੍ਹਦੀਆਂ ਜਾਂਦੀਆਂ ਹਨ। ਮਾਪਿਆਂ ਅਤੇ ਔਲਾਦ ਵਿਚਕਾਰ ਟਕਰਾਉ ਹੈ, ਸੱਤਾ ਅਤੇ ਸੱਚ ਦੇ ਨਾਲ ਖੜ੍ਹਨ ਵਾਲਿਆਂ ਵਿਚਕਾਰ ਟਕਰਾਉ ਹੈ ਜਿਸ ਦੇ ਨਤੀਜੇ ਵਜੋਂ ਬਾਬਾ ਬੁੱਧ ਸਿੰਘ ਵਰਗੇ ਇਨਸਾਨ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ, ਜੋ ਆਪਣੇ ਆਖਰੀ ਸਾਹ ਤੱਕ ਨਸ਼ੇ ਦੀ ਇਸ ਅਲਾਮਤ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਦਾ ਹੈ। ਇਕ ਚੇਤੰਨ ਪਾਤਰ ਵਜੋਂ ਪੇਸ਼ ਕਰਦਿਆਂ ਲੇਖਕ ਨੇ ਇਸ ਪਾਤਰ ਰਾਹੀ ਅਜੋਕੇ ਯੁੱਗ ਦੀਆਂ ਕੁਝ ਹੋਰ ਮਹੱਤਵਪੂਰਨ ਸਮੱਸਿਆਵਾਂ ਵੱਲ ਵੀ ਧਿਆਨ ਦਿਵਾਇਆ ਹੈ ਜਿਨਾ੍ਹਂ ਵਿਚ ਰੁੱਖ ਅਤੇ ਕੁੱਖ ਦੀ ਰਾਖੀ, ਵਾਤਾਵਰਨ ਦੀ ਸ਼ੁੱਧਤਾ ਆਦਿ ਹਨ। ਨਾਵਲ ਵਿਚ ਆਪੋ ਆਪਣੇ ਹਿੱਸੇ ਦਾ ਤਣਾਉ ਭੋਗਦੇ ਸ਼ਵੇਤਾ, ਸੁੱਖੀ, ਰੋਮੀ, ਦਿਲਾਵਰ ਵਰਗੇ ਪਾਤਰ ਹਨ ਜੋ ਸੁੱਖ ਦੀ ਤਲਾਸ਼ ਵਿੱਚ ਭਟਕਦੇ ਹੋਏ ਨਸ਼ਿਆਂ ਵਿੱਚ ਜਾ ਡੁਬਦੇ ਹਨ। ਨਸ਼ਿਆਂ ਦੀ ਇਸ ਵਧ ਰਹੀ ਸਮੱਸਿਆ ਦਾ ਕੈਨਵਸ ਚਾਹੇ ਬਹੁਤ ਵਿਸ਼ਾਲ ਹੈ ਪਰ ਲੇਖਕ ਨੇ ਆਪਣੇ ਇਸ ਲਘੂ ਨਾਵਲ ਵਿਚ ਇਸ ਵੱਡੀ ਸਮੱਸਿਆ ਦੇ ਵਿਕਰਾਲ ਰੂਪ ਨੂੰ ਬਾਖ਼ੂਬੀ ਨਿਭਾਇਆ ਹੈ।

ਂਡਾ: ਸੁਖਪਾਲ ਕੌਰ ਸਮਰਾਲਾ
ਫ ਫ ਫ

ਮਿਰਜ਼ਾ ਸਾਹਿਬਾਂ
ਕਵੀ : ਮਹਿੰਦਰ ਸਿੰਘ ਰਾਹੀ
ਪ੍ਰਕਾਸ਼ਕ : ਰਾਹੀ ਪਬਲਿਸ਼ਰਜ਼, ਅੰਮ੍ਰਿਤਸਰ
ਸਫ਼ੇ : 64
.

ਹਥਲੀ ਪੁਸਤਕ ਵਿਚ ਕਵੀ ਰਾਹੀ ਨੇ ਆਪਣੀ ਗੱਲ ਦੋ ਭਾਗਾਂ ਵਿਚ ਕੀਤੀ ਹੈ। ਪਹਿਲੇ ਭਾਗ ਦੇ 35 ਸਫ਼ਿਆਂ ਵਿਚ ਕਿੱਸਾ ਕਾਰੀ ਦਾ ਇਤਿਹਾਸ, ਰੂਪ ਤੇ ਬਣਤਰ, ਸ਼ਬਦ ਸੋਮਾ, ਉਤਪਤੀ ਪ੍ਰੇਰਨਾ, ਵਰਗੀਕਰਨ, ਵਿਦੇਸ਼ੀ ਕਿੱਸੇ, ਪੰਜਾਬੀ ਕਿੱਸੇ, ਅੰਤਰਰਾਸ਼ਟਰੀ ਕਿੱਸੇ, ਇਸ਼ਕ ਦਾ ਸਰੂਪ, ਮੰਗਲਾਚਰਣ ਆਦਿ ਵਿਦਵਤਾ ਅਤੇ ਖੋਜੀ ਬਿਰਤਾਂਤ ਹੈ। ਇਸ ਤੋਂ ਬਿਨਾਂ ਕਿਸੇ ਥਾਂ ਤੋਂ ਲੈ ਕੇ ਭਾਸ਼ਾ ਵਿਭਾਗ ਦਾ ਇਕ ਲੇਖ ਵੀ ਸ਼ਾਮਿਲ ਕੀਤਾ ਗਿਆ ਹੈ।
ਪੁਸਤਕ ਦੇ ਦੂਜੇ ਭਾਗ ਵਿਚ ਰਾਹੀ ਜੀ ਨੇ ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਿਆ ਹੈ। ਉਹ ਹਰ ਬੰਦ ਦਾ ਸਿਰਲੇਖ 'ਛੰਦ ਤੇ ਵਾਰਾਂ' ਲਿਖਦਾ ਜਾਂਦਾ ਹੈ। ਕਿੱਸੇ ਦੀ ਵਿਲੱਖਣਤਾ ਇਹ ਹੈ ਕਿ ਕਵੀ ਆਪਣੇ ਲਿਖੇ ਹਰ ਬੰਦ ਦੀ ਅਰਥਾਂ ਸਹਿਤ ਵਿਆਖਿਆ ਕਰਦਾ ਜਾਂਦਾ ਹੈ। ਜਿਸ ਨੂੰ ਉਹ 'ਵਾਰਤਾਲਾਪ' ਦਾ ਨਾਂਅ ਦਿੰਦਾ ਹੈ। ਉਸ ਦੇ ਕਿੱਸੇ ਦੀ ਕਹਾਣੀ ਪੀਲੂ ਵਾਲੀ ਹੀ ਹੈ :
ੲ ਘਰ ਵੰਝਲ ਦੇ ਮਿਰਜ਼ਾ ਜੰਮਿਆ, ਜੰਮਿਆ ਸੀ ਕਰੜੇ ਵਾਰ।
ਲੋਕੀਂ ਦੇਣ ਵਧਾਈਆਂ ਆ ਕੇ ਰੁਪਏ ਵੰਡੇ ਸੀ ਲੱਖ ਹਜ਼ਾਰ।
ੲ ਮਿਰਜ਼ਾ ਖਰਲਾਂ ਦਾ ਸਰਦਾਰ ਸੀ, ਉਸ ਨੂੰ ਜਾਣੇ ਕੁਲ ਜਹਾਨ।
ਲੋਕੀਂ ਕਰਨ ਸਲਾਮਾਂ ਆ ਕੇ ਜਿਹੜੇ ਵੱਡੇ ਸੀ ਖੱਬੀ ਖਾਨ।
ੲ ਮਿਰਜ਼ਾ ਆਖੇ ਨੀ ਹਾਰਫ਼ਾਂ ਨੀ ਤੂੰ ਬਹੁਤਾ ਨਾ ਕੁਰਲਾ।
ਮੈਂ ਬਰਕਤ ਅਲੀ ਨੂੰ ਸੱਦ ਕੇ ਫਿਰ ਆਪੇ ਦਊਂ ਸਮਝਾ।
ਪੰਜ-ਪੰਜ ਸਤਰਾਂ ਦੇ 25 ਕੁ ਬੰਦਾਂ ਵਿਚ ਇਹ ਕਿੱਸਾ ਪੂਰਾ ਕੀਤਾ ਗਿਆ ਹੈ।

ਫ ਫ ਫ

ਇਬਾਦਤ
ਕਵੀ : ਭੁਪਿੰਦਰ ਪੰਨੀਵਾਲੀਆ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ ਕਾਲਾਵਾਲੀ (ਸਿਰਸਾ)
ਮੁੱਲ : 150 ਰੁਪਏ, ਸਫ਼ੇ : 88.
ਸੰਪਰਕ : 094161-24729


ਹਥਲੀ ਪੁਸਤਕ ਵਿਚ ਕੁੱਲ 48 ਨਿੱਕੀਆਂ ਅਤੇ ਦਰਮਿਆਨੀਆਂ ਵਾਰਤਕ ਕਵਿਤਾਵਾਂ ਹਨ। ਪੁਸਤਕ ਦਾ ਰਚੇਤਾ ਭੁਪਿੰਦਰ ਪੰਨੀਵਾਲੀਆ ਇਕ ਜਾਣਿਆ-ਪਛਾਣਿਆ ਕਾਵਿ ਹਸਤਾਖ਼ਰ ਹੈ ਅਤੇ ਉਹ 6 ਪੁਸਤਕਾਂ ਪੰਜਾਬੀ ਪਾਠਕਾਂ ਨੂੰ ਦੇ ਚੁੱਕਾ ਹੈ। ਇਨ੍ਹਾਂ ਕਵਿਤਾਵਾਂ ਵਿਚ ਕਵੀ ਨੇ ਖ਼ੁਦ ਨਾਲ ਗੱਲ ਕਰਦਿਆਂ ਜ਼ਮਾਨੇ ਦੀ ਬਾਤ ਪਾਈ ਹੈ। ਆਪਣੇ ਦਰਦ ਉਸ ਨੇ ਲੋਕਾਂ ਦੇ ਦਰਦ ਨਾਲ ਮੇਚ ਕੇ ਪੇਸ਼ ਕੀਤੇ ਹਨ। ਪੰਨੀਵਾਲੀਆ ਬਹੁਵਿਧਾਈ ਲੇਖਕ ਹੈ। ਪੱਤਰਕਾਰੀ ਨੇ ਉਸ ਨੂੰ ਇਕ ਮਜਬੂਰੀ ਤੇ ਜ਼ਰੂਰਤ ਤਹਿਤ ਜ਼ਮਾਨੇ ਦੀਆਂ ਚੰਗੀਆਂ ਮਾੜੀਆਂ ਘਟਨਾਵਾਂ-ਦੁਰਘਟਨਾਵਾਂ ਨਾਲ ਜੋੜਿਆ। ਇਹ ਉਸ ਦੀ ਖੂਬੀ ਹੀ ਹੈ ਕਿ ਉਹ ਘਟਨਾਵਾਂ ਨੂੰ ਪ੍ਰਸਥਿਤੀ ਵਿਚ ਰੱਖ ਕੇ ਕਵਿਤਾ ਦਾ ਚਿਹਰਾ ਮੁਹਰਾ ਪੇਸ਼ ਕਰ ਜਾਂਦਾ ਹੈ। ਇਸੇ ਕਰਕੇ ਦੇਸ਼ ਵਿਚ ਵਾਪਰ ਰਿਹਾ ਸਮਾਜਿਕ, ਆਰਥਿਕ ਅਤੇ ਰਾਜਨੀਤਕ ਵਰਤਾਰਾ ਉਸ ਦੀਆਂ ਕਵਿਤਾਵਾਂ ਵਿਚ ਉਚੇਚ ਤੋਂ ਬਿਨਾਂ ਪੇਸ਼ ਪੇਸ਼ ਰਹਿੰਦਾ ਹੈ। ਉਹ ਆਪਣੀ ਵੇਦਨਾ ਨੂੰ ਭਾਵੇਂ ਪ੍ਰਮੁੱਖ ਆਧਾਰਾਂ ਵਿਚ ਰੱਖਦਾ ਹੈ ਪਰ ਪਾਠਕ ਮਹਿਸੂਸ ਕਰਦਾ ਹੈ ਕਿ ਇਹ ਤਾਂ ਉਸੇ ਦੇ ਦਰਦਾਂ ਦੀ ਗਾਥਾ ਹੈ। ਉਸ ਦੀਆਂ ਕਵਿਤਾਵਾਂ ਵਿਚੋਂ ਕੁਝ ਨਮੂਨੇ ਪੇਸ਼ ਹਨ :
ੲ ... ਸੱਚ ਜਾਣੀ/ਤੇਰੇ ਹਿਜਰ ਵਿਚ ਡੁੱਬੇ ਰਹਿਣ ਦਾ/ਅਨੰਦ ਹੀ ਕੁਝ ਹੋਰ ਹੈ/ਨਹੀਂ ਤਾਂ ਮੈਂ ਵੀ ਯਾਰਾਂ ਸੰਗ ਰਲ ਕੇ/ਜਸ਼ਨ ਮਨਾਉਂਦਾ/ਭੰਗੜੇ ਪਾਉਂਦਾ ਫਿਰਦਾ...
ੲ ਪੰਜ ਸਾਲ ਬਾਅਦ/ਹੁੰਦਾ ਹੈ ਡਰਾਮਾ/ਖਾਸ ਬੰਦਿਆਂ ਲਈ/ਜਿਸ ਨੂੰ ਕਿਹਾ ਜਾਂਦੈ/ਆਮ ਚੋਣਾਂ/... ਵੋਟਰਾਂ ਦੀ ਖਰੀਦੋ ਫਰੋਖਤ/ਲਾਲਚ ਡਰਾਵੇ ਅਤੇ ਅਹਿਸਾਣ/ਜਾਂ ਫਿਰ ਛਲ ਕਪਟ/ਤੇ ਦਾਰੂ ਦੇ ਦੌਰ/ਹਨ ਨਿਸ਼ਾਨੀ ਇਨ੍ਹਾਂ/ਆਮ ਚੋਣਾਂ ਦੀ...।
ਪੰਨੀਵਾਲੀਆ ਪੁਰ ਅਹਿਸਾਸ ਕਵੀ ਹੈ। ਉਹ ਆਮ ਜਿਹੇ ਵਿਚਾਰਾਂ ਨੂੰ ਵੀ ਗੰਭੀਰ ਕਵਿਤਾ ਵਿਚ ਪਰਿਵਰਤਿਤ ਕਰਨ ਦੇ ਯੋਗ ਹੈ।

ਂਸੁਲੱਖਣ ਸਰਹੱਦੀ
ਮੋ: 94174-84337.
ਫ ਫ ਫ

ਕਲਮ ਰੋ ਪਈ
ਸ਼ਾਇਰ : ਬਲਵੰਤ ਸਿੰਘ ਗਿਆਸਪੁਰਾ
ਪ੍ਰਕਾਸ਼ਕ : ਲਾਲ ਸਿੰਘ ਪ੍ਰਕਾਸ਼ਨ, ਕੁੱਪ ਕਲਾਂ (ਸੰਗਰੂਰ)
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 94174-70951
.

ਬਲਵੰਤ ਸਿੰਘ ਗਿਆਸਪੁਰਾ ਨਿਰੰਤਰ ਲਿਖਣ ਵਾਲਾ ਨੌਜਵਾਨ ਪੰਜਾਬੀ ਸ਼ਾਇਰ ਹੈ ਤੇ 'ਕਲਮ ਰੋ ਪਈ' ਉਸ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਇਸ ਪੁਸਤਕ ਵਿਚ ਉਸ ਨੇ ਗ਼ਜ਼ਲ ਵਿਧਾ ਨੂੰ ਤਰਜੀਹੀ ਤੌਰ 'ਤੇ ਲਿਆ ਹੈ ਤੇ ਉਸ ਦੀਆਂ ਬਹੁਤੀਆਂ ਕਵਿਤਾਵਾਂ ਵੀ ਗ਼ਜ਼ਲ ਰੂਪ ਵਿਧਾਨ ਵਾਲੀਆਂ ਹੀ ਹਨ। ਗ਼ਜ਼ਲ ਦੇ ਨਾਲ ਨਾਲ ਉਸ ਦੀ ਕਲਮ ਗੀਤ ਅਤੇ ਕਵਿਤਾਵਾਂ ਦੀ ਸਿਰਜਣਾ ਦੁਆਲੇ ਵੀ ਬਰਾਬਰ ਦੀ ਕੇਂਦਰਤ ਹੈ। ਆਪਣੀ ਪਹਿਲੀ ਕਵਿਤਾ ਵਿਚ ਗਿਆਸਪੁਰਾ ਧਰਤੀ 'ਤੇ ਵਸਦੇ ਸਭ ਲੋਕਾਂ ਨੂੰ ਹਮੇਸ਼ਾਂ ਮੁਸਕਾਉਣ ਦੀ ਨਸੀਹਤ ਦਿੰਦਾ ਹੈ ਤੇ ਕਹਿੰਦਾ ਹੈ ਕਿ ਕੁਦਰਤ ਦੀ ਕੋਈ ਵੀ ਰਚਨਾ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕਰਦੀ। ਉਸ ਵਿਚ ਆਪਣੇ ਲਈ ਖ਼ੁਦ ਹੀ ਪੌੜੀਆਂ ਬਣਾਉਣ ਦਾ ਜਨੂੰਨ ਹੈ ਤੇ ਉਹ ਬੇਗ਼ਾਨੇ ਸਹਾਰਿਆਂ 'ਤੇ ਯਕੀਨ ਨਹੀਂ ਰੱਖਦਾ। ਉਸ ਦੀਆਂ ਕੁਝ ਕਵਿਤਾਵਾਂ ਨਸੀਹਤਾਂ 'ਤੇ ਆਧਾਰਤ ਹਨ ਤੇ ਕੁਝ ਵਿਚ ਉਹ ਹੁਸਨ ਦਾ ਪੁਜਾਰੀ ਤੇ ਸਵੈਮਾਣ ਵਿਚ ਰੰਗਿਆ ਮਹਿਸੂਸ ਹੁੰਦਾ ਹੈ। ਸ਼ਾਇਰ ਟੀ. ਵੀ. ਤੇ ਅਖ਼ਬਾਰਾਂ ਦੇ ਇਕ ਪਾਸੜ ਰਵੱਈਏ ਤੋਂ ਪ੍ਰੇਸ਼ਾਨ ਹੈ ਤੇ ਬੁੱਧੀਜੀਵੀਆਂ ਦੇ ਇਕ ਵਰਗ ਵਲੋਂ ਹਾਕਮ ਦੀ ਸੇਵਾ ਵਿਚ ਭੁਗਤਣਾ ਵੀ ਉਸ ਲਈ ਤਕਲੀਫ਼ਦੇਹ ਹੈ। ਸ਼ਾਇਰ ਦੀਆਂ ਕੁਝ ਕਵਿਤਾਵਾਂ ਕਾਲਪਨਿਕ ਤੇ ਕੁਝ ਸਮਾਜ ਦੀਆਂ ਬੁਰਾਈਆਂ 'ਤੇ ਆਧਾਰਤ ਹਨ। ਬਲਵੰਤ ਸਿੰਘ ਗਿਆਸਪੁਰਾ ਦੇ ਗੀਤ ਸਰਲ ਤੇ ਅਸ਼ਲੀਲਤਾ ਤੋਂ ਦੂਰ ਹਨ। ਪੰਜਾਬ ਦੇ ਹਾਲਾਤ ਬਾਰੇ ਉਸ ਦੀ ਕਵਿਤਾ 'ਕਲਮ ਰੋ ਪਈ' ਵਧੀਆ ਪੇਸ਼ਕਾਰੀ ਹੈ ਜਿਸ ਵਿਚ ਉਹ ਪੰਜਾਬ ਦੀ ਵਰਤਮਾਨ ਹਾਲਤ 'ਤੇ ਚਿੰਤਾ ਦਾ ਇਜ਼ਹਾਰ ਕਰਦਾ ਹੈ। ਪੁਸਤਕ ਦੇ ਸ਼ੁਰੂ ਵਿਚ ਵੱਖ ਵੱਖ ਵਿਦਵਾਨਾਂ ਵਲੋਂ ਸ਼ਾਇਰ ਦੀ ਸ਼ਾਇਰੀ ਦੀ ਸਮੀਖਿਆ ਕੀਤੀ ਗਈ ਹੈ। ਉਸ ਦੀ ਅਗਲੀ ਪੇਸ਼ਕਾਰੀ ਇਸ ਤੋਂ ਵੀ ਬਿਹਤਰ ਹੋਏਗੀ ਇਹ ਮੈਨੂੰ ਯਕੀਨ ਹੈ।

ਫ ਫ ਫ

ਆਹਟ
ਸ਼ਾਇਰਾ : ਰਾਜਵਿੰਦਰ ਕੌਰ ਜਟਾਣਾ
ਪ੍ਰਕਾਸ਼ਕ : ਅਦਬੀ ਪਰਵਾਜ਼ ਪ੍ਰਕਾਸ਼ਨ, ਮਾਨਸਾ
ਮੁੱਲ : 120 ਰੁਪਏ, ਸਫ਼ੇ : 95
ਸੰਪਰਕ : 97806-88270
.

'ਆਹਟ' ਪੁਸਤਕ ਰਾਹੀਂ ਰਾਜਵਿੰਦਰ ਕੌਰ ਜਟਾਣਾ ਨੇ ਪੰਜਾਬੀ ਕਾਵਿ ਖੇਤਰ ਵਿਚ ਆਪਣੀ ਜ਼ੋਰਦਾਰ ਹਾਜ਼ਰੀ ਲਗਵਾਈ ਹੈ। ਇਸ ਪੁਸਤਕ ਵਿਚ ਉਸ ਦੀਆਂ ਸੰਤਾਲੀ ਗ਼ਜ਼ਲਾਂ, ਸਤਾਰਾਂ ਕਵਿਤਾਵਾਂ ਤੇ ਦਸ ਗੀਤ ਸ਼ਾਮਿਲ ਹਨ। ਕਾਵਿਕ ਵਿਧਾਵਾਂ ਦੀ ਗਿਣਤੀ ਤੋਂ ਪ੍ਰਤੀਤ ਹੁੰਦਾ ਹੈ ਕਿ ਉਸ ਨੂੰ ਗ਼ਜ਼ਲ ਨਾਲ ਵਧੇਰੇ ਲਗਾਓ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਦੇ ਵਿਸ਼ੇ ਨਿੱਜੀ ਵੀ ਹਨ ਤੇ ਲੋਕਾਈ ਨਾਲ ਸਬੰਧਤ ਵੀ ਹਨ। ਅਲਫ਼ਾਜ਼ ਦੀਆਂ ਕਿਲਕਾਰੀਆਂ ਨਾਲ ਉਸ ਨੂੰ ਆਪਣੇ ਦਿਲ ਦੀ ਬਾਰੀ ਖੁੱਲ੍ਹ ਗਈ ਮਹਿਸੂਸ ਹੁੰਦੀ ਹੈ ਤੇ ਖ਼ਿਆਲਾਂ ਦੀ ਫ਼ਸਲ ਦੇ ਲਹਿਲਹਾਉਣ 'ਤੇ ਤਿਤਲੀਆਂ ਅਤੇ ਭੌਰਿਆਂ ਦੀ ਆਮਦ ਉਸ ਨੂੰ ਸਕੂਨ ਦਿੰਦੀ ਹੈ। ਕਿਸੇ ਆਪਣੇ ਲਈ ਉਸ ਦੇ ਦਿਲ ਵਿਚ ਅਜੇ ਵੀ ਦਰਦ ਹੈ ਤੇ ਸ਼ਾਇਰਾ ਆਪਣੀ ਬੇਗ਼ੁਨਾਹੀ ਦਾ ਪੱਖ ਖ਼ੂਬਸੂਰਤ ਸ਼ਿਅਰਾਂ ਰਾਹੀਂ ਰੱਖਦੀ ਹੈ। ਉਸ ਅਨੁਸਾਰ ਉਹ ਅਜੇ ਕਿਨਾਰੇ 'ਤੇ ਖੜ੍ਹੀ ਹੈ ਪਰ ਸ਼ਬਦਾਂ ਦੇ ਸਮੁੰਦਰ ਵਿਚ ਗੋਤਾ ਲਾਉਣਾ ਅਜੇ ਬਾਕੀ ਹੈ। ਲੋਕ ਹਿਤਾਂ ਨਾਲ ਸਬੰਧਤ ਸ਼ਿਅਰਾਂ ਵਿਚ ਉਹ ਮਿਹਨਤਕਸ਼ਾਂ ਨਾਲ ਖੜ੍ਹਦੀ ਹੈ ਤੇ ਸਿਆਸੀ ਆਕਾਵਾਂ ਦੀ ਸੇਵਾ ਵਿਚ ਭੁਗਤ ਰਹੀ ਅਫ਼ਸਰਸ਼ਾਹੀ ਉਸ ਨੂੰ ਵਿਕਾਊ ਲਗਦੀ ਹੈ। ਆਪਣੇ ਸਮਾਜ ਵਿਚ ਫੈਲੀ ਬੇਰੁਜ਼ਗਾਰੀ, ਨਸ਼ਾਖੋਰੀ ਤੇ ਰਿਸ਼ਵਤਖੋਰੀ ਦੀ ਉਹ ਨਿੰਦਾ ਕਰਦੀ ਹੈ। ਰਾਜਵਿੰਦਰ ਕੌਰ ਜਟਾਣਾ ਦੇ ਗੀਤ ਮਿਆਰੀ ਹਨ ਤੇ ਇਹ ਦਿਲ ਦੀ ਬੇਵਸੀ ਨਾਲ ਸਬੰਧਤ ਹਨ। ਸ਼ਾਇਰਾ ਨੇ ਕੁਝ ਛੰਦ ਬੰਦ ਕਵਿਤਾਵਾਂ ਵੀ ਕਹੀਆਂ ਹਨ ਤੇ ਕੁਝ ਛੰਦ ਮੁਕਤ ਵੀ। ਇਨ੍ਹਾਂ ਵਿਚ ਉਸ ਦਾ ਆਪਣਾ ਨਿੱਜ ਵੀ ਹੈ ਤੇ ਦੇਸ਼ ਅਤੇ ਸਮਾਜ ਨਾਲ ਸਬੰਧਤ ਟਿੱਪਣੀਆਂ ਵੀ ਹਨ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਅਣਪਛਾਤੇ ਰਾਹਾਂ ਦੇ ਪਾਂਧੀ
ਲੇਖਕ : ਬਿੰਦਰ ਕੋਲੀਆਂਵਾਲ
ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ ਭੀਖੀ (ਮਾਨਸਾ)
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 99889-13155.

ਪਰਵਾਸੀ ਨਾਵਲਕਾਰ ਬਿੰਦਰ ਕੋਲੀਆਂਵਾਲ ਦਾ ਹਥਲਾ ਨਾਵਲ ਧੋਖੇਬਾਜ਼ ਏਜੰਟਾਂ ਦੀਆਂ ਜਾਅਲਸਾਜ਼ੀਆਂ ਦਾ ਖੁੱਲ੍ਹਾ ਬਿਰਤਾਂਤ ਹੈ। ਵਿਦੇਸ਼ਾਂ ਵਿਚ ਡਾਲਰਾਂ ਦੀ ਚਮਕ ਦਾ ਝੂਠਾ ਲਾਲਚ ਦੇ ਕੇ ਇਹ ਲੋਕ ਭੋਲੇ-ਭਾਲੇ ਪੇਂਡੂ ਨੌਜਵਾਨਾਂ ਨੂੰ ਗੁਮਰਾਹ ਕਰਦੇ ਹਨ। ਨਾਵਲ ਵਿਚ ਮੀਤ ਦੇ ਗਰੀਬ ਕਿਸਾਨ ਬਾਪ ਦਾ ਇਕ ਆੜ੍ਹਤੀ ਕੋਲ ਉੱਠਣ-ਬੈਠਣ ਹੈ। ਭੋਲਾ ਏਜੰਟ ਵੀ ਆੜ੍ਹਤੀ ਨਾਲ ਗਿਟ-ਮਿਟ ਰੱਖਦਾ ਹੈ। ਆੜ੍ਹਤੀਆ ਲਾਲਾ ਕਿਸਾਨ ਕਰਤਾਰ ਸਿੰਘ ਦੇ ਇਕੋ-ਇਕ ਸਕੂਲ ਪੜ੍ਹਦੇ ਮੁੰਡੇ ਮੀਤ ਨੂੰ ਵਿਦੇਸ਼ ਭੇਜਣ ਦਾ ਕਹਿੰਦਾ ਹੈ। ਨਾਲ ਹੀ ਹੋਰਨਾਂ ਦੀ ਮਿਸਾਲ ਦੇ ਕੇ ਉਸ ਨੂੰ ਭਰਮਾ ਲੈਂਦਾ ਹੈ। ਘਰ ਵਿਚ ਵਿਦੇਸ਼ ਭੇਜਣ ਦੇ ਨਾਂਅ 'ਤੇ ਉਦਾਸੀ ਛਾ ਜਾਂਦੀ ਹੈ। ਘਰ ਵਿਚ ਗ਼ਰੀਬੀ ਹੈ। ਖਰਚ ਲਈ ਆੜ੍ਹਤੀਆ ਮਦਦ ਕਰਨ ਦਾ ਕਹਿੰਦਾ ਹੈ। ਕੁਝ ਰਿਸ਼ਤੇਦਾਰ ਪੈਸੇ ਦਿੰਦੇ ਹਨ। ਜਿਵੇਂ-ਕਿਵੇਂ ਕਾਹਲੇ ਪਏ ਏਜੰਟ ਦਾ ਘਰ ਭਰ ਦਿੰਦੇ ਹਨ। ਉਹ ਕਾਹਲੀ ਨਾਲ ਲੱਖਾਂ ਰੁਪਏ ਲੈ ਕੇ ਤਿੱਤਰ ਹੁੰਦਾ ਹੈ। ਦਿੱਲੀ ਤੋਂ ਮਾਸਕੋ ਤੱਕ ਦੇ ਹਵਾਈ ਜਹਾਜ਼ 'ਤੇ ਚੜ੍ਹਾਅ ਦਿੰਦਾ ਹੈ। ਹੋਰ ਵੀ ਕਈ ਮੁੰਡੇ ਹੁੰਦੇ ਹਨ। ਇਮੀਗਰੇਸ਼ਨ ਨਾਲ ਮੁੰਡਿਆਂ ਦੇ ਰਟੇ-ਰਟਾਏ ਜਵਾਬ ਨਾਵਲ ਦੇ ਪੰਨਾ 50 'ਤੇ ਹਨ। ਲੇਖਕ ਇਸ ਤੋਂ ਅੱਗੇ ਘੋਰ ਦੁੱਖਾਂ ਦੀ ਦਾਸਤਾਨ ਮੀਤ ਦੀ ਜ਼ਬਾਨੀ ਪੇਸ਼ ਕਰਦਾ ਹੈ। ਉਨ੍ਹਾਂ ਦੇਸ਼ਾਂ ਦਾ ਬਰਫ਼ੀਲਾ ਮੌਸਮ, ਕਹਿਰਾਂ ਦੀ ਠੰਢ, ਕਿਸ਼ਤੀਆਂ, ਟਰਾਲੇ, ਰੇਲਾਂ ਦਾ ਲੁਕ-ਛਿਪ ਕੇ ਕੀਤਾ ਸਫ਼ਰ ਨਾਵਲ ਦਾ ਪ੍ਰਮੁੱਖ ਅੰਸ਼ ਹੈ। ਇਸ ਸਫ਼ਰ ਵਿਚ ਮੁੰਡੇ ਗਰੀਸ, ਇਟਲੀ, ਲੈਬਨਾਨ, ਬੈਲਜੀਅਮ, ਰੋਮ ਤੇ ਇੰਗਲੈਂਡ ਤੱਕ ਜਾਂਦੇ ਹਨ। ਲੱਕੜਾਂ ਨਾਲ ਭਰੇ ਟਰਾਲੇ ਦਾ ਭਿਆਨਕ ਸਫ਼ਰ ਹੈ। ਕਈ-ਕਈ ਦਿਨ ਜੰਗਲਾਂ ਵਿਚ ਭੁੱਖੇ-ਭਾਣੇ ਇਹ ਮੁੰਡੇ ਵਿਦੇਸ਼ੀ ਪੁਲਿਸ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਹਨ। ਜੇਲ੍ਹਾਂ ਕੱਟਦੇ ਹਨ। ਪਸ਼ੂਆਂ ਵਰਗਾ ਵਿਹਾਰ ਹੁੰਦਾ ਹੈ। ਗੁਲਾਮੀ ਭੋਗਦੇ ਹਨ। ਮੰਗਤੇ ਬਣ ਕੇ ਦਿਨ ਕਟੀ ਕਰਦੇ ਹਨ। ਪੰਜਾਬੀਆਂ ਨੂੰ ਸਹੀ ਸੇਧ ਦੇਣ ਵਾਲੇ ਨਾਵਲ ਦਾ ਸਵਾਗਤ ਹੈ ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160
ਫ ਫ ਫ

ਬਹੁਤੁ ਓਪਮਾ ਥੋਰ ਕਹੀ
ਸੰਪਾਦਕ : ਸੁਰਜੀਤ ਸਿੰਘ 'ਸਾਜਨ'
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 450 ਰੁਪਏ, ਸਫ਼ੇ : 240
ਸੰਪਰਕ : 99144-98234
.

'ਬਹੁਤੁ ਓਪਮਾ ਥੋਰ ਕਹੀ' ਸੁਰਜੀਤ ਸਿੰਘ 'ਸਾਜਨ' ਦੀ ਅਜਿਹੀ ਕਾਵਿ ਪੁਸਤਕ ਹੈ, ਜਿਸ ਕਵੀ ਨੇ ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਦੀਆਂ ਵੱਖ-ਵੱਖ ਝਲਕਾਂ ਪੇਸ਼ ਕਰਦੀਆਂ ਕਵਿਤਾਵਾਂ ਨੂੰ ਸੰਪਾਦਿਤ ਕਰਨ ਦਾ ਬਹੁਮੁੱਲਾ ਉਪਰਾਲਾ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਸੰਪਾਦਕ ਨੇ ਪੁਸਤਕ ਵਿਚਲੀਆਂ ਕਵਿਤਾਵਾਂ ਨੂੰ ਤਿੰਨ ਭਾਗਾਂ ਵਿਚ ਵੰਡ ਕੇ 57 ਕਵੀਆਂ ਦੀਆਂ ਕਵਿਤਾਵਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਪੁਸਤਕ ਦੇ ਪਹਿਲੇ ਭਾਗ ਨੂੰ 'ਅਣਦਿਸਦੇ ਪਰ ਜੋ ਬੋਲ ਗਏ' ਸਿਰਲੇਖ ਤਹਿਤ ਪੇਸ਼ ਕਰਦਿਆਂ ਉਨ੍ਹਾਂ ਕਵੀਆਂ ਦੀਆਂ ਰਚਨਾਵਾਂ ਪੇਸ਼ ਕੀਤੀਆਂ ਹਨ ਜੋ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਪਰ ਉਨ੍ਹਾਂ ਦੀਆਂ ਰਚਨਾਵਾਂ ਹਮੇਸ਼ਾ ਹੀ ਲੋਕ-ਮਨਾਂ ਨੂੰ ਕਾਵਿ-ਤਰੰਗਿਤ ਕਰਦੀਆਂ ਰਹਿਣਗੀਆਂ। ਦੂਜੇ ਭਾਗ ਵਿਚ ਨਵੇਂ ਅਤੇ ਪੁਰਾਣੇ ਕਵੀਆਂ ਦੀਆਂ ਧਾਰਮਿਕ, ਇਤਿਹਾਸਕ ਕਵਿਤਾਵਾਂ ਨੂੰ ਥਾਂ ਦਿੱਤੀ ਗਈ ਹੈ। 'ਅੰਤਿਕਾ' ਸਿਰਲੇਖ ਤਹਿਤ ਕਵੀ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਚੋਜ ਨਾਲ ਸਬੰਧਤ ਆਪਣੀ ਲੰਮੀ ਕਵਿਤਾ ਪੇਸ਼ ਕੀਤੀ ਹੈ। ਇਸ ਕਾਵਿ-ਸੰਗ੍ਰਹਿ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਨਿਰੋਲ ਧਾਰਮਿਕ ਕਵਿਤਾਵਾਂ ਪੇਸ਼ ਹਨ ਅਤੇ ਇਨ੍ਹਾਂ ਕਵਿਤਾਵਾਂ ਵਿਚ ਲੰਮੀਆਂ ਬਿਰਤਾਂਤਕ ਕਵਿਤਾਵਾਂ ਵੀ ਸ਼ਾਮਿਲ ਹਨ, ਜਿਨ੍ਹਾਂ ਵਿਚ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਦੀ ਕਿਸੇ ਨਾ ਕਿਸੇ ਝਾਕੀ ਨੂੰ ਪੇਸ਼ ਕੀਤਾ ਗਿਆ ਹੈ। ਛੋਟੀਆਂ ਕਵਿਤਾਵਾਂ ਵਿਚ ਕਿਸੇ ਨਾ ਕਿਸੇ ਸਾਕੇ ਦੀ ਜਾਂ ਕਿਸੇ ਸਿੱਖ ਦੀ ਘਾਲ ਕਮਾਈ ਜਾਂ ਫਿਰ ਸਿੱਖ ਵਿਰਸੇ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਦਰਜ ਕੀਤਾ ਗਿਆ ਹੈ। ਜ਼ਿਆਦਾਤਰ ਕਵਿਤਾਵਾਂ ਛੰਦਾਬੰਦੀ ਵਾਲੀਆਂ ਅਤੇ ਸਟੇਜੀ ਕਵਿਤਾਵਾਂ ਦੀ ਤਰਜ਼ ਵਾਲੀਆਂ ਹਨ ਅਤੇ ਮਨ ਦੀ ਸੰਵੇਦਨਾ ਨੂੰ ਟੁੰਬਣ ਵਾਲੀਆਂ ਹਨ। ਆਸ ਹੈ ਕਿ ਪਾਠਕ ਇਸ ਕਾਵਿ-ਸੰਗ੍ਰਹਿ ਨੂੰ ਜ਼ਰੂਰ ਹੁੰਗਾਰਾ ਦੇਣਗੇ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

30-10-2016

 ਸੰਪਰਦਾਇਕਤਾ ਅਤੇ ਸੰਪਰਦਾਇਕ ਰਾਜਨੀਤੀ : ਸਿਧਾਂਤਕ ਤੇ ਇਤਿਹਾਸਕ ਪਰਿਪੇਖ
ਲੇਖਕ : ਡਾ: ਗੁਰਪ੍ਰੀਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫੇ : 132
ਸੰਪਰਕ : 98151-99274
.

ਇਸ ਪੁਸਤਕ ਵਿਚ ਲੇਖਕ ਨੇ ਸੰਪਰਦਾਇਕਤਾ ਦੇ ਸਿਧਾਂਤਕ ਪਹਿਲੂ ਬਾਰੇ ਚਿੰਤਨ ਕਰਦਿਆਂ ਭਾਰਤ ਵਿਚ ਇਸ ਦਾ ਇਤਿਹਾਸਕ ਦ੍ਰਿਸ਼ਟੀ ਤੋਂ ਵੀ ਮੁਲਾਂਕਣ ਕੀਤਾ ਹੈ। ਲੇਖਕ ਇਸ ਮੱਤ ਦਾ ਧਾਰਨੀ ਹੈ ਕਿ ਇਕ ਸੱਚਾ ਧਾਰਮਿਕ ਵਿਅਕਤੀ ਕਦੇ ਵੀ ਸੰਪਰਦਾਇਕ ਨਹੀਂ ਹੋ ਸਕਦਾ ਅਤੇ ਇਕ ਸੰਪਰਦਾਇਕ ਸੋਚ ਵਾਲਾ ਬੰਦਾ ਕਦੇ ਵੀ ਧਾਰਮਿਕ ਨਹੀਂ ਹੋ ਸਕਦਾ। ਧਰਮ ਫਿਰਕੂਪੁਣੇ ਦਾ ਅੰਦਰੂਨੀ ਕਾਰਨ ਨਹੀਂ ਹੈ। ਧਰਮ ਨੂੰ ਝਗੜਿਆਂ ਦਾ ਮੁੱਦਾ ਬਣਾ ਕੇ ਇਸ ਦੀ ਦੁਰਵਰਤੋਂ ਹੁੰਦੀ ਆਈ ਹੈ। ਸੁਆਰਥੀ ਲੋਕ ਆਪਣੇ ਨਿੱਜੀ ਹਿੱਤਾਂ ਅਤੇ ਰਾਜਨੀਤਕ ਉਦੇਸ਼ਾਂ ਦੀ ਪੂਰਤੀ ਲਈ ਇਸ ਨੂੰ ਹਥਿਆਰ ਵਾਂਗ ਵਰਤਦੇ ਹਨ। ਪੱਖਪਾਤੀ ਇਤਿਹਾਸਕਾਰਾਂ ਵੱਲੋਂ ਮੱਧ-ਕਾਲੀ ਇਤਿਹਾਸ ਨੂੰ ਸੰਪਰਦਾਇਕਤਾ ਵਾਲਾ ਦਰਸਾਉਣਾ ਉਚਿਤ ਨਹੀਂ। ਲੇਖਕ ਨੇ ਸੰਪਰਦਾਇਕਤਾ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਸਮਾਜਿਕ, ਆਰਥਿਕ, ਧਾਰਮਿਕ, ਭਾਸ਼ਾਈ ਤੋਂ ਇਲਾਵਾ ਇਤਿਹਾਸ ਦੀ ਸੰਪਰਦਾਇਕ ਵਿਆਖਿਆ, ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਅੰਗਰੇਜ਼ੀ ਸ਼ਾਸਨ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਦੌਰਾਨ ਕਦੀ ਨੇੜੇ ਕਦੇ ਦੂਰ ਦੀ ਖੇਡ ਚਲਦੀ ਰਹੀ।
ਮੁਸਲਿਮ ਪੁਨਰ ਜਾਗਰਣ ਪਾਕਿਸਤਾਨ ਬਣਨ ਦਾ ਕਾਰਨ ਬਣਿਆ ਪਰ ਹਿੰਦੂ ਪੁਨਰ-ਜਾਗਰਣ ਕਾਂਗਰਸ ਪਾਰਟੀ ਦੇ ਰੂਪ ਵਿਚ 'ਭਾਰਤੀ ਰਾਸ਼ਟਰਵਾਦ' ਦੀ ਹੋਂਦ ਗ੍ਰਹਿਣ ਕਰ ਗਿਆ। ਇਤਿਹਾਸ ਗਵਾਹ ਹੈ ਕਿ 1885 ਤੋਂ 1905 ਤੱਕ ਹੋਏ ਕਾਂਗਰਸ ਸੰਮੇਲਨਾਂ ਵਿਚ 21 ਵਾਰ ਪ੍ਰਧਾਨਗੀ ਦੀ ਚੋਣ ਹੋਈ। ਦੋ ਵਾਰ ਮੁਸਲਿਮ ਪ੍ਰਧਾਨ ਵੀ ਚੁਣੇ ਗਏ। ਪਾਕਿਸਤਾਨ ਦੇ ਨਾਮਕਰਨ ਬਾਰੇ ਵੀ ਇਸ ਪੁਸਤਕ ਵਿਚ ਰੌਚਿਕ ਤੱਥ ਉਪਲਬੱਧ ਹਨ। ਉਹ ਹੈ-'ਪੀ' ਪੰਜਾਬ ਲਈ, 'ਐਸ' ਸਿੰਧਲਈ ਅਤੇ 'ਤਾਨ' ਬਲੋਚਿਸਤਾਨ ਲਈ। ਇਹੋ ਸ਼ਬਦ ਮਿਲ ਕੇ ਪਾਕਿਸਤਾਨ ਦਾ ਨਾਮਕਰਨ ਹੋਇਆ। ਇਤਿਹਾਸ ਅਨੁਸਾਰ ਲਾਰਡ ਮਾਊਂਟਬੈਟਨ ਹੀ ਭਾਰਤ ਦੀ ਵੰਡ ਲਈ, ਦੋਵਾਂ ਫਿਰਕਿਆਂ ਦਰਮਿਆਨ ਜਿਨ੍ਹਾਂ ਦੀ ਅਗਵਾਈ ਮੁਸਲਿਮ ਲੀਗ ਅਤੇ ਕਾਂਗਰਸ ਕਰ ਰਹੀ ਸੀ, ਉਕਸਾਹਟ ਪੈਦਾ ਕਰਨ ਲਈ ਕੂਟਨੀਤੀ ਵਰਤਦਾ ਰਿਹਾ। ਇਹ ਪੁਸਤਕ ਫਿਰਕੂਪੁਣੇ ਨਾਲ ਦੇਸ਼ ਨੂੰ ਹੋਏ ਨੁਕਸਾਨ ਬਾਰੇ ਜਾਣਕਾਰੀ ਪ੍ਰਦਾਨ ਕਰਨਵਾਲਾ ਦਸਤਾਵੇਜ਼ ਹੋ ਨਿਬੜੀ ਹੈ।

ਫ ਫ ਫ

ਜੱਗਾ ਜਾਸੂਸ ਅਤੇ ਚੌਥਾ ਕਤਲ
ਲੇਖਕ : ਬਲਦੇਵ ਸਿੰਘ ਭਾਕਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 200 ਰੁਪਏ, ਸਫੇ : 144
ਸੰਪਰਕ : 94640-62370
.

ਇਸ ਜਾਸੂਸੀ ਨਾਵਲ ਦਾ ਕੇਂਦਰੀ ਪਾਤਰ ਜੱਗਾ ਜਾਸੂਸ ਉਰਫ਼ ਕੈਪਟਨ ਜੁਗਰਾਜ ਸਿੰਘ ਉਰਫ਼ ਜੇ.ਜੇ. ਹੈ। ਉਸ ਨੇ ਕਾਲਜ ਦੀ ਪੜ੍ਹਾਈ ਛੱਡ ਕੇ, ਕੁਝ ਸਾਥੀਆਂ ਨਾਲ ਮਿਲ ਕੇ ਪ੍ਰਾਈਵੇਟ ਡਿਟੈਕਟਿਵ ਏਜੰਸੀ (ਜੱਗਾ ਜਾਸੂਸ) ਕਾਇਮ ਕੀਤੀ ਹੋਈ ਹੈ। ਸੇਵਾ-ਮੁਕਤ ਡੀ.ਐਸ.ਪੀ. ਜਗਦੀਸ਼ ਮਹਿਰਾ ਦਾ 10 ਜਨਵਰੀ ਦੀ ਰਾਤ ਨੂੰ, ਕਾਲੀਚਰਨ ਉਰਫ਼ ਸੁਰਿੰਦਰ ਕਪੂਰ ਪ੍ਰੋਪਰਟੀ ਡੀਲਰ ਦਾ 11 ਜਨਵਰੀ ਦੀ ਰਾਤ ਅਤੇ ਲੋਹੜੀ ਦੀ ਰਾਤ ਨੂੰ ਉਸ ਦੇ ਬਿਜ਼ਨੈਸ ਪਾਰਟਨਰ ਦੇਵਿੰਦਰ ਸਾਹਨੀ ਦਾ ਕਤਲ ਹੋ ਜਾਂਦਾ ਹੈ। ਉਪਰੋ-ਥਲੀ ਵਾਪਰੀਆਂ ਇਨ੍ਹਾਂ ਤਿੰਨਾਂ ਘਟਨਾਵਾਂ ਦੀ ਜਾਂਚ ਪੜਤਾਲ ਕਰਨ ਲਈ ਐਸ.ਐਸ.ਪੀ. ਵਲੋਂ ਇੰਸਪੈਕਟਰ ਕਮਲਜੀਤ ਦੀ ਅਗਵਾਈ ਕਰਨ ਲਈ ਜੱਗਾ ਜਾਸੂਸ ਦੀ ਡਿਊਟੀ ਲਾਈ ਜਾਂਦੀ ਹੈ। ਪਾਕਿਸਤਾਨ ਬਣਨ ਵੇਲੇ ਇਧਰੋਂ ਉੱਜੜ ਕੇ ਗਏ ਲੋਕ, ਵਾਪਸੀ ਦੀ ਆਸ ਵਿਚ ਆਪਣਾ ਧਨ-ਦੌਲਤ ਘਰ ਵਿਚ ਦੱਬ ਕੇ ਚਲੇ ਜਾਂਦੇ ਹਨ। ਬੱਕਰਾ ਮਾਰਕਿਟ ਅੰਬਾਲਾ ਵਿਖੇ ਜਿਸ ਘਰ ਵਿਚ ਉੱਜੜ ਕੇ ਆਏ ਕੇਸਰ ਅਤੇ ਉਸ ਦੀ ਪਤਨੀ ਦਰੋਪਦੀ ਰਹਿੰਦੇ ਸਨ, ਉਸ ਘਰ ਪੁਟਾਈ ਕੀਤੀ ਜਾਂਦੀ ਹੈ। ਕਾਫ਼ੀ ਮਾਤਰਾ ਵਿਚ ਧਨ, ਦੌਲਤ ਉਪਲਬੱਧ ਹੋ ਜਾਣ 'ਤੇ ਕੇਸਰ ਨੇ ਸਰਕਾਰ ਨੂੰ ਸੂਚਿਤ ਕਰਨਾ ਉਚਿਤ ਸਮਝਿਆ ਪਰ ਉਸ ਦਾ ਉਪਰੋਕਤ ਵਿਅਕਤੀਆਂ ਵੱਲੋਂ ਕਤਲ ਕਰ ਕੇ ਦੌਲਤ ਦੀ ਵੰਡ (ਕਾਲੀਚਰਨ, ਦੇਵਿੰਦਰ, ਭਗਵਾਨ ਅਤੇ ਥਾਣੇਦਾਰ) ਕਰ ਲੈਂਦੇ ਹਨ। ਕੇਸਰ ਦੇ ਪਾਕਿਸਤਾਨੀ ਦੋਸਤ ਤਾਰਿਕ ਹੁਸੈਨ ਅਤੇ ਦਰੋਪਦੀ ਦੇ ਪੁੱਤਰ ਕਮਲਜੀਤ ਨੂੰ ਇਸ ਘਟਨਾ ਦਾ ਪਤਾ ਲੱਗ ਜਾਂਦਾ ਹੈ। ਪਹਿਲੇ ਤਿੰਨ ਕਤਲ ਇੰਸਪੈਕਟਰ ਕਮਲਜੀਤ ਕਰਦਾ ਹੈ ਪਰ ਭਗਵਾਨ ਸਿੰਘ ਦਾ ਚੌਥਾ ਕਤਲ ਤਾਰਿਕ ਹੁਸੈਨ (ਗੁਰਦਿੱਤ ਸਿੰਘ) ਕਰਦਾ ਹੈ। ਸੰਖੇਪ ਇਹ ਕਿ ਇਸ ਨਾਵਲ ਦਾ ਅਧਿਐਨ ਕਰਦਿਆਂ ਇਨਸਾਨ ਦੀ ਫਿਤਰਤ ਦਾ ਹਰ ਪਹਿਲੂ ਵਿਖਾਈ ਦਿੰਦਾ ਹੈ। ਲਾਲਚ ਵਿਚ ਅੰਨ੍ਹੇ ਹੋਏ ਬੰਦੇ ਪਸ਼ੂਆਂ ਨਾਲੋਂ ਵੀ ਨਿੱਘਰੇ ਹੋਏ ਪ੍ਰਗਟ ਹੁੰਦੇ ਹਨ। ਮੁਲਕ ਦੀਆਂ ਹੱਦਾਂ ਟੱਪ ਕੇ ਸਵਾਰਥ ਰਹਿਤ ਦੋਸਤੀ ਦੀ ਮਹਿਕ ਵੀ ਆਉਂਦੀ ਹੈ। ਨਾਵਲ ਦਾ ਨਾਇਕ ਜੱਗਾ ਜਾਸੂਸ ਆਪਣੀ ਡਿਊਟੀ ਪੂਰੀ ਸਾਵਧਾਨੀ ਅਤੇ ਚੌਕਸੀ ਨਾਲ ਨਿਭਾਉਂਦਾ ਹੈ। ਪੰਜਾਬੀ ਨਾਵਲ ਦੇ ਇਤਿਹਾਸ ਵਿਚ ਇਹ ਨਾਵਲ ਸੱਚਮੁੱਚ ਹੀ ਵਿਲੱਖਣ ਸਥਾਨ ਦਾ ਧਾਰਨੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਅਵਤਾਰ ਸਿੰਘ ਸੰਧੂ ਦੀਆਂ ਬਾਲਾਂ ਲਈ ਤਿੰਨ ਪੁਸਤਕਾਂ
ਸੰਪਰਕ : 99151-82971

ਪੁਸਤਕ 'ਯਾਦਾਂ ਦੀ ਪਟਾਰੀ'-ਭਾਗ-2 (ਸਫ਼ੇ 32) ਸਵੈਜੀਵਨੀ ਹੈ। ਪੁਸਤਕ ਵਿਚ ਬਾਲ ਪਾਠਕਾਂ ਨਾਲ ਯਾਦਾਂ ਦੀ ਸਾਂਝ ਨੂੰ ਬਾਖੂਬੀ ਪਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਦੀ ਪਹਿਲੀ ਯਾਦ ਪਟਾਰੀ ਆਪਣੇ ਬਾਬਾ ਜੀ ਅਤੇ ਚੌਧਰੀ ਕਰਮ ਇਲਾਹੀ ਦੇ ਨਾਲ ਪਾਕਿਸਤਾਨ ਵਿਚ ਮਾਣੇ ਸਾਥ ਬਾਰੇ ਦਾਸਤਾਨ ਹੈ। ਦੂਜੀ ਯਾਦ ਰਿਸ਼ਤਿਆਂ ਦੀ ਸਾਂਝ ਦੀ ਬਾਤ ਪਾਉਂਦੀ ਹੈ। ਇਸ ਵਿਚ ਲੇਖਕ ਨੇ ਆਪਣੀ ਭੂਆ ਦੀ ਦਲੇਰੀ ਦੀ ਵਾਰਤਾ ਸਾਂਝੀ ਕੀਤੀ ਹੈ। ਇਸ ਤਰ੍ਹਾਂ ਲੇਖਕ ਨੇ ਆਪਣੀ ਪੁਸਤਕ 'ਯਾਦਾਂ ਦੀ ਪਟਾਰੀ' ਵਿਚ 10 ਯਾਦਾਂ ਸਾਂਝੀਆਂ ਕਰਨ ਦਾ ਯਤਨ ਕੀਤਾ ਹੈ।
ਦੂਸਰੀ ਪੁਸਤਕ 'ਮੋਰ ਦੇ ਖੰਭ' (ਸਫ਼ੇ 36) ਵਿਚ 7 ਬਾਲ ਕਹਾਣੀਆਂ ਦਰਜ ਕੀਤੀਆਂ ਗਈਆਂ ਹਨ। ਅਵਤਾਰ ਸਿੰਘ ਸੰਧੂ ਨੇ ਕਿਉਂਕਿ ਆਪਣਾ ਪੂਰਾ ਜੀਵਨ ਬਾਲਾਂ ਨੂੰ ਸਿੱਖਿਆ ਦੇਣ ਵਿਚ ਲਗਾ ਦਿੱਤਾ, ਇਸੇ ਕਰਕੇ ਸਾਰੀਆਂ ਹੀ ਕਹਾਣੀਆਂ ਮਨੋਰੰਜਨ ਅਤੇ ਸਿੱਖਿਆ ਭਰਪੂਰ ਹਨ। 'ਸਬਕ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਇਨਸਾਨ ਨੂੰ ਮੁਸੀਬਤ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ 'ਛੋਟਾ ਭਰਾ', 'ਰਣਜੀਤ ਤੇ ਰੋਬੋਟ' ਵੀ ਸਿੱਖਿਆਦਾਇਕ ਰਚਨਾਵਾਂ ਹਨ। 'ਕੁੱਕੜ ਤੇ ਮੋਰ' ਹਾਸ ਭਰਪੂਰ ਅਤੇ ਸਿੱਖਿਆਦਾਇਕ ਕਹਾਣੀ ਹੈ। ਇਸ ਪੁਸਤਕ ਦਾ ਮੁੱਲ 40 ਰੁਪਏ ਹੈ।
ਤੀਸਰੀ ਪੁਸਤਕ 'ਹੁਨਰ ਦਾ ਕਮਾਲ' (ਸਫ਼ੇ 36) ਵੀ ਸਿੱਖਿਆਦਾਇਕ ਅਤੇ ਮਨੋਰੰਜਨ ਭਰਪੂਰ ਕਹਾਣੀ-ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਉਨ੍ਹਾਂ 8 ਕਹਾਣੀਆਂ ਦਰਜ ਕੀਤੀਆਂ ਹਨ। ਕਹਾਣੀ 'ਚੰਮ ਨਹੀਂ ਕੰਮ' ਬਹੁਤ ਖੂਬਸੂਰਤ ਕਹਾਣੀ ਹੈ, ਜਿਸ ਵਿਚ ਸ਼ਹਿਦ ਦੀ ਮੱਖੀ ਅਤੇ ਤਿਤਲੀ 'ਚ ਸੰਵਾਦ ਰਚਾਇਆ ਗਿਆ ਹੈ। ਕਹਾਣੀ 'ਹੁਨਰ ਦਾ ਕਮਾਲ' ਇਕ ਪ੍ਰੰਪਰਿਕ ਸੁਹਜ ਵਾਲੀ ਕਹਾਣੀ ਹੈ, ਜਿਸ ਵਿਚ ਹੱਥੀਂ ਕਿਰਤ ਕਰਨ ਦੀ ਸਿੱਖਿਆ ਦਿੱਤੀ ਗਈ ਹੈ। ਕਹਾਣੀ 'ਅਖ਼ਬਾਰ ਦਾ ਕਮਾਲ' ਤੋਂ ਉਤਸ਼ਾਹ ਤੇ ਪ੍ਰੇਰਨਾ ਮਿਲਦੀ ਹੈ। ਸ: ਸੰਧੂ ਦੀਆਂ ਕਹਾਣੀਆਂ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਆਪਣੀ ਰਚਨਾ ਛੋਟੀ ਰੱਖਦੇ ਹਨ, ਵਿਸ਼ੇ ਦੇ ਦਾਇਰੇ 'ਚ ਰਹਿੰਦੇ ਹਨ।
ਇਨ੍ਹਾਂ ਪੁਸਤਕਾਂ ਨੂੰ ਦੋਆਬਾ ਸਾਹਿਤ ਸਭਾ, ਗੜ੍ਹਸ਼ੰਕਰ (ਹੁਸ਼ਿਆਰਪੁਰ) ਨੇ ਛਾਪਿਆ ਹੈ ਅਤੇ ਤਿੰਨਾਂ ਪੁਸਤਕਾਂ ਦੀ ਕੀਮਤ 40-40 ਰੁਪਏ ਹੈ।

ਂਹਰਜਿੰਦਰ ਸਿੰਘ
ਮੋ: 98726-60161
ਫ ਫ ਫ

ਸਮਕਾਲੀ ਪਰਵਾਸੀ ਪੰਜਾਬੀ ਕਵਿਤਾ ਦੇ ਵਿਚਾਰਧਾਰਾਈ ਆਧਾਰ
ਲੇਖਿਕਾ : ਡਾ: ਅਮਨਦੀਪ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 184
ਸੰਪਰਕ : 98145-80318.

ਡਾ: ਅਮਨਦੀਪ ਕੌਰ ਨੇ ਹਥਲੀ ਪੁਸਤਕ ਵਿਚ ਪੰਜ ਸਿਰਮੌਰ ਕਵੀਆਂ ਦੀ ਸਾਹਿਤਕ-ਘਾਲਣਾ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਨਿਕਟ-ਅਧਿਐਨ ਪੱਧਤੀ ਜ਼ਰੀਏ ਪਾਠਕਾਂ ਦੇ ਸਨਮੁਖ ਕੀਤਾ ਹੈ। ਲੇਖਿਕਾ ਨੇ ਸਭ ਤੋਂ ਪਹਿਲਾਂ ਅਮਰਜੀਤ ਚੰਦਨ ਅਤੇ ਨਵਤੇਜ ਭਾਰਤੀ ਦੁਆਰਾ ਗ੍ਰਹਿਣ ਕੀਤੇ ਦੇਸ਼-ਵਿਦੇਸ਼ ਦੇ ਪ੍ਰਭਾਵਾਂ ਨੂੰ ਜਿਸ ਕਦਰ ਕਵਿਤਾ ਜ਼ਰੀਏ ਪ੍ਰਗਟਾਇਆ ਗਿਆ ਹੈ, ਦਾ ਪਾਰਖੂ ਦ੍ਰਿਸ਼ਟੀ ਤੋਂ ਵਖਿਆਣ ਕੀਤਾ ਹੈ। ਇਹ ਵਖਿਆਣ ਦ੍ਰਿਸ਼ਟੀ ਸੱਭਿਆਚਾਰਕ ਪਛਾਣ ਦੇ ਮਸਲੇ ਅਤੇ ਪੰਜਾਬੀ ਬੰਦੇ ਦੀ ਹੋਂਦ ਤੇ ਹੋਣੀ, ਪੰਜਾਬੀ ਵਿਰਸਾ ਤੇ ਵਿਰਾਸਤ ਪ੍ਰਤੀ ਮੋਹ, ਮਾਨਵੀ ਸਰੋਕਾਰਾਂ ਦਾ ਦਰਪਣ, ਮੂਲ ਸੱਭਿਆਚਾਰਕ ਸੰਵੇਦਨਾ ਅਤੇ ਮਸ਼ੀਨੀ ਯੁੱਗ ਦੇ ਸੰਦਰਭ ਵਿਚ ਬਾਖੂਬੀ ਪ੍ਰਗਟਾਈ ਗਈ ਹੈ। ਇਸੇ ਤਰ੍ਹਾਂ ਕਵੀ ਦੇਵ ਦੀ ਕਵਿਤਾ ਵਿਚੋਂ ਉੱਭਰਦੇ ਰੋਹ ਅਤੇ ਵਿਦਰੋਹ ਦੇ ਸਰੋਕਾਰਾਂ ਨੂੰ ਉੱਤਰ-ਆਧੁਨਿਕਤਾ ਦੇ ਦੌਰ 'ਚ ਵਧ ਰਹੇ ਪੰਜਾਬੀਆਂ, ਇਨ੍ਹਾਂ ਦੇ ਗੰਭੀਰ ਸੰਕਟਾਂ ਅਤੇ ਮਾਨਵ-ਹਿਤੈਸ਼ੀ ਮੁੱਲ-ਵਿਧਾਨ ਦੇ ਜਟਿਲ-ਪ੍ਰਬੰਧਾਂ ਦੀਆਂ ਦਵੰਦਾਤਮਕ ਪ੍ਰਸਥਿਤੀਆਂ ਦੇ ਅੰਤਰਗਤ ਪਾਠਕਾਂ ਦੇ ਸਨਮੁਖ ਕੀਤਾ ਹੈ। ਸਮਕਾਲ ਦੇ ਪਰਵਾਸੀ ਕਾਵਿ-ਸਿਰਜਕਾਂ ਵਿਚ ਸ਼ਸ਼ੀ ਸਮੁੰਦਰਾ ਨੇ ਰੈਡੀਕਲ ਨਾਰੀਵਾਦ, ਪਿਤਰੀ ਸਮਾਜ ਦੇ ਮੁੱਲ-ਵਿਧਾਨ ਦੇ ਪ੍ਰਤੀਰੋਧ ਵਜੋਂ ਕਵਿਤਾ ਦੀ ਰਚਨਾ ਕਰਕੇ ਔਰਤ-ਮਰਦ ਦੇ ਸਬੰਧਾਂ ਦੀ ਅਜੋਕੀ ਮੂਰਤ ਸਾਕਾਰ ਕੀਤੀ ਹੈ। ਇਸੇ ਤਰ੍ਹਾਂ ਪੁਸਤਕ ਦੇ ਪੰਜਵੇਂ ਅਧਿਆਇ 'ਚ ਪ੍ਰਸਿੱਧ ਕਵੀ ਸੁਖਪਾਲ ਦੀ ਕਵਿਤਾ ਨੂੰ ਪੰਜਾਬ ਸੰਕਟ ਦੇ ਵਿਸ਼ਵੀਕਰਨ ਦੇ ਮਸਲੇ ਤਹਿਤ ਵਿਚਾਰਦਿਆਂ ਹੋਇਆਂ ਸੁਖਪਾਲ ਦੀ ਵਿਚਾਰਧਾਰਕ ਅਵਚੇਤਨਾ ਦੀ ਪਰਖ ਵੀ ਕੀਤੀ ਹੈ। ਸਮੁੱਚੇ ਰੂਪ 'ਚ ਇਹ ਸਾਰੇ ਕਾਂਡ ਸਮਕਾਲ ਦੇ ਆਂਤਰਿਕ ਅਤੇ ਬਾਹਰੀ ਵਰਤਾਰੇ ਵਿਚਲੀ ਟੁੱਟ-ਭੱਜ, ਉਚੇਰੇ ਮਾਨਵੀ ਮੁੱਲਾਂ ਦੇ ਨਿਘਾਰ ਅਤੇ ਆਪੇ ਤੋਂ ਖੋਖਲੇ ਹੋ ਰਹੇ ਮਨੁੱਖ ਦੀ ਦਾਸਤਾਨ ਦਾ ਪ੍ਰਗਟਾਵਾ ਹਨ। ਡਾ: ਅਮਨਦੀਪ ਕੌਰ ਨੇ ਜਿਸ ਕਦਰ ਇਨ੍ਹਾਂ ਮੁੱਲਾਂ ਦੇ ਸਰਬਾਂਗੀ ਸਰੂਪ ਨੂੰ ਸਮਝਿਆ ਅਤੇ ਬਿਆਨ ਕੀਤਾ ਹੈ, ਉਹ ਵਡਿਆਉਣਯੋਗ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਪੰਜਾਬੀ ਅਖਾਣ ਕੋਸ਼
ਸੰਗ੍ਰਹਿ ਕਰਤਾ : ਆਰ. ਸ਼ੀਂਹਮਾਰ
ਪ੍ਰਕਾਸ਼ਕ : ਦੀਪਕ ਪਬਲਿਸ਼ਰ, ਮਾਈ ਹੀਰਾਂ ਗੇਟ, ਜਲੰਧਰ।
ਮੁੱਲ : 225 ਰੁਪਏ, ਸਫ਼ੇ : 144
ਸੰਪਰਕ : 94172-55966
.

ਪੁਸਤਕ 'ਪੰਜਾਬੀ ਅਖਾਣ ਕੋਸ਼' ਦੇ ਰਚੇਤਾ ਆਰ. ਸ਼ੀਂਹਮਾਰ ਨੇ ਆਪਣੀ ਰੋਡਵੇਜ਼ ਮਹਿਕਮੇ ਦੀ ਨੌਕਰੀ ਦੌਰਾਨ ਤੇ ਸੇਵਾਮੁਕਤੀ ਤੋਂ ਬਾਅਦ ਸਮਾਜ ਵਿਚ ਵਿਚਰਦਿਆਂ ਲੋਕ ਅਖਾਉਤਾਂ ਇਕੱਠੀਆਂ ਕਰਨ ਦਾ ਮਿਹਨਤ ਭਰਪੂਰ ਕਾਰਜ ਕੀਤਾ ਤੇ ਇਨ੍ਹਾਂ ਨੂੰ ਹੁਣ ਇਕ ਪੁਸਤਕ ਦੇ ਰੂਪ ਵਿਚ ਸਾਹਮਣੇ ਲਿਆਂਦਾ ਹੈ।
ਇਸ ਪੁਸਤਕ ਦੀ ਰਚਨਾ ਕਰਨ ਸਮੇਂ ਉਨ੍ਹਾਂ ਕਿਸੇ ਪੁਸਤਕ ਦੀ ਸਹਾਇਤਾ ਨਹੀਂ ਲਈ ਸਗੋਂ ਜੋ ਕੁਝ ਪੜ੍ਹਿਆ, ਸੁਣਿਆ ਤੇ ਦੇਖਿਆ, ਅਨੁਭਵ ਕੀਤਾ ਤੇ ਜੋ ਕੁਝ ਵੀ ਉਨ੍ਹਾਂ ਨੂੰ ਚੰਗਾ ਲੱਗਾ ਉਸ ਨੂੰ ਪਾਠਕਾਂ ਤੱਕ ਪੁੱਜਦਾ ਕਰਨ ਲਈ ਇਸ ਕਿਤਾਬ ਵਿਚ ਦਰਜ ਕੀਤਾ ਹੈ। ਪੁਸਤਕ ਦਾ ਟਾਈਟਲ 'ਪੰਜਾਬੀ ਅਖਾਣ ਕੋਸ਼' ਰੱਖਿਆ ਹੈ ਪਰ ਇਸ ਵਿਚ ਲੇਖਕ ਵੱਲੋਂ ਅਖਾਣਾਂ ਦੇ ਨਾਲ-ਨਾਲ ਮੁਹਾਵਰੇ ਅਤੇ ਸ਼ੁੱਭ ਵਿਚਾਰ ਵੀ ਦਰਜ ਕੀਤੇ ਗਏ ਹਨ ਤਾਂ ਕਿ ਪਾਠਕ ਨੂੰ ਹੋਰ ਵੀ ਜਾਣਕਾਰੀ ਮਿਲ ਸਕੇ। ਉਨ੍ਹਾਂ ਦਾ ਖੁਦ ਦਾ ਘੜਿਆ ਇਕ ਅਖਾਣ ਹੈ, 'ਐਸ਼ ਕਰਨ ਨੂੰ ਮਾਸਟਰੀ, ਲੜਨ ਨੂੰ ਕੰਡਕਟਰੀ।'
ਪੁਸਤਕ ਵਿਚ ਲੇਖਕ ਨੇ ਆਪਣੀ ਪਸੰਦ ਦੇ ਹਿੰਦੀ ਦੇ ਅਖਾਣ ਵੀ ਦਰਜ ਕੀਤੇ ਹਨ। ਕੁਝ ਅਖਾਣਾਂ ਦੇ ਸ਼ਬਦ ਅੱਗੜ-ਪਿੱਛੜ ਹੋ ਗਏ ਹਨ, ਜਿਸ ਕਾਰਨ ਉਹ ਰੜਕਦੇ ਹਨ। ਪੁਸਤਕ ਨੂੰ ਪਾਠਕਾਂ ਲਈ ਵਧੇਰੇ ਜਾਣਕਾਰੀ ਭਰਪੂਰ ਬਣਾਉਣ ਲਈ ਇਸ ਵਿਚ ਚੰਗੀਆਂ ਗੱਲਾਂ ਵੀ ਦਰਜ ਕੀਤੀਆਂ ਗਈਆਂ ਹਨ ਅਤੇ ਬਹੁਤ ਸਾਰੇ ਮੁਹਾਵਰੇ ਵੀ ਦਰਜ ਕੀਤੇ ਗਏ ਹਨ। ਕੁਝ-ਕੁਝ ਅਖਾਣਾਂ ਦਾ ਦੁਹਰਾਅ ਜ਼ਰੂਰ ਹੈ ਤੇ ਪਰੂਫ਼ ਰੀਡਿੰਗ ਦੀਆਂ ਗ਼ਲਤੀਆਂ ਭਾਵੇਂ ਉਹ ਬਹੁਤ ਘੱਟ ਹਨ, ਪਰ ਰੜਕਦੀਆਂ ਹਨ, ਜਿਵੇਂ ਕੂਕਰ ਨੂੰ ਕੁੱਕੜ, ਪੀਹਵੇ ਨੂੰ ਪੀਹਣੇ ਤੇ ਗੜੇ ਨੂੰ ਰਾੜੇ ਲਿਖਣਾ।
ਲੇਖਕ ਨੇ ਕਾਫ਼ੀ ਮਿਹਨਤ ਨਾਲ ਇਹ ਪੁਸਤਕ ਤਿਆਰ ਕਰਕੇ ਪੰਜਾਬੀ ਬੋਲੀ ਤੇ ਸੱਭਿਆਚਾਰ ਦੀ ਸੇਵਾ ਕਰਨ ਦਾ ਸੁਹਿਰਦ ਯਤਨ ਕੀਤਾ ਹੈ ਤੇ ਅਖਾਣਾਂ, ਮੁਹਾਵਰਿਆਂ ਤੇ ਸ਼ੁੱਭ ਵਿਚਾਰਾਂ ਦਾ ਇਕ ਸੰਗ੍ਰਹਿ ਇਸ ਪੁਸਤਕ ਦੇ ਰੂਪ ਵਿਚ ਪਾਠਕਾਂ ਤੱਕ ਪੁੱਜਦਾ ਕੀਤਾ ਹੈ। ਲੇਖਕ ਦਾ ਇਹ ਯਤਨ ਖੋਜ ਕਰਨ ਵਾਲਿਆਂ ਲਈ ਸਹਾਈ ਹੋ ਸਕਦਾ ਹੈ।

ਂਪਰਮਜੀਤ ਸਿੰਘ ਵਿਰਕ
ਮੋ: 98724-07744.
ਫ ਫ ਫ

ਸਾਹਿਤ ਦੇ ਸਰੂਪ
ਲੇਖਕ : ਡਾ: ਹਰਪ੍ਰੀਤ ਸਿੰਘ ਹੁੰਦਲ
ਪ੍ਰਕਾਸ਼ਕ : ਐਮ.ਪੀ. ਪ੍ਰਕਾਸ਼ਨ, ਦਿੱਲੀ
ਮੁੱਲ : 390 ਰੁਪਏ, ਸਫ਼ੇ : 178
ਸੰਪਰਕ : 94636-84511.

'ਸਾਹਿਤ ਦੇ ਸਰੂਪ' ਡਾ: ਹਰਪ੍ਰੀਤ ਸਿੰਘ ਹੁੰਦਲ ਦੀ ਸਾਹਿਤ ਚਿੰਤਨ ਦੇ ਖੇਤਰ ਦੀ ਵਿਸ਼ੇਸ਼ ਪੁਸਤਕ ਹੈ, ਜਿਸ ਵਿਚ ਉਸ ਦੇ ਹੁਣ ਤੱਕ ਦੇ ਵੱਖ-ਵੱਖ ਸਾਹਿਤ ਪੁਸਤਕਾਂ ਬਾਰੇ ਛਪੇ ਹੋਏ ਰੀਵਿਊ ਸ਼ਾਮਿਲ ਕੀਤੇ ਗਏ ਹਨ। ਰੀਵਿਊਕਾਰੀ ਬਾਰੇ ਹੁੰਦਲ ਬੜਾ ਸੁਚੇਤ ਹੈ ਕਿਉਂਕਿ ਉਹ ਅਜੋਕੀ ਰੀਵਿਊਕਾਰੀ ਨੂੰ ਧਿਆਨ ਨਾਲ ਪੜਚੋਲਣ ਵਾਲੀ ਦ੍ਰਿਸ਼ਟੀ ਦਾ ਮਾਲਕ ਹੈ। ਇਸੇ ਕਰਕੇ ਉਹ ਆਪਣੀ ਰੀਵਿਊਕਾਰੀ ਨੂੰ ਕੇਵਲ ਪ੍ਰਸੰਸਾਤਮਕ ਪੱਧਰ 'ਤੇ ਹੀ ਨਹੀਂ ਕਰਦਾ ਸਗੋਂ ਟੈਕਸਟ ਨੂੰ ਸਾਹਮਣੇ ਰੱਖ ਕੇ ਉਸ ਦਾ ਅਧਿਐਨ ਕਰਨ ਵੱਲ ਰੁਚਿਤ ਹੁੰਦਾ ਹੈ ਅਤੇ ਆਪਣੀ ਸੁਤੰਤਰ ਰਾਇ ਮੁਤਾਬਿਕ ਹੀ ਰੀਵਿਊ ਕਰਦਿਆਂ ਪੁਸਤਕ ਬਾਰੇ ਕੋਈ ਵਿਚਾਰ ਪ੍ਰਸਤੁਤ ਕਰਦਾ ਹੈ। ਇਸ ਪੁਸਤਕ ਵਿਚ ਹੁੰਦਲ ਦੁਆਰਾ ਅਖ਼ਬਾਰਾਂ ਵਿਚ ਵੱਖ-ਵੱਖ ਪੁਸਤਕਾਂ ਬਾਰੇ ਲਿਖੇ 151 ਰੀਵਿਊ ਪਾਠਕਾਂ ਦੇ ਸਨਮੁਖ ਕੀਤੇ ਗਏ ਹਨ। ਇਸ ਪੁਸਤਕ ਦੀ ਇਹ ਖ਼ਾਸੀਅਤ ਬਣਦੀ ਹੈ ਕਿ ਪਾਠਕਾਂ ਨੂੰ ਵੱਖ-ਵੱਖ ਪੁਸਤਕਾਂ ਬਾਰੇ ਸੰਖੇਪ ਪਰ ਭਾਵਪੂਰਤ ਸਮੱਗਰੀ ਇਕੋ ਥਾਂ 'ਤੇ ਉਪਲਬਧ ਕਰਵਾਈ ਗਈ ਹੈ, ਕਿਉਂਕਿ ਏਨੀਆਂ ਪੁਸਤਕਾਂ ਨੂੰ ਖਰੀਦਣਾ ਕਿਸੇ ਦੇ ਵੱਸ ਦਾ ਰੋਗ ਨਹੀਂ, ਵਿਸ਼ੇਸ਼ ਕਰਕੇ ਅਜੋਕੇ ਦੌਰ ਵਿਚ ਜਦੋਂ ਪੁਸਤਕ ਸੱਭਿਆਚਾਰ ਨੂੰ ਸਾਹ ਪ੍ਰਦਾਨ ਕਰਨ ਵਾਲੇ ਵਿਰਲੇ ਹੀ ਹੋਣ। ਪਾਠਕ ਸਿਰਜਣਾ ਜਾਂ ਆਲੋਚਨਾ ਦੀ ਕਿਸੇ ਵੀ ਪੁਸਤਕ ਬਾਰੇ ਸੰਖੇਪ ਜਾਇਜ਼ਾ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਰੀਵਿਊ ਪੜ੍ਹ ਕੇ ਸਹਿਜ ਰੂਪ ਵਿਚ ਹੀ ਪ੍ਰਾਪਤ ਕਰ ਸਕਦਾ ਹੈ। ਲੇਖਕ ਨੇ ਆਪਣੀ ਦ੍ਰਿਸ਼ਟੀ ਤੋਂ ਪੁਸਤਕ ਪੜਚੋਲ ਕਰਦਿਆਂ ਪਾਠ ਆਧਾਰਿਤ ਰਾਇ ਬਣਾਉਂਦਿਆਂ ਪਾਠਕਾਂ ਲਈ ਮੁੱਲਵਾਨ ਸਮੱਗਰੀ ਪ੍ਰਸਤੁਤ ਕੀਤੀ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਕੁਲਵੰਤੀ ਰੁੱਤ ਬਸੰਤੀ
ਲੇਖਕ : ਮਲਕੀਅਤ ਸਿੰਘ 'ਸੁਹਲ'
ਪ੍ਰਕਾਸ਼ਕ : ਖ਼ੁਦ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98728-48610.

'ਕੁਲਵੰਤੀ ਰੁੱਤ ਬਸੰਤੀ' ਵਿੱਛੜ ਚੁੱਕੀ ਪਿਆਰੀ ਦੀ ਯਾਦ ਨੂੰ ਸਮਰਪਿਤ ਹੈ। ਉਹ ਪਿਆਰੀ, ਜੋ ਧਰਮ ਪਤਨੀ ਸੀ ਤੇ ਲੇਖਕ ਨੂੰ ਅਧਵਾਟੇ ਛੱਡ ਤੁਰ ਗਈ। ਪਤਨੀ ਦਾ ਨਾਂ 'ਕੁਲਵੰਤੀ' ਸੀ ਤੇ ਉਸੇ ਦੇ ਨਾਂਅ 'ਤੇ ਪੁਸਤਕ ਦਾ ਨਾਂਅ ਰੱਖਿਆ ਗਿਆ ਹੈ।
ਪੁਸਤਕ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਮਲਕੀਅਤ ਸਿੰਘ 'ਸੁਹਲ' ਅੱਧੀ ਦਰਜਨ ਦੇ ਕਰੀਬ ਪੁਸਤਕਾਂ ਲਿਖ ਚੁੱਕੇ ਹਨ। ਹੁਣ ਵਾਲੀ ਪੁਸਤਕ ਵਿਚ ਸਮਾਜ ਦੇ ਵੱਖ-ਵੱਖ ਪਹਿਲੂਆਂ 'ਤੇ ਟਿੱਪਣੀ ਕਰਨ ਤੇ ਮਨ ਦੇ ਵਲਵਲੇ ਪ੍ਰਟਾਉਣ ਵਾਲੀਆਂ ਕਵਿਤਾਵਾਂ ਦਰਜ ਹਨ। ਲੇਖਕ ਦਾ ਸਮਾਜ ਪ੍ਰਤੀ ਆਪਣਾ ਨਜ਼ਰੀਆ ਹੈ ਤੇ ਟਿੱਪਣੀ ਕਰਨ ਦਾ ਵੱਖਰਾ ਅੰਦਾਜ਼। ਬਹੁਤੀਆਂ ਕਵਿਤਾਵਾਂ ਸਾਡੇ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ। ਕੁਝ ਇਕ ਵਿਚ ਨਿੱਜੀ ਪ੍ਰਗਟਾਵੇ ਹਨ। ਲੇਖਕ ਨੇ ਅੰਮ੍ਰਿਤ ਵੇਲੇ ਨੂੰ ਰੱਬ ਦਾ ਨਾਂਅ ਲੈਣ ਦਾ ਵੇਲਾ ਕਹਿੰਦਿਆਂ ਜਲਦੀ ਉੱਠਣ ਤੇ 'ਵਾਹਿਗੁਰੂ' ਦਾ ਜਾਪ ਕਰਨ ਲਈ ਕਿਹਾ ਹੈ :
ਹੋ ਗਿਆ ਅੰਮ੍ਰਿਤ ਵੇਲਾ,
ਤੂੰ ਹੋਰ ਨਾ ਕਰ ਕੁਵੇਲਾ।
ਅੰਮ੍ਰਿਤ ਵੇਲੇ ਪੜ੍ਹੇ ਜੋ ਬਾਣੀ,
ਹੋ ਜਾਏ ਜਨਮ ਸੁਹੇਲਾ।
'ਸੁਹਲ' ਨੂੰ ਕੁਦਰਤੀ ਸੋਮਿਆਂ ਨਾਲ ਬੇਹੱਦ ਪਿਆਰ ਹੈ। ਰੁੱਖਾਂ ਨੂੰ ਸੰਭਾਲਣ ਤੇ ਪਾਣੀ ਨੂੰ ਬਚਾਉਣ ਲਈ ਉਹ ਲੋਕਾਂ ਨੂੰ ਸੁਨੇਹਾ ਦਿੰਦੇ ਹਨ। ਉਹ ਜਾਣਦੇ ਹਨ ਕਿ ਕੁਦਰਤ ਵੱਲੋਂ ਜੋ ਦਾਤਾਂ ਬਖ਼ਸ਼ੀਆਂ ਗਈਆਂ ਹਨ, ਇਨ੍ਹਾਂ ਨੂੰ ਗੁਆਉਣਾ ਸਿਆਣਪ ਦੀ ਨਿਸ਼ਾਨੀ ਨਹੀਂ।
ਧੀਆਂ ਪੁੱਤਾਂ ਵਾਂਗਰ ਲੋਕੋ,
ਰੁੱਖਾਂ ਤਾਈਂ ਬਚਾਈਏ,
ਪਾਣੀ ਦੀ ਗੰਭੀਰ ਸਮੱਸਿਆ,
ਪਾਣੀ ਤਾਈਂ ਬਚਾਈਏ।
ਮੁਹੱਬਤੀ ਪ੍ਰਗਟਾਵੇ ਵਾਲੀਆਂ ਕੁਝ ਕਵਿਤਾਵਾਂ ਵੀ ਲੇਖਕ ਨੇ ਸੰਗ੍ਰਹਿ ਵਿਚ ਸ਼ਾਮਿਲ ਕੀਤੀਆਂ ਹਨ।
ਸੱਜਣਾ ਬਣ ਜਾ ਮਨ ਦਾ ਮੀਤ,
ਮੈਂ ਤੇਰਾ ਬਣ ਜਾਵਾਂ ਗੀਤ।
ਇਹ ਪੁਸਤਕ ਲੇਖਕ ਦੇ ਸਮਾਜ ਅਤੇ ਆਪਣੇ ਪਿਆਰੇ ਪ੍ਰਤੀ ਨਜ਼ਰੀਏ ਦਾ ਪ੍ਰਗਟਾਵਾ ਹੈ।

ਫ ਫ ਫ

ਭੁੱਲੀਆਂ ਵਿਸਰੀਆਂ ਯਾਦਾਂ
ਲੇਖਕ : ਸਵ: ਸਰਦਾਰ ਸਿੰਘ ਸੰਤਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195, ਸਫ਼ੇ : 58
ਸੰਪਰਕ : 0172-4608699

ਸਰਦਾਰ ਸਿੰਘ ਸੰਤਪੁਰੀ ਹੁਣ ਇਸ ਦੁਨੀਆ 'ਤੇ ਨਹੀਂ, ਪਰ ਉਨ੍ਹਾਂ ਦੀਆਂ ਲਿਖਤਾਂ ਸਾਡੇ ਸਾਹਮਣੇ ਹਨ। ਸਰਦਾਰ ਸਿੰਘ ਦਾ ਜਨਮ ਪਾਕਿਸਤਾਨ 'ਚ ਗੁਜਰਾਂਵਾਲਾ ਜ਼ਿਲ੍ਹੇ ਦੇ ਪਿੰਡ ਸੰਤਪੁਰਾ ਵਿਚ ਹੋਇਆ ਸੀ, ਇਸ ਲਈ ਉਨ੍ਹਾਂ ਨਾਂ ਨਾਲ ਤਖੱਲਸ ਸੰਤਪੁਰੀ ਜੋੜਿਆ। ਜ਼ਿੰਦਗੀ ਦਾ ਵੱਡਾ ਹਿੱਸਾ ਉਨ੍ਹਾਂ ਕਵਿਤਾ ਲਿਖੀ। ਜਦੋਂ ਉਹ ਤੁਰ ਗਏ ਤਾਂ ਉਨ੍ਹਾਂ ਦੀਆਂ ਕਵਿਤਾਵਾਂ ਉਨ੍ਹਾਂ ਦੇ ਭਰਾ ਗੁਰਚਰਨ ਸਿੰਘ ਬੇਦੀ ਵੱਲੋਂ ਇਕੱਠੀਆਂ ਕਰਕੇ ਜਿਲਦਬੱਧ ਕੀਤੀਆਂ ਗਈਆਂ ਤਾਂ ਜੋ ਭਰਾ ਦੀ ਯਾਦ ਤਾਜ਼ਾ ਰਹੇ ਅਤੇ ਰਚਨਾਵਾਂ ਪੜ੍ਹਨ ਵਿਚ ਸੌਖ ਵੀ ਰਹੇ।
ਸੰਤਪੁਰੀ ਦੀਆਂ ਬਹੁਤੀਆਂ ਕਵਿਤਾਵਾਂ ਧਾਰਮਿਕ ਹਨ, ਜਿਨ੍ਹਾਂ ਵਿਚ ਗੁਰਬਾਣੀ ਅਤੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ। ਕੁਝ ਕਵਿਤਾਵਾਂ ਪੰਜਾਬ ਪ੍ਰੇਮ ਨੂੰ ਦਰਸਾਉਂਦੀਆਂ ਹਨ ਅਤੇ ਇੱਕੜ-ਦੁੱਕੜ ਇਸ਼ਕੀਆ ਬਾਤ ਪਾਉਂਦੀਆਂ ਹਨ। ਕਿਤਾਬ ਕਵਿਤਾਵਾਂ, ਗੀਤਾਂ ਤੇ ਰੁਬਾਈਆਂ ਦਾ ਸੰਗ੍ਰਹਿ ਹੈ।
ਸਾਹਿਬਜ਼ਾਦਾ ਅਜੀਤ ਸਿੰਘ ਦੀ ਸ਼ਹੀਦੀ ਬਾਬਤ ਸੰਤਪੁਰੀ ਨੇ ਲਿਖਿਆ ਹੈ :
ਪਾ ਪੈਰ ਰਕਾਬੇ ਕੁੱਦਿਆ ਦਸਮੇਸ਼ ਦੁਲਾਰਾ,
ਉਸ ਥਾਪੀ ਲੈ ਕੇ ਪਿਤਾ ਤੋਂ ਕਰ ਲਿਆ ਤਿਆਰਾ।
ਸੱਜਣ ਦੀ ਸੱਜਣਤਾਈ ਨੂੰ ਚੇਤੇ ਕਰਕੇ ਸੰਤਪੁਰੀ ਭਾਵੁਕ ਹੋ ਜਾਂਦਾ ਹੈ। ਦਿਲ ਰੋਂਦਾ ਪ੍ਰਤੀਤ ਹੁੰਦਾ ਹੈ। ਸੱਜਣ ਬਿਨਾਂ ਖੁਸ਼ੀਆਂ ਨੂੰ ਸੰਨ੍ਹ ਲੱਗ ਜਾਂਦੀ ਹੈ। ਹਰ ਪਲ ਯਾਦ ਸਤਾਉਂਦੀ ਹੈ। ਇਸ ਭਾਵੁਕਤਾ ਵਿਚੋਂ ਕਵਿਤਾ ਫੁੱਟਦੀ ਹੈ:
ਫ਼ਿਕਰਾਂ ਸਾਡੇ ਲੁੱਟ ਲਏ ਹਾਸੇ,
ਅੱਜ ਦਿਲਬਰ ਵੀ ਮੈਨੂੰ ਆਖੇ,
ਨਾ ਤੂੰ ਮੇਰਾ ਨਾ ਮੈਂ ਤੇਰਾ,
ਮੇਰੀ ਦੁਨੀਆ ਵਿਚ ਹਨੇਰਾ।
ਸੰਤਪੁਰੀ ਭਾਵੇਂ ਸਾਡੇ ਦਰਮਿਆਨ ਨਹੀਂ, ਪਰ ਇਨ੍ਹਾਂ ਕਵਿਤਾਵਾਂ ਜ਼ਰੀਏ ਸਾਡੇ ਵਿੱਚ ਹੈ।

ਂਸਵਰਨ ਸਿੰਘ ਟਹਿਣਾ
ਮੋ: 98141-78883
ਫ ਫ ਫ

ਉਦਾਸੀ ਤੋਂ ਮੁਕਤੀ ਵੱਲ
ਲੇਖਕ : ਕੁਲਦੀਪ ਸਿੰਘ ਮੱਲਣ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 95307-23426
.

ਪੁਸਤਕ ਉਦਾਸੀ ਤੋਂ ਮੁਕਤੀ ਵੱਲ ਆਪਣੇ ਸਿਰਲੇਖ ਅਤੇ ਸਰਵਰਕ 'ਤੇ ਛਪੀ ਤਸਵੀਰ ਤੋਂ ਹੀ ਆਪਣੇ ਵਿਸ਼ੇ ਨੂੰ ਸਪੱਸ਼ਟ ਦਰਸਾਉਂਦੀ ਹੈ। ਨਿਰਸੰਦੇਹ ਉਦਾਸੀ ਮਨ ਦਾ ਇਕ ਅਜਿਹਾ ਮੌਸਮ ਹੈ, ਜਿਸ ਵਿਚ ਨਿਰਾਸ਼ਾ, ਦੁਬਿਧਾ ਅਤੇ ਬੇਬਸੀ ਦਾ ਆਲਮ ਹਰ ਪਾਸੇ ਛਾਇਆ ਨਜ਼ਰ ਆਉਂਦਾ ਹੈ। ਦੂਸਰੇ ਪਾਸੇ ਮੁਕਤੀ ਇਕ ਅਜਿਹੀ ਅਵਸਥਾ ਮੰਨੀ ਜਾਂਦੀ ਹੈ, ਜਿਸ ਵਿਚ ਪਰਮ ਅਨੰਦ ਦੀ ਪ੍ਰਾਪਤੀ ਦਾ ਅਹਿਸਾਸ ਹੁੰਦਾ ਹੈ। ਉਪਰੋਕਤ ਪੁਸਤਕ ਅਜਿਹੀਆਂ ਹੀ ਭਾਵਨਾਵਾਂ ਦੇ ਵਿਸ਼ਿਆਂ ਨਾਲ ਸਬੰਧਤ ਨਿਬੰਧਾਂ ਦਾ ਸੰਗ੍ਰਹਿ ਹੈ, ਜਿਸ ਵਿਚ ਲੇਖਕ ਨੇ ਵਾਰਤਕ ਸ਼ੈਲੀ ਰਾਹੀਂ ਆਪਣੇ ਵਿਚਾਰਾਂ ਦੀ ਸਾਂਝ ਪੁਆਈ ਹੈ। ਪੁਸਤਕ ਦੇ ਕੁਝ ਨਿਬੰਧ ਮਾਨਸਿਕ ਸਰੋਕਾਰਾਂ ਨਾਲ ਸਬੰਧਤ ਹਨ, ਜਿਨ੍ਹਾਂ ਵਿਚ ਚੜ੍ਹਦੀ ਕਲਾ, ਢਹਿੰਦੀ ਕਲਾ, ਖੁਸ਼ ਹੋਣ ਦਾ ਵਲ, ਤਨ ਮਨ ਦਾ ਸੁਹੱਪਣ, ਬੋਲਣ ਨਾਲੋਂ ਚੁੱਪ ਚੰਗੇਰੀ, ਮਨ ਦੇ ਵਿਹੜੇ ਦੀ ਪਰਿਕਰਮਾ, ਉਦਾਸੀ ਤੋਂ ਮੁਕਤੀ ਵੱਲ, ਨਿੱਕੀਆਂ ਗੱਲਾਂ ਵੱਡੇ ਅਰਥ ਆਦਿ ਵਿਚ ਲੇਖਕ ਨੇ ਖੂਬਸੂਰਤ ਸ਼ਬਦਾਂ ਅਤੇ ਉਦਾਹਰਨਾਂ ਰਾਹੀਂ ਮਨ ਦੀ ਅਵਸਥਾ ਨੂੰ ਜਾਣਨ, ਮਾਣਨ ਅਤੇ ਪਹਿਚਾਨਣ ਦੀ ਗੱਲ ਕੀਤੀ ਹੈ। ਸਮਾਜਿਕ ਸਰੋਕਾਰਾਂ ਨਾਲ ਸਬੰਧਤ ਵਿਸ਼ਿਆਂ ਵਿਚ ਜਿੱਥੇ ਲੇਖਕ ਨੇ ਆਪਣੀ ਸੰਜਮ ਭਰੀ ਵਾਰਤਕ ਰਾਹੀਂ ਪਰਵਾਸ, ਬੁਢਾਪਾ, ਪ੍ਰਦੂਸ਼ਿਤ ਹੋ ਰਿਹਾ ਪਾਣੀ, ਬਚਪਨ ਬਾਰੇ ਖੂਬਸੂਰਤੀ ਨਾਲ ਲਿਖਿਆ ਹੈ, ਉਥੇ ਹੀ ਉਹ ਆਧੁਨਿਕ ਸਮਾਜ ਦੀਆਂ ਕੁਝ ਸਮੱਸਿਆਵਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਇਨ੍ਹਾਂ ਵਿਚ ਭਰਮ-ਜਾਲ ਵਿਚ ਫਸੀ ਲੋਕਾਈ, ਪਾਠਕਾਂ ਦੀ ਘਟ ਰਹੀ ਗਿਣਤੀ ਅਤੇ ਪੁਸਤਕਾਂ ਦੀ ਵਧ ਰਹੀ ਛਪਾਈ, ਨਸ਼ਿਆਂ ਦੀ ਸਮੱਸਿਆ, ਪਿੰਡਾਂ ਦਾ ਸ਼ਹਿਰੀਕਰਨ, ਔਰਤਾਂ ਪ੍ਰਤੀ ਹਿੰਸਕ ਵਤੀਰਾ ਆਦਿ ਮੁੱਖ ਹਨ। ਲੇਖਕ ਬੱਚਿਆਂ ਦੇ ਬਚਪਨ ਬਾਰੇ ਚਿੰਤਾ ਜ਼ਾਹਰ ਕਰਦਾ ਹੈ, ਜੋ ਬਸਤੇ ਦੇ ਬੋਝ ਥੱਲੇ ਦੱਬਿਆ ਜਾ ਰਿਹਾ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਦੇ ਵੱਡੇ ਸਰੋਕਾਰਾਂ ਨਾਲ ਜੁੜੇ ਇਸ ਪੁਸਤਕ ਦੇ ਸਾਰੇ ਹੀ ਨਿਬੰਧ ਸਲਾਹੁਣਯੋਗ ਹਨ। ਅੱਜ ਜਦੋਂ ਮਸ਼ੀਨੀਕਰਨ ਅਤੇ ਸੰਵੇਦਨਹੀਣਤਾ ਦੇ ਦੌਰ ਵਿਚ ਮਨੁੱਖ ਆਪਣੇ ਦਾਇਰੇ ਅੰਦਰ ਸਿਮਟਦਾ ਜਾ ਰਿਹਾ ਹੈ, ਅਜਿਹੇ ਸਮੇਂ ਵਿਚ ਸੰਵੇਦਨਸ਼ੀਲ ਵਿਸ਼ਿਆਂ ਨੂੰ ਪੇਸ਼ ਕਰਦੀਆਂ ਪੁਸਤਕਾਂ ਦੀ ਪਾਠਕਾਂ ਨੂੰ ਬਹੁਤ ਜ਼ਰੂਰਤ ਹੈ।

ਂਡਾ: ਸੁਖਪਾਲ ਕੌਰ
ਮੋ: 97797-18007
ਫ ਫ ਫ

ਸੂਫ਼ੀਮਤ
ਵਿਚਾਰਧਾਰਾ ਵਿਕਾਸ ਅਤੇ ਸਿਲਸਿਲੇ

ਲੇਖਕ : ਪ੍ਰੋ: ਗੁਰਚਰਨ ਸਿੰਘ ਤਲਵਾੜਾ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 272
ਸੰਪਰਕ : 94634-63193
.

'ਸੂਫ਼ੀਮਤ, ਵਿਚਾਰਧਾਰਾ, ਵਿਕਾਸ ਅਤੇ ਸਿਲਸਿਲੇ' ਪੰਜਾਬੀ ਸੂਫ਼ੀ ਸਾਹਿਤ ਤੇ ਵਿਕਾਸ ਅਤੇ ਇਸ ਦੀਆਂ ਪ੍ਰਵਿਰਤੀਆਂ ਨੂੰ ਪੇਸ਼ ਕਰਦੀ ਪ੍ਰੋ: ਗੁਰਚਰਨ ਸਿੰਘ ਤਲਵਾੜਾ ਦੀ ਮਹੱਤਵਪੂਰਨ ਪੁਸਤਕ ਹੈ, ਜਿਸ ਵਿਚ ਅਧਿਐਨ ਕਰਤਾ ਨੇ 'ਸੂਫ਼ੀ' ਸ਼ਬਦ ਦੀ ਪਰਿਭਾਸ਼ਾ ਕਰਦਿਆਂ ਇਸ ਦੇ ਪੜਾਅਵਾਰ ਵਿਕਾਸ ਨੂੰ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਆਮ ਪਾਠਕ ਸੂਫ਼ੀਆਂ ਦੇ ਕੇਵਲ ਚਿਸ਼ਤੀ, ਸੁਹਰਾਵਰਦੀ, ਕਾਦਰੀ ਅਤੇ ਮਲਾਮਤੀ ਸਿਲਸਿਲਿਆਂ ਤੋਂ ਹੀ ਵਾਕਿਫ਼ ਹਨ ਪਰ ਇਸ ਪੁਸਤਕ ਵਿਚ ਲੇਖਕ ਦੇ ਸੂਫ਼ੀ ਮੱਤ ਦੇ ਆਰੰਭਕ ਪੜਾਅ ਦੇ ਸਿਲਸਿਲਿਆਂ ਦਾ ਜ਼ਿਕਰ ਕਰਦਿਆਂ ਭਾਰਤ ਵਿਚ ਸੂਫ਼ੀ ਸਿਲਸਿਲੇ ਅਤੇ ਇਨ੍ਹਾਂ ਦੇ ਉਪ-ਸਿਲਸਿਲਿਆਂ ਦਾ ਅਧਿਐਨ ਮੁਲਾਂਕਣ ਪੇਸ਼ ਕੀਤਾ ਹੈ।
ਸੂਫ਼ੀ ਮੱਤ ਦੀ ਵਿਚਾਰਧਾਰਾ ਦੇ ਤਹਿਤ ਸੂਫ਼ੀਆਂ ਦੁਆਰਾ ਰੱਬ ਨੂੰ ਇਕ ਮੰਨਣ (ਤੌਹੀਦ) ਕੁਫ਼ਰ ਦਾ ਵਿਰੋਧ, ਸਬਰ, ਸ਼ੁਕਰ, ਰਜ਼ਾ, ਹੰਕਾਰ ਤਿਆਗਣ, ਚੰਗੇ ਅਮਲਾਂ ਦਾ ਧਾਰਨੀ ਬਣਨ ਦੇ ਨਾਲ ਹੋਰ ਵੀ ਬਹੁਤ ਸਾਰੇ ਸੂਫ਼ੀ ਮੱਤ ਦੇ ਸਿਧਾਂਤਾਂ ਬਾਰੇ ਤਫ਼ਸੀਲ ਵਿਚ ਆਪਣਾ ਵਿਸ਼ਲੇਸ਼ਣ ਕਾਰਜ ਕੀਤਾ ਹੈ। ਇਥੇ ਇਹ ਗੱਲ ਵਰਨਣਯੋਗ ਹੈ ਕਿ ਜਦੋਂ ਲੇਖਕ ਕਿਸੇ ਹੋਰ ਲੇਖਕ ਦਾ ਇਸ ਮੱਤ ਬਾਰੇ ਹਵਾਲਾ ਪ੍ਰਸਤੁਤ ਕਰਦਾ ਹੈ ਤਾਂ ਉਸ ਨਾਲ ਸਹਿਮਤੀ ਜਾਂ ਅਸਹਿਮਤੀ ਨੂੰ ਸੰਵਾਦੀ ਸੁਰ ਵਿਚ ਪੇਸ਼ ਕਰਦਾ ਆਪਣੀ ਧਾਰਨਾ ਨੂੰ ਪ੍ਰਮਾਣਿਕ ਬਣਾਉਣ ਲਈ ਉਦਾਹਰਨਾਂ ਵੀ ਪੇਸ਼ ਕਰਦਾ ਹੈ। ਅਜੋਕੇ ਪੰਜਾਬ ਵਿਚ ਸੂਫ਼ੀਆਂ ਦੇ ਇਨ੍ਹਾਂ ਸਿਲਸਿਲਿਆਂ ਦੇ ਨਾਵਾਂ ਦੇ ਨਾਲ ਉਨ੍ਹਾਂ ਨੂੰ ਚਲਾਉਣ ਵਾਲੇ ਪੈਰੋਕਾਰਾਂ ਦੇ ਨਾਲ ਉਨ੍ਹਾਂ ਦੇ ਮੁਕੱਦਸ ਸਥਾਨਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਸਮੁੱਚੇ ਤੌਰ 'ਤੇ ਸੂਫ਼ੀ ਮੱਤ ਬਾਰੇ ਇਹ ਪੁਸਤਕ ਪੰਜਾਬੀ ਅਕਾਦਮਿਕ ਹਲਕਿਆਂ ਵਿਚ ਜ਼ਰੂਰ ਸੰਵਾਦ ਛੇੜੇਗੀ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਚਿਣਗ
ਸੰਪਾਦਕ : ਜਸਵੰਤ ਕੜਿਆਲ

ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ, ਭੀਖੀ (ਮਾਨਸਾ)
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94658-48736
.

ਸਾਂਝੀਆਂ ਸਾਹਿਤਕ ਰਚਨਾਵਾਂ ਦੇ ਸਾਂਝੇ ਸੰਗ੍ਰਹਿ ਪ੍ਰਕਾਸ਼ਨ ਕਰਵਾਉਣ ਦਾ ਇਕ ਉਦੇਸ਼ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਕੇ ਉਨ੍ਹਾਂ ਨੂੰ ਨਿਰੰਤਰ ਲਿਖਦੇ ਰਹਿਣ ਲਈ ਪ੍ਰੇਰਨਾ ਹੁੰਦਾ ਹੈ। 'ਚਿਣਗ' ਨਾਂਅ ਦਾ ਸਾਂਝਾ-ਸੰਗ੍ਰਹਿ ਵੀ ਗਿਆਰਾਂ ਅਜਿਹੇ ਕਲਮਕਾਰਾਂ, ਕਵੀਆਂ, ਕਵਿੱਤਰੀਆਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ, ਜਿਨ੍ਹਾਂ ਸਬੰਧੀ ਸੰਪਾਦਕ ਦੀ ਰਾਏ ਹੈ, 'ਇਹ ਕਵੀ ਕਾਵਿ-ਪਗਡੰਡੀ 'ਤੇ ਛੋਟੀਆਂ ਪੁਲਾਂਘਾਂ ਵੱਲ ਕਦਮ ਪੁੱਟ ਰਹੇ ਹਨ। ਜਿਨ੍ਹਾਂ ਕੋਲੋਂ ਕੱਚੇ ਦੁੱਧ ਵਰਗੀ ਮਹਿਕ ਆਉਂਦੀ ਹੈ। ਇਹ ਨੌਜਵਾਨ ਮੁੰਡੇ ਕੁੜੀਆਂ ਵਧੇਰੇ ਵਿਸ਼ੇਸ਼ ਗੁਣਾਂ ਤੇ ਯੋਗਤਾ ਦੇ ਪਾਤਰ ਹਨ। ਕਵਿਤਾ (ਸਾਹਿਤ) ਪੜ੍ਹਨ-ਲਿਖਣ ਦਾ ਸ਼ੌਕ, ਇਨ੍ਹਾਂ ਦੇ ਭਵਿੱਖਲੇ-ਜੀਵਨ ਨੂੰ ਚੇਤਨ, ਚਿੰਤਨਸ਼ੀਲ ਅਤੇ ਬੁੱਧੀਸ਼ੀਲ ਬਣਾ ਸਕਦਾ ਹੈ। ਇਨ੍ਹਾਂ ਰਚਨਾਵਾਂ ਦੇ ਰਚਣਹਾਰੇ ਨੌਜਵਾਨ ਮੁੰਡੇ-ਕੁੜੀਆਂ ਦੀਆਂ ਸਮੁੱਚੀਆਂ ਕਵਿਤਾਵਾਂ ਪੜ੍ਹ ਕੇ ਇਹ ਅਨੁਭਵ ਹੁੰਦਾ ਹੈ ਕਿ ਇਨ੍ਹਾਂ ਵਿਚੋਂ ਵਧੇਰੇ ਕਵੀ ਮਨ ਦੀਆਂ ਸੂਖ਼ਮ ਭਾਵਨਾਵਾਂ, ਵੇਦਨਾਵਾਂ ਅਤੇ ਭਾਵਾਂ-ਤਰੰਗਾਂ ਨੂੰ ਕਵਿਤਾਉਣ ਦੀ ਜੁਗਤ ਸਮਝ ਰਹੇ ਹਨ। ਭਾਵੇਂ ਉਨ੍ਹਾਂ ਦੇ ਅਨੁਭਵ ਵਿਲੱਖਣ ਕਿਉਂ ਨਾ ਹੋਣ, ਜੋ ਕਾਵਿ ਦੇ ਜ਼ਰੂਰੀ ਲੱਛਣ ਹੁੰਦੇ ਹਨ, ਪਰੰਤੂ ਇਨ੍ਹਾਂ ਕਵਿਤਾਵਾਂ ਵਿਚ ਕਵੀਆਂ ਦੇ ਅਨੁਭਵ ਦੀ ਨਵੀਨਤਾ ਨਜ਼ਰ ਆਉਂਦੀ ਹੈ। ਵਧੇਰੇ ਕਵੀ ਅਨਾਤਮਜਗਤ-ਪਾਸਾਰੇ ਵਿਚ ਫੈਲੀ ਬਦਅਮਨੀ, ਭੁੱਖ, ਗ਼ਰੀਬੀ, ਬਿਮਾਰੀ, ਆਤੰਕ ਪ੍ਰਤੀ ਚਿੰਤਤ ਤੇ ਸੁਚੇਤ ਹਨ। ਇਸ ਚਿੰਤਤ-ਅਨੁਭਵ ਨੂੰ ਅਭਿਵਿਅਕਤ ਕਰਨ ਸਮੇਂ ਉਹ ਅਸ਼ਾਂਤ ਜ਼ਰੂਰ ਹਨ, ਜਿਵੇਂ ਕੁਝ ਕਵਿਤਾਵਾਂ ਮਨ ਨੂੰ ਟੁੰਭਦੀਆਂ ਸਥਾਈ ਪ੍ਰਭਾਵ ਛੱਡ ਜਾਂਦੀਆਂ ਹਨ, 'ਬਾਲ ਦਿਵਸ', 'ਹੇ ਬਾਬਾ' (ਗੁਰਪ੍ਰੀਤ ਸਿੰਘ), 'ਗੁਰਬਤ ਨਵਾਂ ਸਾਲ' (ਗੁਰਿੰਦਰ ਸਿੰਘ ਰੱਤੀ) ਆਦਿ ਇਨ੍ਹਾਂ ਨਵੀਆਂ ਕਲਮਾਂ ਦੇ ਨਵੇਂ ਸੁਨੇਹੇ ਹਨ। ਸਮੁੱਚੀਆਂ ਕਵਿਤਾਵਾਂ ਦੇ ਪਾਠ ਤੋਂ ਪ੍ਰਾਪਤ ਅਨੁਭਵ, ਲੋਕ ਮਾਨਸ ਦਾ ਸਮੂਹਕ-ਅਨੁਭਵ ਹੈ, ਕਿ ਇਹ ਕਾਵਿ-ਕਿਰਤਾਂ ਵਿਚ ਪੰਜਾਬੀ ਕਵੀਆਂ ਦੀ ਭਵਿੱਖਵਾਦੀ ਨੁਹਾਰ ਪ੍ਰਤੀਬਿੰਬਤ ਹੁੰਦੀ ਹੈ। ਇਨ੍ਹਾਂ ਕਵਿਤਾਵਾਂ ਵਿਚ ਭਿੰਨ-ਭਿੰਨ ਵਿਸ਼ਿਆਂ ਦੀ ਅਭਿਵਿਅਕਤੀ ਵੀ ਹੈ, ਤੇ ਸੰਭਾਵਤ, ਅਨੇਕ ਅਨੁਭਵਾਂ ਦਾ ਸੰਗ੍ਰਹਿ ਵੀ ਹੈ।

ਫ ਫ ਫ

ਬੇਵਸੀ
ਲੇਖਕ : ਸੁਖਮਿੰਦਰ ਸਿੰਘ ਚੰਦਨ
ਪ੍ਰਕਾਸ਼ਕ : ਐਲ. ਕੇ. ਪਬਲਿਸ਼ਰਜ਼, ਮੁਹਾਲੀ
ਸਫ਼ੇ : 60
ਸੰਪਰਕ : 97795-54684

ਇਸ ਕਾਵਿ-ਸੰਗ੍ਰਹਿ ਵਿਚ ਵਧੇਰੇ ਗੀਤ-ਨੁਮਾ ਰਚਨਾਵਾਂ ਹਨ, ਜਿਨ੍ਹਾਂ ਵਿਚ ਕਵੀ ਆਪਣੇ ਮਨ ਦੀ ਵੇਦਨਾ ਨੂੰ ਸੰਵੇਦਨਾ ਬਣਾ ਕੇ ਤੇ ਆਪਣੇ ਭਾਵਕੀ-ਮਨੋਭਾਵਾਂ ਨੂੰ ਭਿੰਨ-ਭਿੰਨ ਵਿਸ਼ੇ ਬਣਾ ਕੇ ਪੇਸ਼ ਕਰਦਾ ਹੈ। ਕਵੀ ਦੀ ਨਿੱਜੀ ਵੇਦਨਾ ਅਸੀਮ ਹੈ, ਕਦੇ ਚਿੱਤ ਨਹੀਂ ਲਗਦਾ, ਕਦੇ ਨਿਰਾਸ਼ਤਾ ਵਿਚ ਸ਼ਹਿਰ ਛੱਡਣ ਦਾ ਖਿਆਲ ਆਉਂਦਾ ਹੈ। ਕਦੇ ਦਿਲਦਾਰ ਬਣਨ ਲਈ ਤੜਪਦਾ ਹੈ। ਕਦੇ ਮਹਿਬੂਬਾ ਜਦ ਨਜ਼ਰ ਨਹੀਂ ਆਉਂਦੀ ਤਾਂ ਮਨ ਉਚਾਟਦਾ ਹੈ। ਕਦੇ ਕਵੀ ਔਰਤਾਂ ਦੇ ਰੂਪ (ਹੁਸਨ) ਕਰਕੇ ਉਨ੍ਹਾਂ ਦਾ ਕਦਰਦਾਨ ਹੈ ਆਦਿ ਅਜਿਹੇ ਉਪਭਾਵਕੀ ਭਾਵਨਾਵਾਂ ਨਾਲ ਓਤਪੋਤ ਇਸ ਸੰਗ੍ਰਹਿ ਦੇ ਗੀਤ ਹਨ, ਜਿਨ੍ਹਾਂ ਅਸੀਂ ਚੜ੍ਹਦੀ ਜਵਾਨੀ ਦੇ ਅਲਬੇਲੇ ਮੁੰਡਿਆਂ-ਕੁੜੀਆਂ ਲਈ ਲਿਖੇ ਗੀਤ ਕਹਿ ਸਕਦੇ ਹਾਂ। ਸ਼ਿਕਵੇ ਉਲਾਂਭੇ, ਟੁੱਟੇ-ਦਿਲ, ਰੋਣਾ, ਵਿਰਲਾਪ, ਵਿਯੋਗ ਦੇ ਹੰਝੂ, ਇਨ੍ਹਾਂ ਗੀਤਾਂ ਦਾ ਸ਼ਿੰਗਾਰ ਬਣਦੇ ਹਨ। ਉਦਾਸੀ ਨਿਰਾਸ਼ਾ, ਮਰਨ, ਮੌਤ, ਸ਼ਿਕਵੇ ਨਿਹੋਰੇ ਇਨ੍ਹਾਂ ਗੀਤਾਂ ਵਿਚ ਪੜ੍ਹ ਕੇ ਅਸੀਂ ਸੋਚਣ 'ਤੇ ਮਜਬੂਰ ਹੁੰਦੇ ਹਾਂ, ਕਿ ਜ਼ਿੰਦਗੀ ਵਿਚ ਹੁਸਨ ਇਸ਼ਕ, ਮਿਲਣ, ਵਿਛੜਨ, ਤੜਪਣ ਤੋਂ ਇਲਾਵਾ ਹੋਰ ਬਹੁਤ ਸਾਰੇ ਦੁੱਖ ਹਨ, ਸਮੱਸਿਆਵਾਂ ਹਨ। ਕੁਝ ਗੀਤ ਅੱਜ ਦੇ ਪਦਾਰਥਵਾਦੀ ਸਮੇਂ ਵਿਚ ਸਮਾਜ ਦੀ ਬਦਲਦੀ ਨੁਹਾਰ ਵਿਚ ਬਦਲਦੇ ਅਮਾਨਵੀ ਹਾਲਾਤ ਦੀ ਝਲਕ ਪੇਸ਼ ਕਰਦੇ ਹਨ, ਜਿਵੇਂ ਚਿੱਤ ਨਹੀਂ ਲਗਦਾ, ਬੰਦਾ ਇਕ ਵਿਉਪਾਰ, ਚੰਡੀਗੜ੍ਹ ਸ਼ਹਿਰ ਦੇ ਨਾਂਅ, ਖਾਂਦੀ ਜਾ ਰਹੀ ਦੇਸ਼, ਪੁੱਤਾ ਪ੍ਰਦੇਸੀਆ ਆਦਿ ਨਹੀਂ ਤਾਂ ਬਾਕੀ ਵਧੇਰੇ ਗੀਤ 'ਕੁੜੀ ਪਤਾਸ਼ੇ ਵਰਗੀ' ਦੇ ਆਲੇ-ਦੁਆਲੇ ਰਾਸ ਰਚਾਉਂਦੇ ਹਨ। ਸੁਖਮਿੰਦਰ ਚੰਦਨ ਕੋਲ ਗੀਤ ਪ੍ਰਗੀਤ ਦੀ ਸੰਰਚਨਾ ਦੀ ਕਲਾਤਮਕ ਸੂਝ ਹੈ। ਸ਼ਬਦ ਹਨ, ਲੈਅ, ਤਾਲ ਅਤੇ ਵਿਧੀ ਬਣਤਰ ਲਈ ਕਲਾਤਮਕ ਜੁਗਤ ਹੈ।

ਂਡਾ: ਅਮਰ ਕੋਮਲ
ਮੋ: 84378-73565
ਫ ਫ ਫ

23-10-2016

 ਗੁਰਬਿਲਾਸ ਪਾਤਿਸਾਹੀ ਦਸਮੀ
(ਕ੍ਰਿਤ ਭਾਈ ਸੁੱਖਾ ਸਿੰਘ)
ਸੰਪਾਦਨ ਅਤੇ ਪਾਠ ਮੂਲਕ ਅਧਿਐਨ : ਡਾ: ਮਨਵਿੰਦਰ ਸਿੰਘ
ਪ੍ਰਕਾਸ਼ਕ : ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
ਮੁੱਲ : 650 ਰੁਪਏ, ਸਫ਼ੇ : 505.

ਸਿੱਖ ਸਰੋਤਾਂ ਦਾ ਸੰਪਾਦਨ ਅਤੇ ਉਨ੍ਹਾਂ ਦਾ ਸ਼ੁੱਧ ਪਾਠ ਪਾਠਕਾਂ ਅਤੇ ਖੋਜੀਆਂ ਲਈ ਪ੍ਰਸਤੁਤ ਕਰਨ ਦੀ ਮਹੱਤਤਾ ਸ਼ੁਰੂ ਤੋਂ ਹੀ ਬਣੀ ਰਹੀ ਹੈ। ਅਜਿਹੀ ਹੀ 1797 ਈ: ਵਿਚ ਭਾਈ ਸੁੱਖਾ ਸਿੰਘ ਦੁਆਰਾ ਲਿਖੀ ਗਈ ਰਚਨਾ ਗੁਰਬਿਲਾਸ ਪਾਤਸ਼ਾਹੀ ਦਸਵੀਂ ਹੈ, ਜਿਸ ਨੂੰ ਕਿ ਡਾ: ਮਨਵਿੰਦਰ ਸਿੰਘ ਨੇ ਲਗਪਗ 16 ਹੱਥ-ਲਿਖਤ ਖਰੜਿਆਂ ਦਾ ਅਧਿਐਨ ਕਰਕੇ ਸਭ ਤੋਂ ਪੁਰਾਤਨ ਖਰੜਿਆਂ ਨੂੰ ਆਧਾਰ ਬਣਾ ਕੇ ਸ਼ੁੱਧ ਅਤੇ ਪ੍ਰਮਾਣਿਕ ਪਾਠ ਪਾਠਕਾਂ ਅਤੇ ਖੋਜੀਆਂ ਦੇ ਸਨਮੁਖ ਕੀਤਾ ਹੈ।
ਪੁਸਤਕ ਵਿਚ ਲੇਖਕ, ਰਚਨਾ ਕਾਲ, ਰਚਨਾ ਸਥਾਨ, ਸਮਕਾਲੀਨ ਪ੍ਰਸਥਿਤੀਆਂ ਅਤੇ ਗੁਰਬਿਲਾਸ ਦੀ ਇਤਿਹਾਸਿਕਤਾ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ। ਇਸ ਰਚਨਾ ਦਾ ਲੇਖਕ ਸੁੱਖਾ ਸਿੰਘ ਕੇਸਗੜ੍ਹ ਸਾਹਿਬ ਦਾ ਗਿਆਨੀ ਸੀ ਅਤੇ ਉਸ ਦੇ ਜੀਵਨ ਸਬੰਧੀ ਤੱਥਾਂ ਦੀ ਗਹਿਰਾਈ ਤੱਕ ਜਾਣ ਲਈ ਸੰਪਾਦਕ ਨੇ ਸਰਕਾਰੀ ਗਜ਼ਟਾਂ, ਪਟਵਾਰਖਾਨੇ ਦੇ ਰਿਕਾਰਡ, ਅਨੰਦਪੁਰ ਸਾਹਿਬ ਦੇ ਕਮੇਟੀਆਂ ਦੇ ਰਿਕਾਰਡ, ਅਨੰਦਪੁਰ ਸਾਹਿਬ ਦੇ ਸਥਾਪਤ ਸੋਢੀਆਂ ਅਤੇ ਬੇਦੀਆਂ ਦੇ ਪਰਿਵਾਰਾਂ ਤੱਕ ਵੀ ਪਹੁੰਚ ਕੀਤੀ ਹੈ, ਜਿਸ ਤੋਂ ਸੰਪਾਦਕ ਦੀ ਲਗਨ ਅਤੇ ਪ੍ਰਤੀਬੱਧਤਾ ਦਾ ਪਤਾ ਚਲ ਜਾਂਦਾ ਹੈ।
ਗੁਰਬਿਲਾਸ ਦੀ ਇਤਿਹਾਸਿਕਤਾ ਵਾਲੇ ਅਧਿਆਇ ਵਿਚ ਸੰਪਾਦਕ ਨੇ ਸਮੁੱਚੀ ਰਚਨਾ ਵਿਚਲੇ 31 ਅਧਿਆਇਆਂ ਵਿਚ ਆਈਆਂ ਘਟਨਾਵਾਂ ਦਾ ਸੰਖੇਪ ਵਰਨਣ ਕੀਤਾ ਹੈ ਅਤੇ ਇਨ੍ਹਾਂ ਘਟਨਾਵਾਂ ਦਾ ਹੋਰਨਾਂ ਸਰੋਤਾਂ ਜਿਵੇਂ ਕਿ ਗੁਰ ਸੋਭਾ ਮਹਿਮਾ ਪ੍ਰਕਾਸ਼, ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਆਦਿ ਨਾਲ ਤੁਲਨਾਤਮਕ ਅਧਿਐਨ ਫੁੱਟ ਨੋਟਾਂ ਵਿਚ ਕੀਤਾ ਹੈ, ਜਿਸ ਦੇ ਨਾਲ ਇਸ ਰਚਨਾ ਨੂੰ ਹੋਰ ਇਤਿਹਾਸਕ ਸਰੋਤਾਂ ਦੀ ਰੌਸ਼ਨੀ ਵਿਚ ਸਮਝਣ ਲਈ ਆਸਾਨੀ ਅਤੇ ਸਾਰਥਿਕਤਾ ਪੈਦਾ ਹੋ ਗਈ ਹੈ।
ਰਚਨਾ ਵਿਚ ਆਈਆਂ ਪ੍ਰਮੁੱਖ ਸੂਚਨਾਵਾਂ ਇਸ ਪੁਸਤਕ ਦੇ ਨਾਮਵਲੀ, ਸਥਾਨਾਵਲੀ, ਅਰਥਾਵਲੀ, ਸਮਤਾਵਲੀ ਅਤੇ ਇੰਡੈਕਸ ਭਾਗ ਬਣੇ ਹਨ, ਜਿਹੜੇ ਕਿ ਇਸ ਪੁਸਤਕ ਦੀ ਸਾਰਥਿਕਤਾ ਨੂੰ ਹੋਰ ਵੀ ਵਧਾਉਂਦੇ ਹਨ।
ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਸ ਰਚਨਾ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਸਬੰਧੀ ਅਜਿਹੇ ਤੱਥ ਮਿਲਦੇ ਹਨ, ਜੋ ਕਿਸੇ ਹੋਰ ਰਚਨਾ ਵਿਚ ਵਿਸਥਾਰ-ਪੂਰਵਕ ਨਾ ਮਿਲਣ ਕਾਰਨ ਦੁਰਲੱਭ ਸਿੱਧ ਹੁੰਦੇ ਹਨ। ਇਹ ਰਚਨਾ ਗੁਰਸੋਭਾ ਦੁਆਰਾ ਛੋਹੇ ਗਏ ਵਿਸ਼ਿਆਂ ਨੂੰ ਵਿਸਥਾਰ ਸਹਿਤ ਵਰਨਣ ਕਰਨ ਵਿਚ ਸਹਾਈ ਹੁੰਦੀ ਹੈ। ਖ਼ਾਲਸੇ ਦੀ ਸਿਰਜਣਾ ਨਾਲ ਜੁੜੀਆਂ ਘਟਨਾਵਾਂ ਅਤੇ ਖ਼ਾਲਸੇ ਦੀ ਰਹਿਤ ਸਬੰਧੀ ਵੀ ਲੇਖਕ ਨੇ ਵਡਮੁੱਲੀ ਜਾਣਕਾਰੀ ਦਿੱਤੀ ਹੈ। ਸਮੁੱਚੀ ਰਚਨਾ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਪਹਾੜੀ ਰਾਜਿਆਂ ਅਤੇ ਮੁਗਲਾਂ ਨਾਲ ਸੰਘਰਸ਼ ਦੇ ਨਾਲ-ਨਾਲ ਖ਼ਾਲਸਾ ਕਾਲ ਦੀਆਂ ਲੜਾਈਆਂ ਨੂੰ ਵਿਸਥਾਰ ਸਹਿਤ ਸਮਝਿਆ ਜਾ ਸਕਦਾ ਹੈ।

-ਡਾ: ਜੋਧ ਸਿੰਘ
ਮੋ: 98159-14691

c c c

ਲਹੂ ਲੁਹਾਣ ਪੰਜਾਬ
ਲੇਖਕ : ਅਮੋਲਕ ਸਿੰਘ ਜਸਪਾਲ ਜੱਸੀ
ਪ੍ਰਕਾਸ਼ਕ : ਸੁਰਖ ਲੀਹ ਪ੍ਰਕਾਸ਼ਨ, ਰਾਮਪੁਰਾ ਫੂਲ (ਬਠਿੰਡਾ)
ਮੁੱਲ : 120 ਰੁਪਏ, ਸਫ਼ੇ : 144
ਸੰਪਰਕ : 94170-76735.

'ਲਹੂ ਲੁਹਾਣ ਪੰਜਾਬ' ਅਮੋਲਕ ਸਿੰਘ ਅਤੇ ਜਸਪਾਲ ਜੱਸੀ ਦੀ ਅਜਿਹੀ ਪੁਸਤਕ ਹੈ, ਜਿਸ ਵਿਚ ਲੇਖਕਾਂ ਨੇ ਪੰਜਾਬ ਦੇ ਉਸ ਖੂਨੀ ਦੌਰ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ, ਜਿਸ ਨਾਲ ਪੰਜਾਬ ਵਿਚ ਪੈਦਾ ਹੋਇਆ ਸੰਕਟ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਵਿਦਮਾਨ ਦਿਖਾਈ ਦਿੰਦਾ ਹੈ।
ਲੇਖਕਾਂ ਅਨੁਸਾਰ ਭਾਵੇਂ ਪੰਜਾਬ ਵਿਚ ਹਕੂਮਤੀ ਜਬਰ ਸੀ ਜਾਂ ਫਿਰ ਅੱਤਵਾਦ ਦਾ ਦਾਬਾ ਸੀ, ਉਸ ਨਾਲ ਲਹੂ-ਲੁਹਾਣ ਤਾਂ ਪੰਜਾਬ ਹੀ ਹੋਇਆ ਹੈ, ਜਿਸ ਨਾਲ ਪੰਜਾਬ ਦਾ ਸਰਬਪੱਖੀ ਵਿਨਾਸ਼ ਹੋਇਆ ਅਤੇ ਵਿਕਾਸ ਰੁਕਿਆ। ਪੰਜਾਬ ਸਮੱਸਿਆ ਦੀ ਪਿੱਠ ਭੂਮੀ ਉਲੀਕਦਿਆਂ ਲੇਖਕਾਂ ਨੇ ਪੰਜਾਬ ਵਿਚ ਜਾਤੀ ਫ਼ਿਰਕਾਪ੍ਰਸਤੀ ਤਹਿਤ ਹੋਏ ਕਤਲਾਂ ਦਾ ਵੇਰਵਾ ਦੇਣ ਦੇ ਨਾਲ-ਨਾਲ ਹਕੂਮਤ ਦੁਆਰਾ ਨਿਰਦੋਸ਼ ਲੋਕਾਂ ਦੇ ਢਾਹੇ ਜਬਰ ਅਤੇ ਜ਼ੁਲਮ ਦਾ ਵੇਰਵਾ ਵੀ ਸੰਨ, ਮਿਤੀਆਂ, ਸਥਾਨ ਮੁਤਾਬਿਕ ਦੇਣ ਦਾ ਉਪਰਾਲਾ ਕੀਤਾ ਹੈ।
ਇਸ ਦੌਰਾਨ ਕਮਿਊਨਿਸਟ ਲਹਿਰ ਨਾਲ ਜੁੜੇ ਵਿਅਕਤੀਆਂ ਦੀ ਦਲੇਰੀ ਅਤੇ ਕੁਰਬਾਨੀ ਬਾਰੇ ਵੀ ਜ਼ਿਕਰ ਕੀਤਾ ਹੈ। ਆਮ ਸਾਧਾਰਨ ਲੋਕਾਂ ਦੀ ਜ਼ਿਹਨੀਅਤ ਵਿਚ ਪੈਦਾ ਹੋਏ ਡਰ ਅਤੇ ਖੌਫ਼ ਦੇ ਨਾਲ-ਨਾਲ ਲੇਖਕਾਂ ਨੇ ਉਨ੍ਹਾਂ ਲੋਕਾਂ ਦਾ ਜ਼ਿਕਰ ਵੀ ਛੇੜਿਆ ਹੈ, ਜਿਨ੍ਹਾਂ ਨੇ ਇਸ ਦੌਰ ਦੌਰਾਨ ਆਪਣੀ ਰੱਖਿਆ ਹਥਿਆਰਬੰਦ ਹੋ ਕੇ ਕੀਤੀ। ਲੇਖਕਾਂ ਨੇ ਇਸ ਦੌਰਾਨ ਦੀਆਂ ਘਟਨਾਵਾਂ ਨੂੰ ਪੇਸ਼ ਕਰਨ ਦੇ ਨਾਲ-ਨਾਲ ਆਪਣੇ ਨਜ਼ਰੀਏ ਤੋਂ ਇਸ ਦਾ ਵਿਸ਼ਲੇਸ਼ਣ ਕਰਨ ਦਾ ਵੀ ਯਤਨ ਕੀਤਾ ਹੈ।
ਸਮੁੱਚੇ ਤੌਰ 'ਤੇ ਲੇਖਕ ਇਸ ਸਿੱਟੇ 'ਤੇ ਪਹੁੰਚਦੇ ਹਨ ਕਿ ਪੰਜਾਬ ਤੋਂ ਬਾਹਰ ਵਸਦੇ ਪੰਜਾਬੀ ਵੀ ਇਸ ਸਮੱਸਿਆ ਨਾਲ ਪ੍ਰਭਾਵਿਤ ਹੋਏ ਪਰ ਕਿਸੇ ਵੀ ਜਬਰ ਦਾ ਟਾਕਰਾ ਸੰਘਰਸ਼ਸ਼ੀਲ ਹੋ ਕੇ ਅਤੇ ਚੇਤੰਨ ਹੋ ਕੇ ਹੀ ਕੀਤਾ ਜਾ ਸਕਦਾ ਹੈ।

-ਡਾ: ਸਰਦੂਲ ਸਿੰਘ ਔਜਲਾ
ਮੋ: 98141-68611.

c c c

ਮਨ ਮੰਦਿਰ
ਸ਼ਾਇਰ :ਬਲਵਿੰਦਰ ਸਿੰਘ ਜੰਮੂ
ਪ੍ਰਕਾਸ਼ਕ : ਲੇਖਕ, ਗਾਡੀਗੜ੍ਹ (ਜੰਮੂ)
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : 094196-36562.

ਬਲਵਿੰਦਰ ਸਿੰਘ ਜੰਮੂ ਭਾਵੇਂ ਉਮਰ ਦੇ ਛੇ ਦਹਾਕੇ ਪਾਰ ਕਰ ਚੁੱਕਾ ਹੈ ਪਰ ਇਹ ਕਾਵਿ ਸੰਗ੍ਰਹਿ ਉਸ ਦੀ ਪਹਿਲੀ ਪੁਸਤਕ ਹੈ। ਇਸ ਦਾ ਕਾਰਨ ਉਸ ਦਾ ਕਾਫ਼ੀ ਪਛੜ ਕੇ ਲਿਖਣਾ ਸ਼ੁਰੂ ਕਰਨਾ ਹੈ। ਉਹ ਆਪ ਭਾਵੇਂ ਬਜ਼ੁਰਗੀ ਦਾ ਸਫ਼ਰ ਸ਼ੁਰੂ ਕਰ ਚੁੱਕਾ ਹੈ ਪਰ ਉਸ ਦਾ ਕਾਵਿ ਸਫ਼ਰ ਅਜੇ ਬਚਪਨ ਵਿਚ ਹੈ। ਇਸ ਦਾ ਲਾਭ ਇਹ ਹੈ ਕਿ ਉਸ ਕੋਲ ਆਪਣੀ ਜ਼ਿੰਦਗੀ ਦਾ ਚੋਖਾ ਤਜਰਬਾ ਹੈ ਤੇ ਸੇਵਾ-ਮੁਕਤ ਹੋ ਕੇ ਸਾਹਿਤ ਸਿਰਜਣਾ ਲਈ ਵਿਹਲ ਹੈ। ਸ਼ਾਇਰ ਆਪਣੀ ਪੁਸਤਕ ਦੀ ਸ਼ੁਰੂਆਤ ਬੰਦਨਾ ਨਾਲ ਕਰਦਾ ਹੈ ਜਿਸ ਵਿਚ ਉਹ ਦਾਤਾਰ ਅੱਗੇ ਆਪਣੀ ਕਲਮ ਵਿਚ ਹੋਰ ਨਿਖਾਰ ਦੀ ਮੰਗ ਕਰਦਾ ਹੈ। ਉਹ ਚਾਹੁੰਦਾ ਹੈ ਕਿ ਉਸ ਨੂੰ ਮਿਆਰੀ ਰਚਨਾਵਾਂ ਲਿਖਣ ਦਾ ਉਤਸ਼ਾਹ ਅਤੇ ਬਲ ਮਿਲੇ। ਦੂਸਰੀ ਕਵਿਤਾ 'ਕਰਾਂ ਅਰਜੋਈ' ਵਿਚ ਉਹ ਹਰ ਵਿਹੜੇ ਵਿਚ ਖ਼ੁਸ਼ਹਾਲੀ ਦੀ ਕਾਮਨਾ ਕਰਦਾ ਹੈ ਤੇ ਹਮੇਸ਼ਾ ਨਾਮ ਦੀ ਖ਼ੁਮਾਰੀ ਦੀ ਲੋਚਾ ਰੱਖਦਾ ਹੈ। 'ਬੁੱਲ੍ਹਾਂ 'ਤੇ ਮੁਸਕਾਨ' ਵਿਚ ਉਹ ਹਰ ਕਿਸੇ ਦੇ ਚਿਹਰੇ 'ਤੇ ਮੁਸਕਾਨ ਦੇਖਣ ਦੀ ਤਮੰਨਾ ਰੱਖਦਾ ਹੈ। ਇੰਜ ਉਸ ਦੀਆਂ ਬਹੁਤੀਆਂ ਕਵਿਤਾਵਾਂ ਰੱਬ ਦੀ ਉਸਤਤ ਵਿਚ ਹਨ ਤੇ ਸਮੁੱਚੀ ਦੁਨੀਆ ਦੇ ਭਲੇ ਦੀ ਕਾਮਨਾ ਕਰਦੀਆਂ ਹਨ। ਕਵਿਤਾ 'ਮਾਂ' ਵਿਚ ਉਸ ਨੇ ਮਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਹੈ। ਸ਼ਾਇਰ ਮਾਂ ਬੋਲੀ ਨਾਲ ਮੁਹੱਬਤ ਪਾਲਣ ਵਾਲਾ ਹੈ ਤੇ ਉਹ ਆਪਣੀ ਜ਼ਬਾਨ ਨੂੰ ਨਾ ਭੁੱਲਣ ਦਾ ਹੋਕਾ ਦਿੰਦਾ ਹੈ। ਨਸ਼ਿਆਂ ਵਿਚ ਗ਼ਲਤਾਨ ਜਵਾਨੀ ਦਾ ਉਸ ਨੂੰ ਫਿਕਰ ਹੈ ਤੇ ਉਹ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਤਾਕੀਦ ਕਰਦਾ ਹੈ। 'ਆਜ਼ਾਦੀ' ਕਵਿਤਾ ਵਿਚ ਉਹ ਹਾਸਲ ਕੀਤੀ ਆਜ਼ਾਦੀ ਦੀ ਅਦਾ ਕੀਤੀ ਕੀਮਤ ਦਾ ਵਰਨਣ ਕਰਦਾ ਹੈ ਤੇ ਉਸ ਦੀਆਂ ਕੁਝ ਹੋਰ ਰਚਨਾਵਾਂ ਵੀ ਦੇਸ਼ ਪਿਆਰ ਨਾਲ ਓਤ ਪੋਤ ਹਨ। ਸ਼ਾਇਰ ਹਨੇਰਿਆਂ ਵਿਚ ਦੀਵੇ ਜਗਾਉਣ ਦਾ ਮੁਦਈ ਹੈ ਤੇ ਹਰ ਪਾਸੇ ਰੌਸ਼ਨੀ ਦੇਖਣਾ ਚਾਹੁੰਦਾ ਹੈ। ਉਹ ਤਮਾਮ ਰਿਸ਼ਤੇਦਾਰੀਆਂ ਨੂੰ ਸਵਾਰਥੀ ਸਮਝਦਾ ਹੈ। ਬਲਵਿੰਦਰ ਸਿੰਘ ਜੰਮੂ ਆਪਣੀਆਂ ਕਵਿਤਾਵਾਂ ਵਿਚ ਦੁਨੀਆ ਨੂੰ ਮੌਕਾਪ੍ਰਸਤ ਤੇ ਪੈਸੇ ਪਿੱਛੇ ਦੌੜਨ ਵਾਲੀ ਸਮਝਦਾ ਹੈ। ਉਸ ਦੀ ਸ਼ਾਇਰੀ ਦੇ ਬਹੁਤੇ ਵਿਸ਼ੇ ਪਹਿਲਾਂ ਵੀ ਵਾਰ-ਵਾਰ ਅਪਣਾਏ ਜਾ ਚੁੱਕੇ ਹਨ। ਇੰਜ ਸ਼ਾਇਰ ਦੀ ਸ਼ਾਇਰੀ ਸਾਫ਼-ਸੁਥਰੀ ਦੁਨੀਆ ਸਿਰਜਣ ਦੁਆਲੇ ਕੇਂਦਰਿਤ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਉਪਦੇਸ਼ਕ ਤੇ ਸੁਧਾਰਵਾਦੀ ਹਨ। ਜੰਮੂ ਦੇ ਕਲਮੀ ਸਫ਼ਰ ਨੂੰ ਅਜੇ ਲੰਬਾ ਸਮਾਂ ਨਹੀਂ ਹੋਇਆ ਤੇ ਇਸ ਪੁਸਤਕ ਵਿਚ ਰਹਿ ਗਈਆਂ ਕਮੀਆਂ ਉਹ ਅਗਲੀ ਪੁਸਤਕ ਵਿਚ ਦੂਰ ਕਰ ਲਵੇਗਾ, ਅਜਿਹੀ ਮੈਨੂੰ ਆਸ ਹੈ।

c c c

ਰੁਖ਼ਸਤ ਹੋਣ ਤੋਂ ਪਹਿਲਾਂ
ਗ਼ਜ਼ਲਕਾਰ : ਸੁਲਤਾਨ ਭਾਰਤੀ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 195 ਰੁਪਏ, ਸਫ਼ੇ : 99.
ਸੰਪਰਕ : 98553-62267.

ਗ਼ਜ਼ਲ ਪੰਜਾਬੀ ਕਾਵਿ ਦੀ ਹਰਮਨ-ਪਿਆਰੀ ਸਿਨਫ਼ ਹੈ ਤੇ ਪੰਜਾਬੀ ਗ਼ਜ਼ਲਗੋਆਂ ਦਾ ਇਕ ਵੱਡਾ ਕਾਫ਼ਲਾ ਇਸ ਦੀ ਸਿਰਜਣਾ ਕਰ ਰਿਹਾ ਹੈ। ਸੁਲਤਾਨ ਭਾਰਤੀ ਵੀ ਇਸ ਕਾਫ਼ਲੇ ਦਾ ਉੱਘੜਵਾਂ ਹਸਤਾਖ਼ਰ ਹੈ ਤੇ ਇਸ ਗ਼ਜ਼ਲ ਸੰਗ੍ਰਹਿ ਤੋਂ ਪਹਿਲਾਂ ਉਸ ਦਾ ਇਕ ਹੋਰ ਗ਼ਜ਼ਲ ਸੰਗ੍ਰਹਿ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਸੁਲਤਾਨ ਭਾਰਤੀ ਕੋਲ ਨਾ ਵਿਸ਼ਿਆਂ ਦੀ ਘਾਟ ਹੈ ਤੇ ਨਾ ਸ਼ਬਦਾਂ ਦੀ ਸੀਮਾ ਹੈ। ਉਸ ਦੇ ਸ਼ਿਅਰ ਆਮ ਮਨੁੱਖੀ ਜੀਵਨ ਦੀਆਂ ਗੁੰਝਲਾਂ, ਦੁਸ਼ਵਾਰੀਆਂ, ਭਰਮਾਂ, ਮਾਨਤਾਵਾਂ, ਰੁਚੀਆਂ ਤੇ ਸਮੱਸਿਆਵਾਂ ਦੁਆਲੇ ਕੇਂਦਰਿਤ ਹਨ। ਉਸ ਦੀ ਪਹਿਲੀ ਗ਼ਜ਼ਲ 'ਰੁਖ਼ਸਤ ਹੋਣ ਤੋਂ ਪਹਿਲਾਂ' ਰਦੀਫ਼ ਵਾਲੀ ਹੈ ਜੋ ਇਸ ਪੁਸਤਕ ਦੇ ਨਾਂਅ ਨੂੰ ਹੋਰ ਸਾਰਥਕ ਕਰਦੀ ਹੈ। ਦੂਸਰੀ ਗ਼ਜ਼ਲ ਵਿਚ ਉਹ ਆਸਥਾ ਦੀ ਚਰਮ ਸੀਮਾ 'ਤੇ ਅਸਹਿਮਤੀ ਪ੍ਰਗਟ ਕਰਦਾ ਹੈ ਤੇ ਵਸਦੇ ਘਰਾਂ ਵਿਚ ਖਲਲ ਪਾਉਣ ਵਾਲਿਆਂ 'ਤੇ ਚੋਟ ਕਰਦਾ ਹੈ। ਗ਼ਜ਼ਲਕਾਰ ਆਪਣੇ ਹਿੱਸੇ ਦੀ ਧਰਤੀ ਤੇ ਅਸਮਾਨ ਮੰਗਦਾ ਹੋਇਆ ਖ਼ੁਦ ਨੂੰ ਸਮਾਜ ਵਿਚ ਬਰਾਬਰਤਾ ਲਿਆਉਣ ਦਾ ਹਾਮੀ ਸਿੱਧ ਕਰਦਾ ਹੈ ਜੋ ਕਿ ਇਮਾਨਦਾਰ ਸਾਹਿਤਕਾਰ ਦਾ ਸੁਭਾਅ ਹੁੰਦਾ ਹੈ। ਉਸ ਮੁਤਾਬਿਕ ਸਮੱਸਿਆਵਾਂ ਦੇ ਹੱਲ ਲਈ ਕੋਸ਼ਿਸ਼ਾਂ ਨਾਕਾਮਯਾਬ ਹੀ ਨਹੀਂ ਰਹੀਆਂ ਬਲਕਿ ਇਨ੍ਹਾਂ ਦੀ ਤੀਬਰਤਾ ਵਿਚ ਹੋਰ ਇਜ਼ਾਫ਼ਾ ਹੋਇਆ ਹੈ। ਗ਼ਜ਼ਲਕਾਰ ਨੂੰ ਆਪਣੇ ਰਹਿਬਰਾਂ 'ਤੇ ਬੇਹੱਦ ਗ਼ਿਲਾ ਹੈ ਕਿ ਉਹ ਲਾਲਚ, ਸ਼ੁਹਰਤ ਤੇ ਧਨ ਦੀ ਲਾਲਸਾ ਕਾਰਨ ਖ਼ੁਦ ਕੁਰਾਹੇ ਪੈ ਗਏ ਹਨ। ਉਹ ਆਪਸੀ ਰਿਸ਼ਤਿਆਂ ਦੀ ਸਲਾਮਤੀ ਦਾ ਚਾਹਵਾਨ ਹੈ ਤੇ ਪਰਿਵਾਰਕ ਬਗ਼ੀਚੇ ਦੀ ਖ਼ੁਸ਼ਬੂ ਨੂੰ ਹਮੇਸ਼ਾ ਮਾਣਦੇ ਰਹਿਣਾ ਚਾਹੁੰਦਾ ਹੈ। ਸੁਲਤਾਨ ਭਾਰਤੀ ਦੁਨੀਆ ਨੂੰ ਖ਼ੂਬਸੂਰਤ ਦੇਖਣਾ ਚਾਹੁੰਦਾ ਹੈ ਤੇ ਉਸ ਦੀ ਇੱਛਾ ਹੈ ਕਿ ਆਪਸੀ ਭਾਈਚਾਰੇ ਦੀਆਂ ਗੰਢਾਂ ਹੋਰ ਪੀਡੀਆਂ ਹੋਣ। ਭਾਰਤੀ ਦੇ ਸ਼ਿਅਰ ਪੜ੍ਹਦਿਆਂ ਤ੍ਰੇਲ ਧੋਤੇ ਫੁੱਲਾਂ ਜਿਹਾ ਅਹਿਸਾਸ ਹੁੰਦਾ ਹੈ ਤੇ ਇਨ੍ਹਾਂ ਦੀ ਮਹਿਕ ਦਿਲ ਨੂੰ ਸਰਸ਼ਾਰ ਕਰਦੀ ਹੈ। ਗ਼ਜ਼ਲਾਂ ਵਿਚ ਉਰਦੂ ਸ਼ਬਦਾਂ ਦਾ ਕਾਫ਼ੀ ਪ੍ਰਯੋਗ ਕੀਤਾ ਗਿਆ ਹੈ ਪਰ ਇਨ੍ਹਾਂ 'ਚੋਂ ਬਹੁਤੇ ਆਮ ਬੋਲਚਾਲ ਵਿਚ ਕਿਤੇ ਨਾ ਕਿਤੇ ਵਰਤੇ ਜਾਂਦੇ ਹਨ। ਉਸ ਦਾ ਵਾਹ ਪੰਜਾਬੀ ਗ਼ਜ਼ਲ ਨਾਲ ਸਬੰਧਤ ਕਈ ਪਰਪੱਕ ਸ਼ਖ਼ਸੀਅਤਾਂ ਨਾਲ ਰਿਹਾ ਹੈ, ਐਪਰ ਫਿਰ ਵੀ ਕਈਆਂ ਸ਼ਿਅਰਾਂ ਵਿਚ ਉਸ ਦਾ ਅਵੇਸਲਾਪਨ ਨਜ਼ਰ ਆਉਂਦਾ ਹੈ। ਥੋੜ੍ਹੀ ਕੋਸ਼ਿਸ਼ ਨਾਲ ਇਹ ਕਮੀਆਂ ਦੂਰ ਹੋ ਸਕਦੀਆਂ ਸਨ।

-ਗੁਰਦਿਆਲ ਰੌਸ਼ਨ
ਮੋ: 9988444002

c c c

ਕਰਮ ਸਿਧਾਂਤ ਸੰਸਾਰ ਦਾ ਸਰਵੋਤਮ ਸਿਧਾਂਤ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਭਾਦਸੋਂ ਰੋਡ, ਪਟਿਆਲਾ
ਮੁੱਲ : 190, ਸਫ਼ੇ : 128
ਸੰਪਰਕ : 9464391902.

ਬ੍ਰਹਿਮੰਡ ਦੀ ਹੋਂਦ ਹਰ ਕਿਣਕੇ ਦੀ ਕਿਰਿਆਸ਼ੀਲ ਉਤੇ ਟਿਕੀ ਹੋਈ ਹੈ। ਸਥਿਰਤਾ ਕਾਲ ਦੀ ਨਿਸ਼ਾਨੀ ਹੈ। ਮਨੁੱਖੀ ਸਰੀਰ (ਤਨ-ਮਨ) ਦੇ ਕਰਮ ਉਸ ਵਿਚਲੇ ਗੁਣ/ਔਗੁਣ ਦੇ ਪ੍ਰਤੀਕ ਹੁੰਦੇ ਹਨ। ਇਸ ਸਭ ਕਾਸੇ ਨੂੰ ਪ੍ਰਗਟਾਉਣ ਲਈ ਲੇਖਕ ਨੇ ਇਹ ਪੁਸਤਕ ਪਾਠਕਾਂ ਦੇ ਸਨਮੁਖ ਕਰਨ ਦਾ ਉਚੇਚ ਕਰਮ ਕੀਤਾ ਹੈ।
ਜਾਤ-ਪਾਤ ਦੇ ਮੁੱਢ ਤੇ ਉਸ ਉਤੇ ਆਏ ਪੁੰਗਾਰੇ ਦੀ ਵਿਥਿਆ, ਨਾਸ਼ਵਾਨ ਸਮਝਿਆ ਜਾਣ ਵਾਲਾ ਮਾਦਾ/ਪਦਾਰਥ ਨਾਸ਼ਵਾਨ ਨਹੀਂ, ਸਗੋਂ ਆਪਣਾ ਸਰੂਪ ਹੀ ਬਦਲਦਾ ਹੈ, ਚੇਤਨਾ (ਰੂਹ/ਆਤਮਾ) ਮਾਦੇ ਤੋਂ ਬਗੈਰ ਕੁਝ ਵੀ ਨਹੀਂ ਜਾਨੀ ਆਜ਼ਾਦਾਨਾ ਤੌਰ 'ਤੇ ਚੇਤਨਾ ਕੋਈ ਵੀ ਆਪਣਾ ਮੌਜੂਦ ਨਹੀਂ, ਵਿਹਲਾ ਮਨ ਸ਼ੈਤਾਨ (ਦੁੱਖਾਂ) ਦਾ ਘਰ, ਕਰਮ (ਹਲਚਲ) ਦੁੱਖਾਂ ਤੋਂ ਮੁਕਤੀ ਦਾ ਇਕ ਵੱਡਾ ਸਾਧਨ, ਸਮਾਧੀ/ਭਗਤੀ ਚਿੰਤਨ ਕਰਨ ਤੇ ਇਕਾਗਰਤਾ ਦਾ ਜਰੀਹਾ, ਕੁਦਰਤ ਦੀ ਹੱਲਾਸ਼ੇਰੀ, ਕੁਦਰਤ ਦਾ ਵਿਰਾਟ ਰੂਪ, ਉਦੇਸ਼ /ਟੀਚਾ ਮਿਥਣਾ, ਪਾ੍ਰਪਤੀ ਲਈ ਜੂਝਣਾ, ਹਾਰ-ਜਿੱਤ ਤੋਂ ਨਿਰਲੇਪਤਾ, ਨੇਕੀ ਕਰ ਕੇ ਭੁੱਲ ਜਾਣਾ, ਪਰਉਪਕਾਰਤਾ, ਧਰਮ ਦੀ ਆੜ ਵਿਚ ਲੋਕਾਈ ਨੂੰ ਲੁੱਟਣ/ਕੁੱਟਣ ਲਈ ਭੇਖੀ ਪਖੰਡੀ ਵੇਸਧਾਰੀਆਂ ਵੱਲੋਂ ਸੁੱਟੇ ਜਾਂਦੇ ਭਰਮਾਂ ਦੇ ਜਾਲ, ਫ਼ਿਰਕੂ ਨਫ਼ਰਤਾਂ ਨਾਲ ਹੁੰਦੇ ਦੰਗੇ-ਫ਼ਸਾਦ, ਬੇਦੋਸ਼ੇ ਵਿਰੋਧੀ ਫਿਰਕੇ ਨੂੰ ਮਾਰਨਾ/ਕਤਲ ਕਰਨ ਨੂੰ ਧਰਮ ਕਰਮ ਸਮਝ ਲੈਣਾ ਅਤੇ ਕਿਰਤ ਦੀ ਮਹਾਨਤਾ ਤੋਂ ਅਣਜਾਣ ਹੁੰਦਿਆਂ ਸਿਰਫ ਪੂਜਾ ਹੀ ਕਰਮ ਸਮਝ ਬਹਿਣਾ ਆਦਿ ਭਾਵਪੂਰਤ ਵਿਸ਼ਿਆਂ ਨੂੰ ਬੜੀ ਹੀ ਸ਼ਿੱਦਤ ਨਾਲ ਲੇਖਕ ਨੇ ਆਪਣੇ ਇਸ ਲੇਖ ਸੰਗ੍ਰਿਹ ਵਿਚ ਮੰਥਨ ਕਰਨ ਦਾ ਸਫਲ ਯਤਨ ਕੀਤਾ।
ਆਪਣੇ ਵਿਚਾਰਾਂ ਨੂੰ ਪ੍ਰਮਾਣਿਤ ਕਰਨ ਲਈ ਲੇਖਕ ਨੇ ਮਿਥਿਆਸ, ਇਤਿਹਾਸ, ਵਿਗਿਆਨ ਤੇ ਵਿਦਵਾਨਾਂ ਦੀ ਵਿਚਾਰਾਂ ਨੂੰ ਆਧਾਰ ਬਣਾਇਆ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858.

c c c

ਸ਼ਹੀਦ
ਲੇਖਕ : ਬਲਰਾਜ ਸਿੰਘ ਸਿੱਧੂ
ਪ੍ਰਕਾਸ਼ਕ : ਪੰਜਾਬ ਪਬਲੀਕੇਸ਼ਨਜ਼ (ਭਾਰਤ)
ਮੁੱਲ : 300 ਰੁਪਏ, ਸਫ਼ੇ : 120
ਸੰਪਰਕ : 99154-16013.

ਚਮਕੀਲੇ ਦੀ ਜ਼ਿੰਦਗੀ 'ਤੇ ਆਧਾਰਿਤ ਬਲਰਾਜ ਸਿੰਘ ਸਿੱਧੂ ਵੱਲੋਂ ਲਿਖੀ ਪੁਸਤਕ 'ਸ਼ਹੀਦ' ਵਿਚ ਅਮਰ ਸਿੰਘ ਚਮਕੀਲਾ, ਅਮਰਜੋਤ, ਉਨ੍ਹਾਂ ਦੇ ਪਰਿਵਾਰਾਂ ਨਾਲ ਮੇਲ, ਗਾਇਕੀ ਦੀ ਸ਼ੁਰੂਆਤ, ਸਿਖਰ, ਵਿਰੋਧਤਾ ਅਤੇ ਮੌਤ ਤੱਕ ਦੇ ਵੇਲੇ ਨੂੰ ਬਹੁਤ ਵਿਸਥਾਰ ਵਿਚ ਦਿੱਤਾ ਗਿਆ ਹੈ। 'ਸ਼ਹੀਦ' ਕਿਤਾਬ ਨੂੰ ਅਸੀਂ ਚਮਕੀਲੇ ਦੀ ਜੀਵਨੀ ਕਹਿ ਸਕਦੇ ਹਾਂ। ਪੰਜਾਬੀ ਸੰਗੀਤ ਪ੍ਰੇਮੀ ਚਮਕੀਲੇ ਬਾਰੇ ਜਾਣਨਾ ਚਾਹੁੰਦੇ ਹਨ, ਉਸ ਨੂੰ ਮਾਰੇ ਜਾਣ ਦੇ ਕਾਰਨਾਂ ਨੂੰ ਟੋਹਣਾ ਚਾਹੁੰਦੇ ਹਨ, ਉਸ ਨਾਲ ਹਮਦਰਦੀ ਵੀ ਰੱਖਦੇ ਹਨ। ਉਸ ਲਿਹਾਜ਼ ਨਾਲ ਇਹ ਕਿਤਾਬ ਵਡਮੁੱਲੀ ਜਾਣਕਾਰੀ ਦਿੰਦੀ ਹੈ।ਗਰੀਬ ਪਰਿਵਾਰ 'ਚ ਪੈਦਾ ਹੋਏ ਚਮਕੀਲੇ ਦੇ ਬਚਪਨ, ਸੰਘਰਸ਼, ਗਾਇਕੀ ਨਾਲ ਲਗਾਅ, ਅਖਾੜਿਆਂ ਵਿਚ ਨਿੱਤਰਨਾ, ਰਿਕਾਰਡ ਕਰਾਉਣੇ, ਤਰਜ਼ਾਂ ਘੜਨੀਆਂ, ਗੀਤ ਲਿਖਣੇ, ਅਖਾੜੇ ਲਾਉਣੇ, ਪੈਸੇ ਕਮਾਉਣੇ, ਸਾਜ਼ੀਆਂ ਨਾਲ ਪਿਆਰ ਰੱਖਣਾ, ਸਭ ਨੂੰ ਸਤਿਕਾਰ ਦੇਣਾ ਤੇ ਮਹਿਸਮਪੁਰ ਵਿਚ ਉਸ ਦਾ ਸਾਥੀਆਂ ਸਮੇਤ ਕਤਲ ਕਰ ਦੇਣਾ, ਬਹੁਤ ਕੁਝ ਦਿੱਤਾ ਗਿਆ ਹੈ ਇਸ ਪੁਸਤਕ ਵਿਚ।
ਪੁਸਤਕ ਵਿਚ ਚਮਕੀਲੇ ਬਾਰੇ ਲਿਖਣ ਦੇ ਨਾਲ-ਨਾਲ ਢੁਕਵੀਆਂ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ, ਜੋ ਸਾਂਭਣਯੋਗ ਹਨ। ਚਮਕੀਲੇ ਦੇ ਸਾਹਾਂ ਵਰਗੇ ਸਾਥੀਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਚਮਕੀਲਾ ਕਿਉਂਕਿ ਦੋਗਾਣਾ ਗਾਇਕੀ ਦਾ ਬਹੁਤ ਵੱਡਾ ਹਸਤਾਖਰ ਰਿਹਾ ਹੈ, ਇਸ ਲਈ ਉਸ ਬਾਰੇ ਲਿਖੀ ਇਹ ਕਿਤਾਬ ਉਸ ਦੇ ਪਿਆਰਿਆਂ ਲਈ ਪੜ੍ਹਨਯੋਗ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883.

c c c

ਪੰਜਾਬੀ ਨਾਵਲ ਦੇ ਅਜੋਕੇ ਸਰੋਕਾਰ
ਸੰਪਾਦਕ : ਰਾਜਵੀਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ। ਸਫ਼ੇ : 112
ਸੰਪਰਕ : 95013-32857.

ਉਕਤ ਪੁਸਤਕ ਪਰਵਾਸੀ ਪੰਜਾਬੀ ਜੀਵਨ-ਸ਼ੈਲੀ ਦੇ ਨਾਲ ਸਬੰਧਤ ਵਿਭਿੰਨ ਸੁਖ਼ਦ-ਦੁਖ਼ਦ ਅਤੇ ਟਕਰਾਓ ਵਿਚੋਂ ਉਪਜੇ ਸਰੋਕਾਰਾਂ ਦਾ ਨਿਰੂਪਣ ਅਵਤਾਰ ਰੋਡੇ ਦੇ ਨਾਵਲ 'ਤਲਾਸ਼' ਨੂੰ ਆਧਾਰ ਬਣਾ ਕੇ ਪਾਠਕਾਂ ਦੇ ਸਨਮੁੱਖ ਹੈ।
ਅਵਤਾਰ ਰੋਡੇ ਪੰਜਾਬੀ ਸੱਭਿਆਚਾਰਕ ਮੁੱਲ-ਵਿਧਾਨ ਦੀਆਂ ਤਹਿਆਂ ਤੋਂ ਵੀ ਵਾਕਿਫ਼ ਹੈ ਅਤੇ ਵਿਦੇਸ਼ਾਂ ਵਿਚਲੀ ਪੀੜ੍ਹੀ-ਦਰ-ਪੀੜ੍ਹੀ ਦੀ ਬਦਲ ਰਹੀ ਜੀਵਨ-ਸ਼ੈਲੀ ਦੇ ਸਰੋਕਾਰਾਂ ਤੋਂ ਵੀ ਵਾਕਿਫ਼ ਹੈ। ਨਾਵਲ 'ਤਲਾਸ਼' ਜ਼ਰੀਏ ਜਿਨ੍ਹਾਂ ਮਾਨਵੀ ਸਰੋਕਾਰਾਂ ਨੂੰ ਉਸ ਨੇ ਵਿਅਕਤ ਕੀਤਾ ਹੈ, ਉਸ ਦੀ ਪਛਾਣ ਦੀ ਸਥਾਪਤੀ ਹਿਤ ਰਾਜਵੀਰ ਕੌਰ ਨੇ 19 ਇਸਤਰੀ ਆਲੋਚਕਾਂ ਵੱਲੋਂ ਵਿਭਿੰਨ ਵਿਸ਼ਿਆਂ 'ਤੇ ਖੋਜ ਪੂਰਕ ਪਰਚੇ, ਟਿੱਪਣੀਆਂ ਅਤੇ ਮਹਿਜ਼ ਇਕ ਅਧਿਐਨ ਜਿਹੇ ਸਿਰਲੇਖਾਂ ਤਹਿਤ ਪੁਸਤਕ ਸੰਪਾਦਿਤ ਰੂਪ 'ਚ ਪਾਠਕਾਂ ਸਾਹਮਣੇ ਲਿਆਂਦੀ ਹੈ। ਅਵਤਾਰ ਰੋਡੇ ਦੀ ਕੇਵਲ ਇਕੋ ਹੀ ਪੁਸਤਕ ਬਾਰੇ ਇਹ ਪੁਸਤਕ ਭਾਵੇਂ ਇਕੋ ਨਾਵਲ ਦਾ ਵਿਸ਼ੇਗਤ ਅਤੇ ਕਲਾਤਮਿਕ ਪੱਖ ਦਾ ਪ੍ਰਗਟਾਵਾ ਹੈ ਪਰੰਤੂ ਉਸ ਲੇਖਕ ਦੀ ਸਮੁੱਚੀ ਸਾਹਿਤਕ ਦੇਣ ਦਾ ਉਲੇਖ ਨਹੀਂ ਹੈ, ਪ੍ਰੰਤੂ ਪੁਸਤਕ ਦੀ ਮਹਾਨਤਾ ਅਜੋਕੇ ਯੁੱਗ ਵਿਚ ਪੰਜਾਬੀਅਤ ਦੀ ਪਛਾਣ ਦੀ ਸਥਾਪਤੀ ਵਿਚ ਜੋ ਤ੍ਰੇੜਾਂ ਹਨ, ਉਨ੍ਹਾਂ ਦੇ ਗੰਭੀਰ ਅਧਿਐਨ ਦਾ ਆਲੋਚਨਾਤਮਕ ਯਥਾਰਥ ਜ਼ਰੂਰ ਪੇਸ਼ ਕੀਤਾ ਗਿਆ ਉਪਲਬਧ ਹੈ।
ਪਦਾਰਥਕ ਰੁਚੀਆਂ ਦੇ ਹਾਵੀ ਹੋ ਜਾਣ ਸਦਕਾ ਜਾਂ ਜਿਨਸੀ-ਸਬੰਧਾਂ ਨੂੰ ਜੀਵਨ ਦਾ ਅਨੰਦ ਸਮਝ ਲੈਣਾ ਜਾਂ ਤੂੰ ਕੌਣ, ਮੈਂ ਕੌਣ? ਤੂੰ ਨਹੀਂ ਤਾਂ ਹੋਰ ਸਹੀ! ਆਦਿ ਸੰਕਲਪਾਂ ਜਾਂ ਧਾਰਨਾਵਾਂ ਨੂੰ ਧਾਰਨ ਕਰਕੇ ਜੀਵਨ ਵਿਚ ਛਿਣ-ਭੰਗਰਤਾ ਨੂੰ ਪਸਾਰ ਲੈਣਾ ਆਦਿ ਅਜਿਹੇ ਹੋਰ ਵੀ ਕੁਝ ਸੰਕਲਪ ਹਨ, ਜਿਨ੍ਹਾਂ ਬਾਬਤ ਪੁਸਤਕ 'ਚ ਅੰਕਿਤ ਲੇਖ, ਬਾਖ਼ੂਬੀ ਉਲੇਖ ਕਰਦੇ ਹਨ। ਨਿਰਸੰਦੇਹ, ਇਹ ਪੁਸਤਕ ਵਿਦੇਸ਼ਾਂ ਵਿਚ ਵਿਸਰਜਤ (ਖੰਡਿਤ) ਹੋ ਰਹੀ ਜੀਵਨ-ਸ਼ੈਲੀ ਦਾ ਪ੍ਰਗਟਾਵਾ ਹੈ, ਜਿਸ ਦੇ ਕੇਂਦਰੀ ਪਾਤਰ ਪੰਜਾਬੀ ਲੋਕ ਹਨ।

-ਡਾ: ਜਗੀਰ ਸਿੰਘ ਨੂਰ
ਮੋ: 9814209732

c c c

ਪਿਉਂਦ ਤੋਂ ਪਹਿਲਾਂ
ਲੇਖਕ : ਮਹਿੰਦਰ ਪਾਲ ਸਿੰਘ ਧਾਲੀਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 224
ਸੰਪਰਕ : 78377-18723.

ਪੰਜਾਬੀ ਸਾਹਿਤ ਵਿਚ ਇਸ ਤੋਂ ਪਹਿਲਾਂ ਪੰਜ ਨਾਵਲ ਅਤੇ ਇਕ ਕਹਾਣੀ ਸੰਗ੍ਰਹਿ ਨਾਲ ਆਪਣੇ ਨਿਵੇਕਲੀ ਪਛਾਣ ਕਾਇਮ ਕਰਨ ਵਾਲਾ ਸਮਰੱਥਾਵਾਨ ਨਾਵਲਕਾਰ ਮਹਿੰਦਰ ਪਾਲ ਸਿੰਘ ਧਾਲੀਵਾਲ ਸੰਵੇਦਨਸ਼ੀਲ ਚਿੰਤਕ ਹੈ। ਵਿਦਿਆਰਥੀ ਜੀਵਨ ਤੋਂ ਲੋਕ ਹੱਕਾਂ ਲਈ ਯਤਨਸ਼ੀਲ ਇਹ ਲੇਖਕ ਸਮਾਜਿਕ ਨਾ-ਬਰਾਬਰੀ ਦੇ ਮਸਲਿਆਂ 'ਤੇ ਆਪਣੀ ਕਲਮ ਰਾਹੀਂ ਹੋਕਾ ਦਿੰਦਾ ਆ ਰਿਹਾ ਹੈ ਆਪਣੇ ਨਾਵਲਾਂ, ਕਹਾਣੀਆਂ, ਲੇਖਾਂ ਅਤੇ ਹੋਰ ਲਿਖਤਾਂ ਰਾਹੀਂ। ਉਸ ਦਾ 'ਪਿਉਂਦ ਤੋਂ ਪਹਿਲਾਂ' ਨਾਵਲ ਇੰਗਲੈਂਡ ਵਰਗੇ ਵਿਕਸਤ ਮੁਲਕ ਦੀ ਪੂੰਜੀਵਾਦੀ ਤਸਵੀਰ ਨੂੰ ਪਾਠਕ ਸਾਹਮਣੇ ਰੱਖਦਾ ਹੈ। ਨਾਵਲਕਾਰ ਲੰਮੇ ਸਮੇਂ ਤੋਂ ਇੰਗਲੈਂਡ ਦੀ ਧਰਤੀ 'ਤੇ ਰਹਿ ਰਿਹਾ ਹੈ। ਸਿਰਫ ਰਹਿ ਨਹੀਂ ਰਿਹਾ, ਉਥੋਂ ਦੇ ਸੱਭਿਆਚਾਰ 'ਚੋਂ ਗੁਜ਼ਰਦਾ ਹੋਇਆ ਉਥੋਂ ਦੀਆਂ ਕੁਝ ਤਲਖ਼ ਹਕੀਕਤਾਂ ਨੂੰ ਵੀ ਬਿਆਨ ਕਰਨ ਦੇ ਸਮਰੱਥ ਹੈ, ਜਿਸ ਦਾ ਸਬੂਤ ਉਸ ਨੇ ਇਸ ਨਾਵਲ ਰਾਹੀਂ ਦਿੱਤਾ ਹੈ। ਨਾਵਲ ਦੀ ਕਹਾਣੀ ਦੇ ਵਾਪਰਨ ਦਾ ਸਮਾਂ ਅਠਾਰ੍ਹਵੀਂ-ਉੱਨੀਵੀਂ ਸਦੀ ਦਾ ਹੈ, ਨਵੇਂ ਦੌਰ ਦੀ ਸ਼ੁਰੂਆਤ ਜਿਸ ਨੂੰ ਤਕਨੀਕੀ ਦੌਰ ਨਾਲ ਜਾਣਿਆ ਜਾਂਦਾ ਹੈ, ਜਿਸ ਵਿਚ ਨਵੀਂ ਅਤੇ ਮਨੁੱਖੀ ਜੀਵਨ-ਸ਼ੈਲੀ ਨੂੰ ਸੁਖਾਲਾ ਕਰਨ ਲਈ ਤਕਨਾਲੋਜੀ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ ਪਰ ਇਸ ਤਕਨਾਲੋਜੀ ਦਾ ਮਨੁੱਖੀ ਭਾਵਨਾਵਾਂ ਜਾਂ ਰਿਸ਼ਤਿਆਂ 'ਤੇ ਕੀ ਅਸਰ ਹੈ, ਇਹ ਨਾਵਲਕਾਰ ਸਮਝਦਾ ਹੈ। ਨਾਵਲ ਦੀਆਂ ਘਟਨਾਵਾਂ ਦਾ ਦੌਰ ਵਿਅਕਤੀਵਾਦ ਦੇ ਵਿਕਾਸ ਦਾ ਦੌਰ ਹੈ। ਨਾਵਲ ਦੇ 48 ਕਾਂਡਾਂ ਵਿਚ ਉਸ ਸਮਾਜ ਵਿਚਲੇ ਮਨੁੱਖੀ ਰਿਸ਼ਤੇ ਅਤੇ ਜੀਵਨ-ਸ਼ੈਲੀ ਬਾਰੇ ਅਤੇ ਆ ਰਹੇ ਪਰਿਵਰਤਨ ਨੂੰ ਪਾਠਕ ਮਹਿਸੂਸ ਕਰਦਾ ਹੈ। ਅੰਤਿਕਾ ਵਿਚ ਕਹਾਣੀ ਨੂੰ ਸਮੇਟਦਾ ਹੋਇਆ ਨਾਵਲਕਾਰ ਇਸ ਕਹਾਣੀ ਨੂੰ ਹੋਰ ਅੱਗੇ ਤੋਰਨ ਦਾ ਇਸ਼ਾਰਾ ਕਰਦਾ ਹੈ ਅਤੇ ਪਾਠਕ ਹੋਰ ਅੱਗੇ ਕਹਾਣੀ ਦੇ ਨਾਲ ਤੁਰਨ ਦੀ ਜਗਿਆਸਾ ਵਿਚ ਹੈ। ਇਸ ਕਰਕੇ ਨਾਵਲਕਾਰ ਨੇ ਨਾਵਲ ਨੂੰ ਅੰਤਿਕਾ ਤੋਂ ਬਾਅਦ ਚਲਦਾ ਹੀ ਕਰਾਰ ਦਿੱਤਾ ਹੈ।

c c c

ਆਲ੍ਹਣੇ ਦੀ ਉਡਾਣ
ਲੇਖਕ : ਨਛੱਤਰ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 280
ਸੰਪਰਕ : 98152-98459.

ਪ੍ਰਵਾਸੀ ਪੰਜਾਬੀ ਲੇਖਕ ਨਛੱਤਰ ਸਿੰਘ ਬਰਾੜ ਦਾ ਇਹ ਤੀਸਰਾ ਨਾਵਲ ਹੈ। ਲੇਖਕ ਲੰਮੇ ਸਮੇਂ ਤੋਂ ਕੈਨੇਡਾ ਵਰਗੇ ਖੁਸ਼ਹਾਲ ਦੇਸ਼ ਵਿਚ ਰਹਿ ਰਿਹਾ ਹੈ ਅਤੇ ਉਥੋਂ ਦੀ ਅਨੰਦਮਈ ਜੀਵਨ-ਸ਼ੈਲੀ ਤੋਂ ਪ੍ਰਭਾਵਿਤ ਹੈ। ਸਰੀ ਦੇ ਬੀਅਰ ਕਰੀਰ ਪਾਰਕ ਦੇ ਸੀਨੀਅਰ ਸੈਂਟਰ ਤੋਂ ਸ਼ੁਰੂ ਹੁੰਦੀ ਇਸ ਨਾਵਲ ਦੀ ਕਹਾਣੀ ਪੂਰੇ ਪੈਂਤੀ ਕਾਂਡਾਂ ਰਾਹੀਂ ਕੈਨੇਡਾ ਅਤੇ ਪੰਜਾਬ ਵਿਚਲੇ ਪੰਜਾਬੀ ਜਨਜੀਵਨ ਅਤੇ ਦੋਵਾਂ ਸਮਾਜਾਂ ਦੇ ਆਪਣੇ-ਆਪਣੇ ਢੰਗ ਵਿਚੋਂ ਲੰਘਦੀ ਘਟਨਾ-ਦਰ-ਘਟਨਾ ਪਾਠਕ ਨੂੰ ਨਾਲ ਲੈ ਕੇ ਤੁਰਦੀ ਹੈ। ਨਾਵਲ ਦੇ ਸ਼ੁਰੂਆਤੀ ਦ੍ਰਿਸ਼ ਤੋਂ ਹੀ ਪਾਠਕ ਦੋਵਾਂ ਮੁਲਕਾਂ ਦੀ ਸਮਾਨਤਾ ਤੋਂ ਜਾਣੂ ਹੋ ਜਾਂਦਾ ਹੈ ਕਿ ਸਮੇਂ ਸਥਾਨ ਦਾ ਹੀ ਅੰਤਰ ਹੈ, ਗੱਲਬਾਤ, ਸੁਭਾਅ, ਤੌਰ-ਤਰੀਕੇ ਅਤੇ ਫ਼ਿਕਰ ਸਭ ਪੰਜਾਬ ਵਾਲੇ ਹੀ ਹਨ। ਲੇਖਕ ਦੀ ਭਾਸ਼ਾ 'ਤੇ ਪਕੜ ਹੈ। ਉਸ ਦੇ ਪਾਤਰ ਸਾਦ-ਮੁਰਾਦੇ ਸਿੱਧੀ ਗੱਲ ਕਰਨ ਵਾਲੇ ਆਪਣੀ ਬੋਲੀ ਤੇ ਸ਼ੈਲੀ ਨਾਲ ਜੁੜੇ ਹੋਏ ਹਨ। ਨਾਵਲੀ ਘਟਨਾਵਾਂ ਅਤੇ ਗੱਲਬਾਤ ਤੋਂ ਕੈਨੇਡਾ ਦੇ ਸਮਾਜਿਕ ਸਿਸਟਮ ਅਤੇ ਸਰਕਾਰੀ ਤੰਤਰ ਦੀ ਤਸਵੀਰ ਸਾਫ਼ ਨਜ਼ਰ ਆਉਂਦੀ ਹੈ, ਜੋ ਜਾਣਕਾਰੀ ਭਰਪੂਰ ਵੀ ਹੈ। ਪਰਿਵਾਰਕ ਰਿਸ਼ਤੇ ਦੀ ਤੰਦ ਦੇ ਨਾਲ-ਨਾਲ ਪਰਵਾਸ ਹੰਢਾਅ ਰਹੀ ਸਮੁੱਚੀ ਪੰਜਾਬੀਅਤ ਦਾ ਦਰਦ ਜੋ ਕਿਸੇ ਨਾ ਕਿਸੇ ਰੂਪ ਵਿਚ ਖੁਸ਼ਹਾਲੀ ਭਰਪੂਰ ਸ਼ੈਲੀ ਵਿਚ ਤਬਦੀਲ ਹੋ ਰਿਹਾ ਹੈ, ਵੀ ਕਹਾਣੀ ਵਿਚੋਂ ਉੱਭਰ ਰਿਹਾ ਹੈ। ਨਾਵਲਕਾਰ ਆਪਣੇ ਪਾਤਰਾਂ ਰਾਹੀਂ ਕੈਨੇਡੀਅਨ ਜੀਵਨ-ਜਾਚ ਤੇ ਢੰਗ ਨੂੰ ਪਾਠਕ ਨਾਲ ਸਾਂਝਾ ਕਰਨ ਵਿਚ ਕਾਮਯਾਬ ਹੈ। ਦੋ ਸੌ ਅੱਸੀ ਸਫ਼ਿਆਂ ਦੇ ਇਸ ਨਾਵਲ ਨੂੰ ਇਕੋ ਬੈਠਕ ਵਿਚ ਪੜ੍ਹਿਆ ਜਾ ਸਕਦਾ ਹੈ, ਕਿਉਂਕਿ ਪਾਠਕ ਨੂੰ ਕਹਾਣੀ ਆਪਣੇ-ਆਪ 'ਚ ਸਮੇਟ ਲੈਂਦੀ ਹੈ।

c c c

ਖੱਟੀਆਂ-ਮਿੱਠੀਆਂ ਯਾਦਾਂ
ਲੇਖਕ : ਅਮਰਜੀਤ ਸਿੰਘ ਬਠਲਾਣਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98887-83588.

ਆਪਣੇ ਬਚਪਨ ਦੇ ਦਿਨਾਂ ਤੋਂ ਲੈ ਕੇ ਅੱਜ ਦੇ ਤਕਨੀਕੀ ਯੁੱਗ ਵਿਚ ਵਿਚਰਦਿਆਂ ਬਹੁਤ ਸਾਰੀਆਂ ਯਾਦ ਰੱਖਣ ਵਾਲੀਆਂ ਚੰਗੀਆਂ ਘਟਨਾਵਾਂ ਅਤੇ ਉਨ੍ਹਾਂ ਦੇ ਹੁਣ ਤੱਕ ਰਹੇ ਖੱਟੇ-ਮਿੱਠੇ ਅਸਰ ਨੂੰ ਪੁਸਤਕ ਦੇ ਰੂਪ ਵਿਚ ਪੇਸ਼ ਕਰਦਿਆਂ ਅਮਰਜੀਤ ਸਿੰਘ ਬਠਲਾਣਾ ਨੇ ਕਈ ਸਮਾਜਿਕ ਸਰੋਕਾਰਾਂ ਨੂੰ ਵੀ ਛੋਹਿਆ ਹੈ। ਜ਼ਿੰਦਗੀ ਦੀਆਂ ਯਾਦਾਂ ਫਰੋਲਦਿਆਂ ਉਸ ਨੇ ਰਿਸ਼ਤਿਆਂ ਨੂੰ ਧੁਰਾ ਮੰਨਿਆ ਹੈ, ਸ਼ਾਇਦ ਲੇਖਕ ਇਹ ਗੱਲ ਪਾਠਕਾਂ ਨਾਲ ਸਾਂਝੀ ਕਰਨ ਦਾ ਯਤਨ ਕਰਦਾ ਹੈ ਕਿ ਸਮੇਂ ਦੇ ਇਸ ਛੋਟੇ ਜਿਹੇ ਵਕਫ਼ੇ ਵਿਚ ਹੀ ਰਿਸ਼ਤਿਆਂ, ਕੰਮਾਂਕਾਰਾਂ ਅਤੇ ਵਰਤ-ਵਰਤਾਅ ਵਿਚ ਕਿੰਨੀਆਂ ਤਬਦੀਲੀਆਂ ਆ ਗਈਆਂ।
ਆਪਣੀ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਦੀ ਸਾਂਝ ਪਾਠਕਾਂ ਨਾਲ ਪਾ ਰਿਹਾ ਲੇਖਕ ਸਮਾਜਿਕ ਬੁਰਾਈਆਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਆਦਿ 'ਤੇ ਵੀ ਚਾਨਣਾ ਪਾਉਂਦਾ ਹੈ। ਆਪਣੇ ਮਾਂ-ਬਾਪ ਤੋਂ ਸਿੱਖਦਾ-ਸਿੱਖਦਾ ਲੇਖਕ ਆਪਣੇ ਬੱਚਿਆਂ ਨੂੰ ਸਿਖਾਉਣ ਤੱਕ ਪਹੁੰਚਦਾ ਹੈ ਤਾਂ ਸਮਾਜ ਦੇ ਬਹੁਤ ਸਾਰੇ ਵਰਗਾਂ ਨਾਲ ਉਸ ਦਾ ਵਾਹ ਪੈਂਦਾ ਹੈ, ਜਿਸ ਨੇ ਉਸ ਦੇ ਮਨ 'ਤੇ ਗਹਿਰਾ ਅਸਰ ਛੱਡਿਆ, ਇਸੇ ਕਰਕੇ ਉਹ ਆਪਣੇ ਮਨ 'ਤੇ ਪਏ ਇਸ ਚੰਗੇ-ਮਾੜੇ ਅਸਰ ਨੂੰ ਪਾਠਕਾਂ ਨਾਲ ਸਾਂਝਾ ਕਰਦਾ ਹੈ। ਅਜੋਕੇ ਯੁੱਗ ਵਿਚੋਂ ਅਲੋਪ ਰਹੀਆਂ ਕਦਰਾਂ-ਕੀਮਤਾਂ ਅਤੇ ਆਪਸੀ ਪਿਆਰ ਦੀ ਮਹਿਕ ਨੂੰ ਜ਼ਿੰਦਗੀ ਦੇ ਨਿੱਜੀ ਤਜਰਬਿਆਂ ਨਾਲ ਜੋੜ ਕੇ ਬਿਰਤਾਂਤ ਨੂੰ ਸਿਰਜਿਆ ਹੈ। ਲੇਖਕ ਦੀਆਂ ਕਈ ਗੱਲਾਂ ਪਾਠਕ ਨੂੰ ਆਪਣੀਆਂ ਲਗਦੀਆਂ ਹਨ, ਕਿਉਂਕਿ ਉਸ ਨੇ ਖੂਬਸੂਰਤੀ ਨਾਲ ਨਿੱਜੀ ਅਨੁਭਵ ਸਮਾਜ ਨਾਲ ਜੋੜਿਆ ਹੈ। ਯਾਦਗਾਰੀ ਤਸਵੀਰਾਂ, ਚਿੱਠੀਆਂ ਦੇ ਨਾਲ-ਨਾਲ ਆਪਣੀਆਂ ਦੋ ਕਹਾਣੀਆਂ 'ਵਿਆਹ ਦੇ ਲੱਡੂ' ਅਤੇ 'ਪ੍ਰੀਤੋ' ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ।

-ਡਾ: ਨਿਰਮਲ ਜੌੜਾ
ਮੋ: 98140-78799

c c c

ਜ਼ਿੰਦਗੀ ਜ਼ਿੰਦਾਬਾਦ
ਲੇਖਕ : ਰਾਣਾ ਰਣਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 30 ਰੁਪਏ, ਸਫ਼ੇ : 32
ਸੰਪਰਕ : 99889-24300.

ਰਾਣਾ ਰਣਬੀਰ ਸੁਹਿਰਦ ਕਲਾਕਾਰ ਹੈ। ਪੁਸਤਕ 'ਜ਼ਿੰਦਗੀ ਜ਼ਿੰਦਾਬਾਦ' ਰਾਹੀਂ ਕੁਝ ਅਨੁਭਵ ਸਾਂਝੇ ਕਰਦਿਆਂ ਪਾਠਕਾਂ ਨੂੰ ਆਸ਼ਾਵਾਦੀ ਸੋਚ ਨਾਲ ਜੋੜਨ ਦਾ ਚੰਗਾ ਉਪਰਾਲਾ ਕੀਤਾ ਹੈ। ਕਿਤਾਬ ਪੜ੍ਹਦਿਆਂ ਪਾਠਕ ਦੇ ਅੰਦਰ ਹਲਚਲ ਜ਼ਰੂਰ ਹੁੰਦੀ ਹੈ, ਜਿਵੇਂ ਅੰਦਰਲਾ ਸ਼ਕਤੀ ਸੋਮਾ ਆਪਣੀ ਹੋਂਦ ਦਿਖਾਉਣ ਲੱਗ ਪੈਂਦਾ ਹੈ। ਲੇਖਕ ਦੇ ਕਈ ਉਦਾਹਰਨਾਂ ਦੇ ਕੇ ਜ਼ਿੰਦਗੀ ਨਾਲ ਜੁੜੇ ਨਾਂਹ-ਪੱਖੀ ਰਵੱਈਏ ਨੂੰ ਨਕਾਰਿਆ ਹੈ ਅਤੇ ਹਾਂ-ਪੱਖੀ ਰਾਹਾਂ 'ਤੇ ਤੁਰਨ ਲਈ ਪ੍ਰੇਰਰਿਆ ਹੈ।
ਸ਼ਬਦ ਅਤੇ ਕਿਤਾਬ ਦੀ ਮਨੁੱਖੀ ਜ਼ਿੰਦਗੀ ਵਿਚ ਮਹੱਤਤਾ ਤੋਂ ਸ਼ੁਰੂ ਹੋ ਕੇ ਕੁਦਰਤ ਦੇ ਬਲਿਹਾਰੀ ਰੂਪ ਤੱਕ ਪਹੁੰਚਦਾ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ 'ਤੇ ਵਾਪਰਦੇ ਸਰੋਕਾਰਾਂ ਵਿਚ ਮਨੁੱਖੀ ਰਵੱਈਏ ਨੂੰ ਘੋਖਦਾ ਹੈ। ਲੇਖਕ ਅਨੁਸਾਰ ਸਮਾਜ ਵਿਚ ਪਰਿਵਰਤਨ ਮਹੱਤਵਪੂਰਨ ਹੈ ਅਤੇ ਪਰਿਵਰਤਨ ਲਈ ਮਨੁੱਖ ਅੰਦਰ ਇਕ ਦੀਵਾ ਜਗਣਾ ਜ਼ਰੂਰੀ ਹੈ। ਦੁਨਿਆਵੀ ਰਾਹਾਂ 'ਤੇ ਤੁਰਦਿਆਂ ਹੌਸਲਾ ਅਤੇ ਆਤਮ-ਵਿਸ਼ਵਾਸ ਇਸ ਦੀਵੇ ਨੂੰ ਜਗਦਾ ਰੱਖਣ ਵਿਚ ਸਹਾਈ ਹੁੰਦਾ ਹੈ।
ਪੁਸਤਕ ਵਿਚ ਰਾਣਾ ਰਣਬੀਰ ਨੇ ਬਹੁਤ ਹੀ ਢੁਕਵੀਆਂ ਘਟਨਾਵਾਂ ਦੇ ਨਾਲ-ਨਾਲ ਗੁਰਬਾਣੀ ਸਮੇਤ ਹੋਰ ਚੰਗੀਆਂ ਸਾਹਿਤਕ ਰਚਨਾਵਾਂ ਦੇ ਹਵਾਲੇ ਨਾਲ ਆਪਣੀ ਗੱਲ ਕੀਤੀ ਹੈ। ਜ਼ਿੰਦਗੀ ਨੂੰ ਜ਼ਿੰਦਾਬਾਦ ਬਣਾਉਣ ਲਈ ਬਹੁਤ ਸਾਰੀਆਂ ਢਹਿ-ਢੇਰੀ ਵਾਲੀਆਂ ਗੱਲਾਂ, ਸੋਚਾਂ, ਕੰਮਾਂ ਨੂੰ ਮਨਫ਼ੀ ਕਰਨ ਦਾ ਹੋਕਾ ਦਿੰਦਿਆਂ ਲੇਖਕ ਨੇ ਉਸਾਰੂ ਪੱਖ ਨਾਲ ਜੁੜਨ ਦੀ ਵਕਾਲਤ ਕੀਤੀ ਹੈ। ਅਖੀਰ ਵਿਚ ਲੇਖਕ ਨੇ ਆਪਣੀ ਇਕ ਖੂਬਸੂਰਤ ਕਵਿਤਾ ਰਾਹੀਂ ਜ਼ਿੰਦਗੀ ਦੇ ਰਵੱਈਏ ਵਿਚ ਤਬਦੀਲੀ ਲਈ ਵਿਚਾਰ ਦਿੱਤੇ ਹਨ।

c c c

ਸਾਵੀ
ਲੇਖਕ : ਜਗਦੀਸ਼ ਸਚਦੇਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 98143-80051.

ਜਗਦੀਸ਼ ਸਚਦੇਵਾ ਪੰਜਾਬੀ ਦੇ ਚਰਚਿਤ ਨਾਟਕਕਾਰ ਹਨ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਨਿਵੇਕਲੇ ਨਾਟਕ ਦੇਣ ਵਿਚ ਪਹਿਲ ਕੀਤੀ ਹੈ। 'ਸਾਵੀ' ਉਸ ਦਾ ਬਹੁਚਰਚਿਤ ਨਾਟਕ ਹੈ, ਕਿਉਂਕਿ ਵੱਖਰੇ ਕਬੀਲੇ ਅਤੇ ਭਾਸ਼ਾ ਦਾ ਨਾਟਕ ਹੈ। ਇਕ ਖ਼ਾਸ ਕਬੀਲੇ ਦੇ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਉਸ ਕਬੀਲੇ ਦੀਆਂ ਰਵਾਇਤਾਂ-ਰਸਮਾਂ ਨੂੰ ਪਾਠਕ ਸਾਹਮਣੇ ਰੱਖਦਾ ਹੈ। ਸਾਵੀ ਇਸ ਨਾਟਕ ਦੀ ਮੁੱਖ ਪਾਤਰ ਹੈ ਅਤੇ ਕਹਾਣੀ ਉਸ ਦੇ ਤਣਾਅ ਅਤੇ ਮਾਨਸਿਕ ਪੀੜਾ ਦੀ ਹੈ। ਦੱਸਣ ਜਾਂ ਲਿਖਣ ਵੇਲੇ ਇਸ ਨਾਟਕ ਦਾ ਵਿਸ਼ਾ ਤੇ ਕਹਾਣੀ ਬਹੁਤੀ ਸਰਲ ਅਤੇ ਸਪੱਸ਼ਟ ਹੈ ਪਰ ਨਾਟਕ ਪੜ੍ਹਦਿਆਂ ਓਨਾ ਹੀ ਸੁਚੇਤ ਅਤੇ ਚੁਸਤ ਹੋਣ ਦੀ ਲੋੜ ਹੈ। ਛੋਟੇ-ਵੱਡੇ ਨੌਂ ਦ੍ਰਿਸ਼ਾਂ ਵਿਚ ਇਹ ਨਾਟਕ ਮੁਕੰਮਲ ਹੁੰਦਾ ਹੈ। ਸਾਵੀ ਦੇ ਚਾਵਾਂ ਦੇ ਉਲਾਰ ਤੋਂ ਸ਼ੁਰੂ ਹੁੰਦਾ ਨਾਟਕ ਪਾਠਕਾਂ ਨੂੰ ਨਾਲ ਲੈ ਤੁਰਦਾ ਹੈ। ਸਾਵੀ ਅਤੇ ਉਸ ਦੀ ਸੇਜ ਦਾ ਖਿੜਨਾ ਸਖੀਆਂ ਸਹੇਲੀਆਂ ਦੇ ਚੁਲਬਲੇ ਗੀਤਾਂ ਰਾਹੀਂ ਸਾਵੀ ਦੇ ਚਾਅ ਦੂਣੇ ਹੁੰਦੇ ਹਨ। ਸੇਜ ਨਾਲ ਮੁਹੱਬਤੀ ਰਿਸ਼ਤਾ ਜੋੜਦੀ ਸਾਵੀ ਬਾਗੋ-ਬਾਗ ਹੈ ਪਰ ਨੌਵੇਂ ਦ੍ਰਿਸ਼ ਤੱਕ ਪਹੁੰਚਦਿਆਂ ਉਹੀ ਸੇਜ ਦੇ ਰੰਗ ਫਿੱਕੇ ਪੈ ਜਾਂਦੇ ਹਨ ਅਤੇ ਸੇਜ ਉਸ ਲਈ ਮੌਤ ਦੇ ਖੂਹ ਬਰਾਬਰ ਹੋ ਜਾਂਦੀ ਹੈ।
ਨਾਟਕ ਵਿਚ ਮਿੰਜਰਾਂ ਦੇ ਮੇਲੇ ਦਾ ਦ੍ਰਿਸ਼ ਗੁੱਜਰਾਂ ਦੀ ਖੁਸ਼ਹਾਲੀ ਦਾ ਪ੍ਰਤੀਕ ਹੈ, ਇਸੇ ਮੇਲੇ ਵਿਚ ਢੋਲਣ ਅਤੇ ਮਾਲੋ ਦੇ ਮੁਹੱਬਤ ਦੀ ਤੰਦ ਸ਼ੁਰੂ ਹੁੰਦੀ ਹੈ, ਉਹੀ ਤੰਦ ਢੋਲਣ ਦੀ ਭੈਣ ਸਾਵੀ ਦੇ ਗਲੇ ਦਾ ਫਾਹਾ ਬਣਦੀ ਹੈ। ਇਕ ਦਿਲਚਸਪ ਕਹਾਣੀ ਰਾਹੀਂ ਇਹ ਸਭ ਕੁਝ ਵਾਪਰਦਾ ਹੈ। ਗੁੱਜਰ ਕਬੀਲੇ ਦੀ ਭਾਸ਼ਾ ਨੂੰ ਨਾਟਕਕਾਰ ਨੇ ਪਰਪੱਕਤਾ ਨਾਲ ਲਿਖਿਆ ਹੈ।

-ਡਾ: ਨਿਰਮਲ ਜੌੜਾ
ਮੋ: 98140-78799

16-10-2016

 ਬਿਖੁ ਮਹਿ ਅੰਮ੍ਰਿਤੁ
ਲੇਖਕ : ਸਿਰਦਾਰ ਕਪੂਰ ਸਿੰਘ
ਸੰਪਾਦਕ : ਬਲਦੇਵ ਸਿੰਘ
ਪ੍ਰਕਾਸ਼ਕ : 245 ਅਰਬਨ ਐਸਟੇਟ, ਕਪੂਰਥਲਾ
ਮੁੱਲ : 60 ਰੁਪਏ, ਸਫ਼ੇ : 97
ਸੰਪਰਕ : 98151-20919
.

ਬਿਖੁ ਵਾਂਗ ਜ਼ਹਿਰੀ/ਕੌੜੇ ਪਰ ਅੰਮ੍ਰਿਤੁ ਵਰਗੀ ਉੱਤਮ ਤਾਸੀਰ ਸਵਰਗੀ ਸਿਰਦਾਰ ਕਪੂਰ ਸਿੰਘ ਦੇ ਬੋਲ ਤੇ ਲਿਖਤ ਦੀ। ਹਾਲਾਤ ਨੇ ਜੋ ਕੁਝ ਇਸ ਪ੍ਰਤਿਭਾਵਾਨ ਬੁੱਧੀਜੀਵੀ ਨੂੰ ਦਿੱਤਾ, ਉਸ ਦਾ ਪ੍ਰਤੀਕਰਮ ਸੀ ਕਿ ਉਹ ਰੁਖਾ, ਕੌੜਾ ਪਰ ਸਾਫ਼ ਗੋਅ ਸੀ। ਸੰਸਕ੍ਰਿਤ, ਉਰਦੂ, ਫਾਰਸੀ, ਅੰਗਰੇਜ਼ੀ, ਪਾਲੀ, ਲੈਟਿਨ, ਗਰੀਕ ਜਿਹੀਆਂ ਕਈ ਕਲਾਸਕੀ ਜ਼ਬਾਨਾਂ ਦਾ ਗੰਭੀਰ ਅਧਿਵੇਤਾ ਕਪੂਰ ਸਿੰਘ ਧਰਮ, ਦਰਸ਼ਨ ਤੇ ਸਿਆਸਤ ਦੀਆਂ ਬਾਰੀਕੀਆਂ ਜਾਣਦਾ ਸੀ। ਸਿੱਖ ਸਿਧਾਂਤਾਂ, ਗੁਰਬਾਣੀ ਤੇ ਗੁਰਮਤਿ ਨਾਲ ਸਿਧਾਂਤਕ ਪ੍ਰਤਿਬੱਧਤਾ ਦੇ ਨਾਲ-ਨਾਲ ਉਹ ਸਿੱਖਾਂ ਦੇ ਵਰਤਮਾਨ ਤੇ ਭਵਿੱਖ ਲਈ ਸਾਰੀ ਉਮਰ ਫ਼ਿਕਰਮੰਦ ਰਿਹਾ। ਸਿੱਖੀ, ਸਿੱਖਾਂ ਤੇ ਪੰਜਾਬ ਨਾਲ ਵਿਸਾਹਘਾਤ ਕਰਨ ਵਾਲੇ ਕਿਸੇ ਵੀ ਬੰਦੇ ਨੂੰ ਉਹ ਮੁਆਫ਼ ਨਹੀਂ ਸੀ ਕਰਦਾ, ਭਾਵੇਂ ਉਹ ਸਿੱਖ ਤੇ ਸਿੱਖਾਂ ਦਾ ਨੇਤਾ/ਬੁੱਧੀਜੀਵੀ ਹੋਣ ਦਾ ਦਾਅਵਾ ਵੀ ਕਿਉਂ ਨਾ ਕਰਦਾ ਹੋਵੇ। ਮਜ਼ਬੂਤ ਕੇਂਦਰ ਵਾਲੇ ਫੈਡਰਲ ਭਾਰਤ ਦਾ ਸਮਰਥਕ ਕਪੂਰ ਸਿੰਘ ਭਾਰਤੀ ਫੈਡਰਲ ਢਾਂਚੇ ਅੰਦਰ ਸਿੱਖ ਹੋਮਲੈਂਡ ਨੂੰ ਦੇਸ਼ ਦੇ ਹਿਤ ਵਿਚ ਮੰਨਦਾ ਸੀ। ਕੁਰਸੀ/ ਸਿਆਸਤ/ਝੰਡੀ ਵਾਲੀ ਕਾਰ/ ਅਹੁਦੇ/ਨੌਕਰੀ/ਤਰੱਕੀ ਹਿਤ ਸਿੱਖ ਸਿਧਾਂਤਾਂ ਨੂੰ ਵਿਕ੍ਰਿਤ ਕਰਨ ਵਾਲੇ ਬੰਦੇ ਉਸ ਨੂੰ ਜ਼ਹਿਰ ਲਗਦੇ। ਮਾਸਟਰ ਤਾਰਾ ਸਿੰਘ, ਸੰਤ ਫ਼ਤਹਿ ਸਿੰਘ, ਬਾਦਲ, ਟੌਹੜਾ, ਤਲਵੰਡੀ, ਬਰਨਾਲਾ, ਉਸ ਦੀ ਕਿਸੇ ਨਾਲ ਵੀ ਸੁਰ ਨਾ ਰਲੀ। ਨਹਿਰੂ, ਗਾਂਧੀ, ਪਟੇਲ ਤੇ ਸੁਤੰਤਰ ਭਾਰਤ ਦੇ ਨੇਤਾਵਾਂ ਦਾ ਤਾਂ ਕਹਿਣਾ ਹੀ ਕੀ। ਉਹ ਭਗਤ ਸਿੰਘ ਨੂੰ ਸ਼ਹੀਦ ਮੰਨਦਾ ਸੀ, ਪਰ ਸਿੱਖ ਸ਼ਹੀਦ ਨਹੀਂ। ਲਾਲਾ ਲਾਜਪਤ ਰਾਏ ਨੂੰ ਉਹ ਦਲੀਲ ਦੇ ਕੇ ਸ਼ਹੀਦ ਨਹੀਂ ਸੀ ਮੰਨਦਾ।
ਬੁਝਾਰਤ ਵਰਗੀ ਇਸ ਵਚਿੱਤਰ ਸ਼ਖ਼ਸੀਅਤ ਦੇ ਜੀਵਨ ਤੇ ਕੁਝ ਮਹੱਤਵਪੂਰਨ ਲਿਖਤਾਂ ਦਾ ਸੰਪਾਦਨ ਉਸ ਨਾਲ ਨੇੜਲੀ ਸਾਂਝ ਰੱਖਣ ਵਾਲੇ, ਨੇੜਿਓਂ ਜਾਣਨ ਵਾਲੇ, ਉਸ ਨੂੰ ਪਿਆਰ ਕਰਨ ਵਾਲੇ ਸ: ਬਲਦੇਵ ਸਿੰਘ ਨੇ ਕਰਕੇ ਆਪ ਹੀ ਸ਼ਰਧਾ ਨਾਲ ਪ੍ਰਕਾਸ਼ਿਤ ਕੀਤਾ ਹੈ। ਸਿਰਦਾਰ ਨੂੰ ਪਿਆਰ ਤੇ ਨਫ਼ਰਤ ਕਰਨ ਵਾਲੇ ਦੋਵੇਂ ਉਸ ਨੂੰ ਜਾਣ ਨਹੀਂ ਸਕੇ। ਇਹ ਕਿਤਾਬ ਦੋਵੇਂ ਵਰਗਾਂ ਦੇ ਕਈ ਭੁਲੇਖੇ ਦੂਰ ਕਰ ਸਕਦੀ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਦੁਆ
ਸ਼ਾਇਰ : ਡਾ: ਹਰਜਿੰਦਰ ਕੁਮਾਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼,ਪਟਿਆਲਾ।
ਮੁੱਲ : 100 ਰੁਪਏ, ਸਫ਼ੇ : 55
ਸੰਪਰਕ : 99151-03490
.

ਡਾ: ਹਰਜਿੰਦਰ ਕੁਮਾਰ ਪ੍ਰਵਾਸੀ ਕਲਮਕਾਰ ਹੈ ਤੇ 'ਦੁਆ' ਉਸ ਦੀ ਪਹਿਲੀ ਪੁਸਤਕ ਹੈ। ਇਸ ਪੁਸਤਕ ਵਿਚ ਉਸ ਦੀਆਂ ਛੱਤੀ ਕਵਿਤਾਵਾਂ ਦਰਜ ਹਨ। ਹਰ ਮਨੁੱਖ ਥੋੜ੍ਹਾ-ਬਹੁਤਾ ਕਵੀ ਹੁੰਦਾ ਹੈ ਪਰ ਸ਼ਬਦਾਂ ਨੂੰ ਬਿਹਤਰ ਤਰਤੀਬ ਤੇ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਵਾਲਾ ਚਰਚਾ ਵਿਚ ਆ ਜਾਂਦਾ ਹੈ। ਡਾ: ਹਰਜਿੰਦਰ ਕੁਮਾਰ ਨੇ ਵੀ ਪੰਜਾਬੀ ਕਾਵਿ ਖੇਤਰ ਵਿਚ ਆਪਣਾ ਪਹਿਲਾ ਕਦਮ ਵਧਾਇਆ ਹੈ, ਜਿਸ 'ਤੇ ਉਸ ਨੂੰ ਸ਼ੁੱਭ-ਕਾਮਨਾਵਾਂ ਦੇਣੀਆਂ ਚਾਹੀਦੀਆਂ ਹਨ। ਇਸ ਪੁਸਤਕ ਵਿਚ ਸ਼ਾਮਿਲ ਕਵਿਤਾਵਾਂ ਵਿਚ ਕਈ ਆਜ਼ਾਦ ਨਜ਼ਮਾਂ ਹਨ ਤੇ ਕੁਝ ਨੂੰ ਛੰਦ-ਬੱਧ ਕਰਨ ਦਾ ਯਤਨ ਕੀਤਾ ਗਿਆ ਹੈ। 'ਦੁਆ' ਦੀਆਂ ਕਵਿਤਾਵਾਂ ਦੇ ਕਾਫ਼ੀ ਹਿੱਸੇ ਦਾ ਵਿਸ਼ਾ ਮੁਹੱਬਤ ਹੈ ਤੇ ਇਹ ਵਿਸ਼ਾ ਕਦੀ ਵੀ ਪੁਰਾਣਾ ਨਹੀਂ ਹੁੰਦਾ। ਸ਼ਾਇਰ ਨੇ ਕੁਝ ਧਾਰਮਿਕ ਤੇ ਸਮਾਜਿਕ ਵਿਸ਼ਿਆਂ 'ਤੇ ਵੀ ਕਵਿਤਾਵਾਂ ਲਿਖੀਆਂ ਹਨ। ਵਿਦੇਸ਼ ਰਹਿੰਦਿਆਂ ਹੋਇਆਂ ਉਸ ਨੂੰ ਆਪਣਾ ਪਿਛੋਕੜ ਨਹੀਂ ਭੁੱਲਦਾ। 'ਤਿੰਨ ਰੰਗ' ਕਵਿਤਾ ਵਿਚ ਉਹ ਪਿੰਡ ਦੀ ਅਸਲ ਜ਼ਿੰਦਗੀ ਦਾ ਚਿੱਤਰ ਪੇਸ਼ ਕਰਦਾ ਹੈ। ਉਹ ਬਾਪੂ ਦੀਆਂ ਘੂਰੀਆਂ, ਮਾਂ ਦੀਆਂ ਨਸੀਹਤਾਂ, ਭੈਣ ਦੇ ਮੋਹ ਤੇ ਭਰਾਵਾਂ ਦੀਆਂ ਥਾਪੀਆਂ ਨੂੰ ਯਾਦ ਕਰਦਾ ਹੈ। ਇੰਜ ਉਸ ਨੂੰ ਆਪਣੀ ਮਿੱਟੀ ਦਾ ਮੋਹ ਲਗਾਤਾਰ ਸਤਾਉਂਦਾ ਹੈ। 'ਧੀਆਂ' ਕਵਿਤਾ ਵਿਚ ਉਹ ਧੀਆਂ ਨੂੰ ਵਿਚਾਰੀਆਂ ਨਹੀਂ ਮੰਨਦਾ। ਉਸ ਅਨੁਸਾਰ ਅਜਿਹਾ ਕੋਈ ਕੰਮ ਨਹੀਂ ਹੈ, ਜਿਸ ਵਿਚ ਇਨ੍ਹਾਂ ਦੀ ਸ਼ਮੂਲੀਅਤ ਨਾ ਹੋਵੇ। 'ਅਰਮਾਨ' ਕਵਿਤਾ ਵਿਚ ਉਹ ਆਪਣੀਆਂ ਨਾਕਾਮੀਆਂ ਦਾ ਜ਼ਿਕਰ ਕਰਦਾ ਹੈ। ਉਹ ਆਖਦਾ ਹੈ ਕਿ ਉਸ ਨੇ ਅਸਮਾਨ ਛੂਹਣ ਦਾ ਸੁਪਨਾ ਲਿਆ ਸੀ ਪਰ ਉਸ ਦਿਆਂ ਹੱਥਾਂ-ਪੈਰਾਂ ਨੇ ਉਸ ਦਾ ਸਾਥ ਨਹੀਂ ਦਿੱਤਾ। ਇੰਜ ਸ਼ਾਇਰ ਦੀ ਸਮੁੱਚੀ ਕਵਿਤਾ ਮਾਨਸਿਕ ਖਿੱਚੋਤਾਣ ਤੇ ਘੁੰਮਣਘੇਰੀ ਦੁਆਲੇ ਘੁੰਮਦੀ ਹੈ। ਸ਼ਾਇਰੀ ਲਗਾਤਾਰਤਾ, ਅਧਿਐਨ ਤੇ ਸਿਦਕਦਿਲੀ ਦੀ ਮੰਗ ਕਰਦੀ ਹੈ। ਡਾ: ਹਰਜਿੰਦਰ ਕੁਮਾਰ ਦੀਆਂ ਕਵਿਤਾਵਾਂ ਨੂੰ ਵਾਚਦਿਆਂ ਮੈਂ ਇਹ ਮਹਿਸੂਸ ਕੀਤਾ ਹੈ ਕਿ ਉਸ ਨੂੰ ਆਪਣੇ ਮੁਢਲੇ ਸਫ਼ਰ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ਤੇ ਕਿਸੇ ਮਾਹਰ ਘੁਮੱਕੜ ਦਾ ਸੰਪਰਕ ਸ਼ਾਇਰ ਲਈ ਚੰਗਾ ਰਾਹ-ਦਸੇਰਾ ਸਾਬਤ ਹੋ ਸਕਦਾ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

ਪੰਜਾਬੀ ਸਾਹਿਤਕ ਸਵੈ-ਜੀਵਨੀ
ਸਿਧਾਂਤਕ ਪਰਿਪੇਖ-1

ਲੇਖਕ : ਡਾ: ਗੁਰਜੀਤ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98158-35560
.

ਵਿਚਾਰਾਧੀਨ ਖੋਜ ਪੁਸਤਕ ਵਿਚ ਲੇਖਕ ਨੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਚਾਲੂ ਕੀਤੀ ਗਈ 'ਮੇਰੀ ਸਾਹਿਤਕ ਸਵੈਜੀਵਨੀ' ਲੜੀ ਅਧੀਨ 1985 ਤੋਂ 1995 ਤੱਕ ਪ੍ਰਕਾਸ਼ਿਤ ਹੋਈਆਂ ਵੱਖ-ਵੱਖ ਲੇਖਕਾਂ (ਸੋਹਣ ਸਿੰਘ ਸੀਤਲ, ਰੋਸ਼ਨ ਲਾਲ ਆਹੂਜਾ, ਗੁਰਦਿਆਲ ਸਿੰਘ ਫੁੱਲ, ਬ੍ਰਿਜ ਲਾਲ ਸ਼ਾਸਤਰੀ, ਸੁਜਾਨ ਸਿੰਘ, ਹਰਚਰਨ ਸਿੰਘ, ਕਰਤਾਰ ਸਿੰਘ ਦੁੱਗਲ, ਸੁਰਜੀਤ ਸਿੰਘ ਸੇਠੀ, ਨਰਿੰਦਰ ਪਾਲ ਸਿੰਘ, ਪਿਆਰਾ ਸਿੰਘ ਸਹਿਰਾਈ, ਮਹਿੰਦਰ ਸਿੰਘ ਸਰਨਾ, ਜਸਵੰਤ ਸਿੰਘ ਨੇਕੀ, ਪ੍ਰੀਤਮ ਸਿੰਘ ਸਫ਼ੀਰ, ਅਜੀਤ ਸੈਣੀ, ਪ੍ਰਭਜੋਤ ਕੌਰ, ਸੰਤੋਖ ਸਿੰਘ ਧੀਰ, ਰਵਿੰਦਰ ਰਵੀ, ਕੈਲਾਸ਼ਪੁਰੀ, ਦਲੀਪ ਕੌਰ ਟਿਵਾਣਾ, ਗੁਰਦੇਵ ਸਿੰਘ ਮਾਨ, ਮਹਿੰਦਰ ਸਿੰਘ ਜੋਸ਼ੀ, ਰਾਮ ਸਰੂਪ ਅਣਖੀ, ਅਜਾਇਬ ਚਿਤਰਕਾਰ, ਸੁਰਿੰਦਰ ਸਿੰਘ ਨਰੂਲਾ ਆਦਿ) ਦੀਆਂ ਸਾਹਿਤਕ ਸਵੈ-ਜੀਵਨੀਆਂ ਨੂੰ ਅਧਿਐਨ ਵਸਤੂ ਵਜੋਂ ਗ੍ਰਹਿਣ ਕਰਕੇ, ਇਨ੍ਹਾਂ ਸਭਨਾਂ ਦੇ ਸਾਹਿਤਕ ਸ਼ਖ਼ਸੀਅਤ ਵਜੋਂ ਵਿਗਸਣ ਦੇ ਪਿਛੋਕੜ ਵਿਚ ਕਾਰਜਸ਼ੀਲ ਪਰਿਵਾਰਕ ਸਥਿਤੀਆਂ, ਹੋਰਨਾਂ ਸਾਹਿਤਕ ਸ਼ਖ਼ਸੀਅਤਾਂ ਦੇ ਪ੍ਰਭਾਵ, ਸਮਕਾਲੀ ਸਾਹਿਤਕ ਪਰੰਪਰਾਵਾਂ ਦਾ ਪ੍ਰਭਾਵ, ਪੂਰਬੀ ਅਤੇ ਪੱਛਮੀ ਸਾਹਿਤਕ ਰਚਨਾਵਾਂ ਅਤੇ ਲੇਖਕਾਂ ਦਾ ਪ੍ਰਭਾਵ, ਬਾਹਰੀ ਸਥਿਤੀਆਂ ਅਤੇ ਘਟਨਾਵਾਂ ਦਾ ਪ੍ਰਭਾਵ ਆਦਿ ਦਾ ਬੜਾ ਵਿਦਵਤਾ ਭਰਪੂਰ ਵਿਸ਼ਲੇਸ਼ਣ ਅਤੇ ਸਰਵੇਖਣ ਕੀਤਾ ਹੈ। ਸੋਹਣ ਸਿੰਘ ਸੀਤਲ ਨੇ ਪਹਿਲਾਂ 'ਵੇਖੀ ਮਾਣੀ ਦੁਨੀਆ' ਪੂਰੇ ਜੀਵਨ ਦੀ ਸਵੈ-ਜੀਵਨੀ ਲਿਖੀ। ਫਿਰ ਸਾਹਿਤਕ ਸਵੈ-ਜੀਵਨੀ ਲਿਖੀ, ਜੋ ਸਵੈ-ਜੀਵਨੀ ਦਾ ਸੰਖੇਪ ਰੂਪ ਹੀ ਜਾਪਦਾ ਹੈ। ਇਵੇਂ ਕਰਤਾਰ ਸਿੰਘ ਦੁੱਗਲ ਨੇ ਵਡ-ਆਕਾਰੀ ਸਵੈ-ਜੀਵਨੀ 'ਕਿਸ ਪਹਿ ਖੋਲਉ ਗੰਠੜੀ' ਲਿਖੀ। ਬਾਅਦ ਵਿਚ ਲਿਖੀ ਸਾਹਿਤਕ ਸਵੈ-ਜੀਵਨੀ ਵਿਚ ਅਨੇਕਾਂ ਗੱਲਾਂ ਦਾ ਦੁਹਰਾਅ ਆ ਗਿਆ। ਕਿਹਾ ਜਾ ਸਕਦਾ ਹੈ ਕਿ ਸਵੈ-ਜੀਵਨੀ ਅਤੇ ਸਾਹਿਤਕ ਸਵੈ-ਜੀਵਨੀ ਦਾ ਨਹੁੰ-ਮਾਸ ਦਾ ਰਿਸ਼ਤਾ ਹੈ।
ਵਿਦਵਾਨ ਆਲੋਚਕ ਦੀ ਪ੍ਰਸੰਸਾ ਕਰਨੀ ਬਣਦੀ ਹੈ ਕਿ ਉਸ ਨੇ ਸਵੈ-ਜੀਵਨੀ ਅਤੇ ਸਾਹਿਤਕ ਸਵੈ-ਜੀਵਨੀ ਦੇ ਅੰਤਰ-ਸਬੰਧਾਂ ਨੂੰ ਰਚਨਾ ਪ੍ਰਕਿਰਿਆ ਦੇ ਪਿਛੋਕੜ ਵਿਚ ਕਾਰਜਸ਼ੀਲ ਕਿਰਿਆਵਾਂ, ਘਟਨਾਵਾਂ, ਪ੍ਰਭਾਵ, ਹਾਲਾਤ ਅਤੇ ਪ੍ਰੇਰਨਾ ਸ੍ਰੋਤਾਂ ਦੀ ਦ੍ਰਿਸ਼ਟੀ ਤੋਂ ਗੰਭੀਰਤਾ ਨਾਲ ਵਾਚਿਆ ਹੈ। ਸਾਹਿਤਕ ਸਵੈ-ਜੀਵਨੀ ਵਿਚ ਲੇਖਕ ਦੀ ਸਮੁੱਚੀ ਸਾਧਨਾ ਦਾ ਜ਼ਿਕਰ ਹੋਣਾ ਸੁਭਾਵਿਕ ਹੈ। ਸਾਹਿਤਕ ਸਵੈ-ਜੀਵਨੀ ਦੇ ਸਿਧਾਂਤਕ ਪੈਂਤੜੇ ਦਾ ਆਰੰਭ ਕਰਨ ਵਿਚ ਡਾ: ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਯੋਗਦਾਨ ਹੈ। ਲੇਖਕਾਂ ਵੱਲੋਂ ਸਾਹਿਤਕ ਸਵੈ-ਜੀਵਨੀਆਂ ਲਿਖਣ ਦਾ ਕਾਰਜ ਨਿਰੰਤਰ ਜਾਰੀ ਹੈ। ਲੇਖਕ ਨੇ ਇਸ ਨੂੰ ਵਿਕਸਤ ਹੋ ਰਿਹਾ ਵੱਖਰਾ ਸਾਹਿਤਕ ਰੂਪ ਸਿੱਧ ਕਰਨ ਦਾ ਪ੍ਰਯਾਸ ਕੀਤਾ ਹੈ। ਪਾਠਕਾਂ ਨੂੰ ਸਿਧਾਂਤਕ ਪਰਿਪੇਖ-2 ਦੀ ਉਡੀਕ ਰਹੇਗੀ।

ਫ ਫ ਫ

ਥੈਂਕਸ ਏ ਲੌਟ ਪੁੱਤਰਾ
ਲੇਖਕ : ਕੇਸਰਾ ਰਾਮ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 158
ਸੰਪਰਕ : 094162-35210


ਹਰਿਆਣਾ ਨਿਵਾਸੀ ਕੇਸਰਾ ਰਾਮ ਚੌਥੀ ਪੀੜ੍ਹੀ ਦਾ ਪ੍ਰਸਿੱਧ ਪੰਜਾਬੀ ਕਹਾਣੀਕਾਰ ਹੈ। ਉਹ ਆਪਣੀਆਂ ਕਹਾਣੀਆਂ ਦੇ ਵਿਸ਼ੇ ਤੇਜ਼ੀ ਨਾਲ ਬਦਲ ਰਹੇ ਸਮਾਜ ਵਿਚੋਂ ਚੁਣਦਾ ਹੈ। ਇਸੇ ਕਾਰਨ ਉਸ ਦੀ ਬ੍ਰਿਤਾਂਤਕ ਦ੍ਰਿਸ਼ਟੀ ਅਤੇ ਸ਼ੈਲੀ ਵੀ ਵਿਲੱਖਣ ਹੈ। ਇਸ ਪੁਸਤਕ ਵਿਚ ਉਸ ਨੇ ਕੁੱਲ ਅੱਠ ਕਹਾਣੀਆਂ (ਖੁਸ਼ਬੂ-ਖੁਸ਼ਬੂ, ਸ਼ਾਕਾਹਾਰੀ, ਥੈਂਕਸ ਏ ਲੌਟ ਪੁੱਤਰਾ, ਮੁਰਗੇ, ਕੁਰੂਕਸ਼ੇਤਰ ਦਾ ਜੇਤੂ, ਬਿਮਾਰ ਆਦਮੀ, ਐੱਲ ਓ ਐੱਲ, ਲੱਕੜਹਾਰੇ ਦੀ ਜਿੱਤ) ਸ਼ਾਮਿਲ ਕੀਤੀਆਂ ਹਨ। ਖੁਸ਼ਬੂ-ਖੁਸ਼ਬੂ ਕਹਾਣੀ ਦਾ ਨਾਇਕ ਆਪਣੇ ਬੁਢਾਪੇ ਵਿਚ ਫੁੱਲਾਂ 'ਚੋਂ ਮਹਿਕ ਲੱਭਦਾ ਫਿਰਦਾ ਹੈ। 'ਥੈਂਕਸ ਏ ਲੌਟ ਪੁੱਤਰਾ' ਕਹਾਣੀ ਵਿਚ ਬੁੱਢੇ ਮਾਂ-ਬਾਪ ਦਾ ਇਕਲੌਤਾ ਪੁੱਤਰ ਬਾਹਰਲੇ ਪ੍ਰਾਂਤਾਂ ਵਿਚ ਸਰਵਿਸ ਕਰਦਾ ਘੁੰਮਦਾ ਰਹਿੰਦਾ ਹੈ। ਦੇਰ ਬਾਅਦ ਘਰ ਆਉਣ ਲਈ ਫੋਨ ਕਰਦਾ ਹੈ। ਪੁੱਤਰ ਦੇ ਘਰ ਆਉਣ ਦੀ ਖੁਸ਼ੀ ਵਿਚ ਬੁੱਢੇ-ਬੁੱਢੀ ਦੇ ਬੜੀ ਦੇਰ ਤੋਂ ਠੰਢੇ ਪੈ ਚੁੱਕੇ ਜਜ਼ਬਾਤਾਂ ਵਿਚ ਮੁੜ ਨਿੱਘੀ ਪੌਣ ਬੜੀ ਤੇਜ਼ੀ ਰੁਮਕਦੀ ਹੈ। ਇਸ ਖੁਸ਼ੀ ਵਿਚ ਕਥਾ ਨਾਇਕ ਨੇ 'ਥੈਂਕਸ ਏ ਲੌਟ ਪੁੱਤਰਾ' ਮੈਸੇਜ ਟਾਈਪ ਕਰਕੇ ਆਪਣੇ ਹੀ ਨੰਬਰ 'ਤੈ ਸੈਂਡ ਕਰ ਲਿਆ। 'ਸ਼ਾਕਾਹਾਰੀ, ਮੁਰਗੇ, ਬਿਮਾਰ ਆਦਮੀ, ਐੱਲ ਓ ਐੱਲ ਕਹਾਣੀਆਂ ਵਿਚ ਦਸੰਬਰ 2012 ਵਿਚ ਦਾਮਿਨੀ/ਨਿਰਭਯਾ ਨਾਲ ਦਿੱਲੀ ਵਿਚ ਵਾਪਰੀ ਸ਼ਰਮਨਾਕ ਘਟਨਾ ਤੋਂ ਬਾਅਦ ਨਵੇਂ ਬਣੇ ਕਾਨੂੰਨ 'ਮਹਿਲਾ ਸੈਕਸੁਅਲ ਹਰਾਸਮੈਂਟ ਲਾਅ' ਦੇ ਭੈਅ ਵਿਚ ਵਿਚਰਦੇ ਅਤੇ ਇਸ ਕਾਨੂੰਨ ਦਾ ਸ਼ਿਕਾਰ ਹੋਣ ਵਾਲੇ ਪਾਤਰਾਂ ਨੂੰ ਸਿਰਜਿਆ ਗਿਆ ਹੈ। ਐੱਲ ਓ ਐੱਲ ਕਹਾਣੀ ਵਿਚ ਲੋਕ ਗੀਤ ਇਕੱਤਰ ਕਰਨ ਵਾਲੇ ਦਵਿੰਦਰ ਸਤਿਆਰਥੀ ਦਾ ਬੱਸ ਵਿਚ ਬਠਿੰਡੇ ਤੋਂ ਚੰਡੀਗੜ੍ਹ ਤੱਕ ਦਾ ਕਲਪਨਾਤਮਕ ਸਫ਼ਰਨਾਮਾ ਪੇਸ਼ ਕੀਤਾ ਗਿਆ ਹੈ। 'ਕੁਰੂਕਸ਼ੇਤਰ ਦੀ ਜਿੱਤ' ਕਹਾਣੀ ਵਿਚ ਕਥਾ ਨਾਇਕ ਇਕ ਗਰੀਬ ਦੇ ਇਕਲੌਤੇ ਪੁੱਤਰ ਨੂੰ ਕਿਸੇ ਅਮੀਰਜ਼ਾਦੇ ਵੱਲੋਂ ਕਾਰ ਦੁਰਘਟਨਾ ਵਿਚ ਮਾਰ ਦਿੱਤਾ ਜਾਂਦਾ ਪੇਸ਼ ਕਰਦਾ ਹੈ। ਫਿਰ ਗਰੀਬ ਬਾਪ ਅਤੇ ਅਮੀਰਜ਼ਾਦੇ ਵਿਚਕਾਰ ਸਮਝੌਤੇ ਲਈ ਵਿਚੋਲਗਿਰੀ ਕਰਦਾ ਹੈ। ਕਹਾਣੀ ਦੇ ਅੰਤ ਤੱਕ ਗੱਲ ਕਿਸੇ ਤਣ-ਪੱਤਣ ਨਹੀਂ ਲਗਦੀ।
ਲਗਪਗ ਸਾਰੀਆਂ ਕਹਾਣੀਆਂ ਵਿਚ ਸ਼ੁੱਧ ਉਚਾਰਨ ਵਿਚ ਅੰਗਰੇਜ਼ੀ ਸ਼ਬਦਾਵਲੀ ਦੀ ਭਰਮਾਰ ਹੈ। ਉੱਤਰ-ਆਧੁਨਿਕ ਤਕਨਾਲੋਜੀ ਦੀ ਵਰਤੋਂ ਪਾਤਰ ਆਮ ਹੀ ਕਰਦੇ ਪੇਸ਼ ਕੀਤੇ ਗਏ ਹਨ। ਕਹਾਣੀਕਾਰ ਕਥਾ ਦੇ 'ਬਾਰੀਕ ਰੇਸ਼ੇ' ਪਕੜਨ ਵਿਚ ਸਿੱਧ-ਹਸਤ ਹੈ। ਕੁੱਲ ਮਿਲਾ ਕੇ ਇਹ ਕਹਾਣੀਆਂ ਸਮਕਾਲੀਨ ਵਿਸ਼ਿਆਂ ਦੀ ਕਲਾਤਮਿਕ ਪੇਸ਼ਕਾਰੀ ਵਿਚ ਸਫਲ ਹਨ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007.
ਫ ਫ ਫ

ਜਿਸਤੀ ਮੁੰਡੇ
(ਨੋਬੇਲ ਇਨਾਮ ਜੇਤੂ-2015)
ਮੂਲ ਲੇਖਕ : ਸਵੇਤਲਾਨਾ ਅਲੈਕਸੀਵਿਚ
ਅਨੁਵਾਦਕ : ਕੇ. ਐਲ. ਗਰਗ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 174

ਕੇ. ਐਲ. ਗਰਗ ਪੰਜਾਬੀ ਸਾਹਿਤ ਦੇ ਖੇਤਰ ਵਿਚ ਇਕ ਜਾਣਿਆ-ਪਛਾਣਿਆ ਨਾਂਅ ਹੈ। 'ਜਿਸਤੀ ਮੁੰਡੇ' 2015 ਦੀ ਨੋਬੇਲ ਇਨਾਮ ਜੇਤੂ ਪੁਸਤਕ ਹੈ, ਜਿਸ ਦੀ ਮੂਲ ਲੇਖਿਕਾ ਸਵੇਤਲਾਨਾ ਅਲੈਕਸੀਵਿਚ ਹੈ ਅਤੇ ਇਸ ਦਾ ਅਨੁਵਾਦ ਕੇ.ਐਲ. ਗਰਗ ਦੁਆਰਾ ਕੀਤਾ ਗਿਆ ਹੈ। ਇਸ ਪੁਸਤਕ ਦਾ ਟਾਈਟਲ 'ਜਿਸਤੀ ਮੁੰਡੇ' ਪਹਿਲੀ ਨਜ਼ਰੇ ਦੇਖਿਆ ਤਾਂ ਬੜਾ ਅਜੀਬ ਲਗਦਾ ਹੈ ਤੇ ਮਨ ਵਿਚ ਵਿਚਾਰ ਉੱਭਰਦਾ ਹੈ ਕਿ ਇਹ ਕੋਈ ਵਿਸ਼ੇਸ਼ ਉਪਲਬਧੀ ਵਾਲੇ ਮੁੰਡੇ ਨਹੀਂ ਹੋਣਗੇ ਪਰ ਪੁਸਤਕ ਨੂੰ ਪੜ੍ਹਦਿਆਂ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਜਾਣਕਾਰੀ ਮਿਲਦੀ ਹੈ। ਇਹ ਮੁੰਡੇ ਕੋਈ ਐਰੇ-ਗੈਰੇ ਨਹੀਂ, ਸਗੋਂ ਉਹ ਫ਼ੌਜੀ ਸਨ, ਜਿਹੜੇ ਰੂਸੀ ਫ਼ੌਜਾਂ ਵੱਲੋਂ ਅਫ਼ਗਾਨਿਸਤਾਨ ਵਿਚ ਉਨ੍ਹਾਂ ਮੁਤਾਬਿਕ ਸ਼ਾਂਤੀ ਅਤੇ ਸਮਾਜਵਾਦ ਦੀ ਬਹਾਲੀ ਲਈ ਲੜੇ ਸਨ ਅਤੇ ਅੰਤਿਮ ਵਿਦਾਇਗੀ ਸਮੇਂ ਉਨ੍ਹਾਂ ਨੂੰ ਜਿਸਤ ਦੇ ਤਾਬੂਤਾਂ ਵਿਚ ਬੰਦ ਕਰਕੇ ਵਤਨ ਪਹੁੰਚਾਇਆ ਗਿਆ ਸੀ ਭਾਵ ਇਸ ਦਸ ਸਾਲਾਂ ਦੇ ਯੁੱਧ ਦੌਰਾਨ ਬਹੁਤ ਸਾਰੇ ਰੂਸੀ ਸੈਨਿਕ ਮੌਤ ਉਪਰੰਤ ਅਜਿਹੀ ਅਵਸਥਾ ਵਿਚ ਵਾਪਸ ਆਏ। ਇਸ ਪੁਸਤਕ ਵਿਚ ਰਿਪੋਰਟਿੰਗ ਲਹਿਜ਼ੇ ਵਿਚ ਉਨ੍ਹਾਂ ਮਾਵਾਂ ਦਾ ਦਰਦ ਬਿਆਨਣ ਦੇ ਨਾਲ-ਨਾਲ ਫ਼ੌਜੀ ਅਫਸਰਾਂ, ਸਿਵਲੀਅਨਾਂ ਅਤੇ ਰੂਸੀ ਲੜਕੀਆਂ ਜੋ ਨਰਸਾਂ ਦੇ ਰੂਪ ਵਿਚ ਅਫ਼ਗਾਨਿਸਤਾਨ ਵਿਚ ਭੇਜੀਆਂ ਗਈਆਂ, ਉਨ੍ਹਾਂ ਦੀਆਂ ਇਸ ਯੁੱਧ ਪ੍ਰਤੀ ਕਿਰਿਆਵਾਂ-ਪ੍ਰਤੀਕਿਰਿਅਵਾਂ ਦਰਜ ਕੀਤੀਆਂ ਗਈਆਂ ਹਨ। ਅਫ਼ਗਾਨੀ ਲੋਕਾਂ ਦੀ ਜ਼ਿੰਦਗੀ ਅਤੇ ਇਨ੍ਹਾਂ ਫ਼ੌਜੀਆਂ ਪ੍ਰਤੀ ਉਨ੍ਹਾਂ ਦਾ ਰਵੱਈਆ ਵੀ ਇਸ ਪੁਸਤਕ ਵਿਚ ਦਰਜ ਹੈ। ਕਈ-ਕਈ ਥਾਵਾਂ ਉੱਤੇ ਯੁੱਧ ਦੇ ਬਹੁਤ ਹੀ ਕਰੁਣਾਮਈ ਦ੍ਰਿਸ਼ ਵੀ ਪੁਸਤਕ ਵਿਚ ਪੇਸ਼ ਹੋਏ ਮਿਲਦੇ ਹਨ। ਕੇ. ਐਲ. ਗਰਗ ਦੁਆਰਾ ਅਨੁਵਾਦ ਕੀਤੀ ਇਸ ਪੁਸਤਕ ਨੂੰ ਪੜ੍ਹਦਿਆਂ ਮੂਲ ਲਿਖਤ ਵਰਗੇ ਹੀ ਅਹਿਸਾਸ ਪੈਦਾ ਹੁੰਦੇ ਹਨ। ਅਨੁਵਾਦਿਤ ਪੁਸਤਕ ਪਾਠਕਾਂ ਨੂੰ ਜ਼ਰੂਰ ਪ੍ਰਭਾਵਿਤ ਕਰੇਗੀ।

ਫ ਫ ਫ

ਪਤਝੜ ਤੋਂ ਬਾਅਦ
ਨਾਵਲਕਾਰ : ਜਸਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 191

'ਪਤਝੜ ਤੋਂ ਬਾਅਦ' ਜਸਦੇਵ ਸਿੰਘ ਧਾਲੀਵਾਲ ਦਾ ਨਵਾਂ ਨਾਵਲ ਹੈ, ਜਿਸ ਵਿਚ ਉਸ ਨੇ ਜੀਵਨ ਯਥਾਰਥ ਨਾਲ ਜੁੜੇ ਬਹੁਤ ਸਾਰੇ ਮਸਲਿਆਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਬਲਵਿੰਦਰ ਸਿੰਘ ਭੱਠਲ ਹਵਾਈ ਫ਼ੌਜ ਵਿਚ ਪਾਇਲਟ ਹੈ, ਜਿਸ ਦਾ ਹੱਸਦਾ-ਵਸਦਾ ਪਰਿਵਾਰ ਅਤੇ ਚੰਗਾ ਖਾਨਦਾਨੀ ਪਿਛੋਕੜ ਹੈ।
ਪਾਕਿਸਤਾਨ ਨਾਲ ਹੋਏ ਯੁੱਧ ਤੋਂ ਇਹ ਨਾਵਲ ਆਪਣੀ ਬਿਰਤਾਂਤਕ ਤੋਰ ਗ੍ਰਹਿਣ ਕਰਦਾ ਹੋਇਆ, ਭ੍ਰਿਸ਼ਟ ਰਾਜਨੀਤੀ, ਕਿਸਾਨੀ ਮਸਲਿਆਂ, ਨਸ਼ਿਆਂ ਦੀ ਸਮੱਸਿਆ ਅਤੇ ਪੰਜਾਬ ਦੇ ਵਿਸ਼ੇਸ਼ ਕਰਕੇ ਮਾਲਵਾ ਖਿੱਤੇ ਦੇ ਪੇਂਡੂ ਸੱਭਿਆਚਾਰ ਅਤੇ ਰਹਿਤਲ ਦੀਆਂ ਬਹੁਤ ਸਾਰੀਆਂ ਝਾਕੀਆਂ ਪੇਸ਼ ਕਰਦਾ ਹੈ। ਮਿਸਾਲ ਵਜੋਂ ਜਦੋਂ ਪਾਇਲਟ ਬੀ.ਐਸ. ਭੱਠਲ ਪਿੰਡ ਜਾਂਦਾ ਹੈ ਤਾਂ ਉਸ ਦੀ ਮਾਂ ਦੁਆਰਾ ਬੱਚਿਆਂ ਲਈ ਦਿਖਾਇਆ ਜਾਂਦਾ ਮੋਹ ਅਤੇ ਪੇਂਡੂ ਸੌਗਾਤਾਂ ਪੰਜਾਬੀ ਸੱਭਿਆਚਾਰਕ ਨਿੱਘ ਦੀ ਤਸਵੀਰ ਦੇ ਰੂਪ ਵਿਚ ਉੱਭਰਦੀਆਂ ਹਨ। ਅਹੁਦੇ ਦਾ ਰੋਹਬ ਅਤੇ ਦੂਜਿਆਂ ਦੀ ਨੈਤਿਕ ਆਧਾਰ 'ਤੇ ਮਦਦ ਕਰਨੀ ਵੀ ਇਸ ਨਾਵਲ ਦੀ ਬਿਰਤਾਂਤਕ ਤੌਰ 'ਤੇ ਪ੍ਰਮੁੱਖ ਪਹਿਲੂ ਦੇ ਰੂਪ ਵਿਚ ਉੱਭਰਦੇ ਹਨ, ਮਿਸਾਲ ਵਜੋਂ ਜਦੋਂ ਬਲਵਿੰਦਰ ਸਿੰਘ ਭੱਠਲ ਕਿਸੇ ਵੀ ਦਫ਼ਤਰ ਵਿਚ ਜਾਂਦਾ ਹੈ ਤਾਂ ਉਥੇ ਉਸ ਦੀ ਅਫਸਰੀ ਪਹੁੰਚ ਹਰੇਕ ਕੰਮ ਮਿੰਟਾਂ-ਸਕਿੰਟਾਂ ਵਿਚ ਹੀ ਕਰਵਾ ਦਿੰਦੀ ਹੈ।
ਆਪਣੀ ਮੂੰਹ ਬੋਲੀ ਧਰਮ ਦੀ ਭੈਣ ਸਕੂਲ ਅਧਿਆਪਕਾ ਹਰਮੀਤ ਦਾ ਵਿਆਹ ਨਿਰਸਵਾਰਥ ਹੋ ਕੇ ਕਰਨਾ ਵੀ ਇਸ ਨਾਵਲੀ ਬਿਰਤਾਂਤ ਵਿਚ ਵਿਸ਼ਾਗਤ ਪਹਿਲੂ ਤੋਂ ਵਿਸ਼ੇਸ਼ ਮਹੱਤਵਪੂਰਨ ਰੱਖਣ ਵਾਲੀ ਗੱਲ ਹੈ। ਕੈਪਟਨ ਭੱਠਲ ਦੀ ਲੜਕੀ ਅੰਮ੍ਰਿਤ ਦੁਆਰਾ ਨਸ਼ਿਆਂ ਦੇ ਵਪਾਰੀ ਜੈਲੇ ਖਿਲਾਫ਼ ਰਿਪੋਰਟ ਦਰਜ ਕਰਵਾ ਕੇ ਉਸ ਨੂੰ ਗ੍ਰਿਫ਼ਤਾਰ ਕਰਵਾਉਣਾ ਅਤੇ ਆਪਣੇ ਨਸ਼ੱਈ ਪਤੀ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਕੇ ਆਪਣੀ ਜ਼ਿੰਦਗੀ ਨੂੰ ਸਾਵੀ ਪੱਧਰੀ ਬਣਾਉਣਾ ਹੀ ਪੱਤਝੜ ਤੋਂ ਬਾਅਦ ਦਾ ਪਰੀਦ੍ਰਿਸ਼ ਹੈ। ਭਾਵੇਂ ਨਾਵਲੀ ਕਥਾ ਨੂੰ ਲੜਕੀ ਅੰਮ੍ਰਿਤ ਹੀ ਬਿਰਤਾਂਤਕਾਰ ਦੇ ਰੂਪ ਵਿਚ ਪੇਸ਼ ਕਰਦੀ ਹੈ ਪਰ ਨਾਟਕੀ ਅੰਸ਼ ਵੀ ਇਸ ਨਾਵਲ ਦੀ ਨਾਵਲੀ ਤੋਰ ਨੂੰ ਗਤੀ ਪ੍ਰਦਾਨ ਕਰਦੇ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਇੰਦਰਨੀਲ
ਲੇਖਕ : ਭਰਤ ਦਰੋਚ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 (ਸਜਿਲਦ), ਸਫ਼ੇ : 56
ਸੰਪਰਕ : 098767-13227


'ਇਦਰਨੀਲ' (ਕਾਵਿ-ਸੰਗ੍ਰਹਿ) ਭਰਤ ਦਰੋਚ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਉਹ ਇੰਜੀਨੀਅਰਿੰਗ ਦਾ ਵਿਦਿਆਰਥੀ ਰਿਹਾ ਹੈ, ਜਿਥੇ ਨਿਰਮਾਣ (ਸਿਰਜਣ ਪ੍ਰਕਿਰਿਆ) ਦੀ ਪ੍ਰਕਿਰਿਆ ਉਸ ਦੇ ਮਸਤਕ ਦਾ ਸ਼ਿੰਗਾਰ ਜ਼ਰੂਰ ਬਣਦੀ ਰਹੀ ਹੈ ਤਾਂ ਹੀ ਤਾਂ ਉਹ ਪਦਾਰਥਕ/ਭੌਤਿਕ/ਸੂਖ਼ਮ/ਵਿਚਾਰਾਂ ਦੇ ਅਨੁਭਵਾਂ ਨੂੰ ਸ਼ਬਦਾਂ ਸੰਗ ਘੁਣਤਰ ਬਾਜ਼ੀਆਂ ਕਰਦਿਆਂ ਭਾਵਨਾਤਮਕ ਕਵਿਤਾਵਾਂ ਦੀ ਸਿਰਜਣਾ ਕਰਨ 'ਚ ਸਫਲ ਰਿਹਾ ਹੈ। 'ਇੰਦਰਨੀਲ' ਅਤੇ 'ਮੈਂ' ਸਵੈ-ਕਥਨ ਸਹਿਤ ਉਸ ਨੇ ਇਸ ਕਾਵਿ-ਸੰਗ੍ਰਹਿ 'ਚ 34 ਕਵਿਤਾਵਾਂ ਨੂੰ ਸੰਜੋਇਆ ਹੈ। ਮੇਰੀ ਜਾਚੇ ਇਹ ਸਾਰੀਆਂ ਕਵਿਤਾਵਾਂ ਹੀ ਸਮੁੱਚੇ ਰੂਪ 'ਚ ਔਰਤ ਦੇ ਵੱਖ-ਵੱਖ ਰੂਪਾਂ ਦਾ ਵਰਨਣ ਕਰਦੀਆਂ ਹਨ। ਪਹਿਲੀ ਧਾਰਨਾ ਹੈ ਕਿ ਉਹ ਔਰਤ ਨੂੰ ਹੱਡਮਾਸ ਦੀ ਬਣੀ ਇਕ ਭੋਗ-ਵਸਤੂ ਨਹੀਂ ਸਮਝਦਾ। ਦੂਸਰਾ ਉਹ ਇਕ ਵਿਆਹੁਤਾ ਔਰਤ ਦੀਆਂ ਖਾਹਸ਼ਾਂ/ਕਾਮਨਾਵਾਂ/ਇੱਛਾਵਾਂ-ਸੁਪਨਿਆਂ ਦਾ ਇਕ ਤਲਿੱਸਮੀ ਸੰਸਾਰ ਸਿਰਜਦਾ ਹੈ। ਉਹ ਇਕ ਅਜਿਹੀ ਔਰਤ ਦੀ ਵੇਦਨਾ ਕਹਿ ਰਿਹਾ ਹੈ, ਜੋ ਵਿਆਹੁਤਾ ਹੋਣ ਦੇ ਬਾਵਜੂਦ ਆਪਣੇ ਪਤੀ ਦੀ ਚਾਹਤ ਦਾ ਸਬੱਬ ਨਹੀਂ ਬਣ ਰਹੀ। ਇਸੇ ਲਈ ਕਾਵਿ-ਪੁਸਤਕ ਵੀ ਇਕ ਔਰਤ ਇੰਦਰਾ ਨੀਲਮ ਨੂੰ ਸਮਰਪਿਤ ਕੀਤੀ ਹੈ। ਕੁਝ ਕਵਿਤਾਵਾਂ ਦੇ ਮੂਹਰੇ ਕਾਵਿ-ਮਈ ਵਾਰਤਕ ਵੀ ਦਿੱਤੀ ਗਈ ਹੈ, ਜੋ ਭਾਵਨਾਤਮਕ ਪੱਧਰ 'ਤੇ ਕਾਫੀ ਹਲੂਣਦੀ ਹੈ :
'ਸ਼ਾਇਦ! ਇਹ ਹੀ ਮੇਰਾ ਇਸ਼ਕ ਸੀ,
ਇਹ ਹੀ ਮੇਰੀ ਸਚਾਈ ਸੀ
'ਮੈਂ ਇੰਦਰ ਨੀਲ ਹਾਂ'।
ਭਰਤ ਦਰੋਚ ਅਨੁਸਾਰ, ਇੰਦਰਨੀਲ ਇਕ ਔਰਤ ਦੀ ਸਹਿਣਸ਼ਕਤੀ ਦਾ ਪ੍ਰਤੀਕ ਵੀ ਹੈ ਤੇ ਇਕ ਦੁਰਗਾ ਕਹਾਉਣ ਵਾਲੀ ਔਰਤ ਦੇ ਹੰਢੇ ਸੰਤਾਪ ਦੀ ਨੁਮਾਇੰਦਗੀ ਵੀ ਕਰਦੀ ਹੈ। ਮੇਰੇ ਜਾਚੇ ਔਰਤ ਦਾ ਦੂਸਰਾ ਪੱਖ ਇਨ੍ਹਾਂ ਕਵਿਤਾਵਾਂ ਵਿਚ ਵਧੇਰੇ ਉਗਰ ਰੂਪ ਵਿਚ ਪੇਸ਼ ਹੋਇਆ ਹੈ। ਉਹ ਦੁਰਗਾ ਤਾਂ ਕਿਤੇ ਬਣਦੀ ਹੀ ਨਹੀਂ। ਬੇਇਨਸਾਫ਼ੀ ਖਿਲਾਫ਼ ਲੜਨਾ ਦੁਰਗਾ ਰੂਪ ਹੈ ਨਾ ਕਿ ਸਮਰਪਣ ਭਾਵਨਾ ਅਧੀਨ ਸਭ ਕੁਝ ਜਰੀ ਜਾਣਾ। ਖੈਰ! ਸਵਰਣ ਸਿੰਘ ਟਹਿਣਾ ਦੀ ਇਸ ਟਿੱਪਣੀ (ਇਹ ਜਾਣਦਿਆਂ ਕਿ ਭਰਤ ਦਰੋਚ ਪ੍ਰਪੱਕ ਕਵੀ ਨਹੀਂ, ਉਸ ਨੂੰ ਬਹੁਤ ਸਾਰਾ ਸਾਹਿਤ ਅਧਿਐਨ ਕਰਨ ਦੀ ਲੋੜ ਹੈ, ਕਵਿਤਾ ਨਿੱਜ ਨਾਲੋਂ ਸਮੂਹ ਵੱਲੋਂ ਤੋਰਨ ਦੀ ਜ਼ਰੂਰਤ ਹੈ, ਫਿਰ ਵੀ ਮੈਂ ਉਸ ਦੇ ਪਲੇਠੇ ਉਪਰਾਲੇ ਦੀ ਕਰਦਾ ਹਾਂ) ਨਾਲ ਸਹਿਮਤੀ ਪ੍ਰਗਟਾਉਂਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਸ ਦੇ ਅੰਦਰਲੇ ਖੌਲਦੇ ਅਨੁਭਵਾਂ ਨੂੰ ਸਾਹਿਤ ਦਾ ਡੂੰਘਾ ਅਧਿਐਨ ਇਕ ਦਿਨ ਸਾਣ 'ਤੇ ਚਾੜ੍ਹ ਨਿਖਾਰ ਦੇਵੇਗਾ। ਆਮੀਨ!.

ਫ ਫ ਫ

ਕ੍ਰਿਸ਼ਨ ਖ਼ੁਦ ਅਰਜਨ
ਲੇਖਕ : ਯੋਧ ਸਿੰਘ
ਪ੍ਰਕਾਸ਼ਕ : ਕੁੰਭ ਪ੍ਰਕਾਸ਼ਨ, ਜ਼ੀਰਕਪੁਰ (ਮੁਹਾਲੀ)
ਮੁੱਲ : 180 ਰੁਪਏ (ਸਜਿਲਦ), ਸਫ਼ੇ : 182
ਸੰਪਰਕ : 94632-55704.

'ਕ੍ਰਿਸ਼ਨ ਖ਼ੁਦ ਅਰਜਨ' ਯੋਧ ਸਿੰਘ ਦਾ ਛੇਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਬੁੱਧ ਉਚਰੇ ਹੁਣ ਯੁਧ ਸਰਣੰ', 'ਬੁੱਲਾ ਨੱਚੇ ਤਾਰ ਦੁਵੱਲੇ', 'ਹਰ ਜ਼ਰਾ ਆਹੂਤ ਯੱਗ ਦਾ', 'ਲੋਆਂ ਦੇ ਲਾਮ ਲਸ਼ਕਰੋ!', 'ਸ਼੍ਰਮ ਹੀ ਬ੍ਰਹਮ ਹੈ' ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਕਾਵਿ-ਸੰਗ੍ਰਹਿ ਨੂੰ 86 ਕਾਵਿ-ਖੰਡਾਂ 'ਚ ਵੰਡ ਕੇ ਇਕ ਲੰਮੀ ਵਿਚਾਰਧਾਰਕ ਕਸਵੱਟੀ ਬਣਾਈ ਗਈ ਹੈ ਜਾਂ ਨਿਰਮਿਤ ਕੀਤੀ ਗਈ ਹੈ। ਇਸ ਦਾ ਮੁੱਖ ਬੰਦ ਅਜੈ ਕੁਮਾਰ 'ਅਰਸ਼' ਵੱਲੋਂ ਲਿਖਿਆ ਹੋਇਆ ਹੈ, ਜਿਸ ਵਿਚ ਇਸ ਕਵਿਤਾ ਨੂੰ 'ਸੰਪੂਰਣਤਾ ਤੋਂ ਸੰਪੂਰਣਤਾ ਵੱਲ ਦਾ ਸਫ਼ਰਂਕ੍ਰਿਸ਼ਨ ਖ਼ੁਦ ਅਰਜਨ' ਕਿਹਾ ਹੈ। ਯੋਧ ਸਿੰਘ ਦੇ ਜ਼ਿਹਨ 'ਚ ਧੁਰ ਅੰਦਰ ਤੱਕ 'ਬੁੱਧ' ਦਾ 'ਕਰਮ' ਫ਼ਲਸਫ਼ਾ ਗੂੜ੍ਹ ਰੂਪ 'ਚ ਵਸਿਆ ਹੋਇਆ ਹੈ। ਇਹ ਕਾਲਪਨਿਕ 'ਬ੍ਰਹਮ' ਦੀ ਥਾਵੇਂ ਕੁਦਰਤ ਅੰਦਰ ਲਗਾਤਾਰ ਹੁੰਦੀ ਤਬਦੀਲੀ ਦਾ ਸੂਚਕ ਜਾਂ ਪ੍ਰਤੀਕ ਹੈ। ਦੁਖ-ਸੁਖ ਮਨੁੱਖ ਦੀ ਮਾਨਸਿਕ ਅਵਸਥਾ ਦਾ ਪ੍ਰਗਟਾਵਾ ਹਨ। ਸੁਖ ਜਾਂ ਦੁੱਖ ਦਾ ਅਨੁਭਵ ਹਰੇਕ ਵਿਅਕਤੀ ਦੇ ਸੰਸਕਾਰੀ ਵਿਚਾਰਾਂ ਦਾ ਪ੍ਰਗਟਾਅ ਮਾਤਰ ਹੀ ਹੈ। ਸਿਧਾਰਥ ਤੋਂ ਬੁੱਧ ਤੱਕ ਦਾ ਸਫ਼ਰ ਇਕ ਵਿਅਕਤਿੱਤਵ ਦਾ ਦੂਸਰੇ ਵਿਅਕਤਿਤਵ ਦੇ ਅੰਦਰ ਭਸਮ ਹੋਣ ਜਾਂ ਖ਼ਤਮ ਹੋਣ ਦਾ ਸਫ਼ਰ ਹੈਂ
ਬੁੱਧ ਨੂੰ ਮਿਲੀ ਸੀ
ਨਹੀਂ ਐਵੇਂ ਰੌਸ਼ਨੀ
ਇਕ ਗੌਤਮ ਹੋਇਆ
ਉਸ ਅੰਦਰ ਭਸਮ।
ਅਧਿਆਤਮਕ ਅਤੇ ਪਦਾਰਥ ਸੋਚ ਦਾ ਟਕਰਾਉ ਹੀ ਇਸ ਸਿਧਾਂਤ 'ਤੇ ਖੜ੍ਹਾ ਹੈ ਕਿ ਪਹਿਲਾ ਹਰ ਗਿਆਨ ਨੂੰ ਅੰਤਿਮ ਮੰਨਦਾ ਹੈ ਅਤੇ ਦੂਸਰਾ ਬ੍ਰਹਿਮੰਡੀ ਪਸਾਰੇ 'ਚ ਵਾਪਰਦੀ ਲਗਾਤਾਰ ਤਬਦੀਲੀ ਦੇ ਕਾਰਨ, ਵਕਤਨ-ਬ-ਵਕਤਨ ਬਦਲਦਾ ਰਹਿੰਦਾ ਹੈ। ਕੁਦਰਤ ਦੀ ਜਾਂ ਬ੍ਰਹਿਮੰਡੀ ਪਸਾਰੇ ਦੀ ਸਾਰੀ ਸਿਰਜਣਾ ਗਤੀ ਅਤੇ ਕਰਮ ਦੇ ਰਾਹੀਂ ਹੋ ਰਹੀ ਹੈ, ਇਸ ਲਈ ਸਮੇਂ ਅਨੁਸਾਰ ਗਿਆਨ ਅਤੇ ਯਥਾਰਥ ਹਮੇਸ਼ਾ ਬਦਲਦਾ ਹੈ। ਕ੍ਰਿਸ਼ਨ ਅਰਜਨ ਨੂੰ ਗਿਆਨ ਦਿੰਦਾ ਹੈ ਅਤੇ ਲੋਕ-ਹਿਤ 'ਚ ਆਪਣਿਆਂ ਨਾਲ ਲੜਨ ਲਈ ਪ੍ਰੇਰਿਤ ਕਰ ਰਿਹਾ ਹੈ। ਲੋਕ-ਹਿਤ/ਨਿੱਜ-ਹਿਤਾਂ 'ਚ ਚੋਣ ਦਾ ਕਰਮ ਹੀ ਅਸਲ 'ਚ ਮਾਨਵ-ਹਿਤੈਸ਼ੀ ਹੈ। ਰਾਜ ਸੱਤਾ ਦਾ ਪ੍ਰਯੋਗ ਨਿੱਜ ਲਈ ਕਰਨਾ ਹੈ ਜਾਂ ਲੋਕ ਕਲਿਆਣ ਹਿਤ ਲਈ ਹੈ। ਇਹ ਰਾਜੇ ਦਾ ਕਰਮ ਧਰਮ ਹੈ ਪ੍ਰੰਤੂ ਇਸ ਤੋਂ ਬੇਮੁੱਖ ਹੋ ਜਨ-ਕਲਿਆਣ ਦੀ ਥਾਵੇਂ ਨਿੱਜੀ ਲਾਲਸਾਵਾਂ ਦੀ ਪੂਰਤੀ ਸਵਾਰਥ ਹੈ। ਚਿੰਤਨ-ਪੱਧਰ 'ਤੇ ਯੋਧ ਸਿੰਘ ਦੀਆਂ ਕਵਿਤਾਵਾਂ ਕਰਮ ਕਰਦੀਆਂ ਪ੍ਰਤੀਤ ਹੁੰਦੀਆਂ ਹਨ ਕਿਉਂਕਿ ਵਰਤਮਾਨ 'ਚ ਵਾਪਰਦੇ ਵਰਤਾਰਿਆਂ ਸਬੰਧੀ ਅਤੀਤ ਦੇ ਸੰਦਰਭ ਵਿਚ ਆਮ ਲੋਕਾਈ ਨੂੰ ਮੌਜੂਦਾ ਯਥਾਰਥ ਦੇ ਸਨਮੁੱਖ ਹੋ ਜੂਝਣ ਲਈ ਪ੍ਰੇਰਿਤ ਕਰਦੀਆਂ ਹਨ। ਇਹ ਜੰਗ ਅੰਦਰੂਨੀ ਅਤੇ ਬਾਹਰੀ ਹੋਣ ਕਰਕੇ ਬਹੁਤ ਹੀ ਸੂਖ਼ਮ ਅਤੇ ਸਥੂਲ ਹੈ। ਕਵੀ ਨੇ ਖੁੱਲ੍ਹੀ ਕਵਿਤਾ ਦੇ ਮਾਧਿਅਮ ਰਾਹੀਂ ਸੁਯੋਗ ਸ਼ਬਦਾਵਲੀ ਦੀ ਚੋਣ ਕਰਦਿਆਂ ਇਤਿਹਾਸਕ/ਮਿਥਿਹਾਸਕ ਹਵਾਲਿਆਂ ਨੂੰ ਵਰਤਦਿਆਂ ਆਪਣੇ ਚਿੰਤਨ ਦੀ ਸਾਰਥਕ ਪੇਸ਼ਕਾਰੀ ਕੀਤੀ ਹੈ। ਪੁਸਤਕ ਸਾਂਭਣਯੋਗ, ਮਾਣਨਯੋਗ ਹੈ। ਆਮੀਨ!

ਫ ਫ ਫ

ਇਹ ਸ਼ਾਮ ਬਹੁਤ ਉਦਾਸ ਹੈ
ਲੇਖਿਕਾ : ਬਚਿੰਤ ਕੌਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 200 ਰੁਪਏ (ਸਜਿਲਦ), ਸਫ਼ੇ : 78
ਸੰਪਰਕ : 098725-72060


'ਇਹ ਸ਼ਾਮ ਬਹੁਤ ਉਦਾਸ ਹੈ' ਬਚਿੰਤ ਕੌਰ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਂਜ ਉਸ ਦਾ ਨਾਂਅ ਗਲਪ ਖੇਤਰ ਵਿਚ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਇਸ ਕਲਮ ਨੇ ਪੰਜਾਬੀ ਸਾਹਿਤ 'ਚ ਨਾਵਲ, ਕਹਾਣੀ, ਸਵੈ-ਜੀਵਨੀ, ਰੇਖਾ ਚਿੱਤਰ, ਲੋਕ ਗੀਤ, ਬਾਲ ਸਾਹਿਤ, ਸਫ਼ਰਨਾਮੇ, ਸਾਹਿਤਕ ਜੀਵਨੀ, ਡਾਇਰੀ, ਇੰਟਰਵਿਊ, ਡਰਾਮਾ ਅਤੇ ਸਾਹਿਤਕ ਲੇਖ ਆਦਿ ਲਿਖ ਕੇ ਆਪਣੀ ਗਿਣਨਯੋਗ ਅਤੇ ਗੌਲਣਯੋਗ ਥਾਂ ਬਣਾਈ ਹੈ। ਇਸ ਕਾਵਿ-ਸੰਗ੍ਰਹਿ 'ਚ ਉਸ ਨੇ ਗੀਤ, ਕਵਿਤਾਵਾਂ, ਹਾਸ-ਵਿਅੰਗ, ਬ੍ਰਿਹਾ ਅਤੇ ਕੁਝ ਉਰਦੂ ਸ਼ਿਅਰਾਂ ਨੂੰ ਥਾਂ ਦਿੱਤੀ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਆਪਣੇ ਬੀਤੇ ਹੋਏ ਪਲਾਂ ਨੂੰ ਸਮਰਪਿਤ ਕੀਤਾ ਹੈ। ਪਿਛਲੇ ਵਰ੍ਹੇ ਉਸ ਦਾ ਨਾਵਲ 'ਦ ਲਾਸਟ ਪੇਜ' ਪ੍ਰਕਾਸ਼ਿਤ ਹੋਇਆ ਸੀ, ਜਿਸ ਵਿਚ ਉਸ ਨੇ ਪਤੀ ਵਿਹੂਣੀ (ਵਿਧਵਾ) ਔਰਤ ਦਾ ਦਰਦ ਬਿਆਨਿਆ ਸੀ ਜੋ ਅਖੀਰਲੇ ਵਰ੍ਹਿਆਂ 'ਚ ਆਪਣੇ ਧੀਆਂ-ਪੁੱਤਰਾਂ ਹੱਥੋਂ ਸੰਤਾਪ ਭੋਗਦੀ ਹੈ। ਇਸ ਕਾਵਿ-ਸੰਗ੍ਰਹਿ ਵਿਚ ਵੀ ਉਸ ਨੇ ਇਸੇ ਵਿਸ਼ੇ ਨਾਲ ਸਬੰਧਤ ਕਵਿਤਾਵਾਂ ਨੂੰ ਸੰਗ੍ਰਹਿਤ ਕੀਤਾ ਹੈ। ਉਸ ਅਨੁਸਾਰ ਉਸ ਨੇ ਕਹਾਣੀਆਂ ਲਿਖਣ ਤੋਂ ਪਹਿਲਾਂ ਕਵਿਤਾਵਾਂ ਹੀ ਲਿਖੀਆਂ ਸਨ। ਉਸ ਨੇ ਆਪਣੀ ਪਹਿਲੀ ਕਵਿਤਾ ਨੂੰ ਵੀ ਇਸ ਕਾਵਿ-ਸੰਗ੍ਰਹਿ ਵਿਚ ਥਾਂ ਦਿੱਤੀ ਹੈ, ਜਿਸ ਵਿਚ ਉਸ ਨੇ ਮਰਦ 'ਤੇ ਵਿਅੰਗ ਕੀਤਾ ਹੈ :
ਐ ਮਰਦ ਤੇਰੇ ਹਰ ਦਰਦ ਦੀ ਦਵਾ ਹੈ ਔਰਤ
ਤੇਰੀ ਹਰ ਮਰਜ ਦੀ ਦਵਾ ਹੈ ਔਰਤ
ਮਾਂ ਬਣ ਕੇ ਅੰਮ੍ਰਿਤ ਪਿਲਾਇਆ ਤੈਨੂੰ
ਭੈਣ ਬਣ ਕੇ ਗੋਦ ਖਿਡਾਇਆ ਤੈਨੂੰ
ਫਿਰ ਵੀ ਤੂੰ ਕਹੇਂ ਬੇ-ਵਫ਼ਾ ਹੈ ਔਰਤ
ਐ ਮਰਦ ਤੇਰੀ ਹਰ ਦਰਦ ਦੀ ਦਵਾ ਹੈ ਔਰਤ।
ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦੀ ਮੂਲ ਸੁਰ 'ਬ੍ਰਿਹਾ' ਹੈ। ਪਿਆਰੇ ਦੇ ਵਿਛੋੜੇ ਅਤੇ ਮਿਲਣ ਦੀ ਤਾਂਘ ਹੈ। ਫਿਰ ਸਦੀਵੀ ਵਿਛੋੜੇ ਤੋਂ ਬਾਅਦ ਨਾ ਕਦੇ ਮਿਲਣ ਦਾ ਗ਼ਮ। ਇਹ ਪਿਆਰਾ ਉਸ ਦਾ ਜੀਵਨ ਸਾਥੀ ਹੈ। ਉਸ ਅਨੁਸਾਰ ਮੁਹੱਬਤ : ਦੋਵਾਂ ਵੱਲੋਂ ਇਕ-ਦੂਜੇ ਦਾ ਸਤਿਕਾਰ ਕਰਨਾ, ਇਕ-ਦੂਜੇ ਦੀ ਸੁਤੰਤਰ ਹਸਤੀ ਨੂੰ ਪ੍ਰਵਾਨ ਕਰਕੇ, ਇਕ-ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਹੈ। ਧੀਆਂ ਦੇ ਦੁੱਖਾਂ ਦੀ ਸਾਰ ਅਕਸਰ ਮਾਵਾਂ ਨੂੰ ਹੀ ਹੁੰਦੀ ਹੈ, ਕਿਉਂਕਿ ਜਿਸ ਪ੍ਰਸਥਿਤੀ ਵਿਚੋਂ ਧੀ ਹੁਣ ਗੁਜ਼ਰ ਰਹੀ ਹੈ, ਮਾਂ ਉਸ ਵਿਚੋਂ ਪਹਿਲਾਂ ਹੀ ਗੁਜ਼ਰ ਚੁੱਕੀ ਹੁੰਦੀ ਹੈ। ਮਰਦ ਤਾਂ ਕਾਮੀ ਜਿਊੜਾ ਹੈ, ਭੌਰਾ ਹੈ, ਉਹ ਚਾਹੇ ਕੰਤ ਹੋਵੇ ਜਾਂ ਫਿਰ ਬਾਪ ਹੋਵੇ। ਪਤੀ ਤੋਂ ਬਗੈਰ ਇਕੱਲੀ ਔਰਤ ਦਾ ਜਿਊਣਾ ਦੁਸ਼ਵਾਰੀਆਂ ਦਾ ਦੂਜਾ ਨਾਂਅ ਹੈ। ਇਸੇ ਲਈ ਢਲੀ ਸ਼ਾਮ ਹਰ ਔਰਤ ਲਈ ਦੁੱਖ ਦਾ ਸਬੱਬ ਬਣਦੀ ਹੈ। ਇਸ ਲਈ ਪੁਸਤਕ ਦਾ ਨਾਂਅ ਢੁਕਵਾਂ ਤੇ ਫੱਬਵਾਂ ਹੈ। ਮੁੱਲ ਕੁਝ ਜ਼ਿਆਦਾ ਹੈ। ਪਰ ਫਿਰ ਵੀ ਭਾਵਾਂ ਦੀ ਸ਼ਿੱਦਤਤਾ ਦਾ ਪ੍ਰਗਟਾਓ ਇਹ ਸਭ ਕੁਝ ਨੂੰ ਲੁਕੋ ਲੈਂਦਾ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਸਾਂਝਾ ਝਰੋਖਾ
ਲੇਖਕ : ਗੁਰਮੇਲ ਸਿੰਘ ਬੈਣੀਵਾਲ, ਰਘਬੀਰ ਸਿੰਘ ਭਰਤ
ਪ੍ਰਕਾਸ਼ਕ : ਲਾਹੌਰ ਬੁਕਸ ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
.

'ਸਾਂਝਾ ਝਰੋਖਾ' ਗੁਰਮੇਲ ਸਿੰਘ ਬੈਣੀਵਾਲ ਅਤੇ ਰਘਬੀਰ ਸਿੰਘ ਭਰਤ ਦੀ ਸਾਂਝੀ ਪੁਸਤਕ ਹੈ, ਜਿਸ ਦੇ ਪਹਿਲੇ ਹਿੱਸੇ ਵਿਚ ਗੁਰਮੇਲ ਸਿੰਘ ਬੈਣੀਵਾਲ ਦੀਆਂ 10 ਮੌਲਿਕ ਅਤੇ ਤਿੰਨ ਪਾਕਿਸਤਾਨੀ ਕਹਾਣੀਆਂ ਲਿਪੀਅੰਤਰਿਤ ਰੂਪ ਵਿਚ ਪ੍ਰਕਾਸ਼ਿਤ ਹੋਈਆਂ ਹਨ। ਦੂਜੇ ਹਿੱਸੇ ਵਿਚ ਰਘਬੀਰ ਸਿੰਘ ਭਰਤ ਦੇ 18 ਲੇਖ ਪ੍ਰਕਾਸ਼ਿਤ ਕੀਤੇ ਗਏ ਹਨ। ਜਦੋਂ ਅਸੀਂ ਗੁਰਮੇਲ ਸਿੰਘ ਬੈਣੀਵਾਲ ਦੀਆਂ ਕਹਾਣੀਆਂ ਦੀ ਗੱਲ ਕਰਦੇ ਹਾਂ ਤਾਂ ਇਹ ਕਹਾਣੀਆਂ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਨਾਲ ਜੂਝਦੇ, ਰਿਸ਼ਤਿਆਂ ਦੇ ਨਿੱਘ ਅਤੇ ਕੁੜੱਤਣ ਤੋਂ ਮਾਣਦੇ, ਸਮਾਜ ਵਿਚ ਫੈਲੀ ਅਨੈਤਿਕ ਸੋਚ ਦਾ ਸਾਹਮਣਾ ਕਰਦੇ ਅਤੇ ਕਈ ਵਾਰ ਅਨੈਤਿਕਤਾ ਭਰਪੂਰ ਅਤੇ ਅਹਿੰਸਕ ਵਰਤਾਰੇ ਦੀ ਖਿਲਾਫ਼ ਆਵਾਜ਼ ਬੁਲੰਦ ਕਰਦੇ ਜ਼ਿੰਦਾਦਿਲੀ ਦੀ ਮਿਸਾਲ ਵੀ ਕਾਇਮ ਕਰਦੇ ਹਨ। 'ਮੰਗਲ ਨਾਥ' ਕਹਾਣੀ ਵਿਚਲਾ ਪਾਤਰ ਮੰਗਲ ਅਖੌਤੀ ਧਾਰਮਿਕ ਵਰਤਾਰੇ ਦੇ ਉਲਟ ਆਪਣੇ ਜਤ ਸਤ 'ਤੇ ਕਾਇਮ ਰਹਿੰਦਾ ਹੈ। 'ਤੇਰਾ ਭਾਣਾ', 'ਦਰਦ ਕਹਾਣੀ', 'ਫ਼ੈਸਲਾ' ਆਦਿ ਕਹਾਣੀਆਂ ਰਿਸ਼ਤਿਆਂ ਦੇ ਨਿਘਾਰ ਨੂੰ ਪੇਸ਼ ਕਰਦੀਆਂ ਹਨ ਪਰ 'ਫ਼ੈਸਲਾ' ਕਹਾਣੀ ਦੀ ਬੀਰੋ ਦਾ ਸਾਹਸ ਸਮਾਜ ਦੇ ਅਨੈਤਿਕ ਤੇ ਵਿਰੋਧੀ ਵਰਤਾਰੇ ਦੇ ਖਿਲਾਫ਼ ਲੜਨ ਲਈ ਵੀ ਤਿਆਰ ਹੈ। 'ਔਤੀ', 'ਕੂਰਕੀ' ਕਹਾਣੀਆਂ ਸਮਾਜ ਦੇ ਕਰੂਰ ਯਥਾਰਥ ਅਤੇ ਸਵਾਰਥੀਪਣ ਦੀ ਬਾਤ ਪਾਉਂਦੀਆਂ ਹਨ। 'ਕੋਈ ਮਹਿਰਮ ਰਾਜ ਨਾ ਮਿਲਦਾ' ਜ਼ਮੀਨੀ ਹਕੀਕਤ ਨਾਲ ਜੁੜੀ ਕਹਾਣੀ ਹੈ ਅਤੇ 'ਵਿੱਥਾਂ' ਕਹਾਣੀ ਵੀ ਮਨੁੱਖੀ ਮਾਨਸਿਕਤਾ ਵਿਚ ਛੁਪੀ ਗੁੱਝੀ ਸਚਾਈ ਵੱਲ ਇਸ਼ਾਰਾ ਕਰਦੀ ਹੈ।
ਰਘਬੀਰ ਸਿੰਘ ਭਰਤ ਦੇ ਲੇਖਾਂ ਵਿਚ ਸਾਡੇ ਸਮਾਜ, ਰਾਜਨੀਤੀ, ਧਰਮ ਆਦਿ ਨਾਲ ਜੁੜੇ ਮਸਲੇ ਪੇਸ਼ ਕੀਤੇ ਗਏ ਹਨ। ਇਨ੍ਹਾਂ ਵਿਚ ਮਾਂ ਦੀ ਮਹੱਤਤਾ, ਬਜ਼ੁਰਗਾਂ ਦਾ ਸਤਿਕਾਰ, ਨਸ਼ਿਆਂ ਦੀ ਵਰਤੋਂ ਨਾ ਕਰਨ, ਲੜਕੀਆਂ ਨੂੰ ਲੜਕੇ ਦੇ ਬਰਾਬਰ ਸਤਿਕਾਰ ਦੇਣ, ਬੱਚਿਆਂ ਪ੍ਰਤੀ ਸੁਹਿਰਦ ਹੋਣ, ਆਪਣੇ ਧਾਰਮਿਕ ਉਤਸਵਾਂ ਪ੍ਰਤੀ ਜਾਣਕਾਰੀ ਰੱਖਣ ਅਤੇ ਗ੍ਰਹਿਸਥੀ ਜੀਵਨ ਦੀ ਤੋਰ ਨੂੰ ਸਾਵਾਂ ਰੱਖਣ ਲਈ ਮੁੱਲਵਾਨ ਵਿਚਾਰ ਪੇਸ਼ ਕੀਤੇ ਗਏ ਹਨ। ਪੁਸਤਕ ਦੇ ਸ਼ੁਰੂ ਵਿਚ ਗੁਰਮੇਲ ਸਿੰਘ ਬੈਣੀਵਾਲ ਲਿਖਿਤ 'ਚੋਪਾਈਆਂ' ਵੀ ਪੁਸਤਕ ਨੂੰ ਬਹੁਰੰਗਤਾ ਪ੍ਰਦਾਨ ਕਰਦੀਆਂ ਹਨ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

ਸਮੁੰਦਰੋਂ ਪਾਰ ਦੇ ਦੀਵੇ
ਸੰਪਾਦਕ : ਸਰਬਜੀਤ ਸੋਹੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 78377-18723
.

ਬੇਰੁਜ਼ਗਾਰੀ ਨੇ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਜਾ ਕੇ ਵਸਣ ਲਈ ਮਜਬੂਰ ਕੀਤਾ ਹੈ। ਇਸ ਦਾ ਨੁਕਸਾਨ ਇਹ ਹੋਇਆ ਕਿ ਉਹ ਆਪਣੇ ਵਿਰਸੇ ਅਤੇ ਸਾਹਿਤ ਨਾਲੋਂ ਜ਼ਿਆਦਾਤਰ ਟੁੱਟ ਗਏ ਹਨ। ਫ਼ਾਇਦਾ ਇਹ ਹੋਇਆ ਕਿ ਜਿਨ੍ਹਾਂ ਨੂੰ ਆਪਣੀ ਇਸ ਵਿਰਾਸਤ ਨਾਲ ਮੋਹ ਸੀ, ਉਨ੍ਹਾਂ ਨੇ ਇਸ ਦਾ ਦੁਨੀਆ ਦੇ ਕੋਨੇ-ਕੋਨੇ ਵਿਚ ਪ੍ਰਚਾਰ ਤੇ ਪਸਾਰ ਕੀਤਾ। ਇੰਡੋਜ਼-ਪੰਜਾਬੀ ਸਾਹਿਤ ਸਭਾ ਬ੍ਰਿਸਬੇਨ (ਆਸਟ੍ਰੇਲੀਆ) ਇਸ ਦਿਸ਼ਾ ਵੱਲ ਪ੍ਰਸੰਸਾਯੋਗ ਕਾਰਜ ਕਰ ਰਹੀ ਹੈ। 'ਸਮੁੰਦਰੋਂ ਪਾਰ ਦੇ ਦੀਵੇ' ਕਾਵਿ ਸੰਗ੍ਰਹਿ ਵਿਚ ਬ੍ਰਿਸਬੇਨ (ਆਸਟ੍ਰੇਲੀਆ) ਨਾਲ ਸਬੰਧਤ ਬਾਰਾਂ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਛਾਪਿਆ ਗਿਆ ਹੈ। ਮੁਢਲੇ ਇਕ-ਇਕ ਪੰਨੇ 'ਤੇ ਸ਼ਾਇਰ ਸਬੰਧੀ ਜਾਣਕਾਰੀ ਅੰਕਿਤ ਕੀਤੀ ਗਈ ਹੈ ਤੇ ਤਕਰੀਬਨ ਦਸ-ਦਸ ਰਚਨਾਵਾਂ ਨੂੰ ਜਗ੍ਹਾ ਦਿੱਤੀ ਗਈ ਹੈ। ਵਿਦੇਸ਼ ਵਿਚ ਰੁੱਝੇ ਹੋਏ ਰਹਿ ਕੇ ਵੀ ਆਪਣੀ ਜ਼ਬਾਨ ਨਾਲ ਵਫ਼ਾਦਾਰੀ ਨਿਭਾਉਣਾ ਐਨਾ ਸਹਿਜ ਨਹੀਂ ਹੁੰਦਾ। ਇਸੇ ਕਾਰਨ ਇਸ ਪੁਸਤਕ ਵਿਚ ਸ਼ਾਮਿਲ ਸ਼ਾਇਰਾਂ ਅਤੇ ਇਸ ਪੁਸਤਕ ਦੇ ਛਪਣ ਕਾਰਜ ਨਾਲ ਜੁੜੇ ਪ੍ਰਬੰਧਕਾਂ ਨੂੰ ਦਾਦ ਦੇਣੀ ਚਾਹੀਦੀ ਹੈ। ਕੁਝ ਕਾਰਨਾਂ ਕਰਕੇ ਕਈ ਨਵੇਂ ਕਲਮਕਾਰ ਆਪਣੀ ਪੁਸਤਕ ਛਪਵਾਉਣ ਦਾ ਤਰੱਦਦ ਨਹੀਂ ਕਰਦੇ ਤੇ ਉਨ੍ਹਾਂ ਦੇ ਕਲਮ ਦਾ ਪ੍ਰਵਾਹ ਦਮ ਤੋੜ ਜਾਂਦਾ ਹੈ ਪਰ ਅਜਿਹੀਆਂ ਪੁਸਤਕਾਂ ਦੇ ਛਪਣ ਨਾਲ ਉਨ੍ਹਾਂ ਨੂੰ ਨਵਾਂ ਉਤਸ਼ਾਹ ਮਿਲਦਾ ਹੈ ਤੇ ਚਲਦੇ ਰਹਿਣ ਦੀ ਪ੍ਰੇਰਨਾ ਮਿਲਦੀ ਹੈ। 'ਸਮੁੰਦਰੋਂ ਪਾਰ ਦੇ ਦੀਵੇ' ਕਾਵਿ ਸੰਗ੍ਰਹਿ ਵਿਚ ਕੰਵਲ ਢਿੱਲੋਂ, ਆਤਮਾ ਹੇਅਰ, ਸੁਰਜੀਤ ਸੰਧੂ, ਦਲਵੀਰ ਹਲਵਾਰਵੀ, ਪ੍ਰੀਤ ਸਰਾਂ, ਸਾਵਨਦੀਪ ਆਰਿਫ਼, ਰਵਿੰਦਰ ਨਾਗਰਾ, ਮਨਮੀਤ ਅਲੀਸ਼ੇਰ, ਪਾਲ ਰਾਊਕੇ, ਹਰਕੀ ਵਿਰਕ, ਦਲਜੀਤ ਸਿੰਘ ਤੇ ਹਰਜੀਤ ਲਸਾੜਾ ਸ਼ਾਮਿਲ ਹਨ। ਇਹ ਰਚਨਾਵਾਂ ਵੱਖ-ਵੱਖ ਪ੍ਰਤਿਭਾਵਾਂ ਨਾਲ ਜੁੜੀਆਂ ਹੋਣ ਕਾਰਨ ਰਚਨਾਤਮਕ ਤੇ ਵਿਸ਼ਾ ਪੱਖ ਤੋਂ ਵੱਖਰੀਆਂ-ਵੱਖਰੀਆਂ ਹਨ ਪਰ ਇਸ ਕਿਤਾਬ ਵਿਚ ਗੀਤਾਂ ਤੇ ਗ਼ਜ਼ਲਾਂ ਦੀ ਬਹੁਤਾਤ ਹੈ। ਇਨ੍ਹਾਂ ਵਿਚ ਆਪਣੇ ਪਿਛੋਕੜ ਦੀ ਯਾਦ ਹੈ, ਵਿਛੜੇ ਸਨੇਹੀਆਂ ਦਾ ਦਰਦ ਹੈ, ਕਿਸੇ ਆਪਣੇ ਦਾ ਚੇਤਾ ਹੈ ਤੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਵਰਨਣ ਹੈ।

ਫ ਫ ਫ

ਪਾਣੀ ਪੰਜੇ ਦਰਿਆਵਾਂ ਦੇ
ਸ਼ਾਇਰ : ਸੋਹਣ ਸਿੰਘ ਜੌਹਲ ਐਡਵੋਕੇਟ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 92165-15008
.

'ਪਾਣੀ ਪੰਜੇ ਦਰਿਆਵਾਂ ਦੇ' ਦਾ ਕਰਤਾ ਸੋਹਣ ਸਿੰਘ ਜੌਹਲ ਐਡਵੋਕੇਟ ਪੰਜਾਬੀ ਕਾਵਿ ਖ਼ੇਤਰ ਦਾ ਨਵਾਂ ਚਿਹਰਾ ਹੈ। ਉਸ ਦੀ ਇਸ ਪੁਸਤਕ ਵਿਚ ਉਸ ਦੀਆਂ ਸੱਤਰ ਰਚਨਾਵਾਂ ਸ਼ਾਮਿਲ ਹਨ। ਇਹ ਰਚਨਾਵਾਂ ਖੁੱਲ੍ਹੀ ਨਜ਼ਮ, ਗੀਤ ਤੇ ਗ਼ਜ਼ਲ ਦੇ ਰੂਪ ਵਿਚ ਹਨ। ਜੌਹਲ ਨੇ ਪੰਜ ਦਰਿਆ ਮਨੁੱਖੀ ਸਰੀਰ ਨਾਲ ਸਬੰਧਤ ਪੰਜ ਤੱਤਾਂ ਹਵਾ, ਧਰਤੀ, ਆਕਾਸ਼, ਪਾਣੀ ਤੇ ਬਨਸਪਤੀ ਨੂੰ ਮੰਨਿਆ ਹੈ। ਉਸ ਮੁਤਾਬਿਕ ਜੇ ਇਨ੍ਹਾਂ 'ਚੋਂ ਇਕ ਦਰਿਆ ਵੀ ਸੁੱਕ ਜਾਏ ਤਾਂ ਉਸ ਦਾ ਹਸ਼ਰ ਪੰਜ ਦਰਿਆਵਾਂ ਨਾਲ ਸਬੰਧਤ ਵਰਤਮਾਨ ਪੰਜਾਬ ਵਰਗਾ ਹੋ ਜਾਂਦਾ ਹੈ। ਆਪਣੀ ਪਹਿਲੀ ਕਵਿਤਾ ਵਿਚ ਉਹ ਪੰਜਾਬ ਦੀ ਖੈਰ ਮੰਗਦਾ ਹੈ ਤੇ ਉਸ ਦੀ ਇੱਛਾ ਹੈ ਕਿ ਇਥੇ ਰਹਿਮਤਾਂ ਤੇ ਖ਼ੁਸ਼ੀਆਂ ਦਾ ਮੀਂਹ ਹਮੇਸ਼ਾ ਬਰਸਦਾ ਰਹੇ। ਆਪਣੀ ਦੂਸਰੀ ਕਵਿਤਾ 'ਮਾਂ' ਵਿਚ ਉਹ ਖ਼ੁਦ ਨੂੰ ਆਪਣੀ ਉਤਪਤੀ ਲਈ ਮਾਂ ਦਾ ਕਰਜ਼ਦਾਰ ਮੰਨਦਾ ਹੈ ਤੇ ਇਸ ਮੁਕਾਮ 'ਤੇ ਪਹੁੰਚਾਉਣ ਲਈ ਉਸ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਾ ਹੈ। ਸਫ਼ਾ ਸਤਾਰਾਂ 'ਤੇ ਛਪਿਆ ਉਸ ਦਾ ਗੀਤ ਸੰਜੀਦਾ ਹੈ ਤੇ ਸਾਹਿਤਕ ਤਕਾਜ਼ਿਆਂ 'ਤੇ ਪੂਰਾ ਉਤਰਦਾ ਹੈ। ਜੌਹਲ ਦੇ ਗੀਤਾਂ ਵਿਚ ਜ਼ਿੰਦਗੀ ਦਾ ਅਨੁਵਾਦ ਹੈ ਤੇ ਉਸ ਨੂੰ ਆਪਣੇ ਭਾਵਾਂ ਨੂੰ ਗੀਤਾਂ ਵਿਚ ਪ੍ਰਗਟਾਉਣ ਦਾ ਕੁਦਰਤੀ ਸ਼ਊਰ ਹਾਸਲ ਹੈ। ਗੀਤ ਵਿਧਾ ਉਸ ਦੀ ਕਲਮ ਲਈ ਵਧੇਰੇ ਸੁਖਾਵੀਂ ਤੇ ਢੁਕਵੀਂ ਹੈ। ਸ਼ਾਇਰ ਨੇ ਗ਼ਜ਼ਲ ਵੀ ਲਿਖੀ ਹੈ ਪਰ ਇਹ ਤਕਨੀਕੀ ਤੌਰ 'ਤੇ ਅਜੇ ਮੁਢਲੀ ਅਵਸਥਾ ਵਿਚ ਹੈ। ਖੁੱਲ੍ਹ ਕੇ ਲਿਖਣ ਲਈ ਉਸ ਨੇ ਖੁੱਲ੍ਹੀ ਨਜ਼ਮ ਨੂੰ ਅਪਣਾਇਆ ਹੈ। ਆਪਣੀਆਂ ਲਿਖਤਾਂ ਵਿਚ ਸ਼ਾਇਰ ਆਪਣੀ ਮੁਹੱਬਤ ਦੇ ਰੂਬਰੂ ਵੀ ਹੁੰਦਾ ਹੈ ਤੇ ਜ਼ਿੰਦਗੀ ਦੀਆਂ ਹੋਰ ਲੋੜਾਂ ਥੁੜਾਂ ਦੀ ਗੱਲ ਵੀ ਕਰਦਾ ਹੈ। ਜੌਹਲ ਦੀ ਕਵਿਤਾ 'ਆਜ਼ਾਦੀ' ਇਸ ਪੁਸਤਕ ਦਾ ਹਾਸਲ ਹੈ ਤੇ ਇਸ ਦਾ ਵਿਸ਼ਾ, ਰਵਾਨਗੀ ਤੇ ਵਰਨਣ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ। ਇਸ ਕਵਿਤਾ ਵਿਚ ਦੇਸ਼ ਦੀ ਖ਼ਸਤਾ ਹਾਲਤ ਅਤੇ ਅਜੋਕੀ ਸਥਿਤੀ ਦਾ ਬਾਖ਼ੂਬੀ ਵਰਨਣ ਕੀਤਾ ਗਿਆ ਹੈ।

ਫ ਫ ਫ

ਜਜ਼ਬੇ ਵੰਨ-ਸੁਵੰਨੇ
ਸ਼ਾਇਰ : ਬੰਤ ਸਿੰਘ ਬਰਨਾਲਾ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 95
ਸੰਪਰਕ : 89683-60240
.

'ਜਜ਼ਬੇ ਵੰਨ-ਸੁਵੰਨੇ' ਪੁਸਤਕ ਵੀ ਇਕ ਗੀਤ ਸੰਗ੍ਰਹਿ ਹੈ ਜਿਸ ਵਿਚ ਤਕਰੀਬਨ ਅੱਸੀ ਗੀਤ ਸ਼ਾਮਿਲ ਕੀਤੇ ਗਏ ਹਨ। ਇਸ ਪੁਸਤਕ ਤੋਂ ਪਹਿਲਾਂ ਬੰਤ ਸਿੰਘ ਬਰਨਾਲਾ ਦਾ ਇਕ ਹੋਰ ਗੀਤ ਸੰਗ੍ਰਹਿ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਗੀਤ ਸਿਰਜਣ ਵਿਚ ਲੇਖਕ ਨੂੰ ਮੁਹਾਰਤ ਹਾਸਲ ਹੈ। ਉਸ ਦੇ ਗੀਤ ਕਿਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਨਾ ਹੋ ਕੇ ਸਿੱਧੇ ਮਨੁੱਖੀ ਜਨ-ਜੀਵਨ ਨਾਲ ਜੁੜੇ ਹੋਏ ਹਨ। 'ਜਜ਼ਬੇ ਵੰਨ-ਸੁਵੰਨੇ' ਵਿਚ ਬੰਤ ਸਿੰਘ ਬਰਨਾਲਾ ਨੇ ਕੁਝ ਧਾਰਮਿਕ ਗੀਤ ਸ਼ਾਮਿਲ ਕੀਤੇ ਹਨ ਤੇ ਕੁਝ ਸਮਾਜਿਕ। ਕੁਝ ਸਮਾਜ ਸੁਧਾਰ ਗੀਤਾਂ ਨੂੰ ਵੀ ਇਸ ਪੁਸਤਕ ਵਿਚ ਥਾਂ ਦਿੱਤੀ ਗਈ ਹੈ। ਇਸ ਪੁਸਤਕ ਦਾ ਤੀਸਰਾ ਗੀਤ 'ਸਿੰਘ ਤੁਹਾਡਾ ਪੁੱਛਦਾ' ਬਰਨਾਲੇ ਦੀ ਵਧੀਆ ਰਚਨਾ ਹੈ, ਜਿਸ ਵਿਚ ਉਹ ਮਾਇਆਧਾਰੀ ਤੇ ਮਖੌਟਾਧਾਰੀ ਲੋਕਾਂ 'ਤੇ ਤਿੱਖਾ ਵਿਅੰਗ ਕਰਦਾ ਹੈ। ਉਹ ਧਰਮ ਦੇ ਨਾਂਅ 'ਤੇ ਹੋ ਰਹੇ ਅਧਰਮ 'ਤੇ ਵੀ ਚੋਟ ਕਰਦਾ ਹੈ। ਉਸ ਦੀਆਂ ਕਈ ਰਚਨਾਵਾਂ ਬੱਚਿਆਂ ਲਈ ਤੇ ਬੱਚਿਆਂ ਵਰਗੀਆਂ ਹਨ। ਸ਼ਾਇਰ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨ ਦੀ ਨਸੀਹਤ ਦਿੰਦਾ ਹੈ ਤੇ ਆਉਣ ਵਾਲੇ ਸਮੇਂ ਲਈ ਖ਼ੁਦ ਨੂੰ ਤਿਆਰ ਰੱਖਣ ਦੀ ਤਾਕੀਦ ਕਰਦਾ ਹੈ। ਬਰਨਾਲਾ ਦੇ ਕੁਝ ਗੀਤ ਰੁੱਤਾਂ ਨਾਲ ਸਬੰਧਤ ਹਨ ਤੇ ਕੁਝ ਦੇਸ਼ ਭਗਤੀ ਦੇ ਜਜ਼ਬਾਤ ਵਾਲੇ ਹਨ। ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਹੋਰਨਾਂ ਵਾਂਗ ਉਸ ਲਈ ਵੀ ਨਾਇਕ ਹਨ। ਗੀਤਕਾਰ ਦੇ ਕੁਝ ਗੀਤ ਬਾਜ਼ਾਰੂ ਕਿਸਮ ਦੇ ਗੀਤਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ, ਇਨ੍ਹਾਂ ਨੂੰ ਪੁਸਤਕ ਵਿਚ ਨਾ ਦਿੱਤਾ ਜਾਂਦਾ ਤਾਂ ਚੰਗਾ ਸੀ। ਬੰਤ ਸਿੰਘ ਬਰਨਾਲਾ ਦਾ ਗੀਤ ਸੰਗ੍ਰਹਿ 'ਜਜ਼ਬੇ ਵੰਨ-ਸੁਵੰਨੇ' ਪੜ੍ਹ ਕੇ ਆਸ ਬੱਝਦੀ ਹੈ ਕਿ ਉਸ ਦੇ ਅਗਲੇ ਗੀਤ ਇਸ ਤੋਂ ਹੋਰ ਬਿਹਤਰ ਹੋਣਗੇ ਪਰ ਉਸ ਨੂੰ ਆਪਣਾ ਇਕ ਪੱਧਰ ਬਣਾਈ ਰੱਖਣ ਦੀ ਸਖ਼ਤ ਜ਼ਰੂਰਤ ਹੈ।

ਂਗੁਰਦਿਆਲ ਰੌਸ਼ਨ
ਮੋ: 9988444002
ਫ ਫ ਫ

 

9-10-2016

 ਭਾਰਤ ਦੇ ਪ੍ਰਮੁਖ ਧਰਮ
ਲੇਖਕ : ਡਾ: ਪਰਮਵੀਰ ਸਿੰਘ ਤੇ ਡਾ: ਪ੍ਰਦੁਮਨ ਸ਼ਾਹ ਸਿੰਘ
ਪ੍ਰਕਾਸ਼ਕ : ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਲ : 280, ਸਫ਼ੇ : 232

ਪੰਜਾਬੀ ਯੂਨੀਵਰਸਿਟੀ ਧਰਮ ਅਤੇ ਧਰਮਾਂ ਦੇ ਉਚੇਰੇ/ਤੁਲਨਾਤਮਕ ਅਧਿਐਨ ਦੀ ਸਿੱਖਿਆ ਅਤੇ ਖੋਜ ਦਾ ਮਹੱਤਵਪੂਰਨ ਕੇਂਦਰ ਹੈ। ਦੇਰ ਤੋਂ ਇਸ ਖੇਤਰ ਵਿਚ ਸਰਗਰਮ ਇਹ ਵਿਸ਼ਵ ਦੇ ਮੁਢਲੇ ਪੁਰਾਣੇ ਤੇ ਚੋਟੀ ਦੇ ਕੇਂਦਰਾਂ ਵਿਚੋਂ ਇਕ ਹੈ। ਇਸ ਕੇਂਦਰ ਵੱਲੋਂ ਭਾਰਤ ਦੇ ਪ੍ਰਮੁੱਖ ਧਰਮਾਂ ਬਾਰੇ ਇਸ ਨਵ-ਪ੍ਰਕਾਸ਼ਿਤ ਪੁਸਤਕ ਵਿਚ ਵੈਦਿਕ (ਹਿੰਦੂ ਧਰਮ), ਜੈਨ, ਬੁੱਧ ਤੇ ਸਿੱਖਂਚਾਰ ਪ੍ਰਮੁੱਖ ਧਰਮਾਂ ਨਾਲ ਸੰਖੇਪ ਜਾਣ-ਪਛਾਣ ਕਰਵਾਈ ਗਈ ਹੈ। ਇਹ ਪਛਾਣ ਧਰਮ ਦੇ ਵਿਦਿਆਰਥੀਆਂ ਦੇ ਨਾਲ-ਨਾਲ ਆਮ ਆਦਮੀ ਲਈ ਵੀ ਲਾਹੇਵੰਦ ਹੈ।
ਪੁਸਤਕ ਦੇ ਲੇਖਕ ਧਰਮ ਦੇ ਦੋ ਸੀਨੀਅਰ ਅਧਿਆਪਕ ਹਨ। ਉਨ੍ਹਾਂ ਨੇ ਨਪੀ-ਤੁਲੀ ਭਾਸ਼ਾ ਵਿਚ ਸਬੰਧਤ ਧਰਮਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ। ਹਰ ਧਰਮ ਦੇ ਧਰਮ ਗੁਰੂ/ਪੈਗੰਬਰ/ਸਥਾਪਨਾ ਕਰਨ ਵਾਲੇ ਮਹਾਂਪੁਰਖ/ਮਹਾਂਪੁਰਖਾਂ, ਉਸ ਦੇ ਧਰਮ ਗ੍ਰੰਥਾਂ, ਅਧਿਆਤਮਿਕ ਸਿਧਾਂਤਾਂ, ਨੈਤਿਕਤਾ, ਪੂਜਾ ਪਧਤੀ, ਵਿਭਿੰਨ ਸੰਪਰਦਾਵਾਂ, ਸਿੱਖਿਆਵਾਂ ਨੂੰ ਸਬੰਧਤ ਧਰਮ ਦੀ ਤਕਨੀਕੀ ਸ਼ਬਦਾਵਲੀ ਵਿਚ ਸਮਝਾਉਣ ਦਾ ਉਪਰਾਲਾ ਕੀਤਾ ਹੈ ਤਾਂ ਜੋ ਪਾਠਕ ਸਾਹਮਣੇ ਉਸ ਧਰਮ ਦੀ ਪ੍ਰਮਾਣਿਕ ਤਸਵੀਰ ਉਲੀਕੀ ਜਾ ਸਕੇ।
ਵੈਦਿਕ ਧਰਮ ਦਾ ਆਧਾਰ ਵੇਦ ਸੰਹਿਤਾਵਾਂ ਹਨ। ਇਨ੍ਹਾਂ ਵਿਚ ਬ੍ਰਾਹਮਣ, ਆਰਣਯਕ ਤੇ ਉਪਨਿਸ਼ਦ ਆ ਜਾਂਦੇ ਹਨ। ਵੇਦ ਮਨੁੱਖੀ ਕ੍ਰਿਤ ਨਹੀਂ ਮੰਨੇ ਗਏ। ਹਿੰਦੂ ਧਰਮ ਇਨ੍ਹਾਂ ਨੂੰ ਅਪੌਰਸ਼ੇਯ ਕਹਿੰਦਾ ਹੈ। ਵੇਦਾਂ ਉਪਰੰਤ ਗੀਤਾ, ਰਾਮਾਇਣ ਤੇ ਮਹਾਂਭਾਰਤ ਦੀ ਚਰਚਾ ਲੇਖਕਾਂ ਨੇ ਕੀਤੀ ਹੈ। ਜੈਨ ਤੇ ਬੁੱਧ ਧਰਮ ਦੀ ਜਾਣਕਾਰੀ ਇਤਿਹਾਸ/ਮਿਥਿਹਾਸ ਤਕਨੀਕੀ ਸ਼ਬਦਾਵਲੀ ਦੇ ਕਠਿਨ ਸੰਕਲਪਾਂ/ਸਿਧਾਂਤਾਂ ਵਿਚ ਉਲਝਵੀਂ ਪ੍ਰਤੀਤ ਹੁੰਦੀ ਹੈ। ਸ਼ਾਇਦ ਇਸੇ ਕਾਰਨ ਇਨ੍ਹਾਂ ਧਰਮਾਂ ਦਾ ਪ੍ਰਚਲਨ/ਪ੍ਰਸਾਰ ਘੱਟ ਹੋਇਆ ਹੈ। ਜੈਨ ਮਤ ਇਸ ਪੱਖੋਂ ਆਪਣੇ-ਆਪ ਨੂੰ ਵੱਧ ਤੋਂ ਵੱਧ ਪੁਰਾਤਨ ਸਾਬਤ ਕਰਨ ਲਈ ਪੂਰਵ-ਇਤਿਹਾਸਕ ਕਾਲ ਤੱਕ ਨਾਲ ਨਾਤਾ ਜੋੜਨ ਲਈ ਯਤਨਸ਼ੀਲ ਰਿਹਾ ਹੈ। ਆਮ ਆਦਮੀ ਲਈ ਜੈਨ ਧਰਮ ਮਹਾਂਵੀਰ ਤੇ ਉਸ ਦੀ ਸਿੱਖਿਆ ਦਾ ਹੀ ਨਾਂਅ ਹੈ। ਬੁੱਧ ਤੇ ਜੈਨ ਮਤ ਦੀਆਂ ਸੰਪਰਦਾਵਾਂ ਬ੍ਰਾਹਮਣੀ ਪ੍ਰਭਾਵਾਂ ਵਾਂਗ ਬਾਰੀਕ ਸ਼ਬਦੀ ਸੰਕਲਪਾਂ ਕਾਰਨ ਆਮ ਆਦਮੀ ਤੋਂ ਟੁੱਟ ਗਈਆਂ ਹਨ। ਸਿੱਖ ਧਰਮ ਆਪਣੀ ਸਾਦਗੀ, ਸਰਲਤਾ, ਸਪੱਸ਼ਟਤਾ, ਜੀਵਨ ਨਾਲ ਕਰਮਸ਼ੀਲ ਨਾਤੇ ਕਾਰਨ ਨਵੇਂ ਯੁੱਗ ਵਿਚ ਵਧੇਰੇ ਪ੍ਰਵਾਨ ਹੋਵੇਗਾ। ਅਜਿਹਾ ਪ੍ਰਭਾਵ ਬਣਦਾ ਹੈ ਇਸ ਕਿਤਾਬ ਨਾਲ।

ਫ ਫ ਫ

ਅਜੋਕਾ ਫੋਨ ਸੰਸਾਰ
ਲੇਖਕ : ਡਾ: ਸੀ.ਪੀ. ਕੰਬੋਜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 216
ਸੰਪਰਕ : 94174-55614.

ਸੂਚਨਾ ਟੈਕਨਾਲੋਜੀ ਦੇ ਇਸ ਯੁੱਗ ਵਿਚ ਐਂਡਰਾਇਡ/ਸਮਾਰਟ ਫੋਨ ਹਰ ਪਾਸੇ ਵਧਦੇ ਜਾ ਰਹੇ ਹਨ। ਵਪਾਰੀ ਬੰਦੇ ਲਈ ਬੜੇ ਕੰਮ ਦੀ ਚੀਜ਼ ਹੈ ਸਮਾਰਟ ਫੋਨ। ਪੜ੍ਹੇ-ਲਿਖੇ, ਜਗਿਆਸੂ ਤੇ ਚੇਤੰਨ ਬੰਦੇ ਨੂੰ ਇਹ ਇੰਟਰਨੈੱਟ ਵਾਂਗ ਤੁਰਤ ਭਾਂਤ-ਭਾਂਤ ਦੀ ਜਾਣਕਾਰੀ ਦੇ ਸਕਦਾ ਹੈ। ਤਸਵੀਰਾਂ, ਗੀਤ ਸੰਗੀਤ, ਕਿਤਾਬਾਂ/ਕੋਸ਼ ਤੱਕ ਇਸ ਵਿਚ ਸਾਂਭੇ ਜਾ ਸਕਦੇ ਹਨ। ਕੰਬੋਜ ਦੀ ਇਹ ਕਿਤਾਬ ਸਮਾਰਟ ਫੋਨ ਦੇ ਇਸ ਸੰਸਾਰ ਨਾਲ ਸਾਂਝ ਪੁਆਉਂਦੀ ਹੈ।
ਆਮ ਲੋਕ ਮਹਿੰਗੇ ਸਮਾਰਟ ਫੋਨ ਖਰੀਦ ਕੇ ਸਿਰਫ ਗੱਲ ਕਰਨ/ਸੁਣਨ ਲਈ ਵਰਤਨ ਤੱਕ ਸੀਮਤ ਹਨ। ਆਪਣੀ ਅਮੀਰੀ ਦਾ ਰੋਅਬ ਪਾਣਾ ਉਨ੍ਹਾਂ ਨੂੰ ਕਾਫੀ ਲਗਦਾ ਹੈ। ਕਈ ਵਾਰ ਉਹ ਘਟੀਆ ਫੋਨ ਖਰੀਦ ਬਹਿੰਦੇ ਹਨ। ਕਈ ਵਾਰ ਸੰਭਾਲ/ਵਰਤੋਂ ਪੱਖੋਂ ਸਾਵਧਾਨ ਨਾ ਹੋਣ ਕਰਕੇ ਖਰਾਬ ਕਰ ਬਹਿੰਦੇ ਹਨ। ਇਸ ਦਾ ਪੂਰਾ ਲਾਭ ਉਠਾਉਣ ਦਾ ਤਾਂ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ। ਇਹ ਪੁਸਤਕ ਸਮਾਰਟ ਫੋਨਾਂ ਦੇ ਮਾਰਕਿਆਂ, ਸਹੂਲਤਾਂ, ਸੀਮਾਵਾਂ ਬਾਰੇ ਜਾਣਕਾਰੀ ਦੇ ਕੇ ਪਾਠਕ ਦਾ ਬਹੁਭਾਂਤੀ ਮਾਰਗ ਦਰਸ਼ਨ ਕਰਦੀ ਹੈ। ਸਮਾਰਟ ਫੋਨ ਤੋਂ ਪ੍ਰਾਪਤ ਸਹੂਲਤਾਂ ਦੀ ਜਾਣਕਾਰੀ ਤੇ ਵਰਤੋਂ ਬਾਰੇ ਸਰਲ ਪੰਜਾਬੀ ਵਿਚ ਗਲ ਕਰਦੀ ਹੈ।
ਅਜੋਕਾ ਫੋਨ ਸੰਸਾਰ ਫੋਨ ਖਰੀਦ ਲਈ ਲੋੜੀਂਦੀਆਂ ਸਾਵਧਾਨੀਆਂ, ਸੁਚੱਜੀ ਵਰਤੋਂ ਦੇ ਨੁਸਖੇ, ਵਟਸ ਅਪ, ਫੇਸਬੁੱਕ, ਟਵਿਟਰ, ਮੋਬਾਈਲ ਦੀ ਸੁਰੱਖਿਆ, ਲਗਪਗ ਸੌ ਐਪਸ, ਬੱਚਿਆਂ ਲਈ ਸਮਾਰਟ ਫੋਨ ਦੇ ਲਾਭ/ਹਾਨੀਆਂ ਬਾਰੇ ਦੱਸਣ ਵਾਲੀ ਕਿਤਾਬ ਹੈ। ਹਰ ਗੱਲ ਚਿੱਤਰਾਂ ਨਾਲ ਸਪੱਸ਼ਟ ਕੀਤੀ ਗਈ ਹੈ। ਇੰਟਰਨੈੱਟ, ਈ-ਮੇਲ ਵਰਗੇ ਪ੍ਰਚਲਿਤ ਸ਼ਬਦਾਂ ਲਈ ਅੰਤਰ-ਜਾਲ ਬਿਜ-ਡਾਕ ਜਿਹੇ ਸ਼ਬਦ ਜੇ ਲੇਖਕ ਨਾ ਵਰਤੇ ਤਾਂ ਚੰਗਾ ਹੈ।

ਂਡਾ: ਕੁਲਦੀਪ ਸਿੰਘ ਧੀਰ
ਮੋ: 98722-60550
ਫ ਫ ਫ

ਦਲਿਤ ਕਾਵਿ ਸੰਵਾਦ
ਸੰ: ਮਲਕੀਤ ਜੌੜਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 208
ਸੰਪਰਕ : 98725-34278
.

ਇਸ ਪੁਸਤਕ ਵਿਚ ਦਲਿਤ ਕਾਵਿ ਬਾਰੇ 18 ਵਿਦਵਾਨਾਂ ਦੇ 20 ਆਲੋਚਨਾਤਮਕ ਨਿਬੰਧਾਂ ਨੂੰ ਸ਼ਾਮਿਲ ਕੀਤਾ ਗਿਆ ਹੈ। 'ਇਹ ਕਾਵਿ ਵਿਚਾਰਧਾਰਕ ਤੌਰ 'ਤੇ ਮਾਰਕਸਵਾਦੀ ਦ੍ਰਿਸ਼ਟੀ ਨਾਲ ਸਬੰਧਤ ਹੈ ਅਤੇ ਅਨੁਭਵ ਦ੍ਰਿਸ਼ਟੀ ਤੋਂ ਦਲਿਤ ਤਬਕੇ ਨਾਲ ਸਬੰਧਤ ਹੈ। ਪੰਨਾ 41. 'ਸ਼ੋਸ਼ਿਤ ਹੀ ਅਸਲ ਅਰਥਾਂ ਵਿਚ ਦਲਿਤ ਹੈ।' ਪੰ. 55 'ਅਜੇ ਵੀ ਭਾਰਤੀ ਸਮਾਜ ਵਿਚਲਾ ਜਾਤੀ ਮਸਲਾ ਇਨ੍ਹਾਂ ਲੇਖਕਾਂ ਨੂੰ ਤੰਗ ਕਰਦਾ ਹੈ। ਪੰ. 72. 'ਦਲਿਤ ਔਰਤ ਦੀ ਆਵਾਜ਼ 'ਤੇ ਬਹਿਸ ਸ਼ੁਰੂ ਹੋ ਚੁੱਕੀ ਹੈ ਪਰ ਅਜੇ ਇਸ ਨੇ ਵਿਲੱਖਣ ਪ੍ਰਵਚਨ ਬਣਨਾ ਹੈ। ਪੰ. 75.
ਅਣਗੌਲੇ ਦਲਿਤ ਕਵੀਆਂ ਬਾਰੇ ਵੀ ਵਿਦਵਾਨ ਆਲੋਚਕਾਂ ਨੇ ਟਿੱਪਣੀਆਂ ਕੀਤੀਆਂ ਹਨ। ਗੁਰਦਾਸ ਰਾਮ ਆਲਮ ਦੀ ਕਵਿਤਾ ਤਲਖ਼ੀ 'ਚੋਂ ਪੈਦਾ ਹੋਇਆ ਪ੍ਰਤੀਕਰਮ ਨਹੀਂ, ਤਲਖ ਸੰਵਾਦ ਹੈ। ਪੰ. 82. ਆਲਮ ਦੇ ਸਮੁੱਚੇ ਕਾਵਿ ਵਿਚ ਵਿਅਕਤੀ ਦੀ ਹੋਂਦ ਹੈ। ਪੰ. 92. ਚਰਨ ਦਾਸ ਨਿਧੜਕ ਕਵਿਤਾ ਵਿਚ ਸੰਵਾਦ ਸਿਰਜਣ ਲਈ ਵਿਰੋਧੀ ਜੁੱਟਾਂ ਦੀ ਵਰਤੋਂ ਕਰਦਾ ਹੈ। ਪੰ. 98. ਪ੍ਰੀਤਮ ਰਾਮਦਾਸਪੁਰੀ ਦਾ ਸਮੁੱਚਾ ਕਾਵਿ ਡਾ: ਅੰਬੇਡਕਰ ਦੀ ਫ਼ਿਲਾਸਫ਼ੀ ਦੀ ਗਵਾਹੀ ਭਰਦਾ ਹੈ। ਪੰ. 102. ਦਲਿਤ ਔਰਤ ਦੀ ਸਮੁੱਚੀ ਤ੍ਰਾਸਦੀ ਨੂੰ ਪੇਸ਼ ਕਰਨ ਦੇ ਮਾਮਲੇ ਵਿਚ ਉਦਾਸੀ ਸਭ ਤੋਂ ਮੋਹਰੀ ਹੈ। ਪੰ. 112. ਲਾਲ ਸਿੰਘ ਦਿਲ ਨੇ 'ਪਹਿਲੀ ਵਾਰ ਦਲਿਤ ਵਰਗ ਨੂੰ ਯਥਾਰਥ ਰੂਪ ਵਿਚ ਚਿੱਤਰ ਕੇ ਪੰਜਾਬੀ ਕਵਿਤਾ ਵਿਚ ਅਣਗੌਲੇ ਲੋਕਾਂ ਪ੍ਰਤੀ ਧਿਆਨ ਦੁਆਇਆ ਹੈ। ਪੰ. 125. ਬਲਬੀਰ ਮਾਧੋਪੁਰੀ ਦੀ ਕਵਿਤਾ 'ਇਕ ਚੇਤਨਾ ਸੰਵਾਦ ਹੈ ਜਿਹੜਾ ਉਹ ਆਪਣੀ ਜਾਤੀਗਤ ਸਪੇਸ ਬਣਾਉਣ ਲਈ ਕਰਦਾ ਹੈ। ਪੰ. 131. ਗੁਰਮੀਤ ਕੱਲਰਮਾਜਰੀ ਦੀ ਕਵਿਤਾ ਅਜਿਹੇ ਮਨੁੱਖ ਦੀ ਪੇਸ਼ਕਾਰੀ ਕਰਦੀ ਹੈ, ਜਿਸ ਨਾਲ ਇਕ ਵਿਅਕਤੀ ਨੂੰ ਵਸਤੂ ਦੇ ਤੌਰ 'ਤੇ ਪੇਸ਼ ਕਰਦਾ ਹੈ। ਪੰ. 141. ਮਦਨ ਵੀਰੇ ਨੇ ਆਪਣੇ ਕਵਿਤਾਵਾਂ ਵਿਚਲੇ ਸਰੋਕਾਰਾਂ ਨੂੰ ਕਿਰਤੀਆਂ ਦੇ ਜੀਵਨ ਅਨੁਭਵ ਵਿਚੋਂ ਪ੍ਰਾਪਤ ਕੀਤਾ ਹੈ। ਪੰ. 149. ਸਿਰੀ ਰਾਮ ਅਰਸ਼ 'ਵਰਣ ਸੰਘਰਸ਼ ਅਤੇ ਵਰਗ ਸੰਘਰਸ਼ ਦੋਵੇਂ ਲੜਾਈਆਂ ਨਾਲੋਂ-ਨਾਲ ਲੜਨ ਦਾ ਹਾਮੀ ਹੈ। ਪੰ. 153. ਕਵੀ ਸੋਹਣ ਸਹਿਜਲ ਡਾ: ਅੰਬੇਡਕਰ ਦੀ ਵਿਚਾਰਧਾਰਾ ਦਾ ਪ੍ਰਭਾਵ ਕਬੂਲਦਾ ਹੈ। ਪੰ. 161. ਸੰਤੋਖ ਸੁਖੀ ਲੋਕ ਪੱਖੀ ਲਹਿਰ ਵਿਚ ਖਾਮੀਆਂ ਵਾਚਦਾ ਹੈ। ਪੰ. 166. ਮਲਕੀਤ ਜੌੜਾ ਦੀ ਕਵਿਤਾ ਵਿਚਲਾ ਵਿਦਰੋਹ ਬਹੁਦਿਸ਼ਾਵੀ ਤੇ ਬਹੁਪਰਤੀ ਹੈ। ਉਹ ਦਲਿਤ ਹਸਤੀ ਦੀ ਹਰ ਥਾਂ ਭਰਪੂਰ ਹਾਜ਼ਰੀ ਨੂੰ ਯਕੀਨੀ ਬਣਾਉਂਦਾ ਹੈ। ਪੰ. 188. ਮੋਹਨ ਤਿਆਗੀ ਦੀ ਕਾਵਿ-ਸੋਝੀ ਸਮਾਜਿਕ-ਚੌਗਿਰਦੇ ਵਿਚ ਪਸਰੀ ਬੇਤਰਤੀਬੀ ਨੂੰ ਉਸ ਦੇ ਕਾਰਨਾਂ ਅਤੇ ਪ੍ਰਭਾਵਾਂ ਤੋਂ ਪਕੜਦੀ ਹੈ। ਪੰ. 190. ਜੈਪਾਲ ਉਨ੍ਹਾਂ ਮਾਨਵੀ ਮਸਲਿਆਂ ਨੂੰ ਕੇਂਦਰ ਵਿਚ ਰੱਖਦਾ ਹੈ ਜੋ ਅਜੋਕੇ ਪੂੰਜੀਵਾਦੀ ਕਦਰ-ਪ੍ਰਬੰਧ ਦੀ ਉਪਜ ਹਨ। ਪੰ. 202.
ਇੰਜ ਇਹ ਪੁਸਤਕ ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਵੱਲੋਂ ਉਪੇਖਿਅਤ ਦਲਿਤ-ਕਵੀਆਂ ਬਾਰੇ ਜਾਣਕਾਰੀ ਦਾ ਦਸਤਾਵੇਜ਼ ਹੋ ਨਿਬੜੀ ਹੈ।

ਫ ਫ ਫ

ਸ਼ਿਵਚਰਨ ਜੱਗੀ 'ਕੁੱਸਾ' ਦੇ ਨਾਵਲਾਂ ਵਿਚ ਪੇਂਡੂ ਜੀਵਨ ਦੀ ਪੇਸ਼ਕਾਰੀ
ਲੇਖਕ : ਪ੍ਰੋ: ਆਨੰਦ ਵਰਧਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 94171-64545
.

ਸ਼ਿਵਚਰਨ ਜੱਗੀ 'ਕੁੱਸਾ' ਇਕ ਪ੍ਰਸਿੱਧ ਪ੍ਰਵਾਸੀ ਪੰਜਾਬੀ ਨਾਵਲਕਾਰ ਹੈ। ਇਸ ਪੁਸਤਕ ਦੇ ਲੇਖਕ ਨੇ ਉਸ ਦੇ ਪੰਜ ਨਾਵਲਾਂ (ਹਾਜੀ ਲੋਕ ਮੱਕੇ ਨੂੰ ਜਾਂਦੇ, ਜੱਟ ਵੱਢਿਆ ਬੋਹੜ ਦੀ ਛਾਵੇਂ, ਬਾਰ੍ਹੀਂ ਕੋਹੀਂ ਦੀਵਾ ਬਲਦਾ, ਉੱਜੜ ਗਏ ਗਰਾਂ, ਟੋਭੇ ਫੂਕ) ਦਾ ਆਲੋਚਨਾਤਮਕ ਅਧਿਐਨ ਕਰਦਿਆਂ ਇਨ੍ਹਾਂ ਸਾਰਿਆਂ ਵਿਚੋਂ ਪੰਜਾਬੀ ਜੀਵਨ ਦੇ ਪੇਂਡੂ ਖੇਤਰ ਦੇ ਸੱਭਿਆਚਾਰ ਵਿਚ ਉਪਲਬਧ ਗੁਣਾਂ ਅਤੇ ਔਗੁਣਾਂ ਦੀ ਯਥਾਰਥਕ ਪੇਸ਼ਕਾਰੀ ਦੀ ਨਿਸ਼ਾਨਦੇਹੀ ਕੀਤੀ ਹੈ।
ਪੰਜਾਬ ਦੇ ਪਿੰਡਾਂ ਵਿਚ ਧੀ-ਭੈਣ ਦੀ ਇੱਜ਼ਤ ਸਾਂਝੀ ਸਮਝੀ ਜਾਂਦੀ ਹੈ। ਪਿੰਡਾਂ ਦੀਆਂ ਸੱਥਾਂ ਵਿਚ ਹਾਸਾ ਠੱਠਾ ਆਮ ਹੁੰਦਾ ਸੀ, ਹੁਣ ਵੀ ਹੈ, ਪਰ ਪੰਜਾਬ ਦੇ ਕਾਲੇ ਦਿਨਾਂ ਤੋਂ ਬਾਅਦ ਘਟ ਗਿਆ ਹੈ। 1947 ਦੀ ਵੰਡ ਤੋਂ ਪਹਿਲਾਂ ਆਪਸੀ ਭਾਈਚਾਰਾ ਜ਼ਿਆਦਾ ਸੀ। ਪਿੰਡ ਦੇ ਨਿੱਕੇ ਮੋਟੇ ਝਗੜੇ ਪੰਚਾਇਤਾਂ ਹੀ ਨਿਪਟਾ ਦਿੰਦੀਆਂ ਸਨ। ਪਾਖੰਡੀ ਸਾਧਾਂ ਦਾ ਕੁਟਾਪਾ ਹੋ ਜਾਂਦਾ ਹੈ। ਪਿੰਡ ਦੇ ਗੁਰਦੁਆਰਿਆਂ ਵਿਚ ਲੋਕਾਂ ਦੀ ਬਹੁਤ ਸ਼ਰਧਾ ਹੈ। ਸਾਰੇ ਦੁੱਖ-ਸੁੱਖ ਦੇ ਸਮਾਗਮ ਇਥੇ ਹੁੰਦੇ ਹਨ। ਪਿੰਡਾਂ ਦੀ ਸਵੇਰ ਦਾ ਦ੍ਰਿਸ਼ ਮਨਮੋਹਕ ਹੁੰਦਾ ਹੈ।
ਔਗੁਣਾਂ ਦੀ ਵੀ ਪੁਸਤਕ ਦੇ ਲੇਖਕ ਨੇ ਨਿਸ਼ਾਨਦੇਹੀ ਕੀਤੀ ਹੈ। ਨਿੱਕੀਆਂ-ਨਿੱਕੀਆਂ ਗੱਲਾਂ 'ਤੇ ਝਗੜੇ, ਕਤਲ, ਮੁਕੱਦਮੇ, ਸਜ਼ਾਵਾਂ ਭੁਗਤਦੇ ਹਨ। ਪੰਜਾਬੀ ਲੋਕ ਠਾਣਿਆਂ, ਕਚਹਿਰੀਆਂ 'ਚ ਧੱਕੇ ਖਾਂਦੇ ਹਨ। ਪਿੰਡਾਂ ਵਿਚ ਧੜੇਬੰਦੀ ਹੈ। ਅੱਜ ਵੀ ਲੋਕ ਸਾਧਾਂ ਤੋਂ ਮੁੰਡੇ ਮੰਗਦੇ ਹਨ। ਝੂਠੇ ਮੁਕੱਦਮਿਆਂ ਵਿਚ ਪੰਜਾਬ ਦੇ ਅਨੇਕਾਂ ਗੱਭਰੂ ਮਾਰੇ ਗਏ, ਜਿਨ੍ਹਾਂ ਨੂੰ ਅੱਤਵਾਦੀ ਸਮਝਿਆ ਗਿਆ ਸੀ। ਸਮੈਕਾਂ, ਟੀਕੇ, ਨਸ਼ੀਲੀਆਂ ਗੋਲੀਆਂ ਨੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਲਿਆ ਹੈ। ਆਤਮ-ਹੱਤਿਆਵਾਂ ਹੋ ਰਹੀਆਂ ਹਨ। ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਵਧ ਰਿਹਾ ਹੈ। ਪਿਆਰ-ਵਿਆਹ ਹਾਲੀ ਵੀ ਸਮਾਜ ਨੂੰ ਸਵੀਕਾਰ ਨਹੀਂ। ਗੱਲ ਕੀ, ਇਨ੍ਹਾਂ ਪੰਜਾਂ ਨਾਵਲਾਂ ਵਿਚ ਪੰਜਾਬੀ ਪੇਂਡੂ ਜੀਵਨ ਦੀ ਹਰ ਚੰਗੀ-ਮੰਦੀ ਪ੍ਰਵਿਰਤੀ ਨੂੰ ਉਲੀਕਿਆ ਗਿਆ ਹੈ।

ਂਡਾ: ਧਰਮ ਚੰਦ ਵਾਤਿਸ਼
ਮੋ: 98144-46007
ਫ ਫ ਫ

ਰਿਸ਼ਤਿਆਂ ਦੇ ਮਾਰੂਥਲ ਤੋਂ ਪਾਰ
ਲੇਖਿਕਾ : ਪਵਿੱਤਰ ਕੌਰ ਮਾਟੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 99142-10315
.

ਹਥਲੇ ਸੰਗ੍ਰਹਿ ਦੀਆਂ 11 ਮੱਧ-ਆਕਾਰ ਦੀਆਂ ਕਹਾਣੀਆਂ ਅਤੇ 22 ਮਿੰਨੀ ਕਹਾਣੀਆਂ ਇਸ ਲੇਖਿਕਾ ਦੀ ਵਿਲੱਖਣ ਸ਼ੈਲੀ ਦਾ ਪ੍ਰਤੀਮਾਨ ਸਥਾਪਿਤ ਕਰਦੀਆਂ ਪ੍ਰਤੀਤ ਹੋਈਆਂ ਹਨ। ਇਹ ਲੇਖਿਕਾ ਭਾਵੇਂ ਔਰਤ ਜਾਤੀ ਦੀ ਚੁੱਪ ਪਿੱਛੇ ਛੁਪੀ ਚੀਕ ਦਾ ਪ੍ਰਗਟਾਵਾ ਕਰਦੀ ਹੈ ਜਾਂ ਉਸ ਦੀਆਂ ਸੱਧਰਾਂ ਅਤੇ ਉਮੰਗਾਂ ਦੇ ਦੱਬ ਕੇ ਮਰ ਜਾਣ ਦਾ ਸ਼ਾਬਦਿਕ ਚਿੱਤਰ ਉਭਾਰਦੀ ਹੈ ਪਰ ਇਸ ਤੋਂ ਇਲਾਵਾ ਬਹੁਤ ਸਾਰੇ ਸਮਾਜਿਕ, ਸੱਭਿਆਚਾਰਕ ਅਤੇ ਮੁੱਖ ਰੂਪ ਵਿਚ ਰਿਸ਼ਤਿਆਂ ਦੇ ਦਵੰਦਾਤਮਕ ਸਰੋਕਾਰਾਂ ਦਾ ਵੀ ਇਸ ਦੀਆਂ ਇਨ੍ਹਾਂ ਕਹਾਣੀਆਂ ਵਿਚ ਉਲੇਖ ਵੇਖਿਆ ਜਾ ਸਕਦਾ ਹੈ। 'ਰਿਸ਼ਤਿਆਂ ਦੇ ਮਾਰੂਥਲ ਤੋਂ ਪਾਰ', 'ਮਨੀ! ... ਤੂੰ ਅਜੇ ਮਰੀ ਨਹੀਂ', 'ਸਮਝੌਤਿਆਂ ਦੀ ਰੁੱਤ' ਅਤੇ 'ਮੈਂ ਆਪ ਲੜਾਂਗੀ' ਆਦਿ ਕਹਾਣੀਆਂ ਜਿਥੇ ਔਰਤ ਜਾਤੀ ਦੀ ਹੋਂਦ-ਸਥਿਤੀ ਦੇ ਵਿਭਿੰਨ ਸਰੋਕਾਰਾਂ ਦਾ ਦਰਪਣ ਹਨ ਉਥੇ 'ਮੈਂ ਤੇਰਾ ਗੁਨਹਾਗਾਰ ਹਾਂ', 'ਸੁੱਖ ਦਾ ਹੁਲਾਰਾ', 'ਰਿਸ਼ਤਿਆਂ ਦਾ ਨਿੱਘ' ਆਦਿ ਕਹਾਣੀਆਂ ਅਜੋਕੇ ਸਮਾਜ ਦੀ ਰੰਗ-ਰੰਗੀਲੀ ਅਤੇ ਕੁਸੈਲੀ ਜੀਵਨ-ਸ਼ੈਲੀ ਦਾ ਦਰਪਣ ਹਨ। 'ਸਫੈਦ ਲਹੂ', 'ਇੰਤਜ਼ਾਰ' ਅਤੇ 'ਗੁਲਾਬੀ ਪੱਗ ਤੇ ਸਿਹਰਾ' ਕਹਾਣੀਆਂ ਵੀ ਅਜੋਕੇ ਸਮਾਜਿਕ ਵਰਤਾਰੇ ਦਾ ਹੂ-ਬ-ਹੂ ਚਿੱਤਰਣ ਹਨ। ਕਹਾਣੀਕਾਰਾ ਪਵਿੱਤਰ ਕੌਰ ਮਾਟੀ ਦੀ ਕਹਾਣੀ ਸਮਰੱਥਾ ਵਧੇਰੇਤਰ ਉਸ ਦੀਆਂ ਮਿੰਨੀ ਕਹਾਣੀਆਂ ਵਿਚੋਂ ਪ੍ਰਗਟ ਹੁੰਦੀ ਹੈ। ਇਹ ਮਿੰਨੀ ਕਹਾਣੀਆਂ ਜਿਥੇ ਇਸ ਪੰਜਾਬ ਅਤੇ ਬਾਹਰਲੇ ਦੇਸ਼ਾਂ ਵਿਚ ਵਸੇ ਪੰਜਾਬੀਆਂ ਦੇ ਜੀਵਨ ਵਰਤਾਰੇ ਦਾ ਚਿੱਤਰਪੱਟ ਹਨ, ਉਥੇ ਪੰਜਾਬੀਆਂ ਦੀ ਬਦਲਦੀ ਮਾਨਸਿਕਤਾ ਵਿਚੋਂ ਉੱਭਰੇ ਵਿਚਾਰਾਂ, ਲਾਲਸਾਵਾਂ, ਤਰਸੇਵਿਆਂ ਅਤੇ ਹੋਰ ਸੁੱਖ ਸਾਧਨਾਂ ਦੇ ਪ੍ਰਗਟਾਵੇ ਦਾ ਸਾਰਥਿਕ ਚਿੱਤਰ ਹਨ। 'ਮੱਖੀਆਂ', 'ਕਨੇਡਾ', 'ਆਪਣਾ ਆਪਣਾ ਲਹੂ', 'ਮੁਆਵਜ਼ਾ', 'ਰੱਖੜੀ', 'ਦਾਗੀ ਹੋਈ ਮਿੱਟੀ' ਅਤੇ 'ਮਾਂ' ਆਦਿ ਕਹਾਣੀਆਂ ਪਰਵਾਸੀ ਅਤੇ ਦੇਸੀ ਜੀਵਨ-ਸ਼ੈਲੀ ਦੇ ਵਿਭਿੰਨ ਪੱਖਾਂ ਦਾ ਪ੍ਰਗਟਾਵਾ ਕਰਦੀਆਂ ਹਨ। ਰੂਪਾਕਾਰ ਦ੍ਰਿਸ਼ਟੀ ਤੋਂ ਇਸ ਕਹਾਣੀਕਾਰਾ ਨੂੰ ਅਜੇ ਹੋਰ ਅਭਿਆਸ ਦੀ ਲੋੜ ਭਾਸਦੀ ਹੈ।

ਫ ਫ ਫ

ਚੋਣਵੇਂ ਪੰਜਾਬੀ ਕਹਾਣੀ ਸੰਗ੍ਰਹਿ
ਵਿਸ਼ਾਗਤ ਅਧਿਐਨ
ਲੇਖਕ : ਪ੍ਰੋ: ਆਨੰਦ ਵਰਧਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 94171-64545


ਹਥਲੀ ਪੁਸਤਕ ਵਿਚ ਪ੍ਰੋ: ਆਨੰਦ ਵਰਧਨ ਵੱਲੋਂ ਅਜੋਕੀ ਪੰਜਾਬੀ ਕਹਾਣੀ ਦੇ ਵਿਚਾਰਧਾਰਾਈ ਸੰਦਰਭ ਵਿਚ ਪੰਜਾਬੀ ਦੇ ਪੰਜ ਪ੍ਰਮੁੱਖ ਕਹਾਣੀਕਾਰਾਂ ਦੇ ਚੋਣਵੇਂ ਇਕ ਇਕ ਕਹਾਣੀ ਸੰਗ੍ਰਹਿ ਦਾ ਵਿਸ਼ਲੇਸ਼ਣਾਤਮਕ ਅਧਿਐਨ ਹੈ। ਪਹਿਲਾ ਕਹਾਣੀ ਸੰਗ੍ਰਹਿ ਜਸਵੰਤ ਸਿੰਘ ਰਚਿਤ 'ਰੂਹ ਦਾ ਹਾਣ', ਦੂਜਾ ਹਰਭਜਨ ਨੀਰ ਰਚਿਤ 'ਮੁਹੱਬਤ ਦੀ ਖ਼ੁਸ਼ਬੂ', ਤੀਜਾ ਪ੍ਰਿੰ: ਸੁਲੱਖਣਮੀਤ ਰਚਿਤ 'ਮੇਰਾ ਸਵਰਗ ਅਤੇ ਹੋਰ ਕਹਾਣੀਆਂ', ਚੌਥਾ ਮਾਸਟਰ ਬੋਹੜ ਸਿੰਘ ਮੱਲਣ ਰਚਿਤ 'ਪਛਤਾਵਾ' ਅਤੇ ਪੰਜਵਾਂ ਸ਼ਿਵਚਰਨ ਜੱਗੀ 'ਕੁੱਸਾ' ਰਚਿਤ ਕਹਾਣੀ ਸੰਗ੍ਰਹਿ 'ਊਠਾਂ ਵਾਲੇ ਬਲੋਚ' ਨੂੰ ਆਧਾਰ ਬਣਾ ਕੇ ਜਿਥੇ ਅਜੋਕੀ ਪੰਜਾਬੀ ਕਹਾਣੀ ਦੇ ਵਿਸ਼ੈਗਤ ਸਰੋਕਾਰਾਂ ਨੂੰ ਬਾਰੀਕਬੀਨੀ ਨਾਲ ਉਘਾੜਿਆ ਹੈ, ਉਥੇ ਪੰਜਾਬੀ ਕਹਾਣੀ ਦੇ ਸਰੰਚਨਾਤਮਕ ਪੱਖਾਂ ਨੂੰ ਵੀ ਨੇੜਿਉਂ ਪਛਾਣ ਕੇ ਦਰਸਾਇਆ ਹੈ। ਹਰਭਜਨ ਨੀਰ ਦੀਆਂ ਕਹਾਣੀਆਂ ਅਜੋਕੇ ਪੜ੍ਹੇ-ਲਿਖੇ ਵਰਗ ਨਾਲ ਸਬੰਧਤ ਸੰਗਤੀਆਂ ਵਿਸੰਗਤੀਆਂ ਦਾ ਨਿਰੂਪਣ ਬਣਦੀਆਂ ਹੋਈਆਂ ਮਰਦ ਪ੍ਰਧਾਨ ਸਮਾਜ ਅਤੇ ਗਰੀਬੀ, ਮਜ਼ਦੂਰੀ ਅਤੇ ਅਧੂਰੇ ਪਿਆਰ ਜਿਹੇ ਸੰਕਲਪਾਂ ਦਾ ਪ੍ਰਗਟਾਵਾ ਬਣਦੀਆਂ ਹਨ। ਸੁਲੱਖਣਮੀਤ ਨਿਰੋਲ ਰੂਪ ਵਿਚ ਪ੍ਰਗਤੀਸ਼ੀਲ ਧਾਰਾ ਦਾ ਕਹਾਣੀਕਾਰ ਦਰਸਾਇਆ ਗਿਆ ਹੈ। ਛੋਟੇ-ਵੱਡੇ ਪਰਿਵਾਰ, ਸਮਾਜਿਕ ਵਰਤਾਰੇ ਵਿਚ ਹੁੰਦੇ ਭਿੰਨ-ਭੇਦ, ਬਜ਼ੁਰਗਾਂ ਦੀ ਅਵਸਥਾ, ਰਿਸ਼ਤਿਆਂ ਦੀ ਟੁੱਟ ਭੱਜ ਆਦਿ ਵਿਸ਼ਿਆਂ ਨੂੰ ਮੀਤ ਦੀਆਂ ਕਹਾਣੀਆਂ ਵਿਚ ਖੂਬ ਪਛਾਣਿਆ ਗਿਆ ਹੈ। ਪ੍ਰੋ: ਆਨੰਦ ਨੇ ਕਹਾਣੀ ਰਚਨਾ ਵੱਲੋਂ ਸੰਪੰਨ ਪਰ ਛਿਪੇ ਕਹਾਣੀਕਾਰ ਮਾਸਟਰ ਬੋਹੜ ਸਿੰਘ ਮੱਲਣ ਨੂੰ ਪਾਠਕਾਂ ਦੇ ਸਨਮੁੱਖ ਕਰਦੇ ਹੋਏ ਉਸ ਦੀਆਂ ਕਹਾਣੀਆਂ ਵਿਚਲੇ ਸਮਾਜਿਕ ਸਰੋਕਾਰਾਂ ਨੂੰ ਆਮ ਜੀਵਨ-ਸ਼ੈਲੀ ਵਿਚ ਵਿਚਰ ਰਹੇ ਪਾਤਰਾਂ ਦੇ ਜੀਵਨ ਚਰਿੱਤਰ ਨੂੰ ਦਰਸਾਇਆ ਹੈ। ਇਸੇ ਤਰ੍ਹਾਂ ਸ਼ਿਵਚਰਨ ਜੱਗੀ ਨੇ ਜਿਸ ਕਦਰ ਪਰਵਾਸੀ ਭਾਰਤੀ ਲੋਕਾਂ ਦੇ ਜੀਵਨ ਦੇ ਵਿਭਿੰਨ ਪੱਖਾਂ ਨੂੰ ਪ੍ਰਗਟ ਕੀਤਾ ਹੈ ਉਸ ਸਭ ਕਾਸੇ ਦਾ ਨਿਕਟ ਵਿਸ਼ਲੇਸ਼ਣਾਤਮਕ ਚਿਤਰਣ ਪ੍ਰੋ: ਆਨੰਦ ਵਰਧਨ ਨੇ ਇਸ ਪੁਸਤਕ ਵਿਚ ਕੀਤਾ ਹੈ।

ਂਡਾ: ਜਗੀਰ ਸਿੰਘ ਨੂਰ
ਮੋ: 9814209732
ਫ ਫ ਫ

ਖਾਲਸਾ ਪੰਥ ਦੀ ਧਰਮ ਯੁੱਧ ਕਲਾ
ਗਤਕਾ
ਦਾ ਸਿਧਾਂਤ, ਪਰਿਭਾਸ਼ਾ, ਸਿਖਲਾਈ ਅਤੇ ਨਿਯਮਾਂਵਲੀ

ਲੇਖਕ : ਡਾ: ਮਨਮੋਹਨ ਸਿੰਘ ਭਾਗੋਵਾਲੀਆ ਡਾਇਰੈਕਟਰ ਗਤਕਾ
ਪ੍ਰਕਾਸ਼ਕ : ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ
ਭੇਟਾ : 70 ਰੁਪਏ, ਸਫ਼ੇ : 176


ਖਾਲਸਾ ਪੰਥ ਦੀ ਧਰਮ ਯੁੱਧ ਕਲਾ ਗਤਕਾ ਦਾ ਸਿਧਾਂਤ, ਪਰਿਭਾਸ਼ਾ, ਸਿਖਲਾਈ ਅਤੇ ਨਿਯਮਾਂਵਲੀ ਨਿਵੇਕਲੀ ਪੁਸਤਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਧਰਮ ਪ੍ਰਚਾਰ ਲਈ ਉਸਾਰੂ ਯਤਨ ਕਰ ਰਹੀ ਹੈ। ਇਸ ਦੇ ਨਾਲ ਹੀ ਅੱਜ ਤੱਕ ਸਿੱਖ ਧਰਮ ਦੇ ਪ੍ਰਚਾਰ ਲਈ 'ਭਗਤੀ ਦੇ ਸਿਧਾਂਤ' ਨੂੰ ਪ੍ਰਚਾਰਨ ਲਈ ਅਨੇਕਾਂ ਸਿੱਖ ਸੰਸਥਾਵਾਂ ਨੇ ਭਰਪੂਰ ਯਤਨ ਕੀਤੇ ਹਨ, ਪਰ 'ਸ਼ਕਤੀ ਦੇ ਸਿਧਾਂਤ' ਨੂੰ ਪ੍ਰਚਾਰਨ ਲਈ ਬਹੁਤ ਘੱਟ ਯਤਨ ਹੋਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਸਿੱਖਿਆ ਦੇ ਖੇਤਰ ਵਿਚ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ, ਉਥੇ ਖਾਲਸਾ ਪੰਥ ਦੀ ਧਰਮ ਯੁੱਧ ਕਲਾ ਦੇ ਪ੍ਰਚਾਰ ਤੇ ਪ੍ਰਸਾਰ ਲਈ 'ਡਾਇਰੈਕਟੋਰੇਟ ਆਫ ਗਤਕਾ' ਦੀ ਆਰੰਭਤਾ ਕਰਕੇ 'ਮੀਰੀ' ਦੇ ਸਿਧਾਂਤ ਲਈ ਵੀ ਸ਼੍ਰੋਮਣੀ ਕਮੇਟੀ ਨੇ ਪਹਿਲ ਕੀਤੀ। ਲੇਖਕ ਨੇ ਇਸ ਪੁਸਤਕ ਵਿਚ ਵਿਰਸੇ ਵਿਚੋਂ ਮਿਲੀ ਇਸ ਧਰਮ ਯੁੱਧ ਕਲਾ ਦੀ ਦਾਤ ਦੀਆਂ ਸੀਨਾ-ਬ-ਸੀਨਾ ਚੱਲੀਆਂ ਆ ਰਹੀਆਂ ਬਾਰੀਕੀਆਂ ਨੂੰ ਇਕੱਠਿਆਂ ਕਰਕੇ ਨਵੀਂ ਪੀੜ੍ਹੀ ਲਈ ਸ਼ਲਾਘਾਯੋਗ ਉਪਰਾਲਾ ਕੀਤਾ ਹੈ।
ਪੁਸਤਕ ਦੇ ਪਹਿਲੇ ਹਿੱਸੇ ਵਿਚ 'ਗੁਰਮਤਿ ਦਾ ਸਿਧਾਂਤਕ ਅੰਗ ਗਤਕਾ', 'ਸਿੱਖ ਧਰਮ ਵਿਚ ਸ਼ਾਸਤਰ ਅਤੇ ਸ਼ਸਤਰ ਵਿੱਦਿਆ', 'ਧਰਮ ਯੁੱਧ ਅਤੇ ਸਾਧਾਰਨ ਯੁੱਧ ਵਿਚ ਅੰਤਰ', 'ਗਤਕਾ ਤੇ ਗੁਰਮਤਿ', 'ਗਤਕਾ ਦੀ ਪਰਿਭਾਸ਼ਾ', 'ਸ਼ਸਤਰਾਂ ਦੀ ਵਰਤੋਂ ਅਤੇ ਵਿਕਾਸ' 'ਹੋਰ ਦੇਸ਼ਾਂ ਅਤੇ ਪ੍ਰਦੇਸ਼ਾਂ ਦੀ ਸ਼ਸਤਰ ਕਲਾ', 'ਗਤਕੇ ਦਾ ਵਿਗੜਦਾ ਸਰੂਪ', ਦੇ ਵੱਖਰੇ-ਵੱਖਰੇ ਵਿਸ਼ਿਆਂ 'ਤੇ ਸੰਖੇਪ ਵਿਚ ਚਰਚਾ ਕੀਤੀ ਗਈ ਹੈ। ਇਸ ਤੋਂ ਅੱਗੇ 'ਗਤਕਾ' ਦੀ ਸਿਖਲਾਈ ਵਿਚ 'ਪੈਂਤਰਾ', 'ਘੁਰੇ', 'ਇਕੱਲੇ ਖਿਡਾਰੀ ਤੇ ਸ਼ਸਤਰ ਚੁੱਕਣ ਦਾ ਤਰੀਕਾ', 'ਦੋ ਖਿਡਾਰੀਆਂ ਦੇ ਯੁੱਧ ਕਰਨ ਸਮੇਂ ਸ਼ਸਤਰ ਚੁੱਕਣ ਦਾ ਤਰੀਕਾ', ਸੋਟੀ/ਇਕ ਅੰਗੀ ਦੇ ਇਕੱਲੇ ਖਿਡਾਰੀ ਦੇ ਖੜੇ ਪੈਂਤੜੇ ਦੇ ਮੁਢਲੇ 17 ਵਾਰ, ਕਦਮਾਂ/ਪੈਰਾਂ ਦੀ ਚੜ੍ਹਾਈਆਂ-ਉਤਰਾਈਆਂ', 'ਚਾਲੀ ਪੈਂਤਰਾ', 'ਦੋ ਖਿਡਾਰੀਆਂ ਦੇ 42 ਵਾਰ', ਫਰੀ/ਸੋਟੀ ਦੇ ਦੋ ਅੰਗੀ ਖੇਡ ਦੇ ਵਾਰ', ਤਸਵੀਰਾਂ ਦੀ ਜ਼ਬਾਨੀ ਪੇਸ਼ ਕਰਕੇ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕੀਤਾ ਹੈ। ਤੀਜੇ ਭਾਗ ਵਿਚ ਨਿਯਮਾਂਵਲੀ ਨੂੰ ਅੱਠ ਹਿੱਸਿਆਂ ਵਿਚ ਵੰਡ ਕੇ ਖਿਡਾਰੀਆਂ ਤੇ ਉਸਤਾਦਾਂ ਲਈ ਸੁਖੈਨ ਢੰਗ ਨਾਲ ਮਾਰਗ ਦਰਸ਼ਨ ਕਰਨ ਦਾ ਸਫਲ ਯਤਨ ਕੀਤਾ ਹੈ। ਧਰਮ ਪ੍ਰਚਾਰ ਕਮੇਟੀ, ਗਤਕਾ ਡਾਇਰੈਕਟਰ ਅਤੇ ਲੇਖਕ ਵਧਾਈ ਦੇ ਪਾਤਰ ਹਨ।

ਂਭਗਵਾਨ ਸਿੰਘ ਜੌਹਲ
ਮੋ: 98143-24040.
ਫ ਫ ਫ

ਬਗਾਵਤ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 140, ਸਫ਼ੇ : 96
ਸੰਪਰਕ : 94643-91902

ਲੇਖਕ ਰਾਮ ਨਾਥ ਸ਼ੁਕਲਾ ਇਕ ਪ੍ਰਸਿੱਧ ਸਾਹਿਤਕ ਬੁੱਧੀਜੀਵੀ ਤੇ ਕਲਮ ਦਾ ਧਨੀ ਹੈ। ਬਹੁਤ ਸਾਰੀਆਂ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਇਸ ਦੀਆਂ ਕਲਮ ਦੀ ਉਪਜ ਬਣ ਚੁੱਕੀਆਂ ਹਨ। ਹੁਣ ਇਕ ਕਹਾਣੀ ਸੰਗ੍ਰਹਿ 'ਬਗਾਵਤ' ਪੰਜਾਬੀ ਸਾਹਿਤ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ। ਲੇਖਕ ਅਨੁਸਾਰ ਇਸ ਕਹਾਣੀ ਸੰਗ੍ਰਹਿ 'ਬਗਾਵਤ' ਵਿਚਲੀਆਂ ਕਹਾਣੀਆਂ ਸੱਠਵੇਂ ਦਹਾਕੇ ਦੀਆਂ ਉਪਜ ਹਨ। ਪਰ ਇਹ ਕਹਾਣੀਆਂ ਪਾਠਕ ਨੂੰ ਬੀਤ ਚੁੱਕੇ ਸਮੇਂ ਤੇ ਚਲ ਰਹੇ ਸਮੇਂ ਦਾ ਸੁਮੇਲ ਦਾ ਅਹਿਸਾਸ ਕਰਾਉਣ ਦੇ ਸਮਰੱਥ ਹਨ। ਬਹੁਤ ਸਾਰੇ ਸੰਜੀਦਗੀ ਵਿਸ਼ਿਆਂ ਨੂੰ ਬੜੀ ਸ਼ਿੱਦਤ ਨਾਲ ਉਭਾਰਿਆ ਗਿਆ ਹੈ।
ਧੀਆਂ ਪੁੱਤਾਂ ਦੇ ਰਿਸ਼ਤੇ ਕਰਨ ਸਮੇਂ ਉਨ੍ਹਾਂ ਦੀ ਸਲਾਹ ਦੀ ਮਹੱਤਤਾ, ਸੁਹਿਰਦ ਅਧਿਆਪਕ ਤੇ ਵਿਦਿਆਰਥੀ ਵਿਚਲੇ ਰਿਸ਼ਤੇ ਦੀ ਭਾਵੁਕਤਾ, ਫਰਜ਼ਾਂ ਪ੍ਰਤੀ ਕੰਮਚੋਰਾਂ ਲਈ ਘਟਦਾ ਸਤਿਕਾਰ, ਸੱਚੇ-ਸੁਚੇ ਪਿਆਰ ਦੇ ਅਸਲ ਮਾਇਨੇ, ਪਿਆਰ ਨੂੰ ਮੈਲੀ ਅੱਖ ਨਾਲ ਵੇਖਣ ਦੀ ਥਾਂ ਉਸ ਦੀ ਪਵਿੱਤਰਤਾ ਬਣਾਈ ਰੱਖਣ, ਜੀਵਨ-ਜਾਚ ਦੀਆਂ ਗੁੰਝਲਾਂ ਸੁਲਝਾਉਣ ਦੇ ਯਤਨ, ਫਰਜ਼ਾਂ ਪ੍ਰਤੀ ਇਮਾਨਦਾਰੀ, ਲਿਹਾਜ਼ਦਾਰੀ ਤੋਂ ਉੱਪਰ ਉਠ ਕੇ ਵਿਚਰਨਾ, ਅਹੁਦੇ ਦਾ ਨਾਜਾਇਜ਼ ਫਾਇਦਾ ਉਠਾਉਣ ਤੋਂ ਗੁਰੇਜ਼, ਲਾਚਾਰੀ ਦਾ ਸ਼ੋਸ਼ਣ, ਜਗ ਜਿਊਂਦਿਆਂ ਦੇ ਮੇਲੇ ਅਤੇ ਰੰਗਲੀ ਦੁਨੀਆ ਤੋਂ ਮੁੱਖ ਮੁੜ ਜਾਣਾ (ਆਤਮਘਾਤ) ਆਦਿ ਨੂੰ ਬੜੀ ਹੀ ਭਾਵਪੂਰਤਾ ਨਾਲ ਕਹਾਣੀਆਂ ਦੀ ਮਾਲਾ ਵਿਚ ਪਰੋ ਕੇ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ।
'ਅਗਰ ਅਸੀਂ ਫ਼ਰਜ਼ਾਂ ਪ੍ਰਤੀ ਇਮਾਨਦਾਰ ਰਹਿ ਕੇ ਤਨਦੇਹੀ ਨਾਲ ਨਿਭਾਉਂਦੇ ਹਾਂ ਤਾਂ ਸਾਨੂੰ ਕਿਸੇ ਅੱਗੇ ਝੁਕਣਾ ਨਹੀਂ ਪਵੇਗਾ ਪਰ ਜੇ ਅਸੀਂ ਫਰਜ਼ਾਂ ਪ੍ਰਤੀ ਅਵੇਸਲੇ ਹਾਂ ਤਾਂ ਸਾਨੂੰ ਜਣੇ-ਖਣੇ ਅੱਗੇ ਝੁਕਣਾ ਪੈ ਸਕਦਾ ਹੈ।' ਦੀ ਪ੍ਰੋੜ੍ਹਤਾ ਕਰਦੀ ਇਸ ਪੁਸਤਕ ਵਿਚ ਕਿਤੇ-ਕਿਤੇ ਸ਼ਬਦ ਜੋੜਾਂ ਵਿਚਲੀਆਂ ਗ਼ਲਤੀਆਂ ਰੜਕਦੀਆਂ ਜ਼ਰੂਰ ਹਨ ਪਰ ਭਾਰੂ ਨਹੀਂ ਪੈਂਦੀਆਂ, ਕਿਉਂਕਿ ਇਸ ਪੁਸਤਕ ਵਿਚਲੀ ਸ਼ੈਲੀ/ਰੌਚਕਿਤਾ ਅਤੇ ਅੱਗੇ ਕੀ ਹੋਵੇਗਾ? (ਸਸਪੈਂਸ) ਪਾਠਕਾਂ ਵਿਚਲੀ ਪੜ੍ਹਨ ਦੀ ਉਤਸੁਕਤਾ ਨੂੰ ਬਣਾਈ ਰੱਖਦੇ ਹਨ।

ਂਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
ਫ ਫ ਫ

ਉਹ ਤੇਰ੍ਹਾਂ ਸਾਲ
ਲੇਖਕ : ਬਿਕਰਮਜੀਤ ਨੂਰ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94640-78257


ਪ੍ਰੱਬੁਧ ਆਲੋਚਕ ਤੇ ਬਹੁਪੱਖੀ ਸਾਹਿਤਕਾਰ ਬਿਕਰਮਜੀਤ ਨੂਰ ਨੇ ਆਪਣੀ ਸਾਹਿਤਕ ਜ਼ਿੰਦਗੀ ਦੇ ਮੁਢਲੇ ਤੇਰ੍ਹਾਂ ਸਾਲਾ ਦਾ ਜ਼ਿਕਰ ਇਸ ਸਵੈ-ਜੀਵਨੀ ਵਿਚ ਕੀਤਾ ਹੈ। ਇਕ ਤਰ੍ਹਾਂ ਨਾਲ ਅੰਸ਼ਕ ਸਵੈ ਜੀਵਨੀ ਹੈ। ਕੁੱਲ 39 ਕਾਂਡ ਹਨ। ਪਹਿਲੇ ਕਾਂਡ ਵਿਚ ਲਿਖਿਆ ਹੈਂਮੇਰੀ ਉਮਰ 7 ਸਾਲ ਦੀ ਹੋ ਗਈ ਸੀ ਜਦੋਂ ਮੈਨੂੰ ਖ਼ੁਦ ਬੇਬੇ ਨੂੰ ਯਾਦ ਕਰਾਉਣਾ ਪਿਆਂਬੇਬੇ ਸਾਰੇ ਮੁੰਡੇ ਕੁੜੀਆਂ ਸਕੂਲ ਜਾਣ ਲੱਗ ਪਏ ਨੇ ਤੇ ਤੂੰ ਮੈਨੂੰ ਕਿਉਂ ਨਹੀਂ ਭੇਜਦੀ? ਘਰ ਦੇ ਮਾਹੌਲ ਮੁਤਾਬਿਕ ਲੇਖ ਮਾਂ ਸ਼ਬਦ ਦੀ ਥਾਂ ਬੇਬੇ ਤੇ ਪਿਤਾ ਦੀ ਥਾਂ ਚਾਚਾ ਸ਼ਬਦ ਵਰਤਦਾ ਹੈ। ਲੇਖਕ ਨੇ ਆਪਣੇ ਪਰਿਵਾਰ ਵਿਚੋਂ ਚਾਚਾ, ਬੇਬੇ, ਵੱਡਾ ਭਰਾ ਸਹਾਈ ਆਪਣੇ ਬਚਪਨ ਦੇ ਸੰਗੀ ਸਾਥੀ ਮਾਘੀ ਪ੍ਰੇਮੋ, ਰਾਣੀ, ਤਾਰਾ, ਭਜਨਾ, ਸਰਦਾਰਾ ਦਾ ਭਰਵਾਂ ਜ਼ਿਕਰ ਪੁਸਤਕ ਵਿਚ ਕੀਤਾ ਹੈ। ਅੱਜ ਤੋਂ 50 ਸਾਲ ਪਹਿਲਾਂ ਦੇ ਸਮੇਂ ਸਕੂਲਾਂ ਦੀ ਸਾਦ ਮੁਰਾਦੀ ਸਿੱਖਿਆ, ਗੁਰਮੁਖੀ ਲਿਖਤ, ਪਹਾੜੇ, ਅਧਿਆਪਕਾਂ ਵੱਲੋਂ ਬੱਚਿਆਂ ਦੀ ਮਾਰ-ਕੁੱਟ ਤੇ ਹੋਰ ਬਹੁਤ ਕੁਝ ਲੇਖਕ ਨੇ ਆਪਣੇ ਅੰਤਹਕਰਣ ਵਿਚੋਂ ਲਿਖਿਆ ਹੈ। ਸਵੈ-ਜੀਵਨੀ ਵਿਚ ਸ਼ਬਦਾਂ ਦੀ ਘਾੜਤ ਉਸ ਸਮੇਂ ਦੇ ਮੋਹ ਪਿਆਰ ਵਾਲੀ ਹੈ। ਲੇਖਕ ਨੂੰ ਬਚਪਨ ਵਿਚ ਸੰਤਾਂ ਦੀ ਸੰਗਤ ਦਾ ਭਰਵਾਂ ਮੌਕਾ ਮਿਲਿਆ, ਜਿਸ ਨਾਲ ਸ਼ਬਦਾਂ ਦੀ ਚੋਖੀ ਰਾਸ ਪੂੰਜੀ ਉਸ ਪਾਸ ਜਮ੍ਹਾਂ ਹੋ ਗਈ। ਲੇਖਕ ਦੇ ਇਹ ਤੇਰ੍ਹਾਂ ਸਾਲ ਉਸ ਦੀ ਸਾਰੀ ਜ਼ਿੰਦਗੀ ਦੇ ਸਾਲ ਬਣ ਗਏ। ਸ਼ਬਦਾਂ ਦੀ ਬਚਪਨ ਵਿਚ ਹਾਸਲ ਕੀਤੀ ਭਰਪੂਰ ਦੌਲਤ ਸਦਕਾ ਲੇਖਕ ਨੇ ਹੁਣ ਤੱਕ ਚਾਰ ਨਾਵਲ, ਸਤ ਮਿੰਨੀ ਕਹਾਣੀ ਸੰਗ੍ਰਹਿ, ਜੀਵਨੀ, ਅਨੁਵਾਦ, ਬਾਲ ਸਾਹਿਤ ਕਾਵਿ ਰਚਨਾ ਤੇ ਮਿੰਨੀ ਪੱਤ੍ਰਿਕਾ ਦੀ ਸੰਪਾਦਨਾ ਦਾ ਲੰਮਾ ਕਾਰਜ ਕੀਤਾ ਹੈ। ਪਿੱਪਲ ਪੀਂਘਾਂ, ਨਿਆਣਮਤੀਆਂ, ਖੇਡਾਂ, ਬੇਬੇ ਦੀਆਂ ਗਾਲ੍ਹਾਂ, ਗੁਰਮੀਤ ਮਾਸਟਰ ਜੀ, ਜਿੰਨ ਭੂਤ, ਚਿੜੀਆਂ ਦੀ ਮੌਤ, ਗਿਲਾਸ ਵਾਲਾ ਬਾਬਾ ਕਾਂਡ ਪੁਰਾਤਨ ਪੰਜਾਬ ਦੀ ਬਹੁਮੁੱਲੀ ਵਿਰਾਸਤ ਹਨ। ਰੌਚਿਕਤਾ, ਸੰਖੇਪਤਾ, ਪੁਆਧੀ ਸ਼ਬਦ ਪੁਸਤਕ ਦਾ ਮੁੱਖ ਹਾਸਲ ਹਨ। ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਸੰਭਾਲਦੀ ਸਵੈ-ਜੀਵਨੀ ਦਾ ਭਰਪੂਰ ਸਵਾਗਤ ਹੈ।

ਂਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160
ਫ ਫ ਫ

ਬੱਚਿਆਂ ਦੇ ਚੰਗੇ ਨਵੇਂ ਨਾਂਅ
ਲੇਖਕ : ਪ੍ਰਿੰਸੀਪਲ ਦਲਜੀਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 223
ਸੰਪਰਕ : 70873-49450


ਪ੍ਰਿੰਸੀਪਲ ਦਲਜੀਤ ਸਿੰਘ ਦੀ ਇਹ ਪੁਸਤਕ ਅਸਲੋਂ ਹੀ ਇਕ ਨਿਵੇਕਲੇ ਵਿਸ਼ੇ 'ਤੇ ਲਿਖੀ ਗਈ ਹੈ। ਇਸ ਦੀ ਇਕ ਖੂਬੀ ਇਹ ਹੈ ਕਿ ਇਸ ਦੇ ਟਾਈਟਲ ਤੋਂ ਲੈ ਕੇ ਸਾਰਾ ਮੈਟਰ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਹੈ। ਇਸ ਸਦਕਾ ਪੁਸਤਕ ਦਾ ਘੇਰਾ ਮੋਕਲਾ ਤੇ ਵਿਸਤ੍ਰਿਤ ਬਣਦਾ ਹੈ। ਪ੍ਰਥਮ ਭਾਗ 'ਰਾਸ਼ੀ ਦੇ ਅਨੁਸਾਰ ਮੂਲ ਅੱਖਰਾਂ ਦਾ ਵਿਭਾਜਨ' ਹੈ। ਨਾਲ ਹੀ ਪਹਿਲੇ ਭਾਗ ਵਿਚ ਲੜਕਿਆਂ ਦੇ ਨਾਂਅ, ਤਿੰਨਾਂ ਭਾਸ਼ਾਵਾਂ ਵਿਚ ਦਿੱਤੇ ਗਏ ਹਨ। ਦੂਜਾ ਅਧਿਆਇ ਲੜਕੀਆਂ ਦੇ ਨਾਵਾਂ ਬਾਰੇ ਹੈ। ਤੀਜਾ ਭਾਗ ਸਿੱਖ ਲੜਕਿਆਂ ਦੇ ਨਾਵਾਂ ਦੀ ਨਿਸ਼ਾਨਦੇਹੀ ਕਰਦਾ ਹੈ। ਅਗਲਾ ਅਧਿਆਇ ਸਿੱਖ ਲੜਕੀਆਂ ਦੇ ਨਾਵਾਂ ਦਾ ਵਿਵਰਣ ਹੈ। ਅਗਲਾ ਅਧਿਆਇ ਬੱਚਿਆਂ ਦੇ ਲਾਡ-ਪਿਆਰ ਨਾਲ ਰੱਖੇ ਨਾਵਾਂ ਦਾ ਬਿਉਰਾ ਹੈ, ਜਿਵੇਂ ਕੁੱਕੂ, ਗੁੱਡੂ, ਜੀਤੂ, ਅਨੂ, ਕਾਕਾ, ਛਿੰਦਾ, ਜੱਗਾ, ਟੋਨੀ, ਦੀਪੂ, ਪ੍ਰੀਤੀ, ਲਵਲੀ ਤੇ ਲਾਡੀ ਆਦਿ। ਇਸ ਤੋਂ ਅਗਲੇ ਭਾਗ ਵਿਚ ਲੜਕਿਆਂ ਦੇ ਘਰੇਲੂ ਨਾਵਾਂ ਦਾ ਵੇਰਵਾ ਹੈ। ਪ੍ਰਮਾਣ ਵਜੋਂ ਅਨੂਪਾ, ਇੰਦੂ, ਕੁੱਕੂ, ਜੱਸ, ਜੱਸੀ, ਡੌਲੀ, ਗੁੱਡੀ, ਗੋਪੀ, ਡਿੰਪੀ, ਨੇਹਾ ਤੇ ਰਿਚੂ ਆਦਿ। ਪੁਸਤਕ ਦਾ ਅਖੀਰਲਾ ਭਾਗ ਭਾਰਤ ਵਿਚ ਪ੍ਰਚਲਤ ਵਿਦੇਸ਼ੀ ਨਾਵਾਂ ਬਾਰੇ ਜਾਣਕਾਰੀ ਦਿੰਦਾ ਹੈ। ਮਿਸਾਲ ਵਜੋਂ ਨਜਮਾ, ਰੋਜ਼ੀ, ਰੋਮੀ, ਸੋਫੀਆ, ਨਰਗਿਸ, ਸ਼ਮਾ, ਲਿਲੀ, ਰੂਬੀ, ਜਿੰਕੀ, ਬੇਨਜ਼ੀਰ ਤੇ ਸ਼ੈਲਜਾ। ਪੁਸਤਕ ਨੂੰ ਪੜ੍ਹ ਕੇ ਤੁਸੀਂ ਵੀ ਆਪਣੇ ਬੱਚੇ ਨੂੰ ਮਨਭਾਉਂਦਾ ਨਾਂਅ ਦੇ ਸਕਦੇ ਹੋ। ਨਾਂਅ ਦੀ ਚੋਣ ਕਰਨੀ ਵੀ ਆਸਾਨ ਹੋ ਸਕਦੀ ਹੈ।

ਂਤੀਰਥ ਸਿੰਘ ਢਿੱਲੋਂ
ਫ ਫ ਫ

ਮਾਨਵਵਾਦੀ ਕਵੀ
ਡਾ: ਦੀਵਾਨ ਸਿੰਘ ਕਾਲੇਪਾਣੀ
ਲੇਖਕ : ਨਿਮਰਤਦੀਪ ਕੌਰ (ਡਾ:)
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 175 ਰੁਪਏ (ਸਜਿਲਦ), ਸਫ਼ੇ : 96
ਸੰਪਰਕ : 0181-2214196
.

'ਮਾਨਵਵਾਦੀ ਕਵੀ ਡਾ: ਦੀਵਾਨ ਸਿੰਘ ਕਾਲੇਪਾਣੀ' ਨਿਮਰਤਦੀਪ ਕੌਰ (ਡਾ:) ਦੀ ਪੰਜਵੀਂ ਮੌਲਿਕ ਆਲੋਚਨਾ ਦੀ ਪੁਸਤਕ ਹੈ। ਇਸ ਪੁਸਤਕ ਵਿਚ ਉਸ ਨੇ ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਮੁਲਾਂਕਣ, ਭੂਮਿਕਾ ਸਮੇਤ ਅੱਠ ਅਧਿਆਇਆਂ ਵਿਚ ਵੰਡ ਕੇ ਕੀਤਾ ਹੈ ਅਤੇ ਅਕਾਦਮਿਕ ਲੋੜਾਂ ਅਨੁਸਾਰ ਅਖੀਰ ਵਿਚ ਪੁਸਤਕ ਸੂਚੀ ਵੀ ਦਰਜ ਕੀਤੀ ਹੈ। ਪੰਜਾਬੀ ਕਵਿਤਾ (ਆਧੁਨਿਕ) ਦੇ ਮੁਢਲੇ ਦੌਰ ਵਿਚ ਕਾਲੇਪਾਣੀ ਦਾ ਮਾਨਵਤਾ ਪ੍ਰਤੀ ਸਮਰਪਿਤ ਸੰਘਰਸ਼ ਕਾਰਨ ਨਿਵੇਕਲਾ ਸਥਾਨ ਹੈ। ਉਨ੍ਹਾਂ ਨੇ ਪੰਜਾਬੀ ਕਾਵਿ ਜਗਤ ਦੀ ਝੋਲੀ 'ਚ 'ਵਗਦੇ ਪਾਣੀ (1938)', 'ਅੰਤਿਮ ਲਹਿਰਾਂ (1964)' ਅਤੇ 'ਮਲ੍ਹਿਆਂ ਦੇ ਬੇਰ (1986)' ਆਦਿ ਕਾਵਿ ਸੰਗ੍ਰਹਿ ਪਾਏ। 'ਵਗਦੇ ਪਾਣੀ' ਉਨ੍ਹਾਂ ਦੇ ਜੀਵਨ ਕਾਲ ਵਿਚ ਪ੍ਰਕਾਸ਼ਿਤ ਹੋਈ ਜਦੋਂ ਕਿ 'ਅੰਤਿਮ ਲਹਿਰਾਂ' (ਸੰਪਾ: ਉਜਾਗਰ ਸਿੰਘ) ਅਤੇ 'ਮਲ੍ਹਿਆਂ ਦੇ ਬੇਰ' (ਸੰਪਾ: ਮਹਿੰਦਰ ਸਿੰਘ ਢਿੱਲੋਂ ਤੇ ਗੁਰਦਰਸ਼ਨ ਕੌਰ ਢਿੱਲੋਂ) ਵੱਲੋਂ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹੀ ਪ੍ਰਕਾਸ਼ਿਤ ਹੋਈਆਂ ਹਨ। ਆਲੋਚਨਾਕਾਰ ਨੇ ਇਹ ਵੀ ਅਨੁਭਵ ਕੀਤਾ ਹੈ ਕਿ ਡਾ: ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ 'ਤੇ ਕੋਈ ਵਿਸ਼ੇਸ਼ ਕਾਰਜ ਨਹੀਂ ਹੋਇਆ। ਇਨ੍ਹਾਂ ਅੱਠ ਅਧਿਆਇਆਂ ਵਿਚ ਨਿਮਰਤਦੀਪ ਕੌਰ (ਡਾ:) ਵੱਲੋਂ ਡਾ: ਦੀਵਾਨ ਸਿੰਘ ਕਾਲੇਪਾਣੀ ਨੂੰ ਇਕ ਮਾਨਵਵਾਦੀ ਸ਼ਖ਼ਸੀਅਤ ਦੇ ਤੌਰ 'ਤੇ (ਉਨ੍ਹਾਂ ਦੀ ਪ੍ਰਾਪਤ ਕਵਿਤਾ ਦੇ ਆਧਾਰ 'ਤੇ) ਸਥਾਪਤ ਕਰਨ ਦਾ ਸੁਚੱਜਾ ਯਤਨ ਕੀਤਾ ਗਿਆ ਹੈ। ਪੂਰੇ ਮੁਲਕ ਦੇ ਅਨੁਸਾਰ ਹੀ ਪੰਜਾਬ ਵੀ ਅੰਗਰੇਜ਼ ਸਰਕਾਰ ਦਾ ਗੁਲਾਮ ਸੀ, ਇਸ ਲਈ ਉਨ੍ਹਾਂ ਨੇ ਅਵਾਮ ਦੇ ਵਿਚ ਪਸਰ ਰਹੀ ਆਰਥਿਕ ਅਤੇ ਰਾਜਨੀਤਕ ਚੇਤਨਾ ਨੂੰ ਵੀ ਦ੍ਰਿਸ਼ਟਮਾਨ ਕਰਨ ਦਾ ਸੁਚੱਜਾ ਉਪਰਾਲਾ ਕੀਤਾ ਹੈ, ਕਿਉਂਕਿ ਉਸ ਨੇ ਇਹ ਸਪੱਸ਼ਟ ਰੂਪ ਵਿਚ ਕਵਿਤਾ 'ਚ ਮੌਜੂਦ ਸਮਕਾਲੀ ਸਮੇਂ ਦੀ ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਪ੍ਰਸਥਿਤੀ ਦਾ ਭਰਪੂਰ ਉਲੇਖ ਕੀਤਾ ਹੈ। ਜਾਤੀਗਤ ਅਤੇ ਸ਼੍ਰੇਣੀਗਤ ਸਮਾਜਿਕ ਵਿਵਸਥਾ ਕਾਣੀ-ਵੰਡ, ਧੱਕਾ, ਫਰੇਬ, ਜ਼ੁਲਮ ਆਦਿ ਵਿਰੁੱਧ ਸੰਘਰਸ਼ ਦੇ ਸੰਕੇਤ ਕਰਦੀ ਹੈ। ਸਿਰਲੇਖ ਅਨੁਸਾਰ ਹੀ ਉਨ੍ਹਾਂ ਨੇ ਦੀਵਾਨ ਸਿੰਘ ਕਾਲੇਪਾਣੀ ਦੀ ਕਵਿਤਾ ਨੂੰ ਸਨਮੁੱਖ ਰੱਖਦਿਆਂ, ਉਨ੍ਹਾਂ ਨੂੰ 'ਮਾਨਵ-ਹਿਤਕਾਰੀ' ਮਨੁੱਖ ਵੱਲੋਂ ਸਥਾਪਤ ਕਰਨ ਦਾ ਸੁਚੱਜਾ ਯਤਨ ਕੀਤਾ ਹੈ।

ਂਸੰਧੂ ਵਰਿਆਣਵੀ (ਪ੍ਰੋ:)
ਮੋ: 098786-14096.
ਫ ਫ ਫ

ਬੰਦ ਪਈ ਘੜੀ ਵਰਗੀ ਜ਼ਿੰਦਗੀ
ਨਾਵਲਕਾਰਾ : ਹਰਜੀਤ ਕੌਰ ਵਿਰਕ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98147-80166


'ਬੰਦ ਪਈ ਘੜੀ ਵਰਗੀ ਜ਼ਿੰਦਗੀ' ਹਰਜੀਤ ਕੌਰ ਵਿਰਕ ਦਾ ਨਵਾਂ ਨਾਵਲ ਹੈ, ਜਿਸ ਵਿਚ ਨਾਵਲਕਾਰਾ ਨੇ ਇਕ ਔਰਤ ਦੇ ਅਹਿਸਾਸਾਂ ਨੂੰ ਪੇਸ਼ ਕਰਦਿਆਂ ਸਮਾਜ ਵਿਚ ਉਸ ਨੂੰ ਆਉਂਦੀਆਂ ਦੁਸ਼ਵਾਰੀਆਂ, ਮਾਨਸਿਕ ਪੀੜਾ ਦਾ ਜ਼ਿਕਰ ਬੜੇ ਭਾਵਪੂਰਤ ਤਰੀਕੇ ਨਾਲ ਕੀਤਾ ਹੈ। ਨਾਵਲ ਵਿਚ ਪੇਸ਼ ਬਿਰਤਾਂਤਕਾਰ ਦੇ ਰੂਪ ਵਿਚ ਪੇਸ਼ ਹੋਈ 'ਮੈਂ' ਪਾਤਰ ਸਮੇਤ ਸਿਮਰਨ ਵਰਗੀਆਂ ਅਨੇਕਾਂ ਹੀ ਔਰਤਾਂ ਜੋ ਆਪਣੀ ਜ਼ਿੰਦਗੀ ਨੂੰ ਸਵਰਗ ਵਰਗੀ ਚਿਤਵਦੀਆਂ ਹਨ ਪਰ ਜ਼ਿੰਦਗੀ ਦੇ ਕੌੜੇ-ਕੁਸੈਲੇ ਅਹਿਸਾਸ ਉਨ੍ਹਾਂ ਨੂੰ ਤੋੜ ਕੇ ਰੱਖ ਦਿੰਦੇ ਹਨ ਅਤੇ ਉਹ ਸਾਹਸਤਹੀਣ ਜ਼ਿੰਦਗੀ ਹੰਢਾਉਂਦੀਆਂ ਨਜ਼ਰ ਆਉਂਦੀਆਂ ਹਨ। ਇਸ ਨਾਵਲ ਦੇ ਕੇਂਦਰੀ ਥੀਮ ਵਜੋਂ ਪ੍ਰਸਤੁਤ ਹੋਏ ਵਿਸ਼ੇ ਦੇ ਰੂਪ ਵਿਚ ਪਾਠਕਾਂ ਸਨਮੁੱਖ ਹੁੰਦੀਆਂ ਹਨ। ਸਿਮਰਨ ਆਪਣੇ ਪਤੀ ਹਸਰਤ ਦੀ ਮੌਤ ਤੋਂ ਬਾਅਦ ਇਕ ਬੇਜਾਨ ਗੁੱਡੀ ਵਰਗੀ ਜ਼ਿੰਦਗੀ ਭੋਗਦੀ ਹੈ ਭਾਵੇਂ ਕਰਮਨ ਉਸ ਦੀ ਜ਼ਿੰਦਗੀ ਵਿਚ ਦੁਬਾਰਾ ਆਉਂਦਾ ਹੈ, ਜੋ ਉਸ ਦੇ ਪੜ੍ਹਾਈ ਸਮੇਂ ਦਾ ਦੋਸਤ ਹੁੰਦਾ ਹੈ ਪਰ ਹਸਰਤ ਦੀਆਂ ਯਾਦਾਂ ਉਸ ਦੀ ਲੰਮੀ ਖਾਮੋਸ਼ੀ ਨੂੰ ਮੌਤ ਤੱਕ ਲੈ ਜਾਂਦੀਆਂ ਹਨ। ਮੈਂ ਪਾਤਰ 'ਪੱਲਵੀ' ਵੀ ਸੱਸ ਸਹੁਰੇ ਦੀਆਂ ਵਧੀਕੀਆਂ ਅਤੇ ਪਤੀ ਦੀ ਬੇਵਫ਼ਾਈ ਦਾ ਸ਼ਿਕਾਰ ਹੁੰਦੀ ਹੈ। ਇਹ ਔਰਤਾਂ ਭਾਵੇਂ ਆਪਣੇ ਹੱਕਾਂ ਪ੍ਰਤੀ ਸੁਚੇਤ ਹਨ ਅਤੇ ਪੜ੍ਹੀਆਂ-ਲਿਖੀਆਂ ਵੀ ਹਨ ਪਰ ਸਮਾਜਿਕ ਯਥਾਰਥ ਕਰੂਰ ਰੂਪ ਧਾਰ ਕੇ ਇਨ੍ਹਾਂ ਦੀ ਜ਼ਿੰਦਗੀ ਵਿਚ ਖਲਲ ਪਾਉਂਦਾ ਹੈ। ਸਿਮਰਨ ਪਲਵੀ, ਵਿਦਿਆਰਥਣ ਨਵਨੀਤ ਅਤੇ ਇਨ੍ਹਾਂ ਵਰਗੀਆਂ ਹੋਰ ਕਿੰਨੀਆਂ ਔਰਤਾਂ ਮਸਨੂਈ ਮੁਸਕਰਾਹਟਾਂ ਹੇਠ ਦੁੱਖਾਂ ਭਰੀ ਜ਼ਿੰਦਗੀ ਜਿਊਂਦੀਆਂ ਹਨ ਅਤੇ ਫਿਰ ਰੌਸ਼ਨੀ ਦੀ ਲਾਟ ਨੂੰ ਫੜਨ ਲਈ ਅਹੁਲਦੀਆਂ ਹਨ, ਇਸ ਦਾ ਵਿਵੇਕ ਸਹਿਤ ਚਿਤਰਨ ਇਸ ਨਾਵਲ ਵਿਚ ਮਿਲਦਾ ਹੈ।

ਫ ਫ ਫ

ਪੰਜਾਬੀ ਸੱਭਿਆਚਾਰ
ਪੇਂਡੂ ਜੀਵਨ ਦੇ ਪਾਤਰ
ਲੇਖਕ : ਜਲੌਰ ਸਿੰਘ ਖੀਵਾ (ਡਾ:)
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 207.
ਸੰਪਰਕ : 98723-83236


ਜਲੌਰ ਸਿੰਘ ਖੀਵਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਪੂਰੀ ਸਰਗਰਮੀ ਨਾਲ ਅਧਿਐਨ ਅਤੇ ਸਿਰਜਣਾ ਕਰਨ ਵਾਲਾ ਜਾਣਿਆ-ਪਛਾਣਿਆ ਪੰਜਾਬੀ ਸਾਹਿਤਕਾਰ ਹੈ। ਵਿਸ਼ੇਸ਼ ਕਰਕੇ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਸਬੰਧਤ ਉਸ ਦੇ ਲੇਖ ਅਤੇ ਖੋਜ-ਪੱਤਰ ਵੱਖ-ਵੱਖ ਪੰਜਾਬੀ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਪੜ੍ਹਨ ਨੂੰ ਅਕਸਰ ਹੀ ਮਿਲਦੇ ਰਹਿੰਦੇ ਹਨ। ਡਾ: ਜਲੌਰ ਸਿੰਘ ਖੀਵਾ ਦੀ ਨਵੀਂ ਪੁਸਤਕ 'ਪੰਜਾਬੀ ਸੱਭਿਆਚਾਰ ਪੇਂਡੂ ਜੀਵਨ ਦੇ ਪਾਤਰ' ਇਕ ਅਜਿਹੀ ਪੁਸਤਕ ਹੈ, ਜਿਸ ਵਿਚ ਉਸ ਨੇ ਪੰਜਾਬੀ ਜਨ-ਜੀਵਨ ਦੇ ਉਨ੍ਹਾਂ ਪਾਤਰਾਂ ਬਾਰੇ ਵਿਸ਼ੇਸ਼ ਅਤੇ ਮਹੱਤਵਪੂਰਨ ਚਰਚਾ ਛੇੜੀ ਹੈ, ਜਿਹੜੇ ਅਜੋਕੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਜਾਂ ਤਾਂ ਆਪਣੀ ਹੋਂਦ ਗਵਾ ਚੁੱਕੇ ਹਨ ਜਾਂ ਕਿਸੇ ਹੋਰ ਰੂਪ ਵਿਚ ਰੂਪਾਂਤਰਿਤ ਹੋ ਕੇ ਪੇਸ਼ ਹੋ ਰਹੇ ਹਨ। ਜਿਨ੍ਹਾਂ ਪਾਤਰਾਂ ਬਾਰੇ ਡਾ: ਖੀਵਾ ਨੇ ਚਰਚਾ ਕੀਤੀ ਹੈ, ਉਹ ਪੰਜਾਬੀ ਲੋਕਧਾਰਾ ਵਿਚ ਉਨ੍ਹਾਂ ਵਿਸਰਦੇ ਜਾ ਰਹੇ ਪਾਤਰਾਂ ਨੂੰ ਪੁਨਰ-ਜੀਵਤ ਕਰਨ ਅਤੇ ਨਵੀਂ ਪੀੜ੍ਹੀ ਦੀ ਮਾਨਸਿਕਤਾ ਵਿਚ ਉਨ੍ਹਾਂ ਦੇ ਅਕਸ ਚਿਤਰਨ ਦਾ ਵਡਮੁੱਲਾ ਉਪਰਾਲਾ ਹੈ। ਕਿੱਤਾ ਆਧਾਰਿਤ ਜਾਤੀਗਤ ਵਿਵਸਥਾ ਵਿਚ ਤਰਖਾਣ, ਲੁਹਾਰ, ਨਾਈ, ਘੁਮਿਆਰ, ਜੱਟ, ਹਾਲ਼ੀ ਪਾਲ਼ੀ ਅਜਿਹੇ ਪਾਤਰ ਹਨ, ਜਿਹੜੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਇਕ-ਦੂਜੇ 'ਤੇ ਨਿਰਭਰ ਵੀ ਕਰਦੇ ਸਨ ਅਤੇ ਇਕ-ਦੂਜੇ ਪ੍ਰਤੀ ਸ਼ੁੱਭ ਅਤੇ ਸਾਕਾਰਾਤਮਕ ਭੂਮਿਕਾ ਵੀ ਨਿਭਾਉਂਦੇ ਸਨ। ਨਸ਼ਈ ਚੋਰ, ਯਾਰ, ਆਸ਼ਕ ਪੇਂਡੂ ਜੀਵਨ ਵਿਚ ਬੇਸ਼ੱਕ ਨਾਂਹਵਾਚੀ ਪਾਤਰ ਜਾਪਦੇ ਹਨ ਪਰ ਇਨ੍ਹਾਂ ਦਾ ਸੱਭਿਆਚਾਰਕ ਹਾਜ਼ਰੀ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਪੰਚ ਸਰਪੰਚ, ਨੰਬਰਦਾਰ, ਠਾਣੇਦਾਰ, ਪਟਵਾਰੀ, ਡਾਕੀਆ, ਚੌਕੀਦਾਰ ਵੀ ਸਾਡੇ ਸੱਭਿਆਚਾਰਕ ਵਿਰਸੇ ਦਾ ਅਨਿੱਖੜਵਾਂ ਅੰਗ ਹਨ। ਡਾ: ਖੀਵਾ ਨੇ ਪਸ਼ੂ ਜਗਤ ਵਿਚੋਂ ਬੋਤੇ, ਘੋੜੇ, ਕੁੱਤੇ ਆਦਿ ਦੀ ਲੋਕਧਾਰਾਈ ਪੇਸ਼ਕਾਰੀ ਬਾਰੇ ਵੀ ਪੁਸਤਕ ਵਿਚ ਚਰਚਾ ਛੇੜੀ ਹੈ।

ਫ ਫ ਫ

ਸੁਲਘਦੀ ਅੱਗ ਦਾ ਸੇਕ
ਲੇਖਕ : ਡਾ: ਰਾਜ ਕੁਮਾਰ ਗਰਗ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 425 ਰੁਪਏ, ਸਫ਼ੇ : 216.
ਸੰਪਰਕ : 90418-64598
.

'ਸੁਲਘਦੀ ਅੱਗ ਦਾ ਸੇਕ' ਡਾ: ਰਾਜ ਕੁਮਾਰ ਗਰਗ ਰਚਿਤ ਨਵਾਂ ਸਵੈ-ਜੀਵਨੀ ਮੂਲਕ ਨਾਵਲ ਹੈ। ਇਸ ਕਿਰਤ ਵਿਚ ਲੇਖਕ ਨੇ ਆਪਣੀ ਜ਼ਿੰਦਗੀ ਵਿਚ ਹੰਢਾਏ ਹੋਏ ਅਨੁਭਵ ਅਤੇ ਤਜਰਬੇ ਸਾਂਝੇ ਕਰਦਿਆਂ ਤਤਕਾਲੀ ਸਮੇਂ ਦੇ ਸਮਾਜਿਕ, ਆਰਥਿਕ, ਸਾਹਿਤਕ ਅਤੇ ਰਾਜਨੀਤਕ ਵਰਤਾਰੇ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸ ਰਚਨਾ ਦੇ ਪਹਿਲੇ ਸਫ਼ਿਆਂ ਉੱਤੇ ਲੇਖਕ ਆਪਣੇ ਖਾਨਦਾਨ ਅਤੇ ਪਰਿਵਾਰਕ ਪਿਛੋਕੜ ਬਾਰੇ ਵੀ ਚਰਚਾ ਕਰਦਾ ਹੈ ਅਤੇ ਨਾਲ ਦੀ ਨਾਲ ਆਪਣੀ ਪੜ੍ਹਾਈ ਅਤੇ ਰੁਜ਼ਗਾਰ ਦੇ ਵਸੀਲਿਆਂ ਬਾਰੇ ਵੀ ਵਿਸਤ੍ਰਿਤ ਰੂਪ ਵਿਚ ਪ੍ਰਸੰਗ ਪੇਸ਼ ਕਰਦਾ ਹੈ। ਆੜ੍ਹਤ ਦੇ ਕੰਮ ਵਿਚ ਦੀਆਂ ਪੇਚੀਦਗੀਆਂ, ਰਿਸ਼ਵਤਖੋਰੀ ਆਦਿ ਬਾਰੇ ਵਿਚਾਰ ਪੇਸ਼ ਕਰਦਿਆਂ ਲੇਖਕ ਸਾਹਿਤ ਵੱਲ ਆਪਣੇ ਝੁਕਾਅ ਬਾਰੇ ਵੀ ਭਰਪੂਰ ਰੂਪ ਵਿਚ ਦੱਸ ਕੇ ਜਗੀਰ ਸਿੰਘ ਜਗਤਾਰ ਅਤੇ ਰਾਮ ਸਰੂਪ ਅਣਖੀ ਦੀ ਪ੍ਰੇਰਨਾ ਸਦਕਾ ਲਿਖਣ ਕਾਰਜ ਵੱਲ ਆਉਣ ਬਾਰੇ ਵੀ ਜਾਣਕਾਰੀ ਪ੍ਰਸਤੁਤ ਕਰਦਾ ਹੈ। ਇਸ ਦੇ ਨਾਲ ਹੀ ਸਮੇਂ-ਸਮੇਂ 'ਤੇ ਆਪਣੀ ਸਾਹਿਤ ਰਚਨਾ ਦੇ ਮੁੱਢ ਅਤੇ ਕਿਸ ਅਨੁਭਵ ਵਿਚੋਂ ਰਚਨਾ ਨਿਕਲੀ ਹੈ, ਉਸ ਬਾਰੇ ਵੀ ਵਿਸਥਾਰਤ ਰੂਪ ਵਿਚ ਲੇਖਕ ਨੇ ਕਲਮ ਚਲਾਈ ਹੈ। ਆਪਣੀ ਪੁਸਤਕ 'ਜੱਟ ਦੀ ਜੂਨ' ਦੇ ਟਾਈਟਲ ਬਾਰੇ ਕਹਾਣੀ ਸੰਗ੍ਰਹਿ 'ਭਲਾਮਾਣਸ ਕੌਣ' ਦੀ ਰੂਪ-ਰੇਖਾ ਬਾਰੇ ਵੀ ਗਰਗ ਦੀ ਜਾਣਕਾਰੀ ਮਹੱਤਵਪੂਰਨ ਹੈ। 'ਟਿੱਬਿਆਂ ਵਿਚ ਵਗਦਾ ਦਰਿਆ, ਪੌੜੀਆਂ, 'ਆਪੇ ਅਰਜੁਨ ਆਪੇ ਸਾਰਥੀ' ਦੀ ਸਾਹਿਤਕ ਪਿੱਠ ਭੂਮੀ ਅਤੇ ਲਿਖਾਰੀ ਸਭਾ ਬਰਨਾਲਾ ਅਤੇ ਸਾਹਿਤ ਸਭਾ ਸੰਗਰੂਰ ਦੇ ਸਹਿਯੋਗ ਨੂੰ ਵੀ ਆਪਣੀ ਇਸ ਰਚਨਾ ਵਿਚ ਵਿਸ਼ੇਸ਼ ਰੂਪ ਵਿਚ ਸ਼ਾਮਿਲ ਕੀਤਾ ਹੈ। ਜਿਵੇਂ ਲੇਖਕ ਨੇ ਪਹਿਲਾਂ ਖਾਨਦਾਨੀ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਹੈ, ਉਵੇਂ ਹੀ ਅਖੀਰਲੇ ਪੰਨਿਆਂ 'ਤੇ ਆਪਣੇ ਹੁਣ ਵਾਲੇ ਪਰਿਵਾਰ ਦੇ ਵੇਰਵੇ ਵੀ ਦਰਜ ਕੀਤੇ ਹਨ। ਸਮੇਂ-ਸਮੇਂ ਪੰਜਾਬ ਵਿਚ ਚੱਲੀਆਂ ਲਹਿਰਾਂ ਅਤੇ ਸਮਾਜਿਕ ਆਰਥਿਕ ਪਰੀਦ੍ਰਿਸ਼ ਨੂੰ ਪੇਸ਼ ਕਰਦੀ ਰਚਨਾ ਲੇਖਕ ਦੀ ਘਾਲਣਾ ਦਾ ਫਲ ਹੈ।

ਂਡਾ: ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

2-10-2016

 ਡਾ: ਸਰਦਾਰਾ ਸਿੰਘ ਜੌਹਲ
ਜੀਵਨੀਕਾਰ : ਪ੍ਰਿੰਸੀਪਲ ਸਰਵਣ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 99151-03490.

ਇਸ ਪੁਸਤਕ ਵਿਚ ਪ੍ਰਿੰਸੀਪਲ ਸਰਵਣ ਸਿੰਘ ਨੇ ਖੇਤੀ ਅਰਥਚਾਰੇ ਦੇ ਧਰੂ ਤਾਰੇ ਡਾ: ਸਰਦਾਰਾ ਸਿੰਘ ਜੌਹਲ ਦੇ ਜੀਵਨ-ਬਿਰਤਾਂਤ ਦੀਆਂ ਕੁਝ ਪ੍ਰਮੁੱਖ ਝਾਕੀਆਂ ਬਿਆਨ ਕੀਤੀਆਂ ਹਨ। ਡਾ: ਜੌਹਲ ਨੇ ਅਕਾਦਮਿਕ ਖੇਤਰ ਵਿਚ ਵਿਲੱਖਣ ਪ੍ਰਾਪਤੀਆਂ ਦੀਆਂ ਜਿਨ੍ਹਾਂ ਸਿਖਰਾਂ ਨੂੰ ਛੋਹਿਆ ਹੈ, ਉਨ੍ਹਾਂ ਬਾਰੇ ਪੰਜਾਬ ਦਾ ਹਰ ਸੂਝਵਾਨ ਵਿਅਕਤੀ ਜਾਣਦਾ ਹੈ।
ਡਾ: ਜੌਹਲ ਸਾਂਦਲ ਬਾਰ ਦੇ ਇਕ ਪਿੰਡ ਚੱਕ ਨੰਬਰ 104 ਵਿਚ 1928 ਈ: ਵਿਚ ਜਨਮਿਆ। ਉਹ ਅਜੇ ਦੁੱਧ ਚੁੰਘਦਾ ਬਾਲਕ ਹੀ ਸੀ ਕਿ ਉਸ ਦੀ ਮਾਂ ਸੁਰਗਵਾਸ ਹੋ ਗਈ। ਉਨ੍ਹਾਂ ਦਿਨ ਵਿਚ ਸੰਯੁਕਤ ਪਰਿਵਾਰ ਹੁੰਦੇ ਸਨ, ਇਸ ਕਾਰਨ ਉਸ ਨੂੰ ਉਨ੍ਹਾਂ ਦਿਨਾਂ ਵਿਚ ਬਹੁਤਾ ਵਿਗੋਚਾ ਮਹਿਸੂਸ ਨਾ ਹੋਇਆ। ਚਾਚੀਆਂ-ਤਾਈਆਂ ਨੇ ਉਸ ਨੂੰ ਆਪਣੇ ਬੱਚਿਆਂ ਵਾਂਗ ਹੀ ਪਾਲ-ਪੋਸ ਕੇ ਵੱਡਾ ਕਰ ਲਿਆ। ਪ੍ਰਾਇਮਰੀ ਤੱਕ ਉਹ ਬਹੁਤਾ ਹੁਸ਼ਿਆਰ ਵਿਦਿਆਰਥੀ ਨਹੀਂ ਸੀ ਪ੍ਰੰਤੂ ਮਿਡਲ ਕਲਾਸਾਂ ਵਿਚ ਇਕ ਚੰਗੇ ਅਧਿਆਪਕ ਦੀ ਪ੍ਰੇਰਨਾ ਨਾਲ ਉਹ ਬਹੁਤ ਲਾਇਕ ਬਣ ਗਿਆ। ਅੱਠਵੀਂ ਪਾਸ ਕਰਨ ਉਪਰੰਤ ਦੋ-ਤਿੰਨ ਵਰ੍ਹੇ ਉਸ ਨੂੰ ਪੜ੍ਹਾਈ ਛੱਡਣੀ ਪਈ ਪਰ ਬਾਅਦ ਵਿਚ ਉਸ ਨੂੰ ਦੁਬਾਰਾ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਇਨ੍ਹਾਂ ਦਿਨਾਂ ਵਿਚ ਹੀ ਪਾਕਿਸਤਾਨ ਬਣ ਜਾਣ ਕਾਰਨ ਉਸ ਦੇ ਪਰਿਵਾਰ ਨੂੰ ਸਾਂਦਲ ਬਾਰ ਛੱਡ ਕੇ ਆਪਣੇ ਪੁਰਾਣੇ ਪਿੰਡ ਜੰਡਿਆਲੇ ਆਉਣਾ ਪੈ ਗਿਆ। ਇਧਰ ਆ ਕੇ ਉਸ ਨੇ ਐਗਰੀਕਲਚਰ ਵਿਚ ਉੱਚ ਸਿੱਖਿਆ ਖਾਲਸਾ ਕਾਲਜ ਅੰਮ੍ਰਿਤਸਰ ਅਤੇ ਪੀ.ਏ.ਯੂ. ਤੋਂ ਹਾਸਲ ਕੀਤੀ। ਇਸ ਉਪਰੰਤ ਉਹ ਕਈ ਯੂਨੀਵਰਸਿਟੀਆਂ ਵਿਚ ਪ੍ਰੋਫੈਸਰ, ਵਾਈਸ-ਚਾਂਸਲਰ, ਚਾਂਸਲਰ ਅਤੇ ਖੇਤੀਬਾੜੀ ਕੀਮਤਾਂ ਦੇ ਕਮਿਸ਼ਨ ਦਾ ਚੇਅਰਮੈਨ ਰਿਹਾ।
ਡਾ: ਜੌਹਲ ਇਕ ਖਰਾ ਬੰਦਾ ਹੈ। ਉਸ ਨੇ ਹਰ ਖੋਟ ਨੂੰ ਕੱਢ ਕੇ ਬਾਹਰ ਵਗਾਹ ਮਾਰਿਆ ਹੈ। ਇਸੇ ਕਾਰਨ ਉਹ ਖਰੀ-ਖਰੀ ਗੱਲ ਕਰਦਾ ਹੈ। ਸ: ਸਰਵਣ ਸਿੰਘ ਨੇ ਉਸ ਦੀ ਜੀਵਨ ਕਹਾਣੀ ਨੂੰ ਬੜੀ ਰੌਚਿਕ ਅਤੇ ਪ੍ਰੇਰਨਾ ਭਰਪੂਰ ਬਣਾ ਕੇ ਪੇਸ਼ ਕੀਤਾ ਹੈ। ਲਿਖਣ ਸਮੇਂ ਉਹ ਕਬੱਡੀ ਖਿਡਾਰੀਆਂ ਵਾਂਗ ਥਾਪੀਆਂ ਮਾਰਦਾ ਹੋਇਆ ਬਿਰਤਾਂਤ ਨਾਲ ਆਢਾ ਲਾਉਂਦਾ ਹੈ ਅਤੇ ਪੁਆਇੰਟ ਜਿੱਤ ਕੇ ਹੀ ਵਾਪਸ ਪਰਤਦਾ ਹੈ। ਨਵੇਂ ਲੇਖਕਾਂ ਨੂੰ ਉਸ ਦੀ ਚਮਤਕਾਰੀ 'ਡਰਿਬਲਿੰਗ' ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

ਫ ਫ ਫ

ਬਿਰਹਾ ਦਾ ਮਾਰੂਥਲ
ਕਵਿਤਰੀ : ਪ੍ਰਭਜੋਤ ਕੌਰ
ਪ੍ਰਕਾਸ਼ਕ : ਨਵਯੁਗ, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 184
ਸੰਪਰਕ : 98181-98024
.

ਪ੍ਰਭਜੋਤ ਦਾ ਕਾਵਿਕ ਦੇਣ ਕਾਫੀ ਮਹੱਤਵਪੂਰਨ ਰਹੀ ਹੈ। ਉਸ ਨੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਪਿਛਲੇ ਸੱਤ ਦਹਾਕਿਆਂ ਵਿਚ ਉਸ ਦੀ ਕਲਮ ਦਾ ਸਫ਼ਰ ਨਿਰੰਤਰ ਜਾਰੀ ਰਿਹਾ ਹੈ।
ਇਸ ਪੁਸਤਕ ਦਾ ਕੇਂਦਰੀ ਥੀਮ 'ਉਡੀਕ' ਹੈ। ਉਹ ਆਪਣੇ ਕਿਸੇ ਮਿਹਰਬਾਨ ਦੀ ਇੰਤਜ਼ਾਰ ਕਰ ਰਹੀ ਹੈ। ਉਸ ਦੀਆਂ ਯਾਦਾਂ ਨੂੰ ਕੁਰੇਦ ਕੇ ਜ਼ਿੰਦਗੀ ਨੂੰ ਅਰਥਪੂਰਨ ਬਣਾ ਰਹੀ ਹੈ। ਜਦੋਂ ਉਹ ਚੜ੍ਹਦੀ ਜਵਾਨੀ ਵਿਚ ਸੀ ਤਾਂ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਕਦੇ ਖੜੋਤ ਵੀ ਆ ਸਕਦੀ ਹੈ! ਉਸ ਲਈ ਜੀਣਾ ਇਕ ਅਦਾ ਸੀ ਅਤੇ ਇਸ ਅਦਾ ਨੇ ਪੂਰੇ ਵਿਸ਼ਵ ਨੂੰ ਸੰਮੋਹਿਤ ਕਰੀ ਰੱਖਿਆ ਸੀ। ਆਪਣੇ ਪਤੀ ਨਾਲ ਅਨੇਕ ਮੁਲਕ ਗਾਹ ਛੱਡੇ ਸਨ। ਗਾਹੇ-ਬਗਾਹੇ ਮਾਜ਼ੀ ਦੀਆਂ ਯਾਦਾਂ ਉਸ ਨੂੰ ਘੇਰੀ ਰੱਖਦੀਆਂ ਹਨ ਅਤੇ ਇਨ੍ਹਾਂ ਯਾਦਾਂ ਨੂੰ ਹੀ ਉਹ ਛੋਟੀਆਂ-ਵੱਡੀਆਂ ਕਵਿਤਾਵਾਂ ਵਿਚ ਪਰੋ ਲੈਂਦੀ ਹੈ। ਉਸ ਦੇ ਮਨ ਵਿਚ ਵਲਵਲਿਆਂ ਦਾ ਇਕ ਅਖੁੱਟ ਭੰਡਾਰ ਹੈ। ਵਲਵਲੇ ਉਸ ਦੀਆਂ ਕਵਿਤਾਵਾਂ ਨੂੰ ਊਰਜਾ ਪ੍ਰਦਾਨ ਕਰਦੇ ਹਨ। ਉਸ ਦਾ ਇਕ ਅੰਦਾਜ਼ ਵੇਖੋ :
ਨਿਰਮੋਹੀ! ਤਦੋਂ ਤਾਂ ਆਵੀਂ
ਜਦੋਂ ਮੁੱਕਣ ਲੱਗੇ ਮੇਰੀ ਜਾਨ,
ਤੇਰੀ ਹੀ ਦੀਦ ਖ਼ਾਤਰ
ਅਟਕ ਰਹੇ ਹੋਣ ਮੇਰੇ ਪ੍ਰਾਣ।
ਮੇਟ ਜਾਈਂ ਤੂੰ ਆਪਣੇ ਹੱਥੀਂ
ਮੇਰਾ ਉੱਕਾ ਨਾਮ-ਨਿਸ਼ਾਨ!
ਤਾਂ ਕਿ ਜੱਗ ਨੂੰ ਕਿਸੇ ਚੀਜ਼ ਤੋਂ
ਮੇਰੀ ਯਾਦ ਨਾ ਆਵੇ। (ਪੰਨਾ 69)
ਸੰਗੀਤ, ਸਮਾਂ, ਭਟਕਣ, ਕਾਲ-ਅਕਾਲ, ਪ੍ਰੇਮ, ਖਾਲੀਪਣ, ਪ੍ਰਕਿਰਤੀ, ਪੜਾਅ-ਦਰ-ਪੜਾਅ ਮੰਜ਼ਿਲ ਉਸ ਦੀਆਂ ਇਨ੍ਹਾਂ ਕਵਿਤਾਵਾਂ ਦੇ ਪ੍ਰਮੁੱਖ ਵਿਸ਼ੇ ਹਨ। ਉਹ ਇਕ 'ਜੋਤ' ਬਣੀ ਰਹਿਣਾ ਚਾਹੁੰਦੀ ਹੈ। ਉਡੀਕਾਂ ਵਿਚ ਜੋਤ ਇਕ ਆਸਰਾ ਬਣਦੀ ਹੈ। ਪਰ ਅਜੋਕਾ ਯੁੱਗ ਏਨਾ ਆਤਮ-ਕੇਂਦਰਿਤ ਹੋ ਗਿਆ ਹੈ ਕਿ ਲੋਕ ਆਪਣੇ ਉਡੀਕਵਾਨ ਪਾਸ ਵੀ ਜਾਣਾ ਜ਼ਰੂਰੀ ਨਹੀਂ ਸਮਝਦੇ। ਕਵਿੱਤਰੀ ਨੇ ਬੜੇ ਰਮਜ਼ ਭਰਪੂਰ ਢੰਗ ਨਾਲ ਅਜੋਕੇ ਯੁੱਗ ਦੀਆਂ ਵਿਸੰਗਤੀਆਂ ਨੂੰ ਬੇਨਕਾਬ ਕੀਤਾ ਹੈ। ਮੋਹਨ ਸਿੰਘ ਅਤੇ ਅੰਮ੍ਰਿਤਾ ਵਾਂਗ ਉਹ ਵੀ ਇਕ ਯੁੱਗ ਕਵੀ ਹੈ।

ਂਬ੍ਰਹਮਜਗਦੀਸ਼ ਸਿੰਘ
ਮੋ: 98760-52136
ਫ ਫ ਫ

ਸਰਦਾਰ ਹਰੀ ਸਿੰਘ ਨਲਵਾ
(ਵਾਰਾਂ ਤੇ ਜੰਗਨਾਮੇ)
ਸੰਪਾਦਕ : ਦਿਲਜੀਤ ਸਿੰਘ ਬੇਦੀ
ਜਸਬੀਰ ਸਿੰਘ ਸਰਨਾ (ਡਾ:)
ਪ੍ਰਕਾਸ਼ਕ : ਸਿੱਖ ਇਤਿਹਾਸ ਰਿਸਰਚ ਬੋਰਡ, ਸ਼੍ਰੋ. ਗੁ. ਪ੍ਰ. ਕਮੇਟੀ, ਸ੍ਰੀ ਅੰਮ੍ਰਿਤਸਰ
ਮੁੱਲ : 65 ਰੁਪਏ, ਸਫ਼ੇ : 224
ਸੰਪਰਕ : 98148-98570.

ਸ: ਦਿਲਜੀਤ ਸਿੰਘ ਬੇਦੀ ਅਤੇ ਡਾ: ਜਸਬੀਰ ਸਿੰਘ ਸਰਨਾ ਸੰਪਾਦਨ ਕਲਾ ਦੀ ਡੂੰਘੀ ਸਮਝ ਰੱਖਣ ਵਾਲੇ ਵਿਦਵਾਨ ਹਨ। ਇਸ ਪੁਸਤਕ ਵਿਚ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਜਰਨੈਲ ਸ: ਹਰੀ ਸਿੰਘ ਨਲਵਾ ਬਾਰੇ ਲਿਖੀਆਂ ਸੀਹਰਫ਼ੀਆਂ, ਜੰਗਨਾਮਿਆਂ ਅਤੇ ਵਾਰਾਂ ਨੂੰ ਸੰਕਲਿਤ ਕੀਤਾ ਹੈ। ਸ: ਨਲਵਾ ਇਕ ਕੁਸ਼ਲ ਅਤੇ ਵੀਰ ਜਰਨੈਲ ਹੋਣ ਦੇ ਨਾਲ-ਨਾਲ ਲੋਕ-ਨਾਇਕ ਵੀ ਸੀ। ਇਹੀ ਕਾਰਨ ਹੈ ਕਿ ਉਸ ਬਾਰੇ ਮਧਕਾਲੀਨ ਕਿੱਸਾ ਕਵੀਆਂ ਕਾਦਰ ਯਾਰ, ਰਾਮ ਦਿਆਲ ਅਣਦ, ਸਹਾਈ ਸਿੰਘ, ਗੁਰਮੁਖ ਸਿੰਘ ਅਤੇ ਕਾਨ੍ਹ ਸਿੰਘ ਬੰਗਾ ਦੇ ਨਾਲ-ਨਾਲ ਪ੍ਰੋ: ਮੋਹਨ ਸਿੰਘ, ਗੁਰਦਿੱਤ ਸਿੰਘ ਕੁੰਦਨ, ਜਸਵੰਤ ਸਿੰਘ ਵੰਤਾ, ਹਰਿੰਦਰ ਸਿੰਘ ਰੂਪ, ਹਰਸਾ ਸਿੰਘ ਚਾਤਰ, ਸੋਹਣ ਸਿੰਘ ਸੀਤਲ, ਵਿਧਾਤਾ ਸਿੰਘ ਤੀਰ, ਕਰਤਾਰ ਸਿੰਘ ਕਲਾਸਵਾਲੀਆ, ਪੂਰਨ ਸਿੰਘ ਭੌਰ ਅਤੇ ਗ਼ਦਰ ਲਹਿਰ ਦੇ ਕਵੀਆਂ ਸਮੇਤ ਕੁੱਲ 28 ਕਵੀਆਂ ਨੇ ਵਾਰਾਂ, ਬੀਰਰਸੀ ਕਵਿਤਾਵਾਂ ਅਤੇ ਜੰ