ਤਾਜਾ ਖ਼ਬਰਾਂ


ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  31 minutes ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  48 minutes ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  about 1 hour ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  about 1 hour ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  about 2 hours ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
2 ਬੱਸਾਂ ਦੀ ਰੇਸ ਨੇ ਲਈ ਰੇਹੜੀ ਚਾਲਕ ਦੀ ਜਾਨ, 15 ਸਵਾਰੀਆਂ ਜ਼ਖਮੀ
. . .  about 2 hours ago
ਜਲੰਧਰ, 22 ਅਪ੍ਰੈਲ - ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ 'ਤੇ ਨਿੱਜੀ ਕੰਪਨੀਆਂ ਦੀਆਂ ਤੇਜ ਰਫ਼ਤਾਰ 2 ਬੱਸਾਂ ਆਪਸ ਵਿਚ ਰੇਸ ਲਗਾਉਂਦੇ ਹੋਏ ਇਸ ਤਰਾਂ ਬੇਕਾਬੂ ਹੋ ਗਈਆਂ ਕਿ ਪਰਾਗਪੁਰ ਨੇੜੇ ਇੱਕ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਦਿੱਲੀ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 3 hours ago
ਮੁੱਖ ਮੰਤਰੀ ਨੇ ਕਣਕ ਖ਼ਰੀਦ ਮਾਪਦੰਡਾਂ 'ਚ ਢਿੱਲ ਲਈ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
. . .  about 3 hours ago
ਚੰਡੀਗੜ੍ਹ, 22 ਅਪ੍ਰੈਲ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬੇਮੌਸਮੀ ਬਰਸਾਤ ਦੇ ਚੱਲਦਿਆਂ ਕਣਕ ਖ਼ਰੀਦ ਦੇ ਮਾਪਦੰਡਾਂ ਵਿਚ ਢਿੱਲ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਮਾਘ ਨਾਨਕਸ਼ਾਹੀ ਸੰਮਤ 546
ਵਿਚਾਰ ਪ੍ਰਵਾਹ: ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਨਾਲੋਂ ਵੀ ਵੱਧ ਅਸਰਦਾਇਕ ਹੁੰਦੀ ਹੈ। -ਨੈਪੋਲੀਅਨ

ਕਿਤਾਬਾਂ

4-8-2013

 ਵਿਹੜਾ ਸ਼ਗਨਾਂ ਦਾ
ਲੇਖਿਕਾ : ਡਾ: ਸੁਖਬੀਰ ਕੌਰ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 300 ਰੁਪਏ, ਸਫ਼ੇ : 278.

ਡਾ: ਸੁਖਵੀਰ ਕੌਰ ਨੇ 'ਸਾਹਿਤ ਦੇ ਰੂਪ' ਆਲੋਚਨਾ ਦੀ ਪੁਸਤਕ ਤੋਂ ਬਾਅਦ ਵਿਆਹ ਦੇ ਲੋਕ ਗੀਤਾਂ ਉਤੇ ਕਲਮ ਅਜ਼ਮਾਈ ਕਰਦੇ ਹੋਏ ਪੁਸਤਕ ਰੂਪ ਦਿੱਤਾ ਹੈ।
ਪੰਜਾਬ ਦਾ ਸੱਭਿਆਚਾਰ ਬਹੁਤ ਅਮੀਰ ਹੈ ਤੇ ਲੋਕ ਗੀਤ ਪੰਜਾਬੀਆਂ ਦਾ ਅਮੀਰ ਵਿਰਸਾ ਹੈ ਤੇ ਰੋਜ਼ਮਰਾ ਜੀਵਨ ਦਾ ਅਹਿਮ ਹਿੱਸਾ। ਪੁਸਤਕ ਦੇ ਸਿਰਲੇਖ 'ਵਿਹੜਾ ਸ਼ਗਨਾਂ ਦਾ' ਤੋਂ ਇਕ ਪਹਿਲੂ ਤਾਂ ਬਹੁਤ ਸਪੱਸ਼ਟ ਹੈ ਕਿ ਇਹ ਸ਼ਗਨਾਂ ਭਰੇ ਗੀਤਾਂ ਦਾ ਇਕ ਸੰਗ੍ਰਹਿ ਹੈ ਜਿਸ ਵਿਚ ਮੁੰਡੇ ਤੇ ਕੁੜੀ ਦੋਵਾਂ ਦੇ ਵਿਆਹਾਂ 'ਤੇ ਗਾਏ ਜਾਣ ਵਾਲੇ ਲੋਕ ਗੀਤ ਸ਼ਾਮਿਲ ਹਨ ਜਿਵੇਂ ਕਿ ਘੋੜੀਆਂ, ਸੁਹਾਗ, ਲੰਮੇ ਗੀਤ, ਢੋਲਕੀ ਦੇ ਗੀਤ, ਜਾਗੋ ਕੱਢਣੀ, ਵੱਟਣਾ ਮਲਣਾ, ਨੁਹਾਉਣਾ, ਕਾਰੇ ਚੜ੍ਹਾਉਣਾ, ਸਿਹਰਾ ਬੰਨ੍ਹਣਾ, ਚੂੜਾ ਚੜ੍ਹਾਉਣਾ, ਜੰਝ ਸਮੇਂ ਦੇ ਗੀਤ, ਗਿੱਧੇ, ਬੋਲੀਆਂ, ਸਿਠਣੀਆਂ ਤੇ ਛੰਦ ਆਦਿ। ਜੰਮਣ ਤੋਂ ਲੈ ਕੇ ਮਰਨ ਤੱਕ ਕੋਈ ਅਜਿਹਾ ਮੌਕਾ ਨਹੀਂ ਜਿਸ ਬਾਰੇ ਗੀਤ ਉਪਲਬਧ ਨਾ ਹੋਣ। ਇਹ ਇਕ ਤਰ੍ਹਾਂ ਨਾਲ ਪੰਜਾਬੀ ਮਨਾਂ ਵਿਚ ਸਾਂਭਿਆ ਸਰਮਾਇਆ ਹੈ, ਕੀਮਤੀ ਖ਼ਜ਼ਾਨਾ ਅਰਥਾਤ ਜੀਵਨ ਦੀ ਬਹੁਰੰਗੀ ਤੇ ਵੰਨ-ਸੁਵੰਨੀ ਝਾਕੀ ਇਨ੍ਹਾਂ ਲੋਕ ਗੀਤਾਂ ਵਿਚ ਵੇਖਣ ਨੂੰ ਮਿਲਦੀ ਹੈ।
ਲੇਖਿਕਾ ਨੇ ਇਨ੍ਹਾਂ ਲੋਕ ਗੀਤਾਂ ਦੀ ਵੰਡ ਕੁਝ ਇਸ ਤਰ੍ਹਾਂ ਕੀਤੀ ਹੈ-ਵਿਆਹ ਦੇ ਰੀਤੀ-ਰਿਵਾਜ਼, ਸਿਠਣੀਆਂ, ਸਿਹਰਾ, ਸੁਹਾਗ, ਘੋੜੀਆਂ, ਗੀਤ ਵੰਗੜੀਆਂ, ਢੋਲਾ, ਢੋਲਕ ਗੀਤ, ਲੰਮੀਆਂ ਬੋਲੀਆਂ, ਬੋਲੀਆਂ ਤੇ ਛੰਦ ਆਦਿ। ਵਿਆਹ ਦੇ ਹਰ ਮੌਕੇ 'ਤੇ ਗਾਏ ਜਾਂਦੇ ਗੀਤਾਂ ਨੂੰ ਲੇਖਿਕਾ ਨੇ ਬੜੇ ਵਿਸਥਾਰ ਨਾਲ ਇਕੱਠਾ ਕਰਕੇ ਸਾਂਭਿਆ ਤੇ ਪਾਠਕਾਂ ਸਾਹਵੇਂ ਪੇਸ਼ ਕੀਤਾ ਹੈ ਜੋ ਮਨੁੱਖੀ ਮਨ ਦੀਆਂ ਸੱਧਰਾਂ ਤੇ ਭਾਵਨਾਵਾਂ ਦੀ ਬਾਖ਼ੂਬੀ ਤਰਜਮਾਨੀ ਕਰਦੇ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਤੁਰੇ ਆਉਂਦੇ ਹਨ। ਇਨ੍ਹਾਂ ਵਿਚ ਸਮਾਜ ਦਾ ਦਿਲ ਧੜਕਦਾ ਹੈ। ਇਹ ਇਕ ਸ਼ਲਾਘਾਯੋਗ ਉਪਰਾਲਾ ਹੈ ਲੋਕ ਗੀਤਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਚੇਤਿਆਂ ਵਿਚ ਜਿਊਂਦੇ ਰੱਖਣ ਦਾ, ਰੀਤੀ-ਰਿਵਾਜ਼ਾਂ ਦੀ ਅਸਲੀਅਤ ਤੋਂ ਜਾਣੂ ਕਰਵਾਉਣ ਦਾ ਤੇ ਲੋਕ-ਜੀਵਨ ਨਾਲ ਸਾਂਝ ਪੁਆਉਣ ਦਾ। ਇਨ੍ਹਾਂ ਵਿਚੋਂ ਪੂਰਾ ਨੱਚਦਾ ਟੱਪਦਾ ਪੰਜਾਬ ਨਜ਼ਰੀਂ ਪੈਂਦਾ ਹੈ ਜੋ ਸਾਡੀਆਂ ਸੱਭਿਆਚਾਰਕ ਕੀਮਤਾਂ ਦਾ ਦਰਪਣ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਦੱਬੇ ਕੁਚਲੇ ਲੋਕ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪਬਲੀਕੇਸ਼ਨ ਪਟਿਆਲਾ
ਮੁੱਲ : 130 ਰੁਪਏ, ਸਫ਼ੇ : 116.

ਬਹੁਪੱਖੀ ਪ੍ਰਤਿਭਾ ਦੇ ਮਾਲਕ ਪ੍ਰਸਿੱਧ ਸਾਹਿਤਕਾਰ ਰਾਮ ਨਾਥ ਸ਼ੁਕਲਾ ਨੇ ਬਤੌਰ ਵਾਰਤਕਕਾਰ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਰਾਹੀਂ ਆਪਣੀ ਵਾਰਤਕ-ਕਲਾ ਦੀ ਪਰਪੱਕਤਾ ਨੂੰ ਸਿੱਧ ਕੀਤਾ ਹੈ। ਉਸ ਨੇ ਇਕ ਮਜ਼ਦੂਰ ਤੋਂ ਲੈ ਕੇ ਦੱਬ-ਕੁਚਲੇ ਗਰੀਬ ਦੇਸ਼ਾਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਦੇ ਵਿਸ਼ੇ ਬਣਾਇਆ ਹੈ। ਲੇਖਕ ਅਨੁਸਾਰ, 'ਕੇਵਲ ਏਨਾ ਹੀ ਨਹੀਂ ਕਿ ਸਮਾਜ ਦੇ ਕੁਝ ਵਰਗ ਹੀ ਦੱਬੇ-ਕੁਚਲੇ ਲੋਕਾਂ ਵਿਚ ਸ਼ਾਮਿਲ ਹਨ, ਕੁਝ ਅਜਿਹੇ ਛੋਟੇ ਅਤੇ ਗਰੀਬ ਦੇਸ਼ਾਂ ਦੀ ਸਮੁੱਚੀ ਜਨਤਾ ਹੀ ਅਜਿਹੀ ਹੈ ਜਿਹੜੀ ਵੱਡੇ ਅਤੇ ਤਾਕਤਵਰ ਦੇਸ਼ਾਂ ਦੇ ਦਬਾਅ ਹੇਠ ਸਾਹ ਲੈ ਰਹੀ ਹੈ।' ਲੇਖਕ ਸ਼ੁਕਲਾ ਨੇ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਮਜ਼ਦੂਰ, ਛੋਟੇ ਕਿਸਾਨ, ਛੋਟੇ ਅਤੇ ਇਮਾਨਦਾਰ ਮੁਲਾਜ਼ਮ, ਘਰੇਲੂ ਇਸਤਰੀਆਂ, ਧਾਰਮਿਕ ਘੱਟ-ਗਿਣਤੀਆਂ, ਪੱਟੀ ਦਰਜ ਕਬੀਲੇ, ਪਛੜੀਆਂ ਅਨੁਸੂਚਿਤ ਜਾਤੀਆਂ, ਛੋਟੇ ਅਤੇ ਗਰੀਬ ਦੇਸ਼, ਬੰਧੂਆ ਮਜ਼ਦੂਰ ਬੱਚੇ, ਵਿਆਹੁਤਾ ਬੰਧੂਆ ਘਰੇਲੂ ਇਸਤਰੀਆਂ, ਬੰਧੂਆ ਵਿਆਹੁਤਾ ਮਰਦ, ਨਿਆਸਰੇ ਮਾਪੇ, ਕਰੂਪ ਨਸਲਾਂ, ਕੱਟੜ ਧਰਮਾਂ ਦੇ ਸਤਾਏ ਲੋਕ ਆਦਿ ਰਾਹੀਂ ਮਨੁੱਖ ਦੀ ਗੁਲਾਮੀ 'ਤੇ ਹਾਅ ਦਾ ਨਾਆਰਾ ਮਾਰਿਆ ਹੈ। ਸ਼ੁੱਧ ਤੇ ਸੁਥਰੀ ਭਾਸ਼ਾ ਰਾਹੀਂ ਉਸ ਨੇ ਇਕ ਸਿੱਧ-ਪੱਧਰੀ ਲਿਖਣ ਸ਼ੈਲੀ ਦਾ ਇਸ ਪੁਸਤਕ ਦੇ ਰੂਪ ਵਿਚ ਪੁਖ਼ਤਾ ਸਬੂਤ ਦਿੱਤਾ ਹੈ। ਨਿਮਨ ਪੱਧਰ ਦੀ ਜ਼ਿੰਦਗੀ ਜਿਊਂਦੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਮਜਬੂਰੀਆਂ ਅਤੇ ਤਾਕਤਵਰ ਲੋਕਾਂ ਦੇ ਜ਼ੁਲਮ ਅਤੇ ਧੱਕੇ ਇਸ ਪੁਸਤਕ ਦਾ ਵਿਸ਼ਾ-ਵਸਤੂ ਹਨ। ਸਹਿਜ ਅਤੇ ਸਰਲ ਵਿਚਾਰਾਂ ਦੀ ਪੇਸ਼ਕਾਰੀ ਇਸ ਪੁਸਤਕ ਦੀ ਖ਼ਾਸੀਅਤ ਹੈ। ਪੰਜਾਬੀ ਵਾਰਤਕ ਨੂੰ ਅਜਿਹੀ ਪੁਸਤਕ ਦੀ ਚਿਰਾਂ ਤੋਂ ਲੋੜ ਸੀ।

-ਸੁਰਿੰਦਰ ਸਿੰਘ ਕਰਮ
ਮੋ: 98146-81444.

ਇਉਂ ਵੇਖਿਆ ਨੇਪਾਲ
ਸਫ਼ਰਨਾਮਾਕਾਰ : ਸੀ. ਮਾਰਕੰਡਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 147.

'ਇਉਂ ਵੇਖਿਆ ਨੇਪਾਲ' ਬਹੁਪੱਖੀ ਪ੍ਰਤਿਭਾ ਦੇ ਮਾਲਕ ਲੇਖਕ ਸੀ. ਮਾਰਕੰਡਾ ਦਾ ਸਫ਼ਰਨਾਮਾ ਹੈ। ਇਸ ਸਫ਼ਰਨਾਮੇ ਵਿਚ ਸਫ਼ਰਨਾਮਾਕਾਰ ਨੇ ਆਪਣੀ ਨੇਪਾਲ ਦੇਸ਼ ਦੀ ਯਾਤਰਾ ਦੇ ਅਨੁਭਵ ਪਾਠਕਾਂ ਦੇ ਸਨਮੁੱਖ ਕੀਤੇ ਹਨ। ਲੇਖਕ ਭਾਵੇਂ ਆਪਣੀ ਤੇ ਆਪਣੇ ਸਾਥੀਆਂ ਦੀ ਘੁਮੱਕੜ ਬਿਰਤੀ ਦਾ ਵੇਰਵਾ ਵੀ ਦਿੰਦਾ ਹੈ ਪਰ ਨੇਪਾਲ ਯਾਤਰਾ ਨੂੰ ਆਪਣੀ ਪਹਿਲੀ ਤਰਜੀਹ ਨਹੀਂ ਕਹਿੰਦਾ ਸਗੋਂ ਵੱਖ-ਵੱਖ ਥਾਵਾਂ ਦੀਆਂ ਯਾਤਰਾਵਾਂ ਦੇ ਬਣਦੇ ਟੁੱਟਦੇ ਪ੍ਰੋਗਰਾਮਾਂ ਵਿਚੋਂ ਨੇਪਾਲ ਦੀ ਯਾਤਰਾ ਦਾ ਸਬੱਬ ਬਣਦਾ ਹੈ। ਇਸ ਤੋਂ ਇਲਾਵਾ ਲਖਨਊ ਸ਼ਹਿਰ ਵਿਚ ਪਹੁੰਚਣ ਅਤੇ ਲਖਨਊ ਦੇ ਇਤਿਾਹਸਕ ਪਿਛੋਕੜ ਬਾਰੇ ਵੀ ਲੇਖਕ ਨੇ ਵੇਰਵੇ ਪ੍ਰਸਤੁਤ ਕੀਤੇ ਹਨ। ਨੇਪਾਲ ਦੇ ਇਤਿਹਾਸ ਅਤੇ ਭੂਗੋਲ ਬਾਰੇ ਵੀ ਸਫ਼ਰਨਾਮੇ ਵਿਚ ਜਾਣਕਾਰੀ ਸੰਖੇਪ ਪਰ ਭਾਵਪੂਰਤ ਢੰਗ ਨਾਲ ਦਿੱਤੀ ਗਈ ਹੈ। ਲੇਖਕ ਦੱਸਦਾ ਹੈ ਨੇਪਾਲ ਹੀ ਸੰਸਾਰ ਦਾ ਇਕ ਮਾਤਰ ਹਿੰਦੂ ਮੱਤ ਦਾ ਦੇਸ਼ ਹੈ। ਕੁਝ ਬੋਧੀ ਲੋਕ ਵੀ ਹਨ ਅਤੇ ਮਹਾਤਮਾ ਬੁੱਧ ਨੂੰ ਭਗਵਾਨ ਨਾਰਾਇਣ ਦਾ ਨੌਵਾਂ ਅਵਤਾਰ ਮੰਨਿਆ ਜਾਂਦਾ ਹੈ। ਲੇਖਕ ਸਫ਼ਰਨਾਮੇ ਵਿਚ ਰੌਚਕਤਾ ਪੈਦਾ ਕਰਨ ਲਈ ਨੇਪਾਲੀ ਭਾਸ਼ਾ ਦੀਆਂ ਹੂ-ਬਹੂ ਉਦਾਹਰਨਾਂ ਵੀ ਪੇਸ਼ ਕਰਦਾ ਹੈ। ਲੇਖਕ ਪੁਲਿਸ ਪ੍ਰਬੰਧ ਬਾਰੇ ਤੁਲਨਾਤਮਕ ਟਿੱਪਣੀਆਂ ਵੀ ਪੇਸ਼ ਕਰਦਾ ਹੈ ਅਤੇ ਨੇਪਾਲੀ ਲੋਕਾਂ ਦੇ ਵਿਵਹਾਰ ਦੀ ਪ੍ਰਸੰਸਾ ਵੀ ਕਰਦਾ ਹੈ।
ਨੇਪਾਲ ਦੀ ਰਾਜਧਾਨੀ ਕਾਠਮੰਡੂ ਪਹੁੰਚਣ ਤੋਂ ਪਹਿਲਾਂ ਨੇਪਾਲ ਦੇ ਸ਼ਹਿਰ ਪੋਖਰਾ ਦਾ ਬਿਰਤਾਂਤ ਵੀ ਲੇਖਕ ਨੇ ਦਿਲਚਸਪ ਬਣਾ ਕੇ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ ਵਿਸ਼ੇਸ਼ ਕਰਕੇ 'ਸਕਾਈ ਪੈਲੇਸ ਰੈਸਟੋਰੈਂਟ' ਦਾ ਦ੍ਰਿਸ਼ ਤਾਂ ਲੇਖਕ ਨੇ ਪੂਰੇ ਵਿਸਥਾਰ ਵਿਚ ਚਿੱਤਰਿਆ ਹੈ ਅਤੇ ਇਥੋਂ ਦੇ ਕਲੱਬਾਂ ਦੀ ਅਸਲੀਅਤ ਬਾਰੇ ਭਰਪੂਰ ਜਾਣਕਾਰੀ ਪ੍ਰਸਤੁਤ ਕੀਤੀ ਹੈ। ਇਸੇ ਤਰ੍ਹਾਂ ਕਾਠਮੰਡੂ ਵਿਚਲੇ ਕੈਸੀਨੋ ਦਾ ਵੇਰਵਾ ਵੀ ਲੇਖਕ ਨਿੱਜੀ ਦਿਲਚਸਪੀ ਨਾਲ ਚਿੱਤਰਦਾ ਹੈ। 'ਸਕਾਈ ਪੈਲੇਸ ਅਤੇ ਰੈਸਟੋਰੈਂਟ' ਅਤੇ ਕੈਸੀਨੋ ਦਾ ਦ੍ਰਿਸ਼ ਲੇਖਕ ਇਸ ਤਰ੍ਹਾਂ ਚਿੱਤਰਦਾ ਹੈ ਕਿ ਪਾਠਕ ਨੂੰ ਨੇਪਾਲ ਦੀ ਯਾਤਰਾ ਭੁੱਲ ਕੇ ਕੇਵਲ ਉਪਰੋਕਤ ਥਾਵਾਂ ਦੀ ਹੀ ਯਾਤਰਾ ਜਾਪਣ ਲੱਗ ਪੈਂਦੀ ਹੈ। ਇਥੇ ਏਨੇ ਵਿਸਥਾਰ ਦੀ ਲੋੜ ਤੋਂ ਬਿਨਾਂ ਵੀ ਸਰ ਸਕਦਾ ਸੀ। ਇਸੇ ਤਰ੍ਹਾਂ ਲੇਖਕ ਵਿਸ਼ਵ ਪ੍ਰਸਿੱਧ ਪਸ਼ੂਪਤੀ ਮੰਦਰ ਬਾਰੇ ਵੀ ਵਿਸਥਾਰਤ ਵੇਰਵੇ ਦਿੰਦਾ ਹੈ ਜੋ ਨੇਪਾਲੀ ਲੋਕਾਂ ਦੀ ਧਰਮ ਆਸਥਾ ਬਾਰੇ ਵਿਸ਼ੇਸ਼ ਜਾਣਕਾਰੀ ਦੇਣ ਦਾ ਉਪਰਾਲਾ ਹੈ। ਲੇਖਕ ਨੇਪਾਲ ਦੇ ਹੋਰ ਮੰਦਰਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ ਪਰ ਨਾਲ ਹੀ ਨੇਪਾਲ ਦੀ ਯਾਤਰਾ ਬਾਰੇ ਆਪਣਾ ਇਹ ਮੱਤ ਪੇਸ਼ ਕਰਦਾ ਹੈ ਕਿ ਨੇਪਾਲ ਦੀ ਯਾਤਰਾ ਲਈ ਕਿਸੇ ਵਿਅਕਤੀ ਕੋਲ ਵਿਹਲ ਹੋਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਪੂਰਨ ਆਨੰਦ ਨਹੀਂ ਪ੍ਰਾਪਤ ਹੋ ਸਕਦਾ। ਇਹ ਸਫ਼ਰਨਾਮਾ 'ਇਉਂ ਵੇਖਿਆ ਨੇਪਾਲ' ਪਾਠਕਾਂ ਨੂੰ ਨੇਪਾਲ ਬਾਰੇ ਦਿਲਚਸਪ ਜਾਣਕਾਰੀ ਦੇਣ ਦਾ ਇਕ ਵੱਡਮੁੱਲਾ ਉਪਰਾਲਾ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

4-8-2013

 ਜ਼ਿੰਦਗੀ
ਸ਼ਾਇਰ : ਡਾ: ਗੁਰਬਖਸ਼ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 111.

ਇਹ ਪੁਸਤਕ ਜ਼ਿੰਦਗੀ ਦੁਆਲੇ ਘੁੰਮਦੀ ਇਕ ਲੰਮੀ ਕਵਿਤਾ ਹੈ। ਸ਼ਾਇਰ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਜ਼ਿੰਦਗੀ ਦੀਆਂ ਅਨੇਕ ਕਾਵਿਕ ਪਰਿਭਾਸ਼ਾ ਦਿੱਤੀਆਂ ਹਨ। ਇਸ ਦਾ ਸੁਹਜ, ਸਹਿਜ, ਰਵਾਨੀ, ਸੰਗੀਤਆਤਮਿਕਤਾ, ਸੁਹਜਤਮਿਕਤਾ ਅਤੇ ਵੰਨ-ਸੁਵੰਨਤਾ ਪਾਠਕ ਨੂੰ ਨਸ਼ਿਆ ਦਿੰਦੀ ਹੈ। ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਹਰ ਇਕ ਦਾ ਆਪਣਾ ਹੀ ਹੈ। ਜ਼ਿੰਦਗੀ ਨੂੰ ਘੁੱਟ-ਘੁੱਟ ਕਰਕੇ ਪੀਣਾ ਅਤੇ ਜੀਵਨ ਸਫ਼ਰ ਦੀ ਹਰ ਪੈੜ ਨੂੰ ਮਾਨਣਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ। ਜ਼ਿੰਦਗੀ ਦੇ ਰਹੱਸ ਬਾਰੇ ਕਵੀ ਦੇ ਅਨੁਭਵ ਇਸ ਤਰ੍ਹਾਂ ਹਨ-
-ਜ਼ਿੰਦਗੀ, ਪੱਤਿਆਂ 'ਚੋਂ ਝਰਦੀ ਸਰਘੀ ਦਾ ਝਲਕਾਰਾ
ਤ੍ਰੇਲ ਤੁਪਕਿਆਂ ਦੀ ਸੁੱਚਮਤਾ ਦਾ ਨਜ਼ਾਰਾ।
-ਜ਼ਿੰਦਗੀ, ਫੁੱਲਾਂ ਦੀ ਸੰਗਤ
ਭੌਰਿਆਂ ਦੀ ਪੰਗਤ
'ਵਾਵਾਂ ਦੇ ਪਿੰਡੇ ਤੇ
ਸੰਗੀਤਕ ਰੰਗਤ
-ਜ਼ਿੰਦਗੀ, ਸੰਦਲੀ ਰੁੱਤੇ
ਇਕ ਪਿਲੱਤਣ
ਬੈਠੀ ਕੀ ਕਰੇ?
-ਜ਼ਿੰਦਗੀ, ਇਕ ਖੁੱਲ੍ਹੀ ਕਿਤਾਬ
ਜਿਸ ਤੇ ਆਪੂੰ ਉਕਰਿਆ ਜਾਂਦਾ
ਸਮੇਂ ਦਾ ਹਿਸਾਬ-ਕਿਤਾਬ।
ਇਹ ਖਿਆਲ ਸਾਡੇ ਚਿੰਤਨ ਤੇ ਚੇਤਨਾ ਨੂੰ ਜਗਾ ਕੇ ਜ਼ਿੰਦਗੀ ਬਾਰੇ ਸੋਚਣ ਲਈ ਪ੍ਰੇਰਦੇ ਹਨ। ਇਕ ਨਿਵੇਕਲੇ ਅੰਦਾਜ਼, ਨਿਵੇਕਲੇ ਵਿਸ਼ੇ ਅਤੇ ਡੂੰਘੇ ਫਲਸਫ਼ੇ ਨਾਲ ਜਾਣ-ਪਛਾਣ ਕਰਾਉਂਦੀ ਇਹ ਪੁਸਤਕ ਜ਼ਿੰਦਗੀ ਮਾਣਨ ਲਈ ਪ੍ਰੇਰਦੀ ਹੈ। ਇਸ ਦਾ ਭਰਪੂਰ ਸਵਾਗਤ ਹੈ।

ਗੁਆਚੇ ਵਰਕ
ਸ਼ਾਇਰਾ : ਬੱਬੂ ਤੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 118.

ਸ਼ਾਇਰਾ ਅਨੁਸਾਰ ਜ਼ਿੰਦਗੀ ਵਿਚ ਰਿਸ਼ਤੇ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਰਿਸ਼ਤੇ ਹੀ ਜ਼ਿੰਦਗੀ ਦੀ ਅਸਲੀ ਕਮਾਈ ਹੁੰਦੇ ਹਨ। ਉਸ ਨੇ ਕਿੰਨੇ ਹੀ ਰੇਗਿਸਤਾਨ ਆਪਣੀ ਹੋਂਦ ਵਿਚ ਜਜ਼ਬ ਕਰਕੇ ਇਕ ਸਮੁੰਦਰ ਜਿਹੀ ਸ਼ਖ਼ਸੀਅਤ ਦੁਨੀਆ ਦੀ ਨਜ਼ਰ ਕੀਤੀ ਹੈ। ਰਿਸ਼ਤਿਆਂ ਦੀਆਂ ਪੇਚੀਦਗੀਆਂ ਅਤੇ ਅਣਕਹੀਆਂ ਬਾਤਾਂ ਨੂੰ ਨਜ਼ਮਾਂ ਵਿਚ ਪਰੋ ਕੇ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ। ਕੁਝ ਝਲਕਾਂ ਪੇਸ਼ ਹਨ-
-ਕੁਝ ਵਾਸਤੇ ਬੇਵਜਹ ਹੀ
ਪੈ ਜਾਂਦੇ ਹਨ
ਤੇ ਕਈਆਂ ਦੀ ਵਜਹ
ਯੁੱਗਾਂ ਮਗਰੋਂ ਵੀ ਨਹੀਂ ਲਭਦੀ!!
-ਤੂੰ ਵੀ ਛੱਡ ਦੋਸਤੀ ਦੇ ਨਕਸ਼ੇ
ਜਿਹੇ ਉਲੀਕਣਾ
ਸਫ਼ਰ ਤੋਂ ਪਹਿਲਾਂ ਮੁਸਾਫ਼ਿਰ ਤੋਂ
ਮੰਜ਼ਿਲ ਨਹੀਂ ਪੁੱਛਦੇ।
-ਕੁਝ ਰਿਸ਼ਤੇ ਵਗਦੇ ਪਾਣੀਆਂ ਵਰਗੇ
ਅੱਧੀਆਂ ਅਧੂਰੀਆਂ ਕਹਾਣੀਆਂ ਵਰਗੇ
ਇਕ ਖਿਆਲ ਜਹਾਨ ਮੇਰਾ ਆਬਾਦ ਕਰਦਾ ਹੈ
ਸੁਣਿਆ ਉਹ ਕਦੇ ਕਦੇ ਮੈਨੂੰ ਯਾਦ ਕਰਦਾ ਹੈ।
ਸਾਰੀਆਂ ਨਜ਼ਮਾਂ ਰਿਸ਼ਤਿਆਂ ਦੇ ਤਾਣੇ-ਬਾਣੇ ਵਿਚ ਉਲਝੀਆਂ ਹੋਈਆਂ ਹਨ। ਤੀਬਰ ਅਹਿਸਾਸ, ਪਿਆਸ, ਆਸ, ਵਲਵਲੇ, ਉਡੀਕ, ਵਫ਼ਾ, ਸੋਚ ਅਤੇ ਭਾਵਨਾ ਦੀ ਇਹ ਸ਼ਾਇਰੀ ਦਿਲ ਨੂੰ ਟੁੰਬਦੀ ਹੈ। ਇਸ ਕਾਵਿ ਸੰਗ੍ਰਹਿ ਦਾ ਸਵਾਗਤ ਕਰਨਾ ਬਣਦਾ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਪੰਜਾਬੀ ਲੋਕ-ਕਾਵਿ ਦਾ ਵਿਚਾਰਧਾਰਕ ਪਰਿਪੇਖ
ਲੇਖਕਾ : ਡਾ: ਹਰਪ੍ਰੀਤ ਕੌਰ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 120.

ਲੋਕ-ਕਾਵਿ ਸਮਾਜ ਵਿਚ ਪੈਦਾ ਹੁੰਦੇ ਤਣਾਵਾਂ, ਰੀਝਾਂ ਅਤੇ ਸੁਪਨਿਆਂ ਦੀ ਸਹਿਜ ਪੂਰਤੀ ਦਾ ਚਿਤ੍ਰਣ ਹੈ। ਵਿਚਾਰਧਾਰਾ ਵਿਚ ਪਰੰਪਰਾ, ਵਿਸ਼ਵਾਸਾਂ, ਜੀਵਨ ਸੂਝ, ਅਨੁਭਵ ਸਾਰੇ ਹੀ ਆਪੋ-ਆਪਣੀ ਭੂਮਿਕਾ ਨਿਭਾਉਂਦੇ ਹਨ। ਲੋਕ ਕਾਵਿ ਵਿਚ ਬਹੁਤ ਕੁਝ ਘੁਲਿਆ-ਮਿਲਿਆ ਪਿਆ ਹੁੰਦਾ ਹੈ। ਤਥ/ਮਿਥ, ਵਿਰੋਧੀ ਧਿਰਾਂ ਦੇ ਆਪੋ-ਆਪਣੇ ਸੁਪਨੇ ਤੇ ਟਕਰਾਅ। ਇੰਜ ਲੋਕ ਕਾਵਿ ਵਿਚੋਂ ਉਦੈ ਹੁੰਦੀ ਵਿਚਾਰਧਾਰਾ ਨੂੰ ਸਮਝਣ ਦਾ ਉਦਮ ਮਿਹਨਤ ਅਤੇ ਸੂਝ ਨਾਲ ਕਰਨ ਵਾਲਾ ਵੀ ਹੈ ਤੇ ਮਹੱਤਵ ਪੂਰਨ ਵੀ। ਹਰਪ੍ਰੀਤ ਕੌਰ ਦਾ ਇਹ ਉਦਮ ਇਸ ਪੱਖੋਂ ਤਸੱਲੀਬਖਸ਼ ਹੈ।
ਉਸ ਨੇ ਵਿਚਾਰਧਾਰਾ ਦੇ ਸ਼ਾਬਦਿਕ, ਪਰੰਪਰਾਗਤ ਅਰਥ/ਸੰਕਲਪ ਤੋਂ ਤੁਰ ਕੇ ਮਾਰਕਸਵਾਦੀ ਮਾਡਲ ਤੱਕ ਇਸ ਸੰਕੇਤ ਦੇ ਵਿਭਿੰਨ ਪਾਸਾਰ ਉਲੀਕੇ ਹਨ। ਇਸ ਦਾ ਸਰੂਪ ਲੋਕ ਕਾਵਿ ਵਿਚੋਂ ਪਛਾਨਣ ਦੇ ਜਟਿਲ ਵੇਰਵਿਆਂ ਉਤੇ ਉਂਗਲ ਰੱਖੀ ਹੈ। ਲੋਕ ਕਾਵਿ ਦੇ ਸਿਧਾਂਤਕ ਪਿਛੋਕੜ ਨੂੰ ਸੂਝ-ਬੂਝ ਨਾਲ ਵਿਸ਼ਲੇਸ਼ਿਤ ਕੀਤਾ ਹੈ। ਮੌਖਿਤਾ, ਪਰੰਪਰਾ, ਲਚਕੀਲਾਪਨ, ਲੋਕ ਮਨ, ਗਾਇਨ ਯੋਗਤਾ, ਸੱਭਿਆਚਾਰਕ ਅੰਸ਼, ਲੋਕ ਪ੍ਰਵਾਨਗੀ, ਲੋਕ ਬੋਲੀ ਦੀ ਵਰਤੋਂ ਲੋਕ ਕਾਵਿ ਦੇ ਨਿਰਧਾਰਕ ਵੇਰਵੇ ਹਨ। ਡਾ: ਔਲਖ ਨੇ ਲੋਕ-ਕਾਵਿ ਦੇ ਉਨ੍ਹਾਂ ਰੂਪਾਂ ਬਾਰੇ ਸੰਖੇਪ ਪਛਾਣ ਉਪਰੰਤ ਇਨ੍ਹਾਂ ਦੇ ਵਿਚਾਰਧਾਰਾਈ ਸਰੋਕਾਰਾਂ ਨੂੰ ਸਮਝਣ ਦਾ ਉਪਰਾਲਾ ਕੀਤਾ ਹੈ। ਪੰਜਾਬੀ ਸੱਭਿਆਚਾਰ ਸ਼ੁਰੂ ਤੋਂ ਹੀ ਧਰਮ-ਮੁਖੀ ਰਿਹਾ ਹੈ। ਰੀਤਾਂ ਰਸਮਾਂ, ਸੰਸਕਾਰ, ਵਿਸ਼ਵਾਸ ਸਭ ਧਰਮ ਕੇਂਦਰਿਤ ਹਨ। ਇਹ ਵੱਖਰੀ ਗੱਲ ਹੈ ਕਿ ਸੰਸਥਾਗਤ ਧਰਮ ਨਾਲੋਂ ਵਧ ਲੋਕ ਧਰਮ ਸੱਭਿਆਚਾਰ ਵਿਚ ਵਧੇਰੇ ਅਭਿਵਿਅੰਜਤ ਹੋਇਆ ਹੈ। ਨੈਤਿਕਤਾ ਤੇ ਉੱਚੀਆਂ ਕਦਰਾਂ-ਕੀਮਤਾਂ, ਆਸਥਾ ਤੇ ਭੈਅ ਦੇ ਕਈ ਰੰਗ ਲੋਕ-ਕਾਵਿ ਦੀ ਵਿਚਾਰਧਾਰਾ ਵਿਚ ਪ੍ਰਾਪਤ ਹਨ। ਵਰਤ, ਵਹਿਮ-ਭਰਮ, ਜਾਦੂ ਟੂਣੇ, ਪੀਰ ਫਕੀਰ, ਬਿਰਖ, ਜਲ, ਅਗਨੀ ਆਦਿ ਦੀ ਪੂਜਾ ਲੋਕ ਕਾਵਿ ਵਿਚ ਵਿਚਾਰਧਾਰਾ ਦੀਆਂ ਪ੍ਰਗਟਾਅ ਵਿਧੀਆਂ ਮਾਤਰ ਹਨ। ਇਹ ਪੁਸਤਕ ਲੋਕ ਕਾਵਿ ਦੀ ਬਹੁ-ਪਰਤੀ ਤੇ ਬਹੁ-ਦਿਸ਼ਾਈ ਸੰਰਚਨਾ ਦੀ ਵਿਚਾਰਧਾਰਾ ਨੂੰ ਮੁੱਖ ਰੂਪ ਵਿਚ ਲੋਕ ਧਰਮ ਦੁਆ ਕੇ ਸੰਗਠਿਤ ਹੁੰਦਾ ਵੇਖਦੀ ਪਛਾਣਦੀ ਹੈ। ਉਸ ਦੀ ਇਹ ਪਛਾਣ ਪ੍ਰਮਾਣਿਕ ਹੈ, ਭਾਵੇਂ ਬਹੁਤੀ ਡੂੰਘੀ ਨਹੀਂ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਰੂਹ ਦੀ ਆਰਸੀ
ਸੰਪਾਦਕ : ਚੇਤਨ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 142.

'ਰੂਹ ਦੀ ਆਰਸੀ' ਪੁਸਤਕ ਵਿਚ ਪ੍ਰੋ: ਹਰਿੰਦਰ ਸਿੰਘ ਮਹਿਬੂਬ ਦੁਆਰਾ ਡਾ: ਗੁਰਮੁਖ ਸਿੰਘ ਪਟਿਆਲਾ ਦੇ ਨਾਂਅ ਲਿਖੇ 85 ਖ਼ਤ ਸੰਗ੍ਰਹਿਤ ਹਨ। ਪ੍ਰੋ: ਮਹਿਬੂਬ ਬਹੁਤ ਨਿੱਘੇ ਅਤੇ ਪਿਆਰ ਕਰਨ ਵਾਲੇ ਸਦਭਾਵੀ ਮਨੁੱਖ ਸਨ। ਡਾ: ਗੁਰਮੁਖ ਸਿੰਘ, ਗੁਰੂ ਨਾਨਕ ਦੇਵ ਜੀ ਦੀ ਪੰਚਮ ਜਨਮ ਸ਼ਤਾਬਦੀ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਐਮ. ਏ. ਕਰਕੇ ਬਾਹਰ ਨਿਕਲਿਆ। ਉਹ ਮੁੱਢ ਤੋਂ ਹੀ ਇਕ ਅਤਿਅੰਤ ਮਿਹਨਤੀ ਅਤੇ ਕਰਮਸ਼ੀਲ ਵਿਅਕਤੀ ਰਿਹਾ। ਕੁਝ ਸਮੇਂ ਬਾਅਦ ਉਸ ਨੂੰ ਭਾਸ਼ਾ ਵਿਭਾਗ ਪੰਜਾਬ ਵਿਚ ਨੌਕਰੀ ਪ੍ਰਾਪਤ ਹੋ ਗਈ। ਭਾਸ਼ਾ ਵਿਭਾਗ ਦਾ ਪੁਸਤਕਾਲਾ ਬਹੁਤ ਅਮੀਰ ਸੀ। ਗਿਆਨੀ ਲਾਲ ਸਿੰਘ, ਡਾ: ਜੀਤ ਸਿੰਘ ਸੀਤਲ, ਪ੍ਰੋ: ਪਿਆਰਾ ਸਿੰਘ ਪਦਮ, ਸੰਤ ਇੰਦਰ ਸਿੰਘ ਚੱਕਰਵਰਤੀ ਅਤੇ ਡਾ: ਗੋਬਿੰਦ ਸਿੰਘ ਲਾਂਬਾ ਨੇ ਇਸ ਪੁਸਤਕਾਲੇ ਵਿਚ ਬਹੁਤ ਸਾਰੇ ਹੱਥ ਲਿਖਤ ਖਰੜੇ ਵੀ ਸਾਂਭ ਰੱਖੇ ਸਨ। ਗੁਰਮੁਖ ਸਿੰਘ ਨੇ ਇਨ੍ਹਾਂ ਸਾਰੇ ਖਰੜਿਆਂ ਦਾ ਗੰਭੀਰ ਅਧਿਐਨ ਕੀਤਾ ਅਤੇ ਬਹੁਤ ਸਾਰੇ ਖਰੜਿਆਂ ਦਾ ਸੰਪਾਦਨ ਕਰਕੇ ਇਨ੍ਹਾਂ ਨੂੰ ਪ੍ਰਕਾਸ਼ਿਤ ਵੀ ਕਰ ਦਿੱਤਾ, ਜਿਸ ਸਦਕਾ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਨਜ਼ਰ ਆਉਂਦੇ ਬਹੁਤ ਸਾਰੇ ਖੱਪੇ ਪੂਰੇ ਗਏ।
ਪ੍ਰੋ: ਮਹਿਬੂਬ ਨੂੰ ਡਾ: ਗੁਰਮੁਖ ਸਿੰਘ ਨਾਲ ਬਹੁਤੀ ਨਿਟਕਤਾ 1987-88 ਵਿਚ ਪੈਦਾ ਹੋਈ, ਜੋ ਪ੍ਰੋ: ਸਾਹਿਬ ਦੇ ਅਕਾਲ ਚਲਾਣੇ (14.2.2010) ਤੱਕ ਖੂਬ ਨਿਭੀ। ਚਿੱਠੀ-ਪੱਤਰਾਂ ਦਾ ਸਿਲਸਿਲਾ 2002 ਤੱਕ ਬਾਦਸਤੂਰ ਚਲਦਾ ਰਿਹਾ। ਇਹ ਪੱਤਰ ਪ੍ਰੋ: ਮਹਿਬੂਬ ਦੀ ਸ਼ਖ਼ਸੀਅਤ ਦਾ ਸਿਰਨਾਵਾਂ ਹਨ। ਇਨ੍ਹਾਂ ਦੇ ਆਧਾਰ 'ਤੇ ਅਸੀਂ ਉਸ ਬੇਨਜ਼ੀਰ ਵਿਦਵਾਨ ਦੇ ਅੰਤਹਕਰਣ ਵਿਚ ਝਾਤ ਪਾ ਸਕਦੇ ਹਾਂ। ਜਦੋਂ ਅਸੀਂ ਇਸ ਪੁਸਤਕ ਵਿਚ ਸੰਕਲਿਤ ਪੱਤਰਾਂ ਉੱਪਰ ਨਜ਼ਰ ਮਾਰਦੇ ਹਾਂ ਤਾਂ ਮਾਲੂਮ ਹੋ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਵਿਦਵਾਨਾਂ ਨੂੰ ਆਪਣੇ-ਆਪਣੇ ਜੀਵਨ ਵਿਚ ਅਨੇਕ ਮੁਸੀਬਤਾਂ ਅਤੇ ਬਿਪਤਾਵਾਂ ਦਾ ਸਾਹਮਣਾ ਕਰਨਾ ਪਿਆ। ਪਰ ਇਨ੍ਹਾਂ ਸਿਰਲੱਥ ਯੋਧਿਆਂ ਨੇ ਮੁਸੀਬਤਾਂ ਦੇ ਸਨਮੁੱਖ ਕਦੇ ਘੁਟਨੇ ਨਹੀਂ ਟੇਕੇ ਬਲਕਿ ਪੂਰਾ ਨਿਸਚਾ ਕਰਕੇ ਇਨ੍ਹਾਂ ਉੱਪਰ ਫ਼ੈਸਲਾਕੁਨ ਜਿੱਤ ਪ੍ਰਾਪਤ ਕੀਤੀ। ਇਹ ਪੁਸਤਕ ਪੰਜਾਬੀ ਦੇ ਹਰ ਗੰਭੀਰ ਪਾਠਕ ਅਤੇ ਸਮਰਪਿਤ ਅਧਿਆਪਕ ਲਈ ਬੇਹੱਦ ਮਹੱਤਵਪੂਰਨ ਹੈ। ਮੈਂ ਸ: ਚੇਤਨ ਸਿੰਘ ਅਤੇ 'ਪ੍ਰੋ: ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਟਰੱਸਟ ਗੜ੍ਹਦੀਵਾਲਾ' ਨੂੰ ਇਸ ਪੁਰਸ਼ਾਰਥ ਲਈ ਮੁਬਾਰਕਬਾਦ ਦਿੰਦਾ ਹਾਂ।

ਤਨਹਾਈਆਂ
ਕਵਿਤਰੀ : ਮਨਪ੍ਰੀਤ ਕੌਰ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 135 ਰੁਪਏ, ਸਫ਼ੇ : 80.

ਮਨਪ੍ਰੀਤ ਕੌਰ ਬਰਾੜ ਇਕ ਸੰਵੇਦਨਸ਼ੀਲ, ਜ਼ਿੰਮੇਵਾਰ ਅਤੇ ਸਵੈਮਾਨ ਵਾਲੀ ਪੰਜਾਬੀ ਮੁਟਿਆਰ ਹੈ। ਭਾਵੇਂ ਉਸ ਦਾ ਪ੍ਰਥਮ ਕਾਵਿ ਸੰਗ੍ਰਹਿ 'ਤਨਹਾਈਆਂ' 2012 ਈ: ਵਿਚ ਪ੍ਰਕਾਸ਼ਿਤ ਹੋਇਆ ਹੈ ਪਰ ਉਹ ਜਨਮਜਾਤ ਕਵਿੱਤਰੀ ਸੀ। ਆਪਣੀ ਸਿਰਜਣਾਤਮਕ ਪ੍ਰਕਿਰਿਆ ਦਾ ਭੇਤ ਬਿਆਨ ਕਰਦੀ ਹੋਈ ਉਹ ਲਿਖਦੀ ਹੈ ਕਿ ਜਦੋਂ ਵੀ ਉਸ ਦੇ ਜ਼ਿਹਨ ਵਿਚ ਕੁਝ ਅਹਿਸਾਸ ਤੜਪਦੇ ਅਤੇ ਲੁੱਛਦੇ ਹਨ ਤਾਂ ਉਹ ਇਨ੍ਹਾਂ ਨੂੰ ਸਹੇਜ ਕੇ ਕਾਗਜ਼ ਦੇ ਪੰਨਿਆਂ ਉੱਪਰ ਉਤਾਰ ਲੈਂਦੀ ਹੈ ਅਤੇ ਇੰਜ ਉਸ ਦਾ ਲੇਖਣ ਕਵਿਤਾਵਾਂ ਦਾ ਰੂਪ ਧਾਰ ਲੈਂਦਾ ਹੈ। ਉਸ ਨੂੰ ਸੁਰ ਨਾਲ ਸੁਰ ਮਿਲਆਉਣ ਲਈ ਕੋਈ ਸੰਗਤ ਨਹੀਂ ਮਿਲ ਰਹੀ, ਇਸੇ ਕਾਰਨ ਉਹ ਤਨਹਾਈ ਦੇ ਸੁਰ ਅਲਾਪ ਰਹੀ ਹੈ। ਪ੍ਰਥਮ ਸੰਗ੍ਰਹਿ ਹੋਣ ਕਾਰਨ ਉਸ ਦੀਆਂ ਬਹੁਤੀਆਂ ਕਵਿਤਾਵਾਂ ਨਿੱਜੀ ਕਸ਼ਮਕਸ਼ ਦੇ ਇਰਦ-ਗਿਰਦ ਘੁੰਮਦੀਆਂ ਹਨ ਪਰ ਜਦ ਕਦੇ ਉਹ ਸਾਮਾਨਯ ਹੁੰਦੀ ਹੈ ਤਾਂ ਉਹ ਆਪਣੇ ਆਸ-ਪਾਸ ਦੇ ਜਗਤ ਉੱਪਰ ਵੀ ਨਜ਼ਰ ਮਾਰਦੀ ਹੈ। ਉਸ ਨੂੰ ਇਹ ਦੇਖ ਕੇ ਬੜਾ ਦੁੱਖ ਹੁੰਦਾ ਹੈ ਕਿ ਪੰਜਾਬੀ ਸੱਭਿਆਚਾਰ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਹਰ ਤਰਫ਼ ਹਿੰਸਾ, ਸ਼ੋਰ-ਸ਼ਰਾਬਾ, ਆਪੋਧਾਪੀ ਅਤੇ ਖ਼ੁਦਗਰਜ਼ੀ ਦੇ ਮੰਜ਼ਰ ਦਿਖਾਈ ਦਿੰਦੇ ਹਨ। ਉਸ ਨੂੰ ਇਸ ਗੱਲ ਦਾ ਡਾਢਾ ਹਿਰਖ ਹੈ ਕਿ ਸਾਡੇ ਗੱਭਰੂ ਨਸ਼ੇ ਦੀ ਦਲਦਲ ਵਿਚ ਗਰਕ ਹੁੰਦੇ ਜਾ ਰਹੇ ਹਨ ਅਤੇ ਮੁਟਿਆਰਾਂ ਆਤਮ-ਪ੍ਰਦਰਸ਼ਨ ਦੀ ਦੀਵਾਨਗੀ ਵਿਚ ਅਰਧ-ਨਗਨ ਹੋਣ ਤੋਂ ਵੀ ਸੰਕੋਚ ਨਹੀਂ ਕਰਦੀਆਂ। ਉਹ ਇਸ ਵਿਸ਼ੈਲੇ ਆਲੇ-ਦੁਆਲੇ ਵਿਚੋਂ ਪ੍ਰਵਾਜ਼ ਕਰਕੇ ਮਾਨਵਤਾ ਦੀਆਂ ਪਵਿੱਤਰ ਸਿਖ਼ਰਾਂ ਨੂੰ ਛੋਹਣ ਦਾ ਸੰਕਲਪ ਕਰੀ ਬੈਠੀ ਹੈ : ਮੈਂ ਸਾਰੇ ਤੋੜ ਕੇ ਬੰਧਨ ਉਚੀ ਪਰਵਾਜ਼ ਕਰਨੀ ਹੈ। ਰਸਤਾ ਹੈ ਬੜਾ ਔਖਾ ਪਰ ਮੰਜ਼ਿਲ ਸਰ ਮੈਂ ਕਰਨੀ ਹੈ। ਜ਼ਮਾਨਾ ਰੋਲ ਦਿੰਦਾ ਹੈ ਜੇ ਇਸ ਦੇ ਅੱਗੇ ਝੁਕ ਜਾਓ, ਨਾ ਇਸਦੇ ਅੱਗੇ ਝੁਕਣਾ ਹੈ, ਨਾ ਇਸ ਦੀ ਮਾਰ ਜਰਨੀ ਹੈ। (ਪੰਨਾ 15) ਮੈਂ ਮਨਪ੍ਰੀਤ ਦੇ ਇਸ ਆਸ਼ਾਵਾਦੀ ਅਤੇ ਜੁਝਾਰੂ ਪੈਂਤੜੇ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪਰਵਾਸੀ ਪੰਜਾਬੀ ਕਥਾ ਚਿੰਤਨ
ਲੇਖਕ : ਡਾ: ਜਸਵਿੰਦਰ ਸਿੰਘ ਗੁਰਾਇਆਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ , ਸਫ਼ੇ : 231

ਜਦੋਂ ਤੋਂ ਪਰਵਾਸੀ ਪੰਜਾਬੀ ਸਾਹਿਤ ਯੂਨੀਵਰਸਿਟੀ ਸਿਲੇਬਸ ਦਾ ਹਿੱਸਾ ਬਣਿਆ ਹੈ, ਉਸ ਸਮੇਂ ਤੋਂ ਇਸ ਖੇਤਰ ਵਿਚ ਬਹੁਤ ਨਿਗਰ ਚਿੰਤਨ ਹੋਣਾ ਸ਼ੁਰੂ ਹੋਇਆ ਹੈ। ਇਹ ਸਾਹਿਤ ਪੰਜਾਬੀ ਸਾਹਿਤ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਪਰਵਾਸੀ ਚੇਤਨਾ ਵਾਲਾ ਇਹ ਸਾਹਿਤ ਅਜੋਕੀ ਸਾਹਿਤਕ ਤੇ ਅਕਾਦਮਿਕ ਪ੍ਰਾਪਤੀ ਦਾ ਵਿਲੱਖਣ ਅੰਗ ਬਣ ਗਿਆ ਹੈ। ਡਾ: ਜਸਵਿੰਦਰ ਸਿੰਘ ਨੇ ਪਰਵਾਸੀ ਪੰਜਾਬੀ ਕਹਾਣੀ ਦੇ ਵਿਭਿੰਨ ਪਾਸਾਰਾਂ ਨੂੰ ਪਛਾਣਨ ਦਾ ਯਤਨ ਕੀਤਾ ਹੈ। ਪੁਸਤਕ ਦਾ ਪਹਿਲਾ ਲੇਖ 'ਪਰਵਾਸੀ ਚੇਤਨਾ-ਸਿਧਾਂਤਕ ਪਰਿਪੇਖ' ਪਰਵਾਸੀ ਪੰਜਾਬੀ ਚੇਤਨਾ ਦੇ ਵਿਭਿੰਨ ਪੱਖਾਂ ਨੂੰ ਇਤਿਹਾਸਕ ਸੰਦਰਭ ਵਿਚ ਵਿਚਾਰਦਾ ਹੈ। ਉਹ ਪਰਵਾਸੀ ਚੇਤਨਾ ਦੇ ਅਨੇਕਾਂ ਆਰਥਿਕ, ਸਮਾਜਿਕ, ਸੱਭਿਆਚਾਰਕ, ਧਾਰਮਿਕ, ਰਾਜਨੀਤਕ, ਨਸਲੀ ਆਧਾਰ ਨਿਸ਼ਚਿਤ ਕਰਦਾ ਹੈ, ਜਿਨ੍ਹਾਂ ਕਾਰਨ ਉਹ ਪਰਵਾਸੀ ਬੰਦਾ ਮਾਨਸਿਕ ਤਣਾਓ ਭੁਗਤਦਾ ਹੈ। ਦੂਸਰੇ ਲੇਖਾਂ ਵਿਚ ਪਰਵਾਸੀ ਪੰਜਾਬੀ ਕਹਾਣੀ ਦੇ ਪੰਜ ਪ੍ਰਮੁੱਖ ਕਹਾਣੀਕਾਰਾਂ ਦੀਆਂ ਕਹਾਣੀਆਂ ਵਿਚਲੀ ਵਸਤੂ ਸਮੱਗਰੀ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਇਹ ਕਹਾਣੀਕਾਰ ਹਨ ਰਘੁਬੀਰ ਢੰਡ, ਸਾਧੂ ਬਿਨਿੰਗ, ਜਰਨੈਲ ਸਿੰਘ, ਅਮਨਪਾਲ ਸਾਰਾ ਅਤੇ ਵੀਨਾ ਵਰਮਾ। ਰਘੁਬੀਰ ਢੰਡ ਪੰਜਾਬੀ ਸਾਹਿਤ ਦਾ ਪ੍ਰਮੁੱਖ ਕਹਾਣੀਕਾਰ ਹੈ, ਉਸ ਨੇ ਜ਼ਿੰਦਗੀ ਦੇ ਹੰਢਾਏ ਅਨੁਭਵਾਂ ਅਤੇ ਵਿਸ਼ੇਸ਼ ਦ੍ਰਿਸ਼ਟੀਕੋਣ ਨੂੰ ਬੜੀ ਵਿਲੱਖਣਤਾ ਨਾਲ ਪੇਸ਼ ਕੀਤਾ ਹੈ। ਪਰਵਾਸੀ ਪੰਜਾਬੀ ਕਹਾਣੀ ਨੂੰ ਉਸ ਉਪਰ ਮਾਣ ਹੈ। ਸਾਧੂ ਬਿਨਿੰਗ ਇਕ ਬਹੁ-ਪੱਖੀ ਤੇ ਚਰਚਿਤ ਸ਼ਖ਼ਸੀਅਤ ਦਾ ਮਾਲਕ ਹੈ। ਕੈਨੇਡਾ ਦੀ ਹਰ ਸਰਗਰਮੀ ਵਿਚ ਨਿਰੰਤਰ ਹਿੱਸਾ ਲੈਣ ਵਾਲਾ ਸਾਡਾ ਇਹ ਲੇਖਕ ਪਰਵਾਸੀ ਜੀਵਨ ਦੀਆਂ ਬਾਰੀਕੀਆਂ ਨੂੰ ਸਮਾਜ, ਸੱਭਿਆਚਾਰ ਤੇ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਹੈ। ਜਰਨੈਲ ਸਿੰਘ ਵੀ ਵੱਡਾ ਕਹਾਣੀਕਾਰ ਹੈ। ਉਸ ਨੂੰ ਆਮ ਲੋਕਾਂ ਦੀਆਂ ਤੰਗੀਆਂ-ਤੁਰਸ਼ੀਆਂ, ਸਮੱਸਿਆਵਾਂ ਨਾਲ ਜੂਝਦੇ ਮਨੁੱਖ ਦੇ ਜੀਵਨ ਅਨੁਭਵਾਂ ਦਾ ਡੂੰਘਾ ਗਿਆਨ ਹੈ। ਉਹ ਸਿਰਫ਼ ਪਰਵਾਸੀ ਜੀਵਨ ਦੀ ਗੱਲ ਨਹੀਂ ਕਰਦਾ ਸਗੋਂ ਸਮੁੱਚੇ ਵਿਸ਼ਵ ਲਈ ਚੁਣੌਤੀ ਬਣੇ ਮਸਲਿਆਂ ਨੂੰ ਵੀ ਉਜਾਗਰ ਕਰਦਾ ਹੈ। ਅਮਨਪਾਲ ਸਾਰਾ ਦੀਆਂ ਕਹਾਣੀਆਂ ਵਿਚ ਪਰਵਾਸੀ ਜੀਵਨ ਦੇ ਯਥਾਰਥ ਦੀ ਪੇਸ਼ਕਾਰੀ ਹੋਈ ਹੈ, ਉਹ ਪਰਵਾਸੀ ਚੇਤਨਾ ਦੀ ਪੇਸ਼ਕਾਰੀ ਕਰਦਾ ਹੈ। ਵੀਨਾ ਵਰਮਾ ਸੈਕਸ ਨਾਲ ਲਬਰੇਜ਼ ਕਹਾਣੀ ਦੀ ਸਿਰਜਣਾ ਕਰਦੀ, ਕੁਝ ਖਾਸ ਵਰਗ ਵੱਲੋਂ ਹੀ ਪ੍ਰਵਾਨਿਤ ਹੈ। ਜਸਵਿੰਦਰ ਸਿੰਘ ਨੇ ਇਨ੍ਹਾਂ ਕਹਾਣੀਕਾਰਾਂ ਦਾ ਵਿਸ਼ਲੇਸ਼ਣ ਬਹੁਤ ਵਿਸਥਾਰ ਅਤੇ ਮਿਹਨਤ ਨਾਲ ਕੀਤਾ ਹੈ। ਪਰਵਾਸੀ ਸਾਹਿਤ ਦੀ ਇਹ ਪੁਸਤਕ ਸਹੀ ਜਾਣਕਾਰੀ ਪ੍ਰਸਤੁਤ ਕਰਦੀ ਹੈ।

ਕਥਾ ਮੁਹਾਂਦਰਾ
(ਸਮਕਾਲੀ ਪੰਜਾਬੀ ਕਹਾਣੀ ਸੰਗ੍ਰਹਿ)
ਸੰਪਾਦਕ : ਹਰਪ੍ਰੀਤ ਸਿੰਘ ਕੇਵਲ ਕ੍ਰਾਂਤੀ
ਪ੍ਰਕਾਸ਼ਕ : ਗਰੇਸ਼ੀਅਸ ਬੁੱਕਸ ਪ੍ਰਕਾਸ਼ਨ, ਪਟਿਆਲਾ
ਮੁੱਲ : 175 ਰੁਪਏ, ਸਫੇ : 252.

ਪੰਜਾਬੀ ਕਹਾਣੀ ਦੀ ਅਮੀਰ ਤੇ ਲੰਮੀ ਪ੍ਰੰਪਰਾ ਹੈ। ਇਹ ਸ਼ਿਲਪ ਅਤੇ ਵਿਸ਼ੇ ਪੱਖੋਂ ਆਪਣੀ ਤਕਨੀਕ ਅਤੇ ਰੂਪ ਬਦਲਦੀ ਰਹੀ ਹੈ। ਜਿਵੇਂ-ਜਿਵੇਂ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਸਥਿਤੀਆਂ ਬਦਲਦੀਆਂ ਰਹੀਆਂ, ਇਸ ਸਥਿਤੀ ਵਿਚ ਪੰਜਾਬੀ ਕਹਾਣੀ ਵੀ ਪਰਿਵਰਤਨਸ਼ੀਲ ਹੁੰਦੀ ਰਹੀ ਹੈ। ਅਜੋਕੇ ਦੌਰ ਵਿਚ ਦਰਪੇਸ਼ ਸਥਿਤੀ ਦਾ ਅਸਰ ਪੰਜਾਬੀ ਕਹਾਣੀ ਉਪਰ ਪਿਆ ਹੈ। ਇਸ ਰਾਹੀਂ ਬਦਲਦੀ ਹੋਈ ਸਥਿਤੀ ਅਤੇ ਉਲਝਣਾਂ ਭਰੀ ਜ਼ਿੰਦਗੀ ਦੀ ਪੇਸ਼ਕਾਰੀ ਹੋਣ ਲੱਗੀ। ਅਜਿਹੇ ਮਾਹੌਲ ਨੂੰ ਪੇਸ਼ ਕਰਦਾ ਇਹ ਕਹਾਣੀ ਸੰਗ੍ਰਹਿ ਹੋਂਦ ਵਿਚ ਆਉਂਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਦੋ ਉਤਸ਼ਾਹੀ ਨੌਜਵਾਨ ਸਮੇਂ-ਸਮੇਂ 'ਤੇ ਵੱਖ-ਵੱਖ ਥਾਈਂ ਛਪੀਆਂ ਪੰਜਾਬੀ ਦੇ ਮਹੱਤਵਪੂਰਨ ਕਹਾਣੀਕਾਰਾਂ ਦੀਆਂ ਵਿਲੱਖਣ ਤੇ ਦਿਲਚਸਪ ਕਹਾਣੀਆਂ ਇਕੱਠੀਆਂ ਕਰਦੇ ਹਨ ਤਾਂ ਉਨ੍ਹਾਂ ਦੀ ਚੋਣ ਅਤੇ ਸ਼ੌਕ ਦੀ ਦਾਦ ਦੇਣੀ ਬਣਦੀ ਹੈ। ਇਸ ਦੌਰ ਦੇ ਸਥਾਪਤ ਕਹਾਣੀਕਾਰਾਂ-ਵਰਿਆਮ ਸਿੰਘ ਸੰਧੂ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਗਰੇਵਾਲ, ਸੁਖਜੀਤ, ਜਤਿੰਦਰ ਹਾਂਸ, ਜਸਵੀਰ ਸਿੰਘ ਰਾਣਾ, ਬਲਜਿੰਦਰ ਨਸਰਾਲੀ, ਸਾਂਵਲ ਧਾਮੀ, ਅਜਮੇਰ ਸਿੱਧੂ ਅਤੇ ਅਨੇਮਨ ਸਿੰਘ ਦੀਆਂ ਖੂਬਸੂਰਤ ਤੇ ਉੱਚ-ਪਾਏ ਦੀਆਂ ਕਹਾਣੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ। ਇਹ ਸਾਰੀਆਂ ਕਹਾਣੀਆਂ ਪਾਠਕਾਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀਆਂ ਹਨ। ਹਰ ਕਹਾਣੀ ਪਾਠਕਾਂ ਸੰਗ ਕੁਝ ਸਵਾਲ ਛੱਡ ਜਾਂਦੀ ਹੈ। ਪੰਜਾਬੀ ਕਹਾਣੀ ਥੀਮਕ ਤੇ ਕਲਾਤਮਿਕ ਪੱਖੋਂ ਨਿਵੇਕਲੀ ਅਤੇ ਵੱਖਰੀ ਹੋਂਦ ਗ੍ਰਹਿਣ ਕਰਦੀ ਹੈ। ਆਪਣੇ ਏਸੇ ਸੁਭਾਅ ਜਾਂ ਗੁਣ ਕਰਕੇ ਹੀ ਪੰਜਾਬੀ ਕਹਾਣੀ ਸਾਹਿਤ ਦੀਆਂ ਬਾਕੀ ਵਿਧਾਵਾਂ ਤੋਂ ਵਧੇਰੇ ਧਿਆਨ ਨਾਲ ਪੜ੍ਹੀ ਤੇ ਮਾਣੀ ਜਾਂਦੀ ਹੈ। ਇਨ੍ਹਾਂ ਸੰਪਾਦਕ ਲੇਖਕਾਂ ਨੇ ਕਹਾਣੀਆਂ ਦੇ ਇਸ ਗੁਲਦਸਤੇ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣ ਦਾ ਸਫ਼ਲ ਯਤਨ ਕੀਤਾ ਹੈ। ਸੁੰਦਰ ਛਪੀ ਇਹ ਪੁਸਤਕ ਪਾਠਕ ਵਰਗ ਨੂੰ ਸੁਹਜਮਈ ਆਨੰਦ ਦੇਣ ਦੇ ਨਾਲ-ਨਾਲ ਅਜੋਕੇ ਦੌਰ ਦੇ ਮਸਲਿਆਂ ਤੇ ਸਵਾਲਾਂ ਜਵਾਬਾਂ ਸੰਗ ਖਹਿਣ ਲਈ ਮਜਬੂਰ ਕਰੇਗੀ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਅਮਰ ਪ੍ਰੇਮ
ਲੇਖਕ : ਗੁਰਚਰਨ ਦਰਦੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਗੁਰਚਰਨ ਦਰਦੀ (ਚੰਡੀਗੜ੍ਹ) ਦੇ ਕਹਾਣੀ ਸੰਗ੍ਰਹਿ ਵਿਚ 18 ਕਹਾਣੀਆਂ ਹਨ। ਇਸ ਤੋਂ ਪਹਿਲਾਂ ਲੇਖਕ ਦੀਆਂ 8 ਕਿਤਾਬਾਂ ਦਾ ਜ਼ਿਕਰ ਹੈ, ਜਿਨ੍ਹਾਂ ਵਿਚ 3 ਕਹਾਣੀ ਸੰਗ੍ਰਹਿ ਤੇ 5 ਨਾਟਕ ਸੰਗ੍ਰਹਿ ਹਨ। ਹਥਲੀ ਪੁਸਤਕ ਬਾਰੇ ਡਾ: ਸਰਬਜੀਤ ਕੌਰ ਨੇ ਲਿਖਿਆ ਹੈ ਕਿ ਇਹ ਮਾਣ ਵਾਲੀ ਗੱਲ ਹੈ ਕਿ ਕਹਾਣੀਕਾਰ ਨੇ ਆਪਣੇ ਦਿਲੀ-ਭਾਵਾਂ ਨੂੰ, ਜਜ਼ਬਾਤਾਂ ਨੂੰ ਵਿਅਕਤ ਕਰਨ ਲਈ ਕਹਾਣੀ ਨੂੰ ਮਾਧਿਅਮ ਬਣਾਇਆ ਹੈ। ਪੁਸਤਕ ਦੀਆਂ ਕਹਾਣੀਆਂ ਦੇ ਵਿਸ਼ੇ ਸਾਡੇ ਆਲੇ-ਦੁਆਲੇ ਵਾਪਰਦੀਆਂ ਸਮਾਜਿਕ ਪਰਿਵਾਰਕ ਘਟਨਾਵਾਂ ਹਨ। ਕਹਾਣੀ ਅਮਰ ਪ੍ਰੇਮ ਵਿਚ ਰੋਜ਼ੀ ਤੇ ਪ੍ਰਦੀਪ ਦੇ ਪਿਆਰ ਦੀ ਕਹਾਣੀ ਵਾਰਤਾ ਹੈ। ਇਹ ਜੋੜਾ ਗੁਰੂ ਘਰ ਵਿਚ ਸੇਵਾ ਕਰਦਾ ਹੈ। ਅਰਦਾਸਾਂ ਅਤੇ ਸੇਵਾ ਕਰਕੇ ਰੋਜ਼ੀ ਤੰਦਰੁਸਤ ਹੋ ਜਾਂਦੀ ਹੈ। ਕਹਾਣੀ ਆਸਥਾ ਦੀ ਜਿਉਂਦੀ ਮਿਸਾਲ ਹੈ। ਕਹਾਣੀ ਜ਼ਿੰਦਗੀ ਦੇ ਦੋ ਪਲ ਦੇ ਪਾਤਰ ਡਾ: ਜਗਤਾਰ ਤੇ ਪਤਨੀ ਭੁਪਿੰਦਰ ਕੌਰ ਅਮਰੀਕਾ ਜਾ ਕੇ ਵੀ ਇਧਰ ਮਾਤ ਭੂਮੀ ਵਿਚ ਆ ਕੇ ਸਕੂਨ ਹਾਸਲ ਕਰਦੇ ਹਨ। ਪਿਆਰ ਦਾ ਪ੍ਰਗਟਾਵਾ ਫ਼ਿਲਮੀ ਤਰਜ਼ ਦੀ ਕਹਾਣੀ ਹੈ। ਪਿਆਰ ਅਧਵਾਟੇ ਰਹਿ ਜਾਂਦਾ ਹੈ। ਹੀਣਤਾ ਭਾਵ ਵਿਚ ਮਨਿੰਦਰ ਤੇ ਦਰਸ਼ੀ ਸਮੇਂ ਸਿਰ ਨਹੀਂ ਮਿਲ ਪਾਉਂਦੇ।
ਬਾਅਦ ਵਿਚ ਵੱਖਰੀ ਥਾਂ ਵਿਆਹੇ ਜਾਣ ਤੇ ਪਛਤਾਵਾ ਕਰਦੇ ਹਨ। ਸੰਗ੍ਰਹਿ ਦੀਆਂ ਕਹਾਣੀਆਂ ਭਾਗਾਂ ਵਾਲੀ ਸੰਤੁਸ਼ਟੀ ਪਸਚਾਤਾਪ ਆਖਰੀ ਨਿਸ਼ਾਨੀ, ਅਭਿਮਾਨ, ਓਲਡ ਏਜ ਹੋਮ, ਗ਼ਲਤ ਸੋਚ, ਦਾਜ ਦੀ ਮਸ਼ੀਨ ਅਮਿਟ ਯਾਦਾਂ ਪ੍ਰਣਾਮ ਸ਼ਹੀਦਾਂ ਨੂੰ, ਜ਼ਾਲਮਾਂ ਇਕ ਵਾਰ ਤਾਂ... ਸੰਗ੍ਰਹਿ ਦੀਆਂ ਚੰਗੀਆਂ ਕਹਾਣੀਆਂ ਹਨ। ਇਨ੍ਹਾਂ ਵਿਚ ਕਥਾ ਰਸ ਹੈ। ਤੇਜ਼ੀ ਨਾਲ ਘਟਨਾਵਾਂ ਤੁਰਦੀਆਂ ਹਨ। ਪਾਤਰ ਲੇਖਕ ਦੇ ਹੱਥਾਂ ਵਿਚ ਕਠਪੁਤਲੀਆਂ ਵਾਂਗ ਵਿਚਰਦੇ ਹਨ। ਨਾਟਕੀ ਜਮਾਤ ਦੀ ਵਧੇਰੇ ਵਰਤੋਂ ਕੀਤੀ ਗਈ ਹੈ। ਫ਼ਿਲਮੀ ਅੰਦਾਜ਼ ਹੈ। ਆਖਰੀ ਕਹਾਣੀ ਵਿਚ ਦੇਸ਼ ਭਗਤੀ ਵਾਲਾ ਰੰਗ ਹੈ। ਕਦੇ-ਕਦੇ ਕਹਾਣੀਕਾਰ ਪਾਤਰਾਂ ਨੂੰ ਆਪਣੀ ਮਰਜ਼ੀ ਨਾਲ ਤੋਰਣਾ ਹੈ। ਪਰਿਵਾਰਕ ਵਿਸ਼ਿਆਂ ਵਾਲੀਆਂ ਕਹਾਣੀਆਂ ਵਿਚ ਪਿਆਰ ਪ੍ਰਮੁੱਖ ਧਾਰਾ ਹੈ। ਵਾਰਤਾਕਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸਿਧਾਂਤ ਪਿਆਰ ਕਬਜ਼ ਨਹੀਂ ਪਛਾਣ ਹੈ, ਨੂੰ ਕਹਾਣੀਕਾਰ ਨੇ ਇਸ ਸੰਗ੍ਰਹਿ ਰਾਹੀਂ ਅੱਗੇ ਤੋਰਿਆ ਹੈ। ਪੁਸਤਕ ਪੜ੍ਹਨ ਵਾਲੀ ਹੈ। ਕਥਾ ਜੁਗਤ ਵਿਚ ਲੇਖਕ ਕਾਮਯਾਬ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.


ਅਮੀਲੋ
ਲੇਖਕ : ਅਜਾਇਬ ਸਿੰਘ ਸੰਧੂ
ਪ੍ਰਕਾਸ਼ਕ : ਲਾਹੌਰ ਬੁੱਕਸ, ਲੁਧਿਆਣਾ
ਮੁੱਲ : 250 ਰੁਪਏ, ਸਫੇ : 200.

ਅਜਾਇਬ ਸਿੰਘ ਸੰਧੂ ਕਵਿਤਾ ਦੇ ਨਾਲ-ਨਾਲ ਨਾਵਲ ਰਚਨਾ ਵੱਲ ਵੀ ਰੁਚਿਤ ਹੈ। 'ਅਮੀਲੋ' ਉਸ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਨਾਵਲ ਹੈ, ਜਿਸ ਵਿਚ ਉਸ ਨੇ ਵਾਸ ਅਤੇ ਪ੍ਰਵਾਸ ਦੀਆਂ ਸਮੱਸਿਆਵਾਂ 'ਤੇ ਰੌਸ਼ਨੀ ਪਾਈ ਹੈ। ਨਾਇਕ ਅਮੀਲੋ ਕੈਨੇਡੀਅਨ ਗੋਰੀ ਤੇ ਪੰਜਾਬੀ ਨੌਜਵਾਨ ਸਮਸ਼ੇਰ ਸਿੰਘ ਦੇ ਪ੍ਰੇਮ ਵਿਆਹ 'ਚੋਂ ਪੈਦਾ ਹੋਇਆ ਹੈ। ਕਾਨੂੰਨ ਦਾ ਪਾਬੰਦ ਹੈ। ਮਾਸੂਮ ਹੈ ਤੇ ਹਿੰਮਤ ਵਾਲਾ ਵੀ ਹੈ। ਆਪਣੇ-ਆਪ ਨੂੰ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ ਪਰ ਕੈਨੇਡਾ ਪ੍ਰਤੀ ਵੀ ਸਮਰਪਿਤ ਭਾਵਨਾ ਨਾਲ ਸੋਚਦਾ ਹੈ।
ਪੰਜਾਬ ਵਿਚਲੀਆਂ ਆਪਣੀਆਂ ਜ਼ਮੀਨਾਂ ਦਾ ਹਿਸਾਬ-ਕਿਤਾਬ ਕਰਨ ਲਈ ਉਹ ਪੰਜਾਬ ਆਉਂਦਾ ਹੈ। ਇਥੋਂ ਦਾ ਪ੍ਰਬੰਧ ਉਸ ਦੇ ਪਿਤਾ ਦਾ ਪੁਰਾਣਾ ਸਹਿਪਾਠੀ ਤੇ ਮਿੱਤਰ ਦਰਸ਼ਨ ਸਿੰਘ ਤੇ ਉਸ ਦਾ ਪੁੱਤਰ ਗੁਰਮੀਤ ਕਰਦੇ ਹਨ। ਇਥੇ ਕੁਝ ਦੇਰ ਰਹਿਕੇ ਅਮੀਲ ਪੰਜਾਬੀ ਜਨ-ਜੀਵਨ ਤੋਂ ਵੀ ਜਾਣੂ ਹੋਣ ਦਾ ਯਤਨ ਕਰਦਾ ਹੈ। ਲੇਖਕ ਨੇ ਸੰਵਾਦਾਂ ਰਾਹੀਂ ਤੇ ਪਿਛਲ ਝਾਤ ਦੁਆਰਾ ਇਥੋਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। ਕਹਾਣੀ ਨੂੰ ਅਗਾਂਹ ਤੋਰਿਆ ਹੈ। ਯਾਦਾਂ ਦਾ ਬਿਰਤਾਂਤ ਵੀ ਕਹਾਣੀ ਨੂੰ ਅਗਾਂਹ ਸਰਕਾਉਣ ਵਿਚ ਸਹਾਈ ਹੁੰਦਾ ਹੈ। ਲੇਖਕ, ਦਰਸ਼ਨ, ਮੀਤੇ ਤੇ ਅਮੀਲ ਦੇ ਸੰਵਾਦਾਂ ਰਾਹੀਂ ਇਸ ਪੰਜਾਬੀ ਸਮਾਜ ਦੇ ਕਈ ਔਗੁਣਾਂ 'ਤੇ ਉਂਗਲੀ ਧਰਨ ਦਾ ਯਤਨ ਕਰਦਾ ਹੈ। ਸਿੱਖ ਰਹੁ-ਰੀਤਾਂ ਤੋਂ ਦੂਰ ਜਾ ਰਹੇ ਨੌਜਵਾਨ, ਨਸ਼ਿਆਂ ਦੇ ਚਿੱਕੜ 'ਚ ਧਸ ਰਹੇ ਪੰਜਾਬੀ, ਡੇਰਿਆਂ ਦੀ ਵਧ ਰਹੀ ਜਕੜ, ਡਰੱਗ ਦਾ ਧੰਦਾ ਕਰਨ ਵਾਲੇ ਲੋਕ, ਮੈਲੀ ਹੋ ਰਹੀ ਰਾਜਨੀਤੀ, ਜਾਤਪਾਤ ਦੀ ਪਕੜ ਦਾ ਕੋਹੜ ਜਿਹੀਆਂ ਅਨੇਕਾਂ ਭੈੜਾਂ ਦਾ ਜ਼ਿਕਰ ਨਾਟਕ ਵਿਚ ਆਇਆ ਹੈ। ਅਮੀਲੋ ਚੰਗੇ ਦਿਲ ਵਾਲਾ ਭੋਲਾ-ਭਾਲਾ ਨੌਜਵਾਨ ਹੈ। ਆਪਣੀ ਪਸੰਦ ਦੀ ਨਰਸ ਕੁੜੀ ਨਾਲ ਵਿਆਹ ਕਰਾ ਲੈਂਦਾ ਹੈ। ਅਮੀਲ ਨੂੰ ਆਪਣੇ ਚੰਗੇ ਕਾਰਜਾਂ ਕਰਕੇ ਕੈਨੇਡਾ ਸਰਕਾਰ ਦਾ ਵੱਡਾ ਮਾਣ-ਸਨਮਾਨ ਮਿਲਦਾ ਹੈ। ਅਮੀਲੋ ਦਾ ਚਰਿੱਤਰ ਆਦਰਸ਼ ਨਾਇਕ ਵਜੋਂ ਪੇਸ਼ ਹੁੰਦਾ ਹੈ।

ਕੁੱਖ ਦੀ ਭੁੱਖ
ਲੇਖਕ : ਅਮਰਜੀਤ ਸਿੰਘ ਹੇਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਲੁਧਿਆਣਾ/ਚੰਡੀਗੜ੍ਹ
ਮੁੱਲ : 125 ਰੁਪਏ, ਸਫੇ : 103.

ਅਮਰਜੀਤ ਸਿੰਘ ਹੇਅਰ ਪੰਜਾਬੀ ਦਾ ਅਨੁਭਵੀ ਕਹਾਣੀ ਲੇਖਕ ਹੈ। ਉਸ ਨੇ 'ਦੱਬੀ ਅੱਗ ਦਾ ਸੇਕ' ਕਹਾਣੀ-ਸੰਗ੍ਰਹਿ ਰਾਹੀਂ ਪਹਿਲਾਂ ਹੀ ਆਪਣੀ ਸਾਖ਼ 'ਤੇ ਧਾਕ ਪੰਜਾਬੀ ਆਲੋਚਕਾਂ/ਪਾਠਕਾਂ ਵਿਚ ਬਣਾ ਲਈ ਹੈ। 'ਕੁੱਖ ਦੀ ਭੁੱਖ' ਉਸ ਦੀਆਂ ਕਹਾਣੀਆਂ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ ਪੰਝੀ ਕਹਾਣੀਆਂ ਸ਼ਾਮਿਲ ਕੀਤੀਆਂ ਹਨ।
ਅਮਰਜੀਤ ਸਿੰਘ ਹੇਅਰ ਯਥਾਰਥਵਾਦੀ ਕਥਾ-ਲੇਖਕ ਹੈ। ਉਸ ਦੇ ਆਲੇ-ਦੁਆਲੇ ਜੋ ਕੁਝ ਨਿੱਤ ਦਿਹਾੜੀ ਵਾਪਰਦਾ ਹੈ, ਉਸੇ ਨੂੰ ਉਹ ਆਪਣੀਆਂ ਕਹਾਣੀਆਂ ਦੇ ਕਥਾਨਕ ਵਜੋਂ ਵਰਤ ਕੇ ਕਹਾਣੀ ਦੀ ਸਿਰਜਣਾ ਕਰਦਾ ਹੈ। ਉਸ ਦੀਆਂ ਕਹਾਣੀਆਂ ਸੱਚਮੁੱਚ ਨਿੱਕੀ ਕਹਾਣੀ ਦੀ ਪਰਿਭਾਸ਼ਾ ਦੇ ਅਨੁਰੂਪ ਹੀ ਬੁਣੀਆਂ ਹੋਈਆਂ ਹਨ। ਕਹਾਣੀ ਬਾਤ ਸੁਣਾਉਣ ਦੇ ਲਹਿਜ਼ੇ 'ਚ ਸ਼ੁਰੂ ਹੋ ਕੇ ਆਪਣੇ ਰੱਥ ਵੱਲ ਤੇਜ਼ੀ ਨਾਲ ਸਫ਼ਰ ਕਰਦੀ ਹੋਈ ਸਿੱਟਾ ਕੱਢ ਕੇ ਚੁੱਪ ਹੋ ਜਾਂਦੀ ਹੈ। ਬਾਕੀ ਸੋਚਣ ਦਾ ਕੰਮ ਪਾਠਕਾਂ ਲਈ ਛੱਡ ਜਾਂਦੀ ਹੈ।
ਵੰਨ-ਸੁਵੰਨੇ ਵਿਸ਼ੇ ਹੇਅਰ ਦੀਆਂ ਕਹਾਣੀਆਂ ਵਿਚ ਥਾਂ-ਪੁਰ-ਥਾਂ ਸੰਜੋਏ ਮਿਲਦੇ ਹਨ। ਕਦੀ-ਕਦੀ ਨਿੱਕੇ-ਨਿੱਕੇ ਅਹਿਸਾਸ ਹੀ ਕਹਾਣੀ ਦਾ ਤਾਣਾ-ਪੇਟਾ ਬਣਦੇ ਪ੍ਰਤੀਤ ਹੁੰਦੇ ਹਨ। ਕੁਝ ਕਹਾਣੀਆਂ ਸਵੈ-ਜੀਵਨੀ ਮੂਲਕ ਹੋਣ ਦੀ ਗਵਾਹੀ ਵੀ ਭਰਦੀਆਂ ਹਨ। ਦੇਸ਼-ਵੰਡ ਦਾ ਦੁਖਾਂਤ ਵਾਰ-ਵਾਰ ਕਹਾਣੀਆਂ ਵਿਚ ਦੁਖਦੀ ਰਗ ਵਾਂਗ ਸ਼ਮੂਲੀਅਤ ਕਰਦਾ ਹੈ। 'ਸੇਵਾਮੁਕਤੀ' ਦਾ ਪਾਤਰ ਸੇਵਾ-ਮੁਕਤੀ ਨੂੰ ਇਕ ਵਰਦਾਨ ਵਜੋਂ ਸਵੀਕਾਰ ਕਰਦਾ ਹੈ। 'ਹਮੀਦਾ', 'ਦੁਸ਼ਮਣੀ', 'ਬਦਲਾ', 'ਦੋ ਇਮਾਰਤਾਂ ਦਾ ਕਤਲ' ਆਦਿ ਕਹਾਣੀਆਂ ਦੇਸ਼-ਵੰਡ ਦੇ ਦੁਖਾਂਤ 'ਤੇ ਉਸ 'ਚੋਂ ਉਪਜੇ ਹੋਰ ਦੁਖਾਤਾਂ ਦੇ ਵੇਰਵੇ ਪੇਸ਼ ਕਰਦੀਆਂ ਹਨ। 'ਦੁਬਿਧਾ' ਦੀ ਮਨੋਰਮਾ ਕੋਈ ਵੀ ਫੈਸਲਾ ਲੈਣ ਤੋਂ ਅਸਮਰਥ ਹੈ। 'ਬਰਖਾ' ਨਾਂਅ ਦੀ ਕੁੜੀ ਬਰਖਾ ਵੇਲੇ ਜਨਮ ਲੈ ਕੇ ਬਰਖਾ ਕਾਰਨ ਪੈਦਾ ਹੋਏ ਮਨੋਭਾਵਾਂ ਦੀ ਆਪੂਰਤੀ ਕਰਦੀ ਹੈ। 'ਪੁੱਤ-ਕਪੁੱਤ' ਦਾ ਪਿਓ-ਪਾਤਰ ਪੁੱਤਰਾਂ ਦੇ ਭੈੜੇ ਵਰਤਾਓ ਦਾ ਬਦਲਾ ਲੈਂਦਾ ਹੈ। 'ਦੋਸਤੀ' ਵਿਚ ਸੱਚੀ ਦੋਸਤੀ ਦੇ ਕੁਝ ਦ੍ਰਿਸ਼ਟਾਂਤ ਪੇਸ਼ ਕੀਤੇ ਗਏ ਹਨ। 'ਪਾਪ ਦਾ ਪਛਤਾਵਾ' ਤੇ 'ਦਾਦੀ ਪੋਤੀ' ਇਸ ਸੰਗ੍ਰਹਿ ਦੀਆਂ ਬਿਹਤਰੀਨ ਕਹਾਣੀਆਂ ਹਨ, ਜਿਨ੍ਹਾਂ ਵਿਚ ਪਛਤਾਵੇ ਰਾਹੀਂ ਪ੍ਰੇਮ ਤੇ ਲਗਾਓ ਪੈਦਾ ਹੁੰਦਾ ਹੈ। ਦੋ ਸੰਸਕ੍ਰਿਤੀਆਂ ਦੇ ਭੇੜ 'ਚੋਂ ਮੁਹੱਬਤ ਤੇ ਆਪਸੀ ਗਿਆਨ ਲੱਭਦਾ ਹੈ। ਇਹੋ ਜਿਹੀਆਂ ਕਹਾਣੀਆਂ ਅਮਰਜੀਤ ਸਿੰਘ ਹੇਅਰ ਦੀ ਕਥਾਕਾਰ ਵਜੋਂ ਸਥਾਪਤੀ ਦੇ ਸੰਕੇਤ ਕਰਦੀਆਂ ਹਨ।

-ਕੇ. ਐਲ. ਗਰਗ
ਮੋ: 94635-37050.

ਗਿੱਲ ਮੋਰਾਂਵਾਲੀ ਦੀ ਨਾਰੀ ਚੇਤਨਾ ਦਾ ਮਰਦਾਵੀਂ ਚਿੰਤਨ
ਸੰਪਾਦਕ : ਡਾ: ਤੇਜਵੰਤ ਮਾਨ, ਡਾ: ਭਗਵੰਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 96.

ਪਰਵਾਸੀ ਕਵੀ ਗਿੱਲ ਮੋਰਾਂਵਾਲੀ ਮੁੱਖ ਤੌਰ 'ਤੇ ਨਾਰੀ ਚੇਤਨਾ ਦਾ ਕਵੀ ਹੈ। ਹਥਲੀ ਸੰਪਾਦਿਤ ਪੁਸਤਕ ਵਿਚ ਪੁਰਸ਼ ਵਿਦਵਾਨਾਂ ਦੇ ਅਜਿਹੇ ਨਿਬੰਧ ਹਨ ਜੋ ਗਿੱਲ ਦੀ ਕਵਿਤਾ ਵਿਚ ਨਾਰੀ ਚੇਤਨਾ ਦਾ ਮੁਲਾਂਕਣ ਕਰਦੇ ਹਨ। ਇਨ੍ਹਾਂ ਨਿਬੰਧਾਂ ਦਾ ਸੰਪਾਦਕਨ ਪੰਜਾਬੀ ਸਾਹਿਤ ਦੇ ਦੋ ਵਿਦਵਾਨਾਂ (ਡਾ: ਤੇਜਵੰਤ ਮਾਨ, ਡਾ: ਭਗਵੰਤ ਸਿੰਘ) ਨੇ ਕੀਤਾ ਹੈ। ਇਸਤਰੀ ਆਲੋਚਕਾਂ ਦੀ ਦ੍ਰਿਸ਼ਟੀ ਤੋਂ ਇਸ ਪ੍ਰਕਾਰ ਦੇ ਨਿਬੰਧਾਂ ਦਾ ਸੰਪਾਦਨ ਪਹਿਲਾਂ ਹੀ ਡਾ: ਰਮਿੰਦਰ ਕੌਰ ਕਰ ਚੁੱਕੇ ਹਨ। ਪੁਸਤਕ ਦੇ ਪਹਿਲੇ 13 ਪੰਨਿਆਂ ਵਿਚ ਕ੍ਰਮਵਾਰ ਡਾ: ਤੇਜਵੰਤ ਮਾਨ, ਡਾ: ਭਗਵੰਤ ਅਤੇ ਗਿੱਲ ਮੋਰਾਂਵਾਲੀ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਮਾਨਾਂ-ਸਨਮਾਨਾਂ ਦੀਆਂ ਸੂਚੀਆਂ ਉਪਲਬੱਧ ਹਨ। ਬੇਸ਼ੱਕ ਪੁਸਤਕ ਦੇ ਟਾਈਟਲ ਉੱਪਰ ਦੋ ਸੰਪਾਦਕਾਂ ਦੇ ਨਾਂਅ ਹਨ ਪਰ ਡਾ: ਮਾਨ ਮੁੱਖ ਸ਼ਬਦ ਸਿਰਲੇਖ ਅਧੀਨ ਇਸ ਪੁਸਤਕ ਦੇ ਸੰਪਾਦਨ ਨੂੰ ਡਾ: ਭਗਵੰਤ ਸਿੰਘ ਵੱਲੋਂ ਕੀਤਾ ਹੀ ਦੱਸਦਾ ਹੈ। ਇਨ੍ਹਾਂ ਖੋਜ-ਨਿਬੰਧਾਂ ਵਿਚ ਇਕ ਦਰਜਨ ਮਰਦ-ਸਮੀਖਿਆਕਾਰਾਂ ਦੇ ਨਿਬੰਧ ਸ਼ਾਮਿਲ ਹਨ। ਡਾ: ਭਗਵੰਤ ਸਿੰਘ ਨੇ ਆਪਣੇ ਵੱਲੋਂ ਲਿਖੀ ਭੂਮਿਕਾ ਵਿਚ ਗਿੱਲ ਨੂੰ ਨਾਰੀ ਚੇਤਨਾ ਦਾ ਸ਼ਾਇਰ ਪ੍ਰਵਾਨ ਕੀਤਾ ਹੈ। ਡਾ: ਖੀਵਾ ਲਈ ਗਿੱਲ-ਕਾਵਿ 'ਮਰਯਾਦਾ-ਭੰਗਕ ਪ੍ਰਵਚਨ ਹੈ'। ਡਾ: ਅਮਰ ਕੋਮਲ ਨੂੰ ਗਿੱਲ ਮੋਰਾਂਵਾਲੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਧੀ ਦੀ ਪੀੜ ਨੂੰ 'ਸਮੂਹ ਦੀ ਪੀੜ' ਵਿਚ ਬਦਲਦਾ ਪ੍ਰਤੀਤ ਹੁੰਦਾ ਹੈ। ਗਿੱਲ ਦਾ ਦੋਹਾ ਕਾਵਿ-ਰੂਪ, ਡਾ: ਆਸ਼ਟ ਨੂੰ, ਉਸ ਦੀ 'ਪ੍ਰਥਮ ਵਿਸ਼ੇਸ਼ਤਾ' ਮਹਿਸੂਸ ਹੁੰਦੀ ਹੈ। ਡਾ: ਬਲਜੀਤ ਸਿੰਘ ਨੂੰ ਗਿੱਲ-ਕਾਵਿ ਨਾਰੀ ਜਾਤੀ ਦੇ ਹੱਕ ਵਿਚ 'ਕਾਵਿਕ ਸੰਘਰਸ਼' ਅਤੇ 'ਜਨ-ਜਾਗ੍ਰਿਤੀ' ਲਈ ਹੋਕਾ ਦਿੰਦਾ ਜਾਪਦਾ ਹੈ। ਡਾ: ਸੁਰਿੰਦਰ ਗਿੱਲ ਦਾ ਕਹਿਣਾ ਹੈ ਕਿ ਕਵੀ ਨੇ 'ਕੇਵਲ ਧੀਆਂ ਦੇ ਦੁੱਖ ਹੀ ਨਹੀਂ ਰੋਏ' ਸਗੋਂ ਇਸ ਕਾਵਿ ਵਿਚ ਪੰਜਾਬ ਦੀਆਂ ਕਈ 'ਰਸਮਾਂ ਰੀਤਾਂ' ਵੀ ਰੂਪਮਾਨ ਹੋਈਆਂ ਹਨ। ਡਾ: ਨਰਿੰਦਰਪਾਲ ਸਿੰਘ ਦਾ ਵਿਚਾਰ ਹੈ ਕਿ ਕਵੀ ਨੇ 'ਸਮੱਸਿਆਵਾਂ' ਨੂੰ 'ਸੱਭਿਆਚਾਰਕ ਝਰੋਖੇ' ਰਾਹੀਂ ਚਿਤ੍ਰਿਆ ਹੈ। ਡਾ: ਗੁਲਜ਼ਾਰ ਸਿੰਘ ਕੰਗ ਇਸ ਗੱਲੋਂ ਗਿੱਲ ਦੀ ਪ੍ਰਸੰਸਾ ਕਰਦਾ ਹੈ ਕਿ ਉਸ ਨੇ 'ਅਮਲੀ ਜੀਵਨ' ਵਿਚ ਆਪਣੀਆਂ ਧੀਆਂ ਨੂੰ ਖੱਲ੍ਹ ਦਿੱਤੀ ਹੈ। ਡਾ: ਸੁਰਿੰਦਰ ਮੰਡ ਕਵੀ ਦੀ 'ਸੂਤ੍ਰਿਕ ਸ਼ੈਲੀ' ਨੂੰ ਵਡਿਆਉਂਦਾ ਹੈ। ਡਾ: ਸਰਹਿੰਦੀ ਅਨੁਸਾਰ ਕਵੀ ਸਾਡੀ 'ਸੁੱਤੀ ਪਈ ਜ਼ਮੀਰ' ਨੂੰ ਜਗਾਉਂਦਾ ਹੈ। ਡਾ: ਜੀ.ਡੀ. ਚੌਧਰੀ ਨੂੰ ਗਿੱਲ ਦੀ 'ਵਿਗਿਆਨਕ ਅਤੇ ਮਨੋਵਿਗਿਆਨਕ' ਪੇਸ਼ਕਾਰੀ ਪ੍ਰਭਾਵਿਤ ਕਰਦੀ ਹੈ। ਡਾ: ਤੇਜਾ ਸਿੰਘ ਤਿਲਕ ਅਨੁਸਾਰ ਗਿੱਲ ਔਰਤ ਦੀ ਸਜ਼ਾ ਤੋਂ 'ਚਿੰਤਾਤੁਰ' ਤਾਂ ਹੈ ਪਰ 'ਨਿਰਾਸ਼' ਨਹੀਂ। ਇੰਜ ਕਵੀ, ਪ੍ਰੋ: ਜੱਸੀ ਦੀ ਪਰਖ ਵਿਚ, 'ਨਾਰੀ ਬਰਾਦਰੀ ਦੀ ਵਕਾਲਤ ਕਰਦਾ ਹੈ।' ਕੁੱਲ ਮਿਲਾ ਕੇ ਇਸ ਪੁਸਤਕ ਦੇ ਸੁਚੱਜੇ ਸੰਪਾਦਨ ਲਈ ਸੰਪਾਦਕ ਵਧਾਈ ਦੇ ਪਾਤਰ ਹਨ। ਗਿੱਲ-ਕਾਵਿ ਦੇ ਖੋਜੀ ਵਿਦਿਆਰਥੀਆਂ ਲਈ ਪੁਸਤਕ ਬੜੀ ਲਾਭਦਾਇਕ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਖਿੜਦੇ ਫੁੱਲ
ਕਵੀ : ਗੁਰਵਿੰਦਰ ਸਿੰਘ ਸ਼ੇਰਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120.

'ਖਿੜਦੇ ਫੁੱਲ' ਨੌਜਵਾਨ ਕਵੀ ਗੁਰਵਿੰਦਰ ਸਿੰਘ ਸ਼ੇਰਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਵਿਚ ਸਾਰੀਆਂ ਕਵਿਤਾਵਾਂ, ਨਜ਼ਮਾਂ ਰੁਬਾਈਆਂ, ਗੀਤ ਅਤੇ ਗ਼ਜ਼ਲਾਂ ਛੰਦ ਬੱਧ ਹਨ। ਗੁਰਵਿੰਦਰ ਪਿੰਗਲ ਅਤੇ ਅਰੂਜ਼ ਦਾ ਗਿਆਤਾ ਹੈ। ਉਸ ਦੀਆਂ ਸਮੁੱਚੀਆਂ ਕਵਿਤਾਵਾਂ ਬਹਿਰ ਤੋਲ ਵਿਚ ਅਤੇ ਕਾਫੀਏ ਹਦੀਫਾਂ ਨਾਲ ਸੁਸੱਜਤ ਹਨ। ਭਾਵੇਂ ਇਹ ਪੁਸਤਕ ਉਸ ਦੀ ਪਹਿਲੀ ਹੈ ਪਰ ਕਵੀ ਨੇ ਭਰਪੂਰ ਮਿਹਨਤ ਕਰਕੇ ਨਜ਼ਮਾਂ ਵਿਚ ਰਵਾਨੀ ਅਤੇ ਸਰੋਕਾਰਾਂ ਨੂੰ ਬਹਾਲ ਕੀਤਾ ਹੈ। ਅੱਜਕਲ੍ਹ ਦੇ ਨੌਜਵਾਨ ਜਿਥੇ ਮਿਹਨਤ ਤੋਂ ਡਰਦੇ ਹੋਏ ਖੁੱਲ੍ਹੀ ਕਵਿਤਾ ਨੂੰ ਹੀ ਤਰਜੀਹ ਦਿੰਦੇ ਹਨ, ਉਥੇ ਸ਼ੇਰਗਿੱਲ ਨੇ ਪਿੰਗਲ ਅਤੇ ਅਰੂਜ਼ ਨੂੰ ਸਮਝ ਕੇ ਅਤੇ ਅਮਲ ਵਿਚ ਲਾਗੂ ਕਰਕੇ ਸਾਬਤ ਕੀਤਾ ਹੈ ਕਿ ਮਿਹਨਤ ਨਾਲ ਹਰ ਮੰਜ਼ਿਲ ਸਰ ਹੋ ਸਕਦੀ ਹੈ। ਕਵਿਤਾਵਾਂ ਦੇਸ਼ ਪਿਆਰ ਦੀਆਂ ਅਤੇ ਸਮਾਜ ਸੁਧਾਰ ਕਰਨ ਵਾਲੇ ਵਿਸ਼ਿਆਂ ਤੇ ਸਰੋਕਾਰਾਂ ਨਾਲ ਸਬੰਧਤ ਹਨ। ਕਵਿਤਾ ਲਿਖਦਾ ਹੋਇਆ ਕਵੀ ਵਿਸ਼ੇ ਦਾ ਇਕ ਚਿੱਤਰ ਅੱਖਾਂ ਸਾਹਮਣੇ ਪੇਸ਼ ਕਰ ਜਾਂਦਾ ਹੈ। ਕਵਿਤਾ ਛੰਦ ਵਿਚ ਹੋਣ ਕਰਕੇ ਸਰੋਤੇ/ਪਾਠਕ ਦੇ ਸੁਆਦ ਵਿਚ ਸ਼ਾਮਿਲ ਹੋ ਕੇ ਮਨ ਮਸਤਕ ਤੱਕ ਤਰਕ ਜਗਾਉਂਦੀ ਹੈ। ਉਸ ਦੀਆਂ ਕਵਿਤਾਵਾਂ ਵਿਚ ਨਸ਼ਿਆਂ ਦੇ ਪ੍ਰਚਲਨ ਅਤੇ ਨਾਰੀ ਦੀ ਗੁਲਾਮੀ ਦੀ ਭਰਪੂਰ ਨਿਖੇਧੀ ਹੈ। ਉਹ ਮਨੁੱਖੀ ਸਮਾਜ ਨੂੰ ਜਾਤਾਂ, ਪਾਤਾਂ ਅਤੇ ਧਰਮਾਂ ਦੇ ਨਾਂਅ ਉਤੇ ਵੰਡਣ ਵਾਲਿਆਂ ਨੂੰ ਆੜੇ ਹੱਥੀਂ ਲੈਂਦਾ ਹੈ। ਉਸ ਨੇ ਭਾਵੇਂ ਗ਼ਜ਼ਲਾਂ ਦੇ ਸਿਰਲੇਖ ਨਜ਼ਮਾਂ ਵਾਂਗ ਲਿਖੇ ਹਨ ਪ੍ਰੰਤੂ ਉਹ ਆਪਣੇ ਗ਼ਜ਼ਲ ਸਰੂਪ ਵਿਚ ਪੂਰੀਆਂ ਹਨ। ਉਨ੍ਹਾਂ ਦੇ ਛੰਦ ਬਹਿਰ ਅਤੇ ਕਾਫੀਏ ਰਦੀਫ ਸੰਪੂਰਨ ਹਨ। ਉਸ ਦੇ ਕਈ ਸ਼ਿਅਰ ਦਿਲ ਨੂੰ ਮੋਂਹਦੇ ਅਤੇ ਆਤਮਾ ਨੂੰ ਝੰਜੋੜਦੇ ਹਨ। ਕੁਝ ਸ਼ਿਅਰ ਪੇਸ਼ ਹਨ :
ੲ ਔਰਤ ਕੁੱਖੋਂ ਜਨਮ ਲਿਆ ਔਰਤ ਨੂੰ ਮਾੜਾ ਕਹਿੰਦਾ ਏ
ਤੈਨੂੰ ਰੱਬ ਨੇ ਕਲਮ ਹੈ ਦਿੱਤੀ ਸੋਚ ਕੇ ਕਲਮ ਚਲਾਇਆ ਕਰ।
ੲ ਮੈਂ ਮਿੱਟੀ ਦਾ ਪੁਤਲਾ ਮੇਰਾ ਮਾਣਸ ਨਾਂਅ
ਵਿਚ ਮਜ਼੍ਹਬਾਂ ਦੇ ਵੰਡਿਆ ਮੇਰਾ ਸ਼ਹਿਰ ਗਿਰਾਂ।
ੲ ਹਾਕਿਮਾਂ ਲਈ ਕਾਨੂੰਨ ਨਹੀਂ ਮਜ਼ਲੂਮ ਫਸਾਏ ਜਾਂਦੇ ਨੇ
ਕੁਰਸੀ ਖਾਤਿਰ ਲੋਕਾਂ ਵਿਚ ਦੰਗੇ ਕਰਵਾਏ ਜਾਂਦੇ ਨੇ।
'ਖਿੜਦੇ ਫੁੱਲ' ਕਾਵਿ ਸੰਗ੍ਰਹਿ ਵਿਚ ਵੰਨ-ਸੁਵੰਨਤਾ ਦੇ ਵਿਸ਼ਿਆਂ ਦੇ ਸਿਖਿਆਦਾਇਕ ਫੁੱਲ ਮਹਿਕ ਰਹੇ ਹਨ। ਪੁਸਤਕ ਨੂੰ ਦਿਲੋਂ ਜੀ ਆਇਆਂ ਹੈ।

-ਸੁਲੱਖਣ ਸਰਹੱਦੀ
ਮੋ: 94174-84337.

ਇਕ ਚੂੰਢੀ ਲੂਣ ਦੀ
ਲੇਖਕ : ਫਰਜ਼ੰਦ ਅਲੀ
ਅਨੁਵਾਦਕ (ਲਿਪੀਅੰਤਰ) : ਪਰਮਜੀਤ ਸਿੰਘ ਮੀਸ਼ਾ (ਡਾ:)
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 260 ਰੁਪਏ, ਸਫ਼ੇ : 232.

ਖਲਕਤ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ। ਇਕ ਲੋਕਾਂ ਦੀ ਜੋਕਾਂ ਦੀ। ਅਸੰਤੁਲਿਤ ਨਿਜ਼ਾਮ ਵਾਲੇ ਇਸ ਸਮਾਜ ਵਿਚ ਕਿਰਤੀਆਂ ਵੱਲੋਂ ਜਿੰਦ ਤੋੜ ਕੇ ਕਿਰਤ ਕਰਨ ਦੇ ਬਾਵਜੂਦ ਵੀ ਉਨਾਂ ਨੂੰ ਫਾਕਿਆਂ ਭਰੇ ਦਿਨਾਂ ਨਾਲ ਹੀ ਦੋ-ਚਾਰ ਹੁੰਦਿਆਂ ਸਿਰਫ ਦਿਨ ਕਟੀ ਹੀ ਕਰਨੀ ਪੈਂਦੀ ਹੈ ਸਗੋਂ ਪੀੜ੍ਹੀ-ਦਰ-ਪੀੜ੍ਹੀ ਗੁਲਾਮੀ ਦਾ ਸਰਾਫ ਵੀ ਭੁਗਤਣਾ ਪੈਂਦਾ ਹੈ। ਬਗਾਵਤੀ ਇਰਾਦੇ ਬੜਾ ਕੁਝ ਨੂੰ ਲੋਚਦੇ ਹਨ ਜਿਸ ਲਈ ਯਤਨ ਵੀ ਕੀਤੇ ਜਾਂਦੇ ਨੇ ਪਰ ਬੇਵਸੀ ਭਾਰੂ ਪੈ ਜਾਂਦੀ ਹੈ। 'ਇਕ ਚੂੰਢੀ ਲੂਣ ਦੀ (ਨਾਵਲ))' ਵਿਚ ਲੇਖਕ ਫਰਜ਼ੰਦ ਅਲੀ ਨੇ ਅਜਿਹੇ ਯਥਾਰਥਵਾਦ ਹੀ ਨੂੰ ਪਾਠਕਾਂ ਦੇ ਸਨਮੁੱਖ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਦਾ ਲਿਪੀਅੰਤਰ ਕਰਕੇ ਪਰਮਜੀਤ ਸਿੰਘ ਮੀਸ਼ਾ ਨੇ ਪੰਜਾਬੀ ਸਾਹਿਤ ਦਾ ਸ਼ਿੰਗਾਰ ਬਣਾਉਣ ਦਾ ਸ਼ਲਾਘਾਯੋਗ ਉੱਦਮ ਕੀਤਾ।
ਕਿਰਤੀ ਸੱਭਿਆਚਾਰ ਦਾ ਮਿੱਟੀ ਨਾਲ ਮਿੱਟੀ ਵੀ ਹੋਣਾ, ਆਪਣੇ ਮਾਲਕਾਂ (ਸ਼ਾਹਾਂ) ਨਾਲ ਵਫ਼ਾਦਾਰੀ ਨਿਭਾਉਣੀ, ਮੂੰਹ ਫੱਟ ਜ਼ੋਰੂ ਨਾਲ ਸਬਰ ਨਾਲ ਹੰਢਣਾ, ਧੀਆਂ ਵੱਲੋਂ ਮਾਪਿਆਂ ਨਾਲ ਧਿਰਾਂ ਬਣ ਕੇ ਖੜ੍ਹਨਾ, ਗਰੀਬੀ ਦੇ ਫਾਕਿਆਂ ਵਿਚ ਹੀ ਕਿਸੇ ਯਤੀਮ ਪਰ ਉੱਦਮੀ ਗੱਭਰੂ ਦਾ ਪੜ੍ਹ ਜਾਣਾ, ਹੱਕ ਹਕੂਕ ਲਈ ਜੱਦੋ-ਜਹਿਦ ਵਿੱਢਣਾ, ਕ੍ਰਾਂਤੀ ਦੀ ਚਿਣਗ ਫੁੱਟਣੀ, ਸਰਮਾਏਦਾਰੀ ਵੱਲੋਂ ਸੁੱਟੀਆਂ ਬੁਰਕੀਆਂ ਨਾਲ ਡੱਬੂਆਂ ਦੀ ਹੇੜ ਪੈਦਾ ਹੋਣੀ, ਮਜ਼ਦੂਰ ਯੂਨੀਅਨ ਦੇ ਵਿਕਾਊ ਨੇਤਾਵਾਂ ਵੱਲੋਂ ਮਾਲਿਕਾਂ ਨਾਲ ਗੰਢ-ਤੁਪ ਕਰਕੇ ਬੁੱਲ੍ਹੇ ਲੁੱਟਣੇ, ਮੁੱਠੀ ਭਰ ਬਾਗੀਆਂ ਦਾ ਮੁਕਾਬਲਾ ਬਣ ਜਾਣਾ, ਵਿੱਢੇ ਜੱਦੋ-ਜਹਿਦ ਅੱਧ ਵਿਚ ਹੀ ਖਿੰਡ ਜਾਣ ਦੀ ਤਰਾਸਦੀ, ਮਜ਼ਦੂਰਾਂ ਦਾ ਫਿਰ ਤੋਂ ਕੋਹਲੂ ਦਾ ਬੈਲ ਬਣਨ ਲਈ ਸਿਰ ਸੁੱਟ ਲੈਣਾ, ਚਾਰ ਛਿੱਲੜਾਂ ਜੇਬ ਵਿਚ ਆ ਜਾਣ ਨਾਲ ਆਪਣੀ ਔਕਾਤ ਨੂੰ ਭੁੱਲ ਕੇ ਹਉਮੈ ਦੀ ਪਹਾੜੀ ਚੜ੍ਹ ਬਹਿਣਾ, ਪੈਸੇ ਦੀ ਅੰਨ੍ਹੀ ਲਾਲਸਾ ਵਿਚ 'ਇਕ ਚੂੰਢੀ ਲੂਣ ਦੀ' ਵੀ ਨਾ ਖਾ ਸਕਣਾ, ਵਿਛੜੇ ਮਾਂ ਪੁੱਤ ਦੇ ਆਪਸੀ ਮਿਲਾਪ ਲਈ ਤਰਸੇਵਾਂ, ਧਰਮ ਸਥਾਨਾਂ ਉਤੇ ਸ਼ਾਹੂਕਾਰੀ ਦਾ ਦਬਦਬਾ, ਔਰਤ ਜਾਤੀ ਨੂੰ ਅਪਮਾਨਤ ਕਰਨ ਲਈ ਗ਼ਲਤ ਵਿਖਿਆਣ ਹੋਣੇ ਅਤੇ ਪਾਕਿ ਪਵਿੱਤਰ ਅਸਥਾਨਾਂ ਨੂੰ ਅੱਯਾਸ਼ੀ ਦੇ ਅੱਡੇ ਬਣ ਜਾਣੇ ਆਦਿ ਵਰਤਾਰਿਆਂ ਦੇ ਕੌੜੇ ਸੱਚ ਦੇ ਡੂੰਘੇ ਸ਼ਬਦੀ ਸਾਗਰ ਵਿਚੋਂ ਮੋਤੀਆਂ ਦੀ ਮਾਲਾ ਲੱਭ ਕੇ ਪਾਠਕਾਂ ਦੇ ਰੂਬਰੂ ਕਰਨ ਦੀ ਇਕ ਸਫਲ ਕੋਸ਼ਿਸ਼ ਹੈ ਇਹ ਨਾਵਲ 'ਇਕ ਚੂੰਢੀ ਲੂਣ ਦੀ।'
ਇਹ ਨਾਵਲ ਆਪਣੀ ਰੌਚਕ ਕਹਾਣੀ ਨਾਲ ਜਿਥੇ ਪਾਠਕਾਂ ਨੂੰ ਪੜ੍ਹਨ ਦੀ ਚੇਟਕ ਲਾਉਣ ਵਿਚ ਕਾਫੀ ਸਮਰੱਥਾ ਰੱਖਦਾ ਹੈ, ਉਥੇ ਆਪਣੀ ਖੇਤਰੀ (ਸ਼ਾਹਮੁਖੀ) ਸ਼ਬਦਾਵਲੀ (ਜਿਵੇਂ ਜਣਾ/ਮਰਦ, ਜਣੀ/ ਔਰਤ, ਬਾਜੀ/ਵੱਡੀ ਭੈਣ, ਮੰਮਨੀ/ਸੁਸਰੀ, ਕੰਡੋਰੀ/ਚੰਗੇਰ, ਚਾਈ/ਚੁੱਕੀ, ਇਹਤਰਾਮ/ਸਤਿਕਾਰ, ਵੰਞਣ/ਜਾਣ ਅਤੇ ਆਕਬਤ/ਪ੍ਰਲੋਕ ਆਦਿ ਨਾਲ) ਪੰਜਾਬੀ ਪਾਠਕ ਦੇ ਗਿਆਨ ਭੰਡਾਰ ਵਿਚ ਵਾਧਾ ਕਰਨ ਦੇ ਵੀ ਸਮਰੱਥ ਹੈ।

ਨਿਆਗਰਾ ਦੇ ਦੇਸ਼ ਵਿਚ
ਲੇਖਕ : ਸਲੀਮ ਪਾਸ਼ਾ
ਅਨੁਵਾਦਕ: ਰੋਜ਼ੀ ਸਿੰਘ
ਪ੍ਰਕਾਸ਼ਕ: ਕੋਲਾਜ਼ ਪ੍ਰਕਾਸ਼ਨ ,ਜਲੰਧਰ
ਮੁੱਲ :150 ਰੁਪਏ, ਸਫ਼ੇ : 126.

ਕੁਦਰਤ ਨੇ ਆਪਣੀ ਕਲਾ ਵਰਤਾਉਂਦਿਆਂ ਜਿਥੇ ਧਰਤੀ ਦੇ ਖਾਸ ਖੇਤਰਾਂ ਨੂੰ ਇਕ ਨਿਵੇਕਲੀ ਸੁਹਜ ਭਰੀ ਦਿੱਖ ਪ੍ਰਦਾਨ ਕੀਤੀ ਹੈ, ਉਥੇ ਮਨੁੱਖ ਨੇ ਵੀ ਆਪਣੇ ਉੱਦਮ ਹਿੰਮਤ ਨਾਲ ਅਜਿਹੇ ਖੇਤਰਾਂ ਨੂੰ ਇਕ ਸੁਪਨਈ ਜਗ੍ਹਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਕੈਨੇਡਾ ਵੀ ਇਸੇ ਧਰਤੀ ਦਾ ਹੀ ਇਕ ਅਜਿਹਾ ਹਿੱਸਾ ਜਿਥੇ ਕੁਦਰਤੀ ਸੁਹਜ ਵੀ ਹੈ ਤੇ ਮਾਨਵੀ ਕਦਰਾਂ-ਕੀਮਤਾਂ ਨਾਲ ਮਾਲਾਮਾਲ ਕਾਇਦੇ ਕਾਨੂੰਨ ਲਾਗੂ ਹਨ। ਇਸ ਸਭ ਕੁਝ ਨੂੰ ਮਾਨਣ ਦੇ ਸਬੱਬ ਨੇ ਹੀ ਪਾਕਿਸਤਾਨੀ ਭਰਾ ਉਘੇ ਚਿਤਰਕਾਰ ਤੇ ਲੇਖਕ ਸਲੀਮ ਪਾਸ਼ਾ ਨੂੰ ਸਫਰਨਾਮਾ ਲਿਖਣ ਲਈ ਉਤਸ਼ਾਹ ਭਰਿਆ। ਸ਼ਾਹਮੁੱਖੀ ਵਿਚ ਲਿਖੇ ਇਸ ਸਫ਼ਰਨਾਮੇ ਨੂੰ ਰੋਜ਼ੀ ਸਿੰਘ ਨੇ ਪੰਜਾਬੀ (ਗੁਰਮੁਖੀ)ਵਿਚ ਅਨੁਵਾਦ ਕਰਕੇ ਸਾਹਿਤ ਜਗਤ ਦੀ ਝੋਲੀ ਵਿਚ ਪਾਇਆ ਹੈ।
ਸਲੀਮ ਪਾਸ਼ਾ ਨੇ ਆਪਣੀ ਕੈਨੇਡਾ ਫੇਰੀ ਦੀ ਹਰ ਬਰੀਕੀ ਨੂੰ ਇਸ ਵਿਧਾ/ਢੰਗ ਨਾਲ ਪੇਸ਼ ਕੀਤਾ ਕਿ ਪੜ੍ਹਨ ਵਾਲੇ ਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਸ਼ਬਦਾਂ ਦੇ ਕੰਧੇੜੇ ਚੜਕੇ ਜਿਵੇਂ ਖ਼ੁਦ ਹੀ ਕੈਨੇਡਾ ਵਿਚ ਜਾ ਲੱਥਾ ਹੋਵੇ ਤੇ ਉਥੋਂ ਦੀ ਆਬੋ-ਹਵਾ ਮਾਣ ਰਿਹਾ ਹੋਵੇ। ਪੰਜਾਬੀ ਬੋਲੀ ਦੇ ਦੇਸ਼ੀ ਵਿਦੇਸ਼ੀ ਖਿਦਮਤਦਾਰਾਂ ਡਾ.ਅਜ਼ਹਰ ਮਹਿਮੂਦ, ਡਾ: ਦਰਸ਼ਨ ਸਿੰਘ ਬੈਂਸ, ਅਜਾਇਬ ਸਿੰਘ ਚੱਠਾ, ਸੱਯਦ ਅਲੀ ਇਰਫ਼ਾਨ ਅਖ਼ਤਰ, ਇਕਬਾਲ ਫਰਹਾਦ, ਸ਼ੱਬੀਰ ਹੁਸੈਨ, ਰਵੀ ਸ਼ਰਮਾ, ਸੰਤੋਖ ਸਿੰਘ ਸੰਧੂ ਅਤੇ ਕੁਲਜੀਤ ਸਿੰਘ ਜੰਜੂਆ ਵੱਲੋਂ ਪੰਜਾਬੀ ਬੋਲੀ ਲਈ ਕੀਤੇ ਜਾਂਦੇ ਸੁਹਿਰਦ ਯਤਨਾਂ ਨੂੰ ਸਮਰਪਿਤ ਇਹ ਸਫ਼ਰਨਾਮਾ ਮਨੁੱਖੀ ਰਹਿਣੀ-ਬਹਿਣੀ, ਕਾਰ-ਵਿਹਾਰ ਤੇ ਸੁਭਾਅ ਦੇ ਵਖਰੇਵੇਂ ਨੂੰ ਵੀ ਉਜਾਗਰ ਕਰਦਾ ਹੈ।
ਪਾਸ਼ਾ ਨੇ ਇਸ ਗੱਲ ਦੀ ਪ੍ਰੌੜਤਾ ਕੀਤੀ ਹੈ ਕਿ ਪੰਜਾਬੀ ਦੀ ਪ੍ਰਫੁਲਤਾ ਲਈ ਕੀਤੇ ਜਾਂਦੇ ਉਪਰਾਲੇ/ਕਾਨਫ਼ਰੰਸਾਂ ਅਦਬ ਦੇ ਆਰ-ਪਾਰ ਹੁੰਦੇ ਹਨ। ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਫਿਰਕੁਪਣੇ ਦੇ ਆਧਾਰਿਤ ਹੋਈ ਰਾਜਨੀਤਕ ਵੰਡ ਤੇ ਉਥਲ-ਪੁਥਲ ਨੇ ਪੰਜਾਬੀ ਬੋਲੀ ਨੂੰ ਵੀ ਵੰਡ ਕੇ ਰੱਖ ਦਿੱਤਾ ਹੈ। ਇਸ ਨੂੰ ਇਕ ਵਿਸ਼ੇਸ਼ ਫਿਰਕੇ ਨਾਲ ਜੋੜ ਕੇ ਦੂਜੇ ਫ਼ਿਰਕੇ ਵੱਲੋਂ ਬੇਲੋੜੀ ਨਫ਼ਰਤ ਭਰੀ ਨਿਗ੍ਹਾ ਨਾਲ ਹੀ ਵੇਖਿਆ ਜਾਂਦਾ ਹੈ। ਸ਼ਾਇਦ ਏਸੇ ਕਰਕੇ ਲਹਿੰਦੇ ਪੰਜਾਬ ਵਿਚ ਪੰਜਾਬੀ ਨੂੰ ਗੁਰਮੁਖੀ ਲਿਪੀ ਵਿਚ ਨਹੀਂ ਸਗੋਂ ਉਰਦੂ ਲਿਪੀ ਵਿਚ ਜਾਣੀ ਸ਼ਾਹਮੁੱਖੀ ਵਿਚ ਲਿਖਿਆ ਜਾ ਰਿਹਾ ਹੈ। ਜੇਕਰ ਲਹਿੰਦੇ ਪੰਜਾਬ ਦੇ ਪੰਜਾਬੀ ਲੇਖਕ ਗੁਰਮੁਖੀ ਲਿਪੀ ਸਿੱਖਣ-ਸਿਖਾਉਣ ਦਾ ਉਪਰਾਲਾ ਕਰਨ ਤਾਂ ਇਹ ਉਨ੍ਹਾਂ ਵੱਲੋਂ ਪੰਜਾਬੀ ਦੀ ਸੇਵਾ ਲਈ ਇਕ ਹੋਰ ਮੀਲ ਪੱਥਰ ਸਾਬਤ ਹੋ ਸਕਦਾ ਹੈ ਤੇ ਨਾਲ ਹੀ ਪੰਜਾਬੀ ਬੋਲੀ ਫ਼ਿਰਕੂਪੁਣੇ ਦੇ ਗ੍ਰਹਿਣ ਤੋਂ ਮੁਕਤ ਹੋਕੇ ਸੱਚੀਂ-ਮੁਚੀਂ ਪੰਜਾਬੀਆਂ ਦੀ ਮਾਣਮੱਤੀ ਬੋਲੀ ਬਣ ਸਕੇਗੀ।
ਲੇਖਕ ਪਾਸ਼ਾ ਨੇ ਦੇਸ਼ ਦੀ ਹੋਈ ਫ਼ਿਰਕੂ ਵੰਡ ਉਤੇ ਇਸ ਤਰ੍ਹਾਂ ਹਾਅ ਦਾ ਨਾਅਰਾ ਮਾਰਿਆ ਹੈ :
'ਇਕ ਧਰਤੀ ਵਰਗੀ ਮਾਂ ਸੀ,
ਜਿਸ ਦੀ ਪੁੱਤਰਾਂ ਵੰਡੀ ਛਾਂ ਸੀ।'

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

 

30-11-2014

 ਸਿਪਾਹੀਆਂ ਦਾ ਜਰਨੈਲ
ਸਵੈਜੀਵਨੀ ਜਨਰਲ ਜੇ.ਜੇ. ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 422.

31 ਜਨਵਰੀ, 2005 ਤੋਂ ਸਤੰਬਰ 2007 ਤੱਕ ਭਾਰਤੀ ਸੈਨਾ ਦੇ ਮੁਖੀ ਰਹੇ ਜਨਰਲ ਜੇ.ਜੇ. ਸਿੰਘ ਦੀ ਸਵੈਜੀਵਨੀ ਹੈ 'ਸਿਪਾਹੀਆਂ ਦਾ ਜਰਨੈਲ' ਨਾਂਅ ਦੀ ਇਹ ਕਿਤਾਬ। ਜੇ.ਜੇ. ਸਿੰਘ ਪੰਜਾਬੀ ਪਾਠਕ ਤੇ ਸਾਹਿਤਕ ਜਗਤ ਵਿਚ ਇਸ ਲਈ ਵੀ ਪਰਿਚਿਤ ਹੈ ਕਿ ਉਹ ਪੰਜਾਬੀ ਦੇ ਦੋ ਜ਼ਹੀਨ ਸਾਹਿਤਕਾਰਾਂ ਪ੍ਰਭਜੋਤ ਕੌਰ ਤੇ ਨਰਿੰਦਰ ਪਾਲ ਸਿੰਘ ਦਾ ਜਵਾਈ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ਰਧਾਲੂ ਸਿੱਖ ਭਾਈ ਬਲੂ ਦੀ ਅੰਸ਼ ਵਿਚੋਂ ਹਨ ਜੇ.ਜੇ. ਸਿੰਘ ਮਰਵਾਹਾ ਦੇ ਵਡੇਰੇ। ਦਾਦਾ ਆਤਮਾ ਸਿੰਘ ਸਿਪਾਹੀ ਸੀ ਤੇ ਪਿਤਾ ਕਰਨਲ ਜਸਵੰਤ ਸਿੰਘ। ਇੰਜ ਸਿਪਾਹੀ ਦਾ ਪੁੱਤਰ ਕਰਨੈਲ ਅਤੇ ਕਰਨੈਲ ਦਾ ਪੁੱਤਰ ਜਰਨੈਲ ਬਣ ਕੇ ਉੱਭਰਿਆ। ਇਸ ਮਾਣਮੱਤੀ ਪ੍ਰਾਪਤੀ ਦਾ ਦਸਤਾਵੇਜ਼ੀ ਬਿਰਤਾਂਤ ਹੈ ਇਹ ਸਵੈਜੀਵਨੀ।
ਜਨਰਲ ਸਿੰਘ ਭਾਰਤੀ ਫ਼ੌਜ ਦਾ ਪਹਿਲਾ ਸਿੱਖ ਸੈਨਾ ਮੁਖੀ ਹੈ। ਆਪ੍ਰੇਸ਼ਨਲ ਏਰੀਆ ਵਿਚ ਹੀ ਉਸ ਨੇ ਸਭ ਤੋਂ ਵੱਧ ਸੇਵਾ ਕੀਤੀ, ਪਰ ਸੈਨਾ ਮੁਖੀ ਵਜੋਂ ਵੀ ਸਫ਼ਲ ਰਿਹਾ ਅਤੇ ਸੇਵਾ-ਮੁਕਤੀ ਉਪਰੰਤ ਅਰੁਣਾਚਲ ਦੇ ਗਵਰਨਰ ਵਜੋਂ ਵੀ। ਕਸ਼ਮੀਰ ਦੇ ਅੱਤਵਾਦੀਆਂ ਨਾਲ ਵੀ ਉਸ ਨੇ ਆਪਣੇ ਸਰਗਰਮ ਫ਼ੌਜੀ ਜੀਵਨ ਵਿਚ ਟੱਕਰ ਲਈ ਅਤੇ ਉੱਤਰ-ਪੂਰਬ ਦੇ ਅੱਤਵਾਦੀ ਅਨਸਰਾਂ ਨਾਲ ਵੀ। ਕਈ ਵਾਰ ਉਹ ਮਸਾਂ ਹੀ ਬਚਿਆ। ਕਈ ਵਾਰ ਉਸ ਉੱਤੇ ਜਾਨ ਲੇਵਾ ਹਮਲੇ ਹੋਏ। ਉਸ ਦੀ ਪ੍ਰਤਿਭਾ ਦੀ ਪ੍ਰਾਪਤੀ ਦੀ ਸਿਖ਼ਰ ਸੀ, ਉਸ ਦਾ ਭਾਰਤੀ ਫ਼ੌਜਾਂ ਦਾ ਸੈਨਾਪਤੀ ਬਣਨਾ। ਇਹ ਪੁਸਤਕ ਜੇ.ਜੇ. ਵਜੋਂ ਹਰਮਨ-ਪਿਆਰੇ ਜਨਰਲ ਦੀਆਂ ਪਰਿਵਾਰਕ ਰਵਾਇਤਾਂ ਤੇ ਪਿਛੋਕੜ ਤੋਂ ਤੁਰਦੀ ਹੈ। ਜੇ.ਜੇ. ਦੇ ਕਮਿਸ਼ਨ ਲੈ ਕੇ ਮਰਾਠਾ ਲਾਈਟ ਇਨਫੈਂਟਰੀ ਨਾਲ ਜੁੜਨ ਦਾ ਬਿਰਤਾਂਤ ਦੇ ਕੇ ਅੱਗੇ ਵਧਦੀ ਹੈ। ਬਟਾਲੀਅਨ ਤੇ ਬ੍ਰਿਗੇਡ ਕਮਾਂਡ ਕਰਨ ਦੇ ਵੇਰਵੇ ਦਿੰਦੇ ਹੋਏ ਵੱਖ-ਵੱਖ ਸੈਨਿਕ ਆਪ੍ਰੇਸ਼ਨਾਂ ਵਿਚ ਜੇ.ਜੇ. ਦੇ ਰੋਲ ਨਾਲ ਸਾਡੀ ਸਾਂਝ ਪਵਾਉਂਦੀ ਹੈ। ਸਿਆਚਿਨ, ਕਾਰਗਿਲ ਤੇ ਪਾਰਲੀਮੈਂਟ ਉੱਤੇ ਆਤੰਕੀ ਹਮਲੇ ਦੀ ਗਾਥਾ ਸੁਣਾਉਂਦੀ ਹੈ। ਸੈਨਾ ਮੁਖੀ ਵਜੋਂ ਪੇਸ਼ ਵੰਗਾਰਾਂ ਤੇ ਉਨ੍ਹਾਂ ਦੇ ਪ੍ਰਤੀਉੱਤਰ ਦੀ ਗੱਲ ਕਰਦੀ ਹੈ। ਜੇ.ਜੇ. ਦੀ ਸ਼ਾਦੀ ਤੇ ਪਰਿਵਾਰਕ ਜੀਵਨ ਦੀਆਂ ਕੁਝ ਰੌਚਿਕ ਝਲਕਾਂ ਵੀ ਦਿਖਾਉਂਦੀ ਹੈ। ਗਵਰਨਰੀ ਦੇ ਸਮੇਂ ਦੇ ਵੱਖਰੇ ਅਨੁਭਵ ਨੂੰ ਪਾਠਕਾਂ ਅੱਗੇ ਰੱਖਦੀ ਹੈ। ਵੱਡੀ ਗਿਣਤੀ ਵਿਚ ਸਿਆਹ, ਸਫ਼ੈਦ ਅਤੇ ਬਹੁਰੰਗੇ ਚਿੱਤਰ ਇਸ ਨੂੰ ਆਕਰਸ਼ਕ ਬਣਾਉਂਦੇ ਹਨ।

ਟੈਰੀ ਫੌਕਸ ਅਤੇ ਉਸ ਦੀ ਵੀਰ ਗਾਥਾ
ਲੇਖਕ : ਲੈਜ਼ਿਲੀ ਸਕਰਾਈਵਨਰ
ਅਨੁਵਾਦਕ : ਮੋਹਨ ਸਿੰਘ ਭੰਗੂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 288.

1958 ਵਿਚ ਜਨਮੇ ਤੇ 1981 ਵਿਚ ਭਰ ਜਵਾਨੀ ਵਿਚ ਕੈਂਸਰ ਨਾਲ ਲੜਦੇ ਹੋਏ ਬਹਾਦਰਾਂ ਵਾਲੀ ਮੌਤ ਮਰਨ ਵਾਲੇ ਕੈਨੇਡੀਅਨ ਟੇਰੀ ਫੌਕਸ ਦਾ ਪ੍ਰੇਰਨਾਜਨਕ ਬਿਰਤਾਂਤ ਹੈ ਇਹ ਪੁਸਤਕ। ਮੂਲ ਰੂਪ ਵਿਚ ਲੈਜ਼ਿਲੀ ਸਕਰਾਈਵਨਰ ਵੱਲੋਂ ਅੰਗਰੇਜ਼ੀ ਵਿਚ ਲਿਖੀ ਇਸ ਕਿਤਾਬ ਨੂੰ ਪੰਜਾਬੀ ਵਿਚ ਮੋਹਨ ਸਿੰਘ ਭੰਗੂ ਨੇ ਅਨੁਵਾਦਿਤ ਕੀਤਾ ਹੈ ਅਤੇ ਪੰਜਾਬੀ ਪਾਠਕਾਂ ਦੀ ਰੁਚੀ, ਘੇਰਾ ਤੇ ਪੱਧਰ ਵਿਕਸਿਤ ਕਰਨ ਵਾਲੇ ਪ੍ਰਕਾਸ਼ਨ ਅਦਾਰੇ ਲੋਕ ਗੀਤ ਨੇ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਕੀਤਾ ਹੈ। ਕੀਮਤ ਭਾਵੇਂ ਰਤਾ ਵੱਧ ਹੈ ਪਰ ਕਿਤਾਬ ਉਦੇਸ਼ ਪੂਰਨ ਤੇ ਵਸ ਲੱਗੇ ਤਾਂ ਪੜ੍ਹਣਯੋਗ ਹੈ।
ਕੌਣ ਹੈ ਟੈਰੀ ਫੌਕਸ? ਇਹ ਤਾਂ ਦੱਸ ਦਿੱਤਾ ਹੈ। ਪ੍ਰਸਿੱਧੀ ਉਸ ਦੀ ਇਸ ਲਈ ਹੈ ਕਿ ਉਸ ਨੇ ਕੁਝ ਵਿਸ਼ੇਸ਼ ਕੰਮ ਕੀਤਾ। 1977 ਵਿਚ ਕੈਂਸਰ ਦਾ ਪਤਾ ਲੱਗਣ ਉਤੇ ਉਸ ਦੀ ਸੱਜੀ ਲੱਤ ਗੋਡੇ ਤੋਂ ਛੇ ਇੰਚ ਉੱਪਰੋਂ ਕੱਟਣੀ ਪਈ। ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਦਵਾਈਆਂ ਖੋਜਣ ਤੇ ਇਲਾਜ ਕਰਨ ਵਾਲੀਆਂ ਸੰਸਥਾਵਾਂ ਲਈ ਪੈਸੇ ਦਾ ਪ੍ਰਬੰਧ ਕਰਨ ਦਾ ਫ਼ਿਕਰ ਉਸ ਨੇ ਕੀਤਾ। ਉਸ ਨੇ ਬਨਾਉਟੀ ਲੱਤ ਲਵਾ ਕੇ ਕੈਨੇਡਾ ਦੇ ਇਕ ਸਿਰੇ ਤੋਂ ਦੂਜੇ ਤੱਕ ਦੌੜਨ ਦਾ ਐਲਾਨ ਕੀਤਾ। ਲੋਕ ਉਸ ਦੀ ਅਸਾਧਾਰਨ ਸਥਿਤੀ ਦ੍ਰਿੜ੍ਹਤਾ ਤੇ ਉਦੇਸ਼ ਉੱਤੇ ਹੈਰਾਨ ਹੋਏ। ਰਿਸ਼ਤੇਦਾਰਾਂ, ਮਿੱਤਰਾਂ, ਮਾਹਿਰਾਂ ਨੂੰ ਵੀ ਇਹ ਟੀਚਾ ਅਸੰਭਵ ਲੱਗਿਆ ਪਰ ਟੈਰੀ ਨੇ ਪ੍ਰਵਾਹ ਨਾ ਕੀਤੀ।
ਮੌਤ ਤੱਕ 143 ਦਿਨਾਂ ਵਿਚ ਉਹ ਔਸਤਨ 26 ਮੀਲ ਰੋਜ਼ ਦੌੜਦਾ ਰਿਹਾ। ਕੈਨੇਡਾ ਦੇ ਪੂਰਬੀ ਸਿਰੇ ਤੋਂ ਪ੍ਰਾਂਤ ਨਿਊਫਾਊਂਡ ਲੈਂਡ ਦੇ ਸ਼ਹਿਰ ਸੇਂਟ ਜਾਹਨਜ਼ ਤੋਂ ਸ਼ੁਰੂ ਕੀਤੀ ਤੇ ਪਹਿਲੀ ਸਤੰਬਰ 1980 ਨੂੰ ਓਂਟੇਰੀਓ ਪ੍ਰਾਂਤ ਦੇ ਥੰਡਰ ਬੇਅ ਸ਼ਹਿਰ ਵਿਚ ਇਹ ਦੌੜ ਉਸ ਨੇ ਬੰਦ ਕੀਤੀ। ਟੈਰੀ ਨੇ 12 ਅਪ੍ਰੈਲ 1980 ਨੂੰ ਸ਼ੁਰੂ ਕੀਤੀ ਸੀ ਉਮੀਦ ਦੀ ਇਹ ਲੰਮੀ ਦੌੜ। 240 ਲੱਖ ਡਾਲਰ ਉਸ ਵੱਲੋਂ ਕੈਂਸਰ ਦੇ ਇਲਾਜ ਲਈ ਇਕੱਠੇ ਕੀਤੇ ਤੇ ਇਹ ਪੈਸਾ ਟਰੱਸਟ ਬਣਾ ਕੇ ਇਸ ਉਦੇਸ਼ ਦੀ ਪੂਰਤੀ ਲਈ ਖ਼ਰਚਣ ਲਈ ਜਮ੍ਹਾਂ ਕੀਤਾ ਗਿਆ। ਕੈਨੇਡਾ ਹੀ ਨਹੀਂ ਵਿਸ਼ਵ ਭਰ ਵਿਚ ਟੈਰੀ ਨੂੰ ਜਿਊਂਦੇ ਜੀਅ ਤੇ ਮਰਨ ਉਪਰੰਤ ਵੱਡੇ-ਵੱਡੇ ਮਾਣ-ਸਨਮਾਨ ਮੈਡਲ ਤੇ ਪੁਰਸਕਾਰ ਦਿੱਤੇ ਗਏ। ਉਸ ਦੇ ਮਰਨ ਉਪਰੰਤ ਸਮੇਂ-ਸਮੇਂ ਉਸ ਦੀ ਯਾਦ ਵਿਚ ਦੌੜ ਤੇ ਹੋਰ ਪ੍ਰੋਗਰਾਮ ਆਯੋਜਿਤ ਕਰਕੇ ਹੁਣ ਵੀ ਕੈਂਸਰ ਦੇ ਇਲਾਜ ਲਈ ਪੈਸਾ ਇਕੱਠਾ ਕੀਤਾ ਜਾਂਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਸ਼ਤਾਬੀਆਂ
ਲੇਖਕ : ਹਾਕਮ ਸਿੰਘ ਸ਼ਤਾਬ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 151.

ਪੁਸਤਕ ਲੇਖਕ ਦੇ ਸਦੀਵੀ ਵਿਛੋੜੇ ਪਿੱਛੋਂ ਦੋਸਤਾਂ, ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਛਪਵਾਈ ਗਈ ਹੈ, ਜਿਸ ਦੀ ਸੰਪਾਦਨਾ ਸੁਦਾਗਰ ਬਰਾੜ ਲੰਡੇ ਨੇ ਕੀਤੀ ਹੈ। ਸਮੁੱਚੀ ਕਿਤਾਬ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਗੀਤ ਤੇ ਕਵਿਤਾਵਾਂ ਹਨ। ਕਵਿਤਾਵਾਂ ਦੀ ਸੁਰ ਮਾਨਵਵਾਦੀ, ਲੋਕ ਸਾਹਿਤ ਰੁਚਿਤ ਅਤੇ ਸਾਂਝੀਵਾਲਤਾ ਵਾਲੀ ਹੈ। ਖਾਸ ਤੌਰ 'ਤੇ ਖੂਨ ਸ਼ਹੀਦਾਂ ਦਾ, ਸਾਂਝੀਵਾਲਤਾ, ਫੇਰ ਅਚਾਨਕ, ਬਦਨਸੀਬੀ, ਨਾ ਆਈਂ ਭਾਰਤ ਵਿਚ ਬਾਬਾ ਅਤੇ 'ਅਜੋਕੇ ਬੱਚਿਆਂ ਦੇ ਨਾਂਅ' ਧਿਆਨ ਖਿੱਚਦੀਆਂ ਹਨ। ਦੂਜਾ ਭਾਗ ਕਹਾਣੀਆਂ ਵਿਚੋਂ ਜਨਾਨਾ ਡੱਬਾ, ਮੇਰੀ ਯਾਦਗਾਰੀ ਟਿਕਟ, ਬਗਲੇ ਪੜ੍ਹਨਯੋਗ ਹਨ। ਤੀਜਾ ਭਾਗ (ਚਲਦੇ ਚਲਦੇ) ਵਿਚ ਹਲਕੇ-ਫੁਲਕੇ ਲੇਖ ਹਨ। ਸਾਵਧਾਨ ਰਹੋ ਮੁਫ਼ਤਖੋਰਾਂ ਤੋਂ, ਵਿਆਹ-ਸ਼ਾਦੀਆਂ, ਨੀਂਹ ਪੱਥਰਾਂ ਦੀ ਗੱਲ, ਰੂਹ ਲਈ ਜ਼ਹਿਰ, ਮੌਜਾਂ, ਮਾਨਵ ਮੰਗਤੇ, ਵਿਚੋਲਪੁਣੇ ਦਾ ਸਵਾਦ, ਮਰਨਾ ਕਿਸ ਦਾ ਹੋਇਆ ਸੁਝਾਤਮਕ ਅਤੇ ਵਿਅੰਗ-ਭਾਵੀ ਹਨ। ਚੌਥੇ ਭਾਗ ਵਿਚ 11 ਪਿੰਡਾਂ ਬਾਰੇ ਸੰਖੇਪ ਜਾਣਕਾਰੀ ਹੈ। ਮਾੜੀ, ਪੰਜ ਕੋਸੀ, ਕੱਲਰ ਖੇੜਾ, ਆਲਮਗੜ੍ਹ, ਖੋਸਾ ਰਣਧੀਰ ਬਾਰੇ ਰੌਚਿਕ ਅਤੇ ਗਿਆਨ ਵਰਧਕ ਜਾਣਕਾਰੀ ਹੈ। ਪੰਜਵੇਂ ਭਾਗ ਵਿਚ ਮੁਹੰਮਦ ਬੂਟੇ ਖਾਨ ਅਤੇ ਦਰਸ਼ਨ ਸਿੰਘ ਦੇ ਰੇਖਾ ਚਿੱਤਰ ਹਨ। ਲੇਖਕ ਨੇ ਇਸ ਤਰ੍ਹਾਂ ਇਕ ਗੁਲਦਸਤਾ ਪੇਸ਼ ਕੀਤਾ ਹੈ, ਜਿਸ ਦੀ ਆਪਣੀ ਮਹਿਕ ਹੈ।

-ਜੋਗਿੰਦਰ ਸਿੰਘ ਨਿਰਾਲਾ
ਮੋ: 98721-61644

ਕਿੱਕਰੀਂ ਫੁੱਲ ਪਏ
ਲੇਖਕ : ਕਰਨੈਲ ਸਿੰਘ ਸੋਮਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 243.

ਲੇਖਕ ਨੇ ਆਪਣੀ ਸਵੈ-ਜੀਵਨੀ ਦੇ ਨਾਂਅ ਬਾਰੇ ਦੱਸਿਆ ਹੈ ਕਿ ਕਿੱਕਰ ਦੇ ਫੁੱਲਾਂ ਨੂੰ ਕੋਈ ਨਹੀਂ ਵੇਖਦਾ, ਇਹ ਕਿਸੇ ਨੂੰ ਭੇਟ ਵੀ ਨਹੀਂ ਕੀਤੇ ਜਾਂਦੇ। ਰੋਹੀਆਂ ਝੱਲ ਕੇ ਵੀ ਕਿੱਕਰ ਸੁੱਕਦੀ ਨਹੀਂ, ਪੀਲੇ ਫੁੱਲਾਂ ਨਾਲ ਭਰ ਜਾਂਦੀ ਹੈ, ਇਹ ਉਸ ਦੀ ਵਡਿਆਈ ਹੈ। ਲੇਖਕ ਦੀ ਜੀਵਨੀ ਇਸ ਨਾਂਅ ਨੂੰ ਸਾਰਥਕ ਕਰਦੀ ਹੈ ਕਿ ਕਠੋਰ, ਪਥਰੀਲੇ, ਕਕਰੀਲੇ ਅਤੇ ਕੰਡਿਆਲੇ ਹਾਲਾਤ ਵਿਚ ਵੀ ਮਨੁੱਖ ਵਿਚ ਫੁੱਲ ਬਣ ਕੇ ਖਿੜਨ ਦੀ ਸੰਭਾਵਨਾ ਹੁੰਦੀ ਹੈ। ਛੇ ਭਾਗਾਂ ਵਿਚ ਅੰਕਿਤ ਜੀਵਨ ਬ੍ਰਿਤਾਂਤ ਨੂੰ ਲੇਖਕ ਨੇ ਬਹੁਤ ਹੀ ਸਰਲ, ਰੌਚਿਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕੀਤਾ ਹੈ। ਇਕ ਸਾਧਾਰਨ ਜ਼ਿਮੀਂਦਾਰ ਪਰਿਵਾਰ ਵਿਚ ਜਨਮ ਲੈ ਕੇ ਤੰਗੀਆਂ-ਤੁਰਸ਼ੀਆਂ ਕੱਟਦਾ ਬਚਪਣਾ, ਸੰਘਰਸ਼ਮਈ ਜਵਾਨੀ ਅਤੇ ਸਾਰਥਕ ਬਜ਼ੁਰਗੀ ਤੱਕ ਦਾ ਸਫ਼ਰ ਅਤਿਅੰਤ ਇਮਾਨਦਾਰੀ, ਸੂਝ ਅਤੇ ਹਲੀਮੀ ਨਾਲ ਉੱਕਰਿਆ ਗਿਆ ਹੈ। ਪੁਸਤਕ ਵਿਚ ਲੇਖਕ ਦੀ ਜੀਵਨੀ ਦੇ ਨਾਲ-ਨਾਲ ਪੇਂਡੂ ਸੱਭਿਆਚਾਰ, ਇਤਿਹਾਸ ਅਤੇ ਕਾਲ ਚੱਕਰ ਦੇ ਵੀ ਦਰਸ਼ਨ ਹੁੰਦੇ ਹਨ। ਨਸ਼ਿਆਂ ਦਾ ਜੰਜਾਲ, ਛੋਟੀ ਕਿਰਸਾਨੀ ਦੀਆਂ ਮੁਸ਼ਕਿਲਾਂ, ਔਰਤਾਂ ਦੀ ਦੁਰਦਸ਼ਾ, ਘਰੇਲੂ ਹਿੰਸਾ, ਰੁਲਦਾ ਹੋਇਆ ਬਚਪਣ ਅਤੇ ਅਗਿਆਨਤਾ ਦਾ ਹਨੇਰਾ ਜੀਵਨ ਨੂੰ ਘੁਣ ਲਾ ਦਿੰਦਾ ਹੈ। ਫਿਰ ਵੀ ਲੇਖਕ ਵਰਗੀਆਂ ਕੁਝ ਬਹਾਦਰ ਆਤਮਾਵਾਂ ਜੂਝ ਕੇ ਜੇਤੂ ਹੋਣ ਦਾ ਫ਼ਖ਼ਰ ਹਾਸਲ ਕਰਦੀਆਂ ਹਨ ਅਤੇ ਜ਼ਿੰਦਗੀ ਨੂੰ ਇਕ ਸਜ਼ਾ ਵਾਂਗ ਨਹੀਂ, ਇਕ ਤੋਹਫ਼ੇ ਵਾਂਗ ਹੰਢਾਉਂਦੀਆਂ ਹਨ। ਇਕ ਆਮ ਮਨੁੱਖ ਦੀ ਇਹ ਇਕ ਖ਼ਾਸ ਜੀਵਨ ਕਹਾਣੀ ਹੈ, ਜਿਸ ਤੋਂ ਪ੍ਰੇਰਨਾ ਅਤੇ ਉਤਸ਼ਾਹ ਮਿਲਦਾ ਹੈ। ਲੇਖਕ ਦੀ ਸੰਵੇਦਨਸ਼ੀਲ ਆਤਮਾ ਨੇ ਸੰਨ ਸੰਤਾਲੀ ਅਤੇ ਚੁਰਾਸੀ ਦੇ ਦੁਖਾਂਤਾਂ ਤੋਂ ਝਰੀਟਾਂ ਖਾਧੀਆਂ ਹਨ। ਅਣਹੋਣੀਆਂ ਦੇ ਦਿਨ ਵੀ ਉਸ ਦੀ ਸ਼ਖ਼ਸੀਅਤ ਵਿਚ ਨਿਖਾਰ ਪੈਦਾ ਕਰ ਗਏ। ਧੀਆਂ ਅਤੇ ਔਰਤ ਜਾਤ ਪ੍ਰਤੀ ਸਤਿਕਾਰ ਉਸ ਦੇ ਕੱਦ ਨੂੰ ਉਚਿਆਉਂਦਾ ਹੈ। ਇਹ ਇਕ ਸਾਧਾਰਨ ਮਨੁੱਖ ਦੇ ਅਸਾਧਾਰਨ ਸਫ਼ਰ ਦੀ ਦਾਸਤਾਨ ਹੈ, ਜੋ ਧੁਰ ਅੰਦਰ ਤੱਕ ਲਹਿ ਜਾਂਦੀ ਹੈ। ਨਰੋਈ ਜੀਵਨ ਜੁਗਤ ਦੀ ਤਲਾਸ਼ ਅਤੇ ਜਾਚ ਸਿਖਾਉਣ ਵਾਲੀ ਇਸ ਪੁਸਤਕ ਦਾ ਤਹਿ ਦਿਲੋਂ ਸਵਾਗਤ ਹੈ।

ਪੰਜਾਬ ਦਾ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ
ਲੇਖਕ : ਪੰਡਿਤ ਸੱਤਿਆ ਨਾਰਾਇਣ ਸ਼ਰਮਾ
ਅਨੁਵਾਦਕ : ਹਰਮਿੰਦਰ ਸਿੰਘ ਕਾਲਰਾ
ਪ੍ਰਕਾਸ਼ਕ : ਸਾਇੰਸ ਐਂਡ ਜਨਰਲ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 134.

ਸਾਡੀ ਆਜ਼ਾਦੀ ਦਾ ਇਤਿਹਾਸ ਸ਼ਹੀਦਾਂ ਦੇ ਖ਼ੂਨ ਨਾਲ ਲਿਖਿਆ ਹੋਇਆ ਹੈ। ਪੰਜਾਬ ਦੀ ਮਹਾਨ ਧਰਤੀ ਨੇ ਅਨੇਕਾਂ ਦੂਲਿਆਂ, ਸੂਰਬੀਰਾਂ, ਅਣਖੀਆਂ ਅਤੇ ਬਹਾਦਰਾਂ ਨੂੰ ਪੈਦਾ ਕੀਤਾ, ਜੋ ਆਜ਼ਾਦੀ ਦੀ ਸ਼ਮ੍ਹਾਂ ਉੱਤੇ ਭੰਬਟਾਂ ਵਾਂਗ ਕੁਰਬਾਨ ਹੋ ਗਏ। ਸ਼ਹੀਦ ਊਧਮ ਸਿੰਘ ਨੇ ਵੀ ਆਪਣੇ ਪ੍ਰਣ ਨੂੰ ਪਾਲਦੇ ਹੋਏ ਸਾਰੀ ਜ਼ਿੰਦਗੀ ਵਤਨ ਦੇ ਲੇਖੇ ਲਾ ਦਿੱਤੀ। ਉਸ ਨੇ 19 ਸਾਲ ਦੀ ਉਮਰ ਵਿਚ ਜਲ੍ਹਿਆਂਵਾਲੇ ਬਾਗ ਦਾ ਖ਼ੂਨੀ ਸਾਕਾ ਆਪਣੀਆਂ ਅੱਖਾਂ ਨਾਲ ਦੇਖਿਆ। ਉਸ ਸਮੇਂ ਇਹ ਅਨਾਥ ਬਾਲਕ ਸ੍ਰੀ ਅੰਮ੍ਰਿਤਸਰ ਦੇ ਅਨਾਥ ਆਸ਼ਰਮ ਵਿਚ ਰਹਿੰਦਾ ਸੀ ਅਤੇ ਇਕ ਸਵੈ-ਸੇਵਕ ਵਜੋਂ ਵਿਸਾਖੀ ਦੇ ਜਲਸੇ ਵਿਚ ਸ਼ਾਮਿਲ ਹੋਇਆ ਸੀ। ਜਦੋਂ ਮਹਾਂ ਹਤਿਆਰੇ ਬ੍ਰਿਗੇਡੀਅਰ ਜਨਰਲ ਰੇਜਿਨਾਲਡ ਈ.ਐਚ. ਡਾਇਰ ਨੇ ਨਿਹੱਥੇ ਲੋਕਾਂ ਉੱਤੇ ਅੰਧਾਧੁੰਦ ਫਾਇਰਿੰਗ ਕਰਨ ਦਾ ਆਦੇਸ਼ ਦਿੱਤਾ ਤਾਂ ਕੁਝ ਹੀ ਮਿੰਟਾਂ ਵਿਚ ਜਲ੍ਹਿਆਂਵਾਲਾ ਬਾਗ ਮਾਸੂਮ ਲੋਕਾਂ ਦੇ ਖੂਨ ਨਾਲ ਨਹਾ ਉੱਠਿਆ। ਊਧਮ ਸਿੰਘ ਨੇ ਇਕ ਦਰੱਖਤ 'ਤੇ ਚੜ੍ਹ ਕੇ ਆਪਣੀ ਜਾਨ ਬਚਾਈ। ਉਸੇ ਦਿਨ ਊਧਮ ਸਿੰਘ ਨੇ ਸਹੁੰ ਖਾਧੀ ਕਿ ਉਹ ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਲਈ ਜ਼ਿੰਮੇਵਾਰ ਅਫ਼ਸਰਾਂ-ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਅਤੇ ਈ.ਐਚ. ਡਾਇਰ, ਰਾਜ ਸਕੱਤਰ ਲਾਰਡ ਜੈਟ ਲੈਂਡ ਨੂੰ ਗੋਲੀ ਨਾਲ ਉਡਾਏਗਾ। ਆਪਣੀ ਇਸ ਸਹੁੰ ਨੂੰ ਉਸ ਨੇ ਅਨਾਥ ਆਸ਼ਰਮ ਵਿਚ ਆ ਕੇ ਆਪਣੀ ਡਾਇਰੀ ਵਿਚ ਲਿਖ ਲਿਆ। ਲੰਮੇ ਸੰਘਰਸ਼, ਜੇਲ੍ਹਾਂ, ਮੁਸ਼ਕਿਲਾਂ, ਮੁਸੀਬਤਾਂ ਉਸ ਨੂੰ ਆਪਣੇ ਇਰਾਦੇ ਤੋਂ ਡੁਲਾ ਨਾ ਸਕੀਆਂ। ਜਨਰਲ ਡਾਇਰ ਤਾਂ 1920 ਵਿਚ ਹੀ ਲਕਵੇ ਦਾ ਸ਼ਿਕਾਰ ਹੋ ਕੇ 1927 ਵਿਚ ਆਪਣੀ ਕਲੰਕਿਤ ਆਤਮਾ ਨਾਲ ਚੱਲ ਵਸਿਆ ਸੀ। ਅਖ਼ੀਰ 13 ਮਾਰਚ 1940 ਨੂੰ ਕੈਕਸਟਨ ਹਾਲ ਲੰਡਨ ਵਿਖੇ ਉਸ ਨੇ ਕਮਾਲ ਦੇ ਹੌਸਲੇ ਨਾਲ ਮਾਈਕਲ ਓਡਵਾਇਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਜੈਟਲੈਂਡ ਨੂੰ ਜ਼ਖ਼ਮੀ ਕਰ ਦਿੱਤਾ। ਉਸ ਨੇ ਹੱਸਦਿਆਂ ਹੋਇਆਂ ਹਿਰਾਸਤ, ਜੇਲ੍ਹ ਅਤੇ ਫਾਂਸੀ ਨੂੰ ਕਬੂਲ ਕੀਤਾ ਅਤੇ ਸ਼ਹੀਦੀਆਂ ਦੇ ਇਤਿਹਾਸ ਵਿਚ ਅਮਰ ਹੋ ਗਿਆ। ਇਹ ਪੁਸਤਕ ਬਹੁਤ ਹੀ ਮਹੱਤਵਪੂਰਨ ਅਤੇ ਪ੍ਰੇਰਨਾਦਾਇਕ ਹੈ। ਸਰਲ, ਸਪੱਸ਼ਟ, ਪ੍ਰਭਾਵਸ਼ਾਲੀ ਪੁਸਤਕ ਇਕ ਇਤਿਹਾਸਕ ਦਸਤਾਵੇਜ਼ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਲਫ਼ਜ਼ਾਂ ਦਾ ਵਣਜ
ਵਾਰਤਾਕਾਰ : ਸੁਰਿੰਦਰ ਅਤੈ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 168.

ਸੁਰਿੰਦਰ ਅਤੈ ਸਿੰਘ ਨੇ ਇਸ ਵਾਰਤਕ ਪੁਸਤਕ ਵਿਚ 45 ਨਿਬੰਧ ਸ਼ਾਮਿਲ ਕੀਤੇ ਹਨ। ਇਨ੍ਹਾਂ ਨਿਬੰਧਾਂ ਵਿਚ ਕੁਝ ਇਕ ਨਿਬੰਧਾਂ ਦੀ ਸ਼੍ਰੇਣੀ ਅਜਿਹੀ ਵੀ ਹੈ, ਜਿਨ੍ਹਾਂ ਨਿਬੰਧਾਂ ਨੂੰ ਆਤਮਕਥਾ ਮੂਲਕ ਨਿਬੰਧ ਕਿਹਾ ਜਾ ਸਕਦਾ ਹੈ। ਭਾਵੇਂ ਕਿ ਸਾਰੇ ਹੀ ਨਿਬੰਧ ਲੇਖਿਕਾ ਦੇ ਵਿਸ਼ੇਸ਼ ਜੀਵਨ ਅਨੁਭਵ ਦੇ ਲਖਾਇਕ ਹਨ। ਇਨ੍ਹਾਂ ਨਿਬੰਧਾਂ ਵਿਚ ਰਿਸ਼ਤਿਆਂ ਦੀ ਮਿੱਠੀ ਮਹਿਕ ਵੀ ਹੈ। ਪੰਜਾਬ ਦੇ ਅਰਥਚਾਰੇ ਦੀ ਝਾਕੀ ਵੀ ਹੈ। ਪੰਜਾਬੀ ਸੱਭਿਆਚਾਰ ਦੀਆਂ ਉਚਤਮ ਕਦਰਾਂ-ਕੀਮਤਾਂ ਦੇ ਗੁਆਚ ਜਾਣ ਦਾ ਹੇਰਵਾ ਅਤੇ ਚਿੰਤਾ ਵੀ ਹੈ, ਪੰਜਾਬੀ ਜਵਾਨੀ ਦਾ ਵਿਦੇਸ਼ਾਂ ਵੱਲ ਵਧਦਾ ਰੁਝਾਨ ਅਤੇ ਧੀਆਂ ਪ੍ਰਤੀ ਮਾਪਿਆਂ ਦੀ ਅਜੋਕੇ ਯੁੱਗ ਵਿਚ ਪੈਦਾ ਹੋ ਰਹੀ ਬੇਰੁਖ਼ੀ ਦਾ ਬਿਰਤਾਂਤ ਵੀ ਹੈ। ਇਨ੍ਹਾਂ ਨਿਬੰਧਾਂ ਵਿਚੋਂ ਪੰਜਾਬ ਦੇ ਪੇਂਡੂ ਭਾਈਚਾਰੇ ਦੇ ਵਿਸ਼ਵਾਸਾਂ, ਸਧਰਾਂ, ਨੋਕਾਂ-ਝੋਕਾਂ, ਰੋਸਿਆਂ-ਹਾਸਿਆਂ ਦੀ ਕਨਸੋਅ ਮਿਲਦੀ ਹੈ। ਕਈ ਨਿਬੰਧਾਂ ਵਿਚ ਸਾਡੀ ਜੀਵਨ-ਸ਼ੈਲੀ ਵਿਚ ਆਏ ਬਦਲਾਵਾਂ ਸਦਕਾ ਜਿਹੜੀ ਉਥਲ-ਪੁਥਲ ਮਚੀ ਹੈ, ਉਸ ਦੇ ਤੁਲਨਾਤਮਕ ਵੇਰਵੇ ਵੀ ਦਰਜ ਕੀਤੇ ਗਏ ਹਨ। 'ਸਾਡੇ ਵੇਲਿਆਂ ਦਾ ਸਾਉਣ', 'ਸੰਜੋਗਾਂ ਦੀ ਜ਼ੋਰਾਵਰੀ', 'ਕਰਵਾ ਚੌਥ ਤੋਂ ਪਹਿਲਾਂ' ਆਦਿ ਨਿਬੰਧ ਇਸ ਸ਼੍ਰੇਣੀ ਵਿਚ ਸ਼ਾਮਿਲ ਕੀਤੇ ਜਾ ਸਕਦੇ ਹਨ। ਭਾਵੇਂ ਬਹੁਤ ਸਾਰੇ ਹੋਰ ਨਿਬੰਧਾਂ ਵਿਚ ਵੀ ਅਜਿਹੀ ਸ਼ੈਲੀ ਵੇਖਣ ਨੂੰ ਮਿਲਦੀ ਹੈ। ਸੁਰਿੰਦਰ ਅਤੈ ਸਿੰਘ ਆਪਣੀ ਗੱਲ ਨੂੰ ਰੌਚਿਕ ਬਣਾਉਣ ਲਈ ਕਈ ਨਿਬੰਧਾਂ ਵਿਚ ਨਿੱਕੀਆਂ ਪਰ ਰੌਚਿਕ ਪ੍ਰਸੰਗਾਂ ਵਾਲੀਆਂ ਜੀਵਨ-ਯਥਾਰਥ ਨਾਲ ਜੁੜੀਆਂ ਘਟਨਾਵਾਂ ਨੂੰ ਵੀ ਪੇਸ਼ ਕਰਦੀ ਹੈ, ਜਿਨ੍ਹਾਂ ਵਿਚੋਂ ਗੰਭੀਰ ਅਰਥਾਂ ਦਾ ਸੰਚਾਰ ਕਰਨਾ ਹੀ ਲੇਖਿਕਾ ਦੀ ਵਿਸ਼ੇਸ਼ਤਾ ਹੈ। ਕਿਤੇ-ਕਿਤੇ ਹਾਸਰਸ ਉਪਜਾਉਣ ਲਈ ਵੀ ਇਹ ਵੇਰਵੇ ਕਾਰਗਰ ਸਿੱਧ ਹੁੰਦੇ ਹਨ। ਸਮੁੱਚੇ ਤੌਰ 'ਤੇ ਦੇਖਿਆ ਜਾਵੇ ਤਾਂ ਸੁਰਿੰਦਰ ਅਤੈ ਸਿੰਘ ਦੀ ਇਹ ਪੁਸਤਕ 'ਲਫ਼ਜ਼ਾਂ ਦਾ ਵਣਜ' ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਨੂੰ ਆਪਣੀ ਬੁੱਕਲ ਵਿਚ ਸਮੋਈ ਬੈਠੀ ਅਜਿਹੀ ਪੁਸਤਕ ਹੈ, ਜਿਸ ਵਿਚ ਸਮੇਂ ਦੇ ਬਦਲਣ ਨਾਲ ਪੰਜਾਬੀ ਸਮਾਜ ਦੀ ਤਰੱਕੀ ਅਤੇ ਕਦਰਾਂ-ਕੀਮਤਾਂ ਦੇ ਗੁਆਚਣ ਦੀ ਫ਼ਿਕਰਮੰਦੀ ਦੋਵੇਂ ਨਾਲੋ-ਨਾਲ ਤੁਰਦੀਆਂ ਪ੍ਰਤੀਤ ਹੁੰਦੀਆਂ ਹਨ।

ਕੁਵੇਲੇ ਤੁਰਿਆ ਪਾਂਧੀ
ਕਹਾਣੀਕਾਰ : ਭਗਵੰਤ ਰਸੂਲਪੁਰੀ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 160 ਰੁਪਏ, ਸਫ਼ੇ : 112.

'ਕੁਵੇਲੇ ਤੁਰਿਆ ਪਾਂਧੀ' ਭਗਵੰਤ ਰਸੂਲਪੁਰੀ ਦੀ ਅਜਿਹੀ ਪੁਸਤਕ ਹੈ ਜਿਸ ਵਿਚ ਉਸ ਨੇ ਕਿਰਤੀਆਂ ਅਤੇ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਦੇ ਅੰਤਰ-ਵਿਰੋਧਾਂ ਨੂੰ ਵਿਵੇਕ-ਸਹਿਤ ਚਿੱਤਰਿਆ ਹੈ। ਇਨ੍ਹਾਂ ਕਹਾਣੀਆਂ ਵਿਚਲੇ ਪਾਤਰ ਭਾਵੇਂ ਆਪਣੀ ਹੋਣੀ ਭੋਗਦੇ ਦਿਖਾਈ ਦਿੰਦੇ ਹਨ ਪਰ ਇਨ੍ਹਾਂ ਦੀ ਜ਼ਿੰਦਗੀ ਥੁੜ੍ਹਾਂ ਭਰਪੂਰ ਅਤੇ ਸਾਧਨਹੀਣ ਹੋਣ ਦੇ ਬਾਵਜੂਦ ਇਹ ਹਾਲਾਤ ਅੱਗੇ ਹਾਰਦੇ ਨਜ਼ਰ ਨਹੀਂ ਆਉਂਦੇ। ਇਹ ਪਾਤਰ ਭਾਵੇਂ 'ਕੱਚੀ ਇੱਟ ਦਾ ਦਰਦ' ਕਹਾਣੀ ਦੀ ਪਾਤਰ ਦੀਪੋ ਹੋਵੇ ਭਾਵੇਂ 'ਸੂਰਜ ਦੀ ਕਿਰਨ' ਕਹਾਣੀ ਦੀ ਪਾਤਰ ਕਿਰਨ ਹੋਵੇ ਤੇ ਭਾਵੇਂ 'ਤਵੀਤ' ਕਹਾਣੀ ਦਾ ਪਾਤਰ ਹਰਦੀਪ ਹੋਵੇ। ਇਨ੍ਹਾਂ ਦੀ ਸਥਿਤੀ ਭਾਵੇਂ ਵੱਖਰੀ-ਵੱਖਰੀ ਹੈ ਪਰ ਫਿਰ ਵੀ ਮਿਸ਼ਨ ਇਕੋ ਜਿਹਾ ਹੀ ਜਾਪਦਾ ਹੈ ਕਿ ਜੇਕਰ ਸਰੀਰਕ ਤੇ ਮਾਨਸਿਕ ਮੁਕਤੀ ਮਿਲਣੀ ਹੈ ਤਾਂ ਜਾਗਰੂਕ ਹੋਣ ਦੀ ਲੋੜ ਹੈ ਤੇ ਇਹ ਜਾਗਰੂਕਤਾ ਅਤੇ ਸੋਝੀ ਹਾਲਾਤ ਨਾਲ ਜੂਝ ਕੇ ਹੀ ਆ ਸਕਦੀ ਹੈ, ਨਹੀਂ ਚੁਫ਼ੇਰੇ ਫੈਲੀ ਧੁੰਦ ਰੀਝਾਂ ਤੇ ਉਮੰਗਾਂ ਦਾ ਇਸੇ ਤਰ੍ਹਾਂ ਹੀ ਕਤਲ ਕਰਦੀ ਰਹੇਗੀ। ਇਹ ਰੀਝਾਂ ਭਾਵੇਂ 'ਧੁੰਦ ਨੂੰ ਚੀਰਦਾ ਸੂਰਜ' ਕਹਾਣੀ ਦੇ ਪਾਤਰਾਂ ਬਸੰਤੇ ਜਾਂ ਫੱਤੂ ਦੀਆਂ ਹੋਣ, ਭਾਵੇਂ 'ਸੂਰਜ ਦੀ ਕਿਰਨ' ਕਹਾਣੀ ਦੀ ਪਾਤਰ ਚਰਨੋ ਦੀਆਂ ਹੋਣ, ਭਾਵੇਂ ਬਲੌਦੀ ਦੀਆਂ ਜੋ 'ਕੁਵੇਲੇ ਤੁਰਿਆ ਪਾਂਧੀ' ਕਹਾਣੀ ਦਾ ਮੁੱਖ ਪਾਤਰ ਹੈ। ਭਗਵੰਤ ਰਸੂਲਪੁਰੀ ਨਿੱਕੇ-ਨਿੱਕੇ ਵਾਰਤਾਲਾਪਾਂ ਨਾਲ ਆਪਣੀਆਂ ਕਹਾਣੀਆਂ ਦੀ ਬਿਰਤਾਂਤਕ ਤੋਰ ਨੂੰ ਤੋਰਦਾ ਤੇ ਸਹਿਜ ਸੁਭਾਅ ਰੂਪ ਵਿਚ ਹੀ ਆਪਣੇ ਪਾਤਰਾਂ ਦੀ ਮਾਨਸਿਕਤਾ ਵਿਚ ਮਚੀ ਹੋਈ ਉਥਲ-ਪੁਥਲ ਨੂੰ ਪਾਠਕਾਂ ਦੇ ਰੂ-ਬ-ਰੂ ਕਰਦਾ ਹੈ।
ਭਗਵੰਤ ਰਸੂਲਪੁਰੀ ਨੂੰ ਪੇਂਡੂ ਰਹਿਤਲ ਦਾ ਪੂਰਾ ਗਿਆਨ ਹੈ। ਇਸੇ ਕਰਕੇ ਇਸ ਕਹਾਣੀ ਸੰਗ੍ਰਹਿ 'ਕੁਵੇਲੇ ਤੁਰਿਆ ਪਾਂਧੀ' ਵਿਚਲੀ ਇਕ ਅੱਧ ਕਹਾਣੀ ਨੂੰ ਛੱਡ ਕੇ ਬਾਕੀ ਸਾਰੀਆਂ ਪੇਂਡੂ ਧਰਾਤਲ ਨੂੰ ਪਿੱਠ-ਭੂਮੀ ਬਣਾ ਕੇ ਹੀ ਲਿਖੀਆਂ ਗਈਆਂ ਹਨ ਅਤੇ ਉਪਭਾਸ਼ਾਈ ਅੰਸ਼ਾਂ ਨਾਲ ਭਰਪੂਰ ਹਨ। ਪ੍ਰਤੀਕਾਤਮਕ ਲਹਿਜ਼ਾ ਵੀ ਕਹਾਣੀਆਂ ਦੀ ਵਿਸ਼ੇਸ਼ ਪਛਾਣ ਬਣਾਉਂਦਾ ਹੈ।
ਇਸ ਕਹਾਣੀ ਸੰਗ੍ਰਹਿ ਦੇ ਅੰਤਲੇ ਪੰਨਿਆਂ 'ਤੇ ਭਗਵੰਤ ਰਸੂਲਪੁਰੀ ਨਾਲ ਕੀਤੀਆਂ ਗਈਆਂ ਦੋ ਸਾਹਿਤਕ ਵਾਰਤਾਵਾਂ ਵੀ ਪੇਸ਼ ਕੀਤੀਆਂ ਗਈਆਂ ਹਨ, ਜੋ ਉਸ ਦੀ ਕਥਾ-ਸ਼ੈਲੀ ਅਤੇ ਵਿਸ਼ਾਗਤ ਪਹਿਲੂਆਂ ਨੂੰ ਸਮਝਣ ਲਈ ਪਾਠਕ ਦੀ ਬਹੁਤ ਜ਼ਿਆਦਾ ਮਦਦ ਕਰਦੀਆਂ ਹਨ।

-ਸਰਦੂਲ ਸਿੰਘ ਔਜਲਾ
ਮੋ: 98141-68611

ਗੁਲਾਨਾਰੀ ਰੰਗ
ਲੇਖਕ : ਬੀ.ਐਸ. ਬੀਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 375 ਰੁਪਏ, ਸਫ਼ੇ : 216.

ਬੀ.ਐਸ. ਬੀਰ ਆਧੁਨਿਕ ਪੰਜਾਬੀ ਸਾਹਿਤ ਦਾ ਉੱਭਰਦਾ ਗਲਪਕਾਰ ਅਤੇ ਕਵੀ ਹੈ। ਉਸ ਨੇ ਇਕ ਨਾਵਲ, ਅੱਧੀ ਦਰਜਨ ਕਹਾਣੀ ਸੰਗ੍ਰਹਿ ਤੇ ਅੱਧੀ ਦਰਜਨ ਕਾਵਿ ਸੰਗ੍ਰਹਿ ਪਹਿਲਾਂ ਪ੍ਰਕਾਸ਼ਿਤ ਕਰਵਾਏ ਹਨ। 'ਗੁਲਾਨਾਰੀ ਰੰਗ', ਉਸ ਦਾ ਨਵਾਂ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 24 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ।
ਇਸ ਸੰਗ੍ਰਹਿ ਦੀ ਸ਼ੀਸ਼ਾ ਦੀ ਸੰਰਚਨਾ ਵਿਚ ਕਹਾਣੀਕਾਰ ਨੇ ਅਨੇਕਾਂ ਵਿਧੀਆਂ ਦੀ ਵਰਤੋਂ ਕੀਤੀ ਹੈ, ਜਿਵੇਂ ਚੇਤਨ-ਪ੍ਰਵਾਹ, ਸੋਚਾਂ ਵਿਚ ਉਤਾਰ-ਚੜ੍ਹਾਅ, ਭੂਤਕਾਲ ਦੀਆਂ ਘਟਨਾਵਾਂ ਦਾ ਵਰਨਣ, ਸੰਵਾਦ ਵਿਧੀ ਅਤੇ ਸਮਝੌਤਾ ਮੁਖੀ ਫ਼ੈਸਲੇ ਲੈਣ ਦੀ ਮਜਬੂਰੀ ਸ਼ੀਸ਼ਾ ਕਹਾਣੀ ਯੁਗਾਂ ਤੋਂ ਚਲੀ ਆ ਰਹੀ ਮਰਦ ਦੀ ਪੁਰਾਣੀ ਹੈਂਕੜ ਨੂੰ ਟੁੱਟਦਾ ਦਿਖਾਉਂਦੀ ਹੈ, ਜੋ ਨਵੀਂ ਸੋਚ ਦਾ ਕਲਾਤਮਿਕ ਸੰਚਾਰ ਹੈ ਕਿ ਜ਼ਿੰਦਗੀ ਵਿਚ ਮਰਦ ਅਤੇ ਔਰਤ ਗ਼ਲਤੀਆਂ ਕਰਦੇ ਹਨ, ਪ੍ਰੰਤੂ ਗ਼ਲਤੀਆਂ ਦੀ ਭੁਬਲ ਦੀ ਅੱਗ ਸੇਕਦਾ ਰਹਿਣਾ ਸਿਆਣਪ ਨਹੀਂ।
ਇਸ ਸੰਗ੍ਰਹਿ ਦੀਆਂ ਹੋਰ ਅਨੇਕਾਂ ਕਹਾਣੀਆਂ ਦੇ ਵਿਸ਼ੇ ਰਾਸ਼ਟਰੀ-ਅੰਤਰਰਾਸ਼ਟਰੀ ਪਿੱਠ ਭੂਮੀ 'ਚੋਂ ਲਏ ਹਨ। ਉਸ ਦੀ ਕਹਾਣੀ ਹਨੀਮੂਨ, ਹਰਿਆਣਵੀ ਸੱਭਿਆਚਾਰ ਵਿਚ ਜਨਮ ਲੈਂਦੀ ਹੈ, ਚੇਤਨ ਪ੍ਰਵਾਹ ਦੀ ਕਲਾਤਮਿਕ ਸ਼ੈਲੀ ਵਿਚ ਰੌਚਿਕ ਘਟਨਾਵਾਂ ਨਾਲ ਜ਼ਿੰਦਗੀ ਦੇ ਸੁਨਹਿਰੀ ਪਲਾਂ ਦੀ ਦਾਸਤਾਨ ਕਹਿੰਦੀ ਹੋਈ ਅਸ਼ਲੀਲ ਨਹੀਂ ਜਾਪਦੀ। ਕਹਾਣੀਕਾਰ ਨੇ ਇਨ੍ਹਾਂ ਕਹਾਣੀਆਂ ਵਿਚ ਔਰਤ ਮਰਦ ਦੇ ਅਨੇਕਾਂ ਰਹੱਸਮਈ ਰਿਸ਼ਤਿਆਂ ਦੀ ਗੱਲ ਕਰਦਿਆਂ ਮਾਨਵੀ-ਪ੍ਰਕਿਰਤੀ ਦੀਆਂ ਅਨੇਕਾਂ ਗੁੰਝਲਾਂ ਖੋਲ੍ਹੀਆਂ ਹਨ। ਇਸ ਸੰਗ੍ਰਹਿ ਦੀਆਂ ਵਧੇਰੇ ਕਹਾਣੀਆਂ ਰੌਚਿਕ ਆਨੰਦਦਾਇਕ ਅਤੇ ਲੋਕ ਜੀਵਨ ਦੇ ਅੰਗਸੰਗ ਹਨ। ਕਹਾਣੀਕਾਰ ਬੀ.ਐਸ. ਬੀਰ ਕੋਲ ਕਹਾਣੀ ਕਹਿਣ ਦੀ ਕਲਾਤਮਿਕ ਸੂਝ ਹੈ। ਉਹ ਕਦੇ ਕਹਾਣੀ ਕਹਿੰਦਾ ਹੈ, ਕਦੇ ਸੁਣਾਉਂਦਾ ਹੈ, ਇੰਜ ਕਰਦਾ-ਕਰਦਾ ਉਹ ਕਹਾਣੀ ਦੀ ਸਿਰਜਣਾ ਕਰ ਜਾਂਦਾ ਹੈ। ਉਸ ਨੇ ਇਨ੍ਹਾਂ ਕਹਾਣੀਆਂ ਵਿਚ ਜਿਥੇ ਮਰਦ ਦੀ ਚੁੱਪ ਨੂੰ ਤੋੜਿਆ ਹੈ, ਉਥੇ ਔਰਤ ਦੀ ਅੰਤਰਮਨ ਦੀ ਪੀੜਾ ਨੂੰ ਜ਼ਬਾਨ ਪ੍ਰਦਾਨ ਕਰਵਾਈ ਹੈ। ਉਹ ਸਮੱਸਿਆਵਾਂ ਵਿਚ ਘਿਰੇ ਮਰਦ-ਇਸਤਰੀ ਨੂੰ ਨਵਾਂ ਮਾਰਗ, ਨਵੀਂ ਸੋਚ ਦੇ ਲਈ ਜਾਗ੍ਰਿਤ ਵੀ ਕਰਦਾ ਹੈ।
ਬੀ.ਐਸ. ਬੀਰ ਦੀਆਂ ਇਹ ਵਿਲੱਖਣ ਸ਼ੈਲੀ ਵਿਚ ਲਿਖੀਆਂ ਕਹਾਣੀਆਂ ਜਿਥੇ ਨਿਵੇਕਲੇ ਵਿਸ਼ਿਆਂ ਨਾਲ ਸਬੰਧਤ ਹਨ, ਉਥੇ ਕਹਾਣੀ ਦੀ ਸ਼ੈਲੀ ਵੀ ਕਲਾਤਮਿਕ ਅਥਵਾ ਰੌਚਕ ਹੈ।

ਤੀਆਂ ਵਰਗੇ ਦਿਨ
ਲੇਖਕ : ਅਸ਼ੋਕ ਗੁਪਤਾ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 80.

ਪੁਸਤਕ ਦੇ ਦੋ ਭਾਗ ਹਨ, 'ਪਹਿਲਾ ਭਾਗ ਤੀਆਂ ਵਰਗੇ ਦਿਨ ਹੈ, ਜਿਸ ਵਿਚ ਤੀਆਂ, 'ਚਿੜੀ-ਭੰਡਿਆਰ', 'ਲੋਕ ਬੋਲੀਆਂ ਵਿਚ ਪਹਿਰਾਵਾ', 'ਏਉਂ ਲੱਗੀ ਹੋਵੇਗੀ ਸੱਦ', ਮੇਲਾ, ਤੀਆਂ ਵਰਗੇ ਦਿਨ : ਉਡੀਕ ਪੱਤਰ : ਇੰਜ ਬਣੀਆਂ ਹੋਣਗੀਆਂ-ਲੋਕ ਬੋਲੀਆਂ ਅਤੇ ਇੰਜ ਬਣੀ ਹੋਵੇਗੀ ਲੋਕ ਬੋਲੀ' ਸਿਰਲੇਖ ਅੰਕਿਤ ਰਚਨਾਵਾਂ ਹਨ। ਇਨ੍ਹਾਂ ਸੱਭਿਆਚਾਰਕ ਮਿੰਨੀ ਲੇਖਾਂ ਦਾ ਪਾਠ ਕੀਤਿਆਂ, ਅਨੁਭਵ ਹੁੰਦਾ ਹੈ ਕਿ ਲੇਖਕ ਅਜਿਹੇ ਪੇਂਡੂ ਮਲਵੱਈ ਸੱਭਿਆਚਾਰ ਨੂੰ ਆਪ ਹੰਢਾਅ ਚੁੱਕਾ ਹੈ। ਅਜਿਹੇ ਪੁਰਾਤਨ ਬੀਤ ਚੁੱਕੇ ਸੱਭਿਆਚਾਰ ਦੇ ਸੰਖੇਪ ਵਸਤੂ-ਵੇਰਵੇ ਦੇ ਕੇ ਲੇਖਕ ਨੇ ਪੁਰਾਣੀ ਸੱਭਿਆਚਾਰਕ ਸ਼ਬਦਾਵਲੀ, ਲੋਕ ਗੀਤ ਅਤੇ ਲੋਕ ਰਵਾਇਤਾਂ ਨੂੰ ਸਾਂਭਣ ਦਾ ਯਤਨ ਕੀਤਾ ਹੈ। ਪੁਸਤਕ ਦਾ ਦੂਜਾ ਭਾਗ ਕਵਿਤਾਵਾਂ ਹਨ। ਇਹ ਕਵਿਤਾਵਾਂ ਦੀ ਪਿੱਠ-ਭੂਮੀ ਲੋਕ ਬੋਲੀਆਂ, ਲੋਕ ਸੱਭਿਆਚਾਰ, ਲੋਕ ਰੀਤੀਆਂ, ਰਿਵਾਜ ਅਤੇ ਪੰਜਾਬੀ (ਮਲਵੱਈ) ਸੱਭਿਆਚਾਰ ਹੈ ਅਤੇ ਇਨ੍ਹਾਂ ਕਵਿਤਾਵਾਂ ਦੀ ਸੰਰਚਨਾ ਲੋਕ-ਬੋਲੀ ਹੈ। ਇਹ ਕਵਿਤਾਵਾਂ ਲੋਕ ਬੋਲੀਆਂ ਦੀਆਂ ਧਾਰਨਾਵਾਂ ਅਨੁਸਾਰ ਰਚੀਆਂ ਗਈਆਂ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਮਲਵੱਈ ਸੱਭਿਆਚਾਰ ਤੇ ਮਲਵੱਈ ਲੋਕ ਹਨ-ਜਿਵੇਂ ਸੂਫ਼ੀਆਨਾ ਅੰਦਾਜ਼, ਬੋਲੀ, ਜੁਗਨੀ, ਕੱਵਾਲੀ।

-ਡਾ: ਅਮਰ ਕੋਮਲ
ਮੋ: 08437873565.

ਬੋਲੀ ਮੈਂ ਪਾਵਾਂ
ਲੇਖਿਕਾ : ਹਰਮੇਸ਼ ਕੌਰ ਯੋਧੇ
ਪ੍ਰਕਾਸ਼ਕ : ਲੋਕ ਧਾਰਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 212.

'ਬੋਲੀ ਮੈਂ ਪਾਵਾਂ' ਪੰਜਾਬੀ ਲੋਕ ਧਾਰਾ ਨੂੰ ਸਮਰਪਿਤ ਹਰਮੇਸ਼ ਕੌਰ ਯੋਧੇ ਦੁਆਰਾ ਸੰਪਾਦਿਤ ਗਿੱਧੇ ਦੀਆਂ ਬੋਲੀਆਂ ਦਾ ਸੰਗ੍ਰਹਿ ਹੈ। ਉਸ ਨੇ ਕਈ ਵਰ੍ਹਿਆਂ ਦੀ ਘਾਲਣਾ ਘਾਲ ਕੇ ਲੋਕ ਬੋਲੀਆਂ ਦਾ ਇਹ ਸੰਗ੍ਰਹਿ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ। ਪੁਸਤਕ ਵਿਚ ਸ਼ਾਮਿਲ ਬੋਲੀਆਂ ਦੀ ਵਰਗ ਵੰਡ ਹੇਠ ਲਿਖੇ ਕਰਮ ਅਨੁਸਾਰ ਕੀਤੀ ਗਈ ਹੈ : ਭੈਣ-ਭਰਾ ਦੀਆਂ ਬੋਲੀਆਂ, ਮਾਂ ਬਾਪ ਦੀਆਂ ਬੋਲੀਆਂ, ਸੱਸ-ਸਹੁਰੇ ਦੀਆਂ ਬੋਲੀਆਂ, ਦਿਉਰ/ਨਣਦ ਭਰਜਾਈ ਦੀਆਂ ਬੋਲੀਆਂ, ਜੇਠ-ਭਰਜਾਈ ਦੀਆਂ ਬੋਲੀਆਂ, ਛੜਿਆਂ ਦੀਆਂ ਬੋਲੀਆਂ, ਰਲਵੀਆਂ ਮਿਲਵੀਆਂ ਬੋਲੀਆਂ, ਵਿੱਦਿਆ ਬਾਰੇ ਬੋਲੀਆਂ, ਸਾਉਣ ਦੀਆਂ ਬੋਲੀਆਂ, ਦੇਸ਼ ਭਗਤੀ ਦੀਆਂ ਬੋਲੀਆਂ ਅਤੇ ਹੋਰ ਬੋਲੀਆਂ। ਭਾਵੇਂ ਪਹਿਲਾਂ ਪ੍ਰਚਲਿਤ ਤੇ ਸੰਗ੍ਰਹਿਤ ਬੋਲੀਆਂ ਵੀ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ, ਪ੍ਰੰਤੂ ਮਾਝੇ ਦੀ ਜੰਮਪਲ ਹੋਣ ਕਰਕੇ ਲੇਖਿਕਾ ਨੇ ਮਾਝੇ ਦੀਆਂ ਸਜਰੀਆਂ ਬੋਲੀਆਂ ਨੂੰ ਵੀ ਇਸ ਸੰਗ੍ਰਹਿ ਵਿਚ ਸ਼ਾਮਿਲ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਪੁਸਤਕ ਦੇ ਅਧਿਐਨ ਤੋਂ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਲੇਖਿਕਾ ਨੇ ਮਾਹੀਆ ਕਾਵਿ ਰੂਪ ਅਤੇ ਵਿਆਹ ਨਾਲ ਸਬੰਧਤ 'ਆਉਂਦੀ ਕੁੜੀਏ ਜਾਂਦੀ ਕੁੜੀਏ' ਕਾਵਿ ਰੂਪ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਹੈ, ਜੋ ਉਚਿਤ ਨਹੀਂ। ਉਤਪਾਦਨ ਦੀ ਦ੍ਰਿਸ਼ਟੀ ਤੋਂ ਇਹ ਇਕ ਖੂਬਸੂਰਤ ਪ੍ਰਕਾਸ਼ਨਾ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਰੁੱਖਾਂ ਦੇ ਦਰਦ
ਗ਼ਜ਼ਲਕਾਰ : ਨਾਇਬ ਸਿੰਘ ਸੈਂਪਲੇ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 80.

ਨਾਇਬ ਸਿੰਘ ਸੈਂਪਲੇ ਦੇ ਗ਼ਜ਼ਲ ਸੰਗ੍ਰਹਿ 'ਰੁੱਖਾਂ ਦੇ ਦਰਦ' ਵਿਚ ਕੁਲ 60 ਗ਼ਜ਼ਲਾਂ ਛਾਇਆ ਹੋਈਆਂ ਹਨ। ਇਨ੍ਹਾਂ ਤਮਾਮ ਗ਼ਜ਼ਲਾਂ ਦੇ ਬਹੁਤੇ ਸ਼ਿਅਰਾਂ ਵਿਚ ਉਹ ਮਨੁੱਖੀ ਕਿਰਦਾਰ ਵਿਚ ਆਈ ਗਿਰਾਵਟ, ਰਾਜਸੀ ਪਤਨ ਅਤੇ ਧਰਮ ਦੇ ਨਾਂਅ 'ਤੇ ਪਾਖੰਡ ਦੁਆਲੇ ਕੇਂਦਰਿਤ ਹੈ। ਮਜ਼੍ਹਬ ਦੇ ਨਾਂਅ 'ਤੇ ਕੱਟੜਤਾ ਉਸ ਲਈ ਤਕਲੀਫ਼ਦੇਹ ਹੈ ਤੇ ਉਸ ਨੂੰ ਸੁਝਦਾ ਨਹੀਂ ਹੈ ਕਿ ਉਹ ਗੁਰਦੁਆਰੇ ਜਾਵੇ, ਮੰਦਿਰ ਜਾਂ ਮਸਜਿਦ। ਉਸ ਮੁਤਾਬਿਕ ਘਰ ਦਾ ਹਰ ਜੀਅ ਨੇਤਾ ਬਣਿਆ ਹੋਇਆ ਹੈ ਤੇ ਕਿਸੇ ਨੂੰ ਵੀ ਘਰ ਦੀ ਸਲਾਮਤੀ ਦੀ ਪਰਵਾਹ ਨਹੀਂ ਹੈ। ਸ਼ਾਇਰ ਮਨੁੱਖ ਨੂੰ ਸਭ ਨਾਲੋਂ ਵਧ ਖ਼ਤਰਨਾਕ ਪ੍ਰਾਣੀ ਮੰਨਦਾ ਹੈ ਤੇ ਇਸ ਦੇ ਵਤੀਰੇ ਕਾਰਨ ਹੀ ਕੁਦਰਤੀ ਕਰੋਪੀਆਂ ਨੇ ਅਜੋਕੀ ਸੱਭਿਅਤਾ ਨੂੰ ਪਤਨ ਦੇ ਦੌਰ ਵਿਚ ਪਹੁੰਚਾ ਦਿੱਤਾ ਹੈ। ਸੈਂਪਲੇ ਦੇ ਬਹੁਤੇ ਸ਼ਿਅਰਾਂ ਵਿਚ ਰੁੱਖਾਂ, ਫੁੱਲਾਂ ਅਤੇ ਪੱਤੀਆਂ ਦਾ ਜ਼ਿਕਰ ਹੈ ਤੇ ਉਹ ਆਖਦਾ ਹੈ ਮਨੁੱਖ ਦੀ ਹੋਂਦ ਰੁੱਖਾਂ ਬਿਨਾਂ ਸੰਭਵ ਹੀ ਨਹੀਂ ਹੈ। ਉਸ ਮੁਤਾਬਿਕ ਗਮਲਿਆਂ ਵਿਚ ਲਾਏ ਪੌਦੇ ਕਦੇ ਵੀ ਰੁੱਖ ਨਹੀਂ ਬਣ ਸਕਦੇ। ਸਰੀਰਕ ਤੌਰ 'ਤੇ ਸੀਮਾਵਾਂ ਵਿਚ ਬੱਝੇ ਨਾਇਬ ਸਿੰਘ ਸੈਂਪਲੇ ਦੇ ਮਨ ਵਿਚ ਰੌਸ਼ਨੀ ਦਾ ਝਿਲਮਿਲ ਕਰਦਾ ਦਰਿਆ ਹੈ, ਜੋ ਉਸ ਦੇ ਸ਼ਿਅਰਾਂ ਰਾਹੀਂ ਪੁਸਤਕ 'ਰੁੱਖਾਂ ਦੇ ਦਰਦ' ਦੇ ਪੰਨਿਆਂ 'ਤੇ ਫੈਲ ਗਿਆ ਹੈ। ਗ਼ਜ਼ਲਕਾਰ ਨੇ ਸਥਾਪਤੀ ਲਈ ਅਜੇ ਹੋਰ ਸੰਘਰਸ਼ਮਈ ਸਫ਼ਰ ਤੈਅ ਕਰਨਾ ਹੈ। ਉਸ ਨੂੰ ਉਸਤਾਦ ਸ਼ਾਇਰਾਂ ਦਾ ਸਾਥ ਹਾਸਿਲ ਹੈ ਤੇ ਮੈਨੂੰ ਯਕੀਨ ਹੈ ਕਿ ਉਹ ਇਸ ਪੁਸਤਕ ਵਿਚ ਰਹਿ ਗਈਆਂ ਕਮੀਆਂ ਨੂੰ ਆਪਣੀ ਅਗਲੀ ਪੁਸਤਕ ਵਿਚ ਦੂਰ ਕਰ ਲਵੇਗਾ। ਪੁਸਤਕ ਵਿਚ ਬਲਬੀਰ ਸੈਣੀ ਦਾ ਬੜਾ ਭਾਵਪੂਰਤ ਲੇਖ ਵੀ ਸ਼ਾਮਿਲ ਹੈ ਤੇ ਕੁਝ ਹੋਰ ਨਾਮਵਰ ਲੇਖਕਾਂ ਦੀਆਂ ਸ਼ਾਇਰ ਸਬੰਧੀ ਟਿੱਪਣੀਆਂ ਵੀ ਛਾਪੀਆਂ ਗਈਆਂ ਹਨ।

-ਗੁਰਦਿਆਲ ਰੌਸ਼ਨ
ਮੋ: 9988444002

29-3-2014

 ਅਜੇ ਨਾ ਗਿਣ
ਸ਼ਾਇਰ : ਅਜਾਇਬ ਸਿੰਘ ਹੁੰਦਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 120 ਰੁਪਏ, ਸਫ਼ੇ : 80.

ਅਜਾਇਬ ਸਿੰਘ ਹੁੰਦਲ ਦਾ ਇਹ ਗ਼ਜ਼ਲ ਸੰਗ੍ਰਹਿ ਉਸ ਦੇ ਪ੍ਰੋੜ੍ਹ ਹੁੰਦਾ ਜਾ ਰਹੇ ਅਨੁਭਵ ਦੀ ਗਵਾਹੀ ਭਰਦਾ ਹੈ। ਕਵੀ ਨੇ ਪੰਜਾਬੀ ਗ਼ਜ਼ਲ ਨੂੰ ਕਈ ਵਿਲੱਖਣ ਵਿਚਾਰਧਾਰਕ ਧਰਾਤਲ ਪ੍ਰਦਾਨ ਕੀਤੇ ਹਨ। ਉਹ ਰਮਜ਼ ਭਰਪੂਰ ਸ਼ਾਇਰੀ ਦਾ ਕਵੀ ਹੈ ਅਤੇ ਤੁਗ਼ਜ਼ਲ ਉਸ ਦੀ ਸ਼ਾਇਰੀ ਦਾ ਮੀਰੀ ਲੱਛਣ ਹੈ। ਇਸ ਪ੍ਰਸੰਗ ਵਿਚ ਉਸ ਦੇ ਕੁਝ ਅਸ਼ਆਰ ਦੇਖੋ :
ਵਿਹੜੇ ਵਿਚ ਜੋ ਉਡਦੀ ਫਿਰਦੀ ਤਿਤਲੀ ਹੈ
ਮੈਨੂੰ ਲਗਦੀ ਬਿਲਕੁਲ ਆਪਣੀ ਬੇਟੀ ਹੈ
ਗਿਣਤੀ ਕਰਦਾ ਹਾਂ ਤਾਂ ਘਰ ਦੇ ਜੀਅ ਦਸ ਨੇ
ਸੋਚਾਂ ਤਾਂ ਘਰ ਲਗਦਾ ਖਾਲੀ-ਖਾਲੀ ਹੈ
ਮਹਿਕ ਪਈ ਸੀ ਜੋ ਪਹਿਲੀ ਹੀ ਬਾਰਿਸ਼ ਨਾਲ
ਮੈਂ ਉਹ ਮਿੱਟੀ ਉੱਡਦੀ ਹੋਈ ਦੇਖੀ ਹੈ
ਡੋਬੀ ਜਾਵੇ ਕਿਹੜੀ ਚੀਜ਼ 'ਅਜਾਇਬ' ਨੂੰ
ਨਹਿਰ, ਨਦੀ, ਦਰਿਆ ਨਾ ਕੋਈ ਸੁਨਾਮੀ ਹੈ।
ਇਸ ਸੰਗ੍ਰਹਿ ਦੀ ਅੰਤਿਮ ਗ਼ਜ਼ਲ ਨਾ ਕੇਵਲ ਕਵੀ ਦੇ ਅਨੁਭਵ ਦੀ ਵਿਲੱਖਣਤਾ ਦਾ ਨਿਰੂਪਣ ਕਰਦੀ ਹੈ ਬਲਕਿ ਇਕ ਤਰ੍ਹਾਂ ਨਾਲ ਉਸ ਦਾ ਕਾਵਿ-ਮੈਨੀਫੈਸਟੋ ਵੀ ਹੈ। ਕਵੀ ਦੀਆਂ ਰਚਨਾਵਾਂ ਭ੍ਰਿਸ਼ਟ ਸਮਾਜ ਅਤੇ ਆਤਮ-ਕੇਂਦਰਿਤ ਸਮਾਜ ਨੂੰ ਝੰਜੋੜਦੀਆਂ ਹਨ। ਉਹ ਕਲਿਆਣਕਾਰੀ ਕਦਰਾਂ-ਕੀਮਤਾਂ ਦੀ ਡਟ ਕੇ ਵਕਾਲਤ ਕਰਦਾ ਹੈ। ਉਹ ਦੰਭੀ ਅਤੇ ਅਤਿਆਚਾਰੀ ਸੱਤਾਧਾਰੀਆਂ ਨੂੰ ਅਜਿਹੇ ਸਵਾਲ ਕਰਦਾ ਹੈ ਕਿ ਉਹ ਘਬਰਾ ਜਾਂਦੇ ਹਨ। ਜੀਵਨ ਦੇ ਹਰ ਪੜਾਅ ਉੱਪਰ ਉਸ ਦੀ ਰਫ਼ਤਾਰ ਤੇਜ਼ ਹੁੰਦੀ ਗਈ ਹੈ, ਜਦੋਂ ਕਿ ਉਸ ਦੇ ਬਹੁਤ ਸਾਰੇ ਹਮਸਫ਼ਰ ਕਦੋਂ ਦੇ ਹਾਰ-ਹੰਭ ਕੇ ਬੈਠ ਗਏ ਹਨ ਜਾਂ ਫਿਰ ਉਨ੍ਹਾਂ ਨੇ ਆਪਣੀ ਸੁਵਿਧਾ ਦੀ ਖ਼ਾਤਰ ਦਿਸ਼ਾਵਾਂ ਹੀ ਬਦਲ ਲਈਆਂ ਹਨ। ਮੈਨੂੰ ਉਸ ਦਾ ਇਹ ਕਾਵਿ-ਕਥਨ ਅਤਿਅੰਤ ਪ੍ਰਾਸੰਗਿਕ ਮਾਲੂਮ ਹੋਇਆ ਹੈ : ਹਰ ਪੜਾਅ 'ਤੇ ਚਾਲ ਮੇਰੀ ਤੇਜ਼ ਹੁੰਦੀ ਵੇਖ ਕੇ, ਜੋ ਅਲੱਗ ਹੋਇਆ, ਉਹ ਮੇਰੀ ਧੁੱਪ ਦਾ ਸਾਇਆ ਨਹੀਂ। ਹੈ ਬੜਾ ਲਿਖਿਆ ਤੇ ਲਿਖਣਾ ਵੀ 'ਅਜਾਇਬ' ਹੈ ਅਜੇ, ਪਰ ਕਿਸੇ ਦੀਵਾਰ 'ਤੇ ਮੈਂ ਨਾਂਅ ਲਿਖਵਾਇਆ ਨਹੀਂ। (ਪੰਨਾ 80)
ਅਜਾਇਬ ਹੁੰਦਲ ਨੂੰ ਗ਼ਜ਼ਲ ਦੇ ਮਿਜ਼ਾਜ ਬਾਰੇ ਖ਼ੂਬ ਜਾਣਕਾਰੀ ਹੈ। ਉਹ ਹਰ ਸ਼ਿਅਰ ਦੇ ਦੋਵਾਂ ਮਿਸਰਿਆਂ ਨੂੰ ਵਕ੍ਰੋਕਤੀ ਦੀ ਵਿਧਾ ਦੁਆਰਾ ਇਸ ਪ੍ਰਕਾਰ ਬੰਨ੍ਹਦਾ ਹੈ ਕਿ ਪਾਠਕ ਉਸ ਦੇ ਕਿਸੇ ਵੀ ਸ਼ਿਅਰ ਨੂੰ ਪੜ੍ਹ ਕੇ ਇਕ ਅਨੋਖੀ ਕੈਫ਼ੀਅਤ ਦੇ ਰੂਬਰੂ ਹੋ ਜਾਂਦਾ ਹੈ। ਭਾਵੇਂ ਕਵੀ ਦੀਆਂ ਇਹ ਗ਼ਜ਼ਲਾਂ ਹੈਨ ਤਾਂ 'ਮੈਂ-ਕੇਂਦ੍ਰਿਤ' ਪਰ ਕਵੀ ਦੀ 'ਮੈਂ' ਉਸ ਦੇ ਨਿੱਜਤਵ ਤੱਕ ਹੀ ਸੀਮਤ ਨਹੀਂ ਹੈ। ਇਨ੍ਹਾਂ ਵਿਚ ਮੱਧ ਸ਼੍ਰੇਣੀ ਦੇ ਹਰ ਆਮ ਆਦਮੀ ਦੇ ਬਹੁਪੱਖੀ ਸੰਘਰਸ਼ ਦੀ ਦਾਸਤਾਨ ਅੰਕਿਤ ਹੋਈ ਹੈ। ਪ੍ਰਕਾਸ਼ਕ ਨੇ ਇਸ ਪੁਸਤਕ ਦੀ ਰੂਪ-ਸੱਜਾ ਅਤੇ ਵਿਉਂਤ ਡਾਢੀ ਰੀਝ ਨਾਲ ਕੀਤੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਜੀਅੜਾ ਅਗਨ ਬਰਾਬਰ ਤਪੈ
ਲੇਖਕ : ਹਰਪ੍ਰਾਣ ਬਗ਼ਦਾਦੀ
ਪ੍ਰਕਾਸ਼ਕ : ਸਤਵੰਤ ਬੁੱਕ ਏਜੰਸੀ, ਦਿੱਲੀ
ਮੁੱਲ : 325 ਰੁਪਏ, ਸਫ਼ੇ : 262.

ਪੁਸਤਕ ਵਿਚ ਹਰਪ੍ਰਾਣ ਬਗ਼ਦਾਦੀ ਵੱਲੋਂ ਰਚਿਤ ਨੌਂ ਕਹਾਣੀਆਂ ਅਤੇ ਉਸ ਦੀ ਸੰਖੇਪ ਸਵੈ-ਜੀਵਨੀ ਸ਼ਾਮਿਲ ਹੈ। ਇਹ ਪੁਸਤਕ ਲੇਖਕ ਦੇ ਸਾਂਢੂ ਸਾਹਿਬ ਡਾ: ਅਮਰਜੀਤ ਸਿੰਘ ਨੇ ਲੇਖਕ ਦੀ ਮ੍ਰਿਤੂ ਉਪਰੰਤ ਛਪਵਾਈ ਹੈ। ਬਗ਼ਦਾਦੀ ਦਾ ਅਨੁਭਵ ਵਿਸ਼ਾਲ ਅਤੇ ਪ੍ਰਮਾਣਿਕ ਹੈ। ਕਹਾਣੀਆਂ ਵਿਚਲਾ ਕਹਾਣੀ-ਰਸ ਪਾਠਕ ਦੀ ਉਤਸੁਕਤਾ ਬਣਾਈ ਰੱਖਦਾ ਹੈ। ਟਾਈਟਲ ਕਹਾਣੀ ਵਿਚ ਪਿੰਡ ਦਾ ਸਜੀਵ ਚਿਤਰਣ, ਜ਼ਮੀਨ-ਜਾਇਦਾਦ ਲਈ ਹੁੰਦੇ ਝਗੜੇ, ਮੁਕੱਦਮੇ, ਵਰਜਿਤ ਰਿਸ਼ਤਿਆਂ ਕਾਰਨ ਵਾਪਰਦੇ ਹਾਦਸੇ ਆਦਿ ਦਾ ਖ਼ੂਬਸੂਰਤ ਵਰਨਣ ਹੈ। 'ਪਵਿੱਤਰਤਾ ਦੀ ਖ਼ੁਸ਼ਬੋਈ' ਵਿਚਲੇ ਪਾਤਰ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੇ ਹਨ। ਨਰਿੰਦਰ ਕੁਮਾਰ-ਵਾਸਨਾਵਾਂ ਦਾ ਦਾਸ, ਰਾਮ ਪੂਰਤੀ-ਜੀਵਨ ਦੀ ਸਹਿਜ ਅਵਸਥਾ, ਸੋਮ-ਮਨ ਦੀਆਂ ਉਡਾਰੀਆਂ ਆਦਿ। ਸੁਨੈਣੀ ਕਹਾਣੀ ਬੰਬਈ ਵਿਚਲੀਆਂ ਝੁੱਗੀਆਂ-ਝੌਂਪੜੀਆਂ ਤੋਂ ਲੈ ਕੇ ਫ਼ਿਲਮੀ ਸੱਭਿਆਚਾਰ ਦੇ ਲੁਪਤ ਯਥਾਰਥ ਨੂੰ ਰੂਪਮਾਨ ਕਰਦੀ ਹੈ। 'ਅਬਲਾ ਜੱਸੀ' ਪਾਤਰ ਪ੍ਰਧਾਨ ਹੈ। ਦੇਹ ਤੋਂ ਮਸ਼ੀਨ ਬਣ ਜਾਣ ਦੀ ਕਥਾ ਵਾਰਤਾ। 'ਕ੍ਰਿਸਟਲ ਦਾ ਸ਼ੈਤਾਨ' ਅਤੇ 'ਮੁੜ ਮਿਲਣੀ' ਯਥਾਰਥਵਾਦੀ ਕਹਾਣੀਆਂ ਹਨ। 'ਬੋਫਰਜ਼ ਦਾ ਸ਼ਹੀਦ' ਕਤਲ ਦੇ ਰਹੱਸ ਨਾਲ ਸਬੰਧਤ ਹੈ। 'ਦੁੱਖ ਲੁਤਰ ਲੁਤਰ' ਸਵੈਜੀਵਨੀ ਹੈ। ਜਿਸ ਵਿਚ ਭਾਰਤ, ਬਗਦਾਦ, ਇਰਾਕ ਆਦਿ ਦੇਸ਼ਾਂ ਦਾ ਖ਼ੂਬਸੂਰਤ ਵਰਨਣ ਹੈ। ਇਸ ਦੇ ਨਾਲ ਹੀ ਫ਼ੌਜੀ ਜੀਵਨ, ਰੇਲਵੇ ਕਰਮਚਾਰੀਆਂ ਦੀ ਜ਼ਿੰਦਗੀ, ਮਹਾਂਯੁੱਧ ਦੇ ਵੇਰਵੇ, ਲੇਖਕ ਦਾ ਸਾਹਿਤਕ ਸਫ਼ਰ ਆਦਿ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਕੁਝ ਵੇਰਵੇ ਨਿੱਜੀ ਤੇ ਪਰਿਵਾਰਕ ਹਨ, ਜਿਨ੍ਹਾਂ ਦੇ ਵਰਨਣ ਤੋਂ ਬਚਿਆ ਜਾ ਸਕਦਾ ਸੀ।

-ਜੋਗਿੰਦਰ ਸਿੰਘ ਨਿਰਾਲਾ
ਮੋ: 98721-61644

ਸ਼ਰੀਕ
ਗ਼ਜ਼ਲਕਾਰ : ਸੁਖਦੇਵ ਸਿੰਘ ਸਾਗਰ
ਪ੍ਰਕਾਸ਼ਕ : ਅਮਨ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 103.

ਸ਼ਰੀਕ, ਸੁਖਦੇਵ ਸਿੰਘ ਸਾਗਰ ਦੀ ਤੀਸਰੀ ਪੁਸਤਕ ਹੈ। ਉਹ ਇਸ ਤੋਂ ਪਹਿਲਾਂ ਦਰਦੇ ਦਿਲ, ਸੁਲਗਦੇ ਅੰਗਿਆਰ ਗ਼ਜ਼ਲ ਸੰਗ੍ਰਹਿ ਪੰਜਾਬੀ ਪਿਆਰਿਆਂ ਦੀ ਝੋਲੀ ਪਾ ਚੁੱਕੇ ਹਨ। ਵਿਚਾਰ ਪ੍ਰਧਾਨ ਹਥਲੇ ਗ਼ਜ਼ਲ ਸੰਗ੍ਰਹਿ ਵਿਚ ਲੋਕ ਹਿਤਾਂ ਲਈ ਸੰਘਰਸ਼ ਕਰਨ, ਧਾਰਮਿਕ ਕੱਟੜਤਾ ਅਤੇ ਰੱਬ ਦੇ ਨਾਂਅ 'ਤੇ ਹੋ ਰਹੀ ਲੁੱਟ-ਖਸੁੱਟ ਵਿਰੁੱਧ ਚੇਤਨਾ ਪੈਦਾ ਕਰਨ, ਅਗਿਆਨਤਾ ਦੂਰ ਕਰਨ, ਜਾਤ-ਪਾਤ ਖ਼ਤਮ ਕਰਕੇ ਬਰਾਬਰਤਾ ਲਿਆਉਣ, ਸਮਾਜਿਕ ਵਰਤਾਰੇ 'ਚੋਂ ਕੁਨਬਾਪ੍ਰਵਰੀ/ਕਬਜ਼ਾਪ੍ਰਸਤੀ ਖ਼ਤਮ ਕਰਨ, ਔਰਤ ਦੀ ਹੋ ਰਹੀ ਦੁਰਦਸ਼ਾ ਅਤੇ ਇਸ ਪ੍ਰਤੀ ਸਰਕਾਰਾਂ ਅਤੇ ਲੋਕਾਂ ਦੇ ਦੁਹਰੇ ਪੈਮਾਨੇ ਅਤੇ ਹੋਰ ਬਹੁਤ ਸਾਰੇ ਸਮਾਜਿਕ ਸਰੋਕਾਰਾਂ ਨੂੰ ਮਾਧਿਅਮ ਬਣਾ ਕੇ, ਸਾਗਰ ਹੋਰਾਂ, ਆਪਣਿਆਂ ਸ਼ਿਅਰਾਂ/ਗ਼ਜ਼ਲਾਂ ਨੂੰ ਹਥਿਆਰ ਬਣਾਉਣ ਦਾ ਯਤਨ ਕੀਤਾ ਹੈ। ਅੱਜ ਦੀ ਲੱਕ-ਤੋੜਵੀਂ ਮਹਿੰਗਾਈ ਵਿਚ ਜੋ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਤਾਂ ਉਹ ਹੈ ਮੱਧ ਵਰਗ। ਹੇਠਲੇ ਵਰਗ ਨਾਲ ਉਹ ਖਲੋ ਨਹੀਂ ਸਕਦਾ ਅਤੇ ਉੱਪਰਲੇ ਵਰਗ ਨਾਲ ਮੇਚ ਨਹੀਂ ਆ ਸਕਦਾ। ਬੱਚਿਆਂ ਦੀਆਂ ਮਹਿੰਗੀਆਂ ਪੜ੍ਹਾਈਆਂ, ਵੇਖਾ-ਵੇਖੀ ਸਹੇੜੇ ਮਹਿੰਗੇ ਰਸਮੋ-ਰਿਵਾਜ, ਉਸ ਦੀਆਂ ਆਰਥਿਕ ਥੁੜਾਂ ਉਸ ਨੂੰ ਆਪਣੀ ਗਰਾਹੀ ਬਣਾਈ ਜਾ ਰਹੀਆਂ ਹਨ। ਇਸ ਮਹਿੰਗਾਈ ਦੇ ਮਾਰੇ ਮੁਲਾਜ਼ਮ ਵਰਗ ਦੀ ਵੇਦਨਾ ਇਸ ਸ਼ਿਅਰ ਵਿਚ ਵੇਖੋ :
ਇਕ ਤਾਰੀਖ਼ ਨੂੰ, ਸਾਡੀ ਜੇਬ੍ਹ 'ਚ ਜੁਗਨੂੰ ਨੱਚਦੇ ਨੇ
ਤੀਹ ਦਿਨ ਤੱਕ ਫਿਰ ਜੇਬ੍ਹ 'ਚ ਸਾਡੇ ਛਾਇਆ ਰਹੇ ਹਨੇਰਾ।
ਸਾਗਰ ਹੁਰਾਂ ਦਾ ਜੋ ਰੋਸ ਹੈ ਜੋ ਸਾਗਰ ਹੋਰਾਂ ਦੀ ਬਗਾਵਤ ਹੈ ਤਾਂ ਉਹ ਸਿਸਟਮ ਨਾਲ ਹੈ, ਵਿਵਸਥਾ ਨਾਲ ਹੈ। ਉਹ ਬਗੈਰ ਕਿਸੇ ਗੈਬੀ ਸ਼ਕਤੀ ਦੇ ਬੇਨਾਮੀ ਭਗਵਾਨ ਦੇ ਹਿੰਮਤ ਅਤੇ ਮਿਹਨਤ ਨਾਲ ਵਿਵਸਥਾ ਨੂੰ ਸਿਸਟਮ ਨੂੰ ਬਦਲਣਾ ਲੋਚਦੇ ਹਨ। ਦੇਸ਼ ਪ੍ਰਤੀ ਪਿਆਰ, ਵਤਨ ਪ੍ਰਤੀ ਸ਼ਰਧਾ ਹੀ ਹੈ ਜੋ ਦੇਸ਼ ਲਈ ਦਿੱਤੀ ਗਈ ਕੁਰਬਾਨੀ ਨੂੰ ਉੱਤਮ ਦਾਨ ਗਰਦਾਨਦੀ ਹੈ। ਸ਼ਿਅਰ ਵੇਖੋ :
ਹਿੰਮਤ, ਮਿਹਨਤ ਵਿਸ਼ਵਾਸ ਹੀ ਭਗਵਾਨ ਹੈ
ਦੇਸ਼ ਲਈ ਕੁਰਬਾਨੀ ਉੱਤਮ ਦਾਨ ਹੈ।
ਪੂਰੀ ਪੁਸਤਕ ਵਿਚ ਉੱਤਮ ਵਿਚਾਰਾਂ ਦਾ ਖੌਲਦਾ ਸਾਗਰ ਹੈ, ਦੇਸ਼ ਪ੍ਰੇਮ ਹੈ, ਜੀਵਨ ਦੀ ਬਿਹਤਰੀ ਲਈ ਸੰਘਰਸ਼ ਕਰਨ ਦਾ ਹੋਕਾ ਹੈ। ਵਿਚਾਰਾਂ ਦਾ ਪ੍ਰਗਟਾਵਾ ਤਾਂ ਲੇਖਾਂ, ਕਹਾਣੀਆਂ, ਨਾਵਲਾਂ, ਨਾਟਕਾਂ ਰਾਹੀਂ ਵੀ ਕੀਤਾ ਜਾਂਦਾ ਹੈ ਪਰ ਉਨ੍ਹਾਂ ਵਿਚ ਕਵਿਤਾ ਨਹੀਂ ਹੁੰਦੀ। ਵਿਚਾਰਾਂ ਨੂੰ ਕਵਿਤਾਉਣ ਲੱਗਿਆਂ ਕਵਿਤਾ ਦਾ ਹਾਣੀ ਬਣਨਾ ਪੈਂਦਾ ਹੈ। ਸੰਗੀਤਾਤਮਕਤਾ ਦਾ ਧਿਆਨ ਰੱਖਣਾ ਪੈਂਦਾ ਹੈ। ਪਿੰਗਲ/ਅਰੂਜ਼ ਅਤੇ ਛੰਦਾਂ ਦੀ ਜਾਣਕਾਰੀ ਹੋਣਾ ਵੀ ਅਤਿ ਜ਼ਰੂਰੀ ਹੈ, ਖ਼ਾਸ ਕਰਕੇ ਗ਼ਜ਼ਲ ਵਰਗੀ ਵਿਧਾ ਦੀ ਅਸੂਲੀ ਜਾਣਕਾਰੀ ਨਾਲ ਹੀ ਵਿਚਾਰਾਂ ਨੂੰ ਵਧੇਰੇ ਖੂਬਸੂਰਤ, ਵਧੇਰੇ ਪੁਖਤਗੀ ਨਾਲ ਪੇਸ਼ ਕੀਤਾ ਜਾ ਸਕਦਾ ਹੈ।

-ਰਾਜਿੰਦਰ ਪਰਦੇਸੀ
ਮੋ: 93576-41552

ਪੁਲੀਟੀਕਲ ਇਨਸਾਈਕਲੋਪੀਡੀਆ ਆਫ਼ ਪੰਜਾਬ
ਲੇਖਕ : ਜੰਗਪਾਲ ਸਿੰਘ
ਪ੍ਰਕਾਸ਼ਕ : ਟਵੰਟੀ ਫਸਟ ਸੈਂਚਰੀ, ਪਟਿਆਲਾ
ਮੁੱਲ : 600 ਰੁਪਏ, ਸਫ਼ੇ : 269.

1947 ਵਿਚ ਦੇਸ਼ ਦੇ ਆਜ਼ਾਦ ਹੋਣ ਉਪਰੰਤ ਪੰਜਾਬ ਦਾ ਸਿਆਸੀ ਜੀਵਨ ਬਹੁਤ ਵਚਿੱਤਰ, ਗੁੰਝਲਦਾਰ ਤੇ ਉਤਰਾਵਾਂ-ਚੜ੍ਹਾਵਾਂ ਭਰਪੂਰ ਰਿਹਾ ਹੈ। ਸੰਨ '56 ਵਿਚ ਪੰਜਾਬ ਤੇ ਪੈਪਸੂ ਸਟੇਟ ਦਾ ਰਲੇਵਾਂ ਹੋਣ ਤੋਂ ਪਹਿਲਾਂ ਸਾਡੀਆਂ ਵਿਧਾਨ ਸਭਾਵਾਂ ਵੀ ਦੋ ਸਨ-ਇਕ ਪੰਜਾਬ ਦੀ ਤੇ ਦੂਸਰੀ ਪੈਪਸੂ ਦੀ। ਉਦੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਰਿਜ਼ਰਵ ਹਲਕੇ ਵੀ ਵੱਖਰੇ ਨਹੀਂ ਸਨ ਸਗੋਂ ਕੁਝ ਹਲਕਿਆਂ ਨੂੰ ਜਨਰਲ ਤੇ ਰਿਜ਼ਰਵ ਦੇ ਰੂਪ ਵਿਚ ਦੁਹਰੇ ਬਣਾ ਕੇ ਰਾਖਵੇਂਕਰਨ ਦਾ ਘਰ ਪੂਰਾ ਕੀਤਾ ਜਾਂਦਾ ਸੀ। 1966 ਵਿਚ ਭਾਸ਼ਾ ਦੇ ਆਧਾਰ 'ਤੇ ਪੰਜਾਬੀ ਸੂਬਾ ਹੋਂਦ ਵਿਚ ਆਉਣ ਤੋਂ ਪਹਿਲਾਂ ਇਕ ਪਾਸੇ ਸ਼ਿਮਲਾ ਤੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ, ਹਮੀਰਪੁਰ, ਪਾਲਮਪੁਰ, ਕੁੱਲੂ ਆਦਿ ਵਿਧਾਨ ਸਭਾਈ ਹਲਕੇ ਪੰਜਾਬ ਦਾ ਹਿੱਸਾ ਸਨ, ਉਥੇ ਦੂਜੇ ਪਾਸੇ ਪੂਰੇ ਦੇ ਪੂਰਾ ਹਰਿਆਣਾ ਵੀ ਇਸ ਵਿਚ ਸੰਮਿਲਤ ਸੀ। ਪੰਜਾਬ ਦੀ ਭੂਗੋਲਿਕ ਰੂਪ-ਰੇਖਾ ਤੇ ਪ੍ਰਬੰਧਕੀ ਸਰੂਪ ਵਾਰ-ਵਾਰ ਬਦਲਦਾ ਰਿਹਾ। ਇਸ ਸਾਰੇ ਸਮੇਂ ਵਿਚ ਸੂਬੇ ਦਾ ਸਿਆਸੀ ਪਾਰਾ ਚੜ੍ਹਿਆ ਰਿਹਾ; ਸਿਆਸੀ ਟੁੱਟ-ਭੱਜ ਹੁੰਦੀ ਰਹੀ; ਮੋਰਚੇ ਲੱਗਦੇ ਰਹੇ ਤੇ ਚੋਣ ਦੰਗਲ ਵੀ ਹੁੰਦੇ ਰਹੇ। ਇਸ ਸਭ ਦੇ ਪਿਛੋਕੜ ਵਿਚ ਸਾਡੇ ਸਿਆਸਤਦਾਨਾਂ ਦਾ ਸਿਆਸੀ ਜੀਵਨ ਬਹੁਤ ਵਚਿੱਤਰ ਤੇ ਰੌਚਿਕ ਤੱਥਾਂ ਦਾ ਜ਼ਾਮਨ ਹੈ। ਇਸ ਨੂੰ ਜਾਨਣ-ਸਮਝਣ ਲਈ ਰਿਵਿਊ ਅਧੀਨ ਪੁਸਤਕ 'ਪੁਲੀਟੀਕਲ ਇਨਸਾਈਕਲੋਪੀਡੀਆ ਆਫ ਪੰਜਾਬ'-ਅੰਗਰੇਜ਼ੀ ਭਾਸ਼ਾ (2013) ਬਹੁਤ ਅਹਿਮ ਤੇ ਮੁੱਲਵਾਨ ਦਸਤਾਵੇਜ਼ ਦੇ ਰੂਪ ਵਿਚ ਸਾਡੇ ਸਾਹਮਣੇ ਆਉਂਦੀ ਹੈ।
ਇਸ ਇਨਸਾਈਕਲੋਪੀਡੀਆ ਨੂੰ ਲੇਖਕ ਨੇ ਬਹੁਤ ਸਖ਼ਤ ਖੋਜ-ਸਾਧਨਾ ਤੇ ਮਿਹਨਤ ਨਾਲ ਤਿਆਰ ਕੀਤਾ ਹੈ। ਇਸ ਵਿਚ ਦਰਜ ਤੱਥਾਂ-ਤੱਤਾਂ ਨੂੰ ਉਸ ਨੇ ਪੰਜਾਬ ਵਿਧਾਨ ਸਭਾ ਲਾਇਬ੍ਰੇਰੀ, ਰਾਜ ਚੋਣ ਅਫ਼ਸਰ ਜਾਂ ਮੁੱਖ ਚੋਣ ਕਮਿਸ਼ਨਰ ਨਵੀਂ ਦਿੱਲੀ ਆਦਿ ਮੁਢਲੇ ਸਰੋਤਾਂ 'ਤੇ ਆਧਾਰਿਤ ਕੀਤਾ ਹੈ, ਜਿਸ ਕਰਕੇ ਇਸ ਦੀ ਪ੍ਰਮਾਣਿਕਤਾ ਨੂੰ ਵਧੇਰੇ ਭਰੋਸੇਮੰਦ ਤੇ ਉੱਚਿਤ ਕਿਹਾ ਜਾ ਸਕਦਾ ਹੈ। ਇਸ ਪੁਸਤਕ ਵਿਚ ਹਰ ਉਸ ਸਿਆਸਤਦਾਨ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਨੇ ਘੱਟੋ-ਘੱਟ ਇਕ ਵਾਰ ਵਿਧਾਨ, ਲੋਕ ਸਭਾ ਜਾਂ ਰਾਜ ਸਭਾ ਦੀ ਚੋਣ ਜਿੱਤੀ ਹੋਵੇ। ਇਸ ਤੋਂ 1947 ਤੋਂ ਲੈ ਕੇ ਹੁਣ ਤੱਕ ਪ੍ਰਾਂਤਕ/ਕੌਮੀ ਪੱਧਰ 'ਤੇ ਮਾਨਤਾ ਪ੍ਰਾਪਤ ਪਾਰਟੀਆਂ ਦੇ ਮੁਖੀਆਂ ਅਤੇ ਸਮੇਂ-ਸਮੇਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹੇ ਪ੍ਰਧਾਨਾਂ ਬਾਰੇ ਸੂਚਨਾ ਵੀ ਅੰਕਿਤ ਕੀਤੀ ਗਈ ਹੈ। ਕੇਵਲ ਜਿੱਤਣ ਵਾਲੇ ਉਮੀਦਵਾਰਾਂ ਬਾਰੇ ਹੀ ਨਹੀਂ ਸਗੋਂ ਹਲਕੇਵਾਰ ਵੀ ਪੂਰਾ-ਪੂਰਾ ਵੇਰਵਾ ਦਿੱਤਾ ਗਿਆ ਕਿ ਹਲਕਾ ਕਿਸ ਪ੍ਰਕਾਰ ਦਾ ਸੀ, ਮੁਕਾਬਲਾ ਸਿੱਧਾ-ਅਸਿੱਧਾ ਜਾਂ ਬਹੁਕੋਨੀ ਸੀ ਅਤੇ ਹਾਰਨ ਵਾਲੇ ਉਮੀਦਵਾਰ ਦਾ ਵੋਟ ਫ਼ਰਕ ਤੇ ਪਾਰਟੀ ਕੀ ਸੀ ਆਦਿ...। ਇਸ ਪੁਸਤਕ ਦੇ ਆਧਾਰ 'ਤੇ ਬਹੁਤ ਸਾਰੇ ਮੌਜੂਦਾ ਸਿਆਸੀ ਮਹਾਂਰਥੀਆਂ, ਪਾਰਟੀਆਂ ਤੇ ਚੋਣ ਹਲਕਿਆਂ ਦੀ ਪੁਲੀਟੀਕਲ ਪ੍ਰੋਫ਼ਾਈਲ ਨੂੰ ਸਹਿਜੇ ਹੀ ਸਮਝਿਆ ਜਾ ਸਕਦਾ ਹੈ। ਅਨੇਕ ਸਿਆਸੀ ਰੁਝਾਨਾਂ ਦੀ ਥਾਹ ਵੀ ਸਹਿਜੇ ਪਾਈ ਜਾ ਸਕਦੀ ਹੈ। ਇਸੇ ਕਰਕੇ ਮੈਂ ਇਸ ਨੂੰ ਇਕ ਦਸਤਾਵੇਜ਼ ਦਾ ਦਰਜਾ ਦਿੱਤਾ ਹੈ।

-ਡਾ: ਸੁਖਵਿੰਦਰ ਸਿੰਘ ਰੰਧਾਵਾ
ਮੋ: 98154-58666.

ਪੰਜਾਬੀ ਕੋਸ਼-ਪਰੰਪਰਾ ਦੀ ਇਕ ਮਾਣਮੱਤੀ ਪ੍ਰਾਪਤੀ
ਗੁਰਦਿਆਲ ਸਿੰਘ ਸੰਦਰਭ ਕੋਸ਼
ਲੇਖਕ : ਡਾ: ਤਰਸੇਮ ਸ਼ਰਮਾ
ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਲ : 950 ਰੁਪਏ, ਸਫ਼ੇ : 763.

ਡਾ: ਤਰਸੇਮ ਸ਼ਰਮਾ ਦਆਰਾ ਤਿਆਰ ਕੀਤਾ ਗਿਆ 'ਗੁਰਦਿਆਲ ਸਿੰਘ ਸੰਦਰਭ ਕੋਸ਼' ਇਕ ਇਤਿਹਾਸਕ ਕਾਰਜ ਹੈ, ਜਿਸ ਵਿਚ ਸੁਪ੍ਰਸਿੱਧ ਬਹੁ-ਪੱਖੀ ਲੇਖਕ ਗੁਰਦਿਆਲ ਸਿੰਘ ਦੀ ਰਚਨਾ ਬਾਰੇ ਵੇਰਵਾਮੂਲਕ ਸਮੱਗਰੀ ਇਕੱਤਰ ਕੀਤੀ ਗਈ ਹੈ।
ਗੁਰਦਿਆਲ ਸਿੰਘ ਨੂੰ ਜੇ ਪੰਜਾਬੀ ਦਾ ਸਭ ਤੋਂ ਅਹਿਮ ਜਾਂ ਸਰਵੋਤਮ ਨਾਵਲਕਾਰ ਕਿਹਾ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਭਾਵੇਂ ਗੁਰਦਿਆਲ ਸਿੰਘ ਨੇ 10 ਨਾਵਲਾਂ ਤੋਂ ਇਲਾਵਾ 11 ਕਹਾਣੀ ਸੰਗ੍ਰਹਿ, ਤਿੰਨ ਨਾਟਕ, ਅੱਠ ਵਾਰਤਕ ਸੰਗ੍ਰਹਿ, 24 ਬਾਲ ਸਾਹਿਤ ਪੁਸਤਕਾਂ ਅਤੇ 40 ਦੇ ਕਰੀਬ ਅਨੁਵਾਦਿਤ ਪੁਸਤਕਾਂ ਨਾਲ ਇਕ ਬਹੁ-ਵਿਧਾਈ ਲੇਖਕ ਵਜੋਂ ਆਪਣੀ ਛਾਪ ਛੱਡੀ ਹੈ ਪਰ ਉਸ ਦੀ ਪ੍ਰਮੁੱਖ ਪਛਾਣ ਨਾਵਲਕਾਰ ਵਜੋਂ ਹੀ ਸਥਾਪਿਤ ਹੋਈ ਹੈ।
ਡਾ: ਤਰਸੇਮ ਨੇ ਇਕ ਪ੍ਰਤੀਬੱਧ ਖੋਜੀ ਵਾਲੇ ਸਿਰੜ ਨਾਲ ਇਕ ਪਾਸੇ ਗੁਰਦਿਆਲ ਸਿੰਘ ਦੀਆਂ ਰਚਨਾਵਾਂ ਨੂੰ ਉਨ੍ਹਾਂ ਦੇ ਛਪਣ ਕਾਲ-ਵਿਸ਼ੇਸ਼ ਅਨੁਸਾਰ ਸਾਂਭਿਆ ਅਤੇ ਦੂਜੇ ਪਾਸੇ ਗੁਰਦਿਆਲ ਸਿੰਘ ਦੀਆਂ ਲਿਖਤਾਂ ਸਬੰਧੀ ਸਮੁੱਚੇ ਖੋਜ-ਕਾਰਜ ਨੂੰ ਇਕੱਤਰ ਕਰਕੇ ਭਵਿੱਖ ਦੇ ਖੋਜੀਆਂ ਲਈ ਵਿਸ਼ੇਸ਼ ਤਰਤੀਬ ਨਾਲ ਪਰੋਸਿਆ। ਇਹ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਕੋਸ਼ਕਾਰ ਨੇ ਨਾਵਲਾਂ, ਕਹਾਣੀਆਂ ਅਤੇ ਵਾਰਤਕ ਲਿਖਤਾਂ ਦੇ ਮਹਿਜ਼ ਵੇਰਵੇ ਹੀ ਨਹੀਂ ਦਿੱਤੇ ਬਲਕਿ ਹਰੇਕ ਬਾਰੇ ਵਿਸਥਾਰਪੂਰਵਕ (ਇਕ ਪੰਨੇ ਦੇ ਕਰੀਬ) ਇੰਦਰਾਜ ਦਰਜ ਕੀਤੇ ਹਨ। ਇੰਦਰਾਜ ਲਿਖਣ ਦਾ ਢੰਗ ਵੀ ਸਿਰਜਣਾਤਮਕ ਭਾਂਤ ਦਾ ਹੈ। ਯਾਨੀ ਇੰਜ ਲੱਗਦਾ ਹੈ ਜਿਵੇਂ ਗੁਰਦਿਆਲ ਸਿੰਘ ਖ਼ੁਦ 'ਮੈਂ' ਵਕਤਾ ਬਣ ਕੇ ਨਾਵਲ ਜਾਂ ਕਹਾਣੀ ਦਾ ਬੋਲ-ਚਾਲ ਦੀ ਭਾਸ਼ਾ ਵਿਚ ਸਾਰ ਸੁਣਾ ਰਿਹਾ ਹੋਵੇ। ਮਿਸਾਲ ਵਜੋਂ ਨਾਵਲ 'ਮੜ੍ਹੀ ਦੀ ਦੀਵਾ' ਵਾਲੇ ਇੰਦਰਾਜ ਵਿਚ ਉਹ ਲਿਖਦਾ ਹੈ, 'ਹਰ ਦੁੱਖ ਸਹਿ ਕੇ, ਸਮਾਜ ਦੀ ਨਮੋਸ਼ੀ ਦੀ ਪ੍ਰਵਾਹ ਨਾ ਕਰਦਿਆਂ ਭਾਨੀ ਇਸ਼ਕ ਨੂੰ ਆਂਚ ਨਹੀਂ ਆਉਣ ਦਿੰਦੀ। ਠੋਲੇ ਵਾਂਗ ਜਗਸੀਰ ਨੇ ਵੀ ਬੜੀ ਤਨਦੇਹੀ ਨਾਲ ਧਰਮ ਸਿੰਘ ਦੀ ਜ਼ਮੀਨ ਸੰਭਾਲੀ ਹੀ ਨਹੀਂ ਵਧਾਈ ਵੀ।'
'ਗੁਰਦਿਆਲ ਸਿੰਘ ਦੇ ਸਾਹਿਤ ਦੀ ਸ਼ਬਦਾਵਲੀ' ਵਾਲਾ ਭਾਗ ਇਸ ਪੱਖੋਂ ਬਹੁਤ ਦਿਲਚਸਪ ਹੈ ਕਿ ਇਹ ਸਵਾ ਕੁ ਸੌ ਪੰਨੇ ਦਾ ਮਲਵਈ ਭਾਸ਼ਾ ਕੋਸ਼ ਹੀ ਬਣ ਗਿਆ ਹੈ। 'ਗੁਰਦਿਆਲ ਸਿੰਘ ਦੇ ਸਾਹਿਤ ਦੀ ਆਲੋਚਨਾ ਦੇ ਸੰਦਰਭ' ਵਾਲੇ ਅਧਿਆਇ ਵਿਚ ਵੀ ਡਾ: ਤਰਸੇਮ ਨੇ ਸਿਰਫ਼ ਪੁਸਤਕ ਸੂਚੀ ਹੀ ਨਹੀਂ ਦਿੱਤੀ ਬਲਕਿ ਸਮੀਖਿਆ ਪੁਸਤਕਾਂ ਦੇ ਤਤਕਰੇ ਵੀ ਦਿੱਤੇ ਹਨ ਅਤੇ ਸੁਤੰਤਰ ਲੇਖਾਂ ਨੂੰ ਵੀ ਉਨ੍ਹਾਂ ਦੇ ਛਪਣ-ਸ੍ਰੋਤਾਂ ਸਮੇਤ ਦਿੱਤਾ ਹੈ।
ਗੁਰਦਿਆਲ ਸਿੰਘ ਪੰਜਾਬੀ ਭਾਸ਼ਾ ਦਾ ਸਿਰਮੌਰ ਲੇਖਕ ਹੈ। ਉਸ ਬਾਰੇ ਅਜੇ ਹੋਰ ਵੱਖ-ਵੱਖ ਕੋਣਾਂ ਤੋਂ ਬਹੁਤ ਖੋਜ-ਕਾਰਜ ਹੋਣਾ ਹੈ। ਡਾ: ਤਰਸੇਮ ਦਾ ਇਹ ਨਿੱਗਰ ਅਤੇ ਪ੍ਰਮਾਣਿਕ ਕਾਰਜ ਆਉਣ ਵਾਲੇ ਖੋਜੀਆਂ ਅਤੇ ਰਚਨਾਵਾਂ ਨੂੰ ਸਿਲੇਬਸਾਂ ਰਾਹੀਂ ਪੜ੍ਹਨ ਵਾਲੇ ਗ਼ੈਰ-ਮਲਵਈ ਵਿਦਿਆਰਥੀਆਂ ਲਈ ਰਾਹ-ਦਸੇਰਾ ਸਿੱਧ ਹੋਵੇਗਾ। ਡਾ: ਤਰਸੇਮ ਨੇ ਜਿੰਨੀ ਮਿਹਨਤ, ਪ੍ਰਤੀਬੱਧਤਾ, ਸ਼ਿੱਦਤ ਅਤੇ ਇਤਿਹਾਸਕ ਸੂਝ ਨਾਲ ਇਸ ਸੰਦਰਭ ਕੋਸ਼ ਨੂੰ ਤਿਆਰ ਕੀਤਾ ਹੈ, ਓਨੀ ਹੀ ਰੀਝ ਅਤੇ ਜ਼ਿੰਮੇਵਾਰੀ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਨਿਵੇਕਲੇ, ਅਹਿਮ ਅਤੇ ਵੱਡ-ਆਕਾਰੀ ਕੋਸ਼ ਨੂੰ ਸੁੰਦਰ ਢੰਗ ਨਾਲ ਪ੍ਰਕਾਸ਼ਿਤ ਕੀਤਾ ਹੈ। ਭਾਵੇਂ ਛੋਟੇ ਆਧਾਰ ਵਾਲੀਆਂ ਰਚਨਾਵਾਂ ਦੇ ਵਿਸਥਾਰਪੂਰਵਕ ਸਾਰ-ਤੱਤ ਦੇਣ ਵਿਚ ਕੁਝ ਸੰਜਮ ਵਰਤ ਕੇ ਆਕਾਰ ਕਾਫ਼ੀ ਘਟਾਇਆ ਜਾ ਸਕਦਾ ਸੀ ਪਰ ਉਸ ਨਾਲ ਸ਼ਾਇਦ ਬਿਆਨ ਵਿਚ ਜੀਵੰਤਤਾ ਘਟ ਜਾਣੀ ਸੀ। ਸੰਦਰਭ-ਕੋਸ਼ ਤਿਆਰ ਕਰਕੇ ਡਾ: ਤਰਸੇਮ ਨੇ ਇਕ ਪਾਸੇ ਪ੍ਰਸਿੱਧ ਲੇਖਕ ਗੁਰਦਿਆਲ ਸਿੰਘ ਦੀ ਵਿਸ਼ੇਸ਼ ਪਛਾਣ ਨੂੰ ਹੋਰ ਗੂੜ੍ਹੀ ਕਰਨ ਵਿਚ ਢੁਕਵਾਂ ਯੋਗਦਾਨ ਪਾਇਆ ਹੈ, ਦੂਜੇ ਪਾਸੇ ਪੰਜਾਬੀਆਂ ਦੀ ਮੱਧਮ ਪੈ ਰਹੀ ਇਤਿਹਾਸਕ ਚੇਤਨਾ ਨੂੰ ਵੀ ਝੰਜੋੜਿਆ ਹੈ।

-ਡਾ: ਬਲਦੇਵ ਸਿੰਘ ਧਾਲੀਵਾਲ
ਮੋ: 9872835835

22-2-14

 ਮਾਲਵੇ ਦੇ ਲੋਕ ਗੀਤ ਅਤੇ ਲੋਕ ਬੋਲੀਆਂ
ਸੰਗ੍ਰਹਿ ਕਰਤਾ : ਜਸਬੀਰ ਸਿੰਘ ਕੰਗਣਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 136.

ਲੋਕ ਗੀਤਾਂ ਵਿਚ ਜੰਗਲੀ ਫੁੱਲਾਂ ਵਰਗੀ ਤਾਜ਼ਗੀ ਅਤੇ ਮਹਿਕ ਹੁੰਦੀ ਹੈ। ਪੰਜਾਬ ਕੋਲ ਲੋਕ ਗੀਤਾਂ ਦਾ ਅਨਮੋਲ ਸਰਮਾਇਆ ਹੈ। ਇਹ ਦਿਲਾਂ ਵਿਚੋਂ ਨਿਕਲੀਆਂ ਹੋਈਆਂ ਹੂਕਾਂ, ਕੂਕਾਂ, ਕਿਲਕਾਰੀਆਂ ਅਤੇ ਦਿਲਦਾਰੀਆਂ ਹਨ। ਇਨ੍ਹਾਂ ਨੂੰ ਸੰਭਾਲਣਾ ਜ਼ਰੂਰੀ ਹੈ ਨਹੀਂ ਤਾਂ ਇਹ ਬਜ਼ੁਰਗ ਪੰਜਾਬਣਾਂ ਦੇ ਨਾਲ ਹੀ ਦਫ਼ਨ ਹੋ ਜਾਣਗੇ। ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਬੋਲੀਆਂ, ਗੀਤਾਂ, ਟੱਪਿਆਂ, ਮਾਹੀਏ ਆਦਿ ਵੰਨਗੀਆਂ ਨੂੰ ਸਹੇਜ ਕੇ ਇਕ ਲੜੀ ਲਈ ਪਰੋਣ ਦਾ ਸੁਚੱਜਾ ਯਤਨ ਕਰਦੀ ਇਹ ਪੁਸਤਕ ਮਾਲਵੇ ਦੇ ਹੁਨਰ ਦਾ ਕਮਾਲ ਹੈ। ਇਸ ਵਿਚ ਸਾਡਾ ਪਿਛੋਕੜ, ਸੱਭਿਆਚਾਰ ਅਤੇ ਰਹੁ-ਰੀਤਾਂ ਸਮੋਈਆਂ ਹੋਈਆਂ ਹਨ। ਪੀੜ੍ਹੀਓ-ਪੀੜ੍ਹੀ ਚਲਦੇ ਲੋਕ ਗੀਤ ਲੋਕ-ਦਿਲਾਂ ਦੇ ਅਸਲੀ ਅਨੁਭਵ ਹਨ, ਇਸ ਲਈ ਇਹ ਸਿੱਧੇ ਦਿਲਾਂ ਵਿਚ ਉਤਰ ਜਾਂਦੇ ਹਨ।
ਲੇਖਕ ਨੇ ਬਹੁਤ ਮਿਹਨਤ ਕਰਕੇ ਇਨ੍ਹਾਂ ਗੀਤਾਂ, ਬੋਲੀਆਂ, ਸੁਹਾਗ, ਘੋੜੀਆਂ ਸਿੱਠਣੀਆਂ ਆਦਿ ਨੂੰ ਇਕੱਤਰ ਕੀਤਾ ਹੈ ਅਤੇ ਸੁੰਦਰ ਢੰਗ ਨਾਲ ਮਾਲਾ ਵਾਂਗ ਪਰੋ ਕੇ ਪਾਠਕਾਂ ਸਾਹਵੇਂ ਰੱਖਿਆ ਹੈ। ਪੁਸਤਕ ਵਿਚ ਵਿਆਹ ਦੀਆਂ ਰਸਮਾਂ ਵਿਚ ਗਾਏ ਜਾਣ ਵਾਲੇ ਗੀਤ, ਨ੍ਹਾਈ ਧੋਈ ਤੇ ਵਟਣਾ ਮਲਣਾ, ਸਿਹਰਾ ਬੰਨ੍ਹਣਾ, ਸੁਰਮਾ ਪਾਉਣਾ, ਘੋੜੀ, ਮੱਥਾ ਟਿਕਾਉਣ, ਜੰਞ ਚੜ੍ਹਨ, ਜੰਞ ਢੁੱਕਣ, ਜੰਞ ਬੰਨ੍ਹਣ, ਫੇਰਿਆਂ, ਵਿਦਾਈ, ਡੋਲੀ ਉਤਾਰਨ ਸਮੇਂ ਅਤੇ ਪਾਣੀ ਵਾਰਨ ਸਮੇਂ ਆਦਿ ਦੇ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਸਿੱਠਣੀਆਂ, ਪੱਗ, ਕਰੀਰ, ਸੰਦੂਕ, ਵੀਰ ਦੇ ਵਿਆਹ, ਮਹਿੰਦੀ, ਹਾਰ-ਸ਼ਿੰਗਾਰ, ਸਾਉਣ, ਛੰਦ ਪਰਾਗੇ, ਚਰਖੇ ਆਦਿ ਬਾਬਤ ਗੀਤ ਸੰਗ੍ਰਹਿਤ ਕੀਤੇ ਗਏ ਹਨ। ਲੋਕ ਗੀਤਾਂ ਵਿਚ ਵੱਖੋ-ਵੱਖਰੇ ਰਿਸ਼ਤਿਆਂ ਜਿਵੇਂ ਵਿਚੋਲਾ-ਵਿਚੋਲਣ, ਭੈਣ-ਭਰਾ, ਸੱਸ-ਨੂੰਹ, ਦਿਉਰ-ਭਰਜਾਈ, ਮਾਂ-ਧੀ ਦੇ ਸਬੰਧਾਂ ਨੂੰ ਵੀ ਬਿਆਨਿਆ ਗਿਆ ਹੈ। ਹੀਰ-ਰਾਂਝਾ, ਮਲਕੀ-ਕੀਮਾ, ਤਮਾਸ਼ੇ ਅਤੇ ਕੁਝ ਹੋਰ ਬੋਲੀਆਂ ਦੇ ਨਾਲ-ਨਾਲ ਆਉਂਦੀ ਕੁੜੀਏ ਜਾਂਦੀ ਕੁੜੀਏ, ਜੰਡ, ਥਾਣੇਦਾਰ, ਮਾਪੇ, ਮੱਤਾਂ ਆਦਿ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ ਹਨ। ਇਨ੍ਹਾਂ ਗੀਤਾਂ ਨੂੰ ਪੜ੍ਹ ਕੇ ਜਾਪਦਾ ਹੈ ਕਿ ਸਾਰਾ ਬ੍ਰਹਿਮੰਡ ਹੀ ਕੋਈ ਇਲਾਹੀ ਨਾਦ ਗਾ ਰਿਹਾ ਹੈ, ਧਰਤੀ ਗਾ ਰਹੀ ਹੈ, ਪਹਾੜ ਗਾ ਰਹੇ ਹਨ, ਵਿਆਹ ਗਾ ਰਹੇ ਹਨ, ਰੁੱਤਾਂ ਗਾ ਰਹੀਆਂ ਹਨ, ਪਰੰਪਰਾਵਾਂ ਗਾ ਰਹੀਆਂ ਹਨ, ਦਿਲ ਗਾ ਰਹੇ ਹਨ, ਨਾੜਾਂ ਗਾ ਰਹੀਆਂ ਹਨ। ਸਾਡਾ ਰੋਮ-ਰੋਮ ਕਿਸੇ ਅਗੰਮੀ ਰਾਗ ਨਾਲ ਲਹਿਰਾਉਣ ਲਗਦਾ ਹੈ। ਅੱਜ ਦੇ ਕੰਨ ਪਾੜੂ, ਸ਼ੋਰ-ਸ਼ਰਾਬੇ ਵਾਲੇ ਲੱਚਰ ਸੰਗੀਤ ਦੀ ਹਨੇਰੀ ਵਿਚ ਸਾਡੇ ਪਰੰਪਰਕ ਲੋਕ ਗੀਤ ਬਾਰਸ਼ ਦੀ ਠੰਢੀ ਫੁਹਾਰ ਵਾਂਗ ਸੀਤਲਤਾ ਤੇ ਸ਼ਾਂਤੀ ਪ੍ਰਦਾਨ ਕਰਦੇ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਫ ਫ ਫ

ਬਲਦੇਵ ਸਿੰਘ ਦਾ ਗਲਪ-ਸੰਸਾਰ
ਲੇਖਕ : ਡਾ: ਅਸ਼ਵਨੀ ਸ਼ਰਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 220.

1977 ਤੋਂ ਲੈ ਕੇ ਹੁਣ ਤੱਕ ਨਿਰੰਤਰ ਲਿਖਣ ਵਾਲਾ ਬਲਦੇਵ ਸਿੰਘ (ਸੜਕਨਾਮਾ) ਲਗਭਗ ਪੰਜਾਹ ਪੁਸਤਕਾਂ ਦਾ ਲੇਖਕ ਹੈ, ਜੋ ਨਾਵਲ, ਕਹਾਣੀ, ਨਿਬੰਧ, ਬਾਲ ਸਾਹਿਤ ਤੇ ਨਾਟਕ ਦੇ ਵਿਭਿੰਨ ਖੇਤਰਾਂ ਤੱਕ ਪਸਰੀਆਂ ਹੋਈਆਂ ਹਨ। ਮੁੱਖ ਰੂਪ ਵਿਚ ਉਹ ਗਲਪਕਾਰ ਹੈ ਅਤੇ ਢਾਹਵਾਂ ਦਿੱਲੀ ਦੇ ਕਿੰਗਰੇ ਨਾਵਲ ਦੇ ਨਾਂਅ 'ਤੇ ਸਾਹਿਤ ਅਕਾਦਮੀ ਪੁਰਸਕਾਰ (2011) ਹਾਸਲ ਕਰ ਚੁੱਕਾ ਹੈ। ਡਾ: ਅਸ਼ਵਨੀ ਸ਼ਰਮਾ ਦੀ ਇਹ ਪੁਸਤਕ ਉਸ ਦੇ ਡਿਗਰੀ ਸਾਪੇਖ ਖੋਜ ਕਾਰਜ ਦਾ ਪ੍ਰਕਾਸ਼ਿਤ ਰੂਪ ਹੈ ਅਤੇ ਇਸ ਕਾਰਜ ਲਈ ਨਿਸਚਿਤ ਰੂਪ-ਰੇਖਾ ਅਨੁਸਾਰ ਹੀ ਸੰਪੂਰਨ ਕੀਤਾ ਗਿਆ ਹੈ।
ਪੰਜ ਅਧਿਆਵਾਂ ਵਿਚ ਸੰਪੂਰਨ ਇਸ ਅਧਿਐਨ ਦਾ ਆਰੰਭ ਬਲਦੇਵ ਸਿੰਘ ਦੇ ਜੀਵਨ ਬਿਰਤਾਂਤ, ਵਿੱਦਿਆ, ਰੋਜ਼ੀ-ਰੋਟੀ ਲਈ ਭਾਂਤ-ਸੁਭਾਂਤੇ ਲੰਮੇ ਸੰਘਰਸ਼, ਸਾਹਿਤਕ ਸਫ਼ਰ ਅਤੇ ਮਾਣ-ਸਨਮਾਨਾਂ 'ਤੇ ਝਾਤ ਪੁਆ ਕੇ ਕੀਤਾ ਗਿਆ ਹੈ। ਦੂਜੇ ਅਧਿਆਇ ਵਿਚ ਉਸ ਦੇ 12 ਕਹਾਣੀ ਸੰਗ੍ਰਹਿਆਂ ਦਾ ਵਿਸ਼ਲੇਸ਼ਣ ਹੈ। ਉਸ ਦੀਆਂ ਕਹਾਣੀਆਂ ਦੀਆਂ ਮੁੱਖ ਥੀਮਿਕ ਇਕਾਈਆਂ ਹਨ : ਕਿਸਾਨੀ ਜੀਵਨ, ਦਲਿਤ ਚੇਤਨਾ, ਮਹਾਂਨਗਰੀ ਚੇਤਨਾ, ਨਾਰੀ ਚੇਤਨਾ ਤੇ ਡਰਾਇਵਰੀ ਜੀਵਨ। ਪਾਤਰ, ਵਾਤਾਵਰਣ, ਭਾਸ਼ਾ, ਕਲਾ ਜੁਗਤਾਂ ਸਭ ਨੂੰ ਉਕਤ ਥੀਮਿਕ ਇਕਾਈਆਂ ਦੇ ਪ੍ਰਸੰਗ ਵਿਚ ਹੀ ਸਮਝਣ ਦਾ ਯਤਨ ਅਸ਼ਵਨੀ ਨੇ ਕੀਤਾ ਹੈ। ਤੀਜੇ ਅਧਿਆਇ ਵਿਚ ਨਾਵਲਾਂ ਦਾ ਅਧਿਐਨ ਕਰਦੇ ਸਮੇਂ ਹਰ ਨਾਵਲ ਬਾਰੇ ਆਲੋਚਨਾਤਮਕ ਵਿਸ਼ਲੇਸ਼ਣ ਕਰਦੇ ਸਮੇਂ ਨਾਵਲ ਨੂੰ ਦੇਸ਼ ਕਾਲ, ਸੰਸਕ੍ਰਿਤੀ, ਵਿਸ਼ੇ ਰੂਪ ਜੁਗਤਾਂ ਦੀ ਗੱਲ ਕੀਤੀ ਹੈ। ਖੋਜਾਰਥੀ ਅਨੁਸਾਰ ਇਨ੍ਹਾਂ ਨਾਵਲਾਂ ਦੀ ਆਧਾਰ ਵਸਤੂ ਪੰਜਾਬੀ ਕਿਸਾਨੀ ਦੀਆਂ ਵਿਭਿੰਨ ਪਰਤਾਂ ਹਨ, ਜਿਨ੍ਹਾਂ ਦੀਆਂ ਲੋੜਾਂ ਥੁੜਾਂ, ਸੁਪਨੇ, ਮਾਨਸਿਕਤਾ ਤੇ ਵਿਹਾਰ ਬਦਲਦੇ ਸਮਾਜਿਕ ਇਤਿਹਾਸਕ ਪ੍ਰਸੰਗਾਂ ਵਿਚ ਸਮਝਣ ਦਾ ਸਿਰਜਣਾਤਮਕ ਯਤਨ ਇਨ੍ਹਾਂ ਵਿਚ ਕੀਤਾ ਗਿਆ ਹੈ। ਇਹ ਬਿਰਤਾਂਤਕ ਉੱਦਮ ਪ੍ਰਗਤੀਵਾਦੀ/ਮਾਨਵਵਾਦੀ ਦ੍ਰਿਸ਼ਟੀ ਤੋਂ ਬਲਦੇਵ ਸਿੰਘ ਨੇ ਤਾਂ ਕੀਤਾ ਹੀ ਹੈ, ਅਸ਼ਵਨੀ ਨੇ ਇਸੇ ਦ੍ਰਿਸ਼ਟੀ ਤੋਂ ਇਸ ਦਾ ਵਿਸ਼ਲੇਸ਼ਣ ਵੀ ਸਫ਼ਲਤਾ ਨਾਲ ਕੀਤਾ ਹੈ। ਬਲਦੇਵ ਸਿੰਘ ਦੀ ਗਲਪ ਦੇ ਵਿਚਾਰਧਾਰਾਈ ਆਧਾਰਾਂ ਨੂੰ ਮਾਰਕਸਵਾਦੀ ਦ੍ਰਿਸ਼ਟੀ ਤੋਂ ਨਿਤਾਰਨ ਸਮੇਂ ਅਸ਼ਵਨੀ ਨੇ ਸਿਧਾਂਤਕ ਪਰਿਪੱਕਤਾ ਦਾ ਪ੍ਰਮਾਣ ਦਿੱਤਾ ਹੈ। ਉਸ ਦੀ ਗਲਪ ਦੀ ਕਲਾਤਮਕ ਵਿਲੱਖਣਤਾ ਨੂੰ ਪਛਾਣਨ ਦਾ ਉੱਦਮ ਕਰਕੇ ਖੋਜਾਰਥੀ ਨੇ ਵਿਸ਼ੇ ਅਤੇ ਰੂਪ ਦੋਵਾਂ ਪੱਖਾਂ ਤੋਂ ਇਸ ਅਧਿਐਨ ਨੂੰ ਸੰਤੁਲਿਤ ਬਣਾ ਦਿੱਤਾ ਹੈ। ਖੋਜਾਰਥੀ ਦੀ ਭਾਸ਼ਾ ਸਰਲ ਤੇ ਸਪੱਸ਼ਟ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਫ ਫ ਫ

ਵਾਲ ਸਟਰੀਟ
ਲੇਖਕ : ਨਛੱਤਰ ਸਿੰਘ ਗਿੱਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 220 ਰੁਪਏ, ਸਫ਼ੇ : 222.

ਲੇਖਕ ਵਿਸ਼ਾਲ ਸੂਝ-ਬੂਝ ਦਾ ਮਾਲਕ ਹੈ ਅਤੇ ਦੇਸ਼ ਪਿਆਰ ਉਸ ਦੇ ਰਗ-ਰਗ ਵਿਚ ਵਸਿਆ ਹੋਇਆ ਹੈ। ਹਥਲਾ ਨਾਵਲ ਅਜਿਹੀ ਇਕ ਮਿਸਾਲ ਹੈ, ਜੋ ਹਿੰਦੁਸਤਾਨ ਦੇ ਕੁਰਬਾਨੀ ਦੇ ਪੁੰਜ ਗ਼ਦਰੀ ਬਾਬਿਆਂ ਤੇ ਸ਼ਹੀਦਾਂ ਨੂੰ ਸਮਰਪਿਤ ਹੈ। ਲੇਖਕ ਅਨੁਸਾਰ ਸਾਡਾ ਫਰਜ਼ ਹੈ ਕਿ ਸੰਸਾਰ ਤੇ ਸਮਾਜ ਵਿਚ ਵਾਪਰ ਰਹੀਆਂ ਅਮਾਨਵੀ ਤੇ ਮਨੁੱਖ ਦੋਖੀ ਮਾਰੂ ਨੀਤੀਆਂ ਨੂੰ ਨੰਗਾ ਕਰੀਏ। ਲੁਕਾਈ ਨੂੰ ਭੱਤੀ ਦਾ ਬਾਲਣ ਬਣਾਉਣ ਤੇ ਸੱਚ ਨੂੰ ਸੂਲੀ ਟੰਗਣ, ਵਾਲਿਆਂ ਬਾਰੇ ਜਨਤਾ ਨੂੰ ਸੁਚੇਤ ਕਰੀਏ ਤਾਂ ਕਿ ਲੁਕਾਈ ਕਾਲੀਆਂ ਸ਼ਕਤੀਆਂ ਨੂੰ ਵੰਗਾਰਨ ਤੇ ਲਲਕਾਰਨ ਲਈ ਇਕਜੁਟ ਹੋ ਜਾਵੇ। ਅਜਿਹੇ ਵਿਸ਼ੇ ਨੂੰ ਨਾਵਲ ਵਿਚ ਵੱਖ-ਵੱਖ ਪਾਤਰਾਂ ਤੇ ਘਟਨਾਵਾਂ ਰਾਹੀਂ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਲੇਖਕ ਨੇ ਮਾਪਿਆਂ ਤੇ ਬੱਚਿਆਂ ਵਿਚਲੇ ਵਿਚਾਰਧਾਰਕ ਅੰਤਰ ਨੂੰ ਵੀ ਵੀਸ਼ਾ ਪਾਤਰ ਰਾਹੀਂ ਬਾਖੂਬੀ ਪੇਸ਼ ਕੀਤਾ ਹੈ, ਜਦੋਂ ਕਿ ਬੱਚੇ ਮਾਪਿਆਂ ਨੂੰ ਸਮਝਣ ਲਈ ਤਿਆਰ ਹੀ ਨਹੀਂ ਹੁੰਦੇ, ਸਗੋਂ ਮਨਮਾਨੀਆਂ ਕਰਦੇ, ਆਪੇ ਤੋਂ ਬਾਹਰੇ ਹੋ ਕੇ ਵਿਚਰਦੇ ਹਨ। ਅਜੋਕੇ ਪਦਾਰਥਵਾਦੀ ਯੁੱਗ ਦਾ ਕਿਹਾ ਵਰਤਾਰਾ ਹੈ ਕਿ ਜਾਨਵਰਾਂ ਨੂੰ ਤਾਂ ਪਿਆਰਿਆ ਜਾਂਦਾ ਹੈ ਪਰ ਮਨੁੱਖਾਂ ਨੂੰ ਮਾਰਿਆ ਜਾਂਦਾ ਹੈ। ਕਾਮਿਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ, ਬੈਂਕਰ ਡਾਕੂ ਲੁਟੇਰੇ ਹਨ, ਸਰਕਾਰਾਂ ਦਾ ਨਿੱਜੀਕਰਨ ਮੰਡੀ ਨੂੰ ਵਪਾਰ ਬਣਾਉਂਦਾ, ਪੱਛਮੀ ਪ੍ਰਭਾਵ ਇਕੱਲਤਾ ਦਾ ਜੀਵਨ ਪ੍ਰਦਾਨ ਕਰਦਾ, ਸਰਕਾਰ ਦੀ ਅੰਨ੍ਹੀ ਖਪਤਕਾਰੀ ਨੇ ਸਮਾਜੀ ਰਿਸ਼ਤਿਆਂ ਨੂੰ ਖ਼ਤਮ ਕਰ ਦਿੱਤਾ ਹੈ, ਪਿਆਰ ਦੇ ਰਿਸ਼ਤੇ ਮਹਿੰਗਾਈ ਦੀ ਮਾਰ ਹੇਠ ਆ ਕੇ ਟੁੱਟਣ ਦੀ ਕਗਾਰ 'ਤੇ ਹਨ, ਲੁੱਟਾਂ-ਖੋਹਾਂ ਕਰਨ ਵਾਲਿਆਂ ਵਿਰੁੱਧ ਜਨਤਾ ਸੰਘਰਸ਼ ਲਈ ਉੱਠ ਖੜ੍ਹੀ ਹੁੰਦੀ ਹੈ ਆਦਿ ਵਿਸ਼ਿਆਂ ਨੂੰ ਲੇਖਕ ਨੇ ਬੜੇ ਵਿਸਥਾਰ ਨਾਲ ਉਲੀਕਿਆ ਹੈ। ਏਨਾ ਹੀ ਨਹੀਂ, ਹੋਰ ਵੀ ਕਈ ਪਹਿਲੂ ਲਏ ਹਨ, ਜੋ ਜੀਵਨ ਨਾਲ ਸਬੰਧਤ ਹਨ, ਜਿਵੇਂ ਕਿ ਮਨ ਸ਼ਕਤੀਸ਼ਾਲੀ ਕਦੋਂ ਹੁੰਦਾ ਹੈ, ਕੁਦਰਤ ਮਾਨਸਿਕ ਸਕੂਨ ਬਖਸ਼ਦੀ ਹੈ, ਮਾਪਿਆਂ ਨਾਲ ਬੱਚਿਆਂ ਦੀ ਨੇੜਤਾ ਹੋਣੀ ਬਹੁਤ ਜ਼ਰੂਰੀ, ਆਤਮ ਚੇਤੰਨਤਾ ਜ਼ਰੂਰੀ, ਪੜ੍ਹੇ-ਲਿਖੇ ਛੋਟੇ ਤੋਂ ਛੋਟਾ ਕੰਮ ਕਰਦੇ ਹਨ ਪੇਟ ਦੀ ਖਾਤਰ, ਪਿਆਰ, ਦੋਸਤੀ, ਸਤਿਕਾਰ, ਰਾਜਸੱਤਾ, ਭਾਈਚਾਰਕ ਸਾਂਝ, ਪ੍ਰਾਹੁਣਚਾਰੀ, ਚੇਤੰਨਤਾ, ਔਰਤ ਬਾਰੇ ਪਾਸ਼ ਦੀ ਵਿਚਾਰਧਾਰਾ ਤੰਗਦਿਲ, ਮਾਂ-ਬਾਪ ਬਣਨ ਦੀ ਖੁਸ਼ੀ ਅਨੋਖੀ ਹੁੰਦੀ ਹੈ ਅਤੇ ਪੱਛਮ ਵਿਚ ਵੀ ਵਿਆਹੁਤਾ ਜੋੜਿਆਂ ਦੀ ਉਮਰ ਭਰ ਨਿਭਦੀ ਹੈ ਆਦਿ। ਲੇਖਕ ਨੇ ਇਕ ਵਿਸ਼ਾਲ ਕੈਨਵਸ ਉਤੇ ਸਮੁੱਚੇ ਜੀਵਨ ਨੂੰ ਪੇਸ਼ ਕਰਨ ਦਾ ਸੁਚੱਜਾ ਉਪਰਾਲਾ ਕੀਤਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਫ ਫ ਫ

ਤਰਕਸ਼
ਸ਼ਾਇਰ : ਨਵਰਾਹੀ ਘੁਗਿਆਣਵੀ
ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 64.

ਇਸ ਕਾਵਿ-ਪੁਸਤਕ ਵਿਚ ਸ਼ਾਮਿਲ 106 ਕਾਵਿ-ਵਿਅੰਗ ਤਕਨੀਕੀ ਪੱਖੋਂ ਸ਼ਾਇਰ ਦੀ ਪਰਪੱਕ ਸੋਚ ਅਤੇ ਕਲਾ ਪਰਪੱਕਤਾ ਦਾ ਪੁਖਤਾ ਸਬੂਤ ਹਨ। ਡਾ: ਤੇਜਵੰਤ ਸਿੰਘ ਮਾਨ ਅਨੁਸਾਰ, 'ਇਸ ਵਿਅੰਗ-ਕਾਵਿ ਸੰਗ੍ਰਹਿ ਵਿਚਲੇ ਬੰਦਾਂ ਨੂੰ ਪੜ੍ਹਦਿਆਂ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਨਵਰਾਹੀ ਦਾ ਕਾਵਿ ਬੁੱਧ-ਵਿਲਾਸੀ ਸਮਝਦਾਰ, ਘੁੰਤਰੀ ਵਿਅੰਗ-ਕਾਵਿ ਹੈ। ਉਸ ਦਾ ਕਾਵਿ ਮਕਰ, ਖੱਬਤੀ ਜਾਂ ਹੁਜਤੀ ਨਹੀਂ।'
ਉਸ ਨੇ ਆਪਣੇ ਇਨ੍ਹਾਂ ਕੀਮਤੀ ਕਾਵਿ-ਵਿਅੰਗਾਂ ਵਿਚ ਹਲਕੀ ਪੱਧਰ ਦੀ ਨਿੰਦਾ ਜਾਂ ਮਖੌਲ ਨਹੀਂ ਉਡਾਇਆ। ਉਹਦੇ ਵਿਅੰਗ ਬੰਦ ਅਜਿਹੇ ਨਸ਼ਤਰ ਹਨ, ਜੋ ਅੱਜ ਦੇ ਯੁੱਗ ਵਿਚ ਡਿਗ ਰਹੇ ਸਮਾਜਿਕ, ਨੈਤਿਕ, ਸੱਭਿਆਚਾਰਕ, ਸਾਹਿਤਕ ਕਦਰਾਂ-ਕੀਮਤਾਂ ਦੇ ਮਿਆਰ ਦੀ ਚੀਰ-ਫਾੜ ਕਰਦੇ ਅਨੁਭਵ ਹੁੰਦੇ ਹਨ।
ਉਹ ਅੱਜ ਦੀ ਉਪਭੋਗਤਾ ਵਾਲੀ ਰੁਚੀ ਦਾ ਵਿਅੰਗ ਵਿਧੀ ਰਾਹੀਂ ਜੰਮ ਕੇ ਖੰਡਨ ਕਰਦਾ ਹੈ। ਉਸ ਦੇ ਇਨ੍ਹਾਂ ਬੰਦਾਂ ਵਿਚ ਹਾਸਾ, ਟਿੱਚਰ ਜਾਂ ਕੇਵਲ ਮਖੌਲ ਦਾ ਰੰਗ ਹੀ ਨਹੀਂ ਉੱਭਰਦਾ, ਸਗੋਂ ਇਸ ਦੇ ਨਾਲ ਹੀ ਵਿਅੰਗ ਦੀ ਗੰਭੀਰਤਾ ਭਰੀ ਵਿਸ਼ੇਸ਼ਤਾ ਵੀ ਉੱਭਰਦੀ ਹੈ। 'ਸਸਤੇ ਬੋਲ' ਨਾਂਅ ਦਾ ਵਿਅੰਗ-ਕਾਵਿ ਅੱਜ ਦੀ ਹਲਕੀ ਤੇ ਸਸਤੀ ਸ਼ੁਹਰਤ ਖੱਟਣ ਵਾਲੀ ਗੀਤਕਾਰੀ ਬਾਰੇ ਗੰਭੀਰ ਟਿੱਪਣੀ ਹੈ। ਨੁਸਖਾ, ਨਿਸ਼ਾਨ, ਟੀਰ, ਤਰਾਜ਼ੂ, ਰਵਾਇਤ, ਦੁਰਦਸ਼ਾ, ਜੱਗ ਰਵੀਰਾ, ਘੁੰਗਰੂ, ਤੁਲਨਾ, ਕਲਿਆਣ, ਜ਼ਹਿਰਾਂ, ਹੇਠਾਂ, ਤਕੀਆ, ਇਸ਼ਾਰਾ, ਮਾਇਆਧਾਰੀ, ਤਰੱਕੀ, ਸਹੀ ਇਲਾਜ, ਹਾਜ਼ਮਾ, ਇਲਤਜ਼ਾ, ਆਪਾ-ਧਾਪੀ, ਵੱਕਾਰ, ਪਸਾਰ, ਸਿੱਖਿਆ, ਚੋਰਾਂ ਨੂੰ ਮੋਰ, ਸੌਗਾਤ ਵਰਗੇ ਕਾਵਿ-ਵਿਅੰਗ ਸਮੇਂ ਦੀ ਨਬਜ਼ 'ਤੇ ਉਂਗਲੀ ਰੱਖਦੇ ਹੋਏ ਸਾਨੂੰ ਬਹੁਤ ਕੁਝ ਬਦਲਣ ਅਤੇ ਢੁਕਵੇਂ ਫ਼ੈਸਲੇ ਲੈ ਕੇ ਕਰਨ ਦੀ ਪ੍ਰੇਰਨਾ ਦਿੰਦੇ ਹਨ।
ਨਵਰਾਹੀ ਘੁਗਿਆਣਵੀ ਵੱਖ-ਵੱਖ ਅਖ਼ਬਾਰਾਂ ਵਿਚ ਛਪਣ ਵਾਲਾ ਅੱਜ ਦਾ ਜਾਣਿਆ-ਪਛਾਣਿਆ ਕਾਵਿ-ਵਿਅੰਗ ਰਚਣ ਵਾਲਾ ਸ਼ਾਇਰ ਹੈ। ਪੰਜਾਬੀ ਕਾਵਿ-ਵਿਅੰਗ ਸਾਹਿਤ ਨੂੰ ਅਜੇ ਉਸ ਤੋਂ ਹੋਰ ਵੀ ਲੰਮੇਰੀਆਂ ਅਤੇ ਭਰਪੂਰ ਆਸਾਂ ਹਨ।

-ਸੁਰਿੰਦਰ ਸਿੰਘ ਕਰਮ
ਮੋ: 98146-81444.

ਫ ਫ ਫ

ਬਦਲਦੀ ਰੁੱਤ
ਕਵੀ : ਤੇਜਾ ਸਿੰਘ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨ, ਪਟਿਆਲਾ
ਮੁੱਲ : 150, ਸਫ਼ੇ : 80.

'ਬਦਲਦੀ ਰੁੱਤ' ਕਵੀ ਤੇਜਾ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਉਸ ਨੇ ਇਹ ਕਵਿਤਾਵਾਂ ਆਪਣੇ ਲੰਮੇ ਜੀਵਨ ਸੰਘਰਸ਼ ਵਿਚੋਂ ਕੌੜੇ-ਮਿੱਠੇ ਤਜਰਬਿਆਂ ਵਿਚੋਂ ਪ੍ਰਾਪਤ ਕੀਤੀਆਂ ਹਨ। ਤੇਜਾ ਸਿੰਘ ਦੀਆਂ ਇਨ੍ਹਾਂ ਕਵਿਤਾਵਾਂ ਵਿਚੋਂ ਉਸ ਦੀ ਸਮਾਜਿਕ ਸਰੋਕਾਰਾਂ ਦੀ ਸੁਹਿਰਦਤਾ ਝਰ-ਝਰ ਪੈਂਦੀ ਹੈ। ਇਨ੍ਹਾਂ ਨਿੱਕੀਆਂ ਤੇ ਦਰਮਿਆਨੇ ਆਕਾਰ ਦੀਆਂ ਕਵਿਤਾਵਾਂ ਵਿਚ ਭਾਵੇਂ ਛੰਦ-ਬਹਿਰ ਦੀ ਪ੍ਰਸਤੁਤੀ ਨਹੀਂ ਹੈ ਪਰ ਕਵਿਤਾਵਾਂ ਪਾਠਕ ਦੇ ਦਿਲ ਤੱਕ ਪਹੁੰਚਦੀਆਂ ਹਨ ਤੇ ਤਰਕ ਸਿਰਜਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਆਧੁਨਿਕ ਮਨੁੱਖੀ ਸਾਮਾਨ ਵਿਚ ਅਤਿ ਨਵੇਂ ਮਸਲਿਆਂ ਨੂੰ ਕਾਵਿ ਜ਼ਬਾਨ ਦਿੱਤੀ ਗਈ ਹੈ। ਪੰਜਾਬੀ ਸਮਾਜ ਵਿਚ ਹਿੰਸਾ ਅਤੇ ਅਸੱਭਿਅਕ ਕਾਰਜ ਤੇਜਾ ਸਿੰਘ ਨੂੰ ਦੁਖੀ ਕਰਦੇ ਹਨ। ਪੰਜਾਬੀ ਕਲਚਰ ਪੱਛਮੀ ਕਲਚਰ ਵਿਚ ਸਮੋ ਰਿਹਾ ਹੈ। ਇਸ ਪ੍ਰਤੀ ਵੀ ਉਹ ਕਾਵਿ-ਹੇਰਵਾ ਸਿਰਜਦਾ ਹੈ। ਸਮਾਜ ਵਿਚਲੇ ਨਿੱਕੇ-ਨਿੱਕੇ ਜ਼ਿਕਰਯੋਗ ਕਾਰਜਾਂ ਨੂੰ ਕਵਿਤਾਵਾਂ ਵਿਚ ਪੇਸ਼ ਕਰਨ ਦਾ ਸਹਿਜ ਕਵੀ ਨੂੰ ਖੂਬ ਆਉਂਦਾ ਹੈ। ਕਵੀ ਆਸ ਮੁਖੀ ਹੈ ਅਤੇ ਨਿਰਾਸ਼ਾ ਨੂੰ ਸਫ਼ਰ ਦਾ ਟੋਇਆ ਸਮਝਦਾ ਹੈ। ਤਿੜਕ ਰਹੇ ਮਾਨਵੀ ਰਿਸ਼ਤੇ ਅਤੇ ਰਾਤੋ-ਰਾਤ ਅਮੀਰ ਹੋਣ ਦੀ ਲਾਲਸਾ ਨੇ ਮਨੁੱਖੀ ਸੁਭਾਅ ਵਿਚ ਜੋ ਕੌੜ ਤੇ ਅਵੇਸਲਾਪਨ ਪੈਦਾ ਕਰ ਦਿੱਤਾ ਹੈ, ਕਵੀ ਨੂੰ ਕੰਡੇ ਵਾਂਗ ਚੁੱਭਦਾ ਹੈ। ਕਵਿਤਾਵਾਂ ਦੀ ਭਾਸ਼ਾ ਸਰਲ ਤੇ ਸਾਧਾਰਨ ਤੋਂ ਸਾਧਾਰਨ ਪਾਠਕ ਦੇ ਸਮਝ ਆਉਣ ਵਾਲੀ ਹੈ। ਕਵੀ ਨਿੱਕੀਆਂ ਕਵਿਤਾਵਾਂ ਦਾ ਵੱਡਾ ਸ਼ਾਇਰ ਪ੍ਰਤੀਤ ਹੁੰਦਾ ਹੈ। ਉਸ ਦੀ ਆਸਮੁਖਤਾ ਸਲਾਹੁਣਯੋਗ ਹੈ :
ਸੂਲਾਂ 'ਤੇ ਸੌਣਾ ਸਿੱਖੀਏ/ਰੋਂਦੇ ਹਸਾਉਣਾ ਸਿੱਖੀਏ
ਬਣੋਂ ਨਾ ਕੱਚ ਦੇ ਯਾਰ/ਟੁੱਟੋ ਨਾ ਅੱਧ-ਵਿਚਕਾਰ
ਬਣੋਂ ਕਾਫ਼ਲਾ ਕਿ ਲੁੱਟ ਨਾ ਸਕੇ ਕੋਈ
ਚਮਕੋ ਬਨੇਰਿਆਂ 'ਤੇ ਚਿਰਾਗ ਬਣ...।

-ਸੁਲੱਖਣ ਸਰਹੱਦੀ
ਮੋ: 94174-84337.

ਫ ਫ ਫ

ਉਲਟੀ ਨਾਵ ਤਰਾਵੈ
ਲੇਖਕ : ਨਰਿੰਦਰਜੀਤ ਸਿੰਘ ਸੋਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 104.

ਨਰਿੰਦਰਜੀਤ ਸਿੰਘ ਸੋਮਾ ਇਕ ਅਨੁਭਵਸ਼ੀਲ ਵਿਅਕਤੀ ਹੈ। ਉਹ ਆਪਣੀ ਵਾਰਤਕ ਪੁਸਤਕ 'ਉਲਟੀ ਨਾਵ ਤਰਾਵੈ' ਲੈ ਕੇ ਪਾਠਕਾਂ ਦੇ ਰੂ-ਬਰੂ ਹੋਇਆ ਹੈ ਅਤੇ ਉਸ ਨੇ ਇਸ ਪੁਸਤਕ ਨੂੰ ਵਾਰਤਕ ਰੂਪ ਸਵੈ-ਜੀਵਨੀ ਦੇ ਰੂਪ ਵਿਚ ਦਰਸਾਇਆ ਹੈ। ਪਰ ਸਾਡੀ ਜਾਚੇ ਇਹ ਪੁਸਤਕ ਸਵੈ-ਜੀਵਨੀ ਦੀ ਵਿਧਾ ਦੀਆਂ ਲੋੜਾਂ ਪੂਰੀਆਂ ਨਾ ਕਰਦੀ ਹੋਈ ਉਸ ਦੀਆਂ ਯਾਦਾਂ ਦਾ ਸੰਗ੍ਰਹਿ ਬਣ ਜਾਂਦੀ ਹੈ। ਪੁਸਤਕ ਦਾ ਸਿਰਲੇਖ 'ਉਲਟੀ ਨਾਵ ਤਰਾਵੈ' ਪੁਸਤਕ ਦੇ ਹਰੇਕ ਪਾਠ ਅਤੇ ਸ਼ਬਦ ਵਿਚ ਸਮਾਇਆ ਹੋਇਆ ਹੈ। ਲੇਖਕ 'ਤੇ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਗੁਰਬਾਣੀ ਹੀ ਉਸ ਦਾ ਆਸਰਾ ਬਣਦੀ ਹੈ। ਬੇਸ਼ੱਕ ਉਸ ਦੇ ਫ਼ੌਜ ਦੇ ਦਿਨਾਂ ਦੀ ਕੋਈ ਘਟਨਾ ਹੋਵੇ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕਾਰਜ ਕਰਦਿਆਂ ਕੋਈ ਸਮੱਸਆ ਆਈ ਹੋਵੇ, ਗੁਰਬਾਣੀ ਦਾ ਸਿਮਰਨ ਹੀ ਉਸ ਦਾ ਬੇੜਾ ਬੰਨੇ ਲਾਉਂਦਾ ਹੈ। ਇਥੋਂ ਤੱਕ ਕਿ ਫ਼ੌਜ ਵਿਚ ਭਰਤੀ ਹੋਣ ਦੀ ਘਟਨਾ ਹੋਵੇ, ਚਾਹੇ 'ਵੈਸਾਖੀ ਪ੍ਰਭੁ ਭਾਵੈ' ਵਾਲੇ ਸਿਰਲੇਖ ਵਿਚ ਬਦਲੀ ਕਰਵਾਉਣ ਵਾਲਾ ਵੇਰਵਾ ਹੋਵੇ, ਚਾਹੇ ਜੇਲ੍ਹ ਯਾਤਰਾ ਵਾਲਾ ਬਿਰਤਾਂਤ ਹੋਵੇ 'ਉਲਟੀ ਨਾਵ ਤਰਾਵੈ' ਵਾਲਾ ਗੁਰਬਾਣੀ ਸਿਮਰਨ ਲੇਖਕ ਨੂੰ ਹਮੇਸ਼ਾ ਹੀ ਸਫ਼ਲਤਾ ਪ੍ਰਦਾਨ ਕਰਦਾ ਹੈ।
'ਉਲਟੀ ਨਾਵ ਤਰਾਵੈ' ਪੁਸਤਕ ਵਿਚ ਨਰਿੰਦਰਜੀਤ ਸਿੰਘ ਸੋਮਾ ਨੇ 32 ਲੇਖ ਵੱਖ-ਵੱਖ ਸਿਰਲੇਖਾਂ ਹੇਠ ਲਿਖੇ ਹਨ, ਜੋ ਉਸ ਦੀ ਜ਼ਿੰਦਗੀ ਦੀਆਂ ਯਾਦਾਂ ਨੂੰ ਪੇਸ਼ ਕਰਦੇ ਹਨ। ਇਨ੍ਹਾਂ ਵਿਚੋਂ ਕੁਝ ਇਕ ਲੇਖ ਉਸ ਦੀ ਜ਼ਿੰਦਗੀ ਵਿਚ ਆਏ ਕੁਝ ਵਿਅਕਤੀਆਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿਚ ਡਾ: ਤਾਰਨ ਸਿੰਘ ਦਾ ਜ਼ਿਕਰ ਉਹ ਬੜੇ ਸਤਿਕਾਰ ਨਾਲ ਕਰਦਾ ਹੈ। ਲੇਖਕ ਨੇ ਆਪਣੀਆਂ ਇਨ੍ਹਾਂ ਯਾਦਾਂ ਤਹਿਤ ਹਰੇਕ ਉਸ ਵਿਅਕਤੀ ਦਾ ਜ਼ਿਕਰ ਛੇੜਿਆ ਹੈ, ਜੋ ਖਾਸ ਕਰਕੇ ਵਿਭਾਗੀ ਨੌਕਰੀ ਸਮੇਂ ਉਸ ਨਾਲ ਕਿਸੇ ਨਾ ਕਿਸੇ ਰੂਪ ਵਿਚ ਬਾ-ਵਸਤਾ ਰਿਹਾ। ਇਥੋਂ ਤੱਕ ਕਿ 'ਵਡਭਾਗਣ' ਵਾਲੇ ਸਿਰਲੇਖ ਵਿਚ ਲੇਖਕ ਨੇ ਨਿੰਮ ਦਾ ਵੀ ਮਾਨਵੀਕਰਨ ਕਰ ਵਿਖਾਇਆ ਹੈ। ਗੁਰਬਾਣੀ ਸ਼ਬਦਾਂ ਦੀਆਂ ਪੰਕਤੀਆਂ ਵੀ ਲੇਖਾਂ ਨੂੰ ਅਨੋਖਾ ਰੰਗ ਚਾੜ੍ਹਦੀਆਂ ਹਨ। ਇਸ ਪੁਸਤਕ ਵਿਚਲੀ ਲੇਖਕ ਦੀ ਕੋਈ ਯਾਦ ਪੜ੍ਹ ਲਵੋ, ਹਰੇਕ ਵਿਚੋਂ ਗੁਰਬਾਣੀ ਮਾਰਗ ਦੀ ਰੌਸ਼ਨੀ ਦੀਆਂ ਧੁਨੀਆਂ ਹੀ ਸੁਣਾਈ ਦਿੰਦੀਆਂ ਹਨ। ਪਾਠਕ ਇਸ ਪੁਸਤਕ ਵਿਚਲੀ ਸਰਲ ਤੇ ਸਾਦੀ ਸ਼ੈਲੀ ਦਾ ਆਨੰਦ ਮਾਣਦਿਆਂ ਜ਼ਿੰਦਗੀ ਦੀਆਂ ਸੁਚੱਜੀਆਂ ਕਦਰਾਂ-ਕੀਮਤਾਂ ਵੀ ਗ੍ਰਹਿਣ ਕਰਦਾ ਹੈ। ਸੰਖੇਪ ਪਰ ਭਾਵਪੂਰਤ ਯਾਦਾਂ ਦੇ ਰੂਪ ਵਿਚ ਲਿਖੇ ਇਹ ਲੇਖ ਲੇਖਕ ਦੀ ਗੂੜੀ ਹੋਈ ਸ਼ਖ਼ਸੀਅਤ ਦਾ ਹੁੰਗਾਰਾ ਬਣਦੇ ਹਨ। ਪਾਠਕਾਂ ਨੂੰ ਇਹ ਪੁਸਤਕ ਜ਼ਿੰਦਗੀ ਦੀਆਂ ਉੱਚ ਕਦਰਾਂ-ਕੀਮਤਾਂ ਨਾਲ ਜੋੜਨ ਦਾ ਉਪਰਾਲਾ ਬਣੇਗੀ। ਇਸ ਪੁਸਤਕ ਲਈ ਲੇਖਕ ਨਰਿੰਦਰਜੀਤ ਸਿੰਘ ਸੋਮਾ ਵਧਾਈ ਦਾ ਹੱਕਦਾਰ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.
ਫ ਫ ਫ

05-01-2014

ਇਹ ਕਿਹੋ ਜਿਹੇ ਰਿਸ਼ਤੇ
ਲੇਖਕ : ਅਸ਼ਵਨੀ ਕੁਮਾਰ 'ਸਾਵਣ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸਨ ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 136.

ਅਸ਼ਵਨੀ ਕੁਮਾਰ 'ਸਾਵਣ' ਨਾਟਕ ਤੋਂ ਕਹਾਣੀ ਵੱਲ ਪਰਤਿਆ, ਜਿਸ ਵਿਚ 17 ਕਹਾਣੀਆਂ ਹਨ। ਇਸ ਤੋਂ ਪਹਿਲਾਂ ਉਸ ਦਾ ਪੂਰਾ ਨਾਟਕ 'ਬੰਦਾ ਸਿੰਘ ਬਹਾਦਰ', ਪੰਜ ਅਣਛਪੇ ਪਰ ਖੇਡੇ ਜਾ ਚੁੱਕੇ ਨਾਟਕ ਤੇ ਹੋਰ ਦਰਜਨ ਕੁ ਦੇ ਕਰੀਬ ਛੋਟੇ ਨਾਟਕ ਆ ਚੁੱਕੇ ਹਨ। ਪੁਸਤਕ ਦੀਆਂ ਕਹਾਣੀਆਂ ਵਿਚ ਸਪੱਸ਼ਟਤਾ ਦਾ ਮੀਰੀ ਗੁਣ ਹੈ। ਕਹਾਣੀ ਆਪਣਾ 'ਦੇਸ਼ ਆਪਣੇ ਲੋਕ' ਵਿਚ ਪੂਰਬੀ ਭਈਆ ਰਾਧੇ ਸ਼ਾਮ ਚੰਨਣ ਸਿੰਘ ਦੇ ਘਰ ਕੰਮ ਕਰਦਾ ਹੈ। ਚੰਨਣ ਸਿੰਘ ਦਾ ਪੁੱਤਰ ਜੀਤ ਤੇ ਰਾਧੇ ਸ਼ਾਮ ਦਾ ਪੁੱਤਰ ਰਾਮੂ ਬਚਪਨ ਦੇ ਹਾਣੀ ਹਨ। 'ਕੱਠੇ ਖੇਡਦੇ ਹਨ। ਬਾਅਦ ਵਿਚ ਜੀਤ ਕੈਨੇਡਾ ਚਲਾ ਜਾਂਦਾ ਹੈ। ਵਾਪਸ ਆ ਕੇ ਉਸ ਦੇ ਅੰਦਰਲਾ ਜਾਤੀ ਹੰਕਾਰ ਬੋਲਦਾ ਹੈ।
'ਤੂੰ ਸਾਲਿਆ ਸਾਡੇ ਟੁਕੜਿਆਂ 'ਤੇ ਪਲ ਕੇ ਸਾਡੇ ਬਰਾਬਰ ਕਿਥੋਂ ਹੋ ਗਿਆਂ?'
ਅੱਗੋਂ ਰਾਮੂੰ ਕਹਿੰਦਾ ਹੈ 'ਅਸੀਂ ਪੰਜਾਬ ਆ ਕੇ ਹੱਡ ਭੰਨ ਕੇ ਕੰਮ ਕਰਦੇ ਹਾਂ। ਤੁਸੀਂ ਉਧਰ ਜਾ ਕੇ ਕਰਦੇ ਹੋ।
ਅਸੀਂ ਏਧਰ ਭਈਏ,ਤੁਸੀ ਉਧਰ ਭਈਏ' (ਪੰਨਾ-55) ਸੌ ਦਾ ਨੋਟ ਰੁੜ੍ਹ ਗਿਆ (ਪੰਨਾ-70) ਬੜੀ ਦਿਲਚਸਪ ਕਹਾਣੀ ਹੈ। ਸ੍ਰੀਮਤੀ ਸ਼ਰਮਾ ਦੇ ਘਰ ਮਿਸਤਰੀ ਕੰਮ ਕਰਕੇ ਚਲੇ ਗਏ ਥੋੜ੍ਹੀ ਜਿਹੀ ਰੇਤਾਂ ਬਚ ਗਈ। ਉਹ ਚਾਹੁੰਦੀ ਹੈ ਕਿ ਰੇਤਾਂ ਸੌ ਰੁਪਏ ਦੀ ਵਿਕ ਜਾਵੇ ਪਰ ਖਰੀਦਣ ਕੋਈ ਨਾ ਆਇਆ। ਫਿਰ ਮੰਦਿਰ ਵਿਚ ਰੇਤਾ ਦਾਨ ਦੇਣ ਬਾਰੇ ਸੋਚਿਆ ਮੰਦਿਰ ਵਾਲੇ ਥੋੜ੍ਹੀ ਜਿਹੀ ਰੇਤਾਂ ਲੈ ਗਏ ਬਾਕੀ ਛੱਡ ਗਏ। ਤੇਜ਼ ਮੀਂਹ ਪਿਆ। ਰੇਤ ਰੁੜ੍ਹ ਕੇ ਗਟਰ ਵਿਚ ਚਲੀ ਗਈ। ਮੁਹੱਲੇ ਦਾ ਪਾਣੀ ਰੁਕ ਗਿਆ। ਲੋਕਾਂ ਦੇ ਫੋਨ 'ਤੇ ਫੋਨ ਆਉਣ ਲੱਗੇ। ਗਟਰ ਸਾਫ਼ ਕਰਨ ਵਾਲੇ ਆਏ। ਉਨ੍ਹਾਂ ਪੰਜ ਸੌ ਰੁਪਏ ਮੰਗ ਲਏ। ਸ੍ਰੀਮਤੀ ਸ਼ਰਮਾ ਬਹੁਤ ਪਛਤਾਈ। ਇਥੇ ਗੱਲ ਸ਼ਹਿਰੀ ਮਾਨਸਿਕਤਾ ਦੀ ਹੈ। ਪੁਸਤਕ ਦੀਆਂ ਸਾਰੀਆਂ ਕਹਾਣੀਆਂ ਵਿਚ ਚੰਗੀ ਰੌਚਿਕਤਾ ਹੈ। ਇਸ ਦੇ ਪਾਤਰ ਵੀ ਪੂਰੀ ਤਰ੍ਹਾਂ ਕਿਰਿਆਸ਼ੀਲ ਹਨ। ਭਰਪੂਰ ਕਥਾ ਰਸ ਹੈ। 'ਅੱਕ ਦਾ ਫਲ' ਵਿਚ ਭੈਣ ਭਰਾ ਵਿਚ ਜਾਇਦਾਦ ਦੇ ਝਗੜੇ ਤੋਂ ਚਿੱਟੇ ਹੁੰਦੇ ਲਹੂ ਦੀ ਦਾਸਤਾਨ ਹੈ। (ਪੰਨਾ-85) 'ਕੱਖੋਂ ਹੌਲੀ ਜ਼ਿੰਦਗੀ' ਕਹਾਣੀ ਦੀ ਔਰਤ ਪਾਤਰ ਆਪਣੀ ਵੇਦਨਾ ਕਹਿੰਦੀ ਹੈ ਕਿ ਤੁਹਾਡੀ ਤੇ ਇਕ ਧੀ ਦੀ ਜਾਨ ਗਈ ਸੀ। ਪਰ ਉਸ ਦੇ ਬਦਲੇ ਤੁਸੀਂ ਜਿਨ੍ਹਾਂ ਧੀਆਂ ਦੀ ਜ਼ਿੰਦਗੀ ਬਰਬਾਦ ਕਰਕੇ ਜਾ ਰਹੇ ਹੋ, ਉਨ੍ਹਾਂ ਦਾ ਇਨਸਾਫ਼ ਕੌਣ ਕਰੇਗਾ?
(ਪੰਨਾ-97) ਪੁਸਤਕ ਦੀਆਂ ਕਹਾਣੀਆਂ ਡਾਲੀ ਨਾਲੋਂ ਟੁੱਟਾ ਫੁੱਲ, ਕੌਣ ਦਿਲਾਂ ਦੀਆਂ ਜਾਣੇ, ਜਨਮ ਪੱਤਰੀ, ਪੀੜ ਪਰਾਈ, ਤਰੱਕੀ, ਆਸ਼ਿਕ ਰੋਂਦੇ ਰੱਤ ਨੀ, ਗਵਾਚਾ ਪਿੰਡ ਪੁਸਤਕ ਦੀਆਂ ਸਮਾਜਿਕ ਵਿਸ਼ਿਆਂ 'ਤੇ ਚੰਗੀਆਂ ਕਹਾਣੀਆਂ ਹਨ। ਪੁਸਤਕ ਹਰ ਵਰਗ ਦੇ ਪਾਠਕ ਵਾਸਤੇ ਪੜ੍ਹਨ ਵਾਲੀ ਹੈ।

¸ਪਿੰ੍ਰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 9814856160


 ਦਿਲ ਦਾ ਕੌਲ ਫੁੱਲ

ਲੇਖਕ : ਜਸਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 128.

ਲੇਖਕ ਨੂੰ ਜੀਵਨ ਦਾ ਡੂੰਘਾ ਅਨੁਭਵ ਹੈ, ਜਿਸ ਸਦਕਾ ਉਸ ਨੇ ਆਪਣੇ ਨਾਵਲਾਂ ਵਿਚ ਜੀਵਨ ਦਾ, ਸਮਾਜਿਕ ਰਿਸ਼ਤੇ-ਨਾਤਿਆਂ ਦਾ ਰਾਜਸੀ ਭ੍ਰਿਸ਼ਟਾਚਾਰ ਤੇ ਆਰਥਿਕ ਨਾਬਰਾਬਰੀ ਦੀ ਗੱਲ ਖੁੱਲ੍ਹ ਕੇ ਪੇਸ਼ ਕੀਤੀ ਹੈ। ਨਾਵਲ ਦਾ ਮੁੱਢ ਭਾਵੇਂ ਇਕ ਪ੍ਰੇਮ ਕਹਾਣੀ ਤੋਂ ਹੁੰਦਾ ਹੈ ਜੋ ਜੀਵਨ ਦਾ ਆਧਾਰ ਹੈ ਅਤੇ ਮਨੁੱਖ ਦੇ ਅੰਦਰੋਂ ਸਾਰੇ ਔਝੜ ਰਾਹ ਪਾਰ ਕਰਦਾ ਹੋਇਆ ਪ੍ਰਗਟ ਹੋ ਜਾਂਦਾ ਹੈ। ਇਕ ਪਾਸੇ ਮਾਂ ਪਿਆਰ ਤੋਂ ਸੱਖਣੇ ਨੌਜਵਾਨ ਦੀ ਗਾਥਾ ਹੈ, ਜੋ ਆਪਣੇ ਜੀਵਨ ਪੰਧ ਬਾਰੇ ਕੁਝ ਫ਼ੈਸਲਾ ਨਹੀਂ ਲੈ ਸਕਦਾ। ਉਸ ਦੀ ਸੋਚ ਸੀਮਤ ਹੈ ਆਪਣੇ ਬਾਪ ਦੇ ਫ਼ੈਸਲੇ ਤੱਕ। ਨਾ ਉਸ ਦੀ ਕੋਈ ਸਲਾਹ ਨਾ ਮਰਜ਼ੀ, ਪਰ ਜਦੋਂ ਦਸ ਸਾਲ ਦੀ ਹਾਨਣ ਕੁੜੀ ਸਿਲ੍ਹੀਆਂ ਅੱਖਾਂ ਆਪਣੀ ਚੁੰਨੀ ਨਾਲ ਪੂੰਝਦੀ ਹੈ ਤਾਂ ਪਿਆਰ ਆਪਮੁਹਾਰੇ ਉਮੜ ਆਉਂਦਾ ਹੈ, ਬਚਪਨ ਦਾ ਪਿਆਰ ਬਿਨਾਂ ਕਿਸੇ ਲਾਲਸਾ ਤੋਂ। ਦੂਜੇ ਅਜਿਹੇ ਜਾਗੀਰਦਾਰੀ ਸਮਾਜ ਦਾ ਚਿਤਰਨ ਹੈ, ਜਿਸ ਵਿਚ ਸਰਦਾਰ ਕਈ-ਕਈ ਵਿਆਹ ਕਰਵਾਉਂਦੇ, ਐਸ਼ਾਂ ਕਰਦੇ ਤੇ ਪਤਨੀਆਂ ਦੇ ਹੱਥ ਮੰਜੇ ਦੇ ਪਾਵਿਆਂ ਹੇਠ ਰੱਖ ਕੇ ਆਪ ਘੁਰਾੜੇ ਮਾਰਦੇ ਸੌਂ ਜਾਂਦੇ-ਕਿਹੋ ਜਿਹਾ ਗ਼ੈਰ-ਮਨੁੱਖੀ ਵਤੀਰਾ ਸੀ ਔਰਤ ਪ੍ਰਤੀ। ਔਰਤਾਂ ਪੂਰਨ ਤੌਰ 'ਤੇ ਗੁਲਾਮੀ ਦਾ ਜੀਵਨ ਬਸਰ ਕਰਦੀਆਂ, ਪਿਉ ਪੁੱਤਰਾਂ ਤੋਂ ਉਨ੍ਹਾਂ ਦੇ ਹੱਕ ਖੋਹ ਕੇ ਮੂਲ ਲੋੜਾਂ ਤੋਂ ਵਾਂਝੇ ਰੱਖਦੇ, ਸ਼ਰਾਬ ਉਨ੍ਹਾਂ ਨੂੰ ਅੰਨਿਆ ਕਰੀ ਰੱਖਦੀ ਤੇ ਗੁਲਾਮ ਔਰਤਾਂ ਮਰਦਾਂ ਦੇ ਸਿਰ 'ਤੇ ਐਸ਼ ਕਰਦੇ।
ਏਨਾ ਹੀ ਨਹੀਂ ਲੇਖਕ ਨੇ ਇਕ ਹੋਰ ਪਹਿਲੂ ਵੀ ਚਿਤਰਿਆ ਹੈ ਕਿਰਤੀਆਂ ਦਾ ਸੰਸਾਰ, ਇਮਾਨਦਾਰਾਂ ਤੇ ਲੋਕ ਹਿਤੂਆਂ ਦਾ ਸੰਸਾਰ, ਜੋ ਹੱਕਾਂ ਲਈ ਸੰਘਰਸ਼ ਕਰਦੇ ਹੋਏ ਅੱਗੇ ਵਧਦੇ ਹਨ ਹੱਕਾਂ ਲਈ। ਇਕ ਜਮਾਤ ਹੈ ਟੁਕੜਬੋਚਾਂ ਦੀ, ਨੌਕਰਸ਼ਾਹੀ ਦੀ ਜਿਨ੍ਹਾਂ ਦੀ ਕੋਈ ਜ਼ਮੀਰ ਨਹੀਂ, ਆਤਮਾ ਮਰੀ ਹੋਈ ਹੈ, ਜੋ ਕੇਵਲ ਮਾਲਕ ਦੀ ਜੀ ਹਜ਼ੂਰੀ ਦੇ ਸਿਰ 'ਤੇ ਗੁਜ਼ਾਰਾ ਕਰਦੇ ਹਨ, ਚਾਹੁੰਦੇ ਹੋਏ ਵੀ ਇਸ ਜਾਲ ਵਿਚੋਂ ਨਹੀਂ ਨਿਕਲ ਸਕਦੇ। ਇਕ ਜਮਾਤ ਹੈ ਬੁਰਛਾਗਰਦੀ ਦੀ ਜੋ ਮਾਲਕ ਦੀ ਖਾਤਰ ਲੜ ਮਰਨ ਨੂੰ ਤਿਆਰ ਰਹਿੰਦੇ ਹਨ। ਇਹੀ ਨਹੀਂ ਲੇਖਕ ਨੇ ਜਾਤ-ਪਾਤ ਵਿਚਲਾ ਪਾੜਾ, ਜਗੀਰੂ ਸੋਚ ਮਰਦ ਉਤੇ ਦੂਸਰੀ ਔਰਤ ਦਾ ਹਾਵੀ ਹੋਣਾ, ਧਾਰਮਿਕ ਪਾਖੰਡ ਜੋ ਸਮਾਜ ਨੂੰ ਖੋਖਲਾ ਕਰ ਰਿਹਾ ਹੈ, ਦਾਜ ਦਹੇਜ ਦੀ ਸਮੱਸਿਆ, ਮੇਲੇ-ਤਿਉਹਾਰ ਤੇ ਪਿੰਡ ਤੇ ਸ਼ਹਿਰ ਦਾ ਸੱਭਿਆਚਾਰ ਦਾ ਵਰਨਣ ਵੀ ਕੀਤਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਸੰਸਾਰ ਦਾ ਸੱਚ ਸ਼ਕਤੀ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 130 ਰੁਪਏ, ਸਫ਼ੇ : 96.

ਬਹੁਵਿਧਾਵੀ ਲੇਖਕ ਰਾਮਨਾਥ ਸ਼ੁਕਲਾ ਦੀ 55ਵੀਂ ਪੁਸਤਕ 'ਸੰਸਾਰ ਦਾ ਸੱਚ ਸ਼ਕਤੀ' ਪੰਜਾਬੀ ਪਾਠਕਾਂ ਦੇ ਰੂਬਰੂ ਹੋਈ ਹੈ। ਲੇਖਕ ਨੇ ਮਹਾਕਾਵਿ, ਕਾਵਿ ਅਤੇ ਮਗਰੋਂ ਲੇਖ ਰਚਨਾ 'ਤੇ ਆਪਣੀ ਮੁਹਾਰਤ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਥਲੇ ਸੰਗ੍ਰਹਿ ਵਿਚ ਵੱਖੋ-ਵੱਖਰੀਆਂ ਸ਼ਕਤੀਆਂ ਦਾ ਵਰਨਣ ਕਰਦਿਆਂ ਲੇਖਕ ਨੇ ਸਿੱਟਾ ਕੱਢਿਆ ਹੈ ਕਿ ਸੰਸਾਰ ਵਿਚ ਸ਼ਕਤੀ ਹਾਸਲ ਕੀਤੇ ਬਿਨਾਂ ਯਸ਼ ਦੀ ਪ੍ਰਾਪਤੀ ਨਹੀਂ ਹੁੰਦੀ, ਚਾਹੇ ਉਹ ਬੁੱਧੀ, ਸਰੀਰਕ ਜਾਂ ਧਨ ਦੀ ਸ਼ਕਤੀ ਹੋਵੇ।
ਲੇਖਕ ਨੇ ਕਰਾਮਾਤੀ ਸ਼ਕਤੀ, ਭੌਤਿਕ ਸ਼ਕਤੀ, ਆਰਥਿਕ ਸ਼ਕਤੀ, ਰਾਜਨੀਤਕ ਸ਼ਕਤੀ, ਕੁਦਰਤੀ ਸ਼ਕਤੀ, ਬੁੱਧੀ ਦੀ ਸ਼ਕਤੀ, ਰੱਬੀ ਅਵਤਾਰ ਤੇ ਸ਼ਕਤੀ, ਸਾਧਾਰਨ ਲੋਕ ਤੇ ਕਰਾਮਾਤਾਂ, ਚਲਾਕੀ ਨੂੰ ਚਲਾਕੀ ਨਾਲ ਕੱਟਣਾ, ਸ਼ਕਤੀ ਤੇ ਅਹੰਕਾਰ, ਸ਼ਕਤੀ ਤੇ ਯਸ਼, ਚੜ੍ਹਦੇ ਸੂਰਜ ਨੂੰ ਸਲਾਮ, ਸਾਡੇ ਅਡੰਬਰ ਧਨ ਅਤੇ ਯਸ਼ ਲਈ, ਸ਼ਕਤੀ ਹੀ ਭਗਵਾਨ ਹੈ, ਪੂਜਾ ਹਮੇਸ਼ਾ ਸ਼ਕਤੀ ਦੀ ਹੁੰਦੀ ਹੈ, ਸ਼ਕਤੀ ਸੰਸਾਰ ਦਾ ਮੂਲ ਹੈ, ਸ਼ਕਤੀ ਮੂਲ ਬਦਲਦੀ ਹੈ, ਸ਼ਕਤੀ ਲਚਕਦਾਰ ਹੈ, ਭੌਤਿਕ ਅਤੇ ਮਾਨਸਿਕ ਸ਼ਕਤੀ ਦਾ ਸੁਮੇਲ ਮਨੁੱਖ ਨੂੰ ਅਵਤਾਰ ਬਣਾ ਦਿੰਦਾ ਹੈ, ਸ਼ਕਤੀ ਬ੍ਰਹਿਮੰਡ ਦੀ ਧੁਰੀ ਹੈ ਆਦਿ ਚੈਪਟਰਾਂ ਵਿਚ ਆਪਣੀ ਤਰਕਸ਼ੀਲ, ਵਿਗਿਆਨਕ, ਇਤਿਹਾਸਕ, ਮਿਥਹਾਸਕ, ਆਰਥਿਕ, ਰਾਜਨੀਤਕ ਤੇ ਪ੍ਰਕਿਰਤਕ ਸੋਚ ਨੂੰ ਆਧਾਰ ਬਣਾ ਕੇ ਆਕਰਸ਼ਕ ਦ੍ਰਿਸ਼ਟਾਂਤਾਂ ਰਾਹੀਂ ਲੇਖਾਂ ਨੂੰ ਰੌਚਕਤਾ ਪ੍ਰਦਾਨ ਕੀਤੀ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਪਾਠਕ ਕਿਸੇ ਹੱਦ ਤੱਕ ਵਹਿਮਾਂ-ਭਰਮਾਂ ਤੇ ਅੰਧ-ਵਿਸ਼ਵਾਸਾਂ ਤੋਂ ਦੂਰ ਹੁੰਦਾ ਹੈ। ਉਸ ਨੂੰ ਸਮੁੱਚੇ ਬ੍ਰਹਿਮੰਡ ਦੀਆਂ ਸ਼ਕਤੀਆਂ ਸਾਹਮਣੇ ਆਪਣੀ ਨਿਗੁਣੀ ਜਿਹੀ ਹੋਂਦ ਦਾ ਅਹਿਸਾਸ ਹੁੰਦਾ ਹੈ। ਸਰਲਤਾ, ਸਹਿਜਤਾ, ਸੰਜਮਤਾ ਤੇ ਰੌਚਕਤਾ ਇਨ੍ਹਾਂ ਲੇਖਾਂ ਦਾ ਵਿਸ਼ੇਸ਼ ਗੁਣ ਹੈ। ਚੰਗੀ ਗੱਲ ਇਹ ਹੈ ਕਿ ਲੇਖਕ ਪਾਠਕ ਦੇ ਪੂਰਵ ਗਿਆਨ, ਅਨੁਭਵ ਤੇ ਸੋਚ ਨੂੰ ਆਪਣੀ ਰਚਨਾ ਨਾਲ ਇਕਮਿਕ ਕਰਕੇ ਉਸ ਨੂੰ ਆਪਣੇ ਨਾਲ ਜੋੜ ਕੇ ਤੋਰੀ ਰੱਖਣ ਦੀ ਸਮਰੱਥਾ ਰੱਖਦਾ ਹੈ। ਇਹ ਪੁਸਤਕ ਸਾਹਿਤ ਜਮਾਤ ਵਿਚ ਗੁਣਾਤਮਿਕ ਅਤੇ ਗਿਣਾਤਮਿਕ ਦੋਹਾਂ ਤਰ੍ਹਾਂ ਦਾ ਵਾਧਾ ਕਰਨ ਦਾ ਮਾਣ ਹਾਸਲ ਕਰੇਗੀ।

-ਪ੍ਰਿੰ: ਧਰਮਪਾਲ ਸਾਹਿਲ
ਮੋ: 98761-56964.

ਚੰਨ ਸੂਰਜ ਦੀ ਵਹਿੰਗੀ
ਕਵੀ : ਸੁਰਜੀਤ ਪਾਤਰ
ਪ੍ਰਕਾਸ਼ਕ : ਯੂਨੀਸਟਾਰ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 80.

'ਚੰਨ ਸੂਰਜ ਦੀ ਵਹਿੰਗੀ' ਪੰਜਾਬੀ ਦੇ ਮੁਮਤਾਜ਼ ਕਵੀ ਸੁਰਜੀਤ ਪਾਤਰ ਦੀ ਅੱਠਵੀਂ ਕਾਵਿ-ਰਚਨਾ ਹੈ। ਸੁਰਜੀਤ ਪਾਤਰ ਨੇ ਪੰਜਾਬੀ ਗ਼ਜ਼ਲ ਨੂੰ ਇਕ ਅਜਿਹਾ ਦਿਲਕਸ਼ ਅੰਦਾਜ਼ ਪ੍ਰਦਾਨ ਕੀਤਾ ਹੈ ਕਿ ਸਾਡੇ ਵੇਖਦਿਆਂ-ਵੇਖਦਿਆਂ ਹੀ ਪੰਜਾਬੀ ਦਾ ਹਰ ਕਵੀ ਗ਼ਜ਼ਲਗੋ ਬਣ ਗਿਆ। ਇਹੋ ਜਿਹੇ ਕ੍ਰਿਸ਼ਮੇ ਕੋਈ ਯੁਗ-ਕਵੀ ਹੀ ਕਰ ਸਕਦਾ ਹੈ ਅਤੇ ਬੇਸ਼ੱਕ ਸੁਰਜੀਤ ਪਾਤਰ ਇਕ ਯੁਗ-ਕਵੀ ਹੈ। ਪਰ 'ਚੰਨ ਸੂਰਜ ਦੀ ਵਹਿੰਗੀ' ਵਿਚ ਉਸ ਨੇ ਗ਼ਜ਼ਲ ਦੀ ਬਜਾਇ ਪ੍ਰਗੀਤ ਅਤੇ ਨਜ਼ਮ ਨੂੰ ਆਪਣੇ ਭਾਵ-ਅਭਿਵਿਅੰਜਨ ਦਾ ਵਾਹਨ ਬਣਾਇਆ ਹੈ। ਇਸ ਸੰਗ੍ਰਹਿ ਵਿਚ ਉਹ ਇਕ ਚੜ੍ਹਦੀ ਕਲਾ ਵਾਲੇ ਆਸ਼ਾਵਾਦੀ ਕਵੀ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ, ਜੋ ਕੁਪੱਤੀਆਂ ਪੌਣਾਂ ਦੇ ਸਨਮੁੱਖ ਵੀ ਮੋਮਬੱਤੀਆਂ ਜਗਾਉਣ ਦੀ ਜੁਰਅਤ ਕਰਦਾ ਹੈ। ਇਹ ਜੁਰਅੱਤ ਉਹ ਇਸ ਲਈ ਵੀ ਕਰਦਾ ਹੈ ਤਾਂ ਜੋ ਹਨ੍ਹੇਰਾ ਇਹ ਨਾ ਸਮਝੇ ਕਿ ਚਾਨਣ ਡਰ ਗਿਆ ਹੈ, ਰਾਤ ਇਹ ਨਾ ਸੋਚੇ ਕਿ ਸੂਰਜ ਮਰ ਗਿਆ ਹੈ।
ਇਸ ਪੁਸਤਕ ਦੀਆਂ ਕੁਝ ਕਵਿਤਾਵਾਂ ਵਿਚ ਕਵੀ ਨੇ ਪੰਜਾਬ ਦੇ 'ਡੈਮੋਗ੍ਰਾਫ਼ਿਕ ਮੈਪ' ਵਿਚ ਆ ਰਹੀਆਂ ਤਬਦੀਲੀਆਂ ਉਪਰ ਵੀ ਬੜੀਆਂ ਸਹਿਜ ਪ੍ਰੰਤੂ ਭਾਵਪੂਰਤ ਟਿੱਪਣੀਆਂ ਕੀਤੀਆਂ ਹਨ। ਇਹੋ ਜਿਹੀਆਂ ਕਵਿਤਾਵਾਂ ਸੁਰਜੀਤ ਪਾਤਰ ਵਰਗਾ ਕੋਈ ਪਰਿਪੱਕ ਅਤੇ ਸਮਰੱਥ ਕਵੀ ਹੀ ਕਰ ਸਕਦਾ ਸੀ। ਕਵੀ ਦੀ ਇਹ ਕਾਮਨਾ ਕਿੰਨੀ ਮਾਸੂਮ ਅਤੇ ਪਿਆਰੀ ਹੈ :
ਜੋ ਜਿਸ ਧਰਤੀ ਜੰਮੇ ਜਾਏ
ਉਸ ਨੂੰ ਓਥੇ ਈ ਰਿਜ਼ਕ ਥਿਆਏ
ਇਹ ਕਿਉਂ ਕਿਸੇ ਦੇ ਹਿੱਸੇ ਆਏ
ਬੈਸਣ ਬਾਰ ਪਰਾਏ...
ਸਾਰੀ ਧਰਤੀ ਇਕ ਹੋ ਜਾਏ
ਕੋਈ ਨਾ ਕਹੇ ਪਰਾਏ
ਇਹ ਮੇਰੀ ਅਰਦਾਸ! (ਅਰਦਾਸ)
ਆਪਣੀਆਂ ਇਨ੍ਹਾਂ ਕਵਿਤਾਵਾਂ ਦੀ ਮਾਰਫ਼ਤ ਕਵੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕਾਵਿ ਅਤੇ ਰਾਗ ਨੂੰ ਜੁਦਾ-ਜੁਦਾ ਨਹੀਂ ਕੀਤਾ ਜਾ ਸਕਦਾ ਅਤੇ ਕੋਈ ਪ੍ਰਵੀਨ ਰਾਗੀ ਹੀ ਮਹਾਨ ਕਵੀ ਦਾ ਮਰਤਬਾ ਹਾਸਲ ਕਰ ਸਕਦਾ ਹੈ। ਬੇਸ਼ੱਕ ਅੱਜ ਤੋਂ ਕਈ ਸਦੀਆਂ ਪਹਿਲਾਂ ਸਿੱਖ ਸਤਿਗੁਰਾਂ ਅਤੇ ਭਗਤ ਕਵੀਆਂ ਨੇ ਵੀ ਇਸ ਤੱਥ ਉੱਪਰ ਮੋਹਰ-ਛਾਪ ਲਾ ਦਿੱਤੀ ਸੀ ਪਰ ਹੁਣ ਫਿਰ ਇਸ ਤੱਥ ਨੂੰ ਪੁਨਰ-ਘੋਸ਼ਿਤ ਕਰਨਾ ਬਣਦਾ ਸੀ ਕਿਉਂਕਿ ਅਜੋਕੇ ਯੁਗ ਵਿਚ ਬਹੁਤ ਸਾਰੇ ਬੇਸੁਰੇ ਅਤੇ ਬੇਤਾਲੇ ਲੇਖਕ ਵੀ ਮਹਾਂਕਵੀ ਹੋਣ ਦਾ ਭਰਮ ਪਾਲੀ ਬੈਠੇ ਹਨ। ਪਾਤਰ ਨੇ ਉਨ੍ਹਾਂ ਦੇ ਇਸ ਭਰਮ ਨੂੰ ਤੋੜ ਦਿੱਤਾ ਹੈ।

ਚੋਣਵੀਆਂ ਕਹਾਣੀਆਂ
ਲੇਖਕ : ਬੀ.ਐਸ. ਬੀਰ
ਚੋਣਕਾਰ : ਡਾ: ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 650 ਰੁਪਏ, ਸਫ਼ੇ : 508.

ਬੀ.ਐਸ. ਬੀਰ ਪੰਜਾਬੀ ਪਾਠਕਾਂ ਲਈ ਕੋਈ ਓਪਰਾ ਜਾਂ ਅਜਨਬੀ ਨਾਂਅ ਨਹੀਂ ਹੈ। ਪਿਛਲੇ ਦੋ ਕੁ ਦਹਾਕਿਆਂ ਤੋਂ ਉਹ ਪੰਜਾਬੀ ਵਿਚ ਨਿਰੰਤਰ ਲਿਖਦਾ ਅਤੇ ਪ੍ਰਕਾਸ਼ਿਤ ਹੁੰਦਾ ਆ ਰਿਹਾ ਹੈ।
ਬੀ.ਐਸ. ਬੀਰ ਮਨੁੱਖੀ ਜੀਵਨ ਨੂੰ ਬੜੀ ਡੂੰਘੀ ਨੀਝ ਨਾਲ ਦੇਖਣ ਵਾਲਾ ਸੰਵੇਦਨਸ਼ੀਲ ਕਹਾਣੀਕਾਰ ਹੈ। ਬਹੁਤੀ ਵਾਰ ਉਹ ਸਾਧਾਰਨ ਮਨੁੱਖ ਦੀ ਸਾਧਾਰਨਤਾ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਉਂਦਾ ਹੈ। ਕਹਾਣੀ ਦੀ ਤਕਨੀਕ ਵਿਚ ਪਰਿਪੱਕ ਹੋਣ ਕਾਰਨ ਕਈ ਵਾਰ ਉਹ ਅਜਿਹੇ ਵਿਸ਼ਿਆਂ ਬਾਰੇ ਵੀ ਕਹਾਣੀ ਕਹਿਣ ਵਿਚ ਸਫ਼ਲ ਹੋ ਜਾਂਦਾ ਹੈ, ਜਿਥੇ ਸਥੂਲ ਅਰਥਾਂ ਵਿਚ ਕੋਈ ਕਹਾਣੀ ਹੁੰਦੀ ਹੀ ਨਹੀਂ। 'ਮੌਸਮ' ਅਤੇ 'ਇਕ ਮੁੱਠੀ ਜਾਨ' ਇਸੇ ਪ੍ਰਕਾਰ ਦੀਆਂ ਕਹਾਣੀਆਂ ਹਨ। 'ਮੌਸਮ' ਵਿਚ ਇਕ ਸੇਵਾ-ਮੁਕਤ ਅਧਿਕਾਰੀ ਦੀ ਮਨੋਸਥਿਤੀ ਨੂੰ ਬਿਆਨ ਕੀਤਾ ਗਿਆ ਹੈ ਅਤੇ 'ਇਕ ਮੁੱਠੀ ਜਾਨ' ਬਾਲ-ਮਨੋਵਿਗਿਆਨ ਦੀ ਪੇਸ਼ਕਾਰੀ ਕਰਨ ਵਾਲੀ ਰਚਨਾ ਹੈ। ਇਨ੍ਹਾਂ ਕਹਾਣੀਆਂ ਵਿਚ ਘਟਨਾਵਾਂ ਦੇ ਵੇਰਵੇ ਬਹੁਤ ਘੱਟ ਆਏ ਹਨ ਪ੍ਰੰਤੂ ਲੇਖਕ ਨੇ ਚੇਤਨਾ ਪ੍ਰਵਾਹ ਧਾਰਾ ਤਕਨੀਕ ਦੀ ਸੁਘੜ ਵਰਤੋਂ ਕਰਕੇ ਇਨ੍ਹਾਂ ਕਹਾਣੀਆਂ ਨੂੰ ਜਾਨਦਾਰ ਬਣਾ ਦਿੱਤਾ ਹੈ।
ਕੁਝ ਹੋਰ ਕਹਾਣੀਆਂ ਵਿਚ ਵੇਰਵਿਆਂ ਦੀ ਭਰਮਾਰ ਹੈ। 'ਕੁਸ਼ਤੀ' ਇਸ ਵੰਨਗੀ ਦੀ ਕਹਾਣੀ ਹੈ। ਇਸ ਕਹਾਣੀ ਨੂੰ ਆਂਚਲਿਕ ਅੰਦਾਜ਼ ਵਿਚ ਬਿਆਨ ਕਰਕੇ ਲੇਖਕ ਨੇ ਕਹਾਣੀ-ਰਚਨਾ ਦੀਆਂ ਨਵੀਆਂ ਸਿਖਰਾਂ ਛੋਹੀਆਂ ਹਨ। ਕਰਤਾਰ ਸਿੰਘ ਦੁੱਗਲ ਤੋਂ ਬਾਅਦ ਇਸ ਵੰਨਗੀ ਦੀਆਂ ਬਹੁਤ ਘੱਟ ਕਹਾਣੀਆਂ ਮੇਰੀ ਨਜ਼ਰ ਵਿਚ ਆਈਆਂ ਹਨ। 'ਇਹ ਜਨਮ ਤੁਮਾਰੇ ਲੇਖੇ' ਦੀ ਵਸਤੂ-ਸਮੱਗਰੀ ਬੜੀ ਬਚਿੱਤਰ ਹੈ। ਲੇਖਕ ਨੇ ਇਸ ਕਹਾਣੀ ਦੀਆਂ ਮੁਸ਼ਕਿਲ ਤੰਦਾਂ ਨੂੰ ਬੜੀ ਸਤਰਕਤਾ ਨਾਲ ਸੰਭਾਲਿਆ ਹੈ। ਕੋਈ ਸਾਧਾਰਨ ਕਹਾਣੀਕਾਰ ਹੁੰਦਾ ਤਾਂ ਉਸ ਤੋਂ ਇਸ ਕਹਾਣੀ ਦਾ ਅੰਤ ਸੰਭਾਲਿਆ ਨਹੀਂ ਸੀ ਜਾਣਾ। 'ਦੁਹਾਜੂ' ਵੀ ਇਸੇ ਪ੍ਰਕਾਰ ਦੀ ਇਕ ਚੁਣੌਤੀ ਭਰਪੂਰ ਕਹਾਣੀ ਸਿੱਧ ਹੁੰਦੀ ਹੈ। ਕਹਾਣੀਕਾਰ ਨੇ ਦਰਸਾਇਆ ਹੈ ਕਿ ਕਈ ਵਾਰ ਜੀਵਨ ਦੇ ਸਾਧਾਰਨ ਤੱਥ ਵੀ ਮਨੁੱਖ ਦੇ ਜੀਵਨ ਨੂੰ ਨਾਖੁਸ਼ਗਵਾਰ ਅਤੇ ਬੋਝਲ ਬਣਾਉਣ ਲਈ ਕਾਫੀ ਹੁੰਦੇ ਹਨ। ਮੈਨੂੰ ਬੀ.ਐਸ. ਬੀਰ ਦੀਆਂ ਕਹਾਣੀਆਂ ਦਾ ਸਾਦਾ, ਸਹਿਜ ਅਤੇ ਸੰਤੁਲਿਤ ਅੰਦਾਜ਼ ਬੇਹੱਦ ਪਸੰਦ ਆਇਆ ਹੈ। ਇਹ ਕਹਾਣੀਆਂ ਅਜੋਕੀ ਪੰਜਾਬੀ ਕਹਾਣੀ ਦੀ ਪਰੰਪਰਾ ਨੂੰ ਅਮੀਰ ਬਣਾਉਣ ਵਾਲੀਆਂ ਪ੍ਰਮਾਣਿਕ ਰਚਨਾਵਾਂ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਰੰਗਤ ਵੇਖ ਸਿਆਹੀ ਦੀ
ਗ਼ਜ਼ਲਗੋ : ਕੁਲਤਾਰ ਬਜਰਾਵਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 103.

ਇਨ੍ਹਾਂ ਗ਼ਜ਼ਲਾਂ ਦਾ ਮੁੱਖ ਵਿਸ਼ਾ ਪਿਆਰ ਹੈ। ਪਿਆਰ ਨਾਲ ਜੁੜੇ ਜਜ਼ਬੇ, ਹਉਕੇ, ਹਾਵੇ, ਵਿਛੋੜੇ, ਵਸਲ ਆਦਿ ਦਾ ਪ੍ਰਗਟਾਵਾ ਸੁਹਜਾਤਮਕ ਢੰਗ ਨਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੱਜ ਦੀ ਭ੍ਰਿਸ਼ਟ ਰਾਜਨੀਤੀ, ਤਬਾਹ ਹੋ ਰਹੀਆਂ ਨੈਤਿਕ ਕਦਰਾਂ-ਕੀਮਤਾਂ, ਸਮਾਜਿਕ ਮਸਲੇ ਅਤੇ ਪਾਖੰਡ ਆਦਿ ਦੀ ਵੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ ਹੈ। ਇਹ ਗ਼ਜ਼ਲਾਂ ਸਹਿਜ ਅਤੇ ਸੁਹਜ ਨੂੰ ਸਮੋ ਕੇ ਭਾਵੇਂ ਮਦਮਸਤ ਫ਼ਕੀਰਾਂ ਵਾਂਗ ਝੂਮਦੀਆਂ ਹਨ ਪਰ ਦੁਨਿਆਵੀ ਕੂੜ-ਕੁਸੱਤ ਤੋਂ ਖ਼ਬਰਦਾਰ ਵੀ ਕਰਦੀਆਂ ਹਨ। ਆਓ, ਕੁਝ ਰੰਗ ਆਪਾਂ ਵੀ ਮਾਣੀਏ-
-ਨਾ ਬਹੁਤੇ ਦਾ ਫ਼ਰਕ ਹੈ ਪੈਂਦਾ, ਨਾ ਘਾਟਾਂ ਦਾ ਅਸਰ ਕੋਈ
ਚਲਣ ਬਦਲਦੇ ਨਾਲ ਹਾਲਾਤਾਂ ਨਹੀਉਂ ਕਦੇ ਫ਼ਕੀਰਾਂ ਦੇ।
-ਲੰਮੀ ਤਾਂ ਉਡਾਨ ਬੜੀ ਹੁੰਦੀ ਸੋਚ ਦੀ
ਡਾਚੀ ਨਹੀਉਂ ਪਰ ਮੁੜਦੀ ਬਲੋਚ ਦੀ।
-ਪਿਆਰ ਤੇਰਾ ਹੈ ਅੰਦਰ ਵਸਿਆ ਫਿਰ ਵੀ ਤਲਬ ਅਥਾਹ ਸਾਨੂੰ
ਮਨ ਮੇਰਾ ਸਾਗਰ ਵਰਗਾ ਮਗਰ ਪਿਆਸਾ ਪਾਣੀ ਦਾ।
-ਜੇਕਰ ਰਹਿਮਤ ਵਰ੍ਹ ਜਾਵੇ
ਸ਼ਾਇਦ ਫੁੱਟ ਲਗਰ ਜਾਵੇ।
-ਜਦ ਵੀ ਮੈਂ ਗੁਰਬਾਣੀ ਗਾਵਾਂ, ਝੂਮਾਂ ਵਿਚ ਖ਼ੁਮਾਰੀ
ਦੇ ਗਿਆ ਆਪਣੀ ਬਾਂਸਰੀ, ਮੈਨੂੰ ਕ੍ਰਿਸ਼ਨ ਮੁਰਾਰੀ।
-ਕੌਣ ਸਾਨੂੰ ਮਹਿਕਦਾ ਐਸਾ ਖ਼ੁਆਬ ਦੇ ਗਿਆ
ਜਾਂ ਕਿ ਸਾਡੇ ਖਾਬ ਨੂੰ ਕੋਈ ਗੁਲਾਬ ਦੇ ਗਿਆ।
ਆਮ ਇਨਸਾਨ ਦੁਨਿਆਵੀ ਮੋਹ ਨੂੰ ਹੀ ਪਿਆਰ ਸਮਝਦਾ ਹੈ, ਇਸ ਲਈ ਸਦਾ ਅਸੰਤੁਸ਼ਟ ਅਤੇ ਦੁਖੀ ਰਹਿੰਦਾ ਹੈ। ਜੇ ਇਸ਼ਕ ਮਿਜਾਜ਼ੀ ਦਾ ਰੁਖ਼ ਇਸ਼ਕ-ਹਕੀਕੀ ਵੱਲ ਹੋ ਜਾਏ ਤਾਂ ਉਹ ਫੱਕਰਾਂ ਦੀ ਅਲਮਸਤੀ ਅਤੇ ਸਦੀਵੀ ਪਿਆਰ ਦੀ ਛਾਂ ਮਾਣ ਸਕਦਾ ਹੈ।

ਸ਼ਬਦ ਮੋਤੀ
ਗ਼ਜ਼ਲਗੋ : ਦਰਸ਼ਨ ਸਿੰਘ ਬਨੂੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 95.

ਇਹ ਗ਼ਜ਼ਲਾਂ ਮੁਹੱਬਤ ਦੀ ਮਿੱਠੀ ਬਾਤ ਪਾਉਂਦੀਆਂ ਹਨ। ਇਨ੍ਹਾਂ ਵਿਚੋਂ ਮੁਹੱਬਤ ਦੀ ਖੁਸ਼ਬੋ ਵੀ ਉੱਠਦੀ ਹੈ ਅਤੇ ਬਿਰਹਾ ਦਾ ਸੇਕ ਵੀ। ਸ਼ਾਇਰ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ, ਅਨੈਤਿਕਤਾ ਅਤੇ ਗਿਰਾਵਟ ਤੋਂ ਸੁਚੇਤ ਹੈ ਅਤੇ ਇਹ ਰੰਗ ਇਨ੍ਹਾਂ ਗ਼ਜ਼ਲਾਂ ਵਿਚ ਝਲਕਦੇ ਹਨ। ਆਓ, ਉਸ ਦੇ ਸ਼ੇਅਰਾਂ ਵਿਚਲੀ ਵੰਨ-ਸੁਵੰਨਤਾ ਦੀ ਮਹਿਕ ਮਾਣੀਏ-
-ਲਿਖਦਾ ਹਾਂ ਗ਼ਜ਼ਲ ਸੌਖੀ, ਪੰਜਾਬੀ ਜ਼ਬਾਨ ਅੰਦਰ
ਬੋਲੀ ਮੇਰੀ ਦਾ ਝੂਲੇ, ਝੰਡਾ ਜਹਾਨ ਅੰਦਰ।
-ਨੀਵੀਂ ਥਾਂ 'ਤੇ ਬਹਿਣਾ ਸਿੱਖ
ਵਿਚ ਰਜ਼ਾ ਦੇ ਰਹਿਣਾ ਸਿੱਖ।
-ਕਿਹੋ ਜਿਹਾ ਮਾਹੌਲ ਹੋ ਗਿਆ
ਸਭ ਕੁਝ ਏਥੇ ਗੋਲ ਹੋ ਗਿਆ।
-ਪੱਥਰਾਂ ਸੰਗ ਰਹਿ ਚੰਗਾ ਵਕਤ ਲੰਘਾਇਆ ਮੈਂ
ਐਪਰ ਫੁੱਲਾਂ ਕੋਲੋਂ ਨਾ ਬਚ ਪਾਇਆ ਮੈਂ।
-ਰਾਹਾਂ ਦੇ ਵਿਚ ਰੋੜ ਬੜੇ ਨੇ
ਉਸ ਮੰਜ਼ਿਲ ਤੱਕ ਮੋੜ ਬੜੇ ਨੇ।
-ਝੱਟ ਸਾਗਰ ਵਿਚ ਲਹਿ ਜਾਂਦੇ ਉਹ ਜਿਨ੍ਹਾਂ ਸਾਗਰ ਤਰਨਾ ਹੁੰਦਾ
ਬੈਠ ਕਿਨਾਰੇ ਲਹਿਰਾਂ ਗਿਣਦੇ, ਜਿਨ੍ਹਾਂ ਕੁਝ ਨਹੀਂ ਕਰਨਾ ਹੁੰਦਾ।
ਇਨ੍ਹਾਂ ਗ਼ਜ਼ਲਾਂ ਵਿਚ ਸਰਲਤਾ ਸਹਿਜਤਾ, ਰੌਚਿਕਤਾ, ਬੇਬਾਕੀ ਅਤੇ ਬਾਂਝਪਨ ਹੈ। ਭਾਵੇਂ ਇਹ ਪਿੰਗਲ, ਆਰੂਜ਼ ਦੀ ਕਸਵੱਟੀ 'ਤੇ ਪੂਰੀਆਂ ਨਹੀਂ ਉਤਰਦੀਆਂ ਪਰ ਆਮ ਬੰਦੇ ਦੀ ਸਮਝ ਵਿਚ ਆਉਣ ਵਾਲੀਆਂ ਅਤੇ ਦਿਲਾਂ ਨੂੰ ਛੂਹਣ ਵਾਲੀਆਂ ਹਨ। ਇਸ ਗ਼ਜ਼ਲ ਸੰਗ੍ਰਹਿ ਦਾ ਸਵਾਗਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਸਭ ਨੂੰ ਚਾਹੀਦੈ ਸਹਾਰਾ
ਲੇਖਕ : ਡਾ: ਰੂਪ ਦੇਵਗੁਣ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ (ਹਰਿਆਣਾ)
ਮੁੱਲ : 150 ਰੁਪਏ, ਸਫ਼ੇ : 112.

ਡਾ: ਰੂਪ ਦੇਵ ਮੂਲ ਰੂਪ ਵਿਚ ਪੰਜਾਬੀ ਹਨ ਪਰ ਲਿਖਦੇ ਹਿੰਦੀ ਵਿਚ ਹਨ। 'ਸਭ ਨੂੰ ਚਾਹੀਦੈ ਸਹਾਰਾ' ਕਥਾ-ਸੰਗ੍ਰਹਿ ਰਾਹੀਂ ਉਨ੍ਹਾਂ ਨੇ ਪੰਜਾਬੀ ਵੱਲ ਮੋੜਾ ਕੱਟ ਕੇ ਆਪਣੇ ਸੱਚੇ-ਸੁੱਚੇ ਪੰਜਾਬੀ ਹੋਣ ਦਾ ਸਬੂਤ ਪੇਸ਼ ਕੀਤਾ ਹੈ। ਇਸ ਸੰਗ੍ਰਹਿ ਵਿਚ ਉਨ੍ਹਾਂ ਨੇ ਕੁੱਲ 12 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਉਹ ਆਪਣੀਆਂ ਕਹਾਣੀਆਂ ਰਾਹੀਂ ਸਮਾਜ ਵਿਚ ਫੈਲੀਆਂ ਵਿਸੰਗਤੀਆਂ, ਦੋਗਲੇ ਕਿਰਦਾਰਾਂ ਤੇ ਗਲ-ਸੜ ਰਹੀਆਂ ਮਾਨਤਾਵਾਂ ਦਾ ਨੰਗ ਜ਼ਾਹਰ ਕਰਦੇ ਹਨ। ਸਹਿਜ ਵਿਅੰਗ ਰਾਹੀਂ ਉਹ ਸਮਾਜ ਦੇ ਕੋਹੜ ਤੇ ਕੋਝੇ ਯਥਾਰਥ ਨੂੰ ਪੇਸ਼ ਕਰਨ ਦੇ ਆਹਰ 'ਚ ਹਨ।
'ਅਨਜਾਨ ਹੱਥ ਦੀ ਇਬਾਰਤ' ਇਕ ਅਜਿਹੇ ਲੇਖਕ ਦੀ ਕਹਾਣੀ ਹੈ, ਜੋ ਚੰਗੀਆਂ ਲਿਖਤਾਂ ਲਿਖਣ ਲਈ ਬੇਚੈਨ ਰਹਿੰਦਾ ਹੈ ਪਰ ਉਸ ਨੂੰ ਕਿਤੋਂ ਸ਼ਾਬਾਸ਼ ਨਹੀਂ ਮਿਲਦੀ। ਘਰ ਫੂਕ ਤਮਾਸ਼ਾ ਦੇਖਦਾ ਹੈ ਪਰ ਕਿਤੇ-ਕਿਤੇ ਕਦੇ-ਕਦੇ ਕਿਸੇ ਪਾਠਕ ਦੀ ਹੌਸਲਾਅਫ਼ਜ਼ਾਈ ਉਸ ਨੂੰ ਚੜ੍ਹਦੀ ਕਲਾ ਵਿਚ ਲਿਆ ਦਿੰਦੀ ਹੈ। 'ਚੌਥੀ ਘੰਟੀ' ਵਿੱਦਿਆ ਵਿਭਾਗ 'ਤੇ ਕਰੜਾ ਵਿਅੰਗ ਕਰਦੀ ਕਹਾਣੀ ਹੈ। 'ਸੇਫ਼ਟੀ ਪਿੰਨ' ਰਸਮਾਂ ਰੀਤਾਂ ਵਿਚ ਦਿਖਾਵੇਬਾਜ਼ੀ 'ਤੇ ਕੀਤਾ ਗਿਆ ਵਿਅੰਗ ਹੈ, ਜਿਥੇ ਸਭ ਰਿਸ਼ਤੇ ਕੇਵਲ ਤੇ ਕੇਵਲ ਪੈਸੇ ਰਾਹੀਂ ਹੀ ਨਿਭਾਏ ਜਾਂਦੇ ਹਨ। 'ਹਿੰਦਸਾ' ਕਹਾਣੀ ਜੇਲ੍ਹ 'ਚ ਤਾੜੇ ਕੈਦੀਆਂ ਦੀ ਮਨੋਦਿਸ਼ਾ ਤੇ ਮਨੋਬਿਰਤਾਂਤ ਦਾ ਕੱਚਾ ਚਿੱਠਾ ਪੇਸ਼ ਕਰਨ ਵਾਲੀ ਕਹਾਣੀ ਹੈ। 'ਕੁਲਫ਼ੀਵਾਲਾ' ਇਕ ਖ਼ੁੱਦਾਰ ਮੁੰਡੇ ਦਾ ਚਰਿੱਤਰ ਪੇਸ਼ ਕਰਨ ਵਾਲੀ ਕਹਾਣੀ ਹੈ ਜੋ ਸਮਾਜ ਵਿਚ ਉੱਚਾ ਉੱਠਣ ਲਈ ਇਮਾਨਦਾਰੀ ਤੇ ਹਿੰਮਤ ਨਾਲ ਮਿਹਨਤ ਕਰਦਾ ਹੈ। 'ਵਕਤ ਦੀਆਂ ਕਿੱਲਾਂ' ਬਦਲ ਰਹੇ ਸਮਾਜ ਦੀ ਤਸਵੀਰ ਪੇਸ਼ ਕਰਦੀ ਹੈ, ਜਿਸ ਵਿਚ ਪੁਰਾਣੇ ਤਿਉਹਾਰਾਂ ਤੇ ਹਾਸੇ ਠੱਠੇ ਨੂੰ ਨਜ਼ਰਅੰਦਾਜ਼ ਕਰਕੇ ਮਨੁੱਖ ਆਪਣੇ ਹੀ ਬਣਾਏ ਖੋਲ ਵਿਚ ਵੜ ਜਾਣ ਲਈ ਮਜਬੂਰ ਹੈ। 'ਅਣਚਾਹੇ' ਮਹਾਂਨਗਰ 'ਚ ਨੌਕਰੀ ਕਰ ਰਹੇ ਅਜਿਹੇ ਪਰਿਵਾਰ ਦਾ ਬਿਰਤਾਂਤ ਹੈ ਜੋ ਨਿੱਕੀਆਂ-ਨਿੱਕੀਆਂ ਖੁਸ਼ੀਆਂ ਤੋਂ ਵੀ ਵਾਂਝੇ ਰਹਿ ਜਾਣ ਲਈ ਮਜਬੂਰ ਹੈ। 'ਵੇਦਨਾ ਦਾ ਚੱਕਰਵਿਊ' ਕਹਾਣੀ ਯਾਮਲੀ ਜਿਹੀ ਔਰਤ ਦੀ ਕਹਾਣੀ ਹੈ ਜੋ ਪਰਾਏ ਸਬੰਧਾਂ 'ਚੋਂ ਸਕੂਨ ਲੱਭਦੀ ਹੈ। 'ਸਭ ਨੂੰ ਚਾਹੀਦੈ ਸਹਾਰਾ' ਇਸ ਸੰਗ੍ਰਹਿ ਦੀ ਸਭ ਤੋਂ ਲੰਮੀ ਕਹਾਣੀ ਹੈ ਜੋ ਮਰਦ-ਔਰਤ ਦੇ ਰਿਸ਼ਤਿਆਂ ਨੂੰ ਵੱਖ-ਵੱਖ ਕੋਣਾਂ ਤੋਂ ਦੇਖਣ ਪਰਖਣ ਦਾ ਯਤਨ ਕਰਦੀ ਹੈ। 'ਚਾਬੀ ਵਾਲਾ ਖਿਡੌਣਾ' ਇਕ ਅਜਿਹੇ ਅਧਿਆਪਕ ਦਾ ਕਿਰਦਾਰ ਪੇਸ਼ ਕਰਦੀ ਹੈ, ਜੋ ਵਿਦਿਆਰਥੀ ਵੱਲੋਂ ਦਿਖਾਏ ਸਨਮਾਨ ਤੋਂ ਰੋਮਾਂਚਿਤ ਹੁੰਦਾ ਹੈ ਪਰ ਦੂਸਰਿਆਂ ਵੱਲੋਂ ਦਿਖਾਈ ਬੇਰੁਖ਼ੀ ਤੋਂ ਜ਼ਲੀਲ ਤੇ ਪ੍ਰੇਸ਼ਾਨ ਹੋਇਆ ਮਹਿਸੂਸ ਕਰਦਾ ਹੈ।

-ਕੇ. ਐਲ. ਗਰਗ
ਮੋ: 94635-37050

17 ਰਾਨਡੇ ਰੋਡ
ਲੇਖਕ : ਰਵਿੰਦਰ ਕਾਲੀਆ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 350 ਰੁਪਏ, ਸਫ਼ੇ : 304.

'17 ਰਾਨਡੇ ਰੋਡ' ਚਰਚਿਤ ਹਿੰਦੀ ਲੇਖਕ ਰਵਿੰਦਰ ਕਾਲੀਆ ਦਾ ਹਿੰਦੀ ਨਾਵਲ ਹੈ, ਜਿਸ ਦਾ ਤਰਸੇਮ ਨੇ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ।
ਇਸ ਨਾਵਲ ਦੀ ਪਟਕਥਾ ਦਾ ਧਰਾਤਲ ਬੰਬਈ ਹੈ, ਜਿਸ ਨੂੰ ਅੱਜਕਲ੍ਹ 'ਮੁੰਬਈ' ਆਖਦੇ ਹਨ। ਲੇਖਕ ਨੇ ਬੰਬਈ ਵਿਚ ਵਸਦੇ ਲੋਕਾਂ ਦੀ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਜੀਵਨਸ਼ੈਲੀ ਨੂੰ ਬੜੀ ਬਾਰੀਕੀ ਨਾਲ ਵੇਖਿਆ ਹੈ ਅਤੇ ਇਸ ਦਾ ਚਿਤਰਨ ਆਪਣੀ ਵਿਲੱਖਣ ਸ਼ੈਲੀ ਵਿਚ ਕੀਤਾ ਹੈ। ਬੰਬਈ ਦਾ ਸੰਸਾਰ ਇਕ ਵਚਿੱਤਰ ਸੰਸਾਰ ਹੈ, ਜਿਥੇ ਫ਼ਿਲਮੀ ਸਿਤਾਰਿਆਂ ਦਾ ਗਲੈਮਰ ਵੀ ਹੈ ਤੇ ਨਾਲ ਹੀ ਮਹਾਰਾਸ਼ਟਰ ਦੇ ਮੰਦਹਾਲੀ ਕਾਰਨ ਨਰਕ ਭਰਿਆ ਜੀਵਨ ਜੀਅ ਰਹੇ ਲੋਕਾਂ ਦੇ ਜੀਵਨ ਝਲਕਾਰੇ ਵੀ ਹਨ।
ਨਾਵਲ ਦਾ ਆਗਾਜ਼ ਅਕਾਸ਼ਬਾਣੀ ਜਲੰਧਰ ਤੋਂ ਹੁੰਦਾ ਹੈ-ਅਕਾਸ਼ਬਾਣੀ ਦਾ ਸਕਰਿਪਟ ਰਾਈਟਰ ਸੁਦਰਸ਼ਨ ਪੁਰਸ਼ਾਰਥੀ ਜੋ ਵਧੀਆ ਗ਼ਜ਼ਲਗੋ ਹੈ, ਆਪਣੀ ਕਲਾ ਨੂੰ ਬੜਾਵਾ ਦੇਣ ਲਈ ਬੰਬਈ ਜਾ ਪੁੱਜਦਾ ਹੈ ਅਤੇ ਰਹਿਣ ਲਈ ਭੂਤਬਾੜੇ ਦੇ ਵਾਸੀ ਸੰਪੂਰਨ ਓਬਰਾਏ ਨਾਲ ਜਾ ਸਾਂਝ ਪਾਉਂਦਾ ਹੈ। ਸੰਪੂਰਨ ਵੀ ਇਕ ਪੰਜਾਬੀ ਗੱਭਰੂ ਹੈ ਜਿਹੜਾ ਅੰਮ੍ਰਿਤਸਰ ਤੋਂ ਭੱਜ ਕੇ ਆਪਣੀ ਕਿਸਮਤ ਅਜ਼ਮਾਉਣ ਲਈ ਬੰਬਈ ਆਇਆ ਸੀ। ਸੰਪੂਰਨ ਨਾਵਲ ਦਾ ਮੁੱਖ ਪਾਤਰ ਹੈ-ਸਾਰਾ ਨਾਵਲ ਉਸ ਦੇ ਜੀਵਨ ਵਰਤਾਰੇ ਨੂੰ ਚਿਤਰਦਾ ਹੈ-ਸੰਪੂਰਨ ਇਕ ਵਧੀਆ ਸੁਪਨਸਾਜ਼, ਥੁੱਕ ਨਾਲ ਬੜੇ ਪਕਾਉਣ ਵਾਲਾ, ਚੁਸਤ-ਚਲਾਕ ਵਿਅਕਤੀ ਹੈ, ਜੋ ਇਕ ਮਹਾਰਾਸ਼ਟਰੀ ਮੁਟਿਆਰ ਸੁਪੁਰੀਆ ਨਾਲ ਬਿਨਾਂ ਵਿਆਹ ਕਰਵਾਏ ਭੂਤਬਾੜੇ ਨਾਂਅ ਦੇ ਫਲੈਟ 'ਤੇ ਰਹਿੰਦਾ ਹੈ। ਇਹ ਫਲੈਟ ਵੀ ਉਸ ਨੇ ਬੜੀ ਚੁਸਤੀ ਨਾਲ ਹਥਿਆਇਆ ਹੈ, ਜਿਥੇ ਉਹ ਆਏ ਦਿਨ ਸ਼ਰਾਬ, ਕਬਾਬ ਅਤੇ ਸ਼ਬਾਬ ਭਰਪੂਰ ਪਾਰਟੀਆਂ ਦਾ ਆਯੋਜਨ ਕਰਦਾ ਹੈ, ਜਿਸ ਵਿਚ ਬੰਬੇ ਦੇ ਨਾਮਵਰ ਅਦਾਕਾਰ, ਕਲਾਕਾਰ ਅਤੇ ਸਨਅਤਕਾਰ ਸ਼ਾਮਿਲ ਹੋ ਕੇ ਰੰਗਰਲੀਆਂ ਮਨਾਉਂਦੇ ਹਨ।
ਸੰਪੂਰਨ ਵਿਚ ਖੂਬੀ ਇਹ ਹੈ ਕਿ ਉਹ ਮਲੰਗਾਂ ਵਾਲਾ ਜੀਵਨ ਜਿਊਂਦਾ ਹੋਇਆ ਵੀ ਆਪਣੇ ਆਤਮ-ਵਿਸ਼ਵਾਸ ਦੇ ਬਲਬੂਤੇ ਕਈ ਜੁਗਾੜ ਵਿੱਢਦਾ ਹੈ ਅਤੇ ਸੁਪਨੇ ਸਿਰਜਦਾ ਹੈ ਤਾਂ ਕਿ ਉਹ ਬੰਬੇ ਦੇ ਉੱਚ ਕੋਟੀ ਦੇ ਫ਼ਿਲਮਕਾਰਾਂ ਅਤੇ ਸਨਅਤਕਾਰਾਂ ਵਿਚ ਸ਼ੁਮਾਰ ਹੋ ਸਕੇ। ਨਾਵਲ ਦਾ ਹਰ ਕਾਂਡ ਨਿਵੇਕਲਾ ਹੈ, ਜਿਸ ਵਿਚ ਅਜਿਹੇ ਨਵੇਂ ਪਾਤਰ ਵੀ ਨਜ਼ਰੀਂ ਪੈਂਦੇ ਹਨ, ਜਿਹੜੇ ਇਸ ਗਲੈਮਰ ਭਰੀ ਦੁਨੀਆ ਵਿਚ ਆਪਣੀ ਕਿਸਮਤ ਅਜਮਾਉਣ ਆਏ ਸਨ ਪ੍ਰੰਤੂ ਧੱਕੇ-ਧੌਲੇ ਖਾ ਰਹੇ ਹਨ। ਲੇਖਕ ਨੇ ਮਿਸਟਰ ਸਲੂਜਾ ਦੇ ਪਾਤਰ ਚਿੱਤਰਣ ਰਾਹੀਂ ਦੂਰਦਰਸ਼ਨ ਦੇ ਇਨ੍ਹਾਂ ਉੱਚ ਅਧਿਕਾਰੀਆਂ ਦਾ ਵੀ ਪਰਦਾਫਾਸ਼ ਕੀਤਾ ਹੈ, ਜਿਹੜੇ ਸੀਰੀਅਲਾਂ ਦੀ ਪ੍ਰਵਾਨਗੀ ਲਈ ਰਿਸ਼ਵਤ ਲੈਣ ਤੋਂ ਇਲਾਵਾ ਇਸ਼ਤਿਹਾਰਾਂ ਅਤੇ ਮੁਨਾਫ਼ੇ ਵਿਚ ਵੀ ਹਿੱਸਾ ਪੱਤੀ ਭਾਲਦੇ ਹਨ। ਇਹ ਇਕ ਦਿਲਚਸਪ ਨਾਵਲ ਹੈ।

-ਸੁਖਦੇਵ ਮਾਦਪੁਰੀ
ਮੋ: 94630-34472.

ਉਹ ਦਿਨ ਇਹ ਦਿਨ
ਲੇਖਕ : ਪ੍ਰੋ: ਸੁਲੱਖਣ ਮੀਤ
ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ ,ਬਰਨਾਲਾ
ਮੁੱਲ : 60 ਰੁਪਏ, ਸਫ਼ੇ 64.

ਸਮੇਂ ਦੀਆਂ ਸੂਈਆਂ ਕਦੇ ਨਹੀਂ ਰੁਕਦੀਆਂ। ਚੰਗੇ ਮਾੜੇ ਦਿਨ ਲੰਘੀ ਜਾਂਦੇ ਨੇ। ਸਮੇਂ ਦੇ ਇਸ ਗੇੜ ਵਿਚ ਚੰਗੇ-ਮਾੜੇ ਦਾ ਸੁਮੇਲ ਹੁੰਦਾ ਹੈ। ਜਿਨਾਂ ਨੂੰ ਜੀਵਨ ਮਾਣਨ ਦੀ ਜਾਚ ਆ ਜਾਂਦੀ ਹੈ ਉਹ ਕੰਡਿਆਂ ਨੂੰ ਵੀ ਫੁੱਲਾਂ ਦੇ ਸਮਾਨ ਸਮਝ ਕੇ ਜੀਵਨ ਨੂੰ ਹੋਰ ਵੀ ਰੰਗੀਲਾ ਬਣਾ ਲੈਂਦੇ ਹਨ। ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਬਿਖੇਰਦੀ ਹੋਈ ਕਾਵਿ ਪੁਸਤਕ 'ਉਹ ਦਿਨ ਇਹ ਦਿਨ' ਦੀ ਸਾਹਿਤ ਜਗਤ ਵਿਚ ਆਮਦ ਹੋਈ ਹੈ।
ਪ੍ਰੋ: ਸੁਲੱਖਣ ਮੀਤ ਨੇ ਜਿਥੇ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਵਿਚ ਆਪਣੀ ਪੂਰੀ ਧਾਂਕ ਜਮਾਈ ਹੋਈ ਹੈ, ਉਥੇ ਉਹ ਕਾਵਿ ਰੰਗ ਬਿਖੇਰਨ ਤੋਂ ਵੀ ਪਿੱਛੇ ਨਹੀਂ। ਇਸ ਹਥਲੀ ਪੁਸਤਕ ਵਿਚ ਕਰੀਬ 110 ਕਵਿਤਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਛੋਟੀਆਂ ਪਰ ਭਾਵਪੂਰਤ ਇਹ ਕਵਿਤਾਵਾਂ ਦੋਹਰੇ/ਤੀਹਰੇ ਅਰਥ ਸਮੋਈ ਬੈਠੀਆਂ ਹਨ। ਪਾਠਕ ਨੂੰ ਅਕਾਉਂਦੀਆਂ ਨਹੀਂ, ਸਗੋਂ ਪਾਠਕ ਨੂੰ ਆਪਣੀ ਉਂਗਲੇ ਲਾ ਟੁਰਦੀਆਂ ਹਨ।
ਢਿੱਡੋਂ ਭੁੱਖੇ ਲਈ ਅਖੌਤੀ ਵਿਕਾਸ ਦੀ ਹਨੇਰੀ, ਮਾਡਰਨਾਈਜ਼ੇਸ਼ਨ ਦੀ ਹੱਦੋਂ ਵੱਧ ਸ਼ੋਸ਼ੇਬਾਜ਼ੀ ਅਤੇ ਔਕਾਤ/ਪਹੁੰਚ ਤੋਂ ਪਰੇ ਦੇ ਰੰਗ ਤਮਾਸ਼ੇ ਕਿਸ ਕੰਮ ਹਨ? ਇਹ ਸਭ ਕੁਝ ਮਰੇ ਦੇ ਮੂੰਹ ਨੂੰ ਘਿਓ ਲਾਉਣ ਦੇ ਤੁਲ ਹੈ। ਸਰਮਾਏਦਾਰੀ ਵੱਲੋਂ ਮਨੁੱਖਤਾ ਨੂੰ ਗੁਲਾਮੀ ਦੇ ਜੂਲੇ ਹੇਠ ਲਿਆਉਣ ਦੇ ਕੋਝੇ ਯਤਨ ਹਨ। ਇਨ੍ਹਾਂ ਯਤਨਾਂ ਨੂੰ ਖੁੰਢੇ ਕਰਨ ਲਈ ਕਲਮਾਂ ਹੀ ਤੀਰ/ਤਲਵਾਰ ਹੁੰਦੇ ਹਨ। ਸਾਰਥਿਕ ਰਚਨਾਵਾਂ ਜ਼ਫਰਨਾਮਿਆਂ ਦਾ ਰੂਪ ਧਾਰਦੀਆਂ ਹੋਈਆਂ ਸਮੇਂ ਦੇ ਔਰੰਗਜ਼ੇਬ/ਜਾਬਰਾਂ ਤੇ ਉਨ੍ਹਾਂ ਦੀ ਜਦ ਪੁਸ਼ਤ ਨੂੰ ਐਸਾ ਹਲੂਣਾ ਦੇਣ ਦੇ ਸਮਰੱਥ ਹੁੰਦੀਆਂ ਹਨ। ਜਬਰ/ਜ਼ੁਲਮ ਨਮੋਸ਼ੀ ਨਾਲ ਹੀ ਮਰ-ਮੁੱਕਣ ਦੇ ਆਸਾਰ ਬਣ ਜਾਂਦੇ ਹਨ:
'ਸੱਚ ਦੀਆਂ ਐਸੀਆਂ ਚੋਭਾਂ ਲਾਵਾਂਗਾ,
ਜਿਹਨਾਂ ਨਾਲ ਜਾਬਰ ਦੀ ਔਲਾਦ, ਨਮੋਸ਼ੀ ਨਾਲ ਹੀ ਮਰ ਜਾਏਗੀ।'
ਪ੍ਰੋ: ਸੁਲੱਖਣ ਮੀਤ ਨੇ ਇਨ੍ਹਾਂ ਕਵਿਤਾਵਾਂ ਰਾਹੀਂ ਆਪਣੇ ਸੱਭਿਆਚਾਰ, ਪਹਿਰਾਵੇ ਤੇ ਬੋਲੀ ਨੂੰ ਛੱਡ ਕੇ ਹੋਰਾਂ ਦੇ ਟੰਮਣੇ/ਕੰਧੇਰੇ ਚੜ੍ਹ ਕੇ ਕੱਚਘਰੜੇ ਵਰਤਾਓ ਨਾਲ ਆਪਣੀ ਹਾਲਤ ਪਾਣੀਓਂ ਪਤਲੀ ਤੇ ਹਾਸੋਹੀਣੀ ਸਥਿਤੀ ਪੈਦਾ ਕਰ ਲੈਣ ਦੇ ਆਮ ਚਰਚਿਆਂ ਨੂੰ ਵੀ ਸਨਮੁਖ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਜਦੋਂ ਅਸ਼ਕ ਬਣਦੇ ਨੇ ਬੋਲ
ਗ਼ਜ਼ਲਕਾਰ : ਗੁਰਚਰਨ ਸਿੰਘ ਢੁੱਡੀਕੇ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 88.

ਗੁਰਚਰਨ ਸਿੰਘ ਢੁੱਡੀਕੇ ਬੜਾ ਪਿਆਰਾ ਗ਼ਜ਼ਲਗ਼ੋ ਸੀ, ਜੋ ਪਿੱਛੇ ਜਿਹੇ ਪੰਜਾਬੀ ਗ਼ਜ਼ਲ ਦੇ ਕਾਫ਼ਿਲੇ ਤੋਂ ਸਦਾ ਲਈ ਵਿਛੜ ਗਿਆ। ਜਨਾਬ ਦੀਪਕ ਜੈਤੋਈ ਦਾ ਗ਼ਜ਼ਲ ਤਕਨੀਕ ਦਾ ਇਹ ਪ੍ਰਪੱਕ ਸ਼ਾਗਿਰਦ ਜਿਊਂਦੇ-ਜੀਅ ਆਪਣੀ ਪੁਸਤਕ ਵੀ ਪ੍ਰਕਾਸ਼ਿਤ ਨਾ ਕਰਵਾ ਸਕਿਆ। ਹੁਣ ਉਸ ਦੀ ਸੁਪਤਨੀ ਦੇ ਯਤਨਾਂ ਨਾਲ ਗੁਰਚਰਨ ਸਿੰਘ ਢੁੱਡੀਕੇ ਦੇ ਪਹਿਲੇ ਗ਼ਜ਼ਲ ਸੰਗ੍ਰਹਿ ਦਾ ਪ੍ਰਕਾਸ਼ਨ ਹੋਇਆ ਹੈ। ਇਹ ਸਵ: ਢੁੱਡੀਕੇ ਨੂੰ ਇਕ ਸ਼ਾਨਦਾਰ ਸ਼ਰਧਾਂਜਲੀ ਹੈ।
ਇਸ ਕਿਤਾਬ ਵਿਚ ਕੁੱਲ 76 ਗ਼ਜ਼ਲਾਂ ਛਾਇਆ ਹੋਈਆਂ ਹਨ। ਆਪਣੀ ਪਹਿਲੀ ਹੀ ਗ਼ਜ਼ਲ ਵਿਚ ਸ਼ਾਇਰ ਆਖਦਾ ਹੈ ਕਿ ਗੱਲ ਚਾਹੇ ਜ਼ੁਲਫ਼ਾਂ ਦੀ ਹੋਵੇ ਜਾਂ ਇਨਕਲਾਬ ਦੀ ਬਸ ਗ਼ਜ਼ਲ ਲਿਖੀ ਜਾਣੀ ਚਾਹੀਦੀ ਹੈ ਤੇ ਇਸ ਤੋਂ ਸ਼ਾਇਰ ਦੀ ਗ਼ਜ਼ਲ ਸਬੰਧੀ ਪ੍ਰਤੀਬੱਧਤਾ ਦਾ ਪਤਾ ਚਲਦਾ ਹੈ। ਉਹ ਚਾਹੁੰਦਾ ਹੈ ਕਿ ਗ਼ਜ਼ਲ ਵਿਚ ਲੋਕਾਂ ਦੇ ਦਰਦ ਦੀ ਗੱਲ ਹੋਣੀ ਚਾਹੀਦੀ ਹੈ। ਗ਼ਜ਼ਲਕਾਰ ਸਾਂਝਾ ਸੁਰ ਛੇੜਨ ਤੇ ਪਿਆਰ ਦੀ ਤਾਨ ਛੇੜਨ ਦਾ ਹੋਕਾ ਦਿੰਦਾ ਹੈ। ਉਹ ਕਾਲੇ ਮੌਸਮ ਵਿਚ ਆਪਣੇ ਪਿਆਰੇ ਦੇ ਨਕਸ਼ ਚਿਤਰਨ ਵਿਚ ਅਸਮਰਥਾ ਪ੍ਰਗਟਾਉਂਦਾ ਹੈ ਤੇ ਆਖਦਾ ਹੈ ਕਿ ਉਹ ਹਾਲੇ ਅੱਗ ਦੇ ਦੌਰ ਵਿਚ ਦੀ ਗੁਜ਼ਰ ਰਿਹਾ ਹੈ। ਉੱਚੇ ਮੀਨਾਰਾਂ ਕੋਲ ਉਸ ਨੂੰ ਆਮ ਆਦਮੀ ਦੇ ਘਟ ਰਹੇ ਆਕਾਰ ਦਾ ਫ਼ਿਕਰ ਹੈ ਤੇ ਉਹ ਇਸ ਖ਼ਿਲਾਫ਼ ਸੰਘਰਸ਼ ਕਰਨ ਦੇ ਰੌਂਅ ਵਿਚ ਹੈ। ਸ਼ਾਇਰ ਫਿਰਕੂ ਜਨੂੰਨ, ਧਰਮ ਦੇ ਨਾਂਅ 'ਤੇ ਪਾਖੰਡ ਤੇ ਰਾਜਨੀਤਕ ਚਾਲਬਾਜ਼ੀਆਂ ਦਾ ਕੱਟੜ ਵਿਰੋਧੀ ਹੈ ਤੇ ਉਹ ਆਪਣੀ ਕਲਮ ਰਾਹੀਂ ਸਮਾਨਤਮ ਸਮਾਜ ਸਿਰਜਣ ਦਾ ਹਾਮੀ ਹੈ।
ਪੁਸਤਕ ਵਿਚ ਸ਼ਾਮਿਲ ਗ਼ਜ਼ਲਾਂ ਦੇ ਸ਼ਿਅਰ ਸਾਦੀ ਜ਼ਬਾਨ ਵਿਚ ਹਨ ਤੇ ਇਹ ਪਾਠਕ ਲਈ ਬੁਝਾਰਤਾਂ ਨਹੀਂ ਬਣਦੇ। ਤਕਨੀਕੀ ਤੌਰ 'ਤੇ ਇਹ ਗ਼ਜ਼ਲਾਂ ਆਮ ਤੌਰ 'ਤੇ ਮੁਕੰਮਲ ਹਨ ਕਿਉਂਕਿ ਗੁਰਚਰਨ ਉੱਤੇ ਜਨਾਬ ਦੀਪਕ ਜੈਤੋਈ ਜਿਹੇ ਮਾਹਿਰ ਦਾ ਥਾਪੜਾ ਰਿਹਾ ਹੈ। ਪੁਸਤਕ ਦੇ ਸ਼ੁਰੂਆਤੀ ਪੰਨਿਆਂ ਉੱਤੇ ਗੁਰਚਰਨ ਸਿੰਘ ਢੁੱਡੀਕੇ ਦੀ ਸੁਪਤਨੀ ਸ੍ਰੀਮਤੀ ਨਛੱਤਰ ਕੌਰ ਦਾ ਲਘੂ ਲੇਖ 'ਬਸ ਯਾਦਾਂ ਰਹਿ ਗਈਆਂ' ਪ੍ਰਕਾਸ਼ਿਤ ਕੀਤਾ ਗਿਆ ਹੈ। ਸ਼ਾਇਰ ਦੇ ਬੇਟੇ ਅਨੁਦੀਪ ਸਰੋਏ ਤੇ ਬੇਟੀ ਅਨੁਜੋਤ ਕੌਰ ਨੇ ਵੀ ਆਪਣੇ ਪਿਤਾ ਨੂੰ ਢੁਕਵੇਂ ਸ਼ਬਦਾਂ ਵਿਚ ਸ਼ਰਧਾਂਜਲੀ ਭੇਟ ਕੀਤੀ ਹੈ।

ਮੇਰੇ ਜਜ਼ਬਾਤ
ਸ਼ਾਇਰਾ : ਸੁਮਨ ਬਘਰੇਟਾ
ਪ੍ਰਕਾਸ਼ਕ : ਆਬ ਪਬਲੀਕੇਸ਼ਨ, ਸਮਾਣਾ
ਮੁੱਲ : 125 ਰੁਪਏ, ਸਫ਼ੇ : 96.

ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਪੰਜਾਬੀ ਸਾਹਿਤ ਵਿਚ ਇਸ ਸਮੇਂ ਸਭ ਤੋਂ ਵਧ ਸਿਰਜਣਾ ਕਵਿਤਾ ਦੀ ਹੋ ਰਹੀ ਹੈ ਤੇ ਕਾਵਿ-ਪੁਸਤਕਾਂ ਦਾ ਪ੍ਰਕਾਸ਼ਨ ਧੜਾ-ਧੜ ਹੋ ਰਿਹਾ ਹੈ। ਇਸ ਨਾਲ ਪੰਜਾਬੀ ਕਾਵਿ ਸਾਹਿਤ ਦਾ ਨੁਕਸਾਨ ਵੀ ਹੋ ਰਿਹਾ ਹੈ ਤੇ ਕੁਝ ਹਾਂ ਪੱਖੀ ਪਹਿਲੂ ਵੀ ਸਾਹਮਣੇ ਆ ਰਹੇ ਹਨ। ਨੁਕਸਾਨ ਇਹ ਕਿ ਕੱਚ ਘਰੜ ਕਵਿਤਾ ਪੰਜਾਬੀ ਸ਼ਾਇਰੀ ਦੇ ਪਾਠਕਾਂ ਨੂੰ ਕਵਿਤਾ ਤੋਂ ਦੂਰ ਲਿਜਾ ਰਹੀ ਹੈ ਤੇ ਹਾਂ ਪੱਖੀ ਪਹਿਲੂ ਇਹ ਹੈ ਕਿ ਕਾਵਿ ਸਾਹਿਤ ਸਿਰਜਣਾ ਖੇਤਰ ਜਿਸ 'ਤੇ ਵਧੇਰੇ ਕਰਕੇ ਮਰਦਾਂ ਦਾ ਹੀ ਕਬਜ਼ਾ ਸੀ, ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਰਹੀਆਂ ਹਨ। 'ਮੇਰੇ ਜਜ਼ਬਾਤ' ਇਸ ਦੀ ਉਦਾਹਰਨ ਹੈ ਜਿਸ ਦੀ ਰਚੇਤਾ ਸੁਮਨ ਬਘਰੇਟਾ ਹੈ। ਇਹ ਸ਼ਾਇਰਾ ਦਾ ਪਹਿਲਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ 88 ਛੰਦ ਬੰਦ ਤੇ ਖੁੱਲ੍ਹੀਆਂ ਰਚਨਾਵਾਂ ਸ਼ਾਮਿਲ ਹਨ। ਸੁਮਨ ਬਘਰੇਟਾ ਦੀ ਇਹ ਪਹਿਲੀ ਪੁਸਤਕ ਹੋਣ ਕਾਰਨ ਇਸ ਵਿਚ ਭਾਵਨਾਵਾਂ ਦਾ ਵੇਗ ਤੀਬਰ ਹੈ। ਉਹ ਧਰਮ, ਈਮਾਨ ਤੇ ਖ਼ੂਬਸੂਰਤ ਸੁਪਨਿਆਂ ਦੇ ਗੁੰਮ ਹੋ ਜਾਣ 'ਤੇ ਦੁੱਖ ਮਹਿਸੂਸ ਕਰਦੀ ਹੈ ਤੇ ਇਸ ਦਾ ਦਰਦ ਉਸ ਦੀ ਕਲਮ 'ਚੋਂ ਸੇਕ ਬਣ ਕੇ ਨਿਕਲਦਾ ਹੈ। ਉਹ ਫੁੱਲਾਂ ਦੀ ਖ਼ਾਹਿਸ਼ ਰੱਖਦੀ ਹੈ ਪਰ ਉਸ ਦੀ ਇੰਤਜ਼ਾਰ ਦੇ ਵਿਹੜੇ ਪੋਲ਼ੀ ਤੇ ਭੱਖੜੇ ਉੱਗਦੇ ਹਨ। ਆਪਣੀਆਂ ਰਚਨਾਵਾਂ ਵਿਚ ਸ਼ਾਇਰਾ ਧੁਖਦੀ ਹੈ, ਰੋਂਦੀ ਹੈ ਤੇ ਦੀਵਾਰ ਬਣੇ ਸਮਾਜ ਨੂੰ ਕੋਸਦੀ ਹੈ। ਉਹ ਆਪਣਿਆਂ ਦੀ ਬੇਵਫ਼ਾਈ 'ਤੇ ਵੀ ਦੁਆਵਾਂ ਦਿੰਦੀ ਹੈ ਤੇ ਉਨ੍ਹਾਂ ਦੇ ਪਰਤ ਆਉਣ ਦੀਆਂ ਆਸਾਂ ਲਾਈ ਬੈਠੀ ਹੈ। ਬਘਰੇਟਾ ਦੀਆਂ ਤਮਾਮ ਰਚਨਾਵਾਂ ਉਸ ਦੀ ਨਿੱਜਤਾ ਨਾਲ ਸਬੰਧਤ ਹਨ। ਚੰਗਾ ਹੁੰਦਾ ਜੇ ਉਸ ਨੇ ਆਪਣੀ ਸ਼ਾਇਰੀ ਵਿਚ ਹੋਰਨਾਂ ਸਮਾਜਿਕ ਸਮੱਸਿਆਵਾਂ ਨੂੰ ਵੀ ਸ਼ਾਮਿਲ ਕੀਤਾ ਹੁੰਦਾ ਹੈ। ਸ਼ਾਇਰੀ ਬੜੀ ਨਾਜ਼ੁਕ ਸਿਨਫ਼ ਹੈ ਜਿਸ ਵਿਚ ਬਿਨਾਂ ਅਧਿਐਨ ਦੇ ਸ਼ਬਦ ਭੰਡਾਰ ਵਿਸ਼ਾਲ ਨਹੀਂ ਹੋ ਸਕਦਾ। ਕਿਸੇ ਪਰਪੱਕ ਸ਼ਾਇਰ ਦੀ ਅਗਵਾਈ ਵੀ ਰਚਨਾਵਾਂ ਨੂੰ ਨਿਖਾਰਦੀ ਹੈ। ਉਦਾਹਰਨ ਦੇ ਤੌਰ 'ਤੇ ਅਲਫ਼ਾਜ਼ ਤੇ ਜਜ਼ਬਾਤ ਸ਼ਬਦ ਬਹੁ ਵਚਨ ਹਨ ਪਰ ਇਨ੍ਹਾਂ ਨੂੰ ਇਕ ਵਚਨ ਵਜੋਂ ਇਸਤੇਮਾਲ ਕੀਤਾ ਗਿਆ ਹੈ। ਕਿਸੇ ਸਿਆਣੇ ਸ਼ਾਇਰ ਦਾ ਥਾਪੜਾ ਪੁਸਤਕ ਦੀਆਂ ਕੁਝ ਘਾਟਾਂ ਨੂੰ ਘਟਾ ਸਕਦਾ ਸੀ। ਇਸ ਪੁਸਤਕ ਦਾ ਸਵਾਗਤ ਹੈ ਪਰ ਸ਼ਾਇਰਾ ਨੇ ਪੱਕੇ ਪੈਰੀਂ ਖਲ੍ਹੋਣਾ ਹੈ ਤਾਂ ਉਸ ਨੂੰ ਸ਼ਾਇਰੀ ਦੀਆਂ ਬਾਰੀਕੀਆਂ ਬਾਰੇ ਹੋਰ ਜਾਨਣਾ ਹੋਵੇਗਾ।

-ਗੁਰਦਿਆਲ ਰੌਸ਼ਨ
ਮੋ: 9988444002 

22-9-2013

 ਦਲਿਤ ਚਿੰਤਨ : ਮਾਰਕਸੀ ਪਰਿਪੇਖ
ਸੰਪਾਦਕ : ਡਾ: ਭੀਮ ਇੰਦਰ ਸਿੰਘ
ਪ੍ਰਕਾਸ਼ਕ : ਯੂਨੀ ਸਟਾਰ ਬੁਕਸ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 182.

ਅਜੋਕੇ ਪੰਜਾਬੀ ਮਾਰਕਸਵਾਦੀ ਚਿੰਤਕਾਂ ਵਿਚ ਡਾ: ਭੀਮ ਇੰਦਰ ਆਪਣੀ ਪ੍ਰਤਿਬੱਧਤਾ, ਸਪੱਸ਼ਟ ਦ੍ਰਿਸ਼ਟੀ ਤੇ ਬੇਬਾਕ ਅਭਿਵਿਅਕਤੀ ਹੀ ਨਹੀਂ, ਸੋਚ ਤੇ ਵਿਹਾਰ ਵਿਚ ਸੁਮੇਲ ਕਾਰਨ ਵੱਖਰੀ ਪਛਾਣ ਦਾ ਅਧਿਕਾਰੀ ਹੈ। ਮਨ ਹੋਰ ਮੁੱਖ ਹੋਰ ਨਹੀਂ। ਕਥਨੀ ਕਰਨੀ ਵਿਚ ਪਾੜਾ ਨਹੀਂ। ਕਿਸੇ ਵੀ ਵਿਸ਼ੇ ਉਤੇ ਉਹ ਕਦੇ ਵੀ ਲਿਖੇ, ਉਹ ਆਪਣੇ ਸਿਧਾਂਤਕ ਮਾਰਕਸਵਾਦੀ ਆਧਾਰ ਤੋਂ ਥਿੜਕਦਾ ਨਹੀਂ। ਦਲਿਤ ਚਿੰਤਨ ਵਿਚ ਦਲਿਤ ਸਰੋਕਾਰਾਂ ਬਾਰੇ ਉਸ ਦੁਆਰਾ ਸੰਪਾਦਿਤ ਕੀਤੇ ਤੇਰਾਂ ਨਿਬੰਧ ਹਨ ਅਤੇ ਇਹ ਸਾਰੇ ਇਸੇ ਵਿਚਾਰਧਾਰਾਈ ਆਧਾਰ ਨਾਲ ਜੁੜੇ ਹੋਏ ਹਨ।
ਪੁਸਤਕ ਵਿਚ ਜਿਨ੍ਹਾਂ ਵਿਦਵਾਨਾਂ ਦੇ ਨਿਬੰਧ ਹਨ, ਉਹ ਹਨ : ਡਾ: ਕੇਸਰ ਸਿੰਘ ਕੇਸਰ, ਡਾ: ਸਰਬਜੀਤ ਸਿੰਘ, ਡਾ: ਰੌਣਕੀ ਰਾਮ, ਡਾ: ਜਗਬੀਰ ਸਿੰਘ, ਡਾ: ਟੀ.ਆਰ. ਵਿਨੋਦ, ਡਾ: ਸੁਰਜੀਤ ਸਿੰਘ ਭੱਟੀ, ਹਰਵਿੰਦਰ ਭੰਡਾਲ, ਤਸਕੀਨ, ਸ਼ਬਦੀਸ਼, ਦਰਸ਼ਨ ਖਟਕੜ, ਤਰਲੋਚਨ ਸਿੰਘ ਅਤੇ ਇਸ ਪੁਸਤਕ ਦਾ ਸੰਪਾਦਕ ਆਪ। ਡਾ: ਕੇਸਰ ਨੇ ਦਲਿਤ ਸੰਕਲਪ ਤੇ ਸਾਹਿਤ ਨੂੰ ਪਰਿਭਾਸ਼ਤ ਕਰਦੇ ਹੋਏ ਇਸ ਦੀ ਇਤਿਹਾਸ ਰੇਖਾ ਉਲੀਕੀ ਹੈ। ਖਟਕੜ ਨੇ ਜਾਤ ਤੇ ਜਮਾਤ ਦਾ ਦਲਿਤ ਸੰਦਰਭ ਸਿਰਜਿਆ ਹੈ। ਇਹੀ ਸਿਧਾਂਤਕ ਸੰਦਰਭ ਰਤਾ ਸਪੱਸ਼ਟ ਤਕਨੀਕੀ ਸ਼ਬਦਾਵਲੀ ਨਾਲ ਭੀਮ ਇੰਦਰ ਨੇ ਪੇਸ਼ ਕੀਤਾ ਹੈ। ਡਾ: ਸਰਬਜੀਤ ਦਲਿਤ ਦੇ ਜਾਤ/ਜਮਾਤ ਬਾਰੇ ਉਕਤ ਦ੍ਰਿਸ਼ਟੀ ਦੇ ਨਾਲ ਹੋਰ ਸਾਹਿਤਕ ਮਸਲੇ ਵੀ ਆਪਣੇ ਨਿਬੰਧ ਵਿਚ ਛੇੜਦਾ ਹੈ। ਡਾ: ਰੌਣਕੀ ਰਾਮ ਇਸ ਪ੍ਰਸੰਗ ਵਿਚ ਰਤਾ ਕੁ ਆਦਿ ਧਰਮੀ ਲਹਿਰ ਤੇ ਸਿੱਖ ਧਰਮ ਦੇ ਇਸ ਮਸਲੇ ਨਾਲ ਜੁੜੇ ਸਰੋਕਾਰਾਂ ਦੀ ਚਰਚਾ ਕਰਦਾ ਹੈ। ਡਾ: ਜਗਬੀਰ ਸਿੰਘ ਦਲਿਤ ਚੇਤਨਾ ਨੂੰ ਗੁਰਬਾਣੀ ਦੇ ਪ੍ਰਸੰਗ ਵਿਚ ਵਿਸ਼ਲੇਸ਼ਿਤ ਕਰਦਾ ਹੈ। ਪੰਜਾਬੀ ਕਹਾਣੀ ਤੇ ਨਾਵਲ ਵਿਚ ਦਲਿਤ ਚੇਤਨਾ ਬਾਰੇ ਡਾ: ਭੀਮ ਇੰਦਰ ਤੇ ਡਾ: ਵਿਨੋਦ ਨੇ ਵਿਹਾਰਕ ਅਧਿਐਨ ਪੇਸ਼ ਕੀਤੇ ਹਨ। ਸ਼ਬਦੀਸ਼ ਇਸਤਰੀ ਤੇ ਦਲਿਤ ਚਿੰਤਨ ਦੋਵਾਂ ਦੀ ਹਾਸ਼ੀਆਗਤ ਹੋਂਦ ਦੀ ਗੱਲ ਕਰਦਾ ਹੈ। ਤਸਕੀਨ ਇਸ ਮਸਲੇ ਨੂੰ ਬਸਤੀਵਾਦ ਨਾਲ ਜੋੜ ਕੇ ਵਿਸ਼ਲੇਸ਼ਿਤ ਕਰਦਾ ਹੈ।
ਪੁਸਤਕ ਦੀ ਸਮੁੱਚੀ ਦ੍ਰਿਸ਼ਟੀ ਇਹ ਬਣਦੀ ਹੈ ਕਿ ਦਲਿਤ ਲੇਖਕ ਕੇਵਲ ਦਲਿਤ ਲੇਖਕਾਂ ਦਾ ਰੁਦਨ ਨਹੀਂ। ਇਹ ਉਨ੍ਹਾਂ ਤੱਕ ਸੀਮਤ ਵੀ ਨਹੀਂ ਕਰਨਾ ਚਾਹੀਦਾ। ਭਾਰਤ ਵਿਚ ਜਾਤ-ਪਾਤ ਪ੍ਰਬੰਧ ਦੀ ਦਲਿਤ ਪ੍ਰਤੀ ਗ਼ਲਤ ਸੋਚ/ਪ੍ਰਭਾਵ ਤੋਂ ਮੁਕਤੀ ਲਈ ਜਾਤ ਦੀ ਥਾਂ ਵਰਗ ਸੰਘਰਸ਼ ਵੱਲ ਅਤੇ ਆਰਥਿਕ ਮਸਲੇ ਵੱਲ ਮੁੜਨ ਦੀ ਲੋੜ ਹੈ।

ਪੰਜਾਬੀ ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰ
ਲੇਖਕ : ਡਾ: ਜਸਵੰਤ ਰਾਏ
ਪ੍ਰਕਾਸ਼ਕ : ਮਨਪ੍ਰੀਤ ਪ੍ਰਕਾਸ਼ਨ, ਦਿੱਲੀ
ਮੁੱਲ : 540 ਰੁਪਏ, ਸਫ਼ੇ : 312.

ਡਾ: ਜਸਵੰਤ ਰਾਏ ਰਚਿਤ ਇਹ ਪੁਸਤਕ ਲੇਖਕ ਦਾ ਡਾਕਟਰੇਟ ਦੀ ਡਿਗਰੀ ਲਈ ਲਿਖਿਆ ਖੋਜ ਪ੍ਰਬੰਧ ਹੈ। ਇਸ ਵਿਚ ਦੁਆਬੇ ਦੀਆਂ ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰੀ ਵਿਸ਼ਲੇਸ਼ਣ ਪੇਸ਼ ਹੈ। ਲੋਕ ਕਥਾਵਾਂ ਆਂਚਲਿਕ ਹੁੰਦੀਆਂ ਹਨ। ਇਨ੍ਹਾਂ ਦਾ ਮੌਲਿਕ ਉਚਾਰ ਖੇਤਰੀ ਸਰੋਕਾਰਾਂ ਨਾਲ ਜੁੜਿਆ ਰਹਿੰਦਾ ਹੈ। ਬਿਰਤਾਂਤ ਸ਼ਾਸਤਰ ਦੇ ਆਧਾਰ 'ਤੇ ਇਨ੍ਹਾਂ ਲੋਕ ਕਥਾਵਾਂ ਦੇ ਅਧਿਐਨ ਨਾਲ ਇਨ੍ਹਾਂ ਦੀਆਂ ਸਿਰਜਨ ਜੁਗਤਾਂ, ਸਾਮੱਗਰੀ ਅਤੇ ਵਿਚਾਰਧਾਰਾਈ ਵੱਥ ਨੂੰ ਗਹਿਰਾਈ ਨਾਲ ਸਮਝਣਾ ਸੰਭਵ ਹੋਇਆ ਹੈ।
ਲੇਖਕ ਨੇ ਆਪਣਾ ਅਧਿਐਨ ਦੁਆਬੇ ਦੇ ਭੂਗੋਲ, ਇਤਿਹਾਸ ਤੇ ਸੱਭਿਆਚਾਰ ਦੀ ਸੰਖੇਪ ਜਾਣ-ਪਛਾਣ ਨਾਲ ਅਰੰਭ ਕੀਤਾ ਹੈ। ਇਸ ਉਪਰੰਤ ਉਸ ਨੇ ਲੋਕ ਧਾਰਾ ਦੀ ਪਰਿਭਾਸ਼ਾ ਦਿੰਦੇ ਹੋਏ ਲੋਕ ਕਥਾ ਦਾ ਕਾਵਿ-ਸ਼ਾਸਤਰ ਸਿਰਜਿਆ ਹੈ। ਪੁਸਤਕ ਦਾ ਚੌਥਾ ਅਧਿਆਇ ਲੋਕਾਂ ਦੀ ਜੀਵਨ ਦ੍ਰਿਸ਼ਟੀ ਅਤੇ ਬਿਰਤਾਂਤ ਦੇ ਪਰਸਪਰ ਸਬੰਧਾਂ ਨੂੰ ਸਮਝਣ ਦਾ ਯਤਨ ਹੈ। ਲੋਕ ਕਥਾ ਵਿਚ ਪਾਤਰਾਂ ਦੀ ਸਿਰਜਣਾ ਖੋਜ ਪ੍ਰਾਜੈਕਟ ਦਾ ਅਗਲਾ ਪੜਾਅ ਹੈ। ਛੇਵੇਂ ਅਧਿਆਇ ਵਿਚ ਲੋਕ ਕਥਾ ਵਿਚ ਘਟਨਾ ਪ੍ਰਬੰਧ ਦਾ ਵਿਸ਼ਲੇਸ਼ਣ ਹੈ। ਸਤਵੇਂ ਅਧਿਆਇ ਵਿਚ ਖੋਜਾਰਥੀ ਨੇ ਸਮੇਂ ਸਥਾਨ ਅਤੇ ਫੋਕਸੀਕਰਨ ਦੇ ਬਿਰਤਾਂਤ ਸ਼ਾਸਤਰੀ ਸੰਕਲਪਾਂ ਦੀ ਵਰਤੋਂ ਨਾਲ ਲੋਕ ਕਥਾਵਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਕਾਰਜ ਦੇ ਅੰਤਿਮ ਚਰਨ ਵਿਚ ਦੁਆਬੇ ਦੀਆਂ ਦਸ ਲੋਕ ਕਥਾਵਾਂ ਦਾ ਨਿਕਟ ਅਧਿਐਨ ਕੀਤਾ ਗਿਆ ਹੈ।
ਖੋਜਾਰਥੀ ਨੇ ਇਸ ਅਧਿਐਨ ਦਾ ਆਧਾਰ ਫੀਲਡ ਵਰਕ ਨੂੰ ਬਣਾਇਆ ਹੈ। ਲੋਕ ਕਥਾਵਾਂ ਮਿਹਨਤ ਨਾਲ ਰਿਕਾਰਡ ਕੀਤੀਆਂ ਹਨ। ਲੋਕਧਾਰਾ ਦੀ ਮੁੱਖ ਵੰਨਗੀ ਹੈ ਲੋਕ ਕਥਾ। ਇਸ ਨੂੰ ਲੇਖਕ ਨੇ ਮਿਥ ਦੰਦ ਕਥਾ ਤੇ ਲੋਕ ਕਹਾਣੀ ਦੇ ਤਿੰਨ ਵਰਗਾਂ ਵਿਚ ਵੰਡਿਆ ਹੈ। ਸਿਧਾਂਤਕ ਪੱਧਰ 'ਤੇ ਲੇਖਕ ਨੇ ਪ੍ਰਾਪ, ਰੋਲਾਂ ਬਾਰਤ, ਤੋਦੋਰੋਵ, ਪ੍ਰਿੰਸ ਤੇ ਮੀਕਬਲ ਦੇ ਬਿਰਤਾਂਤ ਸ਼ਾਸਤਰ ਦੇ ਕਾਰਜ ਨੂੰ ਬਾਰੀਕੀ ਨਾਲ ਸਮਝਣ ਤੇ ਵਰਤਣ ਦਾ ਉਪਰਾਲਾ ਕੀਤਾ ਹੈ। ਪਾਤਰਾਂ ਦੀ ਪ੍ਰਕਾਰਜ ਦੇ ਆਧਾਰ 'ਤੇ ਪ੍ਰਾਪ ਦੁਆਰਾ ਕੀਤੀ ਵਰਗ ਵੰਡ ਅਤੇ ਮੀਕਬਲ ਦਾ ਪਾਤਰ-ਚਰਿਤਰਾਂ ਦੀ ਬਿੰਬ ਸਿਰਜਣਾ ਦਾ ਖੋਜਾਰਥੀ ਦਾ ਅਧਿਐਨ ਸਰਲ ਤੇ ਪ੍ਰਭਾਵਸ਼ਾਲੀ ਹੈ। ਘਟਨਾਵਾਂ ਦੀ ਸਮਾਂ ਸੀਮਾ, ਰਫ਼ਤਾਰ, ਵਿਸਤਾਰ, ਸੰਖੇਪਤਾ, ਅਟਕਾਓ ਆਦਿ ਜੁਗਤਾਂ ਦਾ ਕਥਾ ਉਤੇ ਪ੍ਰਭਾਵ ਵੇਖਣਾ ਬਿਰਤਾਂਤ ਸ਼ਾਸਤਰ ਦੀ ਵੱਡੀ ਪ੍ਰਾਪਤੀ ਹੈ। ਲੋਕ ਕਥਾਵਾਂ ਦਾ ਬਿਰਤਾਂਤ ਸ਼ਾਸਤਰੀ ਅਧਿਐਨ ਇਨ੍ਹਾਂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਯੋਗ ਬਣਾਉਂਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਆਸ ਨਿਰਾਸੀ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 300 ਰੁਪਏ, ਸਫ਼ੇ : 192.

ਡਾ: ਅਮਰਜੀਤ ਸਿੰਘ ਕਿਸੇ ਵਿਸ਼ੇਸ਼ ਜਾਣਕਾਰੀ ਦੇ ਮੁਥਾਜ ਨਹੀਂ ਕਿਉਂਕਿ ਉਨ੍ਹਾਂ ਨੇ 1964 ਤੋਂ ਲੈ ਕੇ ਹੁਣ ਤੱਕ ਕਈ ਕਾਵਿ ਸੰਗ੍ਰਹਿ, ਕਹਾਣੀ ਸੰਗ੍ਰਹਿ, ਨਾਵਲ (23) ਤੇ ਵਾਰਤਕ ਪੁਸਤਕਾਂ ਨਾਲ ਸਾਹਿਤ ਦੇ ਖਜ਼ਾਨੇ ਨੂੰ ਮਾਲਾਮਾਲ ਕੀਤਾ ਹੈ।
ਇਹ ਤਿੰਨ ਲੜੀਆ ਨਾਵਲ ਹੈ, ਜਿਨ੍ਹਾਂ ਵਿਚਲੇ ਵੇਰਵੇ ਤਾਂ ਭਾਵੇਂ ਬਦਲ ਗਏ ਹਨ ਪਰ ਘਟਨਾਵਾਂ ਤੇ ਪਾਤਰਾਂ ਦਾ ਸਿਧਾਂਤਕ ਪੈਂਤੜਾ ਕਾਇਮ ਹੈ। ਨਾਵਲ ਮੱਧ ਵਰਗ ਦੇ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਘਟਨਾਵਾਂ ਤੇ ਪਾਤਰ ਉਸੇ ਵਰਗ ਦੀ ਪ੍ਰਤੀਨਿਧਤਾ ਕਰਦੇ ਹਨ। ਮੁੱਖ ਪਾਤਰ ਪੰਡਿਤ ਤੇ ਰਤਨ ਸਿੰਘ ਨਕਸਲੀ ਲਹਿਰ ਤੇ ਮਾਰਕਸਵਾਦੀ ਵਿਚਾਰ ਦੇ ਧਾਰਨੀ ਹਨ ਤੇ ਖੁੱਲ੍ਹ ਕੇ ਲਹਿਰ ਦਾ ਹਿੱਸਾ ਬਣਦੇ ਹਨ। ਇਕ ਹੋਰ ਪਾਤਰ ਪ੍ਰੋ: ਸੰਧੂ ਖੁੱਲ੍ਹ ਕੇ ਸਾਹਮਣੇ ਆਉਣ ਦੀ ਬਜਾਏ ਪਿੱਛੇ ਰਹਿ ਕੇ ਇਸ ਵਿਚਾਰਧਾਰਾ ਦਾ ਪ੍ਰਚਾਰ ਸਾਹਿਤ ਦੇ ਮਾਧਿਅਮ ਰਾਹੀਂ ਕਰਦਾ ਹੈ। ਇਸ ਦਾ ਕਾਰਨ ਸੀ ਸਰਕਾਰੀ ਨੌਕਰੀ ਦੇ ਖੁਸ ਜਾਣ ਦਾ ਖਦਸ਼ਾ। ਇਸ ਦੇ ਨਾਲ-ਨਾਲ ਲੇਖਕ ਨੇ ਯੂਰਪ ਵਿਚ ਜ਼ੋਰ ਫੜ ਰਹੀ ਲਹਿਰ ਵਿਦਿਆਰਥੀ ਲਹਿਰ ਦਾ ਵੀ ਖੁਲਾਸਾ ਕੀਤਾ ਹੈ।
ਪਾਤਰ ਰਤਨ ਸਿੰਘ ਦਾ ਭੇਸ ਬਦਲਣਾ ਉਸ ਦੀ ਮਾਨਸਿਕਤਾ, ਡਰ ਭੈ ਤੇ ਭਾਂਜਵਾਦ ਮਨ ਵਿਚ ਉਠਦੇ ਵਿਚਾਰਾਂ ਨੂੰ ਉਭਾਰਿਆ ਹੈ। ਕਿਸੇ ਵੀ ਵੱਡੇ ਇਨਕਲਾਬ ਲਈ ਨੌਜਵਾਨ ਇਨਕਲਾਬੀਆਂ ਦੀ ਲੋੜ ਹੁੰਦੀ ਹੈ, ਜੋਸ਼, ਨਿਡਰਤਾ ਤੇ ਹੌਸਲਾ ਉਨ੍ਹਾਂ ਦਾ ਵੱਡਾ ਹਥਿਆਰ ਹੁੰਦਾ ਹੈ। ਇਸ ਤੋਂ ਇਲਾਵਾ ਦੇਸ਼ ਭਗਤਾਂ ਤੇ ਇਨਕਲਾਬੀਆਂ ਉਤੇ ਪੁਲਿਸ ਦੇ ਜਬਰ, ਜ਼ੁਲਮ ਦੀ ਇੰਤਹਾ, ਧੜੇਬੰਦੀ, ਰਿਸ਼ਤੇਦਾਰਾਂ ਉਤੇ ਵੀ ਜ਼ੁਲਮ ਤੇ ਤਸ਼ੱਦਦ ਨੂੰ ਪੇਸ਼ ਕੀਤਾ ਗਿਆ ਹੈ। ਨਾਵਲਕਾਰ ਨੇ ਇਨਕਲਾਬੀ ਕਵਿਤਾਵਾਂ ਨੂੰ ਵੀ ਜੋਸ਼ ਦਾ ਹਥਿਆਰ ਬਣਾਇਆ ਹੈ, ਜੋ ਹਕੀਕਤ ਹੈ, ਉਸ ਨੇ ਮਾਓ ਦੀਆਂ ਨੀਤੀਆਂ ਦੀ ਗੱਲ ਕੀਤੀ ਹੈ, ਜ਼ਿੰਦਗੀ ਦੀ ਕਸ਼ਮਕਸ਼ ਨੂੰ ਪੇਸ਼ ਕੀਤਾ ਹੈ, ਪਤੀ-ਪਤਨੀ ਵਿਚਾਲੇ ਸ਼ਕ ਸ਼ੁਬਹ, ਦੁਪਾਸੀ ਸ਼ੰਕਾ ਵਿਸ਼ੇ ਨੂੰ ਵੀ ਛੂਹਿਆ ਹੈ, ਕਿਵੇਂ ਕਵਿਤਰੀਆਂ ਵੀ ਸ਼ਰਾਬ ਪੀਂਦੀਆਂ ਤੇ ਖੁੱਲ੍ਹ ਕੇ ਵਿਚਰਦੀਆਂ ਹਨ, ਉਨ੍ਹਾਂ ਦੇ ਹਾਲਾਤ ਤੇ ਆਲੇ-ਦੁਆਲੇ ਦੀਆਂ ਪ੍ਰਸਥਿਤੀਆਂ ਨਾਵਲ ਦਾ ਹਿੱਸਾ ਬਣੀਆਂ ਹਨ। ਇਹ ਨਾਵਲ ਕੇਵਲ ਗ਼ਦਰ ਲਹਿਰ ਜਾਂ ਨਕਸਲੀ ਤੇ ਮਾਰਕਸਵਾਦੀ ਲਹਿਰ ਕਾਲ ਹੀ ਨਹੀਂ, ਸਗੋਂ 1984 ਵਿਚ ਹੋਏ ਦੰਗਿਆਂ ਨੂੰ ਵੀ ਬਾਖੂਬੀ ਪੇਸ਼ ਕਰਦਾ ਹੈ, ਉਸ ਦੇ ਕਾਰਨਾਂ ਤੇ ਸਿੱਟਿਆਂ ਉਤੇ ਚਾਨਣਾ ਪਾਇਆ ਗਿਆ ਹੈ। ਸਾਹਿਤ ਦੀ ਗੱਲ ਕੀਤੀ ਹੈ ਨਾਨਕ ਸਿੰਘ, ਗੁਰਦਿਆਲ ਸਿੰਘ ਤੇ ਪ੍ਰੇਮ ਪ੍ਰਕਾਸ਼ ਸਿੰਘ ਦੇ ਨਾਵਲਾਂ ਦੀ ਆਪਸ ਵਿਚ ਸੋਚ ਤੇ ਭਿੰਨਤਾ ਨੂੰ ਚਿਤਰਿਆ ਹੈ ਪਾਤਰਾਂ ਦੇ ਆਪਸੀ ਵਾਰਤਾਲਾਪ ਰਾਹੀਂ ਕਵਿਤਾ, ਕਹਾਣੀ ਨਾਵਲ ਤੇ ਸਫ਼ਰਨਾਮਿਆਂ ਬਾਰੇ ਉਨ੍ਹਾਂ ਦੀ ਸੋਚਣੀ ਤੇ ਵਿਚਾਰਧਾਰਾ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ। ਨਾਵਲ ਵਿਚ ਰੁਮਾਂਸ ਤੇ ਕਹਾਣੀ ਵੀ ਨਾਲ-ਨਾਲ ਚਲਦੀ ਹੈ ਪਰ ਮੁੱਖ ਤੌਰ 'ਤੇ ਲਹਿਰਾਂ ਨੂੰ ਹੀ ਪੇਸ਼ ਕੀਤਾ ਹੈ ਤੇ ਇਨ੍ਹਾਂ ਦੇ ਪਏ ਪ੍ਰਭਾਵ ਵੀ ਸਪੱਸ਼ਟ ਹੁੰਦੇ ਹਨ। ਨਾਵਲ ਦੇ ਪਾਤਰ, ਵਾਰਤਾਲਾਪ, ਕਹਾਣੀ ਰਸ ਤੇ ਵਿਚਾਰਧਾਰਾ ਬੜੇ ਹੀ ਸੁਚੱਜੇ ਢੰਗ ਨਾਲ ਉਸਾਰੇ, ਗੁੰਦੇ ਤੇ ਪੇਸ਼ ਕੀਤੇ ਗਏ ਹਨ। ਮੁੱਖ ਤੌਰ 'ਤੇ ਪਾਤਰਾਂ ਦੀ ਅਗਾਂਹਵਧੂ ਸੋਚ ਨੂੰ ਉਬਾਰਨ ਦਾ ਯਤਨ ਹੈ।

ਕੂੜ ਅਮਾਵਸ
ਲੇਖਕ : ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 176.

ਵਿਲੱਖਣ ਢੰਗ ਨਾਲ ਲਿਖਿਆ ਨਾਵਲ ਆਪਣੇ ਅੰਦਰ ਅਨੇਕਾਂ ਵਿਸ਼ੇ ਸਮੋਈ ਬੈਠਾ ਹੈ ਜੋ ਸਮਾਜਿਕ ਸਰੋਕਾਰਾਂ, ਨਿੱਜੀ ਜੀਵਨ ਤੇ ਕੌੜਾ ਯਥਾਰਥ ਨਾਲ ਸਬੰਧਤ ਹਨ। ਮੁਢਲੇ ਪੰਨਿਆਂ ਵਿਚ ਹੀ ਕੈਂਸਰ ਵਰਗੀ ਲਾਇਲਾਜ ਬਿਮਾਰੀ ਬਾਰੇ ਦੱਸ ਕੇ ਇਸ ਦੇ ਸ਼ਿਕਾਰ ਹੋਏ ਪਾਤਰ ਤੇ ਪਰਿਵਾਰ ਦੀ ਮਾਨਸਿਕ ਅਵਸਥਾ ਨੂੰ ਚਿਤਰਿਆ ਹੈ। ਪਿੰਡ ਵਾਲਿਆਂ ਦਾ ਆਪਸੀ ਮੋਹ ਪਿਆਰ, ਕਿਸਾਨ ਦਾ ਧਰਤੀ ਤੇ ਬਲਦ ਨਾਲ ਪਿਆਰ, ਸਾਡਾ ਵਿਗੜਿਆ ਹੋਇਆ ਸਮਾਜਿਕ ਸਿਸਟਮ, ਵਿਦਿਅਕ ਢਾਂਚੇ ਵਿਚ ਕਮੀਆਂ ਪੇਸ਼ੀਆਂ ਜਿਹੇ ਵਿਸ਼ੇ ਲੇਖਕ ਦੇ ਮਨ ਵਿਚ ਮਚਾਉਂਦੀ ਉਥਲ-ਪੁਥਲ ਨੂੰ ਪ੍ਰਗਟ ਕਰਦੇ ਹਨ। ਅੱਤਵਾਦ ਦੇ ਸਮੇਂ ਦੌਰਾਨ ਜੋ ਕੁਝ ਵਾਪਰਿਆ, ਉਹ ਕਿਸੇ ਤੋਂ ਭੁੱਲਿਆ ਨਹੀਂ, ਪਰ ਜੋ ਅੱਤ ਪੁਲਿਸ ਨੇ ਚੁੱਕੀ ਝੂਠੇ ਮੁਕਾਬਲਿਆਂ ਵਿਚ ਨੌਜਵਾਨ ਮਰਵਾ ਕੇ ਤਗਮੇ ਲੈਣੇ ਇਹ ਵੀ ਚਿੱਟਾ ਸੱਚ ਹੈ। ਕਿਹਾ ਜਾਂਦਾ ਸੀ ਕਿ ਸਰਹੱਦਾਂ ਦੇ ਨਾਲ ਲਗਦੇ ਪਿੰਡਾਂ ਵਿਚੋਂ ਸਾਲਾਂਬੱਧੀ ਕੋਈ ਬਾਰਾਤ ਨਹੀਂ ਜਾਏਗੀ ਤੇ ਹੋਇਆ ਵੀ ਇਹੀ ਕੁਝ ਜਿਸ ਦਾ ਵਰਨਣ ਹੇਅਰ ਨੇ ਬਾਖੂਬੀ (ਪੰਨਾ 25-26) ਕੀਤਾ ਹੈ। ਉਸ ਨੇ 1984 ਦੇ ਦੰਗਿਆਂ ਬਾਰੇ ਵੀ ਪਾਤਰਾਂ ਦੇ ਮੂੰਹੋਂ ਢੁਕਵਾਂ ਵਾਰਤਾਲਾਪ ਕਰਵਾਇਆ ਹੈ।
ਏਨਾ ਹੀ ਨਹੀਂ, ਲੇਖਕ ਨੇ ਔਰਤ ਲਈ ਮਰਦ ਦੀ ਭੁੱਖ ਤੇ ਔਰਤ ਦੀ ਮਾਨਸਿਕਤਾ ਨੂੰ ਵੀ ਉਲੀਕਿਆ ਹੈ। ਧਾਰਮਿਕ ਸਥਾਨਾਂ ਵਿਚ ਮਾੜੇ ਅਨਸਰਾਂ ਦੀ ਹੋਂਦ, ਗੋਲਕ ਵਿਚੋਂ ਪੈਸੇ ਕਢਣੇ ਤੇ ਸਾਰਿਆਂ ਦਾ ਰਲ-ਮਿਲ ਕੇ ਖਾਣਾ (38-40), ਧਾਰਮਿਕ ਸਥਾਨਾਂ ਲਈ ਲੋਕ ਲੱਖਾਂ ਰੁਪਏ ਦਿੰਦੇ ਹਨ ਪਰ ਲੋੜਵੰਦਾਂ ਤੱਕ ਨਹੀਂ ਪੁੱਜਦਾ, ਗੁਰਦੁਆਰਿਆਂ ਵਿਚ ਚੋਣਾਂ ਦੌਰਾਨ ਹੱਥੋ-ਪਾਈ ਤੱਕ ਨੌਬਤ ਆਉਣੀ, ਬੱਚਿਆਂ ਦੀ ਧਰਮ ਤੋਂ ਗਿਰਾਵਟ, ਸਿੱਖ ਪੰਥ ਵਿਚ ਆ ਰਹੀ ਗਿਰਾਵਟ, ਚੋਣਾਂ ਵਿਚ ਧਾਂਦਲੀਆਂ, ਅੱਜ ਦੀ ਜੰਗ ਪਿਸਤੌਲਾਂ ਦੀ ਜੰਗ ਇਕ ਵਿਅੰਗ (143-151), ਰਿਫਿਊਜੀਆਂ ਦਾ ਮੰਦਾ ਹਾਲ, ਗੰਦੀ ਰਾਜਨੀਤੀ ਜੋ ਧਾਰਮਿਕ ਸਥਾਨਾਂ ਵਿਚ ਵੀ ਆ ਵੜੀ ਹੈ ਪੈਸੇ ਤੇ ਸ਼ਰਾਬ ਦੀ ਖੇਡ ਅਰਥਾਤ ਹਰ ਵਿਸ਼ੇ ਨੂੰ ਲੇਖਕ ਨੇ ਬਾਖੂਬੀ ਵਿਅੰਗ ਰੂਪ ਵਿਚ ਚਿਤਰਿਆ ਹੈ।
ਹਰਨੇਕ ਸਿੰਘ ਨੇ ਭਾਸ਼ਾ, ਪਾਤਰਾਂ ਦੀ ਢੁਕਵੀਂ ਵਾਰਤਾਲਾਪ, ਕਹਾਣੀ ਦੀ ਉਸਾਰੀ ਤੇ ਰਸ ਨੂੰ ਸੁਚੱਜੇ ਢੰਗ ਨਾਲ ਕਾਇਮ ਰੱਖਿਆ ਹੈ ਤੇ ਨਾਵਲ ਵਿਚਲੀਆਂ ਘਟਨਾਵਾਂ ਜੋ ਕੂੜ ਅਮਾਵਸ ਦੇ ਰੂਪ ਵਿਚ ਉਲੀਕੀਆਂ ਹਨ, ਅਜੋਕੇ ਸਮਾਜ ਦਾ ਕੌੜਾ ਯਥਾਰਥ ਹੈ, ਜਿਨ੍ਹਾਂ ਤੋਂ ਪਰਦਾ ਚੁੱਕਣ ਲੱਗਿਆਂ ਗੁਰੇਜ਼ ਨਹੀਂ ਕੀਤਾ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਕਵਿਤਾ ਮੇਰੇ ਨਾਲ ਨਾਲ
ਲੇਖਕ : ਡਾ: ਰਵਿੰਦਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 508.

ਡਾ: ਰਵਿੰਦਰ ਆਪਣੀ ਸਮੁੱਚੀ ਸ਼ਾਇਰੀ ਦੀ ਪੁਸਤਕ ਲੈ ਕੇ ਪਾਠਕਾਂ ਸਨਮੁੱਖ ਹੈ। ਉਸ ਦੀਆਂ ਅੱਧੀ ਦਰਜਨ ਕਾਵਿ-ਪੁਸਤਕਾਂ ਇਕ ਜਿਲਦ ਵਿਚ ਪੇਸ਼ ਹੋਈਆਂ ਹਨ। ਉਸ ਵਿਚ ਕੁਝ ਕਵਿਤਾਵਾਂ ਪੰਜਾਬ ਦੇ ਮਾਹੌਲ ਨੂੰ ਸੰਕੇਤਿਕ ਢੰਗ ਨਾਲ ਛੂਹੰਦੀਆਂ ਹਨ-
ਬਸਤੀ ਡਰਦੀ ਹੈ, ਉਡੀਕ 'ਚ ਪੱਥਰ ਹੋ ਰਹੀਆਂ, ਮਾਂ ਦੀਆਂ ਅੱਖਾਂ ਤੋਂ,
ਤੜਕ ਸਾਰ ਬੂਹੇ 'ਤੇ ਹੁੰਦੀ ਦਸਤਕ ਤੋਂ, ਗਲੀਆਂ 'ਚ ਫਿਰਦੇ,
ਬੇਵਰਦੀ ਤੇ ਬਾਵਰਦੀ ਪਰਛਾਵਿਆਂ ਤੋਂ, ਬਸਤੀ ਡਰਦੀ ਹੈ,
ਸੰਖਾਂ ਘੰਟੀਆਂ ਆਜ਼ਾਨਾਂ ਤੋਂ ਕਤਲਗਾਹਾਂ ਸ਼ਮਸ਼ਾਨਾਂ ਤੋਂ।
(ਪੰਨਾ 128)
ਡਾ: ਰਵਿੰਦਰ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਜ਼ਿੰਦਗੀ ਦੇ ਸੁਹਿਰਦ ਪਲਾਂ ਨੂੰ ਆਪਣੀ ਕਲਾਤਮਕ ਸੂਝ ਨਾਲ ਬਿਆਨ ਕਰਦੀ ਹੈ। ਲੜਕੀਆਂ ਬਾਰੇ ਉਸ ਦੀਆਂ ਕੁਝ ਖੂਬਸੂਰਤ ਕਵਿਤਾਵਾਂ ਵਿਸ਼ੇਸ਼ ਧਿਆਨ ਦਾ ਕੇਂਦਰ ਬਣਦੀਆਂ ਹਨ-
ਇੰਝ ਦੀਆਂ ਵੀ ਹੁੰਦੀਆਂ ਨੇ ਧੀਆਂ, ਸੜਕਾਂ 'ਤੇ ਰੋੜੀ ਕੁੱਟਦੀਆਂ,
ਖੇਤਾਂ 'ਚ ਸਿੱਟੇ ਚੁਗਦੀਆਂ, ਲੀਹਾਂ 'ਚ ਪਿੰਡਾ ਸਾਂਭ ਕੇ,
ਹਵਸਾਂ ਦੀ ਲੂਅ ਵਿਚ ਝੁਲਸ ਕੇ ਵੀ, ਪਾਕ-ਦਾਮਨ ਰਹਿੰਦੀਆਂ,
ਸੜਕਾਂ ਤੇ ਦਫ਼ਤਰਾਂ ਵਿਚ, ਆਪਸੀ ਜਵਾਨੀ ਢਾਲ ਕੇ,
ਨਿੱਕੇ ਜਿਹੇ ਆਲ੍ਹਣੇ ਦਾ, ਖ਼ੁਆਬ ਬੁਣਦੀਆਂ
(ਪੰਨਾ 253)
- - - - -
ਇਹ ਚਿੜੀਆਂ ਅਸਮਾਨੀ ਉਡਣ, ਇਹ ਚਿੜੀਆਂ ਸਾਗਰ ਤਹਿ ਫੋਲਣ,
ਹੁਣ ਨਾ ਇਹ ਵਿਚਾਰੀਆਂ ਚਿੜੀਆਂ, ਇਹ ਚਿੜੀਆਂ ਹੁਣ, ਬਾਜ਼ ਦੀਆਂ ਅੱਖਾਂ ਵਿਚ ਝਾਕਣ (ਪੰਨਾ 441)
ਕਵੀ ਬੱਚਿਆਂ ਦਾ ਮਾਹਰ ਡਾਕਟਰ ਹੋਣ ਕਰਕੇ ਬੜੀ ਧੀਮੀ ਸੁਰ ਵਿਚ ਨਿੱਕੇ-ਨਿੱਕੇ ਮਾਸੂਮ ਬੱਚਿਆਂ ਬਾਰੇ ਕਵਿਤਾ ਲਿਖਦਾ ਹੈ-
ਰੋਜ਼ ਮੇਰੇ ਕੋਲ, ਨਿੱਕੇ ਨਿੱਕੇ ਰੱਬ ਆਉਂਦੇ ਨੇ, ਗੋਦੀਆਂ 'ਚ ਬਹਿ ਅੰਗੂਠੇ ਚੂਸਦੇ,
ਟਿਕਟਿਕੀ ਲਾ ਵੇਖਦੇ ਆਲੇ ਦੁਆਲੇ, ਬੜਾ ਕੁਝ ਦਿੰਦੇ ਨੇ ਸਾਨੂੰ,
ਰੱਬ ਇਹ ਨਿੱਕੇ-ਨਿੱਕੇ, ਲੋੜ ਨਾ ਇਨ੍ਹਾਂ ਦੇ ਹੁੰਦਿਆਂ, ਹੋਰ ਵੱਡੇ ਰੱਬ ਦੀ...।
(ਪੰਨਾ 290)
ਡਾ: ਰਵਿੰਦਰ ਦੀ ਸ਼ਾਇਰੀ ਵਿਚੋਂ ਰਾਜਸੀ ਸੁਰ ਗਾਇਬ ਰਹਿੰਦੀ ਹੈ। ਉਸ ਦੀ ਕਵਿਤਾ ਵਿਚਲੇ ਕਿਰਦਾਰ ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ, ਮਾਨਸਿਕ ਉਲਝਣਾਂ ਅਤੇ ਬੇਬਸੀ ਨੂੰ ਬਿਆਨ ਕਰਦੇ ਹਨ। ਛੇ ਕਾਵਿ-ਸੰਗ੍ਰਹਿਆਂ ਨੂੰ ਇਕੱਠਾ ਛਾਪਣਾ ਪ੍ਰਸੰਸਾਯੋਗ ਉਪਰਾਲਾ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511

ਅਸਮਾਨ ਵੱਲ ਖੁੱਲ੍ਹਦੀ ਖਿੜ੍ਹਕੀ
ਕਵੀ : ਰਾਜਬੀਰ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 80.

ਅਸਮਾਨ ਵੱਲ ਖੁੱਲ੍ਹਦੀ ਖਿੜਕੀ, ਕਵੀ ਰਾਜਬੀਰ ਦਾ ਸੱਤਵਾਂ ਕਾਵਿ-ਸੰਗ੍ਰਹਿ ਹੈ। ਹੁਣ ਤੱਕ ਉਸ ਦੇ ਛੇ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੇ ਰਾਜਬੀਰ ਨੂੰ ਪੰਜਾਬੀ ਕਾਵਿ ਖੇਤਰ ਵਿਚ ਸਥਾਪਤ ਕੀਤਾ ਹੈ। ਇਸ ਸੰਗ੍ਰਹਿ ਵਿਚ ਰਾਜਬੀਰ ਇਕ ਵਾਰ ਫਿਰ ਆਪਣਾ ਨਿਵੇਕਲਾ ਕਾਵਿ ਮੁਹਾਂਦਰਾਂ ਲੈ ਕੇ ਹਾਜ਼ਰ ਹੁੰਦਾ ਹੈ।
ਇਸ ਸੰਗ੍ਰਹਿ ਵਿਚ ਰਾਜਬੀਰ ਦੀਆਂ ਕਵਿਤਾਵਾਂ ਜੀਵਨ ਦੇ ਨਿੱਕੇ-ਨਿੱਕੇ ਵਸਤੂ ਵਰਤਾਰਿਆਂ ਨੂੰ ਬਹੁਤ ਸਹਿਜ ਸੂਖਮ ਭਾਵ ਨਾਲ ਪੇਸ਼ ਕਰਦੀਆਂ ਹਨ। ਕਵੀ ਜੀਵਨ ਨੂੰ ਸਹਿਜ ਦ੍ਰਿਸ਼ਟੀ ਨਾਲ ਵੇਖਦਾ ਤੇ ਕਵਿਤਾਉਂਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਦੁਨੀਆ ਵਿਚ ਹਰ ਸ਼ਖ਼ਸ ਦੇ ਹਿਰਦੇ ਵਿਚ ਪ੍ਰੇਮ ਹੋਣਾ ਅਤਿ ਜ਼ਰੂਰੀ ਹੈ। ਉਹ ਲੋਕ ਉਸ ਨੂੰ ਚੰਗੇ ਲਗਦੇ ਹਨ ਜਿਨ੍ਹਾਂ ਦੀਆਂ ਅੱਖਾਂ ਵਿਚ ਇਹ ਲਫ਼ਜ਼, ਇਹ ਭਾਵ ਲਿਸ਼ਕਦਾ ਹੈ। ਰਾਜਬੀਰ ਦੇ ਕਾਵਿ ਸੰਸਾਰ ਵਿਚ ਦਾਖਲ ਹੋਣ ਲਈ ਇਸ ਸੰਗ੍ਰਹਿ ਦੀ ਕਵਿਤਾ 'ਪ੍ਰੇਮ' ਵੇਖੀ ਜਾ ਸਕਦੀ ਹੈ। ਇਸ ਸੰਗ੍ਰਹਿ ਦੀਆਂ ਹੋਰ ਕਵਿਤਾਵਾਂ ਵਿਚ ਵੀ 'ਪ੍ਰੇਮ' ਦਾ ਇਹ ਸੂਤਰ ਪਰੋਖ/ਅਪਰੋਖ ਰੂਪ ਵਿਚ ਹਾਜ਼ਰ ਰਹਿੰਦਾ ਹੈ। ਬਹੁਤ ਸਾਰੀਆਂ ਕਵਿਤਾਵਾਂ ਵਿਚ ਕਵੀ ਅਤੀਤ ਦੀਆਂ ਸਿਮਰਤੀਆਂ ਨੂੰ ਪੁਨਰ ਸਿਰਜਤ ਕਰਦਾ ਹੈ। ਅਨਾਰ ਦਾ ਬੂਟਾ, ਮੇਲਾ, ਬਚਪਨ ਚੇਤ ਕਰਦਿਆਂ, ਕਸ਼ਮੀਰਨ, ਘਰ ਦਾ ਵਿਹੜਾ ਇਸ ਪ੍ਰਸੰਗ ਵਿਚ ਵੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਅਜਬ ਕਿਸਮ ਦਾ ਸਹਿਜ ਹੈ-ਬੈਚੇਨੀ ਜਾਂ ਤੜਪ ਨਹੀਂ। ਜਿਵੇਂ ਕੋਈ ਸਿਧਾਰਥ ਰਾਤ ਨੂੰ ਘਰ ਛੱਡਣ ਵੇਲੇ ਆਪਣੇ ਬੀਬੀ ਬੱਚੇ ਵੱਲ ਮੁੜ ਕੇ ਦੇਖਦਾ ਹੈ ਤੇ ਤੁਰ ਪੈਂਦਾ ਹੈ। ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਵੀ ਨਿੱਕੇ-ਨਿੱਕੇ ਅਹਿਸਾਸਾਂ ਨੂੰ ਰੂਪਮਾਨ ਕੀਤਾ ਗਿਆ ਹੈ। ਰਾਜਬੀਰ ਆਮ ਸਾਧਾਰਨ ਭਾਸ਼ਾ ਵਿਚ ਕਾਵਿ ਸਿਰਜਣਾ ਕਰਨ ਵਿਚ ਯਕੀਨ ਰੱਖਦਾ ਹੈ। ਇਸੇ ਲਈ ਉਸ ਦੀ ਹਰ ਕਵਿਤਾ ਦੀ ਗਹਿਰਾਈ ਵਿਚ ਉਤਰਿਆ ਜਾ ਸਕਦਾ ਹੈ :
ਉੱਡਣ ਲਈ
ਆਕਾਸ਼ ਨਾ ਮਿਲਿਆ
ਧਰਤੀ 'ਤੇ ਰੀਂਗਣ ਲੱਗੇ
ਤੇ ਕੱਟੇ ਹੋਏ ਖੰਭ ਸਦਾ
ਅਸਮਾਨ ਵੱਲ ਵੇਖਦੇ ਰਹਿੰਦੇ...
ਸਮੁੱਚੇ ਰੂਪ ਵਿਚ ਰਾਜਬੀਰ ਦਾ ਨਵਾਂ ਕਾਵਿ ਸੰਗ੍ਰਹਿ ਪੰਜਾਬੀ ਕਾਵਿ ਖੇਤਰ ਵਿਚ ਕਵੀ ਦੀ ਪਛਾਣ ਨੂੰ ਹੋਰ ਪਕੇਰਾ ਤੇ ਸਥਾਪਿਤ ਕਰਦਾ ਹੈ। ਰਾਜਬੀਰ ਇਸ ਕਾਵਿ ਸੰਗ੍ਰਹਿ ਲਈ ਮੁਬਾਰਕ ਦਾ ਹੱਕਦਾਰ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

28-7-2013

 ਟਿਕੀ ਹੋਈ ਰਾਤ
ਲੇਖਕ : ਸੁਖਦੇਵ ਸਿੰਘ ਮਾਨ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 320.

ਸੁਖਦੇਵ ਸਿੰਘ ਮਾਨ ਦਾ ਨਾਵਲ 'ਟਿਕੀ ਹੋਈ ਰਾਤ' ਨਿਮਨ ਕਿਸਾਨੀ ਵਰਗ ਦੇ ਮੌਜੂਦਾ ਆਰਥਿਕ ਸੰਕਟ ਨੂੰ ਪੇਸ਼ ਕਰਦਾ ਹੈ। ਇਹ ਇਕ ਵੱਡਆਕਾਰੀ ਰਚਨਾ ਹੈ ਜੋ ਆਪਣੇ ਵਿਚ ਰਾਜਸੀ, ਧਾਰਮਿਕ ਤੇ ਸਮਾਜਿਕ ਮਸਲੇ ਸਮੋਈ ਬੈਠੀ ਹੈ। ਆਰੰਭ ਵਿਚ ਖਾੜਕੂਵਾਦ ਦਾ ਬੋਲਬਾਲਾ ਤੇ ਉਸ ਦਾ ਜਨਜੀਵਨ ਤੇ ਨੌਜਵਾਨ ਵਰਗ ਉਤੇ ਪਿਆ ਮਾੜਾ ਪ੍ਰਭਾਵ ਦਰਸਾਉਂਦੇ ਹੋਏ ਅੱਤਵਾਦ ਸਮੇਂ ਦੇ ਫ਼ੌਜੀਆਂ ਦੇ ਰੋਅਬਦਾਬ, ਨਸ਼ਿਆਂ ਤੇ ਕਮਜ਼ੋਰੀ, ਝੂਠੇ ਮੁਕਾਬਲੇ ਵਿਚ ਦੋਸ਼ੀ ਠਹਿਰਾਏ ਨੌਜਵਾਨ ਤੇ ਜੀਵਨ ਲੀਲਾ ਦਾ ਖ਼ਾਤਮਾ ਕਰਦਾ ਪਾਤਰ ਬਰਾੜ ਦੀਆਂ ਵਧੀਕੀਆਂ ਤੇ ਨੀਚ ਹਰਕਤਾਂ, ਨੌਜਵਾਨਾਂ ਦਾ ਨਸ਼ੇ ਪੱਤੇ ਲਈ ਚੋਰੀਆਂ ਕਰਨੀਆਂ ਤੇ ਲੋਕਾਂ ਦੀ ਗੁਲਾਮ ਮਾਨਸਿਕਤਾ ਨੂੰ ਖੁੱਲ੍ਹ ਕੇ ਪੇਸ਼ ਕੀਤਾ ਹੈ। ਏਨਾ ਹੀ ਨਹੀਂ, ਲੇਖਕ ਨੇ ਇਹ ਵੀ ਦੱਸਣ ਦਾ ਯਤਨ ਕੀਤਾ ਹੈ ਕਿ ਹਰ ਪਾਸੇ ਲੁੱਟਮਾਰ ਮਚੀ ਹੋਈ ਸੀ ਕਿ ਗੁਰਦੁਆਰੇ ਤੇ ਕੀ ਪੰਚਾਇਤਾਂ, ਕਮੇਟੀਆਂ ਸਕੂਲ ਜ਼ਮੀਨੀ ਝਗੜਿਆਂ ਵਿਚ ਉਲਝੇ ਹੋਏ ਸਨ। ਪੁਜਾਰੀ ਪੜ੍ਹਾਈ ਦਾ ਵਿਰੋਧ ਕਰਦੇ ਪਰ ਸਾਰਾ ਪੈਸਾ ਧਾਰਮਿਕ ਇਮਾਰਤਾਂ ਉਸਾਰਨ ਵੱਲ ਲਾ ਦਿੰਦੇ, ਲੋਕਾਂ ਵਿਚ ਏਕੇ ਦੀ ਕਮੀ ਸੀ ਤੇ ਸਭ ਨੇ ਆਪਣੇ ਅੱਡ-ਅੱਡ ਧਰਮ ਬਣਾ ਲਏ ਸਨ, ਭਰੂਣ ਹੱਤਿਆ ਜਿਹੇ ਵਿਸ਼ੇ ਉਤੇ ਵੀ ਚਾਨਣਾ ਪਾਇਆ ਹੈ। ਇਹ ਆਮ ਜੱਟ ਦੀ ਮਾਨਸਿਕਤਾ ਨੂੰ ਪੇਸ਼ ਕਰਦੀ ਗਾਥਾ ਹੈ। ਜੱਟ ਮਾਰ ਖਾਂਦਾ ਹੈ ਜ਼ਮੀਨ ਜਾਇਦਾਦ ਦੇ ਝਗੜੇ ਵਿਚ ਤੇ ਫਿਰ ਪੁਲਿਸ ਖਰੀਦ ਲਈ ਜਾਂਦੀ ਹੈ, ਸਰਕਾਰ ਦਾ ਵਿਰੋਧ, ਦੇਸ਼ ਵਿਕ ਰਿਹਾ ਹੈ ਪਰ ਲੋਕ ਪੱਖੀ ਵਿਚਾਰਧਾਰਾ ਨੂੰ ਲੇਖਕ ਨੇ ਅੱਖੋਂ-ਪਰੋਖੇ ਨਹੀਂ ਕੀਤਾ। ਆਰਥਿਕਤਾ ਦਾ ਮੰਦਾ ਹਾਲ ਏਨਾ ਹੈ ਕਿ ਧੀ ਦਾ ਜਣੇਪਾ ਕਟਵਾਉਣ ਲਈ ਟੂੰਮਾਂ ਤੱਕ ਗਹਿਣੇ ਰੱਖਣੀਆਂ ਪਰ ਦੂਜੇ ਪਾਸੇ ਪੈਸੇ ਦੀ ਕਾਣੀ ਵੰਡ ਨੇ ਲੋਕਾਂ ਨੂੰ ਅੰਦਰੋਂ ਅੰਦਰ ਖ਼ਤਮ ਕਰ ਦਿੱਤਾ ਹੈ। ਇਕ ਪੁਲਿਸ ਅਫ਼ਸਰ ਬਰਾੜ ਦੀ ਵਿਗੜੀ ਧੀ ਗਰੀਬ ਮੁੰਡੇ ਨਾਲ ਪਿਆਰ ਕਰ ਬੈਠਦੀ ਪਰ ਨੇਪਰੇ ਨਹੀਂ ਚੜ੍ਹਦਾ, ਗਰੀਬੀ ਦੀ ਮਾਰ ਹੇਠ ਆਇਆ ਨੌਜਵਾਨ ਵਰਗ ਨਸ਼ਿਆਂ ਤੇ ਐਬਾਂ ਵਿਚ ਫਸ ਕੇ ਜੁਆਨੀ ਗਾਲ ਲੈਂਦੇ ਹਨ। ਗੱਲ ਕੀ ਕਿਹੜਾ ਵਿਸ਼ਾ ਹੈ ਜੋ ਲੇਖਕ ਨੇ ਨਹੀਂ ਛੋਹਿਆ, ਜੋ ਉਸ ਦੀ ਵਿਸ਼ਾਲ ਸੋਚ ਤੇ ਅਨੁਭਵ ਦਾ ਸਿੱਟਾ ਹੀ ਹੋ ਸਕਦਾ ਹੈ। ਘਟਨਾਵਾਂ ਨੂੰ ਉਲੀਕ ਦੇਣਾ ਹੀ ਰਚਨਾ ਦੀ ਸਫ਼ਲਤਾ ਨਹੀਂ ਹੁੰਦੀ ਸਗੋਂ ਉਨ੍ਹਾਂ ਨੂੰ ਘਟਨਾਵਾਂ ਨੂੰ ਸਿਲਸਿਲੇਵਾਰ, ਰੌਚਕ ਢੰਗ ਨਾਲ ਕਹਾਣੀ ਰਸ ਭਰ ਕੇ, ਖੂਬਸੂਰਤੀ ਨਾਲ ਪਾਤਰਾਂ ਦੇ ਵਾਰਤਾਲਾਪ ਤੇ ਸੰਜਮ ਭਰਪੂਰ ਸ਼ਬਾਦਵਲੀ ਰਾਹੀਂ ਪੇਸ਼ ਕਰਨਾ ਰਚਨਾ ਨੂੰ ਚਾਰ ਚੰਦ ਲਾਉਂਦੀ ਹੈ। ਇਹ ਵਿਸ਼ੇਸ਼ਤਾ ਇਸ ਨਾਵਲ ਵਿਚ ਮੌਜੂਦ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਸਾਧੂ ਸਦਾ ਰਾਮ ਦੀ ਕਵਿਤਾ
ਸੰਪਾਦਕ : ਡਾ: ਬਲਜੀਤ ਰੰਧਾਵਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 240.

ਸਾਧੂ ਸਦਾ ਰਾਮ (1861-1933) ਪੰਜਾਬੀ ਦਾ ਇਕ ਪ੍ਰਮੁੱਖ ਕਵੀਸ਼ਰ ਸੀ। ਉਸ ਨੇ 'ਸੋਹਣੀ ਮਹੀਵਾਲ', 'ਸਸੀ ਪੁਨੂੰ', 'ਪ੍ਰਹਿਲਾਦ ਭਗਤ', 'ਦਮਦਮਾ ਸਾਹਿਬ ਫ਼ਲ', 'ਜੀਵ ਹੇਤੂ', 'ਗੋ ਰਕਸ਼ਾ' ਅਤੇ 'ਸ੍ਵਮਨਾਮਾ' ਆਦਿਕ ਕਿੱਸੇ ਅਥਵਾ ਪ੍ਰਸੰਗ ਲਿਖੇ ਜੋ ਕਾਫੀ ਪ੍ਰਸਿੱਧ ਹੋਏ। ਉਸ ਦੀਆਂ ਕਈ ਰਚਨਾਵਾਂ ਗੁੰਮ-ਗਵਾਚ ਵੀ ਗਈਆਂ ਹਨ, ਜਿਨ੍ਹਾਂ ਬਾਰੇ ਡਾ: ਬਲਜੀਤ ਰੰਧਾਵਾ ਨੇ ਆਪਣੀ ਇਸ ਪੁਸਤਕ ਦੀ ਆਦਿਕਾ ਵਿਚ ਸੰਕੇਤ ਕੀਤੇ ਹਨ। ਉਨੀਵੀਂ ਸਦੀ ਦੇ ਪਿਛਲੇ ਅੱਧ ਵਿਚ ਪੰਜਾਬ ਉਪਰ ਅੰਗਰੇਜ਼ੀ ਰਾਜ ਦੀ ਪੂਰਨ ਸਥਾਪਨਾ ਹੋ ਚੁੱਕੀ ਸੀ। ਇਸ ਅਰਸੇ ਵਿਚ ਪੰਜਾਬ ਅੰਦਰ ਕਈ ਅਕਾਲ ਵੀ ਪਏ ਅਤੇ ਵੀਹਵੀਂ ਸਦੀ ਦੇ ਆਰੰਭ ਤੱਕ ਪਹੁੰਚਦਿਆਂ-ਪਹੁੰਚਦਿਆਂ ਪੰਜਾਬੀ ਕਿਸਾਨਾਂ ਅਤੇ ਹੋਰ ਕਿਤਰੀਆਂ ਦੀ ਹਾਲਤ ਅਤਿਅੰਤ ਦਯਨੀਯ ਹੋ ਚੁੱਕੀ ਸੀ। ਬੇਸ਼ੱਕ ਸਿੰਘ ਸਭਾ ਅਤੇ ਆਰੀਆ ਸਮਾਜ ਵਰਗੀਆਂ ਸੁਧਾਰਵਾਦੀ ਲਹਿਰਾਂ ਨੇ ਪੰਜਾਬੀ ਸਮਾਜ ਅਤੇ ਸੱਭਿਆਚਾਰ ਨੂੰ ਪ੍ਰਸੰਗਿਕ ਅਤੇ ਯੁਗਾਨੁਕੂਲ ਬਣਾਉਣ ਲਈ ਕਾਫੀ ਕੰਮ ਕੀਤਾ ਸੀ ਪਰ ਇਸ ਦੇ ਬਾਵਜੂਦ ਆਮ ਪੰਜਾਬੀ ਲੋਕ ਨਿਰਾਸ਼ਾ, ਮਾਯੂਸੀ ਅਤੇ ਮਜਬੂਰੀ ਨੂੰ ਹੰਢਾਉਣ ਲਈ ਸਰਾਪੇ ਹੋਏ ਮਹਿਸੂਸ ਕਰ ਰਹੇ ਹਨ। ਸਾਧੂ ਸਦਾ ਰਾਮ ਦੇ ਕਿੱਸਿਆਂ ਵਿਚ ਪੰਜਾਬੀ ਜਨ-ਜੀਵਨ ਵਿਚਲੀ ਇਹ ਉਦਾਸੀ ਅਤੇ ਮਾਯੂਸੀ ਬੜੀ ਸ਼ਿੱਦਤ ਨਾਲ ਬਿਆਨ ਕੀਤੀ ਗਈ ਹੈ।
ਬੇਸ਼ੱਕ ਸਾਧੂ ਸਦਾ ਰਾਮ ਕੋਈ ਵੱਡਾ ਕਵੀ ਤਾਂ ਨਹੀਂ ਸੀ ਪਰ ਉਸ ਦੀਆਂ ਰਚਨਾਵਾਂ ਵਿਚ ਵੀਹਵੀਂ ਸਦੀ ਦੇ ਮੁਢਲੇ ਦਹਾਕਿਆਂ ਦੇ ਪੰਜਾਬੀ ਸੱਭਿਆਚਾਰ ਬਾਰੇ ਬੜੀਆਂ ਨਿੱਗਰ ਅਤੇ ਮੁੱਲਵਾਨ ਸੂਚਨਾਵਾਂ ਪ੍ਰਾਪਤ ਹੁੰਦੀਆਂ ਹਨ। ਇਸ ਕਾਰਨ ਉਸ ਦੀਆਂ ਇਹ ਰਚਨਾਵਾਂ ਕਾਫੀ ਮਹੱਤਵਪੂਰਨ ਹਨ। ਮੂਲ ਰੂਪ ਵਿਚ ਉਹ ਇਕ ਮਲਵਈ ਕਿੱਸਾਕਾਰ ਸੀ ਪ੍ਰੰਤੂ ਇਕ ਵਿਰਕਤ ਸਾਧੂ ਹੋਣ ਦੇ ਕਾਰਨ ਉਹ ਕਈ ਵਾਰ ਸਾਧ ਭਾਖਾ ਦਾ ਪ੍ਰਯੋਗ ਵੀ ਕਰ ਲੈਂਦਾ ਹੈ। ਉਹ ਇਸ ਨੂੰ ਉਰਦੂ ਜ਼ਬਾਨ ਦਾ ਨਾਂਅ ਦਿੰਦਾ ਹੈ। ਉਸ ਨੇ ਚੌਪਈ, ਕੋਰੜਾ, ਕਬਿੱਤ, ਭੁਯੰਗ ਪ੍ਰਯਾਤ, ਜਰਾਪਤ, ਸਵੈਯਾ, ਦੋਹਰਾ, ਬੈਂਤ, ਮੁਕੰਦ ਛੰਦ ਆਦਿ ਦਾ ਬੜਾ ਸੁਚੱਜਾ ਪ੍ਰਯੋਗ ਕੀਤਾ ਹੈ। ਡਾ: ਬਲਜੀਤ ਰੰਧਾਵਾ ਨੇ ਕਵੀਸ਼ਰ ਸਦਾ ਰਾਮ ਦੀਆਂ ਕਿਰਤਾਂ ਨੂੰ ਸੰਕਲਿਤ ਕਰਕੇ ਮਧਕਾਲੀਨ ਪੰਜਾਬੀ ਸਾਹਿਤ ਦੇ ਸੰਕਲਨ ਦਾ ਮਹੱਤਵਪੂਰਨ ਕਾਰਜ ਕੀਤਾ ਹੈ ਪਰ ਚੰਗਾ ਹੁੰਦਾ ਜੇ ਉਹ ਇਸ ਕਵੀਸ਼ਰ ਦੇ ਕਾਵਿ-ਕਰਮ ਬਾਰੇ ਵੀ ਵਿਸਤਾਰ ਨਾਲ ਕੁਝ ਲਿਖ ਦਿੰਦੀ। ਉਸ ਪਾਸ ਇਹ ਕਾਰਜ ਕਰਨ ਦੀ ਪ੍ਰਤਿਭਾ ਅਤੇ ਯੋਗਤਾ ਮੌਜੂਦ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮਣੀਆਂ!
ਕਵੀ : ਬਲਦੇਵ ਸਿੰਘ ਮਨੇਸ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 128.

'ਮੈਦਾਨ ਤੋਂ ਘਾਟੀ ਤੱਕ' ਤੋਂ ਬਾਅਦ ਮਣੀਆਂ, ਬਲਦੇਵ ਸਿੰਘ ਮਨੇਸ ਦਾ ਦੂਸਰਾ ਕਾਵਿ ਸੰਗ੍ਰਹਿ ਹੈ, ਜਿਸ ਵਿਚ ਕਵੀ ਨੇ ਵਿਭਿੰਨ ਵਸਤੂ ਵਰਤਾਰਿਆਂ ਨਾਲ ਸਬੰਧਤ ਕਵਿਤਾਵਾਂ ਨੂੰ ਸੰਕਿਲਤ ਕੀਤਾ ਹੈ। ਬਲਦੇਵ ਮਨੇਸ ਦੀਆਂ ਇਸ ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ/ਗੀਤ, ਇਕ ਪ੍ਰੌੜ ਸੋਚ ਦੇ ਧਾਰਨੀ ਮਨੁੱਖ ਦੇ ਅਹਿਸਾਸ ਹਨ। ਬਹੁਤ ਥਾਂ 'ਤੇ ਇਹ ਸ਼ਾਇਰੀ ਸੂਫ਼ੀ ਸ਼ਾਇਰੀ ਦੇ ਪਦਚਿੰਨ੍ਹਾਂ 'ਤੇ ਤੁਰਦੀ ਪ੍ਰਤੀਤ ਹੁੰਦੀ ਹੈ। ਕਵੀ ਮਾਨਸਿਕ ਉਚੇਰੀ ਅਵਸਥਾ ਦੇ ਅਦਭੁਤ ਮੰਡਲਾਂ ਵਿਚ ਵਿਚਰਦਾ ਪ੍ਰਤੀਤ ਹੁੰਦਾ ਹੈ। ਹੇਠਲੀਆਂ ਸਤਰਾਂ ਵੇਖੀਆਂ ਜਾ ਸਕਦੀਆਂ ਹਨ
ਕੱਤ ਲੈਣ ਦੇ ਕੱਤ ਲੈਣ ਦੇ
ਕੱਤ ਲੈਣ ਦੇ ਪੂਣੀ ਵੇ
ਮੈਂ ਤਾਂ ਦੂਰ ਸੱਜਣ ਜੀ ਜਾਣਾ
ਕੀਤੀ ਵਾਟ ਨਾ ਪੂਰੀ ਵੇ......
ਕੁਦਰਤ ਦੇ ਨਾਲ ਇਕ ਮਿੱਕ ਹੋਇਆ ਮਨ ਕੁਦਰਤ ਦੇ ਗੁਣ ਗਾਉਂਦਾ ਨਹੀਂ ਥੱਕਦਾ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਕਵੀ ਕਿਤੇ ਬਸੰਦੀ ਸਵੇਰ ਦੀ ਉਡੀਕ ਕਰਦਾ ਹੈ, ਕਿਤੇ ਸਰ੍ਹੋਂ ਦੇ ਫੁੱਲਾਂ ਵਿਚੋਂ ਸਵਰਗ ਜਿਹਾ ਆਨੰਦ ਭਾਲਦਾ ਹੈ ਕਿਤੇ ਉਹ ਕਣਕ ਦੀਆਂ ਬੱਲੀਆਂ 'ਚੋਂ ਸੋਨੇ ਜਿਹੇ ਰੰਗ ਵੇਖਦਾ ਹੈ ਤੇ ਕਿਤੇ ਕਪਾਹ ਚੋਂ ਚਾਂਦੀ ਦੀਆਂ ਲਿਸ਼ਕੋਰਾਂ ਤੱਕਦਾ ਹੈ। ਇੰਜ ਕੁਦਰਤ ਦੇ ਹਰ ਰੰਗ ਨੂੰ ਮਾਣਦਾ ਆਨੰਦਿਤ ਹੁੰਦਾ ਉਹ ਕਾਵਿ ਸਿਰਜਣਾ ਕਰਦਾ ਹੈ। ਬਲਦੇਵ ਮਨੇਸ ਮਹਿਸੂਸ ਕਰਦਾ ਹੈ ਕਿ ਆਧੁਨਿਕ ਜੀਵਨ ਵਿਚ ਬੰਦਾ ਸੰਵੇਦਨਾ ਤੋਂ ਖਾਲੀ ਹੁੰਦਾ ਜਾ ਰਿਹਾ ਹੈ ਤੇ ਪੱਥਰ ਦਿਲ ਇਨਸਾਨ ਕੁਦਰਤ ਤੇ ਮਨੁੱਖ ਪ੍ਰਤੀ ਆਪਣੀ ਸੰਵੇਦਨਾ ਗੁਆ ਚੁੱਕਾ ਹੈ। ਇਸ ਲਈ ਉਹ ਆਪਣੀਆਂ ਕਵਿਤਾਵਾਂ ਵਿਚ ਸ਼ਮਾ ਜਲਾਉ ਪਿਆਰ ਦੀ, ਦਾ ਸੰਦੇਸ਼ ਦਿੰਦਾ ਹੈ। ਇਸ ਤਰ੍ਹਾਂ ਕਾਦਰ ਦੀ ਕੁਦਰਤ ਤੇ ਮਨੁੱਖੀ ਮੁਹੱਬਤ ਦੇ ਅਹਿਸਾਸ ਨੂੰ ਚਿਤਵਦੀਆਂ ਇਹ ਕਵਿਤਾਵਾਂ ਪਾਠਕਾਂ ਦੇ ਮਨ ਵਿਚ ਆਪਣਾ ਸਥਾਨ ਬਣਾਉਣਗੀਆਂ, ਅਜਿਹਾ ਮੈਨੂੰ ਯਕੀਨ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਇੰਦਰਜੀਤ ਹਸਨਪੁਰੀ ਦੀ ਗੀਤ-ਕਲਾ
ਲੇਖਕ : ਪ੍ਰੋ: ਜਸਪਾਲ ਸਿੰਘ ਜੱਸੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88.

ਪ੍ਰੋ: ਜਸਪਾਲ ਸਿੰਘ ਜੱਸੀ ਨੇ ਵਿਚਾਰਾਧੀਨ ਪੁਸਤਕ ਨੂੰ ਮੁੱਖ ਤੌਰ 'ਤੇ ਦੋ ਭਾਗਾਂ ਵਿਚ ਵਿਭਾਜਿਤ ਕੀਤਾ ਹੈ। ਪਹਿਲੇ ਭਾਗ 'ਸੰਖੇਪ ਜਾਇਜ਼ਾ' ਨੂੰ ਅੱਗੋਂ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। (ੳ) ਜਨਮ, ਵਿੱਦਿਆ, ਜੀਵਨ ਪਿਛੋਕੜ। (ਅ) ਗੀਤ-ਸੰਗ੍ਰਹਿ ਸੰਖੇਪ ਪਰਿਚੈ। (ੲ) ਹਸਨਪੁਰੀ ਤੇ ਸਮਕਾਲੀ ਗੀਤਕਾਰਾਂ ਦੀਆਂ ਸਾਂਝਾਂ ਤੇ ਵਖਰੇਵੇਂ। ਖੋਜ-ਕਰਤਾ ਨੇ ਹੁਣ ਤੱਕ ਦੀ ਪੰਜਾਬੀ ਗੀਤਕਾਰੀ ਨੂੰ ਤਿੰਨ ਦੌਰਾਂ ਵਿਚ ਵੰਡਿਆ ਹੈ। ਉਸ ਨੇ ਪਹਿਲੇ ਦੌਰ ਵਿਚ ਨੂਰੀ, ਰਾਜਾ ਰਾਮਸਾਕੀ, ਬੇਕਲ, ਸ਼ੁਗਲ, ਰਾਏ, ਬਲੱਗਣ ਉਪਾਸ਼ਕ, ਸ਼ਰਫ਼ ਆਦਿ ਸਮੇਤ ਲਗਭਗ ਦੋ ਦਰਜਨ ਗੀਤਕਾਰਾਂ ਨੂੰ ਰੱਖਿਆ ਹੈ। ਇਸ ਦੌਰ ਦੇ ਗੀਤਕਾਰ ਜ਼ਿਆਦਾਤਰ ਲੋਕ-ਟੱਪਿਆਂ ਦੇ ਮੁਖੜਿਆਂ ਉਤੇ ਭਾਵ-ਉਤੇਜਕ ਗੀਤ ਲਿਖਦੇ ਸਨ। ਦੂਜੇ ਦੌਰ ਦੇ ਗੀਤਕਾਰਾਂ ਵਿਚ ਗੁਰਦੇਵ ਸਿੰਘ ਮਾਨ, ਬਾਬੂ ਸਿੰਘ ਮਾਨ, ਹਰਦੇਵ ਦਿਲਗੀਰ, ਯਮਲਾ, ਸ਼ਿਵ ਕੁਮਾਰ, ਸੁਰਜੀਤ ਰਾਮਪੁਰੀ ਆਦਿ ਸ਼ਾਮਿਲ ਹਨ। ਇਸੇ ਹੀ ਦੌਰ ਵਿਚ ਇੰਦਰਜੀਤ ਹਸਨਪੁਰੀ ਨੂੰ ਰੱਖਿਆ ਗਿਆ ਹੈ। ਇਹ ਸਮਾਂ ਸਾਹਿਤਕ ਅਤੇ ਲੌਕਿਕ ਗੀਤਕਾਰੀ ਦੇ ਸੰਗਮ ਵਜੋਂ ਜਾਣਿਆ ਜਾਂਦਾ ਹੈ। ਤੀਜੇ ਦੌਰ ਵਿਚ ਗੁਰਦਾਸ ਮਾਨ, ਹਾਕਮ ਸੂਫ਼ੀ, ਸਿਵੀਆ, ਮਖਸੂਸਪੁਰੀ, ਸੰਗੋਵਾਲੀਆ, ਸੰਦੀਲਾ, ਚਮਕੀਲਾ ਆਦਿ ਉੱਭਰਵੇਂ ਗੀਤਕਾਰ ਹਨ। ਖੋਜ-ਕਰਤਾ ਅਨੁਸਾਰ ਇਨ੍ਹਾਂ ਵਿਚੋਂ ਬਹੁਤਿਆਂ ਨੇ ਸੱਭਿਆਚਾਰ ਨੂੰ ਬਹੁਤੀ ਸੰਜੀਦਗੀ ਨਾਲ ਨਹੀਂ ਲਿਆ ਸਗੋਂ ਗੜਕ, ਭੜਕ ਅਤੇ ਵਪਾਰਕ-ਪੁਣੇ ਨੂੰ ਵਧੇਰੇ ਕਰਕੇ ਪਹਿਲੀ ਥਾਂ ਦਿੱਤੀ ਹੈ। ਪਰ ਇੰਦਰਜੀਤ ਹਸਨਪੁਰੀ ਦੇ ਗੀਤਾਂ ਵਿਚ ਪੰਜਾਬੀ ਸੱਭਿਆਚਾਰ ਦੇ ਲਗਭਗ ਸਾਰੇ ਰਿਸ਼ਤੇ-ਨਾਤੇ ਪ੍ਰਤੀਬਿੰਬਤ ਹੁੰਦੇ ਹਨ। ਉਸ ਦੇ ਗੀਤਾਂ ਵਿਚ ਸਮਕਾਲੀ ਜੀਵਨ-ਵਰਤਾਰਾ ਭਰਵੇਂ ਰੂਪ ਵਿਚ ਸਥਾਨ ਗ੍ਰਹਿਣ ਕਰਦਾ ਹੈ। ਪੰਜਾਬੀ ਜੀਵਨ ਦੀਆਂ ਕਦਰਾਂ-ਕੀਮਤਾਂ ਉਸ ਦੇ ਗੀਤਾਂ ਦਾ ਵਿਸ਼ੇਸ਼ ਭਾਗ ਬਣਦੀਆਂ ਹਨ। ਖੋਜ-ਕਰਤਾ ਹਸਨਪੁਰੀ ਦੀ ਬਿੰਬਾਵਲੀ ਅਤੇ ਅਲੰਕਾਰਾਂ ਦਾ ਅਧਿਐਨ ਵੀ ਕਰਦਾ ਹੈ। ਨਿਰਸੰਦੇਹ, ਹਸਨਪੁਰੀ ਨੇ ਫ਼ਿਲਮਾਂ ਅਤੇ ਗ਼ੈਰ-ਫ਼ਿਲਮਾਂ ਦੋਵਾਂ ਖੇਤਰਾਂ ਲਈ ਗੀਤ-ਸਿਰਜਣਾ ਕੀਤੀ ਹੈ। ਹਸਨਪੁਰੀ ਦੇ ਗੀਤ-ਮੁਖੜਿਆਂ ਦੀ ਸੂਚੀ ਇਸ ਅਧਿਐਨ ਦੀ ਪ੍ਰਾਪਤੀ ਹੈ, ਜਿਸ ਨਾਲ ਨਵੇਂ ਪਾਠਕਾਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਪਰ ਇਕ ਮੁਖੜੇ (ਰਾਤੀਂ ਸੀ ਉਡੀਕਾਂ ਤੇਰੀਆਂ-ਪੰਨਾ 40) ਦੀ ਮੁੜ ਨਜ਼ਰਸਾਨੀ ਕਰਨੀ ਬਣਦੀ ਹੈ-ਕਿਤੇ ਇਹ ਗੁਰਦੇਵ ਮਾਨ ਦਾ ਤਾਂ ਨਹੀਂ?
ਖੋਜ-ਕਰਤਾ ਨੇ ਹਸਨਪੁਰੀ ਦੇ ਗੀਤ-ਸੰਗ੍ਰਹਿਆਂ-ਔਸੀਆਂ, ਜ਼ਿੰਦਗੀ ਦੇ ਗੀਤ, ਸਮੇਂ ਦੀ ਆਵਾਜ਼, ਰੂਪ ਤੇਰਾ ਰੱਬ ਵਰਗਾ, ਮੇਰੇ ਜਿਹੀ ਕੋਈ ਜੱਟੀ ਨਾ, ਕਿੱਥੇ ਗਏ ਉਹ ਦਿਨ (ਲੰਮੀ ਕਵਿਤਾ) ਆਦਿ ਦਾ ਕਈ ਪੱਖਾਂ ਤੋਂ ਵਿਸ਼ਲੇਸ਼ਣ ਕੀਤਾ ਹੈ। ਹਸਨਪੁਰੀ ਨੂੰ ਪਹਿਲਾ ਡਿਊਟ ਲੇਖਕ ਸਿੱਧ ਕੀਤਾ ਹੈ ਜਿਸ ਨੇ ਸੁਹਜਾਤਮਕ ਗੀਤਾਂ ਦੇ ਸਮਵਿੱਥ ਦੇਸ਼-ਪਿਆਰ, ਧਾਰਮਿਕ ਅਤੇ ਅਮਨ ਦੇ ਸੰਦੇਸ਼ ਨਾਲ ਭਰਪੂਰ ਗੀਤਾਂ ਦੀ ਸਿਰਜਣਾ ਕੀਤੀ। ਪੁਸਤਕ ਪੰਜਾਬੀ ਗੀਤ-ਖੋਜ ਦੇ ਖੇਤਰ ਦੀ ਅਹਿਮ ਪ੍ਰਾਪਤੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

14-7-2013

 ਭੋਰੇ ਵਾਲਾ ਪੂਰਨ
ਲੇਖਕ : ਡਾ: ਸ਼ਹਰਯਾਰ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 64.

ਸਾਡੇ ਸਮੇਂ ਦੇ ਚਰਚਿਤ ਤੇ ਪ੍ਰਬੁੱਧ, ਜਾਗਰੂਕ ਤੇ ਤੀਖਣ ਕਾਵਿ-ਪ੍ਰਤਿਭਾ ਦੇ ਮਾਲਕ ਡਾ: ਸ਼ਹਰਯਾਰ ਦੀ ਇਕ ਕਾਵਿਕ ਸ਼ੈਲੀ ਵਿਚ ਨਾਟ-ਰਚਨਾ ਹੈ। ਸਮਾਜ ਦੇ ਕੋਹਝਾਂ ਦੇ ਪਾਜ ਉਘੇੜਦੇ ਮੀਰਜ਼ਾਦਾ ਅਤੇ ਮੀਰਜ਼ਾਦੀ, ਇਸ ਕਾਵਿ ਨਾਟਕ ਦੇ ਸੂਤਰਧਾਰ ਵਜੋਂ ਕਾਵਿ-ਨਾਟ ਦਾ ਆਰੰਭ ਕਰਦੇ ਹਨ। ਇਸ ਨਿਵੇਕਲੀ ਵਿਧਾ ਰਾਹੀਂ ਸ਼ਹਰਯਾਰ ਨੇ ਪਾਤਰ ਉਸਾਰੀ ਕੀਤੀ ਹੈ। ਪੂਰਨ ਭਗਤ, ਪੰਜਾਬੀ ਜਨਜੀਵਨ ਦਾ ਮਾਣਮੱਤਾ ਨਾਇਕ ਅਤੇ ਕਦੇ ਨਾ ਵਿਸਾਰਨਯੋਗ ਪਾਤਰ ਹੈ। ਡਾਕਟਰ ਸ਼ਹਰਯਾਰ ਨੇ ਲੋਕ ਚੇਤਿਆਂ ਵਿਚ ਵਸੀ ਪੂਰਨ ਭਗਤ ਦੀ ਅਮਰ ਗਾਥਾ ਦੇ ਅਣਗੌਲੇ ਪੱਖਾਂ ਨੂੰ ਮਨੋਵਿਗਿਆਨਕ ਢੰਗ ਰਾਹੀਂ ਉਜਾਗਰ ਕਰਕੇ, ਇਕ ਨਵਾਂ ਅਤੇ ਸਫ਼ਲ ਤਜਰਬਾ ਕੀਤਾ ਹੈ।
'ਭੋਰੇ ਵਾਲਾ ਪੂਰਨ' ਪੂਰਨ ਦੀ ਮਾਂ ਇੱਛਰਾਂ, ਪੂਰਨ ਅਤੇ ਉਸ ਨੂੰ ਪਾਲਣ ਵਾਲੀ ਦਾਸੀ ਮਾਂ ਦੇ ਅੰਤਰੀਵ ਦਰਦ ਦੀ ਪੱਕਾਸੀ ਕਰਦੀ ਰਚਨਾ ਹੋ ਨਿਬੜੀ ਹੈ। ਭੋਰੇ ਵਿਚ ਪਏ ਪੂਰਨ ਨੂੰ ਇੱਛਰਾਂ ਪਲ-ਪਲ ਚੇਤੇ ਕਰਦੀ ਤੇ ਉਸ ਦੀ ਪੀੜਾ ਨੂੰ ਹੰਢਾਉਂਦੀ ਹੈ। ਉਹਦੇ ਰਾਜੇ ਸਲਵਾਨ ਨੂੰ ਪੁੱਛੇ ਇਸ ਸਵਾਲ ਦਾ ਰਾਜੇ ਕੋਲ ਕੋਈ ਉੱਤਰ ਨਹੀਂ :
'ਲੇਕਿਨ ਮੈਂ ਵੀ ਮਾਂ ਹਾਂ
ਮੇਰਾ ਬਾਲਕ, ਕਿੰਝ ਦੁਨੀਆ ਤੋਂ ਵੱਖਰਾ ਹੋਵੇ।'
ਭੋਰੇ ਵਿਚ ਕਿਸੇ ਹੋਰ ਔਰਤ ਦੀ ਨਿਗਰਾਨੀ ਹੇਠ ਪਲਦਾ ਪੂਰਨ, ਮਾਂ ਇੱਛਰਾਂ ਦੀ ਸੁਰਤ ਨੂੰ ਕਦੇ ਚੈਨ ਨਹੀਂ ਲੈਣ ਦਿੰਦਾ। ਆਪਣੀ ਅਸਲ (ਜਨਮ ਦੇਣ ਵਾਲੀ ਮਾਂ) ਬਾਰੇ ਪਤਾ ਲੱਗਣ 'ਤੇ ਪੂਰਨ ਦੀ ਆਤਮਾ ਨੂੰ ਸਦਮੇ ਵਰਗਾ ਝਟਕਾ ਲਗਦੈ। ਜਨਮ ਦੇਣ ਵਾਲੀ ਮਾਂ ਦੀ ਮਮਤਾ ਬਾਰੇ ਉਹਦੇ ਮਨ ਵਿਚ ਅਨੇਕ ਸੰਸੇ ਉਤਪੰਨ ਹੋ ਜਾਂਦੇ ਨੇ।
ਕਾਵਿ-ਨਾਟ ਦਾ ਅੰਤਲਾ ਹਿੱਸਾ, ਪਾਠਕ ਦੀਆਂ ਤਰਬਾਂ ਛੇੜਣ ਦੇ ਸਮਰਥ ਹੈ। ਵਰ੍ਹਿਆਂ ਦੇ ਵਿਛੋੜੇ ਮਗਰੋਂ, ਮਿਲਾਪ ਦਾ ਸੁਖਦ ਅਹਿਸਾਸ, ਕੁਝ ਪਲ, ਪਰ ਵੇਖਦਿਆਂ ਹੀ ਵੇਖਦਿਆਂ, ਹੱਥਾਂ ਵਿਚੋਂ, ਕਿਰ ਗਏ, ਅਲੋਪ ਹੋ ਗਏ, ਤੇ ਪਿੱਛੇ ਛੱਡ ਗਏ ਅਨੇਕਾਂ ਸਵਾਲ ਅਤੇ ਡੂੰਘੀ ਸੋਚ, ਤੇ ਪੀੜਤ ਅਹਿਸਾਸਾਂ ਦੀ ਪੰਡ।
ਮਾਤਾ ਤੇਰੀ
ਹੋਣੀ ਦੇ ਪਰਛਾਵੇਂ ਵਿੰਹਦੀ, ਸਹਿੰਦੀ ਸਹਿੰਦੀ
ਕਹਿੰਦੀ ਵੀ ਤਾਂ ਕਿਸ ਨੂੰ ਕਹਿੰਦੀ
ਤੂੰ ਜਿਸ ਭੋਰੇ ਨੂੰ, ਭੁੱਲ ਆਇਐਂ
ਰੱਬ ਕਰੇ ਇ ਭੁੱਲਦਾ ਰਹਿਸੇਂ
ਤੇਰੇ ਪਾਤਰ ਅਗਲੇ ਭੋਰੇ। ਤੇਰੀ ਉਮਰ ਉਡੀਕ ਰਹੇ ਨੇ
ਕਦੇ ਕਦੇ ਇਹ ਮਾਂ ਵੀ ਤੈਨੂੰ, ਸੁਪਨੇ ਵਿਚ ਨਜ਼ਰੀ ਆਵੇਗੀ।
ਅੱਖ ਖੁੱਲ੍ਹਿਆਂ ਸਭ ਭੁੱਲ ਜਾਵੇਗੀ।
ਪੂਰਨ-'ਮਾਤਾ। ਮਾਤਾ' ਆਵਾਜ਼-'ਭੁੱਲ ਜਾ ਪੁੱਤਰਾ।' ਪੂਰਨ-'ਮਾਂ ਮਾਂ', ਆਵਾਜ਼-'ਪੁੱਤਰਾ ਪੁੱਤਰਾ'।
(ਦੋਵੇਂ, ਉਲਟ ਦਿਸ਼ਾ ਵੱਲ ਉਹਲੇ ਹੋ ਜਾਂਦੇ ਹਨ)
ਸਟੇਜ 'ਤੇ ਤਿੱਖੀ ਰੌਸ਼ਨੀ, ਫੇਰ ਹਨੇਰਾ, ਫੇਰ ਹਲਕੀ ਹਲਕੀ ਰੌਸ਼ਨੀ। ਇੰਜ, ਡਾ: ਸ਼ਹਰਯਾਰ ਨੇ ਪੂਰਨ ਭਗਤ ਦੇ, ਲੋਕ ਮਨਾਂ ਵਿਚ ਵਸਦੇ ਕਿੱਸੇ ਨੂੰ, ਇਕ ਨਵੇਂ ਜ਼ਾਵੀਏ ਤੋਂ, ਕਾਵਿ-ਨਾਟਕ ਰਾਹੀਂ ਪੇਸ਼ ਕਰਕੇ, ਇਸ ਨੂੰ ਤਵੱਜੋ ਨਾਲ ਪੜ੍ਹਨ ਅਤੇ ਸਾਂਭਣਯੋਗ ਦਸਤਾਵੇਜ਼ ਬਣਾ ਦਿੱਤੈ।

-ਤੀਰਥ ਸਿੰਘ ਢਿੱਲੋਂ
ਮੋ: 98154-61710

ਮੈਂ ਤਾਰੇ ਕੀ ਕਰਨੇ
ਕਵਿੱਤਰੀ : ਗੁਰੂਤੇਜ ਪਾਰਸਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112.

ਕਵਿੱਤਰੀ ਗੁਰੂਤੇਜ ਪਾਰਸਾ ਦੀ ਪਹਿਲੀ ਪਲੇਠੀ ਕਵਿਤਾ ਦੀ ਪੁਸਤਕ 'ਮੈਂ ਤਾਰੇ ਕੀ ਕਰਨੇ' ਗੰਭੀਰ ਅਤੇ ਹਿਰਦੇ ਮੂਲਕ ਕਵਿਤਾ ਹੈ। ਸਫ਼ਾ 73 ਤੱਕ ਉਸ ਦੀਆਂ ਭਾਵਪੂਰਤ ਕਵਿਤਾਵਾਂ ਹਨ ਜਦੋਂ ਕਿ 73 ਤੋਂ 112 ਸਫ਼ੇ ਵਿਚ ਉਸ ਦੇ ਜਜ਼ਬਾ ਭਰਪੂਰ ਗੀਤ ਹਨ, ਜਿਨ੍ਹਾਂ ਵਿਚ ਜ਼ਿੰਦਗੀ ਦੇ ਅਨੇਕ ਰੰਗ ਹਨ। ਇਸ ਕਵਿਤਾ ਵਿਚ ਔਰਤ ਦੇ ਦਿਲੀ ਦਰਦ, ਮੁਹੱਬਤ ਵਿਚ ਹਾਰਾਂ ਦੀ ਟੀਸ, ਮੇਲ ਦੀ ਖੁਸ਼ੀ, ਜ਼ਿੰਦਗੀ ਪ੍ਰਤੀ ਸ਼ਿਕਵੇ, ਔਰਤ ਵੱਲੋਂ ਦੱਬੂ ਸਥਿਤੀ ਤੋਂ ਬਗਾਵਤ, ਮਾਨਸਿਕ ਵਲਵਲੇ ਅਤੇ ਫਰਜ਼ਾਂ ਪ੍ਰਤੀ ਹਾਂ-ਮੁਖੀ ਪਹੁੰਚ ਹੈ। ਉਸ ਦੀ ਪਹਿਲੀ ਕਵਿਤਾ ਬਾਬਲ ਪ੍ਰਤੀ ਮੋਹ ਤੋਂ ਅਗਾਂਹ ਸ਼ਰਧਾ ਅਤੇ ਆਸਤਿਕਤਾ ਦਾ ਜਲੌਅ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਸੈਲਾਨੀ ਛੰਦ ਵਿਚ ਹਨ ਪਰ ਜਦ ਉਹ ਛੰਦਬੱਧ ਕਵਿਤਾ ਲਿਖਦੀ ਹੈ ਤਾਂ ਕਮਾਲ ਕਰਦੀ ਹੈ। ਉਸ ਦੇ ਗੀਤਾਂ ਵਿਚ ਉਹ ਸਾਰੇ ਗੁਣ ਹਨ ਜੋ ਕਿ ਅਜੋਕੀ ਸਥਿਤੀ ਵਿਚ ਪ੍ਰਗੀਤ ਲੋੜਦਾ ਹੈ। ਉਸ ਦੀ ਕਵਿਤਾ ਇਕ ਖ਼ੁਦ ਰੌ ਜਾਂ ਕੁਦਰਤੀ ਨਦੀ ਦੇ ਪ੍ਰਵਾਹ ਵਾਂਗ ਹੈ। ਕਵਿੱਤਰੀ ਉਹੀ ਲਿਖਦੀ ਹੈ ਜੋ ਉਸ ਨੂੰ ਨਾਜ਼ਿਲ ਹੁੰਦਾ ਹੈ। ਪਰ ਨਾਜ਼ਿਲ ਉਹੀ ਹੁੰਦਾ ਹੈ ਜੋ ਉਹ ਸਿਰਜਣਾ ਦੇ ਖਾਬ ਵਿਚ ਵੇਖਦੀ ਹੈ। ਇਸੇ ਲਈ ਉਸ ਦੀਆਂ ਕਵਿਤਾਵਾਂ ਵਿਚ ਜਿਥੇ ਅੰਬਰੀ-ਜਜ਼ਬਾਤੀ ਰੰਗ ਹੈ, ਉਤੇ ਯਥਾਰਥ ਦੀ ਜ਼ਮੀਨ ਦੀ ਖੁਸ਼ਬੂ ਵੀ ਹੈ। ਉਸ ਦੀਆਂ ਕਵਿਤਾਵਾਂ ਵਿਚ ਲੈਅ ਹੈ। ਇਸੇ ਲਈ ਰਸ ਹੈ। ਰੂਪ ਦੀ ਸੁੰਦਰਤਾ ਹੀ ਵਿਸ਼ੇ ਦੀ ਸੁੰਦਰਤਾ ਨੂੰ ਬਹਾਲ ਕਰਦੀ ਹੈ। ਉਸ ਦੀ ਕਵਿਤਾ ਦੇ ਬਿੰਹ, ਚਿੰਨ੍ਹ ਤੇ ਅਲੰਕਾਰ ਸਲਾਹੁਣਯੋਗ ਹਨ। ਭਾਵੇਂ ਪਾਰਸਾ ਦੀ ਇਹ ਪਹਿਲੀ ਕਾਵਿ ਪੁਸਤਕ ਹੈ ਪਰ ਲਗਦਾ ਹੈ ਕਿ ਉਹ ਇਕ ਗੁੜ੍ਹੀ ਹੋਈ ਕਵਿੱਤਰੀ ਹੈ। ਉਹ ਕਵਿਤਾ ਨੂੰ ਜੀਂਦੀ ਹੈ ਜਿਵੇਂ ਕੋਈ ਆਤਮਾ ਨੂੰ ਨਾਲ-ਨਾਲ ਰੱਖ ਕੇ ਜਿਊਂਦਾ ਹੈ। ਇਸੇ ਤਰ੍ਹਾਂ ਉਸ ਦੀ ਕਵਿਤਾ ਉਸ ਦੀ ਆਤਮਾ ਵਾਂਗ ਹਾਜ਼ਰ ਰਹਿੰਦੀ ਹੈ। ਤਰਕ, ਵਿਤਰਕ, ਵਿਵੇਕ, ਪ੍ਰਚਲਿਤ ਵਿਹਾਰ, ਆਦਰਸ਼, ਖਾਬ, ਅਹਿਸਾਸ, ਅਵਚੇਤਨ ਅਤੇ ਚਿੰਤਨ ਇਨ੍ਹਾਂ ਕਵਿਤਾਵਾਂ ਦੇ ਅੰਬਰਾਂ ਦੇ ਚੰਨ ਤਾਰੇ ਹਨ :
'ਦੁਨੀਆਦਾਰੀ ਸ਼ਹਿਦ ਬਰੋਬਰ/ਜੋ ਖੁੱਭਿਆ ਸੋ ਹਰਿਆ ਏ-ਨਿਤਨੇਮ ਭਾਵੇਂ ਰੂਹ ਰੁਸ਼ਨਾਏ/ਪਰ ਨੇਹ ਬਿਨਾ ਕਦ ਸਰਿਆ ਏ?/ਲੱਖ ਉਡਾਨਾਂ ਸੁਪਨੇ ਨਿਹਫਲ/ਜੇ ਰਾਹ ਨਾ ਇਸ਼ਕ ਦਾ ਫੜਿਆ ਏ/...' ਇਕ ਹੋਰ ਕਵਿਤਾ 'ਸੁਖ ਦਾ ਇਕ ਘੁਟ' ਵਿਚੋਂ ਇਕ ਬੰਦ ਦੇ ਕੇ ਅਲਵਿਦਾ ਕਹਾਂਗਾ :
'ਇਕ ਕਿਰਨ ਸੂਰਜ 'ਚੋਂ ਨਿਕਲੇ/ਮਸਤਕ ਵਿਚ ਧਸ ਜਾਏ-ਦਿਲ ਦੀ ਮਹਿਕ ਬਣੇ ਇਕ ਝਰਨਾ ਰੁਣ ਝੁਣ ਵਹਿੰਦੀ ਜਾਏ...।
'ਮੈਂ ਤਾਰੇ ਕੀ ਕਰਨੇ' ਕਾਵਿ ਸੰਗ੍ਰਹਿ ਆਧੁਨਿਕ ਨਾਰੀ ਕਾਵਿ ਚਿੰਤਕਾਂ ਅਤੇ ਗੰਭੀਰ ਪਾਠਕਾਂ ਲਈ ਅਮੁੱਲ ਪੁਸਤਕ ਹੈ। ਜੀ ਆਇਆਂ।

-ਸੁਲੱਖਣ ਸਰਹੱਦੀ
ਮੋ: 94174-84337

ਪੁੰਨਿਆਂ ਤੋਂ ਪਹਿਲਾਂ
ਲੇਖਕ : ਸੁਰਿੰਦਰ ਰਾਮਪੁਰੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96.

ਸੁਰਿੰਦਰ ਰਾਮਪੁਰੀ ਪਿਛਲੇ ਤੀਹ ਵਰ੍ਹਿਆਂ ਤੋਂ ਪੰਜਾਬੀ ਕਹਾਣੀ ਦੇ ਖੇਤਰ ਵਿਚ ਨਿਰੰਤਰ ਸਿਰਜਣਾਸ਼ੀਲ ਹੈ। 'ਪੁੰਨਿਆਂ ਤੋਂ ਪਹਿਲਾਂ' ਉਸ ਦੇ ਕਹਾਣੀ-ਸੰਗ੍ਰਹਿ ਦੀ ਦੂਸਰੀ ਨਵੀਂ ਐਡੀਸ਼ਨ ਹੈ, ਜਿਸ ਵਿਚ ਉਸ ਨੇ ਕੁੱਲ 11 ਕਹਾਣੀਆਂ ਸ਼ਾਮਿਲ ਕੀਤੀਆਂ ਹਨ।
ਸੁਰਿੰਦਰ ਰਾਮਪੁਰੀ ਔਰਤ-ਮਰਦ ਦੇ ਰਿਸ਼ਤਿਆਂ ਵਿਚਕਾਰ ਪਈਆਂ ਗੰਢਾਂ ਖੋਲ੍ਹਣ ਵਾਲਾ ਕਹਾਣੀਕਾਰ ਹੈ। ਉਸ ਦੇ ਪਾਤਰ ਮੁਹੱਬਤ, ਛਲ, ਵੇਦਨਾ, ਸੰਵੇਦਨਾ ਵਿਚਕਾਰ ਅਜੀਬ ਵਿਹਾਰ ਕਰਦੇ ਪ੍ਰਤੀਤ ਹੁੰਦੇ ਹਨ। ਕਈ ਵਾਰੀ ਉਹ ਸਮਾਜਿਕ ਉਲੰਘਣਾਵਾਂ ਪਾਰ ਕਰਦੇ ਹਨ ਤੇ ਕਈ ਵਾਰੀ ਨਵੇਂ ਰਿਸ਼ਤਿਆਂ ਦੇ ਵੀ ਪਾਂਧੀ ਬਣਦੇ ਹਨ। 'ਚਿੰਤਾ ਵਾਲੀ ਗੱਲ' ਪਿਆਰ, ਕੁਰਬਾਨੀ ਤੇ ਛਲ ਵਿਚਕਾਰ ਘੁੰਮਦੀ ਹੋਈ ਅਮਰੀਜੀਤ ਦੀ ਕਹਾਣੀ ਹੈ। 'ਰੇਖਾਵਾਂ ਦੇ ਆਰ-ਪਾਰ' ਕਹਾਣੀ ਦੇ ਪਤੀ-ਪਤਨੀ ਸੰਤਾਨ ਨਾ ਹੋਣ ਦਾ ਸੰਤਾਪ ਭੋਗਦੇ ਹੋਏ ਕਿਸੇ ਪ੍ਰੇਮਿਕਾ ਤੋਂ ਬੱਚਾ ਲੈਣ ਦੀ ਤਾਂਘ ਰੱਖਦੇ ਹਨ। 'ਆਪਣੀ ਆਪਣੀ ਪਹੁੰਚ' ਦਾ ਅਮਰ ਚੰਦ ਚੌਕੀਦਾਰ ਰਾਤੋ-ਰਾਤ ਅਮੀਰ ਹੋਣ ਲਈ ਅੱਕੀਂ-ਪਲਾਹੀਂ ਹੱਥ ਮਾਰਦਾ ਦਿਖਾਈ ਦਿੰਦਾ ਹੈ। 'ਅੰਨ੍ਹਾ ਖੂਹ' ਇਸ ਸੰਗ੍ਰਹਿ ਦੀ ਬਹੁਤ ਹੀ ਵਧੀਆ ਤੇ ਗੁੰਝਲਦਾਰ ਕਹਾਣੀ ਹੈ, ਜਿਸ ਵਿਚ ਮਾਨਵੀ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਪਲੀਤ ਕਰਕੇ ਸਮਾਜਿਕ ਤੇ ਪਰਿਵਾਰਕ ਸੰਤਾਪ ਪੈਦਾ ਕੀਤਾ ਗਿਆ ਹੈ। 'ਕਿੱਝ' ਕਹਾਣੀ ਪੰਜਾਬ 'ਚ ਅੱਤਵਾਦ ਦੇ ਸਹਿਮ ਦੇ ਪ੍ਰਛਾਵਿਆਂ ਨੂੰ ਫੜਨ ਦਾ ਆਹਰ ਕਰਦੀ ਹੈ। 'ਉਦੋਂ ਹੀ' ਮਿਥਿਹਾਸ ਦੀ ਵਰਤੋਂ ਰਾਹੀਂ ਆਧੁਨਿਕ ਸਮੱਸਿਆਵਾਂ ਵੱਲ ਸੰਕੇਤ ਕੀਤਾ ਗਿਆ ਹੈ। 'ਸੁਨੀਤਾ ਦਾ ਵਹਿਮ' ਦੀ ਸੁਨੀਤਾ ਨੂੰ ਵਹਿਮ ਸੀ ਕਿ ਉਹ ਜਿਸ ਨੂੰ ਵੀ ਪ੍ਰੇਮ ਕਰਦੀ ਸੀ, ਉਹ ਮੌਤ ਦੇ ਮੂੰਹ 'ਚ ਜਾ ਪੈਂਦਾ ਸੀ। 'ਪੁੰਨਿਆਂ ਤੋਂ ਪਹਿਲਾਂ' ਸ਼ਰਨਜੀਤ ਦੇ ਸੰਘਰਸ਼ ਦੀ ਕਹਾਣੀ ਹੈ ਜੋ ਹਾਰ ਕੇ ਵੀ ਮੁੜ ਲੜਨ ਲਈ ਹਿੰਮਤ ਪੈਦਾ ਕਰਦਾ ਹੈ। 'ਮੱਥੇ ਦੀ ਚੀਸ' ਦਹੇਜ ਦੇ ਲੋਭੀਆਂ ਦਾ ਪਾਜ ਉਘਾੜਦੀ ਹੈ। ਰਾਮਪੁਰੀ ਹੋਣਹਾਰ ਕਹਾਣੀ ਲੇਖਕ ਹੈ। ਪੁਸਤਕ ਦਾ ਦੂਸਰਾ ਐਡੀਸ਼ਨ ਛਾਪਣਾ ਆਪਣੇ-ਆਪ ਵਿਚ ਵੱਡਾ ਕੰਮ ਹੈ।

ਆਮ ਤੋਂ ਖ਼ਾਸ
ਲੇਖਿਕਾ : ਪ੍ਰਭਾ ਖੇਤਾਨ
ਪ੍ਰਕਾਸ਼ਕ : ਯੂਨੀਸਟਾਰ, ਚੰਡੀਗ਼ੜ੍ਹ
ਮੁੱਲ : 350 ਰੁਪਏ, ਸਫ਼ੇ : 270.

ਪ੍ਰਭਾ ਖੇਤਾਨ ਹਿੰਦੀ ਦੀ ਜਾਣੀ-ਪਛਾਣੀ ਤੇ ਪ੍ਰਤਿਸ਼ਟਤ ਗਲਪ-ਲੇਖਿਕਾ ਹੈ। 'ਆਮ ਤੋਂ ਖ਼ਾਸ' ਉਸ ਦੀ ਸਵੈ-ਜੀਵਨੀ ਹੈ ਜੋ ਪਹਿਲਾਂ ਹਿੰਦੀ ਵਿਚ 'ਅੰਨਿਆ ਸੇ ਅਨੰਨਿਆ' ਦੇ ਨਾਂਅ ਹੇਠ ਪ੍ਰਕਾਸ਼ਿਤ ਹੋਈ ਸੀ। ਇਸ ਦਾ ਪੰਜਾਬੀ ਅਨੁਵਾਦ ਪੰਜਾਬੀ ਦੇ ਪ੍ਰਸਿੱਧ ਕਹਾਣੀ ਲੇਖਕ ਮਹਿਤਾਬ-ਉਦ-ਦੀਨ ਦੁਆਰਾ ਪੇਸ਼ ਕੀਤਾ ਗਿਆ ਹੈ।
ਪ੍ਰਭਾ ਖੇਤਾਨ ਬੰਗਾਲ ਵਿਚ ਵਸਦੇ ਇਕ ਧਨੀ ਤੇ ਪ੍ਰਤਿਸ਼ਠਤ ਮਾਰਵਾੜੀ ਪਰਿਵਾਰ ਨਾਲ ਸਬੰਧਤ ਔਰਤ ਹੈ। ਮਾਰਵਾੜੀ ਟੱਬਰ ਭਾਵੇਂ ਕਾਫੀ ਦੇਰ ਤੋਂ ਕਲਕੱਤੇ ਰਹਿ ਰਿਹਾ ਹੈ ਪਰ ਉਸ ਦੇ ਸੰਸਕਾਰ, ਰਹੁ-ਰੀਤਾਂ ਤੇ ਖ਼ਿਆਲਾਤ ਸਭ ਆਮ ਮਾਰਵਾੜੀਆਂ ਵਾਂਗ ਹੀ ਹਨ। ਉਹ ਬੰਗਾਲੀ ਜਨ-ਜੀਵਨ ਅਨੁਸਾਰ ਨਹੀਂ ਢਲੇ। ਪ੍ਰਭਾ ਖੇਤਾਨ ਇਹੋ ਜਿਹੇ ਸੰਸਕਾਰੀ ਤੇ ਪੁਰਾਤਨ-ਪੰਥੀ ਪਰਿਵਾਰ ਦੀ ਧੀ ਹੋਣ ਦੇ ਬਾਵਜੂਦ ਆਜ਼ਾਦੀ ਨਾਲ ਆਪਣੀਆਂ ਹੀ ਸ਼ਰਤਾਂ 'ਤੇ ਜ਼ਿੰਦਗੀ ਜਿਊਣ ਦਾ ਯਤਨ ਕਰਦੀ ਹੈ। ਉਹ ਰਵਾਇਤੀ ਵਿਆਹ ਦੇ ਬੰਧਨਾਂ ਵਿਚ ਨਹੀਂ ਬੱਝਦੀ। ਉਹ ਪੰਜ ਬੱਚਿਆਂ ਦੇ ਪਿਉ ਤੇ ਇਕ ਸ਼ਾਦੀਸ਼ੁਦਾ ਅੱਖਾਂ ਦੇ ਡਾਕਟਰ ਸੱਰਾਫ਼ ਨੂੰ ਮੁਹੱਬਤ ਕਰਨ ਲਗਦੀ ਹੈ ਤੇ ਇਸ ਤਰ੍ਹਾਂ ਇਕ ਵੱਡੇ ਚੈਲੰਜ ਦੇ ਰੂ-ਬਰੂ ਹੁੰਦੀ ਹੈ। ਉਹ ਜਾਣਦੀ ਹੈ ਕਿ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜਿਊਣ ਵਾਲੀ ਔਰਤ ਨੂੰ ਆਰਥਿਕ ਤੌਰ 'ਤੇ ਸੁਤੰਤਰ ਹੋਣਾ ਅਤਿਅੰਤ ਲਾਜ਼ਮੀ ਹੈ। ਇਸੇ ਲਈ ਉਹ ਚਮੜੇ ਦੇ ਵਪਾਰ 'ਚ ਰੁਚੀ ਲੈਣ ਲਗਦੀ ਹੈ ਤੇ ਕੁਝ ਹੀ ਵਰ੍ਹਿਆਂ ਵਿਚ ਦੇਸ਼-ਵਿਦੇਸ਼ ਦੀ ਇਕ ਪ੍ਰਸਿੱਧ ਵਪਾਰੀ ਬਣ ਜਾਂਦੀ ਹੈ। ਇਸ ਵਪਾਰਕ ਕਾਮਯਾਬੀ ਨਾਲ ਉਸ ਨੂੰ ਆਪਣੇ ਪੈਰਾਂ 'ਤੇ ਖਲੋਣ ਤੇ ਮਜ਼ਬੂਤੀ ਨਾਲ ਜ਼ਿੰਦਗੀ ਜਿਊਣ ਦਾ ਰਾਹ ਤਾਂ ਭਾਵੇਂ ਮਿਲ ਜਾਂਦਾ ਹੈ ਪਰ ਸੰਸਕਾਰਾਂ ਵਿਚ ਬੱਝਿਆ ਸਮਾਜ ਡਾ: ਸੱਰਾਫ਼ ਨਾਲ ਉਸ ਦੇ ਰਿਸ਼ਤੇ ਨੂੰ ਕਦਾਚਿਤ ਪ੍ਰਵਾਨਗੀ ਨਹੀਂ ਦਿੰਦਾ। ਨਤੀਜਾ ਉਸ ਨੂੰ ਕਦਮ-ਕਦਮ 'ਤੇ ਜ਼ਲੀਲ ਤੇ ਪੜਤਾੜਿਤ ਹੋਣਾ ਪੈਂਦਾ ਹੈ। ਇਹੋ ਉਸ ਜਿਹੀ ਔਰਤ ਦੀ ਹੋਣੀ ਬਣਦੀ ਹੈ।
ਲੇਖਿਕਾ ਭਾਵੇਂ ਇਸ ਨੂੰ ਆਪਣੀ ਸਵੈ-ਜੀਵਨੀ ਆਖਦੀ ਹੈ ਪਰ ਇਸ ਵਿਚ ਇਕ ਚੰਗੇ ਨਾਵਲ ਦੇ ਸਾਰੇ ਗੁਣ ਮੌਜੂਦ ਹਨ। ਕਲਕੱਤੇ ਦੇ ਜੀਵਨ ਦਾ ਖੁੱਲ੍ਹਾ-ਡੁੱਲ੍ਹਾਪਨ, ਨੌਜਵਾਨਾਂ ਦੀਆਂ ਅਕਾਂਖਿਆਵਾਂ, ਚਾਹਤਾਂ ਤੇ ਤਾਂਘਾਂ, ਬੰਗਾਲੀਆਂ ਤੇ ਮਾਰਵਾੜੀਆਂ ਦੇ ਆਪਸੀ ਸਬੰਧ, ਨਕਸਲਵਾੜੀ ਅੰਦੋਲਨ, ਐਮਰਜੈਂਸੀ, ਖੱਬੀਆਂ ਪਾਰਟੀਆਂ ਦੀ ਚੜ੍ਹਤ ਆਦਿ ਦੇ ਵੇਰਵੇ ਸਮੁੱਚੇ ਰੂਪ ਵਿਚ ਇਸ ਕਥਾ ਵਿਚ ਉਪਲਬਧ ਹੁੰਦੇ ਹਨ। ਵਿਦੇਸ਼ੀ ਬਾਜ਼ਾਰ ਦੀਆਂ ਲੋੜਾਂ-ਹੋੜਾਂ ਵੀ ਸਮਝ 'ਚ ਆਉਂਦੀਆਂ ਹਨ। ਦਰਾਮਦ-ਬਰਾਮਦ ਨਾਲ ਜੁੜੇ ਭਾਰਤੀ ਵਪਾਰੀਆਂ ਦੀਆਂ ਮੁਸ਼ਕਿਲਾਂ ਵੀ ਪਤਾ ਲਗਦੀਆਂ ਹਨ। ਦਾਦੀ ਮਾਂ, ਮਿਸ ਆਈਵੀ ਜਿਹੇ ਮਾਰਮਿਕ ਚਰਿੱਤਰ ਇਸ ਕਥਾ ਨੂੰ ਹੋਰ ਵੀ ਸਜੀਵ ਬਣਾਉਂਦੇ ਹਨ। ਪ੍ਰਭਾ ਖੇਤਾਨ ਕੋਲ ਅਜਿਹੀ ਸਸ਼ਕਤ ਬੋਲੀ ਤੇ ਕਥਾ ਰਸ ਹੈ ਕਿ ਇਸ ਨੂੰ ਇਕ ਵਾਰ ਸ਼ੁਰੂ ਕਰਕੇ ਛੱਡਿਆ ਨਹੀਂ ਜਾ ਸਕਦਾ। ਪ੍ਰੇਮ ਕਰਨ ਵਾਲੀ ਆਜ਼ਾਦ ਔਰਤ ਦੀ ਮਾਰਮਿਕ ਕਹਾਣੀ ਦਿਲ ਨੂੰ ਛੂੰਹਦੀ ਹੈ। ਅਨੁਵਾਦ ਵਿਚ ਥੋਨੂੰ, ਥੋਡਾ ਜਿਹੇ ਸ਼ਬਦ ਓਪਰੇ ਲਗਦੇ ਹਨ। ਪੁਸਤਕ ਬਹੁਤ ਹੀ ਰੌਚਿਕ ਹੈ।

-ਕੇ. ਐਲ. ਗਰਗ
ਮੋ: 94635-37050

ਅੱਖਾਂ! ਅੱਖਾਂ!! ਅੱਖਾਂ!!!
ਕਵੀ : ਡਾ: ਗੁਲਜ਼ਾਰ ਸਿੰਘ ਸੱਭਰਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 103.

ਡਾ: ਗੁਲਜ਼ਾਰ ਸਿੰਘ ਸੱਭਰਵਾਲ ਲੋਕ ਮੁਹਾਂਦਰੇ ਵਾਲਾ ਕਵੀ ਹੈ। ਹਥਲਾ ਕਾਵਿ-ਸੰਗ੍ਰਹਿ 'ਅੱਖਾਂ! ਅੱਖਾਂ!! ਅੱਖਾਂ!!!' ਵਿਚ ਨਜ਼ਮਾਂ, ਗੀਤ, ਦੋਗਾਣੇ ਅਤੇ ਗ਼ਜ਼ਲਾਂ ਆਦਿ ਸ਼ਾਮਿਲ ਹਨ। ਮੁੱਖ ਰੂਪ ਵਿਚ ਡਾ: ਗੁਲਜ਼ਾਰ ਸਿੰਘ ਸੱਭਰਵਾਲ ਪਿਆਰ ਭਾਵਨਾਵਾਂ ਦਾ ਕਵੀ ਵੀ ਹੈ। ਪਿਆਰ ਸਮਰਪਣ ਦੀ ਭਾਵਨਾ ਦਾ ਨਾਂਅ ਹੈ। ਸਮਰਪਣ ਦੀ ਭਾਵਨਾ ਨੂੰ ਡਾ: ਸੱਭਰਵਾਲ ਬਹੁਤ ਖੂਬਸੂਰਤ ਢੰਗ ਨਾਲ ਪ੍ਰਗਟਾਉਂਦਾ ਹੈ :
ਮੈਨੂੰ ਨਾ ਬੁਲਾਉ ਨੀ,
ਮੈਂ ਉਹਦੇ ਵਿਚ ਖੋਈ ਆਂ।
ਤਨੋ-ਮਨੋ-ਧਨੋ ਨੀ,
ਮੈਂ ਬੱਸ ਉਹਦੀ ਹੋਈ ਆਂ.
ਕਵਿਤਾ ਵਿਚ ਵਿਅੰਗ ਦੀ ਧਾਰ ਬਹੁਤ ਤਿੱਖੀ ਹੈ। ਨਾਲ ਹੀ ਨਾਲ ਸਾਡੇ ਸਮਾਜ ਦੇ ਰਾਜਨੀਤਕ ਅਤੇ ਵਿਦਿਅਕ, ਸਮਾਜਿਕ ਤਾਣੇ-ਬਾਣੇ 'ਤੇ ਕਰਾਰਾ ਵਿਅੰਗ ਕੀਤਾ ਗਿਆ ਹੈ। ਉਦਾਹਰਨ ਵਜੋਂ 'ਦੱਸ ਬੱਲੇ ਤੇਰੇ ਪੁੱਤਰਾ' ਨਾਮੀ ਗਾਣੇ 'ਚ ਅਜੋਕੇ ਵਿਦਿਅਕ ਸਿਸਟਮ 'ਤੇ ਕਰਾਰਾ ਵਿਅੰਗ ਕੀਤਾ ਗਿਆ ਹੈ, ਜੋ ਪੜ੍ਹੇ-ਲਿਖੇ ਬੇਰੁਜ਼ਗਾਰ ਪੈਦਾ ਕਰਦੀ ਹੈ। ਕਵੀ ਨੇ ਹਰ ਵਰਗ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਆਪਣੀ ਕਵਿਤਾਵਾਂ 'ਚ ਕੀਤਾ ਹੈ। ਪੁਸਤਕ ਦੀ ਭੂਮਿਕਾ ਪਰਮਜੀਤ ਕੌਰ ਸਰਹਿੰਦ ਅਤੇ ਡਾ: ਹਰਚੰਦ ਸਿੰਘ ਸਰਹਿੰਦੀ ਨੇ ਲਿਖੀ ਹੈ।

-ਜਤਿੰਦਰ ਸਿੰਘ ਔਲਖ
ਮੋ: 98155-34653.

ਸੂਲੀ ਟੰਗਿਆ ਸੱਚ
ਲੇਖਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 240.

ਕੁਦਰਤ ਦਾ ਹਰ ਜੀਵਨ ਆਪਣੀ ਵਿਸ਼ੇਸ਼ ਵਿਲੱਖਣਤਾ ਨਾਲ ਭਰਪੂਰ ਹੁੰਦਾ ਹੈ। ਕਿਸੇ ਨਾ ਕਿਸੇ ਰੂਪ/ਰੰਗ ਵਿਚ ਇਹ ਵਿਲੱਖਣਤਾ ਜ਼ਾਹਰ ਹੁੰਦੀ ਰਹਿੰਦੀ ਹੈ। ਮਨੁੱਖੀ ਜੀਵਨ-ਸ਼ੈਲੀ ਵਿਚ ਵੀ ਕੁਝ ਖ਼ਾਸ ਮਨੁੱਖ ਹੁੰਦੇ ਹਨ ਜੋ ਆਪਣੇ ਅਨੁਭਵਾਂ, ਵਿਚਾਰਾਂ ਤੇ ਆਲੇ-ਦੁਆਲੇ ਪਨਪਦੀਆਂ/ਵਾਪਰਦੀਆਂ ਬੇਜ਼ੁਬਾਨ ਘਟਨਾਵਾਂ ਨੂੰ ਕਲਮ ਰੂਪੀ ਐਸੀ ਜ਼ਬਾਨ ਲਾਉਣ ਦੇ ਸਮਰੱਥ ਹੁੰਦੇ ਹਨ ਕਿ ਰਚਨਾਵਾਂ ਬੋਲ ਉਠਦੀਆਂ ਹਨ। ਅਜਿਹੇ ਹੀ ਖ਼ਾਸ ਮਨੁੱਖ ਡਾ: ਗੁਰਚਰਨ ਸਿੰਘ ਔਲਖ ਨੇ ਬਹੁਤ ਸਾਰੀਆਂ ਰਚਨਾਵਾਂ ਅਤੇ ਅਨੁਵਾਦਾਂ ਨਾਲ ਸਾਹਿਤ ਜਗਤ ਦੀ ਝੋਲੀ ਨੂੰ ਸਰਸ਼ਾਰ ਕੀਤਾ ਹੋਇਆ ਹੈ। ਸਵੈ-ਜੀਵਨ ਗਾਥਾ 'ਸੂਲੀ ਟੰਗਿਆ ਸੱਚ' ਵਿਚ ਡਾ: ਔਲਖ ਨੇ ਜੀਵਨ ਦੇ ਵਿਭਿੰਨ ਰੰਗਾਂ ਨੂੰ ਬਾਖੂਬੀ ਪਾਠਕਾਂ ਦੇ ਰੂਬਰੂ ਕਰਨ ਦਾ ਸਫਲ ਯਤਨ ਕੀਤਾ ਹੈ। ਮਨੁੱਖ ਨੂੰ ਜੀਵਨ ਵਿਚ ਵਿਚਰਦਿਆਂ ਬਹੁਤ ਸਾਰੇ ਦੁੱਖਾਂ-ਸੁੱਖਾਂ ਤੇ ਸੱਚ-ਝੂਠ ਨਾਲ ਦੋ-ਚਾਰ ਵੀ ਹੋਣਾ ਪੈਂਦਾ ਹੈ। ਜਗਤ ਹੱਸ-ਹਵਾਨੇ (ਜੱਗ-ਹਸਾਈ) ਤੋਂ ਬਚਣ ਲਈ ਆਮ ਮਨੁੱਖ ਪਰਦੇ ਹੇਠ ਸਭ ਕੁਝ ਵੀ ਨੱਪਣ ਦੀ ਕੋਸ਼ਿਸ਼ ਕਰਦਾ ਹੈ ਪਰ ਡਾ: ਔਲਖ ਨੇ ਆਪਣੇ ਜੀਵਨ ਦੀ ਕਰੀਬ ਹਰ ਬਰੀਕੀ ਤੋਂ ਪਰਦਾ ਉਠਾਉਣ ਦੀ ਯਤਨ ਕੀਤਾ ਹੈ।
ਪਰਿਵਾਰਕ ਤੰਗੀਆਂ-ਤੁਰਸ਼ੀਆਂ, ਉੱਦਮ ਨਾਲ ਉਚੇਰੀ ਵਿੱਦਿਆ ਦੀ ਪ੍ਰਾਪਤੀ ਕਰ ਲੈਣੀ, ਸਕੂਲ/ਕਾਲਜ ਅਧਿਆਪਕ ਦੀ ਹਰ ਸੁਹਿਰਦ ਡਿਊਟੀ ਨਾਲ ਬਗੈਰ ਕਿਸੇ ਝਿਜਕ/ਡਰ ਤੋਂ ਤਨੋਂ-ਮਨੋਂ ਨਿਪਟਣਾ, ਲੇਖਕ/ ਅਨੁਵਾਦਕ/ਆਲੋਚਕ ਵਜੋਂ ਯੂਨੀਕ ਤਜਰਬੇ, ਗ੍ਰਹਿਸਥੀ ਦੇ ਪਾਂਧੀ ਬਣਨ ਦੇ ਰੌਚਕ ਕਿੱਸੇ, ਘਰ ਦਾ ਕੱਖਾਂ-ਕਾਨਿਆਂ ਵਾਲਾ ਢਾਰਾ ਹੀ ਹਨੀਮੂਨ ਮਨਾਉਣ ਲਈ ਨਸੀਬ ਹੋਣਾ, ਪੀ.ਐਚ.ਡੀ. ਕਰਾਉਣ ਵਾਲੇ ਕੁਝ ਅਖੌਤੀ ਗੁਰੂਆਂ ਵੱਲੋਂ ਸਿਖਿਆਰਥੀਆਂ ਦਾ ਹਰ ਕਿਸਮ ਦਾ ਸ਼ੋਸ਼ਣ ਕਰਨ ਨੂੰ ਤਰਜੀਹ ਦੇਣ ਦਾ ਰੁਝਾਨ, ਮਾਣ-ਸਨਮਾਨ ਵਿਚ ਹੁੰਦੀ ਬਾਂਦਰ ਵੰਡ ਤੇ ਸ਼ੋਕ ਸਮਾਗਮਾਂ ਸਮੇਂ ਵੀ ਕੁਝ ਮੰਨੇ-ਪ੍ਰਮੰਨੇ ਸਨਕੀ ਲੇਖਕਾਂ ਵੱਲੋਂ ਸ਼ਰਾਬ ਤੇ ਕਬਾਬ ਦਾ ਝੱਸ ਪੂਰਾ ਕਰਨ ਲਈ ਉੱਠ ਭੱਜਣਾ ਆਦਿ ਅਨੁਭਵਾਂ ਨੂੰ ਬੜੀ ਬੇਬਾਕੀ ਨਾਲ 'ਸੂਲੀ ਟੰਗਿਆ ਸੱਚ' ਵਿਚ ਪਾਠਕ ਨੂੰ ਪੜ੍ਹਨ ਲਈ ਮਿਲ ਜਾਂਦਾ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵੇਖਣ ਹੋਰ ਨੇ।
ਜਵਾਨ-ਜਹਾਨ ਪੁੱਤਰ ਅਤੇ ਦੋਹਤੀ ਦਾ ਜੱਗ ਤੋਂ ਤੁਰ ਜਾਣ ਦੇ ਸੱਲ੍ਹ ਨੇ ਡਾ: ਔਲ਼ਖ ਦੇ ਜੀਵਨ ਨੂੰ ਕਾਫੀ ਡਾਵਾਂਡੋਲ ਕਰ ਦਿੱਤਾ ਸੀ। ਭਾਣਾ ਮੰਨਣ ਤੋਂ ਸਿਵਾਏ ਹੋਰ ਹੋ ਵੀ ਕੀ ਸਕਦਾ ਹੈ, 'ਤੇ ਅਮਲ ਕਰਦਿਆਂ ਵਿਚਾਰਾਂ/ਮਨੋਵੇਗ ਨੂੰ ਕਲਮ ਨਾਲ ਝਰੀਟਦਿਆਂ 'ਤੁਰਿਆ ਚਲ ਇਕ ਸਾਰ ਮੁਸਾਫਰਾ' ਦਾ ਸਬੂਤ ਦਿੱਤਾ ਹੈ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858

24-1-2014

 ਕਿੱਸਾ ਕਮਲੀ ਦਾ
ਕਵੀ : ਕੰਵਲ ਨਯਨ ਕਪੂਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 232.

'ਕਿੱਸਾ ਕਮਲੀ ਦੀ' ਆਮਦ (Intuition) ਦੀ ਰਚਨਾ ਹੈ। ਇਸ ਦਾ ਆਵੇਸ਼ ਕਵੀ ਦੀ ਕਲਮ ਉੱਪਰ ਧੁਰ-ਦਰਗਾਹੋਂ ਬਿਲਕੁਲ ਉਸੇ ਪ੍ਰਕਾਰ ਨਾਲ ਨਾਜ਼ਿਲ ਹੋਇਆ ਹੈ ਜਿਵੇਂ ਪ੍ਰੋ: ਪੂਰਨ ਸਿੰਘ ਨੇ ਆਪਣੀ ਲੰਮੀ ਬਿਰਤਾਂਤਕ ਨਜ਼ਮ 'ਪੂਰਨ ਨਾਥ ਜੋਗੀ' ਨੂੰ ਆਵੇਸ਼ ਵਿਚ ਆ ਕੇ ਅੰਕਿਤ ਕੀਤਾ ਸੀ। ਆਧੁਨਿਕ ਯੁਗ ਦੇ ਦਬਾਵਾਂ ਦਾ ਵੱਖ-ਵੱਖ ਕਵੀਆਂ ਉੱਪਰ ਵੱਖਰਾ-ਵੱਖਰਾ ਪ੍ਰਭਾਵ ਪੈ ਰਿਹਾ ਹੈ। ਘੱਟ ਸੰਵੇਦਨਸ਼ੀਲ ਕਵੀ ਅਜਿਹੇ ਦਬਾਵਾਂ ਦੇ ਕਾਰਨ ਸ਼ੋਰੀਲੇ ਹੋ ਜਾਂਦੇ ਹਨ, ਉੱਚਾ ਲਹਿਜ਼ਾ ਅਖ਼ਤਿਆਰ ਕਰ ਲੈਂਦੇ ਹਨ ਜਦੋਂ ਕਿ ਅਤਿ ਸੰਵੇਦਨਸ਼ੀਲ ਕਵੀ ਬੇਹੱਦ ਸੁਰੀਲੇ ਹੋ ਜਾਂਦੇ ਹਨ। ਕੰਵਲ ਨਯਮ ਕਪੂਰ ਦੂਜੀ ਵੰਨਗੀ ਦਾ ਕਵੀ ਹੈ। ਹਥਲੀਆਂ ਕਾਫੀਆਂ ਦੀ ਰਚਨਾ ਸਮੇਂ ਉਸ ਦੀ ਅੰਤਰਾਤਮਾ ਰਾਬੀਆ ਵਰਗੀ ਇਕ ਸੂਫੀ ਦਰਵੇਸ਼ਣੀ ਦਾ ਰੂਪ ਧਾਰਨ ਕਰਕੇ ਉਸ ਦੇ ਸਥੂਲ ਸਰੀਰ ਤੋਂ ਰਤਾ ਲਾਂਭੇ ਹੋ ਗਈ ਸੀ। ਕਵੀ ਇਕ ਸਾਕਸ਼ੀ ਬਣ ਕੇ ਉਸ ਦੀਆਂ ਮੁਦਰਾਵਾਂ ਨੂੰ ਨਿਹਾਰਦਾ ਅਤੇ ਬੋਲਾਂ ਨੂੰ ਸੁਣਦਾ-ਸਮਝਦਾ ਰਿਹਾ। ਉਕਤ ਦਰਵੇਸ਼ਣੀ ਦੀਆਂ ਮਸਤ-ਮੁਦਰਾਵਾਂ ਅਤੇ ਮਧੁਰ-ਬੋਲ ਹੀ ਇਨ੍ਹਾਂ ਕਾਫੀਆਂ ਦੀ ਵਸਤੂ-ਸਮੱਗਰੀ ਬਣੇ ਹਨ। ਦੇਖੋ :
ਸਈਓ ਨੀ ਇਹ ਕੀ ਬਣੀ ਕਹਾਣੀ
ਮੈਂ ਭਾਂਡਾ ਫੜੀ ਬੈਠੀ ਰਹਿ ਗਈ ਥੱਲੇ
ਉਹ ਬੱਦਲ ਬਣ ਉੱਡ ਗਿਆ ਅਸਮਾਨੀ।
ਨੀ ਕਮਲੀ ਦੀ ਸਾਖੀ ਨੂੰ ਸਮਝੋ ਕਾਫ਼ੀ
ਜਦੋਂ ਜਿਥੋਂ ਚਾਹੋ ਸੁਣੀਂਦੀ ਧੁਰ ਕੀ ਬਾਣੀ।
(ਇਹ ਕੀ ਬਣੀ ਕਹਾਣੀ, 74)
ਬਹੁਤੀ ਵਾਰ ਕਵੀ ਆਪਣੀ ਮਸਤ ਕੈਫ਼ੀਅਤ ਦਾ ਨਿਰੂਪਣ ਕਰਨ ਲਈ ਟਕਸਾਲੀ ਪੰਜਾਬੀ ਨੂੰ ਛੱਡ ਕੇ ਲਹਿੰਦੀ ਬੋਲੀ ਦਾ ਪ੍ਰਯੋਗ ਕਰਨ ਲੱਗ ਪੈਂਦਾ ਹੈ। ਸ਼ਾਹ ਹੁਸੈਨ ਅਤੇ ਸੁਲਤਾਨ ਬਾਹੂ ਵਰਗੇ ਸ੍ਰੇਸ਼ਠ ਸੂਫ਼ੀ ਕਵੀ ਵੀ ਇਸੇ ਪ੍ਰਕਾਰ ਕਰਿਆ ਕਰਦੇ ਸਨ। ਇਹ ਕਾਫ਼ੀਆਂ ਅੱਜ ਦੇ ਉੱਤਰ ਪੂੰਜੀਵਾਦੀ ਦੌਰ ਵਿਚ ਰਹਿਣ ਵਾਲੇ ਉਪਭੋਗਤਾਵਾਦੀ ਪਾਠਕਾਂ ਲਈ ਅਨੁਭਵ ਅਤੇ ਅਭਿਵਿਅਕਤੀ ਦੇ ਨਵੇਂ ਦੁਆਰ ਖੋਲ੍ਹਣਗੀਆਂ। ਇਸ ਆਸ਼ਾ ਨਾਲ ਮੈਂ ਸ੍ਰੀ ਕਪੂਰ ਦੇ ਸੂਫ਼ੀਆਨਾ ਕਲਾਮ ਦਾ ਖ਼ੈਰ-ਮਕਦਮ ਕਰਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਇੱਕੀਵੀਂ ਸਦੀ ਅਤੇ ਪੰਜਾਬੀ ਕਹਾਣੀ
ਲੇਖਕ : ਡਾ: ਬਲਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 170.

ਇੱਕੀਵੀਂ ਸਦੀ ਨੇ ਅਜੇ ਕੁਝ ਵਰ੍ਹੇ ਹੀ ਹੰਢਾਏ ਹਨ, ਇਨ੍ਹਾਂ ਵਰ੍ਹਿਆਂ ਵਿਚ ਭਾਰਤ ਤੇ ਸੰਸਾਰ ਪੱਧਰ 'ਤੇ ਕਈ ਤਬਦੀਲੀਆਂ ਵਾਪਰਦੀਆਂ ਹਨ। ਇਨ੍ਹਾਂ ਤਬਦੀਲੀਆਂ ਦਾ ਵਰਤਾਰਾ ਕੋਈ ਰਾਤੋ-ਰਾਤ ਨਹੀਂ ਵਾਪਰਦਾ। ਇਸ ਦਾ ਆਧਾਰ ਹੌਲੀ-ਹੌਲੀ ਉਸਰਦਾ ਹੈ। ਅਮਰੀਕੀ ਸਾਮਰਾਜੀ ਕੈਂਪ ਨੇ ਸ਼ਾਂਤੀ ਤੇ ਵਿਕਾਸ ਦੇ ਨਾਂਅ ਹੇਠ ਜੋ 'ਸੁਧਾਰ' ਕੀਤੇ ਹਨ, ਉਹ ਸਭ ਦੇ ਸਾਹਮਣੇ ਹਨ। ਇਸ ਸਮੇਂ ਦੌਰਾਨ ਰਚੇ ਜਾ ਰਹੇ ਸਾਹਿਤ ਸੰਗ ਅਨੇਕਾਂ ਚੁਣੌਤੀਆਂ ਦਰਪੇਸ਼ ਹਨ, ਜਿਨ੍ਹਾਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।
ਡਾ: ਬਲਦੇਵ ਸਿੰਘ ਧਾਲੀਵਾਲ ਇਸ ਪੁਸਤਕ ਰਾਹੀਂ ਦਰਜਨ ਦੇ ਕਰੀਬ ਲੇਖਾਂ ਰਾਹੀਂ ਪਿਛਲੇ ਦੋ ਕੁ ਦਹਾਕਿਆਂ ਦੌਰਾਨ ਵਾਪਰੀਆਂ ਤਬਦੀਲੀਆਂ ਨੂੰ ਸਮਝਣ ਲਈ ਪੰਜਾਬੀ ਕਹਾਣੀ ਸੰਗ ਕੁਝ ਸੰਵਾਦ ਰਚਾਉਂਦੇ ਹਨ। ਇਨ੍ਹਾਂ ਵਿਚੋਂ ਬਹੁਗਿਣਤੀ ਲੇਖ ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਰਚੀ ਗਈ ਪੰਜਾਬੀ ਕਹਾਣੀ ਦੇ ਵੇਰਵਿਆਂ ਨਾਲ ਸਬੰਧਤ ਹਨ। ਇਸ ਡੇਢ ਦਹਾਕੇ ਦੀ ਪੰਜਾਬੀ ਕਹਾਣੀ ਬਾਰੇ ਰਾਏ ਦੇਣੀ ਅਜੇ ਔਖੀ ਗੱਲ ਹੈ ਕਿਉਂਕਿ ਇਹ ਦਹਾਕਾ ਆਪਣੇ-ਆਪ ਵਿਚ ਬਹੁਤ ਗੰਭੀਰ ਕਿਸਮ ਦੀਆਂ ਸਮੱਸਿਆਵਾਂ ਤੇ ਚੁਣੌਤੀਆਂ ਸੰਭਾਲੀ ਬੈਠਾ ਹੈ। ਡਾ: ਧਾਲੀਵਾਲ ਨਿਰੰਤਰ ਲਿਖਣ ਵਾਲਾ ਪੰਜਾਬੀ ਆਲੋਚਕ/ਲੇਖਕ ਹੈ। ਇਸ ਪੁਸਤਕ ਦਾ ਅਸੀਂ ਸਵਾਗਤ ਕਰਦੇ ਹਾਂ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

1984 ਦਾ ਸੰਤਾਪ
ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 375 ਰੁਪਏ, ਸਫ਼ੇ : 584.

'1984 ਦਾ ਸੰਤਾਪ' ਨਾਮਕ ਪੁਸਤਕ ਪੰਜਾਬ ਵਿਚ ਲਗਭਗ ਡੇਢ ਦਹਾਕਾ ਚੱਲੇ ਖੂਨੀ ਸੰਘਰਸ਼ ਦੇ ਸਮਿਆਂ ਨੂੰ ਕੇਂਦਰ ਬਣਾ ਕੇ ਲਿਖੀਆਂ ਕਹਾਣੀਆਂ ਦਾ ਸੰਗ੍ਰਹਿ ਹੈ। 20ਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਅੰਤਲੇ ਸਮਿਆਂ ਤੋਂ ਸ਼ੁਰੂ ਹੋ ਕੇ ਦਸਵੇਂ ਦਹਾਕੇ ਦੇ ਅੱਧ ਤੱਕ ਪੰਜਾਬ ਵਿਚ ਝੁੱਲੀ ਖੂਨੀ ਹਨੇਰੀ ਨੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਇਸ ਦੇ ਪ੍ਰਭਾਵ ਦੇਸ਼ ਦੇ ਹੋਰਾਂ ਖੂੰਜਿਆਂ ਤੱਕ ਵੀ ਗਏ ਅਤੇ ਇਥੋਂ ਤੁਰ ਕੇ ਇਹ ਵਿਦੇਸ਼ਾਂ ਵਿਚ ਵੀ ਅੱਪੜ ਗਏ। ਪੰਜਾਬ ਦੀ ਫ਼ਿਰਕੂ ਇਕਸੁਰਤਾ ਨੂੰ ਇਸ ਸਮੇਂ ਵੱਡੀ ਚੁਣੌਤੀ ਪੇਸ਼ ਹੋਈ। ਪੰਜਾਬੀ ਸਾਹਿਤਕਾਰਾਂ ਨੇ ਇਸ ਸਮੇਂ ਦੇ ਦਰਦ ਨੂੰ ਆਪਣੀ-ਆਪਣੀ ਦ੍ਰਿਸ਼ਟੀ ਅਤੇ ਸਮਝ ਅਨੁਸਾਰ ਕਲਮਬੱਧ ਕੀਤਾ ਹੈ। ਪੰਜਾਬੀ ਕਹਾਣੀ ਵਿਚ ਵੀ ਇਸ ਦੌਰ ਦੇ ਦਰਦ, ਪੀੜ ਅਤੇ ਖੌਫ਼ ਨੂੰ ਜ਼ਬਾਨ ਦਿੱਤੀ ਗਈ ਹੈ। ਇਹੋ ਜਿਹੀਆਂ 57 ਕਹਾਣੀਆਂ ਨੂੰ ਆਧਾਰ ਬਣਾਉਂਦੇ ਹੋਏ ਚਰਚਾ ਅਧੀਨ ਪੁਸਤਕ '1984 ਦਾ ਸੰਤਾਪ' ਦੀ ਸਿਰਜਣਾ ਹੋਈ ਹੈ। ਇਸ ਵੱਡ ਆਕਾਰੀ ਪੁਸਤਕ ਵਿਚ ਪੰਜਾਬੀ ਦੇ ਲਗਭਗ ਸਾਰੇ ਪ੍ਰਤੀਨਿਧ ਕਹਾਣੀਕਾਰ ਜਿਵੇਂ ਅਜੀਤ ਕੌਰ, ਪ੍ਰੇਮ ਪ੍ਰਕਾਸ਼, ਵਰਿਆਮ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਜੋਗਿੰਦਰ ਸਿੰਘ ਕੈਰੋਂ, ਦਲਬੀਰ ਚੇਤਨ, ਪਿਆਰਾ ਸਿੰਘ ਭੋਗਲ, ਰਘੁਬੀਰ ਢੰਡ, ਮੁਖਤਿਆਰ ਸਿੰਘ, ਬਲਵਿੰਦਰ ਕੌਰ ਬਰਾੜ, ਬਚਿੰਤ ਕੌਰ, ਲਾਲ ਸਿੰਘ, ਜਸਬੀਰ ਭੁੱਲਰ, ਗੁਲਜ਼ਾਰ ਸਿੰਘ ਸੰਧੂ, ਹਰਜੀਤ ਅਟਵਾਲ, ਜਸਵੰਤ ਸਿੰਘ ਵਿਰਦੀ, ਪ੍ਰੇਮ ਗੋਰਖੀ, ਮਹਿੰਦਰ ਸਿੰਘ ਸਰਨਾ, ਰਾਮ ਸਰੂਪ ਅਣਖੀ ਅਤੇ ਮੋਹਨ ਭੰਡਾਰੀ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਚੌਥੀ ਪੀੜ੍ਹੀ ਦੇ ਬਹੁਤ ਸਾਰੇ ਕਹਾਣੀਕਾਰ ਜਿਵੇਂ ਮਨਿੰਦਰ ਕਾਂਗ, ਜਿੰਦਰ, ਸਰਵਮੀਤ, ਬਲਜਿੰਦਰ ਨਸਰਾਲੀ, ਗੁਰਮੀਤ ਕੜਿਆਲਵੀ, ਤਲਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਸੂਰੇਵਾਲੀਆ ਆਦਿ ਵੀ ਸ਼ਾਮਿਲ ਹਨ।
ਇਸ ਦੌਰ ਨੂੰ ਸਮਝਣ ਲਈ ਇਹ ਪੁਸਤਕ ਇਕ ਇਤਿਹਾਸਕ ਦਸਤਾਵੇਜ਼ ਵਾਂਗ ਕੰਮ ਆਏਗੀ। ਪੰਜਾਬ ਦੇ ਖੂਨ ਲਿੱਬੜੇ ਅਤੀਤ ਨੂੰ ਇਸ ਪੁਸਤਕ ਵਿਚੋਂ ਸਾਹ ਲੈਂਦੇ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਗੱਲ ਪੰਜਾਬੀ ਕਥਾਕਾਰੀ ਦੇ ਹੱਕ ਵਿਚ ਜਾਂਦੀ ਹੈ ਕਿ ਇਸ ਫ਼ਿਰਕੂ ਹਨ੍ਹੇਰੀ ਵਿਚ ਵੀ ਕਲਮਕਾਰਾਂ ਨੇ ਕਿਸੇ ਖਾਸ ਫ਼ਿਰਕੇ ਦੇ ਹੱਕ ਵਿਚ ਭੁਗਤਣ ਤੋਂ ਗੁਰੇਜ਼ ਕੀਤਾ ਹੈ। ਉਨ੍ਹਾਂ ਦੀ ਕਲਮ ਮਨੁੱਖੀ ਦਰਦ ਦੀ ਬਾਤ ਪਾਉਣ ਅਤੇ ਇਸ ਲਈ ਜ਼ਿੰਮੇਵਾਰ ਕਾਰਨਾਂ ਨੂੰ ਤਲਾਸ਼ਦਿਆਂ ਵੀ ਆਪਣਾ ਸੰਤੁਲਨ ਬਣਾਈ ਰੱਖਦੀ ਹੈ।

-ਪ੍ਰੋ: ਸੁਖਪਾਲ ਸਿੰਘ ਥਿੰਦ
ਮੋ: 98885-21960

ਸੁਪਨਦੇਸ਼ ਵੱਲ ਯਾਤਰਾ
ਲੇਖਕ : ਮਨਮੋਹਨ ਸਿੰਘ ਭਿੰਡਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 80.

'ਸੁਪਨਦੇਸ਼ ਵੱਲ ਯਾਤਰਾ' ਹੁਣ ਅਮਰੀਕਾ ਵਾਸੀ ਮਨਮੋਹਨ ਸਿੰਘ ਭਿੰਡਰ ਦੀ ਪਲੇਠੀ ਯਾਤਰਾ ਪੁਸਤਕ ਹੈ। ਇਹ ਦੂਸਰੇ ਸਫ਼ਰਨਾਮਿਆਂ ਨਾਲੋਂ ਵੱਖਰੀ ਕਿਸਮ ਤੇ ਵੱਖਰੀ ਸ਼ੈਲੀ ਵਿਚ ਲਿਖੀ ਗਈ ਪੁਸਤਕ ਹੈ। ਭਿੰਡਰ ਨੇ ਜਵਾਨੀ ਵਿਚ ਅਮਰੀਕਾ ਜਾਣ ਦਾ ਸੁਪਨਾ ਸਿਰਜਿਆ ਸੀ। ਆਪਣੇ ਸੁਪਨੇ ਦੀ ਪੂਰਤੀ ਲਈ ਉਹ ਯਤਨਸ਼ੀਲ ਹੁੰਦਾ ਹੈ। ਇਹ ਯਾਤਰਾ ਉਨ੍ਹਾਂ 2006 ਵਿਚ ਸ਼ੁਰੂ ਕੀਤੀ ਸੀ। ਪੈਰ-ਪੈਰ 'ਤੇ ਧੋਖਾ ਖਾਂਦੇ, ਮਿਹਨਤ ਦੀ ਕਮਾਈ ਲੁਟਾਉਂਦੇ, ਖੱਜਲ-ਖੁਆਰ ਹੁੰਦੇ ਤੇ ਦੁਸ਼ਵਾਰੀਆਂ ਝੱਲਦੇ ਆਖਰ ਇਹ ਪ੍ਰਦੇਸਾਂ ਵਿਚ ਕੈਦ ਕੱਟਣ ਲਈ ਮਜਬੂਰ ਹੁੰਦੇ ਹਨ। ਰਿਸ਼ਵਤਖੋਰਾਂ 'ਤੇ ਭ੍ਰਿਸ਼ਟ ਵਿਦੇਸ਼ੀ ਪੁਲਿਸ, ਇਮੀਗ੍ਰੇਸ਼ਨ ਅਧਿਕਾਰੀਆਂ ਤੇ ਏਜੰਟਾਂ ਦੀ ਮਿਲੀਭੁਗਤ ਨਾਲ ਇਹ ਜਾਨ ਬਚਾ ਕੇ ਆਪਣੇ ਮੁਲਕ ਭਾਰਤ ਵਾਪਸ ਮੁੜ ਆਉਂਦੇ ਹਨ। ਸੰਨ 2009 ਵਿਚ ਇਹ ਫਿਰ ਇਕ ਹੰਭਲਾ ਮਾਰਦੇ ਹਨ। ਇਸ ਵਾਰ ਸੁਪਨਾ ਪੂਰਾ ਕਰਨ ਦਾ ਸੌਦਾ 25 ਲੱਖ 'ਚ ਨਿਬੜਿਆ। ਇਸ ਵਾਰ ਵੀ ਉਨ੍ਹਾਂ ਦੇ ਅਨੁਭਵ ਭਾਵੇਂ ਪਹਿਲਾਂ ਵਰਗੇ ਹੀ ਸਨ ਪਰ ਇਸ ਵਾਰ ਸੰਘਰਸ਼ ਲੰਮਾ ਸੀ। ਇਹ ਹਿੰਮਤੀ ਨੌਜਵਾਨ ਆਖਰ ਆਪਣੇ ਸੁਪਨੇ ਦੀ ਮੰਜ਼ਿਲ 'ਤੇ ਪਹੁੰਚਣ ਵਿਚ ਕਾਮਯਾਬ ਹੋ ਹੀ ਜਾਂਦੇ ਹਨ।
ਇਸ ਸਫ਼ਰਨਾਮੇ ਵਿਚ ਲੰਮੀ ਕਹਾਣੀ ਜਿਹਾ ਬਿਰਤਾਂਤ ਹੈ ਤੇ ਭਰਪੂਰ ਕਥਾ ਰਸ ਦੀ ਪ੍ਰਾਪਤੀ ਹੁੰਦੀ ਹੈ। ਭ੍ਰਿਸ਼ਟਾਚਾਰ ਇਕੱਲੇ ਭਾਰਤ ਵਿਚ ਹੀ ਨਹੀਂ, ਦੂਸਰੇ ਮੁਲਕਾਂ ਵਿਚ ਪੂਰੀ ਤਰ੍ਹਾਂ ਵਿਆਪਤ ਹੈ। ਪ੍ਰਦੇਸ ਪਹੁੰਚਣ ਲਈ ਅੰਗਰੇਜ਼ੀ ਦੀ ਮੁਹਾਰਤ ਬਹੁਤ ਕੰਮ ਆਉਂਦੀ ਹੈ। ਗੁਰਦੁਆਰਿਆਂ ਤੇ ਪੰਜਾਬੀਆਂ ਦਾ ਹਰੇਕ ਮੁਲਕ 'ਚ ਹੋਣਾ ਪੰਜਾਬੀਆਂ ਦੇ ਸਾਹਸ ਤੇ ਜੋਖ਼ਮ ਦੀ ਭਾਵਨਾ ਨੂੰ ਦਰਸਾਉਂਦਾ ਹੈ। ਉਂਜ ਤਾਂ ਪੰਜਾਬੀ ਇਕ-ਦੂਸਰੇ ਦੇ ਦੁੱਖ 'ਚ ਭਾਈਵਾਲ ਬਣਦੇ ਹਨ ਪਰ ਕਿਤੇ-ਕਿਤੇ ਦਲੀਪ ਸਿਹੁੰ ਵਰਗੇ ਠੱਗ ਵੀ ਪੰਜਾਬੀਆਂ ਦੇ ਨਾਂਅ 'ਤੇ ਕਾਲਖ ਪੋਤਣ ਵਾਲੇ ਮਿਲ ਪੈਂਦੇ ਹਨ। ਸਫ਼ਰਨਾਮਾ ਰੌਚਕ ਹੈ।

-ਕੇ. ਐਲ. ਗਰਗ
ਮੋ: 94635-37050

ਹਰਫ਼ਾਂ ਦੀ ਪਰਵਾਜ਼
ਸ਼ਾਇਰ : ਗੁਰਨਾਮ ਗਿੱਲ
ਪ੍ਰਕਾਸ਼ਕ : ਤ੍ਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਮੁੱਲ :150 ਰੁਪਏ, ਸਫ਼ੇ : 104.

ਗੁਰਨਾਮ ਗਿੱਲ ਇਕ ਬਹੁਪੱਖੀ ਪਰਵਾਸੀ ਲੇਖਕ ਹੈ ਜਿਸ ਦੀਆਂ ਹੁਣ ਤਕ ਡੇਢ ਦਰਜਨ ਦੇ ਕਰੀਬ ਪੁਸਤਕਾਂ ਛਪ ਚੁੱਕੀਆਂ ਹਨ। ਇਸ ਦੇ ਬਾਵਜੂਦ ਗ਼ਜ਼ਲ ਉਸ ਨੇ ਤਰਜੀਹੀ ਤੌਰ 'ਤੇ ਲਿਖੀ ਹੈ। 'ਹਰਫ਼ਾਂ ਦੀ ਪਰਵਾਜ਼' ਵੀ ਉਸ ਦਾ ਨਿਰੋਲ ਗ਼ਜ਼ਲਾਂ ਦਾ ਸੰਗ੍ਰਹਿ ਹੈ ਜਿਸ ਵਿਚ ਉਸ ਦੀਆਂ ਪਚੰਨਵੇਂ ਗ਼ਜ਼ਲਾਂ ਤੇ ਕੁਝ ਪੰਨਿਆਂ 'ਤੇ ਫੁਟਕਲ ਸ਼ਿਅਰ ਸ਼ਾਮਿਲ ਹਨ। ਪੁਸਤਕ ਨੂੰ ਵਾਚਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਗਿੱਲ ਨੇ ਇਨ੍ਹਾਂ ਗ਼ਜ਼ਲਾਂ 'ਤੇ ਵਧੇਰੇ ਮਿਹਨਤ ਕੀਤੀ ਹੈ ਤੇ ਸ਼ਾਮਿਲ ਗ਼ਜ਼ਲਾਂ ਪਾਠਕ 'ਤੇ ਆਪਣਾ ਵਧੀਆ ਪ੍ਰਭਾਵ ਸਿਰਜਣ ਦੇ ਸਮਰੱਥ ਹਨ। ਉਸ ਦੇ ਕਾਫ਼ੀ ਸ਼ਿਅਰ ਅਜਿਹੇ ਹਨ ਜੋ ਸਹਿਜੇ ਜ਼ਬਾਨ 'ਤੇ ਚੜ੍ਹ ਜਾਂਦੇ ਹਨ। ਇਨ੍ਹਾਂ ਵਿਚ ਉਹ ਬੀਤੇ ਸਮੇਂ ਨੂੰ ਯਾਦ ਕਰਦਾ ਹੈ ਜਦੋਂ ਜ਼ਿਆਦਾਤਰ ਕੱਚੇ ਘਰ ਹੁੰਦੇ ਸਨ ਤੇ ਜ਼ਿੰਦਗੀ ਸੌਖੀ ਸੀ ਪਰ ਕੋਠੀਆਂ ਵਿਚ ਜੀਅ ਰਿਹਾ ਅੱਜ ਦਾ ਮਨੁੱਖ ਉਸ ਨੂੰ ਔਖਾ-ਔਖਾ ਜਾਪਦਾ ਹੈ ਜਿਸ 'ਚੋਂ ਪਿਆਰ ਮੁਹੱਬਤ ਉਡ-ਪੁਡ ਗਿਆ ਹੈ। ਉਹ ਕਹਿੰਦਾ ਹੈ ਰੁਜ਼ਗਾਰ ਖ਼ਾਤਿਰ ਹੀ ਪਰਾਈ ਧਰਤ ਨੂੰ ਅਪਣਾਉਣਾ ਪੈਂਦਾ ਹੈ ਵਰਨਾ ਆਪਣੀ ਮਾਤਭੂਮੀ ਨੂੰ ਕੌਣ ਛੱਡਦਾ ਹੈ। ਉਹ ਲੱਖਾਂ ਮਜਬੂਰੀਆਂ ਦੇ ਹੁੰਦੇ ਹੋਏ ਵੀ ਆਪਣੇ-ਆਪ ਨੂੰ ਬੇਵਸ ਨਹੀਂ ਸਮਝਦਾ ਤੇ ਬਿਨਾਂ ਖੰਭਾਂ ਤੋਂ ਵੀ ਅਸਮਾਨ ਵਿਚ ਉਡਣ ਦਾ ਜਜ਼ਬਾ ਰੱਖਦਾ ਹੈ। ਸ਼ਾਇਰ ਮਹਿਸੂਸ ਕਰਦਾ ਹੈ ਕਿ ਨਿੱਤ ਦਿਨ ਰੱਬ ਦੀ ਪੂਜਾ ਕਰਨ ਵਾਲੇ ਲੋਕ ਆਪਣੇ ਰੱਬ ਤੋਂ ਦੂਰ ਹੁੰਦੇ ਜਾ ਰਹੇ ਹਨ ਤੇ ਰੱਬ ਤਕ ਪਹੁੰਚਣ ਦਾ ਮਾਧਿਅਮ ਧਰਮ ਹੁਣ ਅਧਰਮ ਤੇ ਮਨੁੱਖੀ ਹੋਂਦ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਗ਼ਜ਼ਲ ਨਾਲ ਗਿੱਲ ਦਾ ਪਹਿਲ 'ਤੇ ਆਧਾਰਿਤ ਲਗਾਓ ਉਸ ਦੇ ਸ਼ਿਅਰਾਂ ਵਿਚ ਸਾਫ਼ ਝਲਕਦਾ ਹੈ ਤੇ ਉਹ ਗ਼ਜ਼ਲ ਨੂੰ ਇਬਾਦਤ ਵਜੋਂ ਲੈਂਦਾ ਹੈ। ਇਸ ਸੰਗ੍ਰਹਿ ਦੀਆਂ ਵਧੇਰੇ ਗ਼ਜ਼ਲਾਂ ਅਰੂਜ਼ੀ ਨਿਯਮਾਂ 'ਤੇ ਵੀ ਖ਼ਰੀਆਂ ਉਤਰਦੀਆਂ ਹਨ ਤੇ ਨਿਸਚੇ ਹੀ 'ਹਰਫ਼ਾਂ ਦੀ ਪਰਵਾਜ਼' ਸਵਾਗਤ ਦੇ ਕਾਬਿਲ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਕਮਲੀ ਯਾਰ ਮਲੰਗੜਾ ਲੋਚੇ
ਕਵੀ : ਮਾਨ ਸਿੰਘ ਬੈਦਵਾਣ
ਪ੍ਰਕਾਸ਼ਕ : ਪਰੰਪਰਾ ਪਬਲਿਸ਼ਿੰਗ ਹਾਊਸ, ਚੰਡੀਗੜ੍ਹ
ਮੁੱਲ : 140 ਰੁਪਏ, ਸਫ਼ੇ : 140.

ਮਾਨ ਸਿੰਘ ਬੈਦਵਾਣ ਦੀ ਇਹ ਪੁਸਤਕ ਮੁੱਖ ਤੌਰ 'ਤੇ ਵਾਰਿਸ ਸ਼ਾਹ, ਹਾਸ਼ਮ ਅਤੇ ਬੁੱਲ੍ਹੇਸ਼ਾਹ ਆਦਿ ਦੇ ਪ੍ਰਭਾਵ ਅਧੀਨ ਸਿਰਜੀ ਗਈ ਹੈ। ਕਵੀ ਨੇ ਆਪਣੀ ਛੋਟੀ ਉਮਰ ਵਿਚ ਹੀ ਇਨ੍ਹਾਂ ਕਵੀਆਂ ਬਾਰੇ ਡੂੰਘੀ ਸੂਝ ਪ੍ਰਾਪਤ ਕਰ ਲਈ ਪ੍ਰਤੀਤ ਹੁੰਦੀ ਹੈ। ਇਹ ਇਕ ਅਨੂਠਾ ਕਾਵਿ-ਸੰਗ੍ਰਹਿ ਹੈ, ਜੋ 18ਵੀਂ ਸਦੀ ਦੇ ਕਿੱਸਾ-ਕਾਵਿ ਅਤੇ ਸੂਫ਼ੀ-ਕਾਵਿ ਨੂੰ ਪੁਨਰ-ਸੁਰਜੀਤ ਕਰਨ ਦੇ ਆਹਰ ਵਿਚ ਹੈ। ਆਰੰਭ ਵਿਚ ਮੰਗਲਾਚਰਨ ਹੈ ਜਿਸ ਵਿਚ ਕਵੀ ਨੇ ਆਪਣੇ ਇਸ਼ਟ ਦੀ ਅਰਾਧਨਾ ਕੀਤੀ ਹੈ। ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿਚ ਕਵੀ ਨੇ ਵਾਰਿਸ ਸ਼ਾਹ ਅਤੇ ਭਾਗਭਰੀ ਦੇ ਪ੍ਰੇਮ-ਸਬੰਧਾਂ ਦਾ ਬਿਰਤਾਂਤ ਪੇਸ਼ ਕੀਤਾ ਹੈ। ਭਰਾਵਾਂ ਅਤੇ ਭਾਬੀਆਂ ਹੱਥੋਂ ਤੰਗ ਆ ਕੇ ਵਾਰਿਸ ਸ਼ਾਹ ਉਵੇਂ ਹੀ ਘਰ-ਬਾਰ ਤਿਆਗਦਾ ਹੈ ਜਿਵੇਂ ਕਿ ਉਸ ਦੁਆਰਾ ਰਚਿਤ ਹੀਰ ਦੇ ਕਿੱਸੇ ਵਿਚ ਰਾਂਝੇ ਨਾਲ ਵਾਪਰਦਾ ਹੈ। ਵਾਰਿਸ ਸ਼ਾਹ ਮਖਦੂਮ ਜਹਾਨੀਆਂ ਪਾਸੋਂ ਸਿੱਖਿਆ ਪ੍ਰਾਪਤ ਕਰਨ ਉਪਰੰਤ ਭਾਗਭਰੀ ਨਾਲ ਇਸ਼ਕ ਲੜਾ ਬਹਿੰਦਾ ਹੈ, ਜੋ ਅਸਫ਼ਲ ਰਹਿੰਦਾ ਹੈ। ਫਿਰ ਬੈਦਵਾਣ ਹੀਰ ਦਾ ਬਿਰਤਾਂਤ ਛੋਹ ਬਹਿੰਦਾ ਹੈ, ਜੋ ਝਨਾਂ ਦੇ ਮਿਲਾਪ ਤੋਂ ਬੇਲੇ 'ਚ ਭੱਤਾ ਲੈ ਜਾਣ 'ਤੇ ਸਮਾਪਤ ਹੁੰਦਾ ਹੈ। ਇਸ ਤੋਂ ਬਾਅਦ ਸਿਰਲੇਖਾਂ ਅਧੀਨ ਕਾਫ਼ੀਆਂ, ਕਲਾਮ, ਸ਼ਾਇਰ-ਤੱਥ ਸਾਰੀ ਪੁਸਤਕ ਦਾ ਸ਼ਿੰਗਾਰ ਬਣਦੇ ਹਨ। ਇਸ ਭਾਗ ਵਿਚ ਇਸ਼ਕ ਹਕੀਕੀ ਭਰਵੇਂ ਰੂਪ ਵਿਚ ਉਜਾਗਰ ਹੁੰਦਾ ਹੈ। ਸਾਰਿਆਂ ਧਰਮਾਂ ਦੇ ਗੁਰੂਆਂ, ਪੀਰਾਂ-ਪੈਗੰਬਰਾਂ, ਸਾਧਕਾਂ ਦੀਆਂ ਉਦਾਹਰਨਾਂ ਪੇਸ਼ ਕਰਕੇ ਇਹ ਲੋਕ ਦਾ ਪ੍ਰਲੋਕ ਨਾਲ ਰਿਸ਼ਤਾ ਗੰਢਿਆ ਗਿਆ ਹੈ। ਇਕ ਹਰੀ ਵਿਚ ਲਿਵ ਲਾ ਕੇ 'ਕਮਲੀ ਯਾਰ ਮਲੰਗੜਾ ਲੋਚ'ਦੀ ਹੈ। ਈਸ਼ਵਰ ਦੀ ਭਾਸ਼ਾ ਕੇਵਲ 'ਪ੍ਰੇਮ' ਦੱਸੀ ਗਈ ਹੈ। ਮਾਨ ਸਿੰਘ ਜਾਂ ਮਾਨਾਂ (ਨਾਂਅ, ਉਪ ਨਾਂਅ) ਦਾ ਪ੍ਰਯੋਗ ਕੀਤਾ ਗਿਆ ਹੈ। ਪੁਆਧੀ ਉਪ-ਭਾਸ਼ਾ ਦਾ ਨਿੱਠ ਕੇ ਪ੍ਰਯੋਗ ਉਪਲਬਧ ਹੈ। ਅਰਬੀ, ਫ਼ਾਰਸੀ ਦੀ ਅਧਿਕ ਸ਼ਬਦਾਵਲੀ ਪਾਠਕਾਂ ਲਈ ਕਠਿਨਾਈ ਪੇਸ਼ ਨਾ ਕਰੇ, ਇਸ ਲਈ ਫੁੱਟ-ਨੋਟਾਂ ਵਿਚ ਅਰਥ ਦਿੱਤੇ ਗਏ ਹਨ। ਆਧੁਨਿਕ-ਬੋਧ ਦੀ ਕਿਸੇ ਮਾਨਵੀ ਸਮੱਸਿਆ ਦਾ ਅਭਾਵ ਹੈ। ਨਾਮ ਸਿਮਰਨ ਅਤੇ ਪ੍ਰਭੂ ਨਾਲ ਇਕਮਿਕਤਾ ਦਾ ਸੰਦੇਸ਼ ਸਾਰੀ ਪੁਸਤਕ ਦੇ ਆਰ-ਪਾਰ ਫੈਲਿਆ ਹੋਇਆ ਹੈ। 21ਵੀਂ ਸਦੀ ਵਿਚ ਅਜਿਹਾ ਵਿਲੱਖਣ ਕਾਵਿ-ਸੰਗ੍ਰਹਿ ਆਪਣੀ ਮਿਸਾਲ ਆਪ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਜਲ ਤੂੰ ਜਲਾਲ ਤੂੰ
ਮੂਲ ਲੇਖਕ : ਪ੍ਰਬੋਧ ਕੁਮਾਰ ਗੋਵਿਲ
ਅਨੁਵਾਦਕ : ਜਗਦੀਸ਼ ਕੌਰ ਵਾਡੀਆ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 136.

ਹਿੰਦੀ ਲੇਖਕ ਪ੍ਰਬੋਧ ਕੁਮਾਰ ਗੋਵਿਲ ਦੇ ਇਸ ਨਾਵਲ ਨੂੰ ਜਗਦੀਸ਼ ਕੌਰ ਵਾਡੀਆ ਨੇ ਪੰਜਾਬੀ ਵਿਚ ਉਲਥਾਇਆ ਹੈ। ਜਿਵੇਂ ਕਿ ਨਾਵਲ ਦੇ ਸਿਰਲੇਖ ਤੋਂ ਪਤਾ ਲਗਦਾ ਹੈ ਕਿ ਇਸ ਵਿਚ ਪਾਣੀ ਦੀ ਅਥਾਹ ਸ਼ਕਤੀ ਨੂੰ ਦਰਸਾਇਆ ਗਿਆ ਹੈ। 'ਨਿਆਗਰਾ ਫ਼ਾਲਜ਼' ਅਮਰੀਕਾ, ਕੈਨੇਡਾ ਦਾ ਜਗਤ ਪ੍ਰਸਿੱਧ ਝਰਨਾ ਹੈ, ਜਿਸ ਦੀ ਆਕਾਸ਼ ਛੂੰਹਦੀ ਉਚਾਈ ਤੋਂ ਡਿਗਦੇ ਪਾਣੀ ਦੇ ਨਾਲ-ਨਾਲ ਉਪਰੋਂ ਵਹਿ ਕੇ ਹੇਠਾਂ ਆਉਣ ਦੀ ਮੁਹਿੰਮ ਵਿਚ ਕਈ ਸਾਹਸੀ ਲੋਕ ਆਪਣੀਆਂ ਕੀਮਤਾ ਜਾਨਾਂ ਗੁਆ ਚੁੱਕੇ ਹਨ। ਨਾਵਲ ਦੇ ਇਕ ਪਾਤਰ 'ਕਿੰਜਾਨ' ਦਾ ਬਚਪਨ ਤੋਂ ਹੀ ਵਗਦੇ ਪਾਣੀਆਂ ਨਾਲ ਅਠਖੇਲੀਆਂ ਕਰਨਾ ਸ਼ੌਕ ਰਿਹਾ ਹੈ। ਉਹ ਵੀ ਇਸ ਮੁਹਿੰਮ ਨੂੰ ਸਰ ਕਰਨ ਦਾ ਸੁਪਨਾ ਆਪਣੀਆਂ ਅੱਖਾਂ ਵਿਚ ਸਮੋਈ ਬੈਠਾ ਹੁੰਦਾ ਹੈ। ਉਹ ਨਿਆਗਰਾ ਫ਼ਾਲਜ਼ ਉਤੇ ਆਪਣੀ ਜਿੱਤ ਦਾ ਝੰਡਾ ਲਹਿਰਾਉਣ ਦੇ ਵਿਸ਼ਵਾਸ ਨਾਲ ਇਸ ਕੰਮ ਦੀ ਤਿਆਰੀ ਵਿਚ ਪੂਰੀ ਤਰ੍ਹਾਂ ਜੁਟ ਜਾਂਦਾ ਹੈ। ਪਰ ਉਸ ਦੀ ਮਾਂ 'ਰਸਬੀ' ਪੁੱਤਰ-ਮੋਹ ਕਾਰਨ ਇਸ ਦਾ ਵਿਰੋਧ ਕਰਦੀ ਹੈ। ਉਹ ਨਹੀਂ ਚਾਹੁੰਦੀ ਕਿ ਉਸ ਦਾ ਪੁੱਤਰ ਆਪਣੀ ਨਿਰਮੋਲ ਜ਼ਿੰਦਗੀ ਪਾਣੀਆਂ ਵਿਚ ਰੋਹੜ ਦੇਵੇ। ਉਧਰ ਆਪਣੀ ਧੁਨ ਦਾ ਪੱਕਾ ਕਿੰਜਨ ਪੂਰੀ ਲਗਨ ਤੇ ਯੋਜਨਾਬੱਧ ਢੰਗ ਨਾਲ ਆਪਣਾ ਸੁਪਨਾ ਸਾਕਾਰ ਕਰਨ ਦੀ ਕੋਸ਼ਿਸ਼ ਵਿਚ ਲੱਗਾ ਰਹਿੰਦਾ ਹੈ। ਮਾਂ ਰਸਬੀ ਆਪਣੇ ਭਰਾ ਦੀ ਸਹਾਇਤਾ ਨਾਲ ਪੁੱਤਰ ਦੀ ਇਸ ਮੁਹਿੰਮ ਨੂੰ ਅਸਫਲ ਕਰ ਦਿੰਦੀ ਹੈ। ਇਸ ਤਰ੍ਹਾਂ ਇਕ ਪਾਸੇ ਜੇਕਰ ਇਹ ਨਾਵਲ ਜੀਵਨ-ਮਾਰਗ 'ਤੇ ਚਲਣ ਦੀ ਪ੍ਰੇਰਨਾ ਦਿੰਦਾ ਹੈ ਤਾਂ ਦੂਜੇ ਪਾਸੇ ਮਾਂ ਦੀ ਮਮਤਾ ਨੂੰ ਵੀ ਦਰਸਾਉਂਦਾ ਹੈ। ਜਗਦੀਸ਼ ਕੌਰ ਵਾਡੀਆ ਨੇ ਇਸ ਨਾਵਲ ਦਾ ਅਨੁਵਾਦ ਏਨੀ ਸੁਚੱਜਤਾ ਨਾਲ ਕੀਤਾ ਹੈ ਕਿ ਅਨੁਵਾਦ ਨਾ ਹੋ ਕੇ ਇਹ ਮੌਲਿਕ ਰਚਨਾ ਜਾਪਦੀ ਹੈ।

-ਕੰਵਲਜੀਤ ਸਿੰਘ ਸੂਰੀ
ਮੋ: 93573-24241

17-1-2015

 ਕਾਲਾ ਪਾਣੀ ਲਾਲ ਸੂਰਜ
ਲੇਖਕ : ਹਿਮਾਂਸ਼ੂ ਜੋਸ਼ੀ
ਅਨੁਵਾਦਕ : ਚੰਦਨ ਨੇਗੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 295 ਰੁਪਏ, ਸਫ਼ੇ : 168.

ਹਿਮਾਂਸ਼ੂ ਜੋਸ਼ੀ ਨੇ ਆਪਣੀ ਇਸ ਪੁਸਤਕ ਵਿਚ ਅੰਡੇਮਾਨ ਦੀਪ ਸਮੂਹ ਦੇ ਪੋਰਟ ਬਲੇਅਰ ਵਿਚ ਬਣੀ ਸੈਲੂਲਰ ਜੇਲ੍ਹ ਵਿਚ 20ਵੀਂ ਸਦੀ ਦੇ ਪਹਿਲੇ ਅੱਧ ਵਿਚ ਕੈਦੀ ਰਹੇ। ਸੁਤੰਤਰਤਾ ਸੇਨਾਨੀਆਂ ਦੀ ਹਿਰਦੇਵੇਦਕ ਗਾਥਾ ਨੂੰ ਅੰਕਿਤ ਕੀਤਾ ਹੈ। 1857 ਈ: ਦੇ ਸੁਤੰਤਰਤਾ ਸੰਗਰਾਮ ਤੋਂ ਪਿੱਛੋਂ ਹੋਰ ਵੀ ਬਹੁਤ ਸਾਰੇ ਕੈਦੀਆਂ ਨੂੰ ਇਥੇ ਭੇਜਿਆ ਗਿਆ। ਪਹਿਲੇ ਪਹਿਲ ਇਨ੍ਹਾਂ ਕੈਦੀਆਂ ਨੂੰ ਖੁੱਲ੍ਹੇ ਵਾੜਿਆਂ ਵਿਚ ਪਸ਼ੂਆਂ ਵਾਂਗ ਰੱਖਿਆ ਜਾਂਦਾ ਸੀ ਪਰ 1905 ਈ: ਵਿਚ ਇਥੇ ਇਕ ਪੱਕੀ ਜੇਲ੍ਹ ਦਾ ਨਿਰਮਾਣ ਕਰ ਦਿੱਤਾ ਗਿਆ, ਜਿਸ ਨੂੰ ਸੈਲੂਲਰ ਜੇਲ੍ਹ ਦਾ ਨਾਂਅ ਦਿੱਤਾ ਗਿਆ। ਇਸ ਜੇਲ੍ਹ ਵਿਚ ਲਗਭਗ 800 ਕੈਦੀ ਰਹਿ ਸਕਦੇ ਸਨ। ਮਿ: ਬਾਰੀ ਨਾਂਅ ਦਾ ਇਕ ਆਇਰਿਸ਼ ਵਿਅਕਤੀ ਇਸ ਦਾ ਮੁੱਖ ਜੇਲਰ ਸੀ। ਉਹ ਕੈਦੀਆਂ ਉੱਪਰ ਅਣਮਨੁੱਖੀ ਜ਼ੁਲਮ ਕਰਨ ਲਈ ਬੇਹੱਦ ਬਦਨਾਮ ਸੀ। ਗਦਰ ਲਹਿਰ ਅਤੇ ਉਸ ਤੋਂ ਬਾਅਦ ਪੈਦਾ ਹੋਈਆਂ ਕਈ ਸੁਤੰਤਰਤਾ ਲਹਿਰਾਂ ਵਿਚ ਜਿਨ੍ਹਾਂ ਦੇਸ਼ ਭਗਤਾਂ ਨੂੰ ਕਾਲੇ ਪਾਣੀ ਦੀ ਇਸ ਜੇਲ੍ਹ ਵਿਚ ਭੇਜਿਆ ਜਾਂਦਾ ਸੀ, ਉਨ੍ਹਾਂ ਵਿਚ ਬਹੁਤੇ ਤਾਂ ਮਿ: ਬਾਰੀ ਦੇ ਜ਼ੁਲਮਾਂ ਸਦਕਾ ਦਮ ਤੋੜ ਜਾਂਦੇ ਸਨ।
ਹਿਮਾਂਸ਼ੂ ਜੋਸ਼ੀ ਨੇ 1997 ਈ: ਵਿਚ ਅੰਡੇਮਾਨ ਟਾਪੂਆਂ ਵਿਚ ਬਣੀ ਸੈਲੂਲਰ ਜੇਲ੍ਹ ਅਤੇ ਇਥੋਂ ਦੇ ਹੋਰ ਬਹੁਤ ਸਾਰੇ ਯਾਤਨਾ-ਸ਼ਿਵਰਾਂ ਦੀ ਯਾਤਰਾ ਕੀਤੀ, ਜਿਨ੍ਹਾਂ ਵਿਚ ਅੰਗਰੇਜ਼ ਅਤੇ ਜਾਪਾਨੀ ਸ਼ਾਸਕਾਂ ਨੇ ਭਾਰਤੀ ਦੇਸ਼ ਭਗਤਾਂ ਉਪਰ ਬੇਪਨਾਹ ਜ਼ੁਲਮ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਸੀ। ਇਨ੍ਹਾਂ ਦੇਸ਼ ਭਗਤਾਂ ਵਿਚ ਬਾਬਾ ਪ੍ਰਿਥਵੀ ਸਿੰਘ ਆਜ਼ਾਦ, ਸਾਵਰਕਰ ਬੰਧੂ, ਪੰਡਿਤ ਪਰਮਾਨੰਦ ਝਾਂਸੀ, ਸ਼ਚੀਂਦਰ ਨਾਥ ਸਾਨਿਆਲ, ਭਾਈ ਪਰਮਾਨੰਦ, ਬਾਰਿੰਦਰ ਘੋਸ਼, ਮਹਾਂਵੀਰ ਸਿੰਘ, ਜੋਗੇਸ਼ ਚੰਦਰ ਚੈਟਰਜੀ, ਇੰਦੂ ਭੂਸ਼ਨ, ਬਾਬਾ ਭਾਨ ਸਿੰਘ ਅਤੇ ਡਾ: ਦੀਵਾਨ ਸਿੰਘ ਕਾਲੇ ਪਾਣੀ ਆਦਿਕ ਨਾਂਅ ਉਲੇਖਯੋਗ ਹਨ। ਕਾਲੇਪਾਣੀਆਂ ਵਿਚ ਬਣੀ ਇਸ ਜੇਲ੍ਹ ਵਿਚ ਕੈਦੀਆਂ ਉੱਪਰ ਹੋਣ ਵਾਲੇ ਜ਼ੁਲਮਾਂ ਸਬੰਧੀ ਸ਼ਹੀਦੇ ਆਜ਼ਮ ਸ: ਭਗਤ ਸਿੰਘ ਨੇ ਠੀਕ ਹੀ ਕਿਹਾ ਸੀ ਕਿ ਫਾਂਸੀ ਉੱਪਰ ਝੂਲ ਜਾਣਾ ਤਾਂ ਕਾਫੀ ਸੌਖਾ ਹੈ। ਸੈਲੂਲਰ ਜੇਲ੍ਹ ਵਿਚ ਬੰਦੇ ਨੂੰ ਕਈ-ਕਈ ਸਾਲ ਤਿਲ-ਤਿਲ ਕਰਕੇ ਮਰਨਾ ਪੈਂਦਾ ਹੈ। ਉਨ੍ਹਾਂ ਦੀ ਵੀਰਤਾ ਵਧੇਰੇ ਮਹਾਨ ਹੈ। ਹਿਮਾਂਸ਼ੂ ਜੋਸ਼ੀ ਦੁਆਰਾ ਲਿਖੀ ਇਸ ਪੁਸਤਕ ਨੂੰ ਪੰਜਾਬੀ ਦੀ ਪ੍ਰਮੁੱਖ ਗਲਪਕਾਰਾ ਸ੍ਰੀਮਤੀ ਚੰਦਨ ਨੇਗੀ ਨੇ ਬਹੁਤ ਸੁਚੱਜੇ ਢੰਗ ਨਾਲ ਪੰਜਾਬੀ ਵਿਚ ਅਨੁਵਾਦ ਕੀਤਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਦਾਮਿਨੀ
ਕਵੀ : ਡਾ: ਧਰਮ ਚੰਦ ਵਾਤਿਸ਼
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 136.

ਇਹ ਨਜ਼ਮਾਂ, ਗੀਤਾਂ ਅਤੇ ਗ਼ਜ਼ਲਾਂ ਦਾ ਖੂਬਸੂਰਤ ਸੰਗ੍ਰਹਿ ਨਾਰੀ ਚੇਤਨਾ ਨੂੰ ਸਮਰਪਿਤ ਹੈ। ਦਾਮਿਨੀ ਅਸਮਾਨੀ ਬਿਜਲੀ ਨੂੰ ਕਿਹਾ ਜਾਂਦਾ ਹੈ। ਜਦੋਂ ਕੰਸ ਵਰਗੇ ਹਤਿਆਰੇ ਮਾਮੇ ਨੇ ਆਪਣੀ ਭੈਣ ਦੇਵਕੀ ਦੇ ਬੱਚਿਆਂ ਨੂੰ ਜੰਮਦਿਆਂ ਹੀ ਪੱਥਰ ਨਾਲ ਪਟਕਾ-ਪਟਕਾ ਕੇ ਮਾਰ ਦਿੱਤਾ ਤਾਂ ਇਕ ਨਵ ਜਨਮੀ ਬੱਚੀ ਨੇ ਉਹਦੇ ਹੱਥੋਂ ਨਿਕਲ ਕੇ ਬਿਜਲੀ ਦਾ ਰੂਪ ਧਾਰ ਲਿਆ। ਜਦੋਂ ਜ਼ੁਲਮ ਦੀ ਅਤਿ ਹੋ ਜਾਂਦੀ ਹੈ ਤਾਂ ਨਾਰੀ ਸ਼ਕਤੀ ਅਸਮਾਨੀ ਬਿਜਲੀ ਵਾਂਗ ਕੜਕਦੀ ਹੈ। ਅਜੋਕੀ ਦਾਮਿਨੀ ਦਿੱਲੀ ਦੀ ਉਹ ਅਭਾਗੀ ਕੰਨਿਆ ਹੈ, ਜਿਸ ਨੂੰ 16 ਦਸੰਬਰ, 2012 ਨੂੰ ਇਨਸਾਨੀ ਦਰਿੰਦਿਆਂ ਨੇ ਨੋਚ ਲਿਆ। ਕਵੀ ਸੰਵੇਦਨਾ ਅਤੇ ਦਰਦ ਵਿਚ ਭਰ ਕੇ ਕੁਰਲਾ ਉੱਠਦਾ ਹੈ-
ਬਾਰ੍ਹਵੇਂ ਵਰ੍ਹੇ ਦੇ ਅੰਤ ਤੇ
ਹੋਈ ਹੈ ਤੇਰੇ ਨਾਲ ਜੱਗੋ-ਤੇਰ੍ਹਵੀਂ
ਨਿਰਾਸ਼ਾ ਦੀ ਕਾਲੀ ਘਟਾ ਵਿਚ ਤੇਰਾ
ਲਿਸ਼ਕਣਾ ਵੀ ਤੈਅ ਹੈ
ਕੜਕਣਾ ਵੀ ਤੈਅ ਹੈ
ਦਰਿੰਦਿਆਂ ਦਾ ਖ਼ਾਤਮਾ ਵੀ ਤੈਅ ਹੈ
ਗੀਤਾਂ ਤੇ ਗ਼ਜ਼ਲਾਂ ਦੀਆਂ ਕੁਝ ਵਨਗੀਆਂ ਪੇਸ਼ ਹਨ-
ਦਿਲ ਮਾਹੀ ਦੀ ਝੀਲ ਵਿਚ ਖੋਇਆ,
ਪਾਣੀ ਨੂੰ ਰਤਾ ਟਿਕ ਲੈਣ ਦੇ।
ਇਹਨੂੰ ਡਿੱਗਿਆਂ ਘੜੀ ਕੁ ਪਲ ਹੋਇਆ,
ਪਾਣੀ ਨੂੰ ਰਤਾ ਟਿਕ ਲੈਣ ਦੇ।
-ਮੇਰੇ ਮਨ ਦੀ ਭੂਮੀ ਤੇ ਅੱਜ ਵੱਤਰ ਭਾਰੂ ਹੈ।
ਬੂਟਾ ਬਣ ਕੇ ਉੱਗਣ ਲਈ ਹਰ ਅੱਖਰ ਭਾਰੂ ਹੈ।
-ਮੇਰੀ ਕਥਾ ਦਾ ਇਕੋ ਇਕ ਹੁੰਗਾਰਾ ਤੂੰ।
ਦੁਨੀਆ ਨਾਲੋਂ ਵੱਖਰਾ ਬੜਾ ਨਿਆਰਾ ਤੂੰ।
ਇਹ ਸ਼ਾਇਰੀ ਪੜ੍ਹਨਯੋਗ ਅਤੇ ਮਾਣਨਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਜਿਊਂਦੇ ਜੀ ਰੰਡੇਪਾ
ਲੇਖਕ : ਮੇਹਰ ਮਲਿਕ
ਪ੍ਰਕਾਸ਼ਕ : ਮਲਿਕ ਪਬਲੀਕੇਸ਼ਨ, ਜਲੰਧਰ
ਮੁੱਲ : 240 ਰੁਪਏ, ਸਫ਼ੇ : 160.

ਮੇਹਰ ਮਲਿਕ ਦਾ ਇਹ ਕਹਾਣੀ-ਸੰਗ੍ਰਹਿ : ਭਾਵੇਂ ਉਸ ਦੀ ਪਹਿਲੀ ਰਚਨਾ ਹੈ, ਪਰ ਇਨ੍ਹਾਂ ਕਹਾਣੀਆਂ ਦੇ ਪਾਠ ਕਰਨ ਉਪਰੰਤ ਅਨੁਭਵ ਹੁੰਦਾ ਹੈ ਕਿ ਕਹਾਣੀਆਂ ਜਿਵੇਂ ਉਸ ਦੀਆਂ ਹੱਡ-ਬੀਤੀਆਂ ਹੋਣ : ਜਿਨ੍ਹਾਂ ਨੂੰ ਉਸ ਨੇ ਜੱਗ ਬੀਤੀਆਂ ਬਣਾ ਕੇ ਪੇਸ਼ ਕੀਤਾ ਹੈ। ਇਨ੍ਹਾਂ ਨੂੰ ਵਿਸਥਾਰਮਈ ਸ਼ੈਲੀ ਵਿਚ ਕਥਦਿਆਂ, ਉਸ ਨੇ ਅਜਿਹੇ ਤੱਥ ਸਾਡੇ ਸਾਹਮਣੇ ਲਿਆਂਦੇ ਹਨ, ਜਿਨ੍ਹਾਂ ਕਾਰਨ ਅੱਜ ਦਾ ਜੀਵਨ, ਸਮੱਸਿਆ-ਗ੍ਰਸਿਆ ਹੈ, ਜਿਨ੍ਹਾਂ ਕਾਰਨ ਅੱਜ ਦੇ ਸਮਾਜ ਵਿਚ ਮਰਦ ਤੇ ਔਰਤ ਵਿਚਕਾਰ ਤਣਾਅਗ੍ਰਸਤ ਫਾਸਲੇ ਵਧਦੇ ਹਨ। ਇਨ੍ਹਾਂ ਕਹਾਣੀਆਂ ਵਿਚਲਾ ਮਾਹੌਲ ਸਾਡੇ ਸਮਾਜਿਕ-ਯਥਾਰਥ ਦੀ ਕਹਾਣੀ ਕਹਿੰਦਾ ਹੈ। ਕਹਾਣੀਆਂ ਕਥਨ ਲਹਿਜੇ ਵਿਚ ਹਨ। ਵਿਸਥਾਰਮਈ ਜਾਪਦੀਆਂ ਹਨ ਪ੍ਰੰਤੂ ਰੌਚਿਕਤਾ ਬਣਾਈ ਰੱਖੀ ਹੈ। ਅੱਗੋਂ ਜਾਨਣ ਦੀ ਤਾਂਘ ਬਣੀ ਰਹਿੰਦੀ ਹੈ। ਹਰ ਕਹਾਣੀ ਵਿਚ ਗੱਲਾਂ 'ਚੋਂ ਗੱਲਾਂ ਨਿਕਲਦੀਆਂ, ਪਾਤਰ ਨਹੀਂ ਬੋਲਦੇ, ਜਿਵੇਂ ਕਹਾਣੀਕਾਰ ਪਾਤਰਾਂ ਦੇ ਮੂੰਹ ਵਿਚ ਵਾਰਤਾਲਾਪ ਪਾਉਂਦਾ ਹੈ। ਬੀਤੇ ਦੀਆਂ ਕਹਾਣੀਆਂ ਯਾਦਾਂ, ਸੁਣਾਉਂਦਾ-ਸੁਣਾਉਂਦਾ, ਕਹਾਣੀਕਾਰ ਆਪਣੀ 'ਫਲਸਫਾ' ਬਿਆਨ ਕਰਦਾ ਹੈ। ਕਈ ਕਹਾਣੀਆਂ ਸੱਚੀਆਂ ਵਾਪਰੀਆਂ ਘਟਨਾਵਾਂ, ਅਖ਼ਬਾਰੀ ਖ਼ਬਰਾਂ ਨੂੰ ਆਧਾਰ ਬਣਾ ਕੇ ਉਸਾਰੀਆਂ ਗਈਆਂ ਹਨ, ਗੋਦ ਲਏ ਪੁੱਤ ਦੀ ਦਾਸਤਾਨ, ਬਾਪੂ ਵਰਿਆ ਮਾ ਫਿਜ਼ਾ ਹੁੰਦਾ ਸੀ ਜਾਂ ਮੁਸਲਮਾਨ, ਕਰਮੂ ਦਾ ਵਿਆਹ ਸਾਲੀਆਂ ਤੋਂ ਕੁਕੜ ਆਦਿ॥ ਅਨੇਕਾਂ ਕਹਾਣੀਆਂ ਅੱਖੀਂ ਦੇਖੀਆਂ ਜਾਂ ਸਾਹਮਣੇ ਵਾਪਰੀਆਂ, ਕਥੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਵਿਚ ਕਥਾਕਾਰ ਆਪਣੇ ਵਿਚਾਰ ਮੱਲੋ ਮੱਲੀ ਪੇਸ਼ ਕਰਦਾ ਜਾਪਦਾ ਹੈ।
ਸਮੁੱਚੇ ਤੌਰ 'ਤੇ ਲੇਖਕ ਦੇ ਕਹਾਣੀ ਲੇਖਣ ਦੇ ਜੋ ਮੁੱਦੇ ਹਨ, ਉਨ੍ਹਾਂ ਲਈ ਉਹ ਆਪਣਾ ਦ੍ਰਿਸ਼ਟੀਕੋਣ ਪਾਠਕਾਂ ਤੱਕ ਸੰਗਠਨ ਵਿਚ ਸਫ਼ਲ ਹੈ। ਲੇਖਕ, ਮਾਨਵਵਾਦੀ ਸੋਚ ਦਾ ਸਮਰਥਕ ਹੈ।
ਪਾਠਕ ਇਨ੍ਹਾਂ ਕਹਾਣੀਆਂ ਰਾਹੀਂ ਸੰਚਾਰੇ ਸੁਨੇਹੜਿਆਂ ਨੂੰ ਸੁਣ ਕੇ ਜੇਕਰ ਅਜੋਕੇ ਮਾਨਵੀ-ਸਮਾਜ ਦੀਆਂ ਸਮੱਸਿਆਵਾਂ ਨੂੰ ਸੁਲਝਾ ਸਕਣ ਤੇ ਆਪਣੇ ਅੰਦਰ ਨਵੀਂ ਸੋਚ ਸਿਰਜਣ ਤਾਂ ਇਨ੍ਹਾਂ ਕਹਾਣੀਆਂ ਦੇ ਪ੍ਰਕਾਸ਼ਨ ਦਾ ਉਦੇਸ਼ ਸਫਲ ਕਿਹਾ ਜਾ ਸਕਦਾ ਹੈ।

-ਡਾ: ਅਮਰ ਕੋਮਲ
ਮੋ: 08437873565

ਪਰਤਾਂ 'ਚ ਜਿਊਂਦਾ ਆਦਮੀ
ਬਲਬੀਰ ਪਰਵਾਨਾ ਦੀ ਚੋਣਵੀਂ ਕਵਿਤਾ
ਸੰਪਾਦਕ : ਰਾਜਪਾਲ ਸਿੰਘ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ
ਮੁੱਲ : 80 ਰੁਪਏ, ਸਫ਼ੇ : 103.

ਬਲਬੀਰ ਪਰਵਾਨਾ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਨਿਰੰਤਰ ਸਾਧਨਾ-ਰਤ ਹੈ। ਅਨੇਕ ਮੌਲਿਕ ਕਾਵਿ ਪੁਸਤਕਾਂ, ਨਾਵਲ, ਕਹਾਣੀਆਂ ਦੇ ਨਾਲ ਅਨੁਵਾਦ ਪੁਸਤਕਾਂ ਉਸ ਦੇ ਨਿਰੰਤਰ ਕਾਰਜਸ਼ੀਲ ਰਹਿਣ ਦੀ ਗਵਾਹੀ ਭਰਦੀਆਂ ਹਨ। 'ਪਰਤਾਂ' 'ਚ ਜਿਊਂਦਾ ਆਦਮੀ ਬਲਬੀਰ ਪਰਵਾਨਾ ਦਾ ਨਵਾਂ ਕਾਵਿ ਸੰਗ੍ਰਹਿ ਹੈ, ਜਿਸ ਵਿਚ ਰਾਜਪਾਲ ਸਿੰਘ ਨੇ ਉਸ ਦੀ ਚੋਣਵੀਂ ਕਵਿਤਾ ਨੂੰ ਸੰਕਲਿਤ ਕਰਨ ਦਾ ਸ਼ਲਾਘਾਯੋਗ ਉਦਮ ਕੀਤਾ ਹੈ।
ਇਸ ਸੰਗ੍ਰਹਿ ਦੀ ਮੁਢਲੀ ਕਵਿਤਾ ਵਿਚ ਬਲਬੀਰ ਆਪਣੀ ਕਵਿਤਾ ਸਬੰਧੀ ਤੇ ਕਾਵਿ ਸਿਰਜਣਾ ਸਬੰਧੀ ਇਸ਼ਾਰਾ ਕਰਦਾ ਹੈ
ਕਵਿਤਾ ਸਿਰਫ ਸ਼ਬਦਾਂ ਦੀ ਹੀ
ਬਣੀ ਹੋਈ ਨਹੀਂ ਹੁੰਦੀ
ਜ਼ਿੰਦਗੀ ਦੇ ਕੁਝ ਖੌਲਦੇ ਨਕਸ਼
ਧੁੱਪ ਦੇ ਸੇਕ ਜਿਹਾ ਕੁਝ ਮੱਚਦਾ
ਕੁਝ ਅਜਿਹਾ ਹੁੰਦਾ ਹੈ
ਸ਼ਬਦਾਂ ਦੇ ਪਿਛੋਕੜ 'ਚ
ਤੇ ਇਹ ਸਾਰਾ ਕੁਝ ਮਿਲ ਕੇ ਕਵਿਤਾ ਬਣਦਾ ਹੈ।
ਇਨ੍ਹਾਂ ਸੱਤਰਾਂ ਦੀ ਰੌਸ਼ਨੀ ਵਿਚ ਜਦੋਂ ਅਸੀਂ ਇਸ ਸੰਗ੍ਰਹਿ ਦੀ ਸਮੁੱਚੀ ਕਵਿਤਾ ਵਿਚੋਂ ਵਿਚਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਕਵਿਤਾ ਬਲਬੀਰ ਪਰਵਾਨਾ ਲਈ ਕੋਈ ਵਕਤੀ ਸ਼ੁਗਲ ਜਾਂ ਫੋਕੀ ਵਾਹ-ਵਾਹ ਖੱਟਣ ਦਾ ਵਸੀਲਾ ਨਹੀਂ ਸਗੋਂ ਸਚਮੁੱਚ ਉਸ ਲਈ ਕਵਿਤਾ ਬੇਚੈਨ ਕਰਨ ਵਾਲੇ ਜੀਵਨ ਵਰਤਾਰਿਆਂ ਨਾਲ ਦਸਤਪੰਜਾ ਲੈਣ ਦਾ ਮਾਧਿਅਮ ਹੈ। ਕਵਿਤਾ ਸਿਰਫ ਫੁੱਲਾਂ ਦੀ ਛੋਹ ਦੇ ਸਪਰਸ਼ ਨੂੰ ਪ੍ਰਗਟਾਉਣ ਦਾ ਜ਼ਰੀਆ ਨਹੀਂ ਸਗੋਂ ਇਹ ਕੱਚ ਦੇ ਟੁਕੜਿਆਂ ਵਾਂਗ ਚੁੱਭਦੇ ਲਫ਼ਜ਼ਾਂ ਤੇ ਸਿੰਮਦੇ ਲਹੂ ਦੀ ਪੇਸ਼ਕਾਰੀ ਵੀ ਹੁੰਦੀ ਹੈ। ਰੀਂਘ-ਰੀਂਘ ਮਰਨ ਨਾਲੋਂ ਬਲਬੀਰ ਪਰਵਾਨਾ ਦੀ ਕਵਿਤਾ ਵਿਚਲਾ ਮਨੁੱਖ ਇਕ-ਇਕ ਪਲ ਨੂੰ ਜਿਊਣ ਤੇ ਮਾਨਣ ਵਿਚ ਵਿਸ਼ਵਾਸ ਕਰਦਾ ਹੈ
ਮੈਂ ਕਦੇ ਨਹੀਂ ਚਾਹਿਆ
ਰੀਂਘ ਰੀਂਘ ਕੇ ਮਰਨਾ
ਖੜਸੁੱਕ ਰੁੱਖਾਂ ਦੇ ਵਾਂਗ
- - - - - - - -
ਮੈਂ ਇਕ ਇਕ ਪਲ ਜੀਵਿਆ ਹਾਂ
ਤੇ ਜਿਊਂਦੇ ਪਲ ਕਦੇ ਮਰਦੇ ਨਹੀਂ ਹੁੰਦੇ...
ਬਲਬੀਰ ਪਰਵਾਨਾ ਦੇ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਜੀਵਨ ਦੇ ਵਿਭਿੰਨ ਵਸਤੂ ਵਰਤਾਰਿਆਂ 'ਤੇ ਆਪਣੀ ਦ੍ਰਿਸ਼ਟੀ ਕੇਂਦਰਿਤ ਕਰਦੀਆਂ ਹਨ। ਪਰ ਇਨ੍ਹਾਂ ਕਵਿਤਾਵਾਂ ਦੀ ਮੂਲ ਸੁਰ ਆਮ ਸਾਧਾਰਨ ਆਦਮੀ ਦੇ ਆਧੁਨਿਕਤਾ ਦੀ ਅੰਨ੍ਹੀ ਦੌੜ ਵਿਚ ਪਿਸਣ ਦੀ ਗਾਥਾ ਦਾ ਮਾਰਮਿਕ ਬਿਆਨ ਹੈ। ਪਰ ਹਾਲਾਤ ਦੇ ਪੁੜਾਂ ਵਿਚ ਪਿਸ ਰਿਹਾ ਇਹ ਮਨੁੱਖ ਕਿਤੇ ਵੀ ਹਾਰਦਾ, ਡਿੱਗਦਾ, ਢਹਿੰਦਾ ਮਹਿਸੂਸ ਨਹੀਂ ਹੁੰਦਾ, ਸਗੋਂ ਉਹ ਜੀਵਨ ਦੇ ਨਿਰੰਤਰ ਸੰਘਰਸ਼ ਵਿਚ ਅੰਤ ਤੱਕ ਆਪਣਾ ਯਕੀਨ ਬਰਕਰਾਰ ਰੱਖਦਾ ਹੈ।
ਹੁਣ ਹਰ ਪਾਸੇ ਥਲ ਹੈ
ਸੇਕ ਹੈ ਤਪਸ਼ ਹੈ ਉਜਾੜ ਹੈ
ਤੇ ਇਸ ਦੇ ਰੂਬਰੂ ਬਣਾ ਲਿਆ ਹੈ ਸ਼ੌਕ
ਕਿ ਤੁਰਨਾ ਹੀ ਪੈਣਾ ਜੇ
ਮੁਸਕਰਾ ਕੇ ਪੁੱਟਿਆ ਜਾਵੇ
ਕਿਉਂ ਨਾ ਹਰ ਕਦਮ...
ਇਸ ਤਰ੍ਹਾਂ ਦੀ ਹਾਂ-ਪੱਖੀ ਸੋਚ ਨੂੰ ਪਰਣਾਈ ਕਵਿਤਾ ਹੀ ਬਲਬੀਰ ਪਰਵਾਨਾ ਦੀ ਸ਼ਾਇਰੀ ਦਾ ਹਾਸਲ ਹੈ।

-ਡਾ: ਅਮਰਜੀਤ ਸਿੰਘ ਕੌਂਕੇ

ਪੰਜਾਬੀ ਲੋਕਯਾਨ, ਸੱਭਿਆਚਾਰ, ਭਾਸ਼ਾ ਤੇ ਸਾਹਿਤ
ਸੰਪਾਦਕ : ਡਾ: ਗੁਰਵਿੰਦਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 264.

ਵਣਜਾਰਾ ਬੇਦੀ ਅਤੇ ਕਰਨੈਲ ਸਿੰਘ ਥਿੰਦ ਪੰਜਾਬੀ ਲੋਕ ਸਾਹਿਤ ਦੇ ਮੋਢੀ ਹਨ। ਡਾ: ਥਿੰਦ ਲੰਮੇ ਅਰਸੇ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਅਧਿਆਪਕ ਨਾਲ ਜੁੜਿਆ ਰਿਹਾ ਹੈ। ਇਸ ਦੌਰਾਨ ਸਮੇਂ-ਸਮੇਂ ਉਸ ਨੇ ਕਈ ਮਹੱਤਵਪੂਰਨ ਖੋਜ ਪੱਤਰ ਲਿਖੇ। ਲੇਖਕਾਂ, ਆਲੋਚਕਾਂ ਤੇ ਪੁਸਤਕਾਂ ਬਾਰੇ ਨਿਬੰਧ ਲਿਖੇ। ਪਰਸ਼ੀਅਨ ਲਿਪੀ ਉਤੇ ਮਹਾਰਤ ਕਾਰਨ ਉਸ ਨੇ ਪਾਕਿਸਤਾਨ ਵਿਚ ਲਿਖੇ ਗਏ ਪੰਜਾਬੀ ਸਾਹਿਤ ਬਾਰੇ ਵੀ ਪ੍ਰਾਥਮਿਕ ਸੋਮਿਆਂ ਦੇ ਆਧਾਰ 'ਤੇ ਮੁੱਲਵਾਨ ਨਿਬੰਧ ਲਿਖੇ। ਭਾਵੇਂ ਉਸ ਦੀਆਂ ਲਿਖਤਾਂ ਡੇਢ ਦਰਜਨ ਦੇ ਕਰੀਬ ਮੌਲਿਕ ਤੇ ਸੰਪਾਦਿਤ ਪੁਸਤਕਾਂ ਵਿਚ ਪ੍ਰਾਪਤ ਹਨ ਪ੍ਰੰਤੂ ਫਿਰ ਵੀ ਬਹੁਤ ਸਾਰੇ ਮਹੱਤਵਪੂਰਨ ਨਿਬੱਧ ਇਨ੍ਹਾਂ ਤੋਂ ਬਾਹਰ ਬਿਖਰੇ ਰੂਪ ਵਿਚ ਪ੍ਰਾਪਤ ਸਨ। ਡਾ: ਥਿੰਦ ਦੇ ਸ਼ਾਗਿਰਦ ਡਾ: ਗੁਰਵਿੰਦਰ ਸਿੰਘ ਨੇ ਬੜੀ ਮਿਹਨਤ ਨਾਲ ਇਹ ਬਿਖਰੇ ਹੋਏ ਮੋਤੀ ਚਾਗੇ ਤੇ ਸੰਭਾਲੇ ਹਨ ਇਸ ਪੁਸਤਕ ਵਿਚ. ਵਿਦਿਆਰਥੀਆਂ, ਵਿਦਵਾਨਾਂ ਤੇ ਖੋਜੀਆਂ ਲਈ ਇਸ ਯਤਨ ਦੀ ਉਪਯੋਗਤਾ ਨਿਰਸੰਦੇਹ ਬਹੁਤ ਜ਼ਿਆਦਾ ਹੈ। ਇਸ ਸੰਪਾਦਿਤ ਪੁਸਤਕ ਵਿਚ ਪੰਜਾਬ ਦੇ ਇਤਿਹਾਸਕ, ਸਮਾਜਿਕ, ਸੱਭਿਆਚਾਰਕ ਪਿਛੋਕੜ, ਪੰਜਾਬੀ ਸੱਭਿਆਚਾਰ ਨੂੰ ਦਰਪੇਸ਼ ਵੰਗਾਰਾਂ, ਇਸ ਦੇ ਸਿਧਾਂਤਕ ਆਧਾਰ, ਅਧਿਐਨ ਅਧਿਆਪਨ, ਗੁਰਬਖਸ਼ ਸਿੰਘ, ਪ੍ਰੋ: ਪਿਆਰ ਸਿੰਘ, ਪ੍ਰੋ: ਪ੍ਰੀਤਮ ਸਿੰਘ, ਨਜਮ ਹੁਸੈਨ ਸਯਦ ਤੇ ਵਣਜਾਰਾ ਬੇਦੀ ਬਾਰੇ ਨਿਬੰਧ ਹਨ। ਪਾਕਿਸਤਾਨੀ ਲੇਖਕਾ ਨਜ਼ੀਰ ਕਹੂਟ ਤੇ ਜ਼ਾਹਿਦ ਇਕਬਾਲ ਦੀਆਂ ਲਿਖਤਾਂ ਦਾ ਵਿਸ਼ਲੇਸ਼ਣ ਹੈ। ਇਧਰਲੇ ਪੰਜਾਬ ਵਿਚੋਂ ਡਾ: ਨਾਹਰ ਸਿੰਘ ਗਿਆਨੀ ਗੁਰਦਿੱਤ ਸਿੰਘ ਦਵਿੰਦਰ ਸਤਿਆਰਥੀ ਤੇ ਹਰਭਜਨ ਸਿੰਘ ਭਾਟੀਆ ਦੀਆਂ ਲਿਖਤਾਂ ਦੀ ਵਿਸਤ੍ਰਿਤ ਚਰਚਾ ਹੈ। ਬਾਬਾ ਫਰੀਦ ਦੀ ਬਾਣੀ ਅਤੇ ਬਾਰਾ ਮਾਹ ਬਾਰੇ ਨਿਬੰਧ ਹਨ। ਪੰਜਾਬੀ ਭਾਸ਼ਾ, ਸਾਹਿਤ, ਸਾਹਿਤ ਦੀ ਇਤਿਹਾਸਕਾਰੀ ਦੇ ਸਿਧਾਂਤਕ ਮਸਲੇ ਨੂੰ ਵਾਹਗੇ ਦੇ ਇਕੋ ਪਾਸੇ ਤੱਕ ਸੀਮਤ ਨਾ ਰੱਖ ਕੇ ਇਹ ਨਿਬੰਧ ਸਮੁੱਚੇ ਪਰਿਪੇਖ ਵਿਚ ਵਿਸ਼ਲੇਸ਼ਿਤ ਕਰਦੇ ਹਨ।
ਡਾ: ਕਰਨੈਲ ਸਿੰਘ ਥਿੰਦ ਦੀ ਭਾਸ਼ਾ, ਸਾਹਿਤ ਯੋਗਤਾ, ਅਧਿਐਨ ਤੇ ਅਨੁਭਵ ਦੇ ਦਾਇਰੇ ਵਿਚ ਅਜਿਹਾ ਬਹੁਤ ਕੁਝ ਹੈ, ਜੋ ਸਾਡੀ ਨਵੀਂ ਪੀੜ੍ਹੀ ਦੇ ਅਧਿਆਪਕਾਂ, ਕੋਲ ਨਹੀਂ। ਇਸ ਲਈ ਇਹ ਨਿਬੰਧ ਆਪਣੀ ਸਾਮਗਰੀ ਦੀ ਮੌਲਿਕਤਾ ਮੁੱਲ ਤੇ ਗੰਭੀਰਤਾ ਨਾਲ ਕਲਾਸਕੀ ਰਚਨਾਵਾਂ ਬਣ ਗਏ ਹਨ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਬੁਰਜਾਂ ਦੇ ਖੰਡਰ
ਲੇਖਕ : ਦਰਸ਼ਨ ਸਿੰਘ ਗੁਰੂ
ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 260 ਰੁਪਏ, ਸਫ਼ੇ 336.

ਦਰਸ਼ਨ ਸਿੰਘ ਗੁਰੂ ਦਾ ਇਹ ਪਲੇਠਾ ਨਾਵਲ ਹੈ। ਪੇਂਡੂ ਭਾਈਚਾਰੇ ਦੀਆਂ ਉੱਧੜ ਰਹੀਆਂ ਕਦਰਾਂ-ਕੀਮਤਾਂ ਦੇ ਦੁਖਾਂਤ ਦੀ ਇਹ ਮੂੰਹ ਬੋਲਦੀ ਤਸਵੀਰ ਹੈ। ਸਮੇਂ ਦੇ ਨਾਲ-ਨਾਲ ਪਿੰਡਾਂ ਦੀ ਪੁਰਾਣੀ ਭਾਈਚਾਰਕ ਸਾਂਝ ਦਿਨੋ-ਦਿਨ ਖ਼ਤਮ ਹੁੰਦੀ ਜਾ ਰਹੀ ਹੈ।
ਨਾਵਲ ਦੇ ਪਾਤਰ ਜਿਊਂਦੇ-ਜਾਗਦੇ ਤੇ ਯਥਾਰਥਕ ਹਨ। ਨਾਵਲ ਦੀ ਗੋਂਦ ਵਿਚ ਵੱਖ-ਵੱਖ ਘਟਨਾਵਾਂ ਨੂੰ ਇਸ ਤਰ੍ਹਾਂ ਗੁੰਦਿਆ ਹੈ ਕਿ ਕਹਾਣੀ ਦੀ ਏਕਤਾ ਕਾਇਮ ਰਹਿੰਦੀ ਹੈ। ਦ੍ਰਿਸ਼ ਵਰਨਣ ਅਜਿਹਾ ਹੈ ਕਿ ਪਾਠਕਾਂ ਨੂੰ ਇਹ ਸਾਕਾਰ ਜਾਪਦਾ ਹੈ। ਨਮੂਨੇ ਵਜੋਂ ਨਾਵਲ ਦਾ ਆਰੰਭ ਹੀ ਇਸ ਪ੍ਰਕਾਰ ਹੈ-'ਜਦੋਂ ਅੱਲਾ ਬਖ਼ਸ਼ ਭਾਂਡਿਆਂ ਵਾਲਾ ਬੋਰਾ ਚੁੱਕ ਕੇ ਆਪਣੇ ਗਧੇ 'ਤੇ ਲਾਉਂਦਾ ਹੈ, ਨੂਰਾਂ ਜੀਤਾ ਖਾਂ ਨੂੰ ਉਸ ਦੀ ਮਦਦ ਕਰਵਾਉਣ ਲਈ ਆਖਦੀ ਹੈ...। ਅੱਲਾ ਬਖ਼ਸ਼ ਲੱਸੀ ਦਾ ਗਿਲਾਸ ਪੀਂਦਾ, ਗਧੇ ਨੂੰ ਬਾਹਰ ਕੱਢਦਾ, ਹਰ ਰੋਜ਼ ਦਾ ਰਟਿਆ-ਰਟਾਇਆ ਸ਼ਬਦ 'ਚਲ ਸ਼ੇਰਾ ਚਲ। ਅੱਲਾ ਤੇਰਾ ਭਲਾ ਕਰੇ'। ਬੋਲਦਾ ਤੇ ਆਪਣੇ ਕੰਮ 'ਤੇ ਚਲ ਪੈਂਦਾ ਸੀ।'
ਮੁਰੱਬੇ ਬੰਦੀ ਮਹਿਕਮੇ ਦਾ ਚਿਤਰਣ ਬੜਾ ਵਾਸਤਵਿਕ ਹੈ। ਬਲਵੀਰ ਸਿੰਘ ਅਫਸਰਾਂ ਦੀ ਖੂਬ ਖਾਤਰ ਕਰਦਾ ਹੈ ਅਤੇ ਮਹਿਕਮੇ ਕੋਲੋਂ 20 ਕਿਲਿਆਂ ਦਾ ਇਕੱਠ ਟੱਕ ਬਣਵਾ ਲੈਂਦਾ ਹੈ। ਛੋਟੇ ਕਿਸਾਨ ਆਪਸ ਵਿਚ ਘੁਸਰ-ਮੁਸਰ ਕਰਦੇ ਹਨ-'ਟੱਕ ਭਾਈ ਬਣੇ ਨਾ, ਅਗਲੇ ਨੇ ਪਿੰਡ ਦਾ ਕੋਈ ਬਾਂਗ ਦੇਣ ਨੂੰ ਕੁੱਕੜ ਨੀਂ ਛੱਡਿਆ, ਸਾਰੇ ਮੁਰੱਬਾਬੰਦੀ ਮਹਿਕਮੇ ਦੇ ਪਟਵਾਰੀਆਂ ਤੇ ਅਫਸਰਾਂ ਦੇ ਢਿੱਡਾਂ 'ਚ ਪਾ 'ਤੇ। ... ਮਿੱਠਾ ਤਾਂ ਭਾਈ ਗੁੜ ਦੇ ਹਿਸਾਬ ਨਾਲ ਹੋਣੈ।'
ਨਾਵਲ ਦੀ ਭਾਸ਼ਾ ਸ਼ੈਲੀ ਤੇ ਵਾਰਤਾਲਾਪ ਏਨੀ ਸਰਲ ਤੇ ਸੁਭਾਵਿਕ ਹੈ ਕਿ ਪਾਠਕ ਰੌਚਕਤਾ ਦੇ ਨਾਲ-ਨਾਲ ਹੀ ਟੁਰਦਾ ਮਹਿਸੂਸ ਕਰਦਾ ਹੈ। ਕਿਤਾਬ ਛਪਾਈ ਤੇ ਗੈੱਟਅੱਪ ਦੇ ਪੱਖ ਤੋਂ ਵੀ ਖੂਬਸੂਰਤ ਹੈ। ਸਮੁੱਚੇ ਤੌਰ 'ਤੇ ਲੇਖਕ ਆਪਣੇ ਇਸ ਪਹਿਲੇ ਨਾਵਲ ਦੀ ਸਫਲਤਾ ਲਈ ਵਧਾਈ ਦਾ ਪਾਤਰ ਹੈ।

-ਕੰਵਲਜੀਤ ਸਿੰਘ ਸੂਰੀ
ਮੋ: 93573-24241

10-1-2015

 ਪ੍ਰਿੰਸ
ਲੇਖਕ : ਨਿਕੋਲੋ ਮੈਕਿਆਵਲੀ
ਅਨੁ: ਸਰਬਜੀਤ ਸੋਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 110.

ਸਾਜ਼ਿਸ਼, ਚਲਾਕੀ, ਤਿਕੜਮਬਾਜ਼ੀ, ਜੋੜ-ਤੋੜ ਦੀ ਅਜੋਕੀ ਸਿਆਸਤ ਦਾ ਨਾਂਅ ਹੈ ਮੈਕਿਆਵਲੀ। ਇਹੋ ਜਿਹੀ ਨੀਤੀ ਲਈ ਅੰਗਰੇਜ਼ੀ ਸ਼ਬਦ ਕੋਸ਼ਾਂ ਨੇ ਮੈਕਿਆਵੇਲੀਅਨ ਵਿਸ਼ੇਸ਼ਣ ਤੱਕ ਪ੍ਰਵਾਨ ਕਰ ਲਿਆ ਹੈ। 1513 ਵਿਚ ਲਿਖੇ ਉਸ ਦੀ ਬਦਨਾਮ/ਪ੍ਰਸਿੱਧ ਰਚਨਾ ਪ੍ਰਿੰਸ ਪ੍ਰਕਾਸ਼ਿਤ ਉਸ ਦੀ ਮੌਤ ਤੋਂ ਵੀ ਕਈ ਸਾਲ ਪਿੱਛੋਂ ਹੋਈ। ਇਸ ਦੇ ਪ੍ਰਕਾਸ਼ਨ ਨਾਲ ਆਧੁਨਿਕ ਰਾਜਨੀਤੀ ਦਾ ਚਿਹਰਾ ਬਹੁਤ ਬਦਲਿਆ। ਕਾਰਨ ਹਨ ਮੈਕੀਆਵਲੀ ਦੇ ਵਿਚਾਰ।
ਜ਼ਰ ਦੇਖੋ ਕਿਹੋ ਜਿਹੇ ਵਿਚਾਰ ਹਨ ਇਹ। ਸਿਆਸਤਦਾਨ/ਨੇਤਾ/ਰਾਜਾ ਆਪਣੇ-ਆਪ ਨੂੰ ਧਰਮਾਤਮਾ, ਸੱਚਾ, ਦਿਆਲੂ, ਧਰਮਵੀਰ, ਵਿਸ਼ਵਾਸਪਾਤਰ ਰੂਪ ਵਿਚ ਪੇਸ਼ ਕਰੇ, ਪਰ ਲੋੜ ਪਵੇ ਤਾਂ ਤੁਰੰਤ ਇਸ ਦੇ ਉਲਟ ਕੰਮ ਕਰਨ ਨੂੰ ਤਿਆਰ ਰਹੇ। ...ਜੋ ਬੰਦਾ ਵਾਸਤਵਿਕ ਹਾਲਾਤ ਦੀ ਥਾਂ 'ਆਦਰਸ਼ਕ ਗੱਲਾਂ ਵੱਲ ਧਿਆਨ ਦਿੰਦਾ ਹੈ, ਉਹ ਆਪਣਾ ਸਰਵ ਨਾਸ਼ ਕਰਦਾ ਹੈ। ...ਮਨੁੱਖ ਭਲਾਈ ਨਾਲ ਨਹੀਂ ਮਜਬੂਰੀ ਨਾਲ ਝੁਕਦੇ ਹਨ। ...ਯੁੱਧ ਵਿੱਦਿਆ ਤੋਂ ਸਿਵਾ ਰਾਜੇ ਨੂੰ ਕਿਸੇ ਹੋਰ ਵਿੱਦਿਆ ਦੀ ਲੋੜ ਨਹੀਂ। ... ਰਾਜੇ ਨੂੰ ਨਿਰਦੈਤਾ ਦੀ ਬਦਨਾਮੀ ਤੋਂ ਡਰਨਾ ਨਹੀਂ ਚਾਹੀਦਾ। ... ਚੰਗਾ ਹੈ ਲੋਕ ਉਸ ਤੋਂ ਡਰਨ। ...ਜਦੋਂ ਅਕਲਮੰਦ ਰਾਜਾ ਇਹ ਦੇਖੇ ਕਿ ਵਚਨ ਪਾਲਣ ਨਾਲ ਆਪਣਾ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ ਵਚਨ ਵਿਰੁੱਧ ਕੰਮ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ...ਉਸ ਨੂੰ ਚੰਗੇ ਗੁਣ ਨਹੀਂ ਛੱਡਣੇ ਚਾਹੀਦੇ ਪਰ ਲੋੜ ਪਏ ਤਾਂ ਬੁਰਾਈ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ...ਉਸ ਵਿਚ ਅਸਲੀ ਗੁਣਾਂ ਨਾਲੋਂ ਵੱਧ ਜ਼ਰੂਰੀ ਇਹ ਹੈ ਕਿ ਲੋਕ ਉਸ ਵਿਚ ਉਹ ਗੁਣ ਸਮਝਣ। ਉਪਰਲਾ ਆਡੰਬਰ ਅੰਦਰੂਨੀ ਗੁਣਾਂ ਤੋਂ ਜ਼ਿਆਦਾ ਲਾਭਦਾਇਕ ਤੇ ਜ਼ਰੂਰੀ ਹੈ। ...ਰਾਜਨੀਤੀ ਅਤੇ ਸ਼ਾਸਨ ਧਰਮ ਤੇ ਫਰਜ਼ ਦੇ ਬੰਧਨਾਂ ਤੋਂ ਆਜ਼ਾਦ ਹਨ।' ...ਪ੍ਰਿੰਸ ਇਨ੍ਹਾਂ ਵਿਚਾਰਾਂ ਦਾ ਪੰਜਾਬੀ ਅਨੁਵਾਦ ਹੈ।
ਉਪਰੋਕਤ ਵਿਚਾਰ ਅਜੋਕੇ ਸਿਆਸਤਦਾਨਾਂ ਨੂੰ ਦੁਨੀਆ ਭਰ ਵਿਚ ਰਾਸ ਆਏ ਹਨ। ਜਿਉਂ-ਜਿਉਂ ਸਮਾਂ ਬੀਤਿਆ ਹੈ ਇਨ੍ਹਾਂ ਵਿਚਾਰਾਂ ਦਾ ਬੋਲਬਾਲਾ ਭਾਰਤ ਵਿਚ ਕੁਝ ਵਧੇਰੇ ਹੀ ਹੁੰਦਾ ਪ੍ਰਤੀ ਹੋਇਆ ਹੈ। ਸਾਡੇ ਨੇਤਾ ਤੇ ਸਿਆਸਤਦਾਨ ਪਤਾ ਨਹੀਂ ਮੈਕੀਆਵਲੀ ਨੂੰ ਕਦੋਂ, ਕਿੱਥੇ ਤੇ ਕਿਹੜੀ ਜ਼ਬਾਨ ਵਿਚ ਪੜ੍ਹ ਸੁਣ ਕੇ ਸਿਆਸਤ ਦੇ ਖੇਤਰ ਵਿਚ ਉਤਰੇ ਹਨ। ਉਹ ਇਹ ਸਭ ਕੁਝ ਜਾਣਦੇ ਸਮਝਦੇ ਤੇ ਵਰਤਦੇ ਹਨ। ਫਿਰ ਵੀ ਕਿਸੇ ਨਵ-ਸਿੱਖਿਅਕ ਨੂੰ ਸਿਆਸਤ ਵਿਚ ਉਤਰਨ ਸਮੇਂ ਇਹ ਕਿਤਾਬ ਮਿਲ ਜਾਵੇ ਤਾਂ ਉਹ ਇਸ ਟੋਲੇ ਦਾ ਅੰਗ ਛੇਤੀ ਬਣ ਸਕਦਾ ਹੈ। ਇਸ ਦੀ ਅਣਹੋਂਦ ਵਿਚ ਉਹਦਾ ਹਾਲ ਆਪ ਪਾਰਟੀ ਅਤੇ ਉਸ ਦੇ ਨੇਤਾਵਾਂ ਵਾਲਾ ਹੋਣ ਦਾ ਖ਼ਦਸ਼ਾ ਹੈ। ਅਜੋਕੀ ਸਿਆਸਤ ਦਾ ਸ਼ੀਸ਼ਾ ਹੈ ਪ੍ਰਿੰਸ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਮਾਂ ਧੀ ਦਾ ਸੰਵਾਦ
ਲੇਖਿਕਾ : ਬਖਸ਼
ਪ੍ਰਕਾਸ਼ਕ : ਨਵੀਂ ਦੁਨੀਆ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 80 ਰੁਪਏ, ਸਫ਼ੇ : 93.

ਪ੍ਰਵਾਸੀ ਸ਼ਾਇਰਾ 'ਬਖ਼ਸ਼' ਆਪਣੇ ਦੂਸਰੇ ਕਾਵਿ ਸੰਗ੍ਰਹਿ 'ਮਾਂ ਧੀ ਦਾ ਸੰਵਾਦ' ਇਕ ਲੰਮੀ ਕਵਿਤਾ ਰਾਹੀਂ 'ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ, ਕੋਈ ਕਰਦੀਆਂ ਗਲੜੀਆਂ' ਨੂੰ ਆਧਾਰ ਬਣਾ ਕੇ ਪੁਰਾਣੇ ਤੇ ਨਵੇਂ ਯੁੱਗ ਦੇ ਟਕਰਾਅ ਨੂੰ ਮਾਂ ਅਤੇ ਧੀ ਦੇ ਟਕਰਾਅ ਰਾਹੀਂ ਪਾਠਕਾਂ ਦੇ ਰੂਬਰੂ ਹੋਣ ਦਾ ਮਾਣ ਪ੍ਰਾਪਤ ਕਰਦੀ ਹੈ। ਉਹ ਯੁਗਾਂ-ਯੁਗਾਂਤਰਾਂ ਤੋਂ ਚਲੀ ਆ ਰਹੀ ਔਰਤ ਦੀ ਗੁਲਾਮੀ ਬੇਵਸੀ ਅਤੇ ਲਾਚਾਰੀ ਦੀ ਗੱਲ ਕਰਦੀ ਹੋਈ ਇਕ ਮਾਂ ਦੇ ਰੂਪ ਵਿਚ ਅਤੇ ਇਕ ਧੀ ਦੇ ਰੂਪ ਵਿਚ ਆਧੁਨਿਕ ਸਮਾਜਿਕ ਕਦਰਾਂ-ਕੀਮਤਾਂ ਉਤੇ ਪਹਿਰਾ ਦੇਣ ਅਤੇ ਔਰਤ ਦੇ ਹੱਕਾਂ ਪ੍ਰਤੀ ਜਾਗਰੂਕ ਹੋਣ ਦੀ ਪੇਸ਼ਕਾਰੀ ਕਰਦੀ ਹੈ। ਉਸ ਨੇ ਮਾਂ ਰਾਹੀਂ ਵੱਡੀ ਉਮਰ ਦੀਆਂ ਇਸਤਰੀਆਂ ਦੀਆਂ ਮਜਬੂਰੀਆਂ, ਬੇਵਸੀਆਂ ਅਤੇ ਰੋਕਾਂ ਬੰਦਿਸ਼ਾਂ ਦਾ ਜ਼ਿਕਰ ਕੀਤਾ ਹੈ ਅਤੇ ਇਸ ਦੇ ਸਾਹਮਣੇ ਅਜੋਕੀਆਂ ਪੜ੍ਹੀਆਂ ਲਿਖੀਆਂ ਲੜਕੀਆਂ ਦੀ ਆਪਣੇ ਹੱਕਾਂ ਦੀ ਰਾਖੀ ਬਰਾਬਰ ਦੇ ਹੱਕਾਂ, ਰੂੜੀ ਵਾਲੀ ਧਾਰਨਾ ਦੇ ਉਲਟ ਨਵੀਂ ਚੇਤਨਾ, ਆਜ਼ਾਦੀ ਅਤੇ ਪੈਦਾ ਹੋਈ ਅਗਾਂਹਵਧੂ ਤੇ ਉਸਾਰੂ ਚੇਤਨਾ ਦਾ ਧੀ ਰਾਹੀਂ ਕੀਤੀ ਬਹਿਸ ਨੂੰ ਚਿਤਰਿਆ ਹੈ। ਬਖਸ਼ ਦੀ ਆਪਣੇ ਹੀ ਢੰਗ ਦੀ ਇਕ ਅਨੋਖੀ ਰਚਨਾ ਹੈ। ਜਿਹੜੀ ਕਿ
'ਨੀ ਧੀਏ ਨੀ ਅਕਲਾਂ ਵਾਲੀਏ
ਸੇਕ 'ਚੋਂ ਨਿਕਲੇ ਲੰਬ ਨ੍ਹੀ
ਤੂੰ ਤਾਂ ਕਰੇਂ ਸਿਆਣੀਆਂ ਗੱਲਾਂ
ਮੈਂ ਜਾਵਾਂ ਕੰਬ ਕੰਬ ਨੀ।'
ਅਤੇ
'ਨੀ ਮਾਂਏਂ ਨੀ ਮੇਰੀਏ ਮਾਂਏਂ
ਨੀਵੀਂ ਪਾ ਨਾ ਲੰਘ ਨੀ
ਉਠਿਆਂ ਹੀ ਨਬੇੜੇ ਹੋਣੇ
ਐਵੇਂ ਨਾ ਤੂੰ ਕੰਬ ਨੀ'।
ਇੰਜ ਚਾਰ ਲਾਈਨਾਂ ਵਾਲੇ ਕਾਵਿ ਰੂਪ ਦੇ ਛੰਦਾਂ ਰਾਹੀਂ ਪੇਸ਼ ਕੀਤੀ ਹੈ। ਜਿਹੜਾ ਕਿ ਇਸ ਪੁਸਤਕ ਦਾ ਮੁੱਖ ਵਿਸ਼ਾ ਹੈ। ਇਸ ਪੁਸਤਕ ਵਿਚ ਮਾਂ ਧੀ ਦੇ ਸੰਵਾਦ ਰਾਹੀਂ ਆਮ ਪਾਠਕ ਦੀ ਸਮਝ ਵਿਚ ਆਉਣ ਵਾਲੀ ਭਾਸ਼ਾ ਵਿਚ ਉਸ ਨੇ ਤਿੰਨੇ ਕਾਲ ਇਕੋ ਧਾਗੇ ਵਿਚ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਬਖਸ਼ ਨੇ ਧੀ ਦੇ ਆਪਣੇ ਮਾਤਾ-ਪਿਤਾ ਦੇ ਘਰ ਵਿਚ ਪੁੱਤਰ ਅਤੇ ਧੀ ਵਿਚਲੇ ਵਿਤਕਰੇ, ਪੈਸੇ ਅਤੇ ਪਿਆਰ ਦੇ ਰਿਸ਼ਤਿਆਂ ਵਿਚਲੇ ਫ਼ਰਕ, ਪੇਕਿਆਂ ਅਤੇ ਸਹੁਰਿਆਂ ਘਰ 'ਚ ਇਕੋ ਜਿਹੀਆਂ ਬੰਦਸ਼ਾਂ, ਕੁਚਲਦੇ ਅਰਮਾਨਾਂ, ਚੁੱਪ-ਚਾਪ ਬੁਲ੍ਹਾਂ ਨੂੰ ਸੀਅ ਕੇ ਜ਼ਿੰਦਗੀ ਬਸਰ ਕਰਨੀ, ਭਰੂਣ ਹੱਤਿਆ, ਬਲਾਤਕਾਰ ਦੀ ਗੱਲ ਕਰਦੇ ਹੋਏ ਅਜੋਕੇ ਯੁੱਗ ਦੀਆਂ ਲੜਕੀਆਂ ਵੱਲੋਂ ਪੁਰਾਤਨ ਯੁੱਗ ਦੇ ਵਿਰੁੱਧ ਬਗ਼ਾਵਤ ਕਰਕੇ ਆਜ਼ਾਦੀ ਦੀ ਕਾਮਨਾ ਦੀ ਗੱਲ ਕੀਤੀ ਹੈ।

-ਗੁਰਬਖਸ਼ ਸਿੰਘ ਸੈਣੀ
ਮੋ: 98880-24143

ਪਰਿਵਾਰ ਸੰਸਾਰ
ਲੇਖਕ : ਪੂਰਨ ਸਿੰਘ
ਪ੍ਰਕਾਸ਼ਕ : ਸਾਤਵਿਕ ਮੀਡੀਆ ਪ੍ਰਾ: ਲਿਮਟਿਡ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 152.

ਬਿਨਾਂ ਕਿਸੇ ਭੂਮਿਕਾ ਤੋਂ ਅਰੰਭ ਹੋਣ ਵਾਲੀ ਪੁਸਤਕ 'ਪਰਿਵਾਰ ਸੰਸਾਰ' ਪੂਰਨ ਸਿੰਘ ਦੁਆਰਾ ਲਿਖਿਤ ਹੈ ਜੋ ਅੱਜਕਲ੍ਹ ਯੂ.ਕੇ. ਵਿਚ ਪਰਵਾਸ ਕਰ ਰਿਹਾ ਹੈ। ਵਿਸ਼ਾ ਵਸਤੂ ਦੀ ਦ੍ਰਿਸ਼ਟੀ ਤੋਂ ਇਸ ਪੁਸਤਕ ਦਾ ਸਬੰਧ ਸਮਾਜ ਨਾਲ ਹੈ ਜਿਸ ਦੀ ਅੱਗੋਂ ਇਕ ਮਹੱਤਵਪੂਰਨ ਇਕਾਈ ਪਰਿਵਾਰ ਹੈ। ਪਰਿਵਾਰ ਕਿਵੇਂ ਹੋਂਦ ਵਿਚ ਆਉਂਦਾ ਹੈ?
ਸੱਭਿਅਕ ਵਿਕਾਸ ਵਿਚ ਜਿਨਸੀ ਸੰਜੋਗ ਦੀ ਕੀ ਭੂਮਿਕਾ ਹੈ? ਇਸਤ੍ਰੀ ਅਤੇ ਈਗੋ (ਅਹਮ), ਪਰਿਵਾਰ, ਸੱਭਿਅਤਾ ਅਤੇ ਅੰਤਹਕਰਣ ਦੇ ਆਪਸੀ ਸਬੰਧ ਕਿਹੜੇ ਹਨ? ਅਤੇ ਵਰਤਮਾਨ ਪ੍ਰਸੰਗ ਵਿਚ ਉੱਤਰ-ਆਧੁਨਿਕਤਾ ਅਤੇ ਅੰਤਹਕਰਣ ਕਿਸੇ ਪਰਿਵਾਰ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ? ਆਦਿ ਮਹੱਤਵਪੂਰਨ ਅਤੇ ਗੁੰਝਲਦਾਰ ਸਵਾਲਾਂ ਨੂੰ ਲੇਖਕ ਨੇ ਸੰਸਾਰ ਪ੍ਰਸਿੱਧ ਵਿਦਵਾਨਾਂ ਦੀਆਂ ਦਲੀਲਾਂ, ਟਿੱਪਣੀਆਂ, ਇਤਿਹਾਸਕ ਹਵਾਲਿਆਂ, ਘਟਨਾਵਾਂ ਅਤੇ ਕਾਵਿ ਟੁਕੜੀਆਂ ਦੀਆਂ ਉਦਾਹਰਨਾਂ ਦੇ ਕੇ ਹੱਲ ਕਰਨ ਦਾ ਪ੍ਰਯਤਨ ਕੀਤਾ ਹੈ। ਲੇਖਕ ਨੇ ਇਸ ਪੁਸਤਕ ਵਿਚ ਮਧਕਾਲੀਨ ਸੱਭਿਆਚਾਰ ਵਿਚ ਇਸਤਰੀ ਪੁਰਸ਼ ਸਬੰਧ ਸੌਂਦਰਯ, ਪਿਆਰ, ਪਰਿਵਾਰ ਅਤੇ ਸਤਿਕਾਰ, ਸੁਰੱਖਿਆ ਤੇ ਸਤਿਕਾਰ, ਰਿਸ਼ਤੇ ਨਾਤੇ, ਜੁਰਮ ਅਤੇ ਪਰਿਵਾਰ ਅਤੇ ਮਨੁੱਖੀਆਂ ਸਾਂਝਾਂ ਨੂੰ ਪੀਡਾ ਕਰਨ ਵਾਲੀ ਭਾਵਨਾ ਮੈਤਰੀ ਆਦਿ ਪੱਖਾਂ ਨੂੰ ਵੀ ਸੁੰਦਰ ਢੰਗ ਨਾਲ ਬਿਆਨਿਆ ਹੈ। ਲੇਖਕ ਦਾ ਮਤ ਹੈ ਕਿ ਘਰੇਲੂ ਜੀਵਨ ਵਿਚਲੇ ਨਿੱਕੇ-ਨਿੱਕੇ ਇਤਰਾਜ਼ ਵੱਡੇ-ਵੱਡੇ ਰੋਸਿਆਂ ਦਾ ਰੂਪ ਧਾਰਨ ਕਰ ਲੈਂਦੇ ਹਨ।
ਇਸ ਪੁਸਤਕ ਵਿਚ ਲੇਖਕ ਭਿੰਨ-ਭਿੰਨ ਸਮੱਸਿਆਵਾਂ ਦੇ ਸਮਾਧਾਨ ਵੀ ਦੱਸਦਾ ਹੈ। ਕੁਝ ਮਨੋਵਿਗਿਆਨਕ ਅਤੇ ਦਾਰਸ਼ਨਿਕ ਮਸਲਿਆਂ ਜਿਵੇਂ ਅਨੇਮਤਾ ਤੋਂ ਵਿਵਸਥਾ ਤੱਕ, ਅਹੰ ਤੋਂ ਅੰਤਹਕਰਣ ਤੱਕ ਆਦਿ ਲੇਖਾਂ ਵਿਚ ਵੀ ਲੇਖਕ ਮਨੁੱਖੀ ਗੁੰਝਲਾਂ ਨੂੰ ਸੁਲਝਾਉਣ ਦਾ ਯਤਨ ਕਰਦਾ ਹੈ। ਭਾਵੇਂ ਲੇਖਕ ਦੀ ਸ਼ੈਲੀ ਗੁੰਝਲਦਾਰ ਅਤੇ ਕਿਤੇ-ਕਿਤੇ ਸਾਧਾਰਨ ਪਾਠਕ ਦੀ ਪਹੁੰਚ ਤੋਂ ਦੂਰ ਹੁੰਦੀ ਪ੍ਰਤੀਤ ਹੁੰਦੀ ਹੈ ਪ੍ਰੰਤੂ ਫਿਰ ਵੀ ਇਹ ਪੁਸਤਕ ਨਵੀਂ ਪੀੜ੍ਹੀ ਦੇ ਪਾਠਕਾਂ ਲਈ ਲਾਭਦਾਇਕ ਸਿੱਧ ਹੁੰਦੀ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703

ਹੋਰ ਵਧੀਆ ਜ਼ਿੰਦਗੀ ਉਡੀਕੋ ਨਾ, ਬਣਾ ਲਓ
ਲੇਖਕ : ਜ਼ਿਗ ਜ਼ਿਗਲਰ
ਅਨੁਵਾਦਕ : ਗਗਨੀਤ ਸਿੰਘ ਔਜਲਾ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 270.

ਬਜ਼ੁਰਗ ਅਮਰੀਕਨ ਲੇਖਕ ਜ਼ਿਗ ਜ਼ਿਗਲਰ ਇਕ ਕੌਮਾਂਤਰੀ ਪ੍ਰਸਿੱਧੀ ਦਾ ਵਿਅਕਤੀ ਹੈ ਜੋ ਵਧੀਆ ਬੁਲਾਰਾ, ਪ੍ਰੇਰਕ ਅਤੇ ਲਿਖਾਰੀ ਹੈ। ਉਸ ਦੀਆਂ ਲਿਖੀਆਂ 25 ਕਿਤਾਬਾਂ ਵਿਚੋਂ 10 ਕਿਤਾਬਾਂ ਦਾ ਨਾਂਅ ਸਭ ਤੋਂ ਵੱਧ ਵਿਕਣ ਵਾਲੀਆਂ ਪੁਸਤਕਾਂ ਵਿਚ ਆ ਚੁੱਕਾ ਹੈ। ਉਸ ਦੇ ਸਿਖਲਾਈ ਪ੍ਰੋਗਰਾਮਾਂ ਨੇ ਲੱਖਾਂ ਲੋਕਾਂ ਦੇ ਜੀਵਨ ਬਿਹਤਰ ਬਣਾਉਣ ਵਿਚ ਮਦਦ ਕੀਤੀ ਹੈ। ਇਸ ਪੁਸਤਕ ਵਿਚ ਉਸ ਨੇ ਤਿੰਨ ਭਾਗਾਂ ਵਿਚ ਬਿਹਤਰ ਜ਼ਿੰਦਗੀ ਜਿਊਣ ਦਾ ਮਕਸਦ ਅਤੇ ਪੂਰਤੀ ਲਈ ਪ੍ਰੇਰਿਤ ਕੀਤਾ ਹੈ। ਪਹਿਲੇ ਭਾਗ ਦੇ ਪੰਜ ਪਾਠ ਇਕ ਦੀਵਾਨਗੀ ਭਰਪੂਰ ਸਫ਼ਰ, ਪ੍ਰੇਰਣਾ, ਤਣਾਅ, ਸੋਚਾਂ ਤੇ ਗਿਆਨ ਬਾਰੇ ਰੌਚਿਕ ਜਾਣਕਾਰੀ ਦਿੰਦੇ ਹਨ। ਦੂਜੇ ਭਾਗ ਦੇ ਪੰਜ ਪਾਠ ਵਧੀਆ ਜ਼ਿੰਦਗੀ ਜਿਊਣ ਦੇ ਚਾਅ, ਤਰੀਕੇ, ਆਦਤਾਂ, ਹਿੰਮਤ ਅਤੇ ਤਾਕਤ ਦੀ ਬਾਤ ਪਾਉਂਦੇ ਹਨ। ਤੀਜੇ ਭਾਗ ਵਿਚ ਜ਼ਿੰਦਗੀ ਦੇ ਉਦੇਸ਼, ਮੰਜ਼ਿਲ, ਰਾਹ ਦੇ ਪੜਾਵਾਂ ਅਤੇ ਪਿਆਰ ਦੀ ਸ਼ਕਤੀ ਬਾਰੇ ਰੌਸ਼ਨੀ ਪਾਉਂਦੇ ਹਨ।
ਲੇਖਕ ਨੇ ਸਫ਼ਲ, ਸੁਖਾਵੀਂ, ਸਹਿਜ ਜ਼ਿੰਦਗੀ ਜਿਊਣ ਲਈ ਜੋ ਨੁਕਤੇ ਦਿੱਤੇ ਹਨ, ਉਹ ਉਸ ਦੇ ਜੀਵਨ ਅਨੁਭਵਾਂ ਅਤੇ ਉਸ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਤਜਰਬਿਆਂ 'ਤੇ ਆਧਾਰਿਤ ਹਨ। ਉਸ ਨੇ ਬਿਮਾਰਾਂ, ਬੇਰੁਜ਼ਗਾਰਾਂ, ਫ਼ਿਕਰਮੰਦਾਂ, ਲਾਚਾਰਾਂ ਅਤੇ ਨਿਰਾਸ਼ਾਵਾਦੀਆਂ ਲਈ ਰੱਬ ਦੀ ਮਿਹਰ ਆਸਥਾ, ਸਵੈ-ਵਿਸ਼ਵਾਸ, ਵਫ਼ਾਦਾਰੀ ਅਤੇ ਸਾਕਾਰਾਤਮਕ ਸੋਚ ਦੇ ਸੁਨੇਹੇ ਦਿੱਤੇ ਹਨ। ਬਹੁਤ ਸਾਰੇ ਲੋਕਾਂ ਦੀਆਂ ਉਦਾਹਰਨਾਂ ਦੇ ਕੇ ਉਸ ਨੇ ਦੱਸਿਆ ਕਿ ਸਾਨੂੰ ਹਰ ਚੰਗੀ-ਮਾੜੀ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ, ਜ਼ਿੰਦਗੀ ਵਿਚ ਆਸ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ, ਚੜ੍ਹਦੀ ਕਲਾ ਅਤੇ ਨੇਕਨੀਤੀ ਦਾ ਪੱਲਾ ਘੁੱਟ ਕੇ ਫੜਨਾ ਚਾਹੀਦਾ ਹੈ। ਅਮਰੀਕਨ ਸਮਾਜ ਲਈ ਇਨ੍ਹਾਂ ਗੱਲਾਂ ਦਾ ਬਹੁਤ ਮਹੱਤਵ ਹੈ ਕਿਉਂਕਿ ਉਥੇ ਜ਼ਿੰਦਗੀ ਬਹੁਤ ਤੇਜ਼ ਰਫ਼ਤਾਰ ਵਾਲੀ ਅਤੇ ਚਿੰਤਾਜਨਕ ਹੈ। ਸਾਨੂੰ ਇਹ ਸਾਰੇ ਗੁਣ ਸਹਿਜੇ ਹੀ ਆਪਣੀ ਵਿਰਾਸਤ, ਗੁਰਬਾਣੀ ਅਤੇ ਭਰੋਸੇ ਰਾਹੀਂ ਪ੍ਰਾਪਤ ਹੋ ਜਾਂਦੇ ਹਨ। ਅਨੁਵਾਦਕ ਤੇ ਲੇਖਕ ਦਾ ਕੰਮ ਸ਼ਲਾਘਾਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਚਿੜੀਆਂ
ਸ਼ਾਇਰਾ : ਸੁਖਵਿੰਦਰ ਅੰਮ੍ਰਿਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 80.

ਅੱਠ ਕਾਵਿ-ਸੰਗ੍ਰਹਿ ਤੇ ਗ਼ਜ਼ਲ ਸੰਗ੍ਰਹਿ ਪਿੱਛੋਂ ਚਿੜੀਆਂ, ਸੁਖਵਿੰਦਰ ਅੰਮ੍ਰਿਤ ਦੀ ਇਹ ਨੌਵੀਂ ਕਾਵਿ ਪੁਸਤਕ ਹੈ। ਸੁਖਵਿੰਦਰ ਅੰਮ੍ਰਿਤ ਇਕ ਹੱਸਾਸ ਸ਼ਾਇਰਾ ਹੈ, ਜਿਸ ਨੇ ਨਾਰੀ-ਮਨ ਦੀਆਂ ਵੇਦਨਾਵਾਂ/ਸੰਵੇਦਨਾਵਾਂ ਨੂੰ ਆਪਣੀ ਸ਼ਾਇਰੀ ਰਾਹੀਂ ਅਭਿਵਿਅਕਤ ਕੀਤਾ ਹੈ। ਹਥਲੀ ਕਾਵਿ-ਪੁਸਤਕ ਉਸ ਦੀ ਇਸੇ ਕਾਵਿ ਚੇਤਨਤਾ ਦੇ ਅਗਲੇ ਪੜਾਅ ਨੂੰ ਸਰ ਕਰਦੀ ਹੈ। ਚਿੜੀਆਂ ਕਵਿਤਾ ਆਧੁਨਿਕ ਵਿਸ਼ਵੀਕਰਨ ਦੇ ਦੌਰ ਵਿਚ ਚਿੜੀਆਂ ਦੇ ਲੁਪਤ ਹੋਣ ਦੇ ਦਰਦ ਨੂੰ ਬਿਆਨ ਕਰਦੀ ਹੈ-ਚਿੜੀਆਂ ਦਾ ਚਿਹਨ ਸਿਰਫ ਇਕ ਜੀਵ ਨਾਲ ਨਹੀਂ ਸਗੋਂ ਇਹ ਮਨੁੱਖੀ ਸੰਵੇਦਨਾ ਨਾਲ ਵੀ ਜੁੜ ਕੇ ਪੇਸ਼ ਹੋ ਰਿਹਾ ਹੈ, ਜਿਸ ਤੋਂ ਅੱਜ ਦਾ ਮਾਨਵ ਵਿਰਵਾ ਹੁੰਦਾ ਜਾ ਰਿਹਾ ਹੈ। ਇਸ ਸੰਗ੍ਰਹਿ ਦੀਆਂ ਬਾਕੀ ਕਵਿਤਾਵਾਂ ਵੀ ਇਸੇ ਪ੍ਰਸੰਗ ਵਿਚ ਵੇਖੀਆਂ ਜਾ ਸਕਦੀਆਂ ਹਨ।
ਇਸ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਨਾਰੀ-ਮਨ ਦੀਆਂ ਸੂਖਮ ਤੰਦਾਂ ਨੂੰ ਬਹੁਤ ਹੀ ਬਾਰੀਕਬੀਨੀ ਤੇ ਖੂਬਸੂਰਤੀ ਨਾਲ ਫੜਦੀਆਂ ਹਨ। ਨਿੱਤ ਦਿਹਾੜੇ ਹੁੰਦੇ ਮਾਸੂਮ ਬੱਚੀਆਂ ਦੇ ਦਰਦ ਨੂੰ ਪੇਸ਼ ਕਰਦੀ ਕਵਿਤਾ 'ਲੱਛਮੀ' ਹੈ। ਇਹ ਕਵਿਤਾ ਸਾਡੀ ਸਮਾਜਿਕ ਸਮੱਸਿਆ 'ਭਰੂਣ ਹੱਤਿਆ' ਦੇ ਪ੍ਰਸੰਗ ਵਿਚ ਬਹੁਤ ਹੀ ਅਹਿਮ ਕਵਿਤਾ ਵਜੋਂ ਵਾਚੀ ਜਾ ਸਕਦੀ ਹੈ। ਪਰ ਦੁਬਿਧਾ ਉਦੋਂ ਪੈਦਾ ਹੁੰਦੀ ਹੈ ਜਦੋਂ ਚਿੜੀਆਂ ਤੇ ਲੱਛਮੀ ਜਿਹੀਆਂ ਕਵਿਤਾਵਾਂ ਲਿਖਣ ਤੋਂ ਮਗਰੋਂ ਸ਼ਾਇਰਾ ਨਾਰੀਤਵ, ਰਾਖਾ ਆਦਿ ਕਵਿਤਾਵਾਂ ਵਿਚ ਔਰਤ ਦੀ ਸ਼ਕਤੀ ਦਾ ਗੁਣਗਾਨ ਕਰਨ ਲੱਗ ਪੈਂਦੀ ਹੈ।

ਮੇਰੀ ਅੱਗ ਸੇਕਣ ਲੱਗਿਆਂ
ਅਕਸਰ ਤੂੰ ਲੂਹਿਆ ਜਾਂਦਾ ਹੈ
ਮੇਰੇ ਪਾਣੀ ਵਿਚੋਂ ਆਪਣਾ ਅਕਸ ਦੇਖ ਕੇ
ਹਰ ਵਾਰ ਨੂੰ ਡਰ ਜਾਂਦਾ ਹੈ...
ਇਸ ਸੰਗ੍ਰਹਿ ਦੀਆਂ ਕਵਿਤਾਵਾਂ ਮੁਹੱਬਤ ਦੇ ਅਹਿਸਾਸ ਨੂੰ ਬਹੁਤ ਹੀ ਨਿਵੇਕਲੇ ਢੰਗ ਨਾਲ ਚਿਤਰਦੀਆਂ ਹਨ-ਇਹ ਅਹਿਸਾਸ ਬਹੁਤ ਹੀ ਸਹਿਜ ਹੈ। ਇਸ ਵਿਚ ਕਿਤੇ ਕੋਈ ਉਚੇਚ ਜਾਂ ਵਲ-ਛਲ ਨਹੀਂ ਦਿਸਦਾ। ਵਿਯੋਗ ਵਿਚ ਵੀ ਸੰਜੋਗ ਜਿੰਨੀ ਖੂਬਸੂਰਤੀ ਤੇ ਸਹਿਜਤਾ ਹੈ।
ਤੇਰੀ ਮੁੜ ਰਹੀ ਪਿਆਸ ਨੂੰ ਵੇਖ ਕੇ
ਮੇਰੇ ਪਾਣੀ ਲਹਿਣ ਲੱਗੇ ਨੇ
ਕੀ ਆਪਾਂ ਵਿਛੜ ਰਹੇ ਹਾਂ
ਹੌਲੀ ਹੌਲੀ
ਇਸੇ ਤਰ੍ਹਾਂ ਹੋਰ ਕਵਿਤਾਵਾਂ ਵਿਚ ਵੀ ਮੁਹੱਬਤ ਦੇ ਭਾਵਾਂ ਦਾ ਪ੍ਰਗਟਾਅ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੀਤਾ ਗਿਆ ਹੈ। ਬਹੁਤ ਸਾਰੀਆਂ ਕਵਿਤਾਵਾਂ ਸੁਚੇਤ ਅਚੇਤ ਸਾਡੇ ਸਮਾਜਿਕ ਵਰਤਾਰੇ ਵਿਚ ਪੱਸਰੀਆਂ ਵਿਸੰਗਤੀਆਂ ਨਾਲ ਸਬੰਧਤ ਹਨ। ਸੁਖਵਿੰਦਰ ਅੰਮ੍ਰਿਤ ਇਸ ਪੁਸਤਕ ਲਈ ਮੁਬਾਰਕ ਦੀ ਹੱਕਦਾਰ ਹੈ।

-ਡਾ: ਅਮਰਜੀਤ ਕੌਂਕੇ

ਜਿਲ੍ਹਣ
ਕਹਾਣੀ ਸੰਗ੍ਰਹਿ : ਗੁਰਦਿਆਲ ਦਲਾਲ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 300 ਰੁਪਏ, ਸਫ਼ੇ : 206.

ਗੁਰਦਿਆਲ ਦਲਾਲ ਵਰਤਮਾਨ ਸਮੇਂ ਦਾ ਗਲਪਕਾਰ ਹੈ। ਜਿਲ੍ਹਣ ਉਸ ਦਾ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ 14 ਲੰਮੀਆਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ੇ-ਵਸਤੂ, ਵਰਤਮਾਨ ਸਮਾਜ ਵਿਚ ਮਰਦ-ਇਸਤਰੀ ਨਾਲ ਸਬੰਧਤ ਹਨ, ਜਿਹੜੇ ਅਨਾਤਮ ਜਗਤ ਦੀ ਆਪ ਪੈਦਾ ਕੀਤੀਆਂ ਸਮੱਸਿਆਵਾਂ ਵਿਚ ਘਿਰੇ ਆਰਥਿਕ, ਸੱਭਿਆਚਾਰਕ, ਮਾਨਸਿਕ ਤਣਾਓ ਨੂੰ ਭੋਗਦੇ ਹਨ। ਅਜੋਕੇ ਸਮਾਜ ਵਿਚ ਅਜੇ ਵੀ ਊਚ-ਨੀਚ, ਜਾਤ-ਪਾਤ, ਬਲਾਤਕਾਰ, ਗੁੰਡਾਗਰਦੀ, ਰਾਜਨੀਤਕ ਲੁੱਟ ਹੈ। ਅਮੀਰੀ-ਗਰੀਬੀ ਦੇ ਵਿਤਕਰੇ ਹਨ, ਗਰੀਬ ਸ਼੍ਰੇਣੀਆਂ ਦੇ ਲੋਕ ਨਸ਼ਿਆਂ ਦਾ ਸ਼ਿਕਾਰ ਹਨ। ਛੋਟੇ ਜ਼ਿਮੀਂਦਾਰ ਜ਼ਮੀਨਾਂ ਵੇਚ ਕੇ ਕੰਗਾਲ ਹੋ ਰਹੇ ਹਨ ਪਰ ਉਨ੍ਹਾਂ ਵਿਚ ਜੱਟਵਾਦ ਦੀ ਹੈਂਕੜ ਅਜੇ ਵੀ ਹੈ। ਵਧੇਰੇ ਲੋਕ ਆਪਣੀਆਂ ਆਦਤਾਂ ਦੇ ਸ਼ਿਕਾਰ ਹੋ ਕੇ ਆਪ ਦੁੱਖ ਭੋਗ ਰਹੇ ਹਨ, ਦੂਜਿਆਂ ਨੂੰ ਵੀ ਦੁਖੀ ਕਰ ਰਹੇ ਹਨ। ਜ਼ਮੀਨ ਖਾਤਰ ਰਿਸ਼ਤੇ ਟੁੱਟ ਰਹੇ ਹਨ। ਬਜ਼ੁਰਗਾਂ ਦਾ ਜੀਵਨ ਨਰਕ ਭੋਗਦਾ ਹੈ। ਵਿਦੇਸ਼ਾਂ ਵਿਚ ਜਾਣ ਦੀ ਹੋੜ ਲੱਗੀ ਹੈ। ਸੁੰਝਾਪਣ, ਇਕਲਾਪ, ਝਲ ਰਹੇ ਬਜ਼ੁਰਗ ਵਿਦੇਸ਼ੀਂ ਕੰਮ ਕਰਦੇ ਬੱਚਿਆਂ ਕੋਲ ਜਾ ਕੇ ਵੀ ਸੁਖੀ ਨਹੀਂ। ਇਹ ਤੇ ਹੋਰ ਸੰਕਟਾਂ ਸਮੱਸਿਆ ਵਿਚ ਫਸੇ ਅਜੋਕੇ ਆਦਮੀਆਂ ਦੇ ਜੀਵਨ ਨੂੰ ਦਲਦਲ ਵਿਚ ਫਸਿਆਂ ਦਿਖਾਉਂਦੀਆਂ ਇਹ ਕਹਾਣੀਆਂ ਸਮੇਂ ਦਾ ਯਥਾਰਥ ਪੇਸ਼ ਕਰਦੀਆਂ ਹਨ। ਕਹਾਣੀਆਂ ਕਹਿਣ ਦੀ ਵਿਧੀ ਆਤਮ ਕਥਨ ਵਾਲੀ ਹੈ। ਰੌਚਿਕਤਾ ਬਣਾਈ ਰੱਖਣ ਲਈ ਕਹਾਣੀਕਾਰ ਸਜੀਵ ਵਾਤਾਵਰਨ ਚਿਤਰਦਾ ਹੈ। ਨਿੱਕੇ-ਨਿੱਕੇ ਵਸਤੂ ਵੇਰਵੇ ਦਿੱਤੇ ਗਏ ਹਨ। ਕਹਾਣੀਕਾਰ ਅੱਖੀਂ ਦੇਖੇ, ਹੱਡੀਂ ਹੰਢਾਏ ਅਨੁਭਵਾਂ ਨੂੰ ਯਥਾਰਥ ਬਣਾ ਕੇ ਜਦ ਕਹਾਣੀ ਸਿਰਜਦਾ ਹੈ ਤਾਂ ਕਹਾਣੀ ਬਾਮਕਸਦ ਬਣ ਜਾਂਦੀ ਹੈ। ਗੁਰਦਿਆਲ ਦਲਾਲ ਦੀ ਇਹ ਕਥਾ ਸਿਰਜਣ ਦੀ ਕਲਾ, ਉਸ ਦੀਆਂ ਕਹਾਣੀਆਂ ਨੂੰ ਵਿਲੱਖਣ ਸ਼ੈਲੀ ਦੀਆਂ ਕਹਾਣੀਆਂ ਵਿਚ ਸ਼ੁਮਾਰ ਕਰਦੀ ਹੈ। ਪਰਾਇਆ ਧਨ, ਵਾਇਰਸ, ਜਿਲ੍ਹਣ, ਇਕੋ ਮੁਲਾਕਾਤ, ਗੁੱਡ ਫਾਰ ਦੀ ਵੈਸਟ ਆਦਿ ਕਹਾਣੀਆਂ ਵਿਚ ਗਲਪੀ (ਨਾਵਲੀ) ਤੱਤ ਸ਼ਾਮਿਲ ਹਨ।

-ਡਾ: ਅਮਰ ਕੋਮਲ
ਮੋ: 08437873565.

3-1-2015

 ਮਨੋਵਿਸ਼ਲੇਸ਼ਣ-ਪੰਜਾਬੀ ਨਾਰੀ ਕਾਵਿ
ਲੇਖਿਕਾ : ਰੁਪਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 182.

ਪੰਜਾਬੀ ਆਲੋਚਨਾ ਦੇ ਖੇਤਰ ਵਿਚ ਮਾਰਕਸਵਾਦ ਬਾਰੇ ਤਾਂ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਪਰ ਫਰਾਇਡ ਅਤੇ ਉਸ ਦੇ ਪਿਠਵਰਤੀ ਚਿੰਤਕਾਂ ਵੱਲੋਂ ਕੀਤੇ ਗਏ ਕੰਮਾਂ ਦਾ ਅਜੇ ਤੱਕ ਭਰਪੂਰ ਜਾਇਜ਼ਾ ਨਹੀਂ ਲਿਆ ਗਿਆ। ਮੈਨੂੰ ਖੁਸ਼ੀ ਹੈ ਕਿ ਹੁਣ ਪੰਜਾਬੀ ਦੇ ਕੁਝ ਵਿਦਵਾਨਾਂ ਨੇ ਇਸ ਖੇਤਰ ਵਿਚ ਕੰਮ ਕਰਨ ਦਾ ਸਾਹਸ ਜੁਟਾਇਆ ਹੈ। ਬੀਬਾ ਰੁਪਿੰਦਰ ਕੌਰ ਨੇ 'ਪੰਜਾਬੀ ਨਾਰੀ ਕਾਵਿ ਵਿਚ ਮਨੋਵਿਸ਼ਲੇਸ਼ਣ' ਬਾਰੇ ਆਪਣੀਆਂ ਧਾਰਨਾਵਾਂ ਪੇਸ਼ ਕਰਕੇ ਇਸ ਖੱਪੇ ਨੂੰ ਪੂਰਨ ਦਾ ਯਤਨ ਕੀਤਾ ਹੈ। ਮੈਂ ਉਸ ਦੇ ਉੱਦਮ ਦੀ ਪ੍ਰਸੰਸਾ ਕਰਦਾ ਹਾਂ।
ਰੁਪਿੰਦਰ ਕੌਰ ਨੇ ਆਪਣੀ ਇਸ ਪੁਸਤਕ ਦੇ ਪਹਿਲੇ ਖੰਡ ਵਿਚ ਮਨੋਵਿਸ਼ਲੇਸ਼ਣ ਬਾਰੇ ਭਰਪੂਰ ਜਾਣਕਾਰੀ (ਲਗਭਗ 45 ਪੰਨੇ) ਪ੍ਰਦਾਨ ਕੀਤੀ ਹੈ। ਦੂਜੇ ਖੰਡ ਵਿਚ ਆਧੁਨਿਕ ਪੰਜਾਬੀ ਕਾਵਿ ਦੇ ਮੁਢਲੇ ਦੌਰ ਦੀਆਂ ਪ੍ਰਮੁੱਖ ਕਵਿੱਤਰੀਆਂ ਦੀ ਕਾਵਿ-ਸੰਵੇਦਨਾ ਅਤੇ ਸ਼ਿਲਪਕਾਰੀ ਦਾ ਅਧਿਐਨ ਕੀਤਾ ਗਿਆ ਹੈ। ਇਨ੍ਹਾਂ ਕਵਿੱਤਰੀਆਂ ਵਿਚ ਮਾਈ ਪੀਰੋ, ਅੰਮ੍ਰਿਤਾ ਪ੍ਰੀਤਮ, ਪ੍ਰਭਜੋਤ ਕੌਰ, ਮਹਿੰਦਰ ਕੌਰ ਗਿੱਲ, ਸ਼ਰਨ ਮੱਕੜ ਅਤੇ ਕੁਲਦੀਪ ਕਲਪਨਾ ਸ਼ਾਮਿਲ ਹਨ। ਤੀਜੇ ਖੰਡ ਵਿਚ ਨਵੀਨ ਦੌਰ ਦੀਆਂ ਕੁਝ ਹੋਰ ਕਵਿੱਤਰੀਆਂ ਜਿਵੇਂ ਮਨਜੀਤ ਟਿਵਾਣਾ, ਅਮਰ ਜਿਓਤੀ, ਮਨਜੀਤ ਪਾਲ, ਵਨੀਤਾ, ਪਾਲ ਕੌਰ, ਬਚਿੰਤ ਕੌਰ, ਕੁਲਦੀਪ ਗਿੱਲ ਅਤੇ ਰੁਪਿੰਦਰ ਕੌਰ ਦੀ ਰਚਨਾ-ਪ੍ਰਕਿਰਿਆ ਦਾ ਅਧਿਐਨ ਕੀਤਾ ਗਿਆ ਹੈ।
ਰੁਪਿੰਦਰ ਕੌਰ ਮੂਲ ਰੂਪ ਵਿਚ ਇਕ ਕਵੀ ਹੈ। ਉਸ ਨੇ ਛੋਟੀਆਂ ਕਵਿਤਾਵਾਂ ਲਿਖਣ ਦੇ ਨਾਲ-ਨਾਲ ਦੋ ਮਹਾਂਕਾਵਿ (ਕਲਗ਼ੀ ਦਾ ਸਫ਼ਰ ਅਤੇ ਇਤੁ ਮਾਰਗ) ਵੀ ਲਿਖੇ ਹਨ। ਐਮ.ਏ. ਪੰਜਾਬੀ ਕਰਨ ਦੌਰਾਨ ਉਸ ਨੇ 2003 ਈ: ਵਿਚ 'ਸ਼ਿਵ ਕੁਮਾਰ ਗੋਲਡ ਮੈਡਲ' ਜਿੱਤਿਆ ਸੀ। ਮੁਕਾਬਲੇ ਵਿਚ ਜੇਤੂ ਰਹੀ ਉਸ ਦੀ ਕਵਿਤਾ ਦਾ ਸਿਰਲੇਖ 'ਸਾਵਣ' ਸੀ, ਜਿਸ ਵਿਚ ਉਹ ਲਿਖਦੀ ਹੈ :
ਦੱਸੋ ਵੀ ਅੱਜ ਮੈਨੂੰ ਸਖੀਓ
ਕਿਹੜੇ ਮੌਸਮ ਦੀ ਗੱਲ ਕਰੀਏ
ਜਾਂ ਤੀਆਂ ਨੂੰ ਚੇਤੇ ਕਰੀਏ,
ਜਾਂ ਇਕ ਲੰਬਾ ਹਉਕਾ ਭਰੀਏ।
ਜਿਸ ਦੀ ਟੁੱਟੀ ਪੀਂਘ ਅਕਾਸ਼ੋਂ
ਉਸ ਨੂੰ ਜਾਂਦਾ ਨਹੀਂ ਵਰਾਇਆ
ਲੋਕੀਂ ਆਖਣ ਸਾਵਣ ਆਇਆ।
ਰੁਪਿੰਦਰ ਕੌਰ ਨੇ ਆਪਣੀ ਇਸ ਪੁਸਤਕ ਵਿਚ 'ਮਨੋਵਿਸ਼ਲੇਸ਼ਣ' ਦੇ ਸਿਧਾਂਤਕ ਪੱਖ ਨੂੰ ਤਿਆਰ ਕਰਨ ਵਿਚ ਤਾਂ ਭਰਪੂਰ ਮਿਹਨਤ ਕੀਤੀ ਹੈ ਪਰ ਵਿਵਹਾਰਕ ਪੱਖ ਉੱਪਰ ਉਹ ਆਪਣੀ ਬਹੁਤੀ ਪਕੜ ਨਹੀਂ ਬਣਾ ਸਕੀ। ਅਸਲ ਵਿਚ ਉਸ ਨੇ ਆਪਣਾ ਕਾਰਜ ਖੇਤਰ ਹੀ ਬਹੁਤ ਲੰਮਾ-ਚੌੜਾ ਚੁਣ ਲਿਆ ਸੀ, ਇਸ ਲਈ ਉਹ ਨਿੱਠ ਕੇ ਕੰਮ ਨਹੀਂ ਕਰ ਸਕੀ। ਪਰ ਉਸ ਵਿਚ ਹਿੰਮਤ ਅਤੇ ਲਗਨ ਹੈ। ਉਹ ਇਸ ਖੇਤਰ ਵਿਚ ਹੋਰ ਅੱਗੇ ਵਧ ਸਕਦੀ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਅਲਬੇਲਾ ਸਿੰਘ
ਲੇਖਕ : ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਹਾਲ ਬਾਜ਼ਾਰ ਸ੍ਰੀ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 159.

ਲੇਖਕ ਅਨੁਸਾਰ ਇਸ ਨਾਵਲ ਦੇ ਸਾਰੇ ਪਾਤਰ ਅਤੇ ਘਟਨਾ ਸਥਾਨ ਕਾਲਪਨਿਕ ਹਨ। ਫਿਰ ਵੀ ਇਹ ਅਸਲੀਅਤ ਦਾ ਭੁਲੇਖਾ ਪਾਉਂਦੇ ਹਨ। ਲਹਿੰਦੇ ਪੰਜਾਬ ਦੇ ਬਾਰ ਇਲਾਕੇ ਦੀ ਕਹਾਣੀ ਪੇਸ਼ ਕਰਦਾ ਇਹ ਨਾਵਲ ਮੁੱਖ ਤੌਰ 'ਤੇ ਦੋ ਪਰਿਵਾਰਾਂ ਦੀ ਕਥਾ ਹੈ। ਬਰਤਾਨਵੀ ਫ਼ੌਜ ਵੱਲੋਂ ਜਰਮਨਾਂ ਵਿਰੁੱਧ ਲੜੇ ਗਏ ਪਹਿਲੇ ਵਿਸ਼ਵ ਯੁੱਧ ਵਿਚ ਸੂਬੇਦਾਰ ਪਹਾੜਾ ਸਿੰਘ ਮਾਰਿਆ ਜਾਂਦਾ ਹੈ। ਅੰਗਰੇਜ਼ ਸਰਕਾਰ ਵੱਲੋਂ ਉਸ ਨੂੰ ਮਰਨ ਉਪਰੰਤ ਸੂਰਮਗਤੀ ਦੇ ਕਈ ਖਿਤਾਬ ਅਤੇ ਜਗੀਰ ਦਿੱਤੀ ਜਾਂਦੀ ਹੈ। ਉਸ ਦੇ ਲੜਕੇ ਵਲਾਇਤ ਸਿੰਘ ਨੂੰ ਅੰਗਰੇਜ਼ਾਂ ਨੇ ਜ਼ੈਲਦਾਰੀ ਪ੍ਰਦਾਨ ਕੀਤੀ ਅਤੇ ਪੰਜ ਮੁਰੱਬੇ ਜ਼ਮੀਨ ਦਿੱਤੀ। ਅੰਗਰੇਜ਼ਾਂ ਦੀ ਵਫ਼ਾਦਾਰੀ ਨਿਭਾਉਣ ਲਈ ਵਲਾਇਤ ਸਿੰਘ ਨੇ ਇਲਾਕੇ ਦੇ ਸੰਘਰਸ਼ਮਈ ਬੱਬਰਾਂ ਨੂੰ ਮੁਖਬਰੀ ਕਰਕੇ ਮਰਵਾਇਆ ਸੀ। ਬਹੁਤੀ ਦਾਰੂ ਪੀਣ ਕਰਕੇ ਇਸ ਦੀ ਮੌਤ ਹੋਈ ਤਾਂ ਜ਼ੈਲਦਾਰੀ ਉਸ ਦੇ ਲੜਕੇ ਨੂੰ ਮਿਲ ਗਈ। ਸਾਰਾ ਪਿੰਡ ਜ਼ੈਲਦਾਰ ਦਾ ਰੁਤਬਾ ਮੰਨਦਾ ਸੀ, ਉਸ ਦੇ ਆਦੇਸ਼ਾਂ ਦੀ ਪਾਲਣਾ ਕਰਦਾ ਸੀ। ਪਰ ਪਿੰਡ ਤੋਂ ਕੁਝ ਹਟਵਾਂ ਇਕ ਅਕਾਲੀਆਂ ਦਾ ਪਰਿਵਾਰ ਸੀ, ਜੋ ਜ਼ੈਲਦਾਰ ਤੋਂ ਭੋਰਾ ਵੀ ਖੌਫ਼ ਨਹੀਂ ਸੀ ਖਾਂਦਾ। ਜ਼ੈਲਦਾਰ ਦਾ ਇਕਲੌਤਾ ਪੁੱਤਰ ਅਲਬੇਲਾ ਸਿੰਘ ਸੀ। ਆਪ ਬਾਪ ਦਾਦੇ ਤੋਂ ਉਲਟ ਉਸ ਵਿਚ ਸਿੱਖੀ ਦਾ ਚਿਣਗ ਅਤੇ ਵਤਨ ਦਾ ਪਿਆਰ ਉਛਾਲੇ ਮਾਰਦਾ ਸੀ। ਉਸ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਸ ਦੇ ਵਡੇਰਿਆਂ ਨੇ ਪਿੰਡ ਦੇ ਦੋ ਅਕਾਲੀ ਭਰਾਵਾਂ ਨੂੰ ਮਰਵਾ ਕੇ ਹਕੂਮਤ ਵੱਲੋਂ ਜਗੀਰਾਂ ਪ੍ਰਾਪਤੀਆਂ ਕੀਤੀਆਂ ਸਨ। ਅਲਬੇਲਾ ਸਿੰਘ ਉੱਚੀ ਪੜ੍ਹਾਈ ਕਰਨ ਲਈ ਵਲਾਇਤ ਚਲਾ ਗਿਆ। ਪਿੱਛੋਂ ਉਸ ਦੇ ਪਿਤਾ ਨੂੰ ਬੱਬਰ ਅਕਾਲੀਆਂ ਨੇ ਮਾਰ ਦਿੱਤਾ। ਖ਼ਬਰ ਸੁਣ ਕੇ ਇਹ ਭਾਰਤ ਵਾਪਸ ਆਇਆ ਪਰ ਇਸ ਨੇ ਆਪਣੇ ਉੱਪਰ ਬੱਬਰਾਂ ਦੇ ਹਮਲਾ ਕਰਨ 'ਤੇ ਵੀ ਉੱਚੀ ਸੋਚ ਰੱਖੀ ਅਤੇ ਸਭ ਨਾਲ ਮਿਲਵਰਤਣ ਨਾਲ ਪੇਸ਼ ਆਉਣ ਲੱਗਾ। ਅੰਤ ਵਿਚ ਇਹ ਇਕ ਉੱਚ ਕੋਟੀ ਦਾ ਮਹਾਂਪੁਰਖ ਬਣ ਗਿਆ ਅਤੇ ਆਪਣੀ ਸਾਰੀ ਜਾਇਦਾਦ ਲੋਕ ਭਲਾਈ ਦੇ ਕੰਮਾਂ ਉਤੇ ਲਾ ਗਿਆ। ਇਹ ਇਕ ਉੱਤਮ ਕਿਰਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਕੰਧਾਂ ਹੁੰਗਾਰਾ ਨਹੀਂ ਭਰਦੀਆਂ
ਕਹਾਣੀਕਾਰ : ਭੁਪਿੰਦਰ ਉਸਤਾਦ
ਪ੍ਰਕਾਸ਼ਕ : ਪੰਜਾਬੀ ਸੱਥ ਲਾਂਬੜਾ, ਜਲੰਧਰ
ਮੁੱਲ : 150 ਰੁਪਏ, ਸਫ਼ੇ : 160.

ਇਸ ਕਹਾਣੀ-ਸੰਗ੍ਰਹਿ ਵਿਚ ਭੁਪਿੰਦਰ ਉਸਤਾਦ ਦੁਆਰਾ 19 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਨੂੰ ਜਦੋਂ ਅਸੀਂ ਵਿਸ਼ਾਗਤ ਪਹਿਲੂ ਤੋਂ ਵਿਚਾਰਦੇ ਹਾਂ ਤਾਂ ਇਨ੍ਹਾਂ ਦੇ ਵਿਸ਼ੇ ਸਾਡੇ ਅਜੋਕੇ ਸਮਾਜ ਵਿਚ ਫੈਲੀਆਂ ਉਹ ਵਿਸੰਗਤੀਆਂ ਹਨ, ਜਿਨ੍ਹਾਂ ਨੇ ਸਾਡੀ ਸਮਾਜਿਕ ਤੋਰ ਦੇ ਤਾਣੇ-ਬਾਣੇ ਨੂੰ ਪੂਰੀ ਤਰ੍ਹਾਂ ਉਲਝਾ ਕੇ ਰੱਖ ਦਿੱਤਾ ਹੈ। ਇਹ ਬੁਰਾਈਆਂ ਭਾਵੇਂ ਨਸ਼ਿਆਂ ਦੀ ਦਲਦਲ ਹੋਵੇ ਜਾਂ ਵਿਦੇਸ਼ ਜਾਣ ਦੀ ਲਾਲਸਾ ਹੋਵੇ ਜਾਂ ਫਿਰ ਪਰੰਪਰਕ ਸੋਚ ਅਨੁਸਾਰ ਮੁੰਡਾ ਪ੍ਰਾਪਤੀ ਦੀ ਕਾਮਨਾ ਹੋਵੇ। 'ਲਾਲਸਾ' ਕਹਾਣੀ ਵੀ ਬਿਨਾਂ ਸੋਚੇ ਸਮਝੇ ਉਠਾਏ ਕਦਮਾਂ ਦੀ ਨਿਸ਼ਾਨਦੇਹੀ ਕਰਦੀ ਹੈ। ਇਸ ਕਹਾਣੀ ਵਿਚੋਂ ਰਿਸ਼ਤਿਆਂ ਦੇ ਰੇਤ ਹੋਣ ਦੀ ਥਹੁ ਲਗਦੀ ਹੈ। ਇਸ ਕਹਾਣੀ-ਸੰਗ੍ਰਹਿ ਵਿਚਲੀਆਂ ਕਹਾਣੀਆਂ ਸ਼ਰੀਕ, ਆਪਣਿਆਂ ਦਾ ਸੁਖ ਅਤੇ ਆਜ਼ਾਦੀ ਦੀ ਬਲੀ ਜਿਥੇ ਰਿਸ਼ਤਿਆਂ ਵਿਚ ਆ ਰਹੀ ਕੁੜੱਤਣ ਬਾਰੇ ਜ਼ਿਕਰ ਛੇੜਦੀਆਂ ਹਨ, ਉਥੇ ਇਸ ਕੁੜੱਤਣ ਤੇ ਮੋਹਭੰਜਨ ਦਾ ਕਾਰਨ ਆਰਥਿਕਤਾ ਵਿਚੋਂ ਅਤੇ ਨਿੱਜੀ ਆਜ਼ਾਦੀ ਵਿਚੋਂ ਵੀ ਤਲਾਸ਼ ਕਰਦੀਆਂ ਹਨ। ਇਸ ਕਹਾਣੀ ਸੰਗ੍ਰਹਿ ਵਿਚਲੀਆਂ ਬਹੁਤੀਆਂ ਕਹਾਣੀਆਂ ਦੇ ਸਿਰਲੇਖ ਸਿੱਧੇ ਕਹਾਣੀ ਦੇ ਵਿਸ਼ੇ ਨਾਲ ਹੀ ਪਾਠਕ ਦੀ ਸਾਂਝ ਪੁਆ ਦਿੰਦੇ ਹਨ, ਜਿਵੇਂ ਮੌਕਾਪ੍ਰਸਤ, 'ਕੁੱਤੇ ਦੀ ਪੂਛ' ਲਾਲਸਾ ਆਦਿ। ਕਈਆਂ ਕਹਾਣੀਆਂ ਦੇ ਸਿਰਲੇਖ ਕਹਾਣੀਕਾਰ ਨੇ ਕਿਸੇ ਚੋਭ ਜਾਂ ਵਿਅੰਗਮਈ ਬਿਰਤੀ ਸਦਕਾ ਦਰਜ ਕੀਤੇ ਹਨ। 'ਕੰਧਾਂ ਹੁੰਗਾਰਾ ਨਹੀਂ ਭਰਦੀਆਂ' ਕਹਾਣੀ ਭਾਵੇਂ ਬਹੁ-ਪਾਸਾਰੀ ਵਿਸ਼ਿਆਂ ਨੂੰ ਹੱਥ ਪਾਉਂਦੀ ਹੈ ਪਰ ਇਕੱਲਤਾ ਅਤੇ ਬੇਗਾਨਗੀ ਮਨੁੱਖ ਨੂੰ ਕਿਵੇਂ ਤੋੜਦੀ ਹੈ, ਇਸ ਬਾਰੇ ਭਾਵਪੂਰਤ ਚਰਚਾ ਛੇੜਦੀ ਹੈ। ਇਸ ਦੇ ਉਲਟ 'ਮੋਹ' ਕਹਾਣੀ ਰਿਸ਼ਤਿਆਂ ਦੇ ਆਪਣੇਪਨ ਦਾ ਜ਼ਿਕਰ ਛੇੜਦੀ ਭਾਵਪੂਰਤ ਰਚਨਾ ਹੈ।
ਭੁਪਿੰਦਰ ਉਸਤਾਦ ਦਾ ਇਹ ਕਹਾਣੀ ਸੰਗ੍ਰਹਿ 'ਕੰਧਾਂ ਹੁੰਗਾਰਾ ਨਹੀਂ ਭਰਦੀਆਂ' ਜਿਥੇ ਉਨ੍ਹਾਂ ਮਸਲਿਆਂ ਨੂੰ ਪਾਠਕਾਂ ਦੇ ਸਾਹਮਣੇ ਪੇਸ਼ ਕਰਦਾ ਹੈ, ਜਿਨ੍ਹਾਂ ਨਾਲ ਅਜੋਕਾ ਮਨੁੱਖ ਜੂਝ ਰਿਹਾ ਹੈ ਪਰ ਨਾਲ ਦੀ ਨਾਲ ਪਾਠਕਾਂ ਦੇ ਮਨਾਂ ਵਿਚ ਮਾਨਵੀ ਅਹਿਸਾਸ ਵੀ ਜਗਾਉਂਦਾ ਹੈ। ਇਹ ਅਹਿਸਾਸ ਭਾਵੇਂ ਮਾਂ ਦੀ ਮਮਤਾ ਦੇ ਹੋਣ, ਭਾਵੇਂ ਦੇਸ਼ ਵੰਡ ਦੇ ਦਰਦ ਦੇ ਹੋਣ ਤੇ ਭਾਵੇਂ ਆਪਣਿਆਂ ਦੇ ਪਰਾਏ ਹੋਣ ਦੇ ਹੋਣ। ਭੁਪਿੰਦਰ ਉਸਤਾਦ ਦੀਆਂ ਕਹਾਣੀਆਂ ਪਰੰਪਰਕ ਕਹਾਣੀ ਵਾਂਗ ਕੋਈ ਨਾ ਕੋਈ ਸਿੱਟਾ ਵੀ ਪ੍ਰਸਤੁਤ ਕਰਦੀਆਂ ਹਨ ਭਾਵੇਂ ਕਿ ਕਈ ਕਹਾਣੀਆਂ ਵਿਚ ਗੱਲ ਪਾਠਕ ਦੇ ਫ਼ੈਸਲੇ 'ਤੇ ਵੀ ਛੱਡ ਦਿੱਤੀ ਜਾਂਦੀ ਹੈ। ਕਹਾਣੀਆਂ ਵਿਚ ਕਹਾਣੀ ਰਸ ਦੀ ਪ੍ਰਧਾਨਤਾ ਹੈ ਅਤੇ ਪਾਠਕ ਸਾਧਾਰਨ ਵਿਸ਼ਿਆਂ ਵਾਲੀਆਂ ਕਹਾਣੀਆਂ ਨੂੰ ਪੂਰੀ ਤਰ੍ਹਾਂ ਮਾਣਦਾ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611

ਇਹ ਕੇਹਾ ਪਛਤਾਵਾ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ,
ਚਾਂਦਨੀ ਚੌਕ, ਦਿੱਲੀ
ਮੁੱਲ : 175 ਰੁਪਏ, ਸਫ਼ੇ : 126.

'ਇਹ ਕੇਹਾ ਪਛਤਾਵਾ' ਸ਼ਹਿਰੀ ਮੱਧਵਰਗ ਦੇ ਵਪਾਰੀ ਤਬਕੇ ਦੀ ਮਨੋਦਸ਼ਾ ਨੂੰ ਬਿਆਨ ਕਰਨ ਵਾਲਾ ਅਤਿ ਰੋਚਕ ਸ਼ੈਲੀ ਵਿਚ ਰਚਿਆ ਨਾਵਲ ਹੈ। ਇਸ ਨਾਵਲ ਦਾ ਲਾਇਨ ਸੁਮੇਰ ਸਿੰਘ ਇਕ ਸਾਧਾਰਨ ਦੁਕਾਨਦਾਰ ਹੈ, ਜੋ ਆਪਣੀ ਖੂਬਸੂਰਤ ਪਤਨੀ ਅੰਮ੍ਰਿਤਾ ਨੂੰ ਬੇਹੱਦ ਪਿਆਰ ਕਰਦਾ ਹੈ ਅਤੇ ਉਹ ਵੀ ਉਸ ਨੂੰ ਦਿਲੋਂ ਮੁਹੱਬਤ ਕਰਦੀ ਹੈ। ਉਨ੍ਹਾਂ ਦੇ ਦੋ ਬੇਟੇ ਹਨ। ਪਰਿਵਾਰ ਸੰਤੁਸ਼ਟ ਤੇ ਖੁਸ਼ੀਆਂ ਭਰਪੂਰ ਜੀਵਨ ਜੀਅ ਰਿਹਾ ਹੈ। ਪ੍ਰੰਤੂ ਸੁਮੇਰ ਸਿੰਘ ਆਪਣੇ ਵਪਾਰ ਦੇ ਵਾਧੇ ਲਈ ਕਰਜ਼ੇ ਦੀ ਲਿਮਟ ਬਣਾਉਣ ਹਿਤ ਹਰਜੀਤ ਸਿੰਘ ਨਾਂਅ ਦੇ ਬੈਂਕ ਕਰਮਚਾਰੀ ਦੇ ਸੰਪਰਕ ਵਿਚ ਅਜਿਹਾ ਆਉਂਦਾ ਹੈ ਕਿ ਹਾਲਾਤ ਉਸ ਨੂੰ ਮਾਨਸਿਕ ਦੁੱਖ ਭੋਗਣ ਲਈ ਮਜਬੂਰ ਕਰ ਦਿੰਦੇ ਹਨ।
ਲਾਲਚਵਸ ਸੁਮੇਰ ਸਿੰਘ ਹਰਜੀਤ ਸਿੰਘ ਨਾਲ ਮੇਲ-ਜੋਲ ਵਧਾਉਣ ਲਈ ਉਸ ਨੂੰ ਆਪਣੇ ਘਰ ਪਤਨੀ ਸਮੇਤ ਆਉਣ ਦਾ ਸੱਦਾ ਦਿੰਦਾ ਹੈ। ਹਰਜੀਤ ਸਿੰਘ ਆਪਣੀ ਪਤਨੀ ਸੁਖਵੀਰ ਨੂੰ ਨਾਲ ਲੈ ਕੇ ਉਸ ਦੇ ਘਰ ਆਉਂਦਾ ਹੈ। ਅੰਮ੍ਰਿਤਾ ਦੀ ਸੀਰਤ ਅਤੇ ਸੂਰਤ ਹਰਜੀਤ ਨੂੰ ਅਜਿਹੀ ਭਾਅ ਜਾਂਦੀ ਹੈ ਕਿ ਉਹ ਅਛੋਪਲੇ ਹੀ ਅੰਮ੍ਰਿਤਾ ਵੱਲ ਖਿੱਚਿਆ ਜਾਂਦਾ ਹੈ। ਦੋਵੇਂ ਪਰਿਵਾਰ ਮੇਲ-ਜੋਲ ਵਧਾਉਣ ਲਈ ਤਤਪਰ ਹੋ ਜਾਂਦੇ ਹਨ।
ਅੰਮ੍ਰਿਤਾ ਦੇ ਵਰਤਾਰੇ ਤੋਂ ਹਰਜੀਤ ਦੇ ਚੋਰੀ ਛਿਪੇ ਉਸ ਨੂੰ ਮਿਲਣ ਬਾਰੇ ਸੁਮੇਰ ਸਿੰਘ ਨੂੰ ਸ਼ੱਕ ਹੋ ਜਾਂਦਾ ਹੈ। ਅੰਮ੍ਰਿਤਾ ਦੀ ਬੇਵਫ਼ਾਈ ਬਾਰੇ ਸੋਚ ਕੇ ਉਹ ਆਪਣਾ ਮਾਨਸਿਕ ਸੰਤੁਲਨ ਗੁਆਉਣ ਕੰਢੇ ਜਾ ਪੁੱਜਦਾ ਹੈ। ਉਹ ਸ਼ੱਕ ਨੂੰ ਸਹੀ ਕਰਨ ਅਤੇ ਚੋਰ ਨੂੰ ਸੰਨ੍ਹ 'ਤੇ ਫੜਨ ਲਈ ਕਈ ਵਾਰ ਯਤਨ ਕਰਦਾ ਹੈਤੇ ਆਖਰ ਹਰਜੀਤ ਸਿੰਘ ਆਪਣੇ ਘਰ ਮੌਕੇ 'ਤੇ ਫੜ ਕੇ ਉਸ ਦੀ ਭੁਗਤ ਸੁਆਰਦਾ ਹੈ। ਅੰਮ੍ਰਿਤਾ ਫੜੇ ਜਾਣ 'ਤੇ ਆਪਣੇ ਵੱਲੋਂ ਅਣਭੋਲਪੁਣੇ ਵਿਚ ਕੀਤੀ ਬੇਵਫ਼ਾਈ ਤੇ ਪਛਤਾਵਾ ਜ਼ਾਹਰ ਕਰਦੀ ਹੈ। ਅਮਰਜੀਤ ਸਿੰਘ ਨੂੰ ਆਪਣੇ ਪਾਤਰਾਂ ਦੇ ਧੁਰ ਅੰਦਰ ਤੱਕ ਝਾਕਣ ਦੀ ਮੁਹਾਰਤ ਹੈ। ਅੰਮ੍ਰਿਤਾ ਦੀ ਬੇਵਫ਼ਾਈ ਕਾਰਨ ਸੁਮੇਰ ਸਿੰਘ ਨੇ ਗੁੱਸੇ ਅਤੇ ਬਦਲੇ ਦੀ ਭਾਵਨਾ ਅਧੀਨ ਜੋ ਮਾਨਸਿਕ ਕਸ਼ਟ ਅਤੇ ਤਣਾਓ ਭੋਗਿਆ ਹੈ, ਉਸ ਨੂੰ ਉਸ ਨੇ ਹਿਰਦੇਵੇਦਕ ਸ਼ੈਲੀ ਵਿਚ ਬਿਆਨ ਕੀਤਾ ਹੈ। ਇਹ ਇਕ ਅਤਿ ਰੌਚਿਕ ਤੇ ਰਸਭਰਪੂਰ ਨਾਵਲ ਹੈ।

-ਸੁਖਦੇਵ ਮਾਦਪੁਰੀ
ਮੋ: 94630-34472

ਕਲੀਡੀਓਸਕੋਪ
ਡਾ: ਦਲੀਪ ਕੌਰ ਟਿਵਾਣਾ ਦਾ ਜੀਵਨ ਅਤੇ ਉਸ ਦੀ ਰਚਨਾ
ਸੰਪਾਦਕ : ਜਸਬੀਰ ਭੁੱਲਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 262.

'ਕਲੀਡੀਓਸਕੋਪ' ਉਹ ਸ਼ੈਅ ਹੈ ਜਿਸ 'ਚ ਰੰਗ-ਬਰੰਗੇ ਦ੍ਰਿਸ਼ ਵੇਖੇ ਜਾ ਸਕਦੇ ਹਨ ਜਾਂ ਸਮੇਂ-ਸਮੇਂ ਬਦਲਦੇ ਪ੍ਰਭਾਵੀ ਤੇ ਰੌਸ਼ਨੀ ਮੂਲਕ ਚਲ-ਚਿੱਤਰਾਂ ਦੇ ਸਮੂਹ ਦੇ ਪ੍ਰਵਾਹ ਨੂੰ ਵੇਖਿਆ ਜਾਂ ਅਨੁਭਵ ਕੀਤਾ ਜਾ ਸਕਦਾ ਹੈ। ਸੱਚਮੁੱਚ ਉੱਘੇ ਗਲਪਕਾਰ ਜਸਬੀਰ ਭੁੱਲਰ ਨੇ ਹੱਥਲੀ ਪੁਸਤਕ ਰਾਹੀਂ ਡਾ: ਦਲੀਪ ਕੌਰ ਟਿਵਾਣਾ ਦੇ ਜੀਵਨ ਅਤੇ ਉਸ ਦੀ ਸਮੂਹ ਵਾਰਤਕ ਤੇ ਗਲਪ-ਰਚਨਾ ਦੀ ਪਛਾਣ ਅਤੇ ਸਥਾਪਤੀ ਨੂੰ ਉੱਚ ਦਰਜੇ ਦੀ ਸੰਪਾਦਨ ਜੁਗਤ ਜ਼ਰੀਏ ਹਰ ਵਰਗ ਦੇ ਪਾਠਕ, ਖੋਜਾਰਥੀ ਅਤੇ ਅਧਿਆਪਨ ਖੇਤਰ 'ਚ ਜੁੜੇ ਹੋਏ ਚਿੰਤਕਾਂ ਦੇ ਸਨਮੁੱਖ ਕੀਤਾ ਹੈ। ਡਾ: ਦਲੀਪ ਕੌਰ ਟਿਵਾਣਾ ਕਿਸੇ ਜਾਣ-ਪਛਾਣ ਦੀ ਮੁਥਾਜ ਵੀ ਨਹੀਂ, ਅਜੋਕੀ ਨਾਰੀ-ਚੇਤਨਾ ਦੇ ਨਵੇਂ ਪ੍ਰਸੰਗ-ਸਰੋਕਾਰਾਂ ਨੂੰ ਬੇਬਾਕੀ ਨਾਲ ਪੇਸ਼ ਕਰਨ ਵਾਲਿਆਂ ਵਿਚੋਂ ਵੀ ਅਗਿਆਤ ਨਹੀਂ। ਨਾ ਸੁਹਿਰਦ ਪ੍ਰਾਅਧਿਆਪਕਾਂ ਜਾਂ ਯੂਨੀਵਰਸਿਟੀਆਂ ਦੇ ਗੁਪਤ ਖੋਜ ਕਾਰਜਾਂ ਜਾਂ ਉਪਾਧੀਜਨਕ ਡਿਗਰੀਆਂ ਦੇ ਨਿਰੀਖਕਾਂ ਵਜੋਂ ਨਾ ਜਾਣੀ ਜਾਣ ਵਾਲੀ ਹੈ ਅਤੇ ਨਾ ਹੀ ਆਪਣੇ ਤੋਂ ਪਹਿਲੋਂ ਹੋਈਆਂ ਇਸਤਰੀ ਲੇਖਕਾਂ ਚੋਂ ਵਿਲੱਖਣ ਪਛਾਣ ਅਗੋਚਰੀ ਹੈ, ਸਗੋਂ ਉਹ ਇਕ ਸੰਸਥਾ-ਮੂਲਕ ਸ਼ਖ਼ਸੀਅਤ ਹੈ, ਜਿਸ ਨੇ ਪੰਜਾਬੀ ਗਲਪ ਅਤੇ ਵਾਰਤਕ ਨੂੰ ਨਵੀਨਤਮ ਮੁਹਾਂਦਰਾ ਪ੍ਰਦਾਨ ਕੀਤਾ ਹੈ। ਇਨ੍ਹਾਂ ਸਭਨਾਂ ਸਰੋਕਾਰਾਂ ਨੂੰ ਜਸਬੀਰ ਭੁੱਲਰ ਨੇ ਹਥਲੀ ਪੁਸਤਕ ਦੇ ਪ੍ਰਮੁੱਖ ਚਾਰ ਭਾਗਾਂ, ਇਕ ਦਰਦ ਵਿਵੇਕ ਦੀ ਪੌਣ, ਦੂਜਾ ਸੱਤ ਰੰਗਾਂ ਦੀ ਭਾਹ, ਤੀਜਾ ਕਿਤਾਬਾਂ ਦਾ ਅੰਬਰ ਅਤੇ ਚੌਥਾ ਭਾਗ 'ਕਥਾ ਕਹੋ ਉਰਵਸ਼ੀ ਦਾ ਕੈਨਵਸ' ਜ਼ਰੀਏ ਪਾਠਕਾਂ ਸਾਹਮਣੇ ਲਿਆ ਕੇ ਅਜੋਕੇ ਲੇਖਕ/ਲੇਖਿਕਾਵਾਂ ਸਬੰਧੀ ਰਚਿਤ ਪੁਸਤਕਾਂ 'ਚੋਂ ਅਲੌਕਿਕ ਪੁਸਤਕ ਪੇਸ਼ ਕੀਤੀ ਹੈ।
ਇਹ ਪੁਸਤਕ ਟਿਵਾਣਾ ਜੀ ਦੇ ਜਨਮ ਤੋਂ ਲੈ ਕੇ ਉੱਚ ਉਪਾਧੀਆਂ ਦੀ ਪ੍ਰਾਪਤੀ ਅਤੇ ਰਸਮੀ ਸੇਵਾਵਾਂ ਤੋਂ ਮੁਕਤ ਹੋ ਕੇ ਵੀ ਸਾਹਿਤ ਸਾਧਨਾ 'ਚ ਵੱਡਮੁੱਲੇ ਯੋਗਦਾਨ ਦਾ ਸਾਮਿਅਕ ਚਿੱਤਰਪਟ ਹੈ। ਭੁੱਲਰ ਤਾਂ ਕਦੇ-ਕਦੇ ਭਾਵੁਕਤਾ 'ਚ ਬੜਾ ਕੁਝ ਕਹਿ ਗਿਆ ਹੈ, ਅੰਮ੍ਰਿਤਾ ਪ੍ਰੀਤਮ, ਪ੍ਰਵੀਨ ਬਾਲਾ, ਜਸਵੰਤ ਸਿੰਘ ਵਿਰਦੀ, ਗੁਰਬਚਨ, ਡਾ: ਵਿਨੋਦ, ਸੁਰਜੀਤ ਮਾਨ, ਕੁਲਦੀਪ ਸਿੰਘ ਧੀਰ, ਡਾ: ਨੇਕੀ, ਡਾ: ਚਰਨਜੀਤ ਕੌਰ, ਗੁਰਨਾਇਬ ਸਿੰਘ, ਡਾ: ਸੂ. ਸਿੰ. ਨੂਰ, ਡਾ: ਜਗਵੀਰ ਸਿੰਘ, ਡਾ: ਬਲਵਿੰਦਰ ਕੌਰ ਸਿੱਧੂ, ਡਾ: ਗੁਰਤਰਨ ਸਿੰਘ, ਡਾ: ਧਨਵੰਤ ਕੌਰ, ਕਰਤਾਰ ਸਿੰਘ ਦੁੱਗਲ ਅਤੇ ਵਿਸ਼ੇਸ਼ ਤਰ ਅੰਮ੍ਰਿਤਾ ਪ੍ਰੀਤਮ ਦੇ ਪ੍ਰਵਚਨ ਟਿਵਾਣਾ ਦੀ ਸਾਹਿਤਕ ਪ੍ਰਤਿਭਾ ਦੀ ਵਿਲੱਖਣਤਾ ਨੂੰ ਪ੍ਰਗਟਾਉਂਦੇ ਹਨ। ਪੁਸਤਕ ਦੀ ਵਿਸ਼ੇਸ਼ ਆਭਾ ਡਾ: ਟਿਵਾਣਾ ਦੇ ਪ੍ਰਵਚਨਾਂ ਤੋਂ ਵੀ ਸ਼ਾਖਸ਼ਾਤ ਪ੍ਰਗਟ ਹੁੰਦੀ ਹੈ ਜਦੋਂ ਉਹ ਹਰ ਮੁੱਖ ਭਾਗ ਤੋਂ ਪਹਿਲਾਂ ਪ੍ਰਗਟਾਏ ਪ੍ਰਵਚਨਾਂ ਵਿਚ ਆਪਣੀ ਹੋਰ ਪੜ੍ਹਨ ਹੋਰ ਚੰਗਾ ਲਿਖਣ ਦੀ ਅਭਿਲਾਸ਼ਾ ਨੂੰ ਵੀ ਪ੍ਰਗਟ ਕਰਦੀ ਹੈ। ਵਕਤ ਦੀ ਹਕੀਕਤ ਨੂੰ ਪੇਸ਼ ਕਰਦੀ ਇਹ ਪੁਸਤਕ ਆਉਣ ਵਾਲੇ ਸਮੇਂ ਦੇ ਖੋਜਾਰਥੀਆਂ, ਅਧਿਆਪਕਾਂ ਤੇ ਹੋਰ ਪਾਠਕਾਂ ਵਾਸਤੇ ਲਾਭਦਾਇਕ ਹੋਵੇਗੀ।

-ਡਾ: ਜਗੀਰ ਸਿੰਘ ਨੂਰ
ਮੋ: 98142-09732

ਕੁਝ ਪਲ ਤੇਰੇ ਨਾਲ
ਲੇਖਕ : ਪਰਮਿੰਦਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128.

ਕੁਝ ਪਲ ਤੇਰੇ ਨਾਲ, ਨੌਜਵਾਨ ਲੇਖਕ ਪਰਮਿੰਦਰ ਸਿੰਘ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਜੀਵਨ ਦੇ ਨਿੱਕੇ-ਨਿੱਕੇ ਸੂਖਮ ਅਹਿਸਾਸਾਂ ਨੂੰ ਆਪਣੇ ਕਾਵਿ ਵਸਤੂ ਵਜੋਂ ਪੇਸ਼ ਕਰਦੀਆਂ ਹਨ।
ਪਰਮਿੰਦਰ ਆਪਣੀ ਕਵਿਤਾ ਦੀ ਸਿਰਜਣਾ ਪ੍ਰਤੀ ਇਕ ਸੁਚੇਤ ਸ਼ਾਇਰ ਹੈ। ਉਹ ਜਾਣਦਾ ਹੈ ਕਿ ਕਵਿਤਾ ਸਿਰਜਣ ਦਾ ਮੰਤਵ ਕੀ ਹੈ ਤੇ ਇਸ ਕਾਵਿ-ਸਿਰਜਣਾ ਦੇ ਸਫ਼ਰ ਤੇ ਕਿਸ ਤਰ੍ਹਾਂ ਸ਼ਬਦਾਂ ਨੂੰ ਮਟਕਾਉਣਾ, ਟੁਣਕਾਉਣਾ ਤੇ ਸ਼ਬਦਾਂ ਵਿਚ ਪਰੋਣਾ ਹੈ। ਉਹ ਆਪਣੀ ਪਹਿਲੀ ਕਵਿਤਾ ਵਿਚ ਹੀ ਆਪਣੀ ਕਾਵਿ ਸਿਰਜਣਾ ਦੇ ਰਹੱਸ ਸਬੰਧੀ ਕੁਝ ਸੰਕੇਤ ਕਰਦਾ ਹੈ :
ਲਫਜ਼ ਜਦ ਨ੍ਰਿਤ ਕਰਦੇ ਆਉਂਦੇ ਹਨ
ਤਾਂ ਰੂਹ ਦੀ ਜੂਨ 'ਚੋਂ ਨਿਕਲ ਕੇ
ਸੁਪਨਿਆਂ ਵਾਂਗ
ਨੀਲੇ ਅੰਬਰਾਂ ਦੀ ਕਾਲੀ ਗਹਿਰਾਈ 'ਚ
ਤਾਰਿਆਂ ਦੀ ਬਾਰਾਤ ਵਾਂਗੂ ਆਉਂਦੇ ਹਨ...।
ਇਸ ਸੰਗ੍ਰਹਿ ਦੀਆਂ ਹੋਰ ਕਵਿਤਾਵਾਂ ਵਿਚ ਵੀ ਕਵੀ ਅਜਿਹੇ ਅਨੁਭਵ ਨੂੰ ਪੇਸ਼ ਕਰਦਾ ਹੈ। ਪਰਮਿੰਦਰ ਨੇ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਸਿਰਲੇਖ ਨਹੀਂ ਦਿੱਤੇ। ਇਸ ਲਈ ਲਈ ਇਹ ਕਵਿਤਾਵਾਂ ਇਕ ਨਿਰੰਤਰ ਤੇ ਲੰਮੇਰੀ ਕਵਿਤਾ ਵਜੋਂ ਵੀ ਪੜ੍ਹੀਆਂ ਜਾ ਸਕਦੀਆਂ ਹਨ। ਨਿੱਕੇ-ਨਿੱਕੇ ਸੂਖਮ ਅਹਿਸਾਸਾਂ ਨੂੰ ਸੰਜਮੀ ਸ਼ਬਦਾਂ ਵਿਚ ਕਿਸ ਤਰ੍ਹਾਂ ਬੰਨ੍ਹਿਆ ਜਾ ਸਕਦਾ ਹੈ, ਇਹ ਸਾਰਾ ਕੁਝ ਇਸ ਪੁਸਤਕ ਵਿਚ ਵੇਖਿਆ ਜਾ ਸਕਦਾ ਹੈ। ਉਮੀਦ ਹੈ ਪੰਜਾਬੀ ਪਾਠਕਾਂ ਨੂੰ ਇਹ ਪੁਸਤਕ ਕੁਝ ਨਵਾਂ ਸੋਚਣ ਲਈ ਪ੍ਰੇਰਿਤ ਕਰੇਗੀ।

-ਡਾ: ਅਮਰਜੀਤ ਕੌਂਕੇ

27-12-2014

 ਖ਼ਾਮੋਸ਼ੀਆਂ ਨੂੰ ਗਾਉਂਦੀ ਸ਼ਾਇਰੀ
ਲਿਪੀਆਂਤਰ : ਸੁਰਜੀਤ ਪਾਤਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 160.

ਕੁੰਵਰ ਅਖ਼ਲਾਕ ਮੁਹੰਮਦ ਸ਼ਹਰਯਾਰ, ਉਰਦੂ ਦਾ ਇਕ ਮੁਮਤਾਜ਼ ਸ਼ਾਇਰ ਸੀ। ਉਹ ਗ਼ਜ਼ਲ ਅਤੇ ਨਜ਼ਮ, ਦੋਵਾਂ ਸਿਨਫਾਂ ਉੱਪਰ ਇਕੋ ਜਿਹਾ ਅਖ਼ਤਿਆਰ ਰੱਖਦਾ ਸੀ। ਉਸ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਉਰਦੂ ਵਿਚ ਐਮ.ਏ. ਕੀਤੀ ਅਤੇ ਬਾਅਦ ਵਿਚ ਇਸੇ ਯੂਨੀਵਰਸਿਟੀ ਤੋਂ ਪੀ.ਐਚ.ਡੀ. ਕਰਨ ਉਪਰੰਤ ਡਾ: ਸ਼ਹਰਯਾਰ ਬਣ ਗਿਆ। ਉਰਦੂ ਭਾਸ਼ਾ ਵਿਚ ਉਸ ਦੇ ਕਈ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਰਾਹੀ ਮਾਸੂਮ ਰਜ਼ਾ ਨੇ ਉਸ ਦੀਆਂ 72 ਗ਼ਜ਼ਲਾਂ ਅਤੇ ਏਨੀਆਂ ਕੁ ਹੀ ਨਜ਼ਮਾਂ ਦੀ ਚੋਣ ਕਰਕੇ ਇਕ ਸੰਗ੍ਰਹਿ ਸੰਪਾਦਿਤ ਕੀਤਾ ਸੀ। ਸੁਰਜੀਤ ਪਾਤਰ ਨੇ ਉਸ ਸੰਗ੍ਰਹਿ ਦਾ ਗੁਰਮੁਖੀ ਵਿਚ ਲਿਪੀਆਂਤਰ ਕਰਕੇ ਪ੍ਰਕਾਸ਼ਿਤ ਕਰਵਾ ਦਿੱਤਾ ਹੈ। ਇਸ ਸੰਗ੍ਰਹਿ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਨੂੰ ਪੜ੍ਹ ਕੇ ਸ਼ਹਰਯਾਰ ਦੇ ਕਲਾਮ ਬਾਰੇ ਕਾਫੀ ਪੁਖ਼ਤਾ ਜਾਣਕਾਰੀ ਮਿਲ ਜਾਂਦੀ ਹੈ। ਸ਼ਹਰਯਾਰ ਨੇ ਕੁਝ ਫ਼ਿਲਮਾਂ ਲਈ ਆਪਣੇ ਗੀਤ ਅਤੇ ਗ਼ਜ਼ਲਾਂ ਦਿੱਤੀਆਂ ਸਨ, ਜੋ ਅਵਾਮ ਵਿਚ ਖੂਬ ਮਕਬੂਲ ਹੋਈਆਂ ਹਾਲਾਂ ਕਿ ਕੈਫੀ ਆਜ਼ਮੀ, ਮਜਰੂਹ ਸੁਲਤਾਨਪੁਰੀ ਅਤੇ ਹੋਰ ਕਵੀਆਂ ਵਾਂਗ ਉਹ ਵੀ 'ਸਾਧਾਰਨ' ਸ਼ਿਅਰ ਨਹੀਂ ਸੀ ਕਹਿੰਦਾ। ਸਾਧਾਰਨ ਤੋਂ ਮੇਰਾ ਭਾਵ ਸੌਖੀ ਤਰ੍ਹਾਂ ਨਾਲ ਸਮਝੇ ਜਾਣ ਵਾਲੇ ਹਨ।
ਉਸ ਦੀਆਂ ਗ਼ਜ਼ਲਾਂ ਵਿਚ ਇਕੱਲੇਪਣ ਅਤੇ ਅਜਨਬੀਪਣ ਦਾ ਜੋ ਦਰਦ ਹੈ, ਉਸ ਦੀ ਵਿਆਖਿਆ ਕਰਦਿਆਂ ਰਾਹੀ ਮਾਸੂਮ ਰਜ਼ਾ ਲਿਖਦਾ ਹੈ ਕਿ ਦਫ਼ਤਰੀ ਜੀਵਨ ਦੀ ਨੱਠ-ਭੱਜ ਵਿਚ, ਸਿਫ਼ਾਰਸ਼ਾਂ ਦੇ ਜੰਗਲ ਵਿਚ, ਰਿਸ਼ਵਤ ਦੇ ਬਾਜ਼ਾਰ ਵਿਚ, ਬੇਈਮਾਨੀ ਦੇ ਹਨੇਰੇ ਅਤੇ ਕਾਰਖਾਨਿਆਂ ਦੇ ਸ਼ੋਰ ਵਿਚ, ਦੁਕਾਨਾਂ 'ਤੇ ਲੱਗੀਆਂ ਲਾਈਨਾਂ ਵਿਚ ਬੰਨ੍ਹੇ ਹੋਏ ਬੰਦਿਆਂ ਪਾਸ ਏਨਾ ਵਕਤ ਹੀ ਕਿੱਥੇ ਹੈ ਕਿ ਉਹ ਦੇਖਣ, ਲਾਈਨ ਵਿਚ ਕੌਣ-ਕੌਣ ਖੜ੍ਹਾ ਹੈ! ਅੱਜ ਉਹ ਸਾਰੇ ਵਿਅਕਤੀ ਮੇਰੇ ਦੁਸ਼ਮਣ ਹਨ ਜੋ ਲਾਈਨ ਵਿਚ ਮੇਰੇ ਮੂਹਰੇ ਖੜ੍ਹੇ ਹਨ, ਕਿਉਂਕਿ ਹੋ ਸਕਦਾ ਹੈ, ਮੇਰਾ ਨੰਬਰ ਆਉਣ ਤੱਕ ਅਨਾਜ ਖ਼ਤਮ ਹੋ ਜਾਵੇ। ਸ਼ਹਰਯਾਰ ਹਰ ਉਸ ਸ਼ਖ਼ਸ ਨਾਲ ਮਰ ਜਾਂਦਾ ਹੈ ਜੋ ਨਾ ਜਾਣੇ ਕੌਣ, ਕੈਸਾ ਅਤੇ ਕਿੱਥੋਂ ਦਾ ਹੁੰਦਾ ਹੈ : ਨ ਜਾਨੇ ਕੌਨ ਥਾ, ਕੈਸਾ ਥਾ, ਕਿਆ ਹੂਆ ਥਾ ਉਸੇ, ਸੁਨਾ ਹੈ ਆਜ ਕੋਈ ਸ਼ਖ਼ਸ ਮਰ ਗਯਾ ਯਾਰੋ। ਸ਼ਹਰਯਾਰ ਦੀ ਇਕ ਹੋਰ ਗ਼ਜ਼ਲ ਦੇ ਚੰਦ ਅਸ਼ਆਰ ਦੇਖੋ :
ਸੀਨੇ ਮੇਂ ਜਲਨ ਆਖੋਂ ਮੇਂ ਤੂਫ਼ਾਨ ਸਾ ਕਯੋਂ ਹੈ
ਇਸ ਸ਼ਹਰ ਮੇਂ ਹਰ ਸ਼ਖ਼ਸ ਪਰੇਸ਼ਾਨ ਸਾ ਕਯੋਂ ਹੈ
ਕਯਾ ਕੋਈ ਨਈ ਬਾਤ ਨਜ਼ਰ ਆਤੀ ਹੈ ਹਮ ਮੇਂ
ਆਈਨਾ ਹਮੇਂ ਦੇਖ ਕੇ ਹੈਰਾਨ ਸਾ ਕਯੋਂ ਹੈ
ਦਿਲ ਹੈ ਤੋ ਧੜਕਨੇ ਕਾ ਬਹਾਨਾ ਕੋਈ ਢੂੰਡੇ
ਪੱਥਰ ਕੀ ਤਰਹ ਬੇਹਿਸੋ-ਬੇਜਾਨ ਸਾ ਕਯੋਂ ਹੈ।
ਸ਼ਹਰਯਾਰ ਦਾ ਇਹ ਕਲਾਮ ਪੰਜਾਬੀ ਪਾਠਕਾਂ ਲਈ ਇਕ ਨਾਯਾਬ ਤੋਹਫ਼ਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਧਿਆਨ ਸੂਤਰ
ਲੇਖਕ : ਓਸ਼ੋ
ਪ੍ਰਕਾਸ਼ਕ : ਲਾਹੌਰ ਬੁੱਕਸ, ਲੁਧਿਆਣਾ।
ਮੁੱਲ : 180 ਰੁਪਏ, ਸਫ਼ੇ : 216.

'ਧਿਆਨ ਸੂਤਰ' ਮੱਧ ਪ੍ਰਦੇਸ਼ ਦੇ ਕੁਚਵਾੜਾ ਪਿੰਡ ਵਿਚ ਜਨਮੇ 20ਵੀਂ ਸਦੀ ਦੇ ਚਰਚਿਤ ਭਾਰਤੀ ਚਿੰਤਕ, ਵਿਚਾਰਕ ਅਤੇ ਦਾਰਸ਼ਨਿਕ ਰਜਨੀਸ਼ ਓਸ਼ੋ ਦੇ ਪ੍ਰਵਚਨਾਂ ਦੀ ਪੰਜਾਬੀ ਭਾਸ਼ਾ ਵਿਚ ਅਨੁਵਾਦਿਤ ਪੁਸਤਕ ਹੈ, ਜਿਸ ਦਾ ਪੰਜਾਬੀ ਅਨੁਵਾਦ ਸੁਆਮੀ ਜੀਵਨ ਰਸਵੰਤ ਅਤੇ ਸੁਆਮੀ ਅਨੁਰਾਗ ਅੰਮ੍ਰਿਤ ਨੇ ਕੀਤਾ ਹੈ।
ਇਸ ਪੁਸਤਕ ਵਿਚ ਓਸ਼ੋ ਵੱਲੋਂ 'ਧਿਆਨ ਦੇ ਸੰਕਲਪ' ਨੂੰ ਦ੍ਰਿੜ੍ਹ ਕਰਵਾਉਣ ਲਈ ਲਗਾਏ ਗਏ ਤਿੰਨ ਰੋਜ਼ਾ ਸ਼ਿਵਰ ਵਿਚ ਸ਼ਰਧਾਲੂਆਂ ਅੱਗੇ ਪੇਸ਼ ਕੀਤੇ ਗਏ 9 ਪ੍ਰਵਚਨ ਸ਼ਾਮਿਲ ਕੀਤੇ ਗਏ ਹਨ-ਪਿਆਸ ਅਤੇ ਸੰਕਲਪ, ਸਰੀਰ ਸ਼ੁੱਧੀ ਦੇ ਅੰਤ੍ਰਿੰਗ ਸੂਤਰ, ਚਿੱਤ ਸ਼ਕਤੀਆਂ ਦਾ ਰੂਪ-ਪਰਤਣ, ਵਿਚਾਰ ਸ਼ੁੱਧੀ ਦੇ ਸੂਤਰ, ਭਾਵ ਸ਼ੁੱਧੀ ਦੀ ਕੀਮੀਆ, ਸਹੀ ਰੂਪ-ਪਰਤਣ ਦੇ ਸੂਤਰ, ਸ਼ੁੱਧੀ ਅਤੇ ਸੂਨਯਤਾ ਤੋਂ ਸਮਾਧੀ ਪਰਗਟ, ਸਮਾਧੀ ਹੈ ਦੁਆਰ ਅਤੇ ਸੱਦਾ ਇਕ ਕਦਮ ਚੱਲਣ ਦਾ। ਇਨ੍ਹਾਂ ਪ੍ਰਵਚਨਾਂ ਰਾਹੀਂ ਓਸ਼ੋ ਨੇ ਧਿਆਨ ਦੇ ਭਿੰਨ-ਭਿੰਨ, ਜ਼ਿੰਦਗੀ ਲਈ ਅਤਿ ਜ਼ਰੂਰੀ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਓਸ਼ੋ ਅਨੁਸਾਰ ਸੱਚ ਜਾਂ ਪਰਮਾਤਮਾ ਤੁਹਾਡੇ ਅੰਦਰ ਹੀ ਹੈ। ਉਸ ਨੂੰ ਪਾਉਣ ਲਈ ਤ੍ਰਿਸ਼ਨਾ ਅਤੇ ਪਿਆਸ ਦੀ ਜ਼ਰੂਰਤ ਹੈ। ਸੱਚ ਦੀ ਪਿਆਸ ਸੋਚਣ ਅਤੇ ਵਿਚਾਰ ਕਰਨ ਤੋਂ ਪੈਦਾ ਹੁੰਦੀ ਹੈ। ਮਨੁੱਖ ਦੀ ਸਭ ਤੋਂ ਵੱਡੀ ਕਿਰਤ ਮਨੁੱਖ ਆਪ ਹੈ ਅਤੇ ਮਨੁੱਖ ਦੀ ਸਭ ਤੋਂ ਵੱਡੀ ਸਿਰਜਣਾ ਆਪੇ ਦੀ ਉਸਾਰੀ ਹੈ। ਆਸ਼ਾਵਾਦੀ ਮਨੁੱਖ ਕਿਰਨ ਦਾ ਪੱਲਾ ਫੜ ਕੇ ਸੂਰਜ ਤੱਕ ਪੁੱਜ ਸਕਦਾ ਹੈ। ਲੋੜ ਤਾਂ ਇੱਛਾ-ਸ਼ਕਤੀ ਦੀ ਹੈ। ਸਰੀਰ ਸ਼ੁੱਧੀ, ਵਿਚਾਰ ਸ਼ੁੱਧੀ ਅਤੇ ਭਾਵ ਸ਼ੁੱਧੀ ਦੁਆਰਾ ਮਨੁੱਖ ਸ਼ਾਂਤਮਈ ਅਨੰਦ ਭਰਪੂਰ ਜੀਵਨ ਜੀਅ ਸਕਦਾ ਹੈ। ਇਨ੍ਹਾਂ ਪ੍ਰਵਚਨਾਂ ਵਿਚ ਸੰਕਲਪ ਨੂੰ ਧਿਆਨ ਵਿਚ ਪ੍ਰਵੇਸ਼ ਕਰਨ ਦੀ ਵਿਧੀ ਬਾਰੇ ਵਿਸਥਾਰ-ਪੂਰਬਕ ਚਾਨਣਾ ਪਾਇਆ ਗਿਆ ਹੈ। ਓਸ਼ੋ ਦੀ ਖੂਬੀ ਇਹ ਹੈ ਕਿ ਉਹ ਆਪਣੇ ਵਿਚਾਰਾਂ ਨੂੰ ਅਤਿ ਸਰਲ ਭਾਸ਼ਾ ਵਿਚ ਸੰਸਾਰ ਭਰ ਦੇ ਦਾਨਸ਼ਵਰਾਂ ਦੀਆਂ ਟੂਕਾਂ ਅਤੇ ਕਥਾ ਕਹਾਣੀਆਂ ਨਾਲ ਗਲੇਫ ਕੇ ਦਿਲਚਸਪੀ ਨਾਲ ਪੇਸ਼ ਕਰਦਾ ਹੈ, ਜਿਸ ਦਾ ਪ੍ਰਭਾਵ ਸਰੋਤਿਆਂ ਦੇ ਧੁਰ ਅੰਦਰ ਤੱਕ ਪੈਂਦਾ ਹੈ ਅਤੇ ਉਹ ਉਸ ਦੇ ਪ੍ਰਵਚਨਾਂ ਨਾਲ ਕੀਲੇ ਜਾਂਦੇ ਹਨ।

-ਸੁਖਦੇਵ ਮਾਦਪੁਰੀ
ਮੋ: 94630-34472.


ਪਿਆਰ ਮੁਹੱਬਤ ਹੈ ਖ਼ੁਦਾ
ਕਵੀ : ਗਿੱਲ ਮੋਰਾਂਵਾਲੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 99.

ਪਰਵਾਸੀ ਕਵੀ ਮਹਿੰਦਰ ਸਿੰਘ ਗਿੱਲ ਯਾਨੀ ਗਿੱਲ ਮੋਰਾਂਵਾਲੀ ਆਪਣੀਆਂ ਰਚਿਤ ਦਰਜਨਾਂ ਕਾਵਿ ਪੁਸਤਕਾਂ ਨਾਲ ਪਾਠਕਾਂ ਦੇ ਚੇਤਿਆਂ 'ਚ ਬੜੀਆਂ ਡੂੰਘਾਣਾਂ ਤੱਕ ਰਚ-ਵਸ ਚੁੱਕੇ ਹਨ। ਆਪਣੀ ਕਾਵਿ-ਚੇਤਨਾ ਦਾ ਕਾਵਿ ਆਲੋਚਕਾਂ ਕੋਲੋਂ ਲੋਹਾ ਮੰਨਵਾ ਚੁੱਕੇ ਕਵੀ ਸ਼ਾਇਰ ਗਿੱਲ ਮੋਰਾਂਵਾਲੀ ਆਪਣੇ ਮਨ ਦੇ ਜਜ਼ਬਿਆਂ ਨੂੰ ਦੋਹਿਆਂ ਵਿਚ ਸਮੇਟ ਕੇ ਆਪਣੀ ਇਸ ਕਾਵਿ-ਪੁਸਤਕ 'ਪਿਆਰ ਮੁਹੱਬਤ ਹੈ ਖ਼ੁਦਾ' ਲੈ ਕੇ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੋਇਆ ਹੈ।
ਦੋਹਰਾ ਜਾਂ ਦੋਹਾ ਕਾਵਿ-ਛੰਦ ਜਾਂ ਕਾਵਿ ਵਿਧੀ ਰਾਹੀਂ ਗਿੱਲ ਮੋਰਾਂਵਾਲੀ ਵੱਲੋਂ ਤਕਰੀਬਨ 90 ਦੋਹੇ ਇਸ ਕਾਵਿ ਸੰਗ੍ਰਹਿ ਵਿਚ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਦੋਹਿਆਂ ਵਿਚ ਉਨ੍ਹਾਂ ਨੇ ਮਨੁੱਖੀ ਚਰਿੱਤਰ ਦੇ ਗੁਣ ਅਤੇ ਔਗੁਣਾਂ ਬਾਰੇ ਕੁਦਰਤੀ ਸਚਾਈਆਂ ਨੂੰ ਪੇਸ਼ ਕੀਤਾ। ਸੰਜਮ ਅਤੇ ਸੰਖੇਪਤਾ ਦੀ ਮਿਸਾਲ ਇਹ ਵਿਧਾ ਇਸ ਪੁਸਤਕ ਦੀ ਖਾਸੀਅਤ ਹੈ। ਕੁਦਰਤੀ ਸਚਾਈ ਪੇਸ਼ ਕਰਨ ਵਾਲੇ ਕੁਝ ਦੋਹੇ ਆਪਣੀ ਨਜ਼ਰ ਹਨ-
ਸੇਵਕ ਆਖੇ ਆਪ ਨੂੰ
ਜਿਹੜਾ ਵੀ ਇਨਸਾਨ।
ਕਰਦਾ ਫਿਰਦਾ ਜਾਣ ਕੇ
ਦੂਜੇ ਦਾ ਨੁਕਸਾਨ।
- - - - - -
ਮਿੱਤਰ ਬਣ ਕੇ ਆਦਮੀ,
ਕਰਦਾ ਮਿੱਤਰ ਮਾਰ।
ਰੌਲਾ ਪਾਵੇ ਸਾਂਝ ਦਾ,
ਧੌਣ 'ਤੇ ਰੱਖ ਤਲਵਾਰ।
- - - - - -

ਆਪਣੇ ਅਸਲੀ ਮੂੰਹ 'ਤੇ,
ਲਾ ਕੇ ਚਿਹਰਾ ਹੋਰ।
ਸਾਧੂ ਦਿਸਦਾ ਬਾਹਰੋਂ, ਅੰਦਰ ਬੈਠਾ ਚੋਰ।

ਇਸ ਕਾਵਿ ਪੁਸਤਕ ਦੀ ਵਿਲੱਖਣਤਾ ਜੇ ਇਸ ਵਿਚ ਦਰਜ ਲਾਜਵਾਬ ਦੋਹਿਆਂ ਵਿਚ ਪੇਸ਼ ਕੀਤੇ ਵੰਨ-ਸੁਵੰਨਤਾ ਵਾਲੇ ਵਿਸ਼ੇ ਹਨ ਤਾਂ ਦੂਜੇ ਪਾਸੇ ਇਨ੍ਹਾਂ ਦੋਹਿਆਂ ਨੂੰ ਪੰਜਾਬੀ ਬੋਲੀ ਵਿਚ ਲਿਖਣ ਦੇ ਨਾਲ-ਨਾਲ ਸ਼ਾਹਮੁਖੀ ਅਤੇ ਹਿੰਦੀ ਭਾਸ਼ਾ ਵਿਚ ਲਿਖੇ ਜਾਣਾ ਵੀ ਇਸ ਵਿਲੱਖਣਤਾ ਨੂੰ ਚਾਰ ਚੰਨ ਲਾਉਣਾ ਹੈ। ਇਸ ਕਾਵਿ ਪੁਸਤਕ ਦਾ ਚਾਰੇ ਪਾਸਿਉਂ ਭਰਪੂਰ ਸਵਾਗਤ ਹੋਣਾ ਚਾਹੀਦਾ ਹੈ, ਅਜਿਹੀ ਆਸ ਕੀਤੀ ਜਾਂਦੀ ਹੈ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444.

ਆਖ਼ਰੀ ਮੁਕਾਮ
ਲੇਖਕ : ਓਮ ਪ੍ਰਕਾਸ਼ ਗਾਸੋ
ਪ੍ਰਕਾਸ਼ਕ : ਮਿੱਤਰ ਮੰਡਲ ਪ੍ਰਕਾਸ਼ਨ, ਬਰਨਾਲਾ
ਮੁੱਲ : 50 ਰੁਪਏ, ਸਫ਼ੇ : 127.

ਨਿਰੰਤਰ ਲਿਖਣ ਵਾਲਾ ਓਮ ਪ੍ਰਕਾਸ਼ ਗਾਸੋ ਨਵੇਂ ਨਾਵਲ ਰਾਹੀਂ ਹਾਜ਼ਰ ਹੈ। ਇਸ ਨਾਵਲ ਵਿਚ ਗਾਸੋ ਨੇ ਡੇਰਿਆਂ 'ਤੇ ਕਾਬਜ਼ ਭ੍ਰਿਸ਼ਟ ਤੇ ਆਚਰਣ-ਹੀਣ ਬਾਬਿਆਂ, ਕਪਟੀ ਨੇਤਾਵਾਂ ਦੀਆਂ ਕੁਚਾਲਾਂ ਪੇਸ਼ ਕਰਕੇ ਸਿਆਸਤ ਤੇ ਸਮਾਜਿਕ ਤਾਣੇ-ਬਾਣੇ ਦੀ ਪੇਸ਼ਕਾਰੀ ਕੀਤੀ ਹੈ। ਅਜਿਹੇ ਵਾਤਾਵਰਨ ਵਿਚ ਚੰਗੀਆਂ ਕਦਰਾਂ-ਕੀਮਤਾਂ ਦਾ ਘਾਣ ਹੋ ਰਿਹਾ ਹੈ। ਨਿੱਕੇ-ਨਿੱਕੇ ਕਾਂਡਾਂ ਰਾਹੀਂ ਨਾਵਲਕਾਰ ਨੇ ਕਥਾਨਕ ਦੀਆਂ ਕਈ ਪਰਤਾਂ ਨੂੰ ਪੇਸ਼ ਕਰਕੇ ਰੌਚਿਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਿੱਕੇ-ਨਿੱਕੇ ਹਾਦਸਿਆਂ ਰਾਹੀਂ ਗੁਜ਼ਰਦਾ ਹੋਇਆ ਇਹ ਨਾਵਲ ਆਪਣੇ ਸਮੇਂ ਦੇ ਸਮਾਜ ਦੀ ਪਛਾਣ ਕਰਵਾਉਣ ਦਾ ਉਪਰਾਲਾ ਕਰਦਾ ਹੈ। ਗਾਸੋ ਹੁਣ ਤੱਕ ਵੀਹ ਨਾਵਲ ਲਿਖ ਚੁੱਕਾ ਹੈ। ਉਮਰ ਦੇ ਅੱਠ ਦਹਾਕੇ ਪਾਰ ਕਰ ਚੁੱਕਾ ਇਹ ਲੇਖਕ ਅਜੇ ਵੀ ਲਗਾਤਾਰ ਸਰਗਰਮੀ ਨਾਲ ਆਪਣੀ ਸਿਰਜਣਾ ਵਿਚ ਜੁੱਟਿਆ ਹੋਇਆ ਹੈ। ਸਾਰੀ ਉਮਰ ਉਸ ਦੀ ਕਲਮ ਨੇ ਸਮਾਜਿਕ ਕਲਿਆਣ ਲਈ ਰਚਨਾ ਕੀਤੀ ਹੈ। ਉਹ ਸਾਹਿਤ ਨੂੰ ਸਮੇਂ, ਸਮਾਜ ਤੇ ਮੰਦੀ ਸੋਚ ਦੇ ਸੁਧਾਰ ਲਈ ਇਕ ਕਲਾਤਮਿਕ ਇਲਾਜ ਵਜੋਂ ਸਵੀਕਾਰ ਕਰਦਾ ਹੈ। ਆਪਣੇ ਇਸ ਨਾਵਲ ਰਾਹੀਂ ਸਿਆਸਤ, ਸਮਾਜ ਤੇ ਸੰਸਕ੍ਰਿਤੀ ਦੇ ਨਾਲ ਸੱਭਿਆਚਾਰਕ ਵਰਤਾਰੇ ਨੂੰ ਪੇਸ਼ ਕਰਨ ਵਿਚ ਸਫਲ ਹੁੰਦਾ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਪੁਤਲਾ ਮਿੱਟੀ ਦਾ
ਲੇਖਿਕਾ : ਬਰਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 112.

'ਪੁਤਲਾ ਮਿੱਟੀ ਦਾ' ਬਰਿੰਦਰ ਕੌਰ ਦੀ ਦੂਜੀ ਕਾਵਿ ਪੁਸਤਕ ਹੈ। ਇਸ ਪੁਸਤਕ ਵਿਚ ਲੇਖਿਕਾ ਨੇ ਮਨੁੱਖ ਦੀ ਹੋਂਦ, ਮਨੁੱਖੀ ਅਸਤਿਤਵ ਦੇ ਉਦੇਸ਼ ਤੇ ਸਮਾਜ ਵਿਚ ਉਸ ਦੇ ਰੋਲ ਸਬੰਧੀ ਆਪਣੇ ਭਾਵਾਂ ਨੂੰ ਆਪਣੀ ਕਵਿਤਾ ਵਿਚ ਪੇਸ਼ ਕੀਤਾ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਮਨੁੱਖੀ ਅਸਤਿਤਵ ਦੇ ਮੂਲ ਮਸਲਿਆਂ ਨਾਲ ਦੋ-ਚਾਰ ਹੁੰਦੀਆਂ ਹਨ। ਮਨੁੱਖ ਇਸ ਧਰਤੀ 'ਤੇ ਕਿਉਂ ਹੈ, ਉਸ ਦੇ ਜੀਵਨ ਦਾ ਮੂਲ ਉਦੇਸ਼ ਕੀ ਹੈ, ਜਿਹੇ ਭਾਵ ਇਸ ਕਵਿਤਾ ਦੇ ਮੂਲ ਸਰੋਕਾਰ ਹਨ। ਕਵਿਤਰੀ ਅਨੁਸਾਰ ਇਹ ਮਨੁੱਖ ਸਿਰਫ ਇਕ ਮਿੱਟੀ ਦਾ ਪੁਤਲਾ ਮਾਤਰ ਹੈ। ਮਿੱਟੀ ਦੀ ਇਸ ਢੇਰੀ ਨੇ ਪਤਾ ਨਹੀਂ ਕਦੋਂ ਢਹਿ ਜਾਣਾ ਹੈ। ਇਹ ਜਹਾਨ ਇਹ ਦੁਨੀਆ ਇਕ ਸਰਾਂ ਦੀ ਨਿਆਈ ਹੈ। ਸਭ ਨੇ ਚਾਰ ਦਿਨ ਇਥੇ ਰਹਿ ਕੇ ਉਡਾਰੀ ਮਾਰ ਜਾਣੀ ਹੈ। ਇਸ ਸੰਗ੍ਰਹਿ ਦੀਆਂ ਮੁਢਲੀਆਂ ਕਵਿਤਾਵਾਂ ਵਿਚ ਇਸ ਤਰ੍ਹਾਂ ਦੇ ਭਾਵ ਦੇਖੇ ਜਾ ਸਕਦੇ ਹਨ। ਇਨਸਾਨ ਚੌਗਿਰਦੇ ਦੀ ਭੱਜ-ਦੌੜ ਵਿਚ ਆਪਣਾ ਆਪ ਗੁਆ ਬੈਠਾ ਹੈ ਜਦੋਂ ਕਿ ਉਸ ਕੋਲ ਭਗਵਾਨ ਬਣਨ ਦੀ ਸਮਰੱਥਾ ਸੀ।
ਇਹੀ ਹਵਸ
ਤੇ ਇਹੀ ਲਲਕ
ਇਨਸਾਨ 'ਤੇ
ਹੋ ਗਈ ਫਿਰ ਭਾਰੀ
ਇਨਸਾਨ ਕਹੋ ਜਾਂ ਸ਼ੈਤਾਨ
ਕੋਈ ਫ਼ਰਕ ਨਹੀਂ ਪੈਂਦਾ।
ਇਸ ਤਰ੍ਹਾਂ ਬਾਕੀ ਕਵਿਤਾਵਾਂ ਵਿਚ ਵੀ ਲੇਖਕ ਆਧੁਨਿਕ ਯੁੱਗ ਵਿਚ ਜਿਊ ਰਹੇ ਮਾਨਵ ਦੀਆਂ ਭਾਵਨਾਵਾਂ ਦਾ ਕਾਵਿਕ ਰੂਪਾਂਤਰਨ ਕਰਦੀ ਹੈ। ਬਰਿੰਦਰ ਕੌਰ ਦੀ ਸੋਚ ਗੁਰਮਤਿ ਤੋਂ ਪ੍ਰਭਾਵਿਤ ਹੈ ਤੇ ਉਸ ਦੀ ਸ਼ੈਲੀ ਸਰਲ।

-ਡਾ: ਅਮਰਜੀਤ ਕੌਂਕੇ

ਮੌਲਵੀ ਗ਼ੁਲਾਮ ਰਸੂਲ ਆਲਮਪੁਰੀ
ਮੂਲ ਲੇਖਕ : ਸਾਹਿਬਜ਼ਾਦਾ ਮਸਊਦ ਅਹਿਮਦ
ਅਨੁ: ਡਾ: ਰਹਿਮਾਨ ਅਖ਼ਤਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 200.

ਮੌਲਵੀ ਗੁਲਾਮ ਰਸੂਲ ਜਨਮ-ਜਾਤ ਕਾਵਿ ਪ੍ਰਤਿਭਾ ਦਾ ਮਾਲਕ ਸੀ। ਕੇਵਲ 43 ਸਾਲ ਦੀ ਛੋਟੀ ਜਿਹੀ ਉਮਰ ਭੋਗਣ ਵਾਲੇ ਇਸ ਲੇਖਕ ਨੇ ਦਾਸਤਾਨ ਅਮੀਰ ਹਮਜ਼ਾ, ਰੂਹ ਤਰਤੀਲ, ਅਹਸਾਨੁਲ ਕੱਸਸ, ਮਸਲਾ ਏ ਤੌਹੀਦ, ਮਾਆਰੀ ਬੁਲ ਖਾਸ਼ੀਈਨ, ਸੀਹਰਫ਼ੀ ਹੁਲੀਆ ਸ਼ਰੀਫ਼, ਸੀਹਰਫ਼ੀ ਸਸੀ ਪੁੰਨੂ, ਚੌਪਟਨਾਮਾ, ਪੰਧ ਨਾਮਾ ਜਿਹੀਆਂ ਸ਼ਾਹਕਾਰ ਕਿਰਤਾਂ ਰਚ ਕੇ ਇਲਮ ਅਦਬ ਤੇ ਤਸਵਫ਼ ਦੀ ਦੁਨੀਆ ਵਿਚ ਆਪਣਾ ਨਿਵੇਕਲਾ ਮੁਕਾਮ ਬਣਾ ਕੇ ਦੁਨੀਆ ਨੂੰ ਹੈਰਾਨ ਕੀਤਾ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਆਲਮਪੁਰ ਦੇ ਜੰਮਪਲ ਇਸ ਲੇਖਕ ਨੇ ਅਹਿਸਾਨੁਲ ਕਸਸ ਨੂੰ 6666 ਸ਼ਿਅਰਾਂ ਦੀ ਉਸ ਗਿਣਤੀ ਵਿਚ ਪੂਰਾ ਕੀਤਾ ਜੋ ਕੁਰਾਨ ਸ਼ਰੀਫ਼ ਦੀਆਂ ਆਇਤਾਂ ਦੀ ਹੈ। 1849 ਤੋਂ 1892 ਤੱਕ ਹੋਏ ਇਸ ਕਵੀ ਨੇ ਨਿਰਾਸ਼ਾ ਤੇ ਪਤਨ ਵਿਚ ਡੁੱਬੀ ਮੁਸਲਮਾਨ ਕੌਮ ਨੂੰ ਉਤਸ਼ਾਹ ਤੇ ਜੋਸ਼ ਨਾਲ ਭਰਪੂਰ ਕਰਨ ਲਈ ਦਾਸਤਾਨ ਅਮੀਰ ਹਮਜ਼ਾ ਦੀਆਂ 20 ਹਜ਼ਾਰ ਸ਼ਿਅਰਾਂ ਵਾਲੀ ਵੱਡੀ ਰਚਨਾ 15-17 ਸਾਲ ਦੀ ਉਮਰ ਵਿਚ ਹੀ ਲਿਖ ਦਿੱਤੀ। ਸ਼ਿਅਰ ਇਲਹਾਮ ਵਾਂਗ ਉਤਰਦੇ ਉਸ ਨੂੰ। ਕੋਈ ਕਾਂਟ-ਛਾਂਟ ਦੀ ਲੋੜ ਨਾ ਪੈਂਦੀ। ਹਜ਼ਾਰਾਂ ਪੰਨਿਆਂ ਵਿਚ ਫੈਲਿਆ ਹੋਇਆ ਹੈ ਉਸ ਦਾ ਰਚਨਾ ਸੰਸਾਰ। ਉਰਦੂ, ਅਰਬੀ, ਫਾਰਸੀ ਦਾ ਆਲਮ ਤੇ ਪੰਜਾਬੀ ਦਾ ਵੀ ਕਵੀ ਹੈ ਉਹ। ਇਸ ਮਹਾਨ ਪ੍ਰਤਿਭਾ ਬਾਰੇ ਇਸ ਪੁਸਤਕ ਦਾ ਵਿਸ਼ੇਸ਼ ਮਹੱਤਵ ਇਸ ਲਈ ਹੈ ਕਿ ਇਹ ਮੌਲਵੀ ਗੁਲਾਮ ਰਸੂਲ ਅਕੈਡਮੀ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਅਦੀਬ ਜਨਾਬ ਫ਼ਖਰ ਜ਼ਮਾਨ ਦੀ ਅਗਵਾਈ ਵਿਚ ਮੌਲਵੀ ਸਾਹਿਬ ਦੇ ਪੜਦੋਹਤੇ ਤੋਂ ਲਿਖਵਾਈ ਹੈ। ਲੇਖਕ ਦਾ ਕੁਰਸੀਨਾਮਾ, ਜਨਮ, ਜੀਵਨ ਤੇ ਰਚਨਾਵਾਂ ਬਾਰੇ ਵਿਸਤ੍ਰਿਤ ਪ੍ਰਮਾਣਿਕ ਵੇਰਵੇ ਇਸ ਦੀ ਵਿਸ਼ੇਸ਼ਤਾ ਹੈ। ਗੁਲਾਮ ਰਸੂਲ ਦੀਆਂ ਰਚਨਾਵਾਂ ਦੇ ਰਚਨਾ ਕਾਲ, ਵਿਸ਼ਾ ਵਸਤੂ, ਵਿਚਾਰਧਾਰਾ ਤੇ ਵਿਸ਼ਲੇਸ਼ਣ ਪੱਖੋਂ ਵੀ ਇਸ ਪੁਸਤਕ ਦਾ ਆਪਣਾ ਮਹੱਤਵ ਹੈ। ਪੁਸਤਕ ਵਿਚ ਪ੍ਰਾਥਮਿਕ ਸ੍ਰੋਤਾਂ ਦੇ ਹਵਾਲੇ ਨਿੱਜੀ ਸਬੰਧਾਂ ਦੀ ਛਾਪ ਅਤੇ ਲੇਖਕ ਦੀ ਉਰਦੂ, ਅਰਬੀ, ਫਾਰਸੀ ਸ੍ਰੋਤਾਂ ਦੀ ਜਾਣਕਾਰੀ ਅਜੋਕੀ ਪੰਜਾਬੀ ਪੀੜ੍ਹੀ ਲਈ ਇਸ ਨੂੰ ਭਰੋਸੇਯੋਗ ਹਵਾਲਾ ਪੁਸਤਕ ਬਣਾਉਂਦੀਆਂ ਹਨ। ਇਹ ਪੀੜ੍ਹੀ ਇਨ੍ਹਾਂ ਭਾਸ਼ਾਵਾਂ ਤੋਂ ਟੁੱਟੀ ਹੋਈ ਹੈ। ਪੰਜਾਬੀ ਅਨੁਵਾਦ ਦੀ ਜ਼ਬਾਨ ਤਸੱਲੀਬਖਸ਼ ਹੈ। ਕੋਈ ਕੂਣ ਕਸਰ ਨਹੀਂ ਇਸ ਵਿਚ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਜੱਸ ਗਿੱਧਿਆਂ ਵਿਚ ਗਾਵਾਂ
ਲੇਖਕ : ਜਗਜੀਤ ਸਿੰਘ ਸੇਖੋਂ ਮਾਨੂੰਪੁਰ
ਪ੍ਰਕਾਸ਼ਕ : ਦਿਲਦੀਪ ਪ੍ਰਕਾਸ਼ਨ, ਸਮਰਾਲਾ
ਮੁੱਲ : 75 ਰੁਪਏ, ਸਫ਼ੇ : 104.

ਜਗਜੀਤ ਸਿੰਘ ਸੇਖੋਂ ਮਾਨੂੰਪੁਰ ਰਚਿਤ ਪੁਸਤਕ 'ਜੱਸ ਗਿੱਧਿਆਂ ਵਿਚ ਗਾਵਾਂ' ਮਲਵਈ ਲੋਕ ਬੋਲੀਆਂ ਨਾਲ ਸਬੰਧਤ ਹੈ ਜੋ ਮੌਲਿਕ ਰੂਪ ਵਿਚ ਸਿਰਜੀਆਂ ਗਈਆਂ ਹਨ। ਲਿਖਾਰੀ ਨੇ ਇਸ ਪੁਸਤਕ ਵਿਚ 'ਬੋਲੀ ਦੇਸ਼ ਪੰਜਾਬ ਦੇ ਨਾਂਅ' ਅਤੇ 'ਬੋਲੀ ਜ਼ਿੰਦਗੀ ਬਿਲਾਸ' ਕਵਿਤਾਵਾਂ ਨੂੰ ਲੰਮੀਆਂ ਬੋਲੀਆਂ ਦੀ ਤਰਜ਼ 'ਤੇ ਸਿਰਜਿਆ ਹੈ। ਉਪਰੰਤ ਲੰਮੀਆਂ ਬੋਲੀਆਂ, ਪੈਂਤੀ ਅੱਖਰੀ ਬੋਲੀਆਂ, ਬਾਰੀਂ ਬਰਸੀ ਖੱਟਣ ਗਿਆ ਸੀ, ਪੱਟੜੀ ਫੇਰ ਬੋਲੀਆਂ, ਹੋ-ਹੋ ਬੋਲੀਆਂ, ਬਾਰਾਂਮਾਂਹ ਬੋਲੀਆਂ, ਚਾਰ ਤੁਕੀ ਬੋਲੀਆਂ, ਦੋ ਤੁਕੀ ਬੋਲੀਆਂ ਅਤੇ ਨਿੱਕੀਆਂ ਬੋਲੀਆਂ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬਹੁਪੱਖੀ ਅਤੇ ਰਵਾਇਤੀ ਤਸਵੀਰ ਪ੍ਰਸਤੁਤ ਕੀਤੀ ਗਈ ਹੈ। ਇਨ੍ਹਾਂ ਬੋਲੀਆਂ ਵਿਚ ਜਿੱਥੇ ਪਰੰਪਰਕ ਰਹਿਣੀ-ਬਹਿਣੀ ਸ਼ਾਮਿਲ ਹੈ, ਉਥੇ ਮਾਡਰਨ ਸ਼ੈਲੀ ਵਿਚ ਅਜੋਕੇ ਚਿੰਤਾਜਨਕ ਦੌਰ ਦੀ ਗੱਲ ਵੀ ਕੀਤੀ ਗਈ ਹੈ। ਲੇਖਕ ਨੇ ਇਨ੍ਹਾਂ ਬੋਲੀਆਂ ਵਿਚ ਪੰਜਾਬ ਦੀ ਪ੍ਰਾਚੀਨ ਸੱਭਿਆਚਾਰਕ ਅਤੇ ਸਾਂਸਕ੍ਰਿਤਕ ਪੂੰਜੀ ਦੇ ਮੁੱਕ ਜਾਣ ਦਾ ਝੋਰਾ ਕੀਤਾ ਹੈ ਅਤੇ ਨਾਲ ਹੀ ਪੰਜਾਬ ਦੇ ਵੰਨ-ਸੁਵੰਨੇ ਕਿੱਤਿਆਂ, ਸੁਭਾਅ, ਪਹਿਰਾਵੇ, ਖਾਣ-ਪੀਣ, ਰਸਮ-ਰਿਵਾਜ, ਅਰਥਚਾਰੇ, ਕਿਰਸਾਨੀ ਸੰਦਾਂ, ਪ੍ਰਾਕਿਰਤਕ ਅਤੇ ਹੋਰ ਸਮਾਜਿਕ ਵਰਤਾਰਿਆਂ ਵਿਚ ਆਈਆਂ ਤਬਦੀਲੀਆਂ ਦਾ ਜ਼ਿਕਰ ਵੀ ਕੀਤਾ ਹੈ। ਨਸ਼ਿਆਂ ਦੀ ਭੇਟ ਚੜ੍ਹ ਰਹੀ ਪੰਜਾਬ ਦੀ ਜਵਾਨੀ, ਧਾਰਮਿਕ ਅੰਧ-ਵਿਸ਼ਵਾਸ ਅਤੇ ਕੱਟੜਤਾ, ਮਸ਼ੀਨੀਕਰਨ ਅਤੇ ਉਦਯੋਗੀਕਰਨ ਦਾ ਫੈਲਾਓ, ਇੰਟਰਨੈੱਟ ਅਤੇ ਮੋਬਾਈਲ ਆਦਿ ਵਿਗਿਆਨਕ ਵਸਤਾਂ ਦਾ ਨਵੀਂ ਪੀੜ੍ਹੀ ਤੇ ਅਸਰ ਵੀ ਇਨ੍ਹਾਂ ਬੋਲੀਆਂ ਵਿਚ ਵੇਖਣ ਨੂੰ ਮਿਲਦਾ ਹੈ।
ਕੁੱਲ ਮਿਲਾ ਕੇ ਇਹ ਪੁਸਤਕ ਪੰਜਾਬੀ ਲੋਕਧਾਰਾ ਦੇ ਰੂਪ ਵਿਚ ਵਰਤਮਾਨ ਸਮੱਸਿਆਵਾਂ ਨੂੰ ਮਾਡਰਨ ਰੂਪ ਵਿਚ ਪੇਸ਼ ਕਰਨ ਦਾ ਇਕ ਸੋਹਣਾ ਨਮੂਨਾ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋ: 9814423703

ਜੇਤੂ ਬਣ ਕੇ ਜੀਓ
ਲੇਖਕ : ਗੁਰਸ਼ਰਨ ਸਿੰਘ ਕੁਮਾਰ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 112.

ਆਤਮ-ਵਿਸ਼ਵਾਸ ਨਾਲ ਜ਼ਿੰਦਗੀ ਨੂੰ ਜੀਣ ਵਾਲੇ ਜ਼ਿੰਦਗੀ ਦੇ ਹਰ ਖੇਤਰ ਵਿਚ ਜੇਤੂ ਵਾਂਗ ਵਿਚਰਨ ਯੋਗ ਹੋ ਜਾਂਦੇ ਹਨ। ਅਜਿਹੀ ਯੋਗਤਾ ਵਿਕਸਤ ਕਰਨ ਦੀ ਕਲਾ ਸਿਖਾਉਣ ਵੱਲ ਰੁਚਿਤ ਹੈ ਇਹ ਪੁਸਤਕ। ਇਸ ਦਾ ਲੇਖਕ ਇਹ ਦਾਅਵਾ ਕਰਦਾ ਹੈ ਕਿ ਇਸ ਪੁਸਤਕ ਵਿਚ ਦੱਸੇ ਗਿਣਤੀ ਦੇ ਨੁਕਤਿਆਂ ਉਤੇ ਚੱਲ ਕੇ ਕੋਈ ਵੀ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾ ਸਕਦਾ ਹੈ ਅਤੇ ਉਸ ਦੇ ਇਸ ਦਾਅਵੇ ਵਿਚ ਸਦਾਕਤ ਹੈ।
ਕੀ ਦੱਸਦੀ ਹੈ ਇਹ ਪੁਸਤਕ? ਇਹ ਕਿ ਚੰਗੇ ਕੰਮ ਲਈ ਮਹੂਰਤ ਦੀ ਲੋੜ ਨਹੀਂ। ਇਹ ਕਿਸੇ ਵੀ ਸਮੇਂ ਸ਼ੁਰੂ ਕੀਤਾ ਜਾ ਸਕਦਾ ਹੈ। ਜੇ ਤੁਸੀਂ ਕਿਸੇ ਦੇ ਕੰਮ ਆਓਗੇ ਤਾਂ ਕੱਲ੍ਹ ਕੋਈ ਤੁਹਾਡੇ ਵੀ ਕੰਮ ਆਏਗਾ। ਕਦੀ ਪਰਾਈ ਆਸ ਨਾ ਰੱਖੋ। ਜ਼ਿੰਦਗੀ ਵਿਚ ਹਰ ਕਿਸੇ ਨਾਲ ਨਿਮਰਤਾ ਨਾਲ ਪੇਸ਼ ਆਓ। ਪੱਥਰ ਵਾਂਗ ਖੁਰਦਰੇ ਹੋਵੋਗੇ ਤਾਂ ਠੋਕਰਾਂ ਖਾਓਗੇ। ਜ਼ਮਾਨੇ ਦੇ ਨਾਲ ਤੁਰਨਾ ਸਿੱਖੋ, ਨਹੀਂ ਤਾਂ ਪਿੱਛੇ ਰਹਿ ਜਾਓਗੇ। ਉੱਦਮ ਤੋਂ ਬਿਨਾਂ ਕੋਈ ਵੀ ਪ੍ਰਾਪਤੀ ਸੰਭਵ ਨਹੀਂ। ਸਮੇਂ ਨੂੰ ਸੰਭਾਲਣਾ ਸਿੱਖੋ। ਵਕਤ ਦੀ ਕਦਰ ਕਰੋ। ਮਰਿਆਦਾ, ਅਨੁਸ਼ਾਸਨ ਤੇ ਸਲੀਕੇ ਨਾਲ ਜੀਣ ਦਾ ਯਤਨ ਕਰੋ। ਪੈਸੇ ਨਾਲ ਹਰ ਚੀਜ਼ ਨਹੀਂ ਖਰੀਦੀ ਜਾ ਸਕਦੇ। ਰਿਸ਼ਤੇ, ਦੋਸਤ ਤੇ ਪਿਆਰ ਵਡਮੁਲੀਆਂ ਚੀਜ਼ਾਂ ਹਨ। ਇਕੱਲੇ ਤੁਸੀਂ ਕੁਝ ਨਹੀਂ ਕਰ ਸਕਦੇ। ਸਮਾਜ ਦਾ ਅਜਿਹਾ ਅੰਗ ਬਣ ਕੇ ਜੀਓ ਕਿ ਲੋਕ ਤੁਹਾਡੀ ਕਦਰ ਕਰਨ। ਆਪਣੀ ਹਾਰ ਦੇ ਦੋਸ਼ ਦੂਜਿਆਂ ਨੂੰ ਨਾ ਦਿਓ। ਹਰ ਕਿਸੇ ਦੇ ਰਾਹ ਦੇ ਕੰਡੇ ਚੁਗਣ ਦਾ ਯਤਨ ਕਰੋ। ਭੀੜ ਦਾ ਅੰਗ ਬਣਨ ਦੀ ਥਾਂ ਆਪਣੀ ਵੱਖਰੀ ਪਛਾਣ ਬਣਾਓ। ...ਇਹ ਤੇ ਅਜਿਹਾ ਹੋਰ ਬਹੁਤ ਕੁਝ ਦੱਸਦਾ ਹੈ ਲੇਖਕ। ਉਸ ਕੋਲ ਇਹ ਗੱਲਾਂ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਹਿਣ ਦੀ ਕਲਾ ਹੈ।
ਪੁਸਤਕ 17 ਨਿੱਕੇ-ਨਿੱਕੇ ਨਿਬੰਧਾਂ ਵਿਚ ਵੰਡੀ ਹੋਈ ਹੈ। ਹਰ ਨਿਬੰਧ ਇਕ ਕੇਂਦਰੀ ਨੁਕਤੇ ਦੀ ਵਿਆਖਿਆ ਕਰਦੇ ਹੋਏ ਕਵੀ ਨਿੱਕੇ-ਨਿੱਕੇ ਨੁਕਤੇ ਉਸ ਵਿਚ ਜੋੜਦਾ ਹੈ। ਵਿਆਖਿਆ ਬੋਝਲ ਤੇ ਕਿਤਾਬੀ ਨਹੀਂ ਬਣਦੀ। ਸਰਲ, ਰੌਚਕ, ਸਾਹਿਤਕ, ਸੁਹਜ ਭਰਪੂਰ ਤੇ ਨਿੱਜੀ ਛੋਹਾਂ ਨਾਲ ਸ਼ਿੰਗਾਰੀ ਹੋਣ ਕਰਕੇ ਪੜ੍ਹਨਯੋਗ ਬਣੀ ਰਹਿੰਦੀ ਹੈ। ਲੇਖਕ ਪੜ੍ਹੇ, ਸੁਣੇ, ਵੇਖੇ ਡਿੱਠੇ ਦਾ ਸਹਿਜ ਜ਼ਿਕਰ ਇਸ ਵਿਚ ਜੋੜਦਾ ਹੈ। ਅਖ਼ਬਾਰੀ ਖ਼ਬਰਾਂ, ਫ਼ੀਚਰਾਂ ਤੇ ਮੀਡੀਆ ਉਤੇ ਪਰੋਸੀ ਸਮੱਗਰੀ ਵੀ ਉਹ ਕਲਾਤਮਕ ਤਰੀਕੇ ਨਾਲ ਵਰਤਦਾ ਹੈ।

ਚਿੰਨ੍ਹ ਵਿਗਿਆਨ ਅਤੇ
ਕਲਾਮ ਬੁੱਲ੍ਹੇ ਸ਼ਾਹ
ਲੇਖਕ : ਡਾ: ਨਰਿੰਦਰ ਨਵਰੂਪ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 200 ਰੁਪਏ, ਸਫ਼ੇ : 160.

ਚਿੰਨ੍ਹ ਵਿਗਿਆਨ ਦੇ ਆਧਾਰ 'ਤੇ ਕਲਾਮ ਬੁੱਲ੍ਹੇ ਸ਼ਾਹ ਦਾ ਅਧਿਐਨ ਕਰਨਾ ਵਿਚਾਰ ਅਧੀਨ ਪੁਸਤਕ ਦਾ ਮਨੋਰਥ ਹੈ। ਇਹ ਮਨੋਰਥ ਪੂਰੀ ਤਰ੍ਹਾਂ ਵਿਹਾਰਕ ਪੱਧਰ 'ਤੇ ਸਫ਼ਲ ਨਹੀਂ ਹੋ ਸਕਿਆ। ਚਿੰਨ੍ਹ ਵਿਗਿਆਨ ਵੱਖਰਾ ਪਿਆ ਹੈ ਅਤੇ ਕਲਾਮ ਬੁੱਲ੍ਹੇ ਸ਼ਾਹ ਦਾ ਵਿਸ਼ਲੇਸ਼ਣ ਪਰੰਪਰਾਗਤ ਆਲੋਚਨਾਤਮਕ ਮੁਹਾਵਰੇ ਵਿਚ ਹੀ ਅੰਕਿਤ ਕਰ ਦਿੱਤਾ ਗਿਆ ਹੈ। ਚਿੰਨ੍ਹ ਵਿਗਿਆਨ ਦੀ ਸਿਧਾਂਤਕ ਸਮਝ ਤੇ ਵਿਹਾਰਕ ਵਰਤੋਂ ਜਿਸ ਗਹਿਰੀ ਸਮਝ ਤੇ ਮਿਹਨਤ ਦੀ ਮੰਗ ਕਰਦੀ ਹੈ, ਉਸ ਦੀ ਇੱਛਾ ਲੇਖਿਕਾ ਪਾਸ ਜ਼ਰੂਰ ਹੈ ਪਰ ਇਸ ਦੀ ਪ੍ਰਾਪਤੀ ਲਈ ਅਜੇ ਇਹ ਕਾਰਜ ਪਹਿਲਾ ਕਦਮ ਹੀ ਮੰਨਿਆ ਜਾ ਸਕਦਾ ਹੈ। ਉਂਜ ਪਹਿਲੇ ਕਦਮ ਨਾਲ ਹੀ ਹਰ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ। ਇਸ ਲਈ ਇਸ ਪਹਿਲੇ ਕਦਮ ਨੂੰ ਪੁੱਟਣ ਲਈ ਕੀਤੀ ਹਿੰਮਤ ਲਈ ਲੇਖਿਕਾ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਔਖੇ ਤੇ ਨਵੇਂ ਰਾਹਾਂ ਉਤੇ ਤੁਰਨ ਲਈ ਪਹਿਲਾ ਕਦਮ ਵਿਰਲੇ ਲੋਕ ਹੀ ਧਰਿਆ ਕਰਦੇ ਹਨ।
ਨਰਿੰਦਰ ਨੇ ਗੱਲ ਬੁੱਲ੍ਹੇ ਸ਼ਾਹ ਦੇ ਜੀਵਨ ਤੇ ਰਚਨਾ ਦੇ ਪਰਿਚਯ ਨਾਲ ਸ਼ੁਰੂ ਕੀਤੀ ਹੈ ਤੇ ਫਿਰ ਉਸ ਦੀ ਕਾਵਿ ਕਲਾ ਬਾਰੇ ਕੁਝ ਗੱਲਾਂ ਕੀਤੀਆਂ ਹਨ। ਇਸ ਉਪਰੰਤ ਚਿੰਨ੍ਹ ਵਿਗਿਆਨ ਦੇ ਮੂਲ ਪ੍ਰਵਰਗਾਂ ਚਿਹਨਕ/ਚਿਹਨਿਤ, ਸਿਨਕਰਾਨਿਕ/ ਡਾਇਕਰਾਨਿਕ, ਲੈਂਗ/ਪੈਰੋਲ, ਸਿੰਟੈਗਮੈਟਿਕ/ ਪੈਰਾਡਿਗਮੈਟਿਕ ਦੀ ਜਾਣਕਾਰੀ ਦਿੱਤੀ ਹੈ। ਚਿੰਨ੍ਹ (ਸਾਈਨ), ਪ੍ਰਤੀਕ (ਸਿੰਬਲ) ਬਿੰਬ (ਇਮੇਜ), ਰੂਪਕ (ਮੈਟਾਫਰ), ਸੰਕੇਤ (ਸਿਗਨਲ) ਤੇ ਮੂਰਤੀ (ਆਈਕਾਨ) ਨੂੰ ਨਿਖੇੜਿਆ ਹੈ।
ਪੁਸਤਕ ਦੇ ਚੌਥੇ ਤੋਂ ਅੱਠਵੇਂ ਅਧਿਆਇ ਵਿਚ ਕਲਾਮ ਬੁੱਲ੍ਹੇ ਸ਼ਾਹ ਦਾ ਸਮਾਜਿਕ, ਸੱਭਿਆਚਾਰਕ, ਇਤਿਹਾਸਕ/ਰਾਜਨੀਤਕ, ਧਾਰਮਿਕ ਤੇ ਮਿਥਿਹਾਸਕ ਪੱਖਾਂ ਤੋਂ ਅਧਿਐਨ ਕੀਤਾ ਗਿਆ ਹੈ। ਇਸ ਨੂੰ ਚਿੰਨ੍ਹ ਵਿਗਿਆਨਕ ਦ੍ਰਿਸ਼ਟੀ ਤੋਂ ਸਮਝਣ, ਸਮਝਾਉਣ ਦਾ ਇਹ ਮੁਢਲਾ ਉਪਰਾਲਾ, ਆਪਣੀਆਂ ਸੀਮਾਵਾਂ ਦੇ ਬਾਵਜੂਦ ਸਵਾਗਤਯੋਗ ਹੈ। ਨਵੀਂ ਦ੍ਰਿਸ਼ਟੀ ਨਾਲ ਸਾਰਥਕ ਕੰਮ ਕਰਨ ਦੀ ਇੱਛਾ ਇਸੇ ਦੀ ਮੰਗ ਕਰਦੀ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਨਰਿੰਦਰ ਮੋਦੀ
ਰਾਜਨੀਤਕ ਜੀਵਨੀ
ਲੇਖਕ : ਐਂਡੀ ਮੈਰੀਨੋ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 425 ਰੁਪਏ, ਸਫ਼ੇ : 302.

ਇਹ ਪੁਸਤਕ ਅੰਗਰੇਜ਼ ਲੇਖਕ ਐਂਡੀ ਮੈਰੀਨੋ ਦੁਆਰਾ ਲਿਖੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਰਾਜਨੀਤਕ ਜੀਵਨੀ ਹੈ, ਜਿਸ ਦਾ ਪੰਜਾਬੀ ਅਨੁਵਾਦ ਮਧੂਬਾਲਾ ਤੇ ਸ਼ਾਇਨਾ ਚਾਵਲਾ ਕੋਛੜ ਦੁਆਰਾ ਕੀਤਾ ਗਿਆ ਹੈ। ਲੇਖਕ ਨੇ ਮਈ 2014 ਦੀਆਂ ਆਮ ਚੋਣਾਂ ਦੌਰਾਨ ਅਤੇ ਪਹਿਲਾਂ ਮੋਦੀ ਨਾਲ ਅੱਧੀ ਦਰਜਨ ਮੁਲਾਕਾਤਾਂ ਕੀਤੀਆਂ ਹਨ। ਮੋਦੀ ਦੀ ਸ਼ੁਰੂਆਤੀ ਜ਼ਿੰਦਗੀ ਦੇ ਵੇਰਵੇ, ਜਵਾਨੀ ਵੇਲੇ ਦੇ ਸਿਖਾਂਦਰੂ ਵਰ੍ਹੇ, ਗੁਜਰਾਤ ਲਈ ਸੰਘਰਸ਼, ਗੁਜਰਾਤ ਦੰਗੇ, ਰਾਜਨੀਤਕ ਸਫ਼ਾਂ 'ਚ ਉਸ ਦਾ ਉਥਾਨ, ਧਰਮ ਤੇ ਰਾਜਨੀਤੀ ਬਾਰੇ ਉਸ ਦੇ ਨਿੱਜੀ ਫ਼ਲਸਫ਼ੇ ਆਦਿ ਵੇਰਵੇ ਇਸ ਪੁਸਤਕ ਵਿਚ ਦਰਜ ਹਨ। ਵਾਦ-ਵਿਵਾਦਤ ਰਹੀ ਇਸ ਸ਼ਖ਼ਸੀਅਤ ਬਾਰੇ ਲੇਖਕ ਐਂਡੀ ਮੈਰੀਨੋ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਇਹ ਰਚਨਾ ਕੀਤੀ ਹੈ। ਪੱਤਰਕਾਰੀ ਅੰਦਾਜ਼ ਵਿਚ ਲਿਖੀ ਇਹ ਜੀਵਨੀ 2002 ਈ: ਵਿਚ ਹੋਏ ਗੁਜਰਾਤ ਦੰਗਿਆਂ ਦਾ ਅਪ੍ਰਕਾਸ਼ਿਤ ਪ੍ਰਮਾਣਿਕ ਦਸਤਾਵੇਜ਼ਾਂ ਨਾਲ ਵਿਸ਼ਲੇਸ਼ਣ ਪੇਸ਼ ਕਰਦੀ ਹੈ। ਲੇਖਕ ਨੇ ਗੁਜਰਾਤ ਬਾਰੇ ਅੰਕੜਿਆਂ ਸਹਿਤ ਆਪਣੀ ਗੱਲ ਬਿਆਨ ਕੀਤੀ ਹੈ। ਇਹ ਪੁਸਤਕ ਮੋਦੀ ਦੀ ਸਿਆਸੀ ਚੇਤਨਾ, ਫ਼ਿਰਕਾਪ੍ਰਸਤ ਰਾਜਨੀਤੀ ਆਦਿ ਵਿਵਾਦਾਂ ਨਾਲ ਖਹਿੰਦੀ ਹੋਈ, ਕਈ ਨਵੀਆਂ ਪਰਤਾਂ ਖੋਲ੍ਹਦੀ ਹੈ। ਸੁੰਦਰ ਦਿੱਖ ਵਿਚ ਛਪੀ ਇਹ ਪੁਸਤਕ ਮਨ ਵਿਚ ਕਈ ਪ੍ਰਸ਼ਨ ਵੀ ਪੈਦਾ ਕਰਦੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਸ਼ੀਸ਼ਾ ਬੋਲਦਾ ਹੈ
ਲੇਖਕ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਲਾਹੌਰ ਬੁੱਕਸ, ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 96.

ਇਹ ਪੁਸਤਕ 96 ਮਿੰਨੀ ਨਿਬੰਧਾਂ ਦਾ ਸੰਗ੍ਰਹਿ ਹੈ, ਜੋ ਲੜੀਵਾਰ ਕਾਲਮ ਦੇ ਰੂਪ ਵਿਚ 'ਅਜੀਤ' ਅਖ਼ਬਾਰ ਵਿਚ ਛਪਦੇ ਰਹੇ ਹਨ। ਇਹ ਨਿੱਕੇ ਲਘੂ ਲੇਖ ਦਰਪਣ ਬਣ ਕੇ ਸਮਾਜਿਕ ਭ੍ਰਿਸ਼ਟਾਚਾਰ, ਗਿਰਾਵਟ, ਸ਼ੋਸ਼ਣ ਅਤੇ ਅਣਮਨੁੱਖੀ ਵਰਤਾਰਿਆਂ ਨੂੰ ਪੇਸ਼ ਕਰਕੇ ਸਾਡੇ ਚਿੰਤਨ ਤੇ ਚੇਤਨਾ ਨੂੰ ਹਲੂਣਦੇ ਹਨ। ਇਨ੍ਹਾਂ ਦੇ ਵਿਸ਼ੇ ਜ਼ਿੰਦਗੀ ਦੇ ਵਿਸ਼ਾਲ ਕੈਨਵਸ 'ਤੇ ਡੁੱਲ੍ਹੇ ਰੰਗਾਂ ਵਾਂਗ ਵੰਨ-ਸੁਵੰਨੇ ਹਨ। ਭਾਰਤੀ ਲੋਕਤੰਤਰ, ਪ੍ਰਦੂਸ਼ਣ, ਵਿਕਾਰ, ਕੂੜ ਪ੍ਰਚਾਰ, ਰਾਜਨੀਤੀ, ਅਨਿਆਂ, ਲੁੱਟ-ਖਸੁੱਟ, ਧਰਮਾਂ ਦੇ ਵਪਾਰ, ਗ਼ਰੀਬੀ, ਸਿੱਖਿਆ ਪ੍ਰਣਾਲੀਆਂ ਦਾ ਨਿਘਾਰ ਆਦਿ ਸਮੱਸਿਆਵਾਂ 'ਤੇ ਗੰਭੀਰ ਨੁਕਤੇ ਉਠਾਏ ਗਏ ਹਨ। ਛੋਟੇ-ਛੋਟੇ ਵਾਕਾਂ ਵਿਚ ਵੱਡੇ ਅਰਥ ਛੁਪੇ ਹੋਏ ਹਨ। ਅੱਜ ਦੀ ਲੱਚਰ ਗਾਇਕੀ ਅਵੱਲੇ ਸ਼ੌਕ, ਸ਼ੋਰ ਪ੍ਰਦੂਸ਼ਣ ਆਦਿ 'ਤੇ ਤਿੱਖੇ ਵਿਅੰਗ ਕੀਤੇ ਗਏ ਹਨ। ਲੇਖਕ ਦੇ ਦਿਲ ਵਿਚ ਇਨਸਾਨੀਅਤ ਦਾ ਦਰਦ ਹੈ। ਕਿਤੇ-ਕਿਤੇ ਇਹ ਦਰਦ ਬੜੇ ਮਾਰਮਿਕ ਲਹਿਜ਼ੇ ਵਿਚ ਹਲੂਣਦਾ ਹੈ ਜਿਵੇਂ ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ, ਘਟੀਆਂ ਮਨਪ੍ਰਚਾਵੇ ਲਈ ਜਾਨਵਰਾਂ 'ਤੇ ਢਾਹੇ ਜਾ ਰਹੇ ਤਸ਼ੱਦਦ, ਬਿਮਾਰ ਬੱਚਿਆਂ 'ਤੇ ਅੰਧ-ਵਿਸ਼ਵਾਸ ਤਹਿਤ ਕੀਤੇ ਜਾ ਰਹੇ ਜ਼ੁਲਮ, ਮਾਸੂਮਾਂ ਅਤੇ ਨਿਰਦੋਸ਼ਾਂ ਦਾ ਕਤਲੇਆਮ ਕਰ ਰਹੇ ਜੇਹਾਦੀ, ਲਾਪਤਾ ਬਚਪਨ, ਨਸ਼ਿਆਂ ਵਿਚ ਲੜਖੜਾਉਂਦੀ ਦਿਸ਼ਾਹੀਣ ਜਵਾਨੀ, ਲਾਚਾਰ ਬੁਢੇਪਾ, ਤਾਂਤਰਿਕਾਂ ਅਤੇ ਠੱਗਾਂ ਵੱਲੋਂ ਭੋਲੇ-ਭਾਲੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ, ਅਦਾਲਤਾਂ ਵਿਚ ਲਟਕਦੇ ਫ਼ੈਸਲੇ, ਸਿਆਸੀ ਟੱਬਰਵਾਦ ਆਦਿ। ਮਨੁੱਖ ਦੀਆਂ ਆਪਹੁਦਰੀਆਂ ਅਤੇ ਅਣਗਹਿਲੀਆਂ ਕਾਰਨ ਪੌਣ-ਪਾਣੀ, ਧਰਤੀ, ਆਕਾਸ਼ ਗੰਧਲੇ ਹੋ ਰਹੇ ਹਨ, ਜੀਵਾਂ ਦੀ ਵਿਭਿੰਨਤਾ ਖ਼ਤਰੇ ਵਿਚ ਹੈ। ਕੁਦਰਤ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ। ਧਰਤੀ ਛੋਟੀ ਹੁੰਦੀ ਜਾ ਰਹੀ ਹੈ ਅਤੇ ਇਸ ਦਾ ਭਾਰ ਵਧਦਾ ਹੀ ਜਾਂਦਾ ਹੈ। ਲੇਖਕ ਨੇ ਵੱਡੀਆਂ ਸਮੱਸਿਆਵਾਂ ਨੂੰ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਂਗ ਪੇਸ਼ ਕੀਤਾ ਹੈ। ਇਹ ਸਾਰੇ ਨਿਬੰਧ ਆਕਾਰ ਵਿਚ ਛੋਟੇ ਪਰ ਮਿਆਰ ਵਿਚ ਵੱਡੇ ਹਨ। ਇਨ੍ਹਾਂ ਵਿਚ ਉਠਾਏ ਗਏ ਮਸਲੇ ਗੰਭੀਰਤਾ ਨਾਲ ਲੈਣੇ ਚਾਹੀਦੇ ਹਨ। ਜਾਗਰੂਕਤਾ ਦੇ ਇਸ ਉਪਰਾਲੇ ਵਿਚ ਲੇਖਕ ਸਫ਼ਲ ਹੈ।

ਅਨਮੋਲ ਮਣਕਿਆਂ ਦੀ ਮਾਲਾ
ਲੇਖਿਕਾ : ਡਾ: ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 136.

ਜਦੋਂ ਕੋਈ ਵਡਭਾਗੀ ਸੁਰਤਿ ਗੁਰਬਾਣੀ ਦੇ ਅੰਮ੍ਰਿਤ ਰਸ ਵਿਚ ਭਿੱਜ ਜਾਂਦੀ ਹੈ ਤਾਂ ਅੰਦਰਲੇ ਵਿਗਾਸ ਵਿਚੋਂ ਸ਼ਬਦਾਂ ਦੇ ਸੁੱਚੇ ਮੋਤੀ ਆਪਣੇ-ਆਪ ਕਿਰਨ ਲਗਦੇ ਹਨ। ਰੂਹਾਨੀਅਤ ਨਾਲ ਨੂਰੋ-ਨੂਰ ਹੋਇਆ ਅੰਦਰ ਸੁਹਜ ਅਤੇ ਸੁੰਦਰਤਾ ਨਾਲ ਲਬਰੇਜ਼ ਹੋ ਜਾਂਦਾ ਹੈ। ਲੇਖਿਕਾ ਨੇ ਵੀ ਕਿਸੇ ਆਤਮਿਕ ਖੇੜੇ ਵਿਚ ਕੁਝ ਨਿਰਮਲ ਵਿਚਾਰ ਕਾਨੀਬੰਦ ਕੀਤੇ ਹਨ ਜਿਵੇਂ-
-ਪ੍ਰਭੂ ਆਨੰਦ ਦਾ ਵਿਸ਼ਾਲ ਸਾਗਰ ਹੈ। ਇਸ ਨਾਲ ਨਾਤਾ ਜੋੜਿਆਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
-ਮਨੁੱਖਾ ਜਨਮ ਕਰਮ ਭੂਮੀ ਹੈ। ਇਸ ਵਿਚ ਨਾਮ ਦਾ ਬੀਜ ਬੀਜਣਾ ਹੀ ਲਾਹੇਵੰਦ ਸੌਦਾ ਹੈ।
-ਰੱਬ ਨਾਲ ਕਦੇ ਰੁੱਸਣਾ ਨਹੀਂ ਚਾਹੀਦਾ, ਉਸ ਬਗੈਰ ਤਾਂ ਸਾਡਾ ਇਕ ਪਲ ਵੀ ਗੁਜ਼ਾਰਾ ਨਹੀਂ।
-ਦੁਖੀ ਲੋਕਾਂ ਦੀਆਂ ਆਹਾਂ ਅੱਗ ਦੀ ਤਪਸ਼ ਨਾਲੋਂ ਕਿਤੇ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਹਨ।
-ਮਨੁੱਖਾ ਜੀਵਨ ਪਰਮ ਜੀਵਨ ਨੂੰ ਪ੍ਰਾਪਤ ਕਰਨ ਦਾ ਇਕ ਸੁਨਹਿਰੀ ਮੌਕਾ ਹੈ। ਇਸ ਨੂੰ ਹੱਥੋਂ ਨਹੀਂ ਗੁਆਉਣਾ ਚਾਹੀਦਾ।
-ਜਦੋਂ ਪਦਾਰਥਾਂ ਦਾ ਬੁਖਾਰ ਲਹਿ ਜਾਂਦਾ ਹੈ, ਉਦੋਂ ਪ੍ਰਭੂ ਦੇ ਨਾਮ ਦੀ ਭੁੱਖ ਲਗਦੀ ਹੈ।
-ਕੁਦਰਤ ਦੀ ਬੇਅੰਤਤਾ ਨੂੰ ਵੇਖ ਕੇ ਬੰਦਾ ਵਿਸਮਾਦ ਵਿਚ ਆ ਜਾਂਦਾ ਹੈ।
ਗੁਰਬਾਣੀ ਦੇ ਚਾਨਣ ਵਿਚ ਲਿਖੇ ਗਏ ਇਹ ਅਨਮੋਲ ਵਿਚਾਰ ਪੜ੍ਹਨਯੋਗ, ਵਿਚਾਰਨਯੋਗ ਅਤੇ ਸੰਭਾਲਣਯੋਗ ਹਨ। ਅੱਜ ਦੇ ਕਾਲੇ ਦੌਰ ਵਿਚ ਇਹੋ ਜਿਹੇ ਨਿਰਮਲ, ਸ਼ੁੱਧ, ਪਾਕੀਜ਼ ਖ਼ਿਆਲਾਂ ਦੀ ਬਹੁਤ ਲੋੜ ਹੈ। ਲੇਖਿਕਾ ਨੇ ਸਮੇਂ ਦੀ ਨਬਜ਼ ਨੂੰ ਪਛਾਣ ਕੇ ਗਿਆਨ ਦੇ ਸਾਗਰ ਵਿਚ ਚੁੱਭੀ ਲਾ ਕੇ ਜੋ ਬੇਸ਼ਕੀਮਤੀ ਮਣਕੇ ਪਾਠਕਾਂ ਦੀ ਨਜ਼ਰ ਕੀਤੇ ਹਨ, ਉਹ ਉਸ ਦੀ ਸਿਆਣਪ, ਸੁਹਿਰਦਤਾ ਅਤੇ ਸ਼ੁੱਭ ਸੋਚਣੀ ਦੇ ਲਖਾਇਕ ਹਨ। ਇਨ੍ਹਾਂ ਵਡਮੁੱਲੇ ਵਿਚਾਰਾਂ ਨੂੰ ਜੀਵਨ ਵਿਚ ਢਾਲ ਕੇ ਕਮਾਉਣਾ ਚਾਹੀਦਾ ਹੈ। ਇਹ ਪੁਸਤਕ ਹਰ ਘਰ, ਵਿਦਿਅਕ ਅਦਾਰੇ ਅਤੇ ਪੁਸਤਕਾਲੇ ਦਾ ਸ਼ਿੰਗਾਰ ਬਣਨਯੋਗ ਹੈ। ਇਸ ਪੁਸਤਕ ਦਾ ਭਰਪੂਰ ਸੁਆਗਤ ਕਰਨਾ ਬਣਦਾ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਉਮੀਦ
ਕਵੀ : ਧਰਮ ਕੰਮੇਆਣਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 180 ਰੁਪਏ, ਸਫ਼ੇ : 160.

ਧਰਮ ਕੰਮੇਆਣਾ ਇਕ ਸਮਰਪਿਤ ਅਤੇ ਸਿਦਕੀ ਕਵੀ ਹੈ। ਉਹ ਕਵਿਤਾ ਨੂੰ ਕੇਵਲ ਲਿਖਦਾ ਹੀ ਨਹੀਂ ਬਲਕਿ ਜਿਊਂਦਾ ਵੀ ਹੈ। ਉਸ ਦਾ ਪ੍ਰਥਮ ਕਾਵਿ ਸੰਗ੍ਰਹਿ 'ਸੂਲਾਂ ਵਿੰਨ੍ਹੇ ਫੁੱਲ' ਜਨਵਰੀ 1978 ਵਿਚ ਪ੍ਰਕਾਸ਼ਿਤ ਹੋ ਗਿਆ ਸੀ।
ਐਮ. ਏ. ਕਰਨ ਉਪਰੰਤ ਧਰਮ ਕੰਮੇਆਣਾ ਨੇ ਕਈ ਵਰ੍ਹੇ ਗਰਦਿਸ਼ ਵਿਚ ਗੁਜ਼ਾਰੇ। ਇਨ੍ਹਾਂ ਦਿਨਾਂ ਦੀ ਤਪਸ਼ ਨੇ ਉਸ ਦੇ ਕਾਵਿ ਅਨੁਭਵ ਨੂੰ ਤਪਾ ਕੇ ਕੁੰਦਨ ਵਰਗਾ ਬਣਾ ਦਿੱਤਾ। ਜੀਵਨ ਦੀਆਂ ਤਲਖ਼ ਹਕੀਕਤਾਂ ਨੇ ਉਸ ਤੋਂ ਜਵਾਨੀ ਦਾ ਸਾਰਾ ਰੋਮਾਂਸ ਖੋਹ ਲਿਆ। ਕਵੀ ਨੇ ਪੰਜਾਬ ਦੇ ਵਿਰਸੇ ਨੂੰ ਬਦਲ ਚੁੱਕੇ ਸੰਦਰਭਾਂ ਵਿਚ ਨਵੇਂ ਸਿਰੇ ਤੋਂ ਪੜ੍ਹਿਆ। ਸਾਕਾ ਨੀਲਾ ਤਾਰਾ ਤੋਂ ਉਪਰੰਤ ਪੰਜਾਬ ਵਿਚ ਕਿੰਨਾ ਕੁਝ ਬਦਲ ਚੁੱਕਾ ਸੀ। ਛੋਟੀ ਕਿਸਾਨੀ ਅਤੇ ਪੰਜਾਬ ਦੇ ਮਜ਼ਦੂਰਾਂ ਦੀ ਹਾਲਤ ਪੂਰੀ ਤਰ੍ਹਾਂ ਨਾਲ ਨਿੱਘਰ ਗਈ ਸੀ। ਹੌਲੀ-ਹੌਲੀ ਇਥੇ ਨਸ਼ਿਆਂ ਦੇ ਦਰਿਆ ਵੀ ਵਗਣ ਲੱਗ ਪਏ, ਭਰੂਣ-ਹੱਤਿਆ ਵਰਗੇ ਕੁਕਰਮ ਹੋਣ ਲੱਗ ਪਏ। ਪੰਜਾਬ ਦੇ ਇਸ ਵਿਕ੍ਰਿਤ ਸਰੂਪ ਤੋਂ ਘਬਰਾ ਕੇ ਇਥੋਂ ਦੇ ਬਹੁਤੇ ਲੋਕ ਵਿਦੇਸ਼ਾਂ ਵੱਲ ਪਲਾਇਣ ਕਰ ਗਏ ਅਤੇ ਅੱਜ ਪੰਜਾਬ ਪੂਰੀ ਤਰ੍ਹਾਂ ਨਾਲ ਉੱਜੜ ਗਿਆ ਹੈ ਪਰ ਧਰਮ ਕੰਮੇਆਣਾ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਇਕ ਆਸ਼ਾਵਾਦੀ ਵਿਅਕਤੀ ਹੈ। ਉਸ ਨੂੰ ਅਜੇ ਵੀ ਭਲੇ ਦਿਨਾਂ ਦੀ ਉਮੀਦ ਹੈ। ਹਥਲੇ ਸੰਗ੍ਰਹਿ ਵਿਚ ਇਸੇ 'ਉਮੀਦ' ਦਾ ਨਿਰੂਪਣ ਹੋਇਆ ਹੈ।
'ਉਮੀਦ' ਵਿਚ ਸੰਗ੍ਰਹਿਤ ਕਵਿਤਾਵਾਂ ਦਾ ਲਿਖਣ ਸਮਾਂ 1981 ਤੋਂ 2007 ਤੱਕ ਦਾ ਹੈ। ਪਹਿਲੇ ਭਾਗ ਵਿਚ 1981 ਤੋਂ 1991 ਤੱਕ ਦੇ ਗਰਦਿਸ਼ ਦੇ ਦਿਨਾਂ ਦਾ ਕਾਵਿਕ ਨਿਰੂਪਣ ਹੈ। ਦੂਜੇ ਭਾਗ ਦੀਆਂ ਕਵਿਤਾਵਾਂ 1991 ਤੋਂ ਸ਼ੁਰੂ ਹੁੰਦੀਆਂ ਹਨ, ਜਦੋਂ ਕਵੀ ਭਾਸ਼ਾ ਵਿਭਾਗ ਵਿਚ ਇਕ ਸਨਮਾਨਜਨਕ ਨੌਕਰੀ ਉੱਪਰ ਨਿਯੁਕਤ ਹੋ ਗਿਆ ਸੀ। ਪਹਿਲੇ ਦੌਰ ਦੀਆਂ ਕਵਿਤਾਵਾਂ ਦੇ ਸਰੋਕਾਰ ਪੇਂਡੂ ਸੱਭਿਆਚਾਰ ਨਾਲ ਜੁੜੇ ਹੋਏ ਹਨ। ਦੂਜੇ ਦੌਰ ਦੀਆਂ ਕਵਿਤਾਵਾਂ ਵਿਚੋਂ ਸ਼ਹਿਰੀ ਜੀਵਨ ਦੀ ਝਲਕ ਦਿਖਾਈ ਦਿੰਦੀ ਹੈ। ਮੈਨੂੰ ਉਸ ਦੀਆਂ ਇਹ ਸਾਰੀਆਂ ਕਵਿਤਾਵਾਂ ਪਸੰਦ ਹਨ। ਪਾਠਕਾਂ ਨੂੰ ਮੇਰਾ ਅਨੁਰੋਧ ਹੈ ਕਿ ਉਹ ਇਨ੍ਹਾਂ ਕਵਿਤਾਵਾਂ ਨਾਲ ਸਾਂਝ ਪਾਉਣ। ਇਨ੍ਹਾਂ ਵਿਚੋਂ ਪੰਜਾਬ ਦਾ ਸੱਭਿਆਚਾਰਕ ਗੌਰਵ ਨਜ਼ਰ ਆਵੇਗਾ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮਾਨਵੀ ਜਗਤ ਦਾ ਯਥਾਰਥ
ਸੰਪਾਦਕਾ : ਡਾ: ਭੂਪਿੰਦਰ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 176.

ਹਥਲੀ ਪੁਸਤਕ ਉਸਾਰੂ ਅਤੇ ਵਿਗਿਆਨਕ ਦ੍ਰਿਸ਼ਟੀ ਦੇ ਧਾਰਨੀ ਡਾ: ਜਨਕ ਸਿੰਘ ਦੁਆਰਾ ਰਚਿਤ ਕਾਵਿ-ਪੁਸਤਕ 'ਅਧੂਰਾ ਸੁਪਨਾ' ਦਾ ਆਲੋਚਨਾਤਮਿਕ ਅਧਿਐਨ ਪ੍ਰਸਤੁਤ ਕਰਦੀ ਹੈ। ਸੰਪਾਦਿਕਾ ਡਾ: ਭੂਪਿੰਦਰ ਕੌਰ ਨੇ ਢਾਈ ਦਰਜਨ ਦੇ ਲਗਭਗ ਆਲੋਚਕਾਂ ਪਾਸੋਂ ਉਕਤ ਕਾਵਿ-ਸੰਗ੍ਰਹਿ ਸਬੰਧੀ ਵਿਭਿੰਨ ਪਹਿਲੂਆਂ ਤੋਂ ਖੋਜ-ਨਿਬੰਧ ਲਿਖਵਾ ਕੇ ਅੰਕਿਤ ਕੀਤੇ ਹਨ। ਇਸ ਤੋਂ ਪਹਿਲਾਂ ਵੀ ਜਨਕ ਸਿੰਘ 'ਖਿਆਲਾਂ ਦੇ ਪਲ' ਕਾਵਿ-ਸੰਗ੍ਰਹਿ ਜ਼ਰੀਏ ਅਤੇ ਅੱਧੀ ਦਰਜਨ ਹੋਰ ਪੁਸਤਕਾਂ ਰਾਹੀਂ ਪਾਠਕਾਂ ਦੇ ਰੂ-ਬਰੂ ਹੋ ਚੁੱਕਾ ਹੈ। ਇਸ ਪੁਸਤਕ ਦੇ ਅਧਿਐਨ ਤੋਂ ਸਹਿਜੇ ਪਤਾ ਲੱਗ ਜਾਂਦਾ ਹੈ ਕਿ ਡਾ: ਜਨਕ ਸਿੰਘ ਦੀ ਕਾਵਿ-ਪ੍ਰਤਿਭਾ ਬਹੁ-ਪਾਸਾਰੀ ਵਿਸ਼ਿਆਂ ਨੂੰ ਕਾਵਿਕ-ਭਾਸ਼ਾ 'ਚ ਬੜੀ ਨਿਪੁੰਨਤਾ ਸਹਿਤ ਨਿਭਾਉਣ ਦੇ ਸਮਰੱਥ ਹੈ। ਸਪੱਸ਼ਟ ਹੁੰਦਾ ਹੈ ਕਿ ਕਵੀ ਮਾਨਵੀ ਸਰੋਕਾਰਾਂ ਦਾ ਗੰਭੀਰਤਾ ਸਹਿਤ ਪਾਰਖੂ ਹੈ। ਮਨੁੱਖ ਦਾ ਕਿਰਦਾਰ, ਕੁਦਰਤ ਦਾ ਪਿਆਰ, ਰੱਬੀ ਦਾਤਾਂ ਦਾ ਚਿਤਰਨ, ਸਮਾਜਿਕ-ਸੱਭਿਆਚਾਰਕ ਪਰਤਾਂ ਦਾ ਵਿਸ਼ਲੇਸ਼ਣ, ਵਿਭਿੰਨ ਮੌਸਮਾਂ ਦਾ ਵਰਨਣ, ਗਿਆਨ-ਵਿਗਿਆਨ ਦਾ ਸੁੱਚਾ ਸੁਮੇਲ, ਆਲੋਚਨਾਤਮਿਕ ਯਥਾਰਥ ਦਾ ਚਿਤਰਨ, ਇਨਸਾਨੀ ਸਦਭਾਵਨਾ ਦਾ ਪ੍ਰਗਟਾਵਾ, ਮਾਨਵੀ ਕਮਜ਼ੋਰੀਆਂ ਪ੍ਰਤੀ ਸੰਵੇਦਨਸ਼ੀਲਤਾ, ਅਰਸ਼ੀ ਅਤੇ ਫਰਸ਼ੀ ਅਨੁਭਵਾਂ, ਜਜ਼ਬਿਆਂ ਦਾ ਸੁਮੇਲ ਆਦਿ ਅਜਿਹੇ ਪੱਖ ਹਨ, ਜਿਨ੍ਹਾਂ ਨੂੰ ਵਿਭਿੰਨ ਆਲੋਚਕਾਂ ਨੇ ਅਧਿਐਨ ਦ੍ਰਿਸ਼ਟੀ ਦਾ ਕੇਂਦਰਬਿੰਦੂ ਮੰਨ ਕੇ ਆਲੋਚਨਾਤਮਿਕ ਨਿਬੰਧ ਲਿਖੇ ਹਨ। ਕਵੀ ਦੀਆਂ ਕਾਵਿ-ਜੁਗਤਾਂ, ਭਾਸ਼ਾ-ਸੰਚਾਰ ਦੀ ਸ਼ਕਤੀ, ਨਵੇਂ ਅਲੰਕਾਰ ਅਤੇ ਬਿੰਬ ਉਭਾਰਨ ਦੀ ਸਮਰੱਥਾ ਬਾਬਤ ਵੀ ਪੁਸਤਕ 'ਚ ਖੋਜ-ਨਿਬੰਧ ਅੰਕਿਤ ਹਨ। ਇਸ ਤਰ੍ਹਾਂ ਇਕੋ ਪੁਸਤਕ ਬਾਬਤ ਦੀਰਘ ਅਧਿਐਨ ਪੇਸ਼ ਕਰਨਾ ਇਸ ਪੁਸਤਕ ਦੀ ਮੁੱਖ ਖੂਬੀ ਹੈ। ਅਜਿਹੇ ਕਾਰਜ ਲਈ ਵਿਭਿੰਨ ਖੋਜੀ ਅਤੇ ਸੰਪਾਦਿਕਾ ਵੀ ਵਧਾਈ ਦੀ ਹੱਕਦਾਰ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

ਜ਼ਿੰਦਗੀ ਦਾ ਦਰਿਆ
ਲੇਖਕ : ਜੋਗਿੰਦਰ ਸਿੰਘ ਨਿਰਾਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 110.

ਹਥਲੀ ਪੁਸਤਕ ਵਿਚ ਲੇਖਕ ਦੀਆਂ 14 ਕਥਾ ਰਚਨਾਵਾਂ ਹਨ। ਮੇਰੀ ਕਥਾ ਯਾਤਰਾ ਸਿਰਲੇਖ ਤਹਿਤ ਕਹਾਣੀਕਾਰ ਨੇ ਆਪਣੀ ਕਹਾਣੀ ਸਿਰਜਣਾ ਬਾਰੇ ਖੁੱਲ੍ਹ ਕੇ ਲਿਖਿਆ ਹੈ। ਜੋਗਿੰਦਰ ਸਿੰਘ ਨਿਰਾਲਾ ਕੋਲ ਜੀਵਨ ਦਾ ਚੋਖਾ ਅਨੁਭਵ ਹੈ। ਪੁਸਤਕ ਦੀਆਂ ਕਹਾਣੀਆਂ ਕਥਾ ਰਸ ਨਾਲ ਭਰਪੂਰ ਹਨ। ਰੌਚਿਕ ਹਨ। ਇਨ੍ਹਾਂ ਵਿਚ ਲੇਖਕ ਆਪ ਖੜੋਤਾ ਹੈ। ਲੇਖਕ ਦੀ ਕਹਾਣੀਆਂ ਦੇ ਪਾਤਰਾਂ ਨਾਲ ਡੂੰਘੀ ਸਾਂਝ ਹੈ। ਪਾਠਕ ਨੂੰ ਕੀਲ ਕੇ ਆਪਣੇ ਨਾਲ ਤੋਰਨ ਵਾਲੀਆਂ ਕਹਾਣੀਆਂ ਵਿਚੋਂ ਸੁਰਭੀ ਕਹਾਣੀ ਸਭ ਤੋਂ ਲੰਮੀ ਰਚਨਾ ਹੈ। 21 ਸਫ਼ਿਆਂ ਦੀ ਇਸ ਕਹਾਣੀ ਦਾ ਕੈਨਵਸ ਨਾਵਲੈਟ ਵਾਲਾ ਹੈ। ਕਾਲਜ ਪੜ੍ਹਦੀ ਅੱਲ੍ਹੜ ਕੁੜੀ ਸੁਰਭੀ ਆਪਣੇ ਹੀ ਅਧਿਆਪਕ 'ਤੇ ਗ਼ਲਤ ਦੋਸ਼ ਲਾ ਕੇ ਹੋਰ ਵਿਦਿਆਰਥੀਆਂ ਦੀ ਝੂਠੀ ਹਮਾਇਤ ਹਾਸਲ ਕਰਦੀ ਹੈ। ਦੋਸ਼ੀ ਅਧਿਆਪਕ ਨੂੰ ਝੂਠਾ ਫਸਾ ਕੇ ਕਾਲਜ ਤੋਂ ਛੁੱਟੀ ਕਰਵਾਉਂਦੀ ਹੈ ਤੇ ਫਿਰ ਇਕ ਦਿਨ ਕਾਲਜ ਦੇ ਇਕ ਹੋਰ ਪ੍ਰੋਫੈਸਰ ਵੱਲੋਂ ਪੁੱਛੇ ਜਾਣ 'ਤੇ ਕਹਿੰਦੀ ਹੈ, 'ਇਹ ਤਾਂ ਮੈਂ ਉਸ ਬੇਦਰਦ ਨੂੰ ਸਬਕ ਸਿਖਾਉਣ ਦਾ ਇਕ ਢੰਗ ਲੱਭਿਆ ਸੀ।' (ਪੰਨਾ 70) ਕਹਾਣੀ ਬੱਝਵਾਂ ਪ੍ਰਭਾਵ ਸਿਰਜਦੀ ਹੈ ਤੇ ਸਾਡੇ ਵਿਦਿਅਕ ਅਦਾਰਿਆਂ ਦੇ ਵਰਤਮਾਨ ਮਾਹੌਲ ਬਾਰੇ ਸੋਚਣ ਲਈ ਮਜਬੂਰ ਕਰਦੀ ਹੈ।
ਪੁਸਤਕ ਦੀਆਂ ਕਹਾਣੀਆਂ 'ਕਰੇਲੇ' ਵੀ ਸਕੂਲ ਮੁਖੀ ਵੱਲੋਂ ਲਾਲਚ ਦਾ ਚੋਗਾ ਪੈਣ 'ਤੇ ਅਧਿਆਪਕ ਨੂੰ ਦਿੱਤੀ ਫਰਲੋ ਨੂੰ ਜਸਟੀਫਾਈ ਕਰਦੀ ਹੈ। 'ਵਾਪਸੀ' ਵਿਚ ਅੱਲ੍ਹੜ ਜੋੜੇ ਵੱਲੋਂ ਭੱਜ ਕੇ ਦਿੱਲੀ ਦੇ ਹੋਟਲ ਵਿਚ ਰਹਿਣ ਦੀ ਕਥਾ ਹੈ। ਪਛਤਾਵਾ ਤੇ ਅੱਲ੍ਹੜ ਪਿਆਰ ਮੁਖ ਵਿਸ਼ਾ ਹੈ। ਪੁਸਤਕ ਦੀਆਂ ਹੋਰ ਕਹਾਣੀਆਂ 'ਤੂੰ ਕੇਹਾ ਸਿੱਖ ਦੇ'? ਮਨੁੱਖੀ ਬੰਬ ਪਲੇਟਫਾਰਮ, ਪਾਪਾ, ਇਕ ਕਹਾਣੀਕਾਰ ਦੇ ਨੋਟਸ, ਨਵਾਂ ਕੌਤਕ, ਸਲਫਾਸ, ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨਾਲ ਜੁੜੀਆਂ ਮਨੁੱਖ ਦੀ ਅੰਦਰਲੀ ਟੁੱਟ-ਭੱਜ, ਮਾਨਵੀ ਸੰਵੇਦਨਾ, ਟੁੱਟਦੀ ਆਰਥਿਕਤਾ, ਪਰਿਵਾਰਕ ਝਮੇਲੇ, ਅੱਲ੍ਹੜ ਉਮਰ ਦੇ ਨਿਆਰੇ ਰੰਗਾਂ ਨਾਲ ਭਰਪੂਰ ਸੰਵਾਦਾਂ ਵਾਲੀਆਂ ਦਿਲਚਸਪ ਕਥਾਵਾਂ ਹਨ। ਟਾਈਟਲ ਕਹਾਣੀ ਵਿਚ ਨਵੀਂ ਸ਼ੈਲੀ ਹੈ। ਨਾਟਕੀ ਅੰਦਾਜ਼ ਤੇ ਵਿਸ਼ੇ ਨੂੰ ਸਫਲਤਾ ਨਾਲ ਪੇਸ਼ ਕਰਦੀ ਰੌਚਿਕ ਗਾਥਾ ਹੈ। ਪੁਸਤਕ ਪੜ੍ਹ ਕੇ ਪਾਠਕ ਵਰਤਮਾਨ ਜ਼ਿੰਦਗੀ ਦੇ ਦਰਿਆ ਦੀਆਂ ਵਿਭਿੰਨ ਲਹਿਰਾਂ ਵਿਚ ਵਹਿ ਜਾਂਦਾ ਹੈ। ਪੁਸਤਕ ਦਾ ਸਵਾਗਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਸਾਡਾ ਵਿਰਸਾ ਸਾਡੇ ਗੀਤ
ਲੇਖਿਕਾ : ਹਰਮੇਸ਼ ਕੌਰ ਯੋਧੇ
ਪ੍ਰਕਾਸ਼ਕ : ਕਾਗਦ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 192.

'ਸਾਡਾ ਵਿਰਸਾ ਸਾਡੇ ਗੀਤ' ਹਰਮੇਸ਼ ਕੌਰ ਯੋਧੇ ਦੀ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪੁਸਤਕ ਹੈ। ਹਰਮੇਸ਼ ਕੌਰ ਯੋਧੇ ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬ ਦੇ ਲੋਕ-ਸੱਭਿਆਚਾਰ ਨਾਲ ਪਰਣਾਈ ਇਕ ਅਜਿਹੀ ਲੇਖਿਕਾ ਹੈ ਜੋ ਬੜੀ ਸ਼ਿੱਦਤ ਤੇ ਤਨਦੇਹੀ ਨਾਲ ਪੰਜਾਬ ਦੇ ਲੋਕ ਜੀਵਨ ਵਿਚੋਂ ਅਲੋਪ ਹੋ ਰਹੇ ਸੱਭਿਆਚਾਰਕ ਅੰਸ਼ਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਸਾਂਭਣ ਲਈ ਯਤਨਸ਼ੀਲ ਹੈ। ਉਸ ਦਾ ਕਾਰਜ ਖੇਤਰ ਮਾਝਾ ਹੈ ਜਿਸ ਕਰਕੇ ਉਸ ਨੇ ਇਸ ਖੇਤਰ ਵਿਚੋਂ ਅਲੋਪ ਹੋ ਰਹੀਆਂ ਜਨਮ-ਮਰਨ, ਵਿਆਹ-ਸ਼ਾਦੀ, ਮੇਲਿਆਂ-ਮਸਾਹਵਿਆਂ, ਕੰਮ-ਧੰਦਿਆਂ ਨਾਲ ਜੁੜੀਆਂ ਰਸਮਾਂ ਤੇ ਰਹੁਤਾਂ ਅਤੇ ਇਨ੍ਹਾਂ ਨਾਲ ਗਾਏ ਜਾਂਦੇ ਲੋਕ ਗੀਤਾਂ ਨੂੰ ਪੁਸਤਕੀ ਰੂਪ ਵਿਚ ਸਾਂਭਣ ਦਾ ਖੋਜ ਭਰਪੂਰ ਕਾਰਜ ਕੀਤਾ ਹੈ। ਪੁਸਤਕ ਨੂੰ 8 ਕਾਂਡਾਂ ਵਿਚ ਵੰਡਿਆ ਗਿਆ ਹੈ : ਜਨਮ ਸਮੇਂ ਦੀਆਂ ਰਸਮਾਂ ਤੇ ਗੀਤ, ਵਿਆਹ ਦੀਆਂ ਰਸਮਾਂ ਤੇ ਗੀਤ, ਮੇਲੇ-ਮਸਾਹਵੇ ਤੇ ਤਿਉਹਾਰ, ਰਿਸ਼ਤਿਆਂ ਨਾਲ ਸਬੰਧਤ ਗੀਤ, ਕਿੱਤੇ ਰੁਝੇਵੇਂ : ਰਸਮਾਂ ਤੇ ਗੀਤ, ਪਹਿਰਾਵਾ ਤੇ ਹਾਰ-ਸ਼ਿੰਗਾਰ, ਪਸ਼ੂ-ਪੰਛੀ ਤੇ ਰੁੱਖਾਂ ਦੇ ਗੀਤ ਅਤੇ ਅੰਤਿਮ ਸਮੇਂ ਦੇ ਗੀਤ। ਜਨਮ ਤੋਂ ਮਰਨ ਤੱਕ ਦੇ ਜੀਵਨ ਸਫ਼ਰ ਨਾਲ ਜੁੜੀਆਂ ਰਹੁ-ਰੀਤਾਂ ਅਤੇ ਲੋਕ ਗੀਤਾਂ ਬਾਰੇ ਲੇਖਿਕਾ ਨੇ ਭਰਪੂਰ ਜਾਣਕਾਰੀ ਹੀ ਨਹੀਂ ਦਿੱਤੀ ਬਲਕਿ ਉਨ੍ਹਾਂ ਦੀ ਵਿਸਥਾਰ-ਪੂਰਵਕ ਵਿਆਖਿਆ ਵੀ ਕੀਤੀ ਹੈ, ਜੋ ਪਾਠਕ ਦੀ ਜਾਣਕਾਰੀ ਵਿਚ ਭਰਪੂਰ ਵਾਧਾ ਕਰਦੀ ਹੈ। ਇਹ ਖੋਜ-ਭਰਪੂਰ ਪੁਸਤਕ ਜਿਥੇ ਖੋਜਾਰਥੀਆਂ ਲਈ ਮਹੱਤਵਪੂਰਨ ਸਮੱਗਰੀ ਪ੍ਰਦਾਨ ਕਰੇਗੀ, ਉਥੇ ਪੰਜਾਬੀ ਪਾਠਕਾਂ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਨੂੰ ਆਪਣੀ ਮੁੱਲਵਾਨ ਵਿਰਾਸਤ ਨਾਲ ਵੀ ਜੋੜੇਗੀ। ਮੈਨੂੰ ਆਸ ਹੈ ਕਿ ਲੇਖਿਕਾ ਇਸੇ ਤਨਦੇਹੀ ਨਾਲ ਲੋਕਧਾਰਾ ਦੇ ਕਾਰਜ ਖੇਤਰ ਨਾਲ ਜੁੜੀ ਰਹੇਗੀ ਅਤੇ ਆਪਣੀ ਲੇਖਣੀ ਦੁਆਰਾ ਪਾਠਕਾਂ ਨੂੰ ਮੁੱਲਵਾਨ ਸਾਹਿਤ ਪ੍ਰਦਾਨ ਕਰੇਗੀ।

-ਸੁਖਦੇਵ ਮਾਦਪੁਰੀ
ਮੋ: 94630-34472

ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ
ਲੇਖਕ : ਪ੍ਰੋ: ਨਰਿੰਜਨ ਤਸਨੀਮ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 230 ਰੁਪਏ, ਸਫ਼ੇ : 160.

ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ, ਆਲੋਚਨਾਤਮਕ ਵਾਰਤਕ ਦੀ ਇਸ ਪੁਸਤਕ ਦਾ ਪ੍ਰੋ: ਰਵਿੰਦਰ ਭੱਠਲ ਦਾ ਕਾਵਿਮਈ ਮੁੱਖ ਬੰਦ ਪ੍ਰੋ: ਤਸਨੀਮ ਅਤੇ ਇਸ ਪੁਸਤਕ ਦਾ ਕਾਵਿ ਚਿੱਤਰ ਪੇਸ਼ ਕਰਦਾ ਹੈ।
ਮੈਂ ਜਿਸ ਦੀ ਗੱਲ ਕਰਨ ਲੱਗਾ ਹਾਂ
ਉਸ ਦੇ ਭਰਵੇਂ ਵਜੂਦ ਨੂੰ ਤੱਕ
ਹੈਰਾਨੀ ਦੀ ਹੱਦ ਤੱਕ ਹੈਰਾਨ ਵੀ ਹੁੰਦਾ ਹਾਂ
ਕਿ ਉਹ ਆਪਣੀ ਹਰ ਰਚਨਾ ਵਿਚ
ਮਨੁੱਖੀ ਸਬੰਧਾਂ ਦੀਆਂ ਤ੍ਰੇੜਾਂ
ਮਨ ਦੀਆਂ ਉਲਝਣਾਂ,
ਰਿਸ਼ਤਿਆਂ ਦੇ ਸੰਘਰਸ਼
ਮੰਦਹਾਲੀ ਦੇ ਭੰਨੇ ਮਰੋੜੇ,
ਪਾਤਰਾਂ ਨੂੰ ਇੰਜ ਚਿਤਰਦਾ ਹੈ
ਜਿਵੇਂ ਉਹਦੇ ਹੀ ਵਜੂਦ 'ਚੋਂ ਲੰਘੇ ਹੋਣ
ਮਨ ਦੀਆਂ ਤੈਹਾਂ ਫਰੋਲਦਾ ਉਹ,
ਪਾਤਰ ਦਾ ਪੂਰਾ ਜੀਵਨ ਹੰਗਾਲ
ਛੱਡਦਾ ਹੈ। ਮੈਂ ਜਿਸ ਦੀ ਗੱਲ ਕਰਨ ਲੱਗਾ ਹਾਂ
ਇਸ ਦੀ ਲਿਖਤ ਵਿਚ,
ਭੂਤ, ਵਰਤਮਾਨ ਤੇ ਭਵਿੱਖ,
ਇਕੋ ਬਿੰਦੂ 'ਤੇ ਖਲੋਤੇ ਨਜ਼ਰ ਆਉਂਦੇ ਹਨ।
ਪ੍ਰੋ: ਨਰਿੰਜਨ ਤਸਨੀਮ ਪੰਜਾਬੀ ਤੇ ਉਰਦੂ ਦੇ ਨਾਮਵਰ ਲੇਖਕ ਹਨ। ਉਹ ਹੁਣ ਤੱਕ 10 ਨਾਵਲਾ

27-12-2014

ਜਜ਼ਬਿਆਂ ਦੀ ਸਰਗਮ
ਲੇਖਿਕਾ : ਮਹਿੰਦਰ ਰਿਸ਼ਮ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 182.

ਮਹਿੰਦਰ ਰਸ਼ਿਮ ਦੀਆਂ ਬਹੁਤੀਆਂ ਕਹਾਣੀਆਂ ਔਰਤ ਦੇ ਦ੍ਰਿਸ਼ਟੀਕੋਣ ਤੋਂ ਲਿਖੀਆਂ ਹੋਈਆਂ ਹਨ। ਉਸ ਦੀਆਂ ਕਹਾਣੀਆਂ ਵਿਚਲੀ ਔਰਤ ਮਰਦ-ਪ੍ਰਧਾਨ ਸਮਾਜ ਵਿਚ ਆਪਣੀਆਂ ਸ਼ਰਤਾਂ 'ਤੇ ਜਿਊਣ ਦੀ ਜ਼ਿੱਦ ਪਾਲਦੀ ਹੈ। ਔਰਤ ਮਰਦ ਸ਼ਾਵਨਵਾਦ ਦੇ ਤਲਿਸਮ 'ਚੋਂ ਪਾਰ ਜਾਣਾ ਲੋਚਦੀ ਹੈ। ਉਸ ਸਾਹਮਣੇ ਆਰਥਿਕ ਤੇ ਸਮਾਜਿਕ ਰੁਕਾਵਟਾਂ ਮੂੰਹ ਖੋਲ੍ਹੀ ਖੜ੍ਹੀਆਂ ਦਿਸਦੀਆਂ ਹਨ। ਪਰ ਉਹ ਉਨ੍ਹਾਂ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਬਣਾਏ ਤੇ ਆਪਣੇ ਇੱਛਤ ਮਾਰਗ 'ਤੇ ਅੱਗੇ ਵਧਦੀ ਜਾਂਦੀ ਹੈ। ਉਸ ਨੂੰ ਮਰਦ ਬਰਾਬਰ ਥਾਂ ਨਾ ਵੀ ਮਿਲਦੀ ਹੋਵੇ, ਉਹ ਦੱਬੂ ਬਣ ਕੇ ਵੀ ਨਹੀਂ ਜਿਊਣਾ ਚਾਹੁੰਦੀ।
'ਮੈਟਰੀਮੋਨੀਅਲ' ਦੀ ਅਨੰਤਾ ਪੈਂਤੀ ਵਰ੍ਹਿਆਂ ਦੀ ਹੋ ਕੇ ਵੀ ਆਪਣੀਆਂ ਸ਼ਰਤਾਂ 'ਤੇ ਆਪਣੇ ਲਈ ਵਰ ਲੱਭਦੀ ਦਿਖਾਈ ਦਿੰਦੀ ਹੈ। ਤਜੇਸ਼ਵਰ ਜਿਹਾ ਮੁੰਡਾ (ਭਾਵੇਂ 40 ਸਾਲ ਦਾ ਹੀ ਕਿਉਂ ਨਾ ਹੋਵੇ) ਉਸ ਦੀਆਂ ਆਸਾਂ ਤੇ ਉਮੀਦਾਂ 'ਤੇ ਖਰਾ ਉਤਰਦਾ ਹੈ। 'ਜਜ਼ਬਿਆਂ ਦੀ ਸਰਗਮ' ਦੀ ਮੈਂ ਪਾਤਰ ਵਿਧਵਾ ਜਾਂ ਛੁੱਟੜ ਹੋਣ ਤੇ ਜਵਾਨ ਧੀ ਹੋਣ ਦੇ ਬਾਵਜੂਦ ਸ਼ੋਖ਼ ਰੰਗਾਂ ਨੂੰ ਪਸੰਦ ਕਰਨ ਤੇ ਪਹਿਨਣ ਦਾ ਜ਼ੇਰਾ ਦਿਖਾਉਂਦੀ ਹੈ। 'ਬਦਾਮੋ' ਚਰਿੱਤਰ ਪ੍ਰਧਾਨ ਕਹਾਣੀ ਹੈ ਜਿਸ ਵਿਚ ਬਦਾਮੋ ਜਿਹੀ ਔਰਤ, ਜੋ ਆਪਣੇ ਅਪਾਹਜ ਪੁੱਤ ਨੂੰ ਪਾਲਦੀ ਹੋਈ ਕਬੀਲਦਾਰੀ ਦਾ ਵੀ ਧਿਆਨ ਕਰਦੀ ਹੈ, ਦਾ ਦਬੰਗ ਚਰਿੱਤਰ ਉਘਾੜਿਆ ਗਿਆ ਹੈ। 'ਨਿੱਕਾ ਨਿੱਕਾ ਘੁੰਡ' ਦੀ ਪਾਤਰ ਲਾਲੀ ਆਪਣੇ ਦਹਾਜੂ ਪਤੀ ਤ੍ਰਿਲੋਕੀ ਵੱਲੋਂ, ਉਸ ਨੂੰ ਛੱਡ ਕੇ ਸ਼ਰੇਆਮ ਕਿਸੇ ਹੋਰ ਔਰਤ ਨਾਲ ਸਬੰਧ ਬਣਾਉਣ 'ਤੇ ਵੀ ਸਹਿਜ ਰਹਿੰਦੀ ਹੈ। 'ਟੈਨਿਸ ਬਾਲ' ਪਤੀ-ਪਤਨੀ ਵਿਚਾਲੇ ਸ਼ੱਕ ਦੀ ਦੀਵਾਰ ਖੜ੍ਹੀ ਹੋਣ 'ਤੇ ਪੈਦਾ ਹੋਏ ਦੁਖਾਂਤ ਦਾ ਬਿਰਤਾਂਤ ਮਿਲਦਾ ਹੈ। 'ਜਿਊਂਦੇ ਲੋਕ' ਦੀ ਬੁੱਢੀ ਆਪਣੇ ਪੁੱਤ, ਧੀ, ਦੋਹਤੇ ਤੇ ਜਵਾਈ ਦੀ ਮੌਤ ਹੋ ਜਾਣ 'ਤੇ ਗੁਆਂਢੀਆਂ ਦੇ ਬੱਚਿਆਂ ਪ੍ਰਤੀ ਆਪਣਾ ਜੀਵਨ ਸਮਰਪਿਤ ਕਰਕੇ ਜਿਊਣ ਦਾ ਹੀਲਾ-ਵਸੀਲਾ ਤੇ ਆਸਰਾ ਲੱਭ ਲੈਂਦੀ ਹੈ। 'ਸੁਪਨੇ ਦੀ ਪਰਿਕਰਮਾ' ਦੀਆਂ ਧੀਆਂ ਆਪਣੇ-ਆਪਣੇ ਢੰਗ ਨਾਲ ਆਪਣੀ ਇਕੱਲਤਾ ਦੀ ਮਾਰੀ ਮਾਂ ਲਈ ਰਾਹਤ ਲੱਭਦੀਆਂ ਹਨ। 'ਹਿਮਾਨੀ' ਵੀ ਚਰਿੱਤਰ ਪ੍ਰਧਾਨ ਕਹਾਣੀ ਹੈ, ਜਿਸ ਵਿਚ ਮਰਦ-ਸ਼ਾਵਨਵਾਦ ਦੀ ਸਤਾਈ ਔਰਤ ਦੀ ਕਹਾਣੀ ਪੇਸ਼ ਕੀਤੀ ਗਈ ਹੈ। 'ਸਿਹਰੇ ਵਾਲਾ' ਕਹਾਣੀ ਵੀ ਔਰਤ ਦੇ ਅਜਿਹੇ ਕਿਰਦਾਰ ਨੂੰ ਪੇਸ਼ ਕਰਦੀ ਹੈ, ਜਿਸ ਦਾ ਪਤੀ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿਣ ਲਗਦਾ ਹੈ। ਉਸ ਦੀ ਮੌਤ ਹੋ ਜਾਣ 'ਤੇ ਵੀ ਉਹ ਦਿਖਾਵਾ ਕਰਨ ਸਹੁਰੇ ਘਰ ਨਹੀਂ ਜਾਂਦੀ। 'ਉਜਲੇ ਮੁੱਖ' ਅਜਿਹੀ ਧੀ ਰੈਨੀ ਦੀ ਕਹਾਣੀ ਹੈ ਜੋ ਪੁੱਤ-ਨੂੰਹ ਵੱਲੋਂ ਦੁਰਕਾਰੇ ਆਪਣੇ ਮਾਪਿਆਂ ਦੀ ਮਰਦੇ ਦਮ ਤੱਕ ਸੇਵਾ ਕਰਦੀ ਹੈ।

-ਕੇ. ਐਲ. ਗਰਗ
ਮੋ: 94635-37050

ਏਨੀ ਮੇਰੀ ਬਾਤ
ਲੇਖਕ : ਤਲਵਿੰਦਰ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 600 ਰੁਪਏ, ਸਫ਼ੇ : 600.


ਤਲਵਿੰਦਰ ਸਿੰਘ ਨੇ ਲਗਭਗ ਢਾਈ ਦਹਾਕੇ ਦੇ ਸਾਹਿਤਕ ਸਫ਼ਰ ਦੌਰਾਨ ਦੋ ਨਾਵਲ, ਪੰਜ ਕਹਾਣੀ ਸੰਗ੍ਰਹਿ ਅਤੇ ਤੇਰਾਂ ਪੁਸਤਕਾਂ ਦੇ ਸੰਪਾਦਨ ਦਾ ਕਾਰਜ ਕੀਤਾ। ਪਰ ਉਸ ਦੀ ਮੁੱਖ ਪਛਾਣ ਇਕ ਕਹਾਣੀਕਾਰ ਦੇ ਤੌਰ 'ਤੇ ਬਣੀ। ਮੰਦੇ ਭਾਗੀ ਨਵੰਬਰ, 2013 ਵਿਚ ਹੋਏ ਇਕ ਕਾਰ ਐਕਸੀਡੈਂਟ ਵਿਚ ਉਹ ਸਾਥੋਂ ਸਦਾ ਲਈ ਵਿਛੜ ਗਿਆ। ਉਸ ਦੀ ਮੌਤ ਉਪਰੰਤ ਉਸ ਦੇ ਪੰਜ ਕਹਾਣੀ ਸੰਗ੍ਰਹਿਆਂ ਨੂੰ ਇਕੱਠਿਆਂ ਇਕ ਥਾਂ ਚਾਪ ਕੇ ਚਰਚਾ ਅਧੀਨ ਪੁਸਤਕ 'ਏਨੀ ਮੇਰੀ ਬਾਤ' ਹੋਂਦ ਵਿਚ ਆਈ ਹੈ।
600 ਪੰਨਿਆਂ ਦੀ ਇਸ ਵੱਡ ਆਕਾਰੀ ਪੁਸਤਕ ਵਿਚ ਤਲਵਿੰਦਰ ਸਿੰਘ ਦੇ ਕਹਾਣੀ ਸੰਗ੍ਰਹਿ 'ਰਾਤ ਚਾਨਣੀ' (1992), ਨਾਇਕ ਦੀ ਮੌਤ (1996), ਵਿਚਲੀ ਔਰਤ (2001), ਇਸ ਵਾਰ (2008) ਅਤੇ 'ਕਾਲ ਚੱਕਰ' (2011) ਵਿਚਲੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਕਵੰਜਾ ਕਹਾਣੀਆਂ ਦੀ ਇਹ ਪੁਸਤਕ ਤਲਵਿੰਦਰ ਸਿੰਘ ਦੇ ਸਮੁੱਚੇ ਕਹਾਣੀ ਸਫ਼ਲ ਨੂੰ ਇਕ ਥਾਂ ਸਮੋਈ ਬੈਠੀ ਹੈ।
ਤਲਵਿੰਦਰ ਸਿੰਘ ਦਾ ਸਮੁੱਚਾ ਸਾਹਿਤਕ ਸੰਸਾਰ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਜਿਥੇ ਉਹ ਲੇਖਕ ਦੀ ਸਮਾਜੀ ਭੂਮਿਕਾ ਬਾਰੇ ਬਹੁਤ ਸੁਚੇਤ ਲੇਖਕ ਸੀ, ਉਥੇ ਹੀ ਮਨੁੱਖੀ ਮਨ ਦੀਆਂ ਲੁਪਤ ਤੈਹਾਂ ਨੂੰ ਵੀ ਸਮਝਣ ਅਤੇ ਬਿਆਨਣ ਵਾਲਾ ਕਥਾਕਾਰ ਸੀ। ਉਸ ਦੇ ਕਹਾਣੀ ਸਫ਼ਰ ਵਿਚ 'ਵਿਚਲੀ ਔਰਤ' ਕਹਾਣੀ ਸੰਗ੍ਰਹਿ ਇਕ ਨਿਰਣਾਇਕ ਮੋੜ ਵਾਂਗ ਆਉਂਦਾ ਹੈ, ਜਿਸ ਉਹ ਔਰਤ-ਮਰਦ ਸਬੰਧਾਂ ਦੀਆਂ ਬਾਰੀਕ ਤੰਦਾਂ ਨੂੰ ਬਹੁਤ ਖੂਬਸੂਰਤੀ ਨਾਲ ਪਕੜਣ ਵਿਚ ਸਫਲ ਹੁੰਦਾ ਹੈ। ਇਸ ਉਪਰੰਤ ਛਪੀਆਂ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਵਿਚ ਉਹ ਇਸੇ ਦਿਸ਼ਾ ਵਿਚ ਹੀ ਸੇਧਤ ਨਜ਼ਰ ਆਉਂਦਾ ਹੈ। ਉਸ ਦੀ ਰਚਨਾ ਕਾਰਜਸ਼ੀਲਤਾ ਕਾਰਨ ਹੀ 'ਵਿਚਲੀ ਔਰਤ', 'ਤਾੜੀ' ਅਤੇ 'ਪੈਂਡਾ' ਵਰਗੀਆਂ ਖੂਬਸੂਰਤ ਕਹਾਣੀਆਂ ਜਨਮ ਲੈਂਦੀਆਂ ਹਨ। ਉਹ ਭਾਰਤ-ਪਾਕਿ ਦੇ ਸਾਹਿਤਕਾਰਾਂ ਵਿਚ ਇਕ ਮਜ਼ਬੂਤ ਕੜੀ ਦਾ ਕੰਮ ਵੀ ਖੂਬਸੂਰਤੀ ਨਾਲ ਕਰ ਰਿਹਾ ਸੀ। ਪੰਜਾਬੀ ਕਥਾਕਾਰੀ ਵਿਚ ਦਿਲਚਸਪੀ ਰੱਖਣ ਵਾਲਿਆਂ ਲਈ ਇਹ ਇਕ ਮਹੱਤਵਪੂਰਨ ਪੁਸਤਕ ਹੈ।

-ਸੁਖਪਾਲ ਸਿੰਘ ਥਿੰਦ
ਮੋ: 9888521960

ਮੁਕੱਦਮੇ
ਕਹਾਣੀਕਾਰ : ਬਾਬੂ ਰਾਮ 'ਕਮਲ'
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨਜ਼, ਮਾਨਸਾ
ਮੁੱਲ : 160 ਰੁਪਏ, ਸਫ਼ੇ : 96.

ਬਾਬੂ ਰਾਮ 'ਕਮਲ' 'ਮੁਕੱਦਮੇ' ਕਹਾਣੀ-ਸੰਗ੍ਰਹਿ ਦੇ ਰੂਪ ਵਿਚ ਆਪਣੀ ਅੱਠਵੀਂ ਸਾਹਿਤ ਕਿਰਤ ਲੈ ਕੇ ਹਾਜ਼ਰ ਹੋਇਆ ਹੈ। ਅਸਲ ਵਿਚ ਇਸ ਪੁਸਤਕ ਵਿਚ ਬਾਬੂ ਰਾਮ ਕਮਲ ਦੀ ਜ਼ਿੰਦਗੀ ਦੇ ਤਜਰਬੇ ਅਤੇ ਤਲਖੀਆਂ ਬਿਰਤਾਂਤਕ ਰੂਪ ਵਿਚ ਪੇਸ਼ ਹੋਈਆਂ ਹਨ। ਇੰਜ ਵੀ ਜਾਪਦਾ ਹੈ ਕਿ ਇਹ ਸਾਰੀਆਂ ਕਹਾਣੀਆਂ ਦੇ ਪਾਤਰ ਕਹਾਣੀਕਾਰ ਦੇ ਬਹੁਤ ਨਜ਼ਦੀਕੀ ਹੋਣ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਬਾਬੂ ਰਾਮ ਕਮਲ ਨੇ ਕਹਾਣੀਆਂ ਦੇ ਰੂਪ ਵਿਚ ਅੰਕਿਤ ਕੀਤੇ ਹੋਣ। ਅਸਲ ਵਿਚ ਇਹ ਕਹਾਣੀਆਂ ਬਾਬੂ ਰਾਮ ਕਮਲ ਦੁਆਰਾ ਅਜੋਕੇ ਜੀਵਨ-ਯਥਾਰਥ ਦੀਆਂ ਕਰੂਰ ਅਤੇ ਬੇਮੇਚ ਪ੍ਰਸਥਿਤੀਆਂ ਦੀ ਪੇਸ਼ਕਾਰੀ ਕਰਦੀਆਂ ਹਨ, ਜੋ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਵੀ ਕਰਦੀਆਂ ਹਨ ਅਤੇ ਇਨਸਾਨੀਅਤ ਲਈ ਘਾਤਕ ਵੀ ਸਿੱਧ ਹੋ ਰਹੀਆਂ ਹਨ। ਪੁਸਤਕ ਦਾ ਨਾਂਅ 'ਮੁਕੱਦਮੇ' ਵੀ ਉਸ ਦੀ ਇਕ ਗਲਪੀ-ਜੁਗਤ ਹੈ, ਜਿਸ ਦੁਆਰਾ ਉਸ ਨੇ ਸਮਾਜ ਵਿਚ ਆ ਰਹੀ ਸਰਬਪੱਖੀ ਗਿਰਾਵਟ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਕੀਤਾ ਹੈ, ਮਿਸਾਲ ਵਜੋਂ 'ਫ਼ੌਜੀਆਂ ਦੇ ਮੁਕੱਦਮੇ' ਕਹਾਣੀ ਵਿਚ ਜਿਥੇ ਉਹ ਇਨਸਾਨੀ ਕਦਰਾਂ-ਕੀਮਤਾਂ ਦੇ ਜਿਊਂਦੇ ਹੋਣ ਦਾ ਅਹਿਸਾਸ ਸਿਰਜਦਾ ਹੈ, ਉਥੇ ਮਹਿਕਮੇ ਦੀ ਕੰਟੀਨ ਵਿਚ ਫੈਲੇ ਭ੍ਰਿਸ਼ਟਾਚਾਰ ਦੀ ਗੱਲ ਵੀ ਕਰਦਾ ਹੈ। 'ਸੋਨੇ ਦੀ ਤਸਕਰੀ ਦਾ ਮੁਕੱਦਮਾ' ਕਹਾਣੀ ਚੋਰ ਬਾਜ਼ਾਰੀ ਦੀਆਂ ਚੋਰ-ਮੋਰੀਆਂ ਬਾਰੇ ਸੰਕੇਤ ਕਰਦੀ ਹੈ।
'ਥੱਪੜ ਮਾਰਨ ਦਾ ਮੁਕੱਦਮਾ' ਕਹਾਣੀ ਝੂਠ ਅਤੇ ਫਰੇਬ ਨੂੰ ਬੇਪਰਦਾ ਕਰਦੀ ਕਹਾਣੀ ਹੈ। 'ਜਾਇਦਾਦ ਦਾ ਮੁਕੱਦਮਾ' ਜਿਥੇ ਰਿਸ਼ਤਿਆਂ ਵਿਚ ਆ ਰਹੀ ਕੁੜੱਤਣ ਬਾਰੇ ਸੂਝ ਪ੍ਰਦਾਨ ਕਰਦੀ ਹੈ, ਉਥੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਕਰਦੀ ਹੈ। 'ਸ਼ਰਾਬ ਦਾ ਮੁਕੱਦਮਾ' ਕਹਾਣੀ ਨਸ਼ੇਬਾਜ਼ੀ ਦੀ ਗੱਲ ਕਰਦੀ ਹੈ। ਬਾਬੂ ਰਾਮ ਕਮਲ ਦੀਆਂ ਇਸ ਕਹਾਣੀ-ਸੰਗ੍ਰਹਿ ਵਿਚਲੀਆਂ ਕਹਾਣੀਆਂ ਕਿਸੇ ਨਾ ਕਿਸੇ ਕਾਨੂੰਨੀ ਦਾਅ-ਪੇਚ ਦੀਆਂ ਗੰਢਾਂ ਨੂੰ ਖੋਲ੍ਹਦੀਆਂ ਹੋਈਆਂ ਇਸ ਦੀਆਂ ਵਿਭਿੰਨ ਪਰਤਾਂ ਨੂੰ ਉਜਾਗਰ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਇਹ ਵੀ ਸੁਨੇਹਾ ਹੈ ਕਿ ਮਨੁੱਖ ਸਮਾਜ ਨੂੰ ਸੁਹਣਾ ਬਣਾਉਣ ਲਈ ਹਮੇਸ਼ਾ ਹੀ ਯਤਨਸ਼ੀਲ ਰਹੇ ਅਤੇ ਜ਼ਿੰਦਗੀ ਵਿਚ ਉੱਦਮ ਕਰਨ ਨਾਲ ਕੋਈ ਵੀ ਕੰਮ ਸੌਖਿਆਂ ਹੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ।
ਪੁਸਤਕ ਦੀ ਛਪਾਈ ਦੇ ਨਾਲ ਜੇਕਰ ਪਰੂਫ਼ ਪੜ੍ਹਨ 'ਤੇ ਵੀ ਮਿਹਨਤ ਕੀਤੀ ਜਾਂਦੀ ਤਾਂ ਹੋਰ ਵੀ ਵਧੀਆ ਹੋ ਸਕਦਾ ਸੀ। ਪਰ ਕੁੱਲ ਮਿਲਾ ਕੇ ਜ਼ਿੰਦਗੀ ਦੇ ਮਸਲਿਆਂ ਦੀ ਬਾਤ ਪਾਉਂਦਾ ਇਹ ਕਹਾਣੀ ਸੰਗ੍ਰਹਿ ਮਾਨਵੀ ਭਾਵ ਉਜਾਗਰ ਕਰਨ ਵਿਚ ਸਮਰੱਥ ਹੈ।

ਜ਼ਿੰਦਗੀ ਦਾ ਮਨੋਰਥ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 120 ਰੁਪਏ, ਸਫ਼ੇ : 88.

'ਜ਼ਿੰਦਗੀ ਦਾ ਮਨੋਰਥ' ਰਾਮ ਨਾਥ ਸ਼ੁਕਲਾ ਦੀ ਅਜਿਹੀ ਵਾਰਤਕ ਕਿਰਤ ਹੈ, ਜਿਸ ਵਿਚ ਉਸ ਨੇ ਜ਼ਿੰਦਗੀ ਪ੍ਰਤੀ ਆਪਣਾ ਨਜ਼ਰੀਆ ਸਪੱਸ਼ਟ ਕਰਦੇ ਹੋਏ ਇਸ ਨੂੰ ਇਸ ਦੇ ਵੱਖ-ਵੱਖ ਪਹਿਲੂਆਂ ਤੋਂ ਵਿਚਾਰਨ ਦਾ ਖੂਬਸੂਰਤ ਉਪਰਾਲਾ ਕੀਤਾ ਹੈ। ਲੇਖਕ ਨੇ ਇਸ ਪੁਸਤਕ ਵਿਚ ਮਨੁੱਖੀ ਮਾਨਸਿਕਤਾ ਦੀਆਂ ਵੱਖ-ਵੱਖ ਪਰਤਾਂ ਫਰੋਲਣ ਦਾ ਯਤਨ ਵੀ ਕੀਤਾ ਹੈ ਕਿ ਕਿਵੇਂ ਕੋਮਲਭਾਵੀ, ਧਨਵਾਨ, ਸਾਧਨਹੀਣ, ਸਾਧਾਰਨ, ਅਧਿਆਤਮਵਾਦੀ, ਰਾਜਨੀਤੀਵੇਤਾ ਆਪਣੇ-ਆਪਣੇ ਦ੍ਰਿਸ਼ਟੀਕੋਣ ਦੁਆਰਾ ਜ਼ਿੰਦਗੀ ਨੂੰ ਸਮਝਦੇ, ਵਿਚਾਰਦੇ ਅਤੇ ਇਸ ਦਾ ਮੁਤਾਲਿਆ ਕਰਦੇ ਹਨ। ਹਰੇਕ ਮਨੁੱਖ ਦੀ ਮਾਨਸਿਕਤਾ ਕਿਉਂਕਿ ਵੱਖਰੇ-ਵੱਖਰੇ ਧਰਾਤਲਾਂ 'ਤੇ ਵਿਚਰਦੀ ਹੈ, ਇਸ ਲਈ ਉਸ ਦੀ ਸੋਚ-ਸ਼ਕਤੀ ਵਿਚ ਇਕ ਸਮਾਨਤਾ ਵੀ ਨਹੀਂ ਹੋ ਸਕਦੀ, ਜਿਸ ਕਰਕੇ ਆਪਣੀ-ਆਪਣੀ ਚਿੰਤਨ ਸ਼ੈਲੀ ਵਿਚ ਵੱਖਰਤਾ ਦਾ ਹੋਣਾ ਸੁਭਾਵਿਕ ਹੈ, ਕੁਝ ਉਦਾਹਰਨਾਂ ਪੇਸ਼ ਹਨ :
-ਸਾਧਾਰਨ ਮਨੁੱਖ ਅਕਸਰ ਲਾਈਲੱਗ ਹੁੰਦਾ ਹੈ।
-ਅਧਿਆਤਮਵਾਦੀ ਇਸ ਜਨਮ ਨਾਲੋਂ ਪੁਨਰ ਜਨਮ ਨੂੰ ਜ਼ਿਆਦਾ ਤਰਜੀਹ ਦੇਣ ਲਗਦੇ ਹਨ।
-ਲੇਖਕ ਅਕਸਰ ਆਦਰਸ਼ਵਾਦੀ ਹੁੰਦੇ ਹਨ, ਇਹ ਕੁਦਰਤ ਅਤੇ ਸੰਸਾਰ ਨੂੰ ਨੇੜੇ ਹੋ ਕੇ ਵੇਖਦੇ ਹਨ।
-ਸਾਹਿਤਕਾਰਾਂ ਦੀ ਤਰ੍ਹਾਂ ਕਲਾਕਾਰ ਵੀ ਸੁਪਨੇਸਾਜ਼ ਹੁੰਦੇ ਹਨ।
ਉਸ ਅਨੁਸਾਰ ਸਾਡੀ ਜ਼ਿੰਦਗੀ ਦੀ ਤੋਰ ਜਿਥੇ ਘਰੇਲੂ ਵਾਤਾਵਰਨ ਵਿਚੋਂ ਗਤੀ ਗ੍ਰਹਿਣ ਕਰਦੀ ਹੈ, ਉਥੇ ਸਾਡਾ ਆਲਾ-ਦੁਆਲਾ ਵੀ ਇਸ ਤੋਰ ਦੀ ਰਵਾਨਗੀ ਵਿਚ ਆਪਣਾ ਯੋਗਦਾਨ ਪਾਉਂਦਾ ਹੈ। ਲੇਖਕ ਭਾਵੇਂ ਵੱਖ-ਵੱਖ ਖਿੱਤਿਆਂ ਨਾਲ ਜੁੜੇ ਵਿਸ਼ੇਸ਼ ਵਿਅਕਤੀਆਂ ਦੇ ਮਨੋਰਥ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੰਦਾ ਹੈ, ਉਥੇ ਉਹ ਇਸ ਵਿਚਾਰ ਦੀ ਪ੍ਰੋੜ੍ਹਤਾ ਵੀ ਕਰਦਾ ਹੈ, ਜ਼ਿੰਦਗੀ ਦੇ ਅਸਲ ਮਨੋਰਥ ਨੂੰ ਕੋਈ ਵੀ ਨਹੀਂ ਜਾਣਦਾ, ਸਗੋਂ ਇਹ ਤਾਂ ਕੁਦਰਤ ਹੀ ਜਾਣਦੀ ਹੈ।
'ਜ਼ਿੰਦਗੀ ਦਾ ਮਨੋਰਥ' ਪੁਸਤਕ ਰਾਮਨਾਥ ਸ਼ੁਕਲਾ ਦੇ ਜ਼ਿੰਦਗੀ ਪ੍ਰਤੀ ਆਪਣੇ ਵਿਚਾਰ ਹਨ, ਕਿਸੇ ਵਿਚਾਰਾਂ ਨਾਲ ਸਹਿਮਤੀ ਜਾਂ ਅਸਹਿਮਤੀ ਦਾ ਹੋਣਾ ਆਪਣੇ 'ਤੇ ਨਿਰਭਰ ਕਰਦਾ ਹੈ। ਪਰ ਇਹ ਪੁਸਤਕ ਜ਼ਿੰਦਗੀ ਦੇ ਅਰਥਾਂ ਨੂੰ ਸਮਝਣ ਅਤੇ ਸਮਝਾਉਣ ਵਿਚ ਇਕ ਵਧੀਆ ਪੁਸਤਕ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ, ਜਿਸ ਵਿਚੋਂ ਲੇਖਕ ਦੀ ਸਰਬਪੱਖੀ ਸ਼ਖ਼ਸੀਅਤ ਦੀ ਥਹੁ ਲਗਦੀ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

20-12-2014

 ਲਹੂ ਭਿੱਜੇ ਦਿਨ 1947
ਲੇਖਕ : ਬਰਜਿੰਦਰ ਸਿੰਘ ਬਰਾੜ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88.

ਸਾਲ 1947 ਵਿਚ ਜੋ ਕੁਝ ਵਾਪਰਿਆ, ਹੈਵਾਨੀਅਤ ਦਾ ਨੰਗਾ ਨਾਚ ਜੋ ਉਸ ਵੇਲੇ ਵੇਖਣ ਵਿਚ ਆਇਆ, ਇਸ ਬਾਰੇ ਹੁਣ ਤੱਕ ਅਨੇਕਾਂ ਨਾਵਲ, ਕਹਾਣੀਆਂ, ਕਵਿਤਾਵਾਂ ਤੇ ਲੇਖ ਲਿਖੇ ਜਾ ਚੁੱਕੇ ਹਨ। ਨਾਨਕ ਸਿੰਘ ਦੇ ਨਾਵਲ 'ਅੱਗ ਦੀ ਖੇਡ' ਤੇ 'ਖੂਨ ਦੇ ਸੋਹਿਲੇ', ਸੋਹਣ ਸਿੰਘ ਸੀਤਲ ਦੇ ਨਾਵਲ, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ 'ਅੱਜ ਆਖਾਂ ਵਾਰਸ ਸ਼ਾਹ ਨੂੰ' ਤੋਂ ਕੌਣ ਹੈ ਜੋ ਜਾਣੂ ਨਹੀਂ। ਉਸੇ ਹੀ ਲੜੀ ਵਿਚ ਲਿਖਿਆ ਨਾਵਲ ਹੈ 'ਲਹੂ ਭਿੱਜੇ ਦਿਨ 1947' ਜਿਸ ਨੂੰ ਮੱਖਣ ਬਰਾੜ ਨੇ ਲਿਖਿਆ ਹੈ। ਲੇਖਕ ਬਚਪਨ ਤੋਂ ਸਿਆਸੀ ਤੇ ਸਮਾਜਿਕ ਸਰਗਰਮੀਆਂ ਵਿਚ ਸਰਗਰਮ ਹੋਣ ਕਾਰਨ ਅਜਿਹੀਆਂ ਵਹਿਸ਼ੀ ਘਟਨਾਵਾਂ ਨੇ ਉਸ ਦੇ ਮਨ ਨੂੰ ਟੁੰਬਿਆ, ਜਿਸ ਨੂੰ ਨਾਵਲ ਰੂਪ ਵਿਚ ਪਾਠਕਾਂ ਸਾਹਵੇਂ ਪੇਸ਼ ਕੀਤਾ ਹੈ।
ਇਸ ਨਾਵਲ ਦੇ ਪਾਤਰ ਭਾਵੇਂ ਬਹੁਤੇ ਪੜ੍ਹੇ ਲਿਖੇ ਨਹੀਂ ਪਰ ਸਿਆਸੀ ਚਾਲਾਂ ਤੋਂ ਉਹ ਜਾਣੂ ਹਨ ਅਤੇ ਉਨ੍ਹਾਂ ਨੂੰ ਚਿੰਤਾ ਹੈ ਦੇਸ਼ ਦੀ ਵੰਡ ਦੀ, ਤਬਾਹੀ ਦੀ, ਧੀਆਂ-ਭੈਣਾਂ ਦੀ ਬੇਪਤੀ ਦੀ, ਸਿੱਖ ਕੌਮ ਨਾਲ ਹੋ ਰਹੀ ਵਧੀਕੀ ਦੀ, ਇਕ ਸੁਲਝੇ ਹੋਏ ਸਿੱਖ ਨੇਤਾ ਦੀ ਘਾਟ ਦੀ ਜੋ ਕੌਮ ਦੇ ਹਿਤਾਂ ਦੀ ਰਖਵਾਲੀ ਕਰ ਸਕੇ। ਉਨ੍ਹਾਂ ਨੂੰ ਸੋਝੀ ਹੈ ਕਿ ਪੰਡਿਤ ਨਹਿਰੂ ਤੇ ਜਿਨਾਹ ਪੜ੍ਹੇ-ਲਿਖੇ ਨੇਤਾ ਹਨ ਜੋ ਦੋਵਾਂ ਦੇਸ਼ਾਂ ਦੀ ਵਾਗਡੋਰ ਸੰਭਾਲ ਕੇ ਰਾਜ ਕਰਨਗੇ ਪਰ ਅਕਾਲੀਆਂ ਵਿਚ ਕੋਈ ਲੀਡਰ ਨਹੀਂ ਜੋ ਦੇਸ਼ ਨੂੰ ਸੰਭਾਲ ਸਕੇ। ਇਕਮਾਤਰ ਗਿਆਨੀ ਜੀ ਨੇ ਕਹਿ ਦਿੱਤਾ-'ਦੇਸ਼ ਦੀ ਆਜ਼ਾਦੀ ਦਾ ਖਮਿਆਜ਼ਾ ਤਾਂ ਪੰਜਾਬੀਆਂ ਨੂੰ ਭੁਗਤਣਾ ਪੈਣਾ ਹੈ... ਦੇਸ਼ ਆਜ਼ਾਦ ਕਰਵਾਉਣ ਵਿਚ ਕੁਰਬਾਨੀਆਂ ਇਨ੍ਹਾਂ ਨੇ ਵੀ ਦਿੱਤੀਆਂ...। ਹੁਣ ਆਜ਼ਾਦ ਦੇਸ਼ ਵਿਚ ਫਿਰ ਇਨ੍ਹਾਂ ਦਾ ਹੀ ਲਹੂ ਡੁੱਲ੍ਹਣ ਵਾਲਾ ਹੈ।'
ਪਾਤਰ ਭਗਤ ਸਿੰਘ ਦੀ ਕੁਰਬਾਨੀ ਦੀ ਗੱਲ ਕਰਦੇ ਨੇ, ਕਾਲੇ ਪਾਣੀ ਗਏ ਸਿੱਖਾਂ ਦੀ ਤੇ ਫਾਂਸੀ 'ਤੇ ਚੜ੍ਹੇ ਸ਼ਹੀਦਾਂ ਤੋਂ ਪੂਰੀ ਤਰ੍ਹਾਂ ਚੇਤੰਨ ਹਨ ਪਰ ਚਿੰਤਾ ਤਾਂ ਇਹ ਹੈ ਕਿ ਇਨ੍ਹਾਂ ਸ਼ਹੀਦਾਂ ਦਾ ਕੋਈ ਮੁੱਲ ਨਹੀਂ ਪੈਣਾ। ਸਭ ਨੂੰ ਆਪਣੇ-ਆਪਣੇ ਹਿਤ ਪਿਆਰੇ ਹਨ। ਲੇਖਕ ਨੇ ਖੁੱਲ੍ਹ ਕੇ ਇਕ ਗੱਲ ਲਿਖੀ ਹੈ ਕਿ ਇਹ ਅਜਿਹਾ ਸਮਾਂ ਸੀ ਜਦੋਂ ਧੀਆਂ ਦੀ ਬੇਪੱਤੀ ਤੋਂ ਡਰਦਿਆਂ ਮਾਪਿਆਂ ਨੇ ਹੱਥੀਂ ਧੀਆਂ ਕੋਹ ਸੁੱਟੀਆਂ, ਵੰਡ ਜੋ ਸ਼ਾਂਤੀਪੂਰਵਕ ਹੋ ਸਕਦੀ ਸੀ, ਨੇਤਾਵਾਂ ਦੇ ਨਿਕੰਮੇਪਣ ਤੇ ਸਵਾਰਥੀ ਹਿਤਾਂ ਕਾਰਨ ਕਤਲੇਆਮ ਦੇ ਰੂਪ ਵਿਚ ਹੋਈ। ਨੁਕਸਾਨ, ਤਬਾਹੀ, ਕਤਲੋਗਾਰਤ ਹੋਈ ਜਨਤਾ ਦੀ ਨੇਤਾ ਤਾਂ ਦਿੱਲੀ ਤੇ ਲਾਹੌਰ ਜਾ ਬੈਠੇ ਸੁਰੱਖਿਅਤ ਪਰਿਵਾਰਾਂ ਸਮੇਤ। ਜੋ ਕੁਝ ਵੀ ਉਸ ਸਮੇਂ ਵਾਪਰਿਆ ਉਸ ਦੀ ਭਰਪਾਈ ਨਹੀਂ ਹੋ ਸਕਦੀ ਤੇ ਨਾ ਹੀ ਹੋਈ ਹੈ। ਲੇਖਕ ਨੇ ਪਾਤਰਾਂ ਦੀ ਵਾਰਤਾਲਾਪ ਰਾਹੀਂ ਸਾਰੀਆਂ ਘਟਨਾਵਾਂ ਨੂੰ ਬਾਖੂਬੀ ਉਭਾਰਿਆ ਹੈ, ਨਾਵਲ ਵਿਚ ਕਹਾਣੀ ਰਸ ਵੀ ਹੈ ਤੇ ਨਾਵਲ ਦੀ ਤਕਨੀਕ ਨੂੰ ਵੀ ਚੰਗੇ ਢੰਗ ਨਾਲ ਨਿਭਾਇਆ ਹੈ। ਨਾਵਲ ਪੜ੍ਹ ਕੇ ਇਕ ਵਾਰ ਫਿਰ 1947 ਦੀ ਦਰਦਨਾਕ ਤਸਵੀਰ ਅੱਖਾਂ ਅੱਗੇ ਆ ਖਲੋਂਦੀ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਅਫ਼ਗਾਨਿਸਤਾਨ ਦੀ ਉਰਸੁਲਾ
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 96.

ਸ੍ਰੀ ਮਨਮੋਹਨ ਬਾਵਾ ਨੇ ਪੰਜਾਬੀ ਗਲਪਕਾਰੀ ਨੂੰ ਇਕ ਨਵਾਂ ਆਯਾਮ ਪ੍ਰਦਾਨ ਕੀਤਾ ਹੈ, ਜਿਸ ਕਾਰਨ ਪੂਰਾ ਪੰਜਾਬੀ ਜਗਤ ਉਨ੍ਹਾਂ ਦਾ ਰਿਣੀ ਹੈ। 'ਅਫ਼ਗਾਨਿਸਤਾਨ ਦੀ ਉਰਸੁਲਾ' ਇਕ ਇਤਿਹਾਸਕ ਨਾਵਲ ਹੈ। ਇਸ ਨਾਵਲ ਵਿਚ ਲੇਖਕ ਨੇ 1839 ਤੋਂ 1842 ਤੱਕ ਦੇ ਅਫ਼ਗਾਨਿਸਤਾਨੀ ਖੇਤਰ ਨੂੰ ਪ੍ਰਿਸ਼ਟ-ਭੂਮੀ ਬਣਾ ਕੇ ਇਸ ਵਿਚੋਂ ਉਰਸੁਲਾ ਦੇ ਕਿਰਦਾਰ ਨੂੰ ਉਭਾਰਿਆ ਹੈ। ਉਰਸੁਲਾ ਇਕ ਖ਼ਾਨਾਬਦੋਸ਼ ਔਰਤ ਮੇਹਰਸੁਲਾ ਦੀ ਧੀ ਸੀ। ਮੇਹਰਸੁਲਾ ਉਪਰ ਇਕ ਅੰਗਰੇਜ਼ ਯਾਤਰੀ ਵਿਲੀਅਮ ਮੋਹਿਤ ਹੋ ਗਿਆ ਸੀ ਤੇ ਉਹ ਉਸ ਨੂੰ ਵਿਆਹ ਕੇ ਇੰਗਲੈਂਡ ਲੈ ਆਇਆ ਸੀ। ਇਸੇ ਵਿਆਹ ਵਿਚੋਂ ਉਰਸੁਲਾ ਪੈਦਾ ਹੋਈ। ਉਹ ਇੰਗਲੈਂਡ ਵਿਚ ਰਹਿ ਕੇ ਲਿਖੀ-ਪੜ੍ਹੀ। ਮੁਟਿਆਰ ਹੋ ਜਾਣ ਉਪਰੰਤ ਉਸ ਨੇ ਮੇਜਰ ਵੇਡ ਨਾਲ ਸ਼ਾਦੀ ਕਰ ਲਈ, ਜੋ ਭਾਰਤ ਵਿਚ ਅੰਗਰੇਜ਼ੀ ਫ਼ੌਜ ਦੇ ਇਕ ਉੱਚੇ ਰੁਤਬੇ ਉੱਤੇ ਸੀ। ਅੰਗਰੇਜ਼ ਹਾਕਮ ਜਦੋਂ ਭਾਰਤ ਵਿਚ ਆਪਣੀ ਹਕੂਮਤ ਦਾ ਵਿਸਤਾਰ ਕਰ ਰਹੇ ਸਨ ਤਾਂ ਪੰਜਾਬ ਉੱਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਣ ਕਾਰਨ 1849 ਤੱਕ ਉਨ੍ਹਾਂ ਦੀ ਦਾਲ ਨਾ ਗਲੀ, ਭਾਵੇਂ ਇਸ ਦੌਰਾਨ ਉਨ੍ਹਾਂ ਨੇ ਅਫ਼ਗਾਨਿਸਤਾਨ ਉਪਰ ਜ਼ਰੂਰ ਕਬਜ਼ਾ ਕਰ ਲਿਆ ਸੀ। ਪਰ ਪੰਜਾਬੀਆਂ ਵਾਂਗ ਅਫ਼ਗਾਨ ਲੋਕ ਵੀ ਦੂਸਰੀਆਂ ਕੌਮਾਂ ਦੀ ਗੁਲਾਮੀ ਨੂੰ ਪਸੰਦ ਨਹੀਂ ਸਨ ਕਰਦੇ। ਇਸ ਕਾਰਨ ਉਨ੍ਹਾਂ ਨੇ ਕੁਝ ਵਰ੍ਹਿਆਂ ਵਿਚ ਹੀ ਗੁਲਾਮੀ ਦਾ ਇਹ ਜੂਲਾ ਉਤਾਰ ਸੁੱਟਿਆ ਸੀ। ਮੇਜਰ ਵੇਡ ਅਫ਼ਗਾਨਾਂ ਹੱਥੋਂ ਮਾਰਿਆ ਗਿਆ ਅਤੇ ਉਰਸੁਲਾ ਖਾਨਾਬਦੋਸ਼ਾਂ ਦੇ ਇਕ ਟੋਲੇ ਨਾਲ ਜਾ ਰਹੀ। ਆਖਰ ਲਹੂ ਨੇ ਰੰਗ ਲਿਆਉਣਾ ਹੀ ਸੀ।
ਮਨਮੋਹਨ ਬਾਵਾ ਨੇ ਇਕ ਇਤਿਹਾਸਕ ਪਾਤਰ ਮੋਹਨ ਲਾਲ ਦੇ ਮਾਧਿਅਮ ਦੁਆਰਾ ਇਸ ਨਾਵਲ ਦੇ ਬਿਰਤਾਂਤ ਨੂੰ ਉਸਾਰਿਆ ਹੈ। ਮਨਮੋਹਨ ਬਾਵਾ ਵਾਂਗ ਹੀ ਮੋਹਨ ਲਾਲ ਇਕ ਪੜ੍ਹਿਆ-ਲਿਖਿਆ, ਵਿਹਾਰ-ਕੁਸ਼ਲ, ਘੁਮੱਕੜ-ਤਬੀਅਤ ਅਤੇ ਪਰਾਕਰਮੀ ਵਿਅਕਤੀ ਸੀ। ਉਹ ਖਾਨਾਬਦੋਸ਼ਾਂ ਦੇ ਟੋਲੇ ਵਿਚ ਰਲ ਗਈ ਉਰਸੁਲਾ ਨੂੰ ਆਖਰ ਲੱਭ ਹੀ ਲੈਂਦਾ ਹੈ। ਇਸ ਨਾਵਲ ਵਿਚ ਮੋਹਨ ਲਾਲ ਦੀ ਇਸੇ ਅਦਭੁਤ ਤਲਾਸ਼ ਦਾ ਬੜਾ ਕਲਾਤਮਕ ਵਰਣਨ ਹੈ। ਕਹਿਣ ਨੂੰ ਤਾਂ ਇਹ ਇਕ ਇਤਿਹਾਸਕ ਨਾਵਲ ਹੈ ਪ੍ਰੰਤੂ ਮਨਮੋਹਨ ਬਾਵਾ ਜਿਸ ਨਿਪੁੰਨਤਾ ਨਾਲ ਇਤਿਹਾਸ ਅਤੇ ਗਲਪ ਦਾ ਸੁਮੇਲ ਕਰਦਾ ਹੈ ਅਤੇ ਇਤਿਹਾਸ ਨੂੰ ਜਿੰਨੀ ਡੂੰਘੀ ਨਜ਼ਰ ਨਾਲ ਵੇਖਦਾ ਹੈ, ਇਸ ਦਾ ਕੋਈ ਜਵਾਬ ਨਹੀਂ ਹੈ। ਮੈਂ ਇਸ ਨਾਵਲ ਦਾ ਭਰਪੂਰ ਸਵਾਗਤ ਕਰਦਾ ਹਾਂ ਅਤੇ 'ਪੰਜਾਬੀ ਗਲਪਕਾਰਾਂ' ਨੂੰ ਇਹ ਰਚਨਾ ਪੜ੍ਹਨ ਲਈ ਬੇਨਤੀ ਕਰਦਾ ਹਾਂ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮਹਾਨ ਗਦਰੀ ਇਨਕਲਾਬੀ ਸ਼ਹੀਦ ਊਧਮ ਸਿੰਘ
ਲੇਖਕ : ਰਾਕੇਸ਼ ਕੁਮਾਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 352.

ਸ਼ਹੀਦ ਊਧਮ ਸਿੰਘ ਬਾਰੇ ਇਸ ਪੁਸਤਕ ਦਾ ਲੇਖਕ ਰਾਕੇਸ਼ ਕੁਮਾਰ ਊਧਮ ਸਿੰਘ ਦੇ ਨਗਰ ਸੁਨਾਮ ਦਾ ਹੀ ਵਸਨੀਕ ਹੈ ਜੋ ਰੇਲਵੇ ਵਿਭਾਗ ਵਿਚ ਇਕ ਉੱਚ-ਅਧਿਕਾਰੀ ਹੈ। ਇਸ ਪੁਸਤਕ ਦਾ ਪਾਠ ਲੇਖਕ ਦੀ ਅਣਥੱਕ ਮਿਹਨਤ ਦੀ ਸਾਖੀ ਭਰਦਾ ਹੈ। ਇਹ ਤਾਂ ਇਕ ਕਿਸਮ ਦਾ ਉਪਾਧੀ-ਨਿਰਪੇਖ ਥੀਸਿਸ ਹੈ। ਭਾਵ ਇਹ ਕਿਸੇ ਡਿਗਰੀ ਲਈ ਕੀਤੀ ਹੋਈ ਖੋਜ ਨਹੀਂ। ਇਸ ਪੁਸਤਕ ਦੇ ਅਧਿਐਨ ਉਪਰੰਤ ਪਲਸ ਮੰਚ ਦੇ ਪ੍ਰਧਾਨ ਸ: ਅਮੋਲਕ ਸਿੰਘ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋਣਾ ਪੈਂਦਾ ਹੈ, 'ਸਵਾ ਸੌ ਤੋਂ ਵੱਧ ਪੁਸਤਕਾਂ, ਖੋਜ ਪੱਤਰਾਂ, ਇਤਿਹਾਸਕ ਦਸਤਾਵੇਜ਼ਾਂ, ਊਧਮ ਸਿੰਘ ਦੇ ਹਲਫ਼ੀਆ ਬਿਆਨਾਂ, ਤਸਵੀਰਾਂ ਅਤੇ ਠੋਸ ਪ੍ਰਮਾਣਾਂ ਨੂੰ ਖੰਘਾਲ ਕੇ, ਕਸੀਦ ਕੇ, ਵਿਗਿਆਨਕ ਅਤੇ ਇਤਿਹਾਸਕ ਹਕੀਕਤਾਂ ਦੀ ਕਸਵੱਟੀ 'ਤੇ ਨਾਪ-ਤੋਲ ਕੇ ਸਿਰਜਣ ਪ੍ਰਕਿਰਿਆ 'ਚੋਂ ਲੰਘੀ ਇਹ ਪੁਸਤਕ ਪਾਠਕਾਂ ਦੇ ਅਜੇ ਤੱਕ ਮਨ ਦੀ ਸਲੇਟ 'ਤੇ ਊਧਮ ਸਿੰਘ ਬਾਰੇ ਉਕਰੇ ਬਿੰਬ ਨੂੰ ਮੂਲੋਂ ਹੀ ਨਵੇਂ-ਨਵੇਲੇ ਸਰੂਪ 'ਚ ਪੇਸ਼ ਕਰਨ ਦੀ ਸਫਲ ਭੂਮਿਕਾ ਅਦਾ ਕਰੇਗੀ।' ਲੇਖਕ ਨੇ ਸੱਚਮੁੱਚ ਹੀ ਇਤਿਹਾਸਕ ਸਚਾਈਆਂ ਨੂੰ ਖੋਜ ਦੀ ਕਸਵੱਟੀ 'ਤੇ ਪਰਖ ਕੇ ਪੇਸ਼ ਕੀਤਾ ਹੈ। ਕੁੱਲ 13 ਕਾਂਡਾਂ ਵਿਚ ਵੰਡੀ ਗਈ ਇਹ ਕਿਤਾਬ ਪਹਿਲਾਂ ਊਧਮ ਸਿੰਘ ਦੇ ਗਦਰ ਪਾਰਟੀ ਨਾਲ ਸਬੰਧਾਂ ਨੂੰ ਰੂਪਮਾਨ ਕਰਦੀ ਹੈ। ਦੂਜੇ ਕਾਂਡ ਤੋਂ 13ਵੇਂ ਕਾਂਡ ਤੱਕ ਊਧਮ ਸਿੰਘ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਨੂੰ ਵੇਰਵੇ ਸਹਿਤ ਪ੍ਰਸਤੁਤ ਕੀਤਾ ਗਿਆ ਹੈ ਜਿਵੇਂ ਕਿ ਜਨਮ ਤੇ ਬਚਪਨ, ਯਤੀਮਖਾਨੇ 'ਚ ਜ਼ਿੰਦਗੀ, ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ, ਊਧਮ ਸਿੰਘ ਦੇ ਮਨ 'ਤੇ ਵੱਜੀ ਚੋਟ, ਆਜ਼ਾਦੀ ਲਹਿਰ 'ਚ ਕੁੱਦਣਾ, ਲੰਡਨ ਦੇ ਕੈਕਸਟਨ ਹਾਲ ਵਿਚ ਮਾਈਕਲ ਓਡਵਾਇਰ ਦਾ ਕਤਲ, ਗੋਲੀਆਂ ਚਲਾਏ ਜਾਣ ਦਾ ਕਾਰਨ, ਮਾਈਕਲ ਓਡਵਾਇਰ ਦੇ ਕਤਲ ਤੋਂ ਬਾਅਦ ਦੀ ਪ੍ਰਕਿਰਿਆ, ਮੁਕੱਦਮਾ ਤਾਜ ਬਨਾਮ ਊਧਮ ਸਿੰਘ, ਬਰਕਿਸਟਨ ਜੇਲ੍ਹ, ਜੇਲ੍ਹ ਵਿਚ ਭੁੱਖ-ਹੜਤਾਲ, ਪੈਨਟਨ ਵਿਚ ਜੇਲ੍ਹ ਅਤੇ ਉਸੇ ਜੇਲ੍ਹ ਵਿਚ 31 ਜੁਲਾਈ 1940 ਨੂੰ ਫਾਂਸੀ ਦਾ ਰੱਸਾ ਚੁੰਮਣਾ ਆਦਿ ਘਟਨਾਵਾਂ ਸਿਲਸਲੇਵਾਰ ਬੜੀ ਸਰਲ, ਸਪੱਸ਼ਟ ਸ਼ੈਲੀ ਵਿਚ ਪੇਸ਼ ਕੀਤੀਆਂ ਗਈਆਂ ਹਨ। ਏਨਾ ਕੁਝ ਕਰਨ ਦੇ ਬਾਵਜੂਦ ਲੇਖਕ ਦਾ ਕਥਨ ਹੈ, 'ਅਜੇ ਵੀ ਊਧਮ ਸਿੰਘ ਦੀ ਫਾਂਸੀ ਨਾਲ ਸਬੰਧਤ ਫਾਈਲਾਂ ਤੇ ਕੁਝ ਹੋਰ ਦਸਤਾਵੇਜ਼ ਬ੍ਰਿਟਿਸ਼ ਸਰਕਾਰ ਨੇ ਜਾਰੀ ਨਹੀਂ ਕੀਤੇ। ਊਧਮ ਸਿੰਘ ਦੀਆਂ 1939, 1940 ਦੀਆਂ ਡਾਇਰੀਆਂ ਵੀ ਇੰਗਲੈਂਡ ਵਿਚ ਹੀ ਹਨ'। ਇਸੇ ਲਈ ਖੋਜ ਦੀ ਅਜੇ ਹੋਰ ਸੰਭਾਵਨਾ ਹੈ। ਇਸ ਮਹਾਨ ਕਾਰਜ ਲਈ ਲੇਖਕ ਸੱਚਮੁੱਚ ਹੀ ਵਧਾਈ ਦਾ ਪਾਤਰ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

Kiss That Frog ਦਾ ਪੰਜਾਬੀ ਅਨੁਵਾਦ ਮੌਕਾ ਨਾ ਜਾਣ ਦਿਓ
ਲੇਖਕ : ਬਰਾਇਨ ਟਰੇਸੀ ਤੇ ਕ੍ਰਿਸਟੀਨਾ ਟਰੇਸੀ ਸਟੀਨ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 136.

ਮੌਕਾ ਨਾ ਜਾਣ ਦਿਓ ਅਜਿਹੀ ਪੁਸਤਕ ਹੈ, ਜਿਸ ਦੇ ਇਕ ਦਰਜਨ ਲੇਖਾਂ ਰਾਹੀਂ ਪਾਠਕਾਂ ਨੂੰ ਸਿਰਜਣਾਤਮਿਕ ਸੁਨੇਹੇ ਦਿੱਤੇ ਗਏ ਹਨ, ਜਿਹੜੇ ਕਿਸੇ ਕਾਰਨਵਸ ਆਪਣੇ ਜੀਵਨ ਵਿਚ ਨਿਰਾਸ਼ ਹਨ, ਅਸਫਲ ਅਤੇ ਅੱਧੇ-ਅਧੂਰੇ ਹਨ। ਲੇਖਕ ਆਪਣੇ ਪਾਠਕਾਂ ਅੰਦਰ ਘਟੀਆਪਣ ਦੇ ਪੈਦਾ ਹੋਏ ਅਹਿਸਾਸਾਂ ਨੂੰ ਖ਼ਤਮ ਕਰਨ ਦੇ ਮਨੋਵਿਗਿਆਨਕ ਉਪਾਅ ਦੱਸਦੇ ਹਨ, ਜਿਹੜੇ ਕੇਵਲ ਮਨੁੱਖੀ ਸੋਚ ਦੇ ਬਦਲਣ ਨਾਲ, ਨਵੀਂ ਸੋਚ ਧਾਰਨ ਕਰਕੇ, ਸਾਕਾਰਾਤਮਿਕ ਸਿੱਟੇ ਪ੍ਰਾਪਤ ਕਰਵਾ ਸਕਦੇ ਹਨ। ਆਪਣੇ-ਆਪ ਨੂੰ ਸਰਬੋਤਮ ਅਹਿਸਾਸਨਾ, ਆਪਣੇ ਆਪੇ ਵਿਚ ਆਪਣੀ ਗੁਣਵੱਤਾ ਦਾ ਵਿਕਾਸ ਕਰਨਾ, ਨਿਰਾਸ਼ਾ, ਘਬਰਾਹਟ, ਹੀਣਭਾਵਨਾ ਦਾ ਤਿਆਗ, ਆਤਮਵਿਸ਼ਵਾਸ ਸਥਾਪਤ ਕਰਨਾ, ਆਪਣੇ ਜੀਵਨ ਦੇ ਉੱਚੇ-ਸੁੱਚੇ ਉਦੇਸ਼ ਪ੍ਰਾਪਤ ਕਰਨ ਲਈ ਹਿੰਮਤ ਜੁਟਾਉਣੀ, ਕਰਮਸ਼ੀਲ ਬਣ ਕੇ ਸਵੈਪੂਰਨਤਾ ਲਈ ਮਿਹਨਤ ਕਰਨੀ, ਯੋਜਨਾ ਉਲੀਕਣੀ ਤੇ ਉਸ ਨੂੰ ਪੂਰਾ ਕਰਨਾ, ਤੱਥਾਂ ਦਾ ਮੁਲਾਂਕਣ ਕਰਨਾ, ਵਾਸਤਵਿਕਤਾ ਨਾਲ ਨਜਿੱਠਣਾ, ਸਥਿਤੀ ਵਿਸ਼ਲੇਸ਼ਣ, ਫ਼ਿਕਰਾਂ ਤੋਂ ਮੁਕਤ ਹੋਣਾ, ਮਨ ਉੱਪਰ ਨਿਯੰਤਰਣ ਰੱਖਣਾ, ਵਿਚਾਰਸ਼ੀਲ ਸ਼ਕਤੀ ਦਾ ਨਿਰਮਾਣ, ਚਿੰਤਕ ਬਣਨਾ, ਵਿਗਿਆਨਕ ਸੋਚ ਗ੍ਰਹਿਣ ਕਰਨੀ, ਜਜ਼ਬਾਤਾਂ ਦੇ ਵਹਿਣ ਵਿਚ ਨਾ ਵਹਿਣਾ, ਠੀਕ ਨਿਰਣੇ ਕਰਨੇ, ਦੂਜਿਆਂ ਪ੍ਰਤੀ ਅਫ਼ਸੋਸ ਕਰਨ ਦੀ ਜਾਂਚ ਸਿੱਖਣੀ ਆਦਿ ਅਨੇਕਾਂ ਹੋਰ ਸੁਝਾਅ ਹਨ, ਜਿਨ੍ਹਾਂ ਉੱਪਰ ਅਮਲ ਕਰਨ ਨਾਲ ਅਸੀਂ ਆਪਣਾ ਜੀਵਨ ਸਫ਼ਲ, ਉਸਾਰੂ ਅਤੇ ਸੁਖਦਾਇਕ ਬਣਾ ਸਕਦੇ ਹਾਂ। ਕੁਝ ਮੁਸੀਬਤਾਂ ਅਸੀਂ ਆਪ ਆਪਣੀ ਕਮਜ਼ੋਰੀ ਕਾਰਨ ਸਹੇੜੀਆਂ ਹੁੰਦੀਆਂ ਹਨ; ਜਿਵੇਂ ਵਧੇਰੇ ਇੱਛਾਵਾਂ ਦੀ ਪੂਰਤੀ ਲਈ ਬੇਈਮਾਨੀ ਕਰਨੀ, ਧੋਖੇ ਦੇਣੇ, ਕਾਨੂੰਨ ਤੋੜਨੇ, ਪੀੜਤ ਹੋਣ ਦੀਆਂ ਭਾਵਨਾਵਾਂ ਵਿਚ ਗ੍ਰਸਿਆ ਹੋਣਾ, ਆਪਣੇ-ਆਪ ਨੂੰ ਗ਼ੁਨਾਹਗਾਰ ਸਮਝਣਾ, ਇਨ੍ਹਾਂ ਤੋਂ ਅਸੀਂ ਆਪ ਮੁਕਤ ਹੋਣ ਲਈ ਆਪਣੀ ਸੋਚ ਬਦਲਣ ਦੀ ਲੋੜ ਹੈ। ਜੀਓ ਤੇ ਸਿੱਖਣ, ਪ੍ਰਸੰਸਾ ਦੀ ਥਾਂ ਈਰਖਾ, ਮੁਆਫ਼ ਨਾ ਕਰਨਾ, ਪੁਰਾਣੀ ਅਵਸਥਾ ਵਿਚ ਕੈਦ ਰਹਿਣਾ ਵਰਗੇ ਨਾਂਹ-ਪੱਖੀ ਵਿਚਾਰ ਤੁਹਾਡੇ ਜੀਵਨ ਲਈ ਨਾ ਉਸਾਰੂ ਹਨ, ਨਾ ਹੀ ਉਪਯੋਗੀ, ਉਨ੍ਹਾਂ ਤੋਂ ਮੁਕਤੀ ਪ੍ਰਾਪਤ ਕਰਨੀ ਜ਼ਰੂਰੀ ਹੈ।

-ਡਾ: ਅਮਰ ਕੋਮਲ
ਮੋ: 084378-73565

ਕਿੱਸਾ ਜਾਨੀ ਚੋਰ ਅਤੇ ਰਾਜਾ ਨਰ ਸੁਲਤਾਨ
ਲੇਖਕ : ਚੰਨਣ ਸਿੰਘ ਤੇ ਭਾਨ ਸਿੰਘ
ਸੰਪਾਦਕ : ਡਾ: ਗੁਰਮੁਖ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 150 ਰੁਪਏ, ਸਫ਼ੇ : 192.

ਸਾਡੇ ਦੇਹਾਤੀ ਬਹੁਗਿਣਤੀ ਵਾਲੇ ਪੰਜਾਬੀਆਂ ਲਈ ਕਿੱਸਾ ਮਨੋਰੰਜਨ ਦਾ ਸਸਤਾ ਤੇ ਲੋਕਪ੍ਰਿਯ ਸਾਧਨ ਰਿਹਾ ਹੈ। ਰੋਮਾਂਚਕ ਸੁਪਨਿਆਂ, ਅਦਭੁਤ ਪਾਤਰਾਂ, ਪ੍ਰਸਥਿਤੀਆਂ, ਸਮੱਸਿਆਵਾਂ ਤੇ ਉਨ੍ਹਾਂ ਦੇ ਸਮਾਧਾਨ ਨਾਲ ਜੁੜੇ ਬਿਰਤਾਂਤ ਕਿੱਸਿਆਂ ਦੇ ਪਾਠਕ ਤੇ ਸ੍ਰੋਤਾਂ ਵਰਗ ਨੂੰ ਕਲਪਨਾ ਜਗਤ ਦੀਆਂ ਉੱਚੀ ਉਡਾਰੀ ਵੀ ਲਵਾਂਦੇ ਅਤੇ ਉਨ੍ਹਾਂ ਦੀਆਂ ਇੱਛਾਵਾਂ ਦੀ ਮਨੋਵਿਗਿਆਨਕ ਪੂਰਤੀ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਵਿਰੇਚਨ ਵੀ ਕਰਦੇ। ਟੀ.ਵੀ. ਦੀ ਆਮਦ ਨੇ ਇਹ ਸਥਿਤੀ ਬਦਲ ਦਿੱਤੀ ਹੈ ਪਰ ਟੀ.ਵੀ. ਉਤੇ ਪਰੋਸਿਆ ਮਨੋਰੰਜਨ ਕਈ ਪੱਖਾਂ ਤੋਂ ਕਿੱਸਿਆਂ ਦੇ ਮਨੋਰੰਜਨ ਨਾਲ ਜੁੜੇ ਪ੍ਰੇਰਨਾਤਮਕ ਸੁਹਜਾਤਮਕ, ਸਦਾਚਾਰਕ, ਸਾਹਿਤਕ ਅੰਸ਼ਾਂ ਤੋਂ ਹਲਕਾ ਹੈ। ਕਿੱਸਾ 'ਜਾਨੀ ਚੋਰ ਤੇ ਰਾਜਾ ਨਰ ਸੁਲਤਾਨ' ਮਨੋਰੰਜਨ ਦੇ ਇਸ ਸਸਤੇ ਸਾਧਨ ਵਾਲੀ ਕਿਰਤ ਹੈ ਜੋ ਸਾਖ਼ਰਤਾ ਦਾ ਉਦੇਸ਼ ਵੀ ਪੂਰੀ ਕਰਦੀ ਹੈ।
ਇਸ ਕਿੱਸੇ ਦੀਆਂ ਇਕ-ਦੂਜੇ ਨਾਲ ਜੁੜੀਆਂ ਇਕ ਤੋਂ ਇਕ ਰੌਚਕ ਘਟਨਾਵਾਂ, ਪ੍ਰਸਥਿਤੀਆਂ ਤੇ ਪਾਤਰ ਪਾਠਕ ਸਰੋਤਾਂ ਦੀ ਉਤਸੁਕਤਾ ਨੂੰ ਕਾਇਮ ਰੱਖਦੇ ਹੋਏ ਨਿਰੰਤਰ ਨਾਲ ਤੋਰੀ ਰੱਖਦੇ ਹਨ। ਪਰੀਆਂ ਸੋਹਣੇ ਬੰਦੇ ਨੂੰ ਪਿਆਰ ਕਰਦੀਆਂ ਹਨ। ਘੋੜਾ ਅੰਬਰ ਵਿਚ ਉਡਾਰੀ ਮਾਰਦਾ ਹੈ। ਭੂਤ-ਪ੍ਰੇਤ ਹਨ। ਤਹਿਖਾਨੇ ਹਨ। ਮਾਤ ਲੋਕ, ਪਾਤਾਲ ਲੋਕ ਹਨ। ਕਿਤੇ ਕੋਈ ਸ਼ਹਿਜ਼ਾਦੀ ਦਿਓ ਦੀ ਗ੍ਰਿਫ਼ਤ ਵਿਚ ਆਉਂਦੀ ਹੈ। ਚੋਰੀ ਦੇ ਮਾਹਰ ਚੋਰਾਂ ਦੇ ਕਮਾਲ ਹਨ। ਭੇਸ ਬਦਲ ਕੇ ਮਹਿਲਾਂ ਵਿਚ ਜਾ ਵੜਦੇ ਹਨ। ਮੁਰਦੇ ਜਿਊਂਦੇ ਹਨ। ਯੁੱਧ ਦੇ ਦ੍ਰਿਸ਼ ਹਨ। ਜੋਗਣਾਂ ਲਹੂ ਪੀਂਦੀਆਂ ਹਨ। ਮਨੁੱਖੀ ਕਲਪਨਾ ਦੀ ਖੁੱਲ੍ਹੀ ਉਡਾਰੀ ਦਾ ਜਗਤ ਹੈ, ਇਹ ਕਿੱਸਾ ਸੰਸਾਰ। ਜਾਣਬੁੱਝ ਕੇ ਸਿਰਜਿਆ ਅਵਿਸ਼ਵਾਸੀ ਸੰਸਾਰ।
ਕਿੱਸਿਆਂ ਦੇ ਪਾਠਕ ਘਟਣ ਨਾਲ ਹੁਣ ਕਿੱਸੇ ਛਪਦੇ ਵੀ ਘੱਟ ਹਨ ਤੇ ਲਿਖੇ ਵੀ ਘੱਟ ਜਾਂਦੇ ਹਨ। ਚੰਨਣ ਸਿੰਘ ਤੇ ਭਾਨ ਸਿੰਘ ਦੇ ਸੱਤ ਭਾਗਾਂ ਵਿਚ ਲਿਖੇ ਕਿੱਸਾ ਜਾਨੀ ਚੋਰ ਨੂੰ (ਸਵਰਗੀ) ਡਾ: ਗੁਰਮੁਖ ਸਿੰਘ ਨੇ ਸੰਪਾਦਿਤ ਕਰਕੇ ਪੰਜਾਬੀ ਪਾਠਕਾਂ ਦੇ ਸਾਹਮਣੇ ਰੱਖਿਆ ਹੈ। ਇਸ ਕਿੱਸੇ ਵਿਚ ਰਾਜੇ ਦੀ ਦੋਸਤੀ ਜਾਨੀ ਚੋਰ ਨਾਲ ਹੁੰਦੀ ਹੈ। ਜਾਨੀ ਚੋਰ ਹਰ ਸੰਕਟ ਵਿਚ ਰਾਜੇ ਨੂੰ ਬਹੁੜਦਾ ਹੈ। ਇਸੇ ਜਗਤ ਆਸਰੇ ਕਿੱਸਾ ਫੈਲਦਾ ਹੈ ਤੇ ਬਿਰਤਾਂਤ ਉਲਝਦਾ ਸੁਲਝਦਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਸਿੱਖਿਆ ਅਤੇ ਚਿੰਤਨ ਦੇ ਸੱਤ ਪੜਾਅ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ-ਹਿੱਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 173.

ਸ਼ੁਕਲਾ ਮਨੁੱਖੀ ਹੋਂਦ ਅਤੇ ਜੀਵਨ ਨੂੰ ਪਰਿਚਾਲਤ ਕਰਨ ਦੇ ਸੱਤ ਪੜਾਅ ਮੰਨਦਾ ਹੈ। ਇਨ੍ਹਾਂ ਰਾਹੀਂ ਹੀ ਪੁਰਾਣਾ ਤੇ ਆਧੁਨਿਕ ਮਨੁੱਖ ਸਿੱਖਿਅਤ ਹੁੰਦਾ ਆਇਆ ਹੈ ਤੇ ਗੰਭੀਰ ਚਿੰਤਨ ਦੇ ਰਾਹੇ ਵੀ ਪਿਆ ਹੈ।
ਮਨੁੱਖ ਦੀ ਸਿੱਖਿਆ ਲਈ ਉਹ ਵੇਖਣ, ਸੁਣਨ, ਸੋਚਣ, ਕਰਨ, ਸਮਰਥਾ, ਉਤਪਾਦਕਤਾ ਅਤੇ ਮਾਨਤਾ ਜਾਂ ਯਸ਼ ਪ੍ਰਕਿਰਿਆਵਾਂ ਨੂੰ ਪ੍ਰਮੁੱਖ ਮੰਨਦਾ ਹੈ। ਆਦਿਕਾਲ ਤੋਂ ਮਨੁੱਖ ਪ੍ਰਕਿਰਤਕ ਸ਼ਕਤੀਆਂ, ਜਨੌਰਾਂ ਅਤੇ ਪਸ਼ੂਆਂ ਨੂੰ ਜੋ ਕੁਝ ਕਰਦਿਆਂ ਦੇਖਦਾ ਸੀ, ਉਸੇ ਦੀ ਨਕਲ ਕਰ-ਕਰ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਸੀ। ਬਾਲ ਵੀ ਜੰਮਣ ਤੋਂ ਲੈ ਕੇ ਹੋਸ਼ ਸੰਭਾਲਣ ਤੱਕ ਵੱਡਿਆਂ ਨੂੰ ਦੇਖ-ਦੇਖ ਹੀ ਸਿੱਖਦਾ ਹੈ। ਸੁਣਨ ਦਾ ਵੀ ਮਨੁੱਖ ਦੇ ਜੀਵਨ ਵਿਚ ਬਹੁਤ ਮਹੱਤਵ ਹੈ। ਧਾਰਮਿਕ ਗ੍ਰੰਥਾਂ ਨੂੰ ਸੁਣ-ਸੁਣਾ ਕੇ ਯਾਦ ਰੱਖ ਕੇ ਹੀ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਇਆ ਜਾਂਦਾ ਰਿਹਾ ਹੈ। ਵੇਖਣ, ਸੁਣਨ ਦੀ ਪ੍ਰਕਿਰਿਆ 'ਚੋਂ ਲੰਘ ਦੇ ਮਨੁੱਖ ਸੋਚਣ ਦੇ ਪੜਾਓ 'ਤੇ ਪੁੱਜਦਾ ਹੈ। ਸੋਚਣ ਤੋਂ ਬਗੈਰ ਉਸ ਵਿਚ ਕੁਝ ਕਰਨ ਦੀ ਸਮਰਥਾ ਹੀ ਪੈਦਾ ਨਹੀਂ ਹੋ ਸਕਦੀ।
ਰਾਮ ਨਾਥ ਸ਼ੁਕਲਾ ਆਪਣੇ ਚਿੰਤਨ ਨੂੰ ਸਾਡੇ ਤੱਕ ਪਹੁੰਚਾਉਣ ਲਈ ਆਦਿਕਾਲ ਤੋਂ ਇਤਿਹਾਸ, ਮਾਨਵ-ਵਿਗਿਆਨ, ਮਿਥ ਇਤਿਹਾਸ ਤੇ ਇਤਿਹਾਸ ਦਾ ਸਹਾਰਾ ਲੈਂਦਾ ਹੈ। ਆਪਣੀ ਗੱਲ ਦੀ ਪੁਸ਼ਟੀ ਲਈ ਉਹ ਇਤਿਹਾਸ ਦੇ ਇਨ੍ਹਾਂ ਵੱਖ-ਵੱਖ ਸੋਮਿਆਂ ਦੀ ਵਰਤੋਂ ਤਾਂ ਕਰਦਾ ਹੀ ਹੈ ਪਰ ਕਈ ਥਾਈਂ ਆਪਣੇ ਅਨੁਭਵ ਅਤੇ ਜੀਵਨ ਘਟਨਾਵਾਂ ਨੂੰ ਵੀ ਆਪਣੇ ਕਥਨ ਦੀ ਪੁਸ਼ਟੀ ਵਜੋਂ ਵਰਤਦਾ ਦਿਖਾਈ ਦਿੰਦਾ ਹੈ।

-ਕੇ. ਐਲ. ਗਰਗ
ਮੋ: 94635-37050

13-12-2014

 ਬੁੱਲ੍ਹਾ ਨੱਚੇ ਤਾਰ ਦਵੱਲੇ
ਕਵੀ : ਯੋਧ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 200.

ਕਵੀ ਯੋਧ ਸਿੰਘ ਦੁਆਰਾ ਲਿਖੀਆਂ ਇਹ ਕਵਿਤਾਵਾਂ ਪੰਜਾਬ ਦੇ ਸਾਂਝੇ ਸੱਭਿਆਚਾਰ ਨੂੰ ਸਮਰਪਿਤ ਹਨ। ਯੋਧ ਸਿੰਘ ਇਕ ਚੇਤੰਨਬੁੱਧ ਅਤੇ ਜਾਗਰੂਕ ਕਵੀ ਹੈ। ਉਸ ਨੇ ਇਸ ਤੱਥ ਨੂੰ ਸਮਝ ਲਿਆ ਹੈ ਕਿ ਸਾਡੇ ਯੁੱਗ ਅਤੇ ਜਹਾਨ ਵਿਚ ਜੁਰਮਾਂ ਅਤੇ ਅਪਰਾਧਾਂ ਦੀ ਸਾਰੀ ਮਹਾਂਮਾਰੀ ਕੁਝ ਮੁੱਠੀ ਭਰ ਸੱਤਾਧਾਰੀਆਂ ਅਤੇ ਧੰਨੇ ਸੇਠਾਂ ਦੀ ਫੈਲਾਈ ਹੋਈ ਹੈ। ਇਹ ਬਿਮਾਰੀ ਲਾਇਲਾਜ ਨਹੀਂ ਹੈ ਪਰ ਇਸ ਮੰਤਵ ਲਈ ਨਿਰਾ ਗਿਆਨ ਹੀ ਕਾਫੀ ਨਹੀਂ ਹੈ ਬਲਕਿ ਅਮਲ ਵੀ ਕਰਨਾ ਪਵੇਗਾ। ਦੇਖੋ:
ਸਰਬਾਹਾਰਿਆਂ ਦਲਿਤਾਂ ਸਾਰਿਆਂ
ਗੁਰਬਤ ਮਾਰਿਆਂ ਦਾ ਰਲ ਕੇ ਕਰਨਾ
ਅਮਲ ਮਨੁੱਖੀ, ਦਰਕਾਰ ਰਿਹਾ ਹੈ
ਹਿੰਮਤਾਂ ਨੂੰ ਮਿਲਦਾ ਰਾਹ ਰਿਹਾ ਹੈ
ਸਿਰੜੀ ਸੰਗਰਾਮਾਂ ਦੇ ਅਮਲ ਦਾ
ਇਕੋ ਇਕ ਹੀ ਰਿਹਾ ਹੈ ਰਾਹ।
ਰਲ ਕੇ ਹੀ ਲੜਨਾ, ਰਲ ਕੇ ਜੀਣ ਦਾ
ਰਲ ਕੇ ਥੀਣ ਦਾ, ਇਹੀ ਇਕ ਰਾਹ।
(ਕਵਿਤਾ, 31-32)
ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਪੂੰਜੀਵਾਦੀ ਵਿਵਸਥਾ ਦੇ ਕਾਰਨ ਮਾਨਵ ਹਿਤੈਸ਼ੀ ਕਦਰਾਂ-ਕੀਮਤਾਂ ਵਿਚ ਆਏ ਨਿਘਾਰ ਬਾਰੇ ਵੀ ਫ਼ਿਕਰਮੰਦ ਦਿਖਾਈ ਦਿੰਦੀਆਂ ਹਨ। ਉਸ ਨੂੰ ਇਸ ਗੱਲ ਦੀ ਬੜੀ ਸ਼ਰਮ ਆਉਂਦੀ ਹੈ ਕਿ ਸਾਡੇ ਯੁੱਗ ਵਿਚ ਧੀਆਂ ਦੇ ਬਾਬਲ ਧਰਮੀ ਨਹੀਂ ਰਹੇ। ਅੱਜ ਦਾ ਬਾਬਲ ਧੀਆਂ ਦੀ ਆਮਦ ਦਾ ਰਾਹ ਰੋਕਣ ਵਿਚ ਸਭ ਨਾਲੋਂ ਅੱਗੇ ਹੋ ਤੁਰਿਆ ਹੈ।
ਯੋਧ ਸਿੰਘ ਦਲਿਤ ਚੇਤਨਾ ਉੱਪਰ ਡੱਟ ਕੇ ਪਹਿਰਾ ਦਿੰਦਾ ਹੈ। ਉਸ ਨੂੰ ਇਸ ਗੱਲ ਉੱਪਰ ਬੜਾ ਰੰਜ ਹੈ ਕਿ 21ਵੀਂ ਸਦੀ ਵਿਚ ਪ੍ਰਵੇਸ਼ ਕਰ ਜਾਣ ਦੇ ਬਾਵਜੂਦ ਅਸੀਂ ਕਥਿਤ ਸੱਭਿਆ ਲੋਕ ਦਲਿਤ ਸ਼੍ਰੇਣੀ ਨੂੰ ਸਮਾਨ ਅਧਿਕਾਰ ਨਹੀਂ ਦੇ ਸਕੇ (ਪੰਨਾ 43)। ਫਿਰ ਕਿਸ ਮੂੰਹ ਨਾਲ ਅਸੀਂ ਵਿਸ਼ਵੀਕਰਨ ਦੇ ਫੋਕੇ ਦਮਗਜੇ ਮਾਰਦੇ ਫਿਰਦੇ ਹਾਂ? ਕੁਝ ਹੋਰ ਕਵਿਤਾਵਾਂ ਦਾਰਸ਼ਨਿਕ ਵੰਨਗੀਆਂ ਦੀਆਂ ਹਨ, ਜਿਨ੍ਹਾਂ ਵਿਚ ਕਵੀ ਆਪਣੇ ਸਵੈ ਨਾਲ ਸੰਵਾਦ ਰਚਾਉਂਦਾ ਹੈ ਅਤੇ ਮਨੁੱਖੀ ਮਨ ਦੇ ਹਨ੍ਹੇਰਿਆਂ-ਕੋਨਿਆਂ ਉੱਪਰ ਰੌਸ਼ਨੀ ਪਾਉਂਦਾ ਹੈ। ਮਨੁੱਖੀ ਜੀਵਨ ਦੇ ਉਦੇਸ਼ ਨੂੰ ਵਿਅਕਤ ਕਰਦਾ ਹੋਇਆ ਉਹ ਬਿਲਕੁਲ ਠੀਕ ਲਿਖਦਾ ਹੈ ਕਿ ਸੰਘਰਸ਼ ਹੀ ਜੀਵਨ ਹੈ। ਦੇਖੋ:
ਟੱਕਰਾਂ ਤੋਂ ਬਚ-ਬਚ ਜੀਣਾ ਕੀ ਜੀਣਾ,
ਟੱਕਰਾਂ ਵਿਚ ਲੱਥਦੇ ਨੇ ਜਾਅਲੀ ਮੁਲੰਮੇ।
(ਪੰਨਾ 194)।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਗੀਤਾਂਜਲੀ
ਮਹਾਂਕਵੀ : ਰਾਬਿੰਦਰ ਨਾਥ ਟੈਗੋਰ
ਅਨੁਵਾਦਕ : ਡਾ: ਗੁਰਚਰਨ ਸਿੰਘ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 123.

ਮਹਾਂਕਵੀ ਟੈਗੋਰ ਦਾ ਨਾਂਅ ਲੈਂਦਿਆਂ ਹੀ ਮੂੰਹ ਸੁੱਚੇ ਗੁਲਾਬਾਂ ਦੀ ਮਹਿਕ ਨਾਲ ਭਰ ਜਾਂਦਾ ਹੈ। ਉਨ੍ਹਾਂ ਦੀ ਸ਼ਾਇਰੀ ਰੂਹ ਦਾ ਗੀਤ ਹੈ, ਕਰਤੇ ਦਾ ਦੀਦਾਰ ਹੈ, ਕਾਇਨਾਤ ਦਾ ਸੰਗੀਤ ਹੈ। ਉਨ੍ਹਾਂ ਦੇ ਗੀਤਾਂ ਦੀ ਸੂਖਮਤਾ, ਤਰਲਤਾ ਅਤੇ ਵਿਸਮਾਦ ਦਾ ਅਨੁਵਾਦ ਕਰਨਾ ਅਸੰਭਵ ਜਿਹਾ ਹੈ। ਫਿਰ ਵੀ ਸੂਝਵਾਨ ਅਨੁਵਾਦਕ ਨੇ ਬਹੁਤ ਡੂੰਘੇ ਜਾ ਕੇ ਗੀਤਾਂਜਲੀ ਦੇ ਅਨੁਭਵ ਨੂੰ ਪੰਜਾਬੀ ਵਿਚ ਪਾਠਕਾਂ ਦੇ ਸਨਮੁੱਖ ਕੀਤਾ ਹੈ, ਜਿਸ ਲਈ ਉਹ ਪ੍ਰਸੰਸਾ ਦਾ ਪਾਤਰ ਹੈ। ਸਰੋਦੀ ਗੀਤਾਂ ਦਾ ਸੰਗ੍ਰਹਿ 'ਗੀਤਾਂਜਲੀ' ਦਾ ਹਰ ਗੀਤ ਅਮਰ ਹੈ, ਇਸ ਦੀ ਇਕ ਇਕ ਪੰਗਤੀ ਧੁਰ ਅੰਦਰ ਨੂੰ ਹਿਲਾਉਂਦੀ ਹੈ। ਇਸ ਅਨਮੋਲ ਪੁਸਤਕ ਦੇ 103 ਗੀਤ ਬਹੁਤ ਹੀ ਵਾਜਬ ਕੀਮਤ 'ਤੇ ਉਪਲਬਧ ਕਰਵਾਉਣਾ ਇਕ ਸ਼ਲਾਘਾਯੋਗ ਉੱਦਮ ਹੈ। ਸੱਚ ਦੀ ਸੁਗੰਧੀ ਨਾਲ ਮਹਿਕਦੀਆਂ ਇਨ੍ਹਾਂ ਕਵਿਤਾਵਾਂ ਵਿਚ ਬੱਚਿਆਂ ਵਰਗੀ ਮਾਸੂਮੀਅਤ, ਫੁੱਲਾਂ ਵਰਗੀ ਨਿਰਛੱਲਤਾ, ਨਦੀਆਂ ਵਰਗੀ ਰਵਾਨੀ ਅਤੇ ਸਾਗਰਾਂ ਵਰਗੀ ਗੰਭੀਰਤਾ ਹੈ। ਅਧਿਆਤਮ, ਰਹੱਸ, ਸੁਹੱਣਪ, ਸਹਿਜ, ਸੁਹਜ ਅਤੇ ਇਲਾਹੀ ਇਸ਼ਕ ਵਿਚ ਰੱਤੀਆਂ ਨਜ਼ਮਾਂ ਦੀਆਂ ਕੁਝ ਝਲਕਾਂ ਮਾਣੋ-
ਮੈਂ ਚਾਹਾਂ ਮੇਰੇ ਗੀਤਾਂ ਦੀਆਂ ਸਭ ਸੁਰਾਂ ਵੰਨ ਸੁਵੰਨੀਆਂ
ਬਣ ਜਾਣ ਇਕ ਤਰੰਗ।
ਚੁੱਪ ਦੇ ਸਾਗਰ ਵਿਚ ਵਹਿ ਤੁਰਨ
ਬਣ ਤੇਰੀ ਬੰਦਗੀ ਦਾ ਅੰਗ।
-ਝੁਕੇ ਨੈਣਾਂ ਨਾਲ ਤੇਰੇ ਪੈਰਾਂ ਦਾ ਕਰਕੇ ਖਿਆਲ।
ਭੈਭੀਤ ਸੰਸਾਰ ਖੜ੍ਹਾ
ਚੁੱਪ ਚਾਪ ਤਾਰਿਆਂ ਦੇ ਨਾਲ।
-ਵਾਹ! ਮੇਰੇ ਮਾਲਕਾ,
ਕੈਸਾ ਹੈ ਇਹ ਤੇਰਾ ਕਮਾਲ!
ਮੋਹ ਲਿਆ ਹੈ ਮਨ ਮੇਰਾ,
ਲਾ ਕੇ ਸੰਗੀਤ ਦਾ ਅਨੰਤ ਜਾਲ।
-ਜੇ ਤੂੰ ਨਹੀਂ ਬੋਲਣਾ,
ਫਿਰ ਮੈਂ ਮੇਰੇ ਢੋਲਣਾ
ਆਪਣਾ ਦਿਲ ਤੇਰੀ ਖਾਮੋਸ਼ੀ ਨਾਲ ਭਰਾਂਗੀ।
-ਸੁੰਦਰ ਹੈ ਤੇਰਾ ਕੰਗਣਾ ਤਾਰਿਆਂ ਜੜਿਆ ਹੋਇਆ।
ਨਾਲ ਉਸਤਾਦੀ ਅਸੰਖ ਰੰਗਾਂ ਦੀ ਨਗਾਂ ਨਾਲ ਮੜ੍ਹਿਆ ਹੋਇਆ।
ਆਤਮਾ ਨੂੰ ਸਰਸ਼ਾਰ ਕਰਨ ਵਾਲੀ ਇਹ ਪੁਸਤਕ ਇਕ ਅਨਮੋਲ ਸੁਗਾਤ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਤ੍ਰਿਖਾ ਨਾ ਉਤਰੇ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਕ, ਦਿੱਲੀ-6
ਮੁੱਲ : 175 ਰੁਪਏ, ਸਫ਼ੇ : 112.

ਹਥਲਾ ਨਾਵਲ 'ਤ੍ਰਿਖਾ ਨਾ ਉਤਰੇ' ਵਿਚ ਰਾਜਨੀਤਕ ਤਾਂਘੀ ਦੀ ਕਥਾ ਹੈ ਜੋ ਪੈਸਾ ਬਣਾਉਣ ਤੇ ਅਮੀਰ ਹੋਣ ਲਈ ਰਾਜਨੀਤੀ ਵਿਚ ਆਉਂਦਾ ਹੈ। ਉਸ ਨੇ ਪੁਲਿਸ ਦੀ ਨੌਕਰੀ ਵੀ ਕੀਤੀ, ਵਕਾਲਤ ਵੀ ਕੀਤੀ ਪਰ ਕਿਤੇ ਵੀ ਅਮੀਰ ਬਣਨ ਦਾ ਅਕਸ ਨਹੀਂ ਦਿਸਿਆ। ਹਾਰ ਕੇ ਰਾਜਨੀਤੀ ਵਿਚ ਆ ਗਿਆ। ਉਹ ਆਦਰਸ਼ਵਾਦ ਰਹਿ ਕੇ ਪਾਰਟੀ ਲਾਈਨ 'ਚ ਅਗਾਂਹ ਜਾਣਾ ਲੋਚਦਾ ਹੈ। ਆਮ ਨੇਤਾਵਾਂ ਵਾਂਗ ਉਹ ਪਾਤਰ ਧਾਰਮਿਕ ਸ਼ਰਧਾ ਰਾਹੀਂ ਰਾਜਨੀਤਕ ਤਰੱਕੀ ਦੀਆਂ ਪੌੜੀਆਂ ਚੜ੍ਹਨ ਦੀ ਲੋਚਾ ਵੀ ਰੱਖਦਾ ਹੈ। ਇਸ ਕਾਰਜ ਲਈ ਉਹ ਦੇਵੀ ਦੇ ਦਰਸ਼ਨਾਂ ਲਈ ਜਾਂਦਾ ਹੈ ਤੇ ਸੱਖਣਾ ਸੁੱਖਦਾ ਰਹਿੰਦਾ ਹੈ।
ਚਰਿੱਤਰ ਦੇ ਮਾਮਲੇ ਵਿਚ ਉਹਦੀ ਫਿਕਸੇਸ਼ਨ ਬੀਵੀ ਨਾਲ ਹੋਣ ਕਾਰਨ ਉਹ ਕਿਸੇ ਹੋਰ ਔਰਤ ਨਾਲ ਸਬੰਧ ਬਣਾਉਣ ਤੋਂ ਵੀ ਆਕੀ ਹੈ। ਕਮਲਾ ਜਿਹੀ ਖੁੱਲ੍ਹੇ ਵਿਚਾਰਾਂ ਵਾਲੀ ਔਰਤ ਨਾਲ ਮੇਲ-ਮਿਲਾਪ ਕਰਕੇ ਵੀ ਉਹ ਉਸ ਦੇ ਬਹੁਤਾ ਨੇੜੇ ਨਹੀਂ ਜਾਂਦਾ। ਉਸ ਦੀ ਜ਼ਿੰਦਗੀ ਵਿਚ ਆਖਰੀ ਬੰਬ ਉਦੋਂ ਫਟਦਾ ਹੈ ਜਦੋਂ ਉਸ ਦਾ ਲੁਧਿਆਣੇ ਰਹਿੰਦਾ ਪੁੱਤਰ ਵਿਗੜਨ ਲਗਦਾ ਹੈ। ਉਸ ਦੇ ਮਨ ਵਿਚ ਵੀ ਨੇਤਾ ਦਾ ਪੁੱਤਰ ਹੋਣ 'ਤੇ ਐਸ਼ ਕਰਨ ਦਾ ਜਜ਼ਬਾ ਭਾਰੀ ਹੋ ਜਾਂਦਾ ਹੈ। ਪਾਰਟੀ ਵਿਚ ਵੀ ਉਸ ਦੀ ਪੁਜ਼ੀਸ਼ਨ ਉਤਲੇ ਡੰਡੇ ਵਾਲੀ ਨਹੀਂ ਬਣ ਸਕੀ ਤਾਂ ਉਸ ਨੂੰ ਆਪਣੀ ਜ਼ਿੰਦਗੀ ਦੋ ਫਾੜ ਹੋਈ ਜਾਪਣ ਲਗਦੀ ਹੈ। ਉਹ ਉਸ ਬੰਦੇ ਵਾਂਗ ਮਹਿਸੂਸ ਕਰਨ ਲਗਦਾ ਹੈ, ਜੋ ਹਰ ਪਾਸਿਉਂ ਫੇਲ੍ਹ ਹੋ ਗਿਆ ਹੋਵੇ। ਨਿਰਾਸਤਾ ਹੀ ਉਸ ਦੇ ਪੱਲੇ ਰਹਿ ਜਾਂਦੀ ਹੈ। ਡਾ: ਅਮਰਜੀਤ ਨੂੰ ਯਥਾਰਥ ਪੇਸ਼ ਕਰਨ ਦਾ ਵੱਲ ਹੈ ਤੇ ਉਸ ਦੀ ਸੰਜਮੀ ਭਾਸ਼ਾ ਇਸ ਬਿਰਤਾਂਤ ਨੂੰ ਸੰਘਣਾ ਕਰਦੀ ਹੈ।

-ਕੇ. ਐਲ. ਗਰਗ
ਮੋ: 94635-37050

ਵਿਰਸੇ ਦੀ ਲੋਅ
ਲੇਖਕ : ਜਸਵੀਰ ਸ਼ਰਮਾ ਦੱਦਾਹੂਰ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 150 ਰੁਪਏ, ਸਫ਼ੇ : 112.

'ਵਿਰਸੇ ਦੀ ਲੋਅ' ਜਸਵੀਰ ਸ਼ਰਮਾ ਦੱਦਾਹੂਰ ਦੀ ਪਲੇਠੀ ਕਾਵਿ-ਪੁਸਤਕ ਹੈ। ਇਸ ਪੁਸਤਕ ਵਿਚ ਉਸ ਦੇ 67 ਚੋਣਵੇਂ ਗੀਤ ਅਤੇ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਜਸਵੀਰ ਸ਼ਰਮਾ ਇਕ ਪ੍ਰੋੜ੍ਹ ਅਤੇ ਸੰਵੇਦਨਸ਼ੀਲ ਕਵੀ ਹੈ, ਜਿਸ ਕਰਕੇ ਉਸ ਨੇ ਪੰਜਾਬ ਦੇ ਸਮਾਜਿਕ ਜੀਵਨ ਅਤੇ ਸੱਭਿਆਚਾਰ ਨਾਲ ਜੁੜੇ ਸਰੋਕਾਰਾਂ ਅਤੇ ਮੁੱਦਿਆਂ ਨੂੰ ਆਪਣੀ ਕਾਵਿ-ਰਚਨਾ ਦਾ ਵਿਸ਼ਾ-ਵਸਤੂ ਬਣਾਇਆ ਹੈ। ਉਸ ਦੀਆਂ ਕਵਿਤਾਵਾਂ ਵਿਚ ਪੁਰਾਣੇ ਪੰਜਾਬ ਦੇ ਜੀਵਨ ਝਲਕਾਰੇ ਝਲਕਾਂ ਮਾਰ ਰਹੇ ਹਨ, ਜੋ ਉਸ ਦੇ ਪੰਜਾਬ ਦੇ ਕਣ-ਕਣ ਨੂੰ ਪਿਆਰ ਕਰਨ ਵਾਲਾ ਕਵੀ ਹੈ। ਉਹ ਜਿਥੇ ਪੰਜਾਬ ਦੇ ਸਮਾਜਿਕ ਜੀਵਨ ਵਿਚ ਆਏ ਨਿਘਾਰ ਅਤੇ ਨੈਤਿਕ ਕਦਰਾਂ-ਕੀਮਤਾਂ ਤੇ ਸਦਾਚਾਰਕ ਮੁੱਲਾਂ ਦੇ ਪਤਨ ਪ੍ਰਤੀ ਆਪਣੀ ਫ਼ਿਕਰਮੰਦੀ ਪ੍ਰਗਟਾਉਂਦਾ ਹੈ, ਉਥੇ ਉਹ ਆਪਣੀਆਂ ਰਚਨਾਵਾਂ ਰਾਹੀਂ ਸਿਹਤਮੰਦ ਅਤੇ ਸਦਾਚਾਰਕ ਜੀਵਨ ਜੀਣ ਲਈ ਪਾਠਕਾਂ ਨੂੰ ਪ੍ਰੇਰਦਾ ਵੀ ਹੈ। ਉਸ ਨੇ ਆਪਣੇ ਮਨ ਦੇ ਉਦਗਾਰਾਂ ਅਤੇ ਮਨੋਭਾਵਾਂ ਨੂੰ ਅਤਿ ਸਰਲ ਸ਼ੈਲੀ ਵਿਚ ਬਿਆਨ ਕੀਤਾ ਹੈ। ਸ਼ਹੀਦੇ-ਆਜ਼ਮ ਭਗਤ ਸਿੰਘ, ਇਨਸਾਨੀਅਤ ਨੂੰ ਕਰੋ ਪਿਆਰ, ਵਿਰਸੇ ਦੀਆਂ ਬਾਤਾਂ, ਕਲਯੁਗੀ ਜ਼ਮਾਨਾ, ਅਜੋਕਾ ਪੰਜਾਬ, ਯਾਦਾਂ ਦੇ ਝਰੋਖੇ, ਧੀ ਨੂੰ ਪਿਆਰ, ਮਾਂ-ਪਿਉ ਦੀ ਸੇਵਾ, ਮੁਕਤੀ ਦਾ ਘਰ, ਬੁਰਾ ਵਕਤ ਕੁਰਬਾਨੀ ਬਾਜਾਂ ਵਾਲੇ ਦੀ, ਮਾਨਸ ਕੀ ਜਾਤ, ਦੋਹੇ ਅਤੇ ਰਸ ਬੋਲਾਂ ਵਿਚ ਭਰ ਬੰਦਿਆ ਆਦਿ ਕਵਿਤਾਵਾਂ ਇਸ ਸੰਗ੍ਰਹਿ ਦੀਆਂ ਪ੍ਰਤੀਨਿਧ ਕਵਿਤਾਵਾਂ ਹਨ। ਮੈਨੂੰ ਆਸ ਹੈ, ਪੰਜਾਬੀ ਪਾਠਕਾਂ ਵੱਲੋਂ ਇਸ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ।

-ਸੁਖਦੇਵ ਮਾਦਪੁਰੀ
ਮੋ: 94630-34472.

ਬਦਲਦੇ ਰੰਗ
ਕਵੀ : ਜਸਵੰਤ ਸਿੰਘ ਢਿੱਲੋਂ
ਪ੍ਰਕਾਸ਼ਕ : ਪ੍ਰੋ: ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 112.

ਜਸਵੰਤ ਸਿੰਘ ਢਿੱਲੋਂ ਅਮਰੀਕਾ ਵੱਸਿਆ ਪੰਜਾਬੀ ਕਵੀ ਹੈ। ਬਦਲਦੇ ਰੰਗ ਉਸ ਦੀ ਪਹਿਲੀ ਕਾਵਿ-ਪੁਸਤਕ ਹੈ। ਕੁੱਲ 38 ਕਾਵਿ ਰਚਨਾਵਾਂ 112 ਸਫ਼ਿਆਂ ਵਿਚ ਹਨ, ਜਿਨ੍ਹਾਂ ਵਿਚ ਕੁਝ ਗੀਤ ਅਤੇ ਨਜ਼ਮਾਂ ਹਨ। ਇਨ੍ਹਾਂ ਕਾਵਿ ਰਚਨਾਵਾਂ ਵਿਚ ਛੰਦ ਅਤੇ ਬਹਿਰ ਸਹਿਜ ਨਾਲ ਨਿਭਾਏ ਗਏ ਹਨ। ਸਾਰੀਆਂ ਕਵਿਤਾਵਾਂ ਦਾ ਲਹਿਜਾ ਸਟੇਜੀ ਕਵਿਤਾਵਾਂ ਵਾਲਾ ਹੈ। ਭਾਸ਼ਾ ਬਹੁਤ ਸਰਲ ਅਤੇ ਸਪੱਸ਼ਟ ਹੈ। ਕਵੀ ਜੋ ਵੀ ਭਾਵ ਵਿਅਕਤ ਕਰਨਾ ਚਾਹੁੰਦਾ ਹੈ, ਉਹ ਸਪਸ਼ਟਤਾ ਨਾਲ ਬਿਆਨ ਕਰਦਾ ਹੈ। ਪਹਿਲੀ ਕਵਿਤਾ 'ਪਿਆਰੀ ਤੇਜ ਨੂੰ' ਸਮਰਪਿਤ ਕਰਦਾ ਹੈ। 'ਤੇਜ' ਉਸ ਦੀ ਜੀਵਨ ਸਾਥਣ ਸੀ, ਜੋ ਪਿਛਲੇ ਸਮੇਂ ਸੁਰਗਵਾਸ ਹੋ ਗਈ। ਕਵਿਤਾ 'ਪੰਜਾਬੀ ਮਿੱਠੀ ਬੋਲੀ' ਵਿਚ ਉਹ ਪੰਜਾਬੀ ਭਾਸ਼ਾ ਦੀ ਸਿਫ਼ਤ ਕਰਦਾ ਹੈ ਅਤੇ ਇਸ ਨੂੰ ਪੰਜਾਬ ਵਿਚ ਵੀ ਬਣਦਾ ਸਥਾਨ ਨਾ ਦਿੱਤੇ ਜਾਣ ਉਤੇ ਰੋਸ ਕਰਦਾ ਹੈ :
ਤੇਰੇ ਮਿੱਠੇ ਗੀਤ ਗਾਉਂਦੇ ਸ਼ਾਮ ਤੇ ਸਵੇਰ ਸੀ।
ਭੰਗੜੇ ਤੇ ਗਿੱਧੇ ਵਿਚ ਤੇਰੇ ਬਿਨਾਂ ਨ੍ਹੇਰ ਸੀ।
ਅੰਮ੍ਰਿਤ 'ਚ ਜ਼ਹਿਰ ਘੋਲ ਗਏ ਉਹ ਅਖੀਰ ਨੀ,
ਰਾਜਨੀਤਕਾਂ ਨੇ ਤੈਨੂੰ ਕੀਤਾ ਲੀਰੋ ਲੀਰ ਨੀ....।
'ਗਰੀਬਾਂ ਦੀ ਦੁਨੀਆ' ਕਵਿਤਾ ਵਿਚ ਕਵੀ ਗਰੀਬਾਂ ਨਾਲ ਹਰ ਪੱਧਰ ਉਤੇ ਆਰਥਿਕ ਵਿਤਕਰੇ ਦੀ ਨਿੰਦਾ ਕਰਦਾ ਹੈ : 'ਨਿਰਧਨ ਦੀ ਜੋਰੂ ਨੂੰ ਦੁਨੀਆ ਭਾਬੀ ਕਹਿੰਦੀ ਹੈ...' ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਦਾਜ ਦੀ ਲਾਹਣਤ, ਸ਼ਰਾਬ ਦੀ ਆਦਤ, ਪੰਜਾਬਣਾਂ ਦੀ ਸਿਫ਼ਤ, ਪੰਜਾਬ ਦੀ ਦੇਸੀ ਖੇਡ ਕਬੱਡੀ ਦੀ ਸਿਫ਼ਤ, ਭਰੂਣ ਹੱਤਿਆ ਦੀ ਨਿਖੇਧੀ, ਸੱਭਿਆਚਾਰਕ ਅਤੇ ਜਲ-ਹਵਾ ਦੇ ਪ੍ਰਦੂਸ਼ਣ ਦੀ ਫ਼ਿਕਰਮੰਦੀ ਆਦਿ ਸਹਿਜ ਨਾਲ ਪੇਸ਼ ਹੋਏ ਹਨ। ਕੁਝ ਕਵਿਤਾਵਾਂ ਧਾਰਮਿਕ ਵੀ ਹਨ ਪਰ ਕੁਝ ਗੀਤ ਅਸਲੋਂ ਹੀ ਹੌਲੇ ਅਤੇ ਬਚਕਾਨਾ ਜਿਹੇ ਹਨ। ਉਸ ਦੇ ਇਕ ਗੀਤ ਦਾ ਮੁਖੜਾ ਦੇ ਕੇ ਅਲਵਿਦਾ :
ਬੰਦ ਕਰਕੇ ਚੁਬਾਰੇ ਦੀਆਂ ਬਾਰੀਆਂ,
ਇਕੱਲੇ ਬਹਿ ਕੇ ਰੋ ਲਈਦਾ।
ਦਾਗ਼ ਤੇਰੀਆਂ ਜੁਦਾਈਆਂ ਵਾਲੇ ਸੱਜਣਾ,
ਹੰਝੂ ਸੰਗ ਧੋ ਲਈਦਾ...।

-ਸੁਲੱਖਣ ਸਰਹੱਦੀ
ਮੋ: 94174-84337.

ਕੈਂਗਰੂਨਾਮਾ ਟਾਪੂ 'ਤੇ ਵਿਚਰਦਿਆਂ

ਲੇਖਕ : ਮਿੰਟੂ ਬਰਾੜ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਕਾਲਾਂਵਾਲੀ ਸਿਰਸਾ (ਹਰਿਆਣਾ)
ਮੁੱਲ :200 ਰੁਪਏ, ਸਫ਼ੇ : 224.

ਵੈਸੇ ਹਰ ਕੋਈ ਹਨੇਰਿਆਂ ਤੋਂ ਤ੍ਰਹਿੰਦਾ ਹੈ। ਪਰ ਕੁਝ ਹਨੇਰਿਆਂ ਦਾ ਧੰਨਵਾਦ ਵੀ ਕਰਦੇ ਹਨ। ਕਿਉਂਕਿ ਹਨੇਰੇ ਕਰਕੇ ਹੀ ਰੌਸ਼ਨੀ ਦੇ ਮਹੱਤਵ ਦਾ ਅਹਿਸਾਸ ਹੁੰਦਾ ਹੈ। 'ਹਨੇਰੇ ਦਾ ਧੰਨਵਾਦ, ਜੁਗਨੂੰ ਵਿਖਾਉਣ ਲਈ।' ਕਹਿਣ ਵਾਲਾ ਮਿੰਟੂ ਬਰਾੜ ਆਸਟ੍ਰੇਲੀਆ ਜਿੱਡੀ ਵਿਸ਼ਾਲ ਪੁਸਤਕ 'ਕੈਂਗਰੂਨਾਮਾ' ਲੈ ਕੇ ਹਾਜ਼ਰ ਹੋਇਆ ਹੈ।
ਉੱਜਲ ਭਵਿੱਖ ਲਈ ਦੇਸ਼-ਵਿਦੇਸ਼ ਵਿਚ ਉਡਾਰੀ ਮਾਰਨ ਲਈ ਮਨੁੱਖ ਦਾ ਮੁੱਢ-ਕਦੀਮੀ ਵਰਤਾਰਾ ਰਿਹਾ ਹੈ। ਬਹੁਤ ਸਾਰੇ ਲੋਕ ਦੇਸ਼-ਵਿਦੇਸ਼ ਦੀ ਚਕਾਚੌਂਧ ਤੇ ਡਾਲਰ-ਪੌਂਡ ਕਮਾਉਣ ਦੀ ਉਲਝਣ ਵਿਚ ਵਿਅਸਥ ਹੋ ਜਾਂਦੇ ਹਨ। ਪਰ ਕੈਂਗਰੂਨਾਮਾ ਪੜ੍ਹ ਕੇ ਇੰਜ ਮਹਿਸੂਸ ਹੁੰਦਾ ਹੈ ਕਿ ਮਿੰਟੂ ਬਰਾੜ ਇਸ ਉਲਝਣ ਤੋਂ ਬਚਦਾ ਹੋਇਆ ਬਹੁਤ ਸਾਰੀਆਂ ਹੋਰ ਸਾਰਥਕ ਗਤਵਿਧੀਆਂ ਲਈ ਵੀ ਸਮਾਂ ਕੱਢ ਹੀ ਲੈਂਦਾ ਹੈ। ਆਪਣੇ ਪਿੰਡੇ 'ਤੇ ਹੰਢਾਏ ਤਜਰਬਿਆਂ ਨੂੰ ਇਕ ਚੰਗੇ ਬੁਲਾਰੇ, ਲੇਖਕ ਤੇ ਸੰਪਾਦਕ ਵਜੋਂ ਲੋਕ ਕਹਚਿਰੀ ਵਿਚ ਵੀ ਰੱਖਦਾ ਰਹਿੰਦਾ ਹੈ। ਬੇਸ਼ੱਕ ਇਨ੍ਹਾਂ ਗਤੀਵਿਧੀਆਂ ਉੱਪਰ ਲੇਖਕ ਦੀ ਚੱਕੀ ਸਿੱਧੀ ਹੀ ਚਲਦੀ ਹੈ ਪਰ ਬੁਰਾਈਆਂ ਰੂਪੀ ਢੋਰਾ ਚੁਗਣ ਲਈ ਉਹ ਉਂਗਲੀ ਟੇਢੀ ਕਰਨ ਤੋਂ ਵੀ ਨਹੀਂ ਝਿਜਕਦਾ, ਜਿਸ ਨਾਲ ਕਈਆਂ ਨੂੰ ਮਿਰਚਾਂ ਵੀ ਲਗਦੀਆਂ ਹੋਣਗੀਆਂ, ਪਰ ਉਹ ਨਿਧੜਕ ਹੋ ਕੇ ਬੇਬਾਕੀ ਨਾਲ ਆਪਣਾ ਸਫ਼ਰ ਜਾਰੀ ਰੱਖ ਰਿਹਾ ਹੈ। ਫੇਸਬੁੱਕ ਦੇ ਵਧਦੇ ਗ਼ੈਰ-ਜ਼ਰੂਰੀ ਰੁਝਾਨ, ਦੇਸੀ ਤੇ ਮਾਡਰਨ ਠੱਗੀ, ਅੰਧ-ਵਿਸ਼ਵਾਸ ਅਤੇ ਅਖੌਤੀ ਸਾਧ ਸੰਤਾਂ ਦੀ ਬੋਲਦੀ ਤੂਤੀ ਆਦਿ ਵਿਸ਼ਿਆਂ ਨੂੰ ਬੜੇ ਭਾਵਪੂਰਤ ਵਿਧਾ ਨਾਲ ਇਸ ਪੁਸਤਕ ਵਿਚ ਉਜਾਗਰ ਕੀਤਾ ਮਿਲਦਾ ਹੈ। ਆਸਟ੍ਰੇਲੀਆ ਦੇ ਕੁਝ ਕੁ ਇਲਾਕੇ ਨੂੰ ਛੱਡ ਕੇ ਕਰੀਬ ਪੂਰੇ ਦੇ ਪੂਰੇ ਆਸਟ੍ਰੇਲੀਆ ਨੂੰ ਕਿਸੇ ਨਾ ਕਿਸੇ ਰੂਪ ਵਿਚ ਜੱਫਾ ਮਾਰਨ ਵਾਲੀ ਇਸ ਪੁਸਤਕ ਦੇ ਲੇਖਾਂ ਦੇ ਕੁਝ ਸਿਰਲੇਖ ਪਾਠਕਾਂ ਨੂੰ ਝੰਜੋੜ ਦਿੰਦੇ ਹਨ। ਪਰ ਜਦ ਲੇਖਾਂ ਨੂੰ ਉਤਸਕ ਨਾਲ ਪੜ੍ਹਿਆ ਜਾਂਦਾ ਹੈ, ਉਸ ਦੇ ਅਸਲ ਸਾਰਥਕ ਮਾਇਨੇ ਹੋਰ ਈ ਨਿਕਲਦੇ ਨੇ। 'ਕੈਂਗਰੂਨਾਮਾ' ਪੁਸਤਕ ਵਿਚਲੇ ਵਿਸ਼ੇ/ਉਪ-ਵਿਸ਼ੇ, ਰਾਜਨੀਤਕ, ਸਮਾਜਿਕ, ਧਾਰਮਿਕ ਮਹਾਨ ਹਸਤੀਆਂ, ਲੇਖਕਾਂ, ਗੀਤਕਾਰਾਂ, ਵਿਦਵਾਨਾਂ, ਗਾਇਕਾਂ, ਫ਼ਿਲਮਸਾਜ਼ਾਂ, ਸੰਗੀਤਕਾਰਾਂ, ਦੇਸ਼-ਵਿਦੇਸ਼ ਵਿਚ ਮਾਂ-ਬੋਲੀ (ਪੰਜਾਬੀ) ਦਾ ਝੰਡਾ ਬੁਲੰਦ ਕਰਨ ਵਾਲੇ ਉਦਮੀਆਂ ਦੀਆਂ ਸਖ਼ਤ ਘਾਲਾਵਾਂ ਤੇ ਮਾਣਮੱਤੀਆਂ ਪ੍ਰਾਪਤੀਆਂ ਦੇ ਜ਼ਿਕਰ ਦੇ ਨਾਲ-ਨਾਲ ਰੰਗਦਾਰ ਤਸਵੀਰਾਂ ਇਸ ਪੁਸਤਕ ਨੂੰ ਹੋਰ ਵੀ ਚਾਰ-ਚੰਨ ਲਾਉਣ ਦੇ ਪੂਰੀ ਤਰ੍ਹਾਂ ਸਮਰੱਥ ਹਨ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 9876474858

ਨਾਗਮਣੀ
ਲੇਖਕ : ਪ੍ਰੋ: ਗੁਰਦੇਵ ਸਿੰਘ ਸੰਦੌੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 96.

ਨਾਗਮਣੀ ਵਿਚ ਕੁੱਲ 8 ਕਹਾਣੀਆਂ ਹਨ। ਇਨ੍ਹਾਂ ਤੋਂ ਪਹਿਲਾਂ ਲੇਖਕ ਦੀਆਂ 10 ਪੁਸਤਕਾਂ ਆ ਚੁੱਕੀਆਂ ਹਨ। ਪੁਸਤਕ ਦੀਆਂ ਕਹਾਣੀਆਂ ਵਿਚ ਲੇਖਕ ਗ਼ਰੀਬ, ਨਿਮਾਣੀ ਤੇ ਨਿਤਾਣੀ ਸਮਾਜ ਦੀ ਦੱਬੀ-ਕੁਚਲੀ ਧਿਰ ਨਾਲ ਖੜ੍ਹਦਾ ਹੈ। ਲੇਖਕ ਖ਼ੁਦ ਪਾਤਰ ਬਣ ਕੇ ਵਿਚਰਦਾ ਹੈ। ਕਹਾਣੀਆਂ ਦੇ ਪਾਤਰ ਸੰਘਰਸ਼ਮਈ ਜੀਵਨ ਦਾ ਅਕਸ ਪੇਸ਼ ਕਰਦੇ ਹਨ। ਰਾਜਸੀ, ਸਮਾਜੀ ਜਾਂ ਕਿਸੇ ਵੀ ਜਬਰ ਅੱਗੇ ਦੀਵਾਰ ਬਣ ਕੇ ਖੜ੍ਹਨ ਵਾਲੇ ਪਾਤਰ ਪੁਸਤਕ ਦੀਆਂ ਕਹਾਣੀਆਂ ਵਿਚ ਸਾਡੇ ਸਨਮੁੱਖ ਹਨ। ਸਿਰਲੇਖ ਵਾਲੀ ਕਹਾਣੀ ਦੀ ਪਾਤਰ ਕੁੜੀ ਨਾਗਮਣੀ, ਦਲੀਪ ਚੰਦ, ਪਾਸਪੋਰਟ ਦਫ਼ਤਰ ਚੰਡੀਗੜ੍ਹ ਵਿਚ ਕਤਾਰ ਵਿਚ ਖੜ੍ਹਾ ਲੇਖਕ (ਕਹਾਣੀ ਬ੍ਰਹਮੇਸ਼ਵਰ) ਆਲ੍ਹਣਾ ਦਾ ਝਲਮਣ, ਭੱਠੀ ਵਾਲੀ, ਰਾਜਵੀਰ ਦਾ ਫ਼ੌਜ ਪਤੀ (ਕਹਾਣੀ ਠਾਂਗਰ) ਸਾਰੇ ਸਮਾਜ ਵਿਚ ਸਵੈਮਾਣ ਨਾਲ ਜਿਊਣਾ ਲੋਚਦੇ ਹਨ। ਵਿਰੋਧੀ ਪ੍ਰਸਥਿਤੀਆਂ ਨਾਲ ਲੋਹਾ ਲੈਂਦੇ ਹਨ।
ਕੁਝ ਕਹਾਣੀਆਂ ਦਾ ਆਰੰਭ ਨਿਬੰਧ ਵਰਗੀ ਵਾਰਤਕ ਨਾਲ ਹੁੰਦਾ ਹੈ। ਕਹਾਣੀ ਤੁਰਦੀ ਤੁਰਦੀ ਪਾਠਕ ਅੱਗੇ ਕਈ ਅਟੱਲ ਸਚਾਈਆਂ ਪੇਸ਼ ਕਰ ਜਾਂਦੀ ਹੈ। ਜਿਵੇਂ ਇਹ ਦੋ ਇੱਟਾਂ ਮੇਰੇ ਜੀਵਨ ਦਾ ਸਹਾਰਾ ਬਣ ਗਈਆਂ (ਕਹਾਣੀ ਆਲ੍ਹਣਾ) ਪੰਨਾ-61.
ਨਾਗਮਣੀ ਦੀ ਪਾਤਰ ਕਹਿੰਦੀ ਹੈ, 'ਮੇਰੇ ਘਰ ਵਿਚ ਤਿੰਨ ਮਰਦ ਹਨ ਮੇਰਾ ਬਾਪ, ਮੇਰਾ ਭਰਾ, ਮੇਰਾ ਭਤੀਜਾ ਤਿੰਨਾਂ ਨੇ ਮੇਰੇ ਨਾਲ ਧੋਖਾ ਕੀਤਾ ਹੈ। ਮੇਰੇ ਨਾਲ ਹਰ ਮਰਦ ਨੇ ਧੋਖਾ ਕੀਤਾ ਹੈ।' (ਪੰਨਾ 21) ਫ਼ੌਜੀ ਦੀ ਪਤਨੀ ਦੇ ਬੋਲ ਹਨ 'ਫ਼ੌਜੀ ਦੀ ਰੰਨ ਕਹਾਉਣਾ ਬੜਾ ਔਖਾ ਹੁੰਦਾ ਹੈ। ਜੁਆਕ ਸਕੂਲ ਚਲੇ ਜਾਂਦੇ ਹਨ ਤੇਰਾ ਬਾਪ ਕੁਰਸੀ 'ਤੇ ਬੈਠਾ ਮੇਰੇ ਵੱਲ ਕਸਾਈਆਂ ਵਾਂਗ ਤੱਕਦਾ ਰਹਿੰਦਾ ਹੈ' (ਪੰਨਾ 35)। ਲੇਖਕ ਪੰਨਾ 4 ਤੋਂ 11 ਤੱਕ ਆਪਣੀ ਕਹਾਣੀ ਸਿਰਜਣਾ ਬਾਰੇ ਗੰਭੀਰ ਚਰਚਾ ਕਰਦਾ ਹੈ। ਪੰਜਾਬੀ ਕਹਾਣੀ ਖੇਤਰ ਵਿਚ ਇਸ ਅਜ਼ੀਮ ਪੁਸਤਕ ਦਾ ਭਰਪੂਰ ਸਵਾਗਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

06-12-2014

 ਮਹਾਕਾਵਿ :ਪਰਿਭਾਸ਼ਾ, ਸਿਧਾਂਤ ਤੇ ਸਰੂਪ
ਲੇਖਿਕਾ : ਰੁਪਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 128.

ਮਹਾਕਾਵਿ ਕਿਸੇ ਯੁੱਗ, ਸਮਾਜ ਜਾਂ ਸੰਸਕ੍ਰਿਤੀ ਦਾ ਸਮੂਹਿਕ ਤੇ ਗੌਰਵਮਈ ਚਿਤ੍ਰਣ ਕਰਨ ਵਾਲੀ ਵਡ-ਅਕਾਰੀ ਬਿਰਤਾਂਤਕ ਰਚਨਾ ਦਾ ਨਾਂਅ ਹੈ। ਪੂਰਬ ਤੇ ਪੱਛਮ ਦੋਵਾਂ ਵਿਚ ਇਸ ਦੀ ਲੰਮੀ ਪ੍ਰੰਪਰਾ ਹੈ ਅਤੇ ਆਪਣੀਆਂ ਰਚਨਾਵਾਂ ਰੂੜੀਆਂ ਹਨ। ਗਰੀਕ ਤੇ ਰੋਮਨ ਕਾਲ ਉਪਰੰਤ ਮੱਧ ਕਾਲ ਵਿਚ ਅੰਗਰੇਜ਼ੀ ਵਿਚ ਸਨਾਤਨੀ ਮਹੱਤਵ ਵਾਲੇ ਮਹਾਕਾਵਿ ਰਚੇ ਗਏ ਹਨ। ਸੰਸਕ੍ਰਿਤ ਵਿਚ ਮਹਾਂਕਾਵਿ ਬਾਰੇ ਸਿਧਾਂਤਕ ਚਿੰਤਨ ਦੇ ਨਾਲ-ਨਾਲ ਮਹਾਂਕਾਵਿ ਦੀ ਮਾਣਮੱਤੀ ਪ੍ਰੰਪਰਾ ਹੈ। ਹਿੰਦੀ ਤੇ ਹੋਰ ਭਾਰਤੀ ਭਾਸ਼ਾਵਾਂ ਵਾਂਗ ਪੰਜਾਬੀ ਵਿਚ ਵੀ ਵੱਡੀ ਗਿਣਤੀ ਵਿਚ ਮਹਾਂਕਾਵਿ ਰਚੇ ਗਏ ਹਨ। ਪੰਜਾਬੀ ਵਿਚ ਹੁਣ ਤੱਕ ਸਾਢੇ ਸੱਤ ਦਰਜਨ ਦੇ ਕਰੀਬ ਮਹਾਂਕਾਵਿ ਲਿਖੇ ਗਏ ਹਨ। ਰੁਪਿੰਦਰ ਕੌਰ ਨੇ ਮਹਾਂਕਾਵਿ ਦੇ ਪੂਰਬੀ ਤੇ ਪੱਛਮੀ ਸਿਧਾਂਤਕ ਚਿੰਤਨ ਨਾਲ ਜਾਣ-ਪਛਾਣ ਕਰਵਾਉਣ ਉਪਰੰਤ ਪੰਜਾਬੀ ਮਹਾਂਕਾਵਿ ਦੇ ਬਦਲਦੇ ਸਰੂਪ ਦੀ ਆਲੋਚਨਾਤਮਕ ਝਲਕ ਆਪਣੀ ਇਸ ਪੁਸਤਕ ਵਿਚ ਪੇਸ਼ ਕੀਤੀ ਹੈ। ਪੁਸਤਕ ਡਿਗਰੀ ਸਾਪੇਖ ਖੋਜ ਪ੍ਰਬੰਧ ਦਾ ਅੰਸ਼ ਪ੍ਰਤੀਤ ਹੁੰਦੀ ਹੈ, ਜਿਸ ਕਾਰਨ ਇਸ ਦੇ ਅਧੂਰੇਪਣ ਦਾ ਅਹਿਸਾਸ ਹੁੰਦਾ ਹੈ। ਲਗਦਾ ਹੈ ਕਿ ਲੇਖਿਕਾ ਅਜੇ ਇਸੇ ਵਿਸ਼ੇ ਉੱਤੇ ਹੋਰ ਕਾਫੀ ਕੁਝ ਕਹਿਣਾ ਚਾਹੁੰਦੀ ਹੈ ਜੋ ਉਹ ਕਿਸੇ ਵੱਖਰੀ ਪੁਸਤਕ ਜਾਂ ਖੋਜ ਪ੍ਰਬੰਧ ਵਿਚ ਕਹੇਗੀ। ਇਹ ਉਸ ਦੇ ਪ੍ਰਸਤਾਵ ਤੇ ਪ੍ਰਯਤਨ ਦਾ ਪਹਿਲਾ ਕਿੱਸਾ ਮਾਤਰ ਹੈ। ਪ੍ਰਾਪਤ ਰੂਪ ਵਿਚ ਇਸ ਪੁਸਤਕ ਦੇ ਛੇ ਅਧਿਆਇ ਹਨ। ਪਹਿਲਾ ਅਧਿਆਇ ਮਹਾਂਕਾਵਿ ਨੂੰ ਸੰਸਕ੍ਰਿਤ ਰਿਸ਼ੀਆਂ, ਹਿੰਦੀ ਵਿਦਵਾਨਾਂ, ਅੰਗਰੇਜ਼ੀ ਕੋਸ਼ਾਂ, ਵਿਸ਼ਵਕੋਸ਼ਾਂ ਦੇ ਆਧਾਰ 'ਤੇ ਪਰਿਭਾਸ਼ਿਤ ਕਰਕੇ ਇਸ ਦੇ ਸਰੂਪ, ਰੂਪ ਭੇਦਾਂ ਅਤੇ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਦਾ ਹੈ। ਲੇਖਿਕਾ ਨੇ ਸੰਕਲਨਾਤਮਕ ਤੇ ਕਲਾਤਮਕ ਮਹਾਂਕਾਵਿ ਦਾ ਅੰਤਰ ਮਿਹਨਤ ਨਾਲ ਸਪੱਸ਼ਟ ਕੀਤਾ ਹੈ। ਸੰਕਲਨਾਤਮਿਕ ਮਹਾਕਾਵਿ ਦਾ ਕਥਾ ਵਸਤੂ ਵਿਸਤ੍ਰਿਤ, ਘੱਟ-ਸੰਗਠਿਤ, ਵਧੇਰੇ ਪ੍ਰਸੰਗਿਕ ਕਥਾਵਾਂ ਅਤੇ ਇਕ ਤੋਂ ਵਧੇਰੇ ਲੇਖਕਾਂ ਦੇ ਸਦੀਆਂ ਲੰਮੇ ਯਤਨਾਂ ਦੀ ਦੇਣ ਹੁੰਦਾ ਹੈ। ਕਲਾਤਮਕ ਮਹਾਕਾਵਿ ਸੰਗਠਿਤ, ਸੰਜਮ ਭਰਪੂਰ, ਘੱਟ ਪ੍ਰਸੰਸਗਿਕ ਕਥਾਵਾਂ ਵਾਲਾ ਵਿਅਕਤੀਗਤ ਉੱਦਮ ਹੁੰਦਾ ਹੈ।
ਰੁਪਿੰਦਰ ਕੌਰ ਨੇ ਦੂਜੇ ਤੇ ਤੀਜੇ ਅਧਿਆਇ ਵਿਚ ਭਾਰਤੀ ਤੇ ਪੱਛਮੀ ਚਿੰਤਕਾਂ ਦੇ ਮਹਾਂਕਾਵਿ ਬਾਰੇ ਚਿੰਤਨ ਨੂੰ ਅੰਕਿਤ ਕੀਤਾ ਹੈ। ਚੌਥੇ ਅਧਿਆਇ ਵਿਚ ਉਪਰੋਕਤ ਦੋਵਾਂ ਦਾ ਤੁਲਨਾਤਮਕ ਅਧਿਐਨ ਹੈ। ਪੰਜਵੇਂ ਅਤੇ ਛੇਵੇਂ ਅਧਿਆਇ ਵਿਚ ਪੰਜਾਬੀ ਮਹਾਂਕਾਵਿ ਨੂੰ ਗੁਰ ਬਿਲਾਸਾ ਤੇ ਅਨੁਵਾਦਿਤ ਮਹਾਂਕਾਵਿ ਰਚਨਾਵਾਂ ਤੋਂ ਸ਼ੁਰੂ ਕਰਕੇ ਮੋਹਨ ਸਿੰਘ, ਅਵਤਾਰ ਸਿੰਘ ਆਜ਼ਾਦ, ਕਿਰਪਾ ਸਾਗਰ, ਭਾਈ ਵੀਰ ਸਿੰਘ, ਇੰਦਰ ਸਿੰਘ ਚੱਕਰਵਰਤੀ, ਇੰਦਰਜੀਤ ਸਿੰਘ ਤੁਲਸੀ ਤੇ ਹਰਿੰਦਰ ਮਹਿਬੂਬ ਤੱਕ ਵਿਸ਼ਲੇਸ਼ਿਤ ਕੀਤਾ ਹੈ।

-ਕੁਲਦੀਪ ਸਿੰਘ ਧੀਰ
ਮੋ: 98722-60550

ਟਚਿੰਗ ਮੂਮੈਂਟਸ
ਲੇਖਕ : ਵਰਿਆਮ ਮਸਤ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 200 ਰੁਪਏ, ਸਫ਼ੇ : 143.

ਪੁਸਤਕ ਦੀਆਂ 25 ਕਹਾਣੀਆਂ ਵਿਚੋਂ ਵਧੇਰੇ ਲੇਖਕ ਦੇ ਸੰਪਰਕ ਵਿਚ ਆਈਆਂ ਵੱਖ-ਵੱਖ ਤਰ੍ਹਾਂ ਦੀਆਂ ਕੁੜੀਆਂ ਦੀਆਂ ਮਜਬੂਰੀਆਂ ਅਤੇ ਕਈ ਨਾਜ਼ੁਕ ਪਲਾਂ ਦਾ ਵਰਨਣ ਹੈ। ਅਸਲ ਵਿਚ ਇਹ ਨਾਜ਼ੁਕ ਪਲ ਹੀ ਟਚਿੰਗ ਮੁਮੈਂਟਸ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪਾਠਕ ਉਨ੍ਹਾਂ ਪਲਾਂ ਨਾਲ ਇਕਸੁਰ ਹੋ ਜਾਂਦਾ ਹੈ। ਜਿਵੇਂ ਕਹਾਣੀ ਸੇਵ ਡਿਲੀਟ ਦੀ ਰਿਸੈਪਸ਼ਨਿਸਟ ਕੁੜੀ ਆਪਣੇ ਤਜਰਬੇ ਲੇਖਕ ਨਾਲ ਸਾਂਝੇ ਕਰਦੀ ਹੈ। ਸਰਪਰਾਈਜ਼ ਕਾਲ ਕਹਾਣੀ ਦੀ ਗੁਹਾਟੀ ਦੀ ਔਰਤ ਅਖ਼ਬਾਰ ਨਵੀਸ, ਭੀੜੀਆਂ ਗਲੀਆਂ ਦੀ ਜੂਹੀ, ਕੰਡਿਆਲੀ ਤਾਰ ਦੀ ਕਸ਼ਮੀਰੀ ਔਰਤ, ਉਹ ਮੈਂ ਦੀ ਰੋਜ਼ੀ, ਖ਼ੁਦਾ ਹਾਫ਼ਿਜ਼ ਦੀ ਸਲਮਾ, ਰੈਗਜ਼ ਕਹਾਣੀ ਦੀ ਹਲਵਾਈ ਦੀ ਦੁਕਾਨ ਤੋਂ ਲੱਡੂ ਲੈਣ ਆਉਂਦੀ ਗ਼ਰੀਬ ਕੁੜੀ, ਗੁਲਾਬੀ ਫੁੱਲ ਦੀ ਲਿਟਰੇਰੀ ਔਰਤ, ਗੋਰੀ ਨਦੀ ਦੀ ਈਸਾ, ਕੋਡੀਆ ਕਹਾਣੀ ਦੀ ਕੁੜੀ ਦੀ ਕਿਸੇ ਹੋਰ ਵਿਆਹ ਕਰਾਉਣ ਦੀ ਤਾਂਘ ਦੱਬ ਜਾਂਦੀ ਹੈ। ਇਹ ਪਾਤਰ ਲੇਖਕ ਨਾਲ ਸਹਿਜ ਰੂਪ ਵਿਚ ਮਿਲਦੇ ਹਨ। ਮਜਬੂਰੀਆਂ, ਪਰਿਵਾਰਕ ਝਮੇਲੇ, ਮਾਂ-ਬਾਪ ਦੀ ਸਾਂਭ-ਸੰਭਾਲ, ਮਰਦਾਂ ਵੱਲੋਂ ਕੀਤਾ ਜਾਂਦਾ ਸ਼ੋਸ਼ਣ ਤੇ ਹੋਰ ਕਈ ਦ੍ਰਿਸ਼ ਕਹਾਣੀਆਂ ਵਿਚ ਸਾਕਾਰ ਹੁੰਦੇ ਹਨ। ਕਹਾਣੀਆਂ ਦੇ ਇਹ ਇਸਤਰੀ ਪਾਤਰ ਨਸ਼ੇ ਆਮ ਕਰਦੇ ਹਨ। ਕਹਾਣੀ 'ਵੀਲ ਚੇਅਰ' ਵਿਚ ਔਰਤ ਪਾਤਰ ਲੇਖਕ ਨਾਲ ਰਹੱਸਮਈ ਗੱਲਾਂ ਵੀ ਕਰਦੀ ਹੈ। ਅਤਿ ਆਧੁਨਿਕ ਅਤੇ ਨਿਵੇਕਲੀ ਸ਼ੈਲੀ ਦੀ ਇਸ ਪੁਸਤਕ ਦਾ ਭਰਪੂਰ ਸੁਆਗਤ ਹੈ। ਕਹਾਣੀਆਂ ਦੇ ਆਂਚਲਿਕ ਦ੍ਰਿਸ਼ ਤੇ ਪ੍ਰਕਿਰਤਕ ਨਜ਼ਾਰੇ ਮਨ ਮੋਹ ਲੈਂਦੇ ਹਨ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 9814856160

ਮੈਂ ਸਤਰ ਸਤਰ ਹੋਣਾ ਹੈ
ਗ਼ਜ਼ਲਗੋ : ਦਵਿੰਦਰ ਪੂਨੀਆ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88.

ਇਸ ਗ਼ਜ਼ਲ ਸੰਗ੍ਰਹਿ ਵਿਚ ਗ਼ਜ਼ਲਗੋ ਦਾ ਆਪਾ ਸਤਰ ਸਤਰ ਹੋ ਕੇ ਵਿਛ ਗਿਆ ਹੈ। ਸਾਰੀਆਂ ਗ਼ਜ਼ਲਾਂ ਹੀ ਮਹੀਨ, ਜ਼ਹੀਨ ਅਤੇ ਹੁਸੀਨ ਹਨ। ਜ਼ਿੰਦਗੀ ਦੇ ਵਿਸ਼ਾਲ ਕੈਨਵਸ ਵਾਂਗ ਇਨ੍ਹਾਂ ਵਿਚ ਸਾਰੇ ਹੀ ਰੰਗ ਵਿਦਮਾਨ ਹਨ-ਖੁਸ਼ੀ, ਗ਼ਮੀ, ਸ਼ਿੱਦਤ, ਚਾਉ, ਉਮਾਹ, ਸ਼ਿਕਵੇ, ਰੋਣੇ, ਇਜ਼ਹਾਰ, ਇਕਰਾਰ, ਇਸਰਾਰ ਅਤੇ ਖੁਮਾਰ। ਇਨ੍ਹਾਂ ਦੇ ਖ਼ੂਬਸੂਰਤ ਤੇ ਖ਼ੂਬਸੀਰਤ ਜਲੌਅ ਦੀਆਂ ਕੁਝ ਕਿਰਨਾਂ ਪੇਸ਼ ਹਨ-
-ਸ਼ੋਰ ਦੇ ਸ਼ੋਰ ਚੁੱਪ ਦੀ ਚੁੱਪ ਤੋਂ ਪਰੇ
ਮੇਰੇ ਅੰਦਰ ਕੋਈ ਰਿਆਜ਼ ਕਰੇ।
-ਸਾਰਿਆਂ ਹੀ ਤਾਰਿਆਂ ਨੇ
ਦਸਤਖ਼ਤ ਅੱਖਾਂ 'ਤੇ ਕੀਤੇ
ਤੇਰੇ ਝਲਕਾਰੇ ਦੀ ਥਾਂ ਖ਼ਾਲੀ ਪਈ ਹੈ ਜਾਗਦੇ ਹਾਂ।
-ਇਹ ਉਮਰ ਕੈਦ ਵੀ ਹੈ ਮੌਤ ਦੀ ਸਜ਼ਾ ਵੀ ਹੈ
ਜੇ ਤੇਰਾ ਪਿਆਰ ਮਿਲੇ ਜ਼ਿੰਦਗੀ ਮਜ਼ਾ ਵੀ ਹੈ।
-ਇਹ ਨੈਣ ਅਜ਼ਲਾਂ ਤੋਂ ਹੀ ਰਹੱਸਾਂ ਦਾ ਗੜ੍ਹ ਰਹੇ ਨੇ
ਇਨ੍ਹਾਂ ਦੇ ਸਾਹਵੇਂ ਤਾਂ ਫ਼ਲਸਫ਼ੇ ਝੁਕ ਕੇ ਖੜ੍ਹੇ ਰਹੇ ਨੇ।
-ਕਦੋਂ ਵੇਖਣਾ ਹੈ ਤੂੰ ਖ਼ਾਬਾਂ ਤੋਂ ਅੱਗੇ
ਨਿਕਲ ਜਾ ਸਵਾਲਾਂ ਜਵਾਬਾਂ ਤੋਂ ਅੱਗੇ।
ਇਨ੍ਹਾਂ ਗ਼ਜ਼ਲਾਂ ਵਿਚੋਂ ਅਲੌਕਿਕ ਰਮਜ਼ਾਂ ਅਤੇ ਰਹੱਸ ਝਲਕਦੇ ਹਨ। ਟਣਕਦੀ ਮੁਹਾਵਰੇਦਾਰ ਬੋਲੀ ਠੁੱਕ ਬੰਨ੍ਹਦੀ ਹੈ। ਇਨ੍ਹਾਂ ਵਿਚ ਪਹਾੜੋਂ ਨਿਕਲੀ ਕੂਲ ਵਰਗੀ ਰਵਾਨਗੀ, ਠੰਢਕ ਅਤੇ ਟਿਕਾਅ ਹੈ। ਇਸ ਪਿਆਰੀ ਸ਼ਾਇਰੀ ਵਿਚ ਆਤਮਾ ਦੇ ਰੰਗ, ਕਾਦਰ ਦਾ ਸੰਗ, ਕੁਦਰਤ ਦੀ ਤਰੰਗ ਹੈ। ਇਸ ਨੂੰ ਪੜ੍ਹ ਕੇ ਮਾਣਿਆ ਜਾਵੇ ਅਤੇ ਮਸਤ ਅਲਮਸਤ ਹੋ ਕੇ ਆਪਾ ਭੁਲਾਇਆ ਜਾਵੇ ਤਾਂ ਹੀ ਇਸ ਦੇ ਜਾਦੂ ਦਾ ਪਤਾ ਲੱਗੇਗਾ। ਇਸ ਸ਼ਾਇਰੀ ਵਿਚ ਦਿਲ ਦੇ ਕੰਵਲ ਖਿੜਾਉਣ ਦੀ ਸਮਰੱਥਾ ਹੈ। ਪੰਜਾਬੀ ਗ਼ਜ਼ਲ ਖੇਤਰ ਵਿਚ ਇਹੋ ਜਿਹੀ ਸ਼ਾਇਰੀ ਦਾ ਆਪਣਾ ਵਿਸ਼ੇਸ਼ ਮੁਕਾਮ ਹੈ। ਖੁਸ਼ ਆਮਦੀਦ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

ਮੋਮ ਦਾ ਬੁੱਤ
ਗ਼ਜ਼ਲਕਾਰ : ਜੱਗੀ ਮਾਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 103.

'ਮੋਮ ਦਾ ਬੁੱਤ' ਪੁਸਤਕ ਨਾਲ ਜੱਗੀ ਮਾਨ ਨੇ ਪੰਜਾਬੀ ਗ਼ਜ਼ਲ ਸਾਹਿਤ ਵਿਚ ਸਾਬਿਤ ਕਦਮੀ ਨਾਲ ਪ੍ਰਵੇਸ਼ ਕੀਤਾ ਹੈ। ਇਸ ਕਿਤਾਬ ਵਿਚ ਮਾਨ ਦੀਆਂ ਕੁੱਲ 87 ਗ਼ਜ਼ਲਾਂ ਪ੍ਰਕਾਸ਼ਤ ਹੋਈਆਂ ਹਨ। ਗ਼ਜ਼ਲਕਾਰ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਸੀਖਾਂ ਪਿੱਛੇ ਡੱਕੇ ਗਏ ਨਿਰਦੋਸ਼ਾਂ ਦਾ ਵਰਨਣ ਵੀ ਹੈ, ਇਨ੍ਹਾਂ ਵਿਚ ਫੋਕੇ ਭਾਸ਼ਨ ਕਰਨ ਵਾਲੇ ਨੇਤਾਵਾਂ ਦਾ ਪਾਜ ਵੀ ਉਘਾੜਿਆ ਗਿਆ ਹੈ ਤੇ ਇਨ੍ਹਾਂ ਸ਼ਿਅਰਾਂ ਵਿਚ ਸਾਧਾਂ ਦੇ ਭੇਸ ਵਿਚ ਫਿਰਦੇ ਚੋਰਾਂ ਦਾ ਵੀ ਵਰਨਣ ਹੈ। ਉਸ ਮੁਤਾਬਿਕ ਮਨੁੱਖੀ ਜ਼ਿੰਦਗੀ ਰੰਗ ਬਦਲਦੀ ਰਹਿੰਦੀ ਹੈ ਤੇ ਖ਼ੁਸ਼ੀਆਂ-ਗ਼ਮੀਆਂ ਨਾਲੋ-ਨਾਲ ਚਲਦੀਆਂ ਹਨ। ਜੱਗੀ ਦੇ ਸ਼ਿਅਰਾਂ ਵਿਚ ਉਸ ਦੇ ਦਿਲ ਦਾ ਆਪਣਾ ਦਰਦ ਵੀ ਹੈ ਤੇ ਲੋਕ ਵੇਦਨਾ ਵੀ। ਉਹ ਆਪਣੇ ਪਿਆਰੇ ਦੇ ਗ਼ਮ 'ਚੋਂ ਉਸ ਦੀ ਸੂਰਤ ਦੇਖਦਾ ਹੈ ਤੇ ਉਸ ਨੂੰ ਮਾਣਦਾ ਵੀ ਹੈ। ਬੁੱਤ ਪ੍ਰਸਤੀ, ਅਨੈਤਿਕ ਰਸਮਾਂ ਤੇ ਰਿਵਾਜ ਉਸ ਨੂੰ ਪਸੰਦ ਨਹੀਂ ਹਨ। ਉਸ ਨੂੰ ਬੀਤ ਚੁੱਕੀ ਬਹਾਰ ਦਾ ਝੋਰਾ ਹੈ ਤੇ ਉਸ ਨੂੰ ਉੱਜੜ ਚੁੱਕੇ ਬਾਗ਼ ਦਾ ਦੁੱਖ ਵੀ ਹੈ। ਕਈ ਥਾਈਂ ਉਹ ਮਾਯੂਸੀ ਦੇ ਆਲਮ 'ਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤੇ ਆਪਣੇ-ਆਪ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ। ਗ਼ਜ਼ਲਕਾਰ ਵੱਖ-ਵੱਖ ਰੰਗਾਂ ਦੀਆਂ ਪੱਗਾਂ ਬੰਨ੍ਹੀ ਫਿਰਦੇ ਰਾਜਨੀਤੀ ਦੇ ਨੇਤਾਵਾਂ ਨੂੰ ਇਕੋ ਸ਼੍ਰੇਣੀ ਵਿਚ ਰੱਖਦਾ ਹੈ ਤੇ ਉਸ ਨੂੰ ਇਨਸਾਫ਼ ਦੇਣ ਵਾਲਿਆਂ ਦੀ ਇਕ ਪਾਸੜ ਸੋਚ 'ਤੇ ਵੀ ਗਿਲਾ ਹੈ। 'ਮੋਮ ਦਾ ਬੁੱਤ' ਪੁਸਤਕ ਤਕਨੀਕੀ ਤੌਰ 'ਤੇ ਕਾਫ਼ੀ ਹੱਦ ਤਕ ਸੰਤੋਸ਼ਜਨਕ ਹੈ ਪਰ ਅਜੇ ਗ਼ਜ਼ਲਕਾਰ ਨੇ ਬਹੁਤ ਲੰਮੇਰਾ ਸਫ਼ਰ ਤੈਅ ਕਰਨਾ ਹੈ ਤੇ ਇਹ ਵੀ ਸੱਚ ਹੈ ਕਿ ਹੁਣ ਪੰਜਾਬੀ ਗ਼ਜ਼ਲ ਸਾਹਿਤ ਵਿਚ ਸਥਾਪਤੀ ਐਨੀ ਸਰਲ ਨਹੀਂ ਰਹੀ, ਕਿਉਂਕਿ ਅਜ ਹਰ ਨਵਾਂ ਪੰਜਾਬੀ ਸ਼ਾਇਰ ਗ਼ਜ਼ਲ ਲਿਖਣ ਨੂੰ ਤਰਜੀਹ ਦੇ ਰਿਹਾ ਹੈ ਤੇ ਇਸ ਵੱਡੇ ਕਾਫ਼ਿਲੇ 'ਚੋਂ ਮਿਹਨਤੀ ਕਲਮਕਾਰ ਹੀ ਅੱਗੇ ਆ ਸਕਣਗੇ।

-ਗੁਰਦਿਆਲ ਰੌਸ਼ਨ
ਮੋ: 9988444002

ਦਿੱਲੀ ਦੀ ਵਕੀਲ ਕੁੜੀ
ਲੇਖਕ : ਡਾ: ਗੁਰਨਾਮ ਸਿੰਘ ਤੀਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ 192.

'ਦਿੱਲੀ ਦੀ ਵਕੀਲ ਕੁੜੀ' 1989 ਵਿਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ। ਇਹ ਉਸ ਦਾ ਨਵਾਂ ਐਡੀਸ਼ਨ ਹੈ। ਇਸ ਵਿਚ ਕੁੱਲ 36 ਹਾਸ-ਵਿਅੰਗ ਲੇਖ ਸ਼ਾਮਿਲ ਕੀਤੇ ਗਏ ਹਨ। ਡਾ: ਤੀਰ ਪਾਠਕਾਂ ਨੂੰ ਹਸਾਉਣ ਲਈ ਕਈ ਵਿਧੀਆਂ ਦਾ ਪ੍ਰਯੋਗ ਕਰਦੇ ਹਨ। ਇਕ ਵਿਧੀ ਹੈ ਇਕੋ ਵਾਕ ਨੂੰ ਵਾਰ-ਵਾਰ ਦੁਹਰਾਈ ਜਾਣਾ। ਇਸ ਵਿਧੀ ਰਾਹੀਂ ਉਨ੍ਹਾਂ ਨੇ 'ਜਾਣੋ ਪੀਤੀ ਵੀ ਹੈ ਤੇ ਨਹੀਂ ਵੀ', ਆਂਟੀ ਰੂਹ ਅਫ਼ਜ਼ਾ, ਮੋਗਾ-ਕਲਕੱਤਾ ਰੋਡ, ਕੰਪਨੀ ਸੇਕ, ਜਦੋਂ ਰੰਗ ਬੰਨ੍ਹਣਾ ਪਵੇ, ਹਾਸ-ਰਸੀ ਲੇਖਾਂ ਦੀ ਸਿਰਜਣਾ ਕੀਤੀ ਹੈ। ਦੂਸਰੀ ਵਿਧੀ ਹੈ ਗੱਲ ਨੂੰ ਵਧਾ-ਚੜ੍ਹਾ ਕੇ ਬਿਆਨ ਕਰਨਾ, ਜਿਸ ਨੂੰ ਪੰਜਾਬੀ ਦੇ ਮੁਹਾਵਰਾ ਕੋਸ਼ ਵਾਲੇ ਰਾਈ ਦਾ ਪਹਾੜ ਬਣਾਉਣਾ ਆਖਦੇ ਹਨ। ਇਸ ਵਿਧੀ ਰਾਹੀਂ ਉਨ੍ਹਾਂ ਨੇ 'ਭਾਈ ਗੁੱਜਰ ਸਿੰਘ ਦਾ ਦੀਵਾਨ', 'ਮਾਇਆਧਾਰੀ ਨੰਗ', ਇਲੈਕਸ਼ਨ ਫੰਡ ਮਨਿਸਟਰ, 'ਐਮ.ਐਲ.ਏ. ਦਾ ਦਫ਼ਤਰ' ਜਿਹੇ ਲੇਖਾਂ ਦੀ ਸਿਰਜਣਾ ਕੀਤੀ ਹੈ। ਕਈ ਲੇਖ ਇਕੋ ਵਿਸ਼ੇ ਨਾਲ ਜੁੜੀਆਂ ਘਟਨਾਵਾਂ ਜਾਂ ਹਾਸ-ਭਰਪੂਰ ਘਟਨਾਵਾਂ ਨੂੰ ਜੋੜ ਕੇ ਬਣਾਏ ਗਏ ਹਨ। ਇਸੇ ਤਰ੍ਹਾਂ ਦੇ ਕਈ ਲੇਖ ਇਸ ਪੁਸਤਕ ਵਿਚ ਮਿਲਦੇ ਹਨ। 'ਮੋਸ਼ਨ ਫੜ ਰਹੀ ਜਵਾਨੀ', 'ਤੋਹਫ਼ੇ ਸਾਡੇ ਮਿੱਤਰਾਂ ਦੇ', ਮੀਆਂ ਕੰਪਚੂ, ਹੇਲਰਜ਼ ਗਰੁੱਪ, ਕੰਪਨੀ ਸੇਕ, ਜਦੋਂ ਰੰਗ ਬੰਨ੍ਹਣਾ ਪਵੇ ਆਦਿ ਲੇਖ ਦੇਖੇ ਜਾ ਸਕਦੇ ਹਨ।
ਡਾ: ਤੀਰ ਕੋਲ ਤਰ੍ਹਾਂ-ਤਰ੍ਹਾਂ ਦਾ ਵਿਸ਼ਾਲ ਅਨੁਭਵ ਸੀ। ਉਹ ਪੇਂਡੂ ਤੇ ਸ਼ਹਿਰੀ ਜੀਵਨ ਦੀਆਂ ਅਨੇਕਾਂ ਵਿਸੰਗਤੀਆਂ ਤੇ ਹਾਸੋ-ਹੀਣੀਆਂ ਸਥਿਤੀਆਂ ਤੋਂ ਵਾਕਿਫ਼ ਸਨ। ਵਕਾਲਤ ਦੇ ਕਿੱਤੇ ਨਾਲ ਜੁੜੇ ਅਨੇਕਾਂ ਟੋਟਕੇ ਤੇ ਕਹਾਣੀਆਂ ਉਨ੍ਹਾਂ ਕੋਲ ਹਾਜ਼ਰ ਸਨ। 'ਦਿੱਲੀ ਦੀ ਵਕੀਲ ਕੁੜੀ' ਕਹਾਣੀ ਉਸੇ ਅਨੁਭਵ 'ਚੋਂ ਨਿਕਲੀ ਮਾਲੂਮ ਹੁੰਦੀ ਹੈ। 'ਕਿਵੇਂ ਨਾ ਕਿਵੇਂ 326 ਬਣਾਓ ਜੀ' ਜਿਹਾ ਲੇਖ ਵੀ ਉਨ੍ਹਾਂ ਦੇ ਵਕਾਲਤੀ ਕਿੱਤੇ ਦੀ ਸੂਝ-ਬੂਝ ਹੀ ਪੇਸ਼ ਕਰਦੀ ਹੈ। ਉਨ੍ਹਾਂ ਦੇ ਲੇਖਾਂ ਵਿਚ ਕਹਾਣੀ-ਰਸ ਦੀ ਪ੍ਰਧਾਨਤਾ ਹੈ, ਜਿਸ ਕਰਕੇ ਪਾਠਕ ਸਹਿਜੇ ਹੀ ਰਚਨਾ ਨਾਲ ਜੁੜ ਜਾਂਦਾ ਹੈ। ਤੀਰ ਜੀ ਦੀਆਂ ਹੋਰ ਪੁਸਤਕਾਂ ਦੇ ਵੀ ਨਵੇਂ ਐਡੀਸ਼ਨ ਛਪਣੇ ਚਾਹੀਦੇ ਹਨ ਤਾਂ ਕਿ ਨਵੀਂ ਨੌਜਵਾਨ ਪੀੜ੍ਹੀ ਨੂੰ ਸਾਡੇ ਮਹਾਨ ਲੇਖਕਾਂ ਦੀ ਕਲਮੀ ਸ਼ਕਤੀ ਦੇ ਦੀਦਾਰ ਹੋ ਸਕਣ।

-ਕੇ. ਐਲ. ਗਰਗ
ਮੋ: 94635-37050

ਜਦੋਂ ਗਹਿਰ ਚੜ੍ਹਦੀ ਹੈ
ਕਵੀ : ਦਲਜੀਤ ਗਿੱਲ
ਪ੍ਰਕਾਸ਼ਕ : ਨਵਜੋਤ ਸਾਹਿਤ ਸੰਸਥਾ ਔੜ (ਸ.ਭ.ਸ. ਨਗਰ)
ਮੁੱਲ : 150 ਰੁਪਏ, ਸਫ਼ੇ : 140.

ਦਲਜੀਤ ਗਿੱਲ ਇਕ ਅਗਾਂਹਵਧੂ ਜੁਝਾਰੂ ਕਵੀ ਹੈ। ਹਥਲੀ ਪੁਸਤਕ ਤੋਂ ਪਹਿਲਾਂ ਇਹ 9 ਕਾਵਿ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈ, ਜਿਨ੍ਹਾਂ ਵਿਚ 'ਸ਼ਹਿਰ ਤੋਂ ਪਿੰਡ ਤੱਕ' (2003), ਅੱਗ ਦੀਆਂ ਲੀਕਾਂ ਤੇ ਆਕਾਰ, ਜ਼ਿੰਦਗੀ ਦੇ ਵਸੀਵੇਂ, ਉਹ ਹਾਰਿਆ ਨਹੀਂ, ਸੰਗਰਾਮ ਲੋਕਾਂ ਦੇ ਨਾਮ, ਹੇ ਪੁਨੀਤ ਧਰਤੀ ਮਾਂ, ਜੂਝਦਿਆਂ ਸੰਗ, ਰਾਹੀ ਬਾਰਾਂ ਦੇ ਅਤੇ 'ਗੀਤਾ ਇਕ ਸੰਘਰਸ਼' (2011) ਸ਼ਾਮਿਲ ਹਨ। ਲੋਕਾਂ ਵਿਚ ਫੈਲੀ ਗ਼ਰੀਬੀ, ਬੇਹਿੱਸਤਾ, ਬੇ-ਆਸੀ ਅਤੇ ਬੇਇਨਸਾਫ਼ੀ ਦੇ ਖਿਲਾਫ਼ ਚੇਤਨਾ ਦਾ ਪ੍ਰਵਾਹ ਕਰਦੀਆਂ ਗਿੱਲ ਦੀਆਂ ਕਵਿਤਾਵਾਂ ਹਾਕਮ ਜਮਾਤਾਂ ਦੀਆਂ ਅਨੈਤਿਕਤਾਵਾਂ ਪ੍ਰਤੀ ਕੱਚਾ ਚਿੱਠਾ ਹਨ। ਉਹ ਪ੍ਰਪੱਕ ਕਵੀ ਹੈ। ਸੰਘਰਸ਼ ਕਰਦੇ ਲੋਕ ਅਤੇ ਹੱਕਾਂ ਦੀ ਪ੍ਰਾਪਤੀ ਵਾਸਤੇ ਜੂਝਦੇ ਕਾਫ਼ਲਿਆਂ ਦੇ ਇਨ੍ਹਾਂ ਕਾਵਿਕ ਗੀਤਾਂ ਵਿਚ ਲੋਕਾਂ ਦੀ ਹੂਕ ਵੀ ਹੈ ਅਤੇ ਤੂਫ਼ਾਨਾਂ ਸੰਗ ਲੜਦੇ ਮਲਾਹਾਂ ਦੀ ਹੇਕ ਵੀ। ਉਹ ਦਸਮੇਸ਼ੀ ਰਾਹ ਦਾ ਕਵੀ ਹੈ। ਵਿਵਸਥਾ ਨੂੰ ਉਹ ਸੁਚੇਤ ਕਰਦਾ ਹੈ ਕਿ : 'ਜਬਰ ਦਾ ਤਾਂਡਵ ਜਾਰੀ ਹੈ/ਹਰ ਪਾਸੇ ਮੌਤ ਦਾ ਨਾਚ ਹੈ/ਬੰਦੇ ਨੂੰ ਬੰਦਾ ਵੱਢ ਰਿਹਾ ਹੈ/ਹਰ ਹਿਰਦੇ ਉੱਕਰੀ ਹੈ ਲਹੂ ਦੀ ਗਾਥਾ.../ਇਰਾਕ ਹੈ ਈਰਾਨ ਹੈ/ਸੰਨ ਚੁਰਾਸੀ ਹੈ-ਸੰਨ ਸੰਤਾਲੀ ਹੈ/ਰਲਮਿਲ ਬੁਝਾ ਦਿਉ ਬੇਹਾਲਤਾ/ਰਾਹ ਸਾਫ਼ ਕਰ ਦਿਉ/ਫੜ ਧੌਣ ਚੁਰੱਸਤੇ ਵਿਚ ਟੰਗ ਦਿਓ/ਜੋ ਹਾਕਮ ਹੰਕਾਰੀ ਹੈ...' ਉਸ ਦੀਆਂ ਲੰਮੇਰੀਆਂ ਕਵਿਤਾਵਾਂ ਵਿਚ ਉਮਰ ਦਾ ਫ਼ਲਸਫ਼ਾ ਹੈ। ਨਿੱਕੀਆਂ ਕਵਿਤਾਵਾਂ ਵਿਚ ਵੱਡੇ ਖਿਆਲ ਸਹਿਜ ਨਾਲ ਵਿਅਕਤ ਹੋਏ ਹਨ। ਪੁਸਤਕ ਦੇ ਅੰਤਲੇ ਭਾਗ ਵਿਚ 10 ਗੀਤ ਹਨ। ਪਰ ਇਹ ਸਾਰੇ (ਇਕ ਨੂੰ ਛੱਡ ਕੇ) ਗੀਤ ਰੁਮਾਂਸਵਾਦੀ, ਹਲਕੇ ਅਤੇ ਸਟੇਜੀ ਜਿਹੇ ਹਨ, ਜੋ ਗਿੱਲ ਦੀ ਕਿਤਾਬ ਵਿਚ ਫਾਲਤੂ ਜਿਹੇ ਲਗਦੇ ਹਨ। ਕਵਿਤਾਵਾਂ ਵਿਚ ਅਹਿਸਾਸ ਤੇ ਭਾਵ ਤਾਂ ਹਨ ਪਰ ਜੇ ਉਨ੍ਹਾਂ ਨੂੰ ਵਾਰਤਕ ਵਿਚ ਲਿਖੀਏ ਤਾਂ ਪੂਰੀ ਵਾਰਤਕ ਹੀ ਹਨ।

-ਸੁਲੱਖਣ ਸਰਹੱਦੀ
ਮੋ: 94174-84337

ਚਾਨਣੀ ਰਾਤ ਦਾ ਡਰ
ਲੇਖਕ : ਸੁਰਿੰਦਰ ਕੌਰ ਔਲਖ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 96.

ਸੁਰਿੰਦਰ ਕੌਰ ਔਲਖ ਭਾਵੇਂ ਇਸ ਜਹਾਨ ਵਿਚ ਨਹੀਂ, ਪਰ ਆਪਣੀਆਂ ਲਿਖਤਾਂ ਜ਼ਰੀਏ ਉਨ੍ਹਾਂ ਦੀ ਪਾਠਕਾਂ ਨਾਲ ਸਾਂਝ ਬਣੀ ਰਹਿਣੀ ਹੈ। ਉਨ੍ਹਾਂ ਜ਼ਿੰਦਗੀ ਦੇ ਉਤਾਰ-ਚੜ੍ਹਾਅ ਨੂੰ ਆਪਣੀਆਂ ਰਚਨਾਵਾਂ ਜ਼ਰੀਏ ਪ੍ਰਗਟ ਕੀਤਾ, ਪਰ ਇਹ ਰਚਨਾਵਾਂ ਉਦੋਂ ਸਾਹਮਣੇ ਆਈਆਂ, ਜਦੋਂ ਉਹ ਇਸ ਜਹਾਨ ਤੋਂ ਚਲੇ ਗਏ। 1943 ਦੇ ਮਾਰਚ ਮਹੀਨੇ ਦੀ ਸੋਲ੍ਹਾਂ ਤਰੀਕ ਨੂੰ ਉਹ ਪੈਦਾ ਹੋਏ ਤੇ 2013 ਦੀ 19 ਸਤੰਬਰ ਨੂੰ ਦੁਨੀਆ ਤੋਂ ਚਲੇ ਗਏ।
ਉਨ੍ਹਾਂ ਦੇ ਜਾਣ ਮਗਰੋਂ ਉਨ੍ਹਾਂ ਦੇ ਸੁਲੱਗ ਪੁੱਤ ਗੁਰਤੇਜਿੰਦਰ ਸਿੰਘ ਔਲਖ ਨੇ ਉਨ੍ਹਾਂ ਦੀਆਂ ਰਚਨਾਵਾਂ ਨੂੰ 'ਚਾਨਣੀ ਰਾਤ ਦਾ ਡਰ' ਤਹਿਤ ਜਿਲਦਬੱਧ ਕੀਤਾ ਹੈ। ਗੁਰਤੇਜਿੰਦਰ ਸਿੰਘ ਹੁਰੀਂ ਕਹਿੰਦੇ ਨੇ, 'ਕਵਿਤਾ, ਗੀਤ ਤੇ ਗ਼ਜ਼ਲ ਬਾਰੇ ਮੈਂ ਬਹੁਤੀ ਜਾਣਕਾਰੀ ਨਹੀਂ ਰੱਖਦਾ, ਪਰ ਏਨੀ ਕੁ ਸਮਝ ਹੈ ਕਿ ਇਸ ਕਾਵਿ-ਸੰਗ੍ਰਹਿ ਵਿਚ ਪੀੜਾਂ ਦੀ ਗਹਿਰੀ ਚੀਸ, ਸਮੁੰਦਰਾਂ ਤੋਂ ਡੂੰਘੀ ਸੋਚ, ਕਿਸੇ ਦੇ ਆਉਣ ਦੀ ਉਡੀਕ ਤੇ ਅਧੂਰੇ ਸੁਪਨੇ ਪੂਰੇ ਹੋਣ ਦੀ ਅਧਮੋਈ ਸੱਧਰ ਸ਼ਾਮਿਲ ਹੈ।'
ਉਨ੍ਹਾਂ ਦੀ ਗੱਲ ਵੀ ਸਹੀ ਹੈ, ਕਿਉਂਕਿ ਸੁਰਿੰਦਰ ਕੌਰ ਔਲਖ ਦੇ ਗੀਤ, ਗ਼ਜ਼ਲਾਂ, ਕਵਿਤਾਵਾਂ ਸਭ ਪੜ੍ਹਨਯੋਗ ਹਨ, ਵਿਚਾਰਨਯੋਗ ਹਨ। ਪੁਸਤਕ ਵਿੱਚ ਕਈ ਰਚਨਾਵਾਂ ਧਾਰਮਿਕ ਵੰਨਗੀ ਦੀਆਂ ਹਨ। ਇੱਕ ਗੀਤ ਵਿਚ ਸੁਰਿੰਦਰ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਇਸ ਤਰ੍ਹਾਂ ਕੀਤੀ ਹੈ :
ਤੇਰੀ ਬੰਦਗੀ ਕਰਨ ਨੂੰ ਆਇਆ,
ਬੰਦਾ ਤੇਰਾ ਬਾਬਾ ਨਾਨਕਾ।
ਮੈਂ ਰੱਜ ਰੱਜ ਦਰਸ਼ਨ ਪਾਇਆ,
ਬੰਦਾ ਤੇਰਾ ਬਾਬਾ ਨਾਨਕਾ।
ਕੁਝ ਰਚਨਾਵਾਂ ਵਿਚ ਸੁਰਿੰਦਰ ਕੌਰ ਨੇ ਮੁਹੱਬਤ ਦੇ ਵਲਵਲਿਆਂ ਨੂੰ ਰੂਪਮਾਨ ਕੀਤਾ ਹੈ। ਰਚਨਾਵਾਂ ਵਿਚੋਂ ਉਡੀਕ ਤੇ ਤੜਫ਼ ਝਲਕਦੀ ਹੈ। 'ਦਿਲ ਦੀ ਵੇਦਨਾ' 'ਚ ਕਿੰਨਾ ਖੂਬ ਲਿਖਿਆ ਉਸ ਨੇ :
ਆਜਾ ਚੰਨਾ ਸਾਡੇ ਵਿਹੜੇ,
ਦਿਲ ਦੀ ਸੁਣੀ ਪੁਕਾਰ।
ਕਦੇ ਨਾ ਪੁੱਛਿਆ ਦੁੱਖ ਸੁੱਖ ਸਾਡਾ,
ਕਦੇ ਨਾ ਪੁੱਛੀ ਸਾਰ।
ਦੁੱਖ ਇਸ ਗੱਲ ਦਾ ਹੈ ਕਿ ਸੁਰਿੰਦਰ ਕੌਰ ਔਲਖ ਇਥੇ ਨਹੀਂ, ਪਰ ਤਸੱਲੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੇ ਜਾਣ ਮਗਰੋਂ ਪੁੱਤ ਨੇ ਪਾਠਕਾਂ ਤੱਕ ਉਨ੍ਹਾਂ ਦੀਆਂ ਲਿਖਤਾਂ ਨੂੰ ਪੁਚਾਇਆ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883

29-11-2014

 ਪਹਿਲੀ ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ
ਸੰਪਾਦਕ : ਪ੍ਰੋ: ਕੁਲਬੀਰ ਸਿੰਘ, ਪ੍ਰੋ: ਕਵਲਜੀਤ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 495 ਰੁਪਏ, ਸਫ਼ੇ : 216.

ਇਸ ਪੁਸਤਕ ਵਿਚ ਪੰਜਾਬੀ ਮੀਡੀਆ ਦੇ ਰੋਲ ਬਾਰੇ ਵੱਖ-ਵੱਖ ਸੰਪਾਦਕਾਂ ਅਤੇ ਪੱਤਰਕਾਰਾਂ ਵੱਲੋਂ ਦਿੱਤੇ ਭਾਸ਼ਣਾਂ ਨੂੰ ਰਿਕਾਰਡ ਕੀਤਾ ਗਿਆ ਹੈ। 'ਪਹਿਲੀ ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ' ਦਾ ਆਯੋਜਨ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਦੇ ਆਡੀਟੋਰੀਅਮ ਵਿਚ 18 ਅਤੇ 19 ਜਨਵਰੀ, 2013 ਨੂੰ ਕੀਤਾ ਗਿਆ। ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਜਾਇਬ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ 'ਪੰਜਾਬ ਦੇ ਲੋਕ' ਹੀ ਆਪਣੀ ਮਾਂ-ਬੋਲੀ ਪੰਜਾਬੀ ਦਾ ਸਭ ਤੋਂ ਵੱਧ ਵਿਰੋਧ ਕਰਦੇ ਹਨ। ਪੰਜਾਬ ਦੇ ਲੋਕਾਂ ਨੂੰ ਇਹ ਗ਼ਲਤਫਹਿਮੀ ਹੈ ਕਿ ਅੰਗਰੇਜ਼ੀ ਪੜ੍ਹਨ ਤੋਂ ਬਗੈਰ ਉਹ ਪ੍ਰਗਤੀ ਨਹੀਂ ਕਰ ਸਕਦੇ। ਇਸੇ ਲਈ ਉਹ ਅੰਨ੍ਹੇਵਾਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਦਾਖਲ ਕਰਵਾਈ ਜਾ ਰਹੇ ਹਨ। ਇਸ ਰੁਝਾਨ ਨੂੰ ਬਦਲਣ ਦੀ ਜ਼ਰੂਰਤ ਹੈ।
ਇਸ ਕਾਨਫ਼ਰੰਸ ਦੇ ਕੁੰਜੀਵਤ ਭਾਸ਼ਣ ਵਿਚ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਅੱਜ ਪੰਜਾਬੀ ਮੀਡੀਆ ਦੇ ਪ੍ਰਸੰਗ ਵਿਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਆਪਣੇ ਅਖ਼ਬਾਰਾਂ ਨੂੰ ਅਤੇ ਆਪਣੇ ਟੀ.ਵੀ. ਚੈਨਲਾਂ ਨੂੰ ਦੂਜੀਆਂ ਜ਼ਬਾਨਾਂ ਦੇ ਮੁਕਾਬਲੇ 'ਚ ਮਿਆਰੀ ਰੱਖੀਏ ਤਾਂ ਕਿ ਪੰਜਾਬੀ ਕੌਮੀਅਤ ਦੇ ਸਭ ਲੋਕ ਪੰਜਾਬੀ ਮੀਡੀਆ ਨੂੰ ਤਰਜੀਹ ਦੇਣ।
ਇਸ ਕਾਨਫ਼ਰੰਸ ਵਿਚ ਬਹੁਤ ਸਾਰੇ ਲੇਖਕਾਂ ਅਤੇ ਪੱਤਰਕਾਰਾਂ ਵੱਲੋਂ ਪੰਜਾਬੀ ਮੀਡੀਆ ਦੀਆਂ ਅਜੋਕੀਆਂ ਸਮੱਸਿਆਵਾਂ ਬਾਰੇ ਬੜੇ ਭਖਦੇ ਮੁੱਦੇ ਉਠਾਏ ਗਏ। ਡਾ: ਜੋਗਾ ਸਿੰਘ ਨੇ ਕਿਸੇ ਵਿਦਵਾਨ (ਨਾਂਅ ਨਹੀਂ ਦੱਸਿਆ) ਦੇ ਹਵਾਲੇ ਨਾਲ ਕਿਹਾ ਕਿ ਅੱਜ ਮੀਡੀਆ ਵਿਚ 'ਸ਼ਬਦ' ਦੀ ਸੱਤਾ ਘਟ ਗਈ ਹੈ ਅਤੇ 'ਤਸਵੀਰ' ਦੀ ਸੱਤਾ ਸਥਾਪਿਤ ਹੋ ਗਈ ਹੈ। ਅੱਜ ਸੂਚਨਾ ਵਧ ਰਹੀ ਹੈ ਅਤੇ ਗਿਆਨ ਘਟ ਰਿਹਾ ਹੈ। ਡਾ: ਪਰਮਿੰਦਰ ਸਿੰਘ ਤੱਗੜ ਨੇ ਪੀਲੀ ਪੱਤਰਕਾਰੀ ਦੇ ਖ਼ਤਰਿਆਂ ਤੋਂ ਸੁਚੇਤ ਕਰਵਾਇਆ। ਸ: ਹਰਬੀਰ ਸਿੰਘ ਭੰਵਰ ਨੇ ਪੱਤਰਕਾਰਿਤਾ ਵਿਚ ਹਿੰਦੀ ਸ਼ਬਦਾਵਲੀ ਦੇ ਵਧ ਰਹੇ ਰੁਝਾਨ ਬਾਰੇ ਚਿੰਤਾ ਪ੍ਰਗਟ ਕੀਤੀ। ਰਘਵੀਰ ਬਲਾਸਪੁਰੀ ਕੈਨੇਡਾ ਨੇ 'ਪੇਡ ਨਿਊਜ਼' ਦੇ ਰੁਝਾਨ ਦੀ ਆਲੋਚਨਾ ਕਰਦਿਆਂ ਲਿਖਿਆ ਹੈ ਕਿ ਕਿਸੇ ਨਿਸ਼ਾਨੇ ਤੋਂ ਬਗੈਰ ਕੀਤੀ ਗਈ ਪੱਤਰਕਾਰੀ ਦੇ ਕੋਈ ਵਧੀਆ ਨਤੀਜੇ ਨਹੀਂ ਨਿਕਲ ਸਕਦੇ। ਇਸ ਪੁਸਤਕ ਵਿਚ ਸ੍ਰੀ ਲਖਵਿੰਦਰ ਜੌਹਲ, ਸ਼ੰਗਾਰਾ ਸਿੰਘ ਭੁੱਲਰ, ਡਾ: ਜਸਬੀਰ ਕੌਰ, ਅਮਰ ਸਿੰਘ ਭੁੱਲਰ, ਪ੍ਰੋ: ਅਨੀਤਾ, ਡਾ: ਓਮ ਗੌਰੀ ਦੱਤ ਸ਼ਰਮਾ ਅਤੇ ਹੋਰ ਵੀ ਬਹੁਤ ਸਾਰੇ ਪੱਤਰਕਾਰਾਂ ਦੇ ਵਿਚਾਰ ਸੰਕਲਿਤ ਹਨ। ਪੰਜਾਬੀ ਮੀਡੀਆ ਬਾਰੇ ਹਰ ਪ੍ਰਕਾਰ ਦੀ ਸੂਚਨਾ ਦੇਣ ਵਾਲੀ ਇਹ ਇਕ ਸ੍ਰੋਤ-ਪੁਸਤਕ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਡਰ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 120 ਰੁਪਏ, ਸਫ਼ੇ : 95.

ਡਰ ਮਨੁੱਖ ਦੇ ਸੁਭਾਅ ਵਿਚ ਸ਼ਾਮਿਲ ਕੁਦਰਤੀ ਪ੍ਰਵਿਰਤੀ ਹੈ। ਇਸੇ ਡਰ ਦੇ ਵੱਖ-ਵੱਖ ਪਹਿਲੂਆਂ 'ਤੇ ਰੌਸ਼ਨੀ ਪਾਉਂਦਾ ਹੈ ਬਹੁਪੱਖੀ ਲੇਖਕ ਰਾਮ ਨਾਥ ਸ਼ੁਕਲਾ ਦਾ ਇਹ ਲੇਖ ਸੰਗ੍ਰਹਿ 'ਡਰ'। ਪੰਜਾਬੀ ਵਾਰਤਕ ਦੇ ਮੋਕਲੇ ਵਿਹੜੇ ਵਿਚ ਆਪਣਾ ਨਿਵੇਕਲਾ ਸਥਾਨ ਬਣਾ ਚੁੱਕੇ ਵਾਰਤਕ ਲੇਖਕ ਰਾਮ ਨਾਥ ਸ਼ੁਕਲਾ ਕਿਸੇ ਇਕ ਵਿਸ਼ੇ ਨੂੰ ਲੈ ਕੇ ਉਸ ਦੇ ਵੱਖ-ਵੱਖ ਪੱਖਾਂ ਨੂੰ ਲੈ ਕੇ ਲਿਖੇ ਲੇਖਾਂ ਦੀ ਝੜੀ ਸਿਰਜਣ ਦੇ ਵਿਲੱਖਣ ਕਾਰਨ ਦੇ ਮਾਹਿਰ ਹਨ। ਪੰਜਾਬੀ ਵਾਰਤਕ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਇਹ ਇਕ ਨਵੀਂ ਲੀਹ ਤੋਰੀ ਗਈ ਹੈ ਜੋ ਕਿ ਪੜ੍ਹਨ ਅਤੇ ਮਹਿਸੂਸ ਕਰਨ ਵਾਲਾ ਅਹਿਸਾਸ ਹੈ। ਤਕਨੀਕੀ ਪੱਖੋਂ ਉਹ ਆਪਣੇ ਵਿਸ਼ਿਆਂ ਨੂੰ ਅਤਿ ਸੌਖੀ ਸ਼ੈਲੀ ਅਤੇ ਸਰਲ ਬੋਲੀ ਵਿਚ ਉਸਾਰਦੇ ਹਨ। ਉਹ ਖਿਆਲਾਂ ਨੂੰ ਸੌਖੇ ਕਰਕੇ ਪਾਠਕਾਂ ਦੀ ਪੜ੍ਹਨ ਰੁਚੀ ਨੂੰ ਹੋਰ ਵੀ ਵਧਾਉਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਦੇ ਲੇਖਾਂ ਨੂੰ ਪੜ੍ਹ ਕੇ ਉਨ੍ਹਾਂ ਦੀ ਲਿਖਣ-ਕਲਾ ਦੇ ਅਨੇਕਾਂ ਪਹਿਲੂ ਉੱਭਰ ਕੇ ਸਾਹਮਣੇ ਆਉਂਦੇ ਹਨ। ਇਸ ਲੇਖ ਸੰਗ੍ਰਹਿ ਵਿਚ ਮਨੁੱਖ ਦੇ ਸੁਚੇਤ, ਅਚੇਤ ਅਤੇ ਅਰਧ ਚੇਤਨ ਮਨ ਦੇ ਵੱਖ-ਵੱਖ ਡਰਾਂ ਨੂੰ ਸਮੇਟਦੇ 21 ਲੇਖ ਸ਼ਾਮਿਲ ਹਨ, ਜਿਨ੍ਹਾਂ ਵਿਚ ਮਾਪੇ ਅਤੇ ਡਰ, ਅਧਿਆਪਕਾਂ ਦਾ ਡਰ, ਬਲੀ ਸਾਥੀਆਂ ਦਾ ਡਰ, ਜੰਗਲੀ ਜੀਵਾਂ ਦਾ ਡਰ, ਅਸਫ਼ਲਤਾ ਦਾ ਡਰ, ਕੰਮਕਾਰ ਦੀ ਪ੍ਰਾਪਤੀ ਦਾ ਡਰ, ਅਚਾਨਕ ਬਿਪਤਾਵਾਂ ਦਾ ਡਰ, ਕਾਮ ਨਾਲ ਸਬੰਧਤ ਡਰ, ਕੁਦਰਤੀ ਆਫ਼ਤਾਂ ਦਾ ਡਰ, ਕਾਨੂੰਨ ਦਾ ਡਰ, ਅਗਿਆਨਤਾ ਤੋਂ ਉਪਜਿਆ ਡਰ, ਭੂਤਾਂ ਪ੍ਰੇਤਾਂ ਦਾ ਡਰ, ਦੇਵੀ ਦੇਵਤਿਆਂ ਦਾ ਡਰ, ਅਸਾਧ ਰੋਗਾਂ ਦਾ ਡਰ, ਔਲਾਦ ਸਬੰਧੀ ਡਰ, ਸਕੇ ਸਬੰਧੀਆਂ ਤੋਂ ਡਰ, ਸਮਾਜਿਕ ਡਰ, ਜਨੂੰਨ ਤੋਂ ਡਰ, ਅਨਿਸਚਿਤਤਾ ਤੋਂ ਉਪਜਿਆ ਮਨ ਦਾ ਡਰ, ਮੌਤ ਦਾ ਡਰ ਅਤੇ ਰੱਬ ਦਾ ਡਰ ਆਦਿ ਸ਼ਾਮਿਲ ਹਨ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444.

ਇਸ਼ਕ
ਲੇਖਕ : ਬੂਟਾ ਸਿੰਘ ਸ਼ਾਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਕੀਮਤ 150 ਰੁਪਏ, ਸਫ਼ੇ : 156.

ਬੂਟਾ ਸਿੰਘ ਸ਼ਾਦ ਨੇ ਪੰਜਾਬ ਦੇ ਕਾਲੇ ਦਿਨਾਂ ਦੀ ਗਾਥਾ ਅੱਤਵਾਦ ਨੂੰ ਬਹੁਤ ਹੀ ਅਨੋਖੇ ਢੰਗ ਨਾਲ ਰਵਾਇਤ ਪ੍ਰੇਮ ਕਹਾਣੀ ਰਾਹੀਂ ਪੰਜਾਬ ਦੇ ਅੱਤਵਾਦ ਨੂੰ ਪੈਦਾ ਕਰਨ ਵਾਲੇ ਚਿਹਰਿਆਂ ਦੇ ਮਖੌਟੇ ਉਤਾਰੇ ਹਨ। 'ਇਸ਼ਕ' ਨਾਵਲ ਵਿਚ ਉਸ ਨੇ ਪ੍ਰਚਲਿਤ ਕਹਾਣੀਆਂ ਵਾਂਗ ਗ਼ਰੀਬ ਮਾਤਾ-ਪਿਤਾ ਦੇ ਲੜਕੇ ਅਤੇ ਅਮੀਰ, ਪ੍ਰਭਾਵਸ਼ਾਲੀ ਪਿਤਾ ਦੀ ਧੀ ਨੂੰ ਇਸ ਨਾਵਲ ਦੇ ਮੁੱਖ ਪਾਤਰ ਬਣਾਇਆ ਹੈ। ਭਜੀ (ਹਰਭਜਨ ਸਿੰਘ) ਗ਼ਰੀਬ ਘਰ ਦਾ ਪੁਲਿਸ ਦੇ ਇਕ ਹਵਾਲਦਾਰ (ਕਰਤਾਰ ਸਿੰਘ) ਦਾ ਬਹੁਤ ਹੀ ਹੋਣਹਾਰ ਤੇ ਹਰਮਨ-ਪਿਆਰਾ ਕਾਲਜ ਦਾ ਵਿਦਿਆਰਥੀ ਹੈ ਤੇ ਰਵੀ ਪੁਲਿਸ ਕਪਤਾਨ ਦੀ ਲੜਕੀ ਹੈ, ਦੇ ਆਪਸੀ ਪਿਆਰ ਦਾ ਰਿਸ਼ਤਾ ਹੀ ਇਸ ਨਾਵਲ ਦਾ ਮੁੱਖ ਪਲਾਟ ਹੈ ਤੇ ਭਜੀ ਨੂੰ ਅੱਤਵਾਦੀ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਨਾ ਇਕ ਕਹਾਣੀ।
ਰਵੀ ਦਾ ਪਿਤਾ ਪੁਲਿਸ ਕਪਤਾਨ ਕਿਹਰ ਸਿੰਘ ਬਹੁਤ ਹੀ ਨਿਰਦਈ, ਜ਼ਾਲਮ ਤੇ ਕਠੋਰ ਸੁਭਾਅ ਦਾ ਹੋਣ ਕਰਕੇ ਕਿਸੇ ਦੀ ਵੀ ਚੰਗੀ ਗੱਲ ਸੁਣਨ ਤੋਂ ਇਨਕਾਰੀ ਇਸ ਪਿਆਰ ਨੂੰ ਬਰਦਾਸ਼ਤ ਨਹੀਂ ਕਰਦਾ। ਉਹ ਆਪਣੇ ਨਜ਼ਦੀਕੀ ਸਿਵਲ ਅਧਿਕਾਰੀ ਡਿਪਟੀ ਕਮਿਸ਼ਨਰ ਗੁਰਬਖਸ਼ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ, ਜਿਸ ਨੇ ਭਜੀ ਨੂੰ ਕਾਲਜ ਦੀ ਪੜ੍ਹਾਈ ਖ਼ਤਮ ਹੋਣ ਉਪਰੰਤ ਪ੍ਰੋਫ਼ੈਸਰ ਰੱਖ ਲਿਆ ਸੀ, ਦੀ ਵੀ ਪ੍ਰਵਾਹ ਨਹੀਂ ਕਰਦਾ। ਕਿਹਰ ਸਿੰਘ ਇਸ ਮਸਲੇ ਨੂੰ ਪਿਆਰ ਨਾਲ ਹੱਲ ਕਰਨ ਦੀ ਬਜਾਏ ਭਜੀ ਨੂੰ ਅੱਤਵਾਦੀ ਬਣਾ ਕੇ ਹਵਾਲਾਤ ਵਿਚ ਬੰਦ ਕਰ ਦਿੰਦਾ ਹੈ ਤੇ ਪੁਲਿਸ ਅਧਿਕਾਰੀ ਦੇ ਕਤਲ ਦਾ ਦੋਸ਼ੀ ਬਣਾ ਦਿੰਦਾ। ਕਿਹਰ ਸਿੰਘ ਡੀ.ਸੀ. ਨਾਲ ਵੀ ਉਲਝ ਜਾਂਦਾ ਹੈ ਅਤੇ ਡੀ.ਸੀ. ਵੱਲੋਂ ਇਕ ਹੋਣਹਾਰ ਪ੍ਰੋਫ਼ੈਸਰ ਨੂੰ ਨਾਜਾਇਜ਼ ਤੌਰ 'ਤੇ ਅੱਤਵਾਦੀ ਬਣਾ ਕੇ ਝੂਠਾ ਕਤਲ ਦਾ ਕੇਸ ਪਾ ਕੇ ਅਤੇ ਅਣ-ਮਨੁੱਖੀ ਪੁਲਿਸ ਵੱਲੋਂ ਤਸੀਹੇ ਦਿੱਤੇ ਜਾਣ ਦੀ ਰਿਪੋਰਟ ਸੂਬੇ ਦੇ ਮੁੱਖ ਸਕੱਤਰ ਤੱਕ ਭੇਜ ਦਿੱਤੀ ਜਾਂਦੀ ਹੈ। ਨਾਟਕੀ ਢੰਗ ਨਾਲ ਪ੍ਰਿੰਸੀਪਲ ਤੇ ਪੁਲਿਸ ਦੇ ਕੁਝ ਰੱਬ ਦਾ ਭੈਅ ਮੰਨਣ ਵਾਲੇ ਅਧਿਕਾਰੀ ਹਵਾਲਾਤ ਵਿਚ ਹੀ ਭਜੀ ਤੇ ਰਵੀ ਦੀ ਸ਼ਾਦੀ ਕਰਵਾ ਦਿੰਦੇ ਹਨ। ਅੱਤਵਾਦੀਆਂ ਦਾ ਇਕ ਸੰਗਠਨ ਥਾਣੇ 'ਤੇ ਹਮਲਾ ਕਰਕੇ ਭਜੀ ਨੂੰ ਛੁਡਾ ਲੈਂਦਾ ਹੈ ਤੇ ਇਕ ਰਾਤ ਉਹ ਆਪਣੀ ਮਾਂ ਕੋਲ ਜਿੱਥੇ ਰਵੀ ਵੀ ਰਹਿ ਰਹੀ ਹੁੰਦੀ ਹੈ, ਕੋਲ ਚਲਾ ਜਾਂਦਾ ਹੈ। ਕਿਹਰ ਸਿੰਘ ਪੁਲਿਸ ਸਮੇਤ ਉੱਥੇ ਪੁੱਜ ਕੇ ਭਜੀ ਨੂੰ ਚੁੱਕ ਕੇ ਲੈ ਜਾਂਦੇ ਹਨ ਤੇ ਆਖ਼ਰ ਉਹੀ ਹੁੰਦਾ ਹੈ ਜਿਸ ਦਾ ਨੂੰਹ ਸੱਸ ਨੂੰ ਡਰ ਸੀ। ਪੁਲਿਸ ਭਜੀ ਦੀ ਲਾਸ਼ ਉਸ ਦੇ ਘਰ ਰੱਖ ਕੇ ਪਰਤ ਜਾਂਦੀ ਹੈ। ਇਸ ਤਰ੍ਹਾਂ ਇਸ ਪਿਆਰ ਕਹਾਣੀ ਦਾ ਨਾਵਲ ਪੂਰਾ ਹੋ ਜਾਂਦਾ ਹੈ। ਲੇਖਕ ਨੇ ਇਸ ਨਾਵਲ ਵਿਚ ਪੁਲਿਸ ਦੇ ਕਪਤਾਨ ਕਿਹਰ ਸਿੰਘ ਨੂੰ ਬਹੁਤ ਹੀ ਕਠੋਰ, ਜ਼ਾਲਮ ਤੇ ਜ਼ਿੱਦੀ ਪੇਸ਼ ਕੀਤਾ ਹੈ। ਉਸ ਦਾ ਆਪਣਾ ਹੀ ਰਿਸ਼ਤੇਦਾਰ ਤੋਸ਼ੀ ਜੋ ਕਿ ਰਿਸ਼ਤੇ ਵਜੋਂ ਰਵੀ ਦਾ ਭਰਾ ਹੈ, ਘਰ ਲਿਆ ਕੇ ਰਵੀ ਨਾਲ ਉਸ ਦੀਆਂ ਬੇਹੂਦਾ ਹਰਕਤਾਂ ਨੂੰ ਵੀ ਅਣਗੌਲਿਆਂ ਕਰਦਾ ਰਹਿੰਦਾ ਹੈ ਪਰ ਰਵੀ ਆਪਣੀ ਇੱਜ਼ਤ ਇਸ ਭਰਾ ਕੋਲੋਂ ਬੜੀ ਮੁਸ਼ਕਿਲ ਬਚਾ ਲੈਂਦੀ ਹੈ। ਆਖ਼ਰ 'ਚ ਪੁਲਿਸ ਕਪਤਾਨ ਆਪਣੀ ਧੀ ਨੂੰ ਵੀ ਵਿਧਵਾ ਕਰ ਦਿੰਦਾ ਹੈ। ਕੋਈ ਵੀ ਬਾਪ ਆਪਣੀ ਧੀ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਕਰ ਸਕਦਾ, ਜਿਸ ਤਰ੍ਹਾਂ ਦਾ ਇਸ ਨਾਵਲ ਵਿਚ ਪੇਸ਼ ਕੀਤਾ ਗਿਆ ਹੈ। ਫਿਰ ਵੀ ਸ਼ਾਦ ਦਾ ਇਹ 'ਇਸ਼ਕ' ਰਚਨਾ ਬਹੁਤ ਹੀ ਸਲਾਹੁਣ ਦੇ ਯੋਗ ਤੇ ਉੱਚ ਕੋਟੀ ਦੀ ਕਹੀ ਜਾ ਸਕਦੀ ਹੈ। ਉਸ ਦੀ ਪਾਤਰ ਉਸਾਰੀ ਤੇ ਪਲਾਟ ਇਸ ਨਾਵਲ ਨੂੰ ਸਫ਼ਲ ਬਣਾਉਣ ਵਿਚ ਸਹਾਈ ਹੁੰਦੀ ਹੈ।

-ਗੁਰਬਖਸ਼ ਸਿੰਘ ਸੈਣੀ
ਮੋ: 98880-24143.

ਵਿਸ਼ਵੀਕਰਨ ਅਤੇ ਪੰਜਾਬੀ ਸੱਭਿਆਚਾਰ
ਲੇਖਕ : ਡਾ: ਦਿਲਬਾਰਾ ਸਿੰਘ ਬਾਜਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 104.

ਡਾ: ਦਿਲਬਾਗ ਸਿੰਘ ਦੀ ਇਸ ਪੁਸਤਕ ਵਿਚ 21 ਨਿਬੰਧ ਹਨ। ਪੁਸਤਕ ਦਾ ਅਧਿਐਨ ਕੀਤਿਆਂ ਪਤਾ ਚਲਦਾ ਹੈ ਕਿ ਲੇਖਕ ਚਿੰਤਨਸ਼ੀਲ ਸ਼ਖ਼ਸੀਅਤ ਦਾ ਮਾਲਕ ਹੈ। ਇਸੇ ਕਾਰਨ ਉਸ ਦੀ ਕਲਮ ਵਿਚਾਰਜਨਕ ਨਿਬੰਧ ਸਿਰਜਦੀ ਹੈ। ਉਸ ਨੇ ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਦੇ ਨਿਤਾਪ੍ਰਤੀ ਜੀਵਨ ਨੂੰ ਬੜੇ ਗਹੁ ਨਾਲ ਵਾਚ ਕੇ ਆਪਣੇ ਵਿਚਾਰਾਂ ਨੂੰ ਕਲਮ ਦੀ ਨੋਕ 'ਤੇ ਲਿਆਂਦਾ ਹੈ। ਵਿਸ਼ਵੀਕਰਨ ਨਾਲ ਜਿੱਥੇ ਸਾਨੂੰ ਸੰਚਾਰ ਸਾਧਨਾਂ ਦੁਆਰਾ ਅਨੇਕ ਸੁਵਿਧਾਵਾਂ ਪ੍ਰਾਪਤ ਹੋਈਆਂ ਹਨ, ਉੱਥੇ ਇਸ ਨਾਲ ਪੂੰਜੀਵਾਦੀ ਰੁਚੀਆਂ ਵੀ ਪ੍ਰਵੇਸ਼ ਕਰ ਗਈਆਂ ਹਨ ਅਤੇ ਖਪਤ ਸੱਭਿਆਚਾਰ ਨੇ ਸਾਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਹਰੇਕ ਵਿਅਕਤੀ ਵੱਧ ਤੋਂ ਵੱਧ ਪੂੰਜੀ ਇਕੱਤਰ ਕਰਨ ਦੀ ਦੌੜ ਵਿਚ ਸ਼ਾਮਿਲ ਹੋ ਰਿਹਾ ਹੈ, ਜਿਸ ਨਾਲ ਰਿਸ਼ਤੇ-ਨਾਤਿਆਂ ਦੀ ਪਵਿੱਤਰਤਾ ਵੀ ਭੰਗ ਹੋ ਰਹੀ ਹੈ। ਫੈਸ਼ਨਪ੍ਰਸਤੀ ਵਧ ਰਹੀ ਹੈ। ਯੁਵਾ ਪੀੜ੍ਹੀ ਨਸ਼ਿਆਂ ਵਿਚ ਗੜੁੱਚ ਹੈ। ਬੇਰੁਜ਼ਗਾਰੀ ਵਧ ਰਹੀ ਹੈ। ਯੁਵਾ-ਪੀੜ੍ਹੀ ਪੱਛਮ ਵੱਲ ਡਾਲਰਾਂ ਲਈ ਉਡਾਣ ਭਰ ਰਹੀ ਹੈ। ਉੱਥੇ ਪਹੁੰਚ ਕੇ 'ਦਵੰਦੀ-ਜੀਵਨ' ਬਿਤਾਉਣ ਲਈ ਮਜਬੂਰ ਹੈ। ਲੋਕ ਮਜਬੂਰੀਵਸ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਬੱਚੇ ਮਾਂ-ਬਾਪ ਤੋਂ ਬਾਗ਼ੀ ਹੋ ਰਹੇ ਹਨ। ਅਧਿਆਪਕਾਂ ਦਾ ਪਹਿਲਾਂ ਵਾਲਾ ਸਤਿਕਾਰ ਨਹੀਂ ਰਿਹਾ। ਪਾਖੰਡੀ ਸਾਧ ਅਤੇ ਰਾਜਸੀ ਨੇਤਾ ਭ੍ਰਿਸ਼ਟ ਹੋ ਚੁੱਕੇ ਹਨ। ਮਾਡਲ ਸਕੂਲ ਨਿਰਾ ਦਿਖਾਵਾ ਹਨ। 'ਸਾਦਾ ਰਹਿਣੀ ਅਤੇ ਉੱਚੀ ਸੋਚ' ਦਾ ਸਿਧਾਂਤ ਖ਼ਤਮ ਹੋ ਰਿਹਾ ਹੈ। ਜੁਗਾੜੀਏ ਅਤੇ ਚਮਚਾਗੀਰ ਅੱਗੇ ਜਾ ਰਹੇ ਹਨ। ਇਮਾਨਦਾਰ ਲੋਕਾਂ ਨੂੰ ਨਿਆਂ ਅਤੇ ਹੱਕ ਨਹੀਂ ਮਿਲ ਰਿਹਾ। ਸਕੂਲਾਂ ਵਿਚ ਸਮੈਸਟਰ ਪ੍ਰਣਾਲੀ ਬਾਰੇ ਲੇਖਕ ਦਾ ਸੁਝਾਅ ਸਿੱਖਿਆ ਸ਼ਾਸਤਰੀਆਂ ਪਾਸੋਂ ਧਿਆਨ ਦੀ ਮੰਗ ਕਰਦਾ ਹੈ, ਲੇਖਕ ਦੇ ਨਿਬੰਧਾਂ ਦਾ ਕੇਂਦਰੀ ਕੋਡ 'ਨੈਤਿਕਤਾ' ਹੈ। ਲੇਖਕ ਦੇ ਨਿਬੰਧ 'ਜੋ ਹੈ' ਅਤੇ 'ਜੋ ਚਾਹੀਦਾ ਹੈ' ਵਿਚਲੇ ਪਾੜੇ 'ਚੋਂ ਹੋਂਦ ਗ੍ਰਹਿਣ ਕਰਦੇ ਹਨ। ਨਿਬੰਧਕਾਰ ਦੀ ਕਲਮ ਜਿਸ ਵਿਸ਼ੇ 'ਤੇ ਵੀ ਫੋਕਸ ਕਰਦੀ ਹੈ, ਪਾਠਕਾਂ ਨੂੰ ਉਸ ਦਾ ਰੇਜ਼ਾ-ਰੇਜ਼ਾ ਵਿਖਾ ਦਿੰਦੀ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਨਾਰੀ ਦਾ ਹਾਸ਼ੀਆਗਤ ਅਸਤਿੱਤਵ
ਲੇਖਿਕਾ : ਡਾ: ਸਿਮਰਜੀਤ ਗਿੱਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 103.

ਵਿਸ਼ਵ ਵਿਆਪੀ ਪੱਧਰ 'ਤੇ ਨਾਰੀ ਦੀ ਉਸਾਰੂ ਸਿਰਜਣਾਤਮਿਕ ਸ਼ਕਤੀ ਨੇ ਚਮਤਕਾਰੀ ਉਪਲਬਧੀਆਂ ਹਾਸਲ ਕੀਤੀਆਂ ਹਨ। ਭਾਵੇਂ ਨਾਰੀ ਨੂੰ ਕਈ ਵਿਪਰੀਤ ਹਾਲਾਤ 'ਚੋਂ (ਆਦਿ-ਕਾਲ ਤੋਂ ਹੁਣ ਤੱਕ) ਗੁਜ਼ਰਨਾ ਪਿਆ ਹੈ ਜਾਂ ਸੰਘਰਸ਼ ਕਰਨਾ ਪਿਆ ਹੈ ਪਰ ਫਿਰ ਵੀ ਮਰਦ ਜਾਤੀ ਨਾਲ ਹਰ ਕਦਮ, ਹਰ ਮੋੜ, ਹਰ ਔਕੜ, ਹਰ ਪ੍ਰਾਪਤੀ, ਅਪ੍ਰਾਪਤੀ 'ਚ ਇਸ ਨੇ ਮੋਢੇ ਨਾਲ ਮੋਢਾ ਜੋੜ ਕੇ ਲਾਸਾਨੀ ਭੂਮਿਕਾ ਨਿਭਾਈ ਹੈ। ਨਾਥਾਂ ਜੋਗੀਆਂ ਦੇ ਸਾਹਿਤ-ਰਚਨਾਵਾਂ ਦੀ ਗੱਲ ਹੀ ਨਹੀਂ ਅਜੋਕੇ ਦੌਰ ਦੀਆਂ ਕਥਿਤ ਕਦਰ-ਪ੍ਰਣਾਲੀਆਂ ਤਹਿਤ ਵੀ ਔਰਤ ਜਾਤੀ ਨੂੰ ਪਛਾੜਿਆ ਗਿਆ ਹੈ, ਭਾਵੇਂ ਕਿ ਇਸ ਅਵਸਥਾ ਜਾਂ ਹੋਂਦ ਸਥਿਤੀ ਲਈ ਔਰਤ ਖ਼ੁਦ ਵੀ ਜ਼ਿੰਮੇਵਾਰ ਆਖੀ ਜਾ ਸਕਦੀ ਹੈ। ਅਜਿਹੇ ਸਮੁੱਚੇ ਸਾਰਅੰਸ਼ ਨੂੰ ਹੀ ਹੱਥਲੀ ਪੁਸਤਕ ਵਿਚ ਵਿਅਕਤ ਕੀਤਾ ਗਿਆ ਹੈ। ਪੁਸਤਕ ਦੇ ਸਾਰੇ ਦੇ ਸਾਰੇ ਅਧਿਆਇ ਉਕਤ ਸ਼ਬਦਾਂ ਦੀ ਸਾਰਥਿਕਤਾ ਦੇ ਪ੍ਰਤੀਮਾਨ ਵਜੋਂ ਸਾਡੇ ਸਨਮੁੱਖ ਹਨ। ਲੇਖਿਕਾ ਭਾਵੇਂ ਨਾਰੀ ਦਾ ਹਾਸ਼ੀਆਗਤ ਅਸਤਿੱਤਵ ਜਾਂ ਇਤਿਹਾਸਿਕ ਪ੍ਰਕਰਣ ਵਿਚ ਵਿਚਾਰਧਾਰਕ ਚੇਤਨਾ ਜਾਂ ਸਾਹਿਤ ਦੇ ਸੰਦਰਭ ਵਿਚ ਨਾਰੀ ਦਾ ਅਸਤਿੱਤਵ ਪ੍ਰਗਟ ਕਰ ਰਹੀ ਹੈ ਜਾਂ ਨਾਰੀ ਵੇਦਨਾ ਤੋਂ ਵਿਦਰੋਹ ਤੱਕ ਦੀਆਂ ਅਨੁਕੂਲ ਤੇ ਪ੍ਰਤੀਕੂਲ ਪ੍ਰਸਥਿਤੀਆਂ ਦਾ ਵਰਨਣ ਕਰ ਰਹੀ ਹੈ, ਸਭਨੀਂ ਥਾਈਂ ਉਕਤ ਚਿੰਤਾ, ਚਿੰਤਨ ਅਤੇ ਇੱਛਿਤ ਸਿੱਟਿਆਂ ਦੀ ਸਥਾਪਤੀ ਲਈ ਚੰਗੇ-ਚੋਖੇ ਹਵਾਲੇ ਵੀ ਦਿੱਤੇ ਹਨ। ਲੇਖਿਕਾ ਨੇ ਪੁਸਤਕ ਦਾ ਵਿਵਹਾਰਿਕ ਅਤੇ ਹੋਰ ਮਹੱਤਵਪੂਰਨ ਭਾਗ 'ਨਾਟਕ ਵਿਚ ਪ੍ਰਸਤੁਤ ਨਾਰੀ ਯਥਾਰਥ ਦਾ ਤੁਲਨਾਤਮਿਕ ਦ੍ਰਿਸ਼ਟੀ ਤੋਂ ਵਿਵੇਚਨ' ਅਤੇ 'ਪੰਜਾਬੀ ਨਾਟਕ ਵਿਚ ਨਾਰੀ ਚਿੰਤਨ ਦਾ ਉਸਰਦਾ ਪੈਰਾਡਾਇਮ' ਕਾਂਡਾਂ ਜ਼ਰੀਏ ਪ੍ਰਗਟ ਕੀਤਾ ਹੈ। ਇਹ ਅਧਿਆਇ ਵਿਦਿਆਰਥੀਆਂ ਅਤੇ ਹੋਰ ਨਾਟਕ-ਖੋਜੀਆਂ ਲਈ ਵੀ ਸਹਾਇਕ ਹੋ ਸਕਦੇ ਹਨ। ਥਾਂ ਪੁਰ ਥਾਂ ਲੋੜੋਂ ਵੱਧ ਟੂਕਾਂ ਅਤੇ ਲੰਮੀ ਪੁਸਤਕ ਸੂਚੀ ਜੋ ਢੁਕਵੀਂ ਵੀ ਹੈ ਅਤੇ ਨਹੀਂ ਵੀ, ਤੋਂ ਇਲਾਵਾ ਵੱਧ ਕੀਮਤ ਤੋਂ ਵੀ ਗੁਰੇਜ਼ ਕਰਨ ਦੀ ਕੋਸ਼ਿਸ਼ ਹੋਣੀ ਚਾਹੀਦੀ ਸੀ।

-ਡਾ: ਜਗੀਰ ਸਿੰਘ ਨੂਰ
ਮੋ: 98142-09732

ਕਵਿਤਾ ਦੀ ਪਰਕਰਮਾ
ਸ਼ਾਇਰ : ਭੁਪਿੰਦਰ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 500 ਰੁਪਏ, ਸਫੇ : 428.

ਕਵਿਤਾ ਲਿਖਦਿਆਂ ਭੁਪਿੰਦਰ ਕਵਿਤਾ ਨੂੰ ਉਂਗਲ ਫੜਾ ਕੇ ਆਪਣੇ ਨਾਲ ਤੋਰ ਲੈਂਦਾ ਹੈ, ਨਾ ਉਹ ਆਪ ਥੱਕਦਾ ਹੈ ਅਤੇ ਨਾ ਉਹ ਕਵਿਤਾ ਨੂੰ ਥੱਕਣ ਦਿੰਦਾ ਹੈ। ਉਹ ਕਵਿਤਾ ਦੀ ਜਿਸਮਾਨੀ ਅਤੇ ਰੂਹਾਨੀ ਭਾਸ਼ਾ ਤੋਂ ਭਲੀ-ਭਾਂਤ ਵਾਕਿਫ਼ ਹੈ। 'ਧੁੱਪ ਦੇ ਨਕਸ਼', 'ਹਾਦਸੇ ਤੋਂ ਬਾਅਦ', 'ਅਲਵਿਦਾ ਨਹੀਂ', 'ਪੈੜਾਂ ਦੀ ਆਤਮ ਕਥਾ', 'ਸੜਕਾਂ ਘਰ ਤੇ ਚੌਕ', 'ਸਮੁੰਦਰ ਵੱਲ ਖੁੱਲ੍ਹਦੀ ਖਿੜ੍ਹਕੀ' ਇਨ੍ਹਾਂ 6 ਪੁਸਤਕਾਂ ਦੇ ਇਸ ਸੰਗ੍ਰਹਿ ਵਿਚ ਭੁਪਿੰਦਰ ਦੀ ਇਕਸੁਰਤਾ ਅਤੇ ਇਕਸਾਰਤਾ ਕਾਇਮ ਹੈ। ਕਵਿਤਾ ਨੂੰ ਕਵਿਤਾ ਦੇ ਸਿਰ ਦੇ ਉਤੋਂ ਦੀ ਉਹ ਪਤੰਗ ਬਣਾ ਕੇ ਨਹੀਂ ਉਡਾ ਦਿੰਦਾ, ਸਹਿਜਤਾ ਅਤੇ ਦਲੇਰੀ ਨਾਲ ਮਾਨਸਿਕ ਪੀੜਾ ਦਾ ਚਿਤਰਣ ਕਰਦਿਆਂ ਉਹ ਆਪਣਾ ਨਿਸ਼ਾਨਾ ਸਪੱਸ਼ਟ ਕਰ ਜਾਂਦਾ ਹੈ। ਮੇਰੇ ਪੈਰੀਂ ਸਫ਼ਰ ਸੀ, ਸਲੀਬ ਮੋਢੇ 'ਤੇ ਰੱਖ ਕੇ, ਹੁਣ ਹੋਰ ਸਫ਼ਰ ਨਹੀਂ ਸੀ ਹੋਣਾ, ਚਾਂਦਨੀ ਚੌਕ ਇਕ ਠਹਿਰਾਓ ਤਾਂ ਸੀ, ਪਰ ਸਫ਼ਰ ਦੀ ਮੰਜ਼ਿਲ ਨਹੀਂ ਸੀ, ਸੋਚਿਆ ਚੱਲ ਮਨਾ, ਚਾਂਦਨੀ ਚੌਕ ਤੋਂ ਅਗਲੇਰਾ ਸਫ਼ਰ ਕਰੀਏ, ਸਮੇਂ ਦੇ ਸੱਚ ਦੇ ਨਾਲ-ਨਾਲ ਜਦੋਂ ਸੁਰਤਾਲ ਹੋ ਕੇ ਇਕ ਸੁਨੇਹਾ ਨਜ਼ਮ ਕੀਤਾ ਜਾਂਦਾ ਹੈ ਤਾਂ ਉਹ ਪੀੜ੍ਹੀ ਦਰ ਪੀੜ੍ਹੀ ਦਾ ਸਫ਼ਰ ਕਰਦਿਆਂ ਜਦੋਂ ਸੁਨੇਹੜੇ ਬਣ ਜਾਵੇ ਤਾਂ ਕਵੀ ਅਤੇ ਕਵਿਤਾ ਦੀ ਇਹੀ ਪ੍ਰਾਪਤੀ ਹੁੰਦੀ ਹੈ, ਇਹੀ ਭੁਪਿੰਦਰ ਦੀ ਪ੍ਰਾਪਤੀ ਹੈ। ਕਵਿਤਾ ਛੰਦ-ਬੱਧ ਹੋਵੇ ਭਾਵੇਂ ਖੁੱਲ੍ਹੀ ਬਿੰਬ ਕਵਿਤਾ ਦੇ ਗਹਿਣੇ ਹੁੰਦੇ ਹਨ। ਭੁਪਿੰਦਰ ਇਸ ਪੱਖੋਂ ਵੀ ਸੁਚੇਤ ਸ਼ਾਇਰ ਹੈ-ਧੁੱਪ ਜੋ ਚੂਸ ਗਈ ਸੀ-ਚਿਹਰੇ ਦੀ ਉਦਾਸੀ-ਧੁੱਪ ਜੋ ਬਿਖੇਰ ਗਈ ਸੀ ਬੁੱਲਾਂ 'ਤੇ ਹਾਸੀ-ਤੇ ਫਿਰ ਇਕ ਦਿਨ ਚੁਪ-ਚਾਪ-ਗੁੰਮ-ਸੁੰਮ ਗੁਆਚ ਗਈ ਸੀ-ਦੁਨੀਆ ਦੀ ਭੀੜ 'ਚ-ਤੁਰ ਗਈ ਸੀ ਬੁੱਢੇ ਸੂਰਜ ਸੰਗ-ਮਾਰੂਥਲ 'ਚ-ਸੁਨਹਿਰੀ ਮੱਛੀ ਦੀ ਤਲਾਸ਼ ਕਰਦੀ। ਆਵਾਮ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜਦੋਂ ਉਹ ਸਰਕਾਰੀ ਤੰਤਰ ਦਾ ਹਿੱਸਾ ਬਣਿਆ ਵੇਖਦਾ ਹੈ ਤਾਂ ਉਹ ਉਦੋਂ ਵੀ ਉਪ ਭਾਵੁਕ ਨਹੀਂ ਹੁੰਦਾ ਸਗੋਂ ਬੜੇ ਹੀ ਸਹਿਜ ਨਾਲ ਕਹਿ ਦਿੰਦਾ ਹੈ-ਅਸੀਂ ਮਹਿਕ ਬਣ ਕੇ ਫਿਜ਼ਾ ਵਿਚ ਘੁਲਣਾ ਸੀ-ਤੱਤੀਆਂ ਹਵਾਵਾਂ ਨੂੰ ਮੁਖਾਤਬ ਹੋਣਾ ਸੀ-ਪਾਗਲ ਮੌਸਮਾਂ ਸੰਗ-ਸੰਵਾਦ ਰਚਾਉਣਾ ਸੀ-ਐਵੇਂ ਬਦਨਾਮ ਮੌਸਮਾਂ ਦੀ ਭੂਮਿਕਾ ਬਣ-ਦੂਰਦਰਸ਼ਨ ਦੇ ਇਸ਼ਤਿਹਾਰ ਬਣ ਗਏ। ਜ਼ਿੰਦਗੀ ਦੀਆਂ ਸੱਠ ਬਹਾਰਾਂ ਨੂੰ ਸਮਰਪਤ ਇਹ ਪੁਸਤਕ ਪੁਸ਼ਤ ਦਰ ਪੁਸ਼ਤ ਆਪਣੇ ਦਰਦ ਨੂੰ ਆਪਣੇ ਅੰਦਰ ਸਮੇਟਦੇ ਆ ਰਹੇ ਬੇ-ਗ਼ੈਰਤਿਆਂ ਨੂੰ ਗ਼ੈਰਤ ਦੀ ਪਰਕਰਮਾ ਕਰਾਉਂਦੀ ਹੈ-ਕਵਿਤਾ ਦੀ ਪ੍ਰਕਰਮਾ।

-ਰਾਜਿੰਦਰ ਪਰਦੇਸੀ
ਮੋ: 93576-41552.

22-11-2014

 ਰਵਿੰਦਰ ਰਵੀ ਦਾ ਸਾਹਿਤ ਸੰਸਾਰ:
ਸੰਵੇਦਨਾ ਅਤੇ ਸੁਹਜ-ਸੰਚਾਰ
ਲੇਖਿਕਾ : ਡਾ: ਕਿਰਨਦੀਪ ਕੌਰ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ ਦਿੱਲੀ
ਮੁੱਲ : 350 ਰੁਪਏ, ਸਫ਼ੇ : 224.

ਰਵਿੰਦਰ ਰਵੀ ਪਿਛਲੇ ਛੇ ਦਹਾਕਿਆਂ ਤੋਂ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਸਿਨਫ਼ਾਂ ਵਿਚ ਆਪਣੇ ਰੈਡੀਕਲ ਅਨੁਭਵ ਨੂੰ ਪ੍ਰਕਾਸ਼ਮਾਨ ਕਰ ਰਿਹਾ ਹੈ। ਡਾ: ਕਿਰਨਦੀਪ ਕੌਰ ਨੇ ਰਵਿੰਦਰ ਰਵੀ ਦੇ ਕਾਵਿ, ਕਹਾਣੀਆਂ ਅਤੇ ਕਾਵਿ-ਨਾਟਕਾਂ ਉਪਰ ਸ਼ੋਧ-ਕਾਰਜ ਕਰਕੇ ਲੇਖਕ ਦੀ ਸੰਵੇਦਨਾ ਅਤੇ ਸੁਹਜ-ਸੰਚਾਰ ਬਾਰੇ ਗੰਭੀਰ ਸੰਵਾਦ ਰਚਾਇਆ ਹੈ। ਮੈਂ ਸ਼ੋਧਕਰਤਾ ਦੇ ਉੱਦਮ ਦੀ ਭਰਪੂਰ ਪ੍ਰਸੰਸਾ ਕਰਦਾ ਹਾਂ। ਡਾ: ਕਿਰਨਦੀਪ ਲਿਖਦੀ ਹੈ ਕਿ ਰਵਿੰਦਰ ਰਵੀ ਨੇ 18 ਕਾਵਿ ਸੰਗ੍ਰਹਿ, 9 ਕਹਾਣੀ ਸੰਗ੍ਰਹਿ, 12 ਕਾਵਿ ਨਾਟਕ, 1 ਸਫ਼ਰਨਾਮਾ, 2 ਸਾਹਿਤਿਕ ਸਵੈ-ਜੀਵਨੀਆਂ ਅਤੇ 10 ਆਲੋਚਨਾਤਮਕ ਪੁਸਤਕਾਂ (ਕੁੱਲ 52) ਦੀ ਰਚਨਾ ਕੀਤੀ ਹੈ। ਉਸ ਨੇ ਜਿਸ ਦੌਰ ਵਿਚ ਰਚਨਾਤਮਕ ਕਾਰਜ ਸ਼ੁਰੂ ਕੀਤਾ, ਉਹ ਪ੍ਰਗਤੀਵਾਦੀ ਲੇਖਣ ਦਾ ਦੌਰ ਸੀ ਅਤੇ ਇਸ ਦੌਰ ਦੇ ਸਥਾਪਿਤ ਲੇਖਕਾਂ ਨੂੰ ਚੁਣੌਤੀ ਦੇ ਕੇ ਪ੍ਰਯੋਗਵਾਦ ਨੂੰ ਸਥਾਪਿਤ ਕਰਨਾ ਕੋਈ ਸੌਖਾ ਕੰਮ ਨਹੀਂ ਸੀ, ਪ੍ਰੰਤੂ ਰਵਿੰਦਰ ਰਵੀ ਚੜ੍ਹਦੀ ਜਵਾਨੀ ਤੋਂ ਹੀ ਇਕ ਮਰਯਾਦਾ ਭੰਜਕ ਅਤੇ ਅਵੱਗਿਆਕਾਰ ਵਿਅਕਤੀ ਸੀ। ਉਹ ਆਗਿਆ ਨਾਲੋਂ ਅਵੱਗਿਆ ਨੂੰ ਤਰਜੀਹ ਦੇਣ ਵਾਲਾ ਇਕ ਵਿਦਰੋਹੀ ਨਵਯੁਵਕ ਸੀ। ਇਹੀ ਕਾਰਨ ਹੈ ਕਿ ਉਹ ਵੱਖਰੇ ਰਾਹਾਂ ਉੱਪਰ ਚੱਲ ਕੇ ਨਵੀਆਂ ਪੈੜਾਂ ਪਾਉਣ ਵਿਚ ਸਫ਼ਲ ਹੋ ਗਿਆ।
ਰਵਿੰਦਰ ਰਵੀ ਸੁਹਜ-ਸੰਚਾਰ ਲਈ ਪ੍ਰਤੀਕਾਤਮਕ-ਜੁਗਤਾਂ, ਨਾਟਕੀਅਤਾ, ਅਜਨਬੀਕਰਣ ਅਤੇ ਬਿੰਬਾਂ ਦਾ ਭਰਪੂਰ ਪ੍ਰਯੋਗ ਕਰਦਾ ਹੈ। ਸੰਚਾਰ ਨੂੰ ਸਟੀਕ ਬਣਾਉਣ ਲਈ ਉਸ ਨੇ ਆਪਣੇ ਨਾਟਕਾਂ ਵਿਚ ਪਿਠਵਰਤੀ-ਸੰਗੀਤ, ਪ੍ਰਕਾਸ਼-ਯੋਜਨਾਵਾਂ ਅਤੇ ਪ੍ਰਾਜੈਕਟਰਾਂ ਆਦਿ ਦਾ ਭਰਪੂਰ ਪ੍ਰਯੋਗ ਕੀਤਾ ਹੈ। ਉਸ ਦੇ ਨਾਟਕਾਂ ਨੂੰ ਮੰਚਿਤ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਅਜਮੇਰ ਸਿੰਘ ਔਲਖ ਅਤੇ ਪੰਜਾਬੀ ਯੂਨੀਵਰਸਿਟੀ ਦੇ ਕੁਝ ਪ੍ਰਯੋਗਧਰਮੀ ਨਿਰਦੇਸ਼ਕਾਂ ਨੇ ਉਸ ਦੇ ਨਾਟਕਾਂ ਨੂੰ ਮੰਚਿਤ ਕਰਕੇ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਨਵੀਆਂ ਲੀਹਾਂ ਪਾਈਆਂ ਹਨ। ਰਵਿੰਦਰ ਰਵੀ ਦਾ ਸੁਹਜ-ਸੰਕਲਪ ਰਵਾਇਤੀ ਨਹੀਂ ਹੈ। ਐਲਫਰਡ ਜੈਰੀ ਅਤੇ ਕਾਕਤੂ ਵਾਂਗ ਉਹ ਗਰਾਟੈਸਕ ਵਿਚੋਂ ਸੌਂਦਰਯ ਦੀ ਤਲਾਸ਼ ਕਰਦਾ ਹੈ। ਉਸ ਦੀਆਂ ਸੁਹਜ-ਧਾਰਨਾਵਾਂ ਪਲੈਟਾਨਿਕ ਜਾਂ ਵਿਕਟੋਰੀਅਨ ਨਹੀਂ ਹਨ। ਉਸ ਲਈ ਮਨੁੱਖੀ ਜੀਵਨ ਦਾ ਹਰ ਪੱਖ ਸੁੰਦਰ ਅਤੇ ਲਿਖਣਯੋਗ ਹੈ। ਪਰ ਇਨ੍ਹਾਂ ਪੱਖਾਂ ਨੂੰ ਸਮਝਣ ਵਾਲੇ ਪੰਜਾਬ ਵਿਚ ਬਹੁਤੇ ਲੋਕ ਨਹੀਂ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਨਾਰੀਵਾਦੀ ਪਰਿਪੇਖ
ਲੇਖਿਕਾ : ਡਾ: ਮਨਜੀਤ ਰੰਧਾਵਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 240.

ਨਾਰੀ ਜਾਤੀ ਦੀ ਹੋਂਦ-ਸਥਿਤੀ ਨਾਲ ਸਬੰਧਤ ਵਿਭਿੰਨ ਸਰੋਕਾਰਾਂ ਨੂੰ ਸਮਝਣ-ਸਮਝਾਉਣ ਵਾਸਤੇ ਬਹੁਤ ਸਾਰੇ ਆਲੋਚਕਾਂ ਨੇ ਵਿਭਿੰਨ ਸਾਹਿਤ-ਰੂਪਾਕਾਰਾਂ ਨੂੰ ਆਧਾਰ ਮੰਨ ਕੇ ਸਾਰਥਕ ਅਧਿਐਨ ਦਾ ਵਿਸ਼ਾ ਬਣਾਇਆ ਹੈ। ਇਸੇ ਕੜੀ ਦੇ ਅੰਤਰਗਤ ਡਾ: ਮਨਜੀਤ ਰੰਧਾਵਾ ਨੇ ਹਥਲੀ ਪੁਸਤਕ ਜ਼ਰੀਏ ਕਿੱਸਾ ਪੂਰਨ ਭਗਤ (ਕਾਦਰ ਯਾਰ), ਪੂਰਨ ਨਾਥ ਜੋਗੀ ਕਿਰਤ ਪ੍ਰੋ: ਪੂਰਨ ਸਿੰਘ ਅਤੇ 'ਲੂਣਾ' ਕਿਰਤ ਸ਼ਿਵ ਕੁਮਾਰ ਬਟਾਲਵੀ ਅਤੇ 'ਸੁੰਦਰਾਂ' ਰਚਿਤ ਮਨਜੀਤ ਪਾਲ ਕੌਰ 'ਤੇ ਆਧਾਰਿਤ ਆਪਣੀ ਉਪਾਧੀਜਨਕ ਕੀਤੀ ਗਈ ਖੋਜ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ। ਬੜੀ ਸੂਖਮਤਾ ਅਤੇ ਗੰਭੀਰਤਾ ਦਾ ਪੱਲਾ ਫੜਦਿਆਂ ਹੋਇਆਂ ਵਿਗਿਆਨਕ ਦ੍ਰਿਸ਼ਟੀ ਤੋਂ ਪਰ ਹਵਾਲੇ-ਦਰ-ਹਵਾਲਿਆਂ ਦੀ ਭਰਮਾਰ ਨਾਲ ਚੰਗੇ ਸਿੱਟਿਆਂ ਦੀ ਸਥਾਪਨਾ ਕੀਤੀ ਹੈ। ਸਭ ਤੋਂ ਪਹਿਲਾਂ ਨਾਰੀਵਾਦੀ ਪਰਿਪੇਖ ਦੇ ਸਿਧਾਂਤਕ ਪਹਿਲੂਆਂ ਨੂੰ ਉਭਾਰਿਆ ਹੈ, ਫਿਰ ਇਤਿਹਾਸਕ ਪ੍ਰਕਰਣ ਵਿਚ ਤੇ ਖਾਸ ਕਰਕੇ ਸਾਹਿਤਕ ਸੰਦਰਭ ਵਿਚ ਨਾਰੀਵਾਦੀ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ ਹੈ। ਪੁਸਤਕ ਦੇ ਮਹੱਤਵਪੂਰਨ ਕਾਂਡ ਪੂਰਨ ਭਗਤ ਨਾਲ ਸਬੰਧਤ ਪੰਜਾਬੀ ਕਾਵਿ-ਰਚਨਾਵਾਂ ਦਾ ਨਾਰੀਵਾਦੀ ਪਰਿਪੇਖ ਜਿਸ 'ਚ ਬਿਰਤਾਂਤ ਉਸਾਰੀ ਦੀ ਦ੍ਰਿਸ਼ਟੀ, ਪਾਤਰ ਚਿਤਰਣ ਦੀ ਦ੍ਰਿਸ਼ਟੀ, ਕਾਵਿ-ਭਾਸ਼ਾ ਸ਼ੈਲੀ ਦੀ ਦ੍ਰਿਸ਼ਟੀ ਅਤੇ ਸਮਾਨਤਾਵਾਂ ਅਤੇ ਵੱਖਰਤਾਵਾਂ ਹਨ। ਇਨ੍ਹਾਂ ਸੰਦਰਭਾਂ ਅਤੇ ਸਰੋਕਾਰਾਂ ਦੀ ਪੇਸ਼ਕਾਰੀ ਕਰਦੇ ਸਮੇਂ ਬੜੀ ਬਾਰੀਕ ਤਹਿਆਂ ਨੂੰ ਫੋਲਿਆ ਗਿਆ ਹੈ। ਕਾਦਰ ਯਾਰ ਦੀ ਦ੍ਰਿਸ਼ਟੀ ਨੂੰ ਨਾਰੀ ਵਿਰੋਧੀ ਤੇ ਫਿਊਡਲ ਸਿਸਟਮ ਵਾਲੀ ਸਾਬਤ ਕੀਤਾ ਹੈ। ਪੂਰਨ ਨਾਥ ਜੋਗੀ ਦੇ ਜ਼ਰੀਏ ਪ੍ਰੋ: ਪੂਰਨ ਸਿੰਘ ਦੀ ਦ੍ਰਿਸ਼ਟੀ ਨੂੰ ਸੰਤੁਲਿਤ ਆਖਿਆ ਗਿਆ ਹੈ। ਲੇਖਿਕਾ ਅਨੁਸਾਰ ਸ਼ਿਵ ਨੇ ਲੂਣਾ ਦੇ ਮਾਧਿਅਮ ਰਾਹੀਂ ਔਰਤ ਨੂੰ ਮੁੱਖ ਪਾਤਰ ਬਣਾ ਕੇ, ਔਰਤ ਨੂੰ ਸਮਾਜ ਵਿਚ ਵਿਸ਼ੇਸ਼ ਸਥਾਨ ਪ੍ਰਦਾਨ ਕੀਤਾ। 'ਸੁੰਦਰਾਂ' ਦੇ ਪਾਤਰ ਰਾਹੀਂ ਮਨਜੀਤ ਪਾਲ ਕੌਰ ਨੇ ਪਿੱਤਰੀ ਸਮਾਜ ਨੂੰ ਵੰਗਾਰਿਆ ਹੈ ਅਤੇ ਆਪਣੀ ਮਰਜ਼ੀ ਅਨੁਸਾਰ ਔਰਤ ਨੂੰ ਜੀਵਨ ਬਸਰ ਕਰਨ ਦਾ ਆਦਰਸ਼ਕ ਰਾਹ ਦੱਸਿਆ ਹੈ। ਇਸ ਤਰ੍ਹਾਂ ਦੇ ਅਨੇਕਾਂ ਨਵੀਨ ਪੱਖਾਂ ਨੂੰ ਡਾ: ਮਨਜੀਤ ਰੰਧਾਵਾ ਨੇ ਪੁਸਤਕ ਵਿਚ ਅੰਕਿਤ ਕਰਕੇ ਜਿਥੇ ਨਾਰੀ ਚੇਤਨਾ ਦੇ ਵਿਕਾਸ ਕ੍ਰਮ ਨੂੰ ਪ੍ਰਗਟ ਕੀਤਾ ਹੈ, ਉੱਤੇ ਖੋਜ-ਦ੍ਰਿਸ਼ਟੀ ਤੋਂ ਨਵੇਂ ਪ੍ਰਤੀਮਾਨ ਵੀ ਸਥਾਪਿਤ ਕੀਤੇ ਹਨ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

ਗ਼ਜ਼ਲ ਕਲਾ ਅਤੇ ਗ਼ਜ਼ਲਕਾਰ
ਲੇਖਕ : ਪ੍ਰਿੰ: ਕਰਤਾਰ ਸਿੰਘ ਕਾਲੜਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 152.

ਪ੍ਰਿੰ: ਕਰਤਾਰ ਸਿੰਘ ਕਾਲੜਾ ਦਾ ਸ਼ੁਮਾਰ ਪੰਜਾਬੀ ਗ਼ਜ਼ਲ ਦੇ ਉਸਤਾਦ ਸ਼ਾਇਰਾਂ ਵਿਚ ਹੈ। ਪੰਜਾਬੀ ਗ਼ਜ਼ਲ ਸ਼ਾਸਤਰ ਸਬੰਧੀ ਅਨੇਕਾਂ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ, ਪੰਜਾਬੀ ਵਿਚ ਪ੍ਰੋ: ਜੋਗਿੰਦਰ ਦੀ 'ਪਿੰਗਲ ਅਤੇ ਅਰੂਜ਼' ਗ਼ਜ਼ਲ ਛੰਦ ਪ੍ਰਬੰਧ ਦੀ ਪਹਿਲੀ ਪੁਸਤਕ ਮੰਨੀ ਗਈ ਹੈ। ਹਥਲੀ ਪੁਸਤਕ ਵਿਚ 'ਗ਼ਜ਼ਲ ਜਨਮ ਤੇ ਵਿਕਾਸ', ਡਾ: ਸਾਧੂ ਸਿੰਘ ਹਮਦਰਦ, 'ਪੰਜਾਬੀ ਫਾਰਸੀ ਬੋਧ' ਡਾ: ਪਿਆਰ ਸਿੰਘ, 'ਗ਼ਜ਼ਲ ਅਰੂਜ਼ ਤੇ ਪਿੰਗਲ' ਡਾ: ਐਸ. ਤਰਸੇਮ, 'ਸਆਦਤ ਹਸਨ ਰੰਗੀਨ' ਦੀਆਂ ਹਿੰਦੀ ਗ਼ਜ਼ਲਾਂ ਤੋਂ ਇਲਾਵਾ ਕਾਲੜਾ ਸਾਹਿਬ ਦੀ ਆਪਣੀ ਪੁਸਤਕ 'ਸਮਕਾਲੀ ਪੰਜਾਬੀ ਗ਼ਜ਼ਲ' ਆਦਿ ਪੁਸਤਕਾਂ ਦੀ ਸਹਾਇਤਾ ਅਤੇ ਹਵਾਲੇ ਦਰਜ ਹਨ। ਪੰਜਾਬੀ ਗ਼ਜ਼ਲ ਦਾ ਮੁੱਢ ਭਾਵੇਂ ਸ਼ਾਹ ਮੁਰਾਦ ਹੋਰਾਂ ਤੋਂ ਬੰਨ੍ਹਿਆ ਮੰਨਿਆ ਜਾਂਦਾ ਹੈ, ਜੋ 1702 ਈਸਵੀ ਵਿਚ ਸਵਰਗਵਾਸ ਹੋਏ। ਮੁਹੰਮਦ ਬਖ਼ਸ਼ ਅਤੇ ਗਾਮੂੰ ਖਾਂ ਹੋਰਾਂ ਵੀ ਪੰਜਾਬੀ ਗ਼ਜ਼ਲਾਂ ਲਿਖੀਆਂ ਪਰ ਪੰਜਾਬੀ ਗ਼ਜ਼ਲ ਦਾ ਪਹਿਲਾ ਦੀਵਾਨ 139 ਗ਼ਜ਼ਲਾਂ ਦਾ ਦੀਵਾਨ-ਏ-ਕੁਸ਼ਤਾ, ਮੌਲਾ ਬਖ਼ਸ਼ ਕੁਸ਼ਤਾ ਹੋਰਾਂ ਦਾ 1903 ਵਿਚ ਪ੍ਰਕਾਸ਼ਿਤ ਹੋਇਆ। ਗ਼ਜ਼ਲ ਦੇ ਏਨੇ ਲੰਮੇ ਸਫ਼ਰ ਦੇ ਬਾਵਜੂਦ ਗ਼ਜ਼ਲ ਸਿਖਿਆਰਥੀਆਂ ਲਈ, ਗ਼ਜ਼ਲ ਦੀਆਂ ਬਹਿਰਾਂ ਅਤੇ ਇਨ੍ਹਾਂ ਵਿਚ ਕੀਤੀਆਂ ਜਾਂਦੀਆਂ ਵਾਧਾ-ਘਾਟਾਂ ਜਿਨ੍ਹਾਂ ਨੂੰ ਉਰਦੂ ਫ਼ਾਰਸੀ ਜਗਿਆਸੂ ਹੋਰਾਂ ਦੇ ਹਿੱਸੇ ਆਇਆ, ਜਿਨ੍ਹਾਂ ਨੇ ਗੁਰਮੁਖੀ ਅੱਖਰਾਂ ਵਿਚ ਗ਼ਜ਼ਲਾਂ ਦਾ ਦੀਵਾਨ ਛਪਵਾਇਆ ਅਤੇ ਸਿਖਾਂਦਰੂਆਂ ਲਈ ਹਰ ਗ਼ਜ਼ਲ ਤੇ ਬਹਿਰ ਦਾ ਨਾਂਅ ਵੀ ਦਿੱਤਾ। ਇਸੇ ਲੜੀ ਵਿਚ ਉਪਰੋਕਤ ਹਵਾਲਿਆਂ ਤੋਂ ਇਲਾਵਾ ਦੀਪਕ ਜੈਤੋਈ, ਸੁਲੱਖਣ ਸਰਹੱਦੀ, ਡਾ: ਜਸਵੰਤ ਬੇਗੋਵਾਲ ਤੋਂ ਇਲਾਵਾ ਬਹੁਤ ਸਾਰੇ ਵਿਦਵਾਨ ਗ਼ਜ਼ਲਗੋਆਂ ਨੇ ਗ਼ਜ਼ਲ ਦੀਆਂ ਬੰਦਿਸ਼ਾਂ ਬਾਰੇ ਪੁਸਤਕਾਂ ਲਿਖੀਆਂ ਅਤੇ ਇਸ ਲੜੀ ਵਿਚ ਇਕ ਹੋਰ ਮਣਕਾ ਪਰੋ ਦਿੱਤਾ ਹੈ ਪ੍ਰਿੰ: ਕਰਤਾਰ ਸਿੰਘ ਕਾਲੜਾ ਹੋਰਾਂ-'ਗ਼ਜ਼ਲ ਕਲਾ ਅਤੇ ਗ਼ਜ਼ਲਕਾਰ'-ਸਮੇਂ ਦੇ ਨਾਲ-ਨਾਲ ਹੋ ਰਹੀਆਂ ਤਬਦੀਲੀਆਂ ਕਾਰਨ ਨਵੇਂ-ਨਵੇਂ ਸਿੱਖਣ ਵਾਲੇ ਅਜਿਹੀਆਂ ਨਵੀਆਂ ਪੁਸਤਕਾਂ ਦੀ ਆਮਦ ਦੀ ਉਡੀਕ ਵਿਚ ਰਹਿੰਦੇ ਹਨ। ਇਸ ਪੁਸਤਕ ਵਿਚ ਹੋਰ ਵੀ ਵਾਧਾ ਕੀਤਾ ਜਾ ਸਕਦਾ ਸੀ ਹੋਰ ਵੀ ਹਵਾਲੇ ਦਿੱਤੇ ਜਾ ਸਕਦੇ ਸਨ। ਸ਼ਾਇਦ ਲੇਖਕ ਦੀ ਪੁਸਤਕ ਦੇ ਆਕਾਰ ਦੀ ਮਜਬੂਰੀ ਹੋਵੇ। 'ਗ਼ਜ਼ਲ ਕਲਾ ਅਤੇ ਗ਼ਜ਼ਲਕਾਰ' ਨੂੰ ਜੀ ਆਇਆਂ।

-ਰਾਜਿੰਦਰ ਪਰਦੇਸੀ
ਮੋ: 93576-41552.

ਤੜਪਦੇ ਤੰਦਾਂ ਦਾ ਨੂਰ
ਕਵੀ : ਜੀ.ਐਸ. ਗਿੱਲ ਰਣਸ਼ੀਂਹਕੇ
ਪ੍ਰਕਾਸ਼ਕ : ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 135 ਰੁਪਏ, ਸਫ਼ੇ : 128.

'ਤੜਪਦੇ ਤੰਦਾਂ ਦਾ ਨੂਰ' ਜੀ. ਐਸ. ਗਿੱਲ ਰਣਸ਼ੀਂਹਕੇ ਨੇ ਹੀਰ, ਸਾਹਿਬਾਂ, ਸੱਸੀ, ਸੋਹਣੀ, ਸ਼ੀਰੀ ਦੀਆਂ ਲੋਕ ਗਾਥਾਵਾਂ 'ਤੇ ਆਧਾਰਿਤ ਪੁਸਤਕ ਨੂੰ ਗੀਤਾਤਮਕ ਰੂਪ ਵਿਚ ਕਲਮਬੱਧ ਕੀਤਾ ਹੈ। ਭਾਵੇਂ ਕਿ ਇਨ੍ਹਾਂ ਪ੍ਰੀਤ-ਕਥਾਵਾਂ ਨੂੰ ਗੀਤ ਰੂਪ ਵਿਚ ਸਿਰਜਿਤ ਕਰਦਿਆਂ ਉਹ ਆਧਾਰ ਪ੍ਰੰਪਰਕ ਕਥਾਵਾਂ ਨੂੰ ਹੀ ਬਣਾਉਂਦਾ ਹੈ ਪਰ ਪੁਸਤਕ ਦੇ ਸ਼ੁਰੂ ਵਿਚ ਉਹ ਕਿੱਸਿਆਂ ਵਿਚ ਪੇਸ਼ ਅਤਿਕਥਨੀਆਂ ਅਤੇ ਸ਼ੰਕਾਵਾਂ ਨੂੰ ਆਪਣੀ ਦ੍ਰਿਸ਼ਟੀ ਤੋਂ ਨਿਰਖਣ-ਪਰਖਣ ਦਾ ਯਤਨ ਵੀ ਕਰਦਾ ਹੈ ਅਤੇ ਤਰਕ ਆਧਾਰਿਤ ਆਪਣੀ ਗੱਲ ਨੂੰ ਪ੍ਰਮਾਣਿਕ ਵੀ ਬਣਾਉਂਦਾ ਹੈ। ਗਿੱਲ ਨੇ ਇਨ੍ਹਾਂ ਪ੍ਰਤੀ-ਕਥਾਵਾਂ ਦੀਆਂ ਨਾਇਕਾਵਾਂ ਦੇ ਨਾਵਾਂ ਨੂੰ ਹੀ ਮੁਢਲੇ ਰੂਪ ਵਿਚ ਵਰਤਿਆ ਹੈ। ਹੀਰ-ਰਾਂਝਾ ਦੀ ਕਥਾ ਨੂੰ ਉਸ ਨੇ ਇਸ ਪੁਸਤਕ 'ਚ ਸਭ ਤੋਂ ਪਹਿਲਾਂ ਪੇਸ਼ ਕੀਤਾ ਹੈ, ਜਿਸ ਵਿਚ ਉਸ ਨੇ ਹੀਰ-ਰਾਂਝੇ ਦੇ ਮਿਲਾਪ ਤੋਂ ਗੱਲ ਸ਼ੁਰੂ ਕਰਕੇ ਵੱਖ-ਵੱਖ ਗੀਤਾਂ ਦੇ ਰੂਪ ਵਿਚ ਆਪਣੀ ਗੱਲ ਨੂੰ ਅੱਗੇ ਤੋਰਦਿਆਂ ਅਖ਼ੀਰ ਹੀਰ ਦੁਆਰਾ ਖੇੜਿਆਂ ਦੀ ਡੋਲੀ ਚੜ੍ਹ ਜਾਣ ਅਤੇ ਰਾਂਝੇ ਦੀ ਬੇਵਸੀ ਨੂੰ ਪੇਸ਼ ਕਰਕੇ ਆਪਣੀ ਗੱਲ ਮੁਕਾਈ ਹੈ। ਇਸੇ ਤਰ੍ਹਾਂ ਸ਼ੀਰੀ-ਫਰਿਹਾਦ ਵਾਲੇ ਕਿੱਸੇ ਦਾ ਉਹੀ ਦ੍ਰਿਸ਼ ਜਿਸ ਵਿਚ ਫਰਿਹਾਦ ਨਹਿਰ ਕੱਢ ਕੇ ਸ਼ੀਰੀ ਦੇ ਮਹਿਲਾਂ ਤੱਕ ਲਿਆਉਂਦਾ ਹੈ, ਉਸ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਹੈ। ਸੋਹਣੀ ਦੇ ਡੁੱਬਣ ਦੀ ਗਾਥਾ, ਸੱਸੀ ਦੇ ਥਲਾਂ ਵਿਚ ਸੜਨ ਦਾ ਬਿਰਤਾਂਤ ਅਤੇ ਮਿਰਜ਼ੇ ਦੀ ਮੌਤ ਦਾ ਮਾਰਮਿਕ ਦ੍ਰਿਸ਼ ਗਿੱਲ ਨੇ ਗੀਤਾਂ ਦੇ ਰੂਪ ਵਿਚ ਪੇਸ਼ ਕਰਕੇ ਇਕ ਮੌਲਿਕ ਮੁਹਾਂਦਰੇ ਵਾਲੀ ਰਚਨਾ ਦਾ ਪ੍ਰਮਾਣ ਦਿੱਤਾ ਹੈ। ਇਸ ਪੁਸਤਕ ਦੇ ਪਿਛਲੇ ਭਾਗ ਵਿਚ ਕੁਝ ਗੀਤ-ਰਚਨਾਵਾਂ ਫੁਟਕਲ ਰੂਪ ਵਿਚ ਵੀ ਹਨ ਜਿਹੜੀਆਂ ਭਾਵੇਂ ਰੂਮਾਨੀ ਤਰਜ਼ ਦੀਆਂ ਹਨ ਪਰ ਕਿਸੇ ਨਾ ਕਿਸੇ ਰੂਪ ਵਿਚ ਇਨ੍ਹਾਂ ਵਿਚਲਾ ਭਾਵ ਪਹਿਲੀਆਂ ਰਚਨਾਵਾਂ ਨਾਲ ਮੇਲ ਖਾਂਦਾ ਹੈ। ਜੀ.ਐਸ. ਗਿੱਲ ਰਣਸ਼ੀਂਹਕੇ ਨੇ ਇਨ੍ਹਾਂ ਪ੍ਰੀਤ-ਕਥਾਵਾਂ ਨੂੰ ਪੇਸ਼ ਕਰਦਿਆਂ ਮਲਵਈ ਉਪਭਾਸ਼ਾ ਦੀ ਵਰਤੋਂ ਬਾਖ਼ੂਬੀ ਕੀਤੀ ਹੈ ਅਤੇ ਬਹੁਤੀਆਂ ਥਾਵਾਂ 'ਤੇ ਸਥਾਨਕ ਸ਼ਬਦਾਵਲੀ ਦੀ ਭਰਮਾਰ ਹੈ ਖ਼ਾਸ ਕਰਕੇ ਬੋਲਚਾਲ ਦੀ ਬੋਲੀ ਨੂੰ ਇਸ ਪੁਸਤਕ ਵਿਚ ਵਰਤਿਆ ਗਿਆ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

ਹਾਸ ਗੁਲਦਸਤਾ
ਸੰਪਾਦਕ : ਚਿਤਵਨ ਕੌਰ ਘੁੰਮਣ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 112.

ਚਿਤਵਨ ਕੌਰ ਘੁੰਮਣ ਨੇ ਇਸ ਦਸ਼ਾ ਵਿਚ ਜ਼ਿਕਰਯੋਗ ਕਾਰਜ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਚੁਟਕਲਾ ਪੁਸਤਕ 'ਹਾਸ-ਪਟਾਰੀ' ਛਪ ਕੇ ਪਾਠਕਾਂ ਦਾ ਮਨੋਰੰਜਨ ਕਰ ਚੁੱਕੀ ਹੈ।
'ਹਾਸ-ਗੁਲਦਸਤਾ' ਉਨ੍ਹਾਂ ਦੀ ਦੂਸਰੀ ਪੁਸਤਕ ਹੈ, ਜਿਸ ਵਿਚ ਹਰ ਵਰਗ, ਸੰਸਥਾਵਾਂ ਤੇ ਪੇਸ਼ੇ ਦੇ ਲੋਕਾਂ ਨਾਲ ਜੁੜੇ ਹੋਏ ਚੁਟਕਲੇ ਪੇਸ਼ ਕੀਤੇ ਗਏ ਹਨ। ਪਤੀ-ਪਤਨੀ ਦੀ ਨੋਕ-ਝੋਕ, ਅਧਿਆਪਕ-ਵਿਦਿਆਰਥੀ ਦੀ ਵਾਰਤਾਲਾਪ, ਤਰ੍ਹਾਂ-ਤਰ੍ਹਾਂ ਦੇ ਪੇਸ਼ੇ ਨਾਲ ਜੁੜੇ ਲੋਕਾਂ ਦੀਆਂ ਹਾਸੋ-ਹੀਣੀਆਂ ਗੱਲਾਂ ਦਾ ਇਨ੍ਹਾਂ ਚੁਟਕਲਿਆਂ ਵਿਚ ਜ਼ਿਕਰ ਹੈ। ਇਨ੍ਹਾਂ ਚੁਟਕਲਿਆਂ ਵਿਚ ਕਹਾਣੀ-ਰਸ ਹੈ, ਭਾਸ਼ਾ ਦਾ ਬਿਲਾਸੀ ਰੂਪ ਹੈ, ਸ਼ਬਦਾਂ ਦੀ ਚਟਕ-ਮਟਕ ਹੈ। ਇਨ੍ਹਾਂ ਚੁਟਕਲਿਆਂ ਵਿਚ ਆਦਰਸ਼ਵਾਦੀ ਸਮਾਜ ਦੇ ਸੁਹਜ-ਸਵਾਦ ਦੀ ਝਲਕ ਤਾਂ ਮਿਲਦੀ ਹੀ ਹੈ, ਕਿਸੇ ਤਰ੍ਹਾਂ ਦੇ ਜਾਤੀ-ਵਾਦੀ ਹਉਮੈ ਦੀ ਪੇਸ਼ਕਾਰੀ ਤੋਂ ਵੀ ਗੁਰੇਜ਼ ਕੀਤਾ ਗਿਆ ਹੈ। ਅਸ਼ਲੀਲਤਾ ਤੋਂ ਵੀ ਪੂਰੀ ਤਰ੍ਹਾਂ ਪਰਹੇਜ਼ ਕੀਤਾ ਗਿਆ ਹੈ। ਇਹ ਚੁਟਕਲੇ ਨਿਰੋਲ ਹਾਸ-ਰਸ ਨੂੰ ਮੁੱਖ ਰੱਖ ਕੇ ਸੰਗ੍ਰਹਿਤ ਕੀਤੇ ਗਏ ਹਨ ਜੋ ਪਾਠਕ ਨੂੰ ਹੁਲਾਰ ਤੇ ਹੁਲਾਸ ਦਿੰਦੇ ਹਨ।

-ਕੇ. ਐਲ. ਗਰਗ
ਮੋ: 94635-37050

ਵੇ ਮੈਂ ਹੋਜੂੰ ਸਾਧਣੀ
ਲੇਖਕ : ਪ੍ਰੋ: ਗੁਰਦੇਵ ਸਿੰਘ ਸੰਦੌੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 96.

ਪ੍ਰੋ: ਗੁਰਦੇਵ ਸਿੰਘ ਸੰਦੌੜ ਦੀਆਂ 10 ਪੁਸਤਕਾਂ ਇਸ ਤੋਂ ਪਹਿਲਾਂ ਛਪ ਚੁੱਕੀਆਂ ਹਨ। ਲੋਕ ਧਾਰਾ ਵਿਚੋਂ ਲਏ ਪੁਸਤਕ ਦੇ ਸਿਰਲੇਖ ਨੂੰ ਪੜ੍ਹ ਕੇ ਪਹਿਲੀ ਨਜ਼ਰੇ ਪਾਠਕ ਦਾ ਧਿਆਨ ਪੁਸਤਕ 'ਤੇ ਛਪੀ ਮੁਟਿਆਰ ਦੀ ਤਸਵੀਰ ਵੱਲ ਜਾਂਦਾ ਹੈ। ਸਿਰਲੇਖ ਵਾਲੀ ਕਹਾਣੀ ਦੀ ਇਹ ਮੁਟਿਆਰ ਦੇਸ਼ ਵੰਡ ਵੇਲੇ ਵਿਧਵਾ ਕਰ ਦਿੱਤੀ ਗਈ ਸੀ। ਸ਼ਗਨਾਂ ਦੇ ਕਲੀਰੇ ਲਾਹ ਕੇ ਸਾਧਣੀ ਬਣ ਗਈ। ਘਰ-ਘਰ ਜਾ ਕੇ ਮੰਗਣ ਲੱਗ ਪਈ। ਇਕ ਨਿਹੰਗ ਸਾਧਣੀ ਬਾਰੇ ਸਭ ਕੁਝ ਜਾਣਦਾ ਸੀ। ਉਹ ਗੱਲਾਂ-ਗੱਲਾਂ ਵਿਚ ਉਸ ਨੂੰ ਘਰ ਲੈ ਆਇਆ। ਘਰ ਦੇ ਕੰਮਕਾਰ 'ਤੇ ਲਾਉਣ ਲਈ ਕਿਹਾ ਤੇ ਮਾਂ ਨੂੰ ਸਾਰੀ ਗੱਲ ਦੱਸੀ। ਪਰ ਅੱਧੀ ਰਾਤ ਵੇਲੇ ਸਾਧਣੀ ਨੂੰ ਚੁੱਕ ਕੇ ਫ਼ੌਜੀ ਪਾਕਿਸਤਾਨ ਲੈ ਗਏ। ਨਿਹੰਗ ਅੰਦਰ ਬੈਠਾ ਝੂਰਦਾ ਰਿਹਾ। (ਪੰਨਾ 60)। ਤਿੰਨ ਕਹਾਣੀਆਂ ਜੰਗੀਰਾ, ਪਾਲਾ, ਬਾਬਾ ਤੇ ਡੰਗੋਰੀ (ਪੰਨਾ 61 ਤੋਂ 76) ਇਕੋ ਲੜੀ ਦੀਆਂ ਕਹਾਣੀਆਂ ਹਨ। ਕਹਾਣੀ 'ਮੈਂ ਸਕੂਟਰ ਲੈਣਾ' ਦਾਜ ਦੇ ਮਸਲੇ 'ਤੇ ਬਹੁਤ ਖ਼ੂਬਸੂਰਤ ਕਹਾਣੀ ਹੈ। ਪਤੀ ਦਾ ਲਿਖਤੀ ਮੁਆਫ਼ੀਨਾਮਾ ਲਿਖ ਕੇ ਖਹਿੜਾ ਛੁਟਦਾ ਹੈ। ਇਕ ਸੰਤ ਜੀ ਵਿਚ ਪੈਂਦੇ ਜਨ। ਲੇਖਕ ਅਤੇ ਕੁਲਜੀਤ ਸਿੰਘ ਦੀ ਗਵਾਹੀ ਪੈਂਦੀ ਹੈ (ਪੰਨਾ 85) ਕਹਾਣੀ 'ਬਾਪੂ ਮੈਂ ਮੇਲਾ ਵੇਖਣਾ' ਲੇਖਕ ਦੇ ਬਚਪਨ ਦੀ ਗ਼ਰੀਬੀ ਦੀ ਦਾਸਤਾਨ ਹੈ। ਬੇਬੇ ਗੁਆਂਢ 'ਚੋਂ ਚੁਆਨੀ ਫੜ ਕੇ ਲਿਆਉਂਦੀ ਹੈ। ਉਹ ਵੀ ਰੇਤੇ ਵਿਚ ਕਿਤੇ ਗਵਾਚ ਜਾਂਦੀ ਹੈ। ਲੇਖਕ ਮਸੋਸ ਕੇ ਰਹਿ ਜਾਂਦਾ ਹੈ। ਲੇਖਕ ਦੇ ਮਨ ਵਿਚ ਬਚਪਨ ਤੋਂ ਸਰਮਾਏਦਾਰੀ ਅਤੇ ਬੇਇਨਸਾਫ਼ੀ ਕਰਨ ਵਾਲੇ ਲੋਕਾਂ ਪ੍ਰਤੀ ਵਿਦਰੋਹ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਲੇਖਕ ਆਪਣੇ ਪਿੰਡੇ 'ਤੇ ਹੰਢਾਏ ਕੌੜੇ ਅਨੁਭਵ ਕਹਾਣੀਆਂ ਵਿਚ ਕਲਾਤਮਿਕ ਢੰਗ ਨਾਲ ਪੇਸ਼ ਕਰਦਾ ਹੈ। ਲੇਖਕ ਦਾ ਜੀਵਨ ਘੋਰ ਸੰਘਰਸ਼ਮਈ ਹੈ। ਪਿਲੂ ਜਗੇੜਾ, ਹਰੀ ਆਉ ਡਸਕਾ, ਸੰਕਟ, ਖੋਲਾ ਚੰਗੀਆਂ ਕਹਾਣੀਆਂ ਹਨ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 9814856160

ਦੁੱਖ ਭਰੀਆਂ ਯਾਦਾਂ ਅਣਵੰਡੇ ਪੰਜਾਬ ਦੀਆਂ
ਲੇਖਕ : ਜਸਬੀਰ ਸਿੰਘ
ਪ੍ਰਕਾਸ਼ਕ : ਦੀ ਸਿਟੀਜ਼ਨਜ਼ ਅਰਬਨ ਕੋਆਪ੍ਰੇਟਿਵ ਬੈਂਕ ਲਿ:, ਜਲੰਧਰ
ਸਫ਼ੇ : 93.

ਵਿਚਾਰਾਧੀਨ ਪੁਸਤਕ ਦਾ ਆਧਾਰ ਉਹ ਲੇਖ ਹੈ, ਜੋ ਰੋਜ਼ਾਨਾ 'ਅਜੀਤ' ਵਿਚ 23 ਅਪ੍ਰੈਲ, 2013 ਤੋਂ 28 ਮਈ, 2013 ਦਰਮਿਆਨ ਹਰ ਮੰਗਲਵਾਰ ਛਪਦਾ ਰਿਹਾ। ਇਸ ਵਿਚ ਪਾਕਿਸਤਾਨੀ ਪੰਜਾਬ ਤੋਂ ਉੱਜੜ ਕੇ ਆਉਣ ਦਾ ਪਿੰਡੇ 'ਤੇ ਹੰਢਾਇਆ ਅਤੇ ਅੱਖੀਂ ਡਿੱਠਾ ਦ੍ਰਿਸ਼ ਬੜੀ ਸਰਲ, ਸਪੱਸ਼ਟ ਅਤੇ ਹਿਰਦੇਵੇਦਕ ਸ਼ੈਲੀ ਵਿਚ ਪ੍ਰਸਤੁਤ ਕੀਤਾ ਗਿਆ ਹੈ। ਪ੍ਰੋ: ਗੁਰਭਜਨ ਗਿੱਲ ਨੇ 'ਸ਼ਬਦ ਗਵਾਹੀ' ਸਿਰਲੇਖ ਅਧੀਨ ਸੰਤਾਲੀ ਦੇ ਇਸ ਦਰਦ ਦੀ ਬੜੀ ਭਾਵਪੂਰਤ ਅਤੇ ਕਰੁਣਾਮਈ ਸ਼ੈਲੀ ਵਿਚ ਸਾਂਝ ਪ੍ਰਗਟਾਉਂਦੇ ਹੋਏ ਪ੍ਰਸਤੁਤੀ ਕੀਤੀ ਹੈ। ਏਦਾਂ ਦੀ ਸੰਵੇਦਨਾ ਹੀ ਲੇਖਕ ਦੇ ਭਤੀਜੇ ਤ੍ਰੈਲੋਚਨ ਲੋਚੀ ਨੇ ਪ੍ਰਗਟਾਈ ਹੈ।
ਡਾ: ਹਰਨੇਕ ਕੋਮਲ ਨੇ ਤਾਂ ਇਸ ਪੁਸਤਕ ਨੂੰ ਦੇਸ਼ ਦੀ ਵੰਡ ਦੇ ਜਜ਼ਬਾਤੀ ਦਸਤਾਵੇਜ਼ ਨਾਲ ਉਪਮਾਇਆ ਹੈ। 18ਵੇਂ ਪੰਨੇ ਤੋਂ ਲੇਖਕ ਦੀਆਂ ਦੁੱਖ ਭਰੀਆਂ ਯਾਦਾਂ ਦਾ ਆਗਾਜ਼ ਹੁੰਦਾ ਹੈ, ਜੋ ਪਾਠਕਾਂ ਦੇ ਨੈਣਾਂ ਵਿਚ ਸੈਲਾਬ ਲਿਆਉਂਦਾ ਹੈ। ਉਧਰੋਂ ਇਧਰ ਆ ਕੇ ਲੇਖਕ ਨੇ ਜੋ ਕੁਝ ਅਨੁਭਵ ਕੀਤਾ ਅਤੇ ਵੇਖਿਆ, ਉਸ ਨੂੰ ਵੀ ਲੇਖਕ ਦੀ ਕਲਮ ਨੇ ਚਿਤਰਿਆ ਹੈ। ਇਸੇ ਦੁਖਾਂਤ ਨਾਲ ਸਬੰਧਤ ਕੁਝ ਹੋਰ ਲੇਖਕਾਂ ਦੀਆਂ ਆਪਬੀਤੀਆਂ, ਜੱਗਬੀਤੀਆਂ ਵੀ ਇਸ ਪੁਸਤਕ ਵਿਚ ਸਥਾਨ ਗ੍ਰਹਿਣ ਕਰ ਗਈਆਂ ਹਨ। ਅੰਤ ਵਿਚ ਲੇਖਕ ਦਾ ਪਾਕਿਸਤਾਨੀ ਸਫ਼ਰਨਾਮਾ ਕੇਵਲ 28 ਪੰਨਿਆਂ ਵਿਚ ਸੰਖਿਪਤ ਰੂਪ ਵਿਚ ਪੇਸ਼ ਕੀਤਾ ਗਿਆ ਹੈ।
ਇਸ ਸਫ਼ਰਨਾਮੇ ਦੀ ਖੂਬੀ ਇਹ ਕਿ ਜੋ ਘਟਨਾਵਾਂ ਵੱਡੇ ਸਫ਼ਰਨਾਮਿਆਂ ਦੇ ਲੇਖਕ ਅਕਸਰ ਹੀ ਤਿਆਗ ਜਾਂਦੇ ਹਨ, ਜਸਬੀਰ ਨੇ ਉਨ੍ਹਾਂ ਨੂੰ ਚਿਤਰਿਆ ਹੈ। ਬਿਰਤਾਂਤ ਏਨਾ ਸਜੀਵ ਹੈ ਕਿ ਲੇਖਕ ਦੱਸਣ (ਟੈਲਿੰਗ) ਦੀ ਥਾਂ ਵਿਖਾਉਣ (ਸ਼ੋਇੰਗ) ਦੀ ਸ਼ੈਲੀ ਦਾ ਪ੍ਰਯੋਗ ਕਰ ਰਿਹਾ ਹੈ। ਇੰਜ ਇਹ ਪੁਸਤਕ ਯਾਦਾਂ, ਸੰਪਾਦਨ (ਹੋਰਨਾਂ ਦੇ ਲੇਖਾਂ ਦਾ) ਅਤੇ ਸਫ਼ਰਨਾਮੇ ਦਾ ਰਲਵਾਂ-ਮਿਲਵਾਂ ਰੂਪ ਹੋ ਨਿਬੜੀ ਹੈ। ਕਿੰਨਾ ਚੰਗਾ ਹੁੰਦਾ ਜੇਕਰ ਪਾਠਕਾਂ ਲਈ 8 ਤੋਂ 15 ਅਪ੍ਰੈਲ ਦੇ ਸਫ਼ਰਨਾਮੇ ਨਾਲ 'ਸੰਨ' ਵੀ ਦੇ ਦਿੱਤਾ ਜਾਂਦਾ। ਪੁਸਤਕ ਪਾਠਕਾਂ ਦੇ ਪੜ੍ਹਨਯੋਗ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

 

15-11-2014

 ਪੂਰਨ ਭਗਤ ਚੌਰੰਗੀ ਨਾਥ
ਕਵੀ : ਡਾ: ਜਗਜੀਤ ਸਿੰਘ ਗਰੇਵਾਲ
ਪ੍ਰਕਾਸ਼ਕ : ਸਹਿਜਧਾਰਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 220 ਰੁਪਏ, ਸਫ਼ੇ : 272.

ਡਾ: ਜਗਜੀਤ ਸਿੰਘ ਗਰੇਵਾਲ ਪਿਛਲੇ 50 ਕੁ ਵਰ੍ਹਿਆਂ ਤੋਂ ਸਾਹਿਤ ਅਧਿਆਪਨ ਨਾਲ ਜੁੜਿਆ ਰਿਹਾ ਹੈ। ਉਹ ਪੰਜਾਬੀ ਕਾਵਿ-ਖੇਤਰ ਵਿਚ ਨਿਰੰਤਰ ਕਰਮਸ਼ੀਲ ਰਿਹਾ ਹੈ ਅਤੇ ਸਮੇਂ-ਸਮੇਂ ਉਸ ਦੀਆਂ ਕਾਵਿ-ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। ਹਥਲੀ ਰਚਨਾ ਵਿਚ ਉਸ ਨੇ ਪੰਜਾਬ ਦੀ ਨਾਥ-ਪ੍ਰੰਪਰਾ ਦੇ ਪ੍ਰਸਿੱਧ ਨਾਥ-ਜੋਗੀ ਪੂਰਨ ਭਗਤ (ਜਿਸ ਦਾ ਦੂਜਾ ਨਾਂਅ ਚੌਰੰਗੀ ਨਾਥ ਸੀ) ਬਾਰੇ ਇਕ ਮਹਾਂਕਾਵਿ ਦੀ ਰਚਨਾ ਕੀਤੀ ਹੈ, ਜੋ ਇਕ ਬਹੁਤ ਚੁਣੌਤੀ ਭਰਪੂਰ ਕਾਵਿ-ਕਰਮ ਹੋ ਨਿੱਬੜਿਆ ਹੈ। ਇਸ ਮਹਾਂਕਾਵਿ ਦੇ ਅੰਤ ਵਿਚ ਪੂਰਨ ਭਗਤ ਦੀ ਮਹਿਮਾ ਅਤੇ ਕੀਰਤੀ ਦਾ ਗੁਣਗਾਣ ਕਰਦਾ ਹੋਇਆ ਉਹ ਲਿਖਦਾ ਹੈ :
ਚੜ੍ਹਦੀ ਉਮਰੇ ਭਟਕਿਆ ਪੂਰਨ
ਬਿਹਬਲਤਾ ਵਿਚ 'ਪਾਗ਼ਲ ਪੰਥ' ਚਲਾਵੇ
ਫਿਰ ਸ਼ਿਵ ਜੀ ਦੀ ਗੋਦੀ ਚੜ੍ਹਿਆ
ਘਰਬਾਰੀ ਜੋਗ ਚਲਾਵੇ
ਸਹਜ-ਜੋਗ ਦਾ ਰਾਹ ਬਤਲਾਵੇ
ਆਨੰਦ ਅਵਸਥਾ ਰੱਤਾ
ਸਹਜ ਦੀ ਚਾਲੇ ਚਲਦਾ
ਸਹਜ ਵਿਚ ਹੀ ਸਾਗਰ ਬਣ ਜਾਵੇ
ਅਰਧ-ਸਦੀ ਦਾ ਸਫ਼ਰ ਮੁਕਾਵੇ।
(ਪੰਨਾ 270)
ਇਸ ਮਹਾਕਾਵਿ ਦੀ ਸਿਰਜਣਾ ਲਈ ਡਾ: ਗਰੇਵਾਲ ਨੇ ਨਾਥ-ਪੰਥ ਬਾਰੇ ਮਿਲਦੀਆਂ ਸਾਰੀਆਂ ਪ੍ਰਮਾਣਿਕ ਰਚਨਾਵਾਂ ਅਤੇ ਦਸਤਾਵੇਜ਼ਾਂ ਦਾ ਡੂੰਘਾ ਅਧਿਐਨ ਕੀਤਾ ਹੈ। ਪੰਜਾਬੀ ਵਿਚ ਤਾਂ ਨਾਥ ਜੋਗੀਆਂ ਬਾਰੇ ਬਹੁਤਾ ਕੁਝ ਡਾ: ਮੋਹਨ ਸਿੰਘ ਦੀਵਾਨਾ ਨੇ ਹੀ ਲਿਖਿਆ ਹੈ ਪਰ ਹਿੰਦੀ ਵਿਚ ਇਸ ਧਾਰਾ ਬਾਰੇ ਕਾਫੀ ਸਾਰਾ ਗਿਆਨ-ਸਾਹਿਤ ਪ੍ਰਕਾਸ਼ਿਤ ਹੋ ਚੁੱਕਾ ਹੈ। ਡਾ: ਹਜ਼ਾਰੀ ਪ੍ਰਸਾਦ ਦਿਵੇਦੀ ਤੋਂ ਬਿਨਾਂ ਉਸ ਨੇ ਹੋਰ ਵੀ ਬਹੁਤ ਸਾਰੇ ਵਿਦਵਾਨਾਂ ਦੀਆਂ ਲਿਖਤਾਂ ਨੂੰ ਗਹੁ ਨਾਲ ਵਾਚਿਆ ਹੈ। ਲੂਣਾ ਦੇ ਪਿੰਡ ਚਮਿਆਰੀ ਦੀ ਨਿਸ਼ਾਨਦੇਹੀ ਕਰਨ ਤੋਂ ਬਿਨਾਂ ਉਸ ਨੇ ਪੂਰਨ ਭਗਤ ਦੀਆਂ ਯਾਤਰਾਵਾਂ ਦਾ ਵੀ ਬੜਾ ਸਟੀਕ ਉਲੇਖ ਕੀਤਾ ਹੈ। ਇਸ ਪੁਸਤਕ ਦੀ ਪ੍ਰਸਤਾਵਨਾ ਇਕ ਪ੍ਰਕਾਰ ਦਾ ਸ਼ੋਧ-ਨਿਬੰਧ (ਰੀਸਰਚ ਪੇਪਰ) ਹੀ ਹੋ ਨਿੱਬੜੀ ਹੈ। ਇਸ ਵਿਚ ਉਸ ਨੇ ਗਿਲਾ ਕੀਤਾ ਹੈ ਕਿ ਪੰਜਾਬੀ ਆਲੋਚਕ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੇ। 'ਪੂਰਨ ਭਗਤ' ਉਸ ਦੀ ਇਕ ਸ਼ਿਰੋਮਣੀ ਰਚਨਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ : 98760-52136

ਮੇਰੀ ਇੰਗਲੈਂਡ ਫੇਰੀ
ਲੇਖਕ : ਡਾ: ਕੇ. ਐਲ. ਗੋਇਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 88.

ਡਾ: ਕੇ. ਐਲ. ਗੋਇਲ ਦੀਆਂ ਹੁਣ ਤੱਕ ਕਈ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ। ਘੁੰਮਣ-ਫਿਰਨ ਦਾ ਉਨ੍ਹਾਂ ਨੂੰ ਕਾਫੀ ਸ਼ੌਕ ਹੈ ਤੇ 'ਮੇਰੀ ਇੰਗਲੈਂਡ ਫੇਰੀ' ਤੋਂ ਪਹਿਲਾਂ ਉਹ ਆਪਣਾ ਡੈਨਮਾਰਕ ਸਫ਼ਰਨਾਮਾ ਵੀ ਲਿਖ ਚੁੱਕੇ ਹਨ। ਡਾ: ਗੋਇਲ 2012 ਵਿੱਚ ਅੰਤਰਰਾਸ਼ਟਰੀ ਨਿਰੰਕਾਰੀ ਸਮਾਗਮ ਵਿੱਚ ਭਾਗ ਲੈਣ ਲਈ ਇੰਗਲੈਂਡ ਗਏ ਸਨ ਤੇ ਉਸ ਯਾਤਰਾ ਨੂੰ ਉਨ੍ਹਾਂ 'ਮੇਰੀ ਇੰਗਲੈਂਡ ਫੇਰੀ' ਦਾ ਨਾਂਅ ਦਿੱਤਾ ਹੈ। ਇਕ ਪਾਸੇ ਜਿੱਥੇ ਇਹ ਪੁਸਤਕ ਇੰਗਲੈਂਡ ਜਾਣ ਦੇ ਚਾਹਵਾਨਾਂ ਦੀ ਜਾਣਕਾਰੀ ਵਿਚ ਵਾਧਾ ਕਰਦੀ ਹੈ ਕਿ ਵੀਜ਼ੇ ਲਈ ਅਰਜ਼ੀ ਕਿਵੇਂ ਦੇਈਦੀ ਹੈ, ਵੀਜ਼ਾ ਫ਼ੀਸ ਕਿੰਨੀ ਹੈ, ਕਿਹੜੇ-ਕਿਹੜੇ ਕਾਗ਼ਜ਼ ਪੱਤਰ ਲਾਉਣੇ ਜ਼ਰੂਰੀ ਹਨ, ਕਿੰਨੀ ਦੇਰ ਬਾਅਦ ਵੀਜ਼ਾ ਆਉਂਦਾ ਹੈ ਤੇ ਜਹਾਜ਼ ਦਾ ਸਫ਼ਰ ਕਿਹੋ ਜਿਹਾ ਹੈ, ਉਥੇ ਇਸ ਵਿਚੋਂ ਡਾ: ਗੋਇਲ ਦੇ ਨਿੱਜੀ ਅਨੁਭਵ ਵੀ ਮਿਲਦੇ ਹਨ।
'ਮੇਰੀ ਇੰਗਲੈਂਡ ਫੇਰੀ' ਨੂੰ ਡਾ: ਗੋਇਲ ਨੇ ਛੋਟੇ-ਛੋਟੇ ਲੇਖਾਂ ਜ਼ਰੀਏ ਕਈ ਭਾਗਾਂ ਵਿਚ ਤਰਤੀਬਵਾਰ ਵੰਡਿਆ ਹੈ। 'ਨਿਰੰਕਾਰੀ ਇੰਟਰਨੈਸ਼ਨਲ ਸਮਾਗਮ ਦੀ ਯੋਜਨਾ ਤੇ ਤਿਆਰੀ', 'ਬ੍ਰਿਟਿਸ਼ ਅੰਬੈਸੀ ਤੋਂ ਵੀਜ਼ਾ ਪ੍ਰਾਪਤੀ', 'ਦਿੱਲੀ ਤੋਂ ਤੁਰਕਮਨਸਤਾਨ ਰਾਹੀਂ ਲੰਡਨ ਹੀਥਰੋ ਏਅਰਪੋਰਟ', 'ਹਾਈਡ ਪਾਰਕ ਦੀ ਸੈਰ ਤੇ ਸਤਿਗੁਰੂ ਬਾਬਾ ਜੀ ਦਾ ਅਸ਼ੀਰਵਾਦ', 'ਮੈਡਮ ਤੁਸੇਦ ਮਿਊਜ਼ੀਅਮ', 'ਹਾਊਸ ਆਫ਼ ਪਾਰਲੀਮੈਂਟ ਤੇ ਬੋਟ ਕਰੂਜ਼ ਦੀ ਸੈਰ', 'ਹੰਸਲੋ ਬਜ਼ਾਰ ਦੀ ਸੈਰ', 'ਲੈਸਟਰ ਦਾ ਮਿਊਜ਼ੀਕਲ ਫੈਸਟੀਵਲ', 'ਬਰਮਿੰਘਮ ਤੋਂ ਲੰਡਨ ਦੀ ਵਾਪਸੀ', 'ਬਰਾਈਟਨ ਪਾਇਰ ਬੀਚ ਦੀ ਸੈਰ', 'ਸਾਊਥਹਾਲ ਦੀ ਸੈਰ', 'ਪ੍ਰੀਮਾਰਕ ਮੌਲ ਦੀ ਸੈਰ ਤੇ ਖਰੀਦਦਾਰੀ' ਤੇ 'ਲੰਡਨ ਤੋਂ ਤੁਰਕਮਨਸਤਾਨ ਰਾਹੀਂ ਦਿੱਲੀ ਤੋਂ ਸੁਨਾਮ।' ਇਨ੍ਹਾਂ ਲੇਖਾਂ ਵਿਚ ਡਾ: ਗੋਇਲ ਨੇ ਘਰੋਂ ਚੱਲਣ ਤੋਂ ਲੈ ਕੇ ਵਾਪਸ ਘਰ ਪਰਤਣ ਤੱਕ ਦੇ ਹਾਲ ਨੂੰ ਚਿਤਰਿਆ ਹੈ। ਵਿਚ-ਵਿਚ ਕੁਝ ਸੁਆਦਲੀਆਂ ਗੱਲਾਂ ਵੀ ਲਿਖੀਆਂ ਹਨ। ਇੰਗਲੈਂਡ ਦੇ ਬਾਜ਼ਾਰਾਂ ਦਾ ਹਾਲ, ਮੌਸਮ ਦਾ ਹਾਲ, ਖਾਣ-ਪੀਣ ਤੇ ਹੋਰ ਗੱਲਾਂ ਬਾਰੇ ਚੋਖੀ ਜਾਣਕਾਰੀ ਦਿੱਤੀ ਹੈ।
ਭਾਵੇਂ ਸਫ਼ਰਨਾਮੇ 'ਚ ਇੱਕ ਵਿਅਕਤੀ ਵਿਸ਼ੇਸ਼ ਦਾ ਨਿੱਜੀ ਅਨੁਭਵ ਜ਼ਿਆਦਾ ਹੁੰਦਾ ਹੈ, ਪਰ ਫਿਰ ਵੀ ਇਹ ਉਨ੍ਹਾਂ ਥਾਂਵਾਂ ਦੀ ਸੈਰ ਕਰਨ ਵਾਲਿਆਂ ਦੇ ਚਾਹਵਾਨਾਂ ਨੂੰ ਕਾਫੀ ਜਾਣਕਾਰੀ ਦਿੰਦੇ ਹਨ ਤੇ ਡਾ: ਗੋਇਲ ਦਾ ਸਫ਼ਰਨਾਮਾ ਵੀ ਇਸੇ ਤਰ੍ਹਾਂ ਦਾ ਹੀ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883

ਸੋਚਾਂ ਦੀ ਬਰੇਤੀ
ਲੇਖਕ : ਮਿਹਰ ਸਿੰਘ ਰੰਧਾਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 120.

ਇਹ ਪੁਸਤਕ ਲੇਖਕ ਦੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ, ਹੋਈਆਂ ਹੰਢਾਈਆਂ ਆਪਬੀਤੀਆਂ ਅਤੇ ਚੇਤੇ ਵਿਚ ਵਸੀਆਂ ਯਾਦਾਂ ਦਾ ਸੰਗ੍ਰਹਿ ਹੈ। ਹਰ ਇਕ ਦੀ ਜ਼ਿੰਦਗੀ ਵਿਚ ਕੌੜੇ ਮਿੱਠੇ ਪਲ, ਹਾਦਸੇ ਹੋਣੀਆਂ ਅਤੇ ਦਿਲਚਸਪ ਗੱਲਾਂ ਹੁੰਦੀਆਂ ਹਨ। ਸੰਵੇਦਨਸ਼ੀਲ ਮਨ ਇਨ੍ਹਾਂ ਖ਼ਾਸ ਪਲਾਂ ਨੂੰ ਚੇਤੇ ਵਿਚ ਸਾਂਭ ਲੈਂਦੇ ਹਨ। ਕਲਮਕਾਰਾਂ ਕੋਲ ਇਨ੍ਹਾਂ ਨੂੰ ਅੱਖਰਾਂ ਦੀ ਪੁਸ਼ਾਕ ਪਹਿਨਾਉਣ ਦਾ ਹੁਨਰ ਹੁੰਦਾ ਹੈ। 'ਸੋਚਾਂ ਦੀ ਬਰੇਤੀ' ਇਕ ਖ਼ੂਬਸੂਰਤ ਯਾਦ ਸੰਗ੍ਰਹਿ ਹੈ, ਜਿਸ ਦੀ ਪੇਸ਼ਕਾਰੀ ਬਹੁਤ ਰੌਚਿਕ ਅਤੇ ਕਲਾਤਮਕ ਢੰਗ ਨਾਲ ਕੀਤੀ ਗਈ ਹੈ।
ਲੇਖਕ ਨੇ ਆਪਣੇ ਫ਼ੌਜੀ ਜੀਵਨ, ਕਿਰਸਾਣੀ ਜੀਵਨ ਅਤੇ ਬਜ਼ੁਰਗੀ ਦੇ ਪਲਾਂ ਦੇ ਤਜਰਬਿਆਂ ਨੂੰ ਬਹੁਤ ਸਜੀਵ ਢੰਗ ਨਾਲ ਰੂਪਮਾਨ ਕੀਤਾ ਹੈ। ਉਸ ਦੀਆਂ ਸੱਚੀਆਂ-ਸੁੱਚੀਆਂ ਭਾਵਨਾਵਾਂ ਪੜ੍ਹਨ ਵਾਲੇ ਦੇ ਅੰਦਰ ਸਦਾਚਾਰ, ਇਨਸਾਨੀਅਤ, ਪ੍ਰੇਮ, ਹਮਦਰਦੀ, ਸਾਂਝੀਵਾਲਤਾ ਤੇ ਅਹਿਸਾਸ ਦੀਆਂ ਚਿਣਗਾਂ ਜਗਾਉਂਦੀਆਂ ਹਨ। ਲੇਖਕ ਦਾ ਪ੍ਰਗਟਾਅ ਢੰਗ ਸਰਲ, ਸਪੱਸ਼ਟ ਤੇ ਮੋਕਲਾ ਹੈ। ਮੁਹਾਵਰੇਦਾਰ ਠੁੱਕਦਾਰ ਭਾਸ਼ਾ ਤੇ ਕਲਾਤਮਕ ਸ਼ੈਲੀ ਰਚਨਾ ਨੂੰ ਸੁਹਜਮਈ ਬਣਾਉਂਦੀਆਂ ਹਨ। ਉੱਚੀਆਂ ਸੋਚਾਂ ਦੀ ਇਹ ਬਰੇਤੀ ਪੜ੍ਹਨਯੋਗ ਅਤੇ ਮਾਨਣਯੋਗ ਹੈ। ਲੇਖਕ ਨੇ ਸੱਭਿਆਚਾਰਕ ਗਿਰਾਵਟ, ਨੈਤਿਕਤਾ ਦੇ ਪਤਨ, ਭ੍ਰਿਸ਼ਟਾਚਾਰ ਅਤੇ ਘਟੀਆ ਇਸ਼ਤਿਹਾਰਬਾਜ਼ੀ 'ਤੇ ਚਿੰਤਾ ਪ੍ਰਗਟਾਈ ਹੈ। ਕਾਵਿਕ ਟੂਕਾਂ ਨਾਲ ਸਜਾਈਆਂ ਇਹ ਲਿਖਤਾਂ ਬਹੁਤ ਪ੍ਰਭਾਵਸ਼ਾਲੀ ਹਨ। ਯਥਾਰਥਕ ਅਤੇ ਡੂੰਘੀਆਂ ਰਚਨਾਵਾਂ ਪਸ਼ੂ ਪੰਛੀਆਂ ਪ੍ਰਤੀ ਹਮਦਰਦੀ, ਔਰਤਾਂ ਪ੍ਰਤੀ ਸਤਿਕਾਰ ਅਤੇ ਗ਼ਲਤ ਕਦਰਾਂ-ਕੀਮਤਾਂ ਪ੍ਰਤੀ ਲਲਕਾਰ ਦਾ ਸੁਨੇਹਾ ਦਿੰਦੀਆਂ ਹਨ। ਲੇਖਕ ਰਿਸ਼ਤਿਆਂ ਦੀ ਪਵਿੱਤਰਤਾ ਪ੍ਰਤੀ ਸਜਗ ਹੈ। ਇਹ ਸਾਰੀਆਂ ਗੱਲਾਂ ਅੱਜ ਦੇ ਸਮੇਂ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਸੂਖਮਭਾਵੀ ਰਚਨਾਵਾਂ ਰਾਹੀਂ ਲੇਖਕ ਨੇ ਜ਼ਖਮੀ ਹੁੰਦੇ ਜਾ ਰਹੇ ਸਮਾਜ ਸੱਭਿਆਚਾਰ ਤੇ ਸਦਾਚਾਰ 'ਤੇ ਮੱਲ੍ਹਮ ਲਗਾਉਣ ਦਾ ਕੰਮ ਕੀਤਾ ਹੈ, ਜੋ ਅਤਿਅੰਤ ਸ਼ਲਾਘਾਯੋਗ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਸਮਝੌਤਾ
ਲੇਖਕ : ਮੰਗਤ ਕੁਲਜਿੰਦ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 95.

ਪੰਜਾਬੀ ਮਿੰਨੀ ਕਹਾਣੀ ਹੁਣ ਸੁਤੰਤਰ ਵਿਧਾ ਸਵੀਕਾਰੀ ਜਾ ਚੁੱਕੀ ਹੈ। ਮੰਗਤ ਕੁਲਜਿੰਦ ਦਾ ਇਹ ਪਹਿਲਾ ਮਿੰਨੀ ਕਹਾਣੀ ਸੰਗ੍ਰਹਿ ਹੈ। ਉਹ ਆਪਣੇ ਵਿਸ਼ੇ ਸਮਾਜਿਕ, ਸੱਭਿਆਚਾਰਕ, ਵਿਦਿਅਕ, ਪੇਸ਼ਿਆਂ, ਧਾਰਮਿਕ ਖੇਤਰਾਂ ਵਿਚ ਫੈਲੇ ਭ੍ਰਿਸ਼ਟਾਚਾਰ ਵਿਚੋਂ ਚੁਣਦਾ ਹੈ। ਉਧਰ ਵੀ, ਇਧਰ ਵੀ (ਭਰੂਣ ਹੱਤਿਆ) ਆਊਟ ਡੇਟਿਡ (ਜੁਗਾੜਬੰਦੀਆਂ ਤੇ ਚਾਪਲੂਸੀਆਂ), ਇਕ ਹੋਰ ਸੋਨੂੰ (ਡਾਕਟਰੀ ਕਿੱਤੇ ਦਾ ਵਪਾਰੀਕਰਨ), ਸਰਾਪੇ (ਘਪਲੇਬਾਜ਼ੀ), ਕਾਗਜ਼ੀ ਸ਼ੇਰ (ਰਿਸ਼ਵਤਖੋਰੀ), ਦਰਦ-ਏ-ਜ਼ਖ਼ਮ (ਵਿਖਾਵਾਬਾਜ਼ੀ), ਚੌਂਕੀ (ਵਹਿਮ ਭਰਮ), ਜੁਝਾਰੂ ਯੋਧੇ (ਅਖੌਤੀ ਇਨਕਲਾਬੀ), ਘਿਉ ਖਿਚੜੀ (ਧਰਮ ਤੇ ਰਾਜਨੀਤੀ), ਜ਼ਹਿਰੀਲੇ ਸੱਪ (ਪੁਲਿਸ ਮੁਫ਼ਤਖੋਰੇ), ਸਮਝੌਤਾ (ਮਜਬੂਰੀ) ਆਦਿ ਲਘੂ-ਰਚਨਾਵਾਂ ਖੂਬਸੂਰਤ ਹਨ। ਪਰ ਕੁਝ ਰਚਨਾਵਾਂ ਵਿਚ ਪਿਛਾਂਹਖਿੱਚੂ ਦ੍ਰਿਸ਼ਟੀਕੋਣ ਪੇਸ਼ ਕੀਤਾ ਗਿਆ ਜਾਪਦਾ ਹੈ ਜਿਵੇਂ 'ਟੱਕਰ' ਵਿਚ ਬਾਲ-ਮਜ਼ਦੂਰੀ ਨੂੰ ਜਾਇਜ਼ ਠਹਿਰਾਉਣਾ, 'ਕੀਮਤ' ਵਿਚ ਮੁੱਲ ਦੀਆਂ ਵੋਟਾਂ ਨੂੰ ਜਾਇਜ਼ ਠਹਿਰਾਉਣਾ ਆਦਿ। ਫਿਰ ਵੀ ਖਪਤਕਾਰੀ ਰੁਚੀਆਂ ਅਧੀਨ ਹੋ ਰਹੇ ਅਮਾਨਵੀਕਰਨ ਦਾ ਖੂਬਸੂਰਤੀ ਨਾਲ ਵਰਨਣ ਕੀਤਾ ਗਿਆ ਹੈ। (ਅੱਗ, ਬਰਫ਼ ਬਨਾਮ ਪਾਣੀੁੰ ਵੱਡਾ ਢਿੱਡ, ਕੌੜੀ ਘੁੱਟ, ਭੌਂਕਦਾ ਕੁੱਤਾ, ਮੌਤ) ਆਕਾਰ ਪੱਖੋਂ ਵੀ ਲੇਖਕ ਸੁਚੇਤ ਨਹੀਂ ਜਾਪਦਾ। ਸਾਡੇ ਵਿਚਾਰ ਅਨੁਸਾਰ ਮਿੰਨੀ ਕਹਾਣੀ ਦਾ ਮੁੱਖ ਗੁਣ ਆਕਾਰ ਵਿਚ ਛੋਟੇ ਅਤੇ ਪ੍ਰਭਾਵ ਵਿਚ 'ਕਹਾਣੀ' ਹੋਣਾ ਹੀ ਹੈ। ਇਨ੍ਹਾਂ ਕਹਾਣੀਆਂ ਦਾ ਮੁੱਖ ਗੁਣ ਵਿਅੰਗਭਾਵੀ ਅਤੇ 'ਸੇਧਮੂਲਕ' ਹੋਣਾ ਵੀ ਹੈ। ਅੰਤ ਵਿਚ ਜਗਦੀਸ਼ ਰਾਏ ਕੁਲਰੀਆ ਵੱਲੋਂ ਲੇਖਕ ਨਾਲ ਕੀਤੀ ਗਈ ਮੁਲਾਕਾਤ ਵੀ ਪੁਸਤਕ ਦਾ ਹਾਸਲ ਹੈ।

-ਜੋਗਿੰਦਰ ਸਿੰਘ ਨਿਰਾਲਾ
ਮੋ: 98721-61644.

ਆਪਣੇ ਬੱਚੇ ਨੂੰ ਜੇਤੂ ਬਣਾਓ
ਲੇਖਕ : ਡਾ: ਪ੍ਰਦੀਪ ਕਪੂਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 227.

ਇਸ ਪੁਸਤਕ ਨੂੰ ਡਾ: ਪ੍ਰਦੀਪ ਕਪੂਰ ਹੁਰਾਂ 20 ਕਾਂਡਾਂ ਵਿਚ ਵੰਡਿਆ ਹੈ। ਇਹ ਕਾਂਡ ਬੱਚੇ ਦੇ ਜਨਮ ਤੋਂ ਲੈ ਕੇ ਬਾਲਗ ਹੋਣ ਤੱਕ, ਉਸ ਦੇ ਵਿਕਾਸ ਨੂੰ ਸਿਲਸਿਲੇਵਾਰ ਵੱਖ-ਵੱਖ ਪੜਾਵਾਂ 'ਤੇ ਉਲੀਕ ਕੇ ਨਿਰਧਾਰਤ ਕਰਦੇ ਹਨ। ਘਰ, ਸਕੂਲ, ਆਲਾ-ਦੁਆਲਾ, ਮਿੱਤਰ, ਸਨੇਹੀ, ਬੱਚੇ ਦੇ ਵਿਕਾਸ 'ਚ ਕਿਵੇਂ ਰੋਲ ਮਾਡਲ ਬਣ ਕੇ ਉਸ ਦੇ ਸਹੀ ਵਿਕਾਸ ਵਿਚ ਸਹਾਈ ਹੋ ਸਕਦੇ ਹਨ, ਇਸ ਸਭ ਦਾ ਲੇਖਾ-ਜੋਖਾ ਇਸ ਪੁਸਤਕ ਵਿਚ ਤਰਤੀਬਵਾਰ ਦਿੱਤਾ ਗਿਆ ਹੈ। ਮੁੱਢ ਵਿਚ ਬੱਚੇ ਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ, ਕੀ-ਕੀ ਕਰਨਾ ਚਾਹੀਦਾ ਹੈ, ਕਿਹੜੀਆਂ ਗੱਲਾਂ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ ਆਦਿ ਗੱਲਾਂ ਵੇਰਵਿਆਂ ਨਾਲ ਦੱਸੀਆਂ ਗਈਆਂ ਹਨ। ਬਚਪਨ ਵਿਚ ਬੱਚੇ ਨੂੰ ਕਿਹੜੀਆਂ ਚੀਜ਼ਾਂ ਸੁਖਾਵਾਂ ਮਹਿਸੂਸ ਕਰਵਾ ਸਕਦੀਆਂ ਹਨ ਤੇ ਕਿਹੜੀਆਂ ਹਾਲਤਾਂ ਉਸ ਦੇ ਰਾਹ 'ਚ ਅੜਚਨਾਂ ਪਾ ਸਕਦੀਆਂ ਹਨ, ਦਾ ਵੀ ਭਲੀ-ਭਾਂਤ ਇਸ ਪੁਸਤਕ ਤੋਂ ਪਤਾ ਲੱਗ ਸਕਦਾ ਹੈ। ਚੰਗੇ ਅਧਿਆਪਕ, ਮਾਪੇ ਬੱਚੇ ਦੇ ਵਿਕਾਸ 'ਚ ਕਿਵੇਂ ਸਹਾਈ ਹੋ ਸਕਦੇ ਹਨ, ਇਨ੍ਹਾਂ ਕਾਂਡਾਂ ਵਿਚੋਂ ਪਤਾ ਚਲਦਾ ਹੈ।
ਡਾ: ਕਪੂਰ ਦੀ ਭਾਸ਼ਾ ਬਹੁਤ ਸਾਦੀ ਤੇ ਸਰਲ ਹੈ। ਉਸ ਕੋਲ ਗੱਲ ਨੂੰ ਕਹਿਣ ਦੀ ਵਿਸ਼ੇਸ਼ ਸ਼ੈਲੀ ਹੈ। ਆਪਣੇ ਤੱਥਾਂ ਨੂੰ ਵਜ਼ਨਦਾਰ ਬਣਾਉਣ ਲਈ ਉਹ ਕੇਸ-ਹਿਸਟਰੀ ਵਿਸ਼ੇ ਦੀ ਵਰਤੋਂ ਵੀ ਕਰਦਾ ਹੈ। ਇਕ ਤਰ੍ਹਾਂ ਉਹ ਫਰਾਇਡ ਵਾਂਗ ਮਨੋਵਿਗਿਆਨੀ ਪੜ੍ਹਤ ਵਾਲਾ ਚਿਕਿਤਸਿਕ ਦਿਸਦਾ ਪ੍ਰਤੀਤ ਹੁੰਦਾ ਹੈ। ਵੱਡੀ ਗੱਲ ਉਸ ਦੀ ਸੋਚ ਹਾਂ-ਮੁਖੀ ਹੈ। ਉਹ ਨਾਂਹ-ਮੁਖੀ ਵਰਤਾਰਿਆਂ ਤੋਂ ਬਚਣ ਤੇ ਪ੍ਰਹੇਜ਼ ਕਰਨ ਦੀ ਸਲਾਹ ਦਿੰਦਾ ਹੈ। ਉਸ ਕੋਲ ਤਰਕ ਦੀ ਸ਼ੈਲੀ ਹੈ ਤੇ ਕਹਾਣੀ-ਰਸ ਦੀ ਪ੍ਰਧਾਨਤਾ। ਕਿਤੇ-ਕਿਤੇ ਉਸ ਦੀ ਭਾਸ਼ਾ ਵਿਚ ਸਿਆਣੀਆਂ ਟੂਕਾਂ ਆ ਸ਼ਾਮਿਲ ਹੁੰਦੀਆਂ ਹਨ, ਜੋ ਉਸ ਦੀ ਸਿਆਣਪ ਦਾ ਸੱਚ ਉਘਾੜਦੀਆਂ ਹਨ। ਇਸ ਪੁਸਤਕ ਰਾਹੀਂ ਚੰਗੇ ਵਿਅਕਤੀਤਵ ਵਾਲੇ ਬੱਚੇ ਉਸਾਰਨ ਵਿਚ ਮਦਦ ਮਿਲੇਗੀ। ਹਰੇਕ ਮਾਪੇ, ਅਧਿਆਪਕ ਤੇ ਸਿੱਖਿਆ ਸ਼ਾਸਤਰੀ ਨੂੰ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ।

-ਕੇ. ਐਲ. ਗਰਗ
ਮੋ: 94635-37050

ਮੇਰਾ ਹਲਫ਼ੀਆ ਬਿਆਨ
ਲੇਖਕ : ਰਾਜਿੰਦਰ ਸਿੰਘ ਜਾਲੀ
ਪ੍ਰਕਾਸ਼ਕ : ਜਾਲੀ ਲਿਟਰੇਚਰ ਹਾਊਸ, ਵਰਜੀਨੀਆ (ਯੂ.ਐਸ.ਏ.)
ਮੁੱਲ : 300 ਰੁਪਏ, ਸਫ਼ੇ : 280.

'ਮੇਰਾ ਹਲਫ਼ੀਆ ਬਿਆਨ' ਰਾਜਿੰਦਰ ਸਿੰਘ ਜਾਲੀ ਦੀ ਸਵੈਜੀਵਨੀ ਹੈ, ਜਿਸ ਨੂੰ 35 ਕਾਂਡਾਂ ਵਿਚ ਅੰਕਿਤ ਕੀਤਾ ਗਿਆ ਹੈ। ਸਵੈਜੀਵਨੀ ਦਾ ਨਾਇਕ ਕਿਸੇ ਸਾਧਾਰਨ ਵਿਅਕਤੀਤਵ ਦਾ ਧਾਰਨੀ ਨਹੀਂ ਹੈ, ਉਸ ਦੇ ਜੀਵਨ ਸਫ਼ਰ ਵਿਚ ਬਹੁਤ ਕੁਝ ਉਹ ਵਾਪਰਿਆ ਹੈ, ਜਿਸ ਤੋਂ ਸਾਧਾਰਨ ਵਿਅਕਤੀ ਹਾਰ ਹੰਭ ਕੇ, ਸ਼ਾਇਦ ਜੀਵਨ ਤੋਂ ਨਿਜਾਤ ਪਾ ਜਾਂਦਾ ਪਰ ਰਾਜਿੰਦਰ ਸਿੰਘ ਜਾਲੀ ਜ਼ਿੰਦਗੀ ਨਾਲ ਜੂਝਣ ਦੇ ਸੰਕਲਪ ਦਾ ਧਾਰਨੀ ਹੋ ਨਿੱਬੜਿਆ, ਜਿਸ ਸਦਕਾ ਉਹ ਘਰ ਪਰਿਵਾਰ ਦੇ ਸੰਗਠਨ ਵਿਚ ਵੀ ਕਾਰਜਸ਼ੀਲ ਰਿਹਾ, ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਵੀ ਉਸਾਰੂ ਦ੍ਰਿਸ਼ਟੀ ਤੋਂ ਸਮਝਦਾ ਰਿਹਾ ਅਤੇ ਇਨ੍ਹਾਂ ਦੇ ਨਿਰੰਤਰ-ਵਹਿਣ ਅਤੇ ਪਾਸਾਰ ਵਿਚ ਵੀ ਸਾਕਾਰਾਤਮਕ ਭੂਮਿਕਾ ਨਿਭਾਉਂਦਾ ਜਨਮ ਅਤੇ ਬਚਪਨ, ਬਚਪਨ ਦੇ ਦੋਸਤਾਂ, ਜਵਾਨੀ ਦੇ ਦੋਸਤਾਂ, ਰਿਸ਼ਤੇਦਾਰਾਂ ਅਤੇ ਵਿਦੇਸ਼ਾਂ 'ਚ ਰਹਿੰਦੇ ਮਿਲਵਰਤਨ ਵਾਲੇ ਲੋਕਾਂ ਸਬੰਧੀ ਪੁਸਤਕ 'ਚ ਵਰਣਿਤ ਵੇਰਵੇ ਉਕਤ ਗੱਲ ਦੀ ਚੰਗੀ ਉਦਾਹਰਨ ਸਾਬਤ ਕਰਦੇ ਹਨ। ਇਸੇ ਤਰ੍ਹਾਂ ਲੇਖਕ ਜਦੋਂ ਆਪਣੇ ਪਹਿਲੇ ਹਵਾਈ ਸਫ਼ਰ ਬਾਰੇ ਦੱਸ ਰਿਹਾ ਹੁੰਦਾ ਹੈ ਤਾਂ ਪੰਜਾਬੀ ਵਿਆਹ ਸਬੰਧੀ ਰਹੁ-ਰੀਤਾਂ ਆਦਿ ਬਾਰੇ ਵੀ ਖੂਬ ਜਾਣਕਾਰੀ ਦੇ ਜਾਂਦਾ ਹੈ। ਦੇਵਤਿਆਂ ਦੀ ਵਾਦੀ ਕੁੱਲੂ ਬਾਰੇ ਦੱਸਦਿਆਂ ਪੰਜਾਬੀਅਤ ਨੂੰ ਖੇਰੂੰ-ਖੇਰੂੰ ਕਰਨ ਵਾਲੇ ਸਰੋਕਾਰਾਂ ਤੋਂ ਵੀ ਵਾਕਿਫ਼ ਕਰਵਾ ਦਿੰਦਾ ਹੈ। ਇਸੇ ਤਰ੍ਹਾਂ ਨੈਨੀਤਾਲ ਦੀ ਵਿਰਾਸਤੀ ਹੋਂਦ, ਸਰੋਵਰਾਂ ਦੇ ਨਗਰ ਦੀ ਮਾਨਤਾ, ਕਵਿਤਾ ਦੀ ਦਾਤ ਮਿਲਣ ਦਾ ਦ੍ਰਿਸ਼ਟਾਂਤ, ਰਾਇਪੁਰ ਦੇ ਮਾਨਾ ਏਅਰਪੋਰਟ ਦਾ ਦ੍ਰਿਸ਼, ਬੇਬਸੀਆਂ ਦਾ ਦੌਰ, ਮੌਤ ਨਾਲ ਮੁਲਾਕਾਤ, ਵਹਿਸ਼ਤ ਦਾ ਤਾਂਡਵ, ਕੁਦਰਤ ਦਾ ਨਿਆਂ, ਅਜਿਹੇ ਕਾਂਡ ਹਨ ਜੋ ਸੱਚਮੁੱਚ ਮੌਲਿਕ ਜਾਣਕਾਰੀ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ ਵਰਜੀਨੀਆ, ਮਾਰਟਲ ਬੀਚ, ਪੈਰਾਂ ਦੇ ਚੱਕਰ, ਕਬੀਰ ਦੀ ਆਮਦ, ਇਨੋਵਾ ਫੇਅਰ, ਮਦਰ ਟ੍ਰੇਸਾ ਆਦਿ ਅਜਿਹੇ ਅਧਿਆਇ ਹਨ, ਜਿਨ੍ਹਾਂ 'ਚ ਲੇਖਕ ਨੇ ਬੇਬਾਕ ਹੋ ਕੇ ਆਪਣੀ ਕਲਾ-ਪ੍ਰਤਿਭਾ ਦੀ ਪਛਾਣ ਨੂੰ ਸਥਾਪਤ ਕੀਤਾ ਹੈ। ਕਿਉਂਜੋ ਲੇਖਕ ਨਿਪੁੰਨ ਕਵੀ ਵੀ ਹੈ, ਉਸ ਨੇ ਥਾਂ ਪੁਰ ਥਾਂ ਪੁਸਤਕ ਵਿਚ ਕਵਿਤਾ ਜ਼ਰੀਏ ਵੀ ਜੀਵਨ ਦੇ ਉੱਚ-ਮੁੱਲਾਂ ਨੂੰ ਰੌਚਕ ਤਰੀਕੇ ਨਾਲ ਪੇਸ਼ ਕੀਤਾ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732

ਪਲੇਠੀ ਪਰਵਾਜ਼
ਗ਼ਜ਼ਲਕਾਰ : ਇਕਬਾਲ ਸਿੰਘ ਗੁੰਨੋਮਾਜਰਾ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96.

ਇਕਬਾਲ ਸਿੰਘ ਗੁੰਨੋਮਾਜਰਾ ਦੇ ਗ਼ਜ਼ਲ ਸੰਗ੍ਰਹਿ 'ਪਲੇਠੀ ਪਰਵਾਜ਼' ਵਿਚ ਕੁਲ 90 ਗ਼ਜ਼ਲਾਂ ਸ਼ਾਮਿਲ ਹਨ। ਇਨ੍ਹਾਂ ਗ਼ਜ਼ਲਾਂ ਦਾ ਮੁੱਖ ਧੁਰਾ ਮੁਹੱਬਤ ਹੈ ਤੇ ਮੁਹੱਬਤ 'ਚੋਂ ਉਪਜੀ ਤਨਹਾਈ ਹੈ। ਤਨਹਾਈ ਪੀੜਾ ਨੂੰ ਜਨਮ ਦਿੰਦੀ ਹੈ ਤੇ ਪੀੜਾ ਹੰਝੂਆਂ ਨੂੰ।
ਸ਼ਾਇਰ ਦੀ ਨੌਜਵਾਨ ਅਵਸਥਾ ਵਿਚ ਅਜਿਹਾ ਹੀ ਹੁੰਦਾ ਹੈ ਤੇ ਹੌਲੀ-ਹੌਲੀ ਇਹ ਅਵਸਥਾ ਆਪੇ ਤੋਂ ਬਾਹਰਲੇ ਨਿਰੀਖਣ ਵਿਚ ਤਬਦੀਲ ਹੋ ਜਾਂਦੀ ਹੈ। ਗੁੰਨੋਮਾਜਰਾ ਨੂੰ ਹੁਸਨ ਦੇ ਬਾਜ਼ਾਰ ਵਿਚ ਆਪਣਾ ਹੀ ਸਿਰਨਾਵਾਂ ਗੁੰਮ ਹੋਇਆ ਮਹਿਸੂਸ ਹੁੰਦਾ ਹੈ ਤੇ ਉਸ ਨੂੰ ਆਪਣੇ ਪਿਆਰੇ ਦੀ ਸਰਦਲ ਕਾਅਬਾ ਤੇ ਕਾਸ਼ੀ ਜਾਪਦੀ ਹੈ। ਉਹ ਆਪਣੇ ਖ਼ਾਲੀ ਕਾਸੇ ਵਿਚ ਮੁਹੱਬਤ ਦੀ ਭੀਖ ਮੰਗਦਾ ਹੈ ਤੇ ਆਪਣਿਆਂ ਤੋਂ ਅੰਮ੍ਰਿਤ ਦੀ ਥਾਂ ਜ਼ਹਿਰ ਦੀ ਇੱਛਾ ਰੱਖਦਾ ਹੈ।
ਸ਼ਾਇਰ ਅਸੂਲਾਂ ਦੀ ਭੱਠੀ ਵਿਚ ਤਪਦੇ ਰਹਿਣਾ ਚਾਹੁੰਦਾ ਹੈ ਤੇ ਉਸ ਲਈ ਤਨਹਾਈ ਹੀ ਉਸ ਦਾ ਸਾਥੀ ਹੈ। ਇਕਬਾਲ ਅਨੁਸਾਰ ਉਸ ਦਾ ਪਿਆਰਾ ਜਿੰਨਾ ਜਿਸਮ ਤੋਂ ਦੂਰ ਹੈ ਉਸ ਤੋਂ ਵੱਧ ਦਿਲ ਦੇ ਕਰੀਬ ਹੈ। ਇਕਬਾਲ ਸਿੰਘ ਗੁੰਨੋਮਾਜਰਾ ਕੋਲ ਉਹ ਸਭ ਕੁਝ ਹੈ ਜੋ ਇਕ ਨਵੇਂ ਕਲਮਕਾਰ ਕੋਲ ਹੋਣਾ ਚਾਹੀਦਾ ਹੈ ਪਰ ਕਿਸੇ ਪਰਪੱਕ ਸ਼ਾਇਰ ਦੀ ਸੰਗਤ ਉਸ ਦੀ ਸ਼ਾਇਰੀ ਨੂੰ ਹੋਰ ਚਮਕ ਪ੍ਰਦਾਨ ਕਰ ਸਕਦੀ ਹੈ। ਇਸ ਦੇ ਨਾਲ ਹੀ ਉਸ ਨੂੰ ਆਪਣੇ ਵਿਸ਼ਿਆਂ ਵਿਚ ਵਿਭਿੰਨਤਾਵਾਂ ਪੈਦਾ ਕਰਨੀਆਂ ਪੈਣਗੀਆਂ।
ਪੰਜਾਬੀ ਗ਼ਜ਼ਲ ਅੱਜ ਜਿਸ ਮੁਕਾਮ 'ਤੇ ਪਹੁੰਚ ਗਈ ਹੈ ਤੇ ਪੰਜਾਬੀ ਗ਼ਜ਼ਲਕਾਰਾਂ ਦਾ ਜਿੰਨਾ ਵੱਡਾ ਸਮੂਹ ਹੈ ਇਸ ਵਿਚ ਕਿਸੇ ਨੂੰ ਵੀ ਆਪਣੀ ਪਹਿਚਾਣ ਕਾਇਮ ਰੱਖਣ ਲਈ ਨਿਰੰਤਰ ਸਫ਼ਰ ਤੇ ਮਿਹਨਤ ਦਰਕਾਰ ਹੈ। ਮੈਂ ਆਸ ਕਰਦਾ ਹਾਂ ਕਿ ਇਸ ਪੁਸਤਕ ਦੇ ਛਪਣ ਤੋਂ ਬਾਅਦ ਮਿਲੇ ਹੌਸਲੇ ਦੀ ਬਦੌਲਤ ਇਕਬਾਲ ਸਿੰਘ ਗੁੰਨੋਮਾਜਰਾ ਆਪਣੇ ਮੰਤਵ ਵਿਚ ਸਫ਼ਲ ਹੋਵੇਗਾ।

-ਗੁਰਦਿਆਲ ਰੌਸ਼ਨ
ਮੋ: 9988444002

9-11-14

 ਰਿਸ਼ਤਿਆਂ ਦੀ ਰੰਗੋਲੀ
ਸੰਪਾਦਕ : ਸੁਖਵਿੰਦਰ ਅੰਮ੍ਰਿਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 304.

ਸੁਖਵਿੰਦਰ ਅੰਮ੍ਰਿਤ ਨੇ ਆਪਣੇ ਇਸ ਸੰਪਾਦਿਤ ਕਾਵਿ-ਸੰਗ੍ਰਹਿ ਵਿਚ 1881 ਤੋਂ 1982 ਈ: ਤੱਕ ਜਨਮੇ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਵਿਚ ਮਨੁੱਖੀ ਰਿਸ਼ਤਿਆਂ ਦੇ ਵਿਆਕਰਣ ਦੀ ਤਲਾਸ਼ ਕੀਤੀ ਹੈ। ਲਗਭਗ ਸੌ ਕਵੀਆਂ ਦੀਆਂ ਡੇਢ ਸੌ ਕਵਿਤਾਵਾਂ ਨੂੰ ਇਕ-ਦੂਸਰੀ ਦੇ ਸਮਵਿੱਥ ਰੱਖ ਕੇ ਉਸ ਨੇ ਇਹ ਸਮਝਣ-ਸਮਝਾਉਣ ਦੀ ਚੇਸ਼ਟਾ ਕੀਤੀ ਹੈ ਕਿ ਪੰਜਾਬੀ ਕਵੀਆਂ ਦੀ ਨਜ਼ਰ ਵਿਚ ਮਨੁੱਖੀ ਰਿਸ਼ਤਿਆਂ ਦਾ ਮਹੱਤਵ ਕੀ ਹੈ ਅਤੇ ਪ੍ਰੋ: ਪੂਰਨ ਸਿੰਘ (1881) ਤੋਂ ਲੈ ਕੇ ਕੰਵਲ ਢਿੱਲੋਂ (ਜਨਮ 1982) ਤੱਕ ਸਾਡੇ ਕਵੀ ਪਰਿਵਾਰਕ ਰਿਸ਼ਤਿਆਂ ਦਾ ਨਿਰੂਪਣ ਕਿਸ ਅੰਦਾਜ਼ ਵਿਚ ਕਰਦੇ ਰਹੇ ਹਨ। ਸੁਖਵਿੰਦਰ ਦਾ ਇਹ ਪ੍ਰਯਾਸ ਕਾਫੀ ਅਰਥ ਪੂਰਨ ਸਿੱਧ ਹੋਇਆ ਹੈ ਕਿਉਂਕਿ ਪੰਜਾਬੀ ਕਵੀ ਅਜੇ ਤੱਕ ਰਿਸ਼ਤਿਆਂ ਦੇ ਮੁੱਲ ਜਾਂ ਮਹੱਤਵ ਤੋਂ ਬੇਮੁੱਖ ਨਹੀਂ ਹੋਏ। ਇਹ ਵੱਖਰੀ ਗੱਲ ਹੈ ਕਿ ਹਰ ਪੀੜ੍ਹੀ ਪਰਿਵਾਰਕ ਰਿਸ਼ਤਿਆਂ ਨੂੰ ਆਪਣੇ ਯੁੱਗ ਦੇ ਮਿਜਾਜ਼ ਅਤੇ ਦਬਾਵਾਂ ਦੇ ਅਨੁਕੂਲ ਬਿਆਨ ਕਰਦੀ ਰਹੀ ਹੈ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹਨ ਦੇ ਦੌਰਾਨ ਮੈਂ ਇਹ ਅਨੁਭਵ ਕੀਤਾ ਹੈ ਕਿ ਜ਼ਰੂਰੀ ਨਹੀਂ ਪਈ ਵੱਡੇ ਜਾਂ ਪ੍ਰਸਿੱਧ ਕਵੀ ਹੀ ਇਨ੍ਹਾਂ ਰਿਸ਼ਤਿਆਂ ਬਾਰੇ ਮਿਆਰੀ ਕਵਿਤਾਵਾਂ ਲਿਖ ਸਕਣ, ਬਲਕਿ ਬਹੁਤੀ ਵਾਰ ਘੱਟ ਪ੍ਰਸਿੱਧ ਕਵੀਆਂ ਨੇ ਇਸ ਵਿਸ਼ੇ ਬਾਰੇ ਵਧੇਰੇ ਪ੍ਰਮਾਣਿਕ ਨਜ਼ਮਾਂ ਲਿਖ ਵਿਖਾਈਆਂ ਹਨ।
ਪ੍ਰੋ: ਪੂਰਨ ਸਿੰਘ ਅਤੇ ਦੀਵਾਨ ਸਿੰਘ ਕਾਲੇਪਾਣੀ ਵਰਗੇ ਮੋਢੀ ਆਧੁਨਿਕ ਕਵੀਆਂ ਨੇ ਆਦਰਸ਼ਵਾਦੀ ਭਾਵਬੋਧ ਦਾ ਨਿਰੂਪਣ ਕੀਤਾ ਹੈ। ਪ੍ਰੋ: ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਆਦਿ ਰੁਮਾਂਟਿਕ ਅਨੁਭਵ ਦੁਆਰਾ ਪਰਿਵਾਰਕ ਰਿਸ਼ਤਿਆਂ ਦੀ ਪੇਸ਼ਕਾਰੀ ਕਰਦੇ ਹਨ। ਆਧੁਨਿਕ ਭਾਵਬੋਧ ਦੀਆਂ ਕਵਿਤਾਵਾਂ ਲਿਖਣ ਦਾ ਆਰੰਭ ਸ. ਸ. ਮੀਸ਼ਾ ਅਤੇ ਜਗਤਾਰ ਵਰਗੇ ਆਧੁਨਿਕ ਕਵੀਆਂ ਨੇ ਕੀਤਾ। ਇਨ੍ਹਾਂ ਤੋਂ ਬਾਅਦ ਪਰਮਜੀਤ ਪਰਮ, ਸੁਰਜੀਤ ਪਾਤਰ, ਪਰਮਿੰਦਰਜੀਤ, ਮਨਜੀਤ ਪਾਲ, ਦਰਸ਼ਨ ਬੁੱਟਰ, ਵਨੀਤਾ, ਨਿਰੁਪਮਾ ਦੱਤ ਅਤੇ ਸੁਖਵਿੰਦਰ ਅੰਮ੍ਰਿਤ ਵਰਗੇ ਕਵੀ ਪਰਿਵਾਰਕ ਰਿਸ਼ਤਿਆਂ ਦੀ ਗਰਾਮਰ ਨੂੰ ਅਸਲੋਂ ਵੱਖਰੀ ਤਰ੍ਹਾਂ ਨਾਲ ਪੜ੍ਹਦੇ ਅਤੇ ਲਿਖਦੇ ਨਜ਼ਰ ਆਉਂਦੇ ਹਨ। ਇਹ ਕਵਿਤਾਵਾਂ ਪੜ੍ਹ ਕੇ ਮੈਂ ਮਹਿਸੂਸ ਕੀਤਾ ਕਿ ਪ੍ਰਮਾਣਿਕ ਕਵਿਤਾ ਦਾ ਮੁਲਅੰਕਣ ਕਰਨ ਲਈ ਇਹ ਕਸੌਟੀ ਵੀ ਕਾਫੀ ਕਾਰਗਰ ਹੋ ਸਕਦੀ ਹੈ ਕਿ ਕੋਈ ਕਵੀ ਪਰਿਵਾਰਕ ਰਿਸ਼ਤਿਆਂ ਦਾ ਨਿਰੂਪਣ ਕਿਵੇਂ ਕਰਦਾ ਹੈ।
ਮੈਨੂੰ ਸੁਖਵਿੰਦਰ ਅੰਮ੍ਰਿਤ ਦਾ ਇਹ ਸੰਕਲਨ ਬੇਹੱਦ ਪਸੰਦ ਆਇਆ ਹੈ। ਮੈਂ ਪਾਠਕਾਂ ਨੂੰ ਇਹ ਵੀ ਦੱਸਦਾ ਜਾਵਾਂ ਕਿ ਇਸ ਸੰਗ੍ਰਹਿ ਵਿਚ ਪ੍ਰੇਮੀ ਜਾਂ ਪ੍ਰੇਮਿਕਾ ਦਾ ਜ਼ਿਕਰ ਤੱਕ ਨਹੀਂ ਆਇਆ। ਪ੍ਰੇਮੀ/ਪ੍ਰੇਮਿਕਾ ਦੇ ਵਰਜਨਾ ਭਰਪੂਰ ਰਿਸ਼ਤੇ ਨੂੰ ਪ੍ਰਗਟ ਕਰਨ ਵਾਲੀਆਂ ਕਵਿਤਾਵਾਂ ਦਾ ਤਾਂ ਪੰਜਾਬੀ ਕਾਵਿ-ਪਰੰਪਰਾ ਵਿਚ ਹੜ੍ਹ ਆਇਆ ਹੋਇਆ ਹੈ। ਇਸ ਰਿਸ਼ਤੇ ਨੂੰ ਵੇਖਣਾ ਵੀ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗਾ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਕਲਮ ਕਾਫ਼ਲਾ
ਮੁੱਖ ਸੰਪਾਦਕ : ਦਰਸ਼ਨ ਸਿੰਘ ਆਸ਼ਟ (ਡਾ:)
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 650 ਰੁਪਏ, ਸਫ਼ੇ : 663.

ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਬਣੀਆਂ ਸਾਹਿਤ ਸਭਾਵਾਂ ਜਿੱਥੇ ਨਵੇਂ ਲੇਖਕਾਂ ਅੰਦਰ ਜੋਸ਼ ਭਰਨ ਦਾ ਕੰਮ ਕਰਦੀਆਂ ਨੇ, ਉਥੇ ਮੰਝੇ ਹੋਏ ਲੇਖਕਾਂ ਦੀ ਸੰਗਤ ਵਿਚ ਨਵਿਆਂ ਨੂੰ ਬੜਾ ਕੁਝ ਸਿੱਖਣ ਦਾ ਮੌਕਾ ਵੀ ਪ੍ਰਦਾਨ ਕਰਦੀਆਂ ਨੇ। 'ਪੰਜਾਬੀ ਸਾਹਿਤ ਸਭਾ (ਰਜਿ:)' ਪਟਿਆਲਾ ਦਾ ਆਪਣਾ ਲੰਮਾ ਇਤਿਹਾਸ ਹੈ। ਇਹ ਸਭਾ 1949 ਵਿਚ ਹੋਂਦ ਵਿਚ ਆਈ ਸੀ, ਜਿਸ ਦਾ ਮਕਸਦ ਸੀ ਇਲਾਕੇ ਦੇ ਲੇਖਕਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਕਰਨਾ, ਪੰਜਾਬੀ ਨੂੰ ਬਣਦਾ ਸਨਮਾਨ ਦਿਵਾਉਣਾ ਤੇ ਹੋਰ ਸਮਾਜਿਕ ਅਲਾਮਤਾਂ 'ਤੇ ਵਿਚਾਰ ਵਟਾਂਦਰਾ ਕਰਨਾ। ਇਸ ਸਭਾ ਨਾਲ ਪਿਛਲੇ ਲੰਮੇ ਸਮੇਂ ਤੋਂ ਦਰਸ਼ਨ ਸਿੰਘ ਆਸ਼ਟ ਜੁੜੇ ਹੋਏ ਨੇ, ਜਿਨ੍ਹਾਂ ਦੀਆਂ ਬਾਲ ਸਾਹਿਤ ਦੀਆਂ ਅਨੇਕਾਂ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਨੇ। ਉਨ੍ਹਾਂ ਦੀ ਮੁੱਖ ਸੰਪਾਦਨਾ ਹੇਠ ਇਸ ਸਭਾ ਨਾਲ ਜੁੜੇ ਲੇਖਕਾਂ ਦੀਆਂ ਲਿਖਤਾਂ ਨੂੰ ਜਿਲਦਬੱਧ ਕੀਤਾ ਗਿਆ ਹੈ, ਜਿਸ ਦਾ ਨਾਂ 'ਕਲਮ ਕਾਫ਼ਲਾ' ਰੱਖਿਆ ਗਿਆ ਹੈ।ਪੁਸਤਕ ਦੀ ਸ਼ੁਰੂਆਤ ਵਿਚ ਡਾ: ਆਸ਼ਟ ਨੇ 'ਪੰਜਾਬੀ ਸਾਹਿਤ ਸਭਾ (ਰਜਿ:)' ਪਟਿਆਲਾ ਦੇ ਇਤਿਹਾਸ, ਵਰਤਮਾਨ ਤੇ ਭਵਿੱਖ ਉੱਤੇ ਝਾਤ ਪਵਾਉਂਦਾ ਲੇਖ ਲਿਖਿਆ ਹੈ ਤੇ ਫੇਰ ਲੇਖਕਾਂ ਦੀਆਂ ਗ਼ਜ਼ਲਾਂ, ਕਵਿਤਾਵਾਂ, ਵਾਰਤਕ, ਇਕਾਂਗੀ, ਗੀਤ, ਕਹਾਣੀਆਂ, ਜਿਸ ਨੇ ਜੋ ਲਿਖਿਆ ਉਸ ਨੂੰ ਸੰਪਾਦਤ ਕੀਤਾ ਗਿਆ ਹੈ। 'ਕਲਮ ਕਾਫ਼ਲਾ' ਵਿਚ ਇਕ-ਇਕ ਲੇਖਕ ਨੂੰ ਪੰਜ-ਪੰਜ ਸਫ਼ੇ ਦਿੱਤੇ ਗਏ ਨੇ। ਪਹਿਲੇ ਸਫ਼ੇ 'ਤੇ ਸਬੰਧਤ ਲੇਖਕ ਦਾ ਜੀਵਨ ਬਿਊਰਾ ਤਸਵੀਰ ਸਮੇਤ ਹੈ ਤੇ ਅਗਲਿਆਂ ਵਿੱਚ ਉਸ ਦੀਆਂ ਕਿਰਤਾਂ ਹਨ।
ਸੌ ਤੋਂ ਵੱਧ ਲੇਖਕਾਂ ਦੀਆਂ ਲਿਖਤਾਂ ਇਸ ਪੁਸਤਕ ਵਿਚ ਦਰਜ ਹਨ। ਕਈ ਜਾਣੇ-ਪਛਾਣੇ ਲੇਖਕਾਂ ਦੀਆਂ ਰਚਨਾਵਾਂ ਦੇ ਨਾਲ-ਨਾਲ ਅਸਲੋਂ ਨਵੇਂ ਲੇਖਕਾਂ ਨੂੰ ਵੀ ਮੌਕਾ ਦਿੱਤਾ ਗਿਆ ਹੈ।
ਪੁਸਤਕ ਦੀ ਸੰਪਾਦਨਾ ਵਿਚ ਬਾਬੂ ਸਿੰਘ ਰਹਿਲ, ਸੁਖਮਿੰਦਰ ਸਿੰਘ ਸੇਖੋਂ, ਹਰਪ੍ਰੀਤ ਸਿੰਘ ਰਾਣਾ, ਦਵਿੰਦਰ ਪਟਿਆਲਵੀ ਤੇ ਸੁਖਦੇਵ ਸਿੰਘ ਚਾਹਲ ਦਾ ਵੀ ਵੱਡਾ ਯੋਗਦਾਨ ਹੈ।
ਇਸ ਵੱਡ-ਅਕਾਰੀ ਪੁਸਤਕ ਦਾ ਸਵਾਗਤ ਇਸ ਕਰਕੇ ਕਰਨਾ ਬਣਦਾ ਹੈ, ਕਿਉਂਕਿ ਇਕ ਸਾਹਿਤ ਸਭਾ ਨਾਲ ਜੁੜੇ ਸਾਰੇ ਲੇਖਕਾਂ ਨੂੰ ਇਕੋ ਜਿੰਨਾ ਬਣਦਾ ਸਤਿਕਾਰ ਦਿੱਤਾ ਗਿਆ ਹੈ। ਪੁਸਤਕ ਵਿਚ ਕੁਝ ਲੇਖਕਾਂ ਦੀਆਂ ਰਚਨਾਵਾਂ ਤਾਂ ਬਾਕਮਾਲ ਹਨ।

-ਸਵਰਨ ਸਿੰਘ ਟਹਿਣਾ
ਮੋ: 9814178883

ਇਕੋ ਮੋਹ ਦੇ ਮੁੱਖ ਅਨੇਕਾਂ ਤੇ ਰੁਬਾਈਆਤ ਉਮਰ ਖ਼ੱਯਾਮ
ਲੇਖਕ : ਜਸਵੰਤ ਸਿੰਘ ਨੇਕੀ
ਪ੍ਰਕਾਸ਼ਕ : ਆਰਸੀ ਪਬਲਿਸ਼ਰ, ਦਿੱਲੀ
ਮੁੱਲ : 225 ਰੁਪਏ, ਸਫ਼ੇ : 139.

ਇਸ ਪੁਸਤਕ ਵਿਚ ਵਿਸ਼ਵ ਪ੍ਰਸਿੱਧ ਮਨੋਵਿਗਿਆਨੀ, ਨਿਵੇਕਲੀ ਸ਼ੈਲੀ ਦੇ ਵਾਰਤਕਕਾਰ ਅਤੇ ਦਾਰਸ਼ਨਿਕ ਕਵੀ ਡਾ: ਜਸਵੰਤ ਸਿੰਘ ਨੇਕੀ ਵੱਲੋਂ ਲਿਖੀਆਂ ਰੁਬਾਈਆਂ ਦੇ ਨਾਲ-ਨਾਲ ਉਮਰ ਖ਼ੱਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਅਨੁਵਾਦ ਵੀ ਰੂਬਰੂ ਹੈ। ਉਮਰ ਖ਼ੱਯਾਮ ਦੀਆਂ ਫ਼ਾਰਸੀ ਵਿਚ ਲਿਖੀਆਂ ਰੁਬਾਈਆਂ ਦੇ ਐਡਵਰਡ ਫ਼ਿਟਜ਼ਜੈਰਲਡ ਵੱਲੋਂ ਕੀਤੇ ਅੰਗਰੇਜ਼ੀ ਅਨੁਵਾਦ ਤੋਂ ਡਾ: ਨੇਕੀ ਨੇ ਪੰਜਾਬੀ ਅਨੁਵਾਦ ਕੀਤਾ ਹੈ। ਇੰਜ ਪੁਸਤਕ ਦੋ ਭਾਗਾਂ ਵਿਚ ਵੰਡੀ ਹੋਈ ਹੈ।
ਰੁਬਾਈ ਛੋਟੇ ਆਕਾਰ ਦਾ ਬੇਹੱਦ ਪ੍ਰਭਾਵਸ਼ਾਲੀ ਕਾਵਿ ਰੂਪ ਹੈ ਅਤੇ ਕਵਿਤਾ ਦੇ ਪਰਿਵਾਰ ਵਿਚ ਇਸ ਨੂੰ ਕਾਫ਼ੀ ਮਕਬੂਲੀਅਤ ਹਾਸਲ ਹੈ। ਸਿੱਖ ਧਰਮ ਵਿਚ ਭਾਈ ਨੰਦ ਲਾਲ ਜੀ ਅਤੇ ਭਾਈ ਵੀਰ ਸਿੰਘ ਜੀ ਦੀ ਕਵਿਤਾ ਵਿਚ ਵੀ ਰੁਬਾਈ ਦੇ ਦਰਸ਼ਨ ਹੁੰਦੇ ਹਨ। ਹਥਲੀ ਪੁਸਤਕ ਵਿਚ ਡਾ. ਜਸਵੰਤ ਸਿੰਘ ਨੇਕੀ ਦੁਆਰਾ ਲਿਖੀਆਂ ਗਈਆਂ ਜ਼ਿਆਦਾਤਰ ਰੁਬਾਈਆਂ ਵਿਚ ਰਿਸ਼ਤਿਆਂ ਨੂੰ ਸਾਹਮਣੇ ਰੱਖਿਆ ਗਿਆ ਹੈ। ਰੁਬਾਈਆਂ ਦਾ ਵਿਸ਼ਾ ਕੇਵਲ ਇੱਕ ਹੀ ਹੈ ਤੇ ਉਹ ਹੈ 'ਪਿਆਰ'। ਕਵੀ ਪਿਆਰ ਦੇ ਵੱਖ-ਵੱਖ ਰੂਪ ਪ੍ਰਸਤੁਤ ਕਰਦਾ ਹੋਇਆ ਮਾਂ, ਭੈਣ, ਮਹਿਬੂਬਾ, ਬੇਟੀ ਆਦਿ ਰਿਸ਼ਤਿਆਂ ਤੋਂ ਇਲਾਵਾ ਦੇਸ਼ ਨੂੰ ਵੀ ਸਾਹਮਣੇ ਰੱਖਦਾ ਹੈ। ਮਾਂ ਦੇ ਪਵਿੱਤਰ ਰਿਸ਼ਤੇ ਸਬੰਧੀ ਕਵੀ ਦੇ ਪਿਆਰ ਭਿੱਜੇ ਸ਼ਬਦ ਵੇਖੋ:
ਮਾਏ ਨੀ ਤੂੰ ਆਂਦਰ ਵਾਂਗਰ
ਅੰਦਰ ਮੈਨੂੰ ਰੱਖਿਆ।
ਮੈਂ ਤੇਰੀ ਕੋਮਲ ਕਾਇਆ 'ਚੋਂ
ਜੀਵਨ-ਅੰਮ੍ਰਿਤ ਚੱਖਿਆ।
ਜੀਕਣ ਤੂੰ ਮੇਰੀ ਜਿੰਦੜੀ ਨੂੰ
ਪਿਆਰ ਸੁਰੱਖਿਆ ਦਿੱਤੀ,
ਸ਼ਾਲਾ! ਮਿਲੇ ਹਮੇਸ਼ ਤੈਨੂੰ ਵੀ
ਰੱਬ ਸੱਚੇ ਦੀ ਰੱਖਿਆ।
ਪੁਸਤਕ ਵਿਚ ਦਰਜ ਰੁਬਾਈਆਂ ਸੁਚੱਜੀ ਜ਼ਿੰਦਗੀ ਜਿਊਣ ਲਈ ਪ੍ਰੇਰਨਾ-ਦਾਇਕ ਅਤੇ ਉਤਸ਼ਾਹ ਭਰਪੂਰ ਹਨ। ਮੇਰਾ ਮੰਨਣਾ ਹੈ ਕਿ ਮਨੁੱਖ ਲਈ ਜੀਵਨ ਸੁਚੱਜ ਦੀਆਂ ਜੁਗਤਾਂ ਨੂੰ ਪਿਆਰ ਦੇ ਵੱਖ-ਵੱਖ ਸਾਰਥਿਕ ਰੂਪਾਂ ਦੁਆਰਾ ਪ੍ਰਭਾਸ਼ਿਤ ਕਰਕੇ ਡਾ: ਨੇਕੀ ਨੇ ਉਪਦੇਸ਼ਜਨਕ ਕਾਰਜ ਕੀਤਾ ਹੈ। ਅੰਤ ਵਿਚ ਉਮਰ ਖ਼ੱਯਾਮ ਦੀ ਇਕ ਰੁਬਾਈ ਦਾ ਡਾ: ਨੇਕੀ ਵੱਲੋਂ ਕੀਤਾ ਗਿਆ ਅਨੁਵਾਦ ਵੰਨਗੀ ਦੇ ਤੌਰ 'ਤੇ ਪੇਸ਼ ਹੈ:
ਅੰਦਰ-ਬਾਹਰ, ਉੱਪਰ-ਥੱਲੇ, ਸੱਜੇ-ਖੱਬੇ, ਸਾਹਵੇਂ।
ਜਾਦੂ-ਖੇਡ ਵਿਛੀ ਛਾਵਾਂ ਦੀ, ਸਮਝੇ ਕੋਈ ਨਾ ਭਾਵੇਂ।
ਅੰਬਰ ਦੇ ਫ਼ਾਨੂਸ ਦੇ ਅੰਦਰ ਬਲ਼ੇ ਸੂਰਜ ਦੀ ਬੱਤੀ,
ਘੁੰਮਣ ਉਸ ਦੇ ਗਿਰਦ ਅਸਾਡੇ ਛਾਈਂ ਮਾਈਂ ਪਰਛਾਵੇਂ।

-ਹਰਭਜਨ ਸਿੰਘ ਵਕਤਾ
ਮੋ: 98148-98510

ਤਾਸ਼ ਦੇ ਪੱਤੇ
ਲੇਖਕ : ਕਮਲ ਬੰਗਾ ਸੈਕਰਾਮੈਂਟੋ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 152.

ਪ੍ਰਵਾਸੀ ਸਾਹਿਤਕਾਰ ਕਮਲ ਬੰਗਾ ਆਪਣੀ ਸਤਵੀਂ ਪੁਸਤਕ ਕਾਵਿ ਸੰਗ੍ਰਹਿ 'ਤਾਸ਼ ਦੇ ਪੱਤੇ' ਰਾਹੀਂ ਪਾਠਕਾਂ ਦੇ ਰੂਬਰੂ ਹੋ ਰਿਹਾ ਹੈ। ਪ੍ਰਦੇਸਾਂ ਵਿਚ ਰਹਿ ਕੇ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿਚ ਉਹ ਲਗਾਤਾਰ ਆਪਣਾ ਯੋਗਦਾਨ ਪਾ ਰਿਹਾ ਹੈ। ਉਸ ਦੇ ਅੰਦਰੋਂ ਕਵਿਤਾ ਆਪਮੁਹਾਰੇ ਚਸ਼ਮੇ ਵਾਂਗ ਫੁਟਦੀ ਪ੍ਰਤੀਤ ਹੁੰਦੀ ਹੈ ਅਤੇ ਉਹ ਆਮ ਪਾਠਕ ਦੀ ਸਮਝ ਵਿਚ ਆਉਣ ਵਾਲੀ ਠੇਠ ਪੰਜਾਬੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੋਇਆ ਗਾਗਰ ਵਿਚ ਸਾਗਰ ਭਰਨ ਵਾਲੇ ਸ਼ਿਅਰ ਸਿਰਜਦਾ ਹੈ। ਉਸ ਦਾ ਹਥਲਾ ਕਾਵਿ ਸੰਗ੍ਰਹਿ ਮਨੁੱਖ ਦੀ ਸਮੁੱਚੀ ਜ਼ਿੰਦਗੀ ਦੀ ਤਰਜਮਾਨੀ ਹੈ ਅਤੇ ਉਸ ਦੀਆਂ ਕਵਿਤਾਵਾਂ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਹਨ, ਜਿਸ ਵਿਚ ਸਮਾਜਿਕ, ਰਾਜਨੀਤੀ, ਆਰਥਿਕਤਾ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਸਮੱਗਰੀ ਭਰਪੂਰ ਹੈ। ਉਹ ਇਕ ਸੁਚੇਤ ਅਤੇ ਚੇਤਨ ਕਵੀ ਹੈ। ਉਸ ਦੀ ਕਵਿਤਾ ਮਾਨਵਵਾਦੀ ਤੇ ਆਸ਼ਾਵਾਦੀ ਹੈ। ਉਹ ਹਨੇਰਿਆਂ ਵਿਚੋਂ ਵੀ ਰੌਸ਼ਨੀ ਤਲਾਸ਼ਦਾ ਹੈ। ਹਰ ਕਵੀ ਆਪਣੇ ਚੁਗਿਰਦੇ ਤੋਂ ਪ੍ਰਭਾਵਿਤ ਹੋ ਕੇ ਆਪਣੀ ਰਚਨਾ ਕਰਦਾ ਹੈ। ਅੱਜ ਜਦੋਂ ਅਸੀਂ ਪਦਾਰਥਵਾਦੀ ਯੁੱਗ 'ਚ ਰਹਿੰਦੇ ਹੋਏ ਪ੍ਰਦੂਸ਼ਣ ਦਾ ਸ਼ਿਕਾਰ ਹੋ ਰਹੇ ਹਾਂ ਤਾਂ ਕੋਈ ਕਵੀ ਇਸ ਤੋਂ ਪ੍ਰੇਸ਼ਾਨ ਹੋਏ ਬਿਨਾਂ ਕਿਵੇਂ ਰਹਿ ਸਕਦਾ ਹੈ। ਇਸੇ ਲਈ ਉਹ ਵਾਤਾਵਰਨ ਨੂੰ ਸ਼ੁੱਧ ਕਰਨ ਵਾਲੇ ਰੁੱਖਾਂ ਦੀ ਗੱਲ ਕਰਦਾ ਹੋਇਆ ਕਹਿੰਦਾ ਹੈ, 'ਯਾਰਾ ਰੁੱਖਾਂ ਦੇ ਕੋਲ ਵੀ ਖੜਿਆ ਕਰ, ਉਨ੍ਹਾਂ ਨਾਲ ਵੀ ਦੁਖ ਸੁਖ ਕਰਿਆ ਕਰ', ਇਹ ਅਜੋਕੇ ਰਾਜਸੀ ਨੇਤਾਵਾਂ ਦੇ ਕਿਰਦਾਰ ਨੂੰ ਕੋਸਦਾ ਹੋਇਆ ਉਨ੍ਹਾਂ ਦੇ ਕਾਰਨਾਮਿਆਂ ਨੂੰ ਆਪਣੀ ਸ਼ਾਇਰੀ ਵਿਚ ਵੀ ਸਿਰਜਦਾ ਹੈ। 'ਆਜ਼ਾਦੀ ਤਾਂ ਚੰਗੀ, ਮਾੜੇ ਨੇ ਕਾਨੂੰਨਘਾੜੇ, ਚਿਹਰੇ ਉਤਰੇ ਰਹਿੰਦੇ ਨੇ ਗ਼ਰੀਬਾਂ ਦੇ'। ਪਿਛਲੇ ਦਹਾਕੇ ਵਿਚ ਅੱਤਵਾਦ 'ਚ ਰੁਲਦੀ ਤੇ ਗਰਕ ਹੁੰਦੀ ਪੰਜਾਬ ਦੀ ਨੌਜਵਾਨੀ ਹੁਣ ਨਸ਼ਿਆਂ 'ਚ ਲੁਟੀਂਦੀ ਬਾਰੇ ਚੇਤੰਨ ਹੋਇਆ ਕਹਿ ਉੱਠਦਾ ਹੈ। 'ਚਾਹੇ ਸਭ ਕੁਝ ਦਿੱਤਾ ਹੈ ਰੱਬ ਨੇ, ਸੁਣਦਾ ਹਾਂ, ਨਸ਼ੇ 'ਚ ਜਵਾਨੀਆਂ ਰੁਲਦੀਆਂ'। ਉਸ ਦੀ 'ਤਾਸ਼ ਦੇ ਪੱਤੇ' ਕਿਰਤੀ ਕਾਮਿਆਂ ਦੇ ਸੱਭਿਆਚਾਰ ਦੀ ਤਰਜਮਾਨੀ ਕਰਦੀ ਹੋਈ ਵਿਦੇਸ਼ਾਂ 'ਚ ਰੋਜ਼ੀ-ਰੋਟੀ ਲਈ ਸੰਘਰਸ਼ ਕਰਦੇ ਪ੍ਰਵਾਸੀਆਂ ਦੇ ਆਤਮ-ਸਨਮਾਨ ਅਤੇ ਬੁਲੰਦੀ ਦੀ ਪ੍ਰਤੀਕ ਹੈ। ਉਸ ਦੀਆਂ ਗ਼ਜ਼ਲਾਂ ਵਿਚ ਸੂਝਵਾਨ ਤੇ ਚੰਗੇ ਗ਼ਜ਼ਲਕਾਰ ਹੋਣ ਦਾ ਅਤੇ ਕਵਿਤਾ ਲੈਣ ਵਾਲੀ ਤੇ ਸੰਗੀਤਮਈ ਹੋਣ ਦਾ ਪੱਖ ਪੂਰੀ ਤਰ੍ਹਾਂ ਪੂਰਦੀ ਹੈ।

-ਗੁਰਬਖਸ਼ ਸਿੰਘ ਸੈਣੀ
ਮੋ: 98880-24143

ਪੰਜਾਬ ਦੀ ਪੇਂਡੂ ਆਰਥਿਕਤਾ

ਸੰਪਾਦਕ : ਡਾ: ਗਿਆਨ ਸਿੰਘ
ਪ੍ਰਕਾਸ਼ਕ : ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਲ : 650 ਰੁਪਏ, ਸਫ਼ੇ : 614.

ਪਿਛਲੇ ਇਕ-ਡੇਢ ਦਹਾਕੇ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ (ਸਵਰਗੀ) ਡਾ: ਨਿਰਮਲ ਆਜ਼ਾਦ ਤੇ ਉਸ ਉਪਰੰਤ ਡਾ: ਸੁੱਚਾ ਸਿੰਘ ਗਿੱਲ, ਡਾ: ਰਣਜੀਤ ਸਿੰਘ ਘੁੰਮਣ ਤੇ ਹੁਣ ਡਾ: ਗਿਆਨ ਸਿੰਘ ਪੰਜਾਬ ਦੀ ਆਰਥਿਕਤਾ ਬਾਰੇ ਆਮ ਕਰਕੇ ਤੇ ਪੇਂਡੂ ਆਰਥਿਕਤਾ ਤੇ ਕਿਰਸਾਨੀ ਬਾਰੇ ਵਿਸ਼ੇਸ਼ ਕਰਕੇ ਮੁੱਲਵਾਨ ਸਿਧਾਂਤਕ ਵਿਹਾਰਕ ਆਪਣੀ ਮਾਤ ਭਾਸ਼ਾ ਪੰਜਾਬੀ ਵਿਚ ਕਰਨ ਦਾ ਪ੍ਰਸੰਸਾਯੋਗ ਉੱਦਮ ਕਰ ਰਹੇ ਹਨ। ਉਨ੍ਹਾਂ ਦੀਆਂ ਲਿਖਤਾਂ ਨਾਲ ਪੰਜਾਬ ਦੀ ਆਰਥਿਕਤਾ ਦੇ ਸਰੋਕਾਰ ਤੇ ਉਪਚਾਰ ਹੁਣ ਯੂਨੀਵਰਸਿਟੀਆਂ ਦੀ ਚੁੰਝ ਚਰਚਾ ਤੋਂ ਬਾਹਰ ਆਮ ਆਦਮੀ ਦੀ ਸਮਝ ਦਾ ਅੰਗ ਬਣਨ ਲੱਗੇ ਹਨ। ਪੰਜਾਬ ਦੀ ਪੇਂਡੂ ਆਰਥਿਕਤਾ ਬਾਰੇ 614 ਪੰਨੇ ਦਾ ਡਾ: ਗਿਆਨ ਸਿੰਘ ਦੁਆਰਾ ਸੰਪਾਦਿਤ ਇਹ ਵਡ-ਆਕਾਰੀ ਗ੍ਰੰਥ ਇਸੇ ਦਿਸ਼ਾ ਵਿਚ ਨਵਾਂ ਕਦਮ ਹੈ। ਡਾ: ਗਿਆਨ ਸਿੰਘ ਆਪ ਲੰਮੇ ਸਮੇਂ ਤੋਂ ਇਸ ਖੇਤਰ ਵਿਚ ਅਧਿਐਨ, ਅਧਿਆਪਨ ਤੇ ਖੋਜ ਕਾਰਜ ਵਿਚ ਲੱਗਾ ਹੋਇਆ ਹੈ। ਉਸ ਅਧੀਨ ਖੋਜ ਕਰ ਰਹੇ ਖੋਜਾਰਥੀ ਵੀ ਬਹੁਤੇ ਇਸੇ ਖੇਤਰ ਨਾਲ ਜੁੜੇ ਹੋਏ ਹਨ। ਅਖ਼ਬਾਰਾਂ, ਰਸਾਲਿਆਂ ਤੇ ਪੱਤਰ/ਪੱਤ੍ਰਿਕਾਵਾਂ ਵਿਚ ਵੀ ਉਹ ਇਸ ਵਿਸ਼ੇ 'ਤੇ ਸਮੇਂ-ਸਮੇਂ ਲਿਖਦਾ ਰਹਿੰਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੁੱਖ ਤੇ ਡਿਸਟੈਂਸ ਐਜੂਕੇਸ਼ਨ ਦਾ ਅਰਥ-ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ ਅਰਥ-ਵਿਗਿਆਨੀ ਪੰਜਾਬ ਦੀ ਪੇਂਡੂ-ਆਰਥਿਕਤਾ ਬਾਰੇ ਫ਼ਿਕਰਮੰਦ ਹਨ। ਇਨ੍ਹਾਂ ਦੇ ਨਾਲ ਹੀ ਸਾਹਿਤ, ਭੂਗੋਲ, ਐਜੂਕੇਸ਼ਨ ਆਦਿ ਹੋਰ ਅਨੁਸ਼ਾਸਨਾਂ ਦੇ ਵਿਦਵਾਨ ਪਿੰਡਾਂ ਦੀ ਆਰਥਿਕਤਾ ਬਾਰੇ ਚਿੰਤਤ ਹਨ। ਇਨ੍ਹਾਂ ਵਿਭਿੰਨ ਅਨੁਸ਼ਾਸਨਾਂ ਦੇ 41 ਖੋਜ ਪੱਤਰ ਇਸ ਪੁਸਤਕ ਵਿਚ ਸੰਵਾਦ ਤੇ ਪੁਨਰ-ਸੰਵਾਦ ਲਈ ਪੇਸ਼ ਹਨ।
ਪੰਜਾਬ ਦਾ ਖੇਤੀ ਮਾਡਲ, ਇਥੋਂ ਦੀ ਕਿਸਾਨੀ ਦਾ ਸੰਕਟ, ਵਿਸ਼ਵੀਕਰਨ ਤੇ ਪੰਜਾਬੀ ਕਿਸਾਨ, ਖਾਦਾਂ, ਬੀਜ, ਕਰਜ਼ੇ, ਸਬਸਿਡੀਆਂ, ਪੇਂਡੂ ਕਿਰਸਾਨੀ ਵਿਚ ਨਸ਼ੇ, ਖ਼ੁਦਕੁਸ਼ੀਆਂ, ਹਰੇ ਇਨਕਲਾਬ ਦੀਆਂ ਪ੍ਰਾਪਤੀਆਂ/ਸੀਮਾਵਾਂ, ਫਸਲੀ ਚੱਕਰ, ਪਾਣੀ ਦਾ ਡਿਗ ਰਿਹਾ ਪੱਧਰ, ਪੇਂਡੂ ਉਦਯੋਗ, ਪੰਚਾਇਤੀ ਪ੍ਰਬੰਧ, ਪਿੰਡਾਂ ਵਿਚ ਸਿੱਖਿਆ/ਕਿੱਤੇ/ਸਿਹਤ ਦੀਆਂ ਸਹੂਲਤਾਂ, ਪੇਂਡੂ ਆਬਾਦੀ, ਛੋਟੇ ਕਿਰਤੀ/ਮਜ਼ਦੂਰ, ਖੇਤੀ ਆਧਾਰਿਤ ਉਦਯੋਗ, ਪੇਂਡੂ ਔਰਤ-ਪੇਂਡੂ ਆਰਥਿਕਤਾ ਦਾ ਹਰ ਪੱਖ ਛੋਂਹਦੇ ਹਨ ਇਹ ਖੋਜ ਪੱਤਰ। ਸਰਲ ਸਮਝਣ ਯੋਗ ਪੰਜਾਬੀ ਵਿਚ ਸਿਧਾਂਤਕ ਤੇ ਵਿਹਾਰਕ ਦੋਵਾਂ ਪੱਧਰਾਂ ਉੱਤੇ। ਮੁਬਾਰਕ!

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਅਲੌਕਿਕ
ਗ਼ਜ਼ਲਗੋ : ਦਵਿੰਦਰ ਪੂਨੀਆ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 88.

ਗ਼ਜ਼ਲ ਇਕ ਬਹੁਤ ਹੀ ਪਿਆਰੀ, ਸੁਬਕ, ਸੂਖਮ ਕਾਵਿ ਵਿਧਾ ਹੈ ਜੋ ਸਾਰਾ ਅੰਦਰ ਨਸ਼ਿਆ ਦਿੰਦੀ ਹੈ, ਪਤਝੜ ਵਿਚ ਫੁੱਲ ਖਿੜਾ ਦਿੰਦੀ ਹੈ ਅਤੇ ਮਸਤਕ ਵਿਚ ਦੀਵੇ ਬਾਲ ਦਿੰਦੀ ਹੈ। ਪਰਮਾਤਮਾ ਕਿਸੇ ਵਿਰਲੇ ਨੂੰ ਹੀ ਇਸ ਅਲੌਕਿਕ ਹੁਨਰ ਨੂੰ ਸਿਰਜਣ ਅਤੇ ਮਾਣਨ ਦਾ ਸੁਭਾਗ ਬਖਸ਼ਦਾ ਹੈ। ਉਸ ਦੀ ਸਾਜੀ ਹੋਈ ਸਾਰੀ ਕਾਇਨਾਤ ਹੀ ਕਿਸੇ ਖੂਬਸੂਰਤ ਗ਼ਜ਼ਲ ਵਰਗੀ ਹੈ। ਇਸ਼ਕ, ਇਬਾਦਤ, ਮੁਹੱਬਤ, ਪਾਕੀਜ਼ਗੀ ਦੇ ਰੰਗ ਨਾਲ ਗੜੁੱਚ ਕੁਝ ਗ਼ਜ਼ਲਾਂ ਦੇ ਬੋਲ ਸਾਂਝੇ ਕਰੀਏ-
ਖ਼ੁਦਾਇਆ ਨੂਰ ਆਪਣਾ ਦੇ
ਮੇਰੇ ਜਜ਼ਬਾਤ ਨੂੰ ਬਿਲਕੁਲ
ਜਿਵੇਂ ਹਰ ਸਤਰ ਆਪਣੀ ਨਾਲ
ਬਾਹੂ ਹੂ ਲਗਾਉਂਦਾ ਹੈ।
-ਚੇਤ ਰੁੱਤੇ ਮੈਂ ਬਾਵਰਾ ਹੋ ਕੇ
ਫੈਲਦਾ ਹਾਂ ਹਰਾ ਹਰਾ ਹੋ ਕੇ।
-ਸਬਰ ਦਾ ਇਮਤਿਹਾਨ ਲੈਂਦੀ ਹੈ
ਜ਼ਿੰਦਗੀ ਹੈ ਕਿ ਜਾਨ ਲੈਂਦੀ ਹੈ।
-ਖੁਸ਼ੀ ਖੁਸ਼ਬੂ ਖੁਮਾਰੀ ਤੇਰੇ ਕਾਰਨ
ਹੈ ਪਿਆਰੀ ਦੁਨੀਆ ਸਾਰੀ ਤੇਰੇ ਕਾਰਨ।
-ਇਬਾਦਤ ਦਾ ਮਤਲਬ
ਮੈਂ ਹੁਣ ਸਮਝਿਆ ਹਾਂ
ਦੁਆ ਮੇਰੇ ਲਫ਼ਜ਼ਾਂ ਦੀ ਆਵਾਜ਼ ਹੋਈ।
-ਜਦ ਮੈਂ ਆਪਣੇ ਖਿਲਾਫ਼ ਹੋਵਾਂਗਾ
ਫਿਰ ਵੀ ਕੁਝ ਪਾਕ ਸਾਫ਼ ਹੋਵਾਂਗਾ।
ਇਨ੍ਹਾਂ ਗ਼ਜ਼ਲਾਂ ਵਿਚ ਮਾਝੇ ਦੁੱਧ ਅਤੇ ਬਾਸਮਤੀ ਦੀ ਸੁੱਚਮ ਤੇ ਮਹਿਕ ਵੀ ਹੈ, ਕੰਡਿਆਲੀਆਂ ਥੋਹਰਾਂ ਦੀ ਟੀਸ ਵੀ ਹੈ, ਅੱਕ ਧਤੂਰੇ ਦੀ ਕੁੜੱਤਣ ਵੀ ਹੈ ਅਤੇ ਸ਼ਹਿਦ ਦੀ ਮਿਠਾਸ ਵੀ ਹੈ। ਇਨ੍ਹਾਂ ਵਿਚ ਪਰਵਾਸ ਦਾ ਦਰਦ ਹੈ, ਮਿੱਟੀ ਦਾ ਮੋਹ ਤੇ ਹੇਰਵਾ ਹੈ, ਤਕਰਾਰ ਤੇ ਇਕਰਾਰ ਹੈ ਅਤੇ ਸਾਰਥਕ ਕਟਾਖਸ਼ ਹੈ। ਛੰਦਾਬੰਦੀ, ਸ਼ਬਦਾਵਲੀ, ਮੁਹਾਵਰਾਬੰਦੀ ਤੇ ਸਰਲਤਾ ਨਾਲ ਸੁਸਜਿਤ ਇਹ ਗ਼ਜ਼ਲਾਂ ਦਿਲ ਨੂੰ ਧੂਹ ਪਾਉਂਦੀਆਂ, ਚੇਤਨਾ ਨੂੰ ਜਗਾਉਂਦੀਆਂ ਤੇ ਚਿੰਤਨ ਨੂੰ ਟੁੰਬਦੀਆਂ ਹਨ। ਇਹ ਪੰਜਾਬੀ ਗ਼ਜ਼ਲ ਦੀ ਝੋਲੀ ਦਾ ਹੁਸੀਨ ਤੋਹਫ਼ਾ ਹਨ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

01-11-2014

 ਆਪ ਬੀਤੀ ਜੱਗ ਬੀਤੀ
ਲੇਖਕ : ਸ: ਆਤਮਾ ਸਿੰਘ
ਸੰਪਾਦਕ : ਸਾਧੂ ਸਿੰਘ ਢਿੱਲੋਂ
ਪ੍ਰਕਾਸ਼ਕ : ਨਿਊ ਬੁੱਕ ਕੰਪਨੀ, ਜਲੰਧਰ
ਮੁੱਲ : 200 ਰੁਪਏ, ਸਫ਼ੇ : 180.

ਪੰਜਾਬ ਦੀ ਸਿੱਖ ਰਾਜਨੀਤੀ ਦੇ ਮਹਾਨ ਜਰਨੈਲ ਸਾਬਕਾ ਕੈਬਨਿਟ ਮੰਤਰੀ ਸਰਦਾਰ ਆਤਮਾ ਸਿੰਘ (1912-1997) ਦੀ ਇਹ ਸਵੈ-ਜੀਵਨੀ, 20ਵੀਂ ਸਦੀ ਦੇ ਦੂਜੇ ਅੱਧ ਦੇ ਪੰਜਾਬ ਦਾ ਇਕ ਅਹਿਮ ਦਸਤਾਵੇਜ਼ ਹੈ। ਇਹ ਪੁਸਤਕ ਪੰਜਾਬ ਦੀ ਰਾਜਨੀਤੀ ਨਾਲ ਸਬੰਧਤ ਉਨ੍ਹਾਂ ਸਾਰੇ ਮਹੱਤਵਪੂਰਨ ਵੇਰਵਿਆਂ ਦਾ ਉਲੇਖ ਕਰਦੀ ਹੈ, ਜੋ ਸਿੱਖ ਸਿਆਸਤ ਦੀ ਪੇਸ਼ਕਾਰੀ ਕਰਦੇ ਹਨ। ਸਰਦਾਰ ਆਤਮਾ ਸਿੰਘ ਬਚਪਨ ਤੋਂ ਹੀ ਇਕ ਬੁੱਧੀਮਾਨ, ਮਿਹਨਤੀ ਅਤੇ ਨਿਸ਼ਠਾਵਾਨ ਵਿਅਕਤੀ ਸੀ। ਜੀਵਨ ਵਿਚ ਆਉਣ ਵਾਲੀ ਹਰ ਚੁਣੌਤੀ ਨੂੰ ਉਹ ਖਿੜੇ ਮੱਥੇ ਕਬੂਲ ਕਰਦਾ ਸੀ। ਉਸ ਦੀ ਗੁਰੂ-ਘਰ ਅਤੇ ਗੁਰਬਾਣੀ ਵਿਚ ਅਪਾਰ ਸ਼ਰਧਾ ਸੀ। ਅਜੋਕੇ ਭ੍ਰਿਸ਼ਟ ਰਾਜਨੀਤੀਵਾਨਾਂ ਅਤੇ ਉਨ੍ਹਾਂ ਦੇ ਪਿਛਲੱਗਾਂ ਲਈ ਆਤਮਾ ਸਿੰਘ ਦਾ ਸਵੱਛ ਜੀਵਨ ਇਕ ਰੌਸ਼ਨ ਚਿਰਾਗ਼ ਦੀ ਭੂਮਿਕਾ ਨਿਭਾਅ ਸਕਦਾ ਹੈ।
ਆਤਮਾ ਸਿੰਘ ਦਾ ਜਨਮ ਕਿਲ੍ਹਾ ਸ਼ਿਵਦੇਵ ਸਿੰਘ (ਜ਼ਿਲ੍ਹਾ ਸ਼ੇਖੂਪੁਰਾ) ਵਿਚ ਸ: ਝੰਡਾ ਸਿੰਘ ਅਤੇ ਮਾਤਾ ਭਾਗ ਕੌਰ ਦੇ ਗ੍ਰਹਿ ਵਿਖੇ 1912 ਈ: ਵਿਚ ਹੋਇਆ ਸੀ। ਉਸ ਨੇ ਗੁਰੂ ਨਾਨਕ ਖਾਲਸਾ ਹਾਈ ਸਕੂਲ ਨਨਕਾਣਾ ਸਾਹਿਬ ਤੋਂ ਦਸਵੀਂ ਦੀ ਪ੍ਰੀਖਿਆ, ਸਕੂਲ ਵਿਚੋਂ ਅੱਵਲ ਰਹਿ ਕੇ ਪਾਸ ਕੀਤੀ ਅਤੇ ਉਸ ਦੀ ਅਸਾਧਾਰਨ ਕਾਬਲੀਅਤ ਨੂੰ ਮੁੱਖ ਰੱਖਦਿਆਂ ਸਕੂਲ ਦੇ ਪ੍ਰਬੰਧਕਾਂ ਨੇ ਮੈਟ੍ਰਿਕ ਕਰਦਿਆਂ ਸਾਰ ਉਸ ਨੂੰ ਆਪਣੇ ਸਕੂਲ ਵਿਚ ਅਧਿਆਪਕ ਰੱਖ ਲਿਆ। ਬਾਅਦ ਵਿਚ ਬੀ.ਏ. ਤੱਕ ਦੀ ਪੜ੍ਹਾਈ ਉਸ ਨੇ ਪ੍ਰਾਈਵੇਟ ਵਿਦਿਆਰਥੀ ਦੇ ਤੌਰ 'ਤੇ ਕੀਤੀ। ਉਸ ਦੀ ਸ਼ਾਦੀ 1932 ਈ: ਵਿਚ ਸ੍ਰੀਮਤੀ ਤੇਜ ਕੌਰ ਨਾਲ ਹੋਈ। ਇਸ ਸ਼ਾਦੀ ਤੋਂ ਉਸ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ-ਬੀਬੀ ਸੁਰਜੀਤ ਕੌਰ ਅਤੇ ਬੀਬੀ ਉਪਿੰਦਰਜੀਤ ਕੌਰ, ਸਾਬਕਾ ਵਿੱਤ ਮੰਤਰੀ ਪੰਜਾਬ। ਸ: ਆਤਮਾ ਸਿੰਘ ਨੇ ਭਾਰਤ ਦੇ ਅਨੁਸੂਚਿਤ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਉਚੇਰੀ ਪੜ੍ਹਾਈ ਲਈ ਮੁੰਬਈ ਵਿਖੇ ਖਾਲਸਾ ਕਾਲਜ ਖੋਲ੍ਹਣ ਵਿਚ ਵੱਡਾ ਯੋਗਦਾਨ ਪਾਇਆ।
ਸ: ਆਤਮਾ ਸਿੰਘ ਦਾ ਸਮੁੱਚਾ ਜੀਵਨ ਅਕਾਲੀ ਸਿਆਸਤ ਨੂੰ ਸਮਰਪਿਤ ਰਿਹਾ। ਦੇਸ਼-ਵੰਡ ਤੋਂ ਬਾਅਦ ਆਪ ਕਪੂਰਥਲੇ ਆ ਗਏ ਅਤੇ 1952 ਤੋਂ ਲੈ ਕੇ 1980 ਈ: ਤੱਕ ਲਗਾਤਾਰ ਸੁਲਤਾਨਪੁਰ ਲੋਧੀ ਹਲਕੇ ਦੀ ਪ੍ਰਤੀਨਿਧਤਾ ਕਰਦੇ ਰਹੇ। ਪੰਜਾਬੀ ਸੂਬੇ ਦੇ ਨਿਰਮਾਣ ਵਿਚ ਉਨ੍ਹਾਂ ਨੇ ਵਧ-ਚੜ੍ਹ ਕੇ ਹਿੱਸਾ ਪਾਇਆ। ਉਹ ਲਗਭਗ 30 ਵਰ੍ਹੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਹੇ। ਪੰਜਾਬ ਅਤੇ ਪੰਜਾਬੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਨਿਵਾਰਨ ਲਈ ਉਨ੍ਹਾਂ ਨੇ ਪੰਦਰਾਂ ਸਾਲ ਤੋਂ ਵੀ ਬਹੁਤਾ ਸਮਾਂ ਜੇਲ੍ਹਾਂ ਵਿਚ ਗੁਜ਼ਾਰਿਆ। ਉਹ ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਰਾਜਨੀਤਕ ਸੋਚ ਉੱਪਰ ਪਹਿਰਾ ਦੇਣ ਵਾਲੇ ਇਕ ਸਿਦਕੀ ਅਤੇ ਨਿਰਸਵਾਰਥੀ ਜਰਨੈਲ ਸਨ। ਅਨੇਕ ਵਰ੍ਹੇ ਵਜ਼ੀਰ ਰਹਿਣ ਦੇ ਬਾਵਜੂਦ ਉਨ੍ਹਾਂ ਦਾ ਜੀਵਨ ਬੜਾ ਸਾਦਾ ਰਿਹਾ। ਉਨ੍ਹਾਂ ਵਰਗੇ ਰਾਜਸੀ ਨੇਤਾ ਅੱਜ ਕਿੱਥੇ ਲੱਭਦੇ ਹਨ? ਇਹ ਪੁਸਤਕ ਇਕ ਆਦਰਸ਼ਕ ਨੇਤਾ ਦੇ ਜੀਵਨ ਉੱਪਰ ਬੜੇ ਸੁਚੱਜੇ ਢੰਗ ਨਾਲ ਪ੍ਰਕਾਸ਼ ਪਾਉਂਦੀ ਹੈ। ਇਸ ਰਚਨਾ ਦੇ ਸੰਪਾਦਕ ਸ: ਸਾਧੂ ਸਿੰਘ ਢਿੱਲੋਂ ਦਾ ਧੰਨਵਾਦ ਕਰਨਾ ਬਣਦਾ ਹੈ, ਜਿਸ ਦੀ ਮਿਹਨਤ ਦੇ ਸਦਕਾ ਇਹ ਪੁਸਤਕ ਪ੍ਰਕਾਸ਼ਿਤ ਹੋ ਸਕੀ। ਪੁਸਤਕ ਵਿਚ ਦਿੱਤੀਆਂ ਗਈਆਂ ਤਸਵੀਰਾਂ ਇਸ ਦੇ ਮਹੱਤਵ ਵਿਚ ਹੋਰ ਵੀ ਵਾਧਾ ਕਰਦੀਆਂ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਦਿਲ ਦਾ ਦੀਵਾ ਬਾਲਿਆ
ਗ਼ਜ਼ਲਕਾਰ : ਮਲਕੀਤ ਮੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 88.

ਇਕ ਵਧੀਆ ਗ਼ਜ਼ਲਕਾਰ ਬਣਨ ਦੀਆਂ ਪ੍ਰਬਲ ਸੰਭਾਵਨਾ ਵਾਲੇ ਮਲਕੀਤ ਮੀਤ ਦਾ ਇਹ ਪਹਿਲਾ ਗ਼ਜ਼ਲ ਸੰਗ੍ਰਹਿ ਹੈ। 'ਦਿਲ ਦਾ ਦੀਵਾ ਬਾਲਿਆ' ਕਿਤਾਬ ਵਿਚ ਉਸ ਦੀਆਂ 66 ਗ਼ਜ਼ਲਾਂ ਛਾਇਆ ਹੋਈਆਂ ਹਨ। ਆਪਣੀ ਪਹਿਲੀ ਗ਼ਜ਼ਲ ਵਿਚ ਉਹ ਅਦਿੱਖ ਸ਼ਕਤੀ ਵਿਚ ਆਪਣੀ ਸ਼ਰਧਾ ਪ੍ਰਗਟ ਕਰਦਾ ਹੈ ਤੇ ਉਸ ਤੋਂ ਹੱਕ-ਸੱਚ ਦੇ ਰਾਹ ਚੱਲਣ ਦੀ ਤੌਫ਼ੀਕ ਦੀ ਇੱਛਾ ਰੱਖਦਾ ਹੈ। ਉਹ ਜਾਣਦਾ ਹੈ ਕਿ ਉਸ ਦੇ ਰਾਹ ਲੰਮੇਰੇ ਅਤੇ ਓਝੜ ਹਨ ਪਰ ਹੌਸਲੇ ਅਤੇ ਆਪਣੇ ਇਸ਼ਟ ਦੇ ਅਸ਼ੀਰਵਾਦ ਸਦਕਾ ਉਸ ਨੂੰ ਆਪਣੀ ਮੰਜ਼ਿਲ ਦੀ ਪ੍ਰਾਪਤੀ ਦਾ ਵਿਸ਼ਵਾਸ ਹੈ। ਉਹ ਦੁਨਿਆਵੀ ਪਦਾਰਥਾਂ ਦੇ ਲਾਲਚ ਨੂੰ ਆਪਾ ਗਵਾਉਣ ਦੇ ਤੁਲ ਸਮਝਦਾ ਹੈ। ਸ਼ਾਇਰ ਵੱਖ-ਵੱਖ ਤਰ੍ਹਾਂ ਦੇ ਬਨਾਵਟੀ ਕਿਰਦਾਰ ਨਿਭਾਉਣ ਵਾਲੇ ਲੋਕਾਂ ਨੂੰ ਕੋਸਦਾ ਹੈ ਤੇ ਕਿਸੇ ਰੁੱਖ ਦੀਆਂ ਛਾਵਾਂ ਮਾਣ ਕੇ ਉਸ ਨੂੰ ਹੀ ਕੱਟਣ ਵਾਲੇ ਲੋਕ ਉਸ ਨੂੰ ਉੱਕਾ ਹੀ ਨਹੀਂ ਭਾਉਂਦੇ। ਸ਼ਾਇਰ ਐਵੇਂ ਕੈਵੇਂ ਦੇ ਰਿਵਾਜਾਂ ਤੋਂ ਬਾਗ਼ੀ ਹੈ ਤੇ ਉਹ ਦੁਨੀਆ ਵਿਚ ਆਜ਼ਾਦ ਪੰਛੀ ਵਾਂਗ ਵਿਚਰਨਾ ਚਾਹੁੰਦਾ ਹੈ। ਉਸ ਮੁਤਾਬਿਕ ਹਰ ਬੰਦਾ ਵਿਕਰੇਤਾ ਹੈ ਜਾਂ ਖ਼ਪਤਕਾਰ ਹੈ, ਜਿਸ ਨੂੰ ਜ਼ਿੰਦਗੀ ਦੇ ਅਸਲ ਮਾਅਨੇ ਭੁੱਲ ਗਏ ਹਨ। ਰੂਪਕ ਪੱਖੋਂ ਉਸ ਦੀਆਂ ਬਹੁਤੀਆਂ ਗ਼ਜ਼ਲਾਂ ਸਿਹਤਮੰਦ ਹਨ ਪਰ ਅਜੇ ਵੀ ਮੀਤ ਨੇ ਬੜਾ ਕੁਝ ਨਵਾਂ ਹਾਸਿਲ ਕਰਨਾ ਹੈ। ਇਹ ਪੁਸਤਕ ਪੰਜਾਬੀ ਗ਼ਜ਼ਲ ਦੇ ਮਹਾਨ ਉਸਤਾਦ ਜਨਾਬ ਦੀਪਕ ਜੈਤੋਈ ਜੀ ਨੂੰ ਸਮਰਪਤ ਕੀਤੀ ਗਈ ਹੈ। ਸੁਲੱਖਣ ਸਰਹੱਦੀ ਦਾ ਲੰਬਾ ਲੇਖ ਇਸ ਪੁਸਤਕ ਦੀ ਹੋਰ ਪ੍ਰਾਪਤੀ ਹੈ, ਜਿਸ ਵਚ ਪੰਜਾਬੀ ਗ਼ਜ਼ਲ ਦੇ ਸੁਭਾਅ ਸਬੰਧੀ ਸੰਜੀਦਾ ਚਰਚਾ ਕੀਤੀ ਗਈ ਹੈ। ਲਾਭ ਸਿੰਘ ਖੀਵਾ ਨੇ ਵੀ ਮੀਤ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ। 'ਦਿਲ ਦਾ ਦੀਵਾ ਬਾਲਿਆ' ਗ਼ਜ਼ਲ ਸੰਗ੍ਰਹਿ ਇਸ ਗ਼ਜ਼ਲਕਾਰ ਦੇ ਭਵਿੱਖੀ ਸਫ਼ਰ ਲਈ ਇਕ ਮੀਲ ਪੱਥਰ ਜ਼ਰੂਰ ਸਾਬਿਤ ਹੋਏਗਾ ਅਜਿਹੀ ਮੈਨੂੰ ਆਸ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਹੁਗਲੀ ਤੋਂ ਅਟਕ ਪਾਰ
ਲੇਖਕ : ਸੁਲੱਖਣ ਸਰਹੱਦੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 224.

ਸੁਲੱਖਣ ਸਰਹੱਦੀ ਪੰਜਾਬੀ ਸਾਹਿਤ ਵਿਚ ਚਰਚਿਤ ਲੇਖਕ ਅਤੇ ਆਪਣੇ-ਆਪ ਨੂੰ ਉਸਤਾਦ ਗ਼ਜ਼ਲਗੋ ਕਹਿ ਕੇ ਖੁਸ਼ ਹੁੰਦੇ ਹਨ। ਪਹਿਲਾਂ ਵੀ ਉਹ ਪਾਕਿਸਤਾਨ ਬਾਰੇ ਆਪਣਾ ਇਕ ਸਫ਼ਰਨਾਮਾ ਛਪਵਾ ਚੁੱਕੇ ਹਨ। ਹੁਣ ਉਨ੍ਹਾਂ ਦੇ ਸਫ਼ਰਨਾਮੇ 'ਹੁਗਲੀ ਤੋਂ ਅਟਕ ਪਾਰ' ਦੀ ਯੋਜਨਾ ਸੈਰ-ਸਪਾਟੇ ਦੇ ਮਨੋਰਥ ਨਾਲ ਨਹੀਂ ਕੀਤੀ ਸੀ। ਉਹ ਖ਼ੁਦ ਹੀ ਪਾਕਿਸਤਾਨ ਬਾਰੇ ਪਹਿਲਾਂ ਲਿਖੇ ਗਏ ਬਹੁਤ ਚਰਚਿਤ ਸਫ਼ਰਨਾਮਿਆਂ ਨੂੰ ਅਣਡਿੱਠ ਕਰਕੇ ਆਪਣੀ ਵਡਿਆਈ ਆਪ ਕਰਨ ਦੇ ਰਾਹ ਤੁਰ ਪੈਂਦੇ ਹਨ। ਉਹ ਪਾਕਿਸਤਾਨ ਬਾਰੇ ਬਲਰਾਜ ਸਾਹਨੀ, ਹਰਭਜਨ ਸਿੰਘ ਹੁੰਦਲ, ਵਰਿਆਮ ਸੰਧੂ, ਬਲਦੇਵ ਸਿੰਘ ਸੜਕਨਾਮਾ, ਬਲਦੇਵ ਸਿੰਘ ਧਾਲੀਵਾਲ ਆਦਿ ਲੇਖਕਾਂ ਦੁਆਰਾ ਲਿਖੇ ਸਫ਼ਰਨਾਮਿਆਂ ਨੂੰ ਅਣਡਿੱਠ ਕਰਕੇ ਕਿਸੇ ਵੀ ਥਾਂ ਬਾਰੇ ਲਿਖਣ ਲੱਗਿਆਂ ਉਹ ਡੂੰਘਿਆਈ ਵਿਚ ਨਹੀਂ ਜਾਂਦਾ ਸਗੋਂ ਓਪਰੀ ਨਜ਼ਰ ਨਾਲ ਜੋ ਸਥਿਤੀ ਨਜ਼ਰ ਆਉਂਦੀ ਹੈ, ਉਸ ਦਾ ਅਨੁਭਵ ਕਰਕੇ ਤਸੱਲੀ ਕਰ ਲੈਂਦਾ ਹੈ, ਜਿਵੇਂ-ਮੈਂ ਜਦ ਸਫ਼ਰ ਕਰਦਾ ਹਾਂ ਤਾਂ ਆਪਣੀਆਂ ਦੋਹਾਂ ਅੱਖਾਂ 'ਚੋਂ ਨੀਂਦ ਨੂੰ ਬਨਵਾਸ ਦੇ ਦਿੰਦਾ ਹਾਂ ਤੇ ਤੀਜੀ ਅੱਖ ਖੋਲ੍ਹ ਲੈਂਦਾ ਹਾਂ...। ਮੈਂ ਉਹ ਪਹਿਲਾ ਸਿੱਖ ਮੁਸਾਫ਼ਿਰ ਹਾਂ ਜੋ ਅਟਕ ਭਾਵ ਦਰਿਆ ਸਿੰਧ ਤੋਂ ਪਾਰ ਤੱਕ ਗਿਆ...। ਮੈਂ ਲਾਹੌਰ ਦੇ ਸਾਹਿਤਕਾਰਾਂ ਦੇ ਸਾਹਿਤਕ ਪ੍ਰੋਗਰਾਮਾਂ ਵਿਚ ਪ੍ਰਧਾਨਗੀਆਂ ਕੀਤੀਆਂ...। (ਸਫ਼ਾ 9-10)
ਸਰਹੱਦੀ ਸਾਹਿਬ ਦੀ ਲਿਖਤ ਵਿਚ ਸਵੈ-ਪ੍ਰਸੰਸਾ ਭਾਰੂ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦਾ ਪਾਠਕ ਸੋਚਾਂ ਵਿਚ ਪੈ ਜਾਂਦਾ ਹੈ। ਸਮਾਜਿਕ ਯਥਾਰਥ ਜਾਂ ਕਿਸੇ ਵੀ ਦੇਸ਼ ਦੀ ਰਾਜਸੀ ਅਵਸਥਾ ਦੀਆਂ ਕਈ ਪਰਤਾਂ ਹੁੰਦੀਆਂ ਹਨ, ਜਿਹੜੀਆਂ ਡੂੰਘੇ ਅਧਿਐਨ ਦੀ ਮੰਗ ਕਰਦੀਆਂ ਹਨ। ਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਆਪਣੀਆਂ ਅਗਲੇਰੀਆਂ ਰਚਨਾਵਾਂ ਵਿਚ ਉਹ ਵਧੇਰੇ ਗੰਭੀਰ ਭਾਂਤ ਦੀ ਪਹੁੰਚ ਧਾਰਨ ਕਰਨਗੇ ਤੇ ਕਾਹਲੀ ਵਿਚ ਆਪਣੀਆਂ ਪੁਸਤਕਾਂ ਦੀ ਸੂਚੀ ਨੂੰ ਬੇਲੋੜਾ ਲੰਮਾ ਕਰਨ ਦੇ ਮੋਹ ਨੂੰ ਤਿਆਗ ਦੇਣਗੇ। ਹੁਣ ਉਨ੍ਹਾਂ ਦੇ ਜੀਵਨ ਵਿਚ ਇਕ ਅਜਿਹਾ ਪੜਾਅ ਆ ਚੁੱਕਾ ਹੈ, ਜਿਥੇ ਉਨ੍ਹਾਂ ਕੋਲੋਂ ਬੇਲੋੜੀ ਪ੍ਰਸੰਸਾ ਦੀ ਥਾਂ ਪ੍ਰਪੱਕਤਾ ਦੀ ਆਸ ਕਰਨੀ ਬਣਦੀ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਮੇਰੇ ਵੱਡੇ ਵਡੇਰੇ
ਲੇਖਕ : ਡਾ: ਗੁਰਮੁਖ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96.

'ਸਿਆਣਿਆਂ ਦਾ ਕਿਹਾ ਤੇ ਔਲੇ ਦਾ ਖਾਧਾ' ਬਾਅਦ 'ਚ ਪਤਾ ਲੱਗਦੈ। ਬਜ਼ੁਰਗ ਸਾਡਾ ਸਰਮਾਇਆ ਹਨ ਤੇ ਇਨ੍ਹਾਂ ਦੀ ਜ਼ਿੰਦਗੀ ਦਾ ਤਜਰਬਾ ਸਾਡਾ ਰਾਹ ਰੁਸ਼ਨਾਉਂਦੈ। ਆਪਣੇ ਵੱਡੇ ਵਡੇਰੇ ਲਗਭਗ ਸਾਰਿਆਂ ਨੂੰ ਚੰਗੇ ਲੱਗਦੇ ਨੇ ਤੇ ਜਿਹੜੇ ਇਨ੍ਹਾਂ ਦੀ ਕਦਰ ਨਹੀਂ ਕਰਦੇ, ਉਨ੍ਹਾਂ ਦੀ ਕਦਰ ਅਗਲੀਆਂ ਪੀੜ੍ਹੀਆਂ ਨਹੀਂ ਕਰਦੀਆਂ। ਡਾ: ਗੁਰਮੁਖ ਸਿੰਘ ਦੀ ਪੁਸਤਕ 'ਮੇਰੇ ਵੱਡੇ ਵਡੇਰੇ' ਉਨ੍ਹਾਂ ਦੇ ਬਜ਼ੁਰਗਾਂ ਭਾਵ ਵੱਡਿਆਂ-ਵਡੇਰਿਆਂ ਬਾਰੇ ਜਾਣਕਾਰੀ ਦਿੰਦੀ ਹੈ। ਡਾ: ਗੁਰਮੁਖ ਸਿੰਘ ਮੁਤਾਬਕ, 'ਇਸ ਪੁਸਤਕ ਵਿਚ ਮੈਂ ਆਪਣੇ ਪਰਿਵਾਰ ਦੇ ਪੁਰਖਿਆਂ ਨੂੰ ਹੀ ਪੁਰਖੇ ਨਹੀਂ ਮੰਨਿਆ, ਸਗੋਂ ਉਨ੍ਹਾਂ ਨੂੰ ਵੀ ਮੰਨਿਆ ਹੈ, ਜੋ ਸਾਡੇ ਪਰਿਵਾਰ ਦਾ ਅੰਗ ਰਹੇ ਸਨ ਜਾਂ ਜਿਨ੍ਹਾਂ ਦੀ ਸ਼ਖ਼ਸੀਅਤ ਨੇ ਸਾਡੇ ਪਰਿਵਾਰ ਜਾਂ ਮੈਨੂੰ ਪ੍ਰਭਾਵਿਤ ਕੀਤਾ, ਸਾਡੇ ਰਾਹ ਦਸੇਰੇ ਬਣੇ।'
ਪੁਸਤਕ ਵਿਚ ਗਿਆਰਾਂ ਛੋਟੇ-ਛੋਟੇ ਲੇਖਕ ਦਰਜ ਹਨ, ਜਿਨ੍ਹਾਂ ਦੇ ਸਿਰਲੇਖ 'ਮੇਰੇ ਪੜਦਾਦਾ ਜੀ', 'ਮੇਰੇ ਪੜਨਾਨਾ ਜੀ', 'ਮੇਰੇ ਨਾਨਾ ਜੀ', 'ਮੇਰੀ ਨਾਨੀ ਜੀ', 'ਇੱਕ ਮਾਮਾ ਜੀ', 'ਝਗੜੂ ਅਮਲੀ', 'ਬਾਬਾ ਭਾਨਾ ਸਿੰਘ, 'ਮਰੋ', 'ਸੰਤ ਸੇਵਾ ਦਾਸ ਜੀ', 'ਸੰਤ ਪੂਰਨ ਸਿੰਘ ਜੀ' ਤੇ 'ਸੋਢੀ ਹਰਿਭਜਨ ਸਿੰਘ' ਹਨ। ਗੁਰਮੁਖ ਸਿੰਘ ਨੇ ਆਪਣੇ ਵੱਡੇ-ਵਡੇਰਿਆਂ ਨਾਲ ਜੁੜੀਆਂ ਯਾਦਾਂ, ਉਨ੍ਹਾਂ ਦੇ ਰਹਿਣ-ਸਹਿਣ, ਉੱਠਣੀ-ਬੈਠਣੀ ਤੇ ਸੁਭਾਅ ਬਾਰੇ ਬਾਖੂਬੀ ਜਾਣਕਾਰੀ ਦਿੱਤੀ ਹੈ। ਗੁਰਮੁਖ ਸਿੰਘ ਦੀ ਇਹ ਪੁਸਤਕ ਪੜ੍ਹ ਕੇ ਸਹਿਜੇ ਹੀ ਅੰਦਾਜ਼ਾ ਲੱਗ ਜਾਂਦੈ ਕਿ ਜਿੰਨਾ ਉਸ ਨੂੰ ਵੱਡੇ-ਵਡੇਰੇ ਚੇਤੇ ਆਉਂਦੇ ਨੇ, ਓਨਾ ਹੀ ਲੰਘਿਆ ਵੇਲ਼ਾ, ਜਦੋਂ ਜ਼ਿੰਦਗੀ ਅੱਜ ਵਾਂਗ ਗੁੰਝਲਦਾਰ ਨਹੀਂ ਸੀ, ਜਦੋਂ ਛੋਟੀਆਂ-ਛੋਟੀਆਂ ਖੁਸ਼ੀਆਂ ਸਨ, ਜਦੋਂ ਪਿੰਡਾਂ ਦਾ ਸ਼ਹਿਰੀਕਰਨ ਨਹੀਂ ਸੀ ਹੋਇਆ ਤੇ ਪਿੰਡਾਂ ਵਿੱਚ ਸੱਚੀਂ ਰੱਬ ਵਸਦਾ ਸੀ। ਆਪਣੇ ਪੜਦਾਦੇ, ਪੜਨਾਨੇ, ਨਾਨੇ, ਨਾਨੀ ਤੇ ਹੋਰਾਂ ਬਾਰੇ ਲਿਖ ਕੇ ਉਸ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਹੈ ਤੇ ਗੁਣਾਂ ਨੂੰ ਸਾਂਝਾ ਵੀ ਕੀਤਾ ਹੈ। ਮੇਰੀ ਜਾਚੇ ਇਹ ਆਪਣੇ ਪੁਰਖਿਆਂ ਨੂੰ ਚੇਤੇ ਕਰਨ ਦਾ ਵੱਡਾ ਉੱਦਮ ਹੈ। ਬਜ਼ੁਰਗ ਸਾਡਾ ਸਰਮਾਇਆ ਨੇ, ਇਨ੍ਹਾਂ ਕੋਲੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਤੇ ਇਨ੍ਹਾਂ ਕੋਲੋਂ ਸਿੱਖਿਆ ਹੋਰ ਕਿਤਾਬਾਂ ਵਿਚੋਂ ਘੱਟ ਹੀ ਲੱਭਦਾ ਹੈ।

-ਸਵਰਨ ਸਿੰਘ ਟਹਿਣਾ
ਮੋ: 98141-78883

ਸੰਨ ਸੰਤਾਲੀ ਤੋਂ ਬਾਅਦ
ਨਾਵਲਕਾਰ : ਬਿਕਰਮਜੀਤ ਨੂਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 136.

'ਸੰਨ ਸੰਤਾਲੀ ਤੋਂ ਬਾਅਦ' ਨਾਵਲ ਵਿਚ ਬਿਕਰਮਜੀਤ ਸਿੰਘ ਨੂਰ ਨੇ ਪਾਕਿਸਤਾਨ ਤੋਂ ਉਜੜ ਕੇ ਆਏ ਪਰਿਵਾਰ ਦੀ ਕਹਾਣੀ ਬਿਆਨ ਕੀਤੀ ਹੈ ਕਿ ਕਿਵੇਂ ਉਜਾੜੇ ਵੇਲੇ ਪਰਿਵਾਰ ਨੇ ਦੁੱਖ ਕਸ਼ਟ ਹੰਢਾਉਂਦੇ ਹੋਏ ਮੁੜ ਵਸਣ ਦੀ ਲੋਚਾ ਨੂੰ ਆਪਣੇ ਸਿਰੜੀ ਸੁਭਾਅ ਦਾ ਅੰਗ ਬਣਾਈ ਰੱਖਿਆ ਅਤੇ ਉਨ੍ਹਾਂ ਦੇ ਵਾਰਸਾਂ ਨੇ ਆਪਣੇ ਵਡੇਰਿਆਂ ਦੀ ਵਿਰਾਸਤ ਨੂੰ ਕਿਵੇਂ ਸਾਂਭਦਿਆਂ ਜ਼ਿੰਦਗੀ ਦੀਆਂ ਵਿਸੰਗਤੀਆਂ ਨਾਲ ਲੋਹਾ ਲੈਂਦਿਆਂ ਇਕ ਨਵਾਂ ਅਧਿਆਇ ਆਪਣੀ ਵਿਰਾਸਤ ਵਿਚ ਜੋੜਿਆ। ਨਾਵਲ ਵਿਚਲੇ ਪਾਤਰ ਬਲਵੰਤ ਸਿੰਘ ਅਤੇ ਸਤਵੰਤ ਸਿੰਘ ਦੇ ਪਰਿਵਾਰ ਦੇ ਉਜਾੜੇ ਤੋਂ ਬਾਅਦ ਜਦੋਂ ਰਫਿਊਜੀਆਂ ਦੇ ਰੂਪ ਵਿਚ ਅੰਬਾਲੇ ਪਹੁੰਚਦੇ ਹਨ ਤਾਂ ਇਥੇ ਆ ਕੇ ਆਪਣੇ ਪਰਿਵਾਰ ਦੇ ਜੀਆਂ ਦਾ ਬਿਮਾਰੀ ਦੀ ਹਾਲਤ ਵਿਚ ਮੌਤ ਦੇ ਆਗੋਸ਼ ਵਿਚ ਜਾ ਪੈਣਾ ਵੀ ਇਸ ਪਰਿਵਾਰ ਲਈ ਅਸਹਿ ਸਦਮੇ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਹੌਲੀ-ਹੌਲੀ ਜ਼ਿੰਦਗੀ ਆਪਣੇ ਤੋਰੇ ਤੁਰਦੀ ਹੈ। ਨਾਵਲਕਾਰ ਇਥੇ ਕਿਰਨਜੀਤ ਅਤੇ ਤੇਜਪਾਲ ਦੇ ਰੂਪ ਵਿਚ ਨਾਵਲ ਨੂੰ ਰੁਮਾਂਟਿਕ ਛੋਹਾਂ ਵੀ ਦਿੰਦਾ ਹੈ ਅਤੇ ਪਰਿਵਾਰਕ ਅੰਤਰ-ਵਿਰੋਧਾਂ ਬਾਰੇ ਵੀ ਵਿਸਥਾਰਤ ਜਾਣਕਾਰੀ ਦਿੰਦਾ ਹੈ। ਨਾਵਲੀ ਬਿਰਤਾਂਤ ਪਿਛਲਝਾਤ ਦੀ ਵਿਧੀ ਦੁਆਰਾ ਆਪਣੀ ਤੋਰ ਗ੍ਰਹਿਣ ਕਰਦਾ ਹੈ। ਨਾਵਲਕਾਰ ਨੇ ਭਾਵੇਂ ਨਾਵਲ ਨੂੰ ਉਜਾੜੇ ਨਾਲ ਜੋੜਿਆ ਹੈ ਪਰ ਫਿਰ ਵੀ ਉਸ ਨੇ ਨਾਵਲ ਵਿਚ ਸਾਡੇ ਜੀਵਨ ਯਥਾਰਥ ਦੀਆਂ ਸਮਾਜਿਕ, ਆਰਥਿਕ ਅਤੇ ਰਾਜਨੀਤਕ ਦੁਸ਼ਵਾਰੀਆਂ ਨੂੰ ਪੇਸ਼ ਕੀਤਾ ਹੈ। ਮਿਸਾਲ ਵਜੋਂ ਸਤਵੰਤ ਤੇ ਬਲਵੰਤ ਸਿੰਘ ਦੇ ਪਰਿਵਾਰ ਦੇ ਜੀਆਂ ਦੀ ਜ਼ਿੰਦਗੀ ਨੂੰ ਪੇਸ਼ ਕਰਦਿਆਂ ਨਾਵਲਕਾਰ ਨਾਵਲ ਵਿਚ ਘਟਨਾਵਾਂ ਨੂੰ ਫੈਲਾਉਂਦਾ ਹੈ, ਦੂਜੀ ਪੀੜ੍ਹੀ ਦੀਆਂ ਆਪਣੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਨਾਵਲ ਵਿਚੋਂ ਪੈਦਾ ਹੁੰਦੀਆਂ ਦਿਖਾਈ ਦਿੰਦੀਆਂ ਹਨ। ਕਿਰਨਜੀਤ ਅਤੇ ਤੇਜਪਾਲ ਦੇ ਪਿਆਰ ਸਬੰਧ ਅਤੇ ਉਸ ਤੋਂ ਬਾਅਦ ਉਸ ਦੀ ਭਤੀਜੀ ਅਨਵੰਤ ਦਾ ਕਿਰਦਾਰ ਵੀ ਨਾਵਲ ਵਿਚ ਤਣਾਅ ਸਿਰਜਦਾ ਹੈ। ਨਾਵਲ ਅਖੀਰਲੇ ਕਾਂਡ ਵਿਚ ਫਿਰ ਸੁਖਾਂਤਮਈ ਸਥਿਤੀ ਸਿਰਜ ਜਾਂਦਾ ਹੈ, ਜਿਥੇ ਬਲਵੰਤ ਸਿੰਘ ਦਾ ਪਰਿਵਾਰ ਉਸ ਦਾ ਜਨਮ ਦਿਨ ਮਨਾ ਰਿਹਾ ਹੈ।
ਨਾਵਲਕਾਰ ਨੇ ਜਿਥੇ ਦੇਸ਼ ਵੰਡ ਦੇ ਦੁਖਾਂਤ ਨੂੰ ਵਿਸ਼ੇ ਦੇ ਰੂਪ ਵਿਚ ਚਿਤਰਿਆ ਹੈ, ਉਥੇ ਮਨੁੱਖ ਦੇ ਮੁੜ ਵਸਣ ਦੀ ਲੋਚਾ ਬਾਰੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਖੱਬਲ' ਦੀ ਤਰ੍ਹਾਂ ਬਿਰਤਾਂਤਕ ਪੈਂਤੜਾ ਅਪਣਾਇਆ ਹੈ। ਨਾਵਲ ਵਿਚ ਮਾਲਵੇ ਦਾ ਵਾਤਾਵਰਨ ਵਿਸ਼ੇਸ਼ ਕਰਕੇ ਕੋਟਕਪੂਰੇ ਦੇ ਇਲਾਕੇ ਬਾਰੇ ਭਰਪੂਰ ਜਾਣਕਾਰੀ ਨਾਵਲ ਵਿਚ ਪ੍ਰਸਤੁਤ ਹੋਈ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

ਵਹੀ ਖਾਤਾ
ਲੇਖਿਕਾ : ਦੇਵਿੰਦਰ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 195.

ਡਾ: ਦੇਵਿੰਦਰ ਕੌਰ ਦਿੱਲੀ ਸਕੂਲ ਆਫ ਕ੍ਰਿਟੀਸਿਜ਼ਮ ਦੀ ਇਕ ਚਰਚਿਤ ਆਲੋਚਕ : ਅਧਿਆਪਕਾ, ਕਵਿੱਤਰੀ ਅਤੇ ਵਾਰਤਕਕਾਰ ਹੈ। ਮੂਲ ਰੂਪ ਵਿਚ ਉਹ ਇਕ 'ਸੰਵੇਦਨਸ਼ੀਲ, ਜਾਗ੍ਰਿਤ, ਚੇਤਨ ਔਰਤ ਹੈ। ਅਜਿਹੀ ਔਰਤ, ਜਿਸ ਨੇ ਆਪਣੀ ਮਿਹਨਤ, ਲਗਨ ਅਤੇ ਬੌਧਿਕ ਯੋਗਤਾ ਸਹਾਰੇ ਆਪਣੇ ਜੀਵਨ ਦੀ ਆਪ ਉਸਾਰੀ ਕੀਤੀ ਹੈ, ਉਥੇ ਉਸ ਨੇ ਆਪਣੇ ਜੀਵਨ ਵਿਚ ਆਪਣੀ ਉਲਾਰ, ਭਾਵੁਕ ਅਤੇ ਉਤੇਜਿਤ ਪ੍ਰਕਿਰਤੀ ਕਾਰਨ ਅਤੇ ਕਾਹਲ ਵਿਚ ਲਏ ਗ਼ਲਤ ਫ਼ੈਸਲਿਆਂ ਕਾਰਨ, ਮਾਨਸਿਕ ਸਰੀਰਕ ਆਰਥਿਕ ਸੰਕਟ ਨੂੰ ਹੱਡੀਂ ਹੰਢਾਇਆ ਹੈ।
ਇਸ ਸਵੈ-ਜੀਵਨੀ ਦੇ ਛੋਟੇ-ਵੱਡੇ 53 ਕਾਂਡ ਹਨ, ਜਿਨ੍ਹਾਂ ਰਾਹੀਂ ਉਸ ਨੇ ਆਪਣੇ ਪਰਿਵਾਰਕ, ਸਮਾਜਿਕ, ਸੱਭਿਆਚਾਰਕ, ਸਾਹਿਤਕ ਹਾਲਾਤ ਨੂੰ ਇਤਿਹਾਸਕ੍ਰਮ ਅਨੁਸਾਰ ਬਿਆਨ ਕੀਤਾ ਹੈ। ਸਾਰਾ ਕਥਾਨਕ, ਪ੍ਰਭਾਵਸ਼ਾਲੀ, ਸਾਹਿਤਕ ਲਹਿਜ਼ੇ ਵਾਲਾ, ਨਿਰੰਤਰ ਚਲਦਾ ਹੈ। ਦੇਵਿੰਦਰ ਕੌਰ ਦੀ ਇਹ ਸਵੈ-ਜੀਵਨੀ, ਉਸ ਦੇ ਦਿਲ (ਮਨ) ਦੀ ਪੀੜਾ ਦੀ ਕਲਾਤਮਕ-ਅਭਿਵਿਅਕਤੀ ਹੈ। ਕਾਰਨ ਇਹ ਵੀ ਹੈ ਕਿ ਉਹ ਕੇਵਲ ਔਰਤ ਹੀ ਨਹੀਂ, ਬਲਕਿ ਇਕ ਸਾਹਿਤਕਾਰਾ ਹੈ। ਸੰਵੇਦਨਾ, ਵੇਦਨਾ ਨੂੰ ਕਲਾਤਮਿਕ ਜੁਗਤ ਨਾਲ, ਜਦ ਉਹ ਆਪਣੀ ਸਵੈ-ਜੀਵਨੀ ਦੀ ਕਹਾਣੀ ਬਣਾ ਕੇ ਪੇਸ਼ ਕਰਦੀ ਹੈ, ਤਾਂ ਉਸ ਦੇ ਵਿਅਕਤੀਤਵ ਦੇ ਅਨੇਕਾਂ ਪਾਸਾਰ, ਸਰੋਕਾਰ ਅਤੇ ਦੁਖਾਂਤ ਸਾਡੇ ਸਾਹਮਣੇ ਸੁਭਾਵਿਕ ਰੂਪ ਵਿਚ ਦ੍ਰਿਸ਼ਟੀਗੋਚਰ ਹੋ ਜਾਂਦੇ ਹਨ।
ਜਦ ਅਸੀਂ ਉਸ ਦੀ ਇਸ ਵਚਿੱਤਰ ਸਵੈ-ਜੀਵਨੀ ਦਾ ਅਧਿਐਨ ਕਰਦੇ ਹਾਂ ਤਾਂ ਸਹਿਜੇ ਹੀ ਇਕ ਫ਼ਿਲਮ ਵਾਂਗ ਸਾਡੇ ਸਾਹਮਣੇ, ਦਿੱਲੀ ਵਿਖੇ ਦੇਸ਼-ਵੰਡ ਪਿੱਛੋਂ ਪਹਾੜਗੰਜ ਵਿਚ ਵਸੇ ਸ਼ਰਨਾਰਥੀ, ਜੀਵਨੀਕਾਰਾ ਦਾ ਬਚਪਨ, ਉਸ ਦੀਆਂ ਕੌੜੀਆਂ-ਮਿੱਠੀਆਂ ਯਾਦਾਂ, ਮੁਢਲੀ ਤੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ, ਲੈਕਚਰਾਰ ਲੱਗਣ ਦੀ ਕਹਾਣੀ ਨੂੰ ਸਹਿਜੇ ਹੀ ਜਾਣ ਲੈਂਦੇ ਹਨ। ਲੇਖਿਕਾ ਨੇ ਆਪਣੀ ਹਿੰਮਤ ਸਿਦਕਦਿਲੀ ਲਗਨ ਸਦਕੇ, ਅਕਾਦਮਿਕ ਸਾਹਿਤਕ ਪ੍ਰਾਪਤੀਆਂ ਕੀਤੀਆਂ, ਉਨ੍ਹਾਂ ਦਾ ਜ਼ਿਕਰ ਪਾਠਕਾਂ ਲਈ ਪ੍ਰੇਰਨਾਦਾਇਕ ਹੈ।
ਦੇਵਿੰਦਰ ਕੌਰ, ਆਪਣੀ ਸੰਵੇਦਨਸ਼ੀਲਤਾ, ਭਾਵੁਕ-ਪ੍ਰਕਿਰਤੀ ਕਾਰਨ ਅਜਿਹੀ ਔਰਤ ਵਜੋਂ ਆਪਣੇ-ਆਪ ਨੂੰ ਤਸਵੀਰਦੀ ਹੈ, ਜਿਸ ਨੇ ਆਪਣੀ ਜ਼ਿੰਦਗੀ ਵਿਚ ਆਪ ਕੀਤੇ ਫ਼ੈਸਲਿਆਂ ਦੇ ਸਿੱਟਿਆਂ ਦੇ ਦੁਖਾਂਤ ਆਪ ਸਿਰਜੇ ਅਤੇ ਹੱਡੀਂ ਹੰਢਾਏ ਹਨ। ਨਿਰਸੰਦੇਹ ਉਸ ਨੇ ਭਾਵੇਂ ਗ਼ਲਤ ਜੀਵਨ ਸਾਥੀ ਚੁਣਨ ਕਾਰਨ ਆਪਣੇ ਜੀਵਨ ਵਿਚ ਮਾਨਸਿਕ ਅਤੇ ਸਰੀਰਕ ਕਸ਼ਟ ਝੱਲੇ ਹੋਣ ਪਰ ਅਸੀਂ ਉਸ ਨੂੰ ਇਕ ਅਜਿਹੀ ਔਰਤ ਦੇ ਰੂਪ ਵਿਚ ਵਿਕਸਿਤ ਹੋਇਆ ਅਨੁਭਵ ਕਰਦੇ ਹਾਂ, ਜੋ ਦਲੇਰ, ਬਹਾਦਰ, ਨਿਰਲੇਪ, ਨਿਡਰ ਅਤੇ ਸਿਰਜਨਾਤਮਿਕ ਵਲਵਲਿਆਂ ਵਾਲੀ ਸ਼ਖ਼ਸੀਅਤ ਦੀ ਮਾਲਿਕਾ ਹੈ।

-ਡਾ: ਅਮਰ ਕੋਮਲ
ਮੋ: 08437873565

26-10-2014

 ਲੋਕ ਖੇਡਾਂ, ਲੋਕ ਸ਼ੁਗਲ ਤੇ ਮੇਲੇ-ਤਿਉਹਾਰ
ਲੇਖਿਕਾ : ਡਾ: ਕੁਲਵੰਤ ਕੌਰ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਸ੍ਰੀ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 100.

ਇਹ ਪੁਸਤਕ ਪੰਜਾਬੀ ਸੱਭਿਆਚਾਰ ਦਾ ਦਰਪਣ ਹੈ। ਇਸ ਵਿਚ ਪੰਜਾਬ ਦੀਆਂ ਲੋਕ ਖੇਡਾਂ ਜਿਵੇਂ ਕਬੱਡੀ, ਕੁਸ਼ਤੀ, ਸੌਂਚੀ-ਪੱਕੀ, ਰੱਸਾ-ਕਸ਼ੀ, ਮੂੰਗਲੀਆਂ ਫੇਰਨਾ, ਖਿੱਦੋ ਖੂੰਡੀ, ਗੁੱਲੀ ਡੰਡਾ, ਪੀਲੁਵ ਪਲਾਂਘੜਾ, ਪਿੱਠੂ, ਚੋਰ ਸਿਪਾਹੀ, ਬੰਟੇ, ਸ਼ੇਰ ਬੱਕਰੀ, ਕੋਟਲਾ ਛਪਾਕੀ, ਸ਼ਟਾਪੂ, ਥਾਲ, ਰੋੜੇ ਜਾਂ ਗੀਟੇ, ਰੱਸੀ ਟੱਪਣਾ, ਅੰਨ੍ਹਾ ਝੋਟਾ, ਭੰਡਾ ਭੰਡਾਰੀਆ, ਊਚ-ਨੀਚ, ਸਮੁੰਦਰ ਮੱਛੀ, ਬੁੱਢੀ ਮਾਈ, ਬਾਰਾਂ ਬੀਕਰੀ, ਸ਼ਤਰੰਜ, ਪਾਸਾ, ਚੌਪੜ ਆਦਿ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਦੇ ਲੋਕ ਬੜੇ ਰਾਂਗਲੇ ਅਤੇ ਖੁਸ਼ਮਿਜ਼ਾਜ਼ ਹਨ। ਇਨ੍ਹਾਂ ਦੇ ਆਪਣੇ ਹੀ ਸ਼ੁਗਲ ਅਤੇ ਰੰਗ-ਤਮਾਸ਼ੇ ਹੁੰਦੇ ਸਨ। ਕੌਡੀਆਂ, ਗੋਲੀਆਂ ਦਾ ਤਮਾਸ਼ਾ, ਅੰਗੂਠੀ ਗਾਇਬ ਕਰਨੀ, ਤਾਸ਼, ਰੱਸੀ ਨਾਚ ਤਮਾਸ਼ਾ ਕਲਾਬਾਜ਼ੀਆਂ, ਬਾਂਦਰ ਬਾਂਦਰੀ ਦਾ ਖੇਲ੍ਹ ਤਮਾਸ਼ਾ, ਰਿੱਛਾਂ ਦਾ ਨਾਚ, ਸੱਪ ਅਤੇ ਨਿਉਲੇ ਦਾ ਖੇਲ੍ਹ, ਭੰਡਾਂ ਦਾ ਤਮਾਸ਼ਾ, ਕਠਪੁਤਲੀਆਂ ਦਾ ਖੇਲ੍ਹ, ਬਾਈਸਕੋਪ, ਕਬੂਤਰ ਅਤੇ ਤੋਤੇ ਪੰਛੀਆਂ ਦੇ ਤਮਾਸ਼ਿਆਂ ਬਾਬਤ ਵੇਰਵੇ ਦਿੱਤੇ ਗਏ ਹਨ।
ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਪੰਜਾਬ ਦੇ ਲੋਕ-ਤਿਉਹਾਰਾਂ ਦਾ ਸਜੀਵ ਵਰਨਣ ਕੀਤਾ ਗਿਆ ਹੈ, ਜਿਵੇਂ ਵਿਸਾਖੀ, ਨਿਰਜਲਾ, ਇਕਾਦਸ਼ੀ, ਤੀਆਂ, ਰੱਖੜੀ, ਟਿੱਕਾ ਭਾਈ ਦੂਜ, ਗੁੱਗਾ ਨੌਮੀ, ਸ਼ਰਾਧ, ਦੀਵਾਲੀ, ਲੋਹੜੀ, ਮਾਘੀ, ਬਸੰਤ ਪੰਚਮੀ, ਹੋਲੀ, ਗੁਰਪੁਰਬ ਅਤੇ ਅਵਤਾਰਾਂ ਦੇ ਉਤਸਵ। ਲੋਕ ਮੇਲਿਆਂ ਵਿਚ ਮਸ਼ਹੂਰ ਹਨ ਜਰਗ ਦਾ ਮੇਲਾ, ਛਪਾਰ ਦਾ ਮੇਲਾ, ਜਗਰਾਵਾਂ ਦੀ ਰੌਸ਼ਨੀ, ਸ੍ਰੀ ਮੁਕਤਸਰ ਦਾ ਮੇਲਾ, ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਹੈਦਰ ਸ਼ੇਖ ਦਾ ਮੇਲਾ, ਸਖੀ ਸਰਵਰ ਦਾ ਮੇਲਾ ਆਦਿ। ਕੁਝ ਸਥਾਨਕ ਮੇਲੇ ਵੀ ਲਗਦੇ ਹਨ ਜਿਵੇਂ ਮੇਲਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ, ਭਾਦਰੋਂ ਦੀ ਮੱਸਿਆ ਤਰਨ ਤਾਰਨ ਸਾਹਿਬ ਵਿਖੇ, ਸੋਮਵਾਰ ਦੀ ਮੱਸਿਆ ਸ੍ਰੀ ਅੰਮ੍ਰਿਤਸਰ ਵਿਖੇ, ਬਾਬਾ ਸਾਹਮਾਨ ਦਾ ਮੇਲਾ ਸ੍ਰੀ ਹਰਗੋਬਿੰਦਪੁਰ ਵਿਖੇ, ਬਾਬੇ ਦਰਬਾਰੀ ਅਤੇ ਬਾਬੇ ਗਰੀਬ ਸ਼ਾਹ ਦਾ ਮੇਲਾ ਫ਼ਤਹਿਗੜ੍ਹ ਚੂੜੀਆਂ, ਬਾਬਾ ਸੋਢਲ ਦਾ ਮੇਲਾ ਜਲੰਧਰ ਵਿਖੇ ਆਦਿ। ਜਾਣਕਾਰੀ ਭਰਪੂਰ ਇਹ ਪੁਸਤਕ ਪੜ੍ਹਨਯੋਗ ਹੈ।

ਲਗਰਾਂ ਬਣੀਆਂ ਰੁੱਖ
ਸੰਪਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 192.

ਇਸ ਕਾਵਿ ਸੰਗ੍ਰਹਿ ਵਿਚ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਕਵੀਆਂ ਦੀਆਂ ਚੋਣਵੀਆਂ ਰਚਨਾਵਾਂ ਪਾਠਕਾਂ ਦੇ ਸਨਮੁੱਖ ਕੀਤੀਆਂ ਗਈਆਂ ਹਨ। ਇਨ੍ਹਾਂ ਕਵੀਆਂ ਵਿਚ ਸਥਾਪਤ ਅਤੇ ਸਤਿਕਾਰਤ ਹਸਤੀਆਂ ਦੇ ਨਾਲ-ਨਾਲ ਨਵੇਂ ਕਲਮਕਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਆਓ, ਇਨ੍ਹਾਂ ਵਿਚੋਂ ਗ਼ਜ਼ਲਾਂ, ਗੀਤਾਂ ਅਤੇ ਨਜ਼ਮਾਂ ਦੇ ਕੁਝ ਨਵੇਂ ਪੁਰਾਣੇ ਰੰਗ ਮਾਣੀਏ-
-ਕਿਸ ਦੀ ਆਮਦ ਤੇ ਰੰਗਾਂ ਦੀ ਬਰਸਾਤ ਹੈ
ਇਹ ਸੁਗੰਧੀ ਜਿਹੀ ਕਿਸ ਦੇ ਸਾਹਾਂ ਦੀ ਹੈ?
-ਡਾ: ਚਰਨਜੀਤ ਸਿੰਘ ਉਡਾਰੀ
-ਹੱਥਾਂ ਵਿਚੋਂ ਡਿੱਗਿਆ ਖੰਜਰ,
ਮੁੜ ਨਾ ਚੁੱਕੀ 'ਮੀਤ'
ਤੇਰੇ ਹੱਥਾਂ ਵਿਚ ਬੱਸ ਸੁੰਹਦਾ,
ਚਿੱਟਾ ਜਿਹਾ ਕਬੂਤਰ।
-ਸੁਲੱਖਣ ਮੀਤ (ਪ੍ਰੋ:)
-ਜ਼ਿੰਦਗੀ ਪਿਆਰ ਦੀ ਰਬਾਬ ਬਣੇ
ਗੋਸ਼ਾ-ਗੋਸ਼ਾ ਇਹ ਜ਼ਰਾ ਗੁਲਾਬ ਬਣੇ।
-ਕੁਲਵੰਤ ਕਸਕ
-ਕੋਈ ਨਾ ਕੋਈ ਪੀੜਾ ਦੇ ਨਾਲ ਸੁਲਘ ਰਿਹਾ ਮਨਮੰਦਰ ਹੈ
ਹਰ ਬੰਦੇ ਦੇ ਅੰਦਰ ਲੁਕਿਆ ਕੋਈ ਨਾ ਕੋਈ ਖੰਡਰ ਹੈ।
-ਮਨਪ੍ਰੀਤ ਸੁਖਵਿੰਦਰ
-ਨਿਯਮ ਕੁਦਰਤ ਦੇ ਬਣਾਏ ਤੋੜ ਕੇ ਸਭ
ਆਦਮੀ ਮੁੱਲ ਲੈ ਰਿਹਾ ਹੈ ਆਫ਼ਤਾਂ ਨੂੰ।
-ਕਰਮ ਸਿੰਘ ਜ਼ਖ਼ਮੀ
-ਧੀ ਜੰਮੇ ਤਾਂ ਵਿਛਦੇ ਸੱਥਰ
ਲੋਕ ਫੁੱਲਾਂ ਨੂੰ ਕਹਿੰਦੇ ਪੱਥਰ।
-ਡਾ: ਭਗਵੰਤ ਸਿੰਘ
ਇਹ ਪੁਸਤਕ ਰੰਗ-ਬਰੰਗੇ ਫੁੱਲਾਂ ਦੀ ਪਟਾਰੀ ਹੈ, ਜਿਸ ਵਿਚ ਭਿੰਨੀ-ਭਿੰਨੀ ਮਹਿਕ ਅਤੇ ਸੁੰਦਰਤਾ ਹੈ। ਇਸ ਦੀ ਤਰਤੀਬ ਕਵੀਆਂ ਦੀ ਜਨਮ ਮਿਤੀ ਅਨੁਸਾਰ ਬਣਾਈ ਗਈ ਹੈ। ਹਰ ਕਲਮ ਦੀ ਆਪਣੀ ਨੁਹਾਰ ਅਤੇ ਖੁਸ਼ਬੋ ਹੈ। ਇਕੋ ਥਾਂ 'ਤੇ ਸੰਗਰੂਰ ਦੇ ਕਲਮਕਾਰਾਂ ਦੀਆਂ ਰਚਨਾਵਾਂ ਨੂੰ ਸੁਸਜਿਤ ਕਰਕੇ ਪੇਸ਼ ਕਰਨਾ ਇਕ ਸ਼ਲਾਘਾਯੋਗ ਉਪਰਾਲਾ ਹੈ, ਜਿਸ ਲਈ ਸੰਪਾਦਕੀ ਬੋਰਡ ਵਧਾਈ ਦਾ ਪਾਤਰ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਸਾਡੇ ਬਜ਼ੁਰਗ ਸਾਡਾ ਸਰਮਾਇਆ
ਸੰਪਾਦਕ : ਸਵਰਨਜੀਤ ਕੌਰ ਉੱਭਾ ਤੇ ਪਰਮਿੰਦਰ ਕੌਰ ਕਰਾਂਤੀ
ਪ੍ਰਕਾਸ਼ਕ : ਜ਼ੋਹਰਾ ਪ੍ਰਕਾਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 184.

ਇਸ ਪੁਸਤਕ ਵਿਚ ਲਗਭਗ 25 ਲੇਖਕਾਂ ਰਾਹੀਂ ਵੱਖ-ਵੱਖ ਦ੍ਰਿਸ਼ਟੀਕੋਣ ਤੋਂ ਲਿਖੇ ਲੇਖ ਸ਼ਾਮਿਲ ਕੀਤੇ ਗਏ ਹਨ ਜੋ ਦਰਸਾਉਂਦੇ ਹਨ ਕਿ ਬਜ਼ੁਰਗ ਕਿਸੇ ਵੀ ਪਰਿਵਾਰ, ਕੌਮ, ਸਮਾਜ ਤੇ ਦੇਸ਼ ਦਾ ਸਰਮਾਇਆ ਹੁੰਦੇ ਹਨ ਤੇ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਦੀ ਚਲਦੀ ਫਿਰਦੀ ਪਾਠਸ਼ਾਲਾ ਹੁੰਦੇ ਹਨ ਅਤੇ ਇਕ ਨਰੋਏ ਸਮਾਜ ਦੀ ਖੂਬੀ ਇਹ ਹੁੰਦੀ ਹੈ ਕਿ ਨੌਜਵਾਨ ਪੀੜ੍ਹੀ ਨੇ ਇਸ ਕੀਮਤੀ ਖਜ਼ਾਨੇ ਵਿਚੋਂ ਕੀ ਗ੍ਰਹਿਣ ਕੀਤਾ ਹੈ? ਇਸ ਵਹਿੰਦੇ ਅੰਮ੍ਰਿਤ ਰੂਪੀ ਚਸ਼ਮੇ ਵਿਚੋਂ ਕਿੰਨੀਆਂ ਚੂਲੀਆਂ ਭਰ ਕੇ ਪੀਤੀਆਂ ਤੇ ਆਚਰਣਕ ਉਚਾਈ 'ਤੇ ਪੁੱਜੇ ਹਨ? ਦੂਜੇ ਪਾਸੇ ਢਹਿੰਦੀ ਕਲਾ ਦਾ ਸੂਚਕ ਹੈ ਉਹ ਸਮਾਜ ਜਿਥੇ ਬਿਰਧ ਆਸ਼ਰਮਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਲੇਖ 'ਗੁਰਮਤਿ ਵਿਚ ਬਜ਼ੁਰਗਾਂ ਦਾ ਸਤਿਕਾਰ' ਵਿਚ ਗੁਰਬਾਣੀ ਦੀਆਂ ਤੁਕਾਂ ਉਤੇ ਆਧਾਰਿਤ ਵਿਚਾਰਾਂ ਨੂੰ ਲੈ ਕੇ ਬਜ਼ੁਰਗਾਂ ਦੀ ਮਹੱਤਤਾ ਤੇ ਸਤਿਕਾਰ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਹੁਣ ਹਾਲਾਤ ਕਿਹੋ ਜਿਹੀ ਹੈ ਭਾਈ ਗੁਰਦਾਸ ਦੀ ਵਾਰ ਤੋਂ ਸਪੱਸ਼ਟ ਹੁੰਦੀ ਹੈ-'ਵੱਖ ਹੋਵੈ ਪੁਤੁ ਰੰਨਿ ਲੈ ਮਾਂ ਪਿਉ ਦੇ ਉਪਕਾਰ ਵਿਸਾਰੇ।' ਪ੍ਰੋ: ਅਛਰੂ ਸਿੰਘ ਜੋ ਬਹੁਤ ਸੁਲਝੇ ਹੋਏ ਸਾਹਿਤਕਾਰ ਹਨ, ਨੇ 'ਬਜ਼ੁਰਗਾਂ ਦਾ ਸਤਿਕਾਰ, ਸੁੱਖਾਂ ਦਾ ਆਧਾਰ' ਰਾਹੀਂ ਬਹੁਤ ਵਧੀਆ ਗੱਲ ਕਹੀ ਹੈ-'ਬਜ਼ੁਰਗੀ ਨੈਤਿਕ ਅਤੇ ਰੂਹਾਨੀ ਸ਼ਕਤੀ ਨੂੰ ਮੂਰਤੀਮਾਨ ਕਰਦੀ ਹੈ।' ਅਤੇ 'ਬਜ਼ੁਰਗਾਂ ਦਾ ਅਸਤਿਤਵ ਕਿਸੇ ਪਾਕ-ਪਵਿੱਤਰ ਸਥਾਨ 'ਤੇ ਚਾਨਣ ਵੰਡ ਰਹੀ ਦੁੱਧ ਚਿੱਟੀ ਮੋਮਬੱਤੀ ਵਰਗਾ ਹੁੰਦਾ ਹੈ ਨਿੱਘਾ-ਨਿੱਘਾ, ਠੰਢਾ-ਠੰਢਾ। ਜੀ. ਕੇ. ਸਿੰਘ, ਆਈ.ਏ. ਐਸ ਦਾ ਲੇਖ 'ਬੇਅਦਬ-ਬੇਅਸੀਸ' ਵਿਚ ਹਕੀਕੀ ਰੂਪ ਵਿਚ ਜੋ ਮਾਪਿਆਂ ਨਾਲ ਬੱਚਿਆਂ ਦਾ ਵਤੀਰਾ ਹੈ, ਨੂੰ ਅੰਕੜਿਆਂ ਸਮੇਤ ਉਲੀਕਿਆ ਹੈ ਤੇ ਵਿਦੇਸ਼ੀ ਸੰਸਥਾਵਾਂ ਬਜ਼ੁਰਗਾਂ ਦਾ ਕਿੰਨਾ ਧਿਆਨ ਰੱਖਦੀਆਂ ਹਨ, ਨੂੰ ਵੀ ਦਰਸਾਇਆ ਹੈ। ਡਾ: ਕਰਮਜੀਤ ਸਿੰਘ ਸਰਾਂ, ਆਈ.ਏ.ਐਸ. ਨੇ 'ਬਜ਼ੁਰਗਾਂ ਦਾ ਮੁੜ ਵਸੇਬਾ : ਇਕ ਵਿਗਿਆਨਕ ਦ੍ਰਿਸ਼ਟੀਕੋਣ' ਵਿਚ ਦਰਸਾਇਆ ਹੈ ਕਿ ਬਜ਼ੁਰਗ ਆਪਣੀਆਂ ਜੜ੍ਹਾਂ ਵਾਲੀ ਥਾਂ 'ਤੇ ਰਹਿਣ ਨੂੰ ਤਰਜੀਹ ਦਿੰਦੇ ਹਨ ਨਾ ਕਿ ਐਸ਼ੋ-ਇਸ਼ਰਤ ਦੇ ਜੀਵਨ ਨੂੰ। ਅਤੇ ਡਾ: ਧਰਮਿੰਦਰ ਸਿੰਘ ਉੱਭਾ ਨੇ 'ਮਾਪਿਆਂ ਜੇਡ ਨਾ ਤੀਰਥ ਕੋਈ' ਵਿਚ ਬਹੁਮੁੱਲੇ ਵਿਚਾਰ ਪੇਸ਼ ਕੀਤੇ ਹਨ ਕਿ ਤੀਰਥਾਂ 'ਤੇ ਜਾਣ ਨਾਲੋਂ ਬਿਹਤਰ ਹੈ ਬਜ਼ੁਰਗਾਂ ਦੀ ਘਰ ਵਿਚ ਸੇਵਾ ਕਰੋ।
ਇਸ ਤੋਂ ਉਲਟ ਡਾ: ਸਾਲਿਨੀ ਗੁਪਤਾ (ਮਾਤਾ-ਪਿਤਾ ਦੇ ਬੱਚਿਆਂ ਲਈ ਵਿਸ਼ੇਸ਼ ਫ਼ਰਜ਼) ਡਾ: ਸਤੀਸ਼ ਕੁਮਾਰ ਵਰਮਾ (ਬਜ਼ੁਰਗੋ ਸਮੇਂ ਦੀ ਨਬਜ਼ ਪਛਾਣੋ...) ਅਤੇ ਡਾ: ਕਸ਼ਮੀਰ ਸਿੰਘ, ਤਰਵਿੰਦਰਜੀਤ ਕੌਰ (ਬਜ਼ੁਰਗੋ ਕੁਝ ਤੁਸੀਂ ਵੀ ਬਦਲੋ- ਲੇਖਾਂ ਵਿਚ ਦੂਸਰੇ ਪਹਿਲੂ ਉਤੇ ਵਿਚਾਰ ਪੇਸ਼ ਕੀਤੇ ਹਨ ਕਿ ਬਜ਼ੁਰਗਾਂ ਨੂੰ ਵੀ ਸਮੇਂ ਦੇ ਨਾਲ, ਬੱਚਿਆਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਣਾ ਜ਼ਰੂਰੀ ਹੈ ਜੇ ਉਹ ਸੁਖੀ ਬੁਢਾਪਾ ਬਿਤਾਉਣਾ ਚਾਹੁੰਦੇ ਹਨ ਤਾਂ। ਡਾ: ਹਰਚੰਦ ਸਿੰਘ ਸਰਹਿੰਦੀ ਨੇ ਸੇਵਾ-ਮੁਕਤ ਜ਼ਿੰਦਗੀ ਦੇ ਕੁਝ ਪਹਿਲੂਆਂ ਉਤੇ ਚਾਨਣਾ ਪਾਇਆ ਹੈ ਜਿਸ ਰਾਹੀਂ ਬਜ਼ੁਰਗ ਸੁਚੱਜਾ ਜੀਵਨ ਬਿਤਾ ਸਕਦੇ ਹਨ। ਹੋਰ ਲੇਖ ਹਨ-'ਬੱਚਿਆਂ ਤੇ ਬਜ਼ੁਰਗਾਂ ਵਿਚ ਪੀੜ੍ਹੀ-ਪਾੜਾ' ਸਾਡੇ ਵੱਡੇ ਵਡੇਰੇ, ਸੰਸਕਾਰਾਂ ਦੀ ਪਾਠਸ਼ਾਲਾ-ਸਾਡੇ ਬਜ਼ੁਰਗ, ਬੁਢਾਪੇ ਦਾ ਅਨੰਦ ਕਿਵੇਂ ਲਈਏ, ਸਾਡੀਆਂ ਦਾਦੀਆਂ, ਸਾਡੀਆਂ ਨਾਨੀਆਂ, ਬਿਰਧ ਆਸ਼ਰਮ ਵਰ ਜਾਂ ਸਰਾਪ, ਵਿਦੇਸ਼ੀ ਵਸਦੇ ਬਜ਼ੁਰਗ ਕਿੰਨੇ ਖੁਸ਼ ਕਿੰਨੇ ਉਦਾਸ, ਬਿਮਾਰੀਆਂ ਤੇ ਰੋਕਥਾਮ, ਪ੍ਰੋੜ ਅਵਸਥਾ ਤੇ ਸੰਗੀਤ, ਬਜ਼ੁਰਗ ਦੀ ਬਰਕਤ ਤੇ ਬਜ਼ੁਰਗ ਆਪਣਾ ਸਮਾਂ ਕਿਵੇਂ ਬਤੀਤ ਕਰਨ ਆਦਿ ਲੇਖ ਆਪਣੇ ਅੰਦਰ ਭਿੰਨ-ਭਿੰਨ ਵਿਸ਼ਿਆਂ 'ਤੇ ਵਿਚਾਰਧਾਰਾ ਨੂੰ ਸਮੋਈ ਬੈਠੇ ਹਨ। ਇਹ ਲੇਖ ਬਜ਼ੁਰਗ ਲੇਖਕਾਂ ਤੇ ਨੌਜਵਾਨ ਪੀੜ੍ਹੀ ਦੋਵਾਂ ਵੱਲੋਂ ਲਿਖੇ ਗਏ ਹੋਣ ਸਦਕਾ ਮਿਲਿਆ-ਜੁਲਿਆ ਪ੍ਰਤੀਕਰਮ ਹਨ ਬਜ਼ੁਰਗਾਂ ਬਾਰੇ। ਸਾਡੇ ਲੇਖਕਾਂ ਨੇ ਬਜ਼ੁਰਗਾਂ ਨੂੰ ਸਤਿਕਾਰ ਦਿਵਾਉਣ ਤੇ ਸੁਖੀ ਪਰਿਵਾਰ ਦੀ ਆਸ ਨਾਲ ਜਿਹੜੀ ਮੁਹਿੰਮ ਛੇੜੀ ਹੈ, ਉਹ ਵਧਾਈ ਤੇ ਸ਼ਲਾਘਾ ਦੇ ਹੱਕਦਾਰ ਹਨ। ਇਹ ਲੇਖ ਬਹੁਤ ਹੀ ਪ੍ਰੇਰਨਾਦਾਇਕ ਤੇ ਸਹਿਜ ਸਰਲ ਭਾਸ਼ਾ ਵਿਚ ਲਿਖੇ ਗਏ ਹਨ ਜਿਸ ਤੋਂ ਪਾਠਕ ਲਾਹਾ ਲੈਣਗੇ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਸੀ.ਆਈ.ਡੀ. ਦਾ ਬੰਦਾ
ਨਾਵਲਕਾਰ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਸਤਵੰਤ ਬੁੱਕ ਏਜੰਸੀ ਦਿੱਲੀ
ਮੁੱਲ : 200 ਰੁਪਏ, ਸਫ਼ੇ : 110

ਇਸ ਨਾਵਲ ਵਿਚ ਬਹੁਤ ਸਾਰੇ ਵਿਸ਼ੇ ਕੜੀਆਂ ਦੇ ਰੂਪ ਵਿਚ ਇਕ-ਦੂਜੇ ਵਿਚ ਸਮਾਏ ਹੋਏ ਹਨ। ਭਾਵੇਂ ਇਹ ਨਾਵਲ ਘਰੇਲੂ ਕਲੇਸ਼ ਤੋਂ ਸ਼ੁਰੂ ਹੁੰਦਾ ਹੈ। ਨਾਵਲ ਵਿਚ ਸ਼ੱਕੀ ਮਾਨਸਿਕਤਾ, ਅਨੈਤਿਕ ਸੰਬੰਧ ਅਤੇ ਵਿਸ਼ੇਸ਼ ਕਰਕੇ ਨਕਸਲਬਾੜੀ ਲਹਿਰ ਸਮੇਂ ਪੁਲਿਸ ਦੀ ਭੂਮਿਕਾ ਅਤੇ ਨਕਸਲੀ ਗਤੀਵਿਧੀਆਂ ਬਾਰੇ ਵੀ ਸੂਖਮ ਰੂਪ ਵਿਚ ਇਸ਼ਾਰੇ ਕੀਤੇ ਗਏ ਹਨ। ਇਸ ਤੋਂ ਇਲਾਵਾ ਔਰਤ ਦੀਆਂ ਅਤ੍ਰਿਪਤ ਭਾਵਨਾਵਾਂ ਵਿਚੋਂ ਪੈਦਾ ਹੋਈ ਬਦਲੇ ਦੀ ਅੱਗ ਵੀ ਨਾਵਲ ਦਾ ਵਿਸ਼ਾ ਬਣਦੀ ਹੈ।
ਨਾਵਲ ਦਾ ਮੁੱਖ ਪਾਤਰ ਰਮੇਸ਼ ਪੁਲਿਸ ਵਿਚ ਸੀ.ਆਈ.ਡੀ. ਦੇ ਮਹਿਕਮੇ ਵਿਚ ਸੇਵਾ ਨਿਭਾਅ ਰਿਹਾ ਹੈ। ਉਸ ਦਾ ਵਿਆਹ ਸ਼ੀਲਾ ਨਾਂਅ ਦੀ ਲੜਕੀ ਨਾਲ ਹੁੰਦਾ ਹੈ ਜੋ ਕਿ ਬੀ.ਐੱਡ ਦੀ ਵਿਦਿਆਰਥਣ ਹੈ ਪਰ ਮਾਪੇ ਚੰਗਾ ਵਰ ਘਰ ਲੱਭਣ ਦੀ ਖੁਸ਼ੀ ਵਿਚ ਉਸ ਦੀ ਪੜ੍ਹਾਈ ਦੀ ਵੀ ਬਲੀ ਦੇ ਦਿੰਦੇ ਹਨ ਅਤੇ ਉਸ ਦਾ ਵਿਆਹ ਕਰ ਦਿੰਦੇ ਹਨ।
ਵਿਆਹ ਤੋਂ ਬਾਅਦ ਸ਼ੀਲਾ ਦੀ ਸੱਸ ਅਤੇ ਪਤੀ ਦੇ ਜ਼ੁਲਮਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ। ਉਹ ਸ਼ੀਲਾ ਨੂੰ ਹੋਰ ਦਹੇਜ ਲਿਆਉਣ ਲਈ ਸਰੀਰਕ ਤੇ ਮਾਨਸਿਕ ਤਸੀਹੇ ਦਿੰਦੇ ਰਹਿੰਦੇ ਹਨ। ਸ਼ੀਲਾ ਦੇ ਭਰਾ ਅਨੰਤ ਨੂੰ ਦਹੇਜ ਵਿਚ ਕਾਰ ਮਿਲਣ ਤੋਂ ਬਾਅਦ ਤਾਂ ਇਸ ਦੀ ਹੱਦ ਹੀ ਹੋ ਜਾਂਦੀ ਹੈ ਕਿਉਂਕਿ ਰਮੇਸ਼ ਇਸ ਗੱਲੋਂ ਦੁਖੀ ਹੁੰਦਾ ਹੈ ਕਿ ਉਸ ਦੇ ਸੁਹਰਿਆਂ ਨੇ ਉਸ ਨੂੰ ਸਕੂਟਰ ਤੱਕ ਨਹੀਂ ਦਿੱਤਾ। ਇਸ ਕਰਕੇ ਮਾਂ-ਪੁੱਤ ਰੱਜ ਕੇ ਸ਼ੀਲਾ ਨੂੰ ਕੁੱਟਦੇ ਮਾਰਦੇ ਰਹਿੰਦੇ ਹਨ। ਨੌਕਰੀ ਦੇ ਸਬੰਧ ਵਿਚ ਅਕਸਰ ਰਮੇਸ਼ ਨੂੰ ਬਾਹਰ ਜਾਣਾ ਪੈਂਦਾ ਹੈ ਅਤੇ ਉਹ ਮੈਨਾ ਨਾਂਅ ਦੀ ਲੜਕੀ ਨਾਲ ਅਨੈਤਿਕ ਸੰਬੰਧ ਵੀ ਕਾਇਮ ਕਰ ਲੈਂਦਾ ਹੈ।
ਨਾਵਲਕਾਰ ਨੇ ਸਾਰੇ ਹੀ ਨਾਵਲ ਵਿਚ ਬਿਰਤਾਂਤ ਨੂੰ ਪਿਛਲ ਝਾਤ ਦੀ ਵਿਧੀ ਦੁਆਰਾ, ਵਰਣਾਤਮਕ ਵਿਧੀ ਦੁਆਰਾ ਅਤੇ ਚੇਤਨਾ ਪ੍ਰਵਾਹ ਰਾਹੀਂ ਵੀ ਸਰੂਪ ਦਿੱਤਾ ਹੈ। ਇਸ ਨਾਲ ਨਾਵਲ ਨੂੰ ਪੜ੍ਹਦਿਆਂ ਪਾਠਕ ਨਾਵਲ ਨਾਲ ਸ਼ੁਰੂ ਤੋਂ ਅੰਤ ਤੱਕ ਜੁੜਿਆ ਰਹਿੰਦਾ ਹੈ ਪਰ ਅੰਤ ਤੇ ਸ਼ਾਲੀ ਦੇ ਪਿਤਾ ਦਾ ਰੋਹਮਈ ਅਤੇ ਸੂਰਮਗਤੀ ਵਾਲਾ ਸੁਭਾਅ ਨਾਵਲ ਵਿਚ ਪਹਿਲਾਂ ਕਿਤੇ ਵੀ ਦਿਖਾਈ ਨਹੀਂ ਦਿੰਦਾ। ਉਹ ਸ਼ੀਲਾ ਦੁਆਰਾ ਭੇਜੇ ਸੁਨੇਹੇ ਤੇ ਉਸ ਦੇ ਸਹੁਰੇ ਘਰ ਜਾ ਕੇ ਆਪਣੇ ਜਵਾਈ ਦੀ ਕੁੱਟਮਾਰ ਵੀ ਕਰਦਾ ਹੈ ਅਤੇ ਸ਼ੀਲਾ ਨੂੰ ਆਪਣੇ ਨਾਲ ਪੇਕੇ ਵਾਪਸ ਵੀ ਲੈ ਆਉਂਦਾ ਹੈ।
ਇਸ ਤੋਂ ਪਿੱਛੋਂ ਕਹਾਣੀ ਪਰੰਪਰਕ ਨਾਵਲ ਵਾਂਗ ਸੁਖਾਂਤਕ ਅੰਤ ਵੱਲ ਵਧਦੀ ਹੈ, ਜਿਸ ਦੌਰਾਨ ਸ਼ੀਲਾ ਬੀ.ਐੱਡ ਵੀ ਪੂਰੀ ਕਰਦੀ ਹੈ, ਨੌਕਰੀ 'ਤੇ ਲਗਦੀ ਤੇ ਨਾਵਲ ਦਾ ਅੰਤ ਹੁੰਦਾ ਹੈ। ਨਾਵਲਕਾਰ ਨਾਵਲ ਦੇ ਅਖੀਰ 'ਤੇ ਘਟਨਾਵਾਂ ਤੇਜ਼ੀ ਨਾਲ ਸਮੇਟ ਕੇ ਨਾਵਲ ਨੂੰ ਖ਼ਤਮ ਕਰ ਦਿੰਦਾ ਹੈ। 'ਸੀ.ਆਈ.ਡੀ. ਦਾ ਬੰਦਾ' ਡਾ: ਅਮਰਜੀਤ ਸਿੰਘ ਦਾ ਅਜਿਹਾ ਨਾਵਲ ਹੈ, ਜੋ ਸਮਾਜਿਕ ਸਮੱਸਿਆ ਦੇ ਨਾਲ-ਨਾਲ ਰਾਜਨੀਤਕ ਵਾਤਾਵਰਨ ਨੂੰ ਵੀ ਪੇਸ਼ ਕਰਦਾ ਹੈ ਅਤੇ ਪਾਠਕਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਡਾ: ਅਮਰਜੀਤ ਸਿੰਘ ਇਸ ਰਚਨਾ ਲਈ ਵਧਾਈ ਦਾ ਹੱਕਦਾਰ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

ਗ਼ਦਰੀ ਬਾਬੇ ਕੌਣ ਸਨ?
ਲੇਖਕ : ਅਜਮੇਰ ਸਿੰਘ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 450 ਰੁਪਏ, ਸਫ਼ੇ : 320.

ਗ਼ਦਰ ਲਹਿਰ ਦੇ ਇਤਿਹਾਸ ਬਾਰੇ ਨਵੀਂ ਚਰਚਾ ਛੇੜਨ ਵਾਲੀ ਅਜਮੇਰ ਸਿੰਘ ਦੀ ਇਹ ਪੁਸਤਕ ਰਾਜਨੀਤਕ ਤੇ ਇਤਿਹਾਸਕ ਪੈਂਤੜਿਆਂ ਤੋਂ ਓਨੀ ਕਾਰਗਰ ਸਾਬਤ ਨਹੀਂ ਹੋਈ, ਜਿੰਨੀ ਇਸ ਦੇ ਪ੍ਰਕਾਸ਼ਿਤ ਹੋਣ ਸਮੇਂ ਚਰਚਾ ਸੀ। ਲੇਖਕ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਵੱਖ-ਵੱਖ ਇਤਿਹਾਸਕ ਹਵਾਲਿਆਂ ਰਾਹੀਂ ਦੇਸ਼ ਭਗਤ ਗ਼ਦਰੀ ਬਾਬਿਆਂ ਨੂੰ ਇਕ ਵਿਸ਼ੇਸ਼ ਫ਼ਿਰਕੇ ਦੇ ਵਿਅਕਤੀ ਵਿਸ਼ੇਸ਼ ਬਣਾ ਕੇ ਪੇਸ਼ ਕੀਤਾ ਹੈ। ਇਸ ਸਭ ਕੁਝ ਦੇ ਪਿੱਛੇ ਉਸ ਦੇ ਕਈ ਰਾਜਸੀ ਸਵਾਰਥ ਛੁਪੇ ਹੋਏ ਹਨ। ਇਕ ਗੱਲ ਸਪੱਸ਼ਟ ਤੇ ਠੋਸ ਹੈ ਕਿ ਗ਼ਦਰੀ ਬਾਬੇ ਕੋਈ ਸਾਧਾਰਨ ਜਿਹੇ ਆਮ ਰਾਜਸੀ ਕਾਰਕੁਨ ਨਹੀਂ ਸਨ। ਉਨ੍ਹਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਬੜੀ ਡੂੰਘੀ ਭਰੀ ਹੋਈ ਸੀ। ਇਸ ਬਾਰੇ ਉਹ ਬਹੁਤ ਸਪੱਸ਼ਟ ਸਨ। ਗ਼ਦਰ ਲਹਿਰ ਬਾਰੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ।
ਵਰਨਣਯੋਗ ਹੈ ਕਿ ਗ਼ਦਰੀ ਬਾਬੇ ਆਪਣੇ ਲੰਮੇ ਸੰਘਰਸ਼ ਵਿਚ ਧਾਰਮਿਕ ਹੁੰਦੇ ਹੋਏ ਵੀ ਧਰਮ-ਨਿਰਪੱਖ ਪੈਂਤੜੇ ਲੈਂਦੇ ਰਹੇ ਹਨ। ਉਨ੍ਹਾਂ ਨੂੰ ਕੇਵਲ ਸਿੱਖ ਸਾਬਤ ਕਰਕੇ ਉਨ੍ਹਾਂ ਦੇ ਮਾਣ-ਸਤਿਕਾਰ ਵਿਚ ਕੋਈ ਵਾਧਾ ਨਹੀਂ ਹੋ ਜਾਂਦਾ ਅਤੇ ਇਹ ਪੁਸਤਕ ਵਿਚ ਨਵੇਂ ਸਿਰੇ ਤੋਂ ਇਕ ਵੱਖਰੀ ਬਹਿਸ ਛੇੜਨ ਦਾ ਉਪਰਾਲਾ ਕੀਤਾ ਗਿਆ ਹੈ। ਸਮੁੱਚੇ ਭਾਰਤ ਦੇ ਪ੍ਰਸੰਗ ਵਿਚ ਆਪਣੀ ਧਾਰਮਿਕ ਸ਼ਰਧਾ ਵਿਚ ਪੂਰੇ ਹੁੰਦੇ ਹੋਏ ਵੀ ਗ਼ਦਰੀ ਬਾਬੇ ਸਾਰੇ ਹਿੰਦੁਸਤਾਨ ਦੀ ਸਾਂਝੀ ਵਿਰਾਸਤ ਹਨ, ਜਿਨ੍ਹਾਂ ਉਤੇ ਅਸੀਂ ਸਾਰੇ ਮਾਣ ਕਰਦੇ ਹਾਂ। ਕਿਉਂਕਿ ਗ਼ਦਰ ਲਹਿਰ ਦੀ ਵਿਰਾਸਤੀ ਮਹਾਨਤਾ ਉਸ ਦੇ ਅਮਲਾਂ ਵਿਚ ਨਿਹਿਤ ਹੈ, ਸੂਰਤ ਵਿਚ ਨਹੀਂ। ਇਸ ਲਈ ਗ਼ਦਰ ਲਹਿਰ ਦੀ ਮਹਾਨ ਵਿਰਾਸਤ ਅਜਿਹੀਆਂ ਸੰਕੀਰਣ ਗੱਲਾਂ ਤੋਂ ਬਹੁਤ ਉੱਚੀ ਹੈ। ਗ਼ਦਰੀ ਬਾਬੇ ਵੱਖ-ਵੱਖ ਧਰਮਾਂ, ਸੱਭਿਆਚਾਰਾਂ ਆਦਿ ਦੇ ਬਾਰੇ ਬਹੁਤ ਸਪੱਸ਼ਟ ਸਨ। ਸੁੰਦਰ ਦਿੱਖ ਵਿਚ ਛਪੀ ਇਹ ਪੁਸਤਕ ਪਾਠਕਾਂ ਦਾ ਧਿਆਨ ਖਿੱਚਦੀ ਹੈ।

ਮੈਂ...
ਲੇਖਿਕਾ : ਕਵਿਤਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 96.

ਹਥਲਾ ਕਾਵਿ ਸੰਗ੍ਰਹਿ 'ਮੈਂ' ਕਵਿਤਾ ਨਾਂਅ ਦੀ ਕਵਿਤਰੀ ਦਾ ਲਿਖਿਆ ਹੋਇਆ ਹੈ। ਪੰਜਾਬੀ ਕਾਵਿ ਜਗਤ ਵਿਚ ਪ੍ਰਵੇਸ਼ ਕਰਨ ਵਾਲੀ ਇਹ ਨਵੀਂ ਕਵਿਤਰੀ ਹੈ। ਇਸ ਸੰਗ੍ਰਹਿ ਦੇ ਸ਼ੁਰੂ ਵਿਚ ਡਾ: ਬਲਜੀਤ ਕੌਰ ਨੇ ਆਸ਼ੀਰਵਾਦੀ ਲਹਿਜੇ ਵਿਚ ਕਵਿਤਰੀ ਦੀ ਹੌਸਲਾ-ਅਫ਼ਜ਼ਾਈ ਕੀਤੀ ਹੈ। ਡਾ: ਇਕਬਾਲ ਕੌਰ ਨੇ ਕਵਿਤਰੀ ਦੀਆਂ ਕਵਿਤਾਵਾਂ ਵਿਚ ਉਸ ਦੇ ਕਾਵਿ-ਮੁਹਾਵਰੇ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈ। ਟਾਈਟਲ ਸਫ਼ੇ ਉਤੇ ਡਾ: ਆਤਮ ਰੰਧਾਵਾ ਨੇ ਕਵਿਤਰੀ ਨੂੰ ਹੱਲਾਸ਼ੇਰੀ ਦਿੰਦਿਆਂ ਉਸ ਦੀ ਕਵਿਤਾ ਵਿਚ ਔਰਤ ਪ੍ਰਤੀ ਮਸਲਿਆਂ ਨੂੰ ਪੇਸ਼ ਕਰਨ ਦੀ ਪ੍ਰਸੰਸਾ ਕੀਤੀ ਹੈ।
ਸਾਰਾ ਸੰਗ੍ਰਹਿ ਪੜ੍ਹਨ ਤੋਂ ਬਾਅਦ ਇਹ ਪ੍ਰਤੀਤ ਹੁੰਦਾ ਹੈ ਕਿ ਕਵਿਤਰੀ ਨੇ ਅਜੇ ਕਵਿਤਾ ਲਿਖਣੀ ਅਰੰਭ ਹੀ ਕੀਤੀ ਹੈ। ਪਰਪੱਕਤਾ ਤਾਂ ਉਸ ਵੇਲੇ ਹੀ ਉਸ ਦੀ ਕਵਿਤਾ ਵਿਚ ਪ੍ਰਵੇਸ਼ ਕਰੇਗੀ, ਜਦੋਂ ਉਹ ਆਪਣੀ 'ਮੈਂ' ਨੂੰ ਪਾਸੇ ਰੱਖ ਕੇ ਸਮਾਜਿਕ ਮਸਲਿਆਂ ਨੂੰ ਪੇਸ਼ ਕਰਨ ਦਾ ਯਤਨ ਕਰੇਗੀ। ਕਵਿਤਾ ਕੇਵਲ ਨਿੱਜ ਦਾ ਪ੍ਰਗਟਾਵਾ ਨਹੀਂ ਹੁੰਦੀ, ਇਹ ਆਲੇ-ਦੁਆਲੇ ਫੈਲੇ ਬੇਰਹਿਮ ਵਰਤਾਰਿਆਂ ਨੂੰ ਪ੍ਰਤੀਬਿੰਬਤ ਵੀ ਕਰਦੀ ਹੈ। ਉਸ ਦੀ ਕਵਿਤਾ ਦਾ ਅਰੰਭ ਬੜਾ ਹੌਸਲਾ-ਵਧਾਊ ਹੈ ਤੇ ਉਸ ਦੀਆਂ ਰਚਨਾਵਾਂ ਵਿਚ ਕਾਵਿਕ ਛੋਹਾਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਉਸ ਨੇ ਆਪਣੀ ਕਵਿਤਾ (ਕਾਵਿ-ਸੰਵੇਦਨਾ) ਰਾਹੀਂ ਇਸਤਰੀ ਮਨ ਦੀਆਂ ਪ੍ਰਸਥਿਤੀਆਂ ਦੇ ਵਿਭਿੰਨ ਪਾਸਾਰਾਂ ਦੀ ਪੇਸ਼ਕਾਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਸ ਹੈ ਕਿ ਉਹ ਇਸ ਸੰਗ੍ਰਹਿ ਤੋਂ ਅੱਗੇ ਆਪਣੇ ਕਾਵਿ ਖੇਤਰ ਨੂੰ ਹੋਰ ਵਿਸ਼ਾਲ ਕਰਦੀ ਹੋਈ, ਆਲੇ-ਦੁਆਲੇ ਦੀਆਂ ਗੰਭੀਰ ਚੁਣੌਤੀਆਂ ਨੂੰ ਪੇਸ਼ ਕਰਨ ਦੇ ਰਾਹ ਤੁਰੇਗੀ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਪੰਜਾਬੀ ਪਿੰਗਲ
ਲੇਖਕ : ਡਾ: ਜਸਵੰਤ ਬੇਗੋਵਾਲ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 250 ਰੁਪਏ, ਸਫ਼ੇ : 224.

ਵਾਰਿਸ ਕਹਿੰਦਾ ਹੈ : ਇਲਮ ਸ਼ਾਇਰੀ ਦਾ ਜਿਸ ਨੂੰ ਪਤਾ ਨਾਹੀਂ ਉਸ ਨੂੰ ਇਲਮ ਅਰੂਜ਼ ਪੜ੍ਹਾਈਏ ਜੀ। ਸੰਸਕ੍ਰਿਤ, ਹਿੰਦੀ ਤੇ ਪੰਜਾਬੀ ਵਿਚ ਛੰਦ-ਸ਼ਾਸਤਰ ਦਾ ਇਲਮ ਪਿੰਗਲ ਦੇ ਨਾਂਅ ਨਾਲ ਪ੍ਰਸਿੱਧ ਹੈ। ਕਵਿਤਾ ਵਿਚ ਛੰਦ, ਸੰਗੀਤ, ਤੋਲ ਤੁਕਾਂਤ ਤੇ ਮਾਤ੍ਰਾਵਾਂ ਦੇ ਹਿਸਾਬ ਕਿਤਾਬ ਵਾਲੀ ਕਵਿਤਾ ਪਾਠਕ ਵਰਗ ਵਿਚ ਦੇਰ ਤੱਕ ਬੜੀ ਮਕਬੂਲ ਰਹੀ ਹੈ। ਖੁੱਲ੍ਹੀ ਕਵਿਤਾ ਦੇ ਨਾਂਅ ਹੇਠ ਪ੍ਰਤਿਭਾਸ਼ੀਲ ਕਵੀਆਂ ਦੀ ਖੁੱਲ੍ਹ ਕੇ ਕਾਵਿ ਪ੍ਰਤਿਭਾ ਤੇ ਯੋਗਤਾ ਪੱਖੋਂ ਊਣੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਕਵਿਤਾ ਦੇ ਨਾਂਅ ਹੇਠ ਕੁਝ ਵੀ ਲਿਖਣ ਦਾ ਲਾਈਸੈਂਸ ਦੇ ਦਿੱਤਾ। ਪੈਸੇ ਦੇ ਕੇ ਆਪਣੀ ਇਸ ਕਵਿਤਾ ਦੇ ਸੰਗ੍ਰਹਿ ਛਾਪ ਕੇ ਲੋਕ ਪ੍ਰਸ਼ਾਦ ਵਾਂਗ ਵੰਡ ਕੇ ਸਾਹਿਤਕ ਸੇਵਾ ਵਿਚ ਲੱਗ ਗਏ। ਪਿੰਗਲ ਨਾਲ ਉਨ੍ਹਾਂ ਦਾ ਕੋਈ ਲਾਗਾ ਦੇਗਾ ਨਹੀਂ। ਚੰਗਾ ਹੋਵੇ ਜੇ ਉਹ ਇਸ ਕਿਤਾਬ ਨੂੰ ਪੜ੍ਹਨ ਉਤੇ ਰਤਾ ਨੂੰ ਕੁ ਸਮਾਂ ਲਾ ਦੇਣ। ਉਨ੍ਹਾਂ ਦੀ ਕਵਿਤਾ ਲੋਕਾਂ ਦੇ ਪੜ੍ਹਨ ਮਾਣਨ ਵਾਲੀ ਬਣ ਜਾਵੇ ਸ਼ਾਇਦ ਉਨ੍ਹਾਂ ਦੇ ਇਸ ਕਦਮ ਨਾਲ।
ਡਾ: ਜਸਵੰਤ ਬੇਗੋਵਾਲ ਸਾਹਿਤ ਦਾ ਅਧਿਆਪਕ ਹੈ। ਉਸ ਨੇ ਪਿੰਗਲ ਬਾਰੇ ਇਹ ਪੁਸਤਕ ਸਰਲ ਤੇ ਸਮਝ ਆਉਣ ਵਾਲੇ ਤਰੀਕੇ ਨਾਲ ਲਿਖੀ ਹੈ। ਪਰਿਭਾਸ਼ਾਵਾਂ, ਟੂਕਾਂ ਤੇ ਉਦਾਹਰਨਾਂ ਹਨ। ਛੰਦਾਂ, ਮਾਤ੍ਰਾਵਾਂ, ਸਾਹਿਤ ਰੂਪਾਂ, ਰੁਕਨਾਂ, ਬਹਿਰਾਂ ਤੱਕ ਦਾ ਜ਼ਿਕਰ ਹੈ। ਵਰਣਿਕ ਤੇ ਮਾਤ੍ਰਕ ਛੰਦਾਂ ਦੀ ਜਾਣਕਾਰੀ ਹੈ। ਕਵਿਤਾ ਦੇ ਤੱਤਾਂ, ਭਾਸ਼ਾ, ਪ੍ਰਤੀਕਾਂ, ਰਸਾਂ, ਬਿੰਬਾਂ, ਅਲੰਕਾਰਾਂ ਤੇ ਸ਼ਬਦ ਸ਼ਕਤੀਆਂ ਦੀ ਵਿਆਖਿਆ ਹੈ। ਸਾਧਾਰਨ ਵਰਤੇ ਜਾਂਦੇ ਬੈਂਤ, ਦੋਹਰੇ, ਸੋਰਭੇ, ਚੌਪਈ, ਦਵਈਏ ਛੰਦਾਂ ਤੋਂ ਲੈ ਕੇ ਤ੍ਰਿਭੰਗੀ, ਅੜਿਲ, ਭੁਜੰਗ ਪ੍ਰਯਾਤ, ਹੰਸ ਗਤੀ, ਕਬਿਤ, ਕੋਰੜੇ, ਛਪੈ ਤੇ ਨਰਾਜ ਵਰਗੇ ਛੰਦਾਂ ਦੀ ਉਦਾਹਰਨ ਸਹਿਤ ਵਿਆਖਿਆ ਲੇਖਕ ਨੇ ਕੀਤੀ ਹੈ। ਇਕ ਉਕਾਈ ਪਤਾ ਨਹੀਂ ਕਿਵੇਂ ਲੇਖਕ ਕਰ ਗਿਆ ਹੈ। ਸੁਰਿੰਦਰ ਸਿੰਘ ਕੋਹਲੀ ਦੇ ਲਿਖੇ ਕਿਸੇ ਮਹਾਂਕਾਵਿ ਦਾ ਦਰਸ਼ਨ ਮੈਂ ਨਹੀਂ ਕੀਤਾ। ਕਿਤਾਬ ਇਕ ਨਹੀਂ ਤਿੰਨ ਮਹਾਂਕਾਵਿ ਕੋਹਲੀ ਦੇ ਲਿਖੇ ਦੱਸ ਰਹੀ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਗਾਥਾ ਗ਼ਦਰੀਆਂ ਦੀ...
ਸੰਪਾਦਕ : ਮਨਦੀਪ ਅਤੇ ਰਣਦੀਪ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 128.

'ਗਾਥਾ ਗ਼ਦਰੀਆਂ ਦੀ' ਮਨਦੀਪ ਅਤੇ ਰਣਦੀਪ ਦੁਆਰਾ ਸੰਪਾਦਿਤ ਇਕ ਅਜਿਹੀ ਦਸਤਾਵੇਜ਼ੀ ਪੁਸਤਕ ਹੈ, ਜਿਸ ਵਿਚ ਸੌ ਵਰ੍ਹੇ ਪਹਿਲਾਂ ਭਾਰਤ ਦੀ ਆਜ਼ਾਦੀ ਲਈ ਜਾਨਾਂ ਹੂਲਣ ਵਾਲੇ ਉਨ੍ਹਾਂ ਸਿਰਲੱਥ ਗ਼ਦਰੀ ਇਨਕਲਾਬੀ ਦੇਸ਼ ਭਗਤਾਂ ਦੀਆਂ ਸੰਖੇਪ ਜੀਵਨੀਆਂ ਸ਼ਾਮਿਲ ਕੀਤੀਆਂ ਗਈਆਂ ਹਨ।
ਇਸ ਪੁਸਤਕ ਵਿਚ ਗ਼ਦਰ ਪਾਰਟੀ ਦੇ ਰੂਹੇ-ਰਵਾਂ ਬਾਬਾ ਸੋਹਣ ਸਿੰਘ ਭਕਨਾ, ਰਤਨ ਸਿੰਘ ਰਾਏਪੁਰ ਡੱਬਾ, ਬਾਬਾ ਜਵਾਲਾ ਸਿੰਘ ਠੱਠੀਆਂ, ਸ਼ਹੀਦ ਬਾਬਾ ਬੂਝਾ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਬਾਬਾ ਹਰਨਾਮ ਸਿੰਘ ਟੁੰਡੀ ਲਾਟ, ਬਾਬਾ ਹਰੀ ਸਿੰਘ ਉਸਮਾਨ, ਬਾਬਾ ਸ਼ੇਰ ਸਿੰਘ ਵੇਈਂ-ਪੂਈਂ, ਬਾਬਾ ਵਸਾਖਾ ਸਿੰਘ (ਦਦੇਹਰ), ਕ੍ਰਾਂਤੀਕਾਰੀ ਮੈਡਮ ਕਾਮਾ, ਵਿਸ਼ਣੂ ਗਣੇਸ਼ ਪਿੰਗਲੇ, ਰਹਿਮਤ ਅਲੀ ਵਜੀਦ-ਕੇ, ਭਾਗ ਸਿੰਘ ਕੈਨੇਡੀਅਨ, ਬਾਬੂ ਤਾਰਕਨਾਥ ਦਾਸ, ਸੂਫ਼ੀ ਅੰਬਾ ਪ੍ਰਸਾਦ ਬਾਬਾ ਸੰਤਾ ਸਿੰਘ ਗੰਡੀਵਿੰਡ, ਬਾਬਾ ਇੰਦਰ ਸਿੰਘ ਵੇਰਕਾ, ਬਾਬਾ ਭਾਨ ਸਿੰਘ ਸੁਨੇਤ, ਸ਼ਹੀਦ ਜਗਤ ਸਿੰਘ, ਬਾਬਾ ਗੁਰਦਿੱਤ ਸਿੰਘ, ਸ਼ਹੀਦ ਬੰਤਾ ਸਿੰਘ ਸੰਘਵਾਲ, ਲਾਲਾ ਰਾਮ ਸ਼ਰਨ ਦਾਸ ਤਲਵਾੜ, ਭਾਈ ਅਰਜਨ ਸਿੰਘ ਜਗਰਾਓਂ, ਢੁੱਡੀਕੇ ਦੇ ਗ਼ਦਰੀ ਬਾਬੇ, ਸ਼ਹੀਦ ਰਾਮ ਰੱਖਾ ਬਾਲੀ, ਸ਼ਹੀਦ ਕਾਂਸ਼ੀ ਰਾਮ ਮੜੌਲੀ, ਡਾਕਟਰ ਮਥਰਾ ਸਿੰਘ, ਠਾਕੁਰ ਦਾਸ ਧੂਰਾ (ਗੁਲਾਮ ਹੁਸੈਨ), ਜੀਵਨ ਸਿੰਘ ਦੌਲਾ ਸਿੰਘ ਵਾਲਾ, ਤੇਜਾ ਸਿੰਘ ਸੁਤੰਤਰ, ਬਾਬਾ ਨਿਧਾਨ ਸਿੰਘ ਚੁੱਘਾ, ਬਾਬਾ ਗੁਰਮੁਖ ਸਿੰਘ ਲਲਤੋਂ ਅਤੇ ਬਾਬਾ ਕੇਸਰ ਸਿੰਘ ਗ਼ਦਰ ਲਹਿਰ ਦੇ ਸਿਰਲਧ ਯੋਧਿਆਂ ਦੀਆਂ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀਆਂ ਅਮੁਲ ਜੀਵਨੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਉਥੇ ਇਨ੍ਹਾਂ ਤੋਂ ਇਲਾਵਾ 83 ਗ਼ਦਰੀ ਸ਼ਹੀਦਾਂ ਦੀਆਂ ਅਤੀ ਸੰਖੇਪ ਜੀਵਨੀਆਂ ਵੀ ਇਸ ਪੁਸਤਕ ਦਾ ਭਾਗ ਬਣਾਈਆਂ ਗਈਆਂ ਹਨ। ਸੂਝਵਾਨ ਸੰਪਾਦਕਾਂ ਨੇ ਪੁਸਤਕ ਦੀ ਅੰਤਿਕਾ ਵਿਚ ਗ਼ਦਰੀ ਸ਼ਹੀਦਾਂ ਨਾਲ ਸਬੰਧਤ ਮਹੱਤਵਪੂਰਨ ਤਰੀਕਾਂ ਦੀ ਸਾਰਣੀ ਦੇ ਕੇ ਬਹੁਤ ਹੀ ਮਹੱਤਵਪੂਰਨ ਕਾਰਜ ਕੀਤਾ ਹੈ, ਜਿਸ ਸਦਕਾ ਇਹ ਪੁਸਤਕ ਇਕ ਮਹੱਤਵਪੂਰਨ ਦਸਤਾਵੇਜ਼ ਬਣ ਗਈ ਹੈ। ਇਹ ਜੀਵਨੀਆਂ ਸਾਡੀ ਵਿਰਾਸਤ ਦਾ ਅਮੁੱਲ ਸਰਮਾਇਆ ਹਨ-ਸਾਡਾ ਦੇਸ਼ ਅੱਜ ਵੀ ਗ਼ਦਰ ਲਹਿਰ ਸਮੇਂ ਦੇ ਹਾਲਾਤ ਵਿਚੋਂ ਲੰਘ ਰਿਹਾ ਹੈ। ਸਰਮਾਏਦਾਰੀ ਦਾ ਦੈਂਤ ਜਨ-ਸਾਧਾਰਨ ਨੂੰ ਨਿਗਲ ਰਿਹਾ ਹੈ-ਅਜੋਕੇ ਪਤਨ ਹੋਏ ਸਮਾਜਿਕ-ਰਾਜਨੀਤਕ ਹਾਲਾਤ ਵਿਚ ਗ਼ਦਰ ਲਹਿਰ ਦੇ ਮਿਸ਼ਨ ਨੂੰ ਸਮਝਣਾ ਤੇ ਇਸ 'ਤੇ ਪਹਿਰਾ ਦੇਣਾ ਸਮੇਂ ਦੀ ਲੋੜ ਹੈ। ਸੰਪਾਦਕਾਂ ਨੇ ਇਸ ਪੁਸਤਕ ਰਾਹੀਂ ਗ਼ਦਰੀ ਬਾਬਿਆਂ ਦੀਆਂ ਸੰਖੇਪ ਜੀਵਨੀਆਂ ਪਾਠਕਾਂ ਦੇ ਸਨਮੁੱਖ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ।

-ਸੁਖਦੇਵ ਮਾਦਪੁਰੀ
ਮੋ: 94630-34472

ਪਿਛਲਾ ਪਿੰਡ
ਲੇਖਕ : ਹਰਭਜਨ ਸਿੰਘ ਹੁੰਦਲ
ਪ੍ਰਕਾਸ਼ਕ : ਐਮ.ਪੀ. ਪ੍ਰਕਾਸ਼ਨ, ਦਿੱਲੀ
ਮੁੱਲ : 300 ਰੁਪਏ, ਸਫ਼ੇ : 142.

ਜਦੋਂ ਵੀ ਕੋਈ ਪੰਜਾਬੀ ਲੇਖਕ ਪਿੰਡ ਬਾਰੇ ਲਿਖਦਾ ਹੈ ਤਾਂ ਆਪਣੇ ਪਿੰਡ ਦੀ ਗੱਲ ਕਰਦਾ-ਕਰਦਾ ਉਹ ਤਤਕਾਲੀਨ ਪੰਜਾਬੀ ਸੱਭਿਆਚਾਰ ਨੂੰ ਸਹਿਜ ਸੁਭਾਅ ਹੀ ਉਲੀਕ ਜਾਂਦਾ ਹੈ। ਭਾਵੇਂ ਉਹ 'ਮੇਰਾ ਪਿੰਡ' ਦਾ ਲੇਖਕ ਗਿਆਨੀ ਗੁਰਦਿੱਤ ਸਿੰਘ ਹੋਵੇ ਜਾਂ 'ਮੇਰਾ ਨਾਨਕਾ ਪਿੰਡ' ਦਾ ਲੇਖਕ ਵਣਜਾਰਾ ਬੇਦੀ। ਇਵੇਂ ਹੀ ਸਤਿਕਾਰਿਤ ਬਜ਼ੁਰਗ ਲੇਖਕ ਹਰਭਜਨ ਸਿੰਘ ਹੁੰਦਲ ਦੀ ਚਰਚਾ 'ਪਿਛਲਾ ਪਿੰਡ' ਵਿਚੋਂ ਤਤਕਾਲੀਨ ਸਮਾਜਿਕ ਦ੍ਰਿਸ਼ ਭਰਵੇਂ ਰੂਪ ਵਿਚ ਉਜਾਗਰ ਹੁੰਦਾ ਹੈ।
ਇਸ ਰਚਨਾ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਲੇਖਕ ਦੀ ਬਚਪਨ ਦੇ 13 ਵਰ੍ਹਿਆਂ ਦੀ ਸਵੈ-ਜੀਵਨੀ ਹੋ ਨਿਬੜੀ ਹੈ। ਬਚਪਨ ਦੀ ਮਾਨਸਿਕਤਾ, ਬਾਬੇ ਦੀਆਂ ਬਾਤਾਂ, ਅਧਿਆਪਕ ਦੀ ਸੇਵਾ ਦਾ ਚਾਅ, ਵੱਡਿਆਂ ਦੀਆਂ ਗੱਲਾਂ ਸੁਣਨ ਦਾ ਚਾਅ, ਘੂਰਨ 'ਤੇ ਦੌੜ ਜਾਣਾ, ਘਰ ਦੇ ਕਿਸੇ ਜੀਅ ਨਾਲ ਹੁੰਦੇ ਵਿਤਕਰੇ ਨੂੰ ਨੋਟ ਕਰਨਾ, ਇੱਲਤੀਆਂ ਦਾ ਸਾਥ ਆਦਿ ਅਨੇਕਾਂ ਰੂਪਾਂ ਵਿਚ ਲੇਖਕ ਦੇ ਬਾਲ ਮਨ ਦੇ ਦਰਸ਼ਨ ਹੁੰਦੇ ਹਨ। ਰਚਨਾ ਵਿਚ ਨਾਨਕਿਆਂ ਦਾ ਚਾਅ ਵੀ ਬਾਲ ਮਨ ਵਿਚ ਵਿਖਾਈ ਦਿੰਦਾ ਹੈ। ਰਚਨਾ ਕਿਧਰੇ ਕਾਲਕ੍ਰਮਿਕ ਹੈ, ਕਿਧਰੇ ਨਹੀਂ ਵੀ। ਲੇਖਕ ਦੀ ਆਪਣੇ ਗੁੰਮਨਾਮ ਅਧਿਆਪਕ ਪ੍ਰਤੀ ਸ਼ਰਧਾ ਤੋਂ ਬਿਨਾਂ ਆਪਣੇ ਪਰਿਵਾਰ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਵਿਸ਼ੇਸ਼ਤਾ ਇਹ ਕਿ ਇਹ ਸ਼ਹੀਦਾਂ ਦਾ ਪਰਿਵਾਰ ਸੀ। ਦਾਦੀ ਦੀ ਘਰ ਵਿਚ ਦਹਿਸ਼ਤ ਤੋਂ ਪਰਿਵਾਰ ਦਾ ਹਰ ਜੀਅ ਡਰਦਾ ਸੀ।
ਹੁੰਦਲ ਨੇ ਆਪਣੀ ਜਨਮ ਭੂਮੀ ਤਿਆਗਣ ਦਾ ਬੜਾ ਹਿਰਦੇਵੇਦਕ ਵਰਨਣ ਕੀਤਾ ਹੈ, ਜਿਸ ਨਾਲ ਪਾਠਕ ਦਾ ਦ੍ਰਵਿਤ ਹੋਣਾ ਸੁਭਾਵਿਕ ਹੈ। ਯਤਨ ਕਰਨ ਦੇ ਬਾਵਜੂਦ ਉਹ ਮੁੜ ਕੇ ਆਪਣਾ 'ਪਿਛਲਾ ਪਿੰਡ' ਨਹੀਂ ਵੇਖ ਸਕਿਆ। ਕੁਝ ਪਾਕਿਸਤਾਨੀ ਮਿੱਤਰਾਂ ਨੇ ਉਸ ਪਿੰਡ ਦੀਆਂ ਫੋਟੋਆਂ ਲੈ ਕੇ ਜ਼ਰੂਰ ਭੇਜੀਆਂ ਹਨ। ਲੇਖਕ ਆਪਣੀ ਲੰਮੇਰੀ ਕਵਿਤਾ ਵਿਚ ਇਸ ਦਰਦ ਨੂੰ ਇੰਜ ਰੂਪਮਾਨ ਕਰਦਾ ਹੈ 'ਵਿਹੜੇ ਪੈਰ ਪਾ ਝਾਤ ਹੀ ਮਾਰਨੀ ਸੀ, ਅਸਾਂ ਕਿਸੇ ਦਾ ਕੀ ਵਿਗਾੜਨਾ ਸੀ।'
ਰਚਨਾ ਵਿਚ ਅਨੇਕਾਂ ਥਾਵਾਂ 'ਤੇ ਦੁਹਰਾਅ ਆ ਗਿਆ ਹੈ। ਪੰਨਾ 75 'ਤੇ ਮਾਤਾ ਪਿੰਡ ਨੂੰ ਛੱਡਣ ਸਮੇਂ ਘਰ ਦੀਆਂ ਚਾਬੀਆਂ 'ਜੁੰਮੇ ਮੋਚੀ' ਨੂੰ ਸੌਂਪਦੀ ਹੈ। ਪੰਨਾ 103 'ਤੇ ਚਾਬੀ ਮਾਂ ਨੇ ਜੇਬ ਵਿਚ ਪਾ ਲਈ। ਪੰਨਾ 110 'ਤੇ ਨਾਇਕ ਕਹਿੰਦਾ ਹੈ-ਵਾਪਸ ਤਾਂ ਆ ਹੀ ਜਾਣਾ ਹੈ, ਜੰਦਰਾ ਮਾਰ ਦਿੰਦੇ ਹਾਂ। ਸਵੈ-ਜੀਵਨੀ ਦੇ ਖੋਜੀ ਵਿਦਵਾਨ ਸੱਚ ਕਹਿੰਦੇ ਨੇ-ਵੱਡੀ ਆਯੂ ਵਿਚ ਯਾਦ ਟਪਲਾ ਖਾ ਸਕਦੀ ਹੈ। ਦਰਅਸਲ ਇਸ ਅਨੂਠੀ ਸਵੈ-ਜੀਵਨੀ ਦਾ ਲੇਖਕ ਆਯੂ ਦੇ ਸਤਵੇਂ ਦਹਾਕੇ ਵਿਚ ਆਪਣੀ ਬਚਪਨ 'ਤੇ ਫੌਕਸੀਕਰਨ ਕਰ ਰਿਹਾ ਹੈ। ਲੰਮੇਰੀ ਕਵਿਤਾ ਦੇ ਅੰਤ 'ਤੇ ਫਰਵਰੀ 1966 ਛਪਿਆ ਹੋਇਆ ਹੈ। ਪਰੂਫ ਰੀਡਰ ਦੀ ਭੁੱਲ ਹੋ ਸਕਦੀ ਹੈ। ਅੰਤ ਵਿਚ ਹੁੰਦਲ ਆਪਣੇ ਪਿੰਡ ਨੂੰ ਭਾਵੁਕਤਾ ਵਿਚ ਸੰਬੋਧਨ ਕਰਦਾ ਹੈ। ਉਸ ਦਾ ਪਿਛਲੇ ਪਿੰਡ ਲਈ ਤਰਸੇਵਾਂ ਪਾਠਕ ਨੂੰ ਭਾਵੁਕਤਾ ਦੇ ਵਹਿਣ ਵਿਚ ਵਹਾਅ ਕੇ ਲੈ ਜਾਂਦਾ ਹੈ। ਸਵੈ-ਜੀਵਨੀ ਵਿਧਾ ਵਿਚ ਇਸ ਅਨੂਠੀ ਰਚਨਾ ਦਾ ਵਿਲੱਖਣ ਸਥਾਨ ਹੈ।

-ਡਾ: ਧਰਮ ਚੰਦ ਵਾਤਿਸ਼
ਮੋ: 98144-46007

ਤਲਖ਼ੀਆਂ
ਲੇਖਕ : ਸੁਸ਼ੀਲ ਕੁਮਾਰ ਸ਼ੈਲੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 112.

ਤਲਖ਼ੀਆਂ ਤਲਖ਼ ਹਕੀਕਤਾਂ ਨੂੰ ਪੇਸ਼ ਕਰਦਾ ਸੁਸ਼ੀਲ ਕੁਮਾਰ ਸ਼ੈਲੀ ਦਾ ਪਹਿਲਾ ਕਾਵਿ ਸੰਗ੍ਰਹਿ ਹੈ। ਸ਼ੈਲੀ ਦੀ ਸੋਚ ਦਾ ਪ੍ਰਗਟਾਵਾ ਬੜਾ ਪ੍ਰੋੜ ਹੈ। ਇਸ ਦੇ ਬਾਵਜੂਦ ਉਹ ਅਖੌਤੀ ਬੌਧਕਤਾ ਨੂੰ ਕਵਿਤਾ 'ਤੇ ਭਾਰੂ ਨਹੀਂ ਹੋਣ ਦਿੰਦਾ, ਜਿਸ ਨਾਲ ਕਵਿਤਾ ਦੀਆਂ ਸਤਰਾਂ ਗੂੰਗੀਆਂ ਹੋ ਜਾਣ, ਜਾਗਰੂਕ ਚੇਤਨਾ ਹੀ ਉਸ ਦੀ ਕਵਿਤਾ ਦਾ ਪਹਿਚਾਣ ਅਤੇ ਜ਼ਬਾਨ ਵੀ, ਸਫ਼ਿਆਂ 'ਤੇ ਸਹਿਕਦੇ ਫਲਸਫ਼ੇ ਦੇ ਸ਼ਬਦਾਂ ਅਤੇ ਆਜ਼ਾਦੀ ਦੇ ਇਤਿਹਾਸ ਨੂੰ ਵਰਕਿਆਂ ਵਿਚ ਮਰਦੇ ਹੋਣ ਤੋਂ ਉਹ ਪੂਰੀ ਤਰ੍ਹਾਂ ਸੁਚੇਤ ਹੈ
ਸਫ਼ਿਆਂ ਉੱਤੇ ਸਹਿਕਦੇ ਫਲਸਫ਼ੇ ਨੇ ਉਮਰਾਂ ਦੇ
ਅੱਜ ਹਰ ਸ਼ਬਦ ਦੇ ਮਰ ਜਾਣ ਦਾ ਅਹਿਸਾਸ ਹੈ
ਜਿਹੜਾ ਕੱਲ੍ਹ ਸਿਰਜਿਆ ਸੀ ਪੌਣ ਪਾਣੀ ਦੇ ਨਾਲ
ਅੱਜ ਉਹਦੀ ਜੜ੍ਹ ਥੱਲੇ ਛੁਰੀ ਹੋਣ ਦਾ ਅਹਿਸਾਸ ਹੈ
ਮਿਲ ਗਈ ਭਾਵੇਂ ਆਜ਼ਾਦੀ ਸਾਨੂੰ ਵਰਕਿਆਂ ਦੇ ਵਿਚ
ਅੱਜ ਸਾਨੂੰ ਇਤਿਹਾਸ ਦੇ ਮਰ ਜਾਣ ਦਾ ਅਹਿਸਾਸ ਹੈ।
ਕੈਮਰੇ ਦਾ ਬਟਨ ਕਲਿਕ ਕਰਕੇ ਚੰਗੀ-ਮਾੜੀ ਫੋਟੋ ਤਾਂ ਹਰ ਕੋਈ ਖਿੱਚ ਸਕਦਾ ਹੈ ਪਰ ਤਸਵੀਰ ਵਿਚ ਕਲਾਤਮਿਕਤਾ ਪੈਦਾ ਕਰਨ ਦੀ ਕਲਾਕਾਰੀ ਹਰ ਕਿਸੇ ਕੋਲ ਨਹੀਂ ਹੁੰਦੀ। ਸ਼ੈਲੀ ਹੌਕਿਆਂ ਦੀ ਤਸਵੀਰ ਖਿੱਚਣ ਦੀ ਪ੍ਰਕਿਰਿਆ 'ਚੋਂ ਗੁਜ਼ਰਦਿਆਂ ਇਸ ਪੱਖੋਂ ਕਾਫੀ ਸੁਚੇਤ ਹੁੰਦਾ ਹੈ ਕਿ ਹੇਕ ਅਤੇ ਹੌਕੇ ਨੂੰ ਕਿਵੇਂ ਮੂਰਤੀਮਾਨ ਕਰਨਾ ਹੈ। ਸ਼ੈਲੀ ਧਾਰਮਿਕ ਕੱਟੜਤਾ ਦਾ ਅਨੁਆਈ ਨਹੀਂ ਭਾਵੇਂ ਉਸ ਦਾ ਬਚਪਨ ਦੇਵੀ-ਦੇਵਤਿਆਂ ਦੀ ਪੂਜਾ ਅਰਚਨਾ ਵਿਚ ਹੱਥ ਜੋੜ ਮੱਥੇ ਟੇਕਦਿਆਂ ਗੁਜਰਿਆ ਹੈ ਪਰ ਉਹ ਇਸ ਵਰਤਾਰੇ ਨੂੰ ਮੰਗਤਿਆਂ ਦੀ ਸ਼੍ਰੇਣੀ ਵਿਚ ਖੜ੍ਹਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਮਾਨਵੀ ਕਦਰਾਂ-ਕੀਮਤਾਂ ਦਾ ਘਾਣ, ਸੱਭਿਆਚਾਰਕ ਅਤੇ ਭਾਈਚਾਰਕ ਵਖਰੇਵੇਂ, ਨਫ਼ਰਤਾਂ, ਅਖੌਤੀ ਧਰਮਾਂ ਦੀ ਹੀ ਦੇਣ ਹੈ ਇਹ ਉਸ ਦਾ ਵਿਸ਼ਵਾਸ ਹੈ। ਜਿਥੇ ਅਖੌਤੀ ਧਰਮ ਦੇ ਠੇਕੇਦਾਰਾਂ ਨੇ ਮਨੁੱਖਤਾਈ ਸਾਂਝਾਂ ਦੇ ਕਤਲਾਂ ਨਾਲ ਆਪਣੇ ਹੱਥ ਰੰਗੇ ਹਨ, ਉਥੇ ਅਖੌਤੀ ਕਾਮਰੇਡਾਂ ਵੱਲੋਂ ਇਨਕਲਾਬੀ ਧੂੰਏਂ ਨਾਲ ਲੋਕਾਂ ਦੀਆਂ ਅੱਖਾਂ ਵਿਚ ਆਈ ਰੋਹ ਦੀ ਲਾਲੀ 'ਤੇ ਸਫੈਦਪੋਸ਼ ਮੋਤੀਏ ਉਤਾਰਨ ਦੀਆਂ ਕਰਤੂਤਾਂ ਨੂੰ ਵੀ ਸ਼ਬਦਾਂ ਦੇ ਬਾਣਾਂ ਨਾਲ ਛਲਣੀ ਕਰਦਿਆਂ ਲੋਕਾਈ ਨੂੰ ਸੁਚੇਤ ਰੂਪ ਵਿਚ ਸੁਚੇਤ ਕਰਦਾ ਹੈ ਸ਼ੈਲੀ
ਕਾਫਲੇ ਐਵੇਂ ਨਹੀਂ ਬਣਦੇ...।
ਔਕਾਤ ਵਾਲਿਆਂ ਦੀ ਕਲਮ ਦੀ ਸਿਆਹੀ, ਹਰਫ਼ਾਂ ਦੀ ਖੱਲ, ਅਰਥਾਂ ਦੀ ਛੱਲ, ਦੀ ਬੇ-ਔਕਾਤਿਆਂ ਵੱਲੋਂ ਲਗਾਈ ਜਾਂਦੀ ਬੋਲੀ ਪ੍ਰਤੀ ਸਮਾਜ-ਸੁਧਾਰਕਾਂ ਨੂੰ ਸੁਚੇਤ ਕਰਦੀ ਸ਼ਾਇਰੀ, ਸੁਰ ਅਤੇ ਤਾਲ ਦਾ ਪੱਲਾ ਫੜ ਕੇ ਜਦੋਂ ਅਚੇਤ ਖਾਮੋਸ਼ ਮਨਾਂ ਵਿਚ ਹਲਚਲ ਪੈਦਾ ਕਰਦੀ ਹੋਵੇ ਤਾਂ ਉਸ ਦਾ ਸਵਾਗਤ ਕਰਨਾ ਬਣਦਾ ਹੀ ਹੈ।

-ਰਾਜਿੰਦਰ ਪਰਦੇਸੀ
ਮੋ: 93576-41552

ਗੁਲੇਲ
ਲੇਖਕ : ਨਵਰਾਹੀ ਘੁਗਿਆਣਵੀ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 80 ਰੁਪਏ, ਸਫ਼ੇ : 61.

ਇਸ ਪੁਸਤਕ ਵਿਚ ਸ਼ਾਇਰ ਨੇ ਅੱਠ-ਸਤਰੀ ਕਾਵਿ-ਵਿਅੰਗ ਟੁਕੜੀਆਂ ਪੇਸ਼ ਕੀਤੀਆਂ ਹਨ। ਇਸ ਕਵਿਤਾ ਦੀ ਪ੍ਰਮੁੱਖ ਧੁਨੀ ਆਦਰਸ਼ਵਾਦੀ ਸੁਰ ਵਾਲੀ ਹੈ। ਸ਼ਾਇਰ ਆਦਰਸ਼ਕ ਕਦਰਾਂ-ਕੀਮਤਾਂ ਵਾਲੇ ਸਮਾਜ ਦੀ ਉਸਾਰੀ ਵੱਲ ਰੁਚਿਤ ਹੈ। ਆਦਰਸ਼ ਤੋਂ ਹਟਵੇਂ ਵਿਵਹਾਰ ਨੂੰ ਉਹ ਆਪਣੀ ਨਿੰਦਾ ਦਾ ਪਾਤਰ ਬਣਾਉਂਦਾ ਹੈ ਤੇ ਇਕ ਸੱਚੇ, ਸੁਚੱਜੇ ਤੇ ਸਿਹਤਮੰਦ ਸਮਾਜ ਦੀਆਂ ਬੁਨਿਆਦਾਂ ਪੱਕੀਆਂ ਕਰਨੀਆਂ ਲੋਚਦਾ ਹੈ। ਆਪਣੇ ਆਦਰਸ਼ ਨੂੰ ਸ਼ਿੱਦਤਵਾਨ ਬਣਾਉਣ ਲਈ ਉਹ ਵਿਅੰਗ, ਕਟਾਖਸ਼ ਤੇ ਮਸ਼ਕਰੀ ਦਾ ਸਹਾਰਾ ਵੀ ਲੈਂਦਾ ਹੈ। ਰੁਬਾਈ ਲੇਖਣ ਵਿਚ ਲੇਖਕ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੈ। ਰੁਬਾਈਆਂ ਵਿਚ ਵੀ ਕਠੋਰ ਵਿਅੰਗ ਦੀ ਵਰਤੋਂ ਕੀਤੀ ਗਈ ਹੈ।
ਪੁਸਤਕ ਦੇ ਅੰਤ ਵਿਚ ਮੁਹੱਬਤ ਦਾ ਹਾਸ-ਬਿਲਾਸੀ ਰੂਪ ਗੀਤਾਂ ਅਤੇ ਕਵਿਤਾਵਾਂ ਰਾਹੀਂ ਉਘਾੜਿਆ ਗਿਆ ਹੈ। ਮੁਹੱਬਤੀ ਤੌਬਾ ਵੀ ਲੇਖਕ ਬਹੁਤ ਸਹਿਜਵਾਨ ਹੋ ਕੇ ਕਰਦਾ ਹੈ। ਸ਼ੰਭੂ ਦੀ ਮੱਝ, ਨਾਸ਼ੁਕਰੇ, ਜੁਗਨੀ, ਢੀਠ ਪ੍ਰਾਹੁਣੇ ਤੇ 'ਬੁੱਢਾ ਕੁੱਕੜ' ਇਸ ਸੰਗ੍ਰਹਿ ਦੀਆਂ ਹਲਕੀਆਂ ਫੁਲਕੀਆਂ ਹਾਸ-ਰਸੀ ਕਵਿਤਾਵਾਂ ਹਨ, ਜਿਨ੍ਹਾਂ ਨੂੰ ਬਾਲ ਅਤੇ ਸਿਆਣੇ ਮਾਣ ਸਕਦੇ ਹਨ। ਨਵਰਾਹੀ ਘੁਗਿਆਣਵੀ ਦੀ ਪੁਸਤਕ 'ਗੁਲੇਲ' ਟੈਂਸ਼ਨ 'ਚ ਘਿਰੇ ਲੋਕਾਂ ਲਈ ਰਾਮ-ਬਾਣ ਔਸ਼ਧੀ ਦਾ ਕਾਰਜ ਕਰ ਸਕਦੀ ਹੈ।

-ਕੇ.ਐਲ. ਗਰਗ
ਮੋ: 94635-37050

ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ : ਇਕ ਵਿਵੇਚਨ
ਲੇਖਿਕਾ : ਡਾ: ਪਰਮਜੀਤ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 160.

ਕਰਤਾਰ ਸਿੰਘ ਦੁੱਗਲ ਬਹੁ-ਪੱਖੀ ਸਾਹਿਤਕ ਪ੍ਰਤਿਭਾ ਦਾ ਮਾਲਕ ਰਿਹਾ ਹੈ। ਉਹ ਕਹਾਣੀ, ਨਾਵਲ, ਨਾਟਕ, ਕਵਿਤਾ ਅਤੇ ਹੋਰ ਬਹੁਤ ਸਾਰੀਆਂ ਸਾਹਿਤਕ ਅਤੇ ਕਲਾਤਮਿਕ ਰਚਨਾਵਾਂ ਦਾ ਸਿਰਜਕ ਸੀ ਅਤੇ ਹਰ ਖੇਤਰ 'ਚ ਪ੍ਰਵੀਨ ਵੀ। ਹਥਲੀ ਪੁਸਤਕ ਉਸ ਦੀ ਕਹਾਣੀ ਕਲਾ ਦੇ ਬਹੁਤ ਸਾਰੇ ਪੱਖਾਂ ਨੂੰ ਪੁਨਰ-ਸੁਰਜੀਤ ਵੀ ਕਰਦੀ ਹੈ ਅਤੇ ਨਵੀਆਂ ਸੰਭਾਵਨਾਵਾਂ ਦੀ ਖੋਜ ਪੱਧਤੀ ਜ਼ਰੀਏ ਨਵੇਂ ਪ੍ਰਤੀਮਾਨ ਵੀ ਸਿਰਜਦੀ ਹੋਈ ਪ੍ਰਤੀਤ ਹੋਈ ਹੈ।
ਵਿਦਵਾਨ ਲੇਖਿਕਾ ਨੇ ਬਹੁਤ ਸਾਰੇ ਵਿਦਵਾਨਾਂ ਦੁਆਰਾ ਹੋਏ ਖੋਜ ਕਾਰਜ ਦਾ ਅਧਿਐਨ ਕਰਕੇ ਦੁੱਗਲ ਸਾਹਿਬ ਦੀ ਸਵੈ-ਜੀਵਨੀ 'ਕਿਸ ਪਹਿ ਖੋਲਉ ਗਠੜੀ' ਦਾ ਦੀਰਘ ਅਧਿਐਨ ਕਰਕੇ ਫਿਰ ਉਸ ਦੇ ਸਾਰੇ ਕਹਾਣੀ-ਸੰਗ੍ਰਹਿਾਂ ਨੂੰ ਆਧਾਰ ਬਣਾ ਕੇ ਕੇਵਲ ਕਹਾਣੀਆਂ ਸਬੰਧੀ ਹੀ ਖੋਜ ਪਰਖ ਕਾਰਜ ਪੇਸ਼ ਕੀਤਾ ਹੈ। ਦੁੱਗਲ ਰਚਿਤ ਕਹਾਣੀ ਸੰਗ੍ਰਹਿ 'ਸਵੇਰ ਸਾਰ, ਪਿੱਪਲ ਪੱਤੀਆਂ, ਕੁੜੀ ਕਹਾਣੀ ਕਰਦੀ ਗਈ, ਅੱਗ ਖਾਣ ਵਾਲੇ, ਕਰਾਮਾਤ, ਨਵਾਂ ਆਦਮੀ, ਲੜਾਈ ਨਹੀਂ, ਫੁੱਲ ਤੋੜਨਾ ਮਨਾਂ ਹੈ, ਪਾਰੇ-ਮੈਰੇ, ਸੱਤੇ ਸਾਂਝੀਵਾਲ ਸਦਾਇਣ, ਮਾਜ੍ਹਾ ਨਹੀਂ ਮੋਇਆ, ਇਕ ਛਿੱਟ ਚਾਨਣ ਦੀ, ਗੁਰਜ, ਢੋਇਆ ਹੋਇਆ ਬੂਹਾ, ਇਕਰਾਰਾਂ ਵਾਲੀ ਰਾਤ, ਤਰਕਾਲਾਂ ਵੇਲੇ, ਹੰਸਾ ਆਦਮੀ, ਪੈਣਗੇ ਵੈਣ ਡੂੰਘੇ, ਭਾਬੀ ਜਾਨ ਕਹਾਣੀ ਸੰਗ੍ਰਹਿ ਅਤੇ ਮੌਤ ਇਕ ਗੁੰਢੇ ਦੀ ਆਦਿ ਨੂੰ ਆਧਾਰ ਬਣਾ ਕੇ ਇਨ੍ਹਾਂ ਸੰਗ੍ਰਹਿਾਂ ਦਾ ਸਰਬ-ਪੱਖੀ ਅਧਿਐਨ ਪੇਸ਼ ਕਰਦੇ ਹੋਏ ਦੁੱਗਲ ਸਾਹਿਬ ਦੇ ਰਚਨਾਤਮਿਕ ਸਰੋਕਾਰਾਂ ਜਿਵੇਂ ਕਿ ਔਰਤ-ਮਰਦ ਦੇ ਆਪਸੀ ਸਬੰਧ, ਸਮਾਜਿਕ ਚੇਤਨਾ, ਸਮਕਾਲੀ ਰਾਜਨੀਤਕ ਸਥਿਤੀ ਅਤੇ ਦੁੱਗਲ ਦੀਆਂ ਕਹਾਣੀ ਸਿਰਜਣਾਤਮਕ ਜੁਗਤਾਂ ਦੀ ਨਿਵੇਕਲੀ ਪਛਾਣ ਨੂੰ ਸਥਾਪਤ ਕੀਤਾ ਗਿਆ ਹੈ।
ਦੁਨੀਆ ਭਰ 'ਚ ਹੋ ਰਹੇ ਆਰਥਿਕ, ਸਮਾਜਿਕ ਅਤੇ ਵਿਸ਼ੇਸ਼ਤਰ ਰਾਜਸੀ ਸੰਕਟਾਂ ਨੂੰ ਵੀ ਪੁਸਤਕ 'ਚ ਪਛਾਣਿਆ ਗਿਆ ਹੈ। ਮਨੁੱਖੀ ਭਾਵਨਾਵਾਂ ਪਸ਼ੂਆਂ-ਪੰਛੀਆਂ ਦੇ ਭਾਵਾਂ-ਉਦਗਾਰਾਂ ਦਾ ਮਨੁੱਖ ਨਾਲ ਸਬੰਧ ਵੀ ਖੋਜ ਕਰਤਾ ਦੀ ਦ੍ਰਿਸ਼ਟੀ ਦਾ ਅੰਗ ਬਣਿਆ ਹੈ ਅਤੇ ਘਰ, ਸਮਾਜ, ਦੇਸ਼ ਅਤੇ ਸੰਸਾਰ ਦੀ ਇਕਜੁਟਤਾ ਦੀ ਵੀ ਸਥਾਪਤੀ ਵਾਲੇ ਦੁੱਗਲ ਸਾਹਿਬ ਦੇ ਸੰਦੇਸ਼ੇ, ਆਸ਼ੇ ਅਤੇ ਕਲਪਨਾਵਾਂ ਨੂੰ ਵੀ ਕਹਾਣੀਆਂ ਦੀ ਪੜਚੋਲ ਸਮੇਂ ਡਾ: ਪਰਮਜੀਤ ਕੌਰ ਨੇ ਅੱਖੋਂ ਓਹਲੇ ਨਹੀਂ ਕੀਤਾ। ਇਸ ਤਰ੍ਹਾਂ ਇਹ ਪੁਸਤਕ ਦੁੱਗਲ ਸਾਹਿਬ ਦੁਆਰਾ ਰਚਿਤ ਕਹਾਣੀਆਂ ਦਾ ਸੰਤੁਲਿਤ ਵਿਵੇਚਨ ਪੇਸ਼ ਕਰਦੀ ਹੋਈ ਪ੍ਰਤੀਤ ਹੁੰਦੀ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732

ਚਾਨਣ ਦੇ ਬੀਜ
ਸ਼ਾਇਰ : ਸਾਧੂ ਸਿੰਘ ਪਨਾਗ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 88.

'ਚਾਨਣ ਦੇ ਬੀਜ' ਸਾਧੂ ਸਿੰਘ ਪਨਾਗ ਦੀ ਚੌਥੀ ਕਾਵਿ-ਪੁਸਤਕ ਹੈ, ਜਿਸ ਵਿਚ ਉਸ ਦੀਆਂ 65 ਗ਼ਜ਼ਲਾਂ ਅਤੇ 11 ਨਜ਼ਮਾਂ ਪ੍ਰਕਾਸ਼ਿਤ ਹੋਈਆਂ ਹਨ। ਸ਼ਾਇਰ ਦੀਆਂ ਪਹਿਲੀਆਂ ਦੋ ਗ਼ਜ਼ਲਾਂ ਖ਼ੁਦਾ ਨੂੰ ਮੁਖ਼ਾਤਿਬ ਹਨ, ਜਿਨ੍ਹਾਂ ਵਿਚ ਉਹ ਆਪਣੀ ਹੋਂਦ ਗੁਰੂ ਦੀ ਕ੍ਰਿਪਾ ਕਰਕੇ ਮੰਨਦਾ ਹੈ। ਤੀਸਰੀ ਗ਼ਜ਼ਲ ਵਿਚ ਉਹ ਜ਼ਿੰਦਗੀ ਨੂੰ ਆਪਣੇ ਮੁਤਾਬਿਕ ਪ੍ਰੀਭਾਸ਼ਤ ਕਰਦਾ ਹੈ ਤੇ ਆਪਣੇ ਸ਼ਿਅਰਾਂ ਰਾਹੀਂ ਮਹਿਸੂਸਦਾ ਹੈ ਕਿ ਜ਼ਿੰਦਗੀ ਮਹਿਜ਼ ਆਪਣੇ ਲਈ ਜਿਊਣ ਦਾ ਨਾਂਅ ਨਹੀਂ ਹੈ। ਸਾਧੂ ਸਿੰਘ ਪਨਾਗ ਆਪਣੇ ਆਲੇ ਦੁਆਲੇ ਪਿਆਰ ਹੀ ਪਿਆਰ ਦੇਖਣ ਦਾ ਚਾਹਵਾਨ ਹੈ ਤੇ ਉਹ ਚਾਹੁੰਦਾ ਹੈ ਕਿ ਹਰ ਬਸ਼ਰ ਨੂੰ ਪਿਆਰ ਵਿਚ ਬਾਵਰਾ ਹੋ ਜਾਣਾ ਚਾਹੀਦਾ ਹੈ। ਉਸ ਦੀ ਦ੍ਰਿਸ਼ਟੀ ਮੁਤਾਬਿਕ ਬੁੱਤ ਪੂਜਾ ਨਿਰਾ ਢਕੌਂਸਲਾ ਹੈ ਤੇ ਮੁਹੱਬਤ ਹੀ ਜ਼ਿੰਦਗੀ ਦਾ ਅਸਲ ਧੁਰਾ ਹੈ। ਆਪਣੇ ਸ਼ਿਅਰਾਂ ਵਿਚ ਪਨਾਗ ਅਮਨ ਦੀ ਰਟ ਲਾ ਰਹੇ ਖਰੂਦੀਆਂ ਨੂੰ ਵੀ ਲੰਮੇ ਹੱਥੀਂ ਲੈਂਦਾ ਹੈ ਅਤੇ ਉਹ ਕਿੱਕਰਾਂ ਲਾ ਕੇ ਦਾਖਾਂ ਦੀ ਆਸ ਕਰਨ ਵਾਲਿਆਂ ਕੋਲੋਂ ਸੁਚੇਤ ਰਹਿਣ ਦੀ ਨਸੀਹਤ ਵੀ ਦਿੰਦਾ ਹੈ। ਇੰਝ ਸਾਧੂ ਸਿੰਘ ਪਨਾਗ ਨੇ ਨਿੱਘਰ ਰਹੀ ਰਾਜਨੀਤੀ 'ਤੇ ਥਾਂ ਥਾਂ ਕਰਾਰੀਆਂ ਚੋਟਾਂ ਕੀਤੀਆਂ ਹਨ। ਸਾਧੂ ਸਿੰਘ ਪਨਾਗ ਦੀਆਂ ਬਹੁਤੀਆਂ ਗ਼ਜ਼ਲਾਂ ਦੇ ਬਹੁਤੇ ਸ਼ਿਅਰ ਉਪਦੇਸ਼ਕ ਹਨ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਉਸ ਨੇ ਬਹੁਤ ਘੱਟ ਕਿਹਾ ਹੈ। ਇਸ ਪੁਸਤਕ ਦੇ ਅੰਤ ਵਿਚ ਸ਼ਾਇਰ ਦੀਆਂ ਛਾਇਆ ਹੋਈਆਂ ਛੋਟੀਆਂ-ਵੱਡੀਆਂ 11 ਕਵਿਤਾਵਾਂ ਕਾਫ਼ੀ ਭਾਵਪੂਰਤ ਹਨ ਪਰ ਉਨ੍ਹਾਂ ਦਾ ਲਹਿਜ਼ਾ ਗ਼ਜ਼ਲ ਵਰਗਾ ਹੀ ਹੈ। ਪਨਾਗ ਪੁਰਾਣਾ ਕਲਮਕਾਰ ਹੈ ਪਰ ਗ਼ਜ਼ਲ ਵਿਧਾ ਵਿਚ ਉਸ ਨੇ ਜਿਹੜੀਆਂ ਖੁੱਲ੍ਹਾਂ ਲਈਆਂ ਹਨ ਉਸਤਾਦ ਲੋਕ ਉਨ੍ਹਾਂ ਨੂੰ ਗੰਭੀਰ ਭੁੱਲਾਂ ਸਮਝਦੇ ਹਨ।

ਸੂਰਜ ਦੀ ਛਾਵੇਂ
ਸ਼ਾਇਰ : ਭੁਪਿੰਦਰ ਭਿੰਡਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 80.

ਭੁਪਿੰਦਰ ਭਿੰਡਰ ਦੀ ਸ਼ਾਇਰੀ ਨੂੰ ਜੀ ਆਇਆਂ ਕਹਿਣ ਵਾਲੇ ਡਾ: ਜਸਪਾਲ ਸਿੰਘ ਤੇ ਸੁਰਜੀਤ ਪਾਤਰ ਦੇ ਸੰਖੇਪ ਲੇਖਾਂ ਦੇ ਆਗਾਜ਼ ਨਾਲ ਛਪੇ ਇਸ ਕਾਵਿ ਸੰਗ੍ਰਹਿ 'ਸੂਰਜ ਦੀ ਛਾਵੇਂ' ਵਿਚ ਭਿੰਡਰ ਦੀਆਂ 64 ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿਚ ਵਧੇਰੇ ਗ਼ਜ਼ਲਾਂ ਹਨ। ਉਸ ਮੁਤਾਬਿਕ ਇਨ੍ਹਾਂ ਰਚਨਾਵਾਂ ਰਾਹੀਂ ਉਹ ਆਪਣੇ ਆਪੇ ਦੀ ਤਲਾਸ਼ ਕਰ ਰਿਹਾ ਹੈ। ਪਹਿਲੀ ਗ਼ਜ਼ਲ ਵਿਚ ਭਿੰਡਰ ਨੇ 'ਹੁਣ ਕਿੱਥੇ' ਰਦੀਫ਼ ਨੂੰ ਬਾਖ਼ੂਬੀ ਨਿਭਾਇਆ ਹੈ, ਜਿਸ ਵਿਚ ਉਹ ਬੀਤੇ ਸਮੇਂ ਦੀ ਅੱਜ ਦੇ ਸਮੇਂ ਨਾਲ ਤੁਲਨਾ ਕਰਦਾ ਹੈ। ਉਹ ਕਹਿੰਦਾ ਹੈ ਹਰ ਵਿਛੜਨ ਵਾਲੇ ਦਾ ਅਫ਼ਸੋਸ ਕਰੋ ਤੇ ਹਰ ਆਉਣ ਵਾਲੇ ਨੂੰ ਪਿਆਰ ਦਿਓ। ਦਰਅਸਲ ਇਹ ਫ਼ਲਸਫ਼ਾ ਹੀ ਗ਼ਜ਼ਲ ਦੀ ਰੂਹ ਹੁੰਦਾ ਹੈ। ਭੁਪਿੰਦਰ ਭਿੰਡਰ ਦੇ ਬਹੁਤੇ ਸ਼ਿਅਰ ਜ਼ਿੰਦਗੀ ਦੇ ਤਾਣੇ-ਬਾਣੇ ਦੁਆਲੇ ਕੇਂਦਰਿਤ ਹਨ ਤੇ ਕਿਤੇ-ਕਿਤੇ ਉਹ ਰਾਜਨੀਤਕ ਵਿਵਸਥਾ 'ਤੇ ਚੋਟ ਕਰਦਾ ਵੀ ਨਜ਼ਰੀਂ ਆਉਂਦਾ ਹੈ। ਤਾਰੇ ਤੋੜ ਕੇ ਝੁੱਗੀਆਂ ਵਿਚ ਵੰਡਣ ਵਾਲੀ ਉਸ ਦੀ ਕਲਪਨਾ ਬੜੀ ਪ੍ਰਭਾਵਿਤ ਕਰਦੀ ਹੈ ਤੇ ਇੰਜ ਕਿਤੇ-ਕਿਤੇ ਉਸ ਨੇ ਅਛੂਤੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ। ਬਹੁਤਾ ਕਰਕੇ ਉਸ ਦਾ ਉਤਸ਼ਾਹ ਮੱਠਾ ਨਹੀਂ ਪੈਂਦਾ ਪਰ ਕੁਝ ਸ਼ਿਅਰਾਂ ਵਿਚ ਉਸ ਦੀ ਮਾਯੂਸੀ ਦੇਖੀ ਜਾ ਸਕਦੀ ਹੈ। ਗ਼ਜ਼ਲਕਾਰ ਨੇ ਆਪਣੇ ਨਿੱਜੀ ਰਿਸ਼ਤਿਆਂ ਬਾਰੇ ਘੱਟ ਸ਼ਿਅਰ ਕਹੇ ਹਨ ਤੇ ਬਹੁਤਾ ਕਰਕੇ ਉਹ ਮਨੁੱਖੀ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਆਪਣੇ ਦ੍ਰਿਸ਼ਟੀਕੋਣ ਮੁਤਾਬਿਕ ਸੁਲਝਾਉਣ ਵਿਚ ਹੀ ਜੁਟਿਆ ਰਿਹਾ ਹੈ। ਇਹ ਪੁਸਤਕ ਭੁਪਿੰਦਰ ਭਿੰਡਰ ਦੇ ਕਾਵਿਕ ਸਫ਼ਰ ਦੀ ਨਿੱਗਰ ਸ਼ੁਰੂਆਤ ਹੈ ਪਰ ਅਜੇ ਸ਼ਾਇਰ ਲਈ ਬਹੁਤ ਕੁਝ ਗ੍ਰਹਿਣ ਕਰਨਾ ਬਾਕੀ ਹੈ।

-ਗੁਰਦਿਆਲ ਰੌਸ਼ਨ
ਮੋ: 9988444002

25-10-2014

 ਚਰਾਗ਼ ਉਲਫ਼ਤ ਦੇ
ਸ਼ਾਇਰ : ਅਮਰਨਾਥ ਕੌਸਤੁਭ
ਪ੍ਰਕਾਸ਼ਕ : ਕੌਸਤੁਭ ਪ੍ਰਕਾਸ਼ਨ, ਸੁਲਤਾਨਪੁਰ ਲੋਧੀ
ਮੁੱਲ : 150 ਰੁਪਏ, ਸਫ਼ੇ : 144.

ਪੰਜਾਬ ਦੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਮੁਹੱਲਾ ਸਥ ਰੰਘੜਾਂ ਵਿਚ ਰਹਿਣ ਵਾਲੇ ਜਨਾਬ ਅਮਰਨਾਥ ਕੌਸਤੁਭ ਨੇ ਪੰਜਾਬੀ ਗ਼ਜ਼ਲ ਨੂੰ ਨਿਖਾਰਨ-ਸੰਵਾਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੰਜਾਬੀ ਭਾਸ਼ਾ ਵਿਚ ਲਿਖਣ ਦੇ ਨਾਲ-ਨਾਲ ਉਹ ਹਿੰਦੀ ਅਤੇ ਉਰਦੂ ਵਿਚ ਵੀ ਗ਼ਜ਼ਲ ਕਹਿੰਦਾ ਰਿਹਾ ਹੈ।
ਇਸ ਸੰਗ੍ਰਹਿ ਵਿਚ ਸ਼ਾਇਰ ਦੀਆਂ ਲਗਭਗ 80 ਗ਼ਜ਼ਲਾਂ ਸੰਗ੍ਰਹਿਤ ਹਨ। ਇਨ੍ਹਾਂ ਤੋਂ ਬਿਨਾਂ ਕੁਝ ਮਰਸੀਏ ਅਤੇ ਮਸਨਵੀਆਂ ਵੀ ਆਈਆਂ ਹਨ। ਕੌਸਤੁਭ, ਉਰਦੂ ਦੇ ਪ੍ਰਸਿੱਧ ਸ਼ਾਇਰਾਂ ਮਿਰਜ਼ਾ ਗ਼ਾਲਿਬ ਅਤੇ ਇਬਰਾਹੀਮ ਜ਼ੌਕ ਤੋਂ ਬਿਨਾਂ ਪੰਜਾਬੀ ਦੇ ਨਿਰੰਜਨ ਸਿੰਘ ਨੂਰ, ਮੁਜਰਿਮ ਦਸੂਹੀ, ਜੋਸ਼ ਮਲਸਿਆਨੀ, ਮੀਸ਼ਾ, ਨੰਦ ਲਾਲ ਨੂਰਪੁਰੀ, ਬਿਸਮਿਲ ਫ਼ਰੀਦਕੋਟੀ, ਸ਼ਿਵ ਕੁਮਾਰ ਬਟਾਲਵੀ, ਠਾਕੁਰ ਭਾਰਤੀ ਅਤੇ ਦੀਪਕ ਜੈਤੋਈ ਆਦਿ ਦੇ ਕਲਾਮ ਦੀ ਭਰਪੂਰ ਪ੍ਰਸੰਸਾ ਕਰਨ ਵਾਲਾ ਇਕ ਉਦਾਰ ਕਵੀ ਸੀ। ਮੀਸ਼ਾ ਨੂੰ ਸਮਰਪਿਤ ਇਕ ਮਸਨਵੀ ਵਿਚ ਉਹ ਲਿਖਦਾ ਹੈ :
ਤੇਰੀ ਕਵਿਤਾ ਦਾ ਤੱਕ ਸ਼ੀਸ਼ਾ,
ਤੱਕ ਲੈਂਦਾ ਹਾਂ ਤੈਨੂੰ ਮੀਸ਼ਾ।
ਤੂੰ ਤੇ ਗੱਲ ਮੁਕਾ ਬੈਠਾ ਹੈਂ,
ਸੁਰਗੀਂ ਡੇਰੇ ਲਾ ਬੈਠਾ ਹੈਂ।
ਜੋਸ਼, ਫਿਰਾਕ ਵੀ ਹੈਥੇ ਹੀ ਨੇ,
ਨੂਰਪੁਰੀ ਤੇ ਬਿਸਮਿਲ ਜੀ ਨੇ।
ਰੋਜ਼ ਮੁਸ਼ਾਅਰੇ ਚਲਦੇ ਹੋਣੇ,
ਸ਼ੇ'ਰ ਤਲਿਸਮੀ ਛਲਦੇ ਹੋਣੇ।
ਆਪਣਾ ਹਾਲ ਸੁਣਾਊਂ ਆ ਕੇ,
ਰੱਖੀ ਮੇਰੀ ਥਾਉਂ ਬਣਾ ਕੇ।
(ਮਸਨਵੀ, ਪੰਨਾ 135)
ਕੌਸਤੁਭ ਸਾਹਿਬ ਨੇ ਆਪਣੀਆਂ ਕੁਝ ਗ਼ਜ਼ਲਾਂ ਦੇ ਬਹਿਰ ਅਤੇ ਵਜ਼ਨ ਵੀ ਲਿਖ ਦਿੱਤੇ ਹਨ ਤਾਂ ਜੋ ਨਵੇਂ-ਪੁਰਾਣੇ ਸ਼ਾਇਰ ਬਹਿਰ-ਵਜ਼ਨ ਦੀਆਂ ਰਮਜ਼ਾਂ ਨੂੰ ਸਮਝ ਸਕਣ। ਇਸ ਸੰਗ੍ਰਹਿ ਵਿਚ ਕਵੀ ਨੇ ਕੁਝ ਅਨੋਖੇ ਪ੍ਰਯੋਗ ਵੀ ਕੀਤੇ ਹਨ। ਉਸ ਨੇ ਪੂਰੀ ਗ਼ਜ਼ਲ ਦੇ ਨਾਲ ਅੱਧੀ, ਡਿਉਢੀ ਅਤੇ ਦੂਣੀ ਗ਼ਜ਼ਲ ਕਹਿ ਕੇ ਆਪਣੀਆਂ ਰਚਨਾਤਮਕ ਸੰਭਾਵਨਾਵਾਂ ਦਾ ਭਰਪੂਰ ਪ੍ਰਗਟਾਵਾ ਕੀਤਾ ਹੈ। ਇਹ ਸੰਗ੍ਰਹਿ ਵਾਰ-ਵਾਰ ਪੜ੍ਹਨ ਅਤੇ ਵਿਸਮਾਦੀ ਹੁੰਦੇ ਰਹਿਣ ਵਾਲੀ ਕਿਤਾਬ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

1857 'ਚ ਹੋਏ ਗ਼ਦਰ ਦੀ ਵਿਦਰੋਹੀ ਸੁਰ
ਲੇਖਕ : ਮਾਸਟਰ ਮਲਕੀਅਤ ਸਿੰਘ
ਸੰਪਾਦਕ : ਕਰਮ ਸਿੰਘ ਵਕੀਲ
ਪ੍ਰਕਾਸ਼ਕ : ਪ੍ਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 350 ਰੁਪਏ, ਸਫ਼ੇ : 200.

1857 ਵਿਚ ਭਾਰਤ ਵਿਚ ਵਿਆਪਕ ਪੱਧਰ ਉਤੇ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਵਿਰੁੱਧ ਗ਼ਦਰ ਜਾਂ ਵਿਦਰੋਹ ਹੋਇਆ, ਜਿਸ ਨੂੰ ਆਜ਼ਾਦ ਹਿੰਦੁਸਤਾਨ ਵਿਚ ਬੜੀ ਦੇਰ ਬਾਅਦ ਭਾਰਤੀ ਸੁਤੰਤਰਤਾ ਸੰਗਰਾਮ ਦੇ ਪਹਿਲੇ ਯੁੱਧ ਦਾ ਨਾਂਅ ਦਿੱਤਾ ਗਿਆ। ਇਸ ਯੁੱਧ ਵਿਚ ਗੁੱਜਰ ਵੰਸ਼ ਤੇ ਗੁੱਜਰ ਬਰਾਦਰੀ ਦੀ ਵੱਡੇ ਪੱਧਰ 'ਤੇ ਸਰਗਰਮ ਸ਼ਮੂਲੀਅਤ ਦੇ ਵੇਰਵੇ ਇਸ ਪੁਸਤਕ ਵਿਚ ਪਹਿਲੀ ਵਾਰ ਸੰਗਠਿਤ ਰੂਪ ਵਿਚ ਵਿਸਤਾਰ ਨਾਲ ਪੇਸ਼ ਕੀਤੇ ਗਏ ਹਨ। ਸੰਥਾਲਾਂ ਦਾ ਵਿਦਰੋਹ, ਕਲਿਆਣ ਸਿੰਘ ਗੁੱਜਰ ਦਾ ਸੰਗਰਾਮ, ਤੀਤੂ ਮੀਰ ਦੀ ਬਗਾਵਤ, ਬੋਕਤਾ ਤੇ ਸੰਨਿਆਸੀ ਅੰਦੋਲਨ, ਮੇਰਠ, ਸਿਕੰਦਰਾਬਾਦ, ਬੁਲੰਦ ਸ਼ਹਿਰ, ਰੁੜਕੀ, ਸਹਾਰਨਪੁਰ ਤੇ ਬਿਜਨੌਰ ਦੀਆਂ ਬਗਾਵਤਾਂ, ਦਿੱਲੀ ਤੇ ਬਰੇਲੀ ਦੇ ਸਿਪਾਹੀਆਂ ਦਾ ਵਿਦਰੋਹ, ਰਾਜਾ ਤੁਲਾ ਰਾਮ, ਨਾਨਾ ਸਾਹਿਬ, ਹੰਸ ਦੇਵ, ਬਾਬੂ ਕੁੰਵਰ ਸਿੰਘ ਤੇ ਹੋਰ ਵਿਦਰੋਹੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਇਸ ਪੁਸਤਕ ਵਿਚ ਗੁੱਜਰ ਬਰਾਦਰੀ ਦੇ ਯੋਗਦਾਨ ਦੇ ਪ੍ਰਸੰਗ ਵਿਚ ਕੀਤਾ ਗਿਆ ਹੈ। ਇਹ ਜ਼ਿਕਰ ਦੱਸਦਾ ਹੈ ਕਿ ਗੁੱਜਰਾਂ ਨੇ ਧਰਮ ਦੀਆਂ ਸੰਕੀਰਨ ਵੰਡਾਂ ਤੋਂ ਉੱਪਰ ਉੱਠ ਕੇ ਦੇਸ਼ ਦੀ ਸੁਤੰਰਤਾ ਲਈ ਕੁਰਬਾਨੀਆਂ ਕੀਤੀਆਂ।
ਗੁੱਜਰ ਲੋਕ ਅੰਗਰੇਜ਼ਾਂ ਵਿਰੁੱਧ ਲੜਨ ਸਮੇਂ ਆਹਮੋ-ਸਾਹਮਣੀਆਂ ਟੱਕਰਾਂ ਵੀ ਲੈਂਦੇ ਰਹੇ ਅਤੇ ਗੁਰੀਲਾ ਲੜਾਈ ਵੀ ਲੜਦੇ ਰਹੇ। ਲੇਖਕ ਨੇ ਗੁੱਜਰ ਜਾਂ ਗੁਰਜਰ ਲੋਕਾਂ ਦਾ ਪਿਛੋਕੜ ਦੂਰ ਪਿੱਛੇ ਹੂਣ ਕਬੀਲੇ ਨਾਲ ਜੋੜ ਕੇ ਵੇਖਣ ਦਾ ਉੱਦਮ ਕੀਤਾ ਹੈ। ਹੂਣਾਂ, ਗੁੱਜਰਾਂ, ਗੁਰਜਰਾਂ ਤੇ ਗੋਆਰ ਰਾਜਪੂਤਾਂ ਦੇ ਸਾਂਝੇ ਗੋਤਾਂ ਦੇ ਆਧਾਰ 'ਤੇ ਲੇਖਕ ਨੇ ਇਸ ਬਰਾਦਰੀ ਦੀ ਅਣਖ ਆਨ-ਸ਼ਾਨ ਲਈ ਲੜਨ ਮਰਨ ਵਾਲੀ ਜਾਂ ਬਾਜ਼ੀ ਦੀ ਪਰੰਪਰਾ ਦਾ ਪਿਛੋਕੜ ਉਲੀਕਿਆ ਹੈ। ਮੁੱਖ ਰੂਪ ਵਿਚ ਭਾਵੇਂ 1857 ਦੇ ਵਿਦਰੋਹ ਦੇ ਆਸ-ਪਾਸ ਦੀ ਹੀ ਗੱਲ ਕੀਤੀ ਹੈ, ਪ੍ਰੰਤੂ ਪ੍ਰਸੰਗ ਵੱਸ ਉਸ ਨੇ ਦੂਰ ਪਿੱਛੇ ਤੱਕ ਹੀ ਨਹੀਂ, ਆਜ਼ਾਦ ਭਾਰਤ ਦੇ ਹਾਲਾਤ ਦੀ ਵੀ ਗੱਲ ਕੀਤੀ ਹੈ। ਲੇਖਕ ਨੇ ਇਤਿਹਾਸਕ ਦਸਤਾਵੇਜ਼ਾਂ, ਕਿਤਾਬਾਂ, ਰਿਪੋਰਟਾਂ ਤੇ ਗਜ਼ਟੀਅਰਾਂ ਦਾ ਸਹਾਰਾ ਲੈ ਕੇ ਹਰ ਗੱਲ ਨੂੰ ਠੋਸ ਤੇ ਪ੍ਰਮਾਣਿਕ ਰੂਪ ਵਿਚ ਪੇਸ਼ ਕੀਤਾ ਹੈ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਜ਼ਿੰਦਗੀ ਦੇ ਸੁਨੇਹੇ
ਲੇਖਕ : ਗੁਰਪਾਲ ਸਿੰਘ ਨੂਰ
ਪ੍ਰਕਾਸ਼ਕ : ਸੰਗਮ ਪ੍ਰਕਾਸ਼ਨ, ਸਮਾਣਾ
ਮੁੱਲ : 250 ਰੁਪਏ, ਸਫ਼ੇ : 248.

ਗੁਰਪਾਲ ਸਿੰਘ ਨੂਰ ਪੰਜਾਬੀ ਸਾਹਿਤ ਜਗਤ ਵਿਚ ਜਾਣਿਆ-ਪਛਾਣਿਆ ਨਾਂਅ ਹੈ। 'ਜ਼ਿੰਦਗੀ ਦੇ ਸੁਨੇਹੇ' ਉਸ ਦੀਆਂ ਚੋਣਵੀਆਂ 34 ਕਹਾਣੀਆਂ ਦਾ ਸੰਗ੍ਰਹਿ ਹੈ। ਨੂਰ ਮਾਨਵਵਾਦੀ ਕਹਾਣੀ ਲੇਖਕ ਹੈ। ਆਪਣੀਆਂ ਕਹਾਣੀਆਂ ਵਿਚ ਉਹ ਮਹਿਜ਼ ਸਮੱਸਿਆਵਾਂ ਦਾ ਯਥਾਰਥਵਾਦੀ ਚਿੱਤਰ ਹੀ ਨਹੀਂ ਪੇਸ਼ ਕਰਦਾ, ਸਗੋਂ ਕੋਈ ਨਾ ਕੋਈ ਸਾਰਥਕ ਤੇ ਉਸਾਰੂ 'ਸੁਝਾਅ' ਵੀ ਦਿੰਦਾ ਹੈ। ਇਹ ਕਹਾਣੀਆਂ ਜ਼ਿੰਦਗੀ ਦੇ ਸੁਨੇਹੇ ਵੀ ਹਨ ਅਤੇ ਸਹੀ ਜੀਵਨ-ਜਾਚ ਵੀ ਹਨ। ਇਨ੍ਹਾਂ ਵਿਚਲੀ ਭਾਵਨਾ ਸ਼ੁੱਭ ਅਤੇ ਕਲਿਆਣਕਾਰੀ ਹੈ, ਜੋ ਨਰੋਏ ਅਤੇ ਅਗਾਂਹਵਧੂ ਸਮਾਜ ਦੀ ਸਿਰਜਣਾ ਵਿਚ ਸਹਾਈ ਹੋ ਸਕਦੀ ਹੈ। 'ਮੋਹ ਭਰਿਆ ਦਰਦ' ਪ੍ਰੇਮ ਕਥਾ-ਰਚਨਾ ਭਾਵਨਾਤਮਕ ਵਿਵੇਕ ਵਾਲੀ ਹੈ। ਪਤੀ-ਪਤਨੀ ਦੇ ਤਣਾਅਸ਼ੀਲ ਸਥਿਤੀਆਂ ਦਾ ਬਿਰਤਾਂਤ ਹੈ। 'ਨਵੀਆਂ ਗੁੱਡੀਆਂ-ਨਵੇਂ ਪਟੋਲੇ' ਖਪਤਕਾਰੀ ਰੁਚੀਆਂ ਕਾਰਨ ਪਿਆਰ-ਮੁਹੱਬਤ ਦੇ ਰਿਸ਼ਤੇ ਖੁਰ ਰਹੇ ਹਨ। (ਭਵਿੱਖ ਦੇ ਸੂਰਜ) ਛੁੱਟੜ ਧੀਆਂ ਦੇ ਦੁੱਖਾਂ ਦੀ ਦਾਸਤਾਨ (ਪੂਰਬ ਦੀ ਲੋਅ) ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਹਨਨ (ਅਮਾਨਤ) ਅਜੋਕੀ ਕਿਰਸਾਨੀ ਦਾ ਦੁਖਾਂਤ (ਵੱਢੀ ਟੁੱਕੀ ਜ਼ਿੰਦਗੀ) ਨਾਰੀ ਸੰਵੇਦਨਾ (ਬਿਨ ਵਿਆਹੀ ਵਿਧਵਾ, ਧੀਆਂ ਦੇ ਦਾਮਨ) ਮਨ ਦੀ ਮੁਰਾਦ, ਅਧੂਰੇਪਣ ਦਾ ਅਹਿਸਾਸ, ਸੰਗਮ, ਕੌੜਾ ਸੱਚ, ਨਸੀਹਤ, ਸੁਮੇਲ, ਕਹਿਣੀ ਤੇ ਕਰਨੀ ਆਦਿ ਖੂਬਸੂਰਤ ਕਥਾ-ਰਚਨਾਵਾਂ ਹਨ। ਲੇਖਕ ਦੀਆਂ ਕਹਾਣੀਆਂ ਰੌਚਿਕ, ਸੰਜਮੀ, ਸੁਹਿਰਦਤਾ ਅਤੇ ਸਰਲ ਸ਼ੈਲੀ ਵਾਲੀਆਂ ਹਨ, ਜਿਸ ਕਰਕੇ ਇਨ੍ਹਾਂ ਵਿਚ ਪੜ੍ਹਨ ਯੋਗਤਾ ਵਧੇਰੇ ਹੈ। ਮੁੱਖ ਜੁਗਤਾਂ ਵਾਰਤਾਲਾਪ, ਦ੍ਰਿਸ਼ ਵਰਨਣ, ਮਨੋ-ਸਮਾਜਿਕ ਵਿਸ਼ਲੇਸ਼ਣ, ਪਿਛਲਝਾਤ ਹਨ। ਪੁਸਤਕ ਵਿਚ ਸ਼ਾਮਿਲ 'ਨੂਰਾਂ ਦਾ ਰੁਪਈਆ' ਭਾਵੇਂ ਇਕ ਅਭੁੱਲ ਯਾਦ ਹੈ ਪਰ ਇਹ ਵੀ ਕਹਾਣੀ ਵਰਗਾ ਹੀ ਸੁਆਦ ਦਿੰਦੀ ਹੈ। ਇਸੇ ਤਰ੍ਹਾਂ ਹੀ 'ਮੈਂ ਤੇ ਮੇਰਾ ਬੁਢਾਪਾ' ਵਿਚਲੀ ਜੀਵਨ-ਜਾਚ ਬਹੁਤ ਸਾਰੇ ਸੁਨੇਹੇ ਦਿੰਦੀ ਪ੍ਰਤੀਤ ਹੁੰਦੀ ਹੈ।

-ਜੋਗਿੰਦਰ ਸਿੰਘ ਨਿਰਾਲਾ
ਮੋ: 98721-61644.

ਟਾਵਰਜ਼
ਲੇਖਕ : ਜਰਨੈਲ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਪ੍ਰਾਈਵੇਟ ਲਿਮਟਿਡ, ਚੰਡੀਗੜ੍ਹ
ਮੁੱਲ : 160 ਰੁਪਏ, ਸਫ਼ੇ : 126.

ਕੈਨੇਡਾ ਵਾਸੀ ਜਰਨੈਲ ਸਿੰਘ ਪੰਜਾਬੀ ਕਹਾਣੀ ਵਿਚ ਚਰਚਿਤ ਤੇ ਜਾਣਿਆ-ਪਛਾਣਿਆ ਨਾਂਅ ਹੈ। 'ਟਾਵਰਜ਼' ਉਸ ਦੀਆਂ ਕਹਾਣੀਆਂ ਦੀ ਪੁਸਤਕ ਦੀ ਦੂਸਰੀ ਐਡੀਸ਼ਨ ਹੈ, ਜਿਸ ਵਿਚ ਉਸ ਨੇ ਲੰਮੇ ਆਕਾਰ ਵਾਲੀਆਂ ਪੰਜ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਸ ਸੰਗ੍ਰਹਿ ਦੀ ਪ੍ਰਮੁੱਖ ਕਹਾਣੀ 'ਟਾਵਰਜ਼' ਅਮਰੀਕਾ ਦੀ ਯੁੱਧ ਲਾਲਸਾ ਦਾ ਘਿਨੌਣਾ ਰੂਪ ਪੇਸ਼ ਕਰਦੀ ਹੈ, ਜੋ ਅਮਲ ਦੀ ਆੜ ਵਿਚ ਸੰਸਾਰ ਅੱਤਵਾਦ ਨੂੰ ਉਤਸ਼ਾਹਿਤ ਤੇ ਪ੍ਰੇਰਿਤ ਕਰਦਾ ਨਜ਼ਰ ਪੈਂਦਾ ਹੈ। ਦੂਸਰੀ ਕਹਾਣੀ 'ਪਾਣੀ' ਦਾ ਪੰਜਾਬੀ ਟੱਬਰ ਹੈ, ਜਿਸ ਦੇ ਜੀਅ ਪੈਸੇ ਤੇ ਜ਼ਮੀਨ ਦੇ ਲਾਲਚ ਕਾਰਨ ਦੁੱਖ ਤੇ ਸੰਤਾਪ ਭੋਗਦੇ ਦਿਖਾਈ ਦਿੰਦੇ ਹਨ। ਸੁਖਜੀਤ ਕੌਰ ਨੂੰ ਆਪਣੀ ਜ਼ਮੀਨ ਨਾਲ ਮੋਹ ਹੈ, ਜਿਸ ਨੂੰ ਉਸ ਦਾ ਪੁੱਤ ਵੱਡੇ ਘਰ 'ਚ ਸਵੀਮਿੰਗ ਪੂਲ ਬਣਾਉਣ ਦੇ ਬਹਾਨੇ ਹਥਿਆਉਣਾ ਚਾਹੁੰਦਾ ਹੈ। ਪਿੱਛੇ ਪੰਜਾਬ 'ਚ ਉਸ ਦੇ ਚਾਚੇ ਦਾ ਪੁੱਤਰ ਜ਼ਮੀਨ ਦਾ ਪਾਣੀ ਬਹੁਤ ਹੇਠਾਂ ਜਾਣ ਦਾ ਬਹਾਨਾ ਬਣਾ ਕੇ ਜ਼ਮੀਨ ਵੇਚ ਕੋਈ ਹੋਰ ਧੰਦਾ ਕਰਨਾ ਲੋਚਦਾ ਹੈ। ਇਸ ਟੱਬਰ ਦਾ ਸੰਕਟ ਜ਼ਮੀਨ ਖੁੱਸਣ ਤੇ ਖੋਹਣ ਦਾ ਹੈ, ਜਿਸ ਕਾਰਨ ਉਨ੍ਹਾਂ ਦੇ ਰਿਸ਼ਤੇ ਤਿੜਕਦੇ ਮਹਿਸੂਸ ਹੁੰਦੇ ਹਨ। 'ਗੁਆਚੇ ਲੋਕ' ਵਿਚ ਸ਼ਮਸ਼ੇਰ ਸਿੰਘ ਦਾ ਟੱਬਰ ਤੇ ਉਸ ਦੇ ਪੁੱਤ ਵੀ ਪੈਸੇ ਦੀ ਅੰਨ੍ਹੀ ਦੌੜ ਵਿਚ ਰਿਸ਼ਤਿਆਂ ਦਾ ਮੋਹ-ਪਿਆਰ ਗੁਆ ਬਹਿੰਦੇ ਹਨ। 'ਬਰਫ਼ ਤੇ ਦਰਿਆ' ਦੀ ਸੋਫੀਆ ਆਪਣੇ ਪ੍ਰੇਮੀ ਦਾ ਬੇਲਾਗ ਪਿਆਰ ਠੁਕਰਾ ਕੇ ਅਮੀਰ ਮੁੰਡੇ ਤੀਨ ਨਾਲ ਨਾਤਾ ਜੋੜਦੀ ਹੈ। 'ਸੜਕ' ਕਹਾਣੀ ਦਾ ਪਾਤਰ ਟਰੱਕਿੰਗ ਦੇ ਕਾਰੋਬਾਰ 'ਚ ਵਾਧਾ ਕਰਨ ਦੀ ਦੌੜ 'ਚ ਆਪਣੇ ਜਵਾਨ ਪੁੱਤਰ ਨੂੰ ਗੁਆ ਲੈਂਦਾ ਹੈ ਤੇ ਸਾਰੀ ਉਮਰ ਦਾ ਦੁੱਖ ਤੇ ਸੰਤਾਪ ਸਹੇੜ ਲੈਂਦਾ ਹੈ। ਉਸ ਕੋਲ ਅੰਤਰਰਾਸ਼ਟਰੀ ਚੇਤਨਾ ਤੇ ਚਿੰਤਨ ਹੈ, ਜੋ ਇਨਸਾਨੀ ਮਸਲਿਆਂ ਨੂੰ ਅੰਗੀਕਾਰ ਕਰਦਾ ਹੈ। ਉਸ ਦੀ ਸੋਚ ਹਮੇਸ਼ਾ ਸੂਰਜ ਦੇ ਉਦੈ ਵੱਲ ਹੀ ਦੇਖਦੀ ਹੈ।

-ਕੇ.ਐਲ. ਗਰਗ
ਮੋ: 94635-37050.

ਮੋਰਾਂ ਦਾ ਮਹਾਰਾਜਾ
ਕਹਾਣੀਕਾਰ : ਬਲਰਾਜ ਸਿੰਘ ਸਿੱਧੂ
ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ ਭੀਖੀ (ਮਾਨਸਾ)
ਮੁੱਲ : 150 ਰੁਪਏ, ਸਫ਼ੇ : 168.

ਇਸ ਸੰਗ੍ਰਹਿ ਦੀ ਸਿਰਨਾਵਾਂ ਕਹਾਣੀ 'ਮੋਰਾਂ ਦਾ ਮਹਾਰਾਜ' ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸਬੰਧਤ ਹੈ, ਜਿਸ ਵਿਚ ਕਹਾਣੀਕਾਰ ਬਲਰਾਜ ਸਿੰਘ ਸਿੱਧੂ ਨੇ ਮੋਰਾਂ ਕੰਚਨੀ ਨਾਂਅ ਦੀ ਨਾਚੀ ਨਾਲ ਮਹਾਰਾਜੇ ਦੀ ਇਸ਼ਕ ਦੀ ਕਹਾਣੀ ਨੂੰ ਗਲਪੀ ਤਕਨੀਕ ਨਾਲ ਸਫ਼ਲਤਾ ਨਾਲ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਦੂਜੀ ਕਹਾਣੀ 'ਮੋਰਾਂ ਸਰਕਾਰ' ਵਿਚ ਇਕ ਮਾਮੂਲੀ ਨਾਚੀ ਦਾ ਕੰਚਨੀ ਮੋਰਾਂ ਤੋਂ ਮੋਰਾਂ ਸਰਕਾਰ ਦਾ ਦਰਜਾ ਪ੍ਰਾਪਤ ਕਰਨ ਦੀ ਗਾਥਾ ਹੈ। ਇਹ ਕਹਾਣੀ ਵੀ ਕਹਾਣੀਕਾਰ ਦੀ ਗਲਪੀ ਤਕਨੀਕ ਵਿਚ ਮੁਹਾਰਤ ਅਤੇ ਇਤਿਹਾਸਕ ਸੱਚ ਨੂੰ ਬੇਬਾਕੀ ਨਾਲ ਪੇਸ਼ ਕਰਨ ਦੀ ਜੁਅਰਤ ਦਾ ਜਾਦੂ ਹੈ। ਤੀਸਰੀ ਕਹਾਣੀ 'ਬਾਦਸ਼ਾਹ ਬੇਗਮ' ਮਹਾਰਾਜਾ ਰਣਜੀਤ ਸਿੰਘ ਅਤੇ ਗੁਲ ਬਹਾਰ ਬੇਗਮ ਦੀ ਮੁਹੱਬਤ ਦਾ ਕਿੱਸਾ ਹੈ। ਇਸੇ ਤਰ੍ਹਾਂ ਚੌਥੀ ਕਹਾਣੀ 'ਰੰਨ ਘੋੜਾ ਤੇ ਤਲਵਾਰ', ਪੰਜਵੀ ਕਹਾਣੀ 'ਲੇਡੀ ਗੌਡੀਵਾ' ਦਾ ਨੰਗਾ ਸੱਚ ਅਤੇ ਬੇਲਿਬਾਸ ਮੁਹੱਬਤ ਸਮੇਤ ਛੇ ਕਹਾਣੀਆਂ ਕਹਾਣੀਕਾਰ ਬਲਕਾਰ ਸਿੰਘ ਸਿੱਧੂ ਦੀ ਕਹਾਣੀ ਕਲਾ ਦੀ ਤਜਰਬੇਕਾਰੀ ਅਤੇ ਇਤਿਹਾਸਕ ਅਧਿਐਨ 'ਤੇ ਕੀਤੀ ਮਿਹਨਤ ਦਾ ਸਾਕਾਰ ਸਿੱਟਾ ਹਨ। ਇਸ ਸੰਗ੍ਰਹਿ ਦੀ ਖਾਸੀਅਤ ਇਹ ਹੈ ਕਿ ਕਹਾਣੀਕਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਕ ਆਦਰਸ਼ ਰਾਜੇ ਵਜੋਂ ਪੇਸ਼ ਕਰਨ ਦੀ ਥਾਂ ਉਸ ਦੀ ਜ਼ਿੰਦਗੀ ਦੇ ਉਨ੍ਹਾਂ ਪੱਖਾਂ ਨੂੰ ਉਜਾਗਰ ਕੀਤਾ ਹੈ, ਜਿਨ੍ਹਾਂ ਨੂੰ ਪੜ੍ਹ ਕੇ ਸਾਡੇ ਮਨ 'ਚ ਮਹਾਰਾਜਾ ਰਣਜੀਤ ਸਿੰਘ ਦੀ ਜੋ ਸੱਚੀ-ਸੁੱਚੀ ਤਸਵੀਰ ਬਣੀ ਹੋਈ ਹੈ, ਉਹ ਤਿੜਕਦੀ ਨਜ਼ਰ ਆਉਂਦੀ ਹੈ। ਕਹਾਣੀਕਾਰ 'ਅਰਜ਼ ਹੈ' ਨਾਂਅ ਦੇ ਸਿਰਲੇਖ ਹੇਠ ਪੁਸਤਕ ਦੇ ਮੁੱਖ ਬੰਧ ਵਿਚ ਖ਼ੁਦ ਲਿਖਦਾ ਕਿ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਨੇਕ ਦਿਲੀ ਦੀ ਉਸ ਦੇ ਸ਼ਾਨਦਾਰ ਤੇ ਵਿਸ਼ਾਲ ਰਾਜ ਦੀ ਗੱਲ ਤਾਂ ਕਰਦੇ ਹਨ ਪਰ ਉਸ ਦੁਆਰਾ ਕੀਤੀਆਂ ਧੱਕੇਸ਼ਾਹੀਆਂ ਅਤੇ ਵਧੀਕੀਆਂ ਨੂੰ ਅਣਡਿੱਠ ਕਰ ਦਿੰਦੇ ਹਨ। ਉਹ ਉਸ ਦੇ ਚਰਿੱਤਰ ਨੂੰ ਸਹੀ ਢੰਗ ਨਾਲ ਪੇਸ਼ ਕਰਨ ਦੀ ਥਾਂ ਅੰਨੀ ਸ਼ਰਧਾ ਵਿਚ ਗੁਆਚ ਜਾਂਦੇ ਹਨ।

-ਸੁਰਿੰਦਰ ਸਿੰਘ 'ਕਰਮ'
ਮੋ: 98146-81444.

ਵਿਰਸਾ ਜ਼ੋਰ ਕਰਦਾ ਹੈ
ਲੇਖਕ : ਰਾਮਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 232.

ਲੇਖਕ ਰਾਮਨਾਥ ਸ਼ੁਕਲਾ ਪੰਜਾਬੀ ਸਾਹਿਤ ਜਗਤ ਵਿਚ ਜਾਣਿਆ-ਪਛਾਣਿਆ ਨਾਂਅ ਹੈ, ਜਿਸ ਨੇ ਪੰਜਾਬੀ ਮਾਂ-ਬੋਲੀ ਨੂੰ ਇਕ ਮਹਾਂਕਾਵਿ, 14 ਕਾਵਿ-ਸੰਗ੍ਰਹਿ, 13 ਨਾਵਲ ਅਤੇ 25 ਲੇਖ-ਸੰਗ੍ਰਹਿ ਨਾਲ ਅਮੀਰ ਕੀਤਾ ਹੈ। ਇਹ ਨਾਵਲ ਪੇਂਡੂ ਪਿਛੋਕੜ ਵਿਚ ਉਸਾਰਿਆ ਗਿਆ ਹੈ, ਜਿਸ ਵਿਚ ਪਰਿਵਾਰਕ ਤੇ ਹੋਰ ਸਮੱਸਿਆਵਾਂ ਨੂੰ ਲਿਆ ਗਿਆ ਹੈ। ਮਾਵਾਂ ਦੀ ਗ਼ਲਤ ਸਪੋਰਟ ਬੱਚੇ ਦੇ ਜੀਵਨ ਨੂੰ ਕਿਵੇਂ ਗ਼ਲਤ ਰਸਤੇ ਪਾਉਂਦੀ ਹੈ ਕਿ ਉਹ ਨਸ਼ਾ ਕਰਕੇ ਪਿਓ ਨੂੰ ਥੱਪੜ ਮਾਰਨ ਤੱਕ ਜਾਂਦਾ ਹੈ, ਜਿਵੇਂ ਨਾਇਕ ਅੱਛਰੂ ਨਾਲ ਬੀਤਦੀ ਹੈ। ਇਕ ਵਿਸ਼ਾ ਹੈ ਗਰੀਬ ਉਤੇ ਅਮੀਰਾਂ ਦਾ ਰਾਜ ਕਿ ਉਹ ਗਰੀਬ ਨਾਲ ਜ਼ੋਰ-ਜਬਰਦਸਤੀ ਕਰਕੇ ਉਧਾਰ ਨਾ ਮੋੜਣ ਦੀ ਸੂਰਤ ਵਿਚ ਸਾਮਾਨ ਆਦਿ ਤੱਕ ਚੁੱਕ ਕੇ ਲੈ ਜਾਂਦੇ ਸਨ। ਨਾਵਲਕਾਰ ਨੇ ਫ਼ਰਾਖਦਿਲ ਔਰਤਾਂ ਦੀ ਵੀ ਗੱਲ ਕੀਤੀ ਹੈ, ਪਿੰਡਾਂ ਵਿਚ ਏਕਾ ਸੀ ਤੇ ਪਿੰਡ ਦੀ ਧੀ ਸਾਂਝੀ ਧੀ-ਭੈਣ ਮੰਨੀ ਜਾਂਦੀ ਸੀ। ਪਿੰਡਾਂ ਵਿਚ ਰਿਸ਼ਤੇ-ਨਾਤੇ ਨਾਈ ਜਾਂ ਹਰਕਾਰੇ ਹੀ ਤੈਅ ਕਰਦੇ ਸਨ ਅਤੇ ਉਨ੍ਹਾਂ ਉਤੇ ਹੀ ਸਭ ਨੂੰ ਵਿਸ਼ਵਾਸ ਕਰਨਾ ਪੈਂਦਾ ਸੀ। ਜਵਾਨ ਬੱਚਿਆਂ ਦੀ ਨੇੜਤਾ ਜਾਂ ਸਾਂਝ ਪਾਪ ਮੰਨਿਆ ਜਾਂਦਾ ਸੀ।
ਲੇਖਕ ਨੇ ਘਟਨਾਵਾਂ ਰਾਹੀਂ ਇਹ ਵੀ ਦੱਸਣ ਦਾ ਯਤਨ ਕੀਤਾ ਹੈ ਕਿ ਪਿੰਡਾਂ ਵਿਚ ਵਹਿਮ-ਭਰਮ ਬਹੁਤ ਪ੍ਰਚਲਿਤ ਸਨ ਜਿਵੇਂ ਚੇਚਕ ਨਿਕਲਣ ਬਾਰੇ ਜਾਂ ਬਾਂਝ ਔਰਤ ਬਾਰੇ ਵਹਿਮ, ਜਿਸ ਦਾ ਮੁੱਖ ਕਾਰਨ ਸੀ ਅਨਪੜ੍ਹਤਾ। ਬੱਚਿਆਂ ਵਿਚ ਵਿਰਸੇ ਨੂੰ ਬਦਲਣ ਬਾਰੇ ਜਿਹੜੀ ਮਾਨਸਿਕਤਾ ਕੰਮ ਕਰਦੀ ਹੈ, ਉਸ ਨੂੰ ਵੀ ਉਲੀਕਿਆ ਹੈ। ਵਿਆਹ ਛੋਟੀ ਉਮਰ ਵਿਚ ਤੇ ਜਾਤ-ਬਰਾਦਰੀ ਵਿਚ ਕਰਨੇ ਲਾਜ਼ਮੀ ਸਨ ਪਰ ਨਤੀਜਾ ਇਹ ਨਿਕਲਦਾ ਕਿ ਛੋਟੀ ਉਮਰੇ ਹੀ ਕਬੀਲਦਾਰੀ ਦੇ ਬੋਝ ਹੇਠ ਦੱਬ ਜਾਂਦੇ ਸਨ, ਜਿਸ ਲਈ ਉਨ੍ਹਾਂ ਨੂੰ ਵਿਆਜ਼ੀ ਪੈਸਾ ਲੈਣਾ ਪੈਂਦਾ ਤੇ ਸਾਰੀ ਉਮਰ ਲੰਘ ਜਾਂਦੀ ਉਧਾਰ ਮੋੜਨ ਵਿਚ। ਕਈ ਵਾਰ ਤਾਂ ਪਿਓ ਦਾ ਲਿਆ ਉਧਾਰ ਪੁੱਤਰ, ਪੋਤਰਿਆਂ ਤੱਕ ਚਲਦਾ ਰਹਿੰਦਾ। ਧੀਆਂ ਦੇ ਪੈਸੇ ਵੱਟਣ ਦਾ ਵੀ ਰਿਵਾਜ ਪ੍ਰਚਲਿਤ ਸੀ ਅਤੇ ਅੱਗੋਂ ਤੋਂ ਅੱਗੋਂ ਧੀਆਂ ਵਿਕਦੀਆਂ ਸਨ। ਛੋਟੀ ਉਮਰੇ ਵਿਆਹ ਸਦਕਾ ਕਾਮ ਉਤੇ ਕਾਬੂ ਨਾ ਰੱਖ ਸਕਣ ਸਦਕਾ ਬੱਚਿਆਂ ਦੀ ਬਹੁਲਤਾ ਆਮ ਜਿਹੀ ਗੱਲ ਸੀ, ਜੋ ਸਾਂਝੇ ਪਰਿਵਾਰ ਉਤੇ ਭਾਰੂ ਹੋ ਜਾਂਦੀ। ਸੱਸ-ਨੂੰਹ ਦਾ ਝਗੜਾ, ਜ਼ਮੀਨਾਂ-ਜਾਇਦਾਦਾਂ ਦੀ ਵੰਡ, ਜਾਤ-ਪਾਤ, ਵਿਦੇਸ਼ੀ ਕੁੜੀ ਨਾਲ ਵਿਆਹ ਜਿਸ ਕਾਰਨ ਸਿੱਧੇ-ਸਾਦੇ ਜੱਟ ਦਾ ਜੀਵਨ ਨਰਕ ਬਣ ਜਾਣਾ ਪੇਂਡੂ ਦੀਆਂ ਜੀਵਨ ਦੀਆਂ ਆਮ ਵਾਪਰਦੀਆਂ ਘਟਨਾਵਾਂ ਤੇ ਸਮੱਸਿਆਵਾਂ ਸਨ ਤੇ ਹੁਣ ਵੀ ਹਨ। ਲੇਖਕ ਨੇ ਇਹ ਦਰਸਾਉਣ ਦਾ ਉਪਰਾਲਾ ਕੀਤਾ ਹੈ ਕਿ ਜਿਵੇਂ ਹੀ ਹਾਲਾਤ ਹੋਣ, ਵਿਰਸਾ ਹਾਵੀ ਹੋ ਹੀ ਜਾਂਦਾ ਹੈ ਅਤੇ ਪਿਓ-ਦਾਦੇ ਦਾ ਖੂਨ ਤੇ ਜੀਨਸ ਬੱਚਿਆਂ ਵਿਚ ਆਉਣੇ ਸੁਭਾਵਿਕ ਹਨ ਜੋ ਜੀਵਨ ਨੂੰ ਸਵਰਗ ਵੀ ਬਣਾ ਦਿੰਦੇ ਤੇ ਨਰਕ ਵੀ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298.

ਧਰਤੀ ਧੌਂ ਗਈ ਹੈ
ਲੇਖਕ : ਗੋਪਾਲ ਸਿੰਘ ਸਖੀਰਾ
ਪ੍ਰਕਾਸ਼ਕ : ਕੇ.ਜੀ. ਗ੍ਰਾਫ਼ਿਕਸ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 120.

ਵਰਤਮਾਨ ਕਹਾਣੀ ਸਰੂਪ ਤੋਂ ਅਲੱਗ ਇਹ ਪੁਸਤਕ ਸਾਦ ਮੁਰਾਦੀ ਸ਼ੈਲੀ ਵਿਚ ਹੈ। ਘਟਨਾਵਾਂ ਦਾ ਹੂ-ਬ-ਹੂ ਚਿਤਰਣ ਹੈ। ਸਹਿਜ ਵਿਚ ਲਿਖੀਆਂ ਡਾਈਰੀਨੁਮਾ ਕਥਾ ਵਾਰਤਾਵਾਂ ਹਨ। ਕਹਾਣੀਆਂ ਵਿਚ ਲੇਖਕ ਦਾ ਵਿਸ਼ਾਲ ਜੀਵਨ ਅਨੁਭਵ ਹੈ। ਸਾਦੀ ਜੁਗਤ ਹੈ। ਨਾ ਕੋਈ ਉਚੇਚ, ਨਾ ਕੋਈ ਵਲ ਫਰੇਬ। ਆਮ ਪੇਂਡੂ ਵਾਤਾਵਰਨ, ਸਥਾਂ ਵਰਗੇ ਬੋਲ ਪੁਸਤਕ ਵਿਚ ਆਮ ਮਿਲਦੇ ਹਨ। ਕੁੱਲ ਛੋਟੀਆਂ-ਵੱਡੀਆਂ 23 ਰਚਨਾਵਾਂ ਹਨ। ਸਿਰਲੇਖ ਵਾਲੀ ਪਹਿਲੀ ਰਚਨਾ ਡੇਢ ਪੰਨੇ 'ਤੇ ਹੈ। ਸੁਪਨੇ ਵਿਚ ਲੇਖਕ ਧਰਤੀ 'ਤੇ ਹੋ ਰਹੇ ਜ਼ੁਲਮ, ਬੇਇਨਸਾਫ਼ੀਆਂ, ਸੜਕਾਂ ਦੀ ਭੀੜ, ਦਫ਼ਤਰਾਂ ਦਾ ਭ੍ਰਿਸ਼ਟ ਮਾਹੌਲ, ਨਿਘਰ ਚੁੱਕੀਆਂ ਮਨੁੱਖੀ ਕਦਰਾਂ-ਕੀਮਤਾਂ ਬਾਰੇ ਸੁਤ-ਉਨੀਂਦਰੇ ਵਿਚ ਸੋਚ ਰਿਹਾ ਹੈ। ...ਮੇਰਾ ਦਿਲ ਕੀਤਾ ਲੋਕਾਂ ਨੂੰ ਆਖਾਂ, ਔਖੀਆਂ ਜ਼ਿੰਦਗੀਆਂ ਤੇ ਭਾਰੂਆਂ ਦੇ ਭਾਰ ਨਾਲ ਧਰਤੀ ਧੌਂ ਗਈ ਹੈ। (ਪੰਨਾ 18) ਕਹਾਣੀ ਸਾਂਝ ਦੋ ਪਾਤਰਾਂ ਦੇ ਬਚਪਨ ਦੇ ਮੋਹ ਪਿਆਰ ਦੀ ਗੱਲ ਹੈ। ਉਹ ਪਿਆਰ ਜੋ ਪਹਿਲੇ ਵੇਲਿਆਂ ਵਿਚ ਲੋਕਾਂ ਵਿਚ ਹੋਇਆ ਕਰਦਾ ਸੀ। ਨਿੰਮ ਤੇ ਨਿੰਮੋ ਕਹਾਣੀ ਵਿਚ ਪਾਤਰ ਨਿਰਮਲ ਜੀਤ ਤੇ ਪ੍ਰੀਤਮ ਸਿੰਘ ਸਕੂਲ ਵਿਚ ਦਾਖ਼ਲ ਹੋਣ ਦੇ ਸਮੇਂ ਤੋਂ ਲੈ ਕੇ ਵਿਦੇਸ਼ ਜਾਣ ਤੱਕ ਆਪਸ ਵਿਚ ਮੋਹ ਪਿਆਰ ਨਾਲ ਰਹਿੰਦੇ ਹਨ ਤੇ ਇਕ-ਦੂਸਰੇ ਦੀ ਆਰਥਿਕ ਮਦਦ ਵੀ ਕਰਦੇ ਹਨ। ਲੇਖਕ ਦਾ ਮੰਤਵ ਮਿਲਵਰਤਨ ਆਪਸੀ ਸਹਿਯੋਗ ਨੂੰ ਪਾਠਕਾਂ ਤੱਕ ਪੁਚਾਉਣਾ ਹੈ। ਕਹਾਣੀ ਕਾਕੂ ਦੀ ਕਥਾ ਦਾ ਗਰੀਬ ਬੱਚਾ ਮਿਹਨਤ ਕਰਕੇ ਚੰਗੇ ਕੰਮੀ ਕਾਰੀਂ ਲੱਗ ਜਾਂਦਾ ਹੈ। ਆਪਣੇ ਅਧਿਆਪਕ ਨੂੰ ਕਹਿੰਦਾ ਹੈ-ਅੰਕਲ ਕੋਈ ਕੰਮ ਹੋਵੇ ਤਾਂ ਮੈਨੂੰ ਦੱਸਿਉ ਮੇਰਾ ਨਾਂਅ ਕੁਲਵਿੰਦਰ ਸਿੰਘ ਹੈ। (ਪੰਨਾ 36) ਕਹਾਣੀ ਅਧਿਆਪਕ ਵਿਦਿਆਰਥੀ ਦੇ ਨਿੱਘੇ ਰਿਸ਼ਤੇ ਬਾਰੇ ਹੈ। ਹੋਰ ਕਹਾਣੀਆਂ ਤੋਸਾਂ, ਇਕਰਾਰ ਪੱਕੇ ਵਸਨੀਕ, ਟਾਕੀਆਂ ਵਾਲੀ ਸਲਵਾਰ, ਨੀਤ ਨੂੰ ਮੁਰਾਦ, ਗੇਜੋ ਸਹੁਰੇ ਤੁਰ ਗਈ, ਮਹਿਫ਼ਲ, ਭੁੱਖ, ਅਵੱਲੀ ਭੀੜ ਬਿਲਕੁਲ ਸਾਦੇ ਸ਼ਬਦਾਂ ਵਿਚ ਪਾਠਕਾਂ ਨੂੰ ਚੰਗਾ ਸੰਦੇਸ਼ ਦਿੰਦੀਆਂ ਹਨ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

18-10-2014

 ਕਦ ਬੋਲਾਂਗੇ
ਲੇਖਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 104.

ਬੜੀ ਖੁਸ਼ੀ ਦੀ ਗੱਲ ਹੈ ਕਿ ਕਾਫੀ ਅਰਸੇ ਬਾਅਦ ਪੰਜਾਬੀ ਗ਼ਜ਼ਲ ਨੂੰ ਕਰਮ ਸਿੰਘ ਜ਼ਖਮੀ ਵਰਗਾ, ਜ਼ਰਖੇਜ਼ ਅਨੁਭਵ ਵਾਲਾ ਸਮਰਪਿਤ ਕਵੀ ਨਸੀਬ ਹੋਇਆ ਹੈ। 'ਕਦ ਬੋਲਾਂਗੇ' ਉਸ ਦਾ ਚੌਥਾ ਗ਼ਜ਼ਲ ਸੰਗ੍ਰਹਿ ਹੈ। ਗ਼ਜ਼ਲ ਕਹਿਣ ਸਮੇਂ ਸਮਕਾਲੀ ਯੁੱਗ ਦੀਆਂ ਸੱਭਿਆਚਾਰਕ-ਆਰਥਿਕ ਸਮੱਸਿਆਵਾਂ, ਸਮਾਜਿਕ ਵਿਸੰਗਤੀਆਂ ਅਤੇ ਨੈਤਿਕ ਉਲਾਰ-ਵਿਗਾੜ ਉਸ ਦਾ ਧਿਆਨ ਮੱਲੀ ਰੱਖਦੇ ਹਨ। ਉਹ ਉੱਤਰ-ਆਧੁਨਿਕ ਕਵੀ ਹੈ ਅਤੇ ਕਿਸੇ ਵੀ ਸਮਾਜਿਕ-ਆਰਥਿਕ ਸਮੱਸਿਆ ਉੱਪਰ ਉਂਗਲ ਧਰਨ ਤੋਂ ਸੰਕੋਚ ਨਹੀਂ ਕਰਦਾ। ਗ਼ਜ਼ਲ ਦੀ ਸਿਰਜਣਾ ਕਰਨ ਸਮੇਂ ਉਸ ਦੀ ਕੋਸ਼ਿਸ਼ ਰਹਿੰਦੀ ਹੈ ਕਿ :
ਕੋਸ਼ਿਸ਼ ਹੈ ਕਿ ਐਸਾ ਇਕ ਸੰਸਾਰ ਬਣੇ
ਹਰ ਬੰਦਾ ਖੁਸ਼ਹਾਲੀ ਦਾ ਹਕਦਾਰ ਬਣੇ
ਲੁੱਟ ਕਰੇ ਨਾ ਕੋਈ ਲੁੱਟਿਆ ਜਾਵੇ ਨਾ
ਲੋਕਾਂ ਖਾਤਰ ਲੋਕਾਂ ਦੀ ਸਰਕਾਰ ਬਣੇ
ਬੇਈਮਾਨੀ, ਠੱਗੀ, ਭ੍ਰਿਸ਼ਟਾਚਾਰ ਮਿਟੇ
ਉੱਚਾ ਸੁੱਚਾ ਸਭਨਾਂ ਦਾ ਕਿਰਦਾਰ ਬਣੇ।
(ਕੋਸ਼ਿਸ਼ ਹੈ, ਪੰਨਾ 13)
ਕਵੀ ਸਮਾਜਿਕ-ਆਰਥਿਕ ਵਿਸੰਗਤੀਆਂ ਨੂੰ ਰੂਪਮਾਨ ਕਰਨ ਦੇ ਨਾਲ-ਨਾਲ ਮਨੁੱਖ ਦੇ ਅੰਦਰ ਨਿਰੰਤਰ ਚਲਦੇ ਰਹਿਣ ਵਾਲੇ ਇਕ ਯੁੱਧ ਦੀ ਪੇਸ਼ਕਾਰੀ ਵੀ ਕਰਦਾ ਹੈ। ਅਜੋਕੇ ਮਨੁੱਖ ਉੱਪਰ ਬਹੁਤ ਸਾਰੇ ਦਬਾਉ ਪੈਂਦੇ ਰਹਿੰਦੇ ਹਨ। ਘਰ, ਪਰਿਵਾਰ, ਸਮਾਜ ਅਤੇ ਦੇਸ਼ ਉਸ ਤੋਂ ਬਹੁਤ ਸਾਰੀਆਂ ਆਸ਼ਾਵਾਂ ਰੱਖਦੇ ਹਨ ਪਰ ਇਕੱਲਾ ਰਹਿ ਜਾਣ ਦੀ ਸੂਰਤ ਵਿਚ ਉਹ ਆਪਣੇ-ਆਪ ਨੂੰ ਮਜਬੂਰ ਅਤੇ ਬੇਬੱਸ ਪਾਉਂਦਾ ਹੈ। ਆਪਣੇ ਆਲੇ-ਦੁਆਲੇ ਉਹ ਜਿੱਧਰ ਵੀ ਨਜ਼ਰ ਮਾਰਦਾ ਹੈ, ਹਰ ਕੋਈ ਆਪਣੇ-ਆਪਣੇ ਸਵਾਰਥ ਦੀ ਸਿੱਧੀ ਵਿਚ ਲੱਗਾ ਹੋਇਆ ਹੈ। ਬਹੁਤੇ ਲੋਕਾਂ ਨੂੰ ਇਹੀ ਝੋਰਾ ਰਹਿੰਦਾ ਹੈ ਕਿ ਉਸ ਦਾ ਕੋਈ ਗਵਾਂਢੀ, ਰਿਸ਼ਤੇਦਾਰ ਜਾਂ ਜਾਣਕਾਰ ਉਸ ਨਾਲੋਂ ਸੌਖਾ ਕਿਉਂ ਹੈ, ਹਾਲਾਂ ਕਿ ਇਹ ਉਸ ਦੀ ਖ਼ਾਮਖਿਆਲੀ ਹੀ ਹੁੰਦੀ ਹੈ ਕਿਉਂਕਿ ਮੌਜੂਦਾ ਦੌਰ ਦੀ ਵਿਵਸਥਾ ਨੇ ਕਿਸੇ ਨੂੰ ਵੀ ਸੌਖਾ ਨਹੀਂ ਰਹਿਣ ਦਿੱਤਾ। ਪ੍ਰੰਤੂ ਆਪਣੇ ਦਿਲ ਵਿਚ ਪਲ ਰਹੇ ਝੋਰੇ ਦਾ ਕੋਈ ਕੀ ਕਰੇ! ਕਵੀ ਅਨੁਸਾਰ : ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੰਦਾ ਹਾਂ, ਪਰ ਇਕ ਰਾਵਣ ਪਲਦਾ ਰਹਿੰਦੈ ਮੇਰੇ ਅੰਦਰ। ਆਪਣੇ 'ਦੁੱਖ' ਕਰਕੇ ਮੈ ਦੁਖੀ ਨਹੀਂ ਹਾਂ ਬਹੁਤਾ, ਦੂਜੇ ਦਾ 'ਸੁਖ' ਚੁਭਦਾ ਰਹਿੰਦੈ ਮੇਰੇ ਅੰਦਰ। (ਯੁੱਧ ਜਿਹਾ ਇਕ, ਪੰਨਾ 15)। ਕਰਮ ਸਿੰਘ ਜ਼ਖਮੀ ਇਨਸਾਨੀਅਤ ਦਾ ਕਵੀ ਹੈ ਅਤੇ ਇਸ ਸੂਰਤ ਵਿਚ ਉਹ ਹਰ ਬੰਦੇ ਨੂੰ ਇਕ (ਚੰਗੇ) ਇਨਸਾਨ ਦੇ ਰੂਪ ਵਿਚ ਵੇਖਣ ਦਾ ਅਭਿਲਾਸ਼ੀ ਹੈ। ਉਸ ਦਾ ਸ਼ਬਦ-ਭੰਡਾਰ ਬਹੁਤ ਵਿਸ਼ਾਲ ਹੈ। ਉਹ ਲਿਖਣ ਦੇ ਨਾਲ-ਨਾਲ ਨਿਰੰਤਰ ਚੰਗਾ ਸਾਹਿਤ ਪੜ੍ਹਦਾ ਵੀ ਰਹਿੰਦਾ ਹੈ। ਉਸ ਨੂੰ ਗ਼ਜ਼ਲ ਦੀਆਂ ਬਿਰਤਾਂਤ-ਵਿਧੀਆਂ ਉੱਪਰ ਵੀ ਕਾਫੀ ਅਧਿਕਾਰ ਪ੍ਰਾਪਤ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸੂਫ਼ੀਮਤ ਅਤੇ ਸਿਲਸਿਲਾ ਨਕਸ਼ਬੰਦੀਆ
ਲੇਖਕ : ਮਨਜੀਤ ਕੁਮਾਰ ਵੇਗਰਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 143.

ਭਾਰਤੀ ਚਿੰਤਨਧਾਰਾ ਤੇ ਵਿਸ਼ੇਸ਼ਤਰ ਪੰਜਾਬੀ ਲੋਕ ਮਾਨਸਿਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਪਹਿਲ-ਪਹਿਲੀਆਂ ਵਿਚਾਰਧਾਰਾਵਾਂ ਵਿਚੋਂ ਸੂਫ਼ੀ ਵਿਚਾਰਧਾਰਾ ਨੇ ਵਿਸੇਸ਼ ਭਾਂਤ ਆਂਤਰਿਕ ਮਹੱਤਤਾ ਵਾਲੀ ਭੂਮਿਕਾ ਨਿਭਾਈ। ਅਰਬ ਪਰ ਖ਼ਾਸ ਕਰ ਫਰਾਂਸ ਤੋਂ ਇਧਰ ਆਈ ਸੂਫ਼ੀ ਲਹਿਰ, ਜਦੋਂ ਬਾਬਾ ਫ਼ਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ ਜਿਹੇ ਦਰਵੇਸ਼ ਸ਼ਾਇਰਾਂ ਦੀ ਸਥਾਪਤ ਕੀਤੀ ਪਰਿਪਾਟੀ ਦੁਆਰਾ ਲੋਕ-ਪ੍ਰਵਾਨਗੀ ਗ੍ਰਹਿਣ ਕਰ ਗਈ ਤਾਂ ਨਿਮਨ ਅਤੇ ਮੱਧ ਵਰਗ ਇਸ ਦਾ ਸਹਿਜੇ ਹੀ ਉਪਾਸਕ ਹੋ ਨਿੱਬੜਿਆ। ਇਨ੍ਹਾਂ ਸੂਫ਼ੀ ਚਿੰਤਕਾਂ ਦੇ ਵੀ ਅੱਗੇ ਹੋਰ ਕਈ ਫ਼ਿਰਕੇ ਜਾਂ ਸੋਚ-ਆਧਾਰ ਭੂਮੀ ਦੇ ਕਈ ਮਾਪਦੰਡ ਸਨ, ਇਨ੍ਹਾਂ ਨੂੰ ਸੂਫ਼ੀ ਅਧਿਐਨ ਦੀ ਚਿੰਤਨਧਾਰਾ ਦੇ ਅੰਤਰਗਤ 'ਸਿਲਸਿਲੇ' ਕਹਿ ਲਿਆ ਜਾਂਦਾ ਹੈ। ਲੇਖਕ ਮਨਜੀਤ ਕੁਮਾਰ ਵੇਗਰਾ ਗੰਭੀਰਤਾ ਸਹਿਤ ਸੂਫ਼ੀਮਤ ਨਾਲ ਗੂੜ੍ਹਾ ਸਬੰਧ ਰੱਖਦਾ ਹੈ। ਉਸ ਦੀ ਮਾਨਤਾ ਹੈ ਕਿ ਸੂਫ਼ੀਮਤ ਇਸਲਾਮ ਦੀ ਰਹੱਸਵਾਦੀ ਲਹਿਰ ਹੈ ਅਤੇ ਇਹ ਨਿਰੋਲ ਰੂਹਾਨੀਅਤ ਸਰੋਕਾਰਾਂ ਨਾਲ ਸਬੰਧਤ ਹੈ। ਪੁਸਤਕ ਨਕਸ਼ਬੰਦੀਆਂ ਫ਼ਿਰਕੇ ਦੇ ਸੂਫ਼ੀ ਮਹਾਂਪੁਰਸ਼ਾਂ ਪ੍ਰਤੀ ਸ਼ਰਧਾਮੂਲਕ ਦ੍ਰਿਸ਼ਟੀ ਤੋਂ ਲਿਖੀ ਗਈ ਹੈ ਅਤੇ ਥਾਂ ਪੁਰ ਥਾਂ ਇਸ ਸੰਪਰਦਾਇ ਦੇ ਮਹਾਂਪੁਰਖਾਂ ਪ੍ਰਤੀ ਅਕੀਦਤ ਦੇ ਹਾਵਾਂ-ਭਾਵਾਂ ਨੂੰ ਵਿਅਕਤ ਕੀਤਾ ਗਿਆ ਹੈ। ਭਾਵੇਂ ਲੇਖਕ ਸੂਫ਼ੀਮਤ ਦਾ ਅਰੰਭ ਅਤੇ ਵਿਕਾਸ ਜਾਂ ਭਾਰਤ ਵਿਚ ਸੂਫ਼ੀਮਤ ਦੀ ਆਮਦ ਤੇ ਪ੍ਰਸਾਰ ਜਾਂ ਸੂਫ਼ੀਮਤ ਦਾ ਪ੍ਰਚਾਰ ਅਤੇ ਸਿਲਸਿਲਾ ਨਕਸ਼ਬੰਦੀ ਦਾ ਸਿਧਾਂਤਕ, ਇਤਿਹਾਸਕ ਅਤੇ ਇਨ੍ਹਾਂ ਦੁਆਰਾ ਕਰਮਸ਼ੀਲਤਾ ਜਿਹੇ ਸੰਕਲਪਾਂ ਜਾਂ ਸਰੋਕਾਰਾਂ ਦਾ ਵਿਸਤ੍ਰਿਤ ਬਿਆਨ ਕਰਦਾ ਹੈ, ਸਗਲੇ ਵੇਰਵੇ ਤੋਂ ਲੇਖਕ ਦੀ ਸਿਰੜਤਾ, ਲਗਨਤਾ ਅਤੇ ਸੁਹਿਰਦਤਾ ਸਹਿਤ ਡੂੰਘੀ ਖੋਜ ਦਾ ਪਤਾ ਲੱਗ ਜਾਂਦਾ ਹੈ। ਬੜੀ ਸਰਲ ਅਤੇ ਸੁਖੈਣ ਭਾਸ਼ਾ 'ਚ ਅਰਬੀ-ਫ਼ਾਰਸੀ ਦੇ ਗਹਿਨ ਸ਼ਬਦਾਂ ਨੂੰ ਪੰਜਾਬੀ ਰੂਪ ਵਿਚ ਵੀ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਿਲਸਿਲਾ ਨਕਸ਼ਬੰਦੀ ਦੇ ਪ੍ਰਮੁੱਖ ਸੂਫ਼ੀ ਦਰਵੇਸ਼ਾਂ ਬਾਰੇ ਬਾਖੂਬੀ ਜੀਵਨੀ ਅਤੇ ਕਾਰਨਾਮਿਆਂ ਬਾਬਤ ਦੁਰਲੱਭ ਜਾਣਕਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਸੁਲਤਾਨੁਲ ਆਰਫ਼ੀਨ : ਹਜ਼ਰਤ ਅਬੂ-ਯਜ਼ੀਦ ਇਸਤਾਮੀ ਅਤੇ ਹਜ਼ਰਤ ਅਬੂ-ਅਲ ਹਸਨ ਖਰਕਾਨੀ-ਅਲ ਨੂਰਾਨੀ ਆਦਿ ਕਾਂਡਾਂ 'ਚ ਨਕਸ਼ਬੰਦੀਆਂ ਵਿਚਾਰਧਾਰਕ ਪਰੰਪਰਾ ਨੂੰ ਪ੍ਰਵਾਹਮਾਨ ਕਰਨ ਵਾਲੇ ਸੂਫ਼ੀ ਮਹਾਂਪੁਰਖਾਂ ਬਾਬਤ ਡੂੰਘੀ ਨੀਝ ਨਾਲ ਜਾਣਕਾਰੀ ਮੁਹੱਈਆ ਕਰਵਾਈ ਹੈ। ਭਾਰਤ ਅਤੇ ਪੰਜਾਬ 'ਚ ਇਸ ਸੋਚ-ਧਾਰਾ ਅਤੇ ਲਹਿਰ ਨੂੰ ਪ੍ਰਜਵਲਿਤ ਕਰਕੇ ਜੀਅ-ਜੀਅ ਤੱਕ ਲੋਕ ਮਨਾਂ 'ਚ ਘਰ ਕਰ ਜਾਣ ਵਾਲੇ ਅਤੇ ਵਿਭਿੰਨ ਥਾਵਾਂ 'ਤੇ ਡੇਰੇ ਜਾਂ ਖਾਨਖਾਹਾਂ ਸਥਾਪਿਤ ਕਰਕੇ, ਉਕਤ ਵਿਚਾਰਧਾਰਾ ਨੂੰ ਸਦੀਵੀ ਪ੍ਰਵਾਹਮਾਨ ਕਰਨ ਵਾਲੇ ਅਨੇਕਾਂ ਸੂਫ਼ੀਆਂ ਪੁਰਸ਼ਾਂ ਦਾ ਵੀ ਪੁਸਤਕ 'ਚ ਵਿਸ਼ੇਸ਼ ਭਾਂਤ ਜ਼ਿਕਰ ਹੈ।

-ਡਾ: ਜਗੀਰ ਸਿੰਘ ਨੂਰ
ਮੋ: 98142-09732.

ਬੰਟੀ ਬਜ਼ਾਰ
ਲੇਖਕ : ਗੁਲ ਚੌਹਾਨ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਦਿੱਲੀ
ਮੁੱਲ : 240 ਰੁਪਏ, ਸਫ਼ੇ : 144.

ਪੰਜਾਬੀ ਕਹਾਣੀ ਵਿਚ ਗੁਲ ਚੌਹਾਨ ਸਥਾਪਤ ਨਾਂਅ ਹੈ। ਬੰਟੀ ਬਜ਼ਾਰ ਵਿਚ 15 ਕਹਾਣੀਆਂ ਹਨ। ਆਮ ਲੀਹ ਤੋਂ ਹਟ ਕੇ ਕਿਤਾਬ ਦੇ ਸਿਰਲੇਖ ਵਾਲੀ ਕੋਈ ਰਚਨਾ ਪੁਸਤਕ ਵਿਚ ਨਹੀਂ ਹੈ। ਪਰ ਇਨ੍ਹਾਂ ਕਹਾਣੀਆਂ ਵਿਚ ਜੋ ਵੀ ਹੈ, ਉਹ ਮਾਡਰਨ ਸਮਾਜ ਦੀ ਤਸਵੀਰ ਹੈ। ਸਮਾਜ ਜਿਸ ਵਿਚ ਵਿਸ਼ਵੀਕਰਨ ਦਾ ਬੋਲਬਾਲਾ ਹੈ। ਪਦਾਰਥਕ ਸੋਚ ਹੈ। ਤਿੜਕਦੀ ਮਾਨਸਿਕਤਾ ਹੈ। ਟੁੱਟਦੇ ਬਣਦੇ ਰਿਸ਼ਤੇ ਹਨ। ਔਰਤ ਮਰਦ ਤਣਾਓ ਹੈ। ਜ਼ਿੰਦਗੀ ਦੀ ਦੌੜ ਭੱਜ ਹੈ। ਪੀੜ੍ਹੀ ਪਾੜਾ ਹੈ। ਟੀ.ਵੀ. 'ਤੇ ਚਲਦੇ ਲੜੀਵਾਰਾਂ ਦੀ ਔਰਤ ਇਨ੍ਹਾਂ ਕਹਾਣੀਆਂ ਵਿਚ ਆਮ ਵੇਖੀ ਜਾ ਸਕਦੀ ਹੈ। ਗੁਲ ਚੌਹਾਨ ਨੇ ਵਿਧਵਾ ਔਰਤਾਂ ਦੀ ਤ੍ਰਾਸਦੀ ਖੁਭ ਕੇ ਪੇਸ਼ ਕੀਤੀ ਹੈ। ਇਹ ਕਹਾਣੀਆਂ ਡਿਕੇ-ਡੋਲੇ ਖਾਂਦੇ ਸਮਾਜ ਦੀ ਝਲਕ ਹਨ, ਜਿਨ੍ਹਾਂ ਨੂੰ ਲੇਖਕ ਨੇ ਸਾਹਿਤਕ ਰੰਗ ਵਿਚ ਪੇਸ਼ ਕੀਤਾ ਹੈ। ਨਾਰੀਆਂ ਦੀਆਂ ਸਾਧਾਰਨ ਤੇ ਵਿਸ਼ੇਸ਼ ਝੁਕਾਅ ਵਾਲੀਆਂ ਗੱਲਾਂ ਪੁਸਤਕਾਂ ਵਿਚ ਹਨ। ਪਾਤਰ ਆਪਹੁਦਰੇ, ਹਉਂ ਵਿਚ ਬੱਝੇ ਤੇ ਮੌਕਾਪ੍ਰਸਤੀ ਦੀ ਤਾਕ ਵਿਚ ਹਨ। ਕਲਾਬਾਜ਼ੀਆਂ ਮਾਰਦੇ ਹਨ। ਕਹਾਣੀ ਬੇਬੀ ਘਰ ਦੇ ਬੱਚੇ ਪ੍ਰਾਈਵੇਟ ਨੌਕਰੀਆਂ 'ਤੇ ਹਨ। ਰਾਤ-ਬਰਾਤੇ ਘਰ ਵੜਦੇ ਹਨ। ਬਜ਼ੁਰਗ ਘਰਾਂ ਵਿਚ ਕੈਦੀਆਂ ਵਾਂਗ ਡੱਕੇ ਹੋਏ ਹਨ। ਬੱਚਿਆਂ ਕੋਲ ਬੈਠਣ ਦਾ ਵੀ ਵਕਤ ਨਹੀਂ ਹੈ। ਆਪੋ-ਆਪਣੇ ਸੰਸਾਰ ਹਨ। ਆਪੋ-ਆਪਣੇ ਰੁਝੇਵੇਂ, ਹਫੜਾ-ਦਫੜੀ ਵਿਚ ਸਮਾਂ ਲੰਘੀ ਜਾਂਦਾ ਹੈ। ਦੁੱਲਾ ਅਤੇ ਟਾਪ ਫਲੋਰ ਦਾ ਪਾਤਰ ਦੁੱਲਾ ਔਰਤਾਂ ਵਿਚ ਨਿਸ਼ੰਗ ਘੁੰਮਦਾ ਹੈ। ਵਿਹਲਾ ਹੈ। ਆਸੇ-ਪਾਸੇ ਦੀਆਂ ਬਿੜਕਾਂ ਲੈਂਦਾ ਫਿਰਦਾ ਹੈ। ਔਰਤ ਪਾਤਰ ਹਰ ਕਹਾਣੀ ਦੀਆਂ ਬੇਬਾਕ ਅਤੇ ਮੂੰਹ ਫਟ ਹਨ। ਨਿੰਦਾ ਚੁਗਲੀ ਦਾ ਬਾਜ਼ਾਰ ਗਰਮ ਹੈ।

-ਪਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਕੂੰਜਾਂ
ਸੰਪਾਦਕ : ਸੁਰਜੀਤ,
ਡਾ: ਕੰਵਲਜੀਤ ਕੌਰ ਢਿੱਲੋਂ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 320.

ਇਸ ਸੰਗ੍ਰਹਿ ਵਿਚ ਕੈਨੇਡਾ ਦੀ ਪੰਜਾਬੀ ਨਾਰੀ ਕਵਿਤਾ ਸ਼ਾਮਿਲ ਕੀਤੀ ਗਈ ਹੈ। ਇਨ੍ਹਾਂ ਕਵਿੱਤਰੀਆਂ ਵਿਚ ਉਜ਼ਮਾ ਮਹਿਮੂਦ, ਅਮਰਜੀਤ ਕੌਰ ਜੌਹਲ, ਅਮਰਜੀਤ ਕੌਰ ਸ਼ਾਂਤ, ਅਰਵਿੰਦਰ ਕੌਰ, ਇੰਦਰਜੀਤ ਕੌਰ ਸਿੱਧੂ, ਸੰਦੀਪ ਧਨੋਆ, ਸ਼ਕੁੰਤਲਾ, ਸਤਵੰਤ ਕੌਰ ਪੰਧੇਰ, ਸੁਸ਼ੀਲ ਕੌਰ, ਸੁਰਜੀਤ, ਸੁਖਵਿੰਦਰ ਕੌਰ, ਸੁੰਦਰ ਪਾਲ ਕੌਰ, ਸੁਰਜੀਤ ਕਲਸੀ, ਸੁਰਿੰਦਰ ਕੌਰ ਚਾਹਲ, ਸੁਰਿੰਦਰ ਕੌਰ ਬਿੰਨਰ, ਸੁਰਿੰਦਰ ਗੀਤ, ਸੁਰਿੰਦਰ ਸਾਥੀ, ਸੁਰਿੰਦਰਪਾਲ ਕੌਰ ਬਰਾੜ, ਸੈਂਡੀ ਗਿੱਲ, ਸੱਯਦਾ ਨੁੱਜ਼ਤ ਸਦੀਕੀ, ਹਰਬੰਸ ਕੌਰ ਬੈਂਸ, ਹਰਭਜਨ ਕੌਰ, ਕਮਲਜੀਤ ਨੱਤ, ਕਮਲਪ੍ਰੀਤ ਕੌਰ ਗਿੱਲ, ਕਵਿਤਾ ਗੁਪਤਾ, ਕਿਰਨਪ੍ਰੀਤ ਕੌਰ, ਗੁਰਬਚਨ ਕੌਰ ਢਿੱਲੋਂ, ਜਸਬੀਰ ਮਾਨ, ਜਤਿੰਦਰ ਕੌਰ, ਜਸਵੰਤ ਕੌਰ, ਜਸਵੀਰ ਕੌਰ, ਤਨਦੀਪ, ਤਲੱਅਤ ਜ਼ਾਹਰਾ, ਦਿਉਲ ਪਰਮਜੀਤ, ਦਵਿੰਦਰ ਕੌਰ, ਦਵਿੰਦਰ ਬਾਂਸਲ, ਦਵਿੰਦਰ ਕੌਰ ਜੌਹਲ, ਨਸਰੀਨ ਸੱਯਦ, ਪਰਵੀਨ ਕੌਰ, ਪ੍ਰਿਤਪਾਲ ਕੌਰ ਚਾਹਲ, ਪੁਨੀਤ ਹੰਸਰਾ, ਪਰਮਿੰਦਰ ਕੌਰ, ਫੌਜ਼ੀਆ, ਬਲਵੀਰ ਕੌਰ, ਬਰਜਿੰਦਰ ਢਿੱਲੋਂ, ਮਨਜੀਤ ਕੌਰ ਕੰਗ, ਮਨਪ੍ਰੀਤ ਕੌਰ ਮਾਨ, ਮਨਜੀਤ ਬਾਸੀ, ਮਿੰਨੀ ਗਰੇਵਾਲ, ਰੁਪਿੰਦਰ ਖੈਰਾ, ਰਵਿੰਦਰ ਕੌਰ ਸੈਣੀ, ਰਾਜ ਗਰੇਵਾਲ, ਰਾਜਵੰਤ ਕੌਰ ਮਾਨ, ਰਾਜਿੰਦਰ ਬਾਜਵਾ ਅਤੇ ਲਵੀਨ ਕੌਰ ਗਿੱਲ ਦੇ ਕਲਾਮ ਸ਼ਾਮਿਲ ਹਨ। ਇਨ੍ਹਾਂ ਕਲਮਕਾਰਾਂ ਦੀ ਉਮਰ, ਕਿੱਤਾ ਅਤੇ ਪਛਾਣ ਭਾਵੇਂ ਵੱਖੋ-ਵੱਖਰੀ ਹੈ ਪਰ ਇਨ੍ਹਾਂ ਦੇ ਜਜ਼ਬਾਤ, ਸੰਵੇਦਨਾ ਤੇ ਭਾਵਨਾ ਸਾਂਝੀ ਹੈ। ਵਤਨ ਦਾ ਉਦਰੇਵਾਂ, ਮਾਂ, ਘਰ, ਬੇਬਸੀ, ਹਉਕਾ, ਹਿਜਰ ਭਾਵੇਂ ਸਾਂਝਾ ਦਰਦ ਹੈ ਪਰ ਚੇਤਨਾ, ਦਲੇਰੀ ਅਤੇ ਸਵੈ-ਵਿਸ਼ਵਾਸ ਦੀਆਂ ਝਲਕਾਂ ਵੀ ਵਿਦਮਾਨ ਹਨ। ਕਵਿੱਤਰੀਆਂ ਦੀਆਂ ਤਸਵੀਰਾਂ ਸਮੇਤ ਪੇਸ਼ ਕੀਤੀਆਂ ਗਈਆਂ ਉਨ੍ਹਾਂ ਦੀਆਂ ਰਚਨਾਵਾਂ ਇਕ ਨਵਾਂ ਹਲੂਣਾ ਦਿੰਦੀਆਂ ਹਨ। ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਪਰਵਾਸੀ ਹੋਈਆਂ ਪੰਜਾਬਣਾਂ ਨੂੰ ਇਕ ਥਾਂ 'ਤੇ ਪਾਠਕਾਂ ਦੇ ਰੂਬਰੂ ਕਰਨ ਦਾ ਉਪਰਾਲਾ ਅਤਿਅੰਤ ਸੁੰਦਰ ਹੈ।

-ਡਾ: ਸਰਬਜੀਤ ਕੌਰ ਸੰਧਾਵਾਲੀਆ
ਮੋ : 98147-16367.

ਦੀਵੇ ਦੀ ਲੋਅ
ਲੇਖਕ : ਗੁਰਮੇਲ ਸਿੰਘ ਘੁਮਾਣ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 88.

'ਦੀਵੇ ਦੀ ਲੋਅ' ਗੁਰਮੇਲ ਸਿੰਘ ਘੁਮਾਣ ਦਾ ਪਹਿਲਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਤਿੰਨ ਦਰਜਨ ਤੋਂ ਉੱਪਰ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ੇ ਜਿਥੇ ਕਵੀ ਦੇ ਆਤਮਕ, ਮਾਨਸਿਕ ਆਪੇ ਦਾ ਤਣਾਓ ਹੈ, ਉਥੇ ਅਨਾਤਮਕ-ਜਗਤ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ ਗਿਰਾਵਟ ਤੋਂ ਪੈਦਾ ਹੋਈ ਵੇਦਨਾ ਅਤੇ ਸੰਵੇਦਨਾ ਵੀ ਹੈ। ਕਵੀ ਜਦ ਆਪਣੇ ਆਤਮ ਤੋਂ ਅਨਾਤਮ ਵੱਲ ਨਜ਼ਰ ਮਾਰਦਾ ਹੈ, ਉਸ ਨੂੰ ਕਦੇ ਸਰਹਿੰਦ ਦੀ ਦੀਵਾਰ, ਕਦੇ 'ਸੋਹਣੀ ਜਿਹੀ ਕੜੀ' ਦਾ ਦੁਖਾਂਤ, ਕਦੇ ਬਲਾਤਕਾਰੀ, ਕਦੇ ਦੁਨੀਆ ਦੀ ਜ਼ਮੀਰ ਅਤੇ 'ਪੈਸਾ ਅਤੇ ਗ਼ਰੀਬੀ' ਯਾਦ ਆਉਂਦੀ ਹੈ, ਤਾਂ ਉਹ ਬਿਹਬਲ ਹੋ ਕੇ ਅਜਿਹੀ ਕਵਿਤਾ ਲਿਖਦਾ ਹੈ, ਜਿਸ ਨਾਲ ਉਹ ਆਪਣੀ ਵੇਦਨਾ ਨੂੰ ਕਾਵਿ ਬਣਾ ਕੇ ਲੋਕਾਂ ਅੱਗੇ ਪੇਸ਼ ਹੁੰਦਾ ਹੈ :
'ਸ਼ਹਿਰ, ਪਿੰਡੀਂ ਬਲਾਤਕਾਰੀ ਘੁੰਮਦੇ
ਬਾਹਰ ਦਰਿੰਦੇ ਕੱਤੇ ਸੁੰਘਦੇ;
'ਵਿਕ ਗਈ ਜ਼ਮੀਰ,
ਮੇਰੇ ਦੇਸ਼ ਦਿਆ ਹਾਕਮਾਂ
ਡੰਗਰਾਂ ਦੀ ਮੰਡੀ ਵਿਚ
ਜਿਵੇਂ ਪਸ਼ੂ ਵਿਕ ਜਾਏ।
ਇੰਜ ਅਨਾਤਮ ਜਗਤ ਵੱਲ ਨਿਰੀਖਣ ਕਰਦਾ ਕਵੀ ਦਿਲ ਦੀ ਹਕੀਕਤ ਸਮਝਦਾ ਹੈ, ਕਦੇ 'ਕਵਿਤਾ ਦਾ ਜ਼ੇਰਾ' ਬਿਆਨਦਾ ਹੈ :
ਲੁੱਟਾਂ ਖੋਹਾਂ ਕਤਲ ਡਾਕੇ,
ਦਿਸੇ ਨਾ ਕਿਧਰੇ ਆਸ਼ਾ
ਰੁੱਖ, ਕੁੱਖ, ਬਲੀ ਦਹੇਜ ਦੀ ਚੜ੍ਹ ਕੇ,
ਬਣ ਗਈ ਜ਼ਿੰਦਗੀ ਦੀ ਪਰਿਭਾਸ਼ਾ।
ਕਵੀ, ਕਦੇ ਆਪਣੇ ਕਦੇ ਲੋਕ ਦਰਦ ਨੂੰ ਅਨੁਭਵ ਕਰਦਾ ਹੈ ਕਦੇ ਪ੍ਰਕਿਰਤੀ ਅੰਦਰ ਵਧ ਰਹੇ ਪ੍ਰਦੂਸ਼ਣ ਪ੍ਰਤੀ ਚਿੰਤਕ ਹੈ। ਇੰਜ ਉਹ ਆਪਣੀ ਵੇਦਨਾ ਨੂੰ ਸੰਵੇਦਨਾ ਬਣਾ ਕੇ ਆਪਣੇ ਅੰਦਰ ਪੈਦਾ ਹੋਈਆਂ ਭਾਵਨਾਵਾਂ ਨੂੰ ਕਾਵਿ-ਰੂਪ ਵਿਚ ਢਾਲ ਕੇ ਪੇਸ਼ ਕਰਦਾ ਹੈ।

-ਡਾ: ਅਮਰ ਕੋਮਲ
ਮੋ: 08437873565

ਰੋਸ ਵਿਚ ਪਵਨ
ਸ਼ਾਇਰ : ਹਰਚੰਦ ਸਿੰਘ ਬਾਸੀ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112.

ਹਰਚੰਦ ਸਿੰਘ ਬਾਸੀ ਪ੍ਰਵਾਸੀ ਲੇਖਕ ਹੈ ਜਿਸ ਦੀਆਂ ਹੁਣ ਤੱਕ ਇਸ ਪੁਸਤਕ ਸਮੇਤ ਤਿੰਨ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਉਹ ਵਾਰਤਕ ਵੀ ਲਿਖਦਾ ਹੈ ਪਰ ਉਸ ਦਾ ਬਹੁਤਾ ਝੁਕਾਅ ਕਵਿਤਾ ਵੱਲ ਹੀ ਹੈ। ਆਪਣੀ ਬੋਲੀ ਤੇ ਸੱਭਿਆਚਾਰ ਨੂੰ ਵਿਦੇਸ਼ ਵਿਚ ਰਹਿ ਕੇ ਯਾਦ ਰੱਖਣਾ ਬਹੁਤ ਵੱਡੀ ਗੱਲ ਹੈ ਜਦ ਕਿ ਇਧਰਲੇ ਵੱਡੀ ਗਿਣਤੀ ਲੋਕ ਆਪਣੀ ਮਾਤ-ਭਾਸ਼ਾ ਨਾਲ ਧ੍ਰੋਹ ਕਮਾਉਂਦੇ ਦੇਖੇ ਗਏ ਹਨ। ਮੈਂ ਬਾਸੀ ਦੀ ਇਸ ਗੱਲੋਂ ਪ੍ਰਸੰਸਾ ਕਰਦਾ ਹਾਂ ਕਿ ਉਹ ਆਪਣੀ ਮਾਂ ਬੋਲੀ ਨੂੰ ਸਿਰਫ਼ ਯਾਦ ਹੀ ਨਹੀਂ ਰੱਖ ਰਿਹਾ ਬਲਕਿ ਇਸ ਦੇ ਪ੍ਰਚਾਰ ਤੇ ਪਸਾਰ ਲਈ ਇਸ ਵਿਚ ਸਾਹਿਤ ਸਿਰਜਣਾ ਵੀ ਕਰ ਰਿਹਾ ਹੈ। 'ਰੋਸ ਵਿਚ ਪਵਨ' ਹਰਚੰਦ ਸਿੰਘ ਬਾਸੀ ਦਾ ਅਸਲ ਵਿਚ ਗ਼ਜ਼ਲ ਸੰਗ੍ਰਹਿ ਹੈ ਤੇ ਹਰ ਰਚਨਾ ਉੱਤੇ ਉਸ ਨੇ ਸਿਰਲੇਖ ਦੇ ਦਿੱਤਾ ਹੈ ਤੇ ਇਨ੍ਹਾਂ ਦੀ ਗਿਣਤੀ 91 ਹੈ। ਸ਼ਾਇਰ ਨੇ ਗ਼ਜ਼ਲ ਸਬੰਧੀ ਸ਼ਾਇਦ ਕਿਸੇ ਹੰਢੇ-ਵਰਤੇ ਗ਼ਜ਼ਲਕਾਰ ਦੀ ਸੰਗਤ ਨਹੀਂ ਕੀਤੀ, ਇਸੇ ਕਾਰਨ ਉਸ ਦੀਆਂ ਗ਼ਜ਼ਲਾਂ ਵਿਚ ਕਾਫ਼ੀ ਕੁਝ ਅਜਿਹਾ ਹੈ ਜੋ ਨਾ ਹੁੰਦਾ ਤਾਂ ਚੰਗਾ ਹੁੰਦਾ। ਉਂਝ ਉਸ ਦੀਆਂ ਗ਼ਜ਼ਲਾਂ ਕਈ ਪੰਜਾਬੀ ਗ਼ਜ਼ਲਗੋਆਂ ਤੋਂ ਬਿਹਤਰ ਹਨ ਜੋ ਗ਼ਜ਼ਲ ਦੇ ਨਾਂਅ 'ਤੇ ਕੁਝ ਹੋਰ ਹੀ ਲਿਖੀ ਜਾ ਰਹੇ ਹਨ। ਸ਼ਾਇਰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਵਰਦਾਨ ਤੇ ਰਾਹ-ਦਸੇਰਾ ਸਮਝਦਾ ਹੈ। ਉਸ ਮੁਤਾਬਿਕ ਵਕਤ ਨਾਲ ਉਧਾਰ ਤੇ ਇਸ 'ਤੇ ਇਤਬਾਰ ਕਦੀ ਵੀ ਨਹੀਂ ਕਰਨਾ ਚਾਹੀਦਾ। ਆਪਣੀ ਲੰਬੀ ਮਸਲਸਲ ਗ਼ਜ਼ਲ 'ਡੂੰਘੇ ਸੁਟ ਪਤਾਲ' ਵਿਚ ਉਹ ਧਰਤੀ ਹੋਣੀ ਦਾ ਜ਼ਿਕਰ ਕਰਦਾ ਹੈ ਤੇ ਇਸ ਦੀ ਸੁੰਦਰਤਾ ਤੋਂ ਬਲਿਹਾਰੇ ਜਾਂਦਾ ਹੈ। ਇਸੇ ਗ਼ਜ਼ਲ ਵਿਚ ਹਰਚੰਦ ਸਿੰਘ ਬਾਸੀ ਧਰਤੀ 'ਤੇ ਹੋ ਰਹੀਆਂ ਨਾਸਹਿਣਯੋਗ ਸਰਗਰਮੀਆਂ ਤੋਂ ਨਿਰਾਸ਼ਾ ਦੇ ਆਲਮ ਵਿਚ ਵੀ ਹੈ। ਸ਼ਾਇਰ ਕੋਲ ਸ਼ਬਦਾਂ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਉਹ ਉਮਰ ਦਾ ਕਾਫ਼ੀ ਸਫ਼ਰ ਤਹਿ ਕਰ ਚੁੱਕਾ ਹੈ ਤੇ ਉਸ ਕੋਲ ਜ਼ਿੰਦਗੀ ਦਾ ਲੰਬਾ ਤਜਰਬਾ ਹੈ। ਇਹ ਪੁਸਤਕ ਨਿਸਚੇ ਹੀ ਹਰਚੰਦ ਸਿੰਘ ਬਾਸੀ ਲਈ ਅਗਲੇਰੇ ਸਾਹਿਤਕ ਸਫ਼ਰ ਲਈ ਸਹਾਈ ਹੋਵੇਗੀ ਤੇ ਇਸ ਵਿਚ ਆਮ ਪਾਠਕ ਲਈ ਵੀ ਕਾਫ਼ੀ ਕੁਝ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਕੁੜੀਮਾਰ
ਲੇਖਕ : ਨਰਿੰਦਰਪਾਲ ਸਿੰਘ ਕੋਮਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 238.

ਨਰਿੰਦਰ ਸਿੰਘ ਕੋਮਲ ਦੇ ਇਸ ਤੋਂ ਪਹਿਲਾਂ ਨੌਂ ਨਾਵਲ ਛਪ ਚੁੱਕੇ ਹਨ। 'ਕੁੜੀਮਾਰ' (2014) ਦਸਵਾਂ ਹੈ। ਜਿਹਾ ਕਿ ਨਾਵਲ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਇਹ ਕੁੜੀ ਮਾਰਨ ਵਾਲਿਆਂ ਬਾਰੇ ਹੈ। ਭਰੂਣ ਹੱਤਿਆ ਇਕ ਅਜਿਹਾ ਸਮਾਜਿਕ ਕਲੰਕ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਘੱਟ ਹੈ। ਇਸ ਦੇ ਨਾਲ ਹੀ ਇਸ ਵਿਚ ਇਹ ਵਿਖਾਇਆ ਗਿਆ ਹੈ ਕਿ ਜਿਥੇ ਕੁੜੀਆਂ ਮਾਪਿਆਂ ਬਾਰੇ ਵਧੇਰੇ ਸੁਹਿਰਦ ਹੁੰਦੀਆਂ ਹਨ, ਉਥੇ ਮੁੰਡੇ ਵਿਹਲੜ, ਅੱਯਾਸ਼ ਅਤੇ ਮਾਪਿਆਂ ਨੂੰ ਘਰੋਂ ਕੱਢਣ ਤੱਕ ਜਾਂਦੇ ਹਨ ਅਤੇ ਬਹੁਤ ਸਾਰੇ ਕੇਸਾਂ ਵਿਚ ਤਾਂ ਮਾਂ-ਬਾਪ ਨੂੰ ਜ਼ਮੀਨ ਖਾਤਰ ਕਤਲ ਕਰਨ ਤੱਕ ਵੀ ਜਾਂਦੇ ਹਨ। ਸਾਡੇ ਸਮਾਜ ਵਿਚ 'ਮੁੰਡੇ' ਦੇ ਲਾਲਚ ਵਿਚ 'ਬਹੂਆਂ' ਘਰੋਂ ਨਿਕਲ ਜਾਂਦੀਆਂ ਹਨ, ਧਾਗੇ-ਤਵੀਤ ਕਰਵਾਏ ਜਾਂਦੇ ਹਨ। ਹਸਪਤਾਲਾਂ ਵਿਚ ਫੈਲ ਰਹੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਗਿਆ ਹੈ ਪਰ ਇਥੇ ਕੁਝ ਡਾਕਟਰ, ਕਰਮਚਾਰੀ ਸੰਵੇਦਨਸ਼ੀਲ ਵੀ ਹਨ। ਲਗਭਗ ਸਾਰੇ ਪਾਤਰ ਸਜੀਵ ਹਨ। ਦਿਆਕੁਰ, ਗੁਰਦਿੱਤਾ, ਆਸ਼ਾ, ਨਿਰਮਲਾ, ਹਰਨਾਮ ਸਿੰਘ, ਧਰਮਜੀਤ, ਰਵੀ, ਡਾਕਟਰ ਕਵਿਤਾ ਆਦਿ ਆਪੋ-ਆਪਣੀਆਂ ਸ਼੍ਰੇਣੀਆਂ ਦੇ ਪ੍ਰਤੀਨਿਧ ਪਾਤਰ ਹਨ। ਨਾਵਲਕਾਰ ਦੀਆਂ ਮੁੱਖ ਜੁਗਤਾਂ ਫਲੈਸ਼ ਬੈਕ, ਦ੍ਰਿਸ਼ ਵਰਨਣ ਅਤੇ ਵਾਰਤਾਲਾਪੀ ਹਨ, ਜਿਨ੍ਹਾਂ ਕਾਰਨ ਰੌਚਿਕਤਾ ਬਣੀ ਰਹਿੰਦੀ ਹੈ। ਨਾਵਲ ਦੇ ਅੰਤ ਵਿਚ ਕਹੇ ਗਏ ਸ਼ਬਦ 'ਚੰਦਰਮਾ' ਆਪਣੇ ਪੂਰੇ ਜੋਬਨ ਵਿਚ ਚਿੱਟੇ ਚਾਨਣ 'ਚੋਂ ਖਾਮੋਸ਼ ਜਿਹੀ ਮੁਸਕਾਨ ਕੇਰਦਾ ਆਪਣੇ ਘਸਮੈਲੇ ਹਿੱਸੇ ਦੀ ਸੁੰਦਰਤਾ ਨੂੰ ਉਘੇੜਨ ਦਾ ਯਤਨ ਕਰ ਰਿਹਾ ਸੀ, ਸੁਝਾਤਮਕ, ਸੇਧਮੂਲਕ ਅਤੇ ਆਸ਼ਾਵਾਦੀ ਹਨ।

-ਜੋਗਿੰਦਰ ਸਿੰਘ ਨਿਰਾਲਾ
ਮੋ: 98721-61644.

11-10-2014

 ਬਾਬੂ ਫ਼ੀਰੋਜ਼ਦੀਨ ਸ਼ਰਫ਼
ਲੇਖਕ : ਪ੍ਰੋ: ਗਿਆਨ ਸਿੰਘ
ਪ੍ਰਕਾਸ਼ਕ : ਗਰੇਸ਼ੀਅਸ ਬੁਕਸ, ਪਟਿਆਲਾ
ਮੁੱਲ : 120 ਰੁਪਏ, ਸਫ਼ੇ : 108.

20ਵੀਂ ਸਦੀ ਦੇ ਆਰੰਭ ਵਿਚ ਪੰਜਾਬ ਅੰਦਰ ਸਟੇਜੀ ਕਵੀਆਂ ਦੀ ਬਹੁਤ ਚੜ੍ਹਤ ਹੁੰਦੀ ਸੀ। ਹਰ ਧਾਰਮਿਕ ਜਾਂ ਸੱਭਿਆਚਾਰਕ ਸਮਾਗਮ ਨੂੰ ਚਾਰ ਚੰਨ ਲਾਉਣ ਲਈ ਵੱਡੇ-ਵੱਡੇ ਕਵੀ ਦਰਬਾਰ ਆਯੋਜਿਤ ਕਰਵਾਏ ਜਾਂਦੇ ਸਨ। ਇਨ੍ਹਾਂ ਕਵੀ ਦਰਬਾਰਾਂ ਵਿਚ ਬਾਬੂ ਫ਼ੀਰੋਜ਼ਦੀਨ ਸ਼ਰਫ, ਕਰਤਾਰ ਸਿੰਘ ਬਲੱਗਣ, ਉਸਤਾਦ ਹਮਦਮ, ਜਸਵੰਤ ਸਿੰਘ ਵੰਤਾ ਅਤੇ ਨੰਦ ਲਾਲ ਨੂਰਪੁਰੀ ਵਰਗੇ ਕਵੀਆਂ ਦੀ ਝੰਡੀ ਹੁੰਦੀ ਸੀ। ਫ਼ੀਰੋਜ਼ਦੀਨ ਸ਼ਰਫ਼ ਨੂੰ 'ਪੰਜਾਬ ਦੀ ਬੁਲਬੁਲ' ਦੇ ਹਵਾਲੇ ਨਾਲ ਯਾਦ ਕੀਤਾ ਜਾਂਦਾ ਸੀ, ਜੋ ਉਸ ਦੀ ਆਕਰਸ਼ਕ ਸ਼ਖ਼ਸੀਅਤ ਦਾ ਲਖਾਇਕ ਸੀ। ਪ੍ਰੋ: ਗਿਆਨ ਸਿੰਘ ਨੇ ਬੜੀ ਮਿਹਨਤ ਨਾਲ ਉਸ ਦੇ ਜੀਵਨ ਅਤੇ ਰਚਨਾ ਬਾਰੇ ਮੋਨੋਗ੍ਰਾਫ ਤਿਆਰ ਕੀਤਾ ਹੈ। ਇਸ ਵਿਚ ਉਸ ਨੇ ਇਸ ਕਵੀ ਦੇ ਅਨੁਭਵ ਅਤੇ ਕਾਵਿ ਕਲਾ ਨਾਲ ਸਬੰਧਤ ਵਿਭਿੰਨ ਸਰੋਕਾਰਾਂ ਅਤੇ ਪਾਸਾਰਾਂ ਬਾਰੇ ਚਰਚਾ ਕੀਤੀ ਹੈ।
ਸ਼ਰਫ਼ ਦਾ ਸਬੰਧ ਪੰਜਾਬੀ ਦੇ ਉਨ੍ਹਾਂ ਕਵੀਆਂ ਦੀ ਪੀੜ੍ਹੀ ਨਾਲ ਜਾ ਜੁੜਦਾ ਹੈ, ਜੋ ਗ਼ਰੀਬੀ ਅਤੇ ਵਿਪਰੀਤ ਸਮਾਜਿਕ ਸਥਿਤੀਆਂ ਦੇ ਕਾਰਨ ਕਿਸੇ ਪਾਠਸ਼ਾਲਾ ਵਿਚ ਨਹੀਂ ਜਾ ਸਕੇ। ਉਨ੍ਹਾਂ ਨੇ ਹਾਲਾਤ ਦੀ ਪਾਠਸ਼ਾਲਾ ਤੋਂ ਹੀ ਜੀਵਨ ਬਾਰੇ ਮੁਢਲੇ ਪਾਠ ਪ੍ਰਾਪਤ ਕੀਤੇ। ਇਹੀ ਕਾਰਨ ਸੀ ਕਿ ਉਸ ਦੀ ਕਵਿਤਾ ਪੜ੍ਹਨ-ਸੁਣਨ ਵਾਲਿਆਂ ਦੇ ਦਿਲਾਂ ਉੱਪਰ ਡੂੰਘਾ ਅਸਰ ਕਰਦੀ ਸੀ।
ਫ਼ੀਰੋਜ਼ਦੀਨ ਸ਼ਰਫ਼ ਨੇ ਪੰਜਾਬੀ ਕਾਵਿ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ। ਉਸ ਨੇ ਲਗਭਗ 34 ਕਾਵਿ ਪੁਸਤਕਾਂ ਦੀ ਰਚਨਾ ਕੀਤੀ। ਦੇਸ਼-ਵਿਭਾਜਨ ਤੋਂ ਬਾਅਦ ਹੋਰ ਬਹੁਤ ਸਾਰੇ ਮੁਸਲਮਾਨਾਂ ਵਾਂਗ ਉਸ ਨੂੰ ਪਾਕਿਸਤਾਨ ਜਾਣਾ ਪੈ ਗਿਆ ਪ੍ਰੰਤੂ ਕਿਥੇ ਇਧਰਲੇ ਪੰਜਾਬ ਦੀਆਂ ਖੁੱਲ੍ਹੀਆਂ-ਡੁੱਲ੍ਹੀਆਂ ਫਿਜ਼ਾਵਾਂ ਅਤੇ ਕਿਥੇ ਪੱਛਮੀ ਪੰਜਾਬ ਦਾ ਦਮ ਘੁੱਟਵਾਂ ਵਾਤਾਵਰਨ! ਖੁੱਲ੍ਹੇ ਬਾਗਾਂ ਵਿਚ ਬੇਖੌਫ਼ ਉਡਾਰੀਆਂ ਲਾਉਣ ਵਾਲੀ ਇਹ ਬੁਲਬੁਲ ਉਥੋਂ ਦੇ ਪਿੰਜਰੇ ਵਿਚ ਬੰਦ ਹੋ ਕੇ ਨਾ ਰਹਿ ਗਈ ਅਤੇ 7-8 ਵਰ੍ਹੇ ਪਾਕਿਸਤਾਨ ਵਿਚ ਬਿਤਾਉਣ ਪਿੱਛੋਂ ਉਸ ਦੀ ਜੀਵਨ-ਲੀਲ੍ਹਾ ਖ਼ਤਮ ਹੋ ਗਈ। ਜੇ ਉਹ ਏਧਰਲੇ ਪੰਜਾਬ ਵਿਚ ਰਹਿ ਸਕਦਾ ਤਾਂ ਉਸ ਨੇ ਹੋਰ ਬਹੁਤ ਕੁਝ ਲਿਖ ਜਾਣਾ ਸੀ। ਸ਼ਰਫ਼ ਦੀ ਕਵਿਤਾ ਦਾ ਇਕ ਰੰਗ ਦੇਖੋ :
ਆ ਜਾ ਪਿਆਰੇ ਛੇਤੀ ਆ ਜਾ,
ਪਿਆਰੀ ਪਿਆਰੀ ਸ਼ਕਲ ਦਿਖਾ ਜਾ।
ਸ਼ਗਨ ਮਨਾਵਾਂ ਔਸੀਆਂ ਪਾਵਾਂ,
ਰਾਹ ਤੇਰੇ ਵਿਚ ਨੈਣ ਵਿਛਾਵਾਂ,
ਕਲੀਆਂ ਵਰਗੇ ਦੰਦ ਦਿਖਾ ਜਾ।
ਪ੍ਰੋ: ਗਿਆਨ ਸਿੰਘ ਦੀ ਇਹ ਪੁਸਤਕ ਅਕਾਦਮਿਕ ਆਲੋਚਨਾ ਦਾ ਸੁਚੱਜਾ ਪ੍ਰਮਾਣ ਹੈ। ਉਸ ਨੇ ਖੋਜ-ਵਿਧੀਆਂ ਦਾ ਬੜਾ ਸਹੀ ਅਤੇ ਢੁਕਵਾਂ ਪ੍ਰਯੋਗ ਕੀਤਾ ਹੈ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਚੁੱਪ ਦੇ ਬੋਲ
ਲੇਖਕ : ਹਰਭਜਨ ਸਿੰਘ ਵਕਤਾ
ਪ੍ਰਕਾਸ਼ਕ : ਮੁਕਾਮ ਪਬਲੀਕੇਸ਼ਨਜ਼, ਅੰਮ੍ਰਿਤਸਰ
ਮੁੱਲ : 100 ਰੁਪਏ, ਸਫ਼ੇ : 76.

'ਚੁੱਪ ਦੇ ਬੋਲ' ਨੌਜਵਾਨ ਕਵੀ ਹਰਭਜਨ ਸਿੰਘ ਵਕਤਾ ਦੀ ਸੱਜਰੀ ਰਚਨਾ ਹੈ। ਇਨ੍ਹਾਂ ਵਿਚ ਦੋਹੇ ਕਾਵਿ ਰੂਪ ਰਾਹੀਂ ਉਸ ਨੇ ਆਪਣੇ ਕਾਵਿ ਅਨੁਭਵ ਦਾ ਪ੍ਰਗਟਾਵਾ ਕੀਤਾ ਹੈ। ਪਹਿਲੇ 26 ਸਫ਼ਿਆਂ ਵਿਚ ਕਵੀ ਨੇ ਖ਼ੁਦ ਅਤੇ ਉਸ ਦੇ ਪ੍ਰਸੰਸਕਾਂ ਨੇ ਦੋਹਾ ਕਾਵਿ ਦੀ ਵਡਿਆਈ ਕੀਤੀ ਹੈ। ਪੁਸਤਕ ਦੇ ਸਫ਼ਾ 27 ਤੋਂ 76 ਤੱਕ ਦੋਹੇ ਪੇਸ਼ ਹਨ। ਹਰ ਸਫ਼ੇ ਉਤੇ ਤਿੰਨ-ਤਿੰਨ ਦੋਹੇ ਛਾਪੇ ਗਏ ਹਨ। ਇਹ ਛੰਦ ਬੱਧ ਕਾਵਿ ਰਚਨਾ ਹੈ, ਜਿਸ ਵਿਚ ਉਸ ਦਾ ਵਜ਼ਨ ਕਿਤੇ-ਕਿਤੇ ਹੀ ਨਾਮਾਤਰ ਡੋਲਦਾ ਪ੍ਰਤੀਤ ਹੁੰਦਾ ਹੈ। ਹਰ ਦੋਹਾ ਆਪਣੇ ਆਪ ਵਿਚ ਵੱਖਰਾ-ਵੱਖਰਾ ਅਨੁਭਵ ਰੱਖਦੇ ਹਨ ਅਤੇ ਇਹ ਸਿਲਸਿਲੇਵਾਰ ਕਿਸੇ ਬੱਝਵੇਂ ਖਿਆਲ ਦੀ ਪੇਸ਼ਕਾਰੀ ਨਹੀਂ ਕਰਦੇ ਹਨ। ਇਸ ਢੰਗ ਨਾਲ ਇਹ ਦੋਹੇ ਗ਼ਜ਼ਲਾਂ ਵਰਗਾ ਕਾਵਿ ਭੇਦ ਗ੍ਰਹਿਣ ਕਰਦੇ ਹਨ। ਨੌਜਵਾਨ ਕਵੀ ਹੁੰਦਿਆਂ ਉਸ ਦੀ ਕਵਿਤਾ ਵਿਚ ਕਾਵਿ ਪ੍ਰਤਿਭਾ ਦੇ ਸਪੱਸ਼ਟ ਸੰਕੇਤ ਮਿਲਦੇ ਹਨ, ਜਿਸ ਪੱਖੋਂ ਉਸ ਦੀ ਕਵਿਤਾ ਪਾਠਕਾਂ ਦਾ ਧਿਆਨ ਖਿੱਚਦੀ ਹੈ, ਪਰ ਗਹੁ ਨਾਲ ਦੇਖਿਆਂ ਇਹ ਦੋਹੇ ਸਿਲਸਿਲੇਵਾਰ ਕਿਸੇ ਸਪੱਸ਼ਟ ਵਿਚਾਰ ਪ੍ਰਬੰਧ ਦਾ ਰੂਪ ਨਹੀਂ ਧਾਰਦੇ, ਸਗੋਂ ਕਈ ਥਾਈਂ ਇਕ ਦੋਹਾ ਅਗਲੇ ਛਪੇ ਦੋਹੇ ਦੇ ਵਿਚਾਰ ਦੇ ਉਲਟ ਅਰਥ ਦਿੰਦਾ ਹੈ। ਇਨ੍ਹਾਂ ਵਿਚ ਪੇਸ਼ ਅਨੁਭਵ ਦੇ ਵੀ ਅਨੇਕਾਂ ਰੰਗ ਹਨ। ਕਿਤੇ ਪ੍ਰਕਿਰਤੀ ਚਿਤਰਣ ਹੈ, ਕਿਤੇ ਕਿਸਾਨ ਦੀ ਮੰਦਹਾਲੀ ਵੱਲ ਸੰਕੇਤ ਹੈ, ਕਿਤੇ ਸਾਰਾ ਕੁਝ ਹੀ ਪਰਮਾਤਮਾ ਦੀ ਕਿਰਪਾ ਉਤੇ ਛੱਡ ਦਿੱਤਾ ਗਿਆ ਹੈ। ਕਈ ਥਾਈਂ ਉਸ ਨੂੰ ਜੀਵਨ ਨਿਰਾਰਥਕ ਪ੍ਰਤੀਕ ਹੁੰਦਾ ਹੈ ਅਤੇ ਕਈ ਥਾਈਂ ਉਹ ਮਨੁੱਖੀ ਹੋਂਦ ਪ੍ਰਤੀ ਕਈ ਸ਼ੰਕੇ ਪ੍ਰਗਟ ਕਰਦਾ ਹੈ। ਉਸ ਦੀ ਛੰਦ ਪ੍ਰਬੰਧ ਉਤੇ ਪੂਰੀ ਪਕੜ ਹੈ, ਜਿਸ ਤੋਂ ਇਹ ਪ੍ਰਮਾਣਿਤ ਹੁੰਦਾ ਹੈ ਕਿ ਉਹ ਬਾਵਜ਼ਨ ਗੱਲ ਕਹਿਣ ਦੇ ਭਲੀ-ਭਾਂਤ ਸਮਰੱਥ ਹੈ। ਕਿਤੇ-ਕਿਤੇ ਉਹ ਸਮਾਜਿਕ ਸਥਿਤੀਆਂ ਵੱਲ ਸੰਕੇਤ ਕਰਦਾ ਹੈ, ਪਰ ਬਹੁਤੀ ਥਾਈਂ ਉਹ ਵਿਚਾਰਧਾਰਕ ਦੁਬਿਧਾ ਦਾ ਸ਼ਿਕਾਰ ਹੁੰਦਾ ਹੈ-
ਦਿਸਦਾ ਹੈ ਜੋ ਅੱਖ ਨੂੰ, ਉਹੀ ਨਹੀਂ ਹੈ ਸੱਚ,
ਅਣਦਿਸਦੇ ਨੂੰ ਵੇਖਣਾ, ਤਾਂ ਦਰ ਮੁਰਸ਼ਦ ਨੱਚ।
(ਪੰਨਾ 72)
ਕਿਸਮਤ ਆਪਣੀ ਖੋਜ ਦੈਂ, ਰਾਸ਼ੀ ਫਲ ਪੜ੍ਹ ਰੋਜ਼,
ਜੇਕਰ ਤੂੰ ਕੁਝ ਖੋਜਣਾ, ਮਨ ਮਸਤਕ ਨੂੰ ਖੋਜ।
(ਪੰਨਾ 62)
ਹਰਭਜਨ ਸਿੰਘ ਵਕਤਾ ਦੀ ਇਸ ਪੁਸਤਕ ਨਾਲ ਉਸ ਦੇ ਕਾਵਿ ਸਫ਼ਰ ਦਾ ਚੰਗਾ ਆਰੰਭ ਹੋਇਆ ਹੈ। ਪੁਸਤਕ ਬਹੁਤ ਸੁੰਦਰ ਦਿੱਖ ਵਾਲੀ ਹੈ ਅਤੇ ਛਪਾਈ ਦੀਆਂ ਗ਼ਲਤੀਆਂ ਤੋਂ ਮੁਕਤ ਹੈ। ਕਵੀ ਨਿਸਚੇ ਹੀ ਵਧਾਈ ਦਾ ਹੱਕਦਾਰ ਹੈ।

-ਡਾ: ਹਰਪ੍ਰੀਤ ਸਿੰਘ ਹੁੰਦਲ
ਮੋ: 94636-84511.

ਮੁਲਕ-ਮੁਲਕ ਦੀਆਂ ਗੱਲਾਂ
ਲੇਖਿਕਾ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 240.

ਮੁਲਕ-ਮੁਲਕ ਦੀਆਂ ਗੱਲਾਂ ਪੁਸਤਕ ਵਿਚ ਇੰਗਲੈਂਡ, ਸਵੀਡਨ, ਨਾਰਵੇ ਤੇ ਡੈਨਮਾਰਕ ਚਾਰ ਮੁਲਕਾਂ ਵਿਚ ਲੇਖਿਕਾ ਦੀ ਯਾਤਰਾ ਦੌਰਾਨ ਹੋਏ ਅਨੁਭਵਾਂ ਦਾ ਰੌਚਿਕ ਬਿਰਤਾਂਤ ਹੈ। ਆਪਣੀ ਧਰਤੀ, ਲੋਕਾਂ ਤੇ ਸੱਭਿਆਚਾਰ ਨਾਲ ਮੋਹ ਦੀ ਪੂੰਜੀ ਨਾਲ ਲੈ ਕੇ ਪਰਾਈਆਂ ਧਰਤੀਆਂ ਉਤੇ ਕੁਝ ਨਵਾਂ ਜਾਣਨ, ਵੇਖਣ, ਸਮਝਣ ਤੇ ਮਾਣਨ ਦੀ ਇੱਛਾ ਨਾਲ ਲਿਖੇ ਗਏ ਹਨ ਇਸ ਪੁਸਤਕ ਦੇ 47 ਨਿਬੰਧ। ਆਪਣੇ ਅਨੁਭਵਾਂ ਨੂੰ ਆਪਣੇ ਲੋਕਾਂ ਨਾਲ ਸਾਂਝਾ ਕਰਕੇ ਉਨ੍ਹਾਂ ਤੱਕ ਇਨ੍ਹਾਂ ਧਰਤੀਆਂ, ਇਨ੍ਹਾਂ ਦੇ ਲੋਕਾਂ, ਰਹਿਣ-ਸਹਿਣ, ਸੱਭਿਆਚਾਰ ਦੇ ਚੰਗੇ ਮਾੜੇ ਪੱਖਾਂ ਤੋਂ ਜਾਣੂ ਕਰਵਾਉਣਾ ਇਨ੍ਹਾਂ ਦਾ ਉਦੇਸ਼ ਹੈ। ਪਰਮਜੀਤ ਕੌਰ ਸਰਹਿੰਦ ਆਪਣੀ ਧਰਤੀ, ਲੋਕਾਂ, ਭਾਸ਼ਾ ਤੇ ਸੱਭਿਆਚਾਰ ਦੀ ਅਕਾਦਮਿਕ ਸਮਝ ਹੀ ਨਹੀਂ ਰੱਖਦੀ, ਇਨ੍ਹਾਂ ਨਾਲ ਮੋਹਵੰਤ ਰਿਸ਼ਤਾ ਵੀ ਰੱਖਦੀ ਹੈ। ਹੱਸਾਸ ਤੇ ਸੰਵੇਦਨਸ਼ੀਲ ਮਨ। ਪਰਵਾਸੀ ਧਰਤੀਆਂ ਉਸ ਨੇ ਆਪਣੀਆਂ ਦੋ ਪਰਵਾਸੀ ਧੀਆਂ ਦੇ ਸੱਦੇ ਤੇ ਸਹਿਯੋਗ ਨਾਲ ਵੇਖੀਆਂ। ਆਪਣਿਆਂ ਨਾਲ ਘੁੰਮਦੇ ਹੋਏ ਪਰਾਈਆਂ ਧਰਤੀਆਂ ਨੂੰ ਵੇਖਣ ਦਾ ਅਨੁਭਵ ਸਾਂਝਾ ਸਮੂਹਿਕ ਤੇ ਵੱਖਰੇ ਰੰਗ ਦਾ ਹੁੰਦਾ ਹੈ। ਇਸ ਦਾ ਅਹਿਸਾਸ ਇਹ ਪੁਸਤਕ ਪੜ੍ਹ ਕੇ ਸਹਿਜੇ ਹੀ ਹੁੰਦਾ ਹੈ।ਲੇਖਿਕਾ ਨੇ ਵੇਖੇ ਡਿਠੇ ਵਿਚ ਰਹਿ ਗਏ ਖਪਿਆਂ ਨੂੰ ਆਪਣੇ ਅਧਿਐਨ ਤੇ ਵਿਚਾਰ-ਵਟਾਂਦਰੇ ਨਾਲ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਪੂਰਿਆ ਹੈ। ਉਸ ਦੀ ਸ਼ੈਲੀ ਦੀ ਮੌਲਿਕਤਾ, ਕਾਵਿਕਤਾ, ਸਾਹਿਤਕ ਚਾਸ਼ਨੀ ਤੇ ਉਸਾਰੂ ਸੋਚ ਇਸ ਯਤਨ ਦੇ ਵਿਸ਼ੇਸ਼ ਗੁਣ ਹਨ।
ਵਿਦੇਸ਼ ਬਾਰੇ ਕਈ ਭਰਮ ਭੁਲੇਖੇ ਤੇ ਮਿਥਾਂ ਦੂਰ ਕਰਦੀ ਹੈ ਇਹ ਪੁਸਤਕ। ਕੌੜੀਆਂ ਸਚਾਈਆਂ ਬਿਆਨ ਕਰਦੀਆਂ ਹਨ ਆਪਣਿਆਂ ਬਾਰੇ ਵੀ ਅਤੇ ਪਰਾਇਆਂ ਬਾਰੇ ਵੀ। ਆਪਣੇ ਗੁਣਾਂ-ਔਗੁਣਾਂ ਬਾਰੇ ਵੀ ਅਤੇ ਪੱਛਮੀ ਮੁਲਕਾਂ ਦੇ ਲੋਕਾਂ ਦੇ ਗੁਣਾਂ-ਔਗੁਣਾਂ ਬਾਰੇ ਵੀ।

-ਡਾ: ਕੁਲਦੀਪ ਸਿੰਘ ਧੀਰ
ਮੋ : 98722-60550

ਕਾਫ਼ੀਆਂ ਬੁੱਲ੍ਹੇ ਸ਼ਾਹ
ਜੀਵਨ; ਚਿੰਤਨ ਤੇ ਮੁਕੰਮਲ ਕਲਾਮ
ਸੰਪਾਦਕ : ਪ੍ਰੋ: ਬਿਕਰਮ ਸਿੰਘ ਘੁੰਮਣ
ਪ੍ਰਕਾਸ਼ਕ : ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ
ਮੁੱਲ : 250 ਰੁਪਏ ਸਜਿਲਦ, 150 ਰੁਪਏ ਪੇਪਰ ਬੈਕ, ਸਫ਼ੇ : 224.

ਡਾ: ਬਿਕਰਮ ਸਿੰਘ ਘੁੰਮਣ, ਪੰਜਾਬੀ ਦੇ ਪ੍ਰਸਿੱਧ ਆਲੋਚਕ, ਸੰਪਾਦਕ ਹਨ, ਜਿਨ੍ਹਾਂ ਨੇ ਪੰਜਾਬੀ ਦੇ ਮੱਧਕਾਲੀਨ ਕਿੱਸਾ-ਕਾਵਿ, ਸੂਫੀ-ਕਾਵਿ, ਦੇ ਕਵੀਆਂ ਦੀਆਂ ਰਚਨਾਵਾਂ ਦਾ ਪੁਨਰ-ਮੁਲਾਂਕਣ ਕਰਕੇ, ਉਨ੍ਹਾਂ ਦੀਆਂ ਰਚਨਾਵਾਂ ਦਾ ਮੁੜ ਪ੍ਰਕਾਸ਼ਨ ਕਰਵਾਇਆ ਹੈ। ਇਸੇ ਲੜੀ ਵਿਚ ਇਸ ਪੁਸਤਕ ਦਾ ਪ੍ਰਕਾਸ਼ਨ ਸਵਾਗਤਯੋਗ ਹੈ।
ਸੰਪਾਦਕ ਅਨੁਸਾਰ : ਬੁੱਲ੍ਹੇਸ਼ਾਹ ਸੂਫ਼ੀ ਨਾਲੋਂ ਵਧੇਰੇ ਕਵੀ ਤੇ ਕਵੀ ਨਾਲੋਂ ਵਧੇਰੇ ਕਲਾਕਾਰ ਹੈ ਅਤੇ ਉਹ ਸੂਫ਼ੀਵਾਦ ਦਾ ਰਹੱਸਵਾਦੀ ਕਵੀ ਹੈ। ਉਹ ਬੌਧਿਕ ਪ੍ਰਣਾਲੀ ਦੀ ਕਵਿਤਾ ਲਿਖਦਾ ਰਿਹਾ ਹੈ ਅਤੇ ਭਾਰਤੀ ਅਧਿਆਤਮਵਾਦੀ ਸਿਧਾਂਤਾਂ ਦਾ ਪ੍ਰਭਾਵ ਵੀ ਕਬੂਲਦਾ ਹੈ। ਉਸ ਦੀ ਕਾਵਿ ਸ਼ੈਲੀ ਵਿਚ ਸਾਹਸ, ਦਲੇਰੀ ਤੇ ਵੰਗਾਰ ਹੈ ਅਤੇ ਵਿਦਰੋਹ ਹੈ। ਇਹ ਸਭ ਕੁਝ ਉਹ ਬਿਹਬਲ, ਹੋਕੇ ਦਰਦ ਭਰੇ ਅੰਦਾਜ਼ ਵਿਚ ਪ੍ਰਗਟ ਕਰਦਾ ਹੈ। ਉਸ ਨੇ ਆਪਣੀ ਕਾਵਿ ਨੂੰ ਕਲਾਤਮਕ ਬਣਾਉਣ ਲਈ ਜੀਵੰਤ ਪ੍ਰਤੀਕਾਂ, ਬਿੰਬਾਂ ਅਤੇ ਰਸਾਂ ਦੀ ਸੁਵਰਤੋਂ ਕੀਤੀ ਹੈ।
ਡਾ: ਬਿਕਰਮ ਸਿੰਘ ਘੁੰਮਣ ਨੇ ਇਸ ਪੁਸਤਕ ਦੇ ਪਹਿਲੇ ਚਾਰ ਅਧਿਆਵਾਂ ਵਿਚ ਬੁੱਲ੍ਹੇਸ਼ਾਹ ਦੀ ਕਾਵਿ-ਵਿਸ਼ੇਸ਼ਤਾ, ਜੀਵਨ ਤੇ ਰਚਨਾ, ਵਿਚਾਰ-ਧਾਰਾ, ਕਾਵਿ-ਰਚਨਾ ਦਾ ਆਲੋਚਨਾਤਮਕ-ਦ੍ਰਿਸ਼ਟੀ ਤੋਂ ਮੁਲਾਂਕਣ ਕੀਤਾ ਹੈ। ਪੰਜਵੇਂ ਅਧਿਆਇ ਵਿਚ ਮੂਲ ਪਾਠ ਅਧੀਨ 38 ਕਾਫ਼ੀਆਂ, 138 ਅਠਵਾਰੇ, 141 ਗੰਢਾਂ, 147 ਬਾਰਾ-ਮਾਹ, 155 ਦੋਹੜੇ, 160 ਸੀਹਰਫੀਆਂ ਦਾ ਪ੍ਰਕਾਸ਼ਨ ਕਰਕੇ ਉਸ ਦੀ ਸਮੁੱਚੀ ਰਚਨਾ ਦੀ ਪੁਨਰ ਸੰਭਾਲ ਕੀਤੀ ਹੈ। ਛੇਵੇਂ ਅਧਿਆਇ ਵਿਚ ਬੁੱਲ੍ਹੇਸ਼ਾਹ ਦੇ ਸਮੁੱਚੇ ਕਾਵਿ ਦੀ ਅਰਥਾਵਲੀ ਦੇ ਕੇ ਔਖੇ ਸ਼ਬਦਾਂ ਦੇ ਅਰਥ ਕੀਤੇ ਹਨ। ਸੰਪਾਦਕ ਵੱਲੋਂ ਇਸ ਪੁਸਤਕ ਦੇ ਸਤਵੇਂ ਅਧਿਆਇ ਵਿਚ ਪੰਜਾਬੀ ਸੂਫ਼ੀ ਕਵੀ ਅਤੇ ਬੁੱਲ੍ਹੇਸ਼ਾਹ ਇਕ ਤੁਲਨਾਤਮਕ ਅਧਿਐਨ, ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਤੇ ਪਾਠਕਾਂ ਲਈ ਮੁੱਲਵਾਨ ਹੈ। ਅੱਠਵਾਂ ਤੇ ਨੌਵਾਂ ਅਧਿਆਇ : ਸੂਫ਼ੀਮਤ : ਬੁਨਿਆਦੀ ਸੰਕਲਪ ਅਤੇ ਸੂਫ਼ੀ, ਇਤਿਹਾਸ ਤੇ ਮਿਥਿਹਾਸਕ ਹਵਾਲੇ' ਸਬੰਧੀ ਹੈ। ਭਾਵੇਂ ਪੰਜਾਬੀ ਆਲੋਚਕਾਂ, ਸੰਪਾਦਕਾਂ, ਖੋਜੀਆਂ ਵੱਲੋਂ ਬੁੱਲ੍ਹੇਸ਼ਾਹ ਤੇ ਉਸ ਦੇ ਕਾਵਿ ਸੰਗ੍ਰਹਿਾਂ ਸਬੰਧੀ ਬਹੁਤ ਕੁਝ ਲਿਖਿਆ ਗਿਆ ਹੈ ਪਰ ਇਸ ਪੁਸਤਕ ਦਾ ਆਪਣਾ ਮੁੱਲ ਹੈ। ਸੰਪਾਦਕ ਵੱਲੋਂ ਕੀਤੀ ਖੋਜ ਜਿਥੇ ਉਸ ਦੇ ਸਾਹਿਤ ਦਾ ਪੂਰਨ ਮੁਲਾਂਕਣ ਹੈ, ਉਥੇ ਉਸ ਦੇ ਸਮੁੱਚੇ ਕਾਵਿ ਦਾ ਇਕ ਥਾਵੇਂ ਕੀਤਾ ਸੰਗ੍ਰਹਿ, ਵਿਸ਼ੇਸ਼ ਪ੍ਰਾਪਤੀ ਹੈ। ਇਹ ਪੁਸਤਕ ਪੰਜਾਬੀ ਕਾਵਿ ਦੇ ਮੱਧਕਾਲੀਨ ਸਿਰਮੌਰ ਕਵੀ ਬੁੱਲ੍ਹੇਸ਼ਾਹ ਨੂੰ ਇਕ ਵਿਸ਼ੇਸ਼ ਸ਼ਰਧਾਂਜਲੀ ਵੀ ਹੈ।

-ਡਾ: ਅਮਰ ਕੋਮਲ
ਮੋ: 08437873565.

ਸੂਰਜਾਂ ਦੀ ਭਾਲ ਵਿਚ
ਸ਼ਾਇਰ : ਭੁਪਿੰਦਰ ਸੰਧੂ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 96.

ਪੰਜਾਬੀ ਗ਼ਜ਼ਲ ਦੀ ਸਿਰਜਣਾ ਬੜੀ ਤੇਜ਼ੀ ਨਾਲ ਹੋ ਰਹੀ ਹੈ ਤੇ ਇਸ ਸਬੰਧੀ ਪੁਸਤਕਾਂ ਵੀ ਧੜਾਧੜ ਛਪ ਰਹੀਆਂ ਹਨ। ਪਰ ਵਿਰਲੇ ਗ਼ਜ਼ਲ ਸੰਗ੍ਰਹਿ ਹੀ ਪਾਠਕਾਂ ਦੇ ਆਕਰਸ਼ਨ ਦਾ ਕੇਂਦਰ ਬਣਦੇ ਹਨ। ਇੰਝ ਭਾਵੇਂ ਪੰਜਾਬੀ ਗ਼ਜ਼ਲ ਦਾ ਫ਼ੈਲਾਅ ਤਾਂ ਹੋਇਆ ਹੈ ਪਰ ਇਸ ਦੇ ਨਾਲ-ਨਾਲ ਪੰਜਾਬੀ ਗ਼ਜ਼ਲ ਨੂੰ ਸੱਟ ਵੀ ਪਈ ਹੈ। ਬਹੁਗਿਣਤੀ ਪੰਜਾਬੀ ਗ਼ਜ਼ਲਕਾਰਾਂ 'ਚੋਂ ਸਿਰਫ਼ ਕੁਝ ਹੀ ਸਫ਼ਲਤਾ ਨਾਲ ਪੰਜਾਬੀ ਗ਼ਜ਼ਲ ਨੂੰ ਮਾਣਮੱਤੀ ਦਿਸ਼ਾ ਵੱਲ ਸੇਧਤ ਕਰ ਰਹੇ ਹਨ ਤੇ ਇਨ੍ਹਾਂ ਗ਼ਜ਼ਲਕਾਰਾਂ ਵਿਚ ਇਕ ਨਾਂਅ ਭੁਪਿੰਦਰ ਸੰਧੂ ਦਾ ਵੀ ਹੈ, ਜਿਸ ਨੂੰ ਪੰਜਾਬੀ ਦੇ ਸਰਵ-ਪ੍ਰਵਾਨਤ ਉਸਤਾਦ ਜਨਾਬ ਦੀਪਕ ਜੈਤੋਈ ਦਾ ਥਾਪੜਾ ਹਾਸਿਲ ਰਿਹਾ ਹੈ। ਇਸੇ ਕਾਰਨ ਭੁਪਿੰਦਰ ਸੰਧੂ ਦੀ ਗ਼ਜ਼ਲ ਵਿਚ ਤਕਨੀਕੀ ਘਾਟਾਂ ਨਾ ਮਾਤਰ ਹਨ। ਇਸ ਪੁਸਤਕ ਵਿਚ ਸ਼ਾਇਰ ਦੀਆਂ ਕੁਲ 78 ਗ਼ਜ਼ਲਾਂ ਸੰਕਲਿਤ ਹਨ। ਇਨ੍ਹਾਂ ਗ਼ਜ਼ਲਾਂ ਦੇ ਵਿਸ਼ਿਆਂ ਦੀ ਕੈਨਵਸ ਕਾਫ਼ੀ ਵਿਸ਼ਾਲ ਹੈ ਤੇ ਇਹ ਆਮ ਮਨੁੱਖ ਦੀ ਜ਼ਿੰਦਗੀ ਨਾਲ ਜੁੜੇ ਹੋਏ ਹਨ। ਸੰਧੂ ਦੀਆਂ ਗ਼ਜ਼ਲਾਂ ਵਿਚ ਮੁਹੱਬਤੀ ਰੰਗ ਵੀ ਹੈ ਤੇ ਇਨ੍ਹਾਂ ਵਿਚ ਆਮ ਮਨੁੱਖ ਦੀਆਂ ਲੋੜਾਂ-ਥੁੜਾਂ ਦਾ ਵੀ ਜ਼ਿਕਰ ਹੈ। ਸ਼ਾਇਰ ਚੁਫ਼ੇਰੇ ਫ਼ੈਲੇ ਰਾਜਸੀ, ਸਮਾਜਿਕ ਤੇ ਧਾਰਮਿਕ ਅੰਧਕਾਰ ਦੇ ਤੋੜ ਵਜੋਂ ਨਵੇਂ ਸੂਰਜਾਂ ਦੀ ਤਲਾਸ਼ ਦਾ ਚਾਹਵਾਨ ਹੈ ਤੇ ਉਹ ਆਪਣੇ ਸ਼ਿਅਰਾਂ ਰਾਹੀਂ ਹਰ ਹਨ੍ਹੇਰੀ ਨੁੱਕਰ ਨੂੰ ਰੁਸ਼ਨਾਉਣ ਲਈ ਆਪਣੇ ਵਿੱਤ ਮੁਤਾਬਿਕ ਕੋਸ਼ਿਸ਼ ਕਰਦਾ ਹੈ। ਉਸ ਅਨੁਸਾਰ ਪੱਥਰ ਦੇ ਦੇਵਤੇ ਕਿਸੇ ਦਾ ਕੁਝ ਵੀ ਨਹੀਂ ਸੰਵਾਰ ਸਕਦੇ ਤੇ ਕੁਝ ਕਰਨ ਲਈ ਸਾਨੂੰ ਆਪਣੇ ਹੌਸਲੇ ਤੇ ਨਿਸ਼ਚੇ 'ਤੇ ਯਕੀਨ ਕਰਨਾ ਹੋਵੇਗਾ। ਮਜ਼ਹਬੀ ਕੱਟੜਤਾ ਨੂੰ ਉਹ ਮਨੁੱਖੀ ਵਿਕਾਸ ਤੇ ਮੋਹ ਵਿਚ ਰੁਕਾਵਟ ਮੰਨਦਾ ਹੈ ਤੇ ਆਪਣੇ ਸ਼ਿਅਰਾਂ ਵਿਚ ਉਹ ਇਸ ਤੋਂ ਸੁਚੇਤ ਰਹਿਣ ਲਈ ਆਖਦਾ ਹੈ। ਇਸ ਪੁਸਤਕ ਵਿਚ ਸੁਲੱਖਣ ਸਰਹੱਦੀ ਦਾ ਲੰਬਾ ਤੁਆਰਫ਼ੀ ਲੇਖ ਭੁਪਿੰਦਰ ਸੰਧੂ ਸਬੰਧੀ ਕਾਫ਼ੀ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਗ੍ਰਹਿਣੇ ਸੂਰਜ
ਕਵੀ : ਮਲਕੀਤ ਜੌੜਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 96.

ਨੌਜਵਾਨ ਕਵੀ ਮਲਕੀਤ ਜੌੜਾ ਦਾ ਇਹ ਤੀਸਰਾ ਕਾਵਿ ਸੰਗ੍ਰਹਿ ਹੈ। ਨਿੱਜ ਤੋਂ ਪਰ ਵੱਲ (2009) ਅਤੇ ਵਿਲਕਦਾ ਰੁੱਖ (2010) ਉਸ ਦੇ ਪੂਰਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ ਹਨ। 'ਗ੍ਰਹਿਣੇ ਸੂਰਜ' ਦੀਆਂ ਕੁੱਲ 66 ਨਿੱਕੀਆਂ-ਵੱਡੀਆਂ ਕਵਿਤਾਵਾਂ ਵਾਰਤਿਕ ਕਾਵਿ ਸ਼ੈਲੀਆਂ ਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਆਮ ਕਰਕੇ ਦਲਿਤ ਚੇਤਨਾ ਨੂੰ ਉਭਾਰਿਆ ਗਿਆ ਹੈ। ਭਾਰਤ ਵਿਚ ਦਲਿਤ ਦੇ ਸੰਤਾਪ ਵਿਚ ਗ੍ਰਹਿਣੇ ਸੂਰਜ ਵਿਹੜਿਆਂ ਨੂੰ ਧੁੱਪ ਵੀ ਵਿਤਕਰੇ ਨਾਲ ਦਿੰਦੇ ਹਨ। ਕੋਈ ਦਲਿਤ ਨੌਜਵਾਨ ਮੁਟਿਆਰ ਭਾਵੇਂ ਆਪਣੀ ਲਿਆਕਤ ਵਧਾ ਕੇ ਕਿੰਨੇ ਵੀ ਉੱਚੇ ਚੜ੍ਹ ਜਾਣ, ਉਹ ਗ੍ਰਹਿਣੇ ਸੂਰਜ ਫਿਰ ਵੀ ਧੁੱਪ ਦਾ ਵਿਤਕਾਰ ਸਮਾਪਤ ਨਹੀਂ ਕਰਦੇ। ਸਮਾਜ ਵਿਚ ਆਰਥਿਕ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਖੇਤਰਾਂ ਵਿਚ ਵੀ ਦਲਿਤਾਂ ਨੂੰ ਇਕ ਸੰਤਾਪਿਆ ਜੀਵਨ ਭੋਗਣ ਲਈ ਮਜਬੂਰ ਹੋਣਾ ਪੈਂਦਾ ਹੈ। ਸਮਾਜ ਦੀਆਂ ਉੱਚੀਆਂ ਜਾਤੀਆਂ ਨਿਮਨ ਸ਼੍ਰੇਣੀਆਂ ਦੀ ਆਰਥਿਕ ਲੁੱਟ ਕਰਨੀ ਅਤੇ ਹਰ ਖੇਤਰ ਵਿਚ ਠੂੰਗਾ ਮਾਰਨਾ ਆਪਣਾ ਹੱਕ ਸਮਝਦੀਆਂ ਹਨ।
ਮਲਕੀਤ ਜੌੜਾ ਸਮਾਜ ਵਿਚ ਫੈਲੇ ਜਾਤੀਵਾਦ ਦੇ ਕੋਹੜ ਨੂੰ ਆਪਣੀ ਨਫ਼ਰਤ ਦੇ ਇਜ਼ਹਾਰ ਦਾ ਤੋਹਫ਼ਾ ਹਥਲੇ ਕਾਵਿ ਸੰਗ੍ਰਹਿ ਰਾਹੀਂ ਭੇਜਦਾ ਹੈ। ਉਹ ਸਮਾਜ ਦੀ ਇਸ ਘਿਨਾਉਣੀ ਜਾਤੀ ਵੰਡ ਤੋਂ ਨਾਬਰ ਹੈ ਅਤੇ ਆਪਣੇ ਜਿਹੇ ਹੋਰ ਨੌਜਵਾਨਾਂ ਨੂੰ ਇਸ ਵੰਗਾਰ ਨਾਲ ਜੋੜਨ ਲਈ ਸੰਵੇਦਨਾਵਾਂ ਦਾ ਆਹਵਾਹਨ ਕਰਦਾ ਹੈ। ਉਹ ਪੀੜ੍ਹੀ ਦਰ ਪੀੜ੍ਹੀ ਸਮਾਜ ਦੇ ਹੇਠਲੇ ਕਿੱਤੇ ਕਠੀ ਜਾਣ ਤੋਂ ਨਾਬਰ ਹੈ : 'ਮੈਨੂੰ ਕੋਈ ਠੇਕਾ ਨਹੀਂ/ਸਾਰੀ ਉਮਰ ਤੁਹਾਡੇ ਮਰੇ ਡੰਗਰ ਢੋਣ ਦਾ/ਜਦੋਂ ਤਰਖਾਣ ਦਾ ਪੁੱਤ ਤੇਸਾ ਚਲਾਉਣਾ ਭੁੱਲ ਗਿਆ/ਭਰਾਈ ਦਾ ਪੁੱਤ ਢੋਲ ਵਜਾਉਣਾ ਭੁੱਲ ਗਿਆ/ਮੈਂ ਵੀ ਜ਼ਿੱਲਤ ਭਰੇ ਕੰਮ ਨੂੰ ਛੱਡ/(ਕਿਉਂ ਨਾ) ਇੱਜ਼ਤ ਵਾਲਾ ਕੰਮ ਕਰਾਂ?...' ਉਹ ਆਪਣੇ ਸਾਥੀਆਂ ਨੂੰ ਕਹਿੰਦਾ ਹੈ : 'ਆ ਭਰਾਵਾ/ਆਪਾਂ ਬੈਠ.../ਬਹਿ ਕੇ ਸੂਝ ਬੂਝ ਦੇ ਨਾਲ ਮੁਸ਼ਕਿਲ ਹੱਲ ਕਰੀਏ...'।
ਜੌੜਾ ਦੇ ਕਾਵਿ ਤੇਵਰ ਭਾਵੇਂ ਬੜੇ ਤਿੱਖੇ ਅਤੇ ਅੰਦਾਜ਼ ਗੁੱਸੈਲਾ ਹੈ ਪਰ ਉਹ ਕਾਵਿ ਸਹਿਜ ਅਤੇ ਜੁਝਾਰ-ਕਾਵਿ ਦੇ ਅਮੀਰ ਗੁਣਾਂ ਨਾਲ ਜੁੜਿਆ ਰਹਿੰਦਾ ਹੈ।

-ਸੁਲੱਖਣ ਸਰਹੱਦੀ
ਮੋ: 94174-84337

ਤਾਰਿਆ ਵੇ ਤੇਰੀ ਲੋਅ
ਲੇਖਕ : ਹਰਭਜਨ ਸਿੰਘ ਕੋਮਲ
ਪ੍ਰਕਾਸ਼ਕ : ਸਤਵੰਤ ਬੁੱਕ ਏਜੰਸੀ, ਦਿੱਲੀ
ਮੁੱਲ : 175 ਰੁਪਏ, ਸਫ਼ੇ : 128.

ਹਥਲੇ ਸੰਗ੍ਰਹਿ ਵਿਚ ਲੇਖਕ ਦੀਆਂ 10 ਕਹਾਣੀਆਂ ਅਤੇ ਦੋ ਹੋਰ ਰਚਨਾਵਾਂ ਹਨ, ਜਿਨ੍ਹਾਂ ਨੂੰ ਉਹ ਕਹਾਣੀਆਂ ਕਹਿਣ ਤੋਂ ਗੁਰੇਜ਼ ਕਰਦਾ ਹੈ। ਕਿਉਂਕਿ ਇਹ ਰਚਨਾਵਾਂ 1984 ਦੇ ਸਮੇਂ ਵਿਚ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਵਿਚ ਵਾਪਰੇ ਭਿਆਨਕ ਦੁਖਾਂਤ ਦੀਆਂ ਹਨ। ਇਨ੍ਹਾਂ ਦੇ ਸਿਰਲੇਖ ਹਨ ਚੰਗੇ ਕੰਮੀ ਨਾਨਕਾ ਭਾਗ-1 ਅਤੇ ਭਾਗ-2 ਇਸ ਸਮੇਂ ਦੀ ਚੀਸ ਅਜੇ ਵੀ ਪੰਜਾਬ ਅਤੇ ਦਿੱਲੀ ਵਿਚ ਮਹਿਸੂਸ ਕੀਤੀ ਜਾ ਰਹੀ ਹੈ। ਲੇਖਕ ਨੇ ਇਹ ਸਮੇਂ ਦੀ ਪੀੜ ਆਪਣੇ ਪਿੰਡੇ 'ਤੇ ਹੰਢਾਈ ਹੈ। ਅੱਤਵਾਦ ਦਾ ਉਹ ਕਾਲਾ ਦੌਰ ਸੀ, ਜਦੋਂ ਪੰਜਾਬ ਦੇ ਦੋ ਫ਼ਿਰਕਿਆਂ ਵਿਚ ਫੁੱਟ ਪਾਉਣ ਦੇ ਕੋਝੇ ਯਤਨ ਕੀਤੇ ਗਏ ਸਨ। ਇਸੇ ਪ੍ਰਸੰਗ ਵਿਚ ਹੀ ਪੁਸਤਕ ਦੀ ਦੂਜੀ ਅਥਵਾ ਬਾਰ੍ਹਵੀਂ ਰਚਨਾ ਹੈ, ਜਿਸ ਵਿਚ ਲੇਖਕ ਦਿੱਲੀ ਵਿਚ ਹੋ ਰਹੀ ਮੀਟਿੰਗ ਵਿਚ ਸ਼ਾਮਿਲ ਹੁੰਦਾ ਹੈ, ਜਿਥੇ ਦੇਸ਼ ਦੇ ਵਿਗੜਦੇ ਹਾਲਾਤ ਬਾਰੇ ਵਿਚਾਰਾਂ ਹੋਣੀਆਂ ਹਨ। ਪੁਸਤਕ ਸਿਰਲੇਖ ਵਾਲੀ ਕਹਾਣੀ ਦੇਸ਼ ਵੰਡ ਵੇਲੇ ਦੀ ਹੈ। ਉਜੜੇ-ਪੁਜੜੇ ਲੋਕਾਂ ਨਾਲ ਭਰੀ ਗੱਡੀ ਇਧਰ ਆ ਰਹੀ ਹੈ। ਲੋਕ ਡਰੇ ਤੇ ਸਹਿਮੇ ਹੋਏ ਹਨ। ਪਿਆਸੇ ਹਨ। ਇਕ ਸਟੇਸ਼ਨ 'ਤੇ ਗੱਡੀ ਰੁਕਦੀ ਹੈ। ਸਾਹਮਣੇ ਦੋ ਨਲਕੇ ਹਨ। ਕਿਸੇ ਪਾਸਿਉਂ ਸਫੀ ਤੇ ਉਸ ਦੇ ਸਾਥੀ ਅਚਾਨਕ ਨਿਕਲਦੇ ਹਨ। ਡਰੇ ਹੋਏ ਲੋਕਾਂ ਨੂੰ ਸਫੀ ਨਲਕਾ ਗੇੜ ਕੇ ਪਾਣੀ ਪਿਲਾਉਂਦਾ ਹੈ। ਬਦਲਦੇ ਰੰਗ ਵਿਚ ਰਿਆਜ਼ ਤੇ ਨਫੀਸਾਂ ਦੇ ਤਲਾਕ ਪਿੱਛੋਂ ਪੁਨਰ ਮਿਲਣ ਦੀ ਗੱਲ ਹੈ। ਪੁਸਤਕ ਦੀਆਂ ਕਹਾਣੀਆਂ ਦੋ ਪੈਰੇ ਬਲਦ, ਮਾਰੂਥਲ ਦੀ ਸਿਲ੍ਹ, ਚਾਰ ਅੱਖਰ, ਭੁਖੜ, ਕੋਈ ਗਵਾਚੀ ਸ਼ੈਅ, ਸਹਿਜ ਪਾਠ, ਚੋਗਾ ਮਾਨਵੀ ਪੱਖ ਨੂੰ ਉਜਾਗਰ ਕਰਦੀਆਂ ਵਧੀਆ ਕਹਾਣੀਆਂ ਹਨ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

4-10-2014

 ਪੁਨਰਵਾਸ ਦੇ ਅੱਲ੍ਹੇ ਜ਼ਖ਼ਮ
ਲੇਖਕ : ਮਿਹਰ ਸਿੰਘ ਰੰਧਾਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 118.

ਸ: ਮਿਹਰ ਸਿੰਘ ਰੰਧਾਵਾ ਨੇ ਆਪਣੀ ਪੁਸਤਕ ਵਿਚ 'ਪੁਨਰਵਾਸ ਦੇ ਅੱਲੇ ਜ਼ਖ਼ਮ' ਬਿਆਨ ਕਰਨ ਦੇ ਨਾਲ-ਨਾਲ ਪੰਜਾਬ ਦੀਆਂ ਬਾਰਾਂ ਅਤੇ ਪੱਛਮੀ ਪੰਜਾਬ (ਹੁਣ ਪਾਕਿਸਤਾਨ) ਦੇ ਸੱਭਿਆਚਾਰ ਨਾਲ ਸਬੰਧਤ ਆਪਣੀਆਂ ਪਿਆਰੀਆਂ ਯਾਦਾਂ ਨੂੰ ਬੜੇ ਸੁਹਿਰਦ ਅਤੇ ਰੌਚਕ ਅੰਦਾਜ਼ ਵਿਚ ਵਿਅਕਤ ਕੀਤਾ ਹੈ। ਲੇਖਕ ਦਾ ਪੁਰਾਣਾ ਪਿੰਡ ਚੱਕ ਨੰ: 28 ਜ਼ਿਲ੍ਹਾ ਸਰਗੋਧਾ ਸੀ, ਪਰ 1947 ਈ: ਵਿਚ ਹੋਏ ਪੰਜਾਬ ਵਿਭਾਜਨ ਦੇ ਕਾਰਨ ਹੋਰ ਲੱਖਾਂ ਪੰਜਾਬੀਆਂ ਵਾਂਗ ਉਸ ਨੂੰ ਵੀ ਆਪਣਾ ਜੱਦੀ ਪਿੰਡ ਛੱਡ ਕੇ ਇਧਰ ਤਰਨ ਤਾਰਨ ਦੇ ਲਾਗੇ ਵੱਸੇ ਪਿੰਡ ਪੰਡੋਰੀ ਰਣ ਸਿੰਘ ਵਿਚ ਪੁਨਰਵਾਸ ਕਰਨਾ ਪਿਆ ਸੀ। ਪਾਕਿਸਤਾਨ ਬਣਨ ਸਮੇਂ ਉਹ ਕੇਵਲ ਨੌਂ ਕੁ ਵਰਿਆਂ ਦਾ ਸੀ, ਪਰ ਉਸ ਦੇ ਬਾਲ-ਮਨ ਉੱਪਰ ਹਿਜਰਤ ਦੀਆਂ ਏਨੀਆਂ ਡੂੰਘੀਆਂ ਝਰੀਟਾਂ ਵੱਜ ਗਈਆਂ ਸਨ ਕਿ ਅੱਜ ਵੀ ਜਦੋਂ ਉਹ ਇਨ੍ਹਾਂ ਨੂੰ ਕੁਰੇਦਦਾ ਹੈ ਤਾਂ ਗਰਮ ਲਹੂ ਦੇ ਅਨੇਕ ਤੁਪਕੇ ਸਿੰਮ ਆਉਂਦੇ ਹਨ। ਇਧਰ ਆ ਕੇ ਪੜ੍ਹਾਈ ਕਰਨ ਪਿੱਛੋਂ ਉਹ ਭਾਰਤੀ ਸੈਨਾ ਦੀ ਸਿੱਖਿਆ ਕੋਰ ਵਿਚ ਭਰਤੀ ਹੋ ਗਿਆ ਅਤੇ ਲਗਭਗ 25 ਵਰ੍ਹੇ ਫ਼ੌਜ ਦੀ ਨੌਕਰੀ ਕਰਨ ਉਪਰੰਤ 'ਸ਼ੌਕੀਆ ਪੱਤਰਕਾਰੀ' ਦੇ ਚੁਣੌਤੀਪੂਰਨ ਕਿੱਤੇ ਨਾਲ ਜੁੜਿਆ ਹੋਇਆ ਹੈ। ਨਾਲੋ-ਨਾਲ ਉਹ ਸਾਹਿਤ-ਸਿਰਜਣਾ ਵੀ ਕਰ ਰਿਹਾ ਹੈ।
ਇਹ ਪੁਸਤਕ ਵਾਰਤਕ ਦੇ ਕਈ ਉਪ-ਰੂਪਾਂ ਦਾ ਸੁਮਿਸ਼ਰਣ ਹੈ। ਸਵੈ-ਜੀਵਨੀ, ਯਾਦਾਂ, ਰੇਖਾ-ਚਿੱਤਰ, ਇਤਿਹਾਸਕਾਰੀ ਅਤੇ ਸਫ਼ਰਨਾਮਾ ਆਦਿ ਆਧੁਨਿਕ ਵਾਰਤਕ ਦੇ ਕਈ ਰੂਪ ਇਸ ਪੁਸਤਕ ਵਿਚ ਘੁਲ-ਮਿਲ ਗਏ ਹਨ। ਇਹੀ ਕਾਰਨ ਹੈ ਕਿ ਇਸ ਪੁਸਤਕ ਦਾ ਪਾਠ ਅਤਿਅੰਤ ਰੌਚਕ ਬਣ ਗਿਆ ਹੈ। ਇਸ ਪੁਸਤਕ ਦੇ ਮਾਧਿਅਮ ਦੁਆਰਾ ਉਸ ਨੇ ਇਹ ਦਰਸਾਇਆ ਹੈ ਕਿ ਕੋਈ ਵੀ ਕੌਮ ਪੂਰਨ ਤੌਰ 'ਤੇ ਨਾ ਤਾਂ ਜ਼ਾਲਮ ਹੁੰਦੀ ਹੈ ਅਤੇ ਨਾ ਦਿਆਲੂ ਬਲਕਿ ਹਰ ਕੌਮ ਵਿਚ ਦੋਵੇਂ ਪ੍ਰਕਾਰ ਦੇ ਬੰਦੇ ਲੱਭੇ ਜਾ ਸਕਦੇ ਹਨ। ਉਸ ਨੇ ਕੁਝ ਦਿਆਲੂ ਮੁਸਲਮਾਨਾਂ ਦਾ ਜ਼ਿਕਰ ਕਰਕੇ ਅਤੇ ਕੁਝ ਜ਼ਾਲਮ ਸਿੱਖਾਂ ਦੇ ਵੇਰਵੇ ਪੇਸ਼ ਕਰਕੇ ਆਪਣੀ ਟੈਕਸਟ ਨੂੰ ਸੰਤੁਲਿਤ ਅਤੇ ਯਥਾਰਥਕ ਬਣਾਈ ਰੱਖਿਆ ਹੈ।
1947 ਈ: ਦਾ ਪੰਜਾਬ ਵਿਭਾਜਨ, ਇਤਿਹਾਸ ਦਾ ਇਕ ਅਜਿਹਾ ਭਿਆਨਕ ਅਤੇ ਹਨੇਰਾ ਕਾਂਡ ਹੈ ਕਿ ਇਸ ਬਾਰੇ ਜਿੰਨਾ ਵੀ ਲਿਖਿਆ ਜਾਂ ਪੜ੍ਹਿਆ ਜਾਵੇ, ਮਨ ਨਹੀਂ ਭਰਦਾ। ਬੇਸ਼ੱਕ ਇਸ ਕਾਂਡ ਦੇ ਬਹੁਤ ਸਾਰੇ ਵੇਰਵੇ ਪ੍ਰਕਾਸ਼ਮਾਨ ਹੋ ਚੁੱਕੇ ਹਨ, ਪਰ ਅਜੇ ਵੀ ਅਨੇਕਾਂ ਵੇਰਵੇ ਲੋਕ-ਸਿਮ੍ਰਤੀ ਨੇ ਸਾਂਭ ਰੱਖੇ ਹੋਏ ਹਨ। ਬਦਕਿਸਮਤੀ ਨਾਲ ਸਾਡੇ ਪਾਸ ਕੋਈ ਏਨਾ ਨਿਸ਼ਠਾਵਾਨ ਇਤਿਹਾਸਕਾਰ ਨਹੀਂ ਹੈ ਕਿ ਉਹ ਲੋਕ-ਸਿਮ੍ਰਤੀ ਵਿਚ ਪਏ ਇਨ੍ਹਾਂ ਵੇਰਵਿਆਂ ਨੂੰ ਇਕੱਠਾ ਕਰਕੇ ਮੌਖਿਕ-ਇਤਿਹਾਸ ਦੀਆਂ ਕੀਮਤੀ ਜਿਲਦਾ ਪਾਠਕਾਂ ਦੀ ਭੇਟ ਕਰ ਸਕੇ। ਮੈਂ ਰੰਧਾਵਾ ਸਾਹਿਬ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਪੰਜਾਬ ਦੀਆਂ ਬਾਰਾਂ, ਦਰਿਆਵਾਂ, ਖੇਤੀਬਾੜੀ ਅਤੇ ਸਾਂਝੇ ਪੰਜਾਬੀ ਸੱਭਿਆਚਾਰ ਦੇ ਬਹੁਤ ਸਾਰੇ ਨਵੇਂ ਵੇਰਵੇ ਆਪਣੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਪੁਸਤਕ ਦੇ ਅੰਤ ਵਿਚ ਦਿੱਤੀਆਂ ਡੈਮੋਗ੍ਰਾਫ਼ਿਕ ਸਾਰਣੀਆਂ ਅਤੇ ਨਕਸ਼ੇ ਇਸ ਦੇ ਮੁੱਲ ਅਤੇ ਮਹੱਤਵ ਵਿਚ ਢੇਰ ਵਾਧਾ ਕਰਦੇ ਹਨ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਜਨਰਲ ਨਾਲੇਜ
ਸੰਪਾਦਕ : ਜਸਪ੍ਰੀਤ ਸਿੰਘ ਜਗਰਾਓਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 176.

ਸੂਝਵਾਨ ਸੰਪਾਦਕ ਨੇ ਵਿਸ਼ੇਵਾਰ ਅਬਜੈਕਟਿਵ ਟਾਈਪ ਪ੍ਰਸ਼ਨਾਂ ਦੀ ਚੋਣ ਕਰਕੇ ਇਸ ਪੁਸਤਕ ਵਿਚ 1600 ਤੋਂ ਵੱਧ ਪ੍ਰਸ਼ਨਾਂ ਦਾ ਸੰਗ੍ਰਹਿ ਕੀਤਾ ਹੈ। ਵਿਸ਼ੇ ਵੰਡ ਇਸ ਪ੍ਰਕਾਰ ਹੈ-1. ਤਾਜ਼ਾ ਤੇ ਚਲੰਤ ਮਾਮਲੇ, 2. ਖੇਡਾਂ (ਓਲੰਪਿਕ 2012 ਵਿਸ਼ੇਸ਼), 3. ਬ੍ਰਹਿਮੰਡ, 4. ਕੌਮੀ ਤੇ ਕੌਮਾਂਤਰੀ ਪ੍ਰਤੀਕ ਤੇ ਚਿੰਨ੍ਹ, 5. ਭਾਰਤ ਦਾ ਇਤਿਹਾਸ, 6. ਆਜ਼ਾਦੀ ਤੋਂ ਬਾਅਦ ਭਾਰਤ, 7. ਭਾਰਤ ਦਾ ਭੂਗੋਲ, 8. ਵਿਸ਼ਵ ਇਤਿਹਾਸ, 9. ਵਿਸ਼ਵ ਭੂਗੋਲ, 10. ਪੰਜਾਬ : ਇਕ ਬਹੁਪੱਖੀ ਜਾਣਕਾਰੀ, 11. ਭਾਰਤ ਦਾ ਅਰਥਚਾਰਾ, 12. ਭਾਰਤੀ ਰਾਜਨੀਤੀ ਤੇ ਸੰਵਿਧਾਨ, 13. ਭਾਰਤੀ ਕਲਾ ਤੇ ਸੱਭਿਆਚਾਰ, 14. ਆਮ ਵਿਗਿਆਨ, 15. ਆਧੁਨਿਕ ਸੂਚਨਾ ਤੇ ਸੰਚਾਰ ਤਕਨਾਲੋਜੀ, 16. ਜੀਵਨ ਤੇ ਵਾਤਾਵਰਨ, 17. ਸਿੱਖਿਆ ਪ੍ਰਬੰਧ ਤੇ ਪ੍ਰਣਾਲੀਆਂ, 18. ਧਰਮ ਤੇ ਦਰਸ਼ਨ, 19. ਵਿਸ਼ਵ ਸਾਹਿਤ ਤੇ ਭਾਸ਼ਾਵਾਂ, 20. ਵੱਕਾਰੀ ਇਨਾਮ ਤੇ ਸਨਮਾਨ, 21. ਕੌਮੀ ਤੇ ਕੌਮਾਂਤਰੀ ਦਿਹਾੜੇ, ਹਫ਼ਤੇ, ਵਰ੍ਹੇ ਤੇ ਦਹਾਕੇ, 22. ਸੰਖੇਪ ਨਾਂਅ, 23. ਕੌਣ-ਕੀ ਤੇ ਕਿੱਥੇ ਅਤੇ ਫੁਟਕਲ ਜਾਣਕਾਰੀ। ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖ ਕੇ ਅਬਜੈਕਟਿਵ ਟਾਈਪ ਪ੍ਰਸ਼ਨਾਂ ਦੀ ਚੋਣ ਕੀਤੀ ਗਈ ਹੈ ਤੇ ਨਾਲ ਹੀ ਪ੍ਰਸ਼ਨ ਦਾ ਉੱਤਰ ਵੀ ਅੰਕਿਤ ਕੀਤਾ ਗਿਆ ਹੈ। ਇਹ ਪੁਸਤਕ ਜਿਥੇ ਪੀ.ਪੀ.ਐਸ.ਸੀ., ਪੀ.ਸੀ. ਐਸ., ਯੂ.ਜੀ.ਸੀ. ਨੈੱਟ ਅਤੇ ਆਈ.ਏ.ਐਸ. ਦੇ ਪ੍ਰੀਖਿਆਰਥੀਆਂ ਲਈ ਸਹਾਇਕ ਤੇ ਉਪਯੋਗੀ ਸਿੱਧ ਹੋਵੇਗੀ, ਉਥੇ ਇਹ ਆਮ ਪਾਠਕਾਂ ਦੀ ਜਾਣਕਾਰੀ ਵਿਚ ਵੀ ਵਾਧਾ ਕਰੇਗੀ। ਪੰਜਾਬੀ ਵਿਚ ਆਮ ਜਾਣਕਾਰੀ ਪ੍ਰਦਾਨ ਕਰਨ ਵਾਲੀਆਂ ਪੁਸਤਕਾਂ ਦੀ ਘਾਟ ਹੈ। ਇਹ ਪੁਸਤਕ ਇਸ ਘਾਟ ਨੂੰ ਪੂਰਨ ਵਾਲਾ ਇਕ ਸ਼ਲਾਘਾਯੋਗ ਉਪਰਾਲਾ ਹੈ, ਜਿਸ ਦੇ ਲਈ ਸੰਪਾਦਕ ਅਤੇ ਪ੍ਰਕਾਸ਼ਨ ਸ਼ਾਬਾਸ਼ ਦੇ ਹੱਕਦਾਰ ਹਨ।

-ਸੁਖਦੇਵ ਮਾਦਪੁਰੀ
ਮੋ: 94630-34472.

ਘਰ ਪਹਿਲਾਂ ਕਿ ਦੇਸ਼!
ਕਵੀ : ਗੁਰਨਾਮ ਗਿੱਲ
ਪ੍ਰਕਾਸ਼ਕ : ਆਬ ਪਬਲੀਕੇਸ਼ਨ, ਸਮਾਣਾ
ਮੁੱਲ : 100 ਰੁਪਏ, ਸਫ਼ੇ : 96.

ਗੁਰਨਾਮ ਗਿੱਲ ਯੂ.ਕੇ. ਵਸਦਾ ਪ੍ਰਸਿੱਧ ਪੰਜਾਬੀ ਸਾਹਿਤਕਾਰ ਹੈ, ਜਿਸ ਨੇ ਦਰਜਨ ਤੋਂ ਵਧੇਰੇ ਪੁਸਤਕਾਂ ਲਿਖੀਆਂ ਹਨ। 'ਗੁਫਤਗੂ', 'ਅਕਸ ਅਤੇ ਆਈਨਾ' ਉਸ ਦੀਆਂ ਗ਼ਜ਼ਲ ਪੁਸਤਕਾਂ ਹਨ, ਜਦੋਂ ਕਿ ਚੁੱਪ ਦਾ ਅਨੁਵਾਦ, ਕਸਤੂਰੀਆਂ ਦੇ ਜੰਗਲ ਵਿਚ, ਸਾਗਰ ਵਿਚਲੇ ਰੇਗਿਸਤਾਨ ਅਤੇ ਖੁਸ਼ਬੂ ਦੇ ਕਤਲ ਬਾਅਦ ਉਸ ਦੇ ਪ੍ਰਕਾਸ਼ਿਤ ਕਾਵਿ ਸੰਗ੍ਰਹਿ ਹਨ। ਉਸ ਨੇ ਕਹਾਣੀ ਦੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਕਰਵਾਈਆਂ। ਹਥਲੀ ਪੁਸਤਕ ਦੇ ਸਫ਼ਾ 78 ਤੱਕ ਖੁੱਲ੍ਹੀਆਂ ਜਾਂ ਵਾਰਤਕ ਕਵਿਤਾਵਾਂ ਦਿੱਤੀਆਂ ਗਈਆਂ ਹਨ। ਇਹ ਸਾਰੀਆਂ ਕਵਿਤਾਵਾਂ ਨਵੇਂ ਭਾਵ ਬੋਧ ਦੀਆਂ ਅਤੇ ਸੰਵੇਦਨਾ ਦੀਆਂ ਵਾਹਕ ਹਨ। ਉਹ ਮਨੁੱਖੀ ਜੀਵਨ ਦੇ ਸਨਮੁੱਖ ਨਵੇਂ ਪੁਰਾਣੇ ਸੰਕਲਪਾਂ ਨੂੰ ਸੁਹਜ ਨਾਲ ਚਿਤਰਦਾ ਹੈ। ਅੰਧ-ਵਿਸ਼ਵਾਸ ਦੀ ਨਿਖੇਧੀ ਅਤੇ ਸਮਾਜ ਵਿਚ ਆ ਰਹੇ ਤੇਜ਼ੀ ਨਾਲ ਬਦਲਾਵਾਂ ਨੂੰ ਉਸ ਨੇ ਵੱਖ-ਵੱਖ ਕਵਿਤਾਵਾਂ ਵਿਚ ਵਿਅਕਤ ਕੀਤਾ ਹੈ। ਉਹ ਵਿਸ਼ਾ-ਵਾਦੀ ਕਵੀ/ਗ਼ਜ਼ਲਕਾਰ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੇ ਇਸ ਸ਼ਾਇਰ ਦੇ ਸ਼ਿਅਰ ਵੀ ਖੂਬਸੂਰਤ ਹਨ। ਉਸ ਨੇ ਇਸ ਪੁਸਤਕ ਦੇ ਦੂਜੇ ਭਾਗ ਵਿਚ 180 ਉੱਚ ਪਾਏ ਦੇ ਸ਼ਿਅਰ ਵੀ ਦਿੱਤੇ ਹਨ। ਉਸ ਦੀਆਂ ਕਵਿਤਾਵਾਂ ਮੁਹਾਵਰੇਦਾਰ ਸ਼ੈਲੀ ਦੀਆਂ ਹਨ :
ੲ ਦੋਸਤ ਹੱਸੇ ਚੰਗਾ ਲਗਦੈ
ਦੁਸ਼ਮਣ ਹੱਸੇ ਗੁੱਸਾ ਆਵੇ
ੲ ਲੜਨ ਲਈ ਨਾ ਬੰਬ ਜ਼ਰੂਰੀ
ਇਹ ਨਜ਼ਰਾਂ ਨਾਲ ਵੀ ਹੋ ਸਕਦੀ ਹੈ
ਚੁੱਪ ਵੀ ਹਮਲੇ ਕਰ ਸਕਦੀ ਹੈ
ਗੁੱਝੇ ਹਮਲੇ ਕਰ ਸਕਦੀ ਹੈ।
ਉਸ ਦੇ ਸ਼ਿਅਰ ਵੀ ਉਚ ਪਾਏ ਦੇ ਤੇ ਅਮੀਰ ਤਕਨੀਕ ਦੇ ਹਨ :
ਤਿਆਗਾਂ ਕਿਸ ਤਰ੍ਹਾਂ ਜਜ਼ਬੇ? ਜੋ ਆਦਤ ਬਣ ਗਏ ਮੇਰੀ
ਇਹ ਗੁੜ੍ਹਤੀ ਵਿਚ ਹੀ ਹੈ ਜਾਪਦਾ ਫਿਤਰਤ ਮਿਲੀ ਮੈਨੂੰ।

-ਸੁਲੱਖਣ ਸਰਹੱਦੀ
ਮੋ: 94174-84337

ਖਾਓ ਪੀਓ ਨੈਸ਼ਨਲ ਫਰੰਟ
ਵਿਅੰਗਕਾਰ : ਅਜੇ ਕੁਮਾਰ
ਪ੍ਰਕਾਸ਼ਕ : ਆਪਣੀ ਮਿੱਟੀ ਪ੍ਰਕਾਸ਼ਨ, ਜਲੰਧਰ
ਮੁੱਲ : 50 ਰੁਪਏ, ਸਫ਼ੇ : 96.

ਵਿਅੰਗਕਾਰ ਅਜੇ ਕੁਮਾਰ ਆਪਣਾ ਪਲੇਠਾ ਹਾਸ-ਵਿਅੰਗ ਲੇਖ ਸੰਗ੍ਰਹਿ 'ਖਾਓ ਪੀਓ ਨੈਸ਼ਨਲ ਫਰੰਟ' ਲੈ ਕੇ ਹਾਜ਼ਰ ਹੈ। ਉਸ ਨੇ ਇਹ ਲੇਖ ਹਫ਼ਤਾਵਰ 'ਆਪਣੀ ਮਿੱਟੀ' ਇਕ ਕਲਮ ਵਜੋਂ ਸ਼ੁਰੂ ਕੀਤੇ ਸਨ, ਜਿਨ੍ਹਾਂ ਵਿਚ ਦੋ ਸਟਾਰ ਕਰੈਕਟਰ ਦੌਲਤ ਰਾਮ ਬਰਬਾਦੀ ਅਤੇ ਚੌਧਰੀ ਗੁੱਟੂ ਰਾਮ ਹਨ। ਇਹ ਦੋਵੇਂ 'ਖਾਓ ਪੀਓ ਨੈਸ਼ਨਲ ਫਰੰਟ' ਦੇ ਪ੍ਰਧਾਨ ਅਤੇ ਸਕੱਤਰ ਵਜੋਂ ਪੇਸ਼ ਹੋਏ ਹਨ। ਅਜੇ ਕੁਮਾਰ ਆਪਣੇ ਲੇਖਾਂ ਵਿਚ ਹਾਸਾ ਪੈਦਾ ਕਰਨ ਲਈ ਕਈ ਪ੍ਰਚੱਲਿਤ ਤਰਕੀਬਾਂ ਦਾ ਇਸਤੇਮਾਲ ਕਰਦਾ ਹੈ। ਪਾਤਰ ਦੇ ਨਾਂਅ ਕੁਨਾਂ ਰੱਖ ਕੇ ਉਹ ਹਾਸਾ ਪੈਦਾ ਕਰਦਾ ਹੈ। ਜਿਵੇਂ ਦੌਲਤ ਰਾਮ ਬਰਬਾਦੀ ਨੂੰ ਹੀ ਲੈ ਲਓ। ਇਹੋ ਜਿਹੇ ਕੁਨਾਵਾਂ ਨਾਲ ਇਹ ਪੁਸਤਕ ਭਰੀ ਪਈ ਹੈ, ਜਿਵੇਂ ਹੈਪੀ ਪ੍ਰੇਸ਼ਾਨ, ਵਿੱਕੀ ਗੇੜੇਬਾਜ਼, ਬਿੱਟਾ ਕਮਜ਼ੋਰ ਤੇ ਅਨੇਕਾਂ ਹੋਰ ਨਾਂਅ। ਦੂਸਰੀ ਵਿਧੀ ਉਹ ਸਥਿਤੀਆਂ ਨੂੰ ਉਲਟਾਉਣ ਦੀ ਵਰਤੋਂ 'ਚ ਲਿਆਉਂਦਾ ਹੈ। ਸਿੱਧੀ-ਸਾਦੀ ਸਥਿਤੀ ਨੂੰ ਉਲਟਾ ਕਰਕੇ ਦਿਖਾਉਣ ਨਾਲ ਵੀ ਹਾਸਾ ਪੈਦਾ ਹੋ ਜਾਂਦਾ ਹੈ।
ਦੇਸ਼ ਦੀਆਂ ਪ੍ਰਮੁੱਖ ਸਮੱਸਿਆਵਾਂ ਬਾਰੇ ਵੀ ਨੈਸ਼ਨਲ ਫਰੰਟ ਦੇ ਅਹੁਦੇਦਾਰ ਉਲਟੇ ਢੰਗ ਨਾਲ ਸੋਚਦੇ ਹਨ। ਜਿਵੇਂ 'ਦੜੇ ਸੱਟੇ ਨੂੰ ਕਾਨੂੰਨੀ ਮਾਨਤਾ', 'ਆਸ਼ਕਾਂ ਦੇ ਪੇਪਰ ਨਾ ਲਏ ਜਾਣ', 'ਦਾਗ਼ੀ ਨੇਤਾ ਦੇਸ਼ ਦੀ ਸ਼ਾਨ', 'ਲੂਣ ਸਕਿਉਰਿਟੀ ਬਿੱਲ' ਅਜਿਹੇ ਲੇਖ ਹਨ, ਜਿਨ੍ਹਾਂ ਦੇ ਨਾਂਅ ਪੜ੍ਹ ਕੇ ਹਾਸਾ ਆਉਣ ਲਗਦਾ ਹੈ। ਅਸਲ ਵਿਚ ਉਹ ਸਥਿਤੀ ਦੇ ਉਲਟ ਸੋਚ ਉਸਾਰ ਕੇ ਉਸ ਸਥਿਤੀ 'ਤੇ ਹੀ ਵਿਅੰਗ ਕਰ ਰਹੇ ਹੁੰਦੇ ਹਨ। ਅਜੇ ਕੁਮਾਰ ਕੋਲ ਚੋਭ ਤੇ ਕਟਾਖਸ਼ ਵਾਲੀ ਭਾਸ਼ਾ ਹੈ। ਭਾਸ਼ਾ ਸੰਜਮ ਹੈ, ਜਿਸ ਰਾਹੀਂ ਉਹ ਸਮੇਂ ਦੀਆਂ ਪਛਾਣਯੋਗ ਵਿਸੰਗਤੀਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਹੀਲ-ਪਿਆਜ਼ ਨੰਗਾ ਕਰਦਾ ਹੈ। ਅਜੇ ਕੁਮਾਰ ਆਪਣੇ ਲੇਖਾਂ ਵਿਚ ਚੰਗੀ-ਭਲੀ ਸਥਿਤੀ ਦੀ ਤਰਤੀਬ ਬਦਲ ਕੇ ਉਸ ਨੂੰ ਹਾਸੋਹੀਣੀ ਬਣਾ ਕੇ ਪੇਸ਼ ਕਰਦਾ ਹੈ। ਉਹ ਬੇਢੰਗੇ ਕਿਸਮ ਦੀਆਂ ਕੈਸਟਾਂ ਤੇ ਪੁਸਤਕਾਂ ਆਪਣੀ ਮੀਟਿੰਗ ਵਿਚ ਰਿਲੀਜ਼ ਕਰਕੇ ਸਥਿਤੀ ਦਾ ਉਪਹਾਸ ਉਡਾਉਂਦੇ ਹਨ। ਉਨ੍ਹਾਂ ਵੱਲੋਂ ਦਿੱਤੇ ਗਏ ਸਨਮਾਨ ਵੀ ਅਨੋਖੇ ਤੇ ਵਿਕੋਲਿਤਰੇ ਢੰਗ ਦੇ ਹੁੰਦੇ ਹਨ। ਉਹ ਕਿਸੇ ਨੂੰ ਢਾਈ ਕਿੱਲੋ ਪਿਆਜ਼ ਦੇ ਕੇ ਸਨਮਾਨਿਤ ਕਰਦੇ ਹਨ ਤੇ ਕਿਸੇ ਨੂੰ ਰੇਤੇ ਦੀ ਬੋਰੀ ਦੇ ਕੇ ਮਾਣ ਦਿੱਤਾ ਜਾਂਦਾ ਹੈ।
ਅਜੇ ਕੁਮਾਰ ਕੋਲ ਭਾਸ਼ਾਈ ਚਟਕ-ਮਟਕ ਦੇ ਉੱਤਮ ਨਮੂਨੇ ਹਨ। ਉਸ ਦੇ ਲੇਖ ਹਾਸ, ਉਪਹਾਸ, ਕਟਾਖਸ਼ ਤੇ ਸਹਿਜ ਵਿਅੰਗ ਦੇ ਨੇੜੇ-ਤੇੜੇ ਰਹਿੰਦੇ ਹੋਏ ਆਪਣਾ ਲਿਖਣ ਫ਼ਰਜ਼ ਪੂਰਾ ਕਰਦੇ ਹਨ। ਉਸ ਦੇ ਲੇਖਾਂ ਵਿਚ ਗ਼ਜ਼ਬ ਦੀ ਵੰਨ-ਸੁਵੰਨਤਾ ਹੈ।

-ਕੇ. ਐਲ. ਗਰਗ
ਮੋ: 94635-37050

ਕਿਸੇ ਲਈ ਮੋਤੀ ਕਿਸੇ ਲਈ ਪਾਣੀ
ਸ਼ਾਇਰ : ਹਰਚੰਦ ਸਿੰਘ ਬਾਸੀ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112

'ਕਿਸੇ ਲਈ ਮੋਤੀ ਕਿਸੇ ਲਈ ਪਾਣੀ' ਕਾਵਿ-ਸੰਗ੍ਰਹਿ ਪ੍ਰਵਾਸੀ ਕਵੀ ਹਰਚੰਦ ਸਿੰਘ ਬਾਸੀ ਦੀ ਤੀਸਰੀ ਪੁਸਤਕ ਹੈ, ਜਿਸ ਵਿਚ ਉਸ ਦੀਆਂ 77 ਰਚਨਾਵਾਂ ਸੰਕਲਿਤ ਹਨ। ਭਾਰਤ ਵਿਚ ਰਹਿੰਦਿਆਂ ਉਹ ਅਧਿਆਪਨ ਕਾਰਜ ਨਾਲ ਜੁੜਿਆ ਰਿਹਾ ਹੈ ਤੇ ਹੱਕ-ਸੱਚ ਦੇ ਸੰਘਰਸ਼ ਨਾਲ ਵੀ ਉਸ ਦਾ ਨਾਤਾ ਰਿਹਾ ਹੈ। ਇਸੇ ਕਾਰਨ ਉਸ ਨੂੰ ਰਾਜਨੀਤਕ ਸੂਝਬੂਝ ਵੀ ਹਾਸਲ ਹੈ ਤੇ ਉਹ ਸਮਾਜ ਦੀ ਅਸਲੀਅਤ ਤੋਂ ਵੀ ਜਾਣੂੰ ਹੈ।
ਇਸ ਪੁਸਤਕ 'ਕਿਸੇ ਲਈ ਮੋਤੀ ਕਿਸੇ ਲਈ ਪਾਣੀ' ਵਿਚ ਹਰਚੰਦ ਸਿੰਘ ਬਾਸੀ ਦੀਆਂ ਗ਼ਜ਼ਲਨੁਮਾ ਰਚਨਾਵਾਂ ਵਧੇਰੇ ਹਨ। ਇਸ ਦੇ ਨਾਲ ਹੀ ਗੀਤ ਤੇ ਖੁੱਲ੍ਹੀ ਕਵਿਤਾ ਰਾਹੀਂ ਵੀ ਉਸ ਨੇ ਆਪਣੇ ਭਾਵ ਅਭੀਵਿਅਕਤ ਕੀਤੇ ਹਨ। 'ਕਿਸੇ ਲਈ ਮੋਤੀ ਕਿਸੇ ਲਈ ਪਾਣੀ' ਵਿਚ ਕੁਝ ਫੁਟਕਲ ਸ਼ਿਅਰ ਤੇ ਰੁਬਾਈਆਂ ਵੀ ਛਾਈਆਂ ਹੋਈਆਂ ਹਨ। ਆਪਣੀਆਂ ਤਮਾਮ ਰਚਨਾਵਾਂ ਵਿਚ ਬਾਸੀ ਨੇ ਵੱਖਰੇ-ਵੱਖਰੇ ਰੰਗ-ਬਰੰਗੇ ਵਿਸ਼ੇ ਲਏ ਹਨ। ਆਪਣੀ ਸ਼ਾਇਰੀ ਵਿਚ ਸ਼ਾਇਰ ਦਾ ਦ੍ਰਿਸ਼ਟੀਕੋਣ ਉਸਾਰੂ ਹੈ ਤੇ ਉਸ ਦਾ ਸੰਬੋਧਨ ਉਪਦੇਸ਼ਕ ਹੈ। ਵਿਦੇਸ਼ ਵਿਚ ਰਹਿ ਕੇ ਵੀ ਉਹ ਆਪਣੀ ਜੰਮਣ-ਭੋਂ ਦੀਆਂ ਰਹੁ-ਰੀਤਾਂ ਨੂੰ ਰਹਿ-ਰਹਿ ਕੇ ਯਾਦ ਕਰਦਾ ਹੈ।
ਆਪਣੀ ਮਿੱਟੀ ਪ੍ਰਤੀ ਮੋਹ ਤੇ ਉਦਰੇਵਾਂ ਸ਼ਾਇਰ ਦੀਆਂ ਰਚਨਾਵਾਂ 'ਚੋਂ ਸਾਫ਼ ਦੇਖਿਆ ਜਾ ਸਕਦਾ ਹੈ। ਉਸ ਨੂੰ ਅੱਜ ਦੇ ਪੰਜਾਬ ਦੇ ਭਟਕ ਚੁੱਕੇ ਨੌਜਵਾਨਾਂ ਪ੍ਰਤੀ ਗਿਲਾ ਵੀ ਹੈ ਤੇ ਰਾਜਸੀ ਗਿਰਾਵਟ ਦਾ ਮਲਾਲ ਵੀ। 'ਕਿਸੇ ਲਈ ਮੋਤੀ ਕਿਸੇ ਲਈ ਪਾਣੀ' ਵਿਚ ਉੱਘੇ ਕਲਮਕਾਰ ਬਲਬੀਰ ਸਿੰਘ ਮੋਮੀ ਦਾ ਇਕ ਭਾਵਪੂਰਤ ਲੇਖ ਵੀ ਹੈ ਜਿਸ ਵਿਚ ਲੇਖਕ ਸਬੰਧੀ ਕਾਫ਼ੀ ਜਾਣਕਾਰੀ ਦਿੱਤੀ ਗਈ ਹੈ। ਪੰਜਾਬੀ ਸ਼ਾਇਰੀ ਦੇ ਪਾਠਕਾਂ ਲਈ ਇਸ ਪੁਸਤਕ ਵਿਚ ਕਾਫ਼ੀ ਕੁਝ ਹੈ।

-ਗੁਰਦਿਆਲ ਰੌਸ਼ਨ
ਮੋ: 9988444002

ਤਿੰਨ ਜਣੀਆਂ
ਲੇਖਕ : ਡਾ: ਅਮਰਜੀਤ ਸਿੰਘ
ਪ੍ਰਕਾਸ਼ਕ : ਸਤਵੰਤ ਬੁੱਕ ਏਜੰਸੀ, ਨਵੀਂ ਦਿੱਲੀ
ਮੁੱਲ : 175 ਰੁਪਏ, ਸਫ਼ੇ : 112.

ਡਾ: ਅਮਰਜੀਤ ਸਿੰਘ ਨੇ ਵੱਖ-ਵੱਖ ਵਿਧਾਵਾਂ ਵਿਚ ਚਾਰ ਦਰਜਨ ਦੇ ਕਰੀਬ ਪੁਸਤਕਾਂ ਰਚੀਆਂ ਹਨ। ਪਰ ਸਾਹਿਤ ਵਿਚ ਉਸ ਦੀ ਪਛਾਣ ਨਾਵਲਕਾਰ ਵਜੋਂ ਹੋਈ ਹੈ। ਉਸ ਦੇ 27 ਨਾਵਲ ਹਨ। ਹਥਲਾ ਨਾਵਲ ਉਸ ਦਾ ਨਵ-ਪ੍ਰਕਾਸ਼ਿਤ ਹੈ। ਸਿਰਲੇਖ ਅਨੁਸਾਰ ਨਾਵਲ ਅਤ੍ਰਿਪਤ, ਅਸੰਤੁਸ਼ਟ ਮਾਨਸਿਕਤਾ ਵਾਲੀਆਂ ਤਿੰਨ ਔਰਤਾਂ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਕੱਠੀਆਂ ਬੈਠ ਕੇ ਉਹ ਆਪੋ-ਆਪਣਾ ਦੁੱਖ, ਅਸਫ਼ਲ ਵਿਆਹੁਤਾ ਜੀਵਨ, ਪਤੀ ਤੇ ਸਹੁਰਿਆਂ ਦੇ ਘਰ ਟਿਕ ਕੇ ਨਾ ਬੈਠਣ ਦੀ ਅਸੰਤੁਲਿਤ ਜ਼ਿੰਦਗੀ ਦਾ ਵੇਰਵਾ ਇਸ ਨਾਵਲ ਵਿਚ ਹੈ। ਇਕ ਔਰਤ ਪਾਤਰ ਹੈ ਪ੍ਰੋਫੈਸਰ ਹਰਦੀਪ, ਜੋ ਕਿ ਬਜ਼ੁਰਗ ਹੋ ਚੁੱਕੀ ਹੈ। ਵਿਆਹ ਉਸ ਨੇ ਸਮੇਂ ਸਿਰ ਕਰਵਾਇਆ ਨਹੀਂ। ਨਾਵਲ ਦੇ ਪਹਿਲੇ ਭਾਗ ਦੇ 15 ਕਾਂਡ ਉਸ ਦੀ ਜਵਾਨੀ ਬਾਰੇ ਹਨ। ਪਹਿਲਾਂ ਪਹਿਲ ਰਿਸ਼ਤੇ ਆਏ ਪਰ ਠੁਕਰਾ ਦਿੱਤੇ ਤੇ ਫਿਰ ਇਕ ਬਾਹਰੋਂ ਆਏ ਪਰਦੇਸੀ ਦੀਆਂ ਗੱਲਾਂ ਵਿਚ ਆ ਕੇ ਆਪਣਾ ਆਪ ਉਸ ਨੂੰ ਸਮਰਪਿਤ ਕਰ ਦਿੱਤਾ।
ਨਾਵਲ ਦੀ ਦੂਜੀ ਔਰਤ ਕਮਲਜੀਤ ਹੈ। ਦੇਰ ਨਾਲ ਵਿਆਹ ਕਰਾਉਂਦੀ ਹੈ। ਪਤੀ ਸੁਵਿੰਦਰ ਵੀ ਬਸ ਨਾਂਅ ਦਾ ਹੀ ਪਤੀ ਹੈ। ਪਤੀ ਵਾਲੇ ਫ਼ਰਜ਼ ਨਹੀਂ ਜਾਣਦਾ। ਇਸ ਦੇ ਤੇਰਾਂ ਕਾਂਡ ਹਨ।ਤੀਜਾ ਭਾਗ ਜੀਤੀ ਪਾਤਰ ਹੈ। ਇਸ ਭਾਗ ਦੇ 8 ਕਾਂਡ ਹਨ। ਇਸ ਦਾ ਪਤੀ ਅਧੂਰਾ ਹੈ। ਸਹੁਰਾ ਇਸ ਸਥਿਤੀ ਦਾ ਫਾਇਦਾ ਉਠਾਉਂਦਾ ਹੈ। ਅਖੀਰ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਕੇਸ ਅਦਾਲਤ ਵਿਚ ਜਾਂਦਾ ਹੈ। ਇਸ ਤਰ੍ਹਾਂ ਇਹ ਨਾਵਲ ਤਿੰਨ ਔਰਤਾਂ ਦਾ ਮਰਦ ਹੱਥੋਂ ਹੁੰਦੇ ਸ਼ੋਸ਼ਣ ਦੁਆਲੇ ਘੁੰਮਦਾ ਹੈ। ਪਾਤਰ ਭਾਵੇਂ ਫ਼ਰਜ਼ੀ ਹਨ। ਪਰ ਸਮਾਜ ਦਾ ਖਾਸ ਕਰਕੇ ਮਹਾਂਨਗਰਾਂ ਦੀ ਔਰਤ ਦਾ ਚਿਤਰਣ ਕਰਨ ਵਿਚ ਕਾਮਯਾਬ ਨਾਵਲ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160.

ਪੰਜਾਬ ਦਾ ਮਹਾਨ ਸ਼ਹੀਦ ਮਦਨ ਲਾਲ ਢੀਂਗਰਾ
ਲੇਖਕ : ਪੰਡਿਤ ਸਤਿਆਨਾਰਾਇਣ ਸ਼ਰਮਾ
ਅਨੁਵਾਦਕ : ਹਰਮਿੰਦਰ ਸਿੰਘ ਕਾਲੜਾ
ਪ੍ਰਕਾਸ਼ਕ : ਸਾਇੰਸ ਐਂਡ ਜਨਰਲ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 86.

ਪੁਸਤਕ ਦੇ 17 ਅਧਿਆਇ ਇਸ ਪ੍ਰਕਾਰ ਹਨ : ਸਮਕਾਲੀ-ਇਤਿਹਾਸ; ਢੀਂਗਰਾ ਦਾ ਪਰਿਵਾਰਕ ਪਿਛੋਕੜ; ਇੰਗਲੈਂਡ ਰਵਾਨਗੀ; ਸਾਵਰਕਰ ਨਾਲ ਮੁਲਾਕਾਤ; ਤੇ ਉਸ ਦਾ ਪ੍ਰਭਾਵ; ਗੁਰੂ ਗੋਬਿੰਦ ਸਿੰਘ ਦੀ ਜਨਮ ਸ਼ਤਾਬਦੀ; ਇੰਡੀਆ ਆਫਸ; ਕਾਨੂੰਨੀ ਸੰਸਥਾ 'ਚੈਂਬਰਜ਼ ਵਿਚ ਪ੍ਰਵੇਸ਼-ਰੋਕ; ਸੰਕਲਪ ਤੇ ਐਕਸ਼ਨ; ਤੂਫ਼ਾਨ ਮਗਰੋਂ; ਡਾ: ਦਿੱਤਾ ਮੱਲ, ਪਰਿਵਾਰ ਦੀ ਪ੍ਰਤੀਕਿਰਿਆ; ਭਾਰਤੀਆਂ ਦੀਆਂ ਪ੍ਰਤੀਕਿਰਿਆਵਾਂ; ਢੀਂਗਰਾ ਦੇ ਮੁਕੱਦਮੇ ਦੀ ਕਾਰਵਾਈ; ਢੀਂਗਰਾ ਦਾ ਅਦਾਲਤ ਵਿਚ ਬਿਆਨ; ਮੁਕੱਦਮੇ ਦਾ ਫ਼ੈਸਲਾ ਤੇ ਫਾਂਸੀ ਦੀ ਸਜ਼ਾ; 'ਫਾਂਸੀ' ਤੋਂ ਬਾਅਦ ਦੀਆਂ ਪ੍ਰਤੀਕਿਰਿਆਵਾਂ।
ਇਸ ਪੁਸਤਕ ਵਿਚ ਥਾਂ-ਥਾਂ ਦਾਰਸ਼ਨਿਕ ਵਿਚਾਰ ਹਨ। ਪ੍ਰਭਾਵਸ਼ਾਲੀ ਲਿਖਤ ਰਾਹੀਂ ਉਸ ਕਾਲ ਦੇ ਇਤਿਹਾਸਕ ਸਮਾਜਿਕ; ਸੱਭਿਆਚਾਰਕ ਪਿਛੋਕੜ ਵਿਚ ਘਟਨਾਚੱਕਰ ਨੂੰ ਅਭਿਵਿਅਕਤ ਕੀਤਾ ਗਿਆ ਹੈ। ਲੇਖਕ ਅੰਦਰ ਦੇਸ਼ ਪਿਆਰ; ਦੇਸ਼ ਲਈ ਸੰਘਰਸ਼ ਕਰਨ ਵਾਲੀਆਂ ਪਾਰਟੀਆਂ, ਸੰਸਥਾਵਾਂ ਅਤੇ ਵਿਅਕਤੀਆਂ ਦੀਆਂ ਸੰਘਰਸ਼ਮਈ ਗਾਥਾਵਾਂ ਨੂੰ ਵਿਸਥਾਰਪੂਰਵਕ ਬਿਆਨ ਕੀਤਾ ਹੈ। ਭਾਰਤੀਆਂ ਵੱਲੋਂ ਇੰਗਲੈਂਡ ਵਿਚ ਰਹਿੰਦਿਆਂ; ਭਾਰਤ ਦੀ ਆਜ਼ਾਦੀ ਪ੍ਰਾਪਤੀ ਲਈ ਜਾਗਰੂਕ ਲਹਿਰ ਦੀਆਂ ਸਰਗਰਮੀਆਂ ਦਾ ਹਾਲ ਰੌਚਿਕ ਅਤੇ ਜਾਣਕਾਰੀ ਭਰਪੂਰ ਹੈ।
ਪੁਸਤਕ ਦੇ ਵੱਖ-ਵੱਖ ਅਧਿਆਵਾਂ ਉੱਪਰ ਦਿੱਤੇ 'ਸਿਰਲੇਖ; ਸੁਤੰਤਰਤਾ ਲਹਿਰ ਦੀ ਇੰਗਲੈਂਡ ਵਿਚ ਰਹਿੰਦੇ ਭਾਰਤੀਆਂ ਦੀ ਅਮੁੱਲੀ ਦੇਣ ਹੈ; ਜਿਸ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਲਈ ਵਡਮੁੱਲਾ ਯੋਗਦਾਨ ਪਾਇਆ; ਜਿਵੇਂ ਅਮਰੀਕਾ ਵਿਖੇ ਰਹਿ ਰਹੇ ਭਾਰਤੀਆਂ ਨੇ ਗਦਰ ਲਹਿਰ ਚਲਾ ਕੇ ਯੋਗਦਾਨ ਪਾਇਆ ਸੀ। ਪੰਜਾਬੀ ਅਨੁਵਾਦ ਸਾਰਥਕ ਅਤੇ ਭਾਵਪੂਰਨ ਹੈ।

-ਡਾ: ਅਮਰ ਕੋਮਲ
ਮੋ: 08437873565

28-9-2014

 ਗਦਰ ਦੀ ਧੀ ਗੁਲਾਬ ਕੌਰ
ਲੇਖਕ : ਕੇਸਰ ਸਿੰਘ
ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 214.

ਜੰਗੀ ਕੈਦੀ ਵਾਲੇ ਗਿਆਨੀ ਕੇਸਰ ਸਿੰਘ ਦਾ ਇਤਿਹਾਸਕ ਨਾਵਲ ਹੈ 'ਗਦਰ ਦੀ ਧੀ ਗੁਲਾਬ ਕੌਰ'। ਦੇਸ਼ ਆਜ਼ਾਦੀ ਦੇ ਕ੍ਰਾਂਤੀਕਾਰੀ ਸੰਘਰਸ਼ ਨੂੰ ਕੇਂਦਰ ਵਿਚ ਰੱਖ ਕੇ ਕੇਸਰ ਸਿੰਘ ਨੇ ਕਈ ਸਫਲ ਤੇ ਰੌਚਕ ਨਾਵਲ ਲਿਖੇ ਹਨ। ਉਸ ਦੀ ਗਦਰ ਲਹਿਰ ਤੇ ਇਸ ਦੀਆਂ ਸਰਗਰਮੀਆਂ ਦੀ ਪ੍ਰਮਾਣਿਕ/ਵਿਆਪਕ ਜਾਣਕਾਰੀ ਅਤੇ ਨਾਵਲੀ ਸਿਰਜਣਾ ਦਾ ਲੰਮਾ ਅਨੁਭਵ ਇਸ ਦਾ ਕਾਰਨ ਹੈ। ਗੁਲਾਬ ਕੌਰ ਪਿੰਡ ਬਖਸ਼ੀਵਾਲਾ, ਜ਼ਿਲ੍ਹਾ ਸੰਗਰੂਰ ਦੇ ਇਕ ਕਿਸਾਨ ਪਰਿਵਾਰ ਵਿਚ 1890 ਦੇ ਆਸ-ਪਾਸ ਜਨਮੀ। ਗੁਆਂਢੀ ਪਿੰਡ ਜਖੇਪਲ ਦੇ ਮਾਨ ਸਿੰਘ ਨਾਲ ਸ਼ਾਦੀ ਉਪਰੰਤ ਉਹ ਪਤੀ ਸਮੇਤ ਮਨੀਲਾ ਚਲੀ ਗਈ ਤਾਂ ਕਿ ਅਗਾਂਹ ਅਮਰੀਕਾ ਜਾ ਸਕੇ। ਮਨੀਲਾ ਵਿਚ ਹੀ ਗਦਰੀਆਂ ਨਾਲ ਵਾਹ ਪੈ ਗਿਆ। ਪਤੀ ਨੇ ਇਸ ਰਾਹ 'ਤੇ ਉਸ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਗੁਲਾਬ ਕੌਰ ਪਤੀ ਨੂੰ ਛੱਡ ਕੇ ਗਦਰੀਆਂ ਦੀ ਸਾਥਣ ਬਣ ਗਈ।
ਗਦਰੀਆਂ ਨੇ ਉਸ ਨੂੰ ਧੀਆਂ-ਭੈਣਾਂ ਵਾਂਗ ਪੂਰਾ ਮਾਣ ਦਿੱਤਾ। ਗਦਰ ਲਹਿਰ ਦੀ 'ਮਾਈ ਭਾਗੋ' ਕਹਿ ਕੇ ਸਤਿਕਾਰਿਆ। ਹਾਂਗਕਾਂਗ, ਸਿੰਗਾਪੁਰ, ਰੰਗੂਨ, ਪੀਨਾਂਗ, ਕਲਕੱਤਾ-ਹਰ ਥਾਂ ਉਸ ਨੇ ਆਪਣੇ ਕਰਮ ਤੇ ਜ਼ਬਾਨ ਨਾਲ ਲੋਕਾਂ ਨੂੰ ਗਦਰ ਲਹਿਰ ਨਾਲ ਜੋੜਿਆ। ਆਪਣੇ ਜ਼ਿੰਮੇ ਲੱਗੀ ਹਰ ਜ਼ਿੰਮੇਵਾਰੀ ਉਸ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਨਿਭਾਈ। ਜੇਲ੍ਹ ਯਾਤਰਾ ਕੀਤੀ। ਭੇਸ ਵਟਾ ਕੇ ਕਈ ਵਾਰ ਪੁਲਿਸ ਨੂੰ ਚਕਮਾ ਦਿੱਤਾ। ਅਖੀਰਲੇ ਦਮ ਤੱਕ ਉਹ ਦੇਸ਼ ਆਜ਼ਾਦੀ ਲਈ ਲੜਦੀ ਰਹੀ। ਪੁਲਿਸ ਦੇ ਹੱਥ ਨਾ ਆਉਣ ਦੇ ਉਸ ਦੇ ਕਾਰਨਾਮਿਆਂ ਦੀਆਂ ਦੰਤ ਕਥਾਵਾਂ ਗਦਰੀਆਂ ਵਿਚ ਉਸ ਦੀ ਸ਼ਖ਼ਸੀਅਤ 'ਤੇ ਪ੍ਰਭਾਵ ਦੀਆਂ ਗਵਾਹ ਹਨ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਤੋਂ ਕੁਝ ਦਿਨਾਂ ਮਗਰੋਂ ਉਸ ਦੀ ਮੌਤ ਹੋਈ। ਕੇਸਰ ਸਿੰਘ ਨੇ ਗੁਲਾਬ ਕੌਰ ਦੇ ਘਟਨਾ ਭਰਪੂਰ, ਸੰਘਰਸ਼ਸ਼ੀਲ ਜੀਵਨ ਨੂੰ ਨਾਵਲ ਦਾ ਰੂਪ ਦਿੰਦੇ ਹੋਏ ਇਤਿਹਾਸ ਤੇ ਕਲਪਨਾ ਦੇ ਸੁਮੇਲ ਨਾਲ ਇਤਿਹਾਸਕ ਸਮੇਂ ਸਥਾਨ ਦੀ ਉਚਿਤ ਵਰਤੋਂ ਨਾਲ ਗਦਰ ਲਹਿਰ ਦੇ ਸਮਰਥਕਾਂ ਤੇ ਵਿਰੋਧੀਆਂ ਦੀ ਟੱਕਰ ਨੂੰ ਪ੍ਰਮਾਣਿਕ ਰੂਪ ਦਿੱਤਾ ਹੈ। ਇਸ ਰੌਚਕ ਨਾਵਲ ਵਿਚ ਕੁਝ ਪੰਨੇ (162-63, 166-67, 170-71, 174-75) ਕੋਰੇ ਰਹਿ ਗਏ ਹਨ। ਪ੍ਰਕਾਸ਼ਕ ਨੂੰ ਧਿਆਨ ਦੇਣ ਚਾਹੀਦਾ ਹੈ।

ਹੀਰ ਦਾ ਸੰਕਲਪ
ਲੇਖਿਕਾ : ਡਾ: ਸਰੋਜ ਰਾਣੀ ਸ਼ਰਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 136.

ਡਾ: ਸਰੋਜ ਰਾਣੀ ਦੀ ਪੁਸਤਕ 'ਹੀਰ ਦਾ ਸੰਕਲਪ' ਹੀਰ ਬਾਰੇ ਰਚੇ ਪੰਜਾਬੀ ਕਿੱਸਾਕਾਰਾਂ ਨਾਲ ਜਾਣ-ਪਛਾਣ ਕਰਵਾਉਂਦੀ ਹੈ। ਲੇਖਿਕਾ ਨੇ ਭਾਵੇਂ ਹੀਰ ਬਾਰੇ ਪ੍ਰਾਪਤ ਕਈ ਕਿੱਸਿਆਂ ਦੀ ਚਰਚਾ ਕੀਤੀ ਹੈ ਪ੍ਰੰਤੂ ਉਸ ਦਾ ਬਲ ਵਿਸ਼ੇਸ਼ ਰੂਪ ਵਿਚ ਦਮੋਦਰ, ਵਾਰਿਸ ਤੇ ਭਗਵਾਨ ਸਿੰਘ ਉਤੇ ਰਿਹਾ ਹੈ। ਗੱਲ ਉਸ ਨੇ ਹਾਮਦ ਅਹਿਮਦ ਯਾਰ, ਵੀਰ ਸਿੰਘ, ਜੋਗ ਸਿੰਘ ਤੇ ਕਾਬਲ ਵਿਰਕ ਤੱਕ ਦੀ ਵੀ ਕੀਤੀ ਹੈ ਪਰ ਦੋ ਸੌ ਦੇ ਕਰੀਬ ਹੀਰ ਦੇ ਕਿੱਸਿਆਂ ਵਿਚ ਕਈ ਵੱਡੇ ਨਾਮਾਂ ਦਾ ਅਨੁਪਾਤਕ ਉਲੇਖ ਉਸ ਨੇ ਨਹੀਂ ਕੀਤਾ। ਪ੍ਰਤੀਤ ਹੁੰਦਾ ਹੈ ਕਿ ਇਹ ਪੁਸਤਕ ਕੇਵਲ ਤਿੰਨ ਕਿੱਸਾਕਾਰਾਂ ਦੇ ਤੁਲਨਾਤਮਕ ਅਧਿਐਨ ਉਤੇ ਕੇਂਦਰਿਤ ਕੋਈ ਖੋਜ ਨਿਬੰਧ ਹੈ।
ਖੋਜ ਨਿਬੰਧ ਵਾਂਗ ਵੀ ਸਰੋਜ ਨੇ ਕਿੱਸਾ ਸਾਹਿਤ ਦੀ ਉਤਪਤੀ ਤੇ ਵਿਕਾਸ ਦੀ ਸੰਖੇਪ ਇਤਿਹਾਸ-ਰੇਖਾ ਉਲੀਕੀ ਹੈ। ਇਸ ਉਪਰੰਤ ਉਸ ਨੇ ਦਮੋਦਰ, ਵਾਰਿਸ ਤੇ ਭਗਵਾਨ ਸਿੰਘ ਦੇ ਕਿੱਸਿਆਂ ਤੇ ਕਿੱਸਾਕਾਰਾਂ ਨੂੰ ਵੱਖ-ਵੱਖ ਅਧਿਆਵਾਂ ਵਿਚ ਆਪਣੇ ਅਧਿਐਨ ਵਿਸ਼ਲੇਸ਼ਣ ਦਾ ਬਿੰਦੂ ਬਣਾਇਆ ਹੈ। ਇਸ ਕਾਰਜ ਦੀ ਸਮਾਪਤੀ ਉਸ ਨੇ ਤਿੰਨੇ ਕਿੱਸਾਕਾਰਾਂ ਦੇ ਤੁਲਨਾਤਮਕ ਅਧਿਐਨ ਨਾਲ ਕੀਤੀ ਹੈ। ਸਰੋਜ ਰਾਣੀ ਦਾ ਆਲੋਚਨਾਤਮਕ ਤੇ ਖੋਜਕਾਰਜ ਭਾਰੀ ਪੰਡਿਤਾਊ ਸ਼ਬਦਾਵਲੀ ਦੇ ਬੋਝ ਹੇਠ ਨਹੀਂ ਦਬਦਾ। ਉਹ ਇਸ ਵਿਸ਼ੇ ਉਤੇ ਪ੍ਰਾਪਤ ਪ੍ਰਾਥਮਿਕ ਤੇ ਦੁਜੈਲੇ ਸਰੋਤਾਂ ਦੀ ਵਰਤੋਂ ਕਰਕੇ ਆਪਣੀ ਗੱਲ ਸਰਲਤਾ ਨਾਲ ਪੇਸ਼ ਕਰਨ ਵਿਚ ਸਫ਼ਲ ਹੈ। ਬਹੁਤ ਕੁਝ ਨਵਾਂ ਭਾਵੇਂ ਉਹ ਨਹੀਂ ਕਹਿ ਸਕੀ ਪਰ ਉਕਤ ਤਿੰਨੇ ਕਿੱਸਾਕਾਰਾਂ ਦੇ ਹੀਰ ਦੇ ਕਿੱਸਿਆਂ ਦੇ ਮੁੱਖ ਲੱਛਣ, ਸਾਂਝਾਂ ਦੇ ਨਿਖੇੜੇ ਸਪੱਸ਼ਟ ਕਰਨ ਵਿਚ ਉਹ ਸਫ਼ਲ ਰਹੀ ਹੈ।
ਵਿਦਵਾਨਾਂ ਤੇ ਖੋਜੀਆਂ ਨਾਲੋਂ ਬਹੁਤਾ ਲਾਭ ਇਸ ਪੁਸਤਕ ਦਾ ਵਿਦਿਆਰਥੀ ਵਰਗ ਨੂੰ ਹੋਵੇਗਾ। ਤਿੰਨੇ ਕਿੱਸਾਕਾਰਾਂ ਵੱਲੋਂ ਵਰਤੇ ਕਾਵਿ-ਰੂਪ ਉਸਾਰੇ/ਵਿਉਂਤੇ ਹੀਰ ਦੇ ਬਿਰਤਾਂਤ, ਦੁਖਾਂਤ/ਸੁਖਾਂਤ ਪ੍ਰਤੀ ਦ੍ਰਿਸ਼ਟੀ, ਪ੍ਰੇਮ ਦੇ ਸੰਕਲਪ ਦੀ ਪਛਾਣ ਉਹ ਕਰ ਸਕਣਗੇ। ਇਨ੍ਹਾਂ ਦੀਆਂ ਸਾਂਝਾਂ ਤੇ ਨਿਖੇੜਿਆਂ ਦੀ ਪਿੱਠ ਭੂਮੀ ਵੀ ਸਮਝ ਸਕਣਗੇ।

-ਡਾ: ਕੁਲਦੀਪ ਸਿੰਘ ਧੀਰ
ਮੋ: 98722-60550

ਮਨ ਦੀ ਓਜ਼ੋਨ
ਲੇਖਿਕਾ : ਜਸਲੀਨ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 119.

'ਮਨ ਦੀ ਓਜੋਨ' ਨਵ-ਲੇਖਿਕਾ ਜਸਲੀਨ ਕੌਰ ਦੀ ਪਹਿਲੀ ਕਾਵਿ ਪੁਸਤਕ ਹੈ। ਇਹ ਪੁਸਤਕ ਆਧੁਨਿਕ ਯੁੱਗ ਵਿਚ ਆਪਣੀ ਹੋਂਦ ਅਤੇ ਹੋਣੀ ਦੀ ਲੜਾਈ ਬਣ ਰਹੀਆਂ ਔਰਤਾਂ ਦੀ ਸੋਚ ਦੇ ਦਾਇਰੇ ਦੁਆਲੇ ਆਪਣਾ ਸਰੂਪ ਗ੍ਰਹਿਣ ਕਰਦੀ ਹੈ। ਇਸ ਲੜਾਈ ਵਿਚ ਔਰਤ ਨੂੰ ਕਿਵੇਂ ਰਿਸ਼ਤਿਆਂ ਦੇ ਚੀਰ ਹਰਣ ਵਿਚੋਂ ਨਿਕਲਣਾ ਪੈਂਦਾ ਹੈ, ਲੇਖਿਕਾ ਉਸ ਦੀ ਗੱਲ ਕਰਦੀ ਹੈ। ਇਹ ਕਵਿਤਾਵਾਂ ਔਰਤ ਨੂੰ ਜਿਸਮ ਬਣਾਉਣ ਲਈ ਬਿਹਬਲ ਪ੍ਰਬੰਧ ਨਾਲ ਸੰਘਰਸ਼ ਵਿਚੋਂ ਆਪਣਾ ਸਰੂਪ ਗ੍ਰਹਿਣ ਕਰਦੀਆਂ ਹਨ। ਸੱਚੀ ਮੁਹੱਬਤ ਅਤੇ ਜਜ਼ਬਿਆਂ ਦਾ ਸੁੱਚਮ ਕਵਿਤਾਵਾਂ ਦੀ ਧੁਨੀ ਬਣ ਕੇ ਵਹਿ ਰਿਹਾ ਮਹਿਸੂਸ ਹੁੰਦਾ ਹੈ। ਪਰ ਇਹ ਚਾਹਤ ਅਜੋਕੇ ਸਮਿਆਂ ਵਿਚ ਦਮ ਤੋੜਦੀ ਹੈ। ਇਸ ਘਾਤ ਨਾਲ ਜਿਹੜਾ ਮਾਨਸਿਕ ਵਿਸਾਦ ਸਹਿਣਾ ਪੈਂਦਾ ਹੈ, ਲੇਖਿਕਾ ਉਸ ਦੀ ਵਾਰ-ਵਾਰ ਗੱਲ ਕਰਦੀ ਹੈ। ਇਸ ਸਭ ਨੂੰ ਪ੍ਰਗਟਾਉਣ ਲਈ ਕਾਵਿ ਮੁਹਾਂਦਰਾ ਬਿਲਕੁਲ ਨਵਾਂ ਅਤੇ ਸੱਜਰਾ ਹੈ ਜਿਵੇਂ :
ਮੇਰੇ ਮਨ ਦੀ ਹਾਰਡ ਡਿਸਕ
ਹੀ ਰਾਈਟ ਕਰ ਦੇ
ਇਸ ਹਾਰਡ ਡਿਸਕ
ਤੇ ਢਾਈ ਵਰ੍ਹਿਆਂ ਜਿੱਡੇ ਢਾਈ ਮਹੀਨੇ
ਬਾਏ ਡੀਫਾਲਟ ਸੇਵ ਹੋ ਗਏ ਨੇ।
(ਮੇਰੇ ਮਨ ਦੀ ਹਾਰਡ ਡਿਸਕ ਹੀ ਰਾਈਟ ਕਰ ਦੇ)
ਸਪੱਸ਼ਟ ਹੈ ਕਿ ਲੇਖਿਕਾ ਦੇ ਅਤੀਤ ਵਿਚ ਬਹੁਤ ਕੁਝ ਅਜਿਹਾ ਹੈ, ਜੋ ਉਹ ਮਿਟਾ ਕੇ ਨਵੀਂ ਜ਼ਿੰਦਗੀ ਦਾ ਨਵਾਂ ਅਧਿਆਇ ਲਿਖਣਾ ਚਾਹੁੰਦੀ ਹੈ। ਲੇਖਿਕਾ ਉਨ੍ਹਾਂ ਰਿਸ਼ਤਿਆਂ ਦੀ ਕਲਪਨਾ ਕਰਦੀ, ਜਿਸ ਵਿਚ ਔਰਤ ਸਿਰਫ ਦੇਹ ਤੱਕ ਹੀ ਨਾ ਸਿਮਟੀ ਹੋਵੇ ਪਰ ਇਹ ਉਸ ਦੀ ਚਾਹਤ ਹੈ। ਹਕੀਕਤ ਵਿਚ ਤਾਂ ਔਰਤ ਨੂੰ ਉਹ ਅਜੇ ਵੀ ਕਮਜ਼ੋਰ ਧਿਰ ਮੰਨਦਿਆਂ ਚਿੜੀਆਂ ਨਾਲ ਤੁਲਨਾ ਕਰਦੀ ਹੈ।
ਦਹਿਸ਼ਤ ਦਾ ਸ਼ਿਕਾਰ
ਸਾਡੀਆਂ ਕੁੜੀਆਂ ਚਿੜੀਆਂ
ਵਾਦੀ 'ਚ ਅਮਨ ਅਮਾਨ ਏ
ਪਰ ਨਾ ਕਾਲਜ ਯੂਨੀਵਰਸਿਟੀ
ਜਾਂਦੀਆਂ ਨੇ ਕੁੜੀਆਂ
ਤੇ ਨਾ ਪਰ ਫੜਫੜਾਉਂਦੀਆਂ
ਨੇ ਚਿੜੀਆਂ। (ਚਿੜੀਆਂ)
ਇਹ ਕਵਿਤਾਵਾਂ ਸਰਲ ਭਾਵ ਦੀਆਂ ਕਵਿਤਾਵਾਂ ਨਹੀਂ ਹਨ। ਇਨ੍ਹਾਂ ਵਿਚ ਖਿਆਲ ਦੀ ਉਡਾਰੀ ਸਮੇਂ ਵੱਡੇ-ਵੱਡੇ ਗੈਪ ਸਿਰਜੇ ਗਏ ਹਨ। ਇਸ ਲਈ ਇਨ੍ਹਾਂ ਨੂੰ ਸਮਝਣ ਲਈ ਪਾਠਕ ਨੂੰ ਆਪ ਚੱਲ ਕੇ ਇਨ੍ਹਾਂ ਵਿਚ ਸ਼ਾਮਿਲ ਹੋਣਾ ਪੈਂਦਾ ਹੈ। ਇਸ ਲਈ ਹੀ ਇਹ ਕਵਿਤਾਵਾਂ ਆਮ ਪਾਠਕ ਦੀਆਂ ਕਵਿਤਾਵਾਂ ਨਹੀਂ ਹਨ। ਉਂਜ ਜਸਲੀਨ ਕੌਰ ਦੀ ਸੋਚ ਅਜੇ ਜਵਾਨ ਹੋ ਕੇ ਨਿੱਖਰ ਰਹੀ ਹੈ। ਖਿਆਲਾਂ ਵਿਚ ਡੂੰਘੇਪਣ ਦੇ ਬਾਵਜੂਦ ਉਲਝਾਅ ਹੈ। ਇਹ ਕਵਿਤਾ ਆਪਣੇ ਸੰਚਾਰ ਲਈ ਨਵੇਂ ਰਾਹ ਤਲਾਸ਼ ਰਹੀ ਹੈ। ਕੁਝ ਰਾਹ ਬਣੇ ਹਨ ਪਰ ਬਹੁਤ ਅਜੇ ਬਣਨੇ ਬਾਕੀ ਹਨ। ਇਨ੍ਹਾਂ ਰਾਹਾਂ ਦੀ ਤਲਾਸ਼ ਹੀ ਲੇਖਿਕਾ ਨੂੰ ਹੋਰ ਕਵਿਤਾ ਲਿਖਣ ਦੇ ਰਸਤੇ ਪਾਵੇਗੀ।

-ਪ੍ਰੋ: ਸੁਖਪਾਲ ਸਿੰਘ ਥਿੰਦ
ਮੋ: 9888521960.

ਗੱਲਾਂ ਵਿਚੋਂ ਗੱਲ
ਲੇਖਕ : ਪ੍ਰਿੰ: ਮਹਿੰਦਰ ਸਿੰਘ ਬਰਾੜ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 400 ਰੁਪਏ, ਸਫ਼ੇ : 288.

ਇਸ ਸਵੈ-ਜੀਵਨੀ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਲੇਖਕ ਨੇ ਸੱਚ ਤੇ ਸੁਹਜ ਨੂੰ ਪੇਸ਼ ਕੀਤਾ ਹੈ, ਕੋਈ ਓਹਲਾ ਨਹੀਂ ਰੱਖਿਆ। ਜੀਵਨ ਵਿਚ ਕੀਤੇ ਸੰਘਰਸ਼, ਜੱਦੋ-ਜਹਿਦ, ਚੰਗਿਆਈ-ਬੁਰਿਆਈ, ਮਾਣ-ਅਪਮਾਨ, ਜਿੱਤਾਂ-ਹਾਰਾਂ ਦੇ ਹਕੀਕੀ ਧਰਾਤਲ 'ਤੇ ਚਿਤਰਨ ਕੀਤਾ ਹੈ, ਆਪਣੀ ਅੰਤਰ-ਆਤਮਾ ਦੀ ਗੱਲ ਜੱਗ-ਜ਼ਾਹਰ ਕੀਤੀ ਹੈ। ਜਿਥੇ ਉਹ ਨਿੱਜੀ ਜੀਵਨ ਵਿਚ ਵਾਪਰੀਆਂ ਘਟਨਾਵਾਂ ਤੇ ਆਲੇ-ਦੁਆਲੇ ਨੂੰ ਚਿਤਰਦਾ ਹੈ, ਉਥੇ ਅਣਡਿੱਠ ਧਰਤੀਆਂ ਤੇ ਰਮਣੀਕ ਵਾਦੀਆਂ ਦੀ ਸੈਰ ਵੀ ਕਰਵਾਉਂਦਾ ਹੈ ਜੋ ਪਾਠਕ ਦੇ ਗਿਆਨ ਤੇ ਆਤਮ-ਤ੍ਰਿਪਤੀ ਵਿਚ ਵਾਧਾ ਕਰਦੀ ਹੈ।
ਲੇਖਕ ਨੇ ਮੁੱਢ ਤੋਂ ਪੇਂਡੂ ਜੀਵਨ ਤੇ ਬਚਪਨ, ਨਾਨਕਿਆਂ ਤੇ ਭੂਆ ਦੇ ਪਿੰਡ ਦੇ ਨਜ਼ਾਰੇ, ਹੜ੍ਹ, ਖੇਤੀ ਦੀ ਮਾੜੀ ਹਾਲਤ, ਸਿੱਧੂ-ਬਰਾੜ ਬੰਸਾਵਲੀ, ਪੜ੍ਹਾਈ, ਹੋਸਟਲ ਵਿਚ ਰਹਿਣਾ, ਆਰਥਿਕ ਤੰਗੀਆਂ-ਤੁਰਸ਼ੀਆਂ, ਖੇਡਾਂ ਖੇਡਣੀਆਂ ਤੇ ਵਾਲੀਵਾਲ ਕਬੱਡੀ ਦੇ ਖਿਡਾਰੀ ਪੈਦਾ ਕਰਨੇ ਤੇ ਅੱਗੇ ਖੇਡਣ ਲਈ ਲੈ ਕੇ ਜਾਣਾ ਆਦਿ ਦਾ ਬਾਖੂਬੀ ਚਿਤਰਨ ਕੀਤਾ ਹੈ। ਇਸ ਤੋਂ ਇਲਾਵਾ 1947 ਦੀ ਵੰਡ ਵੇਲੇ ਮੁਸਲਮਾਨਾਂ ਨੂੰ ਬਚਾਉਣਾ, ਸੰਭਾਵਨਾ ਤੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ, ਫ਼ਿਰਕੂ ਤਾਣਾ-ਬਾਣਾ ਤੇ ਬੇਰਹਿਮੀ ਨਾਲ ਕਤਲੇਆਮ ਨੂੰ ਬੇਪਰਦਾ ਕੀਤਾ ਹੈ। ਉਸ ਨੇ ਆਪਣੇ ਜੀਵਨ ਦੀਆਂ ਤੰਗੀਆਂ ਨੂੰ ਦੱਸਣ ਤੋਂ ਸੰਕੋਚ ਨਹੀਂ ਕੀਤਾ ਕਿ 80 ਮੀਲ ਦਾ ਰੋਜ਼ ਸਫ਼ਰ ਸਾਈਕਲ ਉਤੇ ਤੈਅ ਕਰਨਾ, ਵਿਦਿਆਰਥੀਆਂ ਨੂੰ ਮੁਫ਼ਤ ਪੜ੍ਹਾਉਣਾ ਤੇ ਹਰ ਤਰ੍ਹਾਂ ਦੀ ਮਦਦ ਕਰਨੀ ਆਦਿ।
ਇਸ ਸਵੈ-ਜੀਵਨੀ ਵਿਚੋਂ ਜੀਵਨ ਮੁੱਲ, ਕਦਰਾਂ-ਕੀਮਤਾਂ ਤੇ ਸੱਭਿਆਚਾਰ ਤੇ ਵਿਰਾਸਤ ਸੰਭਾਲਣ ਦੀਆਂ ਮਿਸਾਲਾਂ ਵੀ ਮਿਲਦੀਆਂ ਹਨ। ਅਜੋਕਾ ਜੀਵਨ ਹੁਣ ਮਸ਼ੀਨ ਬਣ ਕੇ ਰਹਿ ਗਿਆ ਹੈ ਤੇ ਪੈਸਾ ਪ੍ਰਧਾਨ ਹੈ। ਰਿਸ਼ਤਿਆਂ ਦਾ ਨਿੱਘ ਜੀਵਨ ਵਿਚੋਂ ਮਨਫ਼ੀ ਹੋ ਰਿਹਾ ਹੈ ਤੇ ਭਾਈਚਾਰਕ ਸਾਂਝ ਖ਼ਤਮ ਹੋ ਰਹੀ ਹੈ। ਪ੍ਰਿੰ: ਬਰਾੜ ਨੇ ਉਨ੍ਹਾਂ ਕਦਰਾਂ-ਕੀਮਤਾਂ ਨੂੰ ਇਸ ਰਚਨਾ ਵਿਚ ਸੰਭਾਲਣ ਦਾ ਉਪਰਾਲਾ ਕੀਤਾ ਹੈ ਤੇ ਨੈਤਿਕ ਮੁੱਲਾਂ ਨੂੰ ਤਰਜੀਹ ਦਿੱਤੀ ਹੈ।
ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਬ੍ਰਿਤਾਂਤਕ ਨਾ ਹੋ ਕੇ ਵਾਰਤਾਲਾਪ ਢੰਗ ਵਿਚ ਲਿਖੀ ਗਈ ਹੈ ਅਤੇ ਉਹ ਵੀ ਜੀਵਨ ਵਿਚ ਵਿਚਰਦੇ ਉਨ੍ਹਾਂ ਦੇ ਪੋਤਰੇ-ਪੋਤਰੀਆਂ ਤੇ ਦੋਹਤੇ-ਦੋਹਤਰੀਆਂ ਨਾਲ ਕੀਤੀ ਗੱਲਬਾਤ ਰਾਹੀਂ। ਬੱਚੇ ਸਵਾਲ ਕਰਦੇ ਹਨ ਤੇ ਲੇਖਕ ਸੁਚੱਜੇ ਢੰਗ ਨਾਲ ਸਰਲ ਭਾਸ਼ਾ ਵਿਚ ਸੱਚੋ-ਸੱਚ ਦੱਸਦਾ ਹੈ। ਇਹ ਸਵੈ-ਜੀਵਨੀ ਦਾ ਨਿਵੇਕਲਾ ਢੰਗ ਹੈ। ਇਹ ਪੁਸਤਕ ਜ਼ਿੰਦਗੀਨਾਮਾ ਵੀ ਹੈ ਤੇ ਯਾਦਾਂ ਦਾ ਖਜ਼ਾਨਾ ਵੀ। ਇਸ ਤੋਂ ਇਲਾਵਾ ਹਰ ਪ੍ਰਸ਼ਨ ਉੱਤਰ ਨਾਲ ਜੁੜੀਆਂ ਤਸਵੀਰਾਂ ਨੇ ਰਚਨਾ ਨੂੰ ਹੋਰ ਵੀ ਖੂਬਸੂਰਤੀ ਪ੍ਰਦਾਨ ਕੀਤੀ ਹੈ ਤੇ ਜ਼ਿੰਦਗੀ ਦੇ ਸਭ ਰੰਗ ਨਜ਼ਰੀਂ ਪੈਂਦੇ ਹਨ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਜ਼ਰਾ ਜ਼ਰਾ ਜਿਹੀ ਗੱਲ
ਲੇਖਕ : ਸ਼ਾਹਗੀਰ ਸਿੰਘ ਗਿੱਲ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 120 ਰੁਪਏ, ਸਫ਼ੇ : 128.

ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਆਪਣੇ ਤਿੰਨ ਕਾਵਿ ਸੰਗ੍ਰਹਿ ਪਾਉਣ ਉਪਰੰਤ ਸ਼ਾਹਗੀਰ ਸਿੰਘ ਗਿੱਲ ਆਪਣੇ ਚੌਥੇ ਕਾਵਿ ਸੰਗ੍ਰਹਿ 'ਜ਼ਰਾ ਜ਼ਰਾ ਜਿਹੀ ਗੱਲ' ਨਾਲ ਪਾਠਕਾਂ ਦੇ ਰੂਬਰੂ ਹੋਣ ਦਾ ਮਾਣ ਪ੍ਰਾਪਤ ਕਰ ਰਿਹਾ ਹੈ, ਜਿਸ ਵਿਚ 74 ਕਵਿਤਾਵਾਂ ਉਸ ਦੀ ਸਾਰੀ ਉਮਰਾਂ ਦੀ ਮਿਹਨਤ ਅਤੇ ਉਸ ਵਿਚੋਂ ਪੈਦਾ ਹੋਈ ਉਦਾਸੀ ਅਤੇ ਬਿਰਹਾ ਦੀ ਤਰਜਮਾਨੀ ਕਰਦੀਆਂ ਹਨ। ਉਸ ਦੀ ਕਵਿਤਾ ਵਿਚ ਉਸ ਦੇ ਜਜ਼ਬੇ, ਅਹਿਸਾਸ ਅਤੇ ਕਵਿਤਾ ਪ੍ਰਤੀ ਨਿਸਚੇ ਲਈ ਪੂਰੀਆਂ ਵਚਨਬੱਧ ਹਨ।
ਉਹ ਇਸ਼ਕੇ ਹਕੀਕੀ ਤੋਂ ਇਸ਼ਕੇ ਮਜਾਜ਼ੀ ਦਾ ਪੱਲਾ ਫੜਦਾ ਹੋਇਆ ਆਪਣੀ ਕਵਿਤਾ 'ਯਾਦ ਦੇ ਟੁਕੜੇ' ਵਿਚ ਸੱਚੇ ਪਿਆਰ ਦੀ ਗੱਲ ਕਰਦਾ ਹੋਇਆ ਕਹਿੰਦਾ ਹੈ, 'ਰੂਹ ਜੋ ਕਦੀ ਮਰਦੀ ਨਹੀਂ, ਅੱਜ ਵੀ ਤੇਰੇ ਮਿਲਣ ਲਈ ਬੇਕਰਾਰ ਹੈ'। ਗਿੱਲ ਆਪਣੇ ਦੇਸ਼ ਦੇ ਰਾਜਸੀ ਲੀਡਰਾਂ 'ਤੇ ਵਿਅੰਗ ਕਸਦਾ ਹੋਇਆ ਉਨ੍ਹਾਂ ਦੀ ਅਸਲੀਅਤ ਅਤੇ ਇਖਲਾਕ ਨੂੰ ਵੀ ਆਪਣੀ ਕਵਿਤਾ ਦਾ ਮੁੱਦਾ ਬਣਾਉਂਦਾ ਹੋਇਆ ਕਹਿੰਦਾ ਹੈ, 'ਗਾਰਦ ਲੈ ਕੇ ਘਰ 'ਚੋਂ ਨਿਕਲਣ ਲੀਡਰ ਦੇਸ਼ ਸੁਤੰਤਰ ਦੇ। ਕਿੰਨੇ ਇਹ ਸੁਰੱਖਿਅਤ ਯਾਰੋ ਲੋਕੀਂ ਪਰਜਾਤੰਤਰ ਦੇ'। ਉਹ ਉਨ੍ਹਾਂ ਨੂੰ ਸਿੱਧੇ ਰਸਤੇ 'ਤੇ ਚੱਲਣ ਲਈ ਵੀ ਪ੍ਰੇਰਦਾ ਹੋਇਆ ਨਸੀਹਤ ਦਿੰਦਾ ਹੈ, 'ਜਦ ਬਣਤਰ ਦੇ ਬਣ ਜਾਉਗੇ, ਗਾਰਦ ਦੀ ਫਿਰ ਲੋੜ ਨਹੀਂ'। ਅਮੀਰ-ਗਰੀਬ ਦੇ ਫ਼ਰਕ ਨੂੰ ਪਚਾਣਦਾ ਹੋਇਆ ਭਲਾ ਉਹ ਇਹ ਲਿਖਣ ਤੋਂ ਕਿਵੇਂ ਰੁਕ ਸਕਦਾ ਹੈ, 'ਜੋ ਚਾਂਦੀ ਦੇ ਬਰਤਨ ਹਰ ਰੋਜ਼ ਵਰਤਣ, ਕਿਉਂ ਭਲਾ ਉਹ ਆਮ ਬੰਦੇ ਨਾਲ ਵਰਤਣ'।
ਸੱਚਾਈ ਦਾ ਦਮ ਭਰਦੇ ਹੋਏ ਵਿਅਕਤੀਆਂ ਨੂੰ ਆੜੇ ਹੱਥੀਂ ਲੈਂਦਾ ਸੱਚ ਦੀ ਸਚਾਈ ਕੁਝ ਇਸ ਤਰ੍ਹਾਂ ਜ਼ਾਹਰ ਕਰਦਾ ਹੈ, 'ਵੇਖੋ ਸਾਰੇ ਨੇ ਕਰਦੇ ਫ਼ਖ਼ਰ ਸੱਚ ਦਾ, ਸੱਚ ਰੋਂਦਾ ਰਿਹਾ, ਸੱਚਾਈ ਭੁਲਦੀ ਰਹੀ'। ਵਿਦੇਸ਼ਾਂ 'ਚ ਰੋਜ਼ੀ-ਰੋਟੀ ਲਈ ਰਹਿੰਦੇ ਲੋਕਾਂ ਵਾਂਗ ਉਹ ਹਰ ਵਿਦੇਸ਼ੀ ਗਏ ਹਮਵਤਨਾਂ ਦੀ ਤਰ੍ਹਾਂ ਖ਼ੁਦ ਨੂੰ ਕੋਸਦਾ ਹੋਇਆ ਆਪਣੇ ਬਚਪਨ ਤੇ ਪਿਆਰ-ਮੁਹੱਬਤ ਦੀ ਹੋਂਦ ਮਹਿਸੂਸ ਕਰਦਾ ਹੈ, 'ਹਰ ਇਕ ਭੈਣੀ ਦਾ ਬੰਦਾ ਸੀ ਉਥੇ ਮਾਣਦਾ ਠੰਢੀ ਛਾਂ, ਹਰ ਦੂਜੇ ਦੀ ਇੱਜ਼ਤ ਦਾ ਸਾਂਝਾ ਹਰ ਦੂਜੇ ਦਾ ਹਮਦਰਦੀ, ਇਨ੍ਹਾਂ ਸੁੱਖਾਂ ਦੇ ਹੁੰਦਿਆਂ ਵੀ ਨਹੀਂ ਭੁੱਲਦਾ ਪਿੰਡ ਚੰਦੜ ਦਾ ਨਾਂਅ'।
ਉਸ ਦੀ ਕਵਿਤਾ 'ਚ ਸ਼ਿਵ ਕੁਮਾਰ ਬਟਾਲਵੀ ਵਾਂਗ ਬਿਰਹਾ ਦੀ ਰੜਕ ਉਜਾਗਰ ਹੁੰਦੀ ਦਿਸਦੀ ਹੈ। ਗਿੱਲ ਦੀ ਸਮੁੱਚੀ ਸ਼ਾਇਰੀ ਪਰਵਾਸੀ ਕਵਿਤਾ ਦੀਆਂ ਰਵਾਇਤੀ ਰਚਨਾ-ਜੁਗਤਾਂ ਤੋਂ ਮੁਕਤ ਹੋ ਕੇ ਆਪਣੀ ਵੱਖਰੀ ਪਛਾਣ ਕਾਇਮ ਕਰਦੀ ਹੈ। ਉਸ ਦੀ ਕਵਿਤਾ ਦਾ ਹਰ ਸ਼ਿਅਰ ਕਾਬਲੇ-ਤਾਰੀਫ਼ ਕਿਹਾ ਜਾ ਸਕਦਾ ਹੈ। ਉਸ ਦੀ ਕਵਿਤਾ ਸ਼ੈਲੀ ਵਿਚ ਕਿਧਰੇ ਕੋਈ ਘਾਟ ਮਹਿਸੂਸ ਨਹੀਂ ਹੁੰਦੀ। ਉਸ ਦੀ ਕਵਿਤਾ ਵਿਚ ਵਰਤੀ ਸ਼ਬਦਾਵਲੀ ਬਹੁਤ ਹੀ ਸਿੱਧੀ-ਸਾਦੀ ਅਤੇ ਠੇਠ ਪੰਜਾਬੀ ਹੈ।

-ਗੁਰਬਖਸ਼ ਸਿੰਘ ਸੈਣੀ
ਮੋ: 98880-24143.

ਰੱਬ ਦੇ ਡਾਕੀਏ
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 140 ਰੁਪਏ, ਸਫ਼ੇ : 136.

ਪਰਮਿੰਦਰ ਸੋਢੀ ਪੰਜਾਬੀ ਸ਼ਾਇਰੀ ਦਾ ਮਾਣਮੱਤਾ ਸ਼ਾਇਰ ਹੈ। ਉਸ ਦੀਆਂ ਅਨੇਕ ਕਾਵਿ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਰ ਸ਼ਾਇਰੀ ਦੇ ਨਾਲ ਉਸ ਦਾ ਇਕ ਹੋਰ ਮਹੱਤਵਪੂਰਨ ਕਾਰਜ ਅਨੁਵਾਦ ਤੇ ਸਵੈਚਿੰਤਨ ਦੇ ਖੇਤਰ ਨਾਲ ਜੁੜ ਕੇ ਪੇਸ਼ ਹੁੰਦਾ ਹੈ। 'ਰੱਬ ਦੇ ਡਾਕੀਏ' ਪਰਮਿੰਦਰ ਸੋਢੀ ਦੀ ਵਾਰਤਕ ਪੁਸਤਕ ਹੈ, ਜਿਸ ਵਿਚ ਲੇਖਕ ਨੇ ਜੀਵਨ ਦੇ ਵੱਡੇ/ਛੋਟੇ ਸੱਚਾਂ ਨੂੰ ਆਪਣੇ ਸਰਲ ਸਾਧਾਰਨ ਸ਼ਬਦਾਂ ਰਾਹੀਂ ਬੇਹੱਦ ਰੌਚਿਕ ਸ਼ੈਲੀ ਰਾਹੀਂ ਪੇਸ਼ ਕੀਤਾ ਹੈ।
ਇਸ ਪੁਸਤਕ ਵਿਚ ਪਰਮਿੰਦਰ ਸੋਢੀ ਨੇ ਛੋਟੇ-ਵੱਡੇ 26 ਲੇਖ ਸ਼ਾਮਿਲ ਕੀਤੇ ਹਨ, ਜਿਨ੍ਹਾਂ ਵਿਚ ਉਹ ਜੀਵਨ ਦੇ ਵੱਖ-ਵੱਖ ਪਹਿਲੂਆਂ/ਧਾਰਨਾਵਾਂ ਨੂੰ ਪੁਨਰ-ਚਿਤਰਿਤ ਕਰਦਾ ਹੈ। ਇਹ ਧਾਰਨਾਵਾਂ ਪਾਠਕ ਦੀ ਮਾਨਸਿਕਤਾ ਵਿਚ ਪਹਿਲਾਂ ਵੀ ਸਥਿਰ ਹਨ, ਪਰ ਪਰਮਿੰਦਰ ਸੋਢੀ ਆਪਣੇ ਦ੍ਰਿਸ਼ਟੀਕੋਣ ਤੋਂ ਉਸ ਨੂੰ ਪੁਨਰ-ਪਰਿਭਾਸ਼ਤ ਕਰਨ ਦਾ ਯਤਨ ਕਰਦਾ ਹੈ। ਆਪਣੇ ਇਸ ਮੰਤਵ ਲਈ ਉਹ ਸੂਫੀ ਕਥਾਵਾਂ, ਬੁੱਧ ਕਥਾਵਾਂ ਤੇ ਜ਼ੇਨ ਕਥਾਵਾਂ ਵਿਚੋਂ ਥਾਂ-ਥਾਂ ਢੁਕਵੇਂ ਹਵਾਲੇ ਵੀ ਦਿੰਦਾ ਹੈ। ਇਸ ਪੁਸਤਕ ਦੇ ਪਹਿਲੇ ਲੇਖ ਵਿਚ ਲੇਖਕ ਦੱਸਣਾ ਚਾਹੁੰਦਾ ਹੈ ਕਿ ਮਨੁੱਖ ਇਸ ਧਰਤੀ 'ਤੇ ਇਕ ਮੁਸਾਫ਼ਿਰ ਵਾਂਗ ਹੈ, ਜਿਸ ਨੇ ਕੁਝ ਪਲ ਇਸ ਸਰਾਂ ਵਿਚ ਬਿਤਾ ਕੇ ਚਲੇ ਜਾਣਾ ਹੈ। ਇਸ ਲਈ ਉਹ ਇਕ ਸੂਫ਼ੀ ਕਹਾਣੀ ਦੀ ਉਦਾਹਰਨ ਦਿੰਦਾ ਹੈ ਕਿ ਇਕ ਮੁਸਾਫ਼ਿਰ ਇਕ ਸੂਫ਼ੀ ਫ਼ਕੀਰ ਕੋਲ ਆ ਕੇ ਪੁੱਛਦਾ ਹੈ ਕਿ ਤੇਰਾ ਸਾਮਾਨ ਕਿੱਥੇ ਹੈ? ਸੂਫ਼ੀ ਫ਼ਕੀਰ ਵੀ ਅੱਗੋਂ ਇਹੀ ਸਵਾਲ ਕਰਦਾ ਹੈ ਤਾਂ ਮੁਸਾਫ਼ਿਰ ਜਵਾਬ ਦਿੰਦਾ ਹੈ ਕਿ ਮੈਂ ਤਾਂ ਮੁਸਾਫ਼ਿਰ ਹਾਂ, ਜ਼ਿਆਦਾ ਸਾਮਾਨ ਨਹੀਂ ਰੱਖ ਸਕਦਾ ਤਾਂ ਸੂਫ਼ੀ ਫ਼ਕੀਰ ਆਖਦਾ ਹੈ ਕਿ ਮੈਂ ਵੀ ਇਸ ਧਰਤੀ 'ਤੇ ਮੁਸਾਫ਼ਿਰ ਹਾਂ। ਇਸ ਤਰ੍ਹਾਂ ਇਸ ਸੰਗ੍ਰਹਿ ਦੇ ਹਰ ਲੇਖਾਂ ਵਿਚ ਵੀ ਲੇਖਕ ਆਪਣੀ ਕਿਸੇ ਧਾਰਨਾ ਦੀ ਪੁਸ਼ਟੀ ਲਈ ਕਿਸੇ ਬੋਧ ਕਥਾ ਦਾ ਵੇਰਵਾ ਵੀ ਦਿੰਦਾ ਹੈ, ਜਿਸ ਨਾਲ ਗੱਲ ਵਧੇਰੇ ਸਪੱਸ਼ਟ ਤੇ ਦਿਲਚਸਪ ਰੂਪ ਵਿਚ ਪਾਠਕ ਤੱਕ ਪਹੁੰਚ ਸਕਦੀ ਹੈ। ਇਸ ਸੰਗ੍ਰਹਿ ਦੇ ਹੋਰ ਲੇਖਾਂ ਵਿਚ ਲੇਖਕ ਲਾਲਚ, ਹਉਮੈ, ਸੁਪਨੇ, ਰੱਬ, ਪਿਆਰ, ਰਹਿਮ, ਸੰਘਰਸ਼, ਜੁਰਮ, ਕੁਦਰਤ ਆਦਿ ਅਨੇਕ ਵਰਤਾਰਿਆਂ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਪਰਿਭਾਸ਼ਤ ਕਰਦਾ ਹੈ। ਭਾਵੇਂ ਇਨ੍ਹਾਂ ਨਾਲ ਕੁਝ ਪਾਠਕਾਂ ਦੇ ਆਪਣੇ ਮਤਭੇਦ ਹੋ ਸਕਦੇ ਹਨ, ਪਰ ਸਮੁੱਚੇ ਰੂਪ ਵਿਚ ਪਰਮਿੰਦਰ ਸੋਢੀ ਦੀ ਇਹ ਪੁਸਤਕ ਪਾਠਕ ਦੇ ਮਸਤਕ ਵਿਚ ਗਿਆਨ ਦਾ ਦੀਵਾ ਪ੍ਰਜਵਲਿਤ ਕਰਨ ਵਿਚ ਇਕ ਸਾਰਥਿਕ ਰੋਲ ਅਦਾ ਕਰਦੀ ਹੈ।

-ਡਾ: ਅਮਰਜੀਤ ਕੌਂਕੇ
ਮੋ: 98142-31698.

ਮਨੁੱਖੀ ਜ਼ਿੰਦਗੀ ਦਾ ਰਾਗ
ਲੇਖਕ : ਗੁਰਦਾਸ ਸਿੰਘ 'ਨਿਰਮਾਣ'
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 188.

ਗੁਰਦਾਸ ਸਿੰਘ 'ਨਿਰਮਾਣ' ਅਨੁਭਵੀ ਤੇ ਆਦਰਸ਼ਾਂ ਨਾਲ ਜੁੜਿਆ ਪੰਜਾਬੀ ਲੇਖਕ ਹੈ। 'ਸੱਚੇ ਮਾਰਗ ਚਲਦਿਆਂ', 'ਸਫ਼ਲ ਜੀਵਨ ਦਾ ਰਾਜ਼', 'ਪੁਆਧੀ ਸੱਭਿਅਤਾ ਦੀ ਪੇਂਡੂ ਵਿਰਾਸਤ' ਜਿਹੀਆਂ ਪੁਸਤਕਾਂ ਰਚ ਕੇ ਆਪਣੀ ਭਿਆਲੀ ਪੰਜਾਬੀ ਪਾਠਕਾਂ ਦੇ ਆਲੋਚਕਾਂ ਨਾਲ ਪਾ ਲਈ ਹੋਈ ਹੈ।
'ਮਨੁੱਖੀ ਜ਼ਿੰਦਗੀ ਦਾ ਰਾਗ' ਪੁਸਤਕ ਉਸ ਦੇ ਆਮ ਸਥਾਪਿਤ ਕੀਤੇ ਆਦਰਸ਼ਾਂ, ਲਕਸ਼ਾਂ ਤੇ ਜੀਵਨ ਨਿਸ਼ਾਨਿਆਂ ਅਨੁਸਾਰ ਜ਼ਿੰਦਗੀ ਗੁਜ਼ਾਰਨ ਦੇ ਦਾਈਏ ਹੀ ਸਪੱਸ਼ਟ ਨਹੀਂ ਕਰਦੀ, ਸਗੋਂ ਉਸ ਦੀ ਸਵੈ-ਜੀਵਨੀ ਨਾਲ ਜੁੜੀਆਂ ਘਟਨਾਵਾਂ ਤੇ ਸੰਘਰਸ਼ਾਂ ਨੂੰ ਵੀ ਮੂਰਤੀਮਾਨ ਕਰਦੀ ਹੈ। ਇਸ ਪੁਸਤਕ ਰਾਹੀਂ ਸਾਨੂੰ ਗੁਰਦਾਸ ਸਿੰਘ ਨਿਰਮਾਣ ਦੀ ਜੀਵਨੀ ਦੀਆਂ ਕਈ ਝਲਕਾਂ ਦੇਖਣ ਨੂੰ ਮਿਲਦੀਆਂ ਮਹਿਸੂਸ ਹੁੰਦੀਆਂ ਹਨ। ਕਿਸੇ ਵੇਲੇ ਉਹਦੇ ਵੱਡੇ-ਵਡੇਰੇ ਕਲਕੱਤੇ ਕੱਪੜੇ ਦਾ ਕੰਮ ਕਰਦੇ ਸਨ, ਪਰ ਹਾਲਾਤ ਪਰਿਵਾਰ ਦੇ ਉਲਟ ਹੋ ਜਾਣ 'ਤੇ ਉਨ੍ਹਾਂ ਨੂੰ ਕਾਫੀ ਘਾਟਾ ਉਠਾਉਣਾ ਪਿਆ। ਪੜ੍ਹਾਈ ਨੂੰ ਨਿਰਮਾਣ ਨੇ ਹਮੇਸ਼ਾ ਇਕ ਇਬਾਦਤ ਵਾਂਗ ਮੰਨਿਆ ਤੇ ਸਕੂਲਾਂ ਨੂੰ ਮੰਦਿਰ ਤੇ ਗੁਰਦੁਆਰੇ ਵਾਂਗ। ਦਸਵੀਂ ਪਾਸ ਕਰਨ ਉਪਰੰਤ ਉਸ ਨੂੰ ਕਈ ਤਰ੍ਹਾਂ ਦੇ ਪਾਪੜ ਵੇਲਣੇ ਪਏ। ਮਲੇਰੀਆ ਵਿਭਾਗ ਦੀ ਨੌਕਰੀ ਤੇ ਉਸ ਦਾ ਖਚਖਚ, ਮਹਿਕਮਾ ਜੰਗਲਾਤ ਦੀ ਔਖੀ ਤੇ ਖ਼ਤਰਨਾਕ ਨੌਕਰੀ ਤੇ ਆਖਰ ਡਾਕ-ਤਾਰ ਵਿਭਾਗ ਦੀ ਪੱਕੀ ਸਰਕਾਰੀ ਨੌਕਰੀ। ਨੌਕਰੀ ਦੌਰਾਨ ਉਹ ਆਪਣੀ ਪੜ੍ਹਾਈ ਨੂੰ ਵੀ ਅੱਗੇ ਤੋਰਦਾ ਰਿਹਾ ਤੇ ਜੀਵਨ ਦੇ ਕੌੜੇ-ਕੁਸੈਲੇ ਸਮੇਂ ਨਾਲ ਵੀ ਲੜਦਾ-ਭਿੜਦਾ ਰਿਹਾ। ਨੌਕਰੀ ਦੌਰਾਨ ਉਹ ਮਿਹਨਤ, ਇਮਾਨਦਾਰੀ ਤੇ ਦਿਆਨਤਦਾਰੀ ਨੂੰ ਰੱਬ ਵਾਂਗ ਪੂਜਦਾ ਸੀ ਪਰ ਕੁਝ ਸ਼ਰਾਰਤੀ ਤੇ ਭ੍ਰਿਸ਼ਟ ਕਿਸਮ ਦੇ ਕਰਮਚਾਰੀ ਉਸ ਦੇ ਰਾਹ 'ਚ ਰੋੜੇ ਅਟਕਾਉਂਦੇ ਰਹੇ। ਪੀ. ਐਂਡ ਟੀ. ਮੁਲਾਜ਼ਮ ਜਥੇਬੰਦੀ 'ਚ ਵੀ ਉਸ ਨੇ ਸਰਗਰਮ ਭੂਮਿਕਾ ਨਿਭਾਈ ਤੇ ਝੂਠ ਦਾ ਪਰਦਾਫਾਸ਼ ਕਰਨ ਲਈ ਹਰ ਹੀਲਾ ਤੇ ਯਤਨ ਕੀਤਾ। ਉਹ ਨਿਰਭੈ ਰਹਿੰਦਾ ਤੇ ਹਰ ਗੱਲ 'ਚ ਵਾਹਿਗੁਰੂ 'ਤੇ ਉਸ ਦਾ ਅਟੱਲ ਭਰੋਸਾ ਸੀ। ਉਹ ਗ਼ਲਤ ਨੀਤੀਆਂ ਤੇ ਕਾਰਗੁਜ਼ਾਰੀਆਂ ਖਿਲਾਫ਼ ਡਟ ਕੇ ਲੜਦਾ ਰਿਹਾ। ਨਫ਼ੇ-ਨੁਕਸਾਨ ਦੀ ਪ੍ਰਵਾਹ ਕੀਤੇ ਬਗੈਰ ਉਸ ਨੇ ਸੱਚ ਨੂੰ ਸੱਚ ਕਹਿਣ ਦੀ ਜੁਰੱਅਤ ਦਿਖਾਈ। ਵੱਡੀ ਤੋਂ ਵੱਡੀ ਮੁਸੀਬਤ ਵੇਲੇ ਵੀ ਉਹ ਆਪਣੇ ਆਦਰਸ਼ਾਂ ਤੋਂ ਨਹੀਂ ਸੀ ਥਿੜਕਦਾ ਤੇ ਪੱਕੇ ਪੈਰੀਂ ਉਸ ਨੂੰ ਆਪਣੇ ਕਰਮ 'ਤੇ ਹਮੇਸ਼ਾ ਭਰੋਸਾ ਰਿਹਾ। ਉਹ ਕੰਮ ਨੂੰ ਹੀ ਆਪਣਾ ਈਸ਼ਵਰ ਸਮਝਦਾ ਰਿਹਾ। ਉਹ ਕਹਿੰਦਾ ਹੈ ਕਿ ਕੰਮ 'ਚੋਂ ਹੀ ਮਨੁੱਖੀ ਜੀਵਨ ਦਾ ਰਾਗ ਪੈਦਾ ਹੁੰਦਾ ਹੈ ਤੇ ਉਹ ਉਸ ਰਾਗ ਦੀ ਧੁਨ ਆਪਣੇ ਜੀਵਨ 'ਚ ਸੁਣਦਾ ਰਿਹਾ। ਆਦਰਸ਼ਾਂ 'ਤੇ ਜਿਊਣ ਵਾਲੇ ਬੰਦਿਆਂ ਲਈ ਇਹ ਪੁਸਤਕ ਪੜ੍ਹਨੀ ਲਾਜ਼ਮੀ ਹੈ।

-ਕੇ. ਐਲ. ਗਰਗ
ਮੋ: 94635-37050

ਮਾਂ-ਬੋਲੀ ਦੇ ਸਿਰਨਾਵੇਂ
ਸੰਪਾਦਕਾ : ਪਰਮਜੀਤ ਪਰਮ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 168.

ਪਰਮ ਨੂੰ ਕਵਿੱਤਰੀ ਹੋਣ ਦੇ ਨਾਲ-ਨਾਲ ਸਵਰਗੀ ਸ਼ਾਇਰ ਚਤਰ ਸਿੰਘ ਬੀਰ ਦੀ ਭੈਣ ਹੋਣ ਦਾ ਮਾਣ ਵੀ ਹਾਸਲ ਹੈ। ਪਰਮ ਆਪਣੇ ਤਿੰਨ ਮੌਲਿਕ ਕਾਵਿ ਸੰਗ੍ਰਹਿ ਮਾਂ-ਬੋਲੀ ਦੀ ਝੋਲੀ ਪਾਉਣ ਤੋਂ ਇਲਾਵਾ ਇਕ ਬਾਲ-ਨਾਵਲ ਦਾ ਅਨੁਵਾਦ ਅਤੇ ਇਕ ਪੁਸਤਕ ਦੀ ਪਹਿਲਾਂ ਵੀ ਸੰਪਾਦਨਾ ਕਰ ਚੁੱਕੀ ਹੈ। ਪੰਜਾਬੀ ਪ੍ਰਤੀ ਮੋਹ, ਪ੍ਰਤੀਬੱਧਤਾ ਅਤੇ ਜਨੂਨੀਅਤ ਹੀ ਹੈ ਕਿ ਉਹ ਸਾਡੇ ਸਤਿਕਾਰਤ ਪੁਰਾਣੇ ਕਿੱਸਾਕਾਰਾਂ ਵਾਂਗ ਪੁਸਤਕ ਦੇ ਆਦਿ ਵਿਚ ਅਰਦਾਸ ਕਰਦੀ ਹੈ।
ਨਵੇਂ ਪੁਰਾਣੇ ਸ਼ਾਇਰਾਂ ਦੀ ਚੁਣ ਕਵਿਤਾ, ਤੇਰੀ ਝੋਲੀ 'ਚ ਮੈਂ ਹਾਂ ਧਰਨ ਲੱਗੀ
ਕਰਕੇ ਮਾਣ ਸਤਿਕਾਰ ਤੇ ਪਿਆਰ ਇਕੱਠਾ ਸਿਜਦਾ ਬੋਲੀ ਪੰਜਾਬੀ ਨੂੰ ਕਰਨ ਲੱਗੀ।
ਪਰਮ ਨੇ ਧਨੀ ਰਾਮ ਚਾਤ੍ਰਿਕ-1876 ਤੋਂ ਲੈ ਕੇ ਨਵੇਂ-ਪੁਰਾਣੇ 1989 ਤੱਕ ਦੇ 91 ਸ਼ਾਇਰਾਂ ਨੂੰ ਬੜੀ ਤਰਤੀਬ ਨਾਲ ਉਨ੍ਹਾਂ ਦੀ ਉਮਰ ਅਨੁਸਾਰ ਪੁਸਤਕ ਦੇ ਪੰਨਿਆਂ 'ਤੇ ਸੁਸ਼ੋਭਿਤ ਕੀਤਾ ਹੈ। ਪੁਸਤਕ ਵਿਚ ਬਾਬਾ ਨਜ਼ਮੀ (ਪਾਕਿਸਤਾਨ) ਵੱਲੋਂ ਬਾਬੇ ਨਾਨਕ ਦੀ ਦਵਾਤ ਵਿਚੋਂ ਸਾਂਝੀਵਾਲਤਾ ਦੀ ਗੂੜ੍ਹੀ ਸ਼ਾਹੀ ਨਾਲ ਲਿਖਣ ਦਾ ਹੋਕਾ, ਪੀਰ ਫ਼ਰੀਦ ਦੀ ਸੁੱਚੀ ਗੜਵੀ ਦੀ ਸੁਚਤਮ ਦਾ ਹੋਕਾ ਦਿੰਦੇ ਸ਼ਿਅਰ
ਨਾਨਕ ਵਰਗਾ ਹੇਜਲਾ ਪੁੱਤਰ
ਮਾਂ ਬੋਲੀ ਦਾ ਕੋਈ ਵੀ ਨਹੀਂ
ਉਹਦੀ ਵਿਚ ਦਵਾਤੋਂ ਗੂੜ੍ਹੀ
ਸ਼ਾਹੀ ਦੇ ਦੇ ਥੋਹੜੀ ਜਹੀ
ਮੇਰੇ ਵਰਗਾ ਘੋਰਾੜ ਕਾਂ ਵੀ
ਖ਼ੌਰੇ ਸੁਰ ਵਿਚ ਬੋਲ ਪਵੇ
ਪੀਰ ਫ਼ਰੀਦਾ ਆਪਣੀ ਸੁੱਚੀ ਗੜਵੀ
ਦੇ ਦੇ ਥੋਹੜੀ ਜਹੀ
ਅਤੇ ਡਾ: ਸੁਰਜੀਤ ਪਾਤਰ ਹੋਰਾਂ ਦੀ ਪੰਜ ਪਾਣੀਆਂ ਦੀ ਵੰਡਦੇ ਦਰਦ ਪਰੁੰਨੀ ਚਰਚਿਤ ਰਚਨਾ
ਅੱਜ ਰਾਵੀ ਤੇ ਝਨਾ ਦੀਆਂ ਛੱਲਾਂ
ਏਦਾਂ ਕਰਦੀਆਂ ਬਿਆਸਾ ਨਾਲ ਗੱਲਾਂ
ਆਦਿ ਰਚਨਾਵਾਂ ਜਿਥੇ ਪੁਸਤਕ ਦੇ ਮਿਆਰੀ ਹੋਣ ਦੀ ਗਵਾਹੀ ਭਰਦੀਆਂ ਹਨ, ਉਥੇ ਪੰਜਾਬੋਂ ਬਾਹਰੋਂ ਹਰਿਆਣੇ ਦੀ ਕਵਿੱਤਰੀ ਮਨਜੀਤ ਕੌਰ ਅੰਬਾਲਵੀ ਦੀ ਰਚਨਾ
ਹਰਿਆਣੇ ਵਿਚ ਪੰਜਾਬੀਏ ਨੀ ਉੱਚੀ ਤੇਰੀ ਸ਼ਾਨ ਹੋਵੇ
ਚੜ੍ਹਦੀ ਕਲਾ 'ਚ ਲਾਡੋ ਸਦਾ ਤੇਰਾ ਨਾਮ ਹੋਵੇ
ਬੋਲੀਏ ਪੰਜਾਬੀਏ ਨੀ ਸਦਾ ਤੇਰੀ ਖ਼ੈਰ ਮੰਗਾਂ।
ਪੁਸਤਕ ਵਿਚਲੀਆਂ ਰਚਨਾਵਾਂ ਨਿਰੀ-ਪੁਰੀ ਪੰਜਾਬੀ ਦੀ ਸਿਹਰਾਬੰਦੀ ਹੀ ਨਹੀਂ ਕਰਦੀਆਂ, ਉਹ ਰਾਜਨੀਤਕ ਚਾਲਾਂ, ਮਜ਼ਹਬੀ ਮਖੌਟਿਆਂ ਨੂੰ ਨੰਗਾ ਕਰਨ ਦਾ ਕ੍ਰਿਸ਼ਮਾ ਵੀ ਕਰਦੀਆਂ ਹਨ ਅਤੇ ਸੱਭਿਆਚਾਰਕ ਚਾਸ਼ਨੀ ਨਾਲ ਪੜ੍ਹਨ ਵਾਲੇ ਦੀ ਜ਼ਹਿਨੀਅਤ ਨੂੰ ਮਿਠਾਸ ਨਾਲ ਵੀ ਪਾਕਿਸਤਾਨੀ ਸ਼ਾਇਰ ਦਿਲਸ਼ਾਦ ਅਹਿਮਦ ਚੰਨ ਹੋਰਾਂ ਦੇ ਸ਼ਿਅਰਾਂ ਨਾਲ ਇੰਜ ਵੀ ਭਰਦੀਆਂ ਹਨ
ਲਿਖ ਪੰਜਾਬੀ ਬੋਲ ਪੰਜਾਬੀ,
ਪੂਰਾ ਪੂਰਾ ਤੋਲ ਪੰਜਾਬੀ
ਓਭੜ ਬੋਲੀਆਂ ਦੇ ਨਾਲੋਂ,
ਸੁਥਰੀ ਸਾਫ਼ ਨਿਰੋਲ ਪੰਜਾਬੀ
ਕੰਨਾਂ ਦੇ ਵਿਚ ਮਿੱਠਾ ਮਿੱਠਾ
ਦੇਂਦੀ ਏ ਰਸ ਘੋਲ ਪੰਜਾਬੀ
ਇਹਦੇ ਵਰਗੀ ਬੋਲੀ ਕੋਈ ਨਹੀਂ
ਇਹ ਖੜਕਾ ਦਏ ਢੋਲ ਪੰਜਾਬੀ
ਲਹਿੰਦੇ ਚੜ੍ਹਦੇ ਦੀ ਇਹ ਰਾਣੀ
ਇਹ ਨਾ ਮਾਰੇ ਝੋਲ ਪੰਜਾਬੀ
ਮੂੰਹੋਂ ਕਿੰਨਾ ਸੋਹਣਾ ਲਗਦੈ
'ਚੰਨ' ਪੰਜਾਬੀ ਢੋਲ ਪੰਜਾਬੀ।
ਭਾਸ਼ਾਵਾਂ ਨੂੰ ਜਾਤਾਂ, ਧਰਮਾਂ ਨਾਲ ਜੋੜ ਕੇ ਰਾਜਨੀਤਕਾਂ ਨੇ, ਭਾਈਚਾਰਕ ਸਾਂਝਾਂ ਨੂੰ ਜੋ ਜ਼ਖ਼ਮ ਦਿੱਤੇ ਹਨ, ਇਨ੍ਹਾਂ ਜ਼ਖ਼ਮਾਂ ਨੂੰ ਸੀਣ ਲਈ ਸੂਈ ਧਾਗੇ ਦਾ ਕੰਮ ਕਰੇਗੀ-ਮਾਂ-ਬੋਲੀ ਦੇ ਸਿਰਨਾਵੇਂ।

-ਰਾਜਿੰਦਰ ਪਰਦੇਸੀ
ਮੋ: 93576-41552

ਲੋਕ ਗਾਇਕ
ਲੇਖਕ : ਹਰਪ੍ਰੀਤ ਸਿੰਘ ਮੀਤ
ਪ੍ਰਕਾਸ਼ਕ : ਐਚ.ਐਚ. ਆਰਬਿਟ ਪ੍ਰਕਾਸ਼ਨ, ਸੰਗਰੂਰ
ਮੁੱਲ : 100 ਰੁਪਏ, ਸਫ਼ੇ : 169.

ਨੌਜਵਾਨ ਲੇਖਕ ਹਰਪ੍ਰੀਤ ਸਿੰਘ ਮੀਤ ਨੇ ਛੋਟੀ ਉਮਰ ਵਿਚ ਹੀ ਲੰਮੀਆਂ ਪੁਲਾਂਘਾਂ ਪੁੱਟਦਿਆਂ 'ਜੰਗਲ ਦਾ ਇਨਸਾਨ', 'ਪੀਲੇ ਫੁੱਲ' ਮਗਰੋਂ ਤੀਸਰਾ ਨਾਵਲ 'ਲੋਕ ਗਾਇਕ' ਪਾਠਕਾਂ ਦੇ ਰੂਬਰੂ ਕੀਤਾ ਹੈ। ਨਾਵਲ ਦੇ ਕਥਾਨਕ ਅਨੁਸਾਰ ਮੁੱਖ ਪਾਤਰ ਤਾਰੂ, ਜੋ ਕਿ ਨੀਵੀਂ ਜਮਾਤ ਦਾ ਮੰਨ ਕੇ ਉੱਚੀ ਜਮਾਤ ਵੱਲੋਂ ਦੁਰਕਾਰਿਆ ਜਾਂਦਾ ਹੈ ਪਰ ਡੇਰੇ ਵਾਲੇ ਬਾਬੇ ਦੀ ਪ੍ਰੇਰਨਾ ਅਤੇ ਪ੍ਰੀਤੂ ਵਰਗੇ ਹਾਣੀ ਦੇ ਸਾਥ ਨਾਲ ਉਸ ਅੰਦਰ ਕੁਝ ਕਰਨ ਦਾ ਜਜ਼ਬਾ ਪੈਦਾ ਹੁੰਦਾ ਹੈ। ਉਸ ਵਿਚ ਜ਼ਿੰਦਗੀ ਦੀ ਜੰਗ ਨੂੰ ਜਿੱਤਣ ਦੀ ਉਮੰਗ ਪੈਦਾ ਹੋ ਜਾਂਦੀ ਹੈ। ਤਾਰੂ ਆਪਣੇ ਪਿਤਾ ਪੁਰਖੀ 'ਲਾਗ' ਦੇ ਧੰਦੇ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਤਰਲੋਮੱਛੀ ਹੋ ਉੱਠਦਾ ਹੈ। ਇਸ ਕਲੰਕ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਤਾਰੂ ਪੂਰੇ ਤਨ-ਮਨ ਨਾਲ ਲੋਕ ਗਾਇਕ ਬਣਨ ਦਾ ਟੀਚਾ ਮਿੱਥ ਲੈਂਦਾ ਹੈ। ਇਸ ਕਥਾਨਕ ਵਿਚ ਤਾਰੂ ਦੀ ਉੱਚੀ ਜਾਤ ਦੀ ਇੰਦਰਜੀਤ ਲੜਕੀ ਨਾਲ ਪ੍ਰੇਮ ਕਹਾਣੀ ਵੀ ਪਰੋਈ ਗਈ ਹੈ, ਜੋ ਜਾਤ-ਪਾਤ ਦੇ ਬੰਧਨ ਕਰਕੇ ਵਿਦੇਸ਼ ਰਹਿੰਦੇ ਲੜਕੇ ਨਾਲ ਵਿਆਹੀ ਜਾਂਦੀ ਹੈ। ਤਾਰੂ ਉਸ ਵਿਛੜਣ ਨੂੰ ਆਪਣੇ ਗੀਤਾਂ ਰਾਹੀਂ ਸੰਗੀਤਕ ਸੁਰ ਵਿਚ ਲੋਕਾਂ ਵਿਚ ਪੇਸ਼ ਕਰਦਾ ਹੈ। ਇੰਦਰਜੀਤ ਦੀ ਵਿਆਹੁਤਾ ਜ਼ਿੰਦਗੀ ਵਿਚ ਤਰੇੜ, ਪਤੀ ਨਾਲੋਂ ਵਖਰੇਵਾਂ ਤੇ ਆਖਰ ਸਤਿੰਦਰ ਦੀ ਪਤਨੀ ਦੇ ਉਪਰਾਲਿਆਂ ਸਦਕਾ ਦੋ ਵਿਛੜੇ ਪ੍ਰੇਮੀ ਇਕ ਹੋ ਜਾਂਦੇ ਹਨ।
ਸਰਲ ਕਥਾਨਕ, ਸਰਲ ਬੋਲੀ, ਸਰਲ ਸੰਵਾਦ ਰਾਹੀਂ ਸਮਾਜ ਦੇ ਗੁੰਝਲਦਾਰ ਵਰਤਾਰੇ ਨੂੰ ਸਰਲਤਾ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਯਥਾਰਥ ਵਿਚ ਜੋ ਕਿ ਏਨਾ ਸਰਲ ਨਹੀਂ ਹੈ।

-ਪ੍ਰਿੰ: ਧਰਮਪਾਲ ਸਾਹਿਲ
ਮੋ: 98761-56964.

ਰੰਗਾਂ ਦਾ ਮਨੋਵਿਗਿਆਨ
ਕਵੀ : ਸੁਖਜੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104.

ਸੁਖਜੀਤ ਦਾ 'ਕਾਵਿ-ਸੰਗ੍ਰਹਿ' 'ਰੰਗਾਂ ਦਾ ਮਨੋਵਿਗਿਆਨ' ਅਜਿਹੀ ਕਾਵਿ-ਪੁਸਤਕ ਹੈ, ਜਿਸ ਵਿਚ ਕਵੀ ਨੇ ਜਿਥੇ ਜੀਵਨ ਯਥਾਰਥ ਨਾਲ ਜੁੜੇ ਅਹਿਮ ਮਸਲਿਆਂ ਦੇ ਕਾਰਨਾਂ ਦੀ ਤਲਾਸ਼ ਕੀਤੀ ਹੈ, ਉਥੇ ਮਨੁੱਖੀ ਮਾਨਸਿਕਤਾ ਵਿਚ ਪੈਦਾ ਹੋਏ ਖਲਾਅ, ਇਕੱਲਤਾ, ਬੇਗਾਨਗੀ ਅਤੇ ਮਚੀ ਹੋਈ ਉਥਲ-ਪੁਥਲ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਵਿਤਾ ਵਿਚ ਜਿਥੇ ਕਿਤੇ-ਕਿਤੇ ਕੁਝ ਖੁਸ ਜਾਣ ਦਾ ਅਹਿਸਾਸ ਹੈ, ਉਥੇ ਪ੍ਰਾਪਤ ਯਥਾਰਥ ਪ੍ਰਤੀ ਅਸਹਿਮਤੀ ਅਤੇ ਰੋਹ ਵਿਦਰੋਹ ਦੀ ਸੁਰ ਵੀ ਵਿਦਮਾਨ ਹੈ। ਕਵੀ ਪਰੰਪਰਕ ਜੂਲੇ ਥੱਲੇ ਧੌਣ ਦੇ ਕੇ ਪੇਸ਼ਕਾਰੀ ਕਰਦਾ ਹੈ, ਜਿਵੇਂ ਮੰਗਲਾਚਰਨ ਕਵਿਤਾ ਵਿਚ ਲਿਖਦਾ ਹੈ :
ਸਮੇਟ ਲਵੋ ਹੁਣ/ਆਪਣੀ/ਪੁੰਨ-ਆਤਮਾ ਦੀ ਕਥਾ/
ਮੈਨੂੰ/ਆਪਣੀ ਰਾਖਸ਼ ਬੁੱਧ ਨਾਲ/ਤੁਹਾਡੇ/ਇਤਿਹਾਸ ਮਿਥਿਹਾਸ ਨੂੰ/
ਪੁੱਠੇ ਪਾਸਿਓਂ ਪੜ੍ਹਨ ਦਿਓ। (ਪੰਨਾ 7-8)
ਬਦਲਦੇ ਜ਼ਮਾਨੇ ਦੀ ਤੋਰ ਅਤੇ ਇਸ ਤੋਰ ਵਿਚ ਜਿਥੇ ਸੁਪਨ-ਸੰਸਾਰ ਖ਼ਤਮ ਹੋ ਰਿਹਾ ਹੈ, ਜ਼ਿੰਦਗੀ ਦੀਆਂ ਰੀਝਾਂ ਮਰ ਰਹੀਆਂ ਹਨ, ਰੂੜੀਵਾਦੀ ਖਿਆਲ ਸਿਰ ਚੁੱਕ ਰਹੇ ਹਨ, ਉਥੇ ਕਵੀ ਇਸ ਸਥਿਤੀ ਨੂੰ ਘਾਤਕ ਖਿਆਲ ਕਰਦਾ ਹੈ। ਇਸ ਸਬੰਧ ਵਿਚ ਉਸ ਦੀਆਂ ਕਵਿਤਾਵਾਂ 'ਸੁਹਜ' 'ਜਿਊਣ ਦੀ ਖਾਹਿਸ਼', 'ਬੱਸ ਹੋਰ ਨਹੀਂ' ਆਦਿ ਦੇਖੀਆਂ ਜਾ ਸਕਦੀਆਂ ਹਨ। ਕਵੀ ਸੁਪਨੇ ਬੀਜਣ ਦੀ ਇੱਛਾ ਜ਼ਰੂਰ ਰੱਖਦਾ ਹੈ ਪਰ ਇਸ ਲਈ ਯੋਗ ਸਮੇਂ ਤੇ ਸਥਾਨ ਦੀ ਆਵੱਸ਼ਕਤਾ ਚਾਹੁੰਦਾ ਹੈ :
ਕਿ ਸੁਪਨੇ ਬੀਜਣ ਲਈ
ਇਕ ਖਾਸ ਵੱਤਰ ਲੋੜੀਂਦੈ
ਸੁਪਨੇ ਬੀਜਣ ਤੋਂ ਪਹਿਲਾਂ
ਇਸ ਧਰਤ ਨੂੰ
ਸੁਪਨਿਆਂ ਦੇ ਅਨੁਕੂਲ ਕਰੀਏ।
ਕਵੀ ਨੇ ਸਮਾਜ ਵਿਚ ਫੈਲੀ ਦਹਿਸ਼ਤਗਰਦੀ ਅਤੇ ਹਿੰਸਾਤਮਕ ਵਤੀਰੇ ਤੋਂ ਵੀ ਪਰਦਾ ਲਾਹੁਣ ਦਾ ਯਤਨ ਕੀਤਾ ਹੈ। ਵਾਤਾਵਰਨ ਵਿਚ ਫੈਲੇ ਨਿਰੰਤਰ ਖੌਫ਼ ਦਾ ਬਿੰਬ ਵੀ ਇਸ ਕਵਿਤਾ ਵਿਚੋਂ ਉਭਰਦਾ ਹੈ ਪਰ ਕਵੀ ਅਜਿਹੇ ਵਾਤਾਵਰਨ ਦੇ ਉਪਾਅ ਲਈ ਵੰਗਾਰ ਵੀ ਪੇਸ਼ ਕਰਦਾ ਹੈ ਅਤੇ ਲਾਮਬੱਧ ਹੋਣ ਲਈ ਹੋਕਾ ਵੀ ਦਿੰਦਾ ਹੈ। ਉਹ ਇਸ ਗੱਲੋਂ ਵੀ ਸੁਚੇਤ ਹੈ ਕਿ ਕਵਿਤਾ ਕੇਵਲ ਸ਼ਬਦ ਜਾਲ ਹੀ ਨਾ ਹੋਵੇ ਸਗੋਂ ਮਨੁੱਖਤਾ ਲਈ ਰਾਹ-ਦਿਖਾਵੇ ਦੀ ਭੂਮਿਕਾ ਵੀ ਅਦਾ ਕਰੇ। ਉਸਾਰੂ ਸੋਚ ਹੀ ਸਰਬਪੱਖੀ ਵਿਗੋਚੇ ਦੇ ਖੱਪੇ ਨੂੰ ਭਰ ਸਕਦੀ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

ਕੈਸਾ ਸਮਾਜ ਸਿਰਜੀਏ
ਲੇਖਕ : ਰਾਮ ਨਾਥ ਸ਼ੁਕਲਾ
ਪ੍ਰਕਾਸ਼ਕ : ਲੋਕ ਹਿਤੂ ਪ੍ਰਕਾਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 125.

ਉਂਜ ਤਾਂ ਹਰ ਆਦਮੀ ਦਾ ਸੁਪਨਾ ਹੈ; ਆਦਰਸ਼ ਸਮਾਜ ਦੀ ਸਥਾਪਨਾ ਹੋਵੇ। ਘੁੱਗ ਵਸਦਾ ਸੰਸਾਰ ਵਸੀਵੇ! ਰਾਮ ਰਾਜ ਜਾਂ ਬੇਗ਼ਮਪੁਰਾ ਦੀ ਸੰਰਚਨਾ ਹੋਵੇ; ਇਸ ਸੁਪਨੇ ਉੱਪਰ ਹੀ ਯਟੋਪੀਅਨ ਸਿਧਾਂਤ ਬਣਿਆ ਹੈ। ਰਾਮ ਨਾਥ ਸ਼ੁਕਲਾ ਦਾ ਆਦਰਸ਼ਕ ਸਮਾਜ ਦਾ ਇਹ ਸੁਪਨਾ 'ਕੈਸਾ ਸਮਾਜ ਸਿਰਜੀਏ' ਪੁਸਤਕ ਦੇ ਰੂਪ ਵਿਚ ਸਾਕਾਰ ਕਰਨ ਦਾ ਉਪਰਾਲਾ ਹੈ। ਆਦਰਸ਼ਕ ਸਮਾਜ ਤਾਂ ਹੈ, ਜੇਕਰ ਲੇਖਕ ਅਨੁਸਾਰ, ਇਮਾਨਦਾਰ ਆਗੂ ਸਾਰਥਕ ਗਿਆਨ, ਸਮਾਜਿਕ ਬਰਾਬਰੀ, ਬਰਾਬਰੀ ਦੇ ਮੌਕੇ, ਆਰਥਿਕ ਛੱਤਰੀ, ਭੌਤਿਕ ਸੁਰੱਖਿਆ, ਆਰਥਿਕ ਸਮਾਨਤਾ, ਰਾਜਨੀਤਕ ਸਮਾਨਤਾ, ਯੋਗਤਮ ਦਾ ਸਨਮਾਨ, ਵਿਚਰਨ ਦੀ ਖੁੱਲ੍ਹ, ਵਿਚਾਰ ਪ੍ਰਗਟਾਉਣ ਦੀ ਖੁੱਲ੍ਹ, ਨਿਰਦੋਸ਼ ਬਚਪਨ, ਬੁੱਢਿਆਂ ਦਾ ਸਨਮਾਨ, ਸਭ ਲਈ ਮੁਫ਼ਤ ਇਲਾਜ, ਹਰ ਕਿਸੇ ਲਈ ਯੋਗ ਰੁਜ਼ਗਾਰ, ਖੁਸ਼ੀ ਭਰੀ ਜਵਾਨੀ, ਲਿੰਗਿਕ ਸਮਾਨਤਾ, ਲੋੜੀਂਦੀ ਵਿਹਲ ਤੇ ਸ਼ਾਂਤੀ ਸੁਰੱਖਿਆ ਤੇ ਸਹਿਣਸ਼ੀਲਤਾ ਦੀ ਸਥਾਪਨਾ ਜ਼ਰੂਰੀ ਹੈ। ਸਿਧਾਂਤਕਾਰ ਅਥਵਾ ਵਿਚਾਰਵਾਨ ਬੁੱਧ ਪੁਰਸ਼ ਸਿਧਾਂਤ ਘੜਦੇ ਹਨ। ਇਨ੍ਹਾਂ ਸਿਧਾਂਤਾਂ ਉੱਪਰ ਅਮਲ ਕਰਨ ਕਰਵਾਉਣ ਵਾਲੇ ਹੋਰ ਪੁਰਸ਼ ਹੁੰਦੇ ਹਨ। ਇਹ ਸਿਧਾਂਤ ਅਮਲ ਵਿਚ ਕਦੇ ਪੂਰੇ ਨਹੀਂ ਹੁੰਦੇ, ਸੁਪਨਾ ਬਣ ਕੇ ਰਹਿ ਜਾਂਦੇ ਹਨ। ਇਸ ਪੁਸਤਕ ਵਿਚ ਰਾਮਨਾਥ ਸ਼ੁਕਲਾ ਨੇ ਇਕ ਸਿਆਣੇ ਲੇਖਕ ਦੇ ਫ਼ਰਜ਼ ਨਿਭਾਉਂਦਿਆਂ ਸਮਾਜ ਨੂੰ ਸੰਪੂਰਨ ਸਿਰਜਨ ਲਈ, ਜੋ ਸਿਧਾਂਤ ਪੇਸ਼ ਕੀਤੇ ਹਨ, ਉਸ ਦੀ ਲਿਖਤ ਦਾ ਸੁੰਦਰ ਨਮੂਨਾ ਹਨ।

-ਡਾ: ਅਮਰ ਕੋਮਲ
ਮੋ: 08437873565

ਧੁੱਪ ਛਾਂ ਤੇ ਰੁੱਖ
ਲੇਖਕ : ਦੀਪ ਦਵਿੰਦਰ ਸਿੰਘ
ਪ੍ਰਕਾਸ਼ਕ : ਲੋਕ ਧਾਰਾ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 120.

ਦੀਪ ਦਵਿੰਦਰ ਸਿੰਘ ਅਖ਼ਬਾਰਾਂ ਤੇ ਸਾਹਿਤਕ ਰਸਾਲਿਆਂ ਵਿਚ ਛਪਣ ਵਾਲਾ ਚਰਚਿਤ ਕਹਾਣੀਕਾਰ ਹੈ। ਕਾਫੀ ਸਮੇਂ ਬਾਅਦ ਉਸ ਦੀ ਇਹ ਪੁਸਤਕ ਛਪ ਕੇ ਆਈ ਹੈ। ਪੁਸਤਕ ਵਿਚ ਦਸ ਕਹਾਣੀਆਂ ਹਨ। ਇਨ੍ਹਾਂ ਵਿਚ ਲੇਖਕ ਕਲਾਤਮਿਕ ਢੰਗ ਨਾਲ ਵਰਤਮਾਨ ਸਮਾਜ ਦੀ ਤਸਵੀਰ ਪੇਸ਼ ਕਰਦਾ ਹੈ। ਪਾਤਰਾਂ ਵਿਚਕਾਰ ਢੁਕਵੀਂ ਵਾਰਤਾਲਾਪ, ਦ੍ਰਿਸ਼ ਚਿਤਰਨ ਫਲੈਸ਼ ਬੈਕ, ਵਿਅੰਗ ਤੋਂ ਇਲਾਵਾ ਸਫਲ ਕਹਾਣੀਕਾਰ ਵਾਲੀਆਂ ਸਾਰੀਆਂ ਵਿਸ਼ੇਸ਼ਤਾਵਾਂ ਪੁਸਤਕ ਵਿਚ ਹਨ। ਪਹਿਲੀ ਕਹਾਣੀ ਸ਼ੱਕਰ ਹੋਈ ਵਿਸ਼ ਦਾ ਕਥਾ ਵਸਤੂ ਬਹੁਤ ਪਿਆਰਾ ਹੈ। ਸਿਮਰ ਵਿਦੇਸ਼ ਚਲਾ ਜਾਂਦਾ ਹੈ। ਠੱਗ ਏਜੰਟ ਕੋਲ ਫਸ ਜਾਂਦਾ ਹੈ। ਜੇਲ੍ਹ ਹੋ ਜਾਂਦੀ ਹੈ, ਪਿੱਛੋਂ ਪਤਨੀ ਭਿੰਦਰ ਮਜਬੂਰੀਵੱਸ ਦਿਨ ਕੱਟਦੀ ਹੈ।
ਕਹਾਣੀ 'ਘਰ' ਬੇਮੇਲ ਵਿਆਹ ਦੀ ਮਾਰਮਿਕ ਰਚਨਾ ਹੈ। ਔਰਤ ਪਾਤਰ ਦੀ ਧੁਖਦੀ ਜਵਾਨੀ ਦਾ ਜ਼ਿਕਰ ਹੈ। ਔਰਤ ਮਰਦ ਦੇ ਨਾਜਾਇਜ਼ ਸਬੰਧਾਂ ਬਾਰੇ ਹੈ। ....... ਜਦੋਂ ਤੇਰਾ ਵੇਲਾ ਸੀ, ਉਦੋਂ ਮੈਂ ਨਿਆਣੀ ਸੀ ਬੇਸਮਝ। ਜਦੋਂ ਮੈਨੂੰ ਔਰਤ ਮਰਦ ਦੇ ਰਿਸ਼ਤੇ ਦੀ ਸਮਝ ਆਉਣ ਲੱਗੀ, ਉਦੋਂ ਤੂੰ ਬੁਝਦੇ ਦੀਵੇ ਦੀ ਤਰ੍ਹਾਂ ਛਟਪਟਾਉਣ ਲੱਗਾ (ਪੰਨਾ 38) 'ਜਾਏ ਸੁੱਤੇ ਜੀਰਾਣ' ਪੁੱਤਰ ਵੱਲੋਂ ਪਤਨੀ ਦਾ ਗਰਭਪਾਤ ਕਰਾਉਣ ਤੇ ਬਜ਼ੁਰਗ ਮਾਪਿਆਂ ਦੀ ਫ਼ਿਕਰਮੰਦੀ ਦੀ ਸੁਚੱਜੀ ਤਸਵੀਰ ਹੈ। 'ਚੱਲ ਛੱਡ ਪਰ੍ਹੇ' ਵਿਚ ਡਰਾਈਵਰ ਪਤੀ ਤੋਂ ਸਹੇੜੀ ਏਡਜ਼ ਕਾਰਨ ਤਿਲ-ਤਿਲ ਕਰਕੇ ਮਰਦੀ ਔਰਤ ਦਾ ਤ੍ਰਾਸਦਿਕ ਜ਼ਿਕਰ ਹੈ। ਸਿਰਲੇਖ ਵਾਲੀ ਕਹਾਣੀ ਨਿਰੋਲ ਪਿੰਡਾਂ ਦੇ ਸੱਭਿਆਚਾਰ ਬਾਰੇ ਲੰਮੀ ਰਚਨਾ ਹੈ। ਬੱਦਲਵਾਈ, ਗੰਢਾਂ, ਵੇਲਾ ਕੁਵੇਲਾ ਪੁਸਤਕ ਦੀਆਂ ਚੰਗੀਆਂ ਕਹਾਣੀਆਂ ਹਨ। ਦੇਸ਼ ਵੰਡ ਸਮੇਂ ਔਰਤਾਂ 'ਤੇ ਹੋਏ ਜ਼ੁਲਮਾਂ ਦੀ ਦਾਸਤਾਨ ਹੈ। ਅੰਧ-ਵਿਸ਼ਵਾਸ, ਮਾੜੀ ਆਰਥਿਕਤਾ, ਜਾਤੀ ਭੇਦ, ਤਿੜਕਦੇ ਰਿਸ਼ਤੇ ਕਹਾਣੀਆਂ ਦੇ ਗੰਭੀਰ ਵਿਸ਼ੇ ਹਨ। ਸੁਖਜੀਤ ਨੇ ਬੜੇ ਅਪਣੱਤ ਅਤੇ ਸ਼ਿੱਦਤ ਨਾਲ ਆਪਣੇ ਮਿੱਤਰ ਕਹਾਣੀਕਾਰ ਬਾਰੇ ਦੋ ਸ਼ਬਦ ਲਿਖੇ ਹਨ। ਪੁਸਤਕ ਦਾ ਭਰਪੂਰ ਸਵਾਗਤ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਮੇਰੇ ਚੋਣਵੇਂ ਗੀਤ
ਗੀਤਕਾਰ : ਸ਼ਮਸ਼ੇਰ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136.

ਸ਼ਮਸ਼ੇਰ ਸੰਧੂ ਕਿਸੇ ਵੇਲੇ ਪੰਜਾਬੀ ਦੇ ਸੰਭਾਵਨਾਵਾਂ ਭਰਪੂਰ ਕਹਾਣੀਕਾਰਾਂ ਵਿਚ ਸ਼ੁਮਾਰ ਹੁੰਦਾ ਸੀ ਪਰ ਉਸ ਨੂੰ ਗੀਤਕਾਰੀ ਦਾ ਸ਼ੌਕ ਇਸ ਤੋਂ ਪਰ੍ਹਾਂ ਲੈ ਗਿਆ। ਸੰਧੂ ਸ਼ਾਇਦ ਪੰਜਾਬੀ ਵਿਚ ਹਲਕੇ-ਫੁਲਕੇ ਗੀਤ ਲਿਖਣ ਵਾਲਿਆਂ ਵਿਚੋਂ ਸਭ ਤੋਂ ਵੱਧ ਗਾਇਆ ਜਾਣ ਵਾਲਾ ਸ਼ਖ਼ਸ ਹੈ। ਇਸ ਪੁਸਤਕ ਵਿਚ ਉਸ ਦੇ 112 ਗੀਤ ਛਪੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਕਲਾਕਾਰਾਂ ਨੇ ਪਹਿਲਾਂ ਹੀ ਗਾਇਆ ਹੋਇਆ ਹੈ। ਇਹ ਗੀਤ ਚੁਲਬੁਲੇ ਹਨ, ਸ਼ਰਾਰਤੀ ਹਨ ਤੇ ਕਿਤੇ-ਕਿਤੇ ਇਨ੍ਹਾਂ ਵਿਚ ਸੰਜੀਦਗੀ ਵੀ ਹੈ। ਸੰਧੂ ਦੇ ਗੀਤਾਂ ਵਿਚ ਪੰਜਾਬੀ ਮੁਟਿਆਰਾਂ ਦੇ ਹੁਸਨ ਦੀ ਚਰਚਾ ਹੈ, ਉਨ੍ਹਾਂ ਦੀ ਸਰੀਰਕ ਬਣਤਰ ਦਾ ਜ਼ਿਕਰ ਹੈ ਤੇ ਉਨ੍ਹਾਂ ਦੇ ਨਾਜ਼-ਨਖ਼ਰੇ ਸ਼ਾਮਿਲ ਹਨ। ਕੁਲ ਮਿਲਾ ਕੇ ਇਹ ਸਾਰੇ ਗੀਤ ਕੋਈ ਸਾਹਿਤਕ ਕਲਾ ਕ੍ਰਿਤਾਂ ਨਾ ਹੋ ਕੇ ਸਿਰਫ਼ ਗਾਉਣ ਲਈ ਹੀ ਲਿਖੇ ਗਏ ਹਨ, ਜੋ ਆਪਣੇ ਮਨੋਰਥ ਵਿਚ ਸਫ਼ਲ ਹਨ। ਕਈ ਗੀਤਾਂ ਦਾ ਸਬੰਧ ਨੱਚਣ-ਟੱਪਣ ਨਾਲ ਵੀ ਹੈ ਜਿਹੜੇ ਕਿ ਵਿਆਹਾਂ-ਸ਼ਾਦੀਆਂ ਵਿਚ ਅਕਸਰ ਇਸਤੇਮਾਲ ਹੁੰਦੇ ਹਨ। ਇਹ ਗੀਤ ਇਕ ਵਰਗ ਵਿਸ਼ੇਸ਼ ਦੀ ਪਸੰਦ ਤਾਂ ਹੋ ਸਕਦੇ ਹਨ ਪਰ ਇਨ੍ਹਾਂ ਨੂੰ ਸੰਜੀਦਾ ਪੰਜਾਬੀਆਂ ਵੱਲੋਂ ਪਚਾ ਸਕਣਾ ਔਖਾ ਹੈ ਕਿਉਂਕਿ ਇਹ ਕਿਸੇ ਤਰ੍ਹਾਂ ਵੀ ਉਨ੍ਹਾਂ ਦੀ ਜ਼ਿੰਦਗੀ ਦੀ ਅਸਲ ਤਰਜ਼ਮਾਨੀ ਨਹੀਂ ਕਰਦੇ। ਅੱਜ ਜੋ ਪੰਜਾਬ ਤੇ ਸਮੁੱਚੇ ਭਾਰਤ ਦੇ ਹਾਲਾਤ ਹਨ, ਇਸ ਸਬੰਧੀ ਹਰ ਨਾਗਰਿਕ ਬਹੁਤ ਔਖੀ ਜ਼ਿੰਦਗੀ ਜੀਅ ਰਿਹਾ ਹੈ ਤੇ ਇਸ ਔਖੀ ਜ਼ਿੰਦਗੀ ਨੂੰ ਆਪਣੀਆਂ ਕਲਾ ਕ੍ਰਿਤਾਂ ਵਿਚ ਦਿਲ-ਗੁਰਦੇ ਵਾਲੇ ਕਲਾਕਾਰ ਹੀ ਢਾਲਦੇ ਹਨ, ਕਿਉਂਕਿ ਡਾਢਿਆਂ ਨਾਲ ਮੱਥਾ ਲਾਉਣਾ ਜਣੇ-ਖਣੇ ਦਾ ਕੰਮ ਨਹੀਂ ਹੈ। ਉਂਝ ਮੈਂ ਸੰਧੂ ਦੇ ਗੀਤਾਂ ਵਿਚ ਅਸ਼ਲੀਲਤਾ ਨਹੀਂ ਦੇਖਦਾ ਪਰ ਚੰਗਾ ਹੁੰਦਾ ਜੇ ਉਹ ਵਕਤ ਦੇ ਨਾਲ-ਨਾਲ ਚਲਦਿਆਂ ਆਪਣੇ ਸਮਾਜ ਦੀ ਅਸਲ ਤਸਵੀਰ ਪੇਸ਼ ਕਰਦੇ ਗੀਤ ਵੀ ਲਿਖਦਾ। ਮੈਂ ਆਸ ਕਰਦਾ ਹਾਂ ਕਿ ਸ਼ਮਸ਼ੇਰ ਸੰਧੂ ਅੱਗੇ ਤੋਂ ਆਪਣੇ ਸੀਮਤ ਦਾਇਰੇ 'ਚੋਂ ਬਾਹਰ ਨਿਕਲ ਕੇ ਆਮ ਲੋਕਾਂ ਦੇ ਖ਼ਾਸ ਦਰਦ ਨੂੰ ਨਾਲ ਲੈ ਕੇ ਚੱਲੇਗਾ ਤੇ ਉਨ੍ਹਾਂ ਦਾ ਰਾਹ ਦਸੇਰਾ ਬਣੇਗਾ।

ਤ੍ਰਿਵੈਣੀ
ਪੰਜਾਬੀ ਸਾਹਿਤ ਸਭਾ (ਰਜਿ.) ਜ਼ੀਰਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 176

ਪੰਜਾਬ ਦੀਆਂ ਕਾਫ਼ੀ ਸਰਗਰਮ ਲੇਖਕ ਸਭਾਵਾਂ ਵਿਚ ਪੰਜਾਬੀ ਸਾਹਿਤ ਸਭਾ (ਰਜਿ.) ਜ਼ੀਰਾ ਦਾ ਆਪਣਾ ਵਿਸ਼ੇਸ਼ ਸਥਾਨ ਹੈ ਜਿਸ ਨੇ ਹੋਰਨਾਂ ਪ੍ਰਾਪਤੀਆਂ ਦੇ ਨਾਲ-ਨਾਲ ਪੁਸਤਕਾਂ ਦੇ ਪ੍ਰਕਾਸ਼ਨ ਵੱਲ ਵੀ ਜ਼ਿਕਰਯੋਗ ਕੰਮ ਕੀਤਾ ਹੈ। 'ਤ੍ਰਿਵੇਣੀ' ਇਸ ਸਭਾ ਦੀ ਛੇਵੀਂ ਸਾਂਝੀ ਪੁਸਤਕ ਹੈ ਜਿਸ ਵਿਚ ਸਭਾ ਦੇ 29 ਸ਼ਾਇਰ ਸ਼ਾਮਿਲ ਹਨ। ਤਮਾਮ ਸ਼ਾਇਰਾਂ ਨੂੰ 4 ਤੋਂ 6 ਸਫ਼ੇ ਦਿੱਤੇ ਗਏ ਹਨ। ਪੁਸਤਕ ਵਿਚ ਸ਼ਾਇਰੀ ਦੀ ਹਰ ਵੰਨਗੀ ਸ਼ਾਮਿਲ ਹੈ ਜਿਸ ਕਾਰਨ 'ਤ੍ਰਿਵੇਣੀ' ਸਚਮੁੱਚ 'ਤ੍ਰਿਵੇਣੀ' ਜਾਪਦੀ ਹੈ। ਇਸ ਪੁਸਤਕ ਵਿਚ ਕੁਝ ਜਾਣੇ-ਪਹਿਚਾਣੇ ਚਿਹਰੇ ਵੀ ਹਨ ਤੇ ਕੁਝ ਅਸਲੋਂ ਨਵੇਂ ਵੀ। ਸਭਾਵਾਂ ਨੇ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਕੇ ਭਵਿੱਖ ਦੇ ਸਾਹਿਤਕਾਰ ਤਿਆਰ ਕਰਨੇ ਹੁੰਦੇ ਹਨ ਤੇ ਇਸ ਮਨੋਰਥ ਵਿਚ ਇਹ ਪੁਸਤਕ ਸਫ਼ਲ ਮਹਿਸੂਸ ਹੁੰਦੀ ਹੈ। ਅੱਜ ਦੇ ਦੌਰ ਵਿਚ ਆਮ ਲੇਖਕ ਵੱਲੋਂ ਆਪਣੀ ਪੁਸਤਕ ਛਪਾ ਸਕਣਾ ਸੌਖਾ ਨਹੀਂ ਹੈ ਤੇ ਅਜਿਹੀਆਂ ਪੁਸਤਕਾਂ ਨਵੇਂ ਲੇਖਕਾਂ ਲਈ ਕਾਫ਼ੀ ਉਤਸ਼ਾਹੀ ਸਾਬਿਤ ਹੁੰਦੀਆਂ ਹਨ। ਪੰਜਾਬੀ ਸਾਹਿਤ ਸਭਾ (ਰਜਿ.) ਜ਼ੀਰਾ ਦਾ ਇਹ ਉਪਰਾਲਾ ਪ੍ਰਸੰਸਾ ਦਾ ਪਾਤਰ ਹੈ। 'ਤ੍ਰਿਵੇਣੀ' ਪੁਸਤਕ ਵਿਚ ਸੁਖਚਰਨ ਸਿੰਘ ਸਿੱਧੂ, ਕੁਲਵੰਤ ਜ਼ੀਰਾ, ਵੀਰ ਭਾਨ ਨਾਰੰਗ, ਦੀਪ ਜ਼ੀਰਵੀ, ਜੀਵਨ ਸਿੰਘ ਹਾਣੀ, ਰੀਤੂ ਪਾਰਸ, ਮੀਨੂ ਸੁਖਮਨ, ਦਰਸ਼ਨਾ ਜੋਸ਼ੀ, ਮੀਨਾਕਸ਼ੀ ਮਨਹਰ, ਡਾ: ਰਾਧਿਕਾ, ਵਿਵੇਕ, ਦਲਜੀਤ ਰਾਏ ਕਾਲੀਆ, ਸਤੀਸ਼ ਮੋਹਨ ਦੇਵਗਨ, ਗੁਰਨਾਮ ਢਿੱਲੋਂ, ਸੁਖਵਿੰਦਰ ਸੁੱਖ, ਵਰਿੰਦਰ ਜ਼ੀਰਾ, ਲਵਲੀ ਢੱਲ, ਬਲਵਿੰਦਰ ਵਿੱਲਾ, ਮਨਜੀਤ ਸੂਖ਼ਮ, ਗੋਗੀ ਜ਼ੀਰਾ, ਰੋਹਿਤ ਭਾਟੀਆ, ਕਮਾਲਦੀਨ 'ਕਮਾਲ' ਸਵ: ਪੰਡਤ ਪੰਡੋਰੀ ਵਾਲਾ, ਸੁਰਿੰਦਰ ਮਰਖਾਈ, ਪਰਦੀਪ ਸਿੱਧੂ, ਬਲਕਾਰ ਭੜਾਣਾ, ਸੋਨੂੰ ਗਾਦੜੀਵਾਲਾ, ਰਾਜਿੰਦਰ ਔਲਖ ਤੇ ਅਸ਼ੋਕ ਆਰਜ਼ੂ ਦੀ ਭਰਵੀਂ ਹਾਜ਼ਰੀ ਦਿਖਾਈ ਦਿੰਦੀ ਹੈ।

-ਗੁਰਦਿਆਲ ਰੌਸ਼ਨ
ਮੋ: 9988444002

27-9-2014

 ਭਗਤ ਕਬੀਰ ਬਾਣੀ
(ਸਿਧਾਂਤਕ ਅਤੇ ਵਿਚਾਰਧਾਰਕ ਅਧਿਐਨ)
ਲੇਖਕ : ਡਾ: ਗੁਰਵੀਰ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 96.

ਡਾ: ਗੁਰਵੀਰ ਸਿੰਘ ਦਾ ਆਪਣਾ ਪੂਰਾ ਜੀਵਨ ਧਰਮ ਅਧਿਐਨ ਨਾਲ ਜੁੜਿਆ ਰਿਹਾ ਹੈ। ਕਬੀਰ ਜੀ ਦੀ ਬਾਣੀ ਉਸ ਦੀ ਖੋਜ ਦਾ ਪ੍ਰਮੁੱਖ ਧਰਾਤਲ ਬਣੀ ਰਹੀ ਹੈ। ਇਹੀ ਕਾਰਨ ਹੈ ਕਿ ਉਸ ਨੇ ਕਬੀਰ ਜੀ ਦੇ ਜੀਵਨ, ਸ਼ਖ਼ਸੀਅਤ ਅਤੇ ਬਾਣੀ ਦੇ ਵਿਭਿੰਨ ਪਾਸਾਰਾਂ ਬਾਰੇ ਬੜੇ ਵਿਸਤਾਰ ਨਾਲ ਲਿਖਿਆ ਹੈ। ਡਾ: ਗੁਰਵੀਰ ਸਿੰਘ ਨੇ ਆਪਣੇ ਇਸ ਮੋਨੋਗ੍ਰਾਫ਼ ਦੇ ਤਿੰਨ ਅਧਿਆਇ ਬਣਾਏ ਹਨ : 1. ਭਗਤ ਕਬੀਰ ਜੀ ਦਾ ਜੀਵਨ ਅਤੇ ਵਿਅਕਤਿਤਵ, 2. ਕਬੀਰ-ਬਾਣੀ ਦਾ ਸਿਧਾਂਤਕ ਤੇ ਵਿਚਾਰਧਾਰਕ ਅਧਿਐਨ ਅਤੇ 3. ਕਬੀਰ ਜੀ ਦੀ ਵਿਚਾਰਧਾਰਾ। ਤੀਜਾ ਅਧਿਆਇ ਸਭ ਤੋਂ ਲੰਮਾ ਹੈ ਅਤੇ ਇਹ ਪੁਸਤਕ ਦੇ 32 ਪੰਨਿਆਂ ਉੱਪਰ ਫੈਲਿਆ ਹੋਇਆ ਹੈ। ਇਸ ਅਧਿਆਇ ਵਿਚ ਕਬੀਰ ਜੀ ਦੇ ਕੁਝ ਪ੍ਰਮੁੱਖ ਸੰਕਲਪਾਂ ਬ੍ਰਹਮ, ਜੀਵ, ਜਗਤ ਅਤੇ ਮਾਇਆ ਆਦਿ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ। ਇਸ ਪੁਸਤਕ ਦੀ ਤਿਆਰੀ ਲਈ ਵਿਦਵਾਨ ਲੇਖਕ ਨੇ ਪੰਜਾਬੀ ਅਤੇ ਅੰਗਰੇਜ਼ੀ ਦੇ ਕੁਝ ਵਿਦਵਾਨਾਂ ਤੋਂ ਬਿਨਾਂ ਹਿੰਦੀ ਦੇ ਪ੍ਰਮੁੱਖ ਲੇਖਕਾਂ (ਸਰਨਾਮ ਸਿੰਹ ਸ਼ਰਮਾ ਅਰੁਣ, ਮਾਤਾ ਪ੍ਰਸਾਦ ਗੁਪਤ, ਆਚਾਰੀਆ ਪਰਸ਼ੂਰਾਮ ਚਤੁਰਵੇਦੀ, ਸ਼ਯਾਮ ਸੁੰਦਰ ਦਾਸ ਅਤੇ ਡਾ: ਹਜ਼ਾਰੀ ਪ੍ਰਸਾਦ ਦਿਵੇਦੀ ਆਦਿ) ਨੂੰ ਬੜਾ ਨਿੱਠ ਕੇ ਪੜ੍ਹਿਆ ਹੈ। ਖੋਜ ਪੁਸਤਕਾਂ ਦੀ ਰਚਨਾ ਲਈ ਸਹਾਇਕ-ਸਮੱਗਰੀ ਦਾ ਅਧਿਐਨ ਬੜਾ ਜ਼ਰੂਰੀ ਮੰਨਿਆ ਗਿਆ ਹੈ। ਭਾਵੇਂ ਪੁਸਤਕ ਦੇ ਅੰਤ ਵਿਚ ਤਾਂ ਲੇਖਕ ਨੇ ਕਿਸੇ ਪ੍ਰਕਾਰ ਦਾ ਨਿਸ਼ਕਰਸ਼ ਨਹੀਂ ਕੱਢਿਆ; ਇਹ ਪੁਸਤਕ ਅਚਾਨਕ ਹੀ ਬੜੇ ਨਾਟਕੀ ਅੰਦਾਜ਼ ਵਿਚ ਸਮਾਪਤ ਹੋ ਜਾਂਦੀ ਹੈ ਪ੍ਰੰਤੂ ਭੂਮਿਕਾ ਵਿਚ ਜ਼ਰੂਰ ਉਨ੍ਹਾਂ ਨੇ ਕੁਝ ਸਥਾਪਨਾਵਾਂ ਪ੍ਰਗਟ ਕੀਤੀਆਂ ਹਨ। ਜਿਵੇਂ : 1. ਕਬੀਰ ਜੀ ਨੇ ਯੋਗ ਨੂੰ ਮਹਿਜ਼ ਯੋਗ ਦਾ ਨਾਂਅ ਦਿੱਤਾ, 2. ਉਨ੍ਹਾਂ ਦੀ ਵਿਚਾਰਧਾਰਾ ਦਾ ਮੁੱਖ ਕੇਂਦਰ ਗਿਆਨ ਅਤੇ ਭਗਤੀ ਮਾਰਗ ਰਿਹਾ, 3. ਬ੍ਰਹਮ ਸਬੰਧੀ ਕਬੀਰ ਜੀ ਦੀ ਧਾਰਨਾ ਅਧਿਆਤਮਕ ਹੈ, 4. ਜਗਤ ਨੂੰ ਕਬੀਰ ਜੀ ਦੇਸ਼-ਕਾਲ ਦੀਆਂ ਸੀਮਾਵਾਂ ਵਿਚ ਬੰਨ੍ਹਿਆ ਮੰਨਦੇ ਹਨ, ਅਤੇ 5. ਕਬੀਰ ਬਾਣੀ ਦਾ ਪ੍ਰਮਾਣਿਕ ਸ੍ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ। ਇਸ ਗ੍ਰੰਥ ਤੋਂ ਇਲਾਵਾ, ਬਾਹਰਲੀ ਹੋਰ ਬਾਣੀ ਦੀ ਪ੍ਰਮਾਣਿਕਤਾ ਵਿਵਾਦਗ੍ਰਸਤ ਹੈ। (ਪੰਨੇ 11-14) ਡਾ: ਗੁਰਵੀਰ ਸਿੰਘ ਦਾ ਇਹ ਯਤਨ ਸ਼ਲਾਘਾਯੋਗ ਹੈ। ਮੈਨੂੰ ਵਿਸ਼ਵਾਸ ਹੈ ਕਿ ਉਹ ਇਸ ਖੇਤਰ ਵਿਚ ਹੋਰ ਵੀ ਕੰਮ ਕਰਦਾ ਰਹੇਗਾ।

-ਪ੍ਰੋ: ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸੁਨੇਹੇ
ਲੇਖਕ : ਸਰੂਪ ਸਿੰਘ ਮੰਡੇਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 140 ਰੁਪਏ, ਸਫ਼ੇ : 112.

ਇਕ ਧਾਰਮਿਕ ਬਿਰਤੀ ਵਾਲੇ ਕਵੀ ਸਰੂਪ ਸਿੰਘ ਮੰਡੇਰ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਆਪਣੀਆਂ ਰਚਨਾਵਾਂ ਰਾਹੀਂ ਸੁੱਤੀ ਹੋਈ ਲੋਕਾਈ ਨੂੰ ਜਾਗ੍ਰਿਤ ਕਰਨ ਦਾ ਉਪਰਾਲਾ ਕੀਤਾ ਹੈ। ਉਹ ਸਮਾਜਿਕ ਬੁਰਾਈਆਂ, ਕੁਰੀਤੀਆਂ, ਕਾਣੀ ਵੰਡ, ਧਰਮਾਂ ਦੇ ਬਖੇੜੇ ਸਹਿਣ ਨਹੀਂ ਕਰ ਸਕਦਾ ਤੇ ਇਨ੍ਹਾਂ ਅਲਾਮਤਾਂ ਤੋਂ ਸਮਾਜ ਨੂੰ ਮੁਕਤ ਵੇਖਣਾ ਚਾਹੁੰਦਾ ਹੈ।
ਇਸ ਦ੍ਰਿਸ਼ਟੀਕੋਣ ਨੂੰ ਅਪਣਾਉਣ ਲਈ ਉਸ ਦੇ ਰਾਹ-ਦਸੇਰੇ ਹਨ ਗੁਰੂ ਸਾਹਿਬਾਨ ਜਿਨ੍ਹਾਂ ਬਾਰੇ ਉਸ ਨੇ ਬਹੁਤ ਸਾਰੇ ਉਸਤਤ ਗੀਤ ਤੇ ਵਾਪਰੀਆਂ ਘਟਨਾਵਾਂ ਨੂੰ ਪੇਸ਼ ਕੀਤਾ ਹੈ। ਆਮ ਪਰੰਪਰਾਗਤ ਢੰਗ ਨਾਲ ਉਸ ਨੇ ਪੁਸਤਕ ਦਾ ਮੁੱਢ ਲੇਖਕ ਦੀ ਜਾਣ-ਪਛਾਣ ਨਾਲ ਕੀਤਾ ਹੈ ਤੇ ਜੀਵਨ ਤੇ ਪਰਿਵਾਰਕ ਬਿਓਰਾ ਦਿੱਤਾ ਹੈ। ਮੁਢਲੀਆਂ 10 ਕਵਿਤਾਵਾਂ ਗੁਰੂ ਸਾਹਿਬਾਨ ਤੇ ਉਨ੍ਹਾਂ ਸਿੰਘਾਂ ਦੇ ਜੀਵਨ ਨਾਲ ਸਬੰਧਤ ਹਨ, ਜਿਨ੍ਹਾਂ ਨੇ ਦੇਸ਼ ਕੌਮ ਲਈ ਕੁਰਬਾਨੀਆਂ ਦਿੱਤੀਆਂ। ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਦੋ-ਤਿੰਨ ਕਵਿਤਾਵਾਂ ਹਨ ਤੇ ਵਿਸ਼ਾ ਹੈ :
ਗੁਰੂ ਨਾਨਕ ਪਰਗਟ ਹੋ ਗਿਆ
ਦੁਖੀਆਂ ਦਾ ਹਮਸਾਇਆ।
ਆ ਨੂਰ ਇਲਾਹੀ ਨਾਨਕ ਨੇ,
ਸਾਰੀ ਦੁਨੀਆ ਨੂੰ ਰੁਸ਼ਨਾਇਆ।
ਉਨ੍ਹਾਂ ਦੇ ਅਸੂਲਾਂ 'ਕਿਰਤ ਕਰਨੀ ਤੇ ਵੰਡ ਛਕਣੀ' ਬਾਰੇ ਵੀ ਕਾਵਿਕ ਰੰਗਤ ਵਾਲੀਆਂ ਮਿਸਾਲਾਂ ਦਿੱਤੀਆਂ ਹਨ। ਸਮਾਜ ਵਿਚ ਉਸ ਵੇਲੇ ਜ਼ੋਰ ਜਬਰ ਤੇ ਜ਼ੁਲਮ ਦਾ ਰਾਜ ਸੀ। ਵਹਿਮ-ਭਰਮ, ਛੂਤ-ਛਾਤ ਆਮ ਸੀ, ਜਿਸ ਤੋਂ ਨਿਜਾਤ ਦਿਵਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ ਦੇ ਸੀਸ ਮੰਗ ਕੇ ਖਾਲਸਾ ਪੰਥ ਸਾਜਿਆ ਸੀ ਤੇ ਸਭ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਸਾਂਝੀ ਲੰਗਰ ਪ੍ਰਥਾ ਦਾ ਵੀ ਇਹੋ ਕਾਰਨ ਸੀ। 'ਖੰਡੇ ਦੀ ਪਹੁਲ, ਤਿੱਖੀਆਂ ਧਾਰਾਂ ਵਿਚੋਂ, ਕੇਸਗੜ੍ਹ ਸਾਹਿਬ-ਪੰਥ ਸਾਜਣਾ, ਗਿੱਦੜੋਂ ਸ਼ੇਰ ਬਣਾਉਣਾ, ਖਾਲਸੇ ਦਾ ਜਨਮ, ਚਮਕੌਰ ਦੀ ਗੜ੍ਹੀ ਵਿਚੋਂ ਜਾਣਾ, ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਵਿਚ ਇੱਟ ਨਾਲ ਇੱਟ ਵਜਾਉਣੀ ਤੇ ਬੱਚਿਆਂ ਦੀ ਸ਼ਹਾਦਤ ਦਾ ਬਦਲਾ ਲੈਣਾ, ਸਿੰਘ ਸੂਰਮੇ ਹੋਂਦ ਵਿਚ ਆਉਣੇ ਤੇ ਕੁਰਬਾਨੀਆਂ ਦੇਣੀਆਂ, ਦੇਸ਼ ਭਗਤਾਂ ਦੇ ਜੌਹਰ ਆਦਿ ਵਿਸ਼ੇ ਬਹੁਤ ਸਾਰੀਆਂ ਕਵਿਤਾਵਾਂ ਦਾ ਆਧਾਰ ਬਣੇ ਹਨ। ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਹੋਰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਬਾਖੂਬੀ ਚਿਤਰਿਆ ਹੈ :
ਭਗਤ ਸਿੰਘ ਜੀ ਸਣੇ ਸਾਥੀਆਂ,
ਕਰਕੇ ਪਰਉਪਕਾਰ ਗਏ।
ਸਾਂਡਰਸ ਦੇ ਮਾਰ ਗੋਲੀਆਂ
ਮੌਤ ਦੀ ਰੇਲੇ ਚਾੜ੍ਹ ਗਏ।
ਇਨ੍ਹਾਂ ਦੀ ਕੁਰਬਾਨੀ ਸਦਕਾ
ਅੱਜ ਲੁੱਟੀਏ ਮੌਜ ਬਹਾਰਾਂ ਦੀ।
ਕਵੀ ਨੇ ਸਰਦਾਰੀ ਦੀ ਸ਼ਾਨ ਕੇਸਾਂ ਤੇ ਪਗੜੀ ਦੀ ਮਹੱਤਤਾ ਨੂੰ ਦਰਸਾਇਆ ਹੈ। ਸੰਨ 1984 ਦਾ ਦੁਖਾਂਤ ਵੀ ਉਸ ਕੋਲੋਂ ਸਹਿਣ ਨਹੀਂ ਹੋਇਆ ਤੇ ਕਾਵਿ ਤੁਕਾਂ ਰਾਹੀਂ ਦੁਖਾਂਤ ਨੂੰ ਪੇਸ਼ ਕੀਤਾ ਹੈ। ਲੇਖਕ ਨੇ 'ਜ਼ਿਲ੍ਹਾ ਸੰਗਰੂਰ' ਸਿਰਲੇਖ ਹੇਠ ਸੰਗਰੂਰ ਵਿਖੇ ਜਨਮੇ ਜੋਧਿਆਂ, ਬੀਰਾਂ ਤੇ ਅਣਖੀਆਂ ਨੂੰ ਵੀ ਬਾਖੂਬੀ ਪੇਸ਼ ਕੀਤਾ ਹੈ।

-ਡਾ: ਜਗਦੀਸ਼ ਕੌਰ ਵਾਡੀਆ
ਮੋ: 98555-84298

ਮਨੁੱਖ ਅਤੇ ਚਾਦਰ
ਲੇਖਕ : ਗੁਰਮੇਲ ਸਿੰਘ ਬੌਡੇ
ਪ੍ਰਕਾਸ਼ਕ : ਅਨੂਪ ਪਬਲੀਕੇਸ਼ਨ ਐਡਮਿੰਟਨ, ਕੈਨੇਡਾ
ਮੁੱਲ : 140 ਰੁਪਏ, ਸਫ਼ੇ : 112.

ਗੁਰਮੇਲ ਸਿੰਘ ਬੌਡੇ ਹੁਣ ਆਪਣੀ ਨਵੀਂ ਪੁਸਤਕ 'ਮਨੁੱਖ ਅਤੇ ਚਾਦਰ' ਲੇਖ-ਸੰਗ੍ਰਹਿ ਦੇ ਰੂਪ ਵਿਚ ਲੈ ਕੇ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੋਇਆ ਹੈ। ਇਸ ਲੇਖ-ਸੰਗ੍ਰਹਿ ਵਿਚ ਲੇਖਕ ਦੁਆਰਾ ਰਚੇ ਗਏ 15 ਲੇਖ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਲੇਖਾਂ ਦੇ ਵਿਸ਼ਿਆਂ ਵਿਚ ਆਮ ਵਿਅਕਤੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਬਾਰੇ ਵਿਸਤ੍ਰਿਤ ਰੂਪ ਵਿਚ ਚਰਚਾ ਕੀਤੀ ਗਈ ਹੈ। ਇਨ੍ਹਾਂ ਲੇਖਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਥੇ ਇਹ ਲੇਖ ਜਾਣਕਾਰੀ ਅਤੇ ਰੌਚਕਤਾ ਭਰਪੂਰ ਹਨ, ਉਥੇ ਇਨ੍ਹਾਂ ਵਿਚ ਪੇਸ਼ ਤਥਾਤਮਕ ਜਾਣਕਾਰੀ ਵੀ ਪਾਠਕ ਲਈ ਬਹੁਤ ਲਾਹੇਵੰਦੀ ਹੈ। ਇਹ ਲੇਖ ਜਿਥੇ ਪਾਠਕ ਦੇ ਸੁਹਜ ਸਵਾਦ ਵਿਚ ਵਾਧਾ ਕਰਦੇ ਹਨ, ਉਥੇ ਬਹੁਮੁੱਲੀ ਜਾਣਕਾਰੀ ਵੀ ਪ੍ਰਦਾਨ ਕਰਦੇ ਹਨ। ਮਿਸਾਲ ਵਜੋਂ ਇਸ ਲੇਖ ਸੰਗ੍ਰਹਿ ਦਾ ਪਹਿਲਾ ਹੀ ਲੇਖ 'ਬੱਦਲ ਅਤੇ ਬਿਜਲੀ' ਤੱਥਾਂ ਨਾਲ ਭਰਪੂਰ ਲੇਖ ਹੈ। ਇਸ ਵਿਚ ਲੇਖ ਬਿਜਲੀ ਪੈਦਾ ਹੋਣ ਤੋਂ ਲੈ ਕੇ ਬਿਜਲੀ ਸਬੰਧੀ ਕਾਨੂੰਨ, ਇਸ ਦੀ ਵੰਡ ਅਤੇ ਨਿਰਧਾਰਤ ਮਾਪਦੰਡਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰਾਂ ਦੇ ਨਜ਼ਰੀਏ ਦੀ ਚਰਚਾ ਵੀ ਛੇੜੀ ਹੈ। ਇਸੇ ਤਰ੍ਹਾਂ 'ਆਜ਼ਾਦੀ ਅਤੇ ਸਾਡਾ ਨਜ਼ਰੀਆ' ਲੇਖ ਵਿਚ ਆਜ਼ਾਦੀ ਦੇ ਸਹੀ ਅਰਥਾਂ ਤੋਂ ਬੇਮੁੱਖ ਹੋ ਰਹੇ ਦੇਸ਼ ਵਾਸੀਆਂ 'ਤੇ ਵੀ ਵਿਅੰਗ-ਬਾਣ ਕੱਸੇ ਗਏ ਹਨ। ਸਹੀ ਸਿਧਾਂਤਾਂ ਬਾਰੇ ਜਾਗਰੂਕ ਕਰਨ ਬਾਰੇ ਪੇਸ਼ਕਾਰੀ ਹੋਈ ਹੈ। 'ਅਧਿਆਪਕ ਅੱਜ ਤੇ ਕੱਲ੍ਹ-ਬਦਲਦੀਆਂ ਪ੍ਰਸਥਿਤੀਆਂ' ਅਧਿਆਪਕੀ ਕਿੱਤੇ ਵਿਚ ਪੈਦਾ ਹੋਈਆਂ ਸਮੱਸਿਆਵਾਂ ਅਤੇ ਅੰਤਰਵਿਰੋਧਾਂ ਨੂੰ ਪੇਸ਼ ਕਰਨ ਵਾਲਾ ਲੇਖ ਹੈ। 'ਗੁਰੂ ਦੇ ਸ਼ਖ਼ਸ ਅਤੇ ਅਮਲ ਦਾ ਅਕਸ' ਸਾਡੀ ਅਖੌਤੀ ਧਾਰਮਿਕਤਾ ਦਾ ਪਰਦਾ ਫਾਸ਼ ਕਰਦਾ ਲੇਖ ਹੈ। ਗੱਲ ਕੀ, ਇਸ ਸੰਗ੍ਰਹਿ ਵਿਚ ਸ਼ਾਮਿਲ ਹਰੇਕ ਲੇਖ ਕਿਸੇ ਨਾ ਕਿਸੇ ਸਮੱਸਿਆ ਵੱਲ ਇਸ਼ਾਰਾ ਕਰਦਾ ਹੈ, ਇਹ ਸਮੱਸਿਆ ਭਾਵੇਂ ਸਾਡੇ ਅਵੇਸਲੇ ਹੋਣ ਦੀ ਹੋਵੇ ਜਾਂ ਫਿਰ ਜਾਣਬੁੱਝ ਕੇ ਸਹੇੜੀ ਗਈ ਹੋਵੇ, ਜਿਵੇਂ ਪੰਜਾਬ ਵਿਚ ਬਹੁਤਾ ਰਕਬਾ ਝੋਨੇ ਹੇਠ ਹੋਣ ਕਰਕੇ ਪਾਣੀ ਦਾ ਖ਼ਾਤਮਾ ਹੋਣਾ ਸਾਡੀ ਜ਼ਿੰਦਗੀ ਲਈ ਖ਼ਤਰੇ ਦੀ ਘੰਟੀ ਹੈ। 'ਜੁਗਨੀ' ਸਾਡੀ ਵਿਰਾਸਤ ਹੈ ਪਰ ਅਸੀਂ ਇਸ ਵਿਰਾਸਤ ਤੋਂ ਅਭਿੱਜ ਅਤੇ ਅਣਜਾਣ ਹਾਂ। ਲੇਖਕ ਨੇ ਇਨ੍ਹਾਂ ਲੇਖਾਂ ਵਿਚ ਸਾਡੀ ਅੰਤਰ-ਆਤਮਾ ਨੂੰ ਝੰਜੋੜ ਕੇ ਜਗਾਉਣ ਦਾ ਯਤਨ ਕੀਤਾ ਹੈ। ਲੇਖਕ ਆਪਣੇ ਲੇਖਾਂ ਵਿਚ ਰੌਚਕਤਾ ਭਰਨ ਲਈ ਭਾਵੇਂ ਛੋਟੇ ਟੋਟਕਿਆਂ, ਲੋਕ ਕਥਾਵਾਂ ਜਾਂ ਫਿਰ ਵਿਅੰਗਮਈ ਸ਼ੈਲੀ ਦਾ ਆਸਰਾ ਲਵੇ ਪਰ ਆਪਣੇ ਮਤ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰਦਾ ਹੈ। ਵਿਸ਼ੇਸ਼ ਕਰਕੇ ਲੇਖਕ ਸਾਡੀ ਖੋਜੀ ਬਿਰਤੀ ਨਾ ਹੋਣ ਬਾਰੇ ਚਿੰਤਤ ਹੈ।

-ਸਰਦੂਲ ਸਿੰਘ ਔਜਲਾ
ਮੋ: 98141-68611.

ਮੰਟੋ ਦੀਆਂ ਚਰਚਿਤ ਕਹਾਣੀਆਂ
ਸੰਪਾਦਕ ਅਤੇ ਅਨੁਵਾਦਕ: ਡਾ: ਕਰਾਂਤੀ ਪਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 236.

ਸਆਦਤ ਹਸਨ ਮੰਟੋ ਨੂੰ ਭਾਰਤ ਅਤੇ ਪਾਕਿਸਤਾਨ ਦੇ ਵੱਡੇ ਅਫਸਾਨਾ ਨਿਗਾਰ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ। ਮੰਟੋ ਨੂੰ ਜੇ ਭਾਰਤ-ਪਾਕਿ ਵੰਡ ਦੀਆਂ ਕਹਾਣੀਆਂ ਕਰਕੇ ਯਾਦ ਕੀਤਾ ਜਾਂਦਾ ਹੈ ਤਾਂ ਨਾਲ ਦੀ ਨਾਲ ਔਰਤ-ਮਰਦ ਦੇ ਵਿਵਰਜਿਤ ਰਿਸ਼ਤਿਆਂ ਬਾਰੇ ਬਹੁਤ ਬੇਬਾਕੀ ਨਾਲ ਲਿਖਣ ਦੇ ਤੌਰ 'ਤੇ ਵੀ ਸਵੀਕਾਰ ਕੀਤਾ ਜਾਂਦਾ ਹੈ। ਵੇਸਵਾ ਜੀਵਨ ਦੇ ਜਿਹੜੇ ਪੱਖਾਂ ਬਾਰੇ ਲਿਖਣ ਲੱਗਿਆਂ ਅੱਜ ਵੀ ਲੇਖਕਾਂ ਦੇ ਪਸੀਨੇ ਛੁੱਟ ਜਾਂਦੇ ਹਨ, ਉਸ ਨੂੰ ਮੰਟੋ ਨੇ 60-70 ਸਾਲ ਪਹਿਲਾਂ ਹੀ ਬੜੀ ਬੇਬਾਕੀ ਅਤੇ ਸੂਖਮਤਾ ਨਾਲ ਪੇਸ਼ ਕਰਨ ਦਾ ਹੌਸਲਾ ਕੀਤਾ ਸੀ। 25 ਕਹਾਣੀਆਂ ਲੈ ਕੇ ਡਾ: ਕਰਾਂਤੀ ਪਾਲ ਨੇ ਚਰਚਾ ਅਧੀਨ ਪੁਸਤਕ ਦੀ ਵਿਉਂਤਬੰਦੀ ਕੀਤੀ ਹੈ। ਪੁਸਤਕ ਵਿਚ ਮੰਟੋ ਦੀਆਂ ਉਹ ਕਹਾਣੀਆਂ ਤਾਂ ਸ਼ਾਮਿਲ ਹਨ ਹੀ ਜੋ ਕਿਸੇ ਵਕਤ ਵੱਡੇ ਵਿਵਾਦ ਦਾ ਵਿਸ਼ਾ ਬਣੀਆਂ ਸਨ। ਇਸ ਤੋਂ ਇਲਾਵਾ 'ਲਾਇਸੰਸ', 'ਖੁਸ਼ੀਆਂ' 'ਸੌ ਕੈਂਡਲ ਦਾ ਪਾਵਰ ਬਲਬ' ਆਦਿ ਜਿਹੀਆਂ ਉਹ ਕਹਾਣੀਆਂ ਵੀ ਦਰਜ ਹਨ, ਜਿਸ ਵਿਚ ਔਰਤ ਦੇ ਵੇਸਵਾ ਰੂਪ ਨੂੰ ਪੇਸ਼ ਕੀਤਾ ਗਿਆ ਹੈ। ਵੰਡ ਤੋਂ ਪਹਿਲਾਂ ਦੀ ਦੇਸ਼ ਦੀ ਸਥਿਤੀ ਅਤੇ ਵੰਡ ਦੌਰਾਨ ਤੇ ਇਸ ਉਪਰੰਤ ਜਿਸ ਕਿਸਮ ਦੇ ਮਾਨਸਿਕ ਤਸ਼ੱਦਦ 'ਚੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਜਨ-ਸਾਧਾਰਨ ਨੂੰ ਲੰਘਣਾ ਪਿਆ, ਉਸ ਸਭ ਦਾ ਬਿਆਨ ਵੀ ਮੰਟੋ ਦੀਆਂ ਕਹਾਣੀਆਂ ਵਿਚ ਮਿਲਦਾ ਹੈ। ਇਸ ਪੱਖ ਨਾਲ ਸਬੰਧਤ ਕਹਾਣੀਆਂ ਜਿਵੇਂ 'ਮੂਤਰੀ', 'ਟੋਭਾ ਟੇਕ ਸਿੰਘ', 'ਖ਼ੁਦਾ ਦੀ ਕਸਮ', 'ਰਾਮ ਖਿਲਾਵਨ', 'ਸਟੀਫਨ', 'ਟੇਟਵਾਲ ਦਾ ਕੁੱਤਾ', 'ਆਖਰੀ ਸਲੂਟ' ਅਤੇ 'ਗੁਰਮੁਖ ਸਿੰਘ ਦੀ ਵਸੀਅਤ' ਇਸ ਸੰਗ੍ਰਹਿ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ।
ਮੰਟੋ ਦੇ ਪ੍ਰਸੰਸਕ ਦੋਵਾਂ ਦੇਸ਼ਾਂ ਤੋਂ ਇਲਾਵਾ ਦੁਨੀਆ ਦੇ ਉਨ੍ਹਾਂ ਖਿੱਤਿਆਂ ਵਿਚ ਵੀ ਮਿਲਦੇ ਹਨ, ਜਿਥੇ ਜਿਥੇ ਮੰਟੋ ਅਨੁਵਾਦਿਤ ਰੂਪ ਵਿਚ ਪਹੁੰਚਿਆ ਹੈ। ਇਨ੍ਹਾਂ ਕਹਾਣੀਆਂ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਇਹ ਮਨੁੱਖ ਨੂੰ ਕਿਸੇ ਧਰਮ ਜਾਂ ਫ਼ਿਰਕੇ ਵਿਚ ਵੰਡ ਕੇ ਵੇਖਣ ਦੀ ਬਜਾਏ ਮਨੁੱਖ ਨੂੰ ਮਨੁੱਖ ਵਜੋਂ ਸਮਝਦਿਆਂ ਉਸ ਦੇ ਸੁਭਾਅ ਦੇ ਮੂਲ ਚਰਿੱਤਰ ਨੂੰ ਸਮਝਣ ਦਾ ਉਪਰਾਲਾ ਕਰਦੀਆਂ ਹਨ। ਮੰਟੋ ਆਮ ਮਨੁੱਖ ਦੇ ਦੁੱਖ-ਦਰਦ ਨੂੰ ਜ਼ਬਾਨ ਦਿੰਦਿਆਂ ਉਸ ਦੇ ਸੁਭਾਅ ਦੀਆਂ ਉਚਾਣਾਂ ਅਤੇ ਨਿਵਾਣਾਂ ਦੇ ਉਨ੍ਹਾਂ ਹਨੇਰ ੍ਰਖੂੰਜਿਆਂ 'ਤੇ ਝਾਤ ਪਵਾਉਂਦਾ ਹੈ, ਜਿਸ ਨੂੰ ਆਮ ਕਰਕੇ ਮਨੁੱਖ ਛੁਪਾਉਣ ਦਾ ਯਤਨ ਕਰਦਾ ਹੈ। ਅਜਿਹਾ ਕਰਦਿਆਂ ਉਹ ਮਨੁੱਖਾਂ ਅੰਦਰ ਪ੍ਰਸਥਿਤੀਆਂ ਦੀ ਜਕੜ ਵਿਚ ਆਣ ਕੇ ਮਰੇ ਮਾਨਵੀ ਮੁੱਲਾਂ ਨਾਲ ਚਿੰਬੜ ਕੇ ਜਿਊਣ ਲਈ ਤੜਪ ਰਹੀਆਂ ਤਾਂਘਾਂ ਨੂੰ ਜ਼ਬਾਨ ਦਿੰਦਾ ਹੈ। ਇਸ ਕੌਸ਼ਲ ਵਿਚ ਹੀ ਮੰਟੋ ਦੀ ਵਿਸ਼ੇਸ਼ਤਾ ਹੈ। ਚਰਚਾ ਅਧੀਨ ਕਿਤਾਬ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਇਸ ਨੇ ਅਨੁਵਾਦ ਦੇ ਬਾਵਜੂਦ ਮੰਟੋ ਦੀਆਂ ਕਹਾਣੀਆਂ ਦੇ ਸੰਸਾਰ ਦੀ ਅੰਦਰਲੀ ਖੂਬਸੂਰਤੀ ਅਤੇ ਮਹਿਕ ਨੂੰ ਵੱਡੀ ਹੱਦ ਤੱਕ ਕਾਇਮ ਰੱਖਿਆ ਹੋਇਆ ਹੈ। ਸ਼ਬਦ ਜੋੜਾਂ ਵੱਲ ਵੱਧ ਧਿਆਨ ਦਿੱਤਾ ਜਾਂਦਾ ਤਾਂ ਹੋਰ ਵਧੀਆ ਗੱਲ ਹੋਣੀ ਸੀ, ਪਰ ਫਿਰ ਵੀ ਇਹ ਇਕ ਪੜ੍ਹਨਯੋਗ ਪੁਸਤਕ ਹੈ।

-ਪ੍ਰੋ: ਸੁਖਪਾਲ ਸਿੰਘ ਥਿੰਦ
ਮੋ: 9888521960

ਪ੍ਰੇਰਨਾ
ਲੇਖਕ : ਬਲਵਿੰਦਰ ਸਿੰਘ ਸੋਢੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 175 ਰੁਪਏ, ਸਫ਼ੇ : 127.

ਪੁਸਤਕ ਵਿਚ ਬਲਵਿੰਦਰ ਸਿੰਘ ਸੋਢੀ ਦੀਆਂ ਛੋਟੀਆਂ-ਛੋਟੀਆਂ 33 ਰਚਨਾਵਾਂ ਹਨ। ਲਗਭਗ ਸਾਰੀਆਂ ਰਚਨਾਵਾਂ ਵਿਚ ਫ਼ਿਲਮਾਂ ਦੀ ਤਰ੍ਹਾਂ ਦ੍ਰਿਸ਼ ਹਨ। ਘਟਨਾਵਾਂ ਤੇਜ਼ੀ ਨਾਲ ਬਦਲਦੀਆਂ ਹਨ। ਮਾਨਵਤਾ, ਗ਼ਰੀਬ ਦਾ ਦਰਦ, ਪਿਆਰ ਦੇ ਅਹਿਸਾਸ ਰਚਨਾਵਾਂ ਵਿਚ ਆਮ ਹਨ। ਇਕ-ਡੇਢ ਸਫ਼ੇ ਦੀਆਂ ਲਘੂ ਰਚਨਾਵਾਂ ਵਿਚ ਲਘੂ ਕਥਾ ਜਿਹਾ ਹੈ, ਜਿਸ ਕਰਕੇ ਲੇਖਕ ਨੇ ਸੰਗ੍ਰਹਿ ਨੂੰ ਕਹਾਣੀ ਵਿਧਾ ਵਿਚ ਰੱਖਿਆ ਹੈ। ਵਧੇਰੇ ਕਰਕੇ ਆਪਣੇ ਨਿੱਜੀ ਤਜਰਬੇ ਇਨ੍ਹਾਂ ਰਚਨਾਵਾਂ ਵਿਚ ਹਨ। ਵਧੇਰੇ ਰਚਨਾਵਾਂ ਇਕਹਿਰੀ ਪਰਤ ਦੀਆਂ ਹਨ। ਕਹਾਣੀ 'ਕਿਤਾਬਾਂ ਦਾ ਮੋਹ' ਵਿਚ ਹਰਬੀਰ ਨਵੇਂ ਮਕਾਨ ਵਿਚ ਜਾ ਕੇ ਰਹਿੰਦਾ ਹੈ। ਪੁਰਾਣੇ ਮਕਾਨ ਵਿਚੋਂ ਕਿਤਾਬਾਂ ਲਿਆਉਣ ਲਈ ਜਾਂਦਾ ਹੈ। ਉਹ ਮਿਲਦੀਆਂ ਨਹੀਂ, ਉਦਾਸੀ ਵਿਚ ਉਸ ਦਾ ਭੌਰ ਉਡਾਰੀ ਮਾਰ ਜਾਂਦਾ ਹੈ। ਖੂਨ ਦੀ ਕੀਮਤ, ਮੈਰਿਜ ਐਨੀਵਰਸਰੀ, ਅਧੂਰਾ ਸੁਪਨਾ, ਮਾਂ ਕਿਤਾਬ ਦਾ ਵਿਮੋਚਨ, ਦੂਸਰੀ ਬੇਟੀ, ਕੁਰਸੀ ਨੂੰ ਸਲਾਮ, ਕਬੂਤਰੀ, ਪਾਰਸ, ਅਲਵਿਦਾ, ਔਲਾਦ, ਪੈਨਸ਼ਨ ਆਦਿ ਭਾਵਪੂਰਤ ਰਚਨਾਵਾਂ ਹਨ। 'ਜੰਗਲ ਤੇ ਸ਼ਹਿਰ ਦੇ ਪੰਛੀ' ਰਚਨਾ ਵਿਚ ਪ੍ਰਦੂਸ਼ਣ ਵਰਗੇ ਮਸਲੇ ਨੂੰ ਉਭਾਰਿਆ ਗਿਆ ਹੈ। ਪੈਨਸ਼ਨ ਦਾ ਹਵੇਲੀ ਰਾਮ ਖੇਤੀ ਦਾ ਕੰਮ ਕਰਦਾ ਹੈ ਪਰ ਹੇਤ ਰਾਮ ਉਸ ਨੂੰ ਪੈਨਸ਼ਨ ਬੰਦ ਕਰਨ ਦਾ ਡਰਾਵਾ ਦਿੰਦਾ ਹੈ। ਪੜ੍ਹਾਈ ਦਾ ਦਬਾਅ, ਪਛਤਾਵਾ ਰਚਨਾਵਾਂ ਬਾਲ ਸਾਹਿਤ ਦੀ ਵੰਨਗੀ ਦੀਆਂ ਰਚਨਾਵਾਂ ਹਨ। ਜ਼ਿੰਮੇਵਾਰੀ ਦੇ ਕੈਲਾਸ਼ ਅਤੇ ਮਮਤਾ ਬੱਚਿਆਂ ਪ੍ਰਤੀ ਆਪਣੇ ਫ਼ਰਜ਼ਾਂ ਬਾਰੇ ਬਾਅਦ ਵਿਚ ਸੋਚਦੇ ਹਨ। ਮੂਡ ਦੀ ਨੀਸ਼ਾ ਤਲਾਕ ਲੈਂਦੀ ਹੈ ਪਰ ਜਦੋਂ ਆਰਥਿਕ ਮਦਦ ਮਾਪਿਆਂ ਤੋਂ ਨਹੀਂ ਮਿਲਦੀ ਤਾਂ ਹਰੀਸ਼ ਵੱਲ ਦੁਬਾਰਾ ਝੁਕ ਜਾਂਦੀ ਹੈ ਤੇ ਫਿਰ ਤੋਂ ਵਿਆਹ ਕਰਵਾ ਲੈਂਦੀ ਹੈ। ਪੁਸਤਕ ਦੀਆਂ ਰਚਨਾਵਾਂ ਸੇਧ ਦੇਣ ਵਾਲੀਆਂ ਹਨ। ਲੇਖਕ ਨੂੰ ਆਪਣੇ ਪਿੰਡ ਮੀਰਹੇੜੀ ਨਾਲ ਬੜਾ ਪਿਆਰ ਹੈ।

-ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਚੀਸ
ਗ਼ਜ਼ਲਕਾਰ : ਹਰਜਿੰਦਰ ਬੱਲ
ਪ੍ਰਕਾਸ਼ਕ : ਤਸਵੀਰ ਪ੍ਰਕਾਸ਼ਨ, ਸਿਰਸਾ
ਮੁੱਲ : 120 ਰੁਪਏ, ਸਫ਼ੇ : 96.

ਹਰਜਿੰਦਰ ਬੱਲ ਪੰਜਾਬੀ ਦਾ ਪੁਰਾਣਾ ਗ਼ਜ਼ਲਗੋਅ ਹੈ ਤੇ ਉਹ 70 ਤੋਂ 80 ਤੱਕ ਦੀ ਗ਼ਜ਼ਲ ਲਹਿਰ ਦੀ ਪੈਦਾਇਸ਼ ਹੈ। ਇਸ ਪੁਸਤਕ ਤੋਂ ਪਹਿਲਾਂ ਉਸ ਦਾ ਇਕ ਗ਼ਜ਼ਲ ਸੰਗ੍ਰਹਿ 'ਸਿਸਕੀਆਂ' ਛਪ ਚੁੱਕਾ ਹੈ ਤੇ ਉਸ ਨੇ ਦੋ ਪੁਸਤਕਾਂ ਸੰਪਾਦਿਤ ਵੀ ਕੀਤੀਆਂ ਹਨ। ਜ਼ਿੰਦਗੀ ਵਿਚ ਸ਼ਾਇਰ ਨੇ ਕਈ ਤਰ੍ਹਾਂ ਦੇ ਦੌਰ ਦੇਖੇ ਹਨ ਜਿਨ੍ਹਾਂ ਨੇ ਉਸ ਦੀ ਸ਼ਾਇਰੀ ਨੂੰ ਵੀ ਪ੍ਰਭਾਵਿਤ ਕੀਤਾ ਹੈ।
'ਚੀਸ' ਗ਼ਜ਼ਲ ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਬਤੌਰ ਗ਼ਜ਼ਲਗੋਅ ਉਸ ਦਾ ਕੱਦ ਕਾਫ਼ੀ ਵੱਡਾ ਹੋਇਆ ਹੈ। ਬੱਲ, ਦੀਪਕ ਜੈਤੋਈ ਸਾਹਿਬ ਦਾ ਸ਼ਾਗਿਰਦ ਹੈ ਜਿਸ ਕਰਕੇ ਉਸ ਦੀਆਂ ਗ਼ਜ਼ਲਾਂ ਵਿਚ ਤਕਨੀਕੀ ਖ਼ਾਮੀਆਂ ਨਾ ਹੋਇਆਂ ਦੇ ਬਰਾਬਰ ਹਨ। ਉਸ ਨੂੰ ਗ਼ਜ਼ਲ ਦੇ ਮਿਜ਼ਾਜ਼ ਦਾ ਗਿਆਨ ਹੈ ਤੇ ਗ਼ਜ਼ਲੀਅਤ ਨੂੰ ਉਹ ਭਲੀ-ਭਾਂਤ ਜਾਣਦਾ ਹੈ। ਬੱਲ ਦੇ ਸ਼ਿਅਰਾਂ ਦੀ ਵੱਡੀ ਖ਼ੂਬੀ ਇਨ੍ਹਾਂ ਦੀ ਸਰਲਤਾ ਹੈ। ਉਹ ਪਾਠਕ ਨੂੰ ਆਪਣੀ ਗ਼ੈਰ-ਜ਼ਰੂਰੀ ਬੌਧਿਕਤਾ ਵਿਚ ਉਲਝਾਉਂਦਾ ਨਹੀਂ ਹੈ। ਉਸ ਦੇ ਸ਼ਿਅਰਾਂ ਵਿਚ ਦੇਸੀ ਹੁਸਨ ਦਾ ਅਕਰਸ਼ਨ ਹੈ ਤੇ ਇਨ੍ਹਾਂ ਉੱਤੇ ਉਸ ਦੀ ਉਸਤਾਦਾਨਾ ਪਕੜ ਹੈ। ਬੱਲ ਦੇ ਇਨ੍ਹਾਂ ਸ਼ਿਅਰਾਂ ਨੂੰ ਸਧਾਰਨ ਤੋਂ ਸਧਾਰਨ ਪਾਠਕ ਵੀ ਮਾਣ ਸਕਦਾ ਹੈ ਤੇ ਇਹ ਬੁੱਧੀਜੀਵੀਆਂ ਨੂੰ ਵੀ ਓਨਾ ਹੀ ਆਨੰਦ ਦੇਣ ਵਾਲੇ ਹਨ। 'ਚੀਸ' ਵਿਚ ਹਰਜਿੰਦਰ ਬੱਲ ਆਪਣੇ ਪਿਆਰੇ ਨੂੰ ਮੁਖ਼ਾਤਿਬ ਵੀ ਹੈ ਤੇ ਉਹ ਦੂਰ ਰਹਿ ਕੇ ਵੀ ਉਸ ਦੀ ਸਲਾਮਤੀ ਦੀ ਦੁਆ ਮੰਗਦਾ ਹੈ। ਪੁਰਾਣੇ ਜ਼ਮਾਨੇ ਨੂੰ ਚੇਤੇ ਕਰਦਿਆਂ ਉਸ ਨੇ ਕਈ ਜ਼ੋਰਦਾਰ ਸ਼ਿਅਰ ਕਹੇ ਹਨ। ਗ਼ਜ਼ਲਕਾਰ ਦੇ ਨਾਲ ਨਾਲ ਹਰਜਿੰਦਰ ਬੱਲ ਇਕ ਮਕਬੂਲ ਗੀਤਕਾਰ ਵੀ ਹੈ ਜਿਸ ਦਾ ਪ੍ਰਭਾਵ ਉਸ ਦੀਆਂ ਗ਼ਜ਼ਲਾਂ 'ਤੇ ਵੀ ਸਾਫ਼ ਦੇਖਿਆ ਜਾ ਸਕਦਾ ਹੈ।
ਇਹੀ ਕਾਰਨ ਹੈ ਕਿ 'ਚੀਸ' ਪੁਸਤਕ ਦੀਆਂ ਗ਼ਜ਼ਲਾਂ ਗਾਈਆਂ ਜਾਣ ਵਾਲੀਆਂ ਹਨ ਜਦ ਕਿ ਅੱਜਕਲ੍ਹ ਛਪ ਰਹੇ ਬਹੁਤੇ ਗ਼ਜ਼ਲ ਸੰਗ੍ਰਹਿਾਂ 'ਚੋਂ ਇਹ ਅੰਸ਼ ਗਾਇਬ ਹੁੰਦਾ ਹੈ। ਹਰਜਿੰਦਰ ਬੱਲ ਦੀ 'ਚੀਸ' ਪੰਜਾਬੀ ਗ਼ਜ਼ਲ ਸਾਹਿਤ ਵਿਚ ਮਾਣਮੱਤਾ ਵਾਧਾ ਹੈ ਤੇ ਇਹ ਪੁਸਤਕ ਕਾਫ਼ੀ ਪਛੜ ਕੇ ਛਪੀ ਹੈ। ਇਸ ਵਿਚ ਸ਼ਾਇਰ ਸਬੰਧੀ ਜਾਣਕਾਰੀ ਦੇ ਕੇ ਜੀ. ਡੀ. ਚੌਧਰੀ ਤੇ ਅਮਰਜੀਤ ਸੰਧੂ ਨੇ ਵੀ ਆਪਣੀ ਹਾਜ਼ਰੀ ਲਗਵਾਈ ਹੈ।

-ਗੁਰਦਿਆਲ ਰੌਸ਼ਨ
ਮੋ: 9988444002


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX