ਤਾਜਾ ਖ਼ਬਰਾਂ


ਕਿਰਾਇਆ ਵਧਣ ਕਾਰਨ ਮੈਟਰੋ 'ਚ ਯਾਤਰੀਆਂ ਦੀ ਸੰਖਿਆ ਘਟੀ ਹੈ - ਮਨੀਸ਼ ਸਿਸੋਦੀਆ
. . .  1 day ago
ਨਵੀਂ ਦਿੱਲੀ, 21 ਦਿੱਲੀ ਦੇ ਉੱਪਮੁਖ ਮੰਤਰੀ ਮਨੀਸ਼ ਸਿਸੋਦੀਆ ਦਾ ਕਹਿਣਾ ਹੈ ਕਿ ਕਿਰਾਇਆ ਵਧਣ ਕਾਰਨ ਮੈਟਰੋ 'ਚ ਯਾਤਰੀਆਂ ਦੀ ਸੰਖਿਆ ਘਟੀ ਹੈ ਤੇ ਹੁਣ ਰੋਜ਼ਾਨਾ 30 ਲੱਖ ਦੀ ਬਜਾਇ 25 ਲੱਖ ਯਾਤਰੀਆਂ ਮੈਟਰੋ 'ਚ ਸਫਰ ਕਰ...
' ਅਯੂਸ਼ਮਾਨ ਭਾਰਤ ' ਯੋਜਨਾ ਨੂੰ ਕੈਬਨਿਟ ਦੀ ਮਨਜ਼ੂਰੀ
. . .  1 day ago
ਗੜੇਮਾਰੀ ਕਾਰਨ ਕਣਕ, ਮੱਕੀ ਅਤੇ ਚਾਰੇ ਨੂੰ ਨੁਕਸਾਨ
. . .  1 day ago
ਖਮਾਣੋਂ,21 ਮਾਰਚ [ਮਨਮੋਹਣ ਸਿੰਘ ਕਲੇਰ]- ਅਜ ਰਾਤ ਪੌਣੇ 9 ਵਜੇ ਦਰਮਿਆਨੀ ਬਾਰਸ਼ ਅਤੇ ਗੜੇਮਾਰੀ ਕਾਰਨ ਖਮਾਣੋਂ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ 'ਚ ਕਣਕ , ਮੱਕੀ ਦੀ ਫ਼ਸਲ ਅਤੇ ਚਾਰੇ ਦਾ ਭਾਰੀ ਨੁਕਸਾਨ ਹੋਇਆ ...
ਕੁਪਵਾੜਾ 'ਚ ਮੁੱਠਭੇੜ ਚ ਹੁਣ ਤੱਕ 5 ਅੱਤਵਾਦੀ ਮਾਰੇ ਗਏ
. . .  1 day ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 21 ਮਾਰਚ - ਜੰਮੂ-ਕਸ਼ਮੀਰ ਦੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਪਾਕਿਸਤਾਨ ਵੱਲੋਂ ਮੁੜ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ।
ਚੰਡੀਗੜ੍ਹ ਅਦਾਲਤ 'ਚ ਖਹਿਰਾ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ
. . .  1 day ago
ਚੰਡੀਗੜ੍ਹ,21 ਮਾਰਚ [ਰਣਜੀਤ ਢਿੱਲੋਂ]-ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਬਰਨਾਲਾ ਅਕਾਲੀ ਦਲ ਦੀ ਜਨਰਲ ਸਕੱਤਰ ਜਸਵਿੰਦਰ ਕੌਰ ਨੇ ਮਾਣਹਾਨੀ ਦਾ ਕੇਸ ਚੰਡੀਗੜ੍ਹ...
ਮੁੰਬਈ 'ਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਲਈ 24 ਮਾਰਚ ਨੂੰ ਹੋਵੇਗਾ ਪ੍ਰਦਰਸ਼ਨੀ ਮੈਚ - ਗਾਵਸਕਰ
. . .  1 day ago
ਮੁੰਬਈ, 21 ਮਾਰਚ - ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਦਾ ਕਹਿਣਾ ਹੈ ਕਿ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ 24 ਮਾਰਚ ਨੂੰ ਮੁੰਬਈ ਦੇ ਵਾਨਖੇੜੇ...
ਪ੍ਰੋਫੈਸਰ ਅਤੁਲ ਜੌਹਰੀ ਖ਼ਿਲਾਫ਼ ਕੇਸ ਵਾਪਸ ਲੈਣ ਲਈ ਦਬਾਅ - ਵਿਦਿਆਰਥਣਾਂ
. . .  1 day ago
ਨਵੀਂ ਦਿੱਲੀ, 21 ਮਾਰਚ - ਜੇ.ਐਨ.ਯੂ ਪ੍ਰੋਫੈਸਰ ਅਤੁਲ ਜੌਹਰੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਕੇਸ ਵਾਪਸ...
ਕਾਰ ਹਾਦਸਾਗ੍ਰਸਤ ਹੋਣ ਕਾਰਨ 4 ਮੌਤਾਂ, 4 ਜ਼ਖਮੀ
. . .  1 day ago
ਚੌਥੇ ਅੱਤਵਾਦੀ ਦੀ ਲਾਸ਼ ਵੀ ਬਰਾਮਦ, ਮੁੱਠਭੇੜ ਜਾਰੀ - ਡੀ.ਜੀ.ਪੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਵਿਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ
  •     Confirm Target Language  

ਤੁਹਾਡੇ ਖ਼ਤ

26-1-2015

 ਸੁਵਿਧਾ ਕੇਂਦਰ ਬਨਾਮ ਦੁਬਿਧਾ ਕੇਂਦਰ
ਪੰਜਾਬ ਸਰਕਾਰ ਸਮੇਂ-ਸਮੇਂ 'ਤੇ ਆਮ ਲੋਕਾਂ ਦੀ ਸਹੂਲੀਅਤ ਲਈ ਉਪਰਾਲੇ ਕਰਦੀ ਰਹਿੰਦੀ ਹੈ। ਆਮ ਤੌਰ 'ਤੇ ਫਾਈਲ ਭਾਰ ਘੱਟ ਕਰਨ ਲਈ ਕਾਗਜ਼ ਘਟਾਉਣ ਦੀ ਲੋੜ 'ਤੇ ਜ਼ੋਰ ਦਿੰਦੀ ਰਹੀ ਹੈ। ਇਸ ਇਕ ਉੱਦਮ ਵਿਚ ਸੁਵਿਧਾ ਕੇਂਦਰ ਦੀ ਸਥਾਪਨਾ ਕੀਤੀ ਗਈ, ਜਿਸ ਤਹਿਤ ਇਕੋ ਥਾਂ 'ਤੇ ਸਾਰੀਆਂ ਸਹੂਲਤਾਂ ਮੁਹੱਈਆ ਕਰਨ ਦਾ ਯਤਨ ਕੀਤਾ ਗਿਆ ਹੈ ਪਰ ਇਹ ਤਾਣਾ ਵੀ ਏਨਾ ਉਲਝ ਗਿਆ ਹੈ ਕਿ ਸਮਾਂ ਤੇ ਪੈਸਾ ਜ਼ਿਆਦਾ ਲੱਗਣ ਲੱਗ ਪਿਆ ਹੈ। ਉਦਾਹਰਨ ਦੇ ਤੌਰ 'ਤੇ ਜਿਸ ਨੇ ਮੈਰਿਜ ਸਰਟੀਫਿਕੇਟ ਜਾਰੀ ਕਰਵਾਉਣਾ ਹੋਵੇ, ਉਸ ਨੂੰ ਤਾਂ ਸੁਵਿਧਾ ਕੇਂਦਰ ਤੋਂ 500 ਰੁਪਏ ਵਿਚ ਇਕ ਫਾਈਲ ਲੈਣੀ ਪਵੇਗੀ, ਜਿਸ ਵਿਚ ਕਾਗਜ਼ਾਂ ਦੀ ਗਿਣਤੀ 9 ਹੈ, ਜਿਨ੍ਹਾਂ ਦੀ ਬਾਜ਼ਾਰੀ ਕੀਮਤ 9 ਰੁਪਏ ਹੈ ਅਤੇ ਫਾਈਲ ਦੀ ਕੀਮਤ 2 ਰੁਪਏ ਹੈ। ਇਸ ਤਰ੍ਹਾਂ ਇਨ੍ਹਾਂ ਦੀ ਕੀਮਤ 11 ਰੁਪਏ ਬਣਦੀ ਹੈ। ਇਹ ਫਾਈਲ ਦੇ ਕਾਗਜ਼ ਵੀ ਅਧੂਰੇ ਹਨ, ਜਿਸ ਕਰਕੇ ਫਾਈਲ ਪੂਰੀ ਕਰਨ ਲਈ ਸੁਵਿਧਾ ਕੇਂਦਰ ਦੇ ਬਾਹਰ ਬੈਠੇ ਟਾਈਪਿਸਟ ਦਾ ਸਹਾਰਾ ਲੈਣਾ ਪੈਂਦਾ ਹੈ। ਇਨ੍ਹਾਂ ਨੇ ਵੀ ਸੁਵਿਧਾ ਕੇਂਦਰਾਂ ਦੀ ਫੀਸ ਵਧਣ ਨਾਲ ਆਪਣੇ ਰੇਟਾਂ ਵਿਚ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਲੁੱਟ ਪੂਰੇ ਜ਼ੋਰਾਂ 'ਤੇ ਹੈ। ਇਥੇ ਹੀ ਬਸ ਨਹੀਂ, ਦੁਬਾਰਾ ਫਿਰ ਸੁਵਿਧਾ ਕੇਂਦਰ ਤੋਂ 700 ਰੁਪਏ ਦੀ ਰਸੀਦ ਕਟਾਉਣੀ ਪਵੇਗੀ, ਜਦੋਂ ਕਿ ਸਰਕਾਰੀ ਫੀਸਾਂ ਵੱਖਰੀਆਂ ਹਨ। ਇਕ ਹੋਰ ਉਦਾਹਰਨ ਜਨਮ ਸਰਟੀਫਿਕੇਟ ਲੈਣ ਲਈ ਅਰਜ਼ੀ ਜਦੋਂ ਪਹਿਲਾਂ ਇਕ ਸਾਦੇ ਕਾਗਜ਼ ਦੇ 2 ਰੁਪਏ ਨਾਲ ਸਰਟੀਫਿਕੇਟ ਮਿਲ ਜਾਂਦਾ ਸੀ। ਪਹਿਲਾਂ 1 ਰੁਪਏ ਵਾਲਾ ਫਾਰਮ ਹੁਣ ਸੁਵਿਧਾ ਕੇਂਦਰ 'ਤੇ 20 ਰੁਪਏ ਵਿਚ ਪ੍ਰਾਪਤ ਹੁੰਦਾ ਹੈ, ਫਿਰ ਉਸ ਨੂੰ ਭਰ ਕੇ ਜਮ੍ਹਾਂ ਕਰਾਉਣ ਬਾਅਦ ਸਮਾਂ ਮਿਲੇਗਾ, ਫਿਰ ਪ੍ਰਾਪਤ ਕਰਨ ਲਈ ਜਾਣਾ ਪਵੇਗਾ। ਸੋ, ਸਮੇਂ ਦੀ ਲੋੜ ਹੈ ਕਿ ਇਨ੍ਹਾਂ ਸੁਵਿਧਾ ਕੇਂਦਰਾਂ ਦੀਆਂ ਫੀਸਾਂ ਵਿਚ ਫੇਰਬਦਲ ਕੀਤਾ ਜਾਵੇ ਅਤੇ ਲੋਕਾਂ ਦੀ ਲੁੱਟ ਨੂੰ ਰੋਕਿਆ ਜਾਵੇ।

-ਰਾਮੇਸ਼ਵਰਦਾਸ ਬਾਂਸਲ,
ਆਨੰਦ ਕਾਲੋਨੀ, ਸਮਾਣਾ।
ਮੋਬਾ: 94644-68295

ਬਰਾਤਾਂ ਦਾ ਲੇਟਪੁਣਾ
ਪੰਜਾਬ ਵਿਚ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਕੇ ਤਕਰੀਬਨ ਮਾਰਚ ਮਹੀਨੇ ਤੱਕ ਵਿਆਹ-ਸ਼ਾਦੀਆਂ ਦਾ ਬੇਹੱਦ ਜ਼ੋਰ ਪਾਇਆ ਜਾਂਦਾ ਹੈ। ਇਨ੍ਹਾਂ ਵਿਆਹ-ਸ਼ਾਦੀਆਂ ਵਿਚ ਲੜਕੀ ਵਾਲਿਆਂ ਵੱਲੋਂ ਆਪਣੇ ਰਿਸ਼ਤੇਦਾਰਾਂ ਅਤੇ ਸਾਕ-ਸਬੰਧੀਆਂ ਨਾਲ ਬਰਾਤ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ। ਇਸ ਦੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਜ਼ਿਆਦਾਤਰ ਵਿਆਹਾਂ ਵਿਚ ਬਰਾਤ 12-1 ਵਜੇ ਪਹੁੰਚਦੀ ਹੈ। ਲੜਕੇ ਵਾਲਿਆਂ ਦੀ ਇਸ ਦੇਰੀ ਕਾਰਨ ਅਨੰਦ ਕਾਰਜ ਦੀ ਪਵਿੱਤਰ ਰਸਮ ਸ਼ਾਮ ਦੇ 3-4 ਵਜੇ ਹੁੰਦੀ ਆਮ ਦੇਖੀ ਜਾ ਸਕਦੀ ਹੈ। ਇਥੇ ਹੀ ਬਸ ਨਹੀਂ, ਅਨੰਦ ਕਾਰਜ ਤੋਂ ਬਾਅਦ ਜ਼ਿਆਦਾਤਰ ਲਾੜਿਆਂ ਵੱਲੋਂ ਆਪਣੀ ਦਾੜ੍ਹੀ ਦੇ ਫਰੈਂਚ ਕੱਟ ਬਣਾਉਣ ਵਿਚ ਵੀ ਇਕ ਘੰਟੇ ਤੱਕ ਸਮਾਂ ਬਰਬਾਦ ਕਰ ਦਿੱਤਾ ਜਾਂਦਾ ਹੈ। ਲੜਕੇ ਵਾਲਿਆਂ ਦੇ ਇਸ ਲੇਟਪੁਣੇ ਕਾਰਨ ਬਹੁਤ ਸਾਰੇ ਰਿਸ਼ਤੇਦਾਰ, ਸਾਕ-ਸਬੰਧੀ ਅਤੇ ਦੋਸਤ-ਮਿੱਤਰ ਘਰ ਵਾਲਿਆਂ ਨੂੰ ਸ਼ਗਨ ਫੜਾ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਸੋ, ਜਿੰਨਾ ਹੋ ਸਕੇ, ਇਹ ਪਵਿੱਤਰ ਕਾਰਜ ਸਮੇਂ ਦੀ ਹੱਦ ਵਿਚ ਰਹਿ ਕੇ ਹੀ ਕਰਨੇ ਚਾਹੀਦੇ ਹਨ, ਤਾਂ ਜੋ ਸਾਡੀਆਂ ਮਨਾਈਆਂ ਜਾ ਰਹੀਆਂ ਖੁਸ਼ੀਆਂ ਕਿਸੇ ਹੋਰ ਦੀਆਂ ਪ੍ਰੇਸ਼ਾਨੀਆਂ ਦਾ ਸਬੱਬ ਨਾ ਬਣਨ।

-ਰਾਜਾ ਗਿੱਲ (ਚੜਿੱਕ)
ਮੋਬਾ: 94654-11585

23-1-2015

 ਅਵਾਰਾ ਪਸ਼ੂ

ਅਵਾਰਾ ਪਸ਼ੂ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਬਣੇ ਹੋਏ ਹਨ। ਅੱਜ ਮਹਿੰਗਾਈ ਦੇ ਯੁੱਗ ਵਿਚ ਘਾਟੇ ਦਾ ਧੰਦਾ ਬਣੀ ਖੇਤੀ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣਾ ਸੌਖੀ ਗੱਲ ਨਹੀਂ ਹੈ। ਜਦੋਂ ਕਿਸੇ ਕਿਸਾਨ ਦੇ ਇਹ ਭੁੱਖੀਆਂ ਗਾਵਾਂ ਫਸਲ ਵਿਚ ਵੜ ਜਾਣ ਤਾਂ ਉਹ ਦੋ ਘੰਟਿਆਂ ਵਿਚ ਹੀ ਪੂਰੀ ਫਸਲ ਨੂੰ ਤਬਾਹ ਕਰ ਦਿੰਦੀਆਂ ਹਨ। ਗਊਆਂ ਦੀ ਸੰਭਾਲ ਦੇ ਨਾਂਅ 'ਤੇ ਬਣੀਆਂ ਗਊਸ਼ਾਲਾਵਾਂ ਬੇਸ਼ੱਕ ਵੱਡੀ ਗਿਣਤੀ ਵਿਚ ਮੌਜੂਦ ਹਨ ਪਰ ਗਊਆਂ ਨੂੰ ਸੰਭਾਲਣ ਵਿਚ ਉਹ ਵੀ ਨਾਕਾਮ ਹੀ ਸਾਬਤ ਹੋਈਆਂ ਹਨ। ਅਵਾਰਾ ਪਸ਼ੂ ਜਿਥੇ ਕਿਸਾਨਾਂ ਲਈ ਮੁਸੀਬਤ ਬਣੇ ਹੋਏ ਹਨ, ਉਥੇ ਬਾਜ਼ਾਰਾਂ ਅਤੇ ਬਾਹਰ ਸੜਕਾਂ ਉਤੇ ਵੀ ਸਮੱਸਿਆ ਪੈਦਾ ਕਰਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਗਊ ਸ਼ਰਧਾ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਗਾਵਾਂ ਨੂੰ ਸੰਭਾਲਣ ਤਾਂ ਕਿ ਇਹ ਗਾਵਾਂ ਕਿਸੇ ਲਈ ਸਮੱਸਿਆ ਨਾ ਬਣਨ। ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਗਊ ਪ੍ਰੇਮੀਆਂ ਨੂੰ ਮਿਲ ਕੇ ਸਮੱਸਿਆ ਦਾ ਹੱਲ ਲੱਭਣ ਲਈ ਯਤਨ ਕਰਨ।

-ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਮਿੱਠੀ ਬੋਲੀ

ਅੱਜਕਲ੍ਹ ਦੇ ਜ਼ਮਾਨੇ ਵਿਚ ਮਿੱਠੀ ਬੋਲੀ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ। ਪਹਿਲੀ ਗੱਲ ਤਾਂ ਇਹ ਕਿ ਅੱਜ ਦੇ ਸਮੇਂ ਵਿਚ ਤਾਂ ਕੋਈ ਬਿਨਾਂ ਮਤਲਬ ਦੇ ਕਿਸੇ ਨਾਲ ਗੱਲ ਵੀ ਕਰਨਾ ਪਸੰਦ ਨਹੀਂ ਕਰਦਾ। ਜੇਕਰ ਦੋ ਸ਼ਬਦ ਮੂੰਹੋਂ ਕੱਢਣੇ ਪੈ ਵੀ ਜਾਣ ਤਾਂ ਇਸ ਤਰ੍ਹਾਂ ਬੋਲਦੇ ਹਨ, ਜਿਵੇਂ ਕਿਸੇ 'ਤੇ ਅਹਿਸਾਨ ਕਰ ਰਹੇ ਹੋਣ। ਜਿਥੇ ਅਸੀਂ ਗੁੱਸੇ ਵਿਚ ਬੋਲ ਕੇ ਲੜਾਈਆਂ ਮੁੱਲ ਲੈਂਦੇ ਹਾਂ, ਉਥੇ ਹੀ ਮਿੱਠਾ ਬੋਲ ਕੇ ਦੂਸਰੇ ਦਾ ਦਿਲ ਜਿੱਤ ਲੈਂਦੇ ਹਾਂ। ਮਿੱਠਾ ਬੋਲਣ ਨਾਲ ਇਕ-ਦੂਜੇ ਨਾਲ ਪਿਆਰ ਦੀ ਭਾਵਨਾ ਵਧਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਵਿਚ ਮਿੱਠੀ ਬੋਲੀ ਤਾਂ ਜਿਵੇਂ ਖ਼ਤਮ ਹੀ ਹੋ ਗਈ ਹੈ। ਉਨ੍ਹਾਂ ਨੂੰ ਹੰਕਾਰ ਅਤੇ ਗੁੱਸਾ ਤਿਆਗ ਕੇ ਮਿੱਠੀ ਬੋਲੀ ਨੂੰ ਅਪਣਾ ਲੈਣਾ ਚਾਹੀਦਾ ਹੈ, ਕਿਉਂਕਿ ਮਿੱਠੀ ਬੋਲੀ ਬੋਲ ਕੇ ਗੁੱਸੇਖੋਰ ਆਦਮੀ ਦਾ ਵੀ ਦਿਲ ਜਿੱਤਿਆ ਜਾ ਸਕਦਾ ਹੈ ਅਤੇ ਮਿੱਠਾ ਬੋਲ ਕੇ ਤਾਂ ਪੱਥਰ ਦਿਲ ਆਦਮੀ ਦਾ ਵੀ ਦਿਲ ਪਿਘਲਾਇਆ ਜਾ ਸਕਦਾ ਹੈ। ਮਿੱਠਾ ਬੋਲ ਕੇ ਅਸੀਂ ਆਪਣੇ ਚੰਗੇ ਗੁਣਾਂ ਵਿਚ ਹੀ ਵਾਧਾ ਕਰਦੇ ਹਾਂ।

-ਗਗਨਦੀਪ ਕੌਰ
ਬੀ.ਏ. ਭਾਗ ਪਹਿਲਾ, ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ।

ਦਲਬਦਲੀਆਂ

ਅੱਜ ਸਾਡੇ ਦੇਸ਼ ਦੀ ਰਾਜਨੀਤੀ ਦਿਨ-ਬਦਿਨ ਬੇਹੱਦ ਗੰਧਲੀ ਹੁੰਦੀ ਜਾ ਰਹੀ ਹੈ। ਆਏ ਦਿਨ ਅਨੇਕਾਂ ਵੱਡੇ-ਛੋਟੇ ਲੀਡਰ ਆਪਣੇ ਨਿੱਜੀ ਫਾਇਦਿਆਂ ਖਾਤਰ ਇਕ-ਦੂਜੀ ਪਾਰਟੀ ਵਿਚ ਜਾਣ ਲਈ ਡੱਡੂ ਟਪੂਸੀਆਂ ਮਾਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ਲੀਡਰਾਂ ਦੁਆਰਾ ਆਪਣੇ ਵਰਕਰਾਂ ਦਾ ਇਨ੍ਹਾਂ ਪਿੱਛੇ ਗਵਾਇਆ ਪੈਸਾ, ਸਮਾਂ ਅਤੇ ਮਿਹਨਤ ਨੂੰ ਅੱਖੋਂ ਪਰੋਖੇ ਕਰਕੇ ਮਿੰਟਾਂ ਵਿਚ ਕਦੋਂ ਪਾਰਟੀ ਬਦਲ ਲਈ ਜਾਂਦੀ ਹੈ, ਕੋਈ ਪਤਾ ਨਹੀਂ ਲਗਦਾ। ਇਹ ਲੀਡਰ ਜਿਨ੍ਹਾਂ ਨੂੰ ਕੱਲ੍ਹ ਤੱਕ ਸਟੇਜਾਂ ਉਤੇ ਭੰਡਦੇ ਨਹੀਂ ਸਨ ਥੱਕਦੇ, ਉਹ ਅੱਜ ਉਨ੍ਹਾਂ ਦੇ ਸੋਹਲੇ ਗਾਉਂਦੇ ਨਜ਼ਰ ਆ ਰਹੇ ਹਨ। ਸੋ, ਅੱਜ ਲੋੜ ਹੈ ਲੀਡਰਾਂ ਦੇ ਅਜਿਹੇ ਵਤੀਰੇ ਤੋਂ ਸਬਕ ਲੈਂਦੇ ਹੋਏ ਆਪਸ ਵਿਚ ਵੈਰ-ਵਿਰੋਧ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਸਾਡੀ ਆਪਸੀ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਰਹਿ ਸਕੇ।

-ਰਾਜਾ ਗਿੱਲ (ਚੜਿੱਕ)
ਮੋ: 94654-11585.

22-1-2015

 ਸੇਧ ਲੈਣ ਦੀ ਲੋੜ
ਪਿਛਲੇ ਦਿਨੀਂ 'ਧਰਮ ਤੇ ਵਿਰਸਾ' ਅੰਕ ਵਿਚ ਡਾ: ਸਰੂਪ ਸਿੰਘ ਅਲੱਗ ਦਾ ਲੇਖ 'ਰੁਮਾਲਿਆਂ ਦੀ ਬੇਅਦਬੀ ਕਿਵੇਂ ਰੋਕੀ ਜਾਵੇ' ਪੜ੍ਹਿਆ। ਲੇਖ ਪੜ੍ਹ ਕੇ ਉਹ ਹੈਰਾਨੀਜਨਕ ਤੱਥ ਸਾਹਮਣੇ ਆਏ, ਜਿਨ੍ਹਾਂ ਬਾਰੇ ਅਸੀਂ ਆਮ ਤੌਰ 'ਤੇ ਸੋਚਦੇ ਹੀ ਨਹੀਂ। ਰੁਮਾਲਾ ਚੜ੍ਹਾਉਣਾ ਸਾਡੇ ਲਈ ਮਹਿਜ਼ ਇਕ ਰਸਮ ਬਣ ਕੇ ਰਹਿ ਗਈ ਹੈ। ਚਾਹੀਦਾ ਤਾਂ ਇਹ ਹੈ ਕਿ ਅਸੀਂ ਜਦੋਂ ਵੀ ਕੋਈ ਧਾਰਮਿਕ ਕਾਰਜ ਕਰੀਏ ਜਾਂ ਕਿਸੇ ਧਾਰਮਿਕ ਸਥਾਨ 'ਤੇ ਜਾਈਏ ਤਾਂ ਆਪਣੀ ਸਮਰਥਾ ਅਨੁਸਾਰ ਜਿੰਨੇ ਦਾ ਅਸੀਂ ਰੁਮਾਲਾ ਖਰੀਦਣਾ ਸੀ, ਓਨੀ ਰਕਮ ਦਾ ਕੋਈ ਗਰਮ ਕੰਬਲ, ਭੂਰੀ, ਸ਼ਾਲ ਜਾਂ ਕੋਈ ਹੋਰ ਪਹਿਨਣਯੋਗ ਵਸਤਰ ਖਰੀਦ ਲਈਏ ਤੇ ਇਹ ਵਸਤਰ ਰਸਤੇ ਵਿਚ ਕਿਸੇ ਲੋੜਵੰਦ ਵਿਅਕਤੀ ਨੂੰ ਦੇ ਦੇਈਏ ਤਾਂ ਜੋ ਹਰ ਵਿਅਕਤੀ ਅਜਿਹੀ ਮਾਰੂ ਠੰਢ ਵਿਚ ਆਪਣੇ-ਆਪ ਨੂੰ ਢੱਕ ਸਕੇ ਤੇ ਗੁਰੂ ਕਥਨ 'ਗਰੀਬ ਦਾ ਮੂੰਹ ਗੁਰੂ ਦੀ ਗੋਲਕ' ਅਨੁਸਾਰ ਅਸੀਂ ਆਪਣੀ ਕਮਾਈ ਨੂੰ ਸੁਚੱਜੇ ਪਾਸੇ ਲਾਉਣ ਦਾ ਸਾਰਥਿਕ ਉਪਰਾਲਾ ਕਰੀਏ।

-ਸੁਖਵਿੰਦਰ ਕੌਰ ਢੱਟ
ਪਿੰਡ ਢੱਟ (ਮੁਲਾਂਪੁਰ) ਲੁਧਿਆਣਾ।

21-1-2015

 ਸਖ਼ਤ ਸਜ਼ਾਵਾਂ ਦੀ ਲੋੜ
ਆਜ਼ਾਦ ਦੇਸ਼ ਹੋਵੇ, ਜਿਸ ਵਿਚ ਲੋਕਾਂ ਦੀ ਚੁਣੀ ਸਰਕਾਰ ਹੋਵੇ, ਪੁਲਿਸ ਤੰਤਰ ਹੋਵੇ ਅਤੇ ਨਿਆਂ ਦੇਣ ਲਈ ਵੱਡੀਆਂ-ਵੱਡੀਆਂ ਅਦਾਲਤਾਂ ਹੋਣ ਦੇ ਬਾਵਜੂਦ ਦੇਸ਼ 'ਚ ਥਾਂ-ਥਾਂ ਲੜਕੀਆਂ ਨਾਲ ਹੋ ਰਹੇ ਜਬਰ-ਜਨਾਹ ਦੇ ਦੋਸ਼ੀਆਂ ਤੇ ਸਪੱਸ਼ਟ ਲੱਗੇ ਦੋਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਤੁਰੰਤ ਫੜਿਆ ਤੱਕ ਨਹੀਂ ਜਾਂਦਾ। ਜੇ ਫੜਿਆ ਵੀ ਜਾਂਦਾ ਹੈ ਤਾਂ ਉਨ੍ਹਾਂ 'ਤੇ ਕਮਜ਼ੋਰ ਧਾਰਾਵਾਂ ਲਾ ਕੇ ਬਰੀ ਕਰ ਦਿੱਤਾ ਜਾਂਦਾ ਹੈ। ਜੋ ਬਾਹਰ ਆ ਕੇ ਸੁਥਰਨ ਦੀ ਬਜਾਏ ਅਜਿਹੇ ਕੁਕਰਮਾਂ ਨੂੰ ਬੜੇ ਬੇਖੌਫ਼ ਹੋ ਕੇ ਕਰਦੇ ਹਨ। ਅੱਜ ਇਨਸਾਫ਼ ਪਸੰਦ ਲੋਕਾਂ ਦੀ ਮੰਗ ਹੈ ਕਿ ਜਬਰ-ਜਨਾਹ ਦੇ ਦੋਸ਼ੀਆਂ ਨੂੰ ਤੁਰੰਤ ਫਾਂਸੀ 'ਤੇ ਲਟਕਾਇਆ ਜਾਵੇ। ਅਜਿਹੇ ਕੁਕਰਮਾਂ ਨੂੰ ਰੋਕਣ ਲਈ ਸਖ਼ਤ ਸਜ਼ਾਵਾਂ ਹੀ ਇਕੋ-ਇਕ ਹੱਲ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ,ਜ਼ਿਲ੍ਹਾ ਲੁਧਿਆਣਾ।

ਹਾਸੋਹੀਣੀ ਬਿਆਨਬਾਜ਼ੀ
ਅੱਜਕਲ੍ਹ ਲੋਕਾਂ ਵੱਲੋਂ ਚੁਣ ਕੇ ਭੇਜੇ ਹੋਏ ਨੁਮਾਇੰਦਿਆਂ ਦੀ ਸੰਸਦ ਵਿਚ ਬਿਆਨਬਾਜ਼ੀ ਬੜੀ ਹੈਰਾਨੀਜਨਕ, ਕੋਝੀ, ਹਾਸੋਹੀਣੀ, ਗ਼ੈਰ-ਸੰਵਿਧਾਨਕ ਤੇ ਅੰਧਵਿਸ਼ਵਾਸੀ ਜਾਪਦੀ ਹੈ। ਇਨ੍ਹਾਂ ਵਿਚ ਅਖੌਤੀ ਸਾਧੂ ਸਰੂਪ ਸਿਆਸਤਦਾਨ ਵੀ ਹਨ ਪ੍ਰੰਤੂ ਬੋਲਬਾਣੀ ਵਿਚ ਕੋਈ ਸਿਆਣਪ ਨਜ਼ਰ ਨਹੀਂ ਆਉਂਦੀ। ਸ੍ਰੀ ਰਮੇਸ਼ ਪੋਖਰਿਆਲ ਨੇ ਜੋਤਿਸ਼ ਨੂੰ ਹਰ ਪ੍ਰਕਾਰ ਦੇ ਗਿਆਨ-ਵਿਗਿਆਨ ਤੋਂ ਉੱਪਰ ਕਿਹਾ ਹੈ। ਦੁਨੀਆ ਭਰ ਵਿਚ ਇਸ ਨੂੰ ਤਰਜੀਹ ਦੇਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਤਰਕਸ਼ੀਲ ਵਿਚਾਰਧਾਰਾ ਵਾਲੇ ਜੋਤਿਸ਼ ਨੂੰ ਕੇਵਲ ਕਿਆਸ ਅਰਾਈਆਂ ਹੀ ਸਮਝਦੇ ਹਨ। ਜੋ ਲੋਕ ਕੁਦਰਤ ਤੇ ਸਾਇੰਸ 'ਤੇ ਵਿਸ਼ਵਾਸ ਰੱਖਦੇ ਹਨ ਉਹ ਸਾਡੇ ਦੇਸ਼ ਵਿਚ 25 ਫ਼ੀਸਦੀ ਤੇ ਅੰਧਵਿਸ਼ਵਾਸੀ 75 ਫ਼ੀਸਦੀ ਹਨ ਕਿਉਂਕਿ ਮੀਡੀਆ ਵੀ ਤੰਤਰ, ਮੰਤਰ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰ ਰਿਹਾ ਹੈ। ਜੋਤਿਸ਼ ਅਤੇ ਜਾਦੂ ਕਿਨਾਰੇ ਹੋਏ ਵਿਸ਼ਿਆਂ ਨੂੰ ਉਭਾਰਨਾ ਲੋਕਾਂ ਨੂੰ ਆਤਮ-ਵਿਸ਼ਵਾਸ ਤੋਂ ਦੂਰ ਕਰਨਾ ਹੈ। ਲੋੜ ਹੈ ਅਜਿਹੇ ਰੁਝਾਨ ਤੋਂ ਬਚ ਕੇ ਤਰਕਪੂਰਨ ਸੋਚ ਵਿਕਸਤ ਕਰਨ ਦੀ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਇਕ ਮਾਣਮੱਤੀ ਮਿਸਾਲ
ਕਰਨਾਟਕ ਦੇ ਸਮਾਜ ਭਲਾਈ ਮੰਡਲੀ ਐਚ. ਅਗਯੇਯ ਨੇ ਚਿਤਰਦੁਰਸ਼ ਜ਼ਿਲ੍ਹੇ ਵਿਚ ਹੋਲਾਲਕੇਰੇ ਵਿਖੇ ਆਯੋਜਿਤ ਇਕ ਸਮੂਹਿਕ ਵਿਆਹ ਪ੍ਰੋਗਰਾਮ ਵਿਚ ਆਪਣੀ ਧੀ ਏ.ਵੀ. ਅਨੁਪਮਾ ਦਾ ਕੰਨਿਆ ਦਾਨ ਕਰਕੇ ਇਕ ਮਾਣਮੱਤੀ ਮਿਸਾਲ ਕਾਇਮ ਕੀਤੀ ਹੈ। ਅਗਯੇਯ ਦੇ ਕਹਿਣ ਅਨੁਸਾਰ ਭਾਵੇਂ ਕੁਝ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਨਾਰਾਜ਼ ਸਨ ਪਰ ਫਿਰ ਵੀ ਮੈਂ ਪ੍ਰਚਲਿਤ ਫੋਕੇ ਅਡੰਬਰ ਦੇ ਰੁਝਾਨ ਨੂੰ ਤੋੜ ਕੇ ਸਾਦਾ ਵਿਆਹ ਕਰਨ ਨੂੰ ਤਰਜੀਹ ਦਿੱਤੀ। ਮੈਂ ਨਹੀਂ ਚਾਹੁੰਦਾ ਕਿ ਲੋਕ ਵੇਖਾ-ਵੇਖੀ ਲੱਖਾਂ ਰੁਪਏ ਫਜ਼ੂਲ ਖਰਚੀ ਜਾਣ। ਜੇ ਸਮਰੱਥਾ ਹੋਵੇ ਵੀ ਤਾਂ ਵੀ ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਯਤਨ ਕਰਨੇ ਪੈਣਗੇ। ਇਸ ਮੌਕੇ 96 ਜੋੜਿਆਂ ਦੀਆਂ ਸਮੂਹ ਵਿਆਹ ਰਸਮਾਂ ਕੀਤੀਆਂ ਗਈਆਂ। ਬੈਂਕਾਂ ਤੋਂ ਵੱਡੇ-ਵੱਡੇ ਕਰਜ਼ੇ ਲੈ ਕੇ ਬੱਚਿਆਂ ਦੇ ਵਿਆਹ ਕਰਨੇ, ਫੋਕੀ ਸ਼ਾਨੋ-ਸ਼ੌਕਤ ਵਿਚ ਗ਼ਰੀਬ ਦਾ ਕਚੂਮਰ ਨਿਕਲ ਚੱਲਿਆ ਹੈ ਪਰ ਸਮਾਜ ਵਿਚ ਰਹਿੰਦਿਆਂ ਵੇਖਾ-ਵੇਖੀ ਮਨੁੱਖ ਗ਼ਲਤ ਰੁਝਾਨਾਂ ਦੇ ਵੱਸ ਪੈ ਗਿਆ ਹੈ। ਇਹੋ ਜਿਹੇ ਖਰਚੇ ਹੀ ਮਾਦਾ ਭਰੂਣ ਹੱਤਿਆ ਦੇ ਕਾਰਨ ਬਣਦੇ ਹਨ। ਜੇ ਅਸੀਂ ਚਾਹੁੰਦੇ ਹਾਂ ਕਿ ਮਾਦਾ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਵੇ, ਔਰਤ ਜਾਤੀ ਦਾ ਰੁਤਬਾ ਬਰਾਬਰ ਦਾ ਹੋਵੇ, ਲੜਕੀ ਨੂੰ ਬੋਝ ਨਾ ਸਮਝਿਆ ਜਾਵੇ ਤਾਂ ਸਾਦੇ ਵਿਆਹਾਂ ਦੀ ਪਰੰਪਰਾ ਨੂੰ ਬੜ੍ਹਾਵਾ ਦੇਣਾ ਹੋਵੇਗਾ।

-ਗੁਰਮੀਤ ਸਿੰਘ ਬਾਜਵਾ
ਗਿਆਨ ਸਾਗਰ ਕਾਲਜ, ਕਲਾਨੌਰ, ਗੁਰਦਾਸਪੁਰ।

20-1-2015

 ਹਿੰਸਕ ਗਾਇਕੀ
ਅੱਜ ਅਸੀਂ ਟੀ.ਵੀ. ਉਤੇ ਕੋਈ ਵੀ ਮਿਊਜ਼ਿਕ ਚੈਨਲ ਦੇਖਦੇ ਹਾਂ ਤਾਂ ਸਾਨੂੰ ਹਰ ਪਾਸੇ ਚਲਦੀ ਹਿੰਸਕ ਗਾਇਕੀ ਹੀ ਨਜ਼ਰ ਆਉਂਦੀ ਹੈ। ਚੈਨਲਾਂ ਉੱਪਰ ਚਲ ਰਹੇ ਜ਼ਿਆਦਾਤਰ ਗੀਤਾਂ ਦਾ ਵਿਸ਼ਾ ਗੱਡੀਆਂ, ਨੱਢੀਆਂ, ਪੈੱਗ, ਪਿਸਤੌਲ, ਕਾਲਜ ਅਤੇ ਨਸ਼ੇ ਉੱਪਰ ਹੀ ਕੇਂਦਰਤ ਨਜ਼ਰ ਆ ਰਿਹਾ ਹੈ। ਅਜਿਹੇ ਗੀਤਾਂ ਨੂੰ ਸੁਣ ਕੇ ਜਦ ਕੋਈ ਛੋਟੀ ਜਿਹੀ ਬੱਚੀ ਜਾਂ ਬੱਚਾ ਆਪਣੇ ਪਿਤਾ ਨੂੰ ਪੁੱਛਦਾ ਹੈ ਕਿ ਪਾਪਾ ਇਹ ਪੁਰਜਾ ਜਾਂ ਨੱਢੀ ਕਿਸ ਨੂੰ ਕਹਿੰਦੇ ਹਨ ਤਾਂ ਪਾਪਾ ਕੋਲ ਇਸ ਦਾ ਕੋਈ ਜਵਾਬ ਨਹੀਂ ਹੁੰਦਾ। ਅਜਿਹੇ ਮਾਰ-ਧਾੜ, ਇਸ਼ਕ ਮਜਾਜ਼ੀ ਅਤੇ ਐਸ਼ਪ੍ਰਸਤੀ ਵਾਲੇ ਗੀਤ ਗਾ ਕੇ ਇਹ ਕਲਾਕਾਰ ਸਮਾਜ ਦਾ ਅਕਸ ਵਿਗਾੜਨ ਲਈ ਅਹਿਮ ਦੋਸ਼ੀ ਮੰਨੇ ਜਾ ਸਕਦੇ ਹਨ। ਸੋ, ਜਿੰਨਾ ਹੋ ਸਕੇ ਸਾਨੂੰ ਸਭ ਨੂੰ ਅਜਿਹੀ ਹਿੰਸਕ ਗਾਇਕੀ ਗਾਉਣ ਵਾਲੇ ਕਲਾਕਾਰਾਂ ਦਾ ਵੱਧ ਤੋਂ ਵੱਧ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਕਰਕੇ ਪੁੱਠਿਆਂ ਕੰਮਾਂ ਵੱਲ ਸਰਕਦੀ ਜਾ ਰਹੀ ਜਵਾਨੀ ਨੂੰ ਸਮਾਂ ਰਹਿੰਦੇ ਬਚਾਇਆ ਜਾ ਸਕੇ।

 -ਰਾਜਾ ਗਿੱਲ (ਚੜਿੱਕ)
ਮੋ: 94654-11585

ਵਧ ਰਹੀਆਂ ਖ਼ੁਦਕੁਸ਼ੀਆਂ
ਅਸੀਂ ਹਰ ਰੋਜ਼ ਅਖ਼ਬਾਰ ਵਿਚ ਖ਼ੁਦਕੁਸ਼ੀ ਨਾਲ ਸਬੰਧਤ ਖ਼ਬਰਾਂ ਪੜ੍ਹਦੇ ਹਾਂ। ਅੱਜ ਦੇ ਸਮੇਂ ਵਿਚ 'ਖ਼ੁਦਕੁਸ਼ੀ' ਸ਼ਬਦ ਆਮ ਸ਼ਬਦ ਹੋ ਗਿਆ ਹੈ ਜਿਹੜਾ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਬਹੁਤ ਵਾਰ ਸੁਣਦੇ ਹਾਂ ਅਤੇ ਕਈ ਹਾਦਸੇ ਆਪਣੀਆਂ ਅੱਖਾਂ ਨਾਲ ਵੇਖਦੇ ਵੀ ਹਾਂ। ਹਰੇਕ ਆਦਮੀ ਜਾਂ ਔਰਤ ਕਿਸੇ ਮੁਸ਼ਕਿਲ ਵਿਚ ਫਸੇ ਹੋਣ ਕਾਰਨ ਹੀ ਇਹ ਕਦਮ ਉਠਾਉਂਦਾ ਹੈ। ਕੀ ਮੁਸ਼ਕਿਲ ਨਾਲ ਨਿਪਟਣ ਦਾ ਖ਼ੁਦਕੁਸ਼ੀ ਹੀ ਇਕ ਤਰੀਕਾ ਹੈ? ਨਹੀਂ, ਸਾਨੂੰ ਹਰੇਕ ਮੁਸ਼ਕਿਲ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਵਿਚ ਮੁਸ਼ਕਿਲਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਮੁਸ਼ਕਿਲਾਂ ਨੂੰ ਦੇਖ ਕੇ ਘਬਰਾਉ ਨਾ, ਨਾ ਹੀ ਖ਼ੁਦਕੁਸ਼ੀ ਜਿਹਾ ਗ਼ਲਤ ਕਦਮ ਉਠਾਉ। ਇਹ ਜ਼ਿੰਦਗੀ ਬਹੁਤ ਕੀਮਤੀ ਹੁੰਦੀ ਹੈ। ਇਸ ਨੂੰ ਮਾਨਣਾ ਸਿੱਖੋ ਕਿਉਂਕਿ ਜ਼ਿੰਦਗੀ ਸਾਨੂੰ ਇਕ ਵਾਰ ਮਿਲਦੀ ਹੈ ਵਾਰ-ਵਾਰ ਨਹੀਂ। ਇਸ ਨੂੰ ਅਜਾਈਂ ਨਾ ਗਵਾਉ। ਹਰੇਕ ਮੁਸ਼ਕਿਲ ਦਾ ਹੱਲ ਜ਼ਰੂਰ ਹੁੰਦਾ ਹੈ। ਪਰ ਲੋੜ ਹੁੰਦੀ ਹੈ ਹਿੰਮਤ ਤੇ ਦਲੇਰੀ ਨਾਲ ਇਸ ਦਾ ਸਾਹਮਣਾ ਕਰਨ ਦੀ। ਇਸ ਕਰਕੇ ਅਜਿਹਾ ਕਦਮ ਨਾ ਉਠਾਉ, ਜਿਸ ਕਾਰਨ ਤੁਹਾਡੀ ਸਾਰੀ ਜ਼ਿੰਦਗੀ ਹੀ ਖ਼ਤਮ ਹੋ ਜਾਵੇ।

-ਸੁਖਵੀਰ ਕੌਰ ਲਖੇਵਾਲੀ
ਬੀ.ਏ.-ਤੀਜਾ ਸਾਲ, ਗੁਰੂ ਨਾਨਕ ਕਾਲਜ ਫਾਰ ਗਰਲਜ਼, ਜਰਨਲਿਜ਼ਮ ਵਿਭਾਗ।

ਅਹਿਦ
2014 ਕੁਝ ਕੌੜੀਆਂ, ਕੁਸੈਲੀਆਂ ਤੇ ਮਿੱਠੀਆਂ ਯਾਦਾਂ ਛੱਡ ਅਲੋਪ ਹੋ ਗਿਆ ਹੈ। ਸਿਆਸਤ ਵਿਚ ਨਵਾਂ ਤੇ ਵੱਡਾ ਫੇਰਬਦਲ ਇਸ ਵਰ੍ਹੇ ਦੌਰਾਨ ਦੇਖਣ ਨੂੰ ਮਿਲਿਆ। ਅਸੀਂ ਆਪਣੇ ਹਿੱਸੇ ਆਈ ਜ਼ਿੰਦਗੀ 'ਚੋਂ ਇਕ ਵਰ੍ਹਾ ਭਾਵੇਂ ਗੁਆ ਰਹੇ ਹਾਂ ਪਰ ਸਮੇਂ ਨਾਲ ਚਲਦੇ ਅਸੀਂ ਨਵੇਂ ਵਰ੍ਹੇ 'ਚ ਪ੍ਰਵੇਸ਼ ਕਰ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਤੇ ਇਸ ਦੀ ਆਮਦ 'ਤੇ ਸਭ ਨੂੰ ਜੀ ਆਇਆਂ ਆਖ ਮੁਬਾਰਕਵਾਦ ਦੇ ਰਹੇ ਹਾਂ। ਨਵਾਂ ਸਾਲ ਸਾਡੇ ਸਭ ਦੇ ਵਿਹੜੇ 'ਚ ਆਪਣੀਆਂ ਸੁਨਹਿਰੀ ਕਿਰਨਾਂ ਬਿਖੇਰਦਾ ਸਮੁੱਚੀ ਮਾਨਵਤਾ ਲਈ ਖੁਸ਼ੀਆਂ ਭਰਿਆ ਹੋਵੇ। ਸੋ ਆਓ! ਸੂਹੇ ਗੁਲਾਬ ਦੀਆਂ ਮਹਿਕਾਂ ਵਰਗੇ ਦੋਸਤੋ ਇਸ ਨਵੇਂ ਸਾਲ 'ਚ ਸਾਡੇ ਸਮਾਜ 'ਚ ਆ ਰਹੀਆਂ ਊਣਤਾਈਆਂ ਨੂੰ ਨਿੱਜੀ ਤੌਰ 'ਤੇ ਮਿਟਾਉਣ ਦਾ ਯਤਨ ਕਰੀਏ। ਰੁੱਖ, ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਦਾ ਅਹਿਦ ਲਈਏ ਤਾਂ ਕਿ ਇਹ ਨਵਾਂ ਸਾਲ ਇਨ੍ਹਾਂ ਕੁਦਰਤੀ ਸੌਗਾਤਾਂ ਨਾਲ ਮਾਲਾਮਾਲ ਰਹੇ ਅਤੇ ਇਹ ਸਮੁੱਚੀ ਲੁਕਾਈ ਸਦਾ ਹਰੀ ਭਰੀ ਹੱਸਦੀ ਰਹੇ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

19-1-2015

 'ਅਜੀਤ' ਦਾ ਸਫ਼ਰ
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੰਕਲਪ ਆਪਣੇ ਅੰਦਰ ਸਮੋਈ ਬੈਠੀ ਰੋਜ਼ਾਨਾ 'ਅਜੀਤ' ਦੇ ਲਾਹੌਰ ਤੋਂ ਜਲੰਧਰ ਅਤੇ ਹੁਣ ਚੰਡੀਗੜ੍ਹ ਤੱਕ ਦਾ ਸਫ਼ਰ ਇਸ ਦੇ ਸ਼ਾਨਾਮੱਤੇ ਇਤਿਹਾਸ ਦੀ ਕਹਾਣੀ ਬਿਆਨ ਕਰਦਾ ਹੈ। ਸੰਨ 1947 ਈ. ਵਿਚ ਹੋਈ ਦੇਸ਼ ਦੀ ਵੰਡ ਤੋਂ ਬਾਅਦ ਜਦੋਂ ਪੰਜਾਬ ਨੂੰ ਅਨੇਕਾਂ ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਅਦਾਰਾ 'ਅਜੀਤ' ਦੇ ਬਾਨੀ ਸਵਰਗੀ ਡਾ: ਸਾਧੂ ਸਿੰਘ ਹਮਦਰਦ ਪੰਜਾਬੀ ਪੱਤਰਕਾਰੀ ਦੇ ਮਹਾਨ ਸਪੂਤ ਨੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਵਿਰੁੱਧ ਪੰਜਾਬੀਆਂ ਦੀ ਜਿਸ ਢੰਗ ਨਾਲ ਅਗਵਾਈ ਕੀਤੀ, ਉਸ ਦਾ ਕੋਈ ਸਾਨੀ ਨਹੀਂ।
ਡਾ: ਸਾਧੂ ਸਿੰਘ ਹਮਦਰਦ ਜੀ ਦੁਆਰਾ ਲਗਾਇਆ ਬੂਟਾ 'ਅਜੀਤ' ਅੱਜ ਡਾ: ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ ਹੇਠ ਜੇ ਦਿਨ-ਦੁੱਗਣੀ ਅਤੇ ਰਾਤ-ਚੌਗੁਣੀ ਤਰੱਕੀ ਕਰ ਰਿਹਾ ਹੈ ਤਾਂ ਇਸ ਦੀ ਵਿਰਾਸਤ ਅਤੇ ਸਾਰਥਕ ਸੋਚ ਉੱਪਰ ਝਾਤੀ ਮਾਰਨਾ ਜ਼ਰੂਰੀ ਹੋ ਜਾਂਦਾ ਹੈ। ਇਹ ਸਚਾਈ ਹੈ ਕਿ 'ਅਜੀਤ' ਨੇ ਹਮੇਸ਼ਾ ਹੀ ਮਨੁੱਖੀ ਕਦਰਾਂ-ਕੀਮਤਾਂ ਦੀ ਤਰਜਮਾਨੀ ਕੀਤੀ ਹੈ, ਜਿਸ ਕਾਰਨ ਹੀ ਉਸ ਦੇ ਵਧ ਰਹੇ ਕਦਮ ਅੱਜ ਸੂਬੇ ਦੀ ਰਾਜਧਾਨੀ ਦਾ ਸ਼ਿੰਗਾਰ ਬਣੇ ਹਨ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਅਖੌਤੀ ਸਾਧੂ-ਸੰਤ
'ਪੰਜਾਬ ਦੇ ਸਾਧੂ-ਸੰਤ ਲੋਕ ਸੇਵਾ ਕਰਨ' ਸ: ਹਰਦੇਵ ਸਿੰਘ ਧਾਲੀਵਾਲ ਹੋਰਾਂ ਦਾ ਲੇਖ ਪੜ੍ਹਿਆ। ਜ਼ਰਾ ਆਪਣੇ ਆਲੇ-ਦੁਆਲੇ ਝਾਤੀ ਮਾਰੋ ਕਿੰਨੇ ਕੁ ਸਾਧੂ ਸੰਤ ਲੋਕਾਂ ਦੀ ਸੇਵਾ ਕਰਦੇ ਹਨ। ਜੋ ਸੇਵਾ ਉਹ ਕਰ ਰਹੇ ਹਨ, ਉਹ ਵੀ ਕਿਸੇ ਤੋਂ ਭੁੱਲੀ ਨਹੀਂ, ਵਿਦਿਆ ਦੇ ਨਾਂਅ ਤੋਂ ਦਰਸ਼ਨੀ ਬਿਲਡਿੰਗਾਂ ਵਾਲੇ ਸਕੂਲ, ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਵੱਡੀਆਂ-ਵੱਡੀਆਂ ਇਮਾਰਤਾਂ ਵਾਲੇ ਹਸਪਤਾਲ, ਬਜ਼ੁਰਗਾਂ ਦੀ ਸੇਵਾ-ਸੰਭਾਲ ਲਈ ਬਿਰਧ ਆਸ਼ਰਮ-ਘਰ, ਰੂਹਾਨੀਅਤ ਦੀ ਸੇਵਾ ਲਈ ਸ਼ਾਨਦਾਰ ਗੁਰਦੁਆਰਿਆਂ ਦੀਆਂ ਇਮਾਰਤਾਂ, ਕੋਈ ਦੱਸੇ ਕਦੀ ਕਿਸੇ ਲੋੜਵੰਦ ਦੀ ਬਾਂਹ ਕਿਸੇ ਫੜੀ ਹੋਵੇ। ਹਸਪਤਾਲਾਂ ਦੇ ਬਾਹਰ ਰੁਲਦੇ ਗਰੀਬ ਮਰੀਜ਼ ਬੇਇਲਾਜ ਮਰ ਰਹੇ ਹਨ, ਚੰਗੀ ਪੜ੍ਹਾਈ ਵਾਲੇ ਗਰੀਬ ਬੱਚੇ ਪੜ੍ਹਾਈ ਤੋਂ ਵਾਂਝੇ ਫਿਰ ਰਹੇ ਹਨ, ਇੱਕਾ-ਦੁੱਕਾ ਸੰਸਥਾਵਾਂ ਨੂੰ ਛੱਡ ਕੇ ਕੋਈ ਇਨ੍ਹਾਂ ਦੀ ਪ੍ਰਵਾਹ ਨਹੀਂ ਕਰਦਾ, ਸਭ ਲੋਕਾਂ ਦੀ ਛਿੱਲ ਲਾਹੁਣ ਲਈ ਸੰਸਥਾਵਾਂ ਖੜ੍ਹੀਆਂ ਕਰੀ ਬੈਠੇ ਹਨ। ਵਾਤਾਵਰਨ ਬਚਾਉਣ ਜਾਂ ਗੰਧਲੇ ਹੋ ਰਹੇ ਪਾਣੀ ਨੂੰ ਸੰਭਾਲਣ ਵਾਲੇ ਸੰਤਾਂ ਦੀ ਲੋੜ ਹੈ। ਗਰੀਬ ਬੱਚਿਆਂ ਦੀ ਪੜ੍ਹਾਈ, ਲੋੜਵੰਦ ਗਰੀਬ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਸੰਤ ਲੋਕ ਹੀ ਅੱਗੇ ਆ ਸਕਦੇ ਹਨ। ਸਰਕਾਰਾਂ ਤਾਂ ਖਜ਼ਾਨੇ ਖਾਲੀ ਹੋਣ ਦਾ ਢੰਡੋਰਾ ਪਿੱਟ ਰਹੀਆਂ ਹਨ। ਅੱਜ ਸੰਤ ਸਮਾਜ ਹੀ ਸਾਰੇ ਸਮਾਜ ਦੇ ਭਲੇ ਲਈ ਅੱਗੇ ਆਵੇ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਚਾਈਨਾ ਡੋਰ
ਅੱਜ ਪਤੰਗ ਚੜ੍ਹਾਉਣ ਲਈ ਬੱਚੇ ਜ਼ਿਆਦਾਤਰ ਚਾਈਨਾ ਡੋਰ ਨੂੰ ਅਹਿਮੀਅਤ ਦਿੰਦੇ ਹਨ। ਜੋ ਸਾਡੇ ਹੱਥਾਂ, ਸਾਡੇ ਸਰੀਰ ਅਤੇ ਪਰਿੰਦਿਆਂ ਲਈ ਬੇਹੱਦ ਘਾਤਕ ਸਿੱਧ ਹੋ ਰਹੀ ਹੈ। ਸੜਕਾਂ 'ਤੇ ਜਾ ਰਹੇ ਮੁਸਾਫ਼ਿਰਾਂ ਦੇ ਨਾਲ ਲਿਪਟ ਜਾਣ 'ਤੇ ਕੋਈ ਵੀ ਵੱਡਾ ਹਾਦਸਾ ਵਾਪਰਦਾ ਹੈ। ਜੇ ਇਹ ਡੋਰ ਬਿਜਲੀ ਦੀਆਂ ਤਾਰਾਂ ਨਾਲ ਲੱਗ ਜਾਵੇ ਤਾਂ ਕਰੰਟ ਆ ਸਕਦਾ ਹੈ। ਦੂਜਾ ਰਾਹਗੀਰਾਂ ਲਈ ਇਹ ਡੋਰ ਵੱਡੀ ਮੁਸੀਬਤ ਬਣਦੀ ਹੈ। ਜੇਕਰ ਅਜਿਹੀ ਡੋਰ ਦੇ ਨਤੀਜੇ ਏਨੇ ਖ਼ਤਰਨਾਕ ਹਨ ਤਾਂ ਇਸ ਨੂੰ ਨਾ ਵਰਤਿਆ ਜਾਵੇ। ਲੋੜ ਹੈ ਸੂਤੀ ਧਾਗਿਆਂ ਤੋਂ ਬਣੀਆਂ ਡੋਰਾਂ ਦਾ ਹੀ ਪਤੰਗ ਚੜ੍ਹਾਉਣ ਲਈ ਇਸਤੇਮਾਲ ਕੀਤਾ ਜਾਵੇ। ਪਤੰਗ ਚੜ੍ਹਾਉਣ ਤੋਂ ਪਹਿਲਾਂ ਆਪਣਾ ਤੇ ਆਲੇ-ਦੁਆਲੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪਿੰਡਾਂ ਦੀਆਂ ਪੰਚਾਇਤਾਂ ਤੇ ਸ਼ਹਿਰੀ ਕਮੇਟੀਆਂ ਵੀ ਇਹ ਵੇਖਣ ਕਿ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਨਾ ਵੇਚੇ। ਪ੍ਰਸ਼ਾਸਨ ਆਪਣੀ ਮੁਸਤੈਦੀ ਵਧਾਵੇ।

-ਜਸਦੀਪ ਸਿੰਘ ਖੰਨਾ
ਮੋਬਾਈਲ : 94630-57786.

18-1-2015

ਭਾਈ ਗੁਰਬਖਸ਼ ਸਿੰਘ ਵੱਲੋਂ ਭੁੱਖ-ਹੜਤਾਲ ਖ਼ਤਮ ਕਰਨ 'ਤੇ ਸਿੱਖ ਸੰਗਤਾਂ ਨੂੰ ਮਿਲੀ ਰਾਹਤ
ਭਾਈ ਗੁਰਬਖਸ਼ ਸਿੰਘ ਜੀ ਵੱਲੋਂ ਭੁੱਖ-ਹੜਤਾਲ ਖ਼ਤਮ ਕਰਨ 'ਤੇ ਕਈ ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਨੂੰ ਰਾਹਤ ਮਿਲੀ ਹੋਵੇਗੀ ਕਿਉਂਕਿ ਅਗਰ ਕੁਝ ਵੀ ਅਣਹੋਣੀ ਵਾਪਰ ਜਾਂਦੀ ਤਾਂ ਸਿੱਖਾਂ ਵਿਚ ਬਹੁਤ ਰੋਸ ਪੈਦਾ ਹੋ ਜਾਣਾ ਸੀ। ਬੰਦੀ ਸਿੰਘਾਂ ਦੀ ਰਿਹਾਈ ਲਈ ਉਨ੍ਹਾਂ ਦੀ ਇਹ ਭੁੱਖ-ਹੜਤਾਲ ਕਰੀਬ 63 ਦਿਨ ਤੱਕ ਚੱਲੀ। ਸਿੱਖ ਸੰਗਤਾਂ ਦੀ ਅਪੀਲ ਤੋਂ ਬਾਅਦ ਉਨ੍ਹਾਂ ਨੇ ਭੁੱਖ ਹੜਤਾਲ ਖ਼ਤਮ ਕੀਤੀ। ਉਨ੍ਹਾਂ ਦੇ ਇਸ ਸੰਘਰਸ਼ ਨੇ ਸ: ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਤਾਜ਼ਾ ਕਰਵਾਈ। ਉਨ੍ਹਾਂ ਦੀ 74 ਦਿਨਾਂ ਦੀ ਭੁੱਖ-ਹੜਤਾਲ 27 ਅਕਤੂਬਰ 1969 ਤੱਕ ਚੱਲੀ ਸੀ ਤੇ ਪੰਜਾਬੀਆਂ ਨੂੰ ਇਕ ਇਮਾਨਦਾਰ ਆਗੂ ਗੁਆਉਣਾ ਪਿਆ ਸੀ। ਮੈਨੂੰ ਲੱਗਦਾ ਹੈ ਕਿ ਭਾਈ ਜੀ ਦੇ ਭਗਵੰਤ ਮਾਨ ਨੂੰ ਇਕੱਠਿਆਂ ਅੱਗੇ ਆਉਣਾ ਚਾਹੀਦਾ ਹੈ ਅਤੇ ਭਾਈ ਜੀ ਨੂੰ ਰਾਜਨੀਤੀ 'ਚ ਆਉਣਾ ਚਾਹੀਦਾ ਹੈ ਤਾਂ ਜੋ ਵਿਗੜੇ ਹੋਏ ਸਿਸਟਮ ਨੂੰ ਬਦਲਿਆ ਜਾ ਸਕੇ।

ਏ. ਐਸ. ਕੰਗ ਕੈਨੇਡੀਅਨ
ਪੰਜਾਬੀ ਗਾਇਕ
a.s.kang@tive.com

 

16-1-2015

 ਸਵੱਛ ਭਾਰਤ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਸਵੱਛ ਭਾਰਤ ਮੁਹਿੰਮ ਸ਼ਲਾਘਾਯੋਗ ਕਦਮ ਹੈ। ਵਾਤਾਵਰਨ ਪ੍ਰਦੂਸ਼ਣ ਅਤੇ ਗੰਦ-ਮੰਦ ਦੇ ਕਾਰਨ ਸਾਡਾ ਆਲਾ-ਦੁਆਲਾ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ। ਸਾਹ ਲੈਣ ਲਈ ਸਾਫ਼ ਹਵਾ, ਪੀਣ ਲਈ ਸਾਫ਼ ਪਾਣੀ, ਵਰਤਣ ਲਈ ਸਾਫ਼ ਧਰਤੀ ਦੀ ਕਮੀ ਮਹਿਸੂਸ ਹੋ ਰਹੀ ਹੈ। ਸਵੱਛ ਭਾਰਤ ਦੇ ਚੰਗੇ ਸਿੱਟੇ ਤਾਂ ਹੀ ਸਾਹਮਣੇ ਆ ਸਕਦੇ ਹਨ ਜੇਕਰ ਹਰ ਇਕ ਵਿਅਕਤੀ ਇਹ ਜ਼ਿੰਮੇਵਾਰੀ ਸਮਝੇ ਕਿ ਸਾਰਿਆਂ ਦੀ ਇਕਜੁਟਤਾ ਨਾਲ ਸਾਡਾ ਆਲਾ-ਦੁਆਲਾ ਸਾਫ਼ ਹੋ ਸਕਦਾ ਹੈ। ਸੋ, ਆਓ! ਆਪਣੇ ਘਰ ਪਰਿਵਾਰ ਤੋਂ ਸ਼ੁਰੂ ਕਰਕੇ ਸਮਾਜ ਅਤੇ ਦੇਸ਼ ਵਿਚ ਸਵੱਛ ਭਾਰਤ ਦਾ ਮਿਥਿਆ ਟੀਚਾ ਪੂਰਾ ਕਰੀਏ।

-ਰਣਜੀਤ ਸਿੰਘ ਟੱਲੇਵਾਲ
ਸੇਵਾ-ਮੁਕਤ ਮੁੱਖ ਅਧਿਆਪਕ।

ਜਿਊਂਦੇ ਰਹਿਣ ਲਈ ਪਾਣੀ ਬਚਾਓ

ਹਰ ਜੀਵ ਨੂੰ ਜਿਊਂਦੇ ਰਹਿਣ ਲਈ ਪਾਣੀ ਦੀ ਲੋੜ ਹੈ। ਪਾਣੀ ਤੋਂ ਬਿਨਾਂ ਕੋਈ ਵੀ ਜੀਵ-ਜੰਤੂ ਜਿਊਂਦਾ ਨਹੀਂ ਰਹਿ ਸਕਦਾ। ਪਰ ਜਿਸ ਕਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ, ਪੰਜਾਬ ਦੀ ਜਰਖੇਜ਼ ਧਰਤੀ ਛੇਤੀ ਹੀ ਬੰਜਰ ਹੋ ਜਾਵੇਗੀ। ਖੇਤੀਬਾੜੀ ਵਿਭਾਗ ਅਤੇ ਸਿੰਚਾਈ ਵਿਭਾਗ ਦੇ ਅੰਕੜਿਆਂ ਮੁਤਾਬਿਕ ਅਗਲੇ 20 ਸਾਲਾਂ ਤੱਕ ਪੰਜਾਬ ਨੂੰ ਪਾਣੀ ਖੇਤੀ ਲਈ ਤਾਂ ਦੂਰ ਦੀ ਗੱਲ, ਪੀਣ ਲਈ ਵੀ ਨਸੀਬ ਨਹੀਂ ਹੋਣਾ। ਵਾਤਾਵਰਨ ਨਾਲ ਕੀਤੀ ਜਾ ਰਹੀ ਛੇੜਛਾੜ ਕਾਰਨ ਬਾਰਸ਼ਾਂ ਵੀ ਘਟ ਗਈਆਂ ਹਨ, ਜਿਸ ਕਰਕੇ ਧਰਤੀ ਹੇਠਲੇ ਪਾਣੀ ਦੀ ਪੂਰਤੀ ਲੋੜ ਅਨੁਸਾਰ ਨਹੀਂ ਹੋ ਰਹੀ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀਬਾੜੀ ਵਿਭਾਗ ਦੀ ਮਦਦ ਨਾਲ ਝੋਨੇ ਹੇਠਲੇ ਰਕਬੇ ਨੂੰ ਘਟਾਉਣ ਵਾਸਤੇ ਕਿਸਾਨਾਂ ਨੂੰ ਕੋਈ ਬਦਲਵੀਂ ਲਾਹੇਵੰਦ ਫਸਲ ਦਾ ਰਾਹ ਦੱਸੇ। ਹਰ ਨਾਗਰਿਕ ਦਾ ਵੀ ਫ਼ਰਜ਼ ਬਣਦਾ ਹੈ ਕਿ ਘਰਾਂ ਵਿਚ ਵੀ ਪਾਣੀ ਦੀ ਦੁਰਵਰਤੋਂ ਨਾ ਹੋਣ ਦਿੱਤੀ ਜਾਵੇ। ਜੇ ਅਸੀਂ ਏਨੇ ਕੁਝ ਦੇ ਬਾਵਜੂਦ ਡੂੰਘੀ ਨੀਂਦ ਤੋਂ ਨਾ ਜਾਗੇ ਤਾਂ ਆਉਣ ਵਾਲੀ ਪੀੜ੍ਹੀ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ।

-ਗੁਰਮੀਤ ਸਿੰਘ ਬਾਜਵਾ
ਲੈਕ. ਕੈਮਿਸਟਰੀ, ਸ. ਸ. ਸ. ਸਕੂਲ ਬਾਂਗੋਵਾਣੀ (ਗੁਰਦਾਸਪੁਰ)।

ਬੇਰੁਜ਼ਗਾਰੀ ਦੀ ਸਮੱਸਿਆ

ਗ਼ਰੀਬੀ ਅਤੇ ਜਨਸੰਖਿਆ ਦੁਆਰਾ ਪਾਏ ਜਾਣ ਵਾਲੇ ਦਬਾਅ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਬੇਰੁਜ਼ਗਾਰੀ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਬਦਕਿਸਮਤੀ ਦੀ ਗੱਲ ਤਾਂ ਇਹ ਹੈ ਕਿ ਪੜ੍ਹੇ-ਲਿਖੇ ਨੌਜਵਾਨ ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬਹੁਤ ਸਾਰੇ ਲੋਕ ਆਂਸ਼ਿਕ ਰੂਪ 'ਚ ਹੀ ਕੰਮ ਕਰ ਰਹੇ ਹਨ। ਵਰਤਮਾਨ ਸਮੇਂ 'ਚ ਪਿੰਡਾਂ ਵਿਚ ਵੀ ਨੌਜਵਾਨ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਪੇਂਡੂ ਖੇਤਰਾਂ ਵਿਚ ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਹਰੇਕ ਸਾਲ ਵਧ ਰਹੀ ਹੈ। ਸਰਕਾਰ ਨੇ ਗ਼ਰੀਬੀ ਅਤੇ ਬੇਰੁਜ਼ਗਾਰੀ ਦੇ ਖ਼ਾਤਮੇ ਲਈ ਕੁਝ ਪ੍ਰੋਗਰਾਮ ਤਾਂ ਚਲਾਏ ਹਨ, ਜਿਵੇਂ ਕਿ 'ਨਹਿਰੂ ਰੁਜ਼ਗਾਰ ਯੋਜਨਾ', 'ਪੇਂਡੂ ਰੁਜ਼ਗਾਰ ਯੋਜਨਾ', 'ਪੇਂਡੂ ਵਿਕਾਸ ਪ੍ਰੋਗਰਾਮ' ਆਦਿ ਪਰ ਇਨ੍ਹਾਂ ਸਾਰੇ ਪ੍ਰੋਗਰਾਮਾਂ ਦੇ ਨਤੀਜੇ ਕੋਈ ਬਹੁਤੇ ਸਾਰਥਕ ਨਹੀਂ ਨਿਕਲ ਰਹੇ। ਬੇਰੁਜ਼ਗਾਰੀ ਦੀ ਸਮੱਸਿਆ ਅੱਜ ਵੀ ਦੈਂਤ ਦੇ ਰੂਪ 'ਚ ਸਰਕਾਰ ਸਾਹਮਣੇ ਮੌਜੂਦ ਹੈ। ਭਾਰਤੀ ਲੋਕਤੰਤਰ ਇਸ ਸਮੱਸਿਆ 'ਤੇ ਕਾਬੂ ਪਾਉਣ ਦਾ ਯਤਨ ਤਾਂ ਕਰ ਰਿਹਾ ਹੈ ਪਰ ਸਫਲਤਾ ਅਜੇ ਕਾਫੀ ਦੂਰ ਹੀ ਦਿਖਾਈ ਦਿੰਦੀ ਹੈ।

-ਕਮਲਜੀਤ ਸਿੰਘ
ਪਿੰਡ: ਮੱਲ੍ਹੀਆਂ (ਕਰਤਾਰਪੁਰ)।

15-1-2015

ਸਕੂਲਾਂ ਲਈ ਸ਼ੁੱਧ ਪਾਣੀ ਜ਼ਰੂਰੀ
ਦੇਸ਼ ਦੀ ਆਜ਼ਾਦੀ ਦੇ 68 ਸਾਲਾਂ ਬਾਅਦ ਵੀ ਪ੍ਰਾਇਮਰੀ ਸਕੂਲਾਂ ਦੇ ਗ਼ਰੀਬ ਨੰਨ੍ਹੇ-ਮੁੰਨੇ ਬੱਚੇ ਸ਼ੁੱਧ ਪਾਣੀ ਲਈ ਤਰਸ ਰਹੇ ਹਨ। ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿਚ ਸਰਕਾਰ ਅਜੇ ਵੀ ਸ਼ੁੱਧ ਪਾਣੀ ਮੁਹੱਈਆ ਨਹੀਂ ਕਰਵਾ ਸਕੀ। ਹਾਲਾਤ ਦੀ ਮਜਬੂਰੀ ਵਸ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਰਾਜ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। 6 ਤੋਂ 14 ਸਾਲ ਦੇ ਬੱਚਿਆਂ ਦਾ ਸਿੱਖਿਆ ਮੌਲਿਕ ਹੱਕ ਹੋਣ ਦੇ ਬਾਵਜੂਦ ਉਹ ਬਹੁਤ ਸਾਰੀਆਂ ਸਹੂਲਤਾਂ ਤੋਂ ਸੱਖਣੇ ਹਨ। ਬੇਸ਼ੱਕ ਕੁਝ ਸਮਾਂ ਪਹਿਲਾਂ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਨੂੰ ਸ਼ੁੱਧ ਪਾਣੀ ਦੇਣ ਲਈ ਆਰ.ਓ. ਲਗਾਏ ਗਏ ਸਨ, ਪਰ ਅੱਜ ਉਹ ਵੀ ਨਕਾਰਾ ਹਾਲਤ ਵਿਚ ਹਨ, ਉਨ੍ਹਾਂ ਦੀ ਮੁਰੰਮਤ ਨਹੀਂ ਹੋ ਰਹੀ। ਹਾਲਾਤ ਇਹ ਹਨ ਕਿ ਛੋਟੇ-ਛੋਟੇ ਬੱਚੇ ਗੰਦਾ ਪਾਣੀ ਪੀਣ ਲਈ ਮਜਬੂਰ ਹਨ। 'ਸਿੱਖਿਆ ਦਾ ਅਧਿਕਾਰ ਕਾਨੂੰਨ-2009' ਬੱਚਿਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਣ ਦਾ ਜ਼ਿਕਰ ਕਰਦਾ ਹੈ ਪ੍ਰੰਤੂ ਇਹ ਕਾਨੂੰਨ ਕੇਵਲ ਕਾਗਜ਼ੀ ਬਣ ਕੇ ਰਹਿ ਗਿਆ ਹੈ। ਇਸ ਲਈ ਹੀ ਪ੍ਰਾਈਵੇਟ ਸਕੂਲ ਸਰਕਾਰੀ ਸਕੂਲਾਂ ਨੂੰ ਪਛਾੜ ਰਹੇ ਹਨ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖ਼ਾਸ, ਤਹਿ: ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।

13-1-2015

 ਮਾਂ-ਬੋਲੀ ਪੰਜਾਬੀ ਦਾ ਸਤਿਕਾਰ
ਅੱਜ ਪੰਜਾਬੀ ਮਾਂ ਬੋਲੀ ਦਾ ਉਹ ਸਤਿਕਾਰ ਨਹੀਂ, ਜੋ ਹੋਣਾ ਚਾਹੀਦਾ ਸੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਕਰਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਨਿਯਮ ਤਾਂ ਬਣਾ ਲਏ ਜਾਂਦੇ ਹਨ, ਪ੍ਰੰਤੂ ਲਾਗੂ ਕਰਨ ਲਈ ਠੋਸ ਨੀਤੀ ਦੀ ਕਮੀ ਜ਼ਰੂਰ ਝਲਕਦੀ ਪ੍ਰਤੀਤ ਹੁੰਦੀ ਹੈ। ਅੱਜ ਹਰ ਆਮ ਤੇ ਖਾਸ ਦੋ ਚਾਰ ਸ਼ਬਦ ਆਪਣੇ ਵਾਰਤਾਲਾਪ ਵਿਚ ਅੰਗਰੇਜ਼ੀ ਦੇ ਕਹਿਣ ਨਾਲ ਮਾਣ ਜਿਹਾ ਮਹਿਸੂਸ ਕਰਦਾ ਹੈ। ਪ੍ਰੰਤੂ ਇਨਸਾਨ ਸੋਚਦਾ ਤੇ ਸੁਪਨੇ ਆਪਣੀ ਮਾਂ ਬੋਲੀ ਵਿਚ ਹੀ ਲੈਂਦਾ ਹੈ। ਕਿਸ ਤਰ੍ਹਾਂ ਇਕ ਲੰਬੇ ਸੰਘਰਸ਼ ਤੋਂ ਬਾਅਦ 1967 ਈ: ਵਿਚ ਪੰਜਾਬੀ ਨੂੰ ਪੰਜਾਬ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੋਇਆ। ਅਦਾਰਾ 'ਅਜੀਤ' ਅਤੇ ਹੋਰ ਪੰਜਾਬੀ ਸਹਿਤ ਨਾਲ ਜੁੜੀਆਂ ਸੰਸਥਾਵਾਂ ਯਤਨਸ਼ੀਲ ਜ਼ਰੂਰ ਦਿਖਾਈ ਦਿੰਦੀਆਂ ਹਨ। ਪ੍ਰੰਤੂ ਉਨ੍ਹਾਂ ਦੀ ਮਿਹਨਤ ਦਾ ਅਸਲੀ ਫਲ ਤਾਂ ਸੂਬਾ ਸਰਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਪ੍ਰਤੀ ਆਪਣੇ ਨੈਤਿਕ ਫਰਜ਼ਾਂ ਨੂੰ ਪਛਾਣਦੇ ਹੋਏ ਤੇਜ਼ੀ ਨਾਲ ਕਾਰਵਾਈ ਕਰਕੇ ਹੀ ਹੋਵੇਗਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇੱਥੋਂ ਦੀ ਨੌਜਵਾਨੀ ਆਪਣੇ ਗੌਰਵਮਈ ਪੰਜਾਬੀ ਵਿਰਸੇ ਤੇ ਸੱਭਿਆਚਾਰ ਤੋਂ ਵਿਹੂਣੀ ਨਜ਼ਰ ਆਵੇਗੀ।

-ਮਾ: ਅਮਰਜੀਤ ਸਿੰਘ ਘੁਡਾਣੀ
ਦੋਰਾਹਾ (ਲੁਧਿਆਣਾ)।

ਯੂਰੀਏ ਦਾ ਯਥਾਰਥ
ਯੂਰੀਏ ਦੀ ਖਾਦ ਦੀ ਕਮੀ ਨੇ ਕਿਸਾਨਾਂ ਦੇ ਨੱਕ 'ਚ ਦਮ ਕਰ ਰੱਖਿਆ ਹੈ ਜਦ ਕਿ ਸਰਕਾਰ ਇਹ ਮੰਨਣ ਤੋਂ ਇਨਕਾਰੀ ਹੈ ਕਿ ਯੂਰੀਏ ਦੀ ਕਮੀ ਹੈ। ਸਚਾਈ ਤਾਂ ਇਹ ਹੈ ਕਿ ਨਾਈਟ੍ਰੋਜਨ ਦੀ ਘਾਟ ਕਰਕੇ ਕਿਸਾਨਾਂ ਦੀ ਕਣਕ ਦੀ ਫਸਲ ਪੀਲੀ ਪੈਣੀ ਸ਼ੁਰੂ ਹੋ ਚੁੱਕੀ ਹੈ। ਜੇਕਰ ਯੂਰੀਏ ਦੀ ਘਾਟ ਇਸੇ ਤਰ੍ਹਾਂ ਬਰਕਾਰ ਰਹਿੰਦੀ ਹੈ ਤਾਂ ਪਹਿਲਾਂ ਹੀ ਕਰਜ਼ਾਈ ਕਿਸਾਨੀ ਨੂੰ ਹੋਰ ਆਰਥਿਕ ਘਾਟੇ ਦੀ ਸੱਟ ਵੱਜੇਗੀ। ਜਦੋਂ ਕਿ ਕੇਂਦਰੀ ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਯੂਰੀਏ ਦੀ ਘਾਟ ਦਾ ਮੁੱਖ ਕਾਰਨ ਇਸ ਦੀ ਵੰਡ ਪ੍ਰਣਾਲੀ ਵਿਚ ਤਰੁਟੀਆਂ ਹਨ। ਪੰਜਾਬ ਦੇ ਕਿਸਾਨ ਵੀ ਫਸਲਾਂ ਤੋਂ ਵਧੇਰੇ ਝਾੜ ਲੈਣ ਲਈ ਨਾਈਟ੍ਰੋਜਨ ਦੀ ਵਰਤੋਂ ਲੋੜ ਨਾਲੋਂ ਵੱਧ ਕਰਦੇ ਹਨ। ਇਸ ਨਾਲ ਫਾਇਦਾ ਹੋਣ ਦੀ ਬਜਾਏ ਫਸਲ ਦਾ ਨੁਕਸਾਨ ਹੀ ਹੁੰਦਾ ਹੈ। ਪੰਜਾਬ ਸਰਕਾਰ ਨੂੰ ਕਿਸਾਨਾਂ ਲਈ ਲੋੜੀਂਦੀ ਯੂਰੀਏ ਦੀ ਖਾਦ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

-ਜਗਤਾਰ ਸਿੰਘ ਰੂਲਦੂ ਸਿੰਘ ਵਾਲਾ
ਹੈਲਥ ਇੰਸਪੈਕਟਰ ਸੀ.ਐਚ.ਸੀ. ਅਮਰਗੜ੍ਹ ਸੰਗਰੂਰ।

ਸੜਕੀ ਅੱਤਵਾਦ
ਨਿਤ ਦਿਨ ਦੀਆਂ ਅਖ਼ਬਾਰਾਂ ਦੇ ਪੰਨੇ ਵੇਖਦਿਆਂ ਅਕਸਰ ਹੀ ਹੌਲਨਾਕ ਖ਼ਬਰਾਂ ਨਾਲ ਸਬੰਧਤ ਤਸਵੀਰਾਂ ਨਜ਼ਰੀਂ ਪੈਂਦੀਆਂ ਹਨ। ਪੰਜਾਬ ਵਿਚ ਪਿਛਲੇ 15 ਸਾਲਾਂ ਵਿਚ ਹਾਦਸਿਆਂ ਕਾਰਨ ਅਖਬਾਰੀ ਸੂਚਨਾਵਾਂ ਅਨੁਸਾਰ 39652 ਮੌਤਾਂ ਹੋਈਆਂ ਹਨ। ਇਸ ਸਾਲ ਹਾਦਸਿਆਂ ਵਿਚ ਹੋਈਆਂ 3260 ਮੌਤਾਂ ਕਾਰਨ ਪੰਜਾਬ ਦੇਸ਼ ਭਰ ਵਿਚ ਦੂਜੇ ਸਥਾਨ 'ਤੇ ਹੈ, ਜਦ ਕਿ ਨਾਗਾਲੈਂਡ ਪਹਿਲੇ ਨੰਬਰ 'ਤੇ ਆਉਂਦਾ ਹੈ। ਬੜੇ ਅਫ਼ਸੋਸ ਦੀ ਗੱਲ ਹੈ ਕਿ ਮਨੁੱਖ ਦੀ 'ਕਾਹਲ' ਹੀ ਮਨੁੱਖ ਨੂੰ ਨਿਗਲਦੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਵਿਚਲਾ ਜੁਗਾੜੀ ਟ੍ਰੈਫਿਕ ਪ੍ਰਬੰਧ ਸੜਕਾਂ ਕੰਢੇ ਖੁੱਲ੍ਹੇ ਸ਼ਰਾਬ ਦੇ ਠੇਕੇ, ਆਵਾਰਾ ਪਸ਼ੂਆਂ ਦਾ ਹਨੇਰੇ ਸਵੇਰੇ ਸੜਕਾਂ 'ਤੇ ਦਨਦਨਾਉਣਾ ਵੀ ਕੀਮਤੀ, ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਿਹਾ ਹੈ। ਅੰਤਲੀ ਸਿਰੇ ਦੀ ਗੱਲ ਇਹ ਹੈ ਕਿ ਸੜਕਾਂ ਦੇ ਕਿਨਾਰੇ ਅਕਸਰ ਹੀ ਸਾਨੂੰ ਸਭ ਨੂੰ ਆਪਣੀ ਸੁਰੱਖਿਆ ਲਈ ਜਾਗ੍ਰਿਤ ਕਰਨ ਵਾਲੇ ਅਨੇਕਾਂ ਬੋਰਡ, ਜਿਨ੍ਹਾਂ 'ਤੇ 'ਜਾਨ ਹੈ ਜਹਾਨ ਹੈ', 'ਕਦੀ ਨਾ ਪਹੁੰਚਣ ਨਾਲੋਂ ਦੇਰ ਭਲੀ' ਆਦਿ ਨਾਅਰੇ ਨਜ਼ਰੀਂ ਪੈਂਦੇ ਹਨ ਪਰ ਸ਼ਾਇਦ ਸਾਡੇ ਕੋਲ ਸਮਾਂ ਹੀ ਨਹੀਂ ਹੈ ਇਹ ਸਭ ਵੇਖਣ ਪੜ੍ਹਨ ਦਾ।

-ਪ੍ਰਿੰ: ਗੁਰਬਚਨ ਸਿੰਘ ਲਾਲੀ
ਲੇਖਕ ਮੰਚ, ਪੱਟੀ।

ਸ਼ੋਰ ਪ੍ਰਦੂਸ਼ਣ
ਜੇਕਰ ਹਾਲਾਤ 'ਤੇ ਨਜ਼ਰਸਾਨੀ ਕਰੀਏ ਤਾਂ ਪੰਜਾਬ ਦੇ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ 'ਤੇ ਸ਼ੋਰ ਪ੍ਰਦੂਸ਼ਣ ਕਾਨੂੰਨ ਦੀ ਪਾਲਣਾ ਨਾ ਹੋਣ ਕਾਰਨ ਇਹ ਕਾਨੂੰਨ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਲਗਦਾ ਹੈ। ਪੰਜਾਬ ਦੇ ਹਰੇਕ ਇਲਾਕੇ ਵਿਚ ਪ੍ਰੈਸ਼ਰ ਹਾਰਨਾਂ ਵਿਰੁੱਧ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਮੋਟਰਸਾਈਕਲਾਂ ਦੇ ਸਲੰਸਰਾਂ ਰਾਹੀਂ ਕੱਢੀਆਂ ਜਾਂਦੀਆਂ ਪਟਾਕਿਆਂ ਦੀਆਂ ਆਵਾਜ਼ਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਕਿ ਪ੍ਰੈਸ਼ਰ ਹਾਰਨਾਂ, ਗ਼ਲਤ ਸ਼ਬਦਾਵਲੀ ਵਾਲੀਆਂ ਨੰਬਰ ਪਲੇਟਾਂ 'ਤੇ ਅਤੇ ਪ੍ਰੈੱਸ ਸ਼ਬਦ ਦੀ ਪੜਤਾਲ ਕਰਕੇ ਗੱਲਾਂਬਾਤਾਂ ਨਾਲ ਨਹੀਂ ਸਗੋਂ ਵਿਗੜੇ-ਤਿਗੜਿਆਂ ਦਾ ਇਲਾਜ ਕੀਤਾ ਜਾਵੇ ਤਾਂ ਕਿ ਆਮ ਲੋਕ ਸੁਖਮਈ ਦਾ ਸਾਹ ਲੈ ਸਕਣ।

-ਮਲਕੀਤ ਸਿੰਘ ਧਤੋਦਾਂ
ਮੋਬਾਈਲ : 89685-74175.

12-1-2015

 ਅਣਗਹਿਲੀ ਕਿਉਂ?
ਅੱਜ ਸਾਡੇ ਦੇਸ਼ ਵਿਚ ਰੋਜ਼ਾਨਾ ਅਨੇਕਾਂ ਸੜਕ ਹਾਦਸੇ ਵਾਪਰ ਰਹੇ ਹਨ। ਸੜਕੀ ਹਾਦਸਿਆਂ ਵਿਚ ਰੋਜ਼ਾਨਾ ਅਨੇਕਾਂ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ। ਸੜਕਾਂ ਉੱਪਰ ਆਏ ਦਿਨ ਗੁਜ਼ਰਨ ਵਾਲੇ ਵਹੀਕਲਾਂ ਵਿਚ ਬੇਹਤਾਸ਼ਾ ਵਾਧਾ ਤਾਂ ਹੋ ਰਿਹਾ ਹੈ ਪਰ ਇਸ ਦੇ ਬਦਲੇ ਵਿਚ ਸੜਕਾਂ ਦਾ ਕੋਈ ਜ਼ਿਆਦਾ ਪੁਨਰ ਨਿਰਮਾਣ ਨਹੀਂ ਹੋ ਰਿਹਾ ਹੈ। ਖਸਤਾ ਹੋਈਆਂ ਸੜਕਾਂ ਅਤੇ ਭੀੜ-ਭੜੱਕੇ ਵਾਲੇ ਰਾਹਾਂ ਵਿਚ ਜ਼ਿਆਦਾ ਸੜਕੀ ਹਾਦਸੇ ਹੁੰਦੇ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਸੜਕੀ ਹਾਦਸਿਆਂ ਲਈ ਸਾਡੀ ਖੁਦ ਦੀ ਅਣਗਹਿਲੀ ਹੀ ਜ਼ਿੰਮੇਵਾਰ ਹੁੰਦੀ ਹੈ। ਅੱਜ ਭਰੇ ਬਾਜ਼ਾਰਾਂ ਵਿਚ 15-15 ਸਾਲ ਦੇ ਲੜਕੇ/ਲੜਕੀਆਂ ਮੋਟਰਸਾਈਕਲ, ਸਕੂਟਰੀਆਂ ਤੇ ਗੱਡੀਆਂ ਤੇਜ਼ ਰਫ਼ਤਾਰ ਦੜਾਉਂਦੇ ਆਮ ਹੀ ਦੇਖੇ ਜਾ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਕੋਲ ਕੋਈ ਡਰਾਈਵਿੰਗ ਲਾਈਸੰਸ ਵੀ ਨਹੀਂ ਹੁੰਦਾ ਅਤੇ ਇਨ੍ਹਾਂ ਦੁਆਰਾ ਚਲਾਇਆ ਜਾਂਦਾ ਤੇਜ਼ ਵਹੀਕਲ ਕਦੋਂ ਕਿਸੇ ਸਾਹਮਣੇ ਤੋਂ ਆ ਰਹੇ ਕਿਸੇ ਬੇਕਸੂਰ ਦੀਆਂ ਲੱਤਾਂ ਤੋੜ ਦੇਵੇ, ਕੋਈ ਪਤਾ ਨਹੀਂ ਲਗਦਾ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਵੱਲੋਂ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਵਿਚ ਟੁੰਨ ਹੋ ਕੇ ਬੜੇ ਹੀ ਗ਼ਲਤ ਤਰੀਕੇ ਨਾਲ ਸੜਕਾਂ 'ਤੇ ਵਾਹਨ ਚਲਾਏ ਜਾਂਦੇ ਹਨ। ਲੋੜ ਹੈ ਅਜਿਹੇ ਗ਼ਲਤ ਰੁਝਾਨਾਂ ਨੂੰ ਠੱਲ੍ਹ ਪਾਉਣ ਦੀ।

-ਰਾਜਾ ਗਿੱਲ
ਚੜਿੱਕ (ਮੋਗਾ)।

'ਨਿੱਕ-ਸੁੱਕ' ਬਾਰੇ
ਪਿਛਲੇ ਦਿਨੀਂ 'ਅਜੀਤ' ਵਿਚ ਸ: ਗੁਲਜ਼ਾਰ ਸਿੰਘ ਸੰਧੂ ਦੇ ਕਾਲਮ 'ਨਿੱਕ-ਸੁੱਕ' ਵਿਚ 'ਬਲਦੇਵ ਸਿੰਘ, ਕਮਲਾ ਅਕਾਲੀ ਤੇ ਹਮਦਰਦ ਜੀ ਦੀ ਯਾਦ ਵਿਚ' ਲੇਖ ਪੜ੍ਹਿਆ। ਵਧੀਆ ਲੇਖ ਸੀ। ਡਾ: ਸਾਧੂ ਸਿੰਘ ਹਮਦਰਦ ਜੀ ਬਾਰੇ ਤਾਂ 'ਹਜ਼ਾਰੋਂ ਸਾਲ ਨਰਗਸ ਅਪਨੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ' (ਸਰ ਮੁਹੰਮਦ ਇਕਬਾਲ) ਕਹਿਣਾ ਬਣਦਾ ਹੈ।
ਲੇਖ ਦੇ ਦੂਜੇ ਹਿੱਸੇ ਵਿਚ ਸੰਧੂ ਸਾਹਿਬ ਨੇ ਮੋਤੀ ਮਹਿਰੇ ਵੱਲੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਵਾਲੀ ਘਟਨਾ ਉਸ ਵੇਲੇ ਦੀ ਲਿਖੀ ਹੈ, ਜਦੋਂ ਉਹ ਗੰਗੂ ਦੇ ਘਰ ਪਨਾਹ ਲੈ ਕੇ ਠਹਿਰੇ ਸਨ। ਦਰਹਕੀਕਤ ਇਸ ਘਟਨਾ ਦਾ ਸਥਾਨ 'ਠੰਢਾ ਬੁਰਜ, ਫਤਹਿਗੜ੍ਹ ਸਾਹਿਬ' ਹੈ। ਨਬੀ ਖਾਂ ਅਤੇ ਗਨੀ ਖਾਂ, ਪਠਾਨ ਭਰਾਵਾਂ ਵੱਲੋਂ ਲੇਖ ਅਨੁਸਾਰ ਚਮਕੌਰ ਦੀ ਗੜ੍ਹੀ ਵਿਚੋਂ ਦਸਮ ਪਾਤਸ਼ਾਹ ਨੂੰ ਬਾਹਰ ਕੱਢਣਾ ਅਤੇ ਸੁਰੱਖਿਅਤ ਲਿਜਾਣਾ ਦਰਸਾਇਆ ਹੈ। ਭਾਵੇਂ ਕੁਝ ਇਤਿਹਾਸਕਾਰ ਇਸ ਤਰ੍ਹਾਂ ਕਹਿੰਦੇ ਹੋਣ ਪਰ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ, ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾਕਟਰ ਗੰਡਾ ਸਿੰਘ (ਸਿੱਖ ਇਤਿਹਾਸ 1469-1765, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦੋਵੇਂ ਪਠਾਨ ਭਰਾਵਾਂ ਦਾ ਗੁਰੂ ਜੀ ਨਾਲ ਮਿਲਾਪ 'ਮਾਛੀਵਾੜੇ' ਦੇ ਜੰਗਲ ਵਿਚ ਹੋਇਆ ਮੰਨਦੇ ਹਨ।

-ਕੁਲਦੀਪ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ।

ਸ਼ੁੱਭ-ਕਾਮਨਾਵਾਂ
ਸਾਲ 2015 ਦਾ ਆਗਾਜ਼ ਹੋ ਚੁੱਕਾ ਹੈ ਤੇ ਸਾਲ 2014 ਸਾਨੂੰ ਅਲਵਿਦਾ ਕਹਿ ਕੇ ਆਪਣੀਆਂ ਮਿੱਠੀਆਂ-ਕੌੜੀਆਂ ਯਾਦਾਂ ਛੱਡ ਗਿਆ ਹੈ। ਸਾਲ 2015 ਵਿਚ ਕੁੱਲ ਆਲਮ ਵਿਚ ਸ਼ਾਂਤੀ ਅਮਨ ਤੇ ਆਪਸੀ ਭਾਈਚਾਰਾ ਬਣਿਆ ਰਹੇ ਇਹੋ ਹੀ ਹਰ ਸ਼ਾਂਤੀਪਸੰਦ ਇਨਸਾਨ ਦੀ ਦੁਆ ਹੈ। 'ਅਜੀਤ' ਦਾ ਚੰਡੀਗੜ੍ਹ ਤੋਂ ਪ੍ਰਕਾਸ਼ਨ ਨਵੇਂ ਵਰ੍ਹੇ ਵਿਚ ਨਵੇਂ ਤੇ ਨਿਵੇਕਲੇ ਕੀਰਤੀਮਾਨ ਸਥਾਪਤ ਕਰੇਗਾ। ਇਹੋ ਹੀ ਇੱਛਾ ਸਭ ਦੀ ਹੈ। ਪ੍ਰਮਾਤਮਾ ਕਰੇ ਅਜੀਤ ਸਮੂਹ ਦਿਨ-ਰਾਤ ਤਰੱਕੀ ਕਰਦਾ ਰਹੇ। ਹੱਕ-ਸੱਚ 'ਤੇ ਪਹਿਰਾ ਦਿੰਦਾ ਹੋਇਆ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰੇ। ਸਾਰੀ ਦੁਨੀਆ ਵਿਚ ਸ਼ਾਂਤੀ ਦਾ ਬੋਲਬਾਲਾ ਹੋਵੇ। ਖ਼ੁਸ਼ਹਾਲੀ ਅਤੇ ਮਾਨਵਤਾ ਦਾ ਚਾਨਣ ਚਾਰੇ ਪਾਸੇ ਫੈਲੇ। ਪਰਮਾਤਮਾ ਕਰੇ 2015 ਵਰ੍ਹਾ ਖੁਸ਼ੀਆਂ ਤੇ ਉਮੰਗਾਂ ਭਰਿਆ ਹੋਵੇ।

-ਅਸ਼ੋਕ ਸਰਾਹਣੂ
ਪਿੰਡ ਤੇ ਡਾਕ: ਰਸੂਲਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।

ਸ਼੍ਰੋਮਣੀ ਕਮੇਟੀ ਦੇ ਫੰਡ
ਬੀਤੇ ਦਿਨੀਂ 'ਅਜੀਤ' ਵਿਚ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਦੇ ਫੰਡਾਂ ਬਾਰੇ ਜਾਣਕਾਰੀ ਮਿਲੀ ਜੋ ਕਿ ਗ਼ਲਤ ਢੰਗ ਨਾਲ ਧਰਮ ਪ੍ਰਚਾਰ ਕਮੇਟੀ ਨੇ ਵੰਡੇ ਸਨ। ਇਸ ਕਾਣੀ-ਵੰਡ ਬਾਰੇ ਆਮ ਲੋਕਾਂ ਨੂੰ ਤਾਂ ਕਦੇ ਵੀ ਜਾਣਕਾਰੀ ਨਹੀਂ ਮਿਲ ਸਕਦੀ ਜੇ ਅਖ਼ਬਾਰਾਂ ਜਾਂ ਮੀਡੀਏ ਵਿਚ ਇਹ ਗੱਲਾਂ ਕਦੇ ਨਾ ਆਵੇ। ਸਿਆਸਤਦਾਨਾਂ ਬਾਰੇ ਤਾਂ ਸੁਣਦੇ ਸਾਂ ਕਿ ਉਹ ਆਪਣੇ ਹਲਕੇ ਵਿਚ ਜ਼ਿਆਦਾ ਫੰਡ ਵਰਤਦੇ ਹਨ। ਇਸੇ ਰਾਹ 'ਤੇ ਸ਼੍ਰੋਮਣੀ ਕਮੇਟੀ ਦਾ ਚਲਣਾ ਬਹੁਤ ਹੀ ਗ਼ਲਤ ਹੈ। ਦੂਜੇ ਪਾਸੇ ਉਹ ਲੋਕ ਵੀ ਹਨ ਜੋ ਆਪਣੇ ਧਰਮ ਜਾਂ ਮੱਤ ਦਾ ਪ੍ਰਚਾਰ ਕਰਨ ਲਈ ਦਿਨ-ਰਾਤ ਇਕ ਕਰ ਰਹੇ ਹਨ ਤੇ ਦੂਜੇ ਲੋਕਾਂ ਨੂੰ ਆਪਣੇ ਧਰਮ ਵੱਲ ਖਿੱਚ ਰਹੇ ਹਨ। ਪੰਜਾਬ 'ਚ ਇਸ ਮਾਮਲੇ ਵਿਚ ਬਹੁਤ ਮਿਸਾਲਾਂ ਅਸੀਂ ਤੱਕਦੇ ਵੀ ਹਾਂ। ਜੇ ਅੱਜ ਸਿੱਖੀ ਨੂੰ ਬਚਾਉਣਾ ਹੈ ਤਾਂ ਵੱਡੇ ਪੱਧਰ 'ਤੇ ਧਰਮ ਪ੍ਰਚਾਰ ਦੀ ਲੋੜ ਤਾਂ ਹੈ ਹੀ ਨਾਲ ਹੀ ਦ੍ਰਿੜ੍ਹ ਹੋ ਕੇ ਇਸ ਦੇ ਪ੍ਰਚਾਰ ਵਿਚ ਜੁਟਣਾ ਸਿੱਖ ਸੰਸਥਾਵਾਂ ਦਾ ਮੁਢਲਾ ਫ਼ਰਜ਼ ਹੈ। ਸਿਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ।

-ਬਲਬੀਰ ਸਿੰਘ ਬੱਬੀ
ਮੋਬਾਈਲ : 92175-92531.

9-1-2015

 ਕਿਰਤੀ ਲੋਕ ਗ਼ੁਲਾਮ ਕਿਉਂ?

ਇਕ ਕੌਮਾਂਤਰੀ ਸੰਗਠਨ ਦੀ ਰਿਪੋਰਟ ਅਨੁਸਾਰ ਅੱਜ ਵੀ ਕੀਰਤੀ ਲੋਕ ਗੁਲਾਮੀ ਵਾਲੇ ਹਾਲਾਤ ਵਿਚੋਂ ਗੁਜ਼ਰ ਰਹੇ ਹਨ। ਇਸ ਰਿਪੋਰਟ ਵਿਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਸਪੱਸ਼ਟ ਦਰਸਾਇਆ ਗਿਆ ਹੈ। ਰਿਪੋਰਟ ਅਨੁਸਾਰ ਬੰਧੂਆ ਮਜ਼ਦੂਰ, ਘਰਾਂ ਵਿਚ ਨੌਕਰ, ਢਾਬਿਆਂ, ਫਾਰਮਾਂ ਅਤੇ ਖਾਣਾਂ ਵਿਚ ਕਿਰਤੀ ਲੋਕ ਗੁਲਾਮੀ ਵਾਲੇ ਹਾਲਾਤ ਵਿਚੋਂ ਗੁਜ਼ਰ ਰਹੇ ਹਨ। ਗਰੀਬਾਂ ਤੇ ਬੇਰੁਜ਼ਗਾਰਾਂ ਨੂੰ ਅਖੌਤੀ ਕਿਰਤ ਦੇ ਨਾਂਅ 'ਤੇ ਗੁਲਾਮ ਬਣਾਇਆ ਜਾ ਰਿਹਾ ਹੈ। ਇਥੇ ਵੀ ਕੰਮ ਦਾ ਨਿਸਚਿਤ ਕੀਤਾ ਗਿਆ ਸਮਾਂ ਲਾਗੂ ਹੋਣਾ ਚਾਹੀਦਾ ਹੈ। ਅੱਜ ਆਜ਼ਾਦ ਭਾਰਤ ਵਿਚ ਗਰੀਬ ਤੇ ਮਜਬੂਰ ਲੋਕਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਹ ਸਭ ਸਮਾਜਿਕ ਸੁਰੱਖਿਆ ਦੀ ਘਾਟ ਕਾਰਨ ਅਤੇ ਕਾਨੂੰਨੀ ਤੌਰ 'ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਘਾਟ ਕਾਰਨ ਹੋ ਰਿਹਾ ਹੈ। ਅੱਜ ਜ਼ਰੂਰੀ ਹੋ ਗਿਆ ਹੈ ਕਿ ਸਮਾਜਿਕ ਸੁਰੱਖਿਆ ਤੇ ਮਨੁੱਖੀ ਅਧਿਕਾਰਾਂ ਨੂੰ ਪਹਿਲ ਦਿੱਤੀ ਜਾਵੇ ਤਾਂ ਕਿ ਇਹ ਗੁਲਾਮ ਲੋਕ ਵੀ ਆਜ਼ਾਦ ਫਿਜ਼ਾ ਦਾ ਆਨੰਦ ਲੈ ਸਕਣ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਸਿਹਤ ਨਾਲ ਖਿਲਵਾੜ

ਬੇਸ਼ੱਕ ਰੱਬ ਤਾਂ ਕਿਸੇ ਨੇ ਵੇਖਿਆ ਨਹੀਂ ਪਰ ਜੇ ਧਰਤੀ 'ਤੇ ਰੱਬ ਕਿਹਾ ਜਾਂਦਾ ਹੈ ਉਹ ਹੈ ਡਾਕਟਰ। ਬਿਮਾਰ ਵਿਅਕਤੀ ਨੂੰ ਠੀਕ ਕਰ ਨਵੀਂ ਜ਼ਿੰਦਗੀ ਦੇਣ ਵਾਲਾ ਡਾਕਟਰ ਹੀ ਹੈ ਪਰ ਕੁਝ ਸਮਾਂ ਪਹਿਲਾਂ ਗੁਰਦਾਸਪੁਰ ਦੇ ਘੁਮਾਣ 'ਚ 50 ਲੋਕਾਂ ਨੇ ਆਪ੍ਰੇਸ਼ਨ ਕਰਵਾਇਆ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਅਣਗਹਿਲੀ ਕਾਰਨ ਸਾਡੀ ਇਹ ਅੱਖਾਂ ਦੀ ਰੌਸ਼ਨੀ ਵੀ ਜਾਂਦੀ ਰਹੇਗੀ। ਜੇ ਵੇਖੀਏ ਤਾਂ ਇਸ ਵਿਚ ਪ੍ਰਬੰਧਕ ਤੇ ਡਾਕਟਰ ਹੀ ਦੋਸ਼ੀ ਮੰਨੇ ਜਾ ਰਹੇ ਹਨ। ਕਿਉਂ ਜੋ ਉਨ੍ਹਾਂ ਨੇ ਬਿਨਾਂ ਕਿਸੇ ਮਨਜ਼ੂਰੀ ਦੇ ਇਹ ਕੈਂਪ ਲਗਾਇਆ ਤੇ ਬਾਅਦ ਵਿਚ ਮਰੀਜ਼ਾਂ ਦਾ ਕੋਈ ਧਿਆਨ ਨਹੀਂ ਕੀਤਾ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਵਿਅਕਤੀਆਂ 'ਤੇ ਸ਼ਿਕੰਜਾ ਕੱਸਿਆ ਜਾਵੇ। ਉਂਜ ਵੀ ਸਾਡੇ ਮੁਲਕ ਵਿਚ ਕਿਸੇ ਘਟਨਾ ਤੋਂ ਬਾਅਦ ਹੀ ਪ੍ਰਸ਼ਾਸਨ ਜਾਗਦਾ ਹੈ। ਕੀ ਅਜਿਹੇ ਕੈਂਪ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ? ਇਹ ਵੀ ਸੋਚਣ ਵਾਲੀ ਗੱਲ ਹੈ। ਅਜਿਹੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਗਰੀਬ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਤਾਂ ਜੋ ਅੱਗੋਂ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰੇ। ਬਜ਼ੁਰਗ ਨੂੰ ਤਾਂ ਅੱਜਕਲ੍ਹ ਚੰਗੇ-ਭਲੇ ਲੋਕੀ ਨਹੀਂ ਸੰਭਾਲਦੇ ਪਰ ਇਨ੍ਹਾਂ ਦੀ ਰੌਸ਼ਨੀ ਜਾਣ ਤੋਂ ਬਾਅਦ ਹੁਣ ਕਾਫੀ ਦਿੱਕਤਾਂ ਆਉਣਗੀਆਂ।

-ਜਸਦੀਪ ਸਿੰਘ ਖੰਨਾ
ਮੋ: 94630-57786.

ਅਖੌਤੀ ਬਾਬੇ

ਸਰਕਾਰ ਜਿਹੜੇ ਵੀ ਅਖੌਤੀ ਸਾਧ ਨੂੰ ਹੱਥ ਪਾਉਂਦੀ ਹੈ, ਵਿਚੋਂ ਜੋ ਵੀ ਨਿਕਲਦਾ ਹੈ, ਉਹ ਜੱਗ ਦੇ ਸਾਹਮਣੇ ਹੈ। ਸਾਡੇ ਦੇਸ਼ ਦੇ ਪੜ੍ਹੇ-ਲਿਖੇ ਲੋਕ ਵੀ ਸਭ ਕੁਝ ਜਾਣਦੇ ਹੋਏ ਵੀ ਅਨਜਾਣ ਤੋਂ ਜਾਂਦੇ ਹਨ। ਇਥੋਂ ਤੱਕ ਕਿ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਲੀਡਰ ਵੀ ਇਨ੍ਹਾਂ ਅਖੌਤੀ ਬਾਬਿਆਂ ਦੇ ਡੇਰਿਆਂ ਵਿਚ ਜਾ ਕੇ ਨੱਕ ਰਗੜਦੇ ਰਹਿੰਦੇ ਹਨ। ਭੋਲੀ-ਭਾਲੀ ਗਰੀਬ ਜਨਤਾ ਇਨ੍ਹਾਂ ਬਾਬਿਆਂ ਨੂੰ ਮਾਇਆ ਨਾਲ ਨੱਕੋ-ਨੱਕ ਭਰ ਦਿੰਦੀ ਹੈ ਅਤੇ ਔਰਤਾਂ ਵੀ ਅਖੌਤੀ ਬਾਬਿਆਂ ਦੀ ਸੇਵਾ ਕਰਨ ਵਿਚ ਭੋਰਾ ਪਿੱਛੇ ਨਹੀਂ ਰਹੀਆਂ। ਭਾਵੇਂ ਕਿ ਔਰਤ ਆਪਣੇ ਘਰੇ ਝਾੜੂ ਪੋਚਾ ਬੇਸ਼ੱਕ ਨਾ ਲਾਵੇ ਪਰ ਬਾਬਿਆਂ ਦੇ ਡੇਰੇ ਜਾ ਕੇ ਝਾੜੂ ਮਾਰਨ ਜਾਂ ਪੋਚਾ ਲਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੀ। ਏਨਾ ਕੁਝ ਸਾਹਮਣੇ ਆਉਣ ਦੇ ਬਾਵਜੂਦ ਵੀ ਅਸੀਂ ਅਖੌਤੀ ਸਾਧਾਂ ਦਾ ਖਹਿੜਾ ਛੱਡਣ ਨੂੰ ਤਿਆਰ ਨਹੀਂ। ਸੋ, ਸਾਰੀ ਜਨਤਾ ਇਸ ਪ੍ਰਤੀ ਜਿੰਨਾ ਚਿਰ ਸੁਚੇਤ ਨਹੀਂ ਹੁੰਦੀ, ਓਨਾ ਚਿਰ ਸਾਡੀ ਲੁੱਟ ਇਸੇ ਤਰ੍ਹਾਂ ਹੁੰਦੀ ਰਹੇਗੀ। ਸਾਨੂੰ ਸਾਰਿਆਂ ਨੂੰ ਅਖੌਤੀ ਸਾਧਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ ਅਤੇ ਸਿਰਫ ਪਰਮਾਤਮਾ 'ਤੇ ਭਰੋਸਾ ਰੱਖ ਕੇ ਚੰਗੇ ਕੰਮ ਕਰਨੇ ਚਾਹੀਦੇ ਹਨ। ਅਖੌਤੀ ਸਾਧਾਂ ਪ੍ਰਤੀ ਸਰਕਾਰਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ।

-ਕੇਵਲ ਸਿੰਘ ਬਾਠਾਂ
ਅਮਰਗੜ੍ਹ, ਸੰਗਰੂਰ।

ਰੇਤ ਦੀ ਕਾਲਾਬਾਜ਼ਾਰੀ

ਰੇਤ ਇਕ ਕੁਦਰਤੀ ਸਰੋਤ ਹੈ, ਜਿਸ ਨੂੰ ਰੇਤ ਮਾਫੀਏ ਵੱਲੋਂ ਰਾਤ ਨੂੰ ਦਰਿਆਵਾਂ ਵਿਚੋਂ ਕੱਢਿਆ ਜਾ ਰਿਹਾ ਹੈ। ਜਿਵੇਂ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਮੀਟ ਲੈਂਦਾ ਹੈ, ਇਵੇਂ ਹੀ ਮਾਈਨਿੰਗ ਵਿਭਾਗ ਦੀ ਹਾਲਤ ਬਣੀ ਹੋਈ ਹੈ। ਮੀਡੀਏ ਵਿਚ ਖ਼ਬਰਾਂ ਲੱਗਦੀਆਂ ਹਨ ਤਾਂ ਇਕ-ਦੋ ਦਿਨ ਚੁੱਪ ਛਾ ਜਾਂਦੀ ਹੈ, ਫਿਰ ਉਸੇ ਤਰ੍ਹਾਂ ਕੰਮ ਚਾਲੂ ਹੋ ਜਾਂਦਾ ਹੈ। ਪੰਜਾਬ ਸਰਕਾਰ ਦੇ ਏਜੰਡੇ 'ਤੇ ਦਰਜ ਹੈ ਕਿ ਰੇਤ ਦਾ ਰੇਹੜਾ 5 ਰੁਪਏ ਦਿੱਤਾ ਜਾਵੇਗਾ। ਪਿਛਲੇ ਦਿਨੀਂ ਮੀਡੀਏ ਨੇ ਇਹ ਗੱਲ ਵੀ ਜੱਗ ਜ਼ਾਹਰ ਕੀਤੀ ਹੈ ਕਿ 5 ਰੁਪਏ ਰੇਤ ਦੇ ਰੇਹੜੇ ਵਾਲਾ ਪੇਜ ਹੀ ਫਾਇਲ ਵਿਚੋਂ ਗਾਇਬ ਹੈ। ਪੰਜਾਬ ਵਿਚ ਅੱਜ ਇਕ ਰੇਤ ਦਾ ਪੀਪਾ 20 ਰੁਪਏ ਮਿਲ ਰਿਹਾ ਹੈ। ਮਹਿੰਗੀ ਰੇਤਾ ਵੇਚਣ ਦੇ ਲਾਲਚ ਕਰਕੇ ਬੇਰੁਜ਼ਗਾਰ ਲੋਕਾਂ ਦੇ ਹਜ਼ਾਰਾਂ ਟ੍ਰੈਕਟਰ ਟਰਾਲੀਆਂ ਥਾਣਿਆਂ ਵਿਚ ਡੱਕੇ ਹੋਏ ਹਨ। ਸੋ ਪੰਜਾਬ ਸਰਕਾਰ ਨੂੰ ਰੇਤ ਬੱਜਰੀ ਦੀ ਕਾਲਾਬਾਜ਼ਾਰੀ ਨੂੰ ਜਲਦੀ ਤੋਂ ਜਲਦੀ ਰੋਕਣਾ ਚਾਹੀਦਾ ਹੈ।

-ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ
(ਤਰਨ ਤਾਰਨ)।

08-01-2015

 ਪੌਸ਼ਟਿਕ ਖੁਰਾਕ 'ਚ ਭ੍ਰਿਸ਼ਟਾਚਾਰ
ਸਾਡੇ ਦੇਸ਼ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਲੰਮੇ ਸਮੇਂ ਤੋਂ ਸੁਣਨ ਨੂੰ ਮਿਲ ਰਿਹਾ ਹੈ। ਭ੍ਰਿਸ਼ਟਾਚਾਰ ਸਾਡੇ ਦੇਸ਼ ਵਿਚ ਇਸ ਕਦਰ ਵਧ ਚੁੱਕਾ ਹੈ ਕਿ ਇਕ ਨਵਜਨਮੇ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਨੂੰ ਉਸ ਦੇ ਛੇ ਮਹੀਨੇ ਤੱਕ ਲਗਾਤਾਰ ਸਰਕਾਰ ਤੋਂ ਮਿਲਣ ਵਾਲੀ ਪੌਸ਼ਟਿਕ ਖੁਰਾਕ ਨੂੰ ਵੀ ਹੁਣ ਬਹੁਤੇ ਲੋਕ ਰਸਤੇ ਵਿਚ ਹੀ ਨਿਗਲਣ ਲੱਗ ਪਏ ਹਨ। ਬੀਤੇ ਦਿਨੀਂ ਇਹ ਗੱਲ ਸਾਹਮਣੇ ਆਈ ਕਿ ਕੇਂਦਰ ਸਰਕਾਰ ਵੱਲੋਂ ਹੋਰਨਾਂ ਰਾਜਾਂ ਵਾਂਗ ਪੰਜਾਬ ਵਿਚ ਵੀ ਗਰਭਵਤੀ ਔਰਤਾਂ ਲਈ ਅਰਬਾਂ ਰੁਪਏ ਖਰਚ ਕੇ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਇਨ੍ਹਾਂ ਸਹੂਲਤਾਂ ਤੋਂ ਅਨਜਾਣ ਔਰਤਾਂ ਦਾ ਬਹੁਤਾ ਹਿੱਸਾ ਵੱਡੇ ਦੈਂਤ ਖਾ ਜਾਂਦੇ ਹਨ। ਜਦੋਂ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਲਗਾਤਾਰ ਹਰ ਰੋਜ਼ 6 ਮਹੀਨੇ ਤੱਕ ਉਸ ਨੂੰ ਨਵ-ਜਨਮੇ ਬੱਚੇ ਨੂੰ ਦੁੱਧ ਚੁੰਘਾਉਣ ਲਈ ਪੌਸ਼ਟਿਕ ਖੁਰਾਕ ਵਜੋਂ ਪੰਜੀਰੀ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਤਹਿਤ ਕੇਂਦਰ ਸਰਕਾਰ ਨੇ 26652 ਆਂਗਨਵਾੜੀ ਸੈਂਟਰ ਸਥਾਪਿਤ ਕੀਤੇ ਹਨ ਅਤੇ ਇਨ੍ਹਾਂ ਕੇਂਦਰਾਂ 'ਤੇ ਹਰ ਸਾਲ ਤਕਰੀਬਨ 28 ਕਰੋੜ ਰੁਪਏ ਦੀ ਪੌਸ਼ਟਿਕ ਖੁਰਾਕ ਪਹੁੰਚ ਰਹੀ ਹੈ ਪਰ ਇਸ ਸਬੰਧੀ ਅਨਜਾਣ ਔਰਤਾਂ ਦੀ ਪੌਸ਼ਟਿਕ ਖੁਰਾਕ ਨੂੰ ਅੱਧਾ ਕੁ ਤਾਂ ਰਸਤੇ ਵਿਚ ਹੀ ਖਾ ਲਿਆ ਜਾਂਦਾ ਹੈ ਤੇ ਬਾਕੀ ਬਚੀ ਖੁਰਾਕ ਆਂਗਨਵਾੜੀ ਦੀਆਂ ਇੰਚਾਰਜਾਂ ਅਤੇ ਉਨ੍ਹਾਂ ਦੇ ਕੁਝ ਕੁ ਘਰਾਂ ਵਾਲੇ ਨਿਗਲ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਤੋਂ ਲਗਾਤਾਰ 6 ਮਹੀਨੇ ਤੱਕ ਪੁੱਛ-ਪੜਤਾਲ ਕਰਨੀ ਚਾਹੀਦੀ ਹੈ। ਜੇਕਰ ਸਰਕਾਰ ਵੱਲੋਂ ਭੇਜੀ ਪੌਸ਼ਟਿਕ ਖੁਰਾਕ ਉਨ੍ਹਾਂ ਤੱਕ ਨਹੀਂ ਪਹੁੰਚ ਕੀਤਾ। ਉਨ੍ਹਾਂ ਲਈ ਆਈ ਪੌਸ਼ਟਿਕ ਖੁਰਾਕ ਖਾ ਕੇ ਆਪਣੇ ਢਿੱਡ ਭਰਨ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

-ਸੋਨੂੰ ਸ਼ਰਮਾ
ਕੋਟ ਈਸੇ ਖਾਂ (ਮੋਗਾ)।

ਟੀ.ਵੀ. ਚੈਨਲਾਂ 'ਤੇ ਪੰਜਾਬੀ
ਟੈਲੀਵਿਜ਼ਨ ਦੇ ਵੱਖ-ਵੱਖ ਚੈਨਲਾਂ ਉਪਰ ਪੰਜਾਬੀ ਲਿਖਣ ਅਤੇ ਬੋਲਣ ਸਮੇਂ ਵੱਡੀਆਂ ਉਕਾਈਆਂ ਵੇਖਣ ਨੂੰ ਮਿਲ ਰਹੀਆਂ ਹਨ। ਜਦੋਂ ਖ਼ਬਰਾਂ ਜਾਂ ਹੋਰਨਾਂ ਸੂਚਨਾਵਾਂ ਦੀ ਲਿਖੀ ਹੋਈ ਇਬਾਰਤ ਦੇਖਦੇ ਹਾਂ ਤਾਂ ਸ਼ਬਦ-ਜੋੜਾਂ ਦੀਆਂ ਅਨੇਕਾਂ ਗ਼ਲਤੀਆਂ ਪੰਜਾਬੀ ਪ੍ਰੇਮੀਆਂ ਨੂੰ ਬੁਰੀ ਤਰ੍ਹਾਂ ਖਟਕਦੀਆਂ ਹਨ। ਇਵੇਂ ਉਚਾਰਣ ਸਮੇਂ ਖ਼ਬਰਾਂ ਪੜ੍ਹਨ ਵਾਲੇ ਅਤੇ ਹੋਰ ਕਰਮਚਾਰੀ ਵੱਡੀ ਲਾਪਰਵਾਹੀ ਵਰਤਦੇ ਹਨ। ਅਕਸਰ ਅਸੀਂ ਵੇਖਦੇ ਹਾਂ ਕਿ ਫ਼ੌਜੀ ਦਾ ਉਚਾਰਨ ਫ਼ੋਜੀ, ਔਰਤ ਦਾ ਅੋਰਤ ਅਤੇ ਇਸੇ ਤਰ੍ਹਾਂ ਹੋਰ ਬਹੁਤ ਸ਼ਬਦਾਂ ਦਾ ਉਚਾਰਣ ਗ਼ਲਤ ਕੀਤਾ ਜਾਂਦਾ ਹੈ। ਬਹੁਤੇ ਚੈਨਲਾਂ ਨੇ ਪੰਜਾਬੀ ਮਾਂ-ਬੋਲੀ ਦੀ ਬੜੀ ਖਿੱਲੀ ਉਡਾਈ ਹੈ ਕਿਉਂਕਿ ਉਨ੍ਹਾਂ ਦੇ ਵਕਤਾ (ਅਨਾਊਂਸਰ) ਨਾ ਤਾਂ ਸ਼ੁੱਧ ਪੰਜਾਬੀ ਬੋਲਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਉਚਾਰਣ ਦਾ ਲਹਿਜ਼ਾ ਠੀਕ ਹੁੰਦਾ ਹੈ। ਪੰਜਾਬੀ 'ਚ ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਬੇਲੋੜੋਂ ਸ਼ਬਦ ਘੁਸੇੜਨ ਦੀ ਹੋੜ ਲੱਗੀ ਹੋਈ ਹੈ। ਅਜਿਹੇ ਸ਼ਬਦ ਬੜੇ ਰੜਕਦੇ ਹਾਂ ਅਤੇ ਇਸ ਨਾਲ ਬੋਲਣ ਵਾਲੀਆਂ ਸ਼ਖ਼ਸੀਅਤਾਂ ਦਾ ਪ੍ਰਭਾਵ ਵੀ ਚੰਗਾ ਨਹੀਂ ਪੈਂਦਾ। ਕਈ ਬੁਲਾਰੇ ਅੰਗਰੇਜ਼ੀ ਤੋਂ ਸ਼ੁਰੂ ਕਰਦੇ ਹੋਏ ਹਿੰਦੀ ਤੋਂ ਹੁੰਦੇ ਹੋਏ ਪੰਜਾਬੀ 'ਤੇ ਆ ਕੇ ਖ਼ਤਮ ਕਰਦੇ ਹਨ। ਅਜਿਹਾ ਮਿਲਗੋਭਾ ਪੰਜਾਬੀ ਭਾਸ਼ਾ ਨਾਲ ਧ੍ਰੋਹ ਹੈ। ਟੈਲੀਵਿਜ਼ਨ ਚੈਨਲਾਂ ਦੇ ਪ੍ਰਬੰਧਕਾਂ ਨੂੰ ਦਿਲੀ ਅਪੀਲ ਹੈ ਕਿ ਅਜਿਹੀਆਂ ਉਕਾਈਆਂ ਨੂੰ ਗੰਭੀਰਤਾ ਨਾਲ ਖ਼ਤਮ ਕਰਕੇ ਪੰਜਾਬੀ ਮਾਂ-ਬੋਲੀ ਪ੍ਰਤੀ ਸੁਹਿਰਦਤਾ ਦਾ ਪ੍ਰਮਾਣ ਦਿੱਤਾ ਜਾਵੇ। ਅਜਿਹਾ ਕਰਨ ਨਾਲ ਉਨ੍ਹਾਂ ਦੇ ਚੈਨਲਾਂ ਦਾ ਮਾਣ-ਸਤਿਕਾਰ ਵੀ ਵਧੇਗਾ ਅਤੇ ਮਿਆਰ ਵੀ ਉੱਚਾ ਹੋਵੇਗਾ।

-ਪ੍ਰਿੰ: ਮਹਿੰਦਰ ਕੌਰ ਢਿੱਲੋਂ
ਦਸਮੇਸ਼ ਪਬਲਿਕ ਸੀ.ਸੈ. ਸਕੂਲ, ਬਿਲਾਸਪੁਰ (ਮੋਗਾ)।

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ
ਪੰਜਾਬ ਵਿਚ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਦੀ ਦਹਿਸ਼ਤ ਨੇ ਆਮ ਜਨਤਾ ਦੀ ਨੱਕ ਵਿਚ ਦਮ ਕਰ ਰੱਖਿਆ ਹੈ। ਸਮਝਿਆ ਜਾਂਦਾ ਹੈ ਕਿ ਵਿਹਲੜ ਤੇ ਨਸ਼ਈ ਬਿਰਤੀ ਦੇ ਧਾਰਨੀ ਨੌਜਵਾਨਾਂ ਦੇ ਸਮੂਹ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਲੋਕ ਰਾਤ ਸਮੇਂ ਖਾਸ ਕਰਕੇ ਸਰਹੱਦੀ ਇਲਾਕਿਆਂ ਦੀਆਂ ਦੂਰ-ਦੁਰਾਡੇ ਦੀਆਂ ਸੜਕਾਂ 'ਤੇ ਸਫ਼ਰ ਕਰਨਾ ਠੀਕ ਨਹੀਂ ਸਮਝਦੇ। ਅਸਲ ਵਿਚ ਸੜਕਾਂ ਕਿਨਾਰੇ ਉੱਗੀ ਭੰਗ ਤੇ ਗਾਜਰ ਬੂਟੀ ਇਨ੍ਹਾਂ ਚੋਰ ਉਚੱਕਿਆਂ ਲਈ ਪਨਾਹਗਾਹ ਸਾਬਤ ਹੋ ਰਹੀ ਹੈ। ਭੰਗ ਅਤੇ ਗਾਰਜ ਬੂਟੀ ਦੇ ਓਹਲੇ ਦੀ ਆੜ ਵਿਚ ਇਹ ਭੈੜੇ ਅਨਸਰ ਸਕੂਟਰ, ਮੋਟਰਸਾਈਕਲ, ਗੱਡੀਆਂ ਤੇ ਟ੍ਰੈਕਟਰ ਚਾਲਕਾਂ ਤੋਂ ਹਥਿਆਰ ਦੀ ਨੋਕ 'ਤੇ ਪੈਸੇ, ਮੋਬਾਈਲ ਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਅਤੇ ਉਨ੍ਹਾਂ ਨੂੰ ਜ਼ਖਮੀ ਕਰਕੇ, ਲੋਕ ਮਨਾਂ ਅੰਦਰ ਦਹਿਸ਼ਤ ਭਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਹਿਰਾਂ, ਬਾਜ਼ਾਰਾਂ ਵਿਚ ਤਾਂ ਇਹ ਭੈੜੇ ਅਨਸਰ ਦਿਨ-ਦਿਹਾੜੇ ਹੀ ਔਰਤਾਂ ਕੋਲੋਂ ਪਰਸ, ਮੋਬਾਈਲ ਕੰਨਾਂ ਦੀ ਵਾਲੀਆਂ, ਗਲੇ ਦੀ ਚੇਨ ਝਪਟ ਕੇ ਰਫੂ-ਚੱਕਰ ਹੋ ਜਾਂਦੇ ਹਨ। ਜੇ ਪੁਲਿਸ ਦਬਾਅ ਰਹਿਤ ਹੋ ਕੇ ਲੁੱਟਾਂ-ਖੋਹਾਂ ਕਰਨ ਵਾਲੇ ਭੈੜੇ ਅਨਸਰਾਂ 'ਤੇ ਸਖ਼ਤੀ ਨਾਲ ਕਾਰਵਾਈ ਕਰੇ ਤਾਂ ਲੋਕਾਂ ਨੂੰ ਅਮਨ ਅਤੇ ਸ਼ਾਂਤੀ ਭਰਿਆ ਵਾਤਾਵਰਨ ਪ੍ਰਦਾਨ ਕੀਤਾ ਜਾ ਸਕਦਾ ਹੈ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਜ਼ਿਲ੍ਹਾ ਗੁਰਦਾਸਪੁਰ।

07-01-2015

 ਸਮਾਜ ਭਲਾਈ ਵਿਭਾਗ ਦੇ ਧਿਆਨ ਹਿਤ
ਮੈਂ ਸਰੀਰਕ ਤੌਰ 'ਤੇ ਅਪੰਗ ਹਾਂ ਅਤੇ ਮੇਰਾ ਬੇਟਾ ਜਿਸ ਦੀ ਉਮਰ 10 ਸਾਲ ਹੈ, ਉਹ ਵੀ ਸੌ ਫ਼ੀਸਦੀ ਦਿਮਾਗੀ ਤੌਰ 'ਤੇ ਅਪੰਗ ਹੈ। ਸਾਨੂੰ ਸਰਕਾਰ ਵੱਲੋਂ ਸਹਾਇਤਾ ਦੇ ਤੌਰ 'ਤੇ ਕੇਵਲ ਅਪੰਗਤਾ ਪੈਨਸ਼ਨ ਜੋ ਕਿ 250-250 ਰੁਪਏ ਪ੍ਰਤੀ ਮਹੀਨਾ ਹੈ, ਦਿੱਤੀ ਜਾ ਰਹੀ ਹੈ, ਜੋ ਬਹੁਤ ਹੀ ਘੱਟ ਹੈ ਪਰ ਬੜੇ ਹੀ ਅਫ਼ਸੋਸ ਦੀ ਗੱਲ ਇਹ ਹੈ ਕਿ ਪੈਨਸ਼ਨ ਮਿਲਿਆਂ ਵੀ ਹੁਣ 9 ਮਹੀਨੇ ਹੋ ਗਏ ਹਨ। ਬੀ.ਡੀ.ਓ. ਦਫ਼ਤਰ ਤੋਂ ਪਤਾ ਕਰਨ 'ਤੇ ਕਿ ਇਹ ਪੈਨਸ਼ਨ ਸਾਨੂੰ ਕਿਉਂ ਨਹੀਂ ਮਿਲ ਰਹੀ ਤਾਂ ਕਦੇ ਇਹ ਜਵਾਬ ਮਿਲਦਾ ਹੈ ਕਿ ਸਾਡੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਹਨ ਅਤੇ ਕਦੀ ਇਹ ਜਵਾਬ ਮਿਲਦਾ ਹੈ ਕਿ ਤੁਹਾਡੀ ਪੰਚਾਇਤ ਦਾ ਕੋਰਮ ਪੂਰਾ ਨਹੀਂ ਹੈ, ਇਸ ਕਰਕੇ ਇਹ ਨਹੀਂ ਮਿਲ ਰਹੀਆਂ। ਸੋ ਮੈਨੂੰ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਆਪਣੀ ਇਸ ਪੈਨਸ਼ਨ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ, ਆਮ ਅਨਪੜ੍ਹ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ। ਇਹ ਪੈਨਸ਼ਨਾਂ ਪੂਰੇ ਪਿੰਡ ਨੂੰ ਮਿਲਿਆਂ 9 ਮਹੀਨੇ ਦਾ ਸਮਾਂ ਹੋ ਗਿਆ ਹੈ। ਆਖਰੀ ਵਾਰ ਇਹ ਪੈਨਸ਼ਨਾਂ ਮਾਰਚ 2014 ਦੀਆਂ ਮਿਲੀਆਂ ਸਨ ਪਰ ਆਪ ਆਪਣੇ ਅਖ਼ਬਾਰ ਰਾਹੀਂ ਇਸ ਸਮੱਸਿਆ ਵੱਲ ਧਿਆਨ ਦਿਵਾ ਕੇ ਗਰੀਬ ਲੋਕਾਂ ਦੀ ਸਹਾਇਤਾ ਕਰੋ।

-ਸਾਹਿਬ ਸਿੰਘ
ਕਿਲੀ ਬੋਦਲਾਂ, ਤਹਿ: ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ।

'...ਜੰਗ-ਏ-ਆਜ਼ਾਦੀ ਦੇ ਅਣਗੌਲੇ ਪੱਤਰੇ' ਬਾਰੇ
ਪਿਛਲੇ ਦਿਨੀਂ ਸ: ਗੁਲਜ਼ਾਰ ਸਿੰਘ ਸੰਧੂ ਦੇ ਕਾਲਮ 'ਨਿੱਕ-ਸੁੱਕ' 'ਚ ਵਡਮੁੱਲੀ ਜਾਣਕਾਰੀ ਨਾਲ ਭਰਪੂਰ ਲੇਖ 'ਭਾਰਤ ਦੀ ਜੰਗ-ਏ-ਆਜ਼ਾਦੀ ਦੇ ਅਣਗੌਲੇ ਪੱਤਰੇ' ਪੜ੍ਹਿਆ। ਇਸ ਲੇਖ 'ਚ ਜ਼ਿਕਰ ਆਇਆ ਹੈ ਕਿ 1873 'ਚ ਮਿਸ਼ਨ ਹਾਈ ਸਕੂਲ ਅੰਮ੍ਰਿਤਸਰ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਈਸਾਈ ਧਰਮ ਕਬੂਲ ਕਰ ਲਿਆ ਸੀ। ਦਰਅਸਲ ਇਨ੍ਹਾਂ ਸਿੱਖ ਵਿਦਿਆਰਥੀਆਂ ਨੇ ਈਸਾਈ ਧਰਮ ਗ੍ਰਹਿਣ ਕਰਨ ਦਾ ਮਨ, ਇਰਾਦਾ ਬਣਾਇਆ ਸੀ ਪ੍ਰੰਤੂ ਇਹ ਸਿੱਖ ਵਿਦਿਆਰਥੀ ਮਾਪਿਆਂ ਅਤੇ ਹੋਰ ਸਿੱਖ ਦਾਨਿਆਂ ਦੇ ਸਮਝਾਉਣ ਨਾਲ ਈਸਾਈ ਬਣਦੇ-ਬਣਦੇ ਬਚ ਗਏ ਸਨ। ਇਨ੍ਹਾਂ ਚਾਰ ਵਿਦਿਆਰਥੀਆਂ ਦੇ ਨਾਂਅ ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਅਤੇ ਸੰਤੋਖ ਸਿੰਘ ਸਨ। ਇਸ ਗੱਲ ਦੀ ਤਸਦੀਕ ਇਨ੍ਹਾਂ ਕਿਤਾਬਾਂ ਦੇ ਹਵਾਲਿਆਂ ਤੋਂ ਹੋ ਜਾਂਦੀ ਹੈ। 1. ਡਾ: ਭਾਈ ਵੀਰ ਸਿੰਘ ਦੀ ਕਵਿਤਾ, ਡਾ: ਗੁਰਚਰਨ ਸਿੰਘ ਮਹਿਤਾ, 1972 ਭਾਸ਼ਾ ਵਿਭਾਗ, ਪੰਜਾਬ, ਪਟਿਆਲਾ। 2. ਗਿਆਨੀ ਦਿੱਤ ਸਿੰਘ 'ਤੇ ਲੇਖ, ਪ੍ਰਮੁੱਖ ਸਿੱਖ ਸ਼ਖ਼ਸੀਅਤਾਂ, ਸੰਪਾਦਕ ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। 3. ਸ: ਹਰਬੰਸ ਸਿੰਘ, ਦੀ ਹੈਰੀਟੇਜ ਆਫ ਦ ਸਿੱਖਸ, ਪੰਨਾ 139.

-ਕੁਲਦੀਪ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ।

ਬੈਂਕ ਕਰਜ਼ੇ
ਪੰਜਾਬ ਦੀ ਲਗਾਤਾਰ ਡੁੱਬਦੀ ਜਾ ਰਹੀ ਕਿਸਾਨੀ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਬੈਂਕਾਂ, ਸੁਸਾਇਟੀਆਂ ਵੱਲੋਂ ਸਸਤੀਆਂ ਦਰਾਂ 'ਤੇ ਕਰਜ਼ੇ ਦਿੱਤੇ ਜਾਂਦੇ ਹਨ ਤਾਂ ਜੋ ਕਿਸਾਨ ਖੇਤੀ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਅਪਣਾ ਕੇ ਜੀਵਨ ਪੱਧਰ ਉੱਚਾ ਚੁੱਕ ਸਕਣ। ਪਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਕਿਸਾਨਾਂ ਵੱਲੋਂ ਇਸ ਕਰਜ਼ੇ ਦੀ ਦੁਰਵਰਤੋਂ ਕਰਦੇ ਹੋਏ ਇਹ ਪੈਸਾ ਫੁਕਰਪੁਣੇ ਵਿਚ ਵੱਡੇ-ਵੱਡੇ ਟਰੈਕਟਰਾਂ, ਕੋਠੀਆਂ, ਕਾਰਾਂ ਅਤੇ ਖਰਚੀਲੇ ਵਿਆਹ-ਸ਼ਾਦੀਆਂ ਉਤੇ ਬਰਬਾਦ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਉਹ ਇਸ ਕਰਜ਼ੇ ਦੀ ਦਲਦਲ ਵਿਚੋਂ ਨਿਕਲਣ ਦੀ ਬਜਾਇ ਇਸ ਵਿਚ ਲਗਾਤਾਰ ਹੋਰ ਡੂੰਘੇ ਧੱਸਦੇ ਨਜ਼ਰ ਆ ਰਹੇ ਹਨ। ਸੋ, ਅੱਜ ਲੋੜ ਹੈ ਕਿਸਾਨਾਂ ਵੱਲੋਂ ਇਸ ਮਿਲੇ ਹੋਏ ਕਰਜ਼ੇ ਦਾ ਸਦਉਪਯੋਗ ਕੀਤਾ ਜਾਵੇ ਕਿਉਂਕਿ ਇਹ ਸਭ ਨਾਲ ਹੀ ਸਾਡੇ ਰੌਸ਼ਨ ਭਵਿੱਖ ਦੀ ਕਲਪਨਾ ਸੰਭਵ ਹੋ ਸਕੇਗੀ।

-ਰਾਜਾ ਗਿੱਲ (ਚੜਿੱਕ)
ਮੋ: 94654-11585

6-1-2015

 ਇਕ ਨਵੀਂ ਸਿੱਖਿਆ
ਅਸੀਂ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਤੋਂ ਹੀ ਬਹੁਤ ਕੁਝ ਸਿੱਖ ਲੈਂਦੇ ਹਾਂ, ਜਿਵੇਂ ਕਿ ਅੱਜ ਮੈਂ ਪੌਦਿਆਂ ਨੂੰ ਪਾਣੀ ਦੇ ਰਹੀ ਸੀ, ਇੰਜ ਲੱਗ ਰਿਹਾ ਸੀ, ਜਿਵੇਂ ਰੋਟੀ ਮਿਲਣ ਦੇ ਚਾਅ ਨਾਲ ਉਹ ਬਹੁਤ ਖੁਸ਼ ਹੋਣ। ਲਹਿਰਾ ਰਹੇ ਸੀ ਉਹ ਖੁਸ਼ੀ ਵਿਚ। ਉਨ੍ਹਾਂ ਵੱਲ ਵੇਖਦਿਆਂ ਮੇਰੀ ਨਜ਼ਰ ਉਸ ਦੇ ਪੁਰਾਣੇ ਪੱਤਿਆਂ 'ਤੇ ਪਈ ਜੋ ਕਿ ਬਹੁਤ ਮੁਰਝਾਏ ਅਤੇ ਜ਼ਖ਼ਮੀ ਲੱਗ ਰਹੇ ਸਨ। ਪਰ ਹੈਰਾਨਗੀ ਸੀ, ਏਨੇ ਜ਼ਖ਼ਮਾਂ ਦੇ ਬਾਵਜੂਦ ਹੋਰ ਨਵੇਂ ਨਰੋਏ ਪੱਤੇ ਕਿਵੇਂ ਹੋ ਗਏ ਸਨ ਤੇ ਉਹ ਪੱਤੇ ਖੁਸ਼ ਵੀ ਬੜੇ ਲੱਗ ਰਹੇ ਸਨ, ਜਿਵੇਂ ਕਦੀ ਕੋਈ ਜ਼ਖ਼ਮ ਮਿਲਿਆ ਹੀ ਨਾ ਹੋਵੇ। ਸ਼ਾਇਦ ਇਹੀ ਜ਼ਿੰਦਗੀ ਦਾ ਦਸਤੂਰ ਹੈ ਨਵੀਆਂ ਖੁਸ਼ੀਆਂ ਪਾਉਣ ਲਈ ਪੁਰਾਣੇ ਜ਼ਖਮ ਭੁੱਲਣੇ ਹੀ ਪੈਂਦੇ ਨੇ ਜਿਵੇਂ ਨਵੇਂ ਪੱਤੇ ਪੁਰਾਣਿਆਂ ਨੂੰ ਭੁੱਲ ਗਏ ਸਨ। ਪੁਰਾਣੇ ਜ਼ਖਮਾਂ 'ਤੇ ਨਜ਼ਰ ਤਾਂ ਪੈ ਹੀ ਜਾਂਦੀ ਹੈ ਪਰ ਜੇ ਉਹ ਜ਼ਖਮੀ ਨਾ ਹੁੰਦੇ, ਫਿਰ ਇਹ ਏਨੇ ਸੋਹਣੇ ਪੱਤੇ ਕਿਵੇਂ ਹੁੰਦੇ? ਦੁੱਖ ਵੀ ਕਾਫੀ ਹੁੰਦਾ ਹੈ ਜਿਵੇਂ ਮੈਨੂੰ ਪਾਣੀ ਲਿਆਉਂਦਿਆਂ ਵੇਖਦੇ ਹੀ ਪੌਦੇ ਖੁਸ਼ੀ ਨਾਲ ਝੂਮਣ ਲੱਗ ਗਏ ਸਨ। ਅਜੀਬ ਨੇ ਇਹ ਜ਼ਿੰਦਗੀ ਦਾ ਕਿੱਡਾ ਵੱਡਾ ਸਬਕ ਸਿਖਾ ਗਏ...।

-ਮਨਪ੍ਰੀਤ ਕੌਰ
ਪਿੰਡ ਬਾਬੋਵਾਲ, ਜ਼ਿਲ੍ਹਾ ਗੁਰਦਾਸਪੁਰ।

ਇੰਟਰਨੈੱਟ ਦੀ ਦੁਰਵਰਤੋਂ
'ਇੰਟਰਨੈੱਟ' ਅੱਜ ਦੇ ਸਮੇਂ ਵਿਚ ਹਰ ਇਕ ਦੀ ਜ਼ਬਾਨ 'ਤੇ ਸ਼ਬਦ ਹੈ। ਉਮਰ ਵਿਚ ਉਹ ਭਾਵੇਂ ਬੱਚਾ ਹੋਵੇ, ਜਵਾਨ ਹੋਵੇ ਜਾਂ ਬਜ਼ੁਰਗ ਹੋਵੇ। ਇਸ ਦੀ ਦੁਰਵਰਤੋਂ ਜ਼ਿਆਦਾ ਹੋ ਰਹੀ ਹੈ। ਅੱਜ ਹਰ ਬੱਚੇ ਕੋਲ ਮੋਬਾਈਲ ਹੈ ਤੇ ਉਸ ਵਿਚ ਇੰਟਰਨੈੱਟ ਵੀ। ਮਾਪਿਆਂ ਲਈ ਵੀ ਇਹ ਗੰਭੀਰ ਮਸਲਾ ਹੈ ਕਿ ਉਹ ਕਿਵੇਂ ਪਤਾ ਲਗਾਉਣ ਕਿ ਉਨ੍ਹਾਂ ਦਾ ਬੱਚਾ ਇਸ ਸੁਵਿਧਾ ਦੀ ਸਹੀ ਵਰਤੋਂ ਕਰਦਾ ਹੈ ਜਾਂ ਗ਼ਲਤ। ਅੱਜ 80 ਫ਼ੀਸਦੀ ਨਕਲੀ ਐਡਰੈੱਸ ਫੇਸਬੁੱਕ 'ਤੇ ਚੜ੍ਹੇ ਹੋਏ ਹਨ। ਇਕ ਆਦਮੀ ਕਈ-ਕਈ ਆਈ.ਡੀਆਂ ਬਣਾ ਕੇ ਹੋਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ। ਜਦ ਸ਼ਿਕਾਰ ਹੋਏ ਆਦਮੀ ਨੂੰ ਇਸ ਗੱਲ ਦਾ ਪਤਾ ਲਗਦਾ ਹੈ ਤਾਂ ਉਹ ਵੀ ਇਹੀ ਕੰਮ ਕਰਨ ਲੱਗ ਪੈਂਦਾ ਹੈ। ਇਸ ਲਈ ਇੰਟਰਨੈੱਟ ਕੰਪਨੀਆਂ ਨੂੰ ਕੋਈ ਠੋਸ ਨੀਤੀ ਬਣਾਉਣ ਦੀ ਲੋੜ ਹੈ। ਇੰਟਰਨੈੱਟ ਅਕਾਊਂਟ ਬਣਾਉਣ ਲੱਗਿਆ, ਫਾਰਮ ਵਿਚ ਆਧਾਰ ਕਾਰਡ ਦਾ ਨੰਬਰ ਲਿਖਿਆ ਜਾਣਾ ਚਾਹੀਦਾ ਹੈ। ਫਿਰ ਇਕ ਆਦਮੀ ਕੇਵਲ ਇਕ ਆਈ.ਡੀ. ਹੀ ਬਣਾ ਸਕੇਗਾ।

-ਮਾ: ਕਰਮਜੀਤ ਸਿੰਘ ਧਾਰੀਵਾਲ
ਨਵੀਂ ਆਬਾਦੀ ਜੀ.ਟੀ. ਰੋਡ, ਧਾਰੀਵਾਲ (ਗੁਰਦਾਸਪੁਰ)।

ਮਜ਼ਦੂਰਾਂ ਦੀ ਮੰਡੀ
ਬੇਰੁਜ਼ਗਾਰੀ ਨੇ ਏਨੇ ਪੈਰ ਪਸਾਰ ਲਏ ਹਨ ਕਿ ਖਾਸ ਕਰ ਪੰਜਾਬ ਵਿਚ ਮਜ਼ਦੂਰਾਂ ਦੀ ਲਗਦੀ ਮੰਡੀ ਤਕਰੀਬਨ ਹਰੇਕ ਸ਼ਹਿਰ ਵਿਚ ਦੇਖੀ ਜਾ ਸਕਦੀ ਹੈ। 15-20 ਕਿਲੋਮੀਟਰ ਤੋਂ ਆ ਕੇ ਮਜ਼ਦੂਰ ਹਰੇਕ ਸ਼ਹਿਰ ਵਿਚ ਇਕ ਜਗ੍ਹਾ ਮੰਡੀ ਦੇ ਰੂਪ ਵਿਚ ਇਕੱਠੇ ਹੋ ਖੜ੍ਹਦੇ ਹਨ ਅਤੇ ਜਿਸ ਲੋੜਵੰਦ ਨੂੰ ਮਜ਼ਦੂਰ ਦੀ ਲੋੜ ਹੁੰਦੀ ਹੈ, ਉਥੋਂ ਕੰਮ ਕਰਾਉਣ ਲਈ ਆਪਣੇ ਨਾਲ ਲੈ ਜਾਂਦਾ ਹੈ ਪਰ ਸਾਈਕਲ ਨਾਲ ਬੰਨ੍ਹੇ ਟਿਫਨ ਨਾਲ ਜਿਹੜੇ ਮਜ਼ਦੂਰ ਨੂੰ ਮਜ਼ਦੂਰੀ ਨਹੀਂ ਮਿਲਦੀ, ਉਸ ਨੂੰ ਬਹੁਤ ਹੀ ਨਿਰਾਸ਼ ਫਿਰ 15-20 ਕਿਲੋਮੀਟਰ ਵਾਪਸ ਖਾਲੀ ਹੱਥ ਘਰ ਨੂੰ ਮੁੜਨਾ ਪੈਂਦਾ ਹੈ। ਕਾਸ਼! ਇਹ ਤਾਂ ਰੱਬ ਹੀ ਜਾਣਦਾ ਹੈ ਕਿ ਮਜ਼ਦੂਰਾਂ ਦੇ ਅੱਛੇ ਦਿਨ ਕਦੋਂ ਆਉਣਗੇ ਅਤੇ ਹਰੇਕ ਮਜ਼ਦੂਰ ਸੁੱਖ ਦੀ ਨੀਂਦ ਕਦੋਂ ਸੌਣਗੇ।

-ਕੇਵਲ ਸਿੰਘ ਬਾਠਾਂ
ਅਮਰਗੜ੍ਹ, ਸੰਗਰੂਰ।

3-1-2015

 ਛੁੱਟੀਆਂ ਦੀ ਗੱਲ

'ਅਜੀਤ' ਦੇ ਲੋਕ ਮੰਚ ਵਿਸ਼ੇ ਅਧੀਨ ਇੰਦਰਜੀਤ ਸਿੰਘ ਕੰਗ ਦਾ ਲਿਖਿਆ ਲੇਖ 'ਗੱਲ ਸਰਕਾਰੀ ਸਕੂਲਾਂ 'ਚ ਛੁੱਟੀਆਂ ਦੇ ਐਲਾਨ ਦੀ' ਪੜ੍ਹਿਆ, ਜਿਹੜਾ ਕਿ ਸਚਾਈ ਪੱਖੋਂ ਸੋਲਾਂ ਆਨੇ ਸੱਚ ਸੀ, ਕਿਉਂਕਿ ਅਚਾਨਕ ਹੀ ਸ਼ਾਮ ਸਮੇਂ ਛੁੱਟੀਆਂ ਦਾ ਐਲਾਨ ਕਰਨਾ ਜਿਥੇ ਵਿਦਿਆਰਥੀਆਂ ਨੂੰ ਦੇਣ ਵਾਲੇ ਛੁੱਟੀਆਂ ਦੇ ਕੰਮ ਵਿਚ ਅੜਿੱਕਾ ਬਣਿਆ, ਉਥੇ ਸਕੂਲ ਪ੍ਰਸ਼ਾਸਨ ਪੱਖ ਤੋਂ ਵੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਅਜਿਹੇ ਅਚਨਚੇਤ ਫ਼ੈਸਲਿਆਂ ਨਾਲ ਸਕੂਲ ਮੁਖੀਆਂ ਦੁਆਰਾ ਕਰਨ ਵਾਲੇ ਦਫ਼ਤਰੀ ਕੰਮ, ਵਿਦਿਆਰਥੀਆਂ ਨੂੰ ਛੁੱਟੀਆਂ ਦਾ ਕੰਮ ਦੇਣ ਵਾਲੇ ਕਾਰਜ ਅੱਧਵਾਟੇ ਹੀ ਰਹਿ ਗਏ। ਮਾਣਯੋਗ ਸਿੱਖਿਆ ਮੰਤਰੀ ਪੰਜਾਬ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜੇਕਰ ਅਚਨਚੇਤ ਛੁੱਟੀਆਂ ਕਰਨ ਦੀ ਲੋੜ ਪੈ ਹੀ ਜਾਵੇ ਤਾਂ ਘੱਟੋ-ਘੱਟ ਇਕ ਦਿਨ ਪਹਿਲਾਂ ਜ਼ਰੂਰ ਫ਼ੈਸਲਾ ਕਰਨ ਤਾਂ ਜੋ ਸਕੂਲ ਪ੍ਰਸ਼ਾਸਨ ਤੇ ਸਿੱਖਿਆ ਸਬੰਧੀ ਸਾਰੇ ਕਾਰਜਾਂ ਨੂੰ ਮੁਕੰਮਲ ਕੀਤਾ ਜਾ ਸਕੇ। ਛੁੱਟੀ ਇਕ ਹੋਰ ਵਧਾ ਦਿੱਤੀ ਜਾਵੇ।

-ਮਾ: ਅਮਰਜੀਤ ਸਿੰਘ ਘੁਡਾਣੀ
ਦੋਰਾਹਾ (ਲੁਧਿਆਣਾ)।

ਸਰਕਾਰੀ ਸਕੂਲਾਂ ਦੀ ਹਾਲਤ

ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕ ਨਾ ਹੋਣ ਕਾਰਨ ਪੜ੍ਹਨ ਵਾਲੇ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਇਮਾਰਤਾਂ ਦੀ ਤਰਸਯੋਗ ਹਾਲਤ ਦੇਖ ਕੇ ਅਧਿਆਪਕ ਵੀ ਅਜਿਹੇ ਸਕੂਲਾਂ ਵਿਚੋਂ ਆਪਣੀ ਬਦਲੀ ਕਿਸੇ ਹੋਰ ਜਗ੍ਹਾ ਦੀ ਕਰਵਾ ਲੈਂਦੇ ਹਨ। ਇਨ੍ਹਾਂ ਸਕੂਲਾਂ ਵਿਚ ਗ਼ਰੀਬ ਵਰਗ ਦੇ ਬੱਚੇ ਜ਼ਿਆਦਾ ਗਿਣਤੀ 'ਚ ਪੜ੍ਹਨ ਆਉਂਦੇ ਹਨ। ਇਸ ਲਈ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਕਿ ਉਹ ਬੱਚੇ ਦੇਸ਼ ਦਾ ਭਵਿੱਖ ਹੀ ਨਾ ਹੋਣ। ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਬਹੁਤੀਆਂ ਸੁੰਦਰ ਨਾ ਸਹੀ, ਮੀਂਹ, ਧੁੱਪ ਤੋਂ ਬਚਣ ਲਈ ਬੱਚਿਆਂ ਅਤੇ ਅਧਿਆਪਕਾਂ ਲਈ ਸਹਾਰਾ ਤਾਂ ਬਣਨ। ਟੀ.ਵੀ. ਅਤੇ ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹ-ਸੁਣ ਕੇ ਬੜਾ ਦੁੱਖ ਹੁੰਦਾ ਹੈ, ਜਦੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਪੰਜਾਬ ਦੇ ਪਿੰਡਾਂ ਦੇ ਸਕੂਲਾਂ 'ਚ ਬੱਚੇ ਕਿਹੋ ਜਿਹੀਆਂ ਸਕੂਲ ਇਮਾਰਤਾਂ ਵਿਚ ਬੈਠ ਕੇ ਪੜ੍ਹਨ ਆਉਂਦੇ ਹਨ। ਸਰਕਾਰ ਨੂੰ ਇਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਖੂਨੀ ਚੀਨੀ ਡੋਰ

ਅੱਜ ਇਹ ਜਾਣ ਕੇ ਮਨ ਨੂੰ ਬਹੁਤ ਠੇਸ ਪਹੁੰਚੀ, ਮੇਰੇ ਪਿੰਡ ਦੀ ਇਕ ਮਾਸੂਮ ਨੰਨੀ ਪਰੀ ਗੁਰਸਾਹਿਜਪ੍ਰੀਤ ਚੀਨ ਦੀ ਖੂਨੀ ਡੋਰ ਦਾ ਸ਼ਿਕਾਰ ਬਣ ਗਈ। ਮੈਂ ਸੋਚ ਰਿਹਾ ਸੀ ਕਿ ਜੇ ਅੱਜਕਲ੍ਹ ਵੋਟਾਂ ਦਾ ਮੌਸਮ ਹੁੰਦਾ ਤਾਂ ਵੱਡੀਆਂ-ਵੱਡੀਆਂ ਰਾਜਨੀਤਕ ਹਸਤੀਆਂ ਸਹਿਜਪ੍ਰੀਤ ਦੀ ਮੌਤ 'ਤੇ ਮਗਰਮੱਛ ਦੇ ਹੰਝੂ ਵਹਾਉਣ ਆਉਂਦੀਆਂ। ਪ੍ਰੰਤੂ ਅਫ਼ਸੋਸ! ਅੱਜ ਇਸ ਦੁਖਦਾਈ ਮੌਤ 'ਤੇ ਕਿਸੇ ਵੀ ਰਾਜਨੀਤਕ ਆਗੂ ਨੇ ਆਪਣਾ ਮੂੰਹ ਖੋਲ੍ਹਣਾ ਮੁਨਾਸਿਬ ਨਹੀਂ ਸਮਝਿਆ। ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਕਦੋਂ ਤੱਕ ਇਹ ਚੀਨ ਵਾਲੀ ਖੂਨੀ ਡੋਰ ਸਾਡੇ ਗੱਲ ਕੱਟਦੀ ਰਹੇਗੀ? ਆਖਰ ਪ੍ਰਸ਼ਾਸਨ ਇਨ੍ਹਾਂ ਬੁਰਾਈਆਂ ਲਈ ਜ਼ਰੂਰੀ ਸਖ਼ਤੀ ਕਿਉਂ ਨਹੀਂ ਕਰਦਾ? ਆਖਰ ਸਰਕਾਰਾਂ ਲਈ ਆਮ ਲੋਕਾਂ ਦੀ ਜਾਨ ਦੀ ਕੀਮਤ ਕਿਉਂ ਨਹੀਂ ਹੁੰਦੀ? ਪਤਾ ਨਹੀਂ ਇਨ੍ਹਾਂ ਸਵਾਲਾਂ ਦੇ ਜ਼ਿੰਮੇਵਾਰ ਲੋਕਾਂ ਕੋਲ ਕੋਈ ਜਵਾਬ ਹੈ ਜਾਂ ਨਹੀਂ ਪਰ ਆਓ ਇਸ ਖੂਨੀ ਡੋਰ ਵਿਰੁੱਧ ਆਪਣੇ ਬੱਚਿਆਂ ਨੂੰ ਜਾਗਰੂਕ ਕਰੀਏ। ਅਧਿਆਪਕ ਸਕੂਲ ਵਿਚ ਸਵੇਰ ਦੀ ਸਭਾ ਮੌਕੇ ਵਿਦਿਆਰਥੀਆਂ ਨੂੰ ਇਸ ਡੋਰ ਦੀਆਂ ਬੁਰਾਈਆਂ ਬਾਰੇ ਦੱਸਣ। ਦੁਕਾਨਦਾਰ ਵੀ ਚੰਗੇ ਪੈਸਿਆਂ ਦਾ ਲਾਲਚ ਛੱਡ ਕੇ ਇਸ ਡੋਰ ਦੀ ਵਿੱਕਰੀ ਨਾ ਕਰਨ।

-ਬੂਟਾ ਰਾਮ ਜਸਰਾ
ਪਿੰਡ ਸਾਰੰਗੜਾ, ਜ਼ਿਲ੍ਹਾ ਅੰਮ੍ਰਿਤਸਰ।

29-12-2014

 ਪਾਣੀ ਦੀ ਸਾਂਭ-ਸੰਭਾਲ

ਬਹੁਤ ਚਿਰਾਂ ਤੋਂ ਸੁਣਦੇ ਆ ਰਹੇ ਹਾਂ ਕਿ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਵੱਲ ਜਾ ਰਿਹਾ ਹੈ, ਪਰ ਸਾਡੇ 'ਤੇ ਇਸ ਗੱਲ ਦਾ ਅਸਰ ਕਿੰਨਾ ਕੁ ਹੋਇਆ ਹੈ, ਆਪਾਂ ਸਾਰੇ ਭਲੀ-ਭਾਂਤ ਜਾਣਦੇ ਹਾਂ। ਸੰਭਾਲ ਤਾਂ ਕੀ ਕਰਨੀ ਜਿਹੜਾ ਪਾਣੀ ਸਾਨੂੰ 'ਪਰਮਾਤਮਾ' ਨੇ ਦਿੱਤਾ ਅਸੀਂ ਉਹਦੀ ਸੰਭਾਲ ਵੀ ਨਹੀਂ ਕਰਦੇ। ਕਾਹਤੋਂ ਨਹੀਂ ਕਰਦੇ ਅਸੀਂ ਸੋਚਦੇ ਹਾਂ ਸਾਡੇ ਪਾਣੀ ਬਚਾਉਣ ਨਾਲ ਕੀ ਬਣੇਗਾ। ਇਹ ਗੱਲ ਨਹੀਂ ਹੈ। ਬੂੰਦ-ਬੂੰਦ ਕਰਕੇ ਤਲਾਅ ਭਰ ਜਾਂਦੇ ਹਨ। ਜੇ ਆਪਾਂ ਇਸੇ ਹੀ ਤਰ੍ਹਾਂ ਪਾਣੀ ਦੀ ਦੁਰਵਰਤੋਂ ਕਰਦੇ ਚਲੇ ਜਾਵਾਂਗੇ ਤਾਂ ਯਾਦ ਰੱਖੋ ਉਹ ਦਿਨ ਦੂਰ ਨਹੀਂ ਹਨ, ਜਦੋਂ ਇਕ-ਇਕ ਬੂੰਦ ਲਈ ਆਪਾਂ ਹੀ ਤਰਸਾਂਗੇ। ਗੱਡੀਆਂ, ਕਾਰਾਂ, ਮੋਟਰਾਂ ਨੂੰ ਧੋਣ ਵੇਲੇ ਭੋਰਾ ਖਿਆਲ ਨਹੀਂ ਕਰਦੇ, ਪਾਣੀ ਕਿੰਨਾ ਕੀਮਤੀ ਹੈ। ਟੂਟੀ ਖੁੱਲ੍ਹੀ ਰਹਿ ਜਾਵੇ, ਕਦੇ ਬੰਦ ਨਹੀਂ ਕਰਦੇ। ਕੱਪੜੇ ਧੋਣ ਵੇਲੇ ਪਾਣੀ ਦੀ ਵੀ ਦੁਰਵਰਤੋਂ ਆਪਾਂ ਕਰਦਿਆਂ ਨੂੰ ਦੇਖਦੇ ਹਾਂ, ਪਾਣੀ ਦੀ ਸਾਂਭ-ਸੰਭਾਲ ਅੱਜ ਤੋਂ ਹੀ ਕਰਨੀ ਹੈ, ਇਸੇ 'ਚ ਸਾਡਾ ਸਾਰਿਆਂ ਦਾ ਭਲਾ ਹੈ।

-ਤੇਜਪਾਲ ਚਾਹਲਪੁਰੀ
ਵਾਰਡ ਨੰ: 6, ਪਿੰਡ ਚਾਹਲਪੁਰ, ਡਾਕ: ਡਘਾਮ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)।

ਗ਼ੈਰ-ਮਨੁੱਖੀ ਹਮਲਾ

ਪਿਛਲੇ ਦਿਨੀਂ ਪਿਸ਼ਾਵਰ ਫ਼ੌਜੀ ਸਕੂਲ 'ਤੇ ਜੋ ਹਮਲਾ ਹੋਇਆ, ਉਸ ਨੂੰ ਸ਼ਬਦਾਂ 'ਚ ਬਿਆਨ ਕਰਨ 'ਤੇ ਹੀ ਰੂਹ ਕੰਬ ਉਠਦੀ ਹੈ ਤੇ ਜਿਨ੍ਹਾਂ ਮਾਸੂਮਾਂ ਨੇ ਇਹ ਹਮਲਾ ਅੱਖੀਂ ਦੇਖਿਆ ਹੈ ਪਰਮਾਤਮਾ ਉਨ੍ਹਾਂ ਬੱਚਿਆਂ ਨੂੰ ਨਵੀਂ ਜ਼ਿੰਦਗੀ ਜਿਊਣ ਦਾ ਬਲ ਬਖਸ਼ੇ ਤੇ ਜੋ ਸ਼ਹੀਦ ਹੋਏ ਨੇ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਗਿਣਤੀ ਕਰਨੀ ਤਾਂ ਮਾਮੂਲੀ ਜਿਹੀ ਗੱਲ ਲਗਦੀ ਏ, ਇਕੱਲਾ-ਇਕੱਲਾ ਹੀ ਸਵਾ ਲੱਖ ਵਰਗਾ ਸੀ। ਬੱਚੇ ਮਨ ਕੇ ਸੱਚੇ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਹੋਣ। ਕੀ ਕਸੂਰ ਸੀ ਵਿਚਾਰਿਆਂ ਦਾ? ਪਰ ਜਦ ਇਨਸਾਨ ਸ਼ੈਤਾਨ ਦਾ ਰੂਪ ਧਾਰ ਲਵੇ ਤਾਂ ਉਹ ਬਰਬਾਦੀ ਦੀ ਕਿਸੇ ਵੀ ਹੱਦ ਤੱਕ ਪਹੁੰਚ ਜਾਂਦਾ ਹੈ ਤੇ ਨਤੀਜੇ ਸਾਡੇ ਸਭ ਦੇ ਸਾਹਮਣੇ ਹਨ। ਫੁੱਲਾਂ ਨੂੰ ਖਿੜਨ ਤੋਂ ਪਹਿਲਾਂ ਹੀ ਮਸਲ ਕੇ ਰੱਖ ਦਿੱਤਾ ਸ਼ੈਤਾਨਾਂ ਨੇ। ਇਤਿਹਾਸ ਦੇ ਪੰਨਿਆਂ 'ਚ ਇਸ ਦਿਨ ਨੂੰ ਕਾਲੇ ਦਿਨ ਦੇ ਨਾਂਅ ਨਾਲ ਜਾਣਿਆ ਜਾਵੇਗਾ।

-ਗੁਰਪ੍ਰੀਤ ਸਿੰਘ ਮਾਨ
ਮੋਬਾਈਲ : 98761-98000.

ਰੁੱਖਾਂ ਦੀ ਸੰਭਾਲ

ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਰੁੱਖਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਜਿਥੇ ਰੁੱਖ ਸਾਨੂੰ ਖਾਣ ਲਈ ਫ਼ਲ ਅਤੇ ਮਨ ਨੂੰ ਸਕੂਨ ਪਹੁੰਚਾਉਣ ਵਾਲੇ ਰੰਗ-ਬਰੰਗੇ ਸੋਹਣੇ ਫੁੱਲ ਦਿੰਦੇ ਹਨ, ਉਥੇ ਰੁੱਖ ਸਾਨੂੰ ਠੰਢੀ ਛਾਂ ਆਦਿ ਵੀ ਦਿੰਦੇ ਹਨ। ਰੁੱਖਾਂ ਨੂੰ ਹਰੇ-ਭਰੇ ਰੱਖਣ ਲਈ ਹਰ ਇਨਸਾਨ ਦੇ ਅੰਦਰ ਰੁੱਖਾਂ ਪ੍ਰਤੀ ਮੋਹ ਹੋਣਾ ਅਤਿ ਜ਼ਰੂਰੀ ਹੈ। ਅਦਾਰਾ 'ਅਜੀਤ' ਵੱਲੋਂ ਚਲਾਈ ਗਈ ਰੁੱਖ ਲਗਾਉਣ ਦੀ ਲਹਿਰ ਨੇ ਹਰ ਉਮਰ ਦੇ ਵਿਅਕਤੀ ਅੰਦਰ ਇਕ ਵੱਖਰਾ ਹੀ ਜੋਸ਼ ਪੈਦਾ ਕੀਤਾ ਹੈ। ਅਸੀਂ ਰੁੱਖਾਂ ਦੀ ਸੰਭਾਲ ਕਰੀਏ, ਸਮਝੋ ਵਾਤਾਵਰਨ 'ਚ ਬਦਲਾਅ ਆਉਣਾ ਸ਼ੁਰੂ ਹੋ ਗਿਆ। ਸਾਨੂੰ ਖ਼ੁਦਗਰਜ਼ੀ ਤੋਂ ਕਿਨਾਰਾ ਕਰਨਾ ਪਵੇਗਾ, ਫਿਰ ਹੀ ਅਸੀਂ ਪਰਮਾਤਮਾ ਵੱਲੋਂ ਬਖ਼ਸ਼ੇ ਸੋਮਿਆਂ ਦਾ ਪੂਰੀ ਤਰ੍ਹਾਂ ਅਨੰਦ ਮਾਣ ਸਕਾਂਗੇ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਪੇਂਡੂ ਸਿਹਤ ਡਿਸਪੈਂਸਰੀਆਂ

ਦੇਸ਼ ਨੂੰ ਆਜ਼ਾਦ ਹੋਇਆਂ 67 ਸਾਲ ਤੋਂ ਉਪਰ ਸਮਾਂ ਹੋ ਚੁੱਕਾ ਹੈ ਪਰ ਸਾਡੀ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਨਹੀਂ ਦੇ ਸਕੀ, ਲੋਕ ਵਿੱਦਿਆ, ਪਾਣੀ ਗੁਰਬਤ, ਗਰੀਬੀ, ਬੇਰੁਜ਼ਗਾਰੀ, ਬਿਜਲੀ, ਭ੍ਰਿਸ਼ਟਾਚਾਰ, ਮਹਿੰਗਾਈ ਤੇ ਵਧੀਆ ਸਿਹਤ ਸਹੂਲਤਾਂ ਲਈ ਤਰਸ ਰਹੇ ਹਨ। ਵਿਦਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣੀਆਂ ਸਰਕਾਰ ਦਾ ਪਹਿਲਾ ਫ਼ਰਜ਼ ਬਣਦਾ ਹੈ। ਹਾਲਾਂ ਲੁਧਿਆਣੇ ਵਿਚ ਸਿਹਤ ਸੇਵਾਵਾਂ ਦੇ ਨਾਕਸ ਪ੍ਰਬੰਧਾਂ ਕਾਰਨ ਮਰੇ ਨਵਜਾਤਾਂ ਦੇ ਪਰਿਵਾਰਾਂ ਦੇ ਵੈਣ ਨਹੀਂ ਮੁੱਕੇ ਸਨ ਕਿ ਪੰਜਾਬ ਵਿਚ ਪੇਂਡੂ ਡਿਸਪੈਂਸਰੀਆਂ ਵਿਚ ਫੰਡਾਂ ਦੀ ਘਾਟ ਕਾਰਨ ਲੋਕਾਂ ਨੂੰ ਮੁਢਲੀਆਂ ਦਵਾਈਆਂ ਮੁਹੱਈਆ ਨਾ ਹੋਣ ਕਾਰਨ ਇਕ ਵੱਡਾ ਮਾਮਲਾ ਹਾਈਕੋਰਟ ਵਿਚ ਪੁੱਜਾ ਹੈ ਅਤੇ ਇਹ ਮਾਮਲਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਤਹਿਤ ਜ਼ਿਲ੍ਹਾ ਪ੍ਰੀਸ਼ਦਾਂ ਅਧੀਨ ਕੀਤੀਆਂ ਗਈਆਂ1186 ਪੇਂਡੂ ਸਿਹਤ ਡਿਸਪੈਂਸਰੀਆਂ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਡਿਸਪੈਂਸਰੀਆਂ ਵਿਚ ਮਈ 2013 ਤੋਂ ਇਹ ਦਵਾਈਆਂ ਦੀ ਸਪਲਾਈ ਰੁਕ ਗਈ, ਜਿਸ ਕਾਰਨ ਡਿਸਪੈਂਸਰੀਆਂ ਵਿਚ ਬਲੱਡ ਪ੍ਰੈਸ਼ਰ ਡਾਇਬਿਟੀਜ਼ ਦੀਆਂ ਦਵਾਈਆਂ ਤੇ ਕੀ ਪੈਰਾਸੀਟਾਮੋਲ ਅਤੇ ਪੱਟੀਆਂ ਆਦਿ ਵੀ ਲੋੜੀਂਦੀ ਮਾਤਰਾ ਵਿਚ ਮੌਜੂਦ ਨਹੀਂ ਹਨ ਜਿਨ੍ਹਾਂ ਦਾ ਖਮਿਆਜ਼ਾ ਸਿੱਧੇ ਤੌਰ 'ਤੇ ਪੇਂਡੂ, ਗਰੀਬ ਲੋਕਾਂ ਤੇ ਮੱਧ ਸ਼੍ਰੇਣੀ ਦੇ ਲੋਕ ਭੁਗਤ ਰਹੇ ਹਨ। ਜਿਨ੍ਹਾਂ ਦੀ ਜੇਬ੍ਹ ਪ੍ਰਾਈਵੇਟ ਕਲੀਨਿਕਾਂ ਜਾਂ ਨਿੱਜੀ ਹਸਪਤਾਲਾਂ ਵਿਚ ਮਹਿੰਗੇ ਇਲਾਜ ਕਰਵਾਉਣ ਦੀ ਇਜਾਜ਼ਤ ਨਹੀਂ ਦਿੰਦੀਆਂ। ਜਿਸ ਦੇਸ਼ ਦੇ ਲੋਕੀਂ ਮੁਢਲੀਆਂ ਸਿਹਤ ਸਹੂਲਤਾਂ ਤੋਂ ਸੱਖਣੇ ਹੋਣਗੇ, ਉਸ ਦੇਸ਼ ਦੇ ਲੋਕ ਸਿਹਤਮੰਦ ਨਹੀਂ ਹੋਣਗੇ ਅਤੇ ਉਹ ਦੇਸ਼ ਕਿਵੇਂ ਤਰੱਕੀ ਕਰ ਸਕਦਾ ਹੈ, ਲੋੜ ਹੈ ਸਰਕਾਰ ਨੂੰ ਜ਼ਰੂਰੀ ਤੇ ਕਾਰਗਰ ਕਦਮ ਚੁੱਕਣ ਦੀ।

-ਗੁਰਮੇਲ ਸਿੰਘ ਗਿੱਲ
ਪਿੰਡ ਗੇਹਲੜਾਂ (ਜਲੰਧਰ)।

ਲੋਕ ਮੰਚ ਦੀ ਮਹੱਤਤਾ

ਅਦਾਰਾ 'ਅਜੀਤ' ਵੱਲੋਂ ਸ਼ੁਰੂ ਕੀਤਾ ਗਿਆ 'ਲੋਕ ਮੰਚ' ਜਿਥੇ ਇਕ ਪਾਸੇ ਉਭਰਦੇ ਲੇਖਕਾਂ ਲਈ ਪਲੇਟਫਾਰਮ ਸਿੱਧ ਹੋ ਰਿਹਾ ਹੈ, ਉਥੇ ਦੂਸਰੇ ਪਾਸੇ ਇਹ ਅਜਿਹੀਆਂ ਸਮੱਸਿਆਵਾਂ ਵੱਲ ਵੀ ਧਿਆਨ ਦਿਵਾਉਂਦਾ ਹੈ ਜੋ ਅਣਗੌਲੀਆਂ ਹੀ ਪਈਆਂ ਹਨ। ਇਸ ਵਿਚ ਛਪੇ ਵੱਖ-ਵੱਖ ਤਰ੍ਹਾਂ ਦੇ ਲੇਖ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦੇ ਹਨ। ਸਾਰੇ ਪਾਠਕ ਬੇਸਬਰੀ ਨਾਲ ਸੋਮਵਾਰ ਨੂੰ 'ਲੋਕ ਮੰਚ' ਦੀ ਉਡੀਕ ਕਰਦੇ ਹਨ। ਇਸ ਦੇ ਲਈ 'ਅਜੀਤ' ਦਾ ਸਮੂਹ ਸਟਾਫ਼ ਵਧਾਈ ਦਾ ਹੱਕਦਾਰ ਹੈ। ਪਰਮਾਤਮਾ ਕਰੇ 'ਅਜੀਤ' ਇਸ ਤਰ੍ਹਾਂ ਹੀ ਜਨਤਾ ਦੀ ਆਵਾਜ਼ ਬਣ ਕੇ ਵਿਚਰਦਾ ਰਹੇ।

-ਰਣਜੀਤ ਸਿੰਘ 'ਰਾਏ'
ਪਿੰਡ ਤੇ ਡਾਕ: ਸ਼ਹਿਬਾਜ਼ਪੁਰਾ, ਨੇੜੇ ਰਾਏਕੋਟ (ਲੁਧਿਆਣਾ)।

26-12-2014

 ਸਿੱਖਿਆ ਦਾ ਅਧਿਕਾਰ ਕਾਨੂੰਨ
ਆਜ਼ਾਦੀ ਦੇ 62 ਸਾਲਾ ਬਾਅਦ ਅਸੀਂ 'ਲਾਜ਼ਮੀ ਅਤੇ ਮੁਫ਼ਤ ਸਿੱਖਿਆ ਦਾ ਅਧਿਕਾਰ ਕਾਨੂੰਨ 2009' ਲਾਗੂ ਕਰਨ ਵਿਚ ਸਫਲ ਹੋਏ ਹਾਂ। ਬੇਸ਼ੱਕ ਸਿੱਖਿਆ ਹਰ ਬੱਚੇ ਦਾ ਮੌਲਿਕ ਹੱਕ ਬਣ ਚੁੱਕੀ ਹੈ ਪ੍ਰੰਤੂ ਅਜੇ ਵੀ ਬਹੁਤ ਸਾਰੇ ਬੱਚਿਆਂ ਨੂੰ ਸਕੂਲੋਂ ਬਾਹਰ ਦੇਖਿਆ ਜਾ ਸਕਦਾ ਹੈ। ਅਜਿਹੇ ਬੱਚੇ ਹੋਟਲਾਂ, ਢਾਬਿਆਂ ਤੇ ਦੁਕਾਨਾਂ 'ਤੇ ਬਾਲ ਮਜ਼ਦੂਰੀ ਕਰਦੇ ਹੋਏ ਆਮ ਦੇਖੇ ਜਾ ਸਕਦੇ ਹਨ। ਕੀ 'ਲਾਜ਼ਮੀ ਅਤੇ ਸਿੱਖਿਆ ਦਾ ਅਧਿਕਾਰ ਕਾਨੂੰਨ' ਇਨ੍ਹਾਂ ਬੱਚਿਆਂ ਲਈ ਕੋਈ ਉਪਰਾਲਾ ਕਰ ਸਕੇਗਾ? ਇਸ ਕਾਨੂੰਨ ਦੀਆਂ ਕਈ ਧਾਰਾਵਾਂ ਵਿਦਿਆਰਥੀਆਂ ਵਿਚ ਨਕਾਰਾਤਮਿਕ ਰੁਚੀਆਂ ਵੀ ਪੈਦਾ ਕਰਦੀਆਂ ਹਨ, ਜਿਵੇਂ ਅੱਠਵੀਂ ਜਮਾਤ ਤੱਕ ਕਿਸੇ ਵਿਦਿਆਰਥੀ ਨੂੰ ਫੇਲ੍ਹ ਨਹੀਂ ਕੀਤਾ ਜਾ ਸਕਦਾ, ਜਿਸ ਨਾਲ ਬੱਚਿਆਂ ਵਿਚੋਂ ਮੁਕਾਬਲੇ ਦੀ ਭਾਵਨਾ ਖ਼ਤਮ ਹੋ ਗਈ ਹੈ ਅਤੇ ਉਹ ਅੱਜ ਦੇ ਵਿਗਿਆਨਕ ਯੁੱਗ ਵਿਚ ਹਰ ਮੁਹਾਜ਼ 'ਤੇ ਪਛੜ ਰਹੇ ਹਨ। ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਜੁਲਾਈ ਮਹੀਨੇ ਦੌਰਾਨ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤਾ ਮਤਾ ਕਿ ਇਸ ਕਾਨੂੰਨ ਦੀਆਂ ਉਨ੍ਹਾਂ ਧਾਰਾਵਾਂ ਨੂੰ ਸੋਧ ਕੇ ਪਹਿਲਾਂ ਵਾਂਗ ਪੰਜਵੀਂ ਅਤੇ ਅੱਠਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਲਈਆਂ ਜਾਣ, ਇਕ ਸ਼ਲਾਘਾਯੋਗ ਉਪਰਾਲਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਾਜ ਸਰਕਾਰ ਦੁਆਰਾ ਪਾਸ ਕੀਤੇ ਮਤੇ ਨੂੰ ਤੁਰੰਤ ਲਾਗੂ ਕਰੇ ਤਾਂ ਜੋ ਪੰਜਾਬੀ ਬੱਚਿਆਂ ਦਾ ਭਵਿੱਖ ਸਵਾਰਿਆ ਜਾ ਸਕੇ ਅਤੇ ਉਹ ਵੀ ਮੁਕਾਬਲੇ ਦੀ ਭਾਵਨਾ ਨਾਲ ਹਰ ਖੇਤਰ ਵਿਚ ਮੱਲਾਂ ਮਾਰ ਸਕਣ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਨਸ਼ਿਆਂ ਦਾ ਰੁਝਾਨ
ਅੱਜ ਸਾਡੇ ਸਮਾਜ ਵਿਚ ਨਸ਼ਿਆਂ ਦਾ ਰੁਝਾਨ ਅਮਰਵੇਲ ਵਾਂਗ ਵਧ ਰਿਹਾ ਹੈ। ਨਸ਼ਿਆਂ ਦੀ ਸ਼ੁਰੂਆਤ ਬੇਰੁਜ਼ਗਾਰੀ ਤੋਂ ਹੁੰਦੀ ਹੈ। ਵਿਹਲੇ ਬੰਦੇ ਗੁਰਬਤ ਦੀ ਜ਼ਿੰਦਗੀ ਜਿਊਂਦੇ ਹੋਏ ਅੰਦਰੋਂ ਬੁਰੀ ਤਰ੍ਹਾਂ ਟੁੱਟ ਜਾਂਦੇ ਹਨ। ਹਰ ਪਾਸੇ ਨਸ਼ਿਆਂ ਦਾ ਬੋਲਬਾਲਾ ਹੋਣ ਕਾਰਨ ਉਹ ਆਪਣੀ ਗ਼ਰੀਬੀ ਤੋਂ ਦੁਖੀ ਹੋ ਕੇ ਨਸ਼ੇ ਕਰਨ ਲੱਗ ਪੈਂਦੇ ਹਨ। ਜਦੋਂ ਉਹ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ ਤਾਂ ਉਹ ਨਸ਼ਾ ਕਰਨ ਲਈ ਚੋਰੀ ਕਰਦੇ ਹਨ ਤੇ ਜੂਆ ਖੇਡਦੇ ਹਨ। ਨਸ਼ਿਆਂ ਦੇ ਵਧ ਰਹੇ ਰੁਝਾਨ ਕਾਰਨ ਘਰ ਤਬਾਹ ਹੋ ਰਹੇ ਹਨ। ਲੋੜ ਹੈ ਫੌਰੀ ਤੌਰ 'ਤੇ ਧਿਆਨ ਦੇਣ ਦੀ ਤਾਂ ਜੋ ਇਸ ਨਸ਼ੇ ਦੀ ਬਿਮਾਰੀ ਤੋਂ ਬਚਿਆ ਜਾਵੇ।

-ਰਾਜਵੰਤ ਸਿੰਘ ਰਾਜੂ
ਰਾਏਕੋਟ (ਲੁਧਿਆਣਾ)।

ਮੇਲੇ ਬਨਾਮ ਕਾਨਫ਼ਰੰਸ
ਮੇਲੇ ਪੰਜਾਬੀਆਂ ਦੇ ਆਪਸੀ ਭਾਈਚਾਰੇ ਦੇ ਪ੍ਰਤੀਕ ਹਨ। ਪਰ ਅਫ਼ਸੋਸ ਕਿ ਅੱਜ ਇਨ੍ਹਾਂ ਮੇਲਿਆਂ 'ਤੇ ਸਿਆਸਤ ਭਾਰੂ ਹੋ ਗਈ ਹੈ। ਵੱਡੇ ਮੇਲੇ 'ਚ ਵੱਡੀ ਕਾਨਫ਼ਰੰਸ ਤੇ ਛੋਟੇ ਮੇਲੇ 'ਚ ਛੋਟੀ ਕਾਨਫ਼ਰੰਸ ਕੀਤੀ ਜਾਂਦੀ ਹੈ। ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਵਿਚ ਤਾਂ ਅਜਿਹਾ ਆਮ ਹੀ ਦੇਖਣ ਨੂੰ ਮਿਲਦਾ ਹੈ। ਜੋ ਸੰਗਤਾਂ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਲੈ ਕੇ ਆਉਂਦੀਆਂ ਹਨ, ਉਨ੍ਹਾਂ ਨੂੰ ਕਾਨਫ਼ਰੰਸ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਲੋਕਾਂ ਦੇ ਵਾਹਨਾਂ ਨੂੰ ਗੁਰੂ ਘਰ ਤੋਂ ਕਾਫੀ ਪਿੱਛੇ ਰੋਕ ਦਿੱਤਾ ਜਾਂਦਾ ਹੈ ਤੇ ਵੀ.ਆਈ.ਪੀ. ਲੋਕ ਅੱਗੇ ਜਾਣ ਦਿੱਤੇ ਜਾਂਦੇ ਨੇ ਮੰਤਰੀ ਜੀ ਦੇ ਆਉਣ ਕਰਕੇ। ਇਥੇ ਪੁਲਿਸ ਵਾਲੇ ਕਿਸੇ ਸ਼ਰਧਾਲੂ ਦੀ ਨਹੀਂ ਸੁਣਦੇ, ਕਿਸੇ ਬਜ਼ੁਰਗ ਦੀ ਨਹੀਂ ਸੁਣਦੇ, ਕਿਸੇ ਬਿਮਾਰ ਦੀ ਨਹੀਂ ਸੁਣਦੇ। ਮੇਲਿਆਂ ਦਾ ਤੇ ਸਿਆਸੀ ਕਾਨਫ਼ਰੰਸਾਂ ਦਾ ਆਪਸ ਵਿਚ ਕੋਈ ਮੇਲ ਨਹੀਂ। ਸੋ, ਮੇਲਿਆਂ ਨੂੰ ਮੇਲੇ ਹੀ ਰਹਿਣ ਦਿੱਤਾ ਜਾਵੇ, ਰਾਜਨੀਤੀ ਦਾ ਅਖਾੜਾ ਨਾ ਬਣਾਇਆ ਜਾਵੇ।

-ਗੁਰਪ੍ਰੀਤ ਸਿੰਘ ਮਾਨ
ਪਿੰਡ ਤੇ ਡਾਕ: ਮੌੜ (ਫ਼ਰੀਦਕੋਟ)।

25-12-2014

 ਪੱਛਮੀ ਸੱਭਿਅਤਾ ਦਾ ਬੋਲਬਾਲਾ
ਅੱਜ ਪੱਛਮੀ ਸੱਭਿਅਤਾ ਦਾ ਬੋਲਬਾਲਾ ਹੈ। ਪੱਛਮੀ ਸੱਭਿਅਤਾ ਬਾਹਰੀ ਚਕਾਚੌਂਧ ਅਤੇ ਐਸ਼ਪ੍ਰਸਤੀ ਵਾਲੇ ਜੀਵਨ ਨੂੰ ਜ਼ਿਆਦਾ ਮਹੱਤਤਾ ਦਿੰਦੀ ਹੈ ਅਤੇ ਮਨੁੱਖੀ ਸਬੰਧਾਂ ਨੂੰ ਘੱਟ। ਇਸ ਨਾਲ ਨਾ ਸਿਰਫ ਸਾਡੀ ਜੀਵਨ-ਸ਼ੈਲੀ ਬਦਲੀ ਹੈ, ਸਗੋਂ ਆਪਸੀ ਪਰਿਵਾਰਕ ਰਿਸ਼ਤਿਆਂ ਨੂੰ ਵੀ ਠੇਸ ਲੱਗੀ ਹੈ। ਪਹਿਲਾਂ ਪਰਿਵਾਰਕ ਰਿਸ਼ਤਿਆਂ 'ਚ ਅਪਣੱਤ ਹੁੰਦੀ ਸੀ। ਹਰ ਕੋਈ ਇਕ-ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਸੀ ਪਰ ਹੁਣ ਪੱਛਮ ਦੇ ਪ੍ਰਭਾਵ ਕਾਰਨ ਬਿਨਾਂ ਸਵਾਰਥ ਦੇ ਕੋਈ ਕਿਸੇ ਨੂੰ ਨਹੀਂ ਪੁੱਛਦਾ। ਇਸ ਲਈ ਲੋੜ ਹੈ ਅੱਜ ਪੱਛਮੀ ਸੱਭਿਅਤਾ ਨੂੰ ਛੱਡ ਕੇ ਆਪਣੀ ਸੱਭਿਅਤਾ ਨੂੰ ਅਪਣਾਉਣ ਦੀ, ਰਿਸ਼ਤਿਆਂ ਦੀ ਕਦਰ ਕਰਨ ਦੀ ਤਾਂ ਕਿ ਆਪਸੀ ਪਿਆਰ ਤੇ ਭਾਈਚਾਰਾ ਬਣਿਆ ਰਹੇ।

-ਸੇਵਾ ਰਾਮ ਸਿੰਗਲਾ
ਸਮਾਜ ਸੇਵਕ, ਮੇਨ ਅਜੀਤ ਰੋਡ, ਬਠਿੰਡਾ।

ਜਾਗਰੂਕਤਾ
ਪਿਛਲੇ ਦਿਨੀਂ ਦੇ ਸੰਪਾਦਕੀ ਵਿਚ ਸੰਪਾਦਕ ਸਾਹਿਬ ਨੇ ਪੰਜਾਬ ਦੇ ਲੋਕਾਂ ਅਤੇ ਸਰਕਾਰ ਦੀ ਜਾਗਰੂਕਤਾ ਬਾਰੇ ਬਿਆਨ ਕੀਤਾ ਹੈ। ਸੰਪਾਦਕ ਸਾਹਿਬ ਨੇ ਲਿਖਿਆ ਹੈ ਕਿ 1981-82 ਤੱਕ ਪੰਜਾਬ ਦੀ ਆਰਥਿਕਤਾ ਸਹੀ ਲੀਹਾਂ 'ਤੇ ਸੀ। ਇਸ ਤੋਂ ਸਪੱਸ਼ਟ ਹੋਇਆ ਕਿ ਆਪਣੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਦੋਸ਼ ਦੇਣ ਦੀ ਬਜਾਇ ਝਾਤ ਮਾਰ ਕੇ ਦੇਖੀਏ ਕਿ ਕਾਲਾ ਦੌਰ ਪੰਜਾਬ ਦੀ ਆਰਥਿਕਤਾ ਨੂੰ ਲੀਹਾਂ ਉਤੋਂ ਲਾਹੁਣ ਲਈ ਕਿੰਨਾ ਦੋਸ਼ੀ ਹੈ। ਪੰਜਾਬ ਵਿਚ ਚੁਣੀਆਂ ਹੋਈਆਂ ਸਰਕਾਰਾਂ ਪੰਜਾਬੀਆਂ ਦੀ ਭਲਾਈ ਲਈ ਯੋਗਦਾਨ ਪਾਉਂਦੀਆਂ ਹਨ। ਪਰ ਸਰਕਾਰ ਵੀ ਕੀ ਕਰੇ ਜਦ ਬਦਤਰ ਹਾਲਤਾਂ ਨੇ ਪੰਜਾਬ ਦਾ ਵਿੱਤੀ ਨੁਕਸਾਨ ਕੀਤਾ ਹੈ। 'ਅਜੀਤ' ਦੀ ਪ੍ਰਸੰਸਾ ਹੈ ਕਿ ਸਮੇਂ-ਸਮੇਂ 'ਤੇ ਆਪਣੇ ਸੰਪਾਦਕੀ ਲੇਖਾਂ ਰਾਹੀਂ ਸਰਕਾਰਾਂ ਤੇ ਲੋਕਾਂ ਵਿਚਲੇ ਪੜੇ ਨੂੰ ਭਰਨ ਲਈ ਯੋਗ ਉਪਰਾਲੇ ਕੀਤੇ। ਅਖ਼ਬਾਰ ਵੱਲੋਂ ਪੰਜਾਬੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਪਾਉਣ ਲਈ ਚੁਣੀਆਂ ਹੋਈਆਂ ਸਰਕਾਰਾਂ ਦਾ ਸਾਥ ਦਿੱਤਾ। ਸਿਜਦਾ ਹੈ ਪੰਜਾਬ ਦੀ ਇਸ ਆਵਾਜ਼ ਨੂੰ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਭਰੂਣ ਹੱਤਿਆ
ਸਾਡੇ ਪੰਜਾਬ ਦੀ ਪਾਵਨ ਧਰਤੀ 'ਤੇ ਭਰੂਣ ਹੱਤਿਆ ਵਰਗੇ ਅਤਿ-ਘਿਨੌਣੇ ਪਾਪਾਂ ਦਾ ਰੁਝਾਨ ਦਿਨੋ-ਦਿਨ ਵਧਦੇ ਜਾਣਾ ਜਿਥੇ ਪੰਜਾਬ ਵਾਸੀਆਂ ਦੇ ਮੱਥੇ 'ਤੇ ਵੱਡਾ ਕਲੰਕ ਹੈ, ਉਥੇ ਸਾਡੇ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਵੀ ਹੈ। ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਔਰਤ ਨੂੰ ਤਾਂ ਸਾਡੇ ਗੁਰੂ ਸਾਹਿਬਾਨ ਨੇ ਵੀ ਰੱਬ ਦੇ ਸਮਾਨ ਦਰਜਾ ਦਿੱਤਾ ਹੈ। ਸੋ, ਸਾਡੇ ਧਾਰਮਿਕ ਪ੍ਰਚਾਰਕਾਂ, ਲੇਖਕਾਂ, ਸਾਹਿਤਕਾਰਾਂ, ਗੀਤਕਾਰਾਂ ਤੇ ਬੁੱਧੀਜੀਵੀਆਂ ਨੂੰ ਭਰੂਣ ਹੱਤਿਆ ਦੇ ਖਿਲਾਫ਼ ਵੱਧ ਤੋਂ ਵੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

-ਰਾਣਾ ਮੱਲ੍ਹਾ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

ਸਰਕਾਰੀ ਛੁੱਟੀਆਂ
ਮੈਂ ਆਪ ਜੀ ਦਾ ਧਿਆਨ ਦਫ਼ਤਰਾਂ ਅਤੇ ਵਿਦਿਅਕ ਅਦਾਰਿਆਂ ਵਿਚ ਵਧਦੀਆਂ ਛੁੱਟੀਆਂ ਬਾਰੇ ਦਿਵਾਉਣਾ ਚਾਹੁੰਦੀ ਹਾਂ। ਅੱਜਕਲ੍ਹ ਦਫ਼ਤਰਾਂ, ਸਕੂਲਾਂ, ਕਾਲਜਾਂ ਵਿਚ ਛੁੱਟੀਆਂ ਬਹੁਤ ਵਧ ਗਈਆਂ ਹਨ, ਜਿਸ ਕਾਰਨ ਬੱਚੇ ਪੜ੍ਹਾਈ ਵਿਚ ਕਮਜ਼ੋਰ ਹੁੰਦੇ ਜਾ ਰਹੇ ਹਨ। ਸਾਡਾ ਗ਼ਰੀਬ ਦੇਸ਼ ਭਾਰਤ ਵੀ ਕਮਜ਼ੋਰ ਹੋ ਗਿਆ ਹੈ। ਅਮਰੀਕਾ, ਕੈਨੇਡਾ ਅਤੇ ਹੋਰ ਵਿਕਸਤ ਦੇਸ਼ਾਂ ਵਿਚ ਬਹੁਤ ਘੱਟ ਛੁੱਟੀਆਂ ਹੁੰਦੀਆਂ ਹਨ। ਉਹ ਦੇਸ਼ ਭਾਰਤ ਨਾਲੋਂ ਕਈ ਗੁਣਾ ਅੱਗੇ ਹਨ। ਉਨ੍ਹਾਂ ਦੇਸ਼ਾਂ ਦੇ ਬੱਚੇ ਬਹੁਤ ਹੁਸ਼ਿਆਰ ਹਨ। ਪਿਛਲੇ ਅਕਤੂਬਰ ਮਹੀਨੇ ਦੀ ਹੀ ਗੱਲ ਕਰ ਲਓ। ਅਕਤੂਬਰ ਮਹੀਨਾ ਤਾਂ ਅੱਧਾ ਛੁੱਟੀਆਂ ਦਾ ਹੀ ਲੰਘ ਗਿਆ ਹੈ। ਸਗੋਂ ਸਕੂਲਾਂ, ਕਾਲਜਾਂ ਵਿਚ ਕੁਝ ਸਮੇਂ ਲਈ ਕਿਸੇ ਖ਼ਾਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਫਿਰ ਪੜ੍ਹਾਈ ਵੀ ਹੋ ਸਕਦੀ ਹੈ। ਇਸ ਨਾਲ ਬੱਚਿਆਂ ਨੂੰ ਉਸ ਦਿਨ ਦਾ ਵੀ ਪਤਾ ਲੱਗ ਜਾਵੇਗਾ ਅਤੇ ਪੜ੍ਹਾਈ ਦਾ ਵੀ ਨੁਕਸਾਨ ਨਹੀਂ ਹੋਵੇਗਾ। ਅੰਤ ਵਿਚ ਮੈਂ ਕਹਾਂਗੀ ਕਿ ਸਾਡੇ ਗ਼ਰੀਬ ਦੇਸ਼ ਨੂੰ ਅੱਗੇ ਵਧਣ ਲਈ ਸਖ਼ਤ ਮਿਹਨਤ ਦੀ ਲੋੜ ਹੈ।

-ਜਸ਼ਨਪ੍ਰੀਤ ਕੌਰ
ਕਲਾਸ ਸੱਤਵੀਂ, ਗੁੱਡਵਿਲ ਇੰਟਰਨੈਸ਼ਨਲ ਹਾਈ ਸਕੂਲ, ਢਡਿਆਲਾ ਨੱਤ, ਜ਼ਿਲ੍ਹਾ ਗੁਰਦਾਸਪੁਰ।

ਬੇਰੁਜ਼ਗਾਰੀ
ਨੌਜਵਾਨ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ, ਪਰ ਭਾਰਤ ਅੰਦਰ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੈ। ਵਿਆਪਕ ਬੇਰੁਜ਼ਗਾਰੀ ਕਾਰਨ ਉਹ ਵਿਦੇਸ਼ਾਂ ਨੂੰ ਦੌੜ ਰਹੇ ਹਨ ਤੇ ਭਾਰਤ ਅੰਦਰ ਬੇਰੁਜ਼ਗਾਰੀ ਲਗਾਤਾਰ ਵਧ ਰਹੀ ਹੈ। 2011 ਦੀ ਮਰਦਮਸ਼ੁਮਾਰੀ ਦੇ ਜਾਰੀ ਅੰਕੜਿਆਂ ਮੁਤਾਬਿਕ ਭਾਰਤ 'ਚ 16-24 ਸਾਲਾਂ ਦੇ 20 ਫ਼ੀਸਦੀ ਨੌਜਵਾਨ ਬੇਰੁਜ਼ਗਾਰ ਹਨ। ਨਿਰੋਲ ਅੰਕੜਿਆਂ ਵਿਚ ਗੱਲ ਕਰਨੀ ਹੋਵੇ ਤਾਂ ਇਹ ਗਿਣਤੀ 4.7 ਕਰੋੜ ਬਣਦੀ ਹੈ। ਇਨ੍ਹਾਂ ਵਿਚੋਂ 2.6 ਕਰੋੜ ਮਰਦ ਹਨ ਅਤੇ 2.1 ਔਰਤਾਂ ਹਨ। ਇਹ ਅੰਕੜੇ ਉਸ ਦਹਾਕੇ ਦੇ ਹਨ, ਜਿਸ 'ਚ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ 'ਚ ਵਾਧੇ ਦੀ ਦਰ 8 ਫ਼ੀਸਦੀ ਕਹੀ ਜਾਂਦੀ ਹੈ। ਮਰਦਮਸ਼ੁਮਾਰੀ ਦੇ ਇਹ ਅੰਕੜੇ ਦਰਸਾਉਂਦੇ ਹਨ ਕਿ ਵਿਸ਼ਵੀਕਰਨ, ਉਦਾਰੀਕਰਨ ਦੀਆਂ ਨੀਤੀਆਂ ਨੇ ਆਰਥਿਕ ਸੰਕਟ ਦੂਰ ਨਹੀਂ ਕੀਤਾ, ਸਗੋਂ ਹੋਰ ਵਧਾ ਦਿੱਤਾ ਹੈ ਅਤੇ ਜਿਸ ਦਾ ਸਿੱਟਾ 'ਰੁਜ਼ਗਾਰ ਰਹਿਤ ਵਿਕਾਸ' ਨਿਕਲਿਆ ਹੈ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ।

-ਰਣਦੀਪ ਸੰਗਤਪੁਰਾ
ਲਹਿਰਾਗਾਗਾ (ਸੰਗਰੂਰ)।

17-9-2013

 ਵਾਤਾਵਰਨ ਵਿਰੋਧੀ ਫ਼ੈਸਲਾ ਵਾਪਸ ਲਿਆ ਜਾਏ
ਸ੍ਰੀਮਾਨ ਜੀਓ,
ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਮਿਤੀ 09.08.2013 ਨੂੰ ਇਕ ਅਹਿਮ ਫ਼ੈਸਲਾ ਲੈਂਦੇ ਹੋਏ ਪੰਜਾਬ ਦੀਆਂ ਰੱਖਾਂ ਦੁਆਲੇ ਦਾ ਰਾਖਵਾਂ ਖੇਤਰ (ਈਕੋ ਸੈਂਸਟਿਵ ਜ਼ੋਨ) 10 ਕਿਲੋਮੀਟਰ ਤੋਂ ਘਟਾ ਕੇ 100 ਮੀਟਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਇਹ ਇਕ ਬਹੁਤ ਹੀ ਹੈਰਾਨੀਜਨਕ ਅਤੇ ਸਮੁੱਚੇ ਪੰਜਾਬ ਦੀ ਬਚੀ ਹੋਈ ਵਾਤਾਵਰਣਿਕ ਪ੍ਰਣਾਲੀ, ਜੋ ਕਿ ਪਹਿਲਾਂ ਹੀ ਆਖਰੀ ਸਾਹਾਂ 'ਤੇ ਹੈ, ਨੂੰ ਖ਼ਤਮ ਕਰਨ ਦਾ ਫ਼ੈਸਲਾ ਹੈ। ਅਜਿਹਾ ਮੈਨੂੰ ਜਾਪਦਾ ਹੈ। ਇਸ ਸਬੰਧੀ ਹੇਠ ਲਿਖੇ ਨੁਕਤੇ ਧਿਆਨ ਦੇਣ ਯੋਗ ਹਨ।
1. ਗਰੈਂਡ ਟਰੰਕ ਰੋਡ ਜਾਂ ਜਰਨੈਲੀ ਸੜਕ ਨੂੰ ਚੌੜਾ ਕਰਨ ਦੇ ਮੰਤਵ ਨਾਲ ਇਸ ਦੇ ਆਲੇ-ਦੁਆਲੇ ਸਾਰੇ ਦੇ ਸਾਰੇ ਰੁੱਖਾਂ ਦਾ ਮੁਕੰਮਲ ਸਫਾਇਆ ਕੀਤਾ ਜਾ ਚੁੱਕਾ ਹੈ।
2. 'ਸ਼ਡਿਊਲ ਰੋਡ' ਦੇ ਨਾਂਅ 'ਤੇ ਰਾਜ ਦੀਆਂ ਅੰਦਰੂਨੀ ਸੜਕਾਂ ਨੂੰ ਚੌੜਾ ਕਰਨ ਦੇ ਮੰਤਵ ਨਾਲ ਆਲੇ-ਦੁਆਲੇ ਦੇ ਸਮੁੱਚੇ ਰੁੱਖਾਂ ਨੂੰ ਕੱਟਿਆ ਜਾ ਚੁੱਕਾ ਹੈ।
3. ਵਾਤਾਵਰਨ ਪੱਖੋਂ ਪੰਜਾਬ ਦੇ ਬਹੁਤ ਹੀ ਅਮੀਰ, ਅਹਿਮ ਅਤੇ ਸੰਵੇਦਨਸ਼ੀਲ ਇਲਾਕੇ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਰੇਤਾ, ਬਜਰੀ, ਮਿੱਟੀ ਆਦਿ ਪ੍ਰਾਪਤ ਕਰਨ, ਉਦਯੋਗ ਲਗਾਉਣ ਜਾਂ ਐਸ਼-ਓ-ਆਰਾਮ ਲਈ ਕਾਲੋਨੀਆਂ ਕੱਟਣ ਦੇ ਨਾਂਅ ਉੱਪਰ ਪੱਧਰਾ ਕੀਤਾ ਜਾ ਰਿਹਾ ਹੈ।
4. ਦਰਿਆਵਾਂ ਨਾਲ ਲਗਦੀਆਂ ਜ਼ਮੀਨਾਂ ਉੱਪਰ ਧਾਰਮਿਕ ਅਸਥਾਨਾਂ, ਗਊਸ਼ਾਲਾਵਾਂ ਬਣਾਉਣ ਦੇ ਮੰਤਵ ਹੇਠ ਕਬਜ਼ਾ ਕੀਤਾ ਜਾ ਰਿਹਾ ਹੈ।
5. ਖੇਤਾਂ ਵਿਚ ਖੜ੍ਹੇ ਰੁੱਖ ਜਾਂ ਬਰਮਾਂ ਉੱਪਰ ਲੱਗੇ ਰੁੱਖਾਂ ਨੂੰ ਛਾਂ ਆਦਿ ਹੋਣ ਦੇ ਕਾਰਨ ਫ਼ਸਲ ਘੱਟ ਪੈਦਾ ਹੋਣ ਦਾ ਹਵਾਲਾ ਦੇ ਕੇ ਲਗਭਗ ਸਾਫ਼ ਕੀਤਾ ਜਾ ਚੁੱਕਾ ਹੈ।
ਅਜਿਹੀ ਸਥਿਤੀ ਵਿਚ ਬਹੁਤ ਸਾਰੇ ਜੀਵਾਂ (ਜਿਨ੍ਹਾਂ ਵਿਚ ਪੰਛੀਆਂ ਅਤੇ ਹੋਰ ਜਾਨਵਰਾਂ ਦੀਆਂ ਕਿਸਮਾਂ ਸ਼ਾਮਿਲ ਹਨ) ਸਦਾ ਲਈ ਮਨੁੱਖੀ ਵਸੋਂ ਤੋਂ ਦੂਰ ਜਾਂ ਅਲੋਪ ਹੋ ਚੁੱਕੀਆਂ ਹਨ। ਪੰਜਾਬ ਦੀਆਂ ਸਾਰੀਆਂ ਰੱਖਾਂ ਦਾ ਘੇਰਾ ਜੇਕਰ 10 ਕਿਲੋਮੀਟਰ ਤੋਂ ਘਟਾ ਕੇ 100 ਮੀਟਰ ਕਰਕੇ ਮਨੁੱਖ ਵੱਲੋਂ ਲਾਲਚ ਤੇ ਲਾਲਸਾਵਾਂ (ਪ੍ਰਤੱਖ ਰੂਪ ਵਿਚ ਇਹੀ ਕਾਰਨ ਹੈ) ਅਧੀਨ ਧਰਤੀ ਦੇ ਹੋਰ ਜੀਵਾਂ ਜੋ ਕਿ ਮਨੁੱਖੀ ਰਹਿਮ ਉੱਪਰ ਅੱਜ ਆਪਣਾ ਜੀਵਨ ਬਤੀਤ ਕਰ ਰਹੇ ਹਨ, ਦੀ ਜ਼ਮੀਨ ਉੱਪਰ ਕਬਜ਼ਾ ਕੀਤਾ ਜਾਂਦਾ ਹੈ ਤਾਂ ਇਹ ਨਿਸਚਿਤ ਰੂਪ ਵਿਚ ਮਨੁੱਖ ਲਈ ਆਪਾ ਘਾਤਕ ਫ਼ੈਸਲਾ ਹੋਵੇਗਾ। ਅਜਿਹਾ ਕਰਨ ਨਾਲ ਮਨੁੱਖੀ ਦਖ਼ਲ-ਅੰਦਾਜ਼ੀ ਰੱਖਾਂ ਤੱਕ ਵਧ ਜਾਵੇਗੀ ਅਤੇ ਉਸ ਵਿਚ ਵਿਚਰਦੇ ਜੀਵਾਂ ਦਾ ਰਹਿਣਾ ਮੁਹਾਲ ਹੋ ਜਾਵੇਗਾ। ਉਨ੍ਹਾਂ ਦੀ ਖੁਰਾਕ ਅਤੇ ਪ੍ਰਜਨਣ ਸ਼ਕਤੀ ਉੱਪਰ ਬੇਹੱਦ ਮਾਰੂ ਅਸਰ ਪੈਣ ਦੀ ਆਸ਼ੰਕਾ ਹੈ। ਰਹਿੰਦਾ-ਖੂੰਹਦਾ ਰੁੱਖਾਂ ਨਾਲ ਕੁਝ ਕੁ ਢਕਿਆ ਖੇਤਰ ਵੀ ਹਰਿਆਲੀ ਤੋਂ ਮਹਿਰੂਮ ਹੋ ਜਾਵੇਗਾ। ਅਜਿਹਾ ਕਰਨਾ ਸਮੁੱਚੇ ਪੰਜਾਬ ਦੇ ਵਾਤਾਵਰਣਿਕ ਪ੍ਰਬੰਧ ਨੂੰ ਤਬਾਹ ਕਰਨ ਦੇ ਤੁਲ ਹੈ।
ਮੇਰੀ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਰੌਸ਼ਨ-ਬੁੱਧ ਦੇ ਮਾਲਕ ਹੋ। ਆਪ ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਵਾਤਾਵਰਨ ਅਤੇ ਜੀਵ-ਜੰਤੂਆਂ ਉੱਪਰ ਪੈਣ ਵਾਲੇ ਵਿਗਾੜਾਂ ਪ੍ਰਤੀ ਸਰਕਾਰ ਦੇ ਨੁਮਾਇੰਦਿਆਂ ਅਤੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਉਚਿਤ ਕਦਮ ਉਠਾਓ, ਤਾਂ ਜੋ ਅਸੀਂ ਆਪਣੇ ਵਾਤਾਵਰਨ ਅਤੇ ਆਲੇ-ਦੁਆਲੇ ਦੇ ਜੀਵ-ਜੰਤੂਆਂ ਨੂੰ ਬਚਾਉਣ ਲਈ ਇਕ ਨਿੱਕਾ ਜਿਹਾ ਉਪਰਾਲਾ ਕਰ ਸਕੀਏ।

ਹੁੰਗਾਰੇ ਦੀ ਆਸ ਵਿਚ
-ਜਗਜੀਤ ਸਿੰਘ ਮਾਨ
ਵਾਤਾਵਰਨ ਪ੍ਰੇਮੀ
ਮੋ: 94631-40554
E. mail : pnpp30@yahoo.com

24-12-2014

 ਵਹਿਸ਼ੀਆਨਾ ਕਾਰਾ
ਪਾਕਿਸਤਾਨ ਦੇ ਤਾਲਿਬਾਨ ਦੁਆਰਾ ਪਿਸ਼ਾਵਰ ਦੇ ਆਰਮੀ ਸਕੂਲ 'ਤੇ ਹਮਲਾ ਕਰਕੇ ਮਾਸੂਮ ਬੱਚਿਆਂ ਨੂੰ ਜਿਸ ਤਰ੍ਹਾਂ ਮੌਤ ਦੇ ਘਾਟ ਉਤਾਰਿਆ ਗਿਆ, ਉਹ ਵਹਿਸ਼ੀਪੁਣੇ ਅਤੇ ਦਰਿੰਦਗੀ ਦੀ ਇੰਤਹਾ ਸੀ। ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਥੋੜ੍ਹੀ ਹੈ। ਦਰਅਸਲ ਪਾਕਿਸਤਾਨ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਬਣ ਚੁੱਕਾ ਹੈ। ਉਥੇ ਹਾਫਿਜ਼ ਸਈਦ ਵਰਗੇ ਅੱਤਵਾਦੀਆਂ ਜੋ ਭਾਰਤ ਵਿਰੁੱਧ ਜ਼ਹਿਰ ਉਗਲਦੇ ਰਹਿੰਦੇ ਹਨ, ਨੂੰ ਇੱਜ਼ਤ ਦਿੱਤੀ ਜਾਂਦੀ ਹੈ। ਪਾਕਿਸਤਾਨ ਨੂੰ ਪਿਸ਼ਾਵਰ ਹੱਤਿਆਕਾਂਡ ਤੋਂ ਸਬਕ ਸਿੱਖਣ ਦੀ ਲੋੜ ਹੈ। ਪਾਕਿਸਤਾਨ ਆਪਣੀ ਸਥਿਰਤਾ ਅਤੇ ਆਵਾਮ ਦੀ ਖੁਸ਼ਹਾਲੀ ਲਈ ਪੂਰੀ ਸੰਜੀਦਗੀ ਨਾਲ ਹਰ ਤਰ੍ਹਾਂ ਦੇ ਅੱਤਵਾਦ 'ਤੇ ਨਕੇਲ ਪਾਵੇ। ਦੱਖਣ-ਏਸ਼ੀਆ ਦੇ ਖਿੱਤੇ 'ਚ ਸ਼ਾਂਤੀ ਅਤੇ ਅਮਨ ਕਾਇਮ ਕਰਨ ਲਈ ਪਾਕਿਸਤਾਨ ਦੁਆਰਾ ਇਕ ਗੰਭੀਰ ਅਤੇ ਜ਼ਿੰਮੇਵਾਰ ਮੁਲਕ ਦੀ ਤਰ੍ਹਾਂ ਵਿਹਾਰ ਕਰਨਾ ਹੋਰ ਵੀ ਜ਼ਰੂਰੀ ਹੈ। ਉਂਜ ਵੀ ਅੱਤਵਾਦ ਨੂੰ ਸ਼ਹਿ ਦੇ ਕੇ ਪਾਕਿਸਤਾਨ ਨੂੰ ਸਿਵਾਏ ਬਰਬਾਦੀ ਦੇ ਕੁਝ ਵੀ ਹਾਸਲ ਨਹੀਂ ਹੋਇਆ। ਦੁਨੀਆ ਦੇ ਸਾਰੇ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਾਰੇ ਰਾਜਨੀਤਕ ਅਤੇ ਧਾਰਮਿਕ ਮਤਭੇਦ ਇਕ ਪਾਸੇ ਰੱਖ ਕੇ ਅੱਤਵਾਦ ਵਰਗੀ ਬੁਰਾਈ ਨੂੰ ਖ਼ਤਮ ਕਰਨ ਲਈ ਇਕਜੁਟ ਹੋ ਕੇ ਇਸ ਵਿਰੁੱਧ ਲੜਾਈ ਵਿੱਢਣ।

-ਸੰਦੀਪ ਆਰੀਆ
ਬੀ-774, ਆਰੀਆ ਨਗਰ, ਫਾਜ਼ਿਲਕਾ।

ਗ਼ਲਤਫਹਿਮੀਆਂ
ਕਹਿੰਦੇ ਨੇ ਮਨੁੱਖ ਗ਼ਲਤੀਆਂ ਦਾ ਪੁਤਲਾ ਹੈ। ਪਰ ਇਸ ਦੇ ਨਾਲ ਹੀ ਕਈ ਵਾਰ ਇਨਸਾਨ ਗ਼ਲਤਫਹਿਮੀਆਂ ਦਾ ਵੀ ਪੁਤਲਾ ਬਣ ਜਾਂਦਾ ਹੈ, ਜੋ ਤਰ੍ਹਾਂ-ਤਰ੍ਹਾਂ ਦੀਆਂ ਗ਼ਲਤਫਹਿਮੀਆਂ ਆਪਣੇ ਅੰਦਰ ਪਾਲਦਾ ਰਹਿੰਦਾ ਹੈ ਤੇ ਫਿਰ ਆਪਸੀ ਰਿਸ਼ਤਿਆਂ ਦੀ ਸਾਂਝ ਨੂੰ ਤੋੜ ਬੈਠਦਾ ਹੈ। ਉਹ ਫਿਰ ਆਪਣਿਆਂ 'ਤੇ ਵੀ ਤਰਸ ਤੇ ਰਹਿਮ ਨਹੀਂ ਕਰਦਾ। ਆਪਣੀ ਗ਼ਲਤਫਹਿਮੀ ਦੇ ਤਰਕ ਨਾਲ ਦੂਜੇ 'ਚ ਗ਼ਲਤੀਆਂ ਕੱਢਦਾ ਰਹਿੰਦਾ ਹੈ। ਇਸ ਤਰ੍ਹਾਂ ਦੂਰੀਆਂ ਵਧਣ ਲਗਦੀਆਂ ਹਨ। ਸੱਚੀਆਂ ਤੇ ਖਰੀਆਂ ਗੱਲਾਂ ਕਰਨ ਵਾਲੇ ਕਦੇ ਵੀ ਗ਼ਲਤਫਹਿਮੀ ਦਾ ਸ਼ਿਕਾਰ ਨਹੀਂ ਹੁੰਦੇ। ਕਈ ਲੋਕ ਕੰਨਾਂ ਦੇ ਕੱਚੇ ਹੁੰਦੇ ਹਨ, ਜੋ ਝੱਟ ਕਿਸੇ ਦੀ ਸੁਣੀ-ਸੁਣਾਈ 'ਤੇ ਇਤਬਾਰ ਕਰਕੇ ਗ਼ਲਤਫਹਿਮੀ ਦੀ ਦਲਦਲ 'ਚ ਫਸ ਜਾਂਦੇ ਹਨ। ਸਾਨੂੰ ਸੱਚ ਬੋਲਣਾ ਤੇ ਸੱਚ ਸੁਣਨਾ ਵੀ ਚਾਹੀਦਾ ਹੈ। ਸੋ ਜੇਕਰ ਕਿਸੇ ਪ੍ਰਤੀ ਤੁਹਾਨੂੰ ਗ਼ਲਤਫਹਿਮੀ ਹੋ ਵੀ ਗਈ ਹੈ ਤਾਂ ਮਿਲ ਬੈਠ ਕੇ ਦੂਰ ਕਰ ਲੈਣੀ ਚਾਹੀਦੀ ਹੈ। ਸੋ, ਗ਼ਲਤਫਹਿਮੀਆਂ 'ਚ ਪੈ ਕੇ ਸਮਾਂ ਨਾ ਗੁਆਓ। ਹਰ ਪਲ ਨੂੰ ਖੁਸ਼ੀ-ਖੁਸ਼ੀ ਹੰਢਾਓ।

-ਸਨੇਹਇੰਦਰ ਮੀਲੂ ਫਰੌਰ
#932/21 ਖੰਨਾ।

ਰਿਸ਼ਤਿਆਂ ਦਾ ਨਿੱਘ
ਅੱਜ ਸਮੇਂ ਦੇ ਬਦਲਾਓ ਨਾਲ ਰਿਸ਼ਤਿਆਂ ਨੂੰ ਨਿਭਾਉਣ ਦਾ ਅੰਦਾਜ਼ ਵੀ ਬਦਲ ਗਿਆ ਹੈ। ਸੂਚਨਾ ਤਕਨਾਲੋਜੀ ਦਾ ਸਮਾਂ ਹੋਣ ਕਰਕੇ ਭਾਵ ਮੋਬਾਈਲ, ਇੰਟਰਨੈੱਟ ਵਰਗੀਆਂ ਸਹੂਲਤਾਂ ਹੋਣ ਕਰਕੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਸੰਪਰਕ ਕਰਨਾ ਸੌਖਾ ਹੋ ਗਿਆ ਹੈ। ਪਰ ਰਿਸ਼ਤਿਆਂ ਦਾ ਨਿੱਘ ਉਦੋਂ ਘਟਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਇਨਸਾਨ ਤੰਗੀਆਂ-ਤੁਰਸ਼ੀਆਂ ਨਾਲ ਦੋ-ਚਾਰ ਹੁੰਦਾ-ਹੁੰਦਾ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਚੱਕਰ 'ਚ ਫਸ ਜਾਂਦਾ ਹੈ। ਉਹ ਏਨਾ ਮਜਬੂਰ ਹੋ ਜਾਂਦਾ ਹੈ ਕਿ ਉਹ ਆਪਣਿਆਂ ਨਾਲ ਦੁੱਖ-ਸੁੱਖ ਵੀ ਸਾਂਝਾ ਨਹੀਂ ਕਰ ਪਾਉਂਦਾ। ਇਹ ਵੀ ਸੱਚ ਹੈ ਕਿ ਆਪਣਿਆਂ ਦੇ ਪਿਆਰ ਤੋਂ ਬਗੈਰ ਜ਼ਿੰਦਗੀ ਅਧੂਰੀ ਹੈ ਅਤੇ ਸਾਕ-ਸਬੰਧੀਆਂ ਦੇ ਸਹਿਯੋਗ ਨਾਲ ਦੁੱਖ ਘਟ ਜਾਂਦੇ ਹਨ। ਅੱਜ ਇਹ ਵਿਚਾਰਨਾ ਪਵੇਗਾ ਕਿ ਰਿਸ਼ਤਿਆਂ ਵਿਚ ਵਧਦੀ ਦੂਰੀ ਨੂੰ ਘਟਾ ਕੇ ਨਿੱਘ ਦੀਆਂ ਤੰਦਾਂ ਮਜ਼ਬੂਤ ਕਰ ਸਕੀਏ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

14-11-2014

 ਸਫ਼ਾਈ ਮੁਹਿੰਮ

ਮੇਰੇ ਵਿਚਾਰ ਅਨੁਸਾਰ ਸਫ਼ਾਈ ਮੁਹਿੰਮ ਤਦ ਹੀ ਸਫਲ ਹੋ ਸਕਦੀ ਹੈ, ਜੇਕਰ ਅਸੀਂ ਇਸ ਨੂੰ ਮਨ ਨਾਲ ਕਰੀਏ ਅਤੇ ਮਨ ਦੀ ਇੱਛਾ ਸ਼ਕਤੀ ਨੂੰ ਦ੍ਰਿੜ੍ਹ ਕਰੀਏ ਤੇ ਲਗਨ ਨਾਲ ਇਸ ਪਾਸੇ ਜੁੱਟ ਜਾਈਏ ਤੇ ਇਹ ਸੋਚ ਛੱਡੀਏ ਕਿ ਇਹ ਕੰਮ ਸਰਕਾਰ ਦਾ ਹੈ ਅਤੇ ਅਸੀਂ ਆਪਣਾ ਮੁਢਲਾ ਫਰਜ਼ ਸਮਝਦੇ ਹੋਏ ਇਸ ਵਿਚ ਆਪਣਾ ਯੋਗਦਾਨ ਪਾਈਏ ਤਾਂ ਯਕੀਨਨ ਹੀ ਇਕ ਦਿਨ ਸਵੱਛ ਭਾਰਤ ਦਾ ਸੁਪਨਾ ਪੂਰਾ ਹੋ ਸਕੇਗਾ।

-ਸੇਵਾ ਰਾਮ ਸਿੰਗਲਾ
ਮੇਨ ਅਜੀਤ ਰੋਡ, ਬਠਿੰਡਾ।

ਸੰਗੀਤ ਪ੍ਰਦੂਸ਼ਣ

ਸੰਗੀਤ ਇਕ ਤਰ੍ਹਾਂ ਦਾ ਵਹਿਣ ਹੈ, ਰੂਹ ਦੀ ਖੁਰਾਕ ਤੇ ਤਨ-ਮਨ ਨੂੰ ਸੰਤੁਸ਼ਟ ਕਰਨ ਵਾਲਾ ਵਰਤਾਰਾ। ਜੀਵਨ ਵਿਚ ਤਾਂ ਇਸ ਦੀ ਅਹਿਮੀਅਤ ਇਸ ਪੱਖੋਂ ਵੀ ਜ਼ਾਹਰ ਹੁੰਦੀ ਹੈ ਕਿ ਸਾਡੇ ਜੀਵਨ ਦੇ ਸਮੁੱਚੇ ਕਾਰ ਵਿਹਾਰ, ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਪੱਖ ਸੰਗੀਤ ਬਿਨਾਂ ਅਧੂਰੇ ਹਨ। ਪ੍ਰੰਤੂ ਅੱਜ ਮੁਨਾਫ਼ੇਖੋਰ ਦਿਮਾਗਾਂ ਦੁਆਰਾ ਰੂਹ ਦੀ ਇਸ ਖੁਰਾਕ ਵਿਚੋਂ ਤਿਜੌਰੀਆਂ ਭਰਨ ਦਾ ਸ਼ੁਰੂ ਕੀਤਾ ਸਿਲਸਿਲਾ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਹੁਣ ਸੰਗੀਤ ਸ਼ੋਰ-ਪ੍ਰਦੂਸ਼ਣ ਦਾ ਹੀ ਪ੍ਰਤੀਕ ਬਣ ਉਭਰਿਆ ਹੈ। ਤਣਾਅ ਭਜਾਉਣ ਵਾਲਾ ਵਸੀਲਾ ਖ਼ੁਦ ਤਣਾਅ ਗ੍ਰਸਤ ਹੋ ਚੁੱਕਾ ਹੈ। ਗੀਤਾਂ 'ਚੋਂ ਕੋਮਲਤਾ ਗਾਇਬ ਹੈ। ਸਾਜ਼ਾਂ ਦੀ ਬਹੁਲਤਾ ਵਿਚ ਗਾਇਕ ਦੀ ਆਵਾਜ਼ ਬਹੁਤ ਪਿੱਛੇ ਰਹਿ ਗਈ ਹੈ। ਗੀਤਾਂ ਦੇ ਵਿਸ਼ੇ ਕੁੜੀਆਂ, ਬੋਤਲਾਂ ਤੇ ਲੜਾਈਆਂ ਤੱਕ ਹੀ ਸੀਮਤ ਹੋ ਗਏ ਹਨ। ਅੱਜਕਲ੍ਹ ਇਕ ਨਵਾਂ ਰੁਝਾਨ ਬ੍ਰਾਂਡਿਡ ਕੰਪਨੀਆਂ ਦੀ ਮਸ਼ਹੂਰੀ ਵਾਲਾ ਚੱਲ ਰਿਹਾ ਹੈ, ਜਿਸ ਤੋਂ ਕਈ ਵਾਰ ਗਾਇਕ ਕਿਸੇ ਕੰਪਨੀ ਦੀ ਮਸ਼ਹੂਰੀ ਕਰਦਾ ਏਜੰਟ ਹੀ ਪ੍ਰਤੀਤ ਹੁੰਦਾ ਹੈ। ਬਿਨਾਂ ਸ਼ੱਕ ਬਦਲਾਓ ਸਮੇਂ ਦਾ ਅੰਗ ਹੈ। ਪ੍ਰੰਤੂ ਜੇਕਰ ਬਦਲਾਓ ਦੇ ਨਾਂਅ 'ਤੇ ਕਿਸੇ ਕਲਾ ਦਾ ਮੂੰਹ ਮੁਹਾਂਦਰਾ ਹੀ ਬਦਲ ਦਿੱਤਾ ਜਾਵੇ ਜਾਂ ਕਲਾ ਨੂੰ ਉੱਕਾ ਬੇਪਛਾਣ ਹੀ ਕਰ ਦਿੱਤਾ ਜਾਵੇ ਤਾਂ ਇਸ ਨੂੰ ਜਾਇਜ਼ ਨਹੀਂ ਕਿਹਾ ਜਾ ਸਕਦਾ। ਸੁਰ ਨੂੰ ਸ਼ੋਰ ਵਿਚ ਬਦਲਣ ਤੋਂ ਗੁਰੇਜ਼ ਕਰੀਏ।

-ਬਲਜਿੰਦਰ ਸਿੰਘ ਸਮਾਘ
ਸ੍ਰੀ ਮੁਕਤਸਰ ਸਾਹਿਬ।

ਕੁਦਰਤੀ ਸੋਮੇ

ਕੁਦਰਤੀ ਸੋਮਿਆਂ ਨੂੰ ਬਚਾਉਣਾ ਸਾਡਾ ਸਭ ਦਾ ਫ਼ਰਜ਼ ਹੈ। ਮਨੁੱਖਤਾ ਦੁਆਰਾ ਇਨ੍ਹਾਂ ਕੁਦਰਤੀ ਸੋਮਿਆਂ ਨਾਲ ਛੇੜਛਾੜ ਸਾਨੂੰ ਬਹੁਤ ਮਹਿੰਗੀ ਪਵੇਗੀ। ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਵਾਸਤੇ ਦਲਦਲੀ ਪਾਣੀ ਦੇ ਸੋਮਿਆਂ ਨੂੰ ਬਚਾਉਣ ਦੀ ਲੋੜ ਹੈ। ਹਰੀਕੇ ਪੱਤਣ ਦੇ ਦਲਦਲੀ ਪਾਣੀ ਵਿਚ ਪ੍ਰਵਾਸੀ ਪੰਛੀਆਂ ਦੀ ਗਿਣਤੀ ਕੁਝ ਸਮੇਂ ਪਹਿਲਾਂ 20000 ਤੋਂ ਘਟ ਕੇ ਹੁਣ 5000 ਰਹਿ ਗਈ ਹੈ ਅਤੇ ਇਸ ਦਾ ਰਕਬਾ 8600 ਹੈਕਟੇਅਰ ਤੋਂ ਘਟ ਕੇ 4100 ਹੈਕਟੇਅਰ ਰਹਿ ਗਿਆ ਹੈ। ਰੋਪੜ ਦੀ ਦਲਦਲੀ ਧਰਤੀ ਵਿਚ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੀ ਰਾਖ ਸਦਕਾ ਇਸ ਦਾ ਰਕਬਾ 1365 ਹੈਕਟੇਅਰ ਤੋਂ ਘਟ ਕੇ 1000 ਹੈਕਟੇਅਰ 'ਤੇ ਆ ਗਿਆ ਹੈ। ਜ਼ਹਿਰੀਲੇ ਰਸਾਇਣ ਲਗਾਤਾਰ ਇਨ੍ਹਾਂ ਪਾਣੀਆਂ ਵਿਚ ਪੈਣ ਕਰਕੇ ਜੰਗਲੀ ਜੀਵਾਂ ਵਾਸਤੇ ਖ਼ਤਰਾ ਬਣਿਆ ਹੋਇਆ ਹੈ ਅਤੇ ਕਈ ਪ੍ਰਜਾਤੀਆਂ ਦੇ ਜੀਵ ਜੰਤੂ ਹੁਣ ਖ਼ਤਮ ਹੋ ਰਹੇ ਹਨ। ਕਾਂਜਲੀ ਦੀ ਦਲਦਲੀ ਪਾਣੀ ਦੀ ਝੀਲ ਸਿਮਟ ਕੇ 2 ਕਿ.ਮੀ. ਤੱਕ ਰਹਿ ਗਈ ਹੈ। ਕਈ ਤਰ੍ਹਾਂ ਦੇ ਪੌਦੇ ਜੋ ਕਿ ਜ਼ਹਿਰੀਲੇ ਕੀੜਿਆਂ ਨੂੰ ਇਸ ਪਾਣੀ ਵਿਚੋਂ ਖਾ ਜਾਂਦੇ ਹਨ, ਹੁਣ ਖ਼ਤਮ ਹੋ ਰਹੇ ਹਨ। ਇਨ੍ਹਾਂ ਨੂੰ ਬਚਾਉਣ ਅਤੇ ਸਾਫ਼ ਰੱਖਣ ਦੀ ਸਖ਼ਤ ਜ਼ਰੂਰਤ ਹੈ। ਆਓ, ਅਸੀਂ ਸਾਰੇ ਰਲ-ਮਿਲ ਕੇ ਦਲਦਲੀ ਪਾਣੀ ਵਾਲੇ ਸੋਮਿਆਂ ਨੂੰ ਬਚਾਈਏ ਤੇ ਸਾਫ਼-ਸੁਥਰਾ ਵਾਤਾਵਰਨ ਬਣਾਈਏ।

-ਡੀ.ਡੀ. ਧਵਨ
1160 ਅਰਬਨ ਇਸਟੇਟ-1, ਜਲੰਧਰ।

31-7-2014

 ਘਿਨਾਉਣੇ ਅਪਰਾਧਾਂ ਖਿਲਾਫ਼ ਇਕਜੁੱਟ ਹੋਣ ਦਾ ਸਮਾਂ

ਮੈਂ ਯੂ. ਐਸ. ਫੌਜ ਲਈ ਕੰਮ ਕਰਦਾ ਹਾਂ। ਜਦੋਂ ਇਥੋਂ ਦੇ ਲੋਕ ਇਹ ਪੁੱਛਦੇ ਹਨ ਕਿ ਭਾਰਤ ਵਿਚ ਇੰਨੇ ਜਬਰ-ਜਨਾਹ ਕਿਉਂ ਹੋ ਰਹੇ ਹਨ ਤੇ ਭਾਰਤੀ ਸਰਕਾਰ ਕਿਉਂ ਨਹੀਂ ਕੁਝ ਕਰ ਰਹੀ ਤਾਂ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਅਤੇ ਇਹ ਸਾਡੇ ਲਈ ਕਿੰਨੀ ਸ਼ਰਮ ਵਾਲੀ ਗੱਲ ਹੈ। ਇਸ ਲਈ ਇਹ ਹੁਣ ਸਾਡੇ ਸਾਰਿਆਂ ਲਈ ਇਕ ਜ਼ਿੰਮੇਵਾਰੀ ਬਣ ਚੁੱਕੀ ਹੈ ਕਿ ਅਸੀਂ ਅਜਿਹੇ ਘਿਨਾਉਣੇ ਅਪਰਾਧਾਂ ਦਾ ਖਾਤਮਾ ਕਰੀਏ।

ਦਲਜੀਤ ਸਿੰਘ
Email : daljitsingh708@gmail.com

3-1-2014

 ਪੰਜਾਬੀ ਦਾ ਹੱਕ

ਅੰਗਰੇਜ਼ਾਂ ਵੱਲੋਂ ਭਾਰਤ ਦੀ ਵੰਡ ਦੌਰਾਨ ਲੱਖਾਂ ਪੰਜਾਬੀਆਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਾਅਦ ਭਾਰਤ ਦੇ ਨਾਲ ਜੁੜਿਆ ਪੰਜਾਬ ਕਾਫੀ ਜੱਦੋ-ਜਹਿਦ ਕਰਨ ਤੋਂ ਬਾਅਦ ਭਾਸ਼ਾ 'ਤੇ ਆਧਾਰਿਤ ਸੂਬਾ ਬਣਿਆ ਪ੍ਰੰਤੂ ਇਸ ਦੇ ਅੰਗ ਕੱਟ ਕੇ ਹਰਿਆਣਾ ਤੇ ਹਿਮਾਚਲ ਬਣਾ ਦਿੱਤੇ ਗਏ ਅਤੇ ਪੰਜਾਬੀ ਬੋਲਦੇ ਇਲਾਕਿਆਂ ਸਬੰਧੀ ਇਨਸਾਫ਼ ਨਾ ਕਰਕੇ ਕਈ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਕਰ ਦਿੱਤੇ ਗਏ। ਪੰਜਾਬੀ ਸੂਬੇ ਦੇ ਬਨਣ ਦੇ ਬਾਵਜੂਦ ਵੀ ਇਕ ਦੀ ਮਾਂ-ਬੋਲੀ ਪੰਜਾਬੀ ਨੂੰ ਸਰਕਾਰੇ-ਦਰਬਾਰੇ ਬਣਦਾ ਮਾਣ ਸਤਿਕਾਰ ਨਹੀਂ ਕੀਤਾ ਗਿਆ। ਬੇਸ਼ੱਕ ਮੌਜੂਦਾ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਪੰਜਾਬੀ ਭਾਸ਼ਾ ਸਰਕਾਰੀ ਦਫ਼ਤਰਾਂ ਵਿਚ ਲਾਜ਼ਮੀ ਕੀਤੀ ਹੈ, ਪ੍ਰੰਤੂ ਅਫਸਰਸ਼ਾਹੀ ਨੂੰ ਪਤਾ ਨਹੀਂ ਪੰਜਾਬੀ ਨਾਲ ਕੀ ਵੈਰ ਹੈ ਤੇ ਅੰਗਰੇਜ਼ੀ ਨਾਲ ਹੇਜ਼ ਹੈ ਕਿ ਉਹ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਣਨ ਤੋਂ ਰੋਕਣ ਲਈ ਹਰ ਤਰ੍ਹਾਂ ਦੇ ਹਰਬੇ ਵਰਤਦੀ ਆ ਰਹੀ ਹੈ।

-ਬੱਬੀ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਤੇਜ਼ਾਬੀ ਹਮਲੇ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ, ਤੇਜ਼ਾਬੀ ਹਮਲਿਆਂ ਤੋਂ ਪੀੜਤਾਂ ਲਈ ਮੁਫ਼ਤ ਇਲਾਜ ਦਾ ਐਲਾਨ ਕਰ ਦਿੱਤਾ। ਪਰ ਇਹ ਵਕਤੀ ਇਲਾਜ ਹੈ, ਸਮੱਸਿਆ ਦਾ ਇਲਾਜ ਨਹੀਂ। ਅਸਲ ਮੁੱਦਾ ਤਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦਾ ਹੈ। ਤੇਜ਼ਾਬ ਪੀੜਤਾਂ ਦੇ ਸਰੀਰਕ, ਮਾਨਸਿਕ, ਬੌਧਿਕ, ਸਮਾਜਿਕ ਪੱਧਰਾਂ ਨੂੰ ਬਹੁਤ ਜ਼ਿਆਦਾ ਸੱਟ ਵੱਜਦੀ ਹੈ। ਉਨ੍ਹਾਂ ਦਾ ਸਵੈਮਾਨ, ਇੱਜ਼ਤ, ਹੌਸਲਾ ਸਦਾ ਲਈ ਖ਼ਤਮ ਹੋ ਜਾਂਦਾ। ਜਿੰਨਾ ਚਿਰ ਸਖ਼ਤ ਸਜ਼ਾਵਾਂ ਤੈਅ ਨਹੀਂ ਹੁੰਦੀਆਂ ਤੇਜ਼ਾਬੀ ਘਟਨਾਵਾਂ ਨਹੀਂ ਰੁਕਣਗੀਆਂ। ਸਖ਼ਤ ਸਜ਼ਾਵਾਂ ਹੀ ਇਨ੍ਹਾਂ ਘਟਨਾਵਾਂ ਦਾ ਅਸਲ ਇਲਾਜ ਹਨ। ਨਹੀਂ ਤਾਂ ਉਹ ਦਿਨ ਦੂਰ ਨਹੀਂ, ਸਾਨੂੰ ਬਿਰਧ, ਅਨਾਥ, ਵਿਧਵਾ ਆਸ਼ਰਮ ਦੀ ਤਰ੍ਹਾਂ ਤੇਜ਼ਾਬੀ ਆਸ਼ਰਮ ਬਣਾਉਣੇ ਪੈਣਗੇ।

-ਭੁਪਿੰਦਰ ਸਿੰਘ 'ਜੈਤੋ'
ਸਰਕਾਰੀ ਪ੍ਰਾਇਮਰੀ ਸਕੂਲ, ਰਾਮੇਆਣਾ (ਫਰੀਦਕੋਟ)।

'ਭਾਗ ਸਿਰਜਣੇ ਪੈਂਦੇ...'

ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਲੇਖਿਕਾ ਬੱਬੂ ਤੀਰ ਦਾ ਕਾਲਮ 'ਭਾਗ ਸਿਰਜਣੇ ਪੈਂਦੇ ਨੇ, ਲਕੀਰਾਂ 'ਚੋਂ ਨਹੀਂ ਲੱਭਦੇ' ਪੜ੍ਹਨ ਨੂੰ ਮਿਲਿਆ। ਲੇਖਿਕਾ ਨੇ ਆਪਣੇ ਲੇਖ ਵਿਚ ਠੁੱਕਦਾਰ ਬੋਲੀ ਰਾਹੀਂ ਮਨੁੱਖੀ ਜ਼ਿੰਦਗੀ ਵਿਚ ਆਉਣ ਵਾਲੇ ਚੰਗੇ-ਮਾੜੇ ਸਮੇਂ ਦਾ ਡਟ ਕੇ ਮੁਕਾਬਲਾ ਕਰਨ ਦੀ ਸਿੱਖਿਆ ਦਿੱਤੀ। ਇਸ ਤੋਂ ਇਲਾਵਾ ਡਾ: ਬਰਜਿੰਦਰ ਸਿੰਘ ਹਮਦਰਦ ਦੀ ਭ੍ਰਿਸ਼ਟਾਚਾਰ ਬਾਰੇ ਸੰਪਾਦਕੀ ਵੀ ਕਾਬਲ-ਏ-ਤਾਰੀਫ਼ ਲੱਗੀ।

-ਜਸਵਿਨ
ਕਮਲ ਕਾਲੋਨੀ, ਸਮਰਾਲਾ, ਜ਼ਿਲ੍ਹਾ ਲੁਧਿਆਣਾ।

ਕਾਲਾ ਕਾਰੋਬਾਰ

ਨਸ਼ਿਆਂ ਨੇ ਸਾਡੀ ਸਰੂ ਵਰਗੀ ਜਵਾਨੀ ਨੂੰ ਅਣਆਈ ਮੌਤ ਦੇ ਮੂੰਹ ਧੱਕ ਦਿੱਤਾ ਹੈ। ਸੱਚਮੁੱਚ ਹੁਣ ਪੰਜਾਬੀਆਂ ਦੇ ਜਾਗਣ ਅਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਡਟਣ ਦਾ ਸਮਾਂ ਹੈ। ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਲਾਮਬੰਦ ਹੋ ਕੇ ਇਸ ਮਕੜਜਾਲ ਨੂੰ ਤੋੜਿਆ ਜਾ ਸਕਦਾ ਹੈ। ਇਸ ਕਾਲੇ ਕਾਰੋਬਾਰ ਵਿਚ ਸ਼ਾਮਿਲ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਲੋਕ ਕਚਹਿਰੀ ਵਿਚ ਨੰਗਿਆਂ ਕਰਨ ਦੀ ਜ਼ਰੂਰਤ ਹੈ। ਚੰਗੇ ਪੁਲਿਸ ਅਧਿਕਾਰੀਆਂ ਨੂੰ ਥਾਪੜਾ ਦੇਣ ਦੀ ਲੋੜ ਹੈ। ਇਸ ਮੁਹਿੰਮ ਵਿਚ ਹਰ ਜਾਗਰੂਕ ਪੰਜਾਬੀ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

-ਨਵਪ੍ਰੀਤ ਕੌਰ ਢਿੱਲੋਂ
ਦੀਪਗੜ੍ਹ (ਬਰਨਾਲਾ)।

ਅੰਧ-ਵਿਸ਼ਵਾਸ

ਵਿਗਿਆਨਕ ਯੁੱਗ ਵਿਚ ਚਾਹੇ ਮਨੁੱਖ ਹਰ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ ਪਰ ਅਜੇ ਵੀ ਉਹ ਆਪਣੇ-ਆਪ ਨੂੰ ਵਹਿਮਾਂ-ਭਰਮਾਂ ਵਿਚੋਂ ਬਾਹਰ ਨਹੀਂ ਕੱਢ ਸਕਿਆ। ਵਿਆਹ ਹੋਵੇ ਜਾਂ ਕੋਈ ਕੰਮ, ਅੱਜ ਵੀ ਮਹੂਰਤ ਦੇਖੇ ਬਿਨਾਂ ਨਹੀਂ ਕੀਤਾ ਜਾਂਦਾ। ਵਿਗਿਆਨ ਜੋ ਕਹਿੰਦਾ ਹੈ, ਉਹ ਸਾਬਤ ਵੀ ਕਰਦਾ ਹੈ, ਅੰਧ-ਵਿਸ਼ਵਾਸ ਅਟਕਲਪੱਚੂ ਤੋਂ ਸਿਵਾ ਕੁਝ ਨਹੀਂ। ਅਜੋਕੇ ਸਮੇਂ ਵਿਚ ਬਹੁਤੇ ਲੋਕ ਵਹਿਮਾਂ-ਭਰਮਾਂ ਵਿਚ ਪੈ ਕੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਤਾਂਤਰਿਕਾਂ ਕੋਲ ਵੀ ਜਾਂਦੇ ਹਨ, ਜੋ ਇਨ੍ਹਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਸ਼ਰੇਆਮ ਕਰਦੇ ਹਨ। ਤਾਂਤਰਿਕਾਂ ਦੇ ਹੱਥੇ ਚੜ੍ਹ ਕੇ ਜਾਨੀ-ਮਾਲੀ ਨੁਕਸਾਨ ਕਰਵਾਉਣ ਤੋਂ ਬਿਨਾਂ ਅਜਿਹੇ ਕਈ ਵਿਸ਼ਵਾਸ ਜੋ ਹੁਣ ਪੂਰੀ ਤਰ੍ਹਾਂ ਗ਼ੈਰ-ਵਿਗਿਆਨਕ ਸਾਬਤ ਹੋ ਚੁੱਕੇ ਹਨ, ਨੂੰ ਅਪਣਾ ਕੇ ਹਰ ਰੋਜ਼ ਹਾਦਸਿਆਂ ਅਤੇ ਬਿਮਾਰੀਆਂ ਤੋਂ ਗ੍ਰਸਤ ਲੋਕ ਜਾਨਾਂ ਗੁਆ ਰਹੇ ਹਨ। ਭਾਵੇਂ ਕਿ ਭਾਰਤ ਦੇ ਅੰਧ-ਵਿਸ਼ਵਾਸੀ ਸਮਾਜ ਨੂੰ ਆਧੁਨਿਕ ਲੀਹਾਂ 'ਤੇ ਚੱਲਣਾ ਬੜਾ ਵੱਡਾ ਕਾਰਜ ਹੈ ਪਰ ਅੱਜ ਲੋੜ ਹੈ ਸਮੇਂ ਨੂੰ ਪਛਾਣਨ ਦੀ, ਉਸ ਦੀ ਰਫ਼ਤਾਰ ਨਾਲ ਚੱਲਣ ਦੀ। ਉਸ ਨਾਲ ਸਾਡੀ ਤਰੱਕੀ ਹੈ, ਨਾ ਕਿ ਵਹਿਮਾਂ-ਭਰਮਾਂ ਵਿਚ ਪੈ ਕੇ ਆਪਣੀ ਜ਼ਿੰਦਗੀ ਬਿਤਾਉਣ ਦੀ, ਸਾਡੇ ਸਮਾਜ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾਣ ਲਈ ਇਨ੍ਹਾਂ ਵਹਿਮਾਂ-ਭਰਮਾਂ ਦੇ ਚੱਕਰਵਿਊ ਵਿਚੋਂ ਨਿਕਲ ਕੇ ਯੋਜਨਾਬੱਧ ਤਰੀਕੇ ਨਾਲ ਜ਼ਿੰਦਗੀ ਜਿਊਣ ਦੀ ਲੋੜ ਹੈ। ਆਓ, ਅੰਧ-ਵਿਸ਼ਵਾਸਾਂ ਦੇ ਅੰਨ੍ਹੇ ਖੂਹ ਵਿਚੋਂ ਬਾਹਰ ਨਿਕਲ ਕੇ ਗਿਆਨ ਦੀ ਰੌਸ਼ਨ ਦੁਨੀਆ 'ਚ ਕਦਮ ਧਰੀਏ।

-ਰਾਜਵੰਤ ਸਿੰਘ ਰਾਜੂ
ਨੇੜੇ ਗੁਰੂ ਨਾਨਕ ਆਟੋ ਸਪੇਅਰਜ਼, ਲੁਧਿਆਣਾ ਰੋਡ, ਰਾਏਕੋਟ।

28-9-2013

 ਇਨਸਾਫ਼ ਤੋਂ ਉਮੀਦ
ਦਿੱਲੀ ਵਿਚ 16 ਦਸੰਬਰ ਨੂੰ 23 ਸਾਲਾ ਲੜਕੀ ਦਾਮਨੀ ਨਾਲ ਸਮੂਹਿਕ ਜਬਰ-ਜਨਾਹ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਪਿਛਲੇ ਦਿਨੀਂ ਦਿੱਲੀ ਸਾਕੇਤ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪੂਰਾ ਦੇਸ਼ ਹੀ ਇਹ ਚਾਹੁੰਦਾ ਸੀ ਕਿ ਇਨ੍ਹਾਂ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ ਇਨ੍ਹਾਂ ਅਪਰਾਧੀਆਂ ਨੂੰ ਮਿਲੀ ਫਾਂਸੀ ਦੀ ਸਜ਼ਾ ਨਾਲ ਉਮੀਦ ਹੈ ਕਿ ਹੁਣ ਬਲਾਤਕਾਰ ਨੂੰ ਠੱਲ੍ਹ ਪੈ ਜਾਵੇਗੀ।

-ਸੁਖਦੀਪ 'ਸੁੱਖਾ' ਪੰਚ
ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।

23-9-2013

 ਹਾਅ ਦਾ ਨਾਅਰਾ
'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਪੰਜਾਬੀ ਮਾਂ-ਬੋਲੀ ਲਈ ਹਾਅ ਦਾ ਨਾਅਰਾ ਮਾਰਦਾ ਲੇਖ 'ਚੰਡੀਗੜ੍ਹ ਵਿਚ ਪੰਜਾਬੀ' ਪੜ੍ਹਿਆ। ਚੰਡੀਗੜ੍ਹ ਤਾਂ ਕੀ ਪੂਰੇ ਪੰਜਾਬ ਦੇ ਮੁੱਖ ਤੇ ਹੋਰ ਸ਼ਹਿਰਾਂ 'ਚ ਪੰਜਾਬੀ ਲਈ ਬਹੁਤ ਹੀ ਘੱਟ ਸ਼ੁੱਭ ਸ਼ਗਨ ਹੈ, ਜਿਸ ਨੂੰ ਅਸੀਂ ਸਾਰੇ ਪੰਜਾਬੀ ਤੱਕਦੇ ਵੀ ਹਾਂ। ਨਾ ਤਾਂ ਪੰਜਾਬ ਦਾ ਵਾਸੀ ਤੇ ਨਾ ਹੀ ਪੰਜਾਬੀ ਪ੍ਰੋ: ਧਰੈਨਵੱਰ ਨੇ ਸਾਡੇ ਮੂੰਹ 'ਤੇ ਚੰਗੀ ਚਪੇੜ ਮਾਰੀ ਹੈ। ਇਕ ਗ਼ੈਰ-ਪੰਜਾਬੀ ਬੰਦਾ ਪੰਜਾਬੀ ਪੜ੍ਹ ਕੇ ਗੁਰਬਾਣੀ ਸਮਝ ਕੇ ਪੰਜਾਬੀ ਮਾਂ-ਬੋਲੀ ਦਾ ਝੰਡਾ ਉੱਚਾ ਚੁੱਕਣ ਲਈ ਯਤਨਸ਼ੀਲ ਹੈ ਪਰ ਅਸੀਂ ਪੰਜਾਬੀ ਖ਼ੁਦ ਹੀ ਪੰਜਾਬੀ ਤੋਂ ਮੂੰਹ ਮੋੜ ਰਹੇ ਹਾਂ, ਜਿਸ ਦਾ ਨਤੀਜਾ ਅਸੀਂ ਭੁਗਤ ਵੀ ਰਹੇ ਹਾਂ ਤੇ ਅੱਗੇ ਭੁਗਤਾਂਗੇ ਵੀ। ਪ੍ਰੋ: ਸਾਹਿਬ ਨਾਲ ਮੇਰੀ ਮੁਲਾਕਾਤ ਵੀ ਹੋਈ ਹੈ, ਉਹ ਪੰਜਾਬੀ ਤੇ ਪੰਜਾਬੀਅਤ ਦੇ ਸ਼ੈਦਾਈ ਹਨ ਤੇ ਪੰਜਾਬ ਵਾਸੀਆਂ 'ਤੇ ਹੈਰਾਨ ਵੀ ਹਨ। ਉਹ ਪੰਜਾਬੀ ਗੀਤਾਂ 'ਚ ਲੱਚਰਤਾ ਤੇ ਖਾਸ ਕਰ ਸ਼ਰਾਬ ਤੋਂ ਬਹੁਤ ਚਿੰਤਤ ਹਨ। ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਬੇਗਾਨੇ ਤੋਂ ਹੀ ਸਿੱਖ ਲਈਏ ਕਿ ਕਿਵੇਂ ਪੰਜਾਬੀ ਮਾਂ-ਬੋਲੀ ਪ੍ਰਤੀ ਪਿਆਰ ਦਿਖਾਉਣਾ ਹੈ ਤੇ ਪੰਜਾਬੀ ਨੂੰ ਹੋਰ ਵੀ ਚੜ੍ਹਦੀ ਕਲਾ 'ਚ ਲਿਜਾ ਕੇ ਸੰਵਾਰਨਾ ਹੈ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

ਆਨ-ਲਾਈਨ ਜ਼ਮਾਨਾ
ਅੱਜ ਦੇ ਸਮੇਂ ਵਿਚ ਇੰਟਰਨੈੱਟ ਦਾ ਬੋਲਬਾਲਾ ਕਾਫੀ ਵਧ ਗਿਆ ਹੈ। ਇਸ ਦੇ ਕਾਫੀ ਫਾਇਦੇ ਵੀ ਹਨ ਤੇ ਨੁਕਸਾਨ ਵੀ। ਜੇ ਵੇਖਿਆ ਜਾਵੇ ਤਾਂ ਫਾਇਦੇ ਵੱਧ ਹਨ ਤੇ ਨੁਕਸਾਨ ਆਪਣੇ ਹੱਥ ਵਿਚ ਹੀ ਹੈ। ਜੇਕਰ ਸਹੀ ਢੰਗ ਨਾਲ ਇਸ ਦੀ ਵਰਤੋਂ ਕੀਤੀ ਜਾਏ ਤਾਂ ਅਸੀਂ ਕਾਫੀ ਚੀਜ਼ਾਂ ਦਾ ਗਿਆਨ ਘਰ ਵਿਚ ਜਾਂ ਆਪਣੇ ਦਫ਼ਤਰ ਵਿਚ ਵਿਹਲੇ ਸਮੇਂ ਵਰਤੋਂ ਕਰਕੇ ਹਾਸਲ ਕਰ ਸਕਦੇ ਹਾਂ। ਇੰਟਰਨੈੱਟ ਦੁਆਰਾ ਅੱਜਕਲ੍ਹ ਸਭ ਕੁਝ ਸੌਖਾਲਾ ਹੋ ਗਿਆ ਹੈ। ਹੁਣ ਅਸੀਂ ਇੰਟਰਨੈੱਟ ਦੁਆਰਾ ਬਿਜਲੀ ਬਿੱਲ, ਸਕੂਲ ਫੀਸਾਂ, ਰੇਲਵੇ ਟਿਕਟ, ਅਸਾਮੀਆਂ ਆਦਿ ਭਰ ਸਕਦੇ ਹਾਂ।

-ਅਜੈ ਕੁਮਾਰ
ਮੌੜ ਮੰਡੀ, ਬਠਿੰਡਾ।
bba.ajay@gmail.com

ਕਾਨੂੰਨ 'ਚ ਸੋਧ ਦੀ ਲੋੜ
ਦਿੱਲੀ ਦੇ ਜਬਰ-ਜਨਾਹ ਦੇ ਮਾਮਲੇ ਵਿਚ ਅਦਾਲਤ ਵੱਲੋਂ ਨਾਬਾਲਿਗ ਦੋਸ਼ੀ ਬਾਰੇ ਜੋ ਫ਼ੈਸਲਾ ਦਿੱਤਾ ਗਿਆ ਸੀ, ਮੈਂ ਉਸ ਨਾਲ ਸਹਿਮਤ ਨਹੀਂ ਹਾਂ। ਇਸ ਨਾਲ ਅਜਿਹੇ ਦੋਸ਼ੀਆਂ ਨੂੰ ਹੋਰ ਹੌਸਲਾ ਮਿਲੇਗਾ ਕਿ ਕੋਈ ਵੀ ਨਾਬਾਲਿਗ ਜੋ ਭਾਵੇਂ 17 ਸਾਲ ਤੋਂ ਵਧੇਰੇ ਉਮਰ ਦਾ ਵੀ ਹੋਵੇ, ਕੁਝ ਵੀ ਕਰ ਸਕਦਾ ਹੈ ਅਤੇ ਸਜ਼ਾ ਤਾਂ ਤਿੰਨ ਸਾਲ ਹੀ ਮਿਲਣੀ ਹੈ। ਇਸ ਸਬੰਧੀ ਕਾਨੂੰਨ 'ਚ ਸੋਧ ਹੋਣੀ ਚਾਹੀਦੀ ਹੈ। ਨਾਬਾਲਿਗਾਂ ਦੀ ਉਮਰ ਹੱਦ ਘਟਾਈ ਜਾਣੀ ਚਾਹੀਦੀ ਹੈ।

-ਪਲਵਿੰਦਰ ਸਿੰਘ
ਗੁਰਦਾਸਪੁਰ।
palwinder_dhariwal@yahoo.com

ਪੰਜਾਬ ਨੂੰ ਸੰਭਾਲੋ
ਪੰਜਾਬ ਨੂੰ ਕਦੇ ਸੋਨੇ ਦੀ ਚਿੜੀ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਸੀ। ਪਰ ਅੱਜ ਇਸ ਸੋਨੇ ਦੀ ਚਿੜੀ ਨੂੰ ਸਾਡੇ ਆਪਣੇ ਹੀ ਲੁੱਟਣ ਲੱਗੇ ਹੋਏ ਹਨ। ਜਿਸ ਨਾਲ ਪੰਜਾਬ ਦੀ ਆਰਥਿਕ ਦਸ਼ਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਪੰਜਾਬ ਸਿਰ ਕਰਜੇ ਦਾ ਬੋਝ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਥੇ ਬੇਰੁਜ਼ਗਾਰੀ ਕਰਕੇ ਲੁੱਟਾਂ-ਖੋਹਾਂ ਅਤੇ ਨਸ਼ੇ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਜਿਸ ਨੂੰ ਠੱਲ੍ਹ ਪਾਉਣ ਦੀ ਲੋੜ ਹੈ।

-ਬਲਵੰਤ ਸਿੰਘ ਗਿਆਸਪੁਰਾ
ਮੋਬਾਈਲ : 94174-70951.

14-9-2013

 ਪੰਜਾਬ ਦੀ ਵਿੱਤੀ ਹਾਲਤ
ਪਿਛਲੇ ਦਿਨੀਂ ਬਰਜਿੰਦਰ ਸਿੰਘ ਹਮਦਰਦ ਜੀ ਨੇ ਆਪਣੀ ਸੰਪਾਦਕੀ ਵਿਚ ਪੰਜਾਬ ਦੀ ਆਰਥਿਕ ਸਥਿਤੀ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। ਜਿਥੇ ਇਸ ਵਿਗੜ ਰਹੀ ਆਰਥਿਕ ਹਾਲਤ ਦੀ ਮੀਡੀਏ ਵਿਚ ਚਰਚਾ ਹੋ ਰਹੀ ਹੈ, ਉਥੇ ਵਿਰੋਧੀ ਪਾਰਟੀਆਂ ਦੇ ਹੱਥ ਇਕ ਮੁੱਦਾ ਵੀ ਲੱਗ ਗਿਆ ਹੈ। ਸਚਾਈ ਹੈ ਕਿ ਸਰਕਾਰ ਦੀ ਆਮਦਨੀ ਨਾਲੋਂ ਖਰਚ ਕਾਫੀ ਵਧ ਗਿਆ ਹੈ। ਸਰਕਾਰ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦੇ ਲਾਲੇ ਪਏ ਹਨ। ਕਈ-ਕਈ ਮਹੀਨੇ ਤਨਖਾਹਾਂ ਲੇਟ ਹੋਣ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਜਬੂਰਨ ਸਰਕਾਰ ਵਿਰੁੱਧ ਧਰਨੇ ਅਤੇ ਮੁਜ਼ਾਹਰੇ ਕਰਨੇ ਪੈ ਰਹੇ ਹਨ। ਪੰਜਾਬ ਦੇ ਵਿੱਤ ਮੰਤਰੀ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਬਕਾਇਆ ਹੋਈ ਪਈ 8 ਫ਼ੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ (ਜਨਵਰੀ 2013 ਤੋਂ) ਭੁੱਲ ਗਏ ਲਗਦੇ ਹਨ ਜਦੋਂ ਕਿ ਕੇਂਦਰ ਸਰਕਾਰ ਜੁਲਾਈ 2013 ਤੋਂ ਮਹਿੰਗਾਈ ਭੱਤੇ ਦੀ 10 ਫ਼ੀਸਦੀ ਕਿਸ਼ਤ ਦਾ ਬਹੁਤ ਛੇਤੀ ਐਲਾਨ ਕਰਨ ਜਾ ਰਹੀ ਹੈ। ਸੋ, ਸਰਕਾਰ ਨੂੰ ਸਰਮਾਏਦਾਰੀ ਤੋਂ ਟੈਕਸ ਦੀ ਅਦਾਇਗੀ ਸਖ਼ਤੀ ਨਾਲ ਕਰਨੀ ਪਏਗੀ। ਵਪਾਰੀ ਅਤੇ ਦੁਕਾਨਦਾਰ ਬਿਨਾਂ ਬਿੱਲ ਦਿੱਤਿਆਂ ਆਪਣਾ ਸਾਮਾਨ ਵੇਚੀ ਜਾ ਰਹੇ ਹਨ ਅਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਜਨਤਾ ਜਾਗਰੂਕਤਾ ਦੀ ਘਾਟ ਕਾਰਨ ਬਿੱਲ ਮੰਗਣ ਤੋਂ ਸੰਕੋਚ ਕਰਦੇ ਹਨ।

-ਜਗਤਾਰ ਸਿੰਘ 'ਰੁਲਦੂਵਾਲਾ'
ਹੈਲਥ ਇੰਸਪੈਕਟਰ ਅਮਰਗੜ੍ਹ (ਸੰਗਰੂਰ)।

ਔਰਤ ਮਹਿਫੂਜ਼ ਨਹੀਂ
ਭਾਰਤ ਵਿਚ ਔਰਤਾਂ ਨਾਲ ਵਾਪਰ ਰਹੀਆਂ ਸਮੂਹਿਕ ਦੁਰਾਚਾਰ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਜੀਵਨ ਦਾ ਕੋਈ ਅਜਿਹਾ ਖੇਤਰ ਨਹੀਂ, ਜਿਸ ਵਿਚ ਔਰਤ ਦਾ ਬਰਾਬਰ ਦਾ ਯੋਗਦਾਨ ਨਾ ਹੋਵੇ। ਸਾਡਾ ਸੰਵਿਧਾਨ ਵੀ ਔਰਤ ਨੂੰ ਮਰਦ ਦੇ ਬਰਾਬਰ ਅਧਿਕਾਰ ਦਿੰਦਾ ਹੈ। ਔਰਤ ਨਾਲ ਵਾਪਰ ਰਹੀਆਂ ਹਿੰਸਾਤਮਕ ਘਟਨਾਵਾਂ, ਦੁਰਾਚਾਰ ਦੀਆਂ ਘਟਨਾਵਾਂ ਤੇ ਦਹੇਜ ਖਾਤਰ ਸਾੜਨ ਦੀਆਂ ਘਟਨਾਵਾਂ ਨੇ ਜਿਥੇ ਔਰਤ ਦੀ ਆਜ਼ਾਦੀ 'ਤੇ ਪਾਬੰਦੀ ਲਗਾਈ ਹੈ, ਉਥੇ ਉਸ ਦੇ ਅੰਦਰ ਸਹਿਮ ਵੀ ਭਰ ਦਿੱਤਾ ਹੈ। ਅੱਜ ਸਰਕਾਰ ਨੇ ਔਰਤ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਏ ਹਨ ਪਰ ਹਰ ਸ਼ਹਿਰ ਵਿਚ ਦੁਰਾਚਾਰ ਦੀਆਂ ਘਟਨਾਵਾਂ ਜਿਉਂ ਦੀ ਤਿਉਂ ਵਾਪਰ ਰਹੀਆਂ ਹਨ। ਹੁਣ ਸ਼ਹਿਰਾਂ, ਜਨਤਕ ਥਾਵਾਂ, ਬੱਸ ਅੱਡਿਆਂ, ਸਰਕਾਰੀ ਦਫ਼ਤਰਾਂ ਅਤੇ ਸਿੱਖਿਆ ਸੰਸਥਾਵਾਂ ਆਦਿ ਵਿਚ ਕਿਤੇ ਵੀ ਔਰਤ ਮਹਿਫੂਜ਼ ਨਹੀਂ। ਸਕੂਲਾਂ ਵਿਚ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਣ ਦੇ ਨਾਲ-ਨਾਲ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਤੋਂ ਵੀ ਜਾਣੂ ਕਰਵਾਉਣਾ ਚਾਹੀਦਾ ਹੈ। ਪੁਲਿਸ ਪ੍ਰਸ਼ਾਸਨ ਨੂੰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਜ਼ਿਲ੍ਹਾ ਗੁਰਦਾਸਪੁਰ।

ਬਿਮਾਰ ਮਾਨਸਿਕਤਾ
ਪਿਛਲੇ ਦਿਨੀਂ ਤਰਕਸ਼ੀਲ ਆਗੂ ਦਾਭੋਲਕਰ ਦਾ ਕੀਤਾ ਗਿਆ ਕਤਲ ਆਦਰਸ਼ਵਾਦੀ ਸਮਾਜ ਦਾ ਕਤਲ ਹੈ। ਅੱਜ ਵੀ ਅਸੀਂ ਬਿਮਾਰ ਮਾਨਸਿਕਤਾ ਨੂੰ ਲੈ ਕੇ ਚੱਲ ਰਹੇ ਹਾਂ। ਅਸੀਂ ਹੱਥ 'ਤੇ ਹੱਥ ਧਰੀ ਬੈਠੇ ਆਪਣੀ ਗਰੀਬੀ ਨੂੰ 'ਬਦਰੂਹਾਂ' ਦਾ ਸਰਾਪ ਮੰਨਦੇ ਹਾਂ। ਇਥੇ ਸਾਡੀ ਉੱਚ-ਵਿੱਦਿਆ ਕੋਈ ਮਾਅਨੇ ਨਹੀਂ ਰੱਖਦੀ। ਅੱਜ ਜਦੋਂ ਪੜ੍ਹਿਆ-ਲਿਖਿਆ ਵਰਗ ਵੀ ਮੋਟੇ-ਮੋਟੇ ਰੰਗ-ਬਰੰਗੇ ਪੱਥਰਾਂ ਵਾਲੀਆਂ 'ਕੀਮਤੀ' ਮੁੰਦਰੀਆਂ ਪਾਈ ਬੈਠਾ ਚੰਗੇਰੇ ਭਵਿੱਖ ਨੂੰ ਬੁਣਦਾ ਹੈ ਤਾਂ ਆਮ ਆਦਮੀ ਦਾ ਕੀ ਹਾਲ ਹੋਵੇਗਾ? ਕਦ ਤੱਕ ਅਸੀਂ ਝੂਠੇ ਚਮਤਕਾਰਾਂ ਮਗਰ ਲੱਗੇ ਰਹਾਂਗੇ? ਮਨੁੱਖਾਂ ਤੇ ਜਾਨਵਰਾਂ ਦੀਆਂ ਬਲੀਆਂ ਦੇ ਕੇ ਅਸੀਂ ਕਿਸ ਸਮਾਜ ਦੀ ਸਿਰਜਣਾ ਕਰ ਰਹੇ ਹਾਂ? ਆਓ, ਅਸੀਂ ਸਾਰੇ ਰਲਮਿਲ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਦੇ ਹੋਏ ਬਿਮਾਰ ਜਾਂ ਵਿੱਤੀ ਸਮੱਸਿਆਵਾਂ ਦੇ ਸ਼ਿਕਾਰ ਭੋਲੇ-ਭਾਲੇ ਵਿਅਕਤੀਆਂ ਨੂੰ ਸ਼ੋਸ਼ਣ ਤੋਂ ਬਚਾਈਏ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

23-7-13

 ਨਸ਼ਾ ਬਨਾਮ ਪੰਜਾਬ

ਅਜੋਕੇ ਸਮੇਂ ਪੰਜਾਬ ਵਿਚ ਨਸ਼ਿਆਂ ਦੀ ਵਰਤੋਂ, ਵਿਕਰੀ, ਵਪਾਰ ਤੇ ਸਿਆਸੀ ਸਰਪ੍ਰਸਤੀ ਦੀ ਅਖ਼ਬਾਰੀ ਤੇ ਸਮਾਜਿਕ ਚਰਚਾ ਪੂਰੇ ਜ਼ੋਰਾਂ ਉਪਰ ਹੈ। ਪੰਜਾਬ ਦੀ ਵੱਡੀ ਬਦਕਿਸਮਤੀ ਇਹ ਹੈ ਕਿ ਪੰਜਾਬ ਦੀ ਮੁੱਢੋਂ ਅਗਵਾਈ ਕਰਨ ਵਾਲੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਅਜੋਕੇ ਆਗੂ ਆਪਣੇ ਸਿਆਸੀ ਆਕਾਵਾਂ ਤੋਂ ਡਰ ਕੇ ਆਪਣੇ ਫਰਜ਼ ਭੁਲਾ ਬੈਠੇ ਹਨ। ਸੋ, ਇਕ ਬੇਨਤੀ ਹੈ, ਇਕ ਅਪੀਲ ਹੈ, ਸਮੂਹ ਪੰਜਾਬੀਆਂ ਦੇ ਨਾਂਅ, 'ਛੱਡ ਦਿਓ ਪੰਜਾਬੀਓ, ਮਾਰੂ ਨਸ਼ਿਆਂ ਨੂੰ, ਮੁੜ ਆਓ, ਦੁੱਧ ਦਹੀਂ ਘੀ ਮੱਖਣ ਲੱਸੀ ਦੀ ਨਰੋਈ ਖੁਰਾਕ ਵੱਲ। ਜੇਕਰ 'ਆਪਣਾ ਪੰਜਾਬ' ਬਚਾਉਣਾ ਹੈ ਤਾਂ।'

-ਇੰਜ. ਕੁਲਦੀਪ ਸਿੰਘ ਲੁੱਧਰ
4724, ਗੁਰੂ ਨਾਨਕਵਾੜਾ, ਖ਼ਾਲਸਾ ਕਾਲਜ, ਅੰਮ੍ਰਿਤਸਰ।

ਮਾਪਿਆਂ ਦਾ ਸਤਿਕਾਰ

ਫੋਕੀ ਤਰੱਕੀ ਤੇ ਝੂਠੀ ਐਸ਼ੋਇਸ਼ਰਤ ਵਿਚ ਮਨੁੱਖ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਭੁੱਲ ਬੈਠਾ ਹੈ। ਜਿਸ ਦੇ ਸਿੱਟੇ ਵਜੋਂ ਮਾਪੇ ਆਪਣਾ ਦਰਦ ਬਿਆਨ ਕਰਦੇ ਹਨ ਤੇ ਕਦੀ ਕੁਝ ਨਹੀਂ ਬੋਲਦੇ ਤੇ ਝੱਲ ਲੈਂਦੇ ਹਨ। ਪਰ ਇਹ ਸੋਚਣਾ ਹੋਵੇਗਾ ਕਿ ਅਜਿਹਾ ਕਿਉਂ ਹੋ ਰਿਹਾ ਹੈ। ਅੱਜ ਹਰ ਜੋੜਾ ਵਿਆਹ ਤੋਂ ਬਾਅਦ ਅਲੱਗ ਹੋਣ ਲਈ ਸੋਚਦਾ ਹੈ ਕਿ ਸਾਨੂੰ ਪੂਰੀ ਆਜ਼ਾਦੀ ਹੋਵੇ, ਕੋਈ ਕੁਝ ਨਾ ਕਹੇ, ਪਰ ਕੀ ਇਹ ਸਹੀ ਹੈ। ਅਜੋਕੀ ਪੀੜ੍ਹੀ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਮਾਪਿਆਂ ਬਾਰੇ ਸੋਚਣ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਕਿਵੇਂ ਪਾਲਿਆ, ਪੜ੍ਹਾਇਆ ਤੇ ਇਸ ਯੋਗ ਬਣਾਇਆ ਕਿ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਪਰ ਅੱਜ ਹਰ ਤੀਜੇ ਜਾਂ ਚੌਥੇ ਘਰ ਦੀ ਅਜਿਹੀ ਹੀ ਦਾਸਤਾਨ ਹੈ। ਮਾਪੇ ਉਹ ਬੋਹੜ ਹਨ, ਜਿਨ੍ਹਾਂ ਦੀ ਛਾਵੇਂ ਬੈਠ ਅਸੀਂ ਠੰਢੀ ਛਾਂ ਦਾ ਆਨੰਦ ਮਾਣਨਾ ਹੈ। ਇਕ ਮਾਂ ਵੀਹ ਸਾਲਾਂ ਵਿਚ ਆਪਣੇ ਪੁੱਤਰ ਨੂੰ ਪਾਲਦੀ ਤੇ ਵੱਡਾ ਕਰਦੀ ਹੈ ਪਰ ਉਸ ਦੀ ਘਰ ਵਾਲੀ ਵੀਹ ਮਿੰਟਾਂ ਵਿਚ ਉਸ ਨੂੰ ਆਪਣੇ ਵੱਲ ਝੁਕਾ ਲੈਂਦੀ ਹੈ। ਸੋ, ਅੱਜ ਲੋੜ ਹੈ ਸਰਵਣ ਦੀ ਤਰ੍ਹਾਂ ਆਪਣੇ ਮਾਪਿਆਂ ਦੀ ਸੇਵਾ ਕਰਨ ਦੀ।

-ਜਸਦੀਪ ਸਿੰਘ ਖੰਨਾ
ਮੋਬਾਈਲ : 94630-57786.

ਭਾਰਤੀ ਹਾਕੀ

ਭਾਰਤੀ ਹਾਕੀ ਮੌਜੂਦਾ ਸਮੇਂ ਔਖੀਆਂ ਰਾਹਾਂ ਤੋਂ ਦੀ ਗੁਜ਼ਰ ਰਹੀ ਹੈ। ਕੋਚ ਮਾਈਕਲ ਨੌਬਸ ਨੂੰ ਸਮੇਂ ਤੋਂ ਪਹਿਲਾਂ ਬਰਖਾਸਤ ਕਰਨ ਨੂੰ ਭਾਵੇਂ ਕਈ ਪ੍ਰਮੁੱਖ ਖੇਡ ਹਸਤੀਆਂ ਨੇ ਚੰਗਾ ਮੰਨਿਆ ਹੈ ਪਰ ਇਕਦਮ ਕੋਚ ਪਦ ਤੋਂ ਹਟਾਉਣ ਨਾਲ ਵੀ ਸਥਿਤੀ ਸੰਭਲਣ ਵਾਲੀ ਨਹੀਂ। ਹੁਣ ਹਾਲੈਂਡ ਦੇ ਰੌਲੈਂਡ ਅਲੈਟਮੈਨ ਦਾ ਭਾਰਤੀ ਹਾਕੀ ਦੀ ਵਾਗ ਡੋਰ ਸੰਭਾਲਣਾ ਵੀ ਚੁਣੌਤੀ ਭਰਿਆ ਕਾਰਜ ਹੈ ਕਿਉਂਕਿ ਭਾਰਤੀ ਹਾਕੀ ਪ੍ਰੇਮੀ ਲਗਾਤਾਰ ਹਾਕੀ 'ਚ ਸੁਧਾਰ ਚਾਹੁੰਦੇ ਨੇ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਰਤੀ ਹਾਕੀ ਦਾ ਪ੍ਰਦਰਸ਼ਨ ਕੀ ਰੰਗ ਲਿਆਏਗਾ। ਫਿਲਹਾਲ ਅਜੇ ਉਡੀਕ ਕਰਨੀ ਹੋਵੇਗੀ। ਇਥੇ ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਮੈਚਾਂ ਦਾ ਪ੍ਰਦਰਸ਼ਨ ਕ੍ਰਿਕਟ ਵਾਂਗ ਆਮ ਚੈਨਲਾਂ 'ਤੇ ਕਿਉਂ ਨਹੀਂ ਹੁੰਦਾ। ਜੇਕਰ ਹਾਕੀ ਪ੍ਰਸਾਰਨ ਆਮ ਚੈਨਲਾਂ 'ਤੇ ਅਤੇ ਮੀਡੀਆ ਜ਼ੋਰ-ਸ਼ੋਰ ਨਾਲ ਭਾਰਤੀ ਹਾਕੀ ਨਾਲ ਖੜ੍ਹੇ ਤਾਂ ਨਤੀਜੇ ਜ਼ਰੂਰ ਲੋਕਾਂ ਦੀ ਆਸ ਮੁਤਾਬਿਕ ਹੋਣਗੇ ਕਿਉਂਕਿ ਹਾਕੀ ਦਾ ਘੱਟ ਪ੍ਰਚਾਰ ਵੀ ਇਸ ਦੀ ਤਰੱਕੀ ਦੇ ਰਾਹ ਵਿਚ ਰੋੜਾ ਹੈ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

 

29-6-2013

 ਲੋਕ ਸੰਘਰਸ਼
ਅੱਜ ਦੇਸ਼ ਦੇ ਆਦਿਵਾਸੀ, ਕਿਸਾਨ, ਮਜ਼ਦੂਰ ਅਤੇ ਦੇਹਾਤੀ ਲੋਕਾਂ ਦਾ ਸੰਘਰਸ਼ ਹਾਸ਼ੀਏ 'ਤੇ ਹੈ। ਗਰੀਬ ਦੀ ਆਵਾਜ਼ ਇਸ ਦੌਰ 'ਚ ਵੀ ਸੱਤਾ ਦੇ ਗਲਿਆਰਿਆਂ 'ਚ ਅਣਸੁਣੀ ਰਹੀ ਹੈ। ਅੱਜ ਬਹੁਤੀਆਂ ਰਾਜਨੀਤਕ ਪਾਰਟੀਆਂ ਆਪਣੇ ਅਸੂਲਾਂ ਤੋਂ ਭਟਕ ਗਈਆਂ ਹਨ। ਕਿਸੇ ਵੀ ਤਰ੍ਹਾਂ ਸੱਤਾ 'ਚ ਬਣੇ ਰਹਿਣਾ ਹੀ ਉਨ੍ਹਾਂ ਦਾ ਮਕਸਦ ਬਣ ਗਿਆ ਹੈ। ਲੋਕਾਂ ਦਾ ਗੁੱਸਾ ਜਿਊਣ ਦਾ ਹੱਕ ਮੰਗ ਰਿਹਾ ਹੈ। ਸੱਤਾਧਾਰੀਆਂ ਨੂੰ ਇਹ ਬਰਦਾਸ਼ਤ ਨਹੀਂ ਹੈ, ਉਹ ਗੁੱਸੇ 'ਚ ਉੱਠੇ ਹੱਕਾਂ ਨੂੰ ਚਿੜ੍ਹਾਉਣ ਅਤੇ ਜ਼ਿਆਦਾ ਗੁੱਸਾ ਦਿਵਾਉਣ। ਸਚਾਈ ਇਹ ਹੈ ਕਿ ਹੁਕਮਰਾਨ ਰਾਜਨੀਤਕ ਦਲ ਆਮ ਆਦਮੀ ਦੇ ਦੁੱਖ ਦਾ ਰੋਣਾ ਰੋ ਕੇ ਆਪਣੀ ਕੁਰਸੀ ਨੂੰ ਮਜ਼ਬੂਤ ਕਰਦੇ ਰਹਿੰਦੇ ਹਨ। ਸੰਘਰਸ਼ ਦੇਸ਼ ਵਿਚ ਵਿਵਸਥਾ 'ਚ ਬਦਲਾਅ ਦਾ ਸੁਪਨਾ ਤਾਂ ਜਗਾ ਰਹੇ ਹਨ ਪ੍ਰੰਤੂ ਵਿਦਵਾਨ ਮੰਨ ਚੁੱਕੇ ਹਨ ਕਿ ਜੇਕਰ ਨੇਤਾਵਾਂ ਦੀ ਚੋਰ ਜਮਾਤ 'ਚੋਂ ਲਗਭਗ ਸਭ ਨੂੰ ਦਸਤਾਵੇਜ਼ੀ ਚੋਰ ਸਾਬਤ ਕਰ ਦਿੱਤਾ ਜਾਵੇ, ਜੋ ਕਿ ਸੰਭਵ ਹੈ ਤਾਂ ਚੋਰ ਵਿਵਸਥਾ ਆਪਣੇ-ਆਪ ਬਦਲ ਜਾਵੇਗੀ। ਹਾਕਮ ਭੁਲੇਖੇ ਵਿਚ ਹੈ ਕਿ ਲੋਕਾਂ ਦਾ ਗੁੱਸਾ ਸ਼ਾਂਤ ਹੋ ਜਾਵੇਗਾ। ਪਰ ਅੱਜ ਲੋਕਾਂ ਦਾ ਗੁੱਸਾ ਸੜਕਾਂ 'ਤੇ ਉਤਰ ਆਇਆ, ਸਰਕਾਰ ਤੇ ਹੁਕਮਰਾਨ ਪਾਰਟੀਆਂ ਨੂੰ ਇਸ ਨੂੰ ਸਮਝਣਾ ਚਾਹੀਦਾ ਹੈ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਔਰਤਾਂ ਲਈ ਰਾਖਵਾਂਕਰਨ
ਪੰਚਾਇਤਾਂ ਅੰਦਰ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਕੀਤਾ ਗਿਆ ਹੈ। ਸੰਵਿਧਾਨ ਮੁਤਾਬਿਕ ਸਾਰੇ ਪੰਚਾਇਤੀ ਅਦਾਰਿਆਂ ਵਿਚ ਔਰਤ ਵਰਗ ਲਈ ਤੀਜਾ ਹਿੱਸਾ ਰਾਖਵਾਂ ਹੈ। ਕਹਿਣ ਨੂੰ ਤਾਂ ਅਜਿਹਾ ਔਰਤਾਂ ਨੂੰ ਬਰਾਬਰ ਦਾ ਦਰਜਾ ਦੇ ਕੇ ਮਜ਼ਬੂਤ ਜਮਹੂਰੀ ਢਾਂਚੇ ਦੀ ਸਿਰਜਣਾ ਲਈ ਕੀਤਾ ਗਿਆ ਹੈ ਪਰ ਅਸਲੀਅਤ ਕੁਝ ਵੱਖਰਾ ਹੀ ਬਿਆਨ ਕਰਦੀ ਹੈ। ਪੰਚ, ਸਰਪੰਚ ਹੋਣ ਜਾਂ ਫਿਰ ਬਲਾਕ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਔਰਤਾਂ, 99 ਫ਼ੀਸਦੀ ਤੋਂ ਜ਼ਿਆਦਾ ਉਨ੍ਹਾਂ ਦੇ ਅਧਿਕਾਰਾਂ ਦੀ ਵਰਤੋਂ ਉਨ੍ਹਾਂ ਦੇ ਪਤੀਆਂ ਜਾਂ ਹੋਰ ਪਰਿਵਾਰਕ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ। ਇਸ ਤੋਂ ਸਾਡੇ ਮਰਦ ਪ੍ਰਧਾਨ ਸਮਾਜ ਅੰਦਰ ਔਰਤਾਂ ਦੀ ਨਾ-ਬਰਾਬਰੀ ਵਾਲੀ ਸਥਿਤੀ ਦੀ ਤਸਵੀਰ ਰੂਪਮਾਨ ਹੁੰਦੀ ਹੈ। ਸਮੇਂ ਦੀ ਲੋੜ ਹੈ ਕਿ ਔਰਤਾਂ ਨੂੰ ਸਹੀ ਅਰਥਾਂ ਵਿਚ ਚੁਣੇ ਹੋਏ ਪੰਚਾਇਤੀ ਅਦਾਰਿਆਂ ਅੰਦਰ ਆਜ਼ਾਦਾਨਾ ਤੌਰ 'ਤੇ ਕੰਮ ਕਰਨ ਦਿੱਤਾ ਜਾਵੇ।

-ਮਹਿੰਦਰ ਕੌਰ ਢਿੱਲੋਂ
ਪ੍ਰਿੰ: ਦਸਮੇਸ਼ ਪਬਲਿਕ ਸੀ: ਸੈ: ਸਕੂਲ, ਬਿਲਾਸਪੁਰ (ਮੋਗਾ)।

ਉਚੇਰੀ ਸਿੱਖਿਆ
ਕੁਝ ਦਿਨ ਪਹਿਲਾਂ ਇਕ ਮੈਗਜ਼ੀਨ ਵੱਲੋਂ ਇਕ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਵਿਸ਼ਵ ਦੀਆਂ ਉਨ੍ਹਾਂ ਸੌ ਯੂਨੀਵਰਸਿਟੀਆਂ ਦਾ ਨਾਂਅ ਹੈ, ਜੋ ਪੂਰੇ ਵਿਸ਼ਵ ਵਿਚ ਆਪਣੀ ਉਚੇਰੀ ਸਿੱਖਿਆ, ਅਨੁਸ਼ਾਸਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਕੈਰੀਅਰ ਲਈ ਦਿਸ਼ਾ-ਨਿਰਦੇਸ਼ ਦੇਣ ਲਈ ਪ੍ਰਸਿੱਧ ਹਨ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਨ੍ਹਾਂ ਸੌ ਯੂਨੀਵਰਸਿਟੀਆਂ ਵਿਚ ਭਾਰਤ ਦਾ ਕਿਧਰੇ ਵੀ ਨਾਂਅ ਨਹੀਂ ਹੈ। ਭਾਰਤ ਦੇ ਹਰੇਕ ਰਾਜ ਵਿਚ ਹੀ ਨਿੱਜੀ ਜਾਂ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲ੍ਹ ਰਹੀਆਂ ਹਨ, ਜਿਨ੍ਹਾਂ ਦਾ ਮੁੱਖ ਮਕਸਦ ਵੱਧ ਤੋਂ ਵੱਧ ਆਰਥਿਕ ਲਾਭ ਪ੍ਰਾਪਤ ਕਰਨਾ ਹੀ ਹੈ। ਇਹ ਯੂਨੀਵਰਸਿਟੀਆਂ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਵਸੂਲਦੀਆਂ ਹਨ। ਸਿੱਖਿਆ ਦੀ ਗੁਣਵੱਤਾ ਇਨ੍ਹਾਂ ਵਿਚ ਨਹੀਂ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਯੂਨੀਵਰਸਿਟੀਆਂ ਵਿਚ ਦਿੱਤੀ ਜਾ ਰਹੀ ਸਿੱਖਿਆ ਦੀ ਪੂਰੀ ਜਾਂਚ-ਪੜਤਾਲ ਕਰੇ। ਸਰਕਾਰੀ ਯੂਨੀਵਰਸਿਟੀਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਪੂਰੀ ਤਨਦੇਹੀ ਨਾਲ ਉੱਚ ਪੱਧਰ ਦੀ ਸਿੱਖਿਆ ਹੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਭਾਰਤ ਦਾ ਨਾਂਅ ਵੀ ਇਸ ਸੂਚੀ ਵਿਚ ਸ਼ਾਮਿਲ ਹੋ ਸਕੇ।

-ਪ੍ਰਮੋਦ ਕੁਮਾਰ
ਲੈਕਚਰਾਰ, ਸਰਕਾਰੀ ਸੀਨੀ: ਸੈ: ਸਕੂਲ, ਕੱਟੂ (ਬਰਨਾਲਾ)।

2-4-2013

 ਬੁਰਾਈ ਦੀ ਰੋਕਥਾਮ

ਅਜੋਕੇ ਸਮੇਂ ਦੇਸ਼ ਅੰਦਰ ਨਾਰੀ ਨਾਲ ਜਿਸਮਾਨੀ ਛੇੜਛਾੜ ਅਤੇ ਬਲਾਤਕਾਰ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ ਜੋ ਕਿ ਸਾਡੇ ਸਭ ਲਈ ਗਹਿਰੀ ਚਿੰਤਾ ਦਾ ਵਿਸ਼ਾ ਹੈ। ਕਿਸੇ ਵੀ ਬੁਰਾਈ ਦੇ ਵਧਣ ਦੇ ਕਾਰਨਾਂ ਦਾ ਪਤਾ ਲਗਾਏ ਬਿਨਾਂ ਉਸ ਦੀ ਰੋਕਥਾਮ ਕਰਨਾ ਸੰਭਵ ਨਹੀਂ ਹੋਇਆ ਕਰਦਾ। ਕਹਿੰਦੇ ਨੇ ਇਕ ਬੁਰਾਈ ਦੂਸਰੀ ਬੁਰਾਈ ਨੂੰ ਜਨਮ ਦਿੰਦੀ ਹੈ। ਜੇਕਰ ਕੋਈ ਵਿਅਕਤੀ ਨਸ਼ੇ ਕਰਦਾ ਹੈ ਤਾਂ ਉਹ ਆਪਣੇ ਨਸ਼ੇ ਦੀ ਪੂਰਤੀ ਲਈ ਚੋਰੀ, ਡਾਕੇ ਅਤੇ ਕਿਸੇ ਦਾ ਕਤਲ ਕਰਨ ਤੱਕ ਵੀ ਜਾ ਸਕਦਾ ਹੈ। ਇਕ ਵਿਦਵਾਨ ਦਾ ਕਥਨ ਹੈ ਕਿ ਕਿਸੇ ਬੁਰਾਈ ਦੇ ਖਿਲਾਫ਼ ਤਿੰਨ ਪੱਖਾਂ ਤੋਂ ਲੜਿਆ ਜਾ ਸਕਦਾ ਹੈ। ਪਹਿਲਾ ਉਸ ਦੇ ਖਿਲਾਫ਼ ਸੰਘਰਸ਼ ਕੀਤਾ ਜਾਵੇ, ਦੂਸਰਾ ਉਸ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇ ਅਤੇ ਤੀਸਰਾ ਉਸ ਦੇ ਖਿਲਾਫ਼ ਮਨ ਹੀ ਮਨ ਨਫ਼ਰਤ ਕੀਤੀ ਜਾਵੇ। ਜੇਕਰ ਅਸੀਂ ਕਿਸੇ ਬੁਰਾਈ ਦੇ ਖਿਲਾਫ਼ ਸੰਘਰਸ਼ ਨਹੀਂ ਕਰ ਸਕਦੇ, ਆਵਾਜ਼ ਵੀ ਬੁਲੰਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਸ ਪ੍ਰਤੀ ਨਫ਼ਰਤ ਤਾਂ ਕਰ ਹੀ ਸਕਦੇ ਹਾਂ। ਲੋਕ-ਮਨਾਂ ਅੰਦਰ ਕਿਸੇ ਬੁਰਾਈ ਲਈ ਨਫ਼ਰਤ ਪੈਦਾ ਕਰ ਦੇਣਾ ਵੀ ਉਸ ਬੁਰਾਈ ਨੂੰ ਘਟਾਉਣ ਵਿਚ ਸਹਾਈ ਹੋ ਸਕਦਾ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਵਿਰਾਸਤੀ ਇਮਾਰਤਾਂ ਦੀ ਹੋਂਦ

ਪਟਿਆਲਾ ਨਿਵਾਸੀਆਂ ਤੋਂ ਬਿੜਕ ਲੱਗੀ ਹੈ ਕਿ ਸਾਡੀ ਮੌਜੂਦਾ ਸਰਕਾਰ ਪਟਿਆਲਾ ਵਿਖੇ ਸਥਿਤ ਤਕਰੀਬਨ 130 ਸਾਲ ਪੁਰਾਣੀ ਬਾਰਾਦਰੀ ਇਮਾਰਤ ਅਤੇ 109 ਸਾਲ ਪੁਰਾਣੀ ਕੇਂਦਰੀ ਜੇਲ ਆਦਿ ਨੂੰ ਵੇਚਣ ਦੀਆਂ ਸਕੀਮਾਂ ਘੜ ਕੇ ਵਿਰਾਸਤੀ ਹੋਂਦ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਉਲੀਕ ਰਹੀ ਹੈ। ਜੇ ਇਹ ਗੱਲ ਸਹੀ ਹੈ ਤਾਂ ਇਹ ਪੰਜਾਬ ਸਰਕਾਰ ਲਈ ਸ਼ੋਭਾ ਵਾਲੀ ਗੱਲ ਨਹੀਂ ਕਿਉਂਕਿ ਅਜਿਹੀਆਂ ਇਮਾਰਤਾਂ ਹਰ ਹਾਲ ਵਿਚ ਸੰਭਾਲੀਆਂ ਜਾਣੀਆਂ ਚਾਹੀਦੀਆਂ ਹਨ। ਸ਼ਾਹੀ ਸ਼ਹਿਰ ਪਟਿਆਲੇ ਤੋਂ ਇਲਾਵਾ ਅਜਿਹੀਆਂ ਸ਼ਾਹੀ ਇਮਾਰਤਾਂ ਫਰੀਦਕੋਟ, ਨਾਭਾ, ਬਠਿੰਡਾ, ਕਪੂਰਥਲਾ, ਬੱਸੀਆਂ (ਲੁਧਿਆਣਾ), ਬਡਰੁੱਖਾਂ (ਸੰਗਰੂਰ) ਆਦਿ ਹੋਰ ਅਨੇਕਾਂ ਪਿੰਡਾਂ, ਕਸਬਿਆਂ ਅਤੇ ਜ਼ਿਲ੍ਹਿਆਂ ਵਿਚ ਸਾਂਭ-ਸੰਭਾਲ ਪੱਖੋਂ ਜ਼ਿੰਦਗੀ ਨਾਲ ਜੂਝ ਰਹੀਆਂ ਹਨ ਜੋ ਕਿਸੇ ਵੇਲੇ ਕਦੇ ਵੀ ਦਮ ਤੋੜ ਸਕਦੀਆਂ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਨੂੰ ਤਰਜੀਹ ਦੇ ਕੇ ਸਮੂਹ ਪੰਜਾਬੀਆਂ ਦਾ ਦਿਲ ਜਿੱਤਣਾ ਚਾਹੀਦਾ ਹੈ।

-ਤਰਸੇਮ ਮਹਿਤੋ
ਪਿੰਡ ਬਈਏਵਾਲ (ਸੰਗਰੂਰ)।

ਪਾਣੀ ਦੀ ਸੰਭਾਲ

ਜ਼ਿੰਦਗੀ ਵਿਚ ਪਾਣੀ ਸਭ ਲਈ ਬੇਹੱਦ ਜ਼ਰੂਰੀ ਹੈ। ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ। ਪਰ ਪੰਜਾਬ ਜੋ ਕਦੇ ਪੰਜ ਦਰਿਆਵਾਂ ਦੀ ਧਰਤੀ ਸੀ, ਅੱਜ ਪਾਣੀ ਲਈ ਤਰਸ ਰਿਹਾ ਹੈ। ਸ਼ੁੱਧ ਪਾਣੀ ਬਹੁਤ ਡੂੰਘਾ ਹੋ ਗਿਆ ਹੈ। ਡੂੰਘੇ ਬੋਰ ਕਰਾਉਣਾ ਹਰੇਕ ਲਈ ਸੰਭਵ ਨਹੀਂ। ਪਰ ਅਫ਼ਸੋਸ ਅਸੀਂ ਅਜੇ ਵੀ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕ ਨਹੀਂ ਹਾਂ। ਪਾਣੀ ਅੱਜ ਪਿੰਡਾਂ ਦੀਆਂ ਸੱਥਾਂ 'ਤੇ ਲੱਗੀਆਂ ਟੂਟੀਆਂ, ਘਰਾਂ ਵਿਚੋਂ ਪਾਣੀ ਦੀਆਂ ਟੈਂਕੀਆਂ 'ਚੋਂ ਓਵਰ ਫਲੋ ਹੋ ਰਿਹਾ ਹੈ। ਗੱਡੀਆਂ ਧੋਣ ਲਈ ਪਾਣੀ ਦੀ ਵਰਤੋਂ, ਹੋਰ ਵੀ ਲੋੜ ਤੋਂ ਬਿਨਾਂ ਪਾਣੀ ਦੀ ਵਰਤੋਂ ਹੋ ਰਹੀ ਹੈ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਪੰਜ ਦਰਿਆਵਾਂ ਦੀ ਧਰਤੀ 'ਤੇ ਬੰਦ ਬੋਤਲਾਂ ਵਿਚ ਪਾਣੀ ਮਿਲ ਰਿਹਾ ਹੈ। ਕੀ ਹਾਲ ਹੋਵੇਗਾ ਆਉਣ ਵਾਲੀ ਗਰਮੀਆਂ ਵਿਚ। ਸ਼ੁੱਧ ਪਾਣੀ ਨੂੰ ਬਰਬਾਦ ਨਾ ਕਰੋ। ਇਸ ਦੀ ਸੰਭਾਲ ਕਰੋ। ਸਰਕਾਰ ਨੂੰ ਚਾਹੀਦਾ ਹੈ ਟੂਟੀਆਂ 'ਤੇ ਵੀ ਬਿਜਲੀ ਮੀਟਰਾਂ ਦੀ ਤਰ੍ਹਾਂ ਮੀਟਰ ਲਗਾਏ ਜਾਣ ਤਾਂ ਜੋ ਹਰੇਕ ਪਾਣੀ ਵਰਤਣ ਸਮੇਂ ਸੋਚੇ। ਪਾਣੀ ਦੀ ਸ਼ੁੱਧਤਾ ਲਈ ਵਾਟਰ ਟਰੀਟਮੈਂਟ ਪਲਾਂਟ ਲਗਾਏ ਜਾਣ ਤਾਂ ਕਿ ਪਾਣੀ ਦੀ ਦੁਬਾਰਾ ਵਰਤੋਂ ਅਮਲ ਵਿਚ ਲਿਆਂਦੀ ਜਾ ਸਕੇ।

-ਜਸਦੀਪ ਸਿੰਘ ਖੰਨਾ
ਕ੍ਰਿਸ਼ਨਾ ਨਗਰ, ਖੰਨਾ।

23-12-2014

 ਕਰਜ਼ੇ ਦਾ ਭਾਰ?
ਦੇਸ਼ ਦਾ ਅੰਨਦਾਤਾ ਅਖਵਾਉਣ ਵਾਲੇ ਕਿਸਾਨ 'ਤੇ ਅੱਜ ਸਭ ਤੋਂ ਵੱਡਾ ਭਾਰ ਕਰਜ਼ੇ ਦਾ ਹੈ। ਉਹ ਆਪਣੀ ਫਸਲ ਨੂੰ ਪਾਲਣ ਲਈ ਹਰ ਤਰ੍ਹਾਂ ਦਾ ਕਰਜ਼ਾ ਚੁੱਕਦਾ ਹੈ ਕਿਉਂਕਿ ਕਿਸਾਨ ਅੰਦਰੋਂ-ਅੰਦਰ ਹੀ ਕਰਜ਼ੇ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਕੇ ਰਹਿ ਗਿਆ ਹੈ ਤੇ ਕਿਸਾਨਾਂ ਕੋਲੋਂ ਕਰਜ਼ੇ ਦਾ ਨਾ ਮੁੜਨਾ ਹੀ ਖ਼ੁਦਕੁਸ਼ੀਆਂ ਦਾ ਕਾਰਨ ਬਣ ਚੁੱਕਾ ਹੈ। ਜੇਕਰ ਕਿਸਾਨ ਨੂੰ ਇਸ ਕਰਜ਼ੇ ਦੇ ਚੱਕਰ ਵਿਚੋਂ ਮੁਕਤ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਪਣੀ ਜ਼ਮੀਨ ਨੂੰ ਹੀ ਵੇਚਣਾ ਪਵੇਗਾ, ਜਿਸ ਵਿਚ ਉਹ ਪੁੱਤਾਂ ਵਾਂਗ ਫਸਲ ਨੂੰ ਪਾਲਦੇ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਫਸਲ ਦੇ ਭਾਅ ਚੰਗੇ ਦੇਵੇ, ਕਿਸਾਨੀ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਜਿਵੇਂ ਘੱਟ ਵਿਆਜ 'ਤੇ ਕਰਜ਼ੇ ਦੇਣੇ, ਨਾ ਕਰਜ਼ਾ ਮੋੜਨ ਵਾਲੇ ਕਿਸਾਨਾਂ ਲਈ ਨਵੀਂ ਨੀਤੀ ਬਣਾਉਣੀ ਤਾਂ ਕਿ ਅਸੀਂ ਇਸ ਕਿਰਸਾਨੀ ਨੂੰ ਬਚਾਅ ਸਕੀਏ।

-ਗਿ: ਗੁਰਦੀਪ ਸਿੰਘ
ਪਿੰਡ ਤੇ ਡਾਕ: ਚੌਂਦਾ, ਤਹਿ: ਮਾਲੇਰਕੋਟਲਾ, ਜ਼ਿਲ੍ਹਾ ਸੰਗਰੂਰ।

ਨਹਿਰੀ ਜਲ ਟੈਕਸ
ਚੋਣਾਂ ਸਮੇਂ ਮੌਜੂਦਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਬਿਜਲੀ ਤੇ ਪਾਣੀ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਪਰ ਸੁਣਨ ਵਿਚ ਆਇਆ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਮੰਤਰੀ ਮੰਡਲ ਦੀ ਮੀਟਿੰਗ ਵਿਚ ਨਾਰਦਨ ਇੰਡੀਆ ਕੈਨਾਲ ਐਂਡ ਡਰੇਨਜ਼ ਆਰ.ਡੀ.ਐਕਸ 2014 (ਜਲ ਟੈਕਸ) ਤਹਿਤ ਅਹਿਮ ਫ਼ੈਸਲਾ ਲੈ ਕੇ ਨਹਿਰੀ ਪਾਣੀ 'ਤੇ ਨਵਾਂ ਟੈਕਸ ਲਗਾਉਣ ਜਾ ਰਹੀ ਹੈ, ਜਿਸ ਨਾਲ ਪੰਜਾਬ ਦੇ ਕਿਸਾਨਾਂ ਸਿਰ 60 ਕਰੋੜ ਦਾ ਸਾਲਾਨਾ ਬੋਝ ਪੈਣ ਵਾਲਾ ਹੈ। ਸਰਕਾਰ ਨੇ ਜਲ ਟੈਕਸ 50 ਰੁਪਏ ਫੀ ਏਕੜ ਦੇ ਹਿਸਾਬ ਨਾਲ ਲਗਾਉਣ ਦਾ ਫ਼ੈਸਲਾ ਕੀਤਾ ਹੈ ਤੇ ਆਉਣ ਵਾਲੇ ਸਮੇਂ 'ਚ ਧਰਤੀ ਵਿਚਲੇ ਪੀਣ ਵਾਲੇ ਪਾਣੀ 'ਤੇ ਟੈਕਸ ਅਤੇ ਬਿਜਲੀ ਦੇ ਬਿੱਲ ਵੀ ਲਾਗੂ ਕੀਤੇ ਜਾ ਸਕਦੇ ਹਨ। ਕਿਸਾਨ ਵਿਚਾਰੇ ਤਾਂ ਪਹਿਲਾਂ ਹੀ ਡੀਜ਼ਲ, ਖਾਦਾਂ, ਕੀੜੇ ਮਾਰ ਦਵਾਈਆਂ ਦੇ ਵਧੇ ਰੇਟਾਂ ਅਤੇ ਕਰਜ਼ੇ ਨਾਲ ਦਬ ਚੁੱਕੇ ਹਨ। ਸਮੁੱਚੇ ਕਿਸਾਨ ਭਰਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਮਾੜੀ ਹਾਲਤ 'ਤੇ ਤਰਸ ਕਰਕੇ ਨਹਿਰੀ ਪਾਣੀ 'ਤੇ ਟੈਕਸ ਲਗਾਉਣੇ ਬੰਦ ਕਰੇ ਤਾਂ ਜੋ ਹਰੀ ਕ੍ਰਾਂਤੀ ਦਾ ਇਹ ਪਿਤਾਮਾ ਇਸ ਟੈਕਸ ਦੇ ਬੋਝ ਤੋਂ ਬਚ ਸਕੇ।

-ਤਰਸੇਮ ਮਹਿਤੋ
ਪਿੰਡ ਬਈਏਵਾਲ (ਸੰਗਰੂਰ)।

ਆਦਰਸ਼ ਗ੍ਰਾਮ ਯੋਜਨਾ
ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ 'ਆਦਰਸ਼ ਗ੍ਰਾਮ ਯੋਜਨਾ' ਵੱਡੇ ਨਾਂਅ ਵਾਲੀ ਲੋਕਾਂ ਨੂੰ ਭਰਮ 'ਚ ਰੱਖਣ ਵਾਲੀ ਯੋਜਨਾ ਹੈ। ਹਰੇਕ ਸੰਸਦ ਮੈਂਬਰ ਨੂੰ ਵਿਕਾਸ ਲਈ ਇਕ ਪਿੰਡ ਗੋਦ ਲੈਣ ਦੀ ਨੀਤੀ ਮਹਿਜ਼ ਇਕ ਡਰਾਮਾ ਹੈ, ਜਿਸ ਦਾ ਮਕਸਦ ਲੋਕਾਂ ਦਾ ਧਿਆਨ ਪੂਰੇ ਹਲਕੇ ਦੀਆਂ ਸਮੱਸਿਆਵਾਂ ਤੋਂ ਹਟਾ ਕੇ ਸਿਰਫ 'ਇਕ ਪਿੰਡ ਦੇ ਵਿਕਾਸ' ਤੱਕ ਸੀਮਤ ਕਰਨਾ ਹੈ। ਸੰਸਦ ਮੈਂਬਰਾਂ ਵੱਲੋਂ ਪਿੰਡ ਦੀ ਚੋਣ ਵੇਲੇ ਹਲਕੇ ਦੇ ਲੋਕਾਂ ਦੀ ਕੋਈ ਸਹਿਮਤੀ ਨਹੀਂ ਲਈ ਗਈ, ਨਾ ਹੀ ਇਹ ਵੇਖਿਆ ਗਿਆ ਕਿ ਕਿਹੜਾ ਪਿੰਡ ਸਭ ਤੋਂ ਵੱਧ ਜ਼ਰੂਰਤਮੰਦ ਹੈ, ਸਗੋਂ ਵੋਟ ਬੈਂਕ ਨੂੰ ਮੁੱਖ ਰੱਖਦਿਆਂ ਪਿੰਡਾਂ ਦੀ ਚੋਣ ਕੀਤੀ ਗਈ ਹੈ। ਹਲਕੇ ਦੇ ਸਾਰੇ ਪਿੰਡਾਂ ਨੂੰ ਹੀ ਸਾਫ਼ ਪਾਣੀ, ਸੜਕ, ਸਕੂਲ, ਬਿਜਲੀ, ਸਿਹਤ ਕੇਂਦਰ ਅਤੇ ਹੋਰ ਬੁਨਿਆਦੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।

-ਰਣਦੀਪ ਸੰਗਤਪੁਰਾ
ਲਹਿਰਾਗਾਗਾ।

22-12-2014

 ਹਾਕੀ ਦਾ ਵਜੂਦ
ਕੋਈ ਸਮਾਂ ਸੀ ਜਦੋਂ ਹਾਕੀ ਖੇਡ 'ਚ ਭਾਰਤ ਦੀ ਸਰਦਾਰੀ ਕਾਇਮ ਸੀ ਪ੍ਰੰਤੂ ਅਜੋਕੇ ਦੌਰ 'ਚ ਹਾਕੀ ਦੀ ਉਹ ਗੱਲ ਨਹੀਂ ਰਹੀ ਜਿਸ ਨੂੰ ਕਿ ਮੁੜ ਵਜੂਦ ਬਖਸ਼ਣ ਦੀ ਸਖ਼ਤ ਲੋੜ ਹੈ ਤਾਂ ਜੋ ਹਾਕੀ ਖਿਡਾਰੀਆਂ ਦੇ ਹੌਸਲੇ ਬੁਲੰਦ ਹੋ ਸਕਣ, ਅੱਜ ਲੋੜ ਹੈ ਕਿ ਹਾਕੀ ਨੂੰ ਕ੍ਰਿਕਟ ਦੇ ਬਰਾਬਰ ਦਰਜਾ ਦੇਣ ਦੀ ਕਿਉਂਕਿ ਹਾਕੀ ਨੂੰ ਲੋਕਾਂ ਦੇ ਮਣਾਂਮੂੰਹੀਂ ਸਨੇਹ ਦੀ ਲੋੜ ਹੈ। ਅੱਜ ਲੋੜ ਹੈ ਕਿ ਹਾਕੀ ਪ੍ਰੇਮ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਹੁਣ ਲੋੜ ਹੈ ਕਿ ਹਾਕੀ ਪ੍ਰੇਮ ਨੂੰ ਲੋਕ ਲਹਿਰ ਦਾ ਰੂਪ ਦਿੱਤਾ ਜਾਵੇ।

-ਸੇਵਾ ਰਾਮ ਸਿੰਗਲਾ
ਮੋਬਾਈਲ : 98157-57816.

ਅਣਮਨੁੱਖੀ ਕਾਰਾ
ਪਿਛਲੇ ਦਿਨੀਂ ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦੇ ਇਕ ਫ਼ੌਜੀ ਸਕੂਲ ਦੇ ਸੈਂਕੜੇ ਬੱਚਿਆਂ ਨੂੰ ਅੱਤਵਾਦੀਆਂ ਵੱਲੋਂ ਬੜੀ ਬੇਰਹਿਮੀ ਨਾਲ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅੱਤਵਾਦੀਆਂ ਦੇ ਇਸ ਅਣਮਨੁੱਖੀ ਕਾਰੇ ਦੀ ਦੁਨੀਆ ਭਰ ਦੇ ਦੇਸ਼ਾਂ ਵੱਲੋਂ ਬੇਹੱਦ ਨਿੰਦਿਆ ਕੀਤੀ ਗਈ ਹੈ। ਸੋ, ਅੱਜ ਪਾਕਿਸਤਾਨੀ ਹਕੂਮਤ, ਫ਼ੌਜ ਅਤੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਅੱਤਵਾਦੀਆਂ ਨਾਲ ਸਾਂਝ ਵਰਗੀ ਗੱਲ ਦਾ ਸੁਪਨਾ ਵੀ ਨਾ ਲੈਣ ਕਿਉਂਕਿ ਦੇਰ ਜਾਂ ਸਵੇਰ ਉਨ੍ਹਾਂ ਨੂੰ ਇਹ ਨੀਤੀ ਮਹਿੰਗੀ ਪਵੇਗੀ। ਇਸ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਭਾਵੇਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨੇ ਅੱਤਵਾਦ ਖਿਲਾਫ਼ ਤਾਜ਼ਾ ਮੁਹਿੰਮਾਂ ਚਲਾਉਣ ਦਾ ਫੈਸਲਾ ਕੀਤਾ ਹੈ ਅਤੇ ਅੱਤਵਾਦ ਦੇ ਖ਼ਾਤਮੇ ਲਈ ਪ੍ਰਣ ਲਿਆ ਹੈ ਪਰ ਇਹ ਸਭ ਲਈ ਸਰਕਾਰ ਕਿੰਨੀ ਕੁ ਕਾਮਯਾਬ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

-ਰਾਜਾ ਗਿੱਲ (ਚੜਿੱਕ)
ਮੋਬਾਈਲ : 94654-11585.

ਗੀਤਾਂ 'ਚ ਰੀਮਿਕਸ
ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤਾਂ ਨੂੰ ਰੀਮਿਕਸ ਕਰਕੇ ਉਨ੍ਹਾਂ ਦੀ ਸੁਣਨ ਸ਼ਕਤੀ ਨੂੰ ਘੱਟ ਕੀਤਾ ਜਾ ਰਿਹਾ ਹੈ। ਲੋਕ ਮਨਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਗੀਤਾਂ ਵਿਚ ਪੱਛਮੀ ਸੱਭਿਅਤਾ ਭਰਿਆ ਸੰਗੀਤ ਵਜਾ ਕੇ ਪੰਜਾਬੀ ਸੱਭਿਆਚਾਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹਨ। ਕੰਨਾਂ ਵਿਚ ਮਿਠਾਸ ਘੋਲਣ ਵਾਲੇ ਪੰਜਾਬੀ ਗੀਤਾਂ ਵਿਚ ਸ਼ੋਰ-ਸ਼ਰਾਬਾ ਪਾ ਕੇ ਜਿਥੇ ਗਾਇਕ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਉਥੇ ਸਾਡੀ ਜ਼ਿੰਦਗੀ ਦੇ ਕਈ ਪੜਾਵਾਂ ਦੀ ਸਾਂਝ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਚਪਨ ਵਿਚ ਸੁਣੇ ਗੀਤਾਂ ਨੂੰ ਅੱਜ ਦੁਬਾਰਾ ਸੁਣਦੇ ਹਾਂ ਤਾਂ ਬਚਪਨ ਦੇ ਦਿਨ ਯਾਦ ਆ ਜਾਂਦੇ ਹਨ ਕਿਉਂਕਿ ਉਨ੍ਹਾਂ ਗੀਤਾਂ ਵਿਚਲਾ ਸੰਗੀਤ ਸਾਡੇ ਬਚਪਨ ਦੇ ਦਿਨਾਂ ਨਾਲ ਜੁੜਿਆ ਹੋਇਆ ਹੈ। ਪੈਸੇ ਦੀਆਂ ਲਾਲਚੀ ਸੰਗੀਤਕ ਕੰਪਨੀਆਂ ਆਪਣਾ ਟੁੱਟਿਆ-ਭੱਜਿਆ ਸੰਗੀਤ ਪੰਜਾਬੀ ਸੱਭਿਆਚਾਰਕ ਗੀਤਾਂ ਵਿਚ ਵਜਾ ਕੇ ਸੁਣਨਯੋਗ ਗੀਤਾਂ ਨੂੰ ਖਤਮ ਕਰ ਰਹੀਆਂ ਹਨ। ਪੁਰਾਣੇ ਗਾਇਕਾਂ ਵੱਲੋਂ ਗੀਤਾਂ ਵਿਚਲੀਆਂ ਗੱਲਾਂ ਨੂੰ ਘੱਟ ਸੰਗੀਤ ਵਜਾ ਕੇ ਗੀਤ ਦਾ ਭਾਵ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਪਰ ਅਜੋਕੇ ਗਾਇਕ ਅਜਿਹਾ ਨਹੀਂ ਕਰ ਰਹੇ, ਉਹ ਗੀਤਾਂ ਵਿਚ ਬੇਲੋੜਾ ਸੰਗੀਤ ਵਜਾ ਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ ਕਿਉਂਕਿ ਇਨ੍ਹਾਂ ਗਾਇਕਾਂ ਕੋਲ ਉਹ ਸ਼ਬਦ ਜਾਂ ਆਵਾਜ਼ ਨਹੀਂ ਹੈ ਜੋ ਲੋਕਾਂ ਦੇ ਕੰਨਾਂ ਵਿਚ ਮਿਠਾਸ ਘੋਲ ਸਕੇ, ਉਨ੍ਹਾਂ ਦੀ ਸੋਚ ਸਿਰਫ਼ ਪੰਜਾਬੀ ਸੱਭਿਆਚਾਰ ਦਾ ਬੇੜਾ ਗਰਕ ਕਰਨ ਦੀ ਹੈ। ਸੋ, ਬੇਨਤੀ ਹੈ ਗੀਤਾਂ ਵਿਚ ਹੁੰਦੀ ਰੀਮਿਕਸ ਬੰਦ ਕੀਤੀ ਜਾਵੇ। ਜੇਕਰ ਅਸੀਂ ਪੁਰਾਣੇ ਗਾਇਕਾਂ ਵਰਗਾ ਗਾ ਨਹੀਂ ਸਕਦੇ ਤਾਂ ਘੱਟੋ-ਘੱਟ ਉਨ੍ਹਾਂ ਦੀ ਆਵਾਜ਼ ਨੂੰ ਤਾਂ ਜ਼ਿੰਦਾ ਰਹਿਣ ਦਿਓ।

-ਸੁਖਵਿੰਦਰ ਕਲੇਰ ਬੱਸੀਆਂ,
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਪਿਸਤੌਲ, ਬੰਦੂਕਾਂ ਤੇ ਪੰਜਾਬੀ ਗਾਇਕੀ
ਅੱਜ ਦੇ ਪੰਜਾਬੀ ਗਾਇਕਾਂ ਨੇ ਇਕ ਨਵਾਂ ਹੀ ਰੁਝਾਨ ਕੱਢ ਮਾਰਿਆ ਹੈ। ਪਿਸਤੌਲ, ਬੰਦੂਕਾਂ ਵਾਲੇ ਗੀਤਾਂ ਦਾ, ਅੱਜ ਹਰ ਚੌਥੇ ਗੀਤ ਦਾ ਵਿਸ਼ਾ ਅਸਲ੍ਹਾ, ਹਥਿਆਰਾਂ ਤੋਂ ਸ਼ੁਰੂ ਹੁੰਦਾ ਹੈ। ਇਨ੍ਹਾਂ ਮੰਦਬੁੱਧੀ ਗਾਇਕਾਂ ਨੇ ਅਸਲੇ ਦੀ ਵਰਤੋਂ ਵੀ ਕੁੜੀ ਨੂੰ ਘਰੋਂ ਭਜਾ ਕੇ ਲਿਜਾਣ ਲਈ ਹੀ ਜ਼ਿਆਦਾਤਰ ਗੀਤਾਂ 'ਚ ਕੀਤੀ ਹੈ। ਅੱਜ ਜਦੋਂ ਵਿਆਹਾਂ ਵਿਚ, ਮੈਰਿਜ ਪੈਲੇਸਾਂ ਦੀਆਂ ਸਟੇਜਾਂ 'ਤੇ ਪਿਸਤੌਲ, ਬੰਦੂਕਾਂ ਵਾਲੇ ਭੜਕਾਊ ਵਿਸ਼ਿਆਂ ਵਾਲੇ ਗੀਤ ਵੱਜਦੇ ਹਨ ਤਾਂ ਆਪਸ 'ਚ ਨੌਜਵਾਨ ਪੀੜ੍ਹੀ ਦੀ ਹੋਣ ਵਾਲੀ ਖੂਨ ਡੁੱਲ੍ਹਵੀਂ ਲੜਾਈ ਵੀ ਇਨ੍ਹਾਂ ਗੀਤਾਂ ਦੀ ਹੀ ਦੇਣ ਹੈ। ਇਹ ਕੀ ਸੁਨੇਹਾ? ਅਤੇ ਕੀ ਸੇਧ? ਦੇਣਾ ਚਾਹੁੰਦੇ ਨੌਜਵਾਨ ਪੀੜ੍ਹੀ ਨੂੰ। ਪਰ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਬਹੁਤੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਕੁੰਭਕਰਨੀ ਨੀਂਦ ਸੁੱਤੀਆਂ ਹਨ ਤੇ ਸੱਭਿਆਚਾਰ ਦਾ ਥੰਮ੍ਹ ਕਰਾਉਣ ਵਾਲੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਲੱਚਰਤਾ ਫੈਲਾਉਣ ਵਾਲਿਆਂ ਦਾ ਦਿਨ ਦਿਹਾੜੇ ਸਨਮਾਨ ਕਰ ਰਹੇ ਹਨ। ਅਜਿਹੇ ਲੱਚਰਤਾ ਫੈਲਾਉਣ ਤੇ ਪੰਜਾਬੀ ਮਾਂ-ਬੋਲੀ ਦਾ ਘਾਣ ਕਰਨ ਵਾਲੇ ਗਾਇਕਾਂ ਵਿਰੁੱਧ ਲਾਮਬੱਧ ਹੋਣਾ ਚਾਹੀਦਾ ਹੈ ਅਤੇ ਪੰਜਾਬੀ ਸੰਗੀਤ, ਸੱਭਿਆਚਾਰ ਨੂੰ ਢਹਿੰਦੀ ਕਲਾ ਵੱਲ ਲਿਜਾਣ ਤੇ ਨੌਜਵਾਨ ਪੀੜ੍ਹੀ ਨੂੰ ਗ਼ਲਤ ਦਿਸ਼ਾ ਦਿਖਾਉਣ ਵਾਲੇ ਗਾਇਕਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।

-ਬੱਬੀ ਪੱਤੋ
ਮੋਬਾਈਲ : 98147-45867.

19-12-2014

 ਸਮਾਜ ਤੇ ਅਪਰਾਧ

ਅੱਜਕਲ੍ਹ ਅਖ਼ਬਾਰਾਂ, ਟੀ.ਵੀ., ਫ਼ਿਲਮਾਂ ਅਤੇ ਆਮ ਜਨ-ਜੀਵਨ ਵਿਚ ਬਹੁਤ ਸਾਰੇ ਅਪਰਾਧ ਵੇਖਣ, ਸੁਣਨ ਅਤੇ ਪੜ੍ਹਨ ਲਈ ਮਿਲਦੇ ਹਨ। ਸਾਰੀ ਕਿਸਮ ਦੇ ਅਪਰਾਧਾਂ ਨੂੰ ਘੱਟ ਕਰਨ ਲਈ ਪਹਿਲਾਂ ਅਗਿਆਨਤਾ ਨੂੰ ਖ਼ਤਮ ਕਰਨਾ ਪਵੇਗਾ। ਅਗਿਆਨਤਾ ਨੂੰ ਖ਼ਤਮ ਕਰਨ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਏਜੰਸੀਆਂ, ਮੀਡੀਆ ਅਤੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਪਵੇਗੀ ਤਾਂ ਕਿ ਸਮਾਜ ਵਿਚੋਂ ਅਪਰਾਧੀਕਰਨ ਨੂੰ ਰੋਕਿਆ ਜਾ ਸਕੇ। ਫ਼ਿਲਮਾਂ ਵਿਚ ਅਤੇ ਟੀ.ਵੀ. ਸੀਰੀਅਲਾਂ ਵਿਚ ਅਪਰਾਧੀਆਂ ਨੂੰ ਅਪਰਾਧ ਕਰਦੇ ਹੋਏ ਤਾਂ ਦਿਖਾਇਆ ਜਾਂਦਾ ਹੈ ਪਰ ਅਪਰਾਧ ਕਰਨ ਤੋਂ ਪਿੱਛੋਂ ਉਸ ਦੇ ਨਤੀਜੇ ਭਾਵ ਉਸ ਦੀ ਸਜ਼ਾ ਬਾਰੇ ਜਾਂ ਹੁੰਦੀ ਬੁਰੀ ਹਾਲਤ ਬਾਰੇ ਨਹੀਂ ਵਿਖਾਇਆ ਜਾਂਦਾ। ਇਹ ਵਿਖਾਉਣਾ ਲਾਜ਼ਮੀ ਹੈ ਤਾਂ ਕਿ ਫ਼ਿਲਮਾਂ ਅਤੇ ਟੀ.ਵੀ. ਸੀਰੀਅਲ ਵੇਖਣ ਵਾਲੇ ਲੋਕ ਸਬਕ ਸਿੱਖ ਸਕਣ ਅਤੇ ਅਪਰਾਧੀਕਰਨ ਨੂੰ ਠੱਲ੍ਹ ਪੈ ਸਕੇ।

-ਅਨੂਪਾਲ ਸਿੰਘ
ਧਨੌਲਾ ਰੋਡ, ਬਰਨਾਲਾ।

ਅੰਧ-ਵਿਸ਼ਵਾਸਾਂ ਦਾ ਬੋਲਬਾਲਾ

ਅੱਜ ਪੰਜਾਬ ਵਿਚ ਡੇਰਿਆਂ ਦੀ ਵਧ ਰਹੀ ਤਾਕਤ ਲਈ ਮਨੁੱਖ ਦਾ ਆਪਣਾ ਲਾਲਚ ਹੀ ਜ਼ਿੰਮੇਵਾਰ ਹੈ। ਅੱਜ ਪੰਜਾਬ ਦੇ ਹਰ ਪਿੰਡ, ਸ਼ਹਿਰ, ਕਸਬਿਆਂ ਵਿਚ ਥਾਂ-ਥਾਂ 'ਤੇ ਉੱਭਰ ਰਹੀਆਂ ਪੀਰਾਂ ਦੀਆਂ ਥਾਵਾਂ, ਦਰਗਾਹਾਂ, ਹਿੰਦੂ ਦੇਵੀ ਦੇਵਤਿਆਂ ਦਾ ਭੇਸ ਵਟਾ ਕੇ ਘੁੰਮਦੇ ਚਲਾਕ ਬਾਬੇ ਤੇ ਉਨ੍ਹਾਂ ਦੇ ਸ਼ਾਗਿਰਦ, ਧਾਰਮਿਕ ਸਥਾਨਾਂ 'ਤੇ ਲੰਗਰਾਂ ਦੇ ਨਾਂਅ 'ਤੇ ਪਰਚੀ ਵਸੂਲੀ ਕਰਦਿਆਂ ਬੰਦਿਆਂ ਦੀਆਂ ਖ਼ਬਰਾਂ ਤੁਸੀਂ ਆਪ ਹੀ ਸੁਣ ਤੇ ਦੇਖ ਸਕਦੇ ਹੋ। ਇਨਸਾਨੀਅਤ ਨਾਂਅ ਦੀ ਚੀਜ਼ ਮਨੁੱਖ ਵਿਚੋਂ ਇਸ ਕਦਰ ਮਨਫ਼ੀ ਹੈ ਕਿ ਉਹ ਬਿਮਾਰ ਗੁਆਂਢੀ ਦਾ ਹਾਲ ਪੁੱਛਣਾ ਤਾਂ ਸਮੇਂ ਦੀ ਬਰਬਾਦੀ ਸਮਝਦਾ ਹੈ ਪਰ ਧਰਮ ਤੇ ਰੱਬ ਦੇ ਡਰ ਹੇਠਾਂ ਬਾਬਿਆਂ, ਤਾਂਤਰਿਕਾਂ, ਠੱਗ ਸਾਧੂਆਂ ਅੱਗੇ ਸਮਾਂ, ਧਨ ਤੇ ਸਰੀਰਕ ਸ਼ੋਸ਼ਣ ਕਰਵਾ ਕੇ ਆਪਣੇ-ਆਪ ਨੂੰ ਮਾਨਸਿਕ ਗੁੰਝਲ ਵਿਚ ਉਲਝਾ ਬੈਠਾ ਹੈ। ਅੱਜ ਜਦੋਂ ਵਿਕਾਸ, ਵਿਗਿਆਨ ਤੇ ਅਗਾਂਹਵਧੂ 21ਵੀਂ ਸਦੀ ਦੀ ਗੱਲ ਚੱਲ ਰਹੀ ਤਾਂ ਅਜਿਹੇ ਸਮੇਂ ਵਿਚ ਪੰਜਾਬੀਆਂ ਵਿਚ ਅੰਧ-ਵਿਸ਼ਵਾਸ ਦਾ ਵਧਣਾ ਬਹੁਤ ਹੀ ਖ਼ਤਰਨਾਕ ਰੁਝਾਨ ਹੈ। ਸੋ ਸਮੇਂ ਦੀ ਲੋੜ ਹੈ ਕਿ ਅਜੋਕੀ ਪੀੜ੍ਹੀ ਵਿਚ ਵਿਗਿਆਨਕ ਸੋਚ, ਤਰਕਸ਼ੀਲਤਾ ਪੈਦਾ ਕਰੀਏ, ਜਿਸ ਲਈ ਪੰਜਾਬ ਸਰਕਾਰ ਪ੍ਰਗਤੀਸ਼ੀਲ, ਸੱਭਿਆਚਾਰਕ ਅਤੇ ਵਿਦਿਅਕ ਨੀਤੀ ਬਣਾ ਕੇ ਉਸ ਨੂੰ ਜਲਦੀ ਲਾਗੂ ਕਰੇ ਤਾਂ ਜੋ ਪੰਜਾਬ ਮੁੜ ਗੁਰੂਆਂ ਦੇ ਸੰਦੇਸ਼ਾਂ ਦੀ ਧਰਤੀ ਬਣ ਸਕੇ।

-ਜੀਵਨ ਕੁਮਾਰ (ਅਧਿਆਪਕ)
ਪਿੰਡ ਤੇ ਡਾਕ: ਹਰਸਾ ਮਾਨਸਰ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

18-12-2014

 ਅੱਤਵਾਦੀ ਹਮਲੇ
ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਥੋੜ੍ਹੇ ਕਾਰਜ ਕਾਲ ਵਿਚ ਕਈ ਮੁਲਕਾਂ ਦੀਆਂ ਵਿਦੇਸ਼ ਯਾਤਰਾਵਾਂ ਕੀਤੀਆਂ, ਜਿਨ੍ਹਾਂ 'ਚ ਉਨ੍ਹਾਂ ਨੂੰ ਕਾਫੀ ਸਲਾਹਿਆ ਗਿਆ। ਪਰ ਸਾਡੇ ਗੁਆਂਢੀ ਮੁਲਕ ਨਾਲ ਰਿਸ਼ਤੇ ਨਹੀਂ ਸੁਧਰ ਰਹੇ, ਜੋ ਲਗਾਤਾਰ ਗੋਲੀਬਾਰੀ ਕਰਕੇ ਅਨੇਕਾਂ ਜਵਾਨਾਂ ਨੂੰ ਸ਼ਹੀਦ ਕਰ ਰਿਹਾ ਹੈ। ਪਰ ਅਫ਼ਸੋਸ ਕਿ ਕੇਂਦਰ ਦੀ ਸਰਕਾਰ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚੋਂ ਪਿੱਛੇ ਰਹੀ। ਪੰਜਾਬ ਦੇ ਲੋਕ ਕ੍ਰਾਂਤੀਕਾਰੀ ਹਨ। ਉਹ ਸੱਤਾ ਤਬਦੀਲੀ ਵਿਚ ਵਿਸ਼ਵਾਸ ਰੱਖਦੇ ਹਨ ਪਰ ਕੇਂਦਰ ਪੰਜਾਬ ਦੇ ਲੋਕਾਂ ਨਾਲ ਸਦਾ ਵਿਤਕਰਾ ਕਰ ਰਿਹਾ ਹੈ। ਕਿਉਂਕਿ ਹਾਲੇ ਤੱਕ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਮਿਲਿਆ, ਜਿਸ ਦੀ ਪੰਜਾਬ ਨੂੰ ਬੇਹੱਦ ਲੋੜ ਹੈ। ਹੁਣੇ ਹੋਏ ਸ੍ਰੀਨਗਰ ਦੇ ਹਮਲਿਆਂ ਵਿਚ ਵੀ ਜ਼ਿਆਦਾਤਰ ਪੰਜਾਬੀ ਜਵਾਨ ਸ਼ਹੀਦ ਹੋਏ ਹਨ। ਫਿਰ ਵੀ ਸਰਕਾਰ ਹਰ ਪੱਖੋਂ ਪੰਜਾਬ ਨਾਲ ਕਿਉਂ ਵਿਤਕਰਾ ਕਰ ਰਹੀ ਹੈ। ਸਰਹੱਦ 'ਤੇ ਕਿਸੇ ਵੀ ਜਾਤੀ ਦਾ ਫ਼ੌਜੀ ਵੀਰ ਸ਼ਹੀਦ ਹੋਇਆ ਹੋਵੇ ਪਰ ਉਹ ਹੈ ਤਾਂ ਪੰਜਾਬੀ। ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਲਈ ਬਿਨਾਂ ਭੇਦਭਾਵ ਤੋਂ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇ ਤੇ ਪੰਜਾਬੀਆਂ ਦੀ ਬਾਂਹ ਫੜੀ ਜਾਵੇ। ਧਰਮਾਂ ਵਿਚ ਵੰਡੀਆਂ ਪਾਉਣ ਤੋਂ ਵੀ ਗੁਰੇਜ਼ ਕੀਤਾ ਜਾਵੇ।

-ਜਸਦੀਪ ਸਿੰਘ ਖੰਨਾ
ਮੋ: 94630-57786.

ਗ਼ਰੀਬ ਬਨਾਮ ਮਹਿੰਗਾਈ
ਦੇਸ਼ ਦਾ ਗ਼ਰੀਬ ਅੱਜ ਅਨੇਕਾਂ ਕਠਿਨਾਈਆਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੂੰ ਇਹ ਨਹੀਂ ਸੁੱਝ ਰਿਹਾ ਕਿ ਉਹ ਆਪਣੇ ਪਰਿਵਾਰ ਦਾ ਢਿੱਡ ਭਰੇ ਜਾਂ ਫਿਰ ਆਪਣੇ ਘਰ ਆਉਣ ਵਾਲੀ ਖੁਸ਼ੀ-ਗ਼ਮੀ ਦੇ ਪ੍ਰੋਗਰਾਮਾਂ ਦਾ ਨਿਪਟਾਰਾ ਕਰੇ। ਜੇਕਰ ਕਿਸੇ ਗ਼ਰੀਬ ਨੇ ਆਪਣੀ ਲੜਕੀ ਦੀ ਸ਼ਾਦੀ ਕਰਨੀ ਹੋਵੇ, ਉਸ ਘਰ ਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿਚੋਂ ਨੀਂਦ ਉੱਡ ਜਾਂਦੀ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਗ਼ਰੀਬ ਲੜਕੀ ਦੀ ਸ਼ਾਦੀ ਹੋਣ 'ਤੇ ਸ਼ਗਨ ਸਕੀਮ ਅਧੀਨ ਪੰਦਰਾਂ ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਪਰ ਇਹ ਪੰਦਰਾਂ ਹਜ਼ਾਰ ਰੁਪਏ ਏਨੀ ਮਹਿੰਗਾਈ 'ਚ ਕੁਝ ਵੀ ਨਹੀਂ, ਉਤੋਂ ਇਹ ਮਿਲਣ ਵਾਲੇ ਪੈਸੇ ਲੜਕੀ ਦੀ ਸ਼ਾਦੀ ਹੋਣ ਤੋਂ ਕਈ-ਕਈ ਮਹੀਨਿਆਂ ਤੱਕ ਵੀ ਗ਼ਰੀਬ ਪਰਿਵਾਰਾਂ ਨੂੰ ਨਹੀਂ ਮਿਲਦੇ। ਗ਼ਰੀਬ ਦੀ ਹਾਲਤ ਅੱਜ ਬਹੁਤ ਮਾੜੀ ਹੈ ਕਿਉਂਕਿ ਉਹ ਬਿਮਾਰ ਹੋਣ 'ਤੇ ਕਿਸੇ ਚੰਗੇ ਡਾਕਟਰ ਤੋਂ ਆਪਣਾ ਇਲਾਜ ਵੀ ਨਹੀਂ ਕਰਵਾ ਸਕਦਾ। ਕਈ ਵਾਰ ਤਾਂ ਉਹ ਬਿਮਾਰੀਆਂ ਨਾਲ ਜੂਝਦਾ ਹੋਇਆ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਸੋ, ਸਰਕਾਰ ਮਹਿੰਗਾਈ 'ਤੇ ਕੰਟਰੋਲ ਕਰੇ ਤਾਂ ਕਿ ਗ਼ਰੀਬ ਸੁੱਖ ਦਾ ਸਾਹ ਲੈ ਸਕੇ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਕੇਂਦਰੀ ਕਾਨੂੰਨ ਮੰਤਰੀ ਨੂੰ ਅਪੀਲ
ਸ੍ਰੀਮਾਨ ਜੀ ਜੇਕਰ ਪੰਜਾਬ ਦੇ ਥਾਣਿਆਂ ਤੇ ਜੇਲ੍ਹਾਂ ਵਿਚ ਇਕ ਸਰਵੇ ਕਰਾਇਆ ਜਾਵੇ ਤਾਂ 95-97 ਫ਼ੀਸਦੀ ਦਾਜ ਦੇ ਝੂਠੇ ਕੇਸਾਂ ਵਿਚ ਫਸੇ ਮਾਪਿਆਂ ਦੀ ਦੁਰਦਸ਼ਾ ਬਾਰੇ ਜਾਣਕਾਰੀ ਮਿਲੇਗੀ। ਕਈ ਨਿਰਦੋਸ਼ ਤਾਂ ਜੇਲ੍ਹਾਂ ਵਿਚ ਹੀ ਮਰ ਵੀ ਜਾਂਦੇ ਹਨ। ਘਰ ਤੋਂ ਚਲ ਕੇ ਕਚਹਿਰੀ ਤੱਕ ਹਰ ਜ਼ਿੰਮੇਵਾਰ ਤੇ ਸਬੰਧਤ ਅਧਿਕਾਰੀ ਇਹ ਕਹਿ ਕੇ ਪੱਲਾ ਝਾੜ ਲੈਂਦਾ ਹੈ ਕਿ ਕਾਨੂੰਨ ਹੀ ਗ਼ਲਤ ਹੈ, ਅਸੀਂ ਕੀ ਕਰ ਸਕਦੇ ਹਾਂ? ਮੈਂ ਵੀ ਇਕ ਔਰਤ ਹਾਂ। ਸੱਚਮੁੱਚ ਪੀੜਤ ਲੜਕੀਆਂ ਜਿਨ੍ਹਾਂ ਨੂੰ ਜਲਾ ਦਿੱਤਾ ਜਾਂਦਾ, ਦਾਜ ਦੀ ਖ਼ਾਤਰ ਜਾਂ ਮਾਰ ਦਿੱਤਾ ਜਾਂਦਾ, ਦੋਸ਼ੀ ਧਿਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਲੜਕੀ ਨਾਲ ਇਨਸਾਫ਼ ਹੋਣਾ ਚਾਹੀਦਾ। ਪਰ ਜਿੱਥੇ ਨੌਜਵਾਨਾਂ ਨਾਲ ਝੂਠਾ ਕੇਸ ਕਰਕੇ ਧੱਕਾ ਕੀਤਾ ਜਾਂਦਾ ਹੈ, ਰਿਟਾਇਰਮੈਂਟ ਤੋਂ ਬਾਅਦ ਬਜ਼ੁਰਗ ਮਾਂ-ਬਾਪ ਨੂੰ ਘਰੋਂ ਬੇਘਰ ਕਰ ਦਿੱਤਾ ਜਾਂਦਾ ਹੈ, ਇਹ ਬਿਲਕੁਲ ਗ਼ਲਤ ਹੈ। ਨੌਕਰੀ ਕਰਕੇ ਮਕਾਨ ਬਣਾ ਕੇ ਰਹਿਣ ਵਾਲੇ ਮਾਪੇ ਇਕ ਧੀ ਬਣਾ ਕੇ ਲਿਆਂਦੀ ਨੂੰਹ ਦੇ ਹੱਥੋਂ ਜ਼ਲੀਲ ਹੁੰਦੇ ਹਨ, ਜੋ ਸਿਰਫ ਆਪਣਾ ਪਿਛਲਾ ਘਰ ਸੰਵਾਰਨ ਦੇ ਲਈ ਸਿਰਫ਼ ਪੈਸਾ ਤੇ ਜਾਇਦਾਦ ਹੜੱਪਣ ਖ਼ਾਤਰ ਹੀ ਝੂਠਾ ਕੇਸ ਦਾਇਰ ਕਰਵਾ ਕੇ ਉਨ੍ਹਾਂ ਦੀ ਹਾਲਤ ਕੱਖੋਂ ਹੌਲੀ ਕਰ ਦਿੰਦੀ ਹੈ, ਜਿਨ੍ਹਾਂ ਨੇ ਸ਼ਗਨਾਂ ਦੇ ਗਾਨੇ ਬੰਨ੍ਹ ਕੇ ਅਜੇ ਚਾਅ ਵੀ ਪੂਰੇ ਨਹੀਂ ਕੀਤੇ ਹੁੰਦੇ। ਨਿਰਦੋਸ਼ ਲੋਕਾਂ ਲਈ ਉਚਿਤ ਕਾਨੂੰਨ ਦੀ ਵਿਵਸਥਾ ਜ਼ਰੂਰ ਹੋਣੀ ਚਾਹੀਦੀ ਹੈ।

-ਰਜਵੰਤ ਕੌਰ
ਮੋ: 9417941923

17-12-2014

 ਸ਼ੋਰ ਪ੍ਰਦੂਸ਼ਣ ਰੋਕੋ
ਪਿਛਲੇ ਦਿਨੀਂ ਮੈਨੂੰ ਪੰਜਾਬ, ਅੰਮ੍ਰਿਤਸਰ ਵਿਖੇ ਜਾਣ ਦਾ ਮੌਕਾ ਮਿਲਿਆ। ਮੈਰਿਜ ਘਰਾਂ ਦੀ ਮਨਮਰਜ਼ੀ, ਡੀ.ਜੇ. ਦੀਆਂ ਆਵਾਜ਼ਾਂ ਸੁਣ ਕੇ ਹੈਰਾਨ ਹੀ ਨਹੀਂ, ਪ੍ਰੇਸ਼ਾਨ ਵੀ ਹੋਇਆ। ਰਾਤ ਦੇ 10 ਵਜੇ ਇਹ ਲੋਕ ਅਜਿਹਾ ਵਾਤਾਵਰਨ ਬਣਾ ਦਿੰਦੇ ਹਨ ਕਿ ਕੋਈ ਸਰਕਾਰ, ਪੁਲਿਸ, ਜ਼ਿਲ੍ਹਾ ਪ੍ਰਸ਼ਾਸਨ ਇੰਜ ਲਗਦਾ ਹੈ ਜਿਵੇਂ ਇਨ੍ਹਾਂ ਦੇ ਅਧੀਨ ਹੋਵੇ। ਆਤਿਸ਼ਬਾਜ਼ੀ, ਡੀ.ਜੇ. ਦੀ ਆਵਾਜ਼ ਕਈ ਬਜ਼ੁਰਗਾਂ ਦੀ ਨੀਂਦ ਹਰਾਮ ਕਰਦੀ ਹੈ, ਬੱਚੇ ਪੜ੍ਹ ਨਹੀਂ ਸਕਦੇ, ਬਿਮਾਰ ਵਿਅਕਤੀ ਸੌਂ ਨਹੀਂ ਸਕਦੇ, ਇਨ੍ਹਾਂ ਨੂੰ ਨਾ ਤਾਂ ਪੁਲਿਸ, ਅਦਾਲਤ ਦਾ ਡਰ ਹੈ ਨਾ ਹੀ ਮਾਨਵਤਾ ਦਾ। ਕੈਨੇਡਾ 'ਚ ਹਾਰਨ ਵਜਾਉਣਾ ਕਿਸੇ ਨੂੰ ਮੰਦਾ ਬੋਲਣ ਦੇ ਬਰਾਬਰ ਹੈ। ਤੁਸੀਂ ਵੇਖੋ ਹਜ਼ਾਰਾਂ ਕਾਰਾਂ ਚਲਦੀਆਂ ਹਨ ਪਰ ਕੋਈ ਆਵਾਜ਼, ਹਾਰਨ ਨਹੀਂ, ਮੈਂ ਹੈਰਾਨ ਹਾਂ ਕਿ ਇਨ੍ਹਾਂ ਲੋਕਾਂ ਨੇ ਲੱਖਾਂ ਹੀ ਲੋਕਾਂ ਦਾ ਜੀਵਨ ਨਰਕ ਬਣਾਇਆ ਹੈ। ਬਹੁਤ ਸਾਰੇ ਪੰਜਾਬੀ ਦੇ ਟੀ.ਵੀ. ਚੈਨਲ ਹਨ। ਇਸ ਬਾਰੇ ਕਦੇ ਕਿਸੇ ਨੇ ਆਵਾਜ਼ ਨਹੀਂ ਉਠਾਈ। ਅਖ਼ਬਾਰਾਂ ਦੇ ਕਾਲਮ ਵੀ ਇਸ ਬਾਰੇ ਚੁੱਪ ਹਨ। ਸਰਕਾਰ ਅਤੇ ਇਸ ਦੇ ਅਧਿਕਾਰੀ, ਮੰਤਰੀ ਅਤੇ ਸੰਤਰੀ ਇਸ ਬਾਰੇ ਚੁੱਪ ਖਾਮੋਸ਼ ਹਨ। ਅਸੀਂ ਤਾਂ ਇਕ ਵੀਕ ਵਿਚ ਹੀ ਏਨੀ ਘੁਟਣ ਮਹਿਸੂਸ ਕੀਤੀ ਕਿ ਟਿਕਟ ਕੈਂਸਲ ਕਰਾ ਕੇ ਵਾਪਸ ਆਉਣ ਲਈ ਮਜਬੂਰ ਹੋ ਗਏ। ਕੀ ਪੰਜਾਬ ਦੇ ਮੰਤਰੀ, ਮੁੱਖ ਮੰਤਰੀ, ਮਾਨਵਤਾ ਦੇ ਭਲੇ ਲਈ ਕੋਈ ਕਦਮ ਉਠਾਉਣਗੇ?

-ਅਮਰੀਕ ਸਿੰਘ ਔਲਖ
ਵੈਨਕੂਵਰ, ਸਰੀ।

ਤੰਬਾਕੂ ਉਤਪਾਦਾਂ ਦੀ ਰੋਕਥਾਮ ਲਈ
ਪੰਜਾਬ ਸਰਕਾਰ ਵੱਲੋਂ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਰੋਕਥਾਮ ਲਈ ਕੋਟਪਾ ਐਕਟ ਨੂੰ ਪੂਰੇ ਸੂਬੇ ਵਿਚ ਲਾਗੂ ਕਰਨ ਲਈ ਚੁੱਕੇ ਗਏ ਕਦਮ ਸ਼ਲਾਘਾਯੋਗ ਹਨ। ਇਸ ਐਕਟ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਜਿਸ ਵੀ ਵਿਭਾਗ ਦੀ ਇਸ ਐਕਟ ਪ੍ਰਤੀ ਜ਼ਿੰਮੇਵਾਰੀ ਹੋਵੇਗੀ, ਉਹ ਵਿਭਾਗ ਇਸ ਕੋਟਪਾ ਐਕਟ ਨੂੰ ਲਾਗੂ ਕਰਨਾ ਯਕੀਨੀ ਬਣਾਏ। ਕਈ ਬਹੁਤ ਸਾਰੇ ਐਕਟ ਤਾਂ ਬਣਦੇ ਹਨ ਪਰ ਸਿਰਫ ਕਾਗ਼ਜ਼ੀ ਫਾਈਲਾਂ ਤੱਕ ਤੇ ਜਾਂ ਫਿਰ 2-3 ਮਹੀਨੇ ਬਾਅਦ ਅਖ਼ਬਾਰਾਂ ਦੀਆਂ ਖ਼ਬਰਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ। ਇਸ ਐਕਟ ਵਿਚ ਜਗ੍ਹਾ ਦੇ ਮਾਲਕ ਜਾਂ ਪ੍ਰਬੰਧਕ ਨੂੰ ਵੀ ਜ਼ਿੰਮੇਵਾਰ ਠਹਿਰਾਉਣਾ ਵਧੀਆ ਕਦਮ ਹੈ। ਜੇਕਰ ਐਕਟ ਸਖ਼ਤੀ ਨਾਲ ਲਾਗੂ ਹੋਵੇਗਾ ਤਾਂ ਹੀ ਤੰਬਾਕੂ ਉਤਪਾਦਾਂ ਦੀ ਵਿਕਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਸਿਗਰਟਨੋਸ਼ੀ ਤੇ ਤੰਬਾਕੂ ਉਤਪਾਦ ਘਾਤਕ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ।

-ਵਾਸਦੇਵ ਪਰਦੇਸੀ
ਪ੍ਰਧਾਨ ਹਿਊਮਨ ਰਾਈਟਸ ਜਾਗ੍ਰਿਤੀ ਮੰਚ ਸੁਸਾਇਟੀ (ਰਜਿ:), ਸ਼ਹੀਦ ਭਗਤ ਸਿੰਘ ਨਗਰ।

ਜਾਗ ਪੰਜਾਬ ਤੂੰ ਜਾਗ
ਐਤਵਾਰੀ 'ਅਜੀਤ ਮੈਗਜ਼ੀਨ' ਵਿਚ ਪ੍ਰੋ: ਕੁਲਵੰਤ ਸਿੰਘ ਔਜਲਾ ਦੀ ਕਵਿਤਾ 'ਜਾਗ ਪੰਜਾਬ ਤੂੰ ਜਾਗ' ਪੜ੍ਹਨ ਨੂੰ ਮਿਲੀ। ਇਸ ਕਵਿਤਾ ਦੀਆਂ ਕਾਵਿ-ਸਤਰਾਂ, ਅਜੋਕੇ ਪੰਜਾਬ ਵਿਚਲੀਆਂ ਦਮ ਤੋੜ ਰਹੀਆਂ ਨੈਤਿਕ ਤੇ ਮਾਨਵੀ ਕਦਰਾਂ-ਕੀਮਤਾਂ ਦਾ ਚਿੱਤਰ ਉਲੀਕਣ ਦੇ ਸਮਰੱਥ ਸਨ। ਇਸ ਰਚਨਾ ਦੇ ਨਾਲ ਛਾਪੀ ਗਈ ਪੁਰਾਣੇ ਪੰਜਾਬ ਦੀ ਤਸਵੀਰ ਅਜੋਕੇ ਵਿਨਾਸ਼ਕ ਤੇ ਵਿਕਸਿਤ ਪੰਜਾਬ ਦੇ ਦ੍ਰਿਸ਼ ਨਾਲੋਂ ਕਿਤੇ ਵੱਧ ਮਨ ਨੂੰ ਭਾਉਂਦੀ ਸੀ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਦੇ ਕਵੀਆਂ ਤੇ ਲੇਖਕਾਂ ਨੂੰ ਤਾਂ ਪੰਜਾਬ ਦੀ ਬਰਬਾਦੀ ਦਾ ਮੰਜ਼ਰ ਨਜ਼ਰੀਂ ਪੈ ਰਿਹਾ ਪਰ ਸਾਡੇ ਸਿਆਸੀ ਆਗੂਆਂ ਤੇ ਅਫ਼ਸਰਸ਼ਾਹੀ ਨੂੰ ਸਿਵਾਏ ਆਪਣੇ ਘਰ ਭਰਨ ਤੋਂ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ। ਕਵੀ ਆਪਣੀ ਇਸ ਕਵਿਤਾ ਰਾਹੀਂ ਜਿੱਥੇ ਨੌਂ ਕਾਵਿ-ਬੰਦਾਂ ਰਾਹੀਂ ਪੰਜਾਬ ਦੀ ਬਰਬਾਦੀ ਦਾ ਚਿੱਤਰ ਉਲੀਕਣ ਵਿਚ ਪੂਰੀ ਤਰ੍ਹਾਂ ਸਫ਼ਲ ਹੈ, ਉੱਥੇ ਨਾਲ ਹੀ ਪੰਜਾਬ ਭਾਵ ਪੰਜਾਬ ਵਾਸੀਆਂ ਨੂੰ ਜਾਗਣ ਲਈ ਉੱਚੀ ਸੁਰ ਵਿਚ ਹੋਕਾ ਵੀ ਦੇ ਰਿਹਾ ਹੈ।

-ਗੁਰਬਚਨ ਸਿੰਘ ਲਾਲੀ
ਲੇਖਕ ਮੰਚ, ਪੱਟੀ।

16-12-2014

 ਲੱਚਰ ਗਾਇਕੀ
ਅੱਜਕਲ੍ਹ ਟੀ.ਵੀ. ਚੈਨਲਾਂ 'ਤੇ ਚੱਲ ਰਹੇ ਬਹੁਤੇ ਪੰਜਾਬੀ ਗੀਤਾਂ ਦੇ ਬੋਲ ਤੇ ਉਨ੍ਹਾਂ ਦੇ ਫ਼ਿਲਮਾਂਕਣ ਜਿੱਥੇ ਮਾਰਧਾੜ ਨੂੰ ਸੱਦਾ ਦੇ ਰਹੇ ਹਨ, ਉੱਥੇ ਇਹ ਅਸ਼ਲੀਲਤਾ ਵੀ ਫੈਲਾਅ ਰਹੇ ਹਨ। ਪੈਸੇ ਦੇ ਜ਼ੋਰ ਨਾਲ ਅੱਗੇ ਆ ਰਹੇ ਬਹੁਤੇ ਕਲਾਕਾਰਾਂ ਦੇ ਹੱਥਾਂ ਵਿਚ ਸਾਜ਼ਾਂ ਦੀ ਜਗ੍ਹਾ ਨਸ਼ੇ ਦੀਆਂ ਬੋਤਲਾਂ ਤੇ ਹਥਿਆਰਾਂ ਦਾ ਹੋਣਾ ਆਮ ਹੋ ਗਿਆ ਹੈ। ਇਸ ਤਰ੍ਹਾਂ ਦੀ ਤਸਵੀਰ ਪੇਸ਼ ਕਰਦਾ ਇਕ ਗੀਤ ਅੱਜ ਚੈਨਲਾਂ 'ਤੇ ਖ਼ੂਬ ਚੱਲ ਰਿਹਾ ਹੈ। ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹੇ ਕਲਾਕਾਰ ਨੂੰ ਜਾਂ ਤਾਂ ਪੰਜਾਬੀ ਸੱਭਿਆਚਾਰ ਤੋਂ ਕੋਰਾ ਕਿਹਾ ਜਾ ਸਕਦਾ ਹੈ ਜਾਂ ਫਿਰ ਉਹ ਫੋਕੀ ਸ਼ੋਹਰਤ ਹਾਸਲ ਕਰਨ ਦੇ ਚੱਕਰ ਵਿਚ ਹੈ। ਅਜਿਹੇ ਅਖ਼ੌਤੀ ਕਲਾਕਾਰਾਂ ਨੇ ਜਿੱਥੇ ਪੰਜਾਬਣ ਮੁਟਿਆਰ ਦੇ ਸੱਚੇ-ਸੁੱਚੇ ਤੇ ਉਸਾਰੂ ਕਿਰਦਾਰ ਨੂੰ ਵੱਡੀ ਢਾਅ ਲਾਈ ਹੈ, ਉੱਥੇ ਸਾਡੀਆਂ ਅਮੀਰ ਪ੍ਰੰਪਰਾਵਾਂ ਦਾ ਵੀ ਘਾਣ ਕਰਕੇ ਰੱਖ ਦਿੱਤਾ ਹੈ। ਇਸ ਮਾੜੇ ਰੁਝਾਨ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ।

-ਬੰਤ ਘੁਡਾਣੀ
ਪਿੰਡ ਤੇ ਡਾਕ : ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਨੋਬਲ ਸ਼ਾਂਤੀ ਪੁਰਸਕਾਰ
ਨਾਰਵੇ ਦੀ ਰਾਜਧਾਨੀ ਓਸਲੋ ਵਿਚ ਭਾਰਤ ਦੇ ਕੈਲਾਸ਼ ਸਤਿਆਰਥੀ ਅਤੇ ਪਾਕਿਸਤਾਨ ਦੀ ਨਿੱਡਰ ਮੁਟਿਆਰ ਮਲਾਲਾ ਯੂਸਫ਼ਜ਼ਈ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ, ਜੋ ਏਕਤਾ ਦਾ ਪ੍ਰਤੀਕ ਹਨ ਤੇ ਵਧਾਈ ਦੇ ਪਾਤਰ ਵੀ। ਇਹ ਨੋਬਲ ਸ਼ਾਂਤੀ ਪੁਰਸਕਾਰ ਮਿਲਣ 'ਤੇ ਸਮੁੱਚੇ ਆਲਮ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਦੋਵੇਂ ਸ਼ਖ਼ਸੀਅਤਾਂ ਧਰਮ ਤੇ ਜੀਵਨ ਦੀ ਰੱਖਿਆ ਕਰਨ ਦਾ ਉਪਦੇਸ਼ ਦਿੰਦੇ ਹਨ, ਨਾ ਕਿ ਜ਼ਿੰਦਗੀ ਖੋਹਣ ਦਾ। ਪਰ ਸਮੁੱਚੇ ਦੇਸ਼ ਵਾਸੀਆਂ ਨੂੰ ਇਨ੍ਹਾਂ ਸ਼ਖ਼ਸੀਅਤਾਂ ਦੀ ਵਿਲੱਖਣ ਸੋਚ ਤੋਂ ਸੇਧ ਲੈ ਕੇ ਇਨ੍ਹਾਂ ਦੀ ਸੋਚ ਅਤੇ ਨਕਸ਼ੇ-ਕਦਮ 'ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ ਤਾਂ ਜੋ ਸਮੁੱਚੇ ਸੰਸਾਰ 'ਚ ਸ਼ਾਂਤੀ ਬਣੀ ਰਹੇ।

-ਤਰਸੇਮ ਮਹਿਤੋ
ਪਿੰਡ ਬਈਏਵਾਲ (ਸੰਗਰੂਰ)।

ਹਥਿਆਰਾਂ ਦਾ ਸ਼ੌਕ
ਅਰਬੀ ਕਹਾਵਤ ਹੈ ਕਿ 'ਉੱਲੂ ਮਗਰ ਲੱਗੋਗੇ ਤਾਂ ਉਹ ਤੁਹਾਨੂੰ ਉਜਾੜ ਵਿਚ ਲੈ ਜਾਵੇਗਾ।' ਸਾਡੀ ਜਾਚੇ ਚੰਦਰੇ ਸ਼ੌਕ ਦੇ ਸ਼ਿਕਾਰ ਪੰਜਾਬੀ ਦਿਖਾਵੇ ਦੀ ਸ਼ੋਹਰਤ ਦੇ ਮੱਕੜਜਾਲ 'ਚ ਘਿਰ ਕੇ ਬਰਬਾਦੀ ਵਾਲੀਆਂ ਉੱਜੜੀਆਂ ਰਾਹਾਂ ਦੇ ਰਾਹਗੀਰ ਬਣ ਰਹੇ ਹਨ। ਅਸੀਂ ਅਕਸਰ ਹੀ ਅਖ਼ਬਾਰਾਂ ਵਿਚ ਪੜ੍ਹਦੇ ਹਾਂ ਕਿ ਵਿਆਹ-ਸ਼ਾਦੀ ਮੌਕੇ ਖੁਸ਼ੀ ਭਰਿਆ ਮਾਹੌਲ ਅੱਖ ਦੇ ਫੌਰ 'ਚ ਗ਼ਮਗੀਨ ਹੋ ਗਿਆ, ਕਾਰਨ ਕੁਝ ਫੁਕਰੇ ਬਾਰਾਤੀਆਂ ਨੇ ਹਥਿਆਰਾਂ ਦਾ ਮੁਜ਼ਾਹਰਾ ਕਰਦਿਆਂ ਫਾਇਰ ਕੀਤੇ ਤਾਂ ਵਿਆਹ ਸਮਾਗਮ ਦੀਆਂ ਖੁਸ਼ੀਆਂ ਅਣਸੁਖਾਵੀਂ ਘਟਨਾ ਵਾਪਰਨ ਕਾਰਨ ਦੁਖਦਾਈ ਹੋ ਨਿੱਬੜੀਆਂ। ਖ਼ਾਸ ਗੱਲ ਇਹ ਹੈ ਕਿ ਵਿਆਹ ਸਮਾਗਮਾਂ ਮੌਕੇ ਫਾਇਰ ਕਰਨ ਵਾਲਿਆਂ ਵਿਚ ਜ਼ਿਆਦਾਤਰ ਪੁਲਸੀਏ ਜਾਂ ਉਨ੍ਹਾਂ ਦੇ ਕਾਕਿਆਂ ਦੇ ਨਾਲ-ਨਾਲ ਰਾਜਸੀ ਪਹੁੰਚ ਰੱਖਣ ਵਾਲੇ ਹੁੰਦੇ ਹਨ। ਪੰਜਾਬੀਆਂ 'ਚ ਪਿਸਤੌਲਾਂ ਰੱਖਣ ਦਾ ਵਧ ਰਿਹਾ ਰੁਝਾਨ, ਕੀ ਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਤੇ ਤਰੱਕੀ ਦੇ ਹੱਕ ਵਿਚ ਹੈ? ਪੱਛਮੀ ਵਿਦਵਾਨ ਸਿਸਰੋ ਦਾ ਕਥਨ ਹੈ, 'ਲਾਹਪ੍ਰਵਾਹ ਲੋਕ ਆਪਣਾ ਵੀ ਅਤੇ ਦੂਜਿਆਂ ਦਾ ਵੀ ਨੁਕਸਾਨ ਕਰਦੇ ਹਨ।' ਜ਼ਿੰਮੇਵਾਰੀ ਤੋਂ ਕੰਮ ਲੈਂਦਿਆਂ ਹਥਿਆਰਾਂ ਦੇ ਵਿਖਾਵੇ ਤੋਂ ਬਚਣਾ ਚਾਹੀਦਾ ਹੈ। ਵਿਆਹਾਂ 'ਚ ਇਨ੍ਹਾਂ ਦੀ ਵਰਤੋਂ ਨਹੀਂ ਹੋਣੀ ਚਾਹੀਦੀ।

-ਗੁਰਬਚਨ ਸਿੰਘ ਲਾਲੀ
ਲੇਖਕ ਮੰਚ, ਪੱਟੀ।

15-12-2014

 ਸੰਤਾਂ ਦੇ ਕੌਤਕ
ਹਰਿਆਣੇ ਦੇ ਚਰਚਿਤ ਸੰਤ ਰਾਮਪਾਲ ਦੇ ਸਮੁੱਚੇ ਕਾਂਡ ਨੇ ਜਾਗਰੂਕ ਤੇ ਲੋਕ-ਪੱਖੀ ਮਨਾਂ ਅੰਦਰ ਇਕ ਵਾਰ ਫਿਰ ਤੋਂ ਹਲਚਲ ਪੈਦਾ ਕਰ ਦਿੱਤੀ ਹੈ। ਖ਼ੁਦ ਨੂੰ ਸੰਤ, ਮਹਾਤਮਾ ਤੇ ਰੱਬੀ ਰੂਪ ਅਖਵਾਉਣ ਵਾਲੇ ਲੋਕਾਂ ਦੇ ਦੋਹਰੇ ਚਰਿੱਤਰਾਂ ਦੀ ਪਾਜ ਲਗਾਤਾਰ ਲੰਮੇ ਸਮੇਂ ਤੋਂ ਉਗੜਦੀ ਆ ਰਹੀ ਹੈ। ਪ੍ਰੰਤੂ ਜਿਸ ਤਰ੍ਹਾਂ ਦੇ ਟਕਰਾਅ ਦਾ ਰਸਤਾ ਰਾਮਪਾਲ ਤੇ ਉਨ੍ਹਾਂ ਦੇ ਪ੍ਰਸੰਸਕਾਂ ਨੇ ਅਪਣਾਇਆ ਤੇ ਨਿਆਂ-ਪਾਲਿਕਾ ਨੂੰ ਸਿੱਧੀ ਚੁਣੌਤੀ ਦਿੱਤੀ, ਉਸ ਦਾ ਸਿੱਟਾ ਮਾਸੂਮ ਤੇ ਨਿਰਦੋਸ਼ ਲੋਕਾਂ ਦੀ ਬਲੀ ਹੋ ਨਿਬੜਿਆ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜਿਹੇ ਡੇਰੇ ਸਿਆਸੀ ਪੁਸ਼ਤ-ਪਨਾਹੀ ਬਿਨਾਂ ਨਹੀਂ ਪੁੰਗਰਦੇ। ਦੂਜੇ ਪਾਸੇ ਸਮਾਜਿਕ ਢਾਂਚੇ ਵਿਚ ਲਿਤਾੜੇ ਤੇ ਤੰਗੀਆਂ-ਤੁਰਸ਼ੀਆਂ ਦੇ ਮਾਰੇ ਲੋਕ ਆਪਣੀਆਂ ਸਮੱਸਿਆਵਾਂ ਤੋਂ ਦੁਖੀ ਤੇ ਚਮਤਕਾਰੀ ਨਤੀਜਿਆਂ ਦੀ ਆਸ ਵਿਚ ਅਜਿਹੇ ਧਾਰਮਿਕ ਆਗੂਆਂ ਦਾ ਪੱਲਾ ਫੜ ਲੁੱਟ-ਖਸੁੱਟ ਕਰਾਉਂਦੇ ਤੇ ਕਈ ਵਾਰ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਜਾਗੋ ਲੋਕੋ ਜਾਗੋ, ਸੰਤਾਂ ਦੇ ਕੌਤਕਾਂ ਦੀ ਆਸ ਵਿਚ ਅਨਮੋਲ ਸਮਾਂ ਤੇ ਤਨ, ਮਨ ਨਾ ਲੁਟਾਓ। ਬੁੱਧੀਜੀਵੀ ਵਰਗ ਦਾ ਵੀ ਫ਼ਰਜ਼ ਹੈ ਕਿ ਲੋਕ ਮਨਾਂ ਵਿਚੋਂ ਭਰਮ-ਭੁਲੇਖੇ ਕੱਢਣ ਤੇ ਅਖੌਤੀ ਸੰਤਾਂ ਦੀ ਸਚਾਈ ਦੱਸਣ ਵਾਲੀਆਂ ਸਫਾਈ ਮੁਹਿੰਮਾਂ ਵੀ ਚਲਾਉਣ।

-ਬਲਜਿੰਦਰ ਸਿੰਘ ਸਮਾਘ
ਸ੍ਰੀ ਮੁਕਤਸਰ ਸਾਹਿਬ।

ਸਿੱਖਿਆ ਵਿਭਾਗ ਮੁੜ ਵਿਚਾਰ ਕਰੇ
ਪਿਛਲੇ ਦਿਨੀਂ 'ਅਜੀਤ' 'ਚ ਪੜ੍ਹਿਆ ਕਿ ਸਿੱਖਿਆ ਮਹਿਕਮੇ ਵੱਲੋਂ ਪੰਜਾਬ 'ਚ 30 ਤੋਂ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਐਲੀਮੈਂਟਰੀ ਸਕੂਲਾਂ ਨੂੰ ਬੰਦ ਕਰਨ ਦਾ ਅਮਲ ਆਰੰਭ ਕਰ ਦਿੱਤਾ ਗਿਆ ਹੈ। ਇਸ ਤਹਿਤ ਬੰਦ ਕੀਤੇ ਜਾਣ ਵਾਲੇ ਐਲੀਮੈਂਟਰੀ ਸਕੂਲ ਦੂਜੇ ਸਕੂਲਾਂ ਵਿਚ ਸਿਫਟ ਕੀਤੇ ਜਾਣਗੇ। ਇਸ ਸਬੰਧੀ ਸਿੱਖਿਆ ਮਹਿਕਮੇ ਦਾ ਤਰਕ ਹੈ ਕਿ ਵੱਡੀ ਗਿਣਤੀ 'ਚ ਐਲੀਮੈਂਟਰੀ ਸਕੂਲ ਅਜਿਹੇ ਹਨ, ਜਿਥੇ ਬੱਚਿਆਂ ਦੀ ਗਿਣਤੀ ਨਾਮਾਤਰ ਹੈ ਪਰ ਅਧਿਆਪਕਾਂ ਦੀ ਸੰਖਿਆ ਲੋੜੋਂ ਵੱਧ ਹੈ। ਸਿੱਖਿਆ ਮਹਿਕਮੇ ਦੇ ਉਕਤ ਫ਼ੈਸਲੇ ਨੂੰ ਦੇਖ ਕੇ ਹੈਰਾਨੀ ਅਤੇ ਦੁੱਖ ਹੁੰਦਾ ਹੈ ਕਿਉਂਕਿ ਸਿੱਖਿਆ ਅਧਿਕਾਰ ਐਕਟ ਅਨੁਸਾਰ ਤੇ ਇਨਸਾਨੀਅਤ ਦੇ ਨਾਤੇ ਵੀ ਛੋਟੇ ਬੱਚਿਆਂ ਦਾ ਸਕੂਲ ਇਕ ਕਿਲੋਮੀਟਰ ਦੇ ਘੇਰੇ 'ਚ ਹੀ ਹੋਣਾ ਚਾਹੀਦਾ ਹੈ।
ਕੁਦਰਤੀ ਗੱਲ ਹੈ ਕਿ ਜਦੋਂ ਸਕੂਲ ਸ਼ਿਫਟ ਕੀਤੇ ਗਏ ਤਾਂ ਨਿੱਕੀ ਉਮਰ ਦੇ ਭੋਲੇ-ਭਾਲੇ ਨਿਆਣਿਆਂ ਨੂੰ ਮਜਬੂਰਨ ਦੂਰ-ਦੁਰਾਡੇ ਦੇ ਸਕੂਲਾਂ 'ਚ ਪੜ੍ਹਨ ਲਈ ਜਾਣਾ ਪਵੇਗਾ। ਜੋ ਕਿ ਉਕਤ ਬੱਚਿਆਂ ਨਾਲ ਵੱਡੀ ਬੇਇਨਸਾਫ਼ੀ ਵਾਲੀ ਗੱਲ ਹੋਵੇਗੀ। ਬੱਚਿਆਂ ਦੇ ਭਵਿੱਖ ਅਤੇ ਬਚਪਨੇ ਨੂੰ ਧਿਆਨ 'ਚ ਰੱਖਦੇ ਹੋਏ ਸਾਡੀ ਸਰਕਾਰ ਅਤੇ ਸਿੱਖਿਆ ਮਹਿਕਮਾ ਆਪਣੇ ਇਸ ਫ਼ੈਸਲੇ 'ਤੇ ਮੁੜ ਗੰਭੀਰਤਾ ਨਾਲ ਵਿਚਾਰ ਕਰੇ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ, ਜ਼ਿਲ੍ਹਾ ਮੋਗਾ।

ਸਕੂਲ ਜਾਂ ਠੇਕੇ
ਇਹ ਸੁਣ ਕੇ ਬੜਾ ਦੁੱਖ ਹੁੰਦਾ ਹੈ ਕਿ ਪੰਜਾਬ ਵਰਗੇ ਸੂਬੇ ਦਾ ਸਿੱਖਿਆ ਮੰਤਰੀ 30 ਬੱਚਿਆਂ ਤੋਂ ਘੱਟ ਗਿਣਤੀ ਵਾਲੇ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦੇ ਰਿਹਾ ਹੈ, ਜਿਸ ਨਾਲ ਸੂਬੇ ਦੇ ਹਜ਼ਾਰਾਂ ਸਕੂਲ ਬੰਦ ਹੋ ਜਾਣਗੇ। ਪ੍ਰੰਤੂ ਦੂਜੇ ਪਾਸੇ ਸ਼ਰਾਬ ਮਾਫੀਆ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਪੰਜਾਬ ਦੇ ਹਰ ਪਿੰਡ ਵਿਚ ਠੇਕੇ ਤੇ ਮਿੰਨੀ ਠੇਕੇ ਖੁੱਲ੍ਹ ਜਾਣ ਅਰਥਾਤ 'ਸਕੂਲ ਬੰਦ ਠੇਕੇ ਚਾਲੂ'। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਚ ਸਕੂਲਾਂ ਦੀ ਗਿਣਤੀ ਘਟ ਜਾਏਗੀ ਅਤੇ ਠੇਕਿਆਂ ਦੀ ਗਿਣਤੀ ਵਧ ਜਾਵੇਗੀ। ਲਾਜ਼ਮੀ ਅਤੇ ਮੁਫ਼ਤ ਸਿੱਖਿਆ ਦਾ ਅਧਿਕਾਰ ਕਾਨੂੰਨ ਇਹ ਮੰਗ ਕਰਦਾ ਹੈ ਕਿ ਸਿੱਖਿਆ ਹਰ ਬੱਚੇ ਦਾ ਮੌਲਿਕ ਹੱਕ ਹੈ, ਪ੍ਰੰਤੂ ਸਰਕਾਰਾਂ ਆਪਣਾ ਮਾਲੀਆ ਵਧਾਉਣ ਦੇ ਚੱਕਰ ਵਿਚ ਇਕ ਸਕੂਲ ਨੂੰ ਦੋ ਅਧਿਆਪਕ ਦੇਣ ਦੀ ਬਜਾਏ ਹਰ ਪਿੰਡ ਨੂੰ ਸ਼ਰਾਬ ਦਾ ਠੇਕਾ ਅਤੇ ਕਰਿੰਦਾ ਦੇਣ ਲਈ ਸ਼ਰਾਬ ਮਾਫੀਏ ਦੀ ਪਿੱਠ ਪੂਰ ਰਹੇ ਹਨ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖ਼ਾਸ, ਤਹਿ: ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ।

11-12-2014

 ਨਸ਼ਿਆਂ ਦੀ ਕਰੋਪੀ
ਭਾਵੇਂ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਪਰ ਇਸ ਮੁਹਿੰਮ ਦੀ ਰਫ਼ਤਾਰ ਮੱਧਮ ਪੈ ਚੁੱਕੀ ਹੈ। ਜਿਥੇ ਸਰਕਾਰ ਨੇ ਦਿਲ ਜਾਨ ਨਾਲ ਇਸ ਮੁਹਿੰਮ ਨੂੰ ਤੋਰਿਆ ਹੈ, ਉਥੇ ਪੰਜਾਬ ਦੇ ਲੋਕ ਵੀ ਇਸ ਮੁਹਿੰਮ ਤੋਂ ਪੂਰੀ ਤਰ੍ਹਾਂ ਖੁਸ਼ ਹਨ। ਪੰਜਾਬ ਨੂੰ ਦਿਲੋਂ ਹਸਦਾ-ਵਸਦਾ ਰੱਖਣ ਵਾਲੇ ਪੰਜਾਬ ਦੇ ਵਾਸੀ ਪੰਜਾਬ ਵਿਚੋਂ ਨਸ਼ਿਆਂ ਦਾ ਖਾਤਮਾ ਚਾਹੁੰਦੇ ਹਨ। ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਧਸਦੇ ਜਾ ਰਹੇ ਹਨ। ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣਾ ਸਮੇਂ ਦੀ ਅਹਿਮ ਲੋੜ ਹੈ ਕਿਉਂਕਿ ਨਸ਼ਾ ਪੰਜਾਬ ਦੇ ਨੌਜਵਾਨ ਨੂੰ ਘੁਣ ਵਾਂਗ ਖਾਂਦਾ ਜਾ ਰਿਹਾ ਹੈ। ਪੰਜਾਬ ਦਾ ਉਜਾੜਾ ਚਾਹੁਣ ਵਾਲੇ ਭੈੜੀ ਸੋਚ ਦੇ ਮਾਲਕਾਂ ਨੇ ਇਸ ਮੁਹਿੰਮ ਦੀ ਚਾਲ ਮੱਠੀ ਦੇਖ ਕੇ ਆਪਣਾ ਧੰਦਾ ਫਿਰ ਤੋਂ ਚਾਲੂ ਕਰ ਦਿੱਤਾ ਹੈ। ਜਿੰਨੀ ਕੁ ਨਸ਼ਿਆਂ ਨੂੰ ਠੱਲ੍ਹ ਪਈ ਸੀ, ਉਹ ਫਿਰ ਤੋਂ ਪਹਿਲੇ ਰੂਪ 'ਚ ਨਜ਼ਰ ਆਉਣ ਲੱਗ ਪਈ ਹੈ। ਅਕਾਲੀ-ਭਾਜਪਾ ਦੀ ਗਠਜੋੜ ਸਰਕਾਰ ਨੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਸਿਰਤੋੜ ਯਤਨ ਕੀਤੇ ਹਨ, ਸ਼ਾਇਦ ਪਹਿਲੀਆਂ ਰਹਿ ਚੁੱਕੀਆਂ ਸਰਕਾਰਾਂ ਨੇ ਨਸ਼ਿਆਂ ਵਿਰੁੱਧ ਅਜਿਹਾ ਕਦਮ ਨਹੀਂ ਚੁੱਕਿਆ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਗੰਧਲੀ ਰਾਜਨੀਤੀ
ਅਜੋਕੀ ਰਾਜਨੀਤੀ ਦੀ ਸੋਚ ਏਨੀ ਗੰਧਲੀ ਹੋ ਚੁੱਕੀ ਹੈ ਕਿ ਦੇਸ਼ ਦੀਆਂ ਤਮਾਮ ਰਾਜਨੀਤਕ ਪਾਰਟੀਆਂ ਲੋਕ ਸੇਵਾ ਅਤੇ ਦੇਸ਼ ਸੇਵਾ ਦਾ ਮਖੌਟਾ ਪਾ ਕੇ ਰਾਜਨੀਤੀ ਦਾ ਬਿਜ਼ਨੈਸ ਰੂਪੀ ਲਾਹਾ ਲੈ ਰਹੀਆਂ ਹਨ। ਅੱਜ ਸਮਾਜ ਅੰਦਰ ਇਨ੍ਹਾਂ ਲੋਕਾਂ ਦਾ ਰੁਤਬਾ ਏਨੀ ਧਾਂਕ ਜਮਾ ਚੁੱਕਾ ਹੈ ਕਿ ਦੇਸ਼ ਦਾ ਕਾਨੂੰਨ ਏਨੀ ਹਿੰਮਤ ਨਹੀਂ ਰਖਦਾ ਕਿ ਉਹ ਇਨ੍ਹਾਂ ਤੋਂ ਪੁੱਛ ਸਕੇ ਕਿ ਅੱਜ ਜਿਸ ਦੌਲਤ 'ਤੇ ਖਲੌਤੇ ਹਨ, ਉਹ ਕਿੱਥੋਂ ਆਈ? ਸਮਾਜ ਨੂੰ ਸਹੀ ਸੇਧ ਦੇਣ ਦੀ ਬਜਾਏ ਜਾਤ, ਧਰਮ ਦੀ ਭਾਜੀ ਲੋਕਾਂ ਵਿਚ ਵੰਡੀ ਜਾ ਰਹੀ ਹੈ। ਇਨ੍ਹਾਂ ਧਰਤੀ ਦੇ ਅਖੌਤੀ ਯਮਰਾਜਾਂ ਤੋਂ ਸਾਡੀ ਆਮ ਜਨਤਾ ਨੂੰ ਸਾਵਧਾਨ ਰਹਿਣਾ ਪਵੇਗਾ। ਜੇ ਅਸੀਂ ਇਨ੍ਹਾਂ ਲੋਕਾਂ ਦੇ ਸੁਭਾਅ ਅਤੇ ਚਾਲਾਂ ਤੋਂ ਸੁਚੇਤ ਨਾ ਹੋਏ ਤਾਂ ਇਹ ਯਮਰਾਜ ਸਾਡੇ ਦੇਸ਼ ਅਤੇ ਦੇਸ਼ ਦੀਆਂ ਜਵਾਨੀਆਂ ਨੂੰ ਨਿਗਲ ਲੈਣਗੇ।

-ਚੰਨਦੀਪ ਸਿੰਘ 'ਬੁਤਾਲਾ'
ਅੰਮ੍ਰਿਤਸਰ।
ਮੋ: 94642-96611.

ਨਵੀਂ ਦਿਸ਼ਾ
ਅੱਜ ਪੰਜਾਬ ਦੀ ਆਵਾਜ਼ 'ਅਜੀਤ' ਅਖ਼ਬਾਰ ਪੱਤਰਕਾਰੀ ਦੇ ਖੇਤਰ ਵਿਚ ਆਪਣੀ ਵਿਲੱਖਣਤਾ ਸਦਕਾ ਨਿੱਤ ਨਵੀਂ ਦਿਸ਼ਾ ਹਾਸਲ ਕਰ ਰਿਹਾ ਹੈ ਜੋ ਕਿ ਸਮੂਹ ਪੰਜਾਬੀਆਂ ਵਾਸਤੇ ਬੜੇ ਫ਼ਖਰ ਵਾਲੀ ਗੱਲ ਹੈ। ਲੱਖਾਂ ਪਾਠਕਾਂ ਦੇ ਚਹੇਤੇ 'ਅਜੀਤ' ਨੇ ਵੱਡੀ ਗਿਣਤੀ ਵਿਚ ਮਿਲਦੇ ਪਾਠਕਾਂ ਦੇ ਵਿਚਾਰਾਂ ਨੂੰ ਵੱਖਰੇ ਤੌਰ 'ਤੇ ਇਕ ਸਫ਼ੇ ਵਿਚ ਸੋਮਵਾਰ ਨੂੰ 'ਲੋਕ ਮੰਚ' ਕਾਲਮ ਤਹਿਤ ਰੰਗਦਾਰ ਛਾਪਣ ਦਾ ਬਹੁਤ ਹੀ ਸਲਾਹੁਣਯੋਗ ਸਿਲਸਿਲਾ ਸ਼ੁਰੂ ਕੀਤਾ ਹੈ। ਭਾਸ਼ਾਈ ਅਖ਼ਬਾਰਾਂ ਵਿਚੋਂ 'ਅਜੀਤ' ਹੀ ਅਜਿਹਾ ਇਕੋ-ਇਕ ਅਖ਼ਬਾਰ ਹੈ, ਜਿਸ ਨੇ ਅਜਿਹੀ ਪਹਿਲ ਕੀਤੀ ਹੈ। ਅੰਤ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਲਈ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ।

-ਜਸਕਰਨ ਸਿੰਘ
ਦਸਮੇਸ਼ ਨਗਰ, ਲੁਧਿਆਣਾ।

ਯੂਰੀਆ ਦੀ ਕਮੀ
ਪੰਜਾਬ ਦਾ ਕਿਸਾਨ ਜੇ ਪਹਿਲਾਂ ਹੀ ਬੇਹੱਦ ਆਰਥਿਕ ਤੰਗੀਆਂ ਨਾਲ ਜੂਝਦਾ ਹੋਇਆ ਆਪਣਾ ਜੀਵਨ ਬਸਰ ਕਰ ਰਿਹਾ ਹੈ ਅਤੇ ਇਸ 'ਤੇ ਹੁਣ ਇਕ ਨਵੀਂ ਮੁਸੀਬਤ ਆਣ ਖੜ੍ਹੀ ਹੈ, ਉਹ ਹੈ ਯੂਰੀਆ ਖਾਦ ਦੀ ਥੁੜ। ਰਾਜ ਸਰਕਾਰ ਦੀ ਖੇਤੀ ਪ੍ਰਬੰਧਾਂ ਪ੍ਰਤੀ ਅਣਗਹਿਲੀ ਅਤੇ ਸੁਚੱਜੇ ਪ੍ਰਬੰਧਾਂ ਦੀ ਘਾਟ ਕਰਕੇ ਜਿਥੇ ਵਪਾਰੀ ਲੋਕ ਕਿਸਾਨਾਂ ਨੂੰ ਬਲੈਕ ਵਿਚ ਯੂਰੀਆ ਵੇਚ ਕੇ ਲੁੱਟ ਰਹੇ ਹਨ, ਉਥੇ ਕਿਸਾਨਾਂ ਨੂੰ ਯੂਰੀਆ ਨਾਲ ਨਦੀਨਨਾਸ਼ਕ ਅਤੇ ਹੋਰ ਵਸਤਾਂ ਥੋਪ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਰਾਜ ਵਿਚ ਬਣੇ ਅਜਿਹੇ ਮਾਹੌਲ ਕਾਰਨ ਪੰਜਾਬ ਦਾ ਕਿਸਾਨ ਬੇਹੱਦ ਨਿਰਾਸ਼ਾ ਦੇ ਆਲਮ ਵਿਚ ਗੁਜ਼ਰ ਰਿਹਾ ਹੈ। ਸੋ ਸਰਕਾਰ ਨੂੰ ਇਸ ਸੰਜੀਦਾ ਮਸਲੇ ਪ੍ਰਤੀ ਸੁਚੇਤ ਹੁੰਦੇ ਹੋਏ ਪਿੰਡਾਂ ਵਿਚ ਸਥਾਪਤ ਸਹਿਕਾਰੀ ਸੁਸਾਇਟੀਆਂ ਵਿਚ ਜ਼ਰੂਰਤ ਮੁਤਾਬਿਕ ਯੂਰੀਆ ਖਾਦ ਮੁਹੱਈਆ ਕਰਾਉਣੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣੀ ਪੁੱਤਾਂ ਵਰਗੀ ਕਣਕ ਦੀ ਫਸਲ ਦਾ ਸਹੀ ਤਰੀਕੇ ਨਾਲ ਪਾਲਣ-ਪੋਸ਼ਣ ਕਰ ਸਕਣ।

-ਰਾਜਾ ਗਿੱਲ (ਚੜਿੱਕ)
ਗਿੱਲ ਸੀਮੈਂਟ ਐਂਡ ਹਾਰਡਵੇਅਰ ਸਟੋਰ, ਚੜਿੱਕ (ਮੋਗਾ)।

ਸ਼ਲਾਘਾਯੋਗ ਉਪਰਾਲਾ
ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਚਲਾਏ ਜਾ ਰਹੇ ਨਸ਼ਾ ਛੁਡਾਊ ਕੈਂਪ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਨਸ਼ਾ ਰਹਿਤ ਸਮਾਜ ਲਈ ਨੌਜਵਾਨਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਪੰਚਾਇਤਾਂ, ਕਲੱਬ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਪ੍ਰਸ਼ਾਸਨ ਨਾਲ ਮਿਲ ਕੇ ਸੂਬੇ ਭਰ ਵਿਚ ਮੁਹਿੰਮ ਚਲਾਉਣੀ ਚਾਹੀਦੀ ਹੈ। ਸਕੂਲੀ ਉਮਰ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।

-ਮਲਕੀਤ ਸਿੰਘ
ਫਤਹਿਗੜ੍ਹ ਸਾਹਿਬ, ਮੋਗਾ।

9-12-2014

 ਪਾਣੀ ਦਾ ਡਿਗਦਾ ਪੱਧਰ
ਪਾਣੀ ਦੀ ਸਮੱਸਿਆ ਇਕੱਲੇ ਕਿਸਾਨ ਵਰਗ ਨਾਲ ਸਬੰਧਤ ਨਹੀਂ ਹੈ। ਸਾਰੇ ਪੰਜਾਬੀਆਂ ਨੂੰ ਇਸ ਖ਼ਤਰਨਾਕ ਚੁਣੌਤੀ ਵੱਲ ਗਹਿਰਾ ਧਿਆਨ ਦੇਣ ਦੀ ਲੋੜ ਹੈ। ਹਰ ਸਾਲ ਲਗਭਗ ਦੋ ਫੁੱਟ ਪਾਣੀ ਹੇਠਾਂ ਚਲਿਆ ਜਾਣਾ ਧਰਤੀ ਹੇਠਲੇ ਜਲ ਭੰਡਾਰ ਦੇ ਘਟਦੇ ਅਤੇ ਖ਼ਤਮ ਹੋ ਰਹੇ ਜਲ ਭੰਡਾਰ ਲਈ ਖ਼ਤਰੇ ਦੀ ਘੰਟੀ ਹੈ। ਜੇਕਰ ਅਸੀਂ ਸਮੂਹ ਪੰਜਾਬੀ ਇਸ ਸਮੱਸਿਆ ਭਾਵ ਪਾਣੀ ਦੀ ਬੱਚਤ ਲਈ ਸਾਵਧਾਨ ਨਹੀਂ ਹੋਵਾਂਗੇ ਤਾਂ ਨੇੜ ਭਵਿੱਖ ਵਿਚ ਪੰਜਾਬ ਵੀ ਰਾਜਸਥਾਨ ਵਾਂਗ ਮਾਰੂਥਲ ਦਾ ਰੂਪ ਅਖਤਿਆਰ ਕਰ ਜਾਵੇਗਾ। ਕੁਦਰਤ ਦੀ ਇਸ ਅਮੋਲਕ ਦਾਤ ਨਾਲ ਹੀ ਸਮੁੱਚੀ ਕਾਇਨਾਤ, ਬਨਸਪਤੀ, ਜੀਵ-ਜੰਤੂਆਂ, ਪਸ਼ੂਆਂ, ਮਨੁੱਖਾਂ ਆਦਿ ਦਾ ਭਲਾ ਹੈ। ਸੋ, ਇਸ ਦੀ ਸਾਂਭ-ਸੰਭਾਲ ਕਰਨੀ ਸਾਡਾ ਮੁਢਲਾ ਫਰਜ਼ ਹੈ। ਇਸ ਨੂੰ ਪੂਰੀ ਤਨ, ਮਨ ਅਤੇ ਧਨ ਦੀ ਸਮਰੱਥਾ ਨਾਲ ਸਮੂਹਿਕ ਉਪਰਾਲੇ ਨਾਲ ਸੰਭਾਲਣ ਦੀ ਫੌਰੀ ਲੋੜ ਹੈ।

-ਮਨਿੰਦਰ ਸਿੰਘ
ਧਨੌਲਾ ਰੋਡ, ਬਰਨਾਲਾ।

ਲੋਕ-ਗਾਥਾਵਾਂ ਦਾ ਬਾਦਸ਼ਾਹ
ਜਗਤ ਪ੍ਰਸਿੱਧ ਲੋਕ ਗਾਇਕ ਸਵਰਗੀ ਸ੍ਰੀ ਕੁਲਦੀਪ ਮਾਣਕ ਨੂੰ ਅਕਸਰ ਕਲੀਆਂ ਦਾ ਬਾਦਸ਼ਾਹ ਹੀ ਕਿਹਾ ਜਾਂਦਾ ਰਿਹਾ ਹੈ ਪ੍ਰੰਤੂ ਗੁਰਮੇਲ ਸਿੰਘ ਗਿੱਲ ਨਾਂਅ ਦੇ ਲੇਖਕ ਨੇ 'ਅਜੀਤ' ਦੇ ਮਨੋਰੰਜਨ ਸਪਲੀਮੈਂਟ 'ਚ ਮਾਣਕ ਸਾਹਿਬ ਬਾਰੇ ਲਿਖਦਿਆਂ ਸਪੱਸ਼ਟ ਕੀਤਾ ਹੈ ਕਿ ਕੁਲਦੀਪ ਮਾਣਕ 'ਕਲੀਆਂ' ਦੇ ਨਹੀਂ ਬਲਕਿ ਲੋਕ-ਗਾਥਾਵਾਂ ਦੇ ਬਾਦਸ਼ਾਹ ਸਨ। ਕਿਉਂਕਿ ਆਪਣੇ ਗਾਇਕੀ ਸਫ਼ਰ ਦੌਰਾਨ ਕਲੀਆਂ ਤਾਂ ਉਨ੍ਹਾਂ ਸਿਰਫ 13 ਕੁ ਹੀ ਗਾਈਆਂ ਸਨ, ਜਦ ਕਿ ਲੋਕ-ਗਾਥਾਵਾਂ ਤੇ ਗੀਤ ਬੇਸ਼ੁਮਾਰ ਗਾਏ। ਕੁਲਦੀਪ ਮਾਣਕ ਬਾਰੇ 'ਅਜੀਤ' ਦੇ ਪਾਠਕਾਂ ਤੱਕ ਇਹ ਰੌਚਕ ਜਾਣਕਾਰੀ ਪਹੁੰਚਾਣ ਲਈ ਲੇਖਕ ਪ੍ਰਸੰਸਾ ਦਾ ਪਾਤਰ ਹੈ।

-ਯਸ਼ ਪੱਤੋ
ਪਿੰਡ ਤੇ ਡਾਕ ਪੱਤੋ ਹੀਰਾ ਸਿੰਘ (ਮੋਗਾ)।

ਸਰਕਾਰੀ ਸਕੂਲ ਅਤੇ ਸਿੱਖਿਆ
ਅਕਸਰ ਹੀ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਇਕ ਮੈਸਿਜ ਦੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰੀ ਸਕੂਲ 'ਚ ਦਾਖਲਾ ਨਹੀਂ ਲੈਣਾ। ਸਰਕਾਰੀ ਬੱਸ 'ਚ ਸਫ਼ਰ ਨਹੀਂ ਕਰਨਾ। ਸਰਕਾਰੀ ਹਸਪਤਾਲ 'ਚ ਇਲਾਜ ਨਹੀਂ ਕਰਵਾਉਣਾ ਪਰ ਨੌਕਰੀ ਸਰਕਾਰੀ ਹੀ ਕਰਨੀ ਹੈ। ਸਾਡੇ ਲੋਕਾਂ ਨੇ ਸਰਕਾਰੀ ਸਕੂਲਾਂ ਦੀ ਦਸ਼ਾ ਬਹੁਤ ਬੁਰੀ ਬਣਾਈ ਹੋਈ ਹੈ। ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰਾਈਵੇਟ ਸਕੂਲਾਂ ਨੂੰ ਤਰਜੀਹ ਦੇ ਰਹੇ ਹਨ। ਕੀ ਸਰਕਾਰੀ ਸਕੂਲ ਏਨੇ ਹੀ ਬੁਰੇ ਹਨ? ਤਿੰਨ ਦਹਾਕੇ ਪਿੱਛੇ ਝਾਤੀ ਮਾਰੀ ਜਾਏ ਤਾਂ ਜ਼ਿਆਦਾਤਰ ਸਰਕਾਰੀ ਅਧਿਕਾਰੀ ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਅਧਿਕਾਰੀ ਬਣੇ ਹਨ। ਪਿਛਲੇ ਦਿਨੀਂ ਅਖ਼ਬਾਰ 'ਚ ਇਕ ਖ਼ਬਰ ਆਈ ਸੀ ਕਿ ਜਲੰਧਰ ਦੇ ਇਕ ਪ੍ਰਸਿੱਧ ਸਕੂਲ ਵਿਚ ਨਰਸਰੀ ਜਮਾਤ ਵਿਚ ਦਾਖਲਾ ਕਰਵਾਉਣ ਲਈ ਮਾਪੇ ਦੇਰ ਰਾਤ 1 ਵਜੇ ਤੋਂ ਲਾਈਨਾਂ ਵਿਚ ਲੱਗਣੇ ਸ਼ੁਰੂ ਹੋ ਗਏ ਸਨ। ਅਜਿਹਾ ਅੱਜ ਤੱਕ ਕਦੇ ਵੀ ਕਿਸੇ ਸਰਕਾਰੀ ਸਕੂਲ ਲਈ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਿਆ। ਜੇਕਰ ਸਮੇਂ ਦੀਆਂ ਸਰਕਾਰਾਂ ਸਰਕਾਰੀ ਸਕੂਲਾਂ ਲਈ ਕੁਝ ਹੋਰ ਸੁਧਾਰ ਕਰਨ ਤਾਂ ਲੋਕ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਤੋਂ ਕਦੀ ਨਹੀਂ ਕਤਰਾਉਣਗੇ। ਜੇਕਰ ਸਾਡੇ ਸਮਾਜ ਦੇ ਪ੍ਰਸਿੱਧ, ਮੋਹਰੀ ਵਿਅਕਤੀਆਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਨਗੇ ਤਾਂ ਆਪ ਹੀ ਸਰਕਾਰੀ ਸਕੂਲਾਂ ਵਿਚ ਹੋਰ ਵਧੀਆ ਪੜ੍ਹਾਈ ਸ਼ੁਰੂ ਹੋ ਜਾਵੇਗੀ, ਜਿਸ ਨਾਲ ਸਰਕਾਰੀ ਸਕੂਲਾਂ ਦਾ ਮਿਆਰ ਵੀ ਉੱਚਾ ਹੋਏਗਾ ਅਤੇ ਲੋਕਾਂ ਦੇ ਮਨਾਂ ਵਿਚ ਵੀ ਸਰਕਾਰੀ ਸਕੂਲਾਂ ਪ੍ਰਤੀ ਮੋਹ ਉਤਪੰਨ ਹੋਵੇਗਾ।

-ਜਗਦੀਪ ਸਿੰਘ
ਮੋ: 94174-25749

08-12-2014

 ਵਾਤਾਵਰਨ ਬਚਾਓ
ਅੱਜ ਜਿਸ ਤੇਜ਼ੀ ਨਾਲ ਵਾਤਾਵਰਨ ਪਲੀਤ ਹੋ ਰਿਹਾ ਹੈ, ਉਸ ਨੂੰ ਬਚਾਉਣ ਲਈ ਜੇ ਅਸੀਂ ਪਹਿਲਕਦਮੀ ਨਾ ਕੀਤੀ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ। ਰੁੱਖਾਂ ਦੀ ਸਾਡੇ ਜੀਵਨ ਨਾਲ ਅਜਲਾਂ ਤੋਂ ਡੂੰਘੀ ਸਾਂਝ ਹੈ, ਜੇਕਰ ਅਸੀਂ ਅੱਜ ਰੁੱਖ ਲਾਉਂਦੇ ਹਾਂ ਤਾਂ ਸਾਡਾ ਕੱਲ੍ਹ ਸੁਖਮਈ, ਸ਼ੁੱਧ ਵਾਤਾਵਰਨ ਵਾਲਾ ਹੋਵੇਗਾ, ਜਿਸ ਨਾਲ ਨਿਰੋਗ ਕਾਇਆ ਦਾ ਵੀ ਮੁੱਢ ਬੱਝਦਾ ਹੈ। ਰੁੱਖ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਵਿਚ ਸਹਾਈ ਹੁੰਦੇ ਨੇ, ਇਸ ਲਈ ਸਾਨੂੰ ਰੁੱਖਾਂ ਨੂੰ ਕੱਟਣ ਦਾ ਨਹੀਂ ਬਲਕਿ ਲਾਉਣ ਦਾ ਚਾਅ ਹੋਣਾ ਚਾਹੀਦਾ ਹੈ, ਜਿਸ ਦੀ ਜਾਗਦੀ ਮਿਸਾਲ 'ਅਜੀਤ ਹਰਿਆਵਲ ਲਹਿਰ' ਹੈ, ਜੋ ਸਾਨੂੰ ਵਾਤਾਵਰਨ ਬਚਾਉਣ ਦਾ ਹੋਕਾ ਦੇ ਰਹੀ ਹੈ। ਸਾਨੂੰ ਫੁੱਲਾਂ, ਫਲਾਂ, ਅਤੇ ਛਾਂਦਾਰ ਰੁੱਖ ਵਧ ਤੋਂ ਵਧ ਲਾਉਣੇ ਚਾਹੀਦੇ ਹਨ ਤੇ ਇਸ ਦੇ ਨਾਲ ਹੀ ਰੁੱਖਾਂ ਨੂੰ ਅਵਾਰਾ ਪਸ਼ੂਆਂ ਤੋਂ ਵੀ ਬਚਾਉਣਾ ਚਾਹੀਦਾ ਹੈ। ਦੁਨੀਆ ਦੇ ਲੋਕੋ ਆਓ! ਸਾਰੇ ਰਲਮਿਲ ਕੇ ਵਾਤਾਵਰਨ ਪ੍ਰਤੀ ਜਾਗਰੂਕ ਹੋਈਏ ਤਾਂ ਕਿ ਇਹ ਕਾਇਨਾਤ ਹੱਸਦੀ-ਵੱਸਦੀ ਤੇ ਹਰੀ-ਭਰੀ ਰਹੇ, ਕਿਉਂਕਿ ਸਾਫ਼ ਵਾਤਾਵਰਨ ਵਿਚ ਹੀ ਮਨੁੱਖਤਾ ਦਾ ਭਲਾ ਹੈ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਪੈਦਲ ਯਾਤਰੀ ਅਤੇ ਟ੍ਰੈਫਿਕ ਨਿਯਮ
ਅਸੀਂ ਰੋਜ਼ਾਨਾ ਹੀ ਅਖ਼ਬਾਰ ਦੀਆਂ ਸੁਰਖੀਆਂ ਵਿਚ ਪੜ੍ਹਦੇ ਹਾਂ ਕਿ ਸੜਕ 'ਤੇ ਪੈਦਲ ਤੁਰੇ ਜਾ ਰਹੇ ਵਿਅਕਤੀ ਨੂੰ ਤੇਜ਼ ਰਫ਼ਤਾਰ ਨਾਲ ਜਾ ਰਹੇ ਵਾਹਨ ਨੇ ਪਿੱਛੋਂ ਦੀ ਟੱਕਰ ਮਾਰ ਦਿੱਤੀ। ਪਰ ਅਸੀਂ ਕਦੇ ਵੀ ਇਹ ਨਹੀਂ ਸੋਚਿਆ ਕਿ ਇਹ ਹਾਦਸਾ ਕਿਉਂ ਹੋਇਆ? ਕੀ ਇਸ ਨੂੰ ਰੋਕਿਆ ਜਾ ਸਕਦਾ ਸੀ? ਸਾਡੇ ਦੇਸ਼ ਦੇ ਬਹੁਤ ਸਾਰੇ ਲੋਕਾਂ ਨੂੰ ਸੜਕੀ ਨਿਯਮਾਂ ਬਾਰੇ ਜਾਣਕਾਰੀ ਨਹੀਂ ਹੈ ਤੇ ਜਿਨ੍ਹਾਂ ਨੂੰ ਜਾਣਕਾਰੀ ਹੈ, ਉਹ ਇਨ੍ਹਾਂ ਦੀ ਪਾਲਣਾ ਨਹੀਂ ਕਰਦੇ। ਇਨ੍ਹਾਂ ਨਿਯਮਾਂ ਵਿਚੋਂ ਹੀ ਇਕ ਖਾਸ ਨਿਯਮ ਹੈ ਕਿ ਸੜਕ 'ਤੇ ਪੈਦਲ ਚਲਦੇ ਸਮੇਂ ਹਮੇਸ਼ਾ ਸੱਜੇ ਹੱਥ ਚਲਣਾ ਚਾਹੀਦਾ ਹੈ। ਪ੍ਰੰਤੂ ਬਚਪਨ ਵਿਚ ਹੀ ਬੱਚੇ ਨੂੰ ਸਿਖਾ ਦਿੱਤਾ ਜਾਂਦਾ ਹੈ ਕਿ ਹਮੇਸ਼ਾ ਸੜਕ 'ਤੇ ਖੱਬੇ ਪਾਸੇ (ਜੇਬ੍ਹ ਵਾਲੇ ਪਾਸੇ) ਚੱਲਣਾ ਹੈ ਜੋ ਕਿ ਬਿਲਕੁਲ ਗ਼ਲਤ ਹੈ। ਜਦਕਿ ਟ੍ਰੈਫਿਕ ਰੋਡ ਸੁਰੱਖਿਆ ਨਿਯਮਾਂ ਦੇ ਅਨੁਸਾਰ ਸੜਕ 'ਤੇ ਪੈਦਲ ਚਲਦੇ ਸਮੇਂ ਹਮੇਸ਼ਾ ਸੱਜੇ ਹੱਥ ਫੁੱਟਪਾਥ 'ਤੇ ਚੱਲਣਾ ਚਾਹੀਦਾ ਹੈ, ਜੇਕਰ ਫੁੱਟਪਾਥ ਨਹੀਂ ਹੈ ਤਾਂ ਵੀ ਹਮੇਸ਼ਾ ਸੱਜੇ ਹੱਥ ਹੀ ਚੱਲਣਾ ਚਾਹੀਦਾ ਹੈ ਤਾਂ ਕਿ ਸਾਹਮਣਿਓਂ ਆ ਰਹੀ ਟ੍ਰੈਫਿਕ ਨੂੰ ਦੇਖ ਸਕੀਏ। ਵਾਹਨ ਖੱਬੇ ਹੱਥ ਹੀ ਚਲਾਉਣਾ ਚਾਹੀਦਾ ਹੈ।

-ਅਰਸ਼ਪ੍ਰੀਤ ਕੌਰ ਸਿਰਸੀਵਾਲਾ
ਮੋਬਾਈਲ : 98150-95423.

ਅਜੋਕੇ ਸੰਤ
ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿਚ ਸੰਤ (ਸਾਧ) ਸ਼ਬਦ ਦੀ ਵਿਆਖਿਆ ਵਿਸਥਾਰ ਪੂਰਵਕ ਕੀਤੀ ਹੈ। ਪਰ ਅੱਜ ਦੇ ਸਮੇਂ ਵਿਚ ਅਸਲ ਸੰਤ ਕੋਈ ਵਿਰਲਾ ਹੀ ਹੋ ਸਕਦਾ ਹੈ। ਅੱਜਕਲ੍ਹ ਵੱਡਾ 'ਸੰਤ' ਉਹ ਹੈ ਜਿਸ ਕੋਲ ਭੁੱਲੇ-ਭਟਕੇ ਲੋਕਾਂ ਨੂੰ ਕਈ ਪ੍ਰਕਾਰ ਦੇ ਢੌਂਗ, ਅਡੰਬਰ ਤੇ ਪਖੰਡ ਰਚਾ ਕੇ ਭਰਮ-ਭੁਲੇਖਿਆਂ ਵਿਚ ਪਾ ਕੇ ਮਗਰ ਲਾਉਣ ਦੀ ਕਲਾ ਹੋਵੇ। ਜਿਸ ਦਾ ਪਰਪੰਚ ਚਲ ਗਿਆ ਫਿਰ ਮਾਇਆ ਦੇ ਖੁੱਲ੍ਹੇ ਗੱਫੇ ਸ਼ੁਰੂ ਹੋ ਜਾਂਦੇ ਹਨ। ਮਾਇਆ ਨਾਲ ਵੱਡੇ-ਵੱਡੇ ਆਸ਼ਰਮ, ਮਹਿੰਗੇ ਤੋਂ ਮਹਿੰਗੇ ਬਹੁਗਿਣਤੀ ਵਾਹਨ, ਹਥਿਆਰਬੰਦ ਰੱਖਿਆ ਦਲ ਤੇ ਐਸ਼ਪ੍ਰਸਤੀ ਦੇ ਸਭ ਸਾਮਾਨ ਬਣ ਜਾਂਦੇ ਹਨ। ਅਜਿਹੇ ਸੰਤ ਸੰਵਿਧਾਨ ਤੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ। ਸਮਝੋ ਹਕੂਮਤ ਦੇ ਸਮਾਨਅੰਤਰ ਆਪਣੀ ਖ਼ੁਦਮੁਖਤਿਆਰੀ ਸਲਤਨਤ ਬਣਾਈ ਬੈਠੇ ਹਨ। ਡੇਰਾਵਾਦ ਪ੍ਰਫੁਲਤ ਹੋਣ ਪਿੱਛੇ ਲੋਕਾਂ ਦਾ ਅੰਧ-ਵਿਸ਼ਵਾਸ ਤੇ ਲੀਡਰਾਂ ਦੇ ਵੋਟ ਬੈਂਕ ਬਣਾਉਣਾ ਜ਼ਿੰਮੇਦਾਰ ਹੈ। ਸਾਡੇ ਦੇਸ਼ ਵਿਚ ਸਰਕਾਰ, ਪ੍ਰਸ਼ਾਸਨ ਤੇ ਅਧਿਕਾਰੀਆਂ ਨੇ ਜੋ ਫ਼ਰਜ਼ ਨਿਭਾਉਣਾ ਹੈ ਅਤੇ ਜੋ ਕੰਮ ਵਿਧਾਨ-ਪਾਲਿਕਾ ਤੇ ਕਾਰਜ-ਪਾਲਿਕਾ ਨੇ ਕਰਨਾ ਹੈ, ਉਹ ਮਾਨਯੋਗ ਨਿਆਂ-ਪਾਲਿਕਾ ਨੂੰ ਕਰਨਾ ਪੈ ਰਿਹਾ ਹੈ।

-ਮਾ: ਮਹਿੰਦਰ ਸਿੰਘ ਸਿੱਧੂ
ਮੋਬਾਈਲ : 98720-86101.

04-12-2014

 ਅਵਾਰਾ ਪਸ਼ੂ
ਪਿੰਡਾਂ-ਸ਼ਹਿਰਾਂ ਵਿਚ ਅੱਜਕਲ੍ਹ ਅਵਾਰਾ ਪਸ਼ੂਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ। ਇਹ ਪਸ਼ੂ ਹਾਦਸਿਆਂ ਦਾ ਕਾਰਨ ਬਣਦੇ ਹਨ। ਇਨ੍ਹਾਂ ਕਾਰਨ ਬਾਜ਼ਾਰਾਂ ਵਿਚ ਕਈ ਵਾਰ ਟ੍ਰੈਫਿਕ ਦੀ ਸਮੱਸਿਆ ਵੀ ਆਉਂਦੀ ਹੈ। ਲੋਕਾਂ ਦੇ ਕੀਮਤੀ ਵਾਹਨਾਂ ਦਾ ਨੁਕਸਾਨ ਵੀ ਹੁੰਦਾ ਹੈ। ਇਹ ਅਵਾਰਾ ਪਸ਼ੂ ਫਸਲਾਂ ਦਾ ਵੀ ਕਾਫੀ ਨੁਕਸਾਨ ਕਰਦੇ ਹਨ। ਇਕ ਪਾਸੇ ਤਾਂ ਗਊ ਦੀ ਪੂਜਾ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਇਕ ਗਊ ਭੁੱਖੀ ਮਰ ਰਹੀ ਹੈ, ਜੋ ਲੋਕਾਂ ਦੀ ਮਾਰ ਦਾ ਸ਼ਿਕਾਰ ਹੋ ਰਹੀ ਹੈ। ਕਈ ਅਵਾਰਾ ਪਸ਼ੂ ਤਾਂ ਵਿਚਾਰੇ ਸੱਟਾਂ ਵੀ ਲੁਆਈ ਬੈਠੇ ਹਨ। ਇਨ੍ਹਾਂ ਠੰਢ ਦੇ ਦਿਨਾਂ ਵਿਚ ਤਾਂ ਇਨ੍ਹਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ। ਆਉਣ ਵਾਲੇ ਧੁੰਦ ਦੇ ਦਿਨਾਂ ਵਿਚ ਇਹ ਪਸ਼ੂ ਹਾਦਸਿਆਂ ਦਾ ਕਾਰਨ ਬਣਨਗੇ ਅਤੇ ਰਾਤ ਦੇ ਹਨੇਰੇ ਵਿਚ ਵੀ। 'ਅਜੀਤ' ਰਾਹੀਂ ਸਾਡੀ ਸਭ ਦੀ ਸਰਕਾਰ ਨੂੰ ਬੇਨਤੀ ਹੈ ਕਿ ਇਨ੍ਹਾਂ ਬੇਜ਼ੁਬਾਨਿਆਂ ਦੀ ਸਾਂਭ-ਸੰਭਾਲ ਲਈ ਜਲਦੀ ਤੋਂ ਜਲਦੀ ਪ੍ਰਬੰਧ ਕਰੇ।

-ਗੁਰਪ੍ਰੀਤ ਸਿੰਘ ਮਾਨ
ਪਿੰਡ ਤੇ ਡਾਕ: ਮੌੜ (ਫ਼ਰੀਦਕੋਟ)।

ਇਨਸਾਫ਼ ਕਿੱਥੇ?
ਅਸੀਂ ਹਰ ਰੋਜ਼ ਹੀ ਆਪਣੇ ਆਲੇ-ਦੁਆਲੇ ਧੀਆਂ ਦੀ ਬਲੀ ਚੜ੍ਹਨ ਵਰਗੀਆਂ ਦਿਲ-ਕੰਬਾਊ ਘਟਨਾਵਾਂ ਸੁਣਦੇ ਹਾਂ। ਅਜਿਹਾ ਕੋਈ ਵਿਰਲਾ ਦਿਨ ਹੀ ਹੁੰਦਾ ਹੋਵੇਗਾ, ਜਦੋਂ ਇਹੋ ਜਿਹੀ ਘਟਨਾ ਸੁਣਨ ਲਈ ਨਾ ਮਿਲਦੀ ਹੋਵੇ। ਦਾਜ ਦੇ ਲੋਭੀ ਇਹ ਇਨਸਾਨਾਂ ਦਾ ਮਖੌਟਾ ਪਾਈ ਫਿਰਦੇ ਦਰਿੰਦੇ ਪਤਾ ਨਹੀਂ ਕਿਵੇ ਇਕ ਧੀ ਨੂੰ ਜਿਊਂਦੇ-ਜੀਅ ਸਾੜ ਦਿੰਦੇ ਹਨ। ਸ਼ਾਇਦ ਇਹ ਲੋਕ ਮਰੀ ਹੋਈ ਜ਼ਮੀਰ ਦੇ ਹੁੰਦੇ ਹੋਣਗੇ। ਜੋ ਇਹ ਨਹੀਂ ਜਾਣ ਸਕਦੇ ਕਿ ਇਹ ਧੀ ਵੀ ਕਿਸੇ ਮਾਂ ਦੇ ਦਿਲ ਦਾ ਟੁਕੜਾ ਹੈ। ਇਹਦੀ ਵੀ ਜ਼ਿੰਦਗੀ ਏ, ਇਸ ਦੇ ਵੀ ਕਈ ਅਰਮਾਨ ਹੋਣਗੇ। ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਮਾਨਣ ਦੀ ਇੱਛਾ ਇਸ ਧੀ ਦੀ ਵੀ ਹੋਵੇਗੀ। ਸਹੁਰਿਆਂ ਵੱਲੋਂ ਕੀਤੇ ਜਾਂਦੇ ਅੱਤਿਆਚਾਰਾਂ ਵੱਲੋਂ ਮਾਪੇ ਵੀ ਅਨਜਾਣ ਹੀ ਹੁੰਦੇ ਹਨ। ਧੀਆਂ ਨਹੀਂ ਚਾਹੁੰਦੀਆਂ ਕਿ ਉਨ੍ਹਾਂ ਦੇ ਮਾਪੇ ਫ਼ਿਕਰਾਂ ਵਿਚ ਰਹਿਣ। ਜੋ ਹੋਈ-ਬੀਤੀ ਹੁੰਦੀ ਹੈ, ਉਹ ਸਭ ਕੁਝ ਸਮੇਟ ਧੀ ਮੌਤ ਦੇ ਮੂੰਹ ਜਾ ਪੈਂਦੀ ਹੈ। ਸਹੁਰਿਆਂ ਵੱਲੋਂ ਪੁਲਿਸ ਨੂੰ ਪੈਸੇ ਨਾਲ ਚੁੱਪ ਕਰਵਾ ਦਿੱਤਾ ਜਾਣਾ ਹੈ। ਧੀ ਦੀ ਲਾਸ਼ ਚੁੱਕ ਮਾਪੇ ਰੋਸ ਮੁਜ਼ਾਹਰੇ ਕਰਦੇ ਹਨ, ਧਰਨੇ ਲਗਾਉਂਦੇ ਹਨ। ਪਰ ਸਭ ਵਿਅਰਥ। ਅਜਿਹਾ ਨਹੀਂ ਹੋਣਾ ਚਾਹੀਦਾ, ਸਗੋਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿਚ ਕੋਈ ਅਜਿਹਾ ਅੱਤਿਆਚਾਰ ਕਰਨ ਤੋਂ ਪਹਿਲਾਂ ਹੀ ਕੰਬ ਜਾਵੇ।

-ਦਲਜੀਤ ਕੌਰ ਮਦਰੱਸਾ
ਕਲਾਸ ਬੀ.ਏ. ਭਾਗ ਤੀਜਾ, ਗੁਰੂ ਨਾਨਕ ਕਾਲਜ ਫਾਰ ਗਰਲਜ਼, ਸ੍ਰੀ ਮੁਕਤਸਰ ਸਾਹਿਬ।

ਬਾਲ ਮਜ਼ਦੂਰੀ
ਸਾਡੇ ਦੇਸ਼ ਵਿਚ ਬਾਲ ਮਜ਼ਦੂਰੀ ਲਗਾਤਾਰ ਵਧ ਰਹੀ ਹੈ। ਬੱਚਿਆਂ ਨੂੰ ਪੜ੍ਹਨ ਦੀ ਬਜਾਏ ਮਾਪੇ ਜਾਂ ਫਿਰ ਹੋਰ ਕੋਈ ਮੁਸ਼ਕਿਲਾਂ ਕਾਰਨ ਉਹ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ। ਅੱਜ ਮਹਿੰਗਾਈ ਬਹੁਤ ਜ਼ਿਆਦਾ ਹੋਣ ਕਰਕੇ ਮਾਪੇ ਆਪਣੇ ਬੱਚਿਆਂ ਤੋਂ ਮਜ਼ਦੂਰੀ ਕਰਾਉਂਦੇ ਹਨ। ਬੱਚਿਆਂ ਦੇ ਮਾਪੇ ਅਜਿਹਾ ਵੀ ਸੋਚਦੇ ਹਨ ਕਿ ਬੱਚੇ ਪੜ੍ਹ ਤਾਂ ਜਾਣਗੇ ਪਰ ਉਨ੍ਹਾਂ ਨੂੰ ਰੁਜ਼ਗਾਰ ਤਾਂ ਕੋਈ ਮਿਲਣਾ ਨਹੀਂ। ਇਸ ਲਈ ਸਾਡੇ ਦੇਸ਼ ਵਿਚ ਅੱਧ ਤੋਂ ਵੱਧ ਲੋਕ ਇਨ੍ਹਾਂ ਕਰਕੇ ਅਨਪੜ੍ਹ ਰਹਿ ਗਏ ਹਨ। ਉਹ ਤਾਂ ਸਰਕਾਰ ਨੇ ਵੀ ਬੱਚਿਆਂ ਲਈ ਬਹੁਤ ਸਾਰੀਆਂ ਸਕੀਮਾਂ ਲਾਗੂ ਕੀਤੀਆਂ ਹਨ। ਸਕੂਲਾਂ ਵਿਚ ਬੱਚਿਆਂ ਨੂੰ ਖਾਣਾ ਮੁਫ਼ਤ ਦਿੱਤਾ ਜਾਂਦਾ ਹੈ। ਸਰਕਾਰ ਨੇ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ, ਵਰਦੀਆਂ ਤੇ ਬੂਟ ਮੁਫ਼ਤ ਦਿੱਤੇ ਜਾਂਦੇ ਹਨ ਤੇ ਸਾਰਿਆਂ ਤੋਂ ਵੱਧ ਸਰਕਾਰ ਨੇ ਵਿਦਿਆਰਥੀਆਂ ਲਈ ਉਨ੍ਹਾਂ ਨੂੰ ਵਜ਼ੀਫ਼ੇ ਵੀ ਦਿੱਤੇ ਜਾਂਦੇ ਹਨ ਪਰ ਕੁਝ ਵਿਅਕਤੀ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਹਨ। ਸਰਕਾਰ ਨੂੰ ਇਨ੍ਹਾਂ ਬੱਚਿਆਂ ਬਾਰੇ ਸੋਚਣਾ ਚਾਹੀਦਾ ਹੈ ਤੇ ਬਾਲ ਮਜ਼ਦੂਰੀ 'ਤੇ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਅੱਜ ਦੇ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ।

-ਗੁਰਵਿੰਦਰ ਸਿੰਘ
ਪਿੰਡ ਤੇ ਡਾਕ: ਧੂਰਕੋਟ, ਜ਼ਿਲ੍ਹਾ ਬਰਨਾਲਾ।

ਰੁੱਖ ਤੇ ਪਾਣੀ
ਰੁੱਖ ਤੇ ਪਾਣੀ ਹਰ ਸਮਾਜਿਕ ਪ੍ਰਾਣੀ ਦੀ ਜ਼ਿੰਦਗੀ ਦੀ ਬੁਨਿਆਦ ਹਨ। ਇਸ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਅਕਸਰ ਹੀ ਸਮਾਜ ਵਿਚ ਵਾਤਾਵਰਨ ਪ੍ਰੇਮੀ ਰੁੱਖਾਂ ਦੀ ਸੰਭਾਲ ਲਈ ਸੁਹਿਰਦ ਯਤਨ ਕਰਦੇ ਆਏ ਹਨ। ਅਦਾਰਾ 'ਅਜੀਤ' ਨੇ ਵੀ ਇਸ ਨੇਕ ਕਾਰਜ ਵਿਚ ਆਪਣਾ ਹਿੱਸਾ ਪਾਇਆ ਹੈ। ਇਕ ਲਹਿਰ ਖੜ੍ਹੀ ਕੀਤੀ ਸੀ। ਪੰਜਾਬ ਜੰਗਲਾਤ ਵਿਭਾਗ ਦੀ ਇਹ ਮੁਢਲੀ ਜ਼ਿੰਮੇਵਾਰੀ ਬਣਦੀ ਹੈ ਕਿ ਜਨਤਕ ਥਾਵਾਂ ਉੱਪਰ ਵੱਧ ਤੋਂ ਵੱਧ ਰੁੱਖ ਲਗਵਾਏ ਜਿਵੇਂ ਸਕੂਲ, ਆਂਗਨਵਾੜੀ ਸੈਂਟਰ, ਪੰਚਾਇਤ ਘਰ, ਪਸ਼ੂ ਹਸਪਤਾਲ ਅਤੇ ਡਿਸਪੈਂਸਰੀਆਂ, ਸ਼ਮਸ਼ਾਨਘਾਟ ਵਿਚ ਨਿੰਮ, ਬੋਹੜ ਅਤੇ ਪਿਪਲ ਦੇ ਰੁੱਖ ਲਗਾਏ ਜਾ ਸਕਦੇ ਹਨ। ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਸਭ ਤੋਂ ਅਹਿਮ ਕਾਰਜ ਹੈ ਰੁੱਖਾਂ ਨੂੰ ਕੱਟਣ ਤੋਂ ਰੋਕਣਾ ਅਤੇ ਰੁੱਖ ਕੱਟਣ ਦੀ ਸਜ਼ਾ ਨਿਰਧਾਰਤ ਕਰਨਾ। ਇਸ ਲਈ ਜੰਗਲੀ ਜੀਵ ਸੁਰੱਖਿਆ ਐਕਟ ਵਰਗੇ ਐਕਟ ਦੀ ਜ਼ਰੂਰਤ ਹੈ। ਰੁੱਖਾਂ ਵਾਂਗ ਹੀ ਪਾਣੀ ਮਨੁੱਖੀ ਜ਼ਿੰਦਗੀ ਦੀ ਬੁਨਿਆਦ ਹੈ। ਇਹ ਕਿਹਾ ਜਾਵੇ ਕਿ ਜੇਕਰ ਗੱਡੀਆਂ ਮੋਟਰਾਂ ਚਲਾਉਣ ਲਈ ਪੈਟਰੋਲ ਅਤੇ ਡੀਜ਼ਲ ਦੀ ਜ਼ਰੂਰਤ ਹੈ ਤਾਂ ਇਸੇ ਤਰ੍ਹਾਂ ਹੀ ਮਨੁੱਖੀ ਜ਼ਿੰਦਗੀ ਨੂੰ ਚਲਾਉਣ ਲਈ ਪਾਣੀ ਦੀ ਜ਼ਰੂਰਤ ਹੈ। ਅੱਜ ਸਮੇਂ ਦੀ ਜ਼ਰੂਰਤ ਹੈ ਕਿ ਰੋਜ਼ਾਨਾ ਜੀਵਨ ਵਿਚ ਪਾਣੀ ਦੀ ਦੁਰਵਰਤੋਂ ਨੂੰ ਰੋਕਿਆ ਜਾਵੇ। ਜ਼ਰਾ ਸੋਚੋ ਜੇਕਰ ਭਾਰਤ ਦਾ ਹਰੇਕ ਨਾਗਰਿਕ ਰੋਜ਼ਾਨਾ ਜ਼ਿੰਦਗੀ ਵਿਚ ਇਕ ਲੀਟਰ ਪਾਣੀ ਦੀ ਬੱਚਤ ਕਰੇ ਤਾਂ ਅਸੀਂ ਰੋਜ਼ਾਨਾ 121 ਕਰੋੜ ਲੀਟਰ ਪਾਣੀ ਬਚਾਅ ਸਕਦੇ ਹਾਂ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ, ਹੁਸ਼ਿਆਰਪੁਰ।

03-12-2014

 ਚਾਰ ਸਾਹਿਬਜ਼ਾਦੇ
ਸਿੱਖ ਜਗਤ ਗੁਰੂ ਗੋਬਿੰਦ ਸਿੰਘ ਜੀ ਦੀ ਅਲੌਕਿਕ ਸ਼ਖ਼ਸੀਅਤ ਤੇ ਉਨ੍ਹਾਂ ਦੇ ਪਰਿਵਾਰ ਦੀ ਲਾਮਿਸਾਲ ਕੁਰਬਾਨੀ ਤੋਂ ਪੂਰੀ ਤਰ੍ਹਾਂ ਵਾਕਿਫ਼ ਹੈ, ਜਿਸ ਭਾਵਪੂਰਤ ਤਰੀਕੇ ਨਾਲ ਨਿਰਦੇਸ਼ਕ ਹੈਰੀ ਬਵੇਜਾ ਨੇ ਆਪਣੀ ਐਨੀਮੇਸ਼ਨ ਫ਼ਿਲਮ 'ਚਾਰ ਸਾਹਿਬਜ਼ਾਦੇ' ਵਿਚ ਗੁਰੂ ਜੀ ਦੇ ਪਰਿਵਾਰ ਦੀ ਇਸ ਅਦੁੱਤੀ ਸ਼ਹਾਦਤ ਨੂੰ ਪੇਸ਼ ਕੀਤਾ ਹੈ, ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਨਿਰਦੇਸ਼ਕ ਨੇ ਗੁਰੂ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਹੂ-ਬਹੂ ਪੇਸ਼ ਕਰਕੇ ਸਿੱਖ ਕੌਮ ਅੰਦਰ ਇਕ ਨਵਾਂ ਜਜ਼ਬਾ ਭਰਨ ਦਾ ਸ਼ਲਾਘਾਯੋਗ ਕੰਮ ਕੀਤਾ ਹੈ।
ਇਹ ਫ਼ਿਲਮ ਅੱਜ ਦੇ ਪੰਜਾਬ ਅੰਦਰ ਵਧ ਰਹੇ ਪਤਿਤਪੁਣੇ ਨੂੰ ਰੋਕਣ ਤੇ ਸਿੱਖ ਨੌਜਵਾਨੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇਕ ਮੀਲ ਪੱਥਰ ਸਾਬਤ ਹੋ ਰਹੀ ਹੈ। ਸ਼੍ਰੋਮਣੀ ਕਮੇਟੀ ਆਪਣੇ ਸਾਲਾਨਾ ਬਜਟ ਵਿਚ ਇਸ ਤਰ੍ਹਾਂ ਦੀਆਂ ਐਨੀਮੇਸ਼ਨ ਫ਼ਿਲਮਾਂ ਜੋ ਕਿ ਸਿੱਖ ਇਤਿਹਾਸ ਨਾਲ ਸਬੰਧਤ ਹੋਣ ਲਈ ਲੋੜੀਂਦਾ ਬਜਟ ਜ਼ਰੂਰ ਰੱਖੇ, ਤਾਂ ਕਿ ਅਸੀਂ ਅੱਜ ਦੇ ਸਿਨੇਮਾ ਯੁੱਗ ਨੂੰ ਸਿੱਖ ਧਰਮ ਦੇ ਪ੍ਰਚਾਰ ਲਈ ਵਰਤ ਕੇ ਸਮੁੱਚੀ ਸਿੱਖ ਕੌਮ ਤੇ ਸਮੁੱਚੇ ਜਗਤ ਨੂੰ ਗੁਰੂ ਇਤਿਹਾਸ ਤੇ ਸਿੱਖ ਵਿਰਸੇ ਤੋਂ ਜਾਣੂ ਕਰਵਾ ਸਕੀਏ।

-ਸੁਖਵਿੰਦਰ ਕੌਰ ਢੱਟ
ਪਿੰਡ ਤੇ ਡਾਕ: ਢੱਟ (ਮੁੱਲਾਂਪੁਰ) ਲੁਧਿਆਣਾ।

ਪੰਜਾਬ ਦੇ ਖਿਡਾਰੀ
ਪੰਜਾਬ ਸਰਕਾਰ ਹਰ ਸਾਲ ਕਬੱਡੀ ਦੇ ਨਾਂਅ 'ਤੇ ਪਾਣੀ ਵਾਂਗ ਪੈਸਾ ਰੋੜ੍ਹਦੀ ਹੈ। ਮੁੰਬਈ ਦੇ ਐਕਟਰਾਂ 'ਤੇ ਕਰੋੜਾਂ ਰੁਪਿਆ ਖਰਚਣ ਵਾਲੇ ਜੇਕਰ ਇਸ ਤੋਂ ਅੱਧਾ ਵੀ ਹੋਰ ਖਿਡਾਰੀਆਂ ਲਈ ਖਰਚਣ ਤਾਂ ਖਿਡਾਰੀ ਵੀ ਖੁਸ਼ ਅਤੇ ਹੋਰ ਨੌਜਵਾਨ ਵੀ ਉਤਸ਼ਾਹ ਨਾਲ ਖੇਡਾਂ ਨਾਲ ਜੁੜਨ। ਨਸ਼ਾ-ਛੁਡਾਊ ਕੈਂਪਾਂ ਦੇ ਨਾਲ ਖੇਡ ਸਟੇਡੀਅਮਾਂ ਵੱਲ ਵੀ ਧਿਆਨ ਦਿਓ। ਫਿਰ ਵੀ ਜਿਹੜੇ ਲੋਕ ਇਨ੍ਹਾਂ ਮੈਡਲ ਲਿਆਉਣ ਵਾਲਿਆਂ ਨੂੰ ਹੱਥਾਂ 'ਤੇ ਚੁੱਕਦੇ ਹਨ, ਫੁੱਲਾਂ ਦੇ ਹਾਰਾਂ ਨਾਲ ਲੱਦ ਦੇ ਹਨ, ਹੋਰ ਵੀ ਸਹਾਇਤਾ ਕਰਦੇ ਹਨ, ਉਨ੍ਹਾਂ ਨੂੰ ਮੇਰਾ ਸਲਾਮ ਹੈ। ਪੰਜਾਬ ਦੇ ਖਿਡਾਰੀ ਪੰਜਾਬ ਵੱਲੋਂ ਹੀ ਖੇਡਣ। ਹੋਰ ਰਾਜਾਂ ਵੱਲ ਕਿਉਂ ਤੱਕਣ?

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਡੇਰਾਵਾਦ
ਸਾਡੇ ਸਮਾਜ ਅੰਦਰ ਡੇਰਾਵਾਦ ਅਤੇ ਅਧਰਮੀ ਲੋਕਾਂ ਦੀ ਪ੍ਰਗਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਲੋਕਾਂ ਦੀ ਕਤਾਰ ਭੋਲੇ-ਭਾਲੇ ਆਮ ਲੋਕਾਂ ਨੂੰ ਕਰਮ-ਕਾਂਡਾਂ, ਵਹਿਮਾਂ-ਭਰਮਾਂ ਅਤੇ ਜਾਦੂ-ਟੂਣਿਆਂ ਸਦਕਾ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਅਪਾਹਜ ਬਣਾ ਰਹੀ ਹੈ। ਇਹ ਹਾਇਟੈਕ ਬਾਬੇ ਮੀਡੀਆ ਰਾਹੀਂ ਚੰਗੀ ਦੁਕਾਨਦਾਰੀ ਚਲਾ ਰਹੇ ਹਨ। ਇਨ੍ਹਾਂ ਆਪਣੇ ਮੱਤ ਦਾ ਪ੍ਰਸਾਰ ਕਰਨ ਵਾਸਤੇ ਕਈ ਤਰ੍ਹਾਂ ਦੇ ਅਧਰਮੀ ਕਰਮਾਂ ਦਾ ਸਹਾਰਾ ਲਿਆ ਹੋਇਆ ਹੈ। ਵੋਟਾਂ ਦੀ ਖੇਡ ਖ਼ਾਤਰ ਰਾਜਸੀ ਲੋਕਾਂ ਨੇ ਇਨ੍ਹਾਂ ਡੇਰਾਵਾਦੀਆਂ ਦੇ ਜਹਾਜ਼ ਨੂੰ ਚੰਗੀ ਉਡਾਰੀ ਦਿੱਤੀ ਹੈ। ਹਰ ਨਾਜਾਇਜ਼ ਕੰਮਾਂ ਵਿਚ ਸਰਕਾਰਾਂ ਇਨ੍ਹਾਂ ਦਾ ਬਚਾਅ ਕਰ ਰਹੀਆਂ ਹਨ। ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਇਨ੍ਹਾਂ ਲੋਕਾਂ ਦੀ ਫਿਤਰਤ ਹੈ। ਲੋਕਾਂ ਨੂੰ ਇਸ ਮੁੱਦੇ 'ਤੇ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਅਧਰਮੀ ਲੋਕਾਂ ਦੇ ਸਵਾਰਥ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਨਾਪਤੋਲ ਕਰਨ ਅਤੇ ਆਪਣੇ ਇਤਿਹਾਸ ਨੂੰ ਨਾ ਭੁੱਲਣ।

-ਚੰਨਦੀਪ ਸਿੰਘ ਬੁਤਾਲਾ
ਅੰਮ੍ਰਿਤਸਰ। ਮੋਬਾ: 94642-96611.

ਪੰਚਾਇਤਾਂ ਦਾ ਆਡਿਟ
ਭਾਰਤ ਲੋਕਤੰਤਰਕ ਦੇਸ਼ ਹੈ, ਭਾਰਤ ਵਿਚ ਲੋਕਤੰਤਰ ਦਾ ਸਭ ਤੋਂ ਵੱਡਾ ਹਥਿਆਰ ਲੋਕਾਂ ਕੋਲ ਹੈ। ਇਸ ਲੜੀ ਵਿਚ ਲੋਕਾਂ ਦੀ ਜਮਹੂਰੀਅਤ ਵਿਚ ਭਾਈਵਾਲੀ ਬਣਾਉਣ ਲਈ ਪੰਜਾਬ ਵਿਚ ਪੰਚਾਇਤੀ ਰਾਜ ਹੋਂਦ ਵਿਚ ਆਇਆ। ਅੱਜਕਲ੍ਹ ਪੰਚਾਇਤਾਂ ਦਾ ਆਡਿਟ ਨਿੱਜੀ ਕੰਪਨੀਆਂ ਤੋਂ ਕਰਾਉਣ ਲਈ ਘਚੋਲਾ ਪਿਆ ਹੋਇਆ ਹੈ। ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 97 ਅਧੀਨ ਪਹਿਲੇ ਹੀ ਆਡਿਟ ਲੋਕਲ ਫੰਡ ਵਿਭਾਗ ਵੱਲੋਂ ਕੀਤਾ ਜਾਂਦਾ ਹੈ। ਇਸ ਵਿਭਾਗ ਵੱਲੋਂ ਪੰਚਾਂ, ਸਰਪੰਚਾਂ ਦੀਆਂ ਮਜਬੂਰੀਆਂ ਅਤੇ ਸਰਕਾਰੀ ਘਾਟਾਂ ਨੂੰ ਸਾਹਮਣੇ ਰੱਖ ਕੇ ਹੀ ਪਾਰਦਰਸ਼ਤਾ ਨਾਲ ਆਡਿਟ ਕੀਤਾ ਜਾਂਦਾ ਹੈ। ਇਸ ਆਡਿਟ ਦੇ ਬਹੁਤ ਹੀ ਸਾਰਥਕ ਨਤੀਜੇ ਨਿਕਲਦੇ ਹਨ। ਹੁਣ ਸੀ.ਏ. ਆਡਿਟ ਨਾਲ ਜਿਥੇ ਪੰਚਾਇਤਾਂ ਉਤੇ ਵਿੱਤੀ ਬੋਝ ਵਧੇਗਾ, ਉਥੇ ਲੋਕਤੰਤਰਕ ਨੁਮਾਇੰਦਿਆਂ ਪ੍ਰਤੀ ਬੇਯਕੀਨੀ ਵਧੇਗੀ।

-ਸੁਖਪਾਲ ਸਿੰਘ ਗਿੱਲ
ਮੋਬਾਈਲ : 98781-11445.

ਬਿਹਤਰ ਭਵਿੱਖ ਲਈ...
ਇਸ ਸਾਲ ਵੀ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੇ ਸੁਨੇਹੇ ਲੋਕਾਂ ਨੂੰ ਦਿੱਤੇ ਗਏ, ਪਰ ਇਕੋ ਰਾਤ ਵਿਚ ਅਰਬਾਂ ਰੁਪਏ ਦੇ ਪਟਾਕੇ ਚਲਾ ਕੇ ਵਾਤਾਵਰਨ ਨੂੰ ਰੱਜ ਕੇ ਪਲੀਤ ਕੀਤਾ ਗਿਆ। ਇਸ ਵਾਤਾਵਰਨ ਵਿਚ ਮਨੁੱਖ ਸਮੇਤ ਸਾਰੇ ਜੀਵਾਂ ਨੇ ਸਾਹ ਲੈਣਾ ਹੈ। ਵਿਗਿਆਪਨ ਦੀ ਤਰੱਕੀ ਦੇ ਨਾਲ-ਨਾਲ ਸਾਡੀ ਸੋਚ ਵਿਗਿਆਨਕ ਨਹੀਂ ਬਣੀ। ਵੱਖ-ਵੱਖ ਤਿਉਹਾਰਾਂ 'ਤੇ ਕੀਤੀ ਜਾਂਦੀ ਫਜ਼ੂਲ-ਖਰਚੀ ਵਿਚੋਂ ਜੇਕਰ ਅੱਧਾ ਪੈਸਾ ਵੀ ਗ਼ਰੀਬ ਹੋਣਹਾਰ ਵਿਦਿਆਰਥੀਆਂ ਦੀ ਪੜ੍ਹਾਈ, ਲਾਚਾਰ ਰੋਗੀਆਂ ਦੇ ਇਲਾਜ 'ਤੇ ਖਰਚ ਕਰ ਦਿੱਤਾ ਜਾਵੇ ਤਾਂ ਸਮਝੋ ਕਿ ਮਨੁੱਖ ਬੰਦੇ ਤੋਂ ਇਨਸਾਨ ਬਣਨ ਵੱਲ ਵਧ ਰਿਹਾ ਹੈ। ਕੁਦਰਤੀ ਸਰੋਤ ਸਾਫ਼-ਸੁਥਰੇ ਤੇ ਬਚੇ ਰਹਿਣ, ਨਵਾਂ ਲੋਕ-ਪੱਖੀ, ਕੁਦਰਤ ਪੱਖੀ ਬਿਹਤਰ ਭਵਿੱਖ ਨਜ਼ਰ ਆਵੇ, ਇਸ ਲਈ ਸਰਕਾਰਾਂ, ਧਾਰਮਿਕ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਨੂੰ ਮੋਹਰੀ ਹੋ ਕੇ ਲੋਕਾਂ ਦੀ ਸੋਚ ਨੂੰ ਰੁਸ਼ਨਾਉਣ ਵਾਸਤੇ ਤਨੋ, ਮਨੋ ਤੇ ਧਨੋ ਜ਼ੋਰ ਲਾਉਣ ਦੀ ਲੋੜ ਹੈ। ਅਵੇਸਲੇ ਬੈਠਿਆਂ ਆਉਣ ਵਾਲੀਆਂ ਪੀੜ੍ਹੀਆਂ ਤੋਂ ਅਸੀਂ ਮੁਆਫ਼ੀ ਮੰਗਣ ਯੋਗੇ ਵੀ ਨਹੀਂ ਰਹਿਣਾ।

-ਗੁਰਮੀਤ ਸਿੰਘ ਬਾਜਵਾ
ਲੈਕ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਗੋਵਾਣੀ।

02-12-2014

 ਸ਼ੋਰ ਤੇ ਹਵਾ ਪ੍ਰਦੂਸ਼ਣ
ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਉੱਚੀਆਂ ਆਵਾਜ਼ਾਂ ਵਾਲੇ ਗੱਡੀਆਂ ਦੇ ਹਾਰਨ ਅਤੇ ਹੱਦੋਂ ਵੱਧ ਧੂੰਆਂ ਕੱਢਣ ਵਾਲੀਆਂ ਗੱਡੀਆਂ ਪ੍ਰਤੀ ਕਾਫੀ ਗੰਭੀਰਤਾ ਨਾਲ ਸੋਚਿਆ ਜਾ ਰਿਹਾ ਹੈ ਅਤੇ ਪ੍ਰੈਸ਼ਰ ਹਾਰਨਾਂ 'ਤੇ ਮਨਾਹੀ ਕੀਤੀ ਹੋਈ ਹੈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਖਾਸ ਕਰਕੇ ਬਸ ਸਟੈਂਡਾਂ ਵਿਚ ਜੇ ਇਕ-ਦੂਜੇ ਬੰਦੇ ਨੇ ਗੱਲ ਕਰਨੀ ਹੁੰਦੀ ਹੈ ਤਾਂ ਮੇਰੇ ਖਿਆਲ ਵਿਚ ਜਾਂ ਤਾਂ ਇਕ-ਦੂਜੇ ਨੂੰ ਇਸ਼ਾਰਾ ਕਰਨਾ ਪੈਂਦਾ ਹੈ ਜਾਂ ਫਿਰ ਇਕ-ਦੂਜੇ ਦੇ ਕੰਨ ਵਿਚ ਗੱਲ ਕਰਨੀ ਪੈਂਦੀ ਹੈ। ਕਿਉਂਕਿ ਗੱਡੀਆਂ ਦੇ ਹਾਰਨਾਂ ਦੀ ਆਵਾਜ਼ ਹੀ ਏਨੀ ਹੁੰਦੀ ਹੈ ਕਿ ਉਥੇ ਕੁਝ ਸੁਣਾਈ ਹੀ ਨਹੀਂ ਦਿੰਦਾ ਹੁੰਦਾ ਅਤੇ ਦੂਜਾ ਗੱਡੀਆਂ ਵਿਚੋਂ ਨਿਕਲਦਾ ਅੰਨ੍ਹੇਵਾਹ ਧੂੰਆਂ ਜਿਥੇ ਵਾਤਾਵਰਨ ਨੂੰ ਗੰਦਲਾ ਕਰਦਾ ਹੈ, ਉਥੇ ਨਾਲ-ਨਾਲ ਸਾਡੇ ਸਰੀਰ ਵਿਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ ਅਤੇ ਧੂੰਏਂ ਤੋਂ ਪੈਦਾ ਹੋਈਆਂ ਬਿਮਾਰੀਆਂ ਕਈ ਵਾਰ ਜਾਨਲੇਵਾ ਵੀ ਹੋ ਸਕਦੀਆਂ ਹੋ। ਸੋ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਗੱਡੀਆਂ 'ਤੇ ਚੱਲ ਰਹੇ ਪ੍ਰੈਸ਼ਰ ਹਾਰਨ ਹਟਾ ਕੇ ਘੱਟ ਆਵਾਜ਼ ਵਾਲੇ ਹਾਰਨਾਂ ਦੀ ਵਰਤੋਂ ਕਰਵਾਈ ਜਾਵੇ ਅਤੇ ਗੱਡੀਆਂ ਵਿਚੋਂ ਨਿਕਲ ਰਹੇ ਬੇਸ਼ੁਮਾਰ ਧੂੰਏਂ 'ਤੇ ਵੀ ਕੰਟਰੋਲ ਕਰਵਾਇਆ ਜਾਵੇ।

-ਕੇਵਲ ਸਿੰਘ ਬਾਠਾਂ
ਅਮਰਗੜ੍ਹ, ਸੰਗਰੂਰ।

ਨਵਜਾਤ ਬੱਚਿਆਂ ਦੀ ਮੌਤ
ਕੁਝ ਦਿਨ ਪਹਿਲਾਂ ਸ਼ੁਰੂ ਕੀਤੇ ਸਰਕਾਰੀ ਜੱਚਾ-ਬੱਚਾ ਹਸਪਤਾਲ ਵਿਚ ਜਣੇਪੇ ਦੌਰਾਨ ਛੇ ਬੱਚਿਆਂ ਦੀ ਮੌਤ ਹੋ ਜਾਣੀ ਡਿਊਟੀ 'ਤੇ ਅਣਟਰੇਂਡ ਮੌਜੂਦ ਡਾਕਟਰਾਂ ਦੀ ਲਾਪਰਵਾਹੀ ਦਾ ਨਤੀਜਾ ਹੈ। ਪੰਜਾਬ ਦੇ ਸਿਹਤ ਮੰਤਰੀ ਵੱਲੋਂ ਲੁਧਿਆਣਾ ਵਿਖੇ ਸੌ ਬਿਸਤਰਿਆਂ ਵਾਲੇ ਜੱਚਾ-ਬੱਚਾ ਸਰਕਾਰੀ ਹਸਪਤਾਲ ਦਾ ਉਦਘਾਟਨ ਕਰਨ ਸਮੇਂ ਆਧੁਨਿਕ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਘਟਨਾ ਸਬੰਧੀ ਡਾਕਟਰਾਂ ਦਾ ਕਹਿਣਾ ਜੋ ਮਰਜ਼ੀ ਹੋਵੇ, ਕਿਤੇ ਨਾ ਕਿਤੇ ਲਾਪਰਵਾਹੀ ਤਾਂ ਜ਼ਰੂਰ ਹੋਈ ਹੈ ਕਿਉਂਕਿ ਥੋੜ੍ਹੇ ਸਮੇਂ 'ਚ ਕਈ ਪਰਿਵਾਰਾਂ ਦੇ ਚਿਰਾਗ ਬੁਝ ਗਏ। ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਅਣਦੇਖੀ ਕਰਨ ਵਾਲੇ ਡਾਕਟਰਾਂ ਵਿਰੁੱਧ ਪਰਿਵਾਰਾਂ ਦਾ ਰੋਸ ਪ੍ਰਦਰਸ਼ਨ ਜਾਇਜ਼ ਹੈ, ਸਰਕਾਰ ਅਣਦੇਖੀ ਕਰਨ ਵਾਲੇ ਡਾਕਟਰਾਂ ਵਿਰੁੱਧ ਬਣਦੀ ਕਾਰਵਾਈ ਕਰੇ ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਸਵੱਛ ਭਾਰਤ ਯੋਜਨਾ
ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਯੋਜਨਾ ਉਲੀਕੀ ਗਈ ਹੈ। ਇਹ ਮਨੋਵਿਗਿਆਨਕ ਦ੍ਰਿਸ਼ਟੀ ਤੋਂ ਵੀ ਚੰਗੀ ਯੋਜਨਾ ਹੈ ਕਿਉਂਕਿ ਖ਼ੁਦ ਸਫ਼ਾਈ ਕਰਕੇ ਮਨੁੱਖ ਨੂੰ ਆਪਣਾ ਕੰਮ ਆਪ ਕਰਨ ਦੀ ਆਦਤ ਪਵੇਗੀ। ਸਭ ਕੰਮ ਬਰਾਬਰ ਹਨ, ਇਹ ਭਾਵਨਾ ਪੈਦਾ ਹੋਵੇਗੀ, ਮਨ ਨੀਵਾਂ ਤੇ ਮਤ ਉੱਚੀ ਹੋਵੇਗੀ। ਇਸ ਯੋਜਨਾ ਦੇ ਨਾਲ ਕੁਝ ਗੱਲਾਂ ਹੋਰ ਵੀ ਧਿਆਨ ਰੱਖਣ ਵਾਲੀਆਂ ਹਨ। ਪਹਿਲੀ ਗੱਲ ਇਹ ਹੈ ਮਨੁੱਖ ਨੂੰ ਸਫ਼ਾਈ ਆਪਣੇ-ਆਪ ਤੋਂ ਸ਼ੁਰੂ ਕਰਨੀ ਪਵੇਗੀ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਿਮਰਨ ਕਰਨਾ ਚਾਹੀਦਾ ਹੈ। ਧਰਮ ਸ਼ਾਸਤਰਾਂ ਅਨੁਸਾਰ ਮਨੁੱਖ ਦੇ ਸਰੀਰ ਅੰਦਰ ਰੱਬ ਦਾ ਵਾਸਾ ਹੈ, ਧਰਮ ਹੈ, ਆਤਮਾ ਤੇ ਇਥੋਂ ਤੱਕ ਸਾਰਾ ਬ੍ਰਹਿਮੰਡ ਹੈ। ਲੋੜ ਹੈ ਇਸ ਨੂੰ ਧਰਮ ਵਿੱਦਿਆ ਨਾਲ ਜਾਗ੍ਰਿਤ ਕਰਨ ਦੀ। ਦੇਸ਼ ਦੇ ਵਿਕਾਸ ਤੇ ਵਾਧੇ ਲਈ ਸੜਕਾਂ, ਇਮਾਰਤਾਂ, ਨਦੀਆਂ ਦੀ ਸਫ਼ਾਈ ਦੇ ਨਾਲ-ਨਾਲ ਮਨ ਦੀ ਸਫ਼ਾਈ ਜ਼ਰੂਰੀ ਹੈ।

-ਭਾਈ ਕੁਲਵਿੰਦਰ ਸਿੰਘ
ਪਿੰਡ ਬਿਹਾਲਾ (ਹੁਸ਼ਿਆਰਪੁਰ)।

1-12-2014

 ਵਾਤਾਵਰਨ ਬਚਾਓ
ਕੁਦਰਤੀ ਕਹਿਰ ਤੋਂ ਕੋਈ ਵੀ ਬਚ ਨਹੀਂ ਸਕਦਾ ਪ੍ਰੰਤੂ ਮਨੁੱਖਤਾ ਦੁਆਰਾ ਫੈਲਾਏ ਕਹਿਰ ਤੋਂ ਬਚਿਆ ਜਾ ਸਕਦਾ ਹੈ। ਅੱਜ ਸਾਡੇ ਦੇਸ਼ ਅੰਦਰ ਪ੍ਰਦੂਸ਼ਣ ਨੇ ਏਨਾ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ ਕਿ ਫਿਰ ਵੀ ਅਸੀਂ ਜਾਗਰੂਕ ਨਹੀਂ ਹੋ ਰਹੇ। ਅੱਜਕਲ੍ਹ ਪੰਜਾਬ ਅੰਦਰ ਝੋਨੇ ਦੀ ਪਰਾਲ਼ੀ ਨੂੰ ਸਰੇਆਮ ਸਾੜ ਰਹੇ ਹਨ। ਇਸ ਦੇ ਭਿਆਨਕ ਨਤੀਜਿਆਂ ਬਾਰੇ ਜਾਣਨ ਦੇ ਬਾਵਜੂਦ ਹਰ ਕੋਈ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਹੈ। ਜੇਕਰ ਵਾਤਾਵਰਨ ਨੂੰ ਰਹਿੰਦੇ ਸਮੇਂ ਨਾਲ ਬਚਾਇਆ ਨਾ ਗਿਆ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੀ ਮੁਆਫ਼ ਨਹੀਂ ਕਰਨਗੀਆਂ। ਸੋ, ਇਸ ਪ੍ਰਤੀ ਲੋਕ ਪ੍ਰਸ਼ਾਸਨ, ਖੇਤੀਬਾੜੀ ਮਾਹਰ, ਰਾਜ ਨੇਤਾ ਅਤੇ ਬੁੱਧੀਜੀਵੀ ਵਰਗ ਨੂੰ ਜਾਗਰੂਕਤਾ ਅਭਿਆਨ ਚਲਾਉਣਾ ਚਾਹੀਦਾ ਹੈ ਅਤੇ ਹਰੇਕ ਮਨੁੱਖ ਨੂੰ ਵਾਤਾਵਰਨ ਬਚਾਉਣ ਲਈ ਆਪਣਾ ਮੁਢਲਾ ਫ਼ਰਜ਼ ਸਮਝਣਾ ਚਾਹੀਦਾ ਹੈ, ਤਾਂ ਜੋ ਅਸੀਂ ਮਨਮੋਹਕ ਵਾਤਾਵਰਨ ਦੀ ਸਿਰਜਣਾ ਕਰ ਸਕੀਏ।

-ਮਾ: ਗੁਰਮੀਤ ਸਿੰਘ 'ਨਿਰਮਾਣ'
ਪਿੰਡ ਕਨਸੂਹਾ ਖੁਰਦ, ਡਾਕ: ਆਲੋਵਾਲ, ਤਹਿ: ਨਾਭਾ (ਪਟਿਆਲਾ)।

ਅਜਿਹਾ ਕਿਉਂ?
ਆਮ ਵੇਖਣ ਵਿਚ ਆਇਆ ਹੈ ਕਿ ਜਦੋਂ ਕਿਸੇ ਸਰਕਾਰੀ ਕਰਮਚਾਰੀ ਜਿਹੜਾ ਮਹਿਕਮੇ ਵਿਚ ਨੌਕਰੀ ਕਰ ਰਿਹਾ ਹੋਵੇ, ਜਦੋਂ ਉਸ ਦੇ ਖਾਤੇ ਵਿਚ ਇਨਕਮ ਟੈਕਸ ਦੇ ਪੈਸੇ ਜਮ੍ਹਾਂ ਨਹੀਂ ਹੁੰਦੇ, ਉਦੋਂ ਇਨਕਮ ਟੈਕਸ ਵਿਭਾਗ ਵੱਲੋਂ ਉਸ ਕਰਮਚਾਰੀ ਨੂੰ ਚਿੱਠੀ ਕੱਢ ਦਿੱਤੀ ਜਾਂਦੀ ਹੈ। ਕਰਮਚਾਰੀ ਖਾਹ-ਮਖਾਹ ਪ੍ਰੇਸ਼ਾਨ ਹੁੰਦਾ ਹੈ, ਜਿਸ ਮਹਿਕਮੇ ਵਿਚ ਕਰਮਚਾਰੀ ਕੰਮ ਕਰਦਾ ਹੈ। ਉਸ ਦੀ ਉਸ ਮਹਿਕਮੇ ਵੱਲੋਂ ਇਨਕਮ ਟੈਕਸ ਦੀ ਕਟੌਤੀ ਕੀਤੀ ਜਾਂਦੀ ਹੈ ਤੇ ਉਸ ਨੂੰ ਫਾਰਮ 16 ਜਾਰੀ ਕੀਤਾ ਜਾਂਦਾ ਹੈ। ਇਸ ਫਾਰਮ ਨੂੰ ਜਿਥੇ ਕਰਮਚਾਰੀ ਕੰਮ ਕਰਦਾ ਹੈ, ਉਸੇ ਸਬੰਧਤ ਅਫਸਰ ਵੱਲੋਂ ਤਸਦੀਕ ਵੀ ਕੀਤਾ ਜਾਂਦਾ ਹੈ ਕਿ ਕਰਮਚਾਰੀ ਦਾ ਇਨਕਮ ਟੈਕਸ ਕੱਟ ਲਿਆ ਗਿਆ ਹੈ। ਮਹਿਕਮੇ ਨੂੰ ਹੀ ਪਤਾ ਹੁੰਦਾ ਹੈ ਕਿ ਕਿਸ ਬਿਲ ਨੰ: ਤੇ ਮਿਤੀ, ਕਿਸ ਵਾਊਚਰ ਤੇ ਮਿਤੀ ਨੂੰ ਇਹ ਪੈਸੇ ਇਨਕਮ ਟੈਕਸ ਵਿਚ ਗਏ ਹਨ। ਮੇਰੀ ਇਨਕਮ ਟੈਕਸ ਮਹਿਕਮੇ ਨੂੰ ਬੇਨਤੀ ਹੈ ਕਿ ਕਰਮਚਾਰੀ ਨੂੰ ਚਿੱਠੀ ਕੱਢਣ ਦੀ ਬਜਾਏ ਸਬੰਧਤ ਮਹਿਕਮੇ ਨੂੰ ਚਿੱਠੀ ਕੱਢੀ ਜਾਵੇ, ਜਿਸ ਮਹਿਕਮੇ ਨੇ ਇਨਕਮ ਟੈਕਸ ਕੱਟਿਆ ਹੈ ਤੇ ਜਿਸ ਨੂੰ ਸਭ ਕੁਝ ਪਤਾ ਹੈ ਤਾਂ ਕਿ ਕਰਮਚਾਰੀ ਨੂੰ ਖਾਹ-ਮਖਾਹ ਪ੍ਰੇਸ਼ਾਨ ਨਾ ਕੀਤਾ ਜਾਵੇ।

-ਡਾ: ਇਕਬਾਲ ਸਿੰਘ
ਫ਼ਰੀਦਕੋਟ।

ਸਵਾਗਤੀ ਗੇਟ
ਸਾਡੇ ਪੰਜਾਬ ਦੇ ਹਰ ਦੂਜੇ ਤੀਜੇ ਪਿੰਡ ਨੇ ਪਿੰਡ ਦੀ ਫਿਰਨੀ ਦੇ ਬਾਹਰਵਾਰ ਇਕ ਸਵਾਗਤੀ ਗੇਟ ਜ਼ਰੂਰ ਬਣਾਇਆ ਹੈ। ਹਰੇਕ ਪਿੰਡ ਇਸ ਗੇਟ 'ਤੇ 10 ਲੱਖ ਘੱਟੋ-ਘੱਟ ਅਤੇ ਵੱਧ ਤੋਂ ਵੱਧ ਕਰੋੜਾਂ ਰੁਪਏ ਖਰਚ ਕਰ ਰਿਹਾ ਹੈ। ਪਰ ਸਵਾਗਤੀ ਗੇਟਾਂ ਦੀ ਲੋੜ ਕੀ ਹੈ? ਕਿੰਨਾ ਚੰਗਾ ਹੋਵੇ ਜੇਕਰ ਇਨ੍ਹਾਂ ਗੇਟਾਂ ਦੀ ਇੱਟ-ਬੱਜਰੀ ਨਾਲ ਸਰਕਾਰੀ ਸਕੂਲਾਂ ਦਾ ਕਾਇਆ ਕਲਪ ਕੀਤਾ ਜਾਵੇ। ਬਹੁਤ ਸਾਰੇ ਸਕੂਲਾਂ ਵਿਚ ਪਖਾਨੇ ਨਹੀਂ ਹਨ। ਜੇਕਰ ਪਖਾਨੇ ਹਨ ਤਾਂ ਦਰਵਾਜ਼ੇ ਨਹੀਂ ਹਨ। ਸਵਾਗਤੀ ਗੇਟ ਲੰਘ ਕੇ ਹਜ਼ਾਰਾਂ ਪਿੰਡਾਂ ਦੀਆਂ ਸੜਕਾਂ ਕਈ ਥਾਂ ਤੋਂ ਟੁੱਟੀਆਂ ਪਈਆਂ ਹਨ ਜਾਂ ਨਾਲੀਆਂ ਲੀਕ ਹਨ। ਕਿੰਨਾ ਚੰਗਾ ਹੋਵੇ ਇਸੇ ਪੈਸੇ ਨਾਲ ਸੜਕਾਂ ਦੀ ਮੁਰੰਮਤ ਹੋਵੇ ਤੇ ਸਰਕਾਰੀ ਸਕੂਲਾਂ ਦੇ ਪਖਾਨਿਆਂ ਦੇ ਦਰਵਾਜ਼ੇ ਲਾਏ ਜਾਣ। ਲਗਭਗ ਪੰਜਾਬ ਦੇ ਸਾਰੇ ਪਿੰਡਾਂ ਦੇ ਅੱਡਿਆਂ, ਬੱਸ ਸਟੈਂਡ ਆਦਿ 'ਤੇ ਪਖਾਨੇ ਨਹੀਂ ਹਨ। ਕਿੰਨਾ ਚੰਗਾ ਹੋਵੇ ਇਨ੍ਹਾਂ ਥਾਵਾਂ 'ਤੇ ਪਖਾਨੇ ਬਣਾਏ ਜਾਣ। ਕਿੰਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚੇ ਬਿਨਾਂ ਦਰਵਾਜ਼ੇ ਖਿੜਕੀਆਂ ਵਾਲੇ ਕਮਰਿਆਂ ਵਿਚ ਬਿਨਾਂ ਟਾਟਾਂ ਦੇ ਭੁੰਜੇ ਠੰਢੇ ਫਰਸ਼ਾਂ 'ਤੇ ਪੋਹ ਦੇ ਪਾਲੇ ਵਿਚ ਠੁਰ-ਠੁਰ ਕਰਦੇ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਦੇ ਦਰਵਾਜ਼ੇ, ਟਾਟ ਖਿੜਕੀਆਂ ਮੁਹੱਈਆ ਕੀਤੇ ਜਾਣ। ਚਾਹੇ ਸਹੂਲਤ ਸਥਾਨਕ ਪੱਧਰ 'ਤੇ ਹੋਵੇ ਜਾਂ ਸਰਕਾਰੀ ਪੱਧਰ 'ਤੇ, ਹੋਣੀ ਚਾਹੀਦੀ ਹੈ।

-ਹਰਮਿੰਦਰ ਸਿੰਘ 'ਰਾਜੂ'
ਪਿੰਡ ਮਟਵਾਣੀ, ਜ਼ਿਲ੍ਹਾ ਮੋਗਾ।

28-11-2014

 ਢੁਕਵੀਂ ਯੋਜਨਾਬੰਦੀ ਦੀ ਲੋੜ

ਦੇਸ਼ ਵਿਚ ਹੁੰਦੇ ਭਿਆਨਕ ਸੜਕ ਹਾਦਸਿਆਂ ਦੀਆਂ ਖ਼ਬਰਾਂ ਸਾਨੂੰ ਰੋਜ਼ਾਨਾ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਨ੍ਹਾਂ ਸੜਕ ਹਾਦਸਿਆਂ ਰਾਹੀਂ ਸੈਂਕੜੇ ਮਨੁੱਖੀ ਜਾਨਾਂ ਅਜਾਈਂ ਮੌਤ ਦੇ ਮੂੰਹ ਜਾ ਪੈਂਦੀਆਂ ਹਨ। ਜੇਕਰ ਇਨ੍ਹਾਂ ਹਾਦਸਿਆਂ ਦੇ ਕਾਰਨਾਂ ਦੀ ਘੋਖ ਕੀਤੀ ਜਾਵੇ ਤਾਂ ਇਸ ਦਾ ਮੁੱਖ ਜ਼ਿੰਮੇਵਾਰ ਸਾਡੇ ਦੇਸ਼ ਦਾ ਭ੍ਰਿਸ਼ਟ ਢਾਂਚਾ ਹੀ ਹੈ। ਵਾਹਨਾਂ ਦੀ ਵਧ ਰਹੀ ਗਿਣਤੀ ਦੇ ਮੁਕਾਬਲੇ ਸੜਕਾਂ ਦਾ ਨਿਰਮਾਣ ਹੋਣਾ ਵੀ ਜ਼ਰੂਰੀ ਹੈ ਅਤੇ ਆਵਾਜਾਈ ਦੇ ਕਾਨੂੰਨ ਵੀ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਲੋੜ ਹੈ ਢੁਕਵੀਂ ਯੋਜਨਾਬੰਦੀ ਦੀ।

-ਸੁਰਿੰਦਰ ਸਿੰਘ
ਗਰਚਾ ਨਰਸਰੀ, ਧਨੌਲਾ ਰੋਡ, ਬਰਨਾਲਾ।

ਕਰੋੜਪਤੀ ਬਾਬੇ

ਸਾਡੇ ਦੇਸ਼ ਵਿਚ ਆਏ ਦਿਨ ਇਕ ਨਹੀਂ, ਦੋ ਨਹੀਂ, ਬਲਕਿ ਅਨੇਕਾਂ ਕਰੋੜਪਤੀ ਬਾਬੇ ਪੈਦਾ ਹੋ ਰਹੇ ਹਨ। ਅੰਧ-ਵਿਸ਼ਵਾਸਾਂ ਵਿਚ ਫਸੀ ਦੇਸ਼ ਦੀ ਜਨਤਾ ਵੱਲੋਂ ਆਪਣੇ ਖੂਨ-ਪਸੀਨੇ ਦੀ ਕਮਾਈ ਇਨ੍ਹਾਂ ਕਰੋੜਪਤੀ ਬਾਬਿਆਂ ਦੇ ਪੈਰਾਂ ਵਿਚ ਪਾਣੀ ਵਾਂਗ ਰੋੜ੍ਹੀ ਜਾ ਰਹੀ ਹੈ। ਲੋਕਾਂ ਦੀ ਇਸ ਕਮਾਈ ਦੇ ਬਲਬੂਤੇ ਇਨ੍ਹਾਂ ਨੇ ਵੱਡੇ-ਵੱਡੇ ਆਲੀਸ਼ਾਨ ਡੇਰੇ ਬਣਾ ਰੱਖੇ ਹਨ। ਇਨ੍ਹਾਂ ਡੇਰਿਆਂ ਵਿਚ ਬਾਬਿਆਂ ਕੋਲ ਅਜਿਹੀਆਂ ਸਹੂਲਤਾਂ ਮੌਜੂਦ ਹਨ, ਜੋ ਕਿਸੇ ਪੰਜ ਤਾਰਾ ਹੋਟਲ ਵਿਚ ਵੀ ਮਿਲਣੀਆਂ ਮੁਸ਼ਕਿਲ ਹਨ। ਇਸ ਤੋਂ ਇਲਾਵਾ ਇਨ੍ਹਾਂ ਬਾਬਿਆਂ ਵੱਲੋਂ ਆਪਣੇ ਡੇਰਿਆਂ ਅੰਦਰ ਕੀਤੇ ਜਾਂਦੇ ਘਿਨਾਉਣੇ ਕਾਰਨਾਮਿਆਂ ਦੀਆਂ ਖ਼ਬਰਾਂ ਵੀ ਸਮੇਂ-ਸਮੇਂ ਤੇ ਨਸ਼ਰ ਹੁੰਦੀਆਂ ਰਹੀਆਂ ਹਨ। ਕਿਸੇ ਬਾਬੇ ਉੱਪਰ ਕਤਲ ਦੇ ਮਾਮਲੇ ਦਰਜ ਹਨ ਅਤੇ ਕੋਈ ਜਬਰ ਜਨਾਹ ਦੇ ਕੇਸਾਂ ਵਿਚ ਉਲਝਿਆ ਜੇਲ੍ਹਾਂ ਦੀ ਹਵਾ ਖਾ ਰਿਹਾ ਹੈ। ਇਨ੍ਹਾਂ ਬਾਬਿਆਂ ਕੋਲ ਇਕ ਵੱਡਾ ਵੋਟ ਬੈਂਕ ਹੋਣ ਕਾਰਨ ਦੇਸ਼ ਦੇ ਬਹੁਤ ਸਾਰੇ ਸਿਆਸਤਦਾਨ ਵੀ ਇਨ੍ਹਾਂ ਖਿਲਾਫ਼ ਬੋਲਣਾ ਠੀਕ ਨਹੀਂ ਸਮਝਦੇ। ਸੋ, ਜਿੰਨਾ ਹੋ ਸਕੇ, ਦੇਸ਼ ਦੀ ਜਨਤਾ ਨੂੰ ਇਨ੍ਹਾਂ ਪਾਖੰਡੀਆਂ ਦਾ ਖਹਿੜਾ ਛੱਡ ਕੇ ਆਪਣੇ ਬਲਬੂਤੇ ਉੱਪਰ ਮਿਹਨਤ ਨਾਲ ਆਪਣਾ ਜੀਵਨ ਪੱਧਰ ਉੱਚਾ ਕਰਨਾ ਚਾਹੀਦਾ ਹੈ।

-ਰਾਜਾ ਗਿੱਲ (ਚੜਿੱਕ)
ਮੋ: 94654-11585.

ਈਰਖਾ ਰੂਪੀ ਰੋਗ

'ਈਰਖਾ ਅਸਫ਼ਲਤਾ ਦਾ ਦੂਜਾ ਨਾਂਅ ਹੈ। ਈਰਖਾ ਕਰਨ ਵਾਲੇ ਦਾ ਆਪਣਾ ਹੀ ਮਹੱਤਵ ਘਟਦਾ ਹੈ।' ਚਾਣਕਿਆ ਦਾ ਉਕਤ ਕਥਨ ਕਈ ਸੌ ਸਾਲ ਪਹਿਲਾਂ ਵੀ ਸਾਰਥਕ ਸੀ ਤੇ ਅਜੋਕੇ ਦੌਰ ਵਿਚ ਇਸ ਦੀ ਸਾਰਥਕਤਾ ਹੋਰ ਵੀ ਜ਼ਿਆਦਾ ਵਧ ਗਈ ਹੈ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਮਨੁੱਖ ਜਾਤੀ ਨੇ ਇਸ ਲਾਇਲਾਜ ਰੋਗ ਤੋਂ ਨਿਜਾਤ ਪਾਉਣ ਸਬੰਧੀ ਅੱਜ ਤੱਕ ਕਦੇ ਵੀ ਵਿਚਾਰ ਨਹੀਂ ਕੀਤਾ, ਉਲਟਾ ਦਿਨ-ਬਦਿਨ ਇਸ ਮਰਜ਼ ਦੇ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਇਜ਼ਾਫ਼ਾ ਹੋ ਰਿਹਾ ਹੈ। ਝੂਠ, ਨਿੰਦਿਆ, ਬੇਵਫ਼ਾਈ, ਚੁਗਲੀ ਤੇ ਹੋਰ ਅਨੇਕਾਂ ਮਨੁੱਖੀ ਕਮਜ਼ੋਰੀਆਂ ਹਨ, ਜਿਹੜੀਆਂ ਮਨੁੱਖੀ ਹਿਰਦੇ ਦੇ ਕੰਵਲ ਨੂੰ ਪੂਰੇ ਖੇੜੇ ਵਿਚ ਆਉਣ ਨਹੀਂ ਦਿੰਦੀਆਂ। ਈਰਖਾ ਮਨੁੱਖੀ ਹਿਰਦੇ ਨੂੰ ਲੱਗੀ ਸਿਉਂਕ ਦੇ ਸਮਾਨ ਹੈ। ਈਰਖਾ ਰੂਪੀ ਰੋਗ ਤੋਂ ਛੁਟਕਾਰਾ ਪਾਉਣ ਲਈ ਸਾਰੇ ਹੀ ਧਰਮ-ਗ੍ਰੰਥ, ਕਥਾਕਾਰ, ਲੇਖਕ ਵਰਗ ਤੇ ਬਾਬਾ ਫ਼ਰੀਦ ਜੀ ਜਿਹੇ ਲਾਸਾਨੀ ਸੂਫ਼ੀ-ਫਕੀਰਾਂ ਨੇ ਮਨੁੱਖ ਜਾਤੀ ਨੂੰ ਤਰਜ਼ੇ-ਜ਼ਿੰਦਗੀ ਕਲਿਆਣਕਾਰੀ ਆਸ਼ੇ ਤੋਂ ਜਿਊਣ ਲਈ ਨਿਮਰਤਾ ਭਰਪੂਰ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਪਰ ਅਫ਼ਸੋਸ ਪਰਨਾਲਾ ਉਥੇ ਦਾ ਉਥੇ ਹੀ ਹੈ। ਰੱਬਾ ਮਿਹਰ ਕਰੀਂ!

-ਪ੍ਰਿੰ: ਗੁਰਬਚਨ ਸਿੰਘ ਲਾਲੀ
ਲੇਖਕ ਮੰਚ, ਪੱਟੀ।

26-11-2014

 ਪੱਛਮੀ ਮੁਲਕਾਂ ਦੀ ਗੱਲ
ਪੱਛਮੀ ਮੁਲਕਾਂ ਦੇ ਲੋਕ ਬੱਚਿਆਂ ਨੂੰ ਆਪਣੀ ਜਾਇਦਾਦ ਨਹੀਂ ਸਮਝਦੇ ਸਗੋਂ ਉਨ੍ਹਾਂ ਨੂੰ ਇਕ ਆਜ਼ਾਦ ਸ਼ਖ਼ਸੀਅਤ ਬਣਾਉਣ ਵਿਚ ਪੂਰਾ ਯੋਗਦਾਨ ਪਾਉਂਦੇ ਹਨ ਤਾਂ ਕਿ ਉਹ ਆਪਣੀ ਮਨਮਰਜ਼ੀ ਦੀ ਪੜ੍ਹਾਈ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਜੋ ਸਹੂਲਤਾਂ ਇਨ੍ਹਾਂ ਮੁਲਕਾਂ ਵਿਚ ਮਿਲਦੀਆਂ ਹਨ ਅਤੇ ਉਹ ਵੀ ਉੱਚ ਪੱਧਰ ਦੀਆਂ ਤੇ ਫਿਰ ਮੁਫ਼ਤ, ਸਾਡੇ ਮੁਲਕਾਂ ਵਿਚ ਕਈ ਗੁਣਾਂ ਜ਼ਿਆਦਾ ਪੈਸੇ ਖ਼ਰਚ ਕੇ ਵੀ ਦੁਰਲਭ ਹਨ। ਵਿਹਲੇ ਰਹਿਣ, ਬੀਮਾਰ ਹੋਣ ਜਾਂ ਅਪੰਗਤਾ ਅਤੇ ਬੱਚਿਆਂ ਲਈ ਮਿਲਦੇ ਸਰਕਾਰੀ ਭੱਤੇ ਇਕ ਬਹਿਸ਼ਤੀ ਮਿਸਾਲ ਨਹੀਂ ਹੈ, ਤਾਂ ਹੋਰ ਬਹਿਸ਼ਤ ਕਿਸ ਨੂੰ ਕਹਿੰਦੇ ਹਨ। ਸਿਰ ਲਕੋਣ ਲਈ ਘਰ, ਬੱਸਾਂ, ਰੇਲ ਗੱਡੀਆਂ ਉਨ੍ਹਾਂ ਲਈ ਮੁਫ਼ਤ ਜਿਨ੍ਹਾਂ ਨੂੰ ਉਮਰ ਦੇ ਲਿਹਾਜ ਨਾਲ ਜ਼ਰੂਰਤ ਹੋਵੇ। ਬੀਮਾਰ ਹੋਣ 'ਤੇ ਵੱਡੇ-ਵੱਡੇ ਆਪ੍ਰੇਸ਼ਨ, ਇਲਾਜ ਮੁਫ਼ਤ ਕੀਤੇ ਜਾਂਦੇ ਹਨ ਅਤੇ ਇਥੇ ਇਹ ਵਿਤਕਰਾ ਨਹੀਂ ਕੀਤਾ ਜਾਂਦਾ ਕਿ ਕੋਈ ਅਮੀਰ ਹੈ ਜਾਂ ਗ਼ਰੀਬ, ਹਰ ਇਕ ਨੂੰ ਬਰਾਬਰਤਾ ਦੀ ਸਹੂਲਤ ਮਿਲਦੀ ਹੈ।

-ਸੁਰਿੰਦਰ ਸਿੰਘ ਬਰਨਾਲਾ
ਸਲੇਮਟਾਬਰੀ, ਲੁਧਿਆਣਾ।

ਸਾਡੇ ਦੇਸ਼ ਦਾ ਨਾਂਅ ਕੀ ਹੈ?
ਕੇਂਦਰ ਸਰਕਾਰ ਦੇ ਦਫ਼ਤਰਾਂ, ਸਰਕਾਰੀ ਗੱਡੀਆਂ ਅਤੇ ਸਾਰੇ ਜਨਤਕ ਬੈਂਕਾਂ ਦੇ ਬੋਰਡਾਂ 'ਤੇ ਵੇਖਣ ਨੂੰ ਮਿਲਦਾ ਹੈ ਅਦਾਰਾ ਭਾਰਤ ਸਰਕਾਰ। ਦੇਸ਼ ਦੀ ਕਰੰਸੀ ਭਾਵ ਨੋਟਾਂ 'ਤੇ ਗੌਰਮਿੰਟ ਆਫ ਇੰਡੀਆ ਲਿਖਿਆ ਜਾਂਦਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ 'ਚ ਸਾਡੇ ਦੇਸ਼ ਦਾ ਸਿਰਫ ਇਕੋ ਨਾਂਅ ਚਲਦਾ ਹੈ ਇੰਡੀਆ ਅਤੇ ਦੇਸ਼ ਵਾਸੀਆਂ ਦੀ ਪਛਾਣ ਸਿਰਫ ਇੰਡੀਅਨ ਦੇ ਤੌਰ 'ਤੇ ਹੁੰਦੀ ਹੈ। ਹਿੰਦੁਸਤਾਨ ਸਿਰਫ ਬੋਲਿਆ ਜਾਂਦਾ ਹੈ ਪਰ ਲਿਖਿਆ ਨਹੀਂ ਜਾਂਦਾ। ਪਰ ਹਿੰਦੁਸਤਾਨ ਦੇ ਨਾਂਅ 'ਤੇ ਹਿੰਦੁਸਤਾਨ ਪੈਟਰੋਲੀਅਮ, ਹਿੰਦੁਸਤਾਨ ਟ੍ਰੈਕਟਰ ਆਦਿ ਕੰਪਨੀਆਂ ਵੀ ਚੱਲ ਰਹੀਆਂ ਹਨ। ਇਥੋਂ ਤੱਕ ਕਿ ਕਮਿਊਨਿਸਟ ਪਾਰਟੀ ਆਫ ਇੰਡੀਆ ਵੀ ਆਪਣੇ-ਆਪ ਨੂੰ ਹਿੰਦੁਸਤਾਨ ਕਮਿਊਨਿਸਟ ਪਾਰਟੀ ਅਖਵਾ ਰਹੀ ਹੈ। ਸਾਰੇ ਦੇਸ਼ਾਂ ਦਾ ਨਾਂਅ ਸਿਰਫ ਇਕ ਹੈ ਪਰ ਸਾਡੇ ਦੇਸ਼ ਦੇ ਨਾਂਅ ਤਿੰਨ ਕਿਉਂ ਹਨ। ਜੇਕਰ ਇਸੇ ਤਰ੍ਹਾਂ ਦੇਸ਼ ਦੇ ਨਾਵਾਂ 'ਚ ਵਾਧਾ ਹੁੰਦਾ ਰਿਹਾ ਤਾਂ ਇਹ ਦੇਸ਼ ਦੀ ਏਕਤਾ ਲਈ ਖ਼ਤਰੇ ਦੀ ਘੰਟੀ ਸਿੱਧ ਹੋ ਸਕਦੇ ਹਨ। ਇਸ ਲਈ ਕੇਂਦਰ ਸਰਕਾਰ ਦੇਸ਼ ਵਾਸੀਆਂ ਨੂੰ ਇਸ ਭੰਬਲਭੂਸੇ 'ਚੋਂ ਬਾਹਰ ਕੱਢੇ।

-ਕਰਨੈਲ ਸਿੰਘ ਜੀਤ
ਕਨਵੀਨਰ, ਬਾਬਾ ਅਜੀਤ ਸਿੰਘ ਜੁਝਾਰ ਸਿੰਘ ਯੂਥ ਕਲੱਬਜ਼ ਤਾਲਮੇਲ ਕਮੇਟੀ ਪੰਜਾਬ
103/10 ਪ੍ਰੀਤਮ ਨਿਵਾਸ, ਮੋਰਿੰਡਾ, ਜ਼ਿਲ੍ਹਾ ਰੂਪਨਗਰ।

ਫ਼ੌਜੀ ਭਰਤੀ ਦੀ ਗੱਲ
ਅੱਜ ਜੋ ਵੱਡੀ ਸਮੱਸਿਆ ਫ਼ੌਜ ਦੀ ਭਰਤੀ ਵੇਲੇ ਨੌਜਵਾਨ ਮਹਿਸੂਸ ਕਰ ਰਹੇ ਹਨ, ਉਹ ਹੈ ਏਜੰਟਾਂ ਦਾ ਮੱਕੜਜਾਲ ਤੇ ਫ਼ੌਜ ਦੇ ਕਲਰਕਾਂ ਦਾ ਮਾੜਾ ਵਰਤਾਓ। ਅੱਜ ਸਿਰਫ ਪੰਜਾਬ ਵਿਚ ਇਹ ਸਵੈ-ਸਿੱਧ 'ਭਰਤੀ ਏਜੰਟ' ਲੱਖਾਂ ਕਰੋੜਾਂ ਰੁਪਏ ਕਲਰਕਾਂ ਨਾਲ ਮਿਲ ਕੇ ਬੋਝੇ ਵਿਚ ਪਾ ਰਹੇ ਹਨ, ਜੋ ਕਿ ਸਰਾਸਰ ਭ੍ਰਿਸ਼ਟਾਚਾਰ ਹੈ। ਜੇਕਰ ਫ਼ੌਜ ਦੀ ਭਰਤੀ ਵਿਚ ਅੱਜ ਅਜਿਹੀਆਂ ਅਲਾਮਤਾਂ ਆ ਰਹੀਆਂ ਹਨ ਤਾਂ ਉਸ ਪਿੱਛੇ ਕੇਵਲ ਨੌਜਵਾਨ ਦੋਸ਼ੀ ਨਹੀਂ ਹੈ, ਸਗੋਂ ਸਮੇਂ ਦੀਆਂ ਸਰਕਾਰਾਂ ਤੇ ਫ਼ੌਜ ਦੀ ਅਫ਼ਸਰਸ਼ਾਹੀ ਤੇ ਤੰਤਰ ਨੂੰ ਅਜਿਹੇ ਧੋਖੇਬਾਜ਼ ਏਜੰਟਾਂ 'ਤੇ ਕਲੈਰੀਕਲ ਸਟਾਫ ਦੀ ਨਕੇਲ ਚੰਗੀ ਤਰ੍ਹਾਂ ਕੱਸਣੀ ਚਾਹੀਦੀ ਹੈ। ਕਿਉਂਕਿ ਅੱਜ ਫ਼ੌਜ ਹੀ ਅਜਿਹੀ ਫੋਰਸ ਹੈ ਜੋ ਹਰ ਮੁਸੀਬਤ ਵਿਚ ਦੇਸ਼ਵਾਸੀਆਂ ਨਾਲ ਖੜਦੀ ਆਈ ਹੈ।

-ਮਾਸਟਰ ਜੀਵਨ ਕੁਮਾਰ
ਪਿੰਡ ਤੇ ਡਾਕ: ਹਰਸਾ ਮਾਨਸਰ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

25-11-2014

 ਹਿੰਸਾ ਵਿਰੋਧੀ ਕਾਨੂੰਨ
ਕੁਝ ਮਹੀਨੇ ਪਹਿਲਾਂ ਵੀ ਮੈਂ ਆਪਣੀ ਚਿੱਠੀ ਰਾਹੀਂ ਬੇਨਤੀ ਕੀਤੀ ਸੀ ਕਿ ਪੰਜਾਬ ਸਰਕਾਰ ਨੂੰ ਅਜਿਹੇ ਲੋਕਾਂ ਖਿਲਾਫ਼ ਕਾਨੂੰਨ ਬਣਾਉਣਾ ਚਾਹੀਦਾ ਹੈ, ਜੋ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਰੋਸ ਵਿਖਾਵਿਆਂ ਅਤੇ ਹੜਤਾਲਾਂ ਆਦਿ ਸਮੇਂ ਨੁਕਸਾਨ ਪਹੁੰਚਾਉਂਦੇ ਹਨ। ਇਹ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਕਾਨੂੰਨ ਪਾਸ ਕਰ ਦਿੱਤਾ ਹੈ। ਹੁਣ ਸਮਾਂ ਹੈ ਕਿ ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਕਾਨੂੰਨ ਲਾਗੂ ਕਰਵਾਉਣ ਵਿਚ ਮੀਡੀਆ ਵੀ ਵੱਡੀ ਭੂਮਿਕਾ ਨਿਭਾਅ ਸਕਦਾ ਹੈ, ਕਿਉਂਕਿ ਮੀਡੀਆ ਕੋਲ ਅਕਸਰ ਕਿਸੇ ਘਟਨਾ ਦੇ ਪਲ-ਪਲ ਦੀ ਰਿਕਾਰਡਿੰਗ ਹੁੰਦੀ ਹੈ।

-ਇੰਦਰਜੀਤ ਸਿੰਘ
ਸ਼ਾਰਜਾਹ (ਸੰਯੁਕਤ ਅਰਬ ਅਮੀਰਾਤ)
inderjit.europcar@gmail.com

ਰੋਸ ਵਿਖਾਵਾ ਕਿਉਂ?
ਪਿਛਲੇ ਦਿਨੀਂ ਇਹ ਵੇਖ ਕੇ ਦੁੱਖ ਹੋਇਆ ਕਿ ਸਿਡਨੀ ਵਿਖੇ ਕੁਝ ਸਿੱਖ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਵਿਖਾਵਾ ਕੀਤਾ ਗਿਆ। ਅਜਿਹਾ ਕਰਨਾ ਠੀਕ ਨਹੀਂ ਹੈ। ਸਾਕਾ ਨੀਲਾ ਤਾਰਾ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਲਈ ਇੰਦਰਾ ਗਾਂਧੀ ਅਤੇ ਕਾਂਗਰਸ ਜ਼ਿੰਮੇਵਾਰ ਸਨ। ਇਸ ਲਈ ਮੋਦੀ ਖਿਲਾਫ਼ ਵਿਖਾਵਾ ਕਰਨ ਦੀ ਕੋਈ ਤੁਕ ਨਹੀਂ ਬਣਦੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਦਾ ਆਸਟਰੇਲੀਆ ਵਿਚ ਭਰਵਾਂ ਸਵਾਗਤ ਹੋਇਆ।

-ਸਤਿੰਦਰ ਕੌਰ
6, ਡਰੱਮਡ ਸਟ੍ਰੀਟ ਲੀਟਨ, ਐਨ.ਐਸ.ਡਬਲਿਊ. (ਆਸਟਰੇਲੀਆ)
kaurstinder@gmail.com

 

ਨਵੀਂ ਸਰਕਾਰ ਦੇ ਧਿਆਨ ਹਿਤ
ਅੱਜਕਲ੍ਹ ਭਾਰਤ ਵਿਚ ਨਵੀਂ ਰੀਤ ਸ਼ੁਰੂ ਹੋ ਗਈ ਹੈ ਕਿ ਜਦੋਂ ਵੀ ਕੋਈ ਪਾਰਟੀ ਨਵੀਂ ਸਰਕਾਰ ਬਣਾਉਂਦੀ ਹੈ ਤਾਂ ਸਹੁੰ ਚੁੱਕ ਸਮਾਗਮ ਬੜੇ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ, ਜਿਸ ਨਾਲ ਟ੍ਰੈਫਿਕ ਪ੍ਰਭਾਵਿਤ ਹੁੰਦਾ ਹੈ। ਸਰਕਾਰੀ ਮਸ਼ੀਨਰੀ ਵਰਤੀ ਜਾਣ ਕਰਕੇ ਅਜਿਹੇ ਸਮਾਗਮਾਂ ਦਾ ਖਰਚਾ ਵੀ ਲੋਕਾਂ ਦੇ ਸਿਰ 'ਤੇ ਹੀ ਪੈਂਦਾ ਹੈ। ਇਹ ਸਭ ਕੁਝ ਬੰਦ ਹੋਣਾ ਚਾਹੀਦਾ ਹੈ। ਦੂਜਾ ਮਸਲਾ ਕਾਲੇ ਧਨ ਦਾ ਹੈ। ਚੋਣਾਂ ਤੋਂ ਪਹਿਲਾਂ ਸ੍ਰੀ ਮੋਦੀ ਕਹਿੰਦੇ ਸਨ ਕਿ ਵਿਦੇਸ਼ਾਂ ਤੋਂ ਕਾਲਾ ਧਨ ਭਾਰਤ ਲਿਆ ਕੇ ਹਰ ਭਾਰਤੀ ਦੇ ਖਾਤੇ ਵਿਚ 15 ਲੱਖ ਜਮ੍ਹਾਂ ਕਰਵਾਵਾਂਗੇ। ਪਰ ਹੁਣ ਦੇਸ਼ ਦੇ ਵਿੱਤ ਮੰਤਰੀ ਹੀ ਇਸ ਗੱਲ ਤੋਂ ਟਾਲਾ ਵੱਟ ਗਏ ਹਨ ਅਤੇ ਕਾਨੂੰਨੀ ਦਲੀਲਾਂ ਦੇ ਰਹੇ ਹਨ। ਭਾਜਪਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਨਤਾ ਜੇ ਕੁਰਸੀ 'ਤੇ ਬਿਠਾ ਸਕਦੀ ਹੈ ਤਾਂ ਕੁਰਸੀ ਤੋਂ ਲਾਹ ਵੀ ਸਕਦੀ ਹੈ। ਸੋ, ਇਸ ਨੂੰ ਆਪਣੇ ਵੱਲੋਂ ਕੀਤੇ ਵਾਅਦੇ ਇਮਾਨਦਾਰੀ ਨਾਲ ਨਿਭਾਉਣੇ ਚਾਹੀਦੇ ਹਨ।

-ਪਰਮਪਾਲ ਸਿੰਘ
ਬਰਤਾਨੀਆ
paligandhi@gmail.com

 

ਇਨਸਾਫ਼ ਦੀ ਮੰਗ
ਭਾਜਪਾ ਦੀ ਕੇਂਦਰੀ ਸਰਕਾਰ ਤੋਂ ਸਾਡੀ ਮੰਗ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਛੇਤੀ ਤੋਂ ਛੇਤੀ ਐਲਾਨਿਆ ਹੋਇਆ ਮੁਆਵਜ਼ਾ ਦਿੱਤਾ ਜਾਵੇ। ਪਰ ਮੁਆਵਜ਼ਾ ਹੀ ਕਾਫੀ ਨਹੀਂ ਹੈ। ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਵੀ ਸਰਕਾਰ ਨੂੰ ਹਰ ਸੰਭਵ ਉਪਰਾਲਾ ਕਰਨਾ ਚਾਹੀਦਾ ਹੈ। ਸੰਸਦੀ ਚੋਣਾਂ ਸਮੇਂ ਸਿੱਖਾਂ ਨੇ ਇਸ ਉਮੀਦ ਤਹਿਤ ਭਾਜਪਾ ਦੇ ਹੱਕ ਵਿਚ ਵੋਟਾਂ ਪਾਈਆਂ ਹਨ ਕਿ ਭਾਜਪਾ ਸਿੱਖਾਂ ਨੂੰ ਇਨਸਾਫ਼ ਦਿਵਾਏਗੀ। ਹੁਣ ਜਦੋਂ ਭਾਜਪਾ ਕੇਂਦਰ ਵਿਚ ਸੱਤਾਧਾਰੀ ਹੋ ਗਈ ਹੈ ਤਾਂ ਸਿੱਖਾਂ ਦੇ ਕਾਤਲਾਂ ਨੂੰ ਹਰ ਹਾਲਤ ਵਿਚ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।

-ਅਮਰਜੀਤ ਸਿੰਘ ਗੁਰਾਇਆ
ਗ੍ਰਿਫ਼ਥ (ਆਸਟਰੇਲੀਆ)
amarjitsingh41@yahoo.com.au

24-11-2014

 ਕੰਨਿਆ ਭਰੂਣ ਹੱਤਿਆ
ਇਹ ਸਾਡੇ ਸਮਾਜ, ਸਾਡੇ ਦੇਸ਼ ਲਈ ਸ਼ਰਮਨਾਕ ਪਹਿਲੂ ਹੈ ਕਿ 21ਵੀਂ ਸਦੀ ਵਿਚ ਵੀ ਕਿਸੇ ਦੇ ਘਰ ਬੇਟੀ ਦਾ ਜਨਮ ਲੈਣਾ ਤਰਸ ਦੀ ਨਜ਼ਰ ਨਾਲ ਹੀ ਦੇਖਿਆ ਜਾਂਦਾ ਹੈ। ਬੇਸ਼ੱਕ ਸਾਡੀਆਂ ਸਰਕਾਰਾਂ ਨੇ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਸਖ਼ਤ ਕਾਨੂੰਨੀ ਕਦਮ ਉਠਾਏ ਹਨ, ਫਿਰ ਵੀ ਕੁਝ ਭਗਵਾਨ ਅਤੇ ਨਾਰੀ ਜਾਤੀ ਦੇ ਗੁਨਹਗਾਰ ਕੰਨਿਆਵਾਂ ਨੂੰ ਜਾਂ ਤਾਂ ਮਾਂ ਦੀ ਕੁੱਖ ਵਿਚ ਹੀ ਕਤਲ ਕਰ ਦਿੰਦੇ ਹਨ ਜਾਂ ਫਿਰ ਜਨਮ ਤੋਂ ਬਾਅਦ ਕੂੜੇ ਦੇ ਢੇਰਾਂ 'ਤੇ ਜਾਨਵਰਾਂ ਦੇ ਨੋਚਣ ਲਈ ਸੁੱਟ ਦਿੰਦੇ ਹਨ। ਅਜਿਹੇ ਅਪਰਾਧੀ ਇਨਸਾਨਾਂ ਨੂੰ ਭਗਵਾਨ ਇਸ ਸੰਸਾਰ 'ਤੇ ਕੀ ਨਰਕਾਂ ਵਿਚ ਵੀ ਢੋਈ ਨਹੀਂ ਦਿੰਦਾ। ਅਖ਼ੌਤੀ ਮਰਦ ਪ੍ਰਧਾਨ ਸਮਾਜ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਾਦਾ ਭਰੂਣ ਹੱਤਿਆ ਨਾਲ ਸਮਾਜ, ਸੰਸਾਰ ਵਿਚ ਅਜਿਹਾ ਅਸੰਤੁਲਨ ਪੈਦਾ ਹੋਵੇਗਾ ਜਿਸ ਨਾਲ ਸਮਾਜਿਕ ਤਾਣਾ-ਬਾਣਾ ਉਲਝ ਕੇ ਰਹਿ ਜਾਵੇਗਾ। ਸਾਰੇ ਧਾਰਮਿਕ ਸੰਗਠਨ, ਸਵੈ-ਸੇਵੀ ਸੰਸਥਾਵਾਂ ਅਤੇ ਧਾਰਮਿਕ ਗੁਰੂ ਇਕੱਠੇ ਹੋ ਕੇ ਇਸ ਬੁਰਾਈ ਵਿਰੁੱਧ ਆਵਾਜ਼ ਉਠਾਈਏ।

-ਤਲਵਿੰਦਰ ਸ਼ਾਸਤਰੀ
ਮਾਲੇਰਕੋਟਲਾ।
ਮੋਬਾਈਲ : 94643-48258.

ਨੌਕਰੀ ਅਤੇ ਡੋਪ ਟੈਸਟ
ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਸਰਕਾਰੀ ਵਿਭਾਗਾਂ 'ਚ ਭਰਤੀ ਲਈ 'ਡੋਪ ਟੈਸਟ' ਪਾਸ ਕਰਨਾ ਲਾਜ਼ਮੀ ਕੀਤਾ ਗਿਆ ਹੈ। ਇਸ ਐਲਾਨ ਤੋਂ ਲਗਦਾ ਹੈ ਕਿ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰਦੀ ਹੈ।
ਪਰ ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ 2008-09 ਵਿਚ ਪੰਜਾਬ ਵਿਚ ਸ਼ਰਾਬ ਦੀ ਖਪਤ 19 ਕਰੋੜ ਬੋਤਲਾਂ ਸੀ, ਪਰ ਇਸ ਸਾਲ (2014-15) ਲਈ ਸ਼ਰਾਬ ਦੀ ਖਪਤ ਦਾ ਟੀਚਾ 33 ਕਰੋੜ ਬੋਤਲਾਂ ਮਿਥਿਆ ਗਿਆ ਹੈ। ਸਾਲ 2006 'ਚ ਪੰਜਾਬ ਵਿਚ 4912 ਸ਼ਰਾਬ ਦੇ ਠੇਕੇ ਸਨ ਪਰ 2013 'ਚ ਇਹ ਗਿਣਤੀ 12188 ਤੱਕ ਪਹੁੰਚ ਗਈ। ਸਰਕਾਰ ਨੂੰ ਸ਼ਰਾਬ ਤੋਂ ਆਮਦਨ 4000 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਪੰਜਾਬ ਦੇ ਸੈਂਕੜੇ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਠੇਕੇ ਬੰਦ ਕਰਨ, ਚੁਕਵਾਉਣ ਲਈ ਮਤੇ ਪਾਸ ਕਰ ਚੁੱਕੀਆਂ ਹਨ। ਪਰ ਇਨ੍ਹਾਂ ਮਤਿਆਂ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਕਿਉਂ ਤੁਰ ਰਹੀ ਹੈ? ਸਰਕਾਰ ਨੂੰ ਪਹਿਲਾਂ ਇਸਦਾ ਜਵਾਬ ਲੱਭ ਲੈਣਾ ਚਾਹੀਦਾ ਹੈ। ਦੂਸਰਾ ਇਹ ਵੀ ਕਿ ਫਿਰ ਤਾਂ ਵਿਧਾਇਕਾਂ, ਸੰਸਦ ਮੈਂਬਰਾਂ ਲਈ ਵੀ ਇਹ ਟੈਸਟ ਲਾਜ਼ਮੀ ਕਰ ਦੇਣਾ ਚਾਹੀਦਾ ਹੈ। ਨੌਜਵਾਨਾਂ ਦੀ ਸੋਚ ਉਸਾਰੂ ਬਣਾਉਣ, ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਭਰ ਦੇ ਪਿੰਡਾਂ 'ਚ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਜਦੋਂ ਨੌਜਵਾਨ ਪੀੜ੍ਹੀ 'ਚ ਚੰਗੇਰੇ ਵਿਚਾਰਾਂ ਦਾ ਸੰਚਾਰ ਹੋਵੇਗਾ, ਰੁਜ਼ਗਾਰ ਦਾ ਪ੍ਰਬੰਧ ਹੋਵੇਗਾ ਤਾਂ ਉਹ ਨਸ਼ਿਆਂ ਵੱਲ ਕਿਉਂ ਜਾਣਗੇ?

-ਰਣਦੀਪ ਸੰਗਤਪੁਰਾ
ਲਹਿਰਾਗਾਗਾ।
ਮੋਬਾਈਲ : 98556-95905.

ਡਾਕ ਵਿਭਾਗ ਨੂੰ ਬੇਨਤੀ
ਸਰਕਾਰੀ ਨਿਯਮਾਂ ਅਨੁਸਾਰ 5000 ਰੁਪਏ ਜਾਂ ਇਸ ਤੋਂ ਵੱਧ ਕਾਰ-ਵਿਹਾਰ ਕਰਨ ਲਈ ਇਕ ਰਸੀਦੀ ਟਿਕਟ ਦੀ ਵਰਤੋਂ ਕਰਨੀ ਜ਼ਰੂਰੀ ਹੈ। ਜਦੋਂ ਕਿਸੇ ਵਿਅਕਤੀ ਨੂੰ ਇਕ ਰਸੀਦੀ ਟਿਕਟ ਖ਼ਰੀਦਣ ਦੀ ਲੋੜ ਪੈਂਦੀ ਹੈ ਤਾਂ ਉਸ ਨੂੰ ਟਿਕਟ ਖ਼ਰੀਦਣ ਲਈ ਸਰਕਾਰੀ ਖ਼ਜ਼ਾਨਾ ਦਫ਼ਤਰ ਤਹਿਸੀਲ ਵਿਚ ਜਾਣਾ ਪੈਂਦਾ ਹੈ। ਇਕ ਰਸੀਦੀ ਟਿਕਟ ਖ਼ਰੀਦਣ ਲਈ ਇਕ ਆਮ ਆਦਮੀ ਨੂੰ ਜੋ ਪ੍ਰੇਸ਼ਾਨੀ ਹੁੰਦੀ ਹੈ ਉਹੀ ਜਾਣਦਾ ਹੈ। ਇਸ ਲਈ ਡਾਕ ਵਿਭਾਗ ਨੂੰ ਬੇਨਤੀ ਹੈ ਕਿ ਉਹ ਰਸੀਦੀ ਟਿਕਟਾਂ ਦੀ ਵਿਕਰੀ ਦਾ ਪ੍ਰਬੰਧ ਹਰ ਡਾਕਘਰ ਵਿਚ ਕਰਾਏ, ਤਾਂ ਜੋ ਇਕ ਆਮ ਆਦਮੀ ਨੂੰ ਇਕ ਰਸੀਦੀ ਟਿਕਟ ਖ਼ਰੀਦਣ ਲਈ ਖ਼ਜ਼ਾਨੇ ਦੇ ਦਫ਼ਤਰ ਨੂੰ ਨਾ ਭੱਜਣਾ ਪਵੇ। ਉਹ ਆਸਾਨੀ ਨਾਲ ਟਿਕਟ ਆਪਣੇ ਨੇੜੇ ਦੇ ਡਾਕਘਰ ਵਿਚੋਂ ਖ਼ਰੀਦ ਸਕਦਾ ਹੋਵੇ।

-ਸਤਿਆਪਾਲ ਅਰੋੜਾ
ਬਸਤੀ ਗੁਜ਼ਾਂ, ਜਲੰਧਰ ਸ਼ਹਿਰ।

21-11-2014

 ਦੁੱਧ 'ਚ ਮਿਲਾਵਟ

ਪਿਛਲੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਨੇ ਦੁੱਧ ਵਿਚ ਮਿਲਾਵਟ ਨੂੰ ਬੇਹੱਦ ਗੰਭੀਰ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਆਉਂਦੇ ਸੰਸਦ ਦੇ ਸੈਸ਼ਨ ਵਿਚ ਮਿਲਾਵਟਖੋਰਾਂ ਲਈ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਕਰਨ ਲਈ ਕਿਹਾ ਹੈ, ਜੋ ਕਿ ਸੁਪਰੀਮ ਕੋਰਟ ਦੀ ਬੇਹੱਦ ਸਰਾਹਨਯੋਗ ਟਿੱਪਣੀ ਹੈ, ਕਿਉਂਕਿ ਦੁੱਧ ਵਿਚ ਮਿਲਾਵਟਖੋਰੀ ਦਾ ਗੋਰਖਧੰਦਾ ਬਹੁਤ ਵਿਰਾਟ ਰੂਪ ਧਾਰਨ ਕਰ ਚੁੱਕਾ ਹੈ। ਅਵਾਮ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਹੁਣ ਤੱਕ ਜ਼ਿਆਦਾਤਰ ਮਿਲਾਵਟਖੋਰ ਜੇਕਰ ਪਕੜੇ ਵੀ ਜਾਂਦੇ ਸਨ ਤਾਂ ਕੁਝ ਕੁ ਜੁਰਮਾਨਾ ਦੇ ਕੇ ਛੁੱਟ ਜਾਂਦੇ ਸਨ। ਜਦੋਂ ਤੱਕ ਅਜਿਹੇ ਲੋਕਾਂ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੱਤੀਆਂ ਜਾਣਗੀਆਂ, ਉਦੋਂ ਤੱਕ ਹਾਲਤ ਵਿਚ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸਭ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਪੂਰੇ ਬਹੁਮਤ ਨਾਲ ਅਜਿਹਾ ਕਾਨੂੰਨ ਸੰਸਦ ਵਿਚ ਪਾਸ ਕਰਨ ਜਿਸ ਨਾਲ ਜਦੋਂ ਵੀ ਕੋਈ ਮਿਲਾਵਟ ਕਰਦਾ ਫੜਿਆ ਜਾਵੇ ਤਾਂ ਉਸ ਨੂੰ ਮਿਸਾਲੀ ਸਜ਼ਾ ਦਿੱਤੀ ਜਾ ਸਕੇ ਤਾਂ ਜੋ ਕੋਈ ਹੋਰ ਅਜਿਹਾ ਘਿਨਾਉਣਾ ਕੰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ। ਜੇਕਰ ਸਰਕਾਰ ਅਜੇ ਵੀ ਅਜਿਹਾ ਕਾਨੂੰਨ ਬਣਾਉਣ ਤੋਂ ਭੱਜ ਰਹੀ ਹੈ ਤਾਂ ਅਸਲ ਵਿਚ ਸਰਕਾਰ ਲੋਕਾਂ ਨੂੰ ਇਨਸਾਫ਼ ਦੇਣ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੋਵੇਗੀ।

-ਬਿਕਰਮਜੀਤ ਸਿੰਘ
ਭਾਦਸੋਂ (ਪਟਿਆਲਾ)।

ਧੀ ਦਾ ਮਹੱਤਵ

ਅੱਜਕਲ੍ਹ ਸਾਡੇ ਸਮਾਜ ਦੇ ਲੋਕ ਧੀਆਂ ਜੰਮਣ ਤੋਂ ਡਰ ਰਹੇ ਹਨ ਪਰ ਧੀਆਂ ਹੀ ਮਾਪਿਆਂ 'ਤੇ ਘੱਟ ਬੋਝ ਅਤੇ ਵੱਧ ਆਗਿਆਕਾਰ ਤੇ ਜ਼ਿੰਮੇਵਾਰ ਹੁੰਦੀਆਂ ਹਨ। ਅੱਜਕਲ੍ਹ ਧੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ 'ਚੋਂ ਘੱਟ ਨਹੀਂ ਹਨ। ਧੀਆਂ ਹੀ ਮਾਪਿਆਂ ਦੇ ਹਰ ਇਕ ਦੁੱਖ-ਸੁੱਖ ਵਿਚ ਆਪਣੇ ਮਾਂ-ਬਾਪ ਦਾ ਮੁੰਡਿਆਂ ਨਾਲੋਂ ਵਧ ਸਾਥ ਦਿੰਦੀਆਂ ਤੇ ਜ਼ਿੰਮੇਵਾਰ ਬਣਦੀਆਂ ਹਨ। ਭਾਵੇਂ ਉਹ ਸਹੁਰੇ ਘਰ ਵੀ ਚਲੀਆਂ ਜਾਂਦੀਆਂ ਹਨ ਪਰ ਫਿਰ ਵੀ ਉਨ੍ਹਾਂ ਦਾ ਮੋਹ ਆਪਣੇ ਮਾਂ-ਬਾਪ ਪ੍ਰਤੀ ਘੱਟ ਕਦੀ ਵੀ ਨਹੀਂ ਹੁੰਦਾ। ਧੀਆਂ ਏਨੀਆਂ ਪਿਆਰੀਆਂ ਮੋਹ ਭਿੱਜੀਆਂ ਅਤੇ ਪਿਆਰ ਦਾ ਸਮੁੰਦਰ ਹੁੰਦੀਆਂ ਹਨ ਪਰ ਫਿਰ ਵੀ ਉਸ ਨੂੰ ਜਨਮ ਤੋਂ ਪਹਿਲਾਂ ਹੀ ਕੁੱਖ 'ਚੋਂ ਖ਼ਤਮ ਕਿਉਂ ਕੀਤਾ ਜਾਂਦਾ ਹੈ? ਕਿਉਂ ਡਰ ਰਿਹਾ ਹੈ ਸਾਡਾ ਸਮਾਜ ਧੀ ਜੰਮਣ ਤੋਂ?

-ਮੋਨੂੰ ਅਰੋੜਾ
ਪਿੰਡ ਗਿੱਲ, ਨਜ਼ਦੀਕ ਖਾਨਪੁਰ ਢੱਡਾ, ਨਕੋਦਰ।

ਖੁਰ ਰਹੇ ਰਿਸ਼ਤੇ

ਜੇ ਅਜੋਕੇ ਸਮਾਜ ਵੱਲ ਨਜ਼ਰ ਮਾਰੀਏ ਤਾਂ ਸਵਾਰਥ ਦੇ ਪਾਣੀ ਵਿਚ ਖੁਰ ਰਹੇ ਰਿਸ਼ਤਿਆਂ ਦੀਆਂ ਖ਼ਬਰਾਂ ਅਖ਼ਬਾਰਾਂ ਦੇ ਮੁੱਖ ਪੰਨਿਆਂ ਦਾ ਸ਼ਿੰਗਾਰ ਬਣਦੀਆਂ ਹਨ। ਕਦੇ ਪਿਉ ਵੱਲੋਂ ਪੁੱਤਰ ਅਤੇ ਕਦੇ ਪੁੱਤਰ ਵੱਲੋਂ ਮਾਂ ਦਾ ਕਤਲ ਅਜਿਹਾ ਮਾਹੌਲ ਸਿਰਜ ਰਹੇ ਹਨ ਕਿ ਰਿਸ਼ਤਿਆਂ ਵਿਚੋਂ ਸਤਿਕਾਰ, ਪਿਆਰ, ਨਿਮਰਤਾ, ਮਿਠਾਸ ਅਤੇ ਹਲੀਮੀ ਜਿਵੇਂ ਖ਼ਤਮ ਹੀ ਹੋ ਗਈ ਹੋਵੇ ਤੇ ਮਾਨਵ ਹੰਕਾਰ, ਲੋਭ, ਦੰਭ ਅਤੇ ਸਵਾਰਥ ਵਿਚ ਹੀ ਫਸਿਆ ਹੋਵੇ।
ਅੱਜ ਸਮਾਜ ਵਿਚ ਸਕੂਲ, ਕਾਲਜ, ਮੰਦਿਰ, ਗੁਰਦੁਆਰਿਆਂ ਦੀ ਗਿਣਤੀ ਤਾਂ ਲਗਾਤਾਰ ਵਧ ਰਹੀ ਹੈ ਪਰ ਰਿਸ਼ਤਿਆਂ ਦੇ ਮੋਹ ਦਾ ਅਹਿਸਾਸ ਘਟ ਰਿਹਾ ਹੈ, ਕਿਉਂ? ਅੱਜਕਲ੍ਹ ਦਾ ਮਨੁੱਖ ਮਾਨਵੀ ਭਾਵਨਾਵਾਂ ਤੋਂ ਕੋਰਾ ਹੀ ਰਹਿ ਗਿਆ ਹੈ। ਇਥੋਂ ਤੱਕ ਕਿ ਇਕ ਛੱਤ ਹੇਠਾਂ ਰਹਿ ਰਹੇ ਮਾਂ-ਪਿਉ, ਭੈਣ-ਭਰਾ ਤੇ ਪਤੀ-ਪਤਨੀ ਵੀ ਏਨੇ ਸੁਆਰਥੀ ਬਣ ਗਏ ਹਨ ਕਿ ਇਕ ਵੱਲੋਂ ਦੂਜੇ ਦਾ ਦੁੱਖ-ਸੁੱਖ ਸਮਝਣ ਦੀ ਬਜਾਏ ਸਿਰਫ ਆਪਣੇ ਸਵਾਰਥ ਦੀ ਪੂਰਤੀ ਨੂੰ ਹੀ ਸਭ ਕੁਝ ਮੰਨਿਆ ਜਾ ਰਿਹਾ ਹੈ। ਪਦਾਰਥ ਹੀ ਇਨ੍ਹਾਂ ਦਾ ਧਰਮ ਅਤੇ ਰਿਸ਼ਤੇਦਾਰ ਬਣ ਗਏ ਹਨ।
ਪੰਜਾਬੀਓ! ਗੁਰੂਆਂ ਪੀਰਾਂ ਦੀ ਇਸ ਧਰਤੀ ਪੰਜਾਬ ਵਿਚ ਰਿਸ਼ਤਿਆਂ ਦਾ ਘਾਣ ਰੋਕੀਏ ਤੇ ਰਿਸ਼ਤਿਆਂ 'ਤੇ ਸੁਆਰਥ ਨੂੰ ਹਾਵੀ ਨਾ ਹੋਣ ਦੇਈਏ।

-ਪ੍ਰੋ: ਨਵਨੀਤ ਕੌਰ
ਅਸਿਸਟੈਂਟ ਪ੍ਰੋਫੈਸਰ (ਜੋਗਰਫੀ ਵਿਭਾਗ), ਲਾਇਲਪੁਰ ਖਾਲਸਾ ਕਾਲਜ, ਜਲੰਧਰ।

ਸਕੂਲੀ ਚੋਰੀਆਂ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਮਕਸਦ ਨਾਲ ਸਰਕਾਰੀ ਸਕੂਲਾਂ ਵਿਚ ਅਨੇਕਾਂ ਵਿਦਿਅਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਕੰਪਿਊਟਰ ਸਿੱਖਿਆ ਲਈ ਕੰਪਿਊਟਰ ਲੈਬਾਂ ਬਣਾ ਕੇ ਕੰਪਿਊਟਰ ਉਪਲੱਬਧ ਕਰਵਾਏ ਗਏ ਹਨ। ਦੁਪਹਿਰ ਦਾ ਖਾਣਾ ਬਣਾਉਣ ਲਈ ਮਹਿੰਗੇ ਬਰਤਨ, ਭੱਠੀਆਂ ਅਤੇ ਸਿਲੰਡਰਾਂ ਆਦਿ ਦੀ ਵਿਵਸਥਾ ਕੀਤੀ ਗਈ ਹੈ। ਹੁਣ ਜੇਕਰ ਇਸ ਦਾ ਦੂਸਰਾ ਪਾਸਾ ਦੇਖਿਆ ਜਾਵੇ ਤਾਂ ਏਨੀਆਂ ਕੀਮਤੀ ਚੀਜ਼ਾਂ ਦੀ ਰਾਤ ਸਮੇਂ ਰਖਵਾਲੀ ਲਈ ਜ਼ਿਆਦਾਤਰ ਸਕੂਲਾਂ ਵਿਚ ਚੌਕੀਦਾਰ ਨਹੀਂ ਹਨ। ਇਸੇ ਕਰਕੇ ਸਕੂਲਾਂ ਵਿਚ ਹੋ ਰਹੀਆਂ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧ ਰਿਹਾ ਹੈ। ਸੋ, ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਹਰੇਕ ਸਕੂਲ ਵਿਚ ਇਕ ਚੌਕੀਦਾਰ ਦੀ ਭਰਤੀ ਕਰਨੀ ਚਾਹੀਦੀ ਹੈ ਤਾਂ ਜੋ ਸਕੂਲ ਦੀ ਸੰਪਤੀ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕੇ।

-ਰਾਜਾ ਗਿੱਲ (ਚੜਿੱਕ)
ਮੋ: 94654-11585

19-11-2014

 ਅਵਾਰਾ ਕੁੱਤਿਆਂ ਦਾ ਡਰ
ਅਵਾਰਾ ਕੁੱਤਿਆਂ ਦੇ ਕਾਰਨ ਅੱਜ ਆਮ ਜਨਤਾ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਣਾ ਕਰਨਾ ਪੈ ਰਿਹਾ ਹੈ। ਕੁੱਤਿਆਂ ਦੁਆਰਾ ਵੱਢਣ ਦੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਕੁੱਤਿਆਂ ਦੇ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਬੜੀ ਪ੍ਰੇਸ਼ਾਨੀ ਹੁੰਦੀ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਆਮ ਜਨਤਾ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।

-ਸੇਵਾ ਰਾਮ ਬਰੇਟਾ
ਮੇਨ ਅਜੀਤ ਰੋਡ, ਬਠਿੰਡਾ।

ਪੰਜਾਬ ਨੂੰ ਸਮਰਪਿਤ ਹੋਈਏ
ਸ੍ਰੀ ਸਤਨਾਮ ਸਿੰਘ ਮਾਣਕ ਦਾ 'ਆਓ, ਪੰਜਾਬ ਨੂੰ ਮੁੜ ਤੋਂ ਸਮਰਪਿਤ ਹੋਈਏ' ਸਿਰਲੇਖ ਹੇਠ 'ਅਜੀਤ' 'ਚ ਲੇਖ ਪੜ੍ਹਿਆ ਜੋ ਕਿ ਹਰ ਸੂਝਵਾਨ ਤੇ ਚਿੰਤਤ ਪੰਜਾਬੀ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਜੇਕਰ ਇਸ ਲੇਖ ਨੂੰ ਸਾਡੀ ਸੂਬਾ ਸਰਕਾਰ ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਇਕ ਹਲੂਣਾ ਕਹਿ ਲਿਆ ਜਾਵੇ, ਤਾਂ ਕੋਈ ਗ਼ਲਤ ਨਹੀਂ ਹੋਵੇਗਾ। ਲੇਖਕ ਨੇ ਸੱਚ ਲਿਖਦਿਆਂ ਦੱਸਿਆ ਹੈ ਕਿ ਦੇਸ਼ ਦੇ ਅਨੇਕਾਂ ਰਾਜਾਂ 'ਚ ਬੜੇ ਚਾਵਾਂ ਤੇ ਮਲਾਰਾਂ ਨਾਲ ਆਪੋ-ਆਪਣੇ ਰਾਜ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ, ਜਦ ਕਿ ਅਸੀਂ ਪੰਜਾਬੀ ਲੋਕ ਅਨੇਕਾਂ ਸ਼ਹਾਦਤਾਂ ਦੇ ਕੇ ਲਏ ਸੂਬੇ ਦੀ ਸਥਾਪਨਾ ਦੇ ਹੱਕ ਨੂੰ ਆਪਣੇ ਚੇਤਿਆਂ 'ਚੋਂ ਹੀ ਵਿਸਾਰ ਚੁੱਕੇ ਹਾਂ, ਜੋ ਕਿ ਅਕ੍ਰਿਤਘਣਤਾ ਦੀ ਹੀ ਇਕ ਮਿਸਾਲ ਹੈ। ਜੇਕਰ ਅਸੀਂ ਗੰਭੀਰ ਅਲਾਮਤਾਂ ਤੋਂ ਛੁਟਕਾਰਾ ਪਾਉਣਾ ਅਤੇ ਆਪਣੇ ਵਜੂਦ ਤੇ ਪਛਾਣ ਨੂੰ ਜ਼ਿੰਦਾ ਰੱਖਣਾ ਹੈ ਤਾਂ ਸਾਨੂੰ ਆਪਣੇ ਵਿਰਸੇ, ਇਤਿਹਾਸ ਤੇ ਸੱਭਿਆਚਾਰ ਦੇ ਨਰੋਏ ਪੱਖਾਂ ਨੂੰ ਅਪਣਾਉਂਦੇ ਹੋਏ ਸਾਂਝੇ ਰੂਪ 'ਚ ਇਨ੍ਹਾਂ ਬੁਰਾਈਆਂ ਖਿਲਾਫ਼ ਲੱਕ ਬੰਨ੍ਹ ਕੇ ਸੰਘਰਸ਼ ਵਿੱਢਣਾ ਪਵੇਗਾ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਪਰਾਲੀ ਨੂੰ ਅੱਗ
ਅੱਜ ਦਾ ਕਿਸਾਨ ਜਾਗਰੂਕ ਵੀ ਹੈ ਅਤੇ ਵਾਤਾਵਰਨ ਪ੍ਰਤੀ ਚਿੰਤਤ ਵੀ। ਜਿਥੋਂ ਤੱਕ ਝੋਨੇ ਦੀ ਪਰਾਲੀ ਦੀ ਸਮੱਸਿਆ ਦਾ ਸਵਾਲ ਹੈ ਤਾਂ ਸਾਡੀ ਸਮਝ ਮੁਤਾਬਿਕ ਇਕੱਲਾ ਕਿਸਾਨ ਕੁਝ ਨਹੀਂ ਕਰ ਸਕਦਾ। ਝੋਨੇ ਦੀ ਪਰਾਲੀ ਨੂੰ ਖੇਤ 'ਚ ਵਾਹ ਕੇ ਅਗਲੀ ਫਸਲ ਲਈ ਜ਼ਮੀਨ ਤਿਆਰ ਕਰਨ ਤੇ ਦੁੱਗਣਾ ਖਰਚ ਆਉਂਦਾ ਹੈ। ਮਹਿੰਗਾਈ ਨੇ ਤਾਂ ਪਹਿਲਾਂ ਹੀ ਜ਼ਿਮੀਂਦਾਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਅਸੀਂ ਸੂਬਾ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀ ਇਸ ਪਰਾਲੀ ਸਾੜਨ ਦੀ ਸਮੱਸਿਆ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਜਿੰਨਾ ਚਿਰ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਬਦਲਵੇਂ ਤੇ ਕਾਰਗਰ ਪ੍ਰਬੰਧ ਨਹੀਂ ਕੀਤੇ ਜਾਂਦੇ, ਉਦੋਂ ਤੱਕ ਕਿਸਾਨਾਂ ਨੂੰ ਮਜਬੂਰਨ ਪਰਾਲੀ ਸਾੜਨੀ ਹੀ ਪਵੇਗੀ।

-ਸੁਖਦਰਸ਼ਨ ਸਿੰਘ ਬਾਈ
ਪੱਤੋ ਹੀਰਾ ਸਿੰਘ (ਮੋਗਾ)।

ਕੈਂਸਰ ਰੋਕੂ ਯਤਨ
ਅੱਜ ਦੇ ਸਮੇਂ ਲੋੜ ਇਸ ਗੱਲ ਦੀ ਹੈ ਕਿ ਕੈਂਸਰ ਵਿਰੁੱਧ ਯਤਨਾਂ ਨੂੰ ਸਾਂਝੇ ਤੌਰ 'ਤੇ ਰਾਜਨੀਤੀ ਜਾਂ ਹੋਰ ਛੋਟੇ-ਵੱਡੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਅਮਲੀ ਰੂਪ ਦਿੱਤਾ ਜਾਵੇ। ਕੈਂਸਰ ਦੇ ਇਲਾਜ ਦਾ ਇਕ ਗੰਭੀਰ ਪੱਖ ਇਹ ਵੀ ਹੈ ਕਿ ਇਸ ਦਾ ਇਲਾਜ ਕਾਫੀ ਮਹਿੰਗਾ ਹੈ, ਜੋ ਕਿ ਸਾਧਾਰਨ ਆਦਮੀ ਦੇ ਵਿੱਤੋਂ ਬਾਹਰ ਦੀ ਗੱਲ ਹੈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਵੀ ਕੈਂਸਰ ਪੀੜਤਾਂ ਦੀ ਵਿੱਤੀ ਸਹਾਇਤਾ ਕਰਨੀ ਸ਼ੁਰੂ ਕੀਤੀ ਹੋਈ ਹੈ, ਜੋ ਕਿ ਸਰਾਹਨਾਯੋਗ ਉਪਰਾਲਾ ਹੈ। ਸਰਕਾਰ ਵੱਲੋਂ ਇਸ ਦਿਸ਼ਾ ਵਿਚ ਜਿੰਨੇ ਠੋਸ ਉਪਰਾਲੇ ਕੀਤੇ ਜਾਣੇ ਬਣਦੇ ਹਨ, ਓਨੇ ਸਪੱਸ਼ਟ ਰੂਪ ਵਿਚ ਦਿਖਾਈ ਨਹੀਂ ਦੇ ਰਹੇ। ਲੋੜ ਇਸ ਗੱਲ ਦੀ ਹੈ ਕਿ ਹੇਠਲੇ ਪੱਧਰ ਤੱਕ ਸਰਕਾਰੀ ਸਹੂਲਤ ਮੁਹੱਈਆ ਕਰਵਾਈ ਜਾਏ।

-ਬਿਕਰਮਜੀਤ ਸਿੰਘ 'ਭਾਦਸੋਂ'
ਮੋ: 94176-96570

18-11-2014

 ਜਾਅਲੀ ਪੈਨਸ਼ਨਾਂ
ਲੋੜਵੰਦ ਵਰਗਾਂ ਦੇ ਜੀਵਨ ਵਿਚ ਅਹਿਮ ਰੋਲ ਅਦਾ ਕਰਦੀਆਂ ਸਰਕਾਰਾਂ ਦੀਆਂ ਯੋਜਨਾਵਾਂ ਅਤੇ ਉਨ੍ਹਾਂ ਦੇ ਗੁਜ਼ਾਰੇ ਲਈ ਦਿੱਤੀ ਜਾਂਦੀ ਮਹੀਨਾਵਾਰੀ ਪੈਨਸ਼ਨ ਦਾ ਅੱਜ ਲਾਭ ਕੋਈ ਹੋਰ ਹੀ ਲੈ ਰਿਹਾ ਹੈ। ਅੱਜ ਵੀ ਗਰੀਬਾਂ ਦੀ ਕੋਈ ਸੁਣਵਾਈ ਨਹੀਂ। ਸਰਕਾਰ ਦੁਆਰਾ ਚਲਾਈਆਂ ਸਕੀਮਾਂ ਦਾ ਲਾਭ ਉਨ੍ਹਾਂ ਤੱਕ ਘੱਟ ਤੇ ਵੱਡੇ ਆਕਾਵਾਂ ਨੂੰ ਵੱਧ ਪਹੁੰਚਦਾ ਹੈ। ਮੱਧ ਵਰਗ ਦੇ ਲੋਕਾਂ ਲਈ ਬਣੀਆਂ ਸਕੀਮਾਂ 'ਤੇ ਅੱਜ ਮੋਹਤਬਾਰ ਤੇ ਉਨ੍ਹਾਂ ਦੇ ਸੰਬੰਧੀ ਡਾਕਾ ਮਾਰਨ ਲੱਗ ਪਏ ਹਨ, ਜਿਸ ਕਾਰਨ ਮੱਧ ਵਰਗੀ ਲੋਕਾਂ ਦੀ ਜ਼ਿੰਦਗੀ ਦਿਨ-ਪ੍ਰਤੀ ਦਿਨ ਨਿੱਘਰਦੀ ਜਾ ਰਹੀ ਹੈ। ਆਪਣੇ-ਆਪ ਨੂੰ ਜ਼ਮੀਨਾਂ-ਜਾਇਦਾਦਾਂ ਦੇ ਮਾਲਕ ਅਖਵਾਉਣ ਵਾਲੇ ਤੇ ਚੰਗੀਆਂ ਕੋਠੀਆਂ ਵਿਚ ਰਹਿਣ ਵਾਲੇ ਲੋਕ ਵੀ ਅੱਜ ਬੁਢਾਪਾ ਪੈਨਸ਼ਨਾਂ ਵਰਗੀਆਂ ਸਕੀਮਾਂ ਦਾ ਲਾਭ ਉਠਾ ਰਹੇ ਹਨ। ਇਕ ਸਰਵੇਖਣ ਅਨੁਸਾਰ 70 ਹਜ਼ਾਰ ਦੇ ਕਰੀਬ ਲੋਕ ਜਾਅਲੀ ਤੇ ਸ਼ੱਕੀ ਪੈਨਸ਼ਨਰ ਹਨ, ਜੋ ਸਰਕਾਰੀ ਖਜ਼ਾਨੇ ਨੂੰ ਹਰ ਮਹੀਨੇ ਕਰੋੜਾਂ ਦਾ ਚੂਨਾ ਲਗਾ ਰਹੇ ਹਨ।

-ਸੋਨੂੰ ਸ਼ਰਮਾ
ਕੋਟ ਈਸੇ ਖਾਂ (ਮੋਗਾ)।

ਮਿਲਾਵਟਖੋਰਾਂ ਨੂੰ ਸਜ਼ਾ ਮਿਲੇ
ਪਿਛਲੇ ਸਮੇਂ ਵਿਚ ਸਿਹਤ ਵਿਭਾਗ ਪੰਜਾਬ ਵੱਲੋਂ ਸਮੇਂ-ਸਮੇਂ 'ਤੇ ਮਿਲਾਵਟਖੋਰਾਂ ਖਿਲਾਫ਼ ਕਾਰਵਾਈ ਕੀਤੀ ਜਾਂਦੀ ਰਹੀ ਹੈ। ਪਰ ਇਸ ਬੁਰਾਈ ਤੋਂ ਪੰਜਾਬ ਨੂੰ ਨਿਜਾਤ ਮਿਲਣ ਦੇ ਕੋਈ ਸਾਰਥਿਕ ਸਿੱਟੇ ਸਾਹਮਣੇ ਨਹੀਂ ਆ ਰਹੇ। ਮਿਲਾਵਟਖੋਰੀ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਸਾਲ 2006 ਵਿਚ ਇਕ ਖੁਰਾਕ ਸੁਰੱਖਿਆ ਅਤੇ ਮਾਨਕ (ਸਟੈਂਡਰਡਜ਼) ਐਕਟ ਬਣਾਇਆ ਸੀ, ਜੋ ਕਿ ਸਾਲ 2011 ਵਿਚ ਲਾਗੂ ਕਰ ਦਿੱਤਾ ਸੀ। ਇਸ ਐਕਟ ਤਹਿਤ ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾ ਤੇ ਭਾਰੀ ਜੁਰਮਾਨੇ ਦੀ ਗੱਲ ਕੀਤੀ ਗਈ ਹੈ। ਇਸ ਐਕਟ ਦੇ ਲਾਗੂ ਹੋਣ ਨਾਲ ਦੇਸ਼ ਦੀ ਜਨਤਾ ਇਹ ਮੰਨਣ ਲੱਗੀ ਸੀ ਕਿ ਹੁਣ ਉਸ ਨੂੰ ਖੁਰਾਕੀ ਪਦਾਰਥ ਮਿਲਾਵਟ ਰਹਿਤ ਮਿਲਣਗੇ। ਪਰ ਅਜਿਹਾ ਨਹੀਂ ਹੋਇਆ। ਦੁੱਖ ਇਸ ਗੱਲ ਦਾ ਹੈ ਕਿ ਨਿੱਤ ਦਿਨ ਖੁਰਾਕੀ ਪਦਾਰਥਾਂ 'ਚ ਮਿਲਾਵਟੀ ਦੇ ਮਾਮਲੇ ਤਾਂ ਸਾਹਮਣੇ ਆ ਰਹੇ ਹਨ ਪਰ ਮਿਲਾਵਟਖੋਰਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣ ਦਾ ਕਦੇ ਮਾਮਲਾ ਸਾਹਮਣੇ ਨਹੀਂ ਆਇਆ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਪਾਣੀ ਦੀ ਸੰਭਾਲ
ਅੱਜ ਸਾਡੇ ਪੰਜਾਬ ਵਿਚ ਪਾਣੀ ਦਾ ਪੱਧਰ ਦਿਨ-ਪ੍ਰਤੀ ਦਿਨ ਥੱਲੇ ਡਿੱਗ ਰਿਹਾ ਹੈ। ਲੋੜ ਹੈ ਸਾਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ। ਪਾਣੀ ਦੀ ਸੰਭਾਲ ਵਿਚ ਸਾਡੇ ਕਿਸਾਨ ਵੀਰ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹਨ। ਕਿਸਾਨ ਵੀਰੋ ਆਓ! ਅਸੀਂ ਰਵਾਇਤੀ ਫ਼ਸਲਾਂ ਛੱਡ ਕੇ ਅਸੀਂ ਹੋਰ ਫ਼ਸਲਾਂ ਜਿਵੇਂ ਗੰਨਾ, ਮੱਕੀ, ਆਲੂ, ਸਬਜ਼ੀਆਂ ਆਦਿ ਦੀ ਕਾਸ਼ਤ ਕਰੀਏ। ਜੇ ਅਸੀਂ ਝੋਨੇ ਦੀ ਗੱਲ ਕਰੀਏ ਤਾਂ ਇਸ ਵਿਚੋਂ ਬਾਸਮਤੀ ਕਿਸਮ-1509 ਕਿਸਮ-1121 ਵਰਗੀਆਂ ਕਿਸਮਾਂ ਬਹੁਤ ਲਾਹੇਵੰਦ ਸਾਬਤ ਹੋਈਆਂ ਹਨ। ਬਾਸਮਤੀ ਦੀ ਕਾਸ਼ਤ ਘੱਟ ਪਾਣੀ ਲੈਂਦੀ ਹੈ ਤੇ ਸਾਨੂੰ ਆਰਥਿਕ ਪੱਖ ਤੋਂ ਵੀ ਮਜ਼ਬੂਤ ਕਰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਵੀ ਇਕ ਲਾਹੇਵੰਦ ਤਰੀਕਾ ਹੈ, ਜਿਸ ਵਿਚ ਪਾਣੀ ਦੀ ਕਾਫੀ ਬੱਚਤ ਹੋ ਜਾਂਦੀ ਹੈ। ਇਸ ਤਰੀਕੇ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਕਿਸਾਨ ਵੀਰੋ ਫ਼ਸਲਾਂ ਬੀਜਣ ਤੋਂ ਪਹਿਲਾਂ ਮਾਹਿਰ ਡਾਕਟਰਾਂ ਦੀ ਸਲਾਹ ਜ਼ਰੂਰ ਲਵੋ। ਇਨ੍ਹਾਂ ਨਾਲ ਹਮੇਸ਼ਾ ਰਾਬਤਾ ਬਣਾਈ ਰੱਖੋ।

-ਗੁਰਦੀਪ ਸਿੰਘ
ਬਾਹਮਣੀਆਂ, ਜਲੰਧਰ।

17-11-2014

 ਡਾਕਟਰਾਂ ਦੀ ਚਾਂਦੀ
ਭਾਵੇਂ ਪੰਜਾਬ ਸਰਕਾਰ ਨੇ ਪਰਾਲ਼ੀ ਨੂੰ ਅੱਗ ਲਾਉਣ ਤੋਂ ਮਨਾਹੀ ਕੀਤੀ ਹੋਈ ਹੈ ਪਰ ਪੰਜਾਬ ਸਰਕਾਰ ਦੇ ਇਸ ਹੁਕਮ 'ਤੇ ਅਮਲ ਹੋਇਆ ਕਿਤੇ ਨਜ਼ਰ ਨਹੀਂ ਆਉਂਦਾ ਅਤੇ ਦਿਨ ਦਿਹਾੜੇ ਲੋਕਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਕਈ ਵਾਰ ਰਾਹਗੀਰਾਂ ਲਈ ਇਹ ਅੱਗ ਮੁਸੀਬਤ ਬਣ ਜਾਂਦੀ ਹੈ ਅਤੇ ਪਰਾਲ਼ੀ ਦੀ ਅੱਗ ਤੋਂ ਨਿਕਲਿਆ ਜ਼ਹਿਰੀਲਾ ਧੂੰਆਂ ਅਨੇਕਾਂ ਹੀ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਅਤੇ ਆਮ ਦੇਖਿਆ ਗਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲ਼ੀ ਨੂੰ ਲਗਾਈ ਗਈ ਅੱਗ ਦੇ ਧੂੰਏਂ ਤੋਂ ਚੰਗਾ ਭਲਾ ਬੰਦਾ ਵੀ ਖੰਘ ਅਤੇ ਜ਼ੁਕਾਮ ਦਾ ਮਰੀਜ਼ ਹੋ ਜਾਂਦਾ ਹੈ ਅਤੇ ਡਾਕਟਰਾਂ ਕੋਲ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਝੋਨੇ ਦੇ ਸੀਜ਼ਨ ਵਿਚ ਡਾਕਟਰਾਂ ਦੀ ਚਾਂਦੀ ਹੁੰਦੀ ਹੈ ਅਤੇ ਪੰਜਾਬ ਸਰਕਾਰ ਨੂੰ ਇਸਦਾ ਬਦਲਵਾਂ ਹੱਲ ਕੱਢਣਾ ਚਾਹੀਦਾ ਹੈ।

-ਕੇਵਲ ਸਿੰਘ ਬਾਠਾਂ
ਅਮਰਗੜ੍ਹ ਸੰਗਰੂਰ।

ਪੰਚਾਇਤਾਂ ਦਾ ਆਡਿਟ
ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਦਾ ਪ੍ਰਾਈਵੇਟ ਸੀ.ਏ. ਤੋਂ ਆਡਿਟ ਕਰਵਾਉਣ ਦੇ ਫ਼ੈਸਲੇ ਖ਼ਿਲਾਫ਼ ਸੂਬੇ ਦੀਆਂ ਸਮੁੱਚੀਆਂ ਪੰਚਾਇਤਾਂ ਦਾ ਕੰਮਕਾਜ ਠੱਪ ਹੈ ਅਤੇ ਸਰਪੰਚ, ਪੰਚ, ਪੰਚਾਇਤ ਸਕੱਤਰ, ਬੀ.ਡੀ.ਪੀ.ਓਜ਼ ਵੱਲੋਂ ਆਰੰਭ ਕੀਤੀ ਕਲਮ ਛੋੜ ਹੜਤਾਲ ਜਾਰੀ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਪੰਚਾਇਤ ਯੂਨੀਅਨ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਹ ਸੰਘਰਸ਼ ਯੂਨੀਅਨ ਅਨੁਸਾਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਸਰਕਾਰ ਆਪਣਾ ਇਹ ਫ਼ੈਸਲਾ ਵਾਪਸ ਨਹੀਂ ਲੈਂਦੀ। ਜਿੱਥੇ ਸਰਕਾਰ ਪੰਚਾਇਤੀ ਨੁਮਾਇੰਦਿਆਂ ਨੂੰ ਮਾਣ-ਸਨਮਾਨ ਦੇਣ ਦੀ ਗੱਲ ਕਰ ਰਹੀ ਹੈ, ਉੱਥੇ ਇਨ੍ਹਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ। ਸ਼ਾਂਤਮਈ ਰੋਸ ਧਰਨਿਆਂ 'ਚ ਸ਼ਾਮਿਲ ਸਰਪੰਚਾਂ, ਪੰਚਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਭਾਵੇਂ ਪਿੰਡਾਂ ਦੀਆਂ ਪੰਚਾਇਤਾਂ ਸਰਕਾਰ ਦੀ ਰੀੜ੍ਹ ਦੀ ਹੱਡੀ ਹੋਇਆ ਕਰਦੀਆਂ ਹਨ ਪਰ ਪੰਜਾਬ ਸਰਕਾਰ ਪੰਚਾਇਤਾਂ ਨਾਲ ਮਜ਼ਾਕ ਕਰ ਰਹੀ ਹੈ।

-ਸੁਖਵਿੰਦਰ ਕਲੇਰ ਬੱਸੀਆਂ
ਲੁਧਿਆਣਾ।

ਬੇਰੁਜ਼ਗਾਰੀ
ਬੇਰੁਜ਼ਗਾਰੀ ਦੂਰ ਕਰਨ ਜਾਂ ਬੇਰੁਜ਼ਗਾਰਾਂ ਨੂੰ ਬਣਦਾ ਭੱਤਾ ਦੇਣ ਦੇ ਉਦੇਸ਼ ਨਾਲ ਖੋਲ੍ਹੇ ਰੁਜ਼ਗਾਰ ਦਫ਼ਤਰ ਜਿੱਥੇ ਅਮਲੀ ਤੌਰ 'ਤੇ ਸਰਕਾਰੀ ਤੰਤਰ ਦਾ ਇਕ ਅਰਥਹੀਣ ਹਿੱਸਾ ਬਣ ਕੇ ਰਹਿ ਗਏ ਹਨ ਤਾਂ ਮੌਕਾ ਹੈ ਕਿ ਹੁਣ ਸਰਕਾਰੀ ਅਤੇ ਨਿੱਜੀ ਪੱਧਰ 'ਤੇ ਇਹ ਗੱਲ ਤਸਲੀਮ ਵੀ ਕਰ ਲਈ ਜਾਵੇ ਕਿ ਹਰ ਵਿਅਕਤੀ ਨੂੰ ਉਸ ਦੀ ਇੱਛਾ ਦੇ ਮੁਤਾਬਿਕ ਰੁਜ਼ਗਾਰ ਮੁਹੱਈਆ ਕਰਵਾਉਣਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਰਹੀ। ਸਾਰੀ ਖੋਟ ਅਸਲ ਵਿਚ ਦੇਸ਼ ਦੇ ਵਿੱਦਿਅਕ ਢਾਂਚੇ ਦੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੀ ਵਿੱਦਿਅਕ ਵਿਉਂਤਬੰਦੀ ਕੀਤੀ ਜਾਵੇ ਕਿ ਅਗਲੇ ਦਸਾਂ ਸਾਲਾਂ ਵਿਚ ਦੇਸ਼ ਨੂੰ ਲੋੜੀਂਦੇ ਵੱਖ-ਵੱਖ ਖੇਤਰਾਂ ਦੇ ਮਾਹਿਰ ਅਤੇ ਗ਼ੈਰ-ਮਾਹਿਰ ਵਿਅਕਤੀਆਂ ਦੀ ਪੈਣ ਵਾਲੀ ਲੋੜ ਦਾ ਪੇਸ਼ਗੀ ਅੰਦਾਜ਼ਾ ਲੱਗਾ ਲਿਆ ਜਾਵੇ ਅਤੇ ਫਿਰ ਵਿੱਦਿਅਕ ਅਦਾਰਿਆਂ ਦੀਆਂ ਸੀਟਾਂ ਵੀ ਇਨ੍ਹਾਂ ਦੀ ਲੋੜ ਅਨੁਸਾਰ ਹੀ ਸੀਮਤ ਰੱਖੀਆਂ ਜਾਣ। ਜੇ ਸਰਕਾਰਾਂ ਅਜਿਹਾ ਨਹੀਂ ਕਰਦੀਆਂ ਤਾਂ ਛੇਤੀ ਹੀ ਆਮ ਲੋਕਾਂ ਦੇ ਮਨਾਂ ਵਿਚੋਂ ਵਿੱਦਿਆ ਦੀ ਅਹਿਮੀਅਤ ਖ਼ਤਮ ਹੋ ਜਾਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ।

-ਅਸਮਾ ਚੌਹਾਨ
ਮਾਲੇਰਕੋਟਲਾ।

ਰੁੱਖਾਂ ਦੀ ਸੰਭਾਲ
ਵਾਤਾਵਰਨ ਦੇ ਪ੍ਰਦੂਸ਼ਣ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮਨੁੱਖ ਦੁਆਰਾ ਵਿਕਾਸ ਦੇ ਨਾਂਅ 'ਤੇ ਅੰਨ੍ਹੇਵਾਹ ਦਰੱਖਤਾਂ ਦੀ ਕਟਾਈ ਕਰਕੇ ਵਾਤਾਵਰਨ ਨੂੰ ਵਿਗਾੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਗੰਧਲੇ ਪੌਣ-ਪਾਣੀ ਨੇ ਅਨੇਕਾਂ ਨਾਮੁਰਾਦ ਬਿਮਾਰੀਆਂ ਨੂੰ ਜਨਮ ਦਿੱਤਾ ਹੈ ਤੇ ਕੁਦਰਤ ਵੱਲੋਂ ਬਣਾਏ ਗਏ ਮੌਸਮੀ ਸੰਤੁਲਨ ਨੂੰ ਵਿਗਾੜ ਦਿੱਤਾ ਹੈ। ਖੇਤੀ ਵਿਚ ਬੇਲੋੜੀ ਰਸਾਇਣਕ ਖਾਦਾਂ ਦੀ ਵਰਤੋਂ ਤੇ ਸਨਅਤੀ ਪਾਣੀ ਨੇ ਹਵਾ, ਪੌਣ-ਪਾਣੀ ਤੇ ਮਿੱਟੀ ਨੂੰ ਹੱਦ ਦਰਜੇ ਤੱਕ ਪਲੀਤ ਕਰ ਦਿੱਤਾ ਹੈ। ਵਾਤਵਰਨ ਨੂੰ ਪ੍ਰਦੂਸ਼ਣ ਤੋਂ ਰੋਕਣ ਲਈ ਪੂਰੇ ਸਮਾਜ ਨੂੰ ਇਕੱਠੇ ਹੋ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਰੁੱਖਾਂ ਦੀ ਸਾਂਭ-ਸੰਭਾਲ ਕਰਕੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਇਕ ਸ਼ਲਾਘਾਯੋਗ ਕਦਮ ਉਠਾਉਣਾ ਚਾਹੀਦਾ ਹੈ।

-ਮਨਿੰਦਰ ਸਿੰਘ ਰਾਜੂ
ਧਨੌਲਾ ਰੋਡ, ਬਰਨਾਲਾ।

11-11-2014

 ਕਿਸਾਨੀ ਸੰਕਟ

ਦੇਸ਼ ਦਾ ਕਿਸਾਨ ਅੱਜ ਗੰਭੀਰ ਸੰਕਟ ਦਾ ਸ਼ਿਕਾਰ ਹੈ। ਮਿਹਨਤ ਨਾਲ ਪਾਲੀ ਫ਼ਸਲ ਕੁਦਰਤੀ ਸੰਕਟ ਤੋਂ ਬਚੀ ਮੰਡੀ ਪਹੁੰਚ ਜਾਵੇ ਤਾਂ ਸਮੇਂ ਸਿਰ ਕਿਸਾਨ ਨੂੰ ਉਸ ਦੀ ਅਦਾਇਗੀ ਨਹੀਂ ਹੁੰਦੀ। ਫ਼ਸਲ ਨੂੰ ਪਾਲਣ ਲਈ ਕਿਸਾਨ ਨੂੰ ਕਰਜ਼ੇ ਦਾ ਸਹਾਰਾ ਲੈਣਾ ਪੈਂਦਾ ਹੈ। ਕਰਜ਼ ਦੀ ਅਦਾਇਗੀ ਤਾਂ ਹੀ ਸੰਭਵ ਹੈ ਜੇਕਰ ਸਮੇਂ ਸਿਰ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਮਿਲੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਹੀ ਪੈਸੇ ਦਾ ਇੰਤਜ਼ਾਮ ਕਰ ਲਿਆ ਜਾਵੇ ਤੇ ਫ਼ਸਲ ਵੇਚਣ ਵਾਲੇ ਦਿਨ ਹੀ ਅਦਾਇਗੀ ਕੀਤੀ ਜਾ ਸਕੇ।

-ਦਿਲਪ੍ਰੀਤ ਕਾਹਲੋਂ
ਪਿੰਡ ਸਹਿਗਾ (ਦਸੂਹਾ)।
ਮੋਬਾਈਲ : 94637-73991.

ਚਾਈਨਾ ਬਾਜ਼ਾਰ

ਇਹ ਹੈਰਾਨੀਜਨਕ ਵਰਤਾਰਾ ਹੈ ਕਿ ਚੀਨ ਹਮੇਸ਼ਾ ਭਾਰਤ ਨਾਲ ਲੱਗਦੀ ਅੰਤਰਰਾਸ਼ਟਰੀ ਸੀਮਾ ਉੱਪਰ ਦਬਾਅ ਬਣਾਈ ਰੱਖਦਾ ਹੈ ਅਤੇ ਸਾਡੇ ਘਰੇਲੂ ਬਾਜ਼ਾਰ ਉੱਪਰ ਵੀ ਕਬਜ਼ਾ ਜਮਾਈ ਬੈਠਾ ਹੈ। ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਅਨੁਸਾਰ ਉਹ ਦੁਨੀਆ ਵਿਚ ਆਪਣੀ ਹਰ ਘਟੀਆ ਚੀਜ਼ ਵੇਚਣ ਲਈ ਸਫ਼ਲ ਵੀ ਹੋਇਆ ਹੈ। ਭਾਰਤ ਉਸ ਲਈ ਦੁਨੀਆ ਦੀ ਸਭ ਤੋਂ ਵੱਡੀਮੰਡੀ ਹੈ, ਜਿੱਥੇ ਸਭ ਕੁਝ ਅਸਾਨੀ ਨਾਲ ਵਿਕ ਜਾਂਦਾ ਹੈ। ਇਹ ਸਚਾਈ ਹੈ ਕਿ ਉਸ ਨੂੰ ਆਪਣੀ ਵਿਸ਼ਾਲ ਫ਼ੌਜ ਦਾ ਖ਼ਰਚ ਚਲਾਉਣ ਲਈ ਇਹ ਸਭ ਕੁਝ ਕਰਨਾ ਪੈਂਦਾ ਹੈ, ਵਰਨਾ ਉਸ ਦੀ ਹਾਲਤ ਵੀ ਸੋਵੀਅਤ ਸੰਘ (ਰੂਸ ਗਣਰਾਜ) ਵਰਗੀ ਹੋ ਸਕਦੀ ਹੈ। ਬਹੁਤ ਹੀ ਗੰਭੀਰ ਮਸਲਾ ਹੈ ਕਿ ਭਾਰਤੀ ਬਾਜ਼ਾਰਾਂ ਵਿਚ ਵਿਕ ਰਹੀ ਚਾਇਨਾ ਡੋਰ ਨੇ ਕਈ ਕੀਮਤੀ ਜਾਨਾਂ ਲਈਆਂ ਹਨ। ਚੀਨ ਦੀਵਾਲੀ ਉੱਪਰ ਵੀ ਹਰ ਤਰ੍ਹਾਂ ਦੀ ਘਟੀਆ ਸਮੱਗਰੀ ਪਟਾਕੇ, ਫੁਲਝੜੀਆਂ, ਚੱਕੀਆਂ, ਅਨਾਰ ਅਤੇ ਆਤਿਸ਼ਬਾਜ਼ੀ ਵੇਚਣ ਵਿਚ ਵੀ ਸਫ਼ਲ ਰਿਹਾ ਹੈ। ਹਰ ਸੁਚੇਤ ਤੇ ਜਾਗਰੂਕ ਮਨੁੱਖ ਇਹ ਸੋਚਣ ਲਈ ਮਜਬੂਰ ਹੈ ਕਿ ਚੀਨ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਭਾਰਤ ਵਿਚ ਪ੍ਰਦੂਸ਼ਣ ਵੀ ਫੈਲਾ ਰਿਹਾ ਹੈ ਅਤੇ ਸਾਡੀਆਂ ਕੀਮਤੀ ਜਾਨਾਂ ਵੀ ਲੈ ਰਿਹਾ ਹੈ ਤੇ ਸਰਹੱਦ ਉੱਪਰ ਸਾਨੂੰ ਅੱਖਾਂ ਵੀ ਦਿਖਾ ਰਿਹਾ ਹੈ। ਇਸ ਵਰਤਾਰੇ ਨੂੰ ਰੋਕਣਾ ਅਤਿ ਜ਼ਰੂਰੀ ਹੈ। ਇਸ ਲਈ ਹਰ ਭਾਰਤੀ ਨਾਗਰਿਕ ਨੂੰ ਚੀਨੀ ਸਾਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ।

-ਕੇ. ਐਸ. ਅਮਰ
ਮੋਬਾਈਲ : 94175-87207.

ਖਾਣ ਵਾਲੀਆਂ ਵਸਤਾਂ 'ਚ ਮਿਲਾਵਟ

ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਲੇਖ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਬਾਰੇ ਪੜ੍ਹਿਆ। ਆਪਣੇ ਨਿੱਜੀ ਸਵਾਰਥ ਨੂੰ ਮੁੱਖ ਰੱਖ ਕੇ ਛੇਤੀ-ਛੇਤੀ ਅਮੀਰ ਬਣਨ ਵਾਸਤੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਮਿਲਾਵਟ ਕਰਨੀ ਅਤਿ ਘ੍ਰਿਣਤ ਧੰਦਾ ਹੀ ਨਹੀਂ ਮਹਾਂ-ਅਪਰਾਧ ਅਤੇ ਦੇਸ਼ ਧ੍ਰੋਹ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਪਾਣੀ ਮਿਲਿਆ ਦੁੱਧ ਪੀ ਕੇ ਤਾਂ ਲੋਕ ਬਚ ਜਾਂਦੇ ਸਨ ਪਰ ਹੁਣ ਜੋ ਕੈਮੀਕਲ ਤਰੀਕਿਆਂ ਨਾਲ ਦੁੱਧ ਤਿਆਰ ਕਰਕੇ ਅਤੇ ਨਕਲੀ ਖੋਇਆ, ਘਿਓ ਅਤੇ ਪਨੀਰ ਆਦਿ ਤਿਆਰ ਕਰਕੇ ਜੋ ਲੋਕਾਂ ਨੂੰ ਪਿਆਇਆ ਤੇ ਖੁਆਇਆ ਜਾ ਰਿਹਾ ਹੈ, ਉਹ ਲੋਕਾਂ ਨੂੰ ਮੌਤ ਪਿਲਾਈ ਅਤੇ ਖਿਲਾਈ ਜਾ ਰਹੀ ਹੈ। ਇੰਜ ਕਰਨ ਵਾਲੇ ਮੌਤ ਦੇ ਸੌਦਾਗਰਾਂ ਨੂੰ, ਫੜਨ ਅਤੇ ਸਜ਼ਾ ਦੇਣ ਵਾਸਤੇ ਸਰਕਾਰ ਨੂੰ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ।
ਇਸੇ ਤਰ੍ਹਾਂ ਹੀ ਨਕਲੀ ਦਵਾਈਆਂ ਤਿਆਰ ਕਰਨ ਅਤੇ ਵੇਚਣ ਵਾਲਿਆਂ ਨੂੰ ਅਤੇ ਖਾਣ-ਪੀਣ ਦੀਆਂ ਹੋਰ ਚੀਜ਼ਾਂ ਵਿਚ ਮਿਲਾਵਟ ਕਰਨ ਵਾਲਿਆਂ ਨੂੰ ਵੀ ਕਾਨੂੰਨੀ ਸ਼ਿਕੰਜੇ ਵਿਚ ਜਕੜਨਾ ਚਾਹੀਦਾ ਹੈ।

-ਲੈਕ: ਗੁਰਪਾਲ ਸਿੰਘ ਮੰਝਪੁਰ
ਪਿੰਡ ਤੇ ਡਾਕ: ਭੰਗਾਲਾ, ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ : 94632-22774.

ਲਗਨ ਅਤੇ ਮਿਹਨਤ

ਜੇਕਰ ਇਨਸਾਨ ਨੇ ਜ਼ਿੰਦਗੀ ਵਿਚ ਕਾਮਯਾਬੀ ਹਾਸਲ ਕਰਨੀ ਹੈ ਤਾਂ ਉਸ ਲਈ ਲਗਨ ਅਤੇ ਮਿਹਨਤ ਬਹੁਤ ਹੀ ਜ਼ਰੂਰੀ ਹੈ। ਜ਼ਿੰਦਗੀ ਵਿਚ ਜੋ ਇਨਸਾਨ ਮਿਹਨਤੀ ਹੁੰਦੇ ਹਨ ਅਤੇ ਲਗਨ ਨਾਲ ਆਪਣਾ ਕੰਮ ਕਰਦੇ ਹਨ ਉਹ ਹਰ ਮੰਜ਼ਿਲ ਆਸਾਨੀ ਨਾਲ ਪਾ ਲੈਂਦੇ ਹਨ। ਪਰ ਜੋ ਲੋਕ ਮਿਹਨਤ ਤੋਂ ਜੀਅ ਚੁਰਾਉਂਦੇ ਹਨ ਉਹ ਜ਼ਿੰਦਗੀ ਵਿਚ ਸਫ਼ਲ ਨਹੀਂ ਹੁੰਦੇ। ਜ਼ਿੰਦਗੀ ਵਿਚ ਸਫ਼ਲਤਾ ਦਾ ਮੂਲ ਮੰਤਰ ਮਿਹਨਤ ਤੇ ਲਗਨ ਹੈ।

-ਸੇਵਾ ਰਾਮ ਸਿੰਗਲਾ
ਮੇਨ ਅਜੀਤ ਰੋਡ, ਨੇੜੇ ਗਲੀ ਨੰਬਰ 12, ਬਠਿੰਡਾ।

ਮਨ ਦੀ ਸਫ਼ਾਈ

ਜੇਕਰ ਅਸੀਂ ਪੂਰੇ ਘਰ ਦੀ ਸਫ਼ਾਈ ਵੱਲ ਏਨਾ ਧਿਆਨ ਦਿੰਦੇ ਹਾਂ ਤਾਂ ਸਾਨੂੰ ਆਪਣੇ-ਆਪ ਨੂੰ ਕੁਝ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਕ ਲੇਖਕ ਹੋਣ ਦੇ ਨਾਤੇ ਮੈਂ ਇਹ ਗੱਲ ਬੜੀ ਨੋਟ ਕਰਦਾ ਹਾਂ ਕਿ ਚੰਗੇ ਪੜ੍ਹੇ-ਲਿਖੇ ਅਤੇ ਪਾਠ ਪੂਜਾ ਕਰਨ ਵਾਲੇ ਵਿਅਕਤੀ ਵੀ ਜਾਤੀ ਸੂਚਕ ਸ਼ਬਦ ਬੋਲਣ ਤੋਂ ਗੁਰੇਜ਼ ਨਹੀਂ ਕਰਦੇ। ਰੋਜ਼ ਹੋ ਰਹੇ ਜਬਰ-ਜਨਾਹ, ਅੱਤਿਆਚਾਰ ਅਤੇ ਲੜਾਈ-ਝਗੜੇ ਵੀ ਇਕ ਮਾੜੀ ਸੋਚ ਦੀ ਨਿਸ਼ਾਨੀ ਹਨ। 21ਵੀਂ ਸਦੀ 'ਚ ਆ ਕੇ ਇਨਸਾਨ ਨੇ ਚਾਹੇ ਕਿੰਨੀ ਤਰੱਕੀ ਕਰ ਲਈ ਹੈ, ਪਰ ਆਪਣੀ ਸੋਚ ਨੂੰ ਕਿਉਂ ਏਨੀ ਸੌੜੀ ਬਣਾਈ ਬੈਠਾ ਹੈ। ਗੁਰੂਆਂ, ਪੀਰਾਂ, ਫ਼ਕੀਰਾਂ ਨੇ ਜੋ ਗੱਲਾਂ ਛੇ-ਸੱਤ ਸੌ ਸਾਲ ਪਹਿਲਾਂ ਕਹੀਆਂ, ਕੀ ਸਾਡੇ ਅਜੇ ਵੀ ਉਹ ਸਮਝ 'ਚ ਨਹੀਂ ਆਈਆਂ? ਫਿਰ ਸਾਨੂੰ ਪਾਠ-ਪੂਜਾ ਕਰਨ ਦਾ ਕੀ ਫ਼ਾਇਦਾ? ਪ੍ਰਮਾਤਮਾ ਨੇ ਤਾਂ ਸਾਰਿਆਂ ਨੂੰ ਇਕੋ ਜਿਹਾ ਬਣਾ ਕੇ ਭੇਜਿਆ ਹੈ, ਫਿਰ ਜਾਤ-ਪਾਤ, ਊਚ-ਨੀਚ ਦਾ ਕੀ ਰੌਲਾ? ਹਰੇਕ ਇਨਸਾਨ ਖ਼ਾਲੀ ਹੱਥ ਆਇਆ ਤੇ ਖ਼ਾਲੀ ਹੀ ਜਾਣਾ ਹੈ। ਇਸ ਲਈ ਆਓ ਕੋਸ਼ਿਸ਼ ਕਰੀਏ ਕਿ ਘਰਾਂ ਦੀ ਸਫ਼ਾਈ ਦੇ ਨਾਲ-ਨਾਲ ਅਸੀਂ ਆਪਣੇ ਮਨ ਦੀ ਸਫ਼ਾਈ ਵੀ ਕਰੀਏ ਅਤੇ ਆਪਣੇ-ਆਪ ਨੂੰ ਸੁਧਾਰਨ ਦੇ ਮੌਕੇ ਨਾ ਗਵਾਈਏ, ਤਾਂ ਜੋ ਇਸ ਦੇਸ਼ ਦੀ ਖੁਸ਼ਹਾਲੀ ਲਈ ਅਸੀਂ ਵੀ ਆਪਣਾ ਹਿੱਸਾ ਪਾ ਸਕੀਏ।

-ਬਲਵੰਤ ਸਿੰਘ ਗਿਆਸਪੁਰਾ
ਮੋਬਾਈਲ : 98887-47151.

6-11-2014

 ਨਾਲੀਆਂ ਵਿਚ ਰੁੜ੍ਹਦਾ ਪਾਣੀ
ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਕਿ ਪਾਣੀ ਦੀ ਸੰਭਾਲ ਬਾਰੇ ਕੋਈ ਲੇਖ ਜਾਂ ਖ਼ਬਰ ਨਾ ਲਗਦੀ ਹੋਵੇ ਪ੍ਰੰਤੂ ਪਾਣੀ ਵਰਤਣ ਵਾਲੀ ਜਨਤਾ ਅਤੇ ਪਾਣੀ ਸਪਲਾਈ ਕਰਨ ਵਾਲਾ ਮਹਿਕਮਾ ਬਿਲਕੁਲ ਕੁੰਭਕਰਨੀ ਦੀ ਨੀਂਦ ਸੁੱਤਾ ਪਿਆ ਹੈ। ਹਰ ਰੋਜ਼ ਤਕਰੀਬਨ ਦੋ ਵਕਤ ਜਲ ਸਪਲਾਈ ਮਹਿਕਮੇ ਵੱਲੋਂ ਲੋਕਾਂ ਨੂੰ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕੀਤਾ ਜਾਂਦਾ ਹੈ। ਪਰ ਘਰਾਂ ਵਿਚ ਲੋਕ ਪਾਣੀ ਵਰਤਣ ਤੋਂ ਬਾਅਦ ਇਸ ਪਵਿੱਤਰ ਜਲ ਨੂੰ ਗੰਦੀਆਂ ਨਾਲੀਆਂ ਵਿਚ ਰੋੜ੍ਹਦੇ ਆਮ ਦੇਖੇ ਜਾ ਸਕਦੇ ਹਨ ਅਤੇ ਮਹਿਕਮੇ ਵੱਲੋਂ ਵੀ ਕੋਈ ਠੋਸ ਕਰਵਾਈ ਨਹੀਂ ਕੀਤੀ ਜਾਂਦੀ। ਸ਼ਹਿਰਾਂ ਦੀ ਤਰ੍ਹਾਂ ਜੇ ਪੇਂਡੂ ਜਲ ਸਪਲਾਈ ਮਹਿਕਮੇ ਵੱਲੋਂ ਲੋਕਾਂ ਦੀਆਂ ਘਰਾਂ ਵਿਚ ਚੱਲ ਰਹੀਆਂ ਟੂਟੀਆਂ 'ਤੇ ਮੀਟਰ ਲਗਾ ਦਿੱਤੇ ਜਾਣ ਤਾਂ ਇਸ ਨਾਲ ਪਾਣੀ ਦੀ ਬਰਬਾਦੀ ਕਿਸੇ ਹੱਦ ਤੱਕ ਰੋਕੀ ਜਾ ਸਕਦੀ ਹੈ। ਜਲ ਸਪਲਾਈ ਮਹਿਕਮੇ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਬੇਹੱਦ ਲੋੜ ਹੈ ਅਤੇ ਪਵਿੱਤਰ ਜਲ ਨੂੰ ਗੰਦੀਆਂ ਨਾਲੀਆਂ ਵਿਚ ਰੁੜ੍ਹਨ ਤੋਂ ਵੀ ਰੋਕਿਆ ਜਾ ਸਕਦਾ ਹੈ।

-ਕੇਵਲ ਸਿੰਘ ਬਾਠਾਂ
ਅਮਰਗੜ੍ਹ, ਸੰਗਰੂਰ।

ਭਾਰਤ ਵਿਚ ਬੁਲੇਟ ਟਰੇਨ?
ਬੁਲੇਟ ਰੇਲਾਂ ਅੱਜ ਸੰਸਾਰ ਦੇ ਕੁਝ ਕੁ ਦੇਸ਼ ਜਾਪਾਨ, ਫਰਾਂਸ, ਜਰਮਨ, ਚੀਨ ਅਤੇ ਸਪੇਨ ਕੋਲ ਹਨ। ਕੀ ਭਾਰਤ ਨੂੰ ਵੀ ਇਨ੍ਹਾਂ ਦੇਸ਼ਾਂ ਦੀ ਤਰਜ਼ 'ਤੇ ਬੁਲੇਟ ਰੇਲਾਂ ਦੀ ਬਹੁਤੀ ਜ਼ਰੂਰਤ ਹੈ? ਕੀ ਬੁਲੇਟ ਰੇਲ ਨਾਲ ਹੀ ਦੇਸ਼ ਦੀ ਉੱਨਤੀ ਸੰਭਵ ਹੈ? ਪਰ ਅਮਰੀਕਾ ਅਤੇ ਇੰਗਲੈਂਡ ਤਾਂ ਬੁਲੇਟ ਰੇਲਾਂ ਤੋਂ ਬਿਨਾਂ ਹੀ ਸ਼ਕਤੀਸ਼ਾਲੀ ਅਤੇ ਵਿਕਸਤ ਦੇਸ਼ ਹਨ। ਬੁਲੇਟ ਰੇਲਾਂ ਬਹੁਤ ਹੀ ਖਰਚੀਲਾ ਸਾਧਨ ਹੈ। ਜਿਸ ਪ੍ਰਕਾਰ ਰੇਲਾਂ ਸ਼ਤਾਬਦੀ ਐਕਸਪ੍ਰੈਸ ਤੇ ਰਾਜਧਾਨੀ ਦੀ ਸੇਵਾ ਦਾ ਅਨੰਦ ਕੇਵਲ 10 ਫ਼ੀਸਦੀ ਲੋਕ ਹੀ ਮਾਣਦੇ ਹਨ, ਬਾਕੀ 90 ਫ਼ੀਸਦੀ ਲੋਕ ਤਾਂ ਬੱਸ ਇਨ੍ਹਾਂ ਦਾ ਸੁਪਨਾ ਹੀ ਲੈ ਸਕਦੇ ਹਨ, ਠੀਕ ਇਸੇ ਪ੍ਰਕਾਰ ਹੀ ਬੁਲੇਟ ਰੇਲਾਂ ਦਾ ਸਫ਼ਰ ਕੇਵਲ ਤੇ ਕੇਵਲ 4 ਤੋਂ 5 ਫ਼ੀਸਦੀ ਲੋਕ ਹੀ ਮਾਣ ਸਕਣਗੇ। ਬਾਕੀ 95 ਫ਼ੀਸਦੀ ਲੋਕਾਂ ਵਾਸਤੇ ਤਾਂ ਇਹ ਅਜੇ ਬਹੁਤ ਦੂਰ ਦੀ ਮੰਜ਼ਿਲ ਹੋਵੇਗੀ। ਕਾਰਨ ਕਿ ਇਸ ਦਾ ਕਿਰਾਇਆ ਸ਼ਤਾਬਦੀ ਤੇ ਰਾਜਧਾਨੀ ਨਾਲੋਂ ਲਗਭਗ ਢਾਈ ਗੁਣਾ ਜਾਂ ਦੂਸਰੇ ਸ਼ਬਦਾਂ ਵਿਚ ਹਵਾਈ ਯਾਤਰਾ ਨਾਲੋਂ ਵੀ ਵੱਧ ਹੋਵੇਗਾ। ਜੇਕਰ ਸਾਡੀ ਸਰਕਾਰ ਆਵਾਜਾਈ ਦੇ ਸਾਧਨਾਂ ਵਿਚ ਸੁਧਾਰ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਵਿਛੀਆਂ ਹੋਈਆਂ ਲਾਈਨਾਂ ਵਿਚ ਸੁਧਾਰ ਕਰਕੇ ਰੇਲਾਂ ਦੀ ਗਤੀ 80-90 ਤੋਂ ਵਧਾ ਕੇ 130 ਤੋਂ 140 ਮੀਲ ਪ੍ਰਤੀ ਘੰਟਾ ਕੀਤੀ ਜਾ ਸਕਦੀ ਹੈ, ਜਿਸ ਨਾਲ 95 ਫ਼ੀਸਦੀ ਲੋਕਾਂ ਦਾ ਵੀ ਫਾਇਦਾ ਹੋਵੇਗਾ।

-ਮਾ: ਰਾਜਿੰਦਰ ਸਿੰਘ
ਸੁੱਚਾ ਸਿੰਘ ਨਗਰ, ਬਠਿੰਡਾ।

ਪੰਜਾਬ ਜੰਗ-ਏ-ਆਜ਼ਾਦੀ ਯਾਦਗਾਰ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਸ੍ਰੀ ਸਤਨਾਮ ਸਿੰਘ ਮਾਣਕ ਦਾ ਛਪਿਆ ਲੇਖ 'ਪੰਜਾਬ ਜੰਗ-ਏ-ਆਜ਼ਾਦੀ ਯਾਦਗਾਰ' ਪੜ੍ਹਿਆ ਜੋ ਕਿ ਬਹੁਤ ਹੀ ਸਲਾਹੁਣਯੋਗ ਸੀ। ਪੰਜਾਬ ਸਰਕਾਰ ਨੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦੀਆਂ ਦੇਣ ਵਾਲੇ ਅਤੇ ਜੇਲ੍ਹਾਂ ਵਿਚ ਹਰ ਤਰ੍ਹਾਂ ਦੀਆਂ ਔਕੜਾਂ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਵਾਲੇ ਅਤੇ ਹੋਰ ਢੰਗ-ਤਰੀਕਿਆਂ ਨਾਲ ਆਜ਼ਾਦੀ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਮਹਾਨ ਪੰਜਾਬੀ ਸਪੂਤਾਂ ਦੀ ਯਾਦ ਵਿਚ 'ਪੰਜਾਬ ਜੰਗ-ਏ-ਆਜ਼ਾਦੀ ਮੈਮੋਰੀਅਲ' ਦੀ ਸਥਾਪਨਾ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਯਾਦਗਾਰ ਨਾਲ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਥੇ ਪੰਜਾਬੀਆਂ ਵੱਲੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪਾਏ ਯੋਗਦਾਨ ਬਾਰੇ ਜਾਣਕਾਰੀ ਮਿਲੇਗੀ, ਉਥੇ ਇਹ ਉਨ੍ਹਾਂ ਲਈ ਇਕ ਪ੍ਰੇਰਨਾ ਸਰੋਤ ਵੀ ਬਣੇਗੀ। ਉਨ੍ਹਾਂ ਵਿਚ ਇਹ ਮਾਣ ਪੈਦਾ ਕਰੇਗੀ ਕਿ ਉਹ ਪੰਜਾਬੀ ਹਨ ਅਤੇ ਉਨ੍ਹਾਂ ਦੇ ਬਜ਼ੁਰਗਾਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ।

-ਮਨਿੰਦਰ ਸਿੰਘ ਰਾਜੂ
ਗੁਰਸੇਵਕ ਨਗਰ, ਬਰਨਾਲਾ।

ਸਵੱਛ ਭਾਰਤ ਬਨਾਮ ਪਿੰਡ
ਸੂਬੇ ਅੰਦਰ 70 ਤੋਂ 75 ਫ਼ੀਸਦੀ ਆਬਾਦੀ ਪਿੰਡਾਂ ਵਿਚ ਰਹਿੰਦੀ ਹੈ ਤੇ 80 ਤੋਂ 90 ਫ਼ੀਸਦੀ ਪਿੰਡ ਅਜਿਹੇ ਹਨ ਜਿਥੇ ਲੋਕਾਂ ਕੋਲ ਰਹਿਣ ਲਈ ਘਰ ਤਾਂ ਹਨ ਪਰ ਪਾਣੀ ਦੇ ਨਿਕਾਸ ਲਈ ਕੋਈ ਵਧੀਆ ਪ੍ਰਬੰਧ ਨਹੀਂ, ਘਰਾਂ ਤੇ ਪਸ਼ੂਆਂ ਦੀ ਗੰਦਗੀ ਸੁਟਣ ਲਈ ਕੋਈ ਥਾਂ ਨਹੀਂ ਹੈ, ਸੂਬੇ ਅੰਦਰ ਕੋਈ ਅਜਿਹਾ ਕਾਨੂੰਨ ਦਿਖਾਈ ਨਹੀਂ ਦਿੰਦਾ ਜੋ ਆਮ ਗਲੀਆਂ-ਨਾਲੀਆਂ ਕਿਨਾਰੇ ਬੱਝੇ ਪਾਲਤੂ ਪਸ਼ੂਆਂ ਲਈ ਸੁਧਾਰ ਕਰ ਸਕੇ, ਘਰਾਂ ਵਿਚ ਪਸ਼ੂ ਪਾਲਣਾ ਆਮ ਲੋਕਾਂ ਲਈ ਕਿੱਤਾ ਤੇ ਮਜਬੂਰੀ ਹੈ। ਪਰ ਉਨ੍ਹਾਂ ਵਾਸਤੇ ਕੋਈ ਢੁਕਵੀਂ ਥਾਂ ਨਾ ਹੋਣ ਕਰਕੇ ਲੋਕ ਗੰਦਗੀ ਦੇ ਢੇਰ ਆਮ ਸੜਕਾਂ ਦੇ ਕਿਨਾਰੇ ਜਾਂ ਫਿਰ ਆਬਾਦੀ ਦੇ ਅੰਦਰ ਪਈਆਂ ਸ਼ਾਮਲਾਤ ਜ਼ਮੀਨਾਂ ਜਾਂ ਗੰਦੇ ਪਾਣੀ ਦੇ ਨਾਲਿਆਂ ਦੇ ਕਿਨਾਰੇ ਲਗਾਉਂਦੇ ਹਨ। ਸੂਬੇ ਅੰਦਰ ਅਜਿਹੀਆਂ ਮੁਹਿੰਮਾਂ ਕਿਧਰੇ ਕਾਮਯਾਬ ਹੁੰਦੀਆਂ ਤਾਂ ਹੀ ਦਿਖਾਈ ਦੇਣਗੀਆਂ ਜੇਕਰ ਸਰਕਾਰ ਅਜਿਹੇ ਸਾਧਨ ਮੁਹੱਈਆ ਕਰਾਏ ਜਿਥੇ ਇਹੋ ਜਿਹੇ ਗੰਦਗੀ ਦੇ ਢੇਰ ਡੰਪ ਕੀਤੇ ਜਾਣ। ਇਥੇ ਇਹ ਵੀ ਕਾਫੀ ਦੇਖਣਯੋਗ ਹੈ ਕਿ ਕਈ ਪਿੰਡਾਂ ਵਿਚ ਢੇਰਾਂ ਵਾਲੀਆਂ ਜਗ੍ਹਾ ਤਾਂ ਹੈ ਪਰ ਉਥੇ ਕਈ ਧਨਾਢ ਲੋਕਾਂ ਵੱਲੋਂ ਕਬਜ਼ੇ ਕੀਤੇ ਹੋਏ ਹਨ ਜੋ ਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਬਜ਼ੇ ਹਟਾਏ ਜਾਣ ਤੇ ਵਰਤੋਂ ਯੋਗ ਜ਼ਮੀਨ ਨੂੰ ਵਰਤੋਂ ਵਿਚ ਲਿਆਂਦਾ ਜਾਵੇ। 90 ਫ਼ੀਸਦੀ ਪਿੰਡਾਂ ਵਿਚ ਤੁਹਾਨੂੰ ਉਹੀ ਗੰਦਗੀ ਦੇ ਢੇਰ ਗੰਦੇ ਪਾਣੀ ਦਿਖਾਈ ਦਿੰਦੇ ਹਨ ਜੋ ਕਿ ਸਵੱਛ ਭਾਰਤ ਮੁਹਿੰਮ 'ਤੇ ਕਈ ਸਵਾਲ ਖੜ੍ਹੇ ਕਰਦੇ ਹਨ।

-ਪੰਮਾ ਬਘੌਰੀਆ
ਪਿੰਡ ਬਘੌਰਾਂ, ਜ਼ਿਲ੍ਹਾ ਨਵਾਂਸ਼ਹਿਰ।

5-11-2014

 ਕਿਸਾਨ ਵੀਰਾਂ ਨੂੰ ਬੇਨਤੀ
'ਅਜੀਤ ਹਰਿਆਵਲ ਲਹਿਰ' ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਤੇ ਵਾਤਾਵਰਨ ਪ੍ਰੇਮੀਆਂ ਨੇ ਇਕ ਵੱਡਾ ਹੰਭਲਾ ਮਾਰ ਕੇ, ਜੋ ਬੂਟੇ ਲਗਾਏ ਹਨ, ਇਕ ਵੱਡੀ ਹਿੰਮਤ ਦਾ ਕੰਮ ਹੈ, ਜੋ ਕਿ ਹੁਣ ਵਧ-ਫੁਲ ਰਹੇ ਹਨ। ਹੁਣ ਇਨ੍ਹਾਂ ਨੂੰ ਅੱਗ ਦੀਆਂ ਲਪਟਾਂ ਤੋਂ ਬਚਾਉਣ ਦੀ ਲੋੜ ਹੈ, ਜੋ ਕਿ ਕਿਸਾਨ ਵੀਰਾਂ ਦੁਆਰਾ ਲਗਾਈ ਝੋਨੇ ਦੀ ਪਰਾਲੀ ਨੂੰ ਅੱਗ ਤੋਂ ਨਿਕਲਦੀਆਂ ਹਨ। ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੱਕੀਆਂ ਸੜਕਾਂ ਦੇ ਕਿਨਾਰੇ 'ਤੇ ਕੱਚੇ ਪਹੀਆਂ 'ਤੇ ਜੋ ਬੂਟੇ ਲਗਦੇ ਹਨ, ਉਨ੍ਹਾਂ ਨੂੰ ਅੱਗ ਦੇ ਸੇਕ ਤੋਂ ਬਚਾਇਆ ਜਾਵੇ ਤਾਂ ਜੋ ਇਹ ਬੂਟੇ ਆਪਣੀ ਤੋਰੇ ਵਧ ਫੁਲ ਸਕਣ ਤੇ ਸਾਨੂੰ ਸ਼ੁੱਧ ਵਾਤਾਵਰਨ ਮਿਲੇ।

-ਦਵਿੰਦਰ ਸਿੰਘ ਗਿੱਲ
ਬੱਸੀਆਂ, ਲੁਧਿਆਣਾ।

ਨਸ਼ਿਆਂ ਦਾ ਦਰਿਆ
ਮਨੁੱਖਤਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲੜੇ ਗਏ ਭਿਅੰਕਰ ਤੋਂ ਭਿਅੰਕਰ ਯੁੱਧਾਂ ਵਿਚ ਕਿੰਨਾ ਮਨੁੱਖਤਾ ਦਾ ਨਾਸ ਹੋਇਆ ਹੈ। ਉਸ ਤੋਂ ਵੀ ਦਸ ਗੁਣਾਂ ਮਨੁੱਖਤਾ ਦਾ ਘਾਣ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਨੇ ਕੀਤਾ ਹੈ। ਅੱਜ ਜਦੋਂ ਅਸੀਂ 21ਵੀਂ ਸਦੀ ਵਿਚ ਪੈਰ ਧਰ ਕੇ ਆਧੁਨਿਕ ਮਨੁੱਖ ਹੋਣ ਦਾ ਭਰਮ ਪਾਲ ਕੇ ਬੈਠੇ ਹਾਂ, ਆਪਣੀਆਂ ਤਰੱਕੀਆਂ 'ਤੇ ਮਾਣ ਕਰਦੇ ਨਹੀਂ ਥੱਕਦੇ ਹਾਂ ਤਾਂ ਇਸੇ ਸਮੇਂ ਵਿਚ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀ ਲਾਹਨਤ ਵੀ ਸਾਡੇ ਸਿਰ ਨੂੰ ਝੁਕਾਅ ਦਿੰਦੀ ਹੈ। ਖਾਸ ਕਰਕੇ ਉਹ ਪੰਜਾਬ ਦੀ ਧਰਤੀ ਵਿਚ ਸ਼ੂਕਦਾ ਨਸ਼ੇ ਦਾ ਇਹ ਦਰਿਆ ਪੰਜਾਬ ਦੀ ਜਵਾਨੀ ਨੂੰ ਬੜੀ ਤੇਜ਼ੀ ਨਾਲ ਆਪਣੇ ਨਾਲ ਵਹਾਈ ਜਾ ਰਿਹਾ ਹੈ। ਅੱਜ ਪੰਜਾਬੀ ਸਮਾਜ ਵਿਚ ਸ਼ਰਾਬ ਦਾ ਨਸ਼ਾ ਇਕ ਸਮਾਜਿਕ ਵਰਤਾਰਾ ਬਣ ਚੁੱਕਿਆ ਹੈ। ਸਾਡੇ ਦਿਨ, ਤਿਉਹਾਰ, ਵਿਆਹ, ਮਰਨ ਤੇ ਇਥੋਂ ਤੱਕ ਕਿ ਧਾਰਮਿਕ ਰਸਮੋ-ਰਿਵਾਜਾਂ ਵਿਚ ਇਸ ਦੀ ਖੁੱਲ੍ਹੇਆਮ ਵਰਤੋਂ ਦੱਸਦੀ ਹੈ ਕਿ ਪੰਜਾਬੀ ਆਪਣੇ ਹੱਥੀਂ ਆਪਣਾ ਝੁੱਗਾ ਆਪ ਚੌੜਾ ਕਰਨ 'ਤੇ ਤੁਲੇ ਹੋਏ ਹਨ। ਅੱਜ ਉਹ ਸਮਾਂ ਆ ਗਿਆ ਕਿ ਖੁਦ ਸਮਾਜ ਨਸ਼ਿਆਂ ਨੂੰ ਛੱਡਣ ਵੱਲ ਸੇਧਿਤ ਹੋਵੇ ਤੇ ਸਰਕਾਰਾਂ ਵੀ ਨਸ਼ੇ ਦੇ ਵਪਾਰੀ ਦੀ ਪੁਸ਼ਤਪਨਾਹੀ ਪੂਰੀ ਤਰ੍ਹਾਂ ਬੰਦ ਕਰਕੇ ਜਨਤਾ ਤੇ ਨੌਜਵਾਨਾਂ ਨੂੰ ਉਸਾਰੂ ਕੰਮਾਂ ਵਿਚ ਲਗਾਏ।

-ਜੀਵਨ ਕੁਮਾਰ
ਹਰਸਾ ਮਾਨਸਰ (ਹੁਸ਼ਿਆਰਪੁਰ) ਮੋਬਾ: 94641-05868.

ਬੱਚਤ ਦੀ ਲੋੜ
ਜਦੋਂ ਅਸੀਂ ਆਪਣੇ-ਆਲੇ ਦੁਆਲੇ ਝਾਤੀ ਮਾਰਦੇ ਹਾਂ ਤਾਂ ਸਾਡੇ ਦਿਮਾਗ ਵਿਚ ਬੱਚਤ ਸ਼ਬਦ ਜ਼ਰੂਰ ਕਿਤੇ ਨਾ ਕਿਤੇ ਆਉਂਦਾ ਹੋਵੇਗਾ। ਅਸੀਂ ਸਮੇਂ ਦੀ ਬੱਚਤ ਕਿੰਨੀ ਕੁ ਕਰਦੇ ਹਾਂ, ਪੈਸੇ ਦੀ ਬੱਚਤ, ਪਾਣੀ ਦੀ ਬੱਚਤ, ਆਉਣ ਵਾਲੇ ਸਾਹਾਂ ਦੀ ਬੱਚਤ, ਖਾਣੇ ਦੀ ਬੱਚਤ। ਬੱਚਤ ਦੀ ਆਦਤ ਸ਼ੁਰੂ ਤੋਂ ਪੈ ਜਾਵੇ ਤਾਂ ਠੀਕ ਨਹੀਂ ਤਾਂ ਸਾਰੀ ਉਮਰ ਨਿਕਲ ਜਾਂਦੀ ਹੈ, ਅਕਲ ਨੇੜੇ ਨਹੀਂ ਢੁਕਦੀ। ਸਵੇਰੇ ਕਾਰਾਂ ਧੋਂਦੇ ਡਰਾਈਵਰਾਂ ਨੂੰ ਵੇਖੋ, ਮਾਲਕ ਕੋਠੀਆਂ ਅੰਦਰ ਸੁੱਤੇ ਹੁੰਦੇ ਹਨ, ਨਾਲੀਆਂ ਪਾਣੀ ਨਹੀਂ ਝੱਲਦੀਆਂ। ਕੋਈ ਭਲਾਮਾਣਸ ਨਹੀਂ ਇਨ੍ਹਾਂ ਨੂੰ ਸਮਝਾਉਂਦਾ। ਜਦੋਂ ਵਿਆਹਾਂ, ਸ਼ਾਦੀਆਂ ਤੇ ਹੋਟਲਾਂ ਵਿਚ ਜਾਂਦੇ ਹਾਂ, ਜਦੋਂ ਪਾਰਟੀ ਖ਼ਤਮ ਹੋ ਜਾਵੇ, ਕਦੀ ਟੇਬਲਾਂ ਦੇ ਕੱਪੜੇ ਚੁੱਕ ਕੇ ਵੇਖੋ, ਜੂਠੀਆਂ ਪਲੇਟਾਂ ਨਾਲ ਭਰੇ ਡਰੰਮਾਂ ਵਿਚ ਝਾਤੀ ਮਾਰੋ। ਉਨ੍ਹਾਂ ਨੂੰ ਯਾਦ ਕਰੋ, ਜਿਨ੍ਹਾਂ ਨੂੰ ਦੋ ਡੰਗ ਦੀ ਰਜਵੀਂ ਰੋਟੀ ਨਹੀਂ ਮਿਲਦੀ। ਹੁਣ ਸਮੇਂ ਦੀ ਬਰਬਾਦੀ ਵੱਲ ਝਾਤੀ ਮਾਰੋ ਅਸੀਂ ਕਿੰਨੀ ਕੁ ਸਮੇਂ ਦੀ ਬੱਚਤ ਕਰਦੇ ਹਾਂ। ਆਪਣੇ ਨਿਤਾ ਪ੍ਰਤੀ ਦੇ ਕੰਮਾਂ ਵਿਚੋਂ ਰੋਜ਼ ਦਾ ਇਕ ਘੰਟਾ ਵੀ ਕੱਢ ਲਈਏ ਤਾਂ ਅਸੀਂ ਕੋਈ ਚੰਗੀ ਪੁਸਤਕ ਪੜ੍ਹ ਸਕਦੇ ਹਾਂ। ਆਪਸ ਵਿਚ ਬੈਠ ਕੇ ਪਰਿਵਾਰ ਵਿਚ ਕਿਸੇ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਬੇਰੁਜ਼ਗਾਰੀ ਦੀ ਜਿੱਲ੍ਹਣ
ਆਏ ਸਾਲ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਵਿਚ ਵਿਸਫੋਟਕ ਵਾਧਾ ਹੋ ਰਿਹਾ ਹੈ। ਅੱਜ ਹਰ ਇਕ ਵਿਦਿਆਰਥੀ ਚਾਹੇ ਸਕੂਲ 'ਚ ਪੜ੍ਹਦਾ ਹੈ ਜਾਂ ਫਿਰ ਕਾਲਜ ਵਿਚ, ਉਹ ਆਪਣੇ ਸੁਨਹਿਰੀ ਭਵਿੱਖ ਬਾਰੇ ਚਿੰਤਤ ਹੈ, ਕਿਉਂਕਿ ਬੇਰੁਜ਼ਗਾਰੀ ਦੇ ਮੰਡਰਾਉਂਦੇ ਬੱਦਲਾਂ ਤੋਂ ਸਾਰੇ ਹੀ ਭਲੀ-ਭਾਂਤ ਜਾਣੂ ਹਨ। ਲੋੜ ਹੈ ਸਾਡੀ ਸਰਕਾਰ ਨੂੰ ਰੁਜ਼ਗਾਰ ਦਫਤਰਾਂ ਅੰਦਰ ਪਈਆਂ ਅਰਜ਼ੀਆਂ ਬਾਰੇ ਗੰਭੀਰਤਾ ਨਾਲ ਸੋਚਣ ਦੀ ਕਿ ਕੁਝ ਹੱਦ ਤੱਕ ਬੇਰੁਜ਼ਗਾਰੀ ਨੂੰ ਠੱਲ੍ਹ ਪਾਈ ਜਾ ਸਕੇ। ਪੰਜਾਬ ਨੂੰ 'ਕੈਲੀਫੋਰਨੀਆ' ਸੂਬਾ ਤਾਂ ਹੀ ਬਣਾਇਆ ਜਾ ਸਕਦਾ ਹੈ, ਜੇਕਰ ਬੇਰੁਜ਼ਗਾਰੀ, ਮਹਿੰਗਾਈ, ਗਰੀਬੀ ਜਿਹੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ 'ਤੇ ਕੀਤਾ ਜਾਵੇ, ਸੋ ਬਿਨਾਂ ਸ਼ੱਕ ਬੇਰੁਜ਼ਗਾਰੀ ਦੇਸ਼ ਦੀ ਸਭ ਤੋਂ ਗੰਭੀਰ ਸਮੱਸਿਆ ਹੈ।

-ਓਮ ਪ੍ਰਕਾਸ਼
ਹਿਮਾਯੂੰਪੁਰ ਮੁਹੱਲਾ, ਸਰਹਿੰਦ।

03-11-2014

 ਜੰਗ-ਏ-ਆਜ਼ਾਦੀ ਯਾਦਗਾਰ ਦਾ ਨੀਂਹ-ਪੱਥਰ ਸਮਾਗਮ
19 ਅਕਤੂਬਰ ਐਤਵਾਰ ਵਾਲੇ ਦਿਨ ਪੀ. ਟੀ. ਸੀ. ਚੈਨਲ ਤੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਵੇਲੇ ਸਿੱਧਾ ਪ੍ਰਸਾਰਨ ਦਿਖਾਇਆ ਜਾ ਰਿਹਾ ਸੀ। ਇਸ ਵੱਡੇ ਕਾਰਜ ਦੀ ਅਹਿਮ ਜ਼ਿੰਮੇਵਾਰੀ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ 'ਤੇ ਪਾਉਣ ਸਮੇਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਕਿਸੇ ਵੀ ਦੁਚਿੱਤੀ ਵਿਚ ਨਹੀਂ ਪਏ ਹੋਣਗੇ ਕਿਉਂਕਿ ਡਾ: ਬਰਜਿੰਦਰ ਸਿੰਘ ਹਮਦਰਦ ਨੇ ਪਿਛਲੇ ਸਮੇਂ ਦੌਰਾਨ ਸਿਰਫ਼ ਪੱਤਰਕਾਰਤਾ ਜ਼ਰੀਏ ਹੀ ਨਹੀਂ ਸਗੋਂ ਆਪਣੀ ਦੂਰਅੰਦੇਸ਼ੀ ਅਤੇ ਠੋਸ ਸੋਚ ਸਦਕਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉੱਜਲ ਭਵਿੱਖ ਲਈ ਵੀ ਨਿੱਗਰ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਕਾਬਲ ਸ਼ਖ਼ਸੀਅਤ ਦੀ ਬਦੌਲਤ ਹੀ ਅੱਜ ਰੋਜ਼ਾਨਾ 'ਅਜੀਤ' ਅਨੇਕਾਂ ਹਵਾਵਾਂ ਨਾਲ ਟਕਰਾਉਂਦਾ ਹੋਇਆ ਪੰਜਾਬੀਆਂ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਉਸਾਰੂ ਅਤੇ ਭਵਿੱਖ ਮੁਖੀ ਸੋਚ ਵਾਲਾ ਅਖ਼ਬਾਰ ਬਣ ਚੁੱਕਾ ਹੈ। ਉਹ ਇਸ ਯਾਦਗਾਰ ਨੂੰ ਭਵਿੱਖ ਦੀਆਂ ਪੀੜ੍ਹੀਆਂ ਨੂੰ ਕਿਸ ਰੂਪ ਵਿਚ ਸੌਂਪਣਾ ਚਾਹੁੰਦੇ ਹਨ ਅਤੇ ਇਹ ਕਿਹੋ ਜਿਹੀ ਹੋਣੀ ਚਾਹੀਦੀ ਹੈ। ਇਸ ਬਾਰੇ ਉਹ ਖ਼ੁਦ ਬਿਹਤਰ ਜਾਣਦੇ ਹਨ। ਮੇਰੇ ਮਨ ਅੰਦਰ ਤਾਂ ਕਿਸੇ ਕਿਸਮ ਦੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ। ਇਸ ਸਮਾਗਮ ਦੌਰਾਨ ਇਕ ਨਵੀਂ ਪ੍ਰਾਪਤੀ ਜੋ ਹੋਈ ਉਹ ਸੀ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਦੀ ਸ਼ਖ਼ਸੀਅਤ ਬਾਰੇ ਜਾਣੂ ਹੋਣਾ। ਆਜ਼ਾਦੀ ਸੰਗਰਾਮ ਬਾਰੇ ਕਮਾਲ ਦੀ ਜਾਣਕਾਰੀ ਦੇਖਣ ਨੂੰ ਮਿਲੀ, ਉਨ੍ਹਾਂ ਦੇ ਭਾਸ਼ਣ ਵਿਚ। ਸ਼ਾਇਦ ਇਸ ਤੋਂ ਪਹਿਲਾਂ ਮੈਂ ਕਿਸੇ ਭਾਜਪਾ ਦੇ ਸੂਬਾਈ ਆਗੂ ਅੰਦਰ ਐਨੀ ਪ੍ਰਪੱਕ ਜਾਣਕਾਰੀ ਨਹੀਂ ਦੇਖੀ। ਮੈਂ ਦੇਖਿਆ ਕਿ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਪਣਾ ਭਾਸ਼ਣ ਸਮਾਪਤ ਕਰਨਾ ਪਿਆ ਸੀ। ਪਰ ਉਨ੍ਹਾਂ ਦੀ ਲੈਅਬੱਧ ਸਪੀਚ ਅਜੇ ਮੁਕਣ 'ਤੇ ਨਹੀਂ ਸੀ ਅੱਪੜੀ। ਪਰ ਫਿਰ ਵੀ ਉਨ੍ਹਾਂ ਸਮੇਂ ਦੀ ਕਦਰ ਕਰਦੇ ਹੋਏ ਆਪਣਾ ਭਾਸ਼ਣ ਸਮੇਟ ਦਿੱਤਾ ਸੀ। ਅਸੀਂ ਚਾਰ ਜਣੇ ਜੋ ਇਸ ਭਾਸ਼ਣ ਨੂੰ ਇਕੱਠੇ ਬੈਠ ਕੇ ਸੁਣ ਰਹੇ ਸੀ, ਨੇ ਇਸ ਆਗੂ ਨੂੰ ਭਰਵੀਂ ਦਾਦ ਦਿੱਤੀ। ਪਰ ਇਸੇ ਸਮੇਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਸ਼ਹੀਦ ਊਧਮ ਸਿੰਘ ਵੱਲੋਂ 19 ਸਾਲ ਬਾਅਦ ਬਦਲਾ ਲੈਣ ਦੀ ਗੱਲ ਕਹਿ ਗਏ। ਜਦੋਂ ਕਿ ਸ਼ਹੀਦ ਊਧਮ ਸਿੰਘ ਨੇ 21 ਸਾਲ ਬਾਅਦ ਬਦਲਾ ਲਿਆ ਸੀ ਅਤੇ ਇਹ ਮਹਾਨ ਸ਼ਹੀਦ ਸ: ਢੀਂਡਸਾ ਦੇ ਆਪਣੇ ਜੱਦੀ ਜ਼ਿਲ੍ਹੇ ਦਾ ਜੰਮਪਲ ਹੈ ਅਤੇ ਉਨ੍ਹਾਂ ਦਾ ਸਪੁੱਤਰ ਇਸ ਮਹਾਨ ਸ਼ਹੀਦ ਦੇ ਜੱਦੀ ਸ਼ਹਿਰ ਸੁਨਾਮ ਤੋਂ ਹੀ ਵਿਧਾਇਕ ਹੈ।

-ਗੁਰਦੀਪ ਸਿੰਘ
ਮੋਬਾਈਲ : 98156-61191.

ਮਜਬੂਰੀ ਜਾਂ ਲਾਪ੍ਰਵਾਹੀ
ਅੱਜ ਕੋਈ ਵੀ ਫ਼ਸਲ ਉਗਾਉਣ ਲਈ ਜ਼ਹਿਰੀਲੀ ਦਵਾਈ ਦੀ ਲੋੜ ਮਜਬੂਰੀ ਬਣ ਗਈ ਜਾਪਦੀ ਹੈ, ਸਾਨੂੰ ਭਲੀ-ਭਾਂਤ ਇਹ ਪਤਾ ਹੈ ਕਿ ਅਸੀਂ ਇਹ ਸਬਜ਼ੀ ਆਪਣੇ ਸਰੀਰਕ ਤੱਤ ਪੂਰੇ ਕਰਨ ਲਈ ਵਰਤੋਂ ਵਿਚ ਲਿਆਉਣੀ ਹੈ ਪਰ ਫਿਰ ਵੀ ਅਸੀਂ ਮਜਬੂਰ ਹੋ ਕੇ ਸਬਜ਼ੀਆਂ ਦੇ ਪੌਦਿਆਂ ਨੂੰ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਦੇ ਹਾਂ। ਸਾਨੂੰ ਸਭ ਨੂੰ ਇਹ ਜਾਣਕਾਰੀ ਹੈ ਕਿ ਜਿਥੇ ਝੋਨੇ ਦੀ ਫ਼ਸਲ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਾ ਰਹੀ ਹੈ, ਉਥੇ ਫ਼ਸਲ 'ਤੇ ਹੋ ਰਹੇ ਜ਼ਹਿਰੀਲੀ ਦਵਾਈ ਦੇ ਛਿੜਕਾਅ ਵੀ ਚਿੰਤਾ ਦਾ ਵਿਸ਼ਾ ਹਨ। ਝੋਨੇ ਦੀ ਫ਼ਸਲ ਕਟਣ ਤੋਂ ਬਾਅਦ ਸਾੜੀ ਜਾਂਦੀ ਪਰਾਲੀ ਦਾ ਧੂੰਆਂ ਵੀ ਮਨੁੱਖ ਅਤੇ ਜੀਵਾਂ ਲਈ ਖ਼ਤਰਨਾਕ ਹੈ ਅਤੇ ਇਸ ਅੱਗ ਵਿਚ ਬਹੁਗਿਣਤੀ ਨਾਲ ਜੀਵ-ਜੰਤੂ ਸੜ ਕੇ ਸੁਆਹ ਹੋ ਜਾਂਦੇ ਹਨ। ਇਨ੍ਹਾਂ ਜੀਵਾਂ ਨੂੰ ਜਿਊਂਦੇ ਰੱਖਣ ਲਈ ਸਾਨੂੰ ਸੋਚਣਾ ਪਵੇਗਾ। ਆਉਣ ਵਾਲੀ ਪਨੀਰੀ ਸਾਡੇ ਲਈ ਇਕ ਸਵਾਲ ਜ਼ਰੂਰ ਖੜ੍ਹਾ ਕਰੇਗੀ ਕਿ ਜੀਵ-ਜੰਤੂ ਕਿਹੋ ਜਿਹੇ ਹੁੰਦੇ ਸਨ ਅਤੇ ਉਹ ਕਿਸ ਤਰ੍ਹਾਂ ਖ਼ਤਮ ਹੋਏ? ਜਦੋਂ ਉਨ੍ਹਾਂ ਨੂੰ ਇਨ੍ਹਾਂ ਜੀਵਾਂ ਦੇ ਖ਼ਤਮ ਹੋਣ ਦੀ ਗਾਥਾ ਪਤਾ ਲੱਗੇਗੀ ਤਾਂ ਸ਼ਾਇਦ ਉਹ ਸਾਨੂੰ ਮੁਆਫ਼ ਨਾ ਕਰਨ। ਸੋ, ਸਮਝ ਇਹ ਨਹੀਂ ਆ ਰਹੀ ਕਿ ਮਨੁੱਖ ਮਜਬੂਰ ਹੈ ਜਾਂ ਫਿਰ ਲਾਪ੍ਰਵਾਹ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਨਸ਼ਿਆਂ ਤੋਂ ਬਚੋ
ਸਾਡੇ ਗੁਰੂਆਂ ਦੇ ਫਰਮਾਨ ਅਨੁਸਾਰ ਚਿੰਤਾ ਚਿਖਾ ਵਿਚ ਪੈਣ ਬਰਾਬਰ ਹੈ। ਅੱਜਕਲ੍ਹ ਸਾਰੀ ਦੁਨੀਆ ਚਿੰਤਾ ਵਿਚ ਘਿਰੀ ਹੋਈ ਹੈ। ਚਿੰਤਾ ਨੂੰ ਦੂਰ ਕਰਨ ਲਈ ਦੁਨੀਆ ਦਾ ਵੱਡਾ ਹਿੱਸਾ ਨਸ਼ਿਆਂ ਨੂੰ ਨਿਗਲ ਕੇ ਸਮਾਂ ਬਤੀਤ ਕਰ ਰਿਹਾ ਹੈ। ਇਕ ਸੁਝਾਅ ਹੈ ਕਿ ਨਸ਼ਿਆਂ ਤੋਂ ਬਚਣ ਲਈ ਚੰਗਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਜਾਂ ਕੋਈ ਵਧੀਆ ਧਾਰਮਿਕ ਸਾਹਿਤ ਪੜ੍ਹਨਾ ਚਾਹੀਦਾ ਹੈ ਕਿਉਂਕਿ ਨਸ਼ਿਆਂ ਦੇ ਆਦੀ ਵਿਅਕਤੀ ਨੂੰ ਛੇਤੀ ਕਿਤੇ ਕੋਈ ਮੂੰਹ ਨਹੀਂ ਲਗਾਉਂਦਾ। ਸਾਨੂੰ ਚੰਗਾ ਸਾਹਿਤ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਹਰੇਕ ਕਿਸੇ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਸਮੇਂ ਦੀ ਲੋੜ ਹੈ।

-ਸੁਰਿੰਦਰ ਸਿੰਘ
ਗਰਚਾ ਨਰਸਰੀ, ਧਨੌਲਾ ਰੋਡ, ਬਰਨਾਲਾ।

ਪਰਾਲੀ ਦੀ ਸਮੱਸਿਆ
ਪਿਛਲੇ ਸਾਲਾਂ ਦੀ ਤਰ੍ਹਾਂ ਐਤਕੀਂ ਵੀ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਫੂਕਣ ਲਈ ਸਰਕਾਰ ਵੱਲੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ। ਠੀਕ ਵੀ ਹੈ, ਇਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ। ਅੱਖਾਂ ਦੀਆਂ ਤੇ ਸਾਹ ਤੋਂ ਇਲਾਵਾ ਹੋਰ ਵੀ ਬਿਮਾਰੀਆਂ ਲਗਦੀਆਂ ਹਨ। ਪਰ ਇਸ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਪਰਾਲੀ ਨਾ ਫੂਕਣ ਕਾਰਨ ਇਸ ਪਰਾਲੀ ਨੂੰ ਵਾਹੁਣ 'ਤੇ ਹਜ਼ਾਰਾਂ ਦਾ ਡੀਜ਼ਲ ਫੂਕਿਆ ਜਾਂਦਾ ਹੈ। ਨਾੜ ਪਹਿਲਾਂ ਰੀਪਰ ਨਾਲ ਵੱਢਣਾ ਪੈਂਦਾ ਹੈ ਫਿਰ ਦੋ-ਤਿੰਨ ਵਾਰੀ ਵਹਾਈ ਕਰਨੀ ਪੈਂਦੀ ਹੈ। ਇਸ ਤਰ੍ਹਾਂ ਇਕ ਏਕੜ 'ਤੇ ਤਕਰੀਬਨ 2000 ਰੁਪਏ ਖਰਚ ਹੋ ਜਾਂਦਾ ਹੈ ਜੋ ਕਿ ਛੋਟੇ ਕਿਸਾਨ ਲਈ ਔਖਾ ਹੈ। ਜੇਕਰ ਸਰਕਾਰ ਨੇ ਪਰਾਲੀ ਫੂਕਣ 'ਤੇ ਪਾਬੰਦੀ ਲਾਉਣੀ ਹੈ ਤਾਂ ਛੋਟੇ ਕਿਸਾਨਾਂ ਨੂੰ ਆਰਥਿਕ ਮਦਦ ਦੇਣੀ ਚਾਹੀਦੀ ਹੈ।

-ਜਗਤਾਰ ਸਿੰਘ ਰੁਲਦੂਵਾਲਾ
ਹੈਲਥ ਇੰਸਪੈਕਟਰ ਅਮਰਗੜ੍ਹ (ਸੰਗਰੂਰ)।

31-10-14

 ਜੰਗ-ਏ-ਆਜ਼ਾਦੀ ਯਾਦਗਾਰ

ਪਹਿਲਾਂ ਤਾਂ ਮੈਂ ਆਪ ਜੀ ਨੂੰ ਇਹ ਵਧਾਈ ਦਿੰਦਾ ਹਾਂ ਕਿ ਆਪ ਜੀ ਦੀ ਮਿਹਨਤ ਸਦਕਾ ਜੰਗ-ਏ-ਆਜ਼ਾਦੀ ਯਾਦਗਾਰ (ਕਰਤਾਰਪੁਰ) ਪੰਜਾਬ ਦਾ 19 ਅਕਤੂਬਰ ਨੂੰ ਨੀਂਹ ਪੱਥਰ ਰੱਖਿਆ ਗਿਆ ਤੇ ਆਪ ਜੀ ਨੂੰ ਫਾਊਂਡੇਸ਼ਨ ਦਾ ਪ੍ਰਧਾਨ ਚੁਣਿਆ ਗਿਆ। ਆਪ ਜੀ ਵਧਾਈ ਦੇ ਪਾਤਰ ਹੋ। ਆਪ ਜੀ ਵੱਲੋਂ ਲਿਖਿਆ ਲੇਖ (26.10.2014) 'ਸ਼ਹੀਦੋਂ ਦੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ' ਪੜ੍ਹਿਆ, ਜਿਸ ਵਿਚ ਆਪ ਜੀ ਨੇ ਸੈਲੂਲਰ ਜੇਲ੍ਹ (ਕਾਲੇ ਪਾਣੀ) ਦਾ ਜ਼ਿਕਰ ਕੀਤਾ ਤੇ ਸਾਡੇ ਪਿਤਾ ਜੀ ਦੀ ਯਾਦ ਕਰਵਾ ਦਿੱਤੀ। ਮੇਰੇ ਪਿਤਾ ਜੀ 19.2.1940 ਤੋਂ 14.5.1946 ਤੱਕ ਇਸ ਜੇਲ੍ਹ ਵਿਚ ਰਹੇ। ਆਪ ਜੀ ਨੇ ਸਾਰੇ ਦੁੱਖ-ਤਸੀਹੇ ਵਰਨਣ ਕਰ ਦਿੱਤੇ ਹਨ। ਪੌਣੇ ਚਾਰ ਫੁੱਟ ਲੰਮੇ, ਤਿੰਨ ਫੁੱਟ ਚੌੜੇ ਕਮਰਿਆਂ ਵਿਚ ਸੌਣਾ, ਖਾਣਾ, ਰਹਿਣਾ, ਨੱਕ ਵਿਚ ਦੁੱਧ ਪਾ ਕੇ ਜਿਊਂਦਾ ਰੱਖਣਾ, ਕੁੱਟਮਾਰ ਕਰਨੀ, ਪੁੱਤਰ ਦੀ ਉਡੀਕ ਵਿਚ ਮਾਂ-ਬਾਪ ਮਰ ਜਾਣਾ। ਆਪ ਜੀ ਨੇ ਅੰਡੇਮਾਨ-ਨਿਕੋਬਾਰ (ਪੋਰਟ ਬਲੇਅਰ), ਨਾਗਪੁਰ, ਇੰਦੌਰ ਦਾ ਦੌਰਾ ਕਰਕੇ ਇਹ ਮਹਿਸੂਸ ਕੀਤਾ ਕਿ ਆਪਣੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਤੇ ਉਨ੍ਹਾਂ ਦੀ ਯਾਦਗਾਰ ਬਣਾਈ ਜਾਵੇ। ਬਹੁਤ-ਬਹੁਤ ਧੰਨਵਾਦ। ਕਿੰਨਾ ਚੰਗਾ ਹੁੰਦਾ ਕਿ ਸੁਤੰਤਰਤਾ ਸੈਨਾਨੀਆਂ ਜੋ ਕਿ ਪੂਰੇ ਹੋ ਚੁੱਕੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਬੁਲਾਇਆ ਜਾਂਦਾ। ਇਕ ਹੋਰ ਬੇਨਤੀ ਹੈ ਕਿ ਜਿਥੋਂ ਤੱਕ ਸ਼ਹੀਦਾਂ ਨੂੰ ਯਾਦ ਰੱਖਣ ਦਾ ਸਵਾਲ ਹੈ, ਸਾਡੀ ਸਰਕਾਰ ਨੂੰ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੂੰ ਫਰੀ ਬੱਸ ਸੇਵਾ ਦੇਣਾ ਜਾਰੀ ਨਾ ਕਰਨਾ, ਦਾਖਲਿਆਂ 'ਚ 2 ਫ਼ੀਸਦੀ ਤੋਂ ਸੀਟਾਂ ਘਟਾ ਕੇ 1 ਫ਼ੀਸਦੀ ਕਰ ਦੇਣਾ, ਬੱਚਿਆਂ ਦੇ ਵਜ਼ੀਫ਼ੇ ਬੰਦ ਕਰਨਾ, 15 ਅਗਸਤ ਤੇ 26 ਜਨਵਰੀ ਨੂੰ ਸਨਮਾਨਿਤ ਨਾ ਕਰਨਾ ਆਦਿ ਬਾਰੇ ਮੁੜ ਵਿਚਾਰ ਕਰਨੀ ਚਾਹੀਦੀ ਹੈ। ਬੱਚੇ ਕੀ ਯਾਦ ਕਰਨਗੇ ਕਿ ਸਾਡੇ ਬਜ਼ੁਰਗਾਂ ਨੇ ਕੀ ਦਿੱਤਾ?

-ਰਣਜੀਤ ਸਿੰਘ
ਮਕਾਨ ਨੰ: 278, ਗਰੇਟਰ ਕੈਲਾਸ਼ ਕਾਲੋਨੀ, ਨੇੜੇ ਜੇ.ਸੀ.ਟੀ. ਮਿੱਲ, ਫਗਵਾੜਾ, ਜ਼ਿਲ੍ਹਾ ਕਪੂਰਥਲਾ।
ਮੋ: 9501454522

ਸਰਕਾਰ ਤੇ ਸ਼ਰਾਬ

ਪਿਛਲੇ ਦਿਨੀਂ ਇਕ ਅਜੀਬ ਖ਼ਬਰ ਪੜ੍ਹੀ ਕਿ ਪੰਜਾਬ ਦੀਆਂ ਪੰਚਾਇਤਾਂ ਨੇ ਆਪਣੇ ਇਲਾਕਿਆਂ ਨੂੰ ਨਸ਼ਾ-ਮੁਕਤ ਕਰਨ ਲਈ ਸਰਕਾਰੀ ਤੌਰ 'ਤੇ ਠੇਕੇ ਕੁਝ ਪਿੰਡਾਂ ਵਿਚ ਨਾ ਖੁੱਲ੍ਹਣ ਦੇ ਮਤੇ ਪਾ ਕੇ ਸਰਕਾਰ ਨੂੰ ਭੇਜੇ ਸਨ। ਪਰ ਸਰਕਾਰ ਦੇ ਆਬਕਾਰ ਵਿਭਾਗ ਨੇ ਇਹ ਮਤੇ ਇਹ ਕਹਿ ਕੇ ਰੱਦ ਕਰ ਦਿੱਤੇ ਕਿ ਠੇਕੇ ਨਾ ਖੁੱਲ੍ਹਣ 'ਤੇ ਸਰਕਾਰੀ ਖਜ਼ਾਨੇ ਨੂੰ ਵੱਡਾ ਘਾਟਾ ਪਵੇਗਾ। ਕਿੰਨੀ ਹਾਸੋਹੀਣੀ ਤੇ ਨਿਰਾਸ਼ਾਜਨਕ ਗੱਲ ਹੈ ਕਿ ਸਰਕਾਰ ਸਿਰਫ ਪੈਸੇ ਦੇ ਲਾਲਚ ਹੇਠ ਹੀ ਪੰਜਾਬ ਵਾਸੀਆਂ ਨੂੰ ਪੱਕੇ ਤੌਰ 'ਤੇ ਸ਼ਰਾਬੀ ਬਣਾਉਣਾ ਚਾਹੁੰਦੀ ਹੈ। ਸਰਕਾਰ ਦੇ ਇਸ ਗ਼ਲਤ ਫ਼ੈਸਲੇ 'ਤੇ ਪੰਜਾਬ ਦੀ ਚੜ੍ਹਦੀ ਕਲਾ ਚਾਹੁਣ ਵਾਲੇ ਲੋਕ ਡਾਹਢੇ ਦੁਖੀ ਹਨ। ਜੋ ਪੰਚਾਇਤਾਂ ਸ਼ਰਾਬ ਨਹੀਂ ਵਿਕਣ ਦੇਣਾ ਚਾਹੁੰਦੀਆਂ, ਉਨ੍ਹਾਂ ਦਾ ਮਨੋਬਲ ਵੀ ਡਿੱਗਾ ਹੈ। ਸਰਕਾਰ ਨੂੰ ਗੰਭੀਰਤਾ ਨਾਲ ਇਸ ਬਾਰੇ ਸੋਚਣਾ ਚਾਹੀਦਾ ਹੈ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

ਨਸ਼ਿਆਂ ਦਾ ਰੁਝਾਨ

ਨੌਜਵਾਨਾਂ ਵਿਚ ਨਸ਼ਿਆਂ ਦਾ ਰੁਝਾਨ ਪੈਦਾ ਹੋਣ ਦੇ ਕਈ ਕਾਰਨ ਹਨ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕਈ ਮਾਪੇ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਉਸਾਰੂ ਤੇ ਚੰਗੀ ਸਿੱਖਿਆ ਨਹੀਂ ਦੇ ਪਾਉਂਦੇ ਅਤੇ ਉਨ੍ਹਾਂ ਦਾ ਬੁਰੇ ਲੋਕਾਂ ਨਾਲ ਬਹਿਣ-ਉੱਠਣ ਦਾ ਧਿਆਨ ਨਹੀਂ ਰੱਖਦੇ। ਅਜਿਹੀ ਹਾਲਤ ਵਿਚ ਬੱਚੇ ਅਕਸਰ ਹੀ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਨਸ਼ਿਆਂ ਦੀ ਤਸਕਰੀ ਕਰਨ ਵਿਚ ਕਈ ਲੀਡਰ ਤੇ ਉਨ੍ਹਾਂ ਦੇ ਚਹੇਤੇ ਪੁਲਿਸ ਦੀ ਛਤਰ ਛਾਇਆ ਹੇਠ ਘਿਨਾਉਣਾ ਯੋਗਦਾਨ ਪਾ ਰਹੇ ਹਨ। ਕਦੇ-ਕਦੇ ਖ਼ਬਰਾਂ 'ਚ ਪੜ੍ਹਦੇ-ਸੁਣਦੇ ਹਾਂ ਕਿ ਸਰਹੱਦ 'ਤੇ ਕਰੋੜਾਂ ਦੀ ਜਾਅਲੀ ਕਰੰਸੀ ਤੇ ਹੈਰੋਇਨ ਫੜੀ ਗਈ ਪਰ ਫੜੇ ਗਏ ਤਸਕਰਾਂ ਬਾਰੇ ਕਦੇ ਪਤਾ ਨਹੀਂ ਲੱਗਿਆ ਹੈ ਕਿ ਉਨ੍ਹਾਂ ਦਾ ਕੀ ਹੋਇਆ। ਸਾਡੇ ਧਾਰਮਿਕ ਆਗੂਆਂ ਜਾਂ ਪ੍ਰਚਾਰਕਾਂ ਦੀ ਵੱਡੀ ਗਿਣਤੀ ਵਿਚ ਅਜਿਹੇ ਹਨ, ਜੋ ਆਪਣੀਆਂ ਜੇਬਾਂ ਤੇ ਗੋਲਕਾਂ ਭਰਨ ਤੱਕ ਹੀ ਸੀਮਤ ਹਨ। ਇਨ੍ਹਾਂ ਨੇ ਵੀ ਨਸ਼ਿਆਂ ਖ਼ਿਲਾਫ਼ ਕਦੇ ਕੋਈ ਠੋਸ ਪ੍ਰਚਾਰ ਜਾਂ ਉਪਰਾਲਾ ਨਹੀਂ ਕੀਤਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਲਈ ਸੱਚੇ ਦਿਲੋਂ ਜੰਗੀ ਪੱਧਰ 'ਤੇ ਉੱਦਮ ਕਰਨ ਦੀ ਲੋੜ ਹੈ।

-ਰਾਣਾ ਮੱਲ੍ਹਾ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

ਵਧਦੇ ਸੜਕ ਹਾਦਸੇ

ਸੜਕਾਂ ਉਤੇ ਆਵਾਜਾਈ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਸੜਕਾਂ ਉੱਤੇ ਬੰਦਿਆਂ ਤੇ ਮਾਲ ਦੀ ਢੋਆ-ਢੁਆਈ ਕਰਦੇ ਟਰੱਕਾਂ, ਬੱਸਾਂ, ਕਾਰਾਂ ਆਦਿ ਦਾ ਤਾਂਤਾ ਲੱਗਿਆ ਰਹਿੰਦਾ ਹੈ। ਕੰਮਾਂ-ਕਾਰਾਂ ਦੇ ਵਧਣ ਕਾਰਨ ਲੋਕਾਂ ਵਿਚ ਕਾਹਲ ਵਧ ਗਈ ਹੈ ਤੇ ਠਰ੍ਹੰਮਾ ਘਟ ਗਿਆ ਹੈ। ਦੁਰਘਟਨਾਵਾਂ ਦਾ ਇਕ ਕਾਰਨ ਹਰ ਇਕ ਦਾ ਤੇਜ਼ ਸਪੀਡ ਨਾਲ ਚਲਣਾ ਹੈ। ਬਹੁਤ ਸਾਰੀਆਂ ਦੁਰਘਟਨਾਵਾਂ ਡਰਾਈਵਰਾਂ ਦੀ ਲਾਪਰਵਾਹੀ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਕਰਕੇ ਹੁੰਦੀਆਂ ਹਨ। ਉਨ੍ਹਾਂ ਦੁਆਰਾ ਵਰਤੀ ਸਾਵਧਾਨੀ ਨਾਲ ਹੀ ਇਸ ਸਮੱਸਿਆ ਨੂੰ ਨਜਿੱਠਿਆ ਜਾ ਸਕਦਾ ਹੈ। ਦੁਰਘਟਨਾਵਾਂ ਤੋਂ ਬਚਣ ਲਈ ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਜੇਕਰ ਸੜਕਾਂ 'ਤੇ ਆਵਾਜਾਈ ਸਮੇਂ ਆਪਣਾ ਤੇ ਦੂਜਿਆਂ ਦਾ ਖਿਆਲ ਰੱਖਿਆ ਜਾਵੇ, ਤਾਂ ਦੁਰਘਟਨਾਵਾਂ ਟਲ ਸਕਦੀਆਂ ਹਨ।

-ਸਰਿੰਦਰ ਸਿੰਘ ਬਰਨਾਲਾ
ਸਲੇਮਟਾਬਰੀ, ਲੁਧਿਆਣਾ।

28-10-2014

 ਨੋਬਲ ਪੁਰਸਕਾਰ
ਇਹਨੂੰ ਸਮੇਂ ਦਾ ਚੱਕਰ ਹੀ ਕਿਹਾ ਜਾਵੇਗਾ ਕਿ ਇਕ ਪਾਸੇ ਤਾਂ ਸਰਹੱਦ 'ਤੇ ਭਾਰਤ-ਪਾਕਿ ਦੇ ਫ਼ੌਜੀ ਇਕ-ਦੂਜੇ 'ਤੇ ਬਦੂੰਕ ਤਾਣ ਕੇ ਖੜ੍ਹੇ ਹਨ।ੁੰਦੂਜੇ ਪਾਸੇ ਵਿਸ਼ਵ ਪੱਧਰੀ ਨੋਬਲ ਕਮੇਟੀ ਨੇ ਭਾਰਤ-ਪਾਕਿ ਦੀਆਂ ਦੋ ਸ਼ਖ਼ਸੀਅਤਾਂ ਨੂੰ ਸਾਂਝੇ ਤੌਰ 'ਤੇ ਨੋਬਲ ਸ਼ਾਤੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਹੈ। ਕੈਲਾਸ਼ ਸਤਿਆਰਥੀ ਨੇ ਆਪਣਾ ਜੀਵਨ ਬਾਲ ਮਜ਼ਦੂਰੀ ਦੇ ਖ਼ਾਤਮੇ ਨੂੰ ਸਮਰਪਿਤ ਕੀਤਾ ਹੋਇਆ ਹੈ ਤੇ ਹਜ਼ਾਰਾਂ ਹੀ ਬੱਚਿਆਂ ਨੂੰ ਆਪਣੀ ਸੰਸਥਾ ਰਾਹੀਂ ਬਾਲ ਮਜ਼ਦੂਰੀ ਦੇ ਕਲੰਕ ਤੋਂ ਨਿਜਾਤ ਦੁਆਈ ਤੇ ਉਨ੍ਹਾਂ ਦੀ ਪੜ੍ਹਾਈ ਦਾ ਪ੍ਰਬੰਧ ਵੀ ਕੀਤਾ। ਇੰਜ ਹੀ ਮਲਾਲਾ ਯੂਸਫ਼ਜ਼ੇਈ ਨੇ ਪਾਕਿ 'ਚ ਅੱਤਵਾਦ ਪੀੜਤ ਇਲਾਕੇ 'ਚ ਲੜਕੀਆਂ ਦੀ ਸਿੱਖਿਆ ਤੇ ਉਨ੍ਹਾਂ 'ਚ ਪਰਦੇਦਾਰੀ ਪ੍ਰਥਾ ਬਾਰੇ ਆਪਣੀ ਆਵਾਜ਼ ਬੁਲੰਦ ਕੀਤੀ। ਦੋਵੇਂ ਦੇਸ਼ ਗ਼ਰੀਬੀ, ਜਹਾਲਤ ਅਤੇ ਭੁੱਖਮਰੀ ਦਾ ਸ਼ਿਕਾਰ ਹਨ। ਕੈਲਾਸ਼ ਸਤਿਆਰਥੀ ਤੇ ਮਲਾਲਾ ਯੂਸਫ਼ਜ਼ੇਈ ਵਾਂਗ ਸੰਵੇਦਨਾ, ਸੰਸਕਾਰ ਅਤੇ ਸੇਵਾ ਦੀ ਭਾਵਨਾ ਨਾਲ ਹੀ ਆਮ ਜਨਤਾ ਦੇ ਹਿਤਾਂ ਲਈ ਕਾਰਜ ਕੀਤਾ ਜਾ ਸਕਦਾ ਹੈ। ਸ਼ਾਇਦ ਇੰਜ ਦੋਵੇਂ ਦੇਸ਼ ਸ਼ਾਂਤੀ ਵੱਲ ਸੱਚਮੁੱਚ ਕਦਮ ਵਧਾ ਲੈਣ ਜੋ ਕਿ ਇਸ ਖੇਤਰ ਦੇ ਹਿਤ 'ਚ ਵੀ ਹੋਵੇਗਾ ਤੇ ਆਮ ਜਨਤਾ ਨੂੰ ਵੀ ਰਾਹਤ ਮਿਲੇਗੀ।

-ਵਿਵੇਕ ਕੋਟ
ਈਸੇ ਖਾਂ (ਮੋਗਾ)।

ਡਾਵਾਂਡੋਲ ਕਾਨੂੰਨ ਵਿਵਸਥਾ
ਪਿਛਲੇ ਸਮਿਆਂ ਤੋਂ ਸਮਾਜ ਵਿਚ ਜੀਵਨ ਬਸਰ ਕਰ ਰਹੇ ਲੋਕਾਂ ਦਾ ਨਿਆਂ ਵਿਵਸਥਾ ਅਤੇ ਪ੍ਰਸ਼ਾਸਨ ਤੋਂ ਮਨ ਉੱਠ ਗਿਆ ਹੈ। ਉਨ੍ਹਾਂ ਨੂੰ ਕਿਤੇ ਵੀ ਇਨਸਾਫ਼ ਮਿਲਣ ਦੀ ਉਮੀਦ ਨਹੀਂ ਹੁੰਦੀ। ਇਸੇ ਸਦਕਾ ਜਦੋਂ ਉਨ੍ਹਾਂ ਨਾਲ ਕੋਈ ਵਧੀਕੀ ਹੁੰਦੀ ਹੈ, ਉਸ ਦੀ ਕਿਤੇ ਸੁਣਵਾਈ ਨਹੀਂ ਹੁੰਦੀ। ਬੇਇਨਸਾਫ਼ੀ ਹੁੰਦੀ ਅਤੇ ਤਕੜੀ ਧਿਰ ਦੇ ਹੱਕ ਵਿਚ ਫ਼ੈਸਲਾ ਹੁੰਦਾ ਹੈ ਤਾਂ ਲੋਕਾਂ ਵਿਚ ਗੁੱਸੇ ਦੀ ਲਹਿਰ ਦੌੜ ਜਾਂਦੀ ਹੈ ਅਤੇ ਉਹ ਭੰਨ-ਤੋੜ ਅਤੇ ਸਾੜ-ਫੂਕ, ਅਗਜ਼ਨੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਜਿਉਂ ਹੀ ਸਵੇਰ ਸਮੇਂ ਅਸੀਂ ਅਖ਼ਬਾਰਾਂ ਦੀਆਂ ਸੁਰਖੀਆਂ 'ਤੇ ਝਾਤ ਮਾਰਦੇ ਹਾਂ ਤਾਂ ਇਸ ਪ੍ਰਕਾਰ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਕਾਨੂੰਨ ਵਿਵਸਥਾ ਖਿਲਾਫ਼ ਸਮਾਜ ਵਿਚ ਫੈਲੀ ਬੇਭਰੋਸਗੀ ਦੇ ਕਈ ਗੰਭੀਰ ਸਿੱਟੇ ਨਿਕਲਣਗੇ। ਜੇਕਰ ਇਸ ਦੀ ਸਥਿਤੀ ਇਸੇ ਤਰ੍ਹਾਂ ਹੀ ਡਾਵਾਂਡੋਲ ਰਹੀ ਤਾਂ ਆਉਣ ਵਾਲੇ ਸਮੇਂ ਦਾ ਵਹਾਅ ਠੀਕ ਨਹੀਂ ਹੋਵੇਗਾ। ਸੋ ਇਕ ਵਧੀਆ ਨਿਆਂ ਦੇ ਆਧਾਰ 'ਤੇ ਤਕਰਸੰਗਤ ਵਿਵਸਥਾ ਬਣਾ ਕੇ ਨਰੋਏ ਸਮਾਜ ਦੀ ਸਿਰਜਣਾ ਕਰਨ ਦੀ ਲੋੜ ਹੈ।

-ਰਾਜਿੰਦਰ ਹੈਪੀ
ਮਾਨਸਾ।

ਮਾਂ-ਬੋਲੀ
ਮਾਂ ਤੇ ਮਾਂ-ਬੋਲੀ ਦਾ ਆਪਸ ਵਿਚ ਬਹੁਤ ਵੱਡਾ ਸੁਮੇਲ ਹੈ। ਮਾਂ ਤੋਂ ਬਿਨਾਂ ਬੋਲੀ ਅਧੂਰੀ ਹੁੰਦੀ ਹੈ। ਜਿਵੇਂ ਮਾਂ ਦਾ ਪਿਆਰ ਸਵਾਰਥ ਰਹਿਤ ਹੁੰਦਾ ਹੈ, ਬੋਲੀ ਵੀ ਸਵਾਰਥ ਰਹਿਤ ਹੁੰਦੀ ਹੈ। ਇਨਸਾਨ ਮਾਂ ਦੀ ਗੋਦ ਵਿਚ ਲੋਰੀਆਂ ਸੁਣ ਕੇ ਅਤੇ ਝਿੜਕਾਂ ਖਾ ਕੇ ਮਾਂ-ਬੋਲੀ ਸਿੱਖਦਾ ਹੈ। ਜਿਹੜਾ ਇਨਸਾਨ ਮਾਂ-ਬੋਲੀ ਭੁੱਲ ਗਿਆ, ਸਮਝੋ ਆਪਣੀ ਮਾਂ ਨੂੰ ਹੀ ਭੁੱਲ ਗਿਆ। ਮਾਂ-ਬੋਲੀ ਸਿੱਖਣ ਲਈ ਮਾਂ ਤੋਂ ਬਿਨਾਂ ਹੋਰ ਕੋਈ ਗੁਰੂ ਨਹੀਂ ਹੁੰਦਾ, ਜਿਵੇਂ ਇਕ ਅੱਖਰ 'ਮਾਂ' ਵਿਚ ਸਾਰੀ ਖਲਕਤ ਸਮਾਈ ਬੈਠੀ ਹੈ, ਉਸੇ ਤਰ੍ਹਾਂ ਮਾਂ-ਬੋਲੀ ਵਿਚ ਪਿਆਰ ਅਤੇ ਭਾਵਨਾਵਾਂ ਬੈਠੀਆਂ ਹਨ। ਸ੍ਰੀ ਰਾਬਿੰਦਰ ਨਾਥ ਟੈਗੋਰ ਨੇ ਠੀਕ ਹੀ ਕਿਹਾ ਸੀ 'ਮਾਤ ਭਾਸ਼ਾ ਬਿਨਾਂ ਨਾ ਆਨੰਦ ਮਿਲਦਾ ਹੈ ਨਾ ਵਿਸਥਾਰ ਹੁੰਦਾ ਹੈ, ਨਾ ਹੀ ਸਾਡੀਆਂ ਯੋਜਨਾਵਾਂ ਪ੍ਰਫੁੱਲਿਤ ਹੁੰਦੀਆਂ ਹਨ।' ਅੱਜ ਲੋੜ ਹੈ ਮਾਂ ਅਤੇ ਮਾਂ-ਬੋਲੀ ਨੂੰ ਭਵਿੱਖ ਦੇ ਵਾਰਸਾਂ ਲਈ ਸੰਭਾਲ ਕੇ ਰੱਖਣ ਦੀ ਤਾਂ ਜੋ ਉਹ ਆਪਣੀ ਸੱਭਿਅਤਾ ਦਾ ਵਿਕਾਸ ਕਰ ਸਕਣ।

-ਸੁਖਪਾਲ ਸਿੰਘ ਗਿੱਲ
ਮੋ: 9878111445

23-10-2014

 ਸਵੱਛ ਭਾਰਤ ਕਦੋਂ?
ਦੇਸ਼ ਨੂੰ ਆਜ਼ਾਦ ਹੋਏ 68 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਫਸੋਸ ਏਨੀਆਂ ਸਰਕਾਰਾਂ ਬਦਲਣ ਦੇ ਬਾਅਦ ਵੀ ਅਸੀਂ ਸਫ਼ਾਈ ਤੋਂ ਸੱਖਣੇ ਤੇ ਅਣਜਾਣ ਹਾਂ ਕਿ ਅੱਜ ਸਾਡੇ ਲੀਡਰ ਸਫਾਈ ਮੁਹਿੰਮ ਲਈ ਸਿਰਫ ਅਖ਼ਬਾਰਾਂ ਦੀਆਂ ਫੋਟੋਆਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਚਮਚਾਗਿਰੀ ਏਨੀ ਵਧ ਚੁਕੀ ਹੈ ਜੋ ਸਭ ਹੀ ਜਾਣਦੇ ਹਨ। ਮੰਤਰੀਆਂ ਨੇ ਜਿੱਥੇ ਜਾਣਾ ਹੋਵੇ ਸੰਤਰੀ ਪਹਿਲਾਂ ਉਨ੍ਹਾਂ ਥਾਵਾਂ ਦੀ ਸਫ਼ਾਈ ਕਰ ਦਿੰਦੇ ਹਨ। ਕੀ ਮੰਤਰੀ ਬਣਨ ਤੋਂ ਬਾਅਦ ਜਿੱਤੇ ਹੋਏ ਨੁਮਾਇੰਦੇ ਆਪਣਾ ਸਮਾਜ ਹੀ ਭੁਲ ਜਾਂਦੇ ਹਨ। ਜੇ ਅਸੀਂ ਆਪਣੀ ਨਿੱਜੀ ਜ਼ਿੰਦਗੀ ਵਿਚ 15 ਜਾਂ 20 ਮਿੰਟ ਰੋਜ਼ਾਨਾ ਸਫ਼ਾਈ ਨੂੰ ਦੇਈਏ ਤਾਂ ਅਸੀਂ ਸਹਿਜੇ ਹੀ ਆਪਣਾ ਆਲਾ-ਦੁਆਲਾ ਸਾਫ਼ ਰੱਖ ਸਕਦੇ ਹਾਂ। ਅੱਜ ਨੌਜਵਾਨਾਂ ਦੀ ਸ਼ਕਤੀ ਬੇਅਰਥ ਜਾ ਰਹੀ ਹੈ। ਨਸ਼ਾ ਸਾਡੇ ਸਰੀਰ ਤੇ ਨਵੀਂ ਪਨੀਰੀ ਦਾ ਨਾਸ਼ ਕਰ ਰਿਹਾ ਹੈ। ਕਿੱਥੇ ਨੇ ਸਾਡੀਆਂ ਸਰਕਾਰਾਂ ਤੇ ਸਾਡੇ ਚੁਣੇ ਹੋਏ ਨੁਮਾਇੰਦੇ। ਅੱਜ ਹਰ ਆਮ ਭਾਰਤੀ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਿਹਾ ਹੈ। ਸਮਾਜ ਵਿਚ ਏਨੀ ਭਿਅੰਕਰ ਗੰਦਗੀ ਫੈਲ ਚੁੱਕੀ ਹੈ, ਜਿਸ ਨੂੰ ਪਤਾ ਨਹੀਂ ਕੌਣ ਤੇ ਕਿਹੜੀ ਲੋਕ ਹਿੱਤੂ ਸਰਕਾਰ ਸਾਫ਼ ਕਰੇਗੀ?

-ਜਸਦੀਪ ਸਿੰਘ ਖੰਨਾ
ਮੋ: 94630-57786

ਦੇਸ਼ ਦੀ ਖਾਤਿਰ...
2 ਅਕਤੂਬਰ 2014 ਨੂੰ ਸਾਡੀ ਸਰਕਾਰ ਨੇ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਪੂਰਾ ਯਤਨ ਕੀਤਾ ਮਹਾਤਮਾ ਗਾਂਧੀ ਦੀ ਭਾਰਤ ਮਾਤਾ ਪ੍ਰਤੀ ਸੋਚ ਨੂੰ ਲਾਗੂ ਕਰਨ ਲਈ ਭਾਰਤ ਸਰਕਾਰ ਨੇ ਸਵੱਛ ਭਾਰਤ ਦਾ ਨਾਅਰਾ ਦਿੱਤਾ। 2 ਅਕਤੂਬਰ ਨੂੰ ਨਾਗਰਿਕਾਂ ਨੂੰ ਸਵੱਛਤਾ ਦੀ ਸਹੁੰ ਚੁਕਾ ਕੇ ਸਵੈ-ਇੱਛੁਕ, ਸਵੈ-ਭਾਵਨਾ, ਸਵੱਛਤਾ ਅਤੇ ਸਮਰਪਿਤ ਭਾਵਨਾ ਪੈਦਾ ਕਰਨ ਦਾ ਸਬਕ ਸਿਖਾਇਆ। ਬਤੌਰ ਦੇਸ਼ ਵਾਸੀ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਸਵੱਛ ਮੁਲਕਾਂ ਦੇ ਸੋਹਲੇ ਗਾਉਣ ਨਾਲੋਂ ਅੱਜ ਤੋਂ ਹੀ ਇਸ ਅਭਿਆਨ ਨਾਲ ਜੁੜ ਕੇ ਭਾਰਤ ਨੂੰ ਸਾਫ਼ ਅਤੇ ਖੁਸ਼ਹਾਲ ਬਣਾਈਏ। ਪੰਜਾਬ ਸਰਕਾਰ ਵੱਲੋਂ ਵੀ 2 ਅਕਤੂਬਰ ਦਾ ਦਿਨ ਆਪਣੇ ਮਹਿਕਮਿਆਂ ਰਾਹੀਂ ਸਵੱਛ ਭਾਰਤ ਨੂੰ ਸਮਰਪਿਤ ਰਿਹਾ। ਅੱਜ ਲੋੜ ਹੈ ਕੁਰੀਤੀਆਂ, ਭਰੂਣ ਹੱਤਿਆ, ਦਹੇਜ ਪ੍ਰਥਾ ਨੂੰ ਵੀ ਆਪਣੇ ਹਿਰਦੇ ਵਿਚੋਂ ਕੱਢਣ ਦੀ, ਤਾਂ ਜੋ ਆਮ ਲੋਕਾਂ ਦੀ ਭਲਾਈ ਹੋ ਸਕੇ। ਨੰਨੀ ਛਾਂ ਪ੍ਰੋਗਰਾਮ ਨੇ ਵੀ ਵਾਤਾਵਰਨ ਅਤੇ ਸਮਾਜ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਓ, ਅੱਜ ਤੋਂ ਭਾਰਤ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸਾਫ਼-ਸੁਥਰਾ ਰੱਖਣ ਦਾ ਪ੍ਰਣ ਲਈਏ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਅਵਾਰਾ ਪਸ਼ੂ
ਜਿਉਂ ਹੀ ਅਸੀਂ ਆਪਣੇ ਆਲੇ-ਦੁਆਲੇ ਵੱਲ ਧਿਆਨ ਕਰਦੇ ਹਾਂ ਜਾਂ ਕਿਸੇ ਜਨਤਕ ਥਾਂ ਤੋਂ ਗੁਜ਼ਰਦੇ ਹਾਂ ਤਾਂ ਸਾਨੂੰ ਵੱਡੀ ਗਿਣਤੀ ਵਿਚ ਅਵਾਰਾ ਪਸ਼ੂਆਂ ਦੇ ਝੁੰਡ ਦਿਖਾਈ ਦਿੰਦੇ ਹਨ। ਇਹ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕਰਦੇ ਹਨ। ਮਾਲਵਾ ਖਿੱਤੇ ਦੇ ਕਈ ਪਿੰਡਾਂ ਵਿਚ ਫਸਲਾਂ ਦਾ ਉਜਾੜਾ ਰੋਕਣ ਲਈ ਪਸ਼ੂ ਭਜਾਉਣ ਵਾਲੇ ਠੇਕੇਦਾਰਾਂ ਨੇ ਪਿੰਡ ਠੇਕੇ ਉੱਪਰ ਲਏ ਹੋਏ ਹਨ। ਇਨ੍ਹਾਂ ਕਾਰਨ ਗੰਭੀਰ ਸੰਕਟ ਉਦੋਂ ਪੈਦਾ ਹੁੰਦਾ ਹੈ ਜਦੋਂ ਇਹ ਮੁੱਖ ਮਾਰਗ 'ਤੇ ਆ ਜਾਂਦੇ ਹਨ। ਇਨ੍ਹਾਂ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਦੁਰਘਟਨਾਵਾਂ ਹੋਈਆਂ ਹਨ। ਕਈ ਵਾਰ ਤਾਂ ਇਨ੍ਹਾਂ ਕਾਰਨ ਵੱਡੇ-ਵੱਡੇ ਟ੍ਰੈਫਿਕ ਜਾਮ ਲੱਗ ਜਾਂਦੇ ਹਨ। ਅਸੀਂ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਦੇਖਦੇ ਹਾਂ ਕਿ ਇਨ੍ਹਾਂ ਦਾ ਸ਼ਿਕਾਰ ਅਕਸਰ ਸੈਰ ਕਰਦੇ ਬਜ਼ੁਰਗ ਜਾਂ ਖੇਡਦੇ ਹੋਏ ਛੋਟੇ ਬੱਚੇ ਵੀ ਹੋ ਜਾਂਦੇ ਹਨ। ਹਿੰਦੂ ਧਰਮ ਲਈ ਪੂਜਨੀਯ ਸਮਝੀ ਜਾਂਦੀ ਗਊ ਲਈ ਧਾਰਮਿਕ ਜਥੇਬੰਦੀਆਂ ਜਾਂ ਸਮਾਜਿਕ ਜਥੇਬੰਦੀਆਂ ਵੀ ਕੁਝ ਸੋਚਣ ਅਤੇ ਕੋਈ ਠੋਸ ਯਤਨ ਕਰਨ ਅਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕੋਈ ਨੀਤੀ ਬਣਾਈ ਜਾਵੇ ਤਾਂ ਜੋ ਫਸਲਾਂ ਦਾ ਉਜਾੜਾ ਵੀ ਨਾ ਹੋਵੇ, ਚੌਗਿਰਦਾ ਵੀ ਸਾਫ਼-ਸੁਥਰਾ ਰਹੇ, ਕੋਈ ਦੁਰਘਟਨਾ ਵੀ ਨਾ ਹੋਵੇ।

-ਰਾਜਿੰਦਰ 'ਹੈਪੀ'
ਨਿਧਾਨ ਸਿੰਘ ਨਗਰ, ਭਗਤ ਸਿੰਘ ਸਟਰੀਟ, ਕਾਲਜ ਰੋਡ, ਮਾਨਸਾ।

ਰੁੱਖ ਲਗਾਉਣੇ ਅਤੇ ਸਾਂਭਣੇ
ਭਾਵੇਂ ਰੁੱਖ ਲਗਾਉਣ ਵਿਚ ਸਰਕਾਰ ਨੇ ਅਤੇ ਹੋਰ ਸੰਸਥਾਵਾਂ ਕੋਈ ਕਸਰ ਨਹੀਂ ਛੱਡੀ। 'ਅਜੀਤ ਹਰਿਆਵਲ ਲਹਿਰ' ਨੇ ਵੀ ਵੱਡਾ ਯੋਗਦਾਨ ਪਾਇਆ ਹੈ। ਇਸ ਕੰਮ 'ਤੇ ਕਰੋੜਾਂ ਰੁਪਏ ਖਰਚ ਹੋ ਰਹੇ ਹਨ। ਪਰ ਹੁਣ ਰੁੱਖ ਲਗਾਉਣ ਦੇ ਨਾਲ-ਨਾਲ ਰੁੱਖ ਸਾਂਭਣ ਜਾਂ ਰੁੱਖ ਪਾਲਣ ਦੀ ਮੁਹਿੰਮ ਵੀ ਚਲਾਉਣੀ ਚਾਹੀਦੀ ਹੈ। ਕਿਉਂਕਿ ਕੁਝ ਲੱਗ ਰਹੇ ਰੁੱਖਾਂ ਦਾ 30-35 ਫ਼ੀਸਦੀ ਨੁਕਸਾਨ ਵੀ ਹੋ ਰਿਹਾ ਹੈ। ਇਸ ਲਈ ਸਰਕਾਰ ਨੂੰ ਬੂਟੇ ਸਾਂਭਣ ਦੀ ਲਹਿਰ ਵੀ ਚਲਾਉਣੀ ਚਾਹੀਦੀ ਹੈ ਤਾਂ ਕਿ ਅੱਜ ਲੱਗਿਆ ਨੰਨ੍ਹੀ ਛਾਂ ਦਾ ਵਾਰਸ ਕੱਲ੍ਹ ਲੋਕਾਂ ਨੂੰ ਮਿੱਠੀ ਛਾਂ ਵੀ ਦੇ ਸਕੇ। ਇਸ ਲਈ ਪੰਜਾਬ ਸਰਕਾਰ ਆਪਣੇ ਸਰਕਾਰੀ ਮੁਲਾਜ਼ਮ ਵਰਤ ਸਕਦੀ ਹੈ। ਉਨ੍ਹਾਂ ਨੂੰ ਇਲਾਕੇ ਵੰਡ ਕੇ 5-5 ਕਿਲੋਮੀਟਰ ਇਕ ਬੰਦੇ ਨੂੰ ਇਲਾਕਾ ਦੇ ਕੇ ਬੂਟਿਆਂ ਦੀ ਦੇਖ-ਭਾਲ ਕਰਵਾਈ ਜਾ ਸਕਦੀ ਹੈ। ਨਾਲ ਸਥਾਨਕ ਲੋਕਾਂ ਦੀ ਭੂਮਿਕਾ ਵੀ ਯਕੀਨੀ ਬਣਾਈ ਜਾਵੇ। ਇਸ ਤਰ੍ਹਾਂ ਕਰਨ ਨਾਲ ਕਰੋੜਾਂ ਰੁਪਏ ਦੀ ਲਾਗਤ ਨਾਲ ਲੱਗ ਰਹੇ ਬਹੁ-ਅਮੁੱਲੇ ਰੁੱਖ ਪਾਲੇ ਜਾ ਸਕਦੇ ਹਨ।

-ਮਾ: ਕਰਮਜੀਤ ਸਿੰਘ ਧਾਰੀਵਾਲ
ਨਵੀਂ ਆਬਾਦੀ, ਜੀ.ਟੀ. ਰੋਡ, ਧਾਰੀਵਾਲ (ਗੁਰਦਾਸਪੁਰ)।

21-10-2014

 ਬੈਂਕ ਕਰਜ਼ੇ
ਪੰਜਾਬ ਦੀ ਲਗਾਤਾਰ ਡੁੱਬਦੀ ਜਾ ਰਹੀ ਕਿਸਾਨੀ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਬੈਂਕਾਂ, ਸੁਸਾਇਟੀਆਂ ਵੱਲੋਂ ਸਸਤੀਆਂ ਦਰਾਂ 'ਤੇ ਕਰਜ਼ੇ ਦਿੱਤੇ ਜਾਂਦੇ ਹਨ ਤਾਂ ਜੋ ਕਿਸਾਨ ਖੇਤੀ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਅਪਣਾ ਕੇ ਜੀਵਨ ਪੱਧਰ ਉੱਚਾ ਚੁੱਕ ਸਕਣ। ਪਰ ਦੂਸਰੇ ਪਾਸੇ ਵੇਖਿਆ ਜਾਵੇ ਤਾਂ ਬਹੁਤ ਸਾਰੇ ਕਿਸਾਨਾਂ ਵੱਲੋਂ ਇਸ ਕਰਜ਼ੇ ਦੀ ਦੁਰਵਰਤੋਂ ਕਰਦੇ ਹੋਏ ਇਹ ਪੈਸਾ ਫੁਕਰਪੁਣੇ ਵਿਚ ਵੱਡੇ-ਵੱਡੇ ਟਰੈਕਟਰਾਂ, ਕੋਠੀਆਂ, ਕਾਰਾਂ ਅਤੇ ਖਰਚੀਲੇ ਵਿਆਹ ਸ਼ਾਦੀਆਂ ਉਤੇ ਬਰਬਾਦ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਉਹ ਇਸ ਕਰਜ਼ੇ ਦੀ ਦਲਦਲ ਵਿਚੋਂ ਨਿਕਲਣ ਦੀ ਬਜਾਇ ਇਸ ਵਿਚ ਲਗਾਤਾਰ ਹੋਰ ਡੂੰਘੇ ਧੱਸਦੇ ਨਜ਼ਰ ਆ ਰਹੇ ਹਨ। ਸੋ, ਅੱਜ ਲੋੜ ਹੈ ਕਿਸਾਨਾਂ ਵੱਲੋਂ ਇਸ ਮਿਲੇ ਹੋਏ ਕਰਜ਼ੇ ਦਾ ਸਦਉਪਯੋਗ ਕੀਤਾ ਜਾਵੇ ਕਿਉਂਕਿ ਇਹ ਸਭ ਨਾਲ ਹੀ ਸਾਡੇ ਰੌਸ਼ਨ ਭਵਿੱਖ ਦੀ ਕਲਪਨਾ ਸੰਭਵ ਹੋ ਸਕੇਗੀ।

-ਰਾਜਾ ਗਿੱਲ
ਮੋ: 94654-11585.

ਸਫ਼ਾਈ ਮੁਹਿੰਮ
ਮੋਦੀ ਸਰਕਾਰ ਦੀ 'ਸਵੱਛ ਭਾਰਤ' ਮੁਹਿੰਮ ਇਕ ਸਲਾਹੁਣਯੋਗ ਉਦਮ ਹੈ, ਬਸ਼ਰਤੇ ਇਸ ਵਿਚ ਵਿਖਾਵਾ ਨਾ ਹੋਵੇ। ਸਾਫ਼-ਸਫ਼ਾਈ ਦਾ ਉੱਦਮ ਸਿਰਫ ਸਰਕਾਰੀ ਪੱਧਰ 'ਤੇ ਸਫ਼ਲ ਨਹੀਂ ਹੋ ਸਕਦਾ, ਬਲਕਿ ਆਮ ਲੋਕਾਂ ਦੀ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ। ਅੱਜ ਭਾਵੇਂ ਮੋਦੀ ਸਾਹਿਬ ਨੇ ਵਿਦਿਅਕ ਅਦਾਰਿਆਂ ਦੇ ਕਰਮੀਆਂ ਤੇ ਵਿਦਿਆਰਥੀਆਂ ਨੂੰ ਵੀ ਪ੍ਰੇਰਿਆ ਹੈ। ਉਂਜ ਵੀ ਸਾਡੀ ਵਿਦਿਅਕ ਪ੍ਰਣਾਲੀ ਦਾ ਨਾਕਸ ਢਾਂਚਾ ਸਿਰਫ ਬਾਬੂ ਟਾਈਪ ਲੋਕ ਪੈਦਾ ਕਰ ਰਿਹਾ ਹੈ। ਹੱਥੀਂ ਕੰਮ ਕਰਨ ਦੀ ਭਾਵਨਾ ਸਕੂਲ ਸਮੇਂ ਤੋਂ ਪਾਉਣੀ ਚਾਹੀਦੀ ਹੈ। ਹੱਥੀਂ ਕੰਮ ਕਰਨ ਨੇ ਪੜ੍ਹਾਈ ਦੇ ਸਮਾਂਤਰ ਚਲਾ ਕੇ ਹੀ ਅਸੀਂ ਪਾੜ੍ਹਿਆਂ ਦੇ ਦਿਮਾਗ 'ਚੋਂ ਸਿਰਫ ਸਰਕਾਰੀ ਨੌਕਰੀ ਵਾਲੀ ਮਾਨਸਿਕਤਾ ਕੱਢ ਸਕਦੇ ਹਾਂ। ਤਰੱਕੀ ਯਾਫ਼ਤਾ ਮੁਲਕਾਂ ਵਿਚ ਤਰੱਕੀ ਦਾ ਕਾਰਨ ਛੋਟੀ ਉਮਰੇ ਉਮਰ ਮੁਤਾਬਿਕ ਕੰਮ ਕਰਵਾਉਣਾ ਹੈ। ਸਵੱਛ ਭਾਰਤ ਦੀ ਮੁਹਿੰਮ ਵਿਚ ਸਿਰਫ ਝਾੜੂ-ਪੋਚੇ ਨਾਲ ਨਹੀਂ ਬਲਕਿ ਨਾਕਸ ਵਿਦਿਅਕ ਪ੍ਰਣਾਲੀ ਵਿਚੋਂ ਕੰਮ ਕਰਨ ਦੀ ਭਾਵਨਾ ਵਿਰੁੱਧ ਕੰਮ ਕਰ ਰਹੇ ਵਿਰੋਧੀ ਤੱਤਾਂ ਦੀ ਸਫ਼ਾਈ ਦੀ ਅਹਿਮ ਲੋੜ ਹੈ।

-ਹਰਮਿੰਦਰ ਸਿੰਘ 'ਰਾਜੂ'
ਪਿੰਡ ਮਟਵਾਣੀ, ਤਹਿ: ਤੇ ਜ਼ਿਲ੍ਹਾ ਮੋਗਾ।

ਵਿਤਕਰਾ ਕਿਉਂ?
ਪੰਜਾਬ ਵਿਚਲੇ ਬਹੁਤੇ ਸਰਕਾਰੀ ਸਕੂਲਾਂ ਦੀ ਹਾਲਤ ਜਿਥੇ ਇਮਾਰਤਾਂ ਅਤੇ ਹੋਰ ਜ਼ਰੂਰੀ ਸਮੱਗਰੀ ਪੱਖੋਂ ਤਰਸਯੋਗ ਬਣੀ ਹੋਈ ਹੈ, ਉਥੇ ਇਨ੍ਹਾਂ ਸਕੂਲਾਂ ਵਿਚ ਬਣੇ ਵਿਦਿਆਰਥੀਆਂ ਲਈ ਪਿਸ਼ਾਬ ਘਰਾਂ ਦੀ ਬਣਤਰ ਹਾਲਤ ਬਿਆਨ ਕਰਨੀ ਬੇਹੱਦ ਔਖੀ ਹੈ। ਇਕ ਸਕੂਲ ਵਿਚਲੇ ਵਿਦਿਆਰਥੀਆਂ ਲਈ ਬਣੇ ਪਿਸ਼ਾਬ ਘਰ ਦੀ ਮਾੜੀ ਹਾਲਤ ਦੇਖ ਕੇ ਲਗਦਾ ਸੀ ਕਿ ਜਿਵੇਂ ਸਕੂਲ ਦੇ ਅਮਲੇ ਨੇ ਜਾਂ ਤਾਂ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਜਾਂ ਫਿਰ ਇਸ ਦੀ ਸਫ਼ਾਈ ਨੂੰ ਜ਼ਰੂਰੀ ਨਹੀਂ ਸਮਝਿਆ। ਦੂਜੇ ਪਾਸੇ ਸਕੂਲ ਅਮਲੇ ਲਈ ਬਣੇ ਪਿਸ਼ਾਬ ਘਰ ਦੀ ਸਫ਼ਾਈ ਤਸੱਲੀਬਖਸ਼ ਸੀ। ਕੀ ਇਹ ਵਿਦਿਆਰਥੀਆਂ ਨਾਲ ਵਿਤਕਰਾ ਨਹੀਂ ਹੈ? ਅਜਿਹਾ ਵਰਤਾਰਾ ਵਿੱਦਿਆ ਦੇ ਮੰਦਿਰਾਂ ਵਿਚ ਹੋਣਾ ਇਨਸਾਫ਼ ਪਸੰਦ ਲੋਕਾਂ ਨੂੰ ਵੱਡੀ ਢਾਅ ਲਾਉਂਦਾ ਹੈ। ਵਿਭਾਗੀ ਅਧਿਕਾਰੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਵਿਦਿਆਰਥੀ ਸਕੂਲਾਂ ਵਿਚ ਵਿੱਦਿਆ ਗਿਆਨ ਲੈਣ ਆਉਂਦੇ ਹਨ, ਨਾ ਕਿ ਬਿਮਾਰੀਆਂ। ਅੱਜ ਲੋੜ ਹੈ ਅਜਿਹੀ ਵਿੱਦਿਆ ਦੀ ਜੋ ਵੱਡੇ-ਛੋਟੇ ਵਿਚ ਪਾਏ ਜਾਂਦੇ ਵਿਤਕਰੇ ਤੋਂ ਰਹਿਤ ਹੋਵੇ। ਤੇ ਇਕ ਸੁਲਝਿਆ ਇਨਸਾਨ ਬਣਨ ਵਿਚ ਸਹਾਈ ਹੁੰਦੀ ਹੋਵੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

20-10-2014

 ਵਾਤਾਵਰਨ ਦੀ ਸ਼ੁੱਧਤਾ
ਭਾਰਤ ਨੂੰ ਆਜ਼ਾਦ ਹੋਇਆਂ 67 ਸਾਲ ਬੀਤ ਗਏ ਹਨ। ਸਮੱਸਿਆਵਾਂ ਘਟੀਆਂ ਨਹੀਂ, ਸਗੋਂ ਵਧਦੀਆਂ ਜਾ ਰਹੀਆਂ ਹਨ। ਸਭ ਤੋਂ ਪ੍ਰਮੁੱਖ ਸਮੱਸਿਆ ਸਫ਼ਾਈ ਦੀ ਹੈ। ਦੇਸ਼ ਨੂੰ ਭਿਆਨਕ ਤ੍ਰਾਸਦੀ ਵਾਤਾਵਰਨ ਦਾ ਖਰਾਬ ਹੋਣਾ ਹੈ। ਹਾਲਾਤ ਦਿਨੋ-ਦਿਨ ਬਦਤਰ ਹੁੰਦੇ ਜਾ ਰਹੇ ਨੇ। ਹਰ ਕੋਈ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਹੈ। ਉਹ ਆਪਣੇ ਗਲੋਂ ਲਾਹ ਕੇ ਦੂਸਰੇ 'ਤੇ ਸੁੱਟ ਦਿੰਦਾ ਹੈ। ਆਪਣੇ ਘਰ ਦੀ ਸਫ਼ਾਈ ਨੌਕਰਾਂ ਤੋਂ ਕਰਵਾਉਂਦਾ ਹੈ। ਨੌਕਰ ਨੌਕਰਾਂ ਵਾਲਾ ਕੰਮ ਕਰਕੇ ਚਲੇ ਜਾਂਦੇ ਹਨ ਤੇ ਮਗਰੋਂ ਵਿੱਥਾਂ, ਖੂੰਜਾਂ ਵਿਚ ਪਏ ਕੂੜੇ ਨੂੰ ਵੇਖ ਕੇ ਨੌਕਰਾਂ ਨੂੰ ਕੋਸਦੇ ਨੇ। ਗਲੀ ਮੁਹੱਲਾ ਦੀ ਸਫ਼ਾਈ ਵੀ ਪੰਚਾਇਤਾਂ ਅਤੇ ਕਮੇਟੀਆਂ, ਕਾਰਪੋਰੇਸ਼ਨਾਂ ਦੇ ਹਵਾਲੇ, ਘਰ ਦਾ ਕੂੜਾ ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਪਾ ਖਾਲੀ ਪਏ ਪਲਾਟਾਂ ਵਿਚ ਸੁੱਟ ਦਿੰਦੇ ਹਾਂ। ਇਥੋਂ ਕਾਂ, ਕੁੱਤੇ ਤੇ ਸੂਰ ਖਿਲਾਰ ਕੇ ਵਾਤਾਵਰਨ ਖਰਾਬ ਕਰਦੇ ਹਨ। 'ਸਵੱਛ ਭਾਰਤ' ਮੁਹਿੰਮ ਨੂੰ ਚਲਾਉਣ ਦੀ ਲੋੜ ਹੀ ਨਹੀਂ ਸੀ ਪੈਣੀ ਜੇਕਰ ਅਸੀਂ ਇਮਾਨਦਾਰ ਹੁੰਦੇ। ਆਲਾ-ਦੁਆਲਾ ਸਾਫ਼ ਰਹੇਗਾ ਤਾਂ ਮਨੁੱਖ ਅਰੋਗ ਰਹਿ ਸਕੇਗਾ। ਵਰਨਾ ਬਿਮਾਰੀਆਂ ਹੋਰ ਵਧ ਜਾਣਗੀਆਂ। ਇਹ ਕੰਮ ਦੂਸਰਿਆਂ 'ਤੇ ਸੁੱਟਣਾ, ਜ਼ਿੰਮੇਵਾਰੀਆਂ ਤੋਂ ਭੱਜਣਾ ਹੈ। ਕਹਾਵਤ ਹੈ ਕਿ ਕੁੱਤਾ ਵੀ ਪੂਛ ਫੇਰ ਕੇ ਬੈਠਦਾ ਹੈ। ਫਿਰ ਅਸੀਂ ਤਾਂ ਆਦਮੀ ਹਾਂ। ਜੇਕਰ ਹਰ ਮਨੁੱਖ, ਹਰ ਰੋਜ਼ ਇਕ ਘੰਟਾ ਵੀ ਸਫ਼ਾਈ ਲਈ ਕੱਢੇ ਤਾਂ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। ਹਰ ਮਨੁੱਖ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜੇ। ਘਰ ਦੇ ਨਾਲ-ਨਾਲ ਆਪਣਾ ਆਲਾ-ਦੁਆਲਾ ਸਾਫ਼ ਰੱਖਣਾ, ਮਨੁੱਖ ਦਾ ਪਹਿਲਾ ਫ਼ਰਜ਼ ਹੈ। ਫ਼ਰਜ਼ਾਂ ਤੋਂ ਕੁਤਾਹੀ ਕਰਨਾ ਆਤਮਘਾਤ ਦੇ ਬਰਾਬਰ ਹੈ।

-ਜਗਤਾਰ ਗਿੱਲ
ਬੱਲ ਸਕੰਦਰ, ਅੰਮ੍ਰਿਤਸਰ।

ਕਿਸਾਨ ਦੀ ਲੁੱਟ
ਪੰਜਾਬ ਦਾ ਸਧਾਰਨ ਕਿਸਾਨ ਨਿਰਧਨ ਹੈ, ਅਨਪੜ੍ਹ ਹੈ ਅਤੇ ਫ਼ਸਲੀ ਵਿਭਿੰਨਤਾ ਤੋਂ ਅਣਜਾਣ ਹੈ। ਪੰਜਾਬ ਸਰਕਾਰ ਕਿਸਾਨ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦੇ ਰਹੀ ਹੈ, ਪ੍ਰੰਤੂ ਬਹੁਤ ਸਾਰੇ ਅਜਿਹੇ ਛੋਟੇ ਕਿਸਾਨ ਹਨ ਜਿਨ੍ਹਾਂ ਤੋਂ ਬਿਜਲਈ ਟਿਊਬਵੈਲਾਂ ਦੀ ਸਹੂਲਤ ਨਹੀਂ ਉਹ ਮਹਿੰਗੇ ਡੀਜ਼ਲ ਨਾਲ ਆਪਣੀਆਂ ਫਸਲਾਂ ਪਾਲਦੇ ਹਨ। ਫ਼ਸਲ 'ਤੇ ਖਰਚ ਜ਼ਿਆਦਾ ਹੁੰਦਾ ਹੈ, ਪ੍ਰੰਤੂ ਫ਼ਸਲ ਵੇਚਣ ਲਈ ਉਸ ਦੀ ਖੱਜਲ-ਖੁਆਰੀ ਵਧੇਰੇ ਹੁੰਦੀ ਹੈ। ਸਰਮਾਏਦਾਰੀ ਜਮਾਤ ਇਕਮੁੱਠ ਹੋ ਕੇ ਸਧਾਰਨ ਕਿਸਾਨ ਦਾ ਸੋਸ਼ਣ ਕਰਦੀ ਹੈ ਇਹ ਹੀ ਜਲਾਲਤ ਤੋਂ ਸਰਮਸਾਰ ਹੋਇਆ ਕਿਸਾਨ ਆਤਮ-ਹੱਤਿਆ ਕਰਨ ਤੱਕ ਪਹੁੰਚ ਜਾਂਦਾ ਹੈ। ਅੱਜਕਲ੍ਹ ਕਿਸਾਨ ਫਿਰ ਮੰਡੀਆਂ ਦੀ ਮਾਰ ਝੱਲ ਰਿਹਾ ਹੈ। ਖੇਤੀਬਾੜੀ ਵਿਭਾਗ ਵੱਲੋਂ ਪ੍ਰਮਾਣਿਤ ਬਾਸਮਤੀ ਕਿਸਮਾਂ ਜੋ ਪਾਣੀ ਦੀ ਘੱਟ ਖਪਤ ਨਾਲ ਪਲਦੀਆਂ ਹਨ, ਬੀਜ ਕੇ ਪਛਤਾ ਰਿਹਾ ਹੈ। ਬਾਸਮਤੀ 1121, ਬਾਸਮਤੀ 1509 ਦਾ ਉਸ ਨੂੰ ਉਚਿਤ ਮੁੱਲ ਨਹੀਂ ਮਿਲ ਰਿਹਾ। ਪਿਛਲੇ ਸਾਲ ਇਹ ਕਿਸਮਾਂ ਉਹ 4000-4500 ਰੁਪਏ ਪ੍ਰਤੀ ਕੁਇੰਟਲ ਵੇਚ ਕੇ ਉਤਸ਼ਾਹਿਤ ਹੋਇਆ ਸੀ, ਪ੍ਰੰਤੂ ਹੁਣ ਸ਼ੈਲਰ ਮਾਲਕਾਂ ਦੇ ਇਕੱਠ ਨੇ ਉਸ ਨੂੰ ਇਹ ਕਿਸਮਾਂ 2000 ਤੋਂ 2500 ਤੱਕ ਪ੍ਰਤੀ ਕੁਇੰਟਲ ਵੇਚਣਲਈ ਮਜਬੂਰ ਕਰ ਦਿੱਤਾ ਹੈ। ਕੀ ਕਿਸਾਨਾਂ ਦੀ ਹਿਤੈਸ਼ੀ ਕਹਾਉਣ ਵਾਲੀ ਸਰਕਾਰ ਔਖੇ ਸਮੇਂ ਕਿਸਾਨਾਂ ਦੀ ਬਾਂਹ ਫੜੇਗੀ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।
ਮੋਬਾਈਲ : 94175-87207.

ਸੁਰੱਖਿਆ ਅਤੇ ਸਿਹਤ
ਸਾਡਾ ਦੇਸ਼ ਆਜ਼ਾਦ ਹੋਇਆਂ ਨੂੰ 68 ਸਾਲ ਹੋ ਗਏ ਹਨ। ਸਾਡੀਆਂ ਸਭ ਤੋਂ ਅਹਿਮ ਜ਼ਰੂਰਤਾਂ ਸੁਰੱਖਿਆ, ਸਿਹਤ, ਸਿੱਖਿਆ ਹਨ, ਜਿਨ੍ਹਾਂ ਵਿਚੋਂ ਜ਼ਰੂਰੀ ਹੈ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ। ਇਸ ਵਿਚ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਏ। ਇਸ ਮੰਨਤ ਤਹਿਤ ਉੱਚ ਤਕਨੀਕ ਦੇ ਹਥਿਆਰ, ਮਸ਼ੀਨਰੀ, ਵਾਹਨ ਆਦਿ ਖਰੀਦੇ ਜਾਣ, ਜ਼ਿਆਦਾ ਨੌਜਵਾਨਾਂ ਨੂੰ ਫੌਜ, ਪੁਲਿਸ ਵਿਚ ਭਰਤੀ ਹੋਣ ਦਾ ਮੌਕਾ ਮਿਲੇ, ਰੁਜ਼ਗਾਰ ਪ੍ਰਾਪਤੀ ਦਾ ਵਸੀਲਾ ਬਣੇਗਾ। ਜ਼ਿਆਦਾ ਤੋਂ ਜ਼ਿਆਦਾ ਪੁਲਿਸ ਚੌਕੀਆ, ਹੈਲਪ ਲਾਈਨਜ਼ ਸਥਾਪਤ ਹੋਣ, ਜਿਸ ਨਾਲ ਅਪਰਾਧ ਰੋਕਿਆ ਜਾ ਸਕੇ। ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਦੂਜੀ ਮੁੱਖ ਮੰਗ ਜਨਤਾ ਦੀ ਸਿਹਤ ਸਬੰਧੀ ਹੈ, ਸਰਕਾਰੀ ਹਸਪਤਾਲਾਂ ਦੀ ਗਿਣਤੀ ਵਧਾਈ ਜਾਵੇ। ਲੋਕਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਕਿ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਿਚ ਖੱਜਲ-ਖੁਆਰ ਨਾ ਹੋਣਾ ਪਵੇ। ਸਰਕਾਰੀ ਸਕੂਲਾਂ ਦਾ ਪੱਧਰ ਸੁਧਾਰ ਕੇ ਸਿੱਖਿਆ ਨੂੰ ਵੀ ਹਰੇਕ ਦੀ ਪਹੁੰਚ ਵਿਚ ਲਿਆਂਦਾ ਜਾਵੇ।

-ਪਰਮਜੀਤ ਸਿੰਘ
ਪਿੰਡ ਕੋਟਲਾ ਖੁਰਦ, ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 94642-41024.

ਪੰਜਾਬੀ ਸੱਭਿਆਚਾਰ
ਪੰਜਾਬ ਦਾ ਸੱਭਿਆਚਾਰ ਬੇਹੱਦ ਅਮੀਰ ਹੈ। ਇਸ ਨੇ ਬਹੁਤ ਸਾਰੇ ਸਾਹਿਤਕਾਰ, ਸੂਫ਼ੀ ਪੈਦਾ ਕੀਤੇ ਜਿਨ੍ਹਾਂ ਦਾ ਲਿਖਿਆ ਸਾਹਿਤ ਅੱਜ ਵੀ ਸਾਡਾ ਸਮੇਂ-ਸਮੇਂ 'ਤੇ ਮਾਰਗ ਦਰਸ਼ਨ ਕਰਦਾ ਹੈ। ਪਰ ਅਫਸੋਸ ਕਿ ਅੱਜ ਦੇ ਪੰਜਾਬੀ ਕਹਾਉਣ ਵਾਲੇ ਕਲਾਕਾਰ ਇਸ ਨੂੰ ਨੀਵਾਂ ਤੇ ਪਲੀਤ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ। ਉਦਾਹਰਨ ਵਜੋਂ ਪੰਜਾਬ ਦਾ ਇਕ ਗਾਇਕ ਜਿਸ ਦਾ ਅੱਜਕਲ੍ਹ ਗਾਣਾ ਵੱਖ-ਵੱਖ ਟੀ.ਵੀ. ਚੈਨਲਾਂ 'ਤੇ ਵਿਖਾਇਆ ਜਾ ਰਿਹਾ ਹੈ, ਜਿਸ ਨਾਲ ਸਾਡੀਆਂ ਢਾਡੀ ਵਾਰਾਂ ਦਾ ਮਜ਼ਾਕ ਤੇ ਅਸ਼ਲੀਲਤਾ ਭਰਪੂਰ ਗਾਣਾ ਤਿਆਰ ਕੀਤਾ ਗਿਆ ਹੈ। ਗੀਤ ਦੇ ਬੋਲ ਹਨ 'ਲੈਕਚਰ ਲਾ ਕੇ' ਜੋ ਸਿੱਖੀ ਦੇ ਬਿਲਕੁਲ ਉਲਟ ਜਾਪ ਰਿਹਾ ਹੈ। ਸਿੱਖਾਂ ਦੀ ਸਰਬ-ਉੱਚ ਅਦਾਲਤ ਤੋਂ ਇਹ ਮੰਗ ਕਰਦੇ ਹਾਂ ਕਿ ਅਜਿਹੇ ਗਾਇਕ ਖਿਲਾਫ਼ ਸਿੱਖ ਧਰਮ ਦੇ ਉਡਾਏ ਮਜ਼ਾਕ ਲਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਸ ਕਲਾਕਾਰ ਨੂੰ ਤਨਖਾਹੀਆ ਕਰਾਰ ਦਿੱਤਾ ਜਾਵੇ। ਸਿੱਖਾਂ ਨੂੰ ਵੀ ਅਪੀਲ ਹੈ ਕਿ ਅਜਿਹੇ ਗਾਇਕਾਂ ਦਾ ਸਮੂਹਿਕ ਬਾਈਕਾਟ ਕੀਤਾ ਜਾਵੇ ਤਾਂ, ਜੋ ਅੱਗੇ ਤੋਂ ਕੋਈ ਵੀ ਸ਼ਖ਼ਸ ਸਿੱਖੀ ਦੇ ਸਾਜ਼ਾਂ ਨੂੰ ਵਾਰਾਂ ਦੇ ਰੂਪ ਵਿਚ ਉਲਟ ਗੰਦੀ ਗਾਇਕੀ ਨੂੰ ਅਸ਼ਲੀਲਤਾ ਦਾ ਪਾਤਰ ਨਾ ਬਣਾ ਸਕੇ।

-ਜਸਦੀਪ ਸਿੰਘ ਖੰਨਾ
ਮੋਬਾਈਲ : 94630-57786.

17-10-2014

 ਵਧਦੀ ਮਹਿੰਗਾਈ ਤੇ ਆਮ ਆਦਮੀ

ਅੱਜਕਲ੍ਹ ਮਹਿੰਗਾਈ ਏਨੀ ਵਧ ਚੁੱਕੀ ਹੈ ਕਿ ਆਮ ਜ਼ਰੂਰਤ ਦੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਗਈਆਂ ਹਨ। ਇਨਸਾਨ ਦੀਆਂ ਮੁਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਹੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਇਸ ਵਧਦੀ ਮਹਿੰਗਾਈ ਵਿਚ ਆਮ ਦਿਹਾੜੀਦਾਰ, ਬੇਰੁਜ਼ਗਾਰ ਅਤੇ ਗਰੀਬ, ਆਮ ਆਦਮੀ ਲਈ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਹੈ। ਇਸ ਮਹਿੰਗਾਈ 'ਤੇ ਕਾਬੂ ਪਾਉਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜ਼ਰੂਰਤ ਦੀ ਹਰ ਚੀਜ਼ ਬਹੁਤ ਹੀ ਮਹਿੰਗੀ ਹੋ ਚੁੱਕੀ ਹੈ। ਆਮ ਆਦਮੀ ਦਾ ਜੀਵਨ ਮਹਿੰਗਾਈ ਕਾਰਨ ਦੁੱਭਰ ਹੁੰਦਾ ਜਾ ਰਿਹਾ ਹੈ। ਅੰਤ ਵਿਚ ਇਹੋ ਕਿਹਾ ਜਾ ਸਕਦਾ ਹੈ ਕਿ ਮਹਿੰਗਾਈ 'ਤੇ ਜਲਦੀ ਤੋਂ ਜਲਦੀ ਕਾਬੂ ਪਾਉਣਾ ਚਾਹੀਦਾ ਹੈ। ਆਮ ਆਦਮੀ ਮਹਿੰਗਾਈ ਦੇ ਘਟਣ ਦੀ ਉਮੀਦ ਕਰਕੇ ਬੈਠਾ ਹੈ। ਮਹਿੰਗਾਈ ਦੀ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ।

-ਕੰਚਨ ਕੁਮਾਰੀ ਲਾਂਬਾ
ਬਸੀ ਬਾਜੀਦ, ਹੁਸ਼ਿਆਰਪੁਰ।

ਕਾਰਟੂਨਾਂ ਦਾ ਪ੍ਰਭਾਵ

ਜਿਥੇ ਟੈਲੀਵਿਜ਼ਨ ਗਿਆਨ-ਭਰਪੂਰ ਜਾਣਕਾਰੀ ਮੁਹੱਈਆ ਕਰਦੇ ਹਨ, ਉਥੇ ਛੋਟੇ ਬੱਚਿਆਂ ਲਈ ਸਰਾਪ ਵੀ ਬਣ ਰਹੇ ਹਨ। ਇਨ੍ਹਾਂ 'ਤੇ ਘੱਟੋ-ਘੱਟ 6-7 ਚੈਨਲ ਕਾਰਟੂਨਾਂ ਵਾਲੇ ਚਲਦੇ ਹਨ ਤੇ 2 ਸਾਲ ਤੋਂ 5 ਸਾਲ ਤੱਕ ਦੇ ਬੱਚੇ ਇਨ੍ਹਾਂ ਦੇ ਬਹੁਤ ਸ਼ੌਕੀਨ ਹੁੰਦੇ ਹਨ। ਇਸ ਉਮਰ ਵਿਚ ਲਗਭਗ ਹਰ ਬੱਚਾ ਹੀ ਕਾਰਟੂਨ ਦੇਖਦਾ ਹੈ। ਹੁਣ ਜੇ ਉਹ ਕਿਸੇ ਸਿਆਣੇ ਦੀ ਦੇਖ-ਰੇਖ ਵਿਚ, ਨਿਸਚਿਤ ਸਮੇਂ ਅਨੁਸਾਰ ਕਾਰਟੂਨ ਦੇਖਣ ਤਾਂ ਬਹੁਤਾ ਮਾੜਾ ਪ੍ਰਭਾਵ ਸ਼ਾਇਦ ਨਾ ਪੈਂਦਾ ਹੋਵੇ ਪਰ ਸਚਾਈ ਇਹ ਹੈ ਕਿ ਛੋਟੇ ਬੱਚੇ ਕਾਰਟੂਨ ਵੇਖ ਕੇ ਓਦਾਂ ਦੀਆਂ ਹੀ ਹਰਕਤਾਂ ਕਰਨ ਲੱਗ ਪੈਂਦੇ ਹਨ ਤੇ ਸੱਟਾਂ ਲਗਵਾ ਲੈਂਦੇ ਹਨ ਜਾਂ ਜਾਨ ਵੀ ਗੁਆ ਸਕਦੇ ਹਨ। ਇਹ ਬੜੀ ਚੰਗੀ ਗੱਲ ਹੋਵੇ ਜੇਕਰ ਕੰਪਨੀਆਂ ਕਾਰਟੂਨਾਂ ਵਿਚ ਅਜਿਹੀਆਂ ਕਹਾਣੀਆਂ ਦਰਸਾਉਣ ਜੋ ਚੰਗੀ ਸੇਧ ਦੇਣ ਜਿਵੇਂ ਏਕਤਾ ਵਿਚ ਬਲ ਹੈ, ਸੱਚਾ ਮਿੱਤਰ, ਸੱਚ ਦੀ ਵਡਿਆਈ, ਹੱਕ ਦੀ ਕਮਾਈ, ਆਦਿ। ਇਸ ਤਰ੍ਹਾਂ ਕਰਨ ਨਾਲ ਬੱਚੇ ਕਾਰਟੂਨ ਵੀ ਦੇਖ ਸਕਦੇ ਹਨ ਤੇ ਗੁਮਰਾਹ ਹੋਣ ਦੀ ਬਜਾਏ ਚੰਗੇ ਗੁਣ ਵੀ ਗ੍ਰਹਿਣ ਕਰ ਸਕਦੇ ਹਨ।

-ਕਰਮਜੀਤ ਸਿੰਘ ਧਾਲੀਵਾਲ

'ਸਵੱਛ ਭਾਰਤ'

ਦੇਸ਼ ਵਿਚ 'ਸਵੱਛ ਭਾਰਤ' ਭਾਵ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਦੀ ਮੁਹਿੰਮ ਵੱਡੇ ਪੱਧਰ 'ਤੇ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ ਵੀ ਖ਼ੁਦ ਹਿੱਸਾ ਲੈ ਰਹੇ ਹਨ। ਇਸ ਮੁਹਿੰਮ ਦਾ ਮੁੱਖ ਮੰਤਵ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਨਜ਼ਦੀਕ ਸਾਫ਼-ਸਫ਼ਾਈ ਰੱਖਣ ਦੀ ਜਾਗਰੂਕਤਾ ਕਰਨਾ ਹੈ। ਇਸ ਮੁਹਿੰਮ ਨੂੰ ਕਾਫੀ ਵੱਡੇ ਪੱਧਰ 'ਤੇ ਖਾਸਾ ਹੁੰਗਾਰਾ ਮਿਲ ਰਿਹਾ ਹੈ, ਜਿਸ ਵਿਚ ਸਰਕਾਰੀ, ਗ਼ੈਰ-ਸਰਕਾਰੀ ਅਦਾਰਿਆਂ ਵੱਲੋਂ ਵੱਧ ਤੋਂ ਵੱਧ ਦਿਲਚਸਪੀ ਲਈ ਜਾ ਰਹੀ ਹੈ। ਇਥੋਂ ਤੱਕ ਕਿ ਸਕੂਲਾਂ ਦੇ ਛੋਟੇ-ਛੋਟੇ ਬੱਚਿਆਂ ਨੇ ਵੀ ਸਕੂਲਾਂ ਦੀ ਸਫ਼ਾਈ ਰੂਹ ਨਾਲ ਕੀਤੀ ਹੈ, ਜੋ ਵੇਖਣ ਤੋਂ ਸਾਫ ਪਤਾ ਚਲਦਾ ਹੈ। ਇਸ ਲਈ ਇਹ ਸਫ਼ਾਈ ਮੁਹਿੰਮ ਸਿਰਫ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਵਿਚ ਤਸਵੀਰਾਂ ਖਿਚਵਾਉਣ ਤੱਕ ਹੀ ਸੀਮਤ ਨਾ ਰਹੇ ਬਲਕਿ ਸਾਨੂੰ ਸਾਰਿਆਂ ਨੂੰ ਇਸ ਦਾ ਸਾਥ ਸਦਾ ਹੀ ਨਿਭਾਉਣ ਦੀ ਜ਼ਰੂਰਤ ਹੈ, ਜਿਥੇ ਆਪਣੇ ਖ਼ੁਦ ਅਤੇ ਆਲੇ-ਦੁਆਲੇ ਦੀ ਸਫ਼ਾਈ ਨਾਲ ਸੁੰਦਰ ਦਿਖ ਸਾਫ਼ ਨਜ਼ਰ ਆਏਗੀ, ਉਥੇ ਨਾਲ ਹੀ ਸਮਾਜ ਵਿਚ ਸਾਡੀ ਪ੍ਰਸੰਸਾ ਵੀ ਹੋਵੇਗੀ। ਇਸ ਤੋਂ ਇਲਾਵਾ ਸਮਾਜ ਵਿਚੋਂ ਭ੍ਰਿਸ਼ਟਾਚਾਰ, ਮੰਗਾਂ ਅਤੇ ਹੱਕਾਂ ਦੀ ਸਹੀ ਵਰਤੋਂ ਨਾ ਹੋਣ ਸਬੰਧੀ ਅਤੇ ਹੋਰ ਫੈਲ ਰਹੀਆਂ ਕੁਰੀਤੀਆਂ ਨੂੰ ਵੀ ਜੜ੍ਹ ਤੋਂ ਸਾਫ਼ ਕਰਨ ਦੀ ਕੋਸ਼ਿਸ਼ ਕਰਨੀ ਲਾਜ਼ਮੀ ਹੈ ਤਾਂ ਜੋ ਸਵੱਛ ਅਤੇ ਖੁਸ਼ਹਾਲ ਭਾਰਤ ਦੀ ਸਿਰਜਣਾ ਕੀਤੀ ਜਾ ਸਕੇ। ਅਸੀਂ ਇਸ ਮੁਹਿੰਮ ਤਹਿਤ ਜੋ ਸੁਪਨਾ ਸਿਰਜਿਆ ਹੈ ਉਸ ਨਾਲ ਸਾਰੇ ਸੰਸਾਰ ਵਿਚ ਸਵੱਛ ਭਾਰਤ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਖੂਬਸੂਰਤ ਬਣ ਸਕੇਗਾ।

-ਵਿਨੋਦ ਫਕੀਰਾ
ਆਰੀਆ ਨਗਰ, ਕਰਤਾਰਪੁਰ, ਜਲੰਧਰ।

ਸਿੱਖਿਆ ਨੀਤੀ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਿੱਖਿਆ ਨੀਤੀਆਂ ਤਿਆਰ ਕੀਤੀਆਂ ਪਰ ਸਭ ਤੋਂ ਜ਼ਿਆਦਾ ਪੈਸਾ ਸਰਬ ਸਿੱਖਿਆ ਅਭਿਆਨ ਤਹਿਤ ਹੀ ਖਰਚ ਕੀਤਾ ਗਿਆ। ਪਹਿਲੀਆਂ ਸਿੱਖਿਆ ਨੀਤੀਆਂ ਦਾ ਕੰਮ ਸਿੱਖਿਆ ਦੇ ਮਿਆਰੀ ਢਾਂਚੇ ਨੂੰ ਦਰੁਸਤ ਕਰਨਾ ਹੀ ਸੀ, ਜਿਸ ਵਿਚ ਸਿੱਖਿਆ ਦੀਆਂ ਨੀਤੀਆਂ (ਨਵੀਆਂ) ਤਕਨੀਕਾਂ ਅਧਿਆਪਕਾਂ ਦੀ ਸਿੱਖਿਆ ਆਦਿ ਦਾ ਪ੍ਰਬੰਧ ਸੀ ਪਰ! ਸਰਬ ਸਿੱਖਿਆ ਤਹਿਤ ਸਰਕਾਰ ਨੇ ਦਿਲ ਖੋਲ੍ਹ ਕੇ ਸਰਕਾਰੀ ਫੰਡ ਦਿੱਤੇ ਤਾਂ ਜੋ ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚ ਸਿੱਖਿਆ ਦੀਆਂ ਕਮੀਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਸਿੱਖਿਆ ਗ਼ਰੀਬ ਲੋਕਾਂ ਤੱਕ ਪਹੁੰਚ ਸਕੇ। ਸਿੱਖਿਆ ਦਾ ਮਿਆਰ ਸਰਕਾਰੀ ਸਕੂਲਾਂ ਵਿਚ ਵੀ ਪਬਲਿਕ ਸਕੂਲਾਂ ਵਰਗਾ ਹੋਵੇ। ਪਰ ਨਤੀਜੇ ਸੰਤੋਖਜਨਕ ਨਹੀਂ ਨਿਕਲੇ। ਪਰਨਾਲੇ ਫਿਰ ਉਥੇ ਦੇ ਉਥੇ ਹੀ ਰਹੇ। ਸਿੱਖਿਆ ਵਿਚ ਸੁਧਾਰ ਕਿਉਂ ਨਹੀਂ ਆ ਰਿਹਾ? ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਲਗਾਤਾਰ ਘਟਦੀ ਕਿਉਂ ਜਾ ਰਹੀ ਹੈ? ਇਸ ਸਵਾਲ ਦਾ ਜਵਾਬ ਕੌਣ ਦਊ? ਸਰਕਾਰਾਂ, ਅਧਿਆਪਕ ਜਾਂ ਨੀਤੀ ਘਾੜੇ?

-ਕੁਲਵਿੰਦਰ ਸਿੰਘ ਬੱਲ
ਪਿੰਡ ਤੇ ਡਾਕ: ਖਿਆਲਾ ਕਲਾਂ, ਅੰਮ੍ਰਿਤਸਰ।

16-10-2014

 ਸਨਮਾਨ ਦੀ ਪ੍ਰਤੀਕ ਚੁੰਨੀ

ਪੰਜਾਬਣ ਮੁਟਿਆਰ ਦੇ ਸੱਚੇ-ਸੁੱਚੇ ਤੇ ਉਸਾਰੂ ਕਿਰਦਾਰ ਦੀ ਹਾਮੀ ਭਰਦੀ ਸਿਰ ਦੀ ਚੁੰਨੀ 'ਦੁਪੱਟਾ' ਪੰਜਾਬੀ ਸੱਭਿਅਤਾ ਦਾ ਵਡਮੁੱਲਾ ਖਜ਼ਾਨਾ ਹੈ। ਚੁੰਨੀ ਨੂੰ ਦੋ ਮੀਟਰ ਕੱਪੜਾ ਕਹਿਣ ਵਾਲਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਚੁੰਨੀ ਪੰਜਾਬਣ ਮੁਟਿਆਰ ਦੀ ਇੱਜ਼ਤ-ਆਬਰੂ ਅਤੇ ਨੂੰਹ ਦੀ ਸ਼ਰਮ ਦਾ ਪ੍ਰਤੀਕ ਹੈ। ਇਕ ਸਮਾਂ ਸੀ ਜਦੋਂ ਚੁੰਨੀ ਨੂੰ ਪਹਿਰਾਵੇ ਦਾ ਜ਼ਰੂਰੀ ਅੰਗ ਸਮਝਿਆ ਜਾਂਦਾ ਸੀ। ਪਰ ਅੱਜ ਦੁੱਖ ਇਸ ਗੱਲ ਦਾ ਹੋ ਰਿਹਾ ਹੈ ਕਿ ਚੁੰਨੀ ਪੰਜਾਬਣ ਦੇ ਸਿਰ ਤੋਂ ਦੂਰ ਹੁੰਦੀ ਜਾ ਰਹੀ ਹੈ। ਉਸ ਦਾ ਰੋਜ਼ਾਨਾ ਦਾ ਪਹਿਰਾਵਾ ਪੱਛਮੀ ਸੱਭਿਅਤਾ ਦਾ ਰੂਪ ਧਾਰਦਾ ਜਾ ਰਿਹਾ ਹੈ। ਅੱਜ ਚੁੰਨੀ ਨੂੰ ਸਿਰ 'ਤੇ ਬੋਝ ਸਮਝਿਆ ਜਾਣ ਲੱਗਾ ਹੈ। ਅੱਜ ਅਤਿ ਜ਼ਰੂਰੀ ਹੈ ਕਿ ਸਾਡੀਆਂ ਪਰੰਪਰਾਵਾਂ ਨੂੰ ਅਤੇ ਔਰਤ ਦੇ ਮਾਣ-ਸਨਮਾਨ ਦੀ ਪ੍ਰਤੀਕ ਚੁੰਨੀ ਨੂੰ ਖੁੱਸਣ ਤੋਂ ਬਚਾਇਆ ਜਾ ਸਕੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਮਾੜਾ ਨਤੀਜਾ

ਪੰਜਾਬ ਸਰਕਾਰ ਦੁਆਰਾ ਸੂਬੇ 'ਚ ਪਿਛਲੇ ਦਿਨੀਂ ਲਈ ਗਈ ਚੌਥੀ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਪੇਪਰ-2 ਵਿਚੋਂ ਸਿਰਫ 1.88 ਫ਼ੀਸਦੀ ਉਮੀਦਵਾਰ ਹੀ ਪਾਸ ਹੋ ਸਕੇ ਹਨ। ਇਸ ਵਾਰ ਇਸ ਪ੍ਰੀਖਿਆ ਵਿਚ 129746 ਉਮੀਦਵਾਰਾਂ ਵਿਚੋਂ ਕੇਵਲ 2440 ਉਮੀਦਵਾਰਾਂ ਨੂੰ ਹੀ ਸਫਲਤਾ ਮਿਲ ਸਕੀ ਹੈ। ਇਸ ਮਾੜੇ ਨਤੀਜੇ ਕਾਰਨ ਅਧਿਆਪਕ ਬਣਨ ਦੇ ਸੁਪਨੇ ਸਜਾਈ ਬੈਠੇ ਹਜ਼ਾਰਾਂ ਬੇਰੁਜ਼ਗਾਰਾਂ ਨੂੰ ਭਾਰੀ ਠੇਸ ਪਹੁੰਚੀ ਹੈ। ਜੇਕਰ ਇਸ ਦੇ ਦੂਸਰੇ ਪਾਸੇ ਵੇਖਿਆ ਜਾਵੇ ਤਾਂ ਪੰਜਾਬ ਵਿਚ ਹੁਣ ਤੱਕ 4 ਟੀ.ਈ.ਟੀ. ਟੈਸਟ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਪਾਸ ਉਮੀਦਵਾਰਾਂ ਦੀ ਗਿਣਤੀ 19 ਹਜ਼ਾਰ ਤੋਂ ਵਧੇਰੇ ਹੈ ਪ੍ਰੰਤੂ ਸਰਕਾਰ ਵੱਲੋਂ ਮੁਸ਼ਕਿਲ ਨਾਲ ਹੀ 3 ਕੁ ਹਜ਼ਾਰ ਉਮੀਦਵਾਰਾਂ ਨੂੰ ਨੌਕਰੀ ਦਿੱਤੀ ਗਈ ਹੈ। ਇਨ੍ਹਾਂ ਟੈਸਟ ਪਾਸ ਉਮੀਦਵਾਰਾਂ ਵਿਚ ਬਹੁਤ ਸਾਰੇ ਅਜਿਹੇ ਵੀ ਉਮੀਦਵਾਰ ਹਨ, ਜੋ ਨੌਕਰੀ ਉਡੀਕਦੇ-ਉਡੀਕਦੇ ਓਵਰਏਜ ਹੋ ਗਏ ਹਨ। ਸੋ ਘੱਟੋ-ਘੱਟ ਇਹ ਟੈਸਟ ਪਾਸ ਕਰ ਚੁੱਕੇ ਸਾਰੇ ਅਧਿਆਪਕਾਂ ਦੀ ਨਿਯੁਕਤੀ ਕਰਕੇ ਸਰਕਾਰ ਉਲ੍ਹਾਂਬੇ ਤੋਂ ਬਚ ਸਕਦੀ ਹੈ।

-ਰਾਜਾ ਗਿੱਲ (ਚੜਿੱਕ)
ਮੋ: 94654-11585.

ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ

ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ। ਦੀਵਾਲੀ ਮੌਕੇ ਦੇਸ਼ ਭਰ ਵਿਚ ਲੱਖਾਂ ਦੇ ਪਟਾਕੇ ਚਲਾ ਕੇ ਵਤਾਤਾਵਰਨ ਨੂੰ ਦੂਸ਼ਿਤ ਕੀਤਾ ਜਾਂਦਾ ਹੈ। ਅਸੀਂ ਇਕ ਵਾਰ ਵੀ ਨਹੀਂ ਸੋਚਦੇ ਕਿ ਚੰਦ ਮਿੰਟਾਂ ਦੇ ਮਜ਼ੇ ਲਈ ਅਸੀਂ ਕੁਦਰਤ ਦਾ ਕਿੰਨਾ ਨੁਕਸਾਨ ਕਰ ਰਹੇ ਹਾਂ। ਪਟਾਕੇ ਬਣਾਉਣ ਲਈ ਵਰਤਿਆ ਜਾਂਦਾ ਕਾਗਜ਼ ਬਹੁਤ ਸਾਰੇ ਰੁੱਖਾਂ ਦੀ ਬਲੀ ਲੈ ਕੇ ਮਿਲਦਾ ਹੈ। ਪਟਾਕੇ ਚਲਾਉਣ ਨਾਲ ਵਾਤਾਵਰਨ ਵਿਚ ਕਈ ਜ਼ਹਿਰੀ ਗੈਸਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਕਰਕੇ ਚਮੜੀ, ਅਲਰਜੀ, ਸਾਹ, ਦਮਾ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਪਟਾਕੇ ਚਲਾਉਣ ਸਮੇਂ ਕਈ ਦੁਰਘਟਨਾਵਾਂ ਵਾਪਰਦੀਆਂ ਹਨ। ਪਟਾਕਿਆਂ ਦੁਆਰਾ ਵੱਡੀ ਪੱਧਰ 'ਤੇ ਪੈਦਾ ਕੀਤੇ ਸ਼ੋਰ ਕਾਰਨ ਬਜ਼ੁਰਗਾਂ, ਦਿਲ, ਕੰਨਾਂ ਦੀਆਂ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਤਿਉਹਾਰ ਮਨਾ ਕੇ ਖੁਸ਼ੀ ਜ਼ਾਹਰ ਕਰਨਾ ਕੋਈ ਬੁਰੀ ਗੱਲ ਨਹੀਂ ਪਰ ਹੋਸ਼ ਗੁਆ ਕੇ ਕੁਦਰਤੀ ਨਿਯਮਾਂ ਨੂੰ ਛਿੱਕੇ ਟੰਗਣਾ ਸਿਆਣਪ ਦੀ ਨਿਸ਼ਾਨੀ ਨਹੀਂ। ਸੋ ਸਾਨੂੰ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਘੱਟੋ-ਘੱਟ ਇਕ ਰੁੱਖ ਲਗਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਆਸਾਨੀ ਨਾਲ ਸਾਹ ਲੈ ਸਕਣ।

-ਸਰਬਮੀਤ ਸਿੰਘ
ਪਿੰਡ ਵੜਿੰਗ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

14-10-2014

 ਸਫ਼ਾਈ ਮੁਹਿੰਮ
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਵਿਚ ਸਫ਼ਾਈ ਮੁਹਿੰਮ ਦਾ ਆਰੰਭ ਕੀਤਾ ਗਿਆ ਸੀ, ਜੋ ਸ਼ਲਾਘਾਯੋਗ ਹੈ, ਕਿਉਂਕਿ ਸਫ਼ਾਈ ਹੋਣੀ ਹੀ ਚਾਹੀਦੀ ਹੈ। ਸਿਆਣੇ ਕਹਿੰਦੇ ਹਨ ਕਿ 'ਕੁੱਤਾ ਵੀ ਜਿਥੇ ਬੈਠਦਾ ਹੈ, ਪੂਛਲ ਮਾਰ ਕੇ ਬੈਠਦਾ ਹੈ।' ਪਰ ਇਹ ਨਹੀਂ ਕਿ ਸਫ਼ਾਈ ਹਫ਼ਤਾ/ਦਸ ਦਿਨ ਚਲਾਈ ਜਾਵੇ। ਸਫ਼ਾਈ ਰੋਜ਼ਾਨਾ ਚਾਹੀਦੀ ਹੈ। ਸਫ਼ਾਈ ਸਾਰਿਆਂ ਨੂੰ ਚੰਗੀ ਲਗਦੀ ਹੈ, ਪਰ ਵੇਖਣ ਵਿਚ ਆਇਆ ਹੈ ਕਿ ਬਹੁਤੇ ਲੀਡਰ ਜਾਂ ਮੋਹਤਬਰ ਵਿਅਕਤੀ ਸਿਰਫ਼ ਨਵਾਂ 'ਝਾੜੂ' ਫੜ ਕੇ ਫੋਟੋ ਖਿਚਵਾ ਕੇ ਹੀ ਸਾਰੀ ਜਾ ਰਹੇ ਹਨ, ਇਹ ਸਫ਼ਾਈ ਨਹੀਂ। ਵਿਦਿਆਰਥੀਆਂ ਨੂੰ ਸੜਕਾਂ 'ਤੇ ਜਾਂ ਸਕੂਲੇ ਸਫ਼ਾਈ ਕਰਵਾਈ ਜਾਵੇ, ਇਹ ਵੀ ਗ਼ਲਤ ਹੈ। ਸਫ਼ਾਈ ਸ਼ਹਿਰਾਂ ਵਿਚ, ਪਿੰਡਾਂ ਵਿਚ ਸਭ ਜਗ੍ਹਾ ਹੋਣੀ ਚਾਹੀਦੀ ਹੈ। ਇਸ ਲਈ ਅਫ਼ਸਰਾਂ ਵੱਲੋਂ ਸਖ਼ਤ ਹੁਕਮ ਜਾਰੀ ਕੀਤੇ ਜਾਣ ਕਿ ਕੋਈ ਵੀ ਦੁਕਾਨਦਾਰ, ਰੇਹੜੀ ਵਾਲਾ, ਘਰ ਵਾਲਾ, ਸਾਰੇ ਹੀ ਆਪਣੇ-ਆਪਣੇ ਕੋਲ ਕੂੜਾ ਦਾਨ ਰੱਖਣ, ਜੋ ਕਿ ਆਪਣਾ ਕੂੜਾ, ਉਸ ਕੂੜੇ ਵਿਚ ਕੂੜੇਦਾਨ ਪਾਇਆ ਜਾਵੇ। ਸਫ਼ਾਈ ਦੇ ਨਾਲ, ਕਸਬਾ, ਜ਼ਿਲ੍ਹਾ, ਰਾਜ, ਦੇਸ਼ ਸਭ ਸੁੰਦਰ ਲੱਗੇਗਾ, ਜਿਹੜਾ ਵੀ ਬਾਹਰੋਂ ਆਏਗਾ, ਸਫ਼ਾਈ ਦੇਖ ਕੇ ਦੰਗ ਰਹਿ ਜਾਵੇਗਾ।
ਸਫ਼ਾਈ ਕਰਨਾ, ਰੱਖਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਸਫਾਈ ਰੱਖਣੀ ਵੀ ਚਾਹੀਦੀ ਹੈ। ਇਹ ਮੁਹਿੰਮ ਚਲਦੀ ਰਹਿਣੀ ਚਾਹੀਦੀ ਹੈ, ਰੁਕਣੀ ਨਹੀਂ ਚਾਹੀਦੀ, ਸਫ਼ਾਈ ਰੱਖਣ ਨਾਲ ਅਸੀਂ ਕਈ ਬਿਮਾਰੀਆਂ ਤੋਂ ਵੀ ਬਚ ਸਕਦੇ ਹਾਂ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੈ ਨਗਰ, ਹੁਸ਼ਿਆਰਪੁਰ।

ਕੁਦਰਤੀ ਆਫ਼ਤਾਂ
ਬੇਸ਼ੱਕ ਦੇਸ਼ ਸਾਇੰਸ ਦਾ ਯੁੱਗ ਹੋਣ ਕਰਕੇ ਤਰੱਕੀ ਦੀਆਂ ਰਾਹਾਂ ਦੇ ਕਦਮ ਪੁੱਟ ਰਿਹਾ ਹੈ। ਪਰ ਇਹ ਵੀ ਝੂਠ ਨਹੀਂ ਕਿ ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਕਰਨੀ ਖ਼ਤਰਾ ਮੁੱਲ ਲੈਣ ਦੇ ਬਰਾਬਰ ਹੈ। ਅਸੀਂ ਕਈ ਵਾਰ ਅਜਿਹੇ ਕੰਮ ਵੀ ਕਰ ਜਾਂਦੇ ਹਾਂ ਕਿ ਜਿਹੜੇ ਮਨੁੱਖਤਾ ਦੇ ਉਲਟ ਹੋਣ। ਸੋ, ਇਹ ਮਨੁੱਖ ਹੀ ਹੈ, ਜਿਸ ਨੂੰ ਪਰਮਾਤਮਾ ਨੇ ਸੋਚ, ਸਮਝ, ਤਾਕਤ, ਤੁਰਨ, ਫਿਰਨ ਅਤੇ ਬੋਲਣ ਦੀ ਵੱਖਰੀ ਸਮਰੱਥਾ ਆਜ਼ਾਦ ਬਖਸ਼ੀ ਹੈ। ਮਨੁੱਖ ਦੀਆਂ ਹੋਰ ਵੀ ਜ਼ਿੰਮੇਵਾਰੀਆਂ ਹਨ, ਜਿਵੇਂ ਕਿ ਜੀਵ ਜੰਤੂ, ਪਸ਼ੂ-ਪੰਛੀ, ਜਾਨਵਰ, ਦਰੱਖਤ, ਪੌਦੇ ਆਦਿ ਸਾਂਭ-ਸੰਭਾਲ ਦੀ ਆਸ ਵੀ ਮਨੁੱਖ 'ਤੇ ਨਿਰਭਰ ਹੈ।
ਪਰ ਦੁੱਖ ਦੀ ਗੱਲ ਇਹ ਹੈ ਕਿ ਮਨੁੱਖ ਕੁਦਰਤ ਦੀ ਦਿੱਤੀ ਹੋਈ ਤਾਕਤ ਦਾ ਇਸਤੇਮਾਲ ਗ਼ਲਤ ਕਰ ਰਿਹਾ ਹੈ। ਸੋ, ਮਨੁੱਖ ਕੁਦਰਤ ਨਾਲ ਛੇੜਛਾੜ ਕਰਕੇ ਆਪ ਹੀ ਆਪਣੀ ਮੌਤ ਦਾ ਸਾਜ਼ੋ-ਸਾਮਾਨ ਇਕੱਠਾ ਕਰ ਰਿਹਾ ਹੈ। ਹੜ੍ਹਾਂ ਦਾ ਆਉਣਾ, ਭੁਚਾਲਾਂ ਦਾ ਆਉਣਾ ਅਤੇ ਜੋ ਹੋਰ ਸਮਾਜ ਵਿਚ ਔਕੜਾਂ, ਮੁਸੀਬਤਾਂ, ਘਟਨਾਵਾਂ ਵਾਪਰ ਰਹੀਆਂ ਹਨ, ਇਹ ਸਾਰਾ ਕੁਝ ਕੁਦਰਤ ਨਾਲ ਛੇੜਛਾੜ ਕਰਨ ਦੇ ਕਾਰਨ ਹੀ ਵਾਪਰ ਰਿਹਾ ਹੈ। ਸੋ, ਸਾਨੂੰ ਕੁਦਰਤ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਕੁਦਰਤ ਨਾਲ ਲਿਆ ਟਾਕਰਾ ਘਾਤਕ ਸਿੱਧ ਹੋ ਸਕਦਾ ਹੈ।

-ਚਰਨਾ ਪੱਤੋ
ਪਿੰਡ ਪੱਤੋ, ਜ਼ਿਲ੍ਹਾ ਮੋਗਾ।

ਸਿੱਖਿਆ ਨੀਤੀ
ਪੰਜਾਬ ਵਿਧਾਨ ਸਭਾ ਵੱਲੋਂ ਬਿਨਾਂ ਪੜ੍ਹੇ, ਬਿਨਾਂ ਸਕੂਲ ਗਏ ਪਹਿਲੀ ਤੋਂ ਅੱਠਵੀਂ ਤੱਕ ਪਾਸ ਕਰਨ ਵਿਰੁੱਧ ਜੋ ਮਤਾ ਲਿਆਇਆ ਗਿਆ ਹੈ ਜਾਂ ਪਾਸ ਕੀਤਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਫੇਲ੍ਹ ਨਾ ਕਰਨ ਕਾਰਨ ਵਿਦਿਆਰਥੀਆਂ ਵਿਚ ਪੜ੍ਹਨ ਦੀ ਰੁਚੀ ਬਹੁਤ ਹੱਦ ਤੱਕ ਘਟ ਗਈ ਸੀ। ਬਿੱਲ ਪਾਸ ਹੋਣ ਨਾਲ ਸਿੱਖਿਆ ਵਿਚ ਸੁਧਾਰ ਆਏਗਾ ਅਤੇ ਵਿਦਿਆਰਥੀ ਮਨ ਲਗਾ ਕੇ ਪੜ੍ਹਾਈ ਕਰਨਗੇ ਅਤੇ ਅਧਿਆਪਕ ਪੜ੍ਹਾਉਣਗੇ।

-ਸਤਵਿੰਦਰ ਕੌਰ
ਪਿੰਡ ਤੇ ਡਾਕ: ਖੇੜੀ ਸਲਾਬਤਪੁਰ, ਰੋਪੜ।

13-10-2014

 ਸ਼ਰਾਬ 'ਤੇ ਪਾਬੰਦੀ
ਸ਼ਰਾਬ ਦੀ ਬੋਤਲ ਉਤੇ ਬੜੇ ਸਾਫ਼ ਅੱਖਰਾਂ ਨਾਲ ਲਿਖਿਆ ਹੁੰਦਾ ਹੈ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ। ਪਰ ਬੜੇ ਅਫਸੋਸ ਦੀ ਗੱਲ ਹੈਕਿ ਸ਼ਰੇਆਮ ਇਹ ਪੜ੍ਹਨ ਦੇ ਬਾਵਜੂਦ ਵੀ ਅਸੀਂ ਉੱਕਾ ਹੀ ਗੌਰ ਨਹੀਂ ਕਰਦੇ। ਸ਼ਰਾਬ ਪੀਣ ਵਾਲਿਆਂ ਦੇ ਘਰਾਂ ਵਿਚ ਤਕਰੀਬਨ ਰੋਜ਼ ਹੀ ਲੜਾਈ-ਝਗੜੇ ਹੁੰਦੇ ਆਮ ਦੇਖੇ ਜਾ ਸਕਦੇ ਹਨ ਅਤੇ ਸ਼ਰਾਬ ਦੇ ਆਦੀਆਂ ਦੇ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਰੋਜ਼ ਦੀ ਦਿਹਾੜੀ ਕਮਾ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸਣ ਕਰਨ ਵਾਲਾ ਜੇ ਸ਼ਰਾਬ ਦਾ ਆਦੀ ਹੈ ਤਾਂ ਉਹ ਆਪਣੇ ਬੱਚਿਆਂ ਨੂੰ ਨਾ ਹੀ ਪੜ੍ਹਾਈ ਕਰਵਾ ਸਕੇਗਾ ਅਤੇ ਨਾ ਹੀ ਉਨ੍ਹਾਂ ਦਾ ਸਹੀ ਤਰੀਕੇ ਨਾਲ ਪਾਲਣ-ਪੋਸਣ ਕਰ ਸਕੇਗਾ, ਜਿਵੇਂ ਸਾਡੀ ਪੰਜਾਬ ਸਰਕਾਰ ਨੇ ਦੂਸਰੇ ਨਸ਼ਿਆਂ ਭੁੱਕੀ, ਅਫੀਮ ਆਦਿ ਬਗੈਰਾ 'ਤੇ ਪੂਰਨ ਪਾਬੰਦੀ ਲਾਈ ਹੋਈ ਹੈ, ਉਸੇ ਤਰ੍ਹਾਂ ਹੀ ਸ਼ਰਾਬ 'ਤੇ ਪੂਰਨ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ, ਤਾਂ ਜੋ ਰੋਜ਼ ਹਜ਼ਾਰਾਂ ਲੋਕ ਸ਼ਰਾਬ ਰਾਹੀਂ ਪੈਸੇ ਦੀ ਬਰਬਾਦੀ ਤੋਂ ਬਚ ਸਕਣ ਅਤੇ ਸ਼ਰਾਬ ਨਾਲ ਹੋਣ ਵਾਲੇ ਘਰਾਂ ਵਿਚ ਕਾਟੋ-ਕਲੇਸ਼ ਤੋਂ ਵੀ ਛੁਟਕਾਰਾ ਮਿਲੇਗਾ। ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਸਖ਼ਤ ਲੋੜ ਹੈ।

-ਕੇਵਲ ਸਿੰਘ ਬਾਠਾਂ
ਅਮਰਗੜ੍ਹ, ਸੰਗਰੂਰ।

ਜ਼ਮੀਨਾਂ ਪਿੱਛੇ ਹੋ ਰਹੇ ਕਤਲ
ਸਭ ਨੂੰ ਪਤਾ ਹੈ ਕਿ ਮਨੁੱਖੀ ਜੀਵਨ ਕਿੰਨਾ ਕੀਮਤੀ ਹੈ ਅਤੇ ਇਹ ਜੀਵਨ ਇਕ ਵਾਰ ਹੀ ਮਿਲਦਾ ਹੈ। ਪਰ ਪਤਾ ਨਹੀਂ ਕਿਉਂ ਲੋਕ ਨਿੱਕੀਆਂ-ਨਿੱਕੀਆਂ ਗੱਲਾਂ ਪਿੱਛੇ ਕਿਸੇ ਦੂਜੇ ਵਿਅਕਤੀ ਨੂੰ ਮੌਤ ਦੇ ਮੂੰਹ ਵਿਚ ਲਪੇਟ ਦਿੰਦੇ ਹਨ। ਗਿੱਠ-ਗਿੱਠ ਜ਼ਮੀਨ ਪਿੱਛੇ ਕਤਲ, ਵੱਟ ਵੱਢਣ 'ਤੇ ਕਤਲ, ਟਰਾਂਸਫਾਰਮਰ ਬੰਦ ਕਰਨ ਤੋਂ ਲੜਾਈ, ਜ਼ਮੀਨ ਦੀ ਵੰਡ ਤੋਂ ਭਰਾਵਾਂ-ਭਰਾਵਾਂ ਵਿਚ ਲੜਾਈ ਤੇ ਕਤਲ ਆਦਿ ਵਰਗੀਆਂ ਘਟਨਾਵਾਂ ਹਨ, ਜਿਨ੍ਹਾਂ ਤੋਂ ਸਾਫ਼ ਜ਼ਾਹਰ ਹੋ ਗਿਆ ਹੈ ਕਿ ਮਨੁੱਖ ਇਕ ਮਨੁੱਖ ਨਾ ਰਹਿ ਕੇ ਹੈਵਾਨ ਬਣ ਗਿਆ ਹੈ। ਸਮਝਣ ਦੀ ਲੋੜ ਹੈ ਕਿ ਇਹ ਜ਼ਮੀਨਾਂ ਜਾਇਦਾਦਾਂ ਇਥੇ ਹੀ ਰਹਿਣੀਆਂ ਹਨ ਪਰ ਵਿਅਕਤੀ ਗਿਆ ਦੁਬਾਰਾ ਨਹੀਂ ਆਉਂਦਾ। ਪਰਿਵਾਰ ਦੋਵੇਂ ਹੀ ਰੁਲ ਜਾਂਦੇ ਹਨ। ਜ਼ਰਾ ਸੋਚੋ, ਅਜਿਹੀਆਂ ਘਟਨਾਵਾਂ ਤੋਂ ਬਚੋ, ਗੁੱਸੇ ਨੂੰ ਵਸ ਵਿਚ ਕਰੋ ਤੇ ਸਾਰੇ ਝਗੜਿਆਂ ਦੇ ਫ਼ੈਸਲੇ ਇਕੱਠੇ ਬੈਠ ਕੇ ਹੱਲ ਕਰੋ।

-ਮਾ: ਸੁਖਵਿੰਦਰ ਸਿੰਘ 'ਅੱਕੂਮਸਤੇ ਕੇ'
ਫਿਰੋਜ਼ਪੁਰ।

ਮਿਸਾਲੀ ਫ਼ੈਸਲਾ
ਪਿਛਲੇ ਦਿਨੀਂ ਸ: ਬਰਜਿੰਦਰ ਸਿੰਘ ਹਮਦਰਦ ਵੱਲੋਂ ਲਿਖੀ ਸੰਪਾਦਕੀ 'ਜੈਲਲਿਤਾ ਨੂੰ ਸਜ਼ਾ ਇਕ ਮਿਸਾਲੀ ਫ਼ੈਸਲਾ' ਚੰਗੀ ਲੱਗੀ। ਨੇਤਾ ਲੋਕ ਅਕਸਰ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰਦੇ ਹਨ ਅਤੇ ਸਜ਼ਾ ਤੋਂ ਬਚ ਨਿਕਲਦੇ ਹਨ। ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਨੇਤਾਵਾਂ ਦੀ ਲੜੀ ਬੜੀ ਲੰਮੀ ਹੈ। ਇਨ੍ਹਾਂ ਦੇ ਕੇਸਾਂ ਦੀ ਧੀਮੀ ਗਤੀ ਵੀ ਚਿੰਤਾਜਨਕ ਹੈ ਅਤੇ ਅਜਿਹੇ ਕੇਸਾਂ ਨੂੰ ਫਾਸਟ ਟਰੈਕ ਅਦਾਲਤਾਂ ਵਿਚ ਨਬੇੜ ਕੇ ਸਿਆਸਤ ਨੂੰ ਅਪਰਾਧ ਮੁਕਤ ਬਣਾਉਣ ਦੀ ਲੋੜ ਹੈ।

-ਸਰਬਮੀਤ ਸਿੰਘ
ਪਿੰਡ ਵੜਿੰਗ ਸ੍ਰੀ ਮੁਕਤਸਰ ਸਾਹਿਬ।
ਮੋਬਾ : 98760-67891.

10-10-2014

 ਅਜੋਕੀ ਨੌਜਵਾਨ ਪੀੜ੍ਹੀ
ਮੈਂ ਪਿੱਛੇ ਜਿਹੇ ਆਪਣੇ ਪਿੰਡ ਗਿਆ। ਰਸਤੇ ਵਿਚ ਇਕ ਜਿਗਰੀ ਯਾਰ ਮਿਲ ਗਿਆ। ਮੈਂ ਉਸ ਦੇ ਮੁੰਡੇ ਦੇ ਵਿਆਹ ਦੀ ਗੱਲ ਸੁਣੀ ਸੀ। ਉਲ੍ਹਾਮੇ ਦੇ ਤੌਰ 'ਤੇ ਮੈਂ ਗਿਲਾ ਕੀਤਾ 'ਯਾਰ ਤੂੰ ਆਪਣੇ ਇਕੋ-ਇਕ ਮੁੰਡੇ ਦੇ ਵਿਆਹ ਨਹੀਂ ਸੱਦਿਆ?' ਉਸ ਦੀ ਹਾਲਤ ਦੇਖਣ ਵਾਲੀ ਸੀ। ਉਸ ਨੇ ਦੁਖੀ ਹੁੰਦਿਆਂ ਦੱਸਿਆ 'ਮੁੰਡਾ ਆਪਣੀ ਪਸੰਦ ਦੀ ਕੁੜੀ ਘਰ ਲੈ ਆਇਆ। ਦੋ ਮਹੀਨੇ ਥਾਣਿਆਂ-ਕਚਹਿਰੀਆਂ ਦੀ ਖਾਕ ਛਾਣਨ ਅਤੇ ਪੈਸੇ ਦੀ ਬਰਬਾਦੀ ਤੋਂ ਬਾਅਦ ਖਹਿੜਾ ਛੁੱਟਿਆ। ਦੋਵੇਂ ਵਿਹਲੇ ਫਿਰਦੇ ਨੇ, ਬੁੱਢੇ ਵਾਰੇ ਸਾਡੀ ਜਾਨ ਨੂੰ ਸੁੱਕਣੇ ਪਾਈ ਰੱਖਦੇ ਹਨ। ਅਜਿਹੀ ਇਕੋ ਕਹਾਣੀ ਨਹੀਂ। ਅੱਜ ਦੇ ਸਾਡੇ ਸਮਾਜ ਵਿਚ ਇਸ ਤਰ੍ਹਾਂ ਦੀਆਂ ਰੋਜ਼ ਹੀ ਕਹਾਣੀਆਂ ਵਾਪਰਦੀਆਂ ਹਨ। ਆਪਣੀ ਮਨਪਸੰਦ ਦੀ ਸ਼ਾਦੀ ਕਰਾਉਣੀ ਕੋਈ ਗੁਨਾਹ ਨਹੀਂ ਪਰ ਆਪਣੇ ਮਾਪਿਆਂ ਦੀ ਇੱਜ਼ਤ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਆਰਥਿਕ ਪੱਖੋਂ ਠੀਕ ਹੋਣਾ ਜ਼ਰੂਰੀ ਹੈ। ਜੋ ਬੱਚੇ ਬਾਲਗ ਹਨ, ਚੰਗੀ ਨੌਕਰੀ ਕਰਦੇ ਹਨ, ਉਹ ਆਪਣੇ ਮਾਪਿਆਂ ਨੂੰ ਆਪਣੇ ਵਿਚਾਰਾਂ ਨਾਲ ਕਾਇਲ ਕਰਕੇ ਅਜਿਹਾ ਕਰ ਸਕਦੇ ਹਨ। ਬੱਚਿਆਂ ਨੂੰ ਚਾਹੀਦਾ ਹੈ ਕਿ ਆਪਣੇ ਸਮਾਜ ਦੀਆਂ ਸੁਨਹਿਰੀ ਪਰੰਪਰਾਵਾਂ ਨੂੰ ਪੈਰਾਂ ਵਿਚ ਨਾ ਰੋਲਣ।

-ਜਗਤਾਰ ਗਿੱਲ
ਅੰਮ੍ਰਿਤਸਰ।

ਲੋਕ ਮੰਚ
ਉਂਜ ਤਾਂ ਹਰ ਰੋਜ਼ 'ਅਜੀਤ' ਦੀ ਉਡੀਕ ਬੇਸਬਰੀ ਨਾਲ ਰਹਿੰਦੀ ਹੈ ਪਰ ਸੋਮਵਾਰ 'ਲੋਕ ਮੰਚ' ਅੰਕ ਤੋਂ ਬਿਨਾਂ ਮੈਂ ਕੋਈ ਹੋਰ ਕੰਮ ਨਹੀਂ ਕਰ ਸਕਦਾ ਕਿਉਂਕਿ ਇਸ ਵਿਚ ਕਾਫੀ ਜਾਣਕਾਰੀ ਭਰਪੂਰ ਲੇਖ 'ਅਜੀਤ' ਦੇ ਪਾਠਕਾਂ ਦੀ ਕਲਮ ਤੋਂ ਪੜ੍ਹਨ ਨੂੰ ਮਿਲਦੇ ਹਨ। ਇਸ ਅੰਕ ਲਈ 'ਅਜੀਤ' ਦੀ ਪੂਰੀ ਟੀਮ ਸ਼ਾਭਾਸ਼ ਦੀ ਹੱਕਦਾਰ ਹੈ ਕਿਉਂਕਿ ਏਨੀ ਵੱਡੀ ਗਿਣਤੀ ਵਿਚ ਪਾਠਕਾਂ ਦੀਆਂ ਰਚਨਾਵਾਂ ਨੂੰ ਚੁਣ ਕੇ ਇਕ ਪੰਨੇ ਦੇ ਰੂਪ ਵਿਚ ਪ੍ਰਕਾਸ਼ਿਤ ਕਰਨਾ ਕੋਈ ਸੌਖਾ ਕੰਮ ਨਹੀਂ ਹੈ। 'ਲੋਕ ਮੰਚ' ਅੰਕ ਨੂੰ ਪੰਜਾਬੀਅਤ ਦਾ ਅਨਮੋਲ ਖਜ਼ਾਨਾ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਮੈਂ ਅਦਾਰੇ ਦਾ ਹਮੇਸ਼ਾ ਰਿਣੀ ਰਹਾਂਗਾ ਕਿ ਜੋ ਸਾਨੂੰ ਜਾਣਕਾਰੀ ਭਰਪੂਰ ਸਮੱਗਰੀ ਘਰ ਬੈਠਿਆਂ ਨੂੰ ਪੜ੍ਹਨ ਲਈ ਮੁਹੱਈਆ ਕਰਵਾਉਂਦਾ ਹੈ।

-ਅਸ਼ੋਕ ਕੁਮਾਰ
ਹਿਮਾਯੂੰਪੁਰ ਮੁਹੱਲਾ, ਸਰਹਿੰਦ।

'ਹਰਿਆਵਲ ਲਹਿਰ' 'ਤੇ ਹਮਲਾ
ਪੰਜਾਬ ਦੀ ਧਰਤੀ ਨੂੰ ਵੱਖ-ਵੱਖ ਕਿਸਮ ਦੇ ਬੂਟੇ ਲਾ ਕੇ ਹਰਿਆ-ਭਰਿਆ ਬਣਾਉਣ ਲਈ ਪੰਜਾਬ ਦੀ ਆਵਾਜ਼ ਰੋਜ਼ਾਨਾ 'ਅਜੀਤ' ਵੱਲੋਂ ਵੱਡੇ ਪੱਧਰ 'ਤੇ 'ਅਜੀਤ ਹਰਿਆਵਲ ਲਹਿਰ' ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਪੰਜਾਬ ਦੀਆਂ ਸੜਕਾਂ, ਨਹਿਰਾਂ, ਸੂਏ, ਕੱਸੀਆਂ, ਸਕੂਲਾਂ, ਦਾਣਾ ਮੰਡੀਆਂ ਵਿਚ ਜ਼ਿਲ੍ਹਾ ਪ੍ਰਸ਼ਾਸਨ, ਸਮਾਜ-ਸੇਵੀ ਸੰਸਥਾਵਾਂ, ਸਮੂਹ ਪੰਚਾਇਤਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਵੱਲੋਂ ਜੰਗੀ ਪੱਧਰ 'ਤੇ ਬੂਟੇ ਲਾਏ ਗਏ ਪਰ ਅਫ਼ਸੋਸ ਕੀ ਇਹ ਬੂਟੇ ਅਜੇ ਚੰਗੀ ਤਰ੍ਹਾਂ ਤੁਰੇ ਵੀ ਨਹੀਂ ਸਨ ਕਿ ਭਾਰੀ ਤਾਦਾਦ ਵਿਚ ਪਸ਼ੂਆਂ ਵਾਲੇ ਗੁੱਜਰ ਅਤੇ ਗੱਡੀਆਂ ਵਾਲੇ ਪਿੰਡਾਂ ਦੀਆਂ ਦਾਣਾ ਮੰਡੀਆਂ ਵਿਚ ਡੇਰੇ ਲਾ ਕੇ ਬਹਿ ਗਏ, ਜਿਨ੍ਹਾਂ ਦੇ ਪਸ਼ੂਆਂ ਨੇ ਸਾਰੀ ਕੀਤੀ ਕਰਾਈ 'ਤੇ ਪਾਣੀ ਫੇਰ ਦਿੱਤਾ। ਮੰਡੀਆਂ ਵਿਚ ਲਾਏ ਨਵੇਂ ਬੂਟੇ ਪਸ਼ੂਆਂ ਨੇ ਖ਼ਤਮ ਕਰ ਦਿੱਤੇ। ਇਹ ਲੋਕ ਸੜਕਾਂ ਦੇ ਨਿਕਾਰੇ ਵੀ ਸ਼ਰੇਆਮ ਆਪਣੇ ਪਸ਼ੂ ਚਰਾਉਂਦੇ ਹਨ, ਜਿਸ ਨਾਲ ਸੜਕਾਂ 'ਤੇ ਲਾਏ ਬੂਟੇ ਵੀ ਖ਼ਤਮ ਹੋ ਗਏ ਹਨ। ਮੇਰੀ ਪੰਜਾਬ ਸਰਕਾਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤਾਂ ਨੂੰ ਅਪੀਲ ਹੈ ਕਿ ਐਵੇਂ ਇਕ ਬੂਟਾ ਲਾ ਕੇ ਅਖ਼ਬਾਰਾਂ ਵਿਚ ਫੋਟੋ ਲਵਾਉਣ ਦੀ ਬਜਾਏ 'ਅਜੀਤ ਹਰਿਆਵਲ ਲਹਿਰ' 'ਤੇ ਗੁਜਰਾਂ ਵੱਲੋਂ ਕੀਤੇ ਜਾ ਰਹੇ ਹਮਲੇ ਨੂੰ ਠੱਲ੍ਹ ਪਾਈ ਜਾਵੇ, ਇਸ ਵਿਚ ਹੀ ਪੰਜਾਬ ਦੀ ਭਲਾਈ ਹੈ।

-ਬਲਬੀਰ ਸਿੰਘ 'ਰਣੀਆਂ'
'ਗੰਨਮੈਨ' ਸਹਿਕਾਰੀ ਬੈਂਕ ਮੋਗਾ, ਬ੍ਰਾਂਚ ਡਾਲਾ।

ਮੋਦੀ ਦਾ ਜਾਦੂ
ਸ੍ਰੀ ਨਰਿੰਦਰ ਮੋਦੀ ਦਾ ਜਾਦੂ ਕੁਝ ਮਹੀਨਿਆਂ ਦੇ ਵਕਫ਼ੇ ਬਾਅਦ ਘਟਦਾ ਜਾ ਰਿਹਾ ਹੈ। ਇਸ ਦਾ ਅੰਦਾਜ਼ਾ ਲੋਕ ਸਭਾ ਦੀਆਂ ਚੋਣਾਂ ਤੋਂ ਲਗਭਗ ਚਾਰ ਮਹੀਨਿਆਂ ਬਾਅਦ ਹੀ ਹੋਈਆਂ ਉਪ-ਚੋਣਾਂ ਤੋਂ ਮਿਲ ਸਕਦਾ ਹੈ। ਪੰਜਾਬ, ਕਰਨਾਟਕ, ਮੱਧ ਪ੍ਰਦੇਸ਼ ਅਤੇ ਬਿਹਾਰ ਦੀਆਂ 18 ਸੀਟਾਂ 'ਚੋਂ ਭਾਜਪਾ ਨੂੰ ਕੇਵਲ 8 ਸੀਟਾਂ 'ਤੇ ਹੀ ਜਿੱਤ ਮਿਲੀ ਹੈ। ਵੋਟਰ ਕਿਸੇ ਵੀ ਪਾਰਟੀ ਨੂੰ ਸਿਰਫ ਇਕ ਵਾਰ ਹੀ ਸਮਾਂ ਦਿੰਦੇ ਹਨ ਕੁਝ ਕਰਕੇ ਦਿਖਾਉਣ ਦਾ। ਦੋਸ਼ ਪਾਰਟੀਆਂ ਵਿਚ ਹੁੰਦਾ ਹੈ, ਸਬਕ ਨਹੀਂ ਲੈ ਰਹੀਆਂ। ਸਿਰਫ ਵਿਦੇਸ਼ਾਂ ਵਿਚ ਟੂਰ ਅਤੇ ਹਵਾਈ ਜਹਾਜ਼ਾਂ ਦੇ ਝੂਟਿਆਂ ਨਾਲ ਜਨਤਾ ਦਾ ਦਿਲ ਨਹੀਂ ਜਿੱਤਿਆ ਜਾਂਦਾ। ਦਿਲ ਜਿੱਤਣ ਲਈ ਇਨਸਾਨਾਂ ਨਾਲ ਜੁੜਨਾ ਚਾਹੀਦਾ ਹੈ। ਆਉਣ ਵਾਲੇ ਸਮੇਂ ਵਿਚ ਜੇਕਰ ਮੋਦੀ ਦਾ ਜਾਦੂ ਲੋਕਾਂ ਦੇ ਦਿਲਾਂ ਵਿਚੋਂ ਫਿੱਕਾ ਪੈਂਦਾ ਗਿਆ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਇਹੀ ਵੋਟਰ ਕੁਰਸੀ ਤੋਂ ਲਾਂਭੇ ਕਰਨ ਤੋਂ ਵੀ ਨਹੀਂ ਝਿਜਕਣਗੇ। ਸੋ ਲੋੜ ਹੈ ਕੀਤੇ ਵਾਅਦਿਆਂ 'ਤੇ ਖਰੇ ਉਤਰਨ ਦੀ।

-ਸੋਨੂੰ ਸ਼ਰਮਾ
ਕੋਟ ਈਸੇ ਖਾਂ (ਮੋਗਾ)।

6-10-2014

 ਪੜ੍ਹਾਈ ਵਿਹੂਣਾ ਬਚਪਨ

ਯੂਨੀਸੈਫ ਦੇ ਇਕ ਖੁਲਾਸੇ ਅਨੁਸਾਰ ਭਾਰਤ ਦੇ 80 ਲੱਖ ਬੱਚਿਆਂ ਨੇ ਕਦੇ ਵੀ ਸਕੂਲ ਦਾ ਮੂੰਹ ਨਹੀਂ ਵੇਖਿਆ। 8 ਕਰੋੜ ਬੱਚੇ ਬਿਨਾਂ ਕੋਈ ਗਿਆਨ ਹਾਸਲ ਕੀਤਿਆਂ ਸਕੂਲ ਛੱਡ ਜਾਂਦੇ ਹਨ। ਅਜਿਹੇ 8 ਕਰੋੜ ਬੱਚੇ ਇਸ ਲਈ ਸਕੂਲ ਨਹੀਂ ਛੱਡਦੇ ਕਿ ਉਨ੍ਹਾਂ ਨੇ ਸਿਰਫ ਮਜ਼ਦੂਰੀ ਹੀ ਕਰਨੀ ਹੁੰਦੀ ਹੈ, ਸਗੋਂ ਉਹ ਇਸ ਲਈ ਵੀ ਸਕੂਲੋਂ ਭੱਜਦੇ ਹਨ ਕਿ ਉਨ੍ਹਾਂ ਨੂੰ ਸਕੂਲ 'ਚ ਕੁਝ ਪੜ੍ਹਾਇਆ ਨਹੀਂ ਜਾ ਰਿਹਾ। ਇਕ ਸਰਵੇਖਣ ਅਨੁਸਾਰ ਭਾਰਤ ਦੇ 300 ਜ਼ਿਲ੍ਹਿਆਂ 'ਚ ਇਹ ਪਾਇਆ ਗਿਆ ਕਿ 37 ਫ਼ੀਸਦੀ ਸਕੂਲਾਂ 'ਚ ਭਾਸ਼ਾ ਦੇ ਅਧਿਆਪਕ ਨਹੀਂ ਹਨ, 31 ਫ਼ੀਸਦੀ ਸਕੂਲਾਂ 'ਚ ਸਮਾਜਿਕ ਸਿੱਖਿਆ ਅਤੇ 29 ਫ਼ੀਸਦੀ ਸਕੂਲਾਂ 'ਚ ਵਿਗਿਆਨ ਅਤੇ ਗਣਿਤ ਦੇ ਅਧਿਆਪਕ ਨਹੀਂ ਹਨ। ਬੱਚਿਆਂ ਨੇ ਮੁਢਲਾ ਗਿਆਨ ਭਾਸ਼ਾ ਅਧਿਆਪਕ ਤੋਂ ਹੀ ਹਾਸਲ ਕਰਨਾ ਹੁੰਦਾ ਹੈ ਅਤੇ ਭਾਸ਼ਾ ਦੇ ਅਧਿਆਪਕਾਂ ਬਿਨਾਂ ਬੱਚਿਆਂ ਦਾ ਰੁਝਾਨ ਪੜ੍ਹਾਈ ਵੱਲ ਕਿਵੇਂ ਹੋ ਸਕਦਾ ਹੈ? ਜਦੋਂ ਕਿ ਵਿਗਿਆਨ, ਗਣਿਤ ਅਤੇ ਸਮਾਜਿਕ ਸਿੱਖਿਆ ਦੀ ਵਾਰੀ ਤਾਂ ਬਾਅਦ 'ਚ ਆਉਂਦੀ ਹੈ।

-ਰਣਦੀਪ ਮੰਗਤਪੁਰਾ
ਲਹਿਰਾਗਾਗਾ (ਸੰਗਰੂਰ)।

ਕਸੂਰ ਪਹਾੜਾਂ ਦਾ ਨਹੀਂ

ਪਿਛਲੇ ਸਾਲ ਕੇਦਾਰਨਾਥ ਦਾ ਇਲਾਕਾ ਰੁੜ ਗਿਆ ਅਤੇ ਇਸ ਸਾਲ ਸ੍ਰੀਨਗਰ ਦੀਆਂ ਪਹਾੜੀਆਂ ਨੇ ਕਹਿਰ ਮਚਾ ਦਿੱਤਾ। ਕਸੂਰ ਪਹਾੜਾਂ ਦਾ ਨਹੀਂ, ਕਸੂਰ ਸਾਡਾ ਹੈ, ਕਿਉਂਕਿ ਪਿਛਲੇ 65 ਸਾਲਾਂ ਵਿਚ ਅਸੀਂ ਅੰਗਰੇਜ਼ਾਂ ਵੱਲੋਂ ਲਗਾਇਆ ਜੰਗਲ ਵੱਢ ਦਿੱਤਾ ਹੈ। ਜੰਗਲ ਪਾਣੀ ਨੂੰ ਰੋਕਦਾ ਹੈ ਤੇ ਫਿਰ ਸਾਰਾ ਸਾਲ ਝਰਨੇ ਬਣ ਕੇ ਪਾਣੀ ਇਨਸਾਨ ਦੀ ਸੇਵਾ ਕਰਦਾ ਹੈ। ਮੀਂਹ ਦੇ ਪਾਣੀ ਨੂੰ ਸੰਭਾਲਣ ਲਈ ਪਹਾੜਾਂ ਉੱਪਰ ਜੰਗਲ ਬਹੁਤ ਜ਼ਰੂਰੀ ਹੈ। ਇਤਿਹਾਸ ਨੂੰ ਬਾਰੀਕੀ ਨਾਲ ਪੜ੍ਹੀਏ ਤਾਂ ਪਤਾ ਚਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਕਣਕ ਬਾਹਰਲੇ ਦੇਸ਼ਾਂ ਤੋਂ ਆਉਂਦੀ ਸੀ। ਮੱਖਣ ਸ਼ਾਹ ਲੁਬਾਣਾ ਵਿਦੇਸ਼ਾਂ ਤੋਂ ਸਮੁੰਦਰੀ ਬੇੜੇ ਰਾਹੀਂ ਕਣਕ ਲੈ ਕੇ ਆਉਂਦਾ ਹੁੰਦਾ ਸੀ। ਅੰਗਰੇਜ਼ਾਂ ਨੇ ਆ ਕੇ ਸਾਰੇ ਪਹਾੜਾਂ ਵਿਚ ਜੰਗਲ ਲਗਵਾਇਆ। ਸੇਬ ਦਾ ਬੂਟਾ ਕੈਲੀਫੋਰਨੀਆ ਤੋਂ ਲਿਆ ਕੇ ਹਿਮਾਚਲ ਅਤੇ ਕਸ਼ਮੀਰ ਦੇ ਕਿਸਾਨਾਂ ਨੂੰ ਦਿੱਤਾ। ਸੇਬ ਨੇ ਦੋ ਕੰਮ ਕੀਤੇ। ਕਿਸਾਨਾਂ ਨੂੰ ਰੋਜ਼ੀ ਅਤੇ ਸਾਨੂੰ ਪਾਣੀ ਦਿੱਤਾ ਅਤੇ ਸਾਡੇ ਦਰਿਆ ਸਾਲਾ ਸਾਲ ਪਾਣੀ ਦੇਣ ਲੱਗ ਪਏ।
ਤੁਸੀਂ ਹਰਿਆਵਲ ਲਹਿਰ ਸ਼ੁਰੂ ਕਰਕੇ ਬਹੁਤ ਪੁੰਨ ਕੀਤਾ ਹੈ ਪਰ ਇਹ ਲਹਿਰ ਪਹਾੜਾਂ ਵਿਚ ਲੈ ਕੇ ਜਾਓ। ਮੋਦੀ ਉੱਪਰ ਦਬਾਅ ਪਾਓ ਕਿ ਪਹਾੜਾਂ ਵਿਚ ਹੋਰ ਉਸਾਰੀ ਨਹੀਂ ਹੋਣੀ ਚਾਹੀਦੀ।

-ਨਿਰਭੈ ਸਿੰਘ ਤੂਰ
ਕੈਲਗਰੀ, ਕੈਨੇਡਾ।

ਹੱਕ ਅਤੇ ਫਰਜ਼

ਕੁਝ ਸਮਾਂ ਪਹਿਲਾਂ ਘਰਾਂ ਵਿਚ ਬਜ਼ੁਰਗਾਂ ਨੂੰ ਘਰ ਦਾ ਮੁਖੀਆ ਸਮਝਿਆ ਜਾਂਦਾ ਸੀ। ਹਰ ਕੰਮ ਮਾਂ-ਬਾਪ ਦੀ ਸਹਿਮਤੀ ਨਾਲ ਕੀਤਾ ਜਾਂਦਾ ਸੀ, ਕਿਉਂਕਿ ਪਰਿਵਾਰ ਦੇ ਕਰਤਾ-ਧਰਤਾ ਉਸ ਸਮੇਂ ਬਜ਼ੁਰਗ ਮਾਪੇ ਹੀ ਸਨ ਪਰ ਅਜੋਕੇ ਸਮੇਂ ਨੇ ਇਨਸਾਨ ਨੂੰ ਵਿਦਵਾਨ ਤਾਂ ਜ਼ਰੂਰ ਬਣਾ ਦਿੱਤਾ ਪਰ ਸੂਝਵਾਨ ਨਹੀਂ, ਤਾਂ ਹੀ ਮਾਂ-ਬਾਪ ਦਾ ਸਤਿਕਾਰ ਘਟ ਗਿਆ ਹੈ। ਜੇਕਰ ਅੱਜ ਅਸੀਂ ਆਪਣੇ ਮਾਂ-ਬਾਪ ਦਾ ਨਿਰਾਦਰ ਕਰਦੇ ਹਾਂ, ਕੱਲ੍ਹ ਨੂੰ ਬੱਚੇ ਵੀ ਸਾਡੇ ਨਾਲ ਮਾੜਾ ਸਲੂਕ ਕਰ ਸਕਦੇ ਹਨ। ਆਪ ਅਸੀਂ ਆਪਣੇ ਹੱਕਾਂ ਪ੍ਰਤੀ ਜਾਣਕਾਰ ਹਾਂ ਪਰ ਆਪਣੇ ਫ਼ਰਜ਼ ਭੁਲਦੇ ਜਾ ਰਹੇ ਹਾਂ। ਸਾਨੂੰ ਆਪਣੇ ਪਿਤਾ ਦੀ ਜਾਇਦਾਦ ਦਾ ਪੂਰਾ ਹਿੱਸਾ ਚਾਹੀਦਾ ਹੈ ਕਿਉਂਕਿ ਇਹ ਸਾਡਾ ਕਾਨੂੰਨੀ ਹੱਕ ਹੈ ਪਰ ਬਜ਼ੁਰਗ ਪਿਤਾ ਦੀ ਦੇਖਭਾਲ ਕਰਨਾ ਅਸੀਂ ਭੁੱਲਦੇ ਜਾ ਰਹੇ ਹਾਂ। ਘਰ ਵਿਚ ਪਾਏ ਕਲੇਸ਼ ਦਾ ਨਿਪਟਾਰਾ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੂਕ ਹੋਣ 'ਤੇ ਹੀ ਹੋ ਜਾਂਦਾ ਹੈ। ਇਹ ਘਰ ਦੀ ਗੱਲ ਨਹੀਂ ਪੂਰਾ ਦੇਸ਼ ਆਪਣੇ ਫਰਜ਼ ਪ੍ਰਤੀ ਸੁਚੇਤ ਹੋ ਜਾਵੇ ਤਾਂ ਦੇਸ਼ ਵੀ ਸੁਧਰ ਸਕਦਾ ਹੈ ਅਤੇ ਜਿਥੇ ਸੁਧਾਰ ਹੈ, ਉਥੇ ਵਿਕਾਸ ਵੀ ਜ਼ਰੂਰ ਹੁੰਦਾ ਹੈ।

-ਪਰਮਜੀਤ ਸਿੰਘ ਬੁੱਟਰ
ਪਿੰਡ ਕੋਟਲਾ ਖੁਰਦ, ਜ਼ਿਲ੍ਹਾ ਗੁਰਦਾਸਪੁਰ।

23-9-2014

 ਬੇਰੁਜ਼ਗਾਰੀ
ਪੰਜਾਬ ਵਿਚ ਬੇਰੁਜ਼ਗਾਰੀ ਦੇ ਅੰਕੜੇ ਦਿਨੋਂ-ਦਿਨ ਵਧ ਰਹੇ ਹਨ। ਬੇਰੁਜ਼ਗਾਰੀ ਕਾਰਨ ਨੌਜਵਾਨ ਗ਼ਲਤ ਪਾਸੇ ਵੱਲ ਭਾਰੂ ਹੋ ਰਹੇ ਹਨ। ਹੁਣ ਕੰਮ ਕਰਨ ਲਈ ਦਿਹਾੜੀ ਵੀ ਸਿਫ਼ਾਰਸ਼ ਨਾਲ ਮਿਲਦੀ ਹੈ। ਆਧੁਨਿਕ ਤਕਨਾਲੋਜੀ ਤੇ ਕੰਪਿਊਟਰ ਨੇ ਮਨੁੱਖ ਵਿਹਲਾ ਕਰ ਦਿੱਤਾ ਹੈ। ਨੁਕਸਦਾਰ ਵਿੱਦਿਆ ਪ੍ਰਣਾਲੀ ਤੇ ਟੀ.ਵੀ. ਚੈਨਲਾਂ ਦੀ ਮਾੜੀ ਕਿਸਮ ਦੀ ਪੇਸ਼ਕਾਰੀ ਨੇ ਨੌਜਵਾਨਾਂ ਨੂੰ ਨਸ਼ਿਆਂ, ਲੁੱਟਾਂ-ਖੋਹਾਂ ਤੇ ਘਟੀਆ ਆਚਰਨ ਦੇ ਰਾਹ ਤੋਰਨ ਵਿਚ ਅਹਿਮ ਯੋਗਦਾਨ ਪਾਇਆ ਹੈ। ਅੱਜ ਦੀ ਸਾਡੀ ਵਿੱਦਿਆ ਪ੍ਰਣਾਲੀ ਵਿਚ ਸਿਰਫ ਬੱਚੇ ਦੀ ਯਾਦ ਸ਼ਕਤੀ ਹੀ ਪਰਖੀ ਜਾ ਰਹੀ ਹੈ। ਯਾਦ ਤਾਂ ਅਤੀਤ, ਭੂਤਕਾਲ ਵਿਚ ਵਾਪਰੀਆਂ ਘਟਨਾਵਾਂ ਨੂੰ ਹੀ ਕੀਤਾ ਜਾ ਸਕਦਾ ਹੈ। ਭਵਿੱਖ ਬਾਰੇ ਬੱਚਾ ਕੀ ਯਾਦ ਕਰੇਗਾ? ਕਹਿਣ ਤੋਂ ਭਾਵ ਕਿ ਬੱਚੇ ਦੀ ਯਾਦ ਸ਼ਕਤੀ ਦਾ ਸਬੰਧ ਤਾਂ ਅਤੀਤ ਨਾਲ ਅਤੇ ਬੁੱਧੀ ਦਾ ਸਬੰਧ ਭਵਿੱਖ ਨਾਲ ਹੈ ਪਰ ਸਾਡਾ ਸਕੂਲੀ ਸਿਲੇਬਸ ਬੱਚਿਆਂ ਦਾ ਬੌਧਿਕ ਵਿਕਾਸ ਕਰਨ ਤੇ ਉਨ੍ਹਾਂ ਨੂੰ ਭਵਿੱਖ ਲਈ ਕੁਝ ਨਵਾਂ ਕਰ ਸਕਣ ਦੇ ਸਮਰੱਥ ਬਣਾਉਣ ਵਾਲਾ ਹੋਵੇ।

-ਸੁਖਵਿੰਦਰ ਸਿੰਘ ਕਲੇਰ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਭਰੂਣ ਹੱਤਿਆ ਦਾ ਰੁਝਾਨ
ਪੰਜਾਬ ਵਿਚ ਭਰੂਣ ਹੱਤਿਆ ਦਾ ਵਰਤਾਰਾ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਕਾਰਨ ਕੁੜੀਆਂ ਦੀ ਗਿਣਤੀ ਘਟ ਰਹੀ ਹੈ। ਭਰੂਣ ਹੱਤਿਆ ਕੁਦਰਤ ਦੇ ਖਿਲਾਫ਼ ਹੈ। 2011 ਦੀ ਜਨਗਣਨਾ ਮੁਤਾਬਿਕ ਪੰਜਾਬ ਵਿਚ ਹਜ਼ਾਰ ਮੁੰਡਿਆਂ ਮਗਰ 893 ਕੁੜੀਆਂ ਹਨ। ਦਾਜ, ਬਲਾਤਕਾਰ, ਕੁੜੀਆਂ ਨਾਲ ਵਧ ਰਹੇ ਛੇੜਛਾੜ ਆਦਿ ਭਰੂਣ ਹੱਤਿਆ ਲਈ ਜ਼ਿੰਮੇਵਾਰ ਹਨ। ਵਿਆਹੀਆਂ ਔਰਤਾਂ ਨੂੰ ਅਣਜੰਮੀਆਂ ਵਿਰੁੱਧ ਹੋ ਰਹੇ ਇਸ ਅਪਰਾਧ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪੰਜਾਬ ਨੂੰ ਕੇਰਲਾ ਵਰਗੇ ਸੂਬੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਜਿਥੇ 1000 ਮੁੰਡਿਆਂ ਪਿਛੇ 1084 ਕੁੜੀਆਂ ਹਨ। ਪੰਜਾਬ ਸਰਕਾਰ ਨੂੰ ਭਰੂਣ ਹੱਤਿਆ ਨੂੰ ਰੋਕਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ।

-ਦਿਲਪ੍ਰੀਤ ਸਿੰਘ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

ਅੱਜ ਦਾ ਭਾਰਤ
ਜੇਕਰ ਅੱਜ ਅਸੀਂ ਅਖ਼ਬਾਰਾਂ 'ਤੇ ਝਾਤੀ ਮਾਰੀਏ ਤਾਂ ਹਰ ਰੋਜ਼ ਕਿਤੇ ਨਾ ਕਿਤੇ ਜਬਰ-ਜਨਾਹ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਇਸ ਦੇ ਪਿੱਛੇ ਕੀ ਕਾਰਨ ਹੈ? ਇਸ ਵਿਚ ਸ਼ਾਇਦ ਕਮੀ ਕਿਤੇ ਮਾਪਿਆਂ ਦੀ ਤੇ ਸਮਾਜ ਦੀ ਵੀ ਹੈ। ਜੇਕਰ ਘਰ ਵਿਚ ਪਹਿਲਾਂ ਤੋਂ ਹੀ ਬੱਚੇ ਨੂੰ ਔਰਤ ਦੀ ਇੱਜ਼ਤ ਮਾਂ-ਭੈਣ ਦੇ ਰਿਸ਼ਤੇ ਪ੍ਰਤੀ ਆਦਰ ਬਾਰੇ ਸਿਖਾਇਆ ਜਾਵੇ ਤਾਂ ਸ਼ਾਇਦ ਇਸ ਦਾ ਕੁਝ ਅਸਰ ਤਾਂ ਹੋਵੇਗਾ ਹੀ। ਦੂਜਾ ਸਮਾਜ ਕਈ ਵਾਰੀ ਧਾਰਮਿਕ ਗੁਰੂਆਂ ਦੇ ਚਰਨਾਂ ਵਿਚ ਜਾ ਕੇ ਸ਼ਾਂਤੀ ਦੀ ਤਲਾਸ਼ ਕਰਦਾ ਹੈ। ਲੋਕਾਂ ਦਾ ਬਹੁਤ ਹੀ ਵੱਡਾ ਹਿੱਸਾ ਹੈ, ਜੋ ਇਨ੍ਹਾਂ ਗੁਰੂਆਂ ਦੇ ਕਹੇ ਤੋਂ ਆਪਣਾ ਜੀਵਨ ਵਾਰਨ ਲਈ ਤਿਆਰ ਹੋ ਜਾਂਦਾ ਹੈ ਪਰ ਜਦੋਂ ਉਹੀ ਗੁਰੂ ਆਪਣੀਆਂ ਕਾਲੀਆਂ ਕਰਤੂਤਾਂ ਕਾਰਨ ਸੁਰਖੀਆਂ ਵਿਚ ਆਉਂਦੇ ਹਨ ਤਾਂ ਲੋਕਾਂ ਦੇ ਮਨਾਂ 'ਤੇ ਕੀ ਬੀਤਦੀ ਹੈ, ਉਹ ਹੀ ਜਾਣਦੇ ਹਨ। ਕਈ ਵਾਰੀ ਅਸੀਂ ਵੇਖਿਆ ਹੈ ਕਿ ਲੋਕ ਜਨਤਕ ਸੰਪਤੀ ਦੀ ਭੰਨ-ਤੋੜ ਜਾਂ ਸਾੜ-ਫੂਕ ਕਰਨ ਲੱਗੇ ਜ਼ਰਾ ਇਹ ਨਹੀਂ ਸੋਚਦੇ ਕਿ ਇਹ ਸੰਪਤੀ ਸਾਡੀ ਸਹੂਲਤ ਦੇ ਲਈ ਹੈ ਅਤੇ ਸਾਡੇ ਹੀ ਦਿੱਤੇ ਟੈਕਸਾਂ ਨਾਲ ਬਣਾਈ ਜਾਂਦੀ ਹੈ। ਅੱਜ ਸਾਨੂੰ ਲੋੜ ਹੈ ਹਰ ਵਤੀਰੇ ਪ੍ਰਤੀ ਸੋਚ ਬਦਲਣ ਦੀ। ਆਪਣੇ ਗੁਰੂਆਂ, ਪੀਰਾਂ-ਫਕੀਰਾਂ ਦੇ ਦਿੱਤੇ ਸੁਨੇਹੇ 'ਤੇ ਚੱਲਣ ਦੀ ਕਿ ਹਰ ਔਰਤ ਨੂੰ ਮਾਂ-ਭੈਣ ਸਮਝਿਆ ਜਾਵੇ। ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤੇ ਪਾਉਣ ਦੀ ਬਜਾਏ ਸਿੱਧੇ ਰਸਤੇ ਪਾਉਣ ਦੀ, ਆਪਣਾ ਚੰਗਾ-ਮਾੜਾ ਸੋਚਣ ਦੀ, ਨਸ਼ਿਆਂ ਦੇ ਸਮੁੰਦਰ ਵਿਚ ਨਾ ਪੈਣ ਤੇ ਤੰਦਰੁਸਤੀ ਤੇ ਸਾਦਗੀ ਵਾਲਾ ਜੀਵਨ ਜਿਊਣ ਦੀ ਤਾਂ ਕਿ ਭਾਰਤ ਹੋਰ ਬੁਲੰਦੀਆਂ ਨੂੰ ਛੂਹ ਸਕੇ।

-ਨਰੇਸ਼ ਰਾਣੀ
ਸ.ਹ.ਸ. ਦਸਗਰਾਈਂ (ਰੋਪੜ)।

19-8-2014

 ਤੰਬਾਕੂਨੋਸ਼ੀ 'ਤੇ ਰੋਕ ਲੱਗੇ

ਤੰਬਾਕੂ ਸੇਵਨ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਹੈ। ਲੱਖਾਂ ਲੋਕ ਇਸ ਦੇ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ। ਤੰਬਾਕੂ ਕੰਪਨੀਆਂ 'ਤੰਬਾਕੂ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ' ਲਿਖ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੀਆਂ ਹਨ। ਇਹ ਕਾਫੀ ਨਹੀਂ ਹੈ। ਅਨਪੜ੍ਹਾਂ ਦੀ ਗੱਲ ਤਾਂ ਛੱਡੋ, ਪੜ੍ਹੇ-ਲਿਖੇ ਲੋਕ ਵੀ ਇਸ ਗੱਲ ਨੂੰ ਨਹੀਂ ਸਮਝਦੇ। ਸੋ, ਹੁਣ ਵੀ ਵੇਲਾ ਹੈ ਸਮਝਣ ਦਾ ਤੇ ਤੰਬਾਕੂਨੋਸ਼ੀ ਨੂੰ ਰੋਕਣ ਦਾ।

-ਸੇਵਾ ਰਾਮ ਸਿੰਗਲਾ
ਮੇਨ ਅਜੀਤ ਰੋਡ, ਬਠਿੰਡਾ।

ਜਨ-ਧਨ ਯੋਜਨਾ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਆਪਣੀ ਸਰਕਾਰ ਦੇ ਤਿੰਨ ਮਹੀਨੇ ਪੂਰੇ ਕਰਨ ਦੇ ਨਾਲ ਹੀ ਜਨ-ਧਨ ਯੋਜਨਾ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਉਸ ਦੀ ਪ੍ਰਸੰਸਾ ਕਰਨੀ ਬਣਦੀ ਹੈ। ਪਹਿਲੇ ਹੀ ਦਿਨ ਇਸ ਯੋਜਨਾ ਅਧੀਨ ਬੈਂਕਾਂ 'ਚ ਡੇਢ ਕਰੋੜ ਖਾਤੇ ਖੋਲ੍ਹੇ ਗਏ ਹਨ। ਬਿਨਾਂ ਸ਼ੱਕ ਭਾਰਤੀ ਇਤਿਹਾਸ 'ਚ ਏਨੀ ਵਿਸ਼ਾਲ ਪੱਧਰ 'ਤੇ ਬੈਂਕਾਂ ਨਾਲ ਸਬੰਧਤ ਕਾਰਵਾਈ ਪਹਿਲਾਂ ਨਹੀਂ ਦੇਖੀ ਗਈ। ਇਸ ਯੋਜਨਾ ਤਹਿਤ ਦੇਸ਼ ਦੇ ਹਰੇਕ ਪਰਿਵਾਰ ਦੇ ਮੁਖੀ ਅਤੇ ਇਕ ਔਰਤ ਮੈਂਬਰਾਂ ਦਾ ਖਾਤਾ ਬੈਂਕ 'ਚ ਹੋਣਾ ਯਕੀਨੀ ਬਣਾਇਆ ਜਾਏਗਾ। ਹਰ ਬੈਂਕ ਕਾਰਡ ਵਾਲੇ ਦਾ ਇਕ ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਕੀਤਾ ਜਾਵੇਗਾ। ਇਕ ਸਾਲ 'ਚ ਜੇਕਰ ਸਾਢੇ ਸੱਤ ਕਰੋੜ ਲੋਕਾਂ ਨੂੰ ਇਸ ਯੋਜਨਾ ਅਧੀਨ ਲਿਆਉਣ ਦਾ ਟੀਚਾ ਪ੍ਰਾਪਤ ਕਰ ਲਿਆ ਜਾਂਦਾ ਹੈ ਤਾਂ ਇਹ ਸਰਕਾਰ ਦੀ ਬਹੁਤ ਵੱਡੀ ਸਫਲਤਾ ਹੋਵੇਗੀ।

-ਓਮ ਪ੍ਰਕਾਸ਼
ਰੇਲਵੇ ਰੋਡ, ਸਰਹੰਦ, ਫ਼ਤਹਿਗੜ੍ਹ ਸਾਹਿਬ।

ਪੋਲੀਥੀਨ ਦੇ ਲਿਫ਼ਾਫ਼ੇ

ਪਿਛਲੇ ਕੁਝ ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ ਹਲਕੇ ਪੋਲੀਥੀਨ ਦੇ ਲਿਫਾਫਿਆਂ 'ਤੇ ਪਾਬੰਦੀ ਲਗਾ ਕੇ ਇਸ ਵਿਰੁੱਧ ਇਕ ਕਾਨੂੰਨ ਬਣਾਇਆ ਗਿਆ ਸੀ ਜੋ ਕਿ ਇਕ ਫਲਾਪ ਕਾਨੂੰਨ ਸਾਬਤ ਹੋਇਆ ਹੈ। ਪੋਲੀਥੀਨ ਦੇ ਲਿਫਾਫਿਆਂ ਨੂੰ ਵਰਤੋਂ ਤੋਂ ਬਾਅਦ ਆਮ ਤੌਰ 'ਤੇ ਜਲਾ ਦਿੱਤਾ ਜਾਂਦਾ ਹੈ, ਜਿਸ ਦਾ ਵਾਤਾਵਰਨ ਅਤੇ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਮੈਨੂੰ ਸਰਕਾਰ ਕੋਲੋਂ ਤਾਂ ਕੋਈ ਉਮੀਦ ਨਹੀਂ, ਪਰ ਲੋਕਾਂ ਨੂੰ ਅਪੀਲ ਹੈ ਕਿ ਸਬਜ਼ੀ ਆਦਿ ਖਰੀਦਣ ਜਾਣ ਤੋਂ ਪਹਿਲਾਂ ਘਰੋਂ ਆਪਣੇ ਨਾਲ ਕੋਈ ਝੋਲਾ ਵਗੈਰਾ ਲੇ ਕੇ ਜਾਣ।

-ਜਸਵੀਰ ਸਿੰਘ
ਪਿੰਡ ਛੰਦੜਾਂ, ਲੁਧਿਆਣਾ।

ਸੋਸ਼ਲ ਮੀਡੀਆ 'ਚ ਸਿਆਸੀ ਹਸਤੀਆਂ

ਅਜੋਕੇ ਸਮੇਂ ਵਿਚ ਸੋਸ਼ਲ ਮੀਡੀਆ ਹਰ ਵਰਗ ਦੀ ਜ਼ਰੂਰਤ ਬਣ ਕੇ ਰਹਿ ਗਿਆ ਹੈ। ਬੱਚੇ, ਨੌਜਵਾਨ, ਬੁੱਢੇ ਸਭ ਕਿਸੇ ਨਾ ਕਿਸੇ ਰੂਪ ਵਿਚ ਇਸ ਦਾ ਇਸਤੇਮਾਲ ਕਰਦੇ ਹਨ। ਪੰਜਾਬ ਦੀਆਂ ਨਾਮੀ ਰਾਜਨੀਤਕ ਸ਼ਖ਼ਸੀਅਤਾਂ ਵੀ ਇਸ ਦੇ ਅਸਰ ਹੇਠ ਹਨ। ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਸੰਗਰੂਰ ਤੋਂ ਵੱਡੀ ਜਿੱਤ ਵਿਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਰਿਹਾ ਹੈ। ਉਨ੍ਹਾਂ ਦੁਆਰਾ ਆਪਣੇ ਫੇਸਬੁੱਕ ਪੇਜ 'ਤੇ ਭੇਜੀਆਂ ਜਾਂਦੀਆਂ ਫੋਟੋਆਂ ਤੇ ਵੀਡੀਓ ਲੋਕਾਂ ਦੁਆਰਾ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੀ ਆਪਣੇ ਫੇਸਬੁੱਕ ਪੇਜ 'ਤੇ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੇ ਵੀ ਫੇਸਬੁੱਕ 'ਤੇ ਬਹੁਤ ਫੈਨਸ ਹਨ। ਇਸ ਮਾਮਲੇ ਵਿਚ ਉਨ੍ਹਾਂ ਦੀ ਧਰਮ ਪਤਨੀ ਅਤੇ ਪਟਿਆਲਾ ਤੋਂ ਵਿਧਾਨ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਵੀ ਪਿੱਛੇ ਨਹੀਂ ਹਨ। ਪੰਜਾਬ ਦੇ ਹੋਰ ਵੀ ਸਾਰੇ ਨਾਮੀ ਲੀਡਰਾਂ ਵੱਲੋਂ ਗੁਰਪੁਰਬਾਂ ਅਤੇ ਤਿਉਹਾਰਾਂ ਦੀ ਵਧਾਈ ਤੋਂ ਲੈ ਕੇ ਸ਼ੋਕ-ਸੰਦੇਸ਼ ਵੀ ਫੇਸਬੁੱਕ ਪੇਜ ਰਾਹੀਂ ਦਿੱਤੇ ਜਾਂਦੇ ਹਨ। ਹਾਲਾਂ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਇਸ ਮਾਮਲੇ ਵਿਚ ਪਛੜ ਗਏ ਲਗਦੇ ਹਨ, ਕਿਉਂਕਿ ਉਨ੍ਹਾਂ ਦਾ ਕੋਈ ਫੇਸਬੁੱਕ ਪੇਜ ਨਹੀਂ ਹੈ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿਚ ਉਹ ਵੀ ਫੇਸਬੁੱਕ 'ਤੇ ਨਜ਼ਰ ਆਉਣਗੇ ਅਤੇ ਆਮ ਜਨਤਾ ਨਾਲ ਆਪਣੇ ਯਾਦਗਾਰੀ ਪਲ ਸਾਂਝੇ ਕਰਨਗੇ ਅਤੇ ਰਾਬਤਾ ਕਾਇਮ ਰੱਖਣਗੇ।

-ਗੁਰਕੀਰਤਪਾਲ ਸਿੰਘ ਖਰੌੜ
31/19 ਆਨੰਦ ਨਗਰ ਬੀ, ਪਟਿਆਲਾ।

ਭਾਨ ਦੀ ਕਮੀ

ਅੱਜਕਲ੍ਹ ਬਾਜ਼ਾਰ ਵਿਚ ਭਾਨ ਦੀ ਬੜੀ ਹੀ ਕਮੀ ਆਈ ਹੋਈ ਹੈ। ਇਕ ਰੁਪਈਆ, ਦੋ ਰੁਪਏ ਅਤੇ ਪੰਜ ਦੇ ਸਿੱਕੇ ਅਤੇ ਨੋਟ ਤਾਂ ਬਾਜ਼ਾਰ ਵਿਚ ਵੇਖਣ ਨੂੰ ਵੀ ਨਹੀਂ ਮਿਲ ਰਹੇ। ਹਰੇਕ ਦੁਕਾਨਦਾਰ ਜਾਂ ਰੇਹੜੀ ਵਾਲਾ ਰੁਪਈਆ, ਦੋ ਰੁਪਏ ਜਾਂ ਪੰਜ ਰੁਪਏ ਮੋੜਨ ਦੀ ਬਜਾਏ ਟਾਫੀਆਂ, ਬਿਸਕੁਟ ਆਦਿ ਸਾਮਾਨ ਗਾਹਕ ਨੂੰ ਦੇ ਦਿੰਦਾ ਹੈ। ਰੋਜ਼ ਦੇ ਗਾਹਕ ਨੂੰ ਨਿੱਤ ਹੀ ਅਣਚਾਹੀਆਂ ਚੀਜ਼ਾਂ ਬਚੇ ਹੋਏ ਪੈਸਿਆਂ ਦੇ ਬਦਲੇ ਲੈਣੀਆਂ ਪੈਂਦੀਆਂ ਹਨ। ਸਰਕਾਰੀ ਕੰਮਾਂ 'ਚ ਤਾਂ ਦੋ-ਚਾਰ, ਪੰਜ ਰੁਪਏ ਛੱਡਣੇ ਹੀ ਪੈ ਜਾਂਦੇ ਹਨ। ਭਾਨ ਦੀ ਕਮੀ ਕਰਕੇ ਬੱਚੇ ਵੀ ਦਿਨ ਵਿਚ ਕਿੰਨੀ ਵਾਰ ਦਸ-ਦਸ ਕਰਕੇ ਕਾਫੀ ਪੈਸੇ ਖਰਚ ਦਿੰਦੇ ਹਨ, ਜਿਸ ਕਰਕੇ ਕਾਫੀ ਰੁਪਏ ਦਿਨ ਵਿਚ ਨਾਜਾਇਜ਼ ਹੀ ਚਲੇ ਜਾਂਦੇ ਹਨ। ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿਚ ਇਹ ਇਕ ਬਹੁਤ ਹੀ ਧਿਆਨਦੇਣ ਯੋਗ ਮੁੱਦਾ ਹੈ। ਇਸ ਲਈ ਮੇਰੀ ਭਾਰਤੀ ਰਿਜ਼ਰਵ ਬੈਂਕ ਅੱਗੇ ਬੇਨਤੀ ਹੈ ਕਿ ਉਹ ਇਸ ਮਸਲੇ ਵੱਲ ਧਿਆਨ ਦਿੰਦੇ ਹੋਏ ਰੁਪਈਆ, ਦੋ ਰੁਪਏ ਅਤੇ ਪੰਜ ਦੇ ਨੋਟ ਅਤੇ ਸਿੱਕੇ ਬਣਾਉਣ ਵੱਲ ਵੀ ਧਿਆਨ ਦੇਵੇ।

-ਬਲਵੰਤ ਸਿੰਘ ਗਿਆਸਪੁਰਾ
ਮੋ: 9888747151

18-9-2014

 ਮੋਬਾਈਲ ਦੀ ਗ਼ੁਲਾਮੀ
ਅੱਜ ਤੋਂ ਕੁਝ ਵਰ੍ਹੇ ਪਹਿਲਾਂ ਜਦੋਂ ਮੋਬਾਈਲ ਫੋਨ ਸਾਡੇ ਹੱਥਾਂ ਵਿਚ ਆਏ ਸਨ ਤਾਂ ਹਰ ਕੋਈ ਇਸ ਦੇ ਗੁਣ ਗਾਉਂਦਾ ਨਹੀਂ ਸੀ ਥੱਕਦਾ। ਅਸੀਂ ਮੋਬਾਈਲ ਫੋਨ ਦੇ ਜ਼ਰੀਏ ਆਪਣੇ ਦੂਰ-ਦੁਰਾਡੇ ਬੈਠੇ ਕਿਸੇ ਵੀ ਦੋਸਤ-ਮਿੱਤਰ ਜਾਂ ਰਿਸ਼ਤੇਦਾਰ ਨਾਲ ਮਿੰਟਾਂ-ਸਕਿੰਟਾਂ ਵਿਚ ਗੱਲ ਕਰ ਸਕਦੇ ਸਾਂ ਜਾਂ ਆਪਣਾ ਕੋਈ ਸੁਨੇਹਾ ਲਿਖ ਕੇ ਵੀ ਭੇਜ ਸਕਦੇ ਸਾਂ। ਇਸ ਤਰ੍ਹਾਂ ਮੋਬਾਈਲ ਫੋਨ ਨਾਲ ਸਾਡੇ ਕੀਮਤੀ ਸਮੇਂ ਦੀ ਬਹੁਤ ਬੱਚਤ ਹੁੰਦੀ ਸੀ। ਪਰ ਹੁਣ ਜੇਕਰ ਦੇਖਿਆ ਜਾਵੇ ਤਾਂ ਅੱਜ ਜ਼ਿਆਦਾਤਰ ਨੌਜਵਾਨ ਪੀੜ੍ਹੀ ਇਕ ਮੋਬਾਈਲ ਫੋਨ ਦੀ ਗ਼ੁਲਾਮ ਹੋਈ ਨਜ਼ਰ ਆ ਰਹੀ ਹੈ। ਅੱਜ ਮਹਿੰਗੇ ਭਾਅ ਦੇ ਮੋਬਾਈਲ ਫੋਨ ਉਨ੍ਹਾਂ ਦੇ ਹੱਥਾਂ ਦੇ ਸ਼ਿੰਗਾਰ ਬਣ ਗਏ ਹਨ। ਇਨ੍ਹਾਂ ਵਿਚ ਡਾਊਨਲੋਡ ਕੀਤੀ ਸਮੱਗਰੀ ਨੂੰ ਦੇਖ ਕੇ ਆਮ ਲੋਕ ਸ਼ਰਮਸ਼ਾਰ ਹੋ ਜਾਣ। ਜੇਕਰ ਆਸੇ-ਪਾਸੇ ਕਿਤੇ ਵੀ ਨਜ਼ਰ ਮਾਰੀ ਜਾਵੇ ਤਾਂ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਉੱਠਦੇ-ਬੈਠਦੇ, ਤੁਰਦੇ-ਫਿਰਦੇ ਅਤੇ ਡਰਾਈਵਿੰਗ ਕਰਦੇ ਹੋਏ ਵੀ ਇਨ੍ਹਾਂ ਮੋਬਾਈਲ ਫੋਨਾਂ ਵਿਚ ਖੁੱਭੇ ਨਜ਼ਰ ਆਉਂਦੇ ਹਨ। ਇਹ ਸਭ ਨਾਲ ਉਨ੍ਹਾਂ ਦੇ ਪੈਸੇ, ਸਮੇਂ ਅਤੇ ਸਿਹਤ ਦੀ ਬਰਬਾਦੀ ਹੋ ਰਹੀ ਹੈ। ਸੋ, ਜਿਥੇ ਨੌਜਵਾਨ ਪੀੜ੍ਹੀ ਨੂੰ ਇਸ ਦੀ ਦੁਰਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਪ੍ਰਤੀ ਅਵੇਸਲਾਪਣ ਤਿਆਗ ਕੇ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ।

-ਰਾਜਾ ਗਿੱਲ (ਚੜਿੱਕ)
ਮੋ: 94654-11585

ਮਹਿੰਗਾਈ
ਅੱਜ ਭਾਰਤ ਵਾਸੀ ਮਹਿੰਗਾਈ ਦੀ ਮਾਰ ਹੇਠ ਦਬ ਚੁੱਕੇ ਹਨ। ਮਹਿੰਗਾਈ ਨੇ ਜਨਤਾ ਦਾ ਲੱਕ ਤੋੜ ਦਿੱਤਾ ਹੈ। ਹਰ ਪਾਰਟੀ ਦੇ ਵੱਡੇ-ਛੋਟੇ ਲੀਡਰ ਚੋਣਾਂ ਹੋਣ ਤੋਂ ਪਹਿਲਾਂ ਬਹੁਤ ਵਾਅਦੇ ਕਰਦੇ ਹਨ ਕਿ ਪਿਛਲੀ ਸਰਕਾਰ ਨੇ ਮਹਿੰਗਾਈ ਨੂੰ ਕੋਈ ਨੱਥ ਨਹੀਂ ਪਾਈ। ਹੁਣ ਸਾਡੀ ਸਰਕਾਰ ਬਣਾਓ, ਸਾਡੀ ਸਰਕਾਰ ਸੱਤਾ ਵਿਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਮਹਿੰਗਾਈ ਘਟਾਏਗੀ ਅਤੇ ਉਸ ਤੋਂ ਬਾਅਦ ਦੇਸ਼ ਵਿਚੋਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਵਿਸ਼ੇਸ਼ ਉਪਰਾਲੇ ਕਰੇਗੀ। ਸਰਕਾਰ ਕਿਸੇ ਵੀ ਪਾਰਟੀ ਦੀ ਬਣ ਜਾਵੇ, ਉਹ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ। ਪੰਜ ਸਾਲ ਲੋਕ ਊਠ ਦੇ ਬੁੱਲ੍ਹ ਨੂੰ ਹੁਣ ਡਿੱਗਿਆ, ਹੁਣ ਡਿੱਗਿਆ ਕਰਦਿਆਂ ਲੰਘਾਅ ਲੈਂਦੇ ਹਨ ਅਤੇ ਇਸੇ ਤਰ੍ਹਾਂ ਜਨਤਾ ਅਗਲੀ ਪਾਰਟੀ ਦੀ ਸਰਕਾਰ ਬਣਾ ਲੈਂਦੀ ਹੈ ਅੱਗੋਂ ਉਸ ਸਰਕਾਰ ਦਾ ਬਹਾਂ-ਕੁਹਾੜੀ ਵੀ ਉਹੀ ਹੁੰਦਾ ਹੈ। ਪਾਰਟੀਆਂ ਜਨਤਾ ਦੀ ਸੋਚ ਨਾਲ ਖਿਲਵਾੜ ਕਰਦੀਆਂ ਹਨ। ਸਭ ਪਾਰਟੀਆਂ ਧਨਾਢ ਤੇ ਗ਼ਰੀਬ ਨੂੰ ਇਕੋ ਰੱਸੇ ਲੰਘਾਅ ਕੇ ਅਗਲੇ ਪੰਜ ਸਾਲਾਂ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਵਿਚ ਲੱਗੀਆਂ ਰਹਿੰਦੀਆਂ ਹਨ। ਗ਼ਰੀਬੀ ਰੇਖਾ ਤੋਂ ਹੇਠ ਜਿਊ ਰਹੇ ਮਹਾਨ ਭਾਰਤ ਦੇ ਵਾਸੀ ਅੱਜ ਖ਼ੁਦਕੁਸ਼ੀਆਂ ਕਰ ਰਹੇ ਹਨ। ਆਪਣਾ ਖੂਨ ਡੋਲ੍ਹ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਦੀ ਸਮਾਧੀ 'ਤੇ ਫੁੱਲ ਚੜ੍ਹਾਉਣ ਵਾਲੇ ਨੇਤਾ ਉਨ੍ਹਾਂ ਸ਼ਹੀਦਾਂ ਦੇ ਸੁਪਨਿਆਂ 'ਤੇ ਕਿੰਨੇ ਕੁ ਖਰੇ ਉੱਤਰਦੇ ਹਨ, ਇਹ ਅਸੀਂ ਸਭ ਜਾਣਦੇ ਹੀ ਹਾਂ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ,
ਜ਼ਿਲ੍ਹਾ ਲੁਧਿਆਣਾ।

ਗ਼ਰੀਬੀ
ਸੰਯੁਕਤ ਰਾਸ਼ਟਰ ਸੰਘ ਦੀ ਇਕ ਤਾਜ਼ਾ ਰਿਪੋਰਟ ਆਈ ਹੈ ਕਿ ਦੁਨੀਆ ਦੇ ਬੇਹੱਦ ਗ਼ਰੀਬ ਲੋਕਾਂ ਵਿਚੋਂ ਇਕ ਤਿਹਾਈ ਭਾਰਤ ਵਿਚ ਰਹਿੰਦੇ ਹਨ। ਪੰਜ ਸਾਲ ਤੋਂ ਘੱਟ ਉਮਰ ਦੇ ਮੌਤ ਦੇ ਮਾਮਲੇ ਵੀ ਵੱਧ ਹਨ। ਇਸ ਲਈ ਕੌਣ ਜ਼ਿੰਮੇਵਾਰ ਹੈ? ਆਜ਼ਾਦੀ ਦੇ 67 ਸਾਲ ਬਾਅਦ ਵੀ ਇਹ ਹਾਲਾਤ ਹਨ, ਇਸ ਲਈ ਕੌਣ ਦੋਸ਼ੀ ਹੈ? ਏਨਾ ਪੈਸਾ ਖਰਚਣ ਤੇ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਗ਼ਰੀਬੀ ਦੂਰ ਨਹੀਂ ਕੀਤੀ ਜਾ ਸਕੀ। ਸਿਹਤ ਸਹੂਲਤਾਂ ਵਿਚ ਅਸੀਂ ਪਛੜੇ ਹੋਏ ਹਾਂ। ਜ਼ਰੂਰਤ ਹੈ ਇਸ ਪਾਸੇ ਸੁਹਿਰਦਤਾ ਨਾਲ ਕੰਮ ਕਰਨ ਦੀ।

-ਸੇਵਾ ਰਾਮ ਬਰੇਟਾ
ਮੇਨ ਅਜੀਤ ਰੋਡ, ਬਠਿੰਡਾ।

17-9-2014

 ਹਾਕੀ ਨੂੰ ਸੰਭਾਲੋ
ਕੌਣ ਭੁਲਾ ਸਕਦਾ ਹੈ ਹਾਕੀ ਦੇ ਸ਼ਾਹ-ਅਸਵਾਰ ਮੇਜਰ ਧਿਆਨ ਚੰਦ ਦੀਆਂ ਹਾਕੀ ਜਗਤ ਵਿਚ ਕੀਤੀਆਂ 'ਰੌਸ਼ਨ ਪੈੜਾਂ' ਨੂੰ। 29 ਅਗਸਤ ਉਸ ਦੇ ਜਨਮ ਦਿਨ ਨੂੰ ਕੌਮੀ ਖੇਡ ਦਿਵਸ ਵਜੋਂ ਮਨਾਉਣ ਦਾ ਨਿਰਣਾ ਬਹੁਤ ਹੀ ਸ਼ਲਾਘਾਯੋਗ ਹੈ। ਉਸ ਦੀ ਹਾਕੀ ਨੇ ਜੋ ਅੰਗਿਆਰ ਉਗਲੇ, ਉਹ ਕਿਸੇ ਤੋਂ ਭੁੱਲੇ-ਵਿਸਰੇ ਨਹੀਂ। 'ਹਾਕੀ ਦਾ ਜਾਦੂਗਰ' ਦਾ ਰੁਤਬਾ ਉਸ ਨੂੰ ਸੌਖਿਆਂ ਹੀ ਨਹੀਂ ਮਿਲਿਆ ਪਰ ਅਫ਼ਸੋਸ ਅਸੀਂ ਕ੍ਰਿਕਟ ਦੇ ਜਨੂੰਨ ਵਿਚ ਹਾਕੀ ਨਾਲ ਨਿਆਂ ਨਹੀਂ ਕੀਤਾ। ਸਾਡੇ ਬੱਚੇ ਅਜੋਕੀਆਂ ਸੁਖਾਵੀਆਂ ਸਹੂਲਤਾਂ ਵਿਚ ਹਾਕੀ ਮੈਦਾਨਾਂ ਵਿਚ ਪਸੀਨਾ ਵਹਾਉਣਾ ਬਿਹਤਰ ਨਹੀਂ ਸਮਝਦੇ। ਭੁੱਲ ਬੈਠੇ ਕਿ ਹਾਕੀ ਸਾਡੀ ਕੌਮੀ ਖੇਡ ਹੈ। ਜਦੋਂ ਤੋਂ ਟੀ.ਵੀ. 'ਤੇ ਕ੍ਰਿਕਟ ਦੀ ਹਨੇਰੀ ਝੁੱਲੀ, ਸਾਡੀ ਹਾਕੀ ਆਪਣਾ ਵਕਾਰ ਗੁਆ ਬੈਠੀ, ਜਿਸ ਨੂੰ ਸੁਰਜੀਤ ਕਰਨ ਲਈ ਅਸੀਂ ਅੱਜ ਤੱਕ ਤਰਸ ਰਹੇ ਹਾਂ। ਫਿਰ ਆਓ! ਹਾਕੀ ਨੂੰ ਪਿਆਰਨ ਵਾਲੇ ਸੁਝਵਾਨ ਹਾਕੀ ਪ੍ਰੇਮੀਓ, ਅਸੀਂ ਆਪਣੇ ਤੌਰ 'ਤੇ ਹਾਕੀ ਪ੍ਰਤੀ ਵਫ਼ਾਦਾਰ ਹੋਈਏ। ਵੱਖ-ਵੱਖ ਸਰਕਾਰੀ ਸਕੂਲ, ਕਾਲਜ ਆਪਣੀ ਹਾਕੀ ਪ੍ਰਤੀ ਜ਼ਿੰਮੇਵਾਰੀ ਪਛਾਣਨ, ਮੇਜਰ ਧਿਆਨ ਚੰਦ ਦੇ ਜੀਵਨ ਤੋਂ ਬੱਚਿਆਂ ਨੂੰ ਜਾਣ ਕਰਵਾਉਣ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ (ਲੁਧਿਆਣਾ)।

ਟੌਹੜਾ ਜੀ ਦਾ ਲਾਕਰ
ਪ੍ਰਸਿੱਧ ਲੇਖਕ ਗੁਲਜ਼ਾਰ ਸਿੰਘ ਸੰਧੂ ਦੇ ਕਾਲਮ 'ਨਿੱਕ-ਸੁੱਕ' ਵਿਚ ਪਿਛਲੇ ਦਿਨੀਂ ਮਰਹੂਮ ਜਥੇਦਾਰ ਸਵ: ਗੁਰਚਰਨ ਸਿੰਘ ਟੌਹੜਾ ਦੇ ਬੈਂਕ ਵਿਚਲੇ ਲਾਕਰ ਬਾਰੇ ਦਿਲਚਸਪ ਤੇ ਜਾਣਕਾਰੀ ਭਰਪੂਰ ਗੱਲਾਂ ਦਾ ਪਤਾ ਲੱਗਾ। ਪਹਿਲੋਂ ਵੀ ਟੌਹੜਾ ਜੀ ਦੀਆਂ ਵੱਡੇ-ਵੱਡੇ ਕਈ ਅਹੁਦਿਆਂ 'ਤੇ ਰਹਿ ਕੇ ਇਮਾਨਦਾਰੀ ਦੀਆਂ ਗੱਲਾਂ ਸੁਣਦੇ ਸਾਂ ਤੇ ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਉਹ ਧਾਰਮਿਕ ਸ਼ਖ਼ਸੀਅਤ ਵਾਕਈ ਬਹੁਤ ਇਮਾਨਦਾਰ ਸੀ। ਧਾਰਮਿਕ ਤੇ ਸਿਆਸੀ ਜ਼ਿੰਦਗੀ ਵਿਚ ਉਹ ਮਾਇਆ ਤੋਂ ਨਿਰਲੇਪ ਹੀ ਰਹੇ, ਕਰਨ ਨੂੰ ਤਾਂ ਉਹ ਵੀ ਬੜਾ ਕੁਝ ਕਰ ਸਕਦੇ ਸਨ। ਸੁਣਿਆ ਹੈ ਕਿ ਉਨ੍ਹਾਂ ਨੇ ਅੰਤਿਮ ਸਮੇਂ ਤੱਕ ਆਪਣਾ ਘਰ ਵੀ ਬਹੁਤ ਹੀ ਸਾਦਾ ਰੱਖਿਆ। ਪਰ ਦੂਜੇ ਪਾਸੇ ਸਾਡੇ ਅੱਜ ਦੇ ਛੋਟੇ ਤੋਂ ਲੈ ਕੇ ਵੱਡੇ ਸਿਆਸੀ ਤੇ ਧਾਰਮਿਕ ਲੀਡਰ ਹਨ ਜੋ ਹਰ ਸਮੇਂ ਕਿਸੇ ਨਾ ਕਿਸੇ ਪਾਸਿਉਂ ਪੈਸੇ ਦਾ ਜੁਗਾੜ ਕਰਨ ਵਿਚ ਹੀ ਲੱਗੇ ਰਹਿੰਦੇ ਹਨ ਤੇ ਅੱਜ ਆਲੀਸ਼ਾਨ ਮਕਾਨਾਂ-ਕੋਠੀਆਂ ਤੇ ਮਹਿੰਗੀਆਂ ਗੱਡੀਆਂ 'ਚ ਘੁੰਮਣ ਤੋਂ ਇਲਾਵਾ ਬੜਾ ਕੁਝ ਬਣਾਈ ਬੈਠੇ ਹਨ। ਪੈਸੇ ਖਾਤਰ ਜਾਇਜ਼ ਤੇ ਨਾਜਾਇਜ਼ ਕੰਮ ਵੀ ਸਾਡੇ ਸਾਹਮਣੇ ਉਜਾਗਰ ਹੋਏ ਹਨ, ਖ਼ਾਸ ਕਰ ਧਾਰਮਿਕ ਆਗੂਆਂ ਦੇ। ਅੱਜ ਸਭ ਨੂੰ ਹੀ ਟੌਹੜਾ ਜੀ ਦੇ ਵਿਸ਼ੇਸ਼ ਲਾਕਰ ਵੱਲ ਤੱਕ ਕੇ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)।

ਵਾਅਦੇ ਪੂਰੇ ਕੀਤੇ ਜਾਣ
ਭਾਰਤ ਵਿਚ ਨੇਤਾਵਾਂ ਦੇ ਵੋਟਾਂ ਵੇਲੇ ਹੋਰ ਅਤੇ ਵੋਟਾਂ ਦੇ ਬਾਅਦ ਹੋਰ ਵਾਅਦੇ ਹੁੰਦੇ ਹਨ। ਹੁਣ ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਆ ਗਈ ਹੈ, ਜਿਸ ਪਾਸ ਆਪਣਾ ਬਹੁਮਤ ਵੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸਾਬਕਾ ਫ਼ੌਜੀਆਂ ਨਾਲ ਕੀਤੇ ਗਏ ਇਕ ਰੈਂਕ ਇਕ ਪੈਨਸ਼ਨ ਦੇ ਵਾਅਦੇ ਨੂੰ ਜਲਦੀ ਪੂਰਾ ਕਰੇ। ਪਰ ਜੋ ਹੁਣ ਮੌਜੂਦਾ ਸਮੇਂ 2006 ਤੋਂ ਪਹਿਲਾਂ ਪੈਨਸ਼ਨ ਆਏ ਹਨ ਅਤੇ 2006 ਤੋਂ ਬਾਅਦ ਆਏ ਹਨ। ਉਨ੍ਹਾਂ 'ਚ ਬਹੁਤ ਜ਼ਿਆਦਾ ਅੰਤਰ ਹੈ, ਜਿਸ ਤਰ੍ਹਾਂ ਕਿ 2014 ਸਿਪਾਹੀ ਰੈਂਕ ਦਾ 8349 ਰੁਪਏ ਪੈਨਸ਼ਨ ਲੈ ਰਿਹਾ ਹੈ। ਸੋ, ਸਾਡੀ ਸੁੱਤੀ ਪਈ ਸਰਕਾਰ ਨੂੰ ਅਰਜ਼ ਹੈ ਕਿ ਇਸ ਸਕੀਮ ਨੂੰ ਜਲਦੀ ਲਾਗੂ ਕਰੇ।

-ਨਾਇਕ (ਐਕਸ) ਜਗਰੂਪ ਸਿੰਘ ਖੋਖਰ
ਪਿੰਡ ਤੇ ਡਾਕ: ਭਾਈਰੂਪਾ।

15-9-2014

 ਵਿਤਕਰਾ ਬੰਦ ਕੀਤਾ ਜਾਵੇ
ਸੰਨ 1995 ਵਿਚ ਉਸ ਸਮੇਂ ਦੀ ਸਰਕਾਰ ਨੇ ਇਕ ਕਾਨੂੰਨ ਬਣਾਇਆ ਕਿ 40 ਫ਼ੀਸਦੀ ਤੋਂ ਵੱਧ ਅੰਗਹੀਣ ਵਿਅਕਤੀਆਂ ਨੂੰ ਬਰਾਬਰ ਸਹੂਲਤਾਂ ਦਿੱਤੀਆਂ ਜਾਣਗੀਆਂ। ਇਹ ਕਾਨੂੰਨ ਫਰਵਰੀ 1996 ਵਿਚ ਰਾਸ਼ਟਰਪਤੀ ਦੇ ਹਸਤਾਖਰ ਹੋਣ ਤੋਂ ਬਾਅਦ ਲਾਗੂ ਕਰ ਦਿੱਤਾ ਗਿਆ। ਪਰ ਜਲਦ ਹੀ (ਫਰਵਰੀ 1997 ਵਿਚ) ਬਾਦਲ ਸਰਕਾਰ ਆ ਜਾਣ ਕਰਕੇ ਇਹ ਕਾਨੂੰਨ ਫਾਈਲਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ।
ਫਰਵਰੀ, 2002 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਦੇਖਦੇ ਹੋਏ ਇਸ ਤੋਂ ਪਹਿਲਾਂ ਪਹਿਲਾਂ ਹੀ ਫਰਵਰੀ 2001 ਵਿਚ ਅੰਗਹੀਣ ਵਿਅਕਤੀਆਂ ਨੂੰ ਸਹੂਲਤਾਂ ਦੇਣ ਵਾਲੇ ਕਾਨੂੰਨ ਨੂੰ ਹੀ ਤੋੜ ਮਰੋੜ ਕੇ ਅੰਗਹੀਣ ਕਰ ਦਿੱਤਾ ਭਾਵ ਇਨ੍ਹਾਂ ਵਿਅਕਤੀਆਂ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਸਿਰਫ਼ ਨੇਤਰਹੀਣ ਮੁਲਾਜ਼ਮਾਂ ਨੂੰ ਬਾਕੀਆਂ ਤੋਂ ਦੋ ਸਾਲ ਵੱਧ ਨੌਕਰੀ ਕਰਨ ਦੀ (60 ਸਾਲ ਤੱਕ) ਸਹੂਲਤ ਦੇ ਦਿੱਤੀ ਜਦਕਿ ਬਾਕੀ ਸਾਰਿਆਂ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਹੀ ਰੱਖੀ ਗਈ।
ਕੁਝ ਮੁਲਾਜ਼ਮਾਂ ਨੇ ਬਾਦਲ ਸਰਕਾਰ ਦੇ ਸਹੂਲਤਾਂ ਵੰਡਣ ਵਾਲੇ ਇਸ ਨੋਟੀਫਿਕੇਸ਼ਨ ਨੂੰ ਮਾਨਯੋਗ ਹਾਈਕੋਰਟ ਵਿਚ ਸੰਨ 2010 ਵਿਚ ਚੁਣੌਤੀ ਦਿੱਤੀ, ਮਾਨਯੋਗ ਹਾਈਕੋਰਟ ਨੇ ਨਵੇਂ ਅਤੇ ਪੁਰਾਣੇ ਨੋਟੀਫਿਕੇਸ਼ਨ ਦੀ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਸਰਕਾਰ ਨੂੰ ਹੁਕਮ ਕੀਤਾ ਕਿ ਸਾਰੇ ਅੰਗਹੀਣ ਮੁਲਾਜ਼ਮਾਂ ਦੀ ਸੇਵਾ ਨਵਿਰਤੀ ਦੀ ਉਮਰ ਨੇਤਰਹੀਣ ਮੁਲਾਜ਼ਮਾਂ ਦੇ ਬਰਾਬਰ ਭਾਵ 60 ਸਾਲ ਕੀਤੀ ਜਾਵੇ ਪਰ ਅਜਿਹਾ ਨਹੀਂ ਹੋਇਆ ਸਗੋਂ ਸਰਕਾਰ ਨੇ ਸੁਪਰੀਮ ਕੋਰਟ ਵਿਚ ਅਪੀਲ ਕਰ ਦਿੱਤੀ। ਇਸ ਸਮੇਂ ਭਾਵੇਂ ਸਰਕਾਰ ਸਾਰੇ ਮੁਲਾਜ਼ਮਾਂ ਨੂੰ ਆਪਸ਼ਨ ਦੇ ਆਧਾਰ 'ਤੇ ਦੋ ਸਾਲ ਵੱਧ ਨੌਕਰੀ ਕਰਨ ਦਾ ਮੌਕਾ ਦੇ ਰਹੀ ਹੈ ਪਰ ਅੰਗਹੀਣ ਮੁਲਾਜ਼ਮਾਂ ਨੂੰ ਨੇਤਰਹੀਣਾਂ ਦੀ ਤਰ੍ਹਾਂ ਦੋ ਸਾਲ ਦੇਣ ਨੂੰ ਤਿਆਰ ਨਹੀਂ। ਸਰਕਾਰ ਵੱਲੋਂ ਅੰਗਹੀਣ ਭੱਤਾ ਦਿੱਤਾ ਜਾਂਦਾ ਹੈ ਉਹ ਸਿਰਫ਼ ਕਲਰਕਾਂ ਨੂੰ ਦਿੱਤਾ ਜਾਂਦਾ ਹੈ, ਬਾਕੀਆਂ ਨੂੰ ਨਹੀਂ। ਉਹ ਵੀ ਰਿਟਾਇਰ ਹੋਣ 'ਤੇ ਬੰਦ ਕਰ ਦਿੱਤਾ ਜਾਂਦਾ ਹੈ। ਕੀ ਉਹ ਮੁਲਾਜ਼ਮ ਰਿਟਾਇਰ ਹੋ ਕੇ ਅੰਗਹੀਣ ਨਹੀਂ ਰਹਿੰਦਾ? ਸਰਕਾਰ ਨੂੰ ਚਾਹੀਦਾ ਹੈ ਕਿ ਇਹ ਵਿਤਕਰਾ ਬੰਦ ਕੀਤਾ ਜਾਵੇ।

-ਕਸ਼ਮੀਰਾ ਸਿੰਘ ਬੂਥਗੜ੍ਹ
ਹੁਸ਼ਿਆਰਪੁਰ। ਮੋਬਾਈਲ : 94636-73232.

ਸਿਹਤ ਸਹੂਲਤਾਂ ਦਾ ਸਵਾਲ
ਸੰਵਿਧਾਨ ਦੁਆਰਾ ਦੇਸ਼ ਦੇ ਨਾਗਰਿਕਾਂ ਲਈ ਦਿੱਤੇ ਗਏ ਅਧਿਕਾਰ ਅਤੇ ਫਰਜ਼ ਭੁਲਾਏ ਨਹੀਂ ਜਾ ਸਕਦੇ। ਦੇਸ਼ ਦੀ ਆਜ਼ਾਦੀ ਪ੍ਰਾਪਤੀ ਦੇ ਬਾਅਦ ਹੌਲੀ-ਹੌਲੀ ਦੇਸ਼ ਭਗਤੀ ਦਾ ਜਜ਼ਬਾ ਖਤਮ ਹੋਣ ਲੱਗਾ। ਦੇਸ਼ ਸੇਵਾ ਦੀ ਬਜਾਏ ਆਪਣਿਆਂ ਦੀ ਸੇਵਾ ਦੇਸ਼ ਦੇ ਸਿਆਸਤਦਾਨਾਂ ਦਾ ਨਜ਼ਰੀਆ ਬਣ ਗਿਆ। ਹਰ ਪੇਸ਼ੇ ਵਿਚ ਉੱਚ ਅਹੁਦਿਆਂ ਲਈ ਰਿਸ਼ਵਤ ਸਮਾਜ ਦਾ ਇਕ ਹਿੱਸਾ ਬਣ ਗਈ। ਬਹੁਤ ਹੀ ਪਵਿੱਤਰ ਪੇਸ਼ਾ ਡਾਕਟਰੀ ਵੀ ਅਛੂਤਾ ਨਾ ਰਿਹਾ। ਡਾਕਟਰ ਨੂੰ ਭਗਵਾਨ ਦਾ ਰੂਪ ਮੰਨਿਆ ਗਿਆ ਹੈ ਪ੍ਰੰਤੂ ਅੱਜ ਦੇ ਬਹੁਤੇ ਡਾਕਟਰ ਇਹ ਰੁਤਬਾ ਗਵਾ ਬੈਠਏ ਹਨ। ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਗਰੀਬ ਤੇ ਅਨਪੜ੍ਹ ਜਨਤਾ ਬਿਨਾਂ ਇਲਾਜ ਤੋਂ ਦਮ ਤੋੜ ਰਹੀ ਹੈ। ਪਿਛੇ ਜਿਹੇ ਇਕ ਟੀ.ਵੀ. ਚੈਨਲ ਨੇ ਸਟਿੰਗ ਆਪ੍ਰੇਸ਼ਨ ਕਰਕੇ ਇਹ ਦੱਸ ਦਿੱਤਾ ਸੀ ਕਿ ਦਿੱਲੀ ਵਿਚ ਚੋਟੀ ਦੇ ਡਾਕਟਰ ਕੰਪਨੀਆਂ ਪਾਸੋਂ 5000 ਰੁਪਏ ਤੇ ਲੈਪਟਾਪ ਸ਼ਰੇਆਮ ਰਿਸ਼ਵਤ ਮੰਗ ਰਹੇ ਸਨ। ਆਜ਼ਾਦੀ ਦੇ 68 ਸਾਲਾਂ ਬਾਅਦ ਵੀ ਸਿਹਤ ਸਹੂਲਤਾਂ ਸਾਧਾਰਨ ਨਾਗਰਿਕ ਤੋਂ ਬਹੁਤ ਦੂਰ ਹਨ ਕਿ ਦੇਸ਼ ਦਾ ਨਵਾਂ ਨਿਜ਼ਾਮ ਇਸ ਪਵਿੱਤਰ ਪੇਸ਼ੇ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਕੁਝ ਕਰ ਸਕੇਗਾ ਤਾਂ ਜੋ ਹਰ ਭਾਰਤੀ ਦੇ ਅੱਛੇ ਦਿਨ ਵਾਪਸ ਆ ਜਾਣ।

-ਕੇ. ਐਸ. ਅਮਰ
ਮੋਬਾਈਲ : 94175-87207.

ਅਧਿਆਪਕਾਂ ਦਾ ਸਨਮਾਨ
ਅਧਿਆਪਕ ਕੌਮ ਦੇ ਉਸਰੱਈਏ ਹੁੰਦੇ ਹਨ। ਅੱਜ ਜੋ ਸਾਡੇ ਦੇਸ਼ ਦੀ ਸੇਵਾ ਵਿਚ ਜੁਟੇ ਫ਼ੌਜੀ ਅਫਸਰ, ਯੂਨੀਵਰਸਿਟੀਆਂ ਵਿਚ ਉੱਚ ਸਿੱਖਿਆ ਦਿੰਦੇ ਅਧਿਆਪਕ, ਵੱਖ-ਵੱਖ ਖੇਤਰਾਂ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਲੋਕ, ਆਦਰਸ਼ ਅਧਿਆਪਕਾਂ ਦੀ ਹੀ ਦੇਣ ਹਨ। ਅਧਿਆਪਕ ਦਾ ਦਰਜਾ ਸਮਾਜ ਵਿਚ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ। ਜੇ ਅੱਜ ਵਿਦਿਆਰਥੀਆਂ ਵਿਚ ਪਹਿਲਾਂ ਵਾਲੀ ਅਧਿਆਪਕਾਂ ਪ੍ਰਤੀ ਸਨਮਾਨ ਦੀ ਸਥਿਤੀ ਨਹੀਂ ਹੈ ਤਾਂ ਇਹ ਸੋਚਣ ਵਾਲੀ ਗੱਲ ਹੈ। ਅੱਜ ਦੇ ਅਧਿਆਪਕਾਂ ਨੂੰ ਵੀ ਸਨਮਾਨਿਤ ਅਧਿਆਪਕਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਮਾਜ ਨੂੰ ਆਪਣੀ ਵਿਦਵਤਾ ਰਾਹੀਂ ਹੋਰ ਸੁੰਦਰ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਪਿੰਡਾਂ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਪੱਧਰ 'ਤੇ ਚੰਗੇ ਅਧਿਆਪਕਾਂ ਦਾ ਇਸ ਦਿਵਸ 'ਤੇ ਸਨਮਾਨ ਕਰਨ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਪੁਸਤਕ ਸੱਭਿਆਚਾਰ
ਟੈਲੀਵਿਜ਼ਨ 'ਤੇ ਇੰਟਰਨੈੱਟ ਜਿਹੇ ਵਸੀਲਿਆਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਅਨੇਕਾਂ ਮਾਰੂ ਬੁਰਾਈਆਂ ਵੱਲ ਧਕੇਲ ਦਿੱਤਾ ਹੈ। ਅਜਿਹੇ ਖਤਰਨਾਕ ਮੋੜ 'ਤੇ ਨੌਜਵਾਨ ਵਰਗ ਨੂੰ ਉਸਾਰੂ ਸੇਧ ਦੇਣ ਅਤੇ ਉਨ੍ਹਾਂ ਵਿਚ ਨਰੋਈਆਂ ਕਦਰਾਂ-ਕੀਮਤਾਂ ਦੀ ਸੋਝੀ ਪੈਦਾ ਕਰਨ ਲਈ ਉਨ੍ਹਾਂ ਦਾ ਚੰਗੀਆਂ ਕਿਤਾਬਾਂ ਨਾਲ ਲਗਾਓ ਪੈਦਾ ਕਰਨਾ ਅਜੋਕੇ ਸਮੇਂ 'ਚ ਬੇਹੱਦ ਜ਼ਰੂਰੀ ਹੈ। ਸਾਹਿਤਕ ਜਾਂ ਚੰਗੀਆਂ ਪੁਸਤਕਾਂ ਮਨੁੱਖ ਦੀ ਜ਼ਿੰਦਗੀ ਦਾ ਰਾਹ ਦਸੇਰਾ ਬਣਦੀਆਂ ਹਨ। ਸੋ, ਪੁਸਤਕ ਸੱਭਿਆਚਾਰ ਨੂੰ ਵਿਕਸਤ ਕਰਨਾ ਸਮੇਂ ਦੀ ਵੱਡੀ ਲੋੜ ਹੈ। ਉਸਾਰੂ ਸਾਹਿਤ ਪੜ੍ਹਨ ਨਾਲ ਜਿਥੇ ਬੱਚਿਆਂ, ਨੌਜਵਾਨਾਂ ਦਾ ਚੰਗਾ ਚਰਿੱਤਰ ਨਿਰਮਾਣ ਹੋ ਸਕਦਾ ਹੈ, ਉਥੇ ਚੰਗੇ ਤੇ ਨਰੋਏ ਸਮਾਜ ਦੀ ਸਿਰਜਣਾ ਵੀ ਹੋਵੇਗੀ। ਲੇਖਕਾਂ, ਸਾਹਿਤਕਾਰਾਂ, ਅਧਿਆਪਕਾਂ ਤੇ ਸਮਾਜ ਪ੍ਰਤੀ ਚਿੰਤਤ ਲੋਕਾਂ ਨੂੰ ਨੌਜਵਾਨ ਵਰਗ ਨੂੰ ਉਸਾਰੂ ਸਾਹਿਤ ਪੜ੍ਹਨ ਲਈ ਰੁਚਿਤ ਕਰਨ ਲਈ ਵੱਡੇ ਯਤਨ ਕਰਨੇ ਚਾਹੀਦੇ ਹਨ।

-ਯਸ਼ ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)।

12-9-2014

 ਵਿਤਕਰਾ ਕਿਉਂ?

ਪੰਜਾਬ ਸਰਕਾਰ ਵੱਲੋਂ ਰੈਗੂਲਰ ਸਰਵਿਸ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ 6 ਮਹੀਨੇ ਦੀ ਤਨਖਾਹ ਸਮੇਤ ਪ੍ਰਸੂਤਾ ਛੁੱਟੀ ਦਿੱਤੀ ਜਾਂਦੀ ਹੈ ਪਰ ਠੇਕਾ ਭਰਤੀ ਅਧੀਨ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨਾਲ ਵਿਤਕਰਾ ਕਰਦੇ ਮਾਂ ਬਣਨ ਸਮੇਂ ਸਰਵਿਸ ਦੌਰਾਨ ਮਿਲਣ ਵਾਲੀਆਂ ਸਹੂਲਤਾਂ ਵਿਚ ਵੀ ਫ਼ਰਕ ਰੱਖਿਆ ਜਾ ਰਿਹਾ ਹੈ। ਸਰਵ ਸਿੱਖਿਆ ਅਭਿਆਨ/ਰਮਸਾ ਅਧੀਨ ਕੰਮ ਕਰਨ ਵਾਲੀਆਂ ਦਫ਼ਤਰੀ ਮਹਿਲਾ ਕਰਮਚਾਰੀਆਂ, ਅਧਿਆਪਕਾਵਾਂ, ਸਿੱਖਿਆ ਪ੍ਰੋਵਾਈਡਰ, ਮਿਡ-ਡੇ-ਮੀਲ ਸਕੀਮ ਅਧੀਨ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਅਤੇ ਕੰਪਿਊਟਰ ਅਧਿਆਪਕਾਵਾਂ ਨੂੰ ਸਿਰਫ 3 ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾ ਰਹੀ ਹੈ। ਰੈਗੂਲਰ ਅਤੇ ਠੇਕਾ ਭਰਤੀ ਦੇ ਨਾਂਅ 'ਤੇ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਵਿਤਕਰਾ ਕਿਉਂ? ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਸਰਵ ਸਿੱਖਿਆ ਅਧੀਨ ਕੰਮ ਕਰਦੀ ਇਕ ਅਧਿਆਪਕਾ ਨੇ ਆਪਣੇ ਵਕੀਲ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਜਾਬ ਸਰਕਾਰ ਅਤੇ ਹੋਰਨਾਂ ਖਿਲਾਫ਼ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ। ਅਧਿਆਪਕਾ ਵੱਲੋਂ ਆਪਣੀ ਪ੍ਰਸੂਤਾ ਛੁੱਟੀ ਵਿਚ ਵਾਧੇ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਵਿਭਾਗ ਵੱਲੋਂ ਇਹ ਕਹਿ ਕੇ ਖਾਰਜ ਕਰ ਦਿੱਤਾ ਗਿਆ ਸੀ ਕਿ ਸਰਵ ਸਿੱਖਿਆ ਅਭਿਆਨ ਅਧੀਨ ਨਿਯੁਕਤ ਹੋਏ ਮੁਲਾਜ਼ਮਾਂ ਤੇ ਪੰਜਾਬ ਸਿਵਲ ਸਰਵਿਸਿਜ਼ ਨਿਯਮ ਲਾਗੂ ਨਹੀਂ ਹੁੰਦੇ। ਅਦਾਲਤ ਨੇ ਇਸ ਵਿਤਕਰੇ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਸੀ ਕਿ ਸਰਵ ਸਿੱਖਿਆ ਅਭਿਆਨ ਅਥਾਰਟੀ ਵੀ ਪੰਜਾਬ ਸਰਕਾਰ ਅਧੀਨ ਹੀ ਕੰਮ ਕਰਦੀ ਹੈ। ਇਸ ਲਈ ਮਹਿਲਾ ਮੁਲਾਜ਼ਮਾਂ ਨੂੰ 6 ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇ। ਪਰ ਵਿਭਾਗ ਵੱਲੋਂ ਸਿਰਫ ਪਟੀਸ਼ਨ ਕਰਤਾ ਨੂੰ ਹੀ 6 ਮਹੀਨੇ ਦੀ ਛੁੱਟੀ ਦਿੱਤੀ ਗਈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਾਰੇ ਠੇਕਾ ਭਰਤੀ ਅਧੀਨ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਰੈਗੂਲਰ ਮਹਿਲਾ ਕਰਮਚਾਰੀਆਂ ਵਾਂਗ 6 ਮਹੀਨੇ ਦੀ ਪ੍ਰਸੂਤਾ ਛੁੱਟੀ ਦੇਵੇ।

-ਹਰਮੀਤ ਕੌਰ ਸੈਣੀ
harmeetsaini76@gmail.com

ਲੋਕਤੰਤਰੀ ਰਵਾਇਤਾਂ

ਵਿਰੋਧ ਲੋਕਤੰਤਰ ਦਾ ਧੁਰਾ ਹੈ। ਬਿਨਾਂ ਵਿਰੋਧੀ ਪੱਖ ਤੋਂ ਲੋਕਰਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਬਿਨਾਂ ਇਸ ਦੇ ਲੋਕਤੰਤਰ ਤਾਨਾਸ਼ਾਹੀ ਤੋਂ ਵੀ ਭੈੜਾ ਹੋ ਜਾਵੇਗਾ। ਇਸ ਲਈ ਹਰਿਆਣਾ ਤੇ ਝਾਰਖੰਡ ਵਿਚ ਸਰਕਾਰੀ ਸਮਾਰੋਹ ਦੇ ਮੌਕੇ ਪ੍ਰਧਾਨ ਮੰਤਰੀ ਦੀ ਮੌਜੂਦਗੀ 'ਚ ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਪ੍ਰਤੀ ਹੂਟਿੰਗ ਕਰਨੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੋ ਸਕਦੀ। ਸਗੋਂ ਅਜਿਹੇ ਮੌਕੇઠ'ਤੇ ਵਿਰੋਧੀ ਪਾਰਟੀਆਂ ਨੂੰ ਵਧ ਸਨਮਾਨ ਦੇ ਕੇ ਲੋਕਤੰਤਰ ਦੀ ਪਰੰਪਰਾ ਨੂੰ ਮਜ਼ਬੂਤੀ ਦੇਣੀ ਚਾਹੀਦੀ ਹੈ। ਭਾਰਤ ਵਿਚ ਲੋਕਤੰਤਰ ਦੀ ਵੇਲ ਵੱਧ-ਫੁੱਲ ਰਹੀ ਹੈ, ਕਿਉਕਿ ਇਥੇ ਮਜ਼ਬੂਤ ਤੇ ਪਰਪੱਕ ਵਿਰੋਧੀ ਧਿਰ ਹਮੇਸ਼ਾ ਲੋਕ ਭਾਵਨਾਵਾਂ ਦੀ ਕਦਰ ਕਰਦੀ ਰਹੀ ਹੈ। ਇਹ ਤਾਂ ਭਾਰਤ ਦੇ ਲੋਕਾਂ ਦੀ ਖੁਸ਼ਕਿਸਮਤੀ ਹੈ ਕਿ ਇਥੇ ਸਾਡੇ ਲੋਕਰਾਜ ਦੀ ਇਕ ਵਧੀਆ ਤੇ ਪੱਕੀ ਇਮਾਰਤ ਤਿਆਰ ਹੋ ਚੁੱਕੀ ਹੈ, ਜਿਸ ਦੀਆਂ ਜੜ੍ਹਾਂ 'ਚ ਲੋਕਾਂ ਦਾ ਖੂਨ-ਪਸੀਨਾ ਲੱਗਾ ਹੈ ਤੇ ਇਸ ਦਾ ਸਾਰਾ ਖਾਕਾ ਸਾਡੇ ਸ਼ਹੀਦਾਂ ਨੇ ਤਿਆਰ ਕੀਤਾ ਸੀ। ਇਸ ਲਈ ਇਸ ਦੀ ਰਾਖੀ ਕਰਨੀ ਸਾਡਾ ਸਭ ਦਾ ਫ਼ਰਜ਼ ਹੈ। ਹੁਣ ਜੋ ਇਸ ਵੇਲੇ ਸੱਤਾ ਉੱਪਰ ਹਨ, ਇਨ੍ਹਾਂ ਲੋਕਾਂ ਨੇ ਹੀ ਪਹਿਲਾਂ ਦੇਸ਼ ਵਿਚ ਸ਼ਾਨਦਾਰ ਵਿਰੋਧੀ ਧਿਰ ਦੀਆ ਰਵਾਇਤਾਂ ਕਾਇਮ ਕੀਤੀਆਂ ਸਨ ਤੇ ਹੁਣ ਇਨ੍ਹਾਂ ਦੀ ਹੀ ਜ਼ਿੰਮੇਵਾਰੀ ਹੈ ਕਿ ਇਸ ਰਵਾਇਤ ਦੀ ਰੱਖਿਆ ਵੀ ਕੀਤੀ ਜਾਵੇ।

-ਵਿਵੇਕ
ਕੋਟ ਈਸੇ ਖਾਂ (ਮੋਗਾ)।

ਮੰਦਭਾਗਾ ਕਾਰਾ

ਬਿਨਾਂ ਸ਼ੱਕ ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਚੁਣੀ ਸਰਕਾਰ ਹੁੰਦੀ ਹੈ। ਲੋਕਤੰਤਰੀ ਦੇਸ਼ਾਂ ਵਿਚ ਲੋਕਾਂ ਨੂੰ ਆਪਣੇ ਵਿਚਾਰ, ਆਪਣਾ ਰੋਸ ਪ੍ਰਗਟ ਕਰਨ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਪਰ ਪਿਛਲੇ ਦਿਨੀਂ ਖੰਨਾ ਨੇੜੇ ਈਸੜੂ ਵਿਖੇ ਗੋਆ ਦੇ ਮਹਾਨ ਸ਼ਹੀਦ ਸ: ਕਰਨੈਲ ਸਿੰਘ ਈਸੜੂ ਦੇ ਸ਼ਰਧਾਂਜਲੀ ਸਮਾਗਮ 'ਚ ਇਕ ਨੌਜਵਾਨ ਵੱਲੋਂ ਸਟੇਜ 'ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟਣਾ ਬੇਹੱਦ ਮੰਦਭਾਗਾ ਕਾਰਾ ਹੈ। ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਇਸ ਕਾਰੇ ਦਾ ਮੁੱਖ ਕਾਰਨ ਭਾਵੇਂ ਨੌਜਵਾਨ ਵੱਲੋਂ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਵਾਅਦਿਆਂ-ਦਾਅਵਿਆਂ ਦਾ ਵਫ਼ਾ ਨਾ ਹੋਣ ਪ੍ਰਤੀ ਡਾਢਾ ਰੋਸ ਸੀ। ਪਰ ਇਸ ਰੋਸ ਨੂੰ ਹੋਰ ਤਰੀਕਿਆਂ ਨਾਲ ਵੀ ਪ੍ਰਗਟ ਕੀਤਾ ਜਾ ਸਕਦਾ ਸੀ। ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ। ਇਸ ਧਰਤੀ 'ਤੇ ਅਜਿਹਾ ਕਾਰਨਾਮਾ ਹੋਣਾ ਬੇਹੱਦ ਸ਼ਰਮਨਾਕ ਹੈ।

-ਰਾਜੇਸ਼ ਛਾਬੜਾ
ਪਿੰਡ ਤੇ ਡਾਕ: ਧਿਆਨਪੁਰ (ਬਟਾਲਾ)।

11-9-2014

 ਰੁਜ਼ਗਾਰ ਦਫ਼ਤਰ
ਅਕਸਰ ਹੀ ਅਸੀਂ ਆਖ ਦਿੰਦੇ ਹਾਂ ਕਿ ਦਸਵੀਂ ਜਾਂ ਬਾਰ੍ਹਵੀਂ ਪਾਸ ਵਿਦਿਆਰਥੀ ਰੁਜ਼ਗਾਰ ਦਫ਼ਤਰਾਂ ਵਿਚ ਆਪਣਾ ਨਾਂਅ ਦਰਜ ਕਰਵਾ ਦਿਓ, ਨੌਕਰੀ ਮਿਲ ਜਾਵੇਗੀ, ਕਿੰਨੀ ਹਾਸੋਹੀਣੀ ਗੱਲ ਜਾਪਦੀ ਹੈ। ਹੁਣ ਰੁਜ਼ਗਾਰ ਦਫ਼ਤਰਾਂ ਵਿਚ ਨਾਂਅ ਦਰਜ ਕਰਾਉਣਾ ਖੂਹ 'ਚ ਇੱਟ ਸੁੱਟਣ ਬਰਾਬਰ ਹੈ ਕਿਉਂਕਿ ਰੁਜ਼ਗਾਰ ਦੇਣਾ ਤਾਂ ਦੂਰ, ਯੋਗ ਉਮੀਦਵਾਰਾਂ ਨੂੰ ਬੇਕਾਰੀ ਭੱਤਾ ਵੀ ਨਹੀਂ ਮਿਲਦਾ। ਕੀ ਫਾਇਦਾ ਅਜਿਹੇ ਦਫ਼ਤਰਾਂ ਦਾ, ਜਿਥੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਦੇ ਅੰਬਾਰ ਲੱਗੇ ਹੋਣ। ਉਮੀਦਵਾਰ ਆਪਣਾ ਕਾਰਡ ਆਏ ਸਾਲ ਰੀਨਿਊ ਕਰਵਾ ਕੇ ਇਨ੍ਹਾਂ ਦਫ਼ਤਰਾਂ 'ਚੋਂ ਰੁਜ਼ਗਾਰ ਭਾਲਦੇ ਦਾੜ੍ਹੀਆਂ ਚਿੱਟੀਆਂ ਕਰ ਬੈਠੇ ਪਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ। ਸਰਕਾਰ ਘੱਟੋ-ਘੱਟ ਇਨ੍ਹਾਂ ਫੋਟੋ ਕਾਪੀਆਂ ਨੂੰ ਛਾਂਟੀ ਕਰ ਦਫ਼ਤਰ ਤਾਂ ਖਾਲੀ ਕਰ ਦੇਵੇ ਤਾਂ ਕਿ ਆਏ ਸਾਲ ਗੇੜੇ ਮਾਰ ਟਾਈਮ ਖਰਾਬ ਕਰਨ ਨਾਲੋਂ ਕੋਈ ਹੋਰ ਵਸੀਲਾ ਕਰਨ। ਬੇਰੁਜ਼ਗਾਰੀ ਦੀ ਵਧਦੀ ਗਿਣਤੀ ਅੱਗੇ ਰੁਜ਼ਗਾਰ ਦਫ਼ਤਰਾਂ ਦੀ ਕੋਈ ਅਹਿਮ ਭੂਮਿਕਾ ਨਹੀਂ ਜਾਪਦੀ। ਸਰਕਾਰ ਨੂੰ ਇਸ ਬੇਰੁਜ਼ਗਾਰੀ ਨਾਲ ਨਜਿੱਠਣ ਲਈ ਕੋਈ ਪੁਖਤਾ ਇੰਤਜ਼ਾਮ ਕਰਕੇ ਤਿੰਨ ਸਾਲ ਤੋਂ ਵੱਧ ਨਾਂਅ ਦਰਜ ਉਮੀਦਵਾਰਾਂ ਨੂੰ ਠੋਸ ਜਵਾਬ ਦੇ ਕੇ ਦਫ਼ਤਰੀ ਚੱਕਰਾਂ ਤੋਂ ਨਿਜਾਤ ਦਿਵਾਉਣੀ ਚਾਹੀਦੀ ਹੈ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਸ਼ਾਂਤੀ ਬਨਾਮ ਕ੍ਰੋਧ
ਸਿਆਣਿਆਂ ਦੇ ਕਥਨ ਅਨੁਸਾਰ ਕਿ ਜਿਸ ਘਰ ਦੇ ਪਰਿਵਾਰਕ ਮੈਂਬਰ ਸਹਿਣਸ਼ੀਲਤਾ ਨੂੰ ਮੁੱਖ ਰੱਖ ਕੇ ਏਕਤਾ ਦੇ ਬਲਬੂਤੇ 'ਤੇ ਮਿਲਜੁਲ ਕੇ ਰਹਿੰਦੇ ਹਨ, ਉਸ ਘਰ ਵਿਚ ਹਮੇਸ਼ਾ ਸ਼ਾਂਤੀ ਪਸਰੀ ਰਹਿੰਦੀ ਹੈ ਅਤੇ ਉਸ ਘਰ ਦੇ ਪਰਿਵਾਰਕ ਮੈਂਬਰ ਖੁਸ਼ੀਆਂ ਦੇ ਸਮੁੰਦਰ ਵਿਚ ਡੁਬਕੀਆਂ ਲਗਾਉਂਦੇ ਹੋਏ ਦਿਨ ਬਤੀਤ ਕਰਦੇ ਹਨ। ਜਿਥੇ ਕੁਦਰਤ ਵੱਲੋਂ ਮਨੁੱਖ ਨੂੰ ਸ਼ਾਂਤੀ ਦੀ ਬਖਸ਼ਿਸ਼ ਹੋਈ, ਉਥੇ ਕ੍ਰੋਧ ਵੀ ਕੁਦਰਤ ਦੀ ਹੀ ਦੇਣ ਹੈ। ਪਰ ਭੰਗ ਹੋ ਚੁੱਕੀ ਸ਼ਾਂਤੀ ਦਾ ਨਾਂਅ ਕ੍ਰੋਧ ਹੈ ਭਾਵ ਜਦੋਂ ਸ਼ਾਂਤੀ ਭੰਗ ਹੋ ਗਈ ਤਾਂ ਕ੍ਰੋਧ ਜਨਮ ਲੈ ਲੈਂਦਾ ਹੈ। ਕ੍ਰੋਧ ਗੁਆ ਕੇ ਹੀ ਇਨਸਾਨ ਸ਼ਾਂਤੀ ਪਾ ਸਕਦਾ ਹੈ ਅਤੇ ਕ੍ਰੋਧ ਦਾ ਅਤਿ ਹੋਣ 'ਤੇ ਹੀ ਸ਼ਾਂਤੀ ਜਨਮ ਲੈਂਦੀ ਹੈ। ਭਾਵੇਂ ਅੱਜ ਇਨਸਾਨ ਬਹੁਤ ਮਤਲਬੀ ਅਤੇ ਮੌਕਾਪ੍ਰਸਤ ਹੋ ਗਿਆ ਹੈ ਅਤੇ ਆਪਣੇ ਨਿੱਜ ਨਾਲ ਜੁੜ ਗਿਆ ਹੈ ਪਰ ਸਾਡੇ ਸਾਰਿਆਂ ਦੇ ਵਡੇਰਿਆਂ ਨੇ ਦੇਸ਼ ਦੀ ਸ਼ਾਂਤੀ ਲਈ ਆਪਣਾ ਬਹੁਤ ਕੁਝ ਗੁਆਇਆ ਹੈ ਨਾ ਕਿ ਖ਼ੁਦਗਰਜ਼ ਸੋਚਾਂ ਲਈ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਐਮ.ਪੀ. ਬਨਾਮ ਟੀ.ਈ.ਟੀ. ਟੈਸਟ
ਕੇਂਦਰ ਵਿਚ ਕਾਂਗਰਸ ਸਰਕਾਰ ਨੇ ਵਿੱਦਿਆ ਦਾ ਚਾਨਣ ਵੰਡਣ ਵਾਲਿਆਂ ਲਈ ਇਕ ਮਤਾ ਪਾਸ ਕਰਕੇ ਲੱਖਾਂ ਅਧਿਆਪਕਾਂ ਨੂੰ ਬੇਰੁਜ਼ਗਾਰ ਕਰਨ ਦਾ ਕੱਢਿਆ ਰਾਹ ਆਖਰ ਉਨ੍ਹਾਂ ਉੱਪਰ ਹੀ ਭਾਰੂ ਹੋ ਗਿਆ। ਇਹ ਸੀ ਟੀਚਰ ਇਲੀਜੀਬਿਲਟੀ ਟੈਸਟ। ਪਿਛਲੇ ਦਿਨੀਂ ਇਸ ਟੈਸਟ ਅਧੀਨ 1 ਲੱਖ 25 ਹਜ਼ਾਰ ਦੇ ਕਰੀਬ ਅਧਿਆਪਕਾਂ ਨੇ ਪੰਜ-ਪੰਜ ਸੌ ਰੁਪਏ ਫੀਸ ਦੇ ਕੇ ਇਹ ਟੈਸਟ ਦਿੱਤਾ ਪਰ ਪਾਸ ਹੋਏ 782 ਦੇ ਕਰੀਬ। ਹੁਣ ਜਨਤਾ ਨੇ ਚੋਣਾਂ ਵਿਚ ਐਮ.ਪੀ. ਇਲੀਜੀਬਿਲਟੀ ਟੈਸਟ ਦਾ ਨਤੀਜਾ ਉਨ੍ਹਾਂ ਨੂੰ ਦਿਖਾ ਕੇ ਆਪਣੇ ਉੱਪਰ ਹੋਏ ਜ਼ੁਲਮ ਦਾ ਮੁੱਲ ਮੋੜ ਦਿੱਤਾ ਹੈ ਅਤੇ ਸਰਕਾਰਾਂ ਨੂੰ ਜਨਤਾ ਦਾ ਖਿਆਲ ਰੱਖਣ ਦਾ ਅਹਿਸਾਸ ਕਰਵਾ ਦਿੱਤਾ ਹੈ।

-ਕਿਸ਼ੋਰ ਚੰਦ ਰਿਖੀ
ਰਈਆ (ਅੰਮ੍ਰਿਤਸਰ)।

10-9-2014

 ਧੜੇਬੰਦੀਆਂ
ਆਪਸੀ ਭਾਈਚਾਰਕ ਸਾਂਝ ਵਾਲਾ ਪੰਜਾਬ ਅੱਜ ਉਹ ਪੰਜਾਬ ਨਹੀਂ ਰਿਹਾ। ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇ ਜੋ ਧੜੇਬੰਦੀ ਦਾ ਸ਼ਿਕਾਰ ਨਾ ਹੋਵੇ। ਪਿੰਡਾਂ ਵਿਚ ਲੋਕਾਂ ਵੱਲੋਂ ਅਕਾਲੀ, ਕਾਂਗਰਸੀ, ਆਪ, ਪੀ.ਪੀ.ਪੀ. ਅਤੇ ਹੋਰ ਪਤਾ ਨਹੀਂ ਕੀ-ਕੀ ਪਾਰਟੀਆਂ ਦੇ ਨਾਂਅ 'ਤੇ ਬੇਸ਼ੁਮਾਰ ਧੜੇ ਬਣਾ ਰੱਖੇ ਹਨ। ਇਨ੍ਹਾਂ ਧੜਿਆਂ ਵਿਚ ਹੁੰਦੀ ਰਹਿੰਦੀ ਖਹਿਬਾਜ਼ੀ ਪਿੰਡਾਂ 'ਚ ਵਿਕਾਸ ਵਿਚ ਖੜੌਤ ਪੈਦਾ ਕਰਦੀ ਹੈ। ਸੋ, ਅੱਜ ਲੋੜ ਹੈ ਜਿਥੇ ਪਿੰਡਾਂ ਵਿਚ ਪੰਚਾਇਤਾਂ ਨੂੰ ਪਿੰਡ ਦੇ ਸਮੁੱਚੇ ਅਤੇ ਨਿਰਪੱਖ ਵਿਕਾਸ ਨੂੰ ਤਰਜੀਹ ਦੇਣੀ ਚਾਹੀਦੀ ਹੈ, ਉਥੇ ਸਾਨੂੰ ਸਭ ਨੂੰ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਪੰਚਾਇਤ ਦੁਆਰਾ ਕੀਤੇ ਜਾ ਰਹੇ ਕੰਮਾਂ ਵਿਚ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਗਰਾਂਟਾਂ ਨਾਲ ਸਾਡਾ ਕੁਝ ਸਵਾਰਿਆ ਜਾ ਸਕੇ।

-ਰਾਜਾ ਗਿੱਲ (ਚੜਿੱਕ)
ਮੋ: 94654-11585

ਪਿੰਡਾਂ ਦੀ ਸਥਿਤੀ
ਦੇਸ਼ ਨੂੰ ਆਜ਼ਾਦ ਹੋਇਆਂ 67 ਕੁ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਦੇਸ਼ ਦੀ ਰੀੜ੍ਹ ਦੀ ਹੱਡੀ ਵਜੋਂ ਜਾਣੇ ਜਾਂਦੇ ਪਿੰਡਾਂ ਦਾ ਬਹੁਤਾ ਸੁਧਾਰ ਨਹੀਂ ਹੋਇਆ। ਦੇਸ਼ ਦੀ 70 ਫ਼ੀਸਦੀ ਤੋਂ ਵੱਧ ਆਬਾਦੀ ਪਿੰਡਾਂ 'ਚ ਹੈ ਪਰ ਪਿੰਡਾਂ ਦੀ ਤਰੱਕੀ ਸ਼ਹਿਰਾਂ ਦੇ ਮੁਕਾਬਲੇ ਬਹੁਤ ਘੱਟ ਹੋਈ ਹੈ ਜਦ ਕਿ ਦੇਸ਼ ਦੀ ਆਰਥਿਕਤਾ ਬਹੁਤੀ ਪਿੰਡਾਂ ਉਤੇ ਹੀ ਨਿਰਭਰ ਕਰਦੀ ਹੈ। ਪਿੰਡਾਂ ਵਿਚ ਲੋਕਾਂ ਤੱਕ ਪਹੁੰਚ ਕਰਨਾ ਲੀਡਰ ਜਾਂ ਸਰਕਾਰਾਂ ਬਹੁਤਾ ਫਰਜ਼ ਨਹੀਂ ਸਮਝਦੀਆਂ। ਉਹ ਗਰੀਬਾਂ ਦੀ ਗਰੀਬੀ ਦਾ ਫਾਇਦਾ ਵੋਟਾਂ ਖਰੀਦ ਕੇ ਜਾਂ ਰਿਸ਼ਤੇ-ਨਾਤਿਆਂ ਦਾ ਵਾਸਤਾ ਪਾ ਕੇ ਜਾਂ ਕੋਈ ਲਾਲਚ ਤੇ ਨਸ਼ੇ ਵਗੈਰਾ ਦੇ ਕੇ ਵੋਟਾਂ ਖਰੀਦ ਲੈਂਦੇ ਹਨ ਪਰ ਉਨ੍ਹਾਂ ਦੀ ਤਰੱਕੀ ਜਾਂ ਵਿਕਾਸ ਦਾ ਬਹੁਤਾ ਸੋਚਦੇ ਨਹੀਂ ਹਨ। ਜੇਕਰ ਸਰਕਾਰਾਂ ਕੋਈ ਪਿੰਡ ਨੂੰ ਉੱਚਾ ਚੁੱਕਣ ਲਈ ਕੋਈ ਨੀਤੀਆਂ ਬਣਾਉਂਦੀਆਂ ਵੀ ਹਨ ਤਾਂ ਉਹ ਧੜੇਬੰਦੀ ਦੀ ਭੇਟ ਚੜ੍ਹ ਜਾਂਦੀਆਂ ਹਨ। ਪਿੰਡਾਂ ਵਿਚ ਰਹਿਣ-ਸਹਿਣ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਗੰਭੀਰ ਸਮੱਸਿਆਵਾਂ ਹਨ। ਗਰੀਬੀ, ਅਨਪੜ੍ਹਤਾ ਅਤੇ ਸਿਹਤ ਸਹੂਲਤਾਂ ਦੀ ਬਹੁਤ ਘਾਟ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

-ਗੁਰਮੇਲ ਸਿੰਘ ਗਿੱਲ
ਗੇਹਲੜਾਂ, ਜਲੰਧਰ।

ਵਧਦੇ ਰੇਲ ਹਾਦਸੇ ਚਿੰਤਾ ਦਾ ਵਿਸ਼ਾ
ਪੰਜਾਬ ਤੋਂ ਲੈ ਕੇ ਪੂਰੇ ਭਾਰਤ ਵਿਚ ਸੜਕ ਹਾਦਸਿਆਂ ਵਾਂਗ ਹੀ ਰੇਲ ਹਾਦਸੇ ਵਾਪਰਦੇ ਹਨ। ਵਧੇਰੇ ਕਾਹਲ, ਸੰਜਮ ਦੀ ਘਾਟ ਅਤੇ ਗ਼ੈਰ-ਜ਼ਿੰਮੇਵਾਰੀ ਭਰਿਆ ਵਤੀਰਾ ਵੀ ਰੇਲ ਹਾਦਸਿਆਂ ਲਈ ਜ਼ਿੰਮੇਵਾਰ ਆਖਿਆ ਜਾ ਸਕਦਾ ਹੈ। ਬਹੁਤ ਸਾਰੇ ਲੋਕ ਰੇਲਵੇ ਲਾਈਨ ਪਾਰ ਕਰਨ ਲੱਗਿਆਂ (ਜਿਥੇ ਫਾਟਕ ਨਹੀਂ ਹਨ) ਇਧਰ-ਉਧਰ ਦੇਖਣਾ ਜ਼ਰੂਰੀ ਨਹੀਂ ਸਮਝਦੇ। ਬਿਨਾਂ ਜਾਨ ਦੀ ਪਰਵਾਹ ਕੀਤਿਆਂ ਲਾਪਰਵਾਹੀ ਨਾਲ ਜਲਦਬਾਜ਼ੀ ਵਿਚ ਫਾਟਕ ਪਾਰ ਕਰਦੇ ਹਨ ਅਤੇ ਇਹੀ ਜਲਦਬਾਜ਼ੀ ਹਾਦਸਿਆਂ ਦਾ ਕਾਰਨ ਬਣਦੀ ਹੈ। ਰੇਲ ਹਾਦਸਿਆਂ ਨੂੰ ਮੱਦੇਨਜ਼ਰ ਰੱਖਦਿਆਂ ਲੋਕਾਂ ਵੱਲੋਂ ਵਾਰ-ਵਾਰ ਮਾਨਵ ਰਹਿਤ ਥਾਵਾਂ 'ਤੇ ਰੇਲਵੇ ਫਾਟਕ ਬਣਾਉਣ ਦੀ ਮੰਗ ਸਰਕਾਰ ਤੋਂ ਕੀਤੀ ਜਾਂਦੀ ਹੈ ਪਰ ਜਦੋਂ ਤੱਕ ਅਸੀਂ ਆਪਣੇ ਫਰਜ਼ਾਂ ਅਤੇ ਨਿਯਮਾਂ ਤੋਂ ਜਾਗਰੂਕ ਨਹੀਂ ਹੁੰਦੇ, ਤਦ ਤੱਕ ਇਨ੍ਹਾਂ ਹਾਦਸਿਆਂ ਦੀ ਗਿਣਤੀ ਘੱਟ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ ਹਾਦਸੇ ਜਿਥੇ ਫਾਟਕ ਬਣਾਏ ਗਏ ਹਨ, ਉਥੇ ਵੀ ਓਨੀ ਹੀ ਤਾਦਾਦ ਵਿਚ ਵਾਪਰਦੇ ਹਨ। ਸਰਕਾਰ ਨੂੰ ਹਰ ਲਾਂਘੇ 'ਤੇ ਰੇਲਵੇ ਫਾਟਕ ਉਸਾਰਨੇ ਚਾਹੀਦੇ ਹਨ ਅਤੇ ਨਾਲ ਜੇਕਰ ਕੋਈ ਵਿਅਕਤੀ ਬੰਦ ਫਾਟਕ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਸਜ਼ਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਰੇਲ ਹਾਦਸਿਆਂ ਵਿਚ ਅਜਾਈਂ ਜਾ ਰਹੀਆਂ ਜਾਨਾਂ ਨੂੰ ਬਚਾਇਆ ਜਾ ਸਕੇ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਜ਼ਿਲ੍ਹਾ ਗੁਰਦਾਸਪੁਰ।

9-9-2014

 ਕੌਂਸਲਰ ਬਨਾਮ ਵਿਕਾਸ
ਪਿੰਡਾਂ ਵਿਚ ਪੰਚਾਇਤਾਂ ਚੁਣੀਆਂ ਜਾਂਦੀਆਂ ਹਨ। ਛੋਟੇ ਸ਼ਹਿਰਾਂ ਵਿਚ ਕਮੇਟੀਆਂ ਤੇ ਵੱਡੇ ਸ਼ਹਿਰਾਂ ਵਿਚ ਕਾਰਪੋਰੇਸ਼ਨਾਂ। ਚੋਣ ਵਾਲੇ ਦਿਨ ਤੋਂ ਪਹਿਲਾਂ ਚੋਣ ਪ੍ਰਚਾਰ ਸ਼ੁਰੂ ਹੋ ਜਾਂਦਾ ਹੈ। ਵਿਕਾਸ ਦੇ ਵਾਅਦੇ ਕੀਤੇ ਜਾਂਦੇ ਹਨ। ਅੰਨ੍ਹੀ ਸ਼ਰਾਬ ਵੋਟਰਾਂ ਵਿਚ ਸ਼ਰੇਆਮ ਵੰਡੀ ਜਾਂਦੀ ਹੈ। ਪੈਸੇ ਵੰਡੇ ਜਾਂਦੇ ਹਨ। ਘਰ-ਘਰ ਜਾ ਕੇ ਉਮੀਦਵਾਰ, ਵੋਟ ਪਾਉਣ ਬਾਰੇ ਬੇਨਤੀਆਂ ਕਰਦੇ ਹਨ ਅਤੇ ਵੋਟਰ ਸਭ ਨੂੰ ਖੁਸ਼ ਕਰਕੇ ਤੋਰ ਦਿੰਦੇ ਹਨ। ਕੁਝ ਲੋਕ ਚੋਣ ਪ੍ਰਚਾਰ ਤੋਂ ਪਾਸਾ ਵੱਟ ਲੈਂਦੇ ਹਨ। ਫਿਰ ਸਰਕਾਰ ਨੂੰ ਦੋਸ਼ ਕੀ ਦਈਏ ਅਤੇ ਵਿਕਾਸ ਦੀ ਉਮੀਦ ਕਿਵੇਂ ਰੱਖ ਸਕਦੇ ਹਾਂ।
ਵੋਟਾਂ ਪੈਣ ਉਪਰੰਤ ਇਕ ਉਮੀਦਵਾਰ ਜਿੱਤ ਗਿਆ ਤੇ ਬਾਕੀ ਹਾਰ ਗਏ। ਹਾਰਨ ਵਾਲੇ ਉਮੀਦਵਾਰ ਆਪਣੇ ਘਰੀਂ ਜਾ ਬੈਠੇ। ਜਿੱਤਣ ਵਾਲੇ ਉਮੀਦਵਾਰ ਢੋਲ-ਢਮੱਕੇ ਨਾਲ ਜਲੂਸ ਕੱਢਦੇ ਤੇ ਘਰ-ਘਰ ਜਾ ਕੇ ਲੋਕਾਂ ਦਾ ਧੰਨਵਾਦ ਕਰਦੇ ਹਨ। ਇਹ ਜੋ ਪੇਸ਼ਗੀ ਲੱਖਾਂ ਰੁਪਏ ਵੰਡੇ। ਕੀ ਇਹ ਰਿਸ਼ਵਤ ਨਹੀਂ ਹੈ? ਹੁਣ ਵਿਕਾਸ ਦੇ ਨਾਂਅ 'ਤੇ ਇਨ੍ਹਾਂ ਨੂੰ ਭਾਰੀ ਰਕਮਾਂ ਗਰਾਂਟਾਂ ਦੇ ਰੂਪ ਵਿਚ ਮਿਲਣੀਆਂ ਹਨ। ਇਨ੍ਹਾਂ ਗਰਾਂਟਾਂ ਵਿਚੋਂ ਇਹ ਪਹਿਲਾਂ ਆਪਣੇ ਪੈਸੇ ਪੂਰੇ ਕਰਨਗੇ। ਠੇਕੇਦਾਰਾਂ ਤੇ ਅਫ਼ਸਰਾਂ ਨੂੰ ਵੀ ਖੁਸ਼ ਕਰਨਗੇ। ਜੇ ਕੁਝ ਬਚ ਗਿਆ ਤਾਂ ਆਪਣੇ ਚਹੇਤਿਆਂ ਦੀਆਂ ਅੱਖਾਂ ਪੂੰਝ ਦੇਣਗੇ। ਕੀ ਇਸ ਤਰ੍ਹਾਂ ਵਿਕਾਸ ਹੋ ਸਕਦਾ ਹੈ, ਜੇ ਹੋ ਸਕਦਾ ਹੈ ਤਾਂ ਪਿਛਲੇ 10-15 ਸਾਲਾਂ ਵਿਚ ਕਿਉਂ ਨਹੀਂ ਹੋਇਆ? ਸੀਵਰੇਜ ਬੰਦ, ਵਾਟਰ ਸਪਲਾਈ ਦਾ ਮੰਦਾ ਹਾਲ ਅਤੇ ਸੜਕਾਂ ਟੁੱਟੀਆਂ।

ਨਿਰਮਲ ਸਿੰਘ ਸੈਣੀ
ਜਲੰਧਰ।
94637-08632

ਧਰਮ ਅਤੇ ਇਨਸਾਨ
ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ 'ਅਨੇਕਤਾ ਵਿਚ ਏਕਤਾ ਹੀ ਹੈ ਭਾਰਤ ਦੀ ਪਛਾਣ' ਸਿਰਲੇਖ ਹੇਠ ਸੰਪਾਦਕੀ ਪੜ੍ਹੀ। ਸੰਪਾਦਕ ਬਰਜਿੰਦਰ ਸਿੰਘ ਹਮਦਰਦ ਵੱਲੋਂ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਬੜੇ ਹੀ ਢੁਕਵੇਂ ਵਿਸ਼ੇ ਦੀ ਚੋਣ ਕੀਤੀ ਹੈ। ਅਸਲ ਵਿਚ ਰਾਜਨੀਤਕ ਲਾਹੇ ਲਈ ਲੀਡਰ ਲੋਕ ਧਰਮਾਂ ਨਾਲ ਸਬੰਧਤ ਬਿਆਨ ਦੇ ਕੇ ਭਾਰਤ ਵਾਸੀਆਂ ਵਿਚ ਲੜਾਈਆਂ ਦੇ ਬੀਜ ਬੀਜ ਦਿੰਦੇ ਹਨ। ਅਸਲੀਅਤ ਇਹ ਹੈ ਕਿ ਹੁਣ ਤੱਕ ਪੈਦਾ ਹੋਏ ਧਰਮਾਂ ਵਿਚ ਕਿਸੇ ਧਰਮ ਨੇ ਵੀ ਦੂਜੇ ਧਰਮ ਦਾ ਅਪਮਾਨ ਕਰਨ ਲਈ ਕੁਝ ਨਹੀਂ ਕਿਹਾ ਹੈ ਪਰ ਹੁਣ ਤੱਕ ਧਰਮਾਂ ਦੇ ਨਾਂਅ ਉਪਰ ਜਿੰਨਾ ਮਨੁੱਖਤਾ ਦਾ ਘਾਣ ਹੋਇਆ ਹੈ, ਓਨਾ ਨੁਕਸਾਨ ਹੋਰਨਾਂ ਕਾਰਨਾਂ ਕਰਕੇ ਨਹੀਂ ਹੋਇਆ ਹੈ।

-ਮਾਲਵਿੰਦਰ ਤਿਉਣਾ ਪੁਜਾਰੀਆਂ
ਮੁਲਤਾਨੀਆਂ ਰੋਡ, ਬਠਿੰਡਾ।

ਇਤਿਹਾਸਕ ਬੇਰੀਆਂ
ਪਿਛਲੇ ਦਿਨੀਂ ਖ਼ਬਰ ਪੜ੍ਹੀ ਕਿ ਸ੍ਰੀ ਹਰਿਮੰਦਰ ਸਾਹਿਬ ਵਿਚਲੀਆਂ ਇਤਿਹਾਸਕ ਬੇਰੀਆਂ 'ਤੇ ਮੁੜ ਭਰਵਾਂ ਬੂਰ ਆ ਗਿਆ ਹੈ। ਇਨ੍ਹਾਂ ਪੁਰਾਤਨ ਬੇਰੀਆਂ 'ਤੇ ਭਰਪੂਰ ਬੂਰ ਆਉਣਾ ਕੁਦਰਤੀ ਕ੍ਰਿਸ਼ਮੇ ਤੋਂ ਘੱਟ ਨਹੀਂ ਅਤੇ ਐਨੀ ਬਿਰਧ ਅਵਸਥਾ ਵਿਚ ਇਨ੍ਹਾਂ ਇਤਿਹਾਸਕ ਬੇਰੀਆਂ ਤੇ ਹਰਿਆਲੀ ਦਾ ਆਉਣਾ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਖੇਤੀਬਾੜੀ ਵਿਭਾਗ ਅਤੇ ਵਣ ਵਿਭਾਗ ਵੀ ਵਧਾਈ ਦਾ ਪਾਤਰ ਹੈ, ਜਿਨ੍ਹਾਂ ਨੇ ਅਨੇਕ ਯਤਨਾਂ ਨਾਲ ਇਨ੍ਹਾਂ ਮਹਾਨ ਬੇਰੀਆਂ ਦੀ ਦੇਖ-ਰੇਖ ਕਰਕੇ ਇਕ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਪਰਮਾਤਮਾ ਅੱਗੇ ਇਹੀ ਦੁਆ ਹੈ ਕਿ ਇਨ੍ਹਾਂ ਇਤਿਹਾਸਕ ਬੇਰੀਆਂ ਦੀ ਉਮਰ ਲੰਮੇਰੀ ਕਰੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਨ੍ਹਾਂ ਇਤਿਹਾਸਕ ਬੇਰੀਆਂ ਦੇ ਦਰਸ਼ਨ ਕਰਦੀਆਂ ਰਹਿਣ।

-ਕੇਵਲ ਸਿੰਘ ਬਾਠਾਂ
ਅਮਰਗੜ੍ਹ (ਸੰਗਰੂਰ)।

6-9-2014

 ਦੁਰਘਟਨਾਵਾਂ ਤੋਂ ਬਚਾਓ

ਸੜਕਾਂ ਉੱਤੇ ਆਵਾਜਾਈ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਸੜਕਾਂ ਉੱਤੇ ਬੰਦਿਆਂ ਤੇ ਮਾਲ ਦੀ ਢੋਆ-ਢੁਆਈ ਕਰਦੇ ਟਰੱਕਾਂ, ਬੱਸਾਂ, ਕਾਰਾਂ ਆਦਿ ਦਾ ਤਾਂਤਾ ਲੱਗਿਆ ਰਹਿੰਦਾ ਹੈ। ਕੰਮਾਂ-ਕਾਰਾਂ ਦੇ ਵਧਣ ਕਾਰਨ ਲੋਕਾਂ ਵਿਚ ਕਾਹਲ ਵਧ ਗਈ ਹੈ ਤੇ ਠਰ੍ਹੰਮਾ ਘਟ ਗਿਆ ਹੈ। ਇਨ੍ਹਾਂ ਦੁਰਘਟਨਾਵਾਂ ਲਈ ਸੜਕਾਂ ਉੱਤੇ ਚੱਲਣ ਵਾਲੇ ਸਾਰੇ ਹੀ ਜ਼ਿੰਮੇਵਾਰ ਹਨ। ਦੁਰਘਟਨਾਵਾਂ ਦਾ ਇਕ ਕਾਰਨ ਹਰ ਇਕ ਦਾ ਤੇਜ਼ ਸਪੀਡ ਨਾਲ ਚੱਲਣਾ ਹੈ। ਤੇਜ਼ ਭਜਦੀ ਗੱਡੀ ਔਖੀ ਰੁਕਦੀ ਹੈ ਤੇ ਮੁੜਨ ਵੇਲੇ ਉਲਟ ਜਾਂਦੀ ਹੈ। ਬਹੁਤ ਸਾਰੀਆਂ ਦੁਰਘਟਨਾਵਾਂ ਡਰਾਈਵਰਾਂ ਦੀ ਲਾਪਰਵਾਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਕਰਕੇ ਹੁੰਦੀਆਂ ਹਨ। ਦੁਰਘਟਨਾਵਾਂ ਨੂੰ ਰੋਕਣ ਦੇ ਉਪਾਅ ਵੀ ਸੜਕ ਉਤੇ ਚੱਲਣ ਵਾਲਿਆਂ ਦੇ ਕੋਲ ਹੀ ਹਨ। ਦੁਰਘਟਨਾਵਾਂ ਤੋਂ ਬਚਣ ਲਈ ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਜੇਕਰ ਸੜਕਾਂ 'ਤੇ ਆਵਾਜਾਈ ਸਮੇਂ ਆਪਣਾ ਤੇ ਦੂਜਿਆਂ ਦਾ ਖਿਆਲ ਰੱਖਿਆ ਜਾਵੇ ਤਾਂ ਦੁਰਘਟਨਾਵਾਂ ਟਲ ਸਕਦੀਆਂ ਹਨ।

-ਸੁਰਿੰਦਰ ਸਿੰਘ ਬਰਨਾਲਾ
ਸਲੇਮਟਾਬਰੀ, ਲੁਧਿਆਣਾ।

ਦਲਿਤ ਔਰਤਾਂ ਦੀ ਸੁਰੱਖਿਆ

ਜਿਥੇ ਅੱਜ ਸਾਰਾ ਮੁਲਕ ਔਰਤਾਂ ਦੀ ਤਰੱਕੀ ਦੀ ਹਾਮੀ ਭਰਦਾ ਹੈ ਕਿ ਅੱਜ ਹਰ ਖੇਤਰ ਵਿਚ ਔਰਤ ਮਰਦ ਨਾਲੋਂ ਅੱਗੇ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੈ ਪ੍ਰੰਤੂ ਦੁਖਦਾਈ ਗੱਲ ਤਾਂ ਇਹ ਹੈ ਕਿ ਜਿਥੇ ਅਸੀਂ ਆਪਣੀ ਆਜ਼ਾਦੀ ਦੇ 68ਵੇਂ ਵਰ੍ਹੇ ਵਿਚ ਦਾਖ਼ਲ ਹੋ ਗਏ ਹਾਂ, ਉਥੇ ਇਹ ਗੱਲ ਬੜੇ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਬਲਾਤਕਾਰ ਅਤੇ ਹੋਰ ਕਈ ਜਿੱਲਣਾਂ ਉਚੇਚੇ ਤੌਰ 'ਤੇ ਦਲਿਤ ਭੈਣਾਂ ਨਾਲ ਬਾਰਮਬਾਰ ਵਾਪਰ ਰਹੀਆਂ ਹਨ। ਆਏ ਦਿਨ ਕੋਈ ਨਾ ਕੋਈ ਖ਼ਬਰ ਅਜਿਹੀ ਸੁਣਨ ਨੂੰ ਮਿਲਦੀ ਹੈ ਕਿ ਇਸ ਵਿਚ ਜ਼ਿਆਦਾਤਰ ਦਲਿਤ ਬੱਚੀਆਂ ਅਤੇ ਭੈਣਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ। ਅਜਿਹਾ ਵਾਰ-ਵਾਰ ਕਿਉਂ ਵਾਪਰਦਾ ਹੈ? ਕੀ ਇਹ ਸਮਾਜ ਦਾ ਅੰਗ ਨਹੀਂ ਹਨ? ਕੀ ਇਨ੍ਹਾਂ ਨੂੰ ਆਪਣੀ ਆਜ਼ਾਦੀ ਮਾਣਨ ਦਾ ਹੱਕ ਨਹੀਂ ਹੈ? ਕਿਉਂ ਮਨੁੱਖ ਦੀ ਸੋਚ ਅਤੇ ਨਜ਼ਰ ਇਨ੍ਹਾਂ ਪ੍ਰਤੀ ਇੱਜ਼ਤ ਵਾਲੀ ਨਹੀਂ? ਸੋ, ਆਓ ਸਭ ਰਲਕੇ ਇਹ ਤਹੱਈਆ ਕਰੀਏ ਅਤੇ ਆਪਣੀਆਂ ਦਲਿਤ ਭੈਣਾਂ ਪ੍ਰਤੀ ਫ਼ਿਕਰਮੰਦ ਹੋਈਏ।

-ਧਰਮਿੰਦਰ 'ਸ਼ਾਹਿਦ' ਖੰਨਾ
580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ।

ਜੀਵਨ ਦਾ ਆਧਾਰ ਰੁੱਖ

ਜਿਉਂ-ਜਿਉਂ ਮਨੁੱਖ ਪੌਦਿਆਂ ਨਾਲੋਂ ਟੁੱਟ ਰਿਹਾ ਹੈ, ਕਈਆਂ ਬਿਮਾਰੀਆਂ ਦਾ ਸ਼ਿਕਾਰ ਹੋਈ ਜਾ ਰਿਹਾ ਹੈ। ਪੌਦੇ ਧਰਤੀ ਦੇ ਵਾਤਾਵਰਨ ਨੂੰ ਸਾਵਾਂ ਰੱਖਦੇ ਹਨ, ਕੁਦਰਤੀ ਖੁਰਾਕ ਵੀ ਹਨ। ਆਉਣ ਵਾਲੀਆਂ ਪੀੜ੍ਹੀਆਂ ਨੂੰ ਪੌਦਿਆਂ ਪ੍ਰਤੀ ਕਿਸ ਨੇ ਜਾਗਰੂਕ ਕਰਨਾ ਹੈ? 'ਅਜੀਤ' ਦੀ ਹਰਿਆਵਲ ਲਹਿਰ ਵੀ ਇਸੇ ਕੜੀ ਦਾ ਹਿੱਸਾ ਹੈ। ਅੱਜ ਦੇ ਬੱਚੇ ਕੀ ਖਾ ਰਹੇ ਹਨ? ਪੀਜ਼ੇ, ਬਰਗਰ, ਨਿਊਡਲ, ਕੁਰਕੁਰੇ ਆਦਿ ਹੋਰ ਵੀ ਕਈ ਕੁਝ ਗੰਦ ਰੂਪੀ ਜ਼ਹਿਰ ਦੁਕਾਨਾਂ ਦੇ ਬਾਹਰ ਇਸ ਤਰ੍ਹਾਂ ਵਿਖਾਇਆ ਜਾ ਰਿਹਾ ਹੈ ਕਿ ਬੱਚੇ ਬਦੋਬਦੀ ਇਨ੍ਹਾਂ ਵੱਲ ਖਿੱਚੇ ਜਾਂਦੇ ਹਨ। ਸਕੂਲਾਂ ਦੀਆਂ ਕੰਟੀਨਾਂ ਵੱਲ ਵੀ ਝਾਤੀ ਮਾਰੋ। ਕੋਈ ਵੀ ਡੂੰਘੀ ਸੋਚ ਦਾ ਧਾਰਨੀ ਨਹੀਂ ਜਾਪ ਰਿਹਾ। ਲੋੜ ਹੈ ਨਵੀਂ ਪੀੜ੍ਹੀ ਨੂੰ ਡਾਕਟਰ ਹੋਰਾਂ ਦੇ ਲੇਖ ਵੱਲ ਝਾਤੀ ਮਾਰਨ ਦੀ। ਅੱਜ ਘਰਾਂ ਵਿਚ ਜੋ ਥੋੜ੍ਹੀ ਕੱਚੀ ਥਾਂ ਬਚਦੀ ਹੈ, ਫੁੱਲ, ਬੂਟਿਆਂ ਦੇ ਨਾਲ-ਨਾਲ ਹਰੀਆਂ ਸਬਜ਼ੀਆਂ ਬੀਜਣ ਦੀ ਆਦਤ ਪਾਉਣੀ ਚਾਹੀਦੀ ਹੈ। ਘਰਾਂ ਵਿਚ ਉਗਾਈਆਂ ਕੀਟ ਨਾਸ਼ਕਾਂ ਤੋਂ ਬਚੀਆਂ ਸਬਜ਼ੀਆਂ ਸਵਾਦੀ ਹੋਣ ਦੇ ਨਾਲ-ਨਾਲ ਚੰਗੀ ਤੇ ਨਰੋਈ ਖੁਰਾਕ ਦਾ ਹਿੱਸਾ ਬਣਦੀਆਂ ਹਨ। ਬਹੁਤ ਦੁੱਖ ਹੁੰਦਾ ਹੈ ਜਦੋਂ ਚੰਗਾ ਭਲਾ ਕਿਸਾਨ ਹੱਥ ਵਿਚ ਝੋਲਾ ਫੜੀ ਬਾਜ਼ਾਰ ਵਿਚ ਸਬਜ਼ੀ ਖਰੀਦਣ ਜਾਂਦਾ ਹੈ। ਆਉਣ ਵਾਲੀ ਪੀੜ੍ਹੀ ਨੂੰ ਬਾਜ਼ਾਰੂ ਜ਼ਹਿਰਾਂ ਤੋਂ ਬਚਾਓ, ਪੌਦਿਆਂ ਨਾਲ ਜੋੜੋ ਤਾਂ ਹੀ ਸਾਡੀ ਧਰਤੀ ਤੇ ਮਨੁੱਖੀ ਸਿਹਤ ਨੂੰ ਬਚਾਇਆ ਜਾ ਸਕਦਾ ਹੈ। ਪੌਦਿਆਂ ਨਾਲ ਜੁੜੇ ਰਹਿਣ ਨਾਲ ਕੈਂਸਰ ਤੇ ਹੋਰ ਬਿਮਾਰੀਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਅਜਿਹੇ ਲੇਖ ਦੇਣ ਲਈ 'ਅਜੀਤ' ਅਦਾਰਾ ਵਧਾਈ ਦਾ ਪਾਤਰ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

3-9-2014

 ਪਾਣੀ ਦਾ ਡਿਗਦਾ ਪੱਧਰ
ਪਾਣੀ ਦੀ ਸਮੱਸਿਆ ਇਕੱਲੇ ਕਿਸਾਨ ਵਰਗ ਨਾਲ ਸਬੰਧਤ ਨਹੀਂ ਹੈ। ਸਾਰੇ ਪੰਜਾਬੀਆਂ ਨੂੰ ਇਸ ਖ਼ਤਰਨਾਕ ਚੁਣੌਤੀ ਵੱਲ ਗਹਿਰਾ ਧਿਆਨ ਦੇਣ ਦੀ ਲੋੜ ਹੈ। ਹਰ ਸਾਲ ਲਗਭਗ ਦੋ ਫੁੱਟ ਪਾਣੀ ਹੇਠਾਂ ਚਲਿਆ ਜਾਣਾ ਧਰਤੀ ਹੇਠਲੇ ਜਲ ਭੰਡਾਰ ਦੇ ਘਟਦੇ ਅਤੇ ਖ਼ਤਮ ਹੋ ਰਹੇ ਜਲ ਭੰਡਾਰ ਲਈ ਖ਼ਤਰੇ ਦੀ ਘੰਟੀ ਹੈ। ਜੇਕਰ ਅਸੀਂ ਸਮੂਹ ਪੰਜਾਬੀ ਇਸ ਸਮੱਸਿਆ ਅਰਥਾਤ ਪਾਣੀ ਦੀ ਬੱਚਤ ਲਈ ਸਾਵਧਾਨ ਨਹੀਂ ਹੋਵਾਂਗੇ ਤਾਂ ਨਿਕਟ ਭਵਿੱਖ ਵਿਚ ਪੰਜਾਬ ਵੀ ਰਾਜਸਥਾਨ ਵਾਂਗ ਮਾਰੂਥਲ ਦਾ ਰੂਪ ਅਖ਼ਤਿਆਰ ਕਰ ਜਾਵੇਗਾ। ਕੁਦਰਤ ਦੀ ਇਸ ਅਮਲੋਕ ਦਾਤ ਨਾਲ ਹੀ ਸਮੁੱਚੀ ਕਾਇਨਾਤ, ਬਨਸਪਤੀ, ਜੀਵ-ਜੰਤੂਆਂ, ਪਸ਼ੂਆਂ, ਮਨੁੱਖਾਂ ਆਦਿ ਦਾ ਭਲਾ ਹੈ। ਸੋ, ਇਸ ਦੀ ਸਾਂਭ-ਸੰਭਾਲ ਕਰਨੀ ਸਾਡਾ ਮੁਢਲਾ ਫਰਜ਼ ਹੈ। ਇਸ ਨੂੰ ਪੂਰੀ ਤਨ, ਮਨ ਅਤੇ ਧਨ ਦੀ ਸਮਰੱਥਾ ਨਾਲ ਸਮੂਹਿਕ ਉਪਰਲੇ ਨਾਲ ਸੰਭਾਲਣ ਦੀ ਫੌਰੀ ਲੋੜ ਹੈ।

-ਅਮਰਜੀਤ ਸਿੰਘ
ਧਨੌਲਾ ਰੋਡ, ਬਰਨਾਲਾ।

ਯੋਜਨਾ ਕਮਿਸ਼ਨ ਭੰਗ ਕਰਨ ਦਾ ਫ਼ੈਸਲਾ ਮੰਦਭਾਗਾ
ਕੇਂਦਰ ਸਰਕਾਰ ਵੱਲੋਂ ਯੋਜਨਾ ਕਮਿਸ਼ਨ ਨੂੰ ਭੰਗ ਕਰਨ ਦਾ ਜੋ ਫ਼ੈਸਲਾ ਕੀਤਾ ਗਿਆ ਹੈ, ਉਸ ਨੂੰ ਲੋਕ ਹਿਤ ਵਿਚ ਨਹੀਂ ਕਿਹਾ ਜਾ ਸਕਦਾ। ਇਸ ਸੰਸਥਾ ਨੇ ਬਹੁਤ ਲੰਮਾ ਸਮਾਂ ਵੱਡੀ ਆਬਾਦੀ ਅਤੇ ਖੇਤਰੀ ਭਿੰਨਤਾਵਾਂ ਵਾਲੇ ਇਸ ਵਿਸ਼ਾਲ ਲੋਕਤੰਤਰ ਦੇ ਅਰਥਚਾਰੇ ਦਾ ਨਿਰੂਪਣ ਕੀਤਾ ਹੈ ਅਤੇ ਇਸ ਦੀ ਤਰੱਕੀ ਵਿਚ ਅਹਿਮ ਭੂਮਿਕਾ ਨਿਭਾਈ ਹੈ। ਕੁਝ ਵੀ ਹੋਵੇ, ਅੱਜ ਦੇ ਭਾਰਤ ਨੂੰ ਪੰਜਾਹ ਸਾਲ ਪਹਿਲਾਂ ਦੇ ਭਾਰਤ ਨਾਲੋਂ ਕਾਫੀ ਅੱਗੇ ਮੰਨਣਾ ਪਵੇਗਾ। ਦੇਸ਼ ਦੇ ਸਾਂਝੇ ਅਰਥਚਾਰੇ ਦੇ ਮਾਡਲ ਨੂੰ ਬਰਕਰਾਰ ਰੱਖਣ ਲਈ ਯੋਜਨਾ ਕਮਿਸ਼ਨ ਵਰਗੀ ਸੰਸਥਾ ਦੀ ਬਹੁਤ ਜ਼ਰੂਰਤ ਹੈ। ਇਹ ਵੱਖਰਾ ਵਿਸ਼ਾ ਹੈ ਕਿ ਜਿਹੜੀ ਸਰਕਾਰ ਆਉਂਦੀ ਹੈ, ਉਹ ਆਪਣੀ ਪਸੰਦ ਦੇ ਅਹੁਦੇਦਾਰ ਲਗਾ ਲੈਂਦੀ ਹੈ। ਦੇਸ਼ ਦੀ ਤਰੱਕੀ ਲਈ ਕਿਸੇ ਪਬਲਿਕ-ਪ੍ਰਾਈਵੇਟ ਭਾਈਵਾਲੀ ਵਾਲੀ ਕਿਸੇ ਸੰਸਥਾ ਦਾ ਗਠਨ ਯੋਜਨਾ ਕਮਿਸ਼ਨ ਦੇ ਇਕ ਅੰਗ ਵਜੋਂ ਹੀ ਕੀਤਾ ਜਾਣਾ ਚਾਹੀਦਾ ਹੈ।

-ਜਗਜੋਤ ਸਿੰਘ
6/2 ਆਦਰਸ਼ ਨਗਰ, ਬਠਿੰਡਾ।

ਤੰਬਾਕੂਨੋਸ਼ੀ ਰੋਕਣ ਲਈ
ਪੰਜਾਬ ਸਰਕਾਰ ਵੱਲੋਂ ਸਾਰੇ ਰਾਜ ਨੂੰ ਤੰਬਾਕੂ ਰਹਿਤ ਸੂਬਾ ਬਣਾਉਣ ਦੀ ਲਹਿਰ ਚਲਾਈ ਗਈ ਹੈ। ਇਹ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ। ਬਹੁਤ ਸਾਰੇ ਜ਼ਿਲ੍ਹੇ ਤੰਬਾਕੂ ਰਹਿਤ ਐਲਾਨੇ ਵੀ ਗਏ ਹਨ। ਪਰ ਅਜੇ ਵੀ ਜਨਤਕ ਥਾਵਾਂ ਜਿਵੇਂ ਸਕੂਲ, ਹਸਪਤਾਲ, ਐਸ.ਡੀ.ਐਮ. ਕੋਰਟ ਦੇ ਬਾਹਰ ਤੰਬਾਕੂ ਦੀ ਵਰਤੋਂ ਦਾ ਦ੍ਰਿਸ਼ ਵੇਖਿਆ ਜਾ ਸਕਦਾ ਹੈ। ਸਾਰੇ ਪੰਜਾਬ ਵਿਚ ਤੰਬਾਕੂ ਦੀ ਵਰਤੋਂ ਜਾਰੀ ਹੈ। ਇਕ ਪੁਰਾਣਾ ਮੁਹਾਵਰਾ ਹੈ ਕਿ ਚੋਰ ਨੂੰ ਨਾ ਮਾਰੋ, ਉਸ ਦੀ ਮਾਂ ਨੂੰ ਮਾਰੋ। ਤੰਬਾਕੂ ਵੇਚਣ ਵਾਲੀਆਂ ਕੰਪਨੀਆਂ ਤੰਬਾਕੂ ਨੂੰ ਕਈ ਆਕਰਸ਼ਕ ਰੂਪਾਂ ਵਿਚ ਵੇਚ ਰਹੀਆਂ ਹਨ। ਇਹ ਕੰਪਨੀਆਂ ਬੰਦ ਕਰਨੀਆਂ ਚਾਹੀਦੀਆਂ ਹਨ। ਤੰਬਾਕੂ ਇਕ ਖ਼ਤਰਨਾਕ ਨਸ਼ਾ ਹੈ, ਜਿਸ ਨੂੰ ਪੀਣ ਜਾਂ ਖਾਣ ਨਾਲ 40 ਖ਼ਤਰਨਾਕ ਰਸਾਇਣ ਮਨੁੱਖ ਦੇ ਅੰਦਰ ਚਲੇ ਜਾਂਦੇ ਹਨ, ਜਿਨ੍ਹਾਂ ਵਿਚ ਨਿਕੋਟੀਨ, ਕਾਰਬਨ ਮੋਨੋਆਕਸਾਈਡ, ਐਲਜੀਨ, ਤਾਰ, ਪਾਇਰੀਡੀਨ ਅਤੇ ਕਾਰਬੋਲਿਕ ਐਸਿਡ ਅਤੀ ਖ਼ਤਰਨਾਕ ਅਤੇ ਮਨੁੱਖ ਲਈ ਜਾਨਲੇਵਾ ਸਾਬਤ ਹੁੰਦੇ ਹਨ। ਤੰਬਾਕੂ ਸਿਹਤ ਲਈ ਖ਼ਤਰਨਾਕ ਹੈ। ਇਹ ਗਲੇ ਅਤੇ ਪੇਟ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ, ਇਸ ਨੂੰ ਪੀਣ ਨਾਲ ਸਾਹ ਨਲੀ ਦੀ ਝਿੱਲੀ ਵਿਚ ਛੇਕ ਹੋ ਜਾਂਦੇ ਹਨ, ਜੋ ਟੀ.ਬੀ. ਦਾ ਕਾਰਨ ਬਣਦੇ ਹਨ, ਇਸ ਨੂੰ ਪੀਣ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਜਾਂਦੀਆਂ ਹਨ। ਸ਼ਾਇਦ ਇਸ ਨੂੰ ਪੀਣ ਵਾਲੇ ਲੋਕ ਇਹ ਨਹੀਂ ਜਾਣਦੇ ਕਿ ਉਹ ਕਿੰਨਾ ਖ਼ਤਰਨਾਕ ਨਸ਼ਾ ਕਰ ਰਹੇ ਹਨ। ਅਗਰ ਸਰਕਾਰਾਂ ਲੋਕਾਂ ਦੀ ਸਿਹਤ ਪ੍ਰਤੀ ਏਨੀਆਂ ਗੰਭੀਰ ਹਨ ਤਾਂ ਫਿਰ ਇਸ ਦੀ ਪੈਦਾਵਾਰ 'ਤੇ ਪਾਬੰਦੀ ਕਿਉਂ ਨਹੀਂ? ਜ਼ਹਿਰ ਵੰਡ ਕੇ ਕਮਾਇਆ ਪੈਸਾ ਕਿਸ ਕੰਮ ਦਾ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਨਿੱਜੀ ਸਕੂਲਾਂ ਵਿਚ ਪੰਜਾਬੀ ਦੀ ਦੁਰਦਸ਼ਾ
ਅੰਗਰੇਜ਼ੀ ਭਾਸ਼ਾ ਸਿਖਾਉਣ ਦੇ ਨਾਂਅ 'ਤੇ ਨਿੱਜੀ ਸਕੂਲਾਂ ਦੁਆਰਾ ਆਪਣੀਆਂ ਸੰਸਥਾਵਾਂ ਵਿਚ ਪੰਜਾਬੀ ਭਾਸ਼ਾ ਬੋਲਣ ਉੱਪਰ ਪਾਬੰਦੀ ਲਗਾ ਕੇ ਹਿੰਦੀ ਭਾਸ਼ਾ ਦੀ ਵਰਤੋਂ ਕਰਵਾਉਣਾ ਇਕ ਖ਼ਤਰੇ ਦੀ ਘੰਟੀ ਹੈ। ਇਸ ਪ੍ਰਕਾਰ ਅੱਜ ਦੇ ਵਿਦਿਆਰਥੀ ਆਪਣੀ ਮਾਂ-ਬੋਲੀ ਪੰਜਾਬੀ ਤੋਂ ਹੀ ਦੂਰ ਹੁੰਦੇ ਜਾ ਰਹੇ ਹਨ। ਇਸ ਤੋਂ ਤਾਂ ਇਹੀ ਸੰਕੇਤ ਮਿਲਦਾ ਹੈ ਕਿ ਭਵਿੱਖ ਵਿਚ ਪੰਜਾਬ ਵਿਚੋਂ ਪੰਜਾਬੀ ਲਿਖਣ ਅਤੇ ਬੋਲਣ ਵਾਲੇ ਵਿਰਲੇ ਹੀ ਮਿਲਣਗੇ। ਪਹਿਲਾਂ ਤਾਂ ਸਿਰਫ ਸ਼ਹਿਰਾਂ ਵਿਚ ਹੀ ਹਿੰਦੀ ਦੀ ਵਰਤੋਂ ਕਰਨ ਵਾਲੇ ਸਕੂਲ ਸਨ ਪਰ ਹੁਣ ਇਹ ਰੁਝਾਨ ਪਿੰਡਾਂ ਵਿਚ ਵੀ ਪਹੁੰਚ ਗਿਆ ਹੈ। ਭਾਵੇਂ ਪੰਜਾਬ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਦਫ਼ਤਰੀ ਭਾਸ਼ਾ ਬਣਾਇਆ ਹੈ, ਪ੍ਰੰਤੂ ਇਸ ਭਾਸ਼ਾ ਦੇ ਨਿਰਾਦਰ ਦੇ ਵਿਸ਼ੇ ਵਿਚ ਨਾ ਤਾ ਸਾਡੀ ਸੂਬਾ ਸਰਕਾਰ ਗੰਭੀਰ ਹੈ, ਜਨਤਕ ਜਥੇਬੰਦੀਆਂ। ਸਮੇਂ ਦੀ ਲੋੜ ਹੈ ਕਿ ਸਿੱਖਿਆ ਵਿਭਾਗ ਕੋਈ ਅਜਿਹੀ ਠੋਸ ਨੀਤੀ ਬਣਾਵੇ, ਜਿਸ ਵਿਚ ਸਾਰੇ ਸਕੂਲ, ਭਾਵੇਂ ਉਹ ਸੀ.ਬੀ.ਐਸ.ਈ. ਬੋਰਡ ਦੇ ਹੋਣ ਜਾਂ ਫਿਰ ਕਿਸੇ ਹੋਰ ਬੋਰਡ ਨਾਲ ਸਬੰਧਤ ਹੋਣ, ਕੋਈ ਵੀ ਅਜਿਹੀ ਨੀਤੀ ਨਾ ਬਣਾ ਸਕਣ, ਜਿਸ ਨਾਲ ਸਾਡੇ ਬੱਚੇ ਸਾਡੀ ਅਗਲੀ ਪੀੜ੍ਹੀ ਆਪਣੀ ਮਾਤ ਭਾਸ਼ਾ ਤੋਂ ਹੀ ਵਾਂਝੇ ਹੋ ਜਾਣ।

-ਵਰਿੰਦਰ ਸਿੰਘ ਗਰੇਵਾਲ
ਪਿੰਡ ਤੇ ਡਾਕ: ਗੁੱਜਰਵਾਲ,
ਜ਼ਿਲ੍ਹਾ ਲੁਧਿਆਣਾ।

2-9-2014

 ਪੱਛਮੀ ਮੁਲਕਾਂ ਦੀ ਵਿਵਸਥਾ
ਪੱਛਮੀ ਮੁਲਕਾਂ ਦੇ ਲੋਕ ਬੱਚਿਆਂ ਨੂੰ ਆਪਣੀ ਜਾਇਦਾਦ ਨਹੀਂ ਸਮਝਦੇ, ਸਗੋਂ ਉਨ੍ਹਾਂ ਨੂੰ ਇਕ ਆਜ਼ਾਦ ਸ਼ਖ਼ਸੀਅਤ ਬਣਾਉਣ ਵਿਚ ਪੂਰਾ ਯੋਗਦਾਨ ਪਾਉਂਦੇ ਹਨ ਤਾਂ ਕਿ ਉਹ ਆਪਣੀ ਮਨਮਰਜ਼ੀ ਦੀ ਪੜ੍ਹਾਈ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਜੋ ਸਹੂਲਤਾਂ ਇਨ੍ਹਾਂ ਮੁਲਕਾਂ ਵਿਚ ਮਿਲਦੀਆਂ ਹਨ ਅਤੇ ਉਹ ਵੀ ਉੱਚ ਪੱਧਰ ਦੀਆਂ ਤੇ ਫਿਰ ਮੁਫ਼ਤ, ਸਾਡੇ ਮੁਲਕਾਂ ਵਿਚ ਕਈ ਗੁਣਾ ਜ਼ਿਆਦਾ ਪੈਸੇ ਖਰਚ ਕੇ ਵੀ ਦੁਰਲੱਭ ਹਨ। ਵਿਹਲੇ ਰਹਿਣ, ਬਿਮਾਰ ਹੋਣ ਜਾਂ ਅਪੰਗਤਾ ਅਤੇ ਬੱਚਿਆਂ ਲਈ ਮਿਲਦੇ ਸਰਕਾਰੀ ਭੱਤੇ ਇਕ ਬਹਿਸ਼ਤੀ ਮਿਸਾਲ ਹਨ। ਸਿਰ ਲੁਕੋਣ ਲਈ ਘਰ, ਬੱਸਾਂ, ਰੇਲ ਗੱਡੀਆਂ ਉਨ੍ਹਾਂ ਲਈ ਮੁਫ਼ਤ ਜਿਨ੍ਹਾਂ ਨੂੰ ਉਮਰ ਦੇ ਲਿਹਾਜ਼ ਨਾਲ ਜ਼ਰੂਰਤ ਹੋਵੇ। ਬਿਮਾਰ ਹੋਣ 'ਤੇ ਇਲਾਜ ਮੁਫ਼ਤ ਕੀਤੇ ਜਾਂਦੇ ਹਨ ਅਤੇ ਇਥੇ ਇਹ ਵਿਤਕਰਾ ਨਹੀਂ ਕੀਤਾ ਜਾਂਦਾ ਕਿ ਕੋਈ ਅਮੀਰ ਹੈ ਜਾਂ ਗ਼ਰੀਬ, ਹਰ ਇਕ ਨੂੰ ਬਰਾਬਰਤਾ ਦੀ ਸਹੂਲਤ ਮਿਲਦੀ ਹੈ।

-ਸੁਰਿੰਦਰ ਸਿੰਘ ਬਰਨਾਲਾ
ਸਲੇਮਟਾਬਰੀ, ਲੁਧਿਆਣਾ।

ਸਰਕਾਰੀ ਲਾਪ੍ਰਵਾਹੀ
ਤਕਰੀਬਨ ਇਕ ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਕਿ ਪੰਜਾਬ ਐਗਰੀਕਲਚਰ, ਪੈਸਟਸ ਡਿਸੀਜ਼ਜ ਐਂਡ ਨੌਕਸੀਅਸ ਵੀਡ ਐਕਟ 1949 ਤਹਿਤ ਸ: ਪ੍ਰਕਾਸ਼ ਸਿੰਘ ਬਾਦਲ ਦੇ ਦਫ਼ਤਰ ਵਿਚੋਂ ਐਲਾਨ ਕੀਤਾ ਗਿਆ ਸੀ ਕਿ ਜਿਸ ਵਿਅਕਤੀ ਦੀ ਜ਼ਮੀਨ ਵਿਚ ਜਾਂ ਘਰ ਅੱਗੇ ਕਾਂਗਰਸ ਘਾਹ ਵੇਖਿਆ ਗਿਆ, ਉਸ ਨੂੰ ਸਜ਼ਾ, ਜੁਰਮਾਨਾ ਕਰਕੇ ਅੰਦਰ ਕੀਤਾ ਜਾਏਗਾ। ਇਹ ਕਾਂਗਰਸ ਘਾਹ ਜਿਉਂ ਦਾ ਤਿਉਂ ਖੜ੍ਹਾ ਹੈ, ਬਰਸਾਤ ਪੈਣ ਕਰਕੇ ਦੁੱਗਣਾ ਹੋ ਗਿਆ ਹੈ ਪਰ ਲੋਕਾਂ ਨੇ ਬਾਦਲ ਸਾਹਿਬ ਦੀ ਕੋਈ ਪ੍ਰਵਾਹ ਨਹੀਂ ਕੀਤੀ। ਅਫ਼ਸੋਸ ਹੈ ਜਿਨ੍ਹਾਂ ਪਿੰਡਾਂ ਵਿਚ ਮਨਰੇਗਾ ਸਕੀਮ ਚਲਦੀ ਹੈ, ਉਨ੍ਹਾਂ ਪਿੰਡਾਂ ਵਿਚ ਇਹ ਗਾਜਰਘਾਹ ਖੜ੍ਹਾ ਹੈ, ਮਨਰੇਗਾ ਦੀ ਪੂਰੀ ਤਰ੍ਹਾਂ ਦੁਰਵਰਤੋਂ ਹੋ ਰਹੀ ਹੈ। ਇਸ ਤੋਂ ਇਲਾਵਾ ਕਈ ਥਾਈਂ ਕਿਸਾਨਾਂ ਨੇ ਸੜਕਾਂ ਦੇ ਕਿਨਾਰੇ ਵਾਹ ਕੇ ਖੇਤ ਵਿਚ ਰਲਾ ਲਏ ਹਨ। ਲੋਕਾਂ ਦਾ ਲੰਘਣਾ ਬਹੁਤ ਮੁਸ਼ਕਿਲ ਹੈ। ਸੜਕਾਂ ਪਹਿਲਾਂ ਹੀ ਛੋਟੀਆਂ ਹਨ। ਪਰ ਸਰਕਾਰ ਜ਼ਬਰਦਸਤ ਲਾਪ੍ਰਵਾਹੀ ਵਿਖਾ ਰਹੀ ਹੈ।

-ਭੁਪਿੰਦਰ ਸਿੰਘ ਬਾਠ
ਪਿੰਡ ਪੰਜੋਲੀ ਕਲਾਂ (ਫ਼ਤਹਿਗੜ੍ਹ ਸਾਹਿਬ)।

ਗੁੱਸੇਖੋਰ ਜਵਾਨੀ
ਸਿਆਣਿਆਂ ਦਾ ਕਥਨ ਹੈ ਜਦੋਂ ਕਿਸੇ ਮਨੁੱਖ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਦੀ ਅਕਲ ਬਿਲਕੁਲ ਖਤਮ ਹੋ ਜਾਂਦੀ ਹੈ ਅਤੇ ਉਹ ਇਸ ਗੁੱਸੇ ਵਿਚ ਅੰਨ੍ਹਾ ਹੋਇਆ ਕਈ ਵਾਰ ਅਜਿਹੇ ਕਦਮ ਚੁੱਕ ਬੈਠਦਾ ਹੈ, ਜਿਸ ਨਾਲ ਸਾਰੀ ਜ਼ਿੰਦਗੀ ਪਛਤਾਵੇ ਤੋਂ ਇਲਾਵਾ ਉਸ ਦੇ ਪੱਲੇ ਕੱਖ ਨਹੀਂ ਬਚਦਾ। ਅੱਜ ਦੀ ਜਵਾਨੀ ਸਹਿਣਸ਼ੀਲਤਾ ਦੀ ਘਾਟ ਕਾਰਨ ਲਗਾਤਾਰ ਗੁੱਸੇਖੋਰ ਬਣਦੀ ਜਾ ਰਹੀ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਅੱਗ-ਬਬੂਲੇ ਹੋ ਕੇ ਇਕ-ਦੂਜੇ ਦਾ ਕਤਲ ਕਰਨਾ ਲੋਕਾਂ ਲਈ ਜਿਵੇਂ ਖੇਡ ਹੀ ਬਣਦਾ ਜਾ ਰਿਹਾ ਹੈ। ਭਰਾ ਹੱਥੋਂ ਭਰਾ ਦਾ ਕਤਲ, ਪੁੱਤਰ ਹੱਥੋਂ ਪਿਉ ਦਾ ਕਤਲ, ਪਤੀ ਵੱਲੋਂ ਪਤਨੀ ਦੀ ਹੱਤਿਆ ਅਤੇ ਪਤਨੀ ਵੱਲੋਂ ਪਤੀ ਦੀ ਹੱਤਿਆ ਵਰਗੀਆਂ ਦਿਲ ਕੰਬਾਊ ਖ਼ਬਰਾਂ ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਨੀਆਂ ਆਮ ਹੋ ਗਈਆਂ ਹਨ। ਸੋ, ਅੱਜ ਲੋੜ ਹੈ ਨਿੱਕੇ-ਨਿੱਕੇ ਗੁੱਸੇ-ਗਿਲਿਆਂ ਨੂੰ ਸਹਿਣਸ਼ੀਲਤਾ ਅਤੇ ਠਰੰਮੇ ਨਾਲ ਵੱਡੇ ਗੁੱਸੇ ਗਿਲਿਆਂ ਵਿਚ ਤਬਦੀਲ ਹੋਣ ਤੋਂ ਰੋਕਿਆ ਜਾਵੇ ਤਾਂ ਜੋ ਬਾਅਦ ਵਿਚ ਸਾਰੀ ਜ਼ਿੰਦਗੀ ਦੇ ਪਛਤਾਵੇ ਤੋਂ ਬਚਿਆ ਜਾ ਸਕੇ।

-ਰਾਜਾ ਗਿੱਲ (ਚੜਿੱਕ)
ਮੋ: 94654-11585

1-9-2014

 ਔਰਤਾਂ ਦਾ ਸਤਿਕਾਰ
ਮੈਂ ਦੁਬਈ 'ਚ ਦੇਖਿਆ ਹੈ ਕਿ ਇਥੇ ਔਰਤਾਂ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਜਾਂਦਾ ਹੈ। ਦੂਜੇ ਪਾਸੇ ਭਾਰਤ 'ਚ ਜਬਰ-ਜਨਾਹ ਦੀਆਂ ਘਟਨਾਵਾਂ ਦਾ ਦੌਰ ਏਨਾ ਚਲ ਰਿਹਾ ਹੈ ਕਿ ਜਾਪਦਾ ਹੈ ਕਿ ਆਉਣ ਵਾਲੇ 50 ਸਾਲਾਂ ਤੱਕ ਭਾਰਤ ਨਰਕ ਬਣ ਜਾਵੇਗਾ, ਕਿਉਂਕਿ ਘਰ ਉਦੋਂ ਹੀ ਸੋਹਣਾ ਲਗਦਾ ਹੈ ਜਦੋਂ ਘਰ 'ਚ ਖੁਸ਼ੀਆਂ ਹੀ ਹੋਣ। ਸਰਕਾਰ ਵੱਲੋਂ ਵੀ ਅਜਿਹੇ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਜਿਨ੍ਹਾਂ ਨਾਲ ਸਥਿਤੀਆਂ ਸੁਧਰ ਸਕਣ।

-ਸਰਬਜੀਤ ਸਿੰਘ
ਸੰਯੁਕਤ ਅਰਬ ਅਮੀਰਾਤ
sarbjitvirdi98@gmail.com

ਧੰਨਵਾਦ
ਮੈਂ ਰੋਜ਼ਾਨਾ 'ਅਜੀਤ' ਅਖ਼ਬਾਰ ਪੜ੍ਹਦਾ ਹਾਂ। ਇਸ ਰਾਹੀਂ ਮੈਨੂੰ ਆਪਣੇ ਪੰਜਾਬ ਵਿਚ ਰੋਜ਼ਾਨਾ ਵਾਪਰਨ ਵਾਲੀਆਂ ਸਾਰੀਆਂ ਚੰਗੀਆਂ-ਮਾੜੀਆਂ ਗੱਲਾਂ ਦੀ ਜਾਣਕਾਰੀ ਮਿਲ ਜਾਂਦੀ ਹੈ। ਬਾਹਰ ਬੈਠੇ ਪ੍ਰਵਾਸੀਆਂ ਲਈ ਇਹ ਵਧੀਆ ਗੱਲ ਹੈ, ਅਸੀਂ ਉਸੇ ਦਿਨ ਆਪਣੇ ਵਤਨ ਦੀਆਂ ਸਰਗਰਮੀਆਂ ਬਾਰੇ ਜਾਣ ਲੈਂਦੇ ਹਾਂ। ਤੁਹਾਡਾ ਧੰਨਵਾਦ।

-ਪੂਰਨ ਚੰਦ ਭੋਲੂ
ਦੋਹਾ ਕਤਰ।
bholu2399@gmail.com

ਟ੍ਰੈਫਿਕ ਸਮੱਸਿਆ ਬਾਰੇ
ਪਿਛਲੇ ਦਿਨੀਂ ਆਵਾਜਾਈ ਸਬੰਧੀ ਸੰਪਾਦਕੀ ਲੇਖ ਪੜ੍ਹਿਆ। ਤੁਸੀਂ ਬਹੁਤ ਸਟੀਕ ਸੁਝਾਅ ਦਿੱਤੇ ਹਨ। ਇਸ ਸਬੰਧੀ ਠੋਸ ਕਦਮ ਚੁੱਕਣ ਦੀ ਲੋੜ ਹੈ। ਸੜਕਾਂ ਦੇ ਸੁਧਾਰ ਤੋਂ ਇਲਾਵਾ ਹੋਰ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ। ਮੈਂ ਜਦੋਂ ਵੀ ਪੰਜਾਬ ਜਾਂਦਾ ਹਾਂ, ਦਿੱਲੀ ਉਤਰਦੇ ਸਾਰ ਹੀ ਸੜਕ ਦਾ ਸਫ਼ਰ ਭੈਅ-ਭੀਤ ਕਰ ਦਿੰਦਾ ਹੈ, ਕਿਉਂਕਿ ਜੀ. ਟੀ. ਰੋਡ 'ਤੇ ਸ਼ਾਇਦ ਹੀ ਕੋਈ ਅਜਿਹਾ ਦਿਨ ਹੁੰਦਾ ਹੋਵੇਗਾ ਜਿਸ ਦਿਨ ਕੋਈ ਦੁਰਘਟਨਾ ਨਾ ਵਾਪਰਦੀ ਹੋਵੇ। ਅਸਲ ਵਿਚ ਸਾਡੇ ਭਾਰਤ 'ਚ ਆਵਾਜਾਈ ਦੇ ਨਿਯਮ ਸਿਰਫ਼ ਕਿਤਾਬਾਂ ਵਿਚ ਹੀ ਹੁੰਦੇ ਹਨ। ਹਰ ਕੋਈ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿਚ ਹੁੰਦਾ ਹੈ। ਨਿਯਮ ਜਿੰਨੇ ਮਰਜ਼ੀ ਬਣਾ ਲਵੋ, ਕੋਈ ਇਨ੍ਹਾਂ ਦੀ ਪਾਲਣਾ ਨਹੀਂ ਕਰਦਾ।
ਜਦੋਂ ਤੱਕ ਆਮ ਆਦਮੀ ਖ਼ੁਦ ਸੜਕ ਸੁਰੱਖਿਆ ਬਾਰੇ ਜ਼ਿੰਮੇਵਾਰੀ ਨਹੀਂ ਸਮਝੇਗਾ, ਉਦੋਂ ਤੱਕ ਇਹ ਦੁਰਘਟਨਾਵਾਂ ਹੁੰਦੀਆਂ ਹੀ ਰਹਿਣਗੀਆਂ। ਸਰਕਾਰ ਨੂੰ ਵੀ ਇਸ ਪਾਸੇ ਉਚੇਚਾ ਧਿਆਨ ਦੇਣਾ ਚਾਹੀਦਾ ਹੈ, ਜਿਵੇਂ ਕਿ ਭਾਰਤ ਵਿਚ ਡਰਾਈਵਿੰਗ ਲਾਈਸੈਂਸ ਕਈ ਵਾਰ ਅਜਿਹੇ ਲੋਕਾਂ ਨੂੰ ਵੀ ਮਿਲ ਜਾਂਦਾ ਹੈ, ਜੋ ਇਸ ਦੇ ਹੱਕਦਾਰ ਨਹੀਂ ਹੁੰਦੇ। ਵਧਦੇ ਟ੍ਰੈਫਿਕ ਮੁਤਾਬਿਕ ਸੜਕਾਂ ਨੂੰ ਵੀ ਵਿਸਥਾਰ ਦਿੱਤੇ ਜਾਣ ਦੀ ਲੋੜ ਹੈ।

-ਪਰਮਪਾਲ ਸਿੰਘ
ਬਰਤਾਨੀਆ।
paligandhi@gmail.com

ਹਵਾਈ ਉਡਾਣਾਂ
ਚੰਡੀਗੜ੍ਹ ਦੇ ਹਵਾਈ ਅੱਡੇ ਬਾਰੇ ਖ਼ਬਰ ਪੜ੍ਹ ਕੇ ਬਹੁਤ ਖੁਸ਼ੀ ਹੋਈ। ਬੜੀ ਵਧੀਆ ਗੱਲ ਹੈ ਕਿ ਇਥੇ ਅੰਤਰਰਾਸ਼ਟਰੀ ਉਡਾਣਾਂ ਆਉਣਗੀਆਂ। ਅੰਮ੍ਰਿਤਸਰ ਲਈ ਵੀ ਸਿੰਗਾਪੁਰ ਤੋਂ ਜਾਂ ਹਾਂਗਕਾਂਗ ਤੋਂ ਸਿੱਧੀਆਂ ਉਡਾਣਾਂ ਹੋਣੀਆਂ ਚਾਹੀਦੀਆਂ ਹਨ, ਤਾਂ ਕਿ ਪੰਜਾਬੀ ਵੀਰਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਇਸ ਉਪਰਾਲੇ ਲਈ ਬਹੁਤ ਧੰਨਵਾਦ, ਉਨ੍ਹਾਂ ਨੇ ਸਾਰੇ ਪੰਜਾਬੀਆਂ ਲਈ ਇਹ ਬਹੁਤ ਵਧੀਆ ਕੰਮ ਕੀਤਾ ਹੈ।

-ਰਾਜਾ
ਮਨੀਲਾ
karmjitsingh@yahoo.com

29-8-2014

 ਵਧ ਰਿਹਾ ਗਰਮੀ ਦਾ ਪ੍ਰਭਾਵ

ਅੱਜਕਲ੍ਹ ਲੋਕਾਂ ਨੇ ਆਪਣੇ ਕਮਰੇ ਭਾਵੇਂ ਠੰਢੇ ਕਰ ਲਏ ਹਨ ਏ. ਸੀ. ਵਗੈਰਾ ਦੀ ਮਦਦ ਨਾਲ ਪਰ ਪੂਰੇ ਇਲਾਕੇ 'ਚ ਗਰਮੀ ਵਧ ਗਈ ਹੈ, ਜਿਸ ਨਾਲ ਬੇਜ਼ੁਬਾਨੇ ਪੰਛੀਆਂ ਦੀ ਮੌਤ ਹੋ ਰਹੀ ਹੈ। ਅੱਜ ਆਪਣੇ ਵਾਹਨਾਂ ਵਿਚ ਏ. ਸੀ. ਦਾ ਪ੍ਰਯੋਗ ਕਰ ਰਹੇ ਹਾਂ, ਜਿਸ ਦੇ ਫਲਸਰੂਪ ਘਰਾਂ ਦਾ, ਦਫ਼ਤਰਾਂ ਦਾ, ਵਾਹਨਾਂ ਦਾ ਤਾਪ, ਬਾਹਰ ਵਾਤਾਵਰਨ ਵਿਚ ਸ਼ਮੂਲੀਅਤ ਕਰ ਰਿਹਾ ਹੈ। ਵੱਡੇ-ਵੱਡੇ ਗਲੇਸ਼ੀਅਰ ਵੀ ਆਪਣਾ ਰਕਬਾ ਘਟਾ ਰਹੇ ਹਨ ਭਾਵ ਪਿਘਲ ਰਹੇ ਹਨ, ਜਿਸ ਦੇ ਬੇਹੱਦ ਘਾਤਕ ਸਿੱਟੇ ਨਿਕਲ ਸਕਦੇ ਹਨ। ਵੇਖਣ ਵਿਚ ਆ ਰਿਹਾ ਹੈ ਕਿ ਲੋਕ ਏ.ਸੀ. ਘੱਟ ਤਾਪਮਾਨ 'ਤੇ ਚਲਾਉਂਦੇ ਹਨ, ਜਿਸ ਨਾਲ ਵਾਤਾਵਰਨ ਦੀ ਇਕਸਾਰਤਾ ਭੰਗ ਕਰਦਾ ਹੈ। ਸੋ, ਸਾਨੂੰ ਸਾਰਿਆਂ ਨੂੰ ਆਪਣੇ ਏ.ਸੀ. 25-30 ਡਿਗਰੀ ਤਾਪਮਾਨ ਦੇ ਵਿਚ ਚਲਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ, ਸਿਹਤ ਤੇ ਬਿਜਲੀ ਖਰਚ, ਤਿੰਨਾਂ ਨੂੰ ਸਹੀ ਰੱਖਿਆ ਜਾ ਸਕੇ।

-ਕਰਮਜੀਤ ਸਿੰਘ ਧਾਰੀਵਾਲ
ਨਵੀਂ ਆਬਾਦੀ, ਜੀ.ਟੀ. ਰੋਡ, ਧਾਰੀਵਾਲ।

28-8-2014

 ਆਲ ਇੰਡੀਆ ਗੁਰਦੁਆਰਾ ਐਕਟ
ਹਰਿਆਣਾ ਵਿਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਜੋ ਵਿਵਾਦ ਖੜ੍ਹਾ ਹੋਇਆ ਹੈ, ਉਹ ਸਮੁੱਚੇ ਸਿੱਖ ਪੰਥ ਲਈ ਮੰਦਭਾਗਾ ਹੈ। ਕਿੰਨੀ ਹੈਰਾਨੀ ਭਰੀ ਗੱਲ ਹੈ ਕਿ ਗੁਰਦੁਆਰਿਆਂ ਲਈ ਸਿੱਖਾਂ ਦੀ ਆਪਸੀ ਲੜਾਈ ਗੁਰਦੁਆਰਿਆਂ ਦੀ 'ਸੇਵਾ ਸੰਭਾਲ' ਲਈ ਨਹੀਂ, ਸਗੋਂ ਗੁਰਦੁਆਰਿਆਂ 'ਤੇ ਕਬਜ਼ੇ ਦੀ ਲੜਾਈ ਦਾ ਰੂਪ ਧਾਰਨ ਕਰ ਗਈ ਹੈ। ਗੁਰਦੁਆਰਿਆਂ 'ਤੇ ਕਬਜ਼ੇ ਦੀ ਲੜਾਈ ਦਾ ਅਸਲ ਕਾਰਨ ਸਿਰਫ ਗੁਰਦੁਆਰਿਆਂ ਪ੍ਰਤੀ ਸ਼ਰਧਾ ਜਾਂ ਸਿਰਫ ਗੁਰਦੁਆਰਿਆਂ ਦਾ ਪੈਸਾ ਹੀ ਨਹੀਂ, ਸਗੋਂ ਇਹ ਲੜਾਈ ਗੁਰਦੁਆਰਿਆਂ 'ਤੇ ਕਬਜ਼ਾ ਕਰਕੇ ਰਾਜ ਸੱਤਾ ਵਿਚ ਹਿੱਸਾ ਲੈਣ ਅਤੇ ਰਾਜਨੀਤੀ ਵਿਚ ਸਥਾਪਿਤ ਹੋਣ ਦੀ ਵੀ ਹੈ।
ਇਸ ਸਾਰੇ ਮਸਲੇ ਦੇ ਹੱਲ ਲਈ ਪੁਰਾਣੇ ਆਲ ਇੰਡੀਆ ਗੁਰਦੁਆਰਾ ਐਕਟ ਦੇ ਖਰੜੇ ਨੂੰ ਮੁੜ ਵਿਚਾਰ ਕੇ ਉਸ ਵਿਚ ਨਵੇਂ ਵਕਤ ਅਤੇ ਨਵੇਂ ਹਾਲਾਤਾਂ ਅਨੁਸਾਰ ਸੋਧਾਂ ਕਰਕੇ ਅਕਾਲੀ ਦਲ ਦੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਸੋਚ ਦੇ ਆਧਾਰ 'ਤੇ ਦੇਸ਼ ਦੇ ਹਰ ਰਾਜ ਵਿਚ ਸਥਾਨਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਰਾਜ ਕਮੇਟੀਆਂ ਬਣਾ ਕੇ ਉਨ੍ਹਾਂ ਨੂੰ ਹੱਕ ਸੌਂਪ ਦਿੱਤੇ ਜਾਣ ਅਤੇ ਇਹ ਸਾਰੇ ਇਕ ਸਾਂਝੀ ਕਮੇਟੀ ਅਧੀਨ ਹੋਣ।

-ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।

ਚਿਹਰੇ ਦੀ ਮੁਸਕਾਨ
ਮੁਸਕਾਨ ਕੁਦਰਤ ਵੱਲੋਂ ਦਿੱਤਾ ਮਨੁੱਖ ਨੂੰ ਅਮੁੱਲ ਤੋਹਫ਼ਾ ਹੈ। ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ ਚਿਹਰੇ ਦੀ ਮੁਸਕਾਨ ਤੋਂ ਪਤਾ ਲੱਗ ਜਾਂਦਾ ਹੈ ਕਿ ਮਿਲਣ ਵਾਲਾ ਸਾਨੂੰ ਕਿੰਨਾ ਕੁ ਦਿਲੋਂ ਚਾਹੁੰਦਾ ਹੈ ਜਾਂ ਹੱਥ ਮਿਲਾਉਣਾ ਸਿਰਫ ਖਾਨਾਪੂਰਤੀ ਹੈ। ਜਿਥੋਂ ਤੱਕ ਹੋ ਸਕੇ ਬਨਾਉਟੀ ਮੁਸਕਾਨ ਤੋਂ ਬਚੋ। ਚਿਹਰੇ ਦੀ ਮੁਸਕਾਨ ਤੋਂ ਹੀ ਤੁਹਾਡੇ ਸੁਭਾਅ, ਸਲੀਕੇ, ਸਹਿਜ ਗੁਣਾਂ ਦਾ ਅਨੁਮਾਨ ਵੀ ਲੱਗ ਜਾਂਦਾ ਹੈ। ਮੁਸਕਾਨ ਇਕ ਕੁਦਰਤੀ ਸ਼ਿੰਗਾਰ ਹੈ, ਜੋ ਸਾਡੇ ਚਿਹਰੇ ਨੂੰ ਬਿਨਾਂ ਕੁਝ ਖਰਚਿਆਂ ਚਾਰ ਚੰਨ ਲਾ ਦਿੰਦਾ ਹੈ। ਯਾਦ ਰਹੇ ਮੁਸਕਾਨ ਤੁਹਾਡੀ ਸ਼ਖ਼ਸੀਅਤ ਦੀ ਪਛਾਣ ਹੈ। ਇਕ ਵਾਰ ਹੱਸਦੇ ਚਿਹਰੇ ਨਾਲ ਇਸ ਕਾਇਨਾਤ ਨੂੰ ਨਿਹਾਰਨ ਦੀ ਕੋਸ਼ਿਸ਼ ਕਰੋ, ਫਿਰ ਇਹ ਪ੍ਰਕਿਰਤੀ, ਬ੍ਰਹਿਮੰਡ ਵੀ ਤੁਹਾਡੇ ਨਾਲ ਹੱਸਦੇ ਹੋਣਗੇ। ਇਥੇ ਵਰਨਣਯੋਗ ਹੈ ਕਿ ਅੱਜ ਦੀ ਤੇਜ਼ ਅਤੇ ਥੱਕੀ-ਟੁੱਟੀ ਜ਼ਿੰਦਗੀ ਵਿਚ ਹੱਸਣਾ ਸਭ ਤੋਂ ਔਖਾ ਹੈ। ਇਸ ਲਈ ਆਪਣੀ ਮੁਸਕਾਨ ਨੂੰ ਫਿੱਕਾ ਨਾ ਹੋਣ ਦਿਓ। ਮੁਸਕਾਨ ਅਤੇ ਨਿਮਰਤਾ ਇਨਸਾਨੀ ਜ਼ਿੰਦਗੀ ਦੇ ਦੋ ਅਹਿਮ ਗਹਿਣੇ ਹਨ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਨਾ ਧੀਆਂ ਨਾ ਤੀਆਂ
ਵਿਗਿਆਨਕ ਤਰੱਕੀ ਨੇ ਸਾਡਾ ਕੱਦ ਭਾਵੇਂ ਬਹੁਤ ਉੱਚਾ ਕਰ ਦਿੱਤਾ ਹੈ ਪਰ ਰਿਸ਼ਤਿਆਂ-ਨਾਤਿਆਂ ਦੇ ਮੁਕਾਬਲੇ ਅਸੀਂ ਬੌਣੇ ਜਿਹੇ ਜਾਪਦੇ ਹਾਂ। ਤਰੱਕੀ ਕਰਕੇ ਚੰਦ 'ਤੇ ਪਹੁੰਚ ਗਏ ਪਰ ਗੁਆਂਢੀ ਨੂੰ ਜਾਣਦੇ ਨਹੀਂ। ਇਸ ਵਾਰ ਸਾਵਣ ਮਹੀਨੇ 'ਚ ਤੁਸੀਂ ਵੇਖਿਆ ਹੋਵੇਗਾ ਕਿ ਕਿੰਨੀਆਂ ਕੁ ਤੀਆਂ ਲੱਗੀਆਂ ਤੇ ਕੁੜੀਆਂ ਨੇ ਕਿੰਨੇ ਕੁ ਚਾਅ ਮਨਾਏ? ਅਸੀਂ ਮੂੰਹੋਂ ਭਾਵੇਂ ਨਾ ਬੋਲੀਏ ਪਰ ਜਾਣਦੇ ਜ਼ਰੂਰ ਹਾਂ, ਕਿਉਂਕਿ ਅਸੀਂ ਹੀ ਕਸੂਰਵਾਰ ਹਾਂ ਧੀਆਂ ਦੇ ਤੇ ਤੀਆਂ ਦੇ, ਕਿਉਂਕਿ ਜਦ ਸਾਡੀ ਕੁੱਖੋਂ ਧੀਆਂ ਮੁੱਕ ਗਈਆਂ ਤਾਂ ਤੀਆਂ ਵੀ ਮੁੱਕ ਗਈਆਂ। ਹੁਣ ਸਾਵਣ ਮਹੀਨਾ ਇਕ ਵਿਧਵਾ ਬਣ ਕੇ ਰਹਿ ਗਿਆ। ਹੁਣ ਅਸਲੀ ਤੀਆਂ ਦੀ ਥਾਂ ਬਨਾਉਟੀ ਤੀਆਂ ਲਾਈਆਂ ਜਾਂਦੀਆਂ ਨੇ। ਸਾਲ ਦੇ 12 ਮਹੀਨਿਆਂ ਵਿਚੋਂ ਸਾਵਣ ਦਾ ਮਹੀਨਾ ਕੁੜੀਆਂ-ਚਿੜੀਆਂ ਲਈ ਬਹੁਤ ਮਹੱਤਵ ਰੱਖਦਾ ਹੈ, ਕਿਉਂਕਿ ਇਕ-ਦੂਜੇ ਤੋਂ ਵਿਛੜੀਆਂ ਸਹੇਲੀਆਂ ਇਸ ਮਹੀਨੇ ਮਿਲਦੀਆਂ ਨੇ ਤੇ ਦੁੱਖ-ਸੁੱਖ ਕਰਦੀਆਂ ਨੇ। ਜੇ ਅਸੀਂ ਇਹ ਰਿਸ਼ਤੇ-ਨਾਤੇ ਤੋੜ ਰਹੇ ਹਾਂ ਤਾਂ ਰੱਬ ਦੀ ਨਾਰਾਜ਼ਗੀ ਵੀ ਵਧ ਰਹੀ ਹੈ। ਵੇਖ ਲਵੋ ਸਾਵਣ ਮਹੀਨਾ ਸੁੱਕਾ ਹੀ ਲੰਘ ਗਿਆ ਰੱਬ ਨੇ ਵੀ ਮੀਂਹ ਨਹੀਂ ਪਾਇਆ।

-ਗੁਰਪ੍ਰੀਤ ਸਿੰਘ ਮਾਨ
ਪਿੰਡ ਤੇ ਡਾਕ: ਮੌੜ (ਫਰੀਦਕੋਟ)।

ਨਸ਼ਾ ਛੁਡਾਊ ਮੁਹਿੰਮ
ਲੋਕ ਸਭਾ 2014 ਦੀਆਂ ਹੋਈਆਂ ਵੋਟਾਂ ਦਾ ਇਕ ਫਾਇਦਾ ਇਹ ਵੀ ਹੋਇਆ ਕਿ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਜੋ ਨਿਰਵਿਘਨ ਵਗ ਰਿਹਾ ਸੀ, ਉਸ ਨੂੰ ਠੱਲ੍ਹ ਜ਼ਰੂਰ ਪੈ ਰਹੀ ਹੈ। ਬੇਸ਼ੱਕ ਇਹ ਕਾਰਵਾਈ ਕੁਝ ਸਮਾਂ ਲੇਟ ਹੋ ਗਈ ਹੈ, ਕਿਉਂਕਿ ਹੁਣ ਤੱਕ ਨਸ਼ਿਆਂ ਦੇ ਕਾਰਨ ਕਈਆਂ ਦੇ ਘਰ ਉੱਜੜ ਚੁੱਕੇ ਹਨ। ਚਲੋ, ਫਿਰ ਵੀ ਦੇਰ ਆਏ ਦਰੁਸਤ ਆਏ। ਇਕ ਗੱਲ ਜੋ ਚੰਗੀ ਲੱਗੀ ਕਿ ਨਸ਼ਈ ਖ਼ੁਦ ਹੀ ਹਸਪਤਾਲਾਂ ਵਿਚ ਜਾ ਕੇ ਆਪਣੇ ਨਸ਼ੇ ਛੱਡਣ ਦੀ ਫਰਿਆਦ ਕਰ ਰਹੇ ਹਨ। ਹਸਪਤਾਲਾਂ ਵਿਚ ਨਸ਼ਾ ਛੱਡਣ ਵਾਲੀ ਦਵਾਈ ਦਾ ਨਾ ਮਿਲਣਾ (ਖ਼ਤਮ ਹੋਣਾ) ਕਾਫੀ ਮੰਦਭਾਗਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮੁਹਿੰਮ ਨੂੰ ਸਿਖਰ ਤੱਕ ਪਹੁੰਚਾਉਣ ਲਈ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਅਤੇ ਰਹਿਣ-ਸਹਿਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ। ਸਰਹੱਦੋਂ ਪਾਰ ਤੋਂ ਆਉਂਦੇ ਨਸ਼ੇ 'ਤੇ ਵੀ ਕਰੜੀ ਨਿਗ੍ਹਾ ਰੱਖੀ ਜਾਵੇ, ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਇਸ ਨਸ਼ਿਆਂ ਰੂਪੀ ਦਲਦਲ 'ਚੋਂ ਨਿਕਲ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕੇ।

-ਬਲਵੰਤ ਸਿੰਘ ਗਿਆਸਪੁਰਾ
ਮੋ: 98887-47151

27-8-2014

 ਸਫ਼ਾਈ
ਅਕਸਰ ਵੇਖਣ ਵਿਚ ਆਉਂਦਾ ਹੈ ਕਿ ਜ਼ਮੀਨਾਂ ਦੇ ਕਿਨਾਰਿਆਂ 'ਤੇ, ਜਿਥੋਂ ਪੈਲੀ ਸੜਕ ਨਾਲ ਲਗਦੀ ਹੈ, ਬਿਲਕੁਲ ਨਾਲ-ਨਾਲ ਭੰਗ ਬਹੁਤ ਉੱਗੀ ਹੁੰਦੀ ਹੈ। ਇਸ ਦਾ ਸਾਥ ਕਾਂਗਰਸੀ ਬੂਟੀ ਵੀ ਬਰਾਬਰ ਦਿੰਦੀ ਹੈ। ਸਾਨੂੰ ਆਪਣੀਆਂ ਪੈਲੀਆਂ ਵਿਚਲੇ ਨਦੀਨ ਤਾਂ ਨਹੀਂ ਭੁੱਲਦੇ ਪਰ ਕਿਨਾਰਿਆਂ 'ਤੇ ਭੰਗ ਜ਼ਰੂਰ ਭੁੱਲ ਜਾਂਦੀ ਹੈ। ਪਿੰਡਾਂ ਦੇ ਰਾਹ ਛੋਟੇ ਹੁੰਦੇ ਹਨ। ਪਰ ਅੱਜਕਲ੍ਹ ਕਾਰਾਂ ਦੀ ਗਿਣਤੀ ਪਹਿਲਾਂ ਨਾਲੋਂ ਬਹੁਤ ਵੱਧ ਚੁੱਕੀ ਹੈ। ਸੋ, ਹਰ ਮੋੜ 'ਤੇ ਮੋਟਰਸਾਈਕਲਾਂ ਤੇ ਸਾਈਕਲਾਂ ਵਾਲਿਆਂ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਸਗੋਂ ਹਰ ਵਾਹਨ ਹੀ ਖ਼ਤਰਨਾਕ ਬਣ ਜਾਂਦਾ ਹੈ। ਕੁਝ ਦਿਖਾਈ ਨਹੀਂ ਦਿੰਦਾ। ਇਹ ਇਕ ਤਰ੍ਹਾਂ ਦੀ ਸੱਪਾਂ ਲਈ ਵੀ ਲੁਕਣਗਾਹ ਦਾ ਕੰਮ ਕਰ ਰਹੀ ਹੈ। ਸਿਹਤ ਨਾਲ ਤਾਂ ਖਿਲਵਾੜ ਕਰਦੀ ਹੀ ਹੈ। ਇਸ ਲਈ ਸਾਡਾ ਸਾਰਿਆਂ ਦਾ ਨਿੱਜੀ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ-ਆਪਣੀ ਜ਼ਮੀਨ ਦੀ ਸਫ਼ਾਈ ਰੱਖੀਏ, ਭਾਵੇਂ ਦਵਾਈ ਪਾ ਕੇ ਭੰਗ ਸਾੜੀਏ ਭਾਵੇਂ ਵੱਢ ਦੇਈਏ।

-ਕਰਮਜੀਤ ਸਿੰਘ ਧਾਰੀਵਾਲ
ਨਵੀਂ ਆਬਾਦੀ, ਜੀ.ਟੀ. ਰੋਡ, ਧਾਰੀਵਾਲ।

ਸਕੂਲ ਬੱਸਾਂ ਬਾਰੇ
ਨਿੱਜੀ ਸਕੂਲਾਂ ਦੀਆਂ ਬੱਸਾਂ ਵਿਚ ਸਮਰੱਥਾ ਤੋਂ ਵੱਧ ਬੱਚੇ ਬਿਠਾਉਣੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੈ। ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਤੋਂ ਅਕਸਰ ਪਤਾ ਲਗਦਾ ਹੈ ਕਿ ਜੋ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ, ਉਸ ਵਿਚ ਬੱਚੇ ਬੱਸ ਦੀ ਸਮਰੱਥਾ ਤੋਂ ਵੱਧ ਸਵਾਰ ਸਨ। ਕੀ ਇਹ ਸਕੂਲ ਮੁਖੀਆਂ ਦੀ ਮਜਬੂਰੀ ਹੈ ਕਿ ਉਨ੍ਹਾਂ ਨੂੰ ਆਪਣੇ ਸਕੂਲ ਚਲਾਉਣ ਲਈ ਅਜਿਹਾ ਕਰਨਾ ਪੈ ਰਿਹਾ ਹੈ ਜਾਂ ਫਿਰ ਬੱਚਿਆਂ ਦੇ ਮਾਪਿਆਂ ਦੀ ਮਜਬੂਰੀ ਹੈ ਕਿ ਉਹ ਆਪਣੇ ਬੱਚਿਆਂ ਦੀ ਸਕੂਲ ਬੱਸ ਦਾ ਕਿਰਾਇਆ ਨਹੀਂ ਚੁਕਾ ਸਕਦੇ? ਜੇਕਰ ਇਕ ਬੱਸ ਪੰਜਾਹ ਬੱਚੇ ਲਿਜਾਣ ਦੇ ਸਮਰੱਥ ਹੈ ਤਾਂ ਸਕੂਲਾਂ ਵਾਲਿਆਂ ਦੀ ਅੱਸੀ ਬੱਚੇ ਲਿਜਾਣ ਦੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਪੰਜਾਹ ਬੱਚਿਆਂ ਦੇ ਕਿਰਾਏ ਨਾਲ ਉਨ੍ਹਾਂ ਦੇ ਬੱਸ ਖਰਚੇ ਪੂਰੇ ਨਹੀਂ ਹੁੰਦੇ। ਜੇਕਰ ਸੂਬਾ ਸਰਕਾਰ ਚਾਹੇ ਕਿ ਬੱਚੇ ਸਕੂਲ ਬੱਸ ਵਿਚ ਸੀਟਾਂ 'ਤੇ ਬੈਠ ਕੇ ਜਾਣ-ਆਉਣ ਤਾਂ ਸਰਕਾਰਾਂ ਨੂੰ ਇਨ੍ਹਾਂ ਬੱਸਾਂ ਦੇ ਟੈਕਸ ਮਾਫ ਕਰ ਦੇਣੇ ਚਾਹੀਦੇ ਹਨ। ਭਾਵ ਜਿਹੜਾ ਕਿਰਾਏ ਦਾ ਵਾਧੂ ਭਾਰ ਬੱਚਿਆਂ ਦੇ ਮਾਪਿਆਂ ਨੂੰ ਝੱਲਣਾ ਪੈਂਦਾ ਹੈ। ਸੂਬਾ ਸਰਕਾਰਾਂ ਟੈਕਸ ਮਾਫ ਕਰਕੇ ਆਪਣੇ ਜਿੰਮੇ ਲੈਣ ਫਿਰ ਹੀ ਮਜਬੂਰ ਸਕੂਲ ਮੁਖੀ ਅਤੇ ਮਜਬੂਰ ਬੱਚਿਆਂ ਦੇ ਮਾਪੇ ਸੁੱਖ ਦਾ ਸਾਹ ਲੈ ਸਕਦੇ ਹਨ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਅਜੋਕਾ ਭਾਰਤ
ਭਾਰਤ 68 ਸਾਲ ਦੀ 'ਆਜ਼ਾਦੀ' ਤੋਂ ਬਾਅਦ ਵੀ ਸਿੱਖਿਆ ਦੇ ਖੇਤਰ ਵਿਚ ਦੁਨੀਆ ਦੇ ਵਿਕਸਿਤ ਦੇਸ਼ਾਂ ਨਾਲੋਂ ਕਿਤੇ ਪਛੜਿਆ ਹੋਇਆ ਹੈ। ਭਾਰਤ ਦੇ 80 ਫ਼ੀਸਦੀ ਲੋਕ 20 ਰੁਪਏ ਦਿਹਾੜੀ ਨਾਲ ਗੁਜ਼ਾਰਾ ਕਰਨ ਲਈ ਮਜਬੂਰ ਹਨ। ਅਜਿਹੀ ਹਾਲਤ 'ਚ ਜਦੋਂ ਲੋਕਾਂ ਦਾ ਢਿੱਡ ਹੀ ਨਾ ਭਰਦਾ ਹੋਵੇ ਤਾਂ ਉਹ ਆਪਣੇ ਬੱਚਿਆਂ ਨੂੰ ਵਿੱਦਿਆ ਕਿਵੇਂ ਦਿਵਾ ਸਕਦੇ ਹਨ? ਸਿਰਫ 4 ਫ਼ੀਸਦੀ ਪੇਂਡੂ ਬੱਚੇ ਹੀ ਯੂਨੀਵਰਸਿਟੀਆਂ ਤੱਕ ਪਹੁੰਚਦੇ ਹਨ। ਪੰਜਾਬ 'ਚ ਸਰਕਾਰੀ ਸਕੂਲਾਂ ਦੀ ਹਾਲਤ ਵੀ ਚਿੰਤਾਜਨਕ ਹੈ। 'ਸਿੱਖਿਆ ਦਾ ਅਧਿਕਾਰ ਕਾਨੂੰਨ', 'ਸਰਵ ਸਿੱਖਿਆ ਅਭਿਆਨ' ਵੀ ਮਹਿਜ ਕਾਗਜ਼ੀ ਖਾਨਾਪੂਰਤੀ ਹੈ।

-ਰਣਦੀਪ ਸੰਗਤਪੁਰਾ
ਲਹਿਰਾਗਾਗਾ।

26-8-2014

 ਇਹ ਸ਼ੋਭਾ ਨਹੀਂ ਦਿੰਦਾ
ਬਾਲੀਵੁੱਡ ਸਟਾਰ ਆਮਿਰ ਖ਼ਾਨ ਦੀ ਰਿਲੀਜ਼ ਹੋਣ ਵਾਲੀ ਫਿਲਮ ਪੀ. ਕੇ. ਦੀ ਪ੍ਰਮੋਸ਼ਨ ਦੇ ਲਈ ਜਾਰੀ ਕੀਤੀ ਨਗਨ ਤਸਵੀਰ ਸਮਾਜ ਦੇ ਲਈ ਸਹੀ ਨਹੀਂ, ਫਿਲਮ ਸਟਾਰ ਸਮਾਜ ਦੇ ਲਈ ਆਦਰਸ਼ ਹੁੰਦੇ ਹਨ, ਸਿਰਫ਼ ਪੈਸੇ ਤੇ ਪ੍ਰਮੋਸ਼ਨ ਦੇ ਲਈ ਅਜਿਹਾ ਕਰਨਾ ਸਹੀ ਨਹੀਂ ਹੈ, ਇਹ ਸ਼ਰਮਨਾਕ ਹੈ, ਉਨ੍ਹਾਂ ਦੇ ਅਜਿਹਾ ਕਰਨ ਨਾਲ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਆਮਿਰ ਖ਼ਾਨ ਸੱਤਿਆਮੇਵ ਜਯਤੇ ਰਾਹੀਂ ਲੋਕਾਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਪੇਸ਼ ਕਰਕੇ ਉਨ੍ਹਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਸੀ ਅਤੇ ਉਥੇ ਹੀ ਦੂਸਰੀ ਤਰਫ਼ ਨਗਨ ਤਸਵੀਰ ਜਾਰੀ ਕੀਤੇ, ਉਨ੍ਹਾਂ ਨੂੰ ਆਪਣੇ ਫੈਸਲੇ 'ਤੇ ਦੁਬਾਰਾ ਸੋਚਣਾ ਚਾਹੀਦਾ ਹੈ।

-ਸੇਵਾ ਰਾਮ ਬਰੇਟਾ
ਸਮਾਜ ਸੇਵਕ, ਬਠਿੰਡਾ।

ਸੰਪਤੀ ਨੁਕਸਾਨ ਰੋਕੂ ਬਿੱਲ
ਪਿਛਲੇ ਦਿਨੀਂ ਸਾਡੀ ਸੂਬਾ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ 'ਚ 'ਸੰਪਤੀ ਨੁਕਸਾਨ ਰੋਕੂ ਬਿੱਲ' ਪਾਸ ਕੀਤਾ ਗਿਆ ਹੈ। ਇਸ ਬਿੱਲ ਤਹਿਤ ਬਣਨ ਵਾਲੇ ਕਾਨੂੰਨ ਮੁਤਾਬਿਕ ਜੇ ਕੋਈ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਕਿਸੇ ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੂੰ ਦੋ ਸਾਲ ਤੱਕ ਕੈਦ ਅਤੇ ਤਿੰਨ ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ। ਉਂਜ ਦੇਖਣ ਨੂੰ ਤਾਂ ਇਹ ਕਾਨੂੰਨ ਦੇਸ਼ ਜਾਂ ਸੂਬੇ ਦੇ ਹਿੱਤ 'ਚ ਜਾਪਦਾ ਹੈ। ਪਰ ਅਸਲ ਵਿਚ ਸਾਡੀਆਂ ਸਰਕਾਰਾਂ ਇਸ ਕਾਨੂੰਨ ਨੂੰ ਲਾਗੂ ਕਰਕੇ, ਸਰਕਾਰਾਂ ਪਾਸੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੇ ਲੋਕਾਂ ਦੀ 'ਲੋਕ-ਆਵਾਜ਼' ਨੂੰ ਟੇਢੇ ਢੰਗ ਨਾਲ ਕੁਚਲਣਾ ਚਾਹੁੰਦੀਆਂ ਹਨ। ਆਉਣ ਵਾਲੇ ਸਮੇਂ 'ਚ ਇਸ ਕਾਲੇ ਕਾਨੂੰਨ ਦੇ ਬੜੇ ਮਾੜੇ ਨਤੀਜੇ ਨਿਕਲਣਗੇ। ਕੁਝ ਕੁ ਜਾਗਰੂਕ ਲੋਕਾਂ ਜਾਂ ਜਥੇਬੰਦੀਆਂ ਵੱਲੋਂ ਇਸ ਲੋਕ-ਮਾਰੂ ਕਾਨੂੰਨ ਦੀ ਵਿਰੋਧਤਾ ਕੀਤੀ ਜਾ ਰਹੀ ਹੈ। ਸਾਨੂੰ ਸਾਰਿਆਂ ਨੂੰ ਹੀ ਲਾਮਬੰਦ ਹੋ ਕੇ ਇਸ ਨੂੰ ਵਾਪਸ ਕਰਵਾਉਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

-ਯਸ਼ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

'ਟੈੱਟ' ਪਾਸ ਬੇਰੁਜ਼ਗਾਰ ਕਿਉਂ?
ਸਾਲ 2011 ਤੋਂ ਸ਼ੁਰੂ ਕੀਤੀ ਇਸ ਪ੍ਰੀਖਿਆ ਰਾਹੀਂ ਪਿਛਲੇ ਤਿੰਨ ਸਾਲਾਂ 'ਚ ਪੰਜਾਬ ਸਰਕਾਰ ਨੇ ਸਿਰਫ਼ 1872 ਉਮੀਦਵਾਰਾਂ ਨੂੰ ਨੌਕਰੀ ਦਿੱਤੀ ਹੈ ਜਦੋਂ ਕਿ ਹੁਣ ਤੱਕ ਟੈੱਟ ਪਾਸ 18000 ਦੇ ਕਰੀਬ ਬੇਰੁਜ਼ਗਾਰੀ ਦੁਆਰਾ ਝੰਬੇ ਹੋਏ ਅਧਿਆਪਕ ਆਪਣਾ ਹੱਕ ਪ੍ਰਾਪਤ ਕਰਨ ਲਈ ਸੜਕਾਂ 'ਤੇ ਸੰਘਰਸ਼ ਕਰ ਰਹੇ ਹਨ। ਜੇਕਰ ਸਰਕਾਰ ਨੇ ਟੈੱਟ ਪਾਸ ਅਧਿਆਪਕਾਂ ਨੂੰ ਨੌਕਰੀ ਨਹੀਂ ਦੇਣੀ ਤਾਂ ਫਿਰ ਇਸ ਪ੍ਰੀਖਿਆ ਦਾ ਕੀ ਮਹੱਤਵ ਹੈ? ਚਾਹੀਦਾ ਇਹ ਹੈ ਕਿ ਜਿਹੜੇ ਉਮੀਦਵਾਰ ਟੈੱਟ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਪਹਿਲਾਂ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇ ਅਤੇ ਉਸ ਤੋਂ ਬਾਅਦ ਕੋਈ ਨਵਾਂ ਟੈਸਟ ਲਿਆ ਜਾਵੇ। ਕੀ ਸਰਕਾਰ ਇਹ ਸਮਝਦੀ ਹੈ ਕਿ ਈ.ਟੀ.ਟੀ. ਅਤੇ ਬੀ.ਐੱਡ ਵਰਗੇ ਕੋਰਸ ਕਰਕੇ ਵੀ ਕੋਈ ਉਮੀਦਵਾਰ ਟੈੱਟ ਦੀ ਪ੍ਰੀਖਿਆ ਪਾਸ ਕੀਤੇ ਬਿਨਾਂ ਅਧਿਆਪਕ ਬਣਨ ਦੇ ਯੋਗ ਨਹੀਂ ਹੁੰਦਾ? ਜੇਕਰ ਅਜਿਹਾ ਹੈ ਤਾਂ ਫਿਰ ਸਰਕਾਰ ਈ.ਟੀ.ਟੀ. ਅਤੇ ਬੀ.ਐੱਡ ਦੇ ਕੋਰਸ ਬੰਦ ਕਰ ਦੇਵੇ। ਇਸ ਮਹਿੰਗਾਈ ਦੇ ਦੌਰ 'ਚ ਸਰਕਾਰ ਨੂੰ ਬੇਰੁਜ਼ਗਾਰ ਨੌਜਵਾਨਾਂ ਦਾ ਦਰਦ ਮਹਿਸੂਸ ਕਰਦੇ ਹੋਏ ਬਿਨਾਂ ਹੋਰ ਦੇਰ ਕੀਤੇ ਉਨ੍ਹਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਅਤੇ ਆਪਣੇ ਸੰਕਲਪ 'ਰਾਜ ਨਹੀਂ ਸੇਵਾ' ਦੀ ਲਾਜ ਰੱਖਣੀ ਚਾਹੀਦੀ ਹੈ।

-ਸੰਦੀਪ ਆਰੀਆ
ਬੀ-774, ਆਰੀਆ ਨਗਰ, ਫ਼ਾਜ਼ਿਲਕਾ।

ਪਾਣੀ ਦਾ ਡਿਗਦਾ ਪੱਧਰ
ਪਾਣੀ ਦੀ ਸਮੱਸਿਆ ਇਕੱਲੇ ਕਿਸਾਨ ਵਰਗ ਨਾਲ ਸਬੰਧਤ ਨਹੀਂ ਹੈ। ਸਾਰੇ ਪੰਜਾਬੀਆਂ ਨੂੰ ਇਸ ਖ਼ਤਰਨਾਕ ਚੁਣੌਤੀ ਵੱਲ ਗਹਿਰਾ ਧਿਆਨ ਦੇਣ ਦੀ ਲੋੜ ਹੈ। ਹਰ ਸਾਲ ਲਗਭਗ ਦੋ ਫੁੱਟ ਪਾਣੀ ਹੇਠਾਂ ਚਲਿਆ ਜਾਣਾ ਧਰਤੀ ਹੇਠਲੇ ਜਲ ਭੰਡਾਰ ਦੇ ਘਟਦੇ ਅਤੇ ਖ਼ਤਮ ਹੋ ਰਹੇ ਜਲ-ਭੰਡਾਰ ਲਈ ਖ਼ਤਰੇ ਦੀ ਘੰਟੀ ਹੈ। ਜੇਕਰ ਅਸੀਂ ਸਮੂਹ ਪੰਜਾਬੀ ਇਸ ਸਮੱਸਿਆ ਅਰਥਾਤ ਪਾਣੀ ਦੀ ਬੱਚਤ ਲਈ ਸਾਵਧਾਨ ਨਹੀਂ ਹੋਵਾਂਗੇ ਤਾਂ ਨਿਕਟ ਭਵਿੱਖ ਵਿਚ ਪੰਜਾਬ ਵੀ ਰਾਜਸਥਾਨ ਵਾਂਗ ਮਾਰੂਥਲ ਦਾ ਰੂਪ ਅਖ਼ਤਿਆਰ ਕਰ ਜਾਵੇਗਾ। ਕੁਦਰਤ ਦੀ ਇਸ ਅਮੋਲਕ ਦਾਤ ਨਾਲ ਹੀ ਸਮੁੱਚੀ ਕਾਇਨਾਤ, ਬਨਸਪਤੀ, ਜੀਵ-ਜੰਤੂਆਂ, ਪਸ਼ੂਆਂ, ਮਨੁੱਖਾਂ ਆਦਿ ਦਾ ਭਲਾ ਹੈ। ਸੋ, ਇਸ ਦੀ ਸਾਂਭ-ਸੰਭਾਲ ਕਰਨੀ ਸਾਡਾ ਮੁਢਲਾ ਫਰਜ਼ ਹੈ। ਇਸ ਨੂੰ ਪੂਰੀ ਤਨ, ਮਨ ਅਤੇ ਧਨ ਦੀ ਸਮਰੱਥਾ ਨਾਲ ਸਮੂਹਿਕ ਉਪਰਾਲੇ ਨਾਲ ਸੰਭਾਲਣ ਦੀ ਫੌਰੀ ਲੋੜ ਹੈ।

-ਜਸਕਰਨ ਸਿੰਘ
ਦਸਮੇਸ਼ ਨਗਰ, ਲੁਧਿਆਣਾ।

ਸ਼ਰਧਾ ਬਨਾਮ ਸਿਆਸਤ
ਹਰਿਆਣਾ ਵਿਖੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਕਾਨੂੰਨ ਪਾਸ ਹੋ ਜਾਣ ਤੋਂ ਬਾਅਦ ਜੋ ਸਥਿਤੀ ਪੈਦਾ ਹੋਈ, ਛੋਟੀਆਂ-ਮੋਟੀਆਂ ਗੱਲਾਂ ਨੂੰ ਛੱਡ ਕੇ ਇਹ ਸਭ ਸਿਆਸੀ ਖੇਡ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਲੜਾਉਣ ਵਾਲੇ ਆਗੂਆਂ ਦਾ ਸਵਾਰਥ ਹੈ। ਕਿਉਂਕਿ ਲੋਕਾਂ ਨੂੰ ਭੜਕਾਉਣ ਤੋਂ ਪਹਿਲਾਂ ਹੀ ਇਨ੍ਹਾਂ ਨੇ ਅਹੁਦੇ ਸੰਭਾਲੇ ਹੁੰਦੇ ਹਨ। ਇਹ ਲੜਾਈ ਕੇਵਲ ਚੌਧਰ, ਕੁਰਸੀ, ਅਹੁਦਾ, ਪ੍ਰਸਿੱਧੀ ਤੇ ਗੋਲਕ ਦੀ ਹੈ। ਸੇਵਾ-ਸੰਭਾਲ ਤਾਂ ਸ਼ਰਧਾ ਤੇ ਨਿਮਰਤਾ ਨਾਲ ਹੁੰਦੀ ਹੈ, ਹਉਮੈ ਨਾਲ ਨਹੀਂ। ਪੂਜਾ ਅਸਥਾਨ 'ਤੇ 'ਕਬਜ਼ਾ' ਕਿੰਨਾ ਬੇਹੂਦਾ ਸ਼ਬਦ ਹੈ। 'ਧਰਮ ਬਿਨਾਂ ਸਭ ਦਲੇ ਮਲੇ ਹੈਂ' ਵਾਲੀ ਸਥਿਤੀ ਪ੍ਰਤੱਖ ਨਜ਼ਰ ਆਉਂਦੀ ਸੀ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

25-8-2014

 ਅਜੀਤ ਹਰਿਆਵਲ ਲਹਿਰ
ਇਹ ਪੜ੍ਹਕੇ ਬੜਾ ਉਤਸ਼ਾਹ ਅਤੇ ਖੁਸ਼ੀ ਹੋਈ ਹੈ ਕਿ 'ਅਜੀਤ ਹਰਿਆਵਲ ਲਹਿਰ' ਦਾ ਚੌਥਾ ਪੜਾਅ ਸ਼ੁਰੂ ਹੋ ਗਿਆ ਹੈ। ਮਨੁੱਖ ਕੁਦਰਤ ਨਾਲ ਛੇੜ-ਛਾੜ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ। ਗੁਰਬਾਣੀ ਵਿਚ ਵੀ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਸਾਨੂੰ ਵੀ ਇਸ ਦਾ ਹਾਰ-ਸ਼ਿੰਗਾਰ ਕਰਨ ਵਿਚ ਬਹੁਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਮੌਸਮ ਦੇ ਮੁਤਾਬਿਕ ਬੂਟੇ ਲਾਉਣੇ ਚਾਹੀਦੇ ਹਨ। ਲੋੜ ਹੈ ਰੁੱਖਾਂ ਦੀ ਅਹਿਮੀਅਤ ਸਮਝਣ ਦੀ। ਰੁੱਖ ਸਾਨੂੰ ਆਕਸੀਜਨ ਦਿੰਦੇ ਹਨ। ਇਸੇ ਤਾਜ਼ੀ ਹਵਾ ਕਾਰਨ ਅਸੀਂ ਜੀਵਤ ਹਾਂ। ਆਓ! ਆਪਾਂ ਸਾਰੇ ਮਿਲ ਕੇ ਹੰਭਲਾ ਮਾਰੀਏ, ਧਰਤੀ ਨੂੰ ਰੁੱਖਾਂ ਦੀ ਚਾਦਰ ਨਾਲ ਭਰ ਦੇਈਏ। ਮੇਰੇ ਵੱਲੋਂ 'ਅਜੀਤ' ਦੇ ਸਮੂਹ ਪਾਠਕਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਸਾਰੇ ਚੌਗਿਰਦੇ ਨੂੰ ਖੂਬਸੂਰਤ ਅਤੇ ਹਰਿਆ-ਭਰਿਆ ਬਣਾ ਕੇ ਪੰਜਾਬ ਦੇ ਰੁੱਖੇ ਅਤੇ ਖੁਸ਼ਕ ਮੁਹਾਂਦਰੇ ਨੂੰ ਖੁਸ਼ੀ ਅਤੇ ਖੁਸ਼ਹਾਲੀ ਪ੍ਰਦਾਨ ਕਰੀਏ। ਆਓ, ਅਸੀਂ ਸਭ ਰਲ ਕੇ ਇਸ ਵਣ ਮਹਾਂਉਤਸਵ ਤੇ ਹਰਿਆਵਲ ਲਹਿਰ ਨੂੰ ਹੋਰ ਕਾਮਯਾਬ ਬਣਾਈਏ ਤੇ ਸਾਡੀ ਬੰਜਰ ਹੋ ਰਹੀ ਧਰਤ ਨੂੰ ਮੁੜ ਤੋਂ ਰੁੱਖਾਂ ਨਾਲ ਸ਼ਿੰਗਾਰ ਦੇਈਏ।

-ਰਾਜਵੰਤ ਸਿੰਘ ਰਾਜੂ
ਗੁਰੂ ਨਾਨਕ ਆਟੋ ਸਪੇਅਰਜ਼, ਰਾਏਕੋਟ।

ਪਾਣੀ ਦੀ ਸੰਭਾਲ
ਪੰਜਾਬ ਸਰਕਾਰ ਨੇ ਹਰੇਕ ਘਰ ਵਿਚ ਸ਼ੁੱਧ ਅਤੇ ਸਾਫ਼ ਪਾਣੀ ਮੁਹੱਈਆ ਕਰਨ ਦਾ ਉਪਰਾਲਾ ਕੀਤਾ ਹੈ, ਜੋ ਕਿ ਇਕ ਸ਼ਲਾਘਾਯੋਗ ਕਦਮ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਘਰਾਂ ਨੂੰ ਸਪਲਾਈ ਹੁੰਦੇ ਪਾਣੀ ਦੀ ਅਸੀਂ ਰੋਜ਼ ਹੀ ਬਰਬਾਦੀ ਕਰਦੇ ਰਹਿੰਦੇ ਹਾਂ। ਪਾਣੀ ਵਰਤਣ ਤੋਂ ਬਾਅਦ ਅਸੀਂ ਟੂਟੀਆਂ ਖੁੱਲ੍ਹੀਆਂ ਰੱਖੀ ਰੱਖਦੇ ਹਾਂ ਅਤੇ ਇਹ ਪਿਤਾ ਸਮਾਨ ਪਾਣੀ ਹਮੇਸ਼ਾ ਗੰਦੀਆਂ ਨਾਲੀਆਂ ਵਿਚ ਰੋਜ਼ ਹੀ ਸਵੇਰੇ-ਸ਼ਾਮ ਮਿਲਦਾ ਆਮ ਦੇਖਿਆ ਜਾ ਸਕਦਾ ਹੈ। ਪਾਣੀ ਦਾ ਪੱਧਰ ਦਿਨ-ਪ੍ਰਤੀ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਜੇ ਅਸੀਂ ਪਾਣੀ ਦੀ ਸਹੀ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਕਿਤੇ ਸਾਨੂੰ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸਣਾ ਪਵੇ। ਜਲ ਸਪਲਾਈ ਦੇ ਮਹਿਕਮੇ ਨੂੰ ਪਾਣੀ ਦੀ ਸੰਭਾਲ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ ਅਤੇ ਕੋਈ ਠੋਸ ਰਣਨੀਤੀ ਬਣਾਉਣ ਦੀ ਸਮੇਂ ਦੀ ਮੁੱਖ ਲੋੜ ਹੈ ਅਤੇ ਸਾਡੇ ਸਾਰਿਆਂ ਦਾ ਇਸ ਪ੍ਰਤੀ ਫ਼ਰਜ਼ ਵੀ ਬਣਦਾ ਹੈ ਕਿ ਅਸੀਂ ਪਾਣੀ ਦੀ ਸੰਭਾਲ ਅਤੇ ਸਤਿਕਾਰ ਕਰੀਏ। ਸਾਰੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।

-ਕੇਵਲ ਸਿੰਘ ਬਾਠਾਂ
ਮੋਬਾਈਲ : 98557-44211.

...ਧੀ ਪੰਜਾਬ ਦੀ
ਪਿਛਲੇ ਦਿਨੀਂ ਰੋਜ਼ਾਨਾ 'ਅਜੀਤ' ਵਿਚ ਸੁਨਾਮ ਤੋਂ ਇਹ ਖ਼ਬਰ ਪੜ੍ਹਕੇ ਬੜਾ ਦੁੱਖ ਹੋਇਆ ਕਿ ਰਾਸ਼ਟਰੀ ਪੱਧਰ ਦੀ ਹਾਕੀ ਖਿਡਾਰਨ ਰਾਜਵਿੰਦਰ ਕੌਰ ਆਰਥਿਕ ਤੰਗੀ ਕਰਕੇ ਬੀ. ਏ. ਭਾਗ ਦੂਜਾ ਵਿਚ ਦਾਖਲਾ ਨਾ ਲੈ ਸਕੀ ਤੇ ਉਸ ਨੇ ਦੁਖੀ ਹੋ ਕੇ ਆਤਮ-ਹੱਤਿਆ ਕਰ ਲਈ। ਸਾਡੇ ਸਮਾਜ ਵਿਚ ਇਹ ਕੋਈ ਪਹਿਲੀ ਆਤਮ-ਹੱਤਿਆ ਨਹੀਂ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਸਮਾਜ ਵਿਚ ਅੱਜ ਖਿਡਾਰੀਆਂ ਅਤੇ ਕਲਾਕਾਰਾਂ ਦੀ ਬਹੁਤੀ ਪੁੱਛ ਪ੍ਰਤੀਤ ਨਹੀਂ ਰਹੀ। ਕੁਝ ਇਕ ਨੂੰ ਛੱਡ ਕੇ ਉਨ੍ਹਾਂ ਨੂੰ ਬਣਦਾ ਹੱਕ ਅਤੇ ਮਾਣ-ਸਨਮਾਨ ਨਹੀਂ ਮਿਲ ਰਿਹਾ। ਬਾਦਲ ਸਰਕਾਰ ਸਟੇਜਾਂ ਉਪਰੋਂ ਵੱਡੇ-ਵੱਡੇ ਦਾਅਵੇ ਕਰਦੀ ਹੈ, ਬੀ. ਏ. ਤੱਕ ਲੜਕੀਆਂ ਲਈ ਵਿੱਦਿਆ ਮੁਫ਼ਤ ਹੋਵੇਗੀ ਆਦਿ। ਭਾਵੇਂ ਕਿ ਆਪਣੀ ਮਰਜ਼ੀ ਹੋਵੇ ਤਾਂ ਕਬੱਡੀ ਕੱਪਾਂ ਤੇ ਲੋਕਾਂ ਦੀ ਭੀੜ ਇਕੱਠੀ ਕਰਨ ਲਈ ਫਿਲਮੀ ਹੀਰੋਇਨਾਂ ਨੂੰ ਕੁਝ ਮਿੰਟਾਂ ਦੇ ਡਾਂਸ ਪ੍ਰੋਗਰਾਮ ਲਈ ਕਰੋੜਾਂ ਰੁਪਏ ਦਿੱਤੇ ਜਾਂਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਖਿਡਾਰੀਆਂ ਅਤੇ ਹੋਰ ਖੇਤਰ ਵਿਚ ਵਿਚਰ ਰਹੇ ਕਲਾਕਾਰਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀਆਂ ਵਿਚ ਯੋਗ ਸਥਾਨ ਅਤੇ ਹੋਰ ਬੁਨਿਆਦੀ ਸਹੂਲਤਾਂ ਦੇਵੇ, ਕਿਉਂਕਿ ਖਿਡਾਰੀ, ਲਿਖਾਰੀ ਅਤੇ ਕਲਾਕਾਰ ਸਮਾਜ ਦੇ ਅਨਮੋਲ ਹੀਰੇ ਹੁੰਦੇ ਹਨ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।

22-8-2014

 ਬਦਲਦੇ ਸੰਸਕਾਰ

ਸਾਡਾ ਦੇਸ਼ ਭਾਰਤ ਇਕ ਸੰਸਕਾਰੀ ਦੇਸ਼ ਮੰਨਿਆ ਜਾਂਦਾ ਹੈ। ਹਰ ਰਾਜ ਦਾ ਆਪਣਾ ਸੱਭਿਆਚਾਰ ਅਤੇ ਸੰਸਕਾਰ ਹਨ ਪ੍ਰੰਤੂ ਅੱਜਕਲ੍ਹ ਜੋ ਕੁਝ ਵੀ ਹੋ ਰਿਹਾ ਹੈ, ਉਸ ਦੀ ਕੁਝ ਵੀ ਸਮਝ ਨਹੀਂ ਆਉਂਦੀ। ਸਾਡੀ ਸਾਰੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਆਚਾਰ ਦੇ ਪਿੱਛੇ ਪਾਗਲ ਪੰਜਾਬ ਵਿਚ ਉਸ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ? ਕਿਸੇ ਵੀ ਸੱਭਿਆਚਾਰ ਦੀਆਂ ਚੰਗੀਆਂ ਚੀਜ਼ਾਂ ਅਪਣਾਉਣਾ ਮਾੜੀ ਗੱਲ ਨਹੀਂ ਪ੍ਰੰਤੂ ਜੋ ਕੁਝ ਵੀ ਹੋ ਰਿਹਾ ਹੈ, ਅਸੀਂ ਸਭ ਉਸ ਤੋਂ ਜਾਣੂ ਹਾਂ। ਹੁਣ ਮੇਰਾ ਪ੍ਰਸ਼ਨ ਹਰ ਇਕ ਲਈ ਹੈ, ਖਾਸ ਕਰਕੇ ਔਰਤਾਂ ਨੂੰ ਕਿ ਅੱਜਕਲ੍ਹ ਟੀ.ਵੀ. ਚੈਨਲਾਂ ਉੱਪਰ ਹਰ ਪਾਸੇ ਸੰਨੀ ਲਿਓਨ ਨਾਂਅ ਦੀ ਅਭਿਨੇਤਰੀ ਨਜ਼ਰ ਆਉਂਦੀ ਹੈ। ਸਭ ਨੂੰ ਉਸ ਬਾਰੇ ਪਤਾ ਹੈ। ਉਸ ਨੂੰ ਇਸ ਤਰ੍ਹਾਂ ਟੀ.ਵੀ. ਉੱਪਰ ਦਿਖਾ ਕੇ ਕੀ ਅਸੀਂ ਉਸ ਨੂੰ ਆਪਣਾ ਰੋਲ ਮਾਡਲ ਬਣਾਉਣਾ ਚਾਹੁੰਦੇ ਹਾਂ।
ਹੈਰਾਨਗੀ ਇਸ ਗੱਲ ਦੀ ਹੈ ਕਿ ਕਿਸੇ ਵੂਮੈਨ ਸੰਸਥਾ ਜਾਂ ਕਿਸੇ ਵੀ ਸੰਸਥਾ ਵੱਲੋਂ ਆਵਾਜ਼ ਕਿਉਂ ਨਹੀਂ ਉਠਾਈ ਗਈ। ਹਾਲੇ ਵੀ ਸਮਾਂ ਹੈ ਅਜਿਹੇ ਵਰਤਾਰੇ ਨੂੰ ਰੋਕਿਆ ਜਾਵੇ। ਅਜਿਹਾ ਨਾ ਹੋਵੇ ਕਿ ਫਿਰ ਪਛਤਾਉਣ ਤੋਂ ਇਲਾਵਾ ਸਾਡੇ ਪੱਲੇ ਕੁਝ ਵੀ ਨਾ ਪਵੇ।

-ਹਰਿੰਦਰਜੀਤ ਸਿੰਘ ਬੋਪਾਰਾਏ
ਨਾਭਾ।

24 ਘੰਟੇ ਬਿਜਲੀ ਸਪਲਾਈ!

ਅਕਸਰ ਸਰਕਾਰ ਦੁਆਰਾ ਪਿੰਡਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਦੇਣ ਦੀ ਗੱਲ ਕੀਤੀ ਜਾਂਦੀ ਹੈ। ਬਿਜਲੀ ਦੇ ਵਧੇਰੇ ਉਤਪਾਦਨ ਲਈ ਕਈ ਨਵੇਂ ਪ੍ਰਾਜੈਕਟ ਲਗਾਏ ਗਏ ਹਨ ਅਤੇ ਕਈ ਪ੍ਰਾਜੈਕਟਾਂ ਤੋਂ ਬਿਜਲੀ ਦਾ ਉਤਪਾਦਨ ਵੀ ਸ਼ੁਰੂ ਹੋਇਆ ਹੈ ਪਰ ਫਿਰ ਵੀ ਪੇਂਡੂ ਖੇਤਰਾਂ ਨੂੰ ਅਤਿ ਦੀ ਗਰਮੀ ਵਿਚ ਕੇਵਲ 8 ਤੋਂ 10 ਘੰਟੇ ਬਿਜਲੀ ਮਿਲਦੀ ਹੈ। 24 ਘੰਟੇ ਬਿਜਲੀ ਸਪਲਾਈ ਲੋਕਾਂ ਲਈ ਕਿਸੇ ਅਧੂਰੇ ਸੁਪਨੇ ਵਰਗੀ ਹੈ। ਬਿਜਲੀ ਦੀ ਘਾਟ ਅਤੇ ਕੱਟ ਲੱਗਣ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਹੁੰਦੀ ਹੈ। ਨਿਰਵਿਘਨ ਬਿਜਲੀ ਦੀ ਸਪਲਾਈ ਲਈ ਬਿਜਲੀ ਮਹਿਕਮੇ ਦੀ ਕਾਰਗੁਜ਼ਾਰੀ ਨਿੰਦਣਯੋਗ ਹੈ। ਲੋਕਾਂ ਵਿਚ ਰੋਸ ਪਾਇਆ ਜਾਂਦਾ ਹੈ ਕਿ ਉਹ ਮਹੀਨੇ ਪਿੱਛੋਂ ਬਿੱਲ ਤਾਂ ਹਜ਼ਾਰਾਂ ਰੁਪਏ ਭਰਦੇ ਹਨ ਪਰ ਲੋੜ ਅਨੁਸਾਰ ਬਿਜਲੀ ਨਹੀਂ ਮਿਲਦੀ।
ਦਰਅਸਲ ਬਿਜਲੀ ਮਹਿਕਮਾ ਪ੍ਰਾਈਵੇਟ ਕੰਪਨੀਆਂ ਦੇ ਹੱਥ ਹੋਣ ਕਾਰਨ ਸਰਕਾਰੀ ਮੁਲਾਜ਼ਮ ਨਾਮਾਤਰ ਹੀ ਰਹਿ ਗਏ ਹਨ। ਕਿਉਂਕਿ ਪਾਵਰਕਾਮ ਦੁਆਰਾ ਬਹੁਤ ਘੱਟ ਮੁਲਾਜ਼ਮ ਰੱਖੇ ਗਏ ਹਨ, ਜਿਸ ਕਾਰਨ ਬਿਜਲੀ ਨਿਰਵਿਘਨ ਨਹੀਂ ਮਿਲਦੀ। ਟੁੱਟੀਆਂ ਅਤੇ ਢਿੱਲੀਆਂ ਤਾਰਾਂ, ਡਿੱਗੇ ਹੋਏ ਖੰਭੇ ਮਹਿਕਮੇ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਨ। ਜ਼ਿਆਦਾਤਰ ਅਧਿਕਾਰੀ ਦਫ਼ਤਰ ਵਿਚ ਹਾਜ਼ਰ ਨਹੀਂ ਮਿਲਦੇ ਅਤੇ ਜੇਕਰ ਮਿਲਦੇ ਹਨ ਤਾਂ ਉਹ ਲੋਕਾਂ ਦੀ ਸ਼ਿਕਾਇਤ ਸੁਣਨ ਨਾਲੋਂ ਫੋਨ ਅਤੇ ਅਖ਼ਬਾਰ ਨੂੰ ਵਧੇਰੇ ਤਰਜੀਹ ਦਿੰਦੇ ਹਨ। ਇਕ ਸਾਧਾਰਨ ਹਵਾ ਦੇ ਚੱਲਣ ਨਾਲ ਹੀ ਸਪਲਾਈ ਏਨੀ ਪ੍ਰਭਾਵਿਤ ਹੁੰਦੀ ਹੈ ਕਿ ਲੋਕਾਂ ਨੂੰ ਚਾਰ ਦਿਨ ਹਨੇਰੇ ਅਤੇ ਗਰਮੀ ਵਿਚ ਕੱਟਣੇ ਪੈਂਦੇ ਹਨ। ਮਹਿਕਮੇ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋ ਕੇ ਲੋਕਾਂ ਦੀਆਂ ਸਮੱਸਿਆਵਾਂ ਸਮਝਦਿਆਂ ਆਪਣੀ ਕਾਰਜਸ਼ੈਲੀ ਦਰੁਸਤ ਕਰਨੀ ਚਾਹੀਦੀ ਹੈ।

-ਨਵਤੇਜ ਸਿੰਘ ਮੱਲ੍ਹੀ
ਮੋ: 88721-58240

ਚੁਗਲਖ਼ੋਰ

ਪੰਜਾਬ ਦੇ ਤਕਰੀਬਨ ਹਰ ਪਿੰਡ ਵਿਚ ਹਰ ਤਰ੍ਹਾਂ ਦੇ ਲੋਕ ਮਿਲ ਜਾਂਦੇ ਹਨ, ਜਿਨ੍ਹਾਂ ਵਿਚ ਮਿਹਨਤੀ, ਵਿਹਲੜ, ਖਰਚੀਲੇ, ਕੰਜੂਸ, ਨਸ਼ੇੜੀ, ਸ਼ੌਕੀਨ, ਲੜਾਕੂ, ਸਾਊ ਆਦਿ ਸ਼ਾਮਿਲ ਹੁੰਦੇ ਹਨ ਪਰ ਪਿੰਡਾਂ ਵਿਚ ਇਕ ਅਜਿਹਾ ਪਾਤਰ ਵੀ ਪਾਇਆ ਜਾਂਦਾ ਹੈ, ਜਿਸ ਨੂੰ ਸਮਾਜ ਵਿਚ ਚੁਗਲੀਖੋਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਪਾਤਰ ਦਾ ਮੁੱਖ ਕੰਮ ਲੋਕਾਂ ਦੀਆਂ ਵਿੜਕਾਂ ਲੈ ਕੇ ਇਧਰ ਦੀ ਉਧਰ ਅਤੇ ਉਧਰ ਦੀ ਇਧਰ ਗੱਲ ਵਧਾ-ਚੜ੍ਹਾ ਕੇ ਦੱਸਣੀ ਹੁੰਦੀ ਹੈ। ਚੁਗਲਖੋਰ ਨੇ ਹਮੇਸ਼ਾ ਆਪਣੇ ਬਾਰੇ ਘੱਟ ਅਤੇ ਦੂਸਰਿਆਂ ਬਾਰੇ ਵੱਧ ਸੋਚਣਾ ਹੁੰਦਾ ਹੈ। ਕਿਸੇ ਦੇ ਘਰ ਕੌਣ ਆਉਂਦਾ ਜਾਂਦਾ ਹੈ, ਕਿਸੇ ਦੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਗੱਲ ਕਿੱਥੇ ਚੱਲਦੀ ਹੈ, ਗੁਆਂਢੀਆਂ ਨੇ ਗੱਡੀ ਖਰੀਦਣ ਲਈ ਪੈਸਾ ਕਿੱਥੋਂ ਲਿਆਂਦਾ ਹੈ ਆਦਿ ਗੱਲਾਂ ਇਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਹਿੱਸਾ ਹੁੰਦੀਆਂ ਹਨ।
ਇਸ ਤੋਂ ਇਲਾਵਾ ਇਕ-ਦੂਸਰੇ ਕੋਲ ਝੂਠੀਆਂ ਗੱਲਾਂ ਕਰਕੇ ਉਨ੍ਹਾਂ ਵਿਚ ਲੜਾਈ ਝਗੜਾ ਅਤੇ ਤਕਰਾਰ ਪੈਦਾ ਕਰਨ ਵਿਚ ਵੀ ਇਨ੍ਹਾਂ ਦਾ ਮੁੱਖ ਯੋਗਦਾਨ ਹੁੰਦਾ ਹੈ। ਸੋ, ਜਿੰਨਾ ਹੋ ਸਕੇ, ਅਜਿਹੇ ਲੋਕਾਂ ਤੋਂ ਹਮੇਸ਼ਾ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਅਤੇ ਇਨ੍ਹਾਂ ਦੀ ਦੱਸੀ ਹੋਈ ਕਿਸੇ ਝੂਠੀ ਗੱਲ ਦੀ ਬਿਨਾਂ ਜਾਂਚ-ਪੜਤਾਲ ਕੀਤੇ ਕਿਸੇ ਨਾਲ ਰੋਸਾ ਜਾਂ ਲੜਾਈ ਝਗੜਾ ਕਰਨਾ ਠੀਕ ਗੱਲ ਨਹੀਂ ਹੈ।

-ਰਾਜਾ ਗਿੱਲ (ਚੜਿੱਕ)
ਮੋ: 94654-11585

21-8-2014

 ਹਰਿਆਵਲ ਲਹਿਰ ਦਾ ਸਾਥ ਦੇਈਏ
ਇਹ ਸਚਾਈ ਹੈ ਕਿ ਜਿਸ ਮਨੁੱਖ ਨੇ ਆਪਣੀ ਜ਼ਿੰਦਗੀ ਵਿਚ ਰੁੱਖ ਤੇ ਪਾਣੀ ਦੀ ਸੇਵਾ ਕੀਤੀ, ਉਹ ਆਪਣੀ ਜ਼ਿੰਦਗੀ ਦੇ ਫ਼ਰਜ਼ਾਂ ਪ੍ਰਤੀ ਸੱਚਾ ਹੋ ਨਿੱਬੜਿਆ ਹੈ। 'ਅਦਾਰਾ ਅਜੀਤ' ਮਨੁੱਖ ਦੀ ਹੋਂਦ ਨੂੰ ਬਚਾਉਣ ਲਈ ਰੁੱਖ ਲਗਾਉਣ ਦੀ ਪਿਰਤ ਪਾ ਕੇ ਆਪਣੇ ਫ਼ਰਜ਼ਾਂ ਦੀ ਪੂਰਤੀ ਕਰ ਰਿਹਾ ਹੈ। ਕਾਬਲੇ ਤਾਰੀਫ਼ ਤਰੀਕੇ ਨਾਲ ਪੰਜਾਬ ਦੀ ਜਨਤਾ ਨੂੰ ਆਪਣੇ ਮਗਰ ਲਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਰਾਖੀ ਕਰਨ ਦੇ ਨਾਲ-ਨਾਲ ਇਕ ਵੱਡੀ ਮੁਹਿੰਮ ਰੁੱਖ ਲਗਾਉਣ ਲਈ ਵੀ ਤਨਦੇਹੀ ਨਾਲ ਮੈਦਾਨ ਵਿਚ ਆ ਡਟਿਆ ਹੈ। ਪੰਜਾਬ ਵਾਸੀਆਂ ਨੇ ਆਪਣੇ ਸਮਾਜ ਤੇ ਵਾਤਾਵਰਨ ਨੂੰ ਅਤੇ ਆਉਣ ਵਾਲੀਆਂ ਨਸਲਾਂ ਨੂੰ ਜੇਕਰ ਬਚਾਉਣਾ ਹੈ ਤਾਂ ਸੱਚੇ ਮਨੋਂ 'ਹਰ ਮਨੁੱਖ ਲਾਵੇ ਰੁੱਖ' ਦੇ ਕਥਨ 'ਤੇ ਚਲਦਿਆਂ 'ਅਦਾਰਾ ਅਜੀਤ' ਵੱਲੋਂ ਤੋਰੀ 'ਹਰਿਆਵਲ ਲਹਿਰ' ਦਾ ਸਾਥ ਦੇਵੇ, ਤਾਂ ਕਿ ਪੰਜਾਬ ਵਾਸੀ ਮੁੜ ਤੋਂ ਰੰਗਲੀ ਧਰਤੀ ਦੇ ਪਹਿਰੇਦਾਰ ਬਣਨ ਅਤੇ ਬਿਮਾਰੀਆਂ ਦੇ ਆਗੋਸ਼ ਤੋਂ ਲਾਂਭੇ ਹੋ ਜਾਣ।

-ਮੁਹੰਮਦ ਇਕਬਾਲ ਪਾਲੀ
ਪਿੰਡ ਫਲੌਂਡ ਕਲਾਂ, ਮਾਲੇਰਕੋਟਲਾ।

ਚੰਗੇ ਦਿਨਾਂ ਦੀ ਆਸ
ਹਰ ਕੋਈ ਇਕ-ਦੂਜੇ ਨੂੰ ਕਹਿ ਰਿਹਾ ਹੈ ਯਾਰ! ਚੰਗੇ ਦਿਨ ਕਦੋਂ ਆਉਣਗੇ? ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। ਹੱਥ 'ਤੇ ਹੱਥ ਧਰੀ ਬੈਠੇ ਅਸੀਂ ਸਾਰੇ ਕਿੰਨਾ ਕੁ ਚਿਰ ਸਰਕਾਰਾਂ ਵੱਲ ਵੇਖਾਂਗੇ? ਕੁਝ ਤਾਂ ਆਪ ਹੰਭਲਾ ਮਾਰੀਏ। ਇਕ ਪਿੰਡ ਦੀ ਰਸਤੇ ਦੀ ਪੁਲੀ ਟੁੱਟ ਗਈ, ਲੋਕਾਂ ਨੇ ਥੋੜ੍ਹੇ-ਥੋੜ੍ਹੇ ਪੈਸੇ ਇਕੱਠੇ ਕੀਤੇ, ਪੁਲੀ ਬਣਾ ਲਈ, ਲੋਕ ਚੱਜ ਨਾਲ ਲੰਘਣ ਲੱਗ ਪਏ, ਚਿੱਕੜ ਗਾਰਾ ਖ਼ਤਮ। ਇਕ ਪਿੰਡ ਦੀ ਮਾਤਾ ਦੁਪਹਿਰੇ ਸਕੂਲ ਵਿਚ ਜਾਂਦੀ ਹੈ, ਚੌਲਾਂ 'ਚੋਂ ਕੰਕਰ ਚੁਣ, ਦਾਲ ਸਾਫ਼ ਕਰ ਬੱਚਿਆਂ ਲਈ ਸਾਫ਼-ਸੁਥਰਾ ਖਾਣਾ ਤਿਆਰ ਕਰਦੀ ਹੈ। ਬੱਚੇ ਵੀ ਖੁਸ਼ ਤੇ ਅਧਿਆਪਕ ਵੀ। ਪਿੰਡ ਦਾ ਸ਼ਮਸ਼ਾਨਘਾਟ ਦੱਬ-ਕਹੀ ਨਾਲ ਭਰਿਆ ਹੈ, ਧੁੱਪ ਤੇ ਮੀਂਹ-ਕਣੀ ਲਈ ਛੋਟਾ ਬਰਾਂਡਾ ਨਹੀਂ, ਕੀ ਅਸੀਂ ਇਹ ਛੋਟੀਆਂ-ਛੋਟੀਆਂ ਗੱਲਾਂ ਲਈ ਵੀ ਸਰਕਾਰਾਂ ਵੱਲ ਵੇਖੀਏ? ਪਿੰਡਾਂ-ਸ਼ਹਿਰਾਂ 'ਚ ਛੋਟੀਆਂ-ਛੋਟੀਆਂ ਕਈ ਸਮੱਸਿਆਵਾਂ ਹਨ, ਜੋ ਅਸੀਂ ਥੋੜ੍ਹਾ-ਥੋੜ੍ਹਾ ਯੋਗਦਾਨ ਪਾ ਕੇ ਹੱਲ ਕਰ ਸਕਦੇ ਹਾਂ। ਬੜੇ ਅਫ਼ਸੋਸ ਦੀ ਗੱਲ ਹੈ ਕਿ ਕਈ ਫਜ਼ੂਲ ਖਰਚੀਆਂ ਵਿਚ ਰੁੱਝੇ, ਨਿੱਕੇ-ਨਿੱਕੇ ਕੰਮਾਂ ਲਈ ਅਸੀਂ ਕਈ-ਕਈ ਮਹੀਨੇ ਲੀਡਰਾਂ ਅਤੇ ਅਧਿਕਾਰੀਆਂ ਵੱਲ ਪੈਸੇ ਖਰਚ ਕਰ ਚੱਕਰ ਲਾਈ ਰੱਖਦੇ ਹਾਂ, ਕੁਝ ਨਾ ਕੁਝ ਤਾਂ ਸੋਚਣਾ ਪਵੇਗਾ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਅਧਿਆਪਕਾਂ ਦੀ ਲੋੜ
ਅੱਜ ਰਾਜ ਦੇ ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕਾਂ ਦੀ ਬਹੁਤ ਘਾਟ ਰੜਕ ਰਹੀ ਹੈ। ਇਸ ਵਿਚ ਤੀਹਾਂ ਬੱਚਿਆਂ ਪਿੱਛੇ ਇਕ ਅਧਿਆਪਕ ਵਾਲੀ ਨੀਤੀ ਬਾਖੂਬੀ ਰੋਲ ਨਿਭਾਅ ਰਹੀ ਹੈ। ਹੁਣ ਸਿੱਖਿਆ ਵਿਭਾਗ ਨੂੰ ਨੀਤੀ ਬਦਲਣੀ ਚਾਹੀਦੀ ਹੈ, ਕਿਉਂਕਿ ਉਪਰੋਕਤ ਨੀਤੀ ਅਤੇ ਘੱਟੋ-ਘੱਟ ਦੋ ਅਧਿਆਪਕਾਂ ਦੀ ਨੀਤੀ ਦੇ ਫਲਸਰੂਪ ਲੋਕ ਆਪਣੇ ਬੱਚੇ ਸਰਕਾਰੀ ਸਕੂਲਾਂ 'ਚੋਂ ਹਟਾ ਰਹੇ ਹਨ ਜਾਂ ਹਟਾ ਲਏ ਹਨ। ਇਹ ਹਾਲਤ ਖ਼ਾਸ ਕਰਕੇ ਪ੍ਰਾਇਮਰੀ ਪੱਧਰ ਤੱਕ ਜ਼ਿਆਦਾ ਹੈ, ਪਰ ਹਾਈ ਸਕੂਲ ਵਿਚ ਕੁਝ ਬਿਹਤਰ ਹੈ। ਹੁਣ ਵਿਭਾਗ ਨੂੰ ਵੀਹਾਂ ਬੱਚਿਆਂ ਪਿੱਛੇ ਇਕ ਅਧਿਆਪਕ ਅਤੇ ਸਕੂਲੇ ਘੱਟੋ-ਘੱਟ ਤਿੰਨ ਅਧਿਆਪਕ ਰੱਖਣ ਦੀ ਲੋੜ ਹੈ ਤਾਂ ਕਿ ਇਕ ਅਧਿਆਪਕ ਆਈਆਂ ਹੋਈਆਂ ਡਾਕਾਂ ਅਤੇ ਮਿਡ ਡੇ ਮੀਲ ਨੂੰ ਚਲਾਏ ਜਦ ਕਿ ਬਾਕੀ ਦੋ ਅਧਿਆਪਕ ਪੰਜ ਜਮਾਤਾਂ ਨੂੰ ਪੜ੍ਹਾਉਣ ਦਾ ਕੰਮ ਕਰਨ।

-ਮਾਸਟਰ ਕਰਮਜੀਤ ਸਿੰਘ ਧਾਰੀਵਾਲ
ਨਵੀਂ ਆਬਾਦੀ, ਜੀ.ਟੀ. ਰੋਡ, ਧਾਰੀਵਾਲ (ਗੁਰਦਾਸਪੁਰ)।

ਸਰੀਰ ਦਾਨ ਦਾ ਮਹੱਤਵ
ਮਨੁੱਖ ਕੁਦਰਤ ਦੀ ਸਭ ਤੋਂ ਉੱਤਮ ਰਚਨਾ ਹੈ। ਮਨੁੱਖ ਦੇ ਜਨਮ ਦੀ ਸ਼ੁਰੂਆਤ ਤੋਂ ਹੀ ਮਨੁੱਖੀ ਸਰੀਰ ਉਸ ਦਾ ਅੰਤ ਤੱਕ ਸਾਥ ਨਿਭਾਉਂਦਾ ਹੈ। ਦੂਸਰੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਅਸੀਂ ਸਰੀਰ ਦੀ ਦੇਖਭਾਲ ਠੀਕ ਢੰਗ ਨਾਲ ਕਰਦੇ ਹਾਂ ਤਾਂ ਇਹ ਸਾਡਾ ਸਭ ਤੋਂ ਵਧ ਕੇ ਵਫ਼ਾਦਾਰ ਸਾਥੀ ਹੈ। ਆਮ ਮਨੁੱਖੀ ਧਾਰਨਾ ਹੈ ਕਿ ਮਨੁੱਖ ਦੀ ਮੌਤ ਤੋਂ ਬਾਅਦ ਉਸ ਦਾ ਸਰੀਰ ਬੇਕਾਰ ਹੋ ਜਾਂਦਾ ਹੈ ਪਰ ਅੱਜ ਦਾ ਆਧੁਨਿਕ ਵਿਗਿਆਨ ਤੇ ਮੈਡੀਕਲ ਸਾਇੰਸ ਇਸ ਤੱਥ ਨੂੰ ਝੁਠਲਾਉਂਦੇ ਹਨ। ਸਾਇੰਸ ਅਨੁਸਾਰ ਜੇਕਰ ਮਨੁੱਖ ਆਪਣੇ ਸਰੀਰ ਨੂੰ ਮਰਨ ਤੋਂ ਬਾਅਦ ਮੈਡੀਕਲ ਸਾਇੰਸ ਨੂੰ ਦੇ ਦੇਵੇ ਤਾਂ ਉਸ ਸਰੀਰ ਦੇ ਕਈ ਅੰਗ ਜਿਊਂਦੇ ਮਨੁੱਖਾਂ ਦੇ ਕੰਮ ਆ ਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਵਾਧਾ ਵੀ ਕਰ ਸਕਦੇ ਹਨ ਅਤੇ ਮਰਨ ਵਾਲਾ ਮਨੁੱਖ ਇਸ ਢੰਗ ਨਾਲ ਮਨੁੱਖਤਾ ਦੀ ਭਲਾਈ ਲਈ ਆਪਣਾ ਬਹੁਤ ਵੱਡਾ ਵੱਡਮੁੱਲਾ ਯੋਗਦਾਨ ਵੀ ਪਾ ਸਕਦਾ ਹੈ। ਅੱਜ ਅਨੇਕਾਂ ਹੀ ਮਨੁੱਖ ਅੰਗਾਂ ਦੀ ਕਮੀ ਕਰਕੇ ਸਮੇਂ ਤੋਂ ਪਹਿਲਾਂ ਹੀ ਸੰਸਾਰ ਨੂੰ ਛੱਡ ਕੇ ਚਲੇ ਜਾਂਦੇ ਹਨ ਤਾਂ ਅਜਿਹੀ ਹਾਲਤ ਵਿਚ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੁਦਰਤੀ ਮੌਤ ਮਰਨ ਤੋਂ ਬਾਅਦ ਦਾਨ ਹੋਇਆ ਸਰੀਰ ਕਿੰਨੇ ਸਾਰੇ ਮਨੁੱਖਾਂ ਦਾ ਭਲਾ ਕਰ ਸਕਦਾ ਹੈ। 'ਸਰੀਰ ਦਾਨ' ਦੀ ਘੋਸ਼ਣਾ ਕਈ ਮੰਨੀਆਂ ਪ੍ਰਮੰਨੀਆਂ ਹਸਤੀਆਂ ਵੀ ਕਰ ਚੁੱਕੀਆਂ ਹਨ। ਸਰਕਾਰ ਨੂੰ ਅਜਿਹੇ ਉੱਦਮ ਕਰਨ ਵਾਲੇ ਵਿਅਕਤੀਆਂ ਨੂੰ ਜ਼ਰੂਰ ਹੀ ਬਣਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ।

-ਜੀਵਨ ਕੁਮਾਰ
ਪਿੰਡ ਤੇ ਡਾਕ: ਹਰਸਾ ਮਾਨਸਰ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

20-8-2014

 'ਅਜੀਤ ਹਰਿਆਵਲ ਲਹਿਰ'
ਸਾਰੇ ਸੰਸਾਰ ਵਿਚ ਉਦਯੋਗੀਕਰਨ ਦੀ ਦੌੜ ਤੇਜ਼ੀ ਨਾਲ ਵਧ ਰਹੀ ਹੈ, ਜਿਸ ਨਾਲ ਰੁੱਖਾਂ ਦੀ ਕਟਾਈ ਵੱਡੀ ਗਿਣਤੀ ਵਿਚ ਕੀਤੀ ਜਾ ਰਹੀ ਹੈ, ਜਿਸ ਦਾ ਮਾੜਾ ਪ੍ਰਭਾਵ ਸਾਡੇ ਵਾਤਾਵਰਨ 'ਤੇ ਪੈ ਰਿਹਾ ਹੈ। ਵਾਤਾਵਰਨ ਦੀ ਸੰਭਾਲ ਲਈ ਬਹੁਤ ਕੁਝ ਕਰਨ ਦੀ ਲੋੜ ਹੈ। 'ਅਜੀਤ ਪ੍ਰਕਾਸ਼ਨ ਸਮੂਹ' ਜਲੰਧਰ ਵੱਲੋਂ 'ਅਜੀਤ ਹਰਿਆਵਲ ਲਹਿਰ' ਤਹਿਤ ਲੱਖਾਂ ਦੀ ਗਿਣਤੀ ਨਾਲ ਬੂਟੇ ਲਗਾ ਕੇ ਆਪਣਾ ਬਣਦਾ ਯੋਗਦਾਨ ਪਾਇਆ ਗਿਆ ਹੈ। ਇਸ ਲਹਿਰ ਰਾਹੀਂ ਲੋਕਾਂ ਵਿਚ ਵੀ ਜਾਗਰੂਕਤਾ ਆਈ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਦੇ ਜਨਮ ਦਿਨ ਵੀ ਬੂਟੇ ਲਗਾ ਕੇ ਮਨਾਉਂਦੇ ਹਨ। ਇਹ ਜਾਗਰੂਕਤਾ ਸਿਰਫ 'ਅਜੀਤ ਹਰਿਆਵਲ ਲਹਿਰ' ਕਰਕੇ ਹੀ ਆਈ ਹੈ। ਵੱਧ ਤੋਂ ਵੱਧ ਬੂਟੇ ਲਗਾ ਕੇ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਵਾਤਾਵਰਨ ਪ੍ਰਦੂਸ਼ਿਤ ਹੋਣ ਕਰਕੇ ਹੀ ਕਈ ਪੰਛੀਆਂ ਅਤੇ ਜੀਵਾਂ ਦੀਆਂ ਜਾਤੀਆਂ ਖ਼ਤਮ ਹੋ ਚੁੱਕੀਆਂ ਹਨ। ਧਰਤੀ ਹੇਠਲਾ ਪਾਣੀ ਖ਼ਤਮ ਹੁੰਦਾ ਜਾ ਰਿਹਾ ਹੈ। ਵਾਤਾਵਰਨ ਦੂਸ਼ਿਤ ਹੋਣ ਦਾ ਹੀ ਨਤੀਜਾ ਹੈ ਕਿ ਅਸੀਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੀ ਜਕੜ ਵਿਚ ਆਏ ਹੋਏ ਹਾਂ। ਹਰੇਕ ਵਿਅਕਤੀ ਦਾ ਫ਼ਰਜ਼ ਬਣਦਾ ਹੈ ਕਿ ਉਹ 'ਅਜੀਤ ਹਰਿਆਵਲ ਲਹਿਰ' ਵਿਚ ਆਪਣਾ ਬਣਦਾ ਯੋਗਦਾਨ ਪਾ ਕੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਸਹਿਯੋਗ ਕਰੇ।

-ਵਾਸਦੇਵ ਪਰਦੇਸੀ
ਸ਼ਹੀਦ ਭਗਤ ਸਿੰਘ ਨਗਰ।

ਪੰਜਾਬੀ ਨੌਜਵਾਨ
ਅਜੋਕੇ ਵਿਗਿਆਨਕ ਯੁੱਗ ਅੰਦਰ ਮਨੁੱਖ ਦੀ ਜ਼ਿੰਦਗੀ ਬਹੁਤ ਸੁਖਾਲੀ ਹੋ ਗਈ ਹੈ। ਉਸ ਨੇ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ 'ਤੇ ਕਾਬੂ ਪਾ ਲਿਆ ਹੈ। ਉਸ ਨੂੰ ਹੁਣ ਆਪਣੀਆਂ ਲੋੜਾਂ ਦੀ ਪੂਰਤੀ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕਰਨੇ ਪੈਂਦੇ। ਤਕਨਾਲੋਜੀ ਦੇ ਖੇਤਰ ਵਿਚ ਮਨੁੱਖ ਨੇ ਬੇਮਿਸਾਲ ਤਰੱਕੀ ਕੀਤੀ ਹੈ। ਪ੍ਰੰਤੂ ਕਿਤੇ ਨਾ ਕਿਤੇ ਵਿਗਿਆਨ ਅਤੇ ਤਕਨਾਲੋਜੀ ਦੀ ਮਾਰ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੀ ਹੈ। ਉਹ ਨਵੀਂ ਤਕਨਾਲੋਜੀ ਦਾ ਗੁਲਾਮ ਬਣ ਕੇ ਰਹਿ ਗਿਆ ਹੈ। ਜੇ ਘਰ ਵਿਚ ਇਕ ਦਿਨ ਇੰਟਰਨੈੱਟ ਨਾ ਚੱਲੇ ਤਾਂ ਉਹ ਖਫ਼ਾ ਹੋ ਜਾਂਦਾ ਹੈ। ਮੋਬਾਈਲ ਤੇ ਨੈੱਟ 24 ਘੰਟੇ ਉਸ ਦਾ ਪਿੱਛਾ ਕਰਦਾ ਹੈ। ਇੰਟਰਨੈੱਟ ਤੋਂ ਬਿਨਾਂ ਅੱਜ ਉਹ ਆਪਣੇ-ਆਪ ਨੂੰ ਅਧੂਰਾ ਸਮਝਦਾ ਹੈ। ਉਸ ਦੀ ਮਾਨਸਿਕ ਤੇ ਸਰੀਰਕ ਸਿਹਤ ਡਾਵਾਂਡੋਲ ਹੋ ਰਹੀ ਹੈ। ਅੱਖਾਂ ਖਰਾਬ ਹੋ ਰਹੀਆਂ ਹਨ ਅਤੇ ਹਾਜ਼ਮਾ ਦਰੁਸਤ ਨਹੀਂ ਰਿਹਾ। ਸਿੱਖਿਆ ਦਾ ਮਾਟੋ ਹੈ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਪ੍ਰੰਤੂ ਗਰੈਜੂਏਟ ਅਤੇ ਪੋਸਟ-ਗਰੈਜੂਏਟ ਵਿਦਿਆਰਥੀ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਸਿਹਤ ਉਸ ਲਈ ਸੈਕੰਡਰੀ ਵਿਸ਼ਾ ਬਣ ਕੇ ਰਹਿ ਗਈ ਹੈ। ਦੂਜੇ ਪਾਸੇ ਪੰਜਾਬੀ ਨੌਜਵਾਨਾਂ ਦਾ ਇਕ ਅਜਿਹਾ ਵਰਗ ਵੀ ਹੈ, ਜੋ ਆਪਣੀ ਅੱਲ੍ਹੜ ਉਮਰ ਵਿਚ ਪੜ੍ਹਨ ਦੀ ਬਜਾਏ ਨਸ਼ਿਆਂ ਦਾ ਗੁਲਾਮ ਹੋ ਕੇ ਰਹਿ ਗਿਆ। ਅੱਜ ਸਮੇਂ ਦੀ ਜ਼ਰੂਰਤ ਹੈ ਕਿ ਹਰ ਪੰਜਾਬੀ ਨੌਜਵਾਨ ਆਪਣੀ ਵਿਰਾਸਤ, ਆਪਣੇ ਸੱਭਿਆਚਾਰਕ ਪਿਛੋਕੜ ਨੂੰ ਦੇਖਦੇ ਹੋਏ ਆਧੁਨਿਕ ਤਕਨਾਲੋਜੀ ਅਤੇ ਨਸ਼ਿਆਂ ਦੇ ਮੱਕੜਜਾਲ ਵਿਚੋਂ ਨਿਕਲ ਕੇ ਅਸਲ ਪੰਜਾਬੀ ਹੋਣ ਦਾ ਆਪਣਾ ਫ਼ਰਜ਼ ਪਛਾਣੇ।

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀਖ਼ਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)।

ਔਰਤ
ਔਰਤ ਕਮਜ਼ੋਰ ਨਹੀਂ ਹੈ। ਨਾਰੀ ਨੂੰ ਕਦੇ ਵੀ ਖ਼ੁਦ ਨੂੰ ਘੱਟ ਜਾਂ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਜਗਤ ਜਣਨੀ ਵਿਚ ਜਿੰਨੀ ਸਹਿਣਸ਼ੀਲਤਾ ਅਤੇ ਯੋਗਤਾ ਹੈ, ਉਸ ਨਾਲ ਹਰ ਖੇਤਰ ਵਿਚ ਸਫ਼ਲਤਾ ਪਾਈ ਜਾ ਸਕਦੀ ਹੈ। ਜ਼ਰੂਰਤ ਹੈ ਨਕਾਰਾਤਮਕ ਸੋਚ ਤਿਆਗ ਕੇ ਸਕਾਰਾਤਮਕ ਸੋਚ ਅਪਣਾਉਣ ਦੀ। ਨਾਰੀ ਕਮਜ਼ੋਰ ਨਹੀਂ ਹੈ।

-ਸੇਵਾ ਰਾਮ ਬਰੇਟਾ
ਮੇਨ ਧੋਬੀਆਣਾ ਰੋਡ, ਪ੍ਰੀਤ ਨਗਰ, ਬਠਿੰਡਾ।

19-8-2014

 ਹਰਿਆਵਲ ਲਹਿਰ
ਵਾਤਾਵਰਨ ਦੇ ਪ੍ਰਦੂਸ਼ਣ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮਨੁੱਖ ਦੁਆਰਾ ਵਿਕਾਸ ਦੇ ਨਾਂਅ 'ਤੇ ਅੰਨ੍ਹੇਵਾਹ ਦਰੱਖ਼ਤਾਂ ਦੀ ਕਟਾਈ ਕਰਕੇ ਵਾਤਾਵਰਨ ਨੂੰ ਵਿਗਾੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਗੰਧਲੇ ਪੌਣ-ਪਾਣੀ ਨੇ ਅਨੇਕਾਂ ਨਾਮੁਰਾਦ ਬਿਮਾਰੀਆਂ ਨੂੰ ਜਨਮ ਦਿੱਤਾ ਹੈ ਤੇ ਕੁਦਰਤ ਵੱਲੋਂ ਬਣਾਏ ਗਏ ਮੌਸਮੀ ਸੰਤੁਲਨ ਨੂੰ ਵਿਗਾੜ ਦਿੱਤਾ ਹੈ। ਖੇਤੀ ਵਿਚ ਬੇਲੋੜੀ ਰਸਾਇਣਕ ਖਾਦਾਂ ਦੀ ਵਰਤੋਂ ਤੇ ਸਨਅਤੀ ਪਾਣੀ ਨੇ ਹਵਾ, ਪੌਣ-ਪਾਣੀ ਤੇ ਮਿੱਟੀ ਨੂੰ ਹੱਦ ਦਰਜੇ ਤੱਕ ਪਲੀਤ ਕਰ ਦਿੱਤਾ ਹੈ। ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਰੋਕਣ ਲਈ ਪੂਰੇ ਸਮਾਜ ਨੂੰ ਇਕੱਠੇ ਹੋ ਕੇ ਯੋਗਦਾਨ ਪਾਉਣਾ ਚਾਹੀਦਾ ਹੈ। 'ਅਜੀਤ ਹਰਿਆਵਲ ਲਹਿਰ' ਵਾਤਾਵਰਨ ਨੂੰ ਸ਼ੁੱਧ ਕਰਨ ਲਈ ਇਕ ਸ਼ਲਾਘਾਯੋਗ ਕਦਮ ਹੈ।

-ਮਨਿੰਦਰ ਸਿੰਘ ਰਾਜੂ
ਬਰਨਾਲਾ।

ਇਕ ਚੰਗਾ ਉਪਰਾਲਾ
'ਅਜੀਤ' ਅਖ਼ਬਾਰ ਵਧਾਈ ਦਾ ਪਾਤਰ ਹੈ ਜੋ ਪੰਜਾਬ ਵਿਚ ਰੁੱਖਾਂ ਦੀ ਘਾਟ ਨੂੰ ਪੂਰਾ ਕਰਨ ਲਈ ਆਪਣੇ ਚੌਥੇ ਪੜਾਅ ਅਧੀਨ ਚਲਾਈ ਹਰਿਆਵਲ ਲਹਿਰ ਨੂੰ ਪੂਰੇ ਪੰਜਾਬ ਵਿਚ ਪਿਆਰ ਤੇ ਸਹਿਯੋਗ ਮਿਲ ਰਿਹਾ ਹੈ। ਜੇ ਦੇਖੀਏ ਤਾਂ ਰੁੱਖਾਂ ਦਾ ਮਨੁੱਖ ਨਾਲ ਜਨਮ ਤੋਂ ਲੈ ਕੇ ਅੰਤ ਤੱਕ ਦਾ ਰਿਸ਼ਤਾ ਹੈ। ਨਿਰਮੋਹਾ ਮਨੁੱਖ ਰੁੱਖਾਂ ਨੂੰ ਬੇਸਮਝ ਹੋ ਕੇ ਕੱਟੀ ਜਾ ਰਿਹਾ ਹੈ। ਇਸੇ ਕਾਰਨ ਹੀ ਮੀਂਹ ਘੱਟ ਪੈ ਰਹੇ ਹਨ। ਵਾਤਾਵਰਨ ਵਿਚ ਤਬਦੀਲੀ ਆ ਰਹੀ ਹੈ। ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਵਾਤਵਾਰਨ ਵਿਚਲੀ ਆਕਸੀਜਨ ਵਿਚ ਕਈ ਜ਼ਹਿਰੀਲੀਆਂ ਗੈਸਾਂ ਸ਼ਾਮਿਲ ਹੋਣ ਕਾਰਨ ਸਾਨੂੰ ਯੋਗ ਤਾਜ਼ੀ ਹਵਾ ਨਹੀਂ ਮਿਲ ਰਹੀ। ਸੋ, ਨਿਰਸੰਦੇਹ 'ਅਜੀਤ' ਟੀਮ ਵਧਾਈ ਦੀ ਪਾਤਰ ਹੈ, ਜਿਸ ਦੇ ਹੰਭਲੇ ਕਾਰਨ ਆਉਣ ਵਾਲੇ ਸਾਲਾਂ ਵਿਚ ਪਲੀਤ ਹੋ ਰਿਹਾ ਵਾਤਾਵਰਨ ਬਚੇਗਾ, ਉਥੇ ਪੰਜਾਬ ਦੀ ਹਰਿਆਵਲ ਨੂੰ ਵੀ ਚਾਰ ਚੰਨ ਲੱਗਣਗੇ।

-ਜਸਦੀਪ ਸਿੰਘ ਖੰਨਾ
ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ।

ਲੋਕਾਂ ਦਾ ਹਾਲ
ਲੋਕ ਸਭਾ ਚੋਣਾਂ ਵਿਚ ਸੱਤਾਧਾਰੀ ਅਕਾਲੀ ਦਲ ਨੂੰ ਕਾਫੀ ਨੁਕਸਾਨ ਹੋਇਆ ਹੈ ਪਰ ਉਹ ਮਸਲੇ ਅਜੇ ਵੀ ਜਿਉਂ ਦੇ ਤਿਉਂ ਹਨ, ਰੇਤਾ, ਬੱਜਰੀ, ਸੜਕਾਂ ਦਾ ਬੁਰਾ ਹਾਲ ਹੈ। ਨਸ਼ੇ ਬੰਦ ਕਰਵਾਉਣ ਦੇ ਨਾਂਅ 'ਤੇ ਕੀ ਹੋ ਰਿਹਾ ਹੈ? ਸਕੂਲਾਂ ਵਿਚ ਅਧਿਆਪਕ ਨਹੀਂ ਹਨ ਤੇ ਹਸਪਤਾਲਾਂ ਵਿਚ ਡਾਕਟਰ ਨਹੀਂ ਹਨ। ਬੁਢਾਪਾ ਪੈਨਸ਼ਨਾਂ ਨਹੀਂ ਮਿਲ ਰਹੀਆਂ। ਸ਼ਗਨ ਸਕੀਮ ਤੇ ਆਟਾ-ਦਾਲ ਸਕੀਮ ਲੈਣ ਲਈ ਗ਼ਰੀਬ ਉਡੀਕ ਰਹੇ ਹਨ। ਬਿਜਲੀ ਦੇ ਬਿੱਲ ਲੈ ਕੇ ਆਮ ਵਿਅਕਤੀ ਬਿਜਲੀ ਦਫ਼ਤਰ ਦੇ ਗੇੜੇ ਮਾਰ ਰਿਹਾ ਹੈ। ਮਿਹਨਤ-ਮਜ਼ਦੂਰੀ ਕਰਨ ਵਾਲਾ ਵਿਅਕਤੀ ਦਿਹਾੜੀ ਲਾ ਕੇ ਘਰ ਨਹੀਂ ਚਲਾ ਸਕਦਾ।

-ਸੋਢੀ ਸਿੰਘ ਵਿਰਦੀ
ਸਲੈਚਾਂ (ਸ਼ਾਹਕੋਟ)।

ਵਧਦੀ ਆਬਾਦੀ ਦਾ ਬੋਝ
ਸਾਲ-ਦਰ-ਸਾਲ ਆਬਾਦੀ ਦਾ ਬੋਝ ਵਧ ਰਿਹਾ ਹੈ। ਉਸੇ ਹਿਸਾਬ ਨਾਲ ਕੁਦਰਤੀ ਸਾਧਨਾਂ ਦੀ ਵਰਤੋਂ ਵੀ ਲਗਾਤਾਰ ਵਧ ਰਹੀ ਹੈ, ਜਿਵੇਂ ਕਿ ਹਵਾ, ਪਾਣੀ, ਜ਼ਮੀਨ, ਪੇੜ-ਪੌਦੇ, ਤੇਲ, ਗੈਸ ਆਦਿ ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਕਹਿੰਦੇ ਹਨ ਕਿ ਪਿਛਲੇ 25 ਸਾਲਾਂ ਵਿਚ ਦੁਨੀਆ ਦੀ ਆਬਾਦੀ ਵਿਚ ਕਰੀਬ ਇਕ ਤਿਹਾਈ ਦਾ ਵਾਧਾ ਹੋਇਆ ਹੈ। ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਬੜੀ ਮੁਸ਼ਕਿਲ ਹੋ ਜਾਵੇਗੀ। ਸੋ, ਇਸ ਲਈ ਜ਼ਰੂਰੀ ਹੈ ਕਿ ਆਬਾਦੀ ਦੇ ਵਾਧੇ ਨੂੰ ਰੋਕਿਆ ਜਾਵੇ। 'ਇਕ ਬੱਚਾ ਸਭ ਲਈ ਅੱਛਾ' ਦਾ ਨਾਅਰਾ ਦਿੱਤਾ ਜਾਵੇ।

-ਸੁਰਿੰਦਰ ਸਿੰਘ
ਧਨੌਲਾ ਰੋਡ, ਬਰਨਾਲਾ।

18-8-2014

 ਪੰਜਾਬੀ ਬੋਲੀ ਦੀ ਹਿਫਾਜ਼ਤ
ਸ਼ਹਿਦੋਂ ਮਿੱਠੀ ਜ਼ਬਾਨ ਪੰਜਾਬੀ ਜਿਸ ਦਾ ਦੁਨੀਆ ਵਿਚ ਕੋਈ ਸਾਨੀ ਨਹੀਂ ਪਰ ਸਮੇਂ ਦੀ ਚਾਲ ਨਾਲ ਇਸ ਦੀ ਨੁਹਾਰ ਵਿਚ ਫ਼ਰਕ ਪੈਂਦਾ ਜਾ ਰਿਹਾ ਹੈ। ਪਿਛਲੇ ਦਹਾਕਿਆਂ ਤੋਂ ਪੰਜਾਬ ਵੱਡੇ ਦੁਖਾਂਤਾਂ ਨਾਲ ਪੀੜਤ ਰਿਹਾ ਹੈ। ਇਹਦੀ ਵੇਦਨਾ ਸੁਣੀਏ ਤਾਂ ਪੰਜਾਬ ਆਖਦਾ, ਪੰਜਾਬੀ ਇਸ ਦੀ ਮਾਤ ਬੋਲੀ ਹੈ। ਪਰ ਹੁਣ ਪੰਜਾਬੀ ਹੀ ਪੰਜਾਬੀ ਬੋਲੀ ਨੂੰ ਨਕਾਰਾ ਕਰਨ 'ਤੇ ਲੱਗੇ ਹੋਏ ਹਨ। ਅਜੋਕੇ ਸਮੇਂ ਪੰਜਾਬੀ ਬੋਲੀ ਨੂੰ ਜੋ ਮਾਰਾਂ ਪੈ ਰਹੀਆਂ ਹਨ ਲਗਦਾ ਨਹੀਂ ਕਿ ਆਉਣ ਵਾਲੇ ਸਮੇਂ ਵਿਚ ਇਹ ਆਪਣੇ ਵਜੂਦ ਨੂੰ ਕਾਇਮ ਰੱਖ ਸਕੇ। ਪੰਜਾਬੀ ਭਾਸ਼ਾ ਦੀ ਹਿਫਾਜ਼ਤ ਲਈ ਸਰਕਾਰੀ ਤੰਤਰ ਬਿਲਕੁਲ ਫੇਲ੍ਹ ਹੈ ਜੋ ਨੀਤੀਆਂ ਹਨ ਉਹ ਸਾਰਥਕ ਨਹੀਂ ਹਨ। ਸਾਡੀਆਂ ਵਿੱਦਿਅਕ ਸੰਸਥਾਵਾਂ ਖਾਸ ਕਰਕੇ ਪ੍ਰਾਈਵੇਟ ਸਕੂਲ ਸ਼ਰੇਆਮ ਪੰਜਾਬੀ ਭਾਸ਼ਾ ਦਾ ਦਿਵਾਲਾ ਕੱਢ ਰਹੇ ਹਨ। ਇਹ ਸੰਸਥਾਵਾਂ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਗੁਰੇਜ਼ ਕਰਦੀਆਂ ਹਨ। ਜੇਕਰ ਕੋਈ ਬੱਚਾ ਸਕੂਲ ਵਿਚ ਪੰਜਾਬੀ ਬੋਲਦਾ ਹੈ ਤਾਂ ਉਸ 'ਤੇ ਭਾਰੀ ਜੁਰਮਾਨੇ ਲਗਾਏ ਜਾਂਦੇ ਹਨ ਤੇ ਸਾਡੇ ਮਾਪੇ ਵੀ ਬੜਾ ਮਾਣ ਮਹਿਸੂਸ ਕਰਦੇ ਆਖਦੇ ਹਨ ਕਿ ਸਾਡੇ ਬੱਚੇ ਉਸ ਸਕੂਲ ਪੜ੍ਹਦੇ ਹਨ, ਜਿਥੇ ਸਿਰਫ਼ ਅੰਗਰੇਜ਼ੀ ਬੋਲੀ ਜਾਂਦੀ ਹੈ, ਪੰਜਾਬੀ ਦਾ ਤਾਂ ਨਾਮੋ-ਨਿਸ਼ਾਨ ਨਹੀਂ ਹੈ। ਜੇਕਰ ਇਹੋ ਜਿਹੀ ਬਿਰਤੀ ਸਾਡੇ ਵਿਚ ਆਮ ਪ੍ਰਚਲਿਤ ਹੁੰਦੀ ਗਈ ਤਾਂ ਅਸੀਂ ਆਪਣੀ ਮਾਂ-ਬੋਲੀ ਤੋਂ ਵਿਸਰ ਜਾਵਾਂਗੇ। ਜੇਕਰ ਅਸੀਂ ਆਪਣੀ ਮਾਂ-ਬੋਲੀ ਦੀ ਹਿਫਾਜ਼ਤ ਕਰਨੀ ਹੈ ਤਾਂ ਸਾਨੂੰ ਆਮ ਲੋਕਾਂ ਨੂੰ ਲਹਿਰ ਬਣਨਾ ਪਵੇਗਾ।

-ਚੰਨਦੀਪ ਸਿੰਘ 'ਬੁਤਾਲਾ'
ਅੰਮ੍ਰਿਤਸਰ।

ਸੰਤੁਲਿਤ ਸੋਚ ਦੀ ਲੋੜ
ਕਿਸੇ ਵੀ ਸਮੇਂ ਦੇ ਸਮਾਜ ਦੀ ਇਹ ਬਹੁਤ ਵੱਡੀ ਖ਼ਾਮੀ ਹੁੰਦੀ ਹੈ ਜੋ ਕਿਸੇ ਖਾਸ ਕਿਸਮ ਦੀ ਸੋਚ ਨੂੰ ਇਕ ਵੱਡੇ ਵਰਗ ਵੱਲੋਂ ਬਿਨਾਂ ਸੋਚ ਵਿਚਾਰ ਦੇ ਅਪਣਾ ਲਿਆ ਜਾਂਦਾ ਹੈ। ਗੱਲ ਭਾਵੇਂ ਫੈਸ਼ਨ, ਖਾਣ-ਪੀਣ, ਕਿਸੇ ਕਿੱਤੇ ਦੇ ਰੁਝਾਨ ਦੀ ਹੋਵੇ ਜਾਂ ਧਾਰਮਿਕ ਵਿਚਾਰਾਂ ਦੀ। ਇਸੇ ਆਦਤ ਦੇ ਚਲਦਿਆਂ ਹੀ ਅੱਜ ਹਰ ਗਲਤ ਔਰਤ ਸਹੀ ਤੇ ਹਰ ਸਹੀ ਮਰਦ ਗ਼ਲਤ ਨਜ਼ਰ ਆਉਣ ਲੱਗਾ ਹੈ। ਜਿਸ ਦੇ ਸਿੱਟੇ ਵਜੋਂ ਹਰ ਕੋਈ ਸ਼ੱਕੀ ਨਜ਼ਰ ਨਾਲ ਦੇਖਿਆ ਜਾਣ ਲੱਗਿਆ ਹੈ। ਵਹਿਸ਼ੀਆਨਾ ਤੇ ਕਾਮੀ ਬਿਰਤੀ ਔਰਤ ਵਿਚ ਵੀ ਹੈ ਤੇ ਮਰਦ ਵਿਚ ਵੀ। ਹਾਂ, ਇਸ ਦੀ ਮਾਤਰਾ ਵਿਚ ਫਰਕ ਹੋ ਸਕਦਾ ਹੈ। ਇਕ ਵੱਡਾ ਅੰਤਰ ਭਾਵੁਕਤਾ ਤੇ ਸਰੀਰਕ ਸ਼ਕਤੀ ਦਾ ਵੀ ਹੈ। ਇਕਤਰਫ਼ਾ ਸੋਚ ਰੱਖਦੇ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ ਹੋਵੇਗਾ ਜਦੋਂ ਮਰਦ ਜਾਤੀ ਦੇ ਹੱਕਾਂ ਲਈ ਕਾਨੂੰਨ ਬਣਾਉਣੇ ਪੈਣਗੇ ਤੇ ਇਸ ਦੀ ਹੋਂਦ ਨੂੰ ਬਚਾਉਣ ਲਈ ਮੁਹਿੰਮਾਂ ਦੀ ਲੋੜ ਪਵੇਗੀ। ਪੁੱਤਾਂ ਦੇ ਹੱਥਾਂ ਵਿਚ ਰੁਲ ਰਿਹਾ ਮਾਪਿਆਂ ਦਾ ਬੁਢਾਪਾ ਕਿਸ ਤਰ੍ਹਾਂ ਸਮਾਜ ਦਾ ਨਜ਼ਰੀਆ ਬਦਲਦਾ ਹੈ ਇਹ ਆਉਣ ਵਾਲਾ ਸਮਾਂ ਛੇਤੀ ਹੀ ਨਿਰਧਾਰਤ ਕਰੇਗਾ।

-ਪਰਮਜੀਤ ਕੌਰ ਸਰਾਂ
ਸੁਰਗਾਪੁਰੀ, ਦੁਆਰੇਆਣਾ ਰੋਡ, ਕੋਟਕਪੂਰਾ।

ਦੁਰਘਟਨਾਵਾਂ ਤੋਂ ਬਚਾਅ
ਸੜਕਾਂ ਉਤੇ ਆਵਾਜਾਈ ਦਿਨ-ਬਦਿਨ ਵਧਦੀ ਜਾ ਰਹੀ ਹੈ। ਸੜਕਾਂ ਉਤੇ ਬੰਦਿਆਂ ਤੇ ਮਾਲ ਦੀ ਢੋਆ-ਢੁਆਈ ਕਰਦੇ ਟਰੱਕਾਂ, ਬੱਸਾਂ, ਕਾਰਾਂ ਆਦਿ ਦਾ ਤਾਂਤਾ ਲੱਗਿਆ ਰਹਿੰਦਾ ਹੈ। ਕੰਮਾਂ-ਕਾਰਾਂ ਦੇ ਵਧਣ ਕਾਰਨ ਲੋਕਾਂ ਵਿਚ ਕਾਹਲ ਵਧ ਗਈ ਹੈ ਤੇ ਠਰ੍ਹੰਮਾ ਘਟ ਗਿਆ ਹੈ। ਇਨ੍ਹਾਂ ਦੁਰਘਟਨਾਵਾਂ ਲਈ ਸੜਕਾਂ ਉਤੇ ਚੱਲਣ ਵਾਲੇ ਸਾਰੇ ਹੀ ਜ਼ਿੰਮੇਵਾਰ ਹਨ। ਦੁਰਘਟਨਾਵਾਂ ਦਾ ਇਕ ਕਾਰਨ ਹਰ ਇਕ ਦਾ ਤੇਜ਼ ਸਪੀਡ ਨਾਲ ਚਲਣਾ ਹੈ। ਤੇਜ਼ ਭੱਜਦੀ ਗੱਡੀ ਔਖੀ ਰੁਕਦੀ ਹੈ ਤੇ ਮੁੜਨ ਵੇਲੇ ਉਲਟ ਜਾਂਦੀ ਹੈ। ਬਹੁਤ ਸਾਰੀਆਂ ਦੁਰਘਟਨਾਵਾਂ ਡਰਾਈਵਰਾਂ ਦੀ ਲਾਪ੍ਰਵਾਹੀ ਸ਼ਰਾਬ ਪੀ ਕੇ ਗੱਡੀ ਚਲਾਉਣ ਕਰਕੇ ਹੁੰਦੀਆਂ ਹਨ। ਦੁਰਘਟਨਾਵਾਂ ਨੂੰ ਰੋਕਣ ਦੇ ਉਪਾਅ ਵੀ ਸੜਕ ਉਤੇ ਚੱਲਣ ਵਾਲਿਆਂ ਦੇ ਕੋਲ ਹੀ ਹਨ। ਉਨ੍ਹਾਂ ਦੁਆਰਾ ਵਰਤੀ ਸਾਵਧਾਨੀ ਨਾਲ ਹੀ ਇਸ ਸਮੱਸਿਆ ਨੂੰ ਨਜਿੱਠਿਆ ਜਾ ਸਕਦਾ ਹੈ। ਦੁਰਘਟਨਾਵਾਂ ਤੋਂ ਬਚਣ ਲਈ ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਜੇਕਰ ਸੜਕਾਂ 'ਤੇ ਆਵਾਜਾਈ ਸਮੇਂ ਆਪਣਾ ਤੇ ਦੂਜਿਆਂ ਦਾ ਖਿਆਲ ਰੱਖਿਆ ਜਾਵੇ ਤਾਂ ਦੁਰਘਟਨਾਵਾਂ ਟਲ ਸਕਦੀਆਂ ਹਨ।

-ਸਰਿੰਦਰ ਸਿੰਘ ਬਰਨਾਲਾ
ਸਲੇਮਟਾਬਰੀ, ਲੁਧਿਆਣਾ।

ਪਾਣੀ ਦੀ ਸੰਭਾਲ
ਕੁਦਰਤ ਦੀ ਵਡਮੁੱਲੀ ਦਾਤ ਪਾਣੀ ਤੋਂ ਬਿਨਾਂ ਮਨੁੱਖ, ਜੀਵ-ਜੰਤੂਆਂ ਦਾ ਜੀਵਨ ਖ਼ਤਰੇ ਵਿਚ ਪੈ ਜਾਵੇਗਾ। ਭਾਵੇਂ ਸਮਾਜ ਵਿਚ ਅਮੀਰ-ਗਰੀਬ ਆਪਣੀਆਂ ਲੋੜਾਂ ਅਨੁਸਾਰ ਪਾਣੀ ਦੀ ਵਰਤੋ ਕਰਦੇ ਹਨ ਪ੍ਰੰਤੂ ਫਜ਼ੂਲ ਜਾਂਦੇ ਪਾਣੀ ਨੂੰ ਬਚਾਉਣ ਲਈ ਕੋਈ ਸਾਰਥਕ ਉਪਰਾਲਾ ਨਹੀਂ ਕਰਦੇ। ਟੂਟੀਆਂ ਦੇ ਪਾਣੀ ਨਾਲ ਮੱਝਾਂ ਨਹਾਉਣੀਆਂ, ਘਰਾਂ ਮੂਹਰੇ ਪਾਣੀ ਦਾ ਛਿੜਕਾਅ, ਘਰੇਲੂ ਕੰਮਾਂ ਵਿਚ ਪਾਣੀ ਦੀ ਵਰਤੋਂ, ਬਾਗਬਾਨੀ ਬੂਟਿਆਂ ਨੂੰ ਪਾਣੀ ਲਾਉਣ ਵੇਲੇ, ਚਮੜੇ ਦੀਆਂ ਫੈਕਟਰੀਆਂ ਅਤੇ ਕੱਪੜੇ ਦੇ ਕਾਰਖਾਨਿਆਂ ਵਿਚ ਬਹੁਤ ਪਾਣੀ ਬਰਬਾਦ ਹੁੰਦਾ ਹੈ ਅਤੇ ਪ੍ਰਦੂਸ਼ਿਤ ਹੁੰਦਾ ਹੈ। ਦੇਸ਼-ਵਿਦੇਸ਼ ਅਤੇ ਅੰਤਰਰਾਸ਼ਟਰੀ ਏਜੰਸੀਆਂ ਸੰਯੁਕਤ ਰਾਸ਼ਟਰ ਅਤੇ ਸੰਸਾਰ ਸਿਹਤ ਸੰਗਠਨ ਨੇ ਵੀ ਪਾਣੀ ਦੀ ਸਮੱਸਿਆ ਪ੍ਰਤੀ ਧਿਆਨ ਦਿੱਤਾ ਹੈ। ਪਾਣੀ ਨੂੰ ਬਰਬਾਦ ਹੋਣ ਤੋਂ ਬਚਾਉਣ ਵਾਲੀਆਂ ਨੀਤੀਆਂ ਘੜੀਆਂ ਹਨ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲਿਆ। ਹਰੇਕ ਸਮੱਸਿਆ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਕਾਰਨ ਨੂੰ ਸਮਝ ਕੇ ਸੁਝਾਏ ਗਏ ਤਰੀਕਿਆਂ ਤੇ ਵਿਵਹਾਰਕ ਰੂਪ ਵਿਚ ਅਮਲ ਕਰਕੇ ਮੁਸ਼ਕਿਲ ਨੂੰ ਦੂਰ ਕੀਤਾ ਜਾ ਸਕਦਾ ਹੈ। ਕੇਵਲ ਸਿਧਾਂਤਕ ਹੋ ਕੇ ਸਮੱਸਿਆ ਦੂਰ ਨਹੀਂ ਹੋਣੀ। ਸਮੱਸਿਆ ਦੇ ਵਿਹਾਰਕ ਹੱਲ ਲਈ ਮਨੁੱਖ ਨੂੰ ਜਾਗਰੂਕ ਹੋਣ ਦੀ ਲੋੜ ਹੈ। ਹਰੇਕ ਨੂੰ ਆਪਣੇ ਘਰ ਦੀ ਦਹਿਲੀਜ਼ ਤੋਂ ਯਤਨ ਅਰੰਭਣੇ ਚਾਹੀਦੇ ਹਨ। ਜੇਕਰ ਹਰੇਕ ਮਨੁੱਖ ਰੋਜ਼ਾਨਾ ਇਕ ਬਾਲਟੀ ਪਾਣੀ ਦੀ ਬਚਾਵੇ ਤਾਂ ਸਾਲ ਵਿਚ ਬੁਹਤ ਪਾਣੀ ਬਚਾਇਆ ਜਾ ਸਕਦਾ ਹੈ। ਸਰਕਾਰਾਂ ਨੂੰ ਵੀ ਇਸ ਗੰਭੀਰ ਮੁੱਦੇ 'ਤੇ ਸਖਤ ਨੀਤੀਆਂ ਲਾਗੂ ਕਰਨ ਦੀ ਜ਼ੂਰਰਤ ਹੈ।

-ਮਾ: ਮਨਸਾ ਰਾਮ 'ਸਿਤਾਰਾ'
ਰਵਿਦਾਸ ਨਗਰ, ਮਾਲੇਰਕੋਟਲਾ, ਜ਼ਿਲ੍ਹਾ ਸੰਗਰੂਰ।

14-8-2014

 ਕਾਲੇ ਪੀਲੀਏ ਦਾ ਕਹਿਰ
ਕੈਂਸਰ ਦਾ ਅਜੇ ਸਾਰਥਿਕ ਹੱਲ ਨਹੀਂ ਲੱਭਿਆ। ਹੁਣ ਇਕ ਹੋਰ ਸਭ ਤੋਂ ਭਿਆਨਕ ਬਿਮਾਰੀ ਨੇ ਜਨਮ ਲੈ ਲਿਆ ਹੈ, ਜਿਸ ਦਾ ਨਾਂਅ ਹੈ 'ਕਾਲਾ ਪੀਲੀਆ'। ਬਿਮਾਰੀਆਂ ਤਾਂ ਪੰਜਾਬ ਵਿਚ ਹੋਰ ਵੀ ਬਹੁਤ ਹਨ ਪਰ ਇਹ ਦੋ ਬਿਮਾਰੀਆਂ ਮਨੁੱਖ ਲਈ ਬੇਹੱਦ ਘਾਤਕ ਸਿੱਧ ਹੋ ਰਹੀਆਂ ਹਨ। ਕਾਲਾ ਪੀਲੀਆ ਬਹੁਤ ਹੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਇਸ ਦਾ ਇਲਾਜ ਵੀ ਕੈਂਸਰ ਵਾਂਗ ਬਹੁਤ ਹੀ ਮਹਿੰਗਾ ਹੈ। ਗਰੀਬ ਆਦਮੀ ਇਸ ਦੇ ਇਲਾਜ ਲਈ ਸੋਚ ਵੀ ਨਹੀਂ ਸਕਦਾ, ਕਿਉਂਕਿ ਅਮੀਰਾਂ ਦੇ ਵੀ ਹੱਥ ਖੜ੍ਹੇ ਹੋ ਜਾਂਦੇ ਹਨ। ਕਾਲੇ ਪੀਲੀਏ ਨਾਲ ਹੋਰ ਪੀਲੀਏ ਵੀ ਆਦਮੀ ਨੂੰ ਘੇਰਨ ਤੋਂ ਪਿੱਛੇ ਨਹੀਂ। ਬਹੁਤੇ ਲੋਕ ਡਾਕਟਰ ਦੀ ਸਲਾਹ ਬਿਨਾਂ ਆਪ ਹੀ ਦਵਾਈਆਂ ਖਾਂਦੇ ਰਹਿੰਦੇ ਹਨ ਜਾਂ ਜਿਹੜੇ ਪਿੰਡਾਂ ਵਿਚ ਝੋਲਾ ਛਾਪ ਡਾਕਟਰ ਇਕ ਹੀ ਸਰਿੰਜ ਨਾਲ ਕਈ-ਕਈ ਮਰੀਜ਼ਾਂ ਦੇ ਟੀਕੇ ਲਗਾਉਂਦੇ ਰਹਿੰਦੇ ਹਨ, ਜਿਸ ਦਾ ਸਿੱਧਾ ਅਸਰ ਮਨੁੱਖ ਦੇ ਲਿਵਰ 'ਤੇ ਪੈਂਦਾ ਹੈ। ਹਰ ਆਦਮੀ ਨੂੰ ਸਮੇਂ-ਸਮੇਂ ਸਿਰ ਆਪਣੇ ਟੈਸਟ ਕਰਾਉਂਦੇ ਰਹਿਣਾ ਚਾਹੀਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਿਵੇਂ ਕਿਸਾਨਾਂ ਨੂੰ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ, ਇਵੇਂ ਹੀ ਟੈਸਟ ਵੀ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤੇ ਜਾਣੇ ਚਾਹੀਦੇ ਹਨ। ਬਿਮਾਰੀਆਂ ਨੂੰ ਵਧਣ ਤੋਂ ਰੋਕਣ ਲਈ ਸਰਕਾਰ ਨੂੰ ਗੰਭੀਰ ਹੋਣ ਦੀ ਸਖ਼ਤ ਜ਼ਰੂਰਤ ਹੈ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਨਸ਼ਿਆਂ ਸਬੰਧੀ ਯਤਨ
ਪੰਜਾਬ ਵਿਚ ਪਿਛਲੇ ਦਹਾਕਿਆਂ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਪਾਰਟੀ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ। ਨਸ਼ਿਆਂ ਦੇ ਵਰਤਾਰੇ ਸਬੰਧੀ ਦਰਜਨਾਂ ਜਾਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਲੇਖ ਅਖ਼ਬਾਰਾਂ ਵਿਚ ਛਪਦੇ ਰਹੇ ਹਨ। ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਵੀ ਨਸ਼ਿਆਂ ਵਿਰੁੱਧ ਬੋਲਿਆ ਜਾਂਦਾ ਰਿਹਾ ਹੈ। ਕਈ ਥਾਵਾਂ 'ਤੇ ਨਸ਼ਿਆਂ ਵਿਰੁੱਧ ਮਾਰਚ ਵੀ ਕੱਢੇ ਜਾਂਦੇ ਰਹੇ ਹਨ ਤੇ ਰੈਲੀਆਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ। ਪਰ ਕੀ ਏਨੇ ਕੁਝ ਨਾਲ ਪੰਜਾਬ ਵਿਚੋਂ ਨਸ਼ੇ ਦੂਰ ਕੀਤੇ ਜਾ ਸਕੇ ਹਨ? ਸਰਕਾਰ ਦੁਆਰਾ ਨਸ਼ਿਆਂ ਦੇ ਵਿਰੋਧ ਵਿਚ ਕੀਤੇ ਜਾਂਦੇ ਉਪਰਾਲਿਆਂ ਦਾ ਹੇਠਲੀ ਪੱਧਰ ਤੱਕ ਕਿੰਨਾ ਕੁ ਅਮਲ ਹੋਇਆ ਹੈ? ਇਸ ਸਬੰਧੀ ਬਿਆਨਬਾਜ਼ੀ ਜ਼ਰੂਰ ਹੁੰਦੀ ਹੈ, ਪਰ ਅਮਲ ਫੋਕੇ ਸਾਬਤ ਹੁੰਦੇ ਹਨ। ਸੋ ਜਦੋਂ ਤੱਕ ਸਾਡੀ ਪ੍ਰਬੰਧਕੀ ਮਸ਼ੀਨਰੀ ਤੇ ਸਰਕਾਰ ਦੀ ਅਜਿਹੀ ਮਾਨਸਿਕਤਾ ਬਣੀ ਰਹੇਗੀ, ਉਦੋਂ ਤੱਕ ਨਸ਼ਿਆਂ ਦੇ ਵਹਿ ਰਹੇ ਦਰਿਆ ਨੂੰ ਥੰਮ੍ਹਿਆ ਨਹੀਂ ਜਾ ਸਕੇਗਾ।

-ਰਾਜਾ ਗਿੱਲ (ਚੜਿੱਕ)
ਮੋ: 94654-11585

ਧੀਆਂ ਦੀ ਪੁਕਾਰ
ਆਏ ਦਿਨ ਅਸੀਂ ਔਰਤਾਂ ਨਾਲ ਹੋ ਰਹੀਆਂ ਵਾਰਦਾਤਾਂ ਬਾਰੇ ਪੜ੍ਹਦੇ-ਸੁਣਦੇ ਹਾਂ। ਔਰਤਾਂ ਦਾ ਜੋ ਅਪਮਾਨ ਅੱਜ ਦੇ ਯੁੱਗ ਵਿਚ ਹੋ ਰਿਹਾ ਹੈ, ਇਸ ਨੂੰ ਅਸੀਂ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹਾਂ। ਕਦੇ ਤੇਜ਼ਾਬ ਸੁੱਟ ਦਿੱਤਾ ਜਾਂਦਾ ਹੈ, ਕਦੇ ਜਬਰ ਜਨਾਹ ਕਰ ਦਿੱਤਾ ਜਾਂਦਾ ਹੈ, ਕਦੇ ਉਸ ਨਾਲ ਛੇੜਛਾੜ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਬੱਚੀਆਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ। ਕੀ ਸਾਡੀਆਂ ਧੀਆਂ ਸਾਡੇ ਘਰ, ਮੁਹੱਲੇ, ਸ਼ਹਿਰਾਂ ਤੇ ਸਮਾਜ ਵਿਚ ਸੁਰੱਖਿਅਤ ਹਨ? ਇਸ ਸਵਾਲ ਦਾ ਕੋਈ ਜਵਾਬ ਨਹੀਂ। ਅਨੇਕਾਂ ਹੀ ਨਜ਼ਰਾਂ ਨੂੰ ਸਹਿੰਦੀ ਹੋਈ ਔਰਤ ਬਦਨਾਮੀ ਦੇ ਡਰ ਤੋਂ ਆਪਣੇ ਨਾਲ ਹੋ ਰਹੇ ਇਸ ਘਿਨਾਉਣੇ ਜੁਰਮ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੀ। ਕਿਉਂ? ਕਿਉਂਕਿ ਸਾਡੇ ਪਰਿਵਾਰ, ਸਾਡੇ ਸਮਾਜ ਨੇ ਔਰਤ ਦੇ ਹੱਥ ਬੰਨ੍ਹੇ ਹੋਏ ਹਨ। ਬਚਪਨ ਤੋਂ ਹੀ ਅਸੀਂ ਧੀ ਤੇ ਪੁੱਤਰ ਵਿਚ ਫ਼ਰਕ ਕਰਦੇ ਹਾਂ। 'ਪੁੱਤਰ' ਨੂੰ ਅਸੀਂ ਬਹਾਦਰ ਬਣਾਉਂਦੇ ਹਾਂ ਤੇ ਧੀਆਂ ਨੂੰ ਪਰਾਇਆ ਧਨ ਕਹਿ ਕੇ ਉਸ ਦੀ ਨੀਂਹ ਨੂੰ ਕਮਜ਼ੋਰ ਕਰ ਦਿੰਦੇ ਹਾਂ। ਆਪਣੀ ਸੋਚ ਨੂੰ ਬਦਲੋ, ਧੀਆਂ ਦਾ ਸਤਿਕਾਰ ਕਰੋ। ਧੀ ਅਤੇ ਪੁੱਤਰ ਨੂੰ ਇਕ ਬਰਾਬਰ ਸਮਝੋ।

ਨੀਲਮ
389/6 ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ।

13-8-2014

 ਵਿਦਿਆਰਥੀਆਂ ਦੀਆਂ ਸਮੱਸਿਆਵਾਂ
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ। ਇਸ ਦੀ ਪ੍ਰਾਪਤੀ ਲਈ ਅਸੀਂ ਸਖ਼ਤ ਮਿਹਨਤ ਕਰਦੇ ਹਾਂ। ਵਿੱਦਿਆ ਪ੍ਰਾਪਤ ਕਰਨ ਲਈ ਨੌਜਵਾਨ ਲੜਕੇ-ਲੜਕੀਆਂ ਪਿੰਡਾਂ-ਸ਼ਹਿਰਾਂ ਤੇ ਵਿੱਦਿਅਕ ਅਦਾਰਿਆਂ ਲਈ ਨਿੱਤ ਮੁਸੀਬਤਾਂ ਝੱਲਦੇ ਹਨ, ਜਿਸ ਦੀ ਜ਼ਿੰਮੇਵਾਰ ਹੈ ਸਾਡੀ ਟਰਾਂਸਪੋਰਟ ਵਿਵਸਥਾ, ਜਿਸ ਬਾਰੇ ਅਕਸਰ ਜ਼ਿਕਰ ਹੁੰਦਾ ਹੈ। ਰੋਜ਼ਾਨਾ ਸਫ਼ਰ ਕਰਕੇ ਵਿਦਿਆਰਥੀ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ, ਉਪਰੋਂ ਬੱਸਾਂ ਦੇ ਕੰਡਕਟਰਾਂ ਦਾ ਰੁੱਖਾ ਸੁਭਾਅ ਸਾਡੇ ਪਛੜੇਪਨ ਦਾ ਸਬੂਤ ਪੇਸ਼ ਕਰਦਾ ਹੈ। ਕਾਲਜ, ਯੂਨੀਵਰਸਿਟੀਆਂ ਜਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਜਿਥੇ ਟਰਾਂਸਪੋਰਟ ਦਾ ਕੋਈ ਸਾਧਨ ਉਪਲਬਧ ਨਹੀਂ ਹੁੰਦਾ, ਉਥੇ ਪੜ੍ਹਾਈ ਕਰਦੀਆਂ ਵਿਦਿਆਰਥਣਾਂ ਇਸ ਮੁਸੀਬਤ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਬਹੁਤੇ ਰੂਟਾਂ 'ਤੇ ਤਾਂ ਰੋਡਵੇਜ਼ ਬੱਸਾਂ ਨਾਮਾਤਰ ਹੀ ਹੁੰਦੀਆਂ ਹਨ। ਪਰ ਜੇ ਕੋਈ ਸਰਕਾਰੀ ਬੱਸ ਉਸ ਰੂਟ 'ਤੇ ਗੁਜ਼ਰਦੀ ਹੈ ਤਾਂ ਉਹ ਵੀ ਬੱਸ ਸਟੈਂਡ ਤੋਂ 100 ਮੀਟਰ ਪਿੱਛੇ ਜਾਂ ਅੱਗੇ ਜਾ ਰੁਕਦੀ ਹੈ। ਬਾਕੀ ਰਹੀ ਪ੍ਰਾਈਵੇਟ ਕੰਪਨੀਆਂ ਦੀ ਗੱਲ। ਉਨ੍ਹਾਂ ਦੇ ਕੰਡਕਟਰ ਅਕਸਰ ਗ਼ਲਤ ਸ਼ਬਦਾਵਲੀ ਵਰਤਦੇ ਹੋਏ ਵਿਦਿਆਰਥੀਆਂ ਨਾਲ ਬਹਿਸਬਾਜ਼ੀ ਕਰਦੇ ਹਨ। ਲੋੜ ਹੈ ਸਹੀ ਸੋਚ ਦੀ, ਇਨ੍ਹਾਂ ਸਮੱਸਿਆਵਾਂ ਦਾ ਸਹੀ ਹੱਲ ਲੱਭਣ ਦੀ ਤਾਂ ਜੋ ਸਾਡਾ ਭਵਿੱਖ ਸਹੀ ਦਿਸ਼ਾ ਵੱਲ ਜਾ ਸਕੇ।

-ਪਰਮਜੀਤ ਸਿੰਘ ਬੁੱਟਰ
ਪਿੰਡ ਕੋਟਲਾ ਖੁਰਦ, ਜ਼ਿਲ੍ਹਾ ਗੁਰਦਾਸਪੁਰ।

ਨੇਤਾਵਾਂ ਦੀ 'ਸ਼ਾਨ'
ਅੱਜਕਲ੍ਹ ਮਹਿੰਗਾਈ ਦਾ ਦੌਰ ਹੈ। ਮਹਿੰਗਾਈ ਨੇ ਸਾਧਾਰਨ ਵਰਗ ਦੇ ਮਨੁੱਖ ਨੂੰ ਘਰ-ਬਾਰ ਚਲਾਉਣ ਲਈ ਔਖਾ ਕੀਤਾ ਹੋਇਆ ਹੈ। ਅੱਜਕਲ੍ਹ ਦੇ ਵਕਤ ਵਿਚ ਦਾਲ-ਫੁਲਕਾ ਚਲਾਉਣਾ ਵੀ ਬਹੁਤ ਮੁਸ਼ਕਿਲ ਕੰਮ ਹੋ ਗਿਆ ਹੈ, ਪਰ ਇਸ ਦੇ ਉਲਟ ਸਾਡੇ ਕਈ ਲੀਡਰ ਰਿਕਾਰਡ ਤੋੜਨ ਵਿਚ ਕਾਮਯਾਬ ਹੋ ਰਹੇ ਹਨ। ਜਿਵੇਂ ਸ਼ੀਲਾ ਦੀਕਸ਼ਤ ਦੇ ਬੰਗਲੇ ਵਿਚ 31 ਏ.ਸੀ. ਲੱਗੇ ਹੋਏ ਹਨ। ਆਮ ਆਦਮੀ ਇਹ ਸੁਣ ਕੇ ਜ਼ਰੂਰ ਹੈਰਾਨ ਹੁੰਦਾ ਹੋਵੇਗਾ ਕਿ 31 ਏ.ਸੀ. ਲਾਉਣ ਦੀ ਕੀ ਜ਼ਰੂਰਤ ਸੀ। ਦੋ-ਚਾਰਾਂ ਨਾਲ ਵੀ ਕੰਮ ਚਲ ਸਕਦਾ ਸੀ। ਪਰ ਸ਼ੀਲਾ ਦੀਕਸ਼ਤ ਜੀ ਦਾ ਰਿਕਾਰਡ ਛੱਤੀਸਗੜ੍ਹ ਦੇ ਵਿਧਾਨ ਸਭਾ ਦੇ ਸਪੀਕਰ ਗੌਰੀਸ਼ੰਕਰ ਅਗਰਵਾਲ ਨੇ ਤੋੜਦਿਆਂ ਆਪਣੇ ਬੰਗਲੇ ਵਿਚ 48 ਏ.ਸੀ. ਲਾਏ ਹਨ। ਕੀ ਇਹ ਲੀਡਰ ਜਨਤਾ ਦੇ ਧਨ ਨੂੰ ਬੇਦਰਦੀ ਨਾਲ ਉਡਾ ਨਹੀਂ ਰਹੇ? ਦੇਸ਼ ਵਿਚ ਕਈਆਂ ਨੂੰ ਤਾਂ ਪੱਖੇ ਦੀ ਹਵਾ ਵੀ ਨਸੀਬ ਨਹੀਂ ਤੇ ਇਹ ਨੇਤਾ ਏਨੇ ਏ.ਸੀ. ਲਗਾ ਕੇ ਕੀ ਠੀਕ ਕਰ ਰਹੇ ਹਨ? ਅੱਜ ਇਹ ਸਵਾਲ ਸਭ ਦੀ ਜ਼ਬਾਨ 'ਤੇ ਹੈ।

-ਜਗਜੀਤ ਸਿੰਘ ਭਾਟੀਆ
ਨੂਰਪੁਰ ਬੇਦੀ (ਰੋਪੜ)।

ਪੰਜਾਬੀ
ਪੰਜਾਬੀ ਸਾਡੀ ਮਾਂ-ਬੋਲੀ ਹੈ। ਇਸ ਨਾਲ ਸਾਡੀ ਸ਼ਾਨ ਅਤੇ ਵੱਖਰੀ ਪਛਾਣ ਹੈ ਪਰ ਅੱਜ ਅਸੀਂ ਪੰਜਾਬੀ ਭੁੱਲਦੇ ਜਾਂਦੇ ਹਾਂ ਅਤੇ ਅੰਗਰੇਜ਼ੀ ਵੱਲ ਤੁਰ ਪਏ ਹਾਂ। ਹੁਣ ਹਰ ਘਰ ਦੇ ਬੱਚੇ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਪੜ੍ਹਨਾ ਚਾਹੁੰਦੇ ਹਨ। ਸਕੂਲਾਂ ਅਤੇ ਕਾਲਜਾਂ 'ਚ ਤਾਂ ਪੰਜਾਬੀ ਖ਼ਤਮ ਹੋਣ ਕਿਨਾਰੇ ਹੈ। ਮੰਨਿਆ ਕਿ ਕੌਮਾਂਤਰੀ ਭਾਸ਼ਾ ਹੋਣ ਕਰਕੇ ਸਾਨੂੰ ਅੰਗਰੇਜ਼ੀ ਸਿੱਖਣੀ ਚਾਹੀਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਆਪਾਂ ਆਪਣੀ ਮਾਂ-ਬੋਲੀ ਨੂੰ ਭੁਲਾ ਦੇਈਏ ਅਤੇ ਪਿੱਛੇ ਛੱਡ ਦੇਈਏ, ਸਗੋਂ ਸਾਨੂੰ ਇਸ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਦੂਜਿਆਂ ਦੇਸ਼ਾਂ ਜਾਂ ਸ਼ਹਿਰਾਂ 'ਚ ਵੀ ਇਹ ਪ੍ਰਚਲਤ ਹੋ ਸਕੇ। ਅੱਜਕਲ੍ਹ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿਚ ਪੰਜਾਬੀ ਰਹਿੰਦੇ ਹਨ, ਉਨ੍ਹਾਂ ਨੂੰ ਆਪਣੀ ਸਪੱਸ਼ਟ ਪੰਜਾਬੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਬਾਹਰਲੇ ਦੇਸ਼ਾਂ ਵਿਚ ਰਹਿ ਰਹੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਵਿਚ ਗੱਲ ਕਰਨ ਅਤੇ ਆਪਣੀ ਮਾਂ-ਬੋਲੀ ਨੂੰ ਨਾ ਭੁੱਲਣ। ਆਓ, ਰਲ-ਮਿਲ ਪੰਜਾਬੀ ਪੜ੍ਹੀਏ ਤੇ ਪੜ੍ਹਾਈਏ ਅਤੇ ਮਾਂ-ਬੋਲੀ ਦਾ ਮਾਣ ਵਧਾਈਏ।

-ਇੰਜ: ਗੁਰਪ੍ਰੀਤ ਸਿੰਘ ਸੂਰੀ
ਭਿੱਖੀਵਿੰਡ।
ਮੋ: 96534-87825

11-8-2014

 ਫ਼ਜ਼ੂਲ-ਖਰਚੀ
ਸਾਡੇ ਸਮਾਜ ਵਿਚ ਲੋਕ ਦਿਖਾਵੇ ਲਈ ਕੀਤਾ ਗਿਆ ਅੰਨਾ ਖਰਚ ਖੁਦਕੁਸ਼ੀ ਨੂੰ ਦਾਅਵਤ ਦਿੰਦਾ ਹੈ। ਵੱਡੇ ਲੋਕਾਂ ਦੇ ਵਿਆਹ-ਸ਼ਾਦੀਆਂ 'ਤੇ ਲੋਕ ਦਿਖਾਵੇ ਲਈ ਵਧਾਏ ਖਰਚ ਉਨ੍ਹਾਂ ਲਈ ਤਾਂ ਮਨੋਰੰਜਨ ਤੇ ਸ਼ੌਕ ਹਨ। ਪਰ ਗਰੀਬ ਲਈ ਅੱਜ ਦੀ ਮਹਿੰਗਾਈ ਦੇ ਯੁੱਗ ਵਿਚ ਦੋ ਡੰਗ ਦੀ ਰੋਟੀ ਹੀ ਮਸਾਂ ਪੂਰੀ ਹੁੰਦੀ ਹੈ। ਕਿਸਾਨ ਕਰਜ਼ੇ ਚੁੱਕ-ਚੁੱਕ ਕੇ ਇਨ੍ਹਾਂ ਖਰਚਾਂ ਨੂੰ ਪੂਰ ਚੜ੍ਹਾਉਂਦੇ ਹਨ ਤੇ ਜਦ ਉਹ ਕਰਜ਼ੇ ਲਾਹੁਣ ਤੋਂ ਅਸਮਰੱਥ ਹੋ ਜਾਂਦੇ ਹਨ ਤਾਂ ਅੰਤ ਮੌਤ ਨੂੰ ਗਲੇ ਲਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ। ਸਾਨੂੰ ਸਮਾਜ ਮੁਤਾਬਿਕ ਨਹੀਂ ਸਗੋਂ ਆਪਣੇ ਮੁਤਾਬਿਕ ਖਰਚ ਕਰਨਾ ਚਾਹੀਦਾ ਹੈ। ਆਮ ਕਿਹਾ ਜਾਂਦਾ ਹੈ 'ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ' ਤਾਂ ਜੋ ਫਾਲਤੂ ਖਰਚ ਨੂੰ ਰੋਕ ਕੇ ਆਮ ਆਦਮੀ ਦੀ ਸਲਾਮਤੀ ਮੰਗ ਸਕੀਏ।

-ਅਮਨਦੀਪ ਕੌਰ ਅੰਮੂ
ਪਿੰਡ ਤੇ ਡਾਕ: ਅਕਾਲਗੜ੍ਹ, ਸ੍ਰੀ ਮੁਕਤਸਰ ਸਾਹਿਬ।

ਸਾਰਥਕ ਉਪਰਾਲਾ
ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਦੀ ਜਰਖੇਜ਼ ਧਰਤੀ ਅੱਜ ਹੋਰਨਾਂ ਕਈ ਸਮੱਸਿਆਵਾਂ ਦੇ ਨਾਲੋ-ਨਾਲ ਪ੍ਰਦੂਸ਼ਣ ਦੀ ਮਾਰ ਹੇਠ ਆਈ ਹੋਈ ਹੈ। ਇਸ ਗੰਭੀਰ ਚੁਣੌਤੀ ਦੇ ਸਾਰਥਿਕ ਹੱਲ ਲਈ ਪੰਜਾਬੀਆਂ ਦੇ ਹਰਮਨ-ਪਿਆਰੇ ਅਖ਼ਬਾਰ ਰੋਜ਼ਾਨਾ ਅਜੀਤ ਵੱਲੋਂ ਹਰਿਆਵਲ ਲਹਿਰ ਆਰੰਭੀ ਹੋਈ ਹੈ। ਤਿੰਨ ਪੜਾਵਾਂ ਦਾ ਸਫ਼ਲ ਪੈਂਡਾ ਤੈਅ ਕਰ ਚੁੱਕੀ ਇਹ ਨਿਵੇਕਲੀ ਮੁਹਿੰਮ ਚੌਥੇ ਪੜਾਅ ਵਿਚ ਪਹੁੰਚੀ ਹੋਈ ਹੈ। ਧਾਰਮਿਕ, ਸਮਾਜਿਕ, ਵਿਦਿਅਕ, ਸਮਾਜ-ਸੇਵੀ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮੋਹਰੀ ਅਖ਼ਬਾਰ ਹੋਣ ਸਦਕਾ ਇਸ ਦੀ ਆਵਾਜ਼ ਹਰ ਪੰਜਾਬੀ ਤੱਕ ਬਾਖੂਬ ਪਹੁੰਚ ਰਹੀ ਹੈ। ਇਸ ਲਹਿਰ ਲਈ ਜਿਥੇ 'ਅਜੀਤ' ਦੇ ਪ੍ਰਬੰਧਕ ਅਤੇ ਪੱਤਰਕਾਰ ਵਧਾਈ ਦੇ ਪਾਤਰ ਹਨ, ਉਥੇ ਹਰ ਪੰਜਾਬੀ ਨੂੰ ਇਸ ਵਿਚ ਆਪਣਾ ਯੋਗਦਾਨ ਪਾ ਕੇ ਇਸ ਇਤਿਹਾਸਕ ਕਾਰਜ ਨੂੰ ਸਫ਼ਲ ਬਣਾਉਣਾ ਚਾਹੀਦਾ ਹੈ। ਇਸ ਤੱਥ ਵੱਲ ਵੀ ਉਚੇਚੀ ਤਵੱਜੋਂ ਦੇਣੀ ਚਾਹੀਦੀ ਹੈ ਕਿ ਜਿੰਨੇ ਬੂਟੇ ਲਗਾਏ ਜਾਣ ਉਨ੍ਹਾਂ ਦੀ ਸੁਚੱਜੀ ਸੰਭਾਲ ਕਰਕੇ ਵਧਣ-ਫੁਲਣ ਦਿੱਤਾ ਜਾਵੇ ਤਾਂ ਹੀ ਹਰਿਆਵਲ ਲਹਿਰ ਦਾ ਅਸਲ ਉਦੇਸ਼ ਪੂਰਾ ਹੋਵੇਗਾ।

-ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

ਸਾਡੇ ਕੌਮੀ ਸ਼ਹੀਦ
ਵੱਖ-ਵੱਖ ਸ਼ਹੀਦੀ ਜੋੜ ਮੇਲਿਆਂ ਅਤੇ ਹੋਰ ਧਾਰਮਿਕ ਦਿਨ ਤਿਉਹਾਰਾਂ 'ਤੇ ਵੱਡੇ-ਵੱਡੇ ਇਕੱਠ ਹੁੰਦੇ ਹਨ। ਇਨ੍ਹਾਂ ਵਿਚ ਜਨਤਾ ਅਤੇ ਸਰਕਾਰਾਂ ਵੱਲੋਂ ਬੜੇ ਜੋਸ਼-ਖਰੋਸ਼ ਨਾਲ ਹਿੱਸਾ ਲਿਆ ਜਾਂਦਾ ਹੈ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਜਿਸ ਮਹਾਨ ਸ਼ਖ਼ਸੀਅਤ ਦੀ ਸੋਚ ਅਤੇ ਕਰਮਾਂ ਤੋਂ ਸੇਧ ਲੈਣ ਵਾਸਤੇ ਇਕੱਠ ਹੁੰਦੇ ਹਨ, ਉਹ ਸੋਚ ਅਤੇ ਭਾਵਨਾ ਤਾਂ ਕਿਧਰੇ ਖੰਭ ਲਾ ਕੇ ਉੱਡ ਹੀ ਜਾਂਦੀ ਹੈ। ਸਿਰਫ਼ ਆਪਣੇ ਹਿੱਤਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਇਕੱਠ ਦੇ ਚੁੱਲ੍ਹੇ 'ਤੇ, ਲੋਕਾਂ ਨੂੰ ਤਵੇ ਬਣਾ ਕੇ ਸਿਆਸੀ ਰੋਟੀਆਂ ਸੇਕਣੀਆਂ ਕੋਈ ਨਵੀਂ ਗੱਲ ਨਹੀਂ।
ਗੱਲ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੀ ਕਰੀਏ ਤਾਂ ਅਗਲੇ ਦਿਨ ਅਖ਼ਬਾਰਾਂ ਦੀਆਂ ਮੁੱਖ ਸੁਰਖੀਆਂ ਤੋਂ ਪਤਾ ਲੱਗਾ ਕਿ ਸਮਾਗਮ ਵਿਚ ਸ਼ਹੀਦ ਊਧਮ ਨਾਲੋਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੀ ਭਾਰੂ ਰਹੀ। ਸਿਰਫ਼ ਸ਼ਹੀਦਾਂ ਨੂੰ ਯਾਦ ਰੱਖ ਲੈਣਾ ਹੀ ਕਾਫ਼ੀ ਨਹੀਂ ਸਗੋਂ ਉਹ ਸੋਚ ਕਾਇਮ ਰਹੇ ਅਤੇ ਉਸ ਸੋਚ ਨੂੰ ਪੂਰਾ ਕਰਨ ਵਾਸਤੇ ਸਾਡੀ ਭਾਵਨਾ ਵੀ ਸਹੀ ਹੋਵੇ। ਇਕ-ਦੂਸਰੇ ਉਪਰ ਸਿਆਸੀ ਦੂਸ਼ਣਬਾਜ਼ੀ ਤੋਂ ਗੁਰੇਜ਼ ਕਰਦੇ ਹੋਏ ਉਸ ਮਕਸਦ ਨੂੰ ਸਾਹਮਣੇ ਰੱਖਿਆ ਜਾਵੇ, ਜਿਸ ਵਾਸਤੇ ਅਸੀਂ ਇਕੱਠੇ ਹੋਏ ਹਾਂ ਅਤੇ ਆਪਣੀਆਂ ਕਮਜ਼ੋਰ ਕੜੀਆਂ ਉਤੇ ਝਾਤ ਮਾਰ ਕੇ ਸੁਧਾਰ ਲਈ ਇਮਾਨਦਰਾਨਾ ਕੋਸ਼ਿਸ਼ਾਂ ਕਰੀਏ, ਫਿਰ ਹੀ ਸਾਡੇ ਇਹ ਕੌਮੀ ਸ਼ਹੀਦ, ਆਪਣੀ ਨਸਲ 'ਤੇ ਫ਼ਖਰ ਕਰ ਸਕਦੇ ਹਨ।

-ਕੁਲਵਿੰਦਰ ਰਾਣੀ
ਸ਼ਹੀਦਗੰਜ ਪਬਲਿਕ ਸਕੂਲ, ਮੁੱਦਕੀ, ਫਿਰੋਜ਼ਪੁਰ।

9-8-14

 ...ਆਰੇ ਤੇ ਕੁਹਾੜੇ ਫੂਕੋ

ਅੱਤ ਦੀ ਪੈ ਰਹੀ ਗਰਮੀ ਤੇ ਉਪਰੋਂ ਮੀਂਹ ਨਾ ਪੈਣ ਕਰਕੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਲੋਕਾਂ ਵੱਲੋਂ ਅਨੇਕਾਂ ਢੰਗ-ਤਰੀਕੇ ਅਪਣਾਏ ਜਾ ਰਹੇ ਹਨ। ਕਿਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ, ਚੌਲਾਂ ਦੇ ਯੱਗ ਅਤੇ ਥਾਂ-ਥਾਂ ਗੁੱਡੀਆਂ ਵੀ ਫੂਕੀਆਂ ਜਾ ਰਹੀਆਂ ਹਨ ਪਰ ਗੁੱਡੀਆਂ ਦੇ ਪੁਤਲੇ ਫੂਕ ਕੇ ਤੇ ਗੁੱਡੀਆਂ ਦੀ ਆਤਮਾ ਦੁਖੀ ਕਰਕੇ ਕਦੇ ਮੀਂਹ ਨਹੀਂ ਪੁਆਏ ਜਾ ਸਕਦੇ।
ਅੱਜ ਜਿਥੇ ਭਰੂਣ ਹੱਤਿਆ ਰੋਕਣ ਲਈ ਸਾਡੀਆਂ ਸਮਾਜ-ਸੇਵੀ ਸੰਸਥਾਵਾਂ ਤੇ ਸਰਕਾਰਾਂ ਵੱਲੋਂ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਹੀ ਏਨਾ ਕੁਝ ਕਰਨ ਦੇ ਬਾਵਜੂਦ ਸਾਡੇ ਲੋਕ ਪੁਰਾਣੀ ਸੋਚ ਅਪਣਾ ਰਹੇ ਹਨ। ਜੇਕਰ ਅਸੀਂ ਉਸ ਗੁੱਡੀ ਨੂੰ ਬਚਾਉਣ ਸਬੰਧੀ ਪਰਮਾਤਮਾ ਅੱਗੇ ਦੁਆ ਕਰੀਏ ਕਿ ਪਰਮਾਤਮਾ ਧੀਆਂ ਦੀ ਉਮਰ ਲੰਬੀ ਕਰੀਂ ਤਾਂ ਸ਼ਾਇਦ ਰੱਬ ਵੀ ਖੁਸ਼ ਹੋ ਕੇ ਮੀਂਹ ਪਾ ਦੇਵੇ।
ਅੱਜ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਗੁੱਡੀਆਂ ਫੂਕਣ ਦੀ ਬਜਾਏ ਆਰੇ ਅਤੇ ਕੁਹਾੜੇ ਫੂਕ ਕੇ 'ਅਜੀਤ ਹਰਿਆਵਲ ਲਹਿਰ' ਨਾਲ ਜੁੜਨ ਦੀ ਲੋੜ ਹੈ।

-ਬਲਵੀਰ ਸਿੰਘ 'ਰਣੀਆਂ'
ਮੋਬਾਈਲ : 99145-89451.

ਅਨੁਸ਼ਾਸਨ ਦਾ ਮਹੱਤਵ

ਅਨੁਸ਼ਾਸਨ ਸਭ ਤੋਂ ਵੱਡੀ ਪੂੰਜੀ ਹੈ, ਅਨੁਸ਼ਾਸਨ ਦਾ ਸਾਡੇ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਸਮੇਂ ਨੂੰ ਸਮਝਣ ਲਈ ਅਨੁਸ਼ਾਸਨ ਸਭ ਤੋਂ ਵੱਡੀ ਕੁੰਜੀ ਤੇ ਅਨੁਸ਼ਾਸਿਤ ਇਨਸਾਨ ਜ਼ਿੰਦਗੀ ਵਿਚ ਹਮੇਸ਼ਾ ਸਫਲ ਹੁੰਦੇ ਹਨ। ਅਸਲ ਵਿਚ ਅਨੁਸ਼ਾਸਨ ਹੀ ਸਫ਼ਲਤਾ ਦਾ ਭੇਦ ਹੈ, ਇਸ ਨਾਲ ਜੀਵਨ ਨੂੰ ਨਵੀਂ ਦਿਸ਼ਾ ਮਿਲਦੀ ਹੈ। ਅਨੁਸ਼ਾਸਨ ਦਾ ਪਾਲਣ ਥੋੜ੍ਹਾ ਔਖਾ ਹੈ ਪਰ ਇਸ ਦੇ ਪਾਲਣ ਨਾਲ ਜ਼ਿੰਦਗੀ ਵਿਚ ਸਫ਼ਲਤਾ ਹਾਸਲ ਹੁੰਦੀ ਹੈ ਤੇ ਜ਼ਿੰਦਗੀ ਦਾ ਹਰ ਮੁਕਾਮ ਮਿਲਦਾ ਹੈ। ਸੋ, ਸਾਡੀ ਜ਼ਿੰਦਗੀ ਵਿਚ ਅਨੁਸ਼ਾਸਨ ਦਾ ਬਹੁਤ ਮਹੱਤਵ ਹੈ।

-ਸੇਵਾ ਰਾਮ ਬਰੇਟਾ
ਮੇਨ ਅਜੀਤ ਰੋਡ, ਨੇੜੇ ਗਲੀ ਨੰ: 12, ਬਠਿੰਡਾ।

ਫਿਰਕੂ ਦੰਗੇ

ਪਿਛਲੇ ਦਿਨੀਂ ਸਹਾਰਨਪੁਰ ਵਿਚ ਦੋ ਫਿਰਕਿਆਂ ਵਿਚ ਝੜਪਾਂ ਦੌਰਾਨ ਕੁਝ ਲੋਕ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਝੜਪਾਂ ਦੌਰਾਨ ਮਾਲੀ ਨੁਕਸਾਨ ਵੀ ਬਹੁਤ ਹੋਇਆ। ਅਜੇ ਉਸ ਦੀ ਅੱਗ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਈ ਤੇ ਦੂਜੇ ਪਾਸੇ ਰਾਮਪੁਰ ਤੇ ਮੇਰਠ ਵਿਚ ਵੀ ਹਿੰਸਾ ਫੈਲ ਗਈ। ਆਖਿਰ ਇਹ ਦੰਗਾ, ਫਸਾਦ ਹੁੰਦਾ ਹੀ ਕਿਉਂ ਹੈ? ਜੇਕਰ ਇਕ ਫਿਰਕੇ ਦਾ ਕੀਤਾ ਗਿਆ ਕੰਮ ਦੂਜੇ ਫਿਰਕੇ ਨੂੰ ਪਸੰਦ ਨਹੀਂ ਜਾਂ ਕੋਈ ਮਸਲਾ ਹੈ ਤਾਂ ਆਪਸ ਵਿਚ ਬੈਠ ਕੇ ਵੀ ਨਜਿੱਠਿਆ ਜਾ ਸਕਦਾ ਹੈ। ਇਹੋ ਜਿਹੇ ਝਗੜਿਆਂ ਵਿਚ ਕਈਆਂ ਪਾਰਟੀਆਂ ਦੇ ਲੀਡਰ ਆਪਣੀਆਂ ਰੋਟੀਆਂ ਸੇਕਦੇ ਹਨ ਤਾਂ ਜੋ ਵੋਟਾਂ ਪੱਕੀਆਂ ਹੋ ਜਾਣ। ਵੋਟਾਂ ਖਾਤਿਰ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਕਰਵਾਉਣਾ ਕਿਥੇ ਦੀ ਸਮਝਦਾਰੀ ਹੈ? ਆਮ ਲੋਕਾਂ ਨੂੰ ਇਹੋ ਜਿਹੇ ਲੋਕਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ ਤੇ ਆਪਸ ਵਿਚ ਮਿਲ ਬੈਠ ਕੇ ਸਮੱਸਿਆ ਹੱਲ ਕਰਨੀ ਚਾਹੀਦੀ ਹੈ।

-ਜਗਜੀਤ ਸਿੰਘ ਭਾਟੀਆ
ਨੂਰਪੁਰ ਬੇਦੀ (ਰੋਪੜ)।

ਟੈਕਸਾਂ ਦਾ ਬੋਝ

ਪੰਜਾਬ ਸਰਕਾਰ ਨੇ ਟੈਕਸ 'ਤੇ ਟੈਕਸ ਲਾ ਕੇ ਆਮ ਜਨਤਾ ਦਾ ਜੀਵਨ ਮੁਸ਼ਕਿਲ ਵਿਚ ਪਾ ਦਿੱਤਾ ਹੈ। ਪ੍ਰਾਪਰਟੀ ਟੈਕਸ, ਵੈਟ ਤੇ ਫੂਡ ਸੇਫਟੀ ਐਕਟ ਅਧੀਨ ਲਾਏ ਜਾਂਦੇ ਟੈਕਸ ਲੋਕਾਂ ਦੀਆਂ ਮੁਸ਼ਕਿਲਾਂ 'ਚ ਵਾਧਾ ਕਰਦੇ ਹਨ। ਬੇਰੁਜ਼ਗਾਰੀ ਦਾ ਸੰਤਾਪ ਹੰਢਾਅ ਰਹੇ ਨੌਜਵਾਨ ਰੁਜ਼ਗਾਰ ਨਾ ਮਿਲਣ ਕਰਕੇ ਬੈਂਕਾਂ ਤੋਂ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਛੋਟੀ-ਮੋਟੀ ਦੁਕਾਨ ਚਲਾ ਕੇ ਨਿਰਬਾਹ ਕਰਨਾ ਚਾਹੁੰਦੇ ਹਨ ਪਰ ਸਰਕਾਰ ਨੇ ਦੁਕਾਨਾਂ ਤੇ ਫੂਡ ਸੇਫਟੀ ਅਧੀਨ ਟੈਕਸ ਲੈਣਾ ਸ਼ੁਰੂ ਕੀਤਾ ਹੈ। ਆਮਦਨ ਕਰ ਵਿਭਾਗ ਵੱਲੋਂ ਵੀ ਹਰ ਛੋਟੇ ਦੁਕਾਨਦਾਰ ਕੋਲੋਂ ਉੱਕਾ-ਪੁੱਕਾ ਟੈਕਸ ਲੈਣ ਦੀ ਤਿਆਰੀ ਕੀਤੀ ਹੈ। ਇਹ ਸਰਾਸਰ ਧੱਕਾ ਹੈ। ਜੇ ਸਰਕਾਰ ਰੁਜ਼ਗਾਰ ਮੁਹੱਈਆ ਨਹੀਂ ਕਰਵਾ ਸਕਦੀ ਤਾਂ ਬੇਰੁਜ਼ਗਾਰਾਂ ਨੂੰ ਆਪਣੇ ਧੰਦੇ ਸ਼ੁਰੂ ਕਰਨ ਲਈ ਰਿਆਇਤਾਂ ਦੇਵੇ ਅਤੇ ਟੈਕਸ ਤੋਂ ਛੋਟ ਦੇਵੇ, ਜਿਸ ਨਾਲ ਉਹ ਆਪਣੀ ਰੋਟੀ ਕਮਾ ਸਕਣ।

-ਅਸ਼ੋਕ ਸਰਹਾਣੂ ਰਸੂਲਪੁਰ
ਸ਼ਹੀਦ ਭਗਤ ਸਿੰਘ ਨਗਰ।

6-8-2014

 ਮਹਿੰਗਾਈ
ਰਾਜ ਤੇ ਕੇਂਦਰ ਸਰਕਾਰ ਮਹਿੰਗਾਈ ਵਧਣ ਦੇ ਦੋਸ਼ ਇਕ-ਦੂਜੇ ਸਿਰ ਦੇ ਕੇ ਨਹੀਂ ਬਚ ਸਕਦੇ। ਆਮ ਅਵਾਮ ਦਾ ਕੋਈ ਕਸੂਰ ਨਹੀਂ। ਰਾਜ ਤੇ ਕੇਂਦਰ ਦੋਵੇਂ ਸਰਕਾਰਾਂ ਨੂੰ ਅਵਾਮ ਨੇ ਚੁਣਿਆ ਹੈ। ਫਿਰ ਮਹਿੰਗਾਈ ਰੋਕਣ ਲਈ ਇਕ-ਦੂਜੇ ਸਿਰ ਜ਼ਿੰਮੇਵਾਰੀ ਪਾਉਣਾ ਕਿੱਥੋਂ ਤੱਕ ਵਾਜਬ ਹੈ। ਜੇਕਰ ਰਾਜ ਤੇ ਕੇਂਦਰ ਸਰਕਾਰ ਮਹਿੰਗਾਈ ਰੋਕਣ, ਸੁਚੱਜਾ ਸ਼ਾਸਨ ਦੇਣ ਆਦਿ ਲੋਕ-ਹਿਤ ਕੁਝ ਕਰਨ ਦੀ ਸਮਰੱਥਾ ਹੀ ਨਹੀਂ ਰੱਖਦੀਆਂ ਤਾਂ ਇਨ੍ਹਾਂ ਦੋਵਾਂ ਦੀ ਸਾਰਥਿਕਤਾ ਕੀ ਹੈ? ਉਂਜ ਵੀ ਭਾਰਤ ਦੇ ਸੰਘੀ ਢਾਂਚੇ ਵਿਚ ਕੇਂਦਰ ਕੋਲ ਅਸੀਮਤ ਸ਼ਕਤੀਆਂ ਹਨ। ਸਾਰੇ ਤਰ੍ਹਾਂ ਦੇ ਟੈਕਸਾਂ ਤੋਂ 70 ਫ਼ੀਸਦੀ ਤੱਕ ਹਿੱਸਾ ਵੀ ਕੇਂਦਰ ਦਾ ਹੈ ਤਾਂ ਮਹਿੰਗਾਈ ਰੋਕਣ ਲਈ ਉਪਰਾਲੇ ਵੀ ਕੇਂਦਰ ਸਰਕਾਰ ਦੁਆਰਾ ਕੀਤੇ ਜਾਣੇ ਚਾਹੀਦੇ ਹਨ। ਉਂਜ ਵੀ ਮੌਜੂਦਾ ਕੇਂਦਰ ਸਰਕਾਰ ਨੇ ਪਹਿਲੀ ਸਰਕਾਰ ਵੇਲੇ ਮਹਿੰਗਾਈ ਦਾ ਮੁੱਦਾ ਲੈ ਕੇ ਚੋਣ ਲੜੀ ਤੇ ਜਿੱਤੀ। ਜਿਥੋਂ ਤੱਕ ਰਾਜ ਸਰਕਾਰਾਂ ਦਾ ਸਵਾਲ ਹੈ ਕਿ ਰਾਜਾਂ ਕੋਲ ਥੋੜ੍ਹੀਆਂ ਚੀਜ਼ਾਂ ਦੇ ਭਾਅ ਤੈਅ ਕਰਨ ਦੇ ਅਧਿਕਾਰ ਹਨ ਪਰ ਪੈਟਰੋਲੀਅਮ, ਖਣਿਜ, ਧਾਤਾਂ, ਗੈਸ ਆਦਿ ਦਾ ਕੰਟਰੋਲ ਤਾਂ ਸੈਂਟਰ ਕੋਲ ਹੈ। ਇਸ 'ਤੇ ਰੋਕ ਲਾਉਣ ਦਾ ਅਧਿਕਾਰ ਰਾਜਾਂ ਕੋਲ ਨਹੀਂ ਹੈ। ਰਾਜ ਸਰਕਾਰ, ਕੇਂਦਰ ਸਰਕਾਰ ਤੇ ਜਮ੍ਹਾਂਖੋਰ ਧਨ-ਕੁਬੇਰ ਕੋਈ ਵੀ ਕੀਮਤ ਤੈਅ ਕਰਨ ਤੋਂ ਪਹਿਲਾਂ ਇਹ ਜ਼ਰੂਰ ਦੇਖਣ ਕਿ ਗ਼ਰੀਬ ਤੋਂ ਗ਼ਰੀਬ ਦਾ ਪੇਟ ਇਸ ਕੀਮਤ 'ਤੇ ਭਰੇਗਾ ਕਿ ਨਹੀਂ। ਪਿਛਲੇ 67 ਸਾਲ ਤੋਂ ਗ਼ਰੀਬੀ ਹਟਾਓ ਨਾਅਰੇ ਨੂੰ ਭਵਿੱਖ ਵਿਚ ਵੀ ਸਟੰਟ ਬਣਾਉਣ ਤੋਂ ਗੁਰੇਜ਼ ਕੀਤਾ ਜਾਵੇ।

-ਹਰਮਿੰਦਰ ਸਿੰਘ 'ਰਾਜੂ'
ਪਿੰਡ ਮਟਵਾਣੀ, ਜ਼ਿਲ੍ਹਾ ਮੋਗਾ।

ਪਿਆਰ ਦੀ ਬੋਲੀ
ਸਾਡੇ ਵੱਡੇ-ਵਡੇਰੇ ਸਾਨੂੰ ਸਮਝਾਇਆ ਕਰਦੇ ਹਨ ਕਿ ਭਾਈ 'ਪਿਆਰ ਦੀ ਬੋਲੀ' ਸਭ ਤੋਂ ਵੱਡੀ ਬੋਲੀ ਹੈ। ਸਾਡੇ ਗੁਰੂ ਸਾਹਿਬਾਨ ਤਾਂ ਇਹੀ ਕਿਹਾ ਕਰਦੇ ਹਨ, ਪਿਆਰ ਤੇ ਪ੍ਰੇਮ ਨਾਲ ਤੁਸੀਂ 'ਰੱਬ' ਨੂੰ ਵੀ ਪਾ ਸਕਦੇ ਹੋ। ਪਿਆਰ ਨਾਲ ਔਖੇ ਕੰਮ ਵੀ ਸੌਖੇ ਹੋਇਆ ਕਰਦੇ ਹਨ। ਪਿਆਰ ਨਾਲ ਸੰਸਾਰ 'ਤੇ ਰਾਜ ਕੀਤਾ ਜਾ ਸਕਦਾ ਹੈ ਜੇਕਰ ਸਾਰੇ ਇਕ-ਦੂਜੇ ਦੀ ਗੱਲ ਨਾਲ ਸਹਿਮਤ ਹੋਣ। ਬੰਦੇ ਨੂੰ ਚਾਹੀਦਾ ਹੈ ਕਿ ਹਰ ਵੇਲੇ ਪਿਆਰ ਨਾਲ ਗੱਲ ਕਰੇ, ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਭੁੱਲ ਕੇ ਵੀ ਨਾ ਕਰੇ।

-ਤੇਜ ਪਾਲ ਚਾਹਲਪੁਰੀ
ਪਿੰਡ ਚਾਹਲਪੁਰੀ, ਡਾਕ: ਡਘਾਮ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਲੁਧਿਆਣਾ।

ਬਾਲੜੀਆਂ ਦੀ ਕੁਰਲਾਹਟ
ਦੇਸ਼ ਦੇ ਮੀਡੀਆ ਦਾ ਕੋਈ ਵੀ ਅਜਿਹਾ ਦਿਨ ਨਹੀਂ ਹੈ, ਜਿਸ ਦਿਨ ਉਹ ਜਬਰ-ਜਨਾਹ ਦੀ ਖ਼ਬਰ ਤੋਂ ਸੱਖਣਾ ਹੋਵੇ। ਮੀਡੀਏ ਵਿਚ ਇਕ ਨਹੀਂ ਰੋਜ਼ਾਨਾ ਕਈ-ਕਈ ਜਬਰ-ਜਨਾਹ ਦੀਆਂ ਖ਼ਬਰਾਂ ਸੁਰਖੀਆਂ ਬਣੀਆਂ ਰਹਿੰਦੀਆਂ ਹਨ। ਬੇਹੱਦ ਹਿਰਦੇਵੇਦਕ ਗੱਲ ਇਹ ਹੈ ਕਿ ਜਬਰ-ਜਨਾਹ ਦੀਆਂ ਸ਼ਿਕਾਰ ਹੋਣ ਵਾਲੀਆਂ ਬਾਲੜੀਆਂ ਦੀ ਉਮਰ ਏਨੀ ਥੋੜ੍ਹੀ ਹੁੰਦੀ ਹੈ ਕਿ ਉਹ ਸਾਰੀ ਉਮਰ ਲਈ ਮਾਨਸਿਕ ਰੋਗ ਦਾ ਸ਼ਿਕਾਰ ਹੋ ਕੇ ਰਹਿ ਜਾਂਦੀਆਂ ਹਨ। ਜਬਰ-ਜਨਾਹ ਵਰਗੇ ਅਪਰਾਧ ਨੂੰ ਰੋਕਣ ਲਈ ਭਾਵੇਂ ਕਾਨੂੰਨ ਸਖ਼ਤ ਬਣਾਏ ਗਏ, ਦੋਸ਼ੀਆਂ ਨੂੰ ਤੁਰੰਤ ਸਜ਼ਾ ਦਾ ਭਾਗੀ ਬਣਾਉਣ ਲਈ ਫਾਸਟ ਟਰੈਕ ਅਦਾਲਤਾਂ ਵੀ ਹੋਂਦ 'ਚ ਆਈਆਂ, ਦੋਸ਼ੀਆਂ ਨੂੰ ਤੁਰੰਤ ਜੇਲ੍ਹਾਂ 'ਚ ਵੀ ਡੱਕਿਆ ਗਿਆ। ਬਾਵਜੂਦ ਇਸ ਦੇ ਅਪਰਾਧ ਘਟੇ ਨਹੀਂ ਸਗੋਂ ਵਧੇ ਹਨ। ਲਗਦਾ ਹੈ ਕਿ ਦੋਸ਼ੀਆਂ ਨੂੰ ਅਜਿਹੀ ਮਿਸਾਲੀ ਸਜ਼ਾ ਨਹੀਂ ਮਿਲੀ, ਜੋ ਇਸ ਤਰ੍ਹਾਂ ਦੀ ਮਾਨਸਿਕਤਾ ਵਾਲਿਆਂ ਲਈ ਸਬਕ ਹੋ ਸਕੇ। ਸਮਾਂ ਮੰਗ ਕਰਦਾ ਹੈ ਕਿ ਜਬਰ-ਜਨਾਹ ਦੇ ਦੋਸ਼ੀਆਂ ਨੂੰ ਤੁਰੰਤ ਫਾਂਸੀ 'ਤੇ ਲਟਕਾਇਆ ਜਾਵੇ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਨ੍ਹਾਂ ਬੇਵੱਸ ਬਾਲੜੀਆਂ ਦੀ ਕੁਰਲਾਹਟ ਸਾਡੇ ਕੰਨਾਂ ਨੂੰ ਹਮੇਸ਼ਾ ਚੀਰਦੀ ਰਹੇਗੀ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਪੈਸੇ ਦੀ ਦੌੜ
ਅੱਜ ਪੈਸੇ ਦੀ ਦੌੜ ਨੇ ਦੁਨੀਆ ਦਾ ਚੈਨ ਖੋਹ ਲਿਆ ਹੈ। ਪੈਸਾ ਜ਼ਿੰਦਗੀ ਚਲਾਉਣ ਲਈ ਜ਼ਰੂਰੀ ਹੈ, ਪਰ ਲੋਕਾਂ ਵਿਚ ਜਾਇਜ਼-ਨਾਜਾਇਜ਼ ਤਰੀਕੇ ਨਾਲ ਇਕ-ਦੂਜੇ ਨੂੰ ਪਿੱਛੇ ਛੱਡ ਕੇ ਸਿਰਫ ਪੈਸੇ ਲਈ ਭੱਜਦੇ ਦੇਖਿਆ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਕੋਲ ਪੈਸਾ ਨਹੀਂ ਹੈ, ਉਨ੍ਹਾਂ ਨੇ ਮਿਹਨਤ ਕਰਕੇ ਪੈਸਾ ਕਮਾਉਣਾ ਹੈ। ਪਰ ਜਿਨ੍ਹਾਂ ਕੋਲ ਬਹੁਤ ਜਾਇਦਾਦ ਹੈ, ਉਨ੍ਹਾਂ ਨੂੰ ਵੀ ਸਬਰ ਨਹੀਂ। ਦੋ ਘੜੀਆਂ ਭਾਵੇਂ ਚੈਨ ਨੂੰ ਬੈਠਣ ਲਈ ਮਿਲੇ ਜਾਂ ਨਾ ਮਿਲੇ, ਪੈਸਾ ਹੋਰ ਜ਼ਿਆਦਾ ਕਮਾਉਣ ਲਈ ਨਵਾਂ ਤਰੀਕਾ ਸੋਚਿਆ ਜਾਂਦਾ ਹੈ।

-ਰੁਪਿੰਦਰ ਕੌਰ ਥਿੰਦ
ਪਿੰਡ ਤੇ ਡਾਕ: ਫਤਿਹਪੁਰ ਰਾਜਪੂਤਾਂ, ਜ਼ਿਲ੍ਹਾ ਅੰਮ੍ਰਿਤਸਰ।

ਘਰ ਦਾ ਸੁਪਨਾ
ਅੱਜ ਦੇ ਦੌਰ ਵਿਚ ਵਧਦੀ ਹੋਈ ਮਹਿੰਗਾਈ ਕਾਰਨ ਆਪਣਾ ਖ਼ੁਦ ਦਾ ਘਰ ਬਣਾਉਣ ਦਾ ਸੁਪਨਾ ਹੁਣ ਸੁਪਨਾ ਹੀ ਬਣ ਕੇ ਰਹਿ ਗਿਆ ਹੈ। ਰੋਜ਼ਮਰ੍ਹਾ ਦੀ ਹਰ ਚੀਜ਼ ਏਨੀ ਮਹਿੰਗੀ ਹੋ ਚੁੱਕੀ ਹੈ ਕਿ ਇਨਸਾਨ ਦਾ ਘਰ ਬਣਾਉਣ ਦਾ ਸੁਪਨਾ ਹੁਣ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੋ ਚੁੱਕਾ ਹੈ। ਘਰ ਬਣਾਉਣ ਦੀਆਂ ਚੀਜ਼ਾਂ ਜਿਵੇਂ ਕਿ ਸੀਮੈਂਟ, ਰੇਤ, ਬਜਰੀ, ਲੇਬਰ, ਪਲਾਟ ਦੀਆਂ ਕੀਮਤਾਂ ਹਰ ਚੀਜ਼ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਚੁੱਕੀ ਹੈ। ਜੇਕਰ ਮਹਿੰਗਾਈ ਇੰਜ ਹੀ ਵਧਦੀ ਰਹੀ ਤਾਂ ਮਕਾਨ ਬਣਾਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ। ਸਰਕਾਰ ਨੂੰ ਇਸ ਪਾਸੇ ਸੋਚ ਕੇ ਕੁਝ ਕਰਨਾ ਚਾਹੀਦਾ ਹੈ ਤਾਂ ਜੋ ਹਰ ਕਿਸੇ ਨੂੰ ਆਪਣਾ ਘਰ ਮਿਲ ਸਕੇ।

-ਸਿੰਗਲਾ ਸੇਵਾ ਰਾਮ ਬਰੇਟਾ
ਮੇਨ ਧੋਬੀਆਣਾ ਰੋਡ, ਬਠਿੰਡਾ।

5-8-2014

 ਵੱਡੀਆਂ ਕੋਠੀਆਂ ਦਾ ਰੁਝਾਨ
ਅਕਸਰ ਦੇਖਣ ਵਿਚ ਆਉਂਦਾ ਹੈ ਕਿ ਪਿੰਡਾਂ ਵਿਚ ਲੋਕ ਵੱਧ ਤੋਂ ਵੱਧ ਜ਼ਮੀਨ ਚਾਰ-ਦੀਵਾਰੀ ਹੇਠ ਲਿਆ ਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਘਰ ਬਣਾ ਰਹੇ ਹਨ। ਕਈਆਂ ਦੇ ਪੂਰੇ ਹੁੰਦੇ ਹਨ, ਪਰ ਕਈਆਂ ਕੋਲੋਂ ਵਧੇਰੇ ਬਜਟ ਵਾਲਾ ਕੰਮ ਹੋਣ ਕਰਕੇ ਪੂਰੇ ਵੀ ਨਹੀਂ ਕੀਤੇ ਜਾਂਦੇ ਤੇ ਜਦੋਂ ਔਖੇ-ਸੌਖੇ ਪੂਰੇ ਕਰ ਵੀ ਲੈਣ ਤਾਂ ਫਿਰ ਰਹਿੰਦੇ ਵਿਚ ਸਿਰਫ਼ ਬਾਪੂ ਤੇ ਬੇਬੇ ਹੀ। ਬਾਕੀ ਸਾਰੇ ਬਾਹਰ ਚਲੇ ਜਾਂਦੇ ਹਨ। ਹੋਰ ਪੈਸਾ ਲਿਆਉਣ ਲਈ। ਇਹੀ ਗੱਲ ਸਾਰੇ ਲੋਕ ਸਿਆਣੇ ਹੋ ਕੇ ਸੋਚਣ ਕਿ ਜੇਕਰ ਇਕ ਪਿੰਡ ਦੇ 10-12 ਬੰਦੇ ਬਾਹਰ ਵਾਲੇ ਰਲ ਕੇ ਕੋਈ ਕੰਪਨੀ ਲਗਾਉਣ ਤਾਂ ਮੁਨਾਫ਼ਾ ਵੀ ਹੋਵੇਗਾ ਤੇ ਪਿੰਡ ਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮਿਲੇਗਾ, ਜਿਸ ਦੀ ਕਿ ਬਹੁਤ ਲੋੜ ਹੈ, ਅੱਜ। ਅੱਜ ਥਾਂ ਕੋਲ ਹੋਏ ਤਾਂ 4-5 ਜੀਆਂ ਵਾਸਤੇ ਲਗਭਗ 25 ਲੱਖ ਦਾ ਵਧੀਆ ਘਰ ਪੈ ਜਾਂਦਾ ਹੈ। ਹੋਰ ਤਾਂ ਹੋਰ ਇਸੇ ਹੀ ਦੌੜ ਵਿਚ ਸਾਰੇ ਜ਼ਿਮੀਂਦਾਰ ਬੈਂਕ ਵਿਚ ਲਿਮਟ ਬਣਾਉਂਦੇ ਹਨ ਤੇ ਵੱਡੇ-ਵੱਡੇ ਕਰਜ਼ੇ ਲੈਂਦੇ ਹਨ। ਆਓ, ਸੋਚੀਏ ਤੇ ਵਿਚਾਰੀਏ ਕਿ ਕਿਤੇ ਅਸੀਂ ਦੇਸ਼ ਦਾ ਪੈਸਾ ਆਜਾਈਂ ਤਾਂ ਨਹੀਂ ਗਵਾ ਰਹੇ।

-ਕਰਮਜੀਤ ਸਿੰਘ ਧਾਰੀਵਾਲ
ਨਵੀਂ ਆਬਾਦੀ ਜੀ. ਟੀ. ਰੋਡ, ਧਾਰੀਵਾਲ (ਗੁਰਦਾਸਪੁਰ)।

ਸ਼ਲਾਘਾਯੋਗ ਮਤਾ
ਪੰਜਾਬ ਵਿਧਾਨ ਸਭਾ ਵੱਲੋਂ ਸੂਬੇ ਵਿਚ 5ਵੀਂ ਤੇ 8ਵੀਂ ਜਮਾਤ ਦੇ ਬੋਰਡ ਦੇ ਇਮਤਿਹਾਨਾਂ ਦੀ ਨੀਤੀ ਮੁੜ ਤੋਂ ਲਾਗੂ ਕਰਨ ਸਬੰਧੀ ਪਾਸ ਕੀਤਾ ਗਿਆ ਮਤਾ ਬੇਹੱਦ ਸ਼ਲਾਘਾਯੋਗ ਹੈ। ਮਤੇ ਰਾਹੀਂ ਜਿਥੇ 8ਵੀਂ ਜਮਾਤ ਤੱਕ ਕਿਸੇ ਵੀ ਵਿਦਿਆਰਤੀ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਨੂੰ ਬਦਲਿਆ ਜਾਵੇਗਾ, ਉਥੇ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਪਹਿਲੀ ਜਮਾਤ ਤੋਂ ਹਰ ਵਿਦਿਆਰਥੀ ਦਾ ਇਮਤਿਹਾਨ ਲਿਆ ਜਾਇਆ ਕਰੇਗਾ। ਬਿਨਾਂ ਸ਼ੱਕ ਇਨ੍ਹਾਂ ਫੈਸਲਿਆਂ ਰਾਹੀਂ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ। ਪਹਿਲੀ ਤੋਂ ਅੱਠਵੀਂ ਜਮਾਤ ਤੱਕ ਫੇਲ੍ਹ ਨਾ ਕਰਨ ਦੀ ਨੀਤੀ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਪੱਖੋਂ ਤੇ ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਪੱਖੋਂ ਅਵੇਸਲੇ ਹੀ ਕਰਕੇ ਰੱਖ ਦਿੱਤਾ ਹੈ। ਸਥਿਤੀ ਇਹ ਵੀ ਬਣ ਗਈ ਹੈ ਕਿ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀ ਅੰਗਰੇਜ਼ੀ ਤਾਂ ਕੀ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਵੀ ਸਹੀ ਲਿਖ-ਪੜ੍ਹ ਨਹੀਂ ਸਕਦੇ। ਮਤਾ ਪਾਸ ਹੋਣ ਨਾਲ ਹੁਣ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਭਵਿੱਖ ਸੰਵਰੇਗਾ ਜੋ ਕਿ ਇਕ ਤਰ੍ਹਾਂ ਨਾਲ ਧੁੰਦਲਾ ਹੋ ਕੇ ਰਹਿ ਗਿਆ ਸੀ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਨਸ਼ਿਆਂ ਤੋਂ ਬਚੋ
ਸਾਡੇ ਗੁਰੂਆਂ ਦੇ ਫਰਮਾਨ ਅਨੁਸਾਰ ਚਿੰਤਾ ਚਿਖਾ ਵਿਚ ਪੈਣ ਬਰਾਬਰ ਹੈ। ਅੱਜਕੱਲ੍ਹ ਬਹੁਤ ਸਾਰੀ ਦੁਨੀਆ ਚਿੰਤਾ ਵਿਚ ਘਿਰੀ ਹੋਈ ਹੈ। ਚਿੰਤਾ ਨੂੰ ਦੂਰ ਕਰਨ ਲਈ ਦੁਨੀਆ ਦਾ ਵੱਡਾ ਹਿੱਸਾ ਨਸ਼ਿਆਂ ਨੂੰ ਨਿਗਲ ਕੇ ਸਮਾਂ ਬਤੀਤ ਕਰ ਰਿਹਾ ਹੈ। ਇਕ ਸੁਝਾਅ ਹੈ ਕਿ ਨਸ਼ਿਆਂ ਤੋਂ ਬਚਣ ਲਈ ਚੰਗਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਜਾਂ ਕੋਈ ਵਧੀਆ ਧਾਰਮਿਕ ਸਾਹਿਤ ਪੜ੍ਹਨਾ ਚਾਹੀਦਾ ਹੈ ਕਿਉਂਕਿ ਨਸ਼ਿਆਂ ਦੇ ਆਦੀ ਵਿਅਕਤੀ ਨੂੰ ਛੇਤੀ ਕਿਤੇ ਕੋਈ ਮੂੰਹ ਨਹੀਂ ਲਗਾਉਂਦਾ। ਸਾਨੂੰ ਚੰਗਾ ਸਾਹਿਤ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਨਸ਼ਿਆਂ ਤੋਂ ਦੂਰ ਰਹਿਣਾ ਸਮੇਂ ਦੀ ਲੋੜ ਹੈ।

-ਸੁਰਿੰਦਰ ਸਿੰਘ
ਗਰਚਾ ਨਰਸਰੀ, ਧਨੌਲਾ ਰੋਡ, ਬਰਨਾਲਾ।

4-8-2014

 ਸਵਾਰਥ ਦੀ ਰਾਜਨੀਤੀ

ਸਾਡੇ ਦੇਸ਼ ਵਿਚ ਰੋਜ਼ਾਨਾ ਹੀ ਨਵੀਆਂ-ਨਵੀਆਂ ਰਾਜਨੀਤਕ ਪਾਰਟੀਆਂ ਆ ਰਹੀਆਂ ਹਨ। ਇਨ੍ਹਾਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ, ਜਿਨ੍ਹਾਂ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਤਰ੍ਹਾਂ ਆਪਣੀ ਨਵੀਂ ਬਣੀ ਪਾਰਟੀ ਦੀਆਂ ਸਿਫਤਾਂ ਦੇ ਪੁਲ ਬੰਨ੍ਹਣ ਤੋਂ ਇਲਾਵਾ ਵਿਰੋਧੀ ਸਿਆਸੀ ਪਾਰਟੀਆਂ ਉਪਰ ਦੂਸ਼ਣਬਾਜ਼ੀ ਕਰਨਾ, ਚਿੱਕੜ ਸੁੱਟਣਾ ਜਾਂ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਿਨਾਂ ਕਈ ਸਿਆਸੀ ਨੇਤਾ ਅਜਿਹੇ ਵੀ ਦੇਖਣ ਨੂੰ ਮਿਲਦੇ ਹਨ ਜੋ ਪਹਿਲਾਂ ਤਾਂ ਆਪਣੀ ਪਾਰਟੀ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਅਤੇ ਸਟੇਜਾਂ 'ਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮਾਤ ਦੇਣ ਲਈ ਉਨ੍ਹਾਂ 'ਤੇ ਵੱਧ ਤੋਂ ਵੱਧ ਵਿਅੰਗ ਕੱਸਦੇ ਹਨ। ਪਰ ਉਹੀ ਸਿਆਸੀ ਨੇਤਾ ਥੋੜ੍ਹੇ ਦਿਨ ਬਾਅਦ ਦੇਖੋ ਵਿਰੋਧੀ ਪਾਰਟੀ ਵਿਚ ਸ਼ਾਮਿਲ ਹੋ ਰਿਹਾ ਹੁੰਦਾ ਹੈ, ਜਿਸ ਨੂੰ ਕਦੇ ਉਹ ਲੋੜ ਤੋਂ ਜ਼ਿਆਦਾ ਬਦਨਾਮ ਕਰਦਾ ਸੀ। ਇਸ ਸਭ ਤੋਂ ਅਸੀਂ ਭਲੀ-ਭਾਂਤ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਰਾਜਨੀਤਕ ਨੇਤਾ ਸਭ ਆਪਣੇ ਸਵਾਰਥਾਂ ਲਈ ਹੀ ਵਿਰੋਧੀ ਪਾਰਟੀਆਂ ਨੂੰ ਬਦਨਾਮ ਕਰਦੇ ਹਨ। ਜਿਸ ਤਰ੍ਹਾਂ ਅੱਜ ਦੀ ਹੁੱਲੜਬਾਜ਼ੀ ਵਿਚ ਸੱਚੇ ਘੱਟ ਅਤੇ ਝੂਠੇ ਹੀ ਜ਼ਿਆਦਾ ਦਿਖਾਈ ਦਿੰਦੇ ਹਨ।

-ਇਕਬਾਲ ਸਿੰਘ ਬਰਾੜ
ਪਿੰਡ ਤੇ ਡਾਕ: ਭਲਾਈਆਣਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਅਪੀਲ

ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆ ਦੀ ਸਰਬਉੱਚ ਅਤੇ ਬੇਸ਼ਕੀਮਤੀ ਸੰਸਥਾ ਹੈ, ਜਿਸ ਨੂੰ ਛੇਵੇਂ ਪਾਤਸ਼ਾਹ ਨੇ ਪਵਿੱਤਰ ਸੇਵਾ ਰਾਹੀਂ ਉਸਾਰਿਆ ਸੀ। ਗੁਰੂ ਨਾਨਕ ਨਾਮ ਲੇਵਾ ਕੋਈ ਵੀ ਸੱਚਾ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਹਰਾ ਨਹੀਂ ਹੋ ਸਕਦਾ। ਕੋਈ ਸਮਾਂ ਸੀ ਕਿ ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਵਰਗੇ ਵੀ ਇਸ ਤਖ਼ਤ ਦੇ ਸਾਹਮਣੇ ਗੁੰਗੇ ਹੋ ਗਏ ਅਤੇ ਸੇਵਾ ਲਵਾ ਕੇ, ਉਸ ਨੂੰ ਭੁਗਤ ਕੇ ਆਪਣੇ-ਆਪ ਨੂੰ ਵਡਭਾਗਾ ਮਹਿਸੂਸ ਕਰਦੇ ਰਹੇ। ਪਰ ਅੱਜ ਵੱਖ-ਵੱਖ ਕਾਰਨਾਂ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣ-ਸਤਿਕਾਰ ਨੂੰ ਕਈ ਵਾਰ ਠੇਸ ਪਹੁੰਚਦੀ ਨਜ਼ਰ ਆਉਂਦੀ ਹੈ। ਕੀ ਕਿਸੇ ਭਰਾ ਮਾਰੂ ਵਰਗ ਨੇ ਸਿੱਖਾਂ ਦੀ ਇਸ ਬਹਾਦਰ ਕੌਮ ਵਿਚ ਘੁਸਪੈਠ ਕਰਕੇ ਇਸ ਦੀਆਂ ਜੜ੍ਹਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ? ਪਹਿਲਾਂ ਲੋਕ ਨਜ਼ਰ ਲੱਗਣ ਵਾਲੀ ਗੱਲ ਦਾ ਮਜ਼ਾਕ ਉਡਾਇਆ ਕਰਦੇ ਸਨ ਕਿ ਗੁਰੂ ਦਾ ਨਾਮ ਲੈਣ ਵਾਲੇ 'ਤੇ ਨਜ਼ਰ ਅਸਰ ਨਹੀਂ ਕਰਦੀ ਪਰ ਅੱਜ ਤਾਂ ਸਾਡੇ ਗੁਰੂ ਘਰ ਚੰਦਰੀਆਂ ਨਜ਼ਰਾਂ ਦਾ ਸ਼ਿਕਾਰ ਹੋ ਰਹੇ ਜਾਪਦੇ ਹਨ। ਸਾਡੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਹੈ ਕਿ ਉਹ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣੀ ਭਰਪੂਰ ਤਾਕਤ ਦੀ ਵਰਤੋਂ ਕਰਦੇ ਹੋਏ ਕੌਮ ਨੂੰ ਯੋਗ ਅਗਵਾਈ ਪ੍ਰਦਾਨ ਕਰਨ।

-ਹਰਦੀਪ ਸਿੰਘ ਸੋਢੀ
ਨਡਾਲਾ (ਯੂ. ਐਸ. ਏ.)
ਸੰਪਰਕ : 001-480-794-0325.

ਵਧਦੀ ਆਬਾਦੀ ਤੇ ਗ਼ਰੀਬੀ

ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਲਗਾਤਾਰ ਵਧਦੀ ਆਬਾਦੀ ਚਿੰਤਾ ਦੀ ਗੱਲ ਹੈ। ਜਦ ਕਿ ਧਰਤੀ ਤਾਂ ਓਨੀ ਹੀ ਰਹੇਗੀ ਤੇ ਸਾਡੇ ਕੁਦਰਤੀ ਸਾਧਨ ਵਧਣ ਦੀ ਬਜਾਏ ਘਟਦੇ ਜਾਣਗੇ। ਵਧਦੀ ਆਬਾਦੀ ਨਾਲ ਗ਼ਰੀਬੀ ਦਾ ਗਰਾਫ਼ ਬੇਤਹਾਸ਼ਾ ਵਧਦਾ ਗਿਆ। ਭਾਰਤ ਵਿਚ ਹੀ ਕਰੀਬ ਅੱਠ ਕਰੋੜ ਲੋਕ ਬੇਘਰ ਹਨ, ਉਨ੍ਹਾਂ ਦੇ ਬੱਚੇ ਸਕੂਲ ਜਾਣ ਤੋਂ ਰਹਿ ਕੇ ਅਨਪੜ੍ਹ ਰਹਿ ਜਾਂਦੇ ਹਨ ਤੇ ਸਰਕਾਰੀ ਸਿਹਤ ਸਹੂਲਤਾਂ ਨਾ ਮਿਲਣ ਕਰਕੇ ਹਮੇਸ਼ਾ ਬਿਮਾਰੀਆਂ ਦੇ ਸ਼ਿਕਾਰ ਰਹਿੰਦੇ ਹਨ। ਵਧਦੀ ਆਬਾਦੀ ਕਾਰਨ ਹੀ ਸਕੂਲਾਂ, ਕਾਲਜਾਂ, ਹਸਪਤਾਲਾਂ ਵਿਚ ਵੀ ਭੀੜ ਹੀ ਦਿਖਾਈ ਦਿੰਦੀ ਹੈ। ਵਧਦੀ ਆਬਾਦੀ ਕਾਰਨ ਹੀ ਰੁਜ਼ਗਾਰ 'ਤੇ ਵੀ ਬੁਰਾ ਅਸਰ ਪੈਂਦਾ ਹੈ। ਰੁਜ਼ਗਾਰ ਦੀ ਕਮੀ ਕਾਰਨ ਗਰੀਬ ਤੇ ਗਰੀਬ ਵਿਚਕਾਰ ਫਾਸਲਾ ਵਧਦਾ ਜਾਂਦਾ ਹੈ। ਲੋਕ ਭੁੱਖ ਅਤੇ ਕੁਪੋਸ਼ਣ ਦੇ ਸ਼ਿਕਾਰ ਹੋ ਰਹੇ ਹਨ। ਅੱਜਕਲ੍ਹ ਤਾਂ ਬਜ਼ਾਰਾਂ ਵਿਚ ਗਰਭ ਰੋਕੂ ਸਾਧਨ ਵੀ ਉਪਲਬਧ ਹਨ। ਸਾਨੂੰ ਆਪਣੇ ਬੱਚਿਆਂ ਦੀ ਸ਼ਾਦੀ ਵੀ ਘੱਟ ਉਮਰ ਵਿਚ ਨਹੀਂ ਕਰਨੀ ਚਾਹੀਦੀ, ਆਬਾਦੀ 'ਤੇ ਕੁਝ ਰੋਕ ਜ਼ਰੂਰ ਲੱਗੇਗੀ। ਗਰੀਬੀ ਤੇ ਅਨਪੜ੍ਹਤਾ ਖ਼ਤਮ ਕਰਕੇ ਹੀ ਆਬਾਦੀ ਦੀ ਸਮੱਸਿਆ ਖ਼ਤਮ ਕੀਤੀ ਜਾ ਸਕੇਗੀ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

1-8-2014

 ਸੰਘਰਸ਼ ਬਨਾਮ ਜ਼ਿੰਦਗੀ

ਅਸੀਂ ਅਕਸਰ ਖੁਸ਼ਹਾਲ ਲੋਕਾਂ ਨੂੰ ਅਤੇ ਉਨ੍ਹਾਂ ਦੀ ਚਮਕ-ਦਮਕ ਦੇਖ ਕੇ ਕਮਾਨੋਂ ਛੁੱਟੇ ਦਿਸ਼ਾਹੀਣ ਤੀਰ ਵਾਂਗ ਭਟਕ ਜਾਂਦੇ ਹਾਂ। ਉਨ੍ਹਾਂ ਲੋਕਾਂ ਦੁਆਰਾ ਕੀਤੀ ਨਿਰੰਤਰ ਮਿਹਨਤ ਨੂੰ ਅੱਖੋਂ ਓਹਲੇ ਕਰ ਰਾਤੋ-ਰਾਤ ਉਨ੍ਹਾਂ ਵਰਗਾ ਬਣਨ ਲਈ ਕਈ ਉਲਟੇ ਹੱਥਕੰਡੇ ਵਰਤਦੇ ਹੋਏ ਅਸੀਂ ਬੇਲੋੜੀਆਂ ਮੁਸ਼ਕਿਲਾਂ ਵਿਚ ਫਸ ਜਾਂਦੇ ਹਾਂ। ਫਿਰ ਸਾਡਾ ਸਮਾਜ ਵਿਚ ਉਹ ਰੁਤਬਾ ਨਹੀਂ ਰਹਿੰਦਾ ਜੋ ਸਾਨੂੰ ਇਸ ਸਮਾਜ ਵਿਚ ਵਿਚਰਨ ਲਈ ਚਾਹੀਦਾ ਹੈ, ਜਦਕਿ ਸਾਨੂੰ ਪ੍ਰਾਕਿਰਤੀ ਦੇ ਨਿਯਮਾਂ ਅਨੁਸਾਰ ਹੀ ਮਿਹਨਤ ਕਰਦੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ, ਕਿਉਂਕਿ ਕੁਦਰਤ ਕਦੇ ਵੀ ਮਾੜਾ ਨਹੀਂ ਕਰਦੀ। ਸੰਘਰਸ਼ ਹੀ ਜ਼ਿੰਦਗੀ ਹੈ, ਜਿਸ ਦੇ ਨਾਲ ਅਸੰਭਵ ਨੂੰ ਸੰਭਵ ਕੀਤਾ ਜਾ ਸਕਦਾ ਹੈ। ਸਖਤ ਮਿਹਨਤ, ਯੋਗ ਸਾਧਨਾ ਹੀ ਇਨਸਾਨ ਨੂੰ ਗੁਣਵਾਨ ਅਤੇ ਤਰੱਕੀ ਦਾ ਸਿਰਨਾਵਾਂ ਦੱਸਦੀ ਹੈ। ਇਸ ਲਈ ਆਪਣੇ ਕੰਮ ਪ੍ਰਤੀ ਵਫ਼ਾਦਾਰ ਅਤੇ ਸੀਮਤ ਰਹੋ, ਸਫ਼ਲਤਾ ਤੁਹਾਨੂੰ ਝੁਕ ਕੇ ਸਿਜਦਾ ਕਰੇਗੀ। ਆਓ, ਸੁਹਿਰਦ ਯਤਨਾਂ ਤੇ ਸੰਘਰਸ਼ ਰਾਹੀਂ ਹੀ ਅੱਗੇ ਵਧੀਏ, ਕਿਉਂਕਿ ਸੰਘਰਸ਼ ਹੀ ਜ਼ਿੰਦਗੀ ਹੈ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਵਧਦਾ ਆਬਾਦੀ ਦਾ ਬੋਝ

ਸਾਲ-ਦਰ-ਸਾਲ ਆਬਾਦੀ ਦਾ ਬੋਝ ਵਧ ਰਿਹਾ ਹੈ। ਉਸੇ ਹਿਸਾਬ ਨਾਲ ਕੁਦਰਤੀ ਸਾਧਨਾਂ ਦੀ ਵਰਤੋਂ ਵੀ ਲਗਾਤਾਰ ਵਧ ਰਹੀ ਹੈ, ਜਿਵੇਂ ਕਿ ਹਵਾ, ਪਾਣੀ, ਜ਼ਮੀਨ, ਪੇੜ-ਪੌਦੇ, ਤੇਲ, ਗੈਸ ਆਦਿ ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਕਹਿੰਦੇ ਹਨ ਕਿ ਪਿਛਲੇ 25 ਸਾਲਾਂ ਵਿਚ ਦੁਨੀਆ ਦੀ ਆਬਾਦੀ ਵਿਚ ਕਰੀਬ ਇਕ ਤਿਹਾਈ ਦਾ ਵਾਧਾ ਹੋਇਆ ਹੈ। ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਬੜੀ ਮੁਸ਼ਕਿਲ ਹੋ ਜਾਵੇਗੀ। ਸੋ, ਇਸ ਲਈ ਜ਼ਰੂਰੀ ਹੈ ਕਿ ਆਬਾਦੀ ਦੇ ਵਾਧੇ ਨੂੰ ਰੋਕਿਆ ਜਾਵੇ। 'ਇਕ ਬੱਚਾ ਸਭ ਲਈ ਅੱਛਾ' ਦਾ ਨਾਅਰਾ ਦਿੱਤਾ ਜਾਵੇ।

-ਬਲਦੇਵ ਸਿੰਘ
ਰਾਏਕੋਟ।

ਬਰਸਾਤੀ ਮੌਸਮ

ਸਾਡ ਦੇਸ਼ ਵਿਚ ਕਈ ਤਰ੍ਹਾਂ ਦੇ ਮੌਸਮ ਸਮੇਂ-ਸਮੇਂ 'ਤੇ ਆਪਣਾ ਰੰਗ ਵਿਖਾਉਂਦੇ ਹਨ। ਹਰ ਇਕ ਮੌਸਮ ਦੀ ਆਪਣੀ ਫਿਤਰਤ ਹੁੰਦੀ ਹੈ। ਮੌਸਮ ਦੇ ਹੇਰ-ਫੇਰ ਉੱਪਰ ਹੀ ਸਾਡੀ ਖੇਤੀ ਨਿਰਭਰ ਕਰਦੀ ਹੈ। ਪ੍ਰੰਤੂ ਮੌਸਮ ਦੇ ਬਦਲਣ ਦੇ ਨਾਲ ਹੀ ਸਾਨੂੰ ਕਈ ਪ੍ਰਕਾਰ ਦੇ ਇਹਤਿਆਤ ਵੀ ਵਰਤਣੇ ਪੈਂਦੇ ਹਨ। ਸਭ ਤੋਂ ਜ਼ਿਆਦਾ ਇਹਤਿਆਤ ਬਰਸਾਤ ਦੇ ਮੌਸਮ ਵਿਚ ਰੱਖਣੇ ਪੈਂਦੇ ਹਨ। ਕਿਉਂਕਿ ਬਰਸਾਤੀ ਮੌਸਮ ਵਿਚ ਹੀ ਕੀਟ-ਪਤੰਗੇ ਅਤੇ ਹੋਰ ਜੀਵ-ਜੰਤੂ ਕਾਫੀ ਕਿਰਿਆਸ਼ੀਲ ਹੋ ਜਾਂਦੇ ਹਨ। ਸੱਪ, ਡੱਡੂ ਅਤੇ ਕੋਹੜ ਕਿਰਲੀਆਂ ਆਪਣਾ ਭੋਜਨ ਲੈਣ ਲਈ ਆਪਣੀਆਂ ਖੁੱਡਾ ਵਿਚੋਂ ਬਾਹਰ ਆ ਜਾਂਦੇ ਹਨ ਜੋ ਕਿ ਘਰਾਂ ਦੇ ਆਸ-ਪਾਸ ਅਤੇ ਘਰਾਂ ਵਿਚ ਵੀ ਦਾਖ਼ਲ ਹੋ ਜਾਂਦੇ ਹਨ ਅਤੇ ਕਈ ਵਾਰ ਮਾਰੂ ਨੁਕਸਾਨ ਵੀ ਕਰ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਖਾਣ-ਪੀਣ ਦੀਆਂ ਚੀਜ਼ਾਂ ਵੀ ਇਸੇ ਮੌਸਮ ਵਿਚ ਜ਼ਿਆਦਾ ਖਰਾਬ ਹੁੰਦੀਆਂ ਹਨ। ਸੋ, ਲੋੜ ਹੈ ਇਨ੍ਹਾਂ ਪ੍ਰਤੀ ਸੁਚੇਤ ਹੋਣ ਦੀ। ਸਿਹਤ ਪ੍ਰਤੀ ਵੀ ਬਰਸਾਤੀ ਮੌਸਮ ਵਿਚ ਜ਼ਿਆਦਾ ਸੁਚੇਤ ਰਹਿਣਾ ਚਾਹੀਦਾ ਹੈ। ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਦਿਆਂ ਆਪਣੇ-ਆਪ ਨੂੰ ਬਰਸਾਤੀ ਪਾਣੀ ਦੇ ਪ੍ਰਭਾਵ ਤੋਂ ਬਚਾਉਣਾ ਹੀ ਸਿਆਣਪ ਹੈ।

-ਧਰਮਿੰਦਰ 'ਸ਼ਾਹਿਦ' ਖੰਨਾ
580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ।

30-7-2014

 'ਅਜੀਤ ਹਰਿਆਵਲ ਲਹਿਰ'
'ਅਜੀਤ' ਇਸ ਗੱਲੋਂ ਵਧਾਈ ਦਾ ਪਾਤਰ ਹੈ ਕਿ ਵਧਦੀ ਆਬਾਦੀ ਕਾਰਨ ਜੋ ਆਕਸੀਜਨ ਦੀ ਘਾਟ ਹੋ ਰਹੀ ਹੈ, ਉਸ ਨਾਲ ਨਜਿੱਠਣ ਲਈ ਪਿਛਲੇ ਤਿੰਨ ਸਾਲਾਂ ਤੋਂ ਬੂਟੇ ਲਗਾਉਣ ਤੇ ਸਾਂਭ-ਸੰਭਾਲ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਮਨੁੱਖ ਦਾ ਰੁੱਖ ਨਾਲ ਜਨਮ ਤੋਂ ਮੌਤ ਤੱਕ ਦਾ ਸਬੰਧ ਹੈ। ਜਿਥੇ ਇਹ ਸਾਨੂੰ ਜਿਊਂਦੇ ਰਹਿਣ ਵਿਚ ਸਹਾਇਕ ਹਨ ਉਥੇ ਲੱਕੜੀ, ਦਵਾਈਆਂ, ਵਰਖਾ ਲਿਆਉਣ ਵਿਚ ਸਹਾਇਤਾ ਕਰਦੇ ਹਨ। ਸ਼ਹਿਰਾਂ ਵਿਚ ਨਵੀਆਂ ਬਸਤੀਆਂ ਬਣ ਜਾਣ ਕਾਰਨ, ਹਾਈ ਵੇਅ (ਜੀ. ਟੀ. ਰੋਡ), ਚਹੁੰ-ਮਾਰਗੀ ਬਣਨ ਕਾਰਨ ਦਰੱਖਤਾਂ ਦੀ ਅੰਧਾ-ਧੁੰਦ ਕਟਾਈ ਹੋ ਰਹੀ ਹੈ। ਸਾਨੂੰ ਚੌਥੇ ਪੜਾਅ ਵਿਚ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ। ਪਾਰਕਾਂ, ਸਕੂਲਾਂ, ਸਾਂਝੀਆਂ ਥਾਵਾਂ 'ਤੇ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ, ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਅਤੇ ਪੰਚਾਇਤਾਂ ਨੂੰ ਦਿੱਤੀ ਜਾਵੇ।

-ਜੋਗਿੰਦਰ ਸਿੰਘ ਲੋਹਾਮ
ਲੋਹਾਮ ਨਗਰ, ਮੋਗਾ।

ਰੁੱਖ ਲਗਾਈਏ
ਜੇਕਰ ਪੰਜਾਬੀ ਲੋਕ ਉੱਦਮ ਕਰਕੇ ਅਗਲੇ ਦੋ-ਤਿੰਨ ਸਾਲਾਂ ਦੌਰਾਨ, ਪੰਜਾਬ ਦੀ ਧਰਤੀ ਦੇ ਤੀਸਰੇ ਹਿੱਸੇ ਉਤੇ ਲੋੜੀਂਦੇ ਰੁੱਖ ਲਗਾ ਕੇ ਆਪਣੀ ਧਰਤੀ ਨੂੰ ਹਰਾ-ਭਰਾ ਬਣਾ ਲੈਣ ਤਾਂ ਮੁੜ ਤੋਂ ਭਰਪੂਰ ਬਾਰਿਸ਼ਾਂ ਸ਼ੁਰੂ ਹੋ ਸਕਦੀਆਂ ਹਨ। ਖੇਤੀਬਾੜੀ ਲਈ ਬਾਰਿਸ਼ਾਂ ਦਾ ਪਾਣੀ ਮਿਲਣ ਨਾਲ ਟਿਊਬਵੈੱਲਾਂ ਦੀ ਬਚੀ ਹੋਈ ਬਿਜਲੀ ਉਦਯੋਗਾਂ ਅਤੇ ਘਰਾਂ ਦੀ ਲੋੜ ਪੂਰੀ ਕਰ ਸਕਦੀ ਹੈ। ਧਰਤੀ ਹੇਠਲਾ ਨੀਵਾਂ ਹੋ ਚੁੱਕਾ ਪਾਣੀ ਦਾ ਪੱਧਰ ਵੀ ਉਪਰ ਉਠ ਸਕਦਾ ਹੈ। ਵਾਤਾਵਰਨ ਸ਼ੁੱਧ ਹੋਣ ਨਾਲ ਲੋਕ ਅਨੇਕਾਂ ਬਿਮਾਰੀਆਂ ਤੋਂ ਬਚ ਕੇ ਤੰਦਰੁਸਤ ਰਹਿਣ ਲੱਗ ਪੈਣਗੇ। ਰੁੱਖਾਂ ਦੇ ਤਾਂ ਸੌ ਸੁੱਖ ਹਨ। ਬਿਜਲੀ ਵਾਂਗ ਨਾ ਪਾਵਰ ਕੱਟ ਅਤੇ ਨਾ ਕੋਈ ਭਾੜਾ ਜਾਂ ਬਿੱਲ ਹੈ। ਫਿਰ ਕਿਉਂ ਨਾ 'ਅਜੀਤ ਹਰਿਆਵਲ ਲਹਿਰ' ਵਿਚ ਸ਼ਾਮਿਲ ਹੋ ਕੇ ਆਪਣੇ ਸੋਹਣੇ ਪੰਜਾਬ ਨੂੰ ਹਰਾ-ਭਰਾ ਬਣਾ ਲਈਏ? ਸੋ, ਸਾਵਣ ਦੇ ਮਹੀਨੇ ਦੌਰਾਨ ਹੀ ਟੋਲੀਆਂ ਬਣਾ ਕੇ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿਚ ਲੱਖਾਂ ਰੁੱਖ ਲਗਾਈਏ ਤੇ ਪਾਲ-ਪੋਸ ਕੇ ਸਰਬੱਤ ਦਾ ਭਲਾ ਮੰਗੀਏ।

-ਇੰਜ: ਕੁਲਦੀਪ ਸਿੰਘ ਲੁੱਧਰ
4724, ਗੁਰੂ ਨਾਨਕ ਵਾੜਾ, ਖ਼ਾਲਸਾ ਕਾਲਜ, ਅੰਮ੍ਰਿਤਸਰ।

ਨਸ਼ਿਆਂ ਦਾ ਵਧ ਰਿਹਾ ਜਾਲ
ਨਸ਼ਿਆਂ ਦਾ ਵਰਤਾਰਾ ਸੰਸਾਰ ਦੇ ਬਹੁਤੇ ਖੇਤਰਾਂ, ਉਪ-ਖੇਤਰਾਂ 'ਚ ਚਿਰਕਾਲ ਤੋੰਂ ਜਾਰੀ ਹੈ। ਮਨੁੱਖੀ ਸਮਾਜ ਦਾ ਸਮੂਹਿਕ ਅਤੇ ਸੱਭਿਆਚਾਰਕ ਤੌਰ 'ਤੇ ਜਿੰਨਾ ਨੁਕਸਾਨ ਵੱਖ-ਵੱਖ ਤਰ੍ਹਾਂ ਦੇ ਨਸ਼ੇ ਕਰ ਰਹੇ ਹਨ, ਸ਼ਾਇਦ ਹੀ ਕੋਈ ਹੋਰ ਚੀਜ਼ ਕਰ ਰਹੀ ਹੋਵੇਗੀ। ਨਸ਼ਿਆਂ ਦਾ ਸੇਵਨ ਕਰਨ ਨਾਲ ਮਨੁੱਖ ਦੇ ਚਰਿੱਤਰ ਦਾ ਨਿਘਾਰ ਸ਼ੁਰੂ ਹੋ ਜਾਂਦਾ ਹੈ। ਨਸ਼ੱਈ ਨਸ਼ਿਆਂ ਦਾ ਗੁਲਾਮ ਹੋ ਕੇ ਆਪਣੀ ਸਮੁੱਚੀ ਤਬਾਹੀ ਜਾਂ ਬਰਬਾਦੀ ਖੁਦ ਖਰੀਦਦਾ ਹੈ। ਉਹ ਆਪਣੇ ਪੈਰੀਂ ਆਪ ਕੁਹਾੜਾ ਮਾਰਦਾ ਹੈ। ਸਾਨੂੰ ਸਾਰਿਆਂ ਨੂੰ ਆਪਣੇ-ਆਪਣੇ ਪੱਧਰ 'ਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਸੁਚੇਤ ਕਰਨ ਤੇ ਇਸ ਦੀ ਮਾਰ ਤੋਂ ਬਚਾਉਣ, ਛੁਡਾਉਣ ਹਿਤ ਹਰ ਸੰਭਵ ਉਦਮ ਕਰਨਾ ਚਾਹੀਦਾ ਹੈ। ਆਓ, ਦੇਸ਼, ਕੌਮ ਨੂੰ ਸਭ ਤਰ੍ਹਾਂ ਦੇ ਨਸ਼ਿਆਂ ਤੋਂ ਬਚਾਉਣ ਵਾਸਤੇ ਯਤਨਸ਼ੀਲ ਹੋਈਏ।

-ਜਸਕਰਨ ਸਿੰਘ
ਦਸਮੇਸ਼ ਨਗਰ, ਲੁਧਿਆਣਾ।

ਵਧ ਰਹੇ ਖਰਚੇ
ਦਿਨੋਂ-ਦਿਨ ਵਧ ਰਹੇ ਘਰੇਲੂ ਖਰਚਿਆਂ ਨੇ ਲੋਕਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਭਾਵੇਂ ਅਸੀਂ ਆਪਣੀ ਆਮਦਨ ਦੇ ਅਨੁਸਾਰ ਹੀ ਆਪਣੇ ਘਰੇਲੂ ਖਰਚੇ ਨਿਯਮਤ ਕਰਦੇ ਹਾਂ ਪਰ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਨੇ ਸਭ ਘਰਾਂ ਦੇ ਬਜਟ ਹਿਲਾ ਦਿੱਤੇ ਹਨ। ਦੂਜੇ ਪਾਸੇ ਘੱਟ ਰਹੇ ਆਮਦਨ ਦੇ ਸਾਧਨਾਂ ਦੇ ਕਾਰਨ ਕਰਜ਼ਿਆਂ ਦਾ ਭਾਰ ਅਤੇ ਖੁਦਕੁਸ਼ੀਆਂ ਦੀ ਗਿਣਤੀ ਦੋਵੇਂ ਵਧ ਰਹੇ ਹਨ। ਇਸ ਲਈ ਜਿਥੋਂ ਤੱਕ ਹੋ ਸਕੇ ਸਾਨੂੰ ਆਪਣੇ ਫਜ਼ੂਲ ਖਰਚੇ ਘਟਾ ਲੈਣੇ ਚਾਹੀਦੇ ਹਨ ਅਤੇ ਸਧਾਰਨ ਜੀਵਨ ਜਿਊਣਾ ਚਾਹੀਦਾ ਹੈ। ਸਾਨੂੰ ਦੂਜਿਆਂ ਦੀ ਰੀਸ ਕਰਨ ਤੋਂ ਵੀ ਬਚਣਾ ਚਾਹੀਦਾ ਹੈ। ਇਸ ਨਾਲ ਅਸੀਂ ਕਾਫ਼ੀ ਹੱਦ ਤੱਕ ਖੁਸ਼ੀ ਭਰਿਆ ਜੀਵਨ ਬਤੀਤ ਕਰ ਸਕਦੇ ਹਾਂ।

-ਜਗਤਾਰ ਗੰਡੇਵਾਲ
ਮੋਬਾਈਲ : 98552-89031.

29-7-2014

 ਟ੍ਰੈਫਿਕ ਦੀ ਤ੍ਰਾਸਦੀ
ਮੌਜੂਦਾ ਹਾਲਤਾਂ ਵਿਚ ਮਨੁੱਖ ਨੇ ਆਵਾਜਾਈ ਦੇ ਸਾਧਨਾਂ ਦੀ ਵਰਤੋਂ 'ਚ ਗਿਣਾਤਮਕ ਪੱਧਰ 'ਤੇ ਭਾਰੀ ਵਾਧਾ ਕੀਤਾ ਹੈ। ਪਿਛਲੇ ਕੁਝ ਦਹਾਕਿਆਂ ਦੇ ਮੁਕਾਬਲੇ ਅੱਜ ਸਾਡੇ ਕੋਲ ਆਵਾਜਾਈ ਦੇ ਸਾਧਨਾਂ ਦੀ ਭਰਮਾਰ ਹੈ, ਜਿਸ ਕਾਰਨ ਸੜਕਾਂ ਉੱਪਰ ਗੱਡੀਆਂ, ਮੋਟਰਾਂ ਦੀ ਰੌਣਕ ਲੱਗੀ ਰਹਿੰਦੀ ਹੈ, ਪਰ ਇਹ ਰੌਣਕ ਮਨੁੱਖ ਲਈ ਤ੍ਰਾਸਦੀ ਦਾ ਮੁੱਖ ਕਾਰਨ ਬਣਦੀ ਹੈ ਜਿਵੇਂ ਕਿ ਸੜਕਾਂ ਅਤੇ ਚੌਕਾਂ 'ਚ ਮੋਟਰ ਵਾਹਨਾਂ ਦੀ ਭੀੜ ਤੋਂ ਉਤਪੰਨ ਹੁੰਦਾ ਸ਼ੋਰ, ਜ਼ਹਿਰੀਲੀਆਂ ਗੈਸਾਂ ਦਾ ਧੂੰਆਂ, ਜੋ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈ ਤੇ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਇਸ ਤੋਂ ਇਲਾਵਾ ਕਾਹਲ ਭਰੀ ਜ਼ਿੰਦਗੀ ਵਿਚ ਮਨੁੱਖ ਇਕ-ਦੂਜੇ ਤੋਂ ਅੱਗੇ ਜਾਣ ਕਰਕੇ ਦੁਰਘਟਨਾਵਾਂ ਦਾ ਵੀ ਸ਼ਿਕਾਰ ਹੋ ਰਿਹਾ ਹੈ। ਅਜਿਹੇ ਖ਼ਤਰਨਾਕ ਸੜਕੀ ਹਾਦਸਿਆਂ ਦੇ ਦ੍ਰਿਸ਼ ਅਕਸਰ ਦੇਖਣ ਨੂੰ ਮਿਲਦੇ ਹਨ। ਮੁੱਕਦੀ ਗੱਲ ਇਹ ਹੈ ਕਿ ਇਹ ਸਭ ਟ੍ਰੈਫਿਕ ਦੀ ਤ੍ਰਾਸਦੀ ਦੇ ਕਾਰਨ ਹਨ। ਲੋੜ ਹੈ ਆਵਾਜਾਈ ਦੇ ਸਾਧਨਾਂ ਨੂੰ ਨਿਯਮਾਂ ਮੁਤਾਬਿਕ ਚਲਾਉਣ ਦੀ, ਸਮੇਂ-ਸਮੇਂ 'ਤੇ ਪ੍ਰਦੂਸ਼ਣ ਚੈੱਕ ਸੈਂਟਰ ਤੋਂ ਧੂੰਆਂ ਚੈੱਕ ਕਰਵਾਉਣ ਦੀ, ਤਾਂ ਜੋ ਟ੍ਰੈਫਿਕ ਦੀ ਤ੍ਰਾਸਦੀ ਨੂੰ ਕੰਟਰੋਲ ਕੀਤਾ ਜਾ ਸਕੇ।

-ਕਮਲਜੀਤ ਸਿੰਘ
ਪਿੰਡ ਮੱਲ੍ਹੀਆਂ (ਕਰਤਾਰਪੁਰ)।

ਕਲਾਕਾਰਾਂ ਦੀ ਆਰਥਿਕ ਮੰਦੀ
ਪਿਛਲੇ ਸਾਲਾਂ ਵਿਚ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਅੰਤਿਮ ਸਮੇਂ ਦੀ ਆਰਥਿਕ ਤੰਗੀ ਦੀਆਂ ਖ਼ਬਰਾਂ ਛਪਦੀਆਂ ਰਹੀਆਂ ਹਨ। ਆਪਣੇ ਵੇਲਿਆਂ ਦੇ ਚਰਚਿਤ ਗੀਤਕਾਰ ਨੰਦ ਲਾਲ ਨੂਰਪੁਰੀ ਦੀ ਅੰਤਿਮ ਸਮੇਂ ਵੇਲੇ ਆਰਥਿਕ ਤੰਗੀ ਉਸ ਦੀ ਮੌਤ ਦਾ ਕਾਰਨ ਬਣੀ। ਹੁਣ ਸੂਫ਼ੀ ਗਾਇਕ ਬਰਕਤ ਸਿੱਧੂ ਇਸ ਹਾਲਤ ਨਾਲ ਜੂਝ ਰਹੇ ਹਨ। ਇਸ ਦੇ ਨਾਲ ਕਲਾਕਾਰਾਂ 'ਤੇ ਇਸ ਤਰ੍ਹਾਂ ਦਾ ਸਮਾਂ ਕਿਉਂ ਆਇਆ, ਇਹ ਵਿਸ਼ਾ ਚਰਚਾ ਮੰਗਦਾ ਹੈ। ਇਸ ਦੇ ਕਈ ਕਾਰਨ ਬਣਦੇ ਹਨ ਪਰ ਸਰਕਾਰ ਵੱਲੋਂ ਸੱਭਿਆਚਾਰ, ਸੰਗੀਤ ਅਤੇ ਹੋਰ ਕਲਾਵਾਂ ਲਈ ਕੋਈ ਠੋਸ ਨੀਤੀ ਦਾ ਨਾ ਹੋਣਾ ਪ੍ਰਮੁੱਖ ਹੈ, ਕਿਸੇ ਕਲਾਕਾਰ ਦੀ ਆਪਣੇ ਖੇਤਰ ਵਿਚ ਕਿੰਨੀ ਦੇਣ ਹੈ, ਉਸ ਨੂੰ ਤੈਅ ਕਰਨ ਲਈ ਇਕ ਮਾਪਦੰਡ ਹੋਣਾ ਜ਼ਰੂਰੀ ਹੈ ਅਤੇ ਇਸ ਅਧੀਨ ਕਿਸੇ ਕਲਾਵਾਨ ਗੀਤਕਾਰ ਜਾਂ ਗਾਇਕ ਦੀ ਆਪਣੇ ਖੇਤਰ ਵਿਚ ਦੇਣ ਅਨੁਸਾਰ ਉਸ ਨੂੰ ਉਮਰ ਭਰ ਸਰਕਾਰੀ ਮਦਦ ਮਿਲਣੀ ਚਾਹੀਦੀ ਹੈ ਪਰ ਇਹ ਮਾਪਦੰਡ ਨਿਰਪੱਖ ਹੋਵੇ।

-ਅਮਨਦੀਪ ਸਿੰਘ ਰਾਏ
ਪਿੰਡ ਬਖ਼ਤਗੜ੍ਹ (ਬਰਨਾਲਾ)।

'ਅੱਛੇ ਦਿਨ'
ਪਿਛਲੀਆਂ ਹੋਈਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਦੇਸ਼ ਦੀ ਪ੍ਰਮੁੱਖ ਪਾਰਟੀ ਭਾਜਪਾ ਵੱਲੋਂ ਲੋਕਾਂ ਲਈ ਇਕੋ ਨਾਅਰੇ ਕਿ 'ਅੱਛੇ ਦਿਨ ਆਨੇ ਵਾਲੇ ਹੈਂ' ਦਾ ਖੂਬ ਢਿੰਡੋਰਾ ਪਿੱਟਿਆ ਗਿਆ ਸੀ। ਇਸ ਆਸ ਨਾਲ ਕਿ 'ਅੱਛੇ ਦਿਨ ਆਨੇ ਵਾਲੇ ਹੈਂ' ਦੇਸ਼ ਦੀ ਜਨਤਾ ਵੱਲੋਂ ਇਸ ਪਾਰਟੀ ਦੇ ਹੱਕ ਵਿਚ ਬਹੁਤ ਵੱਡਾ ਫ਼ਤਵਾ ਦਿੱਤਾ ਗਿਆ। ਪਰ ਹੁਣ ਜੇਕਰ ਦੇਖਿਆ ਜਾਵੇ ਤਾਂ ਇਸ ਸਰਕਾਰ ਦਾ ਡੇਢ ਮਹੀਨਾ ਬੀਤਣ 'ਤੇ ਵੀ ਅੱਛੇ ਦਿਨਾਂ ਦੀ ਕੋਈ ਆਸ-ਕਿਰਨ ਨਜ਼ਰ ਨਹੀਂ ਆ ਰਹੀ ਹੈ। ਲੋਕ ਪਹਿਲਾਂ ਵਾਂਗ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਦੇਸ਼ ਵਿਚ ਬਿਜਲੀ ਦਾ ਬੁਰਾ ਹਾਲ ਹੈ। ਰੇਤ ਦੀ ਹੋ ਰਹੀ ਕਾਲਾਬਾਜ਼ਾਰੀ ਲਗਾਤਾਰ ਜਾਰੀ ਹੈ। ਸੋ, ਸਰਕਾਰ ਨੂੰ ਜਲਦੀ ਤੋਂ ਜਲਦੀ ਚੋਣਾਂ ਵੇਲੇ ਆਪਣੇ ਦਿੱਤੇ ਇਸ ਨਾਅਰੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ।

-ਰਾਜਾ ਗਿੱਲ (ਚੜਿੱਕ)
ਮੋ: 94654-11585

25-7-2014

 ਦਵਾਈਆਂ ਦੀ ਘਾਟ

ਆਮ ਦੇਖਣ ਵਿਚ ਆਉਂਦਾ ਹੈ ਕਿ ਲੋਕ ਜ਼ਿਆਦਾ ਪ੍ਰਾਈਵੇਟ ਹਸਪਤਾਲ ਨੂੰ ਜਾਂਦੇ ਹਨ। ਕਿਉਂ ਜਾਂਦੇ ਹਨ ਇਹ ਵੀ ਇਕ ਸਚਾਈ ਹੈ। ਸਰਕਾਰੀ ਹਸਪਤਾਲਾਂ ਵਿਚ ਪੂਰੀ ਦਵਾਈ ਨਹੀਂ ਮਿਲਦੀ। ਇਕ ਹੋਰ ਗੱਲ ਖੱਲਜ-ਖੁਆਰੀ ਵੀ ਜ਼ਿਆਦਾ ਹੁੰਦੀ ਹੈ। ਥੋੜ੍ਹੇ ਕੀਤੇ ਕੋਈ ਪੁੱਛਦਾ ਵੀ ਨਹੀਂ ਹੈ। ਜ਼ਿਆਦਾ ਦਵਾਈਆਂ ਬਾਹਰ ਦੀਆਂ ਲਿਖੀਆਂ ਜਾਂਦੀਆਂ ਹਨ। ਗ਼ਰੀਬ ਵਿਅਕਤੀ ਦੀ ਪਹੁੰਚ ਤੋਂ ਦੂਰ ਦਵਾਈ ਦਾ ਮੁੱਲ ਹੋ ਗਿਆ ਹੈ। ਪਰਚੀ ਫੀਸ ਅਤੇ ਹੋਰਾਂ ਫੀਸਾਂ ਦੀ ਪੂਰਤੀ ਗ਼ਰੀਬ ਕਰ ਨਹੀਂ ਸਕਦਾ। ਕਿਉਂਕਿ ਇਲਾਜ ਹੁਣ ਸਰਕਾਰ ਨੇ ਮਹਿੰਗਾ ਕਰ ਦਿੱਤਾ ਹੈ। ਮੁਲਾਜ਼ਮ ਅੰਦਰੋਂ ਇਹ ਕਹਿ ਕੇ ਮਰੀਜ਼ ਨੂੰ ਬਾਹਰ ਭੇਜਦੇ ਹਨ। ਇਹ ਦਵਾਈ ਸਾਡੇ ਕੋਲ ਸਰਕਾਰ ਨੇ ਭੇਜੀ ਹੀ ਨਹੀਂ ਇਹ ਤੁਸੀਂ ਬਾਜ਼ਾਰ ਤੋਂ ਲੈ ਲੈਣੀ ਕੀ ਕਰੇ ਗ਼ਰੀਬ ਮਰੀਜ਼ ਕਿੱਥੇ ਜਾਏ। ਸਰਕਾਰ ਨੂੰ ਵੱਧ ਤੋਂ ਵੱਧ ਦਵਾਈ ਭੇਜਣੀ ਚਾਹੀਦੀ ਹੈ।

-ਤੇਜਪਾਲ ਚਾਹਲਪੁਰੀ
ਪਿੰਡ ਚਾਹਲਪੁਰ, ਡਾਕ: ਡਘਾਮ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

ਹਰਿਆਵਲ ਲਹਿਰ

ਵਾਤਾਵਰਨ ਦੇ ਪ੍ਰਦੂਸ਼ਣ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮਨੁੱਖ ਦੁਆਰਾ ਵਿਕਾਸ ਦੇ ਨਾਂਅ 'ਤੇ ਅੰਨ੍ਹੇਵਾਹ ਦਰੱਖਤਾਂ ਦੀ ਕਟਾਈ ਕਰਕੇ ਵਾਤਾਵਰਨ ਨੂੰ ਵਿਗਾੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਗੰਧਲੇ ਪੌਣ-ਪਾਣੀ ਨੇ ਅਨੇਕਾਂ ਨਾਮੁਰਾਦ ਬਿਮਾਰੀਆਂ ਨੂੰ ਜਨਮ ਦਿੱਤਾ ਹੈ ਤੇ ਕੁਦਰਤ ਵੱਲੋਂ ਬਣਾਏ ਗਏ ਮੌਸਮੀ ਸੰਤੁਲਨ ਨੂੰ ਵਿਗਾੜ ਦਿੱਤਾ ਹੈ। ਖੇਤੀ ਵਿਚ ਬੇਲੋੜੀ ਰਸਾਇਣਕ ਖਾਦਾਂ ਦੀ ਵਰਤੋਂ ਤੇ ਸਨਅਤੀ ਪਾਣੀ ਨੇ ਹਵਾ, ਪੌਣ-ਪਾਣੀ ਤੇ ਮਿੱਟੀ ਨੂੰ ਹੱਦ ਦਰਜੇ ਤੱਕ ਪਲੀਤ ਕਰ ਦਿੱਤਾ ਹੈ। ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਰੋਕਣ ਲਈ ਪੂਰੇ ਸਮਾਜ ਨੂੰ ਇਕੱਠੇ ਹੋ ਕੇ ਯੋਗਦਾਨ ਪਾਉਣਾ ਚਾਹੀਦਾ ਹੈ। 'ਅਜੀਤ ਹਰਿਆਵਲ ਲਹਿਰ' ਵਾਤਾਵਰਨ ਨੂੰ ਸ਼ੁੱਧ ਕਰਨ ਲਈ ਇਕ ਸ਼ਲਾਘਾਯੋਗ ਕਦਮ ਹੈ।

-ਮਨਿੰਦਰ ਸਿੰਘ ਰਾਜੂ
ਧਨੌਲਾ ਰੋਡ, ਬਰਨਾਲਾ।

ਪਿੰਡਾਂ ਦੇ ਵਿਕਾਸ ਦੀ ਗੱਲ

ਪਿੰਡਾਂ ਦੇ ਵਿਕਾਸ ਨੂੰ ਲੀਹਾਂ 'ਤੇ ਲਿਆਉਣ ਲਈ ਪੰਚਾਇਤ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨੇ ਚੇਅਰਮੈਨਾਂ ਅਤੇ ਉਪ-ਚੇਅਰਮੈਨਾਂ ਦੀ ਮੀਟਿੰਗ ਵਿਚ ਪੇਂਡੂ ਵਿਕਾਸ ਨੂੰ ਲੀਹਾਂ 'ਤੇ ਲਿਆਉਣ ਲਈ ਡਟ ਕੇ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਜਿਹੜੀਆਂ ਮੰਗਾਂ ਦੇ ਮੰਨੇ ਜਾਣ 'ਤੇ ਚੇਅਰਮੈਨ ਖੁਸ਼ ਹੋਏ, ਕੀ ਉਹ ਆਪਣੇ ਮਾਣ-ਭੱਤੇ ਦੇ ਵਾਧੇ 'ਤੇ ਖੁਸ਼ ਹੋਏ ਜਾਂ ਪੇਂਡੂ ਵਿਕਾਸ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ? ਸੋਚਣ ਵਾਲੀ ਗੱਲ ਹੈ। ਹਰ ਕੰਮ ਨੂੰ ਅਮਲ ਵਿਚ ਲਿਆਂਦਾ ਜਾਣਾ ਜ਼ਰੂਰੀ ਹੈ। ਅੱਜ ਜੋ ਪਿੰਡਾਂ ਦੀ ਹਾਲਤ ਹੈ, ਉਹ ਕਿਸੇ ਤੋਂ ਗੁੱਝੀ ਨਹੀਂ। ਵਿਕਾਸ ਸਾਹਮਣੇ ਨਜ਼ਰ ਆ ਰਿਹਾ ਹੈ। ਸਿਹਤ ਸਹੂਲਤਾਂ, ਸਿੱਖਿਆ, ਗਲੀਆਂ, ਨਾਲੀਆਂ ਦੀ ਸਮੱਸਿਆ ਤਾਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀ ਹੈ। ਸਾਫ਼ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਹੈ। ਸਕੂਲਾਂ ਦੀ ਹਾਲਤ ਵੀ ਤਰਸਯੋਗ ਹੈ। ਸਰਦੇ-ਪੁੱਜਦੇ ਲੋਕ ਜਿਨ੍ਹਾਂ ਦੇ ਬੱਚੇ ਸਹਿਰਾਂ ਵਿਚ ਚੰਗੇ ਤੇ ਮਹਿੰਗੇ ਸਕੂਲਾਂ ਵਿਚ ਪੜ੍ਹਦੇ ਹਨ, ਪਿੰਡ ਦੇ ਮੋਹਤਬਰ ਹੁੰਦੇ ਹੋਏ ਵੀ ਸਰਕਾਰੀ ਸਕੂਲਾਂ ਵੱਲ ਪਿੱਠ ਕਰ ਲੰਘ ਜਾਂਦੇ ਹਨ। ਪਿੰਡਾਂ ਦੇ ਬਚੇ-ਖੁਚੇ ਛੱਪੜਾਂ ਦੀ ਹਾਲਤ ਵੀ ਤਰਸਯੋਗ ਹੈ, ਬੋ ਮਾਰਦਾ ਪਾਣੀ ਲੋਕਾਂ ਦਾ ਜਿਊਣਾ ਹਰਾਮ ਕਰ ਰਿਹਾ ਹੈ। ਕੀ ਮਲੂਕਾ ਸਾਹਿਬ ਜਾਂ ਚੇਅਰਮੈਨ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਦੇਣਗੇ? ਨਸ਼ਿਆਂ ਦੀ ਸਮੱਸਿਆ ਦੀ ਤਾਂ ਗੱਲ ਹੀ ਛੱਡੋ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

24-7-2014

 ਗਊ ਕਰ
ਆਵਾਰਾ ਗਊਆਂ ਦੀ ਸੰਭਾਲ ਲਈ ਫੰਡ ਇਕੱਠਾ ਕਰਨ ਦਾ ਜੋ ਉਪਰਾਲਾ ਬਠਿੰਡਾ ਦੀ ਨਿਗਮ ਨੇ ਸ਼ੁਰੂ ਕੀਤਾ ਹੈ, ਇਸ ਦਾ ਉਪਰਾਲਾ ਸਾਰੇ ਸ਼ਹਿਰਾਂ ਦੀਆਂ ਨਿਗਮਾਂ ਜਾਂ ਕਮੇਟੀਆਂ ਨੂੰ ਕਰਨਾ ਚਾਹੀਦਾ ਹੈ। ਇਸ ਨਾਲ ਲੋਕਾਂ ਨੂੰ ਆਵਾਰਾ ਗਊਆਂ ਦੇ ਫਿਰਨ ਨਾਲ ਹਾਦਸੇ ਆਦਿ ਵਾਪਰਨ ਤੋਂ ਅਤੇ ਥਾਂ-ਥਾਂ ਗੋਹਾ ਕਰਨ ਤੋਂ ਵੀ ਨਿਜਾਤ ਮਿਲੇਗੀ।
ਹਾਦਸੇ ਤਾਂ ਆਵਾਰਾ ਗਊਆਂ ਕਾਰਨ ਬਹੁਤ ਹੋ ਰਹੇ ਹਨ ਪਰ ਇਸ ਦਾ ਉਪਰਾਲਾ ਕਿਸੇ ਵੀ ਨਿਗਮ ਜਾਂ ਕਮੇਟੀ ਵੱਲੋਂ ਨਹੀਂ ਕੀਤਾ ਜਾ ਰਿਹਾ। ਇਹ ਆਵਾਰਾ ਗਊਆਂ ਕਈ ਵਾਰ ਤੁਰੇ ਜਾਂਦੇ ਰਾਹੀਆਂ ਨੂੰ ਵੀ ਢੁੱਡਾਂ ਮਾਰ ਕੇ ਜ਼ਖ਼ਮੀ ਕਰ ਦਿੰਦੀਆਂ ਹਨ। ਕਈ ਵਾਰ ਇਹੀ ਗਾਵਾਂ, ਘਰਾਂ ਦੇ ਬਾਹਰ ਕਿਆਰੀਆਂ ਵਿਚ ਲਾਏ ਗਏ ਕੀਮਤੀ ਬੂਟੇ ਖਾ ਜਾਂਦੀਆਂ ਹਨ, ਜਿਨ੍ਹਾਂ ਨਾਲ ਮਨ ਨੂੰ ਬਹੁਤ ਦੁੱਖ ਹੁੰਦਾ ਹੈ। ਸੋ, ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਹ ਹੋਣਾ ਵੀ ਚਾਹੀਦਾ ਹੈ। ਇਸ ਨਾਲ ਕਾਫੀ ਫਾਇਦਾ ਹੋਵੇਗਾ।

-ਹਰਜਿੰਦਰਪਾਲ ਸਿੰਘ ਬਾਜਵਾ
ਵਿਜੇ ਨਗਰ, ਹੁਸ਼ਿਆਰਪੁਰ।

23-7-2014

ਪ੍ਰਕਾਸ਼ ਸਿੰਘ ਬਾਦਲ ਦੇ ਨਾਂਅ
ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਮੈਂ ਆਪਣੇ ਵੱਲੋਂ ਇਹ ਸੁਝਾਅ ਦੇਣਾ ਚਾਹੁੰਦਾ ਹਾਂ :
ਇਸ ਇਤਿਹਾਸਕ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸੰਤ ਸਮਾਜ ਅਤੇ ਵਿਸ਼ਵ ਭਰ ਵਿਚਲੀਆਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ 27 ਜੁਲਾਈ, 2014 ਨੂੰ ਪੰਥ ਨੂੰ ਇਕਜੁਟ ਕਰਕੇ ਸਮੂਹਿਕ ਲੀਡਰਸ਼ਿਪ ਮੁਹੱਈਆ ਕਰਾਉਣੀ ਚਾਹੀਦੀ ਹੈ। ਅਜਿਹਾ ਆਲ ਇੰਡੀਆ (ਸੰਘੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਵਿਚਾਰ ਨੂੰ ਅਮਲੀ ਜਾਮਾ ਪਹਿਨਾ ਕੇ ਕੀਤਾ ਜਾ ਸਕਦਾ ਹੈ। ਆਲ ਇੰਡੀਆ (ਸੰਘੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ-ਵੱਖ ਲੋੜਾਂ ਅਤੇ ਮੰਗਾਂ ਦੀ ਪੂਰਤੀ ਲਈ ਢੁਕਵੀਂ ਸੰਵਿਧਾਨਕ ਵਿਵਸਥਾ ਮੁਹੱਈਆ ਕਰਵਾ ਸਕਦੀ ਹੈ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਆਗੂਆਂ ਲਈ ਇਹ ਇਤਿਹਾਸਕ ਮੌਕਾ ਹੈ ਕਿ ਉਹ ਸਿਆਸੀ ਦਾਨਿਸ਼ਮੰਦੀ ਅਤੇ ਮਕਸਦਪੂਰਨ ਅਗਵਾਈ ਦਾ ਮੁਜ਼ਾਹਰਾ ਕਰਦਿਆਂ ਰਾਜਨੀਤੀ ਤੋਂ ਉੱਪਰ ਉੱਠ ਕੇ ਅਜਿਹਾ ਕਰਨ।
ਇਸ ਹੱਲ ਨਾਲ ਭਾਰਤ ਪੱਧਰ 'ਤੇ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਭਾਰਤੀ ਸੰਵਿਧਾਨ ਵਿਚ ਥਾਂ ਦਿਵਾਉਣ ਦਾ ਮੌਕਾ ਮਿਲੇਗਾ। ਇਕ ਚੁਣੀ ਹੋਈ ਕਾਨੂੰਨੀ ਆਲ ਇੰਡੀਆ (ਸੰਘੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਕਾਰਜਕਾਰੀ ਲੀਡਰਸ਼ਿਪ ਮੁਹੱਈਆ ਕਰਵਾ ਸਕਦੀ ਹੈ, ਜੋ ਰਾਜਾਂ ਨੂੰ ਆਪੋ-ਆਪਣੀਆਂ ਕਮੇਟੀਆਂ ਬਣਾਉਣ ਦੀ ਖੁੱਲ੍ਹ ਦੇਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ, ਖੇਤਰੀ ਅਤੇ ਕੌਮੀ ਢਾਂਚਿਆਂ ਲਈ ਫ਼ੈਸਲੇ ਕਰਨ ਦੇ ਅਮਲ, ਬਜਟ ਦੇ ਪ੍ਰਬੰਧ ਅਤੇ ਹੋਰ ਲੋੜੀਂਦੀਆਂ ਮੱਦਾਂ ਸਬੰਧੀ ਇਕ ਸੰਘੀ ਸੰਵਿਧਾਨ ਤਹਿਤ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਸਤੇ ਇਕ ਕਮਿਸ਼ਨ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਫਿਰ ਪੰਥਕ ਸਹਿਮਤੀ ਤੋਂ ਬਾਅਦ ਇਸ ਨੂੰ ਸੰਸਦ ਵਿਚ ਬਹਿਸ ਲਈ ਅਤੇ ਪਾਸ ਕਰਨ ਲਈ ਭੇਜਿਆ ਜਾ ਸਕਦਾ ਹੈ। ਅਜਿਹਾ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਹੋ ਸਕਦਾ ਹੈ ਪਰ ਜੇ ਸਭ ਦੀ ਸਹਿਮਤੀ ਨਾ ਵੀ ਬਣੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਭਾਈਵਾਲ ਕੌਮੀ ਜਮਹੂਰੀ ਗਠਜੋੜ/ਭਾਜਪਾ ਕੋਲ ਇਸ ਨੂੰ ਪਾਸ ਕਰਾਉਣ ਲਈ ਲੋੜੀਂਦਾ ਬਹੁਮਤ ਹੈ।
ਆਲ ਇੰਡੀਆ (ਸੰਘੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਵਸਥਾ ਸਿੱਖਾਂ ਨੂੰ ਖੇਤਰੀ, ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਇਕ ਨਵੀਂ ਪਛਾਣ ਅਤੇ ਨਵਾਂ ਪ੍ਰਭਾਵ ਮੁਹੱਈਆ ਕਰਵਾ ਸਕਦੀ ਹੈ।

-ਡਾ: ਸੁਜਿੰਦਰ ਸਿੰਘ ਸੰਘਾ
ਓ.ਬੀ.ਈ.ਐਫ.ਆਰ.ਐਸ.ਏ.
twitter : @SanghaDr

ਚੰਗੇ ਦਿਨਾਂ ਦੀ ਆਸ
ਨਵੀਂ ਭਾਜਪਾ ਗਠਜੋੜ ਸਰਕਾਰ ਦੇ ਸੱਤਾ 'ਚ ਆਉਣ ਨਾਲ ਲੋਕਾਂ ਨੂੰ ਅੱਛੇ ਦਿਨ ਆਉਣ ਦੀ ਆਸ ਬੱਝੀ ਸੀ। ਉਨ੍ਹਾਂ ਨੂੰ ਯੂ. ਪੀ. ਏ. ਗਠਜੋੜ ਦੇ ਸੱਤਾ ਤੋਂ ਬਾਹਰ ਹੋਣ ਤੋਂ ਇਸ ਗੱਲ ਦੀ ਉਮੀਦ ਸੀ ਕਿ ਨਵੀਂ ਸਰਕਾਰ ਦੇ ਹੋਂਦ ਵਿਚ ਆਉਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਦੇ ਵਾਧੇ 'ਤੇ ਰੋਕ ਲੱਗ ਕੇ ਰਾਹਤ ਮਿਲੇਗੀ ਤੇ ਮਹਿੰਗਾਈ ਤੋਂ ਛੁਟਕਾਰਾ ਮਿਲੇਗਾ ਪਰ ਕੁਝ ਕੁ ਹਫ਼ਤਿਆਂ ਦੇ ਸ਼ਾਸਨ ਦੌਰਾਨ ਤੇਲ, ਪਿਆਜ਼, ਟਮਾਟਰ, ਖੰਡ ਅਤੇ ਸਬਜ਼ੀਆਂ ਆਦਿ ਦੀਆਂ ਕੀਮਤਾਂ ਵਧਣ ਦੇ ਨਾਲ-ਨਾਲ ਰੇਲ ਅਤੇ ਬੱਸ ਕਿਰਾਏ 'ਚ ਵਾਧਾ ਕਰਕੇ ਸਰਕਾਰ ਨੇ ਪਿਛਲੀ ਯੂ. ਪੀ. ਏ. ਸਰਕਾਰ ਦੇ ਨਕਸ਼ੇ ਕਦਮ 'ਤੇ ਚੱਲਣ ਦਾ ਅਹਿਸਾਸ ਕਰਾ ਦਿੱਤਾ ਲਗਦਾ ਹੈ। ਮੋਦੀ ਸਰਕਾਰ ਨੂੰ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੰਗੇ ਦਿਨ ਹਕੀਕਤਾਂ 'ਚ ਆਉਣੇ ਚਾਹੀਦੇ ਹਨ।

-ਅਸ਼ੋਕ ਸਰਾਹਣੂ
ਰਸੂਲਪੁਰ (ਸ਼ਹੀਦ ਭਗਤ ਸਿੰਘ ਨਗਰ)

22-7-2014

 ਮਾਂ-ਬੋਲੀ ਦਾ ਆਦਰ
ਜਾਣ ਕੇ ਖੁਸ਼ੀ ਹੋਈ ਕਿ ਪੰਜਾਬ ਤੋਂ ਚੁਣੇ ਗਏ ਲੋਕ ਸਭਾ ਮੈਂਬਰਾਂ ਨੇ ਪੰਜਾਬੀ ਵਿਚ ਸਹੁੰ ਚੁੱਕੀ, ਜਿਸ ਨਾਲ ਸੁਭਾਵਿਕ ਹੀ ਮਾਂ-ਬੋਲੀ ਦਾ ਮਾਣ ਵਧਿਆ ਹੈ। ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਮਾਣਯੋਗ ਸੰਸਦ ਮੈਂਬਰਾਂ ਦੀ ਪ੍ਰਸੰਸਾ ਕਰਦੇ ਹੋਏ ਸਭ ਨੂੰ ਸਨਿਮਰ ਬੇਨਤੀ ਹੈ ਕਿ ਉਹ ਇਸੇ ਤਰ੍ਹਾਂ ਪੰਜਾਬੀ ਬੋਲੀ ਅਤੇ ਪੰਜਾਬ ਦੇ ਹਿਤਾਂ ਦੀ ਰਾਖੀ ਕਰਨ ਦੀ ਮੁਹਿੰਮ ਜਾਰੀ ਰੱਖਣ। ਪੰਜਾਬ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਕੇ ਹੀ ਸਾਡਾ ਰੰਗਲਾ ਪੰਜਾਬ ਸੁਰਜੀਤ ਹੋ ਸਕਦਾ ਹੈ, ਜਿਸ ਦੇ ਸਭ ਲਿਖਾਰੀ ਅਤੇ ਕਲਾਕਾਰ ਮੁੱਦਈ ਹਨ। ਸਾਰੇ ਸੂਝਵਾਨ ਲੋਕਾਂ ਦੇ ਯਤਨਾਂ ਨਾਲ ਹੀ ਨਸ਼ਾ-ਮੁਕਤ ਪੰਜਾਬ ਭਾਰਤ ਦੇ ਮੋਹਰੀ ਸੂਬਿਆਂ ਵਿਚ ਸ਼ਾਮਿਲ ਹੋ ਕੇ ਆਪਣਾ ਬਣਦਾ ਰੋਲ ਅਦਾ ਕਰ ਸਕਦਾ ਹੈ। ਭਾਵੇਂ ਮੌਜੂਦਾ ਸਥਿਤੀ ਚਿੰਤਾਜਨਕ ਹੈ ਪਰ ਨਿਰਾਸ਼ਾ ਹੋਣ ਨਾਲ ਗੱਲ ਨਹੀਂ ਬਣਨੀ। ਸਾਨੂੰ ਸਭ ਨੂੰ ਇਕਮੁੱਠ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

ਨਸ਼ਿਆਂ ਵਿਰੁੱਧ ਮੁਹਿੰਮ
ਸਰਕਾਰ ਦੀ ਪਹਿਲਾਂ ਤਾਂ ਇਹ ਪ੍ਰਸ਼ਾਸਨਿਕ ਕਮੀ ਰਹੀ, ਜਿਹੜੀ ਨਸ਼ਿਆਂ ਦੇ ਤਸਕਰਾਂ ਨੂੰ ਪਹਿਲਾਂ ਖੁੱਲ੍ਹ ਦੇ ਰੱਖੀ, ਜਿਸ ਨਾਲ ਜਿਥੇ ਅਮੀਰਾਂ ਦੇ ਅਮੀਰਜ਼ਾਦੇ ਇਸ ਜਕੜ ਵਿਚ ਜਕੜੇ ਗਏ, ਉਥੇ ਗ਼ਰੀਬ, ਵਿਹਲੜ, ਮਜਬੂਰੀਵੱਸ ਚਸਕੇ ਦੇ ਮਾਰੇ ਵੀ ਉਕਤ ਨਸ਼ੇ ਦੀ ਗ੍ਰਿਫ਼ਤ ਵਿਚ ਬੁਰੀ ਤਰ੍ਹਾਂ ਫਸ ਗਏ। ਹੁਣ ਪੁਲਿਸ ਵੱਲੋਂ ਜਿਹੜੀ ਮੁਸਤੈਦੀ ਤੇਜ਼ੀ ਨਾਲ ਫੜੀ ਗਈ ਹੈ ਅਗਰ ਇਸ ਤੋਂ ਪਹਿਲਾਂ ਹੀ ਲਗਾਮ ਕੱਸੀ ਹੁੰਦੀ ਨਾ ਤਾਂ ਘਰਾਂ ਦੇ ਘਰ ਉਜੜਦੇ ਤੇ ਨਾ ਹੀ ਸਰਕਾਰਾਂ ਦੀ ਬਦਨਾਮੀ ਹੁੰਦੀ ਤੇ ਨਾ ਹੀ ਸਰਕਾਰੀ ਤੰਤਰ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ। ਲੋੜ ਹੈ ਨੀਤ ਤੇ ਨੀਤੀ ਸਾਫ਼ ਰੱਖ ਕੇ ਨਸ਼ਿਆਂ ਵਿਰੁੱਧ ਲੜਾਈ ਲੜਨ ਦੀ। ਇਸ ਨਾਲ ਹੀ ਵਧੀਆ ਤੇ ਨਰੋਆ ਸਮਾਜ ਸਿਰਜਿਆ ਜਾ ਸਕਦਾ ਹੈ।

-ਮਨਜੀਤ ਸਿੰਘ ਭਾਮ
ਪ੍ਰਧਾਨ ਦੋਆਬਾ ਰਾਜਪੂਤ ਐਸੋਸੀਏਸ਼ਨ, ਹੁਸ਼ਿਆਰਪੁਰ।

ਨਰੋਏ ਸਮਾਜ ਦੀ ਸਿਰਜਣਾ
ਅਜੋਕਾ ਸਮਾਂ ਮੰਗ ਕਰਦਾ ਹੈ ਕਿ ਜਨਤਾ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਹੰਭਲਾ ਮਾਰੇ। ਸਮਾਜ ਅੰਦਰ ਬੁਣੇ ਜਾ ਰਹੇ ਮੱਕੜ ਜਾਲ ਜਿਵੇਂ ਨਸ਼ਿਆਂ 'ਚ ਫਸੀ ਨੌਜਵਾਨ ਪੀੜ੍ਹੀ, ਦਾਜ ਦੇ ਲਾਲਚੀਆਂ ਵੱਲੋਂ ਨੂੰਹਾਂ ਨੂੰ ਤੰਗ ਪ੍ਰੇਸ਼ਾਨ ਕਰਨਾ, ਪਾਖੰਡੀ ਸਾਧੂ ਸੰਤਾਂ ਵੱਲੋਂ ਫੈਲਾਇਆ ਜਾ ਰਿਹਾ ਅੰਧ-ਵਿਸ਼ਵਾਸ ਅਤੇ ਹੋਰ ਵੀ ਅਨੇਕਾਂ ਸਮਾਜਿਕ ਕੁਰੀਤੀਆਂ ਦੇਸ਼ ਨੂੰ ਬਰਬਾਦੀ ਦੇ ਰਾਹ ਵੱਲ ਖਿੱਚ ਕੇ ਲੈ ਜਾ ਰਹੀਆਂ ਹਨ। ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਜਨਤਾ ਕਾਨੂੰਨ ਦੀਆਂ ਧੱਜੀਆਂ ਉਡਾਕੇ ਮਿਲਣ ਵਾਲੇ ਕਿਸੇ ਸਨਮਾਨ ਦੀ ਝਾਕ ਰੱਖਦੀ ਹੋਵੇ। ਹੱਸਦੀ-ਖੇਡਦੀ ਨੂੰਹ ਨੂੰ ਸਾੜ ਕੇ ਮਾਰ ਦੇਣਾ ਕੋਈ ਸਨਮਾਨ ਵਾਲੀ ਗੱਲ ਨਹੀਂ, ਜਨਤਕ ਥਾਵਾਂ 'ਤੇ ਸ਼ਰੇਆਮ ਨਸ਼ਿਆਂ ਦਾ ਸੇਵਨ ਕਰਨਾ ਸਨਮਾਨ ਵਾਲੀ ਗੱਲ ਨਹੀਂ, ਭੋਲੇ-ਭਾਲੇ ਲੋਕਾਂ ਨੂੰ ਅੰਧ-ਵਿਸ਼ਵਾਸ 'ਚ ਫਸਾ ਕੇ ਲੁੱਟ ਲੈਣਾ ਵੀ ਸਨਮਾਨ ਵਾਲੀ ਗੱਲ ਨਹੀਂ। ਅੱਜ ਕੁਦਰਤੀ ਸੋਮਿਆਂ ਨੂੰ ਮਜ਼ਾਕ ਭਰੀਆਂ ਨਜ਼ਰਾਂ ਨਾਲ ਤੱਕਣਾ ਸਾਡਾ ਸਭ ਤੋਂ ਵੱਡਾ ਵਹਿਮ ਹੈ। ਜੇਕਰ ਅਸੀਂ ਨਰੋਏ ਸਮਾਜ ਦੀ ਸਿਰਜਣਾ ਨਾ ਕਰ ਸਕੇ ਤਾਂ ਆਉਣ ਵਾਲੀਆਂ ਨਸਲਾਂ ਲਈ ਹਰ ਪਾਸੇ ਖ਼ਤਰਿਆਂ ਭਰਿਆ ਹਨੇਰਾ ਹੀ ਹੋਵੇਗਾ ਅਤੇ ਉਹ ਕਿਸੇ ਪਾਸਿਉਂ ਵੀ ਸੁਰੱਖਿਅਤ ਨਹੀਂ ਹੋਣਗੀਆਂ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

ਸਹੂਲਤਾਂ ਲੋਕਾਂ ਤੱਕ ਪਹੁੰਚਣ
ਪੰਜਾਬ ਦੇ ਤਕਰੀਬਨ ਸਾਰੇ ਸਰਕਾਰੀ ਹਸਪਤਾਲਾਂ ਦੀ ਕਾਰਗੁਜ਼ਾਰੀ ਪ੍ਰਤੀ ਲੋਕਾਂ ਵਿਚ ਨਿਰਾਸ਼ਾ ਪਾਈ ਜਾਂਦੀ ਹੈ। ਹਸਪਤਾਲਾਂ ਵਿਚ ਮਰੀਜ਼ਾਂ ਦੀ ਪੁੱਛ ਪ੍ਰਤੀਤ ਨਾ ਹੋਣ ਕਰਕੇ ਖੱਜਲ-ਖੁਆਰੀ ਹੁੰਦੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਸਰਕਾਰ ਲੋਕਾਂ ਨੂੰ ਹਰ ਖੇਤਰ ਵਿਚ ਵਧੀਆ ਸੇਵਾਵਾਂ ਦੇਣ ਲਈ ਹਰਕਤ ਵਿਚ ਆਈ ਹੈ। ਇਸੇ ਲੜੀ ਤਹਿਤ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਹਸਪਤਾਲਾਂ ਦੇ ਪ੍ਰਬੰਧ ਨੂੰ ਦਰੁਸਤ ਕਰਨ ਲਈ ਹਸਪਤਾਲਾਂ ਦੀ ਚੈਕਿੰਗ ਸ਼ੁਰੂ ਕੀਤੀ ਹੈ। ਸਰਕਾਰ ਦੇ ਹਰਕਤ ਵਿਚ ਆਉਂਦਿਆਂ ਹੀ ਲੋਕਾਂ ਨੂੰ ਤਕਰੀਬਨ ਸਾਰੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਕਰਕੇ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ। ਜੇਕਰ ਸਰਕਾਰ ਸਦਾ ਹੀ ਹਰ ਵਿਭਾਗ ਦੇ ਢਿੱਲੇ ਅਤੇ ਸੁਸਤ ਵਤੀਰੇ ਪ੍ਰਤੀ ਸਖ਼ਤੀ ਨਾਲ ਪੇਸ਼ ਆਏ ਤਾਂ ਸਾਰੇ ਵਿਭਾਗਾਂ ਦਾ ਡਾਵਾਂਡੋਲ ਢਾਂਚਾ ਦਰੁਸਤ ਹੁੰਦਿਆਂ ਦੇਰ ਨਹੀਂ ਲੱਗੇਗੀ। ਮਾੜੀ ਕਾਰਗੁਜ਼ਾਰੀ ਨੂੰ ਰੋਕਣ ਲਈ ਸਰਕਾਰ ਨੂੰ ਹਰ ਵਿਭਾਗ ਦਾ ਇਕ ਸ਼ਿਕਾਇਤ ਕੇਂਦਰ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਜੋ ਉੱਚ ਅਧਿਕਾਰੀਆਂ ਤੱਕ ਆਵਾਜ਼ ਪਹੁੰਚਾ ਕੇ ਲੋਕ ਨਿਆਂ ਲੈ ਸਕਣ। ਇਸੇ ਤਰ੍ਹਾਂ ਹੀ ਜੇਕਰ ਪੰਜਾਬ ਸਰਕਾਰ ਨਸ਼ਿਆਂ, ਚੋਰੀਆਂ, ਡਕੈਤੀਆਂ ਆਦਿ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰੇ ਤਾਂ ਪੰਜਾਬ ਦੇ ਚਿਹਰੇ 'ਤੇ ਫਿਰ ਤੋਂ ਰੌਣਕ ਪਸਰ ਜਾਏਗੀ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਤਹਿ: ਤੇ ਜ਼ਿਲ੍ਹਾ ਗੁਰਦਾਸਪੁਰ।

21-7-2014

 ਵਜ਼ੀਫ਼ੇ ਦੀਆਂ ਸਮੱਸਿਆਵਾਂ
ਪਿਛਲੇ ਕੁਝ ਸਮੇਂ ਤੋਂ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀ ਵਜ਼ੀਫਾ ਸਕੂਲਾਂ ਵਿਚ ਸਿੱਧਾ ਭੇਜਣ ਦੀ ਬਜਾਏ ਬੈਂਕਾਂ ਵਿਚ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ। ਉਸ ਸਮੇਂ ਲਗਦਾ ਸੀ ਕਿ ਇਸ ਨਾਲ ਅਧਿਆਪਕਾਂ ਦਾ ਕੰਮ ਵੀ ਸੌਖਾ ਹੋ ਜਾਵੇਗਾ ਤੇ ਅਧਿਆਪਕਾਂ 'ਤੇ ਵਜ਼ੀਫੇ ਦੀ ਰਾਸ਼ੀ ਹੜੱਪਣ ਦੇ ਲਗਦੇ ਦੋਸ਼ਾਂ ਤੋਂ ਵੀ ਉਹ ਮੁਕਤ ਹੋ ਜਾਣਗੇ। ਪਰ ਵਿਦਿਆਰਥੀਆਂ ਦੇ ਖਾਤੇ ਖੁੱਲ੍ਹਿਆਂ ਵੀ ਤਕਰੀਬਨ ਦੋ ਸਾਲ ਤੋਂ ਵਧੇਰੇ ਦਾ ਸਮਾਂ ਹੋ ਚੱਲਿਆ ਹੈ। ਗ਼ਰੀਬ ਮਾਪੇ ਦਿਹਾੜੀਆਂ ਛੱਡ ਬੈਂਕਾਂ ਦੇ ਗੇੜੇ ਮਾਰ-ਮਾਰ ਥੱਕ ਗਏ ਹਨ, ਪਰ ਉਨ੍ਹਾਂ ਦੇ ਖਾਤੇ ਅਜੇ ਖਾਲੀ ਹੀ ਹਨ। ਅਧਿਆਪਕਾਂ ਕੋਲ ਤਾਂ ਕੀ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਕੋਲ ਵੀ ਕੋਈ ਪੁਖਤਾ ਜਾਣਕਾਰੀ ਨਹੀਂ ਹੁੰਦੀ ਕਿ ਇਹ ਵਜ਼ੀਫਾ ਕਦੋਂ ਤੇ ਕਿਹੜੇ ਵਿਦਿਆਰਥੀਆਂ ਨੂੰ ਦਿੱਤਾ ਜਾਣਾ ਹੈ। ਕੋਈ ਬੱਝਵਾਂ ਸਮਾਂ ਨਹੀਂ ਹੈ। ਬੈਂਕਾਂ ਵਾਲੇ ਇਹ ਖਾਤੇ ਖੋਲ੍ਹਣ ਸਮੇਂ ਐਨੇ ਦਸਤਾਵੇਜ਼ ਮੰਗਦੇ ਹਨ ਕਿ ਮਾਪਿਆਂ ਤੇ ਅਧਿਆਪਕਾਂ ਦੀ ਤੋਬਾ ਹੋ ਜਾਂਦੀ ਹੈ। ਨਵਾਂ ਸੈਸ਼ਨ ਸ਼ੁਰੂ ਹੋਣ ਤੇ ਬੈਂਕਾਂ ਨੂੰ ਸਕੂਲਾਂ ਵਿਚ ਇਕ ਨਿਰਧਾਰਿਤ ਸਮੇਂ 'ਤੇ ਇਹ ਖਾਤੇ ਖੋਲ੍ਹਣ ਦੀਆਂ ਹਦਾਇਤਾਂ ਹੋਣੀਆਂ ਚਾਹੀਦੀਆਂ ਹਨ। ਸਕੂਲ ਵੱਲੋਂ ਤਸਦੀਕ ਸਰਟੀਫਿਕੇਟ ਦੇ ਅਧਾਰ 'ਤੇ ਇਹ ਖਾਤੇ ਖੋਲ੍ਹਣੇ ਚਾਹੀਦੇ ਹਨ। ਸਕੂਲਾਂ ਵਿਚ ਵਜ਼ੀਫੇ ਦੀ ਸੂਚੀ ਭੇਜੀ ਜਾਣੀ ਚਾਹੀਦੀ ਹੈ ਤਾਂ ਜੋ ਅਧਿਆਪਕ ਮਾਪਿਆਂ ਨੂੰ ਇਸ ਦੀ ਸੂਚਨਾ ਦੇ ਸਕਣ ਤੇ ਮਾਪੇ ਖੱਜਲ-ਖੁਆਰੀ ਤੋਂ ਬਚ ਸਕਣ।

-ਪਰਮਜੀਤ ਕੌਰ ਸਰਾਂ
ਸੁਰਗਾਪੁਰੀ, ਦੁਆਰੇਆਣਾ ਰੋਡ, ਕੋਟਕਪੂਰਾ।

ਕਿਰਤ ਨੂੰ ਸਲਾਮ ਕਰੀਏ
ਕੰਮ ਬੰਦੇ ਦੇ ਕਰਮ ਹੁੰਦੇ ਨੇ ਤੇ ਹੱਥੀਂ ਕਿਰਤ ਕਰਨ ਦਾ ਗੁਰ ਮਨੁੱਖ ਨੂੰ ਸੁਚਾਰੂ ਤੇ ਮਿਹਨਤੀ ਬਣਾਉਣਾ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਦੇ ਮਨੁੱਖ ਦੀ ਜ਼ਿੰਦਗੀ ਵਿਚੋਂ ਕਿਰਤ ਅਲੋਪ ਹੋ ਰਹੀ ਹੈ। ਹੱਥੀਂ ਕੰਮ ਕਰਨ ਵਿਚ ਹੁਣ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ। ਸਮਾਜ ਲਈ ਤਾਂ ਕੀ ਅਸੀਂ ਤਾਂ ਆਪਣਾ ਕੰਮ ਵੀ ਆਪਣੇ ਹੱਥੀਂ ਕਰਨ ਤੋਂ ਝਿਜਕਦੇ ਹਾਂ। ਹੋਰ ਤਾਂ ਹੋਰ ਜੇ ਕੁੜੀਆਂ ਲਈ ਰਿਸ਼ਤੇ ਲੱਭਣੇ ਹੋਣ ਤਾਂ ਅਸੀਂ ਕੁਰਸੀਆਂ 'ਤੇ ਬੈਠੇ ਬਾਬੂਆਂ ਨੂੰ ਹੀ ਪਹਿਲ ਦਿੰਦੇ ਹਾਂ। ਹੱਥੀਂ ਕਿਰਤ ਕਰਨ ਵਾਲੇ ਮੁੰਡਿਆਂ ਦਾ ਵਜੂਦ ਸਾਨੂੰ ਨੀਵਾਂ ਲੱਗਦਾ ਹੈ। ਜੇ ਪੜ੍ਹੀ-ਲਿਖੀ ਨੌਕਰੀ ਪੇਸ਼ਾ ਨੂੰਹ-ਧੀ ਲੋੜ ਪੈਣ 'ਤੇ ਘਰ ਦੇ ਕੂੜੇ ਕਰਕਟ ਨੂੰ ਸਾਫ਼ ਕਰਨ ਦਾ ਕੰਮ ਕਰੇ ਤਾਂ ਸਮਾਜ ਲਈ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਕਿਤੇ ਵੀ ਕੋਈ ਪ੍ਰੋਗਰਾਮ ਹੋਵੇ, ਹਜ਼ਾਰਾਂ ਹੀ ਵਿਹਲੜਾਂ ਨੂੰ ਸਟੇਜ 'ਤੇ ਸਨਮਾਨਾਂ ਲਈ ਬੁਲਾਇਆ ਜਾਂਦਾ ਹੈ ਪਰ ਕਿਰਤ ਕਰਨ ਵਾਲੇ ਹਮੇਸ਼ਾ ਹੀ ਅਣਗੌਲੇ ਰਹਿ ਜਾਂਦੇ ਹਨ।
ਸਕੂਲਾਂ, ਕਾਲਜਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿਚ ਹੱਥੀਂ ਕਿਰਤ ਕਰਨ ਸਬੰਧੀ ਵਿਸ਼ੇਸ਼ ਪੀਰੀਅਡ, ਸੈਮੀਨਾਰ ਹੋਣੇ ਚਾਹੀਦੇ ਹਨ ਤਾਂ ਕਿ ਬੱਚੇ ਕਿਰਤ ਦੀ ਮਹੱਤਤਾ ਨੂੰ ਸਮਝ ਕੇ ਆਪਣੇ ਜੀਵਨ ਨੂੰ ਸੰਭਾਲਣਾ ਸਿੱਖਣ। ਆਓ, ਫਿਰ ਸਾਰੇ ਮਿਲ ਕੇ ਕਿਰਤ ਨੂੰ ਸੰਭਾਲੀਏ, ਕਿਰਤ ਦੀ ਕਦਰ ਕਰੀਏ, ਕਿਰਤ ਨੂੰ ਸਲਾਮ ਕਰੀਏ।

-ਜਸਮੀਤ ਕੌਰ ਖੇਤਲਾ
ਪਿੰਡ ਤੇ ਡਾਕ: ਖੇਤਲਾ, ਤਹਿ: ਸੁਨਾਮ, ਜ਼ਿਲ੍ਹਾ ਸੰਗਰੂਰ।

ਇਲਾਜ ਦੀ ਲੋੜ
ਪੰਜਾਬ ਸਰਕਾਰ ਨੇ ਸੂਬੇ 'ਚ ਨਸ਼ਾ ਵਿਰੋਧੀ ਮੁਹਿੰਮ ਚਲਾ ਕੇ ਸ਼ਲਾਘਾਯੋਗ ਕਦਮ ਪੁੱਟਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮੁਹਿੰਮ ਦੇ ਤਹਿਤ ਨਸ਼ੇ ਦੇ ਆਦੀਆਂ ਨੂੰ ਪੁਲਿਸ ਚੌਕੀਆਂ, ਥਾਣਿਆਂ ਤੇ ਜੇਲ੍ਹਾਂ ਵਿਚ ਸੁੱਟਣ ਦੀ ਬਜਾਏ ਉਨ੍ਹਾਂ ਦਾ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਕਰਵਾਏ ਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਯਤਨ ਕਰੇ। ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਉਨ੍ਹਾਂ ਲਈ ਰੁਜ਼ਗਾਰ ਦੇ ਸਰੋਤ ਵੀ ਪੈਦਾ ਕਰੇ ਤਾਂ ਕਿ ਉਹ ਵਿਹਲੜ ਰਹਿ ਕੇ ਨਸ਼ੇ ਵਰਗੀਆਂ ਮਾੜੀਆਂ ਅਲਾਮਤਾਂ ਦਾ ਸ਼ਿਕਾਰ ਨਾ ਹੋਣ ਤੇ ਕਿਸੇ 'ਤੇ ਬੋਝ ਨਾ ਬਣਨ।
ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਨਸ਼ੇ ਦੇ ਵੱਡੇ ਸੌਦਗਰਾਂ (ਮਗਰਮੱਛਾਂ) ਨੂੰ ਜਲਦੀ ਸਖ਼ਤ ਸਜ਼ਾ ਦੇ ਕੇ ਜੇਲ੍ਹਾਂ ਵਿਚ ਡੱਕੇ ਤੇ ਸਾਡੇ ਸੋਹਣੇ ਪੰਜਾਬ ਨੂੰ ਉਜੜਨ ਤੋਂ ਬਚਾਵੇ।

-ਸੁਖਜਿੰਦਰ ਸਿੰਘ ਗਿੱਲ
ਪ੍ਰਧਾਨ ਨੌਜਵਾਨ ਸਾਹਿਤ ਸਭਾ ਪੰਜਗਰਾਈਂ ਕਲਾਂ (ਫ਼ਰੀਦਕੋਟ)।

ਲੋਕਾਂ ਵਿਚ ਰੋਸ
ਮੋਦੀ ਸਰਕਾਰ ਦੇ 'ਅੱਛੇ ਦਿਨਾਂ' ਨੇ ਲੋਕਾਂ ਦੇ ਬਜਟ ਹਿਲਾ ਕੇ ਰੱਖ ਦਿੱਤੇ ਹਨ। 'ਅੱਛੇ ਦਿਨਾਂ' ਦਾ ਦਿਲਾਸਾ ਦੇ ਕੇ ਬਣੀ ਐਨ. ਡੀ. ਏ. ਦੀ ਸਰਕਾਰ ਨੇ ਲੋਕਾਂ 'ਤੇ ਮਹਿੰਗਾਈ ਦਾ ਹੋਰ ਬੋਝ ਪਾ ਕੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਮੋਦੀ ਸਰਕਾਰ ਤੋਂ ਢੇਰ ਸਾਰੀਆਂ ਉਮੀਦਾਂ ਸਨ ਜੋ ਸਰਕਾਰ ਨੇ ਮਹੀਨੇ ਭਰ ਦੇ ਕਾਰਜਕਾਲ ਦੌਰਾਨ ਹੀ ਤੋੜ ਦਿੱਤੀਆਂ ਹਨ। ਮਹਿੰਗਾਈ ਦੀ ਮਾਰ ਤੋਂ ਦੇਸ਼ ਦੇ ਲੋਕ ਪ੍ਰੇਸ਼ਾਨ ਹਨ। ਰੋਜ਼ਾਨਾ ਵਧ ਰਹੀਆਂ ਨਿੱਤ ਵਰਤੋਂ ਦੀਆਂ ਚੀਜ਼ਾਂ ਦੇ ਮੁੱਲ ਲੋਕਾਂ ਵਿਚ ਨਿਰਾਸ਼ਾ ਪੈਦਾ ਕਰ ਰਹੀਆਂ ਹਨ। ਇਹ ਵਧ ਰਹੇ ਵਸਤਾਂ ਦੇ ਮੁੱਲ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਰਹੇ ਹਨ। 'ਅੱਛੇ ਦਿਨਾਂ' ਦੀ ਆਸ ਲੈ ਕੇ ਤੁਰੇ ਲੋਕਾਂ ਨੇ ਇਹ ਸਰਕਾਰ ਬਣਾ ਕੇ 'ਬੁਰੇ ਦਿਨ' ਦੇਖਣੇ ਸ਼ੁਰੂ ਕਰ ਦਿੱਤੇ ਹਨ। ਜੇਕਰ ਇਹੀ ਹਾਲ ਰਿਹਾ ਤਾਂ ਲੋਕ ਛੇਤੀ ਹੀ ਸਰਕਾਰ ਵਿਰੁੱਧ ਸੜਕਾਂ 'ਤੇ ਉੱਤਰ ਆਉਣਗੇ। ਖੰਡ ਅਤੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਧਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰ ਵੀ ਪਿੱਛੇ ਨਹੀਂ। ਸੂਬਾ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਮਹਿੰਗਾ ਕਰ ਦਿੱਤਾ ਹੈ ਅਤੇ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਹੈ।

-ਸੁਖਵਿੰਦਰ ਕਲੇਰ
ਪਿੰਡ ਤੇ ਡਾਕ: ਬੱਸੀਆਂ, ਜ਼ਿਲ੍ਹਾ ਲੁਧਿਆਣਾ।

14-7-2014

 ਰੇਲ ਸਹੂਲਤਾਂ
ਜੇਕਰ ਰੇਲ ਕਿਰਾਏ ਵਿਚ ਵਾਧਾ ਕਰਨਾ ਜ਼ਰੂਰੀ ਹੈ ਤਾਂ ਇਸ ਦੇ ਨਾਲ-ਨਾਲ ਯਾਤਰੀਆਂ ਦੀਆਂ ਸਹੂਲਤਾਂ ਵਿਚ ਵੀ ਰੇਲ ਵਿਭਾਗ ਨੂੰ ਵਾਧਾ ਕਰਨਾ ਚਾਹੀਦਾ ਹੈ। ਜਿਵੇਂ ਯਾਤਰੀ ਦੇ ਸੀਟ ਬੁਕਿੰਗ ਕਰਵਾਉਣ 'ਤੇ ਸੀਟ ਮਿਲਣੀ ਜ਼ਰੂਰੀ ਹੋਵੇ, ਵੇਟਿੰਗ ਪ੍ਰਥਾ ਬੰਦ ਹੋਵੇ। ਇਸ ਦੇ ਲਈ ਗੱਡੀਆਂ ਵਿਚ ਜ਼ਿਆਦਾ ਡੱਬੇ ਤੇ ਜ਼ਿਆਦਾ ਭੀੜ-ਭੜੱਕੇ ਵਾਲੇ ਰੂਟ 'ਤੇ ਗੱਡੀਆਂ ਦੀ ਗਿਣਤੀ ਨੂੰ ਵਧਾਉਣਾ ਸ਼ਾਮਿਲ ਹੋਵੇ। ਰੇਲ ਗੱਡੀਆਂ ਵਿਚ ਸਾਫ-ਸਫਾਈ ਤੇ ਪਾਣੀ ਦੀ ਘਾਟ ਵੱਲ ਧਿਆਨ ਦੇਣਾ ਚਾਹੀਦਾ ਹੈ। ਰੇਲ ਗੱਡੀਆਂ ਦੇਰੀ ਨਾਲ ਨਾ ਚੱਲਣ ਅਤੇ ਗੱਡੀਆਂ ਵਿਚ ਯਾਤਰੀ ਸੁਰੱਖਿਅਤ ਸਫਰ ਕਰਨ, ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ)।

ਇਰਾਕ 'ਚ ਪੰਜਾਬੀ ਨੌਜਵਾਨ
ਇਰਾਕ 'ਚ ਚੱਲ ਰਹੇ ਹਥਿਆਰਬੰਦ ਸੰਘਰਸ਼ 'ਚ ਜਿਥੇ ਕੁਝ ਪੰਜਾਬੀ ਨੌਜਵਾਨਾਂ ਨੂੰ ਦਹਿਸ਼ਤਗਰਦ ਸੰਗਠਨਾਂ ਵੱਲੋਂ ਅਗਵਾ ਕੀਤੇ ਜਾਣ ਉਪਰੰਤ ਪੰਜਾਬ ਵਸਦੇ ਨੌਜਵਾਨਾਂ ਦੇ ਮਾਪੇ ਡੂੰਘੀ ਚਿੰਤਾ 'ਚ ਨੌਜਵਾਨਾਂ ਦੀ ਤੰਦਰੁਸਤੀ ਲਈ ਦੁਆਵਾਂ ਕਰ ਰਹੇ ਹਨ, ਉਥੇ ਕੁਝ ਮਾਪੇ ਇਰਾਕ ਗਏ ਰੋਟੀ-ਰੋਜ਼ੀ ਦੇ ਜੁਗਾੜ ਵਿਚ ਕੰਪਨੀ ਮਾਲਕਾਂ ਵੱਲੋਂ ਦਿੱਤੇ ਜਾਂਦੇ ਤਸੀਹਿਆਂ ਤੋਂ ਦੁਖੀ ਹੋ ਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਆਪਣੇ ਨੌਜਵਾਨ ਪੁੱਤਰਾਂ ਨੂੰ ਦੇਸ਼ ਵਾਪਸ ਲਿਆਉਣ ਲਈ ਤਰਲੇ ਕੱਢ ਰਹੇ ਹਨ। ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਨੂੰ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ। ਕੰਪਨੀ ਵਾਲਿਆਂ ਨੂੰ ਵੀ ਨੌਜਵਾਨਾਂ ਦੇ ਪਾਸਪੋਰਟ ਵਾਪਸ ਕਰਨੇ ਚਾਹੀਦੇ ਹਨ, ਤਾਂ ਕਿ ਇਹ ਨੌਜਵਾਨ ਵਾਪਸ ਆ ਕੇ ਆਪਣੇ ਮਾਪਿਆਂ ਨੂੰ ਮਿਲ ਸਕਣ। ਅਜਿਹੇ ਗੰਭੀਰ ਮਸਲੇ ਨੂੰ ਹੱਲ ਕਰਨ ਤੇ ਇਰਾਕ ਵਿਚ ਫਸੇ ਲੋਕਾਂ ਨੂੰ ਉਥੋਂ ਕੱਢ ਕੇ ਦੇਸ਼ ਵਾਪਸ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ 'ਚ ਤੇਜ਼ੀ ਲਿਆਉਣੀ ਚਾਹੀਦੀ ਹੈ। ਵਿਦੇਸ਼ ਮੰਤਰੀ ਨੂੰ ਹੋਰ ਦੇਸ਼ਾਂ ਦੇ ਦੌਰਿਆਂ ਦੀ ਥਾਂ ਇਰਾਕ ਜਾ ਕੇ ਜਾਂ ਹੋਰ ਅਧਿਕਾਰੀਆਂ ਨੂੰ ਭੇਜ ਕੇ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ।

-ਪ੍ਰਸ਼ੋਤਮ ਪੱਤੋ,
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਨਸ਼ਿਆਂ ਦੀ ਰੋਕਥਾਮ
ਬੇਨਤੀ ਹੈ ਕਿ ਸਾਡੇ ਸਮਾਜ ਵਿਚ ਨਸ਼ੇ ਏਨੇ ਵਧ ਚੁੱਕੇ ਹਨ ਕਿ ਜਿਸ ਨੂੰ ਲੋਕ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਹਨ, ਉਥੇ ਇਕ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਨਜ਼ਰ ਆ ਰਿਹਾ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦਾ ਘੁਣ ਲੱਗ ਚੁੱਕਾ ਹੈ। ਸ਼ਰਾਬ, ਤੰਬਾਕੂ, ਹੈਰੋਇਨ, ਟੀਕਿਆਂ ਆਦਿ ਦੀ ਵਰਤੋਂ ਹੋ ਰਹੀ ਹੈ।
ਬੇਸ਼ੱਕ ਸਾਡੇ ਸਮਾਜ ਵਿਚ ਅਨਪੜ੍ਹਤਾ ਦੀ ਬੁਰਾਈ ਕਾਫੀ ਹੱਦ ਤੱਕ ਘਟ ਗਈ ਹੈ ਪਰ ਨਸ਼ਿਆਂ ਨੇ ਪੈਰ ਪਸਾਰ ਲਏ ਹਨ। ਸਾਡੀ ਸਰਕਾਰ ਨੂੰ ਅਤੇ ਸਮਾਜ ਸੇਵੀ ਸੰਸਥਾ ਨੂੰ ਨਸ਼ਿਆਂ ਦੀ ਰੋਕਥਾਮ ਲਈ ਕਾਨੂੰਨੀ ਤੇ ਸੁਧਾਰਕ ਕਦਮ ਚੁੱਕਣੇ ਚਾਹੀਦੇ ਹਨ, ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਨਿਕਲ ਸਕੇ।

-ਚਰਨਜੀਤ ਕੌਰ,
ਪਿੰਡ ਤੇ ਡਾਕ: ਭੋਜੇਮਾਜਰਾ (ਰੋਪੜ)।

ਸੜਕਾਂ ਦੀ ਮਾੜੀ ਹਾਲਤ
ਪੰਜਾਬ ਦੀਆਂ ਜ਼ਿਆਦਾ ਸੰਪਰਕ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਕਈ ਇਲਾਕਿਆਂ ਦੀਆਂ ਸੜਕਾਂ ਦੀ ਲੰਬੇ ਅਰਸੇ ਤੋਂ ਸਾਰ ਨਹੀਂ ਲਈ ਗਈ। ਅਜੋਕੇ ਤੇਜ਼ ਰਫਤਾਰ ਸਮੇਂ ਦੌਰਾਨ ਸੜਕਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ। ਚੰਗੀਆਂ ਸੜਕਾਂ ਵਿਕਾਸ ਦੇ ਪਹੀਏ ਨੂੰ ਤੇਜ਼ ਗਤੀ ਪ੍ਰਦਾਨ ਕਰਦੀਆਂ ਹਨ, ਜਦਕਿ ਮਾੜੀਆਂ ਸੜਕਾਂ ਜਿਥੇ ਵਿਕਾਸ ਦੀ ਗਤੀ ਨੂੰ ਬਰੇਕਾਂ ਲਗਾਉਣ ਦਾ ਸਬੱਬ ਬਣਦੀਆਂ ਹਨ, ਉਥੇ ਹਾਦਸਿਆਂ ਨੂੰ ਵੀ ਜਨਮ ਦਿੰਦੀਆਂ ਹਨ। ਭਾਵੇਂ ਪੰਜਾਬ ਹਰ ਪਿੰਡ ਤੱਕ ਸੜਕਾਂ ਦਾ ਜਾਲ ਵਿਛਾਉਣ ਵਾਲਾ ਮੋਹਰੀ ਸੂਬਾ ਅਖਵਾਉਣ ਦਾ ਫਖਰ ਹਾਸਲ ਕਰ ਚੁੱਕਾ ਹੈ ਪਰ ਇਨ੍ਹਾਂ ਸੜਕਾਂ ਦੀ ਅਣਦੇਖੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ। ਸੜਕਾਂ ਵਰਗੇ ਅਹਿਮ ਪਹਿਲੂ ਪ੍ਰਤੀ ਧਿਆਨ ਦੇਣਾ ਸਮੇਂ ਦੀ ਮੁੱਖ ਜ਼ਰੂਰਤ ਹੈ।

-ਭੁਪਿੰਦਰ ਸਿੰਘ ਢਿੱਲੋਂ,
ਦੀਪਗੜ੍ਹ (ਬਰਨਾਲਾ)।

ਆਬਾਦੀ ਵਿਚ ਵਾਧਾ
ਜਨ ਸੰਖਿਆ ਹਰ ਦੇਸ਼ ਉੱਪਰ ਢੁਕਵਾਂ ਪ੍ਰਭਾਵ ਪਾਉਂਦੀ ਹੈ। ਜਿਨ੍ਹਾਂ ਦੇਸ਼ਾਂ ਦੀ ਜਨ-ਸੰਖਿਆ ਬੜੀ ਤੇਜ਼ ਗਤੀ ਨਾਲ ਵਧਦੀ ਜਾਂਦੀ ਹੈ, ਉਨ੍ਹਾਂ ਦੇਸ਼ਾਂ ਲਈ ਇਹ ਇਕ ਵੱਡੀ ਸਮੱਸਿਆ ਹੈ। ਨਿਸ਼ਚਿਤ ਹੈ ਕਿ ਆਬਾਦੀ ਦੇ ਵਾਧੇ ਨਾਲ ਦੇਸ਼ ਉੱਪਰ ਕਈ ਤਰ੍ਹਾਂ ਦੇ ਨਕਾਰਾਤਮਿਕ ਪ੍ਰਭਾਵ ਪੈਂਦੇ ਹਨ, ਜਿਵੇਂ ਕਿ ਆਰਥਿਕਤਾ ਉੱਪਰ ਪ੍ਰਭਾਵ, ਬੇਰੁਜ਼ਗਾਰੀ ਵਿਚ ਵਾਧਾ, ਮਹਿੰਗਾਈ ਵਿਚ ਵਾਧਾ, ਵਧਦੀ ਹੋਈ ਗਰੀਬੀ ਅਤੇ ਅਨਪੜ੍ਹਤਾ ਤੋਂ ਇਲਾਵਾ ਕਈ ਹੋਰ ਅਨੇਕ ਸਮੱਸਿਆਵਾਂ ਹਰ ਦੇਸ਼ ਨੂੰ ਆਪਣੀ ਗ੍ਰਿਫਤ ਵਿਚ ਲੈ ਲੈਂਦੀਆਂ ਹਨ ਜੋ ਕਿ ਦੇਸ਼ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀਆਂ ਹਨ। ਭਾਰਤ ਦੀ ਜਨ-ਸੰਖਿਆ 1.22 ਬਿਲੀਅਨ ਹੈ, ਜਿਸ ਵਿਚ ਮਰਦ 628.8 ਮਿਲੀਅਨ ਅਤੇ ਔਰਤਾਂ 591.4 ਮਿਲੀਅਨ ਦੀ ਤਾਦਾਦ ਵਿਚ ਹਨ।
ਜਨਗਣਨਾ ਮੁਤਾਬਿਕ ਪੰਜਾਬ ਦੀ ਜਨ-ਸੰਖਿਆ 2,77,04,236 ਹੈ। ਜ਼ਿਆਦਾ ਤੇਜ਼ੀ ਨਾਲ ਵਧਦੀ ਹੋਈ ਆਬਾਦੀ ਚਿੰਤਾ ਦਾ ਵਿਸ਼ਾ ਹੈ। ਸਮੇਂ ਤੇ ਸਥਿਤੀ ਨੂੰ ਸਾਹਮਣੇ ਰੱਖਦਿਆਂ ਸਾਨੂੰ ਜਨ-ਸੰਖਿਆ ਦੇ ਵਾਧੇ 'ਤੇ ਕੰਟਰੋਲ ਕਰਨਾ ਚਾਹੀਦਾ ਹੈ।

-ਕਮਲਜੀਤ ਸਿੰਘ,
ਪਿੰਡ ਮੱਲ੍ਹੀਆਂ (ਕਰਤਾਰਪੁਰ)।

11-7-2014

 ਚੰਗੇ ਸਿੱਟਿਆਂ ਦੀ ਆਸ

ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਵੱਲੋਂ ਸੂਰਜਕੁੰਡ ਸੰਮੇਲਨ ਦੌਰਾਨ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨਾਲ ਕੀਤਾ ਗਿਆ ਆਤਮ-ਮੰਥਨ ਇਕ ਚੰਗਾ ਕਦਮ ਹੈ। ਅੱਜ ਜੇ ਦੇਸ਼ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਅਜਿਹੇ ਕਦਮ ਜਿਥੇ ਜਾਰੀ ਰੱਖਣੇ ਹੋਣਗੇ, ਉਥੇ ਇਨ੍ਹਾਂ ਕਦਮਾਂ 'ਤੇ ਅਮਲ ਕਰਦੇ ਰਹਿਣਾ ਵੀ ਅਤਿ ਜ਼ਰੂਰੀ ਹੈ। ਦੇਸ਼ ਨੂੰ ਤਰੱਕੀ ਦੀ ਲੀਹ 'ਤੇ ਲਿਆਉਣ ਲਈ ਪਹਿਲ ਦੇ ਆਧਾਰ 'ਤੇ ਬੇਰੋਕ-ਟੋਕ ਵਧ ਰਹੀ ਆਬਾਦੀ ਨੂੰ ਰੋਕਣਾ ਹੋਵੇਗਾ। ਆਬਾਦੀ 'ਤੇ ਕਾਬੂ ਪਾ ਕੇ ਹੀ ਬੇਰੁਜ਼ਗਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ। ਅੱਜ ਦੇਸ਼ ਦੀ ਜਨਤਾ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੀ ਹੈ। ਮਹਿੰਗਾਈ ਨੂੰ ਰੋਕਣ ਲਈ ਫੌਰੀ ਕਦਮ ਚੁੱਕਣੇ ਹੀ ਪੈਣਗੇ। ਸਰਕਾਰ ਦੀਆਂ ਆਪਣੀਆਂ ਮਜਬੂਰੀਆਂ ਹੋ ਸਕਦੀਆਂ ਹਨ ਪਰ ਦੇਸ਼ ਦੀ ਜਨਤਾ ਸੁਖਾਵਾਂ ਜੀਵਨ ਬਤੀਤ ਕਰਨਾ ਚਾਹੁੰਦੀ ਹੈ। ਨਵੀਂ ਸਰਕਾਰ ਦੇ ਹੋਂਦ 'ਚ ਆਉਣ ਨਾਲ ਆਮ ਜਨਤਾ ਦੀਆਂ ਆਸਾਂ ਵਧੀਆਂ ਹਨ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਬਜ਼ੁਰਗਾਂ ਦਾ ਸਨਮਾਨ ਜ਼ਰੂਰੀ

ਅੱਜ ਦੇ ਸਮੇਂ ਵਿਚ ਪਦਾਰਥਵਾਦੀ ਯੁੱਗ ਕਾਰਨ ਬਜ਼ੁਰਗਾਂ ਦਾ ਸਤਿਕਾਰ ਬਹੁਤ ਹੀ ਘੱਟ ਗਿਆ ਹੈ ਜਦੋਂ ਕਿ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਇਕ ਦਿਨ ਇਹ ਸਮਾਂ ਸਾਰਿਆਂ 'ਤੇ ਆਉਣਾ ਹੈ। ਨਵੀਆਂ ਕੁੜੀਆਂ ਸੱਸ ਸਹੁਰੇ ਨੂੰ ਤਾਂ ਵੇਖਣਾ ਹੀ ਪਸੰਦ ਨਹੀਂ ਕਰਦੀਆਂ ਜਦ ਕਿ ਉਨ੍ਹਾਂ ਨੂੰ ਵੀ ਇਹ ਇਲਮ ਹੁੰਦਾ ਹੈ ਕਿ ਕੱਲ੍ਹ ਨੂੰ ਉਨ੍ਹਾਂ ਦੀਆਂ ਨੂੰਹਾਂ ਨੇ ਵੀ ਉਨ੍ਹਾਂ ਦਾ ਕੀ ਹਸ਼ਰ ਕਰਨਾ ਹੈ। ਬਜ਼ੁਰਗ ਘਰ ਦੀ ਸ਼ਾਨ ਹੁੰਦੀ ਹੈ। ਇਨ੍ਹਾਂ ਦੀ ਘਾਟ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਹੁੰਦੀ ਹੈ। ਬਜ਼ੁਰਗ ਮਾਪੇ ਘਰ ਵਿਚ ਜੰਦਰੇ ਦਾ ਕੰਮ ਕਰਦੇ ਹਨ। ਜਿਨ੍ਹਾਂ ਘਰ ਵਿਚ ਅਜੋਕੀ ਪੀੜ੍ਹੀ ਆਪਣਾ ਹੱਕ ਸਮਝਦੀ ਹੈ, ਉਸ ਤੋਂ ਵੱਧ ਬਜ਼ੁਰਗਾਂ ਦਾ ਹੱਕ ਹੁੰਦਾ ਹੈ, ਕਿਉਂਕਿ ਉਨ੍ਹਾਂ ਨੇ ਆਪਣੀ ਸਾਰੀ ਉਮਰ ਉਸੇ ਘਰ ਦੇ ਲੇਖੇ ਲਾਈ ਹੁੰਦੀ ਹੈ। ਅਸੀਂ ਆਪਣੇ ਸਤਿਕਾਰ ਦੀ ਵੀ ਭਵਿੱਖ ਵਿਚ ਤਾਂ ਹੀ ਆਸ ਕਰ ਸਕਦੇ ਹਾਂ, ਜੇ ਅਸੀਂ ਵਰਤਮਾਨ ਵਿਚ ਬਜ਼ੁਰਗਾਂ ਦਾ ਸਤਿਕਾਰ ਕਰਾਂਗੇ।

-ਮਨਜੀਤ ਸਿੰਘ ਭਾਮ
ਹੁਸ਼ਿਆਰਪੁਰ।

ਸੂਰਾਂ ਦੀ ਭਰਮਾਰ

ਅਵਾਰਾ ਕੁੱਤਿਆਂ ਅਤੇ ਗਊਆਂ ਦੀਆਂ ਖ਼ਬਰਾਂ ਤਾਂ ਆਏ ਦਿਨ ਛਪਦੀਆਂ ਹੀ ਰਹਿੰਦੀਆਂ ਹਨ ਪ੍ਰੰਤੂ ਇਨ੍ਹਾਂ ਤੋਂ ਇਲਾਵਾ ਖਾਸ ਕਰਕੇ ਸ਼ਹਿਰੀ ਖੇਤਰਾਂ ਵਿਚ ਘੁੰਮਦੇ ਅਵਾਰਾ ਸੂਰ ਵੀ ਸ਼ਹਿਰਾਂ ਦੀ ਸੁੰਦਰਤਾ ਪ੍ਰਤੀ ਨੱਕ ਬੁੱਲ੍ਹ ਮਾਰਨ ਲਈ ਮਜਬੂਰ ਕਰ ਦਿੰਦੇ ਹਨ। ਸੂਰ ਆਮ ਤੌਰ 'ਤੇ ਗੰਦਗੀ ਹੀ ਖਾਂਦਾ ਹੈ। ਗੰਦੇ ਪਾਣੀਆਂ ਵਿਚ ਹੀ ਰਹਿ ਕੇ ਖੁਸ਼ ਹੁੰਦਾ ਹੈ ਪ੍ਰੰਤੂ ਜਦੋਂ ਇਹੋ ਗੰਦਗੀ ਇਹ ਆਪਣੇ ਨਾਲ ਲੈ ਕੇ ਵੱਖ-ਵੱਖ ਗਲੀਆਂ ਅਤੇ ਮੁਹੱਲਿਆਂ ਵਿਚ ਘੁੰਮਦੇ ਹਨ ਤਾਂ ਵੇਖਣ ਵਾਲੇ ਨੂੰ ਬੜਾ ਭੈੜਾ ਲਗਦਾ ਹੈ। ਰਾਹਗੀਰ ਆਪਣਾ ਨੱਕ, ਬੁੱਲ੍ਹ ਸੰਭਾਲਦਾ ਹੋਇਆ ਇਨ੍ਹਾਂ ਤੋਂ ਪਾਸਾ ਵਟਦਾ ਨਜ਼ਰ ਆਉਂਦਾ ਹੈ। ਕਈ ਵਾਰ ਤਾਂ ਇਹ ਆਵਾਰਾ ਸੂਰ ਕਈ ਕਿਸਮ ਦੀਆਂ ਬਿਮਾਰੀਆਂ ਵੀ ਫੈਲਾਅ ਦਿੰਦੇ ਹਨ। ਥਾਂ-ਥਾਂ ਚਿੱਕੜ ਖਿਲਾਰ ਕੇ ਸੂਖਮ ਜੀਵਾਂ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਲੈ ਜਾਂਦੇ ਹਨ। ਪ੍ਰੰਤੂ ਸ਼ਾਇਦ ਪ੍ਰਸ਼ਾਸਨ ਦੀ ਨਜ਼ਰ ਇਨ੍ਹਾਂ ਵੱਲ ਨਹੀਂ ਜਾਂਦੀ। ਸੋ, ਲੋੜ ਹੈ ਇਨ੍ਹਾਂ ਅਵਾਰਾ ਘੁੰਮਦੇ ਸੂਰਾਂ ਪ੍ਰਤੀ ਜਾਗਰੂਕ ਹੋਣ ਦੀ ਅਤੇ ਇਨ੍ਹਾਂ ਦੀ ਸਹੀ ਸਾਂਭ-ਸੰਭਾਲ ਕਰਨ ਦੀ ਤਾਂ ਜੋ ਸ਼ਹਿਰੀ ਖੇਤਰਾਂ ਦੀ ਸੁੰਦਰਤਾ ਨੂੰ ਕਾਇਮ ਰੱਖਿਆ ਜਾ ਸਕੇ।

-ਧਰਮਿੰਦਰ 'ਸ਼ਾਹਿਦ' ਖੰਨਾ
580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ।

10-7-14

 ਖ਼ਾਨਾਜੰਗੀ ਦਾ ਸ਼ਿਕਾਰ ਹੋਇਆ ਇਰਾਕ

ਸਾਡੀ ਆਧੁਨਿਕ ਸੱਭਿਅਤਾ ਦੀਆਂ ਜੜ੍ਹਾਂ ਪੁਰਾਤਨ ਇਰਾਕ 'ਚ ਮਿਲਦੀਆਂ ਹਨ, ਜਿਸ ਨੂੰ ਮੈਸੋਪੋਟਾਮੀਆ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਮੈਸੋਪੋਟਾਮੀਆ ਦਾ ਮਤਲਬ ਦੋ ਨਦੀਆਂ ਦੇ ਵਿਚਕਾਰ ਵਾਲੀ ਥਾਂ। ਦੁਨੀਆ ਦੀਆਂ ਮਹਾਨ ਸੱਭਿਆਤਾਵਾਂ ਵਿਚ ਸ਼ੁਮਾਰ ਕੀਤਾ ਜਾਣ ਵਾਲਾ ਦੇਸ਼ ਇਰਾਕ ਅੱਜ ਨਰਕ 'ਚ ਤਬਦੀਲ ਹੋ ਗਿਆ ਹੈ। ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ ਨਾਂਅ ਦੇ ਸੁੰਨੀ ਅੱਤਵਾਦੀ ਸੰਗਠਨ ਨੇ ਇਰਾਕ ਦੇ ਕਈ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਹੈ। ਇਸ ਸੰਗਠਨ ਨੂੰ ਸਾਊਦੀ ਅਰਬ ਦੇ ਵਹਾਬੀ ਤੱਤਾਂ ਦੀ ਹਮਾਇਤ ਹਾਸਲ ਹੈ। ਆਈ. ਐਸ. ਆਈ. ਐਸ. ਦੇ ਅੱਤਵਾਦੀ ਸਾਉਦੀ-ਵਹਾਬੀ ਸਮਰਥਨ ਨਾਲ ਇਰਾਕ ਦੀ ਸੱਤਾਧਾਰੀ ਸ਼ੀਆ ਸਰਕਾਰ ਨੂੰ ਲਾਂਭੇ ਕਰਕੇ ਇਰਾਕ ਅਤੇ ਸੀਰੀਆ ਦੇ ਸੁੰਨੀ ਬਹੁਗਿਣਤੀ ਖ਼ੇਤਰ 'ਚ ਇਸਲਾਮਿਕ ਰਾਜ ਕਾਇਮ ਕਰਨਾ ਚਾਹੁੰਦੇ ਹਨ। ਇਰਾਕ ਬੁਰੀ ਤਰ੍ਹਾਂ ਖ਼ਾਨਾਜੰਗੀ ਦਾ ਸ਼ਿਕਾਰ ਹੋ ਚੁੱਕਿਆ ਹੈ ਅਤੇ ਉਸ ਦੀ ਅਖੰਡਤਾ ਖ਼ਤਰੇ 'ਚ ਪੈ ਗਈ ਹੈ। ਇਸ ਸੰਗਠਨ ਨੇ 86 ਭਾਰਤੀਆਂ ਨੂੰ ਬੰਦੀ ਬਣਾ ਲਿਆ ਹੈ, ਜਿਨ੍ਹਾਂ 'ਚ 40 ਪੰਜਾਬੀ ਹਨ। ਇਰਾਕ ਸੰਕਟ ਗਹਿਰਾਉਣ ਨਾਲ ਇਰਾਕ ਤੋਂ ਭਾਰਤ ਨੂੰ ਤੇਲ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਤੇਲ ਦੀ ਉਪਲਬਧਤਾ ਦੀ ਘਾਟ ਹੋਣ ਨਾਲ ਭਾਰਤ 'ਚ ਪੈਟਰੋਲੀਅਮ ਪਦਾਰਥਾਂ ਦੇ ਭਾਅ ਵਧਣਗੇ ਅਤੇ ਦੇਸ਼ 'ਚ ਮਹਿੰਗਾਈ ਵਧੇਗੀ। ਇਰਾਕ ਨੂੰ ਅਜਿਹੇ ਮੰਦਭਾਗੇ ਹਾਲਤਾਂ ਦੀ ਖੱਡ 'ਚ ਸੁੱਟਣ ਲਈ ਅਮਰੀਕਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਅਮਰੀਕਾ ਨੇ ਇਰਾਕੀ ਤੇਲ ਸਰੋਤਾਂ 'ਤੇ ਕਬਜ਼ਾ ਕਰਨ ਲਈ ਸੱਦਾਮ ਹੁਸੈਨ 'ਤੇ ਮਾਰੂ ਰਸਾਇਣਕ ਹਥਿਆਰਾਂ ਦਾ ਉਤਪਾਦਨ ਕਰਨ ਦੇ ਦੋਸ਼ ਲਗਾ ਕੇ ਉਸ ਨੂੰ ਸੱਤਾ ਤੋਂ ਲਾਂਭੇ ਕਰਕੇ ਮਾਰ ਮੁਕਾਉਣ ਦਾ ਪ੍ਰਪੰਚ ਰਚਿਆ ਸੀ। ਇਹੀ ਸਭ ਕੁਝ ਅਮਰੀਕਾ ਨੇ ਲੀਬੀਆ ਅਤੇ ਮਿਸਰ 'ਚ ਵੀ ਕੀਤਾ ਅਤੇ ਇਸ ਖ਼ਿੱਤੇ ਨੂੰ ਯੁੱਧ ਦਾ ਅਖਾੜਾ ਬਣਾ ਕੇ ਇਥੋਂ ਦੀ ਸ਼ਾਂਤੀ ਭੰਗ ਕਰ ਦਿੱਤੀ। ਅਮਰੀਕਾ ਦੇ ਇਨ੍ਹਾਂ ਹੱਥਕੰਡਿਆਂ ਦੀ ਵਜ੍ਹਾ ਨਾਲ ਇਸ ਖੇਤਰ ਦੇ ਸ਼ੀਆ-ਸੁੰਨੀਆਂ 'ਚ ਪਾੜਾ ਵਧਿਆ ਅਤੇ ਨਤੀਜਤਨ ਸਾਰਾ ਪੱਛਮੀ ਏਸ਼ੀਆ ਖਾਨਾਜੰਗੀ ਦਾ ਸ਼ਿਕਾਰ ਹੋ ਗਿਆ ਹੈ।

-ਸੰਦੀਪ ਆਰੀਆ
ਬੀ-774, ਆਰੀਆ ਨਗਰ, ਫ਼ਾਜ਼ਿਲਕਾ।

ਸੋਚਣ ਦੀ ਲੋੜ

ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਬਾਰੇ ਅੱਜ ਨਵੀਂ ਚਰਚਾ ਨਹੀਂ ਹੈ, ਸਗੋਂ ਕੁਝ ਸਾਲ ਪਹਿਲਾਂ ਤੋਂ ਨਸ਼ਿਆਂ 'ਚ ਵਾਧੇ ਦਾ ਹੋ ਹੱਲਾ ਮਚਿਆ ਹੋਇਆ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਗੁਆਂਢੀ ਸੂਬੇ ਜੰਮੂ ਕਸ਼ਮੀਰ, ਹਿਮਾਚਲ, ਉਤਰਾਖੰਡ, ਹਰਿਆਣਾ, ਰਾਜਸਥਾਨ ਵਿਚ ਤਾਂ ਏਨਾ ਨਸ਼ਿਆਂ ਦਾ ਰੌਲਾ-ਗੌਲਾ ਨਹੀਂ, ਤੁਹਾਨੂੰ ਚਾਹ ਦੀ ਦੁਕਾਨ ਵਾਲਾ ਸ਼ਰਾਬ ਪੀਣ ਲਈ ਗਲਾਸੀ ਤੱਕ ਨਹੀਂ ਦੇਵੇਗਾ। ਮੈਂ ਡਲਹੌਜ਼ੀ ਵਿਖੇ ਹੋਟਲ ਦੇ ਕਰਿੰਦੇ ਨੂੰ ਸ਼ਰਾਬ ਦੀ ਸੁਲਾਹ ਮਾਰੀ, ਉਹ ਕੰਨਾਂ ਨੂੰ ਹੱਥ ਲਾ ਗਿਆ। ਸਾਡੇ ਇਥੇ ਹਰ ਚੌਕ ਵਿਚ ਜਿਸ ਮਰਜ਼ੀ ਰੇਹੜੀ ਵਾਲੇ ਕੋਲ ਪੀਣ ਬਹਿ ਜਾਵੋ, ਭਾਵੇਂ ਨੇੜੇ ਪੁਲਿਸ ਵਾਲੇ ਕਿਉਂ ਨਾ ਹੋਣ, ਕੋਈ ਪਰਵਾਹ ਨਹੀਂ ਕਰਦਾ। ਫਿਰ ਇਸ ਸਾਰੇ ਵਿਚ ਕਸੂਰ ਕਿਸ ਦਾ ਹੈ? ਪੁਲਿਸ ਥਾਣਿਆਂ ਤੇ ਚੌਕੀਆਂ ਦੇ ਨੱਕ ਥੱਲੇ ਨਸ਼ੇ ਵਿਕ ਰਹੇ ਹਨ। ਪਿੰਡਾਂ ਦੀਆਂ ਛੋਟੀਆਂ ਤੋਂ ਛੋਟੀਆਂ ਹੱਟੀਆਂ ਵਿਚੋਂ ਸਮੈਕ ਦੀਆਂ ਪੁੜੀਆਂ, ਨਸ਼ੇ ਦੀਆਂ ਗੋਲੀਆਂ, ਖੁੱਲ੍ਹੀ ਸ਼ਰਾਬ ਜਿੰਨੀ ਮਰਜ਼ੀ ਲੈ ਲਵੋ। ਕਸੂਰ ਕਿਸ ਦਾ ਹੈ? ਅੱਜ ਜੋ ਹਸਪਤਾਲਾਂ ਵਿਚ ਨਸ਼ੇੜੀਆਂ ਦੀਆਂ ਢਾਣੀਆਂ ਦੀਆਂ ਢਾਣੀਆਂ ਵੇਖਣ ਨੂੰ ਮਿਲ ਰਹੀਆਂ ਹਨ। ਆਮ ਲੋਕਾਂ ਅਤੇ ਬੁੱਧੀਜੀਵੀਆਂ ਨੂੰ ਸੋਚਣ ਲਈ ਮਜਬੂਰ ਕਰ ਰਹੀਆਂ ਹਨ ਕਿ ਸੋਚਣ ਦੀ ਲੋੜ ਹੈ-ਕਸੂਰ ਕਿਸ ਦਾ ਹੈ? ਸਮਾਂ ਹੱਥੋਂ ਕਿਰ ਰਿਹਾ ਹੈ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਰਿਲਾਇੰਸ 100 ਫ੍ਰੈਸ਼ ਸਟੋਰਸ ਬੰਦ ਕਰਨ ਦੀ ਤਿਆਰੀ 'ਚ

ਨਵੀਂ ਦਿੱਲੀ, 10 ਜੁਲਾਈ (ਏਜੰਸੀ)- ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟੀਰਜ਼ ਦੀ ਸਬਸਿਡੀ ਰਿਲਾਇੰਸ ਰਿਟੇਲ ਆਪਣੇ 100 ਰਿਲਾਇੰਸ ਫ੍ਰੈਸ਼ ਸਟੋਰਸ ਬੰਦ ਕਰਨ ਦੀ ਤਿਆਰੀ ਕਰ ਰਿਹਾ ਹੈ | ਕੰਪਨੀ ਦਾ ਟੀਚਾ ਦੇਸ਼ ਦੇ 450 ਬਿਲੀਅਨ ਡਾਲਰ ਦੇ ਹੋਲਸੇਲ ਕੈਸ਼ ਐਾਡ ਕੈਰੀ ਬਿਜਨਸ 'ਤੇ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ | ਭਵਿੱਖ 'ਚ ਰਿਲਾਇੰਸ ਰਿਟੇਲ ਦੇ 550 ਰਿਲਾਇੰਸ ਫ੍ਰੈਸ਼ ਸਟੋਰਸ ਹਨ | ਫਾਰਮ ਨੇ ਆਪਣੇ ਕਾਮਿਆਂ ਨੂੰ ਇਸ ਕਦਮ ਬਾਰੇ ਦੱਸ ਦਿੱਤਾ ਹੈ | ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਿਲਾਇੰਸ ਨੇ ਸਾਨੂੰ ਜਾਣਕਾਰੀ ਦੇ ਦਿੱਤੀ ਹੈ ਤੇ ਅਸੀਂ ਇਨ੍ਹਾਂ ਸਟੋਰਾਂ ਤੋਂ ਵਪਾਰ ਦੀ ਦਿਸ਼ਾ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ |

9-7-14

ਮਿਲਾਵਟੀ ਦੁੱਧ

ਦੁੱਧ ਇਕ ਅਜਿਹਾ ਅਨਮੋਲ ਪਦਾਰਥ ਹੈ, ਜੋ ਸ਼ਾਇਦ ਹਰ ਪ੍ਰਾਣੀ ਦੀ ਜ਼ਿੰਦਗੀ ਲਈ ਬੇਹੱਦ ਜ਼ਰੂਰੀ ਹੈ। ਅਸੀਂ ਇਸ ਨਿਆਮਤ ਦੀ ਖਾਦ-ਖੁਰਾਕ (ਦੁੱਧ, ਦਹੀਂ, ਮੱਖਣ, ਪਨੀਰ, ਲੱਸੀ, ਘਿਓ ਆਦਿ) ਦੇ ਰੂਪ ਵਿਚ ਹਰ ਰੋਜ਼ ਬੜੇ ਚਾਅ ਨਾਲ ਵਰਤੋਂ ਕਰਦੇ ਹਾਂ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅੱਜ ਦੇ ਸਮੇਂ 'ਚ ਬਹੁਤ ਸਾਰੇ ਦੁਕਾਨਦਾਰ ਜਾਂ ਡੇਅਰੀਆਂ ਵਾਲੇ ਲਾਲਚ ਤੇ ਸਵਾਰਥ ਤਹਿਤ ਲੋਕਾਂ ਨੂੰ ਮਹਿੰਗੇ ਮੁੱਲ 'ਤੇ ਵੀ ਦੁੱਧ ਜਾਂ ਹੋਰ ਚੀਜ਼ਾਂ ਮਿਲਾਵਟੀ ਹੀ ਦਿੰਦੇ ਹਨ। ਜਿਸ ਨਾਲ ਲੋਕਾਂ ਦੀ ਜੇਬ 'ਤੇ ਤਾਂ ਡਾਕਾ ਵੱਜਦਾ ਹੀ ਹੈ, ਉਪਰੋਂ ਮਿਲਾਵਟੀ ਦੁੱਧ ਜਾਂ ਇਸ ਦੁਆਰਾ ਬਣੀਆਂ ਵਸਤੂਆਂ ਦਾ ਸੇਵਨ ਕਰਨ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਰੋਗ ਲੱਗਣ ਦਾ ਡਰ ਵੀ ਬਣ ਜਾਂਦਾ ਹੈ। ਇਹ ਤਾਂ ਬੇਕਸੂਰ ਲੋਕਾਂ ਨਾਲ ਡਾਢੀ ਬੇਇਨਸਾਫ਼ੀ ਤੇ ਧੱਕੇਸ਼ਾਹੀ ਹੈ। ਅਸੀਂ ਸੂਬਾ ਸਰਕਾਰ ਤੇ ਸਬੰਧਤ ਵਿਭਾਗ ਦੇ ਉੱਚ ਅਫਸਰਾਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਮਿਲਾਵਟਖੋਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਉਕਤ ਪਦਾਰਥਾਂ ਦਾ ਆਵਾਮ ਨੂੰ ਸ਼ੁੱਧ ਰੂਪ 'ਚ ਮਿਲਣਾ ਯਕੀਨੀ ਬਣਾਇਆ ਜਾਵੇ।

-ਯਸ਼ ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)।

ਨਕਲ ਦਾ ਕੋਹੜ

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਵਿੱਦਿਆ ਸਖ਼ਤ ਮਿਹਨਤ, ਲਗਨ, ਤਪੱਸਿਆ, ਅਨੁਸ਼ਾਸਨ ਅਤੇ ਤਿਆਗ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪ੍ਰੰਤੂ ਜਦੋਂ ਵਿਦਿਆਰਥੀ ਨੂੰ ਇਸ ਗੱਲ ਦਾ ਪੂਰਾ-ਪੂਰਾ ਅਹਿਸਾਸ ਹੁੰਦਾ ਹੈ ਕਿ ਉਸ ਨੇ ਨਕਲ ਮਾਰ ਕੇ 10ਵੀਂ-12ਵੀਂ ਜਮਾਤ ਕਰ ਜਾਣੀ ਹੈ ਤਾਂ ਉਪਰੋਕਤ ਸਾਰੇ ਗੁਣ ਅਤੇ ਭਾਵਨਾਵਾਂ ਉਸ ਦੇ ਵਿਦਿਆਰਥੀ ਜੀਵਨ ਵਿਚੋਂ ਖੰਭ ਲਾ ਕੇ ਉੱਡ ਜਾਂਦੀਆਂ ਹਨ। ਨਤੀਜੇ ਵਜੋਂ ਇਕ ਕਾਗਜ਼ ਰੂਪੀ ਪਾਸ ਸਰਟੀਫਿਕੇਟ ਤੋਂ ਇਲਾਵਾ ਉਸ ਦੇ ਪੱਲੇ ਕੁਝ ਵੀ ਨਹੀਂ ਰਹਿੰਦਾ। ਮੇਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਅਤੇ ਸਿੱਖਿਆ ਮੰਤਰਾਲੇ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਨਕਲ ਰੂਪੀ ਜ਼ਹਿਰ ਨੂੰ ਖ਼ਤਮ ਕਰਨ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਜਾਣ। ਜੇ ਇਮਾਨਦਾਰੀ ਨਾਲ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਸਭ ਕੁਝ ਠੀਕ ਕੀਤਾ ਜਾ ਸਕਦਾ ਹੈ। ਜੇ ਇਨ੍ਹਾਂ ਕੋਸ਼ਿਸ਼ਾਂ ਨਾਲ ਫੇਲ੍ਹ ਵਿਦਿਆਰਥੀਆਂ ਦੀ ਗਿਣਤੀ ਵਧਦੀ ਹੈ ਤਾਂ ਵੀ ਇਹ ਕਦਮ ਉਨ੍ਹਾਂ ਵਿਦਿਆਰਥੀਆਂ ਲਈ ਅੰਮ੍ਰਿਤ ਸਮਾਨ ਹੋਵੇਗਾ। ਉਹ ਖ਼ੁਦ-ਬਖ਼ੁਦ ਲਗਨ ਤੇ ਮਿਹਨਤ ਦੇ ਰਾਹ 'ਤੇ ਤੁਰਨ ਨੂੰ ਮਜਬੂਰ ਹੋ ਜਾਣਗੇ।

-ਅਮਰਜੀਤ ਸਿੰਘ
ਵਾਰਡ ਨੰ: 12, ਕਚਹਿਰੀ ਰੋਡ, ਪੱਟੀ, ਜ਼ਿਲ੍ਹਾ ਤਰਨ ਤਾਰਨ।

ਨਸ਼ਾ ਮੁਕਤੀ ਲਈ

ਬੇਸ਼ੱਕ ਪੰਜਾਬ ਸਰਕਾਰ ਵੱਲੋਂ ਦੇਰ ਆਏ ਦਰੁਸਤ ਆਏ ਵਾਲੀ ਕਹਾਵਤ 'ਤੇ ਕੰਮ ਕਰਦਿਆਂ, ਇਕ ਵਾਰ ਤਾਂ ਨਸ਼ੇ ਦੀ ਦਲਦਲ ਵਿਚ ਹਫ਼ੜਾਦਫੜੀ ਮਚਾ ਦਿੱਤੀ ਹੈ, ਜਿਸ ਦੇ ਤਹਿਤ ਪੁਲਿਸ ਵਿਭਾਗ ਤੇ ਸਿਹਤ ਵਿਭਾਗ ਵੀ ਪੱਬਾਂ ਭਾਰ ਹੋ ਗਿਆ ਹੈ। 15 ਦਿਨ ਲਈ ਲੱਗੇ ਡਰੱਗ-ਡੀ-ਅਡਿਕਸ਼ਨ ਕੈਂਪ ਵਿਚ ਆਉਂਦੇ ਨਸ਼ੇੜੀ ਮਰੀਜ਼ਾਂ ਦੀ ਸੰਖਿਆ ਤੋਂ ਸੌਖਿਆਂ ਹੀ ਪਤਾ ਲਗਦਾ ਹੈ ਕਿ ਨਸ਼ੇ ਪੰਜਾਬ ਦੀ ਜਵਾਨੀ ਕਿਸ ਤਰ੍ਹਾਂ ਨਿਗਲ ਰਹੇ ਹਨ। ਇਨ੍ਹਾਂ 15 ਦਿਨਾਂ ਦੇ ਡਰੱਗ-ਡੀ-ਅਡਿਕਸ਼ਨ ਕੈਂਪ ਨਾਲ ਤਾਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਨਹੀਂ ਕੱਢਿਆ ਜਾ ਸਕਦਾ। ਇਸ ਕੈਂਪ ਨੂੰ ਜ਼ਿਆਦਾ ਸਮੇਂ ਲਈ ਚਲਾਇਆ ਜਾਣਾ ਚਾਹੀਦਾ ਹੈ। ਦਵਾਈਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਮਨੋ-ਵਿਗਿਆਨਕ ਸਲਾਹ ਦੀ ਜ਼ਿਆਦਾ ਜ਼ਰੂਰਤ ਹੈ।

-ਚਰਨਜੀਤ ਸਿੰਘ
ਪਿੰਡ ਜੱਸੋ ਮਜਾਰਾ, ਸ਼ਹੀਦ ਭਗਤ ਸਿੰਘ ਨਗਰ।

8-7-2014

 ਲੋਕ ਮਸਲੇ
ਪੰਜਾਬ ਸਰਕਾਰ ਵੱਲੋਂ ਜਿਥੇ ਪੰਜਾਬ ਦੇ ਸਰਬਪੱਖੀ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਅਸੀਂ ਸਭ ਦੇਖ ਰਹੇ ਹਾਂ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਕਸਬਿਆਂ ਅਤੇ ਸ਼ਹਿਰਾਂ ਦੇ ਪੱਤਰਕਾਰਾਂ ਵੱਲੋਂ ਆਪਣੇ-ਆਪਣੇ ਖੇਤਰਾਂ ਵਿਚ ਹੋਏ ਝੂਠੇ ਵਿਕਾਸ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ, ਜੋ 'ਲੋਕ ਮਸਲੇ' ਕਾਲਮ ਅਧੀਨ ਰੋਜ਼ਾਨਾ ਛਪ ਰਹੀਆਂ ਹਨ। ਅਸੀਂ ਸਭ ਦੇਖ ਰਹੇ ਹਾਂ ਕਿ ਕਿਤੇ ਸਰਕਾਰੀ ਸਹੂਲਤਾਂ ਦੀ ਬੇਹੱਦ ਘਾਟ ਰੜਕ ਰਹੀ ਹੈ, ਕਿਤੇ ਬਿਨਾਂ ਗ੍ਰਾਂਟਾਂ ਤੋਂ ਸਟੇਡੀਅਮ ਅਧੂਰੇ ਪਏ ਹਨ, ਕਿਤੇ ਲੜਕੀਆਂ ਲਈ ਕਾਲਜਾਂ ਦੀ ਘਾਟ ਹੈ, ਕਿਤੇ ਸੀਵਰੇਜ ਦੀ ਅਣਹੋਂਦ ਕਾਰਨ ਗੰਦਗੀ ਦੇ ਢੇਰ ਨਜ਼ਰ ਆ ਰਹੇ ਹਨ, ਕਿਤੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਅਤੇ ਬਿਲਡਿੰਗ ਦੀ ਖਸਤਾ ਹਾਲਤ ਨਜ਼ਰ ਆਉਂਦੀ ਹੈ, ਕਿਤੇ ਵਿਕਾਸ ਦੇ ਨਾਂਅ 'ਤੇ ਰੱਖੇ ਪੱਥਰ ਢਹਿ-ਢੇਰੀ ਹੋਏ ਨਜ਼ਰ ਆ ਰਹੇ ਹਨ। ਸੋ, ਸਰਕਾਰ ਨੂੰ ਲੋਕਾਂ ਵਿਚ ਆਪਣੀ ਹਰਮਨ-ਪਿਆਰਤਾ ਬਰਕਰਾਰ ਰੱਖਣ ਲਈ ਇਨ੍ਹਾਂ ਮਸਲਿਆਂ ਪ੍ਰਤੀ ਗੱਲਾਂ ਦਾ ਕੜਾਹ ਬਣਾਉਣ ਦੀ ਥਾਂ ਇਸ ਨੂੰ ਅਮਲੀ ਜਾਮਾ ਪਹਿਨਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ।

-ਰਾਜਾ ਗਿੱਲ (ਚੜਿੱਕ)
ਮੋ: 94654-11585

ਕੁਝ ਵਿਚਾਰਨਯੋਗ ਗੱਲਾਂ
ਇਰਾਕ ਵਿਚ ਅਗਵਾ ਕੀਤੀਆਂ ਗਈਆਂ ਭਾਰਤ ਦੀਆਂ 46 ਨਰਸਾਂ ਭਾਵੇਂ ਰਿਹਾਅ ਹੋ ਕੇ ਭਾਰਤ ਆ ਗਈਆਂ ਹਨ, ਪਰ ਇਸ ਨੇ ਉਨ੍ਹਾਂ ਘਟਨਾਵਾਂ ਦੀ ਯਾਦ ਦੁਆ ਦਿੱਤੀ ਹੈ, ਜੋ ਭਾਰਤੀ ਨਾਰੀ ਨਾਲ ਅੱਜ ਤੋਂ 400 ਸਾਲ ਪਹਿਲਾਂ ਮੁਗਲ ਧਾੜਵੀਆਂ ਵੇਲੇ ਹੁੰਦੀਆਂ ਸਨ। ਇਹ ਫ਼ਰਕ ਜ਼ਰੂਰ ਹੈ ਕਿ ਉਹ ਧਾੜਵੀ ਭਾਰਤ ਆਉਂਦੇ ਸਨ, ਅੱਜ ਇਸਤਰੀ ਧਨ ਖ਼ੁਦ ਚੱਲ ਕੇ ਉਥੇ ਗਿਆ ਸੀ। ਹੁਣ ਸੋਚਣ ਦੀ ਗੱਲ ਹੈ ਕਿ ਅੱਜ ਤੋਂ ਅੱਧੀ ਸਦੀ ਪਹਿਲਾਂ ਅਸੀਂ ਲੋਕ ਆਪਣੀਆਂ ਧਾਰਮਿਕ ਅਤੇ ਸਮਾਜਿਕ ਰੀਤੀਆਂ ਦਾ ਵਾਸਤਾ ਦੇ ਕੇ ਆਪਣੇ ਪੁੱਤਰਾਂ ਨੂੰ ਵੀ ਵਿਦੇਸ਼ ਜਾਣ ਤੋਂ ਵਰਜਦੇ ਸੀ। ਹੁਣ ਕੁੜੀਆਂ ਨੂੰ ਵੀ ਭੇਜਣ ਲੱਗ ਪਏ। ਇਸ ਸਭ ਕੁਝ ਵਾਸਤੇ ਜੋ ਕਾਰਨ ਹਨ, ਉਹ ਕਿਸੇ ਤੋਂ ਛੁਪੇ ਨਹੀਂ ਹਨ। ਜੋ ਅਸੀਂ ਆਪਣੀਆਂ ਪਰੰਪਰਾਵਾਂ, ਰੀਤੀ ਰਿਵਾਜ ਭੁੱਲ ਕੇ ਉਨ੍ਹਾਂ ਲੋਕਾਂ ਦੀ ਗੁਲਾਮੀ ਕਰਨ ਜਾਂਦੇ ਹਾਂ, ਜਿਨ੍ਹਾਂ ਕੋਲੋਂ ਆਜ਼ਾਦ ਹੋਣ ਲਈ ਅਸੀਂ ਕੁਰਬਾਨੀਆਂ ਦਿੰਦੇ ਰਹੇ। ਇਹ ਰੁਝਾਨ ਇਹ ਸਾਡੀਆਂ ਸਰਕਾਰਾਂ ਤੇ ਸਾਡੇ ਲੀਡਰਾਂ ਦੀ ਦੇਣ ਹਨ। ਮੇਰਾ ਮਕਸਦ ਕਿਸੇ ਇਕ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਦੀ ਨਿੰਦਾ ਕਰਨਾ ਨਹੀਂ ਹੈ। ਸਾਰੇ ਹੀ ਇਕੋ ਜਿਹੇ ਹਨ। ਜੇ ਆਮ ਲੋਕਾਂ ਨੂੰ ਦੇਸ਼ ਵਿਚ ਹੀ ਨੌਕਰੀਆਂ ਦੇ ਮੌਕੇ ਮਿਲਣ ਤਾਂ ਉਹ ਵਿਦੇਸ਼ ਧੱਕੇ ਖਾਣ ਲਈ ਕਿਉਂ ਜਾਣ? ਜੇ ਅਸੀਂ ਨਰਸਾਂ ਨੂੰ ਨੌਕਰੀਆਂ ਨਹੀਂ ਦੇ ਸਕਦੇ ਤਾਂ ਧੜਾਧੜ ਨਰਸਿੰਗ ਕਾਲਜ ਕਿਉਂ ਖੋਲ੍ਹੇ ਜਾ ਰਹੇ ਹਨ?

-ਹਰਦੀਪ ਸਿੰਘ ਸੋਢੀ
ਨਡਾਲਾ।

ਜਨਸੰਖਿਆ
ਤੇਜ਼ੀ ਨਾਲ ਵਧ ਰਹੀ ਜਨਸੰਖਿਆ ਨੂੰ ਹੁਣ ਤੇਜ਼ੀ ਨਾਲ ਹੀ ਰੋਕਣ ਦੀ ਲੋੜ ਹੈ। 35 ਕਰੋੜ ਤੋਂ 120 ਕਰੋੜ ਨੂੰ ਪਹੁੰਚੀ ਜਨਸੰਖਿਆ ਨੇ ਦੇਸ਼ ਦੇ ਚੰਗੇ ਵਿਕਾਸ ਦੇ ਨਤੀਜਿਆਂ ਨੂੰ ਸਿਫ਼ਰ ਬਣਾ ਦਿੱਤਾ ਹੈ। ਅਨਾਜ ਦੀ ਮੰਗ ਪੂਰੀ ਕਰਨ ਲਈ ਧਰਤੀ ਦੇ ਕੀਮਤੀ ਜੰਗਲਾਂ ਅਤੇ ਜ਼ਮੀਨ ਹੇਠਲੇ ਪਾਣੀ ਦੀ ਕੁਰਬਾਨੀ ਕਰਨੀ ਪਈ ਹੈ। ਵਧੀ ਹੋਈ ਆਬਾਦੀ ਨੇ ਮਹਿੰਗਾਈ ਵਧਾਈ ਹੈ ਅਤੇ ਰੁਜ਼ਗਾਰ ਦੇ ਮੌਕੇ ਘਟਾਏ ਹਨ। ਜਨਸੰਖਿਆ ਵਿਚ ਵਾਧੇ ਲਈ ਅਨਪੜ੍ਹਤਾ, ਅਗਿਆਨਤਾ ਅਤੇ ਨਸ਼ਿਆਂ ਦਾ ਬਹੁਤਾ ਸੇਵਨ ਜ਼ਿੰਮੇਵਾਰ ਹੈ। ਸਮੇਂ-ਸਮੇਂ ਰਾਜ ਪ੍ਰਬੰਧ ਸੰਭਾਲਣ ਵਾਲੀਆਂ ਰਾਜਸੀ ਪਾਰਟੀਆਂ ਆਪਣੇ ਵੋਟ ਬੈਂਕ ਨੂੰ ਕਾਇਮ ਰੱਖਣ ਲਈ ਹਰੇਕ ਨੂੰ ਆਪਣਾ-ਆਪਣਾ ਰਾਗ ਅਲਾਪਣ ਦੀ ਖੁੱਲ੍ਹ ਦੇਈ ਰੱਖਦੀਆਂ ਹਨ। ਇਸ ਲਈ ਜਨਸੰਖਿਆ ਦੇ ਵਾਧੇ ਨੂੰ ਰੋਕਣ ਲਈ ਕਾਰਗਰ ਉਪਾਅ ਕਰਨੇ ਚਾਹੀਦੇ ਹਨ।

-ਇੰਜੀ: ਕੁਲਦੀਪ ਸਿੰਘ ਲੁੱਧਰ
4724, ਗੁਰੂ ਨਾਨਕ ਵਾੜਾ, ਅੰਮ੍ਰਿਤਸਰ।

7-7-2014

 ਸਮਰ ਕੈਂਪ
ਸਿੱਖਿਆ ਵਿਭਾਗ ਪੰਜਾਬ ਦੁਆਰਾ ਸਾਰੇ ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ 1 ਜੂਨ ਤੋਂ 30 ਜੂਨ ਤੱਕ ਐਲਾਨੀਆਂ ਗਈਆਂ ਸਨ। ਇਹ ਛੁੱਟੀਆਂ ਸਕੂਲ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਪਾਈਆਂ ਜਾਂਦੀਆਂ ਹਨ। ਸੀ. ਬੀ. ਐਸ. ਈ. ਤੇ ਆਈ. ਸੀ.ਐਸ. ਈ. ਸਕੂਲਾਂ ਵੱਲੋਂ ਸਮਰ ਕੈਂਪ ਲਗਾ ਕੇ ਛੋਟੇ-ਛੋਟੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਕੀ ਇਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਗਰਮੀ ਨਹੀਂ ਲਗਦੀ ਜਦ ਕਿ ਜੂਨ ਦੇ ਮਹੀਨੇ ਵਿਚ ਕਈ ਵਾਰ ਤਾਪਮਾਨ 46 ਡਿਗਰੀ ਤੱਕ ਚਲਿਆ ਜਾਂਦਾ ਹੈ। ਸਮਰ ਕੈਂਪਾਂ ਦੇ ਨਾਂਅ 'ਤੇ ਵਿਦਿਆਰਥੀ ਦੀ ਆਰਥਿਕ ਲੁੱਟ ਵੀ ਕੀਤੀ ਜਾਂਦੀ ਹੈ। ਕੀ ਪੰਜਾਬ ਵਿਚ ਚੱਲ ਰਹੇ ਇਹ ਅਦਾਰੇ ਪੰਜਾਬ ਸਿੱਖਿਆ ਵਿਭਾਗ ਦੀ ਉਲੰਘਣਾ ਨਹੀਂ ਕਰ ਰਹੇ? ਕੀ ਨਵੇਂ ਸਿੱਖਿਆ ਮੰਤਰੀ ਇਸ ਮਹੱਤਵਪੂਰਨ ਮਸਲੇ ਵੱਲ ਧਿਆਨ ਦੇਣਗੇ?

-ਕੇ. ਐਸ. ਅਮਰ
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ।

ਦੁਰਘਟਨਾਵਾਂ ਤੋਂ ਬਚਾਅ
ਸੜਕਾਂ ਉਤੇ ਆਵਾਜਾਈ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਸੜਕਾਂ ਉਤੇ ਬੰਦਿਆਂ ਤੇ ਮਾਲ ਦੀ ਢੋਆ-ਢੁਆਈ ਕਰਦੇ ਟਰੱਕਾਂ, ਬੱਸਾਂ, ਕਾਰਾਂ ਆਦਿ ਦਾ ਤਾਂਤਾ ਲੱਗਿਆ ਰਹਿਦਾ ਹੈ। ਕੰਮਾਂਕਾਰਾਂ ਦੇ ਵਧਣ ਕਾਰਨ ਲੋਕਾਂ ਵਿਚ ਕਾਹਲ ਵਧ ਗਈ ਹੈ ਤੇ ਠਰ੍ਹੰਮਾ ਘਟ ਗਿਆ ਹੈ। ਇਨ੍ਹਾਂ ਦੁਰਘਟਨਾਵਾਂ ਲਈ ਸੜਕਾਂ ਉਤੇ ਚੱਲਣ ਵਾਲੇ ਸਾਰੇ ਹੀ ਜ਼ਿੰਮੇਵਾਰ ਹਨ। ਦੁਰਘਟਨਾਵਾਂ ਦਾ ਇਕ ਕਾਰਨ ਹਰ ਇਕ ਦਾ ਤੇਜ਼ ਰਫ਼ਤਾਰ ਨਾਲ ਚਲਣਾ ਹੈ। ਬਹੁਤ ਸਾਰੀਆਂ ਦੁਰਘਟਨਾਵਾਂ ਡਰਾਈਵਰਾਂ ਦੀ ਲਾਪ੍ਰਵਾਹੀ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਕਰਕੇ ਹੁੰਦੀਆਂ ਹਨ। ਦੁਰਘਟਨਾਵਾਂ ਨੂੰ ਰੋਕਣ ਦੇ ਉਪਾਅ ਵੀ ਸੜਕਾਂ ਉਤੇ ਚੱਲਣ ਵਾਲਿਆਂ ਦੇ ਕੋਲ ਹੀ ਹਨ। ਉਨ੍ਹਾਂ ਦੁਆਰਾ ਵਰਤੀ ਸਾਵਧਾਨੀ ਨਾਲ ਹੀ ਇਸ ਸਮੱਸਿਆ ਨੂੰ ਨਜਿੱਠਿਆ ਜਾ ਸਕਦਾ ਹੈ। ਜੇਕਰ ਸੜਕਾਂ 'ਤੇ ਆਵਾਜਾਈ ਸਮੇਂ ਆਪਣਾ ਤੇ ਦੂਜਿਆਂ ਦਾ ਖਿਆਲ ਰੱਖਿਆ ਜਾਵੇ ਤਾਂ ਦੁਰਘਟਨਾਵਾਂ ਟਲ ਸਕਦੀਆਂ ਹਨ।

-ਸਰਿੰਦਰ ਸਿੰਘ ਬਰਨਾਲਾ,
ਸਲੇਮਟਾਬਰੀ, ਲੁਧਿਆਣਾ।

ਇਰਾਕ ਸੰਕਟ
ਆਈ. ਐਸ. ਆਈ. ਐਸ. ਇਸਲਾਮੀ ਮੂਲਵਾਦੀ ਸੰਸਥਾ ਨੇ ਇਰਾਕ 'ਤੇ ਹਮਲਾ ਕਰਕੇ ਇਰਾਕੀ ਸਰਕਾਰੀ ਫ਼ੌਜਾਂ ਨੂੰ ਪਛਾੜ ਕੇ ਬਗ਼ਦਾਦ ਤੋਂ ਬਾਅਦ ਇਰਾਕ ਦਾ ਦੂਜਾ ਵੱਡਾ ਸ਼ਹਿਰ ਮੋਸੂਲ 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਇਰਾਕ ਦੇ ਸੰਕਟ ਦਾ ਕਾਰਨ ਪੱਛਮੀ ਸਾਮਰਾਜੀ ਦੇਸ਼ਾਂ ਦੀਆਂ ਮੌਕਪ੍ਰਸਤ ਤੇ ਗ਼ਲਤ ਨੀਤੀਆਂ ਹਨ। ਆਈ. ਐਸ. ਆਈ. ਐਸ. ਨੇ ਸੁੰਨੀ ਬਹੁਗਿਣਤੀ ਵਾਲੇ ਖੇਤਰ 'ਤੇ ਲਗਭਗ ਕਬਜ਼ਾ ਕਰ ਲਿਆ ਹੈ ਤੇ ਸੀਆ ਬਹੁਗਿਣਤੀ ਵਾਲੇ ਦੱਖਣੀ ਇਲਾਕੇ ਵੱਲ ਵੀ ਵੱਧ ਰਹੇ ਹਨ। ਇਰਾਕ ਸੰਸਾਰ ਦਾ ਚੌਥਾ ਵੱਡਾ ਤੇਲ ਉਤਪਾਦਕ ਦੇਸ਼ ਹੈ, ਇਰਾਕ ਦੇ ਇਸ ਘਮਸਾਨ ਨਾਲ ਸਮੁੱਚੇ ਸੰਸਾਰ 'ਤੇ ਪ੍ਰਭਾਵ ਪਵੇਗਾ।
ਭਾਰਤ ਇਰਾਕ ਤੋਂ ਵੱਡੀ ਮਾਤਰਾ ਵਿਚ ਤੇਲ ਮੰਗਵਾਉਂਦਾ ਹੈ ਕਿਉਂਕਿ ਭਾਰਤ ਦੇ ਇਰਾਕ ਨਾਲ ਚੰਗੇ ਸਬੰਧ ਹਨ। ਹਜ਼ਾਰਾਂ ਹੀ ਭਾਰਤੀ ਇਰਾਕ ਵਿਚ ਕੰਮ ਕਰ ਰਹੇ ਹਨ। ਬਹੁਤ ਸਾਰੇ ਭਾਰਤੀ ਮੋਸੂਲ ਸ਼ਹਿਰ ਵਿਚ ਅਗਵਾ ਵੀ ਹੋ ਗਏ ਹਨ। ਇਸ ਸੰਕਟ ਨਾਲ ਤੇਲ ਦੀਆਂ ਕੀਮਤਾਂ ਵਧਣ ਦਾ ਵੀ ਡਰ ਪੈਦਾ ਹੋ ਗਿਆ ਹੈ, ਜਿਸ ਦਾ ਸਭ ਤੋਂ ਵੱਡਾ ਅਸਰ ਭਾਰਤ 'ਤੇ ਹੀ ਪਵੇਗਾ। ਭਾਰਤ ਨੂੰ ਚਾਹੀਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਲੜਾਈ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ। ਜਿਨ੍ਹਾਂ ਭਾਰਤੀਆਂ ਦਾ ਵੀਜ਼ਾ ਖਤਮ ਹੋ ਚੁੱਕਾ ਹੈ ਜਾਂ ਵਾਪਸ ਆਉਣ ਲਈ ਟਿਕਟਾਂ ਆਦਿ ਦਾ ਪ੍ਰਬੰਧ ਨਹੀਂ ਹੈ, ਸਾਰੀਆਂ ਸਹੂਲਤਾਂ ਭਾਰਤ ਸਰਕਾਰ ਵੱਲੋਂ ਦਿੱਤੀਆਂ ਜਾਣ।

-ਸੁਖਦੀਪ 'ਸੁੱਖ'
ਪੰਚਾਇਤ ਮੈਂਬਰ, ਸੁਖਾਣਾ, ਲੁਧਿਆਣਾ।

3-7-2014

 ਗ਼ੈਰ-ਮਨੁੱਖੀ ਵਤੀਰਾ
ਔਰਤ ਮਾਂ ਹੈ, ਭੈਣ ਹੈ, ਧੀ ਹੈ ਅਤੇ ਹੋਰ ਪਤਾ ਨਹੀਂ ਕਿੰਨੇ ਕੁ ਪਵਿੱਤਰ ਰਿਸ਼ਤੇ ਹਨ, ਜੋ ਔਰਤ ਨਾਲ ਜੁੜੇ ਹਨ, ਪ੍ਰੰਤੂ ਇਨ੍ਹਾਂ ਸਭ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਇਨਸਾਨ ਆਪਣੀ ਭੈੜੀ ਮਾਨਸਿਕਤਾ ਦਾ ਸਬੂਤ ਦੇਈ ਜਾ ਰਿਹਾ ਹੈ। ਬੀਤੇ ਕੁਝ ਹਫ਼ਤਿਆਂ ਵਿਚ ਉੱਤਰ ਪ੍ਰਦੇਸ਼ ਵਿਚ ਵਾਪਰੀਆਂ ਸਮੂਹਿਕ ਜਬਰ-ਜਨਾਹ ਦੀਆਂ ਘਟਨਾਵਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਕਦੇ ਬਦਾਯੂੰ ਕਦੇ ਬਹਿਰਾਈਚ ਕਦੇ ਬਿਸੌਲੀ ਵਿਚ ਸ਼ਰੇਆਮ ਔਰਤਾਂ ਨੂੰ ਬੇਇੱਜ਼ਤ ਕਰਕੇ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਕੀਤਾ ਜਾ ਰਿਹੈ। ਇਨ੍ਹਾਂ ਵਿਚੋਂ ਬਹੁਤਾਤ ਗਿਣਤੀ ਦਲਿਤ ਔਰਤਾਂ ਦੀ ਹੈ। ਕਿਉਂ ਵਾਰ-ਵਾਰ ਇਨ੍ਹਾਂ ਦਲਿਤ ਔਰਤਾਂ ਨੂੰ ਹੀ ਵਹਿਸ਼ੀ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ? ਕਿਉਂ ਨਹੀਂ ਚੁੱਕੇ ਜਾਂਦੇ ਇਨ੍ਹਾਂ ਵਹਿਸ਼ੀਆਂ ਖ਼ਿਲਾਫ਼ ਠੋਸ ਕਦਮ ਤਾਂ ਜੋ ਲੋਕਤੰਤਰ ਦੇ ਅਸਲ ਅਰਥ ਪਛਾਣੇ ਜਾ ਸਕਣ? ਕੀ ਯੂ.ਪੀ. ਵਿਚ ਰਹਿਣਾ ਔਰਤਾਂ ਲਈ ਗੁਨਾਹ ਹੈ? ਇਹ ਸਭ ਗੱਲਾਂ ਸਰਕਾਰ ਦੇ ਕੰਮਾਂ 'ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ। ਸੋ, ਸਰਕਾਰ ਨੂੰ ਚਾਹੀਦਾ ਹੈ ਕਿ ਇਸ ਭੈੜੇ ਵਰਤਾਰੇ ਪ੍ਰਤੀ ਠੋਸ ਅਤੇ ਕਾਰਗਰ ਕਦਮ ਚੁੱਕੇ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ।

-ਧਰਮਿੰਦਰ 'ਸ਼ਾਹਿਦ' ਖੰਨਾ
580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ।

ਏ.ਟੀ.ਐਮ. ਦੀ ਸੁਰੱਖਿਆ
ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਸਹੂਲਤ ਲਈ ਲਾਹੇਵੰਦ ਸਾਬਤ ਹੋ ਰਹੇ ਏ.ਟੀ.ਐਮ. ਖ਼ੁਦ ਹੀ ਕਾਫ਼ੀ ਕਠਿਨਾਈਆਂ ਵਿਚੋਂ ਗੁਜ਼ਰ ਰਹੇ ਹਨ, ਜਿਨ੍ਹਾਂ ਦੀ ਸੁਰੱਖਿਆ ਅਜੇ ਵੀ ਅਧੂਰੀ ਹੈ। ਇਕ ਮਹੀਨੇ ਵਿਚ ਘੱਟੋ-ਘੱਟ ਤਿੰਨ ਏ.ਟੀ.ਐਮ. ਦੀ ਭੰਨ-ਤੋੜ ਕਰਕੇ ਉਸ ਨੂੰ ਲੁੱਟਿਆ ਜਾਂਦਾ ਹੈ ਤੇ ਉੱਥੇ ਮੌਜੂਦ ਸੁਰੱਖਿਆ ਕਰਮਚਾਰੀ ਨੂੰ ਵੀ ਜਾਨੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਅਜਿਹਾ ਕਦੋਂ ਤੱਕ ਹੁੰਦਾ ਰਹੇਗਾ? ਇਸ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਸਰਕਾਰ, ਪ੍ਰਸ਼ਾਸਨ ਤੇ ਹੋਰ ਅਧਿਕਾਰੀਆਂ ਵੱਲੋਂ ਭਾਵੇਂ ਜ਼ੋਰ ਨਾਲ ਸੁਰੱਖਿਅਤ ਪ੍ਰਬੰਧ ਕੀਤੇ ਜਾਂਦੇ ਹਨ ਪਰ ਅਜੇ ਵੀ ਬੈਂਕ ਏ.ਟੀ.ਐਮ. ਸੁਰੱਖਿਅਤ ਨਹੀਂ ਹਨ। ਇਹ ਜ਼ਰੂਰੀ ਕਦਮ ਹੈ ਕਿ ਏ.ਟੀ.ਐਮ. ਦੀ ਸੁਰੱਖਿਆ ਨੂੰ ਯਕੀਨੀ ਜਾਮਾ ਪਹਿਨਾਇਆ ਜਾਵੇ।

-ਸੁਖਦੀਪ 'ਸੁੱਖ'
ਪੰਚਾਇਤ ਮੈਂਬਰ, ਪਿੰਡ ਸੁਖਾਣਾ, ਜ਼ਿਲ੍ਹਾ ਲੁਧਿਆਣਾ।

ਸਿਹਤ ਨਾਲ ਖਿਲਵਾੜ
ਖ਼ੁਰਾਕੀ ਵਸਤਾਂ ਵਿਚ ਕੀਤੀ ਜਾਂਦੀ ਮਿਲਾਵਟ ਸਾਡੀ ਸਿਹਤ ਤੇ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ। ਕੈਂਸਰ, ਗੁਰਦਾ, ਰਸੌਲੀ, ਹੱਡੀਆਂ ਦੀਆਂ ਬਿਮਾਰੀਆਂ ਅਤੇ ਪੇਟ ਦੀ ਇਨਫੈਕਸ਼ਨ ਆਦਿ ਸਭ ਨਾਮੁਰਾਦ ਬਿਮਾਰੀਆਂ ਦੀ ਮੁੱਖ ਵਜ੍ਹਾ ਖਾਣ-ਪੀਣ ਵਾਲੀਆਂ ਵਸਤਾਂ ਵਿਚ ਕੀਤੀ ਜਾਂਦੀ ਮਿਲਾਵਟ ਹੈ। ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਮਿਲਾਵਟਖੋਰ ਆਪਣੇ ਮਕਸਦ ਦੀ ਪੂਰਤੀ ਲਈ ਹਾਨੀਕਾਰਕ ਰਸਾਇਣਕ ਪਦਾਰਥਾਂ ਦੀ ਵਰਤੋਂ ਕਰਦੇ ਹਨ। ਸਰਕਾਰ ਤੇ ਪ੍ਰਸ਼ਾਸਨ ਦੀ ਢਿੱਲ-ਮੱਠ ਕਾਰਨ ਇਹ ਗੋਰਖ ਧੰਦਾ ਅਮਰਵੇਲ ਵਾਂਗ ਵਧ ਰਿਹਾ ਹੈ। ਤਿਉਹਾਰਾਂ ਦੇ ਸਮੇਂ ਸਿਹਤ ਮਹਿਕਮੇ ਦੁਆਰਾ ਕੁਝ ਕੁ ਚੈਕਿੰਗ ਕਰਕੇ ਖਾਨਾਪੂਰਤੀ ਕੀਤੀ ਜਾਂਦੀ ਹੈ। ਸਖ਼ਤ ਕਾਰਵਾਈ ਨਾ ਹੋਣ ਕਾਰਨ ਇਹ ਪਹਿਲਾਂ ਦੀ ਤਰ੍ਹਾਂ ਜਾਰੀ ਰਹਿੰਦੀ ਹੈ। ਸੋ, ਲੋੜ ਹੈ ਸਰਕਾਰਾਂ ਅਤੇ ਸਬੰਧਤ ਵਿਭਾਗ ਨੂੰ ਮਿਲਾਵਟਖੋਰੀ ਰੋਕਣ ਲਈ ਠੋਸ ਤੇ ਸਖ਼ਤ ਕਦਮ ਚੁੱਕਣ ਦੀ।

-ਮੁਹੰਮਦ ਇਕਬਾਲ ਪਾਲੀ
ਪਿੰਡ ਫਲੌਂਡ ਕਲਾਂ (ਸੰਗਰੂਰ)।

ਪ੍ਰਾਸਪੈਕਟਸ ਫੀਸ ਵਿਚ ਵਾਧਾ
ਨਿੱਜੀਕਰਨ ਦੇ ਦੌਰ ਵਿਚ ਜਿੱਥੇ ਸਿੱਖਿਆ ਦਾ ਵਪਾਰੀਕਰਨ ਹੋਣ ਕਰਕੇ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ, ਉਥੇ ਕਿਸੇ ਕਾਲਜ, ਯੂਨੀਵਰਸਿਟੀ ਵਿਚ ਦਾਖਲੇ ਲਈ ਪਹਿਲਾ ਕਦਮ ਪ੍ਰਾਸਪੈਕਟਸ ਦੀਆਂ ਕੀਮਤਾਂ ਅਮਰਵੇਲ ਵਾਂਗ ਵਧ ਰਹੀਆਂ ਹਨ। ਪ੍ਰਾਸਪੈਕਟਸ ਦੇ ਵਧੇ ਹੋਏ ਰੇਟਾਂ ਕਰਕੇ ਵਿਦਿਆਰਥੀ ਫਾਰਮ ਹੀ ਨਹੀਂ ਭਰਦੇ। ਉਦਾਹਰਨ ਵਜੋਂ 2014-2015 ਵਿਦਿਅਕ ਵਰ੍ਹੇ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਾਸਪੈਕਟਸ ਅਤੇ ਡਰਾਫਟ ਫੀਸ 3750 ਰੁਪਏ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ 3950 ਰੁਪਏ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫਰੀਦਕੋਟ ਵੱਲੋਂ 45 ਸੌ ਰੁਪਏ ਫੀਸ ਰੱਖੀ ਗਈ। ਵਿਦਿਅਕ ਵਰ੍ਹੇ 2011-12 ਵਿਚ ਇਨਾ੍ਹਂ ਯੂਨੀਵਰਸਿਟੀਆਂ ਦੀ ਪ੍ਰਾਸਪੈਕਟਸ ਫੀਸ ਕਰੀਬ 18 ਸੌ ਰੁਪਏ ਸੀ, ਜਿਸ ਵਿਚ ਥੋੜ੍ਹੇ ਸਮੇਂ ਵਿਚ ਹੀ ਦੋ ਗੁਣੇ ਤੋਂ ਵੀ ਜ਼ਿਆਦਾ ਵਾਧਾ ਹੋ ਗਿਆ ਹੈ। ਇਸ ਲਈ ਪ੍ਰਾਸਪੈਕਟਸ ਫੀਸ ਵਿਚ ਹਰ ਸਾਲ ਵਾਧਾ ਗ਼ੈਰ-ਵਾਜਿਬ ਹੈ ਅਤੇ ਵਿਦਿਆਰਥੀਆਂ ਨਾਲ ਸਰਾਸਰ ਅਨਿਆਂ ਹੈ। ਸਰਕਾਰਾਂ ਨੂੰ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਖ਼ਤ ਕਦਮ ਉਠਾਉਣੇ ਚਾਹੀਦੇ ਹਨ। ਯੂਨੀਵਰਸਿਟੀਆਂ ਕਾਲਜਾਂ ਨੂੰ ਵਾਜਿਬ ਫੀਸ ਰੱਖਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਵਿਦਿਆਰਥੀ ਫਾਰਮ ਭਰਨ ਤੋਂ ਵਿਰਵਾ ਨਾ ਰਹੇ। ਸਮਾਜ ਸੇਵੀ ਸੰਸਥਾਵਾਂ, ਵਿਦਿਆਰਥੀ ਜਥੇਬੰਦੀਆਂ ਨੂੰ ਵੀ ਪ੍ਰਾਸਪੈਕਟਸ ਫੀਸ ਵਿਚ ਹਰ ਸਾਲ ਹੁੰਦੇ ਵਾਧੇ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

-ਸਰਬਮੀਤ ਸਿੰਘ
ਪਿੰਡ ਵੜਿੰਗ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

2-7-2014

 ਭ੍ਰਿਸ਼ਟਾਚਾਰ ਦਾ ਕੱਦ
ਵੋਟਾਂ ਦੇ ਦਿਨਾਂ ਵਿਚ ਜਨਤਾ ਨਾਲ ਵਾਅਦੇ ਤਾਂ ਹਰ ਪਾਰਟੀ ਦੇ ਨੇਤਾ ਕਰਦੇ ਹਨ ਕਿ ਸਾਡੀ ਪਾਰਟੀ ਬਹੁਤ ਵਧੀਆ ਪਾਰਟੀ ਹੈ। ਸਾਡੀ ਸਰਕਾਰ ਚੁਣੋ, ਸਭ ਤੋਂ ਪਹਿਲਾਂ ਅਸੀਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਂਗੇ। ਪਰ ਜਿੱਤ ਹੋਣ ਤੋਂ ਬਾਅਦ ਅਖ਼ਬਾਰਾਂ ਵਿਚ ਵੀ ਕਿਤੇ ਬਿਆਨ ਨਹੀਂ ਛਪਦਾ ਕਿ ਸਰਕਾਰ ਨੇ ਏਨੇ ਭ੍ਰਿਸ਼ਟਾਚਾਰੀਆਂ ਨੂੰ ਆਪਣੇ ਵਾਅਦੇ ਮੁਤਾਬਿਕ ਗ੍ਰਿਫ਼ਤਾਰ ਕਰ ਲਿਆ ਹੈ। ਭ੍ਰਿਸ਼ਟਾਚਾਰ ਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੀ ਕੀਤੀ ਹੈ ਭਾਵ ਇਸ ਦਾ ਕੱਦ ਵਧਿਆ ਹੀ ਹੈ। ਅੱਜ ਭ੍ਰਿਸ਼ਟਾਚਾਰ ਪੂਰੇ ਜੋਬਨ 'ਤੇ ਹੈ। ਸਰਕਾਰੀ ਦਫ਼ਤਰਾਂ ਵਿਚ ਚਪੜਾਸੀ ਤੋਂ ਲੈ ਕੇ ਵੱਡੇ ਪੱਧਰ ਦੇ ਕਰਮਚਾਰੀਆਂ ਤੱਕ ਰਿਸ਼ਵਤ ਲਏ ਬਿਨਾਂ ਜਨਤਾ ਦਾ ਕੋਈ ਕੰਮ ਨਹੀਂ ਕੀਤਾ ਜਾਂਦਾ। ਆਮ ਜਨਤਾ ਨੂੰ ਹੇਠਲੇ ਪੱਧਰ ਦੇ ਕਰਮਚਾਰੀਆਂ ਪਾਸੋਂ ਕੰਮ ਜ਼ਿਆਦਾ ਕਰਵਾਉਣ ਦੀ ਲੋੜ ਪੈਂਦੀ ਹੈ, ਬੱਸ ਇਥੋਂ ਹੀ ਭ੍ਰਿਸ਼ਟਾਚਾਰ ਸ਼ੁਰੂ ਹੁੰਦਾ ਹੈ। ਇਸ ਵਿਚ ਰਿਸ਼ਵਤ ਦੇਣ ਅਤੇ ਰਿਸ਼ਵਤ ਲੈਣ ਵਾਲਾ ਦੋਵੇਂ ਹੀ ਅਪਰਾਧੀ ਹਨ ਪਰ ਇਥੇ ਸਭ ਕੁਝ ਚੱਲ ਰਿਹਾ ਹੈ। ਦੇਸ਼ ਦੇ ਵਿਕਾਸ ਲਈ ਭ੍ਰਿਸ਼ਟਾਚਾਰ ਨੂੰ ਰੋਕਣਾ ਬਹੁਤ ਜ਼ਰੂਰੀ ਹੈ।

-ਸੁਖਵਿੰਦਰ ਕਲੇਰ ਬੱਸੀਆਂ
ਪਿੰਡ ਤੇ ਡਾਕ ਬੱਸੀਆਂ, ਜ਼ਿਲ੍ਹਾ ਲੁਧਿਆਣਾ।

1-7-2014

 ਭਾਰਤੀ ਹਾਕੀ ਦਾ ਪ੍ਰਦਰਸ਼ਨ
ਹਾਲੈਂਡ ਦੇ ਸ਼ਹਿਰ ਹੇਗ ਵਿਚ ਹਾਲ ਹੀ 'ਚ ਖ਼ਤਮ ਹੋਇਆ ਹਾਕੀ ਵਿਸ਼ਵ ਕੱਪ ਭਾਰਤੀ ਹਾਕੀ ਲਈ ਕੋਈ ਬਹੁਤਾ ਵਧੀਆ ਨਹੀਂ ਰਿਹਾ। ਇਕ ਵਾਰ ਫਿਰ ਭਾਰਤੀ ਹਾਕੀ ਜਿੱਤ ਲਈ ਤਰਸਦੀ ਨਜ਼ਰ ਆਈ। ਭਲਾ ਹੋਵੇ ਭਾਰਤੀ ਗੋਲ ਕੀਪਰ ਕੇਰਲ ਵਾਸੀ ਸ੍ਰੀ ਜੇਸ ਦਾ, ਜਿਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤੀ ਹਾਕੀ ਨੂੰ ਵੱਡੀਆਂ ਹਾਰਾਂ ਤੋਂ ਬਚਾ ਦਿੱਤਾ। ਆਖਿਰ ਭਾਰਤੀ ਹਾਕੀ ਕਦੋਂ ਦੁਹਰਾਏਗੀ 1975 ਦੇ ਹਾਕੀ ਵਿਸ਼ਵ ਕੱਪ ਦਾ ਇਤਿਹਾਸ, ਮੇਜਰ ਧਿਆਨ ਚੰਦ ਹੁਰਾਂ ਦੀਆਂ ਹਾਕੀ ਜਗਤ 'ਚ ਕੀਤੀਆਂ ਪੈੜਾਂ ਨੂੰ, ਕਦੋਂ ਫੜਾਂਗੇ ਆਸਟਰੇਲੀਆ, ਅਰਜਨਟਾਈਨਾ, ਹਾਲੈਂਡ ਵਰਗੀਆਂ ਹਾਕੀ ਦੀਆਂ ਤੋਪਾਂ ਨੂੰ। ਭਾਰਤੀ ਹਾਕੀ ਖਿਡਾਰੀਆਂ ਨੂੰ ਲੋੜ ਹੈ, ਜਿਸਮਾਨੀ ਤੌਰ 'ਤੇ ਤਕੜੇ ਹੋਣ ਦੀ, ਤੇਜ਼ ਰਫ਼ਤਾਰ ਪੈਨਲਟੀ ਕਾਰਨਰ ਵਿਚ ਮੁਹਾਰਤ, ਰੱਖਿਆਤਮਕ ਪੰਕਤੀ 'ਚ ਜਾਨ। ਚਲੋ ਵਿਸ਼ਵ ਕੱਪ 'ਚ ਹੋਈਆਂ ਗ਼ਲਤੀਆਂ ਤੋਂ ਸਾਡੀ ਹਾਕੀ ਨੂੰ ਸਬਕ ਸਿੱਖਣ ਦੀ ਲੋੜ ਹੈ ਤਾਂ ਕਿ ਆ ਰਹੀਆਂ 'ਬਰਾਜ਼ੀਲ ਓਲੰਪਿਕ-16' 'ਚ ਭਾਰਤੀ ਹਾਕੀ ਦਾ ਪ੍ਰਦਰਸ਼ਨ ਸ਼ਾਨਾਮੱਤਾ ਹੋਵੇ। ਅਗਲਾ ਹਾਕੀ ਵਿਸ਼ਵ ਕੱਪ ਵੀ ਭਾਰਤੀ ਸਰਜ਼ਮੀਂ 'ਤੇ ਨਵੀਂ ਦਿੱਲੀ ਵਿਚ 2018 'ਚ ਹੋ ਰਿਹਾ ਹੈ, ਜਿਸ ਦੇ ਲਈ ਭਾਰਤੀ ਹਾਕੀ ਨੂੰ ਕੜੀ ਅਗਨ ਪ੍ਰੀਖਿਆ 'ਚ ਦੀ ਲੰਘਣਾ ਹੋਵੇਗਾ।

-ਜਸਬੀਰ 'ਦੱਧਾਹੂਰ'
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਕਿਸਾਨੀ ਖ਼ੁਦਕੁਸ਼ੀਆਂ
ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਪੰਜਾਬ ਦਾ ਕਿਸਾਨ ਅੱਜ ਖ਼ੁਦਕੁਸ਼ੀਆਂ ਦੇ ਰਾਹ ਹੋ ਤੁਰਿਆ ਹੈ। ਲਗਭਗ ਰੋਜ਼ਾਨਾ ਹੀ ਅਸੀਂ ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ 'ਤੇ ਕਰਜ਼ੇ ਤੇ ਗ਼ਰੀਬੀ ਹੱਥੋਂ ਤੰਗ ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੀਆਂ ਖ਼ਬਰਾਂ ਪੜ੍ਹਦੇ-ਸੁਣਦੇ ਹਾਂ। ਬਹੁਤ ਵੱਡਾ ਦੁਖਾਂਤ ਹੈ ਕਿ ਪੂਰੇ ਦੇਸ਼ ਦਾ ਪੇਟ ਪਾਲਣ ਵਾਲਾ ਕਿਸਾਨ ਰਾਤ-ਦਿਨ ਸਖ਼ਤ ਮਿਹਨਤ ਕਰਦਾ ਅੱਤ ਦੀ ਗਰਮੀ ਅਤੇ ਸਰਦੀ ਪਿੰਡੇ 'ਤੇ ਹੰਢਾਅ ਕੇ ਵੀ ਸੁਖੀ ਜੀਵਨ ਬਤੀਤ ਨਹੀਂ ਕਰਦਾ, ਸਗੋਂ ਆਰਥਿਕ ਮੰਦਹਾਲੀ ਦਾ ਬੋਝ ਆਪਣੇ ਮੋਢੇ 'ਤੇ ਢੋਂਦਾ ਰਹਿੰਦਾ ਹੈ। ਸਰਕਾਰ ਨੂੰ ਕਿਸਾਨ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਮੰਡੀਕਰਨ ਅਤੇ ਕੁਦਰਤੀ ਕਰੋਪੀਆਂ ਸਮੇਂ ਫਸਲੀ ਬੀਮਾ ਯੋਜਨਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਰਾਜ ਦੀ ਸਰਕਾਰ ਹਰ ਹਾਲਤ ਵਿਚ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਦੀ ਫਸਲ ਦੇ ਮੰਡੀਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਵੇ ਤਾਂ ਜੋ ਖੇਤੀ ਦਾ ਕਿੱਤਾ ਲਾਹੇਵੰਦ ਹੋ ਕੇ ਕਿਸਾਨ ਨੂੰ ਖੁਸ਼ਹਾਲੀ ਦੇਵੇ ਅਤੇ ਨੌਜਵਾਨ ਪੀੜ੍ਹੀ ਵੀ ਖੇਤੀ ਨਾਲ ਜੁੜ ਕੇ ਵਿਦੇਸ਼ਾਂ ਦੀ ਖੱਜਲ-ਖੁਆਰੀ ਤੋਂ ਬਚ ਸਕੇ ਅਤੇ ਨਾਲ ਹੀ ਨਸ਼ੇ ਦੀ ਲਾਹਨਤ ਤੋਂ ਵੀ ਛੁਟਕਾਰਾ ਮਿਲੇ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਜ਼ਿਲ੍ਹਾ ਗੁਰਦਾਸਪੁਰ।

ਜਾਗਰੂਕ ਕਰਨ ਦੀ ਲੋੜ
ਅੱਜ ਪੰਜਾਬ ਦੇ ਲਗਭਗ ਹਰ ਪਿੰਡ ਵਿਚ ਕੈਂਸਰ ਕਾਲ ਬਣ ਕੇ ਫੈਲ ਗਿਆ ਹੈ। ਇਹ ਨਾਮੁਰਾਦ ਬਿਮਾਰੀ ਬੱਚੇ ਤੋਂ ਬਜ਼ੁਰਗ ਤੱਕ ਹਰ ਉਮਰ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਪਿੰਡਾਂ ਵਿਚ ਵਸਦੇ ਆਮ ਲੋਕਾਂ ਨੂੰ ਇਸ ਬਿਮਾਰੀ ਦਾ ਪਤਾ, ਉਸ ਵੇਲੇ ਲਗਦਾ ਹੈ ਜਦੋਂ ਇਹ ਬਿਮਾਰੀ ਆਪਣੇ ਅੰਤਿਮ ਚਰਨ 'ਤੇ ਪਹੁੰਚ ਜਾਂਦੀ ਹੈ, ਜਿਸ ਦਾ ਨਤੀਜਾ ਕੇਵਲ ਮੌਤ ਹੀ ਰਹਿ ਜਾਂਦਾ ਹੈ। ਜਿਥੇ ਕੈਂਸਰ ਰੋਗੀਆਂ ਲਈ ਸਰਕਾਰ ਵੱਲੋਂ ਵੱਖ-ਵੱਖ ਸਹੂਲਤਾਂ ਦਾ ਪ੍ਰਬੰਧ ਕਰਵਾਇਆ ਹੈ, ਉਥੇ ਇਸ ਬਿਮਾਰੀ ਤੋਂ ਬਚਣ ਲਈ ਪਿੰਡਾਂ ਵਿਚ ਵਸਦੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਲੋੜ ਹੈ। ਇਸ ਕੰਮ ਲਈ ਪਿੰਡਾਂ ਦੇ ਸਿਹਤ ਕੇਂਦਰਾਂ (ਡਿਸਪੈਂਸਰੀਆਂ) ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਸਕਦੀ ਹੈ, ਜਿਸ ਵਿਚ ਕੈਂਸਰ ਦੀ ਰੋਕਥਾਮ ਸਬੰਧੀ, ਉਸ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਤੋਂ ਜਾਣੂ ਕਰਵਾਇਆ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਇਸ ਬਿਮਾਰੀ ਤੋਂ ਬਚਾਅ ਸਬੰਧੀ ਫਰੀ ਚੈੱਕਅਪ ਕੈਂਪਾਂ ਦਾ ਪ੍ਰਬੰਧ ਵੀ ਪਿੰਡ ਪੱਧਰ 'ਤੇ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

-ਆਰ. ਪੀ. ਸਿੰਘ ਪਰਮਾਰ
ਪਿੰਡ ਤਲਵੰਡੀ ਰਾਏ, ਤਹਿ: ਰਾਏਕੋਟ, ਲੁਧਿਆਣਾ।

ਹਾਂ-ਪੱਖੀ ਸੋਚ
ਹਾਂ-ਪੱਖੀ ਸੋਚ ਅਤੇ ਮਿਹਨਤੀ ਵਿਅਕਤੀ ਨੂੰ ਇਕ ਨਾ ਇਕ ਦਿਨ ਸਫਲਤਾ ਜ਼ਰੂਰ ਨਸੀਬ ਹੁੰਦੀ ਹੈ। ਜ਼ਿੰਦਗੀ ਵਿਚ ਹਰ ਕਿਸੇ ਨੂੰ ਸੰਘਰਸ਼ ਤਾਂ ਕਰਨਾ ਹੀ ਪੈਂਦਾ ਹੈ। ਇਕ ਲੋਕ ਕਹਾਵਤ ਅਨੁਸਾਰ 'ਜ਼ਿੰਦਗੀ ਜਿਊਣ ਲਈ ਮਰਨ ਨਾਲੋਂ ਵਧੇਰੇ ਹੌਸਲੇ ਦੀ ਲੋੜ ਹੁੰਦੀ ਹੈ।'
ਸਮੱਸਿਆਵਾਂ ਸਾਰਿਆਂ ਕੋਲ ਹਨ, ਆਪਣੀ ਹਿੰਮਤ ਸਦਕਾ ਇਨ੍ਹਾਂ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ। ਕੁਦਰਤ ਕਦੇ ਵੀ ਕਿਸੇ ਵਿਅਕਤੀ ਲਈ ਸਾਰੇ ਦਰਵਾਜ਼ੇ ਬੰਦ ਨਹੀਂ ਕਰਦੀ, ਇਸ ਲਈ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਰੀਆਂ ਮਾੜੀਆਂ ਘਟਨਾਵਾਂ ਮੇਰੇ ਨਾਲ ਹੀ ਕਿਉਂ ਵਾਪਰਦੀਆਂ ਹਨ? ਜੋ ਕੁਝ ਵੀ ਤੁਹਾਡੇ ਨਾਲ ਅੱਜ ਹੋ ਰਿਹਾ ਹੈ, ਇਸ ਤੋਂ ਪਹਿਲਾਂ ਲੱਖਾਂ-ਕਰੋੜਾਂ ਲੋਕਾਂ ਨਾਲ ਵੀ ਅਜਿਹਾ ਹੋ ਚੁੱਕਾ ਹੈ ਕਿ ਉਹ ਸਭ ਆਤਮ-ਹੱਤਿਆ ਕਰ ਗਏ ਸਨ? ਇਸ ਲਈ ਆਓ, ਜ਼ਿੰਦਗੀ ਵਿਚ ਆਪਣੀ ਸਮਰੱਥਾ ਸ਼ਕਤੀ ਨੂੰ ਪਛਾਣੀਏ, ਦ੍ਰਿੜ੍ਹਤਾ ਨਾਲ ਸੰਘਰਸ਼ ਕਰਦੇ ਹੋਏ ਇਸ ਨੂੰ ਚੰਗੇ ਢੰਗ ਨਾਲ ਜਿਊਣ ਦੀ ਭਰਪੂਰ ਕੋਸ਼ਿਸ਼ ਕਰੀਏ।

-ਬਿਕਰਮਜੀਤ ਗੋਬਿੰਦਪੁਰ
ਵਾਸੀ ਭਾਦਸੋਂ (ਪਟਿਆਲਾ)।

27-6-2014

 ਬੱਸ ਕਿਰਾਇਆ
ਪੰਜਾਬ ਸਰਕਾਰ ਨੇ 8 ਪੈਸੇ ਪ੍ਰਤੀ ਕਿਲੋਮੀਟਰ ਬੱਸ ਕਿਰਾਏ ਵਿਚ ਵਾਧਾ ਕਰਕੇ ਚੋਣਾਂ ਪਿੱਛੋਂ ਇਹ ਰਾਜ ਦੇ ਲੋਕਾਂ ਨੂੰ ਪਹਿਲਾ ਤੋਹਫ਼ਾ ਦਿੱਤਾ ਹੈ। ਪੰਜਾਬ ਵਿਚ ਬੱਸ ਕਿਰਾਇਆ ਪਹਿਲਾਂ ਹੀ ਬਾਕੀ ਪ੍ਰਾਂਤਾਂ ਤੋਂ ਵੱਧ ਹੈ ਅਤੇ ਇਸ ਵਾਧੇ ਨਾਲ ਰਾਜ ਦੇ ਲੋਕਾਂ 'ਤੇ ਹੋਰ ਵਾਧੂ ਬੋਝ ਪੈ ਜਾਏਗਾ। ਸਰਕਾਰ ਨੇ ਇਹ ਫ਼ੈਸਲਾ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਮੁਨਾਫ਼ਾ ਦੇਣ ਲਈ ਕੀਤਾ ਹੈ। ਸਿਤਮ ਦੀ ਗੱਲ ਇਹ ਹੈ ਕਿ ਸੂਬਾ ਪਹਿਲਾਂ ਹੀ ਵੱਧ ਟੈਕਸ ਅਤੇ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਇਸ ਦਾ ਸਿੱਧਾ ਅਸਰ ਗ਼ਰੀਬ ਤੇ ਪਛੜੇ ਵਰਗ 'ਤੇ ਪਵੇਗਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵਾਧੇ ਦਾ ਵਿਰੋਧ ਕਿਸੇ ਪਾਰਟੀ ਨੇ ਵੀ ਨਹੀਂ ਕੀਤਾ। ਗ਼ਰੀਬ ਤੇ ਪਛੜੇ ਵਰਗ ਦੀ ਹਿਤੈਸ਼ੀ ਕਹਾਉਣ ਵਾਲੀ ਕਾਂਗਰਸ ਪਾਰਟੀ ਨੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਧਰਨੇ, ਮੁਜ਼ਾਹਰੇ ਤਾਂ ਇਕ ਪਾਸੇ ਕੋਈ ਅਖ਼ਬਾਰੀ ਬਿਆਨ ਵੀ ਨਹੀਂ ਦਿੱਤਾ। ਸਿਰਫ ਸੀ.ਪੀ.ਐਮ. ਪਾਰਟੀ ਨੂੰ ਛੱਡ ਕੇ ਹੋਰ ਕਿਸੇ ਪਾਰਟੀ ਨੇ ਬੱਸ ਕਿਰਾਏ ਵਿਰੁੱਧ ਬਿਆਨ ਦੇਣਾ ਆਪਣਾ ਫਰਜ਼ ਤੱਕ ਨਹੀਂ ਸਮਝਿਆ।

-ਗੁਰਮੇਲ ਸਿੰਘ ਗਿੱਲ
ਪਿੰਡ ਗੇਹਲੜਾਂ, ਜਲੰਧਰ।

ਨਹਿਰਾਂ, ਸੂਇਆਂ ਦੀ ਸਫ਼ਾਈ
ਪੰਜਾਬ ਵਿਚ ਬਰਸਾਤਾਂ ਦੇ ਦਿਨਾਂ ਵਿਚ ਨਹਿਰਾਂ, ਰਜਬਾਹਿਆਂ, ਸੇਮ ਨਾਲਿਆਂ ਦੀ ਸਫ਼ਾਈ ਯਾਦ ਆਉਂਦੀ ਹੈ, ਜਦੋਂ ਬਰਸਾਤਾਂ ਦਾ ਪਾਣੀ ਸਫ਼ਾਈ ਬਿਨਾਂ ਨਹਿਰਾਂ, ਰਜਬਾਹਿਆਂ ਦੇ ਕਿਨਾਰੇ ਤੋੜ ਕੇ ਫ਼ਸਲਾਂ ਦਾ ਨੁਕਸਾਨ ਕਰਦਾ ਹੈ। ਪੰਜਾਬ ਵਿਚ ਨਹਿਰਾਂ ਜ਼ਮੀਨ ਦੇ ਵੱਡੇ ਹਿੱਸੇ ਨੂੰ ਸਿੰਜਦੀਆਂ ਹਨ। ਇਸ ਲਈ ਨਹਿਰਾਂ, ਸੂਇਆਂ ਦਾ ਤੰਦਰੁਸਤ ਹੋਣਾ ਅਤਿ ਜ਼ਰੂਰੀ ਹੈ। ਬਰਸਾਤਾਂ ਤੋਂ ਪਹਿਲਾਂ ਨਹਿਰਾਂ, ਸੂਇਆਂ ਦੀਆਂ ਪਟੜੀਆਂ ਦੀ ਮਜ਼ਬੂਤੀ ਦੀ ਜ਼ਰੂਰਤ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨਹਿਰਾਂ ਵਿਚ ਲੋਕਾਂ ਦੇ ਤੈਰਨ ਅਤੇ ਇਨ੍ਹਾਂ ਵਿਚ ਪਸ਼ੂ ਵਗੈਰਾ ਨਹਾਉਣ 'ਤੇ ਵੀ ਪਾਬੰਦੀ ਚਾਹੀਦੀ ਹੈ, ਕਿਉਂਕਿ ਜ਼ਿਆਦਾਤਰ ਪਸ਼ੂ ਹੀ ਇਨ੍ਹਾਂ ਦੇ ਕਿਨਾਰੇ ਤੋੜਦੇ ਹਨ ਜਾਂ ਕਿਨਾਰੇ ਖੁਰ ਕੇ ਬਿਲਕੁਲ ਛੋਟੇ ਹੋ ਜਾਂਦੇ ਹਨ। ਬਰਸਾਤਾਂ ਤੋਂ ਪਹਿਲਾਂ ਨਹਿਰਾਂ, ਸੂਇਆਂ ਦੀ ਸਾਫ਼-ਸਫ਼ਾਈ ਲਈ ਸਾਰਥਿਕ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਨਹਿਰਾਂ ਟੁੱਟ ਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਕਰਨ। ਸੇਮ ਨਾਲਿਆਂ ਦਾ ਪਾਣੀ ਬਰਸਾਤਾਂ ਦੇ ਦਿਨਾਂ ਵਿਚ ਪਿੰਡਾਂ ਵਿਚ ਵੜਨੋਂ ਰੋਕਿਆ ਜਾ ਸਕੇ। ਨਰੇਗਾ ਕਾਮਿਆਂ ਨੂੰ ਲਗਾ ਕੇ ਸੇਮ ਨਾਲਿਆਂ ਦੀ ਸਫ਼ਾਈ ਬਰਸਾਤਾਂ ਤੋਂ ਪਹਿਲਾਂ ਕਰਵਾਈ ਜਾਵੇ ਤਾਂ ਵੀ ਹੜ੍ਹਾਂ ਵਰਗੀ ਸਥਿਤੀ ਤੋਂ ਬਚਿਆ ਜਾ ਸਕਦਾ ਹੈ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

25-6-2014

 ਦਰਿੰਦਗੀ ਦੀ ਹੱਦ
ਅਬਲਾ 'ਤੇ ਹੋ ਰਹੇ ਜ਼ੁਲਮ ਅਜੇ ਬੰਦ ਨਹੀਂ ਹੋਏ, ਭਾਵੇਂ ਅਸੀਂ 21ਵੀਂ ਸਦੀ ਵਿਚ ਪਹੁੰਚ ਚੁੱਕੇ ਹਾਂ। ਜਬਰ ਜਨਾਹ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਬਣਦੀ ਹੈ। ਮਨੁੱਖ ਦੀ ਜਮੀਰ ਏਨੀ ਹੱਦ ਤੱਕ ਗਿਰ ਗਈ ਹੈ ਕਿ ਉਹ ਮਾਸੂਮੀਅਤ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾ ਮਾਨਵ ਬਿਰਤੀ ਤੋਂ ਹੈਵਾਨ ਹੋ ਜਾਂਦਾ ਹੈ, ਜਿਸ ਨੂੰ ਆਪਣੇ ਬੇਗਾਨੇ ਦੀ ਪਛਾਣ ਨਹੀਂ ਰਹਿੰਦੀ। ਦਰਿੰਦਗੀ ਦਾ ਅਜਿਹਾ ਨੰਗਾ ਨਾਚ 'ਚਿੱਟੇ' ਦਿਨ ਵਾਪਰਦਾ ਹੈ, ਪਰ ਸਾਡੇ ਲੋਕ 'ਚੱਲ ਹੋਊ' ਆਖ ਅਜਿਹੇ ਸੰਗੀਨ ਜੁਰਮਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਇਹੀ ਕਾਰਨ ਹੈ ਕਿ ਅਜਿਹੇ ਘਿਨਾਉਣੇ ਜੁਰਮ ਨਿੱਤ ਚੜ੍ਹਦੇ ਸੂਰਜ ਹੋ ਰਹੇ ਨੇ। ਪ੍ਰਸ਼ਾਸਨ ਨੂੰ ਅਜਿਹੇ ਦੋਸ਼ੀਆਂ ਖਿਲਾਫ਼ ਸਖ਼ਤ ਸ਼ਿਕੰਜਾ ਕਸਣ ਦੀ ਲੋੜ ਹੈ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ (ਲੁਧਿਆਣਾ)।

ਧੀਆਂ ਦੀ ਸਰਦਾਰੀ
ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ 12ਵੀਂ, 10ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਵਿਚੋਂ ਲੜਕੀਆਂ ਨੇ ਬਾਜ਼ੀ ਮਾਰੀ ਹੈ। ਆਪਣੇ ਮਾਂ-ਬਾਪ ਤੇ ਅਧਿਆਪਕਾਂ ਦਾ ਸਿਰ ਉੱਚਾ ਕੀਤਾ ਹੈ। ਇਹ ਅਜੋਕੇ ਸਮਾਜ ਲਈ ਵੀ ਵਧੀਆ ਉਦਾਹਰਨ ਹੈ, ਜੋ ਧੀਆਂ ਨੂੰ ਅੱਗੇ ਵਧਣ ਤੋਂ ਰੋਕਦਾ ਹੈ। ਪਰ ਅੱਜ ਉਹ ਮਾਪੇ ਵੀ ਸੋਚਣ ਕਿ ਉਨ੍ਹਾਂ ਦੀਆਂ ਬੇਟੀਆਂ ਵੀ ਕਿਸੇ ਗੱਲੋਂ ਘੱਟ ਨਹੀਂ। ਲੋੜ ਹੈ ਉਨ੍ਹਾਂ ਨੂੰ ਤਰਾਸ਼ਣ ਦੀ। ਹਰ ਕੰਮ ਲਈ ਹੌਸਲਾ ਬੜਾ ਜ਼ਰੂਰੀ ਹੈ। ਕਦੇ ਵੀ ਲੜਕੀਆਂ ਦਾ ਮਨੋਬਲ ਡੇਗਣਾ ਨਹੀਂ ਚਾਹੀਦਾ। ਪੜ੍ਹਾਈ ਦੇ ਨਾਲ ਖੇਡਾਂ, ਸਮੇਂ-ਸਮੇਂ ਹੁੰਦੇ ਟੈਸਟਾਂ ਵਿਚ ਭਾਗ ਲੈਣ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਸਮਾਜ ਨੂੰ ਚਾਹੀਦਾ ਹੈ ਕਿ ਹਰ ਧੀ ਦੀ ਕੰਧ ਬਣੇ ਤਾਂ ਜੋ ਇਸ ਨਾਲ ਪਿੰਡ, ਸ਼ਹਿਰ ਤੇ ਕਸਬੇ ਦਾ ਨਾਂਅ ਉੱਚਾ ਹੋਵੇਗਾ, ਜੇ ਉਨ੍ਹਾਂ ਦੀ ਧੀ ਕਿਸੇ ਚੰਗੀ ਪੁਜ਼ੀਸ਼ਨ 'ਤੇ ਆਏਗੀ। ਸੋ, ਆਓ ਧੀਆਂ ਨੂੰ ਪੜ੍ਹਾਈਏ ਤੇ ਹਰ ਕੰਮ ਵਿਚ ਉਨ੍ਹਾਂ ਦੀ ਅੱਗੇ ਹੋ ਕੇ ਮਦਦ ਕਰੀਏ।

-ਜਸਦੀਪ ਸਿੰਘ ਖੰਨਾ
ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ।

ਫ਼ਿਰਕਾਪ੍ਰਸਤੀ ਦਾ ਨਾਗ
ਫ਼ਿਰਕਾਪ੍ਰਸਤੀ ਦਾ ਜ਼ਹਿਰੀਲਾ ਨਾਗ ਮਨੁੱਖਤਾ ਦਾ ਵੱਡਾ ਦੁਸ਼ਮਣ ਹੈ। ਦੁਨੀਆ ਦੇ ਕਿਸੇ ਨਾ ਕਿਸੇ ਕੋਨੇ ਵਿਚ ਇਹ ਆਪਣਾ ਵਿਕਰਾਲ ਰੂਪ ਅਕਸਰ ਹੀ ਦਿਖਾਉਂਦਾ ਰਹਿੰਦਾ ਹੈ। ਅਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਉੱਪਰ ਇਸ ਦੀ ਮਾਰ ਜ਼ਿਆਦਾ ਪੈ ਰਹੀ ਹੈ। ਸਾਡਾ ਦੇਸ਼ ਵੀ ਇਸ ਦੀ ਕੁਲਹਿਣੀ ਮਾਰ ਤੋਂ ਨਹੀਂ ਬਚਿਆ। ਫ਼ਿਰਕੂ ਅਨਸਰ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਜਾਂ ਸ਼ਹਿਰ 'ਚ ਆਪਣਾ ਗ਼ੈਰ-ਮਾਨਵੀ ਚਿਹਰਾ ਦਿਖਾ ਕੇ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਰਹਿੰਦੇ ਹਨ। ਵਿਗਿਆਨ ਅਤੇ ਤਕਨਾਲੋਜੀ ਦੀ ਇਸ 21ਵੀਂ ਸਦੀ ਵਿਚ ਅਜਿਹਾ ਵਰਤਾਰਾ ਅਸੱਭਿਅਕ ਸਮਾਜ ਦੀ ਨਿਸ਼ਾਨੀ ਹੈ। ਅੱਜ ਲੋੜ ਹੈ ਕਿ ਸਾਰੇ ਧਰਮਾਂ ਦੇ ਪ੍ਰਮੁੱਖ ਸਾਂਝੇ ਤੌਰ 'ਤੇ ਹਰ ਫ਼ਿਰਕੇ ਦੇ ਲੋਕਾਂ ਨੂੰ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸਬਕ ਪੜ੍ਹਾਉਣ। ਅਜਿਹਾ ਕਰਨ ਨਾਲ ਸਾਡੇ ਦੇਸ਼ ਅਤੇ ਸੂਬੇ ਦਾ ਭਵਿੱਖ ਰੌਸ਼ਨ ਹੋ ਸਕਦਾ ਹੈ। ਵਿਕਾਸ ਦੀਆਂ ਮੰਜ਼ਿਲਾਂ ਸਰ ਕਰਨ ਲਈ ਸਾਂਝੇ ਯਤਨਾਂ ਦੀ ਵੱਡੀ ਜ਼ਰੂਰਤ ਹੈ।

-ਮਹਿੰਦਰ ਸਿੰਘ ਢਿੱਲੋਂ
ਪ੍ਰਿੰ: ਦਸਮੇਸ਼ ਪਬਲਿਕ ਸੀ.ਸੈ. ਸਕੂਲ, ਬਿਲਾਸਪੁਰ (ਮੋਗਾ)।

ਕੇਂਦਰ ਸਰਕਾਰ ਬਨਾਮ ਪੰਜਾਬ
ਪਹਿਲਾਂ ਜਿਥੇ ਪੰਜਾਬ ਸਰਕਾਰ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਕੋਸਦੀ ਰਹਿੰਦੀ ਸੀ ਪਰ ਹੁਣ ਮੋਦੀ ਸਰਕਾਰ ਤੋਂ ਆਸ ਹੈ ਕਿ ਪੰਜਾਬ ਦਾ ਭਲਾ ਹੋਵੇਗਾ। ਸੂਬੇ ਵਿਚ ਉਦਯੋਗ ਲੱਗਣਗੇ, ਗ਼ਰੀਬੀ, ਬੇਰੁਜ਼ਗਾਰੀ ਦੂਰ ਹੋਵੇਗੀ, ਰਾਜ ਨੂੰ ਵੱਧ ਅਧਿਕਾਰ, ਸੰਘੀ ਢਾਂਚਾ ਮਜ਼ਬੂਤ ਹੋਵੇਗਾ। ਬਾਰਡਰ ਤੋਂ ਨਸ਼ੇ ਦੀ ਸਮੱਗਲਿੰਗ ਰੁਕੇਗੀ। ਸੂਬੇ ਨੂੰ ਵਿਸ਼ੇਸ਼ ਆਰਥਿਕ ਪੈਕੇਜ ਮਿਲਣਗੇ। '84 ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ। ਕੇਂਦਰ ਵੱਲੋਂ ਪੰਜਾਬ ਨਾਲ ਕੋਈ ਧੱਕਾ ਅਤੇ ਭੇਦਭਾਵ ਨਹੀਂ ਹੋਵੇਗਾ।

-ਜਗਤਾਰ ਸਿੰਘ 'ਰੁਲਦੂਵਾਲਾ'
ਹੈਲਥ ਇੰਸਪੈਕਟਰ ਅਮਰਗੜ੍ਹ (ਸੰਗਰੂਰ)।

ਨਾਜਾਇਜ਼ 'ਡੈਪੂਟੇਸ਼ਨ'
ਸਿੱਖਿਆ ਤੰਤਰ ਦੀ ਇਕ ਕਮਜ਼ੋਰ ਕੜੀ ਨਾਜਾਇਜ਼ ਡੈਪੂਟੇਸ਼ਨਾਂ ਵਾਲੇ ਅਧਿਆਪਕਾਂ ਦੀ ਬਣਦੀ ਹੈ, ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਜਿਸ ਸਕੂਲ ਵਿਚੋਂ ਇਕ ਅਧਿਆਪਕ ਨੂੰ ਦੂਸਰੇ ਸਕੂਲ ਵਿਚ ਭੇਜਿਆ ਜਾਂਦਾ ਹੈ, ਉਥੇ ਉਹ ਵਿਸ਼ਾ ਕਿਸ ਨੇ ਪੜ੍ਹਾਇਆ? ਕੀ ਵਿਦਿਆਰਥੀ ਉਸ ਖਾਸ ਵਿਸ਼ੇ ਦੀ ਪੜ੍ਹਾਈ ਤੋਂ ਵਾਂਝੇ ਨਹੀਂ ਰਹੇ ਅਤੇ ਜਿਸ ਸਕੂਲ ਵਿਚ ਉਹ ਅਧਿਆਪਕ ਗਿਆ, ਕੀ ਉਥੇ ਉਸ ਵਿਸ਼ੇ ਦਾ ਅਧਿਆਪਕ ਪਹਿਲਾਂ ਹੀ ਮੌਜੂਦ ਨਹੀਂ ਸੀ? ਅਧਿਆਪਕ ਦਾ ਕੰਮ ਪੜ੍ਹਾਉਣਾ ਅਤੇ ਸਿਖਾਉਣਾ ਹੈ, ਜਿਸ ਵਾਸਤੇ ਉਸ ਨੂੰ ਉਸ ਦੀ ਬਣਦੀ ਅਸਾਮੀ 'ਤੇ ਲਾਇਆ ਗਿਆ ਹੈ ਪਰ ਇਹ ਕੀ ਉਸ ਨੂੰ ਦਫ਼ਤਰੀ ਬਾਬੂ ਬਣਾ ਦਿੱਤਾ ਜਾਵੇ, ਪੋਸਟ ਕੋਈ ਹੋਰ, ਕੰਮ ਕੋਈ ਹੋਰ ਕਰੇ? ਇਹ ਵੀ ਦੇਖਣ 'ਚ ਆਇਆ ਹੈ ਕਿ ਇਮਤਿਹਾਨਾਂ ਦੇ ਨਜ਼ਦੀਕ ਜਦ ਪੜ੍ਹਾਈ ਜ਼ੋਰਾਂ 'ਤੇ ਹੁੰਦੀ ਹੈ, ਕਈ ਅਧਿਆਪਕਾਂ ਨੂੰ ਉਸ ਸਮੇਂ ਡੈਪੂਟੇਸ਼ਨ 'ਤੇ ਭੇਜਿਆ ਗਿਆ ਅਤੇ ਪੋਸਟ ਵੀ ਕਿਸੇ ਹੋਰ 'ਤੇ। ਕੀ ਵਿਚਾਰੇ ਗ਼ਰੀਬ ਵਿਦਿਆਰਥੀ ਵਿੱਦਿਆ ਦੇ ਲਾਜ਼ਮੀ ਅਧਿਕਾਰ ਤੋਂ ਵਾਂਝੇ ਨਹੀਂ ਰਹੇ? ਸਰਕਾਰ ਇਸ ਵੱਲ ਜ਼ਰੂਰ ਧਿਆਨ ਦੇਵੇ।

-ਮਾ: ਵਰਿੰਦਰ ਕੁਮਾਰ ਮੁੱਦਕੀ
ਫਿਰੋਜ਼ਪੁਰ।

24-6-2014

 ਹੱਕ-ਹਲਾਲ
ਸਿਆਣੇ ਕਿਹਾ ਕਰਦੇ ਹਨ 'ਠੱਗੀ ਨਾਲ ਕਮਾਈ ਸਾਰੀ ਰੋਟੀ ਨਾਲੋਂ ਹੱਕ ਹਲਾਲ ਦੀ ਅੱਧੀ ਖਾਣੀ ਬਹੁਤ ਚੰਗੀ ਹੈ।' ਨੇਕ ਕਮਾਈ ਦਾ ਖਾਣਾ 'ਅੰਮ੍ਰਿਤ' ਦੇ ਬਰਾਬਰ ਹੈ। ਸਾਡੇ ਸੰਤਾਂ-ਮਹਾਂਪੁਰਸ਼ਾਂ ਦਾ ਵੀ ਇਹੀ ਉਪਦੇਸ਼ ਹੈ। ਬੇਈਮਾਨੀ ਦੀ ਕਮਾਈ ਸਾਨੂੰ ਅਨੇਕਾਂ ਦੁੱਖਾਂ ਕਲੇਸ਼ਾਂ ਝਗੜਿਆਂ ਵਿਚ ਪਾ ਛੱਡਦੀ ਹੈ। ਜਿਨ੍ਹਾਂ ਲੋਕਾਂ ਪਰਾਇਆ ਧਨ ਖਾਧਾ ਉਹ ਲੋਕੀਂ ਦੁਖੀ ਤੇ ਬੀਮਾਰ ਨਜ਼ਰ ਆਉਂਦੇ ਹਨ। ਵਧੀਆ ਇਨਸਾਨ ਕਦੇ ਬੇਈਮਾਨੀ ਦੀ ਕਮਾਈ 'ਤੇ ਥੁੱਕਦਾ ਵੀ ਨਹੀਂ, ਖਾਣੀ ਤਾਂ ਇਕ ਪਾਸੇ ਰਹੀ। ਮਾੜੀ ਕਮਾਈ ਦਾ ਵੱਡਾ ਨੁਕਸਾਨ ਸਾਡੇ ਬੱਚਿਆਂ 'ਤੇ ਪੈਂਦਾ ਹੈ। ਔਲਾਦ ਮਾੜੀ ਨਿਕਲ ਜਾਂਦੀ ਹੈ। ਉਹ ਬੱਚੇ ਮਾੜਾ ਖਾਣ ਕਰਕੇ ਮਾਤਾ-ਪਿਤਾ ਦੇ ਆਗਿਆਕਾਰੀ ਨਹੀਂ ਬਣਦੇ।

-ਤੇਜਪਾਲ ਚਾਹਲਪੁਰੀ
ਵਾਰਡ ਨੰ: 6, ਪਿੰਡ ਚਾਹਲਪੁਰ, ਡਾਕ: ਡਘਾਮ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

ਪਹਿਲਾਂ ਤੋਲੋ ਫਿਰ ਬੋਲੋ
ਬੋਲਚਾਲ ਉਦੋਂ ਵੱਧ ਪ੍ਰਭਾਵਸ਼ਾਲੀ ਅਤੇ ਅਸਰਦਾਰ ਸਿੱਧ ਹੁੰਦੀ ਹੈ, ਜਦੋਂ ਇਹ ਨਿਯਮਾਂ ਦੇ ਅਨੁਸਾਰ ਢਲੀ ਹੋਵੇ। ਪਰ ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਕਈ ਵਾਰ ਬੋਲਣਾ ਰਸਹੀਣਾ ਅਤੇ ਬੇਅਰਥ ਜਿਹਾ ਹੁੰਦਾ ਹੈ ਅਤੇ ਕਈ ਵਿਕਾਰਾਂ ਨੂੰ ਜਨਮ ਦਿੰਦਾ ਹੈ, ਜਦੋਂ ਕੋਈ ਵੀ ਗੱਲ ਬਿਨਾਂ ਤੋਲੇ ਅਤੇ ਬਿਨਾਂ ਸੋਚੇ ਕਹੀ ਜਾਂਦੀ ਹੈ। ਲਫ਼ਜ਼ਾਂ ਨੂੰ ਬਿਨਾਂ ਤੋਲੇ ਬੋਲਣ ਨਾਲ ਇਨਸਾਨ ਦੀ ਸ਼ਖ਼ਸੀਅਤ ਉਪਰ ਬੇਹੱਦ ਮਾੜਾ ਪ੍ਰਭਾਵ ਪੈਂਦਾ ਹੈ। ਫਿੱਕਾ ਅਤੇ ਬੇਲੋੜਾ ਬੋਲਣਾ ਵੀ ਕਿਸੇ ਦੀ ਸ਼ਖ਼ਸੀਅਤ ਨੂੰ ਹਲਕਾ ਬਣਾ ਦਿੰਦਾ ਹੈ। ਚੰਗਾ ਹੋਵੇ ਜੇਕਰ ਕੁਝ ਵੀ ਬੋਲਣ ਤੋਂ ਪਹਿਲਾਂ ਹਰ ਇਕ ਲਫ਼ਜ਼ ਨੂੰ ਚੰਗੀ ਤਰ੍ਹਾਂ ਤੋਲ ਲਿਆ ਜਾਵੇ। ਜੇ ਅਜਿਹਾ ਹੁੰਦਾ ਹੈ ਤਾਂ ਯਕੀਨਨ ਹਲਕੇ ਵਿਚਾਰ ਭਾਰੇ ਵਿਚਾਰਾਂ ਵਿਚ ਤਬਦੀਲ ਹੋ ਜਾਣਗੇ ਅਤੇ ਪਰਮਾਤਮਾ ਵੱਲੋਂ ਬਖਸ਼ੇ ਦਿਮਾਗ ਦਾ ਸਹੀ ਇਸਤੇਮਾਲ ਹੋ ਸਕੇਗਾ। ਸ਼ਾਇਦ ਇਸੇ ਲਈ ਕਹਿੰਦੇ ਹਨ ਪਹਿਲਾਂ ਤੋਲੋ ਫਿਰ ਬੋਲੋ।

-ਧਰਮਿੰਦਰ 'ਸ਼ਾਹਿਦ' ਖੰਨਾ
580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ।

ਆਸਾਂ
ਕੇਂਦਰ 'ਚ ਬਣੀ ਸਰਕਾਰ ਨੇ ਆਪਣਾ ਕਾਰਜ ਆਰੰਭ ਕਰ ਦਿੱਤਾ ਹੈ। ਜਿਵੇਂ ਕਿ ਘਰ ਦਾ ਮੁਖੀਆ ਸਹੀ ਸੋਚ ਵਾਲਾ ਹੋਵੇ ਤਾਂ ਉਹ ਪਰਿਵਾਰ ਦਾ ਵਧੀਆ ਮਾਰਗ ਦਰਸ਼ਨ ਕਰਦਾ ਹੈ। ਇੰਜ ਹੀ ਨਵੇਂ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਨੇ ਕੰਮ ਦੀ ਸ਼ੁਰੂਆਤ ਚੰਗੀ ਸੋਚ ਨਾਲ ਕੀਤੀ ਹੈ ਤੇ ਆਸ ਹੈ ਕਿ ਅਗਾਂਹ ਵੀ ਇਸ ਦੇ ਚੰਗੇ ਨਤੀਜੇ ਨਜ਼ਰ ਆਉਣਗੇ। ਸਰਕਾਰ ਨੇ ਕੰਮ ਕਾਜ ਲਈ ਆਪ ਹੀ ਸੌ ਦਿਨ ਨਿਸਚਿਤ ਕੀਤੇ ਹਨ ਤਾਂ ਜੋ ਸੌ ਦਿਨ ਦੇ ਪੜਾਅ 'ਤੇ ਕੀਤੇ ਕੰਮ ਦੀ ਸਮੀਖਿਆ ਕੀਤੀ ਜਾ ਸਕੇ। ਇੰਜ ਹੀ ਹਰ ਵਿਭਾਗ ਦੇ ਸਕੱਤਰ ਨੂੰ ਖ਼ੁਦ ਪ੍ਰਧਾਨ ਮੰਤਰੀ ਨੇ ਨਿੱਜੀ ਰੂਪ 'ਚ ਮੀਟਿੰਗ ਕਰ ਦਿਸ਼ਾ-ਨਿਰਦੇਸ਼ ਦਿੱਤੇ ਨੇ ਕਿ ਬਿਨਾਂ ਡਰ ਜਾਂ ਦਬਾਅ ਤੇ ਲੋਕ ਹਿਤ ਤੇ ਦੇਸ਼ ਹਿਤ ਦੇ ਫ਼ੈਸਲੇ ਲਏ ਜਾਣ ਤੇ ਹਰ ਵਿਭਾਗ ਅੰਗਰੇਜ਼ਾਂ ਵੇਲੇ ਦੇ ਦਸ ਕਾਨੂੰਨ ਦੱਸੇ ਤਾਂ ਜੋ ਉਨ੍ਹਾਂ ਨੂੰ ਹੁਣ ਦੇ ਸਮੇਂ ਮੁਤਾਬਿਕ ਬਦਲਿਆ ਜਾ ਸਕੇ। ਇਹ ਬਹੁਤ ਹੀ ਚੰਗੀ ਗੱਲ ਹੈ। ਆਮ ਜਨਤਾ ਨੂੰ ਜਨਮ ਤਰੀਕ ਤੇ ਨਾਂਅ ਬਦਲਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ। ਇਸ ਬਾਰੇ ਵੀ ਸਰਲ ਨੀਤੀ ਬਣਾਉਣੀ ਚਾਹੀਦੀ ਹੈ ਤੇ ਸਥਾਨਕ ਪੱਧਰ 'ਤੇ ਇਸ ਦਾ ਹੱਲ ਹੋਣਾ ਚਾਹੀਦਾ ਹੈ। ਸਰਕਾਰ ਜਨ ਹਿਤ 'ਚ ਸ਼ਾਇਦ ਇਧਰ ਵੀ ਧਿਆਨ ਕਰੇ।

-ਵਿਵੇਕ
ਕੋਟ ਈਸੇ ਖਾਂ, ਮੋਗਾ।

23-6-2014

 ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਓ
ਹੁਣ ਜਦੋਂ ਜੂਨ ਮਹੀਨੇ ਵਿਚ ਪੰਜਾਬ ਮਾਰੂਥਲ ਵਾਂਗ ਤਪ ਰਿਹਾ ਹੈ ਤਾਂ ਦੂਜੇ ਪਾਸੇ ਕੇਵਲ ਕਿਸਾਨ ਹੀ ਖੇਤਾਂ ਵਿਚ ਅੱਗ ਲਗਾ ਕੇ ਇਸ ਤਪਸ਼ ਨੂੰ ਨਹੀਂ ਵਧਾ ਰਿਹਾ, ਸਗੋਂ ਚਾਰਮਾਰਗੀ ਰਸਤਿਆਂ ਵਿਚ ਬਣੇ ਫੁਟਪਾਥਾਂ 'ਤੇ ਜੋ ਸੋਹਣੇ ਫੁੱਲਾਂ ਦੇ ਬੂਟੇ ਲਗਾਏ ਗਏ ਸਨ, ਉਨ੍ਹਾਂ ਦੀ ਰਹਿੰਦ-ਖੂੰਹਦ ਨੂੰ ਵੀ ਅੱਗ ਲਗਾ ਕੇ ਇਨ੍ਹਾਂ ਬੂਟਿਆਂ ਨੂੰ ਸਾੜਨ ਦੇ ਨਾਲ ਸੜਕਾਂ ਉਪਰ ਦੁਰਘਟਨਾਵਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਆਖਿਰ ਸਰਕਾਰੀ ਬੂਟਿਆਂ ਨੂੰ ਅੱਗ ਲਾਉਣ ਵਾਲਿਆਂ ਉਪਰ ਵੀ ਕੋਈ ਜ਼ਿੰਮੇਵਾਰੀ ਨਹੀਂ ਹੈ। ਜਦੋਂ ਤੱਕ ਸਰਕਾਰ ਤੇ ਉਸ ਦਾ ਪ੍ਰਸ਼ਾਸਨ ਅਜਿਹੇ ਮਾਮਲਿਆਂ ਵਿਚ ਸਖਤੀ ਨਾਲ ਨਹੀਂ ਨਿਪਟਣਗੇ ਤਾਂ ਆਮ ਵਿਅਕਤੀ ਕਿਸੇ ਨੂੰ ਅੱਗ ਲਾਉਣ ਤੋਂ ਕਿਵੇਂ ਵਰਜ ਸਕਦਾ ਹੈ। ਸਰਕਾਰ ਅਜਿਹੇ ਮੁੱਦਿਆਂ 'ਤੇ ਸਖਤ ਨੀਤੀ ਅਖਤਿਆਰ ਕਰੇ ਤੇ ਟੋਲ ਫ੍ਰੀ ਨੰਬਰਾਂ ਦੀ ਸਥਾਪਨਾ ਕਰਕੇ ਅਜਿਹੇ ਮੁੱਦਿਆਂ 'ਤੇ ਲੋਕਾਂ ਦੀਆਂ ਸ਼ਿਕਾਇਤਾਂ ਲੈ ਕੇ ਤੁਰੰਤ ਕਾਰਵਾਈ ਕਰੇ ਤਾਂ ਕਾਫ਼ੀ ਸਾਰਥਕ ਸਿੱਟੇ ਕੱਢੇ ਜਾ ਸਕਦੇ ਹਨ। ਦੂਜੇ ਪਾਸੇ ਕਿਸਾਨਾਂ ਨੂੰ ਨਾੜ ਨੂੰ ਅੱਗ ਲਾਉਣ ਦੀਆਂ ਅਸੀਂ ਜਾਂ ਸਰਕਾਰਾਂ ਜਿੰਨੀਆਂ ਮਰਜ਼ੀ ਅਪੀਲਾਂ ਕਰੀਏ, ਜਦੋਂ ਤੱਕ ਇਸ ਦਾ ਠੋਸ ਬਦਲ ਸਰਕਾਰ ਖੇਤੀਬਾੜੀ ਯੂਨੀਵਰਸਿਟੀਆਂ, ਮਾਹਿਰਾਂ ਵਲੋਂ ਉਨ੍ਹਾਂ ਨੂੰ ਉਪਲਬੱਧ ਨਹੀਂ ਕਰਵਾਇਆ ਜਾਂਦਾ, ਤਦ ਤੱਕ ਅਜਿਹਾ ਹੁੰਦਾ ਹੀ ਰਹੇਗਾ। ਅੱਜ ਸਮਾਂ ਆ ਚੁੱਕਾ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਫ਼ਸਲੀ ਵਿਭਿੰਨਤਾ ਲਈ ਲੋੜੀਂਦਾ ਯੋਗ ਢਾਂਚਾ ਉਪਲਬੱਧ ਕਰਵਾਇਆ ਜਾਵੇ ਤੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਲੋਕ ਅੰਦੋਲਨ ਚਲਾਏ ਜਾਣ, ਜਿਸ ਤਰ੍ਹਾਂ ਕਿ ਅਦਾਰਾ 'ਅਜੀਤ' ਵੱਲੋਂ ਹਰ ਸਾਲ 'ਹਰਿਆਵਲ ਲਹਿਰ' ਚਲਾਈ ਜਾਂਦੀ ਹੈ।

-ਜੀਵਨ ਕੁਮਾਰ
ਮੋਬਾਈਲ : 98789-16334.

ਅਮਰੀਕਾ ਦੀ ਨੀਤੀ
ਜਿਸ ਤਰ੍ਹਾਂ ਰਾਜਨੀਤੀ ਵਿਚ ਕੋਈ ਪੱਕਾ ਦੁਸ਼ਮਣ ਅਤੇ ਕੋਈ ਪੱਕਾ ਮਿੱਤਰ ਨਹੀਂ ਹੁੰਦਾ, ਠੀਕ ਉਸੇ ਤਰ੍ਹਾਂ ਅਮਰੀਕਾ ਵੀ ਕਿਸੇ ਦਾ ਨਾ ਤਾਂ ਪੱਕਾ ਮਿੱਤਰ ਹੈ ਅਤੇ ਨਾ ਹੀ ਪੱਕਾ ਦੁਸ਼ਮਣ। ਉਸ ਦੀ ਵਿਦੇਸ਼ ਅਤੇ ਆਰਥਿਕ ਨੀਤੀਆਂ ਅਤੇ ਰਾਜਸੀ ਹਿਤ ਅਤੇ ਸਵਾਰਥ ਹੀ ਉਸ ਦੇ ਦੁਸ਼ਮਣ ਅਤੇ ਦੋਸਤ ਨਿਰਧਾਰਤ ਕਰਦੇ ਹਨ। ਇਹ ਗੱਲ ਬਿਲਕੁਲ ਦਰੁਸਤ ਹੈ ਕਿ ਅਜੋਕੇ ਸਮੇਂ 'ਚ ਅਮਰੀਕਾ ਭਾਰਤ ਦਾ ਮਿੱਤਰ ਅਤੇ ਵੱਡਾ ਵਪਾਰਕ ਭਾਈਵਾਲ ਹੈ ਪਰ ਉਹ ਕਦੇ ਵੀ ਅੱਤਵਾਦ ਦੇ ਮਸਲੇ 'ਤੇ ਭਾਰਤ ਦਾ ਪੱਖ ਪੂਰ ਕੇ ਪਾਕਿਸਤਾਨ ਨਾਲ ਆਪਣੇ ਸਬੰਧ ਖਰਾਬ ਨਹੀਂ ਕਰੇਗਾ। ਉਹ ਇਕ ਸਰਮਾਏਦਾਰ ਅਤੇ ਮਤਲਬੀ ਦੇਸ਼ ਹੈ। ਉਹ ਸਿਰਫ਼ ਆਪਣੇ ਸਾਮਰਿਕ ਅਤੇ ਵਪਾਰਕ ਹਿਤਾਂ ਨੂੰ ਤਰਜੀਹ ਦਿੰਦਾ ਹੈ। ਉਸ ਨੂੰ ਦੁਨੀਆ 'ਚ ਜਿਥੇ ਫਾਇਦਾ ਅਤੇ ਵਪਾਰਕ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ, ਉਹ ਉਥੇ ਪਹੁੰਚ ਜਾਂਦਾ ਹੈ। ਬਿਲ ਕਲਿੰਟਨ, ਜਾਰਜ ਬੁਸ਼ ਅਤੇ ਬਰਾਕ ਓਬਾਮਾ ਦੀਆਂ ਭਾਰਤ ਫੇਰੀਆਂ ਭਾਰਤ ਲਈ ਨਿੱਘ ਜਾਂ ਪਿਆਰ ਦੀਆਂ ਭਾਵਨਾਵਾਂ ਤਹਿਤ ਨਹੀਂ, ਸਗੋਂ ਨਿਰੋਲ ਵਪਾਰਕ ਮਕਸਦ ਲਈ ਕੀਤੀਆਂ ਗਈਆਂ ਸਨ।

-ਸੰਦੀਪ ਆਰੀਆ
ਬੀ-774, ਆਰੀਆ ਨਗਰ, ਫਾਜ਼ਿਲਕਾ-152123.

ਆਵਾਰਾ ਪਸ਼ੂ
ਅੱਜਕਲ੍ਹ ਆਵਾਰਾ ਪਸ਼ੂ ਗਾਈਆਂ, ਬਲਦ ਗਲੀਆਂ, ਸੜਕਾਂ 'ਤੇ ਭਾਰੀ ਗਿਣਤੀ ਵਿਚ ਫਿਰ ਰਹੇ ਹਨ ਜੋ ਹਾਦਸਿਆਂ ਦਾ ਕਾਰਨ ਬਣਦੇ ਹਨ। ਕਈ ਹੰਕਾਰੇ ਹੋਏ ਢੱਠੇ (ਬਲਦ), ਸੜਕਾਂ 'ਤੇ ਜਾਂਦੇ ਹੋਏ ਆਦਮੀਆਂ ਦੇ ਪਿੱਛੇ ਪੈ ਜਾਂਦੇ ਹਨ ਤੇ ਕਈ ਇਹ ਮੌਤ ਦਾ ਕਾਰਨ ਵੀ ਬਣਦੇ ਹਨ। ਅਖ਼ਬਾਰਾਂ ਵਿਚ ਵੀ ਇਸ ਤਰ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਹਨ। ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਆਵਾਰਾ ਪਸ਼ੂਆਂ ਦੀ ਰੋਕਥਾਮ ਲਈ ਉਪਰਾਲਾ ਕਰਨਾ ਚਾਹੀਦਾ ਹੈ।

-ਜਸਵੰਤ ਸਿੰਘ
ਲੋਹਾਮ ਨਗਰ, ਮੋਗਾ।

20-6-2014

 ਰਿਸ਼ਤੇ

ਅਸੀਂ ਆਪਣੇ ਆਲੇ-ਦੁਆਲੇ ਵੱਸਦੇ ਸਮਾਜ 'ਚ ਅਕਸਰ ਦੇਖਦੇ ਹਾਂ ਕਿ ਹੁਣ ਰਿਸ਼ਤੇ ਮਾੜੀ ਜਿਹੀ ਗ਼ਲਤਫਹਿਮੀ ਦਾ ਸ਼ਿਕਾਰ ਹੋ ਕੇ ਥੋੜ੍ਹੇ ਚਿਰ ਦੀ ਉਮਰ ਹੰਢਾ ਕੇ ਟੁੱਟ ਰਹੇ ਹਨ। ਜਿਵੇਂ-ਜਿਵੇਂ ਮਨੁੱਖ ਦੀ ਉਮਰ ਪਹਿਲਾਂ ਨਾਲੋਂ ਵੱਧ ਗਈ ਹੈ ਪਰ ਰਿਸ਼ਤਿਆਂ ਦੀ ਉਮਰ ਦਰ 'ਚ ਦਿਨ-ਪ੍ਰਤੀਦਿਨ ਨੀਵੇਂ ਹੁੰਦੇ ਪਾਣੀ ਦੇ ਪੱਧਰ ਵਾਂਗ ਗਿਰਾਵਟ ਆ ਰਹੀ ਹੈ। ਅੱਜਕਲ੍ਹ ਦਾ ਮਨੁੱਖ ਸਵਾਰਥੀ ਤੇ ਮੋਹ-ਮਾਇਆ ਦਾ ਸ਼ਿਕਾਰ ਹੋ ਕੇ ਮਨੁੱਖੀ ਰਿਸ਼ਤਿਆਂ ਨਾਲੋਂ ਟੁੱਟ ਕੇ ਪਦਾਰਥੀ ਵਸਤਾਂ ਨਾਲ ਜੁੜ ਰਿਹਾ ਹੈ। ਹਰ ਕੋਈ ਹਰ ਰਿਸ਼ਤੇ ਨੂੰ ਆਪਣੇ ਵਾਂਗ ਹੀ ਚਲਾਉਣਾ ਲੋਚਦਾ ਹੈ। ਜਿਵੇਂ ਹੋਰ ਪਦਾਰਥੀ ਵਸਤਾਂ ਨੂੰ ਆਪਣੇ ਢੰਗ ਨਾਲ ਚਲਾਉਂਦਾ ਹੈ। ਇਸ ਤਰ੍ਹਾਂ ਹੀ ਉਹ ਰਿਸ਼ਤਿਆਂ 'ਚ ਵੀ ਚਾਹੁੰਦਾ ਹੈ। ਜੇ ਨਹੀਂ ਚਲਦਾ ਤਾਂ ਚਿਰਾਂ ਦੀ ਸਾਂਝ ਨੂੰ ਝੱਟ ਤੋੜ ਲੈਂਦਾ ਹੈ ਅਤੇ ਖਾਮੋਸ਼ੀ ਦੀ ਬੁੱਕਲ ਮਾਰ ਲੈਂਦਾ ਹੈ। ਸੋ, ਲੋੜ ਹੈ 'ਪਾਣੀ' ਨੂੰ, 'ਮਾਂ ਬੋਲੀ' ਨੂੰ ਅਤੇ ਆਪਸੀ ਰਿਸ਼ਤਿਆਂ ਨੂੰ ਬਚਾਉਣ ਦੀ, ਬਣਾਉਣ ਦੀ ਤਾਂ ਕਿ ਇਸ ਸਮਾਜ 'ਚ ਅਸੀਂ ਉਤਸਵ ਵਾਂਗ ਜੀਅ ਸਕੀਏ। ਹਰ ਰਿਸ਼ਤੇ ਦੀ ਉਮਰ ਵਧੇ ਫੁੱਲੇ। ਰਿਸ਼ਤੇ ਜੁੜਨ ਤੇ ਵਧਣ।

-ਸਨੇਹਇੰਦਰ 'ਮੀਲੂ ਫਰੌਰ'
ਮੋ: 93163-17356

ਕਾਂਗਰਸ ਘਾਹ

ਪੰਜਾਬ ਵਿਚ ਥਾਂ-ਥਾਂ 'ਤੇ ਉੱਗਿਆ ਕਾਂਗਰਸ ਘਾਹ ਮਨੁੱਖਾਂ ਅਤੇ ਪਸ਼ੂਆਂ ਲਈ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ, ਖਾਸ ਕਰਕੇ ਮਨੁੱਖਾਂ 'ਚ ਅਲਰਜੀ ਦਾ ਸਭ ਤੋਂ ਵੱਡਾ ਸੋਮਾ ਇਹੀ ਬੂਟੀ ਮੰਨੀ ਜਾਂਦੀ ਹੈ। ਸੋ, ਇਸ ਗੰਭੀਰ ਮਸਲੇ ਪ੍ਰਤੀ ਗੰਭੀਰ ਹੰਦੇ ਹੋਏ ਪੰਜਾਬ ਸਰਕਾਰ ਨੇ ਵਿਹਲੀਆਂ ਸਰਕਾਰੀ ਜ਼ਮੀਨਾਂ, ਸ਼ਹਿਰੀ ਗ਼ੈਰ-ਉਸਾਰੀ ਪਲਾਟਾਂ ਅਤੇ ਰਸਤਿਆਂ ਜਾਂ ਸੜਕਾਂ ਦੁਆਲੇ ਉੱਗੀ ਕਾਂਗਰਸ ਘਾਹ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਨੋਟੀਫਿਕੇਸ਼ਨ ਮੁਤਾਬਿਕ ਵੱਖ-ਵੱਖ ਸਰਕਾਰੀ ਵਿਭਾਗਾਂ, ਖੇਤੀ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੁਖੀਆਂ ਨੂੰ ਕਾਂਗਰਸ ਘਾਹ ਖ਼ਤਮ ਕਰਨ ਲਈ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫ਼ੈਸਲੇ ਅਨੁਸਾਰ ਜੇਕਰ ਜੰਗਲਾਤ ਵਿਭਾਗ ਜਾਂ ਸੜਕਾਂ ਦੁਆਲੇ ਇਹ ਬੂਟੀ ਉੱਗੀ ਹੋਈ ਹੋਵੇ ਤਾਂ ਸਬੰਧਤ ਵਿਭਾਗ ਇਸ ਨੂੰ ਦੂਰ ਕਰਨ ਲਈ ਜ਼ਿੰਮੇਵਾਰ ਹੋਣਗੇ। ਪਿੰਡਾਂ 'ਚ ਸਾਂਝੀਆਂ ਥਾਵਾਂ ਉੱਪਰੋਂ ਇਸ ਬੂਟੀ ਨੂੰ ਖ਼ਤਮ ਕਰਨ ਲਈ ਪੰਚਾਇਤਾਂ ਪਾਬੰਦ ਹੋਣਗੀਆਂ। ਸੋ, ਪੰਜਾਬ ਸਰਕਾਰ ਦਾ ਲਿਆ ਗਿਆ ਇਹ ਫ਼ੈਸਲਾ ਕਿੰਨਾ ਕੁ ਸਾਰਥਿਕ ਸਿੱਧ ਹੁੰਦਾ ਹੈ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।

-ਰਾਜਾ ਗਿੱਲ (ਚੜਿੱਕ)
ਗਿੱਲ ਸੀਮੈਂਟ ਸਟੋਰ, ਚੜਿੱਕ (ਮੋਗਾ)।

ਵਿਦੇਸ਼ਾਂ ਦੀ ਹੋੜ

ਅੱਜ ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ਾਂ ਨੂੰ ਜਾਣ ਦੀ ਹੋੜ ਲੱਗੀ ਹੋਈ ਹੈ। ਇਸ ਸਭ ਲਈ ਹਰ ਜਾਇਜ਼ ਅਤੇ ਨਾਜਾਇਜ਼ ਤਰੀਕਾ ਅਪਣਾਇਆ ਜਾ ਰਿਹਾ ਹੈ। ਪਾਸਪੋਰਟ ਦਫ਼ਤਰਾਂ ਵਿਚ ਲੱਗੀਆਂ ਲਾਈਨਾਂ ਇਸ ਦੀ ਗਵਾਹੀ ਭਰਦੀਆਂ ਹਨ। ਇਸ ਰੁਝਾਨ ਦਾ ਕਾਰਨ ਨੌਜਵਾਨਾਂ ਨੂੰ ਯੋਗਤਾ ਮੁਤਾਬਿਕ ਰੁਜ਼ਗਾਰ ਨਹੀਂ ਮਿਲ ਰਿਹਾ। ਇਹ ਵੀ ਸਚਾਈ ਹੈ ਕਿ ਜੋ ਲੋਕੀਂ ਆਪਣੀ ਯੋਗਤਾ ਦੇ ਅਨੁਸਾਰ ਰੁਜ਼ਗਾਰ ਪ੍ਰਾਪਤ ਕਰ ਲੈਂਦੇ ਹਨ, ਉਨ੍ਹਾਂ ਦੇ ਮਨ ਵਿਚ ਵੀ ਵਿਦੇਸ਼ ਜਾ ਕੇ ਵਸਣ ਦਾ ਸੁਪਨਾ ਅੰਗੜਾਈ ਲੈਂਦਾ ਹੈ। ਸਾਨੂੰ ਅਤੇ ਸਾਡੀਆਂ ਸਰਕਾਰਾਂ ਨੂੰ ਸੋਚਣਾ ਪਵੇਗਾ ਕਿ ਅੱਜ ਗੁਰੂਆਂ, ਪੀਰਾਂ ਦੀ ਧਰਤੀ ਨਾਲ ਇਸ ਧਰਤੀ ਦੇ ਵਾਰਿਸਾਂ ਨੂੰ ਏਨੀ ਨਫ਼ਰਤ ਕਿਉਂ ਹੋ ਗਈ ਹੈ। ਜੇ ਵਧੀਆ ਪੱਧਰ ਦੀਆਂ ਡਿਗਰੀਆਂ ਪ੍ਰਾਪਤ ਪੰਜਾਬ ਦੇ ਜਾਏ ਇਸੇ ਤਰ੍ਹਾਂ ਵਿਦੇਸ਼ ਜਾ ਕੇ ਵਸਣ ਨੂੰ ਤਰਜੀਹ ਦਿੰਦੇ ਰਹੇ ਅਤੇ ਬਾਕੀ ਰਹਿੰਦੇ ਨਸ਼ਿਆਂ ਨੂੰ ਗਲ ਲਾਉਂਦੇ ਰਹੇ ਤਾਂ ਸਾਡਾ ਆਉਣ ਵਾਲਾ ਭਵਿੱਖ ਕੀ ਹੋਵੇਗਾ। ਇਹ ਸੋਚ ਕੇ ਹਰ ਬੁੱਧੀਜੀਵੀ ਚਿੰਤਾ ਵਿਚ ਡੁੱਬ ਜਾਂਦਾ ਹੈ। ਸੋ, ਆਓ ਸਮੇਂ ਤੋਂ ਪਹਿਲਾਂ ਕੁਝ ਕਰੀਏ।

-ਜਗਤਾਰ 'ਗੰਡੇਵਾਲ'
ਪਿੰਡ ਗੰਡੇਵਾਲ, ਤਹਿ: ਧੂਰੀ, ਸੰਗਰੂਰ।

ਸਿੱਖਿਆ ਅਤੇ ਸਿਹਤ

ਅੱਜ ਦੀ ਮੁੱਖ ਲੋੜ ਹੈ ਕਿਸੇ ਗ਼ਰੀਬ ਮਾਂ ਦਾ ਬੱਚਾ ਬਿਮਾਰ ਹੋਵੇ ਅਤੇ ਉਸ ਨੂੰ ਇਹ ਫ਼ਿਕਰ ਨਾ ਹੋਵੇ ਕਿ ਇਸ ਦੇ ਇਲਾਜ ਵਾਸਤੇ ਪਹਿਲਾਂ ਪੈਸੇ ਕਿਹੜੇ ਘਰ ਮੰਗਣ ਜਾਵਾਂ। ਸਿੱਖਿਆ ਸਬੰਧੀ ਵੀ ਲੋੜ ਇਹੀ ਹੈ ਕਿ ਸਰਕਾਰਾਂ ਸਿੱਖਿਆ ਨੂੰ ਹਰ ਗ਼ਰੀਬ ਦੀ ਪਹੁੰਚ ਵਿਚ ਕਰਨ ਲਈ ਅਜਿਹਾ ਢਾਂਚਾ ਤਿਆਰ ਕਰਨ ਕਿ ਕਿਸੇ ਵੀ ਗ਼ਰੀਬ ਅਤੇ ਲਾਇਕ ਵਿਦਿਆਰਥੀ ਨੂੰ ਮਹਿੰਗੀ ਫੀਸ, ਮਹਿੰਗੀਆਂ ਕੋਰਸ ਫੀਸਾਂ ਦਾ ਫ਼ਿਕਰ ਨਾ ਹੋਵੇ। ਸਾਡੇ ਦੇਸ਼ ਦੇ ਵਿਧਾਇਕ ਜਾਂ ਲੋਕ ਸਭਾ ਮੈਂਬਰ ਤਾਂ ਬਾਹਰਲੇ ਦੇਸ਼ਾਂ ਤੋਂ ਇਲਾਜ ਕਰਵਾ ਲੈਂਦੇ ਹਨ ਤੇ ਖਰਚਾ ਸਰਕਾਰੀ ਖਜ਼ਾਨੇ ਵਿਚੋਂ ਦਿੱਤਾ ਜਾਂਦਾ ਹੈ। ਪਰ ਆਮ ਆਦਮੀ ਪੈਸੇ ਤੋਂ ਬਗੈਰ ਇਲਾਜ ਨਹੀਂ ਕਰਵਾ ਸਕਦਾ ਅਤੇ ਮੌਤ ਦੇ ਮੂੰਹ ਵਿਚ ਜਾ ਰਿਹਾ ਹੈ। ਅੱਜ ਗ਼ਰੀਬ ਭਾਰਤੀਆਂ ਦੀ ਸਭ ਤੋਂ ਵੱਡੀ ਸਮੱਸਿਆ ਸਿਹਤ ਸਹੂਲਤਾਂ ਵਰਗੇ ਵਿਸ਼ੇ 'ਤੇ ਲੇਖ ਲਿਖਣ ਲਈ ਮੈਂ ਸ: ਬਰਜਿੰਦਰ ਸਿੰਘ ਹਮਦਰਦ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ।

-ਦੀਪਕ ਤੇਜਾ
ਪਿੰਡ ਬਵਾਣੀਆਂ, ਤਹਿ: ਗਿੱਦੜਬਾਹਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

19-6-2014

 ਰੁਲਦਾ ਭਵਿੱਖ
ਬਾਲ ਮਜ਼ਦੂਰੀ ਬਾਰੇ ਅਕਸਰ ਪੜ੍ਹਨ ਨੂੰ ਮਿਲਦਾ ਹੈ। ਲੱਖ ਉਪਰਾਲਿਆਂ ਦੇ ਬਾਵਜੂਦ ਇਹ ਖ਼ਤਮ ਨਹੀਂ ਹੋ ਰਹੀ। ਅਜੇ ਵੀ ਦੋ ਡੰਗ ਦੀ ਰੋਟੀ ਖਾਤਰ ਬੱਚਿਆਂ ਨੂੰ ਸਖ਼ਤ ਮਿਹਨਤ ਕਰਦਿਆਂ ਆਮ ਵੇਖਿਆ ਜਾ ਸਕਦਾ ਹੈ। ਛੋਟੇ-ਛੋਟੇ ਬਾਲ ਢੇਰਾਂ 'ਤੇ ਗੰਦੇ-ਮੰਦੇ ਲਿਫ਼ਾਫ਼ੇ ਆਦਿ ਚੁੱਕਦੇ ਆਮ ਦੇਖੇ ਜਾ ਰਹੇ ਹਨ ਜਦ ਕਿ ਇਨ੍ਹਾਂ ਦੀ ਉਮਰ ਪੜ੍ਹਨ ਤੇ ਲਿਖਣ ਦੀ ਹੈ। ਨਾ ਪੈਰਾਂ 'ਚ ਜੁੱਤੇ ਨਾ ਹੀ ਚੱਪਲ, ਐਵੇਂ ਢੇਰਾਂ 'ਤੇ ਰੁਲਦੇ ਫਿਰਦੇ ਹਨ। ਕੀ ਸਰਕਾਰ ਇਸ ਪਾਸੇ ਧਿਆਨ ਦੇਵੇਗੀ। ਜੇਕਰ ਧਿਆਨ ਦੇਵੇਗੀ ਤਾਂ ਬਹੁਤ ਚੰਗਾ ਕੰਮ ਹਵੇਗਾ। ਛੋਟੇ-ਛੋਟੇ ਬੱਚਿਆਂ ਨੂੰ ਦੇਖ ਕੇ ਤਰਸ ਆਉਂਦਾ ਹੈ। ਕਿਵੇਂ ਵਿਚਾਰੇ ਦਰ-ਦਰ ਦੀਆਂ ਠੋਕਰਾਂ ਖਾਂਦੇ ਹਨ। ਇਸੇ ਤਰ੍ਹਾਂ ਬਾਲ ਮਜ਼ਦੂਰੀ ਕਰਦੇ ਤੁਸੀਂ ਢਾਬਿਆਂ ਤੇ ਹੋਟਲਾਂ 'ਤੇ ਦੇਖਦੇ ਹੋ। ਉਂਜ ਤਾਂ ਦੇਸ਼ ਵਿਚ ਸਿੱਖਿਆ ਅਧਿਕਾਰ ਕਾਨੂੰਨ ਲਾਗੂ ਕੀਤਾ ਗਿਆ ਹੈ ਪਰ ਅਜਿਹੇ ਬੱਚਿਆਂ ਲਈ ਸਕੂਲ ਸਦਾ ਇਕ ਸੁਪਨਾ ਹੀ ਬਣਿਆ ਰਹਿੰਦਾ ਹੈ। ਜੇ ਗ਼ਰੀਬੀ ਦੀ ਲਾਹਨਤ ਦੂਰ ਹੋ ਜਾਵੇ ਤਾਂ ਇਨ੍ਹਾਂ ਦਾ ਭਵਿੱਖ ਸੰਵਰ ਸਕਦਾ ਹੈ। ਇਨ੍ਹਾਂ ਬਾਰੇ ਸਰਕਾਰ ਸੋਚੇ।

-ਤੇਜ ਪਾਲ ਚਾਹਲਪੁਰੀ
ਪਿੰਡ : ਚਾਹਲਪੁਰ, ਡਾਕ: ਡਘਾਮ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)।

ਪੰਛੀਆਂ ਲਈ ਪਾਣੀ ਰੱਖੀਏ
ਇਸ ਸਮੇਂ ਪੈ ਰਹੀ ਅੱਤ ਦੀ ਗਰਮੀ ਨੇ ਜਿਥੇ ਮਨੁੱਖੀ ਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ, ਉਥੇ ਇਸ ਭਿਆਨਕ ਤਪਸ਼ ਨੇ ਪਸ਼ੂ-ਪੰਛੀਆਂ ਦਾ ਜੀਣਾ ਵੀ ਮੁਹਾਲ ਕੀਤਾ ਹੋਇਆ ਹੈ। ਬਹੁਤ ਘੱਟ ਲੋਕ ਹਨ, ਜੋ ਪੰਛੀਆਂ ਨੂੰ ਗਰਮੀ ਦੇ ਕਹਿਰ ਤੋਂ ਕੁਝ ਰਾਹਤ ਦਿਵਾਉਣ ਲਈ ਉਪਰਾਲੇ ਕਰਦੇ ਹੋਣ। ਪੰਛੀ, ਮਨੁੱਖੀ ਜੀਵਨ ਵਿਚ ਅਹਿਮ ਮਹੱਤਵ ਰੱਖਦੇ ਹਨ। ਵਾਤਾਵਰਨ ਦੇ ਦੂਸ਼ਿਤ ਹੋਣ ਕਰਕੇ ਪਹਿਲਾਂ ਹੀ ਪੰਛੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ ਜਾਂ ਹੋ ਰਹੀਆਂ ਹਨ। ਇਸ ਲਈ ਰਹਿੰਦੇ ਪੰਛੀਆਂ ਦੀ ਸੰਭਾਲ ਕਰਨਾ ਸਾਡਾ ਫ਼ਰਜ਼ ਹੀ ਨਹੀਂ, ਧਰਮ ਵੀ ਹੈ। ਸੋ, ਆਓ ਇਨ੍ਹਾਂ ਬੇਜ਼ਬਾਨ ਪਰਿੰਦਿਆਂ ਨੂੰ ਗਰਮੀ ਤੋਂ ਬਚਾਉਣ ਲਈ ਆਪਣੇ ਘਰਾਂ ਦੀਆਂ ਛੱਤਾਂ 'ਤੇ ਪਾਣੀ ਤੇ ਅਨਾਜ ਰੱਖ ਕੇ ਇਨ੍ਹਾਂ ਪ੍ਰਤੀ ਮੋਹ ਅਤੇ ਹਮਦਰਦੀ ਦਾ ਪ੍ਰਗਟਾਵਾ ਕਰੀਏ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਧਰਤੀ ਮਾਂ
ਸਾਡੀ ਧਰਤੀ ਮਾਂ ਸਾਨੂੰ ਆਦਿ ਕਾਲ ਤੋਂ ਵੱਖ-ਵੱਖ ਰੂਪਾਂ ਵਿਚ ਸੁੱਖ ਸਹੂਲਤਾਂ ਦਿੰਦੀ ਆ ਰਹੀ ਹੈ, ਪ੍ਰੰਤੂ ਅੱਜ ਦਾ ਸਵਾਰਥੀ ਮਨੁੱਖ ਇਸ ਨਾਲ ਬੇ-ਇਨਸਾਫ਼ੀ ਕਰਦਾ ਆਮ ਵੇਖਿਆ ਜਾ ਸਕਦਾ ਹੈ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇਸ ਦੇ ਕਿਸਾਨ ਨੇ ਜਿਥੇ ਆਪਣੀ ਮਿਹਨਤ ਦੇ ਸਦਕਾ ਪੂਰੇ ਭਾਰਤ ਨੂੰ ਅਨਾਜ ਭੰਡਾਰ ਨਾਲ ਮਾਲਾ-ਮਾਲ ਕਰ ਦਿੱਤਾ ਹੈ, ਉਥੇ ਹੀ ਉਹ ਅੱਜ ਧਰਤੀ ਮਾਂ ਨਾਲ ਬਹੁਤ ਮਾੜਾ ਸਲੂਕ ਕਰ ਰਿਹਾ ਹੈ। ਉਹ ਹਰ ਛੇ ਮਹੀਨੇ ਬਾਅਦ ਇਸ ਤੋਂ ਫ਼ਸਲ ਕੱਟ ਆਪਣਾ ਘਰ ਤਾਂ ਅਨਾਜ ਨਾਲ ਭਰ ਲੈਂਦਾ ਹੈ ਤੇ ਇਸ ਉੱਪਰ ਬਚੇ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਦਿੰਦਾ ਹੈ। ਇਸ ਨਾਲ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਤਾਂ ਨਸ਼ਟ ਹੁੰਦੀ ਹੀ ਹੈ, ਉਥੇ ਹੀ ਉਹ ਸੈਂਕੜੇ ਮਿੱਤਰ ਕੀੜਿਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੰਦਾ ਹੈ। ਇਥੇ ਹੀ ਬਸ ਨਹੀਂ, ਇਸ ਧੂੰਏਂ 'ਚੋਂ ਨਿਕਲਣ ਵਾਲੀਆਂ ਬਹੁਤ ਸਾਰੀਆਂ ਹਾਨੀਕਾਰਕ ਗੈਸਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ। ਇਸ ਸਮੱਸਿਆਂ ਵੱਲ ਸਰਕਾਰ ਨੂੰ ਖ਼ਾਸ ਧਿਆਨ ਦੇ ਕੇ ਇਸ ਰੁਝਾਨ 'ਤੇ ਰੋਕ ਲਾਉਣੀ ਚਾਹੀਦੀ ਹੈ।

-ਬਚਿੱਤਰ ਸਿੰਘ ਤਰਸਿੱਕਾ
ਮੋ: 98883-82130

18-6-2014

 ਸਰਕਾਰ ਪੱਕਾ ਹੱਲ ਲੱਭੇ
ਇਹ ਸੱਚ ਹੈ ਕਿ ਜ਼ਿਆਦਾ ਹਾਦਸੇ ਡਰਾਈਵਰ ਦੀ ਗ਼ਲਤੀ ਨਾਲ ਹੁੰਦੇ ਹਨ ਪਰ ਜਦੋਂ ਵਾਹਨ ਡਰਾਈਵਰ ਚਲਾਉਂਦੇ ਹਨ ਤਾਂ ਹਾਦਸੇ ਵੀ ਉਨ੍ਹਾਂ ਤੋਂ ਹੀ ਹੋਣਗੇ, ਮਰਨ ਨੂੰ ਕੀਹਦਾ ਜੀਅ ਕਰਦਾ ਹੈ। ਜਾਣ ਬੁੱਝ ਕੇ ਖ਼ਤਰਾ ਕੋਈ ਨਹੀਂ ਸਹੇੜਦਾ। ਅਚਨਚੇਤ ਹੀ ਕੁਝ ਸਕਿੰਟਾਂ ਵਿਚ ਕੀ ਫ਼ੈਸਲਾ ਲੈਣਾ ਹੈ ਡਰਾਈਵਰ ਦੀ ਸੀਟ 'ਤੇ ਬੈਠਾ ਵਿਅਕਤੀ ਹੀ ਜਾਣ ਸਕਦਾ ਹੈ। ਜ਼ਰੂਰੀ ਨਹੀਂ ਇਹ ਫ਼ੈਸਲਾ ਹਰ ਵਾਰ ਠੀਕ ਹੋਵੇ। ਕਈ ਵਾਰ ਦੇਖਦੇ ਹਾਂ ਕਿ ਦੂਸਰੇ ਨੂੰ ਬਚਾਉਂਦਾ ਹੋਇਆ ਡਰਾਈਵਰ ਆਪਣੀ ਜਾਣ ਗੁਆ ਬੈਠਾ, ਅਜਿਹੇ ਡਰਾਈਵਰ ਨੂੰ ਸ਼ਹੀਦ ਕਹਿਣਾ ਬਣਦਾ ਹੈ। ਇਸ ਵਰਗ ਦੀ ਭੂਮਿਕਾ ਵੱਲ ਨਜ਼ਰ ਮਾਰਦਿਆਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਵਾਹਨਾਂ ਦਾ ਚਾਲਕ ਨਾ ਹੋ ਕੇ ਦੁਨੀਆ ਦਾ ਚਾਲਕ ਹੋਵੇ। ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰੋਫੈਸ਼ਨਲ ਤੌਰ 'ਤੇ ਡਰਾਈਵਰੀ ਕਰ ਰਹੇ ਲੋਕਾਂ ਨੂੰ ਸੂਚੀਬੱਧ ਕਰੇ ਅਤੇ ਉਸਾਰੀ ਵਿਚ ਲੱਗੇ ਗ਼ੈਰ-ਸੰਗਠਿਤ ਕਾਮਿਆਂ ਦੀ ਤਰ੍ਹਾਂ ਇਨ੍ਹਾਂ ਦਾ ਕੋਈ ਹੱਲ ਲੱਭੇ ਤਾਂ ਕਿ ਹਾਦਸੇ ਵਿਚ ਮਰਨ ਵਾਲੇ ਜਾਂ ਅਪੰਗ ਹੋਣ ਵਾਲੇ ਵਿਅਕਤੀ ਜਾਂ ਉਸ ਦੇ ਪਰਿਵਾਰ ਨੂੰ ਜੋਗਾ ਸਿੰਘ ਵਰਗਾ ਕਦਮ ਨਾ ਉਠਾਉਣਾ ਪਵੇ।

-ਸਿਕੰਦਰ ਸਿੰਘ, ਲੈਕਚਰਾਰ ਕਮਰਸ
6/2 ਆਦਰਸ਼ ਨਗਰ ਬਠਿੰਡਾ, ਪੰਜਾਬ।

ਸਰਕਾਰ ਦੇ ਧਿਆਨ ਹਿਤ
ਪੰਜਾਬ ਸਰਕਾਰ ਨੇ ਕਰ ਅਤੇ ਆਬਕਾਰੀ ਵਿਭਾਗ ਰਾਹੀਂ 31 ਮਾਰਚ 2014 ਤੋਂ 2015 ਤੱਕ ਸ਼ਰਾਬ ਦੇ ਸਪੈਸ਼ਲ 'ਗ਼ਦਰ' ਬ੍ਰਾਂਡ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ 'ਗ਼ਦਰੀ ਸ਼ਹੀਦਾਂ' ਦਾ ਅਪਮਾਨ ਹੈ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। 21 ਅਪ੍ਰੈਲ, 1913 ਨੂੰ 'ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ' ਦੀ ਸਥਾਪਨਾ ਕੀਤੀ ਗਈ ਸੀ, ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਅਤੇ ਜਨਰਲ ਸਕੱਤਰ ਲਾਲਾ ਹਰਦਿਆਲ ਸਨ। 1 ਨਵੰਬਰ, 1913 ਨੂੰ ਹਫ਼ਤਾਵਾਰੀ ਅਖ਼ਬਾਰ 'ਗ਼ਦਰ' ਦਾ ਪਹਿਲਾ ਅੰਕ ਪ੍ਰਕਾਸ਼ਿਤ ਹੋਣ ਨਾਲ ਇਹ ਜਥੇਬੰਦੀ 'ਹਿੰਦੁਸਤਾਨ ਗ਼ਦਰ ਪਾਰਟੀ' ਵਜੋਂ ਸਥਾਪਿਤ ਹੋ ਗਈ ਸੀ। ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਸੰਗ੍ਰਾਮ ਦੇ ਇਤਿਹਾਸ ਵਿਚ ਗ਼ਦਰ ਲਹਿਰ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਕਾਂਡ ਹੈ, ਹਿੰਦੁਸਤਾਨ ਨੂੰ ਨਵਾਂ ਰੂਪ ਦੇਣ ਲਈ ਗ਼ਦਰ ਪਾਰਟੀ ਦੇ ਜੁਝਾਰੂਆਂ ਨੇ ਬੇਸ਼ੁਮਾਰ ਕੁਰਬਾਨੀਆਂ ਕੀਤੀਆਂ ਸਨ। ਅੰਗਰੇਜ਼ ਹਕੂਮਤ ਦਾ ਅੰਤਾਂ ਦਾ ਤਸ਼ੱਦਦ, ਜੇਲ੍ਹਾਂ ਦਾ ਨਰਕ ਅਤੇ ਫਾਂਸੀਆਂ-ਗੋਲੀਆਂ ਉਨ੍ਹਾਂ ਨੂੰ ਡੋਲਾ ਨਹੀਂ ਸਕਿਆ ਸੀ। ਇਸ ਲਹਿਰ ਦੀ ਅਮੀਰ ਵਿਰਾਸਤ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਦੇਣ ਲਈ ਸੰਭਾਲਣੀ ਜ਼ਰੂਰੀ ਹੈ। ਪ੍ਰੰਤੂ ਹਾਕਮ ਜਮਾਤਾਂ ਵੱਲੋਂ ਇਸ ਲਹਿਰ ਦੀ ਬੇਅਦਬੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਜਲਦ ਤੋਂ ਜਲਦ ਸ਼ਰਾਬ ਦੇ 'ਗ਼ਦਰ' ਬ੍ਰਾਂਡ 'ਤੇ ਪਾਬੰਦੀ ਲਾਵੇ।

-ਰਣਦੀਪ ਸੰਗਤਪੁਰਾ
ਮੋ: 98556-95905

ਸੋਚਣ ਦੀ ਲੋੜ
ਪਿਛਲੇ ਦਿਨੀਂ ਸਤਪਾਲ ਸਿੰਘ ਜੌਹਲ ਦੀ ਰਚਨਾ 'ਪੰਜਾਬੀਆਂ ਦੇ ਕੁੜੀਮਾਰ ਰੁਝਾਨ ਦੀ ਅਮਰੀਕੀ ਅਦਾਲਤ ਵਿਚ ਉਡੀ ਖਿੱਲੀ' ਵਿਚ ਲੇਖਕ ਨੇ ਹਕੀਕਤ ਨੂੰ ਬਾਖੂਬੀ ਲਿਖਿਆ ਹੈ। ਸਚਮੁੱਚ ਹੀ ਅਸੀਂ (ਪੰਜਾਬੀ) ਭਾਵੇਂ ਕਿੰਨੇ ਵੀ ਵਿਕਸਿਤ ਮੁਲਕ ਵਿਚ ਪ੍ਰਵਾਸ ਕਰ ਜਾਈਏ, ਪ੍ਰੰਤੂ ਸਾਡੀ ਮਾਨਸਿਕਤਾ ਉਹੋ ਹੀ ਰਹਿੰਦੀ ਹੈ। ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ ਵਸੇ ਬਹੁਗਿਣਤੀ ਦੇਸੀ ਦਿਮਾਗਾਂ ਵਾਲੇ ਲੋਕ ਤਾਂ ਵਿਚਾਰੇ ਆਪਣੀ ਨੂੰਹ/ਧੀ ਦੇ ਗਰਭਵਤੀ ਹੋਣ 'ਤੇ 'ਸ਼ਰਤੀਆ ਮੁੰਡਾ ਹੋਣ ਦੀ ਪੁੜੀ' ਵੀ ਫਟਾਫਟ ਭਾਰਤ ਤੋਂ ਮੰਗਵਾਉਣ ਦਾ ਜੁਗਾੜ ਕਰਦੇ ਹਨ। ਅੱਜ ਦੇ ਯੁੱਗ ਵਿਚ ਖਾਸ ਕਰਕੇ ਉਹ ਲੋਕ ਜੋ ਅਮਰੀਕਾ ਵਰਗੇ ਵਿਕਸਿਤ ਮੁਲਕਾਂ ਵਿਚ ਰਹਿ ਰਹੇ ਹਨ, ਜੇਕਰ ਕੁੜੀ ਮੁੰਡੇ ਵਿਚ ਫ਼ਰਕ ਕਰਦੇ ਹਨ, ਉਹ ਵੀ ਇਸ ਹੱਦ ਤੱਕ ਕਿ ਜਨਮ ਦੇਣ ਵਾਲੀ ਮਾਂ ਨੂੰ ਤਾਹਨੇ-ਮਿਹਨੇ ਮਾਰੇ ਜਾਣ, ਕੁੱਟ-ਮਾਰ ਕੀਤੀ ਜਾਵੇ ਤਾਂ ਇਹ ਮਨੁੱਖਤਾ ਪ੍ਰਤੀ ਸਭ ਤੋਂ ਵੱਡੀ ਲਾਹਨਤ ਹੈ। ਭਰੀ ਅਦਾਲਤ ਵਿਚ ਵਕੀਲ ਦਾ ਇਹ ਕਹਿ ਦੇਣਾ ਕਿ ਬਲਜਿੰਦਰ ਕੌਰ ਦੀ ਸੱਸ ਉਸ ਪੰਜਾਬ ਤੋਂ ਆਈ ਹੈ, ਜਿਥੇ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਮਾਰ ਦੇਣਾ ਆਮ ਗੱਲ ਹੈ, ਸਮੁੱਚੇ ਪੰਜਾਬੀਆਂ ਲਈ ਸ਼ਰਮ ਦੀ ਗੱਲ ਹੈ। ਅੱਜ ਇਮਾਨਦਾਰੀ ਨਾਲ ਸੋਚਣ ਦੀ ਲੋੜ ਹੈ ਕਿ ਉਹ ਮਾਪਿਆਂ ਦੀ ਗਿਣਤੀ ਕਿੰਨੀ ਕੁ ਹੈ, ਜਿਨ੍ਹਾਂ ਦੇ ਕੇਵਲ ਮੁੰਡੇ ਹੀ ਹਨ ਅਤੇ ਉਹ ਸੁਖੀ ਹਨ।

-ਬਿਕਰਮਜੀਤ ਗੋਬਿੰਦਪੁਰਾ
ਭਾਦਸੋਂ (ਪਟਿਆਲਾ)।

17-6-2014

 ਰੁੱਖ ਲਾਓ ਤੇ ਬਚਾਓ
ਵਾਤਾਵਰਨ ਬਚਾਉਣ ਸਬੰਧੀ ਕਈ ਅਦਾਰਿਆਂ ਦੀਆਂ ਕੋਸ਼ਿਸ਼ਾਂ ਉਦੋਂ ਬੇਕਾਰ ਹੋ ਜਾਂਦੀਆਂ ਹਨ ਜਦੋਂ ਰੁੱਖ ਲਾਏ ਤਾਂ ਜਾਂਦੇ ਹਨ ਪਰ ਇਨ੍ਹਾਂ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ ਜਾਂਦਾ। ਖ਼ਾਸ ਕਰਕੇ ਪ੍ਰਾਇਮਰੀ ਸਕੂਲ ਜਿੱਥੇ ਕਿ ਚਪੜਾਸੀ ਦੀ ਕੋਈ ਅਸਾਮੀ ਨਹੀਂ ਹੈ ਤੇ ਉਂਝ ਵੀ ਬੱਚੇ ਛੋਟੇ ਹੋਣ ਕਾਰਨ ਪੌਦਿਆਂ ਦੀ ਸਾਂਭ ਸੰਭਾਲ ਠੀਕ ਢੰਗ ਨਾਲ ਨਹੀਂ ਹੋ ਸਕਦੀ ਤੇ ਅਧਿਆਪਕ ਵੀ ਬੱਚਿਆਂ ਕੋਲੋਂ ਕੰਮ ਕਰਾਉਣ ਤੋਂ ਡਰਦੇ ਹਨ। ਗਰਮੀ ਦੀਆਂ ਛੁੱਟੀਆਂ ਦੌਰਾਨ ਪੌਦੇ ਤਾਂ ਕੀ ਸਕੂਲਾਂ ਦਾ ਵੀ ਕੋਈ ਵਾਲੀ-ਵਾਰਸ ਨਹੀਂ ਹੁੰਦਾ। ਬਹੁਤ ਘੱਟ-ਗਿਣਤੀ ਦੇ ਪ੍ਰਾਇਮਰੀ ਸਕੂਲ ਹਨ, ਜਿਨ੍ਹਾਂ ਵਿਚ ਨਵੇਂ ਲਾਏ ਰੁੱਖ ਪਾਲ਼ੇ ਵੀ ਜਾ ਰਹੇ ਹੋਣ। ਸੋ ਵੱਖ-ਵੱਖ ਅਦਾਰਿਆਂ ਦੀਆਂ ਕੋਸ਼ਿਸ਼ਾਂ ਉਦੋਂ ਹੀ ਕਾਮਯਾਬ ਹੋਣਗੀਆਂ ਜਦੋਂ ਇਨ੍ਹਾਂ ਨੂੰ ਸੰਭਾਲਣ ਲਈ ਵੀ ਉਪਰਾਲੇ ਕੀਤੇ ਜਾਣਗੇ। ਘੱਟੋ-ਘੱਟ ਸਕੂਲਾਂ ਨੂੰ ਪਾਣੀ ਦੀਆਂ ਮੋਟਰਾਂ ਲਾਉਣ ਵਾਸਤੇ ਗਰਾਂਟਾਂ ਲਾਜ਼ਮੀ ਤੌਰ 'ਤੇ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

-ਪਰਮਜੀਤ ਕੌਰ ਸਰਾਂ
ਦੁਆਰੇਆਣਾ ਰੋਡ, ਕੋਟਕਪੂਰਾ।

ਕਾਇਦੇ-ਕਾਨੂੰਨ
ਦਿੱਲੀ 'ਚ ਪਿਛਲੇ ਦਿਨੀਂ ਇਕ ਵਾਰ ਫਿਰ ਗ਼ੈਰ-ਕਾਨੂੰਨੀ ਬਣ ਰਹੀ ਇਮਾਰਤ ਡਿੱਗ ਪਈ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ। ਦਿੱਲੀ ਵਰਗੇ ਸ਼ਹਿਰ 'ਚ ਨਿਰਮਾਣ ਕਾਰਜ ਹੋਣੇ ਆਮ ਗੱਲ ਹੈ। ਪਰ ਇਥੇ ਬਣੇ ਸਭ ਨਿਯਮ ਕਾਨੂੰਨ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਚੁੱਕੇ ਹਨ। ਇਸ ਕਰਕੇ ਉਸ ਥਾਂ 'ਤੇ ਵੀ ਇਮਾਰਤ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ, ਜਿਸ ਥਾਂ 'ਤੇ ਵੱਡੇ ਨਿਰਮਾਣ ਕਰਨ 'ਤੇ ਪਾਬੰਦੀ ਹੁੰਦੀ ਹੈ।
ਦਿੱਲੀ ਦੇਸ਼ ਦੀ ਰਾਜਧਾਨੀ ਹੈ। ਇਥੇ ਹੋਈ ਹਰ ਚੰਗੀ ਮਾੜੀ ਘਟਨਾ ਦਾ ਅਸਰ ਦੇਸ਼ ਹੀ ਨਹੀਂ ਵਿਦੇਸ਼ ਤੱਕ ਅਸਰ ਕਰਦਾ ਹੈ। ਇਸ ਕਰਕੇ ਇਥੋਂ ਦੇ ਕਾਇਦੇ ਕਾਨੂੰਨ ਉੱਚ ਪੱਧਰ ਦੇ ਤੇ ਨਾਗਰਿਕ ਸੁਰੱਖਿਆ ਦੇ ਨਿਯਮ ਮਿਆਰੀ ਹੋਣੇ ਚਾਹੀਦੇ ਨੇ ਪਰ ਅਫ਼ਸੋਸ ਇਹ ਹੈ ਕਿ ਦਿੱਲੀ ਵਿਚ ਹੀ ਸਭ ਤੋਂ ਜ਼ਿਆਦਾ ਬੇਤਰਤੀਬ ਟ੍ਰੈਫਿਕ ਅਸੁਰੱਖਿਆ, ਬਲਾਤਕਾਰ, ਗੁੰਡਾਗਰਦੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਦ ਕਿ ਚਾਹੀਦਾ ਤਾਂ ਇਹ ਹੈ ਕਿ ਇਥੇ ਹਰ ਪੱਖੋਂ ਅਨੁਸ਼ਾਸਨ ਦੀ ਪਾਲਣਾ ਹੋਵੇ, ਹਰ ਨਿਯਮ ਦਾ ਬਾਕਾਇਦਾ ਪਾਲਣ ਹੋਵੇ। ਨਿਰਮਾਣ ਕਾਰਜ ਸਖ਼ਤ ਪਾਬੰਦੀਆਂ ਅਧੀਨ ਹੋਣ ਤੇ ਜਿਹੜਾ ਅਧਿਕਾਰੀ ਕੋਤਾਹੀ ਕਰੇ, ਉਸ ਨੂੰ ਵੀ ਸਜ਼ਾ ਮਿਲੇ। ਵੱਧ ਤੋਂ ਵੱਧ ਰੁੱਖ ਬੂਟੇ ਤੇ ਫੁਲਵਾੜੀਆਂ ਲਾਈਆਂ ਜਾਣ ਤਾਂ ਕਿ ਦਿੱਲੀ ਪੱਥਰਾਂ ਦਾ ਨਹੀਂ, ਹਰਿਆਲੀ ਭਰਪੂਰ ਸ਼ਹਿਰ ਬਣ ਜਾਵੇ।

-ਵਿਵੇਕ
ਕੋਟ ਈਸੇ ਖਾਂ (ਮੋਗਾ)।

ਭੱਤਾ : ਬੀਤੇ ਦੀ ਸੌਗਾਤ
ਕੁਝ ਸਮੇਂ ਪਹਿਲਾਂ ਝਾਤੀ ਮਾਰੀਏ ਤਾਂ ਖੇਤਾਂ ਵਿਚ ਕੰਮ ਕਰਦੇ ਜ਼ਿਮੀਂਦਾਰ ਲਈ ਸੁਆਣੀ ਵੱਲੋਂ ਭੱਤਾ ਲੈਣ ਕੇ ਜਾਣ ਦਾ ਆਮ ਰਿਵਾਜ ਸੀ। ਸੁਵਖਤੇ ਜ਼ਿਮੀਂਦਾਰ ਬਲਦਾਂ ਦੇ ਗਲਾਂ 'ਚ ਬੋਲਦੀਆਂ ਟੱਲੀਆਂ ਨਾਲ ਖੇਤਾਂ ਵਿਚ ਕੰਮ ਕਰਨ ਜਾਂਦਾ ਤਾਂ ਸੁਆਣੀ ਵੱਲੋਂ ਖੇਤਾਂ ਵਿਚ ਭੱਤਾ ਪਹੁੰਚਾਇਆ ਜਾਂਦਾ। ਜਿਉਂ-ਜਿਉਂ ਜ਼ਮਾਨੇ ਨੇ ਤਰੱਕੀ ਕੀਤੀ ਬਲਦਾਂ ਦੀ ਜਗ੍ਹਾ ਟਰੈਕਟਰਾਂ ਨੇ ਲੈ ਲਈ। ਘੰਟਿਆਂ ਦਾ ਕੰਮ ਮਿੰਟਾਂ ਵਿਚ ਕੀਤਾ ਜਾਣ ਲੱਗ ਪਿਆ। ਹੁਣ ਭੱਤੇ ਦੀ ਲੋੜ ਹੀ ਨਹੀਂ ਰਹੀ। ਜ਼ਮਾਨਾ ਬਦਲ ਗਿਆ, ਬਦਲੇ ਜ਼ਮਾਨੇ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਲਈ ਭੱਤਾ ਅਤੀਤ ਦੇ ਪਰਛਾਵੇਂ ਤੋਂ ਘੱਟ ਨਹੀਂ ਹੋਵੇਗਾ। ਬਦਲਦੇ ਜ਼ਮਾਨੇ ਨਾਲ ਪੁਰਾਣੇ ਰੰਗ-ਢੰਗ ਅਲੋਪ ਹੋ ਗਏ, ਜਿਨ੍ਹਾਂ ਵਿਚੋਂ ਭੱਤਾ ਵੀ ਇਕ ਹੈ। ਆਪਣੇ ਬੱਚਿਆਂ ਨੂੰ ਤ੍ਰਿੰਝਣ, ਪੀਂਘਾਂ, ਪੁਰਾਣੇ ਰੀਤੀ ਰਿਵਾਜਾਂ ਤੋਂ ਇਲਾਵਾ ਭੱਤੇ ਬਾਰੇ ਵੀ ਕਿਤਾਬਾਂ ਵਿਚ ਪਤਾ ਚੱਲਿਆ ਕਰੇਗਾ ਜਾਂ ਗਾਣਿਆਂ ਵਿਚ ਜਿਵੇਂ ਬੰਨੇ-ਬੰਨੇ ਭੱਤਾ ਲੈ ਕੇ ਖੇਤ ਨੂੰ ਚੱਲੀ ਆਦਿ ਵਿਚ। ਆਉਣ ਵਾਲੇ ਜ਼ਮਾਨੇ ਵਿਚ ਪੇਂਡੂ ਸੁਆਣੀਆਂ ਵੀ ਭੱਤੇ ਬਾਰੇ ਗੀਤਾਂ ਜਾਂ ਕਿਤਾਬਾਂ ਵਿਚ ਪੜ੍ਹਿਆ, ਸੁਣਿਆ ਕਰਨਗੀਆਂ।

-ਸੁਖਪਾਲ ਸਿੰਘ
ਅਬਿਆਣਾ।

ਪ੍ਰਦੂਸ਼ਿਤ ਹੋਇਆ ਵਾਤਾਵਰਨ
ਪ੍ਰਦੂਸ਼ਿਤ ਵਾਤਾਵਰਨ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਮਨੁੱਖ ਦੀ ਵਾਤਾਵਰਨ ਪ੍ਰਥੀ ਲਾਪ੍ਰਵਾਹੀ ਤੇ ਅਗਿਆਨਤਾ ਹੈ। ਮਨੁੱਖ ਆਪਣੀਆਂ ਖੁਸ਼ੀਆਂ ਤੇ ਸਹੂਲਤਾਂ ਲਈ ਜਲ, ਹਵਾ ਅਤੇ ਭੂਮੀ ਪ੍ਰਦੂਸ਼ਤ ਕਰਦਾ ਜਾ ਰਿਹਾ ਹੈ। ਤੇਜ਼ੀ ਨਾਲ ਸੁੱਟਿਆ ਜਾ ਰਿਹਾ ਕੂੜਾ, ਗੱਡੀਆਂ ਦਾ ਧੂੰਆਂ ਅਤੇ ਬੇਰੋਕ ਵੱਢੇ ਜਾ ਰਹੇ ਰੁੱਖਾਂ ਨਾਲ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ। ਇਸ ਖਰਾਬ ਵਾਤਾਵਰਨ ਦੀ ਵਜ੍ਹਾ ਨਾਲ ਮਨੁੱਖੀ ਜੀਵਨ ਲਈ ਖ਼ਤਰਾ ਪੈਦਾ ਹੋ ਰਿਹਾ ਹੈ। ਕੈਂਸਰ ਅਤੇ ਅਸਥਮਾ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜ਼ੋਰ ਮਿਲ ਗਿਆ ਹੈ। ਸਾਨੂੰ ਸਾਰਿਆਂ ਨੂੰ ਵਾਤਾਵਰਨ ਹਿਤ ਵਿਚ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਇਆਂ ਇਸ ਦੀ ਰੱਖਿਆ ਲਈ ਅੱਗੇ ਵਧਣਾ ਚਾਹੀਦਾ ਹੈ। ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤੇ ਪਾਣੀ ਦਾ ਬਚਾਓ ਕਰਨਾ ਚਾਹੀਦਾ ਹੈ।

-ਰੋਹਿਤ ਚੌਹਾਨ
ਸ਼ਕਤੀ ਨਗਰ, ਹੁਸ਼ਿਆਰਪੁਰ।

16-6-2014

 ਮਾਤ ਭਾਸ਼ਾ ਦੀ ਗੱਲ
ਸ੍ਰੀ ਨਰਿੰਦਰ ਮੋਦੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦਾ ਅਹੁਦਾ ਸੰਭਾਲੇ ਅਜੇ ਕੁਝ ਦਿਨ ਹੀ ਹੋਏ ਹਨ। ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰ ਚੜ੍ਹਾਉਣ ਲਈ ਉਹ ਜੋ ਉਤਸ਼ਾਹ ਦਿਖਾ ਰਹੇ ਹਨ, ਉਹ ਕਾਬਲ-ਏ-ਤਾਰੀਫ਼ ਹੈ। ਮੰਤਰੀਆਂ ਨੂੰ ਸੌ ਦਿਨ ਦਾ ਏਜੰਡਾ ਤਿਆਰ ਕਰਨ ਲਈ ਕਹਿਣਾ, ਵਿਦੇਸ਼ਾਂ ਵਿਚ ਜਮ੍ਹਾਂ ਕਾਲਾ ਧਨ ਵਾਪਸ ਲਿਆਉਣ ਲਈ ਯਤਨ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ (ਸਕੱਤਰਾਂ) ਨੂੰ ਸਿੱਧੇ ਆਪਣੇ ਨਾਲ ਸੰਪਰਕ ਕਰਨ ਦੀ ਖੁੱਲ੍ਹ ਦੇਣੀ ਆਦਿ ਕਈ ਅਜਿਹੇ ਕਾਰਜ ਹਨ ਜੋ ਨਰਿੰਦਰ ਮੋਦੀ ਜੀ ਦੀ ਇਕ ਉਸਾਰੂ ਤਸਵੀਰ ਸਾਡੇ ਦਿਲ ਵਿਚ ਬਣਾਉਂਦੇ ਹਨ। ਸਭ ਤੋਂ ਵੱਧ ਮੋਦੀ ਜੀ ਇਸ ਗੱਲੋਂ ਵਧਾਈ ਦੇ ਹੱਕਦਾਰ ਹਨ ਕਿ ਉਨ੍ਹਾਂ ਨੇ ਕਿਹਾ ਹੈ ਕਿ ਉਹ ਜਦੋਂ ਵੀ ਵਿਦੇਸ਼ੀ ਦੌਰੇ ਉਪਰ ਜਾਣਗੇ ਜਾਂ ਕੋਈ ਵਿਦੇਸ਼ੀ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਮਿਲਣ ਆਉਣਗੇ ਤਾਂ ਉਹ ਗੱਲਬਾਤ ਹਮੇਸ਼ਾ ਰਾਸ਼ਟਰੀ ਭਾਸ਼ਾ ਹਿੰਦੀ ਵਿਚ ਹੀ ਕਰਨਗੇ। ਬਿਨਾਂ ਸ਼ੱਕ ਉਨ੍ਹਾਂ ਦੇ ਇਸ ਹੌਸਲੇ ਨਾਲ ਰਾਸ਼ਟਰ ਭਾਸ਼ਾ ਹਿੰਦੀ ਦੇ ਹੱਕ ਵਿਚ, ਦੇਸ਼ ਭਰ ਅੰਦਰ ਇਕ ਲਹਿਰ ਚੱਲੇਗੀ। ਕਿੰਨਾ ਚੰਗਾ ਹੋਵੇ ਜੇਕਰ ਸਾਡੇ ਮਾਨਯੋਗ ਰਾਸ਼ਟਰਪਤੀ ਸਾਹਿਬ ਵੀ ਆਪਣਾ ਭਾਸ਼ਣ ਹਿੰਦੀ ਵਿਚ ਹੀ ਦਿਆ ਕਰਨ ਤਾਂ ਜੋ ਉਨ੍ਹਾਂ ਦੀ ਕਹੀ ਗੱਲ, ਆਮ ਰਾਸ਼ਟਰ ਵਾਸੀ ਸਮਝ ਸਕਣ। ਕਾਸ਼! ਮੋਦੀ ਸਾਹਿਬ ਵਾਂਗ ਕੋਈ ਸਾਡੀ ਮਾਤ ਭਾਸ਼ਾ ਪੰਜਾਬੀ ਦੇ ਹੱਕ ਵਿਚ ਖੜ੍ਹਨ ਵਾਲਾ ਵੀ ਨਿੱਤਰੇ।

-ਪ੍ਰੀਤ ਸਿੰਘ ਸੰਦਲ
ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

ਬਾਲ ਮਜ਼ਦੂਰੀ
ਪੰਜਾਬ ਸਰਕਾਰ ਵੱਲੋਂ ਬਾਲ ਮਜ਼ਦੂਰੀ ਦੇ ਖ਼ਾਤਮੇ ਲਈ 'ਬਚਪਨ ਬਚਾਓ' ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੁਕਾਨਾਂ, ਢਾਬਿਆਂ, ਬਾਜ਼ਾਰਾਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਕਿ ਬਾਲ ਮਜ਼ਦੂਰੀ ਖ਼ਤਮ ਕੀਤੀ ਜਾਵੇ ਕਿਉਂਕਿ ਲੇਬਰ ਕਾਨੂੰਨ ਤਹਿਤ ਜੁਰਮ ਹੈ ਅਤੇ ਸਿੱਖਿਆ ਪ੍ਰਦਾਨ ਕਰਨ ਦੀ ਨੀਤੀ ਦੀ ਉਲੰਘਣਾ ਕਰਨਾ ਹੈ। ਬਚਪਨ ਪੜ੍ਹਨ-ਲਿਖਣ, ਖੇਡਣ-ਮੱਲ੍ਹਣ ਲਈ ਹੈ। ਬਾਲ ਮਜ਼ਦੂਰੀ ਕਰਦੇ ਬੱਚਿਆਂ ਦੇ ਦਿਲ ਪੁੱਛੇ ਜਾਣੀਂਦੇ ਹਨ ਕਿਉਂ ਕਰਦੇ ਹਨ ਉਹ ਬਾਲ ਮਜ਼ਦੂਰੀ। ਕਿਸੇ ਦਾ ਬਾਪ ਨਹੀਂ, ਕਿਸੇ ਦੀ ਮਾਂ ਨਹੀਂ ਜਾਂ ਬਾਪ ਨਸ਼ੇੜੀ ਹੈ ਜਾਂ ਅੱਤ ਦੀ ਗਰੀਬੀ ਕਾਰਨ ਰੋਟੀ ਦਾ ਫਿਕਰ ਹੈ।
ਬਾਲ ਮਜ਼ਦੂਰੀ ਸਰਕਾਰ ਤੇ ਦੇਸ਼ ਦੇ ਮੂੰਹ 'ਤੇ ਕਲੰਕ ਹੈ। ਬਾਲ ਮਜ਼ਦੂਰੀ ਨੂੰ ਬੰਦ ਕਰਨ ਨਾਲ ਇਹ ਬੱਚੇ ਬੇਰੁਜ਼ਗਾਰ ਹੋ ਕੇ ਘਰਦਿਆਂ ਅਤੇ ਤੰਗੀਆਂ-ਤੁਰਸ਼ੀਆਂ ਤੋਂ ਪ੍ਰੇਸ਼ਾਨ ਹੋਣਗੇ। ਬਾਲ ਮਜ਼ਦੂਰਾਂ ਨੂੰ ਬੇਘਰ, ਵਿਹਲੇ ਕਰਨ, ਰੋਟੀ ਖੋਹਣ ਦੀ ਬਜਾਏ ਬਾਲਾਂ ਨੂੰ ਮਜ਼ਦੂਰੀ ਕਰਨ ਦੇ ਕਾਰਨ ਦੂਰ ਕਰਨ ਦੀ ਲੋੜ ਹੈ। ਵੱਡਿਆਂ ਲਈ ਆਰਥਿਕ ਹਾਲਤ ਚੰਗੇ ਹੋਣ, ਰੁਜ਼ਗਾਰ ਦੇ ਸਾਧਨ ਹੋਣ ਤਾਂ ਬੱਚਿਆਂ ਨੂੰ ਮਜ਼ਦੂਰੀ ਕਰਨ ਦੀ ਲੋੜ ਹੀ ਨਹੀਂ ਪਵੇਗੀ।

-ਰਾਜਵਿੰਦਰ ਰੌਂਤਾ
ਰੌਂਤਾ (ਮੋਗਾ)।

ਮਾਪੇ
ਲੋਕ ਕਹਾਵਤ ਹੈ ਕਿ ਹੁਸਨ, ਜਵਾਨੀ ਤੇ ਮਾਪੇ ਜ਼ਿੰਦਗੀ ਵਿਚ ਇਕੋ ਵਾਰ ਮਿਲਦੇ ਹਨ। ਇਸ ਧਰਤੀ ਉਪਰ ਮਾਤਾ-ਪਿਤਾ ਹੀ ਬੱਚਿਆਂ ਦੇ ਜਨਮਦਾਤੇ ਅਤੇ ਪਾਲਕ ਹਨ। ਅਸਲ ਵਿਚ ਮਾਪੇ ਹੀ ਰੱਬ ਦਾ ਦੂਸਰਾ ਰੂਪ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਜਿਸ ਨੇ ਰੱਬ ਦੀ ਸੇਵਾ ਕਰਨੀ ਹੋਵੇ, ਉਹ ਆਪਣੇ ਮਾਪਿਆਂ ਦੀ ਸੇਵਾ ਕਰਕੇ ਵੇਖ ਲਵੇ। ਜਿਹੜੇ ਨੌਜਵਾਨ ਆਪਣੇ ਮਾਪਿਆਂ ਦੀ ਸੇਵਾ ਕਰਦੇ ਹਨ, ਉਨ੍ਹਾਂ ਦੇ ਮਾਪੇ ਆਪਣੀ ਜ਼ਿੰਦਗੀ ਦੇ ਤਜ਼ਰਬਿਆਂ ਦੇ ਨਿਚੋੜਾਂ ਨਾਲ ਆਪਣੇ ਬੱਚਿਆਂ ਨੂੰ ਜੀਵਨ ਵਿਚ ਸਫ਼ਲ ਹੋਣ ਵਿਚ ਸਹਾਈ ਹੁੰਦੇ ਹਨ। ਜਦੋਂ ਪੋਤੇ, ਪੋਤੀਆਂ ਆਪਣੇ ਦਾਦਾ-ਦਾਦੀ ਦੀ ਸੇਵਾ ਹੁੰਦੀ ਵੇਖਦੇ ਹਨ ਤਾਂ ਉਹ ਵੀ ਵੱਡੇ ਹੋ ਕੇ ਰੀਸ ਨਾਲ ਆਪਣੇ ਮਾਪਿਆਂ ਦੀ ਸੇਵਾ ਕਰਦੇ ਹਨ। ਅਜਿਹੇ ਪਰਿਵਾਰਾਂ ਵਿਚ ਆਪਸੀ ਪਿਆਰ, ਏਕਤਾ ਤੇ ਖੁਸ਼ਹਾਲੀ, ਪੀੜ੍ਹੀ-ਦਰ-ਪੀੜ੍ਹੀ ਬਣੀ ਰਹਿੰਦੀ ਹੈ। ਭਾਵੇਂ ਅਜੋਕੇ ਜ਼ਮਾਨੇ ਦੇ ਤੇਜ਼ ਦੌਰ ਵਿਚ ਸਾਂਝੇ ਪਰਿਵਾਰ ਬਿਖਰ ਰਹੇ ਹਨ, ਪ੍ਰੰਤੂ ਬਰਖੁਰਦਾਰ ਔਲਾਦ, ਆਪਣੇ ਮਾਪਿਆਂ ਨੂੰ ਇਕ ਥਾਂ ਇਕੱਠੇ ਰੱਖ ਕੇ ਉਨ੍ਹਾਂ ਦੀ ਪੂਰੀ ਸਾਂਭ-ਸੰਭਾਲ ਕਰਦੀ ਰਹਿੰਦੀ ਹੈ। ਜੀਵਨ ਇਕ ਸੁੰਦਰ ਸੁਪਨਾ ਹੈ। ਆਓ, ਫਿਰ, ਆਪਸੀ ਪਿਆਰ ਤੇ ਮਿਲਵਰਤਨ ਨਾਲ ਇਸ ਨੂੰ ਹੋਰ ਖੂਬਸੂਰਤ ਬਣਾਈਏ।

-ਇੰਜ: ਕੁਲਦੀਪ ਸਿੰਘ ਲੁੱਧਰ
4724, ਗੁਰੂ ਨਾਨਕ ਵਾੜਾ, ਖ਼ਾਲਸਾ ਕਾਲਜ, ਅੰਮ੍ਰਿਤਸਰ।

ਨਕਲ ਦਾ ਰੁਝਾਨ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 3 ਜੂਨ ਨੂੰ ਦਸਵੀਂ ਦਾ ਨਤੀਜਾ ਐਲਾਨਿਆ। ਪੇਂਡੂ ਖੇਤਰ ਨਾਲ ਸਬੰਧਤ ਹੋਣ ਕਰਕੇ ਮੈਨੂੰ ਇਸ ਗੱਲ ਦਾ ਗਿਆਨ ਹੈ ਕਿ ਨਿੱਜੀ ਸਕੂਲਾਂ ਵਾਲੇ ਆਪਣੇ ਲਾਇਕ ਵਿਦਿਆਰਥੀਆਂ ਨੂੰ ਪੂਰੀ ਨਕਲ ਕਰਵਾਉਂਦੇ ਹਨ। ਲੰਬੇ ਸਮੇਂ ਤੋਂ ਸਿੱਖਿਆ ਬੋਰਡ ਨੇ ਇਸ ਬਿਮਾਰੀ ਨੂੰ ਦੂਰ ਕਰਨ ਲਈ ਕਦੇ ਵੀ ਗੰਭੀਰਤਾ ਨਾਲ ਕਦਮ ਨਹੀਂ ਚੁੱਕੇ। ਦੂਰ-ਦੂਰ ਦੇ ਪੇਂਡੂ ਖੇਤਰ ਤਾਂ ਨਕਲ 'ਤੇ ਹੀ ਆਧਾਰਤ ਹਨ। ਬੋਰਡ ਵੱਲੋਂ ਇਨ੍ਹਾਂ ਖੇਤਰਾਂ 'ਚ ਹੋਰ ਸੈਂਟਰ ਬਣਾ ਦਿੱਤੇ ਜਾਂਦੇ ਹਨ। ਨਕਲ ਦਾ ਰੁਝਾਨ ਸਮਾਜ ਵਿਚ ਫੈਲੀ ਅਫਰਾ-ਤਫਰੀ ਅਤੇ ਦੋਹਰੇ ਮਿਆਰ ਦਾ ਹੀ ਨਤੀਜਾ ਹੈ। ਬੋਰਡ ਝੂਠੀ ਵਾਹ-ਵਾਹ ਲੈਣ ਲਈ ਵਧੀਆ ਨਤੀਜੇ ਦਿਖਾ ਦਿੰਦਾ ਹੈ। ਨਕਲ ਰਹਿਤ ਪ੍ਰੀਖਿਆਵਾਂ ਤਾਂ ਇਕ ਸੁਪਨੇ ਵਾਂਗ ਹੀ ਹਨ। 12ਵੀਂ ਪਾਸ ਵਿਦਿਆਰਥੀ ਅਰਧ-ਅਨਪੜ੍ਹ ਹਨ। ਸਮੇਂ ਨਾਲ ਅਜਿਹੇ ਵਿਦਿਆਰਥੀ ਨਿਰਾਸ਼ਾ ਦਾ ਸ਼ਿਕਾਰ ਹੋ ਕੇ ਨਸ਼ਿਆਂ ਵੱਲ ਪ੍ਰੇਰਿਤ ਹੋ ਜਾਂਦੇ ਹਨ।

-ਗੁਰਿੰਦਰ ਸਿੰਘ
ਬਟਾਲਾ।

13-6-2014

 ਪੰਜਾਬ ਵਿਚ ਬਿਜਲੀ ਸੰਕਟ

ਭਾਵੇਂ ਪੰਜਾਬ ਦੇ ਮੰਤਰੀ ਪੰਜਾਬ ਨੂੰ ਸਰਪਲਸ ਬਿਜਲੀ ਵਾਲਾ ਸੂਬਾ ਆਖ ਰਹੇ ਹਨ ਪਰ ਬਿਜਲੀ ਦਾ ਬਹੁਤਾ ਵਧੀਆ ਹਾਲ ਨਹੀਂ ਹੈ। ਰੋਜ਼ ਅਖ਼ਬਾਰਾਂ ਕਹਿ ਰਹੀਆਂ ਹਨ ਕਿ ਕੋਲੇ ਦੀ ਬਹੁਤ ਘਾਟ ਹੈ। ਤਾਪ ਘਰਾਂ ਦੇ 14 ਵਿਚੋਂ 6 ਯੂਨਿਟ ਬੰਦ ਕਰ ਦਿੱਤੇ ਗਏ ਹਨ। ਆਖਰ ਇਹ ਕਮੀ ਕਿਉਂ ਆ ਰਹੀ ਹੈ ਜਦੋਂ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਨੰਬਰ ਇਕ ਸੂਬਾ ਆਖਦੇ ਹਨ। ਸਾਰੇ ਪੰਜਾਬ ਵਾਸੀਆਂ ਲਈ ਇਹ ਪ੍ਰਸ਼ਨ ਇਕ ਰਹੱਸਮਈ ਬਣ ਗਿਆ ਹੈ। ਉਹ ਅਖ਼ਬਾਰ ਵਿਚ ਛਪਦੀਆਂ ਖ਼ਬਰਾਂ ਤੇ ਮੰਤਰੀਆਂ ਦੇ ਭਾਸ਼ਣ ਸੁਣ ਕੇ ਹੈਰਾਨ ਹੁੰਦੇ ਹਨ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜੇਕਰ ਕਾਗਜ਼ਾਂ ਵਿਚ ਸੱਚੀ ਪੰਜਾਬ ਬਿਜਲੀ ਪੈਦਾ ਕਰਨ ਵਾਲਾ ਮੋਹਰੀ ਸੂਬਾ ਬਣਿਆ ਹੈ ਤਾਂ ਕ੍ਰਿਪਾ ਕਰਕੇ ਅਮਲੀ ਤੌਰ 'ਤੇ ਵੀ ਪੰਜਾਬ ਨੂੰ ਅੱਵਲ ਬਣਾਇਆ ਜਾਵੇ।

-ਕਰਮਜੀਤ ਸਿੰਘ ਧਾਰੀਵਾਲ
ਨਵੀਂ ਆਬਾਦੀ, ਜੀ.ਟੀ. ਰੋਡ, ਧਾਰੀਵਾਲ।

ਫਿਰ ਵਧਾਇਆ ਮਾਣ

12ਵੀਂ ਜਮਾਤ ਵਿਚ ਬਾਜ਼ੀ ਮਾਰਨ ਤੋਂ ਬਾਅਦ ਪੰਜਾਬ ਦੀਆਂ ਧੀਆਂ ਨੇ ਫਿਰ ਇਕ ਵਾਰ ਆਪਣੀ ਕਾਬਲੀਅਤ ਨੂੰ ਸਿੱਧ ਕਰਦਿਆਂ ਮੈਟ੍ਰਿਕ ਦੀਆਂ ਪ੍ਰੀਖਿਆਵਾਂ ਵਿਚੋਂ ਸਨਮਾਨਯੋਗ ਪ੍ਰਾਪਤੀਆਂ ਕੀਤੀਆਂ ਹਨ। ਇਸ ਵਾਰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਮੈਟ੍ਰਿਕ ਦੀ ਪ੍ਰੀਖਿਆ ਵਿਚ ਧੀਆਂ ਨੇ ਪੁੱਤਰਾਂ ਨੂੰ ਪਛਾੜ ਦਿੱਤਾ ਹੈ। ਇਸ ਵਾਰ 1,61,246 ਰੈਗੂਲਰ ਲੜਕੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ 1,28,351 ਪਾਸ ਹੋਈਆਂ ਹਨ ਅਤੇ ਇਨ੍ਹਾਂ ਦੀ ਪਾਸ ਫ਼ੀਸਦੀ 79.60 ਫ਼ੀਸਦੀ ਰਹੀ ਹੈ ਜਦ ਕਿ 2,14,112 ਰੈਗੂਲਰ ਲੜਕੇ ਇਸ ਵਾਰ ਅਪੀਅਰ ਹੋਏ ਅਤੇ ਇਨ੍ਹਾਂ ਵਿਚੋਂ 1,42,845 ਲੜਕੇ ਪਾਸ ਹੋਏ, ਜਿਨ੍ਹਾਂ ਦੀ ਪਾਸ ਫ਼ੀਸਦੀ 66.72 ਫ਼ੀਸਦੀ ਰਹੀ, ਜੋ ਕਿ ਲੜਕੀਆਂ ਨਾਲੋਂ 12.88 ਫ਼ੀਸਦੀ ਘੱਟ ਹੈ। ਸੋ, ਕੁੱਲ ਮਿਲਾ ਕੇ ਦੇਖਣ ਵਿਚ ਆਇਆ ਹੈ ਕਿ ਲੜਕੀਆਂ ਨੇ ਸਿੱਖਿਆ ਦੇ ਖੇਤਰ ਵਿਚ ਉੱਚੀਆਂ ਪੁਲਾਂਘਾਂ ਪੁੱਟੀਆਂ ਹਨ। ਇਸ ਵਾਰ ਪੰਜਾਬ ਸਰਕਾਰ ਵੱਲੋਂ ਇਕ ਵੱਡੇ ਤਹੱਈਏ ਦੇ ਤਹਿਤ ਇਨ੍ਹਾਂ ਲੜਕੀਆਂ ਨੂੰ ਜੋ ਕਿ ਮੈਰਿਟ ਸੂਚੀ ਵਿਚ ਪੰਜਾਬ ਪੱਧਰ 'ਤੇ ਆਪਣਾ ਨਾਂਅ ਚਮਕਾਉਣ ਵਿਚ ਸਫ਼ਲ ਹੋਈਆਂ ਸਨ, ਨੂੰ ਵੱਡੇ ਇਨਾਮਾਂ ਨਾਲ ਸਨਮਾਨਿਆਂ ਜਾਵੇਗਾ ਜੋ ਕਿ ਪੰਜਾਬ ਸਰਕਾਰ ਦਾ ਇਕ ਸ਼ਲਾਘਾਯੋਗ ਫ਼ੈਸਲਾ ਹੈ। ਸ਼ਾਲਾ! ਇਹ ਸਫ਼ਲਤਾ ਦਾ ਦੌਰ ਨਿਰੰਤਰ ਚਲਦਾ ਰਹੇ ਅਤੇ ਸਾਡਾ ਸੂਬਾ ਇਸੇ ਤਰ੍ਹਾਂ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦਾ ਰਹੇ।

-ਧਰਮਿੰਦਰ 'ਸ਼ਾਹਿਦ' ਖੰਨਾ
580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ।

ਅਜੇ ਵੀ ਸੰਭਲਣ ਦਾ ਸਮਾਂ

2014 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ਗ਼ੈਰ-ਤਸੱਲੀਬਖ਼ਸ਼ ਕਾਰਗੁਜ਼ਾਰੀ ਲਈ ਵਿਸ਼ੇਸ਼ ਆਤਮ-ਚਿੰਤਨ ਦੀ ਲੋੜ ਹੈ। ਉਮੀਦ ਤੋਂ ਘੱਟ ਮਿਲੀਆਂ ਸੀਟਾਂ ਦੇ ਕਾਰਨਾਂ ਨੂੰ ਜਾਨਣ ਅਤੇ ਅਸਲ ਕਾਰਵਾਈ ਕਰਨ ਦੀ ਜ਼ਰੂਰਤ ਹੈ। ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਮੁੜ ਹਾਸਲ ਕਰਨ ਲਈ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਸਮਝਣਾ ਤੇ ਦਰੁਸਤ ਕਰਨਾ ਪਵੇਗਾ। ਇਸ ਕਰਕੇ ਵਿਸ਼ੇਸ਼ ਕਦਮ ਚੁੱਕਣ ਦੀ ਤੁਰੰਤ ਲੋੜ ਹੈ। ਇਹ ਕਦਮ ਅਲਪਕਾਰੀ ਤੇ ਦੀਰਘਕਾਲੀ ਵੀ ਹੋ ਸਕਦੇ ਹਨ, ਜਿਸ ਕਾਰਨ ਸਰਕਾਰ ਦੀ ਡਿੱਗੀ ਹੋਈ ਸਥਿਤੀ ਵਿਚ ਕੁਝ ਸੁਧਾਰ ਹੋ ਸਕੇ। ਪੰਜਾਬ ਦੀ ਮਾੜੀ ਹਾਲਤ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਸਰਕਾਰੀ ਖਰਚਿਆਂ ਨੂੰ ਘੱਟ ਕਰਨਾ ਪਵੇਗਾ। ਪੰਜਾਬ ਵਿਚ ਫੈਲੇ ਨਸ਼ਿਆਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਰਾਜ ਸਰਕਾਰ ਦੇ ਮੁਲਾਜ਼ਮਾਂ ਦੇ ਭਰੋਸੇ ਨੂੰ ਵੀ ਜਿੱਤਣ ਦੀ ਲੋੜ ਹੈ। ਜੇਕਰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਉੱਕਤ ਸਮੱਸਿਆਵਾਂ ਨੂੰ ਨਜਿੱਠਣ ਵਿਚ ਕਾਮਯਾਬ ਹੋ ਜਾਂਦੀ ਹੈ ਤਾਂ ਉਹ ਆਪਣਾ ਭਰੋਸਾ ਫਿਰ ਹਾਸਲ ਕਰਨ ਵਿਚ ਕਾਮਯਾਬ ਹੋ ਸਕਦੀ ਹੈ।

-ਵਰਿੰਦਰ ਸਿੰਘ ਭਾਟੀਆ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

12-6-2014

 ਬੇਰੁਜ਼ਗਾਰੀ ਦੀ ਸਮੱਸਿਆ
ਬੇਰੁਜ਼ਗਾਰੀ ਦੀ ਸਮੱਸਿਆ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਕਈ ਗਰੀਬ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਕਿੰਨੀਆਂ ਮੁਸ਼ਕਿਲਾਂ ਨਾਲ ਪੜ੍ਹਾਉਂਦੇ ਹਨ। ਕਈ ਕਰਜ਼ੇ ਲੈਂਦੇ ਅਤੇ ਕਈ ਆਪਣੀਆਂ ਜ਼ਮੀਨਾਂ ਤੱਕ ਵੀ ਵੇਚ ਦਿੰਦੇ ਹਨ। ਜਦੋਂ ਏਨੀਆਂ ਮੁਸ਼ਕਿਲਾਂ ਨਾਲ ਪੜ੍ਹਨ 'ਤੇ ਵੀ ਨੌਕਰੀ ਨਹੀਂ ਮਿਲਦੀ ਤਾਂ ਕਈ ਨੌਜਵਾਨ ਏਨੇ ਦੁਖੀ ਹੋ ਜਾਂਦੇ ਹਨ ਕਿ ਆਤਮ-ਹੱਤਿਆ ਵੀ ਕਰ ਲੈਂਦੇ ਹਨ। ਸਾਨੂੰ ਇਸ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਇਕ ਤਾਂ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਕੰਮਾਂ ਦੀ ਵੀ ਜਾਣਕਾਰੀ ਜਾਂ ਹੋਰ ਕੰਮਾਂ ਵਿਚ ਵੀ ਰੁਚੀ ਪੈਦਾ ਕਰਨੀ ਚਾਹੀਦੀ ਹੈ, ਤਾਂ ਜੋ ਜੇਕਰ ਕਿਸੇ ਕਾਰਨ ਉਨ੍ਹਾਂ ਨੂੰ ਨੌਕਰੀ ਨਾ ਮਿਲੇ ਤਾਂ ਉਹ ਆਪਣਾ ਕੰਮ ਧੰਦਾ ਖੋਲ੍ਹ ਸਕਣ। ਦੂਜਾ ਹਰ ਵਾਰ ਨੌਕਰੀਆਂ ਮੈਰਿਟ ਦੇ ਆਧਾਰ 'ਤੇ ਹੀ ਦਿੱਤੀਆਂ ਜਾਂਦੀਆਂ ਹਨ। ਹਰ ਵਾਰ ਅਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਕਰ ਸਰਕਾਰ 40-45 ਫ਼ੀਸਦੀ ਵਾਲੇ ਨੂੰ ਪਾਸ ਕਰ ਸਕਦੀ ਹੈ ਤਾਂ ਨੌਕਰੀ ਦਾ ਮੌਕਾ ਉਨ੍ਹਾਂ ਨੂੰ ਵੀ ਮਿਲਣਾ ਚਾਹੀਦਾ ਹੈ। ਕੁਝ ਹੱਦ ਤੱਕ ਇਹ ਨਿਸਚਿਤ ਹੋਣਾ ਚਾਹੀਦਾ ਹੈ ਕਿ ਜਿਸ ਖੇਤਰ ਵਿਚ ਜਿੰਨੇ ਵਿਦਿਆਰਥੀ ਕੋਰਸ ਜਾਂ ਡਿਪਲੋਮਾ ਕਰਦੇ ਹਨ, ਉਨ੍ਹਾਂ ਨੂੰ ਨੌਕਰੀ ਦੇਣਾ ਯਕੀਨੀ ਬਣਾਉਣਾ ਚਾਹੀਦਾ ਹੈ।

-ਕੰਚਨ ਕੁਮਾਰੀ ਲਾਂਬਾ
ਬਸੀ ਬਾਜੀਦ, ਹੁਸ਼ਿਆਰਪੁਰ।

'ਵਿਟਾਮਿਨ ਐਮ'
ਹਰ ਇਕ ਇਨਸਾਨ ਦੇ ਸਰੀਰ ਵਿਚ ਵਿਟਾਮਿਨ ਏ, ਬੀ, ਸੀ ਅਤੇ ਡੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਚਾਰਾਂ ਵਿਟਾਮਿਨਾਂ 'ਚੋਂ ਕਿਸੇ ਦੀ ਵੀ ਘਾਟ ਹੋਵੇਗੀ, ਉਸ ਨੂੰ ਕੋਈ ਨਾ ਕੋਈ ਬਿਮਾਰੀ ਜਾਂ ਥਕਾਵਟ ਦਾ ਹਮੇਸ਼ਾ ਸਾਹਮਣਾ ਕਰਨਾ ਪੈਂਦਾ ਹੈ। ਪਰ ਵਿਟਾਮਿਨ 'ਐਮ' ਨੇ ਵੀ ਆਪਣਾ ਅਸਰ ਹਰ ਇਕ ਵਿਅਕਤੀ ਦੇ ਜੀਵਨ 'ਤੇ ਪਾਇਆ ਹੈ। ਵਿਟਾਮਿਨ ਐਮ ਤੋਂ ਭਾਵ ਹੈ 'ਮਨੀ' ਮਤਲਬ ਪੈਸਾ। ਅਮੀਰਾਂ ਅਤੇ ਲੀਡਰਾਂ ਕੋਲ ਇਸ ਵਿਟਾਮਿਨ ਦੀ ਕੋਈ ਕਮੀ ਨਹੀਂ, ਉਨ੍ਹਾਂ ਕੋਲ ਇਸ ਵਿਟਾਮਿਨ ਦੀ ਬਹੁਤਾਤ ਹੋਣ ਕਰਕੇ, ਉਨ੍ਹਾਂ ਇਸ ਨੂੰ ਸਵਿਸ ਬੈਂਕਾਂ ਵਿਚ ਜਮ੍ਹਾਂ ਕਰਵਾ ਰੱਖਿਆ ਹੈ। ਗਰੀਬ ਅਤੇ ਮਜ਼ਦੂਰ ਵਰਗ ਇਸ ਵਿਟਾਮਿਨ ਦੀ ਘਾਟ ਨੂੰ ਪੂਰਾ ਕਰਨ ਲਈ ਹਰ ਵਕਤ ਹੱਡ ਭੰਨਵੀਂ ਮਿਹਨਤ ਕਰਦਾ ਦਿਖਾਈ ਦਿੰਦਾ ਹੈ ਪਰ ਫਿਰ ਵੀ ਉਸ ਲਈ ਇਹ ਵਿਟਾਮਿਨ ਪੂਰਾ ਨਹੀਂ ਕੀਤਾ ਜਾ ਸਕਦਾ। ਕਿਉਂਕਿ ਮਹਿੰਗਾਈ ਦੀ ਮਾਰ, ਪੜ੍ਹਾਈਆਂ ਦੇ ਖਰਚੇ, ਰੁਜ਼ਗਾਰ ਦੀ ਕਮੀ, ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੇ ਹਰੇਕ ਵਿਅਕਤੀ ਵਿਚ ਵਿਟਾਮਿਨ ਐਮ ਦੀ ਕਮੀ ਕਰ ਦਿੱਤੀ ਹੈ, ਜਿਸ ਦਾ ਹੱਲ ਸਿਰਫ ਤੇ ਸਿਰਫ ਸਰਕਾਰ ਦੇ ਹੱਥਾਂ ਵਿਚ ਹੈ। ਸਰਕਾਰ ਨੂੰ ਇਸ ਵਿਟਾਮਿਨ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ, ਤਾਂ ਜੋ ਕਿਸੇ ਵੀ ਵਿਅਕਤੀ ਕੋਲ ਇਸ ਵਿਟਾਮਿਨ ਦੀ ਘਾਟ ਨਾ ਰਹੇ।

-ਬਲਵੰਤ ਸਿੰਘ ਗਿਆਸਪੁਰਾ
ਮੋ: 9888747151

ਸਮਾਜ ਸੁਧਾਰ
ਸਮਾਜ ਵਿਚ ਅਜਿਹਾ ਵਰਗ ਪੈਦਾ ਹੋ ਗਿਆ ਹੈ, ਜੋ ਨੌਜਵਾਨਾਂ ਨੂੰ ਸਹੀ ਜੀਵਨ ਜਿਊਣ ਦੇ ਰਸਤੇ ਤੋਂ ਭਟਕਾ ਰਿਹਾ ਹੈ। ਨੌਜਵਾਨਾਂ ਨੂੰ ਚੰਗੀ ਜ਼ਿੰਦਗੀ ਦੀ ਸੇਧ ਦੇਣ ਵਾਲਿਆਂ ਨੂੰ ਸਮਾਜ ਸੁਧਾਰ ਕਰਨ ਨਹੀਂ ਦੇ ਰਿਹਾ, ਜਿਸ ਕਾਰਨ ਸਾਡਾ ਨੌਜਵਾਨ ਵਰਗ ਸੇਧ ਰਹਿਤ ਹੋ ਗਿਆ ਹੈ ਅਤੇ ਕੁਰਾਹੇ ਪੈ ਗਿਆ ਹੈ। ਸਾਡਾ ਨੌਜਵਾਨ ਅੱਜ ਚੌਰਾਹੇ 'ਤੇ ਖੜ੍ਹਾ ਹੈ। ਜੋ ਸਮਾਜ ਸੁਧਾਰ ਦੇ ਹਾਮੀ ਹਨ ਜਾਂ ਸਮਾਜ ਸੁਧਾਰ ਕਰ ਰਹੇ ਹਨ, ਉਨ੍ਹਾਂ ਨੂੰ ਦ੍ਰਿੜ੍ਹਤਾ ਨਾਲ ਆਪਣੇ ਯਤਨ ਜਾਰੀ ਰੱਖਣੇ ਚਾਹੀਦੇ ਹਨ। ਜੋ ਲੋਕ ਵਿੰਗੇ ਟੇਢੇ ਢੰਗ ਨਾਲ ਸਥਿਤੀ ਨੂੰ ਵਿਗਾੜ, ਜਵਾਨੀ ਨੂੰ ਸਹੀ ਰਸਤੇ ਤੋਂ ਭਟਕਾ ਰਹੇ ਹਨ, ਉਨ੍ਹਾਂ ਨੂੰ ਸਮਝਦੇ ਹੋਏ, ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਆਪਣੀ ਪੂਰੀ ਵਾਹ ਲਾਉਣੀ ਚਾਹੀਦੀ ਹੈ ਤਾਂ ਕਿ ਨੌਜਵਾਨ ਉਸਾਰੂ ਹੋ ਕੇ ਸਮਾਜ ਲਈ ਵਰਦਾਨ ਸਾਬਤ ਹੋ ਸਕੇ।

-ਗੁਰਨਾਮ ਸਿੰਘ ਰੁੜਕਾ
ਰੁੜਕਾ ਕਲਾਂ (ਲੁਧਿਆਣਾ)।

11-6-2014

 ]ਜੀਵ-ਜੰਤੂਆਂ 'ਤੇ ਗਰਮੀ ਦੀ ਮਾਰ
ਪੰਜਾਬ ਵਿਚ ਪੈ ਰਹੀ ਲੋਹੜੇ ਦੀ ਗਰਮੀ ਨੇ ਸਾਰੇ ਜੀਵ-ਜੰਤੂਆਂ ਨੂੰ ਪ੍ਰਭਾਵਿਤ ਕੀਤਾ ਹੈ। ਇਨਸਾਨ ਤਾਂ ਆਪਣੀ ਬੁੱਧੀ ਨਾਲ ਗਰਮੀ ਤੋਂ ਬਚਣ ਦਾ ਹੀਲਾ-ਵਸੀਲਾ ਕਰ ਲੈਂਦਾ ਹੈ ਪਰ ਬੇਜ਼ਬਾਨ ਪਸ਼ੂ ਪੰਛੀ ਗਰਮੀ ਦੀ ਮਾਰ ਕਾਰਨ ਤ੍ਰਾਹ-ਤ੍ਰਾਹ ਕਰ ਰਹੇ ਹਨ। ਪਿੰਡਿਆਂ ਨੂੰ ਲੂੰਹਦੀ ਤਪਸ਼ ਕਾਰਨ ਪੰਛੀ ਗਸ਼ ਖਾ-ਖਾ ਡਿੱਗ ਰਹੇ ਹਨ। ਖੁਰਾਕ ਅਤੇ ਪਾਣੀ ਦੀ ਤਲਾਸ਼ ਲਈ ਉਨ੍ਹਾਂ ਨੂੰ ਕਾਫੀ ਤਰੱਦਦ ਕਰਨਾ ਪੈਂਦਾ ਹੈ। ਦਰੱਖਤਾਂ ਦੀ ਤਦਾਦ ਬਹੁਤ ਜ਼ਿਆਦਾ ਘਟਣ ਕਾਰਨ ਅਜਿਹੇ ਜਾਨਵਰਾਂ ਨੂੰ ਜ਼ਿਆਦਾ ਮਾਰ ਪੈ ਰਹੀ ਹੈ। ਅਜਿਹੀਆਂ ਹਾਲਤਾਂ ਵਿਚ ਪਸ਼ੂ ਪੰਛੀ ਪ੍ਰੇਮੀਆਂ ਦੀ ਜ਼ਿੰਮੇਵਾਰੀ ਬਹੁਤ ਵਧ ਜਾਂਦੀ ਹੈ। ਖੁੱਲ੍ਹੇ ਬਰਤਨਾਂ ਨੂੰ ਪਾਣੀ ਨਾਲ ਭਰ ਕੇ ਰੋਜ਼ਾਨਾ ਖੁੱਲ੍ਹੀਆਂ ਥਾਵਾਂ, ਦਰੱਖਤਾਂ ਹੇਠ ਅਤੇ ਹੋਰ ਅਜਿਹੇ ਢੁਕਵੇਂ ਸਥਾਨਾਂ 'ਤੇ ਰੱਖਣਾ ਚਾਹੀਦਾ ਹੈ, ਜਿਥੋਂ ਉਹ ਆਸਾਨੀ ਨਾਲ ਪਾਣੀ ਪੀ ਸਕਣ। ਇਵੇਂ ਜੀਵ-ਜੰਤੂਆਂ ਲਈ ਜੇਕਰ ਖੁਰਾਕ ਦਾ ਢੁਕਵਾਂ ਪ੍ਰਬੰਧ ਇਨ੍ਹਾਂ ਦਿਨਾਂ ਵਿਚ ਕੀਤਾ ਜਾ ਸਕੇ ਤਾਂ ਜੀਵ-ਜੰਤੂਆਂ ਲਈ ਜੀਵਨ ਦੀ ਤੋਰ ਸਾਵੀਂ ਰੱਖਣ ਲਈ ਇਹ ਉਪਰਾਲਾ ਸਹਾਈ ਹੋ ਸਕਦਾ ਹੈ। ਆਖਰ ਰੰਗ-ਬਿਰੰਗੇ ਜੀਵ-ਜੰਤੂਆਂ ਅਤੇ ਪਸ਼ੂ ਪੰਛੀਆਂ ਸਦਕਾ ਹੀ ਇਹ ਧਰਤੀ ਸੁਹਾਵਣੀ ਜਾਪਦੀ ਹੈ। ਇਸ ਲਈ ਜੈਵਿਕ ਵਿਭਿੰਨਤਾ ਨੂੰ ਬਰਕਰਾਰ ਰੱਖਣ ਲਈ ਇਨਸਾਨਾਂ ਨੂੰ ਅਜਿਹੇ ਆਰਥਿਕ ਯਤਨਾਂ ਨੂੰ ਅੰਜ਼ਾਮ ਦੇਣਾ ਸਮੇਂ ਦੀ ਜ਼ਰੂਰਤ ਹੈ। ਚੰਗਾ ਹੋਵੇਗਾ ਜੇਕਰ ਦਰੱਖਤਾਂ ਉੱਪਰ ਲੱਕੜੀ ਦੇ ਆਲ੍ਹਣੇ ਰੂਪੀ

ਬਕਸੇ ਬਣਾ ਕੇ ਟੰਗੇ ਜਾਣ।
-ਭੁਪਿੰਦਰ ਸਿੰਘ ਢਿੱਲੋਂ
ਦੀਪਗੜ੍ਹ (ਬਰਨਾਲਾ)।

ਹੌਲਨਾਕ ਘਟਨਾ
ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਕੱਟੜਾ ਪਿੰਡ ਦੀਆਂ 14 ਤੇ 16 ਸਾਲ ਦੀਆਂ ਦੋ ਗਰੀਬ ਲੜਕੀਆਂ ਰਾਤ ਨੂੰ ਘਰੋਂ ਬਾਹਰ ਜਦ ਖੇਤਾਂ ਵਿਚ ਪਖਾਨੇ ਲਈ ਗਈਆਂ ਸਨ ਤਾਂ ਉਥੇ ਪਿੰਡ ਦੇ ਕੁਝ ਬਦਮਾਸ਼ਾਂ ਨੇ ਉਨ੍ਹਾਂ ਨੂੰ ਫੜ ਲਿਆ। ਉਨ੍ਹਾਂ ਨਾਲ ਬੁਰੀ ਤਰ੍ਹਾਂ ਜਬਰ ਜਨਾਹ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਗਰਦਨਾਂ ਨੂੰ ਰੱਸੀਆਂ ਪਾ ਕੇ ਦਰੱਖਤ ਨਾਲ ਲਟਕਾ ਦਿੱਤਾ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਅਜਿਹੀ ਘਟਨਾ ਦੇ ਦੋਸ਼ੀਆਂ ਨੂੰ ਜਿਥੇ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ, ਉਥੇ ਦੇਸ਼ ਭਰ ਵਿਚ ਅਜਿਹੀਆਂ ਅਤਿ ਨਿੰਦਣਯੋਗ ਘਟਨਾਵਾਂ ਨੂੰ ਰੋਕਣ ਲਈ ਅਜਿਹਾ ਮਾਹੌਲ ਤਿਆਰ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿਚ ਬਹੁਤੇ ਲੋਕ ਅਜਿਹੀ ਘਟੀਆ ਹਰਕਤ ਕਰਨ ਵੇਲੇ ਇਕ ਨਹੀਂ, ਬਲਕਿ ਸੌ ਵਾਰ ਸੋਚਣ।

-ਰਾਜਾ ਗਿੱਲ (ਚੜਿੱਕ)
ਮੋ: 94654-11585

ਸਰਕਾਰ ਦਾ ਉੱਤਮ ਉਪਰਾਲਾ
ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਪੰਜਾਬ ਸਰਕਾਰ ਵੱਲੋਂ ਰਜਿਸਟਰਡ 'ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟ ਆਫ ਪੰਜਾਬ' ਰਾਹੀਂ ਕੁਝ ਸ਼ਹਿਰਾਂ ਵਿਚ ਰਿਹਾਇਸ਼ੀ ਸਕੂਲ ਖੋਲ੍ਹੇ ਗਏ ਹਨ। ਸਰਕਾਰ ਦਾ ਇਹ ਉੱਤਮ ਉਪਰਾਲਾ ਉਨ੍ਹਾਂ ਵਿਦਿਆਰਥੀਆਂ ਲਈ ਹੈ, ਜਿਹੜੇ ਮੈਟ੍ਰਿਕ ਦੀ ਪ੍ਰੀਖਿਆ 'ਚੋਂ ਬਹੁਤ ਚੰਗੇ ਅੰਕ ਪ੍ਰਾਪਤ ਕਰ ਚੁੱਕੇ ਹਨ। ਗਰੀਬ ਪਰ ਹੁਸ਼ਿਆਰ ਵਿਦਿਆਰਥੀਆਂ ਨੂੰ ਇਸ ਦਾ ਬਹੁਤ ਲਾਭ ਹੋਵੇਗਾ, ਕਿਉਂਕਿ ਇਥੇ ਅਗਲੇਰੀ ਪੜ੍ਹਾਈ ਦੇ ਨਾਲ-ਨਾਲ ਪ੍ਰਤੀਯੋਗਤਾਵਾਂ ਲਈ ਸਪੈਸ਼ਲ ਟੀਚਿੰਗ ਕਲਾਸਾਂ ਵੀ ਲੱਗਣੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਹੋਸਟਲ 'ਚ ਰਹਿਣਾ, ਖਾਣਾ, ਪੜ੍ਹਾਈ ਆਦਿ ਸਭ ਕੁਝ ਮੁਫ਼ਤ ਹੈ ਪਰ ਆਸ ਕਰਦੇ ਹਾਂ ਕਿ ਅਜਿਹੇ ਉਪਰਾਲਿਆਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਇਆ ਜਾਵੇ, ਤਾਂ ਜੋ ਸਾਰਥਿਕ ਨਤੀਜੇ ਸਾਹਮਣੇ ਆਉਣ।

-ਕਮਲਜੀਤ ਸਿੰਘ
ਪਿੰਡ ਮੱਲ੍ਹੀਆਂ (ਕਰਤਾਰਪੁਰ)।

10-6-2014

 ਕਰੋੜਪਤੀ 'ਸੇਵਕ'
ਦੇਸ਼ ਅੰਦਰ ਖਤਮ ਹੋਈਆਂ 16ਵੀਆਂ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਵਿਚੋਂ ਹਰ ਚੌਥਾ ਉਮੀਦਵਾਰ ਕਰੋੜਪਤੀ ਸੀ। 16ਵੀਂ ਲੋਕ ਸਭਾ ਵਿਚ 82 ਫੀਸਦੀ ਮੈਂਬਰ ਕਰੋੜਪਤੀ ਹਨ, ਜਿਨ੍ਹਾਂ ਦੀ ਗਿਣਤੀ 15ਵੀਂ ਲੋਕ ਸਭਾ ਵਿਚ 58 ਫੀਸਦੀ ਸੀ। ਕਈ ਮੈਂਬਰ ਤਾਂ ਅਰਬਪਤੀ ਵੀ ਹਨ। 15ਵੀਂ ਲੋਕ ਸਭਾ ਵਿਚ 315, 14ਵੀਂ ਲੋਕ ਸਭਾ ਵਿਚ 156 ਮੈਂਬਰ ਕਰੋੜਪਤੀ ਸਨ। ਸਿਆਸਤ ਉਪਰ ਅਮੀਰਾਂ ਦਾ ਗਲਬਾ ਦਿਨ-ਬਦਿਨ ਵਧ ਰਿਹਾ ਹੈ। ਇਸ ਤੋਂ ਇਲਾਵਾ ਭਾਰਤ ਦੀ ਰਾਜ ਸਭਾ ਦੇ 65ਫੀਸਦੀ ਮੈਂਬਰ ਕਰੋੜਪਤੀ ਹਨ। ਵਿਧਾਨ ਸਭਾਵਾਂ ਦੀਆਂ ਚੋਣਾਂ 'ਚ ਵੀ ਕਰੋੜਪਤੀਆਂ ਦੀ ਹੀ ਝੰਡੀ ਰਹੀ। ਅਰੁਣਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਿਚ 58 ਵਿਚੋਂ 50 (86%), ਉਡੀਸ਼ਾ 'ਚ 147 'ਚੋਂ 76 (52%), ਸਿੱਕਮ 'ਚ 34 ਵਿਚੋਂ 24 (75%) ਆਂਧਰਾ ਪ੍ਰਦੇਸ 'ਚ 76 ਫੀਸਦੀ ਮੈਂਬਰ ਕਰੋੜਪਤੀ ਹਨ। ਭਾਰਤ ਵਿਚ ਜਿੱਥੇ ਹਰ ਬੱਚਾ ਕਰੋੜਾਂ ਦਾ ਕਰਜ਼ਾ ਲੈ ਕੇ ਜੰਮਦਾ ਹੈ, ਨਵੀਂ ਫ਼ਸਲ ਆਉਣ 'ਤੇ ਕਿਸਾਨ ਦਾ ਕਰਜ਼ਾ ਦੁੱਗਣਾ ਹੋ ਜਾਂਦਾ ਹੈ ਉਥੇ ਨਵੀਂ ਚੋਣ ਆਉਣ 'ਤੇ ਜਨਤਾ ਦੇ ਇਨ੍ਹਾਂ ਸੇਵਕਾਂ ਦੀ ਜਾਇਦਾਦ ਕਈ ਗੁਣਾਂ ਹੋ ਜਾਂਦੀ ਹੈ। ਦੇਸ਼ ਵਿਚ ਆਮ ਆਦਮੀ ਦੇ ਨਾਂਅ ਨਾਲ ਜਾਣੀ ਜਾਂਦੀ ਪਾਰਟੀ ਨੇ ਵੀ ਕਈ ਕਰੋੜਪਤੀ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਸਨ। ਦਸੰਬਰ 2013 ਵਿਚ ਦਿੱਲੀ ਵਿਧਾਨ ਸਭਾ ਦੇ 70 ਵਿਚੋਂ 52 ਵਿਧਾਇਕ ਕਰੋੜਪਤੀ ਸਨ। ਇਸ ਤੋਂ ਇਲਾਵਾ ਰਾਜਸਥਾਨ ਦੀ ਵਿਧਾਨ ਸਭਾ ਵਿਚ 199 ਵਿਚੋਂ 145 ਵਿਧਾਇਕ (73%), ਮਿਜ਼ੋਰਮ ਵਿਚ 40 ਵਿਧਾਇਕਾਂ ਵਿਚੋਂ 30 ਵਿਧਾਇਕ ਕਰੋੜਪਤੀ ਹਨ ਪੰਜਾਬ ਦੀ ਵਿਧਾਨ ਸਭਾ ਵਿਚ 86 ਫ਼ੀਸਦੀ ਵਿਧਾਇਕ ਕਰੋੜਪਤੀ ਹਨ। ਕਰਨਾਟਕ ਦੀ ਵਿਧਾਨ ਸਭਾ 'ਚ 218 'ਚੋਂ 203 (93%) ਕਰੋੜਪਤੀ ਹਨ। ਦੇਸ਼ ਅੰਦਰ ਸਿਆਸਤ ਵਿਚ ਪੈਸੇ ਦੇ ਜ਼ੋਰ 'ਤੇ ਚੋਣਾਂ ਲੜੀਆਂ ਜਾਂਦੀਆਂ ਹਨ ਅਤੇ ਪਰਿਵਾਰਵਾਦ ਭਾਰੂ ਹੈ। ਰਾਜਨੀਤੀ ਇਕ ਬਿਜ਼ਨੈਸ ਬਣ ਚੁੱਕੀ ਹੈ, ਜਿਸ 'ਤੇ ਕਰੋੜਾਂ ਲਗਾਏ ਜਾਂਦੇ ਹਨ ਅਤੇ ਅਰਬਾਂ ਕਮਾਏ ਜਾਂਦੇ ਹਨ। ਸਾਡੇ ਦੇਸ਼ 'ਤੇ ਇਹ ਕਰੋੜਪਤੀ ਨੇਤਾ ਆਮ ਜਨਤਾ ਨੂੰ ਸਿਰਫ ਆਟਾ, ਦਾਲ, ਪੈਨਸ਼ਨ ਆਦਿ ਸਕੀਮਾਂ ਤੱਕ ਸੀਮਤ ਰੱਖਦੇ ਹਨ। ਸਿਆਸਤ ਵਿਚੋਂ ਆਮ ਬੰਦਾ ਅਤੇ ਉਸ ਦੇ ਸਰੋਕਾਰ ਬੁਰੀ ਤਰ੍ਹਾਂ ਗੁੰਮ ਹਨ।

-ਸਰਬਮੀਤ ਸਿੰਘ
ਪਿੰਡ ਵੜਿੰਗ, ਸ੍ਰੀ ਮੁਕਤਸਰ ਸਾਹਿਬ।

ਆਈ.ਪੀ.ਐਲ. ਦੀ ਸਾਰਥਿਕਤਾ?
ਜਿਥੇ ਹਿੰਦੁਸਤਾਨ ਗ਼ਰੀਬੀ ਅਤੇ ਅਨਪੜ੍ਹਤਾ ਵਿਚ ਤਰੱਕੀ ਕਰਕੇ ਅੱਗੇ ਆ ਰਿਹਾ ਹੈ, ਗਰੀਬ ਦਿਨੋ-ਦਿਨ ਗਰੀਬ ਹੋ ਰਿਹਾ ਹੈ, ਅਮੀਰ ਦਿਨੋ-ਦਿਨ ਅਮੀਰ ਹੋ ਰਿਹਾ ਹੈ। ਗਰੀਬ ਦੇ ਕੋਲ ਦੋ ਵਕਤ ਦੀ ਰੋਟੀ ਵੀ ਔਖੀ ਬਣਦੀ ਹੈ। ਉਥੇ ਅਮੀਰ ਗਰੀਬਾਂ ਦਾ ਲਹੂ ਚੂਸ ਕੇ ਉਨ੍ਹਾਂ ਦੀਆਂ ਕਾਰਾਂ ਕੋਠੀਆਂ ਦਿਨੋ-ਦਿਨ ਮਹਿੰਗੀਆਂ ਤੇ ਵੱਡੀਆਂ ਹੋ ਰਹੀਆਂ ਹਨ ਪਰ ਦੂਜੇ ਪਾਸੇ ਜੇ ਗੱਲ ਕਰੀਏ ਆਈ.ਪੀ.ਐਲ. ਦੀ ਤਾਂ ਦੇਸ਼ ਦੇ ਸਰਮਾਏਦਾਰ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਲਕ ਮੰਨੇ-ਪ੍ਰਮੰਨੇ ਫ਼ਿਲਮੀ ਐਕਟਰ ਕਰੋੜਾਂ-ਅਰਬਾਂ ਖਰਚ ਕੇ ਆਪੋ-ਆਪਣੀਆਂ ਟੀਮਾਂ ਤੇ ਖਿਡਾਰੀ ਖਰੀਦਦੇ ਹਨ। ਇਸ ਨਾਲ ਬਾਕੀ ਖੇਡਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ। ਅਰਬਾਂ ਰੁਪਏ ਬਰਬਾਦ ਹੋ ਰਹੇ ਹਨ। ਜੇ ਇਹੀ ਗੱਲ ਇਨ੍ਹਾਂ ਲੋਕਾਂ ਨੂੰ ਸਮਝ ਪੈ ਜਾਵੇ ਤਾਂ ਦੇਸ਼ ਦੀਆਂ ਆਰਥਿਕ ਤੌਰ 'ਤੇ ਕਾਫੀ ਮੁਸ਼ਕਿਲਾਂ ਦਾ ਹੱਲ ਹੋ ਸਕਦਾ ਹੈ। ਇਹੀ ਪੈਸਾ ਕਿਸੇ ਚੰਗੇ ਪਾਸੇ ਲਗਾਇਆ ਜਾਵੇ। ਚੰਗੇ ਸਕੂਲ ਤੇ ਕਾਲਜ ਖੋਲ੍ਹੇ ਜਾਣ ਜਿਥੇ ਲੋੜਵੰਦ ਬੱਚੇ ਪੜ੍ਹ ਸਕਣ। ਇਸ ਪੈਸੇ ਦੀ ਬਰਬਾਦੀ ਨੂੰ ਰੋਕ ਲਗਾ ਕੇ ਉਥੇ ਵਰਤਿਆ ਜਾਵੇ ਜਿਥੇ ਜ਼ਰੂਰਤ ਹੈ। ਗਰੀਬ ਪਰਿਵਾਰਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇ, ਜਿਨ੍ਹਾਂ ਨੂੰ ਕਈ ਵਾਰ ਰੋਟੀ ਵੀ ਨਹੀਂ ਨਸੀਬ ਹੁੰਦੀ, ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣ।

-ਅਵਤਾਰ ਸਿੰਘ ਪੰਜਤੂਰ
ਮੋ: 99144-69939

9-6-2014

 ਮਜ਼ਦੂਰਾਂ ਦੀ ਸਾਰ ਲਈ ਜਾਵੇ
ਸਰਕਾਰ ਨੇ 'ਕੰਮ ਦਾ ਅਧਿਕਾਰ ਕਾਨੂੰਨ' ਬਣਾਇਆ, ਜਿਸ ਤਹਿਤ ਹਰ ਸਰਕਾਰੀ ਤੇ ਗ਼ੈਰ-ਸਰਕਾਰੀ ਆਦਮੀ 8 ਘੰਟੇ ਕੰਮ ਕਰੇਗਾ ਤੇ ਸੱਤਵੇਂ ਦਿਨ ਰੈਸਟ ਕਰੇਗਾ। ਸਰਕਾਰੀ ਅਦਾਰਿਆਂ 'ਤੇ ਤਾਂ ਇਹ ਕਾਨੂੰਨ ਲਾਗੂ ਹੋ ਗਿਆ ਪਰ ਪ੍ਰਾਈਵੇਟ ਸਕੂਲ, ਕਾਰਖਾਨੇਦਾਰਾਂ, ਹਸਪਤਾਲਾਂ ਤੇ ਭੱਠੇ ਮਜ਼ਦੂਰ ਅਤੇ ਹੋਰ ਪ੍ਰਾਈਵੇਟ ਅਦਾਰਿਆਂ 'ਤੇ ਇਹ ਕਾਨੂੰਨ ਲਾਗੂ ਨਹੀਂ ਹੋਇਆ। ਇਹ ਅਦਾਰੇ ਮਜ਼ਦੂਰਾਂ ਤੇ ਮੁਲਾਜ਼ਮਾਂ ਤੋਂ 8 ਘੰਟੇ ਦੀ ਬਜਾਏ 12 ਘੰਟੇ ਕੰਮ ਲੈਂਦੇ ਹਨ ਅਤੇ ਸਤਵੇਂ ਦਿਨ ਰੈਸਟ ਵੀ ਨਹੀਂ ਦਿੰਦੇ। ਤਨਖਾਹ 8 ਘੰਟੇ ਦੀ ਦਿੰਦੇ ਹਨ ਅਤੇ ਉਹ ਵੀ ਡੀ.ਸੀ. ਰੇਟ ਤੋਂ ਬਹੁਤ ਘੱਟ ਦਿੰਦੇ ਹਨ। ਸ਼ਰ੍ਹੇਆਮ ਮਜ਼ਦੂਰਾਂ, ਗਰੀਬਾਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੋਈ ਵੀ ਮਜ਼ਦੂਰ ਜਥੇਬੰਦੀ, ਸਰਕਾਰੀ ਅਦਾਰੇ ਲੇਬਰ ਕਮਿਸ਼ਨਰ, ਲੇਬਰ ਇੰਸਪੈਕਟਰ ਜਾਂ ਵੈਲਫੇਅਰ ਮਹਿਕਮਾ ਇਨ੍ਹਾਂ ਗਰੀਬ ਮਜ਼ਦੂਰਾਂ ਦੀ ਸਾਰ ਲੈਣ ਤਕਲੀਫ ਸਮਝਦਾ ਹੈ।
ਸੋ, ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਗਰੀਬ ਮਜ਼ਦੂਰ ਦਿਹਾੜੀਦਾਰਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇ ਤੇ ਉਨ੍ਹਾਂ ਨਾਲ ਹੁੰਦੀ ਲੁੱਟ-ਖਸੁੱਟ ਸ਼ੋਸ਼ਣ ਬੰਦ ਕਰਵਾਇਆ ਜਾਵੇ।

-ਗੁਰਮੇਲ ਸਿੰਘ ਗਿੱਲ
ਸੇਵਾ-ਮੁਕਤ ਮੀਟਰ ਰੀਡਰ, ਗੇਹਲੜਾਂ, ਜਲੰਧਰ।

ਆਵਾਰਾ ਕੁੱਤਿਆਂ ਦੀ ਭਰਮਾਰ
ਅੱਜ ਪੰਜਾਬ ਦੇ ਹਰ ਪਿੰਡ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਭਰਮਾਰ ਹੈ। ਇਨ੍ਹਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਨਿੱਤ ਦਿਨ ਇਹ ਲੋਕਾਂ ਨੂੰ ਵੱਢਦੇ ਹਨ। ਇਨ੍ਹਾਂ ਆਵਾਰਾ ਕੁੱਤਿਆਂ ਦੇ ਸ਼ਿਕਾਰ ਆਮ ਤੌਰ 'ਤੇ ਛੋਟੇ ਬੱਚੇ ਅਤੇ ਬਜ਼ੁਰਗ ਹੀ ਹੁੰਦੇ ਹਨ। ਗਲੀਆਂ ਮੁਹੱਲਿਆਂ 'ਚ ਇਹ ਕੁੱਤੇ ਬੱਚਿਆਂ ਨੂੰ ਵੱਢ ਲੈਂਦੇ ਹਨ, ਜਿਸ ਨਾਲ ਜ਼ਿਆਦਾਤਰ ਬੱਚਿਆਂ ਦੀ ਮੌਤ ਵੀ ਹੋ ਜਾਂਦੀ ਹੈ। ਕਿੰਨੇ ਹੀ ਮਾਸੂਮ ਬੱਚਿਆਂ ਨੂੰ ਇਨ੍ਹਾਂ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ ਹੈ, ਜਿਸ ਨਾਲ ਸਮਾਜ ਵਿਚ ਦਹਿਸ਼ਤ ਦਾ ਮਾਹੌਲ ਹੈ। ਮੇਨਕਾ ਗਾਂਧੀ ਜੀ ਜਾਨਵਰਾਂ ਦੇ ਬਾਰੇ ਗੰਭੀਰ ਹਨ, ਉਹ ਇਨ੍ਹਾਂ ਦੀ ਨਸਬੰਦੀ, ਬਿਮਾਰੀ ਜਾਂ ਹੋਰ ਗੱਲਾਂ ਪ੍ਰਤੀ ਸੰਜੀਦਾ ਹਨ। ਮੇਨਕਾ ਗਾਂਧੀ ਨੂੰ ਲੋਕਾਂ ਦੀਆਂ ਸਮੱਸਿਆਵਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਕੁੱਤਿਆਂ ਦੇ ਵੱਢਣ ਵੇਲੇ ਲੱਗਣ ਵਾਲੇ ਟੀਕੇ ਦਾ ਪਿੰਡਾਂ ਦੀਆਂ ਡਿਸਪੈਂਸਰੀਆਂ ਵਿਚ ਸੁਚਾਰੂ ਪ੍ਰਬੰਧ ਨਾ ਹੋਣਾ ਵੀ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਇਨ੍ਹਾਂ ਆਵਾਰਾ ਕੁੱਤਿਆਂ ਦੀ ਨਸਬੰਦੀ ਕਰਕੇ ਜਾਂ ਕਿਸੇ ਹੋਰ ਤਰੀਕੇ ਨਾਲ ਪਿੰਡਾਂ ਸ਼ਹਿਰਾਂ ਵਿਚੋਂ ਇਹ ਸਮੱਸਿਆ ਖ਼ਤਮ ਕਰਨੀ ਚਾਹੀਦੀ ਹੈ। ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ ਆਦਿ ਜਾਂ ਨਗਰ ਕੌਂਸਲ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।

-ਪ੍ਰਮੋਦ ਕੁਮਾਰ
ਲੈਕਚਰਾਰ (ਇਤਿਹਾਸ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੱਟੂ (ਬਨਰਾਲਾ)।

ਕਾਬਲ-ਏ-ਤਾਰੀਫ਼ ਲੇਖ
ਅੱਜ ਵੱਡੇ ਪੱਧਰ 'ਤੇ ਫ਼ਿਲਮਾਂ ਵਿਚ ਅਸ਼ਲੀਲਤਾ ਪਰੋਸਣਾ ਸੱਚਮੁੱਚ ਹੀ ਸਮਾਜ ਨੂੰ ਢਾਹ ਲਾਉਣ ਵਾਲੀ ਗੱਲ ਹੈ। ਔਰਤ ਨੂੰ ਵਸਤੂ ਵਜੋਂ ਪੇਸ਼ ਕਰਨਾ ਕਿਸੇ ਵੀ ਸਮਾਜ ਨੂੰ ਸ਼ੋਭਾ ਨਹੀਂ ਦਿੰਦਾ। ਵਾਕਈ ਫ਼ਿਲਮਾਂ ਵਿਚ ਅਸ਼ਲੀਲ ਦ੍ਰਿਸ਼ਾਂ ਦਾ ਵਾਧਾ ਸੈਂਸਰ ਬੋਰਡ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੰਦਾ ਹੈ। ਨਿਊਜ਼ ਚੈਨਲਾਂ ਉੱਪਰ ਕਰਵਾਈਆਂ ਜਾਂਦੀਆਂ ਚਰਚਾਵਾਂ ਤਾਂ ਹੀ ਸਾਰਥਕ ਮੰਨੀਆਂ ਜਾਣਗੀਆਂ ਜੇ ਇਨ੍ਹਾਂ ਉੱਪਰ ਪੂਰਨ ਰੂਪ ਵਿਚ ਅਮਲ ਹੋਵੇ। ਮਨੋਰੰਜਨ ਸਾਡੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੈ। ਬਸ਼ਰਤੇ ਕਿ ਇਹ ਮਨੋਰੰਜਨ ਸਾਫ਼-ਸੁਥਰਾ, ਤੰਦਰੁਸਤ ਅਤੇ ਸਿੱਖਿਆਦਾਇਕ ਹੋਵੇ। ਆਉਣ ਵਾਲੀ ਨਸਲ ਨੂੰ ਮਨੋਰੰਜਨ ਦਾ ਲਾਭ ਪਹੁੰਚੇ, ਨਾ ਕਿ ਨੁਕਸਾਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸੈਂਸਰ ਬੋਰਡ ਦੀ ਭੂਮਿਕਾ ਉੱਪਰ ਸਭ ਨੂੰ ਫਖ਼ਰ ਹੋਵੇਗਾ।

-ਧਰਮਿੰਦਰ 'ਸ਼ਾਹਿਦ' ਖੰਨਾ
580, ਗਲੀ ਨੰ: 10 ਕ੍ਰਿਸ਼ਨਾ ਨਗਰ, ਖੰਨਾ।

5-6-2014

 ਦੇਸ਼ ਦੀ ਏਕਤਾ
ਭਾਰਤ ਦੁਨੀਆ ਦਾ ਵਿਲੱਖਣ ਦੇਸ਼ ਹੈ। ਹਰ ਤਰ੍ਹਾਂ ਦੇ ਲੋਕ, ਹਰ ਤਰ੍ਹਾਂ ਦਾ ਮੌਸਮ, ਵੱਖ-ਵੱਖ ਭੋਜਨ, ਪਹਿਰਾਵਾ, ਭਾਸ਼ਾ ਦੀ ਭਿੰਨਤਾ। ਇਹ ਭੂ-ਖੰਡ ਧਰਤੀ ਦਾ ਅਜਿਹਾ ਭਾਗ ਹੈ, ਜਿਥੇ ਕੁਦਰਤ ਪੂਰੀ ਤਰ੍ਹਾਂ ਮਿਹਰਬਾਨ ਹੈ। ਤਿੰਨ ਪਾਸੇ ਤੋਂ ਸਮੁੰਦਰ ਦੀਆਂ ਲਹਿਰਾਂ ਹਰ ਵੇਲੇ ਇਸ ਧਰਤ ਨੂੰ ਨਮਸਕਾਰ ਕਰਦੀਆਂ ਰਹਿੰਦੀਆਂ ਹਨ। ਸਾਹਿਤ, ਸੱਭਿਆਚਾਰ ਅਤੇ ਪਰੰਪਰਾਵਾਂ ਦੀ ਅਮੀਰੀ ਨੇ ਇਸ ਨੂੰ ਵਿਸ਼ਵ ਪ੍ਰਸਿੱਧ ਕੀਤਾ ਹੈ। ਇਸ ਦੀ ਧਨ-ਦੌਲਤ ਤੇ ਇਸ ਦੀ ਵਿਲੱਖਣਤਾ ਨੇ ਹਮੇਸ਼ਾ ਸੰਸਾਰ ਨੂੰ ਆਪਣੇ ਵੱਲ ਖਿੱਚਿਆ ਹੈ। ਇਥੋਂ ਦੇ ਵਸਨੀਕਾਂ ਨੇ ਚਾਹੇ ਉਹ ਯਾਤਰੀ ਹੋਵੇ ਜਾਂ ਹਮਲਾਵਰ ਅੰਤ ਉਸ ਨੂੰ ਅਪਣਾ ਹੀ ਬਣਾ ਲਿਆ। ਚਾਹੇ ਇਸ ਦੀ ਮਿੱਟੀ ਵਿਚ ਭਿੰਨਤਾ ਮਿਲਦੀ ਗਈ ਪਰ ਨਾਲੋ-ਨਾਲ ਏਕਤਾ ਵੀ ਮਜ਼ਬੂਤ ਹੁੰਦੀ ਗਈ। ਇਹ ਏਕਤਾ ਤੇ ਭਾਰਤੀ ਹੋਣ ਦੀ ਭਾਵਨਾ ਕਈਆਂ ਦੀ ਅੱਖਾਂ ਵਿਚ ਚੁੱਭਦੀ ਵੀ ਹੈ ਤਦ ਕੁਝ ਲੋਕ ਇਸ ਦੀ ਏਕਤਾ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਸਾਂਝੀ ਵਿਰਾਸਤ ਨੂੰ ਉਹ ਧਰਮ ਦੀ ਐਨਕ ਲਾ ਕੇ ਵੇਖਦੇ ਹਨ ਪਰ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹ ਦੇਸ਼ ਅਖੌਤੀ ਧਰਮ ਦਾ ਨਕਾਬ ਪਹਿਨ ਕੇ ਸਿਆਸਤ ਕਰਨ ਵਾਲਿਆਂ ਦਾ ਨਹੀਂ ਹੈ, ਇਹ ਸਰਬਸਾਂਝਾ ਦੇਸ਼ ਹੈ। ਸਿਆਸੀ ਪਾਰਟੀਆਂ ਜਾਣਬੁੱਝ ਕੇ ਧਾਰਮਿਕ ਸੰਗਠਨ ਤੇ ਅਜਿਹੇ ਮੋਰਚੇ ਬਣਾ ਦਿੰਦੀਆਂ ਹਨ, ਜੋ ਵੋਟਾਂ ਵੇਲੇ ਹੀ ਧਰਮ ਨੂੰ ਖ਼ਤਰਾ ਹੈ, ਦਾ ਰੌਲਾ ਪਾਉਂਦੇ ਹਨ।

-ਵਿਵੇਕ
ਕੋਟ ਈਸੇ ਖਾਂ (ਮੋਗਾ)।

ਮੰਦਭਾਗੀ ਘਟਨਾ
ਦੰਗਾ ਆਪਣੇ ਆਪ ਵਿਚ ਇਕ ਭਿਆਨਕ ਸ਼ਬਦ ਹੈ। ਇਹ ਪ੍ਰਕਿਰਿਆ ਜਦੋਂ ਵਰਤਦੀ ਹੈ ਤਾਂ ਇਸ ਦੇ ਨਿਸ਼ਾਨ ਅਤੇ ਦਰਦ ਦਹਾਕਿਆਂ ਤੱਕ ਮਨੁੱਖੀ ਮਨਾਂ ਨੂੰ ਸੱਲ੍ਹਦੇ ਹਨ। ਪਿਛਲੇ ਦਿਨੀਂ ਹੈਦਰਾਬਾਦ ਵਿਖੇ ਸਿੱਖਾਂ ਅਤੇ ਮੁਸਲਮਾਨਾਂ ਵਿਚ ਹੋਏ ਦੰਗੇ ਬਾਰੇ ਪੜ੍ਹ ਕੇ ਮਨ ਨੂੰ ਬਹੁਤ ਦੁੱਖ ਹੋਇਆ। ਸਿੱਖ ਅਤੇ ਮੁਸਲਮਾਨ ਭਾਰਤ ਵਿਚ ਦੋ ਬਹੁਤ ਹੀ ਅਹਿਮ ਘੱਟ-ਗਿਣਤੀ ਕੌਮਾਂ ਹਨ। ਇਨ੍ਹਾਂ ਦੋਵਾਂ ਕੌਮਾਂ ਦਾ ਆਪਸ ਵਿਚ ਏਕਾ ਇਨ੍ਹਾਂ ਦੇ ਉੱਜਲੇ ਭਵਿੱਖ ਲਈ ਜ਼ਰੂਰੀ ਹੈ। ਹੈਦਰਾਬਾਦ ਦੰਗੇ ਨੂੰ ਕਾਬੂ ਕਰਨ ਨੂੰ ਜਿਵੇਂ ਪ੍ਰਸ਼ਾਸਨ ਨੇ ਮੁਸਤੈਦੀ ਤੋਂ ਕੰਮ ਲਿਆ, ਉਹ ਸ਼ਾਬਾਸ਼ ਦੇ ਹੱਕਦਾਰ ਹਨ। ਦੋਵਾਂ ਫ਼ਿਰਕਿਆਂ ਦੇ ਧਾਰਮਿਕ ਅਤੇ ਰਾਜਸੀ ਆਗੂਆਂ ਨੇ ਵੀ ਸਮਝਦਾਰੀ ਤੋਂ ਕੰਮ ਲੈ ਕੇ ਆਪੋ-ਆਪਣੇ ਫ਼ਿਰਕੇ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀਆਂ ਅਪੀਲਾਂ ਕੀਤੀਆਂ। ਹੁਣ ਚਾਹੀਦਾ ਹੈ ਕਿ ਪਹਿਲੀਆਂ ਗ਼ਲਤਫਹਿਮੀਆਂ ਨੂੰ ਦਿਲ ਵਿਚੋਂ ਕੱਢ ਕੇ ਦੋਵਾਂ ਫ਼ਿਰਕਿਆਂ ਦੇ ਲੋਕਾਂ ਨੂੰ ਮਿਲ ਬੈਠ ਕੇ ਵਿਚਾਰ ਕਰਨਾ ਚਾਹੀਦਾ ਹੈ। ਜੇਕਰ ਦੁੱਖ ਦਾ ਪਤਾ ਲੱਗ ਜਾਵੇ ਤਾਂ ਉਸ ਦਾ ਇਲਾਜ ਵੀ ਹੋ ਜਾਂਦਾ ਹੈ।

-ਪ੍ਰੀਤ ਸਿੰਘ ਸੰਦਲ
ਪਿੰਡ ਮਕਸੂਦੜਾ (ਲੁਧਿਆਣਾ)।

ਮੋਦੀ ਤੋਂ ਆਸਾਂ
ਨਰਿੰਦਰ ਮੋਦੀ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਚੋਣਾਂ ਤੋਂ ਪਹਿਲਾਂ ਆਪਣੀਆਂ ਰੈਲੀਆਂ ਦੌਰਾਨ ਨਰਿੰਦਰ ਮੋਦੀ ਨੇ ਲੋਕਾਂ ਨੂੰ ਇਕ ਮਜ਼ਬੂਤ, ਸਥਿਰ, ਪਾਰਦਰਸ਼ੀ ਅਤੇ ਜਵਾਬਦੇਹ ਸਰਕਾਰ ਦੇਣ ਦਾ ਵਾਅਦਾ ਕੀਤਾ ਸੀ। ਲੋਕਾਂ ਨੇ ਉਨ੍ਹਾਂ 'ਚ ਵਿਸ਼ਵਾਸ ਪ੍ਰਗਟ ਕਰਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਪ੍ਰਚੰਡ ਬਹੁਮਤ ਨਾਲ ਜਿਤਾਇਆ ਹੈ। ਹੁਣ ਮੋਦੀ ਸਾਹਿਬ ਦੀ ਆਪਣੇ ਵਾਅਦੇ ਪੂਰੇ ਕਰਨ ਅਤੇ ਦੇਸ਼ ਨੂੰ ਵਿਕਾਸ, ਕਾਮਯਾਬੀ ਅਤੇ ਮਹਾਨਤਾ ਦੀਆਂ ਬੁਲੰਦੀਆਂ 'ਤੇ ਲਿਜਾਣ ਦੀ ਵਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਗ਼ਰੀਬੀ 'ਤੇ ਕਿਸ ਤਰ੍ਹਾਂ ਕਿੰਨਾ ਕੁ ਕਾਬੂ ਪਾਉਣਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦਾ ਵਿਕਾਸ ਕਿਵੇਂ ਕਰਨਗੇ, ਇਹ ਅਜੇ ਭਵਿੱਖ ਦੇ ਗਰਭ 'ਚ ਛੁਪਿਆ ਹੈ। ਸਾਰੇ ਦੇਸ਼ ਵਾਸੀਆਂ ਦੀਆਂ ਸ਼ੁੱਭ ਇੱਛਾਵਾਂ ਉਨ੍ਹਾਂ ਦੇ ਨਾਲ ਹਨ ਤਾਂ ਕਿ ਉਹ ਦੇਸ਼ ਨੂੰ ਪ੍ਰਗਤੀ ਦੇ ਰਸਤੇ 'ਤੇ ਤੋਰ ਸਕਣ।

-ਸੰਦੀਪ ਆਰੀਆ
ਬੀ-774, ਆਰੀਆ ਨਗਰ, ਫਾਜ਼ਿਲਕਾ।

ਨਸ਼ਾ-ਮੁਕਤ ਪੰਜਾਬ
ਨਸ਼ੇ ਪੰਜਾਬੀ ਸਮਾਜ ਲਈ ਗੰਭੀਰ ਚੁਣੌਤੀ ਬਣੇ ਹੋਏ ਹਨ। ਪੰਜਾਬ ਦੀ ਜਵਾਨੀ ਦਾ 70 ਫ਼ੀਸਦੀ ਤੋਂ ਵੱਧ ਹਿੱਸਾ ਕਿਸੇ ਨਾ ਕਿਸੇ ਨਸ਼ੇ ਦੀ ਗ੍ਰਿਫ਼ਤ 'ਚ ਆ ਚੁੱਕਾ ਹੈ। ਅਜਿਹੇ ਹੌਲਨਾਕ ਅੰਕੜਿਆਂ ਤੋਂ ਚੇਤਨ ਪੰਜਾਬੀ ਭਾਈਚਾਰਾ ਡਾਢਾ ਫ਼ਿਕਰਮੰਦ ਹੈ। ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਨਸ਼ੇ ਭਖਵਾਂ ਮਸਲਾ ਬਣੇ ਰਹੇ। ਪੰਜਾਬ ਦੀ ਸੱਤਾਧਾਰੀ ਧਿਰ ਪ੍ਰਤੀ ਵੀ ਇਸ ਕਾਰਨ ਲੋਕਾਂ ਅੰਦਰ ਨਾਰਾਜ਼ਗੀ ਸਪੱਸ਼ਟ ਦਿਖਾਈ ਦਿੱਤੀ। ਲੋਕਾਂ ਨੇ ਵੋਟਾਂ ਰਾਹੀਂ ਹਾਕਮ ਗਠਜੋੜ ਪ੍ਰਤੀ ਗੁੱਸਾ ਜ਼ਾਹਰ ਕੀਤਾ। ਨਤੀਜੇ ਵਜੋਂ ਸੂਬਾ ਸਰਕਾਰ ਨਸ਼ਿਆਂ ਖਿਲਾਫ਼ ਸਖ਼ਤ ਕਦਮ ਚੁੱਕਣ ਦੇ ਦਾਅਵੇ ਕਰਦੀ ਹੋਈ ਬਹੁਤ ਸਾਰੇ ਵਿਅਕਤੀਆਂ ਨੂੰ ਕਾਬੂ ਕਰਨ ਦੇ ਅੰਕੜੇ ਪੇਸ਼ ਕਰ ਰਹੀ ਹੈ। ਪਰ ਨਸ਼ਾ ਵਿਰੋਧੀ ਮੁਹਿੰਮ ਦੇ ਸਾਰਥਕ ਸਿੱਟੇ ਤਦ ਹੀ ਹਾਸਲ ਹੋਣਗੇ, ਜੇਕਰ ਨਸ਼ਿਆਂ ਦੀ ਸਪਲਾਈ ਲਾਈਨ ਖ਼ਤਮ ਕਰਨ ਖਾਤਰ ਵੱਡੇ ਮਗਰਮੱਛਾਂ ਨੂੰ ਕਾਬੂ ਕੀਤਾ ਜਾਵੇ। ਛੋਟੇ-ਮੋਟੇ ਨਸ਼ੇੜੀਆਂ ਨੂੰ ਕਾਬੂ ਕਰਕੇ ਉਨ੍ਹਾਂ 'ਤੇ ਕੇਸ ਦਰਜ ਕਰਨ ਨਾਲ ਲੋਕਾਂ ਅੰਦਰ ਸਰਕਾਰ ਦਾ ਅਕਸ ਧੁੰਦਲਾ ਹੀ ਹੋਇਆ ਹੈ। ਲੋੜ ਹੈ ਕਿ ਅਜਿਹੇ ਨਸ਼ੇੜੀਆਂ ਨੂੰ ਨਸ਼ਾ-ਛੁਡਾਊ ਕੇਂਦਰਾਂ 'ਚ ਭਰਤੀ ਕਰਕੇ ਉਨ੍ਹਾਂ ਨੂੰ ਨਸ਼ਾ-ਮੁਕਤ ਕੀਤਾ ਜਾਵੇ।

-ਮਹਿੰਦਰ ਕੌਰ ਢਿੱਲੋਂ
ਪ੍ਰਿੰ: ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਿਲਾਸਪੁਰ (ਮੋਗਾ)।

4-6-2014

 ਅਦਾਲਤੀ ਨਿਰਦੇਸ਼
ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਦੇ ਨਾਲ-ਨਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਥੇ ਉਹ ਤੇਜ਼ਾਬੀ ਹਮਲਿਆਂ ਦੀਆਂ ਪੀੜਤ ਔਰਤਾਂ ਦਾ ਇਲਾਜ ਦਾ ਖਰਚਾ ਖ਼ੁਦ ਕਰਨ ਉਥੇ ਉਹ ਹਰ ਪੀੜਤ ਨੂੰ ਮੁੜ ਵਸੇਬੇ ਲਈ ਪ੍ਰਤੀ ਮਹੀਨਾ 5000 ਰੁਪਏ ਨਿਯਮਤ ਰੂਪ ਵਿਚ ਦੇਣਾ ਯਕੀਨੀ ਬਣਾਉਣ। ਅਦਾਲਤ ਦੇ ਇਨ੍ਹਾਂ ਨਿਰਦੇਸ਼ਾਂ ਨਾਲ ਤੇਜ਼ਾਬੀ ਹਮਲੇ ਦੀਆਂ ਪੀੜਤਾਂ ਨੂੰ ਆਰਥਿਕ ਪੱਖ ਤੋਂ ਕੁਝ ਰਾਹਤ ਜ਼ਰੂਰ ਮਿਲੇਗੀ। ਅੱਜ ਇਨਸਾਫ਼ ਪਸੰਦ ਲੋਕਾਂ ਦੀ ਮੰਗ ਹੈ ਕਿ ਆਮ ਮਿਲਣ ਵਾਲੇ ਤੇਜ਼ਾਬ 'ਤੇ ਪੱਕੇ ਤੌਰ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਤੁਰੰਤ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਸਮਾਜ ਦੀ ਵਿਗੜ ਚੁੱਕੀ ਮਾਨਸਿਕਤਾ ਨੂੰ ਲੀਹ 'ਤੇ ਲਿਆਉਣ ਲਈ ਸਮਾਜ ਦੇ ਚੇਤੰਨ ਲੋਕਾਂ ਨੂੰ ਅੱਜ ਨਹੀਂ ਤਾਂ ਕੱਲ੍ਹ ਨੂੰ ਸੰਘਰਸ਼ ਵਿੱਢਣਾ ਹੀ ਪਵੇਗਾ ਤਾਂ ਕਿ ਅਜਿਹੀਆਂ ਸਮਾਜਿਕ ਬੁਰਾਈਆਂ ਤੋਂ ਨਿਜਾਤ ਮਿਲ ਸਕੇ।

-ਬੰਤ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ,
ਲੁਧਿਆਣਾ।

ਅੱਗ ਦੀਆਂ ਲਪਟਾਂ
ਪੰਜਾਬ ਵਿਚ ਕਣਕ ਦੀ ਕਟਾਈ ਮੁਕੰਮਲ ਹੋ ਚੁੱਕੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ। ਸੜਕਾਂ ਕਿਨਾਰੇ ਲੋਕ ਤੇਜ਼ ਹਵਾਵਾਂ ਵਿਚ ਨਾੜ ਨੂੰ ਅੱਗ ਲਗਾ ਦਿੰਦੇ ਹਨ, ਜਿਸ ਕਰਕੇ ਬਹੁਤ ਸਾਰਾ ਧੂੰਆਂ ਅਤੇ ਅੱਗ ਦੀਆਂ ਲਪਟਾਂ ਰਾਹਗੀਰਾਂ ਲਈ ਸਭ ਤੋਂ ਵੱਡੀ ਸਮੱਸਿਆ ਦਾ ਕਾਰਨ ਬਣਦੀਆਂ ਹਨ। ਸੜਕ 'ਤੇ ਚਲਦਿਆਂ ਧੂੰਏਂ ਕਾਰਨ ਕਈ ਵਾਰ ਅੱਗੋਂ ਆਉਣ ਵਾਲੇ ਵਾਹਨ ਨਹੀਂ ਦਿਸਦੇ, ਜਿਸ ਕਾਰਨ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਪਹਿਲਾਂ ਹੀ ਅਨੇਕਾਂ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਇਸ ਤੋਂ ਇਲਾਵਾ ਸੜਕਾਂ ਕਿਨਾਰੇ ਲੱਗੇ ਰੁੱਖ ਅੱਗ ਦੀ ਭੇਟ ਚੜ੍ਹ ਜਾਂਦੇ ਹਨ। ਅਸੀਂ ਬੇਫ਼ਿਕਰ ਹੋ ਕੇ ਨਾੜ ਨੂੰ ਅੱਗ ਲਗਾ ਕੇ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਪਾਸਾ ਵੱਟ ਜਾਂਦੇ ਹਾਂ ਜਾਂ ਫਿਰ ਅਣਜਾਣ ਬਣ ਜਾਂਦੇ ਹਾਂ। ਅੱਗ ਨਾਲ ਇਕ ਤਾਂ ਜ਼ਮੀਨ ਦੇ ਉਪਜਾਊ ਤੱਤ ਸੜਦੇ ਹਨ, ਦੂਸਰਾ ਪ੍ਰਦੂਸ਼ਿਤ ਹੋਇਆ ਜ਼ਹਿਰੀਲੀਆਂ ਗੈਸਾਂ ਵਾਲਾ ਵਾਤਾਵਰਨ ਸਾਡੇ ਹੀ ਘਰਾਂ ਵਿਚ ਬਿਮਾਰੀਆਂ ਦੀ ਅੱਗ ਬਾਲ ਦਿੰਦਾ ਹੈ, ਜਿਸ ਦੀ ਕੀਮਤ ਸਾਡੀ ਪੂੰਜੀ ਅਤੇ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਇਸ ਲਈ ਕਿਸਾਨ ਵੀਰਾਂ ਨੂੰ ਨਾੜ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਕਿਸਾਨਾਂ ਨੂੰ ਰੀਪਰ ਨਾਲ ਤੂੜੀ ਬਣਾਉਣ ਤੋਂ ਬਾਅਦ ਰੋਟਾਵੇਟਰ ਨਾਲ ਜ਼ਮੀਨ ਦੀ ਵਾਹੀ ਕਰਕੇ ਸਿੰਜਾਈ ਕਰਨੀ ਚਾਹੀਦੀ ਹੈ। ਨਾੜ ਦੀ ਸਮੱਸਿਆ ਆਪੇ ਹੱਲ ਹੋ ਜਾਵੇਗੀ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਜ਼ਿਲ੍ਹਾ ਗੁਰਦਾਸਪੁਰ।

ਬਜ਼ੁਰਗਾਂ ਦੀ ਅਸੀਸ
ਸਮਾਜਿਕ ਜੀਵਨ ਨੂੰ ਸੁਖਾਵਾਂ ਬਣਾਉਣ ਲਈ ਵੱਡੀ ਅਤੇ ਛੋਟੀ ਪੀੜ੍ਹੀ ਦਾ ਤਾਲਮੇਲ ਬੜਾ ਜ਼ਰੂਰੀ ਹੈ। ਵੱਡੇ, ਬੱਚਿਆਂ ਨੂੰ ਪਿਆਰ ਕਰਨ ਤੇ ਛੋਟੇ, ਵੱਡਿਆਂ ਨੂੰ ਸਤਿਕਾਰ ਦੇਣ। ਸਾਂਝੇ ਪਰਿਵਾਰਾਂ ਵਿਚ ਤਾਂ ਸਮੱਸਿਆ ਨਹੀਂ ਸੀ ਆਉਂਦੀ। ਟੁੱਟਵੇਂ ਪਰਿਵਾਰਾਂ ਵਿਚ ਇਹ ਮੁਸ਼ਕਿਲ ਅਕਸਰ ਆ ਰਹੀ ਹੈ। ਇਕ ਬਜ਼ੁਰਗ ਦੇ ਦੋ ਤਿੰਨ ਪੁੱਤਰਾਂ ਦੇ ਹੁੰਦੇ ਵੀ ਉਨ੍ਹਾਂ ਨੂੰ ਸੰਭਾਲਣ ਲਈ ਕੋਈ ਵਿਰਲਾ ਹੀ ਤਿਆਰ ਹੁੰਦਾ ਹੈ। ਬਿਰਧ ਆਸ਼ਰਮਾਂ ਦੀ ਲੋੜ ਵੀ ਇਨ੍ਹਾਂ ਕਾਰਨਾਂ ਕਰਕੇ ਬਣੀ ਹੈ। ਚੰਗੇ-ਚੰਗੇ ਅਹੁਦਿਆਂ ਉੱਪਰ ਹੋ ਕੇ ਵੀ ਬੱਚੇ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਹਨ। ਉਨ੍ਹਾਂ ਨਿਭਾਗਿਆਂ ਨੂੰ ਬਜ਼ੁਰਗਾਂ ਦੀ ਅਸੀਸ ਦੇ ਮਹੱਤਵ ਦਾ ਗਿਆਨ ਨਹੀਂ ਹੈ। ਸਾਰੀ ਗੱਲ ਦਾ ਨਿਚੋੜ ਇਹੀ ਹੈ ਕਿ ਵੱਡਿਆਂ ਵੱਲੋਂ ਪਿਆਰ ਅਤੇ ਛੋਟਿਆਂ ਵੱਲੋਂ ਸਤਿਕਾਰ ਦਾ ਮਾਹੌਲ ਬਣੇ ਤਾਂ ਸਮੱਸਿਆ ਦੂਰ ਹੋ ਸਕਦੀ ਹੈ।

-ਨਵਰਾਹੀ ਘੁਗਿਆਣਵੀ
ਨਵਾਂ ਹਰਿੰਦਰ ਨਗਰ, ਫ਼ਰੀਦਕੋਟ।

ਗ਼ਰੀਬੀ ਦੀ ਲਾਹਨਤ
ਅੱਜ ਦੁਨੀਆ ਦੇ ਹਰ ਦੇਸ਼ ਵਿਚ ਗ਼ਰੀਬੀ ਪਾਈ ਜਾਂਦੀ ਹੈ। ਹਰ ਦੇਸ਼ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੈ ਅਤੇ ਇਸ ਗ਼ਰੀਬੀ ਤੋਂ ਪੀੜਤ ਹੈ ਪਰ ਭਾਰਤ ਇਕ ਅਜਿਹਾ ਦੇਸ਼ ਹੈ, ਜਿਸ ਵਿਚ ਹੱਦੋਂ ਵੱਧ ਗ਼ਰੀਬੀ ਪਾਈ ਜਾਂਦੀ ਹੈ। ਹਰ ਰੋਜ਼ ਅਖ਼ਬਾਰਾਂ ਵਿਚ ਇਹ ਪੜ੍ਹਨ ਨੂੰ ਮਿਲਦਾ ਹੈ ਕਿ ਫਲਾਣੇ ਵਿਅਕਤੀ ਨੇ ਗ਼ਰੀਬੀ ਤੋਂ ਤੰਗ ਆ ਕੇ ਆਤਮ-ਹੱਤਿਆ ਕਰ ਲਈ। ਅਜਿਹੀਆਂ ਕਈ ਖ਼ਬਰਾਂ ਅਖ਼ਬਾਰਾਂ ਵਿਚ ਪੜ੍ਹਨ ਨੂੰ ਅਕਸਰ ਮਿਲਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਸਾਨੂੰ ਬੜਾ ਦੁੱਖ ਹੁੰਦਾ ਹੈ। ਗ਼ਰੀਬੀ, ਬੇਰੁਜ਼ਗਾਰੀ ਅਤੇ ਆਬਾਦੀ ਦਾ ਵਾਧਾ, ਇਹ ਤਿੰਨੋਂ ਸਮੱਸਿਆਵਾਂ ਆਪਸ ਵਿਚ ਗਹਿਰੀ ਤਰ੍ਹਾਂ ਜੁੜੀਆਂ ਹੋਈਆਂ ਹਨ। ਸਾਡੇ ਦੇਸ਼ ਦੀ ਗ਼ਰੀਬੀ ਦਾ ਵੀ ਮੁੱਖ ਕਾਰਨ ਆਬਾਦੀ ਦਾ ਬੇਤਹਾਸ਼ਾ ਵਾਧਾ ਹੈ। ਜਿੰਨਾ ਚਿਰ ਆਬਾਦੀ ਦੇ ਵਾਧੇ ਨੂੰ ਠੱਲ੍ਹ ਨਹੀਂ ਪਾਈ ਜਾਂਦੀ, ਨਾ ਤਾਂ ਸਾਰੇ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ ਤੇ ਨਾ ਹੀ ਗ਼ਰੀਬੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

-ਬਲਦੇਵ ਸਿੰਘ
ਕੈਥ ਨਿਵਾਸ, ਲੁਧਿਆਣਾ ਰੋਡ, ਰਾਏਕੋਟ।

3-6-2014

 ਨਵੀਂ ਸਰਕਾਰ
ਨਵੀਂ ਸਰਕਾਰ ਨੂੰ ਦੇਸ਼ ਦੇ ਉਹੀ ਵਰ੍ਹਿਆਂ ਪੁਰਾਣੇ ਮੁੱਦਿਆਂ ਦੇ ਰੂਬਰੂ ਹੋਣਾ ਪਵੇਗਾ, ਜਿਨ੍ਹਾਂ ਦੇ ਹੱਲ ਹੋਣ ਦੀ ਉਮੀਦ ਹਰ ਭਾਰਤ ਵਾਸੀ ਬੜੀ ਸ਼ਿੱਦਤ ਨਾਲ ਕਰ ਰਿਹਾ ਹੈ। ਅੱਤਵਾਦ, ਨਕਸਲੀ ਹਿੰਸਾ, ਅਨਪੜ੍ਹਤਾ, ਗ਼ਰੀਬੀ, ਮਹਿੰਗਾਈ ਤੇ ਕਸ਼ਮੀਰ ਸਮੱਸਿਆ ਦੀ ਚੁਣੌਤੀ ਸਰਕਾਰ ਦੇ ਸਾਹਮਣੇ ਹੈ। ਦੂਜਾ, ਸੁਭਾਵਿਕ ਤੌਰ 'ਤੇ ਨਵੀਂ ਸਰਕਾਰ ਪ੍ਰਤੀ ਲੋਕਾਂ ਨੂੰ ਵੱਧ ਉਮੀਦਾਂ ਹੋਣੀਆਂ ਵੀ ਲਾਜ਼ਮੀ ਹਨ ਤੇ ਇਨ੍ਹਾਂ ਉਮੀਦਾਂ ਨੂੰ ਹਕੀਕੀ ਰੂਪ ਦੇਣਾ ਸਰਕਾਰ ਲਈ ਜ਼ਰੂਰੀ ਤੇ ਲਾਜ਼ਮੀ ਵੀ ਹੋਵੇਗਾ। ਪੂਰਨ ਬਹੁਮਤ ਪ੍ਰਾਪਤ ਸਰਕਾਰ ਤੋਂ ਲੋਕ ਇਹ ਵੀ ਉਮੀਦ ਕਰਦੇ ਹਨ ਕਿ ਕਿਸੇ ਧਿਰ ਦੇ ਦਬਾਅ ਤੋਂ ਬਿਨਾਂ ਲੋਕ-ਪੱਖੀ ਤੇ ਦ੍ਰਿੜ੍ਹਤਾ ਵਾਲੇ ਫ਼ੈਸਲੇ ਲਏ ਜਾਣ। ਅਜੇ ਤੱਕ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਲੋਕਾਂ ਤੱਕ ਜੀਵਨ ਨਿਰਬਾਹ ਦੇ ਸਾਧਨ ਪਹੁੰਚਣ ਤੇ ਅਸਮਾਨ ਛੂੰਹਦੀ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਨਵੀਂ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਕਿੰਨਾ ਕੁ ਖਰਾ ਉਤਰਦੀ ਹੈ ਜਾਂ ਉਹੀ ਟਾਲ-ਮਟੋਲ ਤੇ ਮੁੱਦਿਆਂ ਤੋਂ ਭਟਕਾਉਣ ਦੀ ਰਾਜਨੀਤੀ ਹੀ ਭਾਰੂ ਰਹੇਗੀ।

-ਬਲਜਿੰਦਰ ਸਿੰਘ ਸਮਾਘ
ਸ੍ਰੀ ਮੁਕਤਸਰ ਸਾਹਿਬ।

ਮੁਫ਼ਤਖੋਰੀ
ਅੱਜਕਲ੍ਹ ਬੱਸ ਜਾਂ ਰੇਲ ਗੱਡੀ ਵਿਚ ਸਫ਼ਰ ਦਰਮਿਆਨ ਕੋਈ ਆਦਮੀ ਸਫ਼ਰ 'ਚ ਟਾਈਮ ਪਾਸ ਕਰਨ ਲਈ ਅਖ਼ਬਾਰ ਮੁੱਲ ਲੈਂਦਾ ਹੈ ਪਰ ਸ਼ਾਇਦ ਹੀ ਉਹ ਅਖ਼ਬਾਰ ਦਾ ਪੂਰਾ ਲੁਤਫ਼ ਲੈ ਸਕਦਾ ਹੋਵੇ, ਕਿਉਂਕਿ ਤੁਸੀਂ ਅਖ਼ਬਾਰ ਅਜੇ ਖੋਲ੍ਹੀ ਵੀ ਨਹੀਂ ਹੁੰਦੀ, ਨਾਲ ਬੈਠਾ ਜਾਂ ਸਾਹਮਣੇ ਵਾਲਾ ਬਗੈਰ ਕੁਝ ਸੋਚੇ ਤੁਹਾਡੇ ਹੱਥਾਂ ਵਿਚੋਂ ਕੋਈ ਵਰਕਾ ਖਿੱਚ ਲੈਂਦਾ ਹੈ। ਇਵੇਂ ਸਾਰੀ ਅਖ਼ਬਾਰ ਦੇ ਵਰਕੇ ਤੁਹਾਡੇ ਹੱਥ ਵਿਚ ਨਹੀਂ ਆਲੇ-ਦੁਆਲੇ ਦੇ ਯਾਤਰੀ ਮੁਫ਼ਤ ਵਿਚ ਪੜ੍ਹ ਰਹੇ ਹੁੰਦੇ ਹਨ ਤੇ ਕਿਸੇ ਖ਼ਬਰ 'ਤੇ ਟਿੱਕਾ-ਟਿੱਪਣੀ ਵੀ ਕਰਦੇ ਰਹਿੰਦੇ ਹਨ। ਉਧਰ ਪੈਸੇ ਖਰਚ ਕਰਨ ਵਾਲਾ ਬੰਦਾ ਵੇਖਦਾ ਰਹਿ ਜਾਂਦਾ ਹੈ। ਉਸ ਤੋਂ ਬਾਅਦ ਅਖ਼ਬਾਰ ਵਾਪਸ ਕਰਨ ਵੇਲੇ ਤਹਿ ਲਾ ਕੇ ਅਖ਼ਬਾਰ ਮੋੜਨੀ ਆਪਣਾ ਫਰਜ਼ ਨਹੀਂ ਸਮਝਦੇ ਤੇ ਮਰੋੜ ਕੇ ਉਗੜ-ਦੁਗੜ ਹੀ ਫੜਾ ਦਿੰਦੇ ਹਨ ਤੇ ਧੰਨਵਾਦ ਸ਼ਬਦ ਕਹਿਣਾ ਵੀ ਯਾਦ ਨਹੀਂ ਰੱਖਦੇ। ਅਖ਼ਬਾਰ 'ਤੇ ਦੋ-ਤਿੰਨ ਰੁਪਏ ਖਰਚਣੇ ਕੋਈ ਜ਼ਿਆਦਾ ਨਹੀਂ ਹੈ।

-ਜਗਜੀਤ ਸਿੰਘ ਭਾਟੀਆ
ਨੂਰਪੁਰ ਬੇਦੀ (ਰੋਪੜ)।

ਪੰਜਾਬੀ ਭਾਸ਼ਾ
ਅੱਜ ਹਾਲਾਤ ਇਹ ਹੈ ਕਿ ਪੰਜਾਬ ਦੇ ਸਾਰੇ ਸਕੂਲਾਂ ਵਿਚ ਪੰਜਾਬੀ ਦੇ ਅਧਿਆਪਕਾਂ ਦੀ ਗਿਣਤੀ ਬਹੁਤ ਘੱਟ ਹੈ। ਅੱਜ ਪੰਜਾਬ ਵਿਚ ਪੰਜਾਬੀ ਭਾਸ਼ਾ ਦੇ ਬੋਲਣ, ਲਿਖਣ, ਪੜ੍ਹਨ ਸਮੇਂ ਦੂਜੀਆਂ ਭਾਸ਼ਾਵਾਂ ਦੇ 'ਸ਼ਬਦਾਂ' ਦੀ ਵਰਤੋਂ ਹੁੰਦੀ ਹੈ। ਪੰਜਾਬੀ ਦੇ ਜ਼ਿਆਦਾਤਰ ਅਖ਼ਬਾਰਾਂ ਵਿਚ ਵੀ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਅਕਸਰ ਪੜ੍ਹਨ ਨੂੰ ਮਿਲਦੀ ਹੈ, ਜੋ ਪੰਜਾਬੀ ਭਾਸ਼ਾ ਨਾਲ ਇਨਸਾਫ਼ ਨਹੀਂ। ਪੰਜਾਬ ਦੀ ਰਾਜਧਾਨੀ ਵਿਚ ਪੰਜਾਬ ਯੂਨੀਵਰਸਿਟੀ ਅੰਦਰ ਹਾਲੇ ਵੀ ਅੰਗਰੇਜ਼ੀ ਦਾ ਬੋਲਬਾਲਾ ਜ਼ਿਆਦਾ ਹੈ। ਪੰਜਾਬੀ ਭਾਸ਼ਾ ਨੂੰ ਢੁਕਵਾਂ ਸਥਾਨ ਨਹੀਂ ਮਿਲ ਰਿਹਾ। ਸਾਡੀਆਂ ਸਰਕਾਰਾਂ ਨੂੰ ਪੰਜਾਬੀ ਬਚਾਉਣ ਦੇ ਯਤਨ ਤੇਜ਼ ਕਰਨੇ ਪੈਣਗੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਸਾਡੇ ਬੱਚੇ ਪੰਜਾਬੀ ਭਾਸ਼ਾ ਤੋਂ ਬਹੁਤ ਦੂਰ ਹੋ ਜਾਣਗੇ। ਇਸ ਲਈ ਪੰਜਾਬ ਦੇ ਸਾਹਿਤਕਾਰਾਂ, ਸਾਹਿਤ ਸਭਾਵਾਂ ਨੂੰ ਪੰਜਾਬੀ ਮਾਂ-ਬੋਲੀ ਬਚਾਉਣ ਲਈ ਹੋਰ ਤਕੜੇ ਹੰਭਲੇ ਮਾਰਨੇ ਪੈਣਗੇ ਤਾਂ ਕਿ ਪੰਜਾਬੀ ਭਾਸ਼ਾ ਦਾ ਮਾਣ-ਸਨਮਾਨ ਕਾਇਮ ਰਹੇ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

2-6-2014

 ਕਰੇ ਕੋਈ ਭਰੇ ਕੋਈ
ਭਾਰਤ ਵਿਚ ਕਾਂਗਰਸ ਪਾਰਟੀ ਦੀ ਵੱਡੀ ਹਾਰ ਦਾ ਕਾਰਨ ਚਿੱਟੇ ਦਿਨ ਵਾਂਗ ਸਪੱਸ਼ਟ ਹੈ। ਜ਼ਾਹਿਰਾ ਤੌਰ 'ਤੇ ਵੱਡੇ-ਵੱਡੇ ਘੁਟਾਲੇ ਹੋਏ। ਘਪਲੇਬਾਜ਼ਾਂ ਨੂੰ ਸਜ਼ਾ ਦੇਣ ਦੀ ਬਜਾਏ ਇਨ੍ਹਾਂ ਦਾ ਬਚਾਅ ਕੀਤਾ ਗਿਆ। ਕਾਲੇ ਧਨ ਵਿਚ ਵਾਧਾ ਹੁੰਦਾ ਰਿਹਾ, ਜਿਸ ਦੇ ਕਾਰਨ ਮਹਿੰਗਾਈ ਹੱਦਾਂ ਟੱਪ ਗਈ। ਭੁੱਖਮਰੀ ਤੇ ਖੁਦਕੁਸ਼ੀਆਂ ਹੋਰ ਵਧੀਆਂ। ਪੀੜਤਾਂ ਨੂੰ ਨਿਆਂ ਨਹੀਂ ਮਿਲਿਆ। ਕੇਂਦਰ ਦੀ ਕਾਂਗਰਸ ਸਰਕਾਰ ਅਤੇ ਹਾਈਕਮਾਨ ਦੀ ਲੋਕ ਮਾਰੂ ਨੀਤੀ ਤੇ ਕਾਰਗੁਜ਼ਾਰੀ ਸਮੁੱਚੀ ਕਾਂਗਰਸ ਪਾਰਟੀ ਨੂੰ ਲੈ ਬੈਠੀ। ਇਸ ਦਾ ਅਸਰ ਪ੍ਰਾਂਤਿਕ ਕਾਂਗਰਸ ਇਕਾਈਆਂ 'ਤੇ ਪੈਣਾ ਕੁਦਰਤੀ ਹੈ। ਇਸ ਸਥਿਤੀ ਵਿਚ ਲੋਕਾਂ ਦੇ ਅਹਿਮ ਸਵਾਲਾਂ ਦਾ ਉੱਤਰ ਕਾਂਗਰਸ ਨੇਤਾਵਾਂ ਕੋਲ ਨਹੀਂ ਹੈ, ਕਿਉਂਕਿ ਪਾਰਟੀ ਵਿਚ ਤਰੁਟੀਆਂ ਤੇ ਊਣਤਾਈਆਂ ਬਹੁਤ ਹਨ। ਕਰੇ ਕੋਈ ਭਰੇ ਕੋਈ ਵਾਲੀ ਕਹਾਵਤ ਪੂਰੀ ਢੁਕਦੀ ਹੈ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਲੀਡਰਾਂ ਦਾ ਇਮਾਨ
ਜੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਤਾਂ 67 ਵਰ੍ਹੇ ਬੀਤ ਚੁੱਕੇ ਹਨ। ਪਰ ਹਾਲੇ ਵੀ ਲੀਡਰਾਂ ਨੇ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ। ਦੇਸ਼ ਅੰਦਰ ਬੇਰੁਜ਼ਗਾਰੀ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਦੇਸ਼ ਦੇ ਲੀਡਰ ਭ੍ਰਿਸ਼ਟਾਚਾਰ ਵਿਚ ਪੂਰੀ ਤਰ੍ਹਾਂ ਲਿਪਤ ਹੋ ਚੁੱਕੇ ਹਨ। ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਦੀ ਰਖਵਾਲੀ ਕੌਣ ਕਰੇਗਾ? ਦੇਸ਼ ਅੰਦਰ ਵੱਡੇ-ਵੱਡੇ ਘੁਟਾਲੇ ਹੋ ਰਹੇ ਹਨ। ਪਰ ਫਿਰ ਵੀ ਇਹ ਲੀਡਰ ਤੇ ਇਨ੍ਹਾਂ ਦੇ ਚਮਚੇ ਟੋਲੀਆਂ ਬਣਾ ਕੇ ਲੋਕਾਂ ਅੱਗੇ ਵੋਟਾਂ ਮੰਗਣ ਆਉਂਦੇ ਹਨ। ਪਰ ਬਾਅਦ ਵਿਚ ਇਹ ਲੀਡਰ ਤੇ ਇਨ੍ਹਾਂ ਦੇ ਚੇਲੇ ਬਾਲਕੇ ਪਤਾ ਨਹੀਂ ਕਿੱਥੇ ਚਲੇ ਜਾਂਦੇ ਹਨ। ਲੋਕ ਅੱਜ ਵੀ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਸਿਲੰਡਰ ਮਿਲਣ 'ਤੇ ਵਿਆਹ ਜਿੰਨਾ ਚਾਅ ਹੋ ਜਾਂਦਾ ਹੈ। ਸੜਕਾਂ ਦਾ ਬੁਰਾ ਹਾਲ ਹੈ। ਗੰਦੇ ਪਾਣੀ ਦਾ ਕੋਈ ਨਿਕਾਸ ਨਹੀਂ। ਲੋੜ ਹੈ ਕਿ ਸਾਡੇ ਸਿਆਸਤਦਾਨ ਦੇਸ਼ ਪ੍ਰਤੀ ਆਪਣੇ ਬਣਦੇ ਫ਼ਰਜ਼ ਪੂਰੀ ਇਮਾਨਦਾਰੀ ਨਾਲ ਨਿਭਾਉਣ।

-ਜਸਦੀਪ ਸਿੰਘ ਖੰਨਾ
ਕ੍ਰਿਸ਼ਨਾ ਨਗਰ, ਗਲੀ ਨੰ: 10.
ਮੋਬਾਈਲ : 94630-57786.

ਤਬਦੀਲੀ ਦੀ ਹਵਾ
ਸੰਨ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੀ ਜਨਤਾ ਨੇ ਦੇਸ਼ ਵਿਚ ਇਕ ਬੇਮਿਸਾਲ ਤਬਦੀਲੀ ਲਿਆ ਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ। ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੂੰ 282 ਮੈਂਬਰਾਂ ਨਾਲ ਬਹੁਮਤ ਪ੍ਰਾਪਤ ਹੋਇਆ ਹੈ। ਪਿਛਲੇ 10 ਸਾਲ ਤੋਂ ਰਾਜ ਕਰ ਰਹੇ ਸਾਂਝੇ ਪ੍ਰਗਤੀਸ਼ੀਲ ਗਠਜੋੜ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਇਸ ਗਠਜੋੜ ਦੀ ਅਗਵਾਈ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਸਿਰਫ਼ 44 ਮੈਂਬਰਾਂ ਨਾਲ ਨਾਮੋਸ਼ੀਜਨਕ ਹਾਰ ਦਾ ਮੂੰਹ ਵੇਖਣਾ ਪਿਆ ਹੈ।
ਦੇਸ਼ ਦੇ ਲੋਕਾਂ ਦਾ ਇਹ ਫਤਵਾ ਭ੍ਰਿਸ਼ਟਾਚਾਰ, ਨਿਕੰਮੇ ਰਾਜ ਪ੍ਰਬੰਧ ਅਤੇ ਕੇਂਦਰ ਦੇ ਪਰਵਾਰਿਕ ਰਾਜ ਦੇ ਵਿਰੁੱਧ ਹੈ। ਅਗਲੇ ਸਾਲਾਂ ਦੌਰਾਨ ਦੇਸ਼ ਵਿਚ ਹੋਣ ਵਾਲੀਆਂ ਅਸੰਬਲੀ ਚੋਣਾਂ ਵਿਚ ਵੀ ਇਸੇ ਤਰ੍ਹਾਂ ਜੇਕਰ ਰਾਜ ਪਲਟੇ ਹੋ ਜਾਣ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਤਬਦੀਲੀ ਦੀ ਹਵਾ ਹਾਲਾਂ ਮੱਠੀ ਨਹੀਂ ਹੋਈ। ਇਸ ਹਵਾ ਦੇ ਵਾਵਰੋਲਿਆਂ ਵਿਚ ਕੌਣ-ਕੌਣ ਵਲ੍ਹੇਟਿਆ ਜਾਵੇਗਾ, ਇਹ ਤਾਂ ਵਕਤ ਹੀ ਦੱਸੇਗਾ। ਪ੍ਰੰਤੂ ਤਬਦੀਲੀ ਦੀ ਹਵਾ, ਇਹ ਸੰਦੇਸ਼ਾ ਜ਼ਰੂਰ ਦਿੰਦੀ ਲਗਦੀ ਹੈ।
ਪੱਤਿਆ ਪਿੱਪਲ ਦਿਆ,
ਤੂੰ ਕਿਉਂ ਖੜ ਖੜ ਲਾਈ ਹੋਈ ਏ।
ਪੱਤ ਝੜੇ ਪੁਰਾਣੇ ਵੇ,
ਰੁੱਤ ਨਵਿਆਂ ਦੀ ਆਈ ਹੋਈ ਏ।

-ਇੰਜ: ਕੁਲਦੀਪ ਸਿੰਘ
ludhar.kuldip@gmail.com

29-5-2014

 ਕਿੰਨੇ ਕੁ ਸੁਰੱਖਿਅਤ ਹਨ ਏ. ਟੀ. ਐਮ.
ਅੱਜ ਅਸੀਂ ਵਿਚਾਰ ਏ.ਟੀ.ਐਮ. ਮਸ਼ੀਨਾਂ ਦੀ ਸੁਰੱਖਿਆ ਨੂੰ ਲੈ ਕੇ ਕਰ ਰਹੇ ਹਾਂ। ਅੱਜ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਇਹ ਖ਼ਬਰ ਲਗਭਗ ਰੋਜ਼ ਹੀ ਆਉਂਦੀ ਹੈ ਕਿ 'ਫਲਾਣੇ ਪਿੰਡ ਏ.ਟੀ.ਐਮ. ਤੋੜ ਕੇ ਚੋਰੀ'। ਹੋਰ ਤਾਂ ਹੋਰ ਸ਼ਹਿਰਾਂ ਵਿਚ ਏ.ਟੀ.ਐਮ. ਟੁੱਟਣ ਦੀਆਂ ਖ਼ਬਰਾਂ ਵੀ ਆਉਂਦੀਆਂ ਹਨ। ਵਿਸ਼ਾ ਇਹ ਹੈ ਕਿ ਜੇਕਰ ਸਾਡੇ ਦੇਸ਼ ਨੇ ਤਰੱਕੀ ਦਾ ਕੰਮ ਕੀਤਾ ਹੈ ਤਾਂ ਉਸ ਨੂੰ ਬਚਾਇਆ ਕਿਵੇਂ ਜਾਵੇ? ਮੈਂ ਸੋਚਦਾ ਹਾਂ ਕਿ ਹਰੇਕ ਏ.ਟੀ.ਐਮ. ਭਾਵੇਂ ਸ਼ਹਿਰ ਦਾ ਹੋਵੇ, ਭਾਵੇਂ ਪਿੰਡ ਦਾ, ਵਿਚ ਇਕ ਸਿਸਟਮ ਅਜਿਹਾ ਲਗਾਇਆ ਜਾਵੇ, ਜਿਸ ਦਾ ਸਬੰਧ ਸਭ ਤੋਂ ਨਜ਼ਦੀਕੀ ਪੁਲਿਸ ਚੌਕੀ ਨਾਲ ਹੋਵੇ। ਭਾਵ ਜਦੋਂ ਕੋਈ ਵੀ ਆਦਮੀ ਮਸ਼ੀਨ ਨੂੰ ਤੋੜੇ ਭਾਵੇਂ ਉਸ ਦਾ ਗੁਪਤ ਕੋਡ ਲਗਾ ਕੇ ਖੋਲ੍ਹੇ, ਉਸ ਦਾ ਅਲਾਰਮ ਪੁਲਿਸ ਸਟੇਸ਼ਨ ਵਿਚ ਹੀ ਵੱਜੇ, ਜਿਸ ਨਾਲ ਤੁਰੰਤ ਪ੍ਰਸ਼ਾਸਨ ਹਰਕਤ ਵਿਚ ਆ ਜਾਵੇ ਤੇ ਵਾਰਦਾਤਾਂ ਘਟਾਈਆਂ ਜਾ ਸਕਣ। ਤੇ ਨਾਲ ਹੀ ਕੁਝ ਕੈਮਰੇ ਅਜਿਹੇ ਲਗਾਏ ਜਾਣ, ਜੋ ਅੱਖ ਨਾਲ ਸਪੱਸ਼ਟ ਨਾ ਦਿਖਣ ਭਾਵ ਜਿਨ੍ਹਾਂ ਨੂੰ ਸਹਿਜ ਹੀ ਨਾ ਲੱਭਿਆ ਜਾ ਸਕੇ ਤਾਂ ਕਿ ਉਹ ਬਿਲਕੁਲ ਸਪੱਸ਼ਟ ਫੋਟੋ ਲੈ ਸਕਣ।

 -ਕਰਮਜੀਤ ਸਿੰਘ ਧਾਰੀਵਾਲ
ਨਵੀਂ ਆਬਾਦੀ, ਜੀ.ਟੀ. ਰੋਡ, ਧਾਰੀਵਾਲ।

ਕਿਸਾਨ ਖ਼ੁਦਕੁਸ਼ੀਆਂ
ਦੇਸ਼ ਦਾ ਕਿਸਾਨ ਦਿਨ-ਰਾਤ ਮਿਹਨਤ ਕਰਕੇ ਕੁਦਰਤੀ ਆਫ਼ਤਾਂ ਦਾ ਮੁਕਾਬਲਾ ਕਰਕੇ ਜਿਹੜੀ ਫਸਲ ਪੈਦਾ ਕਰਦਾ ਹੈ, ਉਸ ਦਾ ਠੀਕ ਮੁੱਲ ਨਹੀਂ ਪੈਂਦਾ। ਜਿੰਨਾ ਖਰਚਾ ਉਸ ਦਾ ਫਸਲ ਬੀਜਣ ਤੇ ਮੰਡੀਕਰਨ ਤੱਕ ਆਉਂਦਾ ਹੈ, ਉਸ ਦੇ ਇਵਜ਼ ਵਿਚ ਮੰਡੀ ਵਿਚ ਉਸ ਨੂੰ ਘੱਟ ਮੁੱਲ ਮਿਲਦਾ ਹੈ ਤੇ ਸਿੱਟਾ ਇਹ ਨਿਕਲਦਾ ਹੈ ਕਿ ਕਿਸਾਨ ਉਲਟਾ ਬੈਂਕ ਤੋਂ ਲਿਆ ਕਰਜ਼ਾ ਵੀ ਮੋੜ ਨਹੀਂ ਪਾਉਂਦਾ ਅਤੇ ਦਿਨੋ-ਦਿਨ ਕਰਜ਼ੇ ਦੀ ਮਾਰ ਹੇਠਾਂ ਆ ਰਿਹਾ ਹੈ। ਇਸ ਕਰਜ਼ੇ ਦੇ ਸਤਾਏ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ ਹਨ। ਸਾਡੀਆਂ ਸਰਕਾਰਾਂ ਨੇ ਦੇਸ਼ ਦੇ ਅੰਨਦਾਤਾ ਦੀ ਕਦੇ ਸਾਰ ਨਹੀਂ ਲਈ। ਕੋਈ ਕਿਸਾਨਾਂ ਨੂੰ ਰਾਹਤ ਜਾਂ ਕੋਈ ਕਮਿਸ਼ਨ ਨਹੀਂ ਬਣਾਇਆ, ਜੋ ਇਨ੍ਹਾਂ ਕਿਸਾਨਾਂ ਦੀ ਸਾਰ ਲਵੇ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਵਾਸਤੇ ਕੋਈ ਵੱਖਰਾ ਬਜਟ ਰੱਖਿਆ ਜਾਵੇ, ਜੋ ਕਿਸਾਨਾਂ ਦੀ ਭਲਾਈ ਲਈ ਹੀ ਵਰਤਿਆ ਜਾਵੇ ਅਤੇ ਡੀਜ਼ਲ, ਖਾਦ ਤੇ ਕੀਟਨਾਸ਼ਕ ਦਵਾਈਆਂ, ਬੀਜ ਆਦਿ, ਘੱਟ ਤੋਂ ਘੱਟ ਰੇਟ 'ਤੇ ਕਿਸਾਨਾਂ ਨੂੰ ਸਪਲਾਈ ਕੀਤੇ ਜਾਣ ਅਤੇ ਆਂਧਰਾ ਪ੍ਰਦੇਸ਼ ਦੀ ਤਰਜ਼ 'ਤੇ ਕੋਈ ਕਮੇਟੀ ਬਣਾਈ ਜਾਵੇ ਜੋ ਦੇਸ਼ ਦੇ ਕਿਸਾਨਾਂ ਦੀ ਮੁਸ਼ਕਿਲ ਨੂੰ ਹੱਲ ਕਰੇ। ਕਿਸਾਨ ਦੀਆਂ ਜਿਨਸਾਂ ਦਾ ਵਾਜਿਬ ਮੁੱਲ ਦਿਵਾ ਸਕੇ ਅਤੇ ਦੇਸ਼ ਦਾ ਕਿਸਾਨ ਮੁੜ ਪਟੜੀ 'ਤੇ ਆ ਜਾਵੇ।

-ਗੁਰਮੇਲ ਸਿੰਘ ਗਿੱਲ
ਸੇਵਾ-ਮੁਕਤ ਮੀਟਰ ਰੀਡਰ, ਗੇਹਲੜਾਂ, ਜਲੰਧਰ।

ਭਾਜਪਾ ਦੀ ਜਿੱਤ
ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਹੋਈ ਹੈ। ਇਕੋ ਪਾਰਟੀ ਦਾ ਬਹੁਮਤ ਵਿਚ ਆਉਣਾ ਭਾਰਤ ਵਾਸੀਆਂ ਲਈ ਬਹੁਤ ਹੀ ਗੌਰਵ ਵਾਲੀ ਗੱਲ ਹੈ। ਦੇਸ਼ ਦੀ ਜਨਤਾ ਜੋ ਅੱਜ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਹੋਰ ਬੁਰਾਈਆਂ ਤੋਂ ਤ੍ਰਾਹ-ਤ੍ਰਾਹ ਹੋਈ ਪਈ ਹੈ, ਇਸ ਲਈ ਉਨ੍ਹਾਂ ਨੇ ਆਪਣੀ ਇਕ-ਇਕ ਵੋਟ ਨੂੰ ਅਹਿਮ ਸਮਝਦਿਆਂ, ਉਸ ਨੂੰ ਸਥਾਈ ਸਰਕਾਰ ਦੇ ਨਾਂਅ ਕਰ ਦਿੱਤਾ। ਅੱਜ ਦੇਸ਼ ਦੀ ਜਨਤਾ ਦੀ ਆਸ, ਨਰਿੰਦਰ ਮੋਦੀ 'ਤੇ ਟਿਕੀ ਹੋਈ ਹੈ। ਅੱਜ ਦੇਸ਼ ਦੀ ਜਨਤਾ ਨੇ ਨਰਿੰਦਰ ਮੋਦੀ ਨੂੰ ਹੀ ਦੇਸ਼ ਦੀ ਸਾਰੀ ਜ਼ਿੰਮੇਵਾਰੀ ਦਿੱਤੀ ਹੈ। ਹੁਣ ਨਰਿੰਦਰ ਮੋਦੀ ਨੂੰ ਹੀ ਜਨਤਾ ਦੀ ਆਵਾਜ਼, ਉਨ੍ਹਾਂ ਦੇ ਦੁੱਖਾਂ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਹੀ ਪੂਰਾ ਕਰਨਾ ਹੋਵੇਗਾ।

-ਬਲਬੀਰ ਚੰਦ ਅਗਰਵਾਲ
ਸਬਜ਼ੀ ਮੰਡੀ, ਕੁਰਾਲੀ (ਮੁਹਾਲੀ)।

26-5-2014

 ਮਾਂ-ਬੋਲੀ ਦਾ ਮਹੱਤਵ
ਪਤਾ ਲੱਗਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਪਣੇ ਇਕ ਫ਼ੈਸਲੇ ਵਿਚ ਕਿਹਾ ਹੈ ਕਿ ਮੁਢਲੀਆਂ ਜਮਾਤਾਂ ਵਿਚ ਮਾਤ ਭਾਸ਼ਾ ਦੀ ਪੜ੍ਹਾਈ ਲਾਜ਼ਮੀ ਕਰਨੀ ਜ਼ਰੂਰੀ ਨਹੀਂ। ਇਸ ਤਰ੍ਹਾਂ ਮਾਂ-ਬੋਲੀ ਦੇ ਵੱਕਾਰ ਨੂੰ ਸੱਟ ਵੱਜਦੀ ਹੈ। ਮਾਨਯੋਗ ਅਦਾਲਤ ਨੂੰ ਬੇਨਤੀ ਹੈ ਕਿ ਆਪਣੇ ਅਜਿਹੇ ਫ਼ੈਸਲੇ 'ਤੇ ਮੁੜ ਨਜ਼ਰਸਾਨੀ ਕਰੇ ਤਾਂ ਜੋ ਬੱਚੇ ਮਾਂ-ਬੋਲੀ ਦੇ ਨਿੱਘ ਤੋਂ ਵਾਂਝੇ ਨਾ ਰਹਿ ਸਕਣ। ਇਹ ਗੱਲ ਮਨੋਵਿਗਿਆਨਕ ਪੱਖੋਂ ਵੀ ਉਚਿਤ ਹੈ ਕਿ ਮਾਂ-ਬੋਲੀ ਦੇ ਮਾਧਿਅਮ ਰਾਹੀਂ ਦਿੱਤੀ ਸਿੱਖਿਆ ਹੀ ਸਹੀ ਤੇ ਚਿਰ ਸਥਾਈ ਹੋ ਸਕਦੀ ਹੈ।

-ਨਵਰਾਹੀ ਘੁਗਿਆਣਵੀ
ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

ਰੁੱਖ, ਧਰਤੀ ਬਚਾਓ
ਰੁੱਖ ਤੇ ਧਰਤੀ ਬਚਾਉਣਾ ਅੱਜ ਸਮੇਂ ਦੀ ਮੁੱਖ ਮੰਗ ਹੈ। ਧਰਤੀ ਦੀ ਸਤ੍ਹਾ ਰੁੱਖਾਂ ਬਿਨਾਂ ਖਾਲੀ ਹੋ ਰਹੀ ਹੈ। ਰੁੱਖ ਕੱਟੇ ਵੱਧ ਜਾ ਰਹੇ ਹਨ ਪਰ ਲਗਾਏ ਤੇ ਸੰਭਾਲੇ ਘੱਟ ਜਾ ਰਹੇ ਹਨ। ਪੁਰਾਣੇ ਪਿੱਪਲ, ਬੋਹੜ ਦੇ ਰੁੱਖ ਅੱਜ ਖਤਮ ਹੋਣ ਦੇ ਕੰਢੇ 'ਤੇ ਹਨ। ਰਸਤੇ ਵਿਚ ਅੜਿੱਕਾ ਬਣਨ ਦੇ ਕਾਰਨ 100 ਸਾਲ ਪੁਰਾਣੇ ਰੁੱਖ ਕੱਟ ਦਿੱਤੇ ਗਏ ਹਨ। ਧਰਤੀ ਮਾਂ ਨੂੰ ਤੇਜ਼ਾਬੀ ਤੇ ਖਾਰੇ ਪਾਣੀ ਦੀ ਮਾਰ ਝੱਲਣੀ ਪੈ ਰਹੀ ਹੈ। ਧਰਤੀ ਦੀ ਸਤ੍ਹਾ ਵਿਚ ਬੋਰ ਕਰਕੇ ਗੰਦਾ ਪਾਣੀ ਵਿਚ ਪਾਇਆ ਜਾ ਰਿਹਾ ਹੈ। ਪਰ ਕੋਈ ਵੀ ਪ੍ਰਵਾਹ ਨਹੀਂ ਕਰ ਰਿਹਾ।
ਕੋਈ ਸਮਝ ਨਹੀਂ ਆ ਰਿਹਾ ਬਸ ਕੁਦਰਤ ਨਾਲ ਖਿਲਵਾੜ ਕਰੀ ਜਾ ਰਿਹਾ ਹੈ ਪਰ ਪੰਜਾਬ ਦਾ ਹਰਮਨ-ਪਿਆਰਾ ਅਖ਼ਬਾਰ 'ਅਜੀਤ' ਵਧਾਈ ਦਾ ਪਾਤਰ ਹੈ, ਜੋ ਪੰਜਾਬ ਦੀ ਧਰਤੀ ਨੂੰ ਹਰਿਆ-ਭਰਿਆ ਕਰਨ ਲਈ 'ਹਰਿਆਵਲ ਲਹਿਰ' ਤਹਿਤ ਪੰਜਾਬ ਦੇ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਬੂਟੇ ਲਗਾ ਰਿਹਾ ਹੈ। ਇਹ ਹੰਭਲਾ ਜ਼ਰੂਰ ਰੁੱਖ ਤੇ ਧਰਤੀ ਨੂੰ ਬਚਾਏਗਾ। ਸੋ, ਆਓ, ਵਾਤਾਵਰਨ ਨੂੰ ਬਚਾਉਣ ਲਈ 'ਧਰਤੀ ਬਚਾਈਏ ਤੇ ਰੁੱਖ ਲਗਾਈਏ।'

-ਜਸਦੀਪ ਸਿੰਘ ਖੰਨਾ
ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ।

ਸਿਗਰਟਨੋਸ਼ੀ
ਬੀੜੀ, ਸਿਗਰਟ, ਤੰਬਾਕੂ, ਜਰਦਾ, ਗੁਟਕਾ ਆਦਿ ਸਿਹਤ ਲਈ ਵੱਡੇ ਹਾਨੀਕਾਰਕ ਹਨ। ਕੈਂਸਰ ਰੋਗ ਬਹੁਤ ਵੱਡਾ ਭਿਆਨਕ ਰੋਗ ਹੈ। ਸਿਗਰਟ ਸਾਰੀ ਬਿਮਾਰੀਆਂ ਦੀ ਜੜ੍ਹ ਹੈ। ਫੇਫੜੇ, ਜਿਗਰ, ਪੇਟ ਰੋਗ ਅਜਿਹੇ ਰੋਗ ਇਸੇ ਕਰਕੇ ਹੁੰਦੇ ਹਨ। ਜਰਦਾ ਬੁੱਲ੍ਹਾਂ ਨੂੰ ਪਾੜ ਸੁੱਟਦਾ ਹੈ। ਦੰਦਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਦੰਦਾਂ ਨੂੰ ਦੇਖਣ ਲਈ ਦਿਲ ਨਹੀਂ ਕਰਦਾ ਹੁਣ ਦੇ ਸਮੇਂ ਅੰਦਰ ਬੀੜੀ, ਗੁਟਕਾ, ਜਰਦਾ, ਸਿਗਰਟ ਨਹੀਂ ਪੀਣੀ ਚਾਹੀਦੀ।

-ਤੇਜਪਾਲ ਚਾਹਲਪੁਰੀ
ਵਾਰਡ ਨੰ: 6, ਪਿੰਡ ਚਾਹਲਪੁਰ, ਡਾਕ: ਡਘਾਮ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

23-5-14

 ਪਾਣੀ ਦੀ ਸੁਚੱਜੀ ਵਰਤੋਂ

ਪਾਣੀ ਕੁਦਰਤ ਦੁਆਰਾ ਬਖਸ਼ੀ ਗਈ ਉਹ ਅਮੁੱਲ ਦਾਤ ਹੈ, ਜਿਸ ਤੋਂ ਬਿਨਾਂ ਜਨਜੀਵਨ ਨਹੀਂ। ਰੋਜ਼ਾਨਾ ਜ਼ਿੰਦਗੀ ਵਿਚ ਇਸ ਦੀ ਹੋ ਰਹੀ ਅਜਾਈਂ ਵਰਤੋਂ ਮਾਨਵਤਾ ਲਈ ਸ਼ੁੱਭ ਸੰਕੇਤ ਨਹੀਂ। ਗਰਮੀ ਵਿਚ ਅਸੀਂ ਖੁੱਲ੍ਹੇ ਪਾਣੀ ਨੂੰ ਹੀ ਤਰਜੀਹ ਦਿੰਦੇ ਹਾਂ। ਕਦੇ ਆਪਣੇ-ਆਪ ਨੂੰ ਰਾਜਸਥਾਨ ਜਾਂ ਲੀਬੀਆ ਦੇ ਲੋਕਾਂ ਨਾਲ ਤੁਲਨਾ ਕਰਕੇ ਜ਼ਰੂਰ ਵੇਖਿਓ। ਪੰਜਾਬ ਵਿਚ ਸਰਕਾਰੀ ਟੂਟੀਆਂ ਜਾਂ ਮੋਟਰਾਂ ਦੀ ਹੋ ਰਹੀ ਗ਼ਲਤ ਵਰਤੋਂ ਵੀ ਜਲ-ਸੰਕਟ ਦੀ ਘੰਟੀ ਹੈ, ਕਿਉਂਕਿ ਸਰਕਾਰ ਨੇ ਜਿਥੇ ਲੋਕਾਂ ਦੀ ਸਹੂਲਤ ਲਈ ਪਾਣੀ ਵਾਲੀਆਂ ਮੋਟਰਾਂ ਲਗਾ ਕੇ ਦਿੱਤੀਆਂ ਹਨ, ਉਨ੍ਹਾਂ ਨੂੰ ਹਰ ਕੋਈ ਸਰਕਾਰੀ ਮਾਲ ਸਮਝ ਕੇ ਚਲਾ ਲੈਂਦਾ ਹੈ, ਜਦ ਕਿ ਲੋੜ ਤੋਂ ਵਧੇਰੇ ਸਾਫ਼ ਪਾਣੀ ਨਾਲੀਆਂ ਵਿਚ ਵਹਿ ਜਾਂਦਾ ਹੈ। ਜੇਕਰ ਕਿਸੇ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰੋ ਤਾਂ ਸਭ ਦਾ ਇਕੋ ਉੱਤਰ ਹੁੰਦਾ ਹੈ ਕਿ ਅਸੀਂ ਬਿੱਲ ਭਰਦੇ ਹਾਂ। ਦੱਸੋ ਕਿੱਥੋਂ ਬਚਾ ਲਓਗੇ ਪਾਣੀ। ਮੋਟਰਾਂ ਨਾਲੋਂ ਜੇਕਰ ਸਰਕਾਰ ਡੂੰਘੇ ਹੈਂਡ ਪੰਪਾਂ ਨੂੰ ਤਰਜੀਹ ਦਿੰਦੀ ਤਾਂ ਜ਼ਰੂਰ ਪਾਣੀ ਅਤੇ ਬਿਜਲੀ ਦਾ ਬਚਾ ਹੋ ਜਾਣਾ ਸੀ ਪਰ ਇਥੇ ਤਾਂ ਹਰ ਕੋਈ ਆਪਣਾ ਹੀ ਰਾਗ ਅਲਾਪ ਰਿਹਾ ਹੈ। ਜੇਕਰ ਸਾਡੇ ਦੁਆਰਾ ਇਸ ਕੁਦਰਤੀ ਸੋਮੇ ਪਾਣੀ ਦੀ ਵਰਤੋਂ ਗ਼ਲਤ ਹੁੰਦੀ ਰਹੀ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਜ਼ਰੂਰ ਇਸ ਬੇਸ਼ਕੀਮਤੀ ਸੌਗਾਤ ਤੋਂ ਮਨਫ਼ੀ ਹੋ ਜਾਣਗੀਆਂ ਜੋ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਇਸ ਲਈ ਆਓ! ਇਸ ਦੀ ਸਹੀ ਵਰਤੋਂ ਦਾ ਸੰਕਲਪ ਲਈਏ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ (ਲੁਧਿਆਣਾ)।

ਦਿਲਾਂ ਵਿਚ ਸੰਭਾਲੋ ਪੰਜਾਬੀ

ਪੰਜਾਬੀ ਮਾਂ ਬੋਲੀ ਦੀ ਗੁੜ੍ਹਤੀ ਸਾਨੂੰ ਮਾਂ ਦੀ ਝੋਲੀ ਵਿਚੋਂ ਮਿਲਦੀ ਹੈ। ਸਾਡੇ ਗੁਰੂ ਸਾਹਿਬਾਨ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਪੰਜਾਬੀ ਬੋਲੀ ਨੂੰ ਪ੍ਰਾਥਮਿਕਤਾ ਦਿੱਤੀ ਅਤੇ ਲੋਕ ਸਵੇਰੇ-ਸ਼ਾਮ ਸ਼ਰਧਾ ਨਾਲ ਬਾਣੀ ਪੜ੍ਹਦੇ-ਸੁਣਦੇ ਹਨ। ਅੱਜ ਪੰਜਾਬੀ ਬੋਲੀ ਖ਼ਤਰੇ ਦੀ ਕਗਾਰ 'ਤੇ ਪਹੁੰਚ ਗਈ ਹੈ। ਬੇਸ਼ੱਕ ਬੋਲੀ ਦੇ ਨਿਘਾਰ ਲਈ ਸਰਕਾਰ ਅਤੇ ਪ੍ਰਾਈਵੇਟ ਸਕੂਲਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਅਸੀਂ ਖ਼ੁਦ ਹੀ ਪੰਜਾਬੀ ਬੋਲੀ ਦੇ ਪਤਨ ਦੇ ਜ਼ਿੰਮੇਵਾਰ ਬਣ ਰਹੇ ਹਾਂ। ਜ਼ਿਆਦਾਤਰ ਲੋਕਾਂ ਨੇ ਪੰਜਾਬੀ ਬੋਲਣ ਨੂੰ ਹੱਤਕ ਜਾਂ ਨੀਵਾਂਪਣ ਸਮਝ ਲਿਆ ਹੈ। ਇਸੇ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਬੋਲਦਿਆਂ ਵੇਖ-ਸੁਣ ਕੇ ਖੁਸ਼ੀ ਮਹਿਸੂਸ ਕਰਦੇ ਹਾਂ। ਹੋਰ ਭਾਸ਼ਾਵਾਂ ਸਿੱਖਣਾ ਬੁਰਾ ਨਹੀਂ ਪਰ ਆਪਣੀ ਜਨਮਜਾਤ ਬੋਲੀ ਵਿਸਾਰਨਾ ਮਾੜਾ ਰੁਝਾਨ ਹੈ। ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਤੇ ਸਾਹਿਤ ਤੋਂ ਅਣਜਾਣ ਰਹਿ ਕੇ ਪੰਜਾਬੀ ਕੌਮ ਦਾ ਵਿਕਾਸ ਸੰਭਵ ਨਹੀਂ। ਬੋਲੀ ਦੀ ਸੰਭਾਲ ਲਈ ਰਾਸ਼ਟਰੀ, ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਕਾਨਫ਼ਰੰਸਾਂ ਦੀ ਭੂਮਿਕਾ ਸ਼ਲਾਘਾਯੋਗ ਹੈ। ਆਓ, ਆਪਣੀ ਮਾਂ-ਬੋਲੀ ਨੂੰ ਪਿਆਰ ਤੇ ਸਤਿਕਾਰ ਦਿੰਦੇ ਹੋਏ ਦਿਲਾਂ ਵਿਚ ਜ਼ਿੰਦਾ ਰੱਖੀਏ।

-ਨਵਤੇਜ ਸਿੰਘ ਮੱਲ੍ਹੀ
ਪਿੰਡ ਭਾਗੋਕਾਵਾਂ, ਡਾਕ: ਮਗਰਮੂਦੀਆਂ, ਜ਼ਿਲ੍ਹਾ ਗੁਰਦਾਸਪੁਰ।

ਮਹਿੰਗਾਈ ਦਾ ਦੌਰ

ਅਜੋਕਾ ਯੁੱਗ ਮਹਿੰਗਾਈ ਦਾ ਯੁੱਗ ਹੈ। ਦਰਮਿਆਨੇ ਤੇ ਗਰੀਬ ਪਰਿਵਾਰ ਇਸ ਮਹਿੰਗਾਈ ਵਿਚ ਬੁਰੀ ਤਰ੍ਹਾਂ ਪਿਸ ਰਹੇ ਹਨ। ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹਨ ਕਾਰਨ ਹਰ ਕੋਈ ਵਿਅਕਤੀ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਸੋਚਣ ਲਈ ਮਜਬੂਰ ਹੋ ਜਾਂਦਾ ਹੈ। ਜਦੋਂ ਪੈਟਰੋਲ, ਗੈਸ ਤੇ ਮਿੱਟੀ ਦੇ ਤੇਲ ਦੇ ਰੇਟ ਵਧਣੇ ਹੁੰਦੇ ਹਨ ਤਾਂ ਸਭ ਸੋਚੀਂ ਪੈ ਜਾਂਦੇ ਹਨ ਕਿ ਘਰ ਦਾ ਬਜਟ ਹਿਲ ਜਾਵੇਗਾ। ਲੋਕ ਮਹਿੰਗਾਈ ਤੋਂ ਬਹੁਤ ਪ੍ਰੇਸ਼ਾਨ ਹਨ। ਸਾਡੀਆਂ ਸਮੇਂ ਦੀਆਂ ਸਰਕਾਰਾਂ ਨੂੰ ਸਹੀ ਹੱਲ ਲੱਭਣਾ ਚਾਹੀਦਾ ਹੈ ਤਾਂ ਜੋ ਮਹਿੰਗਾਈ ਦੀ ਮਾਰ ਹੇਠ ਪਿਸ ਰਹੇ ਗਰੀਬ ਨੂੰ ਕੱਢਿਆ ਜਾ ਸਕੇ। ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ।

-ਤੇਜਿੰਦਰ ਸਿੰਘ
ਗੁਰਸੇਵਕ ਨਗਰ, ਬਰਨਾਲਾ।

22-5-14

ਨਾੜ ਨਾ ਸਾੜੋ

ਪੰਜਾਬ ਵਿਚ ਕਣਕ ਦੀ ਵਢਾਈ ਹੋ ਚੁੱਕੀ ਹੈ। ਬੜੀ ਚੰਗੀ ਗੱਲ ਹੈ। ਪਰ ਮਾੜੀ ਗੱਲ ਹੈ ਨਾੜ ਨੂੰ ਅੱਗ ਲਾ ਦੇਣੀ। ਅੱਗ ਨਾਲ ਜ਼ਮੀਨ ਦੀ ਹਿੱਕ ਸੜ ਜਾਂਦੀ ਹੈ। ਦੁਸ਼ਮਣ ਕੀੜੇ ਮਰਦੇ ਹਨ ਅਤੇ ਮਿੱਤਰ ਕੀੜੇ ਵੀ ਭੁੱਜ ਕੇ ਸੁਆਹ ਬਣ ਜਾਂਦੇ ਹਨ। ਕਣਕ ਦਾ ਨਾੜ ਸਾੜਨਾ ਬਹੁਤੀ ਚੰਗੀ ਗੱਲ ਨਹੀਂ ਹੈ। ਦੂਜਾ ਪ੍ਰਦੂਸ਼ਣ ਪਹਿਲਾਂ ਹੀ ਬਥੇਰਾ ਹੈ। ਧੂੰਆਂ ਪ੍ਰਦੂਸ਼ਣ ਅੱਖਾਂ ਨੂੰ ਅੰਨ੍ਹਾ ਕਰਨ ਲੱਗਾ ਹੋਇਆ ਹੈ। ਜ਼ਿਮੀਂਦਾਰ ਭਰਾਵਾਂ ਨੂੰ ਚਾਹੀਦਾ ਹੈ ਕਿ ਅੱਗ ਲਾ ਕੇ ਮਾੜਾ ਕੰਮ ਨਾ ਕਰਨ, ਸਾਡਾ ਇਸੇ ਵਿਚ ਭਲਾ ਹੈ।

-ਤੇਜਪਾਲ ਚਾਹਲਪੁਰੀ
ਪਿੰਡ ਚਾਹਲਪੁਰ, ਡਾਕ: ਡਘਾਮ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

ਧੀਆਂ ਨੇ ਮਾਣ ਵਧਾਇਆ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਲਈ ਗਈ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਵਿਚ ਪੰਜਾਬ ਦੀਆਂ ਹੋਣਹਾਰ ਧੀਆਂ ਨੇ ਫਿਰ ਆਪਣਾ, ਮਾਪਿਆਂ ਦਾ, ਅਧਿਆਪਕਾਂ ਦਾ, ਸੰਸਥਾ ਦਾ ਅਤੇ ਸਮਾਜ ਦਾ ਮਾਣ ਵਧਾਇਆ ਹੈ। ਇਸ ਵਾਰ ਬੋਰਡ ਦੇ ਇਮਤਿਹਾਨ ਵਿਚ 1,37,756 ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,23,736 ਪਾਸ ਹੋਈਆਂ ਤੇ ਇਨ੍ਹਾਂ ਦੀ ਫ਼ੀਸਦੀ 89.82 ਫ਼ੀਸਦੀ ਰਹੀ। ਇਸ ਦੇ ਮੁਕਾਬਲੇ ਲੜਕਿਆਂ ਦੀ ਫ਼ੀਸਦੀ 79.81 ਫ਼ੀਸਦੀ ਰਹੀ। ਮੁਸਕਾਨ ਵਰਮਾ, ਡੇਜ਼ੀ ਗਰਗ ਅਤੇ ਚਾਰੂ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਲੈ ਕੇ ਇਹ ਸਿੱਧ ਕਰ ਦਿੱਤ